Parchhavein (Punjabi Story) : Waryam Singh Sandhu

ਪਰਛਾਵੇਂ (ਕਹਾਣੀ) : ਵਰਿਆਮ ਸਿੰਘ ਸੰਧੂ

ਮੇਰੀ ਬੱਚੀ ਨੇ ਦਾਦੀ ਮਾਂ ਨੂੰ ਕੇਡਾ ਬੱਚਿਆਂ ਵਾਲਾ ਸੁਆਲ ਕਰ ਦਿੱਤਾ ਸੀ। ਬੱਚਿਆਂ ਵਾਲਾ ਸੁਆਲ ਹੀ ਤਾਂ ਸੀ।

ਬੱਚੇ ਖਿੜ-ਖਿੜਾ ਕੇ ਹੱਸ ਪਏ। ਸਿਆਣੇ ਚੁੱਪ ਤੇ ਗੁੰਮ-ਸੁੰਮ ਹੋ ਗਏ----

--ਮੇਰੇ ਬਜ਼ੁਰਗ ਮਾਤਾ ਪਿਤਾ, ਮੇਰੇ ਛੋਟੇ ਭਰਾ ਕੋਲ, ਬਾਹਰ ਖੇਤਾਂ ਵਿੱਚ ਬਹਿਕ ਉੱਤੇ ਰਹਿੰਦੇ ਸਨ। ਅਸੀਂ ਦੋਵੇਂ ਜੀਅ ਬੱਚਿਆਂ ਸਮੇਤ ਪਿੰਡ ਵਾਲੇ ਮਕਾਨ ਵਿੱਚ ਹੀ ਟਿਕੇ ਹੋਏ ਸਾਂ। ਕਦੇ ਕਦਾਈਂ ਮੇਰੀ ਮਾਂ ਪਿੰਡ ਆ ਕੇ ਰਾਤ ਨੂੰ ਸਾਡੇ ਕੋਲ ਠਹਿਰਦੀ ਤਾਂ ਮੇਰੇ ਬੱਚੇ ਟੀ:ਵੀ: ਛੱਡ ਕੇ ਉਹਦੀ ਬੁੱਕਲ ਵਿੱਚ ਜਾ ਬੈਠਦੇ ਅਤੇ ਅਕਸਰ ਆਖਦੇ, "ਮਾਂ ਜੀ! ਸਾਨੂੰ ਡੈਡੀ ਦੀਆਂ ਨਿੱਕੇ ਹੁੰਦਿਆਂ ਦੀਆਂ ਗੱਲਾਂ ਸੁਣਾਓ!"

ਮਾਂ ਦੇ ਮੂੰਹੋਂ ਮੇਰੇ ਬਚਪਨ ਦੀਆਂ ਗੱਲਾਂ ਸੁਣ ਕੇ ਉਹਨਾਂ ਨੂੰ ਡਾਢਾ ਸੁਆਦ ਆਉਂਦਾ ਅਤੇ ਉਹਨਾਂ ਨੂੰ ਇਹ ਜਾਣ ਕੇ ਬੜੀ ਖ਼ੁਸ਼ੀ ਹੁੰਦੀ ਕਿ ਉਹਨਾਂ ਦਾ ਪਿਓ, ਜੋ ਹੁਣ ਉਹਨਾਂ ਨੂੰ ਬੜੀਆਂ ਹਦਾਇਤਾਂ ਦਿੰਦਾ ਅਤੇ ਸਿਆਣਪਾਂ ਝਾੜ ਕੇ ਚੰਗਾ ਬਣਨ ਲਈ ਕਹਿੰਦਾ ਰਹਿੰਦਾ ਸੀ, ਆਪ ਵੀ ਕਦੀ ਬੱਚਾ ਹੁੰਦਾ ਸੀ। ਉਹਨਾਂ ਵਾਂਗ ਹੀ ਖੇਡਦਾ, ਹਾਣੀਆਂ ਨਾਲ ਲੜਦਾ, ਰੁਸਦਾ, ਮੰਨਦਾ ਅਤੇ ਨਿੱਕੀਆਂ-ਮੋਟੀਆਂ ਸ਼ਰਾਰਤਾਂ ਕਰਦਾ ਕਦੀ-ਕਦੀ ਕੁੱਟ ਵੀ ਖਾ ਲੈਂਦਾ ਅਤੇ ਰੋ ਵੀ ਪੈਂਦਾ ਸੀ।

ਬੱਚੇ ਸੁਣਦੇ ਰਹਿੰਦੇ ਅਤੇ ਖਚਰੀਆਂ ਅੱਖਾਂ ਨਾਲ ਮੇਰੇ ਵੱਲ ਵੇਖ ਕੇ ਮੁਸਕਰਾ ਪੈਂਦੇ। ਦਾਦੀ ਮਾਂ ਦੀਆਂ ਗੱਲਾਂ Aਹਨਾਂ ਲਈ ਕਿਸੇ ਜਾਦੂਮਈ ਗੁਫ਼ਾ ਦਾ ਤਲਿਸਮੀ ਦਰਵਾਜ਼ਾ ਖੁੱਲ੍ਹਣ ਵਾਂਗ ਹੁੰਦੀਆਂ।

"ਮਾਂ ਜੀ, ਡੈਡੀ ਦੀ ਅੱਡੀਆਂ ਘਸਾਉਣ ਵਾਲੀ ਗੱਲ ਸੁਣਾਓ।"

ਮੇਰੀ ਮਾਂ ਮੇਰੇ ਬੱਚਿਆਂ ਨੂੰ ਸੁਣਾ ਰਹੀ ਹੁੰਦੀ ਤਾਂ ਮੈਨੂੰ ਇੰਜ ਲੱਗਦਾ ਜਿਵੇਂ ਮੇਰੀ ਆਪਣੀ ਦਾਦੀ ਮੈਨੂੰ ਬੁੱਕਲ ਵਿੱਚ ਲੈ ਕੇ ਕਹਿ ਰਹੀ ਹੋਵੇ, "ਪੁੱਤ! ਆਹ ਖੱਬੇ ਹੱਥ ਜਿਹੜਾ ਘਰ ਆ ਨਾ, ਜਿੱਥੇ ਪਰਗਟ ਹੁਰੀਂ ਰਹਿੰਦੇ ਨੇ, ਹੁਸੈਨ ਬਖ਼ਸ਼ ਹੁਰਾਂ ਦਾ ਸੀ। ਪਰਲੀ ਸਾਰੀ ਗਲੀ ਹੀ ਉਹਨਾਂ ਦੀ ਬਰਾਦਰੀ ਦੀ ਸੀ। ਬੜੀ ਸਾਂਝ ਸੀ ਉਹਨਾਂ ਦੀ ਆਪਣੇ ਨਾਲ। ਹੁਸੈਨ ਬਖ਼ਸ਼ ਦੇ ਘਰੋਂ ਫ਼ਾਤਮਾ ਬੜੀ ਕਰਮਾਂ ਵਾਲੀ ਜ਼ਨਾਨੀ ਸੀ-ਰੱਬ ਦਾ ਨਾਂ ਲੈਣ ਵਾਲੀ"

ਦਾਦੀ ਚੁੱਪ ਕਰ ਜਾਂਦੀ ਅਤੇ ਅਤੀਤ ਵਿੱਚ ਗੁਆਚ ਜਾਂਦੀ।

"ਮਾਂ ਹੋਰ ਗੱਲਾਂ ਸੁਣਾ", ਮੈਂ ਜ਼ਿੱਦ ਕਰਦਾ।

ਦਾਦੀ ਲੰਮਾ ਹਉਕਾ ਭਰਦੀ, "- ਉਹਦੀਆਂ ਕੁੜੀਆਂ ਤੈਨੂੰ ਬੜਾ ਮੋਹ ਕਰਦੀਆਂ ਸਨ। ਵਾਰੀ-ਵਾਰੀ ਕੁੱਛੜ ਚੁੱਕੀ ਫਿਰਦੀਆਂ। ਕਈ ਵਾਰ ਤੈਨੂੰ ਚੁਕ ਕੇ ਖਿਡਾਉਣ ਤੋਂ ਆਪਸ ਵਿੱਚ ਲੜ ਪੈਂਦੀਆਂ। ਵੱਡੀ ਕੁੜੀ ਰੇਸ਼ਮਾ ਇੱਕ ਵੱਡੀ ਸਾਰੀ ਬਾਲਟੀ ਵਿੱਚ ਪਾਣੀ ਪਾ ਕੇ ਤੈਨੂੰ ਉਸ ਵਿੱਚ ਬਿਠਾ ਦੇਂਦੀ। ਤੂੰ ਪਾਣੀ ਵਿੱਚ ਹੱਥ ਮਾਰਦਾ, ਤਾੜੀਆਂ ਮਾਰ ਕੇ ਛਿੱਟੇ ਉਡਾਉਂਦਾ, ਹੱਸਦਾ ਤੇ ਕਿਲਕਾਰੀਆਂ ਮਾਰਦਾ। ਤੇ ਉਹ ਤੈਨੂੰ ਵੇਖ ਕੇ ਤਾੜੀਆਂ ਮਾਰੀ ਜਾਂਦੀ। ਹੱਸ-ਹੱਸ ਲੋਟ-ਪੋਟ ਹੋਈ ਜਾਂਦੀ, 'ਵੇਖ ਨੀ ਭਾਬੋ ਪੱਪੀ ਵੱਲ--" ਫਿਰ ਤੈਨੂੰ ਬਾਲਟੀ ਵਿੱਚੋਂ ਕੱਢ ਕੇ ਵਿਹੜੇ ਵਿੱਚ ਕੱਚੀ ਥਾਂ ਤੇ ਬਿਠਾ ਦੇਂਦੀ। ਤੇਰੀ ਮਾਂ ਬਥੇਰਾ ਵਰਜਦੀ, 'ਨੀ ਮਿੱਢੋ! ਮਿੱਟੀ ਨਾਲ ਲਿੱਬੜ ਜੂ।' ਪਰ ਉਹ ਤੈਨੂੰ ਜ਼ਮੀਨ 'ਤੇ ਬਿਠਾ ਕੇ ਤਾੜੀਆਂ ਮਾਰਦੀ ਤੇ ਉੱਚੀ-ਉੱਚੀ ਗਾਉਂਦੀ, "ਅੱਡੀਆਂ ਘਸਾਵਾਂਗੇ-ਮੀਂਹ ਪਊ ਤਾਂ ਘਰ ਨੂੰ ਜਾਂਵਾਂਗੇ" ਤੇ ਤੂੰ ਉਹਦੇ ਕਹਿਣ ਤੇ ਜ਼ੋਰ ਜ਼ੋਰ ਦੀ ਅੱਡੀਆਂ ਰਗੜਨ ਲੱਗ ਪੈਂਦਾ। ਅੱਡੀਆਂ ਰਗੜੀ ਜਾਂਦਾ ਤੇ ਨਿੱਕੇ-ਨਿੱਕੇ ਹੱਥਾਂ ਨਾਲ ਤਾੜੀ ਮਾਰਨ ਦੀ ਕੋਸ਼ਿਸ਼ ਕਰਦਾ, ਖਿੜ-ਖਿੜ ਹੱਸੀ ਜਾਂਦਾ। ਇੰਜ ਹੀ ਤੈਨੂੰ ਲਿਬੜੇ ਨੂੰ ਚੁੱਕ ਕੇ ਆਪਣੇ ਘਰ ਲੈ ਜਾਂਦੀ। ਨੁਹਾ-ਧੁਆ ਕੇ, ਲਿਸ਼ਕਾ ਕੇ ਤੇਰੀਆਂ ਅੱਖਾਂ ਵਿੱਚ ਸੁਰਮਾ ਪਾ ਕੇ, ਮੱਥੇ ਤੇ ਕਾਲਾ ਟਿੱਕਾ ਲਾ ਕੇ ਲੈ ਆਉਂਦੀ…।"

ਜਦੋਂ ਵੀ ਕਦੀ ਮੈਨੂੰ ਦਾਦੀ ਦੀਆਂ ਇਹਨਾਂ ਗੱਲਾਂ ਦਾ ਚੇਤਾ ਆਊਂਦਾ ਤਾਂ ਲੱਗਦਾ ਮੇਰੇ ਮੱਥੇ ਵਿੱਚ ਜਲੂਣ ਜਿਹੀ ਹੋ ਰਹੀ ਹੈ। ਮੈਂ ਮੱਥੇ ਉੱਤੇ ਹੱਥ ਫੇਰਦਾ। ਸ਼ਾਇਦ ਓਥੇ ਅਜੇ ਵੀ ਕਾਲਾ ਟਿੱਕਾ ਹੋਵੇ।

ਹੁਣ ਮੇਰੀ ਮਾਂ ਦੇ ਮੂੰਹੋਂ ਬੱਚੇ ਇਹ ਕਹਾਣੀ ਸੁਣਦੇ ਅਤੇ ਹੱਸਦੇ ਹੋਏ ਮੈਨੂੰ ਆਖਦੇ, "ਅੱਡੀਆਂ ਘਸਾਵਾਂਗੇ-ਮੀਂਹ ਪਊ ਤਾਂ ਘਰ ਨੂੰ ਜਾਂਵਾਂਗੇ"

ਮਾਂ ਨੇ ਹਉਕਾ ਲਿਆ, "ਵਿਚਾਰੀ ਕਿਸੇ ਘਰ ਵੀ ਨਾ ਜਾ ਸਕੀ!"

"ਮਾਂ ਜੀ! ਕਿੱਥੇ ਗਈ ਫਿਰ ਉਹ?" ਛੋਟੀ ਬੱਚੀ ਨੇ ਪੁੱਛਿਆ।

ਮਾਂ ਬੜੀ ਵਾਰ ਦੱਸ ਚੁੱਕੀ ਸੀ। ਬੱਚੇ ਬੜੀ ਵਾਰ ਸੁਣ ਚੁੱਕੇ ਸਨ। ਪਰ ਫਿਰ ਵੀ ਪਤਾ ਨਹੀਂ ਕਿਉਂ, ਉਹ ਬਾਰ-ਬਾਰ ਸੁਣਨ ਲਈ ਉਤਾਵਲੇ ਰਹਿੰਦੇ ਸਨ।

ਪਰ ਅੱਜ ਤਾਂ ਮਾਂ ਬਹੁਤ ਹੀ ਉਦਾਸ ਸੀ। ਮੈਂ ਅਤੇ ਮੇਰੀ ਪਤਨੀ ਵੀ ਬਹੁਤ ਦੁਖੀ ਸਾਂ। ਬੱਚੇ ਚੁੱਪ ਅਤੇ ਸਹਿਮੇ ਹੋਏ ਸਨ। ਕਸਬਾ-ਨੁਮਾ ਪਿੰਡ ਦੇ ਬਾਜ਼ਾਰ ਵਿੱਚ ਕੱਲ੍ਹ ਚੱਲੀ ਅੰਧਾ-ਧੁੰਦ ਗੋਲੀ ਵਿੱਚ ਸਾਡੇ ਖੱਬੇ ਹੱਥ ਰਹਿੰਦਾ ਸਾਡਾ ਗੁਆਂਢੀ ਮਨੋਹਰ ਅਤੇ ਉਸਦਾ ਪਿਤਾ ਮਾਰੇ ਗਏ ਸਨ। ਹੋਰ ਕਈ ਜ਼ਖ਼ਮੀ ਹੋ ਗਏ ਸਨ। ਅੱਜ ਦੀ ਅਖ਼ਬਾਰ ਵਿੱਚ 'ਅੰਨ੍ਹੇਵਾਹ' ਹੋਈ ਫਾਇਰਿੰਗ ਦੀ ਖ਼ਬਰ ਮੋਟੀ ਸੁਰਖ਼ੀ ਵਿੱਚ ਛਪੀ ਹੋਈ ਸੀ। ਮਨੋਹਰ ਮੇਰਾ ਹੀ ਹਾਣੀ ਸੀ। ਛੋਟੇ ਹੁੰਦਿਆਂ ਉਹ, ਮੈਂ ਅਤੇ ਪਰਗਟ ਕਦੀ ਇੱਕ ਤੇ ਕਦੀ ਦੂਜੇ ਦੇ ਘਰ ਤੁਰੇ ਰਹਿੰਦੇ। ਸਾਰੀ-ਸਾਰੀ ਦਿਹਾੜੀ ਖੇਡਦੇ ਰਹਿੰਦੇ। ਜਦੋਂ ਭੁੱਖ ਲਗਦੀ, ਜਿਹੜੇ ਘਰ ਹੁੰਦੇ, ਉੱਥੋਂ ਜੋ ਮਿਲਦਾ, ਖਾ ਲੈਂਦੇ।

ਆਪਣੇ ਪੁੱਤਰਾਂ ਵਰਗੇ ਮਨੋਹਰ ਦੀ ਮੌਤ ਦੀ ਖ਼ਬਰ ਸੁਣ ਕੇ ਮੇਰੀ ਮਾਂ ਮੇਰੇ ਛੋਟੇ ਭਰਾ ਨਾਲ ਖੇਤਾਂ ਤੋਂ ਪਿੰਡ ਅਫ਼ਸੋਸ ਕਰਨ ਆਈ ਹੋਈ ਸੀ ਅਤੇ ਹੁਣ ਰਾਤ ਸਾਡੇ ਕੋਲ ਹੀ ਠਹਿਰ ਗਈ ਸੀ। ਉਹ ਸਵੇਰ ਦੀ, ਜੋ ਹੋਇਆ ਸੀ, ਸੁਣ-ਸੁਣ ਕੇ, ਰੋ-ਰੋ ਕੇ ਥੱਕ ਚੁੱਕੀ ਸੀ। ਬੱਚੇ ਉਸਦੀ ਮੰਜੀ ਉੱਤੇ ਉਸਦੇ ਆਸੇ-ਪਾਸੇ ਬੈਠੇ ਲਗਾਤਾਰ ਉਹਦੇ ਉਦਾਸ ਮੂੰਹ ਵੱਲ ਵੇਖੀ ਜਾ ਰਹੇ ਸਨ। ਬੱਚਿਆਂ ਵੱਲ ਵੇਖ ਕੇ ਮੈਨੂੰ ਲੱਗਾ, ਮੈਂ ਅਤੇ ਮਨੋਹਰ ਆਪਣੀ ਦਾਦੀ ਹਰਨਾਮ ਕੌਰ ਦੀ ਬੁੱਕਲ ਵਿੱਚ ਬੈਠੇ ਹੋਏ ਉਹਦੀਆਂ ਗੱਲਾਂ ਸੁਣ ਰਹੇ ਸਾਂ। ਸਾਡੇ ਘਰ ਸੁਫੇ ਵਿੱਚ ਵੜਦਿਆਂ ਖੱਬੇ ਹੱਥ ਨੁੱਕਰ ਵਾਲੀ ਅਲਮਾਰੀ ਵਿੱਚ ਰੰਬੀਆਂ, ਆਰਾਂ, ਕਲਬੂਤ, ਖੁਰੀਆਂ ਅਤੇ ਬਹੁਤ ਸਾਰੇ ਕਿੱਲ-ਮੇਖਾਂ ਪਏ ਹੋਏ ਸਨ। ਉਸੇ ਨੁੱਕਰੇ ਭਾਂਡਿਆਂ ਦੀਆਂ ਦੋ ਬੋਰੀਆਂ ਭਰੀਆਂ ਪਈਆਂ ਸਨ। ਉਸ ਪਾਸੇ ਹੀ ਵੱਡੇ ਭਾਰੀ ਰੰਗੀਨ ਪਾਵਿਆਂ ਵਾਲਾ ਪਲੰਘ ਡੱਠਾ ਹੋਇਆ ਸੀ।

ਮੈਂ, ਪਰਗਟ ਅਤੇ ਮਨੋਹਰ ਨਿੱਕੇ ਹੁੰਦਿਆਂ ਲੁਕਣਮੀਚੀ ਖੇਡਦੇ ਜਦੋਂ ਉਹਨਾਂ ਭਾਂਡਿਆਂ ਦੀਆਂ ਬੋਰੀਆਂ ਪਿੱਛੇ ਲੁਕਣ ਲੱਗਦੇ ਤਾਂ ਮੇਰੀ ਦਾਦੀ ਆਖਦੀ, "ਵੇ ਨਾ ਪੁੱਤ! ਇਹ ਵਿਚਾਰੇ ਹੁਸੈਨ ਬਖ਼ਸ਼ ਮੋਚੀ ਦਾ ਸਮਾਨ ਐ--ਪੁੱਤ, ਇਹਨੂੰ ਨਾ ਛੇੜਿਓ…" ਤੇ ਦਾਦੀ ਮਾਂ ਇਹਨਾਂ ਭਾਂਡਿਆਂ ਪਿਛਲੀ ਕਹਾਣੀ ਸੁਣਾਉਣ ਲੱਗਦੀ…।

"…ਜਿਸ ਦਿਨ ਉਹਨਾਂ ਨੇ ਤਕਾਲਾਂ ਨੂੰ ਤੁਰਨਾ ਸੀ, ਜਾਣ ਤੋਂ ਪਹਿਲਾਂ ਆਹ ਭਾਂਡੇ, ਸੰਦ-ਸੂਤ ਤੇ ਪਲੰਘ ਆਪਣੇ ਘਰ ਰੱਖ ਕੇ ਹੁਸੈਨ ਬਖ਼ਸ਼ ਨੇ ਘਰ ਦਾ ਤਾਲਾ ਤੇ ਚਾਬੀਆਂ ਅਤੇ ਦੁਕਾਨ ਦੀਆਂ ਚਾਬੀਆਂ ਤੁਹਾਡੇ ਬਾਪੂ ਨੂੰ ਫੜਾ ਦਿੱਤੀਆਂ। 'ਲੈ ਸਰਦਾਰ ਕਿਸ਼ਨ ਸਿਅ੍ਹਾਂ! ਰਤਾ ਰੌਲਾæ-ਗੌਲ਼ਾ ਮੱਠਾ ਹੋਇਆ ਤਾਂ ਮੁੜ ਆਵਾਂਗੇ। ਤੂੰ ਚਾਬੀਆਂ ਸਾਂਭ ਰੱਖੀਂ!" ਤੇ ਫ਼ਿਰ ਉਹਨੇ ਡੂੰਘਾ ਸਾਹ ਭਰ ਕੇ ਆਖਿਆ, 'ਜੇ ਮੁੜ ਆਏ ਤਾਂ ਵਾਹ ਭਲੀ……ਨਹੀਂ ਤਾਂ ਅੱਲਾ ਬੇਲੀ! ਹੱਛਾ!……'

"ਹੁਸੈਨ ਬਖ਼ਸ਼ਾ! ਦਿਲ ਛੋਟਾ ਨਾ ਕਰ। ਕਮਲਿਆ! ਇਹ ਤਾਂ ਚਾਰ ਕੁ ਦਿਨਾਂ ਦੀ ਖੱਪ ਐ। ਕਦੀ ਕਿਸੇ ਨੇ ਘਰ - ਘਾਟ ਵੀ ਛੱਡੇ ਨੇ ਭਲਿਆ-ਲੋਕਾ! ਤੁਸੀਂ ਏਥੇ ਈ ਆਉਣੈ……ਏਥੇ ਈ ਵੱਸਣੈ……"

"ਜਿਉਂ ਹੀ ਜੱਫੀ ਪਾ ਕੇ ਵਿਦਾ ਹੋ ਕੇ ਘਰ ਨੂੰ ਤੁਰਿਆ, ਤੇਰੇ ਬਾਪੂ ਦੇ ਮਨ ਵਿੱਚ ਹੌਲ ਜਿਹਾ ਉੱਠਿਆ ਅਤੇ ਉਹ ਘੋੜੀ ਖੋਲ੍ਹ ਕੇ ਪੈਲੀਆਂ ਨੂੰ ਫੇਰਾ ਮਾਰਨ ਤੁਰ ਗਿਆ……" ਦਾਦੀ ਬੋਲਦੀ ਬੋਲਦੀ ਚੁੱਪ ਕਰ ਜਾਂਦੀ।

ਤੇ ਇਸ ਤੋਂ ਅਗਲੀ ਕਹਾਣੀ ਤਾਂ ਫ਼ਿਲਮ ਦੇ ਰੁਕੇ ਹੋਏ ਦ੍ਰਿਸ਼ ਵਾਂਗ ਸਾਡੀਆਂ ਅੱਖਾਂ ਸਾਹਵੇਂ ਜੰਮ ਕੇ ਰਹਿ ਗਈ ਸੀ।

ਅਜੇ ਹੁਸੈਨ ਬਖ਼ਸ਼ ਨੂੰ ਗਿਆਂ ਕੁਝ ਪਲ ਹੀ ਬੀਤੇ ਸਨ ਕਿ ਬਲਬੀਰ ਸਿੰਘ ਅਟਾਰੀ ਵਾਲਾ ਅਤੇ ਬਚਨਾ ਪੈਂਚ ਆਪਣੇ ਟੋਲੇ ਸਮੇਤ ਆ ਧਮਕੇ ਸਨ। "ਨਿਕਲ ਓਏ ਬਾਹਰ ਹੁਸੈਨਿਆਂ। ਕੁੱਤਿਆ। ਸੂਰ-ਖਾਣਿਆ!"

ਹੁਸੈਨ ਬਖ਼ਸ਼ ਨੇ ਦਰਵਾਜ਼ੇ ਦੀ ਝੀਤ ਵਿੱਚੋਂ ਵੇਖਿਆ। ਨੰਗੀਆਂ ਕਿਰਪਾਨਾਂ ਅਤੇ ਲਿਸ਼ਕਦੇ ਤਿੱਖੇ ਬਰਛਿਆਂ ਵਾਲੀ ਭੀੜ ਸੀ। ਲੋਕ ਕੋਠਿਆਂ ਉੱਤੇ ਖੜ੍ਹੇ ਸਨ। ਪਰ ਕਿਸੇ ਦੀ ਹਿੰਮਤ ਨਹੀਂ ਸੀ ਪੈ ਰਹੀ ਕਿ ਭੀੜ ਨੂੰ ਰੋਕੇ……ਭੂਤਰੀ ਹੋਈ ਮੁੰਡੀਰ।

"ਤੈਨੂੰ ਸੁਣਿਆ ਨਹੀਂ ਓਏ? ਅੱਗੇ ਈ ਦੂਜੇ ਪਿਛਲੀ ਰਾਤ ਬਚ ਕੇ ਨਿਕਲ ਗਏ। ਤੂੰ ਅਜੇ ਵੀ ਏਥੇ…ਰਤਾ ਬਾਹਰ ਤਾਂ ਨਿਕਲ…" ਬਲਬੀਰ ਸਿੰਘ ਨੇ ਲਲਕਾਰਿਆ।

ਹੁਸੈਨ ਬਖ਼ਸ਼ ਪਿਛਲੀ ਕੰਧ ਟੱਪ ਕੇ ਸਾਡੇ ਘਰ ਆ ਗਿਆ। ਮੇਰੀ ਦਾਦੀ ਅਤੇ ਮਾਂ ਨੇ ਉਹਨੂੰ ਰਜਾਈਆਂ ਹੇਠ ਲੁਕਾ ਲਿਆ। ਪਰ ਉਸਦੇ ਪਿਤਾ ਬੁੱਢੇ ਫ਼ਜ਼ਲ ਹੱਕ ਨੇ ਬਲਬੀਰ ਸਿੰਘ ਦੀ ਆਵਾਜ਼ ਪਛਾਣੀ ਤਾਂ ਪਤਾ ਨਹੀਂ ਉਸਨੂੰ ਕੀ ਹੋ ਗਿਆ। ਉਹਨੇ ਘਰਦਿਆਂ ਦੇ ਰੋਕਦਿਆਂ-ਰੋਕਦਿਆਂ ਆਪਣੇ ਕੰਬਦੇ ਬੁੱਢੇ ਹੱਥਾਂ ਨਾਲ ਦਰਵਾਜ਼ਾ ਖੋਲ੍ਹਿਆ ਅਤੇ ਉੱਚੀ ਭਬਕ ਕੇ ਬੋਲਿਆ, "ਲੈ ਮਾਰ ਉਏ ਬਲਬੀਰਿਆ ਮੇਰੇ!…… ਜੇ ਤੂੰ ਈ ਪੁੱਤਰਾ ਮੈਨੂੰ ਮਾਰਨ ਆ ਗਿਐਂ, ਤਾਂ ਮਾਰ! ਓ……ਤੂੰ ਨਹੀਂ ਮੈਨੂੰ ਮਾਰ ਸਕਦਾ ਕਮਲਿਆ! ਤੇਰਾ ਹੱਥ ਮੇਰੇ Ḕਤੇ ਉੱਠ ਈ ਨਹੀਂ ਸਕਦਾ………" ਉਹ ਪਤਾ ਨਹੀਂ ਕਿਹੜੇ ਵਿਸ਼ਵਾਸ ਨਾਲ ਬੋਲੀ ਜਾ ਰਿਹਾ ਸੀ।

"ਕਿਉਂ, ਮੈਂ ਕਿਉਂ ਨਹੀਂ ਮਾਰ ਸਕਦਾ………" ਬਲਬੀਰ ਸਿੰਘ ਇਕਦਮ ਹੈਰਾਨ ਹੋ ਗਿਆ। ਉਹ ਆਪਣੀ 'ਮਰਦਾਨਗੀ' ਨੂੰ ਵੰਗਾਰਦੇ ਸੁਆਲ ਦਾ ਜੁਆਬ ਉਡੀਕਣ ਲਈ ਰੁਕ ਗਿਆ ਅਤੇ ਉਹਨੇ ਇਸ਼ਾਰੇ ਨਾਲ ਭੀੜ ਨੂੰ ਵੀ ਰੋਕ ਲਿਆ।

"ਤੂੰ?…ਤੂੰ ਨਹੀਂ ਮੈਨੂੰ ਮਾਰ ਸਕਦਾ………ਤੂੰ ਪੁੱਛ ਕਿਉਂ? ਪਰ ਆਪਣੇ ਮਨ ਨੂੰ ਈ ਪੁੱਛ ਪੁੱਤਰਾ! ਤੈਨੂੰ ਕਿਹੜਾ ਨੀਂ ਪਤਾ। ਤੇਰਾ ਪਿਓ ਤੇ ਮੈਂ ਲੰਗੋਟੀਏ ਯਾਰ ਸਾਂ। ਮੈਂ ਤੈਨੂੰ ਨਿੱਕੇ ਜਿਹੇ ਨੂੰ ਐਹਨਾਂ ਹੱਥਾਂ ਨਾਲ ਕੁੱਛੜ ਚੁੱਕ ਕੇ ਖਿਡਾਉਂਦਾ ਰਿਹਾਂ…", ਉਹਨੇ ਆਪਣੇ ਗਲ਼ ਵਿੱਚ ਪਏ ਪਰਨੇ ਨੂੰ ਪਾਏ ਦੋਹਾਂ ਹੱਥਾਂ ਨੂੰ ਛੱਡ ਕੇ ਅੱਗੇ ਪਸਾਰ ਕੇ ਵਿਖਾਉਂਦਿਆਂ ਕਿਹਾ, "ਐਹਨਾਂ ਹੱਥਾਂ ਨਾਲ………ਕੰਧਾੜੇ ਬਿਠਾ ਕੇ ਤੈਨੂੰ ਹੂਟੇ ਦਿੰਦਾ ਰਿਹਾਂ। ਤੂੰ ਮੇਰੇ ਮੋਢਿਆਂ 'ਤੇ ਪਿਸ਼ਾਬ ਕਰਦਾ ਸੈਂ ਤਾਂ ਗਲ ਤੋਂ ਤੇੜ ਤਕ ਮੇਰੇ ਲੀੜੇ ਭਿੱਜ ਜਾਂਦੇ ਸਨ……ਉਏ! ਤੂੰ ਮੈਨੂੰ ਮਾਰੇਂਗਾ?…ਕਦੰਤ ਨਹੀਂ……ਤੂੰ ਮੈਨੰ ਮਾਰ ਈ ਨਹੀਂ ਸਕਦਾ। ਤੇ ਜੇ ਮਾਰ ਸਕਦਾ ਏਂ, ਤਾਂ ਆਹ ਲੈ, ਮੇਰੀ ਧੌਣ ਤੇਰੇ ਸਾਹਮਣੇ ਈ………", ਤੇ ਉਸਨੇ ਝੁਕੇ ਹੋਏ ਲੱਕ ਨੂੰ ਹੋਰ ਨਿਵਾ ਕੇ ਧੌਣ ਨੀਵੀਂ ਕਰ ਦਿੱਤੀ।

ਉਹਦੇ ਗਲ ਵਿੱਚ ਲਮਕਦਾ ਪਰਨਾ ਧਰਤੀ ਨੂੰ ਛੁਹ ਰਿਹਾ ਸੀ। ਗਲ ਵਿੱਚ ਪਰਨਾ ਲਮਕਦਾ, ਨੀਵੀਂ ਧੌਣ ਹੋਇਆ ਉਸ ਬਜ਼ੁਰਗ ਦਾ ਬਿੰਬ ਸਦਾ ਲਈ ਮੇਰੇ ਜ਼ਿਹਨ ਵਿੱਚ ਸਥਿਰ ਹੋ ਕੇ ਰਹਿ ਗਿਆ ਸੀ। ਅਨੰਦਪੁਰ ਵਿੱਚ, ਗਲ਼ ਵਿੱਚ ਪੱਲਾ ਪਾਈ ਖੜੋਤੇ ਕਸ਼ਮੀਰ ਦੇ ਪੰਡਤਾਂ ਨਾਲ ਫ਼ਜ਼ਲ ਹੱਕ ਦਾ ਚਿਹਰਾ ਸਦਾ ਮੇਰੀ ਸੋਚ ਵਿੱਚ ਗੱਡ-ਮੱਡ ਹੋ ਜਾਂਦਾ ਰਿਹਾ ਸੀ।

ਉਸਨੇ ਏਨੇ ਹੰਮੇ ਅਤੇ ਮਾਣ ਵਿੱਚ ਭਰ ਕੇ ਇਹ ਸ਼ਬਦ ਕਹੇ ਸਨ ਕਿ ਸਭ ਪਾਸੇ ਖ਼ਾਮੋਸ਼ੀ ਵਰਤ ਗਈ। ਕੋਠਿਆਂ ਉੱਤੇ ਔਰਤਾਂ ਅਤੇ ਬੱਚੇ ਖੜੋਤੇ ਵਹਿਸ਼ਤ ਦਾ ਨਾਚ ਵੇਖ ਰਹੇ ਸਨ। ਨੰਗੇ ਤੇਜ਼ ਹਥਿਆਰਾਂ ਵਾਲੀ ਭੀੜ ਆਪਣੇ ਲੀਡਰ ਵੱਲ ਅਤੇ ਫ਼ਜ਼ਲ ਹੱਕ ਦੀ ਝੁਕੀ ਹੋਈ ਧੌਣ ਵੱਲ ਵੇਖ ਰਹੀ ਸੀ।

ਕਿਸੇ ਨੇ ਉਹਦੇ ਗਲ਼ ਵਿੱਚ ਲਮਕਦਾ ਪਰਨਾ ਖਿੱਚ ਕੇ ਦੂਰ ਵਗਾਹ ਮਾਰਿਆ। ਤੇ ਫ਼ਿਰ ਲੋਕਾਂ ਨੇ ਬਲਬੀਰ ਸਿੰਘ ਦੀ ਉੱਠਦੀ ਹੋਈ ਤਲਵਾਰ ਵੇਖੀ। ਬਲਬੀਰ ਸਿੰਘ ਨੇ ਫ਼ਜ਼ਲ ਹੱਕ ਵੱਲੋਂ ਉਸਨੂੰ ਬਚਪਨ ਵਿੱਚ ਖਿਡਾਏ ਜਾਣ ਦਾ 'ਮਾਣ' ਰੱਖ ਲਿਆ ਸੀ!…… ਕੋਈ ਜਣਾ ਰੇਸ਼ਮਾ ਨੂੰ ਫੜ੍ਹ ਕੇ ਬਾਹੋਂ ਧੂਹਣ ਲੱਗਾ ਤਾਂ ਉਸਨੇ ਉਹਦੇ ਹੱਥਾਂ ਉੱਤੇ ਦੰਦੀ ਵੱਢ ਕੇ, ਬਾਹਾਂ ਛੁਡਾ ਕੇ ਨਹੁੰਦਰਾਂ ਉਹਦੇ ਗਲ਼ ਵਿੱਚ ਖੁਭੋ ਦਿੱਤੀਆਂ। ਤੇ ਫ਼ਿਰ ਦੂਜੇ ਪਲ ਉਹ ਵੀ ਅੱਡੀਆਂ ਘਸਾਉਂਦੀ ਦਮ ਤੋੜ ਗਈ ਸੀ।

ਜਦੋਂ ਹੁਸੈਨ ਬਖ਼ਸ਼ ਦੇ ਅੱਠ-ਨੌਂ ਸਾਲ ਦੇ ਮੁੰਡੇ ਨੂੰ ਮੰਜੇ ਹੇਠੋਂ ਧੂਹ ਕੇ ਬਾਹਰ ਕੱਢਿਆ ਤਾਂ ਉਹ ਹੱਥ ਜੋੜੀ ਡਡਿਆ ਪਿਆ, "ਓ ਸਰਦਾਰੋ, ਮੈਨੂੰ ਨਾ ਮਾਰੋ! ਮੈਂ ਤੁਹਾਡੇ ਡੰਗਰ ਚਾਰਿਆ ਕਰੂੰ……ਮੈਨੂੰ ਜਾਨੋਂ ਰੱਖ ਲਓ………"

ਮੁੰਡਾ ਹੱਥ ਜੋੜੀ ਲਿਲਕੜੀਆਂ ਲੈ ਰਿਹਾ ਸੀ।

"ਉਏ! ਰੱਬ ਤਰਸੀ ਕਰੋ ਉਏ, ਇਹਨੂੰ ਮਸੂਮ ਨੂੰ ਤਾਂ ਬਖ਼ਸ਼ ਦਿਓ……", ਭੀੜ ਨੂੰ ਚੀਰਦਾ ਹੋਇਆ ਬਾਬਾ ਸੋਹਣ ਸਿੰਘ ਅੱਗੇ ਵਧਿਆ।

"ਸਾਡੇ ਦਸ਼ਮੇਸ਼ ਪਿਤਾ ਦੇ ਸਾਹਿਬਜ਼ਾਦੇ ਏਡੇ-ਏਡੇ ਈ ਸਨ, ਜਦੋਂ ਇਹਨਾਂ………", ਤੇ ਉਹਨਾਂ ਨੇ ਮੁੰਡੇ ਕੋਲੋਂ ਸਾਹਿਬਜ਼ਾਦਿਆਂ ਦਾ ਬਦਲਾ ਲੈ ਲਿਆ ਸੀ।

ਦਾਦੀ ਆਖਦੀ ਹੁੰਦੀ ਸੀ, ਜਦੋਂ ਸਾਰਾ ਪਿੰਡ ਉਹਨਾਂ ਬੇਦੋਸ਼ਿਆਂ ਦੀਆਂ ਲਾਸ਼ਾਂ ਵੇਖਣ ਉੱਲਰ ਆਇਆ ਸੀ ਤਾਂ ਛੋਟੇ ਮੁੰਡੇ ਦੇ ਹੱਥ ਅਜੇ ਵੀ ਜੁੜੇ ਹੋਏ ਸਨ, ਜੋ ਕਹਿ ਰਹੇ ਸਨ, "ਮੈਨੂੰ ਜਾਨੋਂ ਰੱਖ ਲਓ, ਮੈਂ ਤੁਹਾਡੇ ਡੰਗਰ ਚਾਰਿਆ ਕਰੂੰ……"

ਅਸੀਂ ਜਦੋਂ ਵੀ ਕਦੀ ਬਲਬੀਰ ਸਿੰਘ ਅਤੇ ਬਚਨੇ ਪੈਂਚ ਨੂੰ ਵੇਖਦੇ ਤਾਂ ਸਾਨੂੰ ਉਹਨਾਂ ਤੋਂ ਡਾਢਾ ਭੈਅ ਆਉਂਦਾ ਅਤੇ ਅਸੀਂ ਉਹਨਾਂ ਕੋਲੋਂ ਸ਼ੂਟ ਵੱਟ ਕੇ ਨਿਕਲ ਜਾਂਦੇ। ਉਹਨਾਂ ਦੀਆਂ ਨਜ਼ਰਾਂ ਨਾਲ ਨਜ਼ਰਾਂ ਮਿਲਾ ਸਕਣ ਦੀ ਸਾਡੀ ਹਿੰਮਤ ਹੀ ਨਾ ਪੈਂਦੀ। ਅਸੀਂ ਹੌਲੀ-ਹੌਲੀ ਸੁਰਤ ਸੰਭਾਲ ਰਹੇ ਸਾਂ। ਲਹੂ ਦਾ ਇਹ ਮੀਂਹ ਪੈਣ ਤੋਂ ਪਹਿਲਾਂ ਪਿੰਡ ਦੇ ਬਾਰੇ ਅਸੀਂ ਕਲਪਨਾ ਹੀ ਕਲਪਨਾ ਵਿੱਚ ਸੋਚਦੇ। ਕਿਵੇਂ ਸਾਰੇ ਲੋਕ ਇਕੱਠੇ ਰਹਿੰਦੇ ਹੋਣਗੇ, ਆਪਸ ਵਿੱਚ ਮਿਲਦੇ-ਵਰਤਦੇ ਹੋਣਗੇ। ਸਾਨੂੰ ਕਦੀ ਵੀ ਇਹ ਸਮਝ ਨਹੀਂ ਸੀ ਆਉਂਦੀ ਕਿ ਇੰਜ ਵਸਦਿਆਂ-ਰਸਦਿਆਂ ਲੋਕਾਂ ਨੂੰ ਕੀ ਹੋ ਗਿਆ ਸੀ। ਸਾਡਾ ਬੜਾ ਦਿਲ ਕਰਦਾ ਸੀ ਕਿ ਵੇਖੀਏ ਮੁਸਲਮਾਨ ਕਿਹੋ ਜਿਹੇ ਹੁੰਦੇ ਨੇ। ਕੀ ਉਹ ਵੀ ਸਾਡੇ ਵਾਂਗ ਹੀ ਹੁੰਦੇ ਨੇ ਜਾਂ ਕੁਝ ਹੋਰ ਤਰ੍ਹਾਂ ਦੇ?

ਪਾਕਿਸਤਾਨ ਤੋਂ ਉੱਜੜ ਕੇ ਆਇਆ ਜਸਵੰਤ ਸਿੰਘ ਹੁਰਾਂ ਦਾ ਪਰਿਵਾਰ ਹੁਸੈਨ ਬਖ਼ਸ਼ ਹੁਰਾਂ ਦੇ ਘਰ ਆ ਟਿਕਿਆ ਸੀ। ਉਹਨਾਂ ਦਾ ਮੁੰਡਾ ਪਰਗਟ ਸਾਡਾ ਹਾਣੀ ਸੀ। ਪਰਗਟ ਸਾਨੂੰ ਦੱਸਦਾ ਹੁੰਦਾ ਕਿ ਮੁਸਲਮਾਨ ਬੜੇ ਜ਼ਾਲਮ ਹੁੰਦੇ ਨੇ………ਲਾਲ-ਲਾਲ ਅੱਖਾਂ ਵਾਲੇ……ਬੁਰਛਿਆਂ ਵਰਗੇ। ਉਹਨਾਂ ਕਾਫ਼ਲੇ ਉੱਤੇ ਹਮਲਾ ਕਰਕੇ ਉਸਦੇ ਚਾਚੇ ਅਤੇ ਭਰਾ ਨੂੰ ਮਾਰ ਛੱਡਿਆ ਸੀ।

ਸਾਡੀਆਂ ਅੱਖਾਂ ਸਾਹਮਣੇ ਆਪਣੇ ਘਰਦਿਆਂ ਤੋਂ ਸੁਣੇ-ਪਛਾਣੇ ਮੁਸਲਮਾਨਾਂ ਦੇ ਨਕਸ਼ ਪਰਗਟ ਦੇ ਦੱਸੇ ਹੋਏ ਨਕਸ਼ਾਂ ਨਾਲ ਹੌਲੀ-ਹੌਲੀ ਖ਼ਲਤ ਮਲਤ ਹੋਣੇ ਸ਼ੁਰੂ ਹੋ ਜਾਂਦੇ। ਉਹਨਾਂ ਦੇ ਚਿਹਰੇ ਧੁੰਦਲੇ ਜਿਹੇ ਹੋ ਜਾਂਦੇ। ਤੇ ਫਿਰ ਧੁੰਦ ਜਿਹੀ ਵਿੱਚੋਂ ਹੀ ਇੱਕ ਆਕਾਰ ਉੱਭਰਦਾ ਅਤੇ ਸਾਡੀਆਂ ਨਜ਼ਰਾਂ ਸਾਹਵੇਂ ਇੱਕ ਨੀਵੀਂ ਹੋਈ ਧੌਣ ਸਥਿਰ ਹੋ ਜਾਂਦੀ, ਜਿਸ ਦੇ ਐਨ ਉੱਤੇ ਲਿਸ਼ਕਦੀ ਤਲਵਾਰ ਉੱਲਰੀ ਹੁੰਦੀ। ਉਹ ਧੌਣ ਪਤਾ ਨਹੀਂ ਕਿਸ ਦੀ ਸੀ? ਫ਼ਜ਼ਲ ਹੱਕ ਦੀ………? ਉਹਦੇ ਅੱਠ-ਨੌਂ ਸਾਲ ਦੇ ਪੋਤਰੇ ਦੀ? ਪਰਗਟ ਦੇ ਚਾਚੇ ਜਾਂ ਭਰਾ ਦੀ?……ਪਰ ਬਹੁਤ ਵਾਰ ਤਾਂ ਸਾਨੂੰ ਇੰਜ ਲੱਗਦਾ ਕਿ ਇਹ ਤਾਂ ਸਾਡੀ ਆਪਣੀ ਹੀ ਧੌਣ ਸੀ!……

ਬਚਪਨ ਵਿੱਚ ਕਈ ਸਾਲਾਂ ਤੱਕ ਮੈਂ ਸੁਪਨੇ ਵਿੱਚ ਡਰ ਕੇ, ਚੀਕ ਮਾਰ ਕੇ ਉੱਠ ਪੈਂਦਾ। ਮੈਨੂੰ ਦੂਰ-ਦੂਰ ਤੱਕ ਲਾਲ-ਸੁਰਖ਼ ਖ਼ੂਨ ਦਾ ਸਮੁੰਦਰ ਠਾਠਾਂ ਮਾਰਦਾ ਦਿਖਾਈ ਦਿੰਦਾ ਜਿਸ ਉੱਤੇ ਬਲਬੀਰ ਸਿੰਘ 'ਛਲੱਪ-ਛਲੱਪ' ਕਦਮ ਰੱਖਦਾ ਤੁਰਿਆ ਫਿਰਦਾ। ਤੁਰਦਾ-ਤੁਰਦਾ ਉਹ ਮੇਰੇ ਵੱਲ ਵਧਦਾ ਤਾਂ ਮੇਰੀ ਚੀਕ ਨਿਕਲ ਜਾਂਦੀ।

ਇਹ ਬਲਬੀਰ ਸਿੰਘ ਮੇਰੇ ਸੁਪਨਿਆਂ ਵਿੱਚੋਂ ਕਿਉਂ ਨਹੀਂ ਸੀ ਜਾਂਦਾ? ਉਹਨੂੰ ਵੇਖਦਿਆਂ ਹੀ ਮੈਨੂੰ ਅਜੀਬ ਤਰ੍ਹਾਂ ਦੀ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ। ਜੀ ਕਚਿਆ ਜਾਂਦਾ। ਸਰੀਰ ਝੂਠਾ ਪੈ ਜਾਂਦਾ। ਧੌਣ ਉੱਤੇ ਜਲੂਣ ਜਿਹੀ ਹੁੰਦੀ।

ਤੇ ਫਿਰ ਇੱਕ ਦਿਨ ਅਜੀਬ ਘਟਨਾ ਵਾਪਰੀ।

ਮੈਂ ਐਵੇਂ ਸ਼ੌਕ ਸ਼ੌਕ ਵਿੱਚ ਆਪਣੇ ਵਾਗੀ ਨਾਲ ਖੇਤਾਂ ਵਿੱਚ ਡੰਗਰ ਚਾਰਨ ਤੁਰ ਗਿਆ ਸਾਂ। ਮਸਾਂ ਅੱਠ-ਨੌਂ ਸਾਲ ਦਾ ਹੋਵਾਂਗਾ। ਇੱਕ ਦਿਨ ਪਹਿਲਾਂ ਮਾਮੂਲੀ ਜਿਹਾ ਬੁਖ਼ਾਰ ਹੋ ਕੇ ਹਟਿਆ ਸੀ। ਇਸ ਲਈ ਅੱਜ ਸਕੂਲ ਨਹੀਂ ਸਾਂ ਗਿਆ। ਛੁੱਟੀ ਦਾ ਲਾਭ ਲੈਣ ਲਈ ਮੈਂ ਘਰਦਿਆਂ ਦੇ ਰੋਕਦਿਆਂ ਵੀ ਬੂਰੀ ਮੱਝ ਦੀ ਪਿੱਠ ਉੱਤੇ ਹੂਟਾ ਲੈਣ ਦੇ ਲਾਲਚ ਨਾਲ ਡੰਗਰਾਂ ਦੇ ਪਿੱਛੇ ਹੋ ਤੁਰਿਆ। ਗਰਮੀਆਂ ਦੇ ਦਿਨ। ਸਿਖ਼ਰ ਦੁਪਹਿਰਾਂ। ਅਸੀਂ ਮੱਝਾਂ ਨੂੰ ਚਾਰ ਕੇ ਨਹਿਰੋਂ ਪਾਰਲੇ ਉੱਚੇ ਧੜ੍ਹੇ ਉੱਤੇ ਕਿੱਕਰਾਂ ਹੇਠਾਂ ਲਿਆ ਖਲਿਆਰਿਆ ਅਤੇ ਆਪ ਇਕ ਪਾਸੇ ਹੋ ਕੇ ਛਾਵੇਂ ਲੰਮੇ ਪੈ ਗਏ। ਮੇਰਾ ਸਰੀਰ ਟੁੱਟ ਰਿਹਾ ਸੀ। ਸਿਰ ਦਰਦ ਕਰ ਰਿਹਾ ਸੀ। ਫ਼ਿਰ ਪਤਾ ਨਹੀਂ ਕਦੋਂ ਨੀਂਦ ਆ ਗਈ। ਜਦੋਂ ਸਾਡੇ ਵਾਗੀ ਨੇ ਮੈਨੂੰ ਹਲੂਣ ਕੇ ਜਗਾਇਆ ਤਾਂ ਮੇਰੀਆਂ ਅੱਖਾਂ ਜ਼ੋਰ ਲਾਉਣ ਉੱਤੇ ਵੀ ਨਹੀਂ ਸੀ ਖੁੱਲ੍ਹ ਰਹੀਆਂ।

"ਤੈਨੂੰ ਤਾਂ ਤਾਪ ਚੜ੍ਹ ਗਿਅ ਓਏ!" ਉਹਨੇ ਮੇਰੀ ਬਾਂਹ ਫੜ੍ਹ ਕੇ ਛੱਡਦਿਆਂ ਸਹਿਜ ਨਾਲ ਆਖਿਆ, "ਤੂੰ ਪਿਆ ਰਹੁ ਏਥੇ……'ਰਾਮ ਨਾਲ……ਮੈਂ ਅੱਗੋਂ ਡੰਗਰ ਫੇਰ ਲਿਆਵਾਂ।"

ਮੈਂ ਅੱਖਾਂ ਮੀਟ ਕੇ ਸੌਣ ਦਾ ਯਤਨ ਕਰ ਰਿਹਾ ਸਾਂ। ਪਰ ਨੀਂਦ ਨਹੀਂ ਸੀ ਆ ਰਹੀ। ਕੜਵੱਲ ਪੈ ਰਹੇ ਸਨ। ਤਰਲੋ-ਮੱਛੀ ਹੋ ਰਿਹਾ ਸਾਂ। ਹੌਲੀ-ਹੌਲੀ ਉੱਠ ਕੇ ਆਸ-ਪਾਸ ਵੇਖਿਆ। ਵਾਗੀ ਡੰਗਰ ਲੈ ਕੇ ਕਿਤੇ ਦੂਰ ਨਿਕਲ ਗਿਆ ਸੀ। ਸਾਹਮਣੇ ਤਪਦਾ ਸੂਰਜ ਸੀ ਅਤੇ ਏਧਰ ਤਪਦਾ ਜਿਸਮ। ਅੱਖਾਂ ਵਿੱਚੋਂ ਬਲਦਾ ਹੋਇਆ ਸੇਕ ਨਿਕਲ ਰਿਹਾ ਸੀ। ਬੁੱਲ੍ਹਾਂ ਉੱਤੇ ਪਿਆਸ ਜੰਮੀ ਹੋਈ ਸੀ। ਮੇਰੇ ਵਿੱਚ ਤੁਰਨ ਦੀ ਸੱਤਿਆ ਨਹੀਂ ਸੀ।

ਮੈਂ ਘਰ ਕਿਵੇਂ ਪਹੁੰਚਾਂਗਾ! ਏਥੋਂ ਅੱਧਾ ਮੀਲ ਤਾਂ ਨਹਿਰ ਦਾ ਪੁਲ ਸੀ ਅਤੇ ਫਿਰ ਅੱਗੋਂ ਡੇਢ ਮੀਲ ਦੀ ਵਾਟ!

"ਹਾਇ ਮਾਂ!" ਕਹਿ ਕੇ ਮੇਰਾ ਰੋਣ ਨਿਕਲ ਗਿਆ। ਉੱਥੇ ਹੀ ਬੈਠ ਗਿਆ ਅਤੇ ਟੇਢਾ ਹੋ ਗਿਆ। ਪਤਾ ਨਹੀਂ ਕਿੰਨਾ ਕੁ ਚਿਰ ਇੰਜ ਪਿਆ ਰਿਹਾ ਹੋਵਾਂਗਾ। ਤਾਂ ਹੀ ਖ਼ਬਰੇ……ਕਿਸੇ ਨੇ ਮੇਰੇ ਮੱਥੇ ਉੱਤੇ ਹੱਥ ਰੱਖਿਆ। ਮੈਂ ਹੌਲੀ-ਹੌਲੀ ਪਲਕਾਂ ਪੁੱਟੀਆਂ। ਬਲਬੀਰ ਸਿੰਘ ਦਾ ਚਿਹਰਾ ਮੇਰੇ ਉੱਤੇ ਝੁਕਿਆ ਹੋਇਆ ਸੀ। ਮੈਂ ਡਰ ਕੇ ਉੱਠਣ ਦਾ ਯਤਨ ਕੀਤਾ। ਸ਼ਾਇਦ ਕੁਝ ਕਹਿਣਾ ਵੀ ਚਾਹਿਆ। ਪਰ ਮੇਰੀ ਜ਼ਬਾਨ ਤਾਂ ਪਹਿਲਾਂ ਹੀ ਖ਼ੁਸ਼ਕ ਹੋ ਕੇ ਤਾਲੂ ਨਾਲ ਲੱਗੀ ਪਈ ਸੀ।

"ਬੱਲੇ! ਬੱਲੇ!" ਉਸ ਨੇ ਮੇਰੇ ਮੱਥੇ ਉੱਤੇ ਹੱਥ ਰੱਖਦਿਆਂ ਆਖਿਆ ਅਤੇ ਆਸੇ-ਪਾਸੇ ਵੇਖਣ ਲੱਗਾ। ਮੈਂ ਉਹਦੇ ਚਿਹਰੇ ਤੋਂ ਉਹਦਾ ਮਨ ਪੜ੍ਹਨ ਦਾ ਯਤਨ ਕਰ ਰਿਹਾ ਸਾਂ ਅਤੇ ਉਹਦੀਆਂ ਹਰਕਤਾਂ ਤਾੜ ਰਿਹਾ ਸਾਂ। ਉਹਦੇ ਇੱਕ ਹੱਥ ਵਿੱਚ ਦਾਤਰੀ ਅਤੇ ਮੋਢੇ ਤੇ ਰੱਸਾ ਸੀ। ਮੈਨੂੰ ਲੱਗ ਰਿਹਾ ਸੀ, ਉਹ ਮੇਰੀਆਂ ਲੱਤਾਂ-ਬਾਹਾਂ ਰੱਸੇ ਨਾਲ ਜੂੜ ਕੇ ਮੇਰੇ ਢਿੱਡ ਵਿੱਚ ਦਾਤਰੀ ਖੋਭ ਦੇਵੇਗਾ। ਮੇਰੀਆਂ ਡਰੀਆਂ -ਸਹਿਮੀਆਂ ਅੱਖਾਂ ਜਦੋਂ ਉਹਦੀਆਂ ਅੱਖਾਂ ਨਾਲ ਮਿਲੀਆਂ ਤਾਂ ਉੱਥੇ ਸੁੰਨ ਜਿਹੀ ਦਾ ਪ੍ਰਭਾਵ ਨਜ਼ਰੀਂ ਆਇਆ। ਉਹਦਾ ਚਿਹਰਾ ਖਰ੍ਹਵਾ ਸੀ। ਮੱਥੇ ਉੱਤੇ ਤਿਊੜੀਆਂ ਸਨ ਤੇ ਉਹਦੀਆਂ ਪਤਲੀਆਂ ਮੁੱਛਾਂ ਵਿੱਚ ਘੁੱਟ ਕੇ ਮੀਚੇ ਹੋਏ ਬੁੱਲ੍ਹ ਸਨ। ਜਿਹੜੀ ਤਰਲਤਾ ਮੈਨੂੰ ਉਸਦੇ ਚਿਹਰੇ ਤੇ ਲੋੜੀਂਦੀ ਸੀ, ਉਹ ਤਾਂ ਪਰਛਾਵਾਂ ਮਾਤਰ ਵੀ ਨਜ਼ਰ ਨਹੀਂ ਸੀ ਆ ਰਹੀ। ਮੈਂ ਭੈ ਵਿੱਚ ਇਕੱਠਿਆਂ ਹੋ ਕੇ ਅੱਖਾਂ ਮੀਚ ਲਈਆਂ।

"ਛਲੱਪ…ਛਲੱਪ……" ਉਹਦੇ ਪੈਰ ਖ਼ੂਨ ਦੀ ਵਿਛੀ ਹੋਈ ਚਾਦਰ ਉੱਤੇ ਤੁਰ ਰਹੇ ਸਨ।

"ਉੱਠ! ਖੜਾ ਹੋ!" ਉਸ ਖਰ੍ਹਵੀ ਆਵਾਜ਼ ਵਿੱਚ ਮੈਨੂੰ ਹੁਕਮ ਦਿੱਤਾ।

ਮੈਂ ਡਰਦਾ ਉੱਠ ਬੈਠਾ।

ਉਹ ਮੇਰੇ ਸਾਹਮਣੇ ਨੀਵੇਂ ਲੱਕ ਹੋ ਗਿਆ, "ਚੜ੍ਹ ਮੇਰੇ ਕੰਧਾੜੇ……"

ਮੈਂ ਸਿਖਾਏ ਹੋਏ ਪਾਲਤੂ ਵਾਂਗ ਹੁਕਮ ਮੰਨ ਲਿਆ ਅਤੇ ਉਹਦੀ ਧੌਣ ਦੇ ਦੋਹਵੀਂ ਪਾਸੀਂ ਲੱਤਾਂ ਲਟਕਾ ਕੇ ਉਹਦੇ ਮੋਢਿਆਂ ਉੱਤੇ ਬੈਠ ਗਿਆ। ਉਹ ਹੌਲੀ-ਹੌਲੀ ਨਹਿਰ ਦੇ ਪਾਣੀ ਵਿੱਚ ਉੱਤਰਨ ਲੱਗਾ। ਨਹਿਰ ਵਿੱਚ ਗੇਰੂਏ ਰੰਗ ਦਾ ਪਾਣੀ ਵਹਿ ਰਹਾ ਸੀ। ਜਦੋਂ ਵੀ ਨਹਿਰ ਵਿੱਚ ਬਰਸਾਤਾਂ ਦੇ ਦਿਨੀਂ ਅਜਿਹਾ ਪਾਣੀ ਵਹਿੰਦਾ ਤਾਂ ਪਰਗਟ ਆਖਦਾ, "ਇਹਦੇ ਵਿੱਚ ਲਹੂ ਈ……"

ਤੇ ਗੇਰੂਆ ਪਾਣੀ ਵਹਿੰਦਾ ਵੇਖ ਕੇ ਮੈਨੂੰ ਇਹੋ ਅਹਿਸਾਸ ਹੁੰਦਾ ਜਿਵੇਂ ਪਿੱਛੇ ਕਿਸੇ ਨੇ ਪੁਲ ਉੱਤੇ ਕਿਸੇ ਦੀ ਧੌਣ ਉੱਤੇ ਲਿਸ਼ਕਦੀ ਤਲਵਾਰ ਉਲਾਰੀ ਹੋਵੇ। ਪਾਣੀ ਦਾ ਸਲੇਟੀ ਅਤੇ ਲਹੂ ਦਾ ਲਾਲ ਰੰਗ ਰਲ ਕੇ ਹੀ ਖ਼ਬਰੇ ਇੰਜ ਗੇਰੂਆ ਹੋ ਗਿਆ ਸੀ। ਜਦੋਂ ਅਜਿਹਾ

ਪਾਣੀ ਨਹਿਰ ਵਿੱਚ ਆਉਂਦਾ ਤਾਂ ਅਸੀਂ ਨਹਿਰ ਵਿੱਚ ਨ੍ਹਾਉਂਦੇ ਨਹੀਂ ਸਾਂ।

"ਛਲੱਪ……ਛਲੱਪ…" ਬਲਬੀਰ ਸਿੰਘ ਵਹਿੰਦੇ ਖ਼ੂਨ ਵਿੱਚ ਤੁਰ ਰਿਹਾ ਸੀ। ਮੇਰੇ ਪੈਰਾਂ ਨੂੰ ਭਿੱਜਣੋਂ ਬਚਾਉਣ ਲਈ ਉਸ ਨੇ ਉਹਨਾਂ ਨੂੰ ਹੱਥਾਂ ਨਾਲ ਉਤਾਂਹ ਚੁੱਕਿਆ ਤਾਂ ਮੈਨੂੰ ਲੱਗਾ, ਉਹ ਲਹੂ ਵਿੱਚ ਲੱਥ-ਪੱਥ ਹੋ ਗਏ ਸਨ। ਉਹਦੇ ਹੱਥ ਵਿੱਚ ਫੜੀ ਦਾਤਰੀ ਮੇਰੇ ਪੈਰਾਂ ਨੂੰ ਛੂਹੀ ਤਾਂ ਮੇਰੇ ਪਿੰਡੇ ਵਿੱਚ ਭੈ ਦੀ ਇੱਕ ਲੰਮੀ ਝੁਣਝੁਣੀ ਫਿਰ ਗਈ।

"ਹੱਤ ਤੇਰੇ ਦੀ……", ਉਹਦੀ ਖੁਰਦਰੀ ਆਵਾਜ਼ ਸੁਣਾਈ ਦਿੱਤੀ।

ਮੈਂ ਆਪਣੇ ਅਤੇ ਉਸਦੇ ਕੱਪੜੇ ਗਿੱਲੇ ਕਰ ਦਿੱਤੇ ਸਨ।

ਨਹਿਰ ਦੇ ਦੂਜੇ ਕੰਢੇ ਉੱਤੇ ਮੈਨੂੰ ਉਤਾਰ ਕੇ ਉਸਨੇ ਮੋਢਿਆਂ ਤੋਂ ਹੇਠਾਂ ਵੱਲ ਦੋਹੀਂ ਪਾਸੀਂ ਗਿੱਲੇ ਹੋ ਗੱਏ ਕੱਪੜਿਆਂ ਵੱਲ ਵੇਖਿਆ। ਉਹਦੇ ਬੁੱਲ੍ਹਾਂ ਉੱਤੇ ਹਲਕੀ ਜਿਹੀ ਮੁਸਕਰਾਹਟ ਇੱਕ ਛਿਣ ਵਾਸਤੇ ਫੈਲ ਗਈ। ਤੇ ਫਿਰ ਉਹਨੇ ਪਹਿਲਾਂ ਵਰਗੀ ਖੁਰਦਰੀ ਆਵਾਜ਼ ਵਿੱਚ ਹਦਾਇਤ ਦਿੱਤੀ, "ਹੁਣ ਹੌਲੀ-ਹੌਲੀ ਸਾਹ ਲੈ ਕੇ ਸਿੱਧਾ ਡੰਡੀਏ-ਡੰਡੀ ਘਰ ਨੂੰ ਵਗ ਜਾਹ……ਮੈਂ ਪੱਠੇ ਵੀ ਲਿਆਊਣੇ ਨੇ……"

ਉਸ ਨੇ ਪਿੱਠ ਭੁਆ ਕੇ ਨਹਿਰ ਵਿੱਚ ਟੁੱਭੀ ਲਾਈ। ਮੈਂ ਉਹਦੀਆਂ ਨਜ਼ਰਾਂ ਤੋਂ ਛੇਤੀ ਓਹਲੇ ਹੋਣ ਲਈ ਭੱਜ ਜਾਣਾ ਚਾਹੁੰਦਾ ਸਾਂ, ਪਰ ਤਾਪ, ਭੈ ਅਤੇ ਕਮਜ਼ੋਰੀ ਨੇ ਮੇਰੇ ਸਰੀਰ ਵਿੱਚੋਂ ਸੱਤਿਆ ਹੀ ਚੂਸ ਲਈ ਸੀ। ਮੈਂ ਨਹਿਰ ਦੀ ਪਟੜੀ ਦੇ ਦੂਜੇ ਸਿਰੇ ਉੱਤੇ ਬੈਠ ਗਿਆ। ਉਹਨੇ ਨਹਿਰੋਂ ਬਾਹਰ ਆ ਕੇ ਵੇਖਿਆ।

"ਤੂੰ ਗਿਆ ਨਹੀਂ?" ਉਹ ਇੱਕ ਪਲ ਲਈ ਚੁੱਪ ਖਲੋਤਾ ਰਿਹਾ।

"ਚੰਗਾ ਚਲ ਫਿਰ", ਉਹ ਫਿਰ ਮੇਰੇ ਅੱਗੇ ਨਿਉਂ ਗਿਆ। "ਮੇਰੀ ਧੌਣ ਨੂੰ ਕਰਿੰਘੜੀ ਪਾ ਕੇ…ਮੇਰਿਆਂ ਮੌਰਾਂ ਉੱਤੇ ਬਹਿ ਜਾਹ……"

ਜਦੋਂ ਉਹ ਨੀਵੇਂ ਲੱਕ ਹੋਇਆ ਤਾਂ ਉਹਦੀ ਧੌਣ ਉੱਤੇ ਦੋਹੀਂ ਪਾਸੀਂ ਲਮਕਦਾ ਰੱਸਾ ਧਰਤੀ ਨੂੰ ਛੁਹਣ ਲੱਗਾ। ਮੈਨੂੰ ਪਤਾ ਨਹੀਂ ਕਿਉਂ ਵਾਰ-ਵਾਰ ਫ਼ਜ਼ਲ ਹੱਕ ਦੇ ਗਲ਼ੇ ਵਿੱਚ ਪਿਆ ਪਰਨਾ ਯਾਦ ਆ ਰਿਹਾ ਸੀ। ਉਹਦੇ ਕੰਧਾੜੇ ਚੜ੍ਹਿਆਂ ਮੈਨੂੰ ਇਹ ਅਹਿਸਾਸ ਹੋ ਰਿਹਾ ਸੀ ਜਿਵੇਂ ਫ਼ਜ਼ਲ ਹੱਕ ਨੇ ਬਲਬੀਰ ਸਿੰਘ ਨੂੰ ਕੰਧਾੜੇ ਚੁੱਕਿਆ ਹੋਵੇ।

ਹੌਲੀ-ਹੌਲੀ ਤੁਰਦਾ ਉਹ ਮੈਨੂੰ ਸਾਡੇ ਅਤੇ ਫ਼ਜ਼ਲ ਹੱਕ ਦੇ ਦਰਵਾਜ਼ਿਆਂ ਦੇ ਸੰਨ੍ਹ ਵਿੱਚ ਉੱਥੇ ਲੈ ਆਇਆ, ਜਿੱਥੇ ਫ਼ਜ਼ਲ ਹੱਕ ਡਿੱਗਿਆ ਸੀ। ਉਹਨੇ ਮੈਨੂੰ ਉਤਾਰ ਕੇ ਮੇਰੇ ਸਿਰ ਉੱਤੇ ਹੱਥ ਫੇਰਿਆ ਅਤੇ ਪੁਚਕਾਰ ਕੇ ਆਖਿਆ, "ਜਾਹ ਬੀਬਾ ਪੁੱਤ! ਮੈਂ ਹੁਣ ਪੱਠੇ ਲੈ ਆਵਾਂ……"

ਰਾਜ਼ੀ ਹੋ ਕੇ ਮੈਂ ਸਾਥੀਆਂ ਨੂੰ ਸਾਰੀ ਗੱਲ ਦੱਸੀ ਤਾਂ ਮਨੋਹਰ ਕਹਿਣ ਲੱਗਾ, "ਸ਼ੁਕਰ ਕਰ ਤੂੰ ਬਚ ਗਿਐਂ……ਉਹਨੇ ਤਾਂ ਤੈਨੂੰ ਮਾਰ ਕੇ ਨਹਿਰ ਵਿੱਚ ਰੋੜ੍ਹ ਦੇਣਾ ਸੀ………"

ਹੁਣ ਵੀ ਜਦੋਂ ਉਹ ਮੈਨੂੰ ਅੱਗਲਵਾਂਢੀ ਆਉਂਦਾ ਮਿਲ ਪੈਂਦਾ ਤਾਂ ਮੈਨੂੰ ਭੈ ਜਿਹਾ ਆਉਂਦਾ, ਪਰ ਉਹਦੇ ਲੰਘ ਜਾਣ ਤੋਂ ਬਾਅਦ ਮੈਂ ਪਿੱਠ ਵੱਲੋਂ ਚੁੱਪ-ਚਾਪ ਉਹਨੂੰ ਜਾਂਦਿਆਂ ਤੱਕਦਾ ਰਹਿੰਦਾ।

ਤੇ ਫ਼ਿਰ ਇੱਕ ਦਿਨ ਅਸੀਂ ਸੁਣਿਆ, ਸਾਡੇ ਹੀ ਪਿੰਡ ਦਾ ਇੱਕ ਮੁਸਲਮਾਨ ਮੌਲਵੀ ਅਬਦੁਲ ਗਨੀ 'ਪਾਸ' ਬਣਵਾ ਕੇ ਕੁਝ ਦਿਨਾਂ ਲਈ ਆਪਣਾ ਪੁਰਾਣਾ ਪਿੰਡ ਵੇਖਣ ਆਇਆ ਸੀ। ਸਭ ਉਸਨੂੰ ਵੇਖਣ ਅਤੇ ਮਿਲਣ ਲਈ ਭੱਜ ਉੱਠੇ । ਉਹ ਮਨੋਹਰ ਦੇ ਤਾਏ ਲਾਭ ਚੰਦ ਦੀ ਦੁਕਾਨ ਦੇ ਬਾਹਰ ਸਟੂਲ ਤੇ ਬੈਠਾ ਸੀ। ਕੁੱਲੇ ਵਾਲੀ ਪੱਗ ਲਾਹ ਕੇ ਉਹਨੇ ਪੱਟਾਂ ਉੱਤੇ ਰੱਖੀ ਹੋਈ ਸੀ ਅਤੇ ਇੱਕ ਹੱਥ ਨਾਲ ਹੁੱਕੇ ਦੀ ਨੜੀ ਫੜੀ ਗੁੜਗੁੜ ਕਰਦਾ ਹੋਇਆ ਉਹ ਆਪਣੇ ਆਲੇ-ਦੁਆਲੇ ਖੜੋਤੇ ਲੋਕਾਂ ਦੀਆਂ ਖ਼ੁਸ਼ੀ ਅਤੇ ਹੈਰਾਨੀ ਭਰੀਆਂ ਪੁੱਛਾਂ ਦੇ ਉੱਤਰ ਦੇ ਰਿਹਾ ਸੀ।

"ਇਹ ਤਾਂ ਆਪਣੇ ਵਰਗਾ ਈ ਐ……ਪਰਗਟ ਐਵੇਂ ਆਂਹਦਾ ਹੁੰਦਾ ਐ……" ਮਨੋਹਰ ਨੇ ਮੈਨੂੰ ਆਖਿਆ ਤਾਂ ਲੱਗਾ, ਉਹਦੀਆਂ ਕੱਟੀਆਂ ਹੋਈਆਂ ਲਬਾਂ ਹੀ ਥੋੜ੍ਹੀਆਂ ਓਪਰੀਆਂ ਸਨ, ਨਹੀਂ ਤਾਂ ਉਹਦੀ ਲੰਮੀ ਦਾਹੜੀ ਅਤੇ ਭਰਵਾਂ ਚਿਹਰਾ ਮੈਨੂੰ ਆਪਣੇ ਨਾਨੇ ਠਾਕਰ ਸਿੰਘ ਵਰਗਾ ਹੀ ਜਾਪਿਆ ਸੀ।

ਅਬਦੁਲ ਗਨੀ ਨੂੰ ਪਿੰਡ ਦੇ ਲੋਕ ਅੱਗੇ ਹੋ-ਹੋ ਕੇ ਵਾਰੀ-ਵਾਰੀ ਆਪਣੇ ਘਰੀਂ ਰੋਟੀ ਵਰਜ ਰਹੇ ਸਨ। ਜ਼ਰੂਰ-ਬਰ-ਜ਼ਰੂਰ ਆਉਣ ਲਈ ਜ਼ੋਰ ਦੇ ਰਹੇ ਸਨ। ਅਬਦੁਲ ਗਨੀ ਆਖਦਾ, "ਅੱਜ ਤਕਾਲਾਂ ਨੂੰ ਤਾਂ ਭਾਊ ਨੱਥਾ ਸੂੰਹ ਵੱਲ ਆ……ਕੱਲ੍ਹ ਚਾਚੇ ਦੀਵਾਨ ਚੰਦ ਵੱਲ…ਤੇਰੇ ਵੱਲ ਪਰਸੋਂ ਪੱਕੀ ਰਹੀ……ਜ਼ਰੂਰ ਆਊਂਗਾ…"

ਮੌਲਵੀ ਜਿੱਧਰ ਵੀ ਜਾਂਦਾ, ਅਸੀਂ ਮੁੰਡੀਰ ਉਹਦੇ ਪਿੱਛੇ-ਪਿੱਛੇ ਤੁਰੇ ਫਿਰਦੇ। ਜਦੋਂ ਉਹ ਆਪਣੇ ਪੁਰਾਣੇ ਘਰ ਦੇ ਦਰਵਾਜ਼ੇ ਸਾਹਮਣੇ ਗਿਆ ਤਾਂ ਦੋਵੇਂ ਹੱਥ ਅਸਮਾਨ ਵੱਲ ਖੜ੍ਹੇ ਕਰ ਕੇ ਦੁਆ ਕੀਤੀ ਅਤੇ ਫ਼ਿਰ ਸਰਦਲਾਂ ਉੱਤੇ ਮੱਥਾ ਟੇਕਣ ਲਈ ਝੁਕ ਗਿਆ……ਜਿਵੇਂ ਕਿਸੇ ਪਵਿੱਤਰ ਧਾਰਮਿਕ ਸਥਾਨ ਉੱਤੇ ਝੁਕੀਦਾ ਹੈ। ਉਹ ਕਿੰਨਾ ਚਿਰ ਉਂਜ-ਦਾ-ਉਂਜ ਸਰਦਲ ਨਾਲ ਸਿਰ ਛੁਹਾਈ ਪਿਆ ਰਿਹਾ……। ਤੇ ਫ਼ਿਰ ਜਦੋਂ ਉਹ ਸਿੱਧਾ ਹੋਇਆ ਤਾਂ ਅਸੀਂ ਵੇਖਿਆ, ਉਹਦੀਆਂ ਅੱਖਾਂ ਵਿੱਚੋਂ ਪਰਲ-ਪਰਲ ਅੱਥਰੂ ਡਿੱਗ ਕੇ ਉਹਦੀ ਕਰੜ-ਬਰੜੀ ਦਾੜ੍ਹੀ ਵਿੱਚ ਗੁਆਚ ਰਹੇ ਸਨ। ਉਹਨੇ ਜ਼ਮੀਨ ਤੋਂ ਮਿੱਟੀ ਦੀ ਚੁਟਕੀ ਚੁੱਕ ਕੇ ਦੋਹਾਂ ਅੱਖਾਂ ਨਾਲ ਛੁਹਾਈ ਅਤੇ ਉਸ ਦੇ ਹੱਥ ਫਿਰ ਦੁਆ ਵਿੱਚ ਜੁੜ ਗਏ।

ਮੌਲਵੀ ਜਿੱਥੇ ਵੀ ਖਲੋਂਦਾ, ਸੁੱਖ-ਸਾਂਦ ਪੁੱਛਣ-ਦੱਸਣ ਵਾਲਿਆਂ ਦੀ ਭੀੜ ਇਕੱਠੀ ਹੋ ਜਾਂਦੀ। ਉਹ ਇਧਰੋਂ ਉੱਠ ਕੇ ਉਧਰ ਜਾ ਵਸੇ ਪਰਿਵਾਰਾਂ ਬਾਰੇ ਜਾਣਕਾਰੀ ਦਿੰਦਾ। ਕੋਈ ਸ਼ੇਖ਼ੂਪੁਰੇ ਅਤੇ ਕੋਈ ਲਾਹੌਰ ਜਾ ਵੱਸਿਆ ਸੀ, ਕੋਈ ਹੁਡਿਆਰੇ ਤੇ ਕੋਈ ਕਾਨ੍ਹੇ ਕਾਛੇ!………ਪਰ ਸਾਰੇ ਪੁਰਾਣੇ ਵਤਨ ਅਤੇ ਪੁਰਾਣੇ ਲੋਕਾਂ ਨੂੰ ਯਾਦ ਕਰ ਕੇ ਰੋਂਦੇ ਸਨ……ਝੂਰਦੇ ਸਨ।

"ਕੋਈ ਕਦੋਂ ਅੱਡ ਹੋਣਾ ਚਾਹੁੰਦਾ ਸੀ ਜੀ……ਬੱਸ ਅਗਲਿਆਂ ਅੱਡ ਕਰ'ਤਾ……" ਮੌਲਵੀ ਆਖ ਰਿਹਾ ਸੀ। "ਹੁਣ ਤਾਂ ਸਭ ਪਛੋਤਾਂਦੇ ਨੇ ਭਰਾ ਮੇਰਿਆ!" ਮੌਲਵੀ ਨੇ ਭਰੇ ਗਲੇ ਨਾਲ ਆਖਿਆ ਤਾਂ ਉਹਦੇ ਦੁਆਲੇ ਗੱਲਾਂ ਸੁਣਨ ਲਈ ਜੁੜੀ ਭੀੜ ਦੀਆਂ ਅੱਖਾਂ ਵਿੱਚ ਪਛਤਾਵੇ ਦਾ ਪਾਣੀ ਸੀ। ਮੈਂ ਵੇਖਿਆ, ਭੀੜ ਦੀ ਇੱਕ ਨੁੱਕਰੇ ਪਿਛਲੇ ਪਾਸੇ ਬਲਬੀਰ ਸਿੰਘ ਜਿਵੇਂ ਲੁਕ ਕੇ ਖਲੋਤਾ ਸੀ। ਉਹ ਮੌਲਵੀ ਦੀਆਂ ਗੱਲਾਂ ਵੀ ਸੁਣਨੀਆਂ ਚਾਹੁੰਦਾ ਸੀ, ਪਰ ਉਹਦੀਆਂ ਅੱਖਾਂ ਨਾਲ ਅੱਖਾਂ ਵੀ ਨਹੀਂ ਸੀ ਮਿਲਾਉਣੀਆਂ ਚਾਹੁੰਦਾ। ਏਸ ਵੇਲੇ ਮੇਰਾ ਦਾਦਾ ਕਿਸ਼ਨ ਸਿੰਘ ਅੱਗੇ ਹੋਇਆ ਅਤੇ ਆਖਣ ਲੱਗਾ, "ਮੌਲਵੀ! ਜੇ ਕਿਤੇ ਹੁਸੈਨ ਬਖ਼ਸ਼ ਮਿਲੇ ਤਾਂ ਭਰਾਵਾ ਉਹਨੂੰ ਆਖੀ, ਮੇਰੇ ਕੋਲ ਉਹਦੀ ਅਮਾਨਤ ਪਈ ਹੈ……ਲੈ ਜਾਵੇ ਆ ਕੇ……ਮੇਰੇ ਸਿਰ ਤੋਂ ਭਾਰ ਲੱਥੇ………"

ਮੌਲਵੀ ਬੋਲ ਪਿਆ, "ਓ ਚਾਚਾ! ਤੂੰ ਤਾਂ ਬੜਾ ਕਮਲਾ ਨਿਕਲਿਐਂ ਫਿਰ! ਜਿਹੜਾ ਅਜੇ ਤਾਈਂ ਅਮਾਨਤਾਂ ਸੰਭਾਲੀ ਫ਼ਿਰਦਾ ਏਂ………"

ਉਹ ਹੱਸਿਆ ਤਾਂ ਉਹਦੇ ਦੁਆਲੇ ਖੜੀ ਭੀੜ ਵਿੱਚ ਵੀ ਹਾਸਾ ਛਣਕਿਆ।

"ਓ ਨਾ ਭਰਾਵਾ! ਰੱਬ ਨੂੰ ਜਾਨ ਦੇਣੀ ਐਂ……ਢੱਗੀ ਖਾਵਾਂ ਜੇ ਉਹਦਾ…", ਤੇ ਮੇਰਾ ਦਾਦਾ ਭਾਵੁਕ ਹੋ ਗਿਆ, "ਸਾਡੀ ਤਾਂ ਅੱਗੇ ਹੀ ਰੂਹ ਕਲਪਦੀ ਆ ਪਈ ਉਹਦੇ ਟੱਬਰ ਦਾ ਕੁਛ ਨਾ ਕਰ ਸਕੇ……"

ਮੈਂ ਬਲਬੀਰ ਸਿੰਘ ਵੱਲ ਵੇਖ ਰਿਹਾ ਸਾਂ। ਉਹ ਚੁਪਕੇ ਜਿਹੇ ਚੋਰਾਂ ਵਾਂਗ ਪਿੱਛੋਂ ਹੀ ਖਿਸਕ ਗਿਆ।

ਪਤਾ ਨਹੀਂ, ਸਾਡਾ ਬਾਲ-ਮਨ ਕਿਉਂ ਚਾਹੁੰਦਾ ਸੀ ਕਿ ਬਲਬੀਰ ਸਿੰਘ ਵੀ ਮੌਲਵੀ ਅਬਦੁਲ ਗਨੀ ਦੇ ਮੱਥੇ ਲੱਗੇ। ਉਸ ਨਾਲ ਕੋਈ ਗੱਲ-ਬਾਤ ਕਰੇ।

ਇੱਕ ਦਿਨ ਮਨੋਹਰ ਦਾ ਦਾਦਾ ਧੰਨੇ ਸ਼ਾਹ ਦੁਕਾਨ ਉੱਤੇ ਬੈਠਾ ਭੱਠੀ ਉੱਤੇ ਗਰਮਾ-ਗਰਮ ਜਲੇਬੀਆਂ ਤਲ਼ ਰਿਹਾ ਸੀ ਕਿ ਅਬਦੁਲ ਗਨੀ ਦੁਕਾਨ ਅੱਗੋਂ ਲੰਘਣ ਲੱਗਾ। ਧੰਨੇ ਸ਼ਾਹ ਉੱਠ ਕੇ ਖਲੋ ਗਿਆ, "ਮੌਲਵੀ ਸਾਅਬ੍ਹ! ਹੁਣ ਜੋ ਮਰਜ਼ੀ ਆਖੋ, ਜਲੇਬੀਆਂ ਖਾਧੇ ਬਿਨਾਂ ਮੈਂ ਨਹੀਂ ਜੇ ਜਾਣ ਦੇਣਾ ਅੱਗੇ!……ਆ ਜੋ……ਬਹਿ ਜੋ………"

ਤੇ ਫ਼ਿਰ ਉਹਨੇ ਅਬਦੁਲ ਗਨੀ ਦੇ ਪਿੱਛੇ ਆਉਂਦੇ ਮਨੋਹਰ ਨੂੰ ਅਤੇ ਮੈਨੂੰ ਆਖਿਆ, "ਕੱਢੋ ਓਏ ਮੁੰਡਿਓ ਬੈਂਚ ਨੂੰ ਬਾਹਰ……ਘੜੀ ਮੌਲਵੀ ਹੁਰਾਂ ਨਾਲ ਰਾਮ ਰਮੱਈਆ ਕਰੀਏ………"

ਅਸੀਂ ਬੈਂਚ ਬਾਹਰ ਕੱਢਿਆ। ਮਨੋਹਰ ਨੇ ਕੱਪੜੇ ਨਾਲ ਉਹਨੂੰ ਸਾਫ਼ ਕੀਤਾ ਅਤੇ ਮੌਲਵੀ ਤਹਿਮਦ ਸੰਭਾਲਦਾ, ਹੱਸਦਾ ਹੋਇਆ ਬੈਠ ਗਿਆ, "ਸ਼ਾਹ! ਮਰਜ਼ੀ ਤੇਰੀ……ਤੁਸਾਂ ਸਭ ਨੇ ਐਨਾ ਮੋਹ ਦਿੱਤਾ ਕਿ ਸੋਚਿਆਂ ਮਨ ਭਰ ਆਉਂਦੈ……"

ਤੇ ਅਜੇ ਸਾਹਮਣੇ ਪਈ ਗਰਮ ਜਲੇਬੀਆਂ ਦੀ ਪਲੇਟ ਵਿੱਚੋਂ ਉਸ ਨੇ ਦੋ-ਚਾਰ ਜਲੇਬੀਆਂ ਹੀ ਖਾਧੀਆਂ ਹੋਣਗੀਆਂ ਕਿ ਬਜ਼ਾਰ ਵਿੱਚੋਂ ਦੀ ਬਲਬੀਰ ਸਿੰਘ ਆਉਂਦਾ ਹੋਇਆ ਸਾਡੀ ਨਜ਼ਰੀਂ ਪਿਆ। ਉਸ ਨੇ ਅੱਖਾਂ ਚੁੱਕ ਕੇ ਇੱਕ ਵਾਰ ਮੌਲਵੀ ਵੱਲ ਵੇਖਿਆ। ਉਹਨੂੰ ਇਕ-ਦਮ ਮੌਲਵੀ ਦੇ ਮੱਥੇ ਲੱਗ ਜਾਣ ਦਾ ਚਿੱਤ ਖ਼ਿਆਲ ਵੀ ਨਹੀਂ ਸੀ। ਉਹ ਨਜ਼ਰਾਂ ਚੁਰਾਉਣ ਹੀ ਲੱਗਾ ਸੀ ਕਿ ਮੌਲਵੀ ਦੀਆਂ ਨਜ਼ਰਾਂ ਉਸ ਨਾਲ ਮਿਲ ਗਈਆਂ ਅਤੇ ਉਹਨੂੰ ਵੇਖ ਕੇ ਮੌਲਵੀ ਮੁਸਕਰਾ ਪਿਆ।

ਬਲਬੀਰ ਸਿੰਘ ਵਲ਼ਾ ਕਰ ਕੇ ਉੱਥੋਂ ਲੰਘ ਜਾਣਾ ਚਾਹੁੰਦਾ ਸੀ, ਪਰ ਮੌਲਵੀ ਨੂੰ ਮੁਸਕਰਾਉਂਦਾ ਤਕ ਉਹ ਪੈਰ ਮਲ਼ਦਾ ਖਲੋ ਗਿਆ ਅਤੇ ਸਭਾਉਕੀ ਹੀ ਉਸਦੇ ਮੂੰਹੋਂ ਨਿਕਲ ਗਿਆ, "ਸਲਾਮ ਮੌਲਵੀ ਜੀ………"

"ਸਾਸਰੀ ਕਾਲ, ਸਰਦਾਰ ਬਲਬੀਰ ਸਿਅ੍ਹਾਂ।"

ਤੇ ਫਿਰ ਜਿਵੇਂ ਬਲਬੀਰ ਸਿੰਘ ਨੇ ਖਿੱਚ-ਖਿੱਚ ਕੇ ਆਪਣੇ ਅੰਦਰੋਂ ਸ਼ਬਦ ਬਾਹਰ ਕੱਢੇ, "ਹੋਰ ਬਾਗ-ਪਰਿਵਾਰ ਦੀ ਸੁਣਾ……! ਪਿੰਡ ਵਾਲੇ ਬਾਕੀ ਭਰਾਵਾਂ ਦੀ ਸੁਣਾ!…ਸਭ ਸੁੱਖ-ਸਾਂਦ ਤਾਂ ਹੈ ਨਾ?"

"ਬੱਸ ਅੱਲ੍ਹਾ ਦੀ ਤੇ ਤੇਰੀ ਮਿਹਰ ਆ ਬਲਬੀਰ ਸਿਅ੍ਹਾਂ……", ਮੌਲਵੀ ਨੇ ਆਖਿਆ ਅਤੇ ਫ਼ਿਰ ਆਪ ਹੀ ਗੱਲ ਦਾ ਰੁਖ਼ ਬਦਲ ਕੇ ਕਹਿਣ ਲੱਗਾ, "ਲੈ ਜਲੇਬੀਆਂ ਖਾ ਲੈ……ਦੇਹ ਬਈ ਸ਼ਾਹ ਸੁੱਚੀਆਂ ਜਲੇਬੀਆਂ ਭਰਾ ਮੇਰੇ ਨੂੰ……ਲੈ ਲੈ……ਮੂੰਹ ਮਿੱਠਾ ਤਾਂ ਕਰ, ਕੁੜੱਤਣ ਥੁੱਕ ਦੇਹ ਪਰ੍ਹਾਂ!…"

ਅਬਦੁਲ ਗਨੀ ਬੋਲੀ ਜਾ ਰਿਹਾ ਸੀ। ਬਲਬੀਰ ਸਿੰਘ 'ਨਾਂਹ-ਨਾਂਹ' ਕਰੀ ਜਾ ਰਿਹਾ ਸੀ। ਧੰਨੇ ਸ਼ਾਹ ਦੂਜੀ ਪਲੇਟ ਵਿੱਚ ਸੁੱਚੀਆਂ ਜਲੇਬੀਆਂ ਪਾਉਣ ਲੱਗਾ ਤਾਂ ਬਲਬੀਰ ਸਿੰਘ ਨੇ ਉਸ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਦਿੱਤਾ, "ਰਹਿਣ ਦੇ ਸ਼ਾਹ, ਹੋਰ ਨਾ ਪਾ……ਐਥੋਂ ਈ ਲੈ ਲੈਨਾਂ………ਕਿਹੜਾ ਭਿੱਟਿਆ ਚੱਲਿਆਂ………"

ਤੇ ਉਸਨੇ ਛਿੱਥਾ ਜਿਹਾ ਮੁਸਕਰਾਉਂਦਿਆਂ ਮੌਲਵੀ ਦੀਆਂ ਜੂਠੀਆਂ ਜਲੇਬੀਆਂ ਵਿੱਚੋਂ ਇੱਕ ਜਲੇਬੀ ਚੁੱਕ ਕੇ ਮੂੰਹ ਵਿੱਚ ਪਾ ਲਈ ਅਤੇ ਸਿਰ ਝੁਕਾਈ, ਅੱਖਾਂ ਨਿਵਾਈ ਮੋਢੇ ਉੱਤੇ ਕਹੀ ਰੱਖ ਕੇ ਹੌਲੀ-ਹੌਲੀ ਉੱਥੋਂ ਤੁਰ ਗਿਆ।

ਤੇ ਉਸ ਤੋਂ ਪੰਜ-ਸੱਤ ਸਾਲ ਬਾਅਦ ਬਲਬੀਰ ਸਿੰਘ ਇਸ ਸੰਸਾਰ ਤੋਂ ਹੀ ਤੁਰ ਗਿਆ।

ਮੇਰੇ ਬੱਚੇ ਅਜੇ ਵੀ ਮੇਰੀ ਮਾਂ ਦੀ ਬੁੱਕਲ ਵਿੱਚ ਬੈਠੇ ਸਨ। ਉਹ ਬਿਟਰ-ਬਿਟਰ ਸਾਡੇ ਵੱਲ ਵੇਖ ਰਹੇ ਸਨ। ਉਹ ਅੱਜ ਮੇਰੇ ਨਿੱਕੇ ਹੁੰਦਿਆਂ ਦੀ ਕਹਾਣੀ ਨਹੀਂ ਸਨ ਸੁਣਨਾ ਚਾਹੁੰਦੇ। ਇਹ ਕਹਾਣੀ ਤਾਂ ਉਹ ਬੜੀ ਵਾਰ ਸੁਣ ਚੁੱਕੇ ਸਨ। ਉਹਨਾਂ ਦਿਆਂ ਕੰਨਾਂ ਵਿੱਚ ਅਜੇ ਵੀ ਸਾਡੇ ਵਾਂਗ ਹੀ ਰਾਤ ਦੀਆਂ ਚੱਲੀਆਂ ਗੋਲੀਆਂ ਦਾ ਖੜਾਕ ਗੂੰਜ ਰਿਹਾ ਸੀ, ਜਿਨ੍ਹਾਂ ਗੋਲ਼ੀਆਂ ਨੇ ਮਨੋਹਰ ਅਤੇ ਉਸਦੇ ਪਿਤਾ ਨੂੰ ਭੁੰਨ ਕੇ ਰੱਖ ਦਿੱਤਾ ਸੀ।

ਮੈਂ ਆਪਣੇ-ਆਪ ਵਿੱਚ ਗੁੰਮ-ਗਰਕ ਹੋਇਆ ਸੋਚੀ ਜਾ ਰਿਹਾ ਸਾਂ। ਸਾਡੇ ਘਰ ਦੇ ਸੱਜ-ਖੱਬੇ ਇਹ ਕੀ ਹੋ ਗਿਆ ਸੀ? ਇਹ ਕੀ ਹੋ ਰਿਹਾ ਸੀ?

ਕੁਝ ਮਹੀਨੇ ਹੀ ਹੋਏ ਹੋਣਗੇ, ਜਦੋਂ ਮਨੋਹਰ ਨੇ ਮੈਨੂੰ ਸਲਾਹ ਪੁੱਛਣ ਵਾਂਗ ਆਖਿਆ ਸੀ, "ਮੇਰੀ ਸਲਾਹ ਐ, ਐਸ ਮਾਹੌਲ ਵਿੱਚ ਹੁਣ ਪਿੰਡ ਰਹਿਣਾ ਚੰਗਾ ਨਹੀਂ। ਪਤਾ ਨਹੀਂ ਕਿਹੜੇ ਵੇਲੇ ਕੀ ਭਾਣਾ ਵਾਪਰ ਜਾਵੇ……"

ਉਹ ਕੁਝ ਚਿਰ ਮੇਰੇ ਚਿਹਰੇ ਵੱਲ ਆਸ ਜਿਹੀ ਨਾਲ ਤੱਕਦਾ ਰਿਹਾ ਸੀ। ਜਦੋਂ ਉਸਨੂੰ ਮੇਰੇ ਚਿਹਰੇ ਵਿੱਚੋਂ ਕੋਈ ਦਿਲਾਸਾ ਲੱਭਣ ਦੀ ਥਾਂ ਯਤਾਮਤ ਪਸਰੀ ਨਜ਼ਰ ਆਈ ਤਾਂ ਉਸ ਬੁਝੇ ਚਿਹਰੇ ਨਾਲ ਧਰਤੀ ਵੱਲ ਵੇਖਦਿਆਂ ਹਉਕਾ ਲਿਆ, "ਘਰ-ਬਾਹਰ ਛੱਡਣਾ ਈ ਪੈਣੈਂ , ਵੀਰ ਮੇਰਿਆ!"

ਉਸ ਦੇ ਬੋਲ ਸੁਣ ਕੇ ਮੇਰਾ ਜੀਅ ਕੀਤਾ, ਉਸਨੂੰ ਆਪਣੇ ਦਾਦੇ ਦੇ ਸ਼ਬਦਾਂ ਵਿੱਚ ਧਰਵਾਸ ਦਿਆਂ, "ਐਵੇਂ ਦਿਲ ਛੋਟਾ ਨਾ ਕਰ, ਇਹ ਤਾਂ ਚਾਰ ਦਿਨਾਂ ਦੀ ਖੱਪ ਐ। ਕਦੀ ਕਿਸੇ ਨੇ ਘਰ-ਘਾਟ ਵੀ ਛੱਡੇ ਨੇ ਭਲਿਆ ਲੋਕਾ! ਤੁਸਾਂ ਏਥੇ ਈ ਆਉਣੈ। ਏਥੇ ਈ ਵੱਸਣੈ…।"

ਪਰ ਮੈਂ ਇਹ ਸਾਰਾ ਕੁਝ ਉਸਨੂੰ ਕਿਵੇਂ ਆਖ ਸਕਦਾ ਸਾਂ? ਮੇਰੇ ਵੱਸ ਵਿੱਚ ਹੀ ਕੀ ਸੀ?

"ਜੇ ਉਹ ਇਸ ਖਿਲਾਰੇ ਨੂੰ ਸਾਂਭ ਨਹੀਂ ਸਕਦੇ ਤਾਂ ਜੋ ਇਹ ਜਾਇਜ਼-ਨਜਾਇਜ਼ ਮੰਗਦੇ ਨੇ……ਵਿੱਚੋਂ ਦੇਣ ਪਰੇ ਇਹਨਾਂ ਨੂੰ ……ਨਿੱਤ ਦਾ ਪੁਆੜਾ ਮੁੱਕੇ……", ਕਦੀ-ਕਦੀ ਮਨੋਹਰ ਹਾਲਾਤੇ-ਹਾਜ਼ਰਾ ਉੱਤੇ ਟਿੱਪਣੀ ਕਰਦਾ।

"ਨਜਾਇਜ਼ ਛੱਡ ਕੇ ਜਾਇਜ਼ ਵੀ ਨਾ ਦੇਣ ਦੀ ਬਦਨੀਤ ਕਰਕੇ ਸਾਰਾ ਖਲਾਰਾ ਪਿਆ ਹੋਇਆ। ਜਿੰਨਾ ਚਿਰ ਨੀਤ ਨਾ ਸਾਫ਼ ਹੋਈ, ਨਿੱਤ ਇਹੋ ਹੁੰਦੀ ਰਹਿਣੀ ਆਂ…ਇਹ ਨ੍ਹੀਂ ਮੁੱਕਣੀਂ……", ਪਰਗਟ ਜੁਆਬ ਵਿੱਚ ਆਖਦਾ।

ਪਰ ਮੈਂ ਕੀ ਆਖਦਾ? ਇਤਿਹਾਸ ਮੇਰੇ ਕਲਾਵੇ ਵਿੱਚੋਂ ਤਾਂ ਨਿਕਲ ਗਿਆ ਜਾਪਦਾ ਸੀ ਅਤੇ ਆਪਣੀਆਂ ਪੈੜਾਂ ਛੱਡੀ ਜਾ ਰਿਹਾ ਸੀ। ਸੱਜੇ-ਖੱਬੇ ਉੱਡਦੀ ਧੂੜ ਨਾਲ ਮੇਰੀਆਂ ਅੱਖਾਂ ਭਰ ਗਈਆਂ ਸਨ।

ਇਸ ਪਿੰਡ ਦੇ ਨਿੱਕੇ ਜਿਹੇ ਬਜ਼ਾਰ ਵਿੱਚ ਸੀ:ਆਰ:ਪੀ ਵਾਲੇ ਤਾਂ ਰੋਜ਼ 'ਰਾਖੀ' ਲਈ ਗੇੜੇ ਮਾਰਦੇ ਰਹਿੰਦੇ ਸਨ, ਪਰ ਇੱਕ ਦਿਨ 'ਉਹ' ਵੀ ਆ ਗਏ। ਸਿਖਰ ਦੁਪਹਿਰੇ। ਭਰੇ ਬਾਜ਼ਾਰ। ਚਿਹਰੇ ਪਰਨਿਆਂ ਨਾਲ ਲਪੇਟੇ। ਗਲਾਂ ਵਿੱਚ ਸਟੇਨਗੰਨਾਂ। ਦੁਕਾਨਾਂ ਬੰਦ ਹੋਣ ਲੱਗੀਆਂ। 'ਫੜਾਕ!ਫੜਾਕ!' ਸ਼ਟਰ ਡਿੱਗਣ ਲੱਗੇ। ਬਾਜ਼ਾਰ ਵਿੱਚ ਖੇਡਦੇ ਨਿੱਕੇ ਨਿਆਣੇ ਘਰਾਂ ਨੂੰ ਨੱਸ ਉੱਠੇ।

ਇੱਕ ਗਰਜਵੀਂ ਆਵਾਜ਼ ਗੂੰਜੀ, "ਕੋਈ ਦੁਕਾਨ ਬੰਦ ਨਾ ਕਰੇ…ਨਾ ਹੀ ਭੱਜੇ……ਅਸੀਂ ਕਿਸੇ ਨੂੰ ਕੁਛ ਨ੍ਹੀਂ ਆਖਣਾ……ਤੁਸੀਂ ਭਰਾ ਓ ਸਾਡੇ………"

ਸਭ ਹੱਥ ਰੁਕ ਗਏ। ਦਰਵਾਜ਼ੇ ਜਿੰਨੇ-ਜਿੰਨੇ ਬੰਦ ਹੋਏ ਸਨ, ਓਨੇ-ਓਨੇ ਬੰਦ ਰਹੇ; ਜਿੰਨੇ-ਜਿੰਨੇ ਖੁੱਲ੍ਹੇ ਸਨ, ਓਨੇ-ਓਨੇ ਖੁੱਲ੍ਹੇ ਰਹਿ ਗਏ। ਜਿਵੇਂ ਸਭ ਕਿਸੇ ਜਾਦੂਈ ਮੰਤਰ ਨਾਲ ਕੀਲੇ ਗਏ ਸਨ।

"ਕਮਲਿਓ! ਕਿਉਂ ਭੱਜਦੇ ਓ! ਕਾਹਨੂੰ ਲੁਕਦੇ ਓ! ਤੁਸੀਂ ਤਾਂ ਸਾਡੀ ਦੇਹ ਜਾਨ ਓਂ……। ਅਸੀਂ ਤੁਹਾਨੂੰ ਮਾਰਨ ਨਹੀਂ ਆਏ……ਅਸੀਂ ਤਾਂ ਸੌਦਾ-ਸੂਤ ਲੈਣ ਆਏ ਆਂ……ਖੋਲ੍ਹੋ ਦੁਕਾਨਾਂ ਤੇ ਕਰੋ ਕਾਰੋਬਾਰ……"

ਉਹ ਬਜ਼ਾਰ ਵਿੱਚ ਖੜੋਤੇ ਸਨ। ਸੋਹਣ ਦਰਜ਼ੀ ਆਪਣੀ ਮਸ਼ੀਨ ਅੱਗੋਂ ਉੱਠਿਆ ਅਤੇ ਉਹਨਾਂ ਦੇ ਨੇੜੇ ਜਾ ਕੇ ਹੱਥ ਜੋੜੇ, "ਹੁਕਮ ਕਰੋ, ਜਥੇਦਾਰ ਜੀ!"

"ਹੁਕਮ-ਹਕਮ ਕੋਈ ਨਹੀਂ। ਬੱਸ ਅਸੀਂ ਥੋੜ੍ਹਾ ਜਿਹਾ ਕੱਪੜਾ ਲੈਣੈਂ। ਤੂੰ ਐਥੇ ਸਾਡੇ ਬੰਦਿਆਂ ਲਈ ਇੱਕ ਮੇਜ਼ ਰੱਖ ਦੇਹ।" ਇਹ ਕਹਿੰਦਿਆਂ ਤਿੰਨ ਜਣੇ ਵੱਡੇ ਸ਼ਾਹਾਂ ਦੀ ਬਜਾਜੀ ਦੀ ਦੁਕਾਨ ਵਿੱਚ ਜਾ ਵੜੇ। ਦੋ ਬਾਹਰ ਈ ਖੜੇ ਰਹੇ ਅਤੇ ਸੋਹਣ ਦੇ ਲਿਆਂਦੇ ਮੇਜ਼ ਉੱਤੇ ਛੋਟੀ ਮਸ਼ੀਨ-ਗੰਨ ਰੱਖ ਕੇ ਬਾਜ਼ਾਰ ਦੇ ਦੋਹਾਂ ਸਿਰਿਆਂ ਵੱਲ ਚੌਕਸੀ ਰੱਖਣ ਲੱਗੇ।

ਆਪਣੇ ਵੱਲ ਸਹਿਮੀਆਂ ਨਜ਼ਰਾਂ ਨਾਲ ਤੱਕਦੇ ਦੁਕਾਨਦਾਰਾਂ ਨੂੰ ਵੇਖ ਕੇ ਉਹਨਾਂ ਵਿੱਚੋਂ ਇੱਕ ਜਣੇ ਨੇ ਆਪਣੇ ਚਿਹਰੇ ਤੋਂ ਕੱਪੜਾ ਵੀ ਉਤਾਰ ਦਿੱਤਾ, "ਓ ਵਿੰਹਦੇ ਕੀ ਓ? ਤੁਹਾਡੇ ਈ ਭਰਾ ਆਂ। ਡਰੋ ਨਾ!"

ਸ਼ਾਹਾਂ ਦੀ ਵੱਖੀ ਵਾਲੀ ਦੁਕਾਨ ਤੋਂ ਮਨੋਹਰ ਆਪਣੀ ਭੱਠੀ ਤੋਂ ਉੱਠਿਆ, "ਜਥੇਦਾਰ ਜੀ, ਚਾਹ ਬਣਾਵਾਂ? ਨਾਲ ਗਰਮਾ-ਗਰਮ ਜਲੇਬੀਆਂ!"

ਜਥੇਦਾਰ ਉਹਦੀ ਗੱਲ ਸੁਣ ਕੇ ਅਜੇ ਮੁਸਕਰਾ ਹੀ ਰਿਹਾ ਸੀ ਕਿ ਸ਼ਾਹਾਂ ਦਾ ਨੌਕਰ ਦੁਕਾਨ ਤੋਂ ਬਾਹਰ ਨਿਕਲ ਕੇ ਦੁੱਧ-ਪੱਤੀ ਦਾ ਆਡਰ ਦੇ ਗਿਆ।

ਦੂਜੀਆਂ ਦੁਕਾਨਾਂ ਵਾਲੇ ਹੁਣ ਆਨੇ-ਬਹਾਨੇ ਉਹਨਾਂ ਦੇ ਕੋਲੋਂ ਲੰਘ ਰਹੇ ਸਨ, ਫ਼ਤਹਿ ਬੁਲਾ ਰਹੇ ਸਨ। ਨਿਕੇ-ਨਿੱਕੇ ਬੱਚੇ ਉਹਨਾਂ ਦੇ ਕੋਲ ਹੋ ਕੇ ਉਹਨਾਂ ਨੂੰ ਗਹੁ ਨਾਲ ਵੇਖਦੇ, ਦੁਕਾਨ ਵਿੱਚ ਝਾਤੀ ਮਾਰਦੇ ਅਤੇ ਭੱਜੇ-ਭੱਜੇ "ਭਾਊ ਆ ਗੇ…ਭਾਊ ਆ ਗੇ……" ਕਹਿੰਦੇ ਹੋਏ ਮਾਵਾਂ ਨੂੰ ਦੱਸਣ ਘਰਾਂ ਨੂੰ ਦੌੜ ਜਾਂਦੇ।

ਉਹ ਲਗਪਗ ਅੱਧਾ ਘੰਟਾ ਦੁਕਾਨ ਵਿੱਚ ਰਹੇ। ਕਿੰਨਾ ਸਾਰਾ ਕੱਪੜਾ ਲਿਆ। ਦੁੱਧ-ਪੱਤੀ ਪੀਤੀ। ਗਰਮਾ-ਗਰਮ ਜਲੇਬੀਆਂ ਖਾਧੀਆਂ। ਸ਼ਾਹਾਂ ਦੇ ਨਾਂਹ-ਨਾਂਹ ਕਰਦਿਆਂ ਵੀ ਕੱਪੜੇ ਦਾ ਮੁੱਲ ਪੁੱਛਿਆ। ਉਹ ਪੈਸੇ ਦੇਣ ਲੱਗੇ ਤਾਂ ਸ਼ਾਹ, ਜਿਹੜੇ ਇਸ ਤੋਂ ਪਹਿਲਾਂ ਕਿਸੇ ਗਰੁੱਪ ਨੂੰ ਇੱਕ ਲੱਖ ਰੁਪਏ ਦੇ ਚੁੱਕੇ ਸਨ, ਕੰਬਦੇ ਹੱਥਾਂ ਨਾਲ ਪੈਸੇ ਫੜਦੇ ਘਬਰਾ ਰਹੇ ਸਨ।

"ਖ਼ਾਲਸਾ ਕਿਸੇ ਦਾ ਹੱਕ ਨਹੀਂ ਰੱਖਦਾ। ਨਾਂ ਕਿਸੇ ਨੂੰ ਅੰਨੇਵਾਹ ਮਾਰਦਾ ਏ। ਤੁਸੀਂ ਦੁਕਾਨਾਂ ਖੋਲ੍ਹ ਕੇ ਰੱਖਿਆ ਕਰੋ। ਸਾਡੇ ਹੁੰਦਿਆਂ ਤੁਹਾਡੀ Ḕਵਾ ਵੱਲ ਨਹੀਂ ਵਿੰਹਦਾ ਕੋਈ।"

ਬਾਹਰ ਥੜ੍ਹੇ ਉੱਤੇ ਆ ਕੇ ਉਹਨਾਂ ਨੇ ਮਨੋਹਰ ਨੂੰ ਦੁੱਧ-ਪੱਤੀ ਅਤੇ ਜਲੇਬੀਆਂ ਦੇ ਪੈਸੇ ਪੁੱਛੇ। ਮਨੋਹਰ ਦੇ ਬੋਲਣ ਤੋਂ ਪਹਿਲਾਂ ਹੀ ਵੱਡਾ ਸ਼ਾਹ ਬੋਲ ਪਿਆ, "ਕੋਈ ਨਹੀਂ ਜੀ, ਪੈਸੇ ਅਸੀਂ ਦੇ ਦਿਆਂਗੇ।"

"ਨਾ ਜੀ ਨਾ,ਏਨੀਆਂ ਮਿੱਠੀਆਂ ਜਲੇਬੀਆਂ ਦਾ ਤਾਂ ਮੁੱਲ ਈ ਕੋਈ ਨਹੀਂ।" ਤੇ ਉਹ ਮਨੋਹਰ ਦੇ "ਰਹਿਣ ਦਿਓ, ਜਥੇਦਾਰੋ ਰਹਿਣ ਦਿਓ" ਕਹਿੰਦਿਆਂ-ਕਹਿੰਦਿਆਂ ਪੰਜਾਹ ਦਾ ਨੋਟ ਸੁੱਟ ਕੇ ਕੱਪੜੇ ਅਤੇ ਹਥਿਆਰ ਸੰਭਾਲਦੇ ਹੋਏ ਸਾਹਮਣੀ ਭੀੜੀ ਗਲੀ ਵਿੱਚੋਂ ਅਲੋਪ ਹੋ ਗਏ।

ਉਸ ਤੋਂ ਪਿੱਛੋਂ ਸਭ ਦੁਕਾਨਾਂ ਖੁੱਲ੍ਹਣੀਆਂ ਸ਼ੁਰੂ ਹੋ ਗਈਆਂ ਸਨ। ਸਭ ਦੇ ਚਿਹਰਿਆਂ ਉੱਤੇ ਜ਼ਿੰਦਗੀ ਦਾ ਖੇੜਾ ਪਰਤ ਆਇਆ ਸੀ। ਬੱਸ ਕੁਝ ਮਹੀਨਿਆਂ ਤੱਕ ਤਸੱਲੀ ਅਤੇ ਸ਼ਾਂਤੀ ਦੀ ਹਵਾ ਰੁਮਕੀ ਸੀ। ਉਹਨਾਂ ਇੱਕ-ਦੋ ਵਾਰ ਫੇਰ ਆ ਕੇ ਢਾਰਸ ਬੰਨ੍ਹਾਈ ਸੀ। ਤੇ ਹੁਣ ਪਤਾ ਨਹੀਂ ਕੌਣ ਸਨ! ਦਨਦਨਾਉਂਦੇ ਹੋਏ ਆਏ ਸਨ ਅਤੇ ਕਾਰਾ ਕਰ ਕੇ ਤੁਰਦੇ ਬਣੇ ਸਨ। ਕਿਸੇ ਨੂੰ ਯਕੀਨ ਹੀ ਨਹੀਂ ਸੀ ਆਉਂਦਾ। ਉਹ ਤਾਂ ਇੰਜ ਨਹੀਂ ਸਨ ਕਰ ਸਕਦੇ! ਤੇ ਫ਼ਿਰ ਕੌਣ ਸਨ, ਜਿਨ੍ਹਾਂ ਨੇ ਇਹ ਕੁਝ ਕੀਤਾ ਸੀ?

ਇਸ ਸੁਆਲ ਦਾ ਜੁਆਬ ਤਾਂ ਕਿਸੇ ਕੋਲ ਵੀ ਨਹੀਂ ਸੀ। ਬਹੁਤੀਆਂ ਗੱਲਾਂ ਮਨੋਹਰ ਅਤੇ ਉਸਦੇ ਪਿਓ ਦੀਆਂ ਹੋ ਰਹੀਆਂ ਸਨ। ਪਰ ਗ਼ੋਲੀਆਂ ਚਲਾਉਣ ਵਾਲਿਆਂ ਬਾਰੇ ਪਤਾ ਨਹੀਂ ਕਿਉਂ ਸਾਰੇ ਚੁੱਪ ਸਨ।

ਅਚਨਚੇਤ ਮੇਰੀ ਸਭ ਤੋਂ ਛੋਟੀ ਬੱਚੀ ਨੂੰ ਪਤਾ ਨਹੀਂ ਕੀ ਸੁੱਝਿਆ ਕਿ ਉਹ ਮੇਰੀ ਮਾਂ ਵੱਲ ਮੂੰਹ ਕਰ ਕੇ ਪੁੱਛਣ ਲੱਗੀ, "ਮਾਂ ਜੀ! ਭਲਾ ਰਾਤੀਂ ਗੋਲੀ ਚਲਾਉਣ ਵਾਲਿਆਂ ਵਿੱਚ ਬਲਬੀਰ ਸੁੰਹ ਹੈਗਾ ਸੀ?"

ਦੂਜੇ ਬੱਚੇ ਖਿੜ ਖਿੜਾ ਕੇ ਹੱਸ ਪਏ। ਉਸ ਕੇਡਾ ਬੱਚਿਆਂ ਵਾਲਾ ਸੁਆਲ ਕਰ ਦਿੱਤਾ ਸੀ। ਬੱਚਿਆਂ ਵਾਲਾ ਹੀ ਤਾਂ ਸੀ! 'ਸਿਆਣੇ' ਤਾਂ ਅੱਜ-ਕੱਲ ਇਸ ਤਰ੍ਹਾਂ ਦੇ ਸਵਾਲ ਨਹੀਂ ਸਨ ਕਰਦੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਪੰਜਾਬੀ ਕਵਿਤਾ : ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •