Parshad (Punjabi Story) : Ashok Vasishth
ਪਰਸ਼ਾਦ (ਕਹਾਣੀ) : ਅਸ਼ੋਕ ਵਾਸਿਸ਼ਠ
''ਰਮਨ, ਪਿਤਾ ਜੀ ਸ਼ੁਰੂ ਤੋਂ ਹੀ ਏਦਾਂ ਦੇ
ਹਨ?''
ਰਮਾ ਦੇ ਇਸ ਪ੍ਰਸ਼ਨ ਨੇ ਰਮਨ ਨੂੰ
ਕੁਝ ਸੋਚਣ ਲਈ ਮਜਬੂਰ ਕਰ ਦਿੱਤਾ…
ਉਹ ਕੁਝ ਦੇਰ ਸੋਚਦਾ ਰਿਹਾ…''ਦੱਸੋ
ਨਾ ਕੁਝ…ਉਹ ਸ਼ੁਰੂ ਤੋਂ ਹੀ ਏਦਾਂ ਦੇ
ਹਨ…?'' ਰਮਾ ਨੇ ਉਹਨੂੰ ਸੋਚੀਂ ਪਿਆ
ਦੇਖ ਫਿਰ ਪੁੱਛਿਆ।
''ਮੈਂ ਬਹੁਤਾ ਤਾਂ ਨਹੀਂ ਜਾਣਦਾ ਪਰ ਮਾਂ
ਦੱਸਦੀ ਹੁੰਦੀ ਸੀ ਕਿ ਉਹਨਾਂ ਦਾ ਬਚਪਨ
ਚੰਗਾ ਨਹੀਂ ਸੀ ਬੀਤਿਆ, ਸਾਡੀ ਦਾਦੀ
ਉਨ੍ਹਾਂ ਦੀ ਮਤਰੇਈ ਮਾਂ ਸੀ। ਉਹ ਹਰ ਸਮੇਂ
ਇਹਨਾਂ ਨੂੰ ਤੰਗ ਤੇ ਪਰੇਸ਼ਾਨ ਕਰਦੀ
ਰਹਿੰਦੀ ਸੀ।'' ਸੋਚੀਂ ਪਏ ਰਮਨ ਨੇ
ਦੱਸਿਆ।
''ਬਈ ਮਤਰੇਈ ਜੋ ਸੀ, ਉਹਨੂੰ ਆਪਣੇ
ਬੱਚੇ ਚੰਗੇ ਲਗਦੇ ਹੋਣਗੇ..!'' ਰਮਾ ਨੇ
ਵਿਚਾਰ ਪ੍ਰਗਟਾਇਆ।
''ਉਹਦੇ ਬੱਚਾ ਨਹੀਂ ਹੋਇਆ…ਪਿਤਾ
ਜੀ ਘਰ ਵਿਚ ਇਕੋ ਇਕ ਬੱਚੇ ਸਨ…!''
ਰਮਨ ਨੇ ਦੱਸਿਆ।
''ਫੇਰ ਤਾਂ ਉਹਨੂੰ ਅਜਿਹਾ ਨਹੀਂ ਕਰਨਾ
ਚਾਹੀਦਾ ਸੀ…!''
''ਆਪੋ ਆਪਣੀ ਸਮਝ ਹੁੰਦੀ ਐ…
ਇਕ ਮਿਨਟ…'' ਰਮਨ ਨੇ ਕੁਝ ਸੋਚਦਿਆਂ
ਕਿਹਾ… ''ਦੂਰ ਦੀ ਰਿਸ਼ਤੇਦਾਰੀ
ਵਿਚੋਂ ਸਾਡੀ ਇਕ ਤਾਈ ਹੁੰਦੀ ਸੀ…ਚੰਗੀ
ਸਿਆਣੀ ਉਮਰ ਦੀ…ਪਿਤਾ ਜੀ ਤੋਂ ਕਾਫੀ
ਵੱਡੀ ਸੀ…ਉਹ ਪਿਤਾ ਜੀ ਦੇ ਬਚਪਨ ਦੀ
ਕਹਾਣੀ ਸੁਣਾਉਂਦੀ ਹੁੰਦੀ ਸੀ…ਕਹਾਣੀ
ਦਿਲਚਸਪ ਵੀ ਸੀ ਤੇ ਦੁਖਦਾਈ ਵੀ…।''
''ਕੀ ਸੀ ਉਹ ਕਹਾਣੀ…ਮੈਨੂੰ ਨਹੀਂ
ਸੁਣਾਓਗੇ…?''
''ਕਿਉਂ ਨਹੀਂ…! ਲਓ ਸੁਣੋ… ਸਾਡੇ
ਗੁਆਂਢ ਵਿਚ ਇਕ ਸਿੰਧੀ ਪਰਿਵਾਰ ਰਹਿੰਦਾ
ਸੀ। ਘਰ ਵਿਚ ਕਿਸੇ ਚੀਜ ਦੀ ਕਮੀ
ਨਹੀਂ ਸੀ। ਪਤੀ ਦਿਨ ਭਰ ਆਪਣੇ ਕੰਮ
ਵਿਚ ਰੁੱਝਾ ਰਹਿੰਦਾ, ਭਾਵੇਂ ਉਹ ਰਾਤ ਨੂੰ
ਥੱਕਾ-ਟੁੱਟਾ ਘਰ ਆਉਂਦਾ ਪਰ ਜਿੰਨੇ ਪਲ
ਜਿੰਨੀਆਂ ਘੜੀਆਂ ਉਹ ਉਸ ਪਾਸ ਰਹਿੰਦਾ
ਉਸ ਨੂੰ ਰੱਜਵਾਂ ਪਿਆਰ ਕਰਦਾ। ਦੋਵੇਂ ਇਕ
ਦੂਜੇ ਨਾਲ ਚਿੰਬੜ ਜਾਂਦੇ, ਪਿਆਰ ਵਿਚ
ਖੀਵੀ ਪਤਨੀ ਦਾ ਹੱਥ ਪਤੀ ਦੀ ਚੌੜੀ ਛਾਤੀ
'ਤੇ ਫਿਰਦਾ ਤਾਂ ਉਸਦੀ ਮਸਤੀ ਸਾਰੀਆਂ
ਹੱਦਾਂ ਤੋੜ ਦਿੰਦੀ, ਉਹ ਉਸਨੂੰ ਘੁਟ ਲੈਂਦਾ,
ਇਸ ਤਰਾਂ੍ਹ ਦੋਵੇਂ ਜਿੰਦਾਂ ਹਸੀਨ ਖ਼ਵਾਬਾਂ
ਦੀ ਦੁਨੀਆਂ ਵਿਚ ਗੁਆਚ ਜਾਂਦੀਆਂ। ਰਾਤ
ਦੀ ਰੰਗੀਨੀ ਜਾਣੋਂ ਪਲਾਂ-ਛਿਣਾਂ ਵਿਚ ਮੁੱਕ
ਜਾਂਦੀ।''
''ਇਹ ਤਾਂ ਪਤੀ ਪਤਨੀ ਦੇ ਨਿੱਘੇ ਸਬੰਧਾਂ
ਦੀ ਗੱਲ ਹੈ…ਇਸ ਵਿਚ ਪਿਤਾ ਜੀ ਕਿੱਥੋਂ
ਆ ਗਏ…?'' ਰਮਾ ਨੇ ਵਿਚੋਂ ਟੋਕਿਆ।
''ਦੱਸਦਾ ਹਾਂ, ਥੋੜਾ ਸਬਰ ਕਰੋ।''
''ਚੰਗਾ ਕਰ ਲੈਨੇ ਹਾਂ ਥੋੜਾ ਸਬਰ, ਹੁਣ
ਕਰੋ ਅੱਗੇ ਦੀ ਗੱਲ!''
''ਦਿਨ ਦੀ ਇਕੱਲਤਾ ਅਤੇ ਅਕੇਵੇਂ
ਦਾ ਲੰਮਾ ਪੈਂਡਾ ਪਤਨੀ ਨੂੰ ਝੰਬ ਕੇ ਰੱਖ
ਦਿੰਦਾ…''
''ਇਹ ਸਭ ਤੁਸੀਂ ਕਿਵੇਂ ਜਾਣਦੇ
ਹੋ…?'' ਰਮਾ ਨੇ ਚੁਟਕੀ ਲਈ।
''ਮੈ ਕਿਹਾ ਨਾ ਜੀ, ਦੂਰ ਦੀ ਰਿਸ਼ਤੇਦਾਰੀ
ਵਿਚੋਂ ਸਾਡੀ ਇਕ ਤਾਈ ਨੇ ਇਹ ਸਾਰੀਆਂ
ਗੱਲਾਂ ਦੱਸੀਆਂ ਸਨ…ਮੈਂ ਕਿਹੜਾ ਉਸ ਸਮੇਂ
ਪੈਦਾ ਹੋਇਆ ਸੀ…।''
''ਮੈਂ ਤਾਂ ਮਜ਼ਾਕ ਕਰਦੀ ਸੀ, ਤੁਹਾਨੂੰ
ਸਫ਼ਾਈ ਦੇਣ ਦੀ ਲੋੜ ਨਹੀਂ, ਹਾਂ ਫਿਰ ਕੀ
ਹੋਇਆ…?''
''ਸੁਆਣੀ ਲਈ ਦਿਨ ਕੱਟਣਾ ਮੁਸ਼ਕਲ
ਹੋ ਜਾਂਦਾ। ਉਹਨੂੰ ਘਰ ਵਿੱਚ ਬੱਚੇ ਦੀ ਘਾਟ
ਮਹਿਸੂਸ ਹੁੰਦੀ ਤਾਂ ਉਹ ਝੁੰਝਲਾ ਜਿਹੀ
ਜਾਂਦੀ…ਉਹ ਇਹੋ ਜਿਹੀ ਮਾਨਸਿਕ ਹਾਲਤ
ਵਿਚੋਂ ਗੁਜਰ ਰਹੀ ਸੀ…ਇਕ ਦਿਨ ਉਹਦੀ
ਨਜ਼ਰ ਗੁਆਂਢ ਵਿਚ ਰਹਿੰਦੇ ਨਿੱਕੇ ਜਿਹੇ
ਬਾਲਕ 'ਤੇ ਪਈ ਤਾਂ ਉਹ ਚਹਿਕ ਉੱਠੀ,
ਪਤਾ ਨਹੀਂ ਕਿਉਂ…''
''ਦਿਲਾਂ ਦੀਆਂ ਰਮਜ਼ਾਂ ਹੁੰਦੀਆਂ ਨੇ…
ਇਸ ਵਿਚ ਕਿੰਤੂ-ਪਰੰਤੂ ਨਹੀਂ ਕੀਤਾ ਜਾ
ਸਕਦਾ..।''
''ਤੂੰ ਠੀਕ ਕਹਿੰਦੀ ਏਂ ਰਮਾ…ਸੁਆਣੀ
ਬਾਲਕ ਨੂੰ ਦੇਖਦੀ ਰਹਿ ਗਈ। ਉਸ ਬਾਲਕ
ਨੂੰ ਆਪਣੇ ਕੋਲ ਸੱਦਿਆ…ਪਿਆਰ ਨਾਲ
ਉਸਦਾ ਨਾਂਅ ਪੁੱਛਿਆ…ਇਹ ਉਸਦੀ
ਪਹਿਲੀ ਮੁਲਾਕਾਤ ਸੀ...ਬਾਲਕ ਵੀ ਉਹਦੇ
ਪਿਆਰ ਵਿਚ ਕੀਲਿਆ ਗਿਆ।
''ਉਹ ਮਾਂ ਬਣਨ ਲਈ ਤਰਸਦੀ
ਹੋਵੇਗੀ..'' ਰਮਾ ਨੇ ਸਿੰਧਣ ਦੇ ਦਿਲ ਵਿਚੋਂ
ਉਠ ਰਹੇ ਵਲਵਲਿਆਂ ਦੀ ਇਕ ਕੰਨੀ
ਖੋਲ੍ਹਦਿਆਂ ਕਿਹਾ।
''ਇਕ ਵਾਰ ਉਸ ਤਾਈ ਨੂੰ ਕਿਹਾ ਵੀ
ਸੀ…ਜੇ ਉਹਦੇ ਘਰ ਇਨ੍ਹਾਂ ਤੋਂ ਪੁੱਤਰ
ਜਨਮ ਲੈਂਦਾ ਤਾਂ ਉਹ ਇੰਨ ਬਿੰਨ ਇਹੋ
ਜਿਹਾ ਹੋਣਾ ਸੀ…।''
''ਹੱਲਾ…!''
''ਬਾਲਕ ਨੂੰ ਦੇਖਦਿਆਂ ਸਾਰ ਸੁਆਣੀ
ਖਿੜ ਜਾਂਦੀ…ਉਸਦੀ ਉਦਾਸੀ ਪਰ ਲਾ ਕੇ
ਪਤਾ ਨਹੀਂ ਕਿਧਰੇ ਉੱਡ ਪੁੱਡ ਜਾਂਦੀ। ਉਸ
ਨੂੰ ਆਪਣੇ ਘਰ ਲੈ ਜਾਂਦੀ, ਕਿੰਨੀ-ਕਿੰਨੀ
ਦੇਰ ਉਹਦੇ ਨਾਲ ਗੱਲਾਂ ਕਰਦੀ, ਵਿਚ
ਵਿਚਾਲੇ ਘਰ ਦੇ ਕੰਮ ਵੀ ਕਰੀ ਜਾਂਦੀ,
ਬਾਲਕ ਵੀ ਲੱਗਦੀ ਵਾਹ ਉਸ ਦੀ ਮਦਦ
ਕਰਦਾ। ਸੁਆਣੀ ਉਸ ਨੂੰ ਬਹੁਤ ਪਿਆਰ
ਕਰਦੀ ਸੀ, ਉਹ ਹਰ ਰੋਜ ਕੁਝ ਨਾ ਕੁਝ
ਬਣਾ ਕੇ ਉਸ ਨੂੰ ਖੁਆਉਂਦੀ। ਉਹ ਜਿੰਨੀ
ਦੇਰ ਵੀ ਉਸ ਪਾਸ ਰਹਿੰਦਾ, ਆਪਣਾ ਦੁੱਖ,
ਆਪਣਾ ਦਰਦ ਭੁਲਾਅ ਛੱਡਦਾ, ਭਾਵੇਂ ਕੁਝ
ਦੇਰ ਲਈ ਹੀ ਸਹੀ।
''…ਸੁਆਣੀ ਨੇ ਲੜਕੇ ਦੇ ਮਨੋਂ ਮਾਂ
ਦੀ ਘਾਟ ਕਾਰਨ ਉਪਜੇ ਦੁੱਖ ਨੂੰ ਘਟਾਅ
ਦਿੱਤਾ। ਮਤਰੇਈ ਮਾਂ ਤੋਂ ਉਸਦੀ ਇਹ ਖੁਸ਼ੀ
ਦੇਖੀ ਨਹੀਂ ਗਈ। ਉਹ ਉਲਟੀਆਂ ਸਿੱਧੀਆਂ
ਗੱਲਾਂ ਕਰਨ ਲੱਗੀ ਤਾਂ ਸਿੰਧੀ ਜੋੜਾ ਤੰਗ ਆ
ਕੇ ਉਥੋਂ ਚਲਾ ਗਿਆ। ਲੜਕੇ ਲਈ ਇਹ
ਇਕ ਬਹੁਤ ਵੱਡਾ ਸਦਮਾ ਸੀ। ਉਹ ਨਿਰਾਸ
ਜਿਹਾ ਹੋ ਗਿਆ। ਨਾ ਕਿਸੇ ਨਾਲ ਹੱਸਦਾ,
ਨਾ ਕਿਸੇ ਨਾਲ ਬੋਲਦਾ, ਬਸ ਆਪਣੇ ਵਿਚ
ਹੀ ਮਗਨ। ਮਤਰੇਈ ਮਾਂ ਘਰ ਦਾ ਕੰਮ ਤਾਂ
ਦਬਕੇ ਮਾਰ-ਮਾਰ ਕਰਾਉਂਦੀ ਰਹੀ, ਪਰ
ਰੋਟੀ ਪਾਣੀ ਦੇਣ ਵੇਲੇ ਉਸ ਨੂੰ ਜਾਣੋਂ ਸੱਪ
ਸੁੰਘ ਜਾਂਦਾ। ਜੇ ਕਿਸੇ ਭੁੱਖੇ ਨੂੰ ਪੁੱਛੋ ਕਿ ਚੰਨ
ਕਿਹੋ ਜਿਹਾ ਏ ਤਾਂ ਉਸਦਾ ਸੁਭਾਵਕ ਉੱਤਰ
ਹੋਵੇਗਾ, 'ਰੋਟੀ ਜਿਹਾ।' ਪਿਤਾ ਜੀ ਦੀ
ਹਾਲਤ ਵੀ ਇਹੋ ਜਿਹੀ ਸੀ।''
''……ਹੋਰ ਕੁਝ ਕਹਿਣ ਦੀ ਲੋੜ
ਨਹੀਂ, ਮੈਨੂੰ ਅਸਲ ਗੱਲ ਦੀ ਸਮਝ ਆ
ਗਈ ਹੈ, ਇਹ ਸਿਲਸਿਲਾ ਕਦ ਤਕ ਚੱਲਦਾ
ਰਿਹਾ…?'' ਰਮਾ ਨੇ ਉਸਨੂੰ ਵਿਚੋਂ
ਟੋਕਦਿਆਂ ਸਵਾਲ ਕੀਤਾ।
''ਜਦ ਤਕ ਉਨ੍ਹਾਂ ਦਾ ਵਿਆਹ ਨਹੀਂ
ਹੋਇਆ…ਵਿਆਹ ਮਗਰੋਂ ਸਾਡੀ ਮਾਂ ਨੇ
ਉਨ੍ਹਾਂ ਨਾਲ ਇਹੋ ਜਿਹੀ ਕੁੱਤੇਖਾਣੀ ਹੋਣ
ਨਹੀਂ ਦਿੱਤੀ।''
''ਸ਼ਾਬਾਸ਼ !'' ਰਮਾ ਨੇ ਖੁਸ਼ ਹੁੰਦਿਆਂ
ਹੁੰਗਾਰਾ ਭਰਿਆ।
''ਮਾਂ ਦੱਸਦੀ ਹੁੰਦੀ ਸੀ..ਵਿਆਹ ਦੇ
ਦੂਜੇ-ਤੀਜੇ ਦਿਨ ਉਹਦੀ ਸੱਸ ਨੇ ਕਿਸੇ
ਗੱਲੋਂ ਰਿਸ਼ਤੇਦਾਰਾਂ ਸਾਹਮਣੇ ਪਿਤਾ ਜੀ
ਦੀ ਲਾਹਪਾਹ ਕਰ ਦਿੱਤੀ। ਇਹ ਵਿਚਾਰੇ
ਚੁਪ ਚਾਪ ਸੁਣਦੇ ਰਹੇ, ਡਰ ਦੇ ਮਾਰੇ ਕੁਝ
ਨਾ ਬੋਲੇ। ਮਾਂ ਨੂੰ ਬਹੁਤ ਬੁਰਾ ਲੱਗਾ। ਉਸ
ਦਿਨ ਤਾਂ ਉਸ ਚੁੱਪ ਵੱਟੀ ਰੱਖੀ ਪਰ ਕੁਝ
ਦਿਨ ਮਗਰੋਂ ਜਦ ਸੱਸ ਇਕ ਨਿੱਕੀ ਜਿਹੀ
ਗੱਲ 'ਤੇ ਉਲਟਾ ਸਿੱਧਾ ਬੋਲਣ ਲੱਗੀ ਤਾਂ
ਉਸ ਤੋਂ ਰਿਹਾ ਨਾ ਗਿਆ। ਉਹ ਗੁੱਸੇ ਵਿਚ
ਭਰੀ ਪੀਤੀ ਉੱਠੀ ਅਤੇ ਤੇਜੀ ਨਾਲ ਬਾਹਰ
ਨਿਕਲ ਸੱਸ ਮੋਹਰੇ ਜਾ ਖੜ੍ਹੀ ਹੋਈ। ਉਸ
ਦਾ ਲਾਲ ਚਿਹਰਾ ਦੇਖ ਸੱਸ ਘਬਰਾਅ ਗਈ।
ਮਾਂ ਨੇ ਉਸ ਦੀ ਬਾਂਹ ਫੜ ਇਕ ਝਟਕੇ
ਨਾਲ ਆਪਣੀ ਵੱਲ ਖਿੱਚਿਆ ਤੇ ਕੜਕ ਕੇ
ਬੋਲੀ, ''ਗੱਲ ਸੁਣ ਬੁੱਢੀਏ…ਹੁਣ ਤਕ
ਜੋ ਹੋਇਆ ਸੋ ਹੋਇਆ…ਜੇ ਅੱਗੇ ਤੋਂ ਤੈਂ
ਇਹੋ ਜਿਹੀ ਬਦਤਮੀਜ਼ੀ ਕੀਤੀ ਤਾਂ ਇਹ
ਜਿਹੜੀਆਂ ਤੇਰੀਆਂ ਦੋ ਹੱਡੀਆਂ ਸਬੂਤੀਆਂ
ਬਚੀਆਂ ਨੇ ਇਨ੍ਹਾਂ ਨੂੰ ਤੋੜ ਕੇ ਤੇਰੇ ਹੱਥ
ਫੜਾਅ ਦੇਵਾਂਗੀ…ਚੁੱਪ ਕਰ ਕੇ ਉਥੇ ਬੈਠ
ਜਾ, ਖ਼ਬਰਦਾਰ ਜੇ ਕੁਸਕੀ!''
''…ਮਾਂ ਦੇ ਦਬਕੇ ਨਾਲ ਸੱਸ ਦੇ ਸਾਹ
ਸੂਤੇ ਗਏ, ਉਹ ਕੁਝ ਨਾ ਬੋਲ ਸਕੀ, ਪਿਤਾ
ਜੀ ਵੀ ਡੌਰ ਭੌਰ ਹੋਏ ਦੇਖਦੇ ਰਹੇ। ਇਹੋ
ਜਿਹਾ ਕੌਤਕ ਦੇਖ ਉਹ ਅੰਦਰੋਂ ਭਾਵੇਂ ਖੁਸ਼
ਹੋਏ ਹੋਣਗੇ, ਪਰ ਮੂੰਹੋਂ ਉਨ੍ਹਾਂ ਕੁਝ ਜ਼ਾਹਰ
ਨਾ ਹੋਣ ਦਿੱਤਾ।''
''ਇਹ ਹੋਈ ਨਾ ਗੱਲ…ਮੇਰੀ ਸੱਸ
ਬੱਬਰ ਸ਼ੇਰਨੀ ਸੀ…ਉਹਦੇ ਇਕ ਦਬਕੇ ਨੇ
ਹੇਠਲੀ ਉੱਤੇ ਲਿਆ ਦਿੱਤੀ!'' ਰਮਾ ਖੁਸ਼ੀ
ਵਿਚ ਉੱਛਲ ਪਈ।
''ਸਾਡੇ ਦਾਦਾ ਜੀ ਨਹੀਂ ਰਹੇ ਸਨ,
ਉਹ ਆਕੜਦੀ ਵੀ ਤਾਂ ਕਿਹਦੇ ਸਿਰ 'ਤੇ
ਆਕੜਦੀ……।''
''ਬਈ ਜਿਹਦਾ ਕਿੱਲਾ ਮਜ਼ਬੂਤ ਹੁੰਦਾ
ਉਹੀ ਆਕੜ ਸਕਦਾ, ਵਿਚਾਰੇ ਪਿਤਾ ਜੀ
ਦਾ ਤਾਂ ਕਿੱਲਾ ਹੀ ਨਹੀਂ ਸੀ, ਇਸ ਲਈ
ਉਹ ਸਿਰ ਨਹੀਂ ਚੁੱਕ ਸਕੇ ਸਨ, ਹੁਣ ਆਈ
ਸਮਝ ਵਿਚ?'' ਰਮਾ ਨੇ ਟਿੱਪਣੀ ਕਰਦਿਆਂ
ਅੱਗੋਂ ਪੁੱਛਿਆ, ''ਫੇਰ ਕੀ ਹੋਇਆ..?''
''ਮਾਂ ਪਿਤਾ ਜੀ ਲਈ ਅਰਸ਼ੋਂ ਉੱਤਰੀ
ਦੇਵੀ ਹੋ ਨਿੱਬੜੀ…ਉਹ ਇਕ ਚੰਗੀ ਪਤਨੀ
ਹੀ ਨਹੀਂ ਸਗੋਂ ਉਨ੍ਹਾਂ ਦੀ ਸੁਹਿਰਦ ਦੋਸਤ
ਵੀ ਸੀ..ਜਦ ਤਕ ਉਹ ਰਹੀ, ਉਸ ਪਿਤਾ
ਜੀ ਨੂੰ ਤੱਤੀ ਵਾਅ ਨਹੀਂ ਲੱਗਣ ਦਿੱਤੀ…
ਉਸਦੇ ਪਿਆਰ ਤੇ ਹਮਦਰਦੀ ਭਰੇ ਵਤੀਰੇ
ਨਾਲ ਪਿਤਾ ਜੀ ਦੇ ਸੁਭਾਅ ਵਿਚ ਚੋਖੀ
ਤਬਦੀਲੀ ਆ ਗਈ…ਉਹ ਕਈ ਵਾਰ ਖੁਦ
ਕਹਿੰਦੇ ਸਨ… 'ਇਹੋ ਮੇਰੀ ਮਾਂ ਹੈ ਤੇ ਇਹੋ
ਮੇਰਾ ਪਿਓ ਹੈ…ਮੈਨੂੰ ਜੋ ਕੁਝ ਉਨ੍ਹਾਂ ਦੋਹਾਂ
ਤੋਂ ਨਹੀਂ ਮਿਲਿਆ ਉਹ ਇਸ ਤੋਂ ਮਿਲਿਆ
ਹੈ' ਇਹ ਕਹਿੰਦਿਆਂ ਉਹਨਾਂ ਦਾ ਗੱਚ ਭਰ
ਆਉਂਦਾ ਸੀ।''
ਇਹ ਪ੍ਰਸੰਗ ਆਉਣ 'ਤੇ ਰਮਨ ਭਾਵੁਕ
ਹੋ ਗਿਆ। ਉਸ ਦੀਆਂ ਅੱਖਾਂ ਵਿਚੋਂ ਪਰਲ
ਪਰਲ ਹੰਝੂ ਵਹਿਣ ਲੱਗੇ। ਰਮਾ ਦੀਆਂ ਅੱਖਾਂ
ਵੀ ਗਿੱਲੀਆਂ ਸਨ। ਉਹ ਉਠੀ, ਉਸ ਕੋਲ
ਪਏ ਜੱਗ ਵਿਚੋਂ ਪਾਣੀ ਦਾ ਗਿਲਾਸ ਭਰਿਆ
ਤੇ ਰਮਨ ਨੂੰ ਦਿੰਦਿਆਂ ਕਿਹਾ, ''ਬਸ ਸ਼ਾਂਤ
ਹੋ ਜਾਓ ਹੁਣ, ਤੁਸੀ ਤਾਂ ਇਹ ਪ੍ਰਸੰਗ
ਆਉਣ 'ਤੇ ਹੀ ਭਾਵੁਕ ਹੋ ਗਏ ਹੋ, ਧੰਨ ਏ
ਉਹ ਆਦਮੀ ਜਿਸ ਇਹ ਸਭ ਆਪਣੇ ਪਿੰਡੇ
'ਤੇ ਹੰਢਾਇਆ।''
''ਮਾਂ ਦੀ ਸੋਹਬਤ ਨਾਲ ਪਿਤਾ ਜੀ ਬਹੁਤ
ਹੱਦ ਤਕ ਆਮ ਵਾਂਗ ਹੋ ਗਏ ਸਨ। ਭਾਵੇਂ
ਬੋਲਦੇ ਘੱਟ ਸਨ ਪਰ ਲੋੜ ਪੈਣ 'ਤੇ
ਆਪਣੀ ਗੱਲ ਕਹਿ ਦਿੰਦੇ ਸਨ, ਠੋਕ ਵਜਾ
ਕੇ। ਦੂਜੇ ਨੂੰ ਚੰਗੀ ਲੱਗੇ ਭਾਵੇਂ ਨਾ ਲੱਗੇ।
ਇਹ ਸਾਡੀ ਮਾਂ ਦੀ ਦੇਣ ਸੀ। ਪਰ ਰਮਾ,
ਕਈ ਜ਼ਖ਼ਮ ਅਜਿਹੇ ਹੁੰਦੇ ਹਨ ਜਿਹੜੇ ਲੱਖ
ਯਤਨ ਕਰਨ ਤੇ ਵੀ ਨਹੀਂ ਭਰਦੇ।''
''ਠੀਕ ਕਹਿੰਦੇ ਹੋ ਤੁਸੀਂ!'' ਰਮਾ ਨੇ
ਹਾਮੀ ਭਰੀ।
''ਅਜੇ ਵੀ ਉਨ੍ਹਾਂ ਦੇ ਦਿਲ ਦੀ ਕਿਸੇ
ਨੁੱਕਰੇ ਬੈਠਾ ਡਰ ਪੂਰੀ ਤਰ੍ਹਾਂ ਦੂਰ ਨਹੀਂ
ਹੋਇਆ, ਕਈ ਵਾਰ ਉਹ ਨਿੱਕੀ ਜਿਹੀ ਗੱਲ
'ਤੇ ਵੀ ਤ੍ਰਭਕ ਜਾਂਦੇ ਨੇ, ਜਾਣੋਂ ਮਤਰੇਈ
ਮਾਂ ਡੰਡਾ ਲੈ ਕੇ ਉਨ੍ਹਾਂ ਦੇ ਸਾਹਮਣੇ ਖਲੋਤੀ
ਹੋਵੇ…। ਉਨ੍ਹਾਂ ਨੂੰ ਮਾਂ ਦਾ ਸਾਥ ਲੰਮੇ ਸਮੇਂ
ਤਕ ਨਸੀਬ ਨਹੀਂ ਹੋਇਆ, ਜੇ ਹੁੰਦਾ ਤਾਂ
ਉਨ੍ਹਾਂ ਦੀ ਇਹ ਕਮਜ਼ੋਰੀ ਵੀ ਨਹੀਂ ਰਹਿਣੀ
ਸੀ।''
''ਕੋਈ ਗੱਲ ਨਹੀਂ, ਬਹੁਤਾ ਕੰਮ ਮੇਰੀ
ਸਾਸੂ ਮਾਂ ਨੇ ਕਰ ਛੱਡਿਐ, ਬਾਕੀ
ਰਹਿੰਦਾ ਅਸੀਂ ਕਰ ਲਵਾਂਗੇ…ਘਾਬਰਦੇ
ਕਿਉਂ ਹੋ ਤੁਸੀਂ…'' ਰਮਾ ਨੇ ਤਸੱਲੀ
ਦਿੰਦਿਆਂ ਕਿਹਾ।
----0---
''ਰਮਨ, ਪਿਤਾ ਜੀ ਦਾ ਫ਼ੋਨ ਐ..!''
ਰਮਾ ਨੇ ਆਵਾਜ਼ ਦਿੱਤੀ।
''ਹੁਣੇ ਆਇਆ…!'' ਉਹ ਦੂਜੇ ਕਮਰੇ
ਵਿਚੋਂ ਦੌੜ ਕੇ ਆਇਆ। ਪਤਨੀ ਹੱਥੋਂ
ਟੈਲੀਫ਼ੋਨ ਦਾ ਚੋਗਾ ਫੜ ਗੱਲ ਕਰਨ ਲੱਗਾ।
''ਮੈਂ ਕੱਲ੍ਹ ਆ ਰਿਹਾਂ। ਤੂੰ ਕਿਤੇ ਜਾਣਾ ਤਾਂ
ਨਹੀਂ?'' ਪਿਤਾ ਜੀ ਪੁੱਛ ਰਹੇ ਸਨ।
''ਜੀ ਨਹੀਂ, ਮੈਂ ਘਰ ਈ ਹਾਂ। ਤੁਸੀਂ ਜਦੋਂ
ਮਰਜੀ ਆ ਜਾਵੋ।''
''ਠੀਕ ਹੈ ਫਿਰ…!'' ਏਨਾ ਕਹਿ ਪਿਤਾ
ਜੀ ਨੇ ਫ਼ੋਨ ਰੱਖ ਦਿੱਤਾ।
''ਹੋਰ ਕੁਝ ਕਹਿੰਦੇ ਸਨ…?'' ਰਮਾ ਨੇ
ਪੁੱਛਿਆ।
''ਉਹ ਮਤਲਬ ਦੀ ਗੱਲ ਈ ਕਰਦੇ ਹੁੰਦੇ
ਆ, ਹੋਰ ਕੁਝ ਨਹੀਂ ਕਹਿੰਦੇ..!'' ਰਮਨ ਨੇ
ਤਿੱਖੇ ਸੁਰ ਵਿਚ ਜਵਾਬ ਦਿੱਤਾ।
''ਓਹ ਕਰਮਯੋਗੀ ਨੇ ਤੇ ਨਾਲੇ ਉਨ੍ਹਾਂ
ਨੇ ਤੁਹਾਡੇ ਨਾਲ ਮਤਲਬ ਦੀ ਕਿਹੜੀ ਗੱਲ
ਕਰਨੀ ਐ…?'' ਰਮਨ ਦੀ ਗੱਲ ਦਾ
ਜਵਾਬ ਦਿੰਦਿਆਂ ਰਮਾ ਦਾ ਸੁਰ ਵੀ ਤਿੱਖਾ
ਹੋ ਗਿਆ ਸੀ। ਉਹ ਫਿਰ ਕਹਿਣ ਲੱਗੀ,
''ਉਹਨਾਂ ਪਰਿਵਾਰ ਲਈ ਆਪਣੇ ਸਾਰੇ
ਫ਼ਰਜ ਪੂਰੇ ਕੀਤੇ ਨੇ, ਇਸ ਵੱਲੋਂ ਸੁਰਖਰੂ
ਹੋ ਕੇ ਹੁਣ ਉਹ ਉਹੋ ਜਿਹਾ ਜੀਵਨ ਬਿਤਾਅ
ਰਹੇ ਹਨ, ਜਿਸਦਾ ਸੁਪਨਾ ਉਨ੍ਹਾਂ ਕਦੇ
ਦੇਖਿਆ ਹੋਵੇਗਾ। ਇਕ ਧੇਲੇ ਦੇ ਦੇਣਦਾਰ
ਨਹੀਂ ਉਹ ਕਿਸੇ ਦੇ, ਉਹ ਕਿਸੇ ਤੋਂ ਕੁਝ
ਲੈਂਦੇ ਨਹੀਂ, ਆਪਣੀ ਪੈਨਸ਼ਨ ਦੇ ਸਿਰ 'ਤੇ
ਗੁਜ਼ਾਰਾ ਕਰਦੇ ਨੇ, ਕਈ ਵਾਰ ਲੋੜ ਪੈਣ
'ਤੇ ਉਨ੍ਹਾਂ ਸਾਡੀ ਸਹਾਇਤਾ ਵੀ ਕੀਤੀ ਐ।
ਸਾਥੋਂ ਕਦੇ ਕੁਝ ਲਿਆ ਨਹੀਂ। ਫਿਰ ਗਿਲਾ
ਕਿਸ ਗੱਲ ਦਾ ਏ..?''
ਰਮਾ ਦੇ ਇਨ੍ਹਾਂ ਬੋਲਾਂ ਨੇ ਰਮਨ ਦੀ
ਬੋਲਤੀ ਬੰਦ ਕਰ ਦਿੱਤੀ। ਉਸਦਾ ਭੁੜਕਣਾ
ਬੰਦ ਹੋ ਗਿਆ। ਉਹ ਰਮਾ ਦੀ ਗੱਲ ਦਾ
ਕੀ ਜਵਾਬ ਦੇਵੇ, ਉਸ ਨੂੰ ਸਮਝ ਨਹੀਂ ਆ
ਰਿਹਾ ਸੀ। ਉਸ ਦੇ ਬੁੱਲ੍ਹ ਸੀਤੇ ਗਏ, ਉਹ
ਕੁਝ ਦੇਰ ਚੁਪ ਰਿਹਾ, ਉਹਦੇ ਚਿਹਰੇ 'ਤੇ
ਥੋੜ੍ਹੀ ਦੇਰ ਪਹਿਲਾਂ ਉਭਰੇ ਰੋਹ ਦਾ ਤੇਜ
ਘੱਟਿਆ ਤਾਂ ਉਹ ਥੋੜ੍ਹਾ ਗੰਭੀਰ ਹੋਇਆ
ਤੇ ਕਹਿਣ ਲੱਗਾ, ''ਗੱਲ ਤਾਂ ਤੇਰੀ ਠੀਕ
ਐ। ਧੇਲੇ ਦੇ ਦੇਣਦਾਰ ਨਹੀਂ ਉਹ ਕਿਸੇ ਦੇ।
ਸਾਰੀ ਜ਼ਿੰਦਗੀ ਇਮਾਨਦਾਰੀ ਦਾ ਪੱਲਾ ਨਹੀਂ
ਛੱਡਿਆ।''
''ਅੱਜ ਦੇ ਜਮਾਨੇ ਵਿਚ ਇਹੋ ਜਿਹੇ ਲੋਕ
ਮਿਲਦੇ ਨੇ ਕਿਤੇ…!'' ਰਮਾ ਨੇ ਉਸਦੀ
ਪ੍ਰੌੜ੍ਹਤਾ ਕਰਦਿਆਂ ਕਿਹਾ।
''ਇਸ ਵਿਚ ਕੋਈ ਸ਼ੱਕ ਨਹੀਂ।''
''ਰਮਨ, ਦੁਨੀਆਂਦਾਰੀ ਦੇ ਆਪਣੇ
ਫ਼ਰਜ਼ਾਂ ਤੋਂ ਵਿਹਲੇ ਹੋ ਕੇ ਉਹ ਕਿਸੇ ਮੱਠ
ਵਿਚ ਰਹਿਣ ਲਈ ਨਹੀਂ ਗਏ, ਕਿਸੇ ਮੰਦਿਰ
ਵਿਚ ਨਹੀਂ ਗਏ, ਆਪਣਾ ਨਿੱਕਾ ਜਿਹਾ
ਆਸ਼ਿਆਨਾ ਬਣਾਅ ਕੇ ਰਹਿ ਰਹੇ ਹਨ।
ਸਾਰੀ ਉਮਰ ਉਹ ਕਿਰਤ ਕਰਦੇ ਰਹੇ ਹਨ,
ਉਹ ਕਿਸੇ 'ਤੇ ਬੋਝ ਨਹੀਂ ਬਣੇ, ਦੇਖਿਆ
ਜਾਏ ਤਾਂ ਉਹ ਇਕ ਤਰ੍ਹਾਂ ਨਾਲ ਮਿਸਾਲੀ
ਜੀਵਨ ਬਤੀਤ ਕਰ ਰਹੇ ਹਨ। ਬਾਬਾ ਨਾਨਕ
ਨੇ ਕਿਹਾ ਸੀ:
ਘਾਲਿ ਖਾਇ ਕਿਛੁ ਹਥਹੁ ਦੇਇ
ਨਾਨਕ ਰਾਹੁ ਪਛਾਣਹਿ ਸੇਇ॥
''ਪਿਤਾ ਜੀ ਨੇ ਗੁਰੂ ਮਹਾਰਾਜ ਦੇ ਇਨ੍ਹਾਂ
ਬਚਨਾਂ ਅਨੁਸਾਰ ਆਪਣਾ ਜੀਵਨ ਬਤੀਤ
ਕੀਤਾ, ਤੁਹਾਨੂੰ ਤਾਂ ਇਹੋ ਜਿਹੇ ਮਹਾਂਪੁਰਖ
'ਤੇ ਮਾਣ ਹੋਣਾ ਚਾਹੀਦਾ।'' ਰਮਾ ਨੇ ਸ਼ਰਧਾ
ਭਾਵ ਨਾਲ ਕਿਹਾ।
''ਰਮਾ ਹਰ ਚੀਜ਼ ਦੀ ਹੱਦ ਹੁੰਦੀ ਹੈ।
ਉਹ ਇਕੱਲੇ ਰਹਿਣਾ ਚਾਹੁੰਦੇ ਨੇ, ਉਨ੍ਹਾਂ ਦੀ
ਮਰਜ਼ੀ। ਉਹ ਕਦੇ-ਕਦਾਈਂ ਆ ਜਾਂਦੇ ਨੇ,
ਪਿਆਰ ਨਾਲ ਗੱਲ ਕਰਦੇ ਨੇ, ਥੋੜ੍ਹਾ ਸਮਾਂ
ਬਿਤਾਅ ਕੇ ਚਲੇ ਜਾਂਦੇ ਨੇ, ਪਰ ਆਪਣੇ ਹੀ
ਘਰ ਵਿਚ ਅਤੇ ਆਪਣੇ ਹੀ ਬੱਚਿਆਂ ਹੱਥੋਂ
ਕੁਝ ਖਾਣਾ ਨਹੀਂ ਕੁਝ ਪੀਣਾ ਨਹੀਂ, ਕੀ
ਇਹ ਚੰਗੀ ਗੱਲ ਹੈ?'' ਰਮਨ ਨੇ ਗਿਲਾ
ਕਰਦਿਆਂ ਕਿਹਾ।
''ਆਪੋ ਆਪਣਾ ਸੁਭਾਅ ਹੁੰਦਾ। ਇਹਨੂੰ
ਸਹਿਜੇ ਕਿਤੇ ਬਦਲਿਆ ਨਹੀਂ ਜਾ ਸਕਦਾ।
ਉਂਝ ਵੀ ਕਿਸੇ ਦੀ ਹਰ ਗੱਲ ਚੰਗੀ ਹੋਵੇ ਜਾਂ
ਉਹ ਸਾਨੂੰ ਚੰਗੀ ਹੀ ਲੱਗੇ, ਇਹ ਜਰੂਰੀ ਵੀ
ਤਾਂ ਨਹੀਂ।'' ਰਮਾ ਨੇ ਦਾਰਸ਼ਨਿਕ ਅੰਦਾਜ਼
ਵਿਚ ਕਿਹਾ।
"ਗੱਲ ਤਾਂ ਤੁਹਾਡੀ ਠੀਕ ਐ। ਉਹ ਹਰ
ਵੇਲੇ ਆਪਣੇ ਵਿਚ ਮਸਤ ਰਹਿੰਦੇ ਨੇ। ਦੁੱਖਤਕਲੀਫ਼
ਵਿਚ ਦੂਜਿਆਂ ਦੀ ਢਾਲ ਬਣ ਜਾਂਦੇ
ਨੇ ਪਰ ਖੁਸ਼ੀ ਦੇ ਮੌਕੇ ਕਈ ਵਾਰ ਲੱਭਿਆਂ
ਨਹੀਂ ਲੱਭਦੇ, ਬੜਾ ਅਜੀਬ ਸੁਭਾਅ ਹੈ,
ਉਨ੍ਹਾਂ ਦਾ।''
ਦੋਵਾਂ ਨੂੰ ਗੱਲਾਂ ਕਰਦਿਆਂ ਸ਼ਾਮਾਂ ਪੈ
ਗਈਆਂ। ਸੂਰਜ ਅਸਤ ਹੋਣ ਜਾ ਰਿਹਾ
ਸੀ। ਰਮਾ ਨੇ ਘੜੀ ਦੇਖ ਕਿਹਾ, ''ਚੰਗਾ
ਬਈ, ਸਮਾਂ ਬਹੁਤ ਹੋ ਗਿਆ। ਤੁਸੀਂ
ਕਰੋ ਆਪਣਾ ਕੰਮ। ਮੈਂ ਚਾਹ ਲਿਆਉਂਦੀ
ਹਾਂ।'' ਐਨਾ ਕਹਿ ਉਹ ਰਸੋਈ ਵਿਚ ਚਲੀ
ਗਈ।
----0---
''ਤੁਸੀਂ ਪੁੱਛ ਤਾਂ ਲਓ, ਨਾਂਹ ਕਰਨਗੇ
ਤਾਂ ਕੋਈ ਗੱਲ ਨਹੀਂ, ਘਾਬਰਦੇ ਕਿਉਂ ਹੋ,
ਆਖ਼ਰ ਤੁਹਾਡੇ ਪਿਤਾ ਜੀ ਹਨ…!'' ਰਮਾ
ਨੇ ਜੋਰ ਦਿੰਦਿਆਂ ਕਿਹਾ।
''ਮੈਨੂੰ ਪੁੱਛਣ ਵਿਚ ਕੋਈ ਸੰਕੋਚ
ਨਹੀਂ…ਪਰ ਮੈਂ ਜਾਣਦਾਂ, ਉਹਨਾਂ ਮੇਰੀ
ਗੱਲ ਨਹੀਂ ਮੰਨਣੀਂ..!'' ਰਮਨ ਨੇ ਆਪਣੀ
ਸਥਿਤੀ ਸਪਸ਼ਟ ਕੀਤੀ।
''ਇਹ ਗੱਲ ਤਾਂ ਹੁਣ ਜੱਗ ਜਾਹਿਰ ਹੋ
ਗਈ ਏ…ਸਾਰੇ ਜਾਣਦੇ ਹਨ…ਪਿਤਾ ਜੀ
ਜਦੋਂ ਦੇ ਵਿਰੱਕਤ ਹੋਏ ਹਨ, ਉਹ ਕਿਸੇ ਦੇ
ਘਰ ਦਾ ਕੁਝ ਨਹੀਂ ਖਾਂਦੇ…!'' ਰਮਾ ਨੇ
ਕਿਹਾ।
''ਸੰਨਿਆਸ ਲੈਣ ਦਾ ਇਹ ਮਤਲਬ ਤਾਂ
ਨਹੀਂ ਕਿ ਉਹ ਘਰ ਵਾਲਿਆਂ ਨਾਲ ਕੋਈ
ਸਬੰਧ ਹੀ ਨਾ ਰੱਖਣ!'' ਰਮਨ ਦਾ ਕਹਿਣਾ
ਸੀ।
''ਫੇਰ ਉਹੀ ਗੱਲ, ਮੁੜ ਘਿੜ ਖੋਤੀ
ਬੋਹੜ ਥੱਲੇ, ਕਿਹੜੇ ਸਨਿਆਸ ਦੀ ਗੱਲ
ਕਰਦੇ ਓ ਤੁਸੀਂ..?''
''ਉਹੀ ਜਿਹੜਾ ਪਿਤਾ ਜੀ ਨੇ
ਲਿਐ…?''
''ਪਿਤਾ ਜੀ ਨੇ ਕੋਈ ਸਨਿਆਸ ਨਹੀਂ
ਲਿਆ… ਇਹ ਗੱਲ ਤੁਸੀਂ ਚੰਗੀ ਤਰ੍ਹਾਂ
ਜਾਣਦੇ ਹੋ ਅਤੇ ਨਾ ਹੀ ਉਹ ਘਰ-ਗ੍ਰਹਿਸਥੀ
ਤੋਂ ਬੇਮੁਖ ਹੋਏ ਹਨ। ਉਹ ਆਪਣੇ ਢੰਗ
ਨਾਲ ਰਹਿੰਦਾ ਜੀਵਨ ਬਤੀਤ ਕਰ ਰਹੇ ਹਨ
ਤਾਂ ਇਸ ਵਿਚ ਤੁਹਾਨੂੰ ਤਕਲੀਫ ਕੀ ਐ…
ਤੁਸੀਂ ਚਾਹੁੰਦੇ ਓ ਕਿ ਉਹ ਘਰ ਖਾਲੀ ਬੈਠੇ
ਰਹਿਣ…ਸੜਦੇ-ਕੁੜ੍ਹਦੇ ਰਹਿਣ..!'' ਰਮਾ
ਨੇ ਥੋੜ੍ਹਾ ਤਲਖ਼ ਹੁੰਦਿਆਂ ਕਿਹਾ।
''ਮੰਮੀ…ਮੰਮੀ ਦਾਦਾ ਜੀ ਆਏ…ਦਾਦਾ
ਜੀ ਆਏ…ਆ !'' ਬਾਹਰੋਂ ਦੌੜ ਕੇ ਅੰਦਰ
ਆਉਂਦਿਆਂ ਨਿੱਕੀ ਬਾਲੜੀ ਨੇ ਰਮਾ ਦੀਆਂ
ਲੱਤਾਂ ਨਾਲ ਚੰਬੜਦਿਆਂ ਤੋਤਲੀ ਜ਼ੁਬਾਨ
ਵਿਚ ਕਿਹਾ।
''ਅੱਛਾ…ਦਾਦਾ ਜੀ ਨੂੰ ਪਰਸ਼ਾਦ
ਖੁਆਣਾ ਏ ਮੇਰੀ ਨਿੱਕੀ ਨੇ…!'' ਰਮਾ ਨੇ
ਉਸ ਨੂੰ ਕੰਧਾੜੇ ਚੁੱਕਦਿਆਂ ਪਿਆਰ ਦਿੱਤਾ।
''ਮੈ ਦਾਦਾ ਜੀ ਨੂੰ ਪੂਲੀਆਂ, ਚੋਲੇ
ਖਲਾਵਾਂਗੀ…!''
''ਕਿਉਂ ਨਹੀਂ, ਮੇਰੀ ਲਾਡਲੀ
ਆਪਣੇ ਦਾਦਾ ਜੀ ਕੋਲ ਜਾਵੇਗੀ…ਉਹਨਾਂ
ਨੂੰ ਪੂਰੀਆਂ, ਛੋਲੇ ਤੇ ਕੜਾਹ ਖਿਲਾਏਗੀ…
ਠੀਕ ਹੈ ਨਾ…?'' ਰਮਾ ਨਿੱਕੀ ਨੂੰ ਗੋਦ
ਵਿਚ ਲੈ ਰਸੋਈ ਵਿਚ ਗਈ। ਪੂਰੀਆਂ, ਛੋਲੇ
ਤੇ ਕੜਾਹ ਦੀ ਥਾਲੀ ਸਜਾ ਉਸ ਇਕ ਵਾਰ
ਫਿਰ ਰਮਨ ਨੂੰ ਕਿਹਾ, ''ਨਿੱਕੀ ਨੂੰ ਉਹਦੇ
ਦਾਦਾ ਜੀ ਪਾਸ ਲੈ ਜਾਓ!''
ਰਮਨ ਨੇ ਇਕ ਹੱਥ ਥਾਲੀ ਫੜੀ ਤੇ ਦੂਜੇ
ਹੱਥ ਨਾਲ ਨਿੱਕੀ ਦੀ ਬਾਂਹ ਫੜ ਡਰਾਇੰਗ
ਰੂਮ ਦਾ ਰੁਖ ਕੀਤਾ। ਦਾਦਾ ਜੀ ਸੋਫ਼ੇ 'ਤੇ
ਬੈਠੇ ਸਨ, ਆਰਾਮ ਨਾਲ। ਅੰਦਰ ਪੁਜਦਿਆਂ
ਹੀ ਨਿੱਕੀ ਆਪਣਾ ਹੱਥ ਛੁਡਾਅ 'ਦਾਦਾ
ਜੀ…ਮੇਲੇ ਦਾਦਾ ਜੀ' ਕਹਿੰਦੀ ਦੌੜ ਕੇ
ਉਨ੍ਹਾਂ ਦੀਆਂ ਲੱਤਾਂ ਨਾਲ ਚਿੰਬੜ ਗਈ।
''ਓ ਬੱਲੇ, ਮੇਰੀ ਪਿਆਰੀ ਜਿਹੀ…
ਸੋਹਣੀ ਬੱਚੀ…'' ਦਾਦਾ ਜੀ ਦੇ
ਮੂੰਹੋਂ ਨਿਕਲਿਆ, ਉਹਨਾਂ ਨਿੱਕੀ ਦਾ ਸਿਰ
ਪਲੋਸਿਆ, ਉਸ ਨੂੰ ਚੁੱਕਿਆ, ਗੋਦ ਵਿਚ
ਬਹਾਇਆ, ਲਾਡ ਲਡਾਇਆ ਅਤੇ ਨਿੱਕੀ
ਵੀ ਕਿੰਨੀ ਦੇਰ ਉਹਨਾਂ ਨਾਲ ਚਿੰਬੜੀ ਰਹੀ।
ਉਸ ਨਾਲ ਗੱਲਾਂ ਕਰਦਿਆਂ ਦਾਦਾ ਜੀ ਵੀ
ਜਾਣੋਂ ਬੱਚੇ ਬਣ ਗਏ ਸਨ। ਉਹ ਨਿੱਕੀ ਦੀ
ਪਿੱਠ ਤੇ ਪੋਲਾ ਜਿਹਾ ਹੱਥ ਫੇਰਦੇ ਰਹੇ, ਉਸ
ਨੂੰ ਥਪਥਪਾਉਂਦੇ ਰਹੇ। ਦਾਦਾ ਜੀ ਦੀ ਗੋਦ
ਵਿਚ ਬੈਠੀ ਨਿੱਕੀ ਜਦ ਆਪਣੇ ਨਿੱਕੇ ਤੇ
ਕੂਲੇ-ਕੂਲੇ ਹੱਥਾਂ ਦਾ ਸਪਰਸ਼ ਦਾਦਾ ਜੀ ਦੇ
ਮੂੰਹ 'ਤੇ ਕਰਨ ਲੱਗੀ ਤਾਂ ਉਨ੍ਹਾਂ ਦੀ ਖੁਸ਼ੀ
ਦਾ ਕੋਈ ਹੱਦ ਬੰਨਾ ਨਹੀਂ ਸੀ ਰਿਹਾ। ਉਹ
ਗੁਆਚ ਜਿਹੇ ਗਏ ਸਨ। ਨਿੱਕੀ ਉਨ੍ਹਾਂ ਨਾਲ
ਖੇਡਣ ਲੱਗੀ, ਉਹ ਉੱਚੀ ਉੱਚੀ ਹੱਸਣ
ਲੱਗੀ। ਜਦ ਉਹ ਦਾਦਾ ਜੀ ਦੀ ਗੋਦ ਵਿਚ
ਹੀ ਖਲੋ ਕੇ ਟੱਪਣ ਲੱਗੀ ਤਾਂ ਰਮਨ ਤੋਂ
ਰਿਹਾ ਨਾ ਗਿਆ। ਉਸ ਦੇ ਮੂੰਹੋਂ ਨਿਕਲਿਆ,
''ਡਿੱਗ ਪਵੇਂਗੀ…!''
''ਇਹਦਾ ਸੁਰੱਖਿਆ ਕਵਚ ਇਹਦੇ
ਨਾਲ ਐ, ਇਹਨੂੰ ਡਿਗਣ ਨਹੀਂ ਦਿੰਦਾ, ਤੂੰ
ਫਿਕਰ ਨਾ ਕਰ,'' ਦਾਦਾ ਜੀ ਉਸ ਨੂੰ ਘੁੱਟ
ਕੇ ਫੜਦਿਆਂ ਕਹਿ ਰਹੇ ਸਨ। ਨਿੱਕੀ ਨੇ
ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਨਾਲ
ਉਨ੍ਹਾਂ ਦੀ ਗਰਦਨ ਨੂੰ ਵਗਲ ਲਿਆ।
''ਦਾਦਾ ਜੀ, ਦਾਦਾ ਜੀ, ਮੈਂ ਨਹੀਂ ਬੋਲਣਾ
ਤੁਹਾਡੇ ਨਾਲ…!''
''ਕਿਉਂ ਮੇਰੀ ਬੱਚੀ..? ਤੂੰ ਕਿਉਂ ਨਹੀਂ
ਬੋਲਣਾ ਆਪਣੇ ਦਾਦਾ ਜੀ ਨਾਲ…?''
''ਤੁਤੀਂ ਬਹੁਤ ਗੰਦੇ ਹੋ..?''
''ਉਹ ਕਿੱਦਾਂ…?''
''ਤੁਤੀਂ ਚੀਜੀ ਨਈਂ ਲੈ ਕੇ ਆਏ…!''
''ਤੇਰੀ ਚੀਜੀ ਤਾਂ ਮੈਂ ਲੈ ਕੇ
ਆਇਆਂ…!''
''ਤੁਤੀਂ ਨਈਂ ਲੈ ਕੇ ਆਏ…!''
''ਨਾ ਮੈਂ ਲੈ ਕੇ ਆਇਆਂ ਤੇ ਆਹ ਲੈ
ਆਪਣੀ ਚੀਦੀ..'' ਦਾਦਾ ਜੀ ਨੇ ਆਪਣੇ
ਥੈਲੇ ਵਿਚੋਂ ਟਾਫ਼ੀਆਂ ਤੇ ਬਿਸਕੁਟਾਂ ਦੇ ਪੈਕਟਾਂ
ਦਾ ਲਿਫ਼ਾਫ਼ਾ ਕਢਿਆ ਤੇ ਉਹਦੇ ਨਿੱਕੇ ਜਿਹੇ
ਹੱਥਾਂ 'ਚ ਰੱਖਦਿਆਂ ਪੁਛਿਆਂ, ''ਮੇਰੀ ਬੱਚੀ
ਨੇ ਹੋਰ ਕੀ ਲੈਣੈਂ…?''
''ਡੌਲ ਲੈਣੀ ਐ…''
''ਰਾਣੀ ਬਿਟਿਆ ਨੂੰ ਉਹ ਵੀ ਲੈ
ਦਿਆਂਗਾ…!'' ''ਸੱਚੀਂ..?'' ''ਹਾਂ
ਸੱਚੀਂ..!'' ਨਿੱਕੀ ਇਹ ਸੁਣ ਖੁਸ਼ੀ ਨਾਲ
ਉੱਛਲਣ ਲਗੀ…।
''ਹੁਣ ਤਾਂ ਮੈਂ ਨਹੀਂ ਗੰਦਾ…!''
''ਤੁਤੀਂ ਬਹੁਤ ਚੰਗੇ ਓ…ਮੇਲੇ ਦਾਦਾ
ਜੀ,'' ਇਹ ਕਹਿ ਨਿੱਕੀ ਇਕ ਵਾਰ ਫੇਰ
ਦਾਦਾ ਜੀ ਨਾਲ ਚਿੰਬੜ ਗਈ।
ਰਮਨ ਨੇ ਉਨ੍ਹਾਂ ਨੂੰ ਮੂਡ ਵਿਚ ਦੇਖ
ਹੌਸਲਾ ਕੀਤਾ ਤੇ ਛੋਟਾ ਮੇਜ਼ ਉਨ੍ਹਾਂ ਅੱਗੇ
ਸਰਕਾਉਂਦਿਆਂ ਹੌਲੀ ਜਿਹੇ ਕਿਹਾ, ''ਪਿਤਾ
ਜੀ…! ਪਰਸ਼ਾਦ ਖਾ ਲਵੋ!''
ਦਾਦਾ ਜੀ ਨੇ ਉਸ ਵੱਲ ਤੱਕਿਆ। ਉਹ
ਗੰਭੀਰ ਹੋ ਗਏ। ''ਤੈਨੂੰ ਚੰਗਾ ਭਲਾ ਪਤਾ,
ਮੈਂ ਕੁਝ ਨਹੀਂ ਖਾਂਦਾ…ਇਹਨੂੰ ਲੈ ਜਾ..!''
''ਫੇਰ ਵੀ…!''
''ਹਟੋ ਪਰ੍ਹੇ, ਮੈਂ ਖੁਆਣਾ ਏ ਆਪਣੇ
ਦਾਦਾ ਜੀ ਨੂੰ…ਤੁਤੀਂ ਜਾਓ ਇਥੋਂ…''
ਦਾਦਾ ਜੀ ਦੀ ਗੋਦ ਵਿਚ ਖੇਡਦੀ
ਨਿੱਕੀ ਥਾਲੀ ਦੇਖ ਉਸ 'ਤੇ ਝਪਟ ਪਈ…
"ਪਾਪਾ, ਜਾਓ ਤੁਤੀਂ ਇਥੋਂ…ਜਾਓ…।''
ਉਸ ਜ਼ੋਰ ਨਾਲ ਕਿਹਾ। ਦਾਦਾ ਜੀ ਨੇ ਮੋਹ
ਭਿੰਨੀਆਂ ਨਜ਼ਰਾਂ ਨਾਲ ਉਸ ਨੂੰ ਦੇਖਿਆ ਤੇ
ਉਹ ਇਕ ਵਾਰ ਫੇਰ ਨਿੱਕੀ ਬਾਲੜੀ ਨਾਲ
ਖੇਡੇ ਪੈ ਗਏ…।
''ਮੇਲੇ ਦਾਦਾ ਜੀ, ਪੂਲੀ ਖਾਣਗੇ…''
ਨਿੱਕੀ ਉਨ੍ਹਾਂ ਨੂੰ ਹਲੂਣ ਰਹੀ ਸੀ।
''ਖਾਓ ਨਾ ਦਾਦਾ ਜੀ,'' ਨਿੱਕੀ ਦੇ ਇਨ੍ਹਾਂ
ਬੋਲਾਂ ਨੇ ਚਮਤਕਾਰੀ ਅਸਰ ਦਿਖਾਇਆ।
''ਦਾਦਾ ਜੀ, ਇਹ ਪਰਤਾਦ ਏ, ਮੰਮੀ ਨੇ
ਦਿੱਤੈ।''
''ਅੱਛਾ।''
''ਹਾਂ।''
''ਪਰ ਮੈਂ ਤਾਂ ਨਹੀਂ ਖਾਣਾ।''
''ਮੈਂ ਮਾਲਾਂਗੀ ਤੁਹਾਨੂੰ।''
''ਸੱਚ..?''
''ਚਲੋ ਖਾਓ…ਨਹੀਂ ਤਾਂ..!''
''ਫੇਰ ਤਾਂ ਬਈ ਮੈਂ ਇਸ ਨਿੱਕੀ ਜਿਹੀ,
ਛੋਟੀ ਜਿਹੀ ਅਤੇ ਪਿਆਰੀ ਜਿਹੀ ਦੇਵੀ ਹੱਥੋਂ
ਇਹ ਪ੍ਰਸ਼ਾਦ ਜ਼ਰੂਰ ਗ੍ਰਹਿਣ ਕਰਾਂਗਾ,''
ਉਹਨਾਂ ਮੋਹ ਵਿਚ ਆ ਕੇ ਨਿੱਕੀ ਦਾ ਮੱਥਾ
ਚੁੰਮਿਆ, ਉਹਦੇ ਹੱਥ ਵਿਚਲਾ ਕੌਰ ਆਪਣੇ
ਮੂੰਹ ਕੋਲ ਲਿਆਂਦਾ ਤੇ ਉਹਨੂੰ ਗ੍ਰਹਿਣ
ਕਰਦਿਆਂ ਉਹ ਰਮਤੇ ਜੋਗੀਆਂ ਵਾਂਗ ਮੌਜ
ਵਿਚ ਆ ਗਏ, ''ਆਹਾ! ਆਨੰਦ ਆ ਗਿਆ
ਬਈ, ਆਨੰਦ ਆ ਗਿਆ, ਏਸ ਬੱਚੀ ਦੇ
ਰੂਪ ਵਿਚ ਦੇਵੀ ਅੰਨਪੂਰਣਾ ਦੇ ਸਾਕਸ਼ਾਤ
ਦਰਸ਼ਨ ਕਰ ਰਿਹਾਂ, ਉਹਦੇ ਨਿੱਘ ਤੇ
ਪਿਆਰ ਦਾ ਅਨੋਖਾ ਅਨੁਭਵ ਹੋ ਰਿਹੈ।''
''ਸਾਲਾ ਖਾਣਾ ਏ…'' ਨਿੱਕੀ ਨੇ ਹੁਕਮ
ਚਾੜ੍ਹਿਆ।
''ਜ਼ਰੂਰ ਮੇਰੀ ਬੱਚੀ..!'' ਨਿੱਕੀ ਦੇ ਹੱਥੋਂ
ਸਾਰਾ ਪਰਸ਼ਾਦ ਖਾ ਲੈਣ ਮਗਰੋਂ ਦਾਦਾ ਜੀ ਨੇ
ਪੁੱਛਿਆ, ''ਹੋਰ ਹੁਕਮ…!''
''ਮੇਲੀ ਡੌਲ…!''
''ਉਹ ਹਾਂ, ਮੈਂ ਤਾਂ ਭੁੱਲ ਈ ਗਿਆ…
ਕਿੱਦਾਂ ਦੀ ਡੌਲ ਲੈਣੀ ਏ ਮੇਰੀ ਬੱਚੀ
ਨੇ..?'' ''ਉਹੋ ਜਿਹੀ…!'' ਸ਼ੋਅ
ਕੇਸ ਵਿਚ ਪਈ ਨਵੀਂ ਡੌਲ ਵੱਲ ਉਂਗਲ
ਕਰਦਿਆਂ ਨਿੱਕੀ ਨੇ ਕਿਹਾ।
''ਚਲ ਫੇਰ..!'' ਦਾਦਾ ਜੀ ਉਹਨੂੰ ਚੁੱਕ
ਬਾਹਰ ਨਿਕਲ ਗਏ, ਡੌਲ ਲੈਣ ਲਈ।