Paseena (Minni Kahani): Vishnu Nagar

ਪਸੀਨਾ (ਮਿੰਨੀ ਕਹਾਣੀ) : ਵਿਸ਼ਣੂ ਨਾਗਰ

ਰੱਬ ਨੇ ਧਰਤੀ ਤੇ ਆਉਂਦੇ ਸਮੇਂ ਸੋਚਿਆ ਸੀ ਕਿ ਓਥੇ ਬਹੁਤਾ ਖਰਚਾ ਨਹੀਂ ਹੋਣਾ । ਪਰ ਜਿਹੜਾ ਨਾਲ ਲਿਆਂਦਾ ਸੀ, ਸਭ ਖਰਚ ਹੋ ਗਿਆ ।

ਰੱਬ ਚਾਹੁੰਦਾ ਤਾਂ ਅੱਖ ਪਲਕਾਰੇ ਵਿੱਚ ਪੈਸਾ ਪੈਦਾ ਕਰ ਲੈਂਦਾ ਪਰ ਉਸ ਨੇ ਮਿਹਨਤ-ਮਜ਼ਦੂਰੀ ਕਰਕੇ ਢਿੱਡ ਭਰਨ ਦੀ ਵਿਉਂਤ ਬਣਾਈ। ਕੰਮ ਤਾਂ ਉਸ ਨੂੰ ਮਿਲ ਗਿਆ ਪਰ ਬੜੀ ਮੁਸ਼ਕਲ ਨਾਲ ।

ਗਰਮੀ ਦੇ ਦਿਨ ਸਨ। ਸਭ ਮਜ਼ਦੂਰਾਂ ਨੂੰ ਪਸੀਨਾ ਆ ਰਿਹਾ ਸੀ ਪਰ ਰੱਬ ਨੂੰ ਨਹੀਂ । ਇਕ ਮਜ਼ਦੂਰ ਦਾ ਧਿਆਨ ਉਸ ਵੱਲ ਗਿਆ । ਉਹਨੇ ਦੂਜੇ ਨੂੰ ਕਿਹਾ । ਦੂਜੇ ਨੇ ਤੀਜੇ ਨੂੰ ਦੱਸਿਆ । ਇਸ ਤਰ੍ਹਾਂ ਸਭ ਮਜ਼ਦੂਰਾਂ ਵਿਚ ਇਹ ਗੱਲ ਫੈਲ ਗਈ ।

ਉਹਨਾਂ ਨੇ ਲਗਤਾ ਲਾਇਆ ਕਿ ਇਹ ਰੱਬ ਹੀ ਹੈ ਜੋ ਮਜ਼ਦੂਰ ਦਾ ਰੂਪ ਧਾਰ ਕੇ ਸਾਹਮਣੇ ਆ ਬੈਠਾ ਹੈ। ਉਹਨਾਂ ਨੇ ਅੱਜ ਹੀ ਰੇਡੀਓ ਤੇ ਗੀਤ ਸੁਣਿਆ ਸੀ," ਪਤਾ ਨਹੀਂ ਕਿਸ ਭੇਸ'ਚ ਟੱਕਰੇ, ਬੰਦਿਆ ਤੈਨੂੰ ਭਗਵਾਨ ਉਏ.....।"

ਸਭ ਮਜ਼ਦੂਰ ਆ ਕੇ ਉਸ ਦੇ ਚਰਨਾਂ ਵਿਚ ਡਿੱਗਣ ਲੱਗੇ । ਜਜ਼ਬਾਤੀ ਹੋਣ ਲੱਗੇ । ਰੋਣ ਲੱਗੇ । ਗਾਉਣ ਲੱਗੇ । ਮਨੌਤਾਂ ਮੰਗਣ ਲੱਗੇ ।

ਪਰੇਸ਼ਾਨ ਰੱਬ ਨੂੰ ਪਸੀਨਾ ਆ ਗਿਆ ।

(ਅਨੁਵਾਦ : ਮੁਲਖ ਸਿੰਘ)

  • ਮੁੱਖ ਪੰਨਾ : ਕਹਾਣੀਆਂ, ਵਿਸ਼ਣੂ ਨਾਗਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ