Pauna Aadmi (Punjabi Story) : Kulwant Singh Virk

ਪੌਣਾ ਆਦਮੀ (ਕਹਾਣੀ) : ਕੁਲਵੰਤ ਸਿੰਘ ਵਿਰਕ

ਕਰਮਾ ਮਹਿਰਾ ਪਿੰਡ ਦਾ ਸਭ ਤੋਂ ਕਮਜ਼ੋਰ ਆਦਮੀ ਸੀ। ਪਾਣੀ ਢੋਣ ਤੇ ਰੋਟੀਆਂ ਪਕਾਣ ਦਾ ਆਪਣਾ ਜੱਦੀ ਕੰਮ ਛੱਡ ਕੇ ਉਸ ਹਿੱਸੇ ਤੇ ਭੋਇੰ ਲੈ ਕੇ ਵਾਹੀ ਸ਼ੁਰੂ ਕੀਤੀ ਹੋਈ ਸੀ। ਪਿੰਡ ਦੇ ਹੋਰ ਆਦਮੀਆਂ ਵਿਚੋਂ ਕੋਈ ਤਗੜਾ ਸੀ ਤੇ ਕੋਈ ਮਾੜਾ। ਪਿੰਡ ਦੀ ਖਹਿ ਮਖਹਿ ਵਿਚ ਕਦੀ ਕੋਈ ਹੱਥਾਂ ਤੇ ਥੁੱਕਦਾ ਤੇ ਕਦੀ ਗੱਲ ਵਲਾ ਜਾਂਦਾ, ਲੜਾਈ ਝਗੜੇ ਵਿਚ ਕਦੀ ਕੋਈ ਨੀਵੀਂ ਖਿੱਚਦਾ ਤੇ ਕੋਈ ਆਕੜ ਕੇ ਸ਼ਖ਼ਸੀਅਤ ਦਾ ਪੂਰਾ ਨਿਖਾਰ ਵਿਖਾਂਦਾ, ਪਰ ਕਰਮੇ ਲਈ ਹਰ ਵੇਲੇ ਹਰ ਥਾਂ ਨੀਵੀਂ ਖਿੱਚਣਾ ਸੁਭਾਵਕ ਹੋ ਚੁਕਿਆ ਸੀ। ਇਹ ਇਕ ਰੋਜ਼ ਦੀ ਤੇ ਇੰਨੀ ਮਾਮੂਲੀ ਗੱਲ ਬਣ ਚੁਕੀ ਸੀ ਕਿ ਇਸ ਦਾ ਕੋਈ ਨਵਾਂ ਰੂਪ ਸੁਨਣ ਵਿਚ ਵੀ ਕਿਸੇ ਨੂੰ ਦਿਲਚਸਪੀ ਨਹੀਂ ਸੀ। ਕਰਮੇ ਨੂੰ ਲੱਤ ਹੇਠੋਂ ਲੰਘਾਣ ਨਾਲ ਕਿਸੇ ਆਦਮੀ ਦੀ ਇੱਜ਼ਤ ਵਿਚ ਭੋਰਾ ਵਾਧਾ ਨਹੀਂ ਹੋ ਸਕਦਾ ਸੀ, ਹਾਂ ਉਹ ਘਟ ਸਕਦੀ ਸੀ। ਕੋਈ ਆਦਮੀ ਜਿਹੜਾ ਪਿੰਡ ਵਿਚ ਕਿਸੇ ਗਿਨਣ ਮਿਥਣ ਵਿਚ ਆਉਂਦਾ ਹੋਵੇ ਕਰਮੇ ਨਾਲ ਉਲਝਿਆਂ ਆਪ ਹੌਲਾ ਹੋਣੋਂ ਨਹੀਂ ਬਚ ਸਕਦਾ ਸੀ। ਹਾਂ ਛੋਟੇ ਛੋਟੇ ਮੁੰਡੇ ਉਸ ਦੀ ਕਮਜ਼ੋਰੀ ਤੋਂ ਫ਼ਾਇਦਾ ਉਠਾ ਲੈਂਦੇ ਸਨ। ਉਹ ਉਸ ਦੇ ਡੱਕੇ ਹੋਏ ਘਾਹ ਵਿਚ ਆਪਣੇ ਡੰਗਰ ਚਾਰਨੋ ਜਾਂ ਉਸ ਦੀ ਖ਼ਰਬੂਜ਼ਿਆਂ ਦੀ ਕਿਆਰੀ ਵਿਚੋਂ ਖ਼ਰਬੂਜ਼ੇ ਤੋੜਨੋਂ ਨਹੀਂ ਝਿਜਕਦੇ ਸਨ। ਜਦੋਂ ਕਰਮਾ ਦੂਰੋਂ ਦੇਖ ਕੇ ਉਹਨਾਂ ਵੱਲ ਭੱਜ ਕੇ ਆਉਂਦਾ ਤਾਂ ਉਹ ਅਗੋਂ ਆਕੜ ਕੇ ਖਲੋ ਜਾਂਦੇ। ‘‘ਆ ਜਾ ਫਿਰ ਵੇਖ ਲੈ ਹੱਥ ਅੱਜ’’ ਕੋਈ ਮੁੰਡਾ ਉਸ ਨੂੰ ਵੰਗਾਰ ਕੇ ਆਖਦਾ ਤੇ ਕਰਮੇ ਦੀ ਦੌੜ ਮੱਠੀ ਪੈ ਜਾਂਦੀ। ਸ਼ਾਇਦ ਉਸ ਵਿਚ ਸਾਹਮਣੇ ਆਕੀ ਹੋਏ ਖਲੋਤੇ ਨਿੱਕੇ ਜਿਹੇ ਮੁੰਡੇ ਜਿੰਨਾ ਜ਼ੋਰ ਵੀ ਨਹੀਂ ਸੀ, ਜਾਂ ਫਿਰ ਉਸ ਮੁੰਡੇ ਦੀ ਸ਼ਕਲ ਵਿਚੋਂ ਉਸ ਨੂੰ ਉਸ ਦਾ ਕੋਈ ਵੱਡਾ ਭਰਾ ਜਾਂ ਪਿਉ ਦਿਸਦਾ ਤੇ ਉਸ ਦਾ ਖ਼ੂਨ ਪਾਣੀ ਬਣ ਜਾਂਦਾ। ਲੱਤਾਂ ਧਰੂੰਦਾ ਉਹ ਉਸ ਮੁੰਡੇ ਤਕ ਅਪੜਦਾ ਤੇ ਫਿਰ ਗਹੁ ਨਾਲ ਉਸ ਵੱਲ ਵੇਖਦਾ ਹੋਇਆ ਬਨੌਟੀ ਦਾਬੇ ਜਿਹੇ ਨਾਲ ਕਹਿੰਦਾ, ‘‘ਇਥੇ ਡੰਗਰ ਕਿਉਂ ਛੱਡੇ ਨੀ? ਇਹ ਘਾਹ ਤਾਂ ਅਸਾਂ ਰੱਖਿਆ ਹੋਇਆ ਏ।’’
‘‘ਛੱਡੇ ਨੀ ਫੇਰ’’ ਅੱਗੋਂ ਮੁੰਡਾ ਆਕੜ ਕੇ ਕਹਿੰਦਾ ਤੇ ਫਿਰ ਕਰਮਾ ਗੱਲ ਨੂੰ ਗਲੋਂ ਲਾਹਣ ਲਈ ਕਹਿੰਦਾ:
‘‘ਹਲਾ ਮੈਨੂੰ ਕੀ ਪਤਾ ਸੀ ਤੇਰੇ ਕੌਲੇ ਵਿਚ ਵੀ ਪਾਣੀ ਪਿਆ ਹੋਇਆ ਏ।’’
‘‘ਕੌਲੇ ਵਿਚ ਪਾਣੀ ਪੈਣ’’ ਦੇ ਕੀ ਅਰਥ ਸਨ, ਇਹ ਸ਼ਾਇਦ ਕਰਮਾ ਵੀ ਨਹੀਂ ਦੱਸ ਸਕਦਾ ਸੀ ਪਰ ਅੱਟਾ ਸੱਟਾ ਇਹ ਸੀ ਕਿ ‘‘ਤੂੰ ਵੀ ਜਵਾਨ ਹੋ ਗਿਆ ਏਂ ਤੇ ਆਪਣੀ ਤਾਕਤ ਦੀ ਪ੍ਰੀਖਿਆ ਕਰਨੀ ਚਾਹੁੰਦਾ ਏਂ।’’
ਇਹ ਗੱਲ ਸੁਣ ਕੇ ਸਾਰੇ ਮੁੰਡੇ ਹੱਸ ਪੈਂਦੇ ਤੇ ਕਰਮੇ ਦੀ ਨਮੋਸ਼ੀ ਰੌਲੇ ਵਿਚ ਪੈ ਜਾਂਦੀ।
ਜਿਸ ਤਰ੍ਹਾਂ ਕਰਮਾ ਆਪ ਮਾੜਾ ਸੀ ਇਸੇ ਤਰ੍ਹਾਂ ਉਸ ਦੇ ਮੁੰਡੇ ਵੀ ਮਾੜੇ ਸਨ। ਜੱਟਾਂ ਦੇ ਨਿੱਕੇ ਨਿੱਕੇ ਉਠ ਰਹੇ ਮੁੰਡੇ ਉਹਨਾਂ ਨੂੰ ਢਾਹ ਕੇ ਆਪਣੇ ਸਵੈਮਾਣ ਵਿਚ ਵਾਧਾ ਕਰਦੇ। ਉਹਨਾਂ ਵਿਚੋਂ ਕਿਸੇ ਨੂੰ ਲੰਘਦਾ ਦੇਖਦੇ ਸਾਰ ਹੀ ਸਾਰੇ ਮੁੰਡਿਆਂ ਦਾ ਘੁਲਣ ਨੂੰ ਜੀ ਕਰ ਆਉਂਦਾ। ਉਸ ਦੇ ‘ਛੱਡ ਵੀ’ ਆਖਦਿਆਂ ਆਖਦਿਆਂ ਕੋਈ ਨਿੱਕਾ ਜਿਹਾ ਮੁੰਡਾ ਪੱਟ ਤੇ ਥਾਪੀਆਂ ਮਾਰਦਾ ਉਸ ਨੂੰ ਜ਼ਮੀਨ ਤੇ ਲਿਟਾ ਦਿੰਦਾ।

ਕਰਮੇ ਦੇ ਸੰਢਿਆਂ ਦਾ ਵੀ ਇਹੀ ਹਾਲ ਸੀ। ਸਾਰੇ ਜੋਤਰੇ ਵਿਚ ਕਰਮਾ ਉਹਨਾਂ ਨਾਲ ਮਸਾਂ ਤਿੰਨ ਕਨਾਲਾਂ ਭੋਇੰ ਵਾਹ ਸਕਦਾ। ਨਾ ਉਹਨਾਂ ਦਾ ਟੁਰਨ ਨੂੰ ਜੀ ਕਰਦਾ ਤੇ ਨਾ ਕਰਮੇ ਦਾ ਉਹਨਾਂ ਨੂੰ ਟੋਰਣ ਨੂੰ। ਹਲਾਂ ਦੀਆਂ ਮਾਂਗੀਆਂ ਵਿਚ ਜਿਥੇ ਬਹੁਤ ਸਾਰੇ ਹਲ ਹੁੰਦੇ ਕਰਮੇ ਦੀ ਜੋਗ ਹੋਰ ਜੋਗਾਂ ਦੇ ਕਦਮ ਰੋਕ ਛਡਦੀ ਸੀ। ਇਹੋ ਜਿਹੇ ਮੌਕਿਆਂ ਤੇ ਉਹਨਾਂ ਨੂੰ ਇਕ ਵੱਖਰਾ ਭੋਇੰ ਦਾ ਟੋਟਾ ਵਾਹੁਣ ਨੂੰ ਦੇ ਦਿੱਤਾ ਜਾਂਦਾ। ਚੁੱਗਣ ਲੱਗਿਆਂ ਵੀ ਦੂਸਰੇ ਡੰਗਰ ਉਹਨਾਂ ਨੂੰ ਆਪਣੇ ਨੇੜੇ ਚੁੱਗਣ ਨਹੀਂ ਦਿੰਦੇ ਸਨ, ਸਗੋਂ ਢੁੱਡ ਮਾਰ ਕੇ ਦੂਰ ਭਜਾ ਦਿੰਦੇ।

ਕਰਮੇ ਦੇ ਇਸ ਸਾਰੇ ਚੌਗਿਰਦੇ ਵਿਚ ਜੋ ਕੋਈ ਜਿੰਦ ਵਾਲਾ ਜੀ ਸੀ ਤਾਂ ਉਹ ਸੀ ਕਰਮੇ ਦੀ ਵਹੁਟੀ, ਮਾਲਣ। ਮਾਲਣ ਕਰਮੇ ਦੀਆਂ ਹਿੱਸੇ ਤੇ ਲਈਆਂ ਪੈਲੀਆਂ ਵਿਚੋਂ ਸਬਜ਼ੀਆਂ ਖੋਹ ਕੇ ਪਿੰਡ ਵਿਚ ਵੇਚਦੀ ਤੇ ਇਸ ਤਰ੍ਹਾਂ ਦੁਪਹਿਰ ਤਕ ਬਹੁਤ ਸਾਰੀ ਕਣਕ ਇਕੱਠੀ ਕਰ ਲੈਂਦੀ। ਆਮ ਖ਼ਿਆਲ ਇਹ ਸੀ ਕਿ ਟੱਬਰ ਦੀਆਂ ਰੋਟੀਆਂ ਮਾਲਣ ਦੀ ਚਤੁਰਾਈ ਤੇ ਦੌੜ ਭੱਜ ਵਿਚੋਂ ਹੀ ਨਿਕਲਦੀਆਂ ਨੇ, ਕਰਮੇ ਦੀ ਵਾਹੀ ਵਿਚੋਂ ਨਹੀਂ। ਆਪਣੀ ਚੁਸਤੀ ਤੇ ਮਿਹਨਤ ਕਰ ਕੇ ਮਾਲਣ ਪਿੰਡ ਦੇ ਵਾਤਾਵਰਣ ਵਿਚ ਖਿਲਰੀ ਰਹਿੰਦੀ। ਲੋਕਾਂ ਦੀਆਂ ਗੱਲਾਂ ਬਾਤਾਂ ਵਿਚ ਉਸ ਦਾ ਨਾਂ ਆਉਂਦਾ ਰਹਿੰਦਾ।

‘‘ਜ਼ਰਾ ਖਲੋ ਜਾ ਯਾਰਾ, ਮੈਂ ਵੀ ਨਹਾ ਲਾਂ, ਇਕੱਠੇ ਚਲਾਂਗੇ’’ ਪਿੰਡ ਦੇ ਖੂਹ ਤੇ ਨਹਾਉਂਦਾ ਕੋਈ ਗ਼ਭਰੇਟਾ ਦੂਸਰੇ ਨੂੰ ਕਹਿੰਦਾ।
‘‘ਆ ਜਾਈਂ, ਤੂੰ ਕਿਹੜਾ ਮੇਰੇ ਕੰਧਾੜੇ ਚੜ੍ਹ ਕੇ ਜਾਣਾ ਏਂ, ਟੁੱਕਰ ਦੀ ਬੁਰਕੀ ਮੂੰਹ ਵਿਚ ਪਾਈਏ ਚੱਲ ਕੇ’’ ਉਹ ਅੱਗੋਂ ਜਵਾਬ ਦਿੰਦਾ। ਤੇ ਫਿਰ ਕੋਲ ਖੜਾ ਕੋਈ ਤੀਸਰਾ ਚੋਟ ਲਾਂਦਾ ‘‘ਇਹ ਨਹੀਓਂ ਖਲੋਂਦਾ ਹੁਣ, ਇਹਨੂੰ ਤੇ ਘਰ ਮਾਲਣ ਦੇ ਟੀਂਡੇ ਉਡੀਕਦੇ ਨੀ’’ ਮਾਲਣ ਤੋਂ ਲੈ ਕੇ ਰਿਨ੍ਹੀ ਹੋਈ ਸਬਜ਼ੀ ਵਿਚ ਬਹੁਤਾ ਸਵਾਦ ਸਮਝਿਆ ਜਾਂਦਾ ਸੀ। ਤੇ ਫਿਰ ਇਕ ਸਾਲ ਕਰਮੇ ਨੇ ਆਪਣੀ ਪਹਿਲੀ ਜ਼ਮੀਨ ਛੱਡ ਕੇ ਸਰਦਾਰ ਭੂਪਿੰਦਰ ਸਿੰਘ ਦੀ ਜ਼ਮੀਨ ਹਿੱਸੇ ਤੇ ਲੈ ਲਈ। ਇਹ ਸਰਦਾਰ ਪੜ੍ਹਿਆ ਹੋਇਆ ਸੀ ਤੇ ਆਪਣੀ ਪੜ੍ਹਾਈ ਦੇ ਦਿਨਾਂ ਵਿਚ ਵੀ ਕਾਂਗਰਸ ਪਾਰਟੀ ਦਾ ਕੰਮ ਕਰਦਾ ਹੁੰਦਾ ਸੀ। ਹੁਣ ਵੀ ਉਹਦੀ ਰੁਚੀ ਉਸੇ ਪਾਸੇ ਹੀ ਰਹਿੰਦੀ। ਕਾਂਗਰਸ ਦਾ ਪਰਾਪੇਗੰਡਾ ਕਰਨ ਦੀ ਤੇ ਲੋਕਾਂ ਨੂੰ ਉਸ ਵੱਲ ਪ੍ਰੇਰਣ ਦੀ ਉਸ ਵਿਚ ਬੜੀ ਲਗਨ ਸੀ। ਕਰਮੇ ਨੂੰ ਤੇ ਪਿੰਡ ਦੇ ਹੋਰ ਲੋਕਾਂ ਨੂੰ ਉਹ ਅਖ਼ਬਾਰ ਪੜ੍ਹ ਕੇ ਸੁਣਾਂਦਾ ਤੇ ਗੱਲਾਂ ਬਾਤਾਂ ਨਾਲ ਉਹਨਾਂ ਵਿਚ ਕਾਂਗਰਸ ਦਾ ਸਾਥ ਦੇਣ ਦਾ ਹੌਂਸਲਾ ਭਰਦਾ ਰਹਿੰਦਾ। ਪਿੰਡ ਦੇ ਅੱਠ ਦਸ ਜੋਸ਼ੀਲੇ ਆਦਮੀ ਤੇ ਨੰਗੇ ਮੁਨੰਗੇ ਉਸ ਦੇ ਨਾਲ ਸਨ ਤੇ ਜਿਹੜੇ ਇੰਨੇ ਮਲੰਗ ਨਹੀਂ ਹੋਏ ਸਨ, ਉਹ ਵੀ ਪਿੰਡ ਦੇ ਵਾਯੂ ਮੰਡਲ ਵਿਚ ਇਹਨਾਂ ਖ਼ਿਆਲਾਂ ਦੀ ਹੋਂਦ ਕਰ ਕੇ ਆਪਣੇ ਅੰਦਰ ਤਾਕਤ ਮਹਿਸੂਸ ਕਰਦੇ। ਕਰਮਾ ਵੀ ਇਹਨਾਂ ਗੱਲਾਂ ਦੇ ਅਸਰ ਹੇਠ ਆ ਰਿਹਾ ਸੀ। ਆਪਣੇ ਨਵੇਂ ਖ਼ਿਆਲਾਂ ਕਰ ਕੇ ਉਹ ਆਪਣੇ ਆਪ ਨੂੰ ਅੰਗਰੇਜ਼ਾਂ ਦੇ ਵਿਰੁਧ ਲੜ ਰਹੇ ਯੋਧਿਆਂ ਦੀ ਪਾਲ ਵਿਚ ਖੜਾ ਦੇਖਦਾ ਸੀ। ਗਾਂਧੀ ਤੇ ਨਹਿਰੂ ਉਸ ਦੇ ਸੱਜੇ ਖੱਬੇ ਖੜੇ ਸਨ। ਵਡੇ ਦੁਸ਼ਮਣਾਂ ਦੇ ਵਡੇ ਖ਼ਤਰਿਆਂ ਦੇ ਸਾਹਮਣੇ ਹੋਣ ਕਰ ਕੇ ਉਸ ਪਿੰਡ ਦੇ ਛੋਟੇ ਲੋਕਾਂ ਤੋਂ ਡਰਨਾ ਛੱਡ ਦਿਤਾ ਸੀ। ਪਿੰਡ ਵਿਚ ਕੋਈ ਵੱਡਾ ਛੋਟਾ ਜਾਂ ਤਾਕਤਵਰ ਕਮਜ਼ੋਰ ਨਹੀਂ ਸੀ। ਇਥੇ ਅਮੀਰ ਗਰੀਬ ਸਾਰੇ ਉਸ ਨੂੰ ਪਰ-ਅਧੀਨ ਹੀ ਦਿਸਦੇ। ਉਹ ਹੁਣ ਜ਼ਿਮੀਂਦਾਰਾਂ ਨਾਲ ਮੰਜੀ ਤੇ ਬੈਠਣ ਲੱਗ ਪਿਆ ਸੀ। ਤੇ ਇਕ ਦਿਨ ਜਦ ਪਿੰਡ ਵਿਚ ਬਾਜ਼ੀਗਰਾਂ ਨੇ ਬਾਜ਼ੀ ਪਾਣੀ ਸੀ ਤਾਂ ਉਸ ਨੇ ਭਰੇ ਪਰ੍ਹੇ ਵਿਚ ਇਹ ਕਹਿ ਦਿਤਾ ਸੀ ਕਿ ਭਾਵੇਂ ਕੋਈ ਜ਼ਿਮੀਦਾਰ ਹੋਵੇ ਭਾਵੇਂ ਕੰਮੀ, ਉਸ ਦੀ ਜਿਥੇ ਮਰਜ਼ੀ ਹੋਵੇ ਮੰਜੀ ਡਾਹ ਕੇ ਬਾਜ਼ੀ ਵੇਖੇ। ਬਾਜ਼ੀ ਪੈਂਦੀ ਤੇ ਕਿਸੇ ਦੀ ਮੰਜੀ ਚੁਕਾਈ ਨਾ ਜਾਵੇ ਤੇ ਜ਼ਿਮੀਂਦਾਰਾਂ ਨੇ ਇਹ ਕਹਿ ਕੇ ਉਸ ਦੀ ਗੱਲ ਮੰਨ ਲਈ ਸੀ ਕਿ ਬਾਜ਼ੀ ਸਾਰੇ ਪਿੰਡ ਦੇ ਵੇਖਣ ਲਈ ਪੈਣੀ ਏ, ਤੇ ਪੈਸੇ ਕਿਸੇ ਨੇ ਆਪਣੀ ਮਰਜ਼ੀ ਨਾਲ ਤੇ ਸੋਭਾ ਲਈ ਦੇਣੇ ਨੇ। ਕਿਸੇ ਦੀ ਮੰਜੀ ਚੁਕਾਣ ਦਾ ਕਿਸੇ ਨੂੰ ਕੋਈ ਹੱਕ ਨਹੀਂ, ਇਹ ਮਾੜਾ ਕੰਮ ਹੈ।

ਇਹ ਸਾਰਾ ਅਸਰ ਭੂਪਿੰਦਰ ਸਿੰਘ ਦੇ ਪਰਚਾਰ ਦਾ ਸੀ। ਉਨ੍ਹਾਂ ਦੀ ਪਰਅਧੀਨਤਾ ਕਰ ਕੇ ਕਰਮੇ ਨੂੰ ਸਾਰੇ ਲੋਕਾਂ ਨਾਲ ਕੁਝ ਹਮਦਰਦੀ ਜਿਹੀ ਹੋ ਗਈ ਸੀ ਤੇ ਇਸ ਲਈ ਉਸ ਤੋਂ ਉਨ੍ਹਾਂ ਦਾ ਡਰ ਲਹਿ ਗਿਆ ਸੀ। ‘‘ਇਸ ਵੇਲੇ ਸਾਡੀ ਕਿਸੇ ਦੀ ਕੋਈ ਹਸਤੀ ਨਹੀਂ’’, ਭੂਪਿੰਦਰ ਸਿੰਘ ਉਸ ਨੂੰ ਦੱਸਦਾ, ‘‘ਸਾਡਾ ਕੋਈ ਕ੍ਰੋੜਪਤੀ ਕਿਸੇ ਆਜ਼ਾਦ ਮੁਲਕ ਦੇ ਇਕ ਗਰੀਬ ਆਦਮੀ ਦੇ ਬਰਾਬਰ ਨਹੀਂ ਤੁਲ ਸਕਦਾ।’’ ਆਪਣੀ ਇਸ ਗੱਲ ਦੀ ਪੁਸ਼ਟੀ ਲਈ ਉਹ ਇਕ ਘਟਨਾ ਸੁਣਾਂਦਾ ਹੁੰਦਾ। ‘ਕਹਿੰਦੇ ਨੇ ਬੰਬਈ ਦੇ ਇਕ ਸਮੁੰਦਰੀ ਜਹਾਜ਼ ਬਨਾਣ ਦੇ ਕਾਰਖ਼ਾਨੇ ਦਾ ਮਾਲਕ ਵਲਾਇਤ ਗਿਆ। ਉਥੇ ਉਸ ਦੇ ਕਾਰਖ਼ਾਨੇ ਤੇ ਦੌਲਤ ਬਾਰੇ ਬਹੁਤ ਕਹਾਣੀਆਂ ਚੱਲੀਆਂ। ਲੋਕੀਂ ਉਸ ਨੂੰ ਪੁਛਦੇ ਸਨ ਕਿ ਤੇਰੇ ਕੋਲ ਕਿੰਨਾ ਕੁ ਰੁਪਿਆ ਹੈ?’’ ਬਜਾਇ ਇਸ ਦੇ ਉਹ ਆਪਣੇ ਰੁਪਏ ਦੇ ਹਿਸਾਬ ਕਿਤਾਬ ਵਿਚ ਪੈਂਦਾ ਤੇ ਵਲਾਇਤ ਦੇ ਕਾਰਖਾਨੇ ਵਾਲਿਆਂ ਨਾਲ ਆਪਣਾ ਮੁਕਾਬਲਾ ਕਰਦਾ, ਉਸ ਨੇ ਸਿੱਧਾ ਕਿਹਾ ‘‘ਇਕ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ। ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ। ਮੈਂ ਪੂਰਾ ਆਦਮੀ ਹੀ ਨਹੀਂ ਹਾਂ।’’
ਅਖ਼ੀਰ ਇਸ ਪਿੰਡ ਦੀਆਂ ਤੇ ਹੋਰਨਾਂ ਲੱਖਾਂ ਪਿੰਡਾਂ ਤੇ ਸ਼ਹਿਰਾਂ ਦੀਆਂ ਸੱਧਰਾਂ ਰੰਗ ਲਿਆਈਆਂ ਤੇ ਦੇਸ਼ ਆਜ਼ਾਦ ਹੋ ਗਿਆ। ਸਾਰੇ ਹਿੰਦੁਸਤਾਨੀ ਆਜ਼ਾਦ ਹੋ ਗਏ। ਸਰਦਾਰ ਭੂਪਿੰਦਰ ਦੇ ਨਾਲ ਕਰਮਾ ਵੀ ਆਜ਼ਾਦ ਹੋ ਗਿਆ।

ਆਜ਼ਾਦ ਹੋ ਕੇ ਵੀ ਉਹ ਕਿਸੇ ਤਰ੍ਹਾਂ ਹਿੱਸੇ ਤੇ ਲਈ ਹੋਈ ਜ਼ਮੀਨ ਵਿਚ ਵਾਹੀ ਕਰੀ ਗਿਆ। ਪਰ ਉਸ ਦੀ ਸੂਝ ਬੂਝ ਤੇ ਸਵੈਮਾਣ ਵਧ ਰਿਹਾ ਸੀ।
ਇਕ ਦਿਨ ਪਿੰਡ ਵਿਚ ਖੇਤੀਬਾੜੀ ਮਹਿਕਮੇ ਦੇ ਕੁਝ ਕਰਮਚਾਰੀ ਆਏ। ਉਹ ਲੋਕਾਂ ਨੂੰ ਸਾਂਝੀ ਖੇਤੀ ਵਲ ਪਰੇਰਨ ਲਈ ਆਏ ਹਨ। ਉਹ ਇਹ ਚਾਹੁੰਦੇ ਸਨ ਕਿ ਕਰਮੇ ਦਾ ਸਾਰਾ ਪਿੰਡ ਮਿਲ ਕੇ ਇਕੱਠੀ ਵਾਹੀ ਕਰੇ। ਪਿੰਡ ਦੀ ਹਵੇਲੀ ਵਿਚ ਇਕੱਠੇ ਹੋਏ ਆਦਮੀਆਂ ਨੂੰ ਉਨ੍ਹਾਂ ਆਪਣੀਆਂ ਗੱਲਾਂ ਬਾਤਾਂ ਦੱਸੀਆਂ। ‘‘ਖੇਤੀ ਦੇ ਪਰਚੱਲਤ ਤਰੀਕਿਆਂ ਨਾਲ ਤੁਹਾਡੀ ਹਾਲਤ ਵਿਚ ਬਹੁਤੀ ਤਰੱਕੀ ਦੀ ਉਮੀਦ ਨਹੀਂ ਹੋ ਸਕਦੀ।’’ ਉਨ੍ਹਾਂ ਸਮਝਾਇਆ, ‘‘ਹੁਣ ਤੇ ਨਵੀਆਂ ਲੀਹਾਂ ਤੇ ਚਲਿਆਂ ਹੀ ਕੁਝ ਪੈਰ ਅਗੇ ਨੂੰ ਜਾ ਸਕਦਾ ਹੈ। ਪਿੰਡ ਦੀ ਸਾਰੀ ਜ਼ਮੀਨ ਨੂੰ ਤੁਸੀਂ ਇਕੱਠਾ ਕਰ ਕੇ ਇਕੋ ਹੀ ਫ਼ਾਰਮ ਬਣਾ ਦਿਓ। ਇਸ ਤਰ੍ਹਾਂ ਤੁਹਾਨੂੰ ਖੇਤੀ ਦੇ ਨਵੀਨ ਤਰੀਕੇ ਚਲਾਉਣ ਲਈ ਮੁਨਾਸਬ ਰਕਬਾ ਮਿਲ ਜਾਏਗਾ। ਅੱਜ ਕਲ੍ਹ ਦੇ ਤਰੀਕੇ ਵਿਚ ਫ਼ਾਰਮ ਛੋਟੀ ਹੋਣ ਦੇ ਇਲਾਵਾ ਇਕ ਘਾਟਾ ਇਹ ਹੈ ਕਿ ਜੋ ਜ਼ਮੀਨ ਦਾ ਮਾਲਕ ਹੈ ਉਹੀ ਉਸ ਵਿਚ ਖੇਤੀ ਉਗਾਉਣ ਦਾ ਬੰਦੋਬਸਤ ਕਰਦਾ ਹੈ। ਪਰ ਇਹ ਜ਼ਰੂਰੀ ਨਹੀਂ ਕਿ ਮਾਲਕ ਵਿਚ ਜ਼ਮੀਨ ਤੋਂ ਵੱਧ ਲਾਭ ਉਠਾਉਣ ਦੀ ਅਕਲ ਹੋਵੇ। ਸਾਂਝੀਵਾਲਤਾ ਨਾਲ ਮਾਲਕ ਤੇ ਮੈਨੇਜਰ ਹੋਰ ਹੋਰ ਹੋ ਜਾਂਦੇ ਹਨ ਤੇ ਇਸ ਤਰ੍ਹਾਂ ਯੋਗ ਕੰਮ ਯੋਗ ਆਦਮੀਆਂ ਦੇ ਹੱਥ ਸੌਂਪਿਆ ਜਾਂਦਾ ਹੈ।’’ ਤੇ ਅਖੀਰ ਵਧੇਰੇ ਦਲੇਰੀ ਦਿੰਦਿਆਂ ਉਨ੍ਹਾਂ ਕਿਹਾ, ‘‘ਇਹ ਅਸੀਂ ਮੰਨਦੇ ਹਾਂ ਕਿ ਇਸ ਕੰਮ ਦੇ ਅਰੰਭ ਵਿਚ ਤੁਹਾਨੂੰ ਔਕੜਾਂ ਆਉਣਗੀਆਂ ਪਰ ਜਦੋਂ ਜ਼ਮੀਨ ਦੀ ਉਪਜ ਵਧੇਗੀ ਤਾਂ ਬਹੁਤ ਸਾਰੀਆਂ ਔਕੜਾਂ ਆਪੇ ਹੀ ਹੱਲ ਹੋ ਜਾਣਗੀਆਂ।’’

ਤੇ ਫਿਰ ਉਨ੍ਹਾਂ ਕੁਝ ਹੋਰ ਗੱਲਾਂਬਾਤਾਂ ਦੱਸੀਆਂ, ਉਸ ਪਿੰਡ ਦੀ ਭੋਇੰ ਲਈ ਕਪਾਹ ਦਾ ਕਿਹੜਾ ਬੀਜ ਚੰਗਾ ਸੀ ਤੇ ਕਣਕ ਦਾ ਕਿਹੜਾ। ਉਨ੍ਹਾਂ ਦੀ ਨਹਿਰ ਕਦੋਂ ਬੰਦ ਹੋ ਜਾਏਗੀ ਤੇ ਉਸ ਵਿਚ ਫਿਰ ਕਦੋਂ ਪਾਣੀ ਆਵੇਗਾ। ਕਿਸ ਕਿਸ ਦਾ ਨਹਿਰੀ ਮੁਆਮਲਾ ਖ਼ਰਾਬੇ ਕਰਕੇ ਮੁਆਫ਼ ਹੋ ਗਿਆ ਹੈ ਤੇ ਕਿਸ ਕਿਸ ਦਾ ਨਹੀਂ ਹੋਇਆ।

ਆਪਣਾ ਕੰਮ ਖ਼ਤਮ ਕਰਕੇ ਕਰਮਚਾਰੀ ਵਾਪਸ ਟੁਰ ਪਏ। ਰਸਤੇ ਵਿਚ ਕਰਮਾ ਤੇ ਦੋ ਹੋਰ ਮੁਜ਼ਾਰੇ ਗਲੀ ਵਿਚ ਇਕ ਪਾਸੇ ਲੱਕੜਾਂ ਤੇ ਬੈਠੇ ਸਨ। ਜ਼ਿਮੀਂਦਾਰ ਦਾ ਉੱਚਾ ਮਕਾਨ ਗਲੀ ਵਿਚ ਉਨ੍ਹਾਂ ਉਤੇ ਛਾਂ ਕਰ ਰਿਹਾ ਸੀ। ਓਪਰੇ ਆਦਮੀ ਪਿੰਡ ਵਿਚ ਵੇਖ ਕੇ ਉਨ੍ਹਾਂ ਨੂੰ ਨਿਮਸਕਾਰ ਕੀਤੀ। ਕਰਮਚਾਰੀ ਵੀ ਉਨ੍ਹਾਂ ਕੋਲ ਆ ਕੇ ਖੜੇ ਹੋ ਗਏ। ਕਰਮਾ ਉਨ੍ਹਾਂ ਨੂੰ ਜਾਣਦਾ ਨਹੀਂ ਸੀ ਪਰ ਓਪਰੇ ਆਦਮੀ ਹੋਣ ਕਰਕੇ ਉਨ੍ਹਾਂ ਨੂੰ ਜਾਨਣ ਦਾ ਚਾਹਵਾਨ ਜ਼ਰੂਰ ਸੀ।

‘‘ਕੋਈ ਲੱਸੀ ਪਾਣੀ ਲਿਆਈਏ’’ ਉਸ ਨੇ ਗੱਲ ਛੇੜਨ ਲਈ ਕਿਹਾ।
‘‘ਨਹੀਂ ਕੋਈ ਤ੍ਰੇਹ ਨਹੀਂ, ਹੁਣੇ ਹੀ ਏਥੋਂ ਪੀਤੀ ਏ।’’
‘‘ਏਥੋਂ ਕਿਥੋਂ? ਕਿਨ੍ਹਾਂ ਵੱਲ ਆਏ ਸਾਓ?’’
ਕਿਸੇ ਇਕ ਵੱਲ ਤੇ ਖ਼ਾਸ ਨਹੀਂ ਸਾਂ ਆਏ, ਸਾਰਿਆਂ ਵੱਲ ਹੀ ਆਏ ਸਾਂ। ਅਸੀਂ ਸਰਕਾਰ ਦੇ ਖੇਤੀਬਾੜੀ ਦੇ ਮਹਿਕਮੇ ਦੇ ਕਰਮਚਾਰੀ ਆਂ। ਇਥੇ ਗੱਲਾਂ ਬਾਤਾਂ ਦੱਸਣ ਆਏ ਸੀ।’’
‘‘ਸਾਨੂੰ ਵੀ ਕੁਝ ਦੱਸੀ ਜਾਓ, ਅਸੀਂ ਵੀ ਤਿੰਨੇ ਵਾਹੀ ਕਰਨੇ ਆਂ। ਹਿੱਸੇ ਤੇ ਲੈ ਕੇ ਭੋਇੰ ਵਾਹਨੇ ਆਂ।’’
‘‘ਦੱਸਣ ਤੋਂ ਤੇ ਸਾਡੀ ਕੋਈ ਨਾਂਹ ਨਹੀਂ, ਦੱਸਣ ਲਈ ਹੀ ਇਥੇ ਆਏ ਸਾਂ। ਪਰ ਅਸੀਂ ਤੇ ਪਿੰਡ ਦੀ ਵਾਹੀ ਸਾਂਝੀ ਕਰਨ ਦੀਆਂ ਗੱਲਾਂ ਕਰਦੇ ਆਏ ਆਂ ਤੇ ਇਹ ਗੱਲਾਂ ਮੁਜ਼ਾਰਿਆਂ ਦੇ ਕੰਮ ਦੀਆਂ ਨਹੀਂ। ਇਹ ਤੇ ਠੀਕ ਹੈ ਕਿ ਭੋਇੰ ਤੁਹਾਡੇ ਕਬਜ਼ੇ ਵਿਚ ਹੁੰਦੀ ਹੈ ਤੇ ਤੁਹਾਡੇ ਨਾਲ ਮਿਲ ਕੇ ਹੀ ਆਪਣਾ ਰੰਗ ਦਿਖਾਂਦੀ ਹੈ ਪਰ ਤੁਸੀਂ ਆਪਣੇ ਆਪ ਸਾਂਝੀ ਵਾਹੀ ਦਾ ਸਿਲਸਿਲਾ ਤਾਂ ਨਹੀਂ ਨਾ ਚਲਾ ਸਕਦੇ। ਹੋਰ ਗੱਲਾਂ ਅਸਾਂ ਬੀਆਂ ਦੀਆਂ ਦੱਸੀਆਂ ਨੇ। ਭੋਇੰ ਤੇ ਭਾਵੇਂ ਤੁਸੀਂ ਤਿਆਰ ਕਰਦੇ ਹੋ ਪਰ ਬੀ ਤੇ ਮਾਲਕ ਹੀ ਖ਼ਰੀਦ ਕੇ ਦੇਵੇਗਾ। ਤੇ ਮੁਆਮਲਾ ਵੀ ਮਾਲਕ ਹੀ ਤਾਰੇਗਾ। ਜੋ ਕੁਝ ਅਸਾਂ ਉਥੇ ਦੱਸਿਆਂ ਏ ਉਹ ਸਾਰਾ ਇਨ੍ਹਾਂ ਗੱਲਾਂ ਬਾਰੇ ਹੀ ਸੀ।’’
‘‘ਹੂੰ…. ਠੀਕ’’ ਕਰਮੇ ਨੇ ਇਕ ਲੰਮਾ ਸਾਹ ਲੈ ਕੇ ਦੋ ਅੱਖਰ ਠਹਿਰ ਠਹਿਰ ਕੇ ਮੂੰਹੋਂ ਕਢੇ ਤੇ ਨਾਲ ਹੀ ਆਪਣੇ ਸਿਰ ਨੂੰ ਉਤਾਂਹ ਤੋਂ ਹੇਠਾਂ ਵਲ ਹੌਲੀ ਹੌਲੀ ਦੋ ਤਿੰਨ ਵਾਰ ਹਲਾਇਆ ਤੇ ਇਸ ਤਰ੍ਹਾਂ ਮੁਲਾਕਾਤ ਖ਼ਤਮ ਕਰ ਦਿਤੀ।

ਕਰਮਚਾਰੀ ਖ਼ੁਸ਼ ਸਨ ਕਿ ਉਨ੍ਹਾਂ ਨੇ ਇੰਨੀ ਛੇਤੀ ਆਪਣੀ ਗੱਲ ਸਮਝਾ ਲਈ ਹੈ ਪਰ ਕਰਮੇ ਦਾ ਮਨ ਕਿਸੇ ਹੋਰ ਪਾਸੇ ਤੁਰ ਪਿਆ ਸੀ। ਆਜ਼ਾਦੀ ਪਿਛੋਂ ਕਰਮੇ ਨੂੰ ਸੌ ਤਰ੍ਹਾਂ ਦੇ ਹੱਕ ਸਹੂਲਤਾਂ ਦਿੱਤੀਆਂ ਗਈਆਂ ਸਨ। ਪਰ ਧਰਤੀ ਦੇ ਜਿਸ ਟੁਕੜੇ ਨੂੰ ਉਹ ਹਰ ਵੇਲੇ ਬਣਾਂਦਾ ਸੰਵਾਰਦਾ ਰਹਿੰਦਾ ਸੀ, ਜਿਸ ਵਿਚ ਉਗੇ ਦਰਖ਼ਤਾਂ ਦੀਆਂ ਟਹਿਣੀਆਂ ਉਹ ਘਰ ਬੈਠਾ ਗਿਣ ਸਕਦਾ ਸੀ, ਜਿਸ ਦੀ ਕਿਸੇ ਵੱਟ ਦਾ ਕੋਈ ਡਿੰਗ ਉਸ ਦੀ ਅੱਖ ਵਿਚ ਰੜਕਦਾ ਰਹਿੰਦਾ ਸੀ, ਜਿਸ ਦੇ ਉਚੇ ਨੀਵੇਂ ਥਾਂ ਉਸ ਨੂੰ ਇਸ ਤਰ੍ਹਾਂ ਚੁਭਦੇ ਸਨ ਜਿਵੇਂ ਕਿਸੇ ਸ਼ੁਕੀਨ ਆਦਮੀ ਦੇ ਕੱਪੜੇ ਤੇ ਦਾਗ਼, ਉਸ ਧਰਤੀ ਤੇ ਉਸ ਦਾ ਕੋਈ ਵੀ ਹੱਕ ਨਹੀਂ ਸੀ।

ਜਹਾਜ਼ਾਂ ਦੇ ਕਾਰਖ਼ਾਨੇ ਦੇ ਮਾਲਕ ਦੀ ਜਿਹੜੀ ਗੱਲ ਭੂਪਿੰਦਰ ਸਿੰਘ ਨੇ ਦੱਸੀ ਸੀ, ਉਹ ਉਸ ਨੂੰ ਯਾਦ ਆ ਰਹੀ ਸੀ। ਇਕ ਅਸਵਤੰਤਰ ਆਦਮੀ ਕੋਲ ਮਾਇਆ ਹੋਣ ਦੇ ਵੀ ਕੁਝ ਅਰਥ ਨਹੀਂ। ਮੈਂ ਤੇ ਆਪਣੇ ਘਰ ਦਾ ਵੀ ਮਾਲਕ ਨਹੀਂ, ਮੈਂ ਪੂਰਾ ਆਦਮੀ ਨਹੀਂ ਹਾਂ।’’ ਕਰਮੇ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਭੂਪਿੰਦਰ ਸਿੰਘ ਦੀ ਦੱਸੀ ਹੋਈ ਆਜ਼ਾਦੀ ਵਿਚ ਉਸ ਲਈ ਅਜੇ ਕਸਰ ਸੀ। ਜਹਾਜ਼ਾਂ ਦੇ ਕਾਰਖ਼ਾਨੇ ਦੇ ਮਾਲਕ ਵਾਂਗ ਉਹ ਅਜੇ ਪੂਰਾ ਆਦਮੀ ਨਹੀਂ ਸੀ ਬਣਿਆ, ਪੌਣਾ ਹੀ ਸੀ।

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ