Pee Lia Main Zindagi Da Sara Mahura (Punjabi Story) : Gurbakhsh Singh Preetlari

ਪੀ ਲਿਆ ਮੈਂ ਜ਼ਿੰਦਗੀ ਦਾ ਸਾਰਾ ਮਹੁਰਾ (ਕਹਾਣੀ) : ਗੁਰਬਖ਼ਸ਼ ਸਿੰਘ ਪ੍ਰੀਤਲੜੀ

"ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ।
ਮਿਤਰ ਪਿਆਰੇ ਨੂੰ…"
ਉਪਰਲੀਆਂ ਤੁਕਾਂ, ਪਿੰਡੋਂ ਥੋੜ੍ਹੀ ਹੀ ਵਾਟ ਉਤੇ, ਤੋਰੀਏ ਦੀ ਫੁੱਲੀ ਪੈਲੀ ਕੰਢੇ, ਇਕ ਚਿੱਟੀ ਦਾੜ੍ਹੀ ਵਾਲੇ ਬਜ਼ੁਰਗ ਨਾਲ ਖਲੋਤੇ ਗੱਭਰੂ ਨੇ, ਬੜੀ ਉੱਚੀ, ਪਰ ਅਰਮਾਨਾਂ ਭਰੀ ਹੇਕ ਵਿਚ ਗਾਂਵੀਆਂ ਤੇ ਉਹ ਡੁੱਬਦੇ ਸੂਰਜ ਹੇਠਾਂ ਮਘਦੇ ਪੁਲਾੜ ਦੀ ਸੁਨਹਿਰੀ ਖ਼ਾਮੋਸ਼ੀ ਵਿਚ ਖਿੱਲਰ ਗਈਆਂ।
"ਜੇ ਮੇਰੀ ਆਵਾਜ਼ ਦਾ ਇਕ ਲਫ਼ਜ਼ ਵੀ ਸੁੰਦਰਾਂ ਦੇ ਕੰਨੀਂ ਪੈ ਗਿਆ, ਤਾਂ ਭਾਵੇਂ ਕੀਕਰ ਕਰੇ, ਜ਼ਰੂਰ ਕਿਤੋਂ ਨਾ ਕਿਤੋਂ ਉਹ ਕੋਈ ਸੈਨਤ ਸੁੱਟੇਗੀ।" ਗੱਭਰੂ ਨੇ ਆਪਣੇ ਬਜ਼ੁਰਗ ਸਾਥੀ ਨੂੰ ਆਖਿਆ, "ਤੇ ਤੁਸੀਂ ਏਥੇ ਖੜੋਤੇ ਚਵ੍ਹੀਂ ਪਾਸੇ ਝਾਕ ਰੱਖੋ — ਮੈਂ ਘਰਾਂ, ਕੋਠਿਆਂ ਦੇ ਕੋਲੋਂ ਦੀ ਸੱਦ ਮਾਰ ਕੇ ਤੁਹਾਡੇ ਕੋਲ ਆ ਜਾਵਾਂਗਾ।"
ਸਾਹਮਣੇ ਦੋ ਕੁ ਪੈਲੀਆਂ ਦੀ ਵਿੱਥ ਉਤੇ ਇਕੱਲੇ ਕੋਠੇ ਦਾ ਬੂਹਾ ਸਿੱਧੀਆਂ ਕਿਰਨਾਂ ਹੇਠਾਂ ਲਿਸ਼ਕ ਰਿਹਾ ਸੀ। ਸੱਜੇ ਪਾਸਿਓਂ ਇਕ ਗੱਡ ਸੰਝ ਦੇ ਅਮਨ ਵਿਚ ਰਵਾਂ-ਰਵੀਂ ਤੁਰੀ ਆ ਰਹੀ ਸੀ।
'ਯਾਰੜੇ ਦੇ ਸੱਥਰ' ਦੀ ਸੱਦ ਦੋ-ਤਿੰਨ ਵਾਰੀ ਬਜ਼ੁਰਗ ਦੇ ਕੰਨੀਂ ਪਈ — ਤੇ ਬਜ਼ੁਰਗ-ਅੱਖਾਂ ਸਾਹਮਣੇ ਇਕੱਲੇ ਕੋਠੇ ਵੱਲ ਤੱਕ ਰਹੀਆਂ ਸਨ।
ਸੂਰਜ ਲਹਿ ਗਿਆ। ਲਾਲੀ ਘਟ ਗਈ। ਕੋਠੇ ਦਾ ਬੂਹਾ ਖੁੱਲ੍ਹਿਆ। ਅੰਦਰੋਂ ਇਕ ਆਦਮੀ ਦਲ੍ਹੀਜ਼ਾਂ 'ਤੇ ਆ ਖਲੋਤਾ — ਫੇਰ ਇਕ ਇਸਤ੍ਰੀ — ਦੋਹਾਂ ਕੁਝ ਗੱਲ ਕੀਤੀ, ਆਦਮੀ ਨੇ ਸਿਰ ਹਿਲਾਇਆ। ਇਸਤ੍ਰੀ ਕੋਠੇ 'ਚੋਂ ਬਾਹਰ ਆਈ, ਇਕੱਲੀ ਅਗਾਂਹ ਤੁਰੀ, ਆਦਮੀ ਉਹਦੇ ਵੱਲ ਤੱਕਦਾ ਰਿਹਾ। ਅੱਧੀ ਪੈਲੀ ਦਾ ਫ਼ਾਸਲਾ ਤੁਰ ਕੇ ਉਹ ਬਹਿ ਗਈ। ਉਹ ਆਦਮੀ ਕੋਠੇ ਅੰਦਰ ਵੜ ਗਿਆ। ਇਸਤ੍ਰੀ ਨੇ ਭੌਂ ਕੇ ਤੱਕਿਆ ਤੇ ਇਕਦਮ ਛੂਟ ਮਾਰ ਕੇ ਉਹ ਤੋਰੀਏ ਦੀ ਪੈਲੀ ਵੱਲ ਦੌੜੀ। ਕੋਠੇ ਵਿਚਲਾ ਆਦਮੀ ਵੀ ਮਗਰੇ ਦੌੜਿਆ, ਪਰ ਉਹਦੇ ਤੋਂ ਪਹਿਲਾਂ ਇਸਤ੍ਰੀ ਨੇ ਬਜ਼ੁਰਗ ਦੀਆਂ ਲੱਤਾਂ ਨੂੰ ਘੁੱਟ ਕੇ ਜੱਫੀ ਪਾ ਲਈ। ਦੌੜੇ ਆਏ ਆਦਮੀ ਨੇ ਇਸਤ੍ਰੀ ਨੂੰ ਲੱਕੋਂ ਫੜ ਕੇ ਖਿੱਚਣਾ ਚਾਹਿਆ।
"ਇਹਨੂੰ ਛੱਡ ਕੇ ਤੁਸੀਂ ਮੇਰੇ ਨਾਲ ਗੱਲ ਕਰੋ — ਵੇਖੋ — ਮੈਨੂੰ ਡੇਗੋ ਨਾ — ਏਸ ਏਥੋਂ ਨੱਠ ਕੇ ਕਿਤੇ ਜਾਣਾ ਨਹੀਂ — ਤੁਸੀਂ ਠਰੰ੍ਹਮੇ ਨਾਲ ਗੱਲ ਕਰੋ!" ਬਜ਼ੁਰਗ ਨੇ ਤਕੜੀ ਆਵਾਜ਼ ਵਿਚ ਆਖਿਆ।
ਉਹਦੀ ਬਜ਼ੁਰਗੀ ਦਾ ਕੁਝ ਲਿਹਾਜ਼ ਆ ਹੀ ਗਿਆ ਤੇ ਇਸਤ੍ਰੀ ਨੂੰ ਛੱਡ ਕੇ ਉਹ ਬੋਲਿਆ :
"ਤੁਸੀਂ ਬਜ਼ੁਰਗੋ, ਕਿਉਂ ਵਿਚ ਆਉਂਦੇ ਹੋ — ਇਹ ਮੇਰੀ ਆਪਣੀ ਜ਼ਨਾਨੀ ਏ। ਦੋ ਵਾਰੀ ਪਹਿਲਾਂ ਇਹ ਨੱਠ ਗਈ ਸੀ — ਇਹਨੂੰ ਸਿੱਧਿਆਂ ਕਰਨ ਲਈ ਮੈਂ ਵੇਲਣੇ ਵਿਚ ਡੱਕਿਆ ਹੋਇਆ ਸੀ — ਮੈਂ ਜਾਣਾਂ, ਇਹ ਜਾਣੇਂ!"
"ਬਿਲਕੁਲ ਝੂਠ — ਮੈਂ ਇਹਦੀ ਕੁਝ ਨਹੀਂ ਲੱਗਦੀ — ਮੈਂ ਆਪਣੇ ਆਦਮੀ ਨਾਲ ਰਾਹ 'ਤੇ ਪਈ ਜਾਂਦੀ ਸਾਂ, ਉਹਨੂੰ ਪਤਾ ਨਹੀਂ ਇਨ੍ਹਾਂ ਕਸਾਈਆਂ ਨੇ ਕੀ ਕੀਤਾ — ਮੈਨੂੰ ਇਹ ਏਥੇ ਲੈ ਆਏ ਤੇ ਏਸ ਕੋਠੇ ਅੰਦਰ ਜੋ ਇਹਨੇ ਤੇ ਇਹਦੇ ਸਾਥੀਆਂ ਨੇ ਮੇਰੇ ਨਾਲ ਕੀਤਾ, ਮੇਰੀ ਜ਼ਬਾਨੋਂ ਨਹੀਂ ਨਿਕਲਦਾ — ਮੈਂ ਮਰ ਚਲੀ ਸਾਂ — ਮੇਰੇ ਕੰਨਾਂ ਵਿਚ ਕੋਈ ਚੰਗੀ ਵਾਜ ਆਈ — ਪਸ਼ਾਬ ਦਾ ਪੱਜ ਲਾਇਆ — ਤੁਸੀਂ ਮੈਨੂੰ ਦਿਸੇ — ਪਤਾ ਨਹੀਂ ਕਿਥੋਂ ਮੇਰੀਆਂ ਟੁੱਟੀਆਂ-ਖੁੱਸੀਆਂ ਲੱਤਾਂ ਵਿਚ ਹਨੇਰ ਦਾ ਜ਼ੋਰ ਆ ਗਿਆ — ਮੈਂ ਇਹਦੇ ਨਾਲੋਂ ਪਹਿਲਾਂ ਤੁਹਾਡੇ ਤਕ ਪਹੁੰਚ ਗਈ।" ਇਸਤ੍ਰੀ ਨੇ ਬਜ਼ੁਰਗ ਦੀਆਂ ਲੱਤਾਂ ਦੁਆਲੇ ਜੱਫੀ ਹੋਰ ਪੀਡੀ ਕਰ ਲਈ।
ਆਦਮੀ ਨੇ ਇਸਤ੍ਰੀ ਦੀ ਗੁੱਤ ਫੜ ਕੇ ਜ਼ੋਰ ਨਾਲ ਖਿੱਚੀ ਤੇ ਗਾਲ੍ਹਾਂ ਕੱਢੀਆਂ। ਇਸਤ੍ਰੀ ਨੇ ਚੀਕ ਮਾਰੀ। ਬਜ਼ੁਰਗ ਨੇ ਦੋਹਾਂ ਹੱਥਾਂ ਨਾਲ ਜਵਾਨ ਨੂੰ ਹਟਕਿਆ। ਏਨੇ ਨੂੰ ਗੱਡ ਨੇੜੇ ਆ ਖਲੋਤੀ। ਉਤੋਂ ਦੋ ਆਦਮੀ ਉਤਰ ਆਏ।
"ਇਹ ਕੌਣ ਏ ਜੋਰਾਵਰ ਸਿਅ੍ਹਾਂ?" ਇਕ ਨੇ ਪੁੱਛਿਆ।
"ਕੋਈ ਹੋਊ— ਤੈਨੂੰ ਕੀ? ਜਾ ਵਗ ਜਾ ਤੂੰ ਆਪਣੇ ਰਾਹ," ਉਸ ਨੇ ਆਕੜ ਕੇ ਉੱਤਰ ਦਿੱਤਾ।
"ਨਹੀਂ ਭਰਾਵੋ — ਤੁਸੀਂ ਜਾਣਾ ਨਾ — ਤੁਸੀਂ ਏਸੇ ਪਿੰਡ ਦੇ ਹੋ?" ਬਜ਼ੁਰਗ ਨੇ ਤਰਲਾ ਕੀਤਾ।
"ਹਾਂ ਤੇ ਬਜ਼ੁਰਗਾ ਏਸੇ ਪਿੰਡ ਦੇ — ਪਰ ਜੱਟਾਂ ਦੇ ਸਾਨੀ ਨਹੀਂ — ਆਥੜੀ ਹਾਂ — ਏਸ ਕੁੜੀ ਨਾਲ ਕੋਈ ਹਨੇਰ ਈ ਹੋਇਆ ਜਾਪਦਾ ਏ!"
ਲੱਤਾਂ ਨਾਲ ਚੰਬੜੀ ਇਸਤ੍ਰੀ ਨੇ ਹਾੜੇ ਕੱਢੇ:
"ਮੈਨੂੰ ਬਚਾਅ ਲਓ — ਏਸ ਰਾਖ਼ਸ਼ ਨਾਲ ਨਾ ਤੋਰ ਦੇਣਾ।"
ਬਜ਼ੁਰਗ ਦੇ ਬਾਰ-ਬਾਰ ਕਹਿਣ ਉਤੇ ਆਦਮੀ ਨੇ ਉਹਦੀ ਗੁੱਤ ਛੱਡ ਦਿੱਤੀ। ਬਜ਼ੁਰਗ ਨੇ ਇਸਤ੍ਰੀ ਦੇ ਮੱਥੇ ਉਤੇ ਹੱਥ ਫੇਰਿਆ।
"ਹੈਂ, ਤੇਰਾ ਮੱਥਾ ਤਾਂ ਭੁੱਜਦਾ ਪਿਆ ਏ!"
"ਪਰਸੋਂ ਰਾਤ ਦੀ ਮੈਂ ਏਸ ਕੋਠੇ ਵਿਚ ਕੈਦ ਹਾਂ — ਇਕ ਮਕਾਣ ਲਾਹਣ ਅਸੀਂ ਆਏ ਸਾਂ। ਮੇਰਾ ਆਦਮੀ ਤੇ ਮੈਂ — ਉਹ ਹੈ ਜ਼ਰਾ ਵਡੇਰੀ ਉਮਰ ਦਾ — ਰਾਤੀਂ ਗੁਰਦੁਆਰੇ ਵਿਚ ਠਹਿਰੇ। ਇਹ ਰਾਖ਼ਸ਼ ਆਇਆ — ਗ੍ਰੰਥੀ ਨਾਲ ਇਹਦੀਆ ਗੱਲਾਂ ਤੋਂ ਜਾਪਦਾ ਸੀ, ਇਹ ਰੋਜ਼ ਆਉਂਦਾ ਏ ਤੇ ਆਈ-ਗਈ ਜ਼ਨਾਨੀ ਦਾ ਪਤਾ ਰੱਖਦਾ ਏ। ਸਾਡੇ ਨਾਲ ਵੀ ਏਸ ਨੇ ਮੋਮੋਠੱਗਣੀਆਂ ਕੀਤੀਆਂ — ਪਰ ਮੈਂ ਇਸ ਨੂੰ ਮੂੰਹ ਨਾ ਲਾਇਆ — ਦੂਜੇ ਭਲਕ ਜਦੋਂ ਸਵੇਰੇ ਅਸੀਂ ਸੜਕ ਉਤੇ ਤੁਰੇ ਜਾ ਰਹੇ ਸਾਂ — ਕਮਾਦ ਵਿਚ ਢਾਹ ਲਿਆ ਤੇ ਮੈਨੂੰ ਖਿੱਚ-ਧੱਕ ਕੇ ਏਸ ਵੇਲਣੇ ਵਿਚ ਲੈ ਆਏ — ਤੇ ਮੇਰੇ ਨਾਲ…"
"ਤੇ ਤੇਰੇ ਨਾਲ — ਹਰਾਮਜ਼ਾਦੀ ਨਾ ਹੋਏ ਤਾਂ…" ਜ਼ੋਰਾਵਰ ਇਸਤ੍ਰੀ ਨੂੰ ਹੱਥ ਪਾਣ ਲੱਗਾ, ਦੋਵੇਂ ਗਾਡੀ ਵਿਚ ਆ ਖਲੋਤੇ।
"ਕਿਉਂ ਓਏ ... ...!" ਜ਼ੋਰਾਵਰ ਗੱਜਿਆ।
ਇਕ ਪਾਸਿਓਂ ਤਿੰਨ ਆਦਮੀ ਡਾਂਗਾਂ ਚੁੱਕੀ ਆਉਂਦੇ ਦਿਸੇ।
ਇਸਤ੍ਰੀ ਨੇ ਚੀਕਾਂ ਮਾਰੀਆਂ। ਸੰਝ ਵੇਲੇ ਹਾਲੀ ਤੇ ਵਾਗੀ ਡੰਗਰ ਨਾਲ ਪਿੰਡ ਮੁੜ ਰਹੇ ਸਨ। ਸ਼ੋਰ ਪੈ ਗਿਆ — ਲੋਕ ਇਕੱਠੇ ਹੋ ਗਏ। ਸੱਦ ਮਰਨ ਵਾਲਾ ਗੱਭਰੂ ਵੀ ਦੌੜਦਾ ਮੌਕੇ 'ਤੇ ਪਹੁੰਚ ਗਿਆ। ਜ਼ੋਰਾਵਰ ਦੇ ਡਾਂਗਾਂ ਵਾਲੇ ਸਾਥੀ ਕੁਝ ਘਬਰਾ ਗਏ, ਲੋਕਾਂ ਵਿਚ ਵੀ ਕਈਆਂ ਕੋਲ ਡਾਂਗਾਂ ਹੈ ਸਨ, ਤੇ ਹਵਾ ਵੀ ਜ਼ਾਲਮਾਂ ਦੇ ਖ਼ਿਲਾਫ਼ ਜਾਪਦੀ ਸੀ। ਇਸਤ੍ਰੀ ਬਜ਼ੁਰਗ ਨਾਲੋਂ ਲਹਿ ਕੇ ਸਿੱਧੀ ਖੜੋ ਗਈ ਤੇ ਭੀੜ ਵੇਖ ਕੇ ਉਹਦੀ ਜਾਨ ਵਿਚ ਕੁਝ ਜਾਨ ਆਈ। ਉਹ ਕਹਿਰ ਵਿਚ ਆ ਕੇ ਬੋਲੀ :
"ਚੰਗੇ ਲੋਕੋ — ਜਿਓਂ ਜਾਣਦੇ ਓ — ਮੈਨੂੰ ਏਸ ਰਾਖ਼ਸ਼ ਕੋਲੋਂ ਛੁਡਾਅ ਲਵੋ — ਏਸ ਤੇ ਇਹਦੇ ਸਾਥੀਆਂ ਨੇ ਮੇਰਾ ਸਰੀਰ ਤੁੰਬ ਸੁੱਟਿਆ ਜੇ — ਮੇਰੇ ਕੋਲੋਂ ਖਲੋਤਾ ਨਹੀਂ ਜਾਂਦਾ — ਵੇਲਣੇ ਅੰਦਰ ਜਾ ਕੇ ਵੇਖੋ — ਬੋਤਲਾਂ ਦਾ ਢੇਰ ਲੱਗਾ ਪਿਆ ਏ — ਪੀਂਦੇ ਰਹੇ ਤੇ ਮੈਨੂੰ ਤੋੜਦੇ ਰਹੇ ਨੇ…" ਤੇ ਓਸ ਅੱਖਾਂ ਅੱਗੇ ਹੱਥ ਧਰ ਲਏ — "ਕਿੰਨੀ ਵਾਰੀ ਮੈਂ ਬੇਸੁਰਤ ਹੋ ਗਈ ਪਰ ਇਨ੍ਹਾਂ ਨੇ ਮੇਰੀ ਬੇਸੁਰਤੀ ਦਾ ਵੀ ਲਿਹਾਜ਼ ਨਹੀਂ ਕੀਤਾ। ਮੂੰਹ ਮੇਰਾ ਇਨ੍ਹਾਂ ਵੱਢ ਖਾਧਾ ਏ। ਹਿੱਕ ਮੋਰੀ 'ਚੋਂ ਲਹੂ ਪਿਆ ਸਿੰਮਦਾ ਏ!"
"ਹਨੇਰ ਹੋ ਗਿਆ — ਯਾਰੋ — ਜ਼ੁਲਮ ਆ ਗਿਆ।" ਪਿੰਡ ਦੇ ਇਕ ਬਜ਼ੁਰਗ ਨੇ ਹਉਕਾ ਭਰ ਕੇ ਆਖਿਆ ਤੇ ਸੱਦ ਮਾਰਨ ਵਾਲਾ ਗੱਭਰੂ ਕਿਸੇ ਕੋਲੋਂ ਡਾਂਗ ਫੜ ਕੇ ਅਗਾਂਹ ਵਧਿਆ।
"ਲਾ ਹੱਥ — ਹੋ ਅੱਗੇ — ਜੇ ਤੇਰੀ ਸਾਰੀ ਲੁੱਚ-ਮੰਡਲੀ ਦਾ ਅੱਜ ਮੈਂ ਲਹੂ ਨਾ ਪੀ ਲਿਆ ਤਾਂ…।"
ਦੋਹਾਂ ਗਾਡੀਆਂ ਤੇ ਚੌਂਹ ਹੋਰ ਗੱਭਰੂਆਂ ਨੇ ਡਾਂਗਾਂ ਸੂਤ ਲਈਆਂ। ਬਦਮਾਸ਼ ਢਾਣੀ ਦੇ ਪੈਰ ਖਿਸਕ ਗਏ ਤੇ ਲੋਕ ਪਹਿਲੇ ਗੱਭਰੂ ਦੀ ਦਲੇਰੀ ਉਤੇ ਅਸ਼-ਅਸ਼ ਕਰਨ ਲੱਗੇ।
ਪਿੰਡ ਦੀ ਪਰ੍ਹੇ ਨੇ ਕੁੜੀ ਦੀ ਕਹਾਣੀ ਸੁਣ ਕੇ ਤ੍ਰਾਸ-ਤ੍ਰਾਸ ਕੀਤਾ ਤੇ ਸੱਦ ਮਾਰਨ ਵਾਲੇ ਜਵਾਨ ਨੂੰ ਆਖਿਆ ਕਿ ਉਹ ਹੁਣੇ ਜਾਏ ਤੇ ਸੁੰਦਰਾਂ ਦੇ ਘਰ ਵਾਲੇ ਨੂੰ ਦਿਨ ਚੜ੍ਹਦੇ ਤਕ ਏਥੇ ਲੈ ਆਵੇ। ਉਹਦਾ ਪਿੰਡ ਕੋਈ ਪੰਜ ਕੋਹ ਪੈਂਡਾ ਸੀ।
ਰਾਤੀਂ ਪਿੰਡ ਦੇ ਬਜ਼ੁਰਗ ਦੇ ਘਰ ਸੁੰਦਰਾਂ ਤੇ ਉਹਦਾ ਸਹਾਇਕ ਠਹਿਰੇ ਤੇ ਖਾਓ-ਪੀਏ ਬਾਅਦ ਕਈ ਦਰਦਮੰਦ ਜ਼ਨਾਨੀਆਂ ਤੇ ਆਦਮੀ ਸੁੰਦਰਾਂ ਦੇ ਮੂੰਹੋਂ ਉਸ ਦੀ ਕਹਾਣੀ ਸੁਣਨ ਲਈ ਆਏ।
"ਪਤਾ ਨਹੀਂ, ਏਸੇ ਨਰਕ ਲਈ ਮੈਂ ਜਿਊਣਾ ਸੀ।" ਸੁੰਦਰਾਂ ਨੇ ਅੱਖਾਂ ਪੂੰਝ ਕੇ ਆਪਣੀ ਦੁਖ ਪਟਾਰੀ ਫੋਲੀ, "ਇਹਦਾ ਨਾਂ ਪੂਰਨ ਏ, ਜਿਹੜਾ ਮੇਰੇ ਆਦਮੀ ਨੂੰ ਲੈਣ ਗਿਆ ਏ — ਤੇ ਮੇਰੀ ਸਾਰੀ ਕਹਾਣੀ ਅਸਲ ਵਿਚ ਪੂਰਨ ਦੀ ਹੀ ਕਹਾਣੀ ਹੈ — ਮੈਂ ਚਰੋਕਣੇ ਦੀ ਮਰ ਗਈ ਹੁੰਦੀ ਪਰ ਏਸ ਨੇ ਕਈ ਵਾਰੀ ਆਪਣੀ ਜਾਨ ਸਾਡੇ ਲਈ ਖ਼ਤਰੇ ਵਿਚ ਪਾਈ — ਮੇਰੇ ਸਹੁਰੇ-ਪੇਕੇ ਦੋਵੇਂ ਫ਼ਸਾਦਾਂ ਵਿਚ ਮਰ ਗਏ — ਪੂਰਨ ਸਾਨੂੰ ਪਤੀ-ਪਤਨੀ ਨੂੰ ਬਚਾਅ ਕੇ ਏਧਰ ਲੈ ਆਇਆ।
"ਮੇਰੇ ਪੇਕਿਆਂ ਦੀ ਜ਼ਮੀਨ ਪੂਰਨ ਕੋਲ ਹਿੱਸੇ 'ਤੇ ਸੀ — ਬੜਾ ਚੰਗਾ ਹਿੱਸਾ ਇਹ ਸਾਨੂੰ ਦੇਂਦਾ ਸੀ। ਮੇਰਾ ਪਿਓ ਵੀ ਇਹਦੇ 'ਤੇ ਖ਼ੁਸ਼ ਸੀ। ਮੇਰੇ ਪਿਓ ਨੇ ਇਕ ਮੱਝ ਖ਼ਰੀਦੀ, ਉਹ ਅੱਖੜ ਨਿਕਲ ਆਈ — ਲਾ ਜ਼ੋਰ ਸਾਰੇ ਰਹੇ — ਉਹ ਕਿਸੇ ਦੇ ਕਾਬੂ ਨਾ ਆਈ — ਪੂਰਨ ਨੇ ਚੋ ਲਈ। ਦੋ ਵੇਲੇ ਉਹ ਮੱਝ ਚੋਣ ਸਾਡੇ ਘਰ ਆਉਣ ਲੱਗ ਪਿਆ।
"ਕਈ ਵਾਰੀ ਮਾਂ ਮੈਨੂੰ ਧਾਰ ਕਢਾਅ ਕੇ ਲਿਆਉਣ ਲਈ ਭੇਜ ਦਿੰਦੀ — ਤੇ ਆਂਹਦੀ 'ਜਦੋਂ ਤੂੰ ਜਾਨੀ ਏਂ — ਪੂਰਨ ਦੁੱਧ ਬਹੁਤਾ ਕੱਢਦਾ ਏ'। ਚੋਣੀ ਪੂਰਨ ਦੀ ਸੱਚਮੁੱਚ ਵੇਖਣ ਵਾਲੀ ਸੀ — ਪੱਟਾਂ ਵਿਚ ਜੰਮੀ ਬਾਲਟੀ ਵਿਚ ਘਮ-ਘਮ ਧਾਰਾਂ ਡਿਗਦੀਆਂ — ਲੰਮੀਆਂ ਤੇ ਡੂੰਘੀਆਂ — ਤੇ ਕੰਢਿਆਂ ਤਕ ਬਾਲਟੀ ਝੱਗੋ-ਝੱਗ ਹੋ ਜਾਂਦੀ, ਚੁੱਕ ਕੇ ਮੈਂ ਅੰਦਰ ਲੈ ਆਉਂਦੀ। ਮੈਂ ਇਹਦੇ ਨਾਲ ਕਦੇ ਗੱਲ ਨਹੀਂ ਸੀ ਕੀਤੀ।
"ਇਕ ਦਿਨ ਮੈਥੋਂ ਰਿਹਾ ਨਾ ਗਿਆ — ਤੇ ਮੈਂ ਪੁੱਛਿਆ :
"'ਮੇਰੀ ਮਾਂ ਕਹਿੰਦੀ ਏ — ਜਦੋਂ ਮੈਂ ਧਾਰਾਂ ਕਢਾਣ ਆਵਾਂ — ਦੁੱਧ ਬਹੁਤਾ ਹੁੰਦਾ ਏ।
"ਪੂਰਨ ਨੇ ਧਾਰਾਂ ਥੰਮ ਕੇ ਮੇਰੇ ਵੱਲ ਤੱਕਿਆ — ਉਹ ਤੱਕਣੀ ਕੋਈ ਇਸਤ੍ਰੀ ਦੀ ਜਾਈ ਭੁੱਲ ਨਹੀਂ ਸਕਦੀ… ਤੇ ਉਸ ਉੱਤਰ ਦਿਤਾ:
'ਤੂੰ ਆਵੇਂ — ਬੇ ਜੀ ਆਉਣ — ਮੈਂ ਤਾਂ ਧਾਰ ਇੱਕੋ ਤਰ੍ਹਾਂ ਹੀ ਕੱਢਦਾ ਹਾਂ — ਪਰ ਇਹ ਠੀਕ ਹੀ ਹੋਣਾ ਏ ਕਿ ਜੇ ਮੱਝ, ਧਾਰ ਕੱਢਣ ਵਾਲਾ ਤੇ ਕਢਾਣ ਵਾਲਾ ਤਿੰਨੇ ਇਕ ਦੂਜੇ ਤੇ ਰਾਜ਼ੀ ਹੋਣ, ਤਾਂ ਧਾਰਾਂ ਬਹੁਤੀਆਂ ਨਿਕਲਦੀਆਂ ਨੇ।'
"ਤੇ ਫੇਰ ਪੂਰਨ ਧਾਰਾਂ ਕੱਢਣ ਲੱਗ ਪਿਆ। ਬਾਲਟੀ ਉਛਲਣ ਲੱਗ ਪਈ। ਅੱਗੇ ਨਾਲੋਂ ਵੀ ਅੱਜ ਦੁੱਧ ਬਹੁਤਾ ਸੀ। ਮੈਂ ਚੁੱਕ ਲਿਆਈ। ਰਾਹ 'ਚੋਂ ਐਤਕੀਂ ਮੈਂ ਭੌਂ ਕੇ ਤੱਕਿਆ। ਅੱਗੇ ਉਹ ਚੋ ਕੇ ਝੱਟ ਚਲਾ ਜਾਂਦਾ ਸੀ — ਅੱਜ ਉਹ ਮੱਝ ਕੋਲ ਹੀ ਖੜੋਤਾ ਉਹਦੇ ਸਿੰਙ ਖੁਰਕ ਰਿਹਾ ਸੀ। ਮੈਨੂੰ ਉਸ ਵੇਲੇ ਉਹ ਬੜਾ ਚੰਗਾ ਲੱਗਾ — ਪਰ ਮੇਰੇ ਪਿਓ ਨੂੰ ਬੜਾ ਮੰਦਾ ਲੱਗਾ — ਮੇਰਾ ਪਿਓ ਸਾਡੇ ਵੱਲ ਤੱਕ ਰਿਹਾ ਸੀ।
"ਅੰਦਰ ਆ ਕੇ ਉਸ ਮੈਨੂੰ ਬੜਾ ਝਿੜਕਿਆ ਤੇ ਮੇਰੀ ਮਾਂ ਨੂੰ ਆਖਿਆ, 'ਖ਼ਬਰਦਾਰ ਜੇ ਏਸ ਚੁੜੇਲ ਨੂੰ ਮੁੜ ਧਾਰ ਕਢਾਣ ਘੱਲਿਆ!'
"ਉਸ ਤੋਂ ਬਾਅਦ ਮਾਂ ਹੀ ਧਾਰ ਕਢਾਣ ਲਈ ਜਾਂਦੀ, ਪਰ ਹਮੇਸ਼ਾ ਘਟੇ ਦੁੱਧ ਦੀ ਸ਼ਕੈਤ ਕਰਦੀ।
ਮੇਰਾ ਪਿਓ ਸੌ ਸੌ ਗਾਲ੍ਹਾਂ ਕੱਢਦਾ :
'ਆਵੇ ਤਾਂ ਸਹੀ — ਫੇਰ ਇਹ ਲੁੱਚੇ ਦਾ ਪੁੱਤਰ!'
"ਮੈਂ ਡਰਦੀ ਸਾਂ — ਕਿਤੇ ਕੁਪੱਤ ਨਾ ਹੋ ਜਾਏ — ਪਿਓ ਮੇਰਾ ਵੇਖੇ ਸੋਚੇ ਬਿਨਾਂ ਹਰ ਕਿਸੇ ਦੀ ਪੱਤ ਲਾਹ ਛੱਡਦਾ ਸੀ — ਤੇ ਪੂਰਨ ਵੀ ਅਣਖ ਵਾਲਾ ਜਵਾਨ ਸੀ।
"ਉਹੋ ਗੱਲ ਹੋਈ — ਤੂੰ… ਤੂੰ — ਮੈਂ… ਮੈਂ ਦੀ ਨੌਬਤ ਆ ਗਈ। ਮੇਰੇ ਪਿਓ ਨੇ ਜ਼ਮੀਨ ਵਿਹਲੀ ਕਰਾ ਲੈਣ ਦਾ ਡਰਾਵਾ ਦਿੱਤਾ — ਪੂਰਨ ਲਈ ਇਹ ਕੋਈ ਡਰਾਵਾ ਨਹੀਂ ਸੀ। ਉਹਦੇ ਵਰਗੇ ਕਿਸਾਨ ਨੂੰ ਸੌ ਜ਼ਮੀਨਾਂ ਮਿਲਦੀਆਂ ਸਨ। ਮੇਰੇ ਪਿਓ ਨੂੰ ਬੜਾ ਗੁੱਸਾ ਚੜ੍ਹਿਆ :
'ਜੇ ਤੈਨੂੰ ਕੁੱਤੇ ਨੂੰ ਕੈਦ ਨਾ ਕਰਾਇਆ ਤਾਂ ਆਖੀਂ।'
"ਪੰਦਰਾਂ ਦਿਨਾਂ ਵਿਚ ਹੀ ਪੁਲਸ ਨਾਲ ਮਿਲ ਕੇ ਸ਼ਰਾਬ ਕੱਢਣ ਦਾ ਝੂਠਾ ਮੁਕੱਦਮਾ ਬਣਾਅ ਕੇ ਪੂਰਨ ਨੂੰ ਛੇਆਂ ਮਹੀਨਿਆਂ ਲਈ ਬੰਨ੍ਹਾ ਦਿੱਤਾ।
"ਮੇਰੀ ਮਾਂ ਨੇ ਬੇਦੋਸ਼ੇ ਦੀਆਂ ਆਹਾਂ ਤੋਂ ਬਚਣ ਲਈ ਕਈ ਵਰਤ ਰੱਖੇ — ਟਾਹਲੀ ਸਾਹਬ ਕਈ ਚੌਂਕੀਆਂ ਭਰੀਆਂ — ਪਰ ਮੈਂ ਵਿਚੇ-ਵਿਚ ਭੁੱਜਦੀ ਰਹਿੰਦੀ ਸਾਂ — ਮੈਨੂੰ ਸਾਰਿਆਂ ਉੱਤੇ ਬੜਾ ਰੋਹ ਚੜ੍ਹਦਾ ਸੀ।
"ਮੈਂ ਇਕੋ-ਇਕ ਧੀ ਸਾਂ — ਅੱਗੇ ਜਦੋਂ ਕਦੇ ਮੇਰੇ ਵਿਆਹ ਦੀ ਕੋਈ ਗੱਲ ਕਰਦਾ ਤਾਂ ਪਿਓ ਆਖਦਾ : 'ਕਿਹੜੀ ਵੱਡੀ ਹੋ ਗਈ ਏ — ਅਜੇ ਮਲੂਕ ਜਿਹੀ ਕੰਜਕ ਤਾਂ ਹੈ ਇਹ —' ਪਰ ਹੁਣ ਝੱਟ ਮੰਗਣੀ ਤੇ ਪਟ ਵਿਆਹ ਰਚਾ ਦਿੱਤਾ… ਮੈਂ ਸਹੁਰੇ ਚਲੀ ਗਈ — ਮੇਰੇ ਖੌਂਦ ਦੀ ਅੱਗੇ ਵੀ ਵਹੁਟੀ ਹੈ ਸੀ — ਔਲਾਦ ਨਹੀਂ ਸੀ। ਔਲਾਦ ਹੁੰਦੀ ਕਿਥੋਂ — ਨਾ ਖਾਣਾ ਨਾ ਪਹਿਨਣਾ — ਜਿਹੜਾ ਪੈਸਾ ਆਇਆ ਉਹਦੇ ਨਾਲ ਜ਼ਮੀਨਾਂ ਗਹਿਣੇ ਧਰ ਲਈਆਂ — ਨਾ ਘਰ ਵਿਚ ਕਦੇ ਕੋਈ ਹੱਸਿਆ, ਤੇ ਨਾ ਖੇਡਣ ਵਾਲਾ ਕੋਈ ਉਸ ਘਰ ਵਿਚ ਆਇਆ।
"ਜਦੋਂ ਕਦੇ ਮੈਂ ਪੇਕੇ ਆਉਂਦੀ, ਮਾਂ ਕੋਲੋਂ ਪੁੱਛ ਛੱਡਦੀ : ਬੇਦੋਸ਼ਾ ਅਜੇ ਛੁੱਟਿਆ ਏ ਕਿ ਨਹੀਂ? ਮੈਂ ਉਹਦੀ ਸੁਖ ਸੁਣਨਾ ਚਾਹੁੰਦੀ ਸਾਂ… ਸਹੁਰਿਆਂ ਦੀ ਕੋਈ ਵੀ ਗੱਲ ਮੈਨੂੰ ਚੰਗੀ ਨਾ ਲੱਗੀ — ਮੇਰਾ ਦਿਲ ਕੁਝ ਕਠੋਰ ਹੁੰਦਾ ਜਾਣ ਲਗ ਪਿਆ। ਮੈਨੂੰ ਜਾਪੇ ਜੀਕਰ ਮੇਰੇ ਮਰਨ ਜਿਊਣ ਦੀ ਕਿਸੇ ਨੂੰ ਪਰਵਾਹ ਨਹੀਂ — ਇਕ ਵਾਰੀ ਮੇਰੇ ਮਨ ਵਿਚ ਵੀ ਆਇਆ ਕਿ ਮੈਂ ਕਿਉਂ ਇਨ੍ਹਾਂ ਦੇ ਮਰਨੇ ਪਈ ਰਹਾਂ — ਮੈਂ ਬਹਾਨੇ ਪਾ-ਪਾ ਪੇਕੇ ਰਹਿਣ ਲੱਗ ਪਈ — ਸਹੁਰੇ ਮੇਰੀ ਖਿੱਚ ਵੀ ਕਿਹਨੂੰ ਸੀ — ਵਰ੍ਹਾ ਹੋ ਗਿਆ, ਜੀਅ ਮੇਰੇ ਘਰ ਵੀ ਨਹੀਂ ਆਇਆ।
"ਤੇ ਜਦੋਂ ਕਦੇ ਮੈਨੂੰ ਪੂਰਨ ਨਜ਼ਰੀਂ ਆ ਜਾਂਦਾ — ਮੇਰੀ ਦਲੇਰੀ ਵਧ ਜਾਂਦੀ। ਮੇਰੀ ਸ਼ਰਮ ਹੁਣ ਘਟਦੀ ਜਾ ਰਹੀ ਸੀ — ਇਕ ਦਿਨ ਇਤਫ਼ਾਕ ਨਾਲ ਪੂਰਨ ਮੈਨੂੰ ਧਰਮਸਾਲੇ ਮਿਲ ਗਿਆ। ਉਹ ਟੂਟੀਆਂ ਤੋਂ ਨਹਾਅ ਕੇ ਕੱਪੜੇ ਪਾ ਕੇ ਹਟਿਆ ਹੀ ਸੀ — ਮੈਂ ਮੱਥਾ ਟੇਕ ਕੇ ਬਾਹਰ ਨਿਕਲੀ ਸਾਂ — ਮੈਂ ਨਿਝੱਕ ਹੋ ਕੇ ਉਹਦੇ ਕੋਲ ਚਲੀ ਗਈ। ਮੇਰੇ ਦਿਲ ਵਿਚ ਕਈ ਦਿਨਾਂ ਤੋਂ ਇਕ ਨਿਡਰ ਜਿਹਾ ਇਰਾਦਾ ਉੱਠ ਰਿਹਾ ਸੀ।
'ਮੈਂ ਬੜੀ ਸ਼ਰਮਿੰਦੀ ਹਾਂ, ਤੂੰ ਮੇਰੀ ਖ਼ਾਤਰ ਐਡੇ ਵਖਤਾਂ ਨੂੰ ਫੜਿਆ ਗਿਓਂ।'
'ਇਹਦੇ ਵਿਚ ਤੇਰਾ ਕੀ ਕਸੂਰ —?' ਪੂਰਨ ਨੇ ਆਖਿਆ।
'ਕਸੂਰ ਮੇਰਾ ਨਹੀਂ ਤਾਂ ਹੋਰ ਕਿਦ੍ਹਾ — ਤੇ ਓਸ ਕਸੂਰ ਦਾ ਮੈਂ ਬਦਲਾ ਦੇ ਕੇ ਸੁਰਖ਼ਰੂ ਹੋਣਾ ਚਾਹੁੰਦੀ ਹਾਂ।' ਮੈਂ ਨਿਡਰ ਹੋ ਕੇ ਆਖਿਆ।
"ਉਹ ਮੇਰੇ ਮੂੰਹ ਵਲ ਤੱਕਣ ਲੱਗ ਪਿਆ — ਉਹਨੂੰ ਮੇਰਾ ਮਤਲਬ ਸਮਝ ਨਾ ਆਇਆ — ਤੇ ਮੈਂ ਆਖਿਆ :
'ਜਿਹੜੇ ਤੈਨੂੰ ਬੇਇੱਜ਼ਤ ਕਰਕੇ ਖੁਸ਼ ਹੋਏ ਸਨ, ਉਨ੍ਹਾਂ ਨੂੰ ਅੱਜ ਮੈਂ ਨਾਖੁਸ਼ ਤੇ ਬੇਇੱਜ਼ਤ ਹੁੰਦਾ ਵੇਖਣਾ ਚਾਹੁੰਦੀ ਹਾਂ।'
'ਉਹ ਤੂੰ ਕਿਸ ਤਰ੍ਹਾਂ ਕਰੇਂਗੀ? — ਹੋ ਗਿਆ ਜੋ ਹੋਣਾ ਸੀ। — ਕੈਦ ਕੱਟ ਆਇਆ ਮੈਂ — ਕੱਛਾਂ ਮਾਰ ਲਈਆਂ ਡਾਢਿਆਂ ਨੇ —'
'ਇਨ੍ਹਾਂ ਡਾਢਿਆਂ ਦੀ ਇੱਜ਼ਤ ਮੈਂ ਤੇਰੇ ਪੈਰਾਂ ਵਿਚ ਧਰ ਕੇ ਖੁਸ਼ ਹੋਵਾਂਗੀ।'
'ਉਹ ਕੀਕਰ?' ਪੂਰਨ ਹੈਰਾਨ ਸੀ।
'ਜੇ ਤੂੰ ਅੱਜ ਮੈਨੂੰ ਮਨਜ਼ੂਰ ਕਰੇਂ — ਤੂੰ ਜਿਥੇ ਚਾਹੇਂ ਮੈਂ ਤੇਰੇ ਨਾਲ ਜਾਣ ਨੂੰ ਤਿਆਰ ਹਾਂ — ਹਰ ਕਿਸੇ ਦੀ ਪੱਤ ਰੋਲਣ ਵਾਲਿਆਂ ਦੀ ਨਮੋਸ਼ੀ ਮੇਰਾ ਤਪਦਾ ਜੀ ਠੰਡਾ ਕਰੇਗੀ।' ਮੈਂ ਉਸ ਵੇਲੇ ਸਾਰੀ ਦੁਨੀਆਂ ਦੇ ਮੁਕਾਬਲੇ ਵਿਚ ਖੜੋਣ ਨੂੰ ਤਿਆਰ ਸੀ।
"ਕੋਲੋਂ ਲੰਘਦੀ ਇਕ ਬੁੱਢੀ ਆਖ ਗਈ:
'ਨੀ ਤੇਰਾ ਪਿਓ ਮਗਰੇ ਪਿਆ ਆਉਂਦਾ ਈ — ਹੁਣੇ ਛਿੰਝ ਪੈ ਜਾਊਗੀ।'
"ਪੂਰਨ ਦੀ ਮਰਜ਼ੀ ਜਾਣੇ ਬਿਨਾਂ ਮੈਂ ਉਹਦੇ ਲਈ ਹੋਰ ਖ਼ਤਰਾ ਸਹੇੜਣਾ ਨਹੀਂ ਸਾਂ ਚਾਹੁੰਦੀ। ਮੈਂ ਚਲੀ ਗਈ ਤੇ ਉਹਦਾ ਜਵਾਬ ਕਈ ਦਿਨ ਬੜੀ ਤਾਂਘ ਨਾਲ ਉਡੀਕਦੀ ਰਹੀ।
"ਇਕ ਦਿਨ ਫੇਰ ਮੈਨੂੰ ਉਹ ਧਰਮਸਾਲੇ ਮਿਲ ਗਿਆ ਤੇ ਮੈਂ ਆਪ ਕੋਲ ਜਾ ਕੇ ਉਹਦੇ ਕੋਲੋਂ ਜਵਾਬ ਮੰਗਿਆ।
'ਮੈਂ ਬੜਾ ਸੋਚਿਆ ਹੈ — ਕਦੇ ਤਜਵੀਜ਼ ਵੀ ਬਣਾਅ ਲਈ — ਪਰ ਮੇਰਾ ਮਨ ਮੰਨਿਆ ਨਹੀਂ ਕਿ ਮੈਂ ਤੈਨੂੰ ਕੋਈ ਸੁਖ ਦੇ ਸਕਾਂਗਾ — ਇਹ ਭੂੰਡਾਂ ਦੀ ਖੱਖਰ ਸਾਡੇ ਮਗਰ ਭੂੰ-ਭੂੰ ਕਰਦੀ ਹੀ ਰਹੇਗੀ — ਇਨ੍ਹਾਂ ਕੋਲ ਪੈਸੇ — ਪੁਲਸ ਇਨ੍ਹਾਂ ਦੀ — ਹਾਕਮ ਇਨ੍ਹਾਂ ਦੇ — ਸੁਖ ਦਾ ਸਾਹ ਇਨ੍ਹਾਂ ਮੈਨੂੰ ਲੈਣ ਨਹੀਂ ਦੇਣਾ।' ਪੂਰਨ ਨੇ ਬੜੇ ਠਰੰ੍ਹਮੇ ਨਾਲ ਆਖਿਆ।
"ਜਿਸ ਤਰ੍ਹਾਂ ਤੂੰ ਚਾਹੇਂ — ਮੈਨੂੰ ਆਪਣੇ ਸੁਖ ਦੀ ਰੀਝ ਨਹੀਂ। ਮੈਂ ਤੇ ਤੇਰੇ ਅੰਦਰੋਂ ਹੇਠੀ ਦਾ ਧੋਣ ਧੋਣਾ ਚਾਹੁੰਦੀ ਹਾਂ — ਤੂੰ ਮੈਨੂੰ ਯਕੀਨ ਕਰਾ ਦੇਵੇਂ ਕਿ ਤੈਨੂੰ ਮੇਰੇ ਨਾਲ ਕੋਈ ਗੁੱਸਾ ਨਹੀਂ — ਤਾਂ ਜਿਥੇ ਮੈਂ ਹਾਂ, ਦਿਨ ਕੱਟ ਗੁਜ਼ਰਾਂਗੀ —" ਮੈਂ ਆਖਿਆ।
"ਕਦੇ ਸਹੁਰੇ, ਕਦੇ ਪੇਕੇ, ਕੁਝ ਸਮਾਂ ਲੰਘ ਗਿਆ। ਜਦੋਂ ਪੂਰਨ ਮੈਨੂੰ ਕਿਧਰੇ ਦਿਸ ਪੈਂਦਾ, ਮੈਂ ਖੁਸ਼ ਹੋ ਜਾਂਦੀ, ਪਰ ਓਦਨ ਦੀ ਗੱਲ ਬਾਅਦ ਹੋਰ ਕੋਈ ਕਰਨ ਵਾਲੀ ਗੱਲ ਰਹੀ ਨਹੀਂ ਸੀ। ਨਾ ਕਦੇ ਮੈਂ ਬੁਲਾਇਆ ਨਾ ਉਸ — ਤੱਕ ਉਹ ਜ਼ਰੂਰ ਕਦੇ ਛੱਡਦਾ — ਤੇ ਮੈਨੂੰ ਹੌਸਲਾ ਹੋ ਜਾਂਦਾ ਕਿ ਉਹ ਮੇਰੇ ਨਾਲ ਗੁੱਸੇ ਨਹੀਂ।
"ਫੇਰ ਮੁਲਕ ਵਿਚ ਹਵਾ ਵਿਗੜਨ ਲੱਗ ਪਈ। ਹਿੰਦੂ ਮੁਸਲਮਾਨ ਇਕਦਮ ਇਕ ਦੂਜੇ ਦੇ ਵੈਰੀ ਬਣ ਗਏ। ਮੈਂ ਉਨ੍ਹੀਂ ਦਿਨੀਂ ਸਹੁਰੇ ਸਾਂ। ਸਹੁਰੇ ਵੀ ਚਾਹੁੰਦੇ ਸਨ, ਮੈਂ ਪੇਕੀਂ ਚਲੀ ਜਾਵਾਂ — ਪਰ ਰਸਤੇ ਬੰਦ ਹੋ ਗਏ। ਫੇਰ ਖ਼ਬਰ ਆ ਗਈ ਕਿ ਉਹਦੇ ਨਵੇਂ ਮੁਜ਼ਾਰੇ ਨੇ ਮੇਰੇ ਪਿਓ ਨੂੰ ਮਾਰ ਦਿੱਤਾ — ਮਾਂ ਮੇਰੀ ਹੌਲ ਨਾਲ ਮਰ ਗਈ — ਘਰ ਸਾਡਾ ਲੁੱਟਿਆ-ਪੁੱਟਿਆ ਗਿਆ। — ਮੇਰੇ ਸਹੁਰੇ ਪਿੰਡ ਵਿਚ ਵੀ ਬੜੀ ਕੱਟ-ਵੱਢ ਹੋਈ — ਮੇਰੀ ਸੌਂਕਣ ਨੂੰ ਮੁਸਲਮਾਨ ਕੱਢ ਕੇ ਲੈ ਗਏ — ਸਾਡੇ ਵਿਹੜੇ ਵਿਚ ਖੂਹੀ ਸੀ — ਮੈਂ ਉਹਦੇ ਵਿਚ ਛਾਲ ਮਾਰ ਦਿੱਤੀ। ਦੋ-ਚਾਰ ਗੋਤੇ ਆਏ, ਤੇ ਫੇਰ ਮੇਰਾ ਹੱਥ ਮਣ ਵਿਚੋਂ ਨਿਕਲੀਆਂ ਦੋ ਇੱਟਾਂ ਦੇ ਖੱਡੇ ਵਿਚ ਪੈ ਗਿਆ — ਸ਼ਾਮ ਪੈ ਗਈ — ਰਾਤ ਡੂੰਘੀ ਹੋ ਗਈ — ਮੈਨੂੰ ਡਰ ਵੀ ਤੇ ਪਾਲਾ ਵੀ ਲੱਗਣ ਲੱਗ ਪਿਆ — ਤੱਦੇ ਕੋਈ ਅੰਦਰ ਆਇਆ — ਉਸ ਮੇਰਾ ਨਾਂ ਲੈ ਕੇ ਹੌਲੀ-ਹੌਲੀ ਵਾਜਾਂ ਮਾਰੀਆਂ — ਉਹ ਮੈਨੂੰ ਜਾਪਿਆ ਜੀਕਰ ਸਾਰੇ ਅੰਦਰੀਂ ਢੂੰਡ ਰਿਹਾ ਸੀ। ਫੇਰ ਉਹਦੇ ਪੈਰ ਖੂਹੀ ਦੇ ਨੇੜੇ ਸੁਣਾਈ ਦਿੱਤੇ — ਪਾਣੀ ਕੋਈ ਦੂਰ ਨਹੀਂ ਸੀ — ਮੈਂ ਵਾਜ ਦਿੱਤੀ, ਕਿਸੇ ਉਪਰੋਂ ਤੱਕਿਆ — ਮੈਂ ਜਾਤਾ ਸੀ ਪੂਰਨ — ਪਰ ਇਹ ਕੋਈ ਮੁਸਲਮਾਨ ਸੀ।
'ਮੈਂ ਆਇਆ' ਤੇ ਉਸ ਚਰਖੜੀ ਦੀ ਲੱਜ ਹੇਠਾਂ ਲਮਕਾਅ ਦਿੱਤੀ।
"ਵਾਜ ਪੂਰਨ ਦੀ ਹੀ ਸੀ। ਗੰਢ ਚੰਗੀ ਤਰ੍ਹਾਂ ਘੁੱਟ ਕੇ ਉਹ ਹੇਠਾਂ ਮੇਰੇ ਕੋਲ ਉਤਰ ਆਇਆ। ਲੱਜ ਦਾ ਸਿਰਾ ਛੇਤੀ ਨਾਲ ਮੇਰੇ ਲੱਕ ਦੁਆਲੇ ਬੰਨ੍ਹ ਦਿੱਤਾ, ਤੇ ਆਪ ਲੱਜ ਨੂੰ ਫੜ ਕੇ ਪੈਰ ਮਣ ਨਾਲ ਖਿਸਕਾਂਦਾ ਉਪਰ ਨੂੰ ਚੜ੍ਹ ਆਇਆ।
"ਬਾਹਰ ਆ ਕੇ ਮੈਂ ਆਖਿਆ ਕਿ ਉਹ ਤੂੜੀ ਵਾਲਾ ਅੰਦਰ ਵੇਖੇ ਜੇ ਮੇਰਾ ਘਰ ਵਾਲਾ ਉਥੇ ਲੁਕਿਆ ਹੋਵੇ — ਉਹਨੇ ਇਕ ਵਾਰੀ ਖ਼ਿਆਲ ਦੱਸਿਆ ਸੀ। ਪੂਰਨ ਦੇ ਆਉਣ ਤਕ ਮੈਂ ਕੱਪੜੇ ਨਚੋੜ ਕੇ ਪਾ ਲਏ। … ਮੇਰਾ ਖ਼ਿਆਲ ਠੀਕ ਨਿਕਲਿਆ — ਮੇਰਾ ਘਰ ਵਾਲਾ ਪੂਰਨ ਦੀ ਬਾਂਹ ਨਾਲ ਕੰਬਦਾ ਆ ਰਿਹਾ ਸੀ।
"ਪੂਰਨ ਦੇ ਲੱਕ ਮੁਸਲਮਾਨਾਂ ਵਰਗੀ ਤਹਿਮਤ ਸੀ, ਤੇ ਮੁੱਛਾਂ ਵੀ ਮੁਸਲਮਾਨਾਂ ਵਾਂਗ ਕੱਟੀਆਂ ਹੋਈਆਂ ਸਨ! …ਪੂਰਨ ਦੀ ਹੀ ਬਹਾਦਰੀ ਸੀ ਕਿ ਉਹ ਸਾਨੂੰ ਬਲਦੀ ਅੱਗ ਵਿਚੋਂ ਜਿਊਂਦਿਆਂ ਕੱਢ ਲਿਆਇਆ। ਸਾਰੀ ਰਾਤ ਅਸੀਂ ਤੁਰਦੇ, ਸਾਹ ਲੈਂਦੇ, ਸਾਰੀ ਵਾਟ ਮੇਰੇ ਆਦਮੀ ਦਾ ਹੱਥ ਉਸ ਆਪਣੇ ਮੋਢੇ ਧਰਾਈ ਰੱਖਿਆ ਤੇ ਆਸਰਾ ਦੇਂਦੇ ਉਹਨੂੰ ਤੋਰ ਲਿਆਇਆ।
"ਅਖ਼ੀਰ ਪੂਰਨ ਦੀ ਹਿੰਮਤ ਨਾਲ ਸਭ ਮੁਸੀਬਤਾਂ ਕੱਟੀਆਂ ਗਈਆਂ। ਸਾਨੂੰ ਦਮ ਘੁਮਾਂ ਕੱਚੀ ਅਲਾਟਮੈਂਟ ਵੀ ਹੋ ਗਈ, ਅਸੀਂ ਵਰ੍ਹੇ ਵਿਚ ਹੀ ਬੜੇ ਰਾਜ਼ੀ ਹੋ ਗਏ। ਪਿਛਲੀ ਜ਼ਿੰਦਗੀ ਵਿਚ ਯਾਦ ਰੱਖਣ ਵਾਲੀ ਗੱਲ ਕੋਈ ਹੈ ਵੀ ਨਹੀਂ ਸੀ ਤੇ ਮੇਰਾ ਆਦਮੀ ਪੂਰਨ ਨੂੰ ਦਿਓਤਾ ਸਮਝਣ ਲੱਗ ਪਿਆ ਸੀ।
"ਪਰ ਲੋਕ ਸੱਚੇ ਨੇ ਕਿ ਆਪਣੀਆਂ ਖੁਸ਼ੀਆਂ ਲੁਕਾ-ਲੁਕਾ ਰੱਖਦੇ ਨੇ, ਕਹਿੰਦੇ ਨੇ ਅਸਮਾਨ ਵਿਚ ਵੀ ਮਨੁੱਖਾਂ ਲਈ ਬੜਾ ਸਾੜਾ ਹੁੰਦਾ ਏ — ਉਸ ਸਾੜੇ ਨੇ ਮੇਰਾ ਨਵਾਂ ਸਵਰਗ ਵੀ ਲੂਹ ਸੁੱਟਿਆ — ਪੂਰਨ ਦੀ ਮੈਂ ਬਣ ਨਹੀਂ ਸਾਂ ਸਕੀ — ਮੇਰੇ ਦੀ ਭੀ ਇਨ੍ਹਾਂ ਮੈਨੂੰ ਤੱਤਿਆਂ ਰਹਿਣ ਨਾ ਦਿੱਤਾ…।"
ਸੁੰਦਰਾਂ ਨੇ ਮੱਥੇ ਉਤੇ ਹੱਥ ਧਰ ਲਏ। ਕਈਆਂ ਦੀਆਂ ਅੱਖਾਂ ਤ੍ਰਿਪ-ਤ੍ਰਿਪ ਕਰ ਰਹੀਆਂ ਸਨ। ਬਜ਼ੁਰਗ ਨੇ ਸੁੰਦਰਾਂ ਨੂੰ ਦਿਲਾਸਾ ਦਿੱਤਾ ਤੇ ਸਾਰਿਆਂ ਨੇ ਆਰਾਮ ਕਰਨ ਦੀ ਸਲਾਹ ਦਿੱਤੀ।
ਪਰ ਸੁੰਦਰਾਂ ਨੂੰ ਇਕ ਪਲ ਨੀਂਦ ਨਾ ਆਈ। ਉਹਦੀਆਂ ਲੱਤਾਂ ਤ੍ਰਾਟਾਂ ਮਾਰ ਰਹੀਆਂ ਸਨ। ਉਹਦੇ ਦਿਲ ਅੰਦਰੋਂ ਚੀਸਾਂ ਉੱਠਦੀਆਂ ਸਨ: ਇਹ ਕੀ ਹੋ ਗਿਆ — ਉਹਦੇ ਨਾਲ ਕੀ ਵਰਤ ਗਿਆ!
… ਉਹ ਦਿਨ-ਚੜ੍ਹਿਆ ਉਡੀਕਦੀ ਪਾਸੇ ਭੰਨਦੀ ਰਹੀ। ਪੂਰਨ ਆਵੇਗਾ, ਉਹਦਾ ਆਦਮੀ ਆਵੇਗਾ — ਉਹ ਕੀਕਣ ਤੱਕੇਗੀ ਉਨ੍ਹਾਂ ਦੀਆਂ ਅੱਖਾਂ ਵਿਚ — ਪਰ ਉਹਨੂੰ ਹੌਂਸਲਾ ਸੀ, ਪੂਰਨ ਕਿਹੜੀ ਪੀੜ ਨਹੀਂ ਹਟਾਅ ਸਕਦਾ, ਕਿਹੜੀ ਮੁਸੀਬਤ ਨਹੀਂ ਦੂਰ ਕਰ ਸਕਦਾ… ਉਹਦਾ ਧਿਆਨ ਕਰਦਿਆਂ ਉਹਨੂੰ ਤਪਦੀ ਨੂੰ ਕੁਝ ਠੰਡ ਜਿਹੀ ਪੈ ਗਈ — ਉਹਦੀ ਅੱਖ ਲੱਗ ਗਈ — ਉਹਨੂੰ ਸੁਪਨਾ ਆਇਆ, ਪੂਰਨ ਰਾਜਾ ਤੇ ਸੁੰਦਰਾਂ ਉਹਦੀ ਰਾਣੀ ਸੀ… ਪਰ ਪੂਰਨ ਨੂੰ ਕੋਈ ਗੋਰਖਨਾਥ ਉਹਦੇ ਕੋਲੋਂ ਖੋਹ ਕੇ ਲੈ ਗਿਆ — ਉਹ ਉਭੜਵਾਹੇ ਉਠੀ, ਦਿਨ ਚੜ੍ਹਿਆ ਹੋਇਆ ਸੀ। ਉਹਦੇ ਨਾਲੋਂ ਸਾਰੇ ਉਠ ਗਏ ਸਨ — ਥੱਕੀ ਜਾਣ ਕੇ ਉਹਨੂੰ ਕਿਸੇ ਜਗਾਇਆ ਨਹੀਂ ਸੀ। ਉਸ ਕੋਠੇ ਤੋਂ ਪੈਲੀਆਂ ਵੱਲ ਤੱਕਿਆ — ਫੇਰ ਸੜਕ ਤੋਂ ਆਉਂਦੇ ਕੁਝ ਲੋਕ ਦਿਸੇ। ਇਹ ਲੋਕ ਪਿੰਡ ਦੇ ਨੇੜੇ ਪਹੁੰਚੇ। ਉਹਦੇ ਜੀਅ ਵਿਚ ਕਝ ਹੋਇਆ — ਜੀਕਰ ਇਹ ਭੀੜ ਕਿਸੇ ਚੰਗਿਓਂ ਨਹੀਂ ਹੁੰਦੀ। ਉਹ ਹੇਠਾਂ ਉਤਰੀ। ਘਰ ਦੇ ਆਦਮੀ ਬਾਹਰ ਵੇਖਣ ਚਲੇ ਗਏ ਸਨ। ਗਲੀ ਵਿਚੋਂ ਵਾਜਾਂ ਆ ਰਹੀਆਂ ਸਨ :
ਬੜਾ ਮਾੜਾ ਹੋਇਆ।
ਪੂਰਨ ਤੇ ਸੁੰਦਰਾਂ ਦਾ ਪਤੀ ਆ ਰਹੇ ਸਨ। ਪਿੰਡ ਦੀ ਜੂਹੋਂ ਬਾਹਰ ਕਿਸੇ ਨੇ ਪੂਰਨ ਨੂੰ ਕਤਲ ਕਰ ਦਿੱਤਾ। ਲਾਸ਼ ਕੋਲ ਪੁਲਸ ਖੜੋਤੀ ਸੀ। ਤੇ ਉਹਦੇ ਆਦਮੀ ਨੂੰ ਲੋਕ ਫੜ ਥੰਮ੍ਹ ਕੇ ਲਿਆਏ ਤੇ ਉਹ ਮਰਨ-ਮਰਾਣ ਹੋਇਆ ਖ਼ਰਾਸ ਕੋਲੇ ਡਿੱਗ ਪਿਆ ਤੇ ਲੋਕ ਸਮੇਂ ਦੇ ਭੈੜ ਉਤੇ ਤਲੀਆਂ ਮਲਦੇ ਤੇ ਆਂਹਦੇ ਸਨ : ਮੋਏ ਜ਼ੋਰਾਵਰ ਨੇ ਬੜਾ ਮਾੜਾ ਕੀਤਾ।
ਸੁੰਦਰਾਂ ਪਹਿਲਾਂ ਤਾਂ ਸੁਣ ਕੇ ਡਿੱਗ ਪਈ, ਜਦੋਂ ਹੋਸ਼ ਆਈ ਤਾਂ ਉਹ ਐਡੀ ਨਿਢਾਲ ਨਹੀਂ ਸੀ।
ਉਸ ਆਖਿਆ, ਮੈਨੂੰ ਪੂਰਨ ਦੀ ਲੋਥ ਕੋਲ ਲੈ ਚੱਲੋ — ਲੋਕਾਂ ਆਪ ਵੀ ਜਾਣਾ ਸੀ। ਉਹਦਾ ਆਦਮੀ ਤੁਰਨ ਜੋਗਾ ਨਹੀਂ ਸੀ।
ਜਿਥੋਂ ਸੁੰਦਰਾਂ ਨੂੰ ਉਹਦੇ ਪਤੀ ਕੋਲੋਂ ਜ਼ੋਰਾਵਰ ਖੋਹ ਕੇ ਲਿਆਇਆ ਸੀ, ਓਥੇ ਹੀ ਪੂਰਨ ਦੀ ਲੋਥ ਪਈ ਸੀ। ਉਹਦੇ ਦੁਆਲੇ ਲੋਕਾਂ ਨੇ ਪਿੜ ਬੰਨ੍ਹ ਲਿਆ ਸੀ, ਸੁੰਦਰਾਂ ਕੋਲ ਜਾ ਕੇ ਖੜੋ ਗਈ।
ਪੂਰਨ ਦੇ ਢਿੱਡ ਵਿਚ ਬਰਛੀਆਂ ਲੱਗੀਆਂ ਸਨ, ਲਹੂਦੇ ਛੱਪੜ ਵਿਚ ਉਹਦਾ ਹੇਠਲਾ ਸਰੀਰ ਪਿਆ ਸੀ, ਪਰ ਉਹਦਾ ਮੂੰਹ ਮੌਤ ਦੀ ਅਡੋਲਤਾ ਵਿਚ ਬੇ-ਚੋਟ ਦਿਸ ਰਿਹਾ ਸੀ।
ਸੁੰਦਰਾਂ ਨੇ ਉਹਦੇ ਮੱਥੇ ਤੋਂ ਖਿੱਲਰੇ ਵਾਲ ਹੱਥਾਂ ਨਾਲ ਠੀਕ ਕੀਤੇ। ਸਾਰਾ ਪਿੜ, ਜੀਕਰ ਕੀਲਿਆ ਹੋਇਆ, ਬੇ-ਹਰਕਤ ਤੇ ਬੇ-ਆਵਾਜ਼ ਖੜੋਤਾ ਸੀ। ਸੁੰਦਰਾਂ ਦੇ ਮੂੰਹ 'ਤੇ ਇਕ ਰੰਗ ਆਉਂਦਾ, ਇਕ ਜਾਂਦਾ ਸੀ। ਕਦੇ ਉਹ ਨਿਰਾਸਤਾ, ਕਦੇ ਦ੍ਰਿੜ੍ਹਤਾ, ਕਦੇ ਗ਼ਮ, ਕਦੇ ਬਦਲੇ ਦੀ ਤਸਵੀਰ ਦਿਸਦੀ ਸੀ। ਉਸ ਨੇ ਲੋਥ ਦੀ ਪਰਕਰਮਾ ਲਈ — ਤੇ ਫੇਰ ਦੋਵੇਂ ਬਾਹਵਾਂ ਅੱਡ ਕੇ ਉਹ ਲੋਥ ਨਾਲ ਚੰਬੜ ਗਈ — ਬੜਾ ਰੋਈ, ਬੜਾ ਸਿਸਕੀ, ਕਿਸੇ ਨੂੰ ਕੁਝ ਨਾ ਸੁੱਝਿਆ, ਕੋਈ ਕਰੇ ਕੀ — ਚੁੱਪ ਚੁਤਰਫ਼ੀ ਚੁੱਪ — ਸਮੇਂ ਨੇ ਵੀ ਜੀਕਰ ਉਸ ਘੜੀ ਆਪਣੀ ਤੋਰ ਬੰਦ ਕਰ ਲਈ ਸੀ।
ਸੁੰਦਰਾਂ ਉੱਠੀ। ਪੂਰਨ ਦੇ ਲਹੂ ਨਾਲ ਉਹਦੇ ਕੱਪੜੇ ਲਥਪਥ। ਉਂਗਲਾਂ ਨਾਲ ਅੱਖੀਆਂ ਛਿਣਕ ਕੇ ਓਸ ਸਾਫ਼ ਕਰ ਲਈਆਂ ਤੇ ਲੋਥ ਵੱਲੋਂ ਮੂੰਹ ਭੁਆਂ ਕੇ ਲੋਕਾਂ ਵੱਲ ਕਰ ਲਿਆ। ਲੋਕ ਹੈਰਾਨ ਸਨ — ਉਹ ਡਰ ਰਹੇ ਸਨ, ਇਹ ਕਿਸੇ ਤਰ੍ਹਾਂ ਖ਼ੁਦਕੁਸ਼ੀ ਨਾ ਕਰ ਲਏ, ਪਰ ਇਹਦੇ ਬਿਲਕੁਲ ਉਲਟ ਉਹ ਬੜੀ ਸਾਵਧਾਨ ਦਿਸ ਰਹੀ ਸੀ। ਅਜਬ ਸੰਨਾਟਾ ਛਾ ਗਿਆ ਜਦੋਂ ਉਹ ਬੋਲੀ :
"ਓ ਚੰਗੇ ਲੋਕੋ — ਮੈਨੂੰ ਜੋ ਮਰਜ਼ੀ ਆਵੇ, ਸਮਝ ਲਵੋ, ਪਰ ਏਸ ਸੁੱਚੇ ਮਰਦ ਬਾਰੇ ਕੁਝ ਮੰਦਾ ਨਾ ਸੋਚਣਾ — ਏਸ ਨੇ ਮੇਰੇ ਡਾਢੇ ਪਿਓ ਦੇ ਕਈ ਜ਼ੁਲਮ ਸਹਾਰੇ — ਪਰ ਉਹਦਾ ਮੰਦਾ ਕਦੇ ਨਾ ਕੀਤਾ — ਮੇਰੇ ਤੇ ਮੇਰੇ ਆਦਮੀ ਉਤੋਂ ਕਈ ਵਾਰੀ ਜਾਨ ਖ਼ਤਰੇ ਵਿਚ ਪਾਈ ਤੇ ਓੜਕ ਵਾਰ ਹੀ ਸੁੱਟੀ ਤੇ ਮੈਂ ਉਹਦੇ ਸਭ ਕਾਸੇ ਦੇ ਬਦਲੇ ਵਿਚ ਅੱਜ ਗਲਵੱਕੜੀ ਉਹਦੀ ਲੋਥ ਨੂੰ ਦੇ ਸਕੀ ਹਾਂ…"
ਸੁੰਦਰਾਂ ਦਾ ਗਲ਼ ਭਰ ਗਿਆ, ਅੱਖਾਂ ਡੁੱਲ੍ਹ ਪਈਆਂ ਜੀਕਰ ਕੋਈ ਡੀਕ ਭਰਦਾ ਹੈ — ਵਗੇ ਅਣਵਗੇ ਹੰਝੂਆਪਣੇ ਉਹ ਸਾਰੇ ਪੀ ਗਈ — ਤੇ ਹੁਣ ਉਹ ਫੇਰ ਸਾਵਧਾਨ ਸੀ — ਬੋਲੀ :
"ਇਹਦੀ ਬਹਾਦਰ ਛੋਹ ਨੇ ਮੇਰੀ ਕਾਇਆ ਪਲਟ ਦਿੱਤੀ ਹੈ। ਮੈਨੂੰ ਜਾਪਣ ਲੱਗ ਪਿਆ ਹੈ, ਜੀਕਰ ਆਪਣੀ ਜ਼ਿੰਦਗੀ ਦਾ ਸਾਰਾ ਮਹੁਰਾ ਮੈਂ ਹੁਣੇ ਡੀਕ ਲਾ ਕੇ ਪੀ ਲਿਆ ਹੈ। ਕੋਈ ਹੋਰ ਆਖ਼ਰ ਮੇਰੇ ਲਈ ਕੀ ਆਵੇਗੀ…? ਨਿਰਾਸੀ ਕਮਜ਼ੋਰ ਸੁੰਦਰਾਂ ਦੇ ਅੰਦਰ ਇਹਦੀ ਪੂਰਨ ਰੂਹ ਆ ਸਮਾਈ ਹੈ। ਮੈਂ ਮਰਨਾ ਚਾਹੁੰਦੀ ਸਾਂ — ਹੁਣ ਜਿਉਣਾ ਲੋਚਦੀ ਹਾਂ — ਓਸ ਦੁਨੀਆ ਨਾਲ ਮੱਥਾ ਮਾਰਨ ਲਈ, ਓਸ ਦੁਨੀਆ ਨੂੰ ਚਕਨਾਚੂਰ ਕਰਨ ਲਈ, ਜਿਸ ਦੁਨੀਆ ਵਿਚ ਏਸ ਪੂਰਨ ਦੀ ਕੋਈ ਥਾਂ ਨਹੀਂ, ਜਿਸ ਦੁਨੀਆ ਵਿਚ ਇਸਤ੍ਰੀ ਦੀ ਕੋਈ ਮਾਲਕੀ ਨਹੀਂ, ਉਹ ਏਡੀ ਨਾਚੀਜ਼ ਹੈ ਕਿ ਆਪਣਾ ਦਿਲ ਵੀ ਕਿਸੇ ਨੂੰ ਮਰਜ਼ੀ ਨਾਲ ਨਹੀਂ ਦੇ ਸਕਦੀ — ਜਿਸ ਦੁਨੀਆ ਵਿਚ ਕਾਮੇ ਹਾੜੇ ਕੱਢਦੇ ਤੇ ਵਿਹਲੜ ਆਕੜਦੇ ਹਨ, ਜਿਸ ਦੁਨੀਆ ਵਿਚ ਪੁਲਸ, ਹਾਕਮ ਤੇ ਭਾਈਚਾਰਾ ਜ਼ਾਲਮ ਜ਼ੋਰਾਵਰਾਂ ਦੇ ਹਨ… ਮੈਂ ਜੀਵਾਂਗੀ ਆਪਣੇ ਟੁੱਟੇ ਸਤ, ਆਪਣੇ ਪੂਰਨ ਦੇ ਪਾਟੇ ਢਿੱਡ ਦਾ ਬਦਲਾ ਲੈਣ ਲਈ ਮੈਂ ਬੜਾ ਚਿਰ ਜੀਵਾਂਗੀ — ਜ਼ਿੰਦਗੀ ਦੁਆਲੇ ਲੋਹੇ ਪੱਥਰ ਦੀਆਂ ਸਭ ਵਲਗਣਾਂ ਨਾਲ ਟੱਕਰ ਮਾਰਾਂਗੀ…"
ਤੇ ਓਸ ਨੇ ਮੁੱਕਾ ਵੱਟ ਕੇ ਆਖਿਆ :
"ਤੁਸੀਂ ਵੇਖੋਗੇ, ਸਾਰਾ ਜੱਗ ਵੇਖੇਗਾ — ਕੌਣ ਟੁੱਟਦਾ ਹੈ — ਇਹ ਬੇ-ਰਹਿਮ ਵਲਗਣਾਂ ਕਿ ਆਪਣੇ ਹੱਕਾਂ ਲਈ ਜਾਗੀ ਹੋਈ ਇਸਤ੍ਰੀ!"

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਖ਼ਸ਼ ਸਿੰਘ ਪ੍ਰੀਤਲੜੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ