Phull (Story in Punjabi) : Maxim Gorky

ਫੁੱਲ (ਕਹਾਣੀ) : ਮੈਕਸਿਮ ਗੋਰਕੀ

ਤਪਦੀ ਹੋਈ ਦੁਪਹਿਰ। ਅਜੇ ਹੁਣੇ ਦੁਪਹਿਰ ਦੀ ਤੋਪ ਕਿਸੇ ਸੜੇ ਹੋਏ ਵੱਡੇ ਸਾਰੇ ਆਂਡੇ ਦੇ ਪਾਟਣ ਵਾਂਗ ਇੱਕ ਦੱਬੀ ਹੋਈ ਅਵਾਜ ਵਿੱਚ ਚੱਲੀ ਹੈ ਤੇ ਉਸ ਅਵਾਜ ਨਾਲ਼ ਕੰਬਦੀ ਹੋਈ ਹਵਾ ਵਿੱਚ ਸ਼ਹਿਰ ਦੀ ਮਹਿਕ ਜੈਤੂਨ ਦੇ ਤੇਲ, ਲਸ, ਸ਼ਰਾਬ ਤੇ ਧੁੱਪ ਨਾਲ਼ ਲੂਸੀ ਹੋਈ ਧੂੜ ਦੀ ਮਹਿਕ ਹੋਰ ਵੀ ਤਿੱਖੀ ਜਾਪ ਰਹੀ ਹੈ।
ਤਪਦੇ ਹੋਏ ਦੱਖੀ ਦਿਨ ਦਾ ਰੌਲਾ ਤੋਪ ਦੀ ਮੱਧਮ ਗੂੰਜ ਸਦਕਾ ਕੁੱਝ ਚਿਰ ਸੜਕ ਦੇ ਗਰਮ ਪੱਥਰਾਂ ‘ਤੇ ਡਿੱਗ ਕੇ ਫੇਰ ਉੱਪਰ ਉੱਠਦਾ ਹੈ। ਤੇ ਇੱਕ ਗੰਧਲੇ ਹੋਏ ਚੌੜੇ ਪ੍ਰਵਾਹ ਵਿੱਚ ਵਹਿੰਦਾ ਹੋਇਆ ਸਮੁੰਦਰ ਵੱਲ ਜਾਂਦਾ ਹੈ।
ਸ਼ਹਿਰ ਬੜਾ ਹੀ ਰੰਗੀਲਾ ਜਾਪ ਰਿਹਾ ਹੈ। ਕਿਸੇ ਪਾਦਰ ਦੇ ਜਾਮੇ ਵਰਗਾ ਜਿਸ ‘ਤੇ ਸੁਹਾਣੀ ਕਢਾਈ ਕੀਤੀ ਹੋਈ ਹੋਵੇ। ਉਸ ਦੀਆਂ ਜੋਸ਼ ਭਰੀਆਂ ਚੀਕਾਂ, ਕਰਾਹੁਣ ਦੀਆਂ ਅਵਾਜਾਂ ਤੇ ਗੂੰਜਾਂ ਇੰਝ ਹਨ ਜਿਵੇਂ ਜ਼ਿੰਦਗੀ ਦੀ ਜਿੱਤ ਦਾ ਗੀਤ ਹੋਵੇ। ਹਰ ਸ਼ਹਿਰ ਮਨੁੱਖੀ ਮਿਹਨਤ ਨਾਲ਼ ਉੱਸਰਿਆ ਮੰਦਰ ਹੈ ਤੇ ਸਾਰੀ ਮਿਹਨਤ ਹੈ ਭਵਿੱਖ ਦੀ ਪ੍ਰਾਰਥਨਾ।
ਸੂਰਜ ਸਿਖ਼ਰ ‘ਤੇ ਆ ਗਿਆ ਹੈ ਤੇ ਨੀਲੇ ਅਸਮਾਨ ‘ਚ ਚਕਾਚੂੰਧ ਅੱਗ ਇੰਝ ਵਰ ਰਹੀ ਹੈ ਜਿਵੇਂ ਧਰਤੀ ‘ਤੇ ਸਮੁੰਦਰ ‘ਤੇ ਡਿੱਗਣ ਵਾਲ਼ੀ ਸੂਰਜ ਦੀ ਹਰ ਕਿਰਨ ਪੱਥਰ ਅਤੇ ਪਾਣੀ ਵਿੱਚ ਖੁੱਭੀ ਹੋਈ ਅੱਗ ਦੀ ਤਲਵਾਰ ਹੋਵੇ। ਪਾਣੀ ਚਾਂਦੀ ਦੀਆਂ ਸੰਘਣੀਆਂ ਤਾਰਾਂ ਨਾਲ਼ ਕੱਢੇ ਹੋਏ ਲਿਸ਼ਕਵੇਂ ਰੇਸ਼ਮ ਵਾਂਗ ਦਿਸ ਰਿਹਾ ਹੈ। ਉਸ ਦੀਆਂ ਨਿੱਘੀਆਂ ਹਰੀਆਂ ਲਹਿਰਾਂ ਕੰਢੇ ਨੂੰ ਛੋਹ ਰਹੀਆਂ ਹਨ ਤੇ ਉਹ ਜ਼ਿੰਦਗੀ ਤੇ ਖੁਸ਼ੀ ਦੇ ਸੋਮੇ ਸੂਰਜ ਲਈ ਪ੍ਰਸੰਸਾ ਦਾ ਗੀਤ ਗੁਣਗਣਾ ਰਿਹਾ ਹੈ।
ਧੂੜ ਲਿੱਬੜੇ ਤੇ ਮੁੜਕੇ ਨਾਲ਼ ਭਿੱਜੇ ਹੋਏ ਆਦਮੀਆਂ ਦੇ ਟੋਲੇ ਆਪਣੀ ਦੁਪਹਿਰ ਦੀ ਰੋਟੀ ਲਈ ਕਾਹਲੀ-ਕਾਹਲੀ ਜਾ ਰਹੇ ਹਨ ਤੇ ਖੁਸ਼ੀ ਭਰੀਆਂ ਉੱਚੀਆਂ ਅਵਾਜਾਂ ਵਿੱਚ ਗੱਲਾਂ ਕਰ ਰਹੇ ਹਨ। ਉਨਾਂ ‘ਚੋਂ ਕੁੱਝ ਸਮੁੰਦਰ ਦੇ ਕੰਢੇ ਵੱਲ ਭੱਜਦੇ ਹਨ, ਆਪਣੇ ਮੈਲੇ ਕੱਪੜੇ ਲਾਹੁੰਦੇ ਹਨ ਤੇ ਛਾਲ ਮਾਰ ਕੇ ਸਮੁੰਦਰ ਵਿੱਚ ਵੜ ਜਾਂਦੇ ਹਨ। ਉਹ ਪਾਣੀ ਵਿੱਚ ਗੋਤੇ ਲਾਉਂਦੇ ਹਨ ਤਾਂ ਉਨਾਂ ਦੇ ਸਾਉਲੇ ਸਰੀਰ ਬੜੇ ਨਿੱਕੇ-ਨਿੱਕੇ ਜਾਪਦੇ ਹਨ। ਸ਼ਰਾਬਾਂ ਦੇ ਵੱਡੇ ਜਾਮ ਵਿੱਚ ਤਰਨ ਵਾਲ਼ੇ ਧੂੜ ਦੇ ਕਾਲੇ ਕਿਣਕਿਆਂ ਵਾਂਗ।
ਪਾਣੀ ਦਾ ਰੇਸ਼ਮੀ ਉਛਾਲ, ਨਹਾਉਂਣ ਵਾਲ਼ਿਆਂ ਦੀਆਂ ਖੁਸ਼ੀ ਭਰੀਆਂ ਅਵਾਜਾਂ, ਬੱਚਿਆਂ ਦਾ ਗੂੰਜਵਾਂ ਹਾਸਾ ਤੇ ਚੀਕ-ਚਿਹਾੜਾ ਅਤੇ ਪੈਰ ਵੱਜਣ ਕਰਕੇ ਉੱਠਿਆ ਅਸਮਾਨੀ ਪੀਂਘ ਵਰਗਾ ਛਿੜਕਾਅ- ਇਹ ਸਭ ਜਿਵੇਂ ਸੂਰਜ ਨੂੰ ਖੁਸ਼ੀ ਭਰੀ ਸ਼ਰਧਾਂਜਲੀ ਭੇਂਟ ਕਰ ਰਹੇ ਹਨ।
ਇੱਕ ਉੱਚੀ ਹਵੇਲੀ ਦੀ ਛਾਂ ਵਿੱਚ ਸੜਕ ਦੀ ਪਟੜੀ ‘ਤੇ ਚਾਰ ਕਾਮੇ ਬੈਠੇ ਹਨ, ਜੋ ਰੋਟੀ ਖਾਣ ਦੀ ਤਿਆਰੀ ਕਰ ਰਹੇ ਹਨ। ਉਹ ਜਿਨਾਂ ਪੱਥਰਾਂ ‘ਤੇ ਬੈਠੇ ਹਨ ਉਹਨਾਂ ਪੱਥਰਾਂ ਵਾਂਗ ਹੀ ਉਹ ਭੂਰੇ, ਸੁੱਕੇ ਤੇ ਕਰੜੇ ਹਨ। ਧੌਲੇ ਵਾਲਾਂ ਵਾਲ਼ਾ ਇੱਕ ਬੁੱਢਾ, ਜਿਸਦੇ ਸਰੀਰ ‘ਤੇ ਸੁਆਹ ਵਰਗੀ ਧੂੜ ਦੀ ਇੱਕ ਮੋਟੀ ਤਹਿ ਜੰਮੀ ਹੋਈ ਹੈ, ਆਪਣੀ ਤਿੱਖੀ ਅੱਖ ਨੂੰ ਸੁੰਗੜਾ ਕੇ ਲੰਮੀ ਡਬਲਰੋਟੀ ਕੱਟ ਰਿਹਾ ਹੈ। ਉਹ ਇਸ ਗੱਲ ਦਾ ਪੂਰਾ ਖਿਆਲ ਰੱਖ ਰਿਹਾ ਹੈ ਕਿ ਸਾਰੇ ਟੋਟੇ ਇੱਕੋ ਜਿਹੇ ਹੋਣ। ਉਸਦੇ ਸਿਰ ‘ਤੇ ਲਾਲ ਟੋਪੀ ਹੈ ਜਿਸ ਦੀ ਲਟਕਦੀ ਹੋਈ ਬੋਦੀ ਉਸ ਦੀਆਂ ਅੱਖਾਂ ਨੂੰ ਛੂਹ ਰਹੀ ਹੈ ਤੇ ਉਹ ਆਪਣੇ ਦੇਵਦੂਦ ਵਰਗੇ ਵੱਡੇ ਸਾਰੇ ਸਿਰ ਨੂੰ ਵਾਰ-ਵਾਰ ਝਟਕਦਾ ਹੈ ਤੇ ਉਸ ਦੇ ਤੋਤੇ ਦੀ ਚੁੰਝ ਵਰਗੇ ਨੱਕ ਦੀਆਂ ਨਾਸਾਂ ਕੰਬ ਰਹੀਆਂ ਹਨ।
ਉਸ ਦੇ ਲਾਗੇ ਗਰਮ ਪੱਥਰਾਂ ‘ਤੇ ਇੱਕ ਹੱਟਾ-ਕੱਟਾ ਨੌਜਵਾਨ ਪਿੱਠ ਦੇ ਭਾਰ ਲੰਮਾ ਪਿਆ ਹੋਇਆ ਹੈ। ਕਾਂਸੀ ਵਰਗਾ ਉਸ ਦੇ ਸਰੀਰ ਦਾ ਰੰਗ ਹੈ ਤੇ ਕਾਲੇ ਸ਼ਾਹ ਉਸਦੇ ਵਾਲ ਹਨ। ਡਬਲਰੋਟੀ ਦਾ ਭੂਰ-ਚੂਰ ਉਸਦੇ ਮੂੰਹ ਉੱਤੇ ਪੈਂਦਾ ਹੈ ਤਾਂ ਉਹ ਜਿਵੇਂ ਨੀਂਦ ਵਿੱਚ ਕੋਈ ਤਰਜ਼ ਗੁਣਗਣਾਉਂਦਾ ਹੋਇਆ ਸੁਸਸਤੀ ਜਿਹੀ ਵਿੱਚ ਪਲਕਾਂ ਝਪਕਦਾ ਹੈ। ਬਾਕੀ ਦੋ ਜਣੇ ਮਕਾਨ ਦੀ ਚਿੱਟੀ ਕੰਧ ਨਾਲ਼ ਢੋਅ ਲਾਈ ਬੈਠੇ ਹੋਏ ਉਂਘਲਾ ਰਹੇ ਹਨ।
ਇੱਕ ਹੱਥ ਸ਼ਰਾਬ ਦੀ ਬੋਤਲ ਤੇ ਦੂਜੇ ਹੱਥ ਵਿੱਚ ਇੱਕ ਨਿੱਕੀ ਜਿਹੀ ਗੰਢ ਫੜੀ ਇੱਕ ਮੁੰਡਾ ਉਨਾਂ ਵੱਲ ਆਉਂਦਾ ਹੈ। ਉਹ ਆਪਣੇ ਸਿਰ ਨੂੰ ਪਿਛਾਂਹ ਵੱਲ ਝਟਕਦਾ ਹੈ ਤੇ ਕਿਸੇ ਪੰਛੀ ਵਰਗੀ ਚੀਕਵੀਂ ਅਵਾਜ਼ ਵਿੱਚ ਉੱਚੀ ਸਾਰੀ ਕੁੱਝ ਕਹਿੰਦਾ ਹੈ। ਉਸ ਨੂੰ ਇਸ ਗੱਲ ਦਾ ਖਿਆਲ ਨਹੀਂ ਹੈ ਕਿ ਹੱਥਲੀ ਬੋਤਲ ਦੇ ਘਾਹ ਦੇ ਢੱਕਣ ਵਿੱਚੋਂ ਗਾੜੀ ਸ਼ਰਾਬ ਦੇ ਮਣੀਆਂ ਵਰਗੇ ਲਾਲ ਤੁਪਕੇ ਚੋਂ ਰਹੇ ਹਨ।
ਪਰ ਉਹ ਬੁੱਢਾ ਇਹ ਵੇਖ ਲੈਂਦਾ ਹੈ ਤੇ ਡਬਲਰੋਟੀ ਤੇ ਛੁਰੀ ਨੂੰ ਕੋਲ ਲੰਮੇ ਪਏ ਨੌਜਵਾਨ ਦੀ ਛਾਤੀ ‘ਤੇ ਰੱਖ ਕੇ ਉਸ ਮੁੰਡੇ ਨੂੰ ਹੱਥ ਦੀ ਸੈਨਤ ਕਰਦਾ ਉੱਚੀ ਸਾਰੀ ਕਹਿੰਦਾ ਹੈ:
“ਅੰਨ੍ਹਿਆਂ, ਛੇਤੀ ਕਰ! ਵੇਖ ਸਾਰੀ ਸ਼ਰਾਬ ਡੋਲੀ ਜਾ ਰਿਹੈਂ!”
ਮੁੰਡਾ ਬੋਤਲ ਦਾ ਮੂੰਹ ਉੱਪਰ ਚੁੱਕਦਾ ਹੈ, ਜੋਰ ਨਾਲ਼ ਸਾਹ ਲੈਂਦਾ ਹੈ ਤੇ ਉਨਾਂ ਕਾਮਿਆਂ ਵੱਲ ਭੱਜਦਾ ਹੈ ਜੋ ਸਾਰੇ ਰਤਾ ਕੁ ਹਿੱਲਦੇ ਹਨ, ਉੱਚੀ-ਉੱਚੀ ਬੋਲਦੇ ਹਨ ਤੇ ਸ਼ਰਾਬ ਦੀ ਬੋਤਲ ਨੂੰ ਟੋਂਹਦੇ ਹਨ ਜਦ ਕਿ ਉਹ ਮੁੰਡਾ ਘਰ ਦੇ ਵਿਹੜੇ ਵਿੱਚ ਚਲਾ ਜਾਂਦਾ ਹੈ ਤੇ ਝੱਟ ਹੀ ਇੱਕ ਵੱਡਾ ਸਾਰਾ ਪੀਲਾ ਕੌਲ ਲਈ ਬਾਹਰ ਆ ਜਾਂਦਾ ਹੈ।
ਕੌਲ ਨੂੰ ਉਹ ਭੁੰਜੇ ਰੱਖਦਾ ਹੈ ਤੇ ਬੁੱਢਾ ਉਸ ਵਿੱਚ ਬੋਤਲ ‘ਚੋਂ ਚਮਕਦੀ ਹੋਈ ਲਾਲ ਸੂਹੀ ਧਾਰ ਪਾਉਂਦਾ ਹੈ। ਧੁੱਪ ਵਿੱਚ ਚਮਕਣ ਵਾਲ਼ੀ ਸ਼ਰਾਬ ਦੀ ਉਸ ਧਾਰ ਨੂੰ ਚੌਹਾਂ ਦੀਆਂ ਅੱਖਾਂ ਬੜੇ ਪਿਆਰ ਨਾਲ਼ ਵੇਖਦੀਆਂ ਹਨ ਤੇ ਉਨਾਂ ਦੇ ਸੁੱਕੇ ਬੁੱਲ ਫੜਕਦੇ ਹਨ।
ਹਲਕੇ ਨੀਲੇ ਰੰਗ ਦਾ ਲਿਬਾਸ ਤੇ ਕਾਲੇ ਵਾਲਾਂ ‘ਤੇ ਸੁਨਹਿਰੀ ਲੈਸ ਵਾਲ਼ਾ ਰੁਮਾਲ ਬੰਨੀ ਇੱਕ ਤੀਵੀਂ ਉੱਥੇ ਆਉਂਦੀ ਹੈ। ਉਸਦੀ ਉੱਚੀ ਅੱਡੀ ਵਾਲ਼ੀ ਜੁੱਤੀ ਫਰਸ਼ ‘ਤੇ ਖਟ-ਖਟ ਅਵਾਜਾਂ ਕਰਦੀ ਹੈ। ਉਸਨੇ ਘੁੰਗਰਾਲੇ ਵਾਲਾਂ ਵਾਲ਼ੀ ਇੱਕ ਨਿੱਕੀ ਜਿਹੀ ਕੁੜੀ ਦਾ ਹੱਥ ਫੜਿਆ ਹੋਇਆ ਹੈ। ਕੁੜੀ ਦੇ ਹੱਥ ਵਿੱਚ ਗੂੜਾ ਰੰਗ ਦੇ ਦੋ ਫੁੱਲ ਹਨ ਜਿਨਾਂ ਨੂੰ ਉਹ ਤਰਦੀ ਹੋਈ ਲਹਿਰਾ ਰਹੀ ਹੈ ਤੇ ਗਾ ਰਹੀ ਹੈ :
“ਮਾਂ, ਨੀ ਮੇਰੀ ਮਾਂ…”
ਉਸ ਬੁੱਢੇ ਕਾਮੇ ਦੇ ਪਿੱਛੇ ਰੁਕ ਕੇ ਕੁੜੀ ਗੌਣਾ ਬੰਦ ਕਰ ਦਿੰਦ ਹੈ, ਪੱਬਾਂ ਭਾਰ ਹੋਕੇ ਗੰਭੀਰਤਾ ਨਾਲ਼ ਉਸ ਦੇ ਮੋਢੇ ਉੱਤੋਂ ਦੀ ਪੀਲੇ ਕੌਲ ਵਿੱਚ ਗਲ-ਗਲ ਕਰਕੇ ਡਿੱਗਣ ਵਾਲ਼ੀ ਸ਼ਰਾਬ ਨੂੰ ਵੇਖਦੀ ਹੈ। ਉਹ ਅਵਾਜ ਵੇਂ ਉਸ ਦੇ ਗੀਤ ਦਾ ਅਗਲਾ ਹਿੱਸਾ ਹੈ।
ਤੀਵੀਂ ਦੇ ਹੱਥ ਚੋਂ ਉਹ ਆਪਣਾ ਹੱਥ ਛੁਡਾ ਲੈਂਦੀ ਹੈ, ਆਪਣੇ ਹੱਥ ਵਿੱਚ ਫੜੇ ਫੁੱਲਾਂ ਦੀਆਂ ਪੱਤੀਆਂ ਮਰੁੰਡ ਲੈਂਦੀ ਹੈ ਚਿੜੀ ਦੇ ਖੰਭ ਵਰਗਾ ਸਾਉਲਾ ਨਿੱਕਾ ਜਿਹਾ ਹੱਥ ਉੱਪਰ ਚੁੱਕ ਕੇ ਪੱਤੀਆਂ ਨੂੰ ਸ਼ਰਾਬ ਦੇ ਕੌਲ ਵਿੱਚ ਸੁੱਟ ਦਿੰਦੀ ਹੈ।
ਚਾਰੇ ਆਦਮੀ ਤਰ੍ਰਭਕ ਕੇ ਗੁੱਸੇ ਵਿੱਚ ਆਪਣੇ ਧੂੜ ਭਰੇ ਸਿਰ ਚੁੱਕ ਕੇ ਵੇਖਦੇ ਹਨ। ਕੁੜੀ ਤਾੜੀਆਂ ਵਜਾਉਂਦੀ ਹੈ, ਹੱਸਦੀ ਹੈ ਤੇ ਨੱਚਦੀ ਹੈ। ਉਸ ਦੀ ਘਬਰਾਈ ਹੋਈ ਮਾਂ ਉਸਦਾ ਹੱਥ ਫੜਨ ਦਾ ਯਤਨ ਕਰਦੀ ਹੈ ਤੇ ਤਿੱਖੀ ਅਵਾਜ਼ ਵਿੱਚ ਉਸ ਨੂੰ ਝਿੜਕਦੀ ਹੈ। ਮੁੰਡਾ ਹੱਸਦਾ ਹੋਇਆ ਦੂਹਰਾ ਹੋ ਜਾਂਦਾ ਹੈ ਤੇ ਫੁੱਲਾਂ ਦੀਆਂ ਪੱਤੀਆਂ ਕੌਲ ਦੀ ਡੂੰਘੀ ਸ਼ਰਾਬ ਵਿੱਚ ਨਿੱਕੀਆਂ-ਨਿੱਕੀਆਂ ਗੁਲਾਬੀ ਬੇੜੀਆਂ ਵਾਂਗ ਤਰਨ ਲਗਦੀਆਂ ਹਨ।
ਬੁੱਢਾ ਕਾਮਾ ਇੱਕ ਗਲਾ ਚੁੱਕਦਾ ਹੈ, ਪੱਤੀਆਂ ਵਾਲ਼ੀ ਸ਼ਰਾਬ ਉਸ ਵਿੱਚ ਪਾਉਂਦਾ ਹੈ, ਉੱਠਦਾ ਹੈ ਤੇ ਆਪਣੇ ਬੁੱਲਾਂ ਨਾਲ਼ ਲਾ ਕੇ ਕੂਲੀ ਤੇ ਗੰਭੀਰ ਅਵਾਜ਼ ਵਿੱਚ ਕਹਿੰਦਾ ਹੈ:
“ਕੋਈ ਗੱਲ ਨਹੀਂ ਸ਼੍ਰੀਮਤੀ ਜੀ! ਬੱਚੇ ਦਾ ਤੋਹਫਾ ਰੱਬੀ ਦਾਤ ਹੈ। … ਤੁਹਾਡੀ ਸਿਹਤ ਲਈ ਸ਼੍ਰੀਮਤੀ ਜੀ! ਤੇ ਧੀਏ, ਤੇਰੀ ਸਿਹਤ ਲਈ ਵੀ! ਤੂੰ ਆਪਣੀ ਮਾਂ ਜਿਹੀ ਹੀ ਸੁਹਣੀ ਬਣੇ ਤੇ ਉਸ ਤੋਂ ਦੂਣੀ ਸੁਖੀ ਹੋਵੇਂ।”
ਬੁੱਢੇ ਦੀਆਂ ਭੂਰੀਆਂ ਮੁੱਛਾਂ ਦੇ ਸਿਰੇ ਕੌਲ ਦੀ ਸ਼ਰਾਬ ਵਿੱਚ ਡੁੱਬਦੇ ਹਨ, ਉਹ ਆਪਣੀਆਂ ਅੱਖਾਂ ਸੁੰਗੇੜਦਾ ਹੈ ਤੇ ਹੌਲ਼ੀ-ਹੌਲ਼ੀ ਸ਼ਰਾਬ ਦਾ ਸਵਾਦ ਲੈਣ ਲਗਦਾ ਹੈ। ਉਹ ਜੋਰ-ਜੋਰ ਨਾਲ਼ ਚਟਖਾਰੇ ਲੈਂਦਾ ਹੈ ਤੇ ਉਸ ਦਾ ਵਿੰਗਾ ਨੋਕਦਾਰ ਨੱਕ ਕੁਝ ਸੁੰਗੜ ਜਾਂਦਾ ਹੈ।
ਮਾਂ ਮੁਸਕਰਾਉਂਦੀ ਹੈ, ਸਿਰ ਨਿਵਾਉਂਦੀ ਹੈ ਤੇ ਕੁੜੀ ਦਾ ਹੱਥ ਫੜ ਕੇ ਉੱਥੋਂ ਤੁਰ ਪੈਂਦੀ ਹੈ। ਕੁੜੀ ਸੱਜੇ-ਖੱਬੇ ਝੂਮਦੀ, ਸੜਕ ਦੀ ਪਟੜੀ ‘ਤੇ ਨੱਚਦੀ-ਟੱਪਦੀ ਹੋਈ ਗੀਤ ਗਾਉਂਦੀ ਹੈ:
“ਮਾਂ, ਨੀ ਮੇਰੀ ਮਾਂ…”
ਕਾਮੇ ਅਲਸਾਏ ਹੋਏ ਆਪਣੇ ਮੂੰਹ ਮੋੜਦੇ ਹਨ। ਉਨਾਂ ਦੀ ਨਜ਼ਰ ਕਦੇ ਸ਼ਰਾਬ ਵੱਲ਼ ਜਾਂਦੀ ਹੈ, ਕਦੇ ਕੁੜੀ ਵੱਲ। ਉਹ ਹੱਸਦੇ ਹਨ ਤੇ ਆਪਣੀ ਤੇਜ਼ ਰਫਤਾਰ ਦੱਖਣੀ ਬੋਲੀ ਵਿੱਚ ਇੱਕ-ਦੂਜੇ ਨੂੰ ਕੁੱਝ ਕਹਿੰਦੇ ਹਨ।
ਤੇ ਕੌਲ ਵਿੱਚ ਲਾਲ ਸੂਹੀ ਸ਼ਰਾਬ ਉੱਤੇ ਫੁੱਲਾਂ ਦੀਆਂ ਉਹ ਲਾਲ ਪੱਤੀਆਂ ਹਾਲੇ ਵੀ ਤਰ ਰਹੀਆਂ ਹਨ।
ਸਮੁੰਦਰ ਗਾ ਰਿਹਾ ਹੈ, ਸ਼ਹਿਰ ਗੁਣਗੁਣਾ ਰਿਹਾ ਹੈ ਤੇ ਸੂਰਜ ਆਪਣੀਆਂ ਟੂਣੇਹਾਰੀਆਂ ਕਹਾਣੀਆਂ ਬੁੱਝਦਾ ਬੜਾ ਤਿੱਖਾ ਚਮਕ ਰਿਹਾ ਹੈ।

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ