Prateekvad : Roshan Lal Ahuja

ਪ੍ਰਤੀਕਵਾਦ : ਰੋਸ਼ਨ ਲਾਲ ਆਹੂਜਾ

ਪ੍ਰਤੀਕਵਾਦ (ਵਿਆਖਿਆ, ਪਰਮਪਰਾ ਨਾਟਕੀ ਪ੍ਰਯੋਗ)-ਰੋਸ਼ਨ ਲਾਲ ਆਹੂਜਾ


ਪ੍ਰਤੀਕਵਾਦ ਜਾਂ ਚਿੰਨ੍ਹਵਾਦ ਰਮਾਂਚਿਕ ਵਾਦ ਦਾ ਇਕ ਰੂਪ ਹੈ। ਰਾਗ ਜਾਂ ਸੰਗੀਤ, ਦੇਵ ਦਾਨਵ, ਜਿਨ, ਭੂਤ, ਪਰੀਆਂ, ਜਾਦੂ, ਭਰਮ, ਅਣਡਿਠਾ ਭੈ, ਅਸਾਧਰਣਤਾ, ਦੂਰਤਾ ਤੇ ਅਦਭੁਤਤਾ, ਮਨਮੋਹਣੇ ਸਰੂਪ, ਮਾਇਆ ਦੇ ਇੰਦਰ ਜਾਲ ਰੋਮਾਂਚਿਕ ਕਹੇ ਜਾਂਦੇ ਹਨ। ਚਿੰਨ੍ਹਵਾਦ ਵਿਚ ਭਾਵਾਂ ਦਾ ਵੇਗ ਨਹੀਂ ਹੁੰਦਾ। ਦੂਰਤਾ ਦੀ ਉਡਾਰੀ ਨਹੀਂ ਹੁੰਦੀ । ਅਸਾਧਰਣਤਾ ਦਾ ਬਾਹਰਲਾ ਲਿਸ਼ਕਾਰਾ ਨਹੀਂ ਹੁੰਦਾ। ਪਰੰਤੂ ਇਹਦਾ ਸੁਭਾ ਕਲਪਨਾ-ਸ਼ੀਲ ਤੇ ਕਾਵਿਮਈ ਹੈ। ਇਸ ਵਿਚ ਚਿਨ੍ਹਾਂ ਦੀ ਰਾਹੀਂ ਜੀਵਨ ਦੇ ਬੌਧਿਕ, ਸਦਾਚਾਰਿਕ ਤੇ ਭਾਵੁਕ ਅਰਥ ਜਾਂ ਕੀਮਤਾਂ ਪਰਗਟ ਕੀਤੀਆਂ ਜਾਂਦੀਆਂ ਹਨ।
ਦੁਸਹਿਰੇ ਦੇ ਅਵਸਰ ਤੇ ਰਾਵਣ ਦਾ ਬੁਤ ਬਣਾ ਕੇ ਸਾੜਿਆ ਜਾਂਦਾ ਹੈ। ਉਸ ਬੁਤ ਦੇ ਦਸ ਸਿਰ ਬਣਾਏ ਜਾਂਦੇ ਹਨ। ਉਹਨਾਂ ਦੇ ਉਪਰ ਯਾਰ੍ਹਵਾਂ ਸਿਰ ਖੋਤੇ ਦਾ ਬਣਾਇਆ ਜਾਂਦਾ ਹੈ। ਇਸ ਦਾ ਇਹ ਅਰਥ ਨਹੀਂ ਕਿ ਉਸ ਦੇ ਗਿਆਰਾਂ ਸਿਰ ਸਨ। ਪਰ ਇਸ ਦਾ ਭਾਵ ਇਹ ਹੈ ਕਿ ਉਹ ਚਾਰੇ ਵੇਦਾਂ ਤੇ ਛੇ ਸ਼ਾਸਤਰਾਂ ਦਾ ਵਿਦਵਾਨ ਸੀ। ਇਤਨੀ ਵਿਦਿਆ ਦੇ ਹੁੰਦਿਆਂ ਵੀ ਖਰ ਮਗਜ਼ ਜਾਂ ਹਠੀ ਸੀ।
ਸਰਸੁਤੀ ਦੇਵੀ ਦੇ ਪੁਰਾਣੇ ਚਿੱਤਰ ਵਿਚ ਉਸ ਦੇ ਚਾਰ ਹੱਥ ਤੇ ਬਾਹਵਾਂ ਵਿਖਾਈਆਂ ਜਾਂਦੀਆਂ ਹਨ ਦੋ ਹੱਥਾਂ ਵਿਚ ਉਸ ਦੇ ਵੀਣਾ, ਇਕ ਵਿਚ ਛੈਣੇ ਤੇ ਚੌਥੇ ਵਿਚ ਪੁਸਤਕ। ਚਾਰ ਬਾਹਵਾਂ ਤਾਂ ਕਿਸੇ ਜੀਵ ਦੀਆਂ ਨਹੀਂ ਹੁੰਦੀਆਂ। ਇਸ ਦਾ ਭਾਵ ਇਹ ਹੈ ਕਿ ਸਰਸੁਤੀ ਦੇਵੀ ਰਾਗ ਕਲਾ ਤੇ ਵਿਦਿਆ ਦੀ ਦੇਵੀ ਹੈ। ਇਸ ਦੇਵੀ ਦੇ ਨਾਲ ਮੋਰ ਦੀ ਤਸਵੀਰ ਵੀ ਬਣੀ ਹੋਈ ਹੁੰਦੀ ਹੈ। ਮੋਰ ਆਪਣੀ ਸੁੰਦਰਤਾ ਤੇ ਨਾਚ ਲਈ ਪਰਸਿੱਧ ਹੈ। ਇਸ ਲਈ ਉਹ ਨਾਚ ਤੇ ਸੁੰਦਰਤਾ ਦਾ ਚਿੰਨ੍ਹ ਹੈ। ਨਾਲੇ ਸਪ ਜੋ ਮੌਤ ਦਾ ਚਿੰਨ੍ਹ ਹੈ, ਉਸ ਦਾ ਸ਼ਤਰੂ ਹੈ ਤੇ ਉਸ ਨੂੰ ਮਾਰ ਛਡਦਾ ਹੈ। ਇਸ ਕਾਰਣ ਮੋਰ ਅਮਰਤਾ ਦਾ ਚਿੰਨ੍ਹ ਵੀ ਹੈ। ਅਰਥਾਤ ਸਰਸੁਤੀ ਦੇਵੀ ਰਾਗ ਵਿਦਿਆ, ਨਾਚ, ਸੁੰਦਰਤਾ ਤੇ ਅਮਰਤਾ ਦਾ ਚਿੰਨ੍ਹ ਹੈ।
'ਕਾਲੀ' ਦੇਵੀ ਦੇ ਗੱਲ ਵਿਚ ਖੋਪਰੀਆਂ ਦਾ ਹਾਰ ਪਾਇਆ ਹੋਇਆ ਵਿਖਾਇਆ ਜਾਂਦਾ ਹੈ । ‘ਕਾਲੀ ਦੇਵੀ' ਹੱਤਿਆ ਦਾ ਚਿੰਨ੍ਹ ਹੈ ਜਿਸ ਤਰ੍ਹਾਂ 'ਸਾਵਿਤਰੀ' ਸਤੀ ਜੀਵਨ ਰਖਿਆ ਦਾ । ਸਾਰੇ ਦੇਵੀ ਦੇਵਤਾ ਸਾਡੇ ਪੁਰਾਣੇ ਸਾਹਿਤ ਦੀ ਪ੍ਰਤੀਕਵਾਦੀ ਬਿਰਤੀ ਦੇ ਘੜੇ ਹੋਏ ਨਮੂਨੇ ਹਨ । 'ਕਮਲ' ਨਿਰਮੋਹ ਦਾ ਪਛਮੀ ਚਿੰਨ੍ਹ ਹੈ । 'ਹੰਸ' ਆਤਮਾ ਦਾ ਤੇ 'ਚਾਤ੍ਰਕ` ਜਿਗਿਆਸੂ ਦਾ । ਸਾਹਿਤ ਵਿਚ ਪ੍ਰਤੀਕਵਾਦ ਦੀ ਮਾਤਰਾ ਬਹੁਤ ਹੈ । ਸਾਹਿਤ ਵਿਚ ਹੈ ਕਿਉਂਕਿ ਜੀਵਨ ਵਿਚ ਸਪਸ਼ਟ ਹੈ । ਉਦਾਹਰਣ ਲਈ ਰਾਸ਼ਟਰੀ ਝੰਡਾ ਵੇਖੋ । ਇਹ ਕੇਵਲ ਕਪੜੇ ਦਾ ਟੁਕੜਾ ਹੀ ਨਹੀਂ, ਕੇਵਲ ਕਲਾਤਮਕ ਨਮੂਨਾ ਹੀ ਨਹੀਂ। ਸਗੋਂ ਹਜ਼ਾਰਾਂ, ਲਖਾਂ ਕਰੋੜਾਂ ਆਦਮੀਆਂ ਦੀ ਦੇਸ਼ਭਗਤੀ ਦਾ ਚਿੰਨ੍ਹ ਹੈ । ਸ਼ਰਧਾ, ਤਿਆਗ ਤੇ ਸੁਤੰਤਰਤਾ ਦਾ ਸੰਦੇਸਾ ਹੈ । ਇਸ ਦੀ ਆਨ ਸਾਰੀ ਕੌਮ ਦੀ ਆਨ ਹੈ । ਇਸ ਦਾ ਨਿਰਾਦਰ ਸਾਰਿਆਂ ਦੀ ਬੇਇਜ਼ਤੀ ਤੇ ਸ਼ਰਮ ਦਾ ਕਾਰਣ ਹੈ, ਜਿਸ ਦੇ ਕਾਰਣ ਕੌਮਾਂ ਵਿਚ ਸੰਗਰਾਮ ਹੋ ਜਾਂਦੇ ਹਨ ।
ਚਿੰਨ੍ਹ ਇਕ ਅਜੇਹਾ ਪਦਾਰਥ ਹੈ ਜਿਸ ਦੀਆਂ ਦੋ ਪਰਕਾਰ ਦੀਆਂ ਕੀਮਤਾਂ ਹੁੰਦੀਆਂ ਹਨ । ਇਕ ਅੰਦਰਲੀ ਤੇ ਦੂਜੀ ਬਾਹਰਲੀ । ਇਕ ਦਾ ਅਰਥ ਜਾਂ ਪ੍ਰਯੋਗ ਸਾਧਾਰਣ ਹੁੰਦਾ ਹੈ, ਦੂਜੇ ਦਾ ਵਿਸ਼ੇਸ਼ । ਮਾਝੇ ਦੇ ਆਦਮੀ ਲਈ ਬਾਈਬਲ ਇਕ ਅੰਗਰੇਜ਼ੀ ਦੀ ਕਿਤਾਬ ਹੈ ਜਿਸ ਦਾ ਮੁਲ ਰਦੀ ਤੋਂ ਵਧ ਕੇ ਨਹੀਂ, ਪਰ ਈਸਾਈ ਲਈ ਪੂਜਾ ਜੋਗ ਗ੍ਰੰਥ ਹੈ ਕਿਉਂਕਿ ਉਸ ਦੇ ਧਰਮ ਦਾ ਸੋਮਾ ਤੇ ਚਿੰਨ੍ਹ ਹੈ । ਧਰਮ ਵਿਚ ਚਿੰਨ੍ਹਾਂ ਦੀ ਮਾਤਰਾ ਅਧਿਕ ਹੁੰਦੀ ਹੈ । ਰਾਜਨੀਤੀ ਵਿਚ ਉਸ ਤੋਂ ਘਟ । ਹਿਟਲਰ ਨੇ ਸੁਅਸਤੀਕਾ ਨੂੰ ਆਪਣਾ ਰਾਜਸੀ ਚਿੰਨ੍ਹ ਬਣਾਇਆ ਹੋਇਆ ਸੀ ਜਿਸ ਵਿਚ ਉਸ ਆਪਣਾ ਆਰੀਆ ਜਾਤੀ ਵਾਲਾ ਸਿਧਾਂਤ ਤੇ ਉਸ ਦੀ ਵਿਜੈ ਦਾ ਭਾਵ ਭਰ ਦਿਤਾ ਸੀ ।
ਧਾਰਮਿਕ ਤੇ ਰਾਜਸਿਕ ਚਿੰਨ੍ਹ ਪਰਚਲਿਤ ਚਿੰਨ੍ਹ ਹੁੰਦੇ ਹਨ । ਇਨ੍ਹਾਂ ਦੇ ਅਤੀਰਿਕਤ ਚਿੰਨ੍ਹ ਵਿਗਿਆਨ ਵਿਚ ਵਰਤੇ ਜਾਂਦੇ ਹਨ । ਗਣਿਤ ਸ਼ਾਸਤਰ ਜਾਂ ਮੈਥੀਮੈਟਿਕਸ ਵਿਚ ਤਾਂ ਚਿੰਨ੍ਹ ਹੀ ਚਿੰਨ੍ਹ ਵਰਤੇ ਜਾਂਦੇ ਹਨ । ਵਰਨ-ਮਾਲਾ ਵਿਚ ਆਵਾਜ਼ਾਂ ਦੇ ਚਿੰਨ੍ਹ ਦਿਤੇ ਜਾਂਦੇ ਹਨ । ਇਸੇ ਤਰਾਂ ਸਾਹਿਤ ਵਿਚ, ਕਵਿਤਾ ਵਿਚ ਵਿਸ਼ੇਸ਼ ਕਰਕੇ ਸੰਕੇਤ ਇਕ ਉਚਾ ਲਖਸ਼ਣ ਸਮਝਿਆ ਜਾਂਦਾ ਹੈ । ਪਰਕਿਰਤੀ ਦੇ ਪਦਾਰਥ ਜਾਂ ਵਸਤਾਂ ਕਵੀ ਲਈ ਸੰਕੇਤ ਦਾ ਕੰਮ ਦਿੰਦੀਆਂ ਹਨ ।' ਬੇੜੀ' ਜੀਵਨ ਯਾਤਰਾ ਦਾ ਸੰਕੇਤ ਹੈ 'ਸਾਗਰ’ ਸੰਸਾਰ ਦਾ । ‘ਲਿਲੀ' ਅੰਗਰੇਜ਼ੀ ਵਿਚ ਪਵਿਤਰਤਾ ਦਾ ਚਿੰਨ੍ਹ ਹੈ ਤੇ 'ਲੋਟਸ’ ਜਾਂ ਕਮਲ ਸਾਡੇ ਲਈ ਨਿਰਲੇਪਤਾ ਦਾ । ‘ਬਦਲ` ਪਰੇਮੀਆਂ ਲਈ ਅੰਧੇਰੇ ਤੇ ਨਿਰਾਸਤਾ ਦਾ ਹੈ, ਪਰ ‘ਚੰਨ' ਸੰਜੋਗ ਤੇ ਆਨੰਦ ਦਾ ਚਿੰਨ੍ਹ ਹੈ । ਕਾਂ ਦਾ ਬੋਲਨਾ ਪਰਾਹੁਣੇ ਸਜਨ ਦੇ ਆਣ ਦੀ ਨਿਸ਼ਾਨੀ ਹੈ ਪਰ ਉੱਲੂ ਦਾ ਉਜਾੜ ਤੇ ਬਰਬਾਦੀ ਦੀ । ਕੁਤੇ ਦੀ ਰੋਣੀ ਮੌਤ ਆਣ ਦੀ ਨਿਸ਼ਾਨੀ ਹੈ ਪਰ ਲੇਖਣੀ ਦਾ ਡਿਗਣਾ ਕਿਸੇ ਦੀ ਯਾਦ ਕਰਨ ਦੀ । ਕਾਲੀ ਬਲੀ ਕੰਮ ਦੇ ਵਿਗੜ ਜਾਣ ਦਾ ਅਸ਼ੁਭ ਚਿੰਨ੍ਹ ਹੈ ਪਰ ਭੰਗੀ ਦਾ ਵਿਖੀਜਣਾ ਆਸ ਜਨਕ ਹੈ।
ਕਈ ਲੋਗ ਆਪਣੇ ਸੰਕੇਤ ਵੀ ਘੜਦੇ ਤੇ ਪਰਚਲਿਤ ਕਰਦੇ ਹਨ । ਇਸਨੂੰ ਵਹਿਮ ਕਹੋ ਜਾਂ ਕਲਪਨਾ, ਵਿਚਾਰਹੀਨ ਕਹੋ ਜਾਂ ਵਿਚਾਰਸ਼ੀਲ, ਮਿਥਿਆਵਾਦ ਕਹੋ ਜਾਂ ਦਰਸ਼ਨ, ਸੰਕੇਤ ਦੇ ਉਪਯੋਗ ਨਾਲ ਕਲਾ ਵਿਅੰਜਕ (suggestive) , ਭਾਵੁਕ (emotional) ਤੋਂ ਕਾਵਿਮਈ (poetic) ਜ਼ਰੂਰ ਹੋ ਜਾਂਦੀ ਹੈ। ਦਰਸ਼ਕ ਜਾਂ ਪਾਠਕ ਦੀ ਕਲਪਨਾ ਨੂੰ ਪਰੇਰਦੀ ਹੈ। ਉਸ ਵਿਚ ਸੂਚਿਤ ਭਾਵ ਉਜਾਗਰ ਕਰਦੀ ਹੈ ਤੇ ਅਦਭੁਤ ਰਸ ਦਾ ਆਨੰਦ ਦਿੰਦੀ ਹੈ। ਚਿੰਨ੍ਹਾਤਮਕ ਸੰਕੇਤ ਜਾਂ ਸੰਕੇਤਆਤਮਕ ਚਿੰਨ੍ਹ ਬੜੀ ਸੋਚ ਤੇ ਕਾਢ ਦਾ ਫਲ ਹਨ। ਇਨ੍ਹਾਂ ਵਿਚ ਦਾਰਸ਼ਨਿਕ, ਕਲਪਨਾਤਮਕ ਤੇ ਕਾਵਿਤਮਕ ਕੀਮਤਾਂ ਭਰ ਦਿਤੀਆਂ ਜਾਂਦੀਆਂ ਹਨ, ਜਿਹੜੀਆਂ ਹਰ ਕਿਸੇ ਨੂੰ ਸਮਝ ਨਹੀਂ ਆਂਦੀਆਂ। ਇਹ ਵਿਧੀਆਂ ਜਾਂ ਪ੍ਰਯੋਗ ਜਾਂ ਸਾਧਨ ਵਿਸ਼ੇਸ਼ ਗਿਆਨ, ਸੂਝ, ਪੰਡਤਾਈ ਨਾਲ ਪਾਰਖੂਆਂ ਨੂੰ ਸਮਝ ਆ ਸਕਦੇ ਹਨ। ਇਸ ਲਈ ਸੰਕੇਤਵਾਦ ਕੁੱਝ ਕਠਨ ਹੈ। ਹਾਂ ਜੇ ਸੰਕੇਤ ਵਿਅਕਤੀਗਤ ਦੀ ਥਾਂ ਤੇ ਪਰਚਲਤ ਹੋਵਨ ਤਾਂ ਸੰਕੇਤਵਾਦ ਜਨਤਾ ਕਲਾ ਨੂੰ ਅਧਿਕ ਲੋਕਪ੍ਰਿਆ ਬਣਾ ਦਿੰਦੀ ਹੈ।'ਸੋਹਣੀ' ਦਾ ਕੱਚਾ ਘੜਾ ਸੰਸਾਰਕ ਪਰੇਮ ਦਾ ਚਿੰਨ੍ਹ ਹੈ ਜਿਸ ਦਾ ਅੰਤ ਦੁਖਾਂਤਮਕ ਹੈ। ਧਾਰਮਿਕ ਗੁਰੂ ਨੂੰ 'ਜਹਾਜ਼' ਆਖਿਆ ਜਾਂਦਾ ਹੈ ਜੋ ਭਵਸਾਗਰ ਤੋਂ ਪਾਰ ਲੈ ਜਾਂਦਾ ਹੈ ਅਜੇਹੇ ' ਕਲਪਨਾ ਤੇ ਭਾਵਾਂ ਨੂੰ ਖੂਬ ਖਿਚਦੇ ਹੈ।

ਪਛਮੀ ਸਾਹਿਤ ਵਿਚ ਪ੍ਰਤੀਕਵਾਦ ਅਰਥਾਤ ਚਿੰਨ੍ਹਾਂ ਦੀ ਵਰਤੋਂ ਅਫ਼ਲਾਤੂਨ ਦੇ ਜੁਗ ਤੋਂ ਆਰੰਭ ਹੁੰਦੀ ਹੈ। ਉਹ ਆਪ ਵੀ ਚਿੰਨ੍ਹਾਂ ਦਾ ਉਪਯੋਗ ਕਰਦਾ ਸੀ ਕਿਉਂਕਿ ਚਿੰਨ੍ਹਾਂ ਦੀ ਵਰਤੋਂ ਨਾਲ ਗਲ ਚੰਗੀ ਤਰ੍ਹਾਂ ਸਮਝਾਈ ਜਾਂ ਵਰਣਨ ਕੀਤੀ ਜਾ ਸਕਦੀ ਹੈ। ਉਂਝ ਵੀ ਪਰਾਚੀਨ ਕਾਲ ਵਿਚ ਲੋਕ ਆਪਣੀ ਬੋਲੀ ਵਿਚ ਅਲੰਕਾਰ ਅਧਿਕ ਵਰਤਦੇ ਸਨ। ਬੋਲੀ ਅਜੇ ਘੜੀ ਜਾ ਰਹੀ ਸੀ। ਵਿਚਾਰਾਂ ਦੀ ਅਪੇਖਿਆ ਪਦਾਰਥਾਂ ਦੀ ਗਿਣਤੀ ਬਹੁਤੀ ਸੀ।ਹਰ ਪਦਾਰਥ ਲਈ ਨਵਾਂ ਸਬਦ ਘੜਿਆ ਜਾਂਦਾ ਸੀ। ਇਸ ਤਰਾ ਆਰੰਭ ਵਿਚ ਹਰ ਇਕ ਸਬਦ ਜਾਂ ਆਵਾਜ ਕਿਸੇ ਠੋਸ ਵਸਤ ਦਾ ਜਾਂ ਭੈ ਤੇ ਦੁਖ ਦੀ ਮਾਨਸਿਕ ਅਵਸਥਾ ਦਾ ਚਿਨ੍ਹ ਸੀ।
ਅਫਲਾਤੂਨ ਦੇ ਚੇਲਿਆਂ ਨੇ ਪਹਿਲਾਂ ਪਹਿਲ ਇਸ ਵਰਤੋਂ ਜਾਂ ਰਵਾਜ ਨੂੰ ਸਾਹਿਤਕ ਮਤ ਦੀ ਸ਼ਕਲ ਦਿਤੀ। ਅੱਗ, ਸੂਰਜ ਤੇ ਬਿੰਬ ਦੇ ਚਿੰਨ੍ਹ ਉਨ੍ਹਾਂ ਦੇ ਭਾਵ ਭਲੀ ਭਾਂਤ ਪਰਗਟ ਕਰਦੇ ਸਨ । ਉਸ ਦੇ ਬਾਦ ਮਧ ਕਾਲ ਵਿਚ ਈਸਾਈ ਧਾਰਮਕਿ ਚਿੰਨ੍ਹ ਅਧਿਕ ਪ੍ਰਚਲਿਤ ਹੋ ਗਏ । ਸਾਹਿਤਕ ਜਾਗ੍ਰਿਤੀ ਦੇ ਜੁਗ ਵਿਚ ਅਰਥਾਤ ਪੰਦਰਵੀਂ ਤੇ ਸੋਲਵੀਂ ਸ਼ਤਾਬਦੀਆਂ ਵਿਚ ਅਫ਼ਲਾਤੂਨ ਦਾ ਚਿੰਨ੍ਹਵਾਦ ਫੇਰ ਪ੍ਰਚਲਿਤ ਹੋ ਗਿਆ। ਅਜ-ਕਲ ਦੇ ਜੁਗ ਵਿਚ ਚਿੰਨ੍ਹਵਾਦ ਦੀ ਲਹਿਰ ਫਰਾਂਸ ਦੇ ਸੁਈਡਨਬਰਗ (Swedenborg) ਤੇ ਬਾਡਲੇ (Baudelaire) ਤੋਂ ਚਲੀ ਹੈ। ਇਹ ਦੇ ਦੋ ਰੂਪ ਹਨ : ਇਕ ਸਰਲ, ਉਦਾਸੀਨ ਤੇ ਅਨੂਠਾ ਜਿਸ ਦੇ ਨਾਲ ਮੈਟਰਲਿੰਕ (Maeterlinek) ਦਾ ਨਾਂ ਸੰਬੰਧਿਤ ਹੈ, ਦੂਜਾ ਨਿਸਚਿਤ ਜਟਿਲ (Complex) ਗੁੰਝਲਦਾਰ ਤੇ ਸੰਜੋਗਾਤਮਕ (Synthetic) ਹੈ ਤੇ ਮਲਾਰਮੀ (Mallarme) ਦਾ ਮਤ ਹੈ। ਅਜ-ਕਲ ਦੇ ਸਾਹਿਤ ਵਿਚ ਵਡੇ ਚਿੰਨ੍ਹ ਵਾਦੀ ਇਬਸਨ, (Ibsen), ਯੇਟਸ (Yeats) ਸਿੰਜ (Synge) ਚੈਖ਼ੋਵ (Chekhov), ਓਨੀਲ (Engene Oneill) ਮੰਨੇ ਜਾਂਦੇ ਹਨ । ਉਨੀਵੀਂ ਸ਼ਤਾਬਦੀ ਦੇ ਮੱਧ ਵਿਚ (੧੮੮੬) ਫਰਾਂਸ ਵਿਚ ਫਿਗਾਰੋਂ ਪਤਰੀਕਾ ਵਿਚ ਇਸ ਮਤ ਦੀ ਘੋਸ਼ਣਾ ਕੀਤੀ ਗਈ। ਨਾਲ ਇਸ ਦੇ ਆਦਰਸ਼ਵਾਦੀ ਲਹਿਰ ਵੀ ਚਲੀ। ਪਰਭਾਵ ਵਾਦ ਦਾ ਆਰੰਭ ਵੀ ਨਾਲੋ-ਨਾਲ ਰਾਗ ਤੇ ਚਿਤਰਕਾਰੀ ਵਿਚ ਹੋਇਆ। ਇਸੇ ਤਰ੍ਹਾਂ ਚਿੰਨ੍ਹਵਾਦ ਨਵੀਆਂ ਕਲਾਵਾਂ ਦੀਆਂ ਲਹਿਰਾਂ ਦਾ ਇਕਫਲ ਹੈ।
ਚਿੰਨ੍ਹ ਇਕ ਪਰਕਾਰ ਦਾ ਅਲੰਕਾਰ ਹੈ ਜੋ ਕਈ ਰੂਪਾਂ ਵਿਚ ਵਰਤਿਆ ਜਾਂਦਾ ਹੈ ਦਿਸ਼ਯੰਤ (Simile) ਉਪਮਾ, (Metaphor) ਰੂਪਕ, (analogy) ਸਮਾਨਤਾ, ਰੂਪਕ (allegory)।
ਚਿੰਨ੍ਹ ਮਨੁਖੀ ਅਨੁਭਵ ਦਾ ਨਿਸ਼ਾਨ ਹੈ। ਜੇ ਇਹ ਸਰਲ ਹੋਵੇ ਤਾਂ ਇਸ ਵਿਚ ਬਲ ਹੁੰਦਾ ਹੈ, ਇਸ ਦਾ ਪ੍ਰਭਾਵ ਤੀਬਰ ਹੁੰਦਾ ਹੈ। ਜੇ ਪੇਚੀਦਾ ਜਾਂ ਜਟਿਲ ਹੋਵੇ ਤਾਂ ਇਸ ਦਾ ਪ੍ਰਭਾਵ ਵਿਚਿੱਤਰ ਹੁੰਦਾ ਹੈ। ਇਸ ਦਾ ਉਪਯੋਗ ਕਿਸੇ ਅਨੁਭਵ ਦੀ ਵਿਆਖਿਆ ਕਰਨ ਲਈ, ਉਸ ਨੂੰ ਪਰਭਾਵਿਤ ਕਰਨ ਲਈ, ਅਚੇਤ ਭਾਵਾਂ ਜਾਂ ਅਨੁਭਵ ਨੂੰ ਸੁਚੇਤ ਕਰਨ ਲਈ ਹੁੰਦਾ ਹੈ। ਇੰਦਰਿਆਤਮਕ (Sensuous) ਕਲਾ ਵਿਚ ਚਿੰਨ੍ਹ ਮਨ ਨੂੰ ਹਰਨ ਲਈ ਵੀ ਵਰਤਿਆ ਜਾਂਦਾ ਹੈ ਤੇ ਸ਼ੋਭਾ ਦਾ ਕੰਮ ਦਿੰਦਾ ਹੈ ਪਰ ਇਸ ਪ੍ਰਯੋਗ ਦੀ ਕੀਮਤ ਘਟੀਆ ਸਮਝੀ ਜਾਂਦੀ ਹੈ।

ਨਾਟਕ ਵਿਚ ਚਿੰਨ੍ਹੂਵਾਦ ਵਸਤੂ, ਪਾਤਰ, ਵਾਤਾਵਰਨ ਦੀ ਰਾਹੀਂ ਪਰਗਟ ਕੀਤਾ ਜਾਂਦਾ ਹੈ। ਕਈਆਂ ਸਮਾਜਿਕ ਤੇ ਸਮੱਸਿਆ ਨਾਟਕਾਂ ਦਾ ਸੁਭਾ ਚਿੰਨ੍ਹਵਾਦੀ ਹੁੰਦਾ ਹੈ। ਉਨ੍ਹਾਂ ਵਿਚ ਵਸਤੂ ਜਾਂ ਕਹਾਣੀ ਕਿਸੇ ਵਿਸ਼ੇਸ਼ ਕ੍ਰਿਆ ਦੇ ਆਧਾਰ ਤੇ ਰਚੀ ਹੋਈ ਹੁੰਦੀ ਹੈ। ਕ੍ਰਿਆ ਸਾਧਾਰਣ ਸੰਭਵ ਘਟਨਾ ਹੁੰਦੀ ਹੈ ਜਿਸ ਵਿਚ ਆਦਿ ਤੋਂ ਲੈ ਕੇ ਅੰਤ ਤੀਕ ਘੋਲ ਤੇ ਉਤੇਜਨਾ (excitement) ਦੇ ਆਸਰੇ ਨਾਟਕੀ ਰੋਚਕਤਾ ਥਿਰ ਰਹਿੰਦੀ ਹੈ। ਪਾਤਰ ਵੀ, ਵਸਤੂ ਦੀ ਗੋਂਦ ਨਾਲ ਉਸਰਦੇ ਤੇ ਆਪਣੀ ਵਿਅਕਤੀ ਨੂੰ ਉੱਨਤ ਤੇ ਪਰਕਾਸ਼ਿਤ ਕਰਦੇ ਹਨ। ਰੰਗ-ਭੂਮੀ ਦੇ ਦ੍ਰਿਸ਼ਟੀ-ਕੋਣ ਨਾਲ ਨਾਟਕ ਸਫਲ ਹੁੰਦਾ ਹੈ। ਪਰ ਨਾਲ ਨਾਲ ਉਸ ਨਾਟਕ ਦੇ ਦੂਜਾ ਭਾਵ ਵੀ ਨਿਖਰਦਾ ਹੈ। ਆਪਣੀ ਵਿਅਕਤੀ ਦੇ ਬਾਵਜੂਦ ਵੀ ਉਹ ਪਾਤਰ ਪ੍ਰਤੀ-ਰੂਪਕ (types) ਜਾਪਦੇ ਹਨ। ਵਿਸ਼ੇਸ਼ ਘਟਨਾ ਹੋਣ ਦੇ ਬਾਵਜੂਦ ਵੀ ਉਹ ਕ੍ਰਿਆ ਪ੍ਰਤੀਰੂਪਕ ਜਾਪਦੀ ਹੈ। ਅਜੇਹੀ ਗਲ, ਹੋਰਾਂ ਨਾਲ ਵੀ ਵਾਪਰਦੀ ਹੈ, ਵਾਪਰ ਚੁੱਕੀ ਹੈ ਤੇ ਅਗਾਂਹ ਵੀ ਵਾਪਰ ਸਕਦੀ ਹੈ। ਇਹ ਕੋਈ ਵਿਰਲੀ ਨਹੀਂ। ਅਜੇਹੇ ਨਾਟਕ ਦੋ ਪਰਕਾਰ ਦੇ ਹੁੰਦੇ ਹਨ। ਇਕ ਉਹ ਜਿਨ੍ਹਾਂ ਵਿਚ ਜੀਵਨ ਦੀ ਦੁਖਾਤਮਕ ਝਲਕ ਵਿਖਾਈ ਜਾਂਦੀ ਹੈ, ਭਾਵੇਂ ਇਹ ਸਚੀ ਘਟਨਾ ਦੇ ਆਧਾਰ ਤੇ ਹੋਣ ਭਾਵੇਂ ਮਨ ਘੜਤ। ਇਨ੍ਹਾਂ ਦਾ ਝਲਕਾਰਾ ਜੀਵਨ ਦੇ ਦੁਖੀ ਸਰੂਪ ਦਾ ਝਲਕਾਰਾ ਹੈ। ਅਜੇਹਾ ਨਾਟਕ 'ਸ਼ੈਕਸਪੀਅਰ ਦਾ"ਹੇਮਲਟ" ਹੈ। "ਰੌਸ਼ਨਾਰਾ" ਦੁਖਾਂਤ ਵਿਚ ਕੁਆਰੀਆਂ ਜੁਆਨ ਧੀਆਂ ਭੈਣਾਂ ਦਾ ਅੰਤ ਵਿਖਾਇਆ ਗਿਆ ਹੈ। “ਕੁਆਰੀ ਟੀਸੀ" ਵੀ ਇਸ ਪਰਕਾਰ ਦਾ ਚਿੰਨ੍ਹਵਾਦੀ ਨਾਟਕ ਹੈ। 'ਆਦਮੀ ਦੀ ਅਕਲ' ਵਿਚ ਹਰ ਮੋਟੀ ਵਿਵਰਣ (detail) ਇਕ ਚਿੰਨ੍ਹ ਹੈ, ਜਿਸ ਦਾ ਦੂਜਾ ਭਾਵ ਕਢਿਆ ਜਾ ਸਕਦਾ ਹੈ।ਇਸ ਵਿਚ ਕੁਝ ਪਾਤਰਾਂ ਦੇ ਨਾਂ ਪਰਤੱਖ ਨ ਹੁੰਦੇ ਤਾਂ ਇਹ ਸਦਾ ਪਰਭਾਵਜਨਕ ਹੁੰਦੀ।
ਕਈ ਅਜੇਹੇ ਨਾਟਕ ਵੀ ਹੁੰਦੇ ਹਨ ਜਿਨ੍ਹਾਂ ਵਿਚ ਕੇਵਲ ਕੁਝ ਪਾਤਰ ਚਿੰਨ੍ਹਾਤਮਕ ਹੁੰਦੇ ਹਨ। ਉਨ੍ਹਾਂ ਦਾ ਭਾਗ ਮਹੱਤਵ ਪੂਰਣ ਹੁੰਦਾ ਹੈ। ਉਨ੍ਹਾਂ ਦੀ ਕ੍ਰਿਆ ਉਨ੍ਹਾਂ ਦੀ ਲੋਚਾ ਉਨ੍ਹਾਂ ਦਾ ਸੁਭਾ ਪ੍ਰਤੀ ਰੂਪਕ ਹੁੰਦਾ ਹੈ, ਕੇਵਲ ਵਿਅਕਤੀਗਤ ਨਹੀਂ। 'ਵਿਕਾਸ' ਵਿਚ ਘੋਸ਼ ਦੀ ਪੁਕਾਰ ਹਰ ਇਸਤਰੀ ਦੀ ਪਰਾਕ੍ਰਿਤਕ ਸੁਭਾਵਿਕ ਪੁਕਾਰ ਹੈ ਜਿਹੜੀ ਜੀਵ ਦਾ ਸਾਹ ਘੁਟਣ ਨਾਲ ਨਿਕਲਦੀ ਹੈ। 'ਆਦਮੀ ਦੀ ਅਕਲ’ ਵਿਚ ਭੋਲੀ ਅਜੇਹਾ ਪਾਤਰ ਹੈ ਜੋ ਪੁਰਾਣੇ ਪਤੀਵਰਤਾ ਆਦਰਸ਼ ਨੂੰ ਸਿਧ ਕਰਦੀ ਹੈ 'ਲੋਹਾ ਕੁਟ' ਵਿਚ ਮਾਂ ਤੇ ਧੀ ਗਾਰਗੀ ਦੇ ਪ੍ਰਤੀ-ਰੂਪਕ ਪਾਤਰ ਹਨ ਜੋ ਉਸ ਦੇ ਖੁਲੇ ਪਿਆਰ ਦੇ ਸਿਧਾਂਤ ਨੂੰ ਸਿਧ ਕਰਦੇ ਹਨ। ਜੋੜ ਵਾਸ਼ਨਾ ਇਕ ਅਜੇਹੀ ਤ੍ਰਿਸ਼ਨਾਂ ਹੈ ਜੋ ਗਾਰਗੀ ਦੇ ਅਨੁਸਾਰ ਹਰ ਕਿਸੇ ਨਾਲ ਤਰਿਪਤ ਨਹੀਂ ਹੋ ਸਕਦੀ ਤੇ ਜਿਸ ਦੇ ਪਰਾਪਤ ਕਰਨ ਲਈ ਜੀਵਨ ਤੇ ਬਾਕੀ ਸਭ ਜੋੜ ਝੂਠੇ ਤੇ ਤੁੱਛ ਹਨ।

ਚਿੰਨ੍ਹ ਵਾਦ ਨਿਰੋਲ ਰੂਪ ਵਿਚ ਵੀ ਪੰਜਾਬੀ ਨਾਟਕ ਵਿਚ ਪਾਇਆ ਜਾਂਦਾ ਹੈ। ਕਈ ਆਲੋਚਕਾਂ ਦਾ ਵਿਚਾਰ ਹੈ ਕਿ ਅਸਲੀ ਚਿੰਨ੍ਹ ਵਾਦ ਇਹੋ ਹੀ ਹੈ। ਨਿਰੋਲ ਚਿੰਨ੍ਹਵਾਦ ਦਾ ਪਹਿਲਾ ਉਦਾਹਰਣ ਸੇਖੋਂ ਦੇ "ਬਾਬਾ ਬੋਹੜ" ਵਿਚ ਮਿਲਦਾ ਹੈ। ਇਤਿਹਾਸ ਦੀ ਸੂਖਸ਼ਮ ਆਤਮਾ ਨੂੰ ਸੇਖੋਂ ਨੇ ਬਾਬਾ ਬੋਹੜ ਦੇ ਰੂਪ ਵਿਚ ਪਰਗਟਾਇਆ ਹੈ। ਇਸ ਇਤਿਹਾਸਕ ਕਾਵਿ-ਰੂਪਕ ਵਿਚ ਅਜੇਹਾ ਪਾਤਰ ਹੋਰ ਲਭਣਾ ਕਠਨ ਹੀ ਨਹੀਂ, ਅਸੰਭਵ ਸੀ, ਜੋ ਇਤਿਹਾਸ ਤੇ ਇਕ ਵਿਸ਼ਾਲ ਦ੍ਰਿਸ਼ਟੀ ਪਾ ਕੇ ਬੀਬੀਆਂ ਰਾਣੀਆਂ ਨੂੰ ਪੰਜਾਬ ਦਾ ਸੰਗਰਾਮ ਨਾਟਕ 'ਬ੍ਰਤਾਂਤ' ਵਿਚ ਦਸਕੇ ਸਮਝਾ ਸਕਦਾ। ਨਿਰੋਲ ਚਿੰਨ੍ਹ ਵਾਦ ਦਾ ਦੂਜਾ ਉਦਾਹਰਣ ਦੁਗਲ ਦੇ ਮਨੋਵਿਗਿਆਨਕ ਰੂਪਕ 'ਆਤਮ ਘਾਤ' ਵਿਚ ਮਿਲਦਾ ਹੈ।। ਨਾਥ ਵਿਦਿਆਰਥੀ ਛਾਇਆ ਲਈ ਤੜਪ ਰਿਹਾ ਹੈ।ਉਸ ਦੀ ਆਤਮਾ ਦਿਵਯ ਮੂਰਤੀ ਦੇ ਰੂਪ ਵਿਚ ਉਸ ਨੂੰ ਸਮਝਾਂਦੀ ਤੇ ਰੋਕਦੀ ਹੈ ਪਰ ਉਹ ਪਰੇਮ ਵਸ ਹੈ। ਉਸ ਦੀ ਇਕ ਨਹੀਂ ਸੁਣਦਾ । ਛਾਇਆ ਸੱਚ ਮੁਚ ਛਾਇਆ ਸਾਬਤ ਹੁੰਦੀ ਹੈ। ਦੁਗਲ ਨੇ ਇਸ ਵਿਚ ਕਾਮਨੀ ਦੇ ਪਰੇਮ ਨੂੰ ਅਸਥਿਰ ਦਰਸਾਇਆ ਹੈ। ਇਹ ਉਸ ਦਾ ਦੂਜਾ ਚਿੰਨ੍ਹ ਹੈ। ਨਿਰਾਸ਼ ਨਾਥ ਦੇ ਮਨ ਵਿਚ ਪਰੇਮ ਦੀ ਤਿਸ਼ਣਾ ਕਾਮਵਾਸ਼ਨਾ ਵਿਚ ਬਦਲ ਜਾਂਦੀ ਹੈ ਜਿਹੜੀ ਪਰੇਮ ਨੂੰ ਮਿਥਿਆ ਜਤਾ ਕੇ ਉਸ ਨੂੰ ਵੇਸਵਾ ਵਲ ਲੈ ਜਾਂਦੀ ਹੈ। ਇਕ 'ਸਿਫਰ ਸਿਫਰ' ਸਿਖਿਆ ਰੂਪਕ ਹੈ ਜਿਸ ਵਿਚ ਸ਼ੁਹਰਤ ਜਾਂ ਜੱਸ (ਯਸ਼) ਨੂੰ ਇਕ ਸੁੰਦਰ ਮੁਟਿਆਰ ਵਰ ਦੀ ਅਭਿਲਾਸ਼ਾ ਵਾਲੀ ਕੁੜੀ ਦਾ ਰੂਪ ਦਿੱਤਾ ਹੈ।
ਦੁਗਲ ਦਾ ਤੀਜਾ ਚਿੰਨ੍ਹਵਾਦ ਰੂਪਕ ‘ਖਿਡੌਣੇ' ਹੈ। ਤਿੰਨ ਖਡੌਣੇ ਤੇ ਉਨ੍ਹਾਂ ਦੇ ਸਵਰਗੀ ਕਰਤਾ ਦੀ ਆਤਮਾ ਇਸ ਗਲ ਤੇ ਚਰਚਾ ਕਰਦੇ ਹਨ ਕਿ ਕਲਾ ਕੀ ਹੈ, ਕਲਾ ਦਾ ਉਦੇਸ਼ ਕੀ ਹੈ, ਕਿ ਸਚਾ ਕਲਾਕਾਰ ਕੌਣ ਹੈ, ਉਹ ਨਹੀਂ ਜੋ ਪਰਚਲਿਤ, ਧਾਰਮਿਕ ਜਾਂ ਰਾਜਸਿਕ ਭਾਵਾਂ ਨੂੰ ਕਲਾ ਵਿਚ ਮੂਰਤੀਮਾਨ ਕਰੇ ਪਰ ਜੋ ਨਵੇਂ ਵਿਚਾਰ, ਨਵੀਂ ਕਾਢ ਕਲਾ ਦੇ ਰੂਪ ਵਿਚ ਲੋਕਾਂ ਦੇ ਅਗੇ ਪੇਸ਼ ਕਰੇ। ਆਪਣਾ ਨਿਰਬਾਹ ਤੇ ਸ਼ੁਹਰਤ ਗੁਆ ਕੇ ਵੀ ਕਲਾ ਦੀ ਸੇਵਾ ਕਰੇ। ਇਸ ਵਿਚ ਦੁਗਲ ਕਲਾਵਾਦ ਤੇ ਵਿਅਕਤੀਵਾਦ ਦਾ ਪੱਖ ਲੈਂਦਾ ਹੈ। ਸੂਖਸ਼ਮ ਵਿਚਾਰਾਂ ਜਾਂ ਦ੍ਰਿਸ਼ਟੀ ਕੋਣਾਂ ਨੂੰ ਮੂਰਤੀਮਾਨ ਕਰਕੇ ਦੁਗਲ ਨੇ ਬੜੀ ਨਿਪੁੰਣਤਾਂ ਨਾਲ ਚਰਚਾ, ਸਮਸਿਆ ਜਾਂ ਵਿਚਾਰ ਪਰਧਾਨ, ਰੂਪਕ ਰਚਿਆ ਹੈ।
ਦੁਗਲ ਜਾਂ ਸੇਖੋਂ ਜਿੰਨੀ ਬੌਧਿਕਤਾ ਗਾਰਗੀ ਵਿਚ ਨਹੀਂ। ਸੂਖਸ਼ਮ ਭਾਵ ਜਾਂ ਵਿਚਾਰ ਉਸ ਦੀ ਰਚਨਾ ਵਿਚ ਪਰਧਾਨ ਨਹੀਂ। 'ਸੈਲ ਪਥਰ' ਵਿਚ ਉਸ ਨੇ ਸਮਾਜ-ਵਾਦ ਦੀ ਪੁਸ਼ਟੀ ਕੀਤੀ ਹੈ ਪਰ ਉਸ ਦਾ “ਲੋਹਾ ਕੁਟ' (ਪਹਿਲਾ ਸੰਸਕਰਣ) ਨਾਲ ਵਿਰੋਧ ਹੈ (ਦੋਵੇਂ ਇਕ ਦੂਜੇ ਨੂੰ ਵਢਦੇ ਹਨ ) ਗਾਰਗੀ ਦੀ ਪ੍ਰਵਿਰਤੀ ਰੋਮਾਂਚਿਕ ਹੈ। ਅਸਾਧਾਰਣਤਾ, ਦੂਰਤਾ ਤੇ ਅਦਭੁਤਤਾ ਵਿਚ ਉਸ ਦੀ ਰੁਚੀ ਪਰਤੱਖ ਹੈ। ਇਸ ਕਾਰਨ ਉਹ ਸੂਖਸ਼ਮ ਪਰਕਾਰ ਦੇ ਚਿੰਨ੍ਹਾਂ ਦਾ ਉਪਯੋਗ ਨਹੀਂ ਕਰ ਸਕਦਾ। ਪਰ ਉਹ ਇਬਸਨ ਉਸਤਾਦ ਵਾਂਗ ਚਿੰਨ੍ਹਾਤਮਕ ਉਪਾ ਖੂਬ ਲਗਾਂਦਾ ਹੈ। ‘ਕੁਆਰੀ ਟੀਸੀ' ਵਿਚ ਬਿਮਾਰ ਭੇਡ ਖੰਘਦੀ ਹੈ। ਉਹ ਮੁਟਿਆਰ ਕੁੜੀ ਦੇ ਅਸੰਤਸ਼ਟ ਪਰੇਮੀ ਮਨ ਦਾ ਸੰਕੇਤ ਹੈ। ਇਹ ਵਿਧੀ ਗਾਰਗੀ ਨੇ “ਪਤਣ ਦੀ ਬੇੜੀ" ਵਿਚ ਵਰਤੀ ਹੈ। ਬਿਮਾਰ ਬੁਢੀ ਮਾਂ ਨਾਇਕਾ ਤੇ ਬਿਮਾਰ, ਨਿਰਾਸ਼, ਅਸੰਤੁਸ਼ਟ ਹਿਰਦੇ ਦਾ ਪ੍ਰਤੀ-ਰੂਪ ਹੈ। ਨਹੀਂ ਤਾਂ ਇਨ੍ਹਾਂ ਬਿਮਾਰ ਪਾਤਰਾਂ ਦਾ ਹੋਰ ਪਰਯੋਜਨ ਕੀ ਹੋ ਸਕਦਾ ਹੈ। ਇਹ ਚਿਨਾਤਮਿਕ ਯੁਕਤੀ ਜਾਂ ਵਿਧੀ ਗਾਰਗੀ ਨੇ 'ਲੋਹਾ ਕੁਟ' ਵਿਚ ਵੀ ਵਰਤੀ ਹੈ। ਸੰਤੀ ਦਾ ਦਾਲ ਦੇ ਰੋੜ ਚੁਨਣਾ ਉਸ ਦਾ ਨਸ ਜਾਣ ਦੇ ਸੰਕੋਚਾਂ ਨੂੰ ਦੂਰ ਕਰਨਾ ਹੈ। ਉਸ ਦੇ ਯਾਰ ਦਾ ਟੁਟੀ ਹੋਈ ਕਹੀ ਨੂੰ ਜੁੜਵਾਣ ਲਈ ਆਣਾ ਉਸ ਨਾਲ ਮੇਲ ਕਰਨਾ ਹੈ। ਨ ਕੇਵਲ ਉਸ ਨੂੰ ਪਰੇਰਣ ਦਾ ਬਹਾਨਾ ਹੈ ਬਲਕਿ ਪੁਰਾਣੇ ਟੁੱਟੇ ਹੋਏ ਸਾਥ ਨੂੰ ਫੇਰ ਜੋੜਨ ਦਾ ਭਾਵ ਤੇ ਇਸ਼ਾਰਾ ਈ ਹੈ।
ਕਾਕੂ ਦਾ 'ਕੁਕੜ ਉਸ ਦੇ ਕਠੋਰ ਖੌਰੇ ਕਾਲੇ ਮੈਲੇ ਕੰਮ ਦਾ ਮੁਰਤੀ ਮਾਨ ਹੈ। ਉਸ ਦੇ ਠੋਂਗੇ ਕਾਕੂ ਦੇ ਸੁਭਾ ਤੇ ਕਿਰਤ ਦੇ ਦੁਖਦਾਈ ਨਿਸ਼ਾਨ ਹਨ ਜੋ ਸੰਤੀ ਤੇ ਬੈਣੋ ਨੂੰ ਚੁਭਦੇ ਤੇ ਘਿਰਨਾ ਜੋਗ ਮਸੂਸ ਹੁੰਦੇ ਹਨ ।
'ਧੋਖਾ' ਵਿਚ ਵੀ ਚਿੰਨ੍ਹਵਾਦ ਦੀ ਮਾਤਰਾ ਹੈ । ਧੋਖੇ ਨਾਲ ਕੀਤੇ ਹੋਏ ਵਿਆਹ ਵਿਚ ਇਸਤਰੀ ਪੁਰਸ਼ ਦੇ ਪਹਿਲੇ ਦਰਸ਼ਨ ਵਿਚ ਹੀ ਅਸਲੀਅਤ ਦਾ ਪਤਾ ਲਗ ਜਾਂਦੇ ਹੈ । ਰੋਣਾ ਤੇ ਗਾਣਾ ਉਸ ਦੇ ਬਾਹਰਲੇ ਪਰਮਾਣ ਹਨ, ਪਰ ਮੁਲਾਕਾਤ ਵਿਚ ਵੰਗਾਂ ਦਾ ਤੇ ਕਚ ਦੇ ਗਿਲਾਸ ਦਾ ਟੁਟ ਜਾਣਾ ਇਸ ਅਨਜੋੜ ਦੀਆਂ ਨਿਸ਼ਾਨੀਆਂ ਹਨ। ਫੇਰ ਦੁਪਟੇ ਦਾ ਪਾਟ ਜਾਣਾ ਤਾਂ ਸਪਸ਼ਟ ਹੀ ਦਸ ਦਿੰਦਾ ਹੈ ਕਿ ਇਹ ਧੋਖੇ ਦਾ ਜੋ ਟੁਟਣ ਲਗਾ ਹੈ । ਅੰਤ ਵਿਚ ਲਾੜੇ ਦੀ ਛੋਟੀ ਭੈਣ ਨੂੰ ਕਹਿਣਾ ਕਿ ਆਪਣੀ ਭੈਣ ਨੂੰ ਹੋਰ ਦੁਪੱਟਾ ਲਿਆ ਦੇ ਬਿਲਕੁਲ ਸਪਸ਼ਟ ਕਰ ਦਿੰਦਾ ਹੈ ਕਿ ਉਸ ਨੂੰ ਇਸ ਧੋਖੇ ਸੰਯੋਗ ਨੂੰ ਸਵੀਕਾਰ ਨਹੀਂ ਕੀਤਾ, ਬਲਕਿ ਇਸ ਅਨਜੋੜ ਦਾ ਅੰਤ ਲਿਆ ਦਿੱਤਾ ਹੈ ‘ਭੂਮੀ ਅੰਦੋਲਨ' ਵਿਚ ਕਲਮ ਤੇ ਸ਼ਤਰੰਜ ਦਾ ਖੇਲ ਸੁਝਾਓ ਦੇ ਚਿੰਨ੍ਹ ਹਨ ।

ਚਿੰਨ੍ਹ ਦੇ ਉਪਯੋਗ ਨੂੰ ਸਫਲ ਕਰਨ ਲਈ ਦੋ ਗਲਾਂ ਦਾ ਹੋਣਾ ਆਵਸਕ ਹੈ । ਚਿੰਨ੍ਹ ਕਹਾਣੀ ਦੇ ਪਾਤਰਾਂ ਦੇ ਜਾਂ ਵਾਤਾਵਰਣ ਦੇ ਅਵਸ਼ਕ ਅੰਸ਼ ਜਾਂ ਅੰਗ ਹੋਣੇ ਚਾਹੀਦੇ ਹਨ । ਐਵੇਂ ਵਾਧੂ ਭੇਡਾਂ ਵਾਂਗ ਕਹਾਣੀ ਦੇ ਨਾਲ ਨਹੀਂ ਟੰਗ ਦੇਣੇ ਚਾਹੀਦੇ। ਚਿੰਨ੍ਹ ਗਮਲੇ ਦੇ ਫੁੱਲਾਂ ਵਾਂਗ ਨਹੀਂ ਹਨ, ਨ ਹੀ ਨਵੇਂ ਬਣਦੇ ਮਕਾਨ ਦੇ ਮਥੇ ਤੇ ਹੋਏ ਭੈੜੀ ਨਜ਼ਰ ਤੋਂ ਬਚਾਣ ਵਾਲੇ ਨਜ਼ਰ-ਵਟੂ । ਪਾਤਰਾਂ ਦੀ ਕ੍ਰਿਆ, ਵੇਸ਼, ਜਾਂ ਵਾਤਾਵਰਣ ਵਿਚੋਂ ਨਿਖਰਦੇ ਹੋਏ ਚਿੰਨ੍ਹ ਸੁਭਾਵਿਕ ਲਗਦੇ ਹਨ ਦੂਜੇ ਬਣਾਉਟੀ, ਮਨ ਘੜਤ।
ਚਿੰਨ੍ਹਵਾਦ ਦੀ ਸਫਲਤਾ ਦੀ ਦੂਜੀ ਉਚਿਤਾ ਇਹ ਹੈ ਕਿ ਚਿੰਨ੍ਹ ਦੇ ਬਾਹਰਲੇ ਅਰਥ ਤੇ ਅੰਦਰਲੇ ਭਾਵ ਵਿਚ ਸਮਾਨਤਾ ਹੋਵੇ।ਜੇ ਬਾਹਰਲੇ ਅਰਥ ਅਧਿਕ ਰੋਮਾਂਚਕ ਤੇ ਪਰਭਾਵਿਤ ਹੋਏਗਾ ਤਾਂ ਅੰਦਰਲਾ ਭਾਵ ਲੋਪ ਹੋ ਜਾਵੇਗਾ । ਜੇ ਅੰਦਰਲਾ ਭਾਵ ਨਿਖਰ ਕੇ ਅਨੁਚਿਤ ਤਰੀਕੇ ਨਾਲ ਸਪਸ਼ਟ ਹੋ ਜਾਵੇ ਤਾਂ ਇਹ ਭੈੜਾ ਜਾਂ ਭਦਾ ਲਗੇਗਾ ਕਿਉਕਿ ਇਸ ਦਾ ਨਾਟਕੀ ਸਰੂਪ ਕੱਚਾ, ਫਿੱਕਾ ਜਾਂ ਨੰਗਾ ਰਹਿ ਗਇਆ ਹੈ । ਚਿੰਨ੍ਹਵਾਦ ਦੀ ਸਫਲਤਾ ਲਈ ਇਹ ਬਹੁਤ ਉਚਿਤ ਹੈ ਕਿ ਜਿਸ ਕਲਾ ਵਿਚ ਇਸ ਦਾ ਪ੍ਰਯੋਗ ਕੀਤਾ ਜਾਵੇ ਉਸ ਦਾ ਵਿਸ਼ਾ ਸਰਵਲੌਕਿਕ (universal) ਜਾਂ ਆਮ ਪਸੰਦ ਹੋਵੇ। ਦੂਜੀ ਨਾਲ ਦੀ ਜ਼ਰੂਰੀ ਸ਼ਰਤ ਇਹ ਹੈ ਕਿ ਚਿੰਨ੍ਹ ਵੀ ਅਧਿਕ ਵਿਅਕਤੀਗਤ ਤੇ ਆਤਮ-ਪਰਧਾਨ ਨਾ ਹੋਣ। ਚਿੰਨ੍ਹ ਜਿਤਨੇ ਵੀ ਅਧਿਕ ਸੂਖਸ਼ਮ ਤੇ ਘਟ ਠੋਸ ਹੋਣਗੇ ਉਤਨੇ ਅਧਿਕ ਅਗਿਆਤ ਹੋਣਗੇ। ਜਿਤਨੇ ਅਧਿਕ ਆਤਮ ਲਖੀ ਹੋਣਗੇ ਉਤਨਾ ਘਟ ਕਲਾ ਨੂੰ ਰੌਚਕ ਬਣਾਣਗੇ । ਜਦ ਤੀਕ ਕਲਾ ਦੀ ਸਮਝ ਨ ਆਵੇ ਤਦ ਤੀਕ ਉਸ ਦੀ ਰੌਚਕਤਾ ਅਨੁਭਵ ਨਹੀਂ ਹੋ ਸਕਦੀ।
ਇਕ ਗਲ ਹੋਰ ਵੀ ਹੈ ਜੇ ਚਿੰਨ੍ਹਵਾਦ ਖੇਲ ਵਿਚ ਵਰਤਿਆ ਜਾਵੇ, ਤਾਂ ਇਸ ਦੇ ਚਿੰਨ੍ਹ ਨਾਟਕੀ ਤੇ ਅਭਿਆਸ ਜੋਗ ਹੋਣੇ ਚਾਹੀਦੇ ਹਨ ਤਾਕਿ ਸੂਤਰ ਧਾਰ ਇਨ੍ਹਾਂ ਨੂੰ ਛੇੜੇ ਬਿਨਾਂ ਉਪਯੋਗ ਕਰ ਸਕੇ। ਬਹੁਤ ਸੂਖਸ਼ਮ ਚਿੰਨ੍ਹੁ ਪਰਭਾਵ-ਹੀਨ ਹੋ ਜਾਂਦੇ ਹਨ। ਬਹੁਤ ਠੋਸ ਚਿੰਨ੍ਹ ਖੇਲਣ ਵਿਚ ਤਾਂ ਚੰਗੇ ਲਗਦੇ ਹਨ ਪਰ ਉਨ੍ਹਾਂ ਦਾ ਅੰਦਰਲਾ ਭਾਵ ਨਾਲ ਨਾਲ ਪਰਕਾਸ਼ ਨਹੀਂ ਹੁੰਦਾ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ