Punjabi Natak Te Rang Manch : Kapur Singh Ghuman

ਪੰਜਾਬੀ ਨਾਟਕ ਤੇ ਰੰਗ ਮੰਚ : ਕਪੂਰ ਸਿੰਘ ਘੁੰਮਣ

ਅਜੋਕੇ ਪੰਜਾਬੀ ਨਾਟਕ ਦੀ ਦਸ਼ਾ ਉਸ ਗਭਰੂ ਵਰਗੀ ਹੈ ਜਿਸ ਦਾ ਮਾਨਸਿਕ ਵਿਕਾਸ਼ ਬਚਪਨ ਵਿਚ ਹੀ ਰੁਕ ਗਿਆ ਹੋਵੇ। ਵੇਖਣ ਨੂੰ ਉਹ ਚੰਗਾ-ਭਲਾ ਜਾਪਦਾ ਹੈ। ਉਸ ਦਾ ਕਦ-ਬਤ, ਰੰਗ ਰੂਪ, ਕੱਪੜਾ ਲੱਤਾ, ਦਿੱਖ ਦੱਖ ਸਭੋ ਕੁਝ ਸਾਧਾਰਣ ਮਨੁੱਖਾਂ ਵਰਗਾ ਹੁੰਦਾ ਹੈ ਪਰ ਜਦ ਉਹ ਬੋਲਦਾ ਹੈ ਤਾਂ ਉਸ ਦੀਆਂ ਆਂ ਆਂ,ਵਾਂ ਵਾਂ, ਟੀਰੀ ਤੱਕਣੀ, ਵਰਾਛ ਮਰੋੜ ਕੇ ਬੋਲਣਾ ਤੇ ਅੰਗਾਂ ਨੂੰ ਪਾਗਲਾਂ ਵਾਂਗ ਹਿਲਾਉਣਾ ਉਸ ਦੀ ਅਸਲੀਅਤ ਦਾ ਪਾਜ ਖੋਲ੍ਹ ਕੇ ਵੇਖਣ ਵਾਲੇ ਨੂੰ ਚਕਿਰਤ ਕਰ ਦੇਂਦਾ ਹੈ ।
ਸਾਡੀਆਂ ਨਾਟ ਪੁਸਤਕਾਂ ਵਿਚ ਅੰਕਾਂ ਦੀ ਵਿਉਂਤ, ਪਾਤਰਾ ਦੀ ਸੂਚੀ, ਪਰਦੇ ਉਠਣ ਡਿੱਗਣ ਦੀ ਸੂਚਨਾ, ਵਾਰਤਾਲਾਪ, ਮੰਚ ਹਦਾਇਤਾਂ, ਨਾਟਕਕਾਰਾਂ ਦੀ ਪ੍ਰਸੰਸਾ ਤੇ ਸ਼ਲਾਘਾ ਨਾਲ ਡੁਲ੍ਹ ਡੁਲ੍ਹ ਪੈਂਦੇ ਮੁਖਬੰਦ ਪੜ੍ਹ ਕੇ ਇਕ ਵਾਰੀ ਤਾਂ ਟਪਲਾ ਲਗ ਜਾਂਦਾ ਹੈ ਕਿ ਹਥਲਾ ਨਾਟਕ ਬੜੀ ਮਾਹਰਕੇ ਦੀ ਚੀਜ਼ ਹੈ ਅਤੇ ਨਾਟਕਕਾਰ ਨੇ ਨਵੀਆਂ ਸਿੱਖਰਾਂ ਨੂੰ ਛੂਹਿਆ ਹੈ, ਪਰੰਤੂ ਜਦ ਨਾਟਕ ਰੰਗ ਮੰਚ ਤੇ ਜਾਂਦਾ ਹੈ (ਜੋ ਅਵਸਰ ਸਾਡੇ ਨਾਟਕਾਂ ਨੂੰ ਕਦੇ ਭਾਗਾਂ ਨਾਲ ਹੀ ਪ੍ਰਾਪਤ ਹੁੰਦਾ ਹੈ ਅਤੇ ਉਹ ਵੀ ਨਾਟਕ ਦੇ ਗੁਣਾਂ ਨਾਲੋਂ ਬਹੁਤਾ ਸ਼ੁਹਰਤ ਤੇ ਨਾਮਨਾ ਖਟਾਣ ਲਈ ਨਾਟਕਕਾਰ ਦੇ ਦੋਸਤਾਂ ਮਿਤਰਾਂ ਦੀ ਹਿੰਮਤ ਸਦਕਾ) ਤਾਂ ਉਹੀ ਨਾਟਕ ਅਤਿਅੰਤ ਨੀਰਸ, ਅਕਾਉ ਤੇ ਘਟੀਆ ਸਿੱਧ ਹੁੰਦਾ ਹੈ। ਨਾਟਕ ਨੂੰ ਵੇਖਣ ਲਈ ਪੂਰਾ ਸਮਾਂ ਬੈਠੇ ਰਹਿਣਾ ਕਠਨ ਹੋ ਜਾਂਦਾ ਹੈ। ਤੇ ਅਕਸ਼ਰ ਦਰਸ਼ਕਾਂ ਦਾ ਗੁਸਾ ਪਹਿਲੇ ਜਾਂ ਦੂਜੇ ਪਰਦੇ ਤੋਂ ਪਹਿਲਾਂ ਹੀ ਅੰਤਮ ਪਰਦਾ ਡੇਗ ਦੇਣ ਲਈ ਮਜਬੂਰ ਕਰ ਦੇਂਦਾ ਹੈ। ਸ਼ਰੀਫ ਦਰਸ਼ਕ ਉਬਾਸੀਆਂ ਲੈਂਦੇ, ਆਕੜਾਂ ਭੰਨਦੇ ਪਰਦਾ ਡਿੱਗਣ ਦੀ ਉਡੀਕ ਵਿਚ ਦੜ ਵੱਟੀ ਬੈਠੇ ਰਹਿੰਦੇ ਹਨ।
ਪੇਸ਼ਾਵਰਾਨਾ ਰੰਗ ਮੰਚ ਦੀ ਅਣਹੋਂਦ ਸਾਡੇ ਨਾਟਕਾਂ ਦੀ ਦੁਰਦਸ਼ਾ ਦਾ ਏਨਾ ਵੱਡਾ ਕਾਰਨ ਨਹੀਂ, ਜਿਨਾਂ ਮੰਚ ਸੂਝ ਤੇ ਦਰਸ਼ਕ ਸੂਝ ਦੀ ਅਣਹੋਂਦ ਹੈ। ਮੰਚ ਤਾਂ ਬਾਹਵਾਂ ਪਸਾਰੀ ਨਾਟਕਾਂ ਦੀ ਉਡੀਕ ਵਿਚ ਸਿਥਲ ਹੋ ਗਿਆ ਹੈ, ਨਾਟਕਕਾਰਾਂ ਨ ਉਸ ਦੀ ਸਾਰ ਨਹੀਂ ਲਈ, ਉਸ ਦੀ ਗੱਲ ਨਹੀਂ ਗੋਲੀ, ਉਸ ਦੀਆਂ ਰੀਝਾਂ ਨਹੀਂ ਵੇਖੀਆਂ, ਉਸ ਦੀਆਂ ਸੰਭਾਵਨਾਵਾਂ ਨਹੀਂ ਜਗਾਈਆਂ, ਉਸ ਦੇ ਸੁਪਨੇ ਸਾਕਾਰ ਨਹੀਂ ਕੀਤੇ ।

੪੩ ਸਾਲ ਪਹਿਲਾਂ ਜਦ ਸਾਡੇ ਨਾਟਕ ਦੇ ਪਿਤਾਮਾ ਈਸ਼ਵਰ ਚੰਦਰ ਨੰਦਾ ਨੇ ‘ਸੁਭਦਰਾ' ਦੀ ਬਾਂਹ ਫੜ ਕੇ ਪਜਾਬੀ ਰੰਗ ਮੰਚ ਉਤੇ ਛਾਲ ਮਾਰੀ ਸੀ ਤਾਂ ਸਮੁਚਾ ਪੰਜਾਬੀ ਜੀਵਨ ਤੇ ਪੰਜਾਬੀ ਸਭਿਆਚਾਰ ਮੰਚ ਤੇ ਧੜਕ ਉਠਿਆ ਸੀ । ਪੰਜਾਬ ਦੇ ਗੀਤ, ਗਿੱਧੇ, ਢੋਲ ਢਮੱਕੇ, ਭੰਗੜੇ; ਖੁਲ੍ਹਾ ਖਲਾਸਾ ਸੁਭਾਅ, ਠੁਲ੍ਹਾ ਹਾਸਾ, ਚਤੁਰਾਈ, ਕਸਕਾਂ-ਪੀੜਾਂ, ਹੌਕੇ ਹਾਵੇ, ਰਹਣ ਸਹਿਣ ਰਹੁ ਰੀਤਾਂ ਤੇ ਸਭੋ ਕੁਝ ਉਸ ਨੇ ਆਪਣੇ ਇਕੋ ਨਾਟਕ ਦੀਆਂ ਪੰਜ ਝਾਕੀਆਂ ਵਿਚ ਸਮੋ ਦਿਤਾ । ਪੰਜਾਬੀ ਮਰਦਾਂ ਤੇ ਤੀਵੀਆਂ ਨੂੰ ਉਸ ਨੇ ਆਪਣੇ ਦਿਲ ਦੀਆਂ ਗੱਲਾਂ ਕਰਨ ਲਈ ਚਾਅ, ਉਮਾਹ, ਦੁਖ ਸੁਖ ਪਰਗਟ ਕਰਨ ਲਈ ਰੰਗ ਮੰਚ ਤੇ ਲਿਆ ਖਲਾਰਿਆ । ਇਸ ਨਾਟਕ ਦੀ ਗੋਂਦ, ਬੋਲਚਾਲ, ਪਾਤਰ ਉਸਾਰੀ, ਨਾਟਕੀਅਤਾ ਅਤੇ ਰਸ ਨਿਪੁੰਨਤਾ ਪੰਜਾਬੀ ਰੰਗ ਮੰਚ ਲਈ ਅਨੋਖੀ ਪ੍ਰਾਪਤੀ ਸੀ । ਆਸ ਬੱਝੀ ਸੀ ਕਿ ਉਸ ਤੇ ਹੋਰ ਲੰਮੀਆਂ, ਉਚੀਆਂ ਛਾਲਾਂ ਵਜਣਗੀਆਂ, ਉਸ ਦਾ ਘੇਰਾ ਵਿਸ਼ਾਲ ਹੁੰਦਾ ਜਾਵੇਗਾ, ਉਸ ਦੀ ਸ਼ਮਰੱਥਾ ਬੇਓੜਕ ਹੋ ਜਾਵੇਗੀ ਤੇ ਉਸ ਤੇ ਭਰਪੂਰ ਜੋਬਨ ਆਵੇਗਾ ਪਰ ਨੰਦਾ ਦੇ ਪਿਛੋਂ ਆਉਣ ਵਾਲੇ ਨਾਟਕਕਾਰਾਂ ਵਿਚ ਏਨਾ ਆਤਮ ਵਿਸ਼ਵਾਸ ਜਾਂ ਸਾਹਸ ਨਹੀਂ ਸੀ ਕਿ ਉਹ ਰੰਗ ਮੰਚ ਦੀਆਂ ਰੀਝਾਂ ਪੂਰੀਆਂ ਕਰ ਸਕਦੇ ।
ਅਤਿਅੰਤ ਦੁਖ ਦੀ ਗੱਲ ਹੈ ਕਿ ਪੰਜਾਬੀ ਨਾਟਕ ਸਮਕਾਲੀ ਪੱਛਮੀ ਨਟਕ ਤੋਂ ਪੂਰੀ ਇਕ ਸਦੀ ਪਿਛੇ ਹੈ । ਸਾਡੇ ਕਈ ਨਾਟਕਕਾਰ ਅਖਵਾਉਣ ਵਾਲੇ ਅਜੇ ਸਤ੍ਹਾਰਵੀਂ ਸਦੀ ਵਿਚ ਬੈਠੇ ਹਨ । ਇਸ ਐਟਮੀ ਯੁਗ ਵਿਚ ਜਦ ਮਨੁਖ ਨੇ ਪੁਲਾੜ ਨੂੰ ਜਿਤ ਲਇਆ ਹੈ ਅਤੇ ਸਮੇਂ ਤੇ ਸਥਾਨ ਦੀਆਂ ਵਿੱਥਾਂ ਮਿਟਾ ਦਿਤੀਆਂ ਹਨ । ਪੰਜਾਬੀ ਨਾਟਕਕਰਾਂ ਦਾ ਖੂਹ ਦੇ ਡਡੂ ਬਣਿਆ ਰਹਣਾ ਰੰਗਮੰਚ ਦਾ ਦੁਰਭਾਗ ਹੈ । ਕਾਸ਼ ਪੰਜਾਬੀ ਨਾਟਕ ਖੇਤਰ ਵਿਚ ਵੀ ਚੈਖਵ, ਇਬਸਨ, ਸ਼ਾਅ, ਬੈਰੀ, ਪਿਰੈਂਡਲੋ, ਗਾਲਜ਼-ਵਰਦੀ; ਓਨੀਲ ਆਦਿ ਦਾ ਕੋਈ ਹਾਣੀ ਪ੍ਰਵੇਸ਼ ਕਰਦਾ ਤੇ ਇਸ ਨੂੰ ਕਿਸੇ ਨਰੋਈ ਸੇਧ ਤੇ ਟੋਰ ਕੇ ਗੌਰਵ ਬਖਸ਼ਦਾ ।
ਨੰਦਾ ਦੇ ਪਿਛੋਂ ਪੰਜਾਬੀ ਰੰਗ ਮੰਚ ਤੇ ਹਰਚਰਨ ਸਿੰਘ ਨੇ ਕਦਮ ਰਖਿਆ ਤੇ ਉਸ ਨੇ ਵੀ ਸੁਧਾਰਵਾਦ ਦਾ ਹੀ ਨਾਹਰਾ ਮਾਰਿਆ। ੧੯੪੧ ਵਿਚ ਉਸ ਨ 'ਅਣਚੌੜ' ਲਿਖਣ ਦਾ ਮੰਤਵ ਨਾਟਕ ਵਿਚ ਇੰਜ ਦਿਤਾ, ' ਭੈਣੋ, ਮੈਂ ਦੇਖ ਰਿਹਾ ਹਾਂ, ਭਰੇ ਹੋਏ ਨੈਣਾਂ ਨਾਲ, ਤੇਰੀ ਸਹੇਲੀ ਦੂਰ ਚਲੀ ਗਈ ਹੈ । ਤੈਨੂੰ ਬੇਤਰਸ ਮਰਦ ਨੇ ਉਸ ਨਾਲੋਂ ਵਿਛੋੜ ਪੈਰਾਂ 'ਚ ਰੋਲ ਛਡਿਆ ਹੈ । ਉਠ ਮੈਂ ਤੈਨੂੰ ਕਲਮ ਦੇ ਸਹਾਰੇ ਤੇਰੇ ਸੰਗ ਨਾਲ ਰਲਾ ਦਿਆਂ।' ਇਕ ਦਹਾਕਾ ਬਾਦ ‘ਦੋਸ਼' ਵਿਚ ਉਸ ਨੇ ਫਿਰ ਇਸਤਰੀ ਨੂੰ ਬਾਹੋਂ ਫੜਿਆ ਅਤੇ ਹੁਣ ਹੋਰ ਦਸ ਬਾਰਾਂ ਸਾਲ ਬਾਦ ਆਪਣੇ ਸਭ ਤੋਂ ਤਾਜ਼ੇ ਨਾਟਕ 'ਸੋਭਾ ਸ਼ਕਤੀ ਵਿਚ ਵੀ ਆਪਣੇ ਸ਼ਬਦਾਂ ਅਨੁਸਾਰ ਉਸ ਨੇ "ਭਾਰਤੀ ਇਸਤਰੀ ਦੀ ਸਮਸਿਆ ਨੂੰ ਹੱਥ, ਪਾਇਆ ਹੈ ।
ਪੂਰੇ ਪੰਝੀ ਸਾਲ ਸਾਡੇ ਇਸ ਮੁਖ ਨਾਟਕਕਾਰ ਨੇ ਭਾਰਤੀ ਇਸਤਰੀ ਦੀ ਸਮੱਸਿਆ ਨੂੰ ਹੀ ਅਪਣਾਈ ਰਖਿਆ ਹੈ ।
ਤਕਨੀਕੀ ਪੱਖ ਤੋਂ ਵੀ ਹਰਚਰਨ ਸਿੰਘ ਨੇ ਅਜੇ ਤਕ ਅਗੇ ਪੈਰ ਰਖ ਸਕਨ ਦਾ ਜੇਰਾ ਨਹੀਂ ਕੀਤਾ। ਉਹ ਨਾਟਕ ਦੇ ਕੇਵਲ ਤਿੰਨ ਅੰਕ ਰੱਖਦਾ ਹੈ, ਮੰਚ ਸੈਟਿੰਗ ਭਾਵੇਂ ਸਾਦੀ ਤੇ ਸਾਧਾਰਣ ਹੈ ਅਤੇ ਵਾਤਾਵਰਣ ਯਥਾਰਥਕ ਹੈ ਪਰੰਤੂ ਘਟਨਾਚਕਰ ਉਸ ਦਾ ਬਨਾਉਟੀ ਹੁੰਦਾ ਹੈ । ਉਸ ਦੇ ਪਾਤਰ ਕੱਠ-ਪੁਤਲੀਆਂ ਤੇ ਸਿੱਕੇ ਬੰਦ ਹਨ, ਪਲਾਟ ਦੀ ਅਧੀਨਗੀ ਵਿਚ ਸੁੰਗੜੇ, ਆਕੜੇ ਹੋਏ । ਨਾਟਕਾਂ ਵਿਚ ਇਕੋ ਇਕ ‘ਪ੍ਰਯੋਗ' ਜੋ ਉਸਨੇ ਕੀਤਾ ਹੈ ਇਹ ਹੈ ਕਿ ਉਸ ਨੇ ਪਾਤਰਾਂ ਨੂੰ ਬੋਲੀ ਦੀ ਖੁਲ੍ਹ ਦੇ ਦਿਤੀ ਹੈ । ਉਸ ਦੇ ਪਾਤਰ ਮਾਝੀ ਬੋਲਦੇ ਬੋਲਦੇ ਮਲਵਈ ਜਾਂ ਰਲਵੀਂ ਜਾਂ ਆਪਣੇ ਮਾਨਸਿਕ ਪੱਧਰ ਦੇ ਪ੍ਰਤੀਕੂਲ ਬੋਲਣ ਲਗ ਪੈਂਦੇ ਹਨ । ਠਾਣੇਦਾਰ ਤੇ ਜੱਟ ਦੀ ਬੋਲੀ ਵਿਚ ਫਰਕ ਨਹੀਂ ਰਹਿੰਦਾ ਤੇ ਜਾਂ ਫਿਰ ਹਰਚਰਨ ਸਿੰਘ ਨੇ ਇਹ'ਪ੍ਰਯੋਗ'ਕੀਤਾ ਹੈ ਕਿ ਨਵੇਂ ਨਾਟਕ 'ਸ਼ੋਭਾ ਸ਼ਕਤੀ' ਵਿਚ ਸਤਾਰਵੀਂ ਸਦੀ ਦੇ ਅੰਗਰੇਜ਼ੀ ਨਾਟਕਾਂ ਵਾਂਗ ਪਾਤਰਾਂ ਕੋਲੋਂ ਓਹਲੇ ਵਿਚ (Aside) ਵੀ ਕੁਝ ਗਲਾਂ ਅਖਵਾਈਆਂ ਹਨ ਅਤੇ ਸਮੇਂ ਦੇ ਪਸਾਰ ਨੂੰ ਵੀਹ ਸਾਲਾਂ ਤਕ ਫੈਲਾ ਦਿਤਾ ਹੈ । ਵੀਹ ਪੰਝੀ ਸਾਲ ਦੀ ਸਾਧਨਾ ਬਾਦ ਹਰਚਰਨ ਸਿੰਘ ਦੀ ਇਹ ਪ੍ਰਾਪਤੀ ਸੰਤੋਖ ਜਨਕ ਨਹੀਂ ।"ਪੁਨਿਆਂ ਦਾ ਚੰਨ"ਬਣ ਸਕਣ ਦੀ ਥਾਂ ਉਹ ਮੱਸਿਆ ਦੀ ਰਾਤ ਵਿਚ ਠੇਡੇ ਖਾ ਰਿਹਾ ਹੈ।

ਸੰਤ ਸਿੰਘ ਸੇਖੋਂ ਅਤੇ ਬਲਵੰਤ ਗਾਰਗੀ ਨੇ ਸਿਧਾਂਤਕ ਵਲਗਨਾਂ ਨੂੰ ਤੋੜਨ ਦਾ ਯਤਨ ਕੀਤਾ ਹੈ । ਅੰਕਾਂ ਦੀ ਵੰਡ ਵਿਸ਼ੇ ਦੀ ਮੰਗ ਅਨੁਸਾਰ ਵਧਾ ਘਟਾ ਲਈ ਹੈ ਅਤੇ ਵਿਸ਼ੇ ਵਿਚ ਵਨਗੀ ਲਿਆਂਦੀ ਹੈ 'ਤਕਨੀਕੀ ਪੱਖ ਤੋਂ ਵੀ ਉਨ੍ਹਾਂ ਨੇ ਪੰਜਾਬੀ ਨਾਟਕ ਨੂੰ ਉੱਨਤ ਕਰਨ ਦਾ ਹੰਭਲਾ ਮਾਰਿਆ ਹੈ । ਪਰੰਤੂ ਪੰਜਾਬੀ ਰੰਗ ਮੰਚ ਦੇ ਦੁਰਭਾਗ ਕਾਰਨ ਇਕ ਕੋਲ ਨਿਰੋਲ ਬੌਧਿਕਤਾ ਹੈ ਤੇ ਮੰਚ ਸੂਝ ਕੋਈ ਨਹੀਂ, ਦੂਜੇ ਕੋਲ ਨਿਰੋਲ ਮੰਚ ਸੂਝ ਹੈ ਤੇ ਬੌਧਿਕਤਾ ਕੋਈ ਨਹੀਂ। ਪੰਜਾਬੀ ਰੰਗਮੰਚ ਦੀ ਹੋਰ ਬਦਕਿਸਮਤੀ ਇਹ ਹੈ ਕਿ ਇਨ੍ਹਾਂ ਦੋਹਾਂ ਨਾਟਕਕਾਰਾਂ ਨੇ ਪੱਛਮੀ ਨਾਟਕ ਦੀ ਪੂਰੀ ਸਦੀ ਦੀ ਪਰਾਪਤੀ ਨੂੰ ਇਕ ਦਮ ਪੰਜਾਬੀ ਰੰਗਮੰਚ ਤੇ ਮੜ੍ਹ ਦੇਣ ਦੀ ਕਾਹਲ ਵਿਚ ਪੰਜਾਬੀ ਰੰਗਮੰਚ ਨੂੰ ਕੋਈ ਰੂਪ ਦੇਣ ਦੀ ਥਾਂ ਕਰੂਪ ਕਰ ਦਿੱਤਾ ਹੈ।
ਇਥੋਂ ਤਕ ਤਾਂ ਇਹ ਦੋਵੇਂ ਸਹਮਤ ਹਨ ਕਿ ਪੰਜਾਬੀ ਰੰਗਮੰਚ ਨੂੰ ਯਥਾਰਥਵਾਦੀ ਪਰੰਪਰਾ ਤੇ ਹੀ ਵਿਕਸਤ ਕੀਤਾ ਜਾਵੇ, ਪਲਾਟ ਨੂੰ ਪਾਤਰ ਦੇ ਅਧੀਨ ਰਖਿਆ ਜਾਵੇ ਅਤੇ ਪਾਤਰ ਵਰਤਮਾਨ ਜ਼ਿੰਦਗੀ ਵਿਚੋਂ ਹੀ ਲਏ ਜਾਣ | ਪਰੰਤੂ ਇਨ੍ਹਾਂ ਦਾ ਯਥਾਰਥਵਾਦ ਨੰਦਾ ਤੇ ਹਰਚਰਨ ਸਿੰਘ ਦੇ ਯਥਾਰਥਵਾਦ ਤੋਂ ਨਿਰਾਲਾ ਹੈ । ਨੰਦਾ ਦਾ ਯਥਾਰਥਵਾਦ ਚਿਤ੍ਰਮਈ ਹੈ, ਜ਼ਿੰਦਗੀ ਦੀ ਹੂਬਹੂ ਤਸਵੀਰ । ਜਿਵੇਂ ਉਸ ਕੋਈ ਚੀਜ਼ ਵੇਖੀ ਉਵੇਂ ਹੀ ਦਰਸ਼ਕਾਂ ਨੂੰ ਵਿਖਾ ਦਿਤੀ । ਉਸ ਦੇ ਪਾਤਰ ਘੜੇ ਹੋਏ ਨਹੀਂ ਹਨ, ਜੀਵਨ ਵਿਚੋਂ ਚੁਣ ਕੇ ਰੰਗ ਮੰਚ ਤੇ ਲਿਆ ਖਲ੍ਹਾਰੇ ਹਨ, ਐਨ ਅਸਲੀ ਰੂਪ ਵਿਚ, ਆਪਣੀ ਬੋਲੀ ਬੋਲਦੇ, ਆਪਣੀ ਮਨ ਮਰਜ਼ੀ ਕਰਦੇ । ਹਰਚਰਨ ਸਿੰਘ ਦਾ ਯਥਾਰਥਵਾਦ ਨੰਦੇ ਨਾਲੋਂ ਇਸ ਪਰਕਾਰ ਭਿੰਨ ਹੈ ਨੰਦਾ ਪਾਤਰਾਂ ਨੂੰ ਲੋਕਾਂ ਦੀਆਂ ਨਜ਼ਰਾਂ ਨਾਲ ਵੇਖਦਾ ਜਾਚਦਾ ਹੈ, ਹਰਚਰਨ ਸਿੰਘ ਆਪਣੀ ਐਨਕ ਦੇ ਨੰਬਰ ਅਨੁਸਾਰ ਉਨ੍ਹਾਂ ਦਾ ਰੂਪ ਕੁਝ ਵਧਿਆ ਜਾਂ ਘਟਿਆ ਵੇਖ ਸਕਿਆ ਅਤੇ ਉਸੇ ਨੂੰ ਹੀ ਯਥਾਰਥ ਸਮਝ ਕੇ ਪੇਸ਼ ਕਰ ਦਿੱਤਾ । ਉਸ ਦੇ ਪਾਤਰਾਂ ਦਾ ਰੰਗ ਰੂਪ ਉਸ ਦੇ ਆਪਣੇ ਸ਼ੀਸ਼ੇ ਦੇ ਰੰਗ ਅਨੁਸਾਰ ਕੁਝ ਅਣਅਸਲੀ ਹੋ ਗਿਆ ਹੈ । ਉਨ੍ਹਾਂ ਦੀ ਬੋਲੀ ਵੀ ਹਰਚਰਨ ਸਿੰਘ ਨੇ ਆਪ ਸੁਣ ਕੇ ਆਪਣੇ ਮੁੰਹੋ ਬੋਲੀ ਹੈ ਤੇ ਜੋ ਸ਼ਬਦ ਭੁਲ ਗਏ ਉਨ੍ਹਾਂ ਦੀ ਥਾਂ ਆਪਣੇ ਪਾ ਦਿਤੇ । ਇਹ ਟਪਲਾਮਈ ਯਥਾਰਥਵਾਦ ਹੈ ।
ਸੇਖੋਂ ਦੇ ਯਥਾਰਥਵਾਦ ਵਿਚ ਸਮਾਜਵਾਦ, ਵਾਸ਼ਨਾਵਾਦ, ਬੁਧੀਵਾਦ, ਪ੍ਰਗਤੀਵਾਦ ਦੇ ਰੰਗ ਕੁਝ ਇਸ ਤਰ੍ਹਾਂ ਰਲ ਮਿਲ ਗਏ ਹਨ ਕਿ ਉਸ ਦੀ ਠੀਕ ਸੇਧ ਦਾ ਨਿਰਣਾ ਕਰਨਾ ਕਠਨ ਹੋ ਜਾਂਦਾ ਹੈ । ਸੇਖੋਂ ਇਸ ਬੁਨਿਆਦੀ ਤੱਥ ਨੂੰ ਮੰਨਣ ਤੋਂ ਸੰਕੋਚ ਕਰਦਾ ਹੈ ਕਿ ਨਾਟਕਕਾਰ ਦੀ ਦਰਸ਼ਕਾਂ ਤਕ ਪਹੁੰਚ ਭਾਵਾਂ ਰਾਹੀਂ ਹੁੰਦੀ ਹੈ, ਵਿਚਾਰਾਂ ਰਾਹੀਂ ਨਹੀਂ। ਇਹੋ ਕਾਰਨ ਹੈ ਕਿ ਉਹ ਨਾਟਕਕਾਰ ਨਹੀਂ ਬਣ ਸਕਿਆ ਅਤੇ ਕੇਵਲ ਚਿੰਤਕ ਹੀ ਰਹ ਗਇਆ ਹੈ । 'ਨਾਰਕੀ' ਦੀ ਮੰਚ-ਅਨੁਕੂਲਤਾ ਇਸ ਗੱਲ ਦੀ ਸਾਖੀ ਭਰਦੀ ਹੈ ਕਿ ਸੇਖੋਂ ਨੇ ਰੰਗ਼ ਮੰਚ ਨੂੰ ਵੇਖਿਆ ਤਾਂ ਜ਼ਰੂਰ ਹੈ ਪਰ ਰੰਗ ਮੰਚ ਦੀ ਅਹੱਲਿਆ ਦੇ ਅੰਗਾਂ ਵਿਚ ਇੰਦਰ ‘ਕਲਾਕਾਰ' ਵਾਂਗ ਭਾਵ ਪ੍ਰਜਵਲਤ ਕਰਨ ਦੀ ਥਾਂ ਉਸ ਨੇ ਇੰਦਰ ਦੇਵਤਾ ਵਾਂਗ ਇਸ ਨੂੰ ਸਰਾਪ ਕੇ ਪੱਥਰ ਬਣਾ ਦਿਤਾ ਹੈ ਅਤੇ ਇਸ ਪੱਥਰ ਉਤੇ ਆਪਣੀ ਬੁਧੀ ਦਾ ਇਕ ਹੋਰ ਵੱਡਾ ਸਾਰਾ ਪੱਥਰ ਰਖ ਦਿਤਾ ਹੈ ਤਾਂ ਜੋ ਉਸ ਦੇ ਵੇਖਦਿਆਂ ਇਹ ਹਿੱਲ ਨਾ ਸਕੇ । ਆਪਣੀ ਜਿੱਤ ਦੇ ਨਸ਼ੇ ਵਿਚ ਉਸ ਨੇ ਇਸ ਪਰਕਾਰ ਰੰਗਮੰਚ ਕੰਨਿਆਂ ਦਾ ਸਾਹ ਘੁਟ ਦਿਤਾ ਹੈ ।
ਗਾਰਗੀ ਵਾਸਤੇ ਰੰਗ-ਮੰਚ 'ਕਵਾਰੀ-ਟੀਸੀ' ਹੈ ਜੋ ਦੂਰੋਂ ਅਤਿਅੰਤ ਸੁੰਦਰ ਤੇ ਮਨਮੋਹਣੀ ਲਗਦੀ ਹੈ ਪਰ ਨੇੜੇ ਹੋਣ ਤੇ ਉਸ ਦੀ ਲਿਸ਼ਕਦੀ ਬਰਫ਼ ਲਹੂ ਠਾਰ ਦੇਂਦੀ ਹੈ, ਕਦਮ ਜਾਮ ਕਰ ਦੇਂਦੀ ਹੈ ਅਤੇ ਹਿਰਦੇ ਨੂੰ ਕਾਂਬਾ ਲਾ ਦਿੰਦੀ ਹੈ । ਕਦੇ ਉਹ ਵਿਅਕਤੀਵਾਦ ਦਾ ਚੋਲਾ ਪਾ ਕੇ ਇਸ ਵਲ ਵਧਦਾ ਹੈ, ਕਦੇ ਰੁਮਾਂਸਵਾਦ, ਚਿੰਨ੍ਹਵਾਦ, ਪ੍ਰਭਾਵਵਾਦ ਜਾਂ ਪ੍ਰਗਟਾਵਾਦ ਦਾ । ਕਦੇ ਉਹ "ਲੋਹਾਕੁਟ" ਬਣ ਕੇ ਅਗੇ ਵਧਦਾ ਹੈ ਤੇ ਕਦੇ ‘ਕਵੀਂ; ਕਦੇ ਇਹ ਵੀ ਡਰਾਵਾ ਦੇਂਦਾ ਹੈ ਕਿ ਉਹ ਰੰਗਮੰਚ ਨੂੰ ਤਿਆਗ ਕੇ ਲੋਕ ਮਚ ਨੂੰ ਜਾ ਅਪਣਾਏਗਾ । ਪਰ ਉਹ ਸੁਹਿਰਦ ਨਾਟਕਕਾਰ ਬਣ ਕੇ ਅਗਾਂਹ ਨਹੀਂ ਵਧਿਆ ਤੇ ਇਸੇ ਵਾਸਤੇ ਰੰਗਮਚ ਉਸ ਪਾਸੋਂ ਯੋਗ ਬਲ ਪਰਾਪਤ ਨਹੀਂ ਕਰ ਸਕਿਆ ।
ਨੰਦੇ ਦੇ ਯਥਾਰਥਵਾਦ, ਸੇਖੋਂ ਦੀ ਬੌਧਿਕਤਾ ਅਤੇ ਗਾਰਗੀ ਦੀ ਮੰਚ ਸੂਝ ਦਾ ਸੁਮੇਲ ਜੇ ਕਿਸੇ ਵਿਅਕਤੀ ਵਿਚ ਇਕਸੁਰ ਹੋਣ ਦੀ ਸੰਭਾਵਨਾ ਜਾਪੀ ਤਾਂ ਉਹ ਸੀ ਕਰਤਾਰ ਸਿੰਘ ਦੁੱਗਲ । ਉਸ ਦੀ ਬੋਲੀ ਵਿਚ ਕਾਵਿਕਤਾ ਦੀ ਭਾਅ ਹੈ ! ਭਾਵਾਂ ਨੂੰ ਟੁੰਬਣ ਲਈ ਕਾਵਿਕਤਾ ਬੜੀ ਜ਼ਰੂਰੀ ਹੈ । ਉਹ ਚਾਹੁੰਦਾ ਤਾਂ ਪਜਾਬੀ ਰੰਗਮੰਚ ਉਤੇ ਅਨੋਖੀ ‘ਛਣਕਾਰ' ਪੈਦਾ ਕਰ ਦੇਂਦਾ । ਪਰੰਤੂ ਉਸ ਨੇ ਰੰਗਮੰਚ ਦੀ ਥਾਂ ਰੇਡੀਓ ਨੂੰ ਆਪਣਾ ਮਾਧਿਅਮ ਬਣਾਂ ਲਿਆ। 'ਪੁਰਾਣੀਆਂ ਬੋਤਲਾ' ਵਿਚ ਮਿੱਠਾ' ਪਾਣੀ ਭਰਨ ਲਗ ਪਿਆ । ਕਿਸੇ ਨੇ ਬੋਤਲਾਂ ਨਹੀਂ ਸਨ ਵੇਖਣੀਆਂ, ਪਾਣੀ ਨਹੀਂ ਸੀ ਪੀਣਾ, ਪਾਣੀ ਦੀ ਕੁਲ ਕੁਲ ਸੁਣਾਂ ਦੇਣਾ ਉਸੇ ਲਈ ਕਾਫੀ ਸੀ । ਪੰਜਾਬੀ ਰੰਗਮੰਚ ਦੀਆਂ ਉਮੀਦਾਂ ਦਾ ਫਿਰ ਦੀਵਾ ਬੁਝ ਗਿਆ ਹੈ ।

ਪੰਜਾਬੀ ਰੰਗਮੰਚ ਹੁਣ ‘ਰਾਹਾਂ ਦੇ ਨਿਖੇੜ ਤੇ'ਖੜਾ ਸੀ । ਇਸ ਨੂੰ ਸੁਝ ਨਹੀਂ ਸੀ ਰਿਹਾ ਕਿੱਧਰ ਜਾਵੇ । ਅਮਰੀਕ ਸਿੰਘ ‘ਆਸਾਂ ਦੇ ਅੰਬਾਰ' ਲੈ ਕੇ ਆਇਆ । ਤਕਨੀਕੀ ਕਿਰਨਾਂ ਦੇ ਰੂਪ ਵਿਚ ਉਸ ਨੇ ਮੰਚ ਤੇ ਜਗ ਮਗ ਕਰ ਦਿਤੀ ਅਤੇ ਇਹ ਕਿਰਨਾਂ ਖਿੰਡਾਈਆਂ ਵੀ ਕੁਝ ਇਸ ਅੰਦਾਜ਼ ਵਿਚ ਕਿ ਧੂਪ-ਛਾਂ ਨੂੰ ਗਲਵਕੜੀ ਪੁਆ ਦਿਤੀ, ਸੰਭਵ ਤੇ ਅਸੰਭਵ ਦੀ ਕਿਲਕਲੀ ਅਤੇ ਕਲਪਣਾ ਤੇ ਯਥਾਰਥ ਦਾ ਗਿੱਧਾ ਰੰਗਮੰਚ ਨੂੰ ਉਸ ਦੀ ਅਣਮੋਲ ਦੇਣ ਮਿਲੀ । ਪਰੰਤੂ ਉਹ ਵੀ ਸਾਹਸ ਛੱਡ ਗਇਆ । ਇਕੋ ਅੰਕ ਨੂੰ ਉਸ ਨੇ ਜ਼ਬਰਦਸਤੀ ਤਿੰਨਾਂ ਅੰਕਾਂ ਵਿਚ ਤੋੜਿਆ । ਇੰਟਰਵਿਊ ਲਈ ਦਰਵਾਜ਼ੇ ਵਿਚ ਖੜੇ ਉਮੀਦਵਾਰ ਦੇ ਮੂੰਹ ਤੇ ਪਰਦਾ ਗੇਰ ਕੇ ਫਿਰ ਪਰਦਾ ਅਗਲੇ ਅੰਕ ਦੇ ਨਾਂ ਹੇਠ ਚੁਕਿਆਂ । ਇੰਟਰਵਿਊ ਤੇ ਲਗਦੇ ਅਸਲ ਸਮੇਂ ਤੋਂ ਦੂਣਾ ਸਮਾਂ ਉਸ ਦੀ ਪੇਸ਼ਕਾਰੀ ਤੇ ਲਗਾਇਆ। ਮੌਕੇ ਮੇਲ ਦੀ ਚਾਬੀ ਨਾਲ ਰੰਗਮੰਚ ਤੇ ਕਲਾ-ਬਾਜ਼ੀਆਂ ਮਰਵਾਈਆਂ, ਤਰਕਸ਼ੀਲਤਾ ਦਾ ਦਾਮਨ ਛਡ ਦਿੱਤਾ । ਭਾਵੇਂ ਉਸ਼ ਨੇ ਰੰਗਮੰਚ ਦੇ ਰਾਹਵਾਂ ਨੂੰ ਰੁਸ਼ਨਾ ਦਿਤਾ ਹੈ ਫਿਰ ਵੀ "ਰਾਹਾਂ ਦੇ ਨਖੇੜ" ਤੇ ਹੀ ਰਿਹਾ ਹੈ, ਸੇਧ ਨਹੀਂ ਬੰਨ੍ਹ ਸਕਿਆ।
ਰੰਗ ਮੰਚ ਪਿਛੇ "ਮਰ ਮਿਟਣ ਵਾਲਾ" ਨਾਟਕਕਾਰ ਗੁਰਦਿਆਲ ਸਿੰਘ ਖੋਸਲਾ ਬੜੇ ਜ਼ੋਰ ਸ਼ੋਰ ਨਾਲ ਅਗੇ ਵਧਿਆ । ਉਸ ਦੇ ਪ੍ਰਵੇਸ਼ ਨੇ ਮੰਚ ਨੂੰ ਹਲੂਣਿਆਂ । ਮੰਚ ਲਰਜ਼ ਉਠਿਆ ਅਤੇ ਤਕੜੇ ਹੰਭਲੇ ਵਾਸਤੇ ਅੰਗੜਾਈਆਂ ਲੈਣ ਲਗ ਪਿਆ । ਖੋਸਲੇ ਨੇ ਮੰਚਸਪਰਸ਼ ਰਾਹੀਂ ਅਪਣੇ ਅਨੁਭਵ ਨੂੰ ਵਿਕਸਿਤ ਕੀਤਾ ਤੇ ਇਸ ਅਨੁਭਵ ਰਾਹੀਂ ਫਿਰ ਰੰਗਮੰਚ ਨੂੰ ਹੋਰ ਸਕਤੀ-ਸ਼ਾਲੀ ਕਰਨ ਵਿਚ ਜੁਟ ਪਿਆ । ਰੰਗ-ਮੰਚ "ਬੂਹੇ ਬੰਠੀ ਧੀ" ਵਾਂਗ ਉਸ ਵਲ ਝਾਕ ਰਿਹਾ ਸੀ । ਇਸ ਧੀ ਨੂੰ ਪੂਰੇ ਆਦਰ ਸਤਿਕਾਰ ਨਾਲ ਪੀਆ ਦੇ ਦੇਸ਼ ਸ਼ੱਜ ਧੱਜ ਨਾਲ ਭੇਜਣ ਵਾਸਤੇ ਬਿਹਬਲ ਬਾਬਲ ਵਾਂਗ ਉਹ ਉਤਸੁਕ ਹੈ ਪਰ ਅਜੇ ਤਕ ਯੋਗ ਵਰ ਦੀ ਤਲਾਸ ਨਹੀਂ ਕਰ ਸਕਿਆ । ਰੰਗਮੰਚ ਦੀ ਆਸ ਅਜੇ ਮੋਈ ਨਹੀਂ । ਰੋਸ਼ਨਲਾਲ ਆਹੂਜਾ ਸੇਖੋਂ ਦੇ ਪੈਰ ਚਿਤ੍ਰਾ ਹੈ ਚਲਣ ਵਾਲਾ ਚਿੰਤਕ ਹੈ । ਉਹ ਪਾਤਰਾਂ ਦਾ ਵਿਸ਼ਲੇਸ਼ਨ ਕਰਦਾ ਹੈ ਵਿਚਾਰਾਂ ਦਾ ਵਿਸ਼ਲੇਸ਼ਨ ਕਰਦਾ ਰੰਗਮੰਚ ਦੀ ਉਸ ਨੂੰ ਕੋਈ ਪਰਵਾਹ ਨਹੀਂ। ਜੇ ਰੰਗਮੰਚ ਨੇ ਉਸ ਦੇ ਨਾਟਕਾਂ ਨੂੰ ਵੀ ਨਹੀਂ ਅਪਣਾਇਆ ਤਾਂ ਅਚੰਭੇ ਵਾਲੀ ਗੱਲ ਨਹੀਂ।
ਗੁਰਦਿਆਲ ਸਿੰਘ ਫੁੱਲ ਪੰਜਾਬੀ ਰੰਗ-ਮੰਚ ਉਤੇ ਭਾਂਤ ਭਾਂਤ ਦੇ ਫੁੱਲਾਂ ਦੇ ਬੀਜ ਮੁੱਠਾਂ ਭਰ ਭਰ ਕੇ ਸੁਟਦਾ ਜਾ ਰਿਹਾ ਹੈ। ਜਿੰਨੀ ਦੇਰ ਕਿਸੇ ਹੰਢੇ-ਮੰਝੇ ਕ੍ਰਿਕਟ ਖਿਡਾਰੀ ਨੂੰ ਸੌ ਦੌੜਾਂ ਬਣਾਉਣ ਵਿਚ ਲਗਦੀ ਹੈ ਉਨੀ ਦੇਰ ਵਿਚ ਫੁੱਲ ਨਾਟਕ ਪੂਰਾ ਲਿਖ ਮਾਰਦਾ ਹੈ । ਸੱਚ ਤਾਂ ਇਹ ਹੈ ਕਿ ਉਹ ਬੈਟਸਮੈਨ ਨਹੀਂ, ਬਾਊਲਰ ਹੈ ਤੇ ਨਾਟਕਾਂ ਦੀਆਂ ਗੇਂਦਾਂ ਠਾਹ ਠਾਹ ਰੰਗ ਮੰਚ ਤੇ ਮਾਰਦਾ ਜਾ ਰਿਹਾ ਹੈ । ਸਾਹਮਣੇ ਕੋਈ ਵਿਕਟ (ਨਿਸ਼ਾਨਾ) ਜਾਂ ਕੋਈ ਬੈਟਸਮੈਨ ਜਾਂ ਕੋਈ ਰੈਫਰੀ ਵੀ ਹੈ ਜਾਂ ਨਹੀਂ, ਇਹ ਵੇਖਣ ਜ‘ਚਣ ਦੀ ਉਹ ਲੋੜ ਨਹੀਂ ਸਮਝਦਾ। ‘ਕਲਜੁਗ ਰੱਥ ਅਗਨ ਕਾ’ ਵਿਚ ਉਸ ਨੇ ਰੰਗਮੰਚ ਨੂੰ ਕਵੀ ਦਰਬਾਰ ਬਣਾ ਦਿੱਤਾ ਹੈ ਜਿਸ ਵਿਚ ਤਿੰਨ ਕਵੀ ਵਾਰੋ ਵਾਰੀ ਆਪਣੀ ਕਵਿਤਾ ਬੋਲਦੇ ਹਨ ਤੇ ਭੋਗ ਪੈ ਜਾਂਦਾ ਹੈ ।
ਬਲਬੀਰ ਸਿੰਘ ਨਾਟਕ ਲਿਖ਼ਦਾ ਹੈ ਪਰ ਖੇਡਦਾ ਖਿਡਾਂਦਾ ਨਹੀਂ । ਏਨੇ ਨਾਟਕ ਲਿਖ ਚੁਕਣ ਬਾਦ ਵੀ ਉਸ ਨੂੰ ਨਾਟਕੀਅਤਾ ਉਸਾਰਨ ਦੀ ਜਾਚ ਨਹੀਂ ਆਈ । ਰੰਗਮੰਚ ਦਾ ਲਿਹਾਜ਼ ਉਹ ਜੀ ਕਰੇ ਤਾਂ ਰਖਦਾ ਹੈ ਨਹੀਂ ਤਾਂ ਜ਼ਰੂਰੀ ਨਹੀਂ ਸਮਝਦਾ। ਉਸ ਦੇ ਪਾਤਰਾਂ ਦਾ ਵਿਅਕਤਤਵ ਕੋਈ ਨਹੀਂ, ਦ੍ਰਿਸ਼ਟੀਕੋਣ ਕੋਈ ਨਹੀਂ। ਉਹ ਰੰਗ-ਮੰਚ ਉਤੇ ਧੱਕੇ ਜਾਂਦੇ ਹਨ ਅਤੇ ਚਾਬੀ ਨਾਲ ਬੋਲਦੇ ਹਨ । ਉਨ੍ਹਾਂ ਵਿਚ ਜ਼ਿੰਦਗੀ ਧੜਕਾ ਸਕਣ ਦਾ "ਸੁਪਨਾ ਟੁੱਟ ਗਿਆ ਹੈ" ਤਾਂ ਆਸ ਤੋਂ ਉਲਟ ਗੱਲ ਕੋਈ ਨਹੀਂ ਹੋਈ ।
ਪੰਜਾਬੀ ਰੰਗਮੰਚ ਦੀ ਇਕੋ ਇਕ ਆਸ਼ ਹੈ ਨਵਾਂ ਪੋਚ । ਸੁਰਜੀਤ ਸਿੰਘ ਸੇਠੀ, ਪਰਿਤੋਸ਼ ਗਾਰਗੀ, ਗੁਰਚਰਨ ਸਿੰਘ ਜਸੂਜ਼ਾ, ਪਿਆਰਾ ਸਿੰਘ ਭੋਗਲ, ਹਰਸਰਨ ਸਿੰਘ ਅਤੇ ਕੁਲਬੀਰ ਸਿੰਘ ਆਦਿ ਨਵੇਂ ਨਾਟਕਕਾਰਾਂ ਨੇ ਪੰਜਾਬੀ ਰੰਗਮੰਚ ਦੀ ਨੁਹਾਰ ਬਦਲਣ ਦਾ ਸ਼ਲਾਘਾਯੋਗ ਉਦਮ ਕੀਤਾ ਹੈ । ਇਨ੍ਹਾਂ ਦੇ ਨਾਟਕਾਂ ਵਿਚ ਨਵੇਂ ਵਿਚਾਰ ਹਨ, ਨਵੇਂ ਰੂਪ, ਨਵੀਆਂ ਸਮੱਸਿਆਵਾਂ, ਨਵੇਂ ਤਕਨੀਕੀ ਪ੍ਰਯੋਗ ਅਤੇ ਨਵਾਂ ਨਰੋਇਆ ਉਤਸ਼ਾਹ । ਜੋ ਇਨਾਂ ਨੇ ਆਪਣਾ ਉਦਮ ਜਾਰੀ ਰਖਿਆ ਅਤੇ ਦ੍ਰਿੜ ਵਿਸ਼ਵਾਸ ਬਣਾ ਲਇਆ ਕਿ ਪੰਜਾਬੀ ਨਾਟਕ ਨੂੰ ਹੋਰ ਸਮਕਾਲੀ ਨਾਟਕਾਂ ਨਾਲ ਮੋਢਾ ਡਾਹ ਕੇ ਖੜਾ ਹੋਣ ਦੇ ਸਮਰੱਥ ਬਣਾਉਣਾ ਹੈ ਤਾਂ ਜ਼ਰੂਰ ਹੀ ਇਕ ਇਨ "ਮਕੜੀ ਦੇ ਜ਼ਾਲ" ਟੁੱਟ ਜਾਣਗੇ, “ਕੱਚੇ ਘੜੇ" ਫਿਰ ਝਨਾ ਵਿਚ ਠਿਲ੍ਹ ਪੈਣਗੇ, “ਜੀਵਨ ਮੰਚ" ਦੇ "ਪਰਛਾਵੇਂ" ਰੰਗਮੰਚ ਨੂੰ ਇਕ ਨਵਾਂ ਰੂਪ ਦੇਣਗੇ ਅਤੇ ਪੰਜਾਬੀ ਆਪਣੇ ਨਾਟਕਾਂ ਤੇ ਨਾਟਕਕਾਰਾਂ ਤੇ ਗੌਰਵ ਕਰ ਸਕਣਗੇ । ਵਿਸ਼ਵਾਸ ਕੀਤਾ ਜਾ ਸ਼ਕਦਾ ਹੈ ਕਿ ਇਹ ਨਾਟਕਕਾਰ ਆਪਣੇ ਪੇਸ਼ਰਵਾਂ ਦੀਆਂ ਭੁੱਲਾਂ ਨਹੀਂ ਦੁਹਰਾਉਣਗੇ, ਉਨ੍ਹਾਂ ਦੁਆਰਾ ਅਰੰਭੀ ਗਈ ਘਾਲ ਥਾਂਏਂ ਪਾਉਣਗੇ ।

  • ਮੁੱਖ ਪੰਨਾ : ਪੰਜਾਬੀ ਅਲੋਚਨਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ