Punjabi Boli Bach Sakdi Ey (Punjabi Essay) : Nuzhat Abbas

ਪੰਜਾਬੀ ਬੋਲੀ ਬਚ ਸਕਦੀ ਏ (ਲੇਖ) : ਨੁਜ਼ਹਤ ਅੱਬਾਸ

ਐਵੇਂ ਦਿਲ ਨੂੰ ਪਰਚਾਵਣ ਵਾਲੀ ਗੱਲ ਏ ਭਲਾ ਪੰਜਾਬੀ ਬੋਲੀ ਕਿੰਜ ਬਚ ਸਕਦੀ ਏ ਜੇ ਇਹਨੂੰ ਕੋਈ ਬੋਲੇਗਾ ਈ ਨਹੀਂ ? ਮੈਂ ਹਰ ਦਿਨ ਕਈ ਪੰਜਾਬੀ ਮਾਵਾਂ ਨੂੰ ਮਿਲਦੀ ਆਂ ਜਿਹੜੀਆਂ ਵੱਧ ਚੜ੍ਹ ਕੇ ਆਖਦੀਆਂ ਨੇਂ ਸਾਡੇ ਵੱਡੇ ਪੰਜਾਬੀ ਬੋਲਦੇ ਸਨ ਪਰ ਅਸੀਂ ਆਪਸ ਵਿਚ ਉਰਦੂ ਬੋਲਦੇ ਆਂ ਤੇ ਸਾਡੇ ਬੱਚੇ ਮਾਸ਼ਾਆੱਲਾ ਅੰਗਰੇਜ਼ੀ। ਸੱਚ ਏ ਕਿ ਹੁਣ ਤੇ ਆਪਣੇ ਘਰਾਂ ਦੇ ਸਭੇ ਬਾਲ ਤੇ ਉਨ੍ਹਾਂ ਦੀਆਂ ਮਾਵਾਂ ਵੀ ਇਕ ਦੂਜੇ ਨਾਲ਼ ਆਪਣੀ ਬੋਲੀ ਵਿਚ ਗੱਲ ਨਹੀਂ ਕਰਦੇ। ਉਤੋਂ ਮੇਰਾ ਪੰਜਾਬੀ ਬੋਲਣਾ ਵੀ ਸਭ ਨੂੰ ਕੁੱਝ ਚੰਗਾ ਨਹੀਂ ਲਗਦਾ ਕਿਉਂ ਜੇ ਇਹ ਬੋਲੀ ਮਾਵਾਂ ਘਰ ਵਿਚ ਕੰਮ ਕਰਨ ਵਾਲਿਆਂ ਨੌਕਰਾਂ ਨਾਲ਼ ਬੋਲਦੀਆਂ ਨੇਂ । ਹੁਣ ਪੰਜਾਬੀ ਨੌਕਰਾਂ ਦੀ ਬੋਲੀ ਬਣ ਕੇ ਰਹਿ ਗਈ ਏ, ਮਾਵਾਂ ਦੀ ਨਹੀਂ। ਮਾਂਵਾਂ ਦੇ ਹੱਥੋਂ ਉਨ੍ਹਾਂ ਦਾ ਆਪਣੀ ਬੋਲੀ ਨਾਲ਼ ਮਤਰੇਈਆਂ ਵਾਲਾ ਸਲੋਕ ਵੇਖ ਕੇ ਮੇਰਾ ਦਿਲ ਬੜਾ ਕੁੜ੍ਹਦਾ ਏ।
ਏਸ ਸਮਾਜੀ ਊਂਚ-ਨੀਚ ਤੇ ਸਿਆਸਤਾਂ ਨੇ ਸਭੇ ਪੰਜਾਬੀਆਂ ਨੂੰ ਇਹ ਈ ਸਬਕ ਪੜ੍ਹਾਇਆ ਕਿ ਪੜ੍ਹਿਆ ਲਿਖਿਆ ਬੰਦਾ ਉਰਦੂ, ਅੰਗਰੇਜ਼ੀ ਬੋਲਦਾ ਏ ਪੰਜਾਬੀ ਨਹੀਂ। ਇਹੋ ਤੇ ਵਜ੍ਹਾ ਏ ਕਿ ਜਦੋਂ ਦਾ ਪਾਕਿਸਤਾਨ ਬਣਿਆ ਏ ਅਸੀਂ ਸਾਰੇ ਪੜ੍ਹੇ ਲਿਖੇ ਬਣਨ ਦੀ ਕੋਸ਼ਿਸ਼ ਕਰ ਰਹੇ ਆਂ। ਸਕੂਲ ਕਾਲਜ, ਅਖ਼ਬਾਰ ਰਸਾਲੇ ਕਿਤਾਬਾਂ, ਟੀ ਵੀ, ਰੇਡੀਓ, ਬਾਜ਼ਾਰ, ਮਾਰਕਿਟਸ, ਆਂਡ ਗਵਾਂਢ , ਰਿਸ਼ਤੇਦਾਰ ਤੇ ਪੱਕੇ ਦੋਸਤਾਂ ਦੇ ਨਾਲ਼ ਨਾਲ਼ ਘਰਾਂ ਵਿਚ ਵੀ ਓਪਰੀਆਂ ਬੋਲੀਆਂ ਬੋਲਦੇ ਆਂ । ਉਂਜ ਤੇ ਜੱਗ ਦੀਆਂ ਸਭੇ ਬੋਲੀਆਂ ਚੰਗੀਆਂ ਈ ਹੁੰਦਿਆਂ ਨੇਂ ਤੇ ਉਨ੍ਹਾਂ ਨੂੰ ਸਿੱਖਣਾ ਵੀ ਚਾਹੀਦਾ ਏ ਪਰ ਆਪਣੀ ਮਾਂ ਦੀ ਬੋਲੀ ਨੂੰ ਭੁੱਲ ਕੇ ਕੋਈ ਵੀ ਹੋਰ ਬੋਲੀ ਕਿਵੇਂ ਸਿੱਖੀ ਜਾ ਸਕਦੀ ਏ? ਇਹ ਮੇਰੀ ਸਮਝ ਤੋਂ ਬਾਹਰ ਏ।
ਇਹ ਵੀ ਕੌੜਾ ਸੱਚ ਏ ਕਿ ਸਾਡੇ ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬਾਲਾਂ ਨੂੰ ਜੁਰਮਾਨਾ ਕੀਤਾ ਜਾਂਦਾ ਏ ਤੇ ਕੁੱਟ ਵੀ ਪੈਂਦੀ ਏ। ਜਿਥੇ ਤਾਲੀਮੀ ਇਦਾਰਿਆਂ ਵਿਚ ਬੋਲੀ ਨਾਲ਼ ਇਹ ਸਲੂਕ ਹੋਵੇਗਾ ਓਥੇ ਮਾਵਾਂ ਤੇ ਬੱਚੇ ਕੀ ਕਰਨਗੇ? ਇਹ ਵੱਖਰੀ ਗਲ ਏ ਕਿ ਸਾਡੇ ਉਸਤਾਦ ਤੇ ਲੀਡਰ ਇਹ ਜਾਣਨਾ ਈ ਨਹੀਂ ਚਾਹੁੰਦੇ ਕਿ ਦੁਨੀਆ ਭਰ ਵਿਚ ਖੋਜ ਰਾਹੀਂ ਇਹ ਗੱਲ ਸਾਮ੍ਹਣੇ ਆ ਚੁੱਕੀ ਏ ਕਿ ਬਾਲਾਂ ਦੇ ਚੰਗੇ ਭਲਕ ਲਈ ਮਾਂ ਦੀ ਬੋਲੀ ਸਭ ਤੋਂ ਕੀਮਤੀ ਤੇ ਜ਼ਰੂਰੀ ਏ।ਜੇ ਮਾਂ ਪਿਓ ਆਪਣੇ ਬਾਲਾਂ ਦਾ ਭਲਕ ਚਾਨਣ ਭਰਿਆ ਬਨਾਣਾ ਚਾਹੁੰਦੇ ਨੇਂ ਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਤਰਾਂ ਸਮਝ ਲੈਣੀ ਚਾਹੀਦੀ ਏ ਕਿ ਮਾਂ ਦੀ ਬੋਲੀ ਨਿੱਕੇ ਬਾਲ ਦੀ ਬੁਨਿਆਦ ਨੂੰ ਪੱਕਾ ਕਰਦੀ ਏ ਤੇ ਹਯਾਤੀ ਦੇ ਇਲਮ ਨਾਲ਼ ਰਿਸ਼ਤਾ ਜੋੜਦੀ ਏ।
ਸਾਡੇ ਘਰ ਵਿਚ ਹੁਣ ਇਕ ਈ ਬਾਬਾ ਜੀ ਰਹਿ ਗਏ ਨੇਂ , ਜਿਹੜੇ ਹਮੇਸ਼ ਆਪਣੀ ਹੱਡਵਰਤੀ ਸਭ ਨੂੰ ਪੰਜਾਬੀ ਵਿਚ ਸੁਣਾਉਣ ਤੇ ਮਾਂ ਬੋਲੀ ਦੀ ਕਦਰ ਵਧਾਉਣ ਵਿਚ ਜੀ ਜਾਨ ਨਾਲ਼ ਲੱਗੇ ਰਹਿੰਦੇ ਨੇਂ । ਪੂਰਾ ਟੱਬਰ ਉਨ੍ਹਾਂ ਦੀ ਏਸ ਆਦਤ ਨੂੰ ਪਸੰਦ ਕਰਦਾ ਏ ਪਰ ਫ਼ਿਰ ਵੀ ਪੰਜਾਬੀ ਬੋਲਣ ਵਿਚ ਮਾਂਵਾਂ ਤੇ ਬਾਲ ਸ਼ਰਮਾਂਦੇ ਨੇਂ। ਮੈਨੂੰ ਤੇ ਇਹ ਪ੍ਰੇਸ਼ਾਨੀ ਏ ਕਿ ਇਹ ਬਜ਼ੁਰਗ ਵੀ ਅੱਜ ਕੱਲ੍ਹ ਬਿਮਾਰ ਨੇਂ ਜੇ ਇਨ੍ਹਾਂ ਨੂੰ ਕੁੱਝ ਹੋ ਗਿਆ ਤੇ ਸਾਡੇ ਟੱਬਰ ਦਾ ਕੀ ਬਣੇਗਾ?
ਪਿੱਛੇ ਜਿਹੇ ਮੈਂ ਪ੍ਰਦੇਸੋਂ ਬਜ਼ੁਰਗਾਂ ਦੀ ਖ਼ਬਰ ਲੈਣ ਗਈ ਤੇ ਬਹੁਤਾ ਵੇਲ਼ਾ ਉਨ੍ਹਾਂ ਕੋਲ਼ ਹਸਪਤਾਲ ਈ ਰਹੀ । ਓਥੇ ਮੈਨੂੰ ਬਹੁਤ ਕੁੱਝ ਨਵਾਂ ਜਾਨਣ ਦਾ ਤਜਰਬਾ ਹੋਇਆ। ਮੇਰੇ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸੀ ਕਿ ਜਦੋਂ ਕੋਈ ਬਜ਼ੁਰਗਾਂ ਨੂੰ ਹਾਲ ਚਾਲ ਪੁੱਛਦਾ ਤੇ ਬਜ਼ੁਰਗ ਕਹਿ ਦਿੰਦੇ ਭਈ ਮੇਰਾ ਹਾਲ ਪੁੱਛਣ ਆਏ ਓ ਕਿ ਕਿਸੇ ਅੰਗਰੇਜ਼ ਦਾ? ਇਹ ਸੁਣ ਕੇ ਸਭ ਹੱਸਦੇ ਤੇ ਪੰਜਾਬੀ ਵਿਚ ਉੱਤਰ ਆਉਂਦੇ। ਡਾਕਟਰ ਕੀ ਤੇ ਨਰਸਾਂ ਕੀ ਸਭ ਦੇ ਸਭ ਨੂੰ ਪੰਜਾਬੀ ਬੋਲਣੀ ਪੈ ਰਹੀ ਸੀ ਨਹੀਂ ਤੇ ਬਜ਼ੁਰਗ ਜਵਾਬ ਈ ਨਹੀਂ ਸੀ ਦਿੰਦੇ। ਮੇਰੇ ਲਈ ਇਹ ਹੋਰ ਵੀ ਖ਼ੁਸ਼ੀ ਦੀ ਗੱਲ ਸੀ ਕਿ ਘਰ ਦੇ ਸਭ ਨਿੱਕੇ ਵੱਡੇ ਬਾਲ ਵੀ ਬਜ਼ੁਰਗਾਂ ਨਾਲ਼ ਪੰਜਾਬੀ ਵਿਚ ਗੱਲ ਕਰਨ ਦੀ ਕੋਸ਼ਿਸ਼ ਕਰਦੇ ਸਨ।ਮੈਂ ਬਾਲਾਂ ਨੂੰ ਪਹਿਲੀ ਵਾਰੀ ਪੰਜਾਬੀ ਬੋਲਦਿਆਂ ਸੁਣਿਆਂ ਸੀ। ਉਨ੍ਹਾਂ ਦੇ ਮੁੱਖੋਂਂ ਪੰਜਾਬੀ ਬੋਲੀ ਬੜੀ ਸੋਹਣੀ ਤੇ ਮਿੱਠੀ ਲੱਗੀ ਤੇ ਮੈਂ ਖ਼ੁਸ਼ ਹੋ ਕੇ ਆਖਿਆ ਭਈ ਤੁਸੀਂ ਸਭ ਮੇਰੇ ਨਾਲ਼ ਵੀ ਪੰਜਾਬੀ ਵਿਚ ਗੱਲ ਕਰਿਆ ਕਰੋ ਨਾ। ਇਹ ਸੁਣ ਕੇ ਸਭ ਹੱਸਣ ਲੱਗ ਪਏ ਜਿਵੇਂ ਮੈਂ ਕੋਈ ਲਤੀਫ਼ਾ ਸੁਣਾਇਆ ਹੋਏ। ਮੈਨੂੰ ਇਹ ਪੱਕ ਹੋ ਗਿਆ ਕਿ ਬਜ਼ੁਰਗਾਂ ਮਗਰੋਂ ਕਿਸੇ ਪੰਜਾਬੀ ਨਹੀਂ ਬੋਲਣੀ। ਮੈਂ ਆਪਣੇ ਬਾਬੇ ਦੇ ਕੰਨ ਵਿਚ ਹੌਲੀ ਜਈ ਆਖਿਆ, ਬਜ਼ੁਰਗੋ ਪੰਜਾਬੀ ਬਚਾਉਣ ਲਈ ਤੁਹਾਨੂੰ ਜਿਉਂਦੇ ਰਹਿਣਾ ਪਵੇਗਾ। ਉਨ੍ਹਾਂ ਹੰਝੂ ਪੂੰਝਦਿਆਂ ਆਖਿਆ "ਮੈਂ ਸੁਕਾ ਰੁੱਖ ਹੁਣ ਬਹੁਤੀ ਦੇਰ ਛਾਂ ਨਹੀਂ ਦੇ ਸਕਨਾਂ, ਬੋਲੀ ਬਚਾਉਣ ਲਈ ਮੇਰਾ ਕੰਮ ਤੂੰ ਸੰਭਾਲ ਤੇ ਫ਼ਿਰ ਤੇਰਾ ਕੰਮ ਤੇਰੀ ਧੀ, ਇੰਜ ਈ ਬੋਲੀ ਬਚ ਸਕਦੀ ਏ।"
ਮੈਂ ਇਹ ਸੁਣ ਕੇ ਸੋਚੀਂ ਪੈ ਗਈ, ਮੈਨੂੰ ਉ ਸਭ ਸੰਗੀ ਸਾਥੀ ਯਾਦ ਆ ਗਏ ਜੇਹੜੇ ਮੇਰੇ ਪੰਜਾਬੀ ਬੋਲਣ ਤੇ ਲਿਖਣ ਉਤੇ ਤਨਕੀਦ ਕਰਦੇ ਤੇ ਹੱਸਦੇ ਨੇਂ, ਕਈ ਸ਼ੁਬਹੇ ਦੀ ਨਜ਼ਰ ਨਾਲ਼ ਵੇਖਦੇ ਨੇਂ, ਕਈ ਗ਼ੁੱਸੇ ਰਹਿੰਦੇ ਨੇਂ ਤੇ ਆਖਦੇ ਨੇਂ ਤੂੰ ਪੰਜਾਬੀ ਵਿਚ ਲਿਖ ਕੇ ਮਹਿਦੂਦ ਹੋ ਗਈ ਐਂ ।
ਅਚੰਬੇ ਦੀ ਗੱਲ ਇਹ ਵੇ ਕਿ ਸਭ ਪੰਜਾਬੀ ਲੋਕ ਗੀਤ ਤੇ ਸੂਫ਼ੀਆਨਾ ਕਲਾਮ ਸੁਣ ਕੇ ਅੱਥਰੂ ਵਹਾਂਦੇ ਨੇਂ ਪਰ ਬੋਲੀ ਨੂੰ ਬੋਲਣ ਵਿਚ ਸ਼ਰਮ ਮਹਿਸੂਸ ਕਰਦੇ ਨੇ ।ਅਜੀਬ ਦੋਗ਼ਲੀ ਕੌਮ ਏ ਸਾਡੀ । ਜਦੋਂ ਵੇਖੋ ਹਰ ਬੰਦਾ ਇਕ ਦੂਜੇ ਨੂੰ ਅੰਗਰੇਜ਼ੀ ਉਰਦੂ ਦੀ ਤਕੜੀ ਵਿਚ ਤੋਲਦਾ ਰਹਿੰਦਾ ਏ।
ਮੈਂ ਹਾਲੇ ਇੰਨਾਂ ਸੋਚਾਂ ਵਿਚ ਗਵਾਚੀ ਆਪਣੇ ਹੱਥਾਂ ਦੀਆਂ ਉਂਗਲੀਆਂ ਤਰੋੜ ਮਰੋੜ ਈ ਰਹੀ ਸੀ ਕਿ ਬਜ਼ੁਰਗਾਂ ਇਹ ਆਖ ਕੇ ਮੈਨੂੰ ਇਕ ਨਵੀਂ ਰਾਹ ਵਿਖਾਈ । "ਧੀਏ ਤੂੰ ਹੌਲੇ ਹੌਲੇ ਆਪਣੇ ਕੰਮੀਂ ਲੱਗੀ ਰਹਿ।ਖ਼ੋਰੇ ਨਵੀਂ ਪੀੜ੍ਹੀ ਨੂੰ ਈ ਸੁਰਤ ਆ ਜਾਏ । ਤੂੰ ਲੋਰੀਆਂ, ਟੱਪੇ ਤੇ ਬੋਲੀਆਂ ਲਿਖ ਤੇ ਲੋਕ ਕਹਾਣੀਆਂ ਅੱਜ ਦੇ ਰੰਗ ਵਿਚ। ਇੰਜ ਵੀ ਬੋਲੀ ਬਚ ਸਕਦੀ ਏ।"
ਇਹ ਸੁਣਦਿਆਂ ਈ ਜਿਵੇਂ ਸਿਰਾ ਮੇਰੇ ਹੱਥ ਆਇਆ ਤੇ ਮੈਂ ਵਲਾਇਤ ਵਿਚ ਪੰਜਾਬੀ ਬੋਲੀ ਨਾਲ਼ ਹੋਣ ਵਾਲੇ ਏਸ ਸਲੂਕ ਨੂੰ ਯਾਦ ਦੀ ਲੜੀ ਵਿਚ ਕੁੱਝ ਇੰਜ ਪਰੋ ਦਿੱਤਾ।
ਇਕ ਚਿੜੀ ਆਪਣੇ ਬਾਲਾਂ ਨਾਲ਼ ਆਪਣੇ ਆਲ੍ਹਣੇ ਵਿਚ ਰਹਿੰਦੀ ਸੀ। ਚੋਗਾ ਚੁਗਦੀ , ਬਾਲਾਂ ਨੂੰ ਖੁਵਾਂਦੀ ਤੇ ਭਲਕ ਲਈ ਉੱਡਣ ਦੇ ਵੱਲ ਸਿਖਾਂਦੀ। ਬਾਲ ਹੌਲੀ ਹੌਲੀ ਮਾਂ ਚਿੜੀ ਤੋਂ ਉਡਣਾ ਸਿਖ ਕੇ ਵੱਡੇ ਹੋ ਗਏ। ਛੇਤੀ ਹੀ ਉਹ ਇੱਕ ਰੁੱਖ ਤੋਂ ਦੂਜੇ ਰੁਖ ਉਤੇ, ਦੂਜੇ ਤੋਂ ਤੀਜੇ ਰੁੱਖ ਤੇ ਉਡਾਰੀ ਮਾਰ ਕੇ ਅੱਪੜ ਜਾਂਦੇ। ਇਕ ਦਿਨ ਲੌਢੇ ਵੇਲੇ ਖਿਚੜੀ ਖਾਂਦਿਆਂ ਬਾਲ ਆਪਣੀ ਮਾਂ ਚਿੜੀ ਨੂੰ ਆਪਣੇ ਉਡਣ ਦੇ ਨਵੇਕਲੇ ਤਜਰਬੇ ਦਸ ਰਏ ਸਨ। ਚਿੜੀ ਨੂੰ ਬਾਲਾਂ ਕੋਲੋਂ ਇਹ ਸੁਣ ਕੇ ਬੜੀ ਹੈਰਾਨੀ ਹੋਈ ਕਿ ਉਹਦੇ ਬਾਲਾਂ ਨੇਂ ਇਕ ਐਸਾ ਬਾਗ ਤੱਕਿਆ ਏ ਜਿਥੇ ਚਿੜੀਆਂ ਚਿੜੇ ਆਪਣੀ ਬੋਲੀ ਨਹੀਂ ਬੋਲਦੇ। ਪਰ ਉਹ ਗੂੰਗੇ ਵੀ ਨਹੀਂਂ ।ਓਥੇ ਉਨ੍ਹਾਂ ਨਵੀਆਂ ਨਿਵੇਕਲੀਆਂ ਬੋਲੀਆਂ ਸਿੱਖੀਆਂ ਨੇਂ। ਚਿੜੀ ਮਾਂ ਨੂੰ ਬੜੀ ਰੀਝ ਹੋਈ ਕਿ ਉਹ ਵੀ ਇਸ ਉਚੇਚੇ ਬਾਗ ਵਿਚ ਜਾਵੇ ਤੇ ਆਪਣੇ ਬਾਲਾਂ ਵਾਂਗੂੰ ਓਹ ਵੀ ਨਵੀਆਂ ਨਵੀਆਂ ਗੱਲਾਂ ਸਿੱਖੇ।
ਇਕ ਦਿਨ ਉਹ ਆਪਣੇ ਟੱਬਰ ਨਾਲ਼ ਉਸ ਬਾਗੇ ਦੀ ਸੈਰ ਨੂੰ ਗਈ । ਬਾਗ ਵਿਚ ਹਰ ਸ਼ੈ ਨਿਵੇਕਲੀ ਸੀ। ਰੰਗ ਬਰੰਗੇ ਫੁੱਲ, ਰੁਖ, ਪੱਖੂ ਤੇ ਰਸਤੇ ਜਗ ਮਗ ਕਰ ਰਹੇ ਸੀ। ਪਰ ਚਿੜੇ ਤੇ ਚਿੜੀਆਂ ਦਾ ਰੰਗ ਰੂਪ ਉਹੋ ਈ ਸੀ।
ਚਿੜੀ ਮਾਂ ਨੇ ਹੌਂਸਲਾ ਕਰ ਕੇ ਉਨ੍ਹਾਂ ਨਾਲ਼ ਗੱਲ ਕਰਨ ਦਾ ਹੀਲਾ ਕੀਤਾ ਪਰ ਉਹ ਸਭੇ ਮਾਂ ਚਿੜੀ ਨੂੰ ਇੰਜ ਵੇਖਣ ਲੱਗ ਪਏ ਜਿਵੇਂ ਇਹ ਉਨ੍ਹਾਂ ਲਈ ਕੋਈ ਅਜੂਬਾ ਹੋਵੇ। ਚਿੜੀ ਨੇਂ ਆਪਣੇ ਬਾਲਾਂ ਨੂੰ ਤੱਕਿਆ ਤੇ ਆਖਿਆ ਭਈ ਤੁਸੀ ਸੱਚ ਆਂਹਦੇ ਸੀ ਕਿ ਇਹ ਚਿੜੀਆਂ ਤੇ ਚਿੜੇ ਸਾਡੀ ਬੋਲੀ ਸਮਝਦੇ ਈ ਨਈਂ। ਖ਼ੋਰੇ ਇੰਨਾਂ ਦਾ ਚੰਬਾ ਕਿਹੜੇ ਦੇਸੋਂ ਆਇਆ ਏ?
ਚਿੜੀ ਨੂੰ ਇਸ ਬਾਗੇ ਅੰਦਰ ਅਪਣਾ ਆਪ ਬਹੁਤ ਕੱਲਾ ਤੇ ਨਿੱਕਾ ਮਹਿਸੂਸ ਹੋਇਆ, ਉਹ ਆਪਣੇ ਬਾਲਾਂ ਨਾਲ਼ ਬਾਗ ਦੀ ਇਕ ਨੁਕਰੇ ਚੁੱਪ ਕਰ ਕੇ ਬਹਿ ਗਈ ਆਸੇ ਪਾਸੇ ਦੀਆਂ ਸਭੇ ਵਾਜਾਂ ਨਿਵੇਕਲੀਆਂ ਸਨ। ਉਹਨੂੰ ਸਭ ਕੁੱਝ ਓਪਰਾ ਲੱਗ ਰਿਹਾ ਸੀ।
ਥੱਕ ਹਾਰ ਕੇ ਉਹਨੇ ਆਪਣੇ ਬਾਲਾਂ ਨਾਲ਼ ਖੇਡਣਾ ਤੇ ਗਾਉਣਾ ਸ਼ੁਰੂ ਕਰ ਦਿੱਤਾ।
ਅੱਲੜ ਬਲੜ ਬਾਵੇ ਦਾ। ਬਾਵਾ ਕਣਕ ਲਿਆਵੇਗਾ।ਬਾਵੀ ਬਹਿ ਕੇ ਛੱਟੇਗੀ । ਸੌ ਰੁਪਈਆ ਵੱਟੇਗੀ ।
ਇਸ ਬਾਗੇ ਦੀਆਂ ਸਭੇ ਚਿੜੀਆਂ ਚਿੜੇ ਉਹਦੇ ਕੋਲ਼ ਆ ਬੈਠੇ ਤੇ ਗਾਉਣ ਸੁਣ ਕੇ ਹੱਸਣ ਲੱਗ ਪਏ ਪਰ ਕੁੱਝ ਬੋਲੇ ਨਾ। ਚਿੜੀ ਤੇ ਉਹਦੇ ਬਾਲ ਹੋਰ ਵੀ ਹੈਰਾਨ ਹੋਏ ਕਿ ਇਹ ਕਿਹੋ ਜਿਹਾ ਬਾਗ ਏ ਤੇ ਕਿਹੋ ਜਿਹੇ ਚਿੜੀਆਂ ਚਿੜੇ ਨੇਂ ਜਿਥੇ ਗਾਉਣ ਸਮਝ ਆਉਂਦਾ ਏ ਪਰ ਆਪਣੀ ਬੋਲੀ ਨਈਂ ।
ਕੋਲ਼ ਈ ਰੁਖ ਉਤੇ ਇਕ ਕਾਂ ਬੈਠਾ ਸਭ ਨਜ਼ਾਰਾ ਤੱਕ ਰਿਹਾ ਸੀ।
ਹੱਸ ਕੇ ਆਖਣ ਲੱਗਾ, "ਨਵੇਂ ਲਗਦੇ ਓ। ਕਿਥੋਂ ਆਏ ਓ ? ਏਸ ਉਚੇਚੇ ਬਾਗੇ ਦੀਆਂ ਚਿੜੀਆਂ ਚਿੜੇ ਬਹੁਤ ਅਗੇ ਨਿਕਲ ਚੁੱਕੇ ਨੇਂ ਇਨ੍ਹਾਂ ਨਵੀਆਂ ਨਿਵੇਕਲੀਆਂ ਬੋਲੀਆਂ ਸਿਖ ਲਈਆਂ ਨੇਂ,ਇਨ੍ਹਾਂ ਦੀ ਬੋਲੀ ਇਨ੍ਹਾਂ ਨੂੰ ਰੋਟੀ ਨਹੀਂ ਦਿੰਦੀ ਏਸ ਲਈ ਇਨ੍ਹਾਂ ਨੂੰ ਆਪਣੀ ਬੋਲੀ ਦੀ ਕੋਈ ਲੜ ਨਈਂ, ਤੁਸੀਂ ਖ਼ੁਦ ਵੇਖ ਸਕਦੇ ਓ ਕਿ ਏਸ ਰੰਗੀਨ ਬਾਗੇ ਅੰਦਰ ਹਰ ਸ਼ੈ ਨਵੀਂ ਨਕੋਰ, ਲਿਸ਼ਕਦੀ ਤੇ ਅਨੋਖੀ ਏ। ਹੋਰ ਤੇ ਹੋਰ ਇੱਥੇ ਆਲ੍ਹਣੇ ਵੀ ਸ਼ੀਸ਼ੇ ਦੇ ਬਣਾਏ ਜਾਂਦੇ ਨੇਂ।ਜਿਨ੍ਹਾਂ ਵਿਚੋਂ ਅੰਦਰ ਬਾਹਰ ਵੇਖਿਆ ਤੇ ਜਾ ਸਕਦਾ ਏ ਪਰ ਸੁਣਿਆ ਨਹੀਂ । ਇਕ ਹੋਰ ਅਨੋਖੀ ਗੱਲ ਇਹ ਵੇ ਕਿ ਹੁਣ ਚਿੜੇ ਚਿੜੀਆਂ ਨੂੰ ਉਡਣ ਦੀ ਆਦਤ ਵੀ ਨਈਂ ਰਹੀ ।ਉਡਣ ਦੀ ਲੋੜ ਵੀ ਕੀ ਏ ਜਦੋਂ ਉਡਣ ਦੀ ਮਸ਼ਕ ਲਈ ਮਸ਼ੀਨਾਂ ਲੱਗੀਆਂ ਨੇਂ। ਇਹ ਅੱਥਰੇ ਚਿੜੀਆਂ ਚਿੜੇ ਤੇ ਹੁਣ ਖਿਚੜੀ ਵੀ ਨਈਂ ਪਕਾਉਂਦੇ ਕਿਉਂ ਜੇ ਖਾਣ ਦੀ ਹਰ ਸ਼ੈ ਆਨ ਲਾਈਨ ਈ ਮੰਗਵਾਈ ਜਾ ਸਕਦੀ ਏ। ਇਥੇ ਸਭੇ ਚਿੜੀਆਂ ਚਿੜੇ ਅੱਗੇ ਵਧਣ ਲਈ ਦਿਨ ਰਾਤ ਓਵਰਟਾਇਮ ਕਰਦੇ ਨੇ। ਏਸ ਬਾਗੇ ਦੇ ਸਿਸਟਮ ਵਿਚ ਇਹਨਾਂ ਪਖੂਆਂ ਨੂੰ ਇਹ ਯਕੀਨ ਕਰਾ ਦਿੱਤਾ ਗਿਆ ਏ ਕਿ ਜੇ ਉਹ ਮਸ਼ੀਨ ਦੀ ਤਰਾਂ ਗੋਲ ਗੋਲ ਘੁੰਮਦੇ ਆਪਣੇ ਕੰਮੀਂ ਲੱਗੇ ਰਹਿਣਗੇ ਤੇ ਉਹ ਦਿਨ ਦੂਰ ਨਹੀਂ ਜਦੋਂ ਇਨ੍ਹਾਂ ਦੇ ਵਿਹੜੇ ਇਕ ਦਿਨ ਇਹੋ ਜਿਹਾ ਬੂਟਾ ਉਗ ਆਏਗਾ,ਜੀਹਦੇ ਉਤੇ ਫਲਾਂ ਦੀ ਥਾਂ ਨੋਟ ਉੱਗਿਆ ਕਰਨਗੇ । ਆਪਣੀ ਬੋਲੀ ਵਿਰਸਾ ਕਿਸ ਨੂੰ ਯਾਦ ਆਏਗਾ? ਇਨ੍ਹਾਂ ਪਖੂਆਂ ਨੂੰ ਤੇ ਸੋਚਣ ਲਈ ਸਿਰ ਖੁਰਕਣ ਦੀ ਵਿਹਲ ਵੀ ਨਹੀਂ।"
ਕਾਂ ਨੇ ਚਿੜੀ ਨੂੰ ਟਿਚਕਰਾਂ ਕਰਦਿਆਂ ਆਖਿਆ।"ਵੈਸੇ ਚਾਹੋ ਤੇ ਤੁਸੀ ਵੀ ਏਥੇ ਈ ਟਿਕ ਜਾਓ । ਤੁਹਾਡਾ ਵੀ ਸ਼ੀਸ਼ੇ ਦਾ ਆਲ੍ਹਣਾ ਪਾ ਦੇਵਾਂਗੇ। ਬੱਸ ਕੁੱਝ ਅਰਜ਼ੀਆਂ ਲਿਖਣੀਆਂ ਪੈਣਗੀਆਂ ਤੇ ਕਰਜ਼ਾ ਮੈਂ ਆਪੇ ਮਨਜ਼ੂਰ ਕਰਵਾ ਦਿਆਂਗਾ, ਮੇਰੇ ਤੇ ਉੱਤੇ ਤਕ ਤਾਲੁਕਾਤ ਨੇਂ ।"
ਚਿੜੀ ਨੇ ਸਿਰ ਹਿਲਾ ਹਿਲਾ ਕਿਹਾ "ਆਹੋ ਭਾ ਜੀ, ਅੱਛਾ ਭਾ ਜੀ" ਕਹਿ ਕੇ ਕਾਂ ਤੋਂ ਬੜੀ ਮੁਸ਼ਕਿਲ ਨਾਲ਼ ਜਾਨ ਛੁਡਾਈ , ਪਰ ਸਮਝ ਗਈ ਕਿ ਇਹ ਬਾਗ ਰੰਗੀਨ ਨਜ਼ਰੀਂ ਆਉਂਦਾ ਏ ਪਰ ਏਥੇ ਵੀ ਕਾਵਾਂ ਦਾ ਈ ਕਾਲ਼ਾ ਰਾਜ ਏ ।ਇਥੇ ਉਹਦੀ ਕੋਈ ਵਾਹ ਨਈਂ ਚੱਲਣੀ । ਇਹ ਸੋਚ ਕੇ ਉਡੀ ਤੇ ਬਾਲਾਂ ਨੂੰ ਆਪਣੇ ਆਲ੍ਹਣੇ ਵਿਚ ਲੈ ਗਈ ਜਿਥੇ ਕੋਈ ਵੀ ਸ਼ੈ ਲਿਸ਼ਕਦੀ ਤੇ ਸੁਨੱਖੀ ਨਈਂਂ ਸੀ ਪਰ ਉਹਦੀ ਆਪਣੀ ਸੀ। ਉਹਨੂੰ ਆਪਣੇ ਆਸੇ ਪਾਸੇ ਆਪਣਿਆਂ ਦੀ ਨਿੱਘ ਮਹਿਸੂਸ ਹੋਈ ਜਿਥੇ ਹਰ ਕੋਈ ਇਕ ਦੂਜੇ ਦੀ ਬੋਲੀ ਬੋਲਦਾ ਤੇ ਸਮਝਦਾ ਸੀ ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨੁਜ਼ਹਤ ਅੱਬਾਸ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ