Rab De Shareek (Punjabi Story): Amrit Kaur

ਰੱਬ ਦੇ ਸ਼ਰੀਕ (ਕਹਾਣੀ) : ਅੰਮ੍ਰਿਤ ਕੌਰ

"ਰੱਬ ਨੂੰ ਸਾਰੀ ਦੁਨੀਆਂ ਢਾਹ ਕੇ ਨਵੀਂ ਬਣਾ ਦੇਣੀ ਚਾਹੀਦੀ ਐ।" ਆਖਦਿਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸ ਦੇ ਹੱਥ ਫੇਰਨ ਨਾਲ ਹੀ ਦੁਨੀਆਂ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ।

"ਫੇਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ।" ਪੋਤੇ ਜਿੰਦਰ ਨੇ ਆਖਿਆ।

"ਚਲ ਫੇਰ ਐਂ ਕਰੇ ਰੱਬ...ਜਿਹੜੇ ਬੁਰੇ ਨੇ ਉਹਨਾਂ ਨੂੰ ਖ਼ਤਮ ਕਰ ਦੇਵੇ।" ਬੇਬੇ ਨੇ ਥੋੜ੍ਹੀ ਰਿਆਇਤ ਕੀਤੀ ।

"ਬੁਰਿਆਂ ਦਾ ਕੀ ਪਤਾ ਲੱਗਦਾ ਐ...ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਐ ਦੂਜੇ ਬੁਰੇ।" ਪੋਤਾ ਬੋਲਿਆ।

"ਬੇਬੇ! ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਐ...ਨਾਲੇ ਕਲੇਸ਼ ਪਾਈ ਰੱਖਦਾ ਐ ...ਤੂੰ ਵੀ ਆਖ ਦਿੰਨੀ ਐਂ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਤੇ...ਜੇ ਰੱਬ ਤੇਰੇ ਆਖੇ ਲੱਗ ਗਿਆ ...ਉਹ ਤਾਂ ਫਿਰ ਗਿਆ ਸਮਝੋ।" ਬੇਬੇ ਦਾ ਮੁੰਡਾ ਮੰਜੇ 'ਤੇ ਬੈਠਦਿਆਂ ਬੋਲਿਆ।

"ਨਾ ਵੇ, ਐਂ ਕਿਉਂ ਆਖਦੈਂ ਚੰਦਰਿਆ...ਆਵਦਾ ਘਰ ਖਾਂਦਾ ਐ ਉਹ । ਤੈਨੂੰ ਕੀ ਕਹਿੰਦੈ?...ਨਾਲੇ ਉਹਨੂੰ ਤਾਂ ਵੋਟਾਂ ਵੇਲੇ ਨਸ਼ੇ ਦੀ ਲਤ ਲਾ 'ਤੀ ਕਿਸੇ ਬੈਠੀ ਬੇੜੀ ਆਲੇ ਨੇ...ਚੰਗਾ ਭਲਾ ਐਨਾ ਸੋਹਣਾ ਸੁਨੱਖਾ ਹੁੰਦਾ ਤੀ। ਲੋਕ ਉਹਦੀ ਰੀਸ ਨਾਲ ਕੱਪੜੇ ਪਾਉਂਦੇ ਹੁੰਦੇ ਤੇ। ਜਿਉਂਦਾ ਰਹੇ ਵਿਚਾਰਾ ਓਸੇ ਨਾਲ ਜੱਗ ਵਸਦਾ ਐ।" ਉਸ ਨੇ ਵੱਡਾ ਸਾਰਾ ਹਉਕਾ ਲੈਂਦਿਆਂ ਆਖਿਆ।

"ਲੈ ਫੇਰ ਐਂ ਤਾਂ ਸਾਰਿਆਂ ਨੂੰ ਆਵਦੇ ਜਵਾਕ ਪਿਆਰੇ ਹੁੰਦੇ ਨੇ। ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ।" ਬੇਬੇ ਦੇ ਪੁੱਤ ਨੇ ਚੱਪਲ ਦੀ ਨਿਕਲੀ ਬੱਧਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਠੀਕ ਕਰਦਿਆਂ ਆਖਿਆ।

"ਚੱਪਲ ਨਵੀਂ ਨੀ ਲੈ ਸਕਦਾ। ਟੁੱਟੀਆਂ ਘੜੀਸਦਾ ਤੁਰਿਆ ਫਿਰਦੈਂ...।" ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਬੇਬੇ ਬੋਲੀ।

"ਟੁੱਟੀ ਨੀ...ਬੱਧਰੀ ਨਿਕਲੀ ਤੀ। ਜਦੋਂ ਟੁੱਟ ਗੀ ਫੇਰ ਦੇਖ ਲਾਂਅਗੇ।" ਉਹ ਪੈਰ ਵਿੱਚ ਚੱਪਲ ਪਾਉਂਦਿਆਂ ਬੋਲਿਆ।

"ਚਲ ਤੇਰੀ ਮਰਜ਼ੀ ਐ ਲੈ ਲੀਂ ਜਦੋਂ ਜੀਅ ਕਰੂ।"

ਬੇਬੇ ਨੇ ਗੱਲ ਦਾ ਰੁਖ਼ ਬਦਲਦਿਆਂ ਫੇਰ ਕਿਹਾ,

"ਅੱਜ ਸਤ ਸੰਗ ਲੱਗਣੀ ਐ... ਮੈਂ ਸੁਣ ਕੇ ਆਉਨੀ ਆਂ। ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਈ ਚਿੱਤ ਟਿਕਾਣੇ ਆਊ ਹੁਣ ਤਾਂ।" ਉਹ ਉੱਠ ਕੇ ਖੜ੍ਹੀ ਹੋ ਗਈ।

"ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਿ ਨਹੀਂ।" ਜਿੰਦਰ ਬੋਲਿਆ। ਪਿਉ ਨੇ ਉਸ ਨੂੰ ਅੱਖਾਂ ਨਾਲ ਹੀ ਘੂਰਿਆ। ਉਹ ਸਮਝ ਗਿਆ ਕਿ ਪਿਉ ਉਸ ਨੂੰ ਚੁੱਪ ਰਹਿਣ ਲਈ ਆਖ ਰਿਹਾ ਹੈ।

ਬੇਬੇ ਆਪਣੇ ਸਮੇਂ ਦੀਆਂ ਚਾਰ ਕੁ ਜਮਾਤਾਂ ਪੜ੍ਹੀ ਸੀ। ਜਦੋਂ ਦੀਆਂ ਨੂੰਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ ਸੀ। ਪਰ ਅਖ਼ਬਾਰ ਹਰ ਰੋਜ਼ ਪੜ੍ਹ ਲੈਂਦੀ ਸੀ। ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ। ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ। ਖੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਬਿਮਾਰੀਆਂ, ਧਰਨੇ , ਬੱਚੀਆਂ ਨਾਲ ਹੁੰਦੀ ਦਰਿੰਦਗੀ ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਕੇ ਗੁੱਸਾ ਵੀ ਆਉਂਦਾ, ਚਿੰਤਾ ਵੀ ਹੁੰਦੀ, ਅਜੀਬ ਜਿਹੀ ਉਦਾਸੀ ਵੀ ਹੁੰਦੀ, ਇਹਨਾਂ ਰਲੇ ਮਿਲੇ ਭਾਵਾਂ ਵਿੱਚੋਂ ਜਿਹੜੀ ਬੇਚੈਨੀ ਪੈਦਾ ਹੁੰਦੀ ਉਹ ਅਜੀਬ ਜਿਹੀ ਘਬਰਾਹਟ ਤੇ ਬੇਵਸੀ ਵਾਲੀ ਹੁੰਦੀ। ਚਿੱਤ ਉਦਾਸ ਹੋ ਜਾਂਦਾ ।ਫਿਰ ਉਸ ਦਾ ਜੀਅ ਨਾ ਲੱਗਦਾ ਕਿਤੇ ਵੀ।

ਸਤਿਸੰਗ ਸੁਣਨ ਚਲੀ ਗਈ ਅੱਧੀਆਂ ਕੁ ਗੱਲਾਂ ਸੁਣੀਆਂ ਅੱਧੀਆਂ ਅਣਸੁਣੀਆਂ ਮਨ ਨੂੰ ਟਿਕਾਅ ਨਾ ਆਇਆ । ਅੱਜ ਵੈਸੇ ਵੀ ਸਤਿਸੰਗ ਵਿਚ ਸੰਗਤ ਘੱਟ ਸੀ । ਘਰ ਨੂੰ ਚੱਲ ਪਈ । ਰਾਹ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਹਨ। ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ। ' ਚਲੋ ਸੁਣ ਲੈਂਦੇ ਹਾਂ । ਕੰਨ ਰਸ ਸਮਝ ਕੇ, ਨਾਲੇ ਵੋਟ ਵੀ ਤਾਂ ਪਾਉਣੀ ਐ। ਕੀ ਪਤਾ ਕੋਈ ਵਧੀਆ ਬੰਦਾ ਈ ਹੋਵੇ ।ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੋਟ ਪਾਵੇ। ਹੁਣ ਤਾਂ ਪਰਿਵਾਰ ਦੇ ਜੀਅ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ। ਅੱਗੇ ਪੂਰਾ ਲਾਣਾ ਬੰਦ ਮੁੱਠੀ ਵਾਂਗ ਹੁੰਦਾ ਸੀ। ਮੁੱਠੀਆਂ ਖੁੱਲ੍ਹ ਗਈਆਂ ਲੱਖਾਂ ਤੋਂ ਕੱਖਾਂ ਦੇ ਹੋ ਗਏ।... ਜੇ ਇਹ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ। ਕਿਸੇ ਨੂੰ ਕੀ ਪਤਾ ਲੱਗਣਾ ਵੋਟਾਂ ਕਿਹੜਾ ਬੋਲਦੀਆਂ ਨੇ। ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਐ ਕਿ ਬੰਦਾ ਦੇਖ ਕੇ ਵੋਟ ਪਾਓ। ਜਿਹੜਾ ਲੋਕਾਂ ਦੇ ਭਲੇ ਲਈ ਕੰਮ ਕਰੇ।' ਸੋਚਦਿਆਂ ਉਸ ਦੇ ਚਿਹਰੇ ਦੇ ਹਾਵ ਭਾਵ ਬਦਲਦੇ ਰਹੇ ਕਈ ਵਾਰ ਉਹ ਬੁੜਬੁੜਾਈ। ਉਹ ਇਕੱਠ ਵਾਲੀ ਥਾਂ ਤੇ ਪਹੁੰਚ ਗਈ ਦਸ ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਫੇਰ ਘਰ ਨੂੰ ਚੱਲ ਪਈ। ਘਰ ਆ ਕੇ ਬਾਹਰ ਡੱਠੀ ਮੰਜੀ ਤੇ ਬਹਿ ਗਈ । ਅੰਦਰ ਜਿੰਦਰ ਨੇ ਟੀ. ਵੀ. ਲਾ ਰੱਖਿਆ ਸੀ । ਵਾਹਵਾ ਰੌਲਾ ਪੈ ਰਿਹਾ ਸੀ । ਉੱਠ ਕੇ ਅੰਦਰ ਚਲੀ ਗਈ। ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਤੇ ਬਹਿਸ ਕਰਵਾਉਣ ਲਈ ਵੱਖ ਵੱਖ ਨੇਤਾਵਾਂ ਨੂੰ ਸੱਦਿਆ ਹੋਇਆ ਸੀ । ਬਹਿਸ ਪੂਰੇ ਜ਼ੋਰਾਂ ਤੇ ਚੱਲ ਰਹੀ ਸੀ। ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। 'ਹਮਨੇ ਯੇ ਕੀਆ, ਹਮਨੇ ਵੋ ਕੀਆ ।' ਬਸ ਕਾਵਾਂ ਰੌਲੀ ਹੀ ਪਈ ਹੋਈ ਸੀ। ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ।

"ਬੰਦ ਕਰ ਵੇ ਮੁੰਡਿਆ ਇਹਨੂੰ, ਕਿੱਥੇ ਰੌਲਾ ਪਾਇਆ। ਜਿੱਧਰ ਦੇਖੋ ...ਮੈਂ...ਮੈਂ ਲਾਈ ਐ।"

ਉਸ ਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਗਈ। ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ,

"ਬੇਬੇ ਕੀ ਹੋਇਆ ਸਿਹਤ ਠੀਕ ਐ? ਉਸ ਨੇ ਬਾਂਹ ਨੂੰ ਹੱਥ ਲਾ ਕੇ ਦੇਖਿਆ ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ,

"ਮੈਂ ਠੀਕ ਹਾਂ ਪੁੱਤ, ਮੈਂ ਸਤਿਸੰਗ ਸੁਣਨ ਗਈ ਉੱਥੇ ਬਾਬਾ ਕਹਿੰਦਾ 'ਮੈਂ ਐਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ , ਨਸ਼ੇ ਛੁਡਾਏ।' ਨੇਤਾ ਦਾ ਭਾਸ਼ਣ ਸੁਣਿਆ ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ। ਜਿਹੜੇ ਉਹ ਕਹਿ ਰਿਹਾ ਸੀ ਕਿ ਉਸ ਨੇ ਕੀਤੇ ਨੇ । ਹੁਣ ਆਹ ਟੀ. ਵੀ. ਵਾਲੇ ਐਨੇ ਕੰਮ ਗਿਣਾਈ ਜਾਂਦੇ ਨੇ। ਰੱਬ ਤਾਂ ਕਿਸੇ ਨੂੰ ਯਾਦ ਈ ਹੈਨੀ। ਸਾਰੇ ਹੰਕਾਰ ਨਾਲ ਭਰੇ ਪਏ ਨੇ।" ਜਿੰਦਰ ਬੇਬੇ ਦੇ ਮੁੰਹ ਵੱਲ ਦੇਖ ਰਿਹਾ ਸੀ। ਉਹ ਫੇਰ ਬੋਲੀ,

"ਸਤਿਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਨਾਲ ਮਾਵਾਂ ਦੇ ਪੁੱਤ ਕਿਉਂ ਮਰ ਰਹੇ ਨੇ? ਨੇਤਾ ਕਹਿੰਦਾ ਅਸੀਂ ਐਨੇ ਕੰਮ ਕੀਤੇ ਪਰ ਜੇ ਇਨ੍ਹਾਂ ਨੇ ਐਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ । ਐਧਰੋਂ ਆਹ ਟੀ. ਵੀ. ਵਾਲੇ ਦੁਹਾਈਆਂ ਪਾ ਰਹੇ ਨੇ ।"

"ਬੇਬੇ! ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਐ। ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ। ਇਹਨਾਂ ਨੂੰ ਭੱਜਣ ਨੂੰ ਥਾਂ ਨੀ ਲੱਭਣੀ।" ਜਿੰਦਰ ਨੇ ਕਿਹਾ।

"ਪੁੱਛਣਾ ਕੀ ਐ ਇਹਨਾਂ ਤੋਂ?" ਬੇਬੇ ਬੈਠਵੀਂ ਜਿਹੀ ਸੁਰ ਵਿੱਚ ਬੋਲੀ। ਟੀ. ਵੀ. ਚੱਲ ਰਿਹਾ ਸੀ ਇੱਕ ਨੇਤਾ ਦੇ ਗਲ਼ ਵਿੱਚ ਹਾਰ ਪਾਏ ਹੋਏ ਸਨ। ਉਹ ਹੱਥ ਜੋੜੀ ਝੁਕਿਆ ਖੜ੍ਹਾ ਸੀ ਜਿਵੇਂ ਉਸ 'ਤੇ ਕਿਸੇ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੋਵੇ।

"ਵੇ ਏਹਨੂੰ ਕੀ ਹੋ ਗਿਆ? ਹੱਥ ਜੋੜੀ ਖੜ੍ਹਾ ਐ।"

"ਹੋਣਾ ਕੀ ਐ ਬੇਬੇ ਅਗਲੇ ਨੇ ਪਾਰਟੀ ਬਦਲੀ ਐ। ਪਾਰਟੀ ਵਿੱਚ ਰਲਾਉਣ ਵਾਲਿਆਂ ਮੂਹਰੇ ਝੁਕ ਰਿਹਾ ਐ।"

"ਏਹਨਾਂ ਨੂੰ ਸ਼ਰਮ ਨੀ ਆਉਂਦੀ ਪਾਰਟੀਆਂ ਬਦਲਦਿਆਂ ਨੂੰ... ਜੇ ਇੱਕ ਪਾਰਟੀ ਵਿੱਚ ਨੀ ਕੁਸ਼ ਸੁਆਰ ਸਕੇ, ਦੂਜੀ ਵਿੱਚ ਜਾ ਕੇ... ਕੀ ਸੁਆਹ ਸੁਆਰ ਦੇਣਗੇ?"

"ਇਹੀ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛੀਆਂ ਨੀ ਹੁਣ ਤੱਕ।" ਜਿੰਦਰ ਗੰਭੀਰ ਹੋ ਕੇ ਬੋਲਿਆ।

ਉਸ ਨੇ ਚੈਨਲ ਬਦਲ ਦਿੱਤਾ, ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਕਾਲ ਸੁਣ ਕੇ ਉਸ ਨੂੰ ਕਹਿ ਰਿਹਾ ਸੀ। 'ਬਸ ਆਂਖੇ ਬੰਦ ਕਰਕੇ ਏਕ ਵਾਰ ਮੇਰਾ ਨਾਮ ਲੇਨਾ ਕਿ ਗੁਰੂ ਜੀ ਮੇਰਾ ਯੇ ਕਾਮ ਹੋ ਜਾਏ... ਹੋ ਜਾਏਗਾ।"

"ਇਹਨੂੰ ਫੋਨ ਲਾ ਕੇ ਆਖ ਦੇ... ਜੇ ਐਨੀ ਸ਼ਕਤੀ ਐ ਤਾਂ ਸਾਰੀ ਦੁਨੀਆਂ ਨੂੰ ਈ ਠੀਕ ਕਰ ਦੇ।" ਬੇਬੇ ਉੱਠ ਕੇ ਬੈਠ ਗਈ।

"ਬੇਬੇ... ਇਹਨਾਂ ਨੂੰ ਫੋਨ ਨੀ ਲੱਗਦਾ ਹੁੰਦਾ। ਜੇ ਕਿਤੇ ਲੱਗ ਵੀ ਜਾਵੇ ਤਾਂ ਅੱਗੇ ਦੀ ਅੱਗੇ ਨੰਬਰ ਦੇਈ ਜਾਣਗੇ। ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ ਐ।" ਜਿੰਦਰ ਨੇ ਕਿਹਾ।

"ਤੈਨੂੰ ਕੀ ਪਤੈ? ਤੂੰ ਲਾਇਆ ਐ ਕਦੇ? " ਬੇਬੇ ਪੋਤੇ ਦੇ ਮੂੰਹ ਵੱਲ ਦੇਖ ਕੇ ਬੋਲੀ।

"ਨਾ ਨਾ ਮੈਂ ਕਿਉਂ ਲਾਉਣਾ ਐ। ਉਹ ਤਾਂ ਇੱਕ ਦਿਨ ਸਕੂਲ ਵਿੱਚ ਜਵਾਕ ਗੱਲਾਂ ਕਰਦੇ ਸੀ।"

ਪੋਤੇ ਨੇ ਚੈਨਲ ਈ ਬਦਲ ਦਿੱਤਾ।

ਇੱਕ ਹੋਰ ਚੈਨਲ 'ਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਸੀ ,"ਬਾਬਾ ਜੀ, ਤੁਸੀਂ ਮੈਨੂੰ ਸਭ ਕੁਝ ਦਿੱਤੈ। ਬਸ ਹੁਣ ਤਾਂ ਇੱਕੋ ਹੀ ਇੱਛਾ ਹੈ ਇਹ ਜਾਨ ਥੋਡੇ ਚਰਨਾਂ ਵਿੱਚ ਨਿਕਲੇ।" ਬੇਬੇ ਨੇ ਮੱਥੇ 'ਤੇ ਹੱਥ ਮਾਰਿਆ- " ਹੇ ਮਾਲਕਾ! ਕੀ ਬਣੂੰ ਲੋਕਾਂ ਦਾ? " ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਗਈ।

"ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ...ਪਰ ਬਾਬਿਆਂ ਦੇ ਬੈਂਕ ਖਾਤੇ ਜਰੂਰ ਭਰ ਜਾਂਦੇ ਨੇ। "

"ਪਤਾ ਨਹੀਂ ਕਿਵੇਂ ਭਲਾ ਹੋਊ ਇਹਨਾਂ ਦਾ। ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ। " ਬੇਬੇ ਤਪੀ ਪਈ ਸੀ ਜੇ ਉਸ ਦੇ ਵਸ ਹੁੰਦਾ ਤਾਂ ਸਭ ਨੂੰ ਸਿੱਧੇ ਕਰ ਦਿੰਦੀ।

"ਬੇਬੇ ਜੀਹਦੇ ਹੱਥ ਵਿੱਚ ਤਾਕਤ ਆ ਜਾਂਦੀ ਐ ਉਹੀ ਆਕੜ ਬਹਿੰਦਾ ਹੈ, ਇਹ ਪਚਾਉਣੀ ਬੜੀ ਔਖੀ ਐ...ਤਾਕਤ ਜਿਹੜੀ ਮਰਜ਼ੀ ਹੋਵੇ ਧਰਮ ਦੀ ਹੋਵੇ, ਪੈਸੇ ਦੀ ਹੋਵੇ, ਉੱਚੇ ਅਹੁਦੇ ਦੀ ਹੋਵੇ, ਭਾਵੇਂ ਰਾਜਨੀਤੀ ਦੀ ਹੋਵੇ... ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ ਐ। "

"ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ...ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਐ ਕਿ ਰੱਬ ਉਹਨਾਂ ਨੂੰ ਦੇਖ ਰਿਹਾ ਐ... ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ।" ਬੇਬੇ ਬੋਲੀ।

"ਗੱਲ ਤਾਂ ਬੇਬੇ ਤੇਰੀ ਸੋਲਾਂ ਆਨੇ ਸਹੀ ਐ।" ਜਿੰਦਰ ਬੋਲਿਆ। ਐਨੇ ਨੂੰ ਬਾਹਰੋਂ ਗਲੀ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬੇਬੇ ਤੇ ਪੋਤਾ ਚੁੱਪ ਕਰ ਗਏ। ਟੀ. ਵੀ. ਬੰਦ ਕਰ ਦਿੱਤਾ। ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਅਤੇ ਨੰਗੇ ਪੈਰੀਂ ਹੀ ਬਾਹਰ ਨੂੰ ਦੇਖਣ ਚਲਿਆ ਗਿਆ। ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਤੁਰ ਪਈ। ਪੋਤਾ ਅੰਦਰ ਨੂੰ ਮੁੜ ਆਇਆ।

"ਕੀ ਹੋਇਆ?" ਬੇਬੇ ਨੇ ਪੁੱਛਿਆ।

"ਲੋਕ ਨੇ ਬੇਬੇ, ਕਹਿੰਦੇ ...ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ।" ਉਸ ਨੇ ਕਿਹਾ।

"ਚਲ ਆ ਜਾ ਬੇਬੇ ਅੰਦਰ।" ਉਸ ਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖਿਆ।

"ਨਹੀਂ... ਮੈਂ ਵੀ ਸਵਾਲ ਪੁੱਛਣੇ ਐ।" ਬੇਬੇ ਨੇ ਉਸ ਦਾ ਹੱਥ ਪਰੇ ਕਰ ਕੇ ਚੁੰਨੀ ਦੀ ਬੁੱਕਲ ਠੀਕ ਕੀਤੀ। ਪੋਤਾ ਭੱਜ ਕੇ ਅੰਦਰ ਗਿਆ। ਪੈਰੀਂ ਚੱਪਲ ਪਾ ਕੇ ਬੇਬੇ ਨਾਲ ਆ ਰਲਿਆ। ਬੇਬੇ ਦਾ ਹੱਥ ਫੜ ਲਿਆ। ਬੇਬੇ ਨੇ ਹੈਰਾਨੀ ਨਾਲ ਉਸ ਵੱਲ ਤੱਕਦਿਆਂ ਪੁੱਛਿਆ, "ਤੂੰ ਘਰੇ ਨੀ ਬੈਠ ਸਕਦਾ?

"ਨਾ।" ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ।

"ਕਿਉਂ?" ਬੇਬੇ ਨੇ ਫਿਰ ਪੁੱਛਿਆ।

"ਇਸ ਤੋਂ ਪਹਿਲਾਂ ਕਿ ਮੈਂ ਵੀ ਥੋਡੇ ਵਾਂਗ ਬੁੱਢਾ ਹੋ ਕੇ ਜਾਗਾਂ... ਮੈਂ ਹੁਣੇ ਹੀ ਸਵਾਲ ਪੁੱਛਣੇ ਐ।ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ ।"

  • ਮੁੱਖ ਪੰਨਾ : ਕਹਾਣੀਆਂ ਅਤੇ ਲੇਖ, ਅੰਮ੍ਰਿਤ ਕੌਰ ਬਡਰੁੱਖਾਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •