Punjabi Kavita
  

Rabb De Rang : Alif Laila

ਰੱਬ ਦੇ ਰੰਗ : ਅਲਿਫ਼ ਲੈਲਾ

ਇਕ ਦਿਨ ਖ਼ਲੀਫ਼ਾ ਹਾਰੂੰਉਲਰਸ਼ੀਦ ਅਤੇ ਉਸਦਾ ਵੱਡਾ ਵਜ਼ੀਰ ਸੌਦਾਗਰਾਂ ਦੇ ਭੇਸ ਵਿਚ ਬਗ਼ਦਾਦ ਸ਼ਹਿਰ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ । ਅਚਾਨਕ ਉਹਨਾਂ ਨੇ ਇਕ ਬੜਾ ਆਲੀਸ਼ਾਨ ਮਕਾਨ ਵੇਖਿਆ ਜਿਹੜਾ ਨਵਾਂ ਹੀ ਬਣਿਆ ਲਗਦਾ ਸੀ । ਪੁੱਛਣ ਤੋਂ ਪਤਾ ਲੱਗਾ ਕਿ ਉਹ ਮਕਾਨ ਗੋਗੀਆ ਹਸਨ ਨਾਮੀ ਇਕ ਰੱਸੀਆਂ ਵੱਟਣ ਵਾਲੇ ਦਾ ਹੈ। ਜਿਹੜਾ ਪਹਿਲਾਂ ਤਾਂ ਬੜਾ ਗ਼ਰੀਬ ਸੀ, ਪਰ ਹੁਣ ਸ਼ਹਿਰ ਦੇ ਵੱਡੇ ਧਨਾਢਾਂ ਵਿੱਚੋਂ ਗਿਣਿਆਂ ਜਾਂਦਾ ਹੈ ।

ਇਹ ਗੱਲ ਸੁਣ ਕੇ ਖ਼ਲੀਫ਼ੇ ਨੂੰ ਗੋਗੀਆ ਹਸਨ ਬਾਰੇ ਕੁਝ ਦਿਲਚਸਪੀ ਹੋ ਗਈ ਅਤੇ ਉਹਨੇ ਵਜ਼ੀਰ ਨੂੰ ਹੁਕਮ ਦਿੱਤਾ ਕਿ ਗੋਗੀਆ ਹਮਨ ਨੂੰ ਅਗਲੇ ਦਿਨ ਰਾਜ ਦਰਬਾਰ ਵਿਚ ਪੇਸ਼ ਕੀਤਾ ਜਾਏ ਤਾਂ ਜੋ ਉਹ ਉਹਦੇ ਜੀਵਨ ਦੀ ਸਫਲਤਾ ਦਾ ਰਾਜ਼ ਜਾਣ ਸਕੇ ।
ਅਗਲੇ ਦਿਨ ਹੁਕਮ ਅਨੁਸਾਰ ਗੋਗੀਆ ਹਸਨ ਦਰਬਾਰ ਵਿਚ ਹਾਜ਼ਰ ਹੋਇਆ । ਬਾਦਸ਼ਾਹ ਦੇ ਕਹਿਣ ਤੇ ਉਹਨੇ ਆਪਣੀ ਜੀਵਨ ਕਹਾਣੀ ਇਸ ਤਰ੍ਹਾਂ ਸ਼ੁਰੂ ਕੀਤੀ :

ਇਸੇ ਸ਼ਹਿਰ ਵਿਚ ਦੋ ਮਿੱਤਰ ਰਹਿੰਦੇ ਸਨ । ਇਕ ਦਾ ਨਾਂ ਸਾਅਦੀ ਸੀ ਅਤੇ ਦੂਜੇ ਦਾ ਨਾਂ ਸਾਅਦ ਸੀ । ਉਹਨਾਂ ਦਾ ਆਪਸ ਵਿਚ ਬੜਾ ਪਿਆਰ ਸੀ, ਪਰ ਇਕ ਗੱਲ ਤੇ ਉਹ ਕਦੇ ਸਹਿਮਤ ਨਹੀਂ ਸਨ ਹੋਏ । ਸਾਅਦੀ ਦਾ ਵਿਚਾਰ ਸੀ ਕਿ ਪੈਸੇ ਤੋਂ ਬਿਨਾਂ ਮਨੁੱਖ ਕਦੀ ਖ਼ੁਸ਼ ਨਹੀਂ ਰਹਿ ਸਕਦਾ। ਪਰ ਸਾਅਦ ਕਹਿੰਦਾ ਹੈ ਕਿ ਖੁਸ਼ੀ ਦੌਲਤ ਨਾਲ ਨਹੀਂ ਸਗੋਂ ਨੇਕੀ ਕਰਨ ਨਾਲ ਅਤੇ ਰੱਬ ਦੀ ਦਿੱਤੀ ਹੋਈ ਦਾਤ ਦੀ ਠੀਕ ਵਰਤੋਂ ਕਰਨ ਨਾਲ ਮਿਲਦੀ ਹੈ ।
ਸੋ ਇਕ ਦਿਨ ਜਦ ਇਹ ਦੋਵੇਂ ਮਿੱਤਰ ਉਸ ਥਾਂ ਲਾਗਿਓਂ ਲੰਘ ਰਹੇ ਸਨ, ਜਿੱਥੇ ਮੈਂ ਰੱਸੀਆਂ ਵੱਟਣ ਜਾਂਦਾ ਹੁੰਦਾ ਸਾਂ, ਤਾਂ ਮੈਨੂੰ ਦੇਖ ਕੇ ਉਹ ਅਚਾਨਕ ਰੁਕ ਗਏ । ਸਾਅਦ ਆਪਣੇ ਮਿੱਤਰ ਨੂੰ ਕਹਿਣ ਲੱਗਾ, 'ਦੇਖ, ਵਿਚਾਰਾ ਰੱਸੀਆਂ ਵੱਟਣ ਵਾਲਾ ਕਿੰਨੀ ਮਿਹਨਤ ਕਰ ਰਿਹਾ ਏ, ਪਰ ਇਹਦੀ ਵਜਾ ਕਤਾਹ ਤੋਂ ਇਉਂ ਜਾਪਦਾ ਏ ਕਿ ਇਹ ਰੋਟੀਓਂ ਵੀ ਆਤਰ ਏ । ਇਹੋ ਜਿਹਾ ਮੌਕਾ ਫੇਰ ਕਿੱਥੇ ਹੱਥ ਲਗਣਾ ਏਂ! ਕੀ ਖ਼ਿਆਲ ਏ ! ਏਸੇ ਤੋਂ ਨਾ ਪਰਤਾ ਕੇ ਵੇਖ ਲਈਏ ਕਿ ਸਿਰਫ਼ ਪੈਸਾ ਈ ਮਨੁੱਖ ਨੂੰ ਖ਼ੁਸ਼ੀ ਦੇ ਸਕਦਾ ਏ ਕਿ ਨਹੀਂ ?"

“ਹਾਂ, ਜ਼ਰੂਰ !'' ਸਾਅਦੀ ਨੇ ਕਿਹਾ, "ਹੋਰ ਇਸ ਤੋਂ ਚੰਗਾ ਕਿਹੜਾ ਮੌਕਾ ਹੱਥ ਲਗਣਾ ਏਂ ! ਇਸੇ ਕਰਕੇ ਈ ਤਾਂ ਮੈਂ ਕੁਝ ਪੈਸੇ ਸਦਾ ਨਾਲ ਲਈ ਫਿਰਦਾ ਆਂ ਤਾਂ ਜੋ ਕਿਸੇ ਇਹੋ ਜਿਹੇ ਮਨੁੱਖ ਤੇ ਤਜਰਬਾ ਕਰ ਕੇ ਵੇਖ ਸਕੀਏ ।

ਇਹ ਵਿਚਾਰ ਕੇ ਸਾਅਦੀ ਨੇ ਮੇਰਾ ਨਾਂ ਪੁਛਿਆਂ। ਮੈਂ ਕਿਹਾ, ''ਜਨਾਬ ! ਮੇਰਾ ਨਾਂ ਹਸਨ ਏ ਤੇ ਮੈਂ ਰੱਸੀਆਂ ਬਣਾਉਣ ਦਾ ਕੰਮ ਕਰਦਾ ਆਂ । ਇਸੇ ਲਈ ਮੇਰੀ ਅੱਲ ਈ ਰੱਸੀਆਂ ਵਾਲਾ ਪਈ ਹੋਈ ਏ ।
ਸਾਅਦੀ ਨੇ ਪੁੱਛਿਆ, "ਤੂੰ ਲਗਦਾ ਤਾਂ ਬੜਾ ਸਿਆਣਾ ਏਂ, ਪਰ ਕੀ ਤੈਨੂੰ ਕਦੀ ਖ਼ਿਆਲ ਨਹੀਂ ਆਇਆ ਕਿ ਪੈਸੇ ਬਚਾ ਕੇ ਬਹੁਤ ਸਾਰੀ ਸਣ ਈ ਖ਼ਰੀਦ ਲਵੇਂ ਤੇ ਆਪਣੇ ਵਪਾਰ ਨੂੰ ਵਧਾਉਣ ਦੀ ਕੋਸ਼ਿਸ਼ ਕਰੇਂ ?''
ਮੈਂ ਉੱਤਰ ਦਿੱਤਾ, “ਜਨਾਬ! ਤੁਸੀਂ ਕਹਿੰਦੇ ਤਾਂ ਬਿਲਕੁਲ ਠੀਕ ਓ । ਪਰ ਤੁਹਾਨੂੰ ਪਤਾ ਨਹੀਂ ਮੇਰੇ ਘਰ ਪਲਣ ਵਾਲੇ ਛੇ ਜੀਅ ਹੋਰ ਨੇ । ਸਾਰਾ ਦਿਨ ਕੰਮ ਕਰ ਕਰ ਕੇ ਮੇਰਾ ਲੱਕ ਟੁੱਟ ਜਾਂਦਾ ਏ ਤਾਂ ਜਾ ਕੇ ਕਿਤੇ ਦੋ ਡੰਗ ਰੋਟੀ ਨਸੀਬ ਹੁੰਦੀ ਏ । ਫੇਰ ਵੀ ਰੱਬ ਦਾ ਲੱਖ ਲੱਖ ਸ਼ੁਕਰ ਏ ਕਿਸੇ ਅੱਗੇ ਹੱਥ ਤਾਂ ਨਹੀਂ ਅੱਡਣਾ ਪੈਂਦਾ ।”
ਜਿਸ ਵੇਲੇ ਮੈਂ ਆਪਣੀ ਗੱਲ ਖ਼ਤਮ ਕੀਤੀ, ਤਾਂ ਸਾਅਦੀ ਨੇ ਕਿਹਾ, “ਜੇ ਮੈਂ ਤੈਨੂੰ ਦੋ ਸੌ ਮੁਹਰਾਂ ਦੀ ਥੈਲੀ ਇਨਾਮ ਦੇਵਾਂ, ਤਾਂ ਕੀ ਤੂੰ ਪਰਣ ਕਰਦਾ ਏਂ ਕਿ ਇਸ ਰਕਮ ਨੂੰ ਆਪਣੇ ਕਾਰੋਬਾਰ ਵਿਚ ਲਾ ਕੇ ਉਹਨੂੰ ਵਧਾਉਣ ਦੀ ਤੇ ਅਮੀਰ ਬਣਨ ਦੀ ਕੋਸ਼ਿਸ਼ ਕਰੇਂਗਾ ?"
ਇਹ ਸੁਣ ਕੇ ਪਹਿਲਾਂ ਤਾਂ ਮੈਂ ਸਮਝਿਆ ਕਿ ਉਹ ਸ਼ਾਇਦ ਮੇਰਾ ਮਖੌਲ ਉਡਾ ਰਿਹਾ ਹੈ, ਪਰ ਉਹਦੇ ਚਿਹਰੇ ਦੀ ਸੰਜੀਦਗੀ ਵੇਖ ਕੇ ਮੇਰਾ ਇਹ ਸ਼ੰਕਾ ਜਾਂਦਾ ਰਿਹਾ। ਮੈਂ ਉੱਤਰ ਦਿੱਤਾ,
“ਜਨਾਬ, ਦੋ ਸੌ ਮੋਹਰਾਂ ਤਾਂ ਇਕ ਬੜੀ ਵੱਡੀ ਰਕਮ ਏ । ਜੇ ਮੇਰੇ ਪਾਸ ਕਿਤੇ ਇਸ ਦਾ ਚੌਥਾ ਹਿੱਸਾ ਵੀ ਹੋਵੇ ਤਾਂ ਮੈਨੂੰ ਯਕੀਨ ਏ ਕਿ ਥੋੜ੍ਹੇ ਚਿਰ ਵਿਚ ਈ ਮੈਂ ਬਾਕੀ ਰੱਸੀ ਵਾਲਿਆਂ ਦੀਆਂ ਅੱਖਾਂ ਖੋਲ੍ਹ ਦੇਵਾਂ ।"
ਇਹ ਸੁਣ ਕੇ ਸਾਅਦੀ ਖੁਸ਼ ਹੋਇਆ ਅਤੇ ਉਹਨੇ ਆਪਣੇ ਚੋਗੇ ਵਿਚੋਂ ਇਕ ਥੈਲੀ ਕਢ ਕੇ ਮੇਰੇ ਹੱਥ ਫੜਾਈ ਅਤੇ ਕਿਹਾ, “ਇਹ ਲੈ ਦੋ ਸੌ ਮੁਹਰਾਂ ! ਰੱਬ ਕਰੇ ਤੈਨੂੰ ਆਪਣੇ ਮੰਤਵ ਵਿਚ ਸਫਲਤਾ ਹੋਵੇ ।"
ਇਹ ਕਹਿ ਕੇ ਉਹ ਦੋਵੇਂ ਉੱਥੋਂ ਚਲੇ ਗਏ । ਮੈਨੂੰ ਡਰ ਸੀ ਕਿ ਇਹ ਇਤਨੀ ਵੱਡੀ ਰਕਮ ਹੈ, ਕਿਤੇ ਮੇਰੇ ਹੱਥੋਂ ਜਾਂਦੀ ਹੀ ਨ ਰਹੇ । ਸੋ ਮੈਂ ਉਸ ਵਿਚੋਂ ਦਸ ਮੁਹਰਾਂ ਕੱਢ ਕੇ ਬਾਕੀ ਦੀਆਂ ਬੜੇ ਧਿਆਨ ਨਾਲ ਆਪਣੀ ਪੱਗ ਦੇ ਪੇਚਾਂ ਵਿਚ ਲੁਕਾ ਲਈਆਂ ।
ਮੇਰਾ ਖ਼ਿਆਲ ਸੀ ਕਿ ਇਹਨਾਂ ਦਸ ਮੁਹਰਾਂ ਵਿਚੋਂ ਕੁਝ ਪੈਸਿਆਂ ਦਾ ਚਾੜ੍ਹਨ ਲਈ ਘਰ ਥੋੜ੍ਹਾ ਜਿਹਾ ਮਾਸ ਲੈ ਜਾਵਾਂ ਅਤੇ ਬਾਕੀ ਪੈਸਿਆਂ ਦੀ ਕੁਝ ਸਣ ਖ਼ਰੀਦ ਲਵਾਂ ।
ਮੈਂ ਇਕ ਝਟਕਈ ਦੀ ਦੁਕਾਨ ਤੋਂ ਮਾਸ ਖ਼ਰੀਦਿਆ ਅਤੇ ਉਸ ਨੂੰ ਹੱਥ ਵਿਚ ਲਈ ਘਰ ਵਲ ਤੁਰ ਪਿਆ। ਰਾਹ ਵਿਚ ਅਚਾਨਕ ਇਕ ਇੱਲ ਮੇਰੇ ਤੇ ਝੱਪਟ ਕੇ ਪਈ । ਮਾਸ ਤਾਂ ਮੈਂ ਫੁਰਤੀ ਨਾਲ ਬਚਾ ਲਿਆ, ਪਰ ਉਹਦੇ ਪੰਜਿਆਂ ਵਿਚ ਮੇਰੀ ਪੱਗ ਅੜ ਗਈ ਜੋ ਉਹ ਨਾਲ ਹੀ ਲੈ ਕੇ ਉੱਡ ਗਈ ।
ਬਚੇ ਖੁਚੇ ਪੈਸਿਆਂ ਨਾਲ ਪਹਿਲਾਂ ਤਾਂ ਮੈਂ ਸਿਰ ਕੱਜਣ ਲਈ ਇਕ ਨਵੀਂ ਪੱਗ ਖ਼ਰੀਦੀ, ਅਤੇ ਫੇਰ ਹਰ ਰੋਜ਼ ਵਾਂਗ ਆਪਣੇ ਕੰਮ ਕਾਰ ਵਿਚ ਜੁਟ ਪਿਆ। ਥੋੜ੍ਹੇ ਦਿਨ ਤਾਂ ਚੰਗਾ ਗੁਜ਼ਾਰਾ ਚਲਦਾ ਰਿਹਾ, ਪਰ ਜਦੋਂ ਉਹ ਪੈਸੇ ਵੀ ਮੁਕ ਗਏ ਤਾਂ ਪਹਿਲਾਂ ਵਾਂਗ ਫੇਰ ਸਾਡੇ ਘਰ ਭੁੱਖ ਨੰਗ ਵਰਤ ਗਈ ।

ਪਰ ਮੈਂ ਰਬ ਦੀ ਰਜ਼ਾ ਵਿਚ ਖ਼ੁਸ਼ ਸਾਂ । ਮੈਂ ਸੋਚਿਆ, “ਅਸੀਂ ਪਰਮਾਤਮਾ ਕੋਲੋਂ ਪੈਸੇ ਲਈ ਪਟਾ ਥੋੜ੍ਹਾ ਲਿਖਵਾਇਆ ਹੋਇਆ ਏ ! ਜੇ ਉਹਨੇ ਦੇ ਦਿੱਤੇ ਤਾਂ ਉਹਦੀ ਮਰਜ਼ੀ, ਜੇ ਖੋਹ ਲਏ ਤਾਂ ਵੀ ਉਹਦੀ ਮਰਜ਼ੀ ! ਉਸ ਅੱਗੇ ਜ਼ੋਰ ਥੋੜ੍ਹਾ ਏ।” ਪਰ ਮੇਰੀ ਵਹੁਟੀ ਕਿਸੇ ਹੋਰ ਮਿੱਟੀ ਦੀ ਬਣੀ ਹੋਈ ਹੈ। ਉਹਨੇ ਇਸ ਨੁਕਸਾਨ ਤੇ ਬੜੀ ਤਰਥੱਲੀ ਮਚਾਈ । ਮੈਂ ਉਹਨੂੰ ਬਥੇਰਾ ਸਮਝਾਇਆ ਬੁਝਾਇਆ, ਪਰ ਉਹ ਕਿਥੋਂ ਟਲਣ ਵਾਲੀ ਸੀ ! ਆਂਢ ਗਵਾਂਢ ਜਾ ਕੇ ਉਹ ਢੰਡੋਰਾ ਪਿਟਦੀ ਰਹੀ ਕਿ ਅਸੀਂ ਮਾਰੇ ਗਏ, ਲੁਟੇ ਗਏ ! ਲੋਕਾਂ ਨੂੰ ਸਾਡੀ ਹਾਲਤ ਦਾ ਤਾਂ ਪਤਾ ਹੈ ਹੀ ਸੀ । ਸੋ ਇਸ ਤੋਂ ਸਿਵਾ ਕਿ ਉਹ ਸਾਡਾ ਠੱਠਾ ਮਖੌਲ ਉਡਾਉਂਦੇ ਹੋਰ ਕੀ ਬਣਨਾ ਸੀ ।

ਇਸੇ ਹਾਲਤ ਵਿਚ ਛੇ ਮਹੀਨੇ ਲੰਘ ਗਏ । ਇਕ ਦਿਨ ਅਚਾਨਕ ਉਹ ਦੋਵੇਂ ਮਿੱਤਰ, ਸਾਅਦੀ ਅਤੇ ਸਾਅਦ, ਫੇਰ ਮੇਰੇ ਪਾਸ ਆਏ ਅਤੇ ਸਾਅਦ ਨੇ ਮੇਰਾ ਹਾਲ ਹਵਾਲ ਪੁੱਛਿਆ !

ਮੈਂ ਕਿਹਾ, “ਜਨਾਬ, ਮੈਂ ਕੀ ਦੱਸਾਂ ! ਤੁਸੀਂ ਤਾਂ ਮੇਰੇ ਤੇ ਬੜੀਆਂ ਆਸਾਂ ਲਾਈ ਬੈਠੇ ਸੌ । ਪਰ ਪਰਮਾਤਮਾਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ ! ਜੇ ਉਹ ਚਾਹੇ ਤਾਂ ਲੱਖ ਦਾ ਕੱਖ ਕਰ ਦਿੰਦਾ ਏ ! ਇਹ ਕਹਿ ਕੇ ਮੈਂ ਉਹਨਾਂ ਨੂੰ ਇੱਲ ਵਾਲੀ ਸਾਰੀ ਵਾਰਤਾ ਸੁਣਾਈ ਅਤੇ ਯਕੀਨ ਦਿਵਾਉਣ ਦੀ ਕਸ਼ਿਸ਼ ਕੀਤੀ ਕਿ ਇਹ ਗਲ ਸੋਲਾਂ ਆਨੇ ਸਚ ਹੈ ਅਤੇ ਇਸ ਬਾਰੇ ਸ਼ਹਿਰ ਦਾ ਬੱਚਾ ਬੱਚਾ ਜਾਣਦਾ ਹੈ ।

ਸਾਅਦ ਨੇ ਵੀ ਮੇਰਾ ਪੱਖ ਲਿਆ ਤੇ ਬੜੀ ਹਮਦਰਦੀ ਜ਼ਾਹਿਰ ਕੀਤੀ ! ਸੋਚ ਵਿਚਾਰ ਕੇ ਸਾਆਦੀ ਨੇ ਆਪਣੇ ਚੋਗੇ ਵਿਚੋਂ ਦੋ ਸੌ ਮੁਹਰਾਂ ਦੀ ਇਕ ਹੋਰ ਥੈਲੀ ਕੱਢੀ ਅਤੇ ਮੇਰੇ ਹਵਾਲੇ ਕਰਦਿਆਂ ਕਹਿਣ ਲੱਗਾ, “ਚਲੋ ਜੋ ਹੋਈ ਸੋ ਹੋਈ । ਲੈ ਇਹ ਦੋ ਸੌ ਮੁਹਰਾਂ ਹੋਰ । ਸੰਭਾਲ ਕੇ ਰਖੀਂ ਤੇ ਵੇਖੀਂ ਅਗੇ ਵਾਂਙ ਹੱਥੋਂ ਨਾ ਚਲੀਆਂ ਜਾਣ। ਰੱਬ ਕਰੇ ਤੇਰਾ ਕੁਝ ਬਣ ਸੌਰ ਜਾਏ !”
ਮੈਂ ਖ਼ੁਸ਼ੀ ਅਤੇ ਹੈਰਾਨੀ ਵਿਚ ਡੁੱਬਾ ਸੋਚ ਹੀ ਰਿਹਾ ਸਾਂ ਕਿ ਮੈਂ ਉਹਦਾ ਕਿਹੜੇ ਸ਼ਬਦਾਂ ਨਾਲ ਧੰਨਵਾਦ ਕਰਾਂ ਕਿ ਉਹ ਦੋਵੇਂ ਉਥੋਂ ਤੁਰ ਪਏ । ਮੈਂ ਕਿਹਾ, ਦੇਖ ਰਬ ਦੇ ਰੰਗ ! ਮੇਰਾ ਇਹਨਾਂ ਨਾਲ ਕਿਹੜੇ ਪੁਰਾਣੇ ਜੁਗਾਂ ਦਾ ਲੈਣ ਦੇਣ ਏ ! ਨਾ ਜਾਣ, ਨਾ ਪਛਾਣ, ਫੇਰ ਵੀ ਉਹ ਦੋ ਵਾਰ ਮੇਰੇ ਹੱਥ ਮੁਹਰਾਂ ਦੇ ਬੁੱਕਾਂ ਦੇ ਬੁੱਕ ਉਲੱਦ ਗਏ ਨੇ !'' ਇਸ ਤਰ੍ਹਾਂ ਸੋਚਦਾ ਮੈਂ ਕਾਹਲੀ ਕਾਹਲੀ ਘਰ ਨੂੰ ਤੁਰ ਪਿਆ ਤਾਂ ਜੋ ਇਹ ਪੈਸੇ ਕਿਸੇ ਨੁੱਕਰੇ ਲੁਕਾ ਦੇਵਾਂ । ਮੈਨੂੰ ਡਰ ਸੀ ਕਿ ਕਿਸਮਤ ਦਾ ਮਾਰਿਆ ਤਾਂ ਮੈਂ ਹਾਂ ਹੀ, ਕਿਤੇ ਅੱਗੇ ਵਾਂਙ ਇਹ ਮੁਹਰਾਂ ਵੀ ਹੱਥੋਂ ਨ ਚਲੀਆਂ ਜਾਣ।
ਘਰ ਕੋਈ ਵੀ ਨਹੀਂ ਸੀ । ਮੇਰੀ ਵਹੁਟੀ ਬੱਚਿਆਂ ਨੂੰ ਨਾਲ ਲੈ ਕੇ ਕਿਤੇ ਬਾਹਰ ਗਈ ਹੋਈ ਸੀ । ਮੈਂ ਦਿਲ ਵਿਚ ਸੋਚਿਆ, ਸਗੋਂ ਚੰਗਾ ਏ ਕਿਸੇ ਨੂੰ ਪਤਾ ਤਾਂ ਨ ਲਗੇਗਾ ! ਦਸ ਮੁਹਰਾਂ ਮੈਂ ਆਪਣੇ ਪਾਸ ਰਖ ਲਈਆਂ । ਬਾਕੀ ਦੀਆਂ ਇਕ ਰੁਮਾਲ ਵਿਚ ਬੰਨ੍ਹੀਆਂ ਅਤੇ ਧੂੜੇ ਵਾਲੇ ਡੱਬੇ ਵਿਚ ਲੁਕਾ ਕੇ ਰੱਖ ਦਿੱਤੀਆਂ। ਜਦੋਂ ਮੇਰੀ ਵਹੁਟੀ ਬਾਹਰੋਂ ਆਈ, ਮੈਂ ਬਜ਼ਾਰੋਂ ਸਣ ਲੈਣ ਲਈ ਚਲਾ ਗਿਆ।

ਮੇਰੀ ਬਦਨਸੀਬੀ ਵੇਖੋ ! ਉਸ ਦਿਨ ਖਾਣ ਨੂੰ ਘਰ ਡੰਗ ਭਰ ਵੀ ਆਟਾ ਨਹੀਂ ਸੀ। ਸੋ ਜਦੋਂ ਮੇਰੀ ਵਹੁਟੀ ਰੋਟੀ ਪਕਾਉਣ ਲੱਗੀ ਤਾਂ ਆਟਾ ਬਿਲਕੁਲ ਖ਼ਤਮ ਵੇਖ ਕੇ ਉਹਨੇ ਧੂੜੇ ਦਾ ਡੱਬਾ ਇਕ ਫੇਰੀ ਵਾਲੇ ਕੋਲ ਆਟੇ ਦੇ ਬਦਲੇ ਵੇਚ ਦਿੱਤਾ।

ਜਦੋਂ ਮੇਰੇ ਘਰ ਮੁੜਨ ਤੇ ਮੇਰੀ ਵਹੁਟੀ ਨੇ ਦਸਿਆ ਕਿ ਉਹਨੇ ਮੇਰੇ ਪਿਛੋਂ ਕੀ ਕਮਾਈ ਕੀਤੀ ਹੈ ਤਾਂ ਮੈਨੂੰ ਬਹੁਤ ਦੁਖ ਹੋਇਆ । ਮੈਂ ਸਿਰ ਤੇ ਦੋਹੱਥੜੇ ਮਾਰ ਕੇ ਕਿਹਾ, “ਕਮਬਖ਼ਤ ਔਰਤ ! ਸਾਡੇ ਪਿਉ ਦੀ ਕਿਹੜੀ ਜਗੀਰ ਲੱਗੀ ਹੋਈ ਏ ਕਿ ਤੂੰ ਐਨੀ ਦੌਲਤ ਕੌਡੀਆਂ ਦੇ ਭਾਅ ਲੁਟਾ ਦਿੱਤੀ ਊ । ਤੈਨੂੰ ਪਤਾ ਨਹੀਂ ਕਿ ਉਸ ਵਿਚ ਨੌ ਵੀਹਾਂ ਤੇ ਦਸ ਮੁਹਰਾਂ ਪਈਆਂ ਹੋਈਆਂ ਸਨ ਜਿਹੜੀਆਂ ਮੇਰੇ ਇਕ ਮਿੱਤਰ ਨੇ ਮੈਨੂੰ ਅੱਜ ਈ ਦਿੱਤੀਆਂ ਸਨ !”

ਇਹ ਗੱਲ ਸੁਣਦਿਆਂ ਹੀ ਉਹਦਾ ਰੰਗ ਫੱਕ ਹੋ ਗਿਆ ਅਤੇ ਪਾਗਲਾਂ ਵਾਂਙ ਪਿਟ ਪਿਟ ਕੇ ਨਢਾਲ ਹੋ ਗਈ । ਆਖ਼ਰ ਮੈਂ ਉਹਨੂੰ ਧਰਾਸ ਦਿਤਾ ਅਤੇ ਕਿਹਾ, “ਐਨਾ ਰੌਲਾ ਨਾ ਪਾ । ਜੇ ਕਿਤੇ ਗਵਾਂਢੀਆਂ ਨੂੰ ਪਤਾ ਲੱਗ ਗਿਆ ਤਾਂ ਪਹਿਲਾਂ ਵਾਂਙ ਕਿਤੇ ਫੇਰ ਸਾਡਾ ਮੌਜੂ ਨ ਬਣਾਉਣ । ਚਲੋ ਜੋ ਹੋਇਆ ਸੋ ਹੋਇਆ ! ਰੱਬ ਦਾ ਫੇਰ ਵੀ ਲੱਖ ਲੱਖ ਸ਼ੁਕਰ ਏ ਕਿ ਇਹਨਾਂ ਵਿੱਚੋਂ ਕਮ ਅਜ਼ ਕੋਮ ਦਸ ਮੁਹਰਾਂ ਤਾਂ ਬਚ ਗਈਆਂ ਨੇ । ਇਹਨਾਂ ਨਾਲ ਈ ਕੁਝ ਦਿਨ ਲੰਘਾਉਣ ਦਾ ਯਤਨ ਕਰੀਏ। ਅਗੇ ਜੋ ਰੱਬ ਨੂੰ ਭਾਵੇ !''

ਮੇਰੇ ਹੌਸਲਾ ਦੇਣ ਤੇ ਉਹ ਸੰਭਲ ਗਈ ਅਤੇ ਕੁਝ ਸਮਾਂ ਪਾ ਕੇ ਸਾਨੂੰ ਇਸ ਗਲ ਦਾ ਚਿਤ ਚੇਤਾ ਵੀ ਭੁਲ ਗਿਆ । ਪਰ ਇਕ ਦਿਨ ਜਦ ਮੈਂ ਆਪਣੇ ਕੰਮ ਵਿਚ ਮਸਤ ਸਾਂ ਤਾਂ ਅਚਾਨਕ ਸਾਅਦੀ ਅਤੇ ਸਾਅਦ ਨੂੰ ਫੇਰ ਮੈਂ ਆਪਣੇ ਵਲ ਆਉਂਦਿਆਂ ਵੇਖਿਆ। ਮੈਨੂੰ ਵਿੱਚੋ ਵਿਚ ਬੜੀ ਸ਼ਰਮ ਸੀ ਕਿ ਮੈਂ ਕਿਸ ਮੂੰਹ ਨਾਲ ਇਹਨਾਂ ਸਾਹਮਣੇ ਆਪਣੇ ਰੋਣੇ ਰੋਵਾਂਗਾ । ਇਸ ਲਈ ਮੈਂ ਮੂੰਹ ਥੱਲੇ ਸੁੱਟ ਕੇ ਆਪਣਾ ਕੰਮ ਕਰਦਾ ਰਿਹਾ ਜਿਵੇਂ ਕਿ ਮੈਂ ਉਹਨਾਂ ਨੂੰ ਵੇਖਿਆ ਹੀ ਨਹੀਂ। ਪਰ ਬਜਾਏ ਮੇਰੇ ਕੋਲ ਦੀ ਲੰਘ ਜਾਣ ਦੇ ਉਹ ਸਿੱਧੇ ਮੇਰੇ ਕੋਲ ਆ ਖੜੋਤੇ । ਮੈਂ ਵੀ ਗਲ ਪਈ ਬਲਾ ਨੂੰ ਗਲੋਂ ਲਾਹੁਣ ਲਈ ਕਾਹਲੀ ਕਾਹਲੀ ਜੋ ਮੇਰੇ ਨਾਲ ਗੁਜ਼ਰੀ ਸੀ ਕਹਿ ਸੁਣਾਈ ਅਤੇ ਕਿਹਾ, “ਭਾਵੇਂ ਪਰਮਾਤਮਾ ਨੂੰ ਮਨਜ਼ੂਰ ਨਹੀਂ ਕਿ ਮੈਂ ਤੁਹਾਡੇ ਵਰਗੇ ਮਿੱਤਰਾਂ ਦੀ ਸਹਾਇਤਾ ਨਾਲ ਖਾਣ ਪੀਣ ਜੋਗਾ ਹੋ ਜਾਵਾਂ । ਫੇਰ ਵੀ ਮੈਂ ਤੁਹਾਡੀ ਸਹਾਇਤਾ ਦਾ ਦਿਲੋਂ ਧੰਨਵਾਦੀ ਆਂ ।"

ਸਾਅਦੀ ਨੇ ਉੱਤਰ ਦਿੱਤਾ, “ਮੈਂ ਮੰਨਦਾ ਆਂ ਕਿ ਤੂੰ ਮੇਰੀ ਦਿੱਤੀ ਹੋਈ ਰਕਮ ਖਾ ਪੀ ਕੇ ਨਹੀਂ ਉਡਾ ਲਈ । ਇਸ ਗੱਲ ਦਾ ਮੈਨੂੰ ਕੋਈ ਰੰਜ ਨਹੀਂ ਕਿ ਮੈਂ ਤੈਨੂੰ ਚਾਰ ਸੌ ਮੁਹਰਾਂ ਦੇ ਕੇ ਈ ਗਵਾਈਆਂ ਨੇ । ਪਰ ਮੈਂ ਤੇਰੀ ਹੋਰ ਸਹਾਇਤਾ ਕਰਨ ਨੂੰ ਤਿਆਰ ਨਹੀਂ।''

ਫੇਰ ਉਹ ਆਪਣੇ ਮਿੱਤਰ ਵਲ ਮੂੰਹ ਕਰ ਕੇ ਕਹਿਣ ਲਗਾ, “ਮੇਰਾ ਤਜ਼ਰਬਾ ਤਾਂ ਗ਼ਲਤ ਨਿਕਲਿਆ ਏ । ਹੁਣ ਤੇਰੀ ਵਾਰੀ ਏ ! ਤੂੰ ਤਜਰਬਾ ਕਰ ਵੇਖ ! ਸ਼ਾਇਦ ਤੂੰ ਈ ਠੀਕ ਨਿਕਲੇਂ ।''
ਸਾਅਦ ਪਾਸ ਇਕ ਥੈਲਾ ਸੀ ਜਿਸ ਵਿਚ ਇਕ ਸਿੱਕੇ ਦਾ ਵੱਡਾ ਸਾਰਾ ਟੁਕੜਾ ਸੀ । ਉਹ ਸਾਅਦ ਨੇ ਕੱਢ ਕੇ ਮੇਰੇ ਹਵਾਲੇ ਕੀਤਾ ਅਤੇ ਕਿਹਾ, “ਮੇਰੇ ਪਾਸ ਤਾਂ ਏਹੀ ਕੁਝ ਏ। ਜੇ ਰੱਬ ਨੇ ਚਾਹਿਆ ਤਾਂ ਇਸੇ ਨਾਲ ਈ ਤੇਰੇ ਘਰ ਲਹਿਰ ਬਹਿਰ ਹੋ ਜਾਏਗੀ।”
ਇਹ ਵੇਖ ਕੇ ਸਾਅਦੀ ਹੱਸ ਪਿਆ, “ਮਿੱਤਰਾ ! ਤੂੰ ਵੀ ਕਿਸੇ ਵੇਲੇ ਪੁੱਠੀਆਂ ਸਿੱਧੀਆਂ ਮਾਰਨ ਲੱਗ ਪੈਂਦਾ ਏਂ। ਇਸ ਦਾ ਤਾਂ ਕੌਡੀ ਮੁਲ ਵੀ ਨਹੀਂ। ਇਹ ਇਸ ਨੇ ਸਿਰ ਮਾਰਨਾਂ ਏ ?”
ਸਾਅਦ ਨੋ ਕੋਈ ਉੱਤਰ ਨਾ ਦਿਤਾ ਅਤੇ ਦੋਵੇਂ ਮਿੱਤਰ ਉਥੋਂ ਚਲੇ ਗਏ ।

ਉਸੇ ਰਾਤ ਮੈਂ ਉਹ ਸਿੱਕੇ ਦਾ ਟੁਕੜਾ ਆਪਣੇ ਇਕ ਮਿੱਤਰ ਮਾਛੀ ਨੂੰ ਦੇ ਦਿੱਤਾ । ਉਹਦੇ ਜਾਲ ਵਿਚਲਾ ਸਿੱਕਾ ਗਵਾਚ ਗਿਆ ਸੀ ਅਤੇ ਇਸ ਤੋਂ ਬਿਨਾਂ ਉਹਦਾ ਜਾਲ , ਨਿਕੰਮਾ ਪਿਆ ਹੋਇਆ ਸੀ। ਇਸੇ ਦੁਖੋਂ ਕਈ ਦਿਨ ਉਹ ਮੱਛੀਆਂ ਨਹੀਂ ਸੀ ਫੜਨ ਗਿਆ । ਸਿੱਕੇ ਦਾ ਟੁਕੜਾ ਲੈ ਕੇ ਉਹ ਬਹੁਤ ਖ਼ੁਸ਼ ਹੋਇਆ । ਅਗਲੇ ਦਿਨ ਉਹਨੇ ਬੜੀਆਂ ਮੱਛੀਆਂ ਫੜੀਆਂ ਅਤੇ ਸਿੱਕੇ ਦੇ ਬਦਲੇ ਉਹਨੇ ਇਕ ਵੱਡੀ ਸਾਰੀ ਮੱਛੀ ਮੈਨੂੰ ਵੀ ਲਿਆ ਦਿਤੀ ।

ਮੇਰੀ ਵਹੁਟੀ ਮੱਛੀ ਸਾਫ਼ ਕਰਨ ਲਗ ਪਈ । ਉਸ ਵਿਚੋਂ ਬਲੌਰ ਵਰਗੀ ਇਕ ਚਮਕਦਾਰ ਚੀਜ਼ ਨਿਕਲੀ । ਮਾਮੂਲੀ ਜਿਹੀ ਚੀਜ਼ ਸਮਝ ਕੇ ਮੇਰੀ ਵਹੁਟੀ ਨੇ ਉਹ ਖੇਡਣ ਲਈ ਬੱਚਿਆਂ ਨੂੰ ਦੇ ਦਿੱਤੀ । ਉਹਨੂੰ ਵੇਖ ਕੇ ਬੱਚੇ ਆਪਸ ਵਿਚ ਝਗੜਨ ਲੱਗ ਪਏ ਅਤੇ ਇਤਨਾ ਚੀਕ ਚਿਹਾੜਾ ਪਾਇਆ ਕਿ ਤੰਗ ਆ ਕੇ ਮੈਂ ਉਹਨਾਂ ਦੇ ਹੱਥੋਂ ਉਹ ਚੀਜ਼ ਖੋਹ ਲਈ । ਜਦ ਮੈਂ ਸੌਣ ਲਗਿਆਂ ਬੱਤੀ ਬੁਝਾਈ ਤਾਂ ਉਹਦੇ ਚਾਨਣ ਨਾਲ ਹੀ ਕਮਰਾ ਜਗਮਗਾ ਉਠਿਆ ਇਹ ਵੇਖ ਕੇ ਮੈਂ ਬੜਾ ਹੈਰਾਨ ਹੋਇਆ ਅਤੇ ਆਪਣੀ ਵਹੁਟੀ ਨੂੰ ਕਿਹਾ,
“ਸੋਨੇ ਦੀਆਂ ਮੁਹਰਾਂ ਨਾਲੋਂ ਤਾਂ ਇਹ ਸਿੱਕੇ ਦਾ ਟੁਕੜਾ ਈ ਚੰਗਾ ਨਿਕਲਿਆ ਏ। ਹੋਰ ਕੁਝ ਨਹੀਂ ਤਾਂ ਤੇਲ ਦੇ ਪੈਸੇ ਦੀ ਬੱਚ ਜਾਇਆ ਕਰਨਗੇ।”
ਸਾਡੇ ਗਵਾਂਢ ਵਿਚ ਹੀ ਇਕ ਜੌਹਰੀ ਰਹਿੰਦਾ ਸੀ । ਅਗਲੇ ਭਲਕ ਜੌਹਰਣ ਨੇ ਪੁੱਛਿਆ, “ਕੀ ਗੱਲ ਸੀ, ਰਾਤ ਨੂੰ ਤਾਂ ਬੱਚਿਆਂ ਨੇ ਐਨਾ ਤੁਫ਼ਾਨ ਚੁਕਿਆ ਹੋਇਆ ਸੀ ਕਿ ਸਾਰੀ ਰਾਤ ਭਰ ਮੇਰੀ ਅੱਖ ਈ ਨਹੀਂ ਲੱਗੀ ।“
ਮੇਰੀ ਵਹੁਟੀ ਨੇ ਕਿਹਾ, “ਕੀ ਦੱਸਾਂ, ਭੈਣ ! ਸ਼ੀਸ਼ੇ ਦਾ ਇਕ ਟੁਕੜਾ ਜਿਹਾ ਸੀ। ਮੈਂ ਕਿਤੇ ਭੁਲ ਕੇ ਉਹਨਾਂ ਦੇ ਹੱਥ ਦੇ ਤਾਂ ਬੈਠੀ, ਬੱਸ ਉਹਨਾਂ ਝਗੜ ਝਗੜ ਕੇ ਸਾਡਾ ਨੱਕ ਵਿਚ ਦੱਮ ਕਰ ਦਿੱਤਾ ਏ।''

ਜੌਹਰਣ ਨੇ ਮੇਰੀ ਵਹੁਟੀ ਨੂੰ ਉਹ ਬਲੌਰ ਦਾ ਟੁਕੜਾ ਵਿਖਾਉਣ ਲਈ ਕਿਹਾ । ਜਦੋਂ ਮੇਰੀ ਵਹੁਟੀ ਨੇ ਜੌਹਰਣ ਨੂੰ ਕੱਢ ਕੇ ਵਿਖਾਇਆਂ ਤਾਂ ਉਹ ਉਸੇ ਵੇਲੇ ਉਹਨੂੰ ਮੁਲ ਖ਼ਰੀਦਣ ਲਈ ਤਿਆਰ ਹੋ ਗਈ । ਪਰ ਬੱਚੇ ਉਸ ਨਾਲ ਲਸੂੜੇ ਵਾਂਙ ਚਿਮੜੇ ਹੋਏ ਸਨ ਅਤੇ ਛੱਡਣ ਦਾ ਨਾਂ ਤੱਕ ਨਹੀਂ ਸਨ ਲੈਂਦੇ । ਸੋ ਜੌਹਰਣ ਕਹਿਣ ਲੱਗੀ, “ਚੰਗਾ, ਇਹਨਾਂ ਨੂੰ ਇਸ ਵੇਲੇ ਖੇਡ ਲੈਣ ਦੇ । ਫੇਰ ਗੱਲ ਕਰ ਲਵਾਂਗੇ ।”

ਜਦੋਂ ਮੈਂ ਘਰ ਮੁੜਿਆ ਤਾਂ ਮੇਰੀ ਵਹੁਟੀ ਨੇ ਮੈਨੂੰ ਸਾਰੀ ਗੱਲ ਕਹਿ ਸੁਣਾਈ । ਮੈਨੂੰ ਖੁੜਕ ਗਈ ਕਿ ਇਹ ਆਮ ਸ਼ੀਸ਼ਾ ਨਹੀਂ ਬਲਕਿ ਜ਼ਰੂਰ ਕੋਈ ਬਹੁਤ ਕੀਮਤੀ ਹੀਰਾ ਹੋਣਾ ਏ । ਮੈਂ ਜੌਹਰੀ ਨਾਲ ਗੱਲ ਕੀਤੀ । ਉਹ ਉਸ ਹੀਰੇ ਨੂੰ ਉਸੇ ਵੇਲੇ ਇਕ ਲੱਖ ਮੁਹਰਾਂ ਤੇ ਖ਼ਰੀਦਣ ਲਈ ਰਾਜ਼ੀ ਹੋ ਗਿਆ । ਜੌਹਰੀ ਨੇ ਝਟ ਪਟ ਇਹ ਰਕਮ ਮੇਰੇ ਹੱਥ ਫੜਾਈ ਅਤੇ ਉਹ ਕੀਮਤੀ ਹੀਰਾ ਜਿਸ ਨੂੰ ਅਸੀਂ ਮਾਮੂਲੀ ਜਿਹਾ ਪੱਥਰ ਸਮਝਦੇ ਸਾਂ, ਖੁਸ਼ੀ ਖੁਸ਼ੀ ਆਪਣੇ ਘਰ ਲੈ ਗਿਆ ।

ਮੈਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕੀਤਾ ਕਿ ਉਹਨੇ ਮੇਰੇ ਦਿਨ ਫੇਰ ਦਿੱਤੇ ਹਨ । ਫੇਰ ਅਗਲੇ ਦਿਨ ਮੈਂ ਸ਼ਹਿਰ ਦੇ ਸਾਰੇ ਰੱਸੀਆਂ ਵੱਟਣ ਵਾਲਿਆਂ ਦੇ ਘਰ ਗਿਆ ਅਤੇ ਉਹਨਾਂ ਨੂੰ ਕਿਹਾ, 'ਤੁਸੀਂ ਆਪਣਾ ਸਾਰਾ ਟਿੱਲ ਲਾ ਕੇ ਕੰਮ ਕੱਢੋ । ਮੈਂ ਸਾਰਾ ਮਾਲ ਖ਼ਰੀਦਣ ਲਈ ਤਿਆਰ ਆਂ । ਫੇਰ ਮੈਂ ਮਾਲ ਪਾਉਣ ਲਈ ਕਈ ਦੁਕਾਨਾਂ ਖ਼ਰੀਦ ਲਈਆਂ । ਜਲਦੀ ਹੀ ਮੇਰਾ ਕਾਰੋਬਾਰ ਇਤਨਾ ਵੱਧ ਗਿਆ ਕਿ ਮੈਂ ਕਈ ਵੱਡੇ ਵੱਡੇ ਕਾਰਖ਼ਾਨੇ ਬਣਵਾ ਲਏ ਅਤੇ ਰਹਿਣ ਲਈ ਇਕ ਆਲੀਸ਼ਾਨ ਮਹੱਲ ਤਿਆਰ ਕਰਵਾ ਲਿਆ ।

ਕੁਝ ਸਮਾਂ ਪਾ ਕੇ ਮੇਰੇ ਦੋਵੇਂ ਮਿੱਤਰ, ਸਾਅਦ ਤੇ ਸਾਅਦੀ, ਪਹਿਲਾਂ ਵਾਂਙ ਮੈਨੂੰ ਮਿਲਣ ਲਈ ਫੇਰ ਆਏ । ਉਹਨਾਂ ਦਾ ਖ਼ਿਆਲ ਸੀ ਕਿ ਮੈਂ ਆਪਣੇ ਪੁਰਾਣੇ ਘਰ ਵਿਚ ਹੀ ਮੁਸੀਬਤਾਂ ਦੇ ਦਿਨ ਕੱਟ ਰਿਹਾ ਹੋਵਾਂਗਾ । ਪਰ ਮੈਨੂੰ ਉੱਥੇ ਨਾ ਵੇਖ ਕੇ ਉਹ ਪੁੱਛਦੇ ਪੁੱਛਾਂਦੇ ਮੇਰੇ ਨਵੇਂ ਮਹੱਲ ਵੱਲ ਆਏ। ਉਹਦੀ ਸੁੰਦਰਤਾ ਅਤੇ ਅਨੋਖੀ ਛੱਬ ਵੇਖ ਕੇ ਉਹਨਾਂ ਸਮਝਿਆ ਕਿ ਦੱਸਣ ਵਾਲਿਆਂ ਨੂੰ ਸ਼ਾਇਦ ਟੱਪਲਾ ਲੱਗਾ ਹੈ । ਮੇਰੇ ਦਰਬਾਨ ਦੇ ਤਸੱਲੀ ਦਿਵਾਉਣ ਤੇ ਵੀ ਕਿ ਇਹ ਮਹੱਲ ਮੇਰਾ ਹੀ ਹੈ, ਉਹ ਝਿਜਕਦੇ ਝਿਜਕਦੇ ਅੰਦਰ ਆਏ । ਮੈਨੂੰ ਨਵੇਂ ਰੰਗ ਵਿਚ ਵੇਖ ਕੇ ਉਹ ਬਹੁਤ ਹੈਰਾਨ ਵੀ ਹੋਏ ਅਤੇ ਪਰੇਸ਼ਾਨ ਵੀ ।

ਮੈਂ ਉਹਨਾਂ ਨੂੰ ਆਪਣੇ ਮਹੱਲ ਦਾ ਇਕ ਇਕ ਕਮਰਾ ਵਿਖਾਇਆ ਅਤੇ ਬਾਗ਼ ਦੀ ਵੀ ਸੈਰ ਕਰਵਾਈ, ਜਿਸ ਵਿਚ ਰੰਗ ਰੰਗ ਦੇ ਫੁੱਲ ਅਤੇ ਫਲ ਲੱਗੇ ਹੋਏ ਸਨ ਅਤੇ ਜਿਸ ਵਿੱਚੋਂ ਦੀ ਸਾਫ਼ ਪਾਣੀ ਦੀ ਇਕ ਨਹਿਰ ਵੱਗ ਰਹੀ ਸੀ । ਫੇਰ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਇਕ ਰਾਤ ਮੇਰੇ ਮਹਿਮਾਨ ਬਣ ਕੇ ਮੈਨੂੰ ਸੇਵਾ ਦਾ ਮਾਣ ਬਖ਼ਸ਼ਣ। ਉਹਨਾਂ ਨੇ ਮੇਰੀ ਬੇਨਤੀ ਮੰਨ ਲਈ ।
ਅਗਲੇ ਭਲਕ ਜਦੋਂ ਅਸੀਂ ਬਾਗ ਵਿਚ ਬੈਠੇ ਗੱਪਾਂ ਮਾਰ ਰਹੇ ਸਾਂ ਤਾਂ ਮੇਰੇ ਦੋਵੇਂ ਲੜਕੇ ਮੈਨੂੰ ਇਕ ਪੱਗ ਵਿਚ ਪੰਛੀਆਂ ਦਾ ਬਣਿਆ ਹੋਇਆ ਆਲਣਾ ਵਿਖਾਉਣ ਲਈ ਲਿਆਏ।
ਅਸੀਂ ਸਾਰਿਆਂ ਨੇ ਉਸ ਵਲ ਬੜੇ ਗਹੁ ਨਾਲ ਵੇਖਿਆ। ਮੈਨੂੰ ਝੱਟ ਯਾਦ ਆ ਗਿਆ ਕਿ ਇਹ ਤਾਂ ਉਹ ਹੀ ਪੱਗ ਹੈ ਜਿਹੜੀ ਇੱਲ ਮੇਰੇ ਸਿਰ ਝਪਟਾ ਮਾਰ ਕੇ ਲੈ ਗਈ ਸੀ । ਉਸ ਵਿਚੋਂ ਆਲ੍ਹਣਾ ਇਕ ਪਾਸੇ ਕੱਢ ਕੇ ਅਤੇ ਉਸ ਦੇ ਪੇਚ ਖੋਲ ਕੇ ਜਦ ਮੈਂ ਵੇਖਿਆ ਤਾਂ ਵਿਚ ਉਹੋ ਹੀ ਮੁਹਰਾਂ ਵਾਲੀ ਥੈਲੀ ਉਸੇ ਤਰ੍ਹਾਂ ਅਟੰਕ ਪਈ ਹੋਈ ਨਿਕਲੀ ਜਿਵੇਂ ਮੈਂ ਰੱਖੀ ਸੀ ।

ਜਦੋਂ ਸਾਅਦੀ ਨੇ ਇਹ ਥੈਲੀ ਵੇਖੀ ਤਾਂ ਉਹ ਹੈਰਾਨ ਰਹਿ ਗਿਆ । ਅਸਲ ਵਿਚ ਉਹ ਮੇਰੀ ਇਸ ਗੱਲ ਨੂੰ ਕਿ ਮੇਰੀ ਪੱਗ ਨੂੰ ਇੱਲ ਉਡਾ ਕੇ ਲੈ ਗਈ ਸੀ, ਗੱਪ ਹੀ ਸਮਝਦਾ ਰਿਹਾ ਸੀ ਅਤੇ ਉਹਦਾ ਖ਼ਿਆਲ ਸੀ ਕਿ ਮੈਂ ਉਹਦੇ ਪੈਸੇ ਤੋਂ ਹੀ ਇਤਨਾ ਮਾਲਦਾਰ ਬਣਿਆ ਹਾਂ । ਉਹ ਕਹਿਣ ਲੱਗਾ, 'ਭਾਵੇਂ ਜਿੰਨਾ ਮਰਜ਼ੀ ਤੂੰ ਕਹੁ, ਮੈਂ ਇਹ ਤਾਂ ਕਦੀ ਮੰਨਣ ਨੂੰ ਤਿਆਰ ਨਹੀਂ ਕਿ ਸਾਅਦ ਦੇ ਦਿੱਤੇ ਹੋਏ ਸਿੱਕੇ ਦੇ ਟੁਕੜੇ ਨੇ ਤੇਰੇ ਦਿਨ ਮੋੜੇ ਨੇ । ਮੇਰਾ ਤਾਂ ਇਹ ਪੱਕਾ ਯਕੀਨ ਏ ਕਿ ਪੈਸੇ ਤੋਂ ਹੀ ਪੈਸਾ ਬਣਦਾ ਏ ।
ਉਸ ਸ਼ਾਮ ਕੁਦਰਤ ਨੇ ਐਸੀ ਖੇਡ ਰਚੀ ਕਿ ਆਪਣੇ ਘੋੜੇ ਲਈ ਸਾਨੂੰ ਕੁਝ ਜੌਆਂ ਦੀ ਲੋੜ ਪੈ ਗਈ । ਸਾਰਾ ਬਾਜ਼ਾਰ ਛਾਣ ਮਾਰਿਆ ਪਰ ਜੇ ਕਿਤੇ ਵੀ ਹਥ ਨ ਲਗੇ ।

ਸਿਰਫ਼ ਇਕ ਛੋਟੀ ਜਿਹੀ ਦੁਕਾਨ ਤੇ ਥੋੜ੍ਹਾ ਜਿਹਾ ਜੌਆਂ ਦਾ ਧੂੜਾ ਸੀ । ਜਦੋਂ ਮੇਰੇ ਨੌਕਰ ਨੇ ਉਹ ਘੋੜੇ ਲਈ ਖੁਰਲੀ ਵਿਚ ਉਲੱਦਿਆ ਤਾਂ ਵਿੱਚੋਂ ਇਕ ਛੋਟੀ ਜਹੀ ਗੰਢ ਨਿਕਲੀ ਜਿਸ ਵਿਚ ਕੋਈ ਭਾਰੀ ਜਿਹੀ ਚੀਜ਼ ਬੱਝੀ ਪਈ ਸੀ । ਉਹ ਗੰਢ ਨੂੰ ਬਿਨਾਂ ਖੋਲ੍ਹੇ ਹੀ ਮੇਰੇ ਕੋਲ ਲੈ ਆਇਆ ਕਿਉਂਕਿ ਉਹਨੇ ਕਈ ਵਾਰ ਪਹਿਲਾਂ ਮੈਥੋਂ ਮੇਰੀ ਗਵਾਚੀ ਹੋਈ ਗੰਢ ਬਾਰੇ ਸੁਣਿਆ ਹੋਇਆ ਸੀ। ਉਹਦਾ ਖ਼ਿਆਲ ਸੀ ਕਿ ਉਹ ਗੰਢ ਸ਼ਾਇਦ ਇਹ ਹੀ ਹੋਵੇ ।

ਜਦੋਂ ਮੈਂ ਉਹ ਗੰਢ ਵੇਖੀ ਤਾਂ ਮੇਰੀ ਹੈਰਾਨੀ ਅਤੇ ਖੁਸ਼ੀ ਦੀ ਕੋਈ ਹੱਦ ਨ ਰਹੀ । ਮੈਂ ਸੋਚਿਆ ਕਿ ਜਦੋਂ ਕਿਸੇ ਦੇ ਚੰਗੇ ਦਿਨ ਆਉਂਦੇ ਹਨ ਤਾਂ ਪੁੱਠੀਆਂ ਵੀ ਸਿੱਧੀਆਂ ਹੋ ਜਾਂਦੀਆਂ ਹਨ । ਉਹ ਗੰਢ ਲੈ ਕੇ ਮੈਂ ਆਪਣੇ ਦੋਹਾਂ ਮਿੱਤਰਾਂ ਨੂੰ ਵਿਖਾਈ ਅਤੇ ਕਿਹਾ, “ਜਨਾਬ, ਮੇਰੀਆਂ ਗੱਲਾਂ ਤੇ ਸ਼ਾਇਦ ਤੁਸੀਂ ਸ਼ਕ ਈ ਕਰਦੇ ਰਹੇ ਓ ਪਰ ਪਰਮਾਤਮਾ ਬੜਾ ਬੇਅੰਤ ਏ ! ਉਹਨੇ ਤੁਹਾਨੂੰ ਮੇਰੀ ਗਲ ਤੇ ਯਕੀਨ ਦਿਵਾਉਣ ਲਈ ਇਹ ਵੇਖੋ ਇਕ ਹੋਰ ਸਬੂਤ ਭੇਜਿਆ ਏ । ਇਹ ਗੰਢ ਉਹ ਈ ਹੈ ਜਿਹੜੀ ਮੈਂ ਧੂੜੇ ਦੇ ਆਟੇ ਵਿਚ ਲੁਕਾ ਕੇ ਰੱਖੀ ਸੀ। ਮੇਰਾ ਨਹੀਂ ਖ਼ਿਆਲ ਕਿ ਤੁਸੀਂ ਹੁਣ ਇਹਨੂੰ ਵਾਪਸ ਲੈਣਾ ਪਸੰਦ ਕਰੋ । ਜੇ ਤੁਹਾਡੀ ਆਗਿਆ ਹੋਵੇ ਤਾਂ ਮੈਂ ਇਹ ਗ਼ਰੀਬ ਗੁਰਬਿਆਂ ਵਿਚ ਵੰਡ ਦੇਵਾਂ।''

ਖ਼ਲੀਫ਼ਾ ਹਾਰੂੰਉਲਰਸ਼ੀਦ, ਜੋ ਸਾਅਦ ਦੇ ਭੇਸ ਵਿਚ ਸੀ, ਆਪਣੇ ਆਪ ਨੂੰ ਜ਼ਾਹਿਰ ਕਰਦਿਆਂ ਹੋਇਆਂ ਹਸਨ ਨੂੰ ਕਹਿਣ ਲੱਗਾ, 'ਹਸਨ, ਤੇਰੀ ਕਹਾਣੀ ਸੁਣ ਕੇ ਮੈਨੂੰ ਏਨੀ ਖ਼ੁਸ਼ੀ ਹੋਈ ਏ ਕਿ ਮੈਂ ਦਸ ਨਹੀਂ ਸਕਦਾ । ਇਸ ਤੋਂ ਪਤਾ ਲਗਦਾ ਏ ਕਿ ਰੱਬ ਦੇ ਕੰਮ ਬੜੇ ਨਿਆਰੇ ਨੇ ! ਜੋ ਚਾਹੇ ਤਾਂ ਉਹ ਕੱਖ ਤੋਂ ਲੱਖ ਕਰ ਸਕਦਾ ਏ । ਇਹ ਹੀਰਾ ਜਿਹੜਾ ਤੈਨੂੰ ਮੱਛੀ 'ਚੋਂ ਲੱਭਾ ਸੀ, ਅਸਲ ਵਿਚ ਮੈਂ ਆਪਣੇ ਖ਼ਜ਼ਾਨੇ ਲਈ ਖ਼ਰੀਦਿਆ ਸੀ । ਇਕ ਵਾਰ ਬੇੜੀ ਵਿਚ ਸੈਰ ਕਰਦਿਆਂ ਮੇਰੇ ਹਥੋਂ ਦਰਿਆ ਵਿਚ ਜਾ ਪਿਆ ਸੀ ਤੇ ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਸੀ ਲੱਭਾ ।"
ਫੇਰ ਉਹਨੇ ਸਾਅਦੀ ਵਲ ਮੁੜ ਕੇ ਕਿਹਾ, “ਜੇ ਤੈਨੂੰ ਇਸ ਗੱਲ ਤੇ ਯਕੀਨ ਨਹੀਂ ਤਾਂ ਖ਼ਜ਼ਾਨਚੀ ਨੂੰ ਪੁਛ ਕੇ ਪੱਕਾ ਕਰ ਲੈ । ਫੇਰ ਤੈਨੂੰ ਪੂਰੀ ਤਰ੍ਹਾਂ ਯਕੀਨ ਬਝ ਜਾਏਗਾ ਕਿ ਸਿਰਫ਼ ਪੈਸਾ ਈ ਮਨੁਖ ਨੂੰ ਅਮੀਰ ਨਹੀਂ ਬਣਾ ਸਕਦਾ । ਅਮੀਰੀ ਗਰੀਬੀ ਸਭ ਰੱਬ ਦੇ ਹੱਥ ਵਿਚ ਏ।''

ਪੰਜਾਬੀ ਕਹਾਣੀਆਂ (ਮੁੱਖ ਪੰਨਾ)