Rang Di Bazi (Punjabi Story) : Ajmer Sidhu

ਰੰਗ ਦੀ ਬਾਜ਼ੀ (ਕਹਾਣੀ) : ਅਜਮੇਰ ਸਿੱਧੂ

ਮਾਟੋ-ਇਕ

‘ਦੋਸਤ ਦਾ ਪਤਾ ਗੰਨਾ ਚੂਪਣ ਵੇਲੇ ਵੀ ਲੱਗਦਾ ਕਿ ਉਹ ਜੜ੍ਹ ਵਾਲਾ ਪਾਸਾ ਆਪ ਰੱਖਦਾ ਜਾਂ ਦੋਸਤ ਨੂੰ ਦਿੰਦਾ।’
ਇਹ ਮਾਟੋ ਮੇਰੇ ਟੇਬਲ ’ਤੇ ਪਈ ਡਾਇਰੀ ਵਿਚ ਕੈਦ ਹੈ। ਡਾਇਰੀ ਦੇ ਪੰਨੇ ਉੱਡ ਰਹੇ ਹਨ। ਉੱਡਦੇ ਪੰਨੇ ਪਿੰਜਰੇ ਵਿਚ ਫਸੇ ਕਿਸੇ ਪੰਛੀ ਦੇ ਖੰਭਾਂ ਵਰਗੀ ਆਵਾਜ਼ ਪੈਦਾ ਕਰ ਰਹੇ ਹਨ। ਪੱਖੇ ਦੀ ਹਵਾ ਘਟਣ ਨਾਲ ਇਸ ਮਾਟੋ ’ਤੇ ਮੇਰਾ ਧਿਆਨ ਟਿਕ ਗਿਆ। ਮੈਂ ਕਹਾਣੀ ਲਿਖਣ ਦੀ ਸ਼ੁਰੂਆਤ ਕਰਨ ਲੱਗਾ ਸੀ ਪਰ ਇਕ ਹੋਰ ਕਥਾ ਵਿਚ ਉਲਝ ਗਿਆ। ਦਾਦਾ ਦਸਦਾ ਹੁੰਦਾ ਸੀ-‘‘ਜ਼ਿੰਦਗੀ ਤੋਂ ਵੱਡੀ ਜੰਗ ਕੋਈ ਨਹੀਂ... ਹਰ ਵੇਲੇ ਹਰ ਥਾਂ ’ਤੇ ਸਿੱਖਣ ਵਾਲਾ ਬਹੁਤ ਕੁਝ ਹੁੰਦਾ ਹੈ।’’
ਗੰਨਾ ਚੂਪਣ ਵਾਲੇ ਮਾਟੋ ਨੇ ਮੇਰੀ ਸੁਰਤੀ ਦਾਦੇ ਨਾਲ ਜੋੜ ਦਿੱਤੀ। ਦਾਦਾ ਬਾਰ ਦੇ ਜੰਗਲਾਂ ਨੂੰ ਆਬਾਦ ਕਰਨ ਤੇ ਖੂਨ-ਪਸੀਨਾ ਇਕ ਕਰਕੇ ਪਰਿਵਾਰ ਨੂੰ ਪੈਰਾਂ ਸਿਰ ਕਰ ਗਿਆ ਸੀ। ਉਹ ਦੱਸਦਾ ਹੁੰਦਾ ਕਿ ਸਦੀਆਂ ਦੀਆਂ ਸਾਂਝਾਂ ਤੇ ਯਾਰੀਆਂ ਕਈ ਵਾਰ ਮਨ ਦੇ ਖੋਟ ਕਰਕੇ ਪਲਾਂ-ਛਿਣਾਂ ਵਿਚ ਭੁਰ ਜਾਂਦੀਆਂ ਹਨ। ਇਕ ਕਹਾਣੀ ਸਾਨੂੰ ਨਾ ਭੁੱਲਦੀ। ਉਹ ਦੱਸਦਾ ਕਿ ਬਾਰ ਵਿਚ ਦੋ ਮੁਸਲਮਾਨ ਜੱਟ ਭਰਾਵਾਂ ਦੀ ਸਾਂਝੀ ਖੇਤੀ, ਸਾਂਝਾ ਚੁੱਲ੍ਹਾ ਤੇ ਸਾਂਝਾ ਪਰਿਵਾਰ ਸੀ ਪਰ ਇਹ ਸਾਂਝ ਇਕ ਗੰਨੇ ਕਰਕੇ ਖਤਮ ਹੋ ਗਈ।
...ਦੋਵੇਂ ਭਰਾ ਖੇਤਾਂ ਵਿਚ ਗੰਨੇ ਛਿੱਲ ਰਹੇ ਸਨ ਕਿ ਦੋਵਾਂ ਦੇ ਪੁੱਤਰ ਉਥੇ ਗੰਨਾ ਚੂਪਣ ਲਈ ਆ ਪਹੁੰਚੇ। ਵੱਡੇ ਭਰਾ ਨੇ ਇਕ ਗੰਨਾ ਚੁੱਕਿਆ, ਛਿੱਲਿਆ ਤੇ ਦਾਤੀ ਦੇ ਟੱਕ ਨਾਲ ਦੋ ਹਿੱਸਿਆਂ ਵਿਚ ਵੰਡ ਦਿੱਤਾ। ਗੰਨਾ ਫ਼ੜਾਉਣ ਸਮੇਂ ਉਸਨੇ ਬਾਂਹਾਂ ਦੀ ਕੈਂਚੀ ਬਣਾ ਕੇ ਆਪਣੇ ਮੂਹਰੇ ਖੜ੍ਹੇ ਪੁੱਤਰ ਨੂੰ ਜੜ੍ਹ ਵਾਲਾ ਪਾਸਾ ਤੇ ਭਤੀਜੇ ਨੂੰ ਆਗ ਵਾਲਾ ਪਾਸਾ ਦੇ ਦਿੱਤਾ। ... ਛੋਟਾ ਭਰਾ ਦੂਰ ਖੜ੍ਹਾ ਦੇਖਦਾ ਰਿਹਾ ਤੇ ਉਥੋਂ ਬੋਲਿਆ,
‘‘ਭਾਈ ਜਾਨ! ਅੱਜ ਤੋਂ ਸਾਡੀ ਸਾਂਝ ਖਤਮ। ਤੇਰੇ ਮਨ ਵਿਚ ਖੋਟ ਹੈ। ਤੈਨੂੰ ਪੁੱਤਰ ਪਹਿਲਾਂ ਦਿਸਿਆ ਭਤੀਜਾ ਬਾਅਦ ਵਿਚ।’’ ਤੇ ਉਸਨੇ ਗੰਨਿਆਂ ਦੇ ਵੱਢ ਵਿੱਚ ਹੀ ਦਾਤੀ ਸੁੱਟ ਦਿੱਤੀ।
ਦਾਦੇ ਦੀ ਦੱਸੀ ਇਹ ਵਾਰਤਾ ਮੈਨੂੰ ਕਈ ਵਾਰ ਯਾਦ ਆਈ। ਉਸ ਪੀੜ੍ਹੀ ਦੇ ਲੋਕ ਕਿੰਨੇ ਸਾਫ਼-ਸਿੱਧੇ ਸਨ। ਕਿੰਨੇ ਸਪੱਸ਼ਟ ਸਨ। ਵਿੰਗ, ਵਲੇਵਾ ਵੀ ਸੀ ਤਾਂ ਉਸ ’ਤੇ ਉਂਗਲ ਵੀ ਧਰਨ ਦੀ ਜੁਰਅੱਤ ਰੱਖਦੇ ਸਨ।
ਅਚਾਨਕ ਹੋਏ ਪੱਖੇ ਦੇ ਖੜਾਕ ਨੇ ਮੈਨੂੰ ਝੰਜੋੜ ਦਿੱਤਾ। ਮੇਰੀਆਂ ਬੰਦ ਅੱਖਾਂ ਖੁੱਲ੍ਹ ਗਈਆਂ। ਪੱਖੇ ਦੀ ਸਪੀਡ ਤੇਜ਼ ਹੋ ਗਈ ਤੇ ਮੇਰਾ ਪੈੱਨ ਰੁੜ੍ਹ ਕੇ ਫ਼ਰਸ਼ ਉੱਤੇ ਜਾ ਡਿੱਗਿਆ। ਮੈਨੂੰ ਜਾਪ ਰਿਹਾ, ਅੱਜ ਵੀ ਮੇਰੇ ਕੋਲੋਂ ਨਵੀਂ ਕਹਾਣੀ ਦੀ ਆਰੰਭਤਾ ਨਹੀਂ ਹੋਣੀ। ਜਦੋਂ ਵੀ ਮੈਂ ਕਹਾਣੀ ਲਿਖਣੀ ਸ਼ੁਰੂ ਕਰਦਾ ਹਾਂ, ਪਤਾ ਨਹੀਂ ਕਿਉਂ ਮੇਰਾ ਧਿਆਨ ਵਰਤਮਾਨ ’ਤੇ ਨਹੀਂ ਟਿਕਦਾ... ਪਿਛਾਂਹ ਮੁੜ ਜਾਂਦਾ ਹੈ।
ਮੈਂ ਦੋ ਮਹੀਨੇ ਪਹਿਲਾਂ ਵੀ ਇਹ ਕਹਾਣੀ ਲਿਖਣੀ ਸ਼ੁਰੂ ਕੀਤੀ ਸੀ। ਕਹਾਣੀ ਦੇ ਪਾਤਰ ਆਨੰਦਜੀਤ ਸਿੰਘ ਦਾ ਜੀਵਨ ਥੋੜ੍ਹਾ ਉੱਬੜਾ-ਖੱਬੜਾ। ਉਂਝ ਤੇ ਮੈਂ ਕਾਫ਼ੀ ਸਮੇਂ ਤੋਂ ਇਸ ਪਾਤਰ ਦੇ ਨਾਲ-ਨਾਲ ਰਹਿ ਰਿਹਾ ਹਾਂ ਪਰ ਲਿਖਣ ਵੇਲੇ ਮੈਥੋਂ ਚੰਗੀ ਤਰ੍ਹਾਂ ਪੇਸ਼ ਨਹੀਂ ਹੋਇਆ। ਉਹਦੇ ਅੰਦਰ ਕਿੰਨੀ ਸੱਟ ਸੀ, ਇਹ ਮੇਰੇ ਤੋਂ ਲਿਖ ਨਾ ਹੋਈ। ਹਾਰ ਕੇ ਮੈਂ ਕਹਾਣੀ ਲਿਖਣ ਦਾ ਤਿਆਗ ਕਰ ਦਿੱਤਾ।
ਮੇਰੇ ਕੋਲ ਉਹਦਾ ਚਿਹਰਾ ਹੀ ਨਹੀਂ, ਹਾਵ-ਭਾਵ ਵੀ ਹਨ।... ਤਣਾਅ ਤੇ ਪ੍ਰੇਸ਼ਾਨੀ ਵੀ ਅੱਖੀਂ ਦੇਖੀ ਹੈ। ਮੈਂ ਚਾਹੁੰਨਾ ਆਨੰਦਜੀਤ ਸਿੰਘ ਜਿਵੇਂ ਸੋਚਦਾ ਸੀ, ਉਹ ਦੱਸਾਂ। ਜਾਂ ਜੋ ਕੁਝ ਉਹਨੇ ਵਿਉਂਤਿਆਂ ਸੀ, ਉਹਨੂੰ ਹੂ-ਬ-ਹੂ ਪੇਸ਼ ਕਰਾਂ। ਉਹ ਮੇਰੇ ਕੋਲੋਂ ਢੁਕਵੇਂ ਢੰਗ ਨਾਲ ਪੇਸ਼ ਨਹੀਂ ਹੋ ਰਿਹਾ। ਕਹਾਣੀ ਲਿਖਾਂ ਜਾਂ ਨਾ, ਇਹ ਅਜੇ ਤੱਕ ਫ਼ੈਸਲਾ ਨਹੀਂ ਕਰ ਸਕਿਆ। ਪਰ ਉਹ ਮੇਰਾ ਖਹਿੜਾ ਵੀ ਨਹੀਂ ਛੱਡ ਰਿਹਾ। ਮੈਨੂੰ ਇਵੇਂ ਲੱਗ ਰਿਹਾ ਜਿਵੇਂ ਉਹ ਕਹਾਣੀ ਲਿਖਵਾਉਣ ਲਈ ਮੇਰੇ ਹੁੱਝਾਂ ਮਾਰ ਰਿਹਾ ਹੋਵੇ।
ਮੈਂ ਗੱਤੇ ਉੱਤੇ ਪੇਪਰ ਲਾ ਕੇ ਮੋਹਰੇ ਰੱਖੇ ਹੋਏ ਹਨ। ਪੈੱਨ ਦਾ ਇਕ ਸਿਰਾ ਮੂੰਹ ਵਿਚ ਪਾਇਆ ਹੋਇਆ। ਗੰਨੇ ਦੇ ਪਾਸੇ ਨਾਲ ਦੋਸਤੀ ਨੂੰ ਪਰਿਭਾਸ਼ਤ ਕਰੀ ਜਾ ਰਿਹਾ ਹਾਂ। ਮਾਟੋ-ਇਕ ਮੇਰੇ ਸਾਹਮਣੇ ਲਿਖਿਆ ਪਿਆ। ਮੇਰੇ ਲਈ ਕਹਾਣੀ ਲਿਖਣੀ ਸੌਖੀ ਹੋ ਗਈ ਹੈ। ਇਹ ਮਾਟੋ ਆਨੰਦਜੀਤ ਸਿੰਘ ਦੇ ਕੁਲੀਗ ਨੇ ਸਕੂਲ ਦੀ ਕੰਧ ’ਤੇ ਲਿਖਵਾਇਆ ਹੋਇਆ। ਉਂਝ ਵੀ ਉਸਦਾ ਮਾਟੋਆਂ ਨਾਲ ਗਹਿਰਾ ਰਿਸ਼ਤਾ ਹੈ। ਇਨ੍ਹਾਂ ਮਾਟੋਆਂ ਦਾ ਪੱਟਿਆ ਹੀ ਉਹ ਜੱਜਪੁਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬਦਲੀ ਕਰਵਾ ਕੇ ਆਇਆ ਸੀ। ਇਸ ਤੋਂ ਪਹਿਲਾਂ ਉਹ ਮਜਾਰਾ ਚੱਕ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੜ੍ਹਾਉਣ ਜਾਂਦਾ ਸੀ। ਉਦੋਂ ਉਸਨੂੰ ਜੱਜਪੁਰ ਵਿੱਚੋਂ ਲੰਘ ਕੇ ਹੀ ਮਜਾਰਾ ਚੱਕ ਜਾਣਾ ਪੈਂਦਾ ਸੀ। ਇਸ ਸਕੂਲ ਦੀ ਇਮਾਰਤ ਦੇ ਤਿੰਨ ਪਾਸੇ ਸੜਕ ਨੇ ਵਲੇਟਾ-ਮਾਰਿਆ ਹੋਇਆ। ਸੜਕ ਤੋਂ ਜਿਹੜਾ ਵੀ ਰਾਹੀ ਲੰਘਦਾ, ਕੰਧ ’ਤੇ ਲਿਖੇ ਮਾਟੋ ਜ਼ਰੂਰ ਪੜ੍ਹਦਾ। ਸਾਰੇ ਰਾਹੀਆਂ ਦਾ ਤਾਂ ਪਤਾ ਨਹੀਂ। ਆਨੰਦਜੀਤ ਸਿੰਘ ਜ਼ਰੂਰ ਪੜ੍ਹਦਾ ਰਿਹਾ ਹੋਏਗਾ।
ਮਾਟੋ-ਦੋ

‘ਸਿੱਖਿਆ ਮਨੁੱਖ ਲਈ ਉਹ ਝਰੋਖਾ ਹੈ ਜਿਸ ਦੁਆਰਾ ਉਹ ਆਪਣੇ ਆਪ ਨੂੰ ਅਤੇ ਸਾਰੀ ਦੁਨੀਆਂ ਨੂੰ ਵੇਖ ਸਕਦਾ ਹੈ ਤੇ ਚੰਗੇ-ਮਾੜੇ ਨੂੰ ਪਰਖ ਸਕਦਾ ਹੈ।’’
ਹੁਣ ਮੈਂ ਡਾਇਰੀ ਦੇ ਪਹਿਲੇ ਪੰਨੇ ’ਤੇ ਪੈੱਨ ਰੱਖਿਆ ਹੈ। ਜਿਥੋਂ ਇਹ ਮਾਟੋ-ਦੋ ਧਿਆਨ ਖਿੱਚ ਰਿਹਾ ਹੈ। ਇਹ ਸਕੂਲ ਦੀ ਬਿਲਡਿੰਗ ਦੀ ਪਿਛਲੀ ਕੰਧ ’ਤੇ ਲਿਖਿਆ ਹੋਇਆ ਸੀ। ਇਹ ਪਹਿਲਾ ਮਾਟੋ ਸੀ, ਜਿਹੜਾ ਆਨੰਦਜੀਤ ਸਿੰਘ ਦੀ ਨਿਗ੍ਹਾ ਚੜ੍ਹਿਆ ਸੀ। ਇਸ ਪਿੱਛੋਂ ਤਾਂ ਉਹ ਇਸ ਸਕੂਲ ਦਾ ਮੁਰੀਦ ਬਣ ਗਿਆ। ਉਹ ਸੋਚਦਾ ਰਹਿੰਦਾ ਸੀ, ਇਹੋ ਜਿਹੇ ਮਾਟੋ ਲਿਖਵਾਉਣ ਵਾਲੇ ਸਕੂਲ ਦੇ ਅਧਿਆਪਕ ਕਿੰਨੇ ਮਹਾਨ ਹੋਣਗੇ। ਉਸਦਾ ਸਕੂਲ ਜੱਜਪੁਰ ਤੋਂ ਦਸ-ਗਿਆਰਾਂ ਕਿਲੋਮੀਟਰ ਦੂਰ ਸੀ। ਉਹ ਸਵੇਰੇ ਪਹਿਲਾਂ ਲੰਘ ਜਾਂਦਾ। ਵਾਪਸੀ ’ਤੇ ਜਦੋਂ ਤੱਕ ਜੱਜਪੁਰ ਪੁੱਜਦਾ, ਇਥੋਂ ਦਾ ਸਟਾਫ਼ ਜਾ ਚੁੱਕਿਆ ਹੁੰਦਾ। ਉਹ ਗਾਹੇ-ਬਿਗਾਹੇ ਕੰਧ ਕੋਲ ਮੋਟਰ ਸਾਇਕਲ ਖੜ੍ਹਾ ਕਰ ਲੈਂਦਾ। ਲਿਖੇ ਮਾਟੋਆਂ ਨੂੰ ਆਪਣੀ ਡਾਇਰੀ ’ਤੇ ਉਤਾਰਨ ਲੱਗ ਪੈਂਦਾ। ਮਾਟੋ ਤਾਂ ਉਸਦੇ ਸਕੂਲ ਦੀਆਂ ਕੰਧਾਂ ’ਤੇ ਵੀ ਸਨ ਪਰ ਹਰ ਸਕੂਲ ਵਿਚ ਇਕੋ ਜਿਹੇ। ਇਥੋਂ ਦੇ ਮਾਟੋ ਬੜੀ ਵੱਖਰੀ ਕਿਸਮ ਤੇ ਵਿਚਾਰਾਂ ਵਾਲੇ ਸਨ।
ਇਕ ਦਿਨ ਜੱਜਪੁਰ ਦੇ ਸਕੂਲ ਵਿਚ ਇਕ ਫ਼ੰਕਸ਼ਨ ਆ ਗਿਆ। ਉਦੋਂ ਇਹ ਹਾਈ ਸਕੂਲ ਹੁੰਦਾ ਸੀ। ਸਿੱਖਿਆ ਮੰਤਰੀ ਸਾਹਿਬ ਮੁੱਖ ਮਹਿਮਾਨ ਸਨ। ਆਲੇ ਦੁਆਲੇ ਦੇ ਸਕੂਲਾਂ ਦਾ ਅਮਲਾ-ਫੈਲਾ ਅਤੇ ਵਿਦਿਆਰਥੀ ਕਤਾਰਾਂ ਬੰਨ੍ਹੀ ਬੈਠੇ ਸਨ। ਇਹ ਬਹੁਤ ਵੱਡਾ ਸਮਾਗਮ ਸੀ। ਉਥੇ ਜਿਸ ਸ਼ਖ਼ਸ ਨੇ ਆਨੰਦਜੀਤ ਸਿੰਘ ਦਾ ਸਭ ਤੋਂ ਵੱਧ ਧਿਆਨ ਖਿੱਚਿਆ , ਉਹ ਪੰਜਾਹ-ਬਵੰਜਾ ਸਾਲ ਦਾ ਵਿਅਕਤੀ ਸੀ। ਉਹਦਾ ਛੇ ਫੁੱਟ ਦੇ ਉੱਤੇ ਤਾਂ ਕੱਦ ਹੋਣਾ। ਚਿੱਟਾ ਕੁੜਤਾ ਪੁਜਾਮਾ ਤੇ ਪਟਿਆਲਾ ਸ਼ਾਹੀ ਪੱਗ ਨਾਲ ਉਹ ਕੋਈ ਵੱਡਾ ਲੀਡਰ ਲਗਦਾ ਸੀ। ਦੁੱਧ ਵਰਗਾ ਸਫ਼ੈਦ ਦਾੜ੍ਹਾ। ਮਾਰ੍ਹ ਕਿਤੇ ਲਿਸ਼-ਲਿਸ਼ ਕਰੇ। (ਆਮ ਬੰਦੇ ਨੂੰ ਪਤਾ ਨਹੀਂ ਸੀ ਲਗਦਾ। ਉਹ ਦਾੜ੍ਹੀ ਨੂੰ ਕੈਂਚੀ ਲਾਉਂਦਾ ਸੀ।) ਚਿੱਟੇ ਦਾੜ੍ਹੇ ਵਿੱਚੋਂ ਚਿਹਰੇ ਦਾ ਲਾਲ ਰੰਗ ਹੋਰ ਵੀ ਟਹਿਕ ਰਿਹਾ ਸੀ। ਉਹ ਮੰਤਰੀ ਦੇ ਨੇੜੇ ਢੁਕ-ਢੁਕ ਕੇ ਬੈਠ ਰਿਹਾ ਸੀ। ਫ਼ੋਟੋ ਖਿਚਵਾਉਣ ਸਮੇਂ ਸਭ ਤੋਂ ਅੱਗੇ ਹੋ ਜਾਇਆ ਕਰਦਾ ਸੀ।
‘‘ਅੱਜ ਤੋਂ ਜੱਜਪੁਰ ਦਾ ਹਾਈ ਸਕੂਲ ਅੱਪਗ੍ਰੇਡ ਕੀਤਾ ਜਾਂਦਾ ਹੈ। ਇਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਈ ਪ੍ਰਿੰਸੀਪਲ ਅਤੇ ਤਿੰਨ ਆਰਟਸ ਵਿਸ਼ਿਆਂ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਵੀ ਮਨਜ਼ੂਰ ਕੀਤੀਆਂ ਜਾਂਦੀਆਂ ਹਨ।’’ ਜਿਉਂ ਹੀ ਮੰਤਰੀ ਸਾਹਿਬ ਨੇ ਇਹ ਐਲਾਨ ਕੀਤਾ, ਉਸਨੇ ਤਾੜੀਆਂ ਮਾਰ ਕੇ ਬਾਕੀ ਇਕੱਠ ਨੂੰ ਵੀ ਤਾੜੀਆਂ ਮਾਰਨ ਲਾ ਲਿਆ।... ‘‘ਸਿੱਖਿਆ ਮੰਤਰੀ ਸਾਹਿਬ ਜ਼ਿੰਦਾਬਾਦ’ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਮੰਚ ਤੋਂ ਕਿਸੇ ਜੈਕਾਰਾ ਵੀ ਛੱਡ ਦਿੱਤਾ ਸੀ।
ਇਹ ਚਿੱਟੇ ਕੁੜਤੇ ਪੁਜਾਮੇ ਵਾਲਾ, ਪੋਚਵੀਂ ਪੱਗ ਬੰਨ੍ਹੀਂ ਖੜ੍ਹਾ ... ਤਾੜੀ ’ਤੇ ਤਾੜੀ ਮਾਰਨ ਵਾਲਾ ਕੋਈ ਹੋਰ ਨਹੀਂ, ਸਗੋਂ ਮੇਰੀ ਕਹਾਣੀ ਦਾ ਦੂਜਾ ਪਾਤਰ ਮਾਸਟਰ ਹਰਜੋਗ ਸਿੰਘ ਹੈ। ਇਹ ਪਾਤਰ ਵਲੇਵੇਂਦਾਰ ਹੈ ਪਰ ਮਿਲਣਸਾਰ ਤੇ ਹਰ ਕਿਸੇ ਦੇ ਕੰਮ ਆਉਣ ਵਾਲਾ ਮੰਨਿਆ ਜਾਂਦਾ ਹੈ।
ਆਨੰਦਜੀਤ ਸਿੰਘ ਤਾਂ ਇਹਨੂੰ ਲੀਡਰ ਸਮਝੀ ਬੈਠਾ ਸੀ। ਸਾਰੇ ਫ਼ੰਕਸ਼ਨ ਵਿਚ ਇਹ ਮੰਤਰੀ ਸਾਹਿਬ ਦੇ ਸੱਜੇ ਖੱਬੇ ਹੀ ਰਿਹਾ। ਇਹ ਤਾਂ ਜਦੋਂ ਉਹ ਉਥੋਂ ਦੇ ਸਟਾਫ਼ ਨਾਲ ਚਾਹ ਪੀਣ ਬੈਠੇ, ਤਦ ਖੁਲਾਸਾ ਹੋਇਆ। ਮੰਤਰੀ ਸਾਹਿਬ ਦਾ ਕਾਰਵਾਂ ਜਾ ਚੁੱਕਾ ਸੀ। ਹਰਜੋਗ ਸਿੰਘ ਮੋਹਰੇ ਹੋ ਹੋ ਆਨੰਦਜੀਤ ਸਿੰਘ ਤੇ ਹੋਰਨਾਂ ਦੀ ਟਹਿਲ ਸੇਵਾ ਕਰ ਰਿਹਾ ਸੀ। ਕਿਥੇ ਤਾਂ ਆਨੰਦਜੀਤ ਸਿੰਘ ਦੇ ਸਾਥੀ ਅਧਿਆਪਕ ਮਜਾਰਾ ਚੱਕ ਸਕੂਲ ਦੀਆਂ ਸਿਫ਼ਤਾਂ ਦੇ ਪੁਲ ਬੰਨ੍ਹੀਂ ਜਾ ਰਹੇ ਸਨ ਤੇ ਸਕੂਲ ਦੀ ਤਰੱਕੀ ਦਾ ਸਿਹਰਾ ਆਨੰਦਜੀਤ ਸਿੰਘ ਦੇ ਸਿਰ ਬੰਨ੍ਹ ਰਹੇ ਸਨ। ਉਹ ਅੰਦਰੋਂ-ਅੰਦਰੀਂ ਖੁਸ਼ ਵੀ ਹੋ ਰਿਹਾ ਸੀ ਪਰ ਜਦੋਂ ਆਨੰਦਜੀਤ ਸਿੰਘ ਨੂੰ ਇਹ ਪਤਾ ਲੱਗਾ ਕਿ ਕੰਧਾਂ ’ਤੇ ਮਾਟੋ ਲਿਖਵਾਉਣ ਵਾਲਾ ਹਰਜੋਗ ਸਿੰਘ ਹੀ ਹੈ। ਉਹਦੇ ਸ਼ਰਧਾ ਵਿਚ ਮਨੋ-ਮਨੀਂ ਹੱਥ ਜੁੜ ਗਏ।
ਉਸ ਦਿਨ ਤੱਕ ਹਰਜੋਗ ਸਿੰਘ ਹਾਈ ਸਕੂਲ ਦਾ ਇੰਚਾਰਜ ਸੀ। ਨਵੇਂ ਸੈਸ਼ਨ ਤੋਂ ਦੋ ਲੇਡੀ ਲੈਕਚਰਾਰ ਜੁਆਇਨ ਕਰ ਗਈਆਂ ਸਨ। ਪ੍ਰਿੰਸੀਪਲ ਤਾਂ ਇਸ ਸਕੂਲ ਨੂੰ ਅੱਜ ਤੱਕ ਨਸੀਬ ਨਹੀਂ ਹੋਇਆ। ਪ੍ਰਿੰਸੀਪਲ ਵਾਲੀ ਕੁਰਸੀ ’ਤੇ ਲੈਕਚਰਾਰ ਮੈਡਮ ਬੈਠਦੀ ਹੈ ਪਰ ਦਫ਼ਤਰ ਦਾ ਸਾਰਾ ਕੰਮ ਹਰਜੋਗ ਸਿੰਘ ਹੀ ਕਰਦਾ ਹੈ।... ਮਸਲਨ ਹਾਜ਼ਰੀ ਰਜਿਸਟਰ ਪੂਰੇ ਕਰਨੇ, ਫ਼ੋਨ ਅਟੈਂਡ ਕਰਨੇ, ਪੰਚਾਇਤ ਨੂੰ ਮਾਪਿਆਂ ਨੂੰ ਮਿਲਣਾ-ਸੁਣਨਾ, ਵੱਖ-ਵੱਖ ਕਮੇਟੀਆਂ ਦੀਆਂ ਮੀਟਿੰਗਾਂ ਕਰਵਾਉਣਾ, ਗ੍ਰਾਂਟਾਂ ਖਰਚਣਾ, ਉਨ੍ਹਾਂ ਦਾ ਹਿਸਾਬ-ਕਿਤਾਬ ਰੱਖਣਾ, ਆਡਿਟ ਕਰਵਾਉਣਾ, ਮਿਡ ਡੇ ਮੀਲ ਵਰਤਾਉਣਾ, ਖਾਣੇ ਦਾ ਹਿਸਾਬ-ਕਿਤਾਬ ਰਖਵਾਉਣਾ... ਪਤਾ ਨਹੀਂ ਕਿੰਨੇ ਕੰਮ ਹਨ, ਜਿਹੜੇ ਉਸਨੂੰ ਕਰਨੇ ਜਾਂ ਕਰਵਾਉਣੇ ਪੈਂਦੇ ਹਨ।
ਉਸ ਫ਼ੰਕਸ਼ਨ ਤੋਂ ਬਾਅਦ ਆਨੰਦਜੀਤ ਸਿੰਘ ਤੇ ਹਰਜੋਗ ਸਿੰਘ ਇਕ-ਦੂਜੇ ਦੇ ਨੇੜੇ ਹੋ ਗਏ। ਆਨੰਦਜੀਤ ਸਿੰਘ ਉਸ ਤੋਂ ਬਹੁਤ ਹੀ ਪ੍ਰਭਾਵਤ ਹੋਇਆ ਸੀ। ਉਸ ਦਿਨ ਹਰਜੋਗ ਸਿੰਘ ਆਪ ਚਾਹ ਵਰਤਾਅ ਰਿਹਾ ਸੀ। ਉਸਦੀ ਸੇਵਾ ਤੇ ਹਲੀਮੀ ਦੇਖ ਕੇ ਉਹ ਅਸ਼-ਅਸ਼ ਕਰ ਉੱਠਿਆ ਸੀ। ਉਦੋਂ ਦਾ ਉਹ ਇਸ ਸਕੂਲ ਨਾਲ ਰਾਬਤਾ ਰੱਖਣ ਲੱਗ ਪਿਆ ਸੀ। ਰਸਤੇ ਵਿਚ ਹਰਜੋਗ ਸਿੰਘ ਉਸਨੂੰ ਮਿਲਣ ਲੱਗਾ। ਕਦੇ-ਕਦਾਈਂ ਮਿਲਦੇ ਤਾਂ ਉਹ ਅੱਗੇ ਵੀ ਸਨ ਪਰ ਉਦੋਂ ਜਾਣੂੰ ਨਹੀਂ ਸਨ। ਹਰਜੋਗ ਸਿੰਘ ਹਰ ਕਿਸੇ ਨੂੰ ਸਨੇਹ ਨਾਲ ਮਿਲਦਾ ਹੈ। ਉਸਦੇ ਘਰ ਕਾਰਾਂ ਖੜ੍ਹੀਆਂ ਹਨ ਪਰ ਉਹ ਪਿੰਡੋਂ ਸਕੂਟਰ ’ਤੇ ਹੀ ਸਕੂਲ ਆਉਂਦਾ ਹੈ। ਉਹ ਸਕੂਟਰ ’ਤੇ ਹਰ ਕਿਸੇ ਨੂੰ ਹੱਥ ਹਿਲਾਉਂਦਾ ਜਾਏਗਾ। ਉਸਦੇ ਚਿਹਰੇ ਦਾ ਦਗ-ਦਗ ਕਰਦਾ ਨੂਰ ਬੰਦੇ ਨੂੰ ਵੱਸ ਵਿਚ ਕਰ ਲੈਂਦਾ ਹੈ। ਆਨੰਦਜੀਤ ਸਿੰਘ ਨੂੰ ਤਾਂ ਦੇਖ ਕੇ ਉਹ ਸਕੂਟਰ ਰੋਕ ਲੈਂਦਾ। ਗਲਵਕੜੀ ਵਿਚ ਲੈ ਲੈਂਦਾ। ਆਨੰਦਜੀਤ ਸਿੰਘ ਦਾ ਚਿੱਤ ਕਰਨ ਲੱਗ ਪਿਆ ਸੀ ਕਿ ਮਜਾਰਾ ਚੱਕ ਦਾ ਖਹਿੜਾ ਛੱਡ ਦੇਵੇ।
ਮਾਸਟਰ ਹਰਜੋਗ ਸਿੰਘ ਦੇ ਸਕੂਲ ਦੀ ਬਦਲੀ ਕਰਵਾ ਲਵੇ। ਉਹ ਉਹਨੂੰ ਵੱਡੇ ਭਾਈਆਂ ਵਰਗਾ ਲੱਗਣ ਲੱਗ ਪਿਆ ਸੀ। ਇਕ ਤੇ ਉਹਦੇ ਸਫ਼ਰ ਦੀ ਦੂਰੀ ਘਟ ਜਾਣੀ ਸੀ। ਦੂਜਾ ਜਿੰਨੇ ਸਨੇਹ ਨਾਲ ਉਹ ਉਸਨੂੰ ਮਿਲਦਾ ਸੀ। ਉਹ ਸਮਝਦਾ ਸੀ ਇੱਦਾਂ ਦੇ ਬੰਦੇ ਨਾਲ ਨੌਕਰੀ ਕਰਕੇ ਜੀਵਨ ਸਫ਼ਲ ਹੋ ਜਾਏਗਾ। ਉਂਝ ਵੀ ਉਹਦਾ ਮਜਾਰਾ ਚੱਕ ਵਾਲੇ ਸਕੂਲ ਤੋਂ ਮਨ ਖੱਟਾ ਹੋ ਗਿਆ ਸੀ।
ਮਨ ਤਾਂ ਮੇਰਾ ਵੀ ਖੱਟਾ ਹੋਇਆ ਪਿਆ। ਕਹਾਣੀ ਦੀ ਕੋਈ ਵਿਧਾ ਬਣ ਨਹੀਂ ਰਹੀ। ਮੈਂ ਪਿੰਡ ਤੋਂ ਆਇਆ ਹਾਂ। ਆਉਂਦਾ ਹੀ ਕੁਰਸੀ ’ਤੇ ਬਹਿ ਗਿਆ। ਗੱਤਾ, ਪੇਪਰ ਤੇ ਡਾਇਰੀ ਮੇਜ਼ ਉਪਰ ਹੀ ਪਏ ਸਨ। ਕਹਾਣੀ ਨਾਲ ਦੋ-ਚਾਰ ਹੋਣ ਲੱਗ ਪਿਆ। ਮੈਂ ਕੱਪੜੇ ਤਾਂ ਕੀ ਬਦਲਣੇ ਸਨ। ਦਸਤਾਰ ਵੀ ਸਿਰ ਉੱਤੇ ਹੀ ਸਜੀ ਪਈ ਹੈ। ਹੁਣ ਸਿਰ ਵਿਚ ਖਾਜ ਹੋਣ ਲੱਗ ਪਈ ਹੈ। ਮੈਂ ਪੱਗ ਉਤਾਰੀ ਹੈ ਤੇ ਨਾਲ ਵਾਲੇ ਖਾਲੀ ਟੇਬਲ ਉੱਤੇ ਰੱਖ ਦਿੱਤੀ। ਗੁੱਟੀ ਖੋਲ੍ਹ ਕੇ ਸਿਰ ਵਿਚ ਕੰਘਾ ਫੇਰਿਆ ਹੈ। ਵਾਲਾਂ ਨੂੰ ਪਿੱਠ ਪਿੱਛੇ ਸੁੱਟ ਲਿਆ ਹੈ। ... ਕੱਪੜੇ ਵੀ ਬਦਲ ਲਏ ਹਨ। ਦਾੜ੍ਹੀ ਨੂੰ ਧੋ ਕੇ ਕੰਘਾ ਮਾਰ ਲਿਆ ਹੈ। ਹੁਣ ਮੈਂ ਹਲਕਾ-ਹਲਕਾ ਮਹਿਸੂਸ ਕਰ ਰਿਹਾ ਹਾਂ। ਕਮਰੇ ਦਾ ਮੌਸਮ ਵੀ ਸੋਹਣਾ ਲੱਗਣ ਲੱਗ ਪਿਆ। ਮੇਰੀ ਸੁਰਤੀ ਮੁੜ ਮਜਾਰਾ ਚੱਕ ਦੇ ਸਕੂਲ ਵੱਲ ਗਈ ਹੈ। ਪੈੱਨ ਹਰਕਤ ਵਿਚ ਆ ਗਿਆ ਹੈ।
ਇਸ ਸਕੂਲ ਦੀ ਬਿਲਡਿੰਗ ਅੱਖਾਂ ਮੂਹਰੇ ਆ ਗਈ ਹੈ। ਜੋ ਮੰਜ਼ਲੀ ਐਲ ਸ਼ੇਪ ਦੀ ਆਲੀਸ਼ਾਨ ਇਮਾਰਤ। ਆਨੰਦਜੀਤ ਸਿੰਘ ਨੇ ਪਿੰਡ ਦੇ ਵਿਦੇਸ਼ ਗਏ ਸੱਜਣਾਂ ਦੀ ਮਦਦ ਨਾਲ ਵਿੱਦਿਆ ਦੇ ਇਸ ਮੰਦਰ ਨੂੰ ਸੱਚਮੁੱਚ ਕਿਸੇ ਰਮਣੀਕ ਜਗ੍ਹਾ ਵਾਂਗ ਸਜਾਇਆ ਹੋਇਆ। ਵੱਡੇ-ਵੱਡੇ ਛਾਂਦਾਰ ਤੇ ਫ਼ਲਾਂ ਵਾਲੇ ਦਰੱਖ਼ਤਾਂ ਨੇ ਹਰਿਆਲੀ ਦੀ ਗ਼ਦਰ ਵਿਛਾਈ ਹੋਈ ਹੈ। ਖੇਡ ਦੇ ਮੈਦਾਨ ਵਿਚ ਕਬੱਡੀ, ਹਾਕੀ, ਫੁੱਟਬਾਲ ਤੇ ਖੋ-ਖੋ ਦੀਆਂ ਗਰਾਊਂਡਾਂ ਹਨ। ਮੈਦਾਨ ਵਿਚ ਵੜਦਿਆਂ ਹੀ ਚਿੱਤ ਕਰਨ ਲੱਗ ਪੈਂਦਾ... ਕਾਸ਼! ਮੈਂ ਵੀ ਖਿਡਾਰੀ ਹੁੰਦਾ। ਚਲੋ ਜੇ ਕੋਈ ਖਿਡਾਰੀ ਨਹੀਂ ਵੀ ਹੈ ਤਾਂ ਕਿਨਾਰੇ ਲੱਗੇ ਬੈਂਚਾਂ ’ਤੇ ਬੈਠ ਕੇ ਗੀਤ ਤਾਂ ਗਾ ਸਕਦਾ ਹੈ। ਇਹ ਗੀਤ ਆਨੰਦਜੀਤ ਸਿੰਘ ਲਈ ਵੀ ਤਾਂ ਗਾਏ ਜਾ ਸਕਦੇ ਹਨ। ਜਿਸਨੇ ਬਿਲਡਿੰਗ ਤਾਂ ਕੀ... ਸਾਰੇ ਸਕੂਲ ਨੂੰ ਪੈਰਾਂ ਸਿਰ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਡਾਇਰੀ ਵਿਚ ਉਸ ਸਕੂਲ ਦੇ ਚਪੜਾਸੀ ਦਾ ਇਕ ਕਥਨ ਲਿਖਿਆ ਹੋਇਆ ਕਹਾਣੀ ਲਈ ਤਾਂ ਇਹ ਠੀਕ ਨਹੀਂ। ... ਸੋਚਾਂ ਚਪੜਾਸੀ ਨਾਲ ਜਾ ਜੁੜਦੀਆਂ ਹਨ।
‘‘ਇਹ ਸਭ ਮਾਸਟਰ ਆਨੰਦਜੀਤ ਸਿੰਘ ਦੀ ਆਨੰਦ ਕਿਰਪਾ ਹੋਈ ਸੀ। ਜਦੋਂ ਇਹ ਸਕੂਲ ਹਾਈ ਹੁੰਦਾ ਸੀ, ਉਦੋਂ ਉਹ ਹੀ ਇੰਚਾਰਜ ਸਨ। ਫ਼ੇਰ ਇਹ ਸੀਨੀਅਰ ਸੈਕੰਡਰੀ ਬਣਾ ਦਿੱਤਾ ਗਿਆ। ਇਸ ਸਕੂਲ ਨੂੰ ਨਾ ਪ੍ਰਿੰਸੀਪਲ ਜੁੜਿਆ ਤੇ ਨਾ ਕੋਈ ਲੈਕਚਰਾਰ। ਉਹ ਦਸ-ਬਾਰਾਂ ਸਾਲ ਸਕੂਲ ਦੇ ਇੰਚਾਰਜ ਰਹੇ। ਅੰਦਰ ਵੜ ਕੇ ਕਿਤੇ ਫਰਨੀਚਰ ਦੇਖੋ। ਉਨ੍ਹਾਂ ਦੇ ਟੈਮ ਦੀਆਂ ਬਣੀਆਂ ਲੈਬਾਂ ਦੇਖੋ! ਪੰਜਾਬ ਦਾ ਇਹ ਇਕੋ ਇਕ ਸਕੂਲ ਹੋਣਾ, ਜਿਥੇ ਵੱਖ-ਵੱਖ ਪਿੰਡਾਂ ਤੋਂ ਵਿਦਿਆਰਥੀਆਂ ਨੂੰ ਲਿਆਉਣ ਲਈ ਬੱਸ ਲੱਗੀ ਹੋਈ ਹੈ। ਇਹ ਉਹਨੀਂ ਇਕ ਐਨ ਆਰ ਆਈ ਤੋਂ ਦਾਨ ਕਰਵਾਈ ਸੀ।’’
ਹੁੰਗਾਰਾ ਭਰਨ ਦੀ ਵੀ ਲੋੜ ਨਹੀਂ ਪੈਂਦੀ। ਉਹ ਆਪ ਮੁਹਾਰੇ ਬੋਲੀ ਜਾਏਗਾ।
‘‘ਇਥੇ ਉਨ੍ਹਾਂ ਬਾਹਰ ਵਾਲੇ ਬੰਦਿਆਂ ਤੋਂ ਹੁਸ਼ਿਆਰ ਬੱਚਿਆਂ ਲਈ ਵਜ਼ੀਫ਼ੇ ਸ਼ੁਰੂ ਕਰਵਾਏ। ਸਭ ਤੋਂ ਪਹਿਲਾਂ ਆਪਣੇ ਪਿਤਾ ਲਛਮਣ ਦੀ ਯਾਦ ਵਿਚ ਵਜ਼ੀਫ਼ਾ ਦਿੱਤਾ। ਅੱਜ ਤਾਂ ਸਰਕਾਰ ਨੇ ਹਰ ਸਕੂਲ ਵਿਚ ਕੰਪਿੳੂਟਰ ਲੈਬਾਂ ਬਣਾ ਦਿੱਤੀਆਂ। ਸਾਡੇ ਕਈ ਸਾਲ ਪਹਿਲਾਂ ਹੀ ਕੰਪਿੳੂਟਰ ਚਾਲੂ ਹੋ ਗਏ ਸਨ। ਇਥੇ ਪੱਖੇ, ਕੂਲਰ, ਫਰਿੱਜ, ਜਰਨੇਟਰ, ਸਬਮਰਸੀਬਲ ਮੋਟਰ... ਸਭ ਕੁਝ ਮਿਲੂ। ਇਕ ਗੱਲ ਹੋਰ... ਉਹਦੇ ਵਰਗਾ ਅੰਗਰੇਜ਼ੀ ਦਾ ਮਾਸਟਰ ਇਲਾਕੇ ਵਿਚ ਨ੍ਹੀਂ ਲੱਭਣਾ। ਉਸ ਸੂਰਮੇ ਨੇ ਕਦੇ ਪੀਰੀਅਡ ਨ੍ਹੀਂ ਛੱਡਿਆ। ਸਵੇਰੇ-ਸ਼ਾਮ ਓਵਰ ਟੈਮ ਵੀ ਲਾਂਦਾ ਰਿਹਾ। ਜੇ ਚਾਹੁੰਦਾ ਟੀਸ਼ਨਾਂ ਪੜ੍ਹਾ-ਪੜ੍ਹਾ ਜਿੰਨੇ ਮਰਜ਼ੀ ਪੈਸੇ ਕਮਾ ਲੈਂਦਾ।’’
ਆਨੰਦਜੀਤ ਸਿੰਘ ਦੀਆਂ ਇਹ ਗੱਲਾਂ ਹਰਜੋਗ ਸਿੰਘ ਨੂੰ ਵੀ ਪਤਾ ਹਨ। ਨਾਲੇ ਮਿੱਤਰਾਂ ਕੋਲੋਂ ਕੋਈ ਗੱਲ ਛੁਪੀ ਵੀ ਤਾਂ ਨਹੀਂ ਰਹਿੰਦੀ। ਉਹ ਚਾਹੁੰਦਾ ਹੈ-ਉਹਦੇ ਮਿੱਤਰ ਦਾ ਸਕੂਲ ਹਮੇਸ਼ਾ ਚੜ੍ਹਦੀ ਕਲਾ ਵਿਚ ਰਹੇ। ਮੇਰਾ ਹੱਥ ਛਾਤੀ ’ਤੇ ਚਲਾ ਗਿਆ ਹੈ। ਪੈੱਨ ਅੱਗੇ ਨਹੀਂ ਤੁਰ ਰਿਹਾ। ਕਹਾਣੀ ਦਾ ਪਾਤਰ ਮੁਸ਼ਕਲ ਵਿਚ ਫ਼ਸਣ ਵਾਲਾ ਹੈ। ਉਹਦੀ ਕੋਈ ਮਦਦ ਵੀ ਨਹੀਂ ਹੋ ਰਹੀ। ਉਹ ਕੀ ਕਰੇ? ਮੈਂ ਕੇਸਾਂ ਵਿੱਚ ਉਂਗਲਾਂ ਫੇਰੀਆਂ ਹਨ। ਪੈੱਨ ਚੁੱਕ ਲਿਆ ਹੈ।
ਮਜਾਰਾ ਚੱਕ ਸਕੂਲ ਦੀ ਇਲਾਕੇ ਵਿਚ ਪੂਰੀ ਚੜ੍ਹਤ ਸੀ। ਵਧੀਆ ਨਤੀਜੇ ਆਉਂਦੇ। ਵਿਦਿਆਰਥੀ ਚੰਗੀਆਂ ਪੁਜ਼ੀਸ਼ਨਾਂ ਮਾਰਦੇ। ਉਨ੍ਹਾਂ ਨੂੰ ਚੰਗੇ ਕਾਲਜਾਂ ਵਿਚ ਦਾਖ਼ਲੇ ਮਿਲਣ ਲੱਗ ਪਏ। ਉਹ ਦੇਸ਼-ਵਿਦੇਸ਼ ਵਿਚ ਸਟੱਡੀ ਬੇਸ ’ਤੇ ਜਾਣ ਲੱਗ ਪਏ। ਇਲਾਕੇ ਦੀਆਂ ਕਲੱਬਾਂ, ਸੰਸਥਾਵਾਂ ਨੇ ਆਨੰਦਜੀਤ ਸਿੰਘ ਦੇ ਸਨਮਾਨ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਵੀ ਉਸਦਾ ਮਾਣ-ਸਨਮਾਨ ਹੁੰਦਾ, ਹਰਜੋਗ ਸਿੰਘ ਉਚੇਚਾ ਵਧਾਈ ਦਿੰਦਾ। ਇਕ ਵਾਰ ਪਿੰਡ ਦੀ ਪੰਚਾਇਤ ਨੇ ਵੀ ਉਸਦਾ ਸਨਮਾਨ ਕਰਨ ਦਾ ਫ਼ੈਸਲਾ ਕਰ ਲਿਆ। ਉਦੋਂ ਜਿਹੜਾ ਪਿੰਡ ਦਾ ਸਰਪੰਚ ਸੀ। ਨਾਲ ਦੇ ਪਿੰਡ ਉਸਦੇ ਰਿਸ਼ਤੇਦਾਰਾਂ ਦਾ ਪ੍ਰਾਈਵੇਟ ਸਕੂਲ ਸੀ। ਉਥੋਂ ਕੁਝ ਬੱਚੇ ਹਟ ਕੇ ਇਸ ਸਕੂਲ ਆ ਲੱਗੇ ਸਨ। ਦਸਵੀਂ ਤੱਕ ਸਟਾਫ਼ ਵੀ ਪੂਰਾ ਸੀ ਤੇ ਪੜ੍ਹਾਈ ਦਾ ਮਿਆਰ ਵੀ ਉੱਚਾ। ਉਹਨੀਂ ਪ੍ਰਾਈਵੇਟ ਸਕੂਲ ਵਾਲਿਆਂ ਸਰਪੰਚ ਨੂੰ ਪੱਟੀ ਪੜ੍ਹਾ ਰੱਖੀ ਸੀ।
ਉਹਨਾਂ ਦਿਨਾਂ ਵਿਚ ਸਰਵ ਸਿੱਖਿਆ ਅਭਿਆਨ ਅਧੀਨ ਸਕੂਲ ਦਾ ਵਿਦਿਅਕ ਟੂਰ ਚੰਡੀਗੜ੍ਹ ਗਿਆ। ਇਕ ਮੈਡਮ ਸਰ ਹੁਰਾਂ ਨਾਲ ਲੱਗ-ਲੱਗ ਕੇ ਫ਼ੋਟੋਆਂ ਖਿਚਵਾਉਣ ਲੱਗ ਪਈ। ਫ਼ਿਰ ਸੁਖ਼ਨਾ ਝੀਲ ਦੇ ਬੋਟ ’ਤੇ ਵੀ ਉਹਨਾਂ ਨਾਲ ਜਾ ਬੈਠੀ। ਉਹ ਨਿੱਕੀ-ਨਿੱਕੀ ਗੱਲ ’ਤੇ ਹੱਸਦੀ ਫਿਰੇ। ਉਹਦੀ ਚੁੰਨੀ ਮਿੰਟ ਕੁ ਬਾਅਦ ਖਿਸਕ ਜਾਇਆ ਕਰੇ। ਅਗਲੇ ਦਿਨ ਪਿੰਡ ਵਿਚ ਬਾਤ ਦਾ ਬਤੰਗੜ ਬਣ ਗਿਆ। ਸਰਪੰਚ ਨੂੰ ਮੁੱਦਾ ਮਿਲ ਗਿਆ।
‘‘ਜੇ ਤੁਸੀਂ ਮਾਸਟਰ ਏਹੋ ਜਿਹੀਆਂ ਹਰਕਤਾਂ ਕਰੋਗੇ। ਇਹਦਾ ਸਾਡੀਆਂ ਬੱਚੀਆਂ ’ਤੇ ਕੀ ਅਸਰ ਪਏਗਾ?’’ ਸਰਪੰਚ ਨੇ ਸਕੂਲ ਵਿਚ ਹੀ ਪੰਚਾਇਤ ਲਾ ਲਈ ਸੀ।
ਸਰਪੰਚ ਨੂੰ ਉੱਚੀ-ਉੱਚੀ ਬੋਲਦਾ ਦੇਖ ਕੇ, ਉਹਦੇ ਨਾਲ ਦੇ ਵੀ ਤਿੱਖੇ ਹੋ ਗਏ। ਆਨੰਦਜੀਤ ਸਿੰਘ ਪ੍ਰੇਸ਼ਾਨ ਹੋ ਉੱਠਿਆ। ਉਹਨੂੰ ਨੀਂਦ ਆਉਣੋਂ ਹਟ ਗਈ। ਉਹਦਾ ਬਲੱਡ ਪ੍ਰੈਸ਼ਰ ਉਤਾਂਹ ਚੜ੍ਹ ਗਿਆ। ਗਰਮੀ ਹੋਵੇ, ਸਰਦੀ ਹੋਵੇ, ਉਹ ਟਾਈ ਜ਼ਰੂਰ ਲਾਉਂਦਾ ਸੀ। ਉਸਦੀ ਪੱਗ, ਕਮੀਜ਼ ਤੇ ਪੈਂਟ ਦੇ ਰੰਗਾਂ ਦੀ ਮੈਚਿੰਗ ਬੜੀ ਕਮਾਲ ਦੀ ਹੁੰਦੀ ਸੀ। ਉਹ ਆਪਣੇ ਵਾਂਗ ਆਪਣੇ ਵਿਦਿਆਰਥੀਆਂ ਨੂੰ ਵੀ ਬਣੇ ਫਬੇ ਦੇਖਣਾ ਚਾਹੁੰਦਾ ਸੀ। ਵਿਦਿਆਰਥੀਆਂ ਦੀ ਵਰਦੀ ਤੋਂ ਕੋਈ ਅੰਦਾਜ਼ਾ ਨਹੀਂ ਸੀ ਲਾ ਸਕਦਾ ਕਿ ਉਹ ਸਰਕਾਰੀ ਸਕੂਲ ਦੇ ਵਿਦਿਆਰਥੀ ਹਨ ਜਾਂ ਪ੍ਰਾਈਵੇਟ ਦੇ। ਫਿਰ ਸਭ ਕੁਝ ਬਦਲ ਗਿਆ ਸੀ। ਟਾਈ ਲਾਉਣੀ... ਕੱਪੜਿਆਂ ਦੀ ਮੈਚਿੰਗ ਕਰਨੀ, ਟਾਇਮ ਸਿਰ ਦਾੜ੍ਹੀ ਕਟਾਉਣੀ ਸਭ ਕੁਝ ਭੁਲ ਭੁਲਾ ਗਿਆ ਸੀ। ਜਦੋਂ ਉਸਦੀ ਪ੍ਰੇਸ਼ਾਨੀ ਦਾ ਹਰਜੋਗ ਸਿੰਘ ਨੂੰ ਪਤਾ ਲੱਗਾ। ਉਸਨੇ ਉਸਦਾ ਧੀਰਜ ਬੰਨ੍ਹਾਇਆ ਸੀ।
‘‘ਛੋਟੇ ਭਾਈ, ਉਸ ਪ੍ਰਮਾਤਮਾ ਨੇ ਤੁਹਾਡਾ ਅੰਨ ਜਲ ਸਾਡੇ ਸਕੂਲ ਵਿਚ ਲਿਖ ਦਿੱਤਾ ਹੈ। ਤੁਸੀਂ ਸਿਰਫ਼ ਬਦਲੀ ਲਈ ਐਪਲੀਕੇਸ਼ਨ ਦੇਣੀ ਆ। ਬਾਕੀ ਸਾਰਾ ਕੰਮ ਉਸ ਅਕਾਲ ਪੁਰਖ ਨੇ ਆਪੇ ਕਰ ਦੇਣਾ ਏ। ਪਿਛਲੇ ਚਾਰ ਸਾਲ ਤੋਂ ਸਾਡੇ ਸਕੂਲ ਖਾਲੀ ਪਈ ਐੱਸ ਐੱਸ ਦੀ ਪੋਸਟ ਭਰ ਜਾਊ। ਇਸ ਵਿਸ਼ੇ ਨੂੰ ਮੈਂ ਇਕੱਲਾ ਪੜ੍ਹਾਉਣ ਵਾਲਾ। ਮੇਰਾ ਵੀ ਭਾਰ ਵੰਡਾਇਆ ਜਾਊ।... ਲੈ ਸੱਚੇ ਪਾਤਸ਼ਾਹ ਦਾ ਨਾਂ।’’
ਉਸ ਹਰਜੋਗ ਸਿੰਘ ਨੂੰ ਬਦਲੀ ਲਈ ਅਰਜ਼ੀ ਦੇ ਦਿੱਤੀ ਸੀ ਪਰ ਉਹਦਾ ਉਥੋਂ ਜਾਣ ਨੂੰ ਮਨ ਨਹੀਂ ਸੀ ਕਰ ਰਿਹਾ। ਹਰਜੋਗ ਸਿੰਘ ਨੇ ਮੰਤਰੀ ਸਾਹਿਬ ਤੋਂ ਉਸਦੀ ਬਦਲੀ ਕਰਵਾ ਦਿੱਤੀ ਸੀ। ਫਾਰਗ ਹੋਣ ਵੇਲੇ ਉਹ ਦੁਚਿੱਤੀ ਵਿਚ ਸੀ। ਹੋਇਆ ਜਾਵੇ ਜਾਂ ਨਾ। ਉਹਦਾ ਦਿਲ-ਦਿਮਾਗ਼ ਮਜਾਰਾ ਚੱਕ ਦੇ ਸਕੂਲ ਵਿਚ ਹੀ ਸੀ। ਉਹਨੇ ਫਾਰਗੀ ਰਿਪੋਰਟ ਵੀ ਬਣਾ ਲਈ ਸੀ। ਪਰ ਅਜੇ ਵੀ ਉਹਦੇ ਪੈਰ ਦਫ਼ਤਰ ਤੋਂ ਬਾਹਰ ਨਹੀਂ ਸਨ ਨਿਕਲ ਰਹੇ। ਉਹਦੇ ਅੰਦਰ ਅੱਥਰੂਆਂ ਦਾ ਹੜ੍ਹ ਆਇਆ ਹੋਇਆ ਸੀ। ਪਰ ਉਹ ਰੋਕ ਕੇ ਬੈਠਾ ਸੀ। ਉਹਨੂੰ ਅਜੇ ਵੀ ਆਸ ਸੀ। ਪਿੰਡ ਦੇ ਲੋਕ ਉਸਨੂੰ ਨਾ ਜਾਣ ਲਈ ਮਨਾਉਣਗੇ। ਸਰਪੰਚ ਨੂੰ ਫਿੱਟ ਲਾਹਣਤਾਂ ਪਾਉਣਗੇ। ਸਕੂਲ ਦੇ ਬਾਹਰ ਧਰਨਾ ਦੇਣਗੇ। ਅਜਿਹਾ ਕੁਝ ਵੀ ਨਹੀਂ ਸੀ ਹੋਇਆ।... ਖੈਰ! ਨਾ ਚਾਹੁੰਦਿਆਂ ਹੋਇਆਂ ਵੀ ਉਹ ਸਕੂਲ ਤੋਂ ਬਾਹਰ ਹੋ ਗਿਆ ਸੀ। ਉਹਨੂੰ ਇਹ ਹੋਸ਼ ਹੀ ਨਹੀਂ ਸੀ ਕਿ ਕਦੋਂ ਮੋਟਰ ਸਾਇਕਲ ਨੂੰ ਕਿੱਕ ਵੱਜੀ ਤੇ ਕਦੋਂ ਜੱਜਪੁਰ ਦਾ ਸਕੂਲ ਆ ਗਿਆ। ਉਹ ਹਾਜ਼ਰ ਹੋਣ ਲਈ ਆਖ਼ਰੀ ਪੀਰੀਅਡ ਪੁੱਜਾ ਸੀ। ਹਰਜੋਗ ਸਿੰਘ ਉਸਨੂੰ ਗਲਵੱਕੜੀ ਵਿਚ ਲੈਣ ਲਈ ਮੋਹਰੇ ਖੜ੍ਹਾ ਸੀ।
‘‘ਤੁਹਾਡੇ ਵਰਗੀ ਰੂਹ ਦੇ ਤਾਂ ਦਰਸ਼ਨ ਕਰਨੇ ਹੀ ਸਾਡੇ ਧਨ ਭਾਗ ਹਨ।’’
ਹਰਜੋਗ ਸਿੰਘ ਦੇ ਬੋਲਾਂ ਨੇ ਉਹਦੇ ਠੰਢ ਪਾ ਦਿੱਤੀ ਸੀ। ਉਸਨੂੰ ਮਿਲ ਕੇ ਲੱਗਾ ਕਿ ਕੰਧਾਂ ’ਤੇ ਮਾਟੋ ਐਵੇਂ ਨਹੀਂ ਲਿਖਵਾਏ ਜਾਂਦੇ। ਉਹਦੇ ਲਈ ਬੰਦੇ ਦੇ ਅੰਦਰ ਕੁਝ ਹੋਣਾ ਚਾਹੀਦਾ ਹੈ। ਉਹਦੇ ਅੰਦਰ ਜਿੱਡਾ ਜ਼ਖ਼ਮ ਸੀ, ਉਸਨੂੰ ਲੱਗਾ ਹਰਜੋਗ ਸਿੰਘ ਤੇ ਜੱਜਪੁਰ ਦਾ ਸਟਾਫ਼ ਉਸ ਉੱਤੇ ਮੱਲ੍ਹਮ ਵਾਂਗ ਵਿਛ ਜਾਊਗਾ। ਇਹਦੇ ਨਾਲ ਮਜਾਰਾ ਚੱਕ ਵਿਸਰ ਜਾੳੂਗਾ। ਉਹਦੇ ਜਾਣ ’ਤੇ ਸਾਰਾ ਸਟਾਫ਼ ਇਕ-ਦਮ ਸਟਾਫ਼ ਰੂਮ ਵਿਚ ਇਕੱਠਾ ਹੋ ਗਿਆ ਸੀ। ਮਠਿਆਈ ਦਾ ਡੱਬਾ ਖੁੱਲ੍ਹ ਗਿਆ ਸੀ। ਹਰਜੋਗ ਸਿੰਘ ਚਾਹ ਦੀਆਂ ਚੁਸਕੀਆਂ ਦੇ ਨਾਲ ਕਹਿ ਰਿਹਾ ਸੀ।
‘‘ਸਰਦਾਰ ਆਨੰਦਜੀਤ ਸਿੰਘ ਦੇ ਆਉਣ ’ਤੇ ਅਸੀਂ ਤਾਂ ਆਪਣੇ ਆਪ ਨੂੰ ਵਡਭਾਗੇ ਸਮਝਦੇ ਹਾਂ। ਜਿਹੜਾ ਇਨ੍ਹਾਂ ਮਜਾਰਾ ਚੱਕ ਦੀਆਂ ਬਰਕਤਾਂ ਵਿੱਚ ਵਾਧਾ ਕੀਤਾ, ਸਾਡੇ ਵੀ ਇਥੇ ਰੌਣਕਾਂ ਲਾਉਣ। ਵਾਹਿਗੁਰੂ ਇਨ੍ਹਾਂ ’ਤੇ ਕਿਰਪਾ ਰੱਖੇ।’’
ਮਾਟੋ-ਤਿੰਨ

‘‘ਸਕੂਲ ਗਿਆਨ ਤੇ ਯੋਗਤਾ ਦੀ ਚਿਣਗ ਪੈਦਾ ਕਰਨ ਦੇ ਮਾਧਿਅਮ ਹਨ।’’
ਮੈਂ ਡਾਇਰੀ ਬੰਦ ਕਰਕੇ ਖੜ੍ਹਾ ਹੋ ਗਿਆ ਹਾਂ। ਲਗਾਤਾਰ ਬੈਠੇ ਰਹਿਣਾ ਮੇਰੀ ਸਿਹਤ ਲਈ ਠੀਕ ਨਹੀਂ ਹੈ। ਠੀਕ ਤਾਂ ਆਨੰਦਜੀਤ ਸਿੰਘ ਵੀ ਨਹੀਂ ਸੀ। ਫਿਰ ਵੀ ਉਹ ਮਜਾਰਾ ਚੱਕ ਆ ਕੇ ਛੇ-ਸੱਤ ਮਹੀਨੇ ਵਿਚ ਸਹਿਜ ਹੋਣ ਲੱਗ ਪਿਆ ਸੀ। ਮੈਂ ਕੇਸਾਂ ਨੂੰ ਠੀਕ ਕਰਕੇ ਮੁੜ ਡਾਇਰੀ ਖੋਲ੍ਹ ਲਈ ਹੈ। ਜਿਥੋਂ ਡਾਇਰੀ ਖੁੱਲ੍ਹੀ ਹੈ, ਉਥੇ ਮਾਟੋ-ਤਿੰਨ ਲਿਖਿਆ ਹੋਇਆ। ਇਹ ਮਾਟੋ ਸਕੂਲ ਦੀ ਹਿਸਾਬ ਲੈਬਾਰਟੀ ਉੱਤੇ ਵੀ ਲਿਖਿਆ ਹੋਇਆ।
ਪਹਿਲਾਂ ਤਾਂ ਆਨੰਦਜੀਤ ਸਿੰਘ ਚੁੱਪ ਹੀ ਰਿਹਾ ਸੀ। ਇਕ ਦਿਨ ਉਹ ਮਾਟੋ ਤਿੰਨ ਵਿਚ ਖੁੱਭ ਗਿਆ। ਰਾਤ ਭਰ ਇਸ ਵਿਚਾਰ ਉੱਤੇ ਨੋਟਿਸ ਲਿਖਦਾ ਰਿਹਾ। ਅਗਲੇ ਦਿਨ ਸਵੇਰ ਦੀ ਸਭਾ ਵਿਚ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮਨ ਬਣਾਇਆ ਸੀ।
‘‘ਬੇਟੀਓ ਤੇ ਬੇਟਿਓ! ਸਾਨੂੰ ਉਸ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕਰਨਾ ਚਾਹੀਦਾ ਐ। ਜਿਸਨੇ ਇਸ ਸਕੂਲ ਵਿਚ ਚੰਗੇ ਸੰਸਕਾਰ ਪੈਦਾ ਕਰਨ ਵਾਲੇ ਆਨੰਦਜੀਤ ਸਿੰਘ ਵਰਗੇ ਅਧਿਆਪਕ ਭੇਜੇ ਹਨ। ਉਹ ਤੁਹਾਨੂੰ ਨਾਮ ਸਿਮਰਨ ਕਰਨ ਲਈ ਵੀ ਪ੍ਰੇਰ ਰਹੇ ਹਨ ਤੇ ਵਧੀਆ ਤਾਲੀਮ ਵੀ ਦੇ ਰਹੇ ਹਨ। ਸਮਾਜਿਕ ਬੁਰਾਈਆਂ ਵਿਰੁੱਧ ਵੀ ਜਾਗਰਤ ਕਰ ਰਹੇ ਹਨ। ਉਹ...।’’
ਮਾਸਟਰ ਹਰਜੋਗ ਸਿੰਘ ਦਾ ਇਹ ਭਾਸ਼ਣ ਹਮੇਸ਼ਾ ਦੀ ਤਰ੍ਹਾਂ ਲੰਬਾ ਹੋ ਗਿਆ। ਆਨੰਦਜੀਤ ਸਿੰਘ ਬੋਲਣ ਤੋਂ ਰਹਿ ਗਿਆ। ਡਰਾਇੰਗ ਵਾਲਾ ਉਹਦੇ ਮੋਹਰੋਂ ਹੱਸ ਕੇ ਲੰਘਿਆ ਸੀ। ਉਹ ਕਿਉਂ ਹੱਸਿਆ ਸੀ, ਉਹਨੂੰ ਪਤਾ ਨਹੀਂ ਸੀ ਚੱਲਿਆ। ਕਿਥੇ ਉਹ ਮਜਾਰਾ ਚੱਕ ਦੇ ਸਕੂਲ ਵਿਚ ਆਪ ਵਿਦਿਆਰਥੀਆਂ ਨੂੰ ਸੰਬੋਧਨ ਕਰਦਾ ਹੁੰਦਾ ਸੀ। ਪਹਿਲਾਂ ਕੋਈ ਕਿਤਾਬ ਪੜ੍ਹਦਾ। ਫਿਰ ਉਸ ਵਿੱਚੋਂ ਨੋਟ ਕਰਕੇ ਵਿਦਿਆਰਥੀਆਂ ਨੂੰ ਦੱਸਦਾ। ਉਥੇ ਹਰ ਰੋਜ਼ ਬਦਲ ਕੇ ਅਧਿਆਪਕ ਭਾਸ਼ਣ ਕਰਨ ਦੀ ਡਿਊਟੀ ਨਿਭਾਉਂਦੇ ਸਨ। ਉਸਨੂੰ ਆਏ ਨੂੰ ਸਾਲ ਹੋ ਚੱਲਿਆ ਸੀ। ਇਥੇ ਤਾਂ ਹਰ ਰੋਜ਼ ਮਾਸਟਰ ਹਰਜੋਗ ਸਿੰਘ ਹੀ ਬੋਲਦਾ ਸੀ।
ਮਾਟੋ-ਚਾਰ

‘‘ਸੱਚਾ ਅਧਿਆਪਕ ਉਹੀ ਹੁੰਦਾ ਹੈ, ਜਿਹੜਾ ਆਪਣੇ ਵਿਦਿਆਰਥੀਆਂ ਬਾਰੇ ਸੋਚਦਾ ਅਤੇ ਇਥੋਂ ਤੱਕ ਸੁਪਨੇ ਵੀ ਉਨ੍ਹਾਂ ਦੇ ਲੈਂਦਾ ਹੈ।’’
ਮੈਂ ਡਾਇਰੀ ਦੇ ਪੰਨਿਆਂ ਦੀ ਚੁਟਕੀ ਭਰ ਕੇ ਉਲਟਾਈ ਹੈ। ਹੁਣ ਮੈਂ ਥੋੜ੍ਹਾ ਅੱਕ ਗਿਆ ਹਾਂ। ਬੱਸ ਤਾਂਹੀਓਂ ਚੁਟਕੀਆਂ ਭਰਨ ਲੱਗਾ ਹੋਇਆ ਹਾਂ। ਮਾਟੋ ਚਾਰ ਅਧਿਆਪਕ ਦਿਵਸ ਵਾਲੇ ਦਿਨ ਦਾ ਲਿਖਿਆ ਹੋਇਆ। ਇਹ ਬਕਾਇਦਾ ਡਾਇਰੀ ’ਤੇ ਡੇਟ ਪਾ ਕੇ ਨੋਟ ਲਿਖਿਆ ਹੋਇਆ। ਮੈਂ ਅਧਿਆਪਕ ਦਿਵਸ ਵਾਲੇ ਦਿਨ ’ਤੇ ਪੁੱਜ ਜਾਂਦਾ ਹਾਂ।
ਉਸ ਦਿਨ ਵੀ ਉਹ ਇਸ ਮਾਟੋ ’ਤੇ ਬੋਲਣਾ ਚਾਹੁੰਦਾ ਸੀ। ਪਰ ਇਹ ਉਸਦੇ ਬੋਲਣ ਦੀ ਆਖ਼ਰੀ ਕੋਸ਼ਿਸ਼ ਸੀ। ਉਸਨੂੰ ਉਸ ਦਿਨ ਵੀ ਮੌਕਾ ਨਾ ਮਿਲਿਆ। ਮਾਸਟਰ ਹਰਜੋਗ ਸਿੰਘ ਉਹੋ ਪੁਰਾਣਾ ਭਾਸ਼ਣ ਦੁਹਰਾਅ ਰਿਹਾ ਸੀ। ਨਾ ਕੋਈ ਬੱਚਾ ਸੁਣ ਰਿਹਾ ਸੀ ਤੇ ਨਾ ਕੋਈ ਅਧਿਆਪਕ। ਉਸਨੂੰ ਆਪਣਾ ਸਕੂਲ ਯਾਦ ਆਇਆ। ਜਦੋਂ ਆਨੰਦਜੀਤ ਸਿੰਘ ਉਥੇ ਭਾਸ਼ਣ ਕਰਦਾ ਹੁੰਦਾ ਸੀ, ਸਭ ਮੰਤਰ-ਮੁਗਧ ਹੋ ਕੇ ਸੁਣਦੇ ਸਨ। ਆਨੰਦਜੀਤ ਸਿੰਘ ਆਪਣੇ ਪੁਰਾਣੇ ਸਕੂਲ ਨੂੰ ਯਾਦ ਕਰਕੇ ਹਾਉਕੇ ਲੈਣ ਲੱਗਾ।
ਆਨੰਦਜੀਤ ਸਿੰਘ ਜਮਾਤਾਂ ਵਿਚ ਵੜਿਆ ਰਹਿੰਦਾ। ਸਿਧਾਂਤ ਸੀ-
‘‘ਵਿਦਿਆਰਥੀ, ਕਲਾਸ ਰੂਮ, ਬਲੈਕ ਬੋਰਡ ਤੇ ਚਾਕ ਅਧਿਆਪਕ ਦੇ ਸਾਥੀ ਹੋਣੇ ਚਾਹੀਦੇ ਹਨ।’’
ਇਹ ਮਾਟੋ-ਪੰਜ ਉਸਦੇ ਅੰਦਰੋਂ ਨਿਕਲਿਆ ਸੀ। ਉਸਨੇ ਦਫ਼ਤਰ ਦੇ ਸਾਹਮਣੇ ਵਾਲੀ ਕੰਧ ਉੱਤੇ ਲਿਖਵਾਉਣ ਲਈ ਹਰਜੋਗ ਸਿੰਘ ਨੂੰ ਇਹ ਲਿਖ ਕੇ ਵੀ ਦਿੱਤਾ ਸੀ। ਉਹ ਵਿਦਿਆਰਥੀਆਂ ਦੇ ਅੰਗ-ਸੰਗ ਰਹਿੰਦਾ, ਉਨ੍ਹਾਂ ਵਿਚ ਘਿਰਿਆ ਰਹਿੰਦਾ।
ਉਹ ਡਿਸਟਰਬ ਵੀ ਜਲਦੀ ਹੋ ਜਾਂਦਾ ਹੈ। ਜਿਸ ਦਿਨ ਦੀ ਉਸ ਬਦਲੀ ਕਰਵਾਈ ਹੈ, ਮਾੜੀ-ਮਾੜੀ ਗੱਲ ਵੀ ਦਿਲ ’ਤੇ ਲਾ ਲੈਂਦਾ ਹੈ। ਜੇ ਕੋਈ ਅਧਿਆਪਕ ਪੀਰੀਅਡ ਨਾ ਲਾਵੇ ਤਾਂ ਉਹ ਚਿੜ ਜਾਂਦਾ ਹੈ। ਮਾਸਟਰ ਹਰਜੋਗ ਸਿੰਘ ਤੋਂ ਤਾਂ ਪੀਰੀਅਡ ਲਗਦਾ ਹੀ ਨਹੀਂ। ਉਹ ਦਫ਼ਤਰ ਵਿਚ ਬੈਠਾ ਰਹਿੰਦਾ ਹੈ। ਦਫ਼ਤਰ ਦੇ ਸਾਰੇ ਕੰਮ ਉਹ ਹੀ ਕਰਵਾਉਂਦਾ ਹੈ। ਫਿਰ ਕਲਾਸ ਕਿਵੇਂ ਲਾਵੇ? ਉਸ ਜਮਾਤ ਵਿਚ ਰੌਲਾ ਵੀ ਪਏਗਾ। ਰੌਲਾ ਆਨੰਦਜੀਤ ਸਿੰਘ ਦੀ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ। ਉਹ ਉਸਦਾ ਦੋਸਤ ਹੈ। ਉਸਨੂੰ ਪਿਆਰ ਕਰਨ ਵਾਲਾ ਹੈ। ਮਦਦਗਾਰ ਵੀ ਹੈ। ਉਹ ਉਸਨੂੰ ਕੁਝ ਕਹਿ ਵੀ ਨਹੀਂ ਸਕਦਾ। ਬੱਸ ਕਲਪਦਾ ਰਹਿੰਦਾ ਹੈ।
ਮਾਟੋ ਛੇ

‘‘ਸੇਵਾ ਕਰੋ ਪਰ ਫ਼ਲ ਦੀ ਇੱਛਾ ਨਾ ਰੱਖੋ।’’
ਪੱਖੇ ਦੀ ਕਰਾਮਾਤ ਦੇਖੋ। ਲਗਦਾ ਬਿਜਲੀ ਦੀ ਵੋਲਟੇਜ ਵਧ ਗਈ ਹੈ। ਪੱਖਾ ਤੇਜ਼ ਹੋਇਆ ਹੈ। ਡਾਇਰੀ ਦੇ ਵਰਕੇ ਆਪਣੇ ਆਪ ਪਲਟਣ ਲੱਗ ਪਏ ਹਨ। ਮੈਂ ਇਕ ਵਰਕੇ ਉੱਤੇ ਪੈੱਨ ਰੱਖ ਦਿੱਤਾ ਹੈ। ਮਾਟੋ-ਛੇ ਉੱਭਰਿਆ ਹੈ। ਇਸ ਤੋਂ ਪਹਿਲਾਂ ਮੈਂ ਕਮਰੇ ਵਿਚ ਤੁਰ-ਫਿਰ ਰਿਹਾ ਸੀ। ਬੱਚਿਆਂ ਵਾਲੇ ਕਮਰੇ ਵਿਚ ਜਾ ਵੜਿਆ ਸੀ। ਟੀ. ਵੀ. ਔਨ ਕਰਕੇ ਬਹਿ ਗਿਆ। ਸਪੋਰਟਸ ਚੈਨਲ ਲਾਇਆ ਸੀ। ਹਕੀਮਪੁਰ ਦੀਆਂ ਖੇਡਾਂ ਦਾ ਕੁਸ਼ਤੀ ਮੁਕਾਬਲਾ ਹੋ ਰਿਹਾ ਸੀ। ਮੈਨੂੰ ਆਨੰਦਜੀਤ ਸਿੰਘ ਨੇ ਘੇਰਾ ਪਾ ਲਿਆ। ਮੈਂ ਆਪਣੇ ਕਮਰੇ ਵਿਚ ਆ ਗਿਆ। ਉਸੇ ਵੇਲੇ ਮਾਟੋ ਛੇ ਵਾਲੀ ਘਟਨਾ ਵਾਪਰ ਗਈ।
ਆਨੰਦਜੀਤ ਸਿੰਘ ਵੀ ਮੈਚਾਂ ਦਾ ਬਹੁਤ ਸ਼ੌਕੀਨ ਹੈ। ਤਾਹੀਓਂ ਤਾਂ ਮਜਾਰਾ ਚੱਕ ਦੇ ਸਕੂਲ ਦੇ ਖੇਡ ਦੇ ਮੈਦਾਨ ਵਿਚ ਗਰਾਊਂਡਾਂ ਬਣੀਆਂ ਹੋਈਆਂ ਹਨ। ਉਹਨੂੰ ਐਂਕਰਿੰਗ ਕਰਨ ਦਾ ਵੀ ਸ਼ੌਕ ਹੈ। ਉਹ ਸਕੂਲ ਟਾਇਮ ਤੋਂ ਬਾਅਦ ਜਾਂ ਛੁੱਟੀ ਵਾਲੇ ਦਿਨ ਇਹ ਡਿੳੂਟੀ ਨਿਭਾਉਂਦਾ ਹੈ। ਇਲਾਕੇ ਵਿਚ ਕਿਤੇ ਕੋਈ ਕਬੱਡੀ ਦਾ ਮੈਚ ਹੋਵੇ, ਕੋਈ ਖੇਡ ਮੇਲਾ ਹੋਵੇ, ਕਿਤੇ ਸੱਭਿਆਚਾਰ ਪ੍ਰੋਗਰਾਮ ਹੋਵੇ ਤੇ ਚਾਹੇ ਹੋਵੇ ਧਾਰਮਿਕ ਸਮਾਗਮ... ਮਾਇਕ ਉਸਦੇ ਹੱਥ ਹੋਏਗਾ। ਇਨਾਮ-ਸਨਮਾਨ ਲੈਣਾ ਤਾਂ ਉਸਦੇ ਮੁੱਖ ਸ਼ੌਕਾਂ ਵਿਚ ਸ਼ਾਮਲ ਹਨ। ਮੈਨੂੰ ਉਹਦੀ ਪਿੰਡ ਬਰਨਾਲੇ ਵਾਲੀ ਘਟਨਾ ਕਦੇ ਨਹੀਂ ਭੁੱਲੀ।
ਗੁੱਗਾ ਨੌਮੀ ਦੀਆਂ ਕਾਰਾਂ ਚਲ ਰਹੀਆਂ ਸਨ। ਉਹ ਬਰਨਾਲੇ ਦੀ ਮਸ਼ਹੂਰ ਛਿੰਝ ਦੇਖਣ ਚਲਾ ਗਿਆ। ਉਥੇ ਅਨਾਊਂਸਰ ਨੇ ਇਕ ਦੋ ਵਾਰ ਉਸਦਾ ਨਾਂ ਤਾਂ ਬੋਲ ਦਿੱਤਾ ਪਰ ਸਟੇਜ ’ਤੇ ਨਾ ਬੁਲਾਇਆ। ਮੋਮੈਂਟੋਆਂ ਦੀ ਵੰਡ ਵੰਡਾਈ ਵੇਲੇ ਉਸ ਦਾ ਨਾਂ ਤੱਕ ਵੀ ਨਾ ਲਿਆ ਗਿਆ। ਅਗਲੇ ਦਿਨ ਬੁਖਾਰ ਹੋਣ ਕਰਕੇ ਉਹ ਸਕੂਲ ਨਾ ਗਿਆ। ਅਧਿਆਪਕਾਂ ਵਿਚ ਚਰਚਾ ਰਹੀ ਕਿ ਮੋਮੈਂਟੋ ਨਾ ਮਿਲਣ ਕਰਕੇ ਬੁਖਾਰ ਚੜ੍ਹਿਆ।
ਮਾਟੋ-ਸੱਤ

‘‘ਗੱਲੀਂ ਅਸੀਂ ਚੰਗੀਆਂ, ਆਚਾਰੀਆਂ ਬੁਰੀਆਂ।’’
ਕਹਾਣੀ ਦੇ ਦੂਜੇ ਪਾਤਰ ਹਰਜੋਗ ਸਿੰਘ ਨੂੰ ਸਮਝਣਾ ਟੀਸੀ ਦਾ ਬੇਰ ਤੋੜਨ ਬਰਾਬਰ ਹੈ। ਦਰਅਸਲ ਇਹ ਵੀ ਪੂਰੀ ਤਰ੍ਹਾਂ ਕਾਬੂ ਨਹੀਂ ਆ ਰਿਹਾ। ਉਹਨੂੰ ਫੜਨਾ ਤੇ ਸਿਰਜਣਾ ਕਰਨੀ ਵੱਸੋਂ ਬਾਹਰਾ ਕੰਮ ਲਗਦਾ। ਇਹਦੇ ਸੁਭਾਅ ਦੀ ਇਕ ਕੰਨੀ ਫ਼ੜਦਾ ਹਾਂ, ਦੂਜੀ ਛੁੱਟੀ ਜਾਂਦੀ ਹੈ। ਇਹਦੇ ਬਾਰੇ ਲਿਖਣ ਲਈ ਮਾਟੋ-ਸੱਤ ਵਿਚ ਬਾਬੇ ਦੀ ਬਾਣੀ ਨੂੰ ਵਰਤ ਰਿਹਾ ਹਾਂ।
ਨੌਵੀਂ ਜਮਾਤ ਦਾ ਦੂਸਰਾ ਪੀਰੀਅਡ ਸੋਸ਼ਲ ਸਟੱਡੀ ਦਾ ਸੀ। ਡਰਾਇੰਗ ਵਾਲੇ ਨੇ ਕੋਈ ਕੁੜੀ ਮੁੰਡੇ ਨਾਲ ਮੋਬਾਇਲ ਦੀ ਸਿਮ ਵਟਾਉਂਦੀ ਦੇਖ ਲਈ। ਪੀਰੀਅਡ ਹਰਜੋਗ ਸਿੰਘ ਦਾ ਸੀ। ਆਪ ਤਾਂ ਉਹ ਦਫ਼ਤਰ ਵਿੱਚ ਮੈਡਮ ਨਾਲ ਗੱਲੀਂ ਜੁਟਿਆ ਹੋਇਆ ਸੀ। ਡਰਾਇੰਗ ਮਾਸਟਰ ਉਦੋਂ ਦਾ ਹੀ ਤੀਰ ਛੱਡੀ ਜਾ ਰਿਹਾ ਹੈ।
‘‘ਇਸ ਬੰਦੇ ਨੂੰ ਇਕ ਭੁਸ ਆ ਭਾਸ਼ਣ ਕਰਨ ਦਾ, ਪੱਚੀ ਤੀਹ ਮਿੰਟ ਸੋਰਨਿੰਗ ਅਸੈਂਬਲੀ ਵਿਚ ਲਾ ਦਿੰਦਾ ਆ। ਅੱਧੀ ਛੁੱਟੀ ਵੀ ਇਸ ਕੰਮ ਲਈ ਰਾਖਵੀਂ। ਬਾਕੀ ਸਾਰਾ ਦਿਨ ਦਫ਼ਤਰ ਵਿਚ ਮੈਡਮ ਕੋਲ ਬੈਠਾ ਰਹਿੰਦਾ ਹੈ। ਬੱਸ ਇਸ ਕੰਮ ਦੀ ਤਨਖਾਹ ਲੈਂਦਾ।’’ ਡਰਾਇੰਗ ਮਾਸਟਰ ਛੁੱਟੀ ਹੋਣ ਤੱਕ ਉਹਦੇ ਪੜਛੇ ਲਾਹੁੰਦਾ ਰਿਹਾ।
ਡਰਾਇੰਗ ਮਾਸਟਰ ਕਮਲਾ ਹੈ। ਜਿਸ ਢੰਗ ਨਾਲ ਹਰਜੋਗ ਸਿੰਘ ਸਕੂਲ ਚਲਾਈ ਜਾਂਦਾ ਹੈ, ਉਹ ਧੰਨ ਦਾ ਹੈ। ਮੈਡਮ ਐਵੇਂ ਤਾਂ ਨਹੀਂ ਉਹਨੂੰ ਸਾਰੀਆਂ ਪਾਵਰਾਂ ਦੇਈ ਬੈਠੀ। ਜਿਸ ਤਰ੍ਹਾਂ ਦਾ ਸਰਕਾਰੀ ਸਕੂਲਾਂ ਵਿਚ ਸਿਸਟਮ ਚੱਲ ਰਿਹਾ, ਮਾੜਾ ਆਦਮੀ ਤਾਂ ੳੂਈਂ ਗਸ਼ ਖਾ ਕੇ ਡਿੱਗ ਪਏ। ਡਰਾਇੰਗ ਵਾਲੇ ਨੂੰ ਪਤਾ ਨਹੀਂ। ਸਰਕਾਰੀ ਸਕੀਮਾਂ ਖਾਲੀ ਲਿਫ਼ਾਫ਼ੇ ਵਾਂਗ ਹੁੰਦੀਆਂ ਹਨ। ਹਰਜੋਗ ਸਿੰਘ ਇਸ ਕਰਕੇ ਸਕੂਲ ਚਲਾਈ ਜਾਂਦਾ, ਕਿਉਂਕਿ ਉਹ ਪਿੰਡ ਦੀ ਸਰਪੰਚੀ ਵੀ ਕਰਦਾ।
ਪਿਛਲੇ ਪੱਚੀ ਸਾਲ ਤੋਂ ਉਸਦੇ ਆਪਣੇ ਪਿੰਡ ਦੀ ਸਰਪੰਚੀ ਤੇ ਇਲਾਕੇ ਦੀ ਲੀਡਰੀ ਹਰਜੋਗ ਸਿੰਘ ਦੇ ਪਰਿਵਾਰ ਕੋਲ ਹੀ ਹੈ। ਨੌਕਰੀ ਤੋਂ ਪਹਿਲਾਂ ਪਿੰਡ ਦਾ ਸਰਪੰਚ ਇਹ ਹੁੰਦਾ ਸੀ। ਮੁੜ ਸਰਪੰਚੀ ਇਨ੍ਹਾਂ ਘਰੋਂ ਨਹੀਂ ਜਾਣ ਦਿੱਤੀ। ਸਰਪੰਚ ਭਾਵੇਂ ਭਰਾ ਨੂੰ ਬਣਾਵੇ, ਚਾਹੇ ਘਰ ਵਾਲੀ ਨੂੰ। ਇਕ ਵਾਰੀ ਪਿੰਡ ਦੀ ਸਰਪੰਚੀ ਦਲਿਤਾਂ ਲਈ ਰਾਖਵੀਂ ਹੋ ਗਈ। ਉਸਨੇ ਆਪਣਾ ਕਾਮਾ ਜਿਤਾ ਲਿਆ ਸੀ। ਜੇ ਉਹ ਪਿੰਡ ਦੀ ਸਰਪੰਚੀ ਕਰੀ ਜਾ ਰਿਹਾ ਹੈ ਤਾਂ ਸਕੂਲ ਵੀ ਉਹੀ ਚਲਾਏਗਾ।
ਮਾਟੋ-ਅੱਠ

‘‘ਅੱਜ ਵਿਦਿਆ ਮੰਡੀ ਦੀ ਵਸਤੂ ਬਣ ਗਈ ਹੈ। ਜਿਸ ਕੋਲ ਸਰਮਾਇਆ ਹੈ, ਉਹ ਉਸਨੂੰ ਖਰੀਦ ਰਿਹਾ ਹੈ।’’
ਵਿੱਦਿਆ ਦੇ ਵਿਕਾਸ ਦਾ ਕੱਚ ਸੱਚ ਵਿਸ਼ੇ ’ਤੇ ਅਖ਼ਬਾਰ ਵਿਚ ਛਾਪਿਆ ਹੋਇਆ ਇਕ ਲੇਖ ਪੜ੍ਹਿਆ ਸੀ। ਇਸ ਲੇਖ ਵਿੱਚੋਂ ਆਨੰਦਜੀਤ ਸਿੰਘ ਨੇ ਇਹ ਦੋ ਸਤਰਾਂ ਡਾਇਰੀ ਵਿਚ ਨੋਟ ਕਰ ਲਈਆਂ ਸਨ। ਇਹ ਉਸਨੇ ਮਾਟੋ ਬਣਾ ਕੇ ਹੀ ਸਾਂਭ ਲਈਆਂ ਸਨ। ਮੈਂ ਭੁੱਲ ਨਾ ਜਾਵਾਂ। ਜਿਸ ਦਿਨ ਇਹ ਲੇਖ ਛਪਿਆ ਇਕ ਨਵੇਂ ਅਧਿਆਪਕ ਨੇ ਇਹ ਲੇਖ ਪੜ੍ਹ ਕੇ ਹਰਜੋਗ ਸਿੰਘ ਤੋਂ ਪੁੱਛਿਆ-
‘‘ਸਰ, ਕੀ ਵਿੱਦਿਆ ਸੱਚਮੁੱਚ ਪੈਸਾ ਕਮਾਉਣ ਦਾ ਧੰਦਾ ਬਣ ਗਈ ਆ?’’
‘‘ਇਹ ਤਾਂ ਸਭ ਕੁਸ਼ ਉਸ ਪ੍ਰਮਾਤਮਾ ਦੇ ਹੱਥ ਵੱਸ ਏ। ਆਹ ਜਿਹੜੇ ਬੱਚੇ ਸਾਡੇ ਕੋਲ ਪੜ੍ਹਦੇ ਹਨ। ਇਹ ਉਸ ਸੱਚੇ ਪ੍ਰਮਾਤਮਾ ਦੇ ਜੀਅ ਹਨ। ਇਨ੍ਹਾਂ ਨੂੰ ਪੜ੍ਹਾਉਣ ਦੀ ਸੇਵਾ ਸਭ ਦੇ ਪਾਲਣਹਾਰ ਨੇ ਸਾਨੂੰ ਸੌਂਪੀ ਹੈ। ਮੇਰੇ ਦੋਨੋਂ ਕਾਕੇ ਪਹਿਲਾਂ ਕੌਨਵੈਂਟ ਸਕੂਲ ਵਿਚ ਪੜ੍ਹੇ। ਫੇਰ ਸਟੱਡੀ ਬੇਸ ’ਤੇ ਕੈਨੇਡਾ ਪੜ੍ਹ ਕੇ ਉਥੇ ਹੀ ਸੈਟਲ ਹੋ ਗਏ। ਇਹ ਭਾਈ ਉਨ੍ਹਾਂ ਦੇ ਭਾਗ ਐ। ਦਾਣੇ-ਪਾਣੀ ਦੀ ਖੇਡ ਐ। ਕਿਸੇ ਨੇ ਕਿਥੇ ਜੰਮਣਾ ਹੈ, ਕਿਥੇ ਪਲਣਾ ਹੈ... ਕਿਥੇ ਪੜ੍ਹਨਾ-ਲਿਖਣਾ ਹੈ, ਇਹ ਸਭ ਕਰਤਾਰ ਦੇ ਹੱਥ ਹੈ। ਬੰਦਾ ਬੇਵੱਸ ਹੈ।’’
ਮਾਟੋ-ਨੌਂ

‘‘ਸਫ਼ਲਤਾ ਦਾ ਮੋਤੀ ਮਿਹਨਤ ਦੀ ਸਿੱਪੀ ਵਿਚ ਬੰਦ ਹੈ।’’
ਮੈਂ ਇਕ ਹੱਥ ਵਿਚ ਦੋ ਕੜੇ ਪਾਏ ਹੋਏ ਹਨ। ਜਦੋਂ ਮੈਂ ਲਿਖਣਾ ਸ਼ੁਰੂ ਕਰਦਾ ਹਾਂ ਜਾਂ ਬਾਂਹ ਉਪਰ ਥੱਲੇ ਕਰਦਾ ਹਾਂ, ਇਹ ਆਪਸ ਵਿਚ ਟਕਰਾ ਕੇ ਖੜਕ ਪੈਂਦੇ ਹਨ। ਜਿਸ ਨਾਲ ਖਲਲ ਪੈਂਦਾ ਹੈ। ਮਾਟੋ-ਨੌਂ ਪੜ੍ਹ ਰਿਹਾ ਹਾਂ। ਕਹਾਣੀ ਪਤਾ ਨਹੀਂ ਕਿਧਰ ਨੂੰ ਤੁਰ ਪਈ ਹੈ। ਮੈਂ ਇਕ ਕੜਾ ਲਾਹ ਦਿੱਤਾ ਹੈ। ਮੈਂ ਕਹਾਣੀ ਤਾਂ ਸ਼ੁਰੂ ਕੀਤੀ ਸੀ ਆਨੰਦਜੀਤ ਸਿੰਘ ਬਾਰੇ, ਪਰ ਹਰਜੋਗ ਸਿੰਘ ਆ ਕੇ ਭਾਰੂ ਪੈ ਗਿਆ। ਖੈਰ...। ਇਹ ਕਿਹੜਾ ਕੜੇ ਹਨ? ਦੋਨਾਂ ਨੂੰ ਅੱਡ ਕਰਨਾ ਵੀ ਔਖਾ। ਨਾਲੇ ਹਰਜੋਗ ਸਿੰਘ ਆਨੰਦਜੀਤ ਸਿੰਘ ਦਾ ਪ੍ਰਸੰਸਕ ਵੀ ਤਾਂ ਹੈ। ਉਹ ਤਾਂ ਆਪਣੇ ਭਾਸ਼ਣ ਵਿਚ ਕਦੇ-ਕਦੇ ਇਹ ਵੀ ਕਹਿ ਦਿੰਦਾ ਹੈ-ਰਾਜਿਓ ਤੇ ਰਾਣੀਓ, ਸ੍ਰ ਆਨੰਦਜੀਤ ਸਿੰਘ ਵਰਗਾ ਮਿਹਨਤੀ ਅਧਿਆਪਕ ਤੁਹਾਨੂੰ ਕਿਤੇ ਨਹੀਂ ਮਿਲਣਾ।’’
ਫੇਰ ਉਹ ਉਸਦੀਆਂ ਪ੍ਰਾਪਤੀਆਂ ਗਿਣਾਉਣ ਲੱਗ ਪਏਗਾ। ਪੜ੍ਹਾਈ ਵਿਚ ... ਖੇਡਾਂ ਵਿਚ... ਸੱਭਿਆਚਾਰਕ ਪ੍ਰੋਗਰਾਮਾਂ ਵਿਚ ਮਾਰੀਆਂ ਮੱਲਾਂ ਦੀਆਂ। ਇਕ ਦਿਨ ਦਫ਼ਤਰ ਵਿਚ ਪੰਚਾਇਤ ਆਈ ਬੈਠੀ ਸੀ। ਉਹ ਦਫ਼ਤਰ ਵਿਚ ਆਏ ਆਨੰਦਜੀਤ ਸਿੰਘ ਨੂੰ ਦੇਖ ਕੇ ਮੌਰਨਿੰਗ ਅਸੈਂਬਲੀ ਵਾਲੀਆਂ ਸਿਫ਼ਤਾਂ ਸੁਣਾਉਣ ਲੱਗ ਪਿਆ,
‘‘... ਇਹ ਸਟੇਟ ਐਵਾਰਡ ਲਈ ਕਿਉਂ ਨ੍ਹੀਂ ਅਪਲਾਈ ਕਰਦੇ?’’ ਪੜ੍ਹੇ-ਲਿਖੇ ਸਰਪੰਚ ਨੇ ਸਟੇਟ ਐਵਾਰਡ ਲਈ ਮੰਗੇ ਕੇਸਾਂ ਵਾਲੀ ਖ਼ਬਰ ਦੀ ਕਟਿੰਗ ਉਨ੍ਹਾਂ ਦੇ ਮੋਹਰੇ ਕੀਤੀ ਸੀ।
ਉਸੇ ਵੇਲੇ ਹਰਜੋਗ ਸਿੰਘ ਆਨੰਦਜੀਤ ਸਿੰਘ ਨੂੰ ਮੋਟੀਵੇਟ ਕਰਨ ਲੱਗ ਪਿਆ ਸੀ। ਉਹ ਨਾਂਹ ਵਿਚ ਸਿਰ ਮਾਰੀ ਜਾ ਰਿਹਾ ਸੀ। ਪਰ ਹਰਜੋਗ ਸਿੰਘ ਕਿਥੋਂ ਮੰਨਣ ਵਾਲਾ ਸੀ। ਕਿਸੇ ਨੂੰ ਮਨਾ ਲੈਣ ਦੀ ਕਲਾ ਤਾਂ ਉਸ ਵਿਚ ਬਹੁਤ ਸੀ। ਨਾਲ ਦੇ ਪਿੰਡ ਦੇ ਪ੍ਰਾਇਮਰੀ ਸਕੂਲ ਦੇ ਅਧਿਆਪਕ ਅਸ਼ੋਕ ਕੁਮਾਰ ਵਸ਼ਿਸ਼ਟ ਨੇ ਪਿਛਲੇ ਸਾਲ ਸਟੇਟ ਐਵਾਰਡ ਲਿਆ ਸੀ। ਹਰਜੋਗ ਸਿੰਘ ਅਗਲੇ ਦਿਨ ਆਨੰਦਜੀਤ ਸਿੰਘ ਨੂੰ ਉਸ ਕੋਲ ਲੈ ਗਿਆ ਸੀ। ਸਟੇਟ ਐਵਾਰਡੀ ਨੇ ਆਪਣੇ ਕੇਸ ਦੀ ਨਕਲ ਉਨ੍ਹਾਂ ਨੂੰ ਸੌਂਪ ਦਿੱਤੀ ਸੀ। ਉਹ ਫਾਈਲ ਐਨੀ ਮੋਟੀ ਸੀ ਕਿ ਦੇਖ ਕੇ ਤ੍ਰਾਹ ਨਿਕਲਦਾ ਸੀ। ਪਰ ਹਰਜੋਗ ਸਿੰਘ ਨੇ ਉਸਨੂੰ ਹੌਸਲੇ ਵਿਚ ਕਰ ਦਿੱਤਾ ਸੀ।
ਉਸਨੇ ਸਰਟੀਫਿਕੇਟ, ਸਨਮਾਨ ਪੱਤਰ, ਨਤੀਜੇ, ਖੇਡਾਂ ਦੀਆਂ ਪ੍ਰਾਪਤੀਆਂ, ਸਕੂਲਾਂ ਦੀਆਂ ਗਤੀਵਿਧੀਆਂ ਤੇ ਪਿਛਲੇ ਦਸ ਸਾਲ ਦਾ ਰਿਕਾਰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ। ਉਸ ਸਨਮਾਨ ਪੱਤਰਾਂ, ਅਖ਼ਬਾਰਾਂ ਦੀ ਕਟਿੰਗ, ਫੋਟੋਆਂ ਅਤੇ ਸਰਟੀਫਿਕੇਟਾਂ ਦੀ ਕਦੇ ਜ਼ਰੂਰਤ ਨਹੀਂ ਸੀ ਸਮਝੀ। ਪਰ ਹੁਣ ਇਨ੍ਹਾਂ ਦੀ ਅਹਿਮੀਅਤ ਦੀ ਕੀਮਤ ਮਹਿਸੂਸ ਹੋਣ ਲੱਗੀ। ਹਰਜੋਗ ਸਿੰਘ ਉਸ ਨਾਲ ਕੰਪਿੳੂਟਰ ’ਤੇ ਸਰਟੀਫਿਕੇਟ ਤਿਆਰ ਕਰਵਾਉਂਦਾ। ਫੇਰ ਸਬੰਧਤ ਅਧਿਕਾਰੀ ਤੋਂ ਦਸਤਖ਼ਤ ਕਰਵਾਉਂਦਾ। ਉਨ੍ਹਾਂ ਦੋਨਾਂ ਨੇ ਕਲੱਬਾਂ, ਸਕੂਲਾਂ, ਪੰਚਾਇਤਾਂ, ਅਕਾਡਮੀਆਂ, ਨਾਟਕ ਟੀਮਾਂ ਤੋਂ ਸਨਮਾਨ ਪੱਤਰ ਹਾਸਲ ਕੀਤੇ। ਅਖ਼ਬਾਰਾਂ ਦੀਆਂ ਕਟਿੰਗਾਂ ਤੇ ਮੈਗਜ਼ੀਨਾਂ ਦੀਆਂ ਲਿਖਤਾਂ ਇਕੱਠੀਆਂ ਕੀਤੀਆਂ। ਫੋਟੋਗ੍ਰਾਫ਼ਰਾਂ ਤੋਂ ਫੋਟੋ ਲਈਆਂ। ਇਕ ਮੋਟੀ ਫਾਈਲ ਤਿਆਰ ਹੋ ਗਈ। ਉਸਦੀਆਂ ਪੰਜ ਡੁਪਲੀਕੇਟ ਕਾਪੀਆਂ ਤਿਆਰ ਕੀਤੀਆਂ। ਉਹ ਮਹੀਨਾ ਭਰ ਫਾਈਲਾਂ ਦੁਆਲੇ ਲੱਗੇ ਰਹੇ। ਨਾ ਸੌਂ ਕੇ ਵੇਖਿਆ ਤੇ ਨਾ ਅਰਾਮ ਕਰਕੇ।
ਫਾਈਲਾਂ ’ਤੇ ਡੀ. ਡੀ. ਓ. ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਦਸਤਖ਼ਤ ਕਰਵਾਏ। ਇਸ ਆਸ ਨਾਲ ਕਿ ਐਵਾਰਡ ਉਸਨੂੰ ਹੀ ਮਿਲੇਗਾ, ਉਹ ਤੇ ਹਰਜੋਗ ਸਿੰਘ ਡੀ. ਪੀ. ਆਈ. ਦਫ਼ਤਰ ਫਾਈਲ ਜਮ੍ਹਾਂ ਕਰਵਾ ਆਏ। ਫ਼ੇਰ ਵਾਰੀ ਸੀ ਸਕੂਲ ਦੀ ਇਮਾਰਤ ਨੂੰ ਦੁਲਹਨ ਵਾਂਗ ਸਜਾਉਣ ਦੀ। ਵੈਸੇ ਤਾਂ ਸਕੂਲ ਦੀ ਬਿਲਡਿੰਗ ਕੁਝ ਸਾਲ ਪਹਿਲਾਂ ਹੀ ਨਵੀਂ ਬਣੀ ਸੀ। ਪਰ ਪੂਰੇ ਸਟਾਫ਼ ਨੇ ਖਾਸਕਰ ਹਰਜੋਗ ਸਿੰਘ ਨੇ ਇਮਾਰਤ ਅਤੇ ਆਲੇ-ਦੁਆਲੇ ਨੂੰ ਸੁੰਦਰ ਬਣਾਉਣ ਵਿਚ ਵੱਡਾ ਯੋਗਦਾਨ ਪਾਇਆ। ਸਾਰੀ ਇਮਾਰਤ ਨੂੰ ਆਨੰਦਜੀਤ ਸਿੰਘ ਨੇ ਪੱਲਿਓਂ ਪੈਸੇ ਖਰਚ ਪੇਂਟ ਕਰਵਾਇਆ। ਹਰਜੋਗ ਸਿੰਘ ਸਪੈਸ਼ਲ ਮਾਟੋ ਲੱਭ-ਲੱਭ ਕੇ ਲਿਖਵਾਉਣ ਲੱਗਾ। ਘਾਹ, ਫੁੱਲ ਬੂਟਿਆਂ ਤੇ ਕਿਆਰੀਆਂ ਨੇ ਇਮਾਰਤ ਦਾ ਰੂਪ ਹੀ ਬਦਲ ਦਿੱਤਾ। ਸਟਾਫ਼ ਨੇ ਸਕੂਲ ਨੂੰ ਸੰਵਾਰਨ ਦੀ ਕੋਈ ਕਸਰ ਨਾ ਰਹਿਣ ਦਿੱਤੀ। ਸਕੂਲ ਵਿਚ ਸਾਰਾ ਫਰਨੀਚਰ ਨਵਾਂ ਖਰੀਦਿਆ ਗਿਆ। ਹਰਜੋਗ ਸਿੰਘ ਵਿਚ ਵੀ ਕੁਝ ਤਬਦੀਲੀਆਂ ਆ ਗਈਆਂ। ਉਹ ਆਨੰਦਜੀਤ ਸਿੰਘ ਵਾਂਗ ਪੀਰੀਅਡ ਲਾਉਣ ਲੱਗ ਪਿਆ। ਬਲੈਕ ਬੋਰਡ ’ਤੇ ਲਿਖਵਾਉਂਦਾ। ਪੱਕੀਆਂ ਕਾਪੀਆਂ ਚੈੱਕ ਕਰਦਾ। ਵਿਦਿਆਰਥੀਆਂ ਦੇ ਟੈਸਟ ਲੈਂਦਾ।
ਬੱਸ ਹੁਣ ਇੰਤਜ਼ਾਰ ਸੀ ਇੰਸਪੈਕਸ਼ਨ ਦੀ। ਹਰ ਰੋਜ਼ ਬੜੀ ਬੇਸਬਰੀ ਨਾਲ ਉਡੀਕ ਕੀਤੀ ਜਾਣ ਲੱਗੀ। ਜ਼ਿਲ੍ਹਾ ਸਿੱਖਿਆ ਦਫ਼ਤਰ ਤੋਂ ਫੋਨ ਆਇਆ-‘ਆਨੰਦਜੀਤ ਸਿੰਘ ਨਾਲ ਸਬੰਧਤ ਸਾਰਾ ਰਿਕਾਰਡ ਲੈ ਕੇ ਦਫ਼ਤਰ ਪੁੱਜੋ।’ ਪ੍ਰਿੰਸੀਪਲ ਮੈਡਮ, ਹਰਜੋਗ ਸਿੰਘ ਤੇ ਕਲਰਕ ਆਨੰਦਜੀਤ ਸਿੰਘ ਦਾ ਰਿਕਾਰਡ ਲੈ ਕੇ ਗਏ। ਉਨ੍ਹਾਂ ਰਿਕਾਰਡ ਚੈੱਕ ਕਰਕੇ ਸਿਫਾਰਸ਼ ਕਰ ਦਿੱਤੀ। ਉਸੇ ਵੇਲੇ ਹਰਜੋਗ ਸਿੰਘ ਨੇ ਮੋਬਾਇਲ ਫੋਨ ਰਾਹੀਂ ਆਨੰਦਜੀਤ ਸਿੰਘ ਨੂੰ ਵਧਾਈ ਦਿੱਤੀ।
ਅੱਜ ਗਰਮੀ ਬਹੁਤ ਹੈ। ਉਸ ਦਿਨ ਵੀ ਹੁੰਮ ਬਹੁਤ ਸੀ। ਡਿਪਟੀ ਡਾਇਰੈਕਟਰ ਦੀ ਨਿਰੀਖਣ ਟੀਮ ਸਕੂਲ ਆ ਗਈ। ਉਂਝ ਜ਼ਿਲ੍ਹਾ ਸਿੱਖਿਆ ਦਫ਼ਤਰ ਨੇ ਸਵੇਰੇ ਹੀ ਸੂਚਨਾ ਦੇ ਦਿੱਤੀ ਸੀ। ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਸਭ ਕੁਝ ਸੈੱਟ ਕਰ ਲਿਆ ਗਿਆ ਸੀ। ਉਨ੍ਹਾਂ ਸਕੂਲ ਦਾ ਪੂਰਾ ਰਿਕਾਰਡ ਚੈੱਕ ਕੀਤਾ। ਬਾਥਰੂਮ, ਕਿਚਨ ਤੇ ਕਲਾਸਰੂਮਾਂ ਦੀ ਮੂਵੀ ਵੀ ਬਣਾਈ। ਵਿਦਿਆਰਥੀਆਂ ਦੀ ਕਾਬਲੀਅਤ ਵੀ ਪਰਖੀ। ਲੱਗਭੱਗ ਸਾਰੀਆਂ ਜਮਾਤਾਂ ਦੀਆਂ ਕਾਪੀਆਂ ਚੈੱਕ ਕੀਤੀਆਂ। ਆਨੰਦਜੀਤ ਸਿੰਘ, ਹਰਜੋਗ ਸਿੰਘ... ਸਭ ਅਧਿਆਪਕਾਂ ਦੀਆਂ ਜਮਾਤਾਂ ਪੜ੍ਹਾ ਕੇ ਦੇਖੀਆਂ। ਜਦੋਂ ਦਾ ਆਨੰਦਜੀਤ ਸਿੰਘ ਨੇ ਸਟੇਟ ਐਵਾਰਡ ਲਈ ਕੇਸ ਭੇਜਿਆ ਸੀ, ਕੋਈ ਨਾ ਕੋਈ ਇੰਸਪੈਕਸ਼ਨ ਟੀਮ ਆ ਹੀ ਜਾਂਦੀ ਰਹੀ। ਸ਼ੁਰੂ ਵਿਚ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਟੀਮ ਨਿਰੀਖਣ ਕਰਕੇ ਗਈ ਸੀ। ਉਸ ਪਿੱਛੋਂ ਸਰਕਲ ਸਿੱਖਿਆ ਅਫ਼ਸਰ ਦੀ ਟੀਮ ਵੀ ਆਈ ਸੀ। ਜਦੋਂ ਵੀ ਇਹ ਟੀਮਾਂ ਆਈਆਂ, ਹਰਜੋਗ ਸਿੰਘ ਨੇ ਉਨ੍ਹਾਂ ਨੂੰ ਖੁਆਣ ਪਿਆਣ ਦੀ ਸੇਵਾ ਇਸ ਕਦਰ ਕੀਤੀ ਕਿ ਉੱਚ ਅਧਿਕਾਰੀ ਵਿਜ਼ਟਰਬੁਕ ਵਿਚ ਉਸਦੀ ਪ੍ਰਸੰਸਾ ਕਰਕੇ ਗਏ।
ਦੋ ਕੁ ਹਫ਼ਤੇ ਬਾਅਦ ਦੀ ਗੱਲ ਹੋਣੀ ਹੈ। ਸਵੇਰੇ-ਸਵੇਰੇ ਸਟਾਫ਼ ਮੈਂਬਰ ਪ੍ਰਿੰਸੀਪਲ ਦਫ਼ਤਰ ਵਿਚ ਹਾਜ਼ਰੀ ਲਾ-ਲਾ ਬੈਠੀ ਜਾ ਰਹੇ ਸਨ। ਹਰਜੋਗ ਸਿੰਘ ਨੇ ਸਾਰਿਆਂ ਨੂੰ ਪ੍ਰਸ਼ਾਦਿ ਵੰਡਿਆ।
‘‘ਕੱਲ੍ਹ ਐਤਵਾਰ ਗੁਰਦੁਆਰਾ ਸਾਹਿਬ ਭੋਗ ਪਾਇਆ ਸੀ। ਵੱਡੇ ਸੰਤਾਂ ਦੇ ਪ੍ਰਵਚਨ ਸਨ। ਮੈਂ ਭਾਈ ਜੀ ਨੂੰ ਕਹਿ ਕੇ ਅਰਦਾਸ ਕਰਵਾਈ ਕਿ ਮੇਰੇ ਮਿੱਤਰ ਪਿਆਰੇ ਤੇ ਤੁਹਾਡੇ ਸਭ ਦੇ ਹਰਮਨ ਪਿਆਰੇ ਆਨੰਦਜੀਤ ਸਿੰਘ ਨੂੰ ਐਵਾਰਡ ਮਿਲ ਜਾਏ। ਸਾਡੇ ਸਕੂਲ ਦਾ ਨਾਂ ਉੱਚਾ ਹੋ ਜਾਏ।’’ ਉਸ ਉਪਰ ਵੱਲ ਹੱਥ ਜੋੜੇ ਸਨ।
ਦਸਵੇਂ-ਗਿਆਰ੍ਹਵੇਂ ਦਿਨ ਆਨੰਦਜੀਤ ਸਿੰਘ ਬਹੁਤ ਖੁਸ਼ ਨਜ਼ਰ ਆ ਰਿਹਾ ਸੀ। ਸਾਰੇ ਸਕੂਲ ਵਿਚ ਮੁਸਕਰਾਹਟਾਂ ਤੇ ਹਾਸੇ ਵੰਡਦੇ ਫਿਰ ਰਿਹਾ ਸੀ। ਉਸ ਅੱਧੀ ਛੁੱਟੀ ਵੇਲੇ ਸਭ ਦਾ ਮੂੰਹ ਮਿੱਠਾ ਕਰਵਾਇਆ ਤੇ ਸਭ ਨੂੰ ਸੱਦਾ ਦਿੱਤਾ-
‘‘ਕੱਲ੍ਹ ਸ਼ਾਮੀਂ ਸੈਕਟਰੀਏਟ ਤੋਂ ਫ਼ੋਨ ਆਇਆ ਸੀ। ਉਥੇ ਮੇਰਾ ਇਕ ਜਾਣੂੰ ਕਲਰਕ ਹੈਗਾ। ਉਸ ਦੱਸਿਆ ਜੱਜਪੁਰ ਸਕੂਲ ਵਿੱਚੋਂ ਸਟੇਟ ਐਵਾਰਡ ਅਧਿਆਪਕ ਦੀ ਸਿਲੈਕਸ਼ਨ ਹੋਈ ਹੈ। ਬੱਸ ਨਾਮ ਦਾ ਐਲਾਨ ਹੀ ਬਾਕੀ ਹੈ। ਮਤਲਬ ਕਿ ਮੇਰਾ ਨਾਂ...। ਪੱਚੀ ਅਗਸਤ ਨੂੰ ਪੁਰਸਕਾਰਾਂ ਦੀ ਲਿਸਟ ਆਉਣੀ ਹੈ। ਪੰਜ ਸਤੰਬਰ ਨੂੰ ਅਧਿਆਪਕ ਦਿਵਸ ’ਤੇ ਐਵਾਰਡ ਮਿਲਣਾ ਸਿੱਖਿਆ ਮੰਤਰੀ ਸਾਹਿਬ ਦੇ ਹੱਥੋਂ। ਸਾਰੇ ਸਟਾਫ਼ ਨੇ ਨਾਲ ਜਾਣ ਲਈ ਤਿਆਰ ਰਹਿਣਾ। ਜਿਹਨੇ ਨਵੇਂ ਕੱਪੜੇ ਸਮਾਉਣੇ ਆ, ਉਹ ਸਮਾ ਲਓ। ਪਰ ਅਜੇ ਇਹਨੂੰ ਗੁਪਤ ਰੱਖਿਓ। ਇਹ ਸਾਰੀ ਗੱਲ-ਬਾਤ ਆਫ਼ ਦੀ ਰਿਕਾਰਡ ਹੈ।’’
ਮਾਟੋ-ਦਸ

‘‘ਚਰਿੱਤਰ ਦੀ ਸੰਪਤੀ ਸਭ ਤੋਂ ਵੱਡੀ ਦੌਲਤ ਹੁੰਦੀ ਹੈ।’’
ਮੈਂ ਮਾਟੋ-ਦਸ ਪੜ੍ਹ ਕੇ ਡਾਇਰੀ ਬੰਦ ਕਰ ਦਿੱਤੀ ਹੈ। ਅੱਧੀ ਰਾਤ ਲੰਘ ਚੁੱਕੀ ਹੈ। ਇਹ ਮਾਟੋ ਮਨ ਦੀ ਸਲੇਟ ’ਤੇ ਉੱਭਰਿਆ ਪਿਆ। ਸਿੱਖਿਆ ਦੀਆਂ ਵੱਡੀਆਂ ਦੇਣਾਂ ਮੇਰੇ ਸਾਹਮਣੇ ਆ ਰਹੀਆਂ ਹਨ। ਇਸ ਮਹਿਕਮੇ ਦੀਆਂ ਪ੍ਰਾਪਤੀਆਂ ਯਾਦ ਆ ਰਹੀਆਂ ਹਨ। ਮੇਰੇ ਰਾਈਟਿੰਗ ਟੇਬਲ ਦੇ ਪਿੱਛੇ ਲੱਕੜ ਦਾ ਕੌਰਨਰ ਆ। ਮੋਮੈਂਟੋਆਂ ਨਾਲ ਸਜਿਆ ਪਿਆ। ਮੈਂ ਐਨਕ ਲਾਹ ਕੇ ਦੇਖਦਾ ਹਾਂ। ਫੇਰ ਪਤਾ ਨਹੀਂ ਕੀ ਸੋਚ ਕੇ ਮੁੜ ਪਿੱਠ ਕਰ ਲਈ ਹੈ। ਮੈਂ ਪੈੱਨ ਚੁੱਕਿਆ ਹੈ। ਡਾਇਰੀ ਦਾ ਵਰਕਾ ਪਲਟਿਆ ਹੈ। ਨਵੇਂ ਪੰਨੇ ’ਤੇ ਹੱਥ ਫੇਰਿਆ ਹੈ।
ਅੱਜ ਪੱਚੀ ਅਗਸਤ ਹੈ। ਅੱਜ ਹੀ ਸਟੇਟ ਐਵਾਰਡ ਦੀ ਲਿਸਟ ਆਉਣੀ ਹੈ। ਕੰਪਿੳੂਟਰ ਟੀਚਰ ਪੌਣੇ ਅੱਠ ਵਜੇ ਆ ਜਾਂਦਾ ਹੈ। ਆਉਂਦਾ ਹੀ ਇੰਟਰਨੈੱਟ ਖੋਲ੍ਹ ਲੈਂਦਾ ਹੈ। ਡਾਕ ਬਣਾਉਣ ਲਈ ਚਿੱਠੀਆਂ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਿਉਂ ਹੀ ਈਮੇਲ ਆਉਂਦੀ ਹੈ, ਉਹ ਉਹਦਾ ਪ੍ਰਿੰਟ ਕੱਢ ਕੇ ਮੈਡਮ ਮੋਹਰੇ ਲਿਜਾ ਰੱਖਦਾ ਹੈ।
ਹਾਜ਼ਰੀ ਲਾਉਣ ਤੋਂ ਬਾਅਦ ਸਾਰਾ ਸਟਾਫ਼ ਕੰਪਿਊਟਰ ਲੈਬ ਵਿਚ ਆਇਆ ਸੀ। ਸਭ ਨੂੰ ਐਵਾਰਡ ਲਿਸਟ ਆਉਣ ਦੀ ਕਾਹਲੀ ਸੀ। ਉਹ ਆਨੰਦਜੀਤ ਸਿੰਘ ਨੂੰ ਵਧਾਈਆਂ ਦੇ ਰਹੇ ਸਨ। ਆਨੰਦਜੀਤ ਸਿੰਘ ਸਜ-ਧਜ ਕੇ ਆਇਆ ਹੋਇਆ ਸੀ। ਉਹਦਾ ਚਿਹਰਾ ਖਿੜਿਆ ਪਿਆ ਸੀ। ਉਸ ਤੋਂ ਪਾਰਟੀ ਕਿਹੜੇ ਰਿਸੋਰਟ ਲਈ ਜਾਵੇ, ਇਹਦੇ ਬਾਰੇ ਵੀ ਚਰਚਾ ਹੋਣ ਲੱਗ ਪਈ, ਫੇਰ ਅਧਿਆਪਕ ਆਪੋ ਆਪਣੀਆਂ ਜਮਾਤਾਂ ਵਿਚ ਚਲੇ ਗਏ। ਆਨੰਦਜੀਤ ਸਿੰਘ ਕਦੇ ਕਿਸੇ ਅਧਿਆਪਕ ਨੂੰ , ਕਦੇ ਕਿਸੇ ਨੂੰ ਲੈ ਕੇ ਹਰ ਪੀਰੀਅਡ ਲੈਬ ਵਿਚ ਜਾਂਦਾ। ਲਿਸਟ ਨਾ ਆਈ ਦੇਖ ਕੇ ਕਲਾਸ ਲਾਉਣ ਲੱਗ ਪੈਂਦਾ। ਉਹਦੇ ਧਰਤੀ ’ਤੇ ਪੈਰ ਨਹੀਂ ਸਨ ਲੱਗ ਰਹੇ। ਉਹ ਵਿਦਿਆਰਥੀਆਂ ਨੂੰ ਪਿਆਰ ਦੇ-ਦੇ ਕੇ ਖੁਸ਼ ਹੋ ਰਿਹਾ ਸੀ। ਉਹ ਸੋਚ ਰਿਹਾ ਸੀ। ਦਰਜਾ ਚਾਰ ਵਾਲੇ ਮੁਲਾਜ਼ਮਾਂ ਨੂੰ ਕੀ ਤੋਹਫ਼ਾ ਦਏ। ਉਹਨੂੰ ਪਹਿਲੀ ਵਾਰ ਮਜਾਰਾ ਚੱਕ ਨਾਲੋਂ ਜੱਜਪੁਰ ਦੇ ਸਕੂਲ ਦੀ ਇਮਾਰਤ ਖੂਬਸੂਰਤ ਲਗਣ ਲੱਗੀ ਸੀ।... ਅੱਧੀ ਛੁੱਟੀ ਹੋਈ ਹੈ। ਪਾਰਟੀ ਜਲੰਧਰ ਲਈ ਜਾਵੇ, ਲੁਧਿਆਣੇ ਜਾਂ ਚੰਡੀਗੜ੍ਹ ਇਸ ਬਾਰੇ ਪਲੈਨ ਹੋਣ ਲੱਗਾ ਸੀ। ਲਿਸਟ ਆਈ ਨਹੀਂ ਸੀ। ਆਨੰਦਜੀਤ ਸਿੰਘ ਨੂੰ ਧੁੜਕੂ ਲੱਗਾ ਹੋਇਆ।
ਆਖ਼ਰੀ ਪੀਰੀਅਡ ਲਿਸਟ ਆ ਹੀ ਗਈ। ਆਨੰਦਜੀਤ ਸਿੰਘ ਨੇ ਮੁੱਛਾਂ-ਦਾੜ੍ਹੀ ’ਤੇ ਹੱਥ ਫੇਰਿਆ ਹੈ। ਸਾਰਾ ਸਟਾਫ਼ ਲੈਬ ਵਿਚ ਜਾ ਵੜਿਆ। ਪੂਰੇ ਪੰਜਾਬ ਦੀ ਲਿਸਟ ਸੀ। ਇਕ-ਇਕ ਕਰਕੇ ਨਾਂ ਦੇਖਿਆ ਜਾਣ ਲੱਗਾ। ਇਕ ਜਣਾ ਅਧਿਆਪਕ ਦੇ ਨਾਂ ’ਤੇ ਨਿਗ੍ਹਾ ਰੱਖ ਰਿਹਾ ਸੀ ਤੇ ਦੂਜਾ ਸਕੂਲ ਦੇ ਨਾਂ ’ਤੇ।... ਨਾਂ ਆ ਹੀ ਨਹੀਂ ਸੀ ਰਿਹਾ। ਜ਼ਿਆਦਾ ਨਾਂ ਮਾਲਵਾ ਖੇਤਰ ਦੇ ਸਨ। ਹੇਠਲੇ ਨਾਵਾਂ ਵਿਚ ਜੱਜਪੁਰ ਸਕੂਲ ਦਾ ਨਾਂ ਚਮਕਿਆ। ਜਿਵੇਂ ਸਾਰਿਆਂ ਦੇ ਸਾਹ ਹੀ ਰੁਕ ਗਏ ਹੋਣ। ... ਸਾਹਮਣੇ ਹਰਜੋਗ ਸਿੰਘ ਲਿਖਿਆ ਹੋਇਆ ਸੀ। ਸਭ ਹੱਕੇ-ਬੱਕੇ ਰਹਿ ਗਏ। ਲੈਬ ਵਿਚ ਸੰਨਾਟਾ ਛਾ ਗਿਆ। ਕੰਪਿਊਟਰ ਟੀਚਰ ਕਰਸਰ ਉਪਰ ਥੱਲੇ ਕਰਕੇ ਨਾਂ ਦਾ ਯਕੀਨੀ ਬਣਾਉਣ ਲੱਗਾ।
ਪ੍ਰਿੰਸੀਪਲ ਮੈਡਮ, ਹਰਜੋਗ ਸਿੰਘ ਅਤੇ ਕਲਰਕ ਦਫ਼ਤਰ ਵਿਚ ਬੈਠੇ ਸਨ। ਡਰਾਇੰਗ ਵਾਲਾ ਉਥੇ ਜਾ ਵੜਿਆ। ਬਾਕੀ ਟੀਚਰ ਵੀ ਉਸ ਮਗਰ ਤੁਰ ਪਏ। ਇਕ-ਦਮ ਵਧਾਈਆਂ ਦੀ ਵਾਛੜ ਸ਼ੁਰੂ ਹੋ ਗਈ। ਲੈਬ ਵਿਚ ਆਨੰਦਜੀਤ ਸਿੰਘ ਤੇ ਕੰਪਿੳੂਟਰ ਟੀਚਰ ਬੈਠੇ ਰਹਿ ਗਏ। ਆਨੰਦਜੀਤ ਸਿੰਘ ਦੇ ਚਿਹਰੇ ਦੀ ਲਾਲੀ ਉੱਡ-ਪੁੱਡ ਗਈ ਸੀ। ਉਹਦੇ ਹਾਵ-ਭਾਵ ਬਦਲ ਰਹੇ ਸਨ। ਉਹ ਬੁੱਲ੍ਹਾਂ ਨੂੰ ਘੁੱਟ ਰਿਹਾ ਸੀ। ਨੱਕ ਉਪਰ ਥੱਲੇ ਹੋ ਰਿਹਾ ਸੀ। ਅੱਖਾਂ ਵਿਚ ਲਾਲ ਡੋਰੇ ਉਤਰ ਆਏ ਸਨ। ਦਿਮਾਗ਼ ਅੰਦਰ ਜਿਵੇਂ ਧੂੰਆਂ ਭਰਦਾ ਜਾ ਰਿਹਾ ਹੋਵੇ।
ਪ੍ਰਿੰਸੀਪਲ ਦੇ ਦਫ਼ਤਰ ਵਿੱਚੋਂ ਹਾਸਿਆਂ ਦੇ ਫੁਆਰੇ ਬਾਹਰ ਆ ਰਹੇ ਸਨ। ਅਧਿਆਪਕ ਪਾਰਟੀ ਲੈਣ ਦੀ ਯੋਜਨਾ ਬਣਾ ਰਹੇ ਸਨ। ਹਰਜੋਗ ਸਿੰਘ ਕੁਝ ਵੀ ਬੋਲ ਨਹੀਂ ਸੀ ਰਿਹਾ। ਉਹ ਮਿਡ-ਡੇ-ਮੀਲ ਵਾਲਾ ਰਜਿਸਟਰ ਖੋਲ੍ਹੀ ਬੈਠਾ ਸੀ। ਅਧਿਆਪਕ ਵਧਾਈ ਦੇ ਰਹੇ ਸਨ। ਪੁਰਸਕਾਰ ਬਾਰੇ ਸਵਾਲ ਵੀ ਪੁੱਛ ਰਹੇ ਸਨ ਪਰ ਉਹ ਚੁੱਪ ਸੀ। ਵਧਾਈਆਂ ਕਬੂਲ ਨਹੀਂ ਸੀ ਕਰ ਰਿਹਾ। ਇਵੇਂ ਲੱਗ ਰਿਹਾ ਸੀ ਜਿਵੇਂ ਉਹ ਬਹੁਤ ਉਦਾਸ ਹੋਵੇ। ਉਸਦੇ ਮੂੰਹ ਵਿੱਚੋਂ ਸਿਰਫ ਇਹ ਹੀ ਸਤਰਾਂ ਨਿਕਲੀਆਂ-
‘‘ਮੈਂ ਨਿਕੰਮਾ ਬੰਦਾ। ਪਤਾ ਨਹੀਂ ਕਿਉਂ ਨਿਖੱਟੂ ਨੂੰ ਪੁਰਸਕਾਰ ਦੇ ਦਿੱਤਾ ਗਿਆ। ਮੈਂ ਅਪਲਾਈ ਵੀ ਨ੍ਹੀਂ ਕੀਤਾ। ਇਸ ਪੁਰਸਕਾਰ ਦੇ ਅਸਲੀ ਹੱਕਦਾਰ ਤਾਂ ਸਰਦਾਰ ਆਨੰਦਜੀਤ ਸਿੰਘ ਹੀ ਸਨ। ਅਕਾਲ ਪੁਰਖ ਨੇ ਪਤਾ ਨ੍ਹੀਂ ਕਿਉਂ ਉਸ ਉੱਤੇ ਮਿਹਰ ਨ੍ਹੀਂ ਕੀਤੀ। ਮੈਂ ਤਾਂ ਤੁਹਾਡੇ ਸਾਹਮਣੇ ਉਹਨੂੰ ਪੁਰਸਕਾਰ ਦੁਆਉਣ ਲਈ ਬਥੇਰੀ ਨੱਠ ਭੱਜ ਕੀਤੀ। ਹੁਣ ਮੈਂ ਕਿਹੜਾ ਮੂੰਹ ਲੈ ਕੇ...।’’
ਘੰਟੀ ਵੱਜ ਗਈ ਹੈ। ਦਫ਼ਤਰ ਵਿਚ ਹਰਜੋਗ ਸਿੰਘ ਹੁਰੀਂ ਬੈਠੇ ਹਨ। ਸਾਹਮਣੇ ਲੈਬ ਵਿਚ ਆਨੰਦਜੀਤ ਸਿੰਘ। ਸਟਾਫ਼ ਨੂੰ ਕੁਝ ਸੁੱਝ ਨਹੀਂ ਰਿਹਾ। ਉਹ ਇਕ-ਇਕ ਕਰਕੇ ਹਾਜ਼ਰੀ ਲਾਉਂਦੇ ਹਨ ਅਤੇ ਦਫ਼ਤਰ ਤੋਂ ਬਾਹਰ ਨਿਕਲ ਰਹੇ ਹਨ। ਆਪਣੇ-ਆਪਣੇ ਵਹੀਕਲ ਚੁੱਕ ਕੇ ਘਰਾਂ ਨੂੰ ਤੁਰ ਪਏ ਹਨ।
‘‘... ਜਨਾਬ, ਹੁਣ ਤਾਂ ਖੁਸ਼ ਹੋਵੋ। ਸਟੇਟ ਐਵਾਰਡੀ ਟੀਚਰ ਬਣ ਗਏ। ਸਾਡਾ ਵੇਖਿਆ ਕਮਾਲ। ਤੁਹਾਡੀ ਫਾਈਲ ਵੀ ਨਾਲ ਤਿਆਰ ਕਰਕੇ ਭਜਵਾਈ। ਸਟਾਫ਼ ਨੂੰ ਧੂੰਆਂ ਨ੍ਹੀਂ ਨਿਕਲਣ ਦਿੱਤਾ। ... ਅਸੀਂ ਬੱਕਰਾ ਰਿੰਨ੍ਹ ਦੇਈਏ ਪਰ ਭਾਫ਼ ਨਾ ਨਿਕਲਣ ਦੇਈਏ।’’ ਕਲਰਕ ਬਾਹਰ ਵੱਲ ਦੇਖ ਕੇ ਮੁਸਕਰਾਇਆ ਹੈ। ਉਸ ਮੈਡਮ ਵੱਲ ਵੇਖਿਆ ਹੈ ਤੇ ਰਜਿਸਟਰ ਚੁੱਕ ਕੇ ਕਲਰਕ ਰੂਮ ਵੱਲ ਚੱਲ ਪਿਆ।
ਹਰਜੋਗ ਸਿੰਘ ਤਾਸ਼ ਦਾ ਖ਼ਿਡਾਰੀ ਹੈ। ਉਹ ਰੰਗ ਦੱਬਣ ਦਾ ਮਾਹਿਰ ਹੈ। ਇਹ ਆਪਣੇ ਪਿੰਡ ਮਸੰਦਾਂ ਪੱਟੀ ਦਾ ਰਹਿਣ ਵਾਲਾ। ਇਸ ਪੱਟੀ ਵਿਚ ਕੋਈ ਦਿਉਰ-ਭਾਬੀ ਖੇਡੇਗਾ, ਕੋਈ ਸੀਪ ਲਾ ਰਿਹਾ ਹੋਵੇਗਾ ਪਰ ਉਹ ਰੰਗ ਦੀ ਬਾਜ਼ੀ ਖੇਡਦਾ ਹੈ। ਉਹ ਪੱਤਿਆਂ ਦੇ ਰੰਗ ਫ਼ੜਦਾ ਹੈ। ਇਕ ਦਿਨ ਉਹ ਬੋਹੜ ਥੱਲੇ ਥੜ੍ਹੇ ’ਤੇ ਬਾਜ਼ੀ ਲਾ ਰਿਹਾ ਸੀ। ਅਚਾਨਕ ਉਥੇ ਆਨੰਦਜੀਤ ਸਿੰਘ ਪੁੱਜ ਗਿਆ।
‘‘ਸਰ, ਤੁਸੀਂ ਤੇ ਤਾਸ਼?’’
‘‘ਭਾਈ ਆਨੰਦਜੀਤ ਸਿਆਂ, ਸਭ ਖੇਡਾਂ ਰੱਬ ਦੀਆਂ ਬਣਾਈਆਂ ਹੋਈਆਂ।’’ ਉਸ ਉਪਰ ਵੱਲ ਹੱਥ ਜੋੜੇ ਸਨ। ਫੇਰ ਉਸ ਹੋਰ ਭੇਤ ਸਾਂਝਾ ਕੀਤਾ ਸੀ।
‘‘ਕਈ ਬੰਦੇ ਤਾਸ਼ ਨੂੰ ਸਧਾਰਨ ਖੇਡ ਸਮਝਦੇ ਹਨ। ਇਹ ਤਾਂ ਬਾਜ਼ੀ ਜਿੱਤਣੀ-ਹਾਰਨੀ ਸਿਖਾਉਂਦੀ ਹੈ।’’ ਉਸ ਰੰਗ ਚੁੱਕ ਕੇ ਪੱਤਾ ਸੁੱਟਿਆ ਸੀ।
ਇਹ ਦੋ ਸਾਲ ਪੁਰਾਣੀ ਗੱਲ ਆਨੰਦਜੀਤ ਸਿੰਘ ਨੂੰ ਯਾਦ ਆਈ ਹੈ। ਕੰਪਿੳੂਟਰ ਟੀਚਰ ਦੁਬਾਰਾ ਲਿਸਟ ਚੈੱਕ ਕਰਨ ਲੱਗ ਪਿਆ ਸੀ। ਫਿਰ ਵੀ ਆਨੰਦਜੀਤ ਸਿੰਘ ਹੌਸਲਾ ਫ਼ੜਦਾ ਹੈ। ਉਹ ਹਰਜੋਗ ਸਿੰਘ ਨੂੰ ਵਧਾਈ ਦੇਣ ਲਈ ਖੜ੍ਹਾ ਹੋ ਗਿਆ। ਉਹਦੇ ਹੱਥ ਕੰਬਣ ਲੱਗੇ। ਲੱਤਾਂ ਵਿਚ ਜਾਨ ਨਹੀਂ ਸੀ। ਉਹਨੂੰ ਘੁਮੇਟਾ ਆਇਆ। ਕੰਪਿਊਟਰ ਟੀਚਰ ਨੇ ਉਹਨੂੰ ਸਹਾਰਾ ਦਿੱਤਾ ਤੇ ਕੁਰਸੀ ’ਤੇ ਬਿਠਾ ਲਿਆ।
... ਪਰ ਸਿਰਫ਼ ਕੁਰਸੀ ’ਤੇ ਬੈਠਣ ਨਾਲ ਸਹਾਰਾ ਨਹੀਂ ਮਿਲ ਜਾਂਦਾ। ਕੁਰਸੀ ’ਤੇ ਤਾਂ ਮੈਂ ਵੀ ਬੈਠਾ ਲਿਖ ਰਿਹਾ। ਇਹ ਉਹ ਕੁਰਸੀ ਨਹੀਂ ਹੈ। ਮੇਰਾ ਸਿਰ ਚਕਰਾਅ ਰਿਹਾ ਹੈ। ਅੱਖਾਂ ਮੋਹਰੇ ਨੇਰ੍ਹੀ ਆਈ ਹੋਈ ਹੈ। ਮੈਨੂੰ ਆਪਣੇ ਅੰਦਰੋਂ ਕਿੰਨਾ ਕੁਝ ਟੁੱਟਣ ਦੀ ਆਵਾਜ਼ ਸੁਣਦੀ ਹੈ। ਜਿੱਦਣ ਦੀ ਇਹ ਘਟਨਾ ਵਾਪਰੀ ਹੈ, ਮੈਂ ਪੂਰੀ ਤਰ੍ਹਾਂ ਸੁੱਤਾ ਨਹੀਂ। ਮੇਰਾ ਸਰੀਰ ਕਾਇਮ ਨਹੀਂ ਹੈ। ਮੇਰੇ ਵਲੋਂ ਕਾਲੇ ਕੀਤੇ ਵਰਕੇ ਰਲਗਡ ਹੋ ਗਏ ਹਨ। ਕੋਈ ਸਿਰਾ ਨਹੀਂ ਹੱਥ ਲੱਗ ਰਿਹਾ। ਕਹਾਣੀ ਵੀ ਬਣ ਨਹੀਂ ਸਕੀ। ਮੈਨੂੰ ਪਤਾ ਨਹੀਂ ਕੀ ਸੁੱਝਿਆ ਹੈ। ਇੱਕ-ਇੱਕ ਕਰਕੇ ਵਰਕੇ ਪਾੜ੍ਹਨ ਲੱਗ ਪਿਆ ਹਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅਜਮੇਰ ਸਿੱਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ