Ravinder Ravi
ਰਵਿੰਦਰ ਰਵੀ

ਰਵਿੰਦਰ ਰਵੀ, ਪੂਰਾ ਨਾਂ ਰਵਿੰਦਰ ਸਿੰਘ ਗਿੱਲ (੮ ਮਾਰਚ ੧੯੩੮-) ਪੰਜਾਬੀ, ਹਿੰਦੀ, ਉਰਦੂ ਤੇ ਅੰਗਰੇਜ਼ੀ ਵਿੱਚ ਸਾਹਿਤ ਰਚਣ ਵਾਲਾ ਪੰਜਾਬੀ ਲੇਖਕ ਹੈ। ਉਹ ਕਹਾਣੀ ਲੇਖਕ ਹੋਣ ਦੇ ਨਾਲ ਨਾਲ ਕਵੀ ਅਤੇ ਨਾਟਕਕਾਰ ਵੀ ਹੈ। ਉਨ੍ਹਾਂ ਦਾ ਜਨਮ ਪ੍ਰੋਫੈਸਰ ਪਿਆਰਾ ਸਿੰਘ ਗਿੱਲ ਅਤੇ ਮਾਤਾ ਸ੍ਰੀਮਤੀ ਚਰੰਜੀਤ ਕੌਰ ਗਿੱਲ ਦੇ ਘਰ ਸਿਆਲਕੋਟ (ਪਾਕਿਸਤਾਨ) ਵਿੱਚ ਹੋਇਆ। ਰਵੀ ਦਾ ਜੱਦੀ ਪਿੰਡ ਜਗਤਪੁਰ, ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ ਹੈ। ਇਸ ਵੇਲੇ ਉਹ ਟੈਰੇਸ ਬ੍ਰਿਟਿਸ਼ ਕੋਲੰਬੀਆ ਵਿੱਚ ਰਹਿੰਦੇ ਹਨ । ੧੯੭੬ ਵਿੱਚ ਉਹ ਟੈਰੇਸ ਸੈਕੰਡਰੀ ਸਕੂਲ ਵਿੱਚ ਅਧਿਆਪਕ ਬਣ ਗਏ । ਉਨ੍ਹਾਂ ਨੇ ਉਸ ਸਕੂਲ ਵਿੱਚ ਅਠਾਈ ਸਾਲਾਂ ਲਈ ਕੰਮ ਕੀਤਾ । ਕਨੇਡਾ ਆਉਣ ਤੋਂ ਪਹਿਲਾਂ ਉਹ ਅੱਠ ਸਾਲ ਕੀਨੀਆ ਵਿੱਚ ਪੜ੍ਹਾਉਂਦੇ ਰਹੇ । ਉਨ੍ਹਾਂ ਨੇ ਹੁਣ ਤੱਕ ਪੰਜਾਬੀ, ਅੰਗ੍ਰੇਜ਼ੀ ਅਤੇ ਹਿੰਦੀ ਵਿੱਚ ੮੦ ਦੇ ਕਰੀਬ ਕਿਤਾਬਾਂ ਲਿਖੀਆਂ ਹਨ। ਇਹਨਾਂ ਵਿੱਚ ਕਵਿਤਾ, ਕਹਾਣੀ, ਨਾਟਕ ਅਤੇ ਆਲੋਚਨਾ ਸ਼ਾਮਲ ਹਨ। ਉਨ੍ਹਾਂ ਦੀਆਂ ਰਚਨਾਵਾਂ ਹਨ; ਕਾਵਿ ਸੰਗ੍ਰਹਿ: ਦਿਲ ਦਰਿਆ ਸਮੁੰਦਰ ਡੂੰਘੇ, ਨਿਹੋਂਦ ਦਾ ਗੀਤ, ਅਕਥ ਕਥਾ, ਵਾਨ ਵਾਨੀ, ਸ਼ਬਦ ਸਾਗਰ, ਪਿੰਡ ਬ੍ਰਹਿਮੰਡ; ਨਾਟਕ: ਰੂਹ ਪੰਜਾਬ ਦੀ, ਸਿਫਰ ਨਾਟਕ, ਮਨ ਦੇ ਹਾਣੀ, ਆਪੋ ਆਪਣੇ ਦਰਿਆ; ਕਹਾਣੀ ਸੰਗ੍ਰਹਿ: ਜੁਰਮ ਦੇ ਪਾਤਰ, ਸ਼ਹਿਰ ਵਿੱਚ ਜੰਗਲ, ਚਰਾਵੀ, ਜਿੱਥੇ ਦੀਵਾਰਾਂ ਨਹੀਂ, ਆਪਣੇ ਆਪਣੇ ਟਾਪੂ, ਗੋਰੀਆਂ ਸ਼ਹੀਦੀਆਂ ਆਦਿ ।