Roll Number (Punjabi Story) : Mohinder Singh Sarna
ਰੋਲ ਨੰਬਰ (ਕਹਾਣੀ) : ਮਹਿੰਦਰ ਸਿੰਘ ਸਰਨਾ
ਰਾਏ ਬਹਾਦਰ ਰਾਮ ਰੱਖਾ ਮਲ ਰੀਟਾਇਰਡ ਐਗਜ਼ੈਕਟਿਵ ਇੰਜੀਨੀਅਰ ਦੇ ਸਸਕਾਰ ਮਗਰੋਂ ਜਦੋਂ ਸਰਦਾਰ ਹਰਬੇਲ ਸਿੰਘ ਆਪਣੇ ਘਰ ਪਹੁੰਚੇ ਤਾਂ ਉਹ ਪਛਾਣੇ ਨਹੀਂ ਸਨ ਜਾਂਦੇ। ਉਨ੍ਹਾਂ ਦੀਆਂ ਅੱਖਾਂ ਅੰਦਰ ਧਸੀਆਂ ਸਨ, ਉਨ੍ਹਾਂ ਦੇ ਮੱਥੇ ਉੱਤੇ ਕਲਿੱਤਣ ਰੀਂਗ ਰਹੀ ਸੀ ਤੇ ਉਨ੍ਹਾਂ ਦੇ ਚਿਹਰੇ ਦਾ ਸਮੁੱਚਾ ਪ੍ਰਭਾਵ ਪਿੰਜਿਆ ਪਿੰਜਿਆ ਸੀ। ਉਨ੍ਹਾਂ ਦੇ ਜੁੱਸੇ ਦਾ ਸਪਾਤੀ ਕਰੜਾਪਨ, ਉਨ੍ਹਾਂ ਦੇ ਅੰਗਾਂ ਤੇ ਪੱਠਿਆਂ ਦੀ ਤਣਾਹਟ ਟੁੱਟ ਕੇ ਨਿਢਾਲ ਹੋ ਗਈ ਜਾਪਦੀ ਸੀ। ਘਰ ਅਪੜਦਿਆਂ ਸਾਰ ਉਹ ਬਿਸਤਰੇ ’ਤੇ ਮੂਧੇ ਮੂੰਹ ਡਿੱਗ ਪਏ। ਸਾਰੇ ਘਰ ਸਾਰੇ ਪਰਵਾਰ ’ਤੇ ਹਰਾਸ ਛਾ ਗਿਆ।
ਰਾਏ ਬਹਾਦਰ ਰਾਮ ਰੱਖਾ ਮਲ ਦੀ ਮੌਤ ਉਨ੍ਹਾਂ ਲਈ ਏਨੀ ਕਹਿਰਵੀਂ ਸੱਟ ਦਾ ਕਾਰਨ ਬਣੇਗੀ, ਪਰਵਾਰ ਵਿਚ ਕਿਸੇ ਨੂੰ ਚਿਤ—ਚੇਤਾ ਵੀ ਨਹੀਂ ਸੀ। ਇਹ ਸੱਚ ਹੈ ਕਿ ਪਿਛਲੀ ਉਮਰ ਦੇ ਸੱਲ ਬੜੇ ਡੂੰਘੇ ਘਾਓ ਕਰਦੇ ਹਨ, ਪਰ ਰਾਏ ਬਹਾਦਰ ਨਾਲ ਸਰਦਾਰ ਹਰਬੇਲ ਸਿੰਘ ਦੀ ਮਿੱਤਰਤਾ ਤਾਂ ਕਦੋਕਣੀ ਖ਼ਤਮ ਹੋ ਚੁੱਕੀ ਸੀ। ਕਿਸੇ ਅਸੂਲੀ ਮਤਭੇਦ ਤੇ ਇਕ ਵਾਰੀ ਦੋਵੇਂ ਮਿੱਤਰ ਖਹਿਬੜ ਪਏ ਤੇ ਅਜਿਹੀ ਫਿੱਕ ਪਈ ਕਿ ਵਰਿ੍ਹਆਂ—ਬੱਧੀ ਬੋਲਚਾਲ ਨਾ ਰਹੀ। ਉਹ ਤਾਂ ਕੁਝ ਦੁਨੀਆਂਦਾਰੀ ਕਾਰਨ ਤੇ ਕੁਝ ਸਕੂਲ ਦੇ ਦਿਨਾਂ ਦੀ ਯਾਰੀ ਸਦਕਾ ਸਰਦਾਰ ਹਰਬੇਲ ਸਿੰਘ ਰਾਏ ਬਹਾਦਰ ਦੇ ਨੜੋਏ ਨਾਲ ਚਲੇ ਗਏ ਸਨ।
ਵੱਡੀ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਅੱਜ ਤੀਕ ਉਹ ਜ਼ਿੰਦਗੀ ਵਿਚ ਕਦੀ ਨਹੀਂ ਸਨ ਡੋਲੇ। ਉਨ੍ਹਾਂ ਦਾ ਦਿਲ ਹੋਣੀ ਦੇ ਅਨੇਕਾਂ ਵੇਲਣਿਆਂ ਵਿਚ ਨਪੀੜਿਆ ਜਾਣ ਤੇ ਵੀ ਸਾਬਤ ਤੇ ਨਰੋਆ ਸੀ। ਬਚਪਨ ਵਿਚ ਹੀ ਉਨ੍ਹਾਂ ਨੂੰ ਮਾਰੂ ਸੱਲਾਂ ਨੇ ਘੇਰ ਲਿਆ। ਉਨ੍ਹਾਂ ਦੇ ਮਾਤਾ ਪਿਤਾ, ਚਾਚੇ, ਤਾਏ, ਸਾਕ—ਸੰਬੰਧੀ ਸਭੇ ਪਲੇਗ ਦੀ ਭਿਅੰਕਰ ਭੁੱਖ ਲਈ ਗਰਾਹੀਆਂ ਬਣ ਗਏ। ਸਾਰੇ ਖ਼ਾਨਦਾਨ ਵਿਚੋਂ ਇਕ ਵੀ ਨਾ ਬਚਿਆ ਜੋ ਇਕ ਨਿਆਸਰੇ ਬੱਚੇ ਦੇ ਸਿਰ ’ਤੇ ਨਿਗਾਹਬਾਨੀ ਦਾ ਹੱਥ ਰਖਦਾ। ਤੇ ਜਦੋਂ ਉਨ੍ਹਾਂ ਦਾ ਆਪਣਾ ਨੌਜਵਾਨ ਪੁੱਤਰ ਕੋਇਟੇ ਦੇ ਭੁਚਾਲ ਦੀ ਭੇਟ ਹੋ ਗਿਆ ਤੇ ਫੇਰ ਜਦੋਂ ਉਹ ਆਪਣੀ ਜ਼ਿੰਦਗੀ ਦੀ ਸਾਰੀ ਪੂੰਜੀ, ਸਾਰੀ ਜਾਇਦਾਦ ਦੇਸ਼ ਦੀ ਵੰਡ ਵਿਚ ਲੁਟਾ ਆਏ ਤਾਂ ਵੀ ਉਨ੍ਹਾਂ ਦਾ ਸਿਦਕ ਨਾ ਡੋਲਿਆ, ਉਨ੍ਹਾਂ ਦੀ ਜੀਵਨ—ਲਾਲਸਾ ਨਾ ਕੁਮਲਾਈ ਤੇ ਉਨ੍ਹਾਂ ਦੀ ਆਤਮਾ ਵਿਚ ਭਖਦੀ ਜੀਵਨ ਚੰਗਿਆੜੀ ਸਦਾ ਵਾਂਗ ਮਘਦੀ ਰਹੀ। ਤੇ ਅੱਜ ਇਕ ਭੁੱਲੇ ਵਿਸਰੇ ਮਿੱਤਰ ਦੀ ਮੌਤ ਨੇ ਉਨ੍ਹਾਂ ਨੂੰ ਇੰਜ ਚਕਨਾਚੂਰ ਕਰ ਦਿੱਤਾ ਸੀ।।
“ਮੈਂ ਬੜਾ ਬੀਮਾਰ ਹਾਂ”, ਉਹ ਕੁਰਲਾਏ, “ਜਲਦੀ ਡਾਕਟਰ ਬੁਲਾਓ। ਮੇਰਾ ਕੋਈ ਉਪਾ ਕਰੋ।”
ਉਪਾ ? ਉਹ ਕਿਹੋ ਜਿਹੇ ਸ਼ਬਦ ਵਰਤ ਰਹੇ ਸਨ। ਸਾਰੇ ਪਰਵਾਰ ਦੇ ਦਿਲ ਮੁੱਠੀ ਵਿਚ ਆ ਗਏ। ਡੌਰ ਭੌਰ ਹੋਏ ਸਾਰੇ ਇਕ ਦੂਜੇ ਵੱਲ ਤੱਕ ਰਹੇ ਸਨ। ਪਤਨੀ ਹਰਬੇਲ ਸਿੰਘ ਨੂੰ ਜ਼ਮੀਨ ਪੈਰਾਂ ਹੇਠ ਡਗਮਗਾਂਦੀ ਜਾਪੀ, ਜਿਵੇਂ ਇਕ ਵਾਰੀ ਫੇਰ ਕੋਇਟੇ ਦਾ ਭੁਚਾਲ ਆਉਣ ਲਗਾ ਸੀ। ਉਹਦੇ ਲਿੱਸੇ ਮੂੰਹ ਦੀ ਇਕ ਇਕ ਝੁਰੀ ਉਘੜ ਆਈ ਤੇ ਨਿਤਾਣੀ ਆਵਾਜ਼ ਵਿਚ ਉਹ ਬੋਲੀ,
“ਹੌਂਸਲਾ ਕਰੋ ਜੀਓ। ਕੋਈ ਡਰ ਨਹੀਂ। ਸਤੇ ਖ਼ੈਰਾਂ ਤੇ ਵੀਹ ਰੱਖਾਂ ਨੇ ਤੁਹਾਨੂੰ।”
ਪਰ ਸਰਦਾਰ ਹਰਬੇਲ ਸਿੰਘ ਦੇ ਚਿਹਰੇ ਤੋਂ ਪਰਤੱਖ ਦਿਸ ਰਿਹਾ ਸੀ ਕਿ ਉਥੇ ਇਕ ਵੀ ਖ਼ੈਰ, ਇਕ ਵੀ ਰਖ ਨਹੀਂ ਸੀ। ਦੋਹਾਂ ਬਾਹਾਂ ਨੂੰ ਚੁੱਕ ਕੇ ਫਾਂਹ ਕਰਕੇ ਬਿਸਤਰੇ ’ਤੇ ਸੁੱਟਦੇ ਉਹ ਬੋਲੇ,
“ਮੇਰਾ ਕੋਈ ਹਾਲ ਨਹੀਂ ਜੇ। ਜੋ ਹੀਲਾ ਚਲਦਾ ਜੇ ਕਰ ਲਵੋ। ਫੇਰ ਨਾਂਹ ਕਹਿਣਾ ਵੇਲੇ ਸਿਰ ਨਹੀਂ ਦਸਿਆ।”
ਇਕ ਪਲ ਲਈ ਸਭਨਾ ਦੇ ਮੂੰਹਾਂ ’ਤੇ ਬੇਤੁਕਾਪਨ ਛਾ ਗਿਆ। ਉਸ ਇਕ ਪਲ ਦੀ ਚੌੜਿੱਤਣ ਸਿਮਟ ਕੇ ਇਕ ਤਿੱਖੀ ਆਰ ਵਾਂਗ ਉਨ੍ਹਾਂ ਦੇ ਦਿਲਾਂ ਦੇ ਝਰੀਟੀ ਗਈ। ਸਾਰੀ ਜ਼ਿੰਦਗੀ ਕਦੀ ਦਾਰ ਜੀ ਬੀਮਾਰ ਨਹੀਂ ਸਨ ਹੋਏ। ਉਨ੍ਹਾਂ ਦਾ ਮੱਥਾ ਨਹੀਂ ਸੀ ਦੁਖਿਆ, ਉਨ੍ਹਾਂ ਦਾ ਪਿੰਡਾ ਤੱਤਾ ਨਹੀਂ ਸੀ ਹੋਇਆ। ਉਹ ਤਾਂ ਬੀਮਾਰ ਨੂੰ ਇਕ ਗਲਤੀ, ਇਕ ਗੁਨਾਹ, ਇਕ ਬੱਜਰ ਪਾਪ ਗਿਣਿਆ ਕਰਦੇ ਸਨ ਤੇ ਬੀਮਾਰਾਂ ਨੂੰ ਸਦਾ ਦੋਸ਼ੀਆਂ ਦੇ ਕਟਹਿਰੇ ਵਿਚ ਖੜਾ ਕਰਦੇ ਸਨ। ਬੀਮਾਰੀ ਦਾ ਖ਼ਿਆਲ ਦਾਰ ਜੀ ਦੇ ਅਰੋਗ ਸਰੀਰ ਨਾਲ ਜੋੜਨ ਦਾ ਯਤਨ ਇਕ ਮਾਰੂ ਯਤਨ ਸੀ ਤੇ ਇਹ ਯਤਨ ਕਰਦਿਆਂ ਉਨ੍ਹਾਂ ਦੇ ਅਚੇਤ ਮਨਾਂ ਨੂੰ ਜਾਪਿਆ ਜਿਵੇਂ ਸਾਰਾ ਕੁਝ ਡਾਂਵਾਂ ਡੋਲ ਹੋ ਗਿਆ ਹੋਵੇ, ਉਹ ਕਮਰਾ, ਉਹ ਫ਼ਰਨੀਚਰ, ਉਹ ਖਿੜਕੀ, ਉਹ ਊਦੇ ਫੱਲਾਂ ਵਾਲੀ ਵੇਲ, ਉਹ ਗੇਟ ਕੋਲ ਉੱਗਿਆ ਚੀਲ ਦਾ ਬੁੱਢਾ ਦਰੱਖਤ। ਜਿਵੇਂ ਜ਼ਮੀਨ ਹੀ ਆਪਣੇ ਧੁਰੇ ਤੋਂ ਖਿਸਕ ਗਈ ਹੋਵੇ।
ਸਰਦਾਰ ਹਰਬੇਲ ਸਿੰਘ ਦੀ ਨੂੰਹ ਉਪਕਾਰ ਦੇ ਹਸਾਸ ਦਿਲ ਨੂੰ ਇਕ ਘੇਰਨੀ ਆਈ ਤੇ ਸਾਹ ਸੱਤ—ਹੀਣ ਹੁੰਦੀ ਉਹ ਦਾਰ ਜੀ ਦੀ ਪੁਆਂਦੀ ਵੱਲ ਢੇਰੀ ਹੋ ਗਈ। ਫੇਰ ਇਕ ਅਸਾਧਾਰਨ ਹੰਭਲੇ ਨਾਲ ਆਪਣੇ ਆਪ ਨੂੰ ਸੰਭਾਲਦੀ ਉਹ ਦਾਰ ਜੀ ਦੇ ਪੈਰਾਂ ਦੀਆਂ ਤਲੀਆਂ ਝੱਸਣ ਲੱਗ ਪਈ।
ਸਰਦਾਰ ਹਰਬੇਲ ਸਿੰਘ ਦੀ ਪੁੱਤਰੀ ਸਤਨਾਮ ਆਪਣੇ ਵੀਰੇ ਮਨਜੀਤ ਵੱਲ ਵੇਖੀ ਜਾ ਰਹੀ ਸੀ ਤੇ ਉਹਦਾ ਮੂੰਹ ਇੰਜ ਖੁੱਲ੍ਹਾ ਸੀ ਜਿਵੇਂ ਹੁਣੇ ਚੀਕ ਮਾਰ ਦਏਗੀ। ਇਕ ਚੁੱਪ ਅਣਵੱਜੀ ਚੀਕ ਦੇ ਕੜਵੱਲਾਂ ਨਾਲ ਉਹਦੇ ਬੁਲ੍ਹ ਅਟੇਰੇ ਗਏ ਸਨ। ਅਚਨਚੇਤ ਮਨਜੀਤ ਦੇ ਚਿਹਰੇ ਦਾ ਪ੍ਰਭਾਵ ਤ੍ਰਭਕਿਆ ਤੇ ਉਹ ਡਾਕਟਰ ਨੂੰ ਫ਼ੋਨ ਕਰਨ ਦੌੜ ਗਿਆ।
ਡਾਕਟਰ ਦੇ ਇਕ ਹੱਥ ਵਿਚ ਫੜਿਆ ਬੈਗ ਤੇ ਦੂਜੇ ਹੱਥ ਵਿਚ ਸਟੈਥੋਸਕੋਪ ਵੇਖ ਕੇ ਪਹਿਲੀ ਵਾਰੀ ਸਭ ਨੂੰ ਯਕੀਨ ਹੋਇਆ ਕਿ ਦਾਰ ਜੀ ਸੱਚਮੁਚ ਬੀਮਾਰ ਸਨ। ਦਿਮਾਗਾਂ ਵਿਚੋਂ ਧੁੰਦ ਸਾਫ਼ ਹੁੰਦੀ ਗਈ ਤੇ ਚੀਜ਼ਾਂ ਦੀ ਤਿੱਖੀ ਠੋਸ ਨੁਹਾਰ ਨਿੱਤਰਦੀ ਗਈ। ਉਹ ਕਮਰਾ, ਉਹ ਫਰਨੀਚਰ, ਉਹ ਗੋਲ ਤਿਪਾਈ ਤੇ ਗੁਲਦਾਨ ਵਿਚ ਟਿਕਾਏ—ਨਰਗਸ ਦੇ ਫੁੱਲ, ਉਹ ਅੰਗੀਠੀ ਦੀ ਰੌਂਸ ਤੇ ਪਏ ਲੰਮੀਆਂ ਲੱਤਾਂ ਵਾਲੇ ਪਿੱਤਲ ਦੇ ਕੁਲੰਗ, ਉਹ ਸਾਹਮਣੀ ਕੰਧ ਤੇ ਲੱਗਾ ਤੂਫਾਨ ਵਿਚ ਘਿਰੇ ਜਹਾਜ਼ ਦਾ ਚਿੱਤਰ ਸਭ ਕੁਝ ਉਵੇਂ ਸੀ ਜਿਵੇਂ ਹੋਣਾ ਚਾਹੀਦਾ ਸੀ। ਇਕ ਛਿਣ ਮਾਤਰ ਦੇ ਧੁੰਦਲੇਪਨ ਮਗਰੋਂ ਜ਼ਿੰਦਗੀ ਮੁੜ ਆਪਣੇ ਤਿੱਖੇ ਫੋਕਸ ਵਿਚ ਆ ਗਈ ਸੀ।
ਡਾਕਟਰ ਨੇ ਟੀਕਾ ਲਾਇਆ ਤੇ ਕਮਰੇ ਵਿਚੋਂ ਬਾਹਰ ਨਿਕਲਦਾ ਆਪਣੇ ਮੂੰਹ ਤੇ ਜੁੜੀਆਂ ਚਿੰਤਾਤੁਰ ਤੱਕਣੀਆਂ ਦੇ ਉੱਤਰ ਵਿਚ ਬੋਲਿਆ :
“ਸਰੀਰਕ ਤੌਰ ਤੇ ਇਨ੍ਹਾਂ ਨੂੰ ਕੋਈ ਬੀਮਾਰੀ ਨਹੀਂ। ਬਲੱਡ ਪਰੇਸ਼ਰ ਨਾਰਮਲ ਹੈ, ਹਾਰਟ ਠੀਕ ਠਾਕ ਹੈ। ਅਸਲ ਵਿਚ ਸਾਨੂੰ ਇਨ੍ਹਾਂ ਨੂੰ ਰੋਗੀ ਨਹੀਂ ਸਮਝਣਾ ਚਾਹੀਦਾ। ਜਾਪਦਾ ਹੈ ਕੁਝ ਚਿੰਤਾਵਾਂ, ਕੁਝ ਡਰ, ਕੁਝ ਤੌਖਲੇ ਇਨ੍ਹਾਂ ਦੇ ਮਨ ਵਿਚ ਕੱਠੇ ਹੋ ਗਏ ਹਨ ਜਿਨ੍ਹਾਂ ਨਾਲ ਇਨ੍ਹਾਂ ਦਾ ਨਰਵਸ ਸਿਸਟਮ ਠੋਕਰਿਆ ਗਿਆ ਹੈ। ਇਹ ਨਾਖ਼ੁਸ਼ੀਆਂ ਤੇ ਚਿੰਤਾਵਾਂ ਕੀ ਹਨ, ਇਹ ਤੁਸੀਂ ਮੇਰੇ ਨਾਲੋਂ ਚੰਗਾ ਜਾਣਦੇ ਹੋ ਤੇ ਮੇਰੇ ਨਾਲੋਂ ਚੰਗਾ ਉਨ੍ਹਾਂ ਨੂੰ ਲਭ ਕੇ ਉਨ੍ਹਾਂ ਨੂੰ ਦੂਰ ਕਰ ਸਕਦੇ ਹੋ। ਤੇ ਜੇ ਸਾਡੇ ਸਭਨਾਂ ਦੇ ਯਤਨਾਂ ਨਾਲ ਵੀ ਸਰਦਾਰ ਸਾਹਿਬ ਠੀਕ ਨਾ ਹੋਏ ਤਾਂ ਕਿਸੇ ਮਨੋ—ਵਿਗਿਆਨਕ ਮਾਹਿਰ ਦੀ ਸਲਾਹ ਲੈਣੀ ਪਵੇਗੀ।”
ਉਨ੍ਹਾਂ ਸਭਨਾਂ ਦੇ ਮੂੰਹ ’ਤੇ ਹੈਰਾਨੀ ਧੂੜੀ ਗਈ ਤੇ ਉਨ੍ਹਾਂ ਦੀਆਂ ਤੱਕਣੀਆਂ ਡਾਕਟਰ ਦੀ ਇਸ ਤਸ਼ਖ਼ੀਸ ਤੋਂ ਸਾਫ਼ ਮੁਨਕਰ ਜਾਪਦੀਆਂ ਸਨ। ਦਾਰ ਜੀ ਨੂੰ ਕਾਹਦੀਆਂ ਚਿੰਤਾਵਾਂ ਤੇ ਕਾਹਦੇ ਤੌਖ਼ਲੇ ਸਨ। ਅਜੇ ਪਿਛਲੇ ਸਾਲ ਉਹ ਪੰਜਾਬ ਐਜੂਕੇਸ਼ਨਲ ਸਰਵਿਸ ਵਿਚੋਂ ਇੰਸਪੈਕਟਰ ਆਫ਼ ਸਕੂਲਜ਼ ਦੇ ਅਹੁਦੇ ਤੋਂ ਰਿਟਾਇਰ ਹੋਏ ਸਨ। ਸਾਰੀ ਉਮਰ ਇੱਜ਼ਤ ਤੇ ਆਰਾਮ ਦੀ ਨੌਕਰੀ ਕੀਤੀ ਸੀ। ਵਾਹਿਗੁਰੂ ਦਾ ਦਿੱਤਾ ਸਭ ਕੁਝ ਸੀ। ਪਤਨੀ ਦਿਲਾਂ ਦੀ ਮਹਿਰਮ ਤੇ ਰਮਜ਼ਾਂ ਬੁੱਝਣ ਵਾਲੀ ਸੀ। ਬੱਚੇ ਸਾਰੇ ਲਾਇਕ ਤੇ ਆਗਿਆਕਾਰ ਸਨ। ਵੱਡਾ ਰਿਪੁਦਮਨ ਇਕ ਵੱਡੀ ਸੀਮੈਂਟ ਫ਼ੈਕਟਰੀ ਵਿਚ ਚੀਫ਼ ਮਕੈਨੀਕਲ ਇੰਜੀਨੀਅਰ ਸੀ ਤੇ ਅੱਜ ਕਲ੍ਹ ਟਰੇਨਿੰਗ ਲਈ ਜਰਮਨੀ ਗਿਆ ਹੋਇਆ ਸੀ। ਨਿੱਕਾ ਮਨਜੀਤ ਪੰਜਾਬ ਸਿਵਲ ਸਰਵਿਸ ਵਿਚ ਸੀ ਤੇ ਅਗਲੇ ਮਹੀਨੇ ਸਟਾਫ਼ ਕਾਲਜ ਵਿਚ ਪਬਲਿਕ ਐਡਮਨਿਸਟ੍ਰੇਸ਼ਨ ਦਾ ਕੋਰਸ ਕਰਨ ਹੈਦਰਾਬਾਦ ਜਾ ਰਿਹਾ ਸੀ। ਸਤਨਾਮ ਦੀ ਮੰਗਣੀ ਏਅਰ ਫੋਰਸ ਦੇ ਇਕ ਅਫ਼ਸਰ ਨਾਲ ਹੋਈ ਹੋਈ ਸੀ ਤੇ ਅਗਲੇ ਹਫ਼ਤੇ ਉਹਦਾ ਵਿਆਹ ਸੀ। ਰਿਪੁਦਮਨ ਦੀ ਪਤਨੀ ਉਪਕਾਰ ਵਰਗੀ ਮਿੱਠਬੋਲੀ ਤੇ ਦਰਦਣ ਨੂੰਹ ਸਾਰੀ ਦੁਨੀਆਂ ਵਿਚ ਨਹੀਂ ਸੀ। ਘਰ ਸਵਰਗ ਦਾ ਨਮੂਨਾ ਸੀ। ਵਾਹਿਗੁਰੂ ਦੀ ਕਿਰਪਾ ਸੀ ਤੇ ਨਾਖ਼ੁਸ਼ੀਆਂ ਤੇ ਚਿੰਤਾਵਾਂ ਵਲਗਣ ਟੱਪ ਕੇ ਅਜੇ ਘਰ ਵਿਚ ਦਾਖ਼ਲ ਨਹੀਂ ਸਨ ਹੋਈਆਂ।
ਆਪਣੀ ਸੱਸ ਦੀਆਂ ਭਟਕਦੀਆਂ ਤੱਕਣੀਆਂ ਨੂੰ ਫੜਦੀ ਚੀਸਦੀ ਹੋਈ ਆਵਾਜ਼ ਵਿਚ ਉਪਕਾਰ ਬੋਲੀ :
“ਬੀ ਜੀ, ਇਹ ਤਾਂ ਅੱਜ ਹੀ ਕੋਈ ਗੱਲ ਹੋਈ ਹੈ ਜਿਸ ਨੇ ਦਾਰ ਜੀ ਨੂੰ ਉਪਰਾਮ ਕਰ ਦਿੱਤਾ ਹੈ। ਮੇਰਾ ਦਿਲ ਕਹਿੰਦਾ ਹੈ। ਤੁਸੀਂ ਪੁੱਛ ਵੇਖੋ। ਭਲਾ ਕੀ ਕਹਿੰਦੇ ਨੇ।”
ਪਤਨੀ ਹਰਬੇਲ ਸਿੰਘ ਨੇ ਪੁੱਛਿਆ। ਮਨਜੀਤ ਤੇ ਸਤਨਾਮ ਨੇ ਪੁੱਛਿਆ, ਪਰ ਕੋਈ ਥਹੁ ਪਤਾ ਦਾਰਜੀ ਨੇ ਨਾ ਦਿੱਤਾ। ਹਾਂ, ਦਿਲਾਂ ਦੀ ਭੇਤਣ ਪਤਨੀ ਦਾਰ ਜੀ ਦੇ ਨਜ਼ਰਾਂ ਚੁਰਾਉਣ ਦੇ ਢੰਗ ਤੋਂ ਏਨਾ ਭਾਂਪ ਗਈ ਕਿ ਗੱਲ ਕੋਈ ਜ਼ਰੂਰ ਸੀ ਜਿਸ ਨੂੰ ਉਹ ਆਪਣੀ ਬੀਮਾਰੀ ਦੇ ਢੰਡੋਰੇ ਪਿਛੇ ਲੁਕਾ ਰਹੇ ਸਨ। ਸੱਸ ਦੀ ਸੈਣਤ ਬੁੱਝਦੀ ਹੁਣ ਉਪਕਾਰ ਦਾਰ ਜੀ ਦੇ ਕਮਰੇ ਵਿਚ ਗਈ। ਸਰਦਾਰ ਹਰਬੇਲ ਸਿੰਘ ਜੀ ਸਾਰੇ ਪ੍ਰਵਾਰ ਵਿਚੋਂ ਸਭ ਤੋਂ ਵਧ ਆਪਣੀ ਮਿੱਠਬੋਲੀ ਨੂੰਹ ਦੀ ਮੰਨਦੇ ਸਨ। ਤੇ ਜੇ ਦਾਰ ਜੀ ਦੇ ਦਿਲ ਦੀਆਂ ਤਹਿਆਂ ਫਰੋਲ ਕੇ ਉਪਕਾਰ ਕੋਈ ਗੱਲ ਨਹੀਂ ਸੀ ਕੱਢ ਸਕਦੀ ਤਾਂ ਉਹ ਦੁਨੀਆਂ ਦਾ ਵੱਡੇ ਤੋਂ ਵੱਡਾ ਮਨੋ—ਵਿਗਿਆਨਕ ਮਾਹਿਰ ਵੀ ਨਹੀਂ ਸੀ ਕੱਢ ਸਕਦਾ।
ਬਾਹਰ ਬੈਠਿਆਂ ਦੀ ਉਡੀਕ ਸੀਮਾਂ ਟੱਪ ਗਈ ਜਦੋਂ ਅੱਧੇ ਘੰਟੇ ਮਗਰੋਂ ਉਪਕਾਰ ਦਾਰਜੀ ਦੇ ਕਮਰੇ ਵਿਚੋਂ ਨਿਕਲੀ।
“ਕੁਝ ਦਸਿਆ ਨੇ ?” ਤਿੰਨ ਬੇਸਬਰੇ ਦਿਲਾਂ ਦੀ ਉਤਸੁਕਤਾ ਇਕ ਆਵਾਜ਼ ਹੋ ਕੇ ਉਪਕਾਰ ਤੇ ਝਪਟੀ।
“ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰਦੇ ਨੇ।”
“ਕੀ, ਕਹਿੰਦੇ ਕੀ ਨੇ ?” ਪਤਨੀ ਹਰਬੇਲ ਸਿੰਘ ਨੇ ਪੁੱਛਿਆ।
“ਕਹਿੰਦੇ ਨੇ ਮੇਰਾ ਰੋਲ ਨੰਬਰ ਆ ਗਿਆ ਏ।”
“ਰੋਲ ਨੰਬਰ !”
“ਆਹੋ, ਕਹਿੰਦੇ ਨੇ ਦਸਵੀਂ ਜਮਾਤ ਵਿਚ ਮੇਰਾ ਰੋਲ ਨੰਬਰ ਚਾਰ ਸੀ।”
“ਓਹੋ, ਪਰ ਗੱਲ ਕੀ ਹੋਈ ?” ਮਨਜੀਤ ਨੇ ਉਤਾਵਲੀ ਆਵਾਜ਼ ਵਿਚ ਪੁੱਛਿਆ।
“ਕਹਿੰਦੇ ਨੇ ਦਸਵੀਂ ਕਲਾਸ ਦੇ ਮੇਰੇ ਜਮਾਤੀਆਂ ਵਿਚੋਂ ਸਭ ਤੋਂ ਪਹਿਲੇ ਮੌਤ ਸ. ਲਹਿਣਾ ਸਿੰਘ ਠੇਕੇਦਾਰ ਦੀ ਹੋਈ। ਉਨ੍ਹਾਂ ਦਾ ਰੋਲ ਨੰਬਰ ਇਕ ਸੀ। ਫੇਰ ਲਾਲ ਘਸੀਟਾ ਰਾਮ ਸਬ—ਡਵੀਯਨਲ ਕਲਰਕ ਚਲ ਵਸੇ। ਉਨ੍ਹਾਂ ਦਾ ਰੋਲ ਨੰਬਰ ਦੋ ਸੀ”, ਤੇ ਰਤਾ ਥਿੜਕਦੀ ਹੋਈ ਉਪਕਾਰ ਕਹਿੰਦੀ ਗਈ, “ਤੇ ਉਨ੍ਹਾਂ ਦੇ ਝੱਟ ਹੀ ਪਿੱਛੋਂ ਰਾਏ ਬਹਾਦਰ ਰਾਮ ਰੱਖਾ ਮਲ ਨੂੰ ਬੁਲਾਵਾ ਆ ਗਿਆ। ਉਨ੍ਹਾਂ ਦਾ ਰੋਲ ਨੰਬਰ ਤਿੰਨ ਸੀ।”
“ਪਰ ਉਹਦੇ ਨਾਲ ਫ਼ਰਕ ਕੀ ਪੈਂਦਾ ਹੈ ?” ਹੈਰਾਨੀ ਵਿਚੋਂ ਉਭਰਨ ਦਾ ਯਤਨ ਕਰਦਾ ਮਨਜੀਤ ਬੋਲਿਆ।
“ਉਹ ਕਹਿੰਦੇ ਨੇ ਹੁਣ ਮੇਰੀ ਵਾਰੀ ਆ ਗਈ ਹੈ। ਮੇਰਾ ਰੋਲ ਨੰਬਰ ਚਾਰ ਸੀ।”
ਉਹ ਸਭੇ ਅਵਾਕ ਰਹਿ ਗਏ। ਇਕ ਵਾਰੀ ਫਿਰ ਉਨ੍ਹਾਂ ਨੂੰ ਆਪਣਾ ਚੌਗਿਰਦਾ ਡਾਂਵਾਂਡੋਲ ਜਾਪਿਆ। ਮੁੜ ਜਿਵੇਂ ਧਰਤੀ ਆਪਣੇ ਧੁਰੇ ਤੋਂ ਖਿਸਕ ਗਈ ਸੀ ਤੇ ਜ਼ਿੰਦਗੀ ਦੀ ਨੁਹਾਰ ਧੁੰਦਲੀ ਹੋ ਗਈ ਸੀ।
ਅਖ਼ੀਰ ਸ਼ਬਦ ਪਤਨੀ ਹਰਬੇਲ ਸਿੰਘ ਨੂੰ ਅਹੁੜੇ ਤੇ ਉਹ ਬੋਲੀ, “ਤੇ ਤੂੰ ਉਨ੍ਹਾਂ ਨੂੰ ਸਮਝਾਇਆ ਨਹੀਂ। ਜਿਵੇਂ ਤੂੰ ਉਨ੍ਹਾਂ ਨੂੰ ਸਮਝਾ ਸਕਨੀ ਏਂ, ਹੋਰ ਕੋਈ ਨਹੀਂ ਸਮਝਾ ਸਕਦਾ।”
“ਮੈਂ ਤਾਂ ਬੜਾ ਆਖਿਆ ਏ ਬੀਜੀ”, ਉਪਕਾਰ ਰੋਣਹਾਕੀ ਹੋਈ ਹੋਈ ਸੀ, “ਪਤਾ ਨਹੀਂ ਕੀ ਉਨ੍ਹਾਂ ਦੇ ਦਿਲ ਵਿਚ ਗੰਢ ਬੱਝ ਗਈ ਏ। ਅਗੋਂ ਅਜਿਹੀਆਂ ਗੱਲਾਂ ਕਰਦੇ ਨੇ ਕਿ ...”, ਕਹਿੰਦਿਆਂ—ਕਹਿੰਦਿਆਂ ਉਪਕਾਰ ਦੀਆਂ ਭੁੱਬਾਂ ਨਿਕਲ ਗਈਆਂ। ਦਾਰਜੀ ਨਾਲ ਬਿਤਾਇਆ ਪਿਛਲਾ ਅੱਧਾ ਘੰਟਾ ਉਪਕਾਰ ਦੇ ਭਾਵੁਕ ਮਨ ਤੇ ਬੜਾ ਕਰੜਾ ਬੀਤਿਆ ਸੀ।
ਤਾਂ ਇਹ ਗੱਲ ਸੀ। ਉਹ ਦਾਰਜੀ ਜੋ ਸਦਾ ਸਾਫ਼ ਸੋਚਦੇ ਸਨ, ਸਦਾ ਬੁੱਧੀ ਦੀ ਪਰਧਾਨਗੀ ਤੇ ਅਕਲ ਦੀ ਅਗਵਾਈ ਵਿਚ ਚਲਦੇ ਸਨ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ, ਆਪਣੀ ਪਤਨੀ ਦੇ ਦਿਮਾਗਾਂ ਨੂੰ ਭੈਆਂ ਭਰਮਾਂ ਦੀ ਹਨੇਰੀ ਜਿਲ੍ਹਣ ਤੋਂ ਉੱਚਾ ਰਖਿਆ ਸੀ, ਅੱਜ ਆਪ ਇਕ ਨਿਕੰਮੇ ਤੇ ਵਿਹਲੇ ਵਹਿਮ ਨੂੰ ਮਨ ਵਿਚ ਵਸਾ ਬੈਠੇ ਸਨ ਤੇ ਕਿਸੇ ਦੇ ਸਮਝਾਇਆਂ ਨਹੀਂ ਸਨ ਸਮਝ ਰਹੇ। ਪਤਨੀ ਹਾਰ ਗਈ। ਪੁੱਤਰ ਤੇ ਧੀ ਹਾਰ ਗਏ। ਨੂੰਹ ਹਾਰ ਗਈ। ਉਨ੍ਹਾਂ ਸਭ ਨੂੰ ਇਹੀ ਆਖਿਆ :
“ਮੈਨੂੰ ਨਾ ਕਲਪਾਓ। ਮੈਂ ਘੜੀਆਂ ਪਲਾਂ ਦਾ ਪ੍ਰਾਹੁਣਾ ਜੇ। ਵੇਖਦੇ ਨਹੀਂ ਮੇਰਾ ਸਰੀਰ ਮਿੱਟੀ—ਮਿੱਟੀ ਹੋਈ ਜਾਂਦਾ ਹੈ। ਅੱਖਾਂ ਬੰਦ ਕਰਦਾ ਹਾਂ ਤਾਂ ਜਾਪਦਾ ਹੈ ਹੁਣ ਬੀਤ ਗਿਆ ਕਿ ਹੁਣੇ ਬੀਤ ਗਿਆ। ਨਹੀਂ ਚਾਰਾ ਚਲਦਾ ਤੁਹਾਥੋਂ ਤੇ ਨਾ ਸਹੀ, ਪਰ ਮੈਨੂੰ ਤੰਗ ਨਾ ਕਰੋ।”
ਉਹ ਜਾਣਦੇ ਸਨ ਘਰ ਵਿਚ ਧੀ ਦਾ ਵਿਆਹ ਸੁਧਿਆ ਹੋਇਆ ਸੀ। ਸਿਆਣੇ ਬਿਆਣੇ ਹੋ ਕੇ ਇਕ ਮੂਰਖ ਵਹਿਮ ਮਗਰ ਲਗ ਕੇ ਉਨ੍ਹਾਂ ਅਜਿਹੇ ਮੌਕੇ ’ਤੇ ਸਾਰੇ ਪਰਵਾਰ ਲਈ ਸ਼ਾਮਤ ਖੜੀ ਕਰ ਦਿੱਤੀ ਸੀ। ਸਮਝ ਨਹੀਂ ਸੀ ਆਉਂਦੀ ਕੀ ਕੀਤਾ ਜਾਏ। ਮਨਜੀਤ ਦਾ ਜੀ ਕੀਤਾ ਕਿ ਆਪਣਾ ਸਿਰ ਸਾਹਮਣੀ ਕੰਧ ਨਾਲ ਜਾ ਮਾਰੇ, ਪਰ ਅਗਲੇ ਪਲ ਉਸ ਨੇ ਅਜਿਹੀ ਪਾਗਲ ਹਰਕਤ ਕਰਨ ਤੋਂ ਆਪਣੇ ਆਪ ਨੂੰ ਹੋੜ ਲਿਆ ਤੇ ਸ਼ਹਿਰ ਦੇ ਪ੍ਰਸਿੱਧ ਮਨੋ—ਵਿਗਿਆਨਕ ਮਾਹਿਰ ਨੂੰ ਫ਼ੋਨ ਕਰਨ ਚਲਾ ਗਿਆ।
ਉਹ ਜਾਣਦੇ ਸਨ ਕਿ ਮਨੋ—ਵਿਗਿਆਨਕ ਮਾਹਿਰ ਦਾ ਕੋਈ ਫ਼ਾਇਦਾ ਨਹੀਂ ਸੀ, ਪਰ ਫਿਰ ਵੀ ਉਹ ਸਭੇ ਉਹਨੂੰ ਬੜੀ ਤੀਬਰਤਾ ਨਾਲ ਉਡੀਕ ਰਹੇ ਸਨ। ਕਿਸੇ ਕਾਰ ਦੇ ਰੁਕਣ ਦੀ ਆਹਟ ਨਾਲ ਉਨ੍ਹਾਂ ਨੇ ਬਰਾਂਡੇ ਵਿਚੋਂ ਝਾਕ ਕੇ ਕੋਠੀ ਦੇ ਗੇਟ ਵੱਲ ਵੇਖਿਆ। ਰਤਾ ਵਡੇਰੀ ਉਮਰ ਦੇ ਇਕ ਸੱਜਣ ਟੈਕਸੀ ਵਿਚੋਂ ਉਤਰ ਰਹੇ ਸਨ। ਉਹੋ ! ਇਹ ਤਾਂ ਵਡਭਾਗ ਸਿੰਘ ਜੀ ਸਨ, ਦਾਰਜੀ ਦੇ ਮਿੱਤਰ ਜੋ ਡੇਹਰਾਦੂਨ ਰਹਿੰਦੇ ਸਨ। ਪਤਨੀ ਹਰਬੇਲ ਸਿੰਘ ਨੇ ਅੱਖ ਦੀ ਸੈਣਤ ਨਾਲ ਸਭਨਾਂ ਨੂੰ ਸਮਝਾ ਦਿੱਤਾ ਕਿ ਉਹ ਦਾਰਜੀ ਦੀ ਬੀਮਾਰੀ ਦਾ ਜ਼ਿਕਰ ਸ. ਵਡਭਾਗ ਸਿੰਘ ਸਾਹਮਣੇ ਨਾ ਕਰਨ। ਉਹ ਨਹੀਂ ਸੀ ਚਾਹੁੰਦੀ ਕਿ ਕੋਈ ਬੀਮਾਰ—ਪੁਰਸੀ ਕਰਕੇ ਉਨ੍ਹਾਂ ਦੀ ਬੀਮਾਰੀ ਵਿਚ ਵਾਧਾ ਕਰੇ।
ਸ. ਵਡਭਾਗ ਸਿੰਘ ਜੀ ਬੜੀ ਕਾਹਲੀ ਵਿਚ ਜਾਪਦੇ ਸਨ। ਸਭਨਾਂ ਨੂੰ ਮਿਲਣ ਮਗਰੋਂ ਉਹ ਬੋਲੇ, “ਮੈਂ ਸਟੇਸ਼ਨ ਤੋਂ ਆਇਆ ਹਾਂ। ਟੈਕਸੀ ਬਾਹਰ ਰੋਕ ਦਿੱਤੀ ਹੈ। ਦਿੱਲੀ ਗੱਡੀ ਬਦਲਣੀ ਸੀ। ਕਲਕੱਤਾ ਮੇਲ ਸੱਤ ਪੰਝੀ ਤੇ ਜਾਂਦੀ ਹੈ। ਮੈਂ ਕਿਹਾ ਜਿਹੜਾ ਪੌਣਾ ਘੰਟਾ ਪਲੇਟਫ਼ਾਰਮ ’ਤੇ ਜ਼ਾਇਆ ਕਰਾਂਗਾ ਉਹ ਤੁਹਾਨੂੰ ਹੀ ਮਿਲ ਆਵਾਂ। ਤੇ ਇਨਸਪੈਕਟਰ ਸਾਹਿਬ ਕਿੱਥੇ ਨੇ ?”
ਪੰਦਰ੍ਹਾਂ ਮਿੰਟਾਂ ਦੀ ਮਿਲਣੀ ਮਗਰੋਂ ਜਦੋਂ ਸ. ਵਡਭਾਗ ਸਿੰਘ ਜੀ ਦਾਰਜੀ ਦੇ ਕਮਰੇ ਵਿਚੋਂ ਨਿਕਲੇ ਤਾਂ ਉਹ ਇਕੱਲੇ ਨਹੀਂ ਸਨ। ਉਨ੍ਹਾਂ ਨਾਲ ਦਾਰ ਜੀ—ਹਾਂ ਹਾਂ ਆਪ ਦਾਰਜੀ—ਬਾਂਹ ਵਿਚ ਬਾਂਹ ਪਾਈ ਹੱਸਦੇ ਮੁਸਕਰਾਂਦੇ ਗੱਲਾਂ ਕਰਦੇ ਬਾਹਰ ਨਿਕਲ ਆਏ ਸਨ। ਬਰਾਮਦੇ ਵਿਚ ਆਪਣੇ ਪਰਵਾਰ ਨੂੰ ਹੱਕਾ—ਬੱਕਾ ਖੜੋਤਾ ਵੇਖ ਦਾਰਜੀ ਇਕਦਮ ਗੰਭੀਰ ਹੁੰਦੇ ਬੋਲੇ :
“ਮੇਰੇ ਸਾਰੇ ਜਮਾਤੀ ਇਕ ਇਕ ਕਰਕੇ ਵਿਛੜਦੇ ਜਾ ਰਹੇ ਸਨ। ਐਹ ਹੁਣੇ ਵਡਭਾਗ ਸਿੰਘ ਹੁਰਾਂ ਦਸਿਆ ਹੈ ਕਿ ਸ. ਸੁਖਚੈਨ ਸਿੰਘ ਹੁਰੀਂ ਡੇਹਰਾਦੂਨ ਵਾਲੇ ਅੱਜ ਦੁਪਹਿਰ ਨੂੰ ਚਲਾਣਾ ਕਰ ਗਏ ਹਨ।”
ਉਪਕਾਰ ਬੋਲੀ, “ਦਾਰਜੀ ਉਨ੍ਹਾਂ ਦਾ ਰੋਲ ਨੰਬਰ ?”
“ਉਨ੍ਹਾਂ ਦਾ ਰੋਲ ਨੰਬਰ ...”, ਦਾਰ ਜੀ ਨੇ ਉਸੇ ਗੰਭੀਰਤਾ ਨਾਲ ਉੱਤਰ ਦਿੱਤਾ, “ਉਨ੍ਹਾਂ ਦਾ ਰੋਲ ਨੰਬਰ ਸਤਾਰ੍ਹਾਂ ਸੀ।”