Saagar Kandhe Daur Riha Dabbu Kutta : Chingiz Aitmatov
ਸਾਗਰ ਕੰਢੇ ਦੌੜ ਰਿਹਾ ਡੱਬੂ ਕੁੱਤਾ (ਕਹਾਣੀ) : ਚੰਗੇਜ਼ ਆਇਤਮਾਤੋਵ
ਉਡਦੀ ਝੱਗ ਦੀ ਭਾਫ ਅਤੇ  ਠੰਡੀ ਹਵਾ ਨਾਲ ਭਰੀ ਅਭੇਦ ਸਮੁੰਦਰੀ ਰਾਤ ਵਿੱਚ, ਓਖੋਤਸਕ  ਦੇ ਸਾਗਰ ਤਟ ਦੇ ਨਾਲ ਨਾਲ ਇਸ ਤਟੀ ਮੁਹਾਜ਼ ਤੇ,ਹਮੇਸ਼ਾ ਤੋਂ ਚਲੀ ਆ ਰਹੀ ਦੋ ਤੱਤਾਂ ਦੀ,ਦੋ ਸੰਗਦਿਲ ਵਿਰੋਧੀਆਂ ਦੀ ਯਾਨੀ ਜਮੀਨ ਤੇ ਪਾਣੀ ਦੀ  ਜੰਗ ਜਾਰੀ ਸੀ :  ਸਮੁੰਦਰ ਦੇ ਅੰਦੋਲਨ ਵਿੱਚ ਅੜਚਨ ਪਾਉਣ ਲਈ ਜਮੀਨ ਹਮੇਸ਼ਾ ਤਤਪਰ ਸੀ, ਅਤੇ ਸਮੁੰਦਰ ਦੀਆਂ ਅਣਥੱਕ ਲਹਿਰਾਂ ਵੀ  ਕਿਨਾਰਿਆਂ ਨੂੰ ਭੰਨਣ ਖੋਰਨ ਵਿੱਚ ਮਗਨ ਸਨ।
ਸਮੁੰਦਰ ਨੇ ਹਨ੍ਹੇਰੇ ਵਿੱਚ ਇੱਕ ਅੰਗੜਾਈ ਭੰਨੀ ਅਤੇ ਪੂਰੇ ਜੋਰ ਨਾਲ ਟੱਕਰ ਮਾਰ ਖਿੰਗਰੀ ਚੱਟਾਨ ਦੀਆਂ ਚੀਕਾਂ ਕਢਾ ਦਿੱਤੀਆਂ। 
ਮੁਢ ਕਦੀਮ ਤੋਂ ਉਹਨਾਂ ਦੀ ਇਹ ਜੰਗ ਜਾਰੀ ਸੀ ਜਦੋਂ ਦਿਨ ਪਹਿਲਾ ਦਿਨ ਬਣਿਆ ਅਤੇ ਰਾਤ ਪਹਿਲੀ ਰਾਤ ਬਣੀ, ਅਤੇ  ਇਹ ਜਾਰੀ ਰਹੇਗਾ ਜਦੋਂ ਤੱਕ ਦਿਨ ਦਿਨ ਰਹਿਣਗੇ ਅਤੇ ਰਾਤਾਂ ਰਾਤਾਂ ਰਹਿਣਗੀਆਂ ; ਜਦੋਂ ਤੱਕ ਧਰਤੀ ਅਤੇ ਪਾਣੀ  ਅਨੰਤ ਕਾਲ ਦੇ ਹੁੱਕਮ ਵਿੱਚ ਰਹਿਣਗੇ ।
ਇਹੋ ਜਿਹੀ  ਇੱਕ ਹੋਰ ਰਾਤ ਗੁਜਰ ਰਹੀ ਸੀ ।ਪਹਿਲੀ ਵਾਰ ਸਮੁੰਦਰ ਤੇ ਜਾਣ ਤੋਂ ਪਹਿਲਾਂ ਦੀ ਰਾਤ । ਆਪਣੇ ਜੀਵਨ ਵਿੱਚ ਪਹਿਲੀ ਵਾਰ ਉਹ ਸੌਂ ਨਹੀਂ ਸਕਿਆ। ਦੇ ਲਈ, ਉਹਦੇ ਜੀਵਨ ਵਿੱਚ ਇਹ ਪਹਿਲੀ  ਅਨੀਂਦਰੀ ਰਾਤ  ਸੀ । ਉਹ ਬਹੁਤ ਕਾਹਲਾ ਸੀ ਕਿ ਜਲਦੀ ਦਿਨ ਚੜੇ ; ਕਿ ਉਹ ਕਦ ਸਮੁੰਦਰ ਵਿੱਚ ਠਿਲ੍ਹ ਪਏ। ਸੀਲ ਦੀ ਖਲ ਦੀ ਵਛਾਈ ਉਤੇ ਉਹ ਪਿਆ ਸੀ ਅਤੇ ਉਹਨੂੰ  ਆਪਣੇ ਹੇਠ ਲਹਿਰਾਂ ਦੀ ਮਾਰ ਕਾਰਨ ਜਮੀਨ ਦੇ ਪਿੰਡੇ ਤੇ ਹੋ ਰਹੀ ਬੇ ਮਲੂਮ ਜਿਹੀ ਕੰਬਣੀ ਮਹਿਸੂਸ ਹੋ ਹੋ ਰਹੀ ਸੀ, ਅਤੇ ਉਹ ਖਾੜੀ ਵਿੱਚ ਪੁਠੀਆਂ ਛਾਲਾਂ ਲਾਉਂਦੀਆਂ ਅਤੇ ਅਠਖੇਲੀਆਂ ਕਰਦੀਆਂ ਤਰੰਗਾਂ ਨੂੰ ਸੁਣ ਸਕਦਾ ਸੀ । ਉਹ ਰਾਤ ਭਰ ਜਾਗਦਾ ਰਿਹਾ ਅਤੇ ਉਹ ਰਾਤ ਦੀ ਬਾਣੀ ਦਾ ਪਾਠ ਸੁਣਦਾ ਰਿਹਾ ।
ਇੱਕ  ਸਮਾਂ ਹੁੰਦਾ ਸੀ, ਇਹ ਸਭ ਨਜ਼ਾਰਾ ਵੱਖ ਹੁੰਦਾ ਸੀ । ਅੱਜਕੱਲ੍ਹ, ਇਹਦੀ ਕਲਪਨਾ ਵੀ ਅਸੰਭਵ ਲਗਦੀ ਸੀ, ਕਿਸੇ ਨੂੰ ਇਸ ਬਾਰੇ ਕੁਝ ਪਤਾ ਨਹੀਂ ਸੀ, ਕਿਸੇ ਨੂੰ  ਗੁਮਾਨ ਤਕ ਨਹੀਂ  ਕਿ ਉਸ  ਦੂਰਦਰਾਜ ਦੇ ਜਮਾਨੇ  ਵਿੱਚ ਜੇ ਲੂਵਰ ਬਤਖ਼ ਨਾ ਹੁੰਦੀ, ਤਾਂ  ਦੁਨੀਆਂ ਦੀ ਸ਼ਕਲ ਕਾਫ਼ੀ ਅਲੱਗ ਹੋਣੀ ਸੀ – ਜਮੀਨ ਦਾ  ਪਾਣੀ ਨਾਲ ਵੈਰ ਨਹੀਂ ਸੀ ਹੋਣਾ ਅਤੇ  ਜਮੀਨ ਨੇ ਪਾਣੀ ਦਾ ਵਿਰੋਧ ਨਹੀਂ ਸੀ ਕੀਤਾ ਹੋਣਾ । ਆਦਿ ਕਾਲ ਵਿੱਚ, ਜੁਗਾਦਿ ਕਾਲ ਵਿੱਚ, ਕੁਦਰਤ ਵਿੱਚ ਕੀਤੇ ਜਮੀਨ ਨਹੀਂ ਸੀ, ਰੇਤ ਦਾ ਇੱਕ ਜ਼ਰਰਾ ਵੀ ਨਹੀਂ । ਹਰ ਜਗ੍ਹਾ ਪਾਣੀ ਸੀ, ਹੋਰ  ਕੁੱਝ ਨਹੀਂ, ਬਸ  ਪਾਣੀ ਹੀ ਪਾਣੀ। ਪਾਣੀ ਆਪਣੇ ਆਪ ਵਿਚੋਂ ਜਨਮਿਆ,ਹੋਂਦ ਵਿੱਚ ਆਇਆ, ਕਾਲ਼ੇ ਧੁੰਦੂਕਾਰੇ ਵਿੱਚੋਂ,ਅਥਾਹ ਗਹਿਰਾਈਆਂ  ਵਿੱਚੋਂ । ਅਤੇ ਲਹਿਰਾਂ ਲਹਿਰਾਂ ਨਾਲ ਟਕਰਾਈਆਂ, ਇੱਕ ਦੂਜੇ ਉਪਰੋਂ ਰਿੜਦੀਆਂ  ਦਿਸ਼ਾਹੀਨ ਉਸ ਦੁਨੀਆਂ  ਵਿੱਚ ਸਾਰੀਆਂ ਦਿਸ਼ਾਵਾਂ ਵਿੱਚ ਵਗਦੀਆਂ ਸਨ। ਗੈਬ ਵਿੱਚੋਂ ਨਿਕਲ ਕੇ ਗੈਬ ਵਿੱਚ ਹੀ  ਗੁੰਮ ਹੋ ਜਾਂਦੀਆਂ।
ਲੇਕਿਨ ਲਿਊਬਰ ਮੁਰਗਾਬੀ, ਹਾਂ, ਉਹੀ ਆਮ ਵੱਡੀ ਚੁੰਜ ਵਾਲਾ ਪੰਛੀ ਜੋ ਆਪਣੀ ਡਾਰ ਸਮੇਤ ਅਕਸਰ ਸਾਡੇ ਸਿਰ ਤੇ ਚੱਕਰ ਲਾਉਂਦਾ ਵੇਖਿਆ ਜਾ ਸਕਦਾ ਹੈ, ਉਦੋਂ  ਇਕੱਲਾ  ਹੀ ਦੁਨੀਆ ਭਰ ਵਿੱਚ ਉੱਡ ਰਿਹਾ ਸੀ,ਪਰ ਇੱਕ ਆਂਡਾ ਦੇਣ ਲਈ ਉਹਨੂੰ ਕਿਤੇ ਕੋਈ ਥਾਂ ਨਾ ਮਿਲੀ। ਪੂਰੀ ਦੁਨੀਆ ਤੇ ਪਾਣੀ ਤੋਂ ਸਿਵਾ  ਕੁੱਝ ਵੀ ਨਹੀਂ ਸੀ,ਕਿਤੇ ਕੋਈ ਤਿਨਕਾ ਵੀ ਵੀ ਨਹੀਂ ਸੀ ਜਿਹਨਾਂ ਤੋਂ ਆਲ੍ਹਣਾ ਬਣਾਉਣ ਦਾ ਕੰਮ ਲਿਆ ਜਾ ਸਕਦਾ।
ਲਿਊਬਰ ਮੁਰਗਾਬੀ ਬਹੁਤ ਰੋਈ, ਉਹ ਉੱਡਦੀ ਜਾਵੇ ਨਾਲੇ ਰੋਈ ਜਾਵੇ, ਕਿਉਂਕਿ ਉਸਨੂੰ ਡਰ ਸੀ ਕਿ ਉਹ ਹੁਣ ਹੋਰ ਚਿਰ ਉਹਦੇ ਕੋਲੋਂ ਆਪਣਾ ਆਂਡਾ ਸਾਂਭਿਆ ਨਹੀਂ ਸੀ ਜਾਣਾ, ਉਸਨੂੰ ਡਰ ਸੀ ਕਿ ਬਹੁਤ ਗਹਿਰੇ ਕਿਸੇ ਪਾਤਾਲ ਵਿੱਚ ਇਸ ਆਂਡੇ ਨੇ ਡਿਗ ਪੈਣਾ ਸੀ ।ਤੇ ਜਿੱਥੇ ਵੀ ਲਿਊਬਰ ਮੁਰਗਾਬੀ ਜਾਵੇ,  ਲਹਿਰਾਂ ਹੀ ਲਹਿਰਾਂ ਸਨ ਉਹਦੇ  ਹੇਠਾਂ,ਪਾਣੀ ਦੀ ਛਪ ਛਪ, ਪਰਲੋਂ!  ਪਾਣੀ ਸਾਰੇ ਪਾਸੇ  ਫੈਲਿਆ ਹੋਇਆ ਸੀ, ਅਸੀਮ ਪਾਣੀ ਬਿਨਾਂ ਕਿਨਾਰਿਆਂ ਦੇ,ਆਦਿ ਦੇ ਬਿਨਾਂ, ਕਿਸੇ ਅੰਤ ਦੇ ਬਿਨਾਂ । ਤੇ ਲਿਊਬਰ ਮੁਰਗਾਬੀ ਵਿਚਾਰੀ ਕੀ ਕਰਦੀ, ਉਸਦੀ ਸਾਰੀ ਤਾਕਤ ਮੁੱਕ ਚੱਲੀ ਸੀ, ਉਹਨੂੰ ਹੁਣ ਪੂਰਾ ਜਚ ਗਿਆ  ਕਿ ਪੂਰੀ ਦੁਨੀਆ ਵਿੱਚ ਕਿਤੇ ਵੀ ਕੋਈ ਥਾਂ ਨਹੀਂ ਸੀ ਜਿਥੇ  ਉਹ ਆਪਣਾ ਆਲ੍ਹਣਾ ਬਣਾ ਸਕਦੀ ।
ਫਿਰ ਲਿਊਬਰ ਮੁਰਗਾਬੀ ਨੇ ਪਾਣੀ ਤੇ ਹੀ ਡੇਰਾ ਲਾ ਲਿਆ, ਉਸਨੇ ਆਪਣੀ ਹਿੱਕ  ਤੋਂ ਖੰਭ ਨੋਚ ਕੇ ਉਹਨਾਂ ਦਾ ਆਲ੍ਹਣਾ ਬਣਾਇਆ। ਅਤੇ ਇਹ ਉਹੀ ਤੈਰਨ ਵਾਲਾ ਆਲ੍ਹਣਾ ਸੀ  ਜਿਸ ਤੋਂ ਜਮੀਨ ਨੇ ਰੂਪ ਧਰਨਾ  ਸ਼ੁਰੂ ਕੀਤਾ । ਥੋੜ੍ਹਾ ਥੋੜਾ ਕਰਕੇ ਜਮੀਨ ਆਲੇ ਦੁਆਲੇ  ਫੈਲ ਗਈ, ਧੀਰੇ ਧੀਰੇ ਭਿੰਨ ਪ੍ਰਕਾਰ ਦੇ ਪ੍ਰਾਣੀਆਂ ਨੇ ਧਰਤੀ ਨੂੰ ਆਪਣਾ ਟਿਕਾਣਾ ਬਣਾਉਣਾ ਸ਼ੁਰੂ  ਕਰ ਦਿੱਤਾ। ਲੇਕਿਨ ਆਦਮੀ ਉਨ੍ਹਾਂ ਸਭਨਾ ਨੂੰ ਪਾਰ ਕਰ ਅੱਗੇ ਨਿੱਕਲ ਗਿਆ, ਉਹਨੇ ਸਿੱਖ ਲਿਆ ਕਿ ਕਿਵੇਂ ਸਕੀ ਨਾਲ  ਬਰਫ ਤੇ ਚਲਣਾ ਹੈ ਅਤੇ ਕਿਵੇਂ ਕਿਸ਼ਤੀ ਨਾਲ  ਪਾਣੀ ਤੇ ਠਿਲਣਾ ਹੈ । ਉਹਨੇ  ਸ਼ਿਕਾਰ ਖੇਲ ਸਿੱਖ ਲਿਆ,ਫਿਰ  ਉਹ ਮੱਛੀ ਫੜਨ ਲੱਗਾ, ਅਤੇ ਇਨ੍ਹਾਂ ਦੇ ਕਰਕੇ  ਉਹ ਰੱਜ ਰੱਜ ਕੇ ਖਾਣ ਦੇ ਯੋਗ ਹੋਇਆ ਅਤੇ ਉਸਨੇ  ਆਪਣਾ ਕਬੀਲਾ ਕਈ ਗੁਣਾ ਵਧਾ ਲਿਆ।ਐਪਰ ਲਿਊਬਰ ਮੁਰਗਾਬੀ ਨੂੰ ਕਿ ਪਤਾ ਸੀ ਕਿ  ਜੀਵਨ ਕਿੰਨਾ ਔਖਾ ਹੋ ਜਾਵੇਗਾ  ਜਦੋਂ  ਪਾਣੀ ਦੇ ਲਾ ਮਹਿਦੂਦ ਮੰਡਲਾਂ ਵਿੱਚ ਜਮੀਨ ਹੋਂਦ ਵਿੱਚ ਆ ਜਾਏਗੀ । ਉਦੋਂ ਤੋਂ ਸਮੁੰਦਰ ਆਪਣੇ ਆਪ ਨੂੰ ਸ਼ਾਂਤ ਕਰਨ  ਵਿੱਚ ਅਸਮਰਥ ਹੈ।ਉਦੋਂ ਤੋਂ ਸਮੁੰਦਰ ਨੇ ਜਮੀਨ ਨਾਲ ਜੰਗ ਛੇੜੀ ਹੋਈ ਹੈ ਅਤੇ ਉਦੋਂ ਤੋਂ ਜਮੀਨ  ਸਮੁੰਦਰ ਦੇ ਨਾਲ ਲੜਾਈ ਲੜਦੀ ਆ ਰਹੀ  ਹੈ । ਅਤੇ ਉਦੋਂ ਤੋਂ ਆਦਮੀ ਕਈ ਵਾਰ ਆਪਣੇ ਆਪ ਨੂੰ ਉਨ੍ਹਾਂ ਦੇ ਵਿੱਚਕਾਰ, ਜਮੀਨ ਅਤੇ  ਸਮੁੰਦਰ ਦੇ ਵਿੱਚਕਾਰ, ਸਮੁੰਦਰ ਅਤੇ ਜਮੀਨ ਦੇ ਵਿੱਚਕਾਰ ਪੀੜਿਆ ਜਾ ਰਿਹਾ ਪਾਉਂਦਾ ਹੈ । ਜਮੀਨ ਨਾਲ ਜਿਆਦਾ ਜੁੜਿਆ ਹੋਣ ਕਰਕੇ ਸਮੁੰਦਰ ਉਸਨੂੰ  ਨਫਰਤ ਕਰਦਾ ਹੈ …।
ਸਵੇਰੇ ਨਜ਼ਦੀਕ ਆ ਰਹੀ ਸੀ । ਇੱਕ ਹੋਰ ਰਾਤ ਰਵਾਨਾ ਹੋ ਰਹੀ ਸੀ, ਇੱਕ ਹੋਰ  ਦਿਨ  ਜਨਮ ਲੈ ਰਿਹਾ ਸੀ। ਰੌਸ਼ਨ ਹੋ ਰਹੀ ਪਹੁ ਫੁਟਾਲੇ ਦੀ ਲੋ ਵਿੱਚ ਸਾਹ ਦੇ ਇੱਕ ਚਾਂਦੀ ਰੰਗੇ ਬੱਦਲ ਵਿੱਚ ਧ੍ਰੁਵੀ ਮਿਰਗ ਦੇ ਤਰ੍ਹਾਂ ਬੁਲ੍ਹਦੀ ਤਰ੍ਹਾਂ, ਸਮੁੰਦਰ ਅਤੇ ਜਮੀਨ ਦਾ ਵਿਰੋਧ  ਹੌਲੀ – ਹੌਲੀ ਵਧੇਰੇ ਉਗਰ ਹੋ ਰਿਹਾ ਪ੍ਰਤੀਤ ਹੋ ਰਿਹਾ ਸੀ । । ਸਮੁੰਦਰ ਸਾਹ  ਲੈ ਰਿਹਾ ਸੀ ।  ਜਮੀਨ  ਅਤੇ  ਸਮੁੰਦਰ ਦੀ ਸਾਰੇ  ਉੱਬਾਲ ਖਾਂਦੇ  ਮੁਹਾਜ਼ ਦੇ ਨਾਲ ਨਾਲ ਉੱਡਦੀ ਫੁਹਾਰ ਦੀ ਠੰਡ ਭਾਫ ਫੈਲ ਗਈ ਸੀ,ਅਤੇ ਲਹਿਰ ਦਾ ਅੜੀਅਲ ਉਭਾਰ  ਤਟ ਦੇ ਨਾਲ ਨਾਲ ਸਿਰੇ ਤੱਕ ਹਵਾ ਵਿੱਚ ਲਟਕ ਰਿਹਾ ਸੀ ।
ਤੇ ਤਰੰਗਾਂ ਦਾ ਸੰਘਰਸ਼ ਜਾਰੀ ਸੀ : ਲਹਿਰ ਦੇ ਬਾਅਦ ਲਹਿਰ ਆਪਣੇ  ਬੇਰੋਕ ਵੇਗ ਨਾਲ ਰੇਤ ਦੀ ਠੰਡੀ ਯੱਖ ਤਹਿ ਦੇ ਉਪਰ ਜਮੀਨ ਨੂੰ ਭੰਨ ਦੇਣ ਲਈ, ਭੂਰੇ ਤਿਲਕਵੇ ਪਥਰਾਂ ਦੇ ਢੇਰਾਂ ਵੱਲ ਨੂੰ ਦੌੜ ਜਾਂਦੀਆਂ ਜਦੋਂ ਤੱਕ ਦਮ ਖਮ ਮੁੱਕ ਨਾ ਜਾਂਦਾ, ਅਤੇ ਫਿਰ ਲਹਿਰ ਤੋਂ ਬਾਅਦ ਲਹਿਰ ਇੱਕ ਇੱਕ ਕਰਕੇ  ਸ਼ਾਂਤ ਹੁੰਦੀਆਂ ਜਾਂਦੀਆਂ  ਇੱਕ ਹੌਕੇ ਦੀ ਤਰ੍ਹਾਂ, ਧੋਤੇ ਕਿਨਾਰੇ  ਦੇ ਅੰਤਮ ਹੇਠਲੇ ਦਾਇਰੇ ਤੇ ਛੱਡ ਜਾਂਦੀਆਂ ਪਲ ਦੋ ਪਲ ਦੀ ਪ੍ਰਾਹੁਣੀ ਝੱਗ ਅਤੇ ਗਲ ਸੜ ਰਹੀਆਂ ਮੰਥਨ ਨਾਲ ਬਦਹਾਲ ਸਮੁੰਦਰੀ ਬੂਟੀਆਂ ਦੀ ਦੁਰਗੰਧ।
ਕਦੇ ਕਦੇ ਲਹਿਰਾਂ ਸਮੁੰਦਰ ਤਟ ਬਰਫ਼ ਦੀਆਂ ਪਾਤੀਆਂ ਵੀ ਬਖੇਰ ਜਾਂਦੀਆਂ। ਕੋਈ ਨਹੀਂ ਜਾਣਦਾ ਸੀ ਬਸੰਤ ਰੁੱਤ ਦੀਆਂ ਸਾਗਰ ਧਾਰਾਵਾਂ ਇਹ ਕਿਥੋਂ ਲੈ ਆਂਦੀਆਂ ਸਨ ।  ਰੇਤ ਦੇ  ਉੱਤੇ ਲਿਆ ਕੇ ਸੁੱਟੀਆਂ  ਬਰਫ ਦੀਆਂ ਇਹ ਚੰਚਲ ਪਾਤੀਆਂ, ਤੁਰਤ ਬਦਸੂਰਤ ਜੰਮੇ ਹੋਏ ਸਮੁੰਦਰ ਦੇ ਮਜਬੂਰ ਟੁਕੜਿਆਂ ਦਾ ਰੂਪ ਧਾਰ ਜਾਂਦੀਆਂ,  ਅਗਲੀਆਂ  ਤਰੰਗਾਂ  ਜਲਦੀ ਜਲਦੀ  ਉਨ੍ਹਾਂ ਨੂੰ ਆਪਣੇ ਸਾਰ ਤਤ ਵਿੱਚ ਵਾਪਸ ਲੈ ਜਾਂਦੀਆਂ।
ਹਨੇਰਾ  ਗਾਇਬ ਹੋ ਗਿਆ ਸੀ । ਸਵੇਰ ਨੂਰੋ ਨੂਰ ਹੁੰਦੀ ਜਾ ਰਹੀ  ਸੀ । ਹੌਲੀ–ਹੌਲੀ ਜਮੀਨ ਦੇ ਨੈਣ ਨਕਸ਼ ਪਛਾਣ ਆਉਣ ਲਗ ਪਏ; ਹੌਲੀ–ਹੌਲੀ ਸਮੁੰਦਰ ਸਾਫ਼ ਸਪੱਸ਼ਟ ਹੋ ਗਿਆ।
ਉਤੇਜਿਤ ਰਾਤ ਦੀ ਹਵਾ ਕਰਕੇ ਪਰੇਸ਼ਾਨ ਲਹਿਰਾਂ ਅਜੇ ਵੀ ਸਫੇਦ ਸਿਖਰਾਂ ਵਾਲੀਆਂ ਸਫਾਂ ਦੇ ਆਪਣੇ ਹਮਲਾਵਰ ਅੰਦਾਜ਼ ਵਿੱਚ  ਦੇ ਤਟ ਦੇ ਨਜ਼ਦੀਕ ਉਬਾਲੇ ਖਾ ਰਹੀਆਂ ਸਨ । ਲੇਕਿਨ ਦੂਰ ਦਿਸਹਦੇ ਵੱਲ, ਸਮੁੰਦਰ  ਸ਼ਾਂਤ ਹੋ ਗਿਆ ਸੀ, ਇੱਕ ਸੀਸੇ ਵਾਂਗ ਚਮਕ ਰਿਹਾ ਸੀ।
ਸਮੁੰਦਰ ਵਿੱਚੋ ਬੱਦਲ ਘਿਰੇ ਆ ਰਹੇ ਸਨ, ਤੇ ਸਾਹਲ ਨੂੰ ਨਜਰ ਅੰਦਾਜ਼ ਕਰਕੇ ਪਹਾੜੀਆਂ ਵੱਲ ਵਧ ਰਹੇ ਸਨ ।
ਇਸ ਜਗ੍ਹਾ  ਤੇ, ਡੱਬੂ ਕੁੱਤਾ ਖਾੜੀ ਦੇ ਨਜ਼ਦੀਕ ਇੱਕ ਪ੍ਰਾਇਦੀਪ ਸੀ ਜੋ  ਇੱਕ ਜਾਵੀਏ ਤੋਂ  ਸਮੁੰਦਰ ਵਿੱਚ ਪਰਵੇਸ਼ ਕਰਦਾ ਸੀ। ਉੱਥੇ ਇੱਕ ਵਿਸ਼ੇਸ਼ ਪਹਾੜ ਸੀ  ਜੋ ਦੂਰੋਂ  ਇੱਕ ਵਿਸ਼ਾਲ ਡੱਬੂ ਕੁੱਤੇ ਦੀ ਯਾਦ ਦਵਾਉਂਦਾ ਸੀ ਜਿਹੜਾ  ਸਮੁੰਦਰ ਦੇ  ਕਿਨਾਰੇ ਦੇ ਨਾਲ ਨਾਲ ਆਪਣੇ ਹੀ  ਕੰਮਾਂ ਕਾਰਾਂ ਵਿੱਚ ਭੱਜਿਆ ਫਿਰਦਾ ਹੋਵੇ । ਇਸ ਦੀਆਂ ਵੱਖੀਆਂ  ਝਾੜੀਆਂ ਵਿੱਚ ਲੁਕੀਆਂ ਹੋਈਆਂ ਸਨ, ਇਸਦੇ ਸਿਰ ਤੇ ਇੱਕ ਸਫੇਦ ਬਰਫ਼ ਦਾ ਧੱਬਾ ਸੀ ਜੋ ਉਦੋ ਤੱਕ ਕਾਇਮ ਰਹਿੰਦਾ ਸੀ ਜਦੋਂ ਤੱਕ ਗਰਮੀ  ਭਰਪੂਰ ਜੋਬਨ ਤੇ ਨਹੀਂ ਸੀ ਪਹੁੰਚ ਜਾਂਦੀ  ਤੇ ਇਹ ਧੱਬਾ ਇੱਕ ਲਮਕਦੇ ਕੰਨ ਦੀ ਤਰ੍ਹਾਂ ਪ੍ਰਤੀਤ ਹੁੰਦਾ ਸੀ। ਅਤੇ ਇੱਕ ਛਾਂ ਦਾਰ ਖੋਖਲੀ ਗੁਫਾ ਦੀ ਕਮਰ ਵਿੱਚ ਇੱਕ ਹੋਰ ਵੀ ਵੱਡਾ ਸਫੇਦ ਡੱਬਾ ਸੀ । ਡੱਬੂ ਕੁੱਤਾ ਪਹਾੜ ਦੂਰ ਦੂਰ ਤੋਂ  ਵੇਖਿਆ ਜਾ ਸਕਦਾ ਸੀ, ਸਮੁੰਦਰ ਤੋਂ ਵੀ ਅਤੇ ਜੰਗਲ ਤੋਂ ਵੀ ।
ਸਵੇਰੇ, ਜਦੋਂ ਸੂਰਜ ਦੋ ਪੋਪਲਰ  ਉਚਾ ਹੋ ਗਿਆ ਸੀ ਇੱਕ ਨਿਵਖ ਕਸ਼ਤੀ ਡੱਬੂ ਕੁੱਤਾ ਖਾੜੀ ਤੋਂ ਸਮੁੰਦਰ ਵਿੱਚ ਠਿੱਲ ਪਈ । ਉਸ ਕਿਸ਼ਤੀ ਵਿੱਚ ਤਿੰਨ ਸ਼ਿਕਾਰੀ ਸਨ ਅਤੇ ਉਨ੍ਹਾਂ ਦੇ ਨਾਲ, ਇੱਕ ਜਵਾਨ ਮੁੰਡਾ । ਚੱਪੂਆਂ ਦੇ ਦੋ ਜੋੜਿਆਂ ਦੇ ਨਾਲ ਦੋ ਜਵਾਨਤਰ  ਅਤੇ ਤਾਕਤਵਰ ਮਰਦ ਚੱਪੂ ਲਾ ਰਹੇ ਸਨ । ਖੰਭੇ ਕੋਲ, ਸਿਖਰ ਤੇ, ਉਨ੍ਹਾਂ ਵਿਚੋਂ ਸਭ ਤੋਂ ਵੱਡੀ ਉਮਰ ਦਾ ਸਖਸ਼ ਬੈਠਾ, ਗੰਭੀਰ ਅੰਦਾਜ਼ ਵਿੱਚ  ਇੱਕ ਲੱਕੜੀ ਦਾ  ਪਾਈਪ ਚੂਸਣ ਵਿੱਚ ਮਗਨ ਸੀ;   ਦੁਬਲਾ ਪਤਲਾ,ਕਣਕ ਵੰਨੇ ਚਿਹਰੇ ਅਤੇ ਚੰਗੀ ਖਾਸੀ ਰੜਕਵੀਂ ਘੰਡੀ ਵਾਲੇ ਇਸ ਆਦਮੀ ਦਾ ਚਿਹਰਾ ਵਾਹਵਾ  ਝੁੱਰੜਾਇਆ  ਹੋਇਆ  ਸੀ,ਅਤੇ ਉਹਦੀ ਗਰਦਨ ਉੱਤੇ ਵੀ ਝੁੱਰੜੀਆਂ ਨਾਲ ਪਾਏ ਵੱਟਾਂ ਦਾ ਗਾਹ ਜਿਹਾ ਪਿਆ ਹੋਇਆ ਸੀ । ਉਸਦੇ ਹੱਥ ਵੱਡੇ ਵੱਡੇ ਅਤੇ ਹਠੀਲੇ  ਸਨ ਅਤੇ ਅੱਟਣਾਂ, ਜਖਮਾਂ ਤੇ ਬਿਆਈਆਂ ਦੇ  ਨਿਸ਼ਾਨਾਂ ਨਾਲ ਢਕੇ ਪਏ ਸਨ । ਉਸਦੇ ਵਾਲ ਧੌਲੇ ਸਨ, ਲੱਗਭੱਗ ਸਫੈਦ ਧੌਲੇ ਭਰਵੱਟੇ ਭੂਰੇ ਚਿਹਰੇ ਤੇ ਪ੍ਰਮੁੱਖ ਸਨ । ਆਦਤ ਦੇ ਰੂਪ ਵਿੱਚ, ਬੁੜੇ ਆਦਮੀ ਨੇ ਸ਼ਾਇਦ ਆਦਤ ਵਸ ਆਪਣੀਆਂ ਮਾਇਲ ਅਤੇ ਸੁਰਖ ਅੱਖਾਂ ਧੁੱਪ ਕਰਕੇ ਥੋੜੀਆਂ ਜਿਹੀਆਂ ਮੀਚੀਆਂ ਹੋਈਆਂ ਸਨ । ਆਖਰ ਉਹਨੇ ਸੂਰਜ ਦੀਆਂ ਕਿਰਨਾਂ ਨਾਲ ਲਿਸ਼ਕਦੇ ਪਾਣੀ ਦੀ ਸੱਤਾਹ ਨਿਹਾਰਦਿਆਂ ਆਪਣਾ ਪੂਰਾ ਜੀਵਨ ਗੁਜ਼ਾਰਿਆ ਸੀ, ਅਤੇ ਇਉਂ ਲਗਦਾ ਸੀ ਕਿ ਉਹ  ਅੱਖਾਂ ਬੰਦ ਕਰਕੇ ਖਾੜੀ ਵਿੱਚੀਂ ਕਿਸ਼ਤੀ ਸਟੀਅਰ ਕਰ ਰਿਹਾ ਸੀ ।ਕਿਸ਼ਤੀ ਦੇ ਦੂਸਰੇ ਸਿਰੇ ਤੇ ਗਿਆਰਾਂ ਬਾਰਾਂ ਸਾਲਾਂ ਦਾ ਨੌਜਵਾਨ ਕਿਸ਼ਤੀ ਦੇ ਮੱਥੇ ਤੇ ਚਾਹੇ ਦੀ ਤਰ੍ਹਾਂ ਬੈਠੇ ਸੀ  ਅਤੇ ਕਦੇ ਕਦੇ ਵੱਡਿਆਂ ਵੱਲ ਦੇਖ ਲੈਂਦਾ ਸੀ।ਟਿਕ ਕੇ ਬੈਠਣਾ ਉਸ ਲਈ ਵੱਡੀ ਮੁਸ਼ਕਲ ਸੀ।ਫਿਰ ਵੀ ਉਹ ਯਤਨਸੀਲ ਸੀ ਕਿ ਕਿਤੇ ਜਿਆਦਾ ਚੁਲਬੁਲੀਆਂ ਕਾਰਨ ਉਦਾਸ ਬੁੜੇ ਆਦਮੀ ਦੀ ਨਰਾਜਗੀ ਨਾ ਸਹੇੜ ਬੈਠੇ।
ਮੁੰਡਾ ਉਤਸ਼ਾਹਿਤ ਸੀ । ਉਹਦੀਆਂ ਫ਼ਰਕਦੀਆਂ ਨਾਸਾਂ ਫੈਲ ਗਈਆਂ ਸਨ ਅਤੇ ਉਸਦੇ ਚਿਹਰੇ ਤੇ ਪਤਾ ਨਹੀਂ ਕਿਥੋਂ ਕਿਲਾਂ ਦੀ  ਕਿਣਕੀ ਜਿਹੀ ਜ਼ਾਹਰ ਹੋ ਗਈ ਸੀ । ਇਹ ਉਸ  ਨੂੰ ਆਪਣੀ ਮਾਂ ਕੋਲੋਂ ਵਿਰਾਸਤ ਵਿੱਚ ਮਿਲੀ ਸੀ । ਜਦੋਂ ਉਹ ਬਹੁਤ ਖੁਸ਼ ਹੁੰਦੀ ਸੀ, ਇਸੇ ਤਰ੍ਹਾਂ ਦੀ ਕਿਲਾਂ ਦੀ ਕਿਣਕੀ ਉਸਦੇ ਚਿਹਰੇ ਤੇ ਜ਼ਾਹਰ ਹੋ ਜਾਇਆ ਕਰਦੀ ਸੀ ।  ਕੁੱਝ ਸੀ ਜਿਸ ਦੇ ਬਾਰੇ ਮੁੰਡਾ ਕਾਫੀ ਰੋਮਾਂਚਿਤ ਹੋ ਗਿਆ ਸੀ । ਇਹ ਸਮੁੰਦਰੀ ਯਾਤਰਾ ਉਸ ਦੇ  ਫਾਇਦੇ ਲਈ ਕੀਤੀ ਜਾ ਰਹੀ ਸੀ । ਇਹ  ਸ਼ਿਕਾਰੀ ਜੀਵਨ ਵਿੱਚ ਉਸ ਦਾ ਪਹਿਲਾ  ਪਾਠ ਸੀ । ਅਤੇ ਇੱਕ ਚਾਹੇ ਪੰਛੀ ਦੀ ਤਰ੍ਹਾਂ ਉਹ ਸਭ ਦਿਸ਼ਾਵਾਂ ਵਿੱਚ ਨਜ਼ਰਾਂ ਘੁਮਾ ਰਿਹਾ ਸੀ ।ਅਤੇ ਲਗਾਤਾਰ ਦਿਲਚਸਪੀ ਅਤੇ ਬੇਸਬਰੀ  ਨਾਲ ਹਰ ਪਾਸੇ  ਵੇਖ ਰਿਹਾ ਸੀ । ਆਪਣੇ ਜੀਵਨ ਵਿੱਚ ਪਹਿਲੀ ਵਾਰ, ਕਿਰਿਸਕ  ਅਸਲੀ ਸ਼ਿਕਾਰ ਦੇ ਲਈ  ਅਸਲੀ ਸ਼ਿਕਾਰੀਆਂ  ਦੇ ਨਾਲ  ਆਪਣੇ  ਪਰਵਾਰ ਦੀ ਕਸ਼ਤੀ ਵਿੱਚ ਖੁੱਲੇ ਸਮੁੰਦਰ ਲਈ ਰਵਾਨਾ ਹੋਇਆ ਸੀ । ਉਹ ਵਿਆਕੁਲ ਸੀ,ਉਹਦਾ ਜੀ ਕਰਦਾ ਸੀ ਕਿ ਉਹ ਚੱਪੂ ਆਪਣੇ ਹਥ ਲੈ ਲਵੇ  ਤੇ ਆਪਣੇ ਪੂਰੇ ਤਾਂ ਨਾਲ ਉਹਨਾਂ ਨੂੰ ਚਲਾਏ ਤਾਂ ਜੋ ਉਹ  ਛੇਤੀ ਤੋਂ ਛੇਤੀ ਟਾਪੂ ਤੇ ਪੁੱਜ ਜਾਣ  ਜਿੱਥੇ ਇੱਕ ਸਮੁੰਦਰੀ ਜਾਨਵਰ ਦੇ  ਵੱਡੇ ਸ਼ਿਕਾਰ ਲਈ ਉਹ ਜਾ ਰਹੇ ਸਨ। ਲੇਕਿਨ ਗੰਭੀਰ ਲੋਕਾਂ ਨੂੰ  ਅਜਿਹੀਆਂ  ਬਚਗਾਨਾ  ਇੱਛਾਵਾਂ ਬਸ  ਹਾਸੋਹੀਣੀਆਂ ਹੀ ਲਗਦੀਆਂ ਹੁੰਦੀਆਂ ਹਨ । ਇਸ  ਡਰ ਕਰਕੇ, ਉਹਨੇ  ਪੂਰੇ ਜੋਰ ਨਾਲ ਆਪਣੇ ਆਪ ਨੂੰ ਕਾਬੂ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ । ਲੇਕਿਨ ਉਹ ਬਹੁਤਾ  ਸਫਲ ਨਹੀਂ ਹੋ ਸਕਿਆ । ਆਪਣੀ  ਖੁਸ਼ੀ ਛਿਪਾਣਾ ਉਹਦੇ ਲਈ ਵੱਡੀ ਮੁਸ਼ਕਲ ਸੀ – ਉਹਦੀ ਅਡੋਲ ਪੱਕੇ ਰੰਗ ਦੀ ਗੱਲ ਉਤੇ ਲਿਸ਼ਕਦੀ ਲਾਲੀ ਸਾਫ਼ ਨਿਖਰੀ ਪਈ ਸੀ। ਇਸ  ਤੋਂ ਵੀ ਅੱਗੇ, ਉਸਦੀਆਂ, ਮੁਸਕੁਰਾਂਦੀਆਂ, ਸਾਫ਼  ਸਾਫ਼, ਇੱਕ ਮੁੰਡੇ ਦੀਆਂ  ਪ੍ਰੇਰਰਨਾ ਵਸ ਡਲਕਦੀਆਂ ਅੱਖਾਂ, ਖੁਸ਼ੀ ਅਤੇ ਗੌਰਵ ਨਾਲ ਡੁਲ੍ਹ ਡੁਲ੍ਹ ਪੈਂਦੀ ਆਪਣੀ ਆਤਮਾ ਨੂੰ ਛਲਕਣ ਤੋਂ ਨਹੀਂ ਰੋਕ ਸਕੀਆਂ। ਅੱਗੇ ਸਮੁੰਦਰ ਸੀ, ਅੱਗੇ ਵੱਡੇ ਸ਼ਿਕਾਰ ਦਾ ਰੋਮਾਂਚ ਸੀ !
ਬੁਢਾ ਬਾਜ਼ਾ ਮੁੰਡੇ ਦੇ ਦਿਲ ਦੀ ਗੱਲ ਸਮਝ ਗਿਆ । ਸਮੁੰਦਰ ਚੀਰਦੀ ਜਾ ਰਹੀ ਕਿਸ਼ਤੀ ਤੇ  ਝਾਤ ਮਾਰਦੇ ਹੋਏ ਉਹਨੇ ਇਹ ਵੀ ਤਾੜ ਲਿਆ  ਕਿ ਮੁੰਡਾ ਬੇਚੈਨੀ ਨਾਲ ਮਚਲ ਰਿਹਾ ਸੀ । ਬੁੜੇ  ਆਦਮੀ ਦੀ ਨਜ਼ਰ ਵਿੱਚ ਇੱਕ ਚਮਕ ਆਈ – ਆਹ, ਬਚਪਨ, ਬਚਪਨ – ਲੇਕਿਨ  ਐਨ ਵਕਤ ਸਿਰ ਉਹਨੇ ਆਪਣੇ ਚਿਬੇ ਹੋਏ  ਮੂੰਹ ਦੇ ਕੋਨਿਆਂ ਤੋਂ ਚਮਕਣ ਲੱਗੀ ਮੁਸਕਾਨ ਨੂੰ  ਆਪਣੇ ਅੱਧੇ ਬੁਝੇ  ਪਾਈਪ ਦਾ ਹੋਰ  ਜਿਆਦਾ ਜੋਰ ਨਾਲ ਕਸ ਖਿਚ ਕੇ ਦਬਾ ਦਿੱਤਾ। ਮੁੰਡੇ ਨੂੰ ਉਹਦੀ ਮੁਸਕਾਨ ਦੀ ਖਬਰ  ਹਰਗਿਜ਼ ਨਹੀਂ ਸੀ ਲਗਣੀ ਚਾਹੀਦੀ । ਕਿਰਿਸਕ  ਕਿਸ਼ਤੀ ਵਿੱਚ ਕੇਵਲ ਮਨੋਰੰਜਨ ਲਈ ਨਹੀਂ ਉਸਦੇ ਨਾਲ ਸੀ । ਉਹ ਆਪਣਾ  ਸਮੁੰਦਰੀ  ਸ਼ਿਕਾਰੀ ਦਾ ਜੀਵਨ ਸ਼ੁਰੂ ਕਰਨ ਲਗਿਆ ਸੀ । ਇਸ  ਸ਼ੁਰੁਆਤ ਨੇ ਜੋ  ਅੰਤ  ਇੱਕ ਦਿਨ ਸਮੁੰਦਰ ਵਿੱਚ ਹੀ ਮੁੱਕ ਜਾਣੀ ਸੀ – ਇਹੀ ਹੁੰਦੀ ਹੈ  ਸਮੁੰਦਰੀ  ਸ਼ਿਕਾਰੀ ਦੀ ਕਿਸਮਤ ਕਿਉਂਜੋ ਇਸ ਨਾਲੋਂ  ਜਿਆਦਾ ਔਖਾ ਅਤੇ ਖਤਰਨਾਕ ਕੰਮ ਹੋਰ ਕੋਈ ਨਹੀਂ ਹੁੰਦਾ । ਬੰਦੇ ਨੂੰ  ਬਚਪਨ ਤੋਂ ਹੀ ਇਹਦਾ ਅਭਿਆਸ ਹੋਣਾ  ਚਾਹੀਦਾ ਹੈ । ਤਾਂਹੀ ਤਾਂ  ਅਤੀਤ ਵਿੱਚ ਲੋਕ ਕਿਹਾ ਕਰਦੇ ਸਨ,”ਦਿਮਾਗ ਧੁਰ ਤੋਂ  ਵਪਾਰ ਦੇ ਰਹਸ ਬਚਪਨ ਤੋਂ।” ਅਤੇ ਉਹ ਇਹ ਵੀ ਕਹਿੰਦੇ ਸਨ,” ਇੱਕ ਭੈੜਾ ਸ਼ਿਕਾਰੀ ਕੁਨਬੇ ਤੇ ਬੋਝ ਹੁੰਦਾ ਹੈ।” ਦੂਜੇ ਸ਼ਬਦਾਂ ਵਿੱਚ, ਜੇਕਰ ਉਹਨੇ  ਇੱਕ ਕਮਾਊ ਬੰਦਾ ਬਣਨਾ ਹੈ  ਤਾਂ  ਸ਼ਿਕਾਰੀ  ਜੀਵਨ ਵਿੱਚ ਬਹੁਤ ਜਲਦੀ ਆਪਣੇ ਕਿੱਤੇ ਦੇ ਗੁਰ ਸਿਖਣੇ ਸ਼ੁਰੂ ਕਰ ਦਏ । ਹੁਣ ਇਹ  ਕਿਰਿਸਕ  ਵਾਰੀ ਸੀ । ਹੁਣ ਸਮਾਂ ਸੀ ਕਿ ਬਾਲਕ ਦੀ ਸਿਖਲਾਈ  ਸ਼ੁਰੂ ਕੀਤੀ ਜਾਵੇ ਅਤੇ ਉਸਨੂੰ ਸਮੁੰਦਰ ਦੇ ਜੀਵਨ ਦਾ ਭੇਤੀ ਬਣਾਇਆ ਜਾਵੇ। ।
ਸਭ ਨੂੰ  ਪਤਾ ਸੀ, ਡੱਬੂ  ਕੁੱਤੇ ਦੇ ਕੋਲ ਵਸੀ ਜਲ ਪਰੀ ਕਬੀਲੇ  ਦੀ ਸਾਰੀ ਬਸਤੀ ਜਾਣਦੀ ਸੀ ਕਿਅੱਜ ਦੀ ਮਹਿੰਮ ਭਵਿੱਖ ਦੇ ਸ਼ਿਕਾਰੀ ਅਤੇ ਰੋਜ਼ੀ  ਕਮਾਉਣ ਵਾਲੇ ਕਿਰਿਸਕ  ਦੇ ਫਾਇਦੇ ਲਈ ਸ਼ੁਰੂ ਕੀਤੀ ਜਾ ਰਹੀ ਸੀ । ਇਹ ਪ੍ਰਥਾ ਸੀ : ਇੱਕ ਪੁਰਖ ਬੱਚੇ ਨੂੰ  ਬਹੁਤ ਹੀ ਘੱਟ ਉਮਰ ਵਿੱਚ  ਸਮੁੰਦਰ ਦੇ ਨਾਲ ਵਾਕਫੀ ਕਰਾਈ ਜਾਂਦੀ ਸੀ ਤਾਂ  ਕਿ ਸਮੁੰਦਰ ਉਸਨੂੰ ਜਾਣਦਾ  ਹੋਵੇ  ਅਤੇ   ਉਹ ਸਮੁੰਦਰ ਦਾ ਇਹਤਰਾਮ ਕਰ ਸਕੇ । ਇਸ ਵਜ੍ਹਾ ਕਰਕੇ ਕਬੀਲੇ ਦਾ ਸਰਦਾਰ ਬਾਜ਼ਾ, ਅਤੇ ਦੋ ਸਭ ਤੋਂ ਚੰਗੇ  ਸ਼ਿਕਾਰੀ ਮੁੰਡੇ ਦਾ ਪਿਤਾ, ਇਮਰਾਨ ਅਤੇ ਉਹਦੇ ਪਿਤਾ ਦੇ ਚਚੇਰਾ  ਭਰਾ ਮਿਲਗੂ, ਇੱਕ ਯਾਤਰਾ ਤੇ ਜਾ ਰਹੇ ਸਨ ।ਵੱਡਿਆਂ ਦਾ ਛੋਟਿਆਂ ਪ੍ਰਤੀ  ਜੁਗਾਂ ਪੁਰਾਣਾ ਕਰਤੱਵ ਪਾਲਣ,ਇਸ ਵਾਰ  ਛੋਟੇ ਕਿਰਿਸਕ ਨੂੰ ਸਮੁੰਦਰ ਨਾਲ ਮਿਲਾਉਣਾ ਸੀ, ਤਾਂ ਜੋ  ਹਮੇਸ਼ਾ ਲਈ,ਚੰਗੇ ਮਾੜੇ ਸਭ ਦਿਨਾਂ ਲਈ ਸਮੁੰਦਰ ਨਾਲ ਉਹਦੀ ਜਾਨ ਪਛਾਣ ਹੋ ਜਾਵੇ ।
ਕਿਰਿਸਕ ਅਜੇ ਇੱਕ ਗਭਰੂ ਹੋ ਰਿਹਾ ਮੁੰਡਾ ਸੀ, ਮਾਂ ਦਾ ਦੁੱਧ ਅਜੇ ਤੱਕ ਉਸਦੀਆਂ ਬੁਲ੍ਹੀਆਂ ਤੇ ਸੁੱਕਿਆ ਨਹੀਂ ਸੀ, ਅਤੇ ਕੋਈ ਨਹੀਂ ਸੀ ਜਾਣਦਾ ਕਿ ਉਹ ਇਮਤਿਹਾਨ ਵਿਚੋਂ ਲੰਘ ਜਾਏਗਾ ਜਾਂ ਨਹੀਂ । ਲੇਕਿਨ ਇਹ ਐਨ ਸੰਭਵ ਸੀ ਕਿ ਜਦੋਂ ਉਹ ਆਪ ਕੰਮ ਛੱਡ ਚੁੱਕੇ ਹੋਣਗੇ ਅਤੇ ਕਮਜੋਰ ਬੁੜੇ ਆਦਮੀ ਬਣ ਜਾਣਗੇ ਤਾਂ ਕਿਰਿਸਕ ਕਬੀਲੇ ਲਈ ਕਮਾਊ ਅਤੇ ਮੁੱਖ ਸਹਾਰਾ ਹੋ ਸਕਦਾ ਸੀ ।ਇਸ ਲਈ ਇਹ ਮਕੱਦਰ ਸੀ, ਇਹ ਪੀੜ੍ਹੀ ਦਰ ਪੀੜ੍ਹੀ ਪਿਤਾ ਕੋਲੋਂ ਪੁੱਤਰ ਨੂੰ ਮਿਲਦਾ ਆਇਆ ਸੀ ।ਇਹੀ ਗੱਲ ਹੈ ਜੋ ਜਿੰਦਗੀ ਨੂੰ ਚਲਦਾ ਰਖਦੀ ਹੈ।
ਕੇਵਲ ਉਸਦੀ ਮਾਂ ਨੇ ਉਸਨੂੰ ਵਿਦਾ ਕੀਤਾ, ਅਤੇ ਉਹਨੇ ਵੀ, ਭਵਿੱਖ ਦੀ ਯਾਤਰਾ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਕਿਹਾ ਅਤੇ ਖਾੜੀ ਤੱਕ ਵੀ ਨਹੀਂ ਗਈ, ਸਗੋਂ ਸਮੁੰਦਰ ਵਲ ਵੇਖੇ ਬਿਨਾਂ, ਪਰ ਜੰਗਲ ਦੇ ਵੱਲ ਘੂਰ ਕੇ ਘਰੋੜਵੇਂ ਲਫਜਾਂ ਵਿੱਚ ਏਨਾ ਕਹਿ ਕੇ ਤੋਰ ਦਿੱਤਾ,”ਜਾ ਪੁੱਤ, ਜੰਗਲ ਨੂੰ,ਰੱਬ ਮਿਹਰ ਕਰੇ!। ਵੇਖੀਂ ਸੁੱਕੀਆਂ ਸੁੱਕੀਆਂ ਲੱਕੜੀਆਂ ਚੁਗੀਂ ਅਤੇ ਜੰਗਲ ਵਿੱਚ ਗੁਆਚ ਨਾ ਜਾਈਂ ਕਿਤੇ!” ਉਸ ਨੇ ਕਿਹਾ ਤਾਂ ਜੋ ਉਹਦੇ ਰਾਹਾਂ ਨੂੰ ਲੁਕੋ ਕੇ ਰਖਿਆ ਜਾਵੇ ਅਤੇ, ਉਸਨੂੰ ਬਦ ਰੂਹਾਂ ਤੋਂ ਬਚਾਇਆ ਜਾ ਸਕੇ ਅਤੇ ਉਹਦੇ ਪਿਤਾ ਦੇ ਬਾਰੇ ਵਿੱਚ ਇੱਕ ਸ਼ਬਦ ਵੀ ਨਹੀਂ ਕਿਹਾ। ਜਿਵੇਂ ਕਿਰਿਸਕ ਆਪਣੇ ਪਿਤਾ ਇਮਰਾਨ ਨਾਲ ਨਹੀਂ ਸਗੋਂ ਹੋਰਨਾਂ ਲੋਕਾਂ ਨਾਲ ਸਮੁੰਦਰ ਲਈ ਰਵਾਨਾ ਹੋ ਰਿਹਾ ਹੋਵੇ । ਫਿਰ, ਉਹ ਇਸ ਕਰਕੇ ਵੀ ਚੁਪ ਰਹੀ ਕਿ ਕਿਨਰੀ(ਬਦਰੂਹ) ਨੂੰ ਪਤਾ ਨਹੀਂ ਚਲਣਾ ਚਾਹੀਦਾ ਕਿ ਇਮਰਾਨ ਅਤੇ ਕਿਰਿਸਕ ਪਿਤਾ ਅਤੇ ਪੁੱਤ ਵੀ ਸਨ । ਦੁਸ਼ਟ ਰੂਹਾਂ ਨੂੰ ਪਿਤਾ ਅਤੇ ਪੁਤਰ ਦਾ ਇਕੱਠਿਆਂ ਸ਼ਿਕਾਰ ਕਰਨ ਜਾਣਾ ਪਸੰਦ ਨਹੀਂ । ਉਹ ਉਨ੍ਹਾਂ ਵਿਚੋਂ ਇੱਕ ਨੂੰ ਨਸ਼ਟ ਕਰ ਸਕਦੀਆਂ ਹਨ ਤਾਂ ਜੋ ਦੂਸਰੇ ਦੀ ਤਾਕਤ ਅਤੇ ਇਰਾਦਾ ਸ਼ਕਤੀ ਚੁਰਾ ਲਈ ਜਾਵੇ, ਤਾਂ ਜੋ ਉਨ੍ਹਾਂ ਵਿਚੋਂ ਇੱਕ, ਆਪਣੇ ਦੁਖ ਕਾਰਨ ਕਸਮ ਖਾਵੇ ਕਿ ਉਹ ਸਮੁੰਦਰ ਵਿੱਚ ਮੁੜ ਨਹੀਂ ਜਾਵੇਗਾ ਅਤੇ ਜੰਗਲ ਵਿੱਚ ਮੁੜ ਪਰਵੇਸ਼ ਨਹੀਂ ਕਰੇਗਾ। ਇਹੋ ਜਿਹੀਆਂ ਹਨ ਉਹ ਚਲਾਕ ਦੁਸ਼ਟ ਰੂਹਾਂ ਤੇ ਉਹ ਹਮੇਸ਼ਾ ਲੋਕਾਂ ਨਾਲ ਸ਼ਰਾਰਤ ਕਰਨ ਦੇ ਮੌਕੇ ਦੀ ਤਲਾਸ ਵਿੱਚ ਰਹਿੰਦੀਆਂ ਹਨ।
ਆਪ ਕਿਰਿਸਕ ਨੂੰ ਕਿਨਰੀ ਕੁਨਰੀ ਤੋਂ ਕੋਈ ਡਰ ਨਹੀਂ ਸੀ ਲਗਦਾ, ਹੁਣ ਉਹ ਬੱਚਾ ਨਹੀਂ ਸੀ ਰਿਹਾ। ਲੇਕਿਨ ਉਸਦੀ ਮਾਂ ਨੂੰ ਡਰ ਲਗਦਾ ਸੀ, ਅਤੇ ਉਹ ਖਾਸ਼ ਤੌਰ ਤੇ ਉਸਦੇ ਲਈ ਡਰਦੀ ਸੀ । “ਤੂੰ ਅਜੇ ਵੀ ਬਹੁਤ ਛੋਟਾ ਹੈਂ”, ਉਹ ਕਹਿੰਦੀ ਹੁੰਦੀ ਸੀ ।” ਤੈਨੂੰ ਵਰਗਲਾ ਲੈਣਾ ਉਹਨਾਂ ਲਈ ਬੜਾ ਆਸਾਨ ਹੋਵੇਗਾ । ਇਹ ਸੱਚ ਹੈ ! ਹਾਏ! ਉਹ ਦੁਸ਼ਟ ਰੂਹਾਂ, ਉਹ ਛੋਟੇ ਬਚਿਆਂ ਦਾ ਬਹੁਤ ਨੁਕਸਾਨ ਕਰ ਦਿੰਦੀਆਂ ਹਨ – ਉਹ ਤਰ੍ਹਾਂ ਤਰ੍ਹਾਂ ਦੇ ਰੋਗ ਭੇਜ ਦਿੰਦੀਆਂ ਹਨ, ਜਾਂ ਉਹ ਬੱਚੇ ਨੂੰ ਅਪੰਗ ਬਣਾ ਦਿੰਦੀਆਂ ਹਨ ਕਿ ਉਹ ਕਦੇ ਸ਼ਿਕਾਰੀ ਨਾ ਬਣ ਸਕੇ!ਅਪੰਗ ਇਨਸਾਨ ਕੀ ਕਰਨ ਜੋਗਾ ਰਹਿ ਜਾਂਦਾ ਹੈ ! ਇਸ ਲਈ ਇਹ ਬਹੁਤ ਜਰੂਰੀ ਹੈ ਕੀ ਦੁਸ਼ਟ ਰੂਹਾਂ ਤੋਂ ਸੁਚੇਤ ਰਿਹਾ ਜਾਵੇ, ਖਾਸਕਰ ਜਦੋਂ ਤੂੰ ਅਜੇ ਬਹੁਤ ਛੋਟਾ ਹੈਂ, ਜਦੋਂ ਤੱਕ ਵੱਡਾ ਨਹੀਂ ਹੋ ਜਾਂਦਾ । ਤੇ ਜਦੋਂ ਆਦਮੀ ਆਪਣੇ ਪੈਰਾਂ ਤੇ ਖਡ਼ਾ ਹੋ ਜਾਂਦਾ ਹੈ, ਜਦੋਂ ਉਹ ਸੰਭਲ ਜਾਂਦਾ ਹੈ, ਤਾਂ ਕੋਈ ਕਿਨਰੀ ਉਸਦਾ ਨੁਕਸਾਨ ਨਹੀਂ ਕਰ ਸਕਦੀ। ਉਹ ਉਹਦਾ ਕੁਝ ਖਾਸ ਨਹੀਂ ਵਿਗਾੜ ਸਕਦੀਆਂ, ਕਿਉਂਕਿ ਮਜਬੂਤ ਤਕੜੇ ਲੋਕਾਂ ਤੋਂ ਉਹਨਾਂ ਨੂੰ ਡਰ ਲੱਗਦਾ ਹੈ ।
ਫੇਰ ਮਾਂ ਨੇ ਆਪਣੇ ਬੇਟੇ ਤੋਂ ਛੁੱਟੀ ਲਈ । ਉਹ ਚੁੱਪ ਚਾਪ ਖੜੀ ਸੀ, ਆਪਣੇ ਡਰ,ਆਪਣੀ ਅਰਦਾਸ ਅਤੇ ਆਪਣੀ ਉਮੀਦ ਨੂੰ ਇਸ ਚੁੱਪ ਨਾਲ ਛੁਪਾਉਣ ਦਾ ਯਤਨ ਕਰ ਰਹੀ ਸੀ । ਫਿਰ ਉਹ ਘਰ ਵਲ ਨੂੰ ਚਲ ਪਈ ।ਇੱਕ ਵਾਰ ਵੀ ਪਿਛੇ ਮੁੜ ਕੇ ਸਮੁੰਦਰ ਵੱਲ ਨਹੀਂ ਤੱਕਿਆ, ਉਹਦੇ ਪਿਤਾ ਦੇ ਬਾਰੇ ਇੱਕ ਸ਼ਬਦ ਵੀ ਨਹੀਂ ਉਚਾਰਿਆ, ਜਿਵੇਂ ਕਿ ਉਹ ਨੂੰ ਪਤਾ ਹੀ ਨਾ ਹੋਵੇ ਕਿ ਉਸਦਾ ਪਤੀ ਅਤੇ ਪੁੱਤਰ ਕਿਥੇ ਗਏ ਸੀ, ਹਾਲਾਂਕਿ ਬੀਤੀ ਸ਼ਾਮ ਉਹਨੇ ਖੁਦ ਉਹਨਾਂ ਦੀ ਯਾਤਰਾ ਦੀ ਤਿਆਰੀ ਕੀਤੀ ਸੀ, ਤਿੰਨ ਦਿਨਾਂ ਦੀ ਯਾਤਰਾ ਜੋਗਾ ਰਾਖਵਾਂ ਖਾਣਾ ਤਿਆਰ ਕੀਤਾ ਸੀ – ਅਤੇ ਹੁਣ ਉਹ ਇਵੇਂ ਵਿਚਰ ਰਹਿ ਸੀ ਜਿਵੇਂ ਉਹਨੂੰ ਕੁੱਝ ਵੀ ਪਤਾ ਨਾ ਹੋਵੇ, ਉਹ ਆਪਣੇ ਬੇਟੇ ਲਈ ਇੰਨਾ ਡਰ ਗਈ ਸੀ । ਉਹ ਇੰਨਾ ਡਰ ਗਈ ਸੀ ਕਿ ਉਹ ਕਿਸੇ ਵੀ ਤਰ੍ਹਾਂ ਕੋਈ ਭਿਣਕ ਨਹੀਂ ਸੀ ਪੈਣ ਦੇਣਾ ਚਾਹੁੰਦੀ, ਕਿ ਐਵੇਂ ਕਿਤੇ ਦੁਸ਼ਟ ਰੂਹਾਂ ਇਹ ਨਾ ਜਾਣ ਲੈਣ ਕਿ ਉਹਦੇ ਦਿਲ ਵਿੱਚ ਕਿੰਨਾ ਹੌਲ ਸੀ ।
ਉਹਦੀ ਮਾਂ ਪਰਤ ਗਈ ਸੀ।ਖਾੜੀ ਤੱਕ ਵੀ ਨਾਲ ਨਹੀਂ ਸੀ ਗਈ । ਲੇਕਿਨ ਉਹਦਾ ਪੁਤਰ, ਝਾੜੀਆਂ ਦੇ ਵਿਚੀਂ ਆਪਣਾ ਰਸਤਾ ਬਣਾਉਂਦਾ ਹੋਇਆ ਅਤੇ ਇਵੇਂ ਬਣ ਰਹੀਆਂ ਡੰਡੀਆਂ ਨੂੰ ਢਕਦਿਆਂ, ਅਦਿੱਖ ਕਿਨਰੀ ਤੋਂ ਛੁਪਦਾ ਛਪਾਉਂਦਾ ਜਾ ਰਿਹਾ ਸੀ, ਜਿਵੇਂ ਉਹਦੀ ਮਾਂ ਵਲੋਂ ਨਿਰਦੇਸ਼ ਦਿੱਤਾ ਗਿਆ ਸੀ ਕਿਉਂਕਿ ਇਹੋ ਜਿਹੇ ਦਿਨ ਉਹ ਉਹਨੂੰ ਵਿਆਕੁਲ ਨਹੀਂ ਕਰਨਾ ਚਾਹੁੰਦਾ ਸੀ- ਉਹ ਉਹਨਾਂ ਲੋਕਾਂ ਨਾਲ ਰਲਣ ਲਈ ਹੰਭਲਾ ਮਾਰ ਰਿਹਾ ਸੀ ਜਿਹੜੇ ਉਸਦੇ ਐਨ ਸਾਹਮਣੇ ਸਨ ।
ਉਹ ਜਲਦੀ ਨਾਲ ਉਨ੍ਹਾਂ ਤੋਂ ਮੂਹਰੇ ਲੰਘ ਗਿਆ । ਉਹ ਕੋਈ ਖਾਸ ਜਲਦੀ ਵਿੱਚ ਨਹੀਂ ਸਨ ਚੱਲ ਰਹੇ। ਉਨ੍ਹਾਂ ਨੇ ਆਪਣੇ ਮੋਢਿਆਂ ਤੇ ਆਪਣੇ ਗਿਅਰ, ਆਪਣੀਆਂ ਰਾਇਫਲਾਂ ਅਤੇ ਸਮਾਨ ਚੁੱਕਿਆ ਹੋਇਆ ਸੀ । ਸਭ ਤੋਂ ਅੱਗੇ ਸੀ ਬਾਬਾ ਬਾਜਾ ਉਹਨਾਂ ਦਾ ਆਗੂ, ਉਸਦੇ ਬਾਅਦ ਜਾ ਰਿਹਾ ਸੀ ਆਪਣੀ ਡੀਲ ਡੌਲ ਅਤੇ ਕੱਦ ਕਾਠ ਦੀ ਬਦੌਲਤ ਸਿਰਕੱਢ ਚੌੜੇ ਮੋਢਿਆਂ ਅਤੇ ਭਰਵੀਂ ਦਾੜ੍ਹੀ ਵਾਲਾ ਇਮਰਾਨ ਅਤੇ ਉਹਦੇ ਮਗਰ, ਮਧਰਾ, ਮਜਬੂਤ ਅਤੇ ਦਰਖਤ-ਦੇ ਮੁੱਢ ਵਰਗਾ ਮਿਲਗੁਨ । ਉਹਨਾਂ ਨੇ ਚੰਗੀ ਤਰ੍ਹਾਂ ਹੰਢੇ ਹੋਏ ਕੱਪੜੇ ਪਹਿਨੇ ਹੋਏ ਸਨ, ਸਮੁੰਦਰੀ ਸਫਰ ਲਈ ਢੁਕਵੇਂ,ਸਾਰੇ ਸੀਲ ਮੱਛੀ ਦੀ ਖੱਲ ਅਤੇ ਚਮੜੇ ਦੇ ਬਣੇ ਹੋਏ ਜੋ ਗਰਮੈਸ਼ ਨੂੰ ਤਾਂ ਅੰਦਰ ਰੱਖ ਸਕਣ ਪਰ ਗਿੱਲ ਨੂੰ ਬਾਹਰ । ਕਿਰਿਸਕ ਦੀ ਚਮਕ ਦਮਕ ਬਾਕੀਆਂ ਨਾਲੋਂ ਜਿਆਦਾ ਸੀ । ਉਸਦੀ ਮਾਂ ਨੇ ਉਹਦੇ ਸਮੁੰਦਰੀ ਕੱਪੜੇ ਤਿਆਰ ਕਰਨ ਕਾਫੀ ਮਿਹਨਤ ਕੀਤੀ ਸੀ । ਚਮੜੇ ਦੇ ਸਮੁੰਦਰੀ ਬੂਟ ਅਤੇ ਬਾਹਰੀ ਕੱਪੜੇ ਗੋਟੇ ਕਿਨਾਰੀ ਨਾਲ ਸਿੰਗਾਰੇ ਸਨ ਜਿਵੇਂ ਇਹ ਗਲ ਸਮੁੰਦਰ ਵਿੱਚ ਕੋਈ ਮਾਅਨੇ ਰੱਖਦੀ ਹੋਵੇ।ਲੇਕਿਨ ਮਾਂ ਤਾਂ ਮਾਂ ਹੁੰਦੀ ਹੈ ।
“ਓਏ,ਸਾਨੂੰ ਲੱਗਿਆ ਕਿ ਤੂੰ ਪਿੱਛੇ ਮੁੜ ਗਿਆ ਸੀ ! ਅਸੀਂ ਸੋਚਿਆ ਕਿ ਤੈਨੂੰ ਬਾਹੋਂ ਫੜ ਵਾਪਸ ਲੈ ਵਾਪਸ ਘਰ ਨੂੰ ਲੈ ਗਏ ਹੋਣਗੇ !”ਜਦੋਂ ਕਿਰਿਸਕ ਮਿਲਗੁਨ ਦੇ ਨਾਲ ਰਲਿਆ ਨਕਲੀ ਹੈਰਾਨੀ ਨਾਲ ਉਹਨੇ ਕਿਹਾ ।
“ਕਿਉਂ ?ਆਪਣੀ ਜਿੰਦਗੀ ਵਿੱਚ ਮੈਂ ਕਦੇ ਨਹੀਂ ? ਮੈਂ ! ?” ਬੇਇੱਜ਼ਤੀ ਮਹਿਸੂਸ ਕਰਨ ਕਰਕੇ ਕਿਰਿਸਕ ਦਾ ਜਿਵੇਂ ਦਮ ਘੁੱਟਿਆ ਗਿਆ ਸੀ ।
“ਤਾਂ, ਤੂੰ ਇੱਕ ਮਜ਼ਾਕ ਨਹੀਂ ਝੱਲ ਸਕਦਾ । ਤੈਨੂੰ ਇਉਂ ਨਹੀਂ ਕਰਨਾ ਚਾਹੀਦਾ । ਨਹੀਂ ਤਾਂ ਕਿਵੇਂ ਲੋਕ ਸਮੁੰਦਰ ਵਿੱਚ ਇੱਕ ਦੂੱਜੇ ਨਾਲ ਗੱਲ ਕਰਨਗੇ ? ਇਹ, ਲੈ ਕਿ ਸਾਂਭ ਇਹ !” ਉਸਨੇ ਮੁੰਡੇ ਨੂੰ ਆਪਣੀ ਵਿਨਚੈਸਟਰ ਰਾਈਫਲ ਸੌਂਪ ਦਿੱਤੀ । ਕਿਰਿਸਕ ਸ਼ੁਕਰਾਨਾ ਭਾਵ ਨਾਲ ਉਸਦੇ ਕੋਲ ਆਇਆ ।
ਉਹਨਾਂ ਨੇ ਕਿਸ਼ਤੀ ਲੋਡ ਕਰਨੀ ਸੀ ਅਤੇ ਚਾਲੇ ਪਾਉਣੇ ਸਨ ।
ਇਸ ਤਰੀਕੇ ਸ਼ਿਕਾਰੀ ਸਮੁੰਦਰ ਲਈ ਰਵਾਨਾ ਹੁੰਦੇ ਹਨ । ਪਰ ਵਾਪਸੀ ਦੀ ਗੱਲ ਹੋਰ ਹੁੰਦੀ ਹੈ, ਜੇਕਰ ਉਹ ਸਫਲ ਹੋ ਜਾਣ, ਜੇਕਰ ਉਹ ਸ਼ਿਕਾਰ ਦੇ ਨਾਲ ਘਰ ਵਾਪਸ ਆ ਜਾਣ ਤਾਂ । ਤੱਦ ਉਹ ਠੀਕ ਮੁੰਡੇ ਦਾ ਸਨਮਾਨ ਕੀਤਾ ਜਾਏਗਾ, ਜਸ਼ਨ ਮਨਾਏ ਜਾਣਗੇ । ਫਿਰ ਜਵਾਨ ਸ਼ਿਕਾਰੀ ਲਈ ਸਵਾਗਤ ਦਾ ਜਸ਼ਨ ਹੋਵੇਗਾ ਅਤੇ ਸਮੁੰਦਰ ਦੀ ਦਾਨਸ਼ੀਲਤਾ ਦੇ ਬਾਰੇ ਗੀਤ ਗਾਇਆ ਜਾਵੇਗਾ, ਜਿਸ ਦੀਆਂ ਅਥਾਹ ਗਹਿਰਾਈਆਂ ਵਿੱਚ ਮੱਛੀਆਂ ਅਤੇ ਹੋਰ ਜਾਨਵਰ ਜੰਮਦੇ ਪਲਦੇ ਰਹਿੰਦੇ ਹਨ ਜੋ ਮਜਬੂਤ, ਬਹਾਦੁਰ ਸ਼ਿਕਾਰੀਆਂ ਦੀ ਕਿਸਮਤ ਹੁੰਦੇ ਹਨ । ਉਨ੍ਹਾਂ ਦਾ ਇਹ ਗੀਤ ਉਸ ਮੱਛੀ ਤੀਵੀਂ ਦੀ ਤਾਰੀਫ ਦਾ ਗੀਤ ਹੁੰਦਾ ਜਿਸ ਦੀ ਉਹ ਵੰਸ਼ ਸਨ, ਇਹ ਮੱਛੀ ਤੀਵੀਂ ਕਬੀਲੇ ਦੇ ਲੋਕ, ਜੋ ਜਮੀਨ ਤੇ ਰਹਿੰਦੇ ਹਨ। ਫਿਰ ਢੋਲ ਵਜਦੇ ਹਨ ਮੇਪਲ ਦੀਆਂ ਛੜੀਆਂ ਦੇ ਨਾਲ ਖੜਕਾਟ ਪੈਂਦਾ ਹੈ, ਅਤੇ ਨਾਚ ਭੰਗੜਿਆਂ ਦੇ ਘਮਸਾਨ ਵਿੱਚਕਾਰ ਸਿਆਣਾ ਪੀਰ ਧਰਤੀ ਅਤੇ ਪਾਣੀ ਦੇ ਨਾਲ ਗੱਲਬਾਤ ਕਰੇਗਾ, ਅਤੇ ਉਹ ਕਿਰਿਸਕ ਨਵੇਂ ਸ਼ਿਕਾਰੀ ਦੀ ਗੱਲ ਕਰੇਗਾ । ਹਾਂ, ਉਹ ਪੀਰ ਉਸਦੇ ਬਾਰੇ ਵਿੱਚ ਧਰਤੀ ਅਤੇ ਪਾਣੀ ਨਾਲ ਗੱਲ ਕਰੇਗਾ, ਉਹ ਅਰਦਾਸ ਕਰੇਗਾ ਕਿ ਧਰਤੀ ਅਤੇ ਪਾਣੀ ਹਮੇਸ਼ਾ ਉਸਦਾ ਖਿਆਲ ਰੱਖਣ,ਉਹਦਾ ਭਲਾ ਕਰਨ ਤਾਂ ਜੋ ਉਹ ਇੱਕ ਮਹਾਨ ਸ਼ਿਕਾਰੀ ਬਣ ਜਾਵੇ, ਧਰਤੀ ਅਤੇ ਪਾਣੀ ਤੇ ਉਸਨੂੰ ਹਮੇਸ਼ਾ ਸਫਲਤਾ ਮਿਲੇ, ਕਿ ਹਮੇਸ਼ਾ ਵੱਡਿਆਂ ਛੋਟਿਆਂ ਵਿੱਚ ਆਪਣੀ ਕਮਾਈ ਵੰਡ ਕੇ ਛਕਣਾ ਉਹਦਾ ਨਸੀਬ ਹੋਵੇ ।ਅਤੇ ਉਹ ਸੂਝਵਾਨ ਪੀਰ ਰੂਹਾਂ ਨੂੰ ਅਰਜ ਕਰੇਗਾ ਕਿ ਕਿਰਿਸਕ ਦੇ ਸੰਤਾਨ ਜਨਮ ਲਵੇ ਅਤੇ ਉਹ ਸਾਰੀ ਸੰਤਾਨ ਜਿੰਦਾ ਰਹੇ, ਤਾਂ ਕਿ ਮਹਾਨ ਮੱਛੀ ਤੀਵੀਂ ਦਾ ਖ਼ਾਨਦਾਨ ਚਲਦਾ ਰਹੇ ਵਧਦਾ ਰਹੇ ।
ਤੂੰ ਕਿੱਥੇ ਤੈਰ ਰਹੀ ਹੈਂ, ਐ ਮਹਾਨ ਮੱਛੀ ਔਰਤ ?
ਤੇਰੀ ਕੋਸੀ ਕੁੱਖ ਵਿੱਚ ਜੀਵਨ ਜੰਮਦਾ ਤੇ ਪਲਦਾ ਰਹਿੰਦਾ,
ਤੇਰੀ ਕੋਸੀ ਕੁੱਖ ਨੇ ਸਾਨੂੰ ਸਮੁੰਦਰ ਰਾਹੀਂ ਜਨਮ ਦਿੱਤਾ,
ਤੇਰੀ ਕੋਸੀ ਕੁੱਖ ਦੁਨੀਆ ਵਿੱਚ ਸਭ ਤੋਂ ਸੁਹਣੀ ਜਗ੍ਹਾ ।
ਤੂੰ ਕਿੱਥੇ ਤੈਰ ਰਹੀ ਹੈਂ, ਐ ਮਹਾਨ ਮੱਛੀ ਔਰਤ ?
ਤੇਰੇ ਸਫੇਦ ਥਣ ਸੀਲ ਮੱਛੀਆਂ ਦੇ ਸਿਰਾਂ ਵਰਗੇ,
ਤੇਰੇ ਸਫੇਦ ਥਣਾਂ ਨੇ ਸਾਨੂੰ ਸਮੁੰਦਰ ਰਾਹੀਂ ਦੁੱਧ ਚੁੰਘਾਇਆ ।
ਤੂੰ ਕਿੱਥੇ ਤੈਰ ਰਹੀ ਹੈਂ, ਐ ਮਹਾਨ ਮੱਛੀ ਔਰਤ ?
ਸਭ ਤੋਂ ਤਕੜੇ ਮਜਬੂਤ ਆਦਮੀ ਤੈਰ ਕੇ ਆਉਣਗੇ ਤੇਰੇ ਤੱਕ
ਤਾਂ ਕਿ ਹੋਵੇ ਤੇਰੀ ਕੁੱਖ ਸੁਲੱਖਣੀ ਭਾਗਾਂ ਵਾਲੀ
ਕਿ ਜਮੀਨ ਤੇ ਤੇਰਾ ਖਾਨਦਾਨ ਕਰੇ ਤਰੱਕੀਆਂ ਦਿਨ ਰਾਤ . . .
('ਸਾਗਰ ਕੰਢੇ ਦੌੜ ਰਿਹਾ ਡੱਬੂ ਕੁੱਤਾ' ਵਿੱਚੋਂ; ਰਾਹੀਂ: ਸੱਤਦੀਪ ਗਿੱਲ)