Sabhyata Da Bhet (Story in Punjabi) : Munshi Premchand

ਸੱਭਿਅਤਾ ਦਾ ਭੇਤ (ਕਹਾਣੀ) : ਮੁਨਸ਼ੀ ਪ੍ਰੇਮਚੰਦ

1.

ਉਂਝ ਤਾਂ ਮੇਰੀ ਸਮਝ ਵਿੱਚ ਦੁਨੀਆਂ ਦੀਆਂ ਇੱਕ ਹਜਾਰ ਇੱਕ ਗੱਲਾਂ ਨਹੀਂ ਆਉਂਦੀਆਂ-ਜਿਵੇਂ ਲੋਕ ਸਵੇਰੇ ਉੱਠਦਿਆਂ ਹੀ ਵਾਲਾਂ ’ਤੇ ਛੁਰਾ ਕਿਉਂ ਚਲਾਉਂਦੇ ਹਨ? ਕੀ ਹੁਣ ਮਰਦਾਂ ’ਚ ਇੰਨੀ ਨਜਾਕਤ ਆ ਗਈ ਹੈ ਕਿ ਵਾਲਾਂ ਦਾ ਬੋਝ ਉਨ੍ਹਾਂ ਤੋਂ ਨਹੀਂ ਸਾਂਭਿਆ ਜਾਂਦਾ? ਸਾਰੇ ਹੀ ਪੜ੍ਹੇ-ਲਿਖੇ ਆਦਮੀਆਂ ਦੀਆਂ ਅੱਖਾਂ ਕਿਉਂ ਇੰਨੀਆਂ ਕਮਜੋਰ ਹੋ ਗਈਆਂ ਹਨ? ਦਿਮਾਗ ਦੀ ਕਮਜੋਰੀ ਹੀ ਇਸ ਦਾ ਕਾਰਨ ਹੈ ਜਾਂ ਕੁੱਝ ਹੋਰ? ਲੋਕ ਇਨਾਮਾਂ ਪਿੱਛੇ ਕਿਉਂ ਇੰਨੇ ਪ੍ਰੇਸ਼ਾਨ ਹੁੰਦੇ ਹਨ? ਆਦਿ ਪਰ ਇਸ ਵੇਲੇ ਮੈਨੂੰ ਇਨ੍ਹਾਂ ਗੱਲਾਂ ਨਾਲ਼ ਮਤਲਬ ਨਹੀਂ। ਮੇਰੇ ਮਨ ’ਚ ਇੱਕ ਨਵਾਂ ਪ੍ਰਸ਼ਨ ਪੈਦਾ ਹੋਇਆ ਹੈ ਅਤੇ ਉਸਦਾ ਉੱਤਰ ਮੈਨੂੰ ਕੋਈ ਨਹੀਂ ਦਿੰਦਾ। ਪ੍ਰਸ਼ਨ ਇਹ ਹੈ ਕਿ ਸੱਭਿਅਕ ਕੌਣ ਹੈ ਅਤੇ ਅਸੱਭਿਅਕ ਕੌਣ? ਸੱਭਿਅਤਾ ਦੇ ਲੱਛਣ ਕੀ ਹਨ? ਆਮ ਨਜਰ ਨਾਲ਼ ਦੇਖੀਏ ਤਾਂ ਇਸ ਨਾਲ਼ੋਂ ਵੱਧ ਸੌਖਾ ਹੋਰ ਕੋਈ ਸੁਆਲ ਹੀ ਨਹੀਂ ਹੋਵੇਗਾ। ਬੱਚਾ-ਬੱਚਾ ਇਸ ਨੂੰ ਹੱਲ ਕਰ ਸਕਦਾ ਹੈ। ਪਰ ਜਰਾ ਧਿਆਨ ਨਾਲ਼ ਦੇਖੀਏ ਤਾਂ ਪ੍ਰਸ਼ਨ ਇੰਨਾ ਸੌਖਾ ਨਹੀਂ। ਜੇ ਕੋਟ-ਪੈਂਟ ਪਹਿਨਣਾ, ਟਾਈ-ਕਾਲਰ ਲਗਾਉਣਾ, ਮੇਜ ’ਤੇ ਬੈਠ ਕੇ ਰੋਟੀ ਖਾਣਾ, ਦਿਨ ’ਚ ਤੇਰਾਂ ਵਾਰ ਕੋਕ ਜਾਂ ਚਾਹ ਪੀਣਾ ਅਤੇ ਸਿਗਾਰ ਪੀਂਦਿਆਂ ਤੁਰੇ ਜਾਣਾ ਸੱਭਿਅਤਾ ਹੈ ਤਾਂ ਉਨ੍ਹਾਂ ਗੋਰਿਆਂ ਨੂੰ ਵੀ ਸੱਭਿਅਕ ਕਹਿਣਾ ਪਏਗਾ, ਜੋ ਸੜਕ ’ਤੇ ਸ਼ਾਮ ਨੂੰ ਕਦੇ- ਕਦੇ ਟਹਿਲਦੇ ਨਜਰ ਆਉਂਦੇ ਹਨ; ਸ਼ਰਾਬ ਦੇ ਨਸ਼ੇ ਨਾਲ਼ ਸੁਰਖ ਅੱਖਾਂ, ਪੈਰ ਲੜਖੜਾਉਂਦੇ ਹੋਏ, ਰਾਹ ਜਾਂਦੇ ਲੋਕਾਂ ਨੂੰ ਬਦੋਬਦੀ ਛੇੜਨ ਦੀ ਧੁਨ! ਕੀ ਉਨ੍ਹਾਂ ਗੋਰਿਆਂ ਨੂੰ ਸੱਭਿਅਕ ਕਿਹਾ ਜਾ ਸਕਦਾ ਹੈ? ਕਦੇ ਨਹੀਂ! ਤਾਂ ਇਹ ਸਿੱਧ ਹੋਇਆ ਕਿ ਸੱਭਿਅਤਾ ਕੋਈ ਹੋਰ ਹੀ ਚੀਜ ਹੈ, ਉਸ ਦਾ ਜਿਸਮ ਨਾਲ਼ ਇੰਨਾ ਸਬੰਧ ਨਹੀਂ ਜਿੰਨਾ ਮਨ ਨਾਲ਼।

2.

ਮੇਰੇ ਗਿਣੇ ਚੁਣੇ ਮਿੱਤਰਾਂ ’ਚ ਇੱਕ ਰਾਏ ਰਤਨ ਕਿਸ਼ੋਰ ਵੀ ਸਨ। ਉਹ ਬਹੁਤ ਸੁਹਿਰਦ, ਬਹੁਤ ਹੀ ਉਦਾਰ, ਬਹੁਤ ਪੜ੍ਹੇ-ਲਿਖੇ ਅਤੇ ਇੱਕ ਵੱਡੇ ਅਹੁਦੇ ’ਤੇ ਹਨ। ਬਹੁਤ ਚੰਗੀ ਤਨਖਾਹ ਪ੍ਰਾਪਤ ਕਰਨ ’ਤੇ ਵੀ ਉਨ੍ਹਾਂ ਦੀ ਆਮਦਨ ਖਰਚ ਲਈ ਕਾਫੀ ਨਹੀਂ ਹੁੰਦੀ। ਇੱਕ ਚੌਥਾਈ ਤਨਖਾਹ ਤਾਂ ਬੰਗਲੇ ਦੀ ਹੀ ਭੇਟ ਹੋ ਜਾਂਦੀ ਹੈ। ਇਸ ਲਈ ਉਹ ਬੜੀ ਫਿਕਰ ’ਚ ਰਹਿੰਦੇ ਹਨ। ਰਿਸ਼ਵਤ ਤਾਂ ਨਹੀਂ ਲੈਂਦੇ ਘੱਟੋ-ਘੱਟ ਮੈਨੂੰ ਨਹੀਂ ਪਤਾ, ਹਾਲਾਕਿ ਕਹਿਣ ਵਾਲ਼ੇ ਕਹਿੰਦੇ ਹਨ ਪਰ ਇੰਨਾ ਜਾਣਦਾ ਹਾਂ ਕਿ ਉਹ ਭੱਤਾ ਵਧਾਉਣ ਲਈ ਦੌਰੇ ’ਤੇ ਬਹੁਤ ਰਹਿੰਦੇ ਹਨ, ਇੱਥੋਂ ਤੱਕ ਕਿ ਇਸ ਲਈ ਹਰ ਸਾਲ ਬਜਟ ਦੀ ਕਿਸੇ ਹੋਰ ਮਦ ’ਚ ਰੁਪਏ ਕਢਵਾਉਣੇ ਪੈਂਦੇ ਹਨ। ਉਨ੍ਹਾਂ ਦੇ ਅਫਸਰ ਕਹਿੰਦੇ ਹਨ, ਇੰਨੇ ਦੌਰੇ ਕਿਉਂ ਕਰਦੇ ਹੋ, ਤਾਂ ਉੱਤਰ ਦਿੰਦੇ ਹਨ ਇਸ ਜਿਲ੍ਹੇ ਦਾ ਕੰਮ ਹੀ ਅਜਿਹਾ ਹੈ ਕਿ ਜਦੋਂ ਤੱਕ ਖੂਬ ਦੌਰੇ ਨਾ ਕੀਤੇ ਜਾਣ ਰਿਆਇਆ (ਜਨਤਾ) ਸ਼ਾਂਤ ਨਹੀਂ ਰਹਿ ਸਕਦੀ। ਪਰ ਮਜਾ ਤਾਂ ਇਹ ਹੈ ਕਿ ਰਾਏ ਸਾਹਿਬ ਓਨੇ ਦੌਰੇ ਅਸਲ ’ਚ ਨਹੀਂ ਕਰਦੇ, ਜਿੰਨੇ ਕਿ ਆਪਣੇ ਰੋਜਨਾਮਚੇ ’ਚ ਲਿਖਦੇ ਹਨ। ਉਨ੍ਹਾਂ ਦੇ ਪੜਾਅ ਸ਼ਹਿਰ ਤੋਂ ਪੰਜਾਹ ਮੀਲ ’ਤੇ ਹੁੰਦੇ ਹਨ। ਤੰਬੂ ਓਥੇ ਗੱਡੇ ਰਹਿੰਦੇ ਹਨ, ਕੈਂਪ ਦਾ ਅਮਲਾ ਓਥੇ ਟਿਕਿਆ ਰਹਿੰਦਾ ਅਤੇ ਰਾਏ ਸਾਹਿਬ ਘਰ ’ਚ ਦੋਸਤਾਂ ਨਾਲ਼ ਗਪਸ਼ਪ ਕਰਦੇ ਰਹਿੰਦੇ ਹਨ, ਪਰ ਕਿਸੇ ਦੀ ਕੀ ਮਜਾਲ ਹੈ ਕਿ ਰਾਏ ਸਾਹਬ ਦੀ ਨੇਕਨੀਅਤੀ ’ਤੇ ਸ਼ੱਕ ਕਰ ਸਕੇ। ਉਨ੍ਹਾਂ ਦੇ ਸੱਭਿਅਕ ਪੁਰਸ਼ ਹੋਣ ’ਚ ਕਿਸੇ ਨੂੰ ਸ਼ੱਕ ਨਹੀਂ ਹੋ ਸਕਦਾ।

ਇੱਕ ਦਿਨ ਮੈਂ ਉਨ੍ਹਾਂ ਨੂੰ ਮਿਲ਼ਣ ਗਿਆ। ਉਸ ਵੇਲੇ ਉਹ ਆਪਣੇ ਘਸਿਆਰੇ ਦਮੜੀ ਨੂੰ ਝਿੜਕ ਰਹੇ ਸਨ। ਦਮੜੀ ਰਾਤ-ਦਿਨ ਦਾ ਨੌਕਰ ਸੀ, ਪਰ ਰੋਟੀ ਘਰ ਖਾਣ ਜਾਂਦਾ ਰਹਿੰਦਾ ਸੀ। ਉਸ ਦਾ ਘਰ ਥੋੜ੍ਹੀ ਹੀ ਦੂਰ ਇੱਕ ਪਿੰਡ ’ਚ ਸੀ। ਕੱਲ੍ਹ ਰਾਤ ਨੂੰ ਕਿਸੇ ਕਾਰਨ ਇੱਥੇ ਨਾ ਆ ਸਕਿਆ। ਇਸ ਲਈ ਝਿੜਕਾਂ ਪੈ ਰਹੀਆਂ ਸਨ।

ਰਾਏ ਸਾਹਿਬ, “ਜਦੋਂ ਅਸੀਂ ਤੈਨੂੰ ਰਾਤ-ਦਿਨ ਲਈ ਰੱਖਿਆ ਹੋਇਆ ਹੈ, ਤਾਂ ਤੂੰ ਘਰ ਕਿਉਂ ਰਿਹਾ? ਕੱਲ੍ਹ ਦੇ ਪੈਸੇ ਕੱਟੇ ਜਾਣਗੇ?”

ਦਮੜੀ, “ਹਜੂਰ, ਇੱਕ ਮਹਿਮਾਨ ਆ ਗਏ ਸਨ, ਇਸੇ ਕਰਕੇ ਨਹੀਂ ਆ ਸਕਿਆ।”

ਰਾਏ ਸਾਹਿਬ, “ਤਾਂ ਫਿਰ ਕੱਲ੍ਹ ਦੇ ਪੈਸੇ ਓਸੇ ਮਹਿਮਾਨ ਤੋਂ ਲਈ।”

ਦਮੜੀਸਰਕਾਰ, “ਅੱਗੋਂ ਕਦੇ ਅਜਿਹੀ ਗਲਤੀ ਨਹੀਂ ਹੋਵੇਗੀ।”

ਰਾਏ ਸਾਹਿਬ, “ਬਕ ਬਕ ਨਾ ਕਰ”

ਦਮੜੀ, “ਹਜੂਰ…”

ਰਾਏ ਸਾਹਿਬ, “ਦੋ ਰੁਪਏ ਜੁਰਮਾਨਾ”

ਦਮੜੀ ਰੋਂਦਾ ਹੋਇਆ ਚਲਾ ਗਿਆ। ਰੋਜਾ ਬਖਸ਼ਾਉਣ ਆਇਆ ਸੀ, ਨਮਾਜ ਗਲ਼ ਪੈ ਗਈ। ਦੋ ਰੁਪਏ ਜੁਰਮਾਨਾ ਠੁਕ ਗਿਆ। ਖਤਾ ਇਹੀ ਸੀ ਕਿ ਵਿਚਾਰਾ ਕਸੂਰ ਮਾਫ ਕਰਾਉਣਾ ਚਾਹੁੰਦਾ ਸੀ।

ਇਹ ਇੱਕ ਰਾਤ ਨੂੰ ਗੈਰ-ਹਾਜਰ ਹੋਣ ਦੀ ਸਜਾ ਸੀ। ਵਿਚਾਰਾ ਸਾਰੇ ਦਿਨ ਦਾ ਕੰਮ ਕਰ ਚੁੱਕਾ ਸੀ, ਰਾਤ ਨੂੰ ਇੱਥੇ ਸੁੱਤਾ ਨਹੀਂ ਸੀ, ਉਸ ਦੀ ਸਜਾ! ਅਤੇ ਘਰ ਬੈਠੇ ਭੱਤੇ ਉਡਾਉਣ ਵਾਲ਼ਿਆਂ ਨੂੰ ਕੋਈ ਨਹੀਂ ਪੁੱਛਦਾ। ਕੋਈ ਸਜਾ ਨਹੀਂ ਦਿੰਦਾ। ਸਜਾ ਤਾਂ ਮਿਲ਼ੇ ਅਤੇ ਅਜਿਹੀ ਮਿਲ਼ੇ ਕਿ ਜਿੰਦਗੀ ਭਰ ਚੇਤੇ ਰਹੇ; ਪਰ ਫੜਨਾ ਮੁਸ਼ਕਲ ਹੈ। ਦਮੜੀ ਵੀ ਜੇ ਹੁਸ਼ਿਆਰ ਹੁੰਦਾ, ਤਾਂ ਜਰਾ ਰਾਤ ਮੁੱਕਣ ਤੋਂ ਪਹਿਲਾਂ ਕੋਠੜੀ ’ਚ ਆ ਕੇ ਸੌਂ ਜਾਂਦਾ। ਫਿਰ ਕਿਸ ਨੂੰ ਪਤਾ ਲੱਗਦਾ ਕਿ ਉਹ ਰਾਤ ਨੂੰ ਕਿੱਥੇ ਰਿਹਾ, ਪਰ ਗਰੀਬ ਇੰਨਾ ਚੰਟ ਨਹੀਂ ਸੀ।

ਦਮੜੀ ਕੋਲ਼ ਕੁੱਲ ਛੇ ਬਿਸਵੇ ਜਮੀਨ ਸੀ। ਪਰ ਇੰਨੇ ਹੀ ਪ੍ਰਾਣੀਆਂ ਦਾ ਖਰਚ ਵੀ ਸੀ। ਉਸ ਦੇ ਦੋ ਮੁੰਡੇ, ਦੋ ਕੁੜੀਆਂ ਅਤੇ ਪਤਨੀ, ਸਭ ਖੇਤਾਂ ’ਚ ਲੱਗੇ ਰਹਿੰਦੇ ਸਨ, ਫਿਰ ਵੀ ਢਿੱਡ ਦੀਆਂ ਰੋਟੀਆਂ ਦੀ ਪੂਰੀ ਨਹੀਂ ਸੀ ਪੈਂਦੀ। ਐਨੀ ਜਮੀਨ ਨੇ ਕਿਹੜਾ ਸੋਨਾ ਉਗਲਣਾ ਸੀ। ਜੇ ਸਾਰੇ ਦੇ ਸਾਰੇ ਘਰੋਂ ਨਿਕਲ ਮਜਦੂਰੀ ਕਰਨ ਲੱਗਦੇ ਤਾਂ ਆਰਾਮ ਨਾਲ਼ ਰਹਿ ਸਕਦੇ ਸਨ; ਪਰ ਕਿਸਾਨ ਕਦੇ ਮਜਦੂਰ ਅਖਵਾਉਣ ਦਾ ਅਪਮਾਨ ਨਹੀਂ ਸਹਿ ਸਕਦਾ। ਇਸੇ ਬਦਨਾਮੀ ਤੋਂ ਬਚਣ ਲਈ ਦੋ ਬੌਲਦ ਬੰਨ੍ਹੇ ਹੋਏ ਸਨ; ਉਸ ਦੀ ਤਨਖਾਹ ਦਾ ਵੱਡਾ ਹਿੱਸਾ ਬੌਲਦਾਂ ਦੇ ਦਾਣੇ-ਚਾਰੇ ’ਚ ਹੀ ਉਡ ਜਾਂਦਾ ਸੀ। ਇਹ ਸਾਰੀਆਂ ਤਕਲੀਫਾਂ ਮਨਜੂਰ ਸਨ, ਪਰ ਖੇਤੀ ਛੱਡ ਕੇ ਮਜਦੂਰ ਬਣਨਾ ਮਨਜੂਰ ਨਹੀਂ ਸੀ। ਕਿਸਾਨ ਦੀ ਜੋ ਇੱਜਤ ਹੈ, ਇਹ ਕਿਤੇ ਮਜਦੂਰ ਦੀ ਹੋ ਸਕਦੀ ਹੈ, ਭਾਵੇਂ ਉਹ ਰੋਜ ਰੁਪਏ ਕਿਉਂ ਨਾ ਕਮਾਏ? ਕਿਸਾਨੀ ਨਾਲ਼ ਮਜਦੂਰੀ ਕਰਨਾ ਇੰਨੇ ਅਪਮਾਨ ਦੀ ਗੱਲ ਨਹੀਂ, ਬੂਹੇ ਬੱਝੇ ਬੌਲਦ ਉਸ ਦੀ ਇੱਜਤ ਦੀ ਰਾਖੀ ਕਰਦੇ ਹਨ, ਪਰ ਬੌਲਦਾਂ ਨੂੰ ਵੇਚ ਕੇ ਫਿਰ ਕਿਧਰੇ ਮੂੰਹ ਦਿਖਾਉਣ ਨੂੰ ਥਾਂ ਨਹੀਂ ਬਚਦੀ।

ਇੱਕ ਦਿਨ ਰਾਏ ਸਾਹਿਬ ਉਸਨੂੰ ਠੰਡ ਨਾਲ਼ ਕੰਬਦੇ ਦੇਖ ਕੇ ਕਹਿਣ ਲੱਗੇ “ਕੱਪੜੇ ਕਿਉਂ ਨਹੀਂ ਸਵਾਉਂਦੇ? ਕੰਬਦਾ ਕਿਉ ਏਂ?”

ਦਮੜੀ, “ਸਰਕਾਰ, ਢਿੱਡ ਦੀ ਰੋਟੀ ਦੀ ਤਾਂ ਪੂਰੀ ਨਹੀਂ ਪੈਂਦੀ, ਕੱਪੜੇ ਕਿੱਥੋਂ ਬਣਵਾਵਾਂ?”

ਰਾਏ ਸਾਹਿਬ, “ਬੌਲਦਾਂ ਨੂੰ ਵੇਚ ਕਿਉਂ ਨਹੀਂ ਦਿੰਦਾ? ਸੌ ਵਾਰ ਸਮਝਾਇਆ, ਪਰ ਪਤਾ ਨਹੀਂ ਕਿਉਂ ਇੰਨੀ ਮੋਟੀ ਗੱਲ ਵੀ ਤੇਰੀ ਸਮਝ ’ਚ ਨਹੀਂ ਪੈਂਦੀ।”

ਦਮੜੀ, “ਸਰਕਾਰ, ਬਿਰਾਦਰੀ ’ਚ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਾਂਗਾ। ਕੁੜੀ ਦੀ ਮੰਗਣੀ ਨਹੀਂ ਹੋ ਸਕੇਗੀ, ਬਿਰਾਦਰੀ ’ਚੋਂ ਛੇਕ ਦਿੱਤਾ ਜਾਵਾਂਗਾ।”

ਰਾਏ ਸਾਹਿਬ, “ਇਨ੍ਹਾਂ ਬੇਵਕੂਫੀਆਂ ਕਰਕੇ ਹੀ ਤੁਹਾਡੀ ਇਹ ਦੁਰਗਤ ਹੋ ਰਹੀ ਹੈ। ਅਜਿਹੇ ਬੰਦਿਆਂ ’ਤੇ ਤਰਸ ਕਰਨਾ ਵੀ ਪਾਪ ਹੈ। (ਮੇਰੇ ਵਲ ਦੇਖ ਕੇ) ਕਿਉਂ ਮੁਨਸ਼ੀ ਜੀ, ਇਸ ਪਾਗਲਪਣ ਦਾ ਵੀ ਕੋਈ ਇਲਾਜ ਹੈ? ਠੰਡ ਨਾਲ ਮਰ ਰਹੇ ਹਨ, ਪਰ ਬੂਹੇ ’ਤੇ ਬੌਲਦ ਜਰੂਰ ਬੱਝਣਗੇ।”

ਮੈਂ ਕਿਹਾ, “ਜਨਾਬ, ਇਹ ਤਾਂ ਆਪਣੀ-ਆਪਣੀ ਸਮਝ ਹੈ।”

ਰਾਏ ਸਾਹਿਬ, “ਅਜਿਹੀ ਸਮਝ ਨੂੰ ਦੂਰੋਂ ਸਲਾਮ ਕਰੋ। ਸਾਡੇ ਇੱਥੇ ਕਈ ਪੁਸ਼ਤਾਂ ਤੋਂ ਜਨਮ ਅਸ਼ਟਮੀ ਦਾ ਉਤਸਵ ਮਨਾਇਆ ਜਾਂਦਾ ਸੀ। ਕਈ ਹਜਾਰਾਂ ਰੁਪਈਆਂ ’ਤੇ ਪਾਣੀ ਫਿਰ ਜਾਂਦਾ ਸੀ। ਗਾਉਣ ਵਜਾਉਣ ਹੁੰਦਾ ਸੀ, ਦਾਅਵਤਾਂ ਹੁੰਦੀਆਂ ਸਨ। ਰਿਸ਼ਤੇਦਾਰਾਂ ਨੂੰ ਨਿਉਂਦੇ ਦਿੱਤੇ ਜਾਂਦੇ ਸਨ, ਗਰੀਬਾਂ ਨੂੰ ਕੱਪੜੇ ਵੰਡੇ ਜਾਂਦੇ ਸਨ। ਵਾਲਿਦ ਸਾਹਿਬ ਦੇ ਪਿਛੋਂ ਪਹਿਲੇ ਹੀ ਸਾਲ ਮੈਂ ਉਤਸਵ ਬੰਦ ਕਰ ਦਿੱਤਾ। ਕੀ ਫਾਇਦਾ? ਮੁਫਤ ’ਚ ਚਾਰ ਪੰਜ ਹਜਾਰ ਦਾ ਫਟਕਾ ਲੱਗਦਾ ਸੀ। ਸਾਰੇ ਕਸਬੇ ’ਚ ਹੱਲਾ ਮਚਿਆ, ਕਈ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਈਆਂ, ਕਿਸੇ ਨੇ ਨਾਸਤਿਕ ਕਿਹਾ, ਕਿਸੇ ਨੇ ਈਸਾਈ ਬਣਾ ਦਿੱਤਾ, ਪਰ ਇੱਥੇ ਇਨ੍ਹਾਂ ਗੱਲਾਂ ਦੀ ਕੀ ਪਰਵਾਹ! ਆਖਰ ਥੋੜ੍ਹੇ ਦਿਨਾਂ ’ਚ ਸਾਰਾ ਰੌਲ਼ਾ ਸ਼ਾਂਤ ਹੋ ਗਿਆ। ਬੜਾ ਕੁੱਝ ਕੀਤਾ ਜਾਂਦਾ ਸੀ। ਕਸਬੇ ’ਚ ਕਿਸੇ ਦੇ ਘਰ ਵਿਆਹ ਹੋਵੇ, ਲਕੜੀ ਮੇਰੇ ਤੋਂ ਲਏ। ਪੁਸ਼ਤਾਂ ਤੋਂ ਰਸਮ ਤੁਰੀ ਆਉਂਦੀ ਸੀ। ਵਾਲਿਦ ਤਾਂ ਦੂਜਿਆਂ ਤੋਂ ਦਰੱਖਤ ਮੁੱਲ ਲੈ ਕੇ ਇਸ ਰਸਮ ਨੂੰ ਨਿਭਾਉਂਦੇ ਸਨ। ਸੀ ਨਾ ਬੇਵਕੂਫੀ ਜਾਂ ਨਹੀਂ? ਮੈਂ ਫੌਰਨ ਲੱਕੜੀ ਦੇਣੀ ਬੰਦ ਕਰ ਦਿੱਤੀ। ਇਸ ਗੱਲ ’ਤੇ ਵੀ ਲੋਕ ਕਾਫੀ ਰੋਏ ਪਿੱਟੇ, ਪਰ ਦੂਜਿਆਂ ਦਾ ਰੋਣ ਵੇਖਾਂ ਜਾਂ ਆਪਣਾ ਫਾਇਦਾ ਦੇਖਾਂ। ਲੱਕੜ ਕਰਕੇ ਹੀ ਘੱਟੋ-ਘੱਟ ਪੰਜ ਸੌ ਰੁਪਏ ਦੀ ਸਾਲ ਦੀ ਬਚਤ ਹੋ ਗਈ। ਹੁਣ ਕੋਈ ਭੁੱਲ ਕੇ ਵੀ ਇਨ੍ਹਾਂ ਚੀਜਾਂ ਲਈ ਫਰਿਆਦ ਨਹੀਂ ਕਰਦਾ।”

ਮੇਰੇ ਦਿਲ ਅੰਦਰ ਫਿਰ ਸੁਆਲ ਪੈਦਾ ਹੋਇਆ, ਦੋਵਾਂ ’ਚੋਂ ਕੌਣ ਸਭਿਅਕ ਹੈ, ਕੁੱਲ ਮਾਣ-ਮਰਿਆਦਾ ਲਈ ਪ੍ਰਾਣ ਦੇਣ ਵਾਲ਼ਾ ਮੂਰਖ ਦਮੜੀ; ਜਾਂ ਧਨ ’ਤੇ ਕੁਲ-ਮਰਿਆਦਾ ਦੀ ਬਲੀ ਦੇਣ ਵਾਲ਼ਾ ਰਤਨ ਕਿਸ਼ੋਰ।

ਰਾਏ ਸਾਹਿਬ ਦੇ ਇਜਲਾਸ ਵਿੱਚ ਇੱਕ ਵੱਡੇ ਮਾਅਰਕੇ ਦਾ ਮੁਕੱਦਮਾ ਪੇਸ਼ ਸੀ। ਸ਼ਹਿਰ ਦਾ ਇੱਕ ਅਮੀਰ ਖੂਨ ਦੇ ਮਾਮਲੇ ’ਚ ਫਸ ਗਿਆ ਸੀ। ਉਸ ਦੀ ਜਮਾਨਤ ਲਈ ਰਾਏ ਸਾਹਿਬ ਦੀਆਂ ਖੁਸ਼ਾਮਦਾਂ ਹੋਣ ਲੱਗੀਆਂ। ਇੱਜਤ ਦੀ ਗੱਲ ਸੀ। ਰਈਸ ਸਾਹਿਬ ਦਾ ਹੁਕਮ ਸੀ ਕਿ ਭਾਵੇਂ ਰਿਆਸਤ ਵਿਕ ਜਾਏ, ਪਰ ਇਸ ਮੁਕੱਦਮੇ ’ਚੋਂ ਬੇਦਾਗ ਨਿਕਲ ਜਾਵਾਂ। ਤੋਹਫੇ ਭਿਜਵਾਏ ਗਏ, ਸਿਫਾਰਿਸ਼ਾਂ ਪੁਆਈਆਂ ਗਈਆਂ, ਪਰ ਰਾਏ ਸਾਹਿਬ ’ਤੇ ਕੋਈ ਅਸਰ ਨਾ ਹੋਇਆ। ਅਮੀਰ ਬੰਦੇ ਦੇ ਆਦਮੀਆਂ ਨੂੰ ਸਿੱਧੀ ਰਿਸ਼ਵਤ ਦੀ ਗੱਲ ਕਰਨ ਦੀ ਹਿੰਮਤ ਨਹੀਂ ਪੈਂਦੀ ਸੀ। ਆਖਰ ਜਦੋਂ ਕੋਈ ਵੱਸ ਨਾ ਚੱਲਿਆ ਤਾਂ ਅਮੀਰ ਪਤਨੀ ਨੇ ਰਾਏ ਸਾਹਿਬ ਦੀ ਪਤਨੀ ਨਾਲ਼ ਮਿਲ਼ ਕੇ ਸੌਦਾ ਕਰਨ ਦਾ ਇਰਾਦਾ ਕੀਤਾ।

ਰਾਤ ਦੇ ਦਸ ਵੱਜੇ ਸਨ। ਦੋਵਾਂ ਔਰਤਾਂ ’ਚ ਗੱਲਾਂ ਹੋਣ ਲੱਗੀਆਂ। ਵੀਹ ਹਜਾਰ ਦੀ ਗੱਲਬਾਤ ਸੀ। ਰਾਏ ਸਾਹਿਬ ਦੀ ਪਤਨੀ ਤਾਂ ਇੰਨੀ ਖੁਸ਼ ਹੋਈ ਕਿ ਓਸੇ ਵੇਲੇ ਰਾਏ ਸਾਹਿਬ ਦੇ ਕੋਲ਼ ਦੌੜੀ ਆਈ ਅਤੇ ਕਹਿਣ ਲੱਗੀ “ਲੈ ਲਓ, ਲੈ ਲਓ। ਤੁਸੀਂ ਨਾ ਲਓਗੇ ਤਾਂ ਮੈਂ ਲੈ ਲਵਾਂਗੀ।”

ਰਾਏ ਸਾਹਿਬ ਨੇ ਕਿਹਾ, “ਇੰਨੀ ਬੇਸਬਰ ਨਾ ਹੋ। ਉਹ ਤੈਨੂੰ ਆਪਣੇ ਦਿਲ ’ਚ ਕੀ ਸਮਝੇਗੀ? ਕੁੱਝ ਆਪਣੀ ਇੱਜਤ ਦਾ ਵੀ ਧਿਆਨ ਹੈ ਕਿ ਨਹੀਂ? ਮੰਨਿਆ ਕਿ ਰਕਮ ਮੋਟੀ ਹੈ ਅਤੇ ਇਸ ਨਾਲ਼ ਤੇਰੀਆਂ ਬਹੁਤ ਸਾਰੀਆਂ ਨਿੱਤ ਦੀਆਂ ਫਰਮਾਇਸ਼ਾਂ ਤੋਂ ਮੁਕਤ ਹੋ ਜਾਵਾਂਗਾ, ਪਰ ਇੱਕ ਸਿਵਲੀਅਨ ਦੀ ਇੱਜਤ ਵੀ ਤਾਂ ਕੋਈ ਮਾਮੂਲੀ ਚੀਜ ਨਹੀਂ। ਤੈਨੂੰ ਪਹਿਲਾਂ ਹੀ ਵਿਗੜ ਕੇ ਕਹਿਣਾ ਚਾਹੀਦਾ ਸੀ ਕਿ ਮੇਰੇ ਨਾਲ਼ ਐਨੀ ਬੇਹੂਦਾ ਗੱਲ ਕਰਨੀ ਹੈ ਤਾਂ ਇੱਥੋਂ ਚਲੀ ਜਾ। ਮੈਂ ਆਪਣੇ ਕੰਨੀਂ ਕੁੱਝ ਨਹੀਂ ਸੁਣਨਾ ਚਾਹੁੰਦੀ।”

ਪਤਨੀ, “ਮੈਂ ਪਹਿਲਾਂ ਹੀ ਕੀਤਾ ਹੈ, ਵਿਗੜ ਗਈ ਸਾਂ ਅਤੇ ਖੂਬ ਸੁਣਾਈਆਂ ਵੀ। ਕੀ ਮੈਨੂੰ ਇੰਨਾ ਵੀ ਪਤਾ ਨਹੀਂ? ਵਿਚਾਰੀ ਮੇਰੇ ਪੈਰਾਂ ’ਤੇ ਸਿਰ ਰੱਖ ਕੇ ਰੋਣ ਲੱਗੀ।”

ਰਾਏ ਸਾਹਿਬ, “ਇਹ ਕਿਹਾ ਸੀ ਕਿ ਰਾਏ ਸਾਹਿਬ ਨੂੰ ਆਖਾਂਗੀ, ਤਾਂ ਉਹ ਮੈਨੂੰ ਕੱਚਾ ਚਬਾ ਜਾਣਗੇ?”

ਇਹ ਕਹਿੰਦਿਆਂ ਰਾਏ ਸਾਹਿਬ ਨੇ ਖੁਸ਼ ਹੋ ਕੇ ਪਤਨੀ ਨੂੰ ਆਪਣੇ ਨਾਲ਼ ਘੁੱਟ ਲਿਆ।

ਪਤਨੀ, “ਜੀ, ਮੈਂ ਪਤਾ ਨਹੀਂ ਅਜਿਹੀਆਂ ਕਿੰਨੀਆਂ ਗੱਲਾਂ ਉਸਨੂੰ ਆਖੀਆਂ, ਪਰ ਉਹ ਕਿਸੇ ਤਰ੍ਹਾਂ ਵੀ ਨਾ ਟਲੀ। ਰੋ-ਰੋ ਫਾਵੀ ਹੁੰਦੀ ਜਾਂਦੀ ਸੀ।”

ਰਾਏ ਸਾਹਿਬ, “ਉਸ ਨਾਲ ਵਾਅਦਾ ਤਾਂ ਨਹੀਂ ਕਰ ਲਿਆ?”

ਪਤਨੀ, “ਵਾਅਦਾ? ਮੈਂ ਤਾਂ ਰੁਪਏ ਲੈ ਕੇ ਸੰਦੂਕ ’ਚ ਰੱਖ ਆਈਂ। ਨੋਟ ਸਨ।”

ਰਾਏ ਸਾਹਿਬ, “ਕਿੰਨੀ ਵੱਡੀ ਮੂਰਖ ਏਂ, ਪਤਾ ਨਹੀਂ ਰੱਬ ਤੈਨੂੰ ਕਦੇ ਸਮਝ ਦੇਵੇਗਾ ਵੀ ਜਾਂ ਨਹੀਂ।”

ਪਤਨੀ, “ਹੁਣ ਕੀ ਦੇਵੇਗਾ? ਦੇਣਾ ਹੁੰਦਾ, ਤਾਂ ਦੇ ਨਾ ਦਿੱਤੀ ਹੁੰਦਾ।”

ਰਾਏ ਸਾਹਿਬ, “ਹਾਂ, ਜਾਪਦਾ ਤਾਂ ਇੰਝ ਹੀ ਹੁੰਦਾ ਹੈ। ਮੈਨੂੰ ਪੁੱਛਿਆ ਤੱਕ ਨਹੀਂ ਅਤੇ ਰੁਪਏ ਲੈ ਕੇ ਸੰਦੂਕ ’ਚ ਰੱਖ ਦਿੱਤੇ। ਜੇ ਕਿਤੇ ਭੇਤ ਖੁੱਲ੍ਹ ਗਿਆ ਤਾਂ ਕਿਤੇ ਜੋਗਾ ਨਹੀਂ ਰਹਿਣਾ।”

ਪਤਨੀ, “ਤਾਂ ਫਿਰ ਸੋਚ ਲਓ ਬਈ ਜੇ ਕੋਈ ਗੜਬੜ ਦਾ ਡਰ ਹੈ ਤਾਂ ਮੈਂ ਜਾ ਕੇ ਰੁਪਏ ਮੋੜ ਆਉਂਦੀ ਹਾਂ।”

ਰਾਏ ਸਾਹਿਬ, “ਫਿਰ ਉਹੀ ਬੇਵਕੂਫੀ। ਬਈ ਹੁਣ ਤਾਂ ਜੋ ਕੁੱਝ ਹੋਣਾ ਸੀ, ਹੋ ਚੁੱਕਿਆ। ਰੱਬ ’ਤੇ ਭਰੋਸਾ ਕਰਕੇ ਜਮਾਨਤ ਲੈਣੀ ਪਏਗੀ। ਪਰ ਤੇਰੀ ਮੂਰਖਤਾ ’ਤੇ ਕੋਈ ਸ਼ੱਕ ਨਹੀਂ। ਪਤਾ ਏ, ਇਹ ਸੱਪ ਦੇ ਮੂੰਹ ’ਚ ਉਂਗਲ ਪਾਉਣ ਵਾਂਗ ਹੈ। ਇਹ ਵੀ ਪਤਾ ਹੈ ਕਿ ਮੈਨੂੰ ਅਜਿਹੀਆਂ ਗੱਲਾਂ ਨਾਲ਼ ਕਿੰਨੀ ਨਫਰਤ ਹੈ, ਫਿਰ ਵੀ ਬੇਸਬਰ ਹੋ ਜਾਂਦੀ ਏਂ। ਇਸ ਵਾਰ ਤੇਰੀ ਬੇਵਕੂਫੀ ਨਾਲ਼ ਮੇਰਾ ਵਰਤ ਟੁੱਟ ਜਾਣਾ ਹੈ। ਮੈਂ ਦਿਲ ’ਚ ਧਾਰਿਆ ਸੀ ਕਿ ਹੁਣ ਇਸ ਮਾਮਲੇ ’ਚ ਹੱਥ ਨਹੀਂ ਪਾਵਾਂਗਾ, ਪਰ ਤੇਰੀ ਮੂਰਖਤਾ ਕਰਕੇ ਮੇਰੀ ਕੋਈ ਚਲਦੀ ਹੈ?”

ਪਤਨੀ, “ਮੈਂ ਜਾ ਕੇ ਮੋੜ ਦਿੰਦੀ ਹਾਂ।”

ਰਾਏ ਸਾਹਿਬ, “ਅਤੇ ਮੈਂ ਜਾ ਕੇ ਜਹਿਰ ਖਾ ਲੈਂਦਾ ਹਾਂ।”

ਏਧਰ ਤਾਂ ਔਰਤ ਮਰਦ ’ਚ ਇਹ ਡਰਾਮਾ ਹੋ ਰਿਹਾ ਸੀ, ਓਧਰ ਦਮੜੀ ਓਸੇ ਵੇਲੇ ਆਪਣੇ ਪਿੰਡ ਦੇ ਸਰਪੰਚ ਦੇ ਖੇਤ ’ਚ ਜਵਾਰ ਵੱਢ ਰਿਹਾ ਸੀ। ਅੱਜ ਉਹ ਸਾਰੀ ਰਾਤ ਦੀ ਛੁੱਟੀ ਲੈ ਕੇ ਘਰ ਗਿਆ ਸੀ। ਬੌਲਦਾਂ ਲਈ ਚਾਰੇ ਦਾ ਇੱਕ ਤੀਲਾ ਵੀ ਨਹੀਂ ਹੈ। ਅਜੇ ਤਨਖਾਹ ਮਿਲ਼ਣ ’ਚ ਕਈ ਦਿਨ ਰਹਿੰਦੇ ਸਨ, ਮੁੱਲ ਤਾਂ ਲੈ ਨਹੀਂ ਸੀ ਸਕਦਾ। ਘਰ ਵਾਲ਼ਿਆਂ ਨੇ ਦਿਨੇ ਕੁੱਝ ਘਾਹ ਖੋਤ ਕੇ ਪਾਇਆ ਸੀ, ਪਰ ਊਂਠ ਦੇ ਮੂੰਹ ’ਚ ਜੀਰੇ ਵਾਲ਼ੀ ਗੱਲ ਸੀ। ਓਨੇ ਘਾਹ ਨਾਲ਼ ਕੀ ਬਣਨਾ ਸੀ। ਦੋਵੇਂ ਬੌਲਦ ਭੁੱਖੇ ਸਨ। ਦਮੜੀ ਨੂੰ ਦੇਖਦਿਆਂ ਦੋਵੇਂ ਪੂਛਾਂ ਚੁੱਕ ਕੇ ਅੜਿੰਗਣ ਲੱਗੇ। ਜਦੋਂ ਉਹ ਨੇੜੇ ਗਿਆ ਤਾਂ ਦੋਵੇਂ ਉਸ ਦੀਆਂ ਹਥੇਲੀਆਂ ਚੱਟਣ ਲੱਗੇ। ਵਿਚਾਰਾ ਦਮੜੀ ਮਨ ਮਾਰ ਕੇ ਇੱਕ ਪਾਸੇ ਤੁਰ ਪਿਆ। ਸੋਚਿਆ, ਇਸ ਵੇਲੇ ਤਾਂ ਕੁੱਝ ਹੋ ਨਹੀਂ ਸਕਦਾ, ਸਵੇਰੇ ਕਿਸੇ ਤੋਂ ਕੁੱਝ ਉਧਾਰ ਫੜ ਕੇ ਚਾਰਾ ਲਿਆਵਾਂਗਾ।

ਪਰ ਜਦੋਂ ਰਾਤ ਨੂੰ ਗਿਆਰਾਂ ਵਜੇ ਉਸ ਦੀ ਅੱਖ ਖੁੱਲ੍ਹੀ ਤਾਂ ਦੇਖਿਆ ਦੋਵੇਂ ਬੌਲਦ ਅਜੇ ਤੱਕ ਖੁਰਲੀ ’ਤੇ ਖੜ੍ਹੇ ਹਨ। ਚਾਨਣੀ ਰਾਤ ਸੀ, ਦਮੜੀ ਨੂੰ ਜਾਪਿਆ ਕਿ ਦੋਵੇਂ ਉਸ ਵੱਲ ਆਸ ਭਰੀਆਂ ਬੇਬਸ ਨਜਰਾਂ ਨਾਲ਼ ਦੇਖ ਰਹੇ ਹਨ। ਉਨ੍ਹਾਂ ਦੀ ਭੁੱਖ ਨੂੰ ਮਹਿਸੂਸ ਕਰਕੇ ਉਸ ਦੀਆਂ ਅੱਖਾਂ ਗਿੱਲੀਆਂ ਹੋ ਗਈਆਂ। ਕਿਸਾਨ ਨੂੰ ਆਪਣੇ ਬੌਲਦ ਬੱਚਿਆਂ ਵਾਂਗ ਪਿਆਰੇ ਹੁੰਦੇ ਹਨ। ਉਹ ਉਨ੍ਹਾਂ ਨੂੰ ਪਸ਼ੂ ਨਹੀਂ, ਆਪਣਾ ਮਿੱਤਰ ਅਤੇ ਸਹਾਇਕ ਸਮਝਦਾ। ਬੌਲਦਾਂ ਨੂੰ ਭੁੱਖੇ ਖੜੋਤੇ ਦੇਖ ਕੇ ਨੀਂਦ ਅੱਖਾਂ ’ਚੋਂ ਦੌੜ ਗਈ। ਕੁੱਝ ਸੋਚਦਾ ਹੋਇਆ ਉੱਠਿਆ। ਦਾਤਰੀ ਲਈ ਅਤੇ ਚਾਰੇ ਦੀ ਭਾਲ ’ਚ ਤੁਰ ਪਿਆ। ਪਿੰਡ ਦੇ ਬਾਹਰ ਬਾਜਰੇ ਤੇ ਜਵਾਰ ਦੇ ਖੇਤ ਖੜ੍ਹੇ ਸਨ। ਦਮੜੀ ਦੇ ਹੱਥ ਕੰਬਣ ਲੱਗੇ, ਪਰ ਬੌਲਦਾਂ ਦੀ ਭੁੱਖ ਨੇ ਉਸਨੂੰ ਉਤੇਜਿਤ ਕਰ ਦਿੱਤਾ। ਚਾਹੁੰਦਾ ਤਾਂ ਆਰਾਮ ਨਾਲ਼ ਖੇਤ ’ਚ ਚਾਰਾ ਵੱਢ ਲੈਂਦਾ, ਉਹ ਚੋਰੀ ਕਰਦਿਆਂ ਵੀ ਚੋਰ ਨਾ ਬਣਦਾ। ਉਸਨੇ ਸਿਰਫ ਓਨਾ ਹੀ ਚਾਰਾ ਕੱਟਿਆ, ਜਿੰਨਾ ਬੌਲਦਾਂ ਨੂੰ ਰਾਤ ਲਈ ਕਾਫੀ ਹੋਵੇ। ਸੋਚਿਆ, ਜੇ ਕਿਸੇ ਨੇ ਦੇਖ ਵੀ ਲਿਆ ਤਾਂ ਉਸਨੂੰ ਕਹਿ ਦਿਆਂਗਾ, ਬੌਲਦ ਭੁੱਖੇ ਸਨ, ਇਸ ਲਈ ਵੱਢ ਲਿਆ। ਉਸਨੂੰ ਯਕੀਨ ਸੀ ਕਿ ਥੋੜ੍ਹੇ ਜਿਹੇ ਚਾਰੇ ਲਈ ਮੈਨੂੰ ਕੋਈ ਨਹੀਂ ਫੜ ਸਕਦਾ। ਮੈਂ ਕਿਹੜਾ ਇਸਨੂੰ ਵੱਢ ਕੇ ਵੇਚਣਾ ਹੈ, ਫਿਰ ਅਜਿਹਾ ਕਿਹੜਾ ਨਿਰਦਈ ਹੋਵੇਗਾ ਜੋ ਮੈਨੂੰ ਫੜੇਗਾ। ਬਹੁਤਾ ਕਹੇਗਾ ਤਾਂ ਇਸ ਦੇ ਪੈਸੇ ਲੈ ਲਏਗਾ। ਉਸਨੇ ਬਹੁਤ ਸੋਚਿਆ। ਚਾਰੇ ਦਾ ਥੋੜ੍ਹਾ ਹੋਣਾ ਹੀ ਉਸਨੂੰ ਚੋਰੀ ਦੇ ਅਪਰਾਧ ਤੋਂ ਬਚਾਉਣ ਲਈ ਕਾਫੀ ਸੀ। ਚੋਰ ਓਨਾ ਵਢਦਾ ਹੈ, ਜਿੰਨਾ ਉਸ ਤੋਂ ਚੁੱਕਿਆ ਜਾਂਦਾ ਹੋਵੇ। ਉਸ ਨੂੰ ਕਿਸੇ ਦੇ ਫਾਇਦੇ ਅਤੇ ਨੁਕਸਾਨ ਨਾਲ਼ ਕੀ ਮਤਲਬ? ਪਿੰਡ ਦੇ ਲੋਕ ਦਮੜੀ ਨੂੰ ਚਾਰਾ ਲਿਜਾਂਦਿਆਂ ਦੇਖ ਕੇ ਵਿਗੜਦੇ ਜਰੂਰ, ਪਰ ਕੋਈ ਚੋਰੀ ਦੇ ਦੋਸ਼ ’ਚ ਨਾ ਫਸਾਉਂਦਾ, ਪਰ ਇਤਫਾਕ ਨਾਲ਼ ਹਲਕੇ ਦੇ ਥਾਣੇ ਦਾ ਸਿਪਾਹੀ ਓਧਰ ਜਾ ਨਿੱਕਲਿਆ। ਉਹ ਗਵਾਂਢ ਦੇ ਇੱਕ ਬਾਣੀਏ ਘਰ ਜੂਆ ਖੇਡਣ ਦੀ ਖ਼ਬਰ ਮਿਲ਼ਣ ਪਿੱਛੋਂ ਕੁੱਝ ਝਾੜਨ ਦੀ ਝਾਕ ’ਚ ਏਧਰ ਆਇਆ ਸੀ। ਦਮੜੀ ਨੂੰ ਪੱਠਿਆਂ ਦੀ ਪੰਡ ਸਿਰ ’ਤੇ ਰੱਖਦਿਆਂ ਦੇਖਿਆ ਤਾਂ ਸ਼ੱਕ ਹੋਇਆ। ਇੰਨੀ ਰਾਤ ਗਏ ਪੱਠੇ ਕੌਣ ਵੱਢਦਾ ਹੈ? ਹੋਵੇ ਨਾ, ਕੋਈ-ਚੋਰ ਹੀ ਹੋਵੇ, ਝਿੜਕ ਕੇ ਪੁੱਛਣ ਲੱਗਾ, “ਕੌਣ ਲਈ ਜਾਂਦਾ ਹੈ ਪੱਠੇ? ਖੜ੍ਹਾ ਰਹਿ…”

ਦਮੜੀ ਨੇ ਠਠੰਬਰ ਕੇ ਪਿੱਛੇ ਦੇਖਿਆ ਤਾਂ ਪੁਲਿਸ ਦਾ ਸਿਪਾਹੀ। ਹੱਥ-ਪੈਰ ਫੁੱਲ ਗਏ, ਕੰਬਦਿਆਂ ਕਹਿਣ ਲੱਗਾ, “ਹਜੂਰ ਥੋੜ੍ਹੇ ਜਿਹੇ ਹੀ ਵੱਢੇ ਹਨ, ਦੇਖ ਲਓ।”

ਸਿਪਾਹੀ, “ਥੋੜ੍ਹੇ ਹਨ ਜਾਂ ਬਹੁਤੇ, ਹੈ ਤਾਂ ਚੋਰੀ। ਖੇਤ ਕਿਸ ਦਾ ਹੈ?” ਦਮੜੀ, “ਬਲਦੇਵ ਮਹਤੋ ਦਾ।”

ਸਿਪਾਹੀ ਨੇ ਸਮਝਿਆ ਸੀ, ਸ਼ਿਕਾਰ ਫਸਿਆ, ਇਸ ਤੋਂ ਕੁੱਝ ਝਾੜਾਂਗਾ, ਪਰ ਓਥੇ ਕੀ ਪਿਆ ਸੀ। ਫੜ ਕੇ ਪਿੰਡ ’ਚ ਲਿਆਂਦਾ ਗਿਆ ਜਦੋਂ ਓਥੇ ਵੀ ਕੁੱਝ ਹੱਥ ਨਾ ਲਗਦਾ ਨਜਰ ਆਇਆ ਤਾਂ ਥਾਣੇ ਲੈ ਗਿਆ। ਥਾਣੇਦਾਰ ਨੇ ਚਲਾਨ ਕਰ ਦਿੱਤਾ। ਮੁਕੱਦਮਾ ਰਾਏ ਸਾਹਿਬ ਦੀ ਹੀ ਕਚਹਿਰੀ ’ਚ ਪੇਸ਼ ਕੀਤਾ ਗਿਆ।

ਰਾਏ ਸਾਹਿਬ ਨੇ ਦਮੜੀ ਨੂੰ ਫਸੇ ਹੋਏ ਦੇਖਿਆ ਤਾਂ ਹਮਦਰਦੀ ਦੇ ਬਦਲੇ ਸਖਤਾਈ ਤੋਂ ਕੰਮ ਲਿਆ। ਕਹਿਣ ਲੱਗੇ, “ਇਹ ਮੇਰੀ ਬਦਨਾਮੀ ਦੀ ਗੱਲ ਹੈ। ਤੇਰਾ ਕੀ ਵਿਗੜਿਆ, ਸਾਲ ਛੇ ਮਹੀਨੇ ਦੀ ਸਜਾ ਹੋ ਜਾਏਗੀ, ਸ਼ਰਮਿੰਦਾ ਤਾਂ ਮੈਨੂੰ ਹੋਣਾ ਪੈ ਰਿਹਾ ਹੈ। ਲੋਕ ਤਾਂ ਇਹੀ ਕਹਿੰਦੇ ਹੋਣਗੇ ਕਿ ਰਾਏ ਸਾਹਿਬ ਦੇ ਆਦਮੀ ਅਜਿਹੇ ਬਦਮਾਸ਼ ਅਤੇ ਚੋਰ ਹਨ। ਤੂੰ ਮੇਰਾ ਨੌਕਰ ਨਾ ਹੁੰਦਾ ਤਾਂ ਮੈਂ ਹਲਕੀ ਸਜਾ ਦਿੰਦਾ, ਪਰ ਤੂੰ ਮੇਰਾ ਨੌਕਰ ਹੈਂ, ਇਸ ਲਈ ਸਖਤ ਸਜਾ ਦੇਵਾਂਗਾ। ਮੈਂ ਇਹ ਨਹੀਂ ਸੁਣ ਸਕਦਾ ਕਿ ਰਾਏ ਸਾਹਿਬ ਨੇ ਆਪਣੇ ਨੌਕਰ ਨਾਲ਼ ਰਿਆਇਤ ਕੀਤੀ।”

ਇਹ ਕਹਿ ਕੇ ਰਾਏ ਸਾਹਿਬ ਨੇ ਦਮੜੀ ਨੂੰ ਛੇ ਮਹੀਨੇ ਦੀ ਸਖਤ ਸਜਾ ਦਾ ਹੁਕਮ ਸੁਣਾ ਦਿੱਤਾ।

ਓਸੇ ਦਿਨ ਉਨ੍ਹਾਂ ਨੇ ਖੂਨ ਦੇ ਮੁਕੱਦਮੇ ’ਚ ਜਮਾਨਤ ਦੇ ਦਿੱਤੀ। ਮੈਂ ਦੋਵੇਂ ਬਿਰਤਾਂਤ ਸੁਣੇ ਅਤੇ ਦਿਲ ’ਚ ਇਹ ਖਿਅਲ ਹੋਰ ਵੀ ਪੱਕਾ ਹੋ ਗਿਆ ਕਿ ਸੱਭਿਅਤਾ ਸਿਰਫ ਹੁਨਰ ਦੇ ਨਾਲ਼ ਐਬ ਕਰਨ ਦਾ ਨਾਂ ਹੈ। ਤੁਸੀਂ ਬੁਰੇ ਤੋਂ ਬੁਰੇ ਕੰਮ ਕਰੋ, ਪਰ ਜੇ ਤੁਸੀਂ ਉਸ ਉੱਤੇ ਪਰਦਾ ਪਾ ਸਕਦੇ ਹੋ ਤਾਂ ਤੁਸੀਂ ਸੱਭਿਅਕ ਹੋ, ਸੱਜਣ ਹੋ, ਜੈਂਟਲਮੈਨ ਹੋ। ਜੇ ਤੁਹਾਡੇ ਵਿੱਚ ਇਹ ਸਿਫਤ ਨਹੀਂ ਤਾਂ ਤੁਸੀਂ ਅਸੱਭਿਅਕ ਹੋ, ਗਵਾਰ ਹੋ, ਬਦਮਾਸ਼ ਹੋ। ਇਹੀ ਸੱਭਿਅਤਾ ਦਾ ਭੇਤ ਹੈ।

– 1925

  • ਮੁੱਖ ਪੰਨਾ : ਮੁਨਸ਼ੀ ਪ੍ਰੇਮਚੰਦ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •