Sandookh (Punjabi Story) : Simran Dhaliwal

ਸੰਦੂਖ (ਕਹਾਣੀ) : ਸਿਮਰਨ ਧਾਲੀਵਾਲ

“ਬਾਪੂ ਨੇ ਤੀਹ ਕੁ ਸਾਲ ਤਾਂ ਕੱਟ ਤੇ ਹੋਣੇ ਉਰੇ ਕਿ ਨਹੀਂ?” ਮੈਂ ਪੈਮ ਨੂੰ ਪੁੱਛਦਾ।ਉਹ ਕੰਪਿਊਟਰ ਉੱਪਰ ਬਿਜ਼ੀ ਹੈ।ਮੇਰੇ ਵੱਲ ਬਿਨ ਦੇਖੇ ਹੀ ‘ਯਾਅ’ ਆਖ ਕੇ ਸਾਰ ਦਿੰਦੀ ਹੈ।ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ, ਪਰ ਉਸਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ।ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ।ਕਿਚਨ ਵੱਲ ਜਾਂਦਾ-ਜਾਂਦਾ
ਪੁੱਛ ਲੈਂਦਾ ਹਾਂ, “ ਕੌਫੀ ਲੈਣੀ ਤੂੰ?”

“ਅੱਧਾ ਕੱਪ।” ਉਹ ਆਖ ਦਿੰਦੀ ਹੈ ਤੇ ਮੈਂ ਰਸੋਈ ਵਿੱਚ ਜਾ ਕੇ ਕੌਫੀ ਬਣਾਉਣ ਲੱਗਦਾ।ਰਸੋਈ ਵਿੱਚ ਖੜਾ ਮੈਂ ਮੁੜ ਪੁਰਾਣੀ ਗੱਲਾਂ ਵਿੱਚ ਗੁਆਚ ਜਾਂਦਾ।ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆਂ।ਮੈਂ ਮਨ ਹੀ ਮਨ ਮੁੜ ਸਾਲਾਂ ਦਾ ਹਿਸਾਬ ਲਗਾਉਣ ਲੱਗ ਜਾਂਦਾ ਹਾਂ।ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ ਪੰਦਰਾਂ ਕੁ ਦਿਨਾਂ ਬਾਅਦ ਹੀ ਅਚਾਨਕ ਸਾਹ ਦੀ ਬਿਮਾਰੀ ਨਾਲ ਬੇਬੇ ਚੱਲ ਵੱਸੀ ਸੀ।ਮੈਂ ਬਾਰਡਰ ਵੱਲ ਨੂੰ ਜਾ ਰਿਹਾ ਸਾਂ ਟਰਾਲਾ ਲੋਡ ਕਰੀ।ਬਾਪੂ ਦਾ ਫੋਨ ਆਇਆ।ਮੇਰੀਆਂ ਅੱਖਾਂ ਵਿੱਚ ਚਮਕ ਆ ਗਈ।ਸੋਚਿਆ ਬਾਪੂ ਨੇ ਦੱਸਦਾ ਹੋਣੈ ਕਿ ਬੀਰਿਆ ਮੇਰਾ ਤੇ ਮਾਂ ਤੇਰੀ ਦਾ ਵੀਜ਼ਾ ਆ ਗਿਆ।ਪਰ ਕਾੱਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਅਵਾਜ਼ ਵਿੱਚ ਬੋਲਿਆ ਸੀ, “ਬੱਲਿਆ ਤੂੰ ਤਾਂ ਕਨੈਡਾ ਦੀਆਂ ਟਿਕਟਾਂ ਕਟਾਉਦਾ ਫਿਰਦਾ ਮਾਂ ਤੇਰੀ…।” ਬਾਪੂ ਫਿਸ ਪਿਆ ਸੀ।ਫੇਰ ਪਲ ਕੁ ਮਗਰੋਂ ਉਹਨੇ ਖ਼ੁਦ ਨੂੰ ਸੰਭਾਲਦਿਆਂ ਆਖਿਆ ਸੀ , “ਆਜੋ ਮੇਰੇ ਪੁੱਤ ਤੁਸੀਂ ।” ਇਸ ‘ਤੁਸੀਂ’ ਵਿੱਚ ਮੈਂ ਤੇ ਪੈਮ ਸ਼ਾਮਿਲ ਸਾਂ।ਮੈਂ ਭਵੱਤਰ ਗਿਆ।ਪੈਮ ਦਾ ਨੰਬਰ ਲਗਾਇਆ।ਅੱਗਿਓ ਕੰਪਿਊਟਰ ਬੋਲਿਆ।ਟੀਂ ਦੀ ਅਵਾਜ਼ ਹੋਈ ਤੇ ਮੈਂ ਮੈਸੇਜ਼ ਛੱਡ ਦਿੱਤਾ।ਟਰਾਲਾ ਵਾਪਸ ਮੋੜ ਲਿਆ।।ਸੋਚਿਆ ਟਰਾਂਸਪੋਟਰ ’ਤੇ ਜਾ ਕੇ ਗੱਲ ਕਰਦਾ ਆਪੇ ਕਿਸੇ ਹੋਰ ਨੂੰ ਭੇਜ ਦੇਣਗੇ।…ਤੇ ਉਦੋਂ ਮੈਂ ਇੱਕਲਾ ਗਿਆ ਸੀ ਇੰਡੀਆਂ।ਜੋ ਵੀ ਮਿਲਦਾ ਪਹਿਲਾ ਸਵਾਲ ਇਹੀ ਕਰਦਾ, “ ਬੀਰਿਆ ਪੰਮੀ ਨਹੀਂ ਆਈ?” ਮੈਂ ਭਰੀ-ਭਰਾਈ ਰੀਲ ਵਾਂਗ ਕੰਮ ਦੀ ਮਜ਼ਬੂਰੀ, ਬੱਚੇ ਦੀ ਜ਼ਿੰਮੇਵਾਰੀ ਤੇ ਪਤਾ ਨਹੀਂ ਕੀ-ਕੀ ਆਖ ਕੇ ਸਵਾਲਾਂ ਦੇ ਜਵਾਬ ਦਿੰਦਾ।ਭੋਗ ਪੈਣ ਤੱਕ ਬੇਬੇ ਤੇ ਬਾਪੂ ਦੋਨਾਂ ਦਾ ਵੀਜ਼ਾ ਆ ਗਿਆ ਸੀ।ਪਰ ਬੇਬੇ ਦੇ ਕਰਮਾਂ ’ਚ ਜਿੱਦਾਂ ਕੇਨੈਡਾ ਦਾ ਪਾਣੀ ਲਿਖਿਆ ਹੀ ਨਹੀਂ ਸੀ।

“ਬੌਬ! ਪਾਣੀ ਪਿਆ ਦੇ ਨਹੀਂ ਤਾਂ ।ਕੌਫ਼ੀ ਤਾਂ ਤੂੰ ਧੁੱਪੇ ਧਰ ਹੋਈ ਆ।” ਪੈਮ ਨੇ ਹਾਕ ਮਾਰੀ।ਮੇਰੀ ਸੁਰਤੀ ਟੁੱਟਦੀ ਹੈ।ਕੌਫ਼ੀ ਰਿੱਝ-ਰਿੱਝ ਕਮਲੀ ਹੋਈ ਪਈ ਸੀ।ਦੋ ਕੱਪਾਂ ਵਿੱਚ ਕੌਫ਼ੀ ਪਾ ਕੇ ਲੀਵਿੰਗ ਰੂਮ ਵਿੱਚ ਲੈ ਜਾਂਦਾ।
“ਧੁੱਪੇ ਧਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਣਨੀ।ਮੌਸਮ ਦੇਖਿਆ ਬਾਹਰ?” ਮੈਂ ਵਿੰਡੋ ਵਿੱਚਦੀ ਬਾਹਰ ਦੇਖਦਾ।ਅਜੇ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ।ਆਸਮਾਨ ਬੱਦਲਾਂ ਨਾਲ ਭਰਿਆ ਪਿਆ।ਠੰਡੀ ਹਵਾ ਚੱਲਦੀ ਹੈ ਬਾਹਰ।ਦਸੰਬਰ ਦਾ ਦੂਜਾ ਹਫ਼ਤਾ ਹੈ।

ਮੈਂ ਤੇ ਬਾਪੂ ਜਿਸ ਦਿਨ ਚੱਲੇ ਸਾਂ ਪਿੰਡ ਤੋਂ ਉਸ ਦਿਨ ਵੀ ਨਿੱਕਾ-ਨਿੱਕਾ ਮੀਂਹ ਪੈ ਰਿਹਾ ਸੀ।ਰਾਜਪੁਰਾ ਟੱਪੇ ਹੀ ਸਾਂ।ਬੱਦਲ ਦੇਖ ਕੇ ਬਾਪੂ ਨੂੰ ਫਿਕਰ ਪੈ ਗਿਆ ਸੀ।
“ਬੀਰਿਆ!ਚਾਚੇ ਆਪਣੇ ਨੂੰ ਲਾਈ ਜ਼ਰਾਂ ਫੋਨ।ਪਿਛਲਾ ਕਮਰਾ ਚੋਣ ਲੱਗ ਜਾਂਦਾ ਹੁੰਦਾ।ਸੰਦੂਖ ਪਿਆ ਤੇਰੀ ਬੇਬੇ ਦਾ।ਆਖਾ ਉਹਨੂੰ…।” ਵਿੰਡੋ ਅੱਗੇ ਖੜਾ ਕੌਫ਼ੀ ਦੀਆਂ ਘੁੱਟਾਂ ਭਰਦਾ ਮੈਂ ਮੁੜ ਉਹਨਾਂ ਹੀ ਗੱਲਾਂ ਵਿੱਚ ਗੁਆਚ ਗਿਆ।ਬੇਬੇ ਨੂੰ ਬੜਾ ਪਿਆਰਾ ਸੀ ਆਪਣਾ ਸੰਦੂਖ।ਹਜ਼ਾਰਾਂ ਵਾਰ ਉਹਨੇ ਇਸ ਸੰਦੂਖ ਦੀ ਕਥਾ ਸੁਣਾਈ ਸੀ ਸਾਨੂੰ। “ਸਾਡੇ ਵਾਰੇ-ਪਾਰੇ ਤਾਂ ਸੰਦੂਖ ਈ ਦਿੰਦੇ ਸੀ ਦਾਜ ’ਚ।ਟਾਹਲੀ ਹੁੰਦੀ ਸੀ ਸਾਡੇ ਖੇਤ।ਇਹ ਉਹਦੀ ਲੱਕੜ ਦਾ ਬਣਿਆ।ਬਲਵਿੰਦਰ ਸਿਹੁੰ ਦੇ ਹੱਥਾਂ ਦਾ।ਹੁਣ ਤਾਂ ਉਹ ਵੀ ਵਿਚਾਰਾ ਪਤਾ ਨਹੀਂ ਕਦੋਂ ਦਾ ਮਰ ਖਪ ਗਿਆ ਹੋਣਾ।”..ਤੇ ਜਦੋਂ ਮੇਰਾ ਵਿਆਹ ਹੋਇਆ।ਬੇਬੇ ਦਾ ਸੰਦੂਖ ਪਿਛਲੇ ਕਮਰੇ ਵਿੱਚ ਧਰ ਦਿੱਤਾ ਗਿਆ ਸੀ।ਸ਼ਾਇਦ ਵੇਲਾ ਬਦਲਣ ਨਾਲ ਚੀਜ਼ਾ ਦਾ ਮੁੱਲ ਤੇ ਥਾਂ ਦੋਨੋਂ ਬਦਲ ਜਾਂਦੇ ਨੇ।ਜਦੋਂ ਅਸੀਂ ਏਅਰਪੋਟਰ ਤੋਂ ਬਾਹਰ ਨਿਕਲੇ, ਟੈਕਸੀ ਵਿੱਚ ਬੈਠਾ ਬਾਪੂ ਬਾਹਰ ਦੇ ਰੰਗ ਤਮਾਸ਼ੇ ਦੇਖ ਰਿਹਾ ਸੀ।

“ਬੱਲਿਆ! ਊਂਈ ਨਹੀਂ ਮਰੀ ਜਾਂਦਾ ਸਾਰਾ ਪੰਜਾਬ ਕੇਨੈਡਾ ਆਉਣ ਨੂੰ।ਹੈ ਤਾਂ ਸਵਰਗਾ ਵਰਗਾ।” ਮੈਂ ਬਾਪੂ ਦੀ ਇਸ ਗੱਲ ’ਤੇ ਹੱਸ ਪਿਆ ਸਾਂ।ਉਦੋਂ ਅਜੇ ਕੰਮ ਦਾ ਵੇਲਾ ਸੀ।ਨਾ ਪੈਮ ਘਰ ਸੀ ਨਾ ਰੌਬਿਨ।ਉਹਨੂੰ ਢਾਈ ਵਜੇ ਛੁੱਟੀ ਹੋਣੀ ਸੀ ਸਕੂਲ ਤੋਂ।ਚਾਰ ਸਾਲਾਂ ਬਾਅਦ ਬਾਪੂ ਨੇ ਮਿਲਣਾ ਸੀ ਰੌਬਿਨ ਨੂੰ।ਰੌਬਿਨ ਉਦੋਂ ਅਜੇ ਬਹੁਤ ਛੋਟਾ ਸੀ ਜਦੋਂ ਅਸੀਂ ਕੇਨੈਡਾ ਆ ਗਏ ਸਾਂ।ਚਾਰ ਸਾਲਾਂ ਵਿੱਚ ਮੈਂ ਦੋ ਵਾਰ ਇਕੱਲਾ ਗਿਆ ਸਾਂ ਇੰਡੀਆਂ।ਇੱਕ ਵਾਰ ਕਿਸੇ ਖਾਸ ਕੰਮ ਕਰਕੇ ’ਤੇ ਦੂਜੀ ਵਾਰ ਬੇਬੇ ਦੀ ਮੌਤ ’ਤੇ।ਘਰ ਆ ਕੇ ਮੈਂ ਬਾਪੂ ਨੂੰ ਚਾਹ ਬਣਾ ਕੇ ਪਿਆਈ।ਸਮਾਨ ਕਮਰੇ ਵਿੱਚ ਰੱਖ ਕੇ ਗਰਮ ਪਾਣੀ ਬਾਥ ਟੱਬ ਵਿੱਚ ਛੱਡ ਕੇ ਨਹਾਉਣ ਲਈ ਤੋਲੀਆਂ ਦਿੱਤਾ।ਜਦ ਸ਼ਾਮ ਜਿਹੀ ਨੂੰ ਬਾਪੂ ਸੁੱਤਾ ਉਠਿਆ।ਉਦੋਂ ਤੱਕ ਪੈਮ ਤੇ ਰੌਬਿਨ ਦੋਨੋਂ ਘਰ ਆ ਗਏ ਸੀ।ਮੈਨੂੰ ਉਹ ਸ਼ਾਮ ਬੜੀ ਚੰਗੀ-ਚੰਗੀ ਲੱਗੀ ਸੀ।ਕਾਸ਼ ਬੇਬੇ ਵੀ ਨਾਲ ਹੁੰਦੀ।ਘਰ ਹੋਰ ਭਰਿਆ-ਭਰਿਆ ਲੱਗਣਾ ਸੀ।ਮੈਨੂੰ ਬੇਬੇ ਦੇ ਤੁਰ ਜਾਣ ਦਾ ਯਕੀਨ ਨਹੀਂ ਹੋ ਰਿਹਾ ਜਿੱਦਾਂ।ਅਜੇ ਚਾਰ ਦਿਨ ਪਹਿਲਾਂ ਹੀ ਤਾਂ…।ਹਲਕੀ –ਹਲਕੀ ਸਰਦੀ ਸੀ ਉਦੋਂ ਵੀ।ਬਾਹਰ ਇਸੇ ਤਰ੍ਹਾਂ ਮੀਂਹ ਪੈ ਰਿਹਾ ਸੀ। ਮੈਂ ਵਿਸਕੀ ਦੀ ਬੋਤਲ ਮੇਜ਼ ੳੁੱਪਰ ਧਰ ਦਿੱਤੀ।ਪੈਮ ਨੇ ਆਮਲੇਟ ਬਣਾ ਦਿੱਤਾ।ਦੋ ਕੁ ਪੈੱਗ ਲਗਾ ਕੇ ਬਾਪੂ ਬੇਬੇ ਦੀਆਂ ਗੱਲਾਂ ਕਰਨ ਲੱਗਾ।ਕਦੀ ਉਹ ਪਿੰਡ ਦੀਆਂ ਗੱਲਾਂ ਛੇੜ ਲੈਂਦਾ।ਕਦੀ ਆਪਣੀ ਮਾਸਟਰੀ ਦੀਆਂ।ਵਿੱਚ ਨੂੰ ਰੌਬਿਨ ਨੂੰ ਪਿਆਰ ਕਰਨ ਲੱਗਦਾ।

“ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ’ਤੇ। ਤੈਨੂੰ ਯਾਦ ਕਰਦੀ ਮਰਗੀ ਉਹ।” ਬਾਪੂ ਦੀ ਇਸ ਗੱਲ ’ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ।ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ।ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ ਹੋਈ ਸੀ।ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ।
“ਕਰੀ ਤਾਂ ਜਾਂਦੇ ਪੁੱਤ ਨੌਕਰੀਆਂ।ਇੱਥੇ ਈ ਕੇਨੈਡਾ ਆਪਣਾ।ਇੱਕ ਟਿੰਗ ਏ।ਉਹ ਵੀ ਤੁਰਜੂ ਤਾਂ ਅਸੀਂ ਕਾਹਦੇ ਜੋਗੇ।ਮੰਜੇ ’ਤੇ ਪਿਆਂ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਕੋਈ ਹੋਣਾ।”
“ਆਹ ਖੜਾ ਕੇਨੈਡਾ ਦੁੱਖ-ਸੁੱਖ ਨੂੰ ਤੂੰ ਹਾਕ ਤਾਂ ਮਾਰੀ ਅਸੀਂ ਭੱਜੇ ਆਵਾਂਗੇ।ਨਾਲੇ ਦੋ ਸਾਲਾਂ ਦੀ ਗੱਲਾਂ ਏ ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ।” ਪਰ ਨਾ ਤਾਂ ਦੋ ਸਾਲ ਬਾਅਦ ਬੇਬੇ ਇੰਡੀਆਂ ਤੋਂ ਕੇਨੈਡਾ ਆਈ ਸੀ ਤੇ ਨਾ ਹੀ ਦੁੱਖ-ਸੁੱਖ ਨੂੰ ਮੈਂ ਇੰਡੀਆਂ ਜਾ ਸਕਿਆ ਸੀ।ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ…।
“ਬੌਬ!ਜਦੋਂ ਦਾ…।ਤੂੰ ਕਿਤੇ ਗੁਆਚਿਆ ਹੋਇਆ।ਕੱਲ੍ਹ ਤੋਂ ਕੰਮ ’ਤੇ ਜਾ।” ਕੌਫ਼ੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ।ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਤੇ ਆਖਦਾ, “ ਯਾਅਅ! ਕੰਮ ’ਤੇ ਜਾਣਾ ਈ ਪੈਣਾ।”

ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ।ਆਪਣੇ ਤੇ ਪੈਮ ਦੇ ਕੰਮ ਦਾ ਟਾਈਮ।ਕਿੰਨੇ ਵਜੇ ਪੈਮ ਦੀ ਫਰੈੱਡ ਸੂਫ਼ੀ ਰੌਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ।ਖਾਣਾ ਕਿਵੇਂ ਗਰਮ ਕਰਨਾ।ਗਰਮ ਠੰਡਾ ਪਾਣੀ ਕਿਵੇਂ ਛੱਡਣਾ।…ਤੇ ਹੋਰ ਵੀ ਨਿੱਕੀਆਂ-ਵੱਡੀਆਂ ਗੱਲਾਂ।ਅਗਲੀ ਸਵੇਰ ਬਾਪੂ ਸਾਡੇ ਉਠਣ ਤੋਂ ਪਹਿਲਾਂ ਉਠਿਆ ਬੈਠਾ ਸੀ।

“ਮੈਂ ਤਾਂ ਪਾਠੀ ਬੋਲਣ ਸਾਰ ਉਠ ਖੜ੍ਹਦਾ।ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ।” ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ ਸੀ।ਪਰ ਪੈਮ ਤਾਂ ਉਦੋਂ ਰੌਬਿਨ ਨੂੰ ਸਕੂਲ਼ ਲਈ ਤਿਆਰ ਕਰ ਰਹੀ ਸੀ।ਮੈਂ ਚਾਹ ਬਣਾ ਕੇ ਬਾਪੂ ਮੂਹਰੇ ਜਾ ਧਰੀ।

“ਕੰਮ ਸਿੱਖ ਗਿਆ ਲੱਗਦਾ ਬੱਲਿਆ ਘਰਦਾ ਸਾਰਾ ਇੱਥੇ ਆ ਕੇ।” ਬਾਪੂ ਨੇ ਸੁਭਾਵਿਕ ਕਿਹਾ ਸੀ ਜਾਂ ਤਨਜ਼ ਨਾਲ, ਮੈਨੂੰ ਸਮਝ ਨਹੀਂ ਸੀ ਆਈ।ਮੈਂ ਦੋ ਦਿਨ ਬਾਅਦ ਮੁੜਨਾ ਸੀ ਘਰੇ।ਮੈਂ ਦੋ ਦਿਨ ਦਾ ਖਾਣਾ ਪੈੱਕ ਕਰ ਕੇ ਗੱਡੀ ਵਿੱਚ ਧਰ ਲਿਆ।ਬਾਪੂ ਲਈ ਬ੍ਰੇਕ ਫਾਸਟ ਤੇ ਲੰਚ ਬਣਾ ਕੇ ਪੈਮ ਨੇ ਰੱਖ ਦਿੱਤਾ।ਦੋਂ ਦਿਨ ਬਾਅਦ ਮੈਂ ਜਦ ਘਰ ਮੁੜਿਆ।ਆ ਕੇ ਬਾਪੂ ਦਾ ਹਾਲ-ਚਾਲ ਪੁਛਿਆ।

“ ਹਾਲ ਤਾਂ ਬੱਲਿਆ ਠੀਕ ਆ।ਪਰ ਸਾਲਾ ਊਂਅ ਹਾਲ ਕੋਈ ਨਹੀਂ।ਨਾ ਕੋਈ ਚਾਹ ਰੋਟੀ ਦਾ ਟੈਮ।ਨਾ ਲੈਣਾ ਨਾ ਦੇਣਾ।ਪੰਮੀ ਤੁਰ ਜਾਂਦੀ ਮੰਨੀਆਂ ਪਕਾ ਕੇ ਮੈਥੋਂ ਠੰਡੀਆਂ ਤੱਤੀਆਂ ਖਾ ਨਹੀਂ ਹੁੰਦੀਆਂ।ਮਾਂ ਤੇਰੀ ਤਾਜ਼ਾ ਦਾਲ ਸਬਜ਼ੀ ਧਰਦੀ।ਤਵੇ ਤੋਂ ਲੱਥਦੀ ਰੋਟੀ ਧਰਦੀ ਮੇਰੀ ਪਲੇਟ ’ਚ।ਘਰੇ ਉਂਝ ਡਰ ਜਿਹਾ ਆਉਂਦਾ।ਸਾਰਾ ਦਿਨ ਮੈਂ ਤਾਕੀ ਅੱਗੇ ਬੈਠਾ ਰਹਿੰਦਾ।ਕੋਈ ਬੰਦਾ-ਜਨੌਰ ਨਹੀਂ ਦਿੱਸਦਾ।ਆਹ ਸਾਹਮਣੇ ਰਹਿੰਦਾ ਵੀ ਆ ਕੋਈ?” ਬਾਪੂ ਕੇਨੈਡਾ ਦੀ ਇਸ ਫਿਤਰਤ ਤੋਂ ਅਣਜਾਣ ਸੀ।ਮੈਂ ਸਮਝਾਇਆ ਕਿ ਬਾਪੂ ਕੰਮਾਂ ਦੀ ਮਜ਼ਬੂਰੀ ਆ ਇੱਥੇ ਤਾਜ਼ੀਆਂ ਦਾਲਾਂ-ਰੋਟੀਆਂ ਨਹੀਂਂ ਲੱਭਦੀਆਂ ਹਰ ਵੇਲੇ।ਲੋਕੀਂ ਤਾਂ ਰਾਤ ਨੂੰ ਟਿਫਨ ਪੈਕ ਕਰਕੇ ਸੌਂਦੇ।ਦੁੱਧ ਅਸੀਂ ਇਕੱਠਾ ਲਿਆ ਕੇ ਧਰ ਲੈਂਦੇ ਫਰਿੱਜ਼ ’ਚ।…ਤੇ ਸਭ ਤੋਂ ਵੱਡੀ ਗੱਲ ਇੱਥੇ ਇਕੱਲ ਕੱਟਣ ਦੀ ਜਾਚ ਸਿੱਖਣੀ ਪੈਂਦੀ।ਗੁਆਂਢ ਮੱਥੇ ਵਾਲੀ ਗੱਲ ਇੱਥੇ ਨਹੀਂ ਹੁੰਦੀ।ਵਿੰਡੋ ਮੂਹਰੇ ਖੜ੍ਹ ਕੇ ਨਾ ਬੰਦਾ ਨਾ ਜਨੌਰ ਕੁਝ ਨਹੀਂ ਦਿੱਸਣਾ।

“ਬੌਬ ਵਿੰਡੋ ਮੂਹਰੇ ਕੀ ਕਰੀ ਜਾਂਦਾ ਖੜ੍ਹਾ।ਘੰਟਾ ਹੋ ਗਿਆ।” ਪੈਮ ਦੀ ਗੱਲ ਨਾਲ ਮੇਰਾ ਧਿਆਨ ਉਖੜਿਆ।ਯਾਦ ਆਇਆ ਹੱਥ ਵਿਚ ਫੜ੍ਹੀ ਕੌਫੀ ਪਾਣੀ ਬਣ ਗਈ ਸੀ।ਮੁੜ ਗਰਮ ਕਰਨ ਦਾ ਮਨ ਨਹੀਂ ਹੋਇਆ।ਮੈਂ ਕਿਚਨ ਵਿਚ ਜਾ ਕੇ ਸ਼ਿੰਕ ਵਿੱਚ ਕੱਪ ਮੂਧਾ ਕਰਕੇ ਉਪਰੋਂ ਟੂਟੀ ਚਲਾ ਦਿੱਤੀ ਤੇ ਆ ਕੇ ਪੈਮ ਕੋਲ ਬੈਠ ਗਿਆ।
“ਪੈਮ ਇਸ ਵਾਰ ਇੰਡੀਆਂ ਜਾ ਕੇ ਆਈਏ ਸਾਰੇ ਜਾਣੇ?” ਮੈਂ ਪੈਮ ਵੱਲ ਦੇਖਕੇ ਪੁੱਛਦਾ।ਉਹ ਆਪਣਾ ਲੈਪਟਾੱਪ ਪਾਸੇ ਰੱਖਦੀ ਹੈ।

“ਹੁਣ ਕੀ ਹੋਇਆ ਅਚਾਨਕ?” ਉਹ ਪੁਛਦੀ ਹੈ।ਸ਼ਾਇਦ ਇਸ ਲਈ ਵੀ ਕਿ ਹੁਣ ਇੰਡੀਆਂ ਕੌਣ ਏ?ਪੈਮ ਦੀ ਸਾਰੀ ਫੈਮਿਲੀ ਕੇਨੈਡਾ ਹੈ।ਮੇਰੀ ਇੱਕੋ-ਇੱਕ ਭੈਣ ਤੇ ਉਹਦਾ ਸਾਰਾ ਲਾਣਾ ਅਮਰੀਕਾ ਹੈ। ਪਿੰਡ ਵਾਲਾ ਘਰ ਅਸੀਂ ਸਾਲ ਕੁ ਪਹਿਲਾਂ ਵੇਚ ਦਿੱਤਾ ਸੀ।ਫੇਰ…।
“ਹੋਣਾ ਤਾਂ ਕੀ ਏ…।ਜੰਮਣ ਭੌਇ ਆ ਫਿਰ ਵੀ।ਤੂੰ ਤਾਂ ਗਈ ਕਦੀ ਨਹੀਂ ਮੁੜਕੇ।” ਮੈਂ ਆਖਦਾ।ਉਹ ਕੁਝ ਨਹੀਂ ਬੋਲਦੀ।ਮੈਨੂੰ ਉਸਦੀ ਇਸ ਚੁੱਪ ਦੇ ਅਰਥ ਨਹੀਂ ਸਮਝ ਆਉਂਦੇ।ਸ਼ਾਮ ਉਤਰ ਰਹੀ ਹੈ।ਵਿੰਡੋ ਵਿੱਚਦੀ ਹਲਕਾ ਜਿਹਾ ਹਨੇ੍ਹਰਾ ਨਜ਼ਰ ਆਉਂਣ ਲੱਗਿਆ।
“ਜਦੋਂ ਘੁਸਮੁਸਾ ਜਿਹਾ ਹੁੰਦਾ ਨਾ ਯਾਨੀ ਦੀ ਉਦੋਂ ਬਾਹਲਾ ਜੀਅ ਨੂੰ ਕੁਝ ਹੁੰਦਾ ਮੇਰੇ।” ਮੈਨੂੰ ਬਾਪੂ ਦੀ ਗੱਲ ਯਾਦ ਆਈ।ਮੈਂ ਜਦੋਂ ਵੀ ਬਾਹਰੋਂ ਮੁੜਦਾ, ਬਾਪੂ ਕੋਈ ਨਾ ਕੋਈ ਐਸੀ ਗੱਲ ਲੈ ਕੇ ਬੈਠ ਜਾਂਦਾ।

“ਬੱਲਿਆ!ਆਥਣ ਨੂੰ ਰਹੁਰਾਸ ਸੁਣਦੀ ਸੀ ਘਰੇ ਬੈਠਿਆ ਨੂੰ।ਖੇਤੋਂ ਮੁੜਿਆ ਤੇਰਾ ਚਾਚਾ ਘੜੀ ਆ ਕੇ ਬਹਿ ਜਾਂਦਾ।ਕੋਈ ਗੱਲ-ਕੱਥ ਕਰ ਲਈਦੀ ਸੀ। ਇੱਥੇ ਤਾਂ ਮੈਨੂੰ ਅੰਦਰ ਸੰਵਾਰ ਕੇ ਸਾਹ ਨਹੀਂ ਆਉਂਦਾ।ਤੂੰ ਪਿਛੇ ਖੁਲੀ ਥਾਂ ’ਚ ਡਾਹ ਦੇ ਮੇਰਾ ਮੰਜਾ।ਕੋਈ ਮੋਟੀ ਰਜਾਈ ਦੇ ਦਈ ਉਤੇ ਲੈਣ ਨੂੰ।” ਬਾਪੂ ਬੈੱਕ-ਯਾਰਡ ਵਿੱਚ ਮੰਜਾ ਡਾਹ ਕੇ ਸੌਂਣ ਦੀ ਜ਼ਿੱਦ ਕਰਦਾ।ਬਿਲਕੁਲ ਪਿੰਡ ਵਾਂਗੂੰ।ਮੈਂ ਬਹੁਤ ਸਮਝਾਉਂਦਾ।ਪਰ ਬਾਪੂ ਨਾ ਮੰਨਦਾ।ਕਦੀ ਸ਼ਾਮ ਨੂੰ ਘਰ ਆਏ ਤੋਂ ਪੈਮ ਦੱਸਦੀ ਕਿ ਅੱਜ ਬਾਪੂ ਸਾਰਾ ਦਿਨ ਘਰ ਦੇ ਸਾਹਮਣੇ ਬੈਠਾ ਰਿਹਾ।ਬਾਹਰ ਰੋਡ ’ਤੇ।

“ਬੱਲਿਆ ਸਾਰਾ ਦਿਨ ਕੋਈ ਬੰਦਾ ਨਹੀਂ ਮੱਥੇ ਲੱਗਿਆ” ਬਾਪੂ ਦੱਸਣ ਲੱਗ ਜਾਂਦਾ, “ ਛੁੱਟੀ ਵਾਲੇ ਦਿਨ ਮੈਨੂੰ ਗੁਰੂ ਘਰ ਹੀ ਲੈ ਜਾ।ਕੋਈ ਜੀਅ ਤਾਂ ਟੱਕਰੂ।ਮੈਂ ਤਾਂ ਬੰਦੇ ਵੇਖਣ ਨੂੰ ਤਰਸ ਗਿਆ।” ਬਾਪੂ ਦੀਆਂ ਗੱਲਾਂ ਦਾ ਪੈਮ ਮਜ਼ਾਕ ਉਡਾਉਂਦੀ।ਉਹਨੂੰ ਲੱਗਦਾ, ਬਾਪੂ ਕੇਨੈਡਾ ਆ ਕੇ ਵੀ ਪਿੰਡ ਵਾਲਾ ਮਾਹੌਲ ਭਾਲਦਾ।ਬੂਹੇ ਅੱਗੇ ਥੜ੍ਹੇ ’ਤੇ ਬੈਠੇ ਪਿੰਡ ਦੇ ਵਿਹਲੜ ਬੁੜੇ।ਕੁੱਲ ਜਹਾਨ ਦੀਆਂ ਲੂਣੀਆਂ-ਸਲੂਣੀਆਂ ਗੱਲਾਂ ਸੁਣਦੇ ਸੁਣਾਉਂਦੇ।ਵੀਕ ਐੱਡ ’ਤੇ ਜਦ ਮੈਂ ਘਰ ਹੁੰਦਾ।ਬਾਪੂ ਨੂੰ ਗੁਰਦੁਆਰੇ ਛੱਡ ਆਉਂਦਾ।ਜਦ ਸ਼ਾਮ ਨੂੰ ਵਾਪਸ ਲੈ ਕੇ ਆਉਂਦਾ।ਬਾਪੂ ਮੈਨੂੰ ਖੁਸ਼-ਖੁਸ਼ ਲੱਗਦਾ।ਗੁਰਦੁਆਰੇ ਉਹਨੂੰ ਬਥੇਰੇ ਬੁੜ੍ਹੇ ਟੱਕਰ ਜਾਂਦੇ।ਉੱਥੇ ਹੀ ਅਚਾਨਕ ਬਾਪੂ ਨੂੰ ਉਸਦਾ ਕੋਈ ਪੁਰਾਣਾ ਵਾਕਿਫ਼ ਮਿਲਿਆ ਸੀ।ਗੱਡੀ ਵਿੱਚ ਆਉਂਦਿਆਂ ਬਾਪੂ ਨੇ ਮੇਰੇ ਨਾਲ ਗੱਲ ਛੇੜ ਲਈ।

“ਮਿੰਦਰ ਮਾਸਟਰ ਹੁੰਦਾ ਸੀ ਵਰਨਾਲੇ ਵਾਲੇ ਸਕੂਲੇ।ਉਹ ਇੱਥੇ ਮੁੰਡੇ ਕੋਲ ਰਹਿੰਦਾ।ਕਹਿੰਦਾ ਸੱਤਰ ਐਵੈਨਿਊ ’ਤੇ ਘਰ ਸਾਡਾ।ਆਪਾਂ ਚੱਲਾਂਗੇ ਕਦੀ।ਠੀਕ ਆ?” ਮੈਂ ਬਸ ਹਾਂ ਵਿੱਚ ਸਿਰ ਹਿਲਾਇਆ।
“ਹਾਂ ਚੱਲ ਦੇਖਲਾਂਗੇ,” ਪੈਮ ਇੰਡੀਆਂ ਜਾਣ ਵਾਲੀ ਮੇਰੀ ਗੱਲ ਦਾ ਜਵਾਬ ਕਿੰਨੀ ਦੇਰ ਬਾਅਦ ਦਿੰਦੀ ਹੈ, “ਇੰਡੀਅਨ ਕਿਚਨ ’ਤੇ ਕੁਝ ਆਰਡਰ ਕਰ ਦਿਆਂ ਡਿਨਰ ਬਣਾਉਣ ਦਾ ਜੀਅ ਨਹੀਂ ਕਰਦਾ ਅੱਜ ਤਾਂ?” ਉਹ ਮੈਨੂੰ ਪੁੱਛਦੀ ਹੈ।
“ਨੋ ਪਰਾਬਲਮ।” ਮੈਂ ਆਖ ਕੇ ਆਪਣਾ ਫੋਨ ਫਰੋਲਣ ਲੱਗਦਾ।ਉਹ ਆਪਣਾ ਫੋਨ ਚੁੱਕ ਕੇ ਖਾਣਾ ਆਰਡਰ ਕਰ ਦਿੰਦੀ ਹੈ।

“ਬੌਬ! ਚੱਕ ਲਿਆਈ ਹੁਣ ਜਾ ਕੇ ਪਲੀਜ਼ ਪੈਕ ਪਿਆ ਹੋਣਾ!ਫਰਾਈਡ ਰਾਈਸ ਤੇ ਮਨਚੂਰੀਅਨ ਕਹਿਤਾ।” ਮੈਂ ਬਸ ਸਿਰ ਹਿਲਾ ਦਿੰਦਾ।ਇੱਕ ਸ਼ਾਮ ਪੈਮ ਦੀ ਮੀਟਿੰਗ ਸੀ।ਉਹ ਘਰ ਮੁੜਦੀ ਕਾਫੀ ਲੇਟ ਹੋ ਗਈ।ਡਿਨਰ ਬਨਣ ਵਾਲਾ ਸੀ।ਉਹਨੇ ਰਸਤੇ ਵਿੱਚੋਂ ਪੀਜ਼ਾ ਚੁੱਕ ਲਿਆ।ਪਰ ਪੀਜ਼ਾ ਬਾਪੂ ਨੂੰ ਪਸੰਦ ਨਹੀਂ ਸੀ ਆਇਆ।ਦਾਲ ਸਬਜ਼ੀ ਬਣਨ ਵਾਲੀ ਸੀ।ਬਾਪੂ ਨੇ ਲੂਣ ਵਾਲੀ ਰੋਟੀ ਬਣਵਾਕੇ ਖਾ ਲਈ।ਪੈਮ ਖਿਝ ਗਈ ਸੀ।ਮੈਂ ਅਗਲੇ ਦਿਨ ਘਰ ਮੁੜਿਆ ਤਾਂ ਉਹ ਬਾਪੂ ਦੀ ਰੋਟੀ ਵਾਲੀ ਗੱਲ ਲੈ ਕੇ ਬੈਠ ਗਈ।

“ਜੇ ਰੋਟੀਆਂ ਦਾ ਹੀ ਯੱਬ ਕਰਨਾ ਹੁੰਦਾ ਤਾਂ ਮੈਂ ਪੀਜ਼ਾ ਸਿਰ ਸਾੜਨ ਨੂੰ ਲਿਆਉਣਾ ਸੀ।” ਮੈਂ ਬਥੇਰਾ ਸਮਝਾਇਆ ਕਿ ਬਾਪੂ ਨੂੰ ਕੀ ਪਤਾ ਪੀਜ਼ਿਆਂ-ਬਰਗਰਾ ਦਾ।ਪਰ ਪੈਮ ਦੀ ਖਿਝ ਇਸ ਗੱਲ ਨਾਲ ਨਹੀਂ ਸੀ ਮੁੱਕਣ ਵਾਲੀ।ਮੈਨੂੰ ਲੱਗਦਾ ਜਿਵੇਂ ਬਾਪੂ ਨੂੰ ਇੰਡੀਆਂ ਤੋਂ ਇੱਥੇ ਲਿਆ ਕੇ ਮੈਂ ਸੰਕਟ ਵਿੱਚ ਫਸ ਗਿਆਂ ਸਾਂ।ਪਰ ਦੂਜੇ ਹੀ ਪਲ ਮੈਨੂੰ ਪੈਮ ’ਤੇ ਵੀ ਗੁੱਸਾ ਆਉਂਦਾ।ਮੈਂ ਸੋਚਦਾ, “ਇਹਦੇ ਆਪਣੇ ਪਿੰਡ ਕਿਹੜਾ ਇਹਦੇ ਬੁੜੇ ਨੇ ਪੀਜ਼ਾ ਸ਼ੋਪ ਖੋਲੀ ਸੀ ਇਹਦੇ ਲਈ।ਪੰਮੀ ਤੋਂ ਪੈਮ ਬਣਕੇ ਇਹਨੂੰ ਗੱਲਾਂ ਆਉਣ ਲੱਗ ਗਈਆਂ।”

“ਗੱਲਾਂ ਦੀਆਂ ਗੱਲਾਂ ਬੱਲਿਆਂ ਸੁਰਿੰਦਰ ਸਿਹੁੰ ਨੂੰ ਇਥੇ ਕੀ ਕਹਿਣਗੇ ਫੇਰ ਲੋਕ?” ਬੀਰੇ ਦੇ ਬੌਬ ਬਣਨ ਵਾਂਗ ਹੀ ਬਾਪੂ ਆਪਣੇ ਨਾਮ ਦਾ ਨਿੱਕ ਨੇਮ ਪੁਛਿਆ।ਸ਼ਾਮ ਦਾ ਵੇਲਾ ਸੀ।ਅਸੀਂ ਘੁੱਟ-ਘੁੱਟ ਲਾਈ ਬੈਠੇ ਸਾਂ।
“ਸੁਰਿੰਦਰ ਦਾ ਇੱਥੇ ਸੁਸ ਬਣਾ ਦਿੰਦੇ ਨੇ ਗੋਰੇ ਬਾਪੂ।” ਮੈਂ ਹੱਸ ਕੇ ਆਖਿਆ।

“ਇਹ ਸਹੁਰਾ ਕੀ ਹੋਇਆ ਸੁਸ।ਜਿਵੇਂ ਸੁਸੂ ਹੁੰਦਾ।” ਬਾਪੂ ਨੇ ਘਰੋੜ ਕੇ ਆਖਿਆ।ਹੱਸ-ਹੱਸ ਸਾਡੀਆਂ ਵੱਖੀਆਂ ਦੁਖਣ ਲੱਗੀਆਂ।ਕਦੀ ਕਦੀ ਦੋ ਕੁ ਪੈੱਗ ਲਗਾ ਕੇ ਬਾਪੂ ਪਿੰਡ ਵਾਲੇ ਰੰਗ ਵਿੱਚ ਆ ਜਾਂਦਾ।ਦਾਲ ਸਬਜੀ ਵਿੱਚ ਨੁਕਸ ਕੱਢ ਦਿੰਦਾ।
“ਲੂਣ ਹੈਨੀ ਦਾਲ ’ਚ।”
“ਮਸਾਲਾ ਤੂੰ ਕੱਚਾ ਹੀ ਰਹਿਣ ਤਾਂ ਪੰਮੀ ਪੁੱਤ।”
ਪੈਮ ਬਾਪੂ ਮੂਹਰੇ ਤਾਂ ਚੁੱਪ ਰਹਿੰਦੀ ਪਰ ਰੂਮ ਵਿੱਚ ਜਾ ਕੇ ਮੇਰੇ ਨਾਲ ਖਿਝਣ ਲੱਗਦੀ।
“ਬਾਪੂ ਦੀ ਨੁਕਸ ਕੱਢਣ ਵਾਲੀ ਆਦਤ ਗਈ ਨਹੀਂ ਬੌਬ।ਇੱਥੇ ਤਾਂ ਰੋਟੀ ਮਿਲਜੇ ਵਹਿਲੇ ਬੈਠੇ ਬੰਦੇ ਨੂੰ ਤਾਂ ਉਹਨੂੰ ਖੁਸ਼ ਹੋਣਾ ਚਾਹੀਦਾ।ਇੰਡੀਆਂ ਨਹੀਂ ਇਹ ਕੇਨੈਡਾ ਆ।”


“ਕੇਨੈਡਾ ਮਰਾਵੇ ਥੋਡਾ ਜਈ ਤਈ।ਬਥੇਰੇ ਪੈਸੇ ਪੈਂਦੇ ਮੇਰੇ ਖਾਤੇ ’ਚ ਪੈਨਸ਼ਨ ਦੇ।ਵਾਪਸ ਤੋਰ ਦੇ ਮੈਨੂੰ ਬੀਰਿਆ।ਮੈਂ ਨਹੀਂ ਕਮਾਉਂਦਾ ਡਾਲੇ।” ਇੱਕ ਸ਼ਾਮ ਬਾਪੂ ਉਖੜ ਗਿਆ।ਅਸੀਂ ਖਾਣੇ ਦੇ ਟੇਬਲ ’ਤੇ ਬੈਠੇ ਸਾਂ।ਪੈਮ ਨੇ ਗੱਲ ਛੇੜ ਲਈ।ਲਹਿਣ ਲੱਗੀ, “ਬਾਪੂ ਜੀ! ਸਾਰਾ ਦਿਨ ਬੋਰ ਹੁੰਦੇ।ਬੇਰੀਆਂ ਤੋੜਣ ਲਈ ਵਗ ਜਾਇਆ ਕਰੋ।ਚਾਰ ਪੈਸੇ ਵੀ ਮਿਲ ਜਾਂਦੇ ਨਾਲੇ।” ਬਾਪੂ ਕੀ ਜਾਣਦਾ ਸੀ ਕੇਨੈਡਾ ਨੂੰ ਉਦੋਂ।ਉਦੋਂ ਤਾਂ ਉਹਦੇ ਅੰਦਰ ਮਾਸਟਰ ਸੁਰਿੰਦਰ ਸਿੰਘ ਬੋਲਦਾ ਸੀ।…ਤੇ ਪਿਛਲੇ ਕੁਝ ਸਮੇਂ ਤੋਂ ਬਾਪੂ ਅੰਦਰ ਕੁਝ ਹੋਰ ਬੋਲਣ ਲੱਗਿਆ ਸੀ।
“ਬੌਬ ਬੋਲਦਾ ਨਹੀਂ ਅੱਜ?ਆਰ ਯੂ ਫਾਈਨ ਨਾ?ਡਾਕਟਰ ਨੂੰ ਦਿਖਾ ਲੈ ਨਹੀਂ ਤਾਂ।” ਪੈਮ ਮੈਨੂੰ ਮੁੜ ਪਾਸਟ ’ਚੋਂ ਬਾਹਰ ਕੱਢਦੀ ਹੈ।
‘ਹਾਂ ਫਾਈਨ ਆ ਪੰਦਰਾਂ ਮਿੰਟ ਤੱਕ ਖਾਣਾ ਚੱਕਣ ਜਾਂਦਾ ਮੈਂ।ਤੂੰ ਕੰਮ ਫਿਨੀਸ਼ ਕਰਲੈ ਆਪਣਾ।” ਉਹ ਮੁੜ ਲੈਪਟਾੱਪ ’ਤੇ ਉਂਗਲਾਂ ਚਲਾਉਣ ਲੱਗੀ।
ਮੈਂ ਅੰਦਰ ਜਾ ਕੇ ਕੱਪੜੇ ਬਦਲ ਲਏ।ਠੰਡ ਤੋਂ ਬਚਣ ਲਈ ਜੈਕਟ ਪਾ ਲਈ ਤੇ ਗੱਡੀ ਲੈ ਕੇ ਖਾਣਾ ਲੈਣ ਲਈ ਚੱਲ ਪਿਆ।
“ਹੈਲੋ! ਰੋਜ਼ੀ!ਕਿੱਦਾ?” ਇੰਡੀਅਨ ਕਿਚਨ ’ਤੇ ਬੈਠੀ ਕੁੜੀ ਨੂੰ ਮੈਂ ਜਾ ਕੇ ਹੈਲੋ ਆਖਦਾ।
“ਉਹਹ! ਭਾਜੀ ਕਿੱਦਾ।ਬਹੁਤ ਦਿਨ ਬਾਅਦ ਦਿੱਸੇ?” ਸਾਡੇ ਪਿੰਡਾਂ ਵੱਲ ਦੀ ਹੋਣ ਕਰਕੇ ਉਹ ਮੈਨੂੰ ਭਾਜੀ ਆਖਦੀ।ਪਹਿਲਾਂ ਇਹ ਸਾਡੇ ਨੇੜੇ ਹੀ ਬੇਸਮੈਂਟ ਵਿੱਚ ਰਹਿੰਦੀ ਹੁੰਦੀ ਸੀ।ਅੱਜ ਕੱਲ ਕਿਤੇ ਹੋਰ ਮੂਵ ਕਰ ਗਈ ਹੈ।ਇਹ ਜਦ ਵੀ ਮਿਲਦੀ ਲੰਮੀਆਂ ਲੜੀਆਂ ਛੋਹ ਲੈਂਦੀ।ਇਸੇ ਲਈ ਮੈਂ ਇਹਦੀਆਂ ਗੱਲਾਂ ਤੋਂ ਬਚਣਾ ਚਾਹੁੰਦਾ।
“ਮੈਂ ਇੰਡੀਆਂ ਗਿਆ ਸੀ ਰੋਜ਼ੀ।ਖਾਣਾ ਪੈੱਕ ਆ?” ਮੈਂ ਗੱਲਾਂ ਤੋਂ ਬੱਚਣ ਲਈ ਖਾਣੇ ਦੀ ਗੱਲ ਤੋਰ ਲੈਂਦਾ ਤਾਂ ਜੋ ਖਾਣਾ ਚੱਕ ਕੇ ਜਾਣ ਵਾਲਾ ਬਣਾ।
“ਵਾਹ!ਕਿੱਦਾ ਕੋਈ ਵਿਆਹ ਸੀ।” ਪਰ ਉਹ ਸਵਾਲ ਦਾਗਣੋ ਨਹੀਂ ਹੱਟਦੀ।
“ਨਹੀਂ ਬੱਸ ਊਈਂ…।” ਪਹਿਲਾਂ ਤਾਂ ਚਿੱਤ ਸੀ ਅਸਲੀ ਵਜਾਹ ਦੱਸ ਦਿਆਂ ਫਿਰ ਕੁਝ ਸੋਚ ਕੇ ਚੁੱਪ ਰਿਹਾ।

“ਇੰਡੀਆਂ ਵਿਆਹਾਂ ਦਾ ਵੀ ਬਹੁਤ ਜ਼ੋਰ ਆ ਕਿੱਦਾ।ਅੱਜ ਈ ਸਾਡੇ ਕੋਈ ਰਿਸ਼ਤੇਦਾਰੀ ’ਚੋ ਆਇਆ ਵਿਆਹ ਦੇਖ ਕੇ।ਦੋ ਲਿਫ਼ਾਫ਼ੇ ਭਾਜੀ ਦੇ ਦੇ ਗਿਆ।ਰੁੱਕੋ ਇੱਕ ਥੋਨੂੰ ਦਿੰਦੀ ਆ।ਪੈਮ ਭਾਬੀ ਨੂੰ ਦੇ ਦਿਉ।” ਮੇਰੇ ਰੋਕਣ ਤੋਂ ਪਹਿਲਾਂ ਅਗਲੇ ਕਸਟਮਰ ਨੂੰ ਜਸਟ ਵੇਟ ਪਲੀਜ਼ ਕਹਿ ਕੇ ਉਹ ਪਿਛੇ ਲਿਫ਼ਾਫ਼ਾ ਚੱਕਣ ਲਈ ਤੁਰ ਗਈ।

“ਆ ਲਉ!ਜਵਾਕ ਊਈਂ ਨਹੀਂ ਖਾਂਦੇ ਮੈਂ ਦੋ ਲਿਫ਼ਾਫ਼ੇ ਕੀ ਕਰਨੇ। ਬਿਮਾਰ ਹੋਣਾ ਕਿਤੇ।” ਮੈਂ ਬਿਨ ਬੋਲੇ ਲਿਫ਼ਾਫ਼ਾ ਫੜ੍ਹ ਲੈਂਦਾ।iੰਮੰਟ ਕੁ ਮਗਰੋਂ ਮੁੰਡਾ ਖਾਣੇ ਵਾਲਾ ਲਿਫ਼ਾਫ਼ਾ ਲਿਆ ਕੇ ਕਾਊਂਟਰ ’ਤੇ ਧਰ ਦਿੰਦਾ।ਮੈਂ ਬਿੱਲ ਪੇਅ ਕਰਨ ਲਈ ਆਪਣਾ ਕਾਰਡ ਦਿੰਦਾ ਤੇ ਥੈਕਸ ਭਰੀ ਸਮਾਈਲ ਰੋਜ਼ੀ ਨੂੰ ਦੇ ਕੇ ਵਾਪਸ ਆ ਜਾਂਦਾ।ਦੋ ਕੁ ਵਾਰ ਬਾਪੂ ਵੀ ਆਇਆ ਸੀ ਮੇਰੇ ਨਾਲ।ਬਾਪੂ ਤੇ ਰੋਜ਼ੀ ਦੋਵੇਂ ਗੱਲਾਂ ਦਾ ਖੱਟਿਆ ਖਾਣ ਵਾਲੇ।ਪਿੰਡਾਂ ਦੀਆਂ ਗੱਲਾਂ ਛੇੜ ਕੇ ਬੈਠ ਗਏ।

“ਨਵੇਂ ਆਏ ਸਾਰੇ ਈ ਇਉਂ ਕਰਦੇ ਹੁੰਦੇ।ਉਦਰੇਵਾਂ ਹੁੰਦਾ ਨਾ।ਐਵੇਂ ਲੋਕਾਂ ਨੂੰ ਪਿੰਡ ਪੁੱਛੀ ਜਾਣਗੇ।ਕੋਈ ਆਪਣੇ ਪਿੰਡਾਂ ਦਾ ਮਿਲ ਜਾਏ ਤਾਂ ਹੋਰ ਸਾਂਝਾ ਕੱਢਣਗੇ।” ਮੈਂ ਗੱਡੀ ਵਿੱਚ ਬੈਠਿਆਂ ਬਾਪੂ ਨੂੰ ਆਖਿਆ ਸੀ।ਪਰ ਉਦੋਂ ਤੱਕ ਬਾਪੂ ਬਹੁਤਾ ਨਵਾਂ ਨਹੀਂ ਸੀ।ਉਹਦਾ ਚਿੱਤ ਕੁਝ ਕੁਝ ਲੱਗ ਗਿਆ ਸੀ ਇੱਥੇ।ਵੀਕਐਡ ’ਤੇ ਗੁਰੂ ਘਰ ਜਾਂਦਾ ਸਵੇਰੇ- ਸਵੇਰੇ।ਫਿਰ ਮਿੱਤਰਾਂ ਬੇਲੀਆਂ ਨਾਲ ਕਿੱਧਰੇ ਬੈਠ ਜਾਂਦਾ।ਦੋ ਕੁ ਵਾਰ ਆਪਣੇ ਦੋਸਤਾਂ ਨਾਲ ਵਿਕਟੋਰੀਆ ਵੀ ਜਾ ਆਇਆ ਸੀ।ਫੈਰੀ ਤੱਕ ਮੈਂ ਛੱਡ ਤੇ ਲੈ ਆਉਂਦਾ ਰਿਹਾ।ਬੱਸਾਂ ਦਾ ਹਿਸਾਬ ਉਹਨੂੰ ਲੱਗਣ ਲੱਗ ਗਿਆ ਸੀ।ਕੰਪਾਸ ਕਾਰਡ ਮੈਂ ਬਣਾ ਦਿੱਤਾ ਸੀ।

“ਨਾ ਓਦਰਿਆਂ ਕਾਹਨੂੰ ਮੈਂ ਤਾਂ ਊਈਂ ਪੁੱਛ ਲਿਆ।ਪਿੰਡਾਂ ਵੱਲ ਦੀ ਆ।ਧੀ ਭੈਣ ਲੱਗਦੀ ਆਖਿਰ।” ਬਾਪੂ ਸਾਂਝਾ ਦੇ ਅਧਾਰ ਬਣਾਉਂਦਾ।ਉਹੀ ਸਾਂਝ ਜੋ ਮੈਨੂੰ ਪਿਛਲੇ ਕਈ ਦਿਨਾਂ ਤੋਂ ਮਹਿਸੂਸ ਹੁੰਦੀ ਪਈ ਸੀ।ਆਪਣੇ ਤਾਇਆ ਚਾਚਿਆ ਨਾਲ।ਪਿੰਡ ਨਾਲ।ਭਾਈਚਾਰੇ ਨਾਲ।ਬਾਪੂ ਦੇ ਉਸ ਪੁਰਾਣੇ ਘਰ ਨਾਲ।

“ਬੱਲਿਆ! ਕਦੇ ਮਾਰ ਕੇ ਆ ਗੇੜਾ।ਚਾਚੇ ਤੇਰੇ ਨੂੰ ਕਿਹਾ ਹੋਇਆ ਮੈਂ।ਥਾਂ ਦਾ ਕਰਿਆ ਨਿਬੇੜਾ।ਆਪਾਂ ਹੁਣ ਕਿਹੜਾ ਰਹਿਣਾ ਉਥੇ ਜਾ ਕੇ।” ਬਾਪੂ ਪੁਰਾਣਾ ਘਰ ਵੇਚਣ ਦੀ ਗੱਲ ਕਰਦਾ ਹੁੰਦਾ ਸੀ।

ਮੈਂ ਟਾਈਮ ਕੱਢਣ ਦਾ ਲਾਰਾ ਲਾਉਂਦਾ ਰਿਹਾ।ਇਕੱਲੇ ਬਾਪੂ ਨੂੰ ਮੈਂ ਜਾਣ ਨਾ ਦਿੱਤਾ।ਪਰ ਜਦ ਬਾਪੂ ਬਹੁਤਾ ਖਹਿੜੇ ਪੈ ਗਿਆ, ਮੈਂ ਚਾਚੇ ਨਾਲ ਗੱਲ ਕਰ ਕੇ ਇੰਡੀਆ ਜਾ ਕੇ ਘਰ ਵੇਚ ਦਿੱਤਾ।ਪੈਸੇ ਲੈ ਕੇ ਹਫਤੇ ਕੁ ਵਿੱਚ ਹੀ ਮੈਂ ਵਾਪਸ ਆ ਗਿਆ।ਜਹਾਜ਼ ਵਿੱਚ ਬੈਠਾ ਮੈਂ ਸਾਰੇ ਰਸਤੇ ਸੋਚਦਾ ਰਿਹਾਂ ਸਾਂ ਅੱਜ ਜਦ ਮੈਂ ਘਰ ਜਾਣਾ, ਵਿਕੇ ਹੋਏ ਘਰ ਨੂੰ ਯਾਦ ਕਰਕੇ ਬਾਪੂ ਜ਼ਰੂਰ ਉਦਾਸ ਹੋਏਗਾ।
“ਲੈ ਬਈ ਦੇਖਲਾ ਹੁਣ ਇਹਨੂੰ।” ਘਰ ਪਹੁੰਚ ਕੇ ਖਾਣਾ ਟੇਬਲ ’ਤੇ ਧਰ ਕੇ ਮੈਂ ਪੈਮ ਨੂੰ ਆਖਦਾ।
“ਕਰਦੀ ਆ ਮੈਂ ਗਰਮ।ਆਜਾ ਤੂੰ ਮੇਜ਼ ’ਤੇ।” ਪੈਮ ਖਾਣਾ ਗਰਮ ਕਰਕੇ ਡਾਇਨਿੰਗ ਟੇਬਲ ’ਤੇ ਲਿਆ ਧਰਦੀ।ਖਾਣਾ ਖਾਂਦਿਆਂ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹਿੰਦੇ।ਪੈਮ ਕੁਝ ਪੁਛਦੀ ਮੈਂ ਹੂੰਅ ਹਾਂ ਆਖ ਦਿੰਦਾ।
“ਬੌਬ ਤੂੰ ਕੁਝ ਦੱਸਦਾ ਵੀ ਨਹੀਂ।ਪਰ ਹੈਗਾ ਤੂੰ ਜਿੱਦਾ ਉਦਾਸ ਆਂ।” ਪੈਮ ਮੇਰਾ ਚਿਹਰਾ ਪੜ੍ਹਨ ਦੀ ਕੋਸ਼ਿਸ਼ ਕਰਦੀ ਹੈ।
“ਨੋ-ਨੋ।ਕੋਈ ਐਸੀ ਗੱਲ ਨਹੀਂ।ਤੈਨੂੰ ਐਵੇਂ ਵਹਿਮ ਹੋ ਗਿਆ।”

ਜਿਵੇਂ ਉਦੋਂ ਮੈਨੂੰ ਵਹਿਮ ਸੀ।ਬਾਪੂ ਦੇ ਉਦਾਸ ਹੋਣ ਦਾ।ਪਰ ਬਾਪੂ ਤਾਂ ਜ਼ਰਾ ਵੀ ਉਦਾਸ ਨਹੀਂ ਸੀ।ਉਹਨੇ ਘਰ ਬਾਰੇ ਕੋਈ ਬਹੁਤੀ ਗੱਲ ਨਹੀਂ ਸੀ ਕੀਤੀ ਮੇਰੇ ਨਾਲ।ਅਚਾਨਕ ਘਰ ਤੇ ਉਸ ਤੋਂ ਬਾਅਦ ਪਿੰਡ ਉਹਦੇ ਮਨ ਵਿੱਚੋਂ ਜਿੱਦਾਂ ਮਨਫ਼ੀ ਹੀ ਹੋ ਗਿਆ ਸੀ।ਮੈਨੂੰ ਜ਼ਰਾ ਸਮਝ ਨਾ ਆਉਂਦੀ ਬਾਪੂ ਦੇ ਸੁਭਾਅ ਦੀ।ਉਹਨੇ ਮੁੜ ਕਦੀ ਬੇਬੇ ਦੇ ਸੰਦੂਖ ਬਾਰੇ ਵੀ ਨਹੀਂ ਸੀ ਪੁਛਿਆ ਜੋ ਮੈਂ ਘਰ ਵੇਚਣ ਮੌਕੇ ਚਾਚੇ ਵੱਲ ਧਰ ਆਇਆ ਸੀ।ਨਾ ਹੀ ਉਹਨੇ ਕਦੀ ਖਾਲੀ ਘਰਾਂ, ਸੁੰਨੀਆਂ ਸੜਕਾਂ ਦੀ ਗੱਲ ਕੀਤੀ ਸੀ।…ਤੇ ਫਿਰ ਜਦੋਂ ਬਾਪੂ ਬਿਮਾਰ ਹੋਇਆ।ਉਹ ਹੋਰ ਵੀ ਅਜੀਬ ਗੱਲਾਂ ਕਰਨ ਲੱਗਿਆ।

“ਬੀਰਿਆ!ਊਅ ਕੇਨੈਡਾ ’ਚ ਮਰਨ ਵਾਲੇ ਦੀਆਂ ਵੀ ਮੌਜਾਂ ਕਿ ਨਹੀਂ।” ਉਹ ਦੋ ਕੁ ਵਾਰ ਮੇਰੇ ਨਾਲ ਕਿਸੇ ਦੇ ਫਿਊਨਰਲ ’ਤੇ ਗਿਆ ਸੀ।ਕੁਰਸੀਆਂ ਤੇ ਬੈਠੇ ਬੰਦੇ ਬੁੜੀਆਂ, ਮੁਰਦੇ ਨੂੰ ਦਾਗਣ ਦਾ ਢੰਗ ਸਾਰਾ ਕੁਝ ਬਾਪੂ ਲਈ ਨਵਾਂ ਸੀ।ਸ਼ਾਇਦ ਉਹਨੇ ਇਸੇ ਲਈ ਕਿਹਾ ਸੀ ਕਿ ਇੱਥੇ ਮਰਨ ਵਾਲਾ ਵੀ…।ਮੈਂ ਸੋਚਦਾ ਸੀ ਸ਼ਾਇਦ ਬਾਪੂ ਕਹੇਗਾ ਕਿ ਬੀਰਿਆ ਮੈਨੂੰ ਪਿੰਡ ਲੈ ਚੱਲ।ਪਰ ਉਹ ਤਾਂ…।

ਉਹਦੀ ਕੋਈ ਇੱਛਾ ਨਹੀਂ ਸੀ ਆਪਣੇ ਪਿੰਡ ਦੀ ਮਿੱਟੀ ਵਿੱਚ ਜਾ ਕੇ ਰਲਣ ਦੀ।ਉਹ ਪਿੰਡ ਦੀ ਕੋਈ ਗੱਲ ਹੀ ਨਹੀਂ ਸੀ ਕਰਦਾ।ਨਾ ਹੀ ਅੰਤਲੇ ਵੇਲੇ ਉਹਨੇ ਐਸਾ ਕੁਝ ਯਾਦ ਕੀਤਾ।ਪਰ ਇੱਥੇ ਭੋਗ ਪਵਾਉਣ ਮਗਰੋਂ ਮੈਂ ਇੰਡੀਆ ਚਲਾ ਗਿਆ।ਗੁਰਦੁਆਰੇ ਭੋਗ ਪਵਾਇਆ ਬਾਪੂ ਦੇ ਨਾਮ ਦਾ।ਲੰਗਰ ਲਗਾਇਆ।ਠੰਡ ਦਾ ਮੌਸਮ ਸੀ।ਬਾਪੂ ਦੇ ਨਾਮ ਤੋਂ ਗਰੀਬ ਗੁਰਬਿਆਂ ਨੂੰ ਬੂਟ-ਜ਼ੁਰਾਬਾਂ ਵੰਡੀਆਂ।ਚਾਚੇ ਵੱਲ ਪਿਆ ਬੇਬੇ ਦਾ ਸੰਦੂਖ ਤੇ ਪਿੰਡ ਵਾਲਾ ਘਰ ਦੋਨਾਂ ਨੂੰ ਹੀ ਦੇਖ ਦੇਖ ਮੈਂ ਉਦਾਸ ਹੁੰਦਾ ਰਿਹਾ।

“ਵਹਿਮ ਨਹੀਂ ਬੌਬ!ਪਿੰਡੋ ਆ ਕੇ ਤੂੰ ਮੈਨੂੰ ਲੋਟ ਨਹੀਂ ਲੱਗਦਾ? ਸ਼ੇਅਰ ਤਾਂ ਕਰ ਆਖਿਰ ਮਸਲਾ ਕੀ ਆ?” ਪੈਮ ਥੋੜੇ ਫਿਕਰ, ਥੋੜੀ ਖਿਝ ਨਾਲ ਪੁਛਦੀ ਹੈ।
“ਪੈਮ ਹੁਣ ਆਪਾਂ ਜਦ ਪਿੰਡ ਜਾਣਾ ਨਾ …ਪਿੰਡ ਥਾਂ ਲੈ ਕੇ ਨਵਾਂ ਘਰ ਪਾ ਕੇ ਆਉਣਾ।ਬੇਬੇ ਵਾਲਾ ਸੰਦੂਖ ਆਪਣੇ ਘਰੇ ਧਰ ਕੇ ਆਵਾਂਗੇ।ਮੈਂ ਪਿੰਡ ਜਾ ਕੇ ਮਰਨਾ ਚਾਹੁੰਦਾ ਪੈਮ।ਮੇਰਾ ਭੋਗ ਵੀ ਆਪਣੇ ਘਰ ਵਿੱਚ ਪਾਇਓ।” ਚਾਰ ਦਿਨ ਦੇ ਰੋਕੇ ਹੰਝੂ ਮੇਰੀਆਂ ਅੱਖਾਂ ਵਿੱਚੋਂ ਵਹਿ ਤੁਰੇ।ਪੈਮ ਹੈਰਾਨ ਹੋਈ ਮੇਰੇ ਵੱਲ ਦੇਖ ਰਹੀ ਸੀ।ਬਾਹਰ ਬਾਰਿਸ਼ ਹੋਰ ਤੇਜ਼ ਹੋ ਗਈ।ਡਿੱਗਦੀਆਂ ਕਣੀਆਂ ਦੀ ਅਵਾਜ਼ ਸਾਡੇ ਵਿਚਾਲੇ ਦੀ ਚੁੱਪ ਨੂੰ ਤੋੜਨ ਲੱਗੀ ।ਇਹ ਕੈਸੀ ਇੱਛਾ ਸੀ ਮੈਨੂੰ ਖੁਦ ਨੂੰ ਸਮਝ ਨਹੀਂ ਆ ਰਿਹਾ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਿਮਰਨ ਧਾਲੀਵਾਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ