Sargam Di Kahani (Punjabi Story) : Waryam Singh Sandhu
ਸਰਗਮ ਦੀ ਕਹਾਣੀ (ਕਹਾਣੀ) : ਵਰਿਆਮ ਸਿੰਘ ਸੰਧੂ
ਸਰਗਮ ਸੰਧੂ ਮੇਰੀ ਪੋਤਰੀ ਦਾ ਨਾਂ ਹੈ। ਹੁਣ ਉਸਦੀ ਉਮਰ ਸਾਢੇ ਨੌਂ ਸਾਲ ਦੀ ਹੈ ਪਰ ਮੈਂ ਜਦੋਂ ਦੀ ਗੱਲ ਕਰਨ ਲੱਗਾ ਹਾਂ ਉਸ ਵੇਲੇ ਉਹਦੀ ਉਮਰ ਹੀ ਕਿੰਨੀ ਸੀ! ਉਸਦੇ ਕਹਿਣ ਮੂਜਬ ਉਹ ਤਾਂ ਅਜੇ ਸਿਰਫ਼, 'ਫਾਈਵ ਐਂਡ ਹਾਫ਼ ਯੀਅਰ ਓਲਡ' ਸੀ। ਉਸ ਵਿੱਚ ਸੰਗੀਤ ਨਾਲ ਕਿਸੇ ਵਿਸ਼ੇਸ਼ ਕਿਸਮ ਦੀ ਖਿੱਚ ਜਾਂ ਲਗਾਓ ਮੈਨੂੰ ਅਜੇ ਤੱਕ ਨਜ਼ਰ ਨਹੀਂ ਆਇਆ। ਇਹ ਹੋ ਵੀ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਸੰਗੀਤ ਨੂੰ ਉਚੇਚਾ ਪਿਆਰ ਕਰਨ ਲੱਗ ਜਾਵੇ।
ਪਰ ਇੱਕ ਗੱਲ ਜ਼ਰੂਰ ਹੈ ਸੰਗੀਤ ਉਸਦੀ ਰੂਹ ਵਿੱਚ ਬੋਲਦਾ ਹੈ, ਬੋਲਾਂ ਵਿੱਚ ਗੂੰਜਦਾ ਹੈ ਤੇ ਵਤੀਰੇ ਵਿੱਚ ਛਲਕਦਾ ਹੈ। ਸਰਗਮ ਦੀਆਂ ਸੱਤੇ ਸੁਰਾਂ ਕਦੀ ਕਦੀ ਜਦੋਂ ਅਲਾਪ ਲੈਂਦੀਆਂ ਹਨ ਤਾਂ ਮੈਂ ਕਈ ਵਾਰ ਹੈਰਾਨ ਰਹਿ ਜਾਂਦਾ ਹਾਂ।
ਸਰਗਮ ਬਾਰੇ 'ਵਧਾ-ਚੜ੍ਹਾ' ਕੇ ਗੱਲ ਕਰਨ ਲੱਗਾ ਹਾਂ ਤਾਂ ਮੇਰੇ ਆਦਰਸ਼ ਸਕੂਲ ਦੇ ਪ੍ਰਿੰਸੀਪਲ ਮਨਮੋਹਨ ਸਿੰਘ ਦਾ ਚਿਹਰਾ ਮੇਰੀਆਂ ਅੱਖਾਂ ਅੱਗੇ ਹੱਸਣ ਲੱਗਦਾ ਹੈ। ਜਦੋਂ ਮੇਰੀਆਂ ਸਹਿਕਰਮਣ ਅਧਿਆਪਕਾਵਾਂ ਬੜੇ ਚਾਅ ਤੇ ਉਤਸ਼ਾਹ ਨਾਲ ਆਪਣੇ
ਬੱਚਿਆਂ, ਭਤੀਜੇ-ਭਤੀਜੀਆਂ, ਭਣੇਵੇਂ-ਭਣੇਵੀਆਂ ਦੀਆਂ 'ਅਲੋਕਾਰ' ਗੱਲਾਂ ਸੁਣਾਉਂਦੀਆਂ ਤਾਂ ਉਹ ਆਖਦਾ, "ਇਹ ਐਵੇਂ ਭਰਮ ਈ ਹੁੰਦੈ ਕਿ ਸਾਡਾ ਬੱਚਾ ਹੀ ਕੋਈ ਵਿਲੱਖਣ ਸੁਰਤੀ-ਬਿਰਤੀ ਦਾ ਮਾਲਕ ਹੈ। ਸਾਰੇ ਹੀ ਬੱਚੇ ਬਚਪਨ ਵਿੱਚ ਅਜਿਹੀਆਂ ਕੁੱਝ ਨਾ ਕੁੱਝ ਵੱਖਰੀਆਂ ਗੱਲਾਂ ਕਰਦੇ-ਪੁੱਛਦੇ ਹਨ ਕਿ ਵੱਡਿਆਂ ਨੂੰ ਲੱਗਣ ਲੱਗਦਾ ਹੈ ਕਿ ਇਹ ਤਾਂ ਸਿਰਫ਼ ਉਹਨਾਂ ਦੇ ਬੱਚੇ ਦਾ ਹੀ ਕਮਾਲ ਹੈ!"
ਉਸਦੀ ਗੱਲ ਠੀਕ ਸੀ। ਹਰੇਕ ਬੱਚੇ ਲਈ ਦਿਸਦਾ ਸੰਸਾਰ ਅਲੋਕਾਰ ਹੁੰਦਾ ਹੈ। ਉਸ ਅੰਦਰ ਇੱਕੋ ਵਾਰ ਹਰੇਕ ਦਿਸਦੀ ਸ਼ੈਅ, ਸ਼ਬਦ, ਸੰਬੰਧ ਬਾਰੇ ਜਾਣ ਲੈਣ ਦੀ ਜਗਿਆਸਾ ਬੜੀ ਤੀਬਰ ਹੁੰਦੀ ਹੈ। ਇਸੇ ਜਗਿਆਸਾ ਦੀ ਤ੍ਰਿਪਤੀ ਲਈ ਉਹ ਕਈ ਵਾਰ ਚਕਾਚੌਂਧ ਕਰਨ ਵਾਲੇ ਸਵਾਲ ਪੁੱਛਦਾ ਹੈ। ਇਹ ਸਵਾਲ ਕਈ ਵਾਰ ਤਾਂ ਅਜਿਹੇ ਮਹੱਤਵਪੂਰਨ ਹੁੰਦੇ ਹਨ ਜਿੰਨ੍ਹਾ ਨਾਲ ਸਾਡੇ ਰਿਖ਼ੀ-ਮੁਨੀ, ਸਾਧ-ਸੰਤ ਤੇ ਮਹਾਂਪੁਰਸ਼ ਖੌਝਲਦੇ ਰਹੇ ਹਨ। ਅਸੀਂ ਆਪਣੇ ਪਥਰਾਏ ਜਵਾਬਾਂ ਨਾਲ ਉਸਦੀ ਜੁਗਿਆਸਾ ਮਧੋਲੀ ਜਾਂਦੇ ਹਾਂ। ਆਪਣਾ ਰੰਗ ਚੜ੍ਹਾਈ ਜਾਂਦੇ ਹਾਂ। ਉਸਦੇ ਕੋਰੇ ਤੇ ਸਾਫ਼-ਸ਼ਫ਼ਾਫ਼ ਮਨ 'ਤੇ ਚੀਚ-ਘਚੋਲੇ ਵਾਹੀ ਜਾਂਦੇ ਹਾਂ। ਉਸਨੂੰ ਉਹਦੇ ਵਰਗਾ ਰਹਿਣ ਹੀ ਨਹੀਂ ਦਿੰਦੇ; ਆਪਣੇ ਵਰਗਾ ਬਣਾਈ ਜਾਂਦੇ ਹਾਂ। ਬੱਚੇ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਉਸਦਾ ਮਨ ਕੋਰੀ ਸਲੇਟ ਹੁੰਦਾ ਹੈ। ਮਾਪੇ, ਚੌਗ਼ਿਰਦਾ ਤੇ ਹਾਲਾਤ ਜੋ ਕੁੱਝ ਉਸਦੇ ਮਨ ਤੇ ਉਕਰਦੇ ਜਾਂਦੇ ਹਨ ਉਹੋ ਉਸਦਾ ਸੰਸਾਰ ਤੇ ਸਮਝ ਬਣਦੇ ਜਾਂਦੇ ਹਨ।
ਅਜੇ ਸਰਗਮ 'ਤੇ ਬਾਹਰਲਾ ਰੰਗ ਚੜ੍ਹਨਾ ਸ਼ੁਰੂ ਨਹੀਂ ਹੋਇਆ। ਉਸ ਵਿੱਚ ਸ਼ੁਧਤਾ, ਸੁਹਿਰਦਤਾ, ਸੰਤੁਲਨ ਤੇ ਸਮਝ ਅਜੇ ਧੁਰੋਂ ਮਿਲੇ ਰੰਗ ਵਰਗੀ ਹੈ। ਰੱਬੀ ਰੰਗ ਵਰਗੀ। ਨਿਰੋਲ ਉਹਦੇ ਆਪਣੇ ਵਰਗੀ। ਇਸੇ ਲਈ ਉਹਦਾ ਸੁਭਾਅ ਤੇ ਵਿਹਾਰ ਕਈ ਵਾਰ ਮੇਰੇ ਮਨ ਵਿੱਚ ਲਿਸ਼ਕੋਰਾਂ ਮਾਰਦਾ ਹੈ। ਮੈਨੂੰ ਉਸਦੀ ਸੁੱਚਤਾ 'ਤੇ ਲਾਡ ਆਉਂਦਾ ਹੈ।
ਇਕ ਦਿਨ ਮੈਨੂੰ ਕਹਿੰਦੀ, "ਵੱਡੇ ਡੈਡੀ! ਸਟੋਰੀ ਸੁਣਾਓ।"
ਮੈਂ ਉਸਨੂੰ ਕਿਹਾ ਕਿ ਸਾਡੀਆਂ ਦਾਦੀਆਂ ਨਾਨੀਆਂ ਆਪਣੇ ਬੱਚਿਆਂ ਨੂੰ ਜਿਹੜੀ ਪਹਿਲੀ ਕਹਾਣੀ ਸੁਣਾਉਂਦੀਆਂ ਸਨ ਉਹ ਸੀ ਚਿੜੀ ਕਾਂ ਦੀ ਕਹਾਣੀ।
ਮੈਂ ਓਸੇ ਅੰਦਾਜ਼ ਵਿਚ ਕਹਾਣੀ ਸੁਨਾਉਣ ਲੱਗਾ ਜਿਹੜੇ ਵਿਚ ਸਾਨੂੰ ਸੁਣਾਈ ਗਈ ਸੀ:
"ਇਕ ਸੀ ਚਿੜੀ, ਇਕ ਸੀ ਕਾਂ। ਦੋਵਾਂ ਨੂੰ ਭੁੱਖ ਲੱਗੀ। ਕਹਿੰਦੇ ਆਪਾਂ ਰਲ ਕੇ ਖਿਚੜੀ ਬਣਾਈਏ। ਕਾਂ ਨੇ ਲਿਆਂਦਾ ਚੌਲਾ ਦਾ ਦਾਣਾ। ਚਿੜੀ ਨੇ ਲਿਆਂਦਾ ਮੋਠਾਂ ਦਾ ਦਾਣਾ। ਦੋਵਾਂ ਨੇ ਚੁੱਲ੍ਹੇ 'ਤੇ ਖਿਚੜੀ ਰਿਝਣੀ ਰੱਖ ਦਿੱਤੀ।"
ਖਿਆਲ ਆਇਆ ਇਹਨੂੰ ਚੁੱਲ੍ਹੇ ਦਾ ਕੀ ਪਤਾ। ਮੈਂ ਚੁੱਲ੍ਹੇ ਦੀ ਥਾਂ 'ਗੈਸ 'ਤੇ ਖਿਚੜੀ ਰਿੱਝਣ ਰੱਖ ਦਿੱਤੀ।'
"ਹਾਂ, ਜਦੋਂ ਖਿਚੜੀ ਬਣ ਗਈ ਤਾਂ ਚਿੜੀ ਕਹਿੰਦੀ ਪਹਿਲਾਂ ਨਹਾ ਲਈਏ। ਫਿਰ ਖਿਚੜੀ ਖਾਵਾਂਗੇ। ਕਾਂ ਨਹਾਉਣ ਚਲਾ ਗਿਆ। ਚਿੜੀ ਦੇ ਮਨ ਵਿਚ ਖੋਟ ਸੀ। ਉਹਨੇ ਤਾਂ ਕਾਂ ਨੂੰ ਜਾਣ-ਬੁੱਝ ਕੇ ਬਾਹਰ ਭੇਜਿਆ ਸੀ। ਉੁਹਨੇ ਪਿੱਛੋਂ ਸਾਰੀ ਖਿਚੜੀ ਖਾ ਲਈ। ਫਿਰ ਡਰ ਗਈ ਕਿ ਕਾਂ ਆ ਕੇ ਲੜੂਗਾ ਕਿ ਮੈਂ ਉਹਦੇ ਹਿੱਸੇ ਦੀ ਖਿਚੜੀ ਕਿਉਂ ਖਾ ਲਈ? ਉਹ ਭੱਜ ਕੇ ਚੱਕੀ ਦੇ ਪੁੜ ਹੇਠਾਂ ਲੁਕ ਗਈ।"
"ਚੱਕੀ ਦਾ ਪੁੜ ਕੀ?" ਉਹਨੇ ਪੁੱਛਿਆ ਤਾਂ ਮੈਂ ਬਿਆਨ ਬਦਲ ਲਿਆ, "ਤੂੰ ਸਮਝ ਲੈ ਫਰਿੱਜ ਦੇ ਓਹਲੇ ਲੁਕ ਗਈ। ਕਾਂ ਆਇਆ। ਵੇਖਿਆ ਕਿ ਖਿਚੜੀ ਤਾਂ ਸਾਰੀ ਚਿੜੀ ਨੇ ਖਾ ਲਈ। ਉਹਨੂੰ ਬੜਾ ਗੁੱਸਾ ਆਇਆ। ਉਹਨੇ ਫਰਿੱਜ ਪਿੱਛੋ ਚਿੜੀ ਦਾ ਪੂੰਝਾ ਵੇਖ ਲਿਆ। ਗੁੱਸੇ ਵਿਚ ਉਹਨੇ ਤੱਤਾ ਤੱਤਾ ਚਿਮਟਾ ਲਿਆ ਤੇ ਲੁਕੀ ਬੈਠੀ ਚਿੜੀ ਦੀ ਪੂਛ ਨੂੰ ਜਾ ਲਾਇਆ। ਚਿੜੀ ਰੋਣ ਚੀਕਣ ਲੱਗੀ, 'ਚੀਂ ਚੀਂ!! ਮੇਰਾ ਪੂੰਝਾ ਸੜਿਆ।" ਕਾਂ ਆਖੇ, "ਕਿਉਂ ਪਰਾਇਆ ਖਿੱਚੜ ਭੱਪਾ ਖਾਧਾ?!!!"
ਜਿਵੇਂ ਅਸੀਂ ਸੁਣਦੇ ਆਏ ਸਾਂ। ਕਹਾਣੀ ਸੁਣਾ ਕੇ ਮਗਰੋਂ ਸਿੱਟਾ ਸਮਝਾਉਣਾ। ਮੈਂ ਤੋੜਾ ਝਾੜਿਆ, "ਉਹਨੇ ਓਹਦੀ ਖਿਚੜੀ ਖਾਧੀ ਤਾਂ ਉਹਦੀ ਪੂਛ ਨੂੰ ਤੱਤਾ ਚਿਮਟਾ ਤਾਂ ਲੱਗਣਾ ਹੀ ਸੀ!"
ਸਰਗਮ ਕੁਝ ਪਲ ਚੁੱਪ ਰਹੀ। ਫਿਰ ਕਹਿੰਦੀ, "ਨਹੀਂ ਵੱਡੇ ਡੈਡੀ! ਉਹ ਦੋਵੇਂ ਈ ਰੌਂਗ ਸਨ। ਇੱਕ ਨੇ ਖਿਚਰੀ ਖਾ ਕੇ ਰੌਂਗ ਕੀਤਾ, ਦੂਜੇ ਨੇ ਤੱਤਾ ਤੱਤਾ ਚਿਮਤਾ ਲਾ ਕੇ ਰੌਂਗ ਕੀਤਾ।" ਮੈਂ ਹੈਰਾਨ ਰਹਿ ਗਿਆ।
ਮੈਂ ਤਾਂ ਕਦੀ ਇਸ ਕਹਾਣੀ ਦੇ ਅਜਿਹੇ ਸਿੱਟੇ ਬਾਰੇ ਅੱਜ-ਤੱਕ ਸੋਚਿਆ ਈ ਨਹੀਂ ਸੀ। ਸਰਗਮ ਨੂੰ ਗਲ ਨਾਲ ਲਾ ਕੇ ਉਹਦਾ ਮੱਥਾ ਚੁੰਮਿਆਂ।
ਮੈਂ ਆਪਣੇ ਡੂੰਘ ਵਿਚ ਉਤਰ ਗਿਆ।
ਕੀ ਅੱਜ ਤੱਕ ਕਿਸੇ ਦਾਦੇ/ਦਾਦੀ ਨੇ ਪੋਤੀ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਹੋਵੇਗਾ ਜੋ ਕੀਤੀ ਜ਼ਿਆਦਤੀ ਦਾ ਬਦਲਾ ਲੈਣ ਲਈ ਦੂਜੇ ਦੀ ਪੂਛ 'ਤੇ ਤੱਤਾ ਚਿਮਟਾ ਲਾਉਣਾ ਅਸੀਂ ਨਿਆਇਯੁਕਤ ਬਣਾ ਲਿਆ। ਜੇ ਸਾਡੀ 'ਪਹਿਲੀ ਬਾਤ' ਬਦਲਾ ਲੈਣ ਨੂੰ ਨਿਆਇਸੰਗਤ ਠਹਿਰਾਉਂਦੀ ਹੈ ਤਾਂ ਬਦਲਾ ਲੈਣਾ ਸਾਡੀ ਚੇਤਨਾ ਦਾ ਹਿੱਸਾ ਤਾਂ ਬਣਨਾ ਹੀ ਸੀ। ਸ਼ਾਇਦ ਏਸੇ ਕਰ ਕੇ ਅਸੀਂ 'ਬਦਲਾ ਲੈਣ' ਵਿਚ ਹੀ ਫ਼ਖ਼ਰ ਮਹਿਸੂਸ ਕਰਦੇ ਹਾਂ ਅਤੇ ਫੇਰ ਲਏ ਹੋਏ ਬਦਲਿਆਂ ਦੀਆਂ ਵਾਰਾਂ ਗਾਉਂਦੇ ਹਾਂ। ਸੈਂਕੜੇ ਸਾਲਾਂ ਤੋਂ ਅਸੀਂ ਬਦਲੇ ਦੀ ਸਿਆਸਤ ਕਰ ਰਹੇ ਹਾਂ। ਇਕ ਦੂਜੇ ਦਾ ਸਿਰ ਵੱਢਣ-ਵੱਢਣ ਖੇਡ ਰਹੇ ਹਾਂ।
ਅਸੀਂ 'ਬਦਲਾ ਲੈ ਕੇ ਕੱਟੇ ਹੋਏ ਸਿਰ' ਆਪਣੀ ਹਿੱਕ 'ਤੇ ਤਮਗ਼ਿਆਂ ਵਾਂਗ ਸਜਾ ਰੱਖੇ ਹਨ। ਇਹਨਾਂ ਤਮਗ਼ਿਆਂ ਦੀ ਚਮਕ ਨਾਲ ਚੁੰਧਿਆਈ ਸਾਡੀ ਨਜ਼ਰ ਨੂੰ ਸਾਡੇ ਗੁਰੂ ਦਾ ਚਿਹਰਾ ਦਿਸਣੋ ਹਟ ਗਿਆ ਹੈ।
ਬਦਲਾ ਲੈਣ ਦੀ ਥਾਂ ਅਸੀਂ ਮੁਆਫ਼ ਕਰਨਾ ਕਦੋਂ ਸਿੱਖਾਂਗੇ। ਸਿਰ ਲਾਹੁਣ ਨਾਲੋਂ ਕਿਸੇ ਦੇ ਸਿਰ ਉੱਤੇ ਰੱਖਿਆ ਹੱਥ ਸ਼ਾਇਦ ਗੁਰੂ ਨੂੰ ਜ਼ਿਆਦਾ ਚੰਗਾ ਲੱਗੇ!
ਇਹ ਉਹ ਖ਼ਿਆਲ ਸਨ ਜਿਹੜੇ ਆਪਣੇ ਡੂੰਘ ਵਿਚੋਂ ਮੈਨੂੰ ਉਸ ਪਲ ਲੱਭੇ ਜਦੋਂ ਸਰਗਮ ਨੇ ਸੁਣਾਈ ਬਾਤ ਨੂੰ ਉਲਟੇ ਰੁਖ਼ ਕਰ ਕੇ ਮੈਨੂੰ ਸਹਿਵਨ ਤੇ ਭੋਲੇ-ਭਾਅ ਹਕੀਕਤ ਦਾ ਨਵਾਂ ਚਿਹਰਾ ਵਿਖਾ ਦਿੱਤਾ ਸੀ।