Shaadan (Story in Punjabi) : Krishan Chander

ਸ਼ਾਦਾਂ (ਕਹਾਣੀ) : ਕ੍ਰਿਸ਼ਨ ਚੰਦਰ

ਸਾਰੇ ਇਲਾਕੇ ਵਿਚ ਇਹੋ ਜਿਹੀ ਵਾਰਦਾਤ ਨਾ ਪਹਿਲਾਂ ਕਦੀ ਹੋਈ ਸੀ, ਨਾ ਸੁਣੀ ਗਈ ਸੀ। ਜਿਹੜਾ ਵੀ ਸੁਣਦਾ ਸੀ, ਕੰਨਾਂ 'ਤੇ ਹੱਥ ਰੱਖ ਲੈਂਦਾ ਸੀ। ਪਿੰਡ ਰੱਪਾ ਦੀ ਇਕ ਵਿਧਵਾ ਜ਼ਨਾਨੀ ਸ਼ਾਦਾਂ ਨੇ ਪੁਲਸ ਦੇ ਇਕ ਸਿਪਾਹੀ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਕਹਿੰਦੇ ਨੇ, ਪੁਲਸ ਦਾ ਉਹ ਸਿਪਾਹੀ ਪਿੰਡ ਵਿਚ ਕਿਸੇ ਹੋਰ ਮਾਮਲੇ ਦੀ ਪੁੱਛ-ਪੜਤਾਲ ਲਈ ਆਇਆ ਸੀ ਤੇ ਰਾਤੀਂ ਰਹਿਣ ਲਈ ਉਸਨੇ ਸ਼ਾਦਾਂ ਦੇ ਘਰ ਜਾ ਡੇਰੇ ਲਾਏ ਸਨ। ਸੋਚਿਆ ਸੀ, ਰਾਤ ਚੰਗੀ ਲੰਘ ਜਾਏਗੀ ਤੇ ਅਗਲੇ ਦਿਨ ਪੁੱਛ-ਪੜਤਾਲ ਵੀ ਹੋ ਜਾਏਗੀ। ਨੰਬਰਦਾਰ ਨੇ ਠਾਣੇ ਦੇ ਉਸ ਸਿਪਾਹੀ ਨੂੰ ਬੜਾ ਰੋਕਿਆ ਕਿਉਂਕਿ ਉਸ ਸ਼ਾਦਾਂ ਦੇ ਸੁਭਾ ਬਾਰੇ ਬੜੀ ਚੰਗੀ ਤਰ੍ਹਾਂ ਜਾਣਦਾ ਸੀ ਤੇ ਇਕ ਵਾਰੀ ਆਪ ਵੀ ਸ਼ਾਦਾਂ ਦੇ ਹੱਥ ਦੇਖ ਚੁੱਕਿਆ ਸੀ। ਪਰ ਠਾਣੇ ਦਾ ਸਿਪਾਹੀ ਵੀ ਪੂਰਾ ਆਕੜਖਾਂ ਸੀ; ਬਿਲਕੁਲ ਨਹੀਂ ਮੰਨਿਆਂ। "ਅਜਿਹੀਆਂ ਬੜੀਆਂ ਤੀਵੀਂਆਂ ਦੇਖੀਆਂ ਨੇ ਰਜਬ ਅਲੀ ਨੇ...ਮੈਂ ਇਹਨਾਂ ਨੂੰ ਸਿਧਿਆਂ ਕਰਨ ਦੀ ਕਲਾ ਜਾਣਦਾ ਵਾਂ।" ਸਿਪਾਹੀ ਨੇ ਬੜੇ ਮਾਣ ਨਾਲ ਨੰਬਰਦਾਰ ਨੂੰ ਕਿਹਾ ਸੀ।
ਸ਼ਾਦਾਂ ਸਵਰਗੀ ਲਾਸਨਾਇਕ ਨਿਸਾਰ ਮੁਹੰਮਦ ਦੀ ਵਿਧਵਾ ਸੀ। ਦੋ ਸਾਲ ਪਹਿਲਾਂ ਉਸਦਾ ਪਤੀ ਮਹਾਂਯੁੱਧ ਵਿਚ ਮਾਰਿਆ ਗਿਆ ਸੀ। ਉਸਨੂੰ ਅੰਗਰੇਜ਼ੀ ਖਜਾਨੇ ਵਿਚੋਂ ਬਾਰਾਂ ਰੁਪਏ ਮਹੀਨਾ ਪੈਨਸ਼ਨ ਮਿਲਦੀ ਸੀ। ਇਹ ਪੈਨਸ਼ਨ ਹਰ ਮਹੀਨੇ ਅੰਗਰੇਜ਼ੀ ਡਾਕਖਾਨੇ ਵਿਚੋਂ ਹੁੰਦੀ ਹੋਈ ਰਿਆਸਤ ਦੇ ਡਾਕਖਾਨੇ ਵਿਚ ਆ ਜਾਂਦੀ ਸੀ ਤੇ ਸ਼ਾਦਾਂ ਹਰ ਮਹੀਨੇ ਦੀ ਪੰਜ ਤਾਰੀਖ ਨੂੰ ਕਾਰਾਟ ਦੇ ਡਾਕਘਰ ਵਿਚ ਜਾ ਕੇ ਪੈਨਸ਼ਨ ਲੈ ਆਉਂਦੀ ਸੀ। ਇਸ ਬਾਰਾਂ ਰੁਪਏ ਪੈਨਸ਼ਨ ਤੋਂ ਬਿਨਾਂ ਉਸ ਕੋਲ ਆਪਣੇ ਸਵਰਗੀ ਪਤੀ ਦੀ ਜ਼ਮੀਨ ਵੀ ਸੀ ਤੇ ਉਸ ਜ਼ਮੀਨ ਦਾ ਹਿੱਸਾ ਵੰਡਾਉਣ ਵਾਲਾ ਨਿਸਾਰ ਮੁਹੰਮਦ ਦਾ ਕੋਈ ਅੱਗੇ-ਪਿੱਛੇ ਰਿਸ਼ਤੇਦਾਰ ਵੀ ਨਹੀਂ ਸੀ। ਇਸ ਲਈ ਸ਼ਾਦਾਂ ਆਪਣੇ ਇਲਾਕੇ ਦੀ ਅਜਿਹੀ ਵਿਧਵਾ ਸੀ ਜਿਸ ਨਾਲ ਵਿਆਹ ਕਰਨ ਦੇ ਵਿਚਾਰ ਨਾਲ ਹੀ ਕਈ ਲੋਕਾਂ ਦੇ ਮੂੰਹ ਵਿਚ ਪਾਣੀ ਆਉਣ ਲੱਗ ਪੈਂਦਾ ਸੀ। ਸ਼ਾਦਾਂ ਸੁੱਣਖੀ ਵੀ ਖਾਸੀ ਸੀ, ਪਰ ਅਜੇ ਵਿਆਹ ਕਰਨ ਦਾ ਕੋਈ ਇਰਾਦਾ ਨਹੀਂ ਸੀ ਉਸਦਾ। ਉਸਦੇ ਪਤੀ ਨੂੰ ਮੋਇਆਂ ਕੁੱਲ ਦੋ ਵਰ੍ਹੇ ਹੀ ਹੋਏ ਸਨ ਤੇ ਨਾਲੇ ਇਹ ਗੱਲ ਵੀ ਹੈ ਸੀ ਕਿ ਜੇ ਉਸਨੇ ਵਿਆਹ ਕਰਵਾ ਲਿਆ ਤਾਂ ਤੁਰੰਤ ਪੈਨਸ਼ਨ ਬੰਦ ਹੋ ਜਾਨੀਂ ਸੀ। ਉਸ ਸਸਤਾ ਜ਼ਮਾਨਾਂ ਸੀ ਤੇ ਉਸ ਜ਼ਮਾਨੇ ਦੇ ਬਾਰਾਂ ਰੁਪਈਏ ਅੱਜ ਦੇ ਸੌ ਡੇਢ ਸੌ ਰੁਪਈਆਂ ਦੇ ਬਰਾਬਰ ਹੁੰਦੇ ਸਨ।
ਰਜਬ ਅਲੀ ਸ਼ਾਦਾਂ ਦੇ ਸਬੰਧ ਵਿਚ ਕੁਝ ਵਧੇਰੇ ਨਹੀਂ ਸੀ ਜਾਣਦਾ। ਉਸਨੇ ਕਿਸੇ ਮਨਚਲੇ ਤੋਂ ਸਿਰਫ ਏਨਾਂ ਸੁਣ ਲਿਆ ਸੀ ਕਿ ਪਿੰਡ ਰੱਪਾ ਵਿਚ ਇਕ ਅਤਿ ਸੁੰਦਰ ਵਿਧਵਾ ਰਹਿੰਦੀ ਹੈ, ਜਿਸਦਾ ਨਾਂ ਸ਼ਾਦਾਂ ਹੈ। ਰਜਬ ਅਲੀ ਲਈ ਬਸ ਏਨਾਂ ਹੀ ਕਾਫੀ ਸੀ। ਜਦੋਂ ਉਹ ਰੱਪਾ ਪਿੰਡ ਵਿਚ ਪੁੱਛਗਿੱਛ ਦੇ ਸਬੰਧ ਵਿਚ, ਆਪਣੀ ਬੰਦੂਕ ਚੁੱਕ ਕੇ ਜਾਣ ਲਈ ਰਵਾਨਾਂ ਹੋਣ ਲੱਗਿਆ ਤਾਂ ਉਸਨੇ ਪੱਕੀ ਧਾਰ ਲਈ ਕਿ ਰਾਤ ਸ਼ਾਦਾਂ ਦੇ ਘਰ ਹੀ ਮਹਿਮਾਨ ਬਣ ਕੇ ਕੱਟੇਗਾ।
ਸ਼ਾਦਾਂ ਨੂੰ ਰਜਬ ਅਲੀ ਦੀ ਗੱਲਬਾਤ ਦਾ ਢੰਗ, ਉਸਦੇ ਤੌਰ-ਤਰੀਕੇ, ਉਸਦੀ ਹੈਂਕੜੀ ਬਿਲਕੁਲ ਹੀ ਪਸੰਦ ਨਹੀਂ ਸੀ ਆਈ। ਪਰ ਰਜਬ ਅਲੀ ਸਰਕਾਰੀ ਕਰਮਚਾਰੀ ਸੀ। ਇਸ ਲਈ ਉਸਦੀ ਪ੍ਰਾਹੁਣਾਚਾਰੀ ਦੇ ਸਬੰਧ ਵਿਚ ਜੋ ਕੁਝ ਵੀ ਉਸਤੋਂ ਸਰਿਆ, ਉਸਨੇ ਕਰ ਦਿੱਤਾ। ਉਸਨੇ ਆਪਣੇ ਸਵਰਗੀ ਪਤੀ ਦਾ ਬਿਸਤਰਾ ਕੱਢਿਆ ਤੇ ਘਰ ਦੇ ਸਭ ਨਾਲੋਂ ਚੰਗੇ ਮੰਜੇ ਉੱਤੇ ਵਿਛਾਅ ਦਿੱਤਾ। ਸਿਪਾਹੀ ਲਈ ਇਕ ਮੁਰਗੀ ਹਲਾਲ ਕੀਤੀ ਤੇ ਮੱਕੀ ਦੀਆਂ ਰੋਟੀਆਂ ਆਪ, ਆਪਣੇ ਹੱਥੀਂ ਬਣਾਈਆਂ। ਇਹਨਾਂ ਗੱਲਾਂ ਤੋਂ ਰਜਬ ਅਲੀ ਬੜਾ ਪ੍ਰਸੰਨ ਹੋਇਆ ਤੇ ਆਪਣੀਆਂ ਮੁੱਛਾਂ ਨੂੰ ਤਾਅ ਦੇਂਦਿਆਂ ਹੋਇਆਂ ਸ਼ਾਦਾਂ ਦੇ ਸੁਡੌਲ ਪਰ ਲਚਕਦਾਰ ਸਰੀਰ ਨੂੰ ਅਤਿ ਡੂੰਘੀਆਂ ਤੇ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਦੇਖਦਾ ਰਿਹਾ।
ਦੂਜੇ ਦਿਨ ਸ਼ਾਦਾਂ ਦੇ ਘਰ ਮੂਹਰੇ ਰਜਬ ਅਲੀ ਦੀ ਲਾਸ਼ ਪਈ ਮਿਲੀ ਤੇ ਸ਼ਾਦਾਂ ਸਿਪਾਹੀ ਦੀ ਬੰਦੂਕ ਲੈ ਕੇ ਫਰਾਰ ਹੋ ਚੁੱਕੀ ਸੀ।
ਕੋਹਾਨੇ ਦਾ ਠਾਣੇਦਾਰ ਹਸ਼ਮਤ ਅਲੀ ਫੌਰਨ ਦੋ ਹਵਾਲਦਾਰ ਤੇ ਦੋ ਸਿਪਾਹੀ ਨਾਲ ਲੈ ਕੇ ਘਟਨਾ ਸਥਾਨ ਵੱਲ ਰਵਾਨਾ ਹੋ ਲਿਆ। ਪਿੰਡ ਰੱਪਾ ਕੋਹਾਨੇ ਤੋਂ ਦੱਖਣ ਵੱਲ ਪੰਦਰਾਂ ਕੁ ਮੀਲ ਦੀ ਦੂਰੀ ਉੱਤੇ ਸਥਿਤ ਸੀ। ਜੇਹਲਮ ਨਦੀ ਉਸਦੇ ਧਾਈਂ ਦੇ ਖੇਤਾਂ ਦੇ ਕੋਲ ਦੀ ਹੋ ਕੇ ਲੰਘਦੀ ਸੀ। ਇੱਥੇ ਆ ਕੇ ਜੇਹਲਮ ਦਾ ਪਾਟ ਬੜਾ ਚੌੜਾ ਹੋ ਜਾਂਦਾ ਸੀ ਤੇ ਇਸਨੂੰ ਪਾਰ ਕਰਕੇ ਅੰਗਰੇਜ਼ੀ ਇਲਾਕੇ ਵਿਚ ਜਾਣ ਲਈ ਇਕ ਬੇੜੀ ਵਿਚ ਜਾਣਾ ਪੈਂਦਾ ਸੀ। ਪਹਿਲਾਂ ਤਾਂ ਬੇੜੀ ਦੇ ਮਲਾਹ ਅੱਲਾਦਾਦ ਨੂੰ ਪੁੱਛ ਕੇ ਉਸਨੇ ਇਸ ਗੱਲ ਦੀ ਤਸੱਲੀ ਕਰ ਲਈ ਕਿ ਸ਼ਾਦਾਂ ਅੰਗਰੇਜ਼ੀ ਇਲਾਕੇ ਵੱਲ ਨਹੀਂ ਸੀ ਗਈ। ਇਸ ਜਗ੍ਹਾ ਤੋਂ ਬਿਨਾਂ ਕਿਸੇ ਹੋਰ ਜਗਾਹ ਨਦੀ ਦਾ ਪਾਟ ਐਨਾਂ ਚੌੜਾ ਨਹੀਂ ਸੀ ਜਿਸਨੂੰ ਪਾਰ ਕਰਨ ਲਈ ਬੇੜੀ ਪਾਈ ਗਈ ਹੋਵੇ ਤੇ ਨਦੀਆਂ ਦੀਆਂ ਲਹਿਰਾਂ ਵਿਚ ਏਨਾਂ ਉਛਾਲ ਹੁੰਦਾ ਸੀ ਕਿ ਉਸਨੂੰ ਤੈਰ ਕੇ ਪਾਰ ਕਰ ਜਾਣ ਦਾ ਸਵਾਲ ਹੀ ਨਹੀਂ ਸੀ ਪੈਦਾ ਹੁੰਦਾ। ਫੇਰ ਵੀ ਸਾਵਧਾਨੀ ਵਜੋਂ ਹਸ਼ਮਤ ਅਲੀ ਨੇ ਇੱਥੋਂ ਇਕ ਹਵਾਲਦਾਰ ਤੇ ਇਕ ਸਿਪਾਹੀ ਨੂੰ ਅੰਗਰੇਜ਼ੀ ਇਲਾਕੇ ਵੱਲ ਪੁੱਛ-ਪੜਤਾਲ ਕਰਨ ਲਈ ਭੇਜ ਦਿੱਤਾ ਤੇ ਆਪ ਇਕ ਹਵਾਲਦਾਰ ਤੇ ਇਕ ਸਿਪਾਹੀ ਨਾਲ ਪਿੰਡ ਰੱਪਾ ਵੱਲ ਰਵਾਨਾ ਹੋ ਗਿਆ। ਰੱਪਾ ਪਿੰਡ ਉਪਰਲੀਆਂ ਘਾਟੀਆਂ ਵਿਚਾਲੇ ਵੱਸਿਆ ਹੋਇਆ ਸੀ। ਉਸ ਤੋਂ ਉਪਰ ੧੧ ਹਜ਼ਾਰ ਫੁੱਟ ਉੱਚਾ ਕਾਲਾ ਸਰਾਏ ਦਾ ਪਹਾੜ ਸੀ, ਜਿਸ ਦੀਆਂ ਚੋਟੀਆਂ ਉੱਤੇ ਹਮੇਸ਼ਾ ਬਰਫ਼ ਜੰਮੀ ਰਹਿੰਦੀ ਸੀ।
ਹਸ਼ਮਤ ਅਲੀ ਬੜਾ ਖੂੰਖਾਰ ਠਾਣੇਦਾਰ ਸੀ। ਡਾਕੂਆਂ ਤੇ ਫ਼ਰਾਰ ਹੋ ਜਾਣ ਵਾਲਿਆਂ ਨੂੰ ਫੜ੍ਹਨ ਵਿਚ ਉਸਦਾ ਮੁਕਾਬਲਾ ਕਰਨ ਵਾਲਾ ਹੋਰ ਕੋਈ ਨਹੀਂ ਸੀ। ਉਹ ਧੁੰਦਲੀਆਂ ਤੋਂ ਧੁੰਦਲੀਆਂ ਪੈੜਾਂ ਦੇ ਨਿਸ਼ਾਨ ਪਛਾਣ ਲੈਣ ਵਿਚ ਮਾਹਰ ਸੀ। ਲੋਕ ਤਾਂ ਇੱਥੋਂ ਤੱਕ ਵੀ ਕਹਿੰਦੇ ਸਨ ਕਿ ਫ਼ਰਾਰ ਦੇ ਸਰੀਰ ਦੀ ਬੂ ਨੂੰ ਅੱਧੇ ਮੀਲ ਦੀ ਦੂਰੀ ਤੋਂ ਹੀ ਕਿਸੇ ਕੁੱਤੇ ਵਾਂਗ ਸੁੰਘ ਲੈਂਦਾ ਸੀ ਉਹ। ਚਲੋ, ਇਹ ਤਾਂ ਹੋਊ ਅਤਿਕੱਥਨੀ...ਪਰ ਇਸ ਵਿਚ ਕੋਈ ਸ਼ੱਕ ਨਹੀਂ ਸੀ ਕਿ ਉਸਦਾ ਵਧੇਰੇ ਸਮਾਂ ਡਾਕੂਆਂ ਨਾਲ ਮੁਕਾਬਲੇ ਕਰਨ ਤੇ ਫ਼ਰਾਰ ਲੋਕਾਂ ਨੂੰ ਫੜ੍ਹਨ ਵਿਚ ਹੀ ਬੀਤਿਆ ਸੀ। ਉਸਦੇ ਸਰੀਰ ਉੱਤੇ ਗੋਲੀਆਂ ਦੇ ਕਈ ਨਿਸ਼ਾਨ ਸਨ। ਕਈ ਵਾਰੀ ਤਾਂ ਡਾਕੂ ਉਸਨੂੰ ਮੁਰਦਾ ਸਮਝ ਕੇ ਛੱਡ ਗਏ ਸਨ। ਪਰ ਉਸਦੇ ਸਰੀਰ ਵਿਚ ਗੈਂਡੇ ਦੇ ਸਰੀਰ ਵਾਂਗ ਗੋਲੀਆਂ ਦੇ ਜਖਮਾਂ ਨੂੰ ਭਰ ਦੇਣ ਦੀ ਯੋਗਤਾ ਸੀ। ਉਹ ਆਪਣੀ ਧੁਨ ਦਾ ਪੱਕਾ, ਹਠੀ ਤੇ ਈਮਾਨਦਾਰ ਸੀ। ਇਸ ਲਈ ਉਸਨੇ ਅੱਜ ਤੱਕ ਸ਼ਾਦੀ ਨਹੀਂ ਸੀ ਕੀਤੀ। ਕਹਿੰਦਾ ਸੀ, 'ਜੇ ਘਰ ਵਿਚ ਜ਼ਨਾਨੀ ਆ ਜਾਏ ਤੇ ਬੱਚੇ ਹੋ ਜਾਣ, ਤਾਂ ਠਾਣੇਦਾਰ ਦੇ ਦਿਲ ਵਿਚ ਆਪਣੇ ਆਪ ਬੇਈਮਾਨੀ ਆ ਜਾਂਦੀ ਏ। ਆਪਣੇ ਛੋਟੇ ਛੋਟੇ ਬੱਚਿਆਂ ਨੂੰ ਦੇਖ ਕੇ ਕਿਸ ਦਾ ਦਿਲ ਡਾਕੂਆਂ ਨਾਲ ਪੰਗਾ ਲੈਣ ਨੂੰ ਕਰੇਗਾ? ਹੁਸ਼...ਇਹ ਜ਼ਨਾਨੀਆਂ ਆਦਮੀ ਨੂੰ ਹਮੇਸ਼ਾ ਬੇਈਮਾਨੀ ਤੇ ਰਿਸ਼ਵਤਖੋਰੀ ਲਈ ਉਕਸਾਉਂਦੀਆਂ ਨੇ। ਮੂੰਹੋਂ ਕੁਝ ਨਹੀਂ ਕਹਿਣਗੀਆਂ, ਪਰ ਆਪਣੀਆਂ ਮੰਗਾਂ ਨਾਲ ਸਦਾ ਬੇਈਮਾਨੀ ਕਰਨ ਲਈ ਉਕਸਾਉਂਦੀਆਂ ਰਹਿਣਗੀਆਂ।' ਅਸਲ ਵਿਚ ਹਸ਼ਮਤ ਅਲੀ ਨੂੰ ਘਰੇਲੂ ਜੀਵਨ ਤੇ ਜ਼ਨਾਨੀਆਂ ਨਾਲ ਨਫਰਤ ਜਿਹੀ ਸੀ। ਉਸਨੂੰ ਖੁੱਲ੍ਹੀ ਡੁੱਲ੍ਹੀ ਹਵਾ, ਆਪਣੀ ਬੰਦੂਕ ਤੇ ਸੰਘਰਸ਼ ਦਾ ਜੀਵਨ ਪਸੰਦ ਸੀ।
ਰੰਪਾ ਪਿੰਡ ਵਿਚ ਆ ਕੇ ਉਸਨੇ ਪਹਿਲਾਂ ਸਾਰੇ ਪਿੰਡ ਨੂੰ ਨਰੜ ਲਿਆ। ਬਦਮਾਸ਼ਾਂ ਨੂੰ ਜੁੱਤੀਆਂ ਮਰਵਾਈਆਂ ਤੇ ਸ਼ਰੀਫ਼ਾਂ ਨੂੰ ਮੁਰਗਾ ਬਣਾਇਆ ਤੇ ਸਾਰਾ ਦਿਨ ਲੋਕਾਂ ਨੂੰ ਸਵਾਲ ਪੁੱਛਦਾ ਰਿਹਾ। ਸਾਰੇ ਦਿਨ ਦੀ ਤਹਕੀਕਾਤ ਤੋਂ ਉਸਨੂੰ ਏਨਾਂ ਤਾਂ ਪਤਾ ਲੱਗ ਗਿਆ ਕਿ ਸ਼ਾਦਾਂ ਦੇ ਬਿਨਾਂ ਕੋਈ ਹੋਰ ਆਦਮੀ ਇਸ ਕਤਲ ਵਿਚ ਸ਼ਾਮਲ ਨਹੀਂ ਸੀ ਤੇ ਨਾ ਹੀ ਸ਼ਾਦਾਂ ਦੇ ਫ਼ਰਾਰ ਹੋਣ ਵਿਚ ਉਹਨਾਂ ਕੋਈ ਸਹਾਇਤਾ ਕੀਤੀ ਸੀ। ਫੇਰ ਵੀ ਸਾਵਧਾਨੀ ਵਜੋਂ ਉਸਨੇ ਇਕ ਹਵਾਲਦਾਰ ਤੇ ਇਕ ਸਿਪਾਈ ਨੂੰ ਪਿੰਡ ਵਿਚ ਛੱਡ ਦਿੱਤਾ ਤੇ ਖ਼ੁਦਾ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਤੁਰ ਪਿਆ, ਜਿੱਥੇ ਉਸਨੂੰ ਪੈਰਾਂ ਦੇ ਮੱਧਮ ਜਿਹੇ ਨਿਸ਼ਾਨ ਮਿਲੇ ਸਨ।
ਰਾਤ ਨੂੰ ਉਹ ਉਪਰ ਚੀਲ ਦੇ ਜੰਗਲ ਵਿਚ ਇਕ ਲੱਕੜਹਾਰੇ ਕਿਸਾਨ ਦੇ ਘਰ ਰਿਹਾ। ਘੰਟਿਆਂ ਦੀ ਗੱਲਬਾਤ ਪਿੱਛੋਂ ਉਸਨੂੰ ਪਤਾ ਲੱਗਿਆ ਕਿ ਸ਼ਾਦਾਂ ਇੱਥੇ ਨਹੀਂ ਆਈ, ਪਰ ਕਿਸਾਨ ਨੇ ਸ਼ਾਮ ਢਲ੍ਹਦਿਆਂ ਹੀ ਘਾਟੀ ਦੇ ਦੂਜੇ ਪਾਸੇ ਰਾਈਫਲ ਚੱਲਣ ਦੀ ਆਵਾਜ਼ ਸੁੱਣੀ ਸੀ। ਇਸ ਲਈ ਰਾਤ ਨੂੰ ਉਹ ਉਸ ਕਿਸਾਨ ਦੇ ਘਰ ਹੀ ਰਹਿ ਪਿਆ। ਸਵੇਰੇ ਪਹੁ-ਫੁਟਾਲੇ ਦੇ ਨਾਲ ਹੀ ਘਾਟੀ ਦੇ ਦੂਜੇ ਪਾਸੇ ਜਾਣ ਲਈ ਰਵਾਨਾ ਹੋ ਗਿਆ, ਜਿੱਥੇ ਕਾਊ ਤੇ ਚੀਲ ਦੇ ਸੰਘਣੇ ਜੰਗਲ ਵਿਚਕਾਰ ਲਾਲ ਕੱਸੀ ਵਗਦੀ ਹੈ ਤੇ ਜਿਸਦੇ ਉਸ ਪਾਰ ਕਾਲਾ ਸਰਾਏ ਦਾ ਉੱਚਾ ਪਹਾੜ ਸੀ।
ਜੰਗਲ ਜੰਗਲ ਉਤਰਦਾ ਹੋਇਆ ਅਖ਼ੀਰ ਉਹ ਲਾਲ ਕੱਸੀ ਤਕ ਪਹੁੰਚ ਗਿਆ, ਜਿਸਦਾ ਪਾਣੀ ਉਤਰੀ ਪਹਾੜ ਦੀ ਲਾਲ ਮਿੱਟੀ ਵਹਾਅ ਲਿਆਉਣ ਕਰਕੇ ਹਮੇਸ਼ਾ ਲਾਲ ਰਹਿੰਦਾ ਸੀ। ਹਸ਼ਮਤ ਖਾਸੀ ਦੇਰ ਤਕ ਇਸ ਕੱਸੀ ਦੁਆਲੇ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਜਗ੍ਹਾ ਪੈਰਾਂ ਦੇ ਨਿਸ਼ਾਨ ਮਿਲ ਹੀ ਗਏ ਤੇ ਉਹ ਨਿਸ਼ਾਨ ਹੂ-ਬ-ਹੂ ਉਹਨਾਂ ਨਿਸ਼ਾਨਾਂ ਨਾਲ ਮਿਲਦੇ ਸਨ ਜਿਹੜੇ ਸ਼ਾਦਾਂ ਦੇ ਘਰ ਤੋਂ ਘਾਟੀ ਵੱਲ ਆਉਂਦਿਆਂ ਉਸਨੇ ਦੇਖੇ ਸਨ। ਹਸ਼ਮਤ ਅਲੀ ਉਹ ਨਿਸ਼ਾਨ ਵੇਖ ਕੇ ਬੜਾ ਖੁਸ਼ ਹੋਇਆ ਤੇ ਰਾਈਫਲ ਮੋਢ ਉੱਤੇ ਠੀਕ ਕਰਦਾ ਹੋਇਆ ਲਾਲ ਕੱਸੀ ਪਾਰ ਗਿਆ।
ਘਾਟੀ ਘਾਟੀ ਚੜ੍ਹਦਾ ਹੋਇਆ ਉਹ ਉਪਰ ਸਿਲਵਰ ਫਰ ਦੇ ਜੰਗਲ ਵਿਚ ਪਹੁੰਚ ਗਿਆ। ਸਿਲਵਰ ਫਰ ਦੇ ਮਜ਼ਬੂਤ ਤਣੇ ਸੰਤਰੀਆਂ ਵਾਂਗ ਖੜ੍ਹੇ ਸਨ ਤੇ ਉਹਨਾਂ ਉੱਤੇ ਹਰੇਵਾਈ ਦੇ ਇਲਾਵਾ ਜੰਗਲੀ ਵੇਲਾਂ ਚੜ੍ਹੀਆਂ ਹੋਈਆਂ ਸਨ। ਇੱਥੇ ਸੂਰਜ ਦੀ ਰੌਸ਼ਨੀ ਦੂਰੋਂ ਉਪਰੋਂ ਛਣ ਕੇ ਹਰੀ ਭਾਅ ਦੀ ਮੱਸ ਲਈ ਪਹੁੰਚਦੀ ਸੀ। ਜੰਗਲ ਵਿਚ ਚਾਰੇ ਪਾਸੇ ਏਨੀ ਗੂੜ੍ਹੀ ਚੁੱਪ ਵਾਪਰੀ ਹੋਈ ਸੀ ਕਿ ਉਹ ਆਪਣੇ ਦੱਬਵੇਂ ਪੈਰਾਂ ਦੀ ਚਾਪ ਤਕ ਸੁਣ ਸਕਦਾ ਸੀ। ਦੇਰ ਤਕ ਉਹ ਇਹਨਾਂ ਜੰਗਲਾਂ ਵਿਚ ਘੁੰਮਦਾ ਰਿਹਾ। ਅਖ਼ੀਰ ਉਸਨੂੰ ਇਕ ਕੰਡੇਦਾਰ ਝਾੜੀ ਵਿਚ ਫੁਲਦਾਰ ਲਾਲ ਸੂਸੀ ਦਾ ਇਕ ਛੋਟਾ ਜਿਹਾ ਟੁਕੜਾ ਮਿਲ ਗਿਆ, ਜਿਹੜਾ ਹੋ ਸਕਦਾ ਏ ਸ਼ਾਦਾਂ ਦੀ ਮੁਗਲਈ ਸ਼ਲਵਾਰੇ ਦੇ ਕੰਡੇਦਾਰ ਝਾੜੀਆਂ ਵਿਚ ਉਲਝ ਜਾਣ ਕਾਰਕੇ ਉੱਥੇ ਹੀ ਫਸਿਆ ਰਹਿ ਗਿਆ ਹੋਏ। ਹਸ਼ਮਤ ਅਲੀ ਖਾਨ ਬੜਾ ਖੁਸ਼ ਹੋਇਆ। ਬੜੀ ਦੇਰ ਤਕ ਬੜੇ ਗਹੁ ਨਾਲ ਉਹ ਇਸ ਸੂਸੀ ਦੇ ਟੁਕੜੇ ਨੂੰ ਦੇਖਦਾ ਰਿਹਾ, ਫੇਰ ਅੱਗੇ ਵਧ ਗਿਆ। ਜੰਗਲ ਵਿਚ ਅੱਗੇ ਜਾ ਕੇ ਉਸਨੂੰ ਚਟਾਨ ਵਿਚਕਾਰ ਕੁਝ ਅੱਧ ਮੱਚੀਆਂ ਲੱਕੜਾਂ ਤੇ ਸਵਾਹ ਨਜ਼ਰ ਆਈ। ਹਸ਼ਮਤ ਅਲੀ ਦਾ ਦਿਲ ਖੁਸ਼ੀ ਵੱਸ ਬੁੜ੍ਹਕਣ ਲੱਗਿਆ। ਉਸਨੇ ਚਾਰੇ ਪਾਸੇ ਬੜੇ ਗੌਰ ਨਾਲ ਦੇਖਿਆ। ਲੱਗਦਾ ਸੀ, ਸ਼ਾਦਾਂ ਨੇ ਰਾਤ ਇੱਥੇ ਹੀ ਕੱਟੀ ਸੀ। ਹੁਣ ਉਹ ਇੱਥੋਂ ਕਿਸ ਪਾਸੇ ਗਈ ਹੋਵੇਗੀ...?
ਬੜੀ ਸੋਚ ਵਿਚਾਰ ਕਰਨ ਪਿੱਛੋਂ ਉਹ ਉਤਰ ਵੱਲ ਜਾਂਦੇ ਇਕ ਰਸਤੇ ਉੱਤੇ ਤੁਰ ਪਿਆ। ਇਹ ਰਾਸਤਾ ਬੜਾ ਔਖਾ ਸੀ ਤੇ ਨੰਗੀਆਂ ਚਟਾਨਾਂ ਉੱਤੋਂ ਦੀ ਹੁੰਦਾ ਹੋਇਆ ਕਾਲਾ ਸਰਾਏ ਦੀ ਘਾਟੀ ਵੱਲ ਜਾਂਦਾ ਸੀ, ਜਿੱਥੇ ਗਰਮੀਆਂ ਵਿਚ ਹਰੀ ਤੇ ਤਾਜ਼ਾ ਘਾਹ ਦੇ ਵੱਡੇ-ਵੱਡੇ ਚਰਾਂਦ ਮਿਲਦੇ ਸਨ। ਜਿੱਥੇ ਚਰਵਾਹੇ ਦੂਰੋਂ ਦੂਰੋਂ ਆਪਣੀਆਂ ਭੇਡਾਂ ਚਰਾਉਣ ਲਈ ਲੈ ਆਉਂਦੇ ਸਨ ਤੇ ਜਿਹੜੀ ਏਹਨੀ ਦਿਨੀਂ ਬਰਫ ਨਾਲ ਢਕੀ ਰਹਿੰਦੀ ਹੈ। ਇਹਨਾਂ ਘਾਟੀਆਂ ਤੋਂ ਉਪਰ ਕਾਲਾ ਸਰਾਏ ਦੀਆਂ ਪਥਰੀਲੀਆਂ ਤੇ ਬਰਫ਼ੀਲੀਆਂ ਚੋਟੀਆਂ ਸਨ, ਜਿਹੜੀਆਂ ਗੂੜ੍ਹੇ ਬੱਦਲਾਂ ਨਾਲ ਢਕੀਆਂ ਰਹਿੰਦੀਆਂ ਸਨ।
ਸਰਦੀ ਵਧਦੀ ਜਾ ਰਹੀ ਸੀ। ਉਪਰੀਆਂ ਚੋਟੀਆਂ ਤੋਂ ਤਿਲ੍ਹਕ ਕੇ ਧੁੰਦ ਹੇਠਾਂ ਵੱਲ ਜਾ ਰਹੀ ਸੀ। ਇਸ ਅੱਧ-ਪਾਰਦਰਸ਼ੀ ਧੁੰਦ ਵਿਚ ਕਾਲਾ ਸਰਾਏ ਦੀਆਂ ਛਿੱਲੀਆਂ-ਭੁਰੀਆਂ ਚੋਟੀਆਂ ਕਿਸੇ ਪਹਾੜੀ ਕਿਲੇ ਦੇ ਕੀਂਗਰਿਆਂ ਵਰਗੀਆਂ ਨਜ਼ਰ ਆ ਰਹੀਆਂ ਸਨ। ਹੌਲੀ ਹੋਲੀ ਜਿਉਂ ਜਿਉਂ ਉਹ ਉਪਰ ਚੜ੍ਹਦਾ ਗਿਆ, ਧੁੰਦ ਸੰਘਣੀ ਹੁੰਦੀ ਗਈ ਤੇ ਸਰਦੀ ਵੀ ਵਧਦੀ ਗਈ। ਹਸ਼ਮਤ ਨੇ ਮਹਿਸੂਸ ਕੀਤਾ ਕਿ ਉਸਨੂੰ ਆਪਣਾ ਓਵਰ ਕੋਟ ਵੀ ਨਾਲ ਲਿਆਉਣਾ ਚਾਹੀਦਾ ਸੀ। ਪਰ ਉਸਨੂੰ ਕੀ ਪਤਾ ਸੀ ਕਿ ਇਸ ਭਗੌੜੀ ਦੀ ਭਾਲ ਵਿਚ ਏਨੀ ਉਚਾਈ ਤਕ ਆਉਣਾ ਪਏਗਾ। ਪਤਾ ਹੁੰਦਾ ਤਾਂ ਇਸ ਹਿਸਾਬ ਨਾਲ ਤਿਆਰ ਹੋ ਕੇ ਆਉਂਦਾ। ਘੱਟੋਘੱਟ ਇਕ ਸਿਪਾਹੀ, ਖਾਣ ਪੀਣ ਤੇ ਹੋਰ ਜ਼ਰੂਰੀ ਸਾਮਾਨ ਨਾਲ ਲੱਦਿਆ ਉਸਦੇ ਨਾਲ ਹੁੰਦਾ। ਪਰ ਉਸਨੇ ਹਵਾਲਦਾਰ ਤੇ ਸਿਪਾਹੀ ਦੋਵਾਂ ਨੂੰ ਹੀ ਹੇਠਾਂ ਛੱਡ ਦਿੱਤਾ ਸੀ ਜੋ ਉਸਦੀ ਮੂਰਖਤਾ ਹੀ ਸੀ।
ਧੁੰਦ ਗੂੜ੍ਹੀ ਹੁੰਦੀ ਗਈ, ਉਸਦੇ ਪੈਰ ਬਰਫ਼ ਉੱਤੇ ਪੈਣ ਲੱਗੇ। ਫੇਰ ਨਿੱਕੀ-ਨਿੱਕੀ ਕਣੀ ਦਾ ਬੇਆਵਾਜ਼ ਮੀਂਹ ਸ਼ੁਰੂ ਹੋ ਗਿਆ। ਕਿਤੇ ਕਿਤੇ ਉਸਦੇ ਪੈਰ ਬਰਫ਼ ਵਿਚ ਧਸ ਜਾਂਦੇ ਸਨ। ਉਸਦੇ ਚਾਰੇ ਪਾਸੇ ਧੁੰਦ ਦੀ ਚਾਦਰ ਏਨੀ ਮੋਟੀ ਹੋ ਚੱਲੀ ਸੀ ਕਿ ਤਿੰਨ ਗਜ ਤੋਂ ਅੱਗੇ ਰਸਤਾ ਦਿਖਾਈ ਨਹੀਂ ਸੀ ਦੇ ਰਿਹਾ। ਉਹ ਸਿਰਫ ਦਿਸ਼ਾ ਨੂੰ ਧਿਆਨ ਵਿਚ ਰੱਖ ਕੇ ਤੁਰ ਰਿਹਾ ਸੀ। ਪਰ ਧੁੰਦ ਦੀ ਲਪੇਟ ਵਿਚ ਆ ਕੇ ਹੁਣ ਉਸਨੂੰ ਇਹ ਵਿਸ਼ਵਾਸ ਵੀ ਨਹੀਂ ਸੀ ਰਿਹਾ ਕਿ ਉਹ ਠੀਕ ਦਿਸ਼ਾ ਵਿਚ ਜਾ ਰਿਹਾ ਹੈ ਜਾਂ ਗ਼ਲਤ ਦਿਸ਼ਾ ਵੱਲ ਵਧ ਰਿਹਾ ਹੈ।
ਅਚਾਨਕ ਇਕ ਚਟਾਨ ਤੋਂ ਉਸਦਾ ਪੈਰ ਤਿਲ੍ਹਕਿਆ ਤੇ ਉਸਨੇ ਸੰਭਲਣ ਲਈ ਆਪਣੇ ਪਿਛਲੇ ਕਦਮ ਵਿਚ ਅਗਲੇ ਕਦਮ ਨੂੰ ਮਿਲਾ ਦਿੱਤਾ, ਤੇ ਐਨ ਉਸੇ ਸਮੇਂ ਉਸਨੂੰ ਮਹਿਸੂਸ ਹੋਇਆ ਕਿ ਉਸਦੇ ਦੋਵੇਂ ਪੈਰ ਹਵਾ ਵਿਚ ਲਟਕੇ ਹੋਏ ਨੇ ਤੇ ਉਹ ਹੇਠਾਂ ਵੱਲ ਡਿਗਿਆ ਜਾ ਰਿਹਾ ਹੈ। ਉਸਨੇ ਦੋਵੇਂ ਪਾਸੇ ਚਟਾਨਾਂ ਨੂੰ ਫੜ੍ਹਨ ਲਈ ਹੱਥ ਪੈਰ ਮਾਰੇ ਪਰ ਕਿਤੇ ਹੱਥ ਨਾ ਪਿਆ। ਉਹ ਪੰਜਾਹ ਫੁੱਟ ਡੂੰਘੀ ਇਕ ਖੱਡ ਵਿਚ ਜਾ ਡਿੱਗਿਆ। ਚੰਗੇ ਭਾਗਾਂ ਨੂੰ ਖੱਡ ਵਿਚ ਬਰਫ਼ ਸੀ, ਨਹੀਂ ਤਾਂ ਉਸਦੀ ਹੱਡੀ-ਪਸਲੀ ਟੁੱਟ ਜਾਂਦੀ। ਫੇਰ ਵੀ ਉਸਨੂੰ ਕਈ ਜਗ੍ਹਾ ਝਰੀਟਾਂ-ਰਗੜਾਂ ਲੱਗੀਆਂ ਤੇ ਸੱਜੇ ਪੈਰ ਦੀ ਅੱਡੀ ਬਰਫ ਵਿਚੋਂ ਉਭਰੀ ਹੋਈ ਇਕ ਚਟਾਨ ਨਾਲ ਟਕਰਾ ਕੇ ਕੱਟੀ ਗਈ ਤੇ ਉੱਥੋਂ ਖ਼ੂਨ ਵਗਣ ਲੱਗ ਪਿਆ। ਉਸਨੇ ਖੜ੍ਹਾ ਹੋਣ ਦੀ ਕੋਸ਼ਿਸ਼ ਕੀਤੀ, ਪਰ ਉਹ ਮੁੜ ਖੱਡ ਵਿਚ ਡਿੱਗ ਪਿਆ।
ਉਹ ਦੇਰ ਤਕ ਉਸ ਖੱਡ ਵਿਚ ਪਿਆ ਹੌਂਕਦਾ ਰਿਹਾ। ਹੁਣ ਮੀਂਹ ਬੰਦ ਹੋ ਚੁੱਕਿਆ ਸੀ ਤੇ ਬਰਫ਼ ਪੈਣ ਲੱਗ ਪਈ ਸੀ। ਸਰਦੀ ਨਾਲ ਉਸਦਾ ਸਾਰਾ ਸਰੀਰ ਸੁੰਨ ਹੁੰਦਾ ਜਾ ਰਿਹਾ ਸੀ। ਕਿਸਮਤ ਨਾਲ ਉਸਦੇ ਦੋਵੇਂ ਹੱਥ ਸਲਾਮਤ ਸਨ। ਉਹ ਆਪਣੇ ਦੋਵਾਂ ਹੱਥਾਂ ਨੂੰ ਪੂਰੇ ਜ਼ੋਰ ਨਾਲ ਇਕ ਦੂਜੇ ਨਾਲ ਮੇਲ ਕੇ ਘਿਸਟਦਾ ਹੋਇਆ ਚਟਾਨਾਂ ਦੀ ਥਹੁ ਲੈਂਦਾ, ਖੱਡ ਦੀ ਦੂਜੀ ਕੰਧ ਉਪਰ ਚੜ੍ਹਨ ਲੱਗਾ। ਵਿਚਕਾਰ ਦੇਵਦਾਰ ਦਾ ਇਕ ਛੋਟਾ ਜਿਹਾ ਰੁੱਖ ਬਰਫ਼ ਵਿਚੋਂ ਬਾਹਰ ਨਿਕਲਿਆ ਹੋਇਆ ਦਿਖਾਈ ਦਿੱਤਾ। ਉਸਦੇ ਤਣੇ ਨੂੰ ਫੜ੍ਹ ਕੇ ਕੁਝ ਮਿੰਟਾਂ ਤਕ ਹਸ਼ਮਤ ਨੇ ਸਾਹ ਲਿਆ। ਫੇਰ ਘਿਸਟਦਾ ਰਿੜ੍ਹਦਾ ਕਿਵੇ ਨਾ ਕਿਵੇਂ ਖੱਡ ਦੇ ਦੂਜੇ ਪਾਸੇ ਚੜ੍ਹ ਗਿਆ।
ਖੱਡ ਦੇ ਦੂਜੇ ਪਾਸੇ ਕਾਲਾ ਸਰਾਏ ਪਹਾੜ ਦੀ ਬਰਫ਼ੀਲੀ ਢਲਵਾਨ ਸੀ ਤੇ ਕਿਤੇ ਕਿਤੇ ਤੁੰਗ ਦੇ ਟਾਵੇਂ ਟਾਵੇ ਰੁੱਖ ਧੁੰਦ ਵਿਚ ਲਿਪਟੇ ਕਾਲੇ ਪਰਛਾਵਿਆਂ ਵਾਂਗ ਨਜ਼ਰ ਆ ਰਹੇ ਸਨ। ਬਰਫ਼ ਹੁਣ ਬੜੀ ਤੇਜ਼ੀ ਨਾਲ ਡਿੱਗ ਰਹੀ ਸੀ। ਉਸਦੇ ਮੌਰਾਂ ਉੱਤੇ ਜੰਮਦੀ ਜਾ ਰਹੀ ਸੀ ਤੇ ਉਸਦੀਆਂ ਪਲਕਾਂ ਤੋਂ ਡਿੱਗ ਕੇ ਗੱਲ੍ਹਾਂ 'ਤੇ ਪਿਘਲਦੀ ਜਾ ਰਹੀ ਸੀ ਤੇ ਉਸਦੀਆਂ ਗੱਲ੍ਹਾਂ ਇਸ ਤਰ੍ਹਾਂ ਗਿੱਲੀਆਂ ਹੋ ਗਈਆਂ ਸਨ ਜਿਵੇਂ ਉਹ ਘੰਟਿਆਂ ਤੋਂ ਰੋ ਰਿਹਾ ਹੋਵੇ।
ਅੱਡੀ ਵਿਚੋਂ ਲਹੂ ਵਗ ਰਿਹਾ ਸੀ ਤੇ ਲਗਾਤਾਰ ਲਹੂ ਨਿਕਲਣ ਕਰਕੇ ਉਹ ਬੜੀ ਕਮਜ਼ੋਰੀ ਮਹਿਸੂਸ ਕਰ ਰਿਹਾ ਸੀ। ਸਰਦੀ ਵੱਧ ਹੋਣ ਕਰਕੇ ਉਸਦਾ ਸਾਰਾ ਸਰੀਰ ਠੰਡਾ ਤੇ ਨਿਰਜਿੰਦ ਜਿਹਾ ਹੁੰਦਾ ਜਾ ਰਿਹਾ ਸੀ। ਉਸਦੀਆਂ ਅੱਖਾਂ ਇਕ ਅਸੁਭਾਵਿਕ ਨੀਂਦ ਕਾਰਨ ਬੰਦ ਹੁੰਦੀਆਂ ਜਾ ਰਹੀਆਂ ਸਨ। ਪਰ ਇਸ ਹਾਲਤ ਵਿਚ ਵੀ ਉਸਨੇ ਆਪਣੀ ਰਾਈਫਲ ਨੂੰ ਨਹੀਂ ਸੀ ਛੱਡਿਆ। ਕਦੀ ਡਿੱਗਦਾ, ਕਦੀ ਉਠਦਾ, ਕਦੀ ਗੋਡਿਆਂ ਭਾਰ ਰਿੜ੍ਹਦਾ, ਉਹ ਇਕ ਰੌਸ਼ਨੀ ਕੋਲ ਪਹੁੰਚ ਗਿਆ, ਜਿਹੜੀ ਇਸ ਤੇਜ਼ ਤੂਫ਼ਾਨ ਤੇ ਧੁੰਦ ਵਿਚ ਚਮਕਦੀ ਨਜ਼ਰ ਆ ਰਹੀ ਸੀ।
ਆਖ਼ਰੀ ਫ਼ਾਸਲਾ ਉਸਨੇ ਗੋਡਿਆਂ ਭਾਰ ਰਿੜ੍ਹ ਕੇ ਤੈਅ ਕੀਤਾ ਸੀ। ਇਹ ਲੱਕੜੀ ਦੇ ਬਣੇ ਹੋਏ ਇਕ ਕੈਬਿਨ ਦੇ ਆਕਾਰ ਦਾ ਘਰ ਸੀ, ਜਿਸਦੀ ਛੱਤ 'ਚੋਂ ਧੂੰਆਂ ਨਿਕਲ ਰਿਹਾ ਸੀ, ਤੇ ਲੱਕੜ ਦੇ ਜੋੜੇ ਹੋਏ ਫੱਟਾਂ ਦੀਆਂ ਝੀਥਾਂ ਵਿਚੋਂ ਛਣ ਕੇ ਚਾਨਣ ਬਾਹਰ ਆ ਰਿਹਾ ਸੀ।
ਹਸ਼ਮਤ ਅਲੀ ਦਹਿਲੀਜ਼ ਉੱਤੇ ਆ ਡਿੱਗਿਆ। ਉਸਨੇ ਰਾਈਫਲ ਦੇ ਕੁੰਦੇ ਨਾਲ ਦਰਵਾਜ਼ਾ ਖੜਕਾਇਆ।
ਦਰਵਾਜ਼ਾ ਹੌਲੀ ਜਿਹੀ ਖੁੱਲ੍ਹਿਆ ਤੇ ਉਸ ਵਿਚੋਂ ਇਕ ਔਰਤ ਦਾ ਚਿਹਰਾ ਨਜ਼ਰ ਆਇਆ, ਜਿਸਦੇ ਹੱਥ ਵਿਚ ਰਾਈਫਲ ਸੀ।
ਸ਼ਾਦਾਂ ਨੇ ਸਭ ਤੋਂ ਪਹਿਲਾਂ ਹਸ਼ਮਤ ਅਲੀ ਦੀ ਰਾਈਫਲ ਨੂੰ ਆਪਣੇ ਕਬਜੇ ਵਿਚ ਕੀਤਾ। ਫੇਰ ਉਹ ਉਸਨੂੰ ਦਹਿਲੀਜ਼ ਤੋਂ ਘਸੀਟ ਕੇ ਅੰਦਰ ਲੈ ਆਈ ਤੇ ਮੰਜੀ ਉੱਤੇ ਲਿਟਾਅ ਦਿੱਤਾ। ਉਹ ਮੰਜੀ ਉੱਤੇ ਡਿੱਗਦਾ ਹੀ ਬੇਹੋਸ਼ ਹੋ ਗਿਆ ਸੀ। ਅੰਤਮ ਛਿਣਾ ਵਿਚ ਉਸਨੂੰ ਸਿਰਫ ਏਨਾ ਯਾਦ ਸੀ ਕਿ ਇਕ ਲੰਮੇ ਕੱਦ-ਬੁੱਤ ਦੀ ਮੋਹਣੀ ਔਰਤ ਉਸ ਉੱਤੇ ਝੁਕੀ ਹੋਈ ਹੈ ਤੇ ਉਸਦੀਆਂ ਸੋਚਾਂ ਵਿਚ ਡੁੱਬੀਆਂ ਅੱਖਾਂ ਦੀਆਂ ਸੰਘਣੀਆਂ ਪਲਕਾਂ ਇਕ ਕਤਾਰ ਵਿਚ ਫੱਬੀਆਂ ਹੋਈਆਂ ਹੈਨ।
ਜਦੋਂ ਉਹ ਹੋਸ਼ ਵਿਚ ਆਇਆ ਤਾਂ ਉਸਨੇ ਦੇਖਿਆ ਕਿ ਉਹ ਮੰਜੀ ਉੱਤੇ ਰੱਸੀਆਂ ਨਾਲ ਵੱਝਿਆ ਪਿਆ ਹੈ। ਉਸਦੇ ਪੈਰ 'ਤੇ ਕਿਸੇ ਨੇ ਪੱਟੀ ਬੰਨ੍ਹ ਦਿੱਤੀ ਹੈ ਤੇ ਸ਼ਾਦਾਂ ਉਸਦੇ ਸਿਰਹਾਣੇ ਸੂਪ ਦਾ ਪਿਆਲਾ ਲਈ ਖੜ੍ਹੀ ਹੈ।
ਲਗਾਤਾਰ ਸੱਤ ਦਿਨ ਬਰਫ਼ ਤੇ ਬਰਸਾਤ ਦਾ ਤੂਫ਼ਾਨ ਉਸ ਕੈਬਿਨ ਦੁਆਲੇ ਸ਼ੂਕਦਾ, ਕੜਕਦਾ ਰਿਹਾ। ਸ਼ਾਦਾਂ ਲਗਾਤਾਰ ਉਸਦੀ ਸੇਵਾ-ਟਹਿਲ ਕਰਦੀ ਰਹੀ। ਉਸਦੀ ਅੱਡੀ ਦਾ ਜ਼ਖ਼ਮ ਠੀਕ ਹੋ ਗਿਆ। ਤੇ ਹੋਰ ਸੱਟਾਂ ਵੀ ਠੀਕ ਹੁੰਦੀਆਂ ਗਈਆਂ। ਪਰ ਸ਼ਾਦਾਂ ਉਸਦੀ ਨਿਗਰਾਨੀ ਬੜੀ ਸੁਚੇਤ ਹੋ ਕੇ ਰੱਖਦੀ ਸੀ। ਉਸਨੇ ਹਸ਼ਮਤ ਅਲੀ ਦੀ ਰਾਈਫਲ ਬਰਫ਼ ਵਿਚ ਕਿਧਰੇ ਨੱਪ ਦਿੱਤੀ ਸੀ ਤੇ ਆਪਣੀ ਰਾਈਫਲ ਹਰ ਵੇਲੇ ਆਪਣੇ ਹੱਥ ਵਿਚ ਰੱਖਦੀ ਸੀ। ਕੁਝ ਘੰਟਿਆਂ ਲਈ ਜਦੋਂ ਉਹ ਹੇਠਾਂ ਜੰਗਲ ਵਿਚ ਜਾਂਦੀ ਤੇ ਜੰਗਲੀ ਜਾਨਵਰ ਮਾਰ ਲਿਆਉਂਦੀ। ਉਦੋਂ ਉਹ ਹਸ਼ਮਤ ਅਲੀ ਨੂੰ ਰੱਸੀਆਂ ਵਿਚ ਜਕੜ ਦੇਂਦੀ ਤੇ ਹਰ ਪੱਖੋਂ ਨਿਸ਼ਚਿੰਤ ਹੋ ਕੇ ਦਰਵਾਜ਼ਾ ਬਾਹਰੋਂ ਬੰਦ ਕਰਕੇ ਜਾਂਦੀ ਸੀ।
"ਇਹ ਸਾਰੀਆਂ ਸਾਵਧਾਨੀਆਂ ਵਿਅਰਥ ਨੇ।" ਹਸ਼ਮਤ ਅਲੀ ਉਸਨੂੰ ਸਮਝਾਉਂਦਾ, "ਇਕ ਦਿਨ ਤੂੰ ਜ਼ਰੂਰ ਫੜੀ ਜਾਏਂਗੀ।"
"ਮੇਰੇ ਜਿਊਂਦੇ-ਜੀ ਤਾਂ ਮੈਨੂੰ ਕੋਈ ਫੜ ਨਹੀਂ ਸਕਦਾ।" ਸ਼ਾਦਾਂ ਜਵਾਬ ਦੇਂਦੀ।
"ਜੇ ਫਰਾਰ ਰਹੇਂਗੀ ਤਾਂ ਫਾਂਸੀ ਹੋਏਗੀ।" ਹਸ਼ਮਤ ਅਲੀ ਨੇ ਕਿਹਾ, "ਪਰ ਜੇ ਆਪਣੇ ਆਪ ਨੂੰ ਪੁਲਸ ਦੇ ਹਵਾਲੇ ਕਰ ਦਏਂਗੀ ਤਾਂ ਸਿਰਫ ਕਾਲੇ ਪਾਣੀ ਜਾਏਂਗੀ ਆਖ਼ਰ ਰਜਬ ਅਲੀ ਨੇ ਤੇਰੀ ਇੱਜ਼ਤ ਲਈ ਸੀ। ਜੇ ਤੂੰ ਆਪਣੇ ਸਤੀਤੱਵ ਬਦਲੇ ਉਸਦੀ ਜਾਨ ਲਈ ਏ ਤਾਂ ਕੋਰਟ ਸਜ਼ਾ ਦੇਣ ਵੇਲੇ ਇਹ ਗੱਲ ਵੀ ਧਿਆਨ ਵਿਚ ਰੱਖੇਗੀ..."
"ਮੈਂ ਕਾਲੇ ਪਾਣੀ ਨਹੀਂ ਜਾਣਾ ਚਾਹੁੰਦੀ, ਮੈਂ ਜੇਲ ਵੀ ਨਹੀਂ ਜਾਣਾ ਚਾਹੁੰਦੀ, ਮੈਂ ਆਜ਼ਾਦ ਰਹਿਣਾ ਚਾਹੁੰਦੀ ਆਂ।"
ਹਸ਼ਮਤ ਅਲੀ ਨੇ ਉਸ ਲੰਮੇ ਕੱਦ-ਬੁੱਤ ਤੇ ਤਿੱਖੇ ਨਕਸ਼ਿਆਂ ਵਾਲੀ ਸ਼ਾਦਾਂ ਵੱਲ ਪ੍ਰਸ਼ੰਸਾ ਭਰੀਆਂ ਨਜ਼ਰਾਂ ਨਾਲ ਦੇਖਿਆ। ਉਸਦੇ ਸਾਰੇ ਸਰੀਰ ਨੂੰ ਇਕ ਭਰਪੂਰ ਧੁੜਧੁੜੀ ਜਿਹੀ ਆਈ। ਉਸਨੇ ਕਾਹਲ ਨਾਲ ਆਪਦਾ ਮੂੰਹ ਫੇਰ ਲਿਆ। ਇਹ ਕੈਸੀ ਕਮਜ਼ੋਰੀ ਸੀ? ਸ਼ਾਦਾਂ ਜਦੋਂ ਉਸਦੇ ਨੇੜੇ ਆਉਂਦੀ ਸੀ ਉਸਦੇ ਸਰੀਰ ਵਿਚੋਂ ਕੇਹੀ ਕੋਸੀ, ਨਿੱਘੀ ਸੁਗੰਧ ਆਉਂਦੀ ਹੁੰਦੀ ਸੀ। ਉਹ ਸੁੰਗਧ ਹਸ਼ਮਤ ਅਲੀ ਨੂੰ ਬੇਚੈਨ ਤੇ ਬੇਤਾਬ ਕਰ ਦੇਂਦੀ ਸੀ। ਉਸਦੇ ਲਹੂ ਦਾ ਗੇੜ ਤੇਜ਼ ਹੋ ਜਾਂਦਾ ਸੀ। ਉਸਦੀ ਦੇਹ ਵਿਚ ਸਨਸਨੀ ਜਿਹੀ ਫੈਲ ਜਾਂਦੀ ਸੀ ਤੇ ਲਹੂ ਦੀ ਗਰਮੀ ਨਾਲ ਉਸਦੇ ਕੰਨਾਂ ਦੀਆਂ ਲੋਲਾਂ ਤਕ ਭਖਣ ਲੱਗ ਪੈਂਦੀਆਂ ਸਨ। ਇੰਜ ਤਾਂ ਉਸਨੇ ਪਹਿਲਾਂ ਕਦੀ ਮਹਿਸੂਸ ਨਹੀਂ ਸੀ ਕੀਤਾ।
ਇਕ ਦਿਨ ਹਸ਼ਮਤ ਅਲੀ ਨੇ ਉਸਨੂੰ ਕਿਹਾ, "ਜੇ ਤੂੰ ਦੁਬਾਰਾ ਸ਼ਾਦੀ ਕਰ ਲਈ ਹੁੰਦੀ ਤਾਂ ਰਜਬ ਅਲੀ ਦੀ ਤੇਰੇ ਘਰ ਆਉਣ ਦੀ ਹਿੰਮਤ ਨਾ ਪੈਂਦੀ।"
"ਹਾਂ ਇਹ ਠੀਕ ਏ।"
"ਫੇਰ ਤੂੰ ਸ਼ਾਦੀ ਕਿਉਂ ਨਹੀਂ ਕੀਤੀ?"
"ਮੈਨੂੰ ਕੋਈ ਮਰਜ਼ੀ ਦਾ ਮਰਦ ਨਹੀਂ ਮਿਲਿਆ।"
"ਕੈਸਾ ਮਰਦ ਚਾਹੀਦਾ ਏ ਤੈਨੂੰ?"
"ਅਜਿਹਾ, ਜਿਸਦੇ ਸੀਨੇ ਨਾਲ ਲਗ ਕੇ ਮੇਰਾ ਦਿਲ ਰੋਣ ਨੂੰ ਕਰੇ।"
ਸ਼ਾਦਾਂ ਨੇ ਅੱਖਾਂ ਝੁਕਾ ਕੇ ਹੌਲੀ ਜਿਹੀ ਕਿਹਾ। ਫੇਰ ਉਹ ਸਾਹਮਣੀ ਕੰਧ ਵੱਲ ਦੇਖਣ ਲੱਗ ਪਈ ਤੇ ਉਸਦੀਆਂ ਵੱਡੀਆਂ-ਵੱਡੀਆਂ ਭੂਰੀਆਂ ਅੱਖਾਂ ਉਨੀਂਦੀਆਂ ਜਿਹੀਆਂ ਹੋ ਗਈਆਂ...
ਦਸ ਦਿਨਾਂ ਬਾਅਦ ਜਦੋਂ ਹਸ਼ਮਤ ਅਲੀ ਬਿਲਕੁਲ ਠੀਕ ਹੋ ਗਿਆ ਤਾਂ ਸ਼ਾਦਾਂ ਉਸਦੀਆਂ ਰੱਸੀਆਂ ਖੋਲ੍ਹ ਕੇ ਉਸਨੂੰ ਬਾਹਰ ਲੈ ਆਈ। ਹੁਣ ਤੂਫ਼ਾਨ ਖ਼ਤਮ ਹੋ ਚੁੱਕਿਆ ਸੀ। ਢਲਵਾਨਾਂ ਦੀਆਂ ਪੌੜੀਆਂ-ਪਗਡੰਡੀਆਂ ਉੱਤੇ ਜੰਮੀ ਬਰਫ਼ ਦੀਆਂ ਚਿੱਪੜਾਂ ਸੁਨਹਿਰੀ ਧੁੱਪ ਵਿਚ ਚਮਕ ਰਹੀਆਂ ਸਨ ਤੇ ਤੁੰਗ ਦੀਆਂ ਟਾਹਣੀਆਂ ਉੱਤੇ ਬਰਫ਼ ਦੀਆਂ ਚਮਕਦਾਰ ਝਾਲਰਾਂ ਸੁੰਦਰ ਲੈਸ ਵਾਂਗ ਝੂਲ ਰਹੀਆਂ ਸਨ। ਹਵਾ ਵਿਚ ਇਕ ਜੀਵਨਦਾਤੀ ਤਾਜ਼ਗੀ ਤੇ ਖੁਣਕੀ ਸੀ। ਆਕਾਸ਼ ਦੂਰ ਤਕ ਨੀਲਾ, ਸਾਫ ਤੇ ਸਵੱਛ ਸੀ ਤੇ ਚੋਟੀਆਂ ਉੱਤੇ ਕਿਧਰੇ ਬੱਦਲ ਦਾ ਇਕ ਟੁਕੜਾ ਵੀ ਨਹੀਂ ਸੀ।
ਹਸ਼ਮਤ ਅਲੀ ਨੇ ਚਾਰੇ ਪਾਸੇ ਦੇਖ ਕੇ ਇਕ ਸੁਖਦਾਈ ਲੰਮਾ ਸਾਹ ਖਿਚਿਆ। ਪਰ ਸ਼ਾਦਾਂ ਨੇ ਆਪਣੀ ਰਾਈਫਲ ਦੇ ਕੁੰਦੇ ਨਾਲ ਉਸਦੀ ਪਿੱਠ ਨੂੰ ਠੋਕਦਿਆਂ ਕਿਹਾ, "ਅੱਗੇ ਚੱਲ, ਅੱਗੇ।"
"ਕਿੱਧਰ?" ਹਸ਼ਮਤ ਅਲੀ ਨੇ ਹੈਰਾਨੀ ਨਾਲ ਪੁੱਛਿਆ।
"ਮੈਂ ਤੈਨੂੰ ਉਸ ਖੱਡ ਤਕ ਛੱਡ ਦਿਆਂਗੀ ਜਿੱਥੋਂ ਜੰਗਲ ਸ਼ੁਰੂ ਹੁੰਦਾ ਏ। ਉੱਥੋਂ ਤੂੰ ਸਿੱਧਾ ਰੱਪਾ ਪਿੰਡ ਚਲਾ ਜਾਵੀਂ, ਫੇਰ ਆਪਣੇ ਠਾਣੇ—ਦੁਬਾਰਾ ਜੇ ਤੂੰ ਮੇਰਾ ਪਿੱਛਾ ਕੀਤਾ ਤਾਂ ਜਾਨੋਂ ਮਾਰ ਦਿਆਂਗੀ, ਇਸ ਵਾਰੀ ਛੱਡ ਦੇਨੀਂ ਆਂ ਕਿਉਂਕਿ ਮੇਰੀ ਤੇਰੀ ਕੋਈ ਦੁਸ਼ਮਣੀ ਨਹੀਂ।" ਹਸ਼ਮਤ ਅਲੀ ਅੱਗੇ ਅੱਗੇ ਤੁਰਨ ਲੱਗਾ, ਦੋਵਾਂ ਹੱਥਾਂ ਵਿਚ ਰਾਈਫਲ ਫੜੀ ਸ਼ਾਂਦਾ ਉਸਦੇ ਪਿੱਛੇ ਪਿੱਛੇ ਤੁਰ ਰਹੀ ਸੀ। ਬੜੀ ਸਾਵਧਾਨੀ ਨਾਲ ਉਸ ਉੱਤੇ ਨਿਗਾਹ ਰੱਖਦੀ ਹੋਈ ਕਿ ਜੇ ਹਸ਼ਮਤ ਅਲੀ ਜ਼ਰਾ ਵੀ ਕੋਈ ਗਲਤ ਹਰਕਤ ਕਰੇ ਤਾਂ ਉਹ ਫੌਰਨ ਉਸਨੂੰ ਗੋਲੀ ਦਾ ਨਿਸ਼ਾਨਾਂ ਬਣਾ ਦਏਗੀ।
ਪੌੜੀਆਂ ਦਰ ਪੌੜੀਆਂ ਢਲਵਾਨਾਂ ਦੇ ਟੈਰੇਸ ਵਰਗੇ ਖਿਤਿਆਂ 'ਚੋਂ ਉਤਰ ਕੇ ਉਹ ਦੋਵੇਂ ਉਸ ਡੂੰਘੀ ਖੱਡ ਦੇ ਨੇੜੇ ਪਹੁੰਚ ਗਏ ਜਿਹੜੀ ਜੰਗਲ ਦੀਆਂ ਘਾਟੀਆਂ ਨੂੰ ਉਹਨਾਂ ਸਤਹੀ ਘਾਟੀਆਂ ਨਾਲੋਂ ਵੱਖ ਕਰਦੀ ਸੀ। ਉਹ ਕਾਫੀ ਡੂੰਘੀ ਖੱਡ ਸੀ ਤੇ ਇੱਥੇ ਹੀ ਹਸ਼ਮਤ ਅਲੀ ਦਾ ਪੈਰ ਧੁੰਦ ਕਰਕੇ ਤਿਲ੍ਹਕਿਆ ਸੀ। ਇਸੇ ਖੱਡ ਦੇ ਦੂਜੇ ਪਾਸੇ ਚਟਾਨਾਂ ਤੋਂ ਅੱਗੇ ਕਾਲਾ ਸਰਾਏ ਦਾ ਹੇਠਲੀਆਂ ਘਾਟੀਆਂ ਦਾ ਜੰਗਲ ਸ਼ੁਰੂ ਹੁੰਦਾ ਸੀ। ਖੱਡ ਕਾਫੀ ਡੂੰਘੀ ਸੀ, ਪਰ ਖੱਡ ਦੇ ਇਸ ਕਿਨਾਰੇ ਤੋਂ ਦੂਜੇ ਕਿਨਾਰੇ ਦਾ ਅੰਤਰ ਏਨਾ ਕੁ ਸੀ ਕਿ ਆਦਮੀ ਜ਼ੋਰ ਨਾਲ ਛਾਲ ਮਾਰ ਕੇ ਉਸਨੂੰ ਪਾਰ ਕਰ ਸਕਦਾ ਸੀ। ਸ਼ਾਦਾਂ ਇਸੇ ਤਰ੍ਹਾਂ ਛਾਲ ਮਾਰ ਕੇ ਦੂਜੇ ਪਾਸੇ ਗਈ ਹੋਵੇਗੀ। 'ਜੇ ਧੁੰਦ ਨਾ ਹੁੰਦੀ ਤਾਂ ਸ਼ਾਇਦ ਮੈਂ ਵੀ ਇਵੇਂ ਕਰਦਾ', ਹਸ਼ਮਤ ਅਲੀ ਨੇ ਉਸ ਡੂੰਘੀ ਖੱਡ ਨੂੰ ਦੇਖ ਕੇ ਮਨ ਹੀ ਮਨ ਸੋਚਿਆ, 'ਫੇਰ ਨਾ ਮੈਂ ਜ਼ਖ਼ਮੀ ਹੁੰਦਾ ਤੇ ਇੰਜ ਸ਼ਾਦਾਂ ਦੇ ਹੱਥਾਂ 'ਚ ਮਜ਼ਬੂਰ ਹੁੰਦਾ।'
"ਛਾਲ ਮਾਰ।" ਸ਼ਾਦਾਂ ਨੇ ਹਸ਼ਮਤ ਅਲੀ ਨੂੰ ਖੱਡੇ ਦੇ ਕਿਨਾਰੇ ਖੜ੍ਹਾ ਵੇਖ ਕੇ ਕਿਹਾ।
ਹਸ਼ਮਤ ਅਲੀ ਨੇ ਕਿਹਾ, "ਹਾਲੇ ਵੀ ਕਹਿਣਾ, ਮੰਨ ਜਾ ਸ਼ਾਦਾਂ—ਆਪਣੇ ਆਪ ਨੂੰ ਮੇਰੇ ਹਵਾਲੇ ਕਰ ਦੇ, ਹਰ ਤਰ੍ਹਾਂ ਮੈਂ ਤੇਰੀ ਮਦਦ ਕਰਾਂਗਾ।"
ਸ਼ਾਦਾਂ ਠਹਾਕਾ ਮਾਰ ਕੇ ਹੱਸੀ। ਰਾਈਫਲ ਦੇ ਕੁੰਦੇ ਦਾ ਪੋਲਾ ਜਿਹਾ ਠੁੰਗਾ ਹਸ਼ਮਤ ਅਲੀ ਦੀ ਪਿੱਠ 'ਤੇ ਮਾਰ ਕੇ ਬੋਲੀ, "ਪੁਲਸ ਵਾਲਿਆਂ ਦਾ ਕੀ ਯਕੀਨ? ਹੁਣ ਜੇ ਤੂੰ ਇੱਥੋਂ ਜਿਊਂਦਾ ਵਾਪਸ ਜਾਣਾ ਚਾਹੁੰਦਾ ਏਂ ਤਾਂ ਛਾਲ ਮਾਰ ਜਾਅ।"
"ਅਜੇ ਮੈਂ ਬੜਾ ਕਮਜ਼ੋਰ ਆਂ।" ਹਸ਼ਮਤ ਅਲੀ ਨੇ ਬਹਾਨਾ ਜਿਹਾ ਮਾਰਿਆ।
"ਅੱਲ੍ਹਾ ਦਾ ਨਾਂਅ ਲੈ ਕੇ ਜ਼ੋਰ ਨਾਲ ਛਾਲ ਮਾਰ, ਪਾਰ ਚਲਾ ਜਾਏਂਗਾ।"
ਅੱਲ੍ਹਾ ਦਾ ਨਾਂ ਲੈ ਕੇ ਹਸ਼ਮਤ ਅਲੀ ਨੇ ਜ਼ੋਰ ਨਾਲ ਛਾਲ ਮਾਰਨ ਲਈ ਆਪਣੇ ਮੋਢੇ ਸਿਕੋੜੇ ਤੇ ਹੇਠਾਂ ਵੱਲ ਝੁਕਿਆ, ਫੇਰ ਬਿਜਲੀ ਦੀ ਫੁਰਤੀ ਨਾਲ ਸ਼ਾਦਾਂ ਦੀਆਂ ਲੱਤਾਂ ਖਿੱਚ ਕੇ ਫਟਕੀ ਲੁਆਉਂਦਾ ਹੋਇਆ ਦੂਜੇ ਪਾਸੇ ਜਾ ਖੜ੍ਹਾ ਹੋਇਆ। ਹੁਣ ਸ਼ਾਦਾਂ ਜ਼ਮੀਨ 'ਤੇ ਸੀ ਤੇ ਰਾਈਫਲ ਹਸ਼ਮਤ ਅਲੀ ਦੇ ਹੱਥ ਵਿਚ। ਇਹ ਸਭ ਕੁਝ ਇਕ ਛਿਣ ਵਿਚ ਵਾਪਰ ਗਿਆ ਸੀ।
ਸ਼ਾਦਾਂ ਦੇ ਹੋਸ਼ ਅਜੇ ਥਾਵੇਂ ਨਹੀਂ ਸਨ ਆਏ ਕਿ ਹਸ਼ਮਤ ਅਲੀ ਨੇ ਉਸਦੇ ਦੋਵੇਂ ਹੱਥ ਕਾਬੂ ਕਰਕੇ ਉਹਨਾਂ ਵਿਚ ਹੱਥਕੜੀ ਪਾ ਦਿੱਤੀ।
ਹੁਣ ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਹਸ਼ਮਤ ਅਲੀ ਨੇ ਉਸ ਖੱਡ ਵਾਲੇ ਰਸਤੇ ਨੂੰ ਛੱਡ ਦਿੱਤਾ ਸੀ ਤੇ ਕਿਸੇ ਦੂਜੇ ਰਸਤੇ ਤੋਂ ਸ਼ਾਦਾਂ ਨੂੰ ਹੇਠਾਂ ਘਾਟੀ ਵੱਲ ਲੈ ਜਾ ਰਿਹਾ ਸੀ। ਜੰਗਲ ਚੁੱਪ ਸੀ ਤੇ ਉਹ ਦੋਵੇਂ ਵੀ ਚੁੱਪਚਾਪ ਤੁਰ ਰਹੇ ਸਨ। ਨਾ ਸ਼ਾਦਾਂ ਹਸ਼ਮਤ ਅਲੀ ਨਾਲ ਗੱਲ ਕਰ ਰਹੀ ਸੀ, ਨਾ ਹਸ਼ਮਤ ਅਲੀ ਸ਼ਾਦਾਂ ਨਾਲ ਅੱਖਾਂ ਮਿਲਾਉਣ ਦਾ ਹੌਸਲਾ ਕਰ ਰਿਹਾ ਸੀ। ਸ਼ਾਦਾਂ ਦੇ ਹੱਥਾਂ ਵਿਚ ਹੱਥਕੜੀਆਂ ਸਨ ਤੇ ਜ਼ੰਜੀਰ ਹਸ਼ਮਤ ਅਲੀ ਦੇ ਹੱਥ ਵਿਚ। ਉਹ ਦੋਵੇਂ ਨਾਲ ਨਾਲ ਤੁਰ ਰਹੇ ਸਨ। ਜੰਗਲ 'ਚੋਂ ਉਤਰਦਿਆਂ ਹੋਇਆਂ ਹਸ਼ਮਤ ਅਲੀ ਨੇ ਸ਼ਾਦਾਂ ਨੂੰ ਇਕ ਜਗਾਹ ਦਿਖਾਈ, ਜਿੱਥੇ ਚਟਾਨਾਂ ਦੀ ਖੋਹ ਵਿਚ ਉਸਨੇ ਇਕ ਰਾਤ ਕੱਟੀ ਸੀ।
ਫੇਰ ਘਾਟੀਆਂ ਉਤਰ ਕੇ ਹਸ਼ਮਤ ਅਲੀ ਨੇ ਲਾਲ ਕੱਸੀ ਪਾਰ ਕੀਤੀ ਤੇ ਦੂਜੇ ਕਿਨਾਰੇ ਦਾ ਪਹਾੜ ਚੜ੍ਹ ਕੇ ਲਕੜਹਾਰੇ ਕਿਸਾਨ ਦੇ ਘਰ ਸ਼ਾਦਾਂ ਤੇ ਹਸ਼ਮਤ ਅਲੀ ਦੋਵਾਂ ਨੇ ਪਾਣੀ ਪੀਤਾ ਤੇ ਕੁਝ ਮਿੰਟਾਂ ਲਈ ਆਰਾਮ ਕੀਤਾ। ਹੁਣ ਸ਼ਾਮ ਦਾ ਧੁੰਦਲਾ ਛਾ ਰਿਹਾ ਸੀ, ਪਰ ਹਸ਼ਮਤ ਅਲੀ ਨੇ ਉਸ ਕਿਸਾਨ ਦੇ ਘਰ ਆਰਾਮ ਕਰਨਾ ਠੀਕ ਨਹੀਂ ਸਮਝਿਆ। ਉਹ ਸ਼ਾਮ ਖ਼ਤਮ ਹੁੰਦਿਆਂ ਹੁੰਦਿਆਂ ਰੱਪਾ ਪਿੰਡ ਪਹੁੰਚ ਜਾਣਾ ਚਾਹੁੰਦਾ ਸੀ। ਉਤਰਾਈ ਦਾ ਰਸਤਾ ਸੀ ਤੇ ਉਸਦਾ ਜਾਣਿਆ ਪਛਾਣਿਆ ਵੀ ਸੀ। ਕੁਝ ਮਿੰਟ ਆਰਾਮ ਕਰਕੇ ਉਹ ਸ਼ਾਦਾਂ ਨੂੰ ਲੈ ਕੇ ਫੇਰ ਹੇਠਾਂ ਉਤਰਨ ਲੱਗਿਆ।
ਹੇਠਾਂ ਉਤਰਦੇ ਉਤਰਦੇ ਉਹ ਐਨ ਰੱਪਾ ਪਿੰਡ ਦੇ ਧਾਂਈਂ ਦੇ ਖੇਤਾਂ ਕੋਲ ਪਹੁੰਚ ਗਏ ਜਿੱਥੇ ਜੇਹਲਮ ਨਦੀ ਦਾ ਕਿਨਾਰਾ ਸੀ ਤੇ ਮਲਾਹ ਆਖ਼ਰੀ ਵਾਰ ਸਵਾਰੀਆਂ ਲਾਹ ਕੇ ਬੇੜੀ ਨੂੰ ਕਿਨਾਰੇ ਨਾਲ ਬੰਨ੍ਹ ਰਿਹਾ ਸੀ।
ਅਚਾਨਕ ਹਸ਼ਮਤ ਅਲੀ ਰੁਕ ਗਿਆ। ਉਸਨੇ ਮਲਾਹ ਨੂੰ ਪੁੱਛਿਆ, "ਮੀਆਂ ਪਾਰ ਚੱਲਣਾ ਏਂ?"
"ਹੁਣੇ ਤਾਂ ਆਇਆਂ ਸਰਕਾਰ।"
ਹਸ਼ਮਤ ਅਲੀ ਨੇ ਜੇਬ ਵਿਚੋਂ ਪੰਜ ਰੁਪਏ ਦਾ ਨੋਟ ਕੱਢ ਕੇ ਮਲਾਹ ਦੇ ਹੱਥ ਵਿਚ ਫੜਾ ਦਿੱਤਾ।
ਉਹ ਫੇਰ ਬੇੜੀ ਨੂੰ ਖੋਲ੍ਹਣ ਲੱਗ ਪਿਆ।
"ਚੱਲ ਬੇੜੀ ਵਿਚ ਬੈਠ," ਹਸ਼ਮਤ ਅਲੀ ਨੇ ਸ਼ਾਂਦਾ ਨੂੰ ਕਿਹਾ।
ਸ਼ਾਦਾਂ ਨੇ ਹੈਰਾਨੀ ਨਾਲ ਉਸ ਵੱਲ ਦੇਖ ਕੇ ਪੁੱਛਿਆ, "ਤੂੰ ਮੈਨੂੰ ਕਿੱਥੇ ਲੈ ਜਾ ਰਿਹੈਂ?"
"ਚੱਲ ਵਿਚ ਬੈਠ ਮੇਰੇ ਨਾਲ। ਫੇਰ ਦੱਸਾਂਗਾ।"
ਸ਼ਾਦਾਂ ਹੈਰਾਨੀ ਤੇ ਭੈਅ ਮਿਲੀ ਭਾਵਨਾ ਨਾਲ ਹਸ਼ਮਤ ਅਲੀ ਨਾਲ ਬੇੜੀ ਵਿਚ ਬੈਠ ਗਈ।
ਮਲਾਹ ਨੇ ਬੇੜੀ ਠਿੱਲ੍ਹ ਲਈ। ਹਸ਼ਮਤ ਅਲੀ ਨੇ ਉਸਦੇ ਹੱਥਾਂ ਦੀਆਂ ਹੱਥਕੜੀਆਂ ਖੋਲ੍ਹਦਿਆਂ ਹੋਇਆਂ ਕਿਹਾ, "ਹੁਣ ਤੂੰ ਆਜ਼ਾਦ ਏਂ। ਅੰਗਰੇਜ਼ੀ ਇਲਾਕੇ ਵਿਚ ਪਹੁੰਚ ਕੇ ਤੂੰ ਪਿੰਡੀ ਚਲੀ ਜਾਵੀਂ, ਲਾਹੌਰ ਚਲੀ ਜਾਵੀਂ, ਜਿੱਥੇ ਜੀਅ ਕਰੇ ਜਾਂਦੀ ਰਹੀਂ।"
"ਤੇ ਤੂੰ?"
"ਜੇ ਤੂੰ ਮੈਨੂੰ ਆਗਿਆ ਦਏਂ," ਹਸ਼ਮਤ ਅਲੀ ਨੇ ਕਿਹਾ, "ਤਾਂ ਜਿੱਥੇ ਜਿੱਥੇ ਤੂੰ ਜਾਏਂਗੀ ਮੈਂ ਵੀ ਤੇਰੇ ਨਾਲ ਜਾਵਾਂਗਾ।"
ਸ਼ਾਦਾਂ ਦਾ ਚਿਹਰਾ ਸ਼ਰਮ ਨਾਲ ਲਾਲ ਹੋ ਗਿਆ ਤੇ ਉਹ ਭਿਚੀ ਜਿਹੀ ਕਮਜ਼ੋਰ ਆਵਾਜ਼ ਵਿਚ ਬੋਲੀ, "ਤੇ ਤੇਰੀ ਨੌਕਰੀ?"
"ਉਹ ਇਸ ਜੇਹਲਮ ਦੇ ਪਾਣੀ ਵਿਚ ਰੁੜ੍ਹ ਗਈ।"
ਸ਼ਾਦਾਂ ਦੇਰ ਤਕ ਹਸ਼ਮਤ ਅਲੀ ਦੇ ਮੂੰਹ ਵੱਲ ਤੱਕਦੀ ਰਹੀ। ਯਕਦਮ ਉਸਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਉਹ ਝੁਕ ਕੇ ਹਸ਼ਮਤ ਅਲੀ ਦੀ ਹਿੱਕ ਨਾਲ ਲੱਗ ਗਈ। ਤੇ...ਵਿਲ੍ਹਕ ਵਿਲ੍ਹਕ ਕੇ ਖੁਸ਼ੀ ਨਾਲ ਰੋਣ ਲੱਗੀ।
ਮਲਾਹ ਬੇੜੀ ਠਿੱਲ੍ਹਦਾ ਹੋਇਆ ਉੱਚੀ ਆਵਾਜ਼ ਵਿਚ ਗਾਉਣ ਲੱਗਾ—
"ਓਇ ਜੇਹਲਮਾ, ਬੇਲੀਆ...
ਓਇ ਮੇਰਾ ਰੁੱਠੜਾ ਯਾਰ ਆਣ ਮਿਲਾ...।"

(ਅਨੁਵਾਦ : ਮਹਿੰਦਰ ਬੇਦੀ ਜੈਤੋ)

  • ਮੁੱਖ ਪੰਨਾ : ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ