Punjabi Kavita
  

Shahzada : Sant Singh Sekhon

ਸ਼ਾਹਜ਼ਾਦਾ : ਸੰਤ ਸਿੰਘ ਸੇਖੋਂ

ਅੰਮ੍ਰਿਤਸਰ ਸਟੇਸ਼ਨ ਤੋਂ ਕਲਕੱਤਾ ਮੇਲ ਸ਼ਾਮ ਦੇ ਸਤ ਵਜ ਕੇ ਪੰਦਰਾਂ ਵੀਹ ਮਿੰਟ ਵਿੱਚ ਚਲਣ ਲਈ ਤਿਆਰ ਖੜੀ ਸੀ। ਪਿਛਲੇ ਡਬਿਆਂ ਵਿੱਚੋਂ ਸੈਕੰਡ ਕਲਾਸ ਦੇ ਇਕ ਡਬੇ ਵਿੱਚ ਕੇਵਲ ਦੋ ਹੀ ਸਵਾਰੀਆਂ ਬੈਠੀਆਂ ਸਨ । ਇਕ ਕੋਈ ਉਤ੍ਰ-ਪ੍ਰਦੇਸ਼ ਦਾ ਮੁਸਲਮਾਨ, ਜੋ ਪਾਕਿਸਤਾਨ ਵਿਚੋਂ ਆਪਣੇ ਸਰਬੰਧੀਆਂ ਨੂੰ ਮਿਲ ਕੇ ਆ ਰਿਹਾ ਸੀ, ਜਿਸ ਦੀ ਉਮਰ ਕੋਈ ਸੱਠ ਸਾਲ ਤੋਂ ਉਪਰ ਟੱਪੀ ਹੋਈ ਜਾਪਦੀ ਸੀ ਅਤੇ ਇਕ ਪੰਜ ਛੇ ਸਾਲ ਦਾ ਮੁੰਡਾ । ਇਹ ਬੁੱਢਾ ਪਲੇਟਫਾਰਮ ਵਲ ਦੇ ਗੱਦੇ ਉਤੇ ਬੈਠਾ ਸੀ ਤੇ ਮੁੰਡਾ ਦੂਸਰੇ ਬੰਨੇ ਦੇ ਬਾਰੀਆਂ ਨਾਲ ਦੇ ਗੱਦੇ ਉਤੇ । ਮੈਂ ਮੋਕਲੀ ਥਾਂ ਵੇਖ ਕੇ ਉਸ ਡਬੇ ਨੂੰ ਅਹੁਲਿਆ ਸਾਂ । ਪਰ ਜਦੋਂ ਮੈਂ ਇਕ ਮੰਗਤਾ ਵੀ ਦਰਵਾਜ਼ੇ ਵਿੱਚ ਫ਼ਰਸ਼ ਤੇ ਬੈਠਾ ਦੇਖਿਆ, ਤਾਂ ਮੇਰਾ ਚਿਤ ਭੈੜਾ ਜਿਹਾ ਪੈ ਗਿਆ ।

ਖ਼ੈਰ ਮੈਂ ਉਸ ਬਜ਼ੁਰਗ ਵਾਲੇ ਗੱਦੇ ਉਤੇ ਇਕ ਪਾਸੇ ਕਰ ਕੇ ਬੈਠ ਗਿਆ । ਪਹਿਲਾਂ ਮੇਰਾ ਖ਼ਿਆਲ ਸੀ ਕਿ ਉਹ ਮੁੰਡਾ ਇਸ ਬਜ਼ੁਰਗ ਨਾਲ ਦਾ ਸੀ । ਪਰ ਪੁੱਛਣ ਉਤੇ ਉਸ ਬਜ਼ੁਰਗ ਨੇ ਨਾਂਹ ਕੀਤੀ । ਤੇ ਮੈਂ ਸੋਚਿਆ ਕੋਈ ਹੋਰ ਸਵਾਰੀ ਉਸ ਦੇ ਨਾਲ ਹੋਵੇਗੀ, ਜੋ ਕਿਧਰੇ ਪਲੇਟਫ਼ਾਰਮ ਤੇ ਘੁੰਮ ਰਹੀ ਹੋਵੇਗੀ । ਮੁੰਡੇ ਦਾ ਰੰਗ ਗੋਰਾ ਤੇ ਨਕਸ਼ ਬੜੇ ਤਿੱਖੇ ਸਨ । ਤੇ ਉਹ ਮੈਨੂੰ ਆਪਣੇ ਲੜਕੇ ਨਾਲ, ਜੋ ਉਸ ਵੇਲੇ ਚਾਰ ਕੁ ਸਾਲਾਂ ਦਾ ਸੀ, ਸ਼ਕਲ ਸ਼ਬਾਹਤ ਵਿਚ ਮਿਲਦਾ ਜਿਹਾ ਲਗਿਆ ।

ਮੈਂ ਉਸ ਬਜ਼ੁਰਗ ਨਾਲ ਪਾਕਿਸਤਾਨ ਬਾਰੇ ਕੁਝ ਗਲਾਂ ਕੀਤੀਆਂ, ਪਰ ਓਪਰੀਆਂ ਓਪਰੀਆਂ । ਇਕ ਕਾਰਨ ਇਨ੍ਹਾਂ ਗੱਲਾਂ ਦੇ ਓਪਰੀਆਂ ਹੋਣ ਦਾ ਇਹ ਸੀ ਕਿ ਮੈਂ ਪਾਕਿਸਤਾਨ ਦੀ ਬਹੁਤ ਨਿੰਦਾ ਸੁਣ ਕੇ ਪ੍ਰਸੰਨ ਨਹੀਂ ਹੁੰਦਾ, ਜਿਸ ਆਸ ਨਾਲ ਬਹੁਤੇ ਲੱਗ ਕਿਸੇ ਬਦੇਸ਼ ਵਿਚੋਂ ਆ ਰਹੇ ਲੋਕਾਂ ਪਾਸੋਂ ਗਲਾਂ ਪੁਛਿਆ ਕਰਦੇ ਹਨ । ਮੈਨੂੰ ਯਕੀਨ ਹੈ ਕਿ ਪਾਕਿਸਤਾਨ ਦੇ ਲੋਕ ਸਾਡੇ ਜਿਹੇ ਹੀ ਗਰੀਬ ਕਈ ਭਰਮਾਂ ਭੁਲੇਖਿਆਂ ਦਾ ਸ਼ਿਕਾਰ, ਪਰ ਆਪਣੇ ਮੂਲ ਵਿੱਚ ਅਸਾਡੇ ਲੋਕਾਂ ਵਰਗੇ ਹੀ ਸ਼ੁਭ ਭਾਵਨਾ ਰੱਖਣ ਵਾਲੇ ਹਨ । ਸ਼ਾਇਦ ਕੁਝ ਕਾਰਨਾਂ ਕਰਕੇ, ਜਿਨ੍ਹਾਂ ਉਤੇ ਉਹਨਾਂ ਲੋਕਾਂ ਦੇ ਸਾਡੇ ਲੋਕਾਂ ਵਾਂਗ ਹੀ ਬਹੁਤ ਅਧਿਕਾਰ ਨਹੀਂ, ਉਥੇ ਕੁਝ ਜੀਵਨ ਦੀਆਂ ਲੋੜੀਂਦੀਆਂ ਵਸਤਾਂ ਸਾਡੇ ਦੇਸ਼ ਨਾਲੋਂ ਮਹਿੰਗੀਆਂ ਤੇ ਔਖੀਆਂ ਪ੍ਰਾਪਤ ਹੁੰਦੀਆਂ ਹਨ, ਜੋ ਸਾਧਾਰਣ ਲੋਕਾਂ ਨੇ ਖ਼ਰੀਦਣੀਆਂ ਹੁੰਦੀਆਂ ਹਨ । ਤੇ ਸਸਤੀਆਂ ਤੇ ਸੌਖੀਆਂ ਪ੍ਰਾਪਤ ਹੋਣ ਵਾਲੀਆਂ ਉਹ, ਜੋ ਉਨ੍ਹਾਂ ਪਾਸ ਹਾੜੀ ਸਾਉਣੀ ਵੇਚਣ ਨੂੰ ਥੋੜੀਆਂ ਬਹੁਤੀਆਂ ਹੋ ਜਾਂਦੀਆਂ ਹਨ ।
ਤੇ ਨਾ ਹੀ ਉਹ ਬਜ਼ੁਰਗ ਮੈਨੂੰ ਪਾਕਿਸਤਾਨ ਬਾਰੇ ਦਸਣ ਲਈ ਬਹੁਤਾ ਉਤਾਵਲਾ ਸੀ ।

ਪਰ ਇਕ ਹੋਰ ਕਾਰਣ ਇਸ ਓਪਰੇ-ਮਨ ਦਾ ਇਹ ਸੀ ਕਿ ਇਹ ਗਲਾਂ ਕਰਦੇ ਸਮੇਂ ਮੇਰਾ ਮਨ ਉਸ ਮੁੰਡੇ ਬਾਰੇ ਸੋਚਣ ਤੋਂ ਹਟ ਨਹੀਂ ਸੀ ਸਕਦਾ । ਉਸ ਮੁੰਡੇ ਨੇ ਘਸਮੈਲੇ ਕਪੜੇ ਪਾਏ ਹੋਏ ਸਨ, ਜਿਨ੍ਹਾਂ ਬਾਰੇ ਸਿਆਲ ਦੇ ਸਤ ਵਜੇ ਦੇ ਨਿੰਮ੍ਹੇ ਜਿਹੇ ਚਾਨਣ ਵਿਚ ਇਹ ਕਹਿਣਾ ਔਖਾ ਸੀ, ਕਿ ਉਹ ਮੈਲੇ ਸਨ ਕਿ ਗਰਮ । ਏਥੋਂ ਤਕ ਕਿ ਮੇਰੇ ਲਈ ਇਹ ਨਿਸ਼ਚਿਤ ਕਰਨਾ ਵੀ ਔਖਾ ਸੀ ਕਿ ਉਸ ਗਲ ਤੇੜ ਦੇ ਕਪੜੇ ਕੋਟ ਪਤਲੂਨ ਸਨ ਕਿ ਝੱਗਾ ਪਜਾਮਾ । ਤੇ ਇਸ ਅਨਿਸਚੇ ਦਾ ਕਾਰਣ ਸ਼ਾਇਦ ਮੇਰੀ ਘਟ ਰਹੀ ਨਜ਼ਰ ਵੀ ਸੀ । ਉਹ ਮੁੰਡਾ ਇਕ ਚਮੜੇ ਦੀ ਚਮਕ ਜਿਹੀ ਪੇਟੀ ਨਾਲ ਖੇਡ ਰਿਹਾ ਸੀ, ਜੋ ਸ਼ਾਇਦ ਉਸ ਦਾ ਵਾਲੀ ਜੋ ਸ਼ਾਇਦ ਪਲੇਟ ਫ਼ਾਰਮ ਉਤੇ ਕਿਸੇ ਨਾਲ ਕੋਈ ਗਲ-ਬਾਤ ਕਰ ਰਿਹਾ ਸੀ, ਉਸ ਦੇ ਮਨ ਪ੍ਰਚਾਵੇ ਲਈ ਛਡ ਗਿਆ ਸੀ ।

ਗੱਡੀ ਨੇ ਪੰਜ ਮਿੰਟ ਪਹਿਲਾਂ ਦੀ ਕੂਕ ਮਾਰੀ ਤਾਂ ਇਸ ਡੱਬੇ ਵਿਚ ਦੋ ਤਿੰਨ ਸਵਾਰ ਹੋਰ ਆ ਗਏ । ਇਨ੍ਹਾਂ ਵਿਚ ਇਕ ਤਾਂ ਉਸ ਬਜ਼ੁਰਗ ਮੁਸਲਮਾਨ ਦਾ ਹੀ ਸੰਗੀ ਨੌਜਵਾਨ, ਉਸ ਦਾ ਕੋਈ ਪੁੱਤਰ ਭਤੀਜਾ ਸੀ । ਉਹ ਸੁਭਾਵਕ ਹੀ ਉਸ ਬਜ਼ੁਰਗ ਦੇ ਤੇ ਮੇਰੇ ਵਿਚਕਾਰ ਆ ਕੇ ਬੈਠ ਗਿਆ । ਦੂਜੇ ਦੋ ਵਿਚਕਾਰਲੇ ਗੱਦੇ ਤੇ ਬੈਠ ਗਏ । ਪਰ ਜਦੋਂ ਉਹ ਅੰਦਰ ਆਏ ਤਾਂ ਉਸ ਮੰਗਤੇ ਨੇ ਮੁੰਡੇ ਨੂੰ ਗਦੇ ਤੋਂ ਉਤਰ ਜਾਣ ਦਾ ਜਿਵੇਂ ਇਸ਼ਾਰਾ ਕੀਤਾ, ਉਹ ਮੈਨੂੰ ਚੰਗਾ ਨਾ ਲਗਾ । ਉਸ ਮੰਗਤੇ ਨੂੰ, ਕੀ ਲੋੜ ਜਾਂ ਅਧਿਕਾਰ ਸੀ, ਨਵੀਆਂ ਆਈਆਂ ਸਵਾਰੀਆਂ ਦੀ ਖ਼ੁਸ਼ਾਮਦ ਵਿਚ, ਉਸ ਬਾਲੜੇ ਨੂੰ ਉਸ ਦੀ ਥਾਂ ਤੋਂ ਉਤਾਰਨ ਦਾ । ਕਈ ਆਦਮੀਆਂ ਨੂੰ ਆਦਤ ਹੁੰਦੀ ਹੈ, ਸੋਫ਼ੀਆ ਸਫ਼ੈਦ-ਪੋਸ਼ ਲੋਕਾਂ ਦੀ ਝੋਲੀ ਚੁੱਕਣ ਦੀ, ਤੇ ਇਸ ਤਰ੍ਹਾਂ ਕਰਨ ਵਿੱਚ ਬਹੁਤ ਵਾਰੀ ਉਹ ਆਪਣੇ ਜਿਹੇ ਗ਼ਰੀਬਾਂ ਜਾਂ ਸਾਧਾਰਣ ਲੋਕਾਂ ਜਾਂ ਨਿਰਬਲ ਬਚਿਆਂ ਨਾਲ ਇਕ ਤਰ੍ਹਾਂ ਦੀ ਜ਼ਬਰਦਸਤੀ ਕਰਨ ਤੋਂ ਨਹੀਂ ਝਿਜਕਦੇ।

ਪਰ ਜਦੋਂ ਗੱਡੀ ਚਲਣ ਲਗੀ ਤਾਂ ਦੋ ਤਿੰਨ ਸਵਾਰੀਆਂ ਹੋਰ ਅੰਦਰ ਆ ਵੜੀਆਂ, ਜਿਨ੍ਹਾਂ ਵਿੱਚ ਉਸ ਮੁੰਡੇ ਦਾ ਵਾਲੀ ਕੋਈ ਨਹੀਂ ਸੀ । ਉਹ ਸਵਾਰੀਆਂ ਹਾਲੀ ਉਸ ਮੁੰਡੇ ਬਾਰੇ ਕੁਝ ਝਿਜਕ ਹੀ ਰਹੀਆਂ ਸਨ ਕਿ ਉਸ ਮੰਗਤੇ ਨੇ ਝਟ ਨਾਲ ਉਠ ਕੇ ਮੁੰਡੇ ਨੂੰ ਪਕੜ ਕੇ ਗੱਦੇ ਤੋਂ ਲਾਹ ਲਿਆ।
ਮੁੰਡੇ ਨੇ ਕੁਝ ਮਜ਼ਾਹਮਤ ਕੀਤੀ, ਪਰ ਨਿਸਫਲ। ਮੰਗਤਾ ਉਸ ਨੂੰ ਚੁਕ ਕੇ ਆਪਣੇ ਕੋਲ ਦਰਵਾਜ਼ੇ ਤੇ ਲੈ ਆਇਆ । ਮੁੰਡਾ ਉਸ ਤੋਂ ਛੁੱਟਣ ਲਈ ਜ਼ੋਰ ਲਾ ਰਿਹਾ ਸੀ । ਪਰ ਉਹ ਮੰਗਤਾ ਉਸ ਨੂੰ ਇਉਂ ਘੱਟੀ ਬੈਠਾ ਸੀ, ਜਿਵੇਂ ਉਹ ਉਸਦਾ ਆਪਣਾ ਪੁੱਤਰ ਹੁੰਦਾ ਹੈ।

ਮੈਂ ਵੇਖਿਆ ਮੁੰਡੇ ਦੇ ਗਲ ਇਕ ਪੁਰਾਣਾਂ ਕੋਟ ਸੀ ਤੇ ਹੇਠਾਂ ਤਨ ਉਤੇ ਕਮੀਜ਼ ਕੁੜਤਾ ਕੋਈ ਨਹੀਂ ਸੀ । ਉਸਦੇ ਤੇੜ ਵੀ ਇਕ ਪੁਰਾਣੀ ਪਤਲੂਨ ਸੀ, ਜਿਸ ਦੀ ਇਕ ਲਤ ਧੁਰ ਧੁਰਾਊਂ ਫੱਟੀ ਜਾਂ ਉਧੜੀ ਹੋਈ ਸੀ, ਮੁੰਡਾ ਮੰਗਤੇ ਤੋਂ ਛੁੱਟਣ ਲਈ ਤਰਲੇ ਮਾਰ ਰਿਹਾ ਸੀ । ਕੁਝ ਚੂੰ ਚੂੰ ਵੀ ਕਰਦਾ ਸੀ, ਪਰ ਬੋਲਦਾ ਕੁਝ ਨਹੀਂ ਸੀ । ਮੇਰਾ ਜੀ ਕਰੇ, ਉਸ ਮੰਗਤੇ ਨੂੰ ਕਹਿਣ ਲਈ ਕਿ ਉਹ ਮੁੰਡੇ ਨੂੰ ਮੇਰੇ ਕੋਲ ਗੱਦੇ ਉਤੇ ਬੈਠ ਜਾਣ ਦੇਵੇ । ਪਰ ਇਤਨਾ ਹੌਸਲਾ ਨਾ ਹੋਇਆ। ਸ਼ਾਇਦ ਮੇਰੀ ਅੰਦਰਲੀ ਬੁੱਧੀ ਨੇ ਮੈਨੂੰ ਨਿਸਚਾ ਕਰਵਾ ਦਿਤਾ ਕਿ ਇਸ ਤਰ੍ਹਾਂ ਦੀ ਖੁਲ੍ਹ-ਦਿਲੀ ਦਿਖਾਣ ਦਾ ਕਿਸੇ ਨੂੰ ਲਾਭ ਨਹੀਂ ਸੀ ਹੋ ਸਕਦਾ ।

ਜਦ ਮੁੰਡਾ ਉਸ ਮੰਗਤੇ ਪਾਸੋਂ ਹੋਰ ਤਰ੍ਹਾਂ ਸ਼ਾਂਤ ਨਾ ਹੋਇਆ ਤਾਂ ਉਸ ਨੇ ਆਪਣੇ ਉਸ ਦੇ ਕੋਲ ਜਿਹੇ ਹੀ ਫਟੇ ਪੁਰਾਣੇ ਕੋਟ ਵਿਚੋਂ ਕੁਝ ਰੋਟੀਆਂ ਕਢ ਲਈਆਂ, ਜਿਨ੍ਹਾਂ ਵਿਚੋਂ ਇਕ ਟੁਕੜਾ ਤੋੜ ਕੇ ਉਸ ਨੇ ਮੁੰਡੇ ਨੂੰ ਦੇ ਦਿੱਤਾ । ਇਸ ਨਾਲ ਮੁੰਡਾ ਟਿਕ ਗਿਆ ਤੇ ਦੋਵੇਂ ਜਣੇ ਰੋਟੀ ਖਾਣ ਲਗ ਪਏ ।

ਹੁਣ ਉਹ ਮੁੰਡਾ ਰੋਟੀ ਖਾ ਰਿਹਾ ਸੀ, ਹਸ ਰਿਹਾ ਸੀ ਤੇ ਲਾਚੜ ਕੇ ਮੰਗਤੇ ਨੂੰ ਕਦੀ ਕਦੀ ਧੱਫਾ ਜਾਂ ਬੈਠਾ ਬੈਠਾ ਲਤ ਦੀ ਹੁਝ ਵੀ ਮਾਰ ਦਿੰਦਾ ਜੋ ਉਹ ਮੰਗਤਾ ਬੜੇ ਪਿਆਰ ਨਾਲ ਬਰਦਾਸ਼ਤ ਕਰ ਰਿਹਾ ਸੀ । ਹੁਣ ਉਹ ਦੋ ਮੰਗਤੇ ਨਹੀਂ ਸਨ, ਦੋ ਪਿਉ-ਪੁੱਤਰ ਸਨ, ਜੋ ਬੜੇ ਪਿਆਰ ਨਾਲ ਇਕੱਠੇ ਰੋਟੀ ਖਾ ਰਹੇ ਸਨ । ਪਰ ਮੇਰੇ ਮਨ ਵਿਚੋਂ ਉਕਾ ਨਹੀਂ ਨਿਕਲਦਾ ਸੀ ਕਿ ਇਹ ਮੁੰਡਾ ਉਸ ਮੰਗਤੇ ਨੇ ਕਿਧਰੋਂ ਚੁਕਿਆ ਹੋਇਆ ਸੀ । ਹੈਰਾਨੀ ਦੀ ਗਲ ਇਹ ਸੀ ਕਿ ਇਸ ਸਾਰੇ ਲਾਡ ਮਲ੍ਹਾਰ ਵਿਚ ਉਹ ਮੁੰਡਾ ਹਸਣ ਤੇ ਪਸ਼ੂਆਂ ਵਾਕਰ ਸਾਧਾਰਣ ਵਾਜਾਂ ਕਢਣ ਤੋਂ ਬਿਨਾਂ ਬੋਲ-ਚਾਲ ਕੁਝ ਨਹੀਂ ਸੀ ਰਿਹਾ । ਉਹ ਬੋਲਾ ਨਹੀਂ ਸੀ ਜਾਪਦਾ ਤੇ ਮੈਨੂੰ ਇਹ ਸ਼ਕ ਗੁਜ਼ਰ ਰਹਿਆ ਸੀ ਜਿਵੇਂ ਉਸ ਮੰਗਤੇ ਨੇ ਉਸ ਨੂੰ ਜਾਣ ਬੁਝ ਕੇ ਬੋਲਣਾ ਨਹੀਂ ਸੀ ਸਿਖਾਇਆ। ਜਿਹੜਾ ਸ਼ਕ ਸ਼ਾਇਦ ਵਿਗਿਆਨਕ ਦ੍ਰਿਸ਼ਟੀ ਤੋਂ ਨਿਰਮੂਲ ਹੋਵੇ ।

“ਇਹ ਤੇਰਾ ਪੁਤਰ ਹੈ ?'' ਮੈਂ ਉਸ ਮੰਗਤੇ ਨੂੰ ਪੁਛਿਆ ।
“ਹਾਂ, ਮੇਰਾ ਬੇਟਾ ਹੈ।” ਉਸ ਨੇ ਹਿੰਦੁਸਤਾਨੀ ਵਿੱਚ ਉਤਰ ਦਿਤਾ ।
ਇਸ ਦੀ ਮਾਂ ਕਿਥੇ ਹੈ ?” ਮੈਂ ਫਿਰ ਉਸਨੂੰ ਪੰਜਾਬੀ ਵਿਚ ਹੀ ਪੁਛਿਆ, ਕਿਉਂਕਿ ਮੈਨੂੰ ਪਤਾ ਸੀ ਕਿ ਪੰਜਾਬ ਵਿਚ ਆਪਣੇ ਦਿਨ ਲੰਘਾ ਰਿਹਾ, ਉਹ ਪੰਜਾਬੀ ਸਮਝ ਸਕਦਾ ਹੋਵੇਗਾ ।
ਦੌੜ ਗਈ ਉਸਦਾ ਉੱਤਰ ਸੀ ।

ਇਸ ਉੱਤਰ ਤੋਂ ਮੈਨੂੰ ਉਸ ਉਤੇ ਤਰਸ ਵੀ ਆਇਆ, ਪਰ ਨਾਲ ਮੇਰੇ ਇਸ ਸ਼ੰਕੇ ਨੂੰ ਵੀ ਕੁਝ ਅਧਾਰ ਮਿਲ ਗਿਆ ਕਿ ਸ਼ਾਇਦ ਇਹ ਮੁੰਡਾ ਉਸ ਮੰਗਤੇ ਨੇ ਚੁਕਿਆ ਹੀ ਹੋਇਆ ਸੀ ।

ਇਕ ਪੰਜ ਛੇ ਸਾਲ ਦਾ ਮੁੰਡਾ, ਜੋ ਮੇਰੇ ਆਪਣੇ ਚਾਰ ਕੁ ਸਾਲ ਦੇ ਪੁੱਤਰ ਨਾਲ ਸ਼ਕਲ ਸ਼ਬਾਹਤ ਵਿਚ ਮਿਲਦਾ ਜੁਲਦਾ ਸੀ ਤੇ ਜਿਸ ਨੂੰ ਮੈਂ ਸ਼ਾਮ ਦੇ ਅਧ-ਚਾਨਣ ਦਾ ਸਦਕਾ ਤੇ ਉਸਦੇ ਫਟੇ ਪੁਰਾਣੇ ਕਪੜਿਆਂ ਦਾ ਸਦਕਾ, ਜੋ ਕਿਸੇ ਸ਼ਰੀਫ਼ਜ਼ਾਦੇ ਦਾ ਉਤਾਰ ਸਨ, ਤੇ ਸੈਕੰਡ ਕਲਾਸ ਦੇ ਗੱਦੇ ਤੇ ਬੈਠਾ ਵੇਖ ਕੇ ਇਕ ਸ਼ਰੀਫ਼ਜ਼ਾਦਾ ਸਮਝੀ ਬੈਠਾ ਸਾਂ, ਹੁਣ ਇਕ ਮੰਗਤੇ ਦਾ ਪੁਤਰ, ਅਸਲੀ ਜਾਂ ਚੁਕਿਆ ਹੋਇਆ, ਬਣਿਆ ਬੈਠਾ ਸੀ । ਉਸ ਨੂੰ ਛਡ ਕੇ ਜਿਸਦੀ ਮਾਂ ਕਿਸੇ ਹੋਰ ਮੰਗਤੇ ਜਾਂ ਮੰਗਤੇ ਜਿਹੇ ਹੀ ਮਜ਼ਦੂਰ ਨਾਲ ਨਸ ਗਈ ਸੀ ਤੇ ਮੇਰੇ ਮਨ ਉਤੇ ਕਰੁਣਾ ਦਾ ਜਾਣੋ ਇਕ ਬੱਦਲ ਉਲਰਿਆ ਖਲੋਤਾ ਸੀ । ਉਹ ਅਧ-ਖੜ ਉਮਰ ਦਾ ਮੰਗਤਾ ਆਪਣੀ ਉਮਰ ਦੇ ਪੈਂਤੀ ਚਾਲੀ ਸਾਲ ਕਿਸ ਆਸ ਦੇ ਸਹਾਰੇ ਜੀਉਂਦਾ ਰਿਹਾ ਸੀ । ਤੇ ਅਗਲੇ ਤੀਹ, ਪੈਂਤੀ ਸਾਲ ਕਿਸ ਆਸ ਦੇ ਸਹਾਰੇ ਜੀਵੇਗਾ ? ਕਹਿੰਦੇ ਹਨ ਆਸ ਨਾਲ ਜਹਾਨ ਕਾਇਮ ਹੈ । ਪਰ ਜਿਨ੍ਹਾਂ ਦਾ ਜਹਾਨ ਆਸ ਤੋਂ ਬਿਨਾਂ ਵੀ ਚਲ ਰਿਹਾ ਹੈ, ਉਨ੍ਹਾਂ ਨੂੰ ਤੁਸੀਂ ਕੀ ਆਖੋਗੇ ? ਮਹਾਂ ਕਵੀ ਗਾਲਿਬ ਨੇ ਇਕ ਥਾਂ ਕਿਹਾ ਹੈ :--

ਮੁਨਹਸਰ ਮਰਨੇ ਪਰ ਹੈ ਜਿਸ ਕੀ ਉਮੀਦ,
ਨਾ-ਉਮੀਦੀ ਉਸ ਕੀ ਦੇਖਾ ਚਾਹੀਏ ।

ਤੇ ਜਿਸ ਦਾ ਜਹਾਨ ਭਿਖਿਆ ਉਤੇ, ਉਸ ਭਿਖਿਆ ਉਤੇ, ਜੋ ਉਸ ਨੂੰ ਫੱਟੇ ਪੁਰਾਣੇ ਤੇ ਘਸਮੈਲੇ ਕਪੜੇ ਤੇ ਰੋਟੀ ਦੇ ਦੋ ਚਾਰ ਟੁਕੜੇ ਹੀ ਮਸਾਂ ਦਿੰਦੀ ਹੈ, ਕਾਇਮ ਹੈ, ਉਸ ਲਈ ਮੌਤ ਦੇ ਕੀ ਅਰਥ ਹਨ । ਇਹ ਗਲ ਗਾਲਿਬ ਦੀ ਕਥੀ ਨਾ-ਉਮੀਦੀ ਨਾਲੋਂ ਵੀ ਵਧੇਰੇ ਦੇਖਣ ਵਾਲੀ ਗੱਲ ਨਹੀਂ ।

ਪਰ ਨਹੀਂ, ਸ਼ਾਇਦ ਇਸ ਮੰਗਤੇ ਦਾ ਨਿਰਾਸ ਜਹਾਨ ਇਸ ਮੁੰਡੇ ਦੇ ਸਹਾਰੇ ਕਾਇਮ ਸੀ । ਕੀ ਇਸ ਮੰਗਤੇ ਨੂੰ ਤੇ ਇਸ ਮੁੰਡੇ ਨੂੰ ਆਸ ਦੇ ਜਹਾਨ ਵਿੱਚ ਲਿਆਉਣ ਦਾ ਕੋਈ ਸਾਧਨ ਨਹੀਂ ? ਮੈਂ ਪੁਛ ਰਿਹਾ ਸਾਂ, ਉਨਾਂ ਸ਼ਕਤੀਆਂ ਪਾਸੋਂ, ਜਿਨ੍ਹਾਂ ਦੇ ਅਧਿਕਾਰ ਵਿੱਚ ਇਸ ਨਾਲੋਂ ਭੀ ਵਧੇਰੇ ਔਖੀਆਂ ਸੈਂਕੜੇ ਸਮੱਸਿਆਵਾਂ ਦੇ ਸੁਲਝਾਉ ਹਨ।

ਇਹ ਪੈਂਤੀ ਚਾਲੀ ਸਾਲ ਦਾ ਮੰਗਤਾ ਕਿਸੇ ਕਾਰਖ਼ਾਨੇ ਵਿੱਚ ਕੰਮ ਕਰਨ ਵਾਲਾ ਮਜ਼ਦੂਰ ਬਣ ਰਿਹਾ ਸੀ । ਮੇਰੀ ਕਲਪਨਾ ਵਿੱਚ ਜਿਸ ਪਾਸੇ ਉਸਦੀ ਇਸਤਰੀ ਨੂੰ ਨਸ ਜਾਣ ਦੀ ਲੋੜ ਨਹੀਂ ਸੀ, ਕਿਉਂਕਿ ਉਹ ਕਾਰਖ਼ਾਨੇ ਵਿੱਚ ਅਠ ਘੰਟੇ ਕੰਮ ਕਰ ਕੇ ਘਰ ਆਉਂਦਾ ਸੀ ਤੇ ਇਸ ਦੇ ਸੀਨੇ ਵਿੱਚ ਉਹ ਤਾਣ ਮਾਣ ਹੁੰਦਾ ਸੀ, ਜਿਸ ਨੂੰ ਇਸਤਰੀਆਂ ਪਿਆਰ ਕਰਦੀਆਂ ਹਨ ਤੇ ਜਿਸ ਦਿਨ ਦੀ ਥਕਾਵਟ ਨੂੰ ਆਪਣੇ ਨਿੱਘੇ ਪ੍ਰੇਮ ਨਾਲ ਦੂਰ ਕਰਨ ਦਾ ਉਨ੍ਹਾਂ ਨੂੰ ਮਾਣ ਹੈ । ਜਿਸ ਦੂਜੇ ਮੰਗਤੇ ਜਾਂ ਮੰਗਤੇ ਜਿਹੇ ਮਜ਼ਦੂਰ ਨਾਲ ਇਸ ਆਦਮੀ ਦੀ ਇਸਤਰੀ ਨਸ ਗਈ ਸੀ, ਉਸਨੇ ਮੇਰੀ ਕਲਪਨਾ ਵਿਚ ਜਦੋਂ ਉਸ ਇਸਤਰੀ ਨੂੰ ਪਹਿਲਾਂ ਕਾਮ ਨਾਲ ਲੀਨ ਮਖੌਲ ਕੀਤਾ ਸੀ ਤਾਂ ਉਸਨੇ ਬੜੇ ਠਰ੍ਹੰਮੇ ਨਾਲ ਆਖ ਦਿਤਾ ਸੀ “ਵੀਰ ! ਜਿਹਾ ਮਖੌਲ ਤੂੰ ਕਿਸੇ ਹੋਰ ਨਾਲ ਕਰ, ਜਿਸ ਤੋਂ ਤੈਨੂੰ ਤੇਰਾ ਮਨ-ਵਾਂਛਿਆ ਪਿਆਰ ਮਿਲ ਸਕੇ । ਮੈਂ ਤਾਂ ਪਿਆਰ ਤੇਰੇ ਜਿਹੇ ਕਿਸੇ ਨੂੰ ਦੇ ਚੁੱਕੀ ਹਾਂ ਅਤੇ ਇਸ ਦੇ ਚੁਕਣ ਵਿਚ ਮੈਂ ਖੁਸ਼ ਹਾਂ ।”

ਪਰ ਨਹੀਂ ਇਹ ਮੰਗਤਾ ਮੇਰੀ ਕਲਪਨਾ ਦੇ ਉਪਰੋਕਤ ਜਹਾਨ ਵਿਚੋਂ ਸ਼ਾਇਦ ਅਜਿਹਾ ਗੁਜ਼ਰ ਚੁਕਾ ਸੀ, ਕਿ ਇਸ ਦੇ ਫਿਰ ਉਸ ਵਿਚ ਆਉਣ ਦੀ ਆਸ ਨਹੀਂ ਸੀ । ਹਾਂ ਉਹ ਮੁੰਡਾ ! ਉਸ ਲਈ ਮੇਰੀ ਕਲਪਨਾ ਦੇ ਜਹਾਨ ਵਿਚ, ਜੋ ਇਹਨਾਂ ਮੰਗਤਿਆਂ ਦੇ ਜਹਾਨ ਨਾਲੋਂ ਵਖਰਾ ਵਾਸਤਵ ਦਾ ਜਹਾਨ ਵੀ ਹੈ, ਬੜੀ ਥਾਉਂ ਸੀ। ਸ਼ਾਇਦ ਦੇਸ਼ ਦੀ ਤੀਜੀ ਪੰਜ-ਸਾਲਾ ਯੋਜਨਾ ਇਸ ਮੁੰਡੇ ਨੂੰ ਉਸਦੇ ਨਿਮਨ-ਵਾਸਤਵ ਦੇ ਜਹਾਨ ਵਿਚੋਂ, ਜਿਸ ਵਿਚ ਹੀ ਨਰਕ ਦੇ ਠੀਕ ਅਰਥ ਅੰਕਤ ਹਨ, ਉਠਾ ਕੇ ਵਾਸਤਵ ਦੇ ਜਹਾਨ ਵਿਚ, ਜਿਸ ਨੂੰ ਕਈ ਕਲਪਨਾ ਜਹਾਨ ਕਹਿ ਦਿੰਦੇ ਹਨ, ਲਿਆ ਕੇ ਸ਼ਰੀਫ਼ਜ਼ਾਦਾ ਬਣਾ ਦੇਵੇ ।

ਮੈਂ ਇਸ ਤਰ੍ਹਾਂ ਸੋਚ ਰਿਹਾ ਸੀ, ਕਿ ਉਸ ਮੁੰਡੇ ਦੇ ਫੱਟੇ ਪੁਰਾਣੇ ਕੋਟ ਪਤਲੂਣ, ਇਕ ਨਵਾਂ ਨਕੋਰ ਟਵੀਡ ਦਾ ਸੂਟ ਬਣ ਗਏ । ਜਿਨ੍ਹਾਂ ਦੇ ਹੇਠ ਉਸ ਮੁੰਡੇ ਦੇ ਤਨ ਉਤੇ ਇਕ ਕਮੀਜ਼ ਤੇ ਇਸ ਉਤੇ ਕਿਸੇ ਦੇ ਪਿਆਰ ਦਾ ਸੋਹਣਾ ਉਣਿਆ ਹੋਇਆ ਸਵੈਟਰ ਸੀ । ਤੇ ਉਹ ਮੁੰਡਾ ਸੈਕੰਡ ਕਲਾਸ ਤੇ ਉਸ ਡੱਬੇ ਵਿਚ ਬੈਠਾ ਗੱਦੇ ਉਤੇ ਬੈਠਾ ਇਕ ਸੋਹਣੀਆਂ ਤਸਵੀਰਾਂ ਵਾਲੀ ਪੁਸਤਕ ਦੇ ਵਰਕੇ ਪਲਟ ਰਿਹਾ ਸੀ । ਇਸ ਰੂਪ ਵਿਚ ਉਹ ਮੈਨੂੰ ਆਪਣੇ ਚਾਰ ਕੁ ਸਾਲ ਦੇ ਪੁੱਤਰ ਜਿੰਨਾ ਹੀ ਸੋਹਣਾ ਲਗਦਾ ਸੀ, ਜੋ ਸ਼ਕਲ ਸ਼ਬਾਹਤ ਵਿਚ ਇਕ ਸ਼ਾਹਜ਼ਾਦਾ ਹੀ ਤਾਂ ਸੀ ।
ਉਹ ਮੰਗਤਾ ਉਸ ਡੱਬੇ ਵਿੱਚ ਕੋਈ ਨਹੀਂ ਸੀ ।

(‘ਤੀਜਾ ਪਹਿਰ’ ਵਿੱਚੋਂ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)