Sheesha (Punjabi Story) : Gurdev Singh Rupana

ਸ਼ੀਸ਼ਾ (ਕਹਾਣੀ) : ਗੁਰਦੇਵ ਸਿੰਘ ਰੁਪਾਣਾ

ਉਹ ਪਤਲਾ, ਤੰਦਰੁਸਤ ਸਰੀਰ ਵਾਲਾ, ਚਵ੍ਹੀ-ਪੰਝੀ ਸਾਲ ਦਾ ਜਵਾਨ ਸੀ। ਚਿਹਰੇ ਦਾ ਰੰਗ ਤਾਂਬੇ ਵਰਗਾ, ਜਿਸ ਕਰ ਕੇ ਹੋਰ ਵੀ ਸਿਹਤਮੰਦ ਲੱਗਦਾ ਸੀ। ਨਾਂ ਸੀ ਦਾਨੀ ਤੇ ਪੈਰਿਸ ਦਾ ਰਹਿਣ ਵਾਲਾ ਸੀ। ਸਾਹਿਤ ਦਾ ਵਿਦਿਆਰਥੀ। ‘ਵੀਹਵੀਂ ਸਦੀ ਦਾ ਪੰਜਾਬੀ ਸਾਹਿਤ’ ਦਾ ਵਿਸ਼ਾ ਲੈ ਕੇ ਪੀਐਚ.ਡੀ. ਕਰ ਰਿਹਾ ਸੀ। ਦਿੱਲੀ ਰਹਿ ਕੇ ਪੁਸਤਕਾਂ ਇਕੱਠੀਆਂ ਕਰਦਾ ਤੇ ਦਿੱਲੀ ਵਿਚ ਰਹਿੰਦੇ ਪੰਜਾਬੀ ਲੇਖਕਾਂ ਨੂੰ ਮਿਲਦਾ। ਮੇਰੇ ਨਾਲ ਮੁਲਾਕਾਤ ਵੀ ਇਸੇ ਸਿਲਸਿਲੇ ਵਿਚ ਹੋਈ।

ਕੰਵਲ ਤੇ ਗੁਰਦਿਆਲ ਸਿੰਘ ਦੇ ਨਾਵਲ ਪੜ੍ਹਦਿਆਂ ਉਹਨੂੰ ਬਹੁਤ ਸਾਰੇ ਮਲਵਈ ਸ਼ਬਦਾਂ ਦੇ ਅਰਥ ਸਮਝ ਨਾ ਆਉਂਦੇ। ਕਿਸੇ ਡਿਕਸ਼ਨਰੀ ਵਿਚੋਂ ਵੀ ਨਾ ਲੱਭਦੇ। ਕਈ ਵਾਰ ਉਹ ਮੇਰੀ ਸਹਾਇਤਾ ਲੈ ਲੈਂਦਾ। ਦੋਸਤਾਂ ਵਿਚ ਬੈਠੇ, ਇਕ ਦਿਨ ਉਹਨੂੰ ਪਤਾ ਲੱਗਿਆ, ਕਿ ਮੈਂ ਕੁਝ ਦਿਨਾਂ ਵਾਸਤੇ ਆਪਣੇ ਪਿੰਡ (ਰੁਪਾਣਾ) ਜਾ ਰਿਹਾ ਹਾਂ, ਤਾਂ ਉਹਨੇ ਰੁਕ-ਰੁਕ ਕੇ ਬੋਲਦਿਆਂ ਕਿਹਾ, “ਆਪ…ਜੀ…ਦੇ…ਨਾਲ਼…ਜੇ…ਮੈਂ…ਚੱਲਾਂ ਤਾਂ…।” ਉਹ ਪੰਜਾਬ ਦੇ ਪਿੰਡ ਵੇਖਣਾ ਚਾਹੁੰਦਾ ਸੀ, ਲੋਕਾਂ ਨੂੰ ਮਿਲਣਾ ਚਾਹੁੰਦਾ ਸੀ, ਗੱਲਾਂ ਕਰਨਾ ਚਾਹੁੰਦਾ ਸੀ, ਪਰ ਕਿਸੇ ਉਤੇ ਬੋਝ ਬਣਨ ਤੋਂ ਝਿਜਕ ਰਿਹਾ ਸੀ। ਮੈਂ ਉਹਨੂੰ ਦੱਸਿਆ, “ਪਿੰਡ ਮੇਰੀ ਮਾਂ ਰਹਿੰਦੀ ਹੈ। ਬੋਝ ਵਾਲੀ ਕੋਈ ਗੱਲ ਨਹੀਂ। ਖਾਣ-ਪੀਣ ‘ਤੇ ਕੋਈ ਖਰਚ ਨਹੀਂ ਆਵੇਗਾ, ਸਾਡਾ ਕਿਰਾਇਆ ਭਾੜਾ ਹੀ ਲੱਗੇਗਾ। ਉਹ ਜ਼ਰੂਰ ਚੱਲੇ।”

ਉਹਨੂੰ ਚਾਅ ਚੜ੍ਹ ਗਿਆ ਤੇ ਖੁਸ਼ੀ ਨਾਲ ਉਹਦਾ ਸਰੀਰ ਕੰਬ ਗਿਆ।

ਅਗਲੇ ਦਿਨ ਅਸੀਂ ਦਿੱਲੀ-ਫਿਰੋਜ਼ਪੁਰ ਵਾਲੀ ਬੱਸ ਵਿਚ ਸਵਾਰ ਹੋ ਗਏ। ਰਸਤੇ ਵਿਚ ਨਿੱਕੇ-ਨਿੱਕੇ ਵੇਰਵੇ ਪੁੱਛ-ਪੁੱਛ ਕੇ ਉਹਨੇ ਮੇਰਾ ਦਿਮਾਗ ਪੱਛ ਛੱਡਿਆ। ਮੈਂ ਖੁਸ਼ੀ-ਖੁਸ਼ੀ ਦੱਸਦਾ ਰਿਹਾ। ਦੱਸਦਾ ਕੀ ਰਿਹਾ, ਆਪਣੇ ਲੋਕਾਂ ਦਾ ਗੁਣ-ਗਾਨ ਕਰਦਾ ਰਿਹਾ। ਹਰ ਗੱਲ ਨੂੰ ਲਿਸ਼ਕਾ ਕੇ, ਹਰ ਵੇਰਵੇ ਵਿਚੋਂ ਆਪਣੇ ਲੋਕਾਂ ਦੀ ਸਿਫ਼ਤ-ਸਲਾਹ ਲੱਭਦਾ ਰਿਹਾ। ਇਹ ਉਸਤਤ-ਪੁਰਾਣ ਹੋਰ ਵੀ ਤਿੱਖਾ ਹੋ ਗਿਆ ਜਦੋਂ ਬੱਸ ਪੰਜਾਬ ਦੀ ਹੱਦ ਵਿਚ ਦਾਖ਼ਲ ਹੋ ਗਈ। ਪ੍ਰਸ਼ੰਸਾ ਕਰਦਾ ਮੈਂ ਉਤਸ਼ਾਹ ਨਾਲ ਨੱਕੋ-ਨੱਕ ਭਰਿਆ ਹੋਇਆ ਸਾਂ, ਕਿਉਂਕਿ ਦਾਨੀ ਸਭ ਕੁਝ ਮੰਨਦਾ ਜਾ ਰਿਹਾ ਸੀ। ਉਹਨੂੰ ਵਿਸ਼ਵਾਸ ਹੋ ਰਿਹਾ ਸੀ।

ਤਿੰਨ ਵਜੇ ਅਸੀਂ ਪਿੰਡ ਪੁੱਜ ਗਏ। ਅੱਡੇ ਤੋਂ ਪਹਿਲਾਂ ਅਸੀਂ ਸੂਏ ਦੇ ਪੁਲ ਉਤੇ ਉਤਰ ਗਏ। ਸਾਡਾ ਘਰ ਪਿੰਡ ਦੇ ਦੂਜੇ ਪਾਸੇ ਹੈ। ਅੱਡੇ ਤੋਂ ਉਤਰੀਏ ਤਾਂ ਸਾਰੇ ਪਿੰਡ ਵਿਚੋਂ ਦੀ ਲੰਘਣਾ ਪੈਂਦਾ ਹੈ। ਸੋਚ ਆਈ, ਪਰਦੇਸੀ ਬੰਦੇ ਨੂੰ ਵੇਖ ਕੇ ਲੋਕ ਅੱਖਾਂ ਪਾੜ-ਪਾੜ ਵੇਖਣਗੇ ਤੇ ਉਹਦੇ ਬਾਰੇ ਭਾਂਤ-ਭਾਂਤ ਦੇ ਸਵਾਲ ਕਰਨਗੇ। ਉਸ ਸਮੇਂ ਮੈਂ ਇਤਨਾ ਥੱਕਿਆ ਹੋਇਆ ਸਾਂ ਕਿ ਹੋਰ ਬੋਲਣ ਦੇ ਰੌਂਅ ਵਿਚ ਨਹੀਂ ਸਾਂ।

ਪੁਲ ਉਤੇ ਖੜੋ ਕੇ ਦਾਨੀ ਨੇ ਆਲੇ-ਦੁਆਲੇ ਵੇਖਿਆ। ਫੇਰ ਰੁਕ-ਰੁਕ ਕੇ ਬੋਲਿਆ, “ਆਪ…ਜੀ…ਦੀ…ਕਹਾਣੀ…’ਹਵਾ’…ਵਿਚ ਇਹ ਸੜਕ…ਹੈ?”

ਮੈਂ ਦੱਸਿਆ ਕਿ ਇਹੀ ਸੜਕ ਹੈ ਜਿਸ ਉਤੇ ਚਲਦਾ ਕਾਫ਼ਲਾ ਵੱਢਿਆ ਗਿਆ ਸੀ। ਬਚੇ-ਖੁਚੇ ਲੋਕ, ਉਸ ਥਾਂ ਆ ਕੇ ਬੈਠੇ ਸਨ ਤੇ ਪੁਲ ਦੀ ਜੜ੍ਹ ਵਿਚੋਂ ਨਿਕਲਦੀ ਸੜਕ, ਔਹ ਸਾਹਮਣੇ ਪਿੰਡ ‘ਧਿਗਾਣੇ’ ਤੱਕ ਜਾਂਦੀ ਹੈ, ਜਿਥੇ ਅੰਤ ਵਿਚ ਮਦਨ ਪਹੁੰਚਦਾ ਹੈ।

ਉਹਨੇ ਮੇਰਾ ਨਵਾਂ-ਨਵਾਂ ਛਪਿਆ ਨਾਵਲ ‘ਗੋਰੀ’ ਦੋ ਦਿਨ ਪਹਿਲਾਂ ਹੀ ਪੜ੍ਹਿਆ ਸੀ। ਪੁੱਛਣ ਲੱਗਾ, “ਗੋਰੀ…ਦੇਵ…ਮਿੱਠੇ…ਵੀ…ਏ…ਸੜਕ…ਤੋਂ ਲੱਭਦੇ…ਨੇ ਵੱਟੀਆਂ।”

ਦਾਨੀ ਦੀਆਂ ਇਨ੍ਹਾਂ ਗੱਲਾਂ ਨੇ ਮੇਰਾ ਥਕੇਵਾਂ ਲਾਹ ਦਿੱਤਾ ਤੇ ਮੈਂ ਫੇਰ ਗੱਲਾਂ ਕਰਨ ਦੇ ਮੂਡ ਵਿਚ ਹੋ ਗਿਆ।

ਅਸੀਂ ਸੂਏ ਦੀ ਪਟੜੀ ‘ਤੇ ਚੱਲਣ ਲੱਗੇ। ਪਟੜੀ ਦੇ ਨਾਲ ਹੀ ਸਿਵੇ ਸਨ। ਸਿਵਿਆਂ ਕੋਲੋਂ ਰਾਹ ਉਤਰ ਕੇ ਫਿਰਨੀ ਵਿਚ ਜਾ ਪੈਂਦਾ ਹੈ। ਉਥੇ ਕਿਸੇ ਦਾ ਸਸਕਾਰ ਹੋ ਰਿਹਾ ਸੀ। ਸਿਵੇ ਨੂੰ ਅੱਗ ਲੱਗ ਚੁੱਕੀ ਸੀ ਤੇ ਲਾਟਾਂ ਨਿਕਲ ਰਹੀਆਂ ਸਨ। ਮੁਰਦੇ ਦੇ ਨਾਲ ਸਿਰਫ ਮਰਦ ਹੀ ਸਨ। ਸੋਚਿਆ, ਕੋਈ ਛੜਾ ਬੁੱਢਾ ਮਰ ਗਿਆ ਹੋਵੇਗਾ। ਪਟੜੀ ਤੋਂ ਲਹਿ ਕੇ ਅਸੀਂ ਉਨ੍ਹਾਂ ਬੰਦਿਆਂ ਵਿਚ ਰਲ ਗਏ। ਕਿਸੇ ਤੋਂ ਪਤਾ ਲੱਗਿਆ, ਬੂੜਾ ਵੈਲੀ ਚੱਲ ਵਸਿਆ ਸੀ।
“ਚਲੋ! ਕਈ ਮੁੰਡਿਆਂ ਦੀ ਜ਼ਿੰਦਗੀ ਬਚ ਗਈ”, ਮੈਂ ਸੋਚਿਆ।

ਬੁੱਢਾ ਹੋਣ ਕਰ ਕੇ ਬੂੜਾ ਬਦਮਾਸ਼ੀ ਕਰਨੋਂ ਰਹਿ ਗਿਆ ਸੀ। ਹੁਣ ਉਹ ਨਵੇਂ ਜਵਾਨ ਹੋ ਰਹੇ ਮੁੰਡਿਆਂ ਨੂੰ ਆਪਣੇ ਰਾਹ ‘ਤੇ ਪਾਉਣ ਲੱਗ ਪਿਆ ਸੀ। ਵੈਲੀ ਬਣਨ ਦੀਆਂ ਕਲਾਕਾਰੀਆਂ ਸਿਖਾਉਂਦਾ। ਜਿਵੇਂ ਬੁੱਢੀ ਹੋ ਕੇ ਨਾਚੀ ਸਕੂਲ ਖੋਲ੍ਹ ਲੈਂਦੀ ਹੈ, ਬੂੜੇ ਨੇ ਵੈਲੀ ਬਣਾਉਣ ਦਾ ਇਕ ਤਰ੍ਹਾਂ ਨਾਲ ਸਕੂਲ ਖੋਲ੍ਹ ਰੱਖਿਆ ਸੀ। ਉਹਦੀ ਸਿੱਖਿਆ ਵਿਚ ਆ ਕੇ ਕੋਈ ਮੁੰਡਾ ਸਕੂਲ ਛੱਡ ਦਿੰਦਾ, ਕੋਈ ਆਪਣੇ ਪਿਉ ਦੇ ਗਲ ਪੈ ਜਾਂਦਾ ਤਾਂ ਉਹਨੂੰ ਲੱਗਦਾ, ਉਹਦੀ ਫੀਸ ਆ ਗਈ ਸੀ। ਕਈ ਵਸਦੇ ਰਸਦੇ ਘਰ ਉਹਨੇ ਉਜਾੜੇ ਸਨ। ਕਿਸੇ ਦਾ ਭਲਾ ਸੋਚਣਾ ਤਾਂ ਕੀ, ਕਦੀ ਵਿਖਾਵੇ ਵਜੋਂ ਵੀ ਉਸ ਅਜਿਹਾ ਨਹੀਂ ਕੀਤਾ ਸੀ।

ਦੋ-ਚਾਰ ਬੰਦਿਆਂ ਨੇ ਬਲਦੇ ਸਿਵੇ ਵਿਚ ਡੱਕੇ ਸੁੱਟੇ ਤੇ ਗੱਲੀਂ ਪੈ ਗਏ।
“ਮੌਤ ਆਵੇ ਤਾਂ ਐਹੋ ਜੀ।”
“ਕੋਈ ਤਾਪ ਨ੍ਹੀਂ, ਕੋਈ ਸਰਵਾਹ ਨ੍ਹੀਂ।”
“ਇਕ ਦਿਨ ਵੀ ਬਿਮਾਰ ਨਹੀਂ ਹੋਇਆ।”
“ਇਕ ਦਿਨ ਤਾਂ ਵੱਡਾ ਹੁੰਦੈ-ਪੰਜ ਮਿੰਟ ਨ੍ਹੀਂ ਹੋਇਆ ਏਹ ਤਾਂ।”
“ਜਿਵੇਂ ਕੋਈ ਬਾਹਲੇ ਪੁੰਨ ਕੀਤੇ ਹੋਣ।”
“ਹਾਂ, ਜਿਵੇਂ ਬਾਹਲੇ ਪੁੰਨ ਕੀਤੇ ਹੋਣ, ਕੋਈ ਤਕਲੀਫ਼ ਨ੍ਹੀਂ ਹੋਈ।”

ਦਾਨੀ ਨੇ ਮੈਨੂੰ ਪੁੰਨ ਬਾਰੇ ਪੁੱਛਿਆ। ਫੇਰ ਪੁੱਛਿਆ, ਮਰਨ ਵਾਲੇ ਨੇ ਬਹੁਤ ਪੁੰਨ ਕੀਤੇ ਸਨ? ਇਸ ਕਰ ਕੇ ਲੋਕ ਆਖ ਰਹੇ ਸਨ। ਸੰਖੇਪ ਵਿਚ ਤੇ ਧੀਮੀ ਆਵਾਜ਼ ਵਿਚ ਦਾਨੀ ਨੂੰ ਬੂੜੇ ਦੇ ਚਰਿੱਤਰ ਬਾਰੇ ਦੱਸਿਆ…ਘੋਰ ਪਾਪੀ ਬਣਾ ਕੇ ‘ਜਿਵੇਂ ਪੁੰਨ ਕੀਤੇ ਹੋਣ’ ਵਿਚ ‘ਜਿਵੇਂ’ ਦੀ ਰਮਜ਼ ਸਮਝਾਈ।

ਮੈਨੂੰ ਵੇਖ ਕੇ ਬੂੜੇ ਦਾ ਪੁੱਤਰ ਕਿਹਰੂ ਹੌਲੀ-ਹੌਲੀ ਸਾਡੇ ਕੋਲ ਨੂੰ ਹੋ ਗਿਆ। ਅਫਸੋਸ ਕਰਨ ਦੇ ਢੰਗ ਨਾਲ ਮੈਂ ਪੁੱਛ ਲਿਆ, “ਕੀ ਗੱਲ, ਬਿਮਾਰ ਹੋ ਗਿਆ ਸੀ ਤਾਇਆ?”

ਉਹ ਪਹਿਲਾਂ ਹੀ ਤਿਆਰ ਸੀ। ਵਾਰ ਵਾਰ ਦੱਸ ਕੇ ਉਹਦਾ ਚੰਗਾ ਅਭਿਆਸ ਹੋ ਚੁੱਕਿਆ ਸੀ, ਇਕਦਮ ਸ਼ੁਰੂ ਹੋ ਗਿਆ, “ਕੋਈ ਬਿਮਾਰ ਨਹੀਂ ਸੀ। ਚੰਗਾ ਭਲਾ। ਤਾਪ ਵੀ ਨਹੀਂ ਚੜ੍ਹਿਆ। ਨਾ ਜੁਕਾਮ ਨਾ ਬੁੱਲਾ। ਚੰਗੀ ਭਲੀ ਰੋਟੀ ਖਾਧੀ। ਵੱਡੀ ਰਾਤ ਤਾਈਂ ਮੁੰਡਿਆਂ ਨਾਲ ਧੂੰਏਂ ‘ਤੇ ਬੈਠਾ ਰਿਹਾ। ਚੰਗਾ ਭਲਾ ਉਠ ਕੇ ਆਇਆ। ਆਪ ਈ ਬਾਰ ਬੰਦ ਕੀਤਾ। ਕੁੰਡਾ ਲਾਇਆ, ਸਵੇਰੇ ਮੈਂ ਚਾਹ ਦੀ ਗੜਵੀ ਦੇਣ ਗਿਆ। ‘ਵਾਜ਼ ਦਿੱਤੀ ਤਾਂ ਬੋਲਿਆ ਨਾ। ਰਜਾਈ ਲਾਹ ਕੇ ਮੂੰਹ ਵੇਖਿਆ, ਅੱਖਾਂ ਮਿਚੀਆਂ ਹੋਈਆਂ, ਮੂੰਹ ਬੰਦ, ਜਮਾਂ ਸੁੱਤਾ ਲੱਗਿਆ। ਮਰੇ ਬੰਦੇ ਦੀਆਂ ਅੱਖਾਂ ਤੇ ਮੂੰਹ ਖੁੱਲ੍ਹੇ ਰਹਿ ਜਾਂਦੇ ਐ। ਪਰ ਨਹੀਂ, ਜਿਵੇਂ ਘੂਕ ਸੁੱਤਾ ਹੋਵੇ। ਮੈਂ ਚਾਹ ਵਾਲੀ ਗੜਵੀ ਮੋੜ ਕੇ ਚੁੱਲ੍ਹੇ ‘ਚ ਅੱਗ ‘ਤੇ ਰੱਖ ਦਿੱਤੀ, ਬਈ ਤੱਤੀ ਰਹੂ। ਚਾਹ ਉਹਨੂੰ ਆਦਤ ਸੀ, ਸੜਦੀ-ਸੜਦੀ ਪੀਂਦਾ ਹੁੰਦਾ ਸੀ। ਫੇਰ ਮੈਂ ਆਵਦੇ ਕੰਮ ਲੱਗ ਗਿਆ। ਪਿੰਡ ‘ਚ ਵੀ ਇਕ-ਦੋ ਕੰਮ ਕਰ ਆਇਆ। ਆ ਕੇ ਵੇਖਿਆ ਤਾਂ ਗੜਵੀ ਉਵੇਂ ਚੁੱਲ੍ਹੇ ‘ਚ ਪਈ। ਵੱਡੀਆਂ-ਵੱਡੀਆਂ ਧੁੱਪਾਂ ਚੜ੍ਹ ਆਈਆਂ ਸੀ। ‘ਵਾਜ਼ਾਂ ਦਿੱਤੀਆਂ, ਇਕ-ਦੋ…ਪਰ ਬੋਲਣਾ ਕੀ ਸੀ? ‘ਵਾਜ਼ ਵਿਚ ਹੁੰਦੀ ਤਾਂ ਬੋਲਦਾ ਨਾ…। ਬੋਲਣ ਵਾਲੀ ਚੀਜ਼ ਤਾਂ ਉਡ ਗਈ ਸੀ। ਰਜਾਈ ਲਾਹ ਕੇ ਮੂੰਹ ਨੰਗਾ ਕੀਤਾ। ਬਾਂਹ ਫੜ ਕੇ ਹਲੂਣੀ ਤਾਂ ਠੰਢੀ ਬਰਫ਼ ਵਰਗੀ। ਸੁੱਤੇ-ਸੁੱਤੇ ਦੇ ਪਰਾਣ ਪੰਖੇਰੂ ਹੋ ਗਏ, ਬੱਸ!” ਰੋਣ ਦੇ ਯਤਨ ਵਿਚ ਕਿਹਰੂ ਨੇ ਬੁੱਲ੍ਹ ਜਿਹੇ ਅਟੇਰੇ, ਪਰ ਰੋਣ ਨਹੀਂ ਨਿਕਲਿਆ।

ਦੂਜੇ ਪਾਸੇ ਕੋਈ ਧਰਮ ਸਿੰਘ ਦੀ ਮੌਤ ਨੂੰ ਯਾਦ ਕਰ ਰਿਹਾ ਸੀ, “ਦਿਨ-ਰਾਤ ਭਜਨ-ਬੰਦਗੀ ਕਰਨ ਵਾਲਾ, ਨਿਤਨੇਮੀ, ਪੰਜਾਂ ਬਾਣੀਆਂ ਦਾ ਪਾਠ ਕਰਨ ਪਿੱਛੋਂ ਮੂੰਹ ਜੂਠਾ ਕਰਦਾ। ਕਿਸੇ ਨੂੰ ਕੋਈ ਦੁੱਖ-ਤਕਲੀਫ ਹੁੰਦੀ, ਸਭ ਤੋਂ ਪਹਿਲਾਂ ਪੁੱਜਦਾ। ਕਿਸੇ ਦੇ ਕੰਡਾ ਵੱਜਿਆ ਧਰਮ ਸਿੰਘ ਤੋਂ ਜਰ ਨਾ ਹੁੰਦਾ, ਪਰ ਮਰਿਆ ਵੇਖ ਲਉ ਕਿਵੇਂ? ਛੇ ਮਹੀਨੇ ਅੱਡੀਆਂ ਰਗੜ-ਰਗੜ ਕੇ। ਇਕ ਪਾਸਾ ਮਾਰਿਆ ਗਿਆ, ਪਏ-ਪਏ ਦਾ ਸਰੀਰ ਗਲ ਗਿਆ, ਇਕ ਪਾਸੇ ਤੋਂ। ਮੁਸ਼ਕ ਮਾਰਿਆ ਕਰੇ, ਪਰ ਮੌਤ ਨੇ ਤਾਂ ਆਪਣੇ ਵਕਤ ‘ਤੇ ਹੀ ਆਉਣਾ ਸੀ। ਬਹੁਤ ਨਰਕ ਭੋਗਿਆ ਵਿਚਾਰੇ ਨੇ। ਵੇਖ ਲਉ ਰੱਬ ਦੇ ਰੰਗ!”

ਧਰਮ ਸਿੰਘ ਦੀ ਮੌਤ ਬਾਰੇ ਸਾਰਿਆਂ ਨੇ ਕੁਝ ਕਿਹਾ। ਫੇਰ ਕੁਝ ਲੋਕ ਬੂੜੇ ਦੀ ਸੌਖੀ ਮੌਤ ਬਾਰੇ ਦੱਸਦੇ ਤੇ ਕੋਈ ਧਰਮ ਸਿੰਘ ਦੀ ਕਸ਼ਟਾਂ ਭਰੀ ਮੌਤ ਬਾਰੇ ਗੱਲ ਕਰਦਾ। ਇਕ ਤਰ੍ਹਾਂ ਨਾਲ ‘ਗੁਰਮੁਖ’ ਤੇ ‘ਮਨਮੁਖ’ ਦੀ ਮੌਤ ਦਾ ਮੁਕਾਬਲਾ ਹੋਣ ਲੱਗਾ ਪਿਆ। ਪੁੰਨ ਕਰਨ ਵਾਲਾ ਕਿੰਨਾ ਦੁਖੀ ਹੋ ਕੇ ਮਰਿਆ, ਤੇ ਪਾਪੀ ਦੀ ਮੌਤ ਕਿੰਨੀ ਸੁਖਾਲੀ ਸੀ। ਧਰਮ ਸਿੰਘ ਬਾਰੇ ਕਹਿ ਰਹੇ ਸਨ, ‘ਕਿੰਨੇ ਪੁੰਨ ਕੀਤੇ ਸੀ’ ਅਤੇ ਬੂੜੇ ਬਾਰੇ, ‘ਜਿਵੇਂ ਪੁੰਨ ਕੀਤੇ ਹੋਣ।’

ਕਿਹਰੂ ਦੀ ਹਾਲਤ ਬੜੀ ਤਰਸਯੋਗ ਸੀ, ਉਹਦੇ ਪਿਉ ਦੀ ਸੁਖੀ ਮੌਤ ਲੋਕਾਂ ਨੂੰ ਚੁਭ ਰਹੀ ਸੀ। ਐਸੀ ਮੌਤ ਦੇ ਵੀ ਉਹਨੂੰ ਯੋਗ ਨਹੀਂ ਸਮਝ ਰਹੇ ਸਨ। ਪਿੱਪਲ ਦਾ ਮੁੱਢ ਵਿਚੋਂ ਲੈ ਕੇ ਉਹਨੇ ਖੇਸ ਦੀ ਬੁੱਕਲ ਮਾਰ ਲਈ ਤੇ ਇਉਂ ਖੜ੍ਹਾ ਹੋ ਗਿਆ, ਜਿਵੇਂ ਐਲਾਨ ਕਰਨਾ ਹੋਵੇ।
“ਅਸਲ ‘ਚ ਉਹ ਪੁੰਨ ਤਾਰ ਗਿਆ ਬਾਪੂ ਨੂੰ…ਓਸ ਉਪਕਾਰ ਨੇ ਸਹਾਇਤਾ ਕੀਤੀ ਉਹਦੀ।” ਕਿਹਰੂ ਨੇ ਕਿਹਾ ਤੇ ਲੋਕਾਂ ਦੇ ਚਿਹਰਿਆਂ ਵੱਲ ਵੇਖਣ ਲੱਗਾ।

ਸਾਰੇ ਚੁੱਪ ਹੋ ਗਏ, ਜਿਵੇਂ ਯਾਦ ਕਰਦੇ ਹੋਣ, ਕਿਹੜਾ ਉਪਕਾਰ ਸੀ ਜੋ ਲੋਕਾਂ ਤੋਂ ਚੋਰੀ-ਚੋਰੀ ਬੂੜੇ ਨੇ ਕਰ ਦਿੱਤਾ ਸੀ? ਜਿਸ ਨੇ ਉਹਦੀ ਮੌਤ ਇਤਨੀ ਆਸਾਨ ਕਰ ਦਿੱਤੀ? “ਇਥੋਂ ਦੀ ਕਾਫ਼ਲਾ ਲੰਘਿਆ ਸੀ ਰੌਲੇ ਵੇਲੇ।” ਕਿਹਰੂ ਨੇ ਦੱਸਿਆ, “ਤੀਹ ਦੁੱਧ ਪੀਂਦੇ ਬੱਚਿਆਂ ਦੀ ਮੁਕਤੀ ਕੀਤੀ ਸੀ ਬਾਪੂ ਨੇ। ਉਹੀ ਪੁੰਨ ਤਾਰ ਗਿਆ।”

ਦੇਸ਼ ਦੀ ਵੰਡ ਸਮੇਂ 1947 ਵਿਚ ਪਿੰਡ ਵਿਚੋਂ ਲੰਘਦੀ ਸੜਕ ਉਤੋਂ ਦੀ ਪੰਦਰਾਂ-ਵੀਹ ਮੀਲ ਲੰਮਾ ਕਾਫ਼ਲਾ ਲੰਘਿਆ। ਲੁਟੇਰੇ ਤੇ ਧਾੜਵੀ ਕਾਫ਼ਲੇ ਦੇ ਪਿੱਛੋਂ ਥੋੜ੍ਹੇ ਕੁ ਬੰਦਿਆਂ ਨੂੰ ਵੱਖ ਕਰ ਲੈਂਦੇ। ਲੁੱਟ ਮਾਰ ਕਰਦੇ, ਮਰਦਾਂ ਤੇ ਬੁੱਢੀਆਂ ਔਰਤਾਂ ਨੂੰ ਮਾਰ ਦਿੰਦੇ, ਜਵਾਨ ਤੀਵੀਆਂ ਨੂੰ ਉਧਾਲ ਕੇ ਲੈ ਜਾਂਦੇ। ਫਿਰ ਹੋਰ ਧਾੜਵੀ ਆ ਜਾਂਦੇ। ਇਹ ਸਿਲਸਿਲਾ ਚਲਦਾ ਰਿਹਾ। ਪਿੱਛੋਂ ਕਾਫ਼ਲਾ ਵੱਢਿਆ ਜਾ ਰਿਹਾ ਸੀ, ਅੱਗਿਉਂ ਤੁਰ ਰਿਹਾ ਸੀ। ਸੜਕ ਲਾਸ਼ਾਂ ਨਾਲ ਭਰ ਗਈ। ਬਿਮਾਰੀ ਫੈਲਣ ਦੇ ਡਰ ਤੋਂ ਅਗਲੇ ਦਿਨ ਲਾਸ਼ਾਂ ਸਮੇਟਣ ਲੱਗੇ ਤਾਂ ਪਿੰਡ ਦੀ ਜੂਹ ਵਿਚ ਕੁਝ ਦੁੱਧ ਪੀਂਦੇ ਬੱਚੇ ਜਿਉਂਦੇ ਲੱਭੇ। ਪਿੰਡ ਵਾਲੇ ਉਨ੍ਹਾਂ ਨੂੰ ਧਰਮਸ਼ਾਲਾ ਲੈ ਗਏ। ਹੁਣ ਚਿੰਤਾ ਬਣੀ ਕਿ ਇਨ੍ਹਾਂ ਬੱਚਿਆਂ ਦਾ ਕੀਤਾ ਕੀ ਜਾਏ? ਕੁਝ ਬੱਚੇ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਲੈ ਗਏ, ਫਿਰ ਵੀ ਤੀਹ ਬੱਚੇ ਰਹਿ ਗਏ ਜਿਨ੍ਹਾਂ ਦੀ ਉਮਰ ਕੁਝ ਮਹੀਨਿਆਂ ਦੀ ਹੀ ਸੀ। ਪੰਜ ਸੱਤ ਦਿਨਾਂ ਵਿਚ ਹੀ ਪਿੰਡ ਵਾਲੇ ਦੁਖੀ ਹੋ ਗਏ। ਕੌਣ ਸੰਭਾਲੇ ਬਿਗਾਨੇ ਬੱਚਿਆਂ ਨੂੰ? ਬੰਦੇ ਦਾ ਬੱਚਾ ਪਾਲਣਾ ਕੋਈ ਖੇਲ ਨਹੀਂ। ਵਿਚਾਰ ਹੋਣ ਲੱਗੀ। ਕੋਈ ਕਹੇ ਪਾਕਿਸਤਾਨ ਛੱਡ ਆਈਏ। ਕੋਈ ਕਿਸੇ ਯਤੀਮਖਾਨੇ ਦੀ ਗੱਲ ਕਰਦਾ, ਪਰ ਛੱਡ ਕੇ ਕੌਣ ਆਵੇ? ਖ਼ਤਰਨਾਕ ਹਾਲਾਤ ਵਿਚ ਕੋਈ ਜਾਨ ਖਤਰੇ ਵਿਚ ਪਾਉਣ ਨੂੰ ਤਿਆਰ ਨਹੀਂ ਸੀ।
“ਪਰ੍ਹਾਂ ਮੁਕਤੀ ਕਰੋ ਵਿਚਾਰਿਆਂ ਦੀ। ਪਾਕਿਸਤਾਨ ‘ਚ ਕੌਣ ਇਨ੍ਹਾਂ ਵਾਸਤੇ ਪੂੜੇ ਲਈ ਬੈਠੇ।” ਬੂੜੇ ਨੇ ਸਲਾਹ ਦਿੱਤੀ।
“ਇੰਨੇ ਛੋਟੇ ਦੁੱਧ ਪੀਂਦੇ ਬੱਚਿਆਂ ਨੂੰ ਮਾਰੇਗਾ ਕੌਣ? ਕੋਈ ਨਹੀਂ ਮਾਰ ਸਕਦਾ। ਜੇ ਕੋਈ ਮਾਰ ਸਕਦਾ ਹੁੰਦਾ ਤਾਂ ਉਹੀ ਨਾ ਮਾਰ ਜਾਂਦੇ ਜਿਨ੍ਹਾਂ ਨੇ ਬਾਕੀ ਕਾਫ਼ਲਾ ਵੱਢਿਆ ਸੀ, ਜਿਹੜੇ ਇਨ੍ਹਾਂ ਦੀਆਂ ਮਾਂਵਾਂ ਨੂੰ ਲੈ ਗਏ ਸਨ।” ਇਸ ਖਿਆਲ ਨਾਲ ਹੀ ਲੋਕਾਂ ਦਾ ਦਿਲ ਦਹਿਲ ਜਾਂਦਾ।
“ਲਿਆਉ! ਮੈਂ ਕਰਦਾਂ ਇਹ ਪੁੰਨ।” ਅੰਤ ਨੂੰ ਬੂੜੇ ਨੇ ਕਿਹਾ, “ਇਨ੍ਹਾਂ ਦਾ ਕੀ ਐ, ਇਕ-ਇਕ ਟੱਕ ਦੀ ਮਾਰ ਐ ਵਿਚਾਰੇ। ਸਾਰੀ ਉਮਰ ਰੁਲਦੇ ਫਿਰਨਗੇ ਮਾਂ-ਮਹਿਟਰ।”
ਬੂੜਾ, ਬੱਚਿਆਂ ਨੂੰ ਸੂਏ ‘ਤੇ ਲੈ ਗਿਆ ਤੇ ਇਕ-ਇਕ ਟੱਕ ਲਾ ਕੇ ਸੂਏ ਵਿਚ ਸੁੱਟ ਦਿੱਤੇ। ਇਹ ਪੁੰਨ ਸੀ, ਕਿਹਰੂ ਦੇ ਦੱਸਣ ਅਨੁਸਾਰ ਜਿਸ ਨੇ ਉਹਦੇ ਬਾਪੂ ਦੀ ਮੌਤ ਸੌਖੀ ਕਰ ਦਿੱਤੀ ਸੀ। ਕਿਹਰੂ ਦੀ ਜ਼ਬਾਨੀ ਸੁਣ ਕੇ ਦਾਨੀ ਨੂੰ ਗੱਲ ਪੂਰੀ ਤਰ੍ਹਾਂ ਸਮਝ ਨਾ ਪਈ। ਮੇਰੇ ਕੋਲੋਂ ਦੁਬਾਰਾ ਸੁਣੀ।
“ਆਪ…ਜੀ…ਨੇ…ਵੇਖਿਆ…ਸੀ?” ਦਾਨੀ ਨੇ ਕਿਹਰੂ ਨੂੰ ਪੁੱਛਿਆ।
ਕਿਹਰੂ ਨੂੰ ਜਦ ਪਤਾ ਲੱਗਿਆ ਕਿ ਪੁੱਛਣ ਵਾਲਾ ਪਰਦੇਸੀ ਹੈ, ਉਹਨੇ ਪਰਦੇਸੀਆਂ ਨੂੰ ਸਮਝ ਆਉਣ ਵਾਲੇ ਅੰਦਾਜ਼ ਵਿਚ ਬੋਲਣਾ ਸ਼ੁਰੂ ਕਰ ਦਿੱਤਾ, “ਹਾਂ, ਹਮ ਕੋ ਦੇਖਿਆ ਸੀ…ਹਮ ਤੇਰਾਂ ਬਰਸ ਕਾ ਸੀ ਉਸ ਟੈਮ। ਗੱਡੇ ਉਪਰ ਲੱਦ ਕੇ ਲੈ ਗਏ ਥੇ, ਹਮ ਬੱਚਿਆਂ ਕੋ।”
“ਕਿੰਨੇ…ਵੱਡੇ…ਸਨ…ਬੱਚੇ?” ਦਾਨੀ ਨੇ ਪੁੱਛਿਆ।
“ਨੀਕੇ-ਨੀਕੇ ਥੇ।” ਕਿਹਰੂ ਨੇ ਦੋਵਾਂ ਹੱਥਾਂ ਵਿਚ ਵਿੱਥ ਕਰ ਕੇ ਬੱਚਿਆਂ ਦੇ ਆਕਾਰ ਦੱਸੇ, “ਐਤਨੇ, ਐਤਨੇ…ਦੁੱਧ ਪੀਂਦੇ। ਇਹੀ ਪੁੰਨ ਨੇ ਤਾਰ ਦੀਤਾ।”
“ਤਲਵਾਰ…ਨਾਲ ਕੱਟ…ਦਿੱਤੇ…ਆਪ।”
ਕਿਹਰੂ ਨੇ ਹੱਥ ਦੀ ਤਲਵਾਰ ਬਣਾ ਕੇ ਉਪਰ ਥੱਲੇ ਵਾਰ ਕਰਨ ਵਾਂਗ ਕੀਤਾ, “ਬੱਸ-ਏਕ ਟੱਕ ਔਰ ਸਿਰ ਅੱਡ।”

ਦਾਨੀ ਦਾ ਜਿਸਮ ਧੁੜਧੁੜੀ ਨਾਲ ਕੰਬ ਗਿਆ। ਚਿਹਰੇ ਦਾ ਤਾਂਬੇ ਵਰਗਾ ਰੰਗ ਪੀਲਾ ਪੈ ਗਿਆ ਤੇ ਫਿਰ ਇਕਦਮ ਬੱਗਾ ਪੂਣੀ ਵਰਗਾ। ਮੈਨੂੰ ਤੁਰਨ ਵਾਸਤੇ ਇਸ਼ਾਰਾ ਕੀਤਾ। ਬੋਲ ਨਹੀਂ ਨਿਕਲਿਆ ਉਹਦਾ।

ਬੰਦਿਆਂ ਤੋਂ ਵੱਖ ਹੋ ਕੇ ਅਸੀਂ ਰਾਹ ਵਿਚ ਆ ਗਏ। ਉਹਨੇ ਆਪਣਾ ਅਟੈਚੀ ਧਰਤੀ ਉਤੇ ਰੱਖ ਦਿੱਤਾ ਤੇ ਅਟੈਚੀ ਵੱਲ ਇਉਂ ਵੇਖਣ ਲੱਗਾ ਜਿਵੇਂ ਖੋਲ੍ਹਣਾ ਚਾਹੁੰਦਾ ਹੋਵੇ। ਖੋਲ੍ਹਣ ਦਾ ਵਿਚਾਰ ਛੱਡ ਕੇ, ਉਹ ਆਪਣੇ ਚਿਹਰੇ ਉਤੇ ਹੱਥ ਫੇਰਨ ਲੱਗਿਆ। ਉਂਗਲਾਂ ਦੇ ਪੋਟਿਆਂ ਨਾਲ ਟੋਹਣ ਲੱਗਾ, ਜਿਵੇਂ ਚਿਹਰੇ ਦਾ ਬਦਲਿਆ ਰੰਗ, ਪੋਟਿਆਂ ਨਾਲ ਵੇਖ ਰਿਹਾ ਹੋਵੇ। ਫਿਰ ਇਕਦਮ ਮੂੰਹ ਦੂਜੇ ਪਾਸੇ ਕਰ ਕੇ ਬੈਠ ਗਿਆ। ਉਸ ਨੂੰ ਉਲਟੀ ਆ ਗਈ। ਸਹਾਰਾ ਦੇਣ ਵਾਸਤੇ ਮੈਂ ਉਹਦੇ ਮੋਢੇ ਫੜ ਲਏ। ਉਹਨੇ ਤਿੰਨ ਵਾਰ ਉਲਟੀ ਕੀਤੀ।

ਰਾਹ ਦੇ ਦੂਜੇ ਪਾਸੇ ਪੱਕਾ ਖਾਲ ਪਾਣੀ ਦਾ ਭਰਿਆ ਹੋਇਆ ਸੀ। ਸਹਾਰਾ ਦੇ ਕੇ ਉਹਨੂੰ ਉਥੇ ਬਿਠਾ ਦਿੱਤਾ। ਕੁਰਲੀ ਕੀਤੀ, ਰੁਮਾਲ ਨਾਲ ਮੂੰਹ ਪੂੰਝਿਆ ਤੇ ਮੈਥੋਂ ਮੁਆਫ਼ੀ ਮੰਗੀ,

“ਮੈਨੂੰ…ਅਫ਼ੋਸਸ ਹੈ…ਮੈਨੂੰ ਮਜ਼ਬੂਤ…ਹੋਣਾ…ਚਾਹੀਦਾ…ਸੀ…ਮੁਆਫ਼ੀ…ਚਾਹੁੰਦਾ ਹਾਂ…ਬੰਦੇ ਨੂੰ…ਕਮਜ਼ੋਰ…ਨਹੀਂ ਹੋਣਾ…ਚਾਹੀਦਾ…।” ਉਹ ਅਟਕ-ਅਟਕ ਕੇ ਬੋਲਿਆ।

ਮੇਰੀ ਮਾਂ ਨੂੰ ਜਦ ਪਤਾ ਲੱਗਿਆ, ਉਹ ਪਰਦੇਸੀ ਹੈ, ਆਪਣੇ ਪਰਿਵਾਰ ਤੇ ਦੇਸ ਤੋਂ ਦੂਰ ਹੈ, ਉਹਨੇ ਦਾਨੀ ਦਾ ਬਹੁਤ ਆਦਰ ਕੀਤਾ। ਮੂੰਹ ਹੱਥ ਧੋਣ ਵਾਸਤੇ ਪਾਣੀ ਗਰਮ ਕਰ ਕੇ ਦਿੱਤਾ। ਚਾਹ ਬਣਾ ਕੇ ਦਿੱਤੀ ਤੇ ਉਸ ਤੋਂ ਉਸ ਦੇ ਦੇਸ਼ ਬਾਰੇ ਗੱਲਾਂ ਪੁੱਛਦੀ ਰਹੀ, ਪਰ ਦਾਨੀ ਖੁੱਲ੍ਹ ਨਹੀਂ ਸੀ ਰਿਹਾ। ਉਹਦਾ ਚਿੱਤ ਖੁਸ਼ ਕਰਨ ਵਾਸਤੇ ਮੈਂ ਉਹਨੂੰ ਚਾਚੇ ਦੇ ਘਰ ਲੈ ਗਿਆ। ਚਾਚੇ ਦੇ ਪੁੱਤਰ ਨੇ ਵਿਸਕੀ ਪਿਆਈ, ਮੁਰਗੇ ਬਣਵਾਏ ਪਰ ਦਾਨੀ ਪਿਚਕਿਆ ਹੀ ਰਿਹਾ। ਜੋ ਉਹਨੂੰ ਪੁੱਛਿਆ ਜਾਂਦਾ, ਸੰਖੇਪ ਵਿਚ ਦੱਸ ਦਿੰਦਾ। ਜੋ ਉਹਨੂੰ ਦੱਸਿਆ ਜਾਂਦਾ, ਸੁਣ ਲੈਂਦਾ; ਆਪ ਕੁਝ ਨਾ ਪੁੱਛਦਾ। ਪੁੱਛਣ ਤੇ ਜਾਣਨ ਦਾ ਉਹਦਾ ਉਤਸ਼ਾਹ ਉੱਕਾ ਮਰ ਗਿਆ ਸੀ। ਰੋਟੀ ਵੀ ਉਹਨੇ ਥੋੜ੍ਹੀ ਕੁ ਖਾਧੀ। ਉਹਦੀ ਚੁੱਪ ਨੇ ਆਪਣੇ ਲੋਕਾਂ ਦੀ ਮਹਿਮਾਨ ਨਿਵਾਜ਼ੀ ਦੀ ਸਿਫ਼ਤ ਕਰਨ ਦਾ ਮੌਕਾ ਵੀ ਮੇਰੇ ਹੱਥੋਂ ਖੋਹ ਲਿਆ। ਮੈਂ ਤਾਂ ਦੱਸਣਾ ਚਾਹੁੰਦਾ ਸਾਂ ਕਿ ਬਿਨ ਬੁਲਾਏ ਮਹਿਮਾਨ ਦਾ ਵੀ ਕਿੰਨਾ ਸਵਾਗਤ ਹੁੰਦਾ ਹੈ, ਸਾਡੇ ਘਰਾਂ ਵਿਚ।

ਉਹਦਾ ਬਿਸਤਰਾ ਚੁਬਾਰੇ ਵਿਚ ਕਰ ਦਿੱਤਾ। ਉਤੇ ਰੋਸ਼ਨੀ ਦਾ ਚੰਗਾ ਪ੍ਰਬੰਧ ਸੀ। ਟਿਊਬ ਸੀ, ਟੇਬਲ ਲੈਂਪ ਵੀ ਸੀ, ਉਹਨੂੰ ਪੜ੍ਹਨ ਵਾਸਤੇ ਸੌਖ ਰਹਿਣੀ ਸੀ। ਉਹਨੇ ਮੈਨੂੰ ਵੀ ਉਥੇ ਹੀ ਸੌਣ ਵਾਸਤੇ ਕਿਹਾ। ਸੌਣ ਤੋਂ ਪਹਿਲਾਂ ਉਹਨੇ ਕੋਈ ਗੱਲ ਨਾ ਕੀਤੀ। ਚੁੱਪ-ਚਾਪ ਰਜਾਈ ਤਾਣ ਕੇ ਪੈ ਗਿਆ।

ਅੱਧੀ ਕੁ ਰਾਤ ਹੋਵੇਗੀ, ਉਹਦੀ ਆਵਾਜ਼ ਸੁਣ ਕੇ ਮੇਰੀ ਨੀਂਦ ਖੁੱਲ੍ਹ ਗਈ। ਰਜਾਈ ਦੀ ਝੀਤ ਵਿਚੋਂ ਵੇਖਿਆ, ਦਾਨੀ ਨੇ ਸਾਰੀਆਂ ਬੱਤੀਆਂ ਜਗਾ ਰੱਖੀਆਂ ਸਨ। ਮੰਜੇ ਉਤੇ ਬੈਠਾ ਫਰੈਂਚ ਵਿਚ ਗੱਲਾਂ ਕਰ ਰਿਹਾ ਸੀ। ਜਿਤਨੀ ਕੁ ਮੈਂ ਸਮਝ ਸਕਿਆ, ‘ਪੈਂਤੀ ਸਾਲਾਂ ਬਾਅਦ ਵੀ ਉਹ ਕੰਮ ਪੁੰਨ ਦਾ ਲੱਗਦਾ ਸੀ, ਪੈਂਤੀ ਸਾਲਾਂ ਬਾਅਦ ਪੁੰਨ…ਤੋਬਾ-ਤੋਬਾ…ਮੇਰੀ ਬੱਚੀ ਤਿੰਨ ਮਹੀਨਿਆਂ ਦੀ ਹੈ-ਦੁੱਧ ਪੀਂਦੀ ਬੱਚੀ…ਛੋਟੀ ਬੱਚੀ…।’

ਫੇਰ ਉਹ ਮੰਜੇ ਉਤੇ ਡਿੱਗ ਪਿਆ ਤੇ ਇਉਂ ਵਲਾਵੇਂ ਜਿਹੇ ਖਾਣ ਲੱਗ ਪਿਆ, ਜਿਵੇਂ ਸੱਪ ਵਿਸ ਘੋਲਦਾ ਹੈ। ਕਦੇ ਇਕ ਪਾਸੇ ਦੀ ਬਾਹੀ ਨਾਲ ਵੱਜਦਾ, ਕਦੇ ਦੂਜੇ ਨਾਲ। ਮੂੰਹ ਵਿਚੋਂ ਇਉਂ ਆਵਾਜ਼ ਆ ਰਹੀ ਸੀ ਜਿਵੇਂ ਦੰਦ ਪੀਹ ਰਿਹਾ ਹੋਵੇ। ਮੰਜੇ ਦੀਆਂ ਚੂਲਾਂ ਜਰਕ ਰਹੀਆਂ ਸਨ, ਜਿਵੇਂ ਕੋਈ ਉਤੇ ਘੋਲ ਕਰ ਰਿਹਾ ਹੋਵੇ। ਮੈਂ ਡਰ ਗਿਆ।
“ਜਾਗ ਗਏ?” ਹੌਸਲਾ ਕਰ ਕੇ ਆਵਾਜ਼ ਦਿੱਤੀ।

ਉਹ ਛਾਲ ਮਾਰ ਕੇ ਫਰਸ਼ ਉਤੇ ਖੜ੍ਹਾ ਹੋ ਗਿਆ। ਫਰਨ-ਫਰਨ ਕੰਬ ਰਿਹਾ ਸੀ। ਚਿਹਰਾ ਪੂਣੀ ਵਾਂਗ ਬੱਗਾ। ਉਹਨੇ ਕੰਸ ਤੋਂ ਸ਼ੀਸ਼ਾ ਚੁੱਕਿਆ ਤੇ ਇਕ ਹੱਥ ਵਿਚ ਫੜ ਕੇ ਵੇਖਣ ਲੱਗ ਪਿਆ, ਦੂਜਾ ਹੱਥ ਉਹ ਗਰਦਨ ਉਤੇ ਫੇਰ ਰਿਹਾ ਸੀ।
“ਦਾਨੀ ਕੀ ਗੱਲ ਹੈ?”
“ਮੇਰਾ ਦਿਲ ਸ਼ੀਸ਼ਾ ਦੇਖਣ ਨੂੰ ਕਰਦਾ ਸੀ-ਮੇਰੀ ਬੇਬੀ ਤਿੰਨ ਮਹੀਨਿਆਂ ਦੀ ਹੈ।”
“ਸਮਝ ਨਹੀਂ ਆਈ, ਮੈਨੂੰ ਸ਼ੀਸ਼ੇ ਦੀ ਸਮਝ ਨਹੀਂ ਆਈ।”

“ਮੈਨੂੰ ਵੀ ਨਹੀਂ ਆਈ-ਪਰ ਹਰ ਵਾਰ ਮੇਰਾ ਦਿਲ ਸ਼ੀਸ਼ਾ ਵੇਖਣ ਨੂੰ ਕਰਦਾ ਹੈ…ਨਹੀਂ ਤਾਂ ਮੈਂ ਠੀਕ ਨਹੀਂ ਰਹਿੰਦਾ…ਬਿਮਾਰ ਮਹਿਸੂਸ ਕਰਦਾ ਹਾਂ…ਮੈਨੂੰ ਬਹੁਤ ਅਫ਼ਸੋਸ ਹੈ…ਡਿਸਟਰਬ ਕੀਤਾ, ਮਜਬੂਰ ਹਾਂ ਮੈਂ।” ਉਹਨੇ ਵਾਰ-ਵਾਰ ਮੁਆਫ਼ੀ ਮੰਗੀ। ਮੈਂ ਵਾਰ-ਵਾਰ ਸ਼ੀਸ਼ਾ ਵੇਖਣ ਬਾਰੇ ਪੁੱਛਿਆ, ਪਰ ਉਹਨੂੰ ਆਪ ਪਤਾ ਨਹੀਂ ਸੀ, ਇਸ ਤਰ੍ਹਾਂ ਦੀ ਹਾਲਤ ਵਿਚ ਉਹ ਸ਼ੀਸ਼ਾ ਕਿਉਂ ਵੇਖਣਾ ਚਾਹੁੰਦਾ ਹੈ? ਫੇਰ ਪੁੱਛਣ ਲੱਗਾ, “ਉਹ ਆਦਮੀ (ਕਿਹਰੂ) ਜਿਸ ਕਾਫ਼ਲੇ ਦੀ ਗੱਲ ਸੁਣਾ ਰਿਹਾ ਸੀ, ਤੁਹਾਡੀ ਕਹਾਣੀ ‘ਹਵਾ’ ਵਿਚ ਉਸੇ ਕਾਫ਼ਲੇ ਦਾ ਜ਼ਿਕਰ ਹੈ?” ਮੈਂ ਦੱਸਿਆ, ਉਹੀ ਕਾਫ਼ਲਾ ਸੀ।

“ਆਪ ਜੀ…ਨੇ…ਬੱਚਿਆਂ ਵਾਲੀ ਘਟਨਾ ਕਿਉਂ ਨਾ ਲਿਖੀ?” ਇਸ ਸਵਾਲ ਦੀ ਮੈਨੂੰ ਉਕਾ ਆਸ ਨਹੀਂ ਸੀ। ਦੱਸਣ ਨੂੰ ਬਹੁਤ ਦਲੀਲਾਂ ਦੇ ਸਕਦਾ ਸਾਂ, ਪਰ ਮੈਨੂੰ ਲੱਗਿਆ ਜਿਵੇਂ ਉਹ ਕਹਿ ਰਿਹਾ ਹੋਵੇ, ‘ਤੁਸੀਂ ਸਿਰਫ਼ ਉਸਤਤ ਹੀ ਲਿਖ ਸਕਦੇ ਹੋ, ਆਪਣੇ ਲੋਕਾਂ ਦੀ।’ ਮੈਂ ਇਤਨਾ ਹੀ ਕਹਿ ਦਿੱਤਾ, “ਧਿਆਨ ਨਹੀਂ ਰਿਹਾ।”
ਸਵੇਰੇ ਉਹ ਸਵਾ ਛੇ ਵਜੇ ਵਾਲੀ ਬੱਸ ਫੜ ਕੇ ਦਿੱਲੀ ਮੁੜ ਗਿਆ। ਮੇਰੇ ਬਹੁਤ ਜ਼ੋਰ ਦੇਣ ‘ਤੇ ਵੀ ਨਾ ਰੁਕਿਆ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਦੇਵ ਸਿੰਘ ਰੁਪਾਣਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ