Siaane Bhara : Uzbek Fairy Tale
ਸਿਆਣੇ ਭਰਾ : ਉਜ਼ਬੇਕ ਪਰੀ-ਕਹਾਣੀ
ਇਕ ਵਾਰੀ ਇਕ ਗ਼ਰੀਬ ਆਦਮੀ ਹੁੰਦਾ ਸੀ, ਜਿਹਦੇ ਤਿੰਨ ਪੁੱਤਰ ਸਨ। ਉਹ ਆਪਣੇ ਪੁਤਰਾਂ ਨੂੰ ਅਕਸਰ ਕਿਹਾ ਕਰਦਾ :
“ਬਚਿਉ ! ਸਾਡੇ ਕੋਲ ਇੱਜੜ ਕੋਈ ਨਹੀਂ ਤੇ ਸੋਨਾ ਕੋਈ ਨਹੀਂ, ਸਾਡੇ ਕੋਲ ਕੁਝ ਵੀ ਨਹੀਂ। ਇਸ ਲਈ ਤੁਹਾਨੂੰ ਹੋਰ ਤਰਾਂ ਦੇ ਖਜ਼ਾਨੇ 'ਕੱਠੇ ਕਰਨੇ ਚਾਹੀਦੇ ਨੇ : ਤੁਹਾਨੂੰ ਬਹੁਤਾ ਕੁਝ ਸਮਝਣ ਬਹੁਤਾ ਕੁਝ ਜਾਣਨ ਦੀ ਜਾਚ ਸਿਖਣੀ ਚਾਹੀਦੀ ਏ। ਅਖੋਂ ਕੁਝ ਨਹੀਂ ਲੰਘਣ ਦੇਣਾ ਚਾਹੀਦਾ। ਵਡੇ - ਵਡੇ ਇੱਜੜਾਂ ਦੀ ਥਾਂ ਤੁਹਾਡੇ ਕੋਲ ਤੇਜ਼ ਦਮਾਗ਼ ਹੋਵੇਗਾ, ਤੇ ਸੋਨੇ ਦੀ ਥਾਂ ਤੇਜ਼ ਸੂਝ। ਇਹੋ ਜਿਹੀ ਦੌਲਤ ਨਾਲ ਤੁਸੀਂ ਕਦੀ ਵੀ ਘਾਟਾ ਨਹੀਂ ਖਾਉਗੇ, ਤੇ ਤੁਹਾਡੀ ਹਾਲਤ ਦੂਜਿਆਂ ਨਾਲੋਂ ਮਾੜੀ ਨਹੀਂ ਰਹਿਣ ਲਗੀ।”
ਬਹੁਤ ਵਕਤ ਲੰਘ ਗਿਆ ਜਾਂ ਥੋੜਾ ਵਕਤ ਲੰਘ ਗਿਆ, ਤੇ ਬੁੱਢਾ ਗੁਜ਼ਰ ਗਿਆ। ਭਰਾ ਜੁੜ ਬੈਠੇ, ਉਹਨਾਂ ਸਲਾਹ ਕੀਤੀ ਤੇ ਫੇਰ ਕਹਿਣ ਲਗੇ :
“ਏਥੇ ਸਾਡੇ ਕਰਨ ਨੂੰ ਕੁਝ ਨਹੀਂ। ਚਲੋ ਸਫ਼ਰ ਕਰੀਏ ਤੇ ਦੁਨੀਆਂ ਵੇਖੀਏ। ਲੋੜ ਪਈ ਤੇ ਅਸੀਂ ਹਮੇਸ਼ਾ ਈ ਆਜੜੀਆਂ ਤੇ ਖੇਤ - ਮਜ਼ਦੂਰਾਂ ਦਾ ਕੰਮ ਕਰ ਸਕਦੇ ਹਾਂ। ਜਿਥੇ ਵੀ ਹੋਏ, ਅਸੀਂ ਭੁੱਖੇ ਨਹੀਂ ਮਰਨ ਲਗੇ।” ਤੇ ਉਹ ਤਿਆਰ ਹੋ ਗਏ ਤੇ ਆਪਣੇ ਰਾਹੇ ਪੈ ਗਏ।
ਉਹਨਾਂ ਸੁੰਨੀਆਂ ਵਾਦੀਆਂ ਪਾਰ ਕੀਤੀਆਂ ਤੇ ਉਚੇ - ਉਚੇ ਪਹਾੜਾਂ ਉਤੋਂ ਲੰਘੇ, ਤੇ ਪੂਰੇ ਚਾਲ੍ਹੀ ਦਿਨ ਟੁਰਦੇ ਰਹੇ ।
ਹੁਣ ਤਕ ਉਹ ਆਪਣੀ ਸਾਰੀ ਰਸਦ ਮੁਕਾ ਚੁਕੇ ਸਨ ਤੇ ਥੱਕੇ - ਟੁੱਟੇ ਪਏ ਸਨ ਤੇ ਅਜੇ ਵੀ ਸੜਕ ਖਤਮ ਹੁੰਦੀ ਨਹੀਂ ਸੀ ਦਿਸਦੀ। ਉਹ ਸਾਹ ਲੈਣ ਲਈ ਅਟਕ ਗਏ, ਤੇ ਪਿਛੋਂ ਫੇਰ ਟੁਰ ਪਏ।
ਅਖ਼ੀਰ, ਉਹਨਾਂ ਨੂੰ ਅਗੇ ਦਰਖ਼ਤ, ਮੁਨਾਰੇ ਤੇ ਮਕਾਨ ਦਿੱਸਣ ਲਗ ਪਏ - ਉਹ ਇਕ ਵਡੇ ਸਾਰੇ ਸ਼ਹਿਰ ਪਹੁੰਚਣ ਵਾਲੇ ਸਨ।
ਭਰਾਵਾਂ ਦੀ ਖੁਸ਼ੀ ਦੀ ਹਦ ਨਾ ਰਹੀ ਤੇ ਉਹ ਹੋਰ ਤੇਜ਼ ਟੁਰਨ ਲਗ ਪਏ।
“ਸਭ ਤੋਂ ਭੈੜਾ ਕੁਝ ਸਾਡੇ ਪਿਛੇ ਰਹਿ ਗਿਐ ਤੇ ਸਭ ਤੋਂ ਚੰਗਾ ਕੁਝ ਸਾਡੇ ਅਗੇ ਏ" ਉਹਨਾਂ ਆਖਿਆ।
ਉਹ ਸ਼ਹਿਰ ਕੋਲ ਪਹੁੰਚਣ ਵਾਲੇ ਸਨ ਕਿ ਸਭ ਤੋਂ ਵਡਾ ਭਰਾ ਅਚਣਚੇਤ ਹੀ ਅਟਕ ਗਿਆ, ਉਹਨੇ ਜ਼ਮੀਨ ਵਲ ਵੇਖਿਆ ਤੇ ਬੋਲਿਆ :
“ਕੁਝ ਚਿਰ ਹੋਇਐ, ਏਥੋਂ ਇਕ ਵੱਡਾ ਸਾਰਾ ਉਠ ਲੰਘਿਐ।"
ਉਹ ਕੁਝ ਰਾਹ ਅਗੇ ਗਏ, ਤੇ ਵਿਚਲਾ ਭਰਾ ਅਟਕ ਗਿਆ, ਤੇ ਸੜਕ ਦੇ ਦੋਵਾਂ ਪਾਸੇ ਵੇਖ ਕਹਿਣ ਲਗਾ :
"ਊਠ ਦੀ ਇਕ ਅਖ ਮਾਰੀ ਹੋਈ ਏ।”
ਉਹ ਹੋਰ ਅਗੇ ਟੁਰਦੇ ਗਏ, ਤੇ ਛੋਟੇ ਭਰਾ ਨੇ ਆਖਿਆ :
“ਊਠ 'ਤੇ ਇਕ ਔਰਤ ਤੇ ਇਕ ਛੋਟਾ ਬੱਚਾ ਚੜ੍ਹੇ ਹੋਏ ਸਨ।"
“ਠੀਕ ਏ” ਦੋਵਾਂ ਵਡੇ ਭਰਾਵਾਂ ਨੇ ਆਖਿਆ, ਤੇ ਤਿੰਨੇ ਫੇਰ ਅਗੇ ਟੁਰ ਪਏ।
ਕੁਝ ਚਿਰ ਪਿਛੋਂ ਉਹਨਾਂ ਨੂੰ ਇਕ ਘੋੜਸਵਾਰ ਆ ਰਲਿਆ। ਸਭ ਤੋਂ ਵਡੇ ਭਰਾ ਨੇ ਉਹਦੇ ਵਲ ਤਕਿਆ ਤੇ ਪੁੱਛਣ ਲਗਾ :
“ਘੋੜਸਵਾਰਾ, ਕੋਈ ਗੁਆਚੀ ਚੀਜ਼ ਤਾਂ ਨਹੀਂ ਲੱਭ ਰਿਹਾ ?''
ਘੋੜਸਵਾਰ ਨੇ ਆਪਣੇ ਘੋੜੇ ਦੀ ਲਗਾਮ ਖਿਚ ਲਈ।
“ਆਹਖੋ, ਲਭ ਰਿਹਾਂ,'' ਉਹਨੇ ਜਵਾਬ ਦਿਤਾ।
“ਕੋਈ ਊਠ ਗੁਆਚ ਗਿਆ ਈ ?" ਸਭ ਤੋਂ ਵਡੇ ਭਰਾ ਨੇ ਪੁੱਛਿਆ।
“ਆਹਖੋ, ਊਠ ਈ ਗੁਆਚੈ," ਉਹਨੇ ਜਵਾਬ ਦਿਤਾ।
“ਵਡਾ ਸਾਰਾ ਉਠ ਸੀ ?"
“ਆਹਖੋ।
“ਤੇ ਉਹਦੀ ਖੱਬੀ ਅਖ ਮਾਰੀ ਹੋਈ ਸੀ ?" ਵਿਚਲਾ ਭਰਾ ਬੋਲ ਪਿਆ।
“ਆਹਖੋ।”
“ਤੇ ਉਹਦੇ 'ਤੇ ਇਕ ਔਰਤ ਤੇ ਛੋਟਾ ਜਿਹਾ ਬੱਚਾ ਨਹੀਂ ਸੀ ਚੜ੍ਹੇ ਹੋਏ ?" ਸਭ ਤੋਂ ਛੋਟੇ ਭਰਾ ਨੇ ਪੁਛਿਆ।
ਘੋੜਸਵਾਰ ਨੇ ਭਰਾਵਾਂ ਵਲ ਸ਼ਕ ਦੀ ਨਜ਼ਰ ਨਾਲ ਵੇਖਿਆ ਤੇ ਬੋਲਿਆ :
“ਹੱਛਾ, ਤੇ ਤੁਸੀਂ ਹੋ, ਜਿਨ੍ਹਾਂ ਕੋਲ ਮੇਰਾ ਊਠ ਏ ! ਬੋਲੋ, ਕੀ ਕੀਤਾ ਜੇ ਉਹਦਾ।”
“ਤੇਰਾ ਊਠ ਅਸੀਂ ਕਦੀ ਤਕਿਆ ਈ ਨਹੀਂ," ਭਰਾਵਾਂ ਨੇ ਜਵਾਬ ਦਿਤਾ।
“ਤਾਂ ਫੇਰ, ਤੁਹਾਨੂੰ ਉਹਦਾ ਏਨਾ ਪਤਾ ਕਿਸ ਤਰ੍ਹਾਂ ਲਗ ਗਿਐ ?''
"ਸਾਨੂੰ ਆਪਣੀਆਂ ਅੱਖਾਂ ਵਰਤਣ ਤੇ ਮਾਮਲੇ ਨੂੰ ਸਮਝਣ ਦੀ ਜਾਚ ਆਉਂਦੀ ਏ," ਭਰਾਵਾਂ ਨੇ ਜਵਾਬ ਦਿਤਾ। “ਛੇਤੀ ਕਰ ਤੇ ਉਸ ਪਾਸੇ ਘੋੜਾ ਦੁੜਾ, ਤੇ ਉਠ ਲਭ ਪਏਗਾ ਈ।"
“ਨਹੀਂ,” ਊਠ ਦਾ ਮਾਲਕ ਆਖਣ ਲਗਾ। ਮੈਂ ਉਸ ਪਾਸੇ ਨਹੀਂ ਚਲਿਆ। ਮੇਰਾ ਊਠ ਤੁਹਾਡੇ ਕੋਲ ਏ, ਤੇ ਤੁਹਾਨੂੰ ਉਹ ਮੈਨੂੰ ਮੋੜਨਾ ਪਏਗਾ।"
“ਅਸੀਂ ਤਾਂ ਤੇਰੇ ਊਠ ਨੂੰ ਤਕਿਆ ਤਕ ਵੀ ਨਹੀਂ," ਭਰਾ ਕੂਕ ਉਠੇ।
ਪਰ ਘੋੜਸਵਾਰ ਸੁਣਨ ਵਿਚ ਹੀ ਨਹੀਂ ਸੀ ਆਉਂਦਾ। ਉਹਨੇ ਆਪਣੀ ਤਲਵਾਰ ਧੂਹ ਲਈ, ਤੇ ਉਹਨੂੰ ਅੰਨ੍ਹੇ ਵਾਹ ਘੁਮਾਂਦਿਆਂ, ਉਹਨੇ ਭਰਾਵਾਂ ਨੂੰ ਹੁਕਮ ਦਿਤਾ, ਉਹਦੇ ਅਗੇ-ਅਗੇ ਟੁਰ ਪੈਣ। ਇਸ ਤਰ੍ਹਾਂ, ਉਹ ਉਹਨਾਂ ਨੂੰ ਸਿੱਧਾ, ਦੇਸ ਦੇ ਹਾਕਮ, ਪਾਤਸ਼ਾਹ, ਦੇ ਮਹਿਲ ਲੈ ਗਿਆ। ਉਹਨੇ ਭਰਾਵਾਂ ਨੂੰ ਮੁਹਾਫ਼ਜ਼ਾਂ ਦੀ ਨਿਗਰਾਨੀ ਵਿਚ ਛਡ ਦਿਤਾ ਤੇ ਆਪ ਸਿੱਧਾ ਪਾਤਸ਼ਾਹ ਕੋਲ ਜਾ ਪਹੁੰਚਿਆ।
“ਮੈਂ ਆਪਣੇ ਇੱਜੜ ਪਹਾੜਾਂ ਨੂੰ ਲਿਜਾ ਰਿਹਾ ਸਾਂ ” ਉਹ ਕਹਿਣ ਲਗਾ, “ਤੇ ਮੇਰੀ ਬੀਵੀ ਤੇ ਮੇਰਾ ਛੋਟਾ ਜਿਹਾ ਬੱਚਾ ਇਕ ਵਡੇ ਸਾਰੇ ਊਠ 'ਤੇ ਬੈਠੇ ਮੇਰੇ ਪਿਛੇ ਆ ਰਹੇ ਸਨ। ਕਿਸੇ ਤਰ੍ਹਾਂ, ਉਹ ਪਿਛੇ ਰਹਿ ਗਏ, ਸੜਕੋਂ ਉਕ ਗਏ ਤੇ ਰਾਹ ਭੁਲ ਗਏ। ਮੈਂ ਉਹਨਾਂ ਨੂੰ ਲੱਭਣ ਗਿਆ, ਤੇ ਤਿੰਨ ਬੰਦਿਆਂ ਨੂੰ ਜਾ ਰਲਿਆ, ਜਿਹੜੇ ਪੈਦਲ ਜਾ ਰਹੇ ਸਨ। ਮੈਨੂੰ ਯਕੀਨ ਏ, ਇਹਨਾਂ ਬੰਦਿਆਂ ਨੇ ਮੇਰਾ ਊਠ ਚੁਰਾ ਲਿਐ, ਤੇ ਮੈਨੂੰ ਬਹੁਤ ਈ ਡਰ ਏ, ਇਹਨਾਂ ਮੇਰੀ ਬੀਵੀ ਤੇ ਬੱਚੇ ਨੂੰ ਕਤਲ ਕਰ ਦਿਤੈ।”
“ਇਹ ਖ਼ਿਆਲ ਕਿਉਂ ਆਇਆ ਈ ?'' ਜਦੋਂ ਉਸ ਆਦਮੀ ਨੇ ਗਲ ਮੁਕਾ ਲਈ, ਪਾਤਸ਼ਾਹ ਨੇ ਪੁਛਿਆ।
“ਮੇਰੇ ਇਕ ਵੀ ਲਫਜ਼ ਕਹੇ ਬਿਨਾਂ, ਇਹਨਾਂ ਬੰਦਿਆਂ ਨੇ ਮੈਨੂੰ ਆਪ ਦਸ ਦਿਤਾ, ਊਠ ਵਡਾ ਸਾਰਾ ਸੀ ਤੇ ਉਹਦੀ ਇਕ ਅਖ ਮਾਰੀ ਹੋਈ ਸੀ ਤੇ ਉਹਦੇ 'ਤੇ ਇਕ ਔਰਤ ਤੇ ਇਕ ਬੱਚਾ ਚੜ੍ਹਿਆ ਹੋਇਆ ਸੀ।"
ਪਾਤਸ਼ਾਹ ਨੇ ਇਕ ਪਲ ਸੋਚਿਆ।
“ਜੇ, ਜਿਵੇਂ ਤੂੰ ਕਹਿ ਰਿਹੈਂ, ਤੂੰ ਉਹਨਾਂ ਨੂੰ ਕੁਝ ਨਹੀਂ ਸੀ ਦਸਿਆ, ਤੇ ਤਾਂ ਵੀ ਉਹ ਤੇਰੇ ਉਠ ਨੂੰ ਏਨੀ ਚੰਗੀ ਤਰ੍ਹਾਂ ਬਿਆਨ ਕਰ ਸਕੇ ਸਨ,” ਉਹਨੇ ਕਿਹਾ, “ਤਾਂ ਉਹਨਾਂ ਸਚੀ ਮੁਚੀ ਹੀ ਚੁਰਾਇਆ ਹੋਣੈਂ ਉਹ। ਜਾ, ਚੋਰਾਂ ਨੂੰ ਅੰਦਰ ਲੈ ਆ।”
ਊਠ ਦਾ ਮਾਲਕ ਬਾਹਰ ਗਿਆ, ਤੇ ਛੇਤੀ ਹੀ ਤਿੰਨ ਭਰਾਵਾਂ ਨੂੰ ਲੈ ਵਾਪਸ ਆ ਗਿਆ।
“ਜਵਾਬ ਦਿਓ, ਚੋਰੋ !” ਪਾਤਸ਼ਾਹ ਨੇ ਕਿਹਾ, “ਜਵਾਬ ਦਿਓ ਮੈਨੂੰ! ਇਸ ਆਦਮੀ ਦੇ ਊਠ ਨੂੰ ਕੀ ਕੀਤਾ ਜੇ ?''
“ਅਸੀਂ ਚੋਰ ਨਹੀਂ ਤੇ ਅਸੀਂ ਇਹਦਾ ਊਠ ਕਦੀ ਤਕਿਆ ਵੀ ਨਹੀਂ ਹੋਇਆ" ਭਰਾਵਾਂ ਨੇ ਜਵਾਬ ਦਿਤਾ।
ਪਾਤਸ਼ਾਹ ਨੇ ਆਖਿਆ :
“ਤੁਸੀਂ ਮਾਲਕ ਦੇ ਤੁਹਾਨੂੰ ਕੁਝ ਵੀ ਦੱਸਣ ਤੋਂ ਬਿਨਾਂ ਉਹਨੂੰ ਊਠ ਦਾ ਸਾਰਾ ਕੁਝ ਦਸ ਦਿਤਾ। ਤੁਹਾਨੂੰ ਜ਼ੁਰਅਤ ਕਿਵੇਂ ਪੈ ਰਹੀ ਏ ਇਹ ਕਹਿਣ ਦੀ, ਤੁਸੀਂ ਨਹੀਂ ਚੁਰਾਇਆ।”
“ਪਾਤਸ਼ਾਹ, ਇਹਦੇ 'ਚ ਹੈਰਾਨੀ ਵਾਲੀ ਗਲ ਕੋਈ ਨਹੀਂ !" ਭਰਾਵਾਂ ਨੇ ਜਵਾਬ ਦਿਤਾ।ਅਸੀਂ ਛੋਟੇ ਹੁੰਦਿਆਂ ਤੋਂ ਗਿੱਝੇ ਹੋਏ ਹਾਂ, ਨਜ਼ਰੋਂ ਕੁਝ ਨਾ ਲੰਘਣ ਦਈਏ। ਅਸੀਂ ਵੇਖਣ ਤੇ ਸੋਚਣ – ਸਮਝਣ ਦੀ ਜਾਚ ਸਿਖਣ ਲਈ ਚੋਖਾ ਵਕਤ ਲਾਇਐ। ਇਸੇ ਕਰ ਕੇ, ਊਠ ਨੂੰ ਕਦੀ ਤਕਿਆਂ ਬਿਨਾਂ, ਅਸੀਂ ਦਸ ਸਕੇ, ਉਹ ਕਿਹੋ ਜਿਹਾ ਸੀ।"
ਪਾਤਸ਼ਾਹ ਹੱਸ ਪਿਆ।
"ਜਿਹੜੀ ਚੀਜ਼ ਕਦੀ ਕਿਸੇ ਤੱਕੀ ਨਾ ਹੋਵੇ, ਉਹਦੇ ਬਾਰੇ ਏਨਾ ਇਲਮ ਹੋ ਸਕਦਾ ਏ ?''
"ਹੋ ਸਕਦੈ ” ਭਰਾਵਾਂ ਨੇ ਜਵਾਬ ਦਿਤਾ।
"ਚੰਗਾ, ਚੰਗਾ, ਵੇਖਣੇ ਹਾਂ, ਸਚ ਬੋਲ ਰਹੇ ਹੋ ਕਿ ਨਹੀਂ।"
ਤੇ ਪਾਤਸ਼ਾਹ ਨੇ ਆਪਣੇ ਵਜ਼ੀਰ ਨੂੰ ਸਦਿਆ ਤੇ ਉਹਦੇ ਕੰਨ ਵਿਚ ਕੁਝ ਆਖਿਆ।
ਵਜ਼ੀਰ ਇਕਦਮ ਮਹਿਲ ਤੋਂ ਬਾਹਰ ਚਲਾ ਗਿਆ, ਪਰ ਉਹ ਛੇਤੀ ਹੀ ਦੋ ਨੌਕਰਾਂ ਨੂੰ ਨਾਲ ਲੈ ਵਾਪਸ ਗਿਆ; ਨੌਕਰਾਂ ਨੇ ਇਕ ਰੇੜੀ ਉਤੇ ਇਕ ਵਡੀ ਸਾਰੀ ਪੇਟੀ ਰਖੀ ਹੋਈ ਸੀ। ਪੇਟੀ ਨੂੰ ਧਿਆਨ ਨਾਲ ਇਹੋ ਜਿਹੀ ਥਾਂ ਉਤੇ ਰਖਦਿਆਂ, ਜਿਥੋਂ ਉਹ ਪਾਤਸ਼ਾਹ ਨੂੰ ਦਿਸ ਸਕੇ, ਉਹ ਪਰ੍ਹਾਂ ਹੋ ਗਏ। ਭਰਾ ਦੂਰੋਂ ਵੇਖਦੇ ਖਲੋਤੇ ਰਹੇ। ਉਹਨਾਂ ਧਿਆਨ ਨਾਲ ਤਕਿਆ, ਪੇਟੀ ਕਿਥੋਂ ਲਿਆਂਦੀ ਗਈ ਸੀ, ਕਿਵੇਂ ਪਹੁੰਚਾਈ ਗਈ ਸੀ ਤੇ ਫ਼ਰਸ਼ ਉਤੇ ਕਿਸ ਤਰ੍ਹਾਂ ਰਖੀ ਗਈ ਸੀ।
“ਚਲੋ, ਚੋਰੋ, ਸਾਨੂੰ ਦੱਸੋ ਇਸ ਪੇਟੀ 'ਚ ਕੀ ਏ,” ਪਾਤਸ਼ਾਹ ਨੇ ਮੰਗ ਕੀਤੀ।
“ਪਾਤਸ਼ਾਹ, ਅਸੀਂ ਤੁਹਾਨੂੰ ਪਹਿਲਾਂ ਕਹਿ ਚੁਕੇ ਹਾਂ, ਅਸੀਂ ਚੋਰ ਨਹੀਂ," ਸਭ ਤੋਂ ਵਡੇ ਭਰਾ ਨੇ ਆਖਿਆ। “ਪਰ, ਜੇ ਤੁਸੀਂ ਚਾਹੁੰਦੇ ਹੋ, ਤਾਂ ਮੈਂ ਤੁਹਾਨੂੰ ਦਸ ਸਕਨਾਂ, ਉਸ ਪੇਟੀ 'ਚ ਕੀ ਏ। ਪੇਟੀ 'ਚ ਇਕ ਛੋਟੀ ਜਿਹੀ ਗੋਲ ਚੀਜ਼ ਏ।”
“ਅਨਾਰ ਏ " ਵਿਚਲਾ ਭਰਾ ਬੋਲ ਪਿਆ।
“ਆਹਖੋ, ਤੇ ਉਹ ਪੂਰਾ ਪਕਿਆ ਹੋਇਆ ਨਹੀਂ," ਸਭ ਤੋਂ ਛੋਟੇ ਭਰਾ ਨੇ ਅਗੋਂ ਆਖਿਆ।
ਉਹਨਾਂ ਦਾ ਕਿਹਾ ਸੁਣ, ਪਾਤਸ਼ਾਹ ਨੇ ਹੁਕਮ ਦਿਤਾ, ਪੇਟੀ ਉਹਦੇ ਨੇੜੇ ਲਿਆਂਦੀ ਜਾਵੇ, ਤੇ ਨੌਕਰ ਉਹਨੂੰ ਫ਼ੌਰਨ ਅਗੇ ਲਿਆਣੋਂ ਨਾ ਉਕੇ। ਫੇਰ ਪਾਤਸ਼ਾਹ ਨੇ ਉਹਨਾਂ ਨੂੰ ਹੁਕਮ ਦਿਤਾ, ਪੇਟੀ ਖੋਲ੍ਹ ਦੇਣ, ਜਦੋਂ ਉਹ ਖੋਲ੍ਹ ਦਿਤੀ ਗਈ, ਉਹਨੇ ਉਹਦੇ ਅੰਦਰ ਵੇਖਿਆ। ਜਦੋਂ ਉਹਨੇ ਪੇਟੀ ਵਿਚ ਇਕ ਅਣ - ਪੱਕਾ ਅਨਾਰ ਪਿਆ ਵੇਖਿਆ, ਤਾਂ ਉਹ ਕੋਈ ਹੈਰਾਨ ਹੋ ਗਿਆ ! ਅਸ਼ - ਅਸ਼ ਕਰਦਿਆਂ, ਪਾਤਸ਼ਾਹ ਨੇ ਅਨਾਰ ਕਢਿਆ ਤੇ, ਜਿਹੜੇ ਓਥੇ ਹਾਜ਼ਰ ਸਨ, ਸਭ ਨੂੰ ਵਿਖਾਇਆ। ਫੇਰ, ਗੁਆਚੇ ਊਠ ਦੇ ਮਾਲਕ ਵਲ ਮੂੰਹ ਕਰ ਉਹ ਕਹਿਣ ਲਗਾ :
“ਇਹਨਾਂ ਬੰਦਿਆਂ ਨੇ ਸਾਬਤ ਕਰ ਦਿਤੈ, ਉਹ ਚੋਰ ਨਹੀਂ। ਇਹ ਸਚੀ ਮੁਚੀ ਈ ਸਿਆਣੇ ਨੇ। ਜਾ ਤੇ ਆਪਣੇ ਊਠ ਨੂੰ ਕਿਤੋਂ ਹੋਰ ਢੂੰਡ।"
ਜਿੰਨੇ ਵੀ ਪਾਤਸ਼ਾਹ ਕੋਲ ਹਾਜ਼ਰ ਸਨ, ਭਰਾਵਾਂ ਦੀ ਸਿਆਣਪ ਵੇਖ ਦੰਗ ਰਹਿ ਗਏ, ਪਰ ਓਨਾਂ ਦੰਗ ਕੋਈ ਵੀ ਨਾ ਹੋਇਆ, ਜਿੰਨਾ ਆਪ ਪਾਤਸ਼ਾਹ। ਉਹਨੇ ਹੁਕਮ ਦਿਤਾ, ਹਰ ਕਿਸਮ ਦੇ ਪਕਵਾਨ ਲਿਆਂਦੇ ਜਾਣ ਤੇ ਉਹ ਭਰਾਵਾਂ ਦੀ ਖਾਤਰ ਕਰਨ ਲਗ ਪਿਆ।
"ਤੁਹਾਡਾ ਕੋਈ ਕਸੂਰ ਨਹੀਂ" ਉਹਨੇ ਆਖਿਆ। “ਤੁਸੀਂ ਜਿਥੇ ਵੀ ਜਾਣਾ ਚਾਹੁੰਦੇ ਹੋ, ਜਾ ਸਕਦੇ ਹੋ। ਪਰ ਪਹਿਲੋਂ ਤੁਸੀਂ ਮੈਨੂੰ ਹਰ ਚੀਜ਼ ਦੱਸੋ, ਜਿਵੇਂ - ਜਿਵੇਂ ਉਹ ਹੋਈ ਸੀ। ਤੁਹਾਨੂੰ ਕਿਵੇਂ ਪਤਾ ਲਗਾ ਕਿ ਇਸ ਆਦਮੀ ਦਾ ਊਠ ਗੁਆਚ ਗਿਆ ਸੀ ਤੇ ਤੁਸੀਂ ਇਹ ਕਿਵੇਂ ਦਸ ਸਕੇ, ਊਠ ਇਸ ਤਰ੍ਹਾਂ ਦਾ ਸੀ ?''
ਸਭ ਤੋਂ ਵਡੇ ਭਰਾ ਨੇ ਆਖਿਆ :
"ਊਠ ਮਿੱਟੀ ਉਤੇ ਜਿਹੜੇ ਵਡੇ - ਵਡੇ ਨਿਸ਼ਾਨ ਛਡ ਗਿਆ, ਉਸ ਤੋਂ ਮੈਨੂੰ ਪਤਾ ਲਗਾ, ਏਥੋਂ ਇਕ ਬਹੁਤ ਵਡਾ ਊਠ ਲੰਘਿਆ ਏ। ਜਦੋਂ ਮੈਂ ਵੇਖਿਆ, ਆਦਮੀ ਜਿਹੜਾ ਸਾਨੂੰ ਸੜਕ 'ਤੇ ਪਿਛੋਂ ਆ ਰਲਿਆ ਏ। ਚੌਹਾਂ ਪਾਸੇ ਵੇਖੀ ਜਾ ਰਿਹੈ, ਮੈਨੂੰ ਇਕਦਮ ਪਤਾ ਲਗ ਗਿਆ, ਉਹ ਕੀ ਲਭ ਰਿਹਾ ਸੀ।"
"ਬਹੁਤ ਹੱਛਾ!" ਪਾਤਸ਼ਾਹ ਨੇ ਆਖਿਆ। "ਤੇ ਤੁਹਾਡੇ 'ਚੋਂ ਕਿੰਨੇ ਦਸਿਆ ਸੀ, ਉਠ ਦੀ ਖੱਬੀ ਅਖ ਮਾਰੀ ਹੋਈ ਸੀ ? ਅਖ ਦਾ ਮਾਰਿਆ ਹੋਣਾ ਸੜਕ 'ਤੇ ਨਿਸ਼ਾਨ ਨਹੀਂ ਛਡ ਜਾਂਦਾ।”
“ਮੈਨੂੰ ਇਹਦਾ ਪਤਾ ਲਗ ਗਿਆ, ਕਿਉਂਕਿ ਸਾਰੀ ਦੀ ਸਾਰੀ ਘਾਹ ਸੜਕ ਦੇ ਸੱਜੇ ਪਾਸੇ ਵਾਲੀ ਚੱਬੀ ਪਈ ਸੀ, ਪਰ ਖੱਬੇ ਪਾਸੇ ਵਾਲੀ ਘਾਹ ਛੁਹੀ ਨਹੀਂ ਸੀ ਗਈ," ਵਿਚਲੇ ਭਰਾ ਨੇ ਜਵਾਬ ਦਿਤਾ।
"ਕਮਾਲ ਕਰ ਦਿਤੀ ਆ!” ਪਾਤਸ਼ਾਹ ਨੇ ਆਖਿਆ। "ਤੇ ਤੁਹਾਡੇ 'ਚੋਂ ਕਿੰਨੇ ਬੁਝਿਆ ਸੀ, ਊਠ 'ਤੇ ਇਕ ਔਰਤ ਤੇ ਬੱਚਾ ਬੈਠਾ ਹੋਇਆ ਸੀ ?''
“ਮੈਂ ਬੁਝਿਆ ਸੀ,” ਸਭ ਤੋਂ ਛੋਟੇ ਭਰਾ ਨੇ ਜਵਾਬ ਦਿਤਾ। "ਮੈਂ ਇਕ ਥਾਂ ਵੇਖੀ ਜਿਥੇ ਊਠ ਨੇ ਗੋਡੇ ਟੇਕੇ ਸਨ, ਤੇ ਨੇੜੇ ਈ ਰੇਤੇ 'ਤੇ ਮੈਂ ਇਕ ਔਰਤ ਦੀ ਜੁੱਤੀ ਦਾ ਨਿਸ਼ਾਨ ਵੇਖਿਆ। ਦੂਜੇ, ਉਹਦੇ ਤੋਂ ਛੋਟੇ ਨਿਸ਼ਾਨਾਂ ਤੋਂ ਮੈਨੂੰ ਪਤਾ ਲਗਾ, ਔਰਤ ਦੇ ਨਾਲ ਇਕ ਬੱਚਾ ਸੀ।”
“ਠੀਕ ਏ, ਤੇ ਤੂੰ ਸਚ ਆਖਿਐ,” ਪਾਤਸ਼ਾਹ ਨੇ ਕਿਹਾ। “ਪਰ ਤੁਹਾਨੂੰ ਇਹ ਪਤਾ ਕਿਵੇਂ ਲਗਾ, ਪੇਟੀ 'ਚ ਇਕੋ ਅਣ - ਪੱਕਾ ਅਨਾਰ ਏ ? ਇਹਦੀ ਤਾਂ ਮੈਨੂੰ ਉਕਾ ਸਮਝ ਨਹੀਂ ਆ ਰਹੀ।”
ਸਭ ਤੋਂ ਵਡੇ ਭਰਾ ਨੇ ਆਖਿਆ :
ਜਿਸ ਤਰ੍ਹਾਂ ਦੋ ਨੋਕਰਾਂ ਨੇ ਪੇਟੀ ਅੰਦਰ ਲਿਆਂਦੀ, ਉਸ ਤੋਂ ਜ਼ਾਹਿਰ ਸੀ, ਉਹ ਭਾਰੀ ਨਹੀਂ ਸੀ। ਜਦੋਂ ਉਹ ਉਹਨੂੰ ਫ਼ਰਸ਼ 'ਤੇ ਰਖ ਰਹੇ ਸਨ, ਮੇਰੇ ਕੰਨੀਂ ਕਿਸੇ ਗੋਲ ਚੀਜ਼ ਦੀ, ਜੁ ਬਹੁਤੀ ਵਡੀ ਨਹੀਂ ਸੀ ਤੇ ਇਕ ਤੋਂ ਦੂਜੇ ਸਿਰੇ ਤਕ ਰਿੜ ਰਹੀ ਸੀ, ਖੜ-ਖੜ ਦੀ ਆਵਾਜ਼ ਪਈ।”
ਵਿਚਲੇ ਭਰਾ ਨੇ ਕਿਹਾ:
“ਤੇ ਮੈਂ ਅੰਦਾਜ਼ਾ ਲਾਇਆ, ਕਿਉਂਕਿ ਪੇਟੀ ਬਾਗ਼ ਤੋਂ ਲਿਆਂਦੀ ਗਈ ਸੀ ਤੇ ਉਹਦੇ 'ਚ ਕੋਈ ਇਕ ਗੋਲ ਚੀਜ਼ ਸੀ, ਇਸ ਲਈ ਉਹ ਚੀਜ਼ ਜ਼ਰੂਰ ਈ ਅਨਾਰ ਹੋਣੀ ਏ। ਇਸ ਲਈ ਕਿ ਤੁਹਾਡੇ ਮਹਿਲ ਕੋਲ ਅਨਾਰਾਂ ਦੇ ਦਰਖ਼ਤ ਬਹੁਤ ਲਗੇ ਹੋਏ ਨੇ।”
"ਬਹੁਤ ਹੱਛਾ!" ਪਾਤਸ਼ਾਹ ਨੇ ਕਿਹਾ ਤੇ ਉਹਨੇ ਸਭ ਤੋਂ ਛੋਟੇ ਭਰਾ ਵਲ ਮੂੰਹ ਕੀਤਾ।
“ਪਰ ਤੂੰ ਇਹ ਕਿਵੇਂ ਦਸ ਸਕਿਆ, ਅਨਾਰ ਪੱਕਾ ਨਹੀਂ ਸੀ ?"
“ਹੁਣ ਸਾਲ ਦਾ ਇਹੋ ਜਿਹਾ ਵਕਤ ਏ" ਸਭ ਤੋਂ ਛੋਟੇ ਭਰਾ ਨੇ ਜਵਾਬ ਦਿਤਾ, “ਜਦੋਂ ਅਜੇ ਸਾਰੇ ਦੇ ਸਾਰੇ ਅਨਾਰ ਹਰੇ ਨੇ। ਤੁਸੀਂ ਆਪ ਤਕ ਸਕਦੇ ਹੋ।”
ਤੇ ਉਹਨੇ ਖੁਲ੍ਹੀ ਬਾਰੀ ਵਲ ਇਸ਼ਾਰਾ ਕੀਤਾ।
ਪਾਤਸ਼ਾਹ ਨੇ ਬਾਰੀ ਵਿਚੋਂ ਬਾਹਰ ਤਕਿਆ ਤੇ ਉਹਨੇ ਵੇਖਿਆ, ਉਹਦੇ ਬਾਗ਼ ਦੇ ਅਨਾਰਾਂ ਦੇ ਦਰਖ਼ਤਾਂ ਨੂੰ ਹਰਾ ਫਲ ਲੱਗਾ ਹੋਇਆ ਸੀ।
ਪਾਤਸ਼ਾਹ ਭਰਾਵਾਂ ਦੀ ਵੇਖਣ – ਚਾਖਣ ਦੀ ਅਨੋਖੀ ਤਾਕਤ ਤੇ ਤੇਜ਼ ਸੂਝ ਉਤੇ ਅਸ਼ - ਅਸ਼ ਕਰ ਉਠਿਆ।
"ਤੁਸੀਂ ਪੈਸੇ ਤੇ ਦੁਨੀਆਂ ਦੀਆਂ ਚੀਜ਼ਾਂ ਵਲੋਂ ਦੌਲਤਮੰਦ ਭਾਵੇਂ ਨਾ ਹੋਵੋ, ਪਰ ਸਿਆਣਪ ਵਲੋਂ ਤੁਸੀਂ ਸਚੀ ਮੁਚੀ ਈ ਦੌਲਤਮੰਦ ਹੋ!" ਉਹਨੇ ਆਖਿਆ।