Sillh (Punjabi Story) Chandan Negi

ਸਿੱਲ੍ਹ (ਕਹਾਣੀ) : ਚੰਦਨ ਨੇਗੀ

ਕਈ ਦਿਨਾਂ ਦੀ ਝੜੀ ਲੱਗੀ ਹੋਈ ਹੈ। ਕਦੀ ਕਿਣ-ਮਿਣ, ਕਿਣ-ਮਿਣ। ਕਦੀ ਰੁਣ-ਝੁਣਰੁਣ-ਝੁਣ। ਕਦੀ ਸ਼ਰ-ਸ਼ਰ ਕਰਦੇ ਪਾਣੀ ਦਾ ਸ਼ੋਰ ਸ਼ਰਾਬਾ ਤੇ ਕਦੀ ਕਣੀਆਂ ਦੇ ਸੁਰ ਤੇ ਲੈਅ ਦਾ ਮਧੁਰ ਸੰਗੀਤ। ਬੱਦਲਾਂ ਦੀ ਗਰਜ, ਬਿਜਲੀ ਦੀ ਗਰਜ ਸੁਣ ਰੂਹ ਵੀ ਕੰਬ ਜਾਂਦੀ ਹੈ। ਸੁਰਮਈ ਕਾਲੇ ਬੱਦਲਾਂ ਦੀ ਚਾਦਰ ਨਾ ਘਸਦੀ ਹੈ, ਨਾ ਫਟਦੀ ਹੈ। ਸੂਰਜ ਦੀ ਕੋਈ ਕਿਰਨ ਵੀ ਧਰਤੀ ਦਾ ਕੋਈ ਕਣ ਨਹੀਂ ਚੁੰਮ ਸਕਦੀ। ਘਰ ਅੰਦਰ ਕਮਰੇ ਵਿਚ ਬੰਦ ਬੈਠੇ ਅਕੇਵਾਂ ਹੋ ਗਿਆ ਹੈ ਬੋਰੀਅਤ। ਟੀ. ਵੀ. ਵੇਖ ਵੇਖ ਅੱਖਾਂ ਥੱਕ ਗਈਆਂ ਹਨ। ਕਣੀਆਂ ਦਾ ਸੰਗੀਤ ਵੀ ਹੁਣ ਨਹੀਂ ਭਾਉਂਦਾ। ਬਿਜਲੀ ਦੀਆਂ ਤਾਰਾਂ ਨਾਲ ਲਟਕੀਆਂ ਸੁੱਚੇ-ਸੁੱਚੇ ਮੋਤੀਆਂ, ਕਰਿਸਟਲ ਦੀਆਂ ਬੂੰਦਾਂ ਦੀਆਂ ਲੜੀਆਂ ਵੀ ਨਹੀਂ ਸੁਖਾਉਂਦੀਆਂ। ਪਰਿੰਦੇ ਵੀ ਆਪੋ ਆਪਣੇ ਆਹਲਣਿਆਂ ਵਿਚ ਭੁਖੇ ਭਾਣੇ, ਭਿੱਜੇ-ਭਿੱਜੇ, ਸੁਸਤ-ਸੁਸਤ ਦੁਬਕ ਕੇ ਬੈਠੇ ਹਨ। ਪੰਛੀਆਂ ਦੇ ਸ਼ੁਭ ਪਰਭਾਤ ਦੇ ਸੰਗੀਤ ਦੀ ਧੁਨ ਵੀ ਮਧਮ ਮਧਮ ਹੈ। ਨਾ ਡਾਰਾਂ ਰਿਜ਼ਕ ਦੀ ਭਾਲ ਵਿਚ ਉਡਦੀਆਂ ਹਨ ਨਾ ਸ਼ਾਮੀਂ ਸ਼ੋਰ ਮਚਾਂਦੇ ਰੱਜੇ ਪੁਜੇ ਆਪੋ ਆਪਣੇ ਟਿਕਾਣੇ ਪਹੁੰਚਦੇ ਹਨ। ਮੈਂ ਵੀ ਘਰ ਅੰਦਰ ਕੈਦ ਜਿਹੀ ਛਿੱਥੀ ਪੈਂਦੀ ਹਾਂ। ਨਾ ਕਿਧਰੇ ਆਣਾ ਨਾ ਜਾਣਾ। ਘੜੀ ਮੁੜੀ ਬਾਲਕੋਨੀ ਵਿਚੋਂ ਬਾਗ ਵਾਲੇ ਪਾਸੇ ਝਾਤੀ ਮਾਰਦੀ ਹਾਂ।
ਮੇਰੇ ਘਰ ਦੀ ਬਾਲਕੋਨੀ ਦੇ ਸਾਹਮਣੇ ਹੀ ਬੜਾ ਵੱਡਾ ਖੁੱਲ੍ਹਾ ਬਾਗ ਹੈ। ਚਾਰੋ ਕੋਨਿਆਂ ਉਤੇ ਲੱਗੀ ਰਾਤ ਰਾਣੀ ਦੇ ਚਿੱਟੇ ਫੁੱਲਾਂ ਨਾਲ ਰਾਤ ਮਹਿਕ ਜਾਂਦੀ ਹੈ। ਹਾਰ ਸ਼ਿੰਗਾਰ ਦੇ ਫੁੱਲਾਂ ਨੂੰ ਵੇਖ ਉਦਾਸੀ ਇਕਲਾਪਾ ਕਫੂਰ ਹੋ ਜਾਂਦਾ ਹੈ। ਬਾਗ ਦੇ ਚੁਤਰਫੇ ਅਮਲਤਾਸ ਦੇ ਫੁੱਲਾਂ ਦੀਆਂ ਕਤਾਰਾਂ ਹਨ। ਪੀਲੇ-ਕੇਸਰੀ ਫੁੱਲਾਂ ਦੇ ਗੁੱਛਿਆਂ ਨਾਲ ਬੇਬਹਾਰੀ ਬਸੰਤ ਖਿੜ ਜਾਂਦੀ ਹੈ। ਬਾਗ ਵਿਚ ਬੱਚਿਆਂ ਲਈ ਪੀਂਘਾਂ, ਮੈਰੀ ਗੋ ਰਾਊਂਡ, ਫਿਸਲਣ ਝੂਲਾ, ਰਿਡਲਜ਼ ਤੇ ਹੋਰ ਕਈ ਕਿਸਮ ਦੀਆਂ ਖੇਡਾਂ ਲੱਗੀਆਂ ਹਨ। ਸ਼ਾਮ ਨੂੰ ਇਹ ਬਾਗ ਭੋਲੇਭਾਲੇ, ਗੁਟਕਦੇ, ਹੱਸਦੇ, ਦੌੜਦੇ, ਰੰਗਾਂ-ਰੰਗਾਂ ਦੇ ਕੱਪੜਿਆਂ ਨਾਲ ਸਜੇ-ਸਜਾਏ ਬੱਚਿਆਂ ਨਲ ਭਰ ਜਾਂਦਾ ਹੈ। ਮੈਂ ਇਨ੍ਹਾਂ ਫੁੱਲਾਂ ਨੂੰ ਵੇਖਦੀ ਆਪੇ ਹੀ ਮੁਸਕਰਾਉਂਦੀ ਰਹਿੰਦੀ ਹਾਂ।
ਪਹੁ ਫੁਟਦੇ ਹੀ ਲੋਕ ਸਾਵੇ ਕਚੂਰ ਘਾਹ ਉਤੇ ਡਲਕਦੇ ਅਣਵਿਧ ਸੁੱਚੇ ਮੋਤੀਆਂ ਨੂੰ ਪੈਰਾਂ ਹੇਠ ਮਧੋਲਦੇ ਹਨ। ਬਜੁਰਗ ਬੈਂਚਾਂ ਉਤੇ ਬੈਠੇ ਵੇਲੇ ਦੀ ਸਰਕਾਰ, ਮਹਿੰਗਾਈ, ਭ੍ਰਿਸ਼ਟਾਚਾਰ, ਰਿਸ਼ਵਤ ਮੋਈ ਹੋਈ ਅੱਜ ਦੀ ਇਨਸਾਨੀਅਤ, ਲੋਕਾਂ ਦੇ ਚਿੱਟੇ ਲਹੂ ਨੂੰ ਕੋਸਦੇ ਹਨ। ਸੂਰਜ ਦੇਵਤਾ ਦੇ ਸੁਨਹਿਰੀ ਤਖ਼ਤ ਉਤੇ ਸੁਸ਼ੋਭਿਤ ਹੁੰਦੇ ਹੀ ਗੂੜ੍ਹੇ ਗੂੜ੍ਹੇ ਲਾਲ, ਕਾਲੇ, ਸੰਧੂਰੀ, ਨੀਲੇ, ਪੀਲੇ ਰੰਗਾਂ ਦੀਆਂ ਸਾੜੀਆਂ, ਰੰਗ-ਬ-ਰੰਗੇ ਕਲਿਪ, ਜੂੜਿਆਂ ਉਤੇ ਫੁੱਲਾਂ ਦੀਆਂ ਵੇਣੀਆਂ ਸਜਾਈ ਕੁਝ ਔਰਤਾਂ ਬੈਂਚਾਂ ਉਤੇ ਆ ਬੈਠਦੀਆਂ ਹਨ। ਬਾਗ ਦੇ ਦੂਜੇ ਕੋਨੇ ਵਿਚ ਯੋਗਾ ਕਰਦੇ ਸਾਧਕਾਂ ਨੂੰ ਵੇਖ ਨਕਲਾਂ ਲਗਾਂਦੀਆਂ ਖਿੜ-ਖਿੜ ਹੱਸਦੀਆਂ ਹਨ। ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵਧਦੀ ਜਾਂਦੀ ਹੈ। ਇਹ ਕਲੋਨੀ ਦੇ ਘਰਾਂ ਵਿਚ ਕੰਮ ਕਰਦੀਆਂ ਮਾਈਆਂ ਹਨ। ਦੂਰੋਂ-ਦੂਰੋਂ ਆ ਕੇ ਇਥੇ ਆਰਾਮ ਕਰਦੀਆਂ ਇਕੱਠੀਆਂ ਹੁੰਦੀਆਂ ਹਨ। ਇਕ ਦੂਜੇ ਦਾ ਹਾਲ-ਚਾਲ ਪੁੱਛ, ਨਵੀਂਤਾਜ਼ੀ ਖ਼ਬਰ ਸਾਂਝੀ ਕਰ ਕੇ ਆਪੋ ਆਪਣੇ ਕੰਮ ਵਾਲੇ ਘਰ ਟੁੱਰ ਜਾਂਦੀਆਂ ਹਨ।
ਮੈਂ ਬਾਲਕੋਨੀ ਵਿਚੋਂ ਬਾਗ ਵੱਲ ਝਾਤੀ ਮਾਰੀ। ਅੱਜ ਤਾਂ ਬਾਗ ਝੀਲ ਬਣਿਆ ਹੈ ਤੇ ਅਕਾਸ਼ ਦੀ ਸਾਂਵਲੀ ਟੁਕੜੀ ਝੀਲ ਵਿਚ ਤਰ ਰਹੀ ਹੈ। ਬੱਦਲ ਧਰਤੀ ਉਤੇ ਵੀ ਝੀਲ ਵਿਚ ਰੇਸ ਲਾਈ ਦੌੜ ਰਹੇ ਹਨ। ਪੀਂਘਾਂ ਦੇ ਤਖ਼ਤੇ ਪੁੱਠੇ ਲਟਕੇ ਹੋਏ ਹਨ। ਮੈਰੀ-ਗੋ-ਰਾਊਂਡ ਭਿਜਿਆ ਭਿਜਿਆ ਚੁੱਪ ਚਾਪ ਖਲੋਤਾ ਹੈ। ਬੱਚਿਆਂ ਦੀਆਂ ਸ਼ਰਾਰਤਾਂ ਨਾਲ ਉਹ ਵੀ ਤਾਂ ਚੀਕਾਂ ਮਾਰ ਮਾਰ ਹੱਸਦਾ ਸੀ। ਮੈਂ ਪਰੇਸ਼ਾਨ ਹੋ ਜਾਂਦੀ ਹਾਂ। ਅੱਜ ਕਲ੍ਹ ਉਹ ਵਿਚਾਰੀਆਂ ਸਾਰੀਆਂ ਕਿੱਥੇ ਬੈਠਦੀਆਂ ਹੋਣਗੀਆਂ? ਨਾ ਸਵੇਰੇ ਉਨ੍ਹਾਂ ਦੇ ਹਾਸੇ ਦੀ ਟੁਣਕਾਰ ਸੁਣੀਂਦੀ ਹੈ ਨਾ ਸ਼ਾਮ ਨੂੰ ਹੱਸਦੇ, ਗੁਟਕਦੇ, ਦੌੜਦੇ, ਨਸਦੇ, ਖੇਡਦੇ ਫੁੱਲ ਖਿੜਦੇ ਹਨ।
ਦੁਪਹਿਰ ਨੂੰ ਵੀ ਬਾਗ ਵਿਚ ਮੇਲਾ ਲੱਗਿਆ ਹੁੰਦਾ ਹੈ। ਘਰਾਂ ਦੇ ਕੰਮ ਮੁਕਾ, ਜੂਠ ਮਾਂਜ, ਮੈਲਾ ਧੋ, ਗੰਦੇ ਫਰਸ਼ ਲਿਸ਼ਕਾ ਇਹ ਸਾਰੀਆਂ ਮਾਈਆਂ ਟੋਲੀਆਂ ਬਣਾ ਕੇ ਆ ਬੈਠਦੀਆਂ ਹਨ। ? ਲੋਕਾਂ ਦੇ ਘਰਾਂ ਤੋਂ ਮਿਲੀਆਂ ਬਚੀਆਂ-ਖੁਚੀਆਂ ਸਬਜ਼ੀਆਂ, ਬੇਹੀਆਂ-ਸਜਰੀਆਂ ਰੋਟੀਆਂ ਤੇ ਆਪੋ ਆਪਣੇ ਘਰੋਂ ਲਿਆਂਦੀ ਪੋਟਲੀ ਖੋਲ੍ਹ ਇਕੱਠੀਆਂ ਹੀ ਖਾਂਦੀਆਂ ਤੇ ਬੀਬੀਆਂ ਦੀ ਬਣਾਈ ਦਾਲ ਸਬਜ਼ੀ ਦੀ ਨਿੰਦਿਆ, ਤਾਰੀਫ ਕਰਦੀਆਂ।
ਪੇਟ ਪੂਜਾ ਕਰਕੇ ਕੋਈ ਘਾਹ ਉਤੇ ਹੀ ਲੇਟ ਜਾਂਦੀ ਹੈ। ਕੋਈ ਲੱਤਾਂ ਪਸਾਰੀ ਬੈਂਚ ਉਤੇ ਅੱਧਲੇਟੀ ਜਿਹੀ ਬੈਠ ਜਾਂਦੀ ਹੈ ਤੇ ਫਿਰ ਸ਼ੁਰੂ ਹੁੰਦੀ ਹੈ ਆਪੋ-ਆਪਣੇ ਕੰਮ ਕਰਨ ਵਾਲੇ ਘਰਾਂ ਦੇ ਜੀਆਂ ਦੀ ਦਾਸਤਾਨ। ਕਿਥੋਂ ਚਾਹ ਮਿਲੀ ਕਿਥੋਂ ਰੋਟੀ? ਕਿਹੜੀ ਬੀਬੀ ਚੰਗੀ ਹੈ, ਕਿਹੜੀ ਚੁਖ-ਚੁਖ ਕਰਦੀ ਹੈ? ਕਿਹੜੀ ਬੀਬੀ ਟੋਕਦੀ ਹੈ, ਕਿਹੜੀ ਮਾਈਆਂ ਬਦਲਦੀ ਰਹਿੰਦੀ ਹੈ? ਕਿਸ ਦੇ ਘਰ ਭਾਂਡਿਆਂ ਦਾ ਢੇਰ ਹੁੰਦਾ ਹੈ, ਕਿਸ ਦੇ ਘਰ ਕਪੜਿਆਂ ਦਾ? ਕਿਸ ਸਾਹਿਬ ਦੇ ਕੱਪੜਿਆਂ ਵਿਚੋਂ ਸੈਂਟ ਤੇ ਬਨ ਦੀ ਮਿੱਠੀ ਮਿੱਠੀ ਖੁਸ਼ਬੂ ਆਉਂਦੀ ਹੈ? ਕਿਸ ਦੇ ਪਸੀਨੇ ਦੀ ਬੋਅ ਨਾਲ ਨੱਕ ਸੜ ਜਾਂਦਾ ਹੈ। ਚਟਖਾਰੇ ਲੈਂਦੀਆਂ, ਮਸਤੀਆਂ ਕਰਦੀਆਂ, ਵਿੰਗੇ-ਟੇਢੇ ਮੂੰਹ ਬਣਾ ਉਹ ਆਪੋ ਆਪਣੀ ਬੀਬੀ ਦੀਆਂ ਨਕਲਾਂ ਉਤਾਰਦੀਆਂ, ਐਕਟਿੰਗ ਕਰਦੀਆਂ ਇਕ ਦੂਜੀ ਨੂੰ ਆਪੋ-ਆਪਣੇ ਘਰਾਂ ਦੀਆਂ ਗੱਲਾਂ, ਲੜਾਈ-ਝਗੜੇ, ਰਹਿਣ-ਸਹਿਣ, ਖਾਣਾ-ਪੀਣਾ ਹੋਰਾਂ ਨੂੰ ਨਸ਼ਰ ਕਰਦੀਆਂ, ਮੈਂ ਕਈ ਵਾਰੀ ਸੁਣਦੀ ਸਾਂ।
"ਕਾਲੀ ਸਿਆਹ ਮੁੰਨੀ ਬਾਈ ਪੁੱਠੇ ਤਵੇ ਵਰਗੇ ਕਾਲੇ ਹੱਥ ਦਾ ਅੰਗੂਠਾ ਤੇ ਅਨਾਮਿਕਾ ਜੋੜ ਕੇ ਕਹਿ ਰਹੀ ਸੀ, "ਅਰੀ, ਮੇਰੀ ਬੀਬੀ ਕੀ ਸ਼ਾਨ ਦੇਖੀ ਹੈ ਕਭੀ? ਮਰਦੋਂ ਜੈਸੇ ਚਲਤੀ ਹੈ, ਬਾਲ ਭੀ ਮਰਦੋਂ ਜੈਸੇ ਕਟਵਾਏਂ ਹੈ, ਪੈਂਟ-ਕੋਟ ਪਹਿਨਤੀ ਹੈ-ਕਿਆ ਮਟਕਤੀ ਹੈ...ਫੈਸ਼ਨ ਦੇਖੋ ਉਸ ਕੇ...ਲੇਕਿਨ ਘਰ ਮੇਂ ਫਟੀ ਕੌੜੀ ਬੀ ਇੱਜ਼ਤ ਨਹੀਂ ਹੈ...ਮੇਰੇ ਸਾਹਮਨੇ ਹੀ ਸਾਹਿਬ ਡਾਂਟ ਫਟਕਾਰ ਦੇਤਾ ਹੈ...ਥਪੜ ਬੀ ਜੜ ਦੇਵੇ...। "
"ਅਰੇ, ਆਦਮੀ ਲੋਗਨ ਕਾ ਕਿਆ...। ਸਭ ਹੋਵੇਂ ਹੀ ਏਕ ਹੀ ਚੱਟੂ ਕੇ ਬਟੇ...ਸਾਹਬ ਲੋਗਨ ਹੋਵੇ ਯਾ ਹਮ ਲੋਗਨ ਕਾ...। ਸਭ ਏਕ ਰੱਸੀ ਸੇ ਬੰਧਨੇ ਵਾਲੇ। ਮੇਰੀ ਬੀਬੀ ਪੇ ਤੋ ਸਾਹਬ ਹਰ ਬਾਤ ਪੇ ਸ਼ਕ ਕਰਤਾ ਹੈ...। ਚੰਦਰਾ ਕੇ ਆਦਮੀ ਜੈਸੇ...। ਵੋ ਮੇਰਾ ਦੋਸਤ ਤੇਰੇ ਸੇ ਬਾਤ ਕਰਦਾ ਹੈ...? ਤੂੰ ਫਲਾਨੇ ਕੇ ਸਾਥ ਹੱਸ ਕਰ ਕਿਉਂ ਬਾਤ ਕਰਤੀ ਹੈ? ਬਾਲੋਕਨੀ ਮੇਂ ਸੇ ਬਾਹਰ ਕਿਉਂ ਦੇਖਤੀ ਹੈ? ਬੇਚਾਰੀ, ਕਈ ਬਾਰ ਤੋ ਰੋ ਹੀ ਪੜਤੀ ਹੈ। " ਲਾਲ ਸਾੜ੍ਹੀ ਵਾਲੀ ਨੇ ਪਲੂ ਦਾ ਬਿੰਨਾ ਬਣਾ, ਸਿਰ ਹੇਠ ਰਖਦੇ ਕਿਹਾ, "ਉਸ ਸੇ ਤੋ ਹਮ ਹੀ ਅੱਛੇ ਹੈਂ...ਬਾਬਾ। "
"ਖ਼ਾਕ! ਕਿਆ ਅੱਛੇ ਹੈਂ ਹਮ ਲੋਗ? ਦੇਖਾ, ਆਜ ਰੰਭਾ ਨਹੀਂ ਆਈ। ਮੈਂਨੇ ਉਸ ਕਾ ਕਾਮ ਸੰਭਾਲਾ ਹੈ। ਉਸ ਕੇ ਮਰਦ ਹਰਾਮੀ ਨੇ ਬਿਚਾਰੀ ਕੋ ਸੋਟੀਓਂ ਸੇ ਮਾਰਾ। ਮੁਆ! ਆਪਨੀ ਤਨਖਾਹ ਤੋ ਸ਼ਰਾਬ ਮੇਂ ਉੜਾ ਦੇਤਾ ਹੈ...ਕਹਾਂ ਸੇ ਖਿਲਾਏ ਇਤਨੇ ਟੱਬਰ ਕੋ...ਪਾਂਚ ਲੜਕੀਆਂ ਹੈ ਦੋ ਛੋਟੇ ਲੜਕੇ...। ਬੱਚੇ ਪੈਦਾ ਕਰਤੇ ਤੋ ਸੋਚਤੇ ਨਹੀਂ। ਕਹਿਤਾ ਹੈ ਤੂੰ ਘਰੋਂ ਮੇਂ ਕਾਮ ਕਰਨੇ ਨਹੀਂ ਜਾਤੀ ਸਾਹਬ ਲੋਗਨ ਸੰਗ ਸੋਨੇ ਜਾਤੀ ਹੈ। ਕਲਮੂੰਹੀ ਸੁਬਹ ਨਿਕਲਤੀ ਹੈ...ਸ਼ਾਮ ਕੋ ਮੂੰਹ ਕਾਲਾ ਕਰ ਲੋਟ ਆਤੀ ਹੈ...ਮੈਂ ਬੁਲਾਤਾ ਹੂੰ ਸਾਂਪ ਸੂੰਘ ਜਾਤਾ ਹੈ...ਸੌ ਬਹਾਨੇ ਬਨਾਤੀ ਹੈ...ਆਜ ਤੋ ਬਿਚਾਰੀ ਸੇ ਹਿਲਾ ਭੀ ਨਹੀਂ ਜਾਤਾ। "
ਪ੍ਰਤਿਭਾ ਨੇ ਇਕ ਠੰਡਾ ਹੌਕਾ ਭਰਿਆ, "ਮੈਂ ਭੀ ਸੋਚਤ ਹੂੰ, ਮੇਰੇ ਮੇਂ ਔਰ ਮੇਰੀ ਮੈਡਮ ਮੇਂ ਸਿਰਫ ਏਕ ਹੀ ਅੰਤਰ ਹੈ, ਮੈਂ ਝੁਗੀ ਮੇਂ ਰਹਿੰਤੀ ਹੂੰ ਔਰ ਵੋਹ ਬੜੇ ਘਰ ਮੇਂ। ਮੇਰੇ ਮਰਦ ਜੈਸੇ ਸਾਹਬ ਕਾ ਭੀ ਕਿਸੀ ਕਾਮ ਮੇਂ ਮਨ ਨਹੀਂ ਟਿਕਤਾ। ਮੇਰੇ ਮਰਦ ਮਾਫ਼ਕ ਸਾਰਾ ਦਿਨ ਘਰ ਬੈਠਾ ਟੀ. ਵੀ. ਦੇਖਤਾ ਹੈ। ਛੋਟੀ ਛੋਟੀ ਬਾਤ ਪੇ ਇਤਨਾ ਜ਼ੋਰ ਸੇ ਚਿੱਲਾਤਾ ਹੈ, ਦੀਵਾਰੋਂ ਕੇ ਭੀ ਕਾਨ ਫਟਨੇ ਲਗਤੇ ਹੈਂ। ਕਿਆ ਜ਼ਿੰਦਗੀ ਹੈ ਹਮ ਔਰਤੋਂ ਕੀ। ਬਚੋਂ ਕੀ ਖਾਤਰ ਸਭ ਸਹਿਤੀ ਰਹਿਤੀ ਹੈਂ।
ਮੈਂ ਵੇਖਿਆ, ਕੁਝ ਦਿਨਾਂ ਤੋਂ ਕੋਨੇ ਵਾਲੀ ਕੋਠੀ ਦੀ ਚੰਨੀ ਬੀਬੀ ਵੀ ਮਾਈਆਂ ਦੇ ਝੁੰਡ ਕੋਲ ਕੁਰਸੀ ਡਾਹ ਕੇ ਧੁੱਪ ਸੇਕਣ ਆ ਬੈਠਦੀ ਹੈ। ਘਰ ਉਸ ਦਾ ਦਿਲ ਹੁਸੜਦਾ ਹੈ, ਦੋਹੇ ਬੱਚੇ ਸਕੂਲ ਚਲੇ ਜਾਂਦੇ ਹਨ ਤੇ ਉਹ ਇਕੱਲੀ ਬੈਠੀ ਤੰਗ ਪੈ ਜਾਂਦੀ ਹੈ। ਜਿਸ ਦਿਨ ਦੀ ਉਸ ਦੇ ਆਦਮੀ ਦੀ ਮੌਤ ਹੋਈ ਹੈ, ਨਾ ਪਾਠ ਪੂਜਾ ਵਿਚ ਦਿਲ ਲਗਦਾ ਹੈ ਨਾ ਘਰ ਦਾ ਕੰਮ ਜ਼ਿਆਦਾ ਹੈ। ਸ਼ਰਾਬ ਨਾਲ ਗੁਟ ਉਹ ਵੀ ਇਥੇ ਬਾਗ ਵਿਚ ਬੈਂਚ ਉਤੇ ਲੇਟਿਆ ਰਹਿੰਦਾ ਸੀ। ਦੋਹੇਂ ਫੇਫੜੇ ਨਕਾਰੇ ਹੋ ਗਏ, ਹੱਥ ਕੰਬਦੇ, ਲੱਤਾਂ ਕੰਬਦੀਆਂ, ਖੰਘਦਾ ਖੰਘਦਾ ਬੇਹਾਲ ਹੋ ਜਾਂਦਾ ਸੀ, ਆਪੇ ਹੀ ਮੌਤ ਨੂੰ ਗਲਵਕੜੀ ਪਾ ਜਾਏ ਸੁੱਤਾ ਜੀਰਾਣ। ਚੰਨੀ ਨੂੰ ਘਰ ਖਾਣ ਨੂੰਪੈਂਦਾ ਹੈ...ਇਕੱਲੇ ਬੈਠੇ ਡਰ ਲਗਦਾ ਹੈ।
ਹੁਣ ਚੰਨੀ ਸਾਰਾ ਦਿਨ ਸਵੈਟਰ ਉਣਦੀ ਰਹਿੰਦੀ ਹੈ। ਠੰਡੇ ਸਾਹ ਭਰਦੀ ਰਹਿੰਦੀ ਹੈ, "ਝੁਗਾ ਵੀ ਉਜੜਿਆ ਆਪ ਵੀ ਨਾ ਬਚਿਆ। ਮੈਂ ਕਿਉਂ ਘਰ ਵੇਚਾਂ...। ਮੇਰੇ ਬੱਚੇ ਵੱਡੇ ਹੋਣਗੇ...ਕੁਝ ਦੇਰ ਦੀ ਮੁਸ਼ਕਲ ਏ ਨਾ...। ਮੁਸ਼ਕਤ ਵਿਚ ਕਾਹਦਾ ਉਲਾਂਭਾ...ਕਾਹਦੀ ਸ਼ਰਮ...।
ਪਹਿਲਾਂ ਤਾਂ ਮਾਈਆਂ ਦੀ ਇਹ ਚੌਕੜੀ ਚੰਨੀ ਤੋਂ ਝਿਜਕੀ, ਚੁੱਪ-ਚੁਪ ਰਹੀ। ਨਾ ਹਾਸਾ-ਨਾ ਠੱਠਾ, ਨਾ ਨਕਲਾਂ-ਨਾ ਐਕਟਿੰਗ, ਨਾ ਖੁਲ-ਨਾ ਡੁਲ, ਨਾ ਬੀਬੀਆਂ ਦੀ ਚੁਗਲੀ ਨਾ ਨਿੰਦਾ। ਚੰਨੀ ਕੁਰਸੀ ਚੁਕੀ ਆਪਣੇ ਗੇਟ ਤੋਂ ਨਿਕਲਦੀ ਇਨ੍ਹਾਂ ਦੇ ਮੂੰਹ ਮੱਥੇ ਸੁੰਗੜ ਜਾਂਦੇ। ਹੌਲੀ ਹੌਲੀ ਚੰਨੀ ਨਾਲ ਹਿਲਮਿਲ ਗਈਆਂ। ਹੁਣ ਕੋਈ ਉਨ ਦਾ ਗੋਲ ਬਣਾ ਦਿੰਦੀ, ਕੋਈ ਬਟਣ ਲਾ ਦਿੰਦੀ। ਗਾਹਕ ਵੀ ਜਲਦੀ ਭੁਗਤ ਜਾਂਦੇ ਤੇ ਚੰਨੀ ਦੀ ਜੀਵਨ ਗਤੀ ਵੀ ਥੋੜੀ ਤੇਜ਼ ਰੀਂਗਣ ਲੱਗ ਪਈ। "ਅੰਦਰ ਤਾਂ ਬਹੁਤ ਹਨੇਰਾ ਏ ਇਥੇ ਬਾਗ ਵਿਚ ਕਿਤਨਾ ਚਾਨਣ ਤੇ ਰੌਣਕ ਏ, ਤੁਸੀਂ ਇਕੱਠੀਆਂ ਹਸਦੀਆਂ ਮੈਨੂੰ ਬੜੀਆਂ ਚੰਗੀਂ ਲੱਗਦੀਆਂ ਹੋ। ਹੁਣ ਤਾਂ ਇਕੱਠੇ ਬੈਠ, ਦੁਖਸੁਖ ਵੰਡਾਣ, ਧੁੱਪ ਸੇਕਣ ਦਾ ਕਿਸੀ ਕੋਲ ਵਕਤ ਹੀ ਨਹੀਂ। ਆਂਡ-ਗੁਆਂਢ ਦੀ ਜਾਣ-ਪਛਾਣ ਹੀ ਨਹੀਂ। ਸੱਤੀ ਸਵੇਰੇ ਦਫ਼ਤਰਾਂ ਨੂੰ ਟੁਰ ਪੈਂਦੀਆਂ ਨੇ, ਹਨੇਰਾ ਪਏ ਘਰ ਆ ਵੜਦੀਆਂ ਨੇ। ਫਿਰ ਸਾਂਭਣਾ ਹੁੰਦਾ ਹੈ ਚੁੱਲਾ-ਚੌਂਕਾ"
ਮੇਰੀ ਮਾਈ ਚੰਦਰਾ ਉਸ ਦਿਨ ਨਹੀਂ ਸੀ ਆਈ। ਮੈਂ ਬਾਲਕੋਨੀ ਵਿਚੋਂ ਵੇਖਿਆ ਚੰਦਰਾ ਸਾਰੀਆਂ ਵਿਚ ਘਿਰੀ ਹੋਈ ਘਾਹ ਦੀਆਂ ਤਿੜਾਂ ਤੋੜਦੀ ਹੈ, ਮਧੋਲਦੀ ਹੈ, ਪਰ੍ਹਾਂ ਵਗਾਹ ਕੇ ਸੁਟ ਦੇਂਦੀ ਹੈ। ਅੱਖਾਂ ਰੋ-ਰੋ ਕੇ ਸੁਜੀਆਂ ਹਨ, ਚਿਹਰਾ ਝਰੀਟਿਆ ਹੈ, ਵਾਲਾਂ ਦੀਆ ਲਿਟਾਂ ਪੁਟੀਆਂ ਹੋਈਆਂ ਹਨ। ਅੱਜ ਨਾ ਉਹ ਹੱਸ ਰਹੀ ਹੈ, ਨਾ ਗਾ ਰਹੀ ਹੈ। ਸਾਥਣਾਂ ਲੱਤਾਂ ਤੋਂ ਧੋਤੀ ਗੋਡਿਆਂ ਤੀਕ ਚੁਕ ਕੇ ਲਾਲ ਨੀਲੇ ਨਿਸ਼ਾਨ ਵੇਖ ਤਲੀਆਂ ਮਲਦੀਆਂ ਹਨ। ਚੰਦਰਾ, ਥੋੜਾ ਹਿਲਦੇ ਵੀ ਕਰਾਹੁੰਦੀ ਹੈ। ਚੰਦਰਾ ਤਾਂ ਇਸ ਟੋਲੀ ਦੀ ਰੂਹ ਹੈ, ਜਾਨ ਹੈ। ਦੁਪਹਿਰੇ ਵਿਹਲੀਆਂ ਹੋ ਕੇ ਨੱਚਦੀਆਂ-ਗਾਉਂਦੀਆਂ ਹਨ। ਚੰਦਰਾ ਭੋਜਪੁਰੀ ਗੀਤ ਗਾਉਂਦੀ ਨੱਚਦੀ ਤਾਂ ਪੰਛੀਆਂ ਦੇ ਵੀ ਕੰਨ ਖਲੋ ਜਾਂਦੇ, ਪੈਰਾਂ ਦੀ ਥਾਪ ਨਾਲ ਧਰਤੀ ਕੰਬਣ ਲੱਗਦੀ।
ਮੈਂ ਚੰਦਰਾ ਨੂੰ ਸਾਂਵਲੀ ਮੀਨਾ ਕੁਮਾਰੀ ਬੁਲਾਂਦੀ ਹਾਂ। ਗੋਲ ਚਿਹਰਾ, ਘੜੇ ਹੋਏ ਨੈਣਨਕਸ਼, ਮੋਟੀਆਂ ਲੰਮੀਆਂ ਅੱਖਾਂ, ਲੰਮਾ ਝੰਮਾ ਕਦ ਕਾਠ, ਪਤਲੀ ਸੁਬਕ ਜਿਹੀ। ਉਸ ਦਾ ਬੁੱਤ ਘੜਦੇ ਰਚਣਹਾਰ ਤੋਂ ਮਿੱਟੀ ਥੋੜ੍ਹੇ ਗੂੜ੍ਹੇ ਰੰਗ ਦੀ ਗੁੰਨੀ ਗਈ ਸੀ। ਟੁਰਦੀ ਦਾ ਪਤਲਾ ਲੱਕ ਹੁਲਾਰੇ ਖਾਂਦਾ, ਠੁਮਕ-ਠੁਮਕ ਮੋਰਨੀ ਵਾਂਗ ਪੈਰ ਰੱਖਦੀ, ਕਦਮਾਂ ਨਾਲ ਝਾਂਜਰਾਂ ਦਾ ਤਾਲ ਵਜਦਾ।
ਬਾਗ ਦੇ ਦੂਜੇ ਕੋਨੇ ਉਤੇ ਖਲੋਤੇ ਇਕ ਆਦਮੀ ਉਤੇ ਨਜ਼ਰ ਪੈਂਦੇ ਉਹ ਧਰਤੀ ਉਤੇ ਦੋਹੇਂ ਹੱਥ ਟਿਕਾਈ ਬੜੀ ਮੁਸ਼ਕਲ ਉਠੀ। ਸਾਰੀਆਂ ਦੀਆਂ ਨਜ਼ਰਾਂ ਆਪਸ ਵਿਚ ਟਕਰਾਈਆਂ, ਹੋਂਠ ਮੁਸਕਰਾਏ, ਸ਼ਰਾਰਤੀ ਇਸ਼ਾਰੇ ਹੋਏ, "ਚ...ਚ ਕਿਤਨੀ ਮਾਰ ਖਾਈ ਹੈ ਇਸ ਬਦਜ਼ਾਤ ਨੇ...ਫਿਰ ਭੀ ਦੇਖੋ...। "
"ਅਰੀ ਯੇਹ ਹੀ ਤੋ ਹੈ ਇਸ਼ਕ।
ਇਸ਼ਕ...ਕਿਆ ਬੋਲੇਂ ਸੇ ਗਰੇਜੀ ਮੇਂ ਲਉ...ਲਉ...ਯਹਾਂ ਭੀ ਮਿਲਨੇ ਆ ਜਾਤਾ ਹੈ।"
ਪ੍ਰਤਿਭਾ ਨੇ ਹੋਂਠ ਡਿੰਗੇ ਕਰ ਕੇ ਕਿਹਾ, "ਜਾ ਜਾ ਆਇਆ ਹੈ ਤੇਰਾ ਕੁਛ ਲਗਤਾ। ਇਸੀ ਕੇ ਲੀਏ ਖਾਈ ਹੈ ਨਾ ਮਾਰ? ਅਭ ਬੋਲ ਉਸੀ ਕੋ ਅਪਨੇ ਸਾਂਸੋਂ ਸੇ ਤੇਰੇ ਜ਼ਖ਼ਮੋਂ ਪਰ ਸੇਕ ਕਰ ਦੇ।"
ਚੰਨੀ ਨੇ ਵੀ ਐਨਕ ਉਚੀ ਕਰਦਿਆਂ ਕਿਹਾ, "ਅਰੇ ਕਿਆ ਕਮਾਲ ਕੀ ਪਰਸਨੈਲਿਟੀ ਹੈ, ਮਰਦ ਹੈ ਮਰਦ, ਪੂਰਾ ਮਰਦ...ਅਰੀ ਚੰਦਰਾ। ਕੈਸੇ ਫਸਾਇਆ ਇਸ ਕੋ?"
ਤੇ ਸਾਰੀਆਂ ਗੜ੍ਹਾਕਾ ਮਾਰ ਕੇ ਹੱਸ ਪਈਆਂ। ਅਮਲਤਾਸ ਦੇ ਫੁੱਲਾਂ ਦੇ ਪੀਲੇ ਗੁੱਛੇ ਕਿਸੇ ਗੋਰੀ ਦੇ ਕੰਨਾਂ ਵਿਚ ਪਏ ਸੋਨੇ ਦੇ ਝੁਮਕਿਆਂ ਵਾਂਗ ਹਿਲਣ ਲੱਗ ਪਏ।
ਮੁੱਕੇ ਉਲਾਰ-ਉਲਾਰ ਗੁੱਸੇ ਵਿਚ ਬੋਲ ਰਿਹਾ ਸੀ ਉਹ। ਨਾ ਨਾ ਕਰਦੀ ਚੰਦਰਾ ਹੱਥ ਹਿਲਾਉਂਦੀ ਰਹੀ। ਜਿਵੇਂ ਕਹਿ ਰਿਹਾ ਹੋਏ "ਤੂੰ ਕਹੇਂ ਤਾਂ ਤੇਰੀ ਇਹ ਹਾਲਤ ਕਰਨ ਵਾਲੇ ਦੇ ਹੱਥ ਭੰਨ ਦਿਆਂ"
ਉਹ ਚਲਾ ਗਿਆ। ਮੈਂ ਵੇਖਿਆ, ਚੰਦਰਾ ਚੰਨੀ ਦੇ ਨੇੜੇ ਬੈਂਚ ਉਤੇ ਆ ਕੇ ਬੈਠ ਗਈ। "ਤਭੀ, ਮੈਂ ਹੈਰਾਨ ਹੂੰ, ਤੇਰੇ ਚਿਹਰੇ ਪਰ ਇਤਨੀ ਰੌਣਕ ਕੈਸੇ? ਖਿਲਾ ਰਹਿਤਾ ਹੈ ਕਾਲੇ ਗੁਲਾਬ ਸਾ ਤੇਰਾ ਚਿਹਰਾ, ਤਨ ਕੀ ਚਮੜੀ ਕਿਤਨੀ ਲਿਸ਼ਕਤੀ ਹੈ। ਤੇਰੀ ਆਂਖੋਂ ਮੇਂ ਕਿਤਨੀ ਚਮਕ ਹੈ, ਹੋਂਠ ਮੁਸਕਰਾਤੇ ਰਹਿਤੇ ਹੈਂ, ਹਰ ਸਮੇਂ ਗੁਨਗੁਨਾਤੀ ਰਹਿਤੀ ਹੈ ਤੂ। ਹੂੰ! ਅਬ ਪਤਾ ਚਲਾ, ਮਨ ਕਾ ਮੀਤ ਮਿਲਾ ਹੁਆ ਹੈ।" ਚੰਨੀ ਨੇ ਹਉਕਾ ਦਬਾਂਦੇ ਹੋਏ ਕਿਹਾ।
"ਅਰੇ ਨਹੀਂ ਬੀਬੀ ਜੀ ਮੇਰੀ ਝੁਗੀ ਕੇ ਸਾਹਮਣੇ ਰਹਿਤਾ ਹੈ, ਕਹਿ ਰਹਾ ਥਾ ਤੂ ਕਹੇ ਤੋ ਤੇਰੇ ਆਦਮੀ ਕੇ ਹਾਥ ਪੈਰ ਤੋੜ ਦੂੰ। ਸਾਲੇ ਔਰਤ ਕੀ ਕਮਾਈ ਖਾਤੇ ਐਸ਼ ਕਰਤੇ ਹੈਂ। ਨਮਰਦ ਕਹੀਂ ਕੇ। ਮੇਰਾ ਆਦਮੀ ਕਹਿਤਾ ਹੈ, ਮੇਰੇ ਸਾਥ ਤਾਸ਼ ਖੇਲਨੇ ਕਾ ਤੋ ਬਹਾਨਾ ਹੈ। ਵੋਹ ਤੋ ਤੁਝੇ ਦੇਖਨੇ ਆਤਾ ਹੈ। ਪਹਿਲੇ ਤੋ ਕੁਝ ਨਹੀਂ ਥਾ ਅਬ ਵੋਹ ਕਹਿਤਾ ਹੈ ਤੋ ਕਰ ਕੇ ਦਿਖਾਊਂਗੀ। ਵੈਸੇ ਹੀ ਸਹੀ...ਯਾਰ ਤੋ ਯਾਰ ਸਹੀ।"
ਸਵੈਟਰ ਉਣਦੀ ਚੰਨੀ ਦੇ ਹੱਥ ਰੁਕ ਗਏ। ਉਨ ਉਂਗਲਾਂ ਵਿਚ ਹੀ ਵਲੇਟਦੀ ਰਹੀ। ਉਸ ਨਾਲ ਵੀ ਤਾਂ ਇਵੇਂ ਹੀ ਹੁੰਦਾ ਸੀ। ਉਸ ਦਾ ਸੱਜਾ ਹੱਥ ਠੋਡੀ ਉਤੇ ਪਏ ਜ਼ਖ਼ਮ ਦੇ ਨਿਸ਼ਾਨ ਨੂੰ ਪਲੋਸਣ ਲੱਗਾ। ਉਸ ਨੂੰ ਵੀ ਕਦੀ ਆਪਣੇ ਕਸੂਰ ਦਾ ਪਤਾ ਨਹੀਂ ਸੀ ਹੁੰਦਾ। ਹਾਏ! ਅੱਠ ਟਾਂਕੇ ਲੱਗੇ ਸੀ ਠੋਡੀ ਉਤੇ। ਉਹ ਚੰਨੀ ਵੱਲ ਅੱਖਾਂ ਪਾੜ ਪਾੜ ਵੇਖਦੀ ਰਹੀ। ਯਾਰ ਤਾਂ ਯਾਰ ਸਹੀ ਕੰਨਾਂ ਵਿਚ ਗੂੰਜਦੇ ਰਹੇ।
"ਹਾਂ ਹਾਂ...ਐਸੇ ਕਿਉਂ ਚਿੜਨੇ ਲਗਾ ਵੋਹ...ਕਿਉਂ ਦਰਦ ਹੂਆ ਉਸੇ? ਕੋਈ ਧੂੰਆਂ ਤੋ ਉਠਾ ਹੈ ਨਾ...ਆਗ ਤੋ ਜਲੀ ਹੈ ਨਾ।" ਮੁੰਨੀ ਬਾਈ ਨੇ ਚਿੱਟੇ ਡੇਲੇ ਮਟਕਾਂਦੇ ਕਿਹਾ।
ਚੰਦਰਾ ਨੇ ਧੋਤੀ ਦੇ ਪੱਲੇ ਨੂੰ ਸਵਾਰਿਆ ਤੇ ਕਾਲੇ ਧਾਗੇ ਵਿਚ ਪ੍ਰੋਤੇ ਛੋਟੇ ਜਿਹੇ ਸੋਨੇ ਦੇ ਲਾਕਟ ਨੂੰ ਪਲੋਸਣ ਲੱਗ ਪਈ।
ਮੇਰੇ ਘਰ ਕਈ ਸਾਲਾਂ ਤੋਂ ਚੰਦਰਾ ਹੀ ਕੰਮ ਕਰਦੀ ਹੈ। ਸਾਫ਼ ਸੁਥਰੀ, ਬਣੀ-ਠਣੀ, ਛਣਛਣ ਕਰਦੀਆਂ ਚੂੜੀਆਂ, ਪੈਰਾਂ ਵਿਚ ਚਾਂਦੀ ਦੀਆਂ ਭਾਰੀਆਂ ਪੰਜੇਬਾਂ। ਚੂੜੀਆਂ ਤੇ ਘੁੰਗਰੂਆਂ ਦਾ ਤਾਲ ਚੰਦਰਾ ਤੋਂ ਪਹਿਲਾਂ ਘਰ ਪਹੁੰਚ ਜਾਂਦਾ। ਵਿਹਲੀ ਹੋ ਉਹ ਕਈ ਵਾਰੀ ਗੱਪਾਂ ਮਾਰਨ ਵੀ ਬੈਠ ਜਾਂਦੀ ਹੈ। ਨਿੱਕਾ ਮੋਟਾ ਫਾਲਤੂ ਕੰਮ ਵੀ ਕਰ ਦਿੰਦੀ ਹੈ। ਅੱਜ ਉਸ ਦੀ ਉਧੜੀ ਚੰਮੜੀ, ਨੀਲੋ ਨੀਲ ਤਨ ਬਦਨ, ਸੁਜੀਆਂ ਅੱਖਾਂ ਵੇਖ ਮੈਨੂੰ ਗੁੱਸਾ ਵੀ ਆਇਆ, ਹਮਦਰਦੀ ਵੀ ਹੋਈ। "ਕੀ ਮੁਸੀਬਤ ਪਾਈ ਹੋਈ ਏ ਤੂੰ ਆਪਣੀ ਜਾਨ ਨੂੰ? ਨਾ ਪਤੀ ਨਾਲ ਚੈਨ ਨਾ ਦੂਜੇ ਨਾਲ ਖੁਲ ਕੇ ਮਿਲਣ।" ਕਦੀ ਉਹ ਬਹੁਤ ਉਦਾਸ ਹੁੰਦੀ ਤਾਂ ਪੁੱਛਦੀ, "ਅੱਜ ਨਹੀਂ ਮਿਲਿਆ ਹੋਣਾ ਉਹ-ਤਦੇ ਕੰਮ ਸੰਵਾਰ ਕੇ ਨਹੀਂ ਕਰ ਰਹੀ।"
"ਤੁਸੀਂ ਵੀ ਛੇੜਦੇ ਹੋ ਬੀਬੀ ਜੀ? ਤੁਸੀਂ ਕੀ ਜਾਣੋ ਪਿਆਰ ਕੀ ਹੁੰਦੈ? ਆਪਣੇ ਆਦਮੀ ਨੇ ਤਾਂ ਕਦੀ ਪਿਆਰ ਨਾਲ ਬੁਲਇਆ ਹੀ ਨਹੀਂ। ਉਸ ਲਈ ਤਾਂ ਮੈਂ ਏਕ ਹੀ ਕਾਮ ਕੇ ਲੀਏ ਹੂੰ। ਹੁਣ ਉਸ ਦੇ ਮਿਲਣ ਬਾਅਦ ਤਾਂ ਸਾਰੇ ਦੁਖ ਸ਼ਿਕਵੇ ਦੂਰ ਹੋ ਗਏ। ਉਠਦੇ-ਬੈਠਦੇ, ਸੌਂਦੇ ਜਾਗਦੇ, ਖਾਂਦੇ ਪੀਂਦੇ ਉਸੀ ਕੀ ਸੂਰਤ ਅੱਖਾਂ ਸਾਹਮਣੇ ਰਹਿੰਦੀ ਏ...ਪਹਿਲੀ ਜ਼ਿੰਦਗੀ ਤਾਂ ਮਾਰ ਗਾਲ੍ਹਾਂ ਖਾ ਕੇ ਹੀ ਗੁਜ਼ਾਰ ਦਿੱਤੀ ਤੁਸੀਂ ਕਹਿੰਦੇ ਹੋ ਭੋਂ ਦੇ ਭਾਅ...ਬੱਸ ਉਂਝ ਹੀ। ਨਾ ਚਾਅ ਮਲਾਰ...। ਹੁਣ ਤਾਂ ਮੈਂ ਮਾਰ ਦਾ ਵੀ ਬੁਰਾ ਨਹੀਂ ਮੰਨਦੀ।" ਚੰਦਰਾ ਪੰਜਾਬੀ ਵੀ ਬੋਲਣ ਲੱਗ ਪਈ ਹੈ।
"ਜੇ ਤੂੰ ਕਿਧਰੇ ਪੜ੍ਹੀ ਲਿਖੀ ਹੁੰਦੀ! ਚੰਦਰਾ।"
"ਗਿਟ-ਮਿਟ ਕਰਤੀ ਕਿਸੀ ਦਫ਼ਤਰ ਮੇਂ। ਐਸੇ ਜੂਠਣ ਥੋੜਾ ਸਾਫ ਕਰਤੀ। ਕੌਣ ਪੜਾਂਦਾ ਹੈ ਜੀ ਕੁੜੀਆਂ ਨੂੰ ਸਾਡੀ ਬਿਰਾਦਰੀ ਵਿਚ? ਉਹ ਹੀ ਆਇਆ ਸੀ ਪੁਛਣ...। ਤਭੀ ਦੇਰ ਹੋ ਗਈ।"
"ਤਾਂ ਹੀ ਤੈਨੂੰ ਸਰੂਰ ਚੜਿਆ ਰਹਿੰਦੈ। ਜਿਵੇਂ ਹੁਣੇ ਹੁਣੇ ਸੁਫਨੇ 'ਚੋਂ ਜਾਗੀ ਹੋਏਂ।"
"ਤੁਹਾਡੇ ਤੋਂ ਕੀ ਛੁਪਾਣਾ। ਉਸ ਦੇ ਪਿਆਰ ਦਾ ਰੰਗ ਏ।"
"ਕਿਧਰੇ ਉਸ ਨਾਲ?" ਮੈਂ ਉਸ ਦੀਆਂ ਅੱਖਾਂ ਵਿਚ ਝਾਕਦੇ ਸ਼ਰਾਰਤ ਨਾਲ ਪੁਛਿਆ।
ਉਸ ਨਜ਼ਰ ਝੁਕਾ ਲਈ, ਬੱਤੀ ਦੰਦਾਂ ਦੀ ਪੂਰੀ ਬਤੀਸੀ ਅੱਡ ਕੇ ਮੂੰਹ ਉਤੇ ਸਾੜ੍ਹੀ ਵੀ ਦਿੱਤੀ ਸੀ। "ਅੱਜ ਮਾਰ ਪਈ ਤਾਂ ਇਹੀ ਸਾੜ੍ਹੀ ਜਿਸਮ ਨੂੰ ਵਲੇਟ ਲਈ ਤੇ ਲਾਕਟ ਵੀ ਪਾ ਲਿਆ।"
"ਮਰ ਪਰ੍ਹਾਂ...ਬਦਤਮੀਜ਼ ਜਿਹੀ, ਕਿਉਂ ਨਹੀਂ ਮਾਰੇਗਾ ਫੇਰ ਤੇਰਾ ਆਦਮੀ?"
ਉਹ ਮੇਰੇ ਘਰ ਆਉਂਦਾ ਹੈ। ਮੈਨੂੰ ਪਤਾ ਹੈ ਉਸ ਦੀ ਨਜ਼ਰ ਮੇਰੀ ਪਿੱਠ ਉਤੇ ਜੁੜੀ ਹੁੰਦੀ ਹੈ। ਮੈਂ ਵੀ ਉਸ ਵੇਲੇ ਝੁਗੀ ਤੋਂ ਬਾਹਰਲੇ ਕੰਮ ਸਮੇਟਦੀ ਹਾਂ। ਕੋਈ ਐਸਾ-ਵੈਸਾ ਥੋੜੀ ਹੈ। ਖੂਬ ਕਮਾਤਾ ਹੈ, ਅਪਨਾ ਘਰ ਹੈ, ਅੱਛੇ ਕੱਪੜੇ ਪਹਿਨਤਾ ਹੈ, ਟੈਕਸੀ ਵੀ ਅਪਨੀ ਹੀ ਹੈ।“
ਬਸੰਤ ਰੁੱਤ ਬਾਗ ਵਿਚ ਚੁਤਰਫ਼ੀ ਫੁੱਲ ਖਿੜੇ ਹਨ, ਪਾਲਾ ਉਡੰਤ ਨਹੀਂ ਪੜੰਤ ਹੈ। ਸਾਰੀਆਂ ਮਾਈਆਂ ਚੰਨੀ ਦੀ ਕੁਰਸੀ ਦੁਆਲੇ ਬੈਠੀਆਂ ਧੁੱਪ ਸੇਕਦੀਆਂ ਅਰਾਮ ਕਰ ਰਹੀਆਂ ਹਨ। ਰੋਜ਼ ਨਵੀਆਂ ਖ਼ਬਰਾਂ, ਰੋਜ਼ ਨਵੇਂ ਕਿੱਸੇ। ਕਿਹੜੇ ਕਿਹੜੇ ਮਰਦ ਨਾਲ? ਕਿਸ ਨੇ ਪਹਿਲਾਂ ਛੱਡ ਦੂਜਾ ਰੱਖਿਆ ਹੈ...ਕਿਹੜੀ ਕੁੜੀ ਕਿਸ ਦੇ ਮੁੰਡੇ ਨਾਲ ਖੇਹ ਖਾਂਦੀ ਹੈ? ਕਿਸ ਦਾ ਮਰਦ ਭਾਗਾ। ਕਿਸ ਕੀ ਔਰਤ ਭਾਗੀ...। ਮਾਂ ਜੈਸੀ ਹੀ ਹੋਤੀ ਹੈਂ ਬੇਟੀਆਂ ਭੀ। ਤਾਰੋ ਕੀ ਬੇਟੀ ਕੋ ਤੀਸਰਾ ਮਹੀਨਾ ਹੈ ਹਾਏ ਰਾਮ ਤੇਰ੍ਹਾਂ ਬਰਸ ਕੀ ਲੜਕੀ...ਆਗ ਲਗੀ ਸੈ ਜ਼ਮਾਨੇ ਕੋ ਤੋ।"
"ਅਰੀ ਤਾਰੋ ਨੇ ਝੁੱਗੀਓਂ ਕਾ ਕੌਨ ਸਾ ਮਰਦ ਛੋੜਾ ਹੈ? ਅਬ ਬੇਟੀ ਕੋ ਕਿਆ ਕਹੇ। ਪਾਂਚ ਹਜ਼ਾਰ ਲੀਆ ਹੈ ਡਾਕਟਰ ਨੇ।"
"ਅੱਗ ਚਬਾਣ ਲੱਗੇ ਨੇ ਅੱਜ ਕਲ ਦੇ ਮੁੰਡੇ ਕੁੜੀਆਂ। ਕੋਈ ਸ਼ਰਮ, ਹਯਾ, ਪਰਦਾ ਤਾਂ ਰਿਹਾ ਹੀ ਨਹੀਂ...ਸਭ ਕੁਝ ਖੁਲ੍ਹ-ਮ-ਖੁਲ੍ਹਾ ਹੋ ਗਿਆ ਹੈ...ਅੱਗ ਫੱਕਦੇ ਨੇ ਅੰਗਾਰ ਹਗਦੇ ਨੇ।" ਚੰਨੀ ਨੇ ਬੜੀ ਗੰਭੀਰ ਹੋ ਕੇ ਕਿਹਾ। "ਸਾਡੀ ਪੀੜ੍ਹੀ ਨੂੰ ਤਾਂ ਇਸ ਉਮਰ ਵਿਚ ਆਪਣੀ ਵੀ ਹੋਸ਼ ਨਹੀਂ ਸੀ ਹੁੰਦੀ।"
ਫੇਰ ਗੱਲਾਂ ਦਾ ਮੋੜ ਇਕ ਦੂਜੀ ਵੱਲ ਮੁੜ ਜਾਂਦਾ। ਕਿਹੜੀ ਅੱਜ ਸੁਸਤ ਏ? ਕਿਸ ਨੂੰ ਨੀਂਦ ਆ ਰਹੀ ਏ? ਕਿਸ ਦਾ ਕੰਮ ਕਰਨ ਨੂੰ ਜੀਅ ਨਹੀਂ ਕਰਦਾ? ਇਕ ਦੂਜੀ ਨੂੰ ਨੰਗੇ, ਗੰਦੇ ਮਖੋਲ ਕਰਦੀਆਂ ਹਸਦੀਆਂ, ਗੁਟਕਦੀਆਂ। ਆਪ ਬੀਤੀਆਂ-ਜਗ ਬੀਤੀਆਂ ਸੁਣਦੀਆਂ-ਸੁਣਾਂਦੀਆਂ ਇਕ ਦੂਜੀ ਨੂੰ ਛੇੜਦੀਆਂ ਜ਼ੋਰ-ਜ਼ੋਰ ਦੀ ਠਹਾਕੇ ਮਾਰਦੀਆਂ। ਚੰਨੀ ਵੀ ਸਾਰੀਆਂ ਨਾਲ ਹੱਸ-ਹੱਸ ਦੂਹਰੀ ਹੁੰਦੀ ਹੈ। ਪੇਟ ਘੁਟ ਕੇ ਫੜਦੀ ਨੇ ਮੁੰਨੀ ਸਿੱਲ੍ਹ ਬਾਈ ਨੂੰ ਮਸ਼ਕਰੀ ਕੀਤੀ, "ਤੁਮ ਤੋ ਹਰ ਸਾਲ ਬੱਚਾ ਪੈਦਾ ਕਰਤੀ ਹੋ ਮੁੰਨੀ। ਕੈਸੇ ਬਈ? ਸਾਸ ਭੀ, ਬੱਚੇ ਭੀ, ਛੋਟੀ ਸੀ ਝੁਗੀ ਮੇਂ। ਤੇਰੀ ਬੇਟੀ ਭੀ ਤੋ ਦਸ ਬਾਰ੍ਹਾਂ ਬਰਸ ਕੀ ਹੈ।" ਤੇ ਆਪੇ ਹੀ ਲੋਟ ਪੋਟ ਹੁੰਦੀ ਰਹੀ।
ਧੁੱਪ ਦੇ ਨਾਲ ਇਹ ਟੋਲੀ ਵੀ ਸਰਕਦੀ ਹੈ। ਚੰਨੀ ਬੀਬੀ ਦੀ ਕੁਰਸੀ ਵੀ ਆਪੇ ਹੀ ਚੁੱਕ ਲੈਂਦੀਆਂ ਹਨ। ਸਾਰੀਆਂ ਹੀ ਆਪਣੀਆਂ ਬੱਚੀਆਂ ਨੂੰ ਕੰਮ ਵਿਚ ਹੱਥ ਵੰਡਾਉਣ ਲਈ ਨਾਲ ਲੈ ਆਂਦੀਆਂ ਹਨ। ਭਾਂਡੇ ਮਾਂਜਦੀਆਂ, ਸਫਾਈਆਂ ਕਰਦੀਆਂ, ਇਹ ਨਿੱਕੀਆਂ ਬੱਚੀਆਂ। ਸਕੂਲ ਜਾਣ ਦੀ ਉਮਰ, ਲਿਖਣ-ਪੜ੍ਹਾਣ, ਸਿੱਖਣ-ਸਿੱਖਾਣ ਦਾ ਵੇਲਾ, ਖੇਡਣ ਦੇ ਚਾਰ ਦਿਨ, ਅੱਲੜ੍ਹ ਬਚਪਨ, ਇਨ੍ਹਾਂ ਲਈ ਵੀ ਨਵੀਂ ਸਦੀ ਦਾ ਆਗਮਨ ਹੋਇਆ ਹੈ। ਕੀ ਫਰਕ ਪਏਗਾ ਉਨੀਵੀਂ, ਵੀਹਵੀਂ ਜਾਂ ਇਕੀਵੀਂ ਸਦੀ ਦਾ? ਮੈਂ ਆਪਣੀ ਬਾਲਕੋਨੀ ਵਿਚੋਂ ਵੇਖਦੀ ਸੋਚਦੀ ਹਾਂ 'ਇਨ੍ਹਾਂ ਤਾਂ ਮੈਲ, ਜੂਠਣ, ਗੰਦਗੀ ਧੋਣੀ ਹੈ। ਪੀੜ੍ਹੀ-ਦਰ-ਪੀੜ੍ਹੀ, ਇਨ੍ਹਾਂ ਦਾ ਇਹੋ ਜੀਵਨ ਹੈ ਇਹੋ ਨਿਰਬਾਹਾ।'
ਮੈਂ ਬੱਚੀਆਂ ਵੱਲ ਵੇਖਦੀ ਰਹਿੰਦੀ ਹਾਂ। ਬੇਢਬੇ ਕੱਪੜੇ ਉਤਰਨ...ਕੋਈ ਬਹੁਤ ਲੰਮੇ...ਕੋਈ ਬਹੁਤ ਛੋਟੇ ਤੰਗ। ਖਿਲਰੇ ਵਾਲ, ਬਿਆਈਆਂ ਫੁੱਟੇ ਕਾਲੇ ਸਿਆਹ ਪੈਰ, ਮੈਲ ਭਰੀਆਂ ਹੱਥਾਂ ਦੀਆਂ ਲਕੀਰਾਂ, ਗੰਦੇ ਕੱਪੜੇ। ਮਾਂਵਾਂ ਦੁਪਹਿਰ ਨੂੰ ਗੱਪਾਂ ਮਾਰਦੀਆਂ ਸੁਸਤਾਂਦੀਆਂ ਹਨ ਤਾਂ ਇਹ ਬੱਚੀਆਂ ਪੀਂਘਾਂ ਝੂਟਦੀਆਂ, ਮਰੀ ਗਰਾਊਂਡ, ਰਿਡਲਜ਼ ਦੁਆਲੇ ਖੇਡਦੀਆਂ ਹਨ। ਸ਼ੁਕਰ ਹੈ, ਕਲੋਨੀ ਦੇ ਬੱਚੇ ਇਸ ਵੇਲੇ ਸਕੂਲ ਹੁੰਦੇ ਹਨ, ਨਹੀਂ ਤਾਂ ਧੱਕੇ ਮਾਰ ਕੇ ਇਨ੍ਹਾਂ ਨੂੰ ਬਾਗ ਵਿਚੋਂ ਬਾਹਰ ਕੱਢ ਦੇਣ। ਫਿਰ ਆਪ ਹੀ ਸੋਚਦੀ ਹਾਂ "ਜ਼ਿੰਦਗੀ ਤਾਂ ਹੈ, ਜੀਉਂ ਤਾਂ ਰਹੀਆਂ ਹਨ, ਖਾ ਹੰਢਾ ਰਹੀਆਂ ਹਨ, ਜੀਵਨ ਹੈ। ਸ਼ੁਕਰ ਏ ਇਨ੍ਹਾਂ ਦੀਆਂ ਮਾਂਵਾਂ ਨੂੰ ਸੋਨੋਗਰਾਫੀ ਦਾ ਪਤਾ ਨਹੀਂ ਜਾਂ ਪੈਸੇ ਨਹੀਂ ਹੁੰਦੇ ਕਿ ਇਨ੍ਹਾਂ ਦੀਆਂ ਸੰਘੀਆਂ ਕੁੱਖ ਵਿਚ ਹੀ ਘੋਟ ਦੇਣ। ਹੁਣ ਇਹ ਆਪਣੀਆਂ ਮਾਂਵਾਂ ਦੀਆਂ ਸੱਜੀਆਂ ਬਾਹਵਾਂ ਹਨ, ਮਦਦ ਕਰਾਉਣ ਵਾਲੇ ਹੱਥ ਹਨ।
ਮੈਂ ਬੱਚੀਆਂ ਨੂੰ ਖੇਡਦੇ ਵੇਖ ਖੁਸ਼ ਹੁੰਦੀ ਰਹਿੰਦੀ ਹਾਂ। ਚੰਨੀ ਬਾਰੇ ਇਕ ਸੋਚ ਝੰਜੋੜਦੀ ਹੈ, 'ਇਨ੍ਹਾਂ ਮਾਈਆਂ ਦੀਆਂ ਖੁਲ੍ਹੀਆਂ, ਨੰਗੀਆਂ, ਗੰਦੀਆਂ ਗੱਲਾਂ ਵਿਚੋਂ ਚੰਨੀ ਨੂੰ ਕੀ ਤਸਲੀ ਮਿਲਦੀ ਏ? ਇਸ ਦੇ ਤਨ ਦਾ ਕਿਹੜਾ ਖਾਲੀ ਖੱਪਾ ਭਰਦਾ ਹੈ? ਕਿਉਂ ਉਹ ਖਿੜ-ਖਿੜ ਪੈਂਦੀ, ਹੱਸਦੀ-ਹੱਸਦੀ ਲਾਲ ਸੁਰਖ ਹੋ ਜਾਂਦੀ ਹੈ? ਕੀ ਹਾਸਲ ਹੁੰਦਾ ਹੈ? ਸ਼ਾਇਦ ਉਹ ਆਪਣੇ ਆਦਮੀ ਦੀ ਅਣਹੋਂਦ ਇਹੋ ਜਿਹੀਆਂ ਗੱਲਾਂ ਦੇ ਚਟਖਾਰੇ ਲੈ ਕੇ ਪੂਰਦੀ ਹੋਏ। ਉਸ ਦੇ ਤਨ ਤੇ ਕੰਧਾਂ ਦੀ ਸਿੱਲ ਦੋਵੇਂ ਰਲ ਮਿਲ ਬੇਚੈਨ ਕਰਦੀਆਂ ਹਨ।
ਚਾਰ ਪੰਜ ਦਿਨਾਂ ਤੋਂ ਬਾਗ ਝੀਲ ਬਣਿਆ ਹੈ। ਨਹਾਤੇ ਧੋਤੇ ਰੁੱਖ, ਬੂਟੇ ਵੀ ਚੁੱਪ ਹਨ। ਮੈਂ ਵੀ ਆਪਣੇ ਘਰ ਉਦਾਸ ਬੈਠੀ ਹਾਂ। ਬਾਲੋਕਨੀ ਵਿਚੋਂ ਹੁਣ ਕੋਈ ਵੀ ਰੰਗ ਘਾਹ ਉਤੇ ਖਿੜਿਆ ਨਹੀਂ ਦਿਸਦਾ। ਘਾਹ ਦੀ ਕਿਸੇ ਲੰਮੀ ਤ੍ਰਿੜ ਨੇ ਹੀ ਸਿਰ ਬਾਹਰ ਕੱਢਿਆ ਹੈ। ਬਾਕੀ ਚੁਤਰਫੀ ਪਾਣੀ ਹੀ ਪਾਣੀ ਹੈ ਸਿੱਲ੍ਹੀਆਂ ਕੰਧਾਂ ਹਨ ਬਾਗ ਦੀਆਂ, ਘਰਾਂ ਦੀਆਂ। ਪਰਿੰਦੇ ਚੁੱਪ ਦੁਬਕੇ ਹੋਏ ਸਿਲ੍ਹੀਆਂ ਕੰਧਾਂ ਦੀਆਂ ਓਟਾਂ 'ਚ ਬੈਠੇ ਹਨ। ਅਕਾਸ਼ ਦਾ ਟੋਟਾ ਤਾਰੀ ਤਰ ਰਿਹਾ ਹੈ, ਬੱਦਲ ਇਕ ਦੂਜੇ ਪਿੱਛੇ ਦੌੜ ਰਹੇ ਹਨ। ਚੌਹਾਂ ਗੁੱਠਾਂ 'ਚ ਚੁੱਪ ਹੈ, ਸਿੱਲ੍ਹ ਹੈ। ਮੈਂ ਚੰਨੀ ਦੀ ਚੁੱਪ ਬਾਰੇ ਸੋਚ ਬੇਚੈਨ ਹੋ ਜਾਂਦੀ ਹਾਂ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚੰਦਨ ਨੇਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •