Punjabi Kavita
  

Stories : Hazrat Rabia Basri

ਕਹਾਣੀਆਂ : ਹਜ਼ਰਤ ਰਾਬਿਆ ਬਸਰੀ

ਰਾਬਿਆ ਦੇ ਜੰਮਦਿਆਂ ਹੀ ਅੱਲ੍ਹਾ ਦੀ ਮਦਦ

ਰਾਬਿਆ ਬਸਰੀ ਗ਼ਰੀਬ ਲੇਕਿਨ ਮੁਅੱਜ਼ਜ਼ ਘਰਾਣੇ ਵਿੱਚ ਪੈਦਾ ਹੋਈ। ਰਾਬਿਆ ਬਸਰੀ ਦੇ ਮਾਪਿਆਂ ਦੀ ਗ਼ੁਰਬਤ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਜਿਸ ਰਾਤ ਰਾਬਿਆ ਬਸਰੀ ਪੈਦਾ ਹੋਈ, ਉਸ ਦੇ ਮਾਪਿਆਂ ਦੇ ਪਾਸ ਨਾ ਤਾਂ ਦੀਵਾ ਜਲਾਉਣ ਦੇ ਲਈ ਤੇਲ ਸੀ ਅਤੇ ਉਸ ਨੂੰ ਲਪੇਟਣ ਦੇ ਲਈ ਕੋਈ ਕੱਪੜਾ। ਆਪ ਦੀ ਮਾਂ ਨੇ ਆਪਣੇ ਪਤੀ ਨੂੰ ਦਰਖ਼ਾਸਤ ਕੀਤੀ ਕਿ ਗੁਆਂਢ ਤੋਂ ਥੋੜਾ ਤੇਲ ਹੀ ਲੈ ਆਉਣ ਤਾਂ ਜੋ ਦੀਵਾ ਜਲਾਇਆ ਜਾ ਸਕੇ। ਲੇਕਿਨ ਉਸ ਦੇ ਵਾਲਿਦ ਨੇ ਪੂਰੀ ਜ਼ਿੰਦਗੀ ਆਪਣੇ ਖ਼ਾਲਕ-ਏ-ਹਕੀਕੀ ਦੇ ਇਲਾਵਾ ਕਿਸੇ ਦੇ ਅੱਗੇ ਹਥ ਨਹੀਂ ਫੈਲਾਇਆ ਸੀ, ਲਿਹਾਜ਼ਾ ਉਹ ਗੁਆਂਢੀਆਂ ਦੇ ਦਰਵਾਜ਼ੇ ਤੱਕ ਤਾਂ ਗਏ ਲੇਕਿਨ ਖ਼ਾਲੀ ਹਥ ਵਾਪਸ ਆ ਗਏ। ਰਾਤ ਨੂੰ ਰਾਬਿਆ ਬਸਰੀ ਦੇ ਵਾਲਿਦ ਨੂੰ ਖ਼ਾਬ ਵਿੱਚ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਦੀ ਜ਼ਿਆਰਤ ਹੋਈ ਅਤੇ ਉਨ੍ਹਾਂ ਨੇ ਰਾਬਿਆ ਦੇ ਪਿਤਾ ਨੂੰ ਦੱਸਿਆ ਕਿ ਤੁਹਾਡੀ ਨਵਜਨਮੀ ਬੇਟੀ, ਖ਼ੁਦਾ ਦੀ ਖਾਸ਼ ਬੰਦੀ ਬਣੇਗੀ ਅਤੇ ਮੁਸਲਮਾਨਾਂ ਨੂੰ ਸਹੀ ਰਾਹ ਪਰ ਲੈ ਕੇ ਆਏਗੀ। ਤੂੰ ਅਮੀਰ-ਏ-ਬਸਰਾ ਦੇ ਪਾਸ ਜਾ ਅਤੇ ਉਸ ਨੂੰ ਸਾਡਾ ਪੈਗ਼ਾਮ ਦੇ ਕਿ ਤੁਸੀਂ (ਅਮੀਰ-ਏ-ਬਸਰਾ) ਹਰ ਰੋਜ਼ ਰਾਤ ਨੂੰ ਸੌ ਦਫ਼ਾ ਅਤੇ ਜੁਮੇਰਾਤ ਨੂੰ ਚਾਰ ਸੌ ਮਰਤਬਾ ਦਰੂਦ ਦਾ ਨਜ਼ਰਾਨਾ ਭੇਜਦੇ ਹੋ ਲੇਕਿਨ ਪਿਛਲੀ ਜੁਮੇਰਾਤ ਨੂੰ ਤੁਸੀਂ ਦਰੂਦ ਸ਼ਰੀਫ਼ ਨਾ ਪੜ੍ਹਿਆ, ਲਿਹਾਜ਼ਾ ਉਸ ਦੇ ਕਫ਼ਾਰਾ ਦੇ ਤੌਰ ਤੇ ਚਾਰ ਸੌ ਦੀਨਾਰ ਬਤੌਰ ਕਫ਼ਾਰਾ ਇਹ ਪੈਗ਼ਾਮ ਪਹੁੰਚਾਣ ਵਾਲੇ ਨੂੰ ਦੇ ਦੇਣ।

ਰਾਬਿਆ ਬਸਰੀ ਦੇ ਪਿਤਾ ਉਠੇ ਅਤੇ ਅਮੀਰ-ਏ-ਬਸਰਾ ਦੇ ਪਾਸ ਪਹੁੰਚੇ ਇਸ ਹਾਲ ਵਿੱਚ ਕਿ ਖ਼ੁਸ਼ੀ ਦੇ ਹੰਝੂ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਵਗ ਰਹੇ ਸਨ। ਜਦੋਂ ਅਮੀਰ-ਏ-ਬਸਰਾ ਨੂੰ ਰਾਬਿਆ ਬਸਰੀ ਦੇ ਵਾਲਿਦ ਦੇ ਜ਼ਰੀਏ ਹਜ਼ੂਰ ਪਾਕ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦਾ ਪੈਗ਼ਾਮ ਮਿਲਿਆ ਤਾਂ ਇਹ ਜਾਣ ਕਿ ਇੰਤਹਾਈ ਖ਼ੁਸ਼ ਹੋਇਆ ਕਿ ਉਹ ਮੁਹੰਮਦ ਸੱਲੀ ਅੱਲ੍ਹਾ ਅਲੀਆ ਓ ਆਲਾਹ ਵਸੱਲਮ ਦੀਆਂ ਨਜ਼ਰਾਂ ਵਿੱਚ ਹੈ। ਇਸ ਦੇ ਸ਼ੁਕਰਾਨੇ ਵਜੋਂ ਫ਼ੌਰਨ ਇੱਕ ਹਜ਼ਾਰ ਦੀਨਾਰ ਗਰੀਬਾਂ ਵਿੱਚ ਵੰਡਵਾ ਦਿੱਤੇ ਅਤੇ ਚਾਰ ਸੌ ਦੀਨਾਰ ਰਾਬਿਆ ਬਸਰੀ ਦੇ ਪਿਤਾ ਨੂੰ ਅਦਾ ਕਰ ਦਿੱਤੇ ਅਤੇ ਉਸਨੂੰ ਦਰਖ਼ਾਸਤ ਕੀਤੀ ਕਿ ਜਦੋਂ ਵੀ ਕਦੇ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਬਿਨਾਂ ਝਿਜਕ ਤਸ਼ਰੀਫ਼ ਲੈ ਆਉਣ।

ਸੱਚਾ ਫ਼ਕੀਰ ਕੌਣ ?

ਆਦਮੀ ਅਤੇ ਔਰਤਾਂ, ਦੋਵਾਂ ਵਿੱਚ ਆਲ੍ਹਾ ਦਰਜੇ ਦੇ ਸੰਤ ਹੋਏ ਹਨ । ਰਾਬਿਆ ਬਸਰੀ ਇੱਕ ਆਲ੍ਹਾ ਦਰਜੇ ਦੀ ਅਜਿਹੀ ਫ਼ਕੀਰ ਹੋਈ ਹੈ।

ਇੱਕ ਵਾਰ ਓਨ੍ਹਾਂ ਦੇ ਕੋਲ ਦੋ ਫ਼ਕੀਰ ਨੇ ਕਿਹਾ, "ਜਿਹੜਾ ਰੱਬ ਦੀ ਤਰਫ਼ੋਂ ਆਏ ਦੁੱਖ ਨੂੰ ਪਿਆਰ ਨਾਲ ਸਹਿ ਲਏ, ਓਹੋ ਸੱਚਾ ਤਾਲਬ ਹੈ ।"
ਰਾਬਿਆ ਕਹਿਣ ਲੱਗੀ, "ਇਹਦੇ ਵਿੱਚ ਹੰਕਾਰ ਦੀ ਬੂ ਹੈ, ਕੋਈ ਇਸ ਤੋਂ ਉੱਚੀ ਗੱਲ ਕਹੋ ।"

ਦੂਸਰਾ ਫ਼ਕੀਰ ਕਹਿੰਦਾ, "ਰੱਬ ਦੀ ਤਰਫ਼ੋਂ ਜੋ ਤਕਲੀਫ਼, ਬਿਮਾਰੀ, ਤੰਗੀ, ਦੁੱਖ ਆਵੇ, ਓਹਨੂੰ ਸੁੱਖ ਮੰਨ ਕੇ ਭੋਗ ਲੈਣਾ ਚਾਹੀਦਾ ਹੈ ।"
ਰਾਬਿਆ ਨੇ ਕਿਹਾ, "ਇਹ ਵੀ ਠੀਕ ਨਹੀਂ, ਕੋਈ ਇਸ ਤੋਂ ਚੰਗੀ ਗੱਲ ਸੁਣਾਓ ।"
ਓਨ੍ਹਾਂ ਨੇ ਕਿਹਾ ਕਿ ਫਿਰ ਤੁਸੀਂ ਆਪ ਹੀ ਦੱਸੋ ।
ਰਾਬਿਆ ਕਹਿਣ ਲੱਗੀ, "ਮੈਂ ਓਹਨੂੰ ਫ਼ਕੀਰ ਸਮਝਦੀ ਹਾਂ, ਜਿਹਨੂੰ ਦੁਖ-ਸੁਖ ਦਾ ਕੋਈ ਅਹਿਸਾਸ ਹੀ ਨਾ ਹੋਵੇ ।"

ਅੱਲ੍ਹਾ ਦੀ ਮੁਹੱਬਤ

ਰਾਬਿਆ ਇੱਕ ਵਾਰ ਜੋਸ਼ ਦੀ ਹਾਲਤ ਵਿੱਚ ਬਸਰਾ ਦੀਆਂ ਗਲੀਆਂ ਵਿੱਚ ਜਾ ਰਹੀ ਸੀ। ਉਸਨੇ ਇੱਕ ਹੱਥ ਵਿੱਚ ਮਸ਼ਾਲ ਅਤੇ ਦੂਜੇ ਹੱਥ ਵਿੱਚ ਪਾਣੀ ਫੜਿਆ ਹੋਇਆ ਸੀ। ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਇਹ ਤੂੰ ਕੀ ਕਰਨ ਜਾ ਰਹੀ ਹੈਂ? ਤਾਂ ਰਾਬਿਆ ਬਸਰੀ ਨੇ ਜਵਾਬ ਦਿੱਤਾ,
"ਇਸ ਅੱਗ ਨਾਲ ਜੰਨਤ ਨੂੰ ਫੂਕਣ ਅਤੇ ਇਸ ਪਾਣੀ ਨਾਲ ਦੋਜਖ ਦੀ ਅੱਗ ਬੁਝਾਣ ਜਾ ਰਹੀ ਹਾਂ, ਤਾਂਕਿ ਲੋਕ ਆਪਣੇ ਅੱਲ੍ਹਾ ਦੀ ਇਬਾਦਤ ਜੰਨਤ ਦੇ ਲਾਲਚ ਜਾਂ ਦੋਜ਼ਖ਼ ਦੇ ਖ਼ੌਫ਼ ਨਾਲ ਨਾ ਕਰਨ, ਸਗੋਂ ਲੋਕਾਂ ਦੀ ਇਬਾਦਤ ਦਾ ਮਕਸਦ ਮਹਿਜ਼ ਅੱਲ੍ਹਾ ਦੀ ਮੁਹੱਬਤ ਬਣ ਜਾਵੇ।"

“ਹੇ ਪ੍ਰਭੂ, ਜੇ ਮੈਂ ਨਰਕ ਦੇ ਡਰੋਂ ਤੇਰੀ ਇਬਾਦਤ ਕਰਦੀ ਹਾਂ,
ਤਾਂ ਮੈਨੂੰ ਨਰਕਕੁੰਡ ਵਿਚ ਸਾੜ ਦੇ;
ਜੇ ਮੈਂ ਬਹਿਸਤ ਦੇ ਲੋਭ ਵਿੱਚ ਤੇਰੀ ਇਬਾਦਤ ਕਰਦੀ ਹਾਂ,
ਫਿਰ ਬਹਿਸਤ ਦੇ ਦਰ ਮੇਰੇ ਲਈ ਭੇੜ ਦੇ;
ਪਰ ਜੇ ਮੈਂ ਨਿਰੀ ਮੁਹੱਬਤ ਸਦਕਾ ਤੇਰੀ ਇਬਾਦਤ ਕਰਦੀ ਹਾਂ,
ਫਿਰ ਆਪਣੇ ਸਦੀਵੀ ਹੁਸਨ ਦੇ ਬੂਹੇ ਮੇਰੇ ਲਈ ਖੋਲ੍ਹ ਦੇ।”

ਮਾਲਿਕ ਗ਼ੁਲਾਮ ਬਣਿਆ

ਜਦੋਂ ਰਾਬਿਆ ਬਸਰੀ ਦੇ ਪਿਤਾ ਇੰਤਕਾਲ ਕਰ ਗਏ ਅਤੇ ਬਸਰਾ ਨੂੰ ਸਖ਼ਤ ਅਕਾਲ ਨੇ ਆਪਣੀ ਲਪੇਟ ਵਿੱਚ ਲੈ ਲਿਆ ਤਾਂ ਇਸ ਅਕਾਲ ਦੌਰਾਨ ਰਾਬਿਆ ਬਸਰੀ ਆਪਣੀਆਂ ਭੈਣਾਂ ਨਾਲੋਂ ਵਿਛੜ ਗਈ। ਇੱਕ ਦਫ਼ਾ ਰਾਬਿਆ ਬਸਰੀ ਇੱਕ ਕਾਫ਼ਲੇ ਵਿੱਚ ਜਾ ਰਹੀ ਸੀ ਕਿ ਕਾਫ਼ਲੇ ਨੂੰ ਡਾਕੂਆਂ ਨੇ ਲੁੱਟ ਲਿਆ ਅਤੇ ਡਾਕੂਆਂ ਦੇ ਸਰਗ਼ਣਾ ਨੇ ਰਾਬਿਆ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਅਤੇ ਲੁੱਟ ਦੇ ਮਾਲ ਦੀ ਤਰ੍ਹਾਂ ਬਾਜ਼ਾਰ ਗੁਲਾਮ ਬਣਾਕੇ ਵੇਚ ਦਿੱਤਾ। ਉਸ ਦਾ ਮਾਲਕ ਉਸਤੋਂ ਬਹੁਤ ਸਖ਼ਤ ਮਿਹਨਤ ਕਰਵਾਉਂਦਾ ਸੀ। ਫਿਰ ਵੀ ਉਹ ਦਿਨ ਵਿੱਚ ਕੰਮ ਕਰਦੀ ਅਤੇ ਰਾਤ ਭਰ ਇਬਾਦਤ ਕਰਦੀ ਰਹਿੰਦੀ। ਦਿਨ ਵਿੱਚ ਜਿਆਦਾਤਰ ਰੋਜ਼ੇ ਰੱਖਦੀ। ਇਤਫਾਕਨ ਇੱਕ ਵਾਰ ਰਾਬਿਆ ਬਸਰੀ ਦਾ ਮਾਲਕ ਅੱਧੀ ਰਾਤ ਨੂੰ ਜਾਗ ਗਿਆ। ਕਿਸੇ ਦੀ ਆਵਾਜ਼ ਸੁਣ ਕੇ ਦੇਖਣ ਚਲਿਆ ਕਿ ਰਾਤ ਦੇ ਉਸ ਪਹਿਰ ਕੌਣ ਇਸ ਤਰ੍ਹਾਂ ਆਵਾਜ਼ ਕਰ ਰਿਹਾ ਹੈ। ਉਹ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਰਾਬਿਆ ਬਸਰੀ ਅੱਲ੍ਹਾ ਦੇ ਹਜ਼ੂਰ ਨਿਹਾਇਤ ਆਜ਼ਜ਼ੀ ਨਾਲ ਕਹਿ ਰਹੀ ਹੈਂ:

ਹੇ ਅੱਲ੍ਹਾ! ਤੂੰ ਮੇਰੀ ਲਾਚਾਰੀ ਤੋਂ ਵਾਕਫ਼ ਹੈਂ। ਘਰ ਦਾ ਕੰਮਧੰਦਾ ਮੈਨੂੰ ਤੇਰੇ ਵੱਲ ਆਉਣੋਂ ਰੋਕਦਾ ਹੈ। ਤੂੰ ਮੈਨੂੰ ਆਪਣੀ ਇਬਾਦਤ ਲਈ ਪੁਕਾਰਦਾ ਹੈਂ ਲੇਕਿਨ ਜਦੋਂ ਤੱਕ ਮੈਂ ਤੁਹਾਡੀ ਬਾਰਗਾਹ ਵਿੱਚ ਹਾਜ਼ਰ ਹੁੰਦੀ ਹਾਂ, ਨਮਾਜ਼ ਦਾ ਸਮਾਂ ਗੁਜਰ ਚੁੱਕਾ ਹੁੰਦਾ ਹੈ। ਇਸ ਲਈ ਮੇਰੀ ਮਾਜ਼ਰਤ ਸਵੀਕਾਰ ਕਰ ਲੈ ਅਤੇ ਮੇਰੇ ਪਾਪ ਮਾਫ ਕਰਦੇ।

ਆਪਣੀ ਕਨੀਜ ਦੇ ਇਹ ਸ਼ਬਦ ਅਤੇ ਇਬਾਦਤ ਦਾ ਇਹ ਦ੍ਰਿਸ਼ ਦੇਖ ਕੇ ਰਾਬਿਆ ਬਸਰੀ ਦਾ ਮਾਲਕ ਖ਼ੌਫ਼-ਏ-ਖ਼ੁਦਾ ਤੋਂ ਲਰਜ ਗਿਆ ਅਤੇ ਉਸਨੇ ਇਹ ਫੈਸਲਾ ਕੀਤਾ ਕਿ ਬਜਾਏ ਅਜਿਹੀ ਅੱਲ੍ਹਾ ਵਾਲੀ ਕਨੀਜ ਤੋਂ ਸੇਵਾ ਕਰਾਈ ਜਾਵੇ ਬਿਹਤਰ ਇਹ ਹੋਵੇਗਾ ਕਿ ਉਸ ਦੀ ਸੇਵਾ ਕੀਤੀ ਜਾਵੇ। ਸਵੇਰ ਹੁੰਦੇ ਹੀ ਉਸ ਦੀ ਸੇਵਾ ਵਿੱਚ ਹਾਜਰ ਹੋਇਆ ਅਤੇ ਆਪਣੇ ਫੈਸਲਾ ਉਸਨੂੰ ਦੱਸਿਆ।

ਪੰਜਾਬੀ ਕਹਾਣੀਆਂ (ਮੁੱਖ ਪੰਨਾ)