Sunehari Kinari Wala Badal : Waryam Singh Sandhu

ਸੁਨਹਿਰੀ ਕਿਨਾਰੀ ਵਾਲਾ ਬੱਦਲ : ਵਰਿਆਮ ਸਿੰਘ ਸੰਧੂ

ਜਿਸ ਵਕਤ ਫ਼ੋਨ ਦੀ ਘੰਟੀ ਖੜਕੀ; ਸੂਰਜ ਅਜੇ ਨਿਕਲਣ ਦੀ ਤਿਆਰੀ ਵਿੱਚ ਹੀ ਸੀ। ਘਰ ਦੇ ਜੀਅ ਸੁੱਤੇ ਹੋਏ ਸਨ। ਕਨੇਡਾ ਵਿੱਚ ਸਵੇਰੇ ਵੇਲੇ ਸਿਰ ਅਤੇ ਰਾਤ ਦੇ ਡੂੰਘੇ ਹੋਣ ਵੇਲੇ ਕੋਈ ਘੱਟ-ਵੱਧ ਹੀ ਫ਼ੋਨ ਕਰਦਾ ਹੈ। ਅਜਿਹੇ ਸਮੇਂ ਆਇਆ ਫ਼ੋਨ ਅਕਸਰ 'ਇੰਡੀਆ' ਤੋਂ ਹੋਣ ਕਰ ਕੇ ਮੈਂ ਹੀ ਚੁੱਕਦਾ ਹਾਂ।
ਫ਼ੋਨ ਉੱਤੇ ਇਕਬਾਲ ਰਾਮੂਵਾਲੀਆ ਸੀ। ਉਹ ਆਪਣੇ ਠੰਢੇ-ਧੀਰੇ ਸਦਾ-ਬਹਾਰ ਅੰਦਾਜ਼, "ਹਾਂ ਜੀ, ਵੀਰ ਜੀ" ਕਹਿ ਕੇ ਗੱਲ ਸ਼ੁਰੂ ਕਰਨ ਦੀ ਥਾਂ ਕਾਹਲੀ ਨਾਲ ਬੋਲਿਆ, "ਓ ਭਰਾ! ਤੇਰਾ ਈ-ਮੇਲ ਹੈਕ ਹੋ ਗਿਆ। ਮੈਨੂੰ ਅਮਰਜੀਤ ਚੰਦਨ ਨੇ ਲੰਦਨ ਤੋਂ ਆਖਿਐ; ਮੈਂ ਵੀ ਵੇਖਿਐ। ਤੂੰ ਐਂ ਕਰ; ਉਹ ਵੀ ਕਹਿੰਦਾ ਸੀ, ਆਪਣਾ ਨਵਾਂ ਈ-ਮੇਲ ਪਤਾ ਬਣਾ ਕੇ ਆਪਣੇ ਜਾਣ-ਪਛਾਣ ਵਾਲੇ ਸਭ ਬੰਦਿਆਂ ਨੂੰ ਦੱਸ ਦੇ। ਛੇਤੀ ਕਰ।"
ਉਸਦੇ ਤੁਰਤ ਪਾਲਣਾ ਕਰਨ ਵਾਲੇ ਕਾਹਲੇ ਆਦੇਸ਼ ਨੂੰ ਸੁਣ ਕੇ ਮੈਂ ਹੈਰਾਨ ਹੋਇਆ। 'ਹੈਕ' ਦੇ ਅਰਥ ਭਲੀ-ਭਾਂਤ ਜਾਣਦੇ ਹੋਇਆਂ ਵੀ ਮੈਨੂੰ ਉੱਕੀ ਸਮਝ ਨਾ ਪਈ ਕਿ ਮੇਰੇ 'ਈ-ਮੇਲ' ਨਾਲ ਕੀ ਹੋ ਗਿਆ ਹੈ! ਮਾੜਾ-ਮੋਟਾ ਟਾਈਪ ਕਰ ਲੈਣ ਤੇ ਈ-ਮੇਲ ਕਰਨ ਤੇ ਖੋਲ੍ਹਣ ਤੋਂ ਇਲਾਵਾ ਮੈਨੂੰ ਕੰਪਿਊਟਰ ਦਾ ਕੁਝ ਵੀ ਪਤਾ ਨਹੀਂ।
ਮੈਂ ਕੰਪਿਊਟਰ ਚਾਲੂ ਕੀਤਾ ਤੇ ਆਪਣੀ ਈ-ਮੇਲ ਖੋਲ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਵਾਰ ਵਾਰ ਲਾਲ ਅੱਖਰਾਂ ਵਿੱਚ ਇਹ ਕਹਿ ਕੇ ਇਨਕਾਰ ਕਰੀ ਜਾਵੇ ਕਿ "ਤੁਸੀਂ ਆਪਣਾ ਈ-ਮੇਲ ਪਤਾ ਜਾਂ ਪਾਸ ਵਰਡ ਠੀਕ ਨਹੀਂ ਭਰਿਆ।" ਮੈਂ ਬੌਂਦਲ ਜਿਹਾ ਗਿਆ। ਇਹ ਕੀ ਹੋਇਆ? ਮੈਨੂੰ ਇਸ 'ਚੋਰੀ' ਨਾਲ ਜੁੜੀਆਂ ਕੁ-ਸੰਭਾਵਨਾਵਾਂ ਤੇ ਕੁ-ਭਾਵਨਾਵਾਂ ਦਾ ਇਲਮ ਨਹੀਂ ਸੀ। ਮੈਨੂੰ ਤਾਂ ਇਹ ਫ਼ਿਕਰ ਸੀ ਕਿ ਪਿਛਲੇ ਸਾਲ ਤੋਂ ਆਪਣਾ ਲਿਖਿਆ ਹੋਇਆ ਸਾਰਾ ਮੈਟਰ ਆਪਣੇ ਹੀ ਈ-ਮੇਲ ਪਤੇ 'ਤੇ ਭੇਜਿਆ ਹੋਇਆ ਹੋਣ ਕਰ ਕੇ ਹੁਣ ਕਿਵੇਂ ਪ੍ਰਾਪਤ ਕਰਾਂਗਾ! ਪਿਛਲੇ ਸਾਲ ਕੰਪਿਊਟਰ ਖ਼ਰਾਬ ਹੋ ਜਾਣ ਕਰ ਕੇ ਮੇਰੀ ਸਵੈ-ਜੀਵਨੀ ਦੇ ਕਈ ਅਣਛਪੇ ਹਿੱਸੇ ਅੰਜਾਈ ਚਲੇ ਗਏ ਸਨ। ਮੇਰੇ ਕੋਲ ਉਹਨਾਂ ਦਾ ਕੋਈ ਰੀਕਾਰਡ ਨਾ ਹੋਣ ਕਰਕੇ ਪਹਿਲੀ ਵਾਰ ਮੈਨੁੰ ਅਹਿਸਾਸ ਹੋਇਆ ਕਿ ਆਪਣਾ ਲਿਖਿਆ ਗੁੰਮ-ਗਵਾਚ ਜਾਵੇ ਤਾਂ ਉਸਦੀ ਕਿੰਨੀ ਪੀੜ ਹੁੰਦੀ ਹੈ। ਇਹ ਤਾਂ ਔਲਾਦ ਗਵਾਚਣ ਵਾਂਗ ਸੀ। ਗਵਾਚ ਗਏ ਨੂੰ ਮੁੜ ਤੋਂ ਲਿਖਣਾ ਤੇ ਉਸ ਵਿੱਚ ਪਹਿਲਾਂ ਵਰਗੀ ਹੀ ਜਾਨ ਪਾ ਸਕਣੀ ਸੰਭਵ ਨਹੀਂ। ਇਸ ਸਦਮੇ ਕਰ ਕੇ ਅੱਠ ਨੌਂ ਮਹੀਨੇ ਕੁਝ ਨਵਾਂ ਲਿਖਣ ਨੂੰ ਮੇਰੀ ਰੂਹ ਹੀ ਨਹੀਂ ਮੰਨੀ। ਦੋਸਤਾਂ ਨੇ ਇਹ ਸੁਣ ਕੇ ਸਲਾਹ ਦਿੱਤੀ ਸੀ ਕਿ ਆਪਣਾ ਲਿਖਿਆ ਹੋਰ ਥਾਵਾਂ 'ਤੇ 'ਸੇਵ' ਕਰਨ ਤੋਂ ਇਲਾਵਾ ਇਸਨੂੰ ਬਚਾ ਕੇ ਰੱਖਣ ਲਈ ਆਪਣੇ ਹੀ ਈ-ਮੇਲ ਪਤੇ 'ਤੇ 'ਪੋਸਟ' ਕਰ ਲਿਆ ਜਾਣਾ ਚਾਹੀਦਾ ਹੈ। ਹੋਰ ਸਭ ਥਾਵਾਂ ਤੋਂ ਲਿਖਤ ਨਸ਼ਟ ਵੀ ਹੋ ਜਾਵੇ ਤਾਂ ਈ-ਮੇਲ ਤੋਂ ਤਾਂ ਖੋਲ੍ਹੀ ਜਾ ਸਕਦੀ ਹੈ।
ਏਥੇ ਤਾਂ ਅੱਜ ਲਿਖਤ ਨੂੰ 'ਈ-ਮੇਲ' ਵਿੱਚ ਸਾਂਭਣ ਵਾਲੀ ਸਲਾਹ ਵੀ ਫ਼ੇਲ ਹੋ ਗਈ ਸੀ। ਏਨਾ ਸ਼ੁਕਰ ਸੀ ਕਿ ਈ-ਮੇਲ ਵਿੱਚ ਲਿਖਿਆ ਮੈਟਰ ਕੰਪਿਊਟਰ ਵਿੱਚ ਸੁਰੱਖਿਅਤ ਹੀ ਸੀ।
ਪਰ ਇਕਬਾਲ ਦੀ 'ਨਵਾਂ ਈ-ਮੇਲ ਪਤਾ ਬਣਾ ਕੇ ਹੁਣੇ ਸਭ ਨੂੰ ਦੱਸਣ' ਵਾਲੀ ਗੱਲ ਦੇ ਅੰਦਰਲੇ ਅਰਥਾਂ ਦਾ ਮੈਨੂੰ ਸਚਮੁੱਚ ਕੋਈ ਪਤਾ ਨਹੀਂ ਸੀ। ਮੈਂ 'ਸੀਰਤ' ਮਾਸਿਕ-ਪੱਤਰ ਦੀ ਈ-ਮੇਲ ਖੋਲ੍ਹ ਕੇ ਵੇਖੀ ਤਾਂ ਹੈਰਾਨ ਰਹਿ ਗਿਆ ਇਹ ਜਾਣ ਕੇ ਕਿ ਮੇਰੇ ਈ-ਮੇਲ ਪਤੇ 'ਤੇ ਮੇਰੇ ਵੱਲੋਂ ਹੀ ਚਿੱਠੀ ਲਿਖੀ ਹੋਈ ਸੀ।
9 ਅਪ੍ਰੈਲ ਨੂੰ 4-13 'ਤੇ ਇੰਗਲੈਂਡ ਤੋਂ ਅੰਗਰੇਜ਼ੀ ਵਿੱਚ ਲਿਖੀ ਚਿੱਠੀ ਇਸ ਪ੍ਰਕਾਰ ਸੀ:
ਹੈਲੋ!
ਕਿਵੇਂ ਚੱਲ ਰਿਹੈ? ਉਮੀਦ ਹੈ ਤੁਸੀਂ ਤੇ ਤੁਹਾਡਾ ਪਰਿਵਾਰ ਚੜ੍ਹਦੀ ਕਲਾ ਵਿੱਚ ਹੋਵੋਗੇ। ਮੈਨੂੰ ਅਫ਼ਸੋਸ ਹੈ ਕਿ ਮੈਂ ਤੁਹਾਨੂੰ ਕਿਸੇ ਸੈਮੀਨਾਰ ਦੇ ਸਿਲਸਿਲੇ ਵਿੱਚ ਕੀਤੀ ਜਾਣ ਵਾਲੀ ਆਪਣੀ ਇੰਗਲੈਂਡ ਯਾਤਰਾ ਬਾਰੇ ਸੂਚਿਤ ਨਹੀਂ ਕਰ ਸਕਿਆ। ਇਹ ਈ-ਮੇਲ ਪ੍ਰਾਪਤ ਹੁੰਦੇ ਸਾਰ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। ਮੈਂ ਹੋਟਲ ਦੇ ਰਾਹ ਵਿੱਚ ਕਿਧਰੇ ਆਪਣਾ ਬਟੂਆ ਗਵਾ ਬੈਠਾ ਹਾਂ। ਉਸ ਵਿੱਚ ਮੇਰੇ ਪੈਸੇ ਤੇ ਹੋਰ ਕੀਮਤੀ ਸਮਾਨ ਸੀ। ਛੇਤੀ ਤੋਂ ਛੇਤੀ ਮੈਨੂੰ 2500 ਡਾਲਰ ਭੇਜੋ ਤਾਕਿ ਮੈਂ ਆਪਣੇ ਹੋਟਲ ਦੇ ਬਿੱਲਾਂ ਦਾ ਭੁਗਤਾਨ ਕਰ ਸਕਾਂ। ਇਹ ਪੈਸੇ ਤੁਹਾਡਾ ਮੇਰੇ ਸਿਰ ਕਰਜ਼ ਹੋਵੇਗਾ। ਤੁਸੀਂ ਜੋ ਵੀ ਭੇਜੋ ਉਸ ਲਈ ਮੈਂ ਤੁਹਾਡਾ ਸ਼ੁਕਰ-ਗ਼ੁਜ਼ਾਰ ਹੋਵਾਂਗਾ ਤੇ ਵਾਪਸ ਮੁੜਦਿਆਂ ਹੀ ਤੁਹਾਨੂੰ ਇਹ ਕਰਜ਼ ਅਦਾ ਕਰ ਦਿਆਂਗਾ।
ਜੇ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋਵੋ ਤਾਂ ਕਿਰਪਾ ਕਰਕੇ ਦੱਸਣਾ ਤਾ ਕਿ ਮੈਂ ਤੁਹਾਨੂੰ ਪੈਸੇ ਭੇਜ ਸਕਣ ਬਾਰੇ ਹੋਰ ਤਫ਼ਸੀਲ ਭੇਜ ਸਕਾਂ।
ਆਦਰ ਨਾਲ-ਵਰਿਆਮ ਸੰਧੂ
ਹੁਣ ਗੱਲ ਦੀ ਗੰਭੀਰਤਾ ਦਾ ਅਹਿਸਾਸ ਹੋਇਆ। ਮੈਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਸਦਾ ਭਾਵ ਤਾਂ ਇਹ ਸੀ ਕਿ ਨਕਲੀ 'ਵਰਿਆਮ ਸੰਧੂ' ਨੇ ਇਹ ਚਿੱਠੀ ਮੇਰੀ ਈ-ਮੇਲ 'ਤੇ ਦਰਜ ਸਾਰੇ ਪਤਿਆਂ 'ਤੇ ਭੇਜ ਕੇ ਪੈਸੇ ਮੰਗੇ ਸਨ। ਇਹਨਾਂ ਪਤਿਆਂ ਵਿੱਚ ਲੇਖਕ-ਮਿੱਤਰ ਵੀ ਸਨ, ਨਿੱਜੀ ਮਿੱਤਰ ਵੀ। ਇਹਨਾਂ ਵਿੱਚ 'ਸੀਰਤ' (ਮੇਰੇ ਬੇਟੇ ਸੁਪਨਦੀਪ ਸੰਧੂ ਦੀ ਸੰਪਾਦਨਾ ਵਿੱਚ ਕਨੇਡਾ ਤੋਂ ਛਪਦਾ ਮਾਸਿਕ-ਪੱਤਰ) ਦੇ ਅਨੇਕਾਂ ਪਾਠਕ ਵੀ ਸਨ ਤੇ ਪੰਜਾਬੀ ਦੇ ਦੇਸ-ਵਿਦੇਸ਼ ਵਿੱਚ ਛਪਦੇ ਮੈਗ਼ਜ਼ੀਨਾਂ ਤੇ ਅਖ਼ਬਾਰਾਂ ਅਤੇ ਸੰਪਾਦਕਾਂ ਦੇ ਪਤੇ ਵੀ ਸ਼ਾਮਿਲ ਸਨ।
ਹਰਫ਼ਲੇ ਹੋਏ ਨੇ ਇਕਬਾਲ ਨੂੰ ਫ਼ੋਨ ਕਰ ਕੇ ਚਿੱਠੀ ਬਾਰੇ ਦੱਸਿਆ। ਉਸ ਨੇ ਕਿਹਾ, "ਚਿੱਠੀ ਮੈਨੂੰ ਵੀ ਆਈ ਹੈ, ਚੰਦਨ ਨੂੰ ਵੀ। ਤੇਰੀ ਈ-ਮੇਲ 'ਤੇ ਦਰਜ ਸਾਰੇ ਪਤਿਆਂ 'ਤੇ ਆਈ ਹੋਵੇਗੀ। ਏਸੇ ਲਈ ਤਾਂ ਤੈਨੂੰ ਕਿਹੈ ਕਿ ਸੁਪਨ ਨੂੰ ਆਖ ਕੇ ਆਪਣਾ ਨਵਾਂ ਈ-ਮੇਲ ਬਣਾ ਕੇ ਸਭ ਨੂੰ ਦੱਸ ਦੇ, ਕਿਤੇ ਕੋਈ ਠੱਗਿਆ ਨਾ ਜਾਂਦਾ ਹੋਵੇ।"
ਕਿਸੇ ਦੇ ਠੱਗੇ ਜਾਣ ਦਾ ਡਰ ਤਾਂ ਸੀ ਹੀ ਨਾਲ ਹੀ ਡਰ ਸੀ ਕਿ ਮੈਂ ਖ਼ੁਦ ਵੀ ਠੱਗ ਜਿਹਾ ਲੱਗਣ ਲੱਗ ਪਿਆ ਸਾਂ। ਬਹਾਨਾ ਬਣਾ ਕੇ ਪੈਸੇ ਬਟੋਰਨ ਵਾਲਾ। ਨੇੜੇ ਦੇ ਜਾਣੂ ਮਿੱਤਰਾਂ ਨੂੰ ਛੱਡ ਕੇ ਸਾਧਾਰਨ ਜਾਣ-ਪਛਾਣ ਵਾਲੇ ਬਾਕੀ ਲੋਕਾਂ ਨੇ ਤਾਂ ਇਹੋ ਸਮਝਣਾ ਸੀ ਕਿ ਵਾਹ! ਕਿਆ ਪੈਸੇ ਮੁੱਛਣ ਦਾ ਤਰੀਕਾ ਲੱਭਾ ਸੂ!
ਸੁੱਤੇ ਹੋਏ ਸੁਪਨਦੀਪ ਨੂੰ ਜਗਾਉਣ ਲਈ ਉਠਾਉਣ ਹੀ ਲੱਗਾ ਸਾਂ ਕਿ ਫ਼ੋਨ ਦੀ ਘੰਟੀ ਫਿਰ ਖੜਕ ਪਈ। ਸ਼ਾਇਰ ਸੁਖਪਾਲ ਦਾ ਫ਼ੋਨ ਸੀ। ਮੈਂ ਉਸਨੂੰ ਪੁੱਛਿਆ, "ਤੁਹਾਡੇ ਤੋਂ ਵੀ ਪੈਸੇ ਮੰਗ ਲਏ! ਪੈਸੇ ਮੰਗਣ ਵਾਲਾ ਇਹ ਮੈਂ ਨਹੀਂ ਹਾਂ, ਕੋਈ ਹੋਰ ਹੈ ਜਿਸਨੇ ਮੇਰਾ ਈ-ਮੇਲ ਚੁਰਾ ਲਿਆ ਹੈ।"
"ਮੈਨੂੰ ਇਹ ਚਿੱਠੀ ਤੁਹਾਡੀ ਲਿਖੀ ਹੋਈ ਵੀ ਨਹੀਂ ਸੀ ਲੱਗਦੀ।" ਸੁਖਪਾਲ ਨੇ ਇਕਬਾਲ ਦੀ ਗੱਲ ਦੀ ਪੁਸ਼ਟੀ ਕਰਦਿਆਂ ਸਭ ਨੂੰ ਸੂਚਿਤ ਕਰਨ ਬਾਰੇ ਸਲਾਹ ਦਿੰਦਿਆਂ ਜਦੋਂ ਨਵਾਂ ਈ-ਮੇਲ ਪਤਾ ਨਾ ਬਣਾ ਸਕਣ ਦੀ ਮੇਰੀ ਅਸਮਰੱਥਾ ਬਾਰੇ ਜਾਣਿਆਂ ਤਾਂ ਆਪਣੇ ਵੱਲੋਂ ਨਵਾਂ ਈ-ਮੇਲ ਪਤਾ ਬਣਾ ਕੇ ਭੇਜਣ ਦੀ ਪੇਸ਼ਕਸ਼ ਕੀਤੀ ਹੀ ਨਹੀਂ ਸਗੋਂ ਦਸ-ਪੰਦਰਾਂ ਮਿੰਟਾਂ ਵਿੱਚ ਦੋ ਈ-ਮੇਲ ਪਤੇ ਬਣਾ ਕੇ 'ਸੀਰਤ' ਦੇ ਪਤੇ 'ਤੇ ਭੇਜ ਵੀ ਦਿੱਤੇ।
ਪਰ ਮੇਰੇ ਕੋਲ ਤਾਂ ਹੁਣ ਕਿਸੇ ਦਾ ਵੀ ਈ-ਮੇਲ ਪਤਾ ਨਹੀਂ ਸੀ। ਕਿੱਥੇ ਈ-ਮੇਲ ਕਰਾਂ! ਕਿਵੇਂ ਦੱਸਾਂ ਤੇ ਕਿਸ ਨੂੰ ਦੱਸਾਂ! ਪਤੇ ਤਾਂ ਸਾਰੇ ਚੋਰੀ ਹੋ ਗਏ ਸਨ।
ਇਸੇ ਵੇਲੇ ਇੰਡੀਆ ਤੋਂ ਅਜਮੇਰ ਔਲਖ ਦਾ ਫ਼ੋਨ ਆ ਗਿਆ। ਈ-ਮੇਲ ਪੜ੍ਹ ਕੇ ਉਹ ਪਰੇਸ਼ਾਨ ਹੋ ਗਿਆ ਸੀ। ਮੇਰੇ ਦੱਸਣ 'ਤੇ ਸੁਖ ਦਾ ਸਾਹ ਲੈ ਕੇ ਕਹਿੰਦਾ, "ਮੈਂ ਪਹਿਲਾਂ ਤਾਂ ਪੁੱਛਣ ਲਈ ਰਘਬੀਰ ਸਿਰਜਣਾ ਨੂੰ ਦੋ-ਤਿੰਨ ਵਾਰ ਫ਼ੋਨ ਕੀਤਾ, ਪਰ ਜਵਾਬ ਨਾ ਮਿਲਣ 'ਤੇ ਮੈਂ ਸੋਚਿਆ ਕਨੇਡਾ ਫ਼ੋਨ ਕਰ ਕੇ ਇੱਕ ਵਾਰ ਪਤਾ ਤਾਂ ਕਰ ਲਵਾਂ। ਨਹੀਂ ਤਾਂ ਭਰਾ ਮੈਂ ਤਾਂ ਸੋਚ ਲਿਆ ਸੀ ਕਿ ਕਰਦੇ ਆਂ ਕੁਸ ਨਾ ਕੁਸ।"
ਔਲਖ ਨੇ ਅਜੇ ਗੱਲ ਮੁਕਾਈ ਹੀ ਸੀ ਕਿ ਖੰਨੇ ਤੋਂ ਬਲਵਿੰਦਰ ਗਰੇਵਾਲ "ਪੈਰੀਂ ਪੈਨਾਂ ਜੀ' ਕਹਿ ਕੇ ਦੱਸਣ ਲੱਗਾ, "ਤੁਹਾਡੇ ਲਈ ਇੱਕ ਖ਼ੁਸ਼ਖ਼ਬਰੀ ਹੈ।"
ਏਨੀ ਪਰੇਸ਼ਾਨੀ ਦੀ ਹਾਲਤ ਵਿੱਚ ਕਿਹੜੀ ਖ਼ੁਸ਼ਖ਼ਬਰੀ ਹੋਈ!
"ਐਥੇ ਖੰਨੇ ਤੁਹਾਡਾ ਇੱਕ ਪ੍ਰਸੰਸਕ ਹੈ ਆਪਣਾ ਮੁੰਡਾ ਗੁਰਪ੍ਰੀਤ। ਆਪਣੇ ਪੰਜਾਬੀ ਆਲੋਚਕ ਸੁਰਜੀਤ ਦਾ ਛੋਟਾ ਭਰਾ। ਤੁਸੀਂ ਜਾਣਦੇ ਈ ਹੋਵੋਂਗੇ। ਉਸਨੂੰ ਤੁਸੀਂ ਇਕ-ਦੋ ਵਾਰ 'ਸੀਰਤ' ਵਿੱਚ ਛਾਪਿਆ ਵੀ ਐ। ਉਹਨੂੰ ਤੁਹਾਡੇ ਵੱਲੋਂ ਕੋਈ ਈ-ਮੇਲ ਆਈ ਹੈ।"
"ਓ ਭਰਾ ਮੇਰੇ ਵੱਲੋਂ ਕਾਹਨੂੰ!" ਮੈਂ ਉਹਦੀ ਗੱਲ ਕੱਟ ਕੇ ਤੁਰਤ ਸਾਰੀ ਕਹਾਣੀ ਦੱਸੀ ਤਾਂ ਉਹ ਕਹਿੰਦਾ, "ਮੈਂ ਤਾਂ ਇਹਨੂੰ ਪਹਿਲਾਂ ਈ ਕਿਹਾ ਸੀ ਕਿ ਇਹ ਭਾ ਜੀ ਨ੍ਹੀਂ ਹੋ ਸਕਦੇ। ਮੈਂ ਇਹਨੂੰ ਕਿਹਾ, 'ਜੇ ਉਹਨਾਂ ਨੇ ਪੈਸਿਆਂ ਲਈ ਕਹਿਣਾ ਈ ਸੀ ਤਾਂ ਤੈਨੂੰ ਕਿਉਂ ਕਹਿੰਦੇ; ਉਹਨਾਂ ਸਭ ਤੋਂ ਪਹਿਲਾਂ ਏਥੇ ਮੈਨੂੰ ਆਖਣਾ ਸੀ।' ਪਰ ਇਸ ਪਤੰਦਰ ਵੱਲ ਵੇਖੋ। ਆਪਣਾ ਅਕਾਊਂਟ ਲਈ ਬੈਠੈ ਤੇ ਪੈਸੇ ਕਿਵੇਂ ਤੇ ਕਿੱਥੇ ਭੇਜਣ ਦਾ ਹਿਸਾਬ ਕਿਤਾਬ ਲਾ ਰਿਹੈ। ਨਕਲੀ ਵਰਿਆਮ ਸੰਧੂ ਨਾਲ ਲਗਾਤਾਰ ਈ-ਮੇਲ 'ਤੇ ਸੰਪਰਕ ਬਣਾਇਆ ਹੋਇਆ ਏ। ਮੈਂ ਤਾਂ ਤੁਹਾਨੂੰ ਇਹ ਖ਼ੁਸ਼ਖ਼ਬਰੀ ਦੇਣੀ ਸੀ ਕਿ ਵੇਖੋ! ਤੁਹਾਨੂੰ ਲੋਕ ਕਿੰਨੀ ਮੁਹੱਬਤ ਕਰਦੇ ਨੇ।"
ਮੈਂ ਉਹਨਾਂ ਦਾ ਧੰਨਵਾਦ ਕਰਦਿਆਂ ਨਕਲੀ ਵਰਿਆਮ ਸੰਧੂ ਦੀ ਗੁਰਪ੍ਰੀਤ ਨਾਲ ਹੋਈ ਈ-ਮੇਲ ਖ਼ਤੋ-ਕਿਤਾਬਤ ਦੀ ਕਾਪੀ ਮੈਨੂੰ ਭੇਜਣ ਲਈ ਕਿਹਾ।
ਪੰਜਾਂ ਕੁ ਮਿੰਟਾਂ ਵਿੱਚ ਉਹਨਾਂ ਵਿੱਚ ਹੋਇਆ ਈ-ਮੇਲ ਵਟਾਂਦਰਾ ਗੁਰਪ੍ਰੀਤ ਨੇ ਭੇਜ ਦਿੱਤਾ।
ਇਹਨਾਂ ਈ-ਮੇਲਾਂ ਵਿੱਚ ਗੁਰਪ੍ਰੀਤ ਨਕਲੀ ਵਰਿਆਮ ਸੰਧੂ ਨੂੰ ਉਸ ਕੋਲੋਂ ਪੈਸੇ ਮੰਗ ਕੇ ਉਸਦਾ ਮਾਣ ਵਧਾਉਣ ਲਈ ਧੰਨਵਾਦ ਵੀ ਕਰ ਰਿਹਾ ਸੀ ਤੇ ਪੈਸੇ ਭੇਜਣ ਲਈ ਤਤਪਰਤਾ ਵਿਖਾ ਕੇ, ਉਸਦਾ ਪਤਾ ਤੇ ਫ਼ੋਨ ਦਾ ਸੰਪਰਕ ਵੀ ਮੰਗ ਰਿਹਾ ਸੀ ਤਾਂਕਿ ਉਹ ਲੰਡਨ ਰਹਿੰਦੇ ਆਪਣੇ ਕਿਸੇ ਰਿਸ਼ਤੇਦਾਰ ਰਾਹੀਂ ਪੈਸੇ ਭਿਜਵਾ ਸਕੇ। ਉਹ ਇਹ ਵੀ ਕਹਿ ਰਿਹਾ ਸੀ ਕਿ ਜੇ ਉਹ (ਨਕਲੀ ਸੰਧੂ) ਕਿਸੇ ਦਾ ਮਾਸਟਰ ਜਾਂ ਵੀਜ਼ਾ ਕਾਰਡ ਨੰਬਰ ਭੇਜ ਸਕੇ ਜਿਸਦੀ ਓਥੇ ਉਸ ਨਾਲ ਨੇੜਤਾ ਹੋਵੇ ਤਾਂ ਉਹ ਓਸੇ ਵੇਲੇ ਓਸ ਅਕਾਊਂਟ ਵਿੱਚ ਪੈਸੇ ਟਰਾਂਸਫ਼ਰ ਕਰ ਦਏਗਾ। ਪਰ ਨਕਲੀ ਵਰਿਆਮ ਸੰਧੂ ਗੁਰਪ੍ਰੀਤ ਨੂੰ ਪੈਸੇ ਕੇਵਲ ਤੇ ਕੇਵਲ ਵੈਸਟਰਨ ਯੂਨੀਅਨ ਰਾਹੀਂ ਭੇਜਣ 'ਤੇ ਬਲ ਦੇ ਰਿਹਾ ਸੀ। (ਜ਼ਾਹਿਰ ਸੀ ਕਿ ਉਹ ਬੰਦਾ ਇੰਡੀਅਨ ਜਾਂ ਪੰਜਾਬੀ ਨਹੀਂ ਸੀ ਹੋ ਸਕਦਾ, ਜਿਸਨੂੰ ਇਹ ਇਲਮ ਨਹੀਂ ਸੀ ਕਿ ਵੈਸਟਰਨ ਯੂਨੀਅਨ ਰਾਹੀਂ ਇੰਡੀਆ ਵਿੱਚ ਪੈਸੇ ਭੇਜੇ ਤਾਂ ਜਾ ਸਕਦੇ ਹਨ ਪਰ ਓਥੋਂ ਪੈਸੇ ਬਾਹਰ ਨਹੀਂ ਆ ਸਕਦੇ। ਵੈਸਟਰਨ ਯੂਨੀਅਨ ਰਾਹੀਂ ਪੈਸਿਆਂ ਦਾ ਅਦਾਨ-ਪ੍ਰਦਾਨ ਉੱਤਰੀ ਅਮਰੀਕਾ ਜਾਂ ਯੂਰਪੀਨ ਮੁਲਕਾਂ ਵਿੱਚ ਹੀ ਹੁੰਦਾ ਹੈ) ਉਸਨੇ 'ਆਪਣਾ ਪਤਾ' 'ਤੇ ਫ਼ੋਨ ਨੰਬਰ ਵੀ ਦੇ ਦਿੱਤਾ ਸੀ ਜੋ ਇਸ ਪ੍ਰਕਾਰ ਸੀ: ਕੈਂਗਸਿੰਗਟਨ ਹਾਈ ਸਟਰੀਟ, ਜ਼ਿਪ-ਕੋਡ W8 4PTਸਟੇਟ: ਲੰਡਨ, ਦੇਸ਼: ਇੰਗਲੈਂਡ।
ਵਾਰ ਵਾਰ ਫ਼ੋਨ ਦੀ ਘੰਟੀ ਵੱਜਣ ਕਰਕੇ ਸੁਪਨਦੀਪ ਵੀ ਹੁਣ ਤੱਕ ਉੱਠ ਬੈਠਾ ਸੀ। ਸਾਰਾ ਕੁਝ ਸੁਣ ਕੇ ਮੇਰੀ ਪਤਨੀ ਵੀ ਪਰੇਸ਼ਾਨ ਹੋ ਗਈ। ਮੈਂ 'ਸੀਰਤ' ਦੇ ਪਤੇ ਤੋਂ ਜਿੰਨੇ ਕੁ ਵੀ ਈ-ਮੇਲ ਪਤੇ ਲੱਭੇ ਉਹਨਾਂ ਨੂੰ ਇਸ 'ਠੱਗੀ' ਬਾਰੇ ਸੁਚੇਤ ਕੀਤਾ ਤੇ ਹੋਰ ਮਿੱਤਰਾਂ ਤੱਕ ਵੀ ਸੁਨੇਹਾਂ ਪਹੁੰਚਾਉਣ ਦੀ ਬੇਨਤੀ ਕੀਤੀ। ਟਰਾਂਟੋ ਰਹਿੰਦੇ ਸ਼ਾਇਰ ਤੇ ਨਾਟਕਕਾਰ ਉਂਕਾਰਪ੍ਰੀਤ ਨੂੰ ਕਿਹਾ ਕਿ ਉਸ ਕੋਲ ਕਨੇਡਾ ਵਿਚਲੇ ਜਿੰਨੇ ਵੀ ਸਾਂਝੇ ਲੇਖਕ ਮਿੱਤਰਾਂ ਦੇ ਪਤੇ ਹਨ ਉਹਨਾਂ ਨੂੰ ਈ-ਮੇਲ ਕਰ ਕੇ ਸੂਚਿਤ ਕਰ ਦੇਵੇ। ਇਹੋ ਹੀ ਸੇਵਾ ਕਿਰਪਾਲ ਸਿੰਘ ਪੰਨੂੰ ਹੁਰਾਂ ਦੇ ਜ਼ਿੰਮੇਂ ਲਾਈ।
ਸੁਪਨਦੀਪ ਦੂਜੇ ਕਮਰੇ ਵਿੱਚ ਮਾਂ ਨਾਲ ਬੁੜ ਬੁੜ ਕਰ ਰਿਹਾ ਸੀ, "ਹਰ ਵੇਲੇ ਤਾਂ ਈ-ਮੇਲ ਖੋਲ੍ਹ ਕੇ ਬੈਠੇ ਰਹਿੰਦੇ ਸਨ। ਕੋਈ ਗ਼ਲਤੀ ਕਰ ਬੈਠੇ ਹੋਣਗੇ। ਪਤਾ ਤਾਂ ਹੈ ਕੋਈ ਨ੍ਹੀਂ ਕਿ ਸਾਰਾ ਸਿਸਟਮ ਕਿਵੇਂ ਓਪਰੇਟ ਕਰੀਦਾ ਹੈ।"
ਕੀਤੀ ਗ਼ਲਤੀ ਦੀ ਮੈਨੂੰ ਮਾੜੀ ਮਾੜੀ ਸਮਝ ਪੈ ਰਹੀ ਸੀ। ਦੋ ਕੁ ਹਫ਼ਤੇ ਪਹਿਲਾਂ ਮੈਨੂੰ 'ਵਿੰਡੋ-ਲਾਈਵ' ਤੋਂ ਈ-ਮੇਲ ਆਈ ਸੀ (ਮੇਰੀ ਹੌਟਮੇਲ ਵਿੰਡੋ-ਲਾਈਵ 'ਤੇ ਹੀ ਖੁਲ੍ਹਦੀ ਸੀ), ਜਿਸ ਵਿੱਚ ਕਿਹਾ ਗਿਆ ਸੀ ਕਿ 'ਵਿੰਡੋ-ਲਾਈਵ 'ਤੇ ਈ-ਮੇਲ ਪਤੇ ਵਾਲੇ ਬਹੁਤ ਸਾਰੇ ਲੋਕਾਂ ਦਾ 'ਸਾਡੇ' ਕੋਲ ਪੂਰਾ ਰੀਕਾਰਡ ਨਾ ਹੋਣ ਕਰਕੇ ਅਸੀਂ ਬਹੁਤ ਸਾਰੇ ਈ-ਮੇਲ ਪਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਤੁਹਾਡਾ ਨਾਂ ਵੀ ਉਹਨਾਂ ਵਿੱਚ ਸ਼ਾਮਿਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਈ-ਮੇਲ ਖਾਤਾ ਚੱਲਦਾ ਰਹੇ ਤਾਂ ਨਿਮਨ ਲਿਖ਼ਤ ਸੂਚਨਾ ਭੇਜਣ ਦੀ ਖ਼ੇਚਲ ਕਰੋ। ਇਸ ਜਾਣਕਾਰੀ ਵਿੱਚ ਉਹਨਾਂ, ਮੇਰੀ ਜਨਮ-ਮਿਤੀ, ਪਾਸ-ਵਰਡ, ਦੇਸ਼ ਆਦਿ ਬਾਰੇ ਪੁੱਛਿਆ ਸੀ। ਇਹ ਵੀ ਕਿਹਾ ਸੀ ਕਿ ਇਸਦਾ ਜਵਾਬ 'ਰਿਪਲਾਈ 'ਤੇ ਕਲਿਕ ਕਰ ਕੇ ਦੇਵਾਂ।
ਹਫ਼ਤੇ ਪਿੱਛੋਂ ਇਹ ਈ-ਮੇਲ ਫਿਰ ਆਈ ਸੀ ਤੇ ਮੈਂ ਸੋਚਿਆ ਕਿਤੇ ਮੇਰਾ ਈ-ਮੇਲ ਖ਼ਾਤਾ ਬੰਦ ਹੀ ਨਾ ਹੋ ਜਾਵੇ। ਮੈਂ ਇਹ ਸੂਚਨਾ ਭੇਜ ਦਿੱਤੀ। ਇਸਦੇ ਜਵਾਬ ਵਿੱਚ 'ਵਿੰਡੋ-ਲਾਈਵ' ਦੇ ਦੱਸੇ ਪਤੇ 'ਤੇ ਈ-ਮੇਲ ਨਾ ਪਹੁੰਚ ਸਕਣ 'ਡਲਿਵਰੀ ਫਲਿਓਰ' ਦਾ ਨੋਟਿਸ ਆ ਗਿਆ। ਲੱਗਦਾ ਸੀ ਇਹ ਉਸ ਠੱਗ ਦੀ ਹੀ ਕੋਈ ਚਾਲ ਸੀ। ਉਸਨੇ ਵਿੰਡੋ-ਲਾਈਵ ਦਾ ਨਾਂ ਵਰਤਿਆ ਸੀ ਤੇ ਆਪਣੇ ਲੁਕਵੇਂ ਪਤੇ ਰਾਹੀਂ ਬਹਾਨੇ ਨਾਲ ਮੇਰਾ ਵੇਰਵਾ ਜਾਣ ਲਿਆ ਸੀ।
ਪਰ ਇਹ ਗੱਲ ਦੱਸਣ ਦੀ ਇਸ ਵੇਲੇ ਕੋਈ ਤੁਕ ਨਹੀਂ ਸੀ।
ਈ-ਮੇਲ ਪੜ੍ਹਦਿਆਂ ਹੀ ਦੋਸਤਾਂ-ਮਿੱਤਰਾਂ ਤੇ ਜਾਣਕਾਰਾਂ ਦੇ ਦੇਸ਼-ਵਿਦੇਸ਼ ਤੋਂ ਫ਼ੋਨ 'ਤੇ ਫ਼ੋਨ ਆਉਣ ਲੱਗੇ। ਕੈਲਗਰੀ ਰਹਿੰਦੇ ਮੇਰੇ ਅਧਿਆਪਕ ਸ ਮਹਿੰਦਰ ਸਿੰਘ ਨੇ 'ਮੇਰੀ' ਈ-ਮੇਲ ਪੜ੍ਹੀ ਤਾਂ ਫ਼ਿਕਰਮੰਦ ਹੋ ਕੇ ਇੰਗਲੈਂਡ ਰਹਿੰਦੇ ਸਾਡੇ ਸਾਂਝੇ ਮਿੱਤਰ ਸ਼ਾਇਰ ਗੁਰਨਾਮ ਢਿੱਲੋਂ ਨੂੰ ਫ਼ੋਨ 'ਤੇ ਸਾਰੀ ਗੱਲ ਦੱਸ ਕੇ ਕਿਹਾ, "ਗੁਰਨਾਮ ਮੈਂ ਵਰਿਆਮ ਨਾਲ ਈ-ਮੇਲ 'ਤੇ ਸੰਪਰਕ ਕੀਤਾ ਹੈ ਤੇ ਉਸਨੂੰ ਪੈਸੇ ਭੇਜਣ ਹੀ ਵਾਲਾ ਸਾਂ ਪਰ ਫਿਰ ਤੇਰਾ ਖ਼ਿਆਲ ਆ ਗਿਆ। ਤੂੰ ਹੈਥੇ ਬੈਠੈਂ। ਆਹ ਉਸਦਾ ਦੱਸਿਆ ਪਤਾ ਲਿਖਾਉਂਦਾਂ ਤੂੰ ਉਸਨੂੰ ਪੈਸੇ ਤੁਰੰਤ ਦੇ ਕੇ ਆ। ਉਹ ਬੜੀ ਮੁਸ਼ਕਲ ਵਿੱਚ ਹੈ।"
ਗੁਰਨਾਮ ਢਿੱਲੋਂ ਨੂੰ 'ਦਾਲ ਵਿੱਚ ਕੁਝ ਕਾਲਾ' ਨਜ਼ਰ ਆ ਗਿਆ ਸੀ। ਕੁਝ ਚਿਰ ਪਹਿਲਾਂ ਹੀ ਆਪਣੀ ਧੀ ਕੋਲ ਇੰਗਲੈਂਡ ਆਈ ਹੋਈ ਪੰਜਾਬੀ ਲੇਖਿਕਾ ਬਲਵਿੰਦਰ ਕੌਰ ਬਰਾੜ ਨੇ ਗੁਰਨਾਮ ਨੂੰ ਫ਼ੋਨ 'ਤੇ ਸੁਨੇਹਾਂ ਛੱਡਿਆ ਸੀ, "ਮੈਂ 'ਵਰਿਆਮ' ਦੀ ਈ-ਮੇਲ ਦੇ ਜਵਾਬ ਵਿੱਚ ਉਸਨੂੰ ਪੈਸੇ ਭੇਜਣ ਦੀ ਵਿਧੀ ਬਾਰੇ ਪੁੱਛਿਆ ਤਾਂ ਉਸਨੇ ਸੰਪਰਕ ਕਰਨ ਲਈ ਆਪਣਾ ਫ਼ੋਨ ਨੰਬਰ ਵੀ ਦਿੱਤਾ ਹੈ ਤੇ ਲੰਡਨ ਦਾ ਆਪਣਾ ਪਤਾ ਵੀ। ਜਦ ਮੈਂ ਉਸ ਪਤੇ 'ਤੇ ਫ਼ੋਨ ਕੀਤਾ ਤਾਂ ਅੱਗੋਂ ਕੋਈ ਹੋਰ ਹੀ ਬੰਦਾ ਅੰਗਰੇਜ਼ੀ ਵਿੱਚ ਬੋਲਿਆ। ਜਦ ਮੈਂ ਉਸਨੂੰ ਕਿਹਾ ਕਿ ਮੈਨੂੰ ਵਰਿਆਮ ਸੰਧੂ ਨਾਲ ਮਿਲਾਓ ਤਾਂ ਕਹਿੰਦਾ 'ਉਹ ਇਸ ਵੇਲੇ ਮਿਲ ਨਹੀਂ ਸਕਦਾ ਪਰ ਬੜੀ ਮੁਸ਼ਕਲ ਵਿੱਚ ਹੈ। ਤੁਸੀਂ ਜਿੰਨੀ ਛੇਤੀ ਹੋ ਸਕਦੈ ਪੈਸੇ 'ਵੈਸਟਰਨ ਯੂਨੀਅਨ' ਰਾਹੀਂ ਭੇਜਣ ਦੀ ਖ਼ੇਚਲ ਕਰੋ।' ਉਹ ਵਰਿਆਮ ਨਾਲ ਗੱਲ ਕਿਉਂ ਨਹੀਂ ਕਰਾਉਂਦਾ? ਮੈਨੂੰ ਤਾਂ ਕੋਈ ਗੜਬੜ ਲੱਗਦੀ ਹੈ। ਤੁਸੀਂ ਵੀ ਇਸ ਫ਼ੋਨ 'ਤੇ ਸੰਪਰਕ ਕਰ ਕੇ ਵੇਖੋ।"
ਗੁਰਨਾਮ ਢਿਲੋਂ ਨੇ ਦੱਸੇ ਗਏ ਫ਼ੋਨ 'ਤੇ, ਜਿਹੜਾ ਉਸ ਬੰਦੇ ਨੇ ਹੋਰ ਮਿੱਤਰਾਂ ਨੂੰ ਵੀ ਦਿੱਤਾ ਸੀ (Tel: +447024038516) ਗੱਲ ਕੀਤੀ ਤਾਂ ਉਸਨੂੰ ਵੀ 'ਵਰਿਆਮ ਸੰਧੂ' ਦੀ ਥਾਂ ਫ਼ੋਨ 'ਤੇ ਉਹੋ ਹੀ ਬੰਦਾ ਮਿਲਿਆ ਜੋ ਛੇਤੀ ਤੋਂ ਛੇਤੀ ਪੈਸੇ ਭੇਜਣ ਲਈ ਕਹਿ ਰਿਹਾ ਸੀ। ਉਸ ਨਾਲ ਗੱਲ ਬਾਤ ਕਰਨ ਉਪਰੰਤ ਗੁਰਨਾਮ ਨੇ ਸਾਰੀ ਗੱਲ ਦੱਸਣ-ਪੁੱਛਣ ਲਈ ਕਨੇਡਾ ਸਾਡੇ ਘਰ ਦੇ ਪਤੇ 'ਤੇ ਫ਼ੋਨ ਕੀਤਾ ਤਾਂ ਹਕੀਕਤ ਦਾ ਪਤਾ ਲੱਗਣ 'ਤੇ ਹੱਸਣ ਲੱਗਾ, "ਸਰਦਾਰ ਮਹਿੰਦਰ ਸਿੰਘ ਹੁਰੀਂ ਤਾਂ ਵਿਚਾਰੇ ਪੂਰੇ ਫ਼ਿਕਰਮੰਦ ਸਨ ਤੇ ਮੈਨੂੰ ਆਖਣ, "ਤੂੰ ਹੁਣੇ ਲੰਡਨ ਜਾ ਤੇ ਉਸਨੂੰ ਪੈਸੇ ਦੇ ਕੇ 'ਛੁਡਾ'।" ਵਿਚਾਰੀ ਬਲਵਿੰਦਰ ਕੌਰ ਬਰਾੜ ਆਪਣੀ ਥਾਂ ਪਰੇਸ਼ਾਨ! ਪਰ ਮੈਨੂੰ ਤਾਂ ਸ਼ੱਕ ਸੀ। ਮੈਂ ਕਿਹਾ ਕਿ ਭਾਊ ਨੇ ਜੇ ਇੰਗਲੈਂਡ ਆਉਣਾ ਹੁੰਦਾ ਤਾਂ ਮੈਨੂੰ ਨਾ ਦੱਸਦਾ। ਨਾਲੇ ਹੋਟਲ ਵਿੱਚ ਉਹਨੇ ਕਿਉਂ ਰਹਿਣਾ ਸੀ? ਵੀਹ ਬੰਦੇ ਉਹਨੂੰ ਏਥੇ ਘਰ ਰੱਖਣ ਵਾਲੇ। ਪੈਸੇ ਵੀ ਚਾਹੀਦੇ ਹੁੰਦੇ ਤਾਂ ਮੈਨੂੰ ਫ਼ੋਨ ਕਰਦਾ। ਸਾਰਿਆਂ ਨੂੰ ਈ-ਮੇਲ ਕਾਹਦੇ ਲਈ ਕਰਨੀ ਸੀ!"
ਸੁਰਜੀਤ ਪਾਤਰ ਨੇ ਵੀ ਕੁਝ ਇਸਤਰ੍ਹਾਂ ਹੀ ਕਿਹਾ, "ਮੈਨੂੰ ਈ-ਮੇਲ ਦੀ ਸਮਝ ਪੈ ਗਈ ਸੀ ਕਿ ਤੇਰੀ ਨਹੀਂ। ਮੈਂ ਆਖਿਆ ਹੋਟਲ ਤੇ ਵਰਿਆਮ? ਤੇ ਉਹ ਵੀ ਲੰਡਨ ਵਿਚ? ਕਿਧਰੇ ਗਿਆ ਹੁੰਦਾ 'ਮਿਆਮੀ' ਵਰਗੇ ਮੁਲਕ ਵਿਚ, ਜਿੱਥੇ ਆਪਣਾ ਬੰਦਾ ਮਿਲਣਾ ਮੁਸ਼ਕਲ ਹੈ, ਤਾਂ ਹੋਟਲ ਵਿੱਚ ਠਹਿਰਨਾ ਕੋਈ ਮੰਨ ਵੀ ਲੈਂਦਾ।"
ਸਰੀ ਤੋਂ ਰਘਬੀਰ ਸਿੰਘ ਸਿਰਜਣਾ ਹੱਸਿਆ, "ਮੈਂ ਆਖਿਆ ਭਰਾ ਦਾ ਪਤਾ ਈ ਕਰੀਏ ਇੰਗਲੈਂਡ ਤੋਂ ਮੁੜ ਆਇਆ ਕਿ ਨਹੀਂ?" ਮੈਂ ਰਘਬੀਰ ਸਿੰਘ ਨੂੰ ਕਿਹਾ ਕਿ ਵੈਨਕੂਵਰ ਤੇ ਸਰੀ ਵਿੱਚ ਰਹਿਣ ਵਾਲੇ ਸਾਂਝੇ ਮਿੱਤਰਾਂ ਨੂੰ ਇਸ ਬਾਰੇ ਸੂਚਿਤ ਕਰ ਦੇਵੇ ਤਾਂ ਕਿ ਕੋਈ ਭੁਲੇਖੇ ਵਿੱਚ ਠੱਗਿਆ ਨਾ ਜਾਵੇ। ਉਸਨੇ ਪੰਜਾਂ ਕੁ ਮਿੰਟਾਂ ਵਿੱਚ ਆਪਣੇ ਕੋਲ ਈ-ਮੇਲ ਪਤਿਆਂ ਤੇ ਝੂਠੀ ਈ-ਮੇਲ ਤੋਂ ਸਾਵਧਾਨ ਹੋਣ ਦੀ ਸੂਚਨਾ ਦੇ ਦਿੱਤੀ।
ਫ਼ੋਨ ਤੇ ਫ਼ੋਨ ਆਈ ਜਾ ਰਹੇ ਸਨ। ਕਦੀ ਲੈਂਡ-ਲਾਈਨ 'ਤੇ ਕਦੀ ਸੁਪਨ ਦੇ ਮੋਬਾਈਲ 'ਤੇ। ਜੇ ਪੂਨਮ ਪ੍ਰੀਤ-ਲੜੀ ਸੁਪਨ ਨੂੰ ਫ਼ੋਨ ਕਰਕੇ ਆਪਣੀ ਫ਼ਿਕਰਮੰਦੀ ਦਾ ਇਜ਼ਹਾਰ ਕਰ ਰਹੀ ਸੀ ਤੇ ਸੁਪਨ ਨਾਲ ਹੀ ਗੱਲ ਕਰਕੇ ਆਸਟ੍ਰੇਲੀਆ ਤੋਂ ਮੇਰਾ ਸ਼ਾਗ਼ਿਰਦ ਰੂਪ ਲਾਲ ਭਾਰ-ਮੁਕਤ ਹੋਇਆ ਮਹਿਸੂਸ ਕਰ ਰਿਹਾ ਸੀ ਤਾਂ ਸਰੀ ਤੋਂ ਨਾਵਲਕਾਰ ਜਰਨੈਲ ਸਿੰਘ ਸੇਖਾ ਮੇਰੇ ਕੋਲੋਂ ਘਟਨਾ ਦੀ ਤਫ਼ਸੀਲ ਜਾਣ ਕੇ ਸਾਰੇ ਸਾਂਝੇ ਦੋਸਤਾਂ ਨੂੰ ਸਾਵਧਾਨੀ ਵਰਤਣ ਦਾ ਸੁਨੇਹਾਂ ਦੇਣ ਲਈ ਵਚਨ ਦੇ ਰਿਹਾ ਸੀ।
ਮੈਨੂੰ ਥੋੜ੍ਹਾ ਕੁ ਧਰਵਾਸ ਹੋਣ ਲੱਗਾ ਕਿ ਝੂਠੀ ਈ-ਮੇਲ ਦੀ ਹਕੀਕਤ ਲਗਭਗ ਸਾਰੇ ਮਿੱਤਰਾਂ ਨੂੰ ਪਤਾ ਲੱਗ ਰਹੀ ਸੀ। ਫਿਰ ਵੀ ਮੈਂ ਸੋਚਿਆ ਕਿ ਉਸ ਫ਼ੋਨ ਨੰਬਰ 'ਤੇ ਇਥੋਂ ਘਰ ਦਾ ਕੋਈ ਜੀਅ ਵੀ ਫ਼ੋਨ ਕਰਕੇ ਵੇਖੇ। ਪਰ ਇਹ ਸੋਚ ਕੇ ਕਿ ਘਰ ਦੇ ਫ਼ੋਨ ਨੰਬਰ ਦਾ ਤਾਂ ਅਗਲੇ ਨੂੰ ( 'ਸੀਰਤ' ਦੀ ਸਾਈਟ ਤੋਂ ਜਾਂ ਮੇਰੇ ਵੈੱਬ-ਪੇਜ ਤੋਂ) ਪਤਾ ਹੋਵੇਗਾ ਹੀ, ਮੈਂ ਏਥੇ ਬਰੈਂਪਟਨ ਵਿੱਚ ਰਹਿੰਦੀ ਆਪਣੀ ਵੱਡੀ ਧੀ ਰੂਪ ਨੂੰ ਕਿਹਾ ਕਿ ਉਹ ਉਸ ਫ਼ੋਨ ਨੰਬਰ 'ਤੇ ਉਸ ਬੰਦੇ ਨਾਲ ਗੱਲ ਕਰੇ। ਥੋੜ੍ਹੀ ਦੇਰ ਪਿੱਛੋਂ ਰੂਪ ਦਾ ਫ਼ੋਨ ਆਇਆ, ਉਸ ਬੰਦੇ ਨੇ ਪਹਿਲਾਂ ਇਹ ਜਾਨਣਾ ਚਾਹਿਆ ਕਿ ਉਸਨੂੰ (ਰੂਪ ਨੂੰ) ਇਸ ਗੱਲ ਦਾ ਪਤਾ ਕਿਵੇਂ ਲੱਗਾ ਤਾਂ ਰੂਪ ਨੇ ਕਿਹਾ ਕਿ 'ਕਿਸੇ ਫ਼ਰੈਂਡ ਨੇ, ਜਿਸਨੂੰ ਈ-ਮੇਲ ਆਈ ਹੈ, ਮੈਨੂੰ ਪੈਸੇ ਭੇਜਣ ਲਈ ਕਿਹਾ ਹੈ ਕਿਉਂਕਿ ਵਰਿਆਮ ਸਿੰਘ ਸੰਧੂ ਮੇਰੇ 'ਅੰਕਲ' ਹਨ।' ਉਸਦਾ ਜਵਾਬ ਸੀ ਕਿ ਉਹ (ਵਰਿਆਮ ਸਿੰਘ ਸੰਧੂ) ਇਸ ਵੇਲੇ ਸੈਮੀਨਾਰ ਵਿੱਚ ਬਿਜ਼ੀ ਹਨ। ਫ਼ੋਨ 'ਤੇ ਮਿਲ ਨਹੀਂ ਸਕਦੇ ਪਰ ਉਹਨਾਂ ਦੇ ਨਾਂ 'ਤੇ ਪੈਸੇ ਛੇਤੀ ਤੋਂ ਛੇਤੀ ਭੇਜ ਦਿੱਤੇ ਜਾਣ। ਰੂਪ ਨੇ ਇਹ ਵੀ ਦੱਸਿਆ ਕਿ ਉਸਦੇ ਅੰਗਰੇਜ਼ੀ ਬੋਲਣ ਦੇ ਲਹਿਜ਼ੇ ਤੋਂ ਉਹ ਕੋਈ ਚੀਨੀ ਜਾਂ ਜਪਾਨੀ ਮੂਲ ਦਾ ਬੰਦਾ ਲੱਗਦਾ ਸੀ। ਰੂਪ ਇਹ ਵੀ ਵਾਰ ਵਾਰ ਹਦਾਇਤ ਕਰ ਰਹੀ ਸੀ ਕਿ ਜਾਣ-ਪਛਾਣ ਵਾਲੇ ਹੋਰ ਲੋਕਾਂ ਨੂੰ ਸਾਵਧਾਨ ਕਰਨ ਲਈ ਅਖ਼ਬਾਰਾਂ ਨੂੰ, ਇੰਡੀਆ ਵਿੱਚ ਵੀ ਤੇ ਏਥੇ ਵੀ, ਖ਼ਬਰ ਦੇਣੀ ਚਾਹੀਦੀ ਹੈ।
ਸੁਪਨਦੀਪ ਵਿਅੰਗ ਨਾਲ ਕਹਿੰਦਾ, "ਓ ਕੋਈ ਏਥੇ ਕਿਸੇ ਨੂੰ ਖੋਟੀ ਦਵਾਨੀ ਨਹੀਂ ਦਿੰਦਾ। ਪੰਝੀ ਸੌ ਡਾਲਰ ਕਿਸ ਭੇਜਣੇ ਨੇ! ਬਹੁਤਾ ਫ਼ਿਕਰ ਨਾ ਕਰੋ।"
ਮੇਰੀ ਨੂੰਹ ਸੁਖਮਿੰਦਰ ਨੇ ਉਸ ਵੱਲੋਂ ਦੱਸੇ 'ਹੋਟਲ' ਦੇ ਪਤੇ ਨੂੰ 'ਗੁਗਲ' 'ਤੇ ਲੱਭ ਲਿਆ। ਇਹ ਕੋਈ ਪਲੰਮਿੰਗ ਅਤੇ ਪਲਾਸਟਿਕ ਦਾ ਸਮਾਨ ਵੇਚਣ ਵਾਲਾ ਸ਼ੋ-ਰੂਮ ਸੀ।
ਗੁਰਨਾਮ ਢਿੱਲੋਂ ਦਾ ਫ਼ੋਨ ਫਿਰ ਆ ਗਿਆ, "ਭਾਊ ਵਰਿਆਮ ਸਿੰਹਾਂ! ਇਹ ਬੰਦਾ ਹਰ ਹਾਲਤ ਵਿੱਚ ਫੜ੍ਹਿਆ ਜਾਣਾ ਚਾਹੀਦੈ। ਤੂੰ ਥੋੜ੍ਹਾ ਕੁ ਉੱਦਮ ਕਰ। ਹੈਥੇ ਆਪਣੀ ਪੁਲਿਸ ਕੋਲ ਇਸਦੀ ਰੀਪੋਰਟ ਜ਼ਰੂਰ ਲਿਖਾ। ਮੈਂ ਏਥੇ ਆਪਣੀ ਪੁਲਿਸ ਨਾਲ ਗੱਲ ਕੀਤੀ ਹੈ ਪਰ ਉਹ ਆਖਦੇ ਨੇ ਕਿ ਅਸੀਂ ਸਿੱਧਾ ਲੰਡਨ ਦੀ ਪੁਲਿਸ ਦੇ ਕੰਮ ਵਿੱਚ ਦਖ਼ਲ ਨਹੀਂ ਦੇ ਸਕਦੇ। ਇਸ ਬਾਰੇ ਸੰਬੰਧਤ ਬੰਦਾ ਆਪਣੇ ਮੁਲਕ ਵਿੱਚ ਰੀਪੋਰਟ ਲਿਖਾਵੇ ਤੇ ਉਥੋਂ ਦੀ ਪੁਲਿਸ ਲੰਡਨ ਦੀ ਮੈਟਰੋਪੋਲੀਟਨ ਪੁਲਿਸ ਨੂੰ ਆਖੇ ਤਾਂ ਬੰਦਾ ਫੜ੍ਹਿਆ ਜਾ ਸਕਦੈ।"
ਉਸਦੀ ਗੱਲ ਦੇ ਜਵਾਬ ਵਿੱਚ ਮੇਰੇ ਵੱਲੋਂ, "ਵੇਖੋ, ਕਰਦੇ ਆਂ ਕੁਝ ਨਾ ਕੁਝ। ਸਲਾਹ ਕਰਦੇ ਆਂ।' ਸੁਣ ਕੇ ਉਹ ਖਿੜਖਿੜਾ ਕੇ ਹੱਸਿਆ, "ਭਾਊ! ਤੇਰੀਆਂ ਛੁਹਲੀਆਂ ਦਾ ਮੈਨੂੰ ਪਤਾ ਤਾਂ ਹੈਗੈ ਪਰ ਫਿਰ ਵੀ ਮੈਂ ਤੈਨੂੰ ਜ਼ੋਰ ਦੇ ਕੇ ਕਹਿੰਦਾਂ ਕਿ ਪੁਲਿਸ ਕੋਲ ਜ਼ਰੂਰ ਜਾਓ।"
ਮੇਰੇ 'ਉੱਦਮੀ' ਸੁਭਾ ਬਾਰੇ ਉਸਦੀ ਗੱਲ ਸੱਚੀ ਸੀ। ਉਸਦਾ ਸੁਨੇਹਾਂ ਸੁਪਨਦੀਪ ਨੂੰ ਦਿੱਤਾ ਪਰ ਪੁਲਿਸ ਕੋਲ ਜਾਣ ਦਾ ਬਹੁਤਾ ਜ਼ੋਰ ਨਾ ਪਾਇਆ। ਸੁਪਨਦੀਪ ਵੀ ਇਸ ਲਈ ਕੋਈ ਬਹੁਤਾ ਕਾਹਲਾ ਨਹੀਂ ਸੀ ਜਾਪਦਾ। ਨੇੜਲੇ ਮਿੱਤਰਾਂ ਵੱਲੋਂ ਫ਼ੋਨ ਆ ਜਾਣ ਕਰਕੇ ਵਿਸ਼ਵਾਸ ਜਿਹਾ ਹੋਣ ਲੱਗਾ ਸੀ ਕਿ 'ਉਸ' ਦੇ ਚੁੰਗਲ ਵਿੱਚ ਕੋਈ ਨਹੀਂ ਫਸਣ ਲੱਗਾ।
ਏਨੇ ਵਿੱਚ ਸੁਪਨਦੀਪ ਨੇ ਆਪਣੀ ਈ-ਮੇਲ ਖੋਲ੍ਹੀ ਤਾਂ ਕਹਿੰਦਾ, "ਆਹ ਕਿਸੇ ਸੀਤਾ ਰਾਮ ਮਾਧੋਪੁਰੀ ਦੀ ਈ-ਮੇਲ ਆਈ ਹੈ। ਉਹ ਵੀ ਪੈਸੇ ਭੇਜਣ ਲੱਗੈ। ਉਸਨੇ ਉਸ ਬੰਦੇ ਨਾਲ ਹੋਈ ਆਪਣੀ ਕੌਰਸਪੌਂਡੈਂਸ ਵੀ ਭੇਜੀ ਹੈ।"
ਸੀਤਾ ਰਾਮ ਦੀ ਪਹਿਲੀ ਈ-ਮੇਲ ਮੈਨੂੰ ਅਜੇ ਹਫ਼ਤਾ ਪਹਿਲਾਂ ਹੀ ਮਿਲੀ ਸੀ। ਉਸ ਨੇ 'ਸੀਰਤ' ਦੀ ਪ੍ਰਸੰਸਾ ਕਰਕੇ ਦੱਸਿਆ ਸੀ ਕਿ ਉਹ 'ਆਜ਼ਾਦੀ ਦੇ ਸ਼ਹੀਦਾਂ ਬਾਰੇ ਖੋਜ ਕਰ ਰਿਹਾ ਹੈ ਅਤੇ ਉਸਨੇ ਕੁਝ ਨਵੇਂ ਤੱਥ ਲੱਭੇ ਹਨ।' ਮੈਂ ਉਸਨੂੰ ਪੁਛਿਆ ਸੀ, "ਕੀ ਤੂੰ ਉਹੋ ਸੀਤਾ ਰਾਮ ਤਾਂ ਨਹੀਂ ਜਿਸਨੇ ਸ਼ਹੀਦ ਭਗਤ ਸਿੰਘ ਦੇ ਸਾਥੀਆਂ ਦੀਆਂ ਲਿਖਤਾਂ ਦਾ ਹਿੰਦੀ ਵਿਚੋਂ ਪੰਜਾਬੀ ਵਿੱਚ ਅਨੁਵਾਦ ਕਰ ਕੇ ਪੁਸਤਕ ਛਪਵਾਈ ਸੀ ਤੇ ਉਸ ਪੁਸਤਕ ਦਾ ਨਾਮ 'ਸ਼ਹੀਦਾਂ ਦੀ ਵਿਰਾਸਤ' ਮੇਰੀ ਸਲਾਹ ਲੈ ਕੇ ਰੱਖਿਆ ਸੀ। ਉਸਨੇ ਦੂਜੀ ਈ-ਮੇਲ ਵਿੱਚ ਜਵਾਬ ਦਿੱਤਾ ਸੀ ਕਿ 'ਹਾਂ ਮੈਂ ਉਹੋ ਸੀਤਾ ਰਾਮ ਹਾਂ।"
ਮੈਨੂੰ ਸਿਰਫ਼ ਦੋ ਈ-ਮੇਲਾਂ ਕਰਨ ਵਾਲੇ ਸੀਤਾ ਰਾਮ ਤੋਂ ਵੀ ਪੈਸੇ ਮੰਗ ਲਏ ਗਏ ਸਨ ਅਤੇ ਰਸ਼ਕ ਦੀ ਗੱਲ ਤਾਂ ਇਹ ਸੀ ਕਿ ਸੀਤਾ ਰਾਮ ਵੀ ਮੇਰਾ ਮੁਸ਼ਕਲ ਵਿੱਚ ਫਸਿਆ ਹੋਣਾ ਸੁਣ ਕੇ ਅਫ਼ਸੋਸਿਆ ਗਿਆ ਸੀ ਤੇ ਗੁਰਪ੍ਰੀਤ ਵਾਂਗ ਹੀ ਨਕਲੀ ਵਰਿਆਮ ਸੰਧੂ ਨੂੰ ਪੈਸੇ ਭੇਜਣ ਦੀ ਵਿਧੀ ਪੁੱਛ ਰਿਹਾ ਸੀ।
ਘੱਟ ਜਾਣ-ਪਛਾਣ ਵਾਲੇ ਇਸਤਰ੍ਹਾਂ ਦੇ ਤਾਂ ਅਨੇਕ ਸਨੇਹੀਆਂ ਦੇ ਪਤੇ ਮੇਰੀ ਈ-ਮੇਲ ਵਿੱਚ ਦਰਜ ਸਨ। ਹੋ ਸਕਦਾ ਹੈ ਉਹ ਵੀ ਸੀਤਾ ਰਾਮ ਵਾਂਗ ਹੀ 'ਉਸ' ਨਾਲ ਪੈਸੇ ਭੇਜਣ ਬਾਰੇ ਸੰਪਰਕ ਵਿੱਚ ਪਏ ਹੋਣ! ਕੋਈ ਪੈਸੇ ਭੇਜ ਵੀ ਸਕਦਾ ਹੈ। ਉਂਜ ਅਜਿਹੇ ਕਈ ਸੱਜਣਾ ਦੇ ਫ਼ੋਨ ਵੀ ਆ ਰਹੇ ਸਨ। ਅਮਰੀਕਾ ਤੋਂ ਆਪਣੀ ਕਿਤਾਬ 'ਅਜ਼ਲਾਂ ਦੇ ਰਿਸ਼ਤੇ' ਭੇਜਣ ਲਈ ਇੱਕੋ-ਇੱਕ ਈ-ਮੇਲ ਕਰਨ ਵਾਲੇ ਮੇਰੇ ਲਈ ਅਸਲੋਂ ਅਜਨਬੀ ਗਿਆਨੀ ਕਰਨੈਲ ਸਿੰਘ ਨੇ ਵੀ ਫ਼ੋਨ ਕਰ ਕੇ ਮੇਰੇ ਸੰਕਟ ਵਿੱਚ ਫਸੇ ਹੋਣ ਬਾਰੇ 'ਕੁਝ ਕਰਨ' ਤੋਂ ਪਹਿਲਾਂ ਜਾਣਕਾਰੀ ਲੈ ਲੈਣੀ ਬਿਹਤਰ ਸਮਝੀ ਸੀ।
ਇੰਗਲੈਂਡ ਤੋਂ ਸੰਤੋਖ ਧਾਲੀਵਾਲ ਦਾ ਫ਼ੋਨ ਆਉਣ 'ਤੇ ਤਾਂ ਪੁਲਿਸ ਕੋਲ ਰੀਪੋਰਟ ਲਿਖਾਉਣ ਬਾਰੇ ਅਮਲੀ ਤੌਰ 'ਤੇ ਨਿਰਣਾ ਲੈਣਾ ਹੀ ਪਿਆ।
ਧਾਲੀਵਾਲ ਕਹਿ ਰਿਹਾ ਸੀ, "ਈ-ਮੇਲ ਪੜ੍ਹਦਿਆਂ ਹੀ ਮੈਂ ਲੰਡਨ ਰਹਿੰਦੇ ਆਪਣੇ ਪੁੱਤਰ ਨੂੰ ਕਿਹੈ ਕਿ ਉਹ ਇਸ ਪਤੇ 'ਤੇ ਸੰਪਰਕ ਕਰਕੇ ਜਿਵੇਂ ਵੀ ਹੋਵੇ ਪੈਸੇ ਦੇ ਕੇ ਆਵੇ ਜਾਂ ਭੇਜੇ। ਪਰ ਮੁੰਡੇ ਨੂੰ ਫ਼ੋਨ ਕਰਕੇ ਮੇਰੇ ਮਨ ਵਿੱਚ .ਖਿਆਲ ਆਇਆ ਕਿ ਕਨੇਡਾ ਸੁਪਨ ਨੂੰ ਫ਼ੋਨ ਕਰਕੇ ਪੁੱਛ ਵੀ ਲਵਾਂ। ਆਹ ਤਾਂ ਸ਼ੁਕਰ ਹੋਇਆ। ਮੈਂ ਹੁਣੇ ਹੀ ਮੁੰਡੇ ਨੂੰ ਫ਼ੋਨ ਕਰਕੇ ਦੱਸਦਾਂ। ਖ਼ਿਆਲ ਤਾਂ ਆਇਆ ਸੀ ਕਿ ਤੂੰ ਆਵੇਂ ਇੰਗਲੈਂਡ ਤੇ ਸਾਨੂੰ ਪਤਾ ਨਾ ਹੋਵੇ! ਯਾਰ! ਤੂੰ ਤਾਂ ਸਾਡਾ ਮਾਣ ਏਂ। ਇਸ ਕਰਕੇ ਹੋਰ ਕੋਈ ਦੂਜਾ ਖ਼ਿਆਲ ਜ਼ੋਰ ਈ ਨਹੀਂ ਫੜ੍ਹ ਸਕਿਆ। ਤੇਰੇ ਕੰਮ ਆਉਣ ਦਾ ਕੀਹਨੂੰ ਚਾਅ ਨਹੀਂ ਹੋਵੇਗਾ! ਤੇਰੇ ਸਿਰ ਤੋਂ ਤਾਂ ਕਈ ਜਣੇ ਪੈਸੇ ਵਾਰ ਕੇ ਦੇਣ ਲਈ ਤਿਆਰ ਹੋਣਗੇ।"
ਇਸ ਵੇਲੇ ਤੱਕ ਚਾਰ ਵੱਜ ਚੁੱਕੇ ਸਨ।
ਸੁਪਨ ਹੁਰਾਂ ਨੇ ਪੁਲਿਸ ਨਾਲ ਫ਼ੋਨ 'ਤੇ ਸੰਪਰਕ ਕੀਤਾ ਤਾਂ ਅੱਗੋਂ ਜਵਾਬ ਮਿਲਿਆ, "ਇਹ ਕੇਸ ਸਾਡੇ ਅਧੀਨ ਨਹੀਂ ਆਉਂਦਾ। ਤੁਸੀਂ ਫਰਾਡਾਂ ਨਾਲ ਨਜਿੱਠਣ ਵਾਲੇ ਪੁਲਿਸ ਸੈੱਲ ਨਾਲ ਸੰਪਰਕ ਕਰੋ। ਪਰ ਕਿਉਂਕਿ ਕੱਲ੍ਹ ਤੋਂ ਲੌਂਗ ਵੀਕ-ਐਂਡ ਸ਼ੁਰੂ ਹੋ ਰਿਹਾ ਹੈ ਇਸ ਲਈ ਸੰਭਵ ਹੈ ਕਿ ਓਥੇ ਤੁਹਾਨੂੰ ਕੋਈ ਮਿਲ ਨਾ ਸਕੇ!"
ਔਰਤ ਪਿਲਸ ਕਾਂਸਟੇਬਲ ਨੇ ਫ਼ੋਨ ਦਾ ਸੰਪਰਕ ਫ਼ਰਾਡ ਵਿਭਾਗ ਵੱਲ ਟਰਾਂਸਫ਼ਰ ਕਰ ਦਿੱਤਾ। ਸਾਡੇ ਵੱਲੋਂ ਓਥੇ ਸਾਰੀ ਘਟਨਾ ਦਾ ਵੇਰਵਾ ਦੇ ਕੇ ਮੈਸਜ ਛੱਡ ਦਿੱਤਾ ਗਿਆ ਤੇ ਅਗਲੀ ਕਾਰਵਾਈ ਲਈ ਅਸੀਂ ਉਹਨਾਂ ਦਾ ਉੱਤਰ ਉਡੀਕਣ ਲੱਗੇ।
ਕੋਈ ਉੱਤਰ ਨਾ ਆਇਆ। ਇਹ ਵੀ ਅਜੀਬ ਗੱਲ ਪਤਾ ਲੱਗੀ ਕਿ 'ਲੌਂਗ ਵੀਕ-ਐਂਡ ਹੋਣ ਕਰਕੇ ਓਥੇ ਕੋਈ ਨਹੀਂ ਹੋ ਸਕਦਾ!' ਇੰਡੀਆ ਦੇ ਦਫ਼ਤਰਾਂ ਵਿੱਚ ਤਾਂ ਸੁਣਦੇ ਤੇ ਵੇਖਦੇ ਹਾਂ ਕਿ ਪੰਜ ਵਜੇ ਛੁੱਟੀ ਹੋਣੀ ਹੋਵੇ ਤਾਂ ਕਲਰਕ ਪਾਤਸ਼ਾਹ ਚਾਰ ਵਜੇ ਹੀ ਰੋਟੀ ਵਾਲਾ ਡੱਬਾ ਫੜ੍ਹ ਕੇ ਘਰ ਨੂੰ ਖ਼ਿਸਕਣ ਦੀ ਤਿਆਰੀ ਵਿੱਚ ਹੁੰਦੇ ਹਨ। ਇਹ ਤਾਂ ਕਨੇਡਾ ਸੀ ਜਿੱਥੇ 'ਸਮੇਂ ਦੀ ਕਦਰ' ਅਤੇ ਕਰਮਚਾਰੀਆਂ ਦੀ ਫ਼ਰਜ਼-ਸੱਨਾਸ਼ੀ ਦੀਆਂ ਕਹਾਣੀਆਂ ਮਿੱਥ ਵਾਂਗ ਪ੍ਰਚਲਿਤ ਹਨ।
ਥੋੜ੍ਹੀ ਦੇਰ ਪਿੱਛੋਂ ਬਰਮਿੰਘਮ ਤੋਂ ਸਵਰਨ ਚੰਦਨ ਮਝੈਲੀ ਮਾਣ ਨਾਲ ਕਹਿੰਦਾ, "ਮੈਂ ਆਖਿਆ, ਮੇਰਾ ਮਝੈਲ ਭਾਊ ਆਵੇ ਵਲੈਤ ਤੇ ਉਹਦੀ 'ਬੇਬੇ' ਨੂੰ ਪਤਾ ਨਾ ਹੋਵੇ ਉਹਦੇ ਆਉਣ ਦਾ, ਇਹ ਕਦੀ ਹੋ ਨਹੀਂ ਸਕਦਾ! ਪੈਸਿਆਂ ਦੇ ਲੈਣ ਦੇਣ ਦੀ ਤਾਂ ਗੱਲ ਹੀ ਬਾਅਦ ਦੀ ਹੈ!" 'ਬੇਬੇ' ਦਾ ਖ਼ਿਤਾਬ ਮੈਂ ਹੀ ਚੰਦਨ ਨੂੰ ਦਿੱਤਾ ਸੀ। ਲੈਸਟਰ ਵਿੱਚ ਹੋਈ ਵਿਸ਼ਵ ਕਾਨਫਰੰਸ 'ਤੇ ਗਿਆਂ ਚੰਦਨ ਨੇ ਹਵਾਈ ਜਹਾਜ਼ ਤੋਂ ਉੱਤਰਦਿਆਂ ਹੀ ਬਾਕੀ ਵਫ਼ਦ ਨਾਲੋਂ ਮੈਨੂੰ ਤੇ ਰਜਨੀਸ਼ ਬਹਾਦਰ ਨੂੰ ਨਿਖੇੜ ਕੇ ਇੱਕ ਪਾਸੇ ਕਰਦਿਆਂ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਕਿਹਾ ਸੀ, "ਇਹ ਨਗ਼, ਨਹੀਂ ਸੱਚ ਨਗ਼ੀਨੇ, ਮੇਰੇ ਮਹਿਮਾਨ ਹੋਣਗੇ। ਬਾਕੀ ਵਫ਼ਦ ਤੁਸੀਂ ਲੈ ਜਾਓ ਸਾਰਾ।" ਅਸੀਂ ਹਫ਼ਤਾ ਭਰ ਉਸਦੇ ਘਰ ਰਹੇ ਸਾਂ। ਛੜਿਆਂ ਦੀ ਬਹਿਕ! ਚੰਦਨ ਤੜਕਾ ਲਾ ਕੇ ਮਸਾਲੇਦਾਰ ਦਾਲਾਂ ਤੇ ਸਬਜ਼ੀਆਂ ਬਣਾਉਂਦਾ। ਆਪਣੇ ਹੱਥੀਂ ਰਾੜ੍ਹ ਰਾੜ੍ਹ ਫ਼ੁਲਕੇ ਲਾਹੁੰਦਾ। ਉਸਨੇ ਸਾਨੂੰ 'ਬੇਬੇ' ਵਰਗਾ ਮੋਹ ਦੇ ਕੇ ਇਹ ਖ਼ਿਤਾਬ 'ਹਾਸਲ' ਕੀਤਾ ਸੀ ਜੋ ਉਸਨੂੰ ਅੱਜ ਵੀ ਯਾਦ ਸੀ। ਇਸੇ ਕਰਕੇ ਇਸ ਈ-ਮੇਲ ਵਿਚਲਾ ਸੁਨੇਹਾਂ ਉਹਦੇ ਮੰਨਣ ਵਿੱਚ ਆਉਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ।
ਮੈਂ 'ਸੀਰਤ' ਦੀ ਵੈੱਬ ਸਾਈਟ 'ਤੇ 'ਇਸ ਈ-ਮੇਲ ਤੋਂ ਸਾਵਧਾਨ ਹੋਣ' ਦੀ ਸੂਚਨਾ ਲਾਉਣ ਲਈ 'ਸੀਰਤ' ਦੇ ਵੈੱਬਡਿਜ਼ਾਈਨਰ ਗੁਰਦੀਪ ਨੂੰ ਇੰਡੀਆ ਸੁਨੇਹਾਂ ਦਿੱਤਾ ਤਾਂ ਉਸਨੇ ਵੀ ਦੱਸਿਆ ਕਿ ਈ-ਮੇਲ ਉਸਨੂੰ ਵੀ ਆਈ ਹੋਈ ਹੈ।
ਅਗਲੀ ਸਵੇਰੇ ਉੱਠਦਿਆਂ ਹੀ ਮੈਨੂੰ ਇਹ ਵੇਖ ਕੇ ਤਸੱਲੀ ਹੋਈ ਕਿ 'ਸੀਰਤ' ਦੀ ਸਾਈਟ 'ਤੇ ਸੂਚਨਾ ਲੱਗ ਗਈ ਸੀ। ਜ਼ਾਹਿਰ ਸੀ ਕਿ ਜਿਹੜੇ ਪਾਠਕ 'ਸੀਰਤ' ਨੂੰ ਸਾਈਟ ਤੋਂ ਪੜ੍ਹਦੇ ਸਨ ਉਹਨਾ ਤੱਕ ਸੁਨੇਹਾਂ ਪਹੁੰਚ ਜਾਵੇਗਾ। ਕਿਰਪਾਲ ਸਿੰਘ ਪੰਨੂੰ ਨੇ 'ਲਿਖਾਰੀ' ਦੀ ਸਾਈਟ 'ਤੇ ਲਾਉਣ ਲਈ ਵੀ ਸੂਚਨਾ ਭੇਜ ਦਿੱਤੀ ਸੀ। ਬਹੁਤ ਸਾਰੇ ਮਿੱਤਰਾਂ ਨੂੰ ਕੀਤੀਆਂ ਈ-ਮੇਲਾਂ ਰਾਹੀਂ ਤੇ ਮੂੰਹੋਂ ਮੂੰਹ ਦਿੱਤੇ ਸੁਨੇਹਿਆਂ ਰਾਹੀਂ ਸੂਚਨਾ ਪਹੁੰਚ ਚੁੱਕੀ ਸੀ। 'ਸੀਰਤ' ਦੀ ਸਾਈਟ ਵੇਖ ਕੇ ਕਈਆਂ ਨੇ, ਜਿਨ੍ਹਾਂ ਸਾਡੇ ਨਾਲ ਸੰਪਰਕ ਸਾਧਣ ਤੋਂ ਬਿਨਾਂ ਹੀ, ਨਕਲੀ ਵਰਿਆਮ ਸੰਧੂ ਨਾਲ ਪੈਸੇ ਭੇਜਣ ਲਈ ਸੰਪਰਕ ਸਥਾਪਤ ਕੀਤਾ ਹੋਇਆ ਸੀ, ਉਸ ਨਾਲ ਕੀਤੀ ਜਾਣ ਵਾਲੀ ਈ-ਮੇਲ ਪੱਤਰੀ ਬੰਦ ਕਰ ਦਿੱਤੀ ਅਤੇ ਇਸਦੀ ਸੂਚਨਾ ਸਾਨੂੰ ਦੇਣੀ ਸ਼ੁਰੂ ਕਰ ਦਿੱਤੀ। ਮੈਂ ਉਹਨਾਂ ਵੱਲੋਂ 'ਵਰਿਆਮ ਸੰਧੂ' ਨਾਲ ਸਾਧੇ ਸੰਪਰਕ ਦੀਆਂ ਫਾਰਵਰਡ ਕੀਤੀਆਂ ਕਾਪੀਆਂ ਪੜ੍ਹ ਰਿਹਾ ਸਾਂ। ਇਹਨਾਂ ਵਿੱਚ ਗੁਰਪ੍ਰੀਤ- 'ਵਰਿਆਮ ਸੰਧੂ' ਦੀ ਈ-ਮੇਲ ਪੱਤਰੀ ਦਾ ਦੁਹਰਾਓ ਹੀ ਸੀ। ਸਭ ਦੀ ਚਿੰਤਾ ਗੁਰਪ੍ਰੀਤ ਵਰਗੀ ਸੀ ਅਤੇ 'ਵਰਿਆਮ ਸੰਧੂ' ਵੱਲੋਂ ਉਂਝ ਹੀ ਵੈਸਟਰਨ ਯੂਨੀਅਨ ਵਾਲੀ ਵਿਧੀ ਰਾਹੀਂ ਪੈਸੇ ਭੇਜਣ 'ਤੇ ਜ਼ੋਰ ਸੀ। ਸਿਰਫ਼ ਲਫ਼ਜ਼ਾਂ ਦਾ ਹੀ ਵਾਧਾ-ਘਾਟਾ ਸੀ।
ਰੂਪ ਕੱਲ੍ਹ ਤੋਂ ਜ਼ੋਰ ਪਾਈ ਜਾ ਰਹੀ ਸੀ ਅਖਬਾਰਾਂ ਨੂੰ ਖ਼ਬਰ ਦੇਣ ਲਈ, "ਡੈਡੀ ਤੁਸੀਂ ਆਖੇ ਨਹੀਂ ਲੱਗਦੇ ਛੇਤੀ। ਖ਼ਬਰ ਵੀ ਦਿਓ ਤੇ ਜੇ ਪੁਲਿਸ ਨੇ ਜਵਾਬ ਨਹੀਂ ਵੀ ਦਿੱਤਾ ਤਾਂ ਪੁਲਿਸ ਕੋਲ ਆਪ ਜਾ ਕੇ ਰੀਪੋਰਟ ਲਿਖਾਓ। ਮੇਰੀ ਗੱਲ ਮੰਨੋ। ਕੱਲ੍ਹ ਨੂੰ ਕੋਈ ਇਹ ਵੀ ਕਹਿ ਸਕਦਾ ਹੈ ਕਿ ਮੈਂ ਤੁਹਾਨੂੰ ਪੈਸੇ ਭੇਜੇ ਸਨ। ਤੁਸੀਂ ਹੀ ਮੇਰੇ ਨਾਲ ਫ਼ਰਾਡ ਕੀਤਾ ਹੈ। ਤੁਹਾਡੇ ਕੋਲ ਰੀਕਾਰਡ ਹੋਣਾ ਚਾਹੀਦੈ ਕਿ ਉਹ ਬੰਦਾ ਮੈਂ ਨਹੀਂ ਸਾਂ।"
ਉਸਨੇ ਮੰਮੀ ਆਪਣੀ 'ਤੇ ਵੀ ਜ਼ੋਰ ਪਾਇਆ ਤਾਂ ਉਹ ਵੀ ਮੇਰੇ ਦਵਾਲੇ ਹੋ ਗਈ, "ਤੁਸੀਂ ਉਸ ਮੁੰਡੇ ਨੂੰ ਨਾਲ ਲਵੋ ਜਿਸਦੀ ਈ-ਮੇਲ ਚੋਰੀ ਹੋਈ ਸੀ। ਉਹਨੂੰ ਪਤਾ ਹੋਊ ਕਿਵੇਂ ਤੇ ਕਿੱਥੇ ਜਾਣੈ। ਸੁਪਨ ਤੇ ਸੁਖਮਿੰਦਰ ਵੀ ਘਰ ਈ ਨੇ। ਮੈਂ ਸੁਖਮਿੰਦਰ ਨੂੰ ਕਿਹੈ। ਉਹ ਵੀ ਨਾਲ ਜਾਣ ਲਈ ਤਿਆਰ ਹੋ ਰਹੀ ਏ।"
ਉਹ ਜਿਸ ਮੁੰਡੇ ਦਾ ਹਵਾਲਾ ਦੇ ਰਹੀ ਸੀ ਉਹ ਉਂਕਾਰਪ੍ਰੀਤ ਸੀ। ਕੱਲ੍ਹ ਉਂਕਾਰਪ੍ਰੀਤ ਨੇ ਹੀ ਮੈਨੂੰ ਦੱਸਿਆ ਸੀ ਕਿ ਕੁਝ ਸਾਲ ਪਹਿਲਾਂ ਕਿਸੇ ਜਾਣ-ਪਛਾਣ ਵਾਲੇ ਬੰਦੇ ਨੇ ਹੀ ਉਸਦਾ ਈ-ਮੇਲ ਪਤਾ ਵੀ ਚੋਰੀ ਕਰ ਲਿਆ ਸੀ ਤੇ ਉਸ ਪਤੇ ਤੋਂ ਉਂਕਾਰਪ੍ਰੀਤ ਵੱਲੋਂ ਕਿਸੇ ਹੋਰ ਸਾਂਝੇ ਜਾਣ-ਪਛਾਣ ਵਾਲੇ ਬੰਦੇ ਨੂੰ ਗੰਦੀਆਂ ਈ-ਮੇਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਉਦੋਂ ਉਸਨੇ ਪੁਲਿਸ ਨੂੰ ਕੇਸ ਦਿੱਤਾ ਸੀ ਤੇ ਬੰਦੇ ਦਾ ਪਤਾ ਵੀ ਲਾ ਲਿਆ ਸੀ। ਮੈਂ ਉਂਕਾਰਪ੍ਰੀਤ ਨੂੰ ਫ਼ੋਨ ਕੀਤਾ ਕਿ ਉਹ ਵੀ ਸਾਡੇ ਨਾਲ ਪੁਲਿਸ ਦੇ ਦਫ਼ਤਰ ਜਾਵੇ। ਉਸਨੇ ਕਿਹਾ ਕਿ ਉਹ ਛੇਤੀ ਹੀ ਆ ਰਿਹਾ ਹੈ।
ਪੁਲਿਸ ਕੋਲ ਜਾਣ ਲਈ ਮੈਂ ਤਿਆਰ ਹੋ ਕੇ ਬੈਠਾ ਸਾਂ ਅਤੇ 'ਬਚਾ' ਹੋਣ ਕਰ ਕੇ ਤਸੱਲੀ ਵਿੱਚ ਸਾਂ ਕਿ ਬਰੈਂਪਟਨ (ਕਨੇਡਾ) ਤੋਂ ਕਹਾਣੀਕਾਰ ਕੁਲਜੀਤ ਮਾਨ ਦਾ ਫ਼ੋਨ ਆਇਆ, "ਭਾ ਜੀ! ਮੈਂ ਤਾਂ ਠੱਗਿਆ ਗਿਆ! ਮੈਂ ਤਾਂ ਪੈਸੇ ਭੇਜ ਵੀ ਬੈਠਾਂ ਉਸਨੂੰ।"
"ਓ ਭਲਿਆ ਲੋਕਾ! ਇਹ ਕੀ ਕਰ ਬੈਠਾ ਤੂੰ।" ਮੈਂ ਮੱਥੇ 'ਤੇ ਹੱਥ ਮਾਰਿਆ, "ਤੂੰ ਤਾਂ ਐਥੇ ਬੈਠਾ ਸੈਂ, ਗਵਾਂਢ ਵਿਚ। ਘਰ ਫ਼ੋਨ ਕਰ ਕੇ ਪਤਾ ਕਰ ਲੈਂਦੋਂ। ਇਹ ਤਾਂ ਬੜੀ ਮਾੜੀ ਗੱਲ ਹੋਈ ਯਾਰ! ਅੱਛਾ ਤੂੰ ਹੁਣ ਐਂ ਕਰ। ਅਸੀਂ ਪੁਲਿਸ ਕੋਲ ਰੀਪੋਰਟ ਲਿਖਾਉਣ ਚੱਲੇ ਆਂ, ਤੂੰ ਛੇਤੀ ਆ ਜਾ ਸਾਡੇ ਵੱਲ। 'ਕੱਠੇ ਚੱਲਦੇ ਆਂ।"
ਕੁਲਜੀਤ ਤੇ ਉਂਕਾਰਪ੍ਰੀਤ ਪਹੁੰਚ ਗਏ।
ਕੁਲਜੀਤ ਨਾਲ ਮੇਰੀ ਕੋਈ ਪੁਰਾਣੀ ਤੇ ਪੀਚਵੀਂ ਸਾਂਝ ਨਹੀਂ ਜਿਸ ਦੇ ਆਧਾਰ 'ਤੇ ਮੈਨੂੰ ਪੈਸੇ ਭੇਜਣਾ ਉਸ ਲਈ ਜ਼ਰੂਰੀ ਹੁੰਦਾ ਜਾਂ ਉਸਦੀ ਮਜਬੂਰੀ ਹੁੰਦਾ। ਅਸੀਂ ਏਥੇ ਕਨੇਡਾ ਵਿੱਚ ਹੀ ਸਾਹਿਤਕ ਸਮਾਗਮਾਂ 'ਤੇ ਅੱਠ-ਦਸ ਵਾਰ ਮਿਲੇ ਹਾਂ। ਕਦੀ ਇਕ-ਦੂਜੇ ਦੇ ਘਰ ਵੀ ਆਉਣ-ਜਾਣ ਨਹੀਂ ਹੋਇਆ। ਉਂਝ ਉਹ ਕਹਾਣੀਕਾਰ ਵਜੋਂ ਮੈਨੂੰ ਆਦਰ ਦਿੰਦਾ ਹੈ। ਮਝੈਲੀ ਅੰਦਾਜ਼ ਵਿੱਚ ਵੱਡੇ ਭਰਾ ਨੂੰ ਬੁਲਾਉਣ ਵਾਂਗ 'ਭਾ ਜੀ' ਆਖਦਾ ਹੈ। ਚਾਰ-ਪੰਜ ਸਾਲ ਪਹਿਲਾਂ ਹੀ ਉਹ ਏਥੇ ਮੇਰੇ ਸੰਪਰਕ ਵਿੱਚ ਆਇਆ ਸੀ। ਜਾਣ-ਪਛਾਣ ਹੋਣ ਉਪਰੰਤ ਉਹ ਇੰਡੀਆ ਗਿਆ ਤਾਂ ਮੈਂ ਸੋਚਿਆ ਸੀ ਕਿ ਸ਼ਾਇਦ ਉਹ ਮੈਨੂੰ ਵੀ ਮਿਲਣ ਜਲੰਧਰ ਆਵੇਗਾ। ਪਰ ਉਹ ਨਹੀਂ ਸੀ ਆਇਆ। ਬਾਅਦ ਵਿੱਚ ਮੇਰੇ ਪੁੱਛਣ ਤੇ ਕਹਿੰਦਾ ਸੀ, "ਮੈਂ ਸੋਚਿਆ, ਭਾ ਜੀ ਵੱਡੇ ਬੰਦੇ ਨੇ। ਕੀ ਪਤਾ ਮਿਲਣਾ ਚਾਹੁਣ ਵੀ ਜਾਂ ਨਾ।" ਪਰ ਅਸਲੀ ਗੱਲ ਉਸਨੇ ਹੋਰ ਬਾਅਦ ਵਿੱਚ ਇਹ ਦੱਸੀ ਕਿ ਮੇਰੇ ਬੋਲਾਂ ਦੀ ਕਰੜਾਈ ਤੇ ਚਿਹਰੇ ਦੀ ਸਖ਼ਤਾਈ ਤੋਂ ਉਸਨੂੰ ਲੱਗਦਾ ਸੀ ਕਿ ਮੇਰੇ ਕੋਲ ਦੋਸਤੀ ਲਈ ਰਾਹ ਦੇਣ ਵਾਲੀ ਵਿਰਲ ਤੇ ਲਚਕ ਨਹੀਂ। ਪਿਛਲੇਰੇ ਸਾਲ ਮੈਂ ਉਸਦੀ ਕਿਤਾਬ 'ਤੇ ਹੋਏ ਸਮਾਗਮ ਸਮੇਂ ਪ੍ਰਧਾਨਗੀ-ਭਾਸ਼ਨ ਵਜੋਂ ਕੁਝ ਸ਼ਬਦ ਆਖੇ ਸਨ ਅਤੇ ਉਸਦਾ ਕਹਾਣੀ-ਸੰਗ੍ਰਹਿ 'ਵਿਚਲੀ ਉਂਗਲ' ਰਿਲੀਜ਼ ਕਰਨ ਦੀ ਜ਼ਿੰਮੇਵਾਰੀ ਨਿਭਾਈ ਸੀ। ਪਿਛਲੇ ਸਾਲ ਤੋਂ ਤਾਂ ਉਹ ਪੀਜ਼ੇ ਦੇ ਬਿਜ਼ਨਸ ਵਿੱਚ ਰੁੱਝਾ ਰਹਿਣ ਕਰਕੇ ਕਿਸੇ ਸਾਹਿਤਕ ਮਿਲਣੀ ਵਿੱਚ ਵੀ ਨਹੀਂ ਸੀ ਆਇਆ। ਦੋ-ਢਾਈ ਮਹੀਨੇ ਪਹਿਲਾਂ ਇਥੋਂ ਦੇ ਕਹਾਣੀਕਾਰਾਂ ਦੇ ਛੋਟੇ ਇਕੱਠ ਵਿੱਚ ਉਹ ਮਿਲਿਆ ਤਾਂ ਉਸਦੀ ਹਾਜ਼ਰੀ 'ਤੇ ਹੈਰਾਨੀ ਪ੍ਰਗਟਾਉਣ 'ਤੇ ਉਸਨੇ ਦੱਸਿਆ ਸੀ ਕਿ ਪੀਜ਼ੇ ਦੇ ਬਿਜ਼ਨਸ ਵਿੱਚ ਉਸਨੂੰ ਬਹੁਤ ਵੱਡਾ ਘਾਟਾ ਪੈ ਗਿਆ ਸੀ। ਬਿਜ਼ਨਸ ਵਿੱਚ ਉਸਦੇ ਭਿਆਲ ਨੇ ਉਸ ਨਾਲ ਬਹੁਤ ਵੱਡੀ ਠੱਗੀ ਮਾਰ ਲਈ ਸੀ। ਉਸ ਕਾਰੋਬਾਰ ਤੋਂ 'ਜਿੰਨਾਂ ਨ੍ਹਾਤੀ ਓਨਾ ਪੁੰਨ' ਵਾਲੀ ਗੱਲ ਬਣਨ 'ਤੇ ਅਲੱਗ ਹੋ ਗਿਆ ਸੀ ਤੇ ਹੁਣ ਤਾਂ ਆਪਣੇ ਲਈ 'ਜੌਬ' ਲੱਭਦਾ ਫਿਰਦਾ ਸੀ। ਉਸ ਵੱਲੋਂ ਓਥੇ ਪੜ੍ਹੀ ਕਹਾਣੀ ਬਾਰੇ ਮੈਂ ਆਪਣੀ ਰਾਇ ਦਿੱਤੀ ਸੀ ਤਾਂ ਉਸਨੇ ਮੈਨੂੰ ਈ-ਮੇਲ ਕੀਤੀ ਕਿ ਉਹ ਮੇਰੀ ਰਾਇ ਦਾ ਸਦਾ ਹੀ ਬੜਾ ਆਦਰ ਕਰਦਾ ਹੈ।। ਹੁਣ ਉਸਨੇ ਨਵੀਂ ਕਹਾਣੀ ਲਿਖੀ ਸੀ ਤੇ ਅਜੇ ਹਫ਼ਤਾ ਪਹਿਲਾਂ ਹੀ ਮੇਰੀ ਰਾਇ ਜਾਨਣ ਲਈ ਭੇਜੀ ਸੀ। ਉਹ ਕਹਿੰਦਾ ਸੀ ਕਿ ਮੇਰੀ ਰਾਇ ਦੀ ਉਸਦੀ ਨਜ਼ਰ ਵਿੱਚ ਗੁਰੂਆਂ ਦੇ ਬੋਲ ਵਰਗੀ ਕਦਰ ਹੈ। ਉਸ ਅਨੁਸਾਰ ਉਸਨੂੰ ਕੇਵਲ ਮੇਰੀ ਰਾਇ ਦੀ ਲੋੜ ਸੀ, ਉਂਝ ਉਹ ਕਿਸੇ ਟੁੰਡੀ-ਲਾਟ ਦੀ ਸਲਾਹ ਦੀ ਪ੍ਰਵਾਹ ਨਹੀਂ ਕਰਦਾ।
ਉਸਦੇ ਹੱਥ ਵਿੱਚ ਭੇਜੇ ਗਏ ਪੈਸਿਆਂ ਦੇ ਹਵਾਲੇ ਵਾਲੇ ਕਾਗ਼ਜ਼ ਪੱਤਰ ਸਨ।
ਉਂਕਾਰਪ੍ਰੀਤ ਨੇ ਉਸਨੂੰ ਸਾਵਧਾਨ ਕਰਨ ਲਈ ਕੱਲ੍ਹ ਈ-ਮੇਲ ਵੀ ਕੀਤੀ ਸੀ। ਫਿਰ ਵੀ ਇਹ ਕਿਵੇਂ ਵਾਪਰ ਗਿਆ?
"ਉਹ ਈ-ਮੇਲ ਤਾਂ ਮੈਂ ਹੁਣ ਅੱਜ ਸਵੇਰੇ ਵੇਖੀ ਤਾਂ ਹੀ ਪਤਾ ਲੱਗੈ। ਇਹ ਮੇਰਾ ਦੂਜਾ ਈ-ਮੇਲ ਪਤਾ ਹੈ। ਮੈਂ ਤਾਂ ਆਪਣੇ ਹੌਟਮੇਲ ਵਾਲੇ ਪਤੇ 'ਤੇ ਜਿਉਂ ਬੈਠਾਂ 'ਉਸ' ਨਾਲ ਚਿੱਠੀ-ਪੱਤਰ ਕਰਨ ਕਿ ਹੋਰ ਕਿਸੇ ਪਾਸੇ ਧਿਆਨ ਹੀ ਨਹੀਂ ਗਿਆ। ਨਹੀਂ ਤਾਂ ਅੱਗੇ ਇਹ ਦੂਜੀ ਈ-ਮੇਲ ਵੀ ਮੈਂ ਰੋਜ਼ ਖੋਲ੍ਹ ਕੇ ਵੇਖਦਾਂ।"
ਠੀਕ ਹੀ ਸੀ, ਜੇ ਉਸਨੂੰ ਦੂਜੀ ਈ-ਮੇਲ ਖੋਲ੍ਹਣ ਦਾ ਖ਼ਿਆਲ ਤੱਕ ਨਹੀਂ ਸੀ ਆਇਆ ਤਾਂ ਉਸਨੂੰ ਸਾਡੇ ਘਰ ਫ਼ੋਨ ਕਰਕੇ ਹਕੀਕਤ ਜਾਣ ਲੈਣ ਦਾ ਖ਼ਿਆਲ ਕਿੱਥੋਂ ਆਉਣਾ ਸੀ!
"ਇੱਕ ਵਾਰ ਮੇਰੇ ਮਨ ਵਿੱਚ ਖ਼ਿਆਲ ਆਇਆ ਤਾਂ ਸੀ ਕਿ ਭਾ ਜੀ ਨੇ ਮੇਰੇ ਕੋਲੋਂ ਹੀ ਪੈਸੇ ਕਿਉਂ ਮੰਗਣੇ ਸਨ! ਉਹਨਾਂ ਨੂੰ ਤਾਂ ਮੇਰੀ ਆਰਥਕ ਹਾਲਤ ਦਾ ਵੀ ਪਤਾ ਈ ਸੀ। ਉਂਝ ਵੀ ਭਾ ਜੀ ਨੇ ਜੇ ਏਥੋਂ ਹੀ ਕਿਸੇ ਤੋਂ ਪੈਸੇ ਮੰਗਣੇ ਸਨ ਤਾਂ ਮੇਰੇ ਤੋਂ ਪਹਿਲਾਂ ਹੋਰ ਕਈ ਬੰਦੇ ਹੋ ਸਕਦੇ ਨੇ। ਪਰ ਫਿਰ ਖ਼ਿਆਲ ਆਇਆ, 'ਨਹੀਂ, ਜੇ ਭਾ ਜੀ ਨੇ ਮੇਰੇ 'ਤੇ ਮਾਣ ਕਰਕੇ ਮੈਨੂੰ ਹੀ ਆਖਿਐ ਤਾਂ ਪੈਸੇ ਵੀ ਮੈਂ ਭੇਜਾਂਗਾ ਈ। ਮੇਰੇ ਤਾਂ ਕਰੈਡਿਟ ਕਾਰਡ 'ਤੇ ਵੀ ਸਾਰੇ ਅੱਠ ਸੌ ਡਾਲਰ ਸਨ। ਕਾਰਡ ਦਾ ਨੰਬਰ ਭੇਜ ਕੇ ਉਸਨੂੰ ਕਿਹਾ ਕਿ ਅੱਠ ਸੌ ਤੁਸੀਂ ਕਰੈਡਿਟ ਕਾਰਡ ਤੋਂ ਕਢਵਾ ਲਵੋ, ਬਾਕੀ ਮੈਂ ਵੈਸਟਰਨ ਯੂਨੀਅਨ ਰਾਹੀਂ ਭੇਜ ਦਿੰਦਾ ਹਾਂ। ਜਵਾਬ ਆਇਆ ਕਿ ਨਹੀਂ, ਸਾਰੇ ਪੈਸੇ ਹੀ ਵੈਸਟਰਨ ਯੂਨੀਅਨ ਰਾਹੀਂ ਭੇਜੋ, ਕਰੈਡਿਟ ਕਾਰਡ ਨਹੀਂ ਚੱਲਣਾ। ਸੱਚੀ ਗੱਲ ਤਾਂ ਇਹ ਹੈ, ਇਸ ਅੱਠ ਸੌ ਡਾਲਰ ਤੋਂ ਬਿਨਾਂ ਤਾਂ ਮੇਰੇ ਕੋਲ ਪੈਸਾ ਵੀ ਨਹੀਂ ਸੀ। ਬਾਰਾਂ ਸੌ ਡਾਲਰ ਕਿਸੇ ਤੋਂ ਫੜ੍ਹਿਆ ਤੇ ਵੈਸਟਰਨ ਯੂਨੀਅਨ ਰਾਹੀਂ ਪੈਸੇ ਭੇਜ ਕੇ ਉਸਨੂੰ ਨੰਬਰ ਦਿੱਤਾ। ਰਾਤ ਇੱਕ ਵਜੇ ਤੱਕ ਕੰਪਿਊਟਰ 'ਤੇ ਬੈਠਾ ਉਹਦਾ ਜਵਾਬ ਉੇਡੀਕਦਾ ਰਿਹਾ। ਰਾਤ ਇੱਕ ਵਜੇ ਉਸਨੇ ਧੰਨਵਾਦ ਕਰਦਿਆਂ ਲਿਖਿਆ ਕਿ ਉਸਨੂੰ ਦੋ ਹਜ਼ਾਰ ਡਾਲਰ ਮਿਲ ਗਏ ਨੇ ਤਾਂ ਜਾ ਕੇ ਮੈਂ ਸੁਰਖਰੂ ਹੋ ਕੇ ਸੁੱਤਾ ਕਿ ਚਲੋ ਭਾ ਜੀ ਦਾ ਬਚਾ ਹੋ ਗਿਆ।"
ਚਾਹ ਪੀ ਕੇ ਉਹ ਦੋਵੇਂ ਅਤੇ ਸੁਪਨ ਤੇ ਮੈਂ ਪੁਲਿਸ ਸਟੇਸ਼ਨ ਵੱਲ ਚੱਲ ਪਏ। ਸੁਖਮਿੰਦਰ ਨੂੰ ਅਸੀਂ ਘਰ ਹੀ ਰਹਿਣ ਦਿੱਤਾ।
ਰਾਹ ਵਿੱਚ ਹੀ ਪਟਿਆਲੇ ਤੋਂ ਬਲਦੇਵ ਧਾਲੀਵਾਲ ਦਾ ਫ਼ੋਨ ਆ ਗਿਆ। ਉਹ ਦੱਸ ਰਿਹਾ ਸੀ ਕਿ ਪਿਛਲੇ ਦਿਨਾਂ ਵਿੱਚ ਉਹਨਾਂ ਦਾ ਪਰਿਵਾਰ ਵੀ ਇਸੇ ਤਰ੍ਹਾਂ ਦੀ ਬੜੀ ਤਕਲੀਫ਼-ਦੇਹ ਸਥਿਤੀ ਵਿਚੋਂ ਗੁਜ਼ਰਿਆ ਹੈ। ਕਿਸੇ ਨੇ ਉਸਦੇ ਬੇਟੇ ਆਸ਼ੂ ਦਾ ਈ-ਮੇਲ ਚੁਰਾ ਕੇ ਉਸ ਵੱਲੋਂ ਹੋਰਨਾਂ ਨੂੰ ਅਸ਼ਲੀਲ ਤਸਵੀਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹਨਾਂ 'ਤੇ ਪੁਲਿਸ ਕੇਸ ਹੋ ਗਿਆ ਸੀ। ਇੱਟ ਪੁਲਿਸ ਦੇ ਖੂਹ ਵਿੱਚ ਡਿੱਗੀ ਸੀ ਤਾਂ ਗਿੱਲੀ ਹੋ ਕੇ ਤਾਂ ਨਿਕਲਣੀ ਹੀ ਸੀ। ਉਹਨਾਂ ਦਾ ਪੈਸਾ ਵੀ ਖ਼ਰਚ ਹੋਇਆ, ਪਰੇਸ਼ਾਨੀ ਤੇ ਖੱਜਲ-ਖੁਆਰੀ ਵਾਧੂ ਦੀ ਹੋਈ।
ਮੈਂ ਦੱਸਿਆ ਅਸੀਂ ਵੀ ਹੁਣ ਪੁਲਿਸ ਦੇ ਹੀ ਜਾ ਰਹੇ ਹਾਂ।
ਪੁਲਿਸ ਦਫ਼ਤਰ ਵਿੱਚ ਗੋਲ-ਆਕਾਰੀ ਕਾਊਂਟਰ 'ਤੇ ਵੱਖ ਵੱਖ ਕੁਰਸੀਆਂ 'ਤੇ ਤਿੰਨ ਚਾਰ ਪੁਲਿਸ-ਕਰਮਚਾਰੀ ਬੈਠੇ ਸਨ। ਦੋ ਕੁ ਜਣੇ ਪਿੱਛੇ ਬਣੇ ਸ਼ੀਸ਼ੇ ਦੇ ਕੈਬਿਨ ਵਿੱਚ ਗੁਫ਼ਤਗੂ ਵਿੱਚ ਜੁੱਟੇ ਹੋਏ ਸਨ। ਅਸੀਂ ਪਹਿਲੇ ਬੰਦੇ ਅੱਗੇ ਹੀ ਖਲੋ ਗਏ। ਰੰਗ-ਢੰਗ ਤੇ ਦੇਖਣੀ-ਪਾਖਣੀ ਤੋਂ ਉਹ ਆਪਣਾ ਦੇਸੀ-ਬੰਦਾ ਹੀ ਲੱਗਦਾ ਸੀ। ਆਪਣੇ ਬੰਦਿਆਂ ਨੂੰ ਇਸ ਕਰਕੇ ਵੀ ਅਜਿਹੇ ਮਹਿਕਮਿਆਂ ਲਈ ਚੁਣਿਆਂ ਜਾਂਦਾ ਹੈ ਕਿ ਉਹ ਆਪਣੇ ਭਾਈਚਾਰੇ ਦੇ ਲੋਕਾਂ ਦੀ ਜ਼ਬਾਨ ਦੀ ਸਮੱਸਿਆ ਕਰਕੇ ਰਾਬਤੇ ਨੂੰ ਸੌਖਾ ਬਨਾਉਣ ਲਈ ਕੰਮ ਆ ਸਕਦੇ ਹਨ। ਪਰ ਉਸ ਸੱਜਣ ਨੇ ਸਾਡੇ ਨਾਲ ਗੱਲ-ਬਾਤ ਅੰਗਰੇਜ਼ੀ ਵਿੱਚ ਹੀ ਕੀਤੀ ਅਤੇ ਇਹ ਪ੍ਰਭਾਵ ਬਿਲਕੁਲ ਹੀ ਨਾ ਦਿੱਤਾ ਕਿ ਉਹ ਪੰਜਾਬੀ ਹੈ। ਪਹਿਲਾਂ ਮੁਢਲੀ ਗੱਲ ਉਸਨੂੰ ਸੁਪਨ ਨੇ ਸਮਝਾ ਦਿੱਤੀ। ਫਿਰ ਉਸਨੇ ਕੁਲਜੀਤ ਮਾਨ ਤੋਂ ਹੋਈ ਠੱਗੀ ਬਾਰੇ ਵੇਰਵਾ ਸੁਣਿਆਂ। ਵਾਹਵਾ ਚਿਰ ਲੰਮੇਂ ਸਵਾਲ-ਜਵਾਬ ਕਰਨ ਬਾਅਦ ਉਹ ਉੱਠ ਕੇ ਪਿੱਛੇ ਗਿਆ ਅਤੇ ਕੈਬਿਨ ਵਿੱਚ ਬੈਠੇ ਗੋਰੇ ਕਰਮਚਾਰੀ ਨੂੰ ਇੱਕ ਪਾਸੇ ਕਰਕੇ ਗੱਲ ਕਰਨ ਲੱਗਾ। ਉਹ ਸਾਡੇ ਵੱਲ ਵੇਖਦੇ ਹੋਏ ਆਪਸ ਵਿੱਚ ਇਸਤਰ੍ਹਾਂ ਗੱਲ-ਬਾਤ ਕਰ ਰਹੇ ਸਨ, ਜਿਵੇਂ ਬਹੁਤ ਪਰਦੇ ਦੀ ਗੱਲ ਕਰ ਰਹੇ ਹੋਣ। ਏਡਾ ਪਰਦੇ ਨਾਲ ਭਲਾ ਗੱਲ ਕਰਨ ਦੀ ਕੀ ਲੋੜ ਸੀ! ਇਹ ਵੀ ਲੱਗ ਰਿਹਾ ਸੀ ਜਿਵੇਂ ਉਹ ਸਲਾਹ ਕਰ ਰਹੇ ਹੋਣ ਕਿ ਇਹਨਾਂ ਨੂੰ ਕਿਵੇਂ ਟਾਲਿਆ ਜਾਵੇ।
ਕਾਫ਼ੀ ਲੰਮਾ ਸਮਾਂ ਗੱਲਬਾਤ ਕਰਨ ਉਪਰੰਤ ਉਹ ਸਾਡੇ ਕੋਲ ਆਏ। ਗੋਰਾ ਕਰਮਚਾਰੀ ਸਾਰੀ ਡੀਟੇਲ ਫਿਰ ਪੁੱਛਣ ਲੱਗਾ। ਮੇਰੇ ਤਿੰਨੇ ਸਾਥੀ ਵਾਰੀ ਵਾਰੀ ਉਸਨੂੰ ਕੇਸ 'ਸਮਝਾਉਣ' ਲੱਗੇ। ਉਸਦਾ ਅਜਿਹਾ ਢਿੱਲਾ-ਮੱਠਾ ਜਿਹਾ ਰਵੱਈਆ ਵੇਖ ਕੇ ਕੁਲਜੀਤ ਮਾਨ ਕੁਝ ਖਿਝ ਵੀ ਗਿਆ ਅਤੇ ਉੱਚੀ ਤੇ ਨਰਾਜ਼ਗੀ ਭਰੀ ਆਵਾਜ਼ ਵਿੱਚ ਸਾਰੀ ਕਹਾਣੀ ਦੁਹਰਾਉਣ ਲੱਗਾ। ਉਸਨੇ ਸਾਡੇ ਦੋਵਾਂ ਦੇ ਨਾਂ ਪਤੇ ਛਪੇ ਹੋਏ ਚਾਰ ਇੰਚ ਚੌੜੇ ਤੇ ਛੇ ਇੰਚ ਲੰਮੇਂ ਪੈਡ 'ਤੇ ਲਿਖ ਲਏ। ਸਾਡੇ ਕਹਿਣ 'ਤੇ ਹੀ ਉਸਨੇ ਦਿੱਤੇ ਜਾਣ ਵਾਲੇ ਪੈਸਿਆਂ ਦੀ ਡੀਟੇਲ ਦਰਜ ਕੀਤੀ। ਉਹ ਆਪ ਉਸ ਨਕਲੀ ਬੰਦੇ ਬਾਰੇ ਕੋਈ ਜਾਣਕਾਰੀ ਲੈਣ ਲਈ ਉਤਸੁਕ ਨਹੀਂ ਸੀ। ਅਸੀਂ ਹੀ ਵਾਰ ਵਾਰ ਆਖ ਕੇ ਉਸ ਬੰਦੇ ਦਾ ਪਤਾ ਤੇ ਫ਼ੋਨ ਨੰਬਰ ਵੀ ਲਿਖਵਾਇਆ। ਸਾਰੀ ਕਾਰਵਾਈ ਲਿਖ ਕੇ ਉਸਨੇ ਕੁਲਜੀਤ ਨੂੰ ਰੀਪੋਰਟ ਦਾ ਨੰਬਰ ਦਿੱਤਾ ਅਤੇ ਕਿਹਾ, "ਇਹ ਅਸਲ ਵਿੱਚ ਫਰਾਡ ਡੀਪਾਰਟਮੈਂਟ ਵਾਲਿਆਂ ਦਾ ਕੰਮ ਹੈ। ਅਸੀਂ ਕੇਸ ਉਹਨਾਂ ਨੂੰ ਫਾਰਵਰਡ ਕਰ ਦਿਆਂਗੇ। ਉਹ ਹੀ ਇਸ 'ਤੇ ਅਗਲੀ ਕਾਰਵਾਈ ਕਰਨਗੇ।"
ਸਾਡੇ ਪੁੱਛਣ ਦੇ ਉਸ ਦੱਸਿਆ, "ਹੋ ਸਕਦਾ ਹੈ ਬੰਦਾ ਫੜ੍ਹਿਆ ਜਾਵੇ ਪਰ ਅਸੀਂ ਪੈਸੇ ਮੁੜਨ ਦੀ ਆਸ ਬਿਲਕੁਲ ਨਾ ਰੱਖੀਏ।"
'ਕਾਰਵਾਈ' ਪਾ ਕੇ ਅਸੀਂ ਠੰਡੇ ਜਿਹੇ ਹੋਏ ਵਾਪਸ ਪਰਤੇ।
"ਏਥੋਂ ਦੀ ਪੁਲਿਸ ਦੀ ਬੜੀ ਸੋਭਾ ਸੁਣੀ ਸੀ। ਮੈਨੂੰ ਲੱਗਦੈ; ਇਹ ਵੀ ਸਿਰਫ਼ ਸੜਕਾਂ 'ਤੇ ਕਾਰਾਂ ਦਾ ਚਲਾਨ ਕੱਟਣ ਜੋਗੀ ਈ ਹੈ।"
ਮੇਰੀ ਗੱਲ ਸੁਣ ਕੇ ਕੁਲਜੀਤ ਬੋਲਿਆ, "ਕੁਝ ਨਹੀਂ ਕਰਦੀ ਪੁਲਿਸ। ਕੁਝ ਚਿਰ ਹੋਇਆ, ਮੇਰੀ ਕਾਰ ਦਾ ਸ਼ੀਸ਼ਾ ਤੋੜ ਕੇ ਕਿਸੇ ਨੇ ਸਟੀਰੀਓ ਕੱਢ ਲਿਆ। ਪੁਲਿਸ ਵਾਲਾ ਕਹਿੰਦਾ, "ਅਸੀਂ ਰੀਪੋਰਟ ਲਿਖ ਤਾਂ ਲੈਂਦੇ ਆਂ ਪਰ ਅੰਦਰਲੀ ਗੱਲ ਇਹ ਹੈ ਕਿ ਤੂੰ ਆਪਣਾ ਸਟੀਰੀਓ ਵੀ ਪਵਾ ਲੈ ਤੇ ਸ਼ੀਸ਼ਾ ਵੀ। ਕੁਝ ਮਿਲਣ ਦੀ ਆਸ ਨਾ ਰੱਖ। 'ਕੱਲ੍ਹੇ ਟਰਾਂਟੋ ਵਿੱਚ ਇੱਕ ਰਾਤ ਵਿੱਚ ਅਜਿਹੇ ਛੇ ਸੌ ਕੇਸ ਹੁੰਦੇ ਨੇ। ਪੁਲਿਸ ਕਿੰਨਿਆਂ ਕੁ ਦੀ ਪੜਤਾਲ ਕਰੇ!"
"ਮਤਲਬ ਕਿ ਪੁਲਿਸ ਨੇ ਪਹਿਲਾਂ ਈ ਹੱਥ ਖੜੇ ਕੀਤੇ ਹੋਏ ਨੇ। ਕੇਸ ਜ਼ਿਆਦਾ ਹੁੰਦੇ ਨੇ, ਇਸ ਲਈ ਪੜਤਾਲ ਅੱਗੇ ਤੋਰਨ ਦੀ ਲੋੜ ਈ ਨਹੀਂ?"
ਘਰ ਆ ਕੇ ਬੈਠੇ ਤਾਂ ਮੈਂ ਕੁਲਜੀਤ ਨੂੰ ਕਿਹਾ, "ਭਰਾਵਾ ਹੁਣ ਜਿੱਥੇ ਕੰਮ ਕਰਦੈਂ ਓਥੇ ਮੇਰੇ ਲਈ ਵੀ ਕੋਈ ਕੰਮ ਲੱਭ। ਤੇਰੇ ਪੈਸੇ ਤਾਂ ਹੁਣ ਮੋੜਨੇ ਈ ਨੇ ਕਿਸੇ ਨਾ ਕਿਸੇ ਤਰ੍ਹਾਂ। ਪੈਸੇ ਤਾਂ ਤੂੰ ਮੈਨੂੰ ਈ ਦਿੱਤੇ ਨੇ। ਏਥੇ ਨਹੀਂ ਤਾਂ ਦੋ ਕੁ ਮਹੀਨੇ ਤੱਕ ਇੰਡੀਆ ਜਾ ਕੇ ਤੇਰੇ ਪੈਸੇ ਮੋੜਾਂਗਾ। ਤੇਰੀ ਭਾਵੁਕਤਾ ਨਾਲ ਆਰਥਕ ਨੁਕਸਾਨ ਤਾਂ ਹੋਇਐ ਪਰ ਤੂੰ ਮੇਰਾ ਮਾਣ ਵੀ ਵਧਾਇਐ। ਉਂਝ ਵੀ ਜੇ ਕੋਈ ਪੈਸੇ ਭੇਜਦਾ ਹੀ ਨਾ ਤਾਂ ਇਸ ਸਾਰੇ ਘਟਨਾ-ਕ੍ਰਮ ਦਾ ਕੋਈ ਬਹੁਤਾ ਅਰਥ ਬਣਨਾ ਵੀ ਨਹੀਂ ਸੀ। ਤੂੰ ਇਸ ਘਟਨਾ-ਕ੍ਰਮ ਵਿੱਚ ਜਾਨ ਪਾ ਦਿੱਤੀ ਏ। ਸ਼ੂਕਰ ਏ ਕੋਈ ਬੰਦਾ ਪੈਸੇ ਦੇਣ ਲਈ ਨਿੱਤਰਿਆ ਤਾਂ ਏ।"
ਮੇਰੇ ਹਾਸੇ ਵਿੱਚ ਉਹਨਾਂ ਦਾ ਹਾਸਾ ਰਲਿਆ ਤੇ ਉਂਕਾਰਪ੍ਰੀਤ ਕਹਿੰਦਾ, "ਇੱਕ 'ਪਿਆਰਾ' ਤਾਂ ਮੈਦਾਨ ਵਿੱਚ ਨਿੱਤਰ ਈ ਆਇਆ।"
ਫਿਰ ਕੁਲਜੀਤ ਦੇ ਮੋਹ ਅਤੇ ਉਸਦੀ ਭਾਵੁਕ ਪਹੁੰਚ ਦੀਆਂ ਗੱਲਾਂ ਹੋਣ ਲੱਗੀਆਂ।
"ਜੇ ਤੂੰ ਭਾਵੁਕ ਆਵੇਗ ਵਿਚੋਂ ਇੱਕ ਪਲ ਵੀ ਬਾਹਰ ਨਿਕਲ ਕੇ ਸੋਚਦਾ ਤਾਂ ਤੈਨੂੰ ਖ਼ਿਆਲ ਆ ਸਕਦਾ ਸੀ ਕਿ ਜੇ ਮੈਂ ਫਸ ਗਿਆ ਸਾਂ ਤਾਂ ਇਸਦਾ ਪਤਾ ਸਭ ਤੋਂ ਪਹਿਲਾਂ ਤਾਂ ਸੁਪਨ ਹੁਰਾਂ ਨੂੰ ਸਾਡੇ ਘਰ ਹੀ ਲੱਗਣਾ ਚਾਹੀਦਾ ਸੀ। ਸਾਰੇ ਲੋਕਾਂ ਤੋਂ ਪੈਸੇ ਮੰਗਣ ਵਾਲਾ ਮੈਂ ਭਲਾ ਆਪਣੇ ਘਰਦਿਆਂ ਨੂੰ ਕਿਉਂ ਨਾ ਆਖਾਂਗਾ। ਏਸੇ ਕਰਕੇ ਹੀ ਸ਼ਾਇਦ ਸਾਰੇ ਦੋਸਤ ਮਿੱਤਰ ਫ਼ੋਨ ਕਰਕੇ ਘਰੋਂ ਪੁੱਛ ਰਹੇ ਸਨ। ਤੂੰ ਵੀ ਪੁੱਛ ਸਕਦਾ ਸੈਂ। ਦੂਜਾ ਈ-ਮੇਲ ਦੀ ਭਾਸ਼ਾ ਤੋਂ ਵੀ ਅਨੁਮਾਨ ਲਾਇਆ ਜਾ ਸਕਦਾ ਸੀ। ਬਹੁਤ ਸਾਰੇ ਦੋਸਤਾਂ ਨੂੰ ਇਹੋ ਹੀ ਲੱਗਾ ਕਿ ਇਹ ਮੇਰੀ ਭਾਸ਼ਾ ਹੋ ਨਹੀਂ ਸਕਦੀ। ਸਾਧੂ ਭਾਜੀ ਨੇ ਸਰੀ ਤੋਂ ਗੱਲ ਕਰਦਿਆਂ ਉਸਨੂੰ ਸੂਚਨਾ ਦੇਣ ਵਾਲੇ ਜਰਨੈਲ ਸਿੰਘ ਸੇਖਾ ਨੂੰ ਕਿਹਾ ਸੀ, "ਪਹਿਲੀ ਗੱਲ ਤਾਂ ਇਹ ਹੈ ਕਿ ਵਰਿਆਮ ਕਿਸੇ ਕੋਲੋਂ ਪੈਸੇ ਮੰਗਣ ਵਾਲਾ ਈ ਨਹੀਂ। ਪਰ ਜੇ ਕਿਸੇ ਦੋਸਤ ਮਿੱਤਰ ਨੂੰ ਕਿਤਿਓਂ ਪਤਾ ਲੱਗ ਵੀ ਜਾਵੇ ਕਿ ਉਸਨੂੰ ਪੈਸੇ ਦੀ ਜ਼ਰੂਰਤ ਹੈ ਅਤੇ ਉਹ ਇਸ ਜ਼ਰੂਰਤ ਨੂੰ ਪੂਰੀ ਕਰਨ ਲਈ ਪੈਸੇ ਦੇਣੇ ਵੀ ਚਾਹੇ ਤਾਂ ਵਰਿਆਮ ਨੇ ਲੈਣੇ ਨਹੀਂ।" ਕੈਲਗਰੀ ਵਾਲਾ ਮੇਰਾ ਉਸਤਾਦ ਕਹਿ ਰਿਹਾ ਸੀ, "ਮੈਨੂੰ ਸ਼ੱਕ ਤਾਂ ਹੋਇਆ ਸੀ ਉਸਦੀ ਭਾਸ਼ਾ 'ਤੇ। ਮੈਂ ਸੋਚਦਾ ਸਾਂ ਕਿ ਵਰਿਆਮ ਨੇ ਜੇ ਮੈਨੂੰ ਲਿਖਣਾ ਹੁੰਦਾ ਤਾਂ ਚਾਰ ਵਾਰ 'ਸਰ' ਲਿਖਣਾ ਸੀ ਪਰ ਫਿਰ ਸੋਚਿਆ ਕਿ ਕਿਤੇ ਭਾਸ਼ਾ 'ਤੇ ਸ਼ੱਕ ਕਰਨ ਦੇ ਬਹਾਨੇ ਵਰਿਆਮ ਫਸਿਆ ਹੀ ਰਹਿ ਜਾਂਦਾ ਹੋਵੇ, ਏਸੇ ਲਈ ਗੁਰਨਾਮ ਨੂੰ ਫ਼ੋਨ ਕਰਕੇ ਤੈਨੂੰ 'ਛੁਡਾਉਣ' ਲਈ ਕਿਹਾ ਸੀ।" ਪਰ ਚੱਲੋ ਇਹ ਇੰਝ ਹੀ ਹੋਣਾ ਸੀ।"
ਸੌ ਹੱਥ ਰੱਸਾ 'ਤੇ ਸਿਰ 'ਤੇ ਗੰਢ ਦਿੰਦਿਆਂ ਅਸੀਂ ਚਾਹ ਖ਼ਤਮ ਕਰ ਬੈਠੇ ਸਾਂ। ਕੁਲਜੀਤ ਤੇ ਉਂਕਾਰਪ੍ਰੀਤ ਵਿਦਾ ਹੋਏ ਤਾਂ ਰਸੋਈ ਵਿੱਚ ਸਭ ਕੁਝ ਸੁਣ ਰਹੀ ਮੇਰੀ ਪਤਨੀ ਰਜਵੰਤ ਮੇਰੇ ਨਾਲ ਨਰਾਜ਼ ਹੋਈ, "ਕਮਾਲ ਹੈ ਤੁਹਾਡੇ ਵਾਲੀ। ਇੱਕ ਤਾਂ ਉਸ ਵਿਚਾਰੇ ਨੇ ਤੁਹਾਡੇ ਲਈ ਕੁਰਬਾਨੀ ਕੀਤੀ ਤੇ ਤੁਸੀਂ ਉਸਦਾ ਸ਼ੁਕਰਗੁਜ਼ਾਰ ਹੋਣ ਦੀ ਥਾਂ ਉਸਨੂੰ ਆਪਣੀ ਈ-ਮੇਲ ਦੀ ਭਾਸ਼ਾ ਨਾ ਸਮਝਣ ਦਾ ਮਿਹਣਾ ਦੇ ਰਹੇ ਸੋ। ਨਾਲੇ ਹੱਸੀ ਜਾਂਦੇ ਸੋ। ਉਹ ਤੁਹਾਡੇ ਬਾਰੇ ਕੀ ਸੋਚਦਾ ਹੋਊ ਕਿ ਕਿਹੋ ਜਿਹਾ ਬੰਦਾ ਏ ਇਹ?"
ਰਜਵੰਤ ਨੇ ਮੈਨੂੰ ਬਰਫ਼ ਵਿੱਚ ਲਾ ਦਿੱਤਾ ਸੀ।
"ਉਸਦਾ ਸ਼ੁਕਰਗ਼ੁਜ਼ਾਰ ਤਾਂ ਮੇਰਾ ਰੋਮ ਰੋਮ ਏ।" ਮੈਂ ਛਿੱਥਾ ਜਿਹਾ ਪੈ ਗਿਆ।
ਉੱਠ ਕੇ ਕੰਪਿਊਟਰ 'ਤੇ ਜਾ ਬੈਠਾ। ਨਵੇਂ ਪਤੇ 'ਤੇ ਆਈਆਂ ਈ-ਮੇਲਾਂ ਪੜ੍ਹਨ ਲੱਗਾ। ਅੰਮ੍ਰਿਤਸਰ ਤੋਂ ਜੋਗਿੰਦਰ ਕੈਰੋਂ ਨੂੰ, ਮੋਹਾਲੀ ਤੋਂ ਕਾਨਾ ਸਿੰਘ ਨੂੰ, ਜਲੰਧਰ ਤੋਂ ਪ੍ਰੇਮ ਪ੍ਰਕਾਸ਼ ਨੂੰ ਅਸਲੀਅਤ ਪਤਾ ਲੱਗ ਚੁੱਕੀ ਸੀ। ਈ-ਮੇਲ ਬਾਰੇ ਮੇਰੇ ਵਿਦਿਆਰਥੀ ਪਰਦੀਪ ਦੀ ਚਿੰਤਾ ਸੀ ਅਤੇ ਆਸਟ੍ਰੇਲੀਆ ਤੋਂ ਗਿਆਨੀ ਸੰਤੋਖ ਸਿੰਘ ਫਰਮਾ ਰਿਹਾ ਸੀ, "ਇਹ ਲੋਕਾਂ ਤੋਂ ਪੈਸੇ ਬਟੋਰਨ ਦਾ ਪੁਰਾਣਾ ਤਰੀਕਾ ਹੈ ਤੇ ਕਈ ਵਾਰ ਕਾਮਯਾਬ ਵੀ ਹੋ ਜਾਂਦਾ ਹੈ। ਕੁਝ ਸਾਲ ਪਹਿਲਾਂ ਮੈਨੂੰ ਪਟਿਆਲੇ ਤੋਂ ਮਨਜੀਤ ਸਿੰਘ ਬੱਲ ਦੀ ਅਜਿਹੀ ਈ-ਮੇਲ ਪਹੁੰਚੀ ਸੀ। ਮੈਂ ਘਰੋਂ ਚਾਰ ਹਜ਼ਾਰ ਮੀਲ ਦੂਰ ਹੋਣ ਕਰਕੇ ਬੱਚਿਆਂ ਨੂੰ ਪੈਸੇ ਭੇਜਣ ਲਈ ਕਿਹਾ। ਪਰ ਉਹ ਇਹੋ ਜਿਹੀਆਂ ਈ-ਮੇਲਾਂ ਦੀ ਸਚਾਈ ਸਮਝਦੇ ਸਨ। ਉਹਨਾਂ ਨੇ ਪੈਸੇ ਨਾ ਭੇਜੇ ਤੇ ਮੇਰਾ ਬਚਾ ਹੋ ਗਿਆ।"
ਉਂਕਾਰਪ੍ਰੀਤ ਨੇ ਜਾਂਦਿਆਂ ਹੀ ਅਖਬਾਰਾਂ ਨੂੰ ਭੇਜਣ ਲਈ ਖ਼ਬਰ ਬਣਾ ਕੇ ਪੁਸ਼ਟ ਕਰਨ ਨੂੰ ਭੇਜੀ ਹੋਈ ਸੀ।
ਏਸੇ ਵੇਲੇ ਕੁਲਜੀਤ ਮਾਨ ਦਾ ਫ਼ੋਨ ਆ ਗਿਆ, "ਭਾ ਜੀ, ਉਸ ਬੰਦੇ ਦੀ ਫਿਰ ਮੈਨੂੰ ਈ-ਮੇਲ ਆਈ ਹੈ। ਧੰਨਵਾਦ ਕਰ ਕੇ ਲਿਖਿਆ ਸੂ ਕਿ ਉਸਦੇ ਅੱਠ ਸੌ ਡਾਲਰ ਅਜੇ ਵੀ 'ਥੁੜਦੇ' ਹਨ। ਕਹਿੰਦੈ; ਮੈਂ ਜਿੱਥੇ ਏਨਾ ਉਸ ਲਈ ਕੀਤਾ ਹੈ, ਇਹ ਅੱਠ ਸੌ ਡਾਲਰ ਵੀ ਭੇਜ ਦਿਆਂ।"
ਉਹਦੀ ਦਲੇਰੀ ਦੀ ਤਾਂ ਹੱਦ ਸੀ।
ਕੁਝ ਚਿਰ ਬਾਅਦ ਕੈਲੇਫੋਰਨੀਆਂ ਤੋਂ ਲੇਖਕ ਚਰਨਜੀਤ ਸਿੰਘ ਪੰਨੂੰ ਦਾ ਫ਼ੋਨ ਆਇਆ। ਫ਼ੋਨ 'ਤੇ ਮੈਨੂੰ ਸੁਣ ਕੇ ਉਹ ਹੈਰਾਨ ਹੋ ਕੇ ਪੁੱਛਣ ਲੱਗਾ, "ਸੰਧੂ ਸਾਹਿਬ ਤੁਸੀਂ ਇੰਗਲੈਂਡ ਤੋਂ ਆ ਵੀ ਗਏ? ਮੈਂ ਤਾਂ ਆਪਣੇ ਮੁੰਡੇ ਨੂੰ ਬਾਹਰ ਕਾਰ ਕੱਢਣ ਲਈ ਕਿਹਾ ਹੈ। ਉਹ ਕਾਰ ਕੱਢਦਾ ਪਿਐ ਤਾਂ ਮੈਂ ਸੋਚਿਆ ਤੁਹਾਡੇ ਘਰ ਫ਼ੋਨ ਕਰਕੇ ਪਤਾ ਈ ਕਰਾਂ। ਅਸੀਂ ਤਾਂ ਬੈਂਕ ਚਲੇ ਸਾਂ ਪੈਸੇ ਕਢਾ ਕੇ ਵੈਸਟਰਨ ਯੂਨੀਅਨ ਰਾਹੀਂ ਤੁਹਾਨੂੰ ਭੇਜਣ ਵਾਸਤੇ।"
ਇਹ ਸਿਲਸਿਲਾ ਤਾਂ ਚੱਲ ਸੋ ਚੱਲ ਸੀ। ਠੀਕ ਹੈ ਕੁਝ ਪਤਿਆਂ 'ਤੇ ਦੋਸਤਾਂ ਨੇ ਈ-ਮੇਲਾਂ ਕਰ ਦਿੱਤੀਆਂ ਸਨ, ਫ਼ੋਨਾਂ 'ਤੇ ਵੀ ਸੁਨੇਹੇਂ ਦਿੱਤੇ ਸਨ ਪਰ ਫਿਰ ਵੀ ਸਭ ਤੱਕ ਖ਼ਬਰ ਪਹੁੰਚਣੀ ਸੰਭਵ ਨਹੀਂ ਸੀ।
ਤਲਵਾੜੇ ਤੋਂ ਸੁਰਿੰਦਰ ਮੰਡ ਨੇ ਕਿਹਾ ਕਿ ਉਸਨੇ ਇੰਗਲੈਂਡ ਵਿੱਚ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਪੈਸੇ ਪਹੁੰਚਾਉਣ ਲਈ ਆਖਿਆ ਹੋਇਆ ਹੈ। ਉਸਨੂੰ ਹਦਾਇਤ ਕੀਤੀ ਕਿ ਤੁਰੰਤ ਰਿਸ਼ਤੇਦਾਰ ਨੂੰ ਪੈਸੇ ਦੇਣ ਤੋਂ ਰੋਕੇ।
ਹੁਣ ਕੀ ਕੀਤਾ ਜਾਵੇ? ਸੁਪਨਦੀਪ ਨੂੰ ਚੰਗੀ ਸੁੱਝੀ। ਉਸਨੇ ਵੈਸਟਰਨ ਯੂਨੀਅਨ ਵਾਲਿਆਂ ਨਾਲ ਇਸ 'ਠੱਗੀ' ਦਾ ਜ਼ਿਕਰ ਕੀਤਾ ਅਤੇ ਉਹਨਾਂ ਨੂੰ ਕਿਹਾ ਕਿ ਕਿਸੇ ਵੀ ਥਾਂ ਤੋਂ ਵਰਿਆਮ ਸਿੰਘ ਸੰਧੂ ਦੇ ਨਾਂ 'ਤੇ ਭੇਜੇ ਜਾਣ ਵਾਲੇ ਪੈਸੇ ਰੋਕ ਲਏ ਜਾਣ ਅਤੇ ਇਸ ਨਾਂ 'ਤੇ ਅਦਾ ਨਾ ਕੀਤੇ ਜਾਣ। ਵੈਸਟਰਨ ਯੂਨੀਅਨ ਵਾਲਿਆਂ ਨੇ ਇਸ 'ਤੇ ਅਮਲ ਕਰਨ ਦਾ ਵਚਨ ਦੇ ਕੇ ਕਿਹਾ ਕਿ ਜੇ ਕੁਲਜੀਤ ਮਾਨ ਵੀ ਉਹਨਾਂ ਨੂੰ ਫ਼ੋਨ ਕਰਕੇ ਆਖ ਦੇਵੇ ਤਾਂ ਉਹ ਆਪਣੇ ਅਦਾਰੇ ਵੱਲੋਂ ਵੀ ਪੁਲਿਸ ਨੂੰ ਰੀਪੋਰਟ ਕਰਨਾ ਚਾਹੁਣਗੇ। ਇਹ ਤਾਂ ਉਹਨਾਂ ਦੇ ਅਦਾਰੇ ਨਾਲ ਵੀ ਠੱਗੀ ਸੀ। ਅਸੀਂ ਕੁਲਜੀਤ ਮਾਨ ਨੂੰ ਉਹਨਾਂ ਨਾਲ ਸੰਪਰਕ ਕਰਨ ਦਾ ਸੁਨੇਹਾਂ ਦੇ ਦਿੱਤਾ।
ਰਾਤ ਨੂੰ ਵਿਹਲਾ ਹੋ ਕੇ ਮੈਂ ਕੁਲਜੀਤ ਨੂੰ ਈ-ਮੇਲ ਕੀਤੀ।
ਪਿਆਰੇ ਕੁਲਜੀਤ-ਤੇਰੀ ਗਾੜ੍ਹੀ ਆਰਥਿਕ ਤੰਗਦਸਤੀ ਦੇ ਦਿਨਾਂ ਵਿੱਚ ਮੇਰਾ ਨਾਂ ਵੀ ਤੇਰੇ ਨਾਲ ਧੋਖਾ ਕਰ ਗਿਆ।
ਮੈਂ ਅੱਜ ਗੱਲਾਂ ਕਰਦਿਆਂ ਕਈ ਵਾਰ ਤੈਨੂੰ ਕਹਿ ਰਿਹਾ ਸਾਂ ਕਿ ਤੂੰ ਮੇਰੀ ਮੁਹੱਬਤ ਦੇ ਆਵੇਗ ਵਿੱਚ ਇਹ ਸੋਚਣਾ ਭੁੱਲ ਹੀ ਗਿਆ ਸੈਂ ਕਿ ਇਹ ਈ-ਮੇਲ ਠੱਗੀ ਵਾਲੀ ਵੀ ਹੋ ਸਕਦੀ ਹੈ। ਮੇਰੀ ਪਤਨੀ ਇਹ ਸਾਰਾ ਕੁਝ ਸੁਣ ਰਹੀ ਸੀ ਤੇ ਉਸਨੇ ਤੁਹਾਡੇ ਜਾਣ ਤੋਂ ਬਾਅਦ ਮੈਨੂੰ ਸ਼ਰਮਿੰਦਿਆਂ ਕੀਤਾ ਕਿ 'ਮੈਂ ਇਹ ਗੱਲ ਬਾਰ ਬਾਰ ਕਿਉਂ ਕਰ ਰਿਹਾ ਸਾਂ! ਮੈਂ ਇਸ ਗੱਲ ਵੱਲ ਧਿਆਨ ਤੇ ਜ਼ੋਰ ਕਿਉਂ ਨਹੀਂ ਸਾਂ ਦੇ ਰਿਹਾ ਕਿ ਤੂੰ ਏਧਰ-ਓਧਰ ਦੀ ਸੋਚੇ ਬਿਨਾਂ ਮੇਰੇ ਨਾਲ ਅੰਦਰਲੇ ਨਿਹੁੰ ਤੇ ਮਾਣ ਕਰਕੇ ਗਿਣਤੀ ਮਿਣਤੀ ਵਾਲੀ ਸੋਚ ਵਿੱਚ ਉਲਝਣ ਦੀ ਥਾਂ ਮੇਰੇ ਖ਼ਾਤਰ ਝਨਾਂ ਵਿੱਚ ਛਾਲ ਮਾਰਨ ਦੀ ਕਰਾਮਾਤ ਕਰ ਵਿਖਾਈ ਹੈ!'
ਮੈਂ ਪਤਨੀ ਨੂੰ ਕਿਹਾ ਕਿ ਮੈਂ ਅੰਦਰੋਂ ਕੁਲਜੀਤ ਦੀ ਮੁਹੱਬਤੀ ਦੇਣਦਾਰੀ ਦੇ ਅਹਿਸਾਸ ਨਾਲ ਸ਼ਰਸ਼ਾਰਿਆ ਪਿਆ ਸਾਂ/ਹਾਂ ਇਸ ਗੱਲ ਦੇ ਬਾਵਜੂਦ ਕਿ ਪੈਸੇ ਦਾ ਤਾਂ ਭਾਵੇਂ ਨੁਕਸਾਨ ਹੋ ਗਿਆ ਹੈ ਪਰ ਮੈਨੂੰ ਇਸ ਬਹਾਨੇ ਆਪਣੀ ਜ਼ਿੰਦਗੀ ਦਾ ਇੱਕ ਬਹੁਤ ਹੀ ਪਿਆਰਾ ਸੋਨੇ ਨਾਲੋਂ ਮਹਿੰਗਾ ਯਾਰ ਲੱਭ ਪਿਆ ਹੈ। ਅੱਜ ਇਹੋ ਜਿਹੇ ਯਾਰ ਲੱਭਣੇ ਰੇਤ ਦੇ ਪਹਾੜੀ ਢੇਰਾਂ ਵਿਚੋਂ ਸੋਨਾ ਭਾਲਣ ਦੇ ਤੁੱਲ ਹਨ।
ਕੁਲਜੀਤ ਪਿਆਰੇ! ਮੈਨੂੰ ਤੂੰ ਲਿਸ਼ਕਦੀ ਡਲੀ ਵਾਂਗ ਮੇਰੀ ਵੱਖੀ ਨਾਲ ਲਿਪਟਿਆ ਲੱਭਾ ਏਂ। ਮੈਂ ਆਪਣੇ ਦੋਵਾਂ ਨਾਲ ਧੋਖਾ ਹੋ ਜਾਣ ਦੀ ਉਦਾਸੀ ਦੀ ਛਾਂ ਹੇਠਾਂ ਵੀ ਤੇਰੇ ਮੁਹੱਬਤੀ ਲਿਸ਼ਕਾਰੇ ਨਾਲ ਰੌਸ਼ਨ ਹੋਇਆ ਪਿਆ ਹਾਂ। ਤੈਨੂੰ ਸਾਰੀ ਉਮਰ ਕਲੇਜੇ ਨਾਲ ਘੁੱਟ ਕੇ ਰੱਖਾਂਗਾ। ਆਪਣੀ ਪਤਨੀ-ਮੇਰੀ ਛੋਟੀ ਭੈਣ ਨੂੰ ਵੀ ਕਹਿਣਾ ਕਿ ਆਰਥਿਕ ਤੰਗੀ ਦੇ ਦਿਨਾਂ ਵਿੱਚ ਮੇਰੇ ਨਾਂ ਵਲੋਂ ਵੱਜੀ ਸੱਟ ਨਾਲ ਉਸਦਾ ਦਿਲ ਬਹੁਤ ਦੁਖਿਆ ਹੋਵੇਗਾ ਪਰ ਉਸਨੂੰ ਮੈਂ ਧਰਵਾਸ ਦਿੰਦਾ ਹਾਂ ਕਿ ਉਸਨੂੰ ਇਸ ਇਵਜ਼ ਵਿੱਚ ਵਰਿਆਮ ਸਿੰਘ ਸੰਧੂ ਦੇ ਰੂਪ ਵਿੱਚ ਵੱਡਾ ਭਰਾ ਮਿਲਿਆ ਹੈ, ਜਿਹੜਾ ਅੱਜ ਤੋਂ ਤੁਹਾਡੇ ਪਰਿਵਾਰ ਦੇ ਸਦਾ ਲਈ ਅੰਗ-ਸੰਗ ਖਲੋਣ ਦਾ ਵਚਨ ਦਿੰਦਾ ਹੈ।
ਇਹ ਕਹਿਣਾ ਇਸ ਵੇਲੇ ਫ਼ਜ਼ੂਲ ਲੱਗਦਾ ਹੈ ਕਿ ਮੈਂ ਦੋ-ਚਾਰ ਮਹੀਨੇ ਤੱਕ, ਇਹ ਪੈਸੇ ਇੰਡੀਆ ਜਾ ਕੇ ਤੈਨੂੰ ਹਰ ਹਾਲਤ ਵਿੱਚ ਮੋੜਨੇ ਹੀ ਹਨ। ਪੈਸੇ ਮੋੜ ਦਿਆਂਗਾ ਪਰ ਤੈਨੂੰ ਸਦਾ ਲਈ ਆਪਣੇ ਦਿਲ ਦੇ ਕੋਲ ਰੱਖ ਲਵਾਂਗਾ।
ਤੇਰਾ ਸੱਚ-ਮੁੱਚ ਦਾ ਆਪਣਾ_ਵਰਿਆਮ ਸਿੰਘ ਸੰਧੂ
ਇਸਦੇ ਜਵਾਬ ਵਿੱਚ ਕੁਲਜੀਤ ਨੇ ਲਿਖਿਆ।

ਸੰਧੂ ਭਾਜੀ -ਤੁਹਾਡੀ ਚਿੱਠੀ ਮਿਲੀ। ਮੈਂ ਪੜ੍ਹੀ ਤੇ ਵਿਚਾਰੀ ਤੇ ਫੇਰ ਮੈਂ ਕਿਸੇ ਸੋਚ ਵਿੱਚ ਚਲਾ ਗਿਆ। ਆਪਣੇ ਆਪ ਨੂੰ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ। ਮੈਂ ਸੋਚਦਾ ਹੋਇਆ ਬਿਲਕੁਲ ਸ਼ਾਂਤ-ਚਿੱਤ ਸੀ। ਮੇਰਾ ਮਨ ਇਕਾਗਰ ਸੀ। ਇਕਾਗਰਤਾ ਬਿਲਕੁਲ ਉਸੇਤਰ੍ਹਾਂ ਦੀ ਸੀ ਜਿਵੇਂ ਅਸੀਂ ਆਪ ਉਚੇਚ ਨਾਲ ਗੁਰਦੁਆਰੇ ਜਾਂਦੇ ਹਾਂ ਕਿਸੇ ਸੱਦੇ 'ਤੇ ਨਹੀਂ, ਬਿਲਕੁਲ ਆਪਣੇ ਲਈ। ਮਨ ਚਾਹੁੰਦਾ ਹੈ ਅੱਜ ਕੀਰਤਨ ਸੁਣੀਏ ਤੇ ਇੱਕ ਇੱਕ ਸ਼ਬਦ ਹਿਰਦੈ ਵਿੱਚ ਪ੍ਰਵੇਸ਼ ਕਰਦਾ ਹੈ। ਇਹ ਵੱਖਰੀ ਗੱਲ ਹੈ ਕਿ ਉਸ ਸ਼ਬਦ ਨੂੰ ਆਪਣੀ ਜਾਚ ਵਿੱਚ ਉਤਾਰੀਏ ਜਾਂ ਨਾਂਹ। ਇਸ ਗਹਿਰ ਨੇ ਮੈਨੂੰ ਇੱਕ ਉੱਤਰ ਦਿੱਤਾ ਹੈ। ਇਹ ਉੱਤਰ ਭਾਵੇਂ ਬੱਚਿਆਂ ਵਾਲਾ ਹੈ ਤੇ ਇਸਤਰ੍ਹਾਂ ਦੀ ਸਾਂਝ ਨੇ ਮੈਨੂੰ ਕਈ ਵਾਰ ਨਮੋਸ਼ੀ ਹੀ ਦਿੱਤੀ ਹੈ। ਇਸ ਨਮੋਸ਼ੀ ਨੇ ਮੈਨੂੰ ਕਈ ਵਾਰ ਇਹ ਸੋਚਣ ਲਈ ਵਿਵਸ਼ ਕੀਤਾ ਹੈ ਕਿ ਮੈਂ ਅਜੇ ਸਮਝਦਾਰ ਨਹੀਂ ਹੋਇਆ। ਬੜੇ ਬੜੇ ਬਾਬੇ ਮੈਂ ਕਈ ਵਾਰ ਆਪਣੇ ਕੋਲ ਸਮਝ ਲਏ ਸਨ। ਕਈ ਵਾਰ ਸੁਲਝਣ ਦੀ ਕੋਸ਼ਿਸ਼ ਕਰਦਾ ਕਰਦਾ ਮੈਂ ਉਲਝਿਆ ਹਾਂ। ਸਬਰ, ਸੰਤੋਖ, ਵਿਚਾਰ ਦੇ ਮਾਇਨੇ ਮੇਰੀ ਸਮਝ ਵਿੱਚ ਆ ਹੀ ਨਹੀਂ ਰਹੇ; ਜਦ ਕਿ ਇਹਨਾਂ ਦੀ ਅਹਿਮੀਅਤ ਨਾਲ ਮੈਂ ਜ਼ਰੂਰ ਵਾਬਾਸਤਾ ਹਾਂ।
ਮੇਰਾ ਨੁਕਸਾਨ ਹੋਇਆ। ਪਿੱਛਲੇ ਅਠਾਰਾਂ ਮਹੀਨਿਆਂ ਦੇ ਆਰਥਿਕ ਨੁਕਸਾਨ ਨੇ ਮੈਨੂੰ ਅੱਤ ਦਾ ਅਮੀਰ ਕੀਤਾ ਹੈ। ਇਸ ਅਮੀਰੀ ਦੇ ਬਗੈਰ ਮੈਂ ਆਪਣੀ ਪਤਨੀ ਨੂੰ ਸਮਝ ਹੀ ਨਹੀਂ ਸਕਦਾ ਸੀ। ਇਸ ਅਮੀਰੀ ਦੇ ਬਗੈਰ ਮੇਰੇ ਬੱਚੇ ਗਰੀਬ ਹੋ ਜਾਣੇ ਸਨ। ਇਹ ਸਮਝ ਲਵੋ ਮੇਰੇ ਤੇ ਪਰਮਾਤਮਾ ਦੀ ਮੇਹਰ ਹੋਈ ਹੈ। ਚੰਗਾ ਖਾਣਾ ਬਨਾਉਣ ਵਾਲੀ ਸੁਆਣੀ ਜ਼ਰੂਰੀ ਨਹੀਂ ਸੋਨੇ ਦੀ ਹੀ ਹੋਵੇ ਪਰ ਸੋਨੇ ਦੀ ਸੁਆਣੀ ਖਾਣਾ ਚੰਗਾ ਜ਼ਰੂਰ ਬਣਾਉਂਦੀ ਹੈ।
ਬਚਪਨ ਵਿੱਚ ਇੱਕ ਕਹਾਣੀ ਸਾਰੇ ਬੱਚੇ ਸੁਣਦੇ ਹਨ। ਸੁਨਾਉਣ ਵਾਲੀ ਦਾਦੀ ਹੋਵੇ ਜਾਂ ਨਾਨੀ ਜਾਂ ਹੋਰ ਕੋਈ ਵੀ ਜੋ ਦਾਦੀ, ਨਾਨੀ ਅਖਵਾਉਣ ਦੇ ਮੇਚ ਹੋਵੇ। ਮੈਂ ਤੇ ਸਮਝਦਾ ਹਾਂ ਕਿ ਐਸੀ ਕਹਾਣੀ ਸੁਨਾਉਣ ਵਾਲੀ ਹਰ ਨਾਰੀ ਪਰਮਾਤਮਾ ਤੋਂ ਕੋਈ ਵਰ ਲੈਕੇ ਆਈ ਹੁੰਦੀ ਹੈ। ਉਸਨੇ ਰੱਬੀ ਸੁਨੇਹਾ ਦੇਣਾ ਹੁੰਦਾ ਹੈ। ਇੱਕ ਰਾਜਕੁਮਾਰ ਸੀ। ਉਸਦੀ ਜਾਨ ਤੋਤੇ ਵਿੱਚ ਸੀ ਤੇ ਤੋਤਾ ਪਿੰਜਰੇ ਵਿੱਚ ਬੰਦ ਸੀ। ਰਾਜਕੁਮਾਰ ਬਹੁਤ ਤਰਦੱਦ ਨਾਲ ਉਸ ਤੋਤੇ ਨੂੰ ਪ੍ਰਾਪਤ ਕਰਦਾ ਹੈ। ਅਸਲ ਵਿੱਚ ਉਹ ਤੋਤਾ ਤਾਂ ਮੁਰਸ਼ਦ ਹੀ ਹੁੰਦਾ ਹੈ ਜਿਸ ਬਗ਼ੈਰ ਰਾਜਕੁਮਾਰ ਦੀ ਗਤੀ ਨਹੀਂ ਹੁੰਦੀ।
ਮੈਂ ਵੀ ਕਈ ਕੁਝ ਗੁਆ ਕੇ ਕਈ ਚੋਟੀਆਂ ਤੋਂ ਤਿਲਕਦਾ ਆਪਣੇ ਮੁਰਸ਼ਦ ਕੋਲ ਪਹੁੰਚਣ ਵਾਲਾ ਸੀ। ਮੈਂ ਕਿੰਗ ਬਰੂਸ ਤਾਂ ਨਹੀਂ ਪਰ ਉਸ ਤੋਂ ਘੱਟ ਵੀ ਨਹੀਂ। ਬਟਲਰ ਹੀਗਲ ਕਹਿੰਦਾ ਕਿ ਕੋਨਸਾਇੰਸ ਵਿੱਚ ਜੋ ਲਿਮਿਟੇਸ਼ਨ ਹੁੰਦੀਆਂ ਹਨ ਉਨ੍ਹਾਂ ਵਿੱਚ ਸਮੇ ਦਾ ਸਥਾਨ ਨਹੀਂ ਹੁੰਦਾ। ਜੇ ਸਮਾਂ ਵਿੱਚ ਪੈ ਗਿਆ ਤਾਂ ਤੁਹਾਡਾ ਜ਼ਮੀਰ ਇਲਹਾਮ ਨਹੀਂ ਰਹਿ ਜਾਂਦਾ। ਪਤਾ ਨਹੀਂ ਕਿਵੇਂ ਆਪਣਾ ਨੁਕਸਾਨ ਹੋਇਆ ਪਰ ਹੁਣ ਦੀ ਘੜੀ ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਤੇ ਇੱਕ ਰਹਿਮਤ ਦੀ ਘੜੀ ਸੀ। ਘੜੀ ਬੀਤ ਗਈ ਤੇ ਮੇਰਾ ਰੱਬ ਮੇਰੇ ਤੇ ਮੇਹਰਬਾਨ ਹੋ ਗਿਆ। ਤੁਹਾਡੇ ਸ਼ਬਦ ਤੇ ਉਨ੍ਹਾਂ ਦੀ ਤਾਸੀਰ ਮੇਰੇ ਲਈ ਪ੍ਰਸ਼ਾਦ ਵਾਂਗ ਹੈ। ਮੈਂ ਅੱਖਾਂ ਬੰਦ ਕਰਕੇ ਅਰਦਾਸ ਕੀਤੀ ਹੈ। ਸ਼ੁਕਰਾਨਾ ਕੀਤਾ ਹੈ ਉਸ ਦਾਦੀ ਦਾ ਜਿਸਨੇ ਮੈਨੂੰ ਇਸ ਰਾਹ ਤੋਰਿਆ ਸੀ।
ਤੁਸੀਂ ਦੇਖ ਲੈਣਾ ਇਹ ਮੇਰਾ ਯਕੀਨ ਹੈ ਕਿ ਅੱਜ ਤੋਂ ਬਾਦ ਮੇਰਾ ਇੱਕ ਪੈਸੇ ਦਾ ਵੀ ਕੋਈ ਨੁਕਸਾਨ ਨਹੀਂ ਹੋਇਗਾ। ਦਾਦੀ ਕਦੇ ਵੀ ਝੂਠੀ ਨਹੀਂ ਹੋ ਸਕਦੀ। ਤੁਹਾਡੇ ਸ਼ਬਦਾਂ ਨੂੰ ਮੈਂ ਨਮਸਕਾਰ ਕਰਦਾ ਹਾਂ। ਅੰਦਰ ਕਿਚਨ ਵਿੱਚ ਸੁਣ ਰਹੇ ਪਵਿਤਰ ਕੰਨਾਂ ਦੀ ਅਸ਼ੀਰਵਾਦ ਤਾਂ ਦੁਨੀਆਂ ਦੇ ਘੱਟ ਲੋਕਾਂ ਦੇ ਹਿੱਸੇ ਹੀ ਆਉਂਦੀ ਹੈ। ਤੁਹਾਡੇ ਨਾਮ ਨੇ ਮੇਰੇ ਨਾਲ ਕੋਈ ਧੋਖਾ ਨਹੀਂ ਕੀਤਾ। ਮੈਨੂੰ ਤੇ ਨਕਲੀ ਵਰਿਆਮ ਨੇ ਵੀ ਵਡਿਆਈ ਦਿੱਤੀ ਹੈ। ਉਸ ਠੱਗ ਨੇ ਵੀ ਕਿਹਾ ਹੈ ਕਿ ਇਸ ਦਾ ਰਿਵਾਰਡ ਮੈਨੂੰ ਜ਼ਰੂਰ ਮਿਲੇਗਾ। ਸਾਰਿਆਂ ਨੂੰ ਪਹਿਲੀ ਨਜ਼ਰੇ ਬੇਵਕੂਫ ਲੱਗਾ ਕੁਲਜੀਤ ਹੁਣ ਚੰਗਾ ਚੰਗਾ ਲੱਗਣ ਲੱਗ ਪਿਆ ਹੈ। ਕੁਝ ਘੰਟਿਆਂ ਲਈ ਖਿਸਕੀ ਮੇਰੀ ਅਮੀਰੀ ਹੁਣ ਫੇਰ ਪਰਤ ਆਈ ਹੈ। ਤੁਹਾਡੀ ਪਤਨੀ ਨੂੰ ਮੈਂ ਕੁਝ ਵੀ ਸੰਬੋਧਨ ਕਰਾਂ ਪਰ ਉਨ੍ਹਾਂ ਦੀਆਂ ਉਸ ਪਲ ਦੀਆਂ ਸੋਚਾਂ ਤਾਂ ਮਾਂ ਦੀਆਂ ਸੋਚਾਂ ਹੀ ਹੋ ਸਕਦੀਆਂ ਹਨ। ਇਹਨਾਂ ਸੋਚਾਂ ਨੇ ਹੀ ਧਰਤੀ ਸ਼ਿੰਗਾਰੀ ਹੋਈ ਹੈ। ਇਹ ਸ਼ਿੰਗਾਰ ਹੀ ਤੇ ਸਾਡੇ ਕੋਲੋਂ ਖੁਸ਼ਬੋਦਾਰ ਗਲਤੀਆਂ ਕਰਾਉਂਦੇ ਹਨ।
-ਕੁਲਜੀਤ ਮਾਨ
ਕੁਲਜੀਤ ਮਾਨ ਦੀ ਸ਼ਾਇਰਾਨਾ ਰੂਹ ਵਿੱਚ ਉੱਤਰਨ ਤੋਂ ਬਾਅਦ ਭਾਰੇ ਹੋਏ ਮਨ ਨੂੰ ਹਲਕਾ ਕਰੀਏ।
ਗੁਰਨਾਮ ਢਿੱਲੋਂ ਮੇਰੀ 'ਛੁਹਲੀ' ਦਾ ਮਖ਼ੌਲ ਉਡਾਉਂਦਿਆਂ ਛੇਤੀ ਤੋਂ ਛੇਤੀ ਪੁਲਿਸ ਨੂੰ ਰੀਪੋਰਟ ਕਰਨ ਲਈ ਕਹਿ ਰਿਹਾ ਸੀ ਤਾਂਕਿ ਉਹ ਬੰਦਾ ਜਿੰਨੀ ਛੇਤੀ ਹੋ ਸਕੇ ਗ੍ਰਿਫ਼ਤਾਰ ਕੀਤਾ ਜਾ ਸਕੇ। ਪਰ ਪੁਲਿਸ ਦੀ 'ਛੁਹਲੀ' ਸੁਣ ਲਵੋ। ਸਾਡੇ ਵੱਲੋਂ ਪਹਿਲੇ ਦਿਨ ਫਰਾਡ ਡੀਪਾਰਟਮੈਂਟ ਵਾਲਿਆਂ ਨੂੰ ਜਿਹੜਾ ਸੁਨੇਹਾਂ ਛੱਡਿਆ ਗਿਆ ਸੀ, ਉਸਦਾ ਜਵਾਬ ਪੰਜਵੇਂ ਦਿਨ ਆਇਆ ਤੇ ਪੁਲਿਸ ਕਾਂਸਟੇਬਲ ਵੇਰਵਾ ਪੁੱਛਣ ਲੱਗੀ। ਸਾਰੀ ਗੱਲ-ਬਾਤ ਕਰ-ਸੁਣ ਕੇ ਕਹਿੰਦੀ, "ਤੁਹਾਡਾ ਆਪਣਾ ਤਾਂ ਕੁਝ ਗਿਆ ਈ ਨਹੀਂ। ਤੁਹਾਡੀ ਸ਼ਿਕਾਇਤ ਨਹੀਂ ਲਿਖੀ ਜਾ ਸਕਦੀ। ਇਸਤਰ੍ਹਾਂ ਦੇ ਕੇਸ ਤਾਂ ਸਾਡੇ ਕੋਲ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਨੇ। ਅਸੀਂ ਕੀਹਦੀ ਕਹਿਦੀ ਰੀਪੋਰਟ ਲਿਖੀਏ? ਹਾਂ, ਜਿਸਦਾ ਨੁਕਸਾਨ ਹੋਇਆ ਹੈ ਉਹ ਸਾਡੇ ਨਾਲ ਤਾਲ-ਮੇਲ ਕਰੇ, ਉਸਦੀ ਰੀਪੋਟ ਦਰਜ ਕੀਤੀ ਜਾ ਸਕਦੀ ਹੈ।"
ਸਾਡੀਆਂ ਦਲੀਲਾਂ ਕਿ 'ਇਸਤਰ੍ਹਾਂ ਸਾਡਾ ਠੱਗ ਦਾ ਬਿੰਬ ਬਣ ਰਿਹਾ ਹੈ! ਕੱਲ੍ਹ ਨੂੰ ਕੋਈ ਸਾਡੇ 'ਤੇ ਠੱਗੀ ਮਾਰਨ ਦਾ ਇਲਜ਼ਾਮ ਲਾ ਸਕਦਾ ਹੈ!" ਆਦਿ ਦਾ ਉਸ 'ਤੇ ਕੋਈ ਅਸਰ ਨਾ ਹੋਇਆ ਤੇ ਉਸਨੇ ਰੁਖ਼ਾਈ ਨਾਲ ਫ਼ੋਨ ਬੰਦ ਕਰ ਦਿੱਤਾ। ਕੁਲਜੀਤ ਦੇ ਸਟੀਰੀਓ ਚੋਰੀ ਹੋਣ 'ਤੇ ਪੁਲਿਸ ਵਾਲੇ ਵੱਲੋਂ ਦਿੱਤੀ ਰਾਇ ਨਾਲ ਇਹ ਗੱਲ ਕਿੰਨੀ ਮਿਲਦੀ ਸੀ। ਏਸੇ ਦਿਨ ਹੀ ਮੈਂ ਅਖ਼ਬਾਰ ਵਿੱਚ ਖ਼ਬਰ ਪੜ੍ਹੀ ਕਿ ਇਕੱਲੇ ਅਮਰੀਕਾ ਵਿੱਚ ਹੀ ਪਿਛਲੇ ਸਾਲ 26 ਕਰੋੜ 46 ਲੱਖ ਡਾਲਰ ਦੀ ਇੰਟਰਨੈੱਟ ਧੋਖਾ-ਧੜੀ ਦਰਜ ਕੀਤੀ ਗਈ ਹੈ। ਠੀਕ ਹੀ ਸੀ; ਅਸੀਂ ਦੋ ਹਜ਼ਾਰ ਡਾਲਰ ਦੀ ਠੱਗੀ ਖਾਣ ਵਾਲੇ ਕਿਹੜੀ ਗਿਣਤੀ ਵਿੱਚ ਸਾਂ! ਪਰ ਸਾਡੇ ਲਈ ਤਾਂ ਦੋ ਹਜ਼ਾਰ ਡਾਲਰ ਵੀ ਬੜੀ ਵੱਡੀ ਰਕਮ ਸੀ। ਇਸੇ ਕਰਕੇ ਸਾਡੀ ਜਾਨ ਤਾਂ ਅਗਲੇ ਦਿਨਾਂ ਵਿੱਚ ਵੀ ਸੂਲੀ 'ਤੇ ਟੰਗੀ ਰਹੀ। ਇੰਗਲੈਂਡ ਤੋਂ ਹੀ ਸਾਊਥਾਲ ਰਹਿੰਦੇ ਮੇਰੇ ਭਤੀਜੇ ਜਸਪਾਲ ਨੇ ਅਤੇ ਨਿਊਂ-ਕੈਸਲ ਤੋਂ ਉਸਦੇ ਮਿੱਤਰ ਸਤਿਨਾਮ ਨੇ ਦੱਸਿਆ ਕਿ ਉਹਨਾਂ ਨੇ ਉਸ ਬੰਦੇ ਨਾਲ ਫ਼ੋਨ 'ਤੇ ਗੱਲ ਕੀਤੀ ਸੀ ਪਰ ਉਸਦਾ ਫ਼ੋਨ ਵੀ 'ਅਜਮੇਰੀ ਬਾਬਿਆਂ' ਵਾਲਾ ਹੈ, ਇਸ ਫ਼ੋਨ 'ਤੇ ਉਸ ਨਾਲ ਗੱਲ ਕਰਨ ਵਾਲੇ ਨੂੰ ਧੜਾ-ਧੜ ਪੈਸੇ ਪਈ ਜਾਂਦੇ ਹਨ ਤੇ ਇਹ ਪੈਸੇ ਵੀ ਉਸਨੂੰ ਹੀ ਮਿਲਣੇ ਹੁੰਦੇ ਨੇ। ਇਸ ਲਈ ਅਸੀਂ ਉਸ ਨਾਲ ਫ਼ੋਨ 'ਤੇ ਗੱਲ-ਬਾਤ ਨਾ ਹੀ ਕਰੀਏ/ਕਰਵਾਈਏ।
ਕਈ ਬੰਦੇ ਰੋਜ਼ ਇੰਟਰਨੈੱਟ ਨਹੀਂ ਖੋਲ੍ਹਦੇ। ਜਿਉਂ ਜਿਉਂ ਕੋਈ ਇੰਟਰਨੈੱਟ ਖੋਲ੍ਹਦਾ, ਤਿਉਂ ਤਿਉਂ ਅਗਲੇ ਨਾਲ ਵੀ ਸੰਪਰਕ ਕਰਦਾ ਤੇ ਸਾਡੇ ਨਾਲ ਵੀ। ਵੈਨਕੂਵਰ ਤੋਂ ਸ਼ਾਇਰ-ਪੱਤਰਕਾਰ ਬਖ਼ਸ਼ਿੰਦਰ ਦੀ ਬੇਟੀ ਪੱਤਰਕਾਰ ਨਵਜੋਤ ਪਿੱਛੋਂ ਜਲੰਧਰ ਤੋਂ ਹੀ ਜਾਣੂ ਹੋਣ ਕਰਕੇ ਘਰ ਦੇ ਜੀਆਂ ਵਾਲੇ ਮਾਣ ਨਾਲ ਕਹਿਣ ਲੱਗੀ, "ਅੰਕਲ! ਤੁਸੀਂ ਕੀ ਮਖ਼ੌਲ ਬਣਾਇਐ; ਲੋਕਾਂ ਤੋਂ ਪੈਸੇ ਮੰਗੀ ਜਾਂਦੇ ਓ।"
ਉਸਨੂੰ ਫ਼ੋਨ ਕਰਨ 'ਤੇ ਸੁਪਨ ਕੋਲੋਂ ਸਾਰੀ ਗੱਲ ਦਾ ਪਹਿਲਾਂ ਹੀ ਪਤਾ ਲੱਗ ਚੁੱਕਾ ਸੀ। ਉਸਨੇ ਦੱਸਿਆ ਕਿ ਏਥੇ ਵੈਨਕੂਵਰ ਵਿੱਚ ਤਾਂ ਇਸ ਖ਼ਬਰ ਦਾ ਬਹੁਤ ਲੋਕਾਂ ਨੂੰ ਅਜੇ ਵੀ ਪਤਾ ਨਹੀਂ। ਲੋਕਾਂ ਤੱਕ ਖ਼ਬਰ ਪਹੁੰਚਾਉਣ ਲਈ ਉਸਨੇ ਖ਼ਬਰਾਂ ਵਿੱਚ ਅਨਾਊਂਸ ਕਰਨ ਵਾਸਤੇ ਮੇਰੀ ਰੀਕਾਰਡਿੰਗ ਕਰ ਲਈ। ਉਸਦੇ ਕਹਿਣ 'ਤੇ ਹੀ ਹਰਜਿੰਦਰ ਥਿੰਦ ਨੇ ਆਪਣੇ ਰੇਡੀਓ ਪ੍ਰੋਗ੍ਰਾਮ 'ਤੇ ਮੇਰੇ ਨਾਲ ਲਾਈਵ ਗੱਲ-ਬਾਤ ਕਰਕੇ ਸਭ ਨੂੰ ਇਸ ਠੱਗੀ ਤੋਂ ਬਚਣ ਲਈ ਸਾਵਧਾਨ ਕਰ ਦਿੱਤਾ। ਟਰਾਂਟੋ ਤੋਂ ਪ੍ਰਤੀਕ ਸਿੰਘ ਨੇ ਖ਼ਬਰ ਬਣਾ ਕੇ ਪੰਜਾਬੀ ਟ੍ਰਿਬਿਊਨ ਨੂੰ ਭੇਜ ਦਿੱਤੀ ਤੇ ਖ਼ਬਰ ਓਥੇ ਵੀ ਲੱਗ ਗਈ। ਪਰ ਇਸਦੇ ਬਾਵਜੂਦ ਫ਼ੋਨ ਆਈ ਜਾ ਰਹੇ ਸਨ।
ਹਫ਼ਤੇ ਬਾਅਦ ਜਲੰਧਰ ਤੋਂ ਪਹਿਲਵਾਨ ਕਰਤਾਰ ਸਿੰਘ ਦਾ ਫ਼ੋਨ ਆਇਆ, "ਤੁਹਾਨੂੰ ਪਤੈ ਮੈਂ ਤਾਂ ਆਪਣੀ ਈ ਮੇਲ ਕਦੀ ਖੋਲ੍ਹੀ ਈ ਨਹੀਂ। ਅੱਜ ਕਿਸੇ ਦੀ ਈ-ਮੇਲ ਆਉਣੀ ਸੀ ਤਾਂ ਮੈਂ ਲੜਕੀ ਨੂੰ ਕਿਹਾ। ਉਸ ਦੱਸਿਆ ਕਿ ਅੰਕਲ ਦੀ ਇਸਤਰ੍ਹਾਂ ਦੀ ਨੌਂ ਅਪ੍ਰੈਲ ਦੀ ਈ-ਮੇਲ ਆਈ ਹੋਈ ਹੈ। ਮੈਂ ਸੋਚਿਆ ਹੁਣ ਤੱਕ ਪੈਸਿਆਂ ਦਾ ਤਾਂ ਕਿਤੋਂ ਨਾ ਕਿਤੋਂ ਬੰਦੋਬਸਤ ਹੋ ਈ ਗਿਆ ਹੋਊ। ਲੰਡਨ ਵਿੱਚ ਈ ਆਪਣੇ ਵੀ ਤੇ ਤੁਹਾਡੇ ਵੀ ਬੜੇ ਬੰਦੇ ਨੇ। ਪਰ ਮੈਂ ਆਖਿਆ ਫ਼ੋਨ ਕਰਕੇ 'ਸੌਰੀ' ਤਾਂ ਮੰਗ ਈ ਲਵਾਂ ਕਿ ਮੈਂ ਇਸ ਸੇਵਾ ਤੋਂ ਖੁੰਝ ਗਿਆਂ।"
ਮੈਂ ਕਿਹਾ ਸ਼ੁਕਰ ਹੈ ਕਿ ਤੁਸੀਂ ਇਸ ਸੇਵਾ ਤੋਂ 'ਖੁੰਝ' ਗਏ ਹੋ!
ਓਸੇ ਹੀ ਦਿਨ 'ਸੀਰਤ' ਦੀ ਬਾਕਾਇਦਾ ਪਾਠਕ ਇੱਕ ਬੀਬੀ ਅਜੀਤ ਕੌਰ ਦਾ ਫ਼ੋਨ ਆਇਆ। ਕਹਿੰਦੀ, "ਮੈਂ ਤਾਂ ਤੁਹਾਡੀ ਮੇਲ ਆਉਣ ਤੋਂ ਚਾਰ ਦਿਨ ਬਾਅਦ ਈ-ਮੇਲ ਖੋਲ੍ਹੀ। ਉਸ ਨੂੰ ਪੈਸੇ ਭੇਜਣ ਲਈ ਪੁੱਛਿਆ। ਪੈਸੇ ਭੇਜਣ ਈ ਵਾਲੀ ਸਾਂ ਕਿ 'ਸੀਰਤ' ਦੀ ਸਾਈਟ ਤੋਂ ਸਾਰੀ ਗੱਲ ਦਾ ਪਤਾ ਲੱਗ ਗਿਆ।"
ਮੈਂ ਅਜੀਤ ਕੌਰ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਕਿਵੇਂ ਸਾਰੀ ਦੁਨੀਆਂ ਵਿਚੋਂ ਉਸ ਵਰਗੇ ਮੇਰੇ ਸਨੇਹੀ ਮੇਰੇ ਕੰਮ ਆਉਣ ਲਈ ਉਤਾਵਲੇ ਸਨ।
"ਪਿਛਲੇ ਦਿਨਾਂ ਤੋਂ ਮੈਂ ਇਸ ਘਟਨਾ ਕਰਕੇ ਬਹੁਤ ਦੁਖੀ ਤੇ ਪਰੇਸ਼ਾਨ ਰਿਹਾਂ।"
ਉਹ ਕਹਿੰਦੀ, "ਦੁਖੀ ਕਿਉਂ? ਤੁਸੀਂ ਤਾਂ ਸਗੋਂ ਖ਼ੁਸ਼ ਹੋਵੋ ਕਿ ਦੁਨੀਆਂ ਵਿੱਚ ਏਨੇ ਲੋਕ ਤੁਹਾਨੂੰ ਪਿਆਰ ਕਰਨ ਵਾਲੇ ਹਨ। ਤੁਹਾਡੇ ਕੰਮ ਆਉਣ ਵਾਲੇ।"
ਸੁਹਿਰਦ ਬੀਬੀ ਦੀ ਗੱਲ ਠੀਕ ਸੀ। ਜਿਸ ਦਿਨ ਕੁਲਜੀਤ ਤੇ ਉਂਕਾਰਪ੍ਰੀਤ ਪੁਲਿਸ ਨੂੰ ਰੀਪੋਰਟ ਲਿਖਵਾਉਣ ਤੋਂ ਬਾਅਦ ਘਰ ਨੂੰ ਚਲੇ ਗਏ ਤਾਂ ਉਂਕਾਰਪ੍ਰੀਤ ਨੇ ਫ਼ੋਨ ਕੀਤਾ, "ਡਾਕਟਰ ਸਾਹਿਬ! ਮੈਂ ਤੁਹਾਨੂੰ ਇੱਕ ਗੱਲ ਆਖਣੀ ਹੈ, ਉਹ ਇਹ ਕਿ ਤੁਸੀਂ ਕੁਲਜੀਤ ਦੇ ਪੈਸੇ ਮੋੜਨ ਬਾਰੇ ਉੱਕਾ ਈ ਭੁੱਲ ਜਾਓ। ਇਹ ਪੈਸੇ ਤੁਸੀਂ ਨਹੀਂ ਮੋੜਨੇ; ਉਸਨੂੰ ਅਸੀਂ ਮੋੜਾਂਗੇ ਇਹ ਪੈਸੇ। ਤੁਸੀਂ ਬੱਸ ਨਿਸਚਿੰਤ ਹੋ ਜਾਓ।"
ਕੁਲਜੀਤ ਦੇ ਮੋਹ ਦੇ ਭਾਰ ਨਾਲ ਤਾਂ ਮੈਂ ਪਹਿਲਾਂ ਈ ਦੱਬਿਆ ਹੋਇਆ ਸਾਂ, ਹੁਣ ਉਂਕਾਰਪ੍ਰੀਤ ਦੇ ਬੋਲ ਸੁਣ ਕੇ ਮੇਰਾ ਮਨ ਭਰ ਆਇਆ। ਮੈਂ ਉਸਨੂੰ ਕਿਹਾ, "ਪਿਆਰੇ ਉਂਕਾਰਪ੍ਰੀਤ- ਕੁਲਜੀਤ ਮਾਨ ਤੋਂ ਤਾਂ ਮੈਂ ਕੁਰਬਾਨ ਜਾ ਈ ਰਿਹਾਂ; ਹੁਣ ਤੂੰ ਫ਼ੋਨ ਕਰਕੇ ਮੈਨੂੰ ਮੋਹ ਨਾਲ ਭਰ ਦਿੱਤਾ ਹੈ। ਤੁਹਾਡੇ ਜਿਹੇ ਰੱਬੀ ਜਿਊੜਿਆਂ ਦਾ ਮੈਂ ਧੰਨਵਾਦ ਕਰ ਹੀ ਨਹੀਂ ਸਕਦਾ। ਤੁਹਾਡੇ ਪੈਸੇ ਵੀ ਕੁਲਜੀਤ ਦੇ ਪੈਸਿਆਂ ਵਾਂਗ ਹੀ ਮੈਨੂੰ ਮਿਲ ਗਏ ਸਮਝੋ। ਤੁਸੀਂ ਮੈਨੂੰ ਸ਼ਰਸ਼ਾਰ ਕਰ ਦਿੱਤਾ ਹੈ। ਮੈਂ ਧੰਨ ਧੰਨ ਹਾਂ ਕਿ ਮੈਨੂੰ ਇੰਝ ਪਿਆਰ ਕਰਨ ਵਾਲੇ ਲੋਕ ਏਥੇ ਕਨੇਡਾ ਵਿੱਚ ਵੀ ਬੈਠੇ ਹਨ, ਜਿਸ ਕਨੇਡਾ ਬਾਰੇ ਕਿਹਾ ਜਾਂਦਾ ਹੈ ਕਿ ਇਹ ਨਿਰਦਈ ਧਰਤੀ ਹੈ; ਏਥੇ ਤਾਂ ਮੋਹ-ਮੁਹੱਬਤ ਦਾ ਰਿਸ਼ਤਾ ਖ਼ਤਮ ਹੋ ਗਿਆ ਹੈ, ਸਿਰਫ਼ ਪੈਸੇ ਦਾ ਰਿਸ਼ਤਾ ਹੀ ਰਹਿ ਗਿਆ ਹੈ! ਤੁਸੀਂ ਮੇਰੀ ਠਹਿਰ ਦੇ ਪਿਛਲੇ ਦੋ ਸਾਲਾਂ ਵਿੱਚ ਪਹਿਲੀ ਵਾਰ ਮੈਨੂੰ ਕਨੇਡਾ ਵੀ ਚੰਗਾ ਲੱਗਣ ਲਾ ਦਿੱਤਾ ਹੈ। ਰਹੀ ਗੱਲ ਕੁਲਜੀਤ ਨੂੰ ਪੈਸੇ ਦੇਣ ਦੀ, ਉਹ ਮੈਂ ਆਪ ਹੀ ਦਿਆਂਗਾ। ਸੁਪਨ ਦਾ ਪਹਿਲਾਂ ਹੀ ਹੱਥ ਤੰਗ ਹੋਣ ਕਰਕੇ ਮੈਂ ਉਸ 'ਤੇ ਵੀ ਭਾਰ ਨਹੀਂ ਬਣਨਾ ਚਾਹੁੰਦਾ। ਇਸੇ ਲਈ ਮੈਂ ਦੋ ਮਹੀਨੇ ਬਾਅਦ ਇੰਡੀਆ ਜਾ ਕੇ ਪੈਸੇ ਮੋੜਨ ਬਾਰੇ ਕੁਲਜੀਤ ਨੂੰ ਵੀ ਲਿਖ ਦਿੱਤਾ ਹੈ। ਤੁਸੀਂ ਵੀ ਇਸ ਬਾਰੇ ਕੋਈ ਚਾਰਾ ਨਹੀਂ ਕਰਨਾ। ਤੁਹਾਡੇ ਪੈਸੇ ਵੀ ਮੈਂ ਆਪਣੇ ਆਪ ਨੂੰ ਮਿਲ ਗਏ ਹੀ ਸਮਝ ਲਏ ਹਨ। ਤੁਸੀਂ ਆਪਣੀ ਮੁਹੱਬਤ ਦਾ ਮੈਨੂੰ ਕਰਜ਼ਾਈ ਬਣਾ ਲਿਆ ਹੈ ਸਦਾ ਸਦਾ ਲਈ। ਇਹ ਕੋਈ ਛੋਟੀ ਗੱਲ ਨਹੀਂ।"
ਸਾਰਾ ਬਿਰਤਾਂਤ ਲਿਖ ਬੈਠਾ ਹਾਂ ਤਾਂ ਛੋਟੇ ਸਾਊ ਵੀਰ ਹਰਪ੍ਰੀਤ ਸੇਖਾ ਨੇ ਸਾਰੇ ਘਟਨਾ-ਕ੍ਰਮ ਦੇ ਹਵਾਲੇ ਨਾਲ ਲਿਖਿਆ ਹੈ, "ਇਸ ਸਾਰੀ ਘਟਨਾ ਤੋਂ ਮੇਰੇ ਚਿੱਤ ਵਿੱਚ ਤੁਹਾਡੇ ਪ੍ਰਤੀ ਹੋਰ ਵੀ ਸ਼ਰਧਾ ਪਕੇਰੀ ਹੋਈ ਹੈ ਅਤੇ ਕੁਲਜੀਤ ਮਾਨ ਦਾ ਵੀ ਹੋਰ ਸਤਿਕਾਰ ਵਧਿਆ ਹੈ। ਪਰ ਭਾਅ ਜੀ, ਤੁਸੀਂ ਕਿਹੜਾ ਡਾਲਰ ਮੰਗੇ ਸਨ, ਜਿਹੜਾ ਤੁਸੀਂ ਆਪਣੇ ਸਿਰ ਜ਼ਿੰਮੇਵਾਰੀ ਲੈ ਰਹੋ ਹੋ। ਮੇਰੇ ਖ਼ਿਆਲ ਵਿੱਚ ਇਹ ਡਾਲਰਾਂ ਦਾ ਘਾਟਾ ਸਾਨੂੰ ਸਾਰਿਆਂ ਨੂੰ ਰਲ-ਮਿਲ ਕੇ ਪੂਰਾ ਕਰਨਾ ਚਾਹੀਦਾ ਹੈ। ਜੇ ਤੁਹਾਡੀ ਇਜਾਜ਼ਤ ਹੋਵੇ ਤਾਂ।"
ਇਹ ਇਜਾਜ਼ਤ ਤਾਂ ਭਾਵੇਂ ਮੈਂ ਨਹੀਂ ਦੇਣ ਲੱਗਾ ਪਰ ਇਜਾਜ਼ਤ ਮੰਗਣ ਵਾਲੇ ਇਹਨਾਂ ਸਾਰੇ ਸਨੇਹੀਆਂ ਨੂੰ ਮੁਹੱਬਤ ਦੇ ਗੱਫੇ ਭਰ ਭਰ ਕੇ ਵੰਡਣ ਨੂੰ ਜੀ ਕਰਦਾ ਹੈ।
'ਕਲਮਾਂ ਦੇ ਕਾਫ਼ਲੇ' ਦੀ ਮੀਟਿੰਗ 'ਤੇ ਦੋਸਤ ਮਿੱਤਰ 'ਈ-ਮੇਲ ਕਹਾਣੀ' ਦਾ ਵਿਸਥਾਰ ਪੁੱਛ ਰਹੇ ਸਨ। ਮੈਂ ਕੋਲ ਖਲੋਤੇ ਕੁਲਜੀਤ ਨੂੰ ਵੱਖੀ ਨਾਲ ਲਾਇਆ, "ਇਸਨੇ ਪੈਸਿਆਂ ਦੇ ਭਾਰ ਤੇ ਮੁਹੱਬਤੀ ਫੁੱਲਾਂ ਦੇ ਭਾਰ ਨਾਲ ਮੈਨੂੰ ਸਦਾ ਲਈ ਦੱਬ ਲਿਆ ਹੈ। ਪੈਸਿਆਂ ਦਾ ਭਾਰ ਤਾਂ ਲਾਹ ਦਊਂ, ਪਰ ਦੂਜਾ ਭਾਰ ਨਹੀਂ ਲੱਥ ਸਕਣਾ!"
ਕਿਰਪਾਲ ਸਿੰਘ ਪੰਨੂੰ ਕਹਿੰਦਾ, "ਪੈਸਿਆਂ ਦਾ ਭਾਰ ਤਾਂ, ਜੇ ਤੂੰ ਆਖੇਂ, ਤਾਂ, ਇਹਦਾ ਹੁਣੇ ਲਾਹ ਦਿੰਦੇ ਆਂ। ਰੂਹ 'ਤੇ ਪਏ ਭਾਰ ਨਾਲ ਤਾਂ ਤੈਨੂੰ ਨਜਿੱਠਣਾ ਈ ਪੈਣਾ ਏਂ।"
ਕੁਲਜੀਤ ਕਹਿੰਦਾ, "ਕੁਝ ਲੋਕੀਂ ਮੈਨੂੰ ਪੈਸੇ ਭੇਜਣ ਕਰਕੇ ਮੂਰਖ਼ ਆਖਦੇ ਨੇ। ਇੱਕ ਕਹਿੰਦਾ 'ਈ-ਮੇਲ ਤਾਂ ਮੈਨੂੰ ਵੀ ਆਈ ਸੀ, ਮੈਂ ਤਾਂ ਕਦੀ ਨਾ ਪੈਸੇ ਭੇਜਦਾ। ਕਿਉਂ ਭੇਜਦਾ ਮੈਂ ਪੈਸੇ? ਤੂੰ ਤਾਂ ਭਾਵੁਕ ਮੂਰਖ਼ ਏਂ।" ਮੈਂ ਕਿਹਾ, "ਬੱਸ ਏਸੇ ਕਰਕੇ ਮੈਂ ਤੁਹਾਡੇ ਤੋਂ ਵੱਖਰਾ ਹਾਂ।"
ਕੋਲੋਂ ਕੁਲਵਿੰਦਰ ਖਹਿਰਾ ਕਹਿੰਦਾ, "ਮੈਂ ਤੇ ਉਂਕਾਰਪ੍ਰੀਤ ਬੈਠੇ ਸਾਂ। ਛਿੱਟ ਛਿੱਟ ਲਾਈ ਹੋਈ ਸੀ। ਗੱਲ ਕੁਲਜੀਤ ਵੱਲੋਂ 'ਤੁਹਾਨੂੰ' ਪੈਸੇ ਭੇਜਣ ਦੀ ਹੋ ਰਹੀ ਸੀ। ਉਸਦੀ ਭਾਵੁਕਤਾ ਤੇ ਕੰਮ ਆਉਣ ਦੇ ਜ਼ਜ਼ਬੇ ਨੂੰ ਮਹਿਸੂਸ ਕਰਕੇ ਸਾਡੀਆਂ ਤਾਂ ਅੱਖਾਂ ਵਿੱਚ ਅੱਥਰੂ ਆ ਗਏ।"
ਮੈਨੂੰ ਕੁਝ ਕਹਿਣ ਦੀ ਲੋੜ ਨਾ ਪਈ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ