Tamasha (Punjabi Story) : Muhammad Mansa Yaad

ਤਮਾਸ਼ਾ (ਕਹਾਣੀ) : ਮੁਹੰਮਦ ਮਨਸ਼ਾ ਯਾਦ

ਸਵੇਰ ਤੱਕ ਉਹ ਦੋਵੇਂ ਦਰਿਆ ਕਿਨਾਰੇ ਪਹੁੰਚ ਜਾਂਦੇ ਹਨ। ਥਾਂ ਥਾਂ ਮਰੀਆਂ ਹੋਈਆਂ ਮੱਛੀਆਂ ਬਿਖਰੀਆਂ ਪਈਆਂ ਸਨ। ਛੋਟੇ ਨੇ ਕਿਹਾ, ‘‘ਇਹ ਲੱਧੜਾਂ ਦਾ ਕੰਮ ਐ ਅੱਬਾ।’’

‘‘ਹਾਂ ਪੁੱਤਰ, ਇਹ ਏਦਾਂ ਈ ਕਰਦੇ ਨੇ। ਜ਼ਰੂਰਤ ਤੋਂ ਜ਼ਿਆਦਾ ਮੱਛੀਆਂ ਮਾਰ ਮਾਰ ਕੇ ਜਮ੍ਹਾਂ ਕਰਦੇ ਨੇ ਪਰ ਖਾਣ ਦੇ ਵਕਤ ਆਪਸ ਵਿਚ ਲੜ ਪੈਂਦੇ ਨੇ ਤੇ ਸ਼ਿਕਾਰ ਨੂੰ ਖਰਾਬ ਕਰ ਕੇ ਇਕ ਦੂਜੇ ਨੂੰ ਲਹੂ ਲੁਹਾਣ ਕਰ ਦਿੰਦੇ ਨੇ।’’ ਵੱਡੇ ਨੇ ਕਿਹਾ।

‘‘ਇਹ ਇੰਨੀਆਂ ਮੱਛੀਆਂ? ਇਕ ਰਾਤ ਵਿਚ ਇੰਨੀਆਂ ਮੱਛੀਆਂ ਮਾਰਦੇ ਨੇ ਤਾਂ ਦਰਿਆ ਤਾਂ ਮੱਛੀਆਂ ਤੋਂ ਖਾਲੀ ਜਾਏਗਾ?’’ ਛੋਟੇ ਨੇ ਆਖਿਆ।

ਖ਼ੈਰ!

ਦੋਵੇਂ ਸਾਮਾਨ ਰੱਖ ਕੇ ਕਿਨਾਰੇ ਖੜ੍ਹੇ ਹੋ ਗਏ ਤੇ ਉਸ ਪਾਰ ਦੇਖਣ ਲੱਗੇ। ਜਿਸ ਬਸਤੀ ਵਿਚ ਉਨ੍ਹਾਂ ਨੇ ਪਹੁੰਚਣਾ ਸੀ ਉਸ ਦੀ ਮਸਜਿਦ ਦੇ ਮੀਨਾਰ ਸਾਫ਼ ਨਜ਼ਰ ਆ ਰਹੇ ਸਨ ਪਰ ਉਸ ਤੱਕ ਪਹੁੰਚਣ ਲਈ ਨਾ ਪੁਲ ਸੀ ਨਾ ਕਿਸ਼ਤੀ... ਉਹ ਪਰੇਸ਼ਾਨ ਹੋ ਕੇ ਦਰਿਆ ਵੱਲ ਦੇਖਦੇ ਹਨ... ਦਰਿਆ ਹਰ ਪਾਸੇ ਤੋਂ ਇਕੋ ਜਿਹਾ ਡੂੰਘਾ ਤੇ ਚੌੜਾ ਹੈ। ਵੱਡਾ ਕੁਝ ਦੇਰ ਸੋਚ ਵਿਚਾਰ ਕਰ ਕੇ ਬੋਲਿਆ, “ ਅੱਲ੍ਹਾ ਦਾ ਨਾਂ ਲੈ ਕੇ ਚੱਲ ਪੈਂਦੇ ਹਾਂ ਪੁੱਤਰ।’’

‘‘ਜਿਵੇਂ ਤੁਹਾਡੀ ਮਰਜ਼ੀ ਅੱਬਾ।’’

‘‘ਜੇ ਡੁੱਬ ਗਏ ਤਾਂ...?’’

‘‘ਤਾਂ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰਾਂਗੇ।’’

‘‘ਤੂੰ ਕਾਫ਼ੀ ਹੁਸ਼ਿਆਰ ਹੋ ਗਿਆ ਏਂ ਜਮੂਰੇ।’’ ਵੱਡਾ ਹੱਸਦੇ ਹੋਏ ਕਹਿਣ ਲੱਗਾ।

‘‘ਤੁਹਾਡਾ ਚੇਲਾ ਜੋ ਹੋਇਆ ਅੱਬਾ।’’

‘‘ਜ਼ਰੂਰ ਚੱਲ ਪੈਂਦੇ ਪੁੱਤਰ।’’ ਵੱਡਾ ਕੁਝ ਦੇਰ ਸੋਚਣ ਮਗਰੋਂ ਕਹਿਣ ਲੱਗਾ, ‘‘ਪਰ ਮੈਨੂੰ ਰਾਤ ਵਾਲਾ ਖ਼ੁਆਬ ਯਾਦ ਆ ਰਿਹੈ।’’

‘‘ਕਿੱਦਾਂ ਦਾ ਖ਼ੁਆਬ... ਅੱਬਾ?’’

‘‘ਬਹੁਤ ਡਰਾਉਣਾ ਖ਼ੁਆਬ ਸੀ ਪੁੱਤਰ।’’

‘‘ਕੀ ਦੇਖਿਆ ਸੀ ਅੱਬਾ?’’

‘‘ਮੈਂ ਦੇਖਿਆ ਜਮੂਰੇ ਕਿ ਬਹੁਤ ਵੱਡਾ ਮਜਮਾ ਹੈ। ਮੈਂ ਤਮਾਸ਼ਬੀਨਾਂ ਦੇ ਦਰਮਿਆਨ ਕੌਡੀਆਂ ਵਾਲੇ ਨੂੰ ਗਲ ਵਿਚ ਪਾਈ ਖੜ੍ਹਾ ਹਾਂ। ਬੱਚੇ ਤਾੜੀਆਂ ਵਜਾਉਂਦੇ ਤੇ ਵੱਡੇ ਜ਼ਮੀਨ ’ਤੇ ਵਿਛੀ ਚਾਦਰ ’ਤੇ ਸਿੱਕੇ ਸੁੱਟੇ ਰਹੇ ਹਨ ਕਿ ਅਚਾਨਕ ਕੌਡੀਆਂ ਵਾਲਾ ਜਿਸ ਨੂੰ ਮੈਂ ਤੇਰੇ ਵਾਂਗ ਲਾਡ ਪਿਆਰ ਨਾਲ ਪਾਲਿਆ ਹੈ ਮੇਰੀ ਗਰਦਨ ਵਿਚ ਦੰਦ ਗੱਡ ਦਿੰਦਾ ਹੈ ਤੇ ਆਪਣਾ ਜ਼ਹਿਰ ਭਰ ਦਿੰਦਾ ਹੈ।’’

‘‘ਫਿਰ ਕੀ ਹੋਇਆ ਅੱਬਾ?’’

‘‘ਫਿਰ ਮੇਰੀਆਂ ਅੱਖਾਂ ਦੇ ਸਾਹਮਣੇ ਹਨੇਰਾ ਛਾਉਣ ਲਗਦਾ ਹੈ, ਲੋਕਾਂ ਦੇ ਚਿਹਰੇ ਧੁੰਦਲੇ ਹੋ ਜਾਂਦੇ ਹਨ ਤੇ ਆਵਾਜ਼ਾਂ ਡੁੱਬ ਜਾਂਦੀਆਂ ਹਨ। ਮੈਨੂੰ ਇੰਝ ਲੱਗਦੈ ਜਿਵੇਂ ਮੌਤ ਜਿਹੀ ਨੀਂਦ ਦੇ ਅੰਨ੍ਹੇ ਖੂਹ ਵਿਚ ਥੱਲੇ ਹੀ ਥੱਲੇ ਹੀ ਡਿੱਗਦਾ ਜਾ ਰਿਹਾ ਹਾਂ। ਡੁੱਬਦੇ ਡੁੱਬਦੇ ਰਹਿੰਦੀ ਖੂੰਹਦੀ ਤਾਕਤ ਜਮ੍ਹਾਂ ਕਰ ਕੇ ਚਾਰੋਂ ਪਾਸੇ ਫੈਲੇ ਹੋਏ ਹਨੇਰੇ ਵਿਚ ਆਵਾਜ਼ ਦਾ ਤੀਰ ਸੁੱਟਦਾ ਹਾਂ ਤੇ ਤੈਨੂੰ ਪੁਕਾਰਦਾ ਹਾਂ।’’

‘‘ਫਿਰ?’’

‘‘ਫਿਰ ਮੈਂ ਆਪਣੀ ਹੀ ਚੀਕ ਦੀ ਆਵਾਜ਼ ਸੁਣ ਕੇ ਘਬਰਾ ਕੇ ਉੱਠ ਬੈਠਾ। ਕੀ ਦੇਖਦਾ ਹਾਂ ਕਿ ਅੱਧੀ ਰਾਤ ਦਾ ਸਮਾਂ। ਚੰਨ ਡੁੱਬ ਚੁੱਕਾ ਹੈ। ਕੁੱਤੇ ਰੋ ਰਹੇ ਹਨ ਤੇ ਧੁੰਦ ਨਾਲ ਬੋਝਲ ਹਵਾ ਉਦਾਸ ਉਦਾਸ ਫਿਰ ਰਹੀ ਐ।’’

‘‘ਫਿਰ?’’

‘‘ਫਿਰ ਮੈਂ ਦੇਖਿਆ ਕਿ ਤੂੰ ਠੰਢ ਦੀ ਵਜ੍ਹਾ ਨਾਲ ਸੁੰਗੜਿਆ ਹੋਇਆ ਹੈਂ। ਮੈਂ ਤੇਰੇ ’ਤੇ ਚਾਦਰ ਪਾ ਦਿੱਤੀ ਜਿਵੇਂ ਅਖਾੜੇ ਵਿਚ ਤੇਰੇ ਗਲ ’ਤੇ ਛੁਰੀ ਚਲਾਉਣ ਤੇ ਤੈਨੂੰ ਦੁਬਾਰਾ ਜਿਉਂਦਾ ਕਰਨ ਲਈ ਕਰਦਾ ਹਾਂ। ਪਰ ਰਾਤ ਦੇ ਉਸ ਉਦਾਸ ਪਹਿਰ ਵਿਚ ਮੈਨੂੰ ਆਪਣਾ ਚਾਦਰ ਪਾਉਣ ਦਾ ਇਹ ਅੰਦਾਜ਼ ਬਹੁਤ ਹੀ ਨਹਿਸ਼ ਜਾਪਿਆ ਤੇ ਨੀਂਦ ਉੱਡ ਗਈ।’’

‘‘ਬਸ, ਤੇ ਇਸ ਤੋਂ ਤੂੰ ਇਹ ਨਤੀਜਾ ਕੱਢ ਲਿਆ ਕਿ ਆਪਾਂ ਨੂੰ ਦਰਿਆ ਵਿਚ ਵੜਨਾ ਨਹੀਂ ਚਾਹੀਦਾ?’’

‘‘ਹਾਂ ਪੁੱਤਰ, ਅੱਜ ਦਾ ਦਿਨ ਸਾਡੇ ਲਈ ਚੰਗਾ ਨਹੀਂ।’’

ਉਹ ਲੱਤਾਂ ਫੈਲਾ ਕੇ ਬੈਠ ਗਿਆ ਤੇ ਸੁਸਤਾਉਣ ਲੱਗਾ। ਛੋਟਾ ਅਜੇ ਤੱਕ ਤਾਜ਼ਾਦਮ ਸੀ। ਨੱਠ ਨੱਠ ਟਿੱਲਿਆਂ ’ਤੇ ਚੜ੍ਹਦਾ ਉਤਰਦਾ ਤੇ ਅਚਾਨਕ ਪੁਕਾਰਦਾ ਹੈ।

‘‘ਅੱਬਾ ਪੁਲ... ਮੈਨੂੰ ਪੁਲ ਵਿਖਾਈ ਦੇ ਰਿਹੈ। ਜ਼ਿਆਦਾ ਦੂਰ ਨਹੀਂ।’’

ਪੁਲ ਦਾ ਨਾਂ ਸੁਣ ਕੇ ਵੱਡੇ ਦੇ ਬੁੱਢੇ ਜਿਸਮ ਵਿਚ ਜ਼ਿੰਦਗੀ ਦੀ ਤਾਜ਼ੀ ਲਹਿਰ ਦੌੜਨ ਲੱਗੀ। ਉਹ ਉੱਠ ਕੇ ਭੱਜਦਾ ਹੋਇਆ ਟਿੱਲੇ ’ਤੇ ਆਇਆ ਤੇ ਉਸ ਪਾਸੇ ਦੇਖਿਆ ਜਿਧਰ ਪਾਣੀ ਵਹਿ ਰਿਹਾ ਸੀ। ਫਿਰ ਖ਼ੁਸ਼ ਹੋ ਕੇ ਬੋਲਿਆ, ‘‘ਹਾਂ ਪੁਲ ਜ਼ਿਆਦਾ ਦੂਰ ਨਹੀਂ... ਪਰ ਰਸਤਾ ਦੁਸ਼ਵਾਰ ਹੈ।’’

‘‘ਕੋਈ ਗੱਲ ਨੀਂ ਅੱਬਾ।’’

ਦੋਵੇਂ ਆਪੋ ਆਪਣਾ ਸਾਮਾਨ ਚੁੱਕ ਦਰਿਆ ਦੇ ਨਾਲ ਨਾਲ ਤੁਰਨ ਲੱਗੇ। ਰਸਤਾ ਮੁਸ਼ਕਲ ਸੀ, ਟਿੱਲੇ ਤੇ ਖਾਈਆਂ, ਨਦੀ ਨਾਲੇ, ਸੰਘਣਾ ਜੰਗਲ। ਪੈਰ ਲਹੂ ਲੁਹਾਣ ਕਰ ਦੇਣ ਵਾਲੀ ਦੁੱਬ... ਪਰ ਉਹ ਤੁਰਦੇ ਰਹੇ... ਤੁਰਦੇ ਰਹੇ। ਉਨ੍ਹਾਂ ਦੇ ਨਾਲ ਨਾਲ ਦੂਜੇ ਕਿਨਾਰੇ ’ਤੇ ਬਸਤੀ ਦੀ ਮਸਜਿਦ ਦੇ ਉੱਚੇ ਮੀਨਾਰ ਵੀ ਚਲਦੇ ਰਹੇ। ਚਲਦੇ ਚਲਦੇ ਉਹ ਥੱਕ ਗਏ ਸੀ। ਸਵੇਰ ਤੋਂ ਦੁਪਹਿਰ ਹੋ ਗਈ, ਪਰ ਪੁਲ ਹੁਣ ਵੀ ਇੰਨਾ ਦੂਰ ਨਜ਼ਰ ਆ ਰਿਹਾ ਸੀ ਜਿੰਨਾ ਉਸ ਵਕਤ ਨਜ਼ਰ ਆਉਂਦਾ ਸੀ ਜਦੋਂ ਦੇ ਉਹ ਚੱਲੇ ਸੀ। ਵੱਡਾ ਕਹਿਣ ਲੱਗਾ, ‘‘ਅਜੀਬ ਗੱਲ ਐ ਜਮੂਰੇ... ਪੁਲ ਅੱਗੇ ਹੀ ਅੱਗੇ ਚਲਦਾ ਜਾ ਰਿਹੈ।’’

‘‘ਤੇ ਬਸਤੀ ਵੀ ਅੱਬਾ। ਮੀਨਾਰ ਸਾਡੇ ਨਾਲ ਨਾਲ ਚੱਲ ਰਹੇ ਹਨ।’’ ਛੋਟੇ ਨੇ ਕਿਹਾ।

‘‘ਅਜੀਬ ਗੱਲ ਐ ਜਮੂਰੇ।’’

‘‘ਬਹੁਤ ਹੀ ਅਜੀਬ ਐ ਅੱਬਾ।’’

‘‘ਇਹ ਕੋਈ ਇਸਰਾਰ ਐ ਪੁੱਤਰ।’’

‘‘ਮੇਰਾ ਖ਼ਿਆਲ ਐ ਅੱਬਾ। ਆਪਾਂ ਹਰ ਰੋਜ਼ ਲੋਕਾਂ ਨਾਲ ਮਖੌਲ ਕਰਦੇ ਆਂ, ਅੱਜ ਆਪਣੇ ਨਾਲ ਮਖੌਲ ਹੋ ਰਿਹੈ।’’ ਛੋਟੇ ਨੇ ਕਿਹਾ।

‘‘ਅੱਲ੍ਹਾ ਖ਼ੈਰ ਕਰੇ।’’

ਚਲਦੇ ਚਲਦੇ ਦੁਪਹਿਰ ਹੋਣ ਲੱਗੀ ਸੀ। ਉਹ ਤੁਰ ਤੁਰ ਕੇ ਨਿਢਾਲ ਹੋ ਗਏ ਸੀ। ਦਰਿਆ ਦਾ ਗੰਦਲਾ ਪਾਣੀ ਪੀ ਪੀ ਉਨ੍ਹਾਂ ਦੇ ਬੁੱਲ੍ਹਾਂ ’ਤੇ ਪੇਪੜੀਆਂ ਜੰਮ ਗਈਆਂ ਸਨ। ਕੰਡੇਦਾਰ ਝਾੜੀਆਂ ਨਾਲ ਉਲਝ ਉਲਝ ਕੇ ਲਿਬਾਸ ਤਾਰ ਤਾਰ ਹੋ ਗਏ ਸਨ ਤੇ ਪੈਰ ਜ਼ਖ਼ਮੀ। ਪਰ ਪੁਲ ਤੇ ਬਸਤੀ ਦੇ ਮੀਨਾਰ ਹੁਣ ਵੀ ਓਨੇ ਹੀ ਫਾਸਲੇ ’ਤੇ ਨਜ਼ਰ ਆ ਰਹੇ ਸਨ।

‘‘ਰੁਕ ਜਾ ਪੁੱਤਰ। ਉਸ ਪਾਰ ਵਾਲੀ ਬਸਤੀ ਤੱਕ ਪੁੱਜਣਾ ਸ਼ਾਇਦ ਸਾਡੇ ਮੁਕੱਦਰ ਵਿਚ ਨਹੀਂ, ਆਪਾਂ ਬਸ ਅੱਗੇ ਹੀ ਅੱਗੇ ਚਲਦੇ ਹੋਏ ਪੁਲ ਤੱਕ ਕਦੇ ਨਹੀਂ ਪਹੁੰਚ ਸਕਦੇ।’’ ਵੱਡੇ ਨੇ ਕਿਹਾ।

‘‘ਫਿਰ ਕੀ ਕਰੀਏ ਅੱਬਾ?’’

‘‘ਵਾਪਸ ਚੱਲਦੇ ਆਂ ਪੁੱਤਰ।’’

‘‘ਨਹੀਂ ਅੱਬਾ। ਵਾਪਸ ਜਾ ਕੇ ਕੀ ਕਰਾਂਗੇ? ਸਾਡੀ ਮੰਜ਼ਿਲ ਤਾਂ ਉਸ ਪਾਰ ਦੀ ਬਸਤੀ ਐ। ਫਿਰ ਅੱਬਾ ਵਾਪਸ ਮੁੜ ਜਾਣਾ ਮਰਦਾਂ ਦਾ ਕੰਮ ਨਹੀਂ।’’

‘‘ਹਾਂ ਪੁੱਤਰ, ਤੂੰ ਠੀਕ ਆਖ ਰਿਹੈਂ... ਸਾਡੀਆਂ ਤਾਂ ਜ਼ਨਾਨੀਆਂ ਵੀ ਦਰਿਆ ਦੀਆਂ ਵਿਗੜੀਆਂ ਹੋਈਆਂ ਲਹਿਰਾਂ ਤੋਂ ਨਹੀਂ ਡਰਦੀਆਂ... ਕੱਚੇ ਘੜਿਆਂ ’ਤੇ ਚੱਲ ਪੈਂਦੀਆਂ ਨੇ।’’

‘‘ਵਾਹ ਅੱਬਾ... ਕੀ ਗੱਲ ਕੀਤੀ... ਚਲੋ ਚੱਲਦੇ ਆਂ।’’

‘‘ਨਹੀਂ ਪੁੱਤਰ... ਤੂੰ ਥੱਕ ਜਾਏਂਗਾ... ਤੇ ਫਿਰ ਸਾਡੇ ਕੋਲ ਸਾਮਾਨ ਐ।’’

‘‘ਤੂੰ ਮੇਰੀ ਫ਼ਿਕਰ ਨਾ ਕਰ ਅੱਬਾ... ਤੇ ਸਾਮਾਨ ਦਾ ਕੀ ਐ ਉੱਥੇ ਜਾ ਕੇ ਨਵਾਂ ਬਣਾ ਲਵਾਂਗੇ।’’

ਵੱਡੇ ਨੇ ਕੋਈ ਜੁਆਬ ਨਾ ਦਿੱਤਾ। ਸਾਮਾਨ ਥੱਲੇ ਰੱਖ ਕੇ ਦਰਿਆ ਵੱਲ ਦੇਖਦਾ ਰਿਹਾ ਤੇ ਫਿਰ ਕੁਝ ਗਾਉਣ ਲੱਗਾ।

ਅਚਾਨਕ ਕੁੱਤਿਆਂ ਦੇ ਭੌਂਕਣ ਤੇ ਮਵੇਸ਼ੀਆਂ ਦੇ ਗਰਜਣ ਦੀਆਂ ਆਵਾਜ਼ਾਂ ਸੁਣਾਈ ਦੇਣ ਲੱਗੀਆਂ।

‘‘ਇਹ ਆਵਾਜ਼ਾਂ...। ਇਸ ਜੰਗਲ ਬੀਆਬਾਨ ਵਿਚ?’’ ਛੋਟੇ ਨੇ ਕਿਹਾ।

‘‘ਮੇਰਾ ਖ਼ਿਆਲ ਐ ਇੱਥੇ ਨੇੜੇ ਹੀ ਕੋਈ ਆਬਾਦੀ ਐ, ਕੋਈ ਦੂਜੀ ਬਸਤੀ।’’

‘‘ਲੱਗਦਾ ਤਾਂ ਇੰਝ ਹੀ ਐ।’’

‘‘ਪੁੱਤਰ ਕਿਉਂ ਨਾ ਅੱਜ ਦੀ ਰਾਤ ਇੱਥੇ ਇਸੇ ਬਸਤੀ ਵਿਚ ਗੁਜ਼ਾਰ ਲਈਏ। ਸਵੇਰੇ ਤਾਜ਼ਾਦਮ ਹੋ ਕੇ ਚੱਲਾਂਗੇ?’’

‘‘ਜਿਵੇਂ ਤੁਹਾਡੀ ਮਰਜ਼ੀ ਅੱਬਾ।’’

ਵੱਡਾ ਕੁਝ ਦੇਰ ਸੋਚਦਾ ਰਿਹਾ ਤੇ ਫਿਰ ਆਵਾਜ਼ਾਂ ਦੇ ਤਆਕੁਬ ਵਿਚ ਚੱਲਣ ਲੱਗਾ। ਛੋਟਾ ਮੁੜ ਮੁੜ ਕੇ ਦਰਿਆ ਦੇ ਉਸ ਪਾਰ ਵਾਲੀ ਬਸਤੀ ਵੱਲ ਦੇਖਦਾ ਤੇ ਉਸ ਦੇ ਪਿੱਛੇ ਪਿੱਛੇ ਚੱਲਣ ਲੱਗਦਾ। ਦਰਿਆ ਦਾ ਕਿਨਾਰਾ ਆਹਿਸਤਾ ਆਹਿਸਤਾ ਦੂਰ ਹੁੰਦਾ ਜਾ ਰਿਹਾ ਸੀ ਤੇ ਉਹ ਛੋਟੀ ਜਿਹੀ ਬਸਤੀ ਦੇ ਨੇੜੇ ਪਹੁੰਚ ਗਏ।

ਅਚਾਨਕ ਵੱਡਾ ਠਿਠਕ ਕੇ ਖੜ੍ਹ ਗਿਆ ਤੇ ਬੇਰੀ ਦੇ ਦਰਖ਼ਤ ਵੱਲ ਦੇਖ ਕੇ ਆਖਣ ਲੱਗਾ, ‘‘ਇਹ ਕੀ ਤਮਾਸ਼ਾ ਹੈ ਜਮੂਰੇ?’’

ਜਮੂਰੇ ਨੇ ਬੇਰੀ ਵੱਲ ਦੇਖਿਆ। ਜ਼ਮੀਨ ਤੋਂ ਮਿੱਟੀ ਦੀ ਡਲੀ ਚੁੱਕ ਕੇ ਮਾਰੀ ਫਿਰ ਜ਼ਮੀਨ ਤੋਂ ਬੇਰ ਚੁੱਕ ਕੇ ਖਾਣ ਲੱਗਾ ਤੇ ਨਾਲ ਹੀ ਥੁੱਕ ਦਿੱਤਾ।

‘‘ਤੁਹਾਡਾ ਸ਼ੱਕ ਠੀਕ ਐ ਅੱਬਾ... ਨਿਮੋਲੀਆਂ ਹੀ ਨੇ... ਜ਼ਹਿਰੀਲੀਆਂ।’’

‘‘ਰੱਬ ਖ਼ੈਰ ਕਰੇ! ਕੋਈ ਇਸਰਾਰ ਹੈ ਪੁੱਤਰ।’’ ਵੱਡੇ ਨੇ ਕਿਹਾ।

ਛੋਟੇ ਨੇ ਕੋਈ ਜੁਆਬ ਨਾ ਦਿੱਤਾ। ਆਸਮਾਨ ਵੱਲ ਮੂੰਹ ਚੁੱਕ ਕੇ ਦੇਖਣ ਲੱਗਾ। ਵੱਡੇ ਨੇ ਪੁੱਛਿਆ, ‘‘ਕੀ ਦੇਖ ਰਿਹੈਂ ਪੁੱਤਰ, ਅਬਾਬੀਲਾਂ ਹਨ।’’

‘‘ਹਾਂ ਅੱਬਾ... ਪੂਰਾ ਲਸ਼ਕਰ ਐ।’’

‘‘ਦਾਣਾ ਫੱਕਾ ਲੱਭ ਰਹੀਆਂ ਹੋਣਗੀਆਂ ਪੁੱਤਰ।’’

‘‘ਕੀ ਪਤੈ ਕੁਝ ਹੋਰ ਲੱਭ ਰਹੀਆਂ ਹੋਣੀਆਂ ਅੱਬਾ।’’

‘‘ਹੋਰ ਕੀ ਪੁੱਤਰ?’’

‘‘ਹਾਥੀਆਂ ਨੂੰ ਅੱਬਾ।’’

‘‘ਨਹੀਂ ਪੁੱਤਰ... ਇਹ ਉਹ ਅਬਾਬੀਲਾਂ ਨਹੀਂ। ਇਹ ਤਾਂ ਹਾਥੀਆਂ ’ਤੇ ਬਹਿ ਕੇ ਚਹਿਚਹਾਉਣ ਤੇ ਚੋਗ ਬਦਲਣ ਵਾਲੀਆਂ ਅਬਾਬੀਲਾਂ ਹਨ।’’

‘‘ਇੱਥੋਂ ਨਿਕਲ ਚੱਲੀਏ ਅੱਬਾ... ਇਹ ਠੀਕ ਥਾਂ ਨਹੀਂ।’’

‘‘ਰੱਬ ਖ਼ੈਰ ਕਰੇਗਾ ਪੁੱਤਰ...। ਕੁਝ ਧੰਦਾ ਕਰ ਲਈਏ। ਰਾਤ ਗੁਜ਼ਾਰ ਕੇ ਸਵੇਰੇ ਸਵੇਰੇ ਖਿਸਕ ਲਵਾਂਗੇ।’’

‘‘ਜਿਵੇਂ ਤੁਹਾਡੀ ਮਰਜ਼ੀ ਅੱਬਾ।’’

ਬਸਤੀ ਵਿਚ ਦਾਖ਼ਲ ਹੁੰਦਿਆਂ ਹੀ ਉਹ ਇਕ ਖੁੱਲ੍ਹੀ ਜਗ੍ਹਾ ’ਤੇ ਸਾਮਾਨ ਰੱਖ ਕੇ ਆਸੇ-ਪਾਸੇ ਦਾ ਜ਼ਾਇਜਾ ਲੈਣ ਲੱਗੇ। ਫਿਰ ਛੋਟਾ ਜ਼ਮੀਨ ’ਤੇ ਚਾਦਰ ਵਿਛਾ ਕੇ ਉਸ ਦੇ ਇਕ ਕੋਨੇ ’ਤੇ ਬੈਠ ਗਿਆ ਤੇ ਵੱਡਾ ਬੰਸਰੀ ਤੇ ਡੁਗਡੁਗੀ ਕੱਢ ਕੇ ਵਜਾਉਣ ਲੱਗਾ।

ਦੇਖਦੇ ਦੇਖਦੇ ਬਹੁਤ ਸਾਰੇ ਬੱਚੇ ਉਨ੍ਹਾਂ ਦੇ ਆਲੇ ਦੁਆਲੇ ਇਕੱਠੇ ਹੋ ਗਏ। ਦੋਹਾਂ ਦੇ ਚਿਹਰੇ ਖ਼ੁਸ਼ੀ ਨਾਲ ਖਿੜ ਗਏ ਤੇ ਵੱਡਾ ਛੋਟੇ ਵੱਲ ਦੇਖ ਕੇ ਸਿਰ ਹਿਲਾਉਣ ਲੱਗਾ ਜਿਵੇਂ ਕਹਿ ਰਿਹਾ ਹੋਵੇ, ‘‘ਹੁਣ ਰਾਤ ਗੁਜ਼ਾਰਨ ਦਾ ਚੰਗਾ ਬੰਦੋਬਸਤ ਹੋ ਜਾਵੇਗਾ।’’

ਵੱਡਾ ਬੰਸਰੀ ਤੇ ਡੁਗਡੁਗੀ ਵਜਾਉਂਦਾ ਰਿਹਾ ਤੇ ਜਦੋਂ ਥੱਕ ਗਿਆ ਤਾਂ ਕਹਿਣ ਲੱਗਾ, ‘‘ਪੁੱਤਰ ਜਮੂਰੇ... ਇਹ ਬਸਤੀ ਵੀ ਅਜੀਬ ਹੈ। ਡੁਗਡੁਗੀ ਵਜਾਉਂਦੇ ਵਜਾਉਂਦੇ ਮੇਰੀ ਬਾਂਹ ਥੱਕ ਗਈ ਤੇ ਬੰਸਰੀ ਵਿਚ ਫੂਕਾਂ ਮਾਰਦੇ ਮਾਰਦੇ ਮੇਰਾ ਅੰਦਰਲਾ ਖਾਲੀ ਹੋ ਗਿਆ ਪਰ ਹੁਣ ਕਿਸੇ ਬਾਲਗ ਮਰਦ ਜਾਂ ਔਰਤ ਜਿਨ੍ਹਾਂ ਦੇ ਖੀਸੇ ਵਿਚ ਪੈਸੇ ਹੋਣ, ਨੇ ਇਧਰ ਦਾ ਰੁਖ਼ ਨਹੀਂ ਕੀਤਾ।’’

‘‘ਕੀ ਪਤੈ ਅੱਬਾ, ਇਹ ਲੋਕ ਬੋਲੇ ਹੋਣ ਜਾਂ ਇਨ੍ਹਾਂ ਦੇ ਕੰਨਾਂ ਵਿਚ ਰੂੰ ਤੁੰਨੀ ਹੋਵੇ।’’

‘‘ਉਹ ਕਿਉਂ ਪੁੱਤਰ?’’

‘‘ਉਹ ਇਸ ਲਈ ਕਿ ਜਦੋਂ ਬੰਦਾ ਕਦੇ ਵੀ ਖ਼ੈਰ ਦੀ ਖ਼ਬਰ ਨਾ ਸੁਣੇ ਤਾਂ ਹੌਲੀ ਹੌਲੀ ਉਸ ਦਾ ਦਿਲ ਇਕੱਲਿਆਂ ਰਹਿਣ ਨਾਲ ਉਚਾਟ ਹੋ ਜਾਂਦੈ।’’

‘‘ਵਾਹ ਜਮੂਰੇ, ਤੂੰ ਤਾਂ ਸਬਕ ਖ਼ੂਬ ਪਕਾਇਆ ਹੋਇਐ। ਚੰਗਾ ਇਹ ਦੱਸ ਤੈਨੂੰ ਕਿਵੇਂ ਪਤਾ ਲੱਗਾ ਕਿ ਇਨ੍ਹਾਂ ਲੋਕਾਂ ਨੇ ਕਦੇ ਖ਼ੈਰ ਦੀ ਖ਼ਬਰ ਨਹੀਂ ਸੁਣੀ।’’

‘‘ਮੈਂ ਉਨ੍ਹਾਂ ਨਿਆਣਿਆਂ ਦੀ ਸੂਰਤਾਂ ਤੋਂ ਅੰਦਾਜ਼ਾ ਲਗਾਇਐ ਅੱਬਾ।’’

‘‘ਤੂੰ ਬਹੁਤ ਹੁਸ਼ਿਆਰ ਹੋ ਗਿਆ ਜਮੂਰੇ।’’

‘‘ਤੁਹਾਡਾ ਚੇਲਾ ਜੋ ਹੋਇਆ।’’

‘‘ਵਾਕਈ ਪੁੱਤਰ... ਇੰਝ ਲਗਦੈ ਜਿਵੇਂ ਇਹ ਸਾਰੇ ਯਤੀਮ ਹੋਣ।’’

‘‘ਮੈਨੂੰ ਤਾਂ ਇੰਝ ਲਗਦੈ ਅੱਬਾ ਜਿਵੇਂ ਇਨ੍ਹਾਂ ਨੇ ਆਪਣੇ ਬਾਪਾਂ ਨੂੰ ਸ਼ਹਿਰ ਬਦਰ ਕਰ ਦਿੱਤਾ ਹੋਇਐ।’’

‘‘ਸ਼ਾਇਦ ਆਪਾਂ ਗਲਤ ਜਗ੍ਹਾ ਆ ਗਏ ਹਾਂ।’’

‘‘ਹਾਂ ਅੱਬਾ।’’

‘‘ਵੇਖੀਂ ਪੁੱਤਰਾ... ਸਾਰੀ ਬਸਤੀ ਵਿਚ ਕੋਈ ਇਕ ਵੀ ਬਾਲਗ ਮਰਦ, ਔਰਤ ਨਹੀਂ। ਇੰਝ ਲਗਦੈ ਜਿਵੇਂ ਉਹ ਸਾਰੇ ਸਾਡੇ ਵਾਂਗ ਦੂਜੀਆਂ ਬਸਤੀ ਵਿਚ ਤਮਾਸ਼ਾ ਵਿਖਾਉਣ ਗਏ ਹੋਣ।’’

‘‘ਫਿਰ ਤਾਂ ਉਨ੍ਹਾਂ ਦੀ ਵਾਪਸੀ ਦਾ ਇੰਤਜ਼ਾਰ ਜ਼ਰੂਰ ਕਰਨਾ ਚਾਹੀਦੈ ਅੱਬਾ।’’

‘‘ਕਿਉਂ ਪੁੱਤਰ?’’

‘‘ਇਹ ਦੇਖਣ ਲਈ ਕਿ ਉਹ ਵੱਡੇ ਮਦਾਰੀ ਹਨ ਜਾਂ ਤੂੰ?’’

‘‘ਨਹੀਂ ਜਮੂਰੇ, ਮੈਨੂੰ ਇਨ੍ਹਾਂ ਬੱਚਿਆਂ ਤੋਂ ਖ਼ੌਫ਼ ਆਉਣ ਲੱਗਾ ਹੈ। ਅਜੀਬ ਜਿਹੇ ਬੱਚੇ ਹਨ।’’

‘‘ਤਾਂ ਫਿਰ ਇੱਥੋਂ ਚਲਦੇ ਆਂ ਅੱਬਾ।’’

‘‘ਹਾਂ ਪੁੱਤਰ... ਤੁਰਨ ਵਿਚ ਹੀ ਭਲਾਈ ਐ... ਪਰ ਤੂੰ ਇਨ੍ਹਾਂ ਛੋਟਿਆਂ ਨੂੰ ਇਹ ਤਾਂ ਪੁੱਛ ਕਿ ਇਨ੍ਹਾਂ ਦੇ ਵੱਡੇ ਕਿੱਥੇ ਨੇ?’’

‘‘ਅਸੀਂ ਖ਼ੁਦ ਵੱਡੇ ਹਾਂ। ਮਜਮੇ ਵਿਚੋਂ ਇਕ ਬੱਚੇ ਦੀ ਆਵਾਜ਼ ਆਈ, ‘ਕੀ ਅਸੀਂ ਤੁਹਾਨੂੰ ਨਿੱਕੇ ਨਜ਼ਰ ਆਉਂਦੇ ਹਾਂ’?’’

ਵੱਡਾ ਤੇ ਛੋਟਾ ਹੈਰਾਨੀ ਨਾਲ ਇਕ ਦੂਜੇ ਵੱਲ ਦੇਖਣ ਲੱਗੇ ਤੇ ਹੁਣ ਆਪਣੀ ਹੈਰਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਛੋਟੀ ਉਮਰ ਦਾ ਇਕ ਹੋਰ ਬੱਚਾ ਨਿਹਾਇਤ ਪੁਖ਼ਤਾ ਲਹਿਜੇ ਵਿਚ ਕਹਿਣ ਲੱਗਾ, ‘‘ਮੁਨਸ਼ੀ ਠੀਕ ਕਹਿੰਦੈ... ਤੁਸੀਂ ਲੋਕ ਛੇਤੀ ਛੇਤੀ ਖੇਡ ਵਿਖਾਓ ਤੇ ਆਪਣਾ ਰਸਤਾ ਫੜ੍ਹੋ। ਅਸੀਂ ਅਜਿਹੇ ਲੋਕਾਂ ਨੂੰ ਜਿਹੜੇ ਖ਼ੁਦ ਨੂੰ ਸਾਥੋਂ ਵੱਡਾ ਸਮਝਦੇ ਹੋਣ, ਬਸਤੀ ਵਿਚ ਜ਼ਿਆਦਾ ਦੇਰ ਰੁਕਣ ਦੀ ਇਜਾਜ਼ਤ ਨਹੀਂ ਦਿੰਦੇ।’’

‘‘ਤਾਂ ਕੀ ਇਸ ਬਸਤੀ ਵਿਚ ਪੂਰੇ ਕੱਦ ਦਾ ਕੋਈ ਆਦਮੀ ਨਹੀਂ ਰਹਿੰਦਾ?’’

‘‘ਅਸੀਂ ਰਹਿਣ ਹੀ ਨਹੀਂ ਦਿੰਦੇ...।’’ ਇਕ ਬੱਚਾ ਹੱਸ ਕੇ ਆਖਣ ਲੱਗਾ, ‘‘ਟਿਕਾਣੇ ਲਗਾ ਦਿੰਦੇ ਹਾਂ।’’

‘‘ਤਾਂ ਇਹ ਬਸਤੀ?’’ ਵੱਡਾ ਹਕਲਾ ਕੇ ਬੋਲਿਆ।

‘‘ਹਾਂ ਇਹ ਬਸਤੀ... ਇਹ ਸਾਡੀ ਬਸਤੀ ਹੈ ਤੇ ਮੈਂ ਇੱਥੇ ਦਾ ਸਰਦਾਰ ਹਾਂ। ਪਰ ਤੁਸੀਂ ਵਕਤ ਬਰਬਾਦ ਨਾ ਕਰੋ। ਜੇ ਤੁਸੀਂ ਕੋਈ ਚੰਗਾ ਕੌਤਕ ਵਿਖਾਇਆ ਤਾਂ ਅਸੀਂ ਤੁਹਾਨੂੰ ਇਨਾਮ ਜ਼ਰੂਰ ਦੇਵਾਂਗੇ... ਚਲੋ ਵਿਖਾਓ ਕੋਈ ਤਮਾਸ਼ਾ...।’’

‘‘ਅਜੇ ਤਾਂ ਅਸੀਂ ਖ਼ੁਦ ਦੇਖ ਰਹੇ ਹਾਂ।’’ ਛੋਟਾ ਬੋਲਿਆ।

‘‘ਤਮੀਜ਼ ਨਾਲ ਗੱਲ ਕਰ ਲੜਕੇ... ਨਹੀਂ ਤਾਂ।’’ ਸਰਦਾਰ ਗੁੱਸੇ ਨਾਲ ਬੋਲਿਆ।

‘‘ਓਏ... ਤੂੰ ਤਾਂ ਵਾਕਈ ਸਰਦਾਰ ਦਾ ਬੇਟਾ ਲੱਗਦੈਂ।’’

‘‘ਸਰਦਾਰ ਦਾ ਬੇਟਾ ਨਹੀਂ... ਮੈਂ ਖ਼ੁਦ ਸਰਦਾਰ ਹਾਂ।’’

‘‘ਹਾਂ ਹਾਂ... ਇਹ ਸਰਦਾਰ ਹੈ।’’ ਬਹੁਤ ਸਾਰੀਆਂ ਆਵਾਜ਼ਾਂ ਆਈਆਂ। ਛੋਟਾ ਹੱਸਦਾ ਹੋਇਆ ਵੱਡੇ ਦੇ ਨੇੜੇ ਆ ਕੇ ਕਹਿਣ ਲੱਗਾ, ‘‘ਮੇਰਾ ਖ਼ਿਆਲ ਐ ਆਪਾਂ ਬੌਣਿਆਂ ਦੀ ਬਸਤੀ ਵਿਚ ਆ ਗਏ ਹਾਂ।’’

‘‘ਮਦਾਰੀ... ਇਹ ਕੀ ਬਕਵਾਸ ਐ?’’ ਸਰਦਾਰ ਚੀਕ ਕੇ ਕਹਿਣ ਲੱਗਾ, ‘‘ਇਹ ਸਾਨੂੰ ਬੌਣਾ ਆਖ ਰਿਹੈ, ਇਸ ਬਦਤਮੀਜ਼ ਬੱਚੇ ਨੂੰ ਚੁੱਪ ਕਰਾ ਨਹੀਂ ਤਾਂ ਬਸਤੀ ਵਿਚੋਂ ਕੱਢ ਦੇਵਾਂਗੇ।’’

ਵੱਡਾ ਗੁੰਮ ਸੁੰਮ ਜਿਹਾ ਖੜ੍ਹਾ ਆਲੇ ਦੁਆਲੇ ਦੇਖਣ ਲੱਗਾ। ਫਿਰ ਹੌਲੇ ਜਿਹੇ ਕਹਿਣ ਲੱਗਾ, ‘‘ਜਮੂਰੇ ਚੁੱਪ ਹੋ ਜਾ... ਇਹ ਕੋਈ ਇਸਰਾਰ ਹੈ।’’

‘‘ਕੀ ਇਸਰਾਰ ਐ ਅੱਬਾ... ਇਹ ਬੱਚੇ?’’

‘‘ਇਹ ਬੱਚੇ ਨਹੀਂ ਪੁੱਤਰ।’’ ਵੱਡਾ ਉਸ ਦੀ ਗੱਲ ਕੱਟਦਿਆਂ ਬੋਲਿਆ।

‘‘ਫਿਰ ਕੀ ਹਨ ਅੱਬਾ?’’

‘‘ਗੌਰ ਨਾਲ ਦੇਖ ਜਮੂਰੇ... ਇਨ੍ਹਾਂ ਦੇ ਵਾਲ ਸਫ਼ੇਦ ਹਨ ਤੇ ਇਨ੍ਹਾਂ ਦੇ ਚਿਹਰਿਆਂ ’ਤੇ ਝੁਰੜੀਆਂ ਹਨ। ਇਨ੍ਹਾਂ ਦੀ ਉਮਰ ਜ਼ਿਆਦਾ ਹੋ ਗਈ ਐ। ਇਹ ਨਿਹਾਇਤ ਖ਼ਤਰਨਾਕ ਹੋ ਸਕਦੇ ਹਨ।’’

‘‘ਅਜੀਬ ਗੱਲ ਐ।’’

‘‘ਬਹੁਤ ਹੀ ਅਜੀਬ ਪੁੱਤਰ... ਰੱਬ ਖ਼ੈਰ ਕਰੇ।’’

ਅਚਾਨਕ ਕੁਝ ਬੱਚੇ ਬਹੁਤ ਸਾਰੀਆਂ ਚਟਾਈਆਂ ਚੁੱਕੀ ਆ ਰਹੇ ਸਨ ਤੇ ਸਰਦਾਰ ਬੱਚੇ ਸਮੇਤ ਬਹੁਤ ਸਾਰੇ ਦੂਜੇ ਤਮਾਸ਼ਬੀਨ ਬੱਚੇ ਚਟਾਈਆਂ ’ਤੇ ਬੈਠ ਗਏ ਸਨ। ਸਰਦਾਰ ਨੇ ਹੱਥ ਉੱਤੇ ਚੁੱਕਦਿਆਂ ਕਿਹਾ, ‘‘ਖੇਡ ਵਿਖਾਈ ਜਾਵੇ।’’

ਵੱਡੇ ਨੇ ਪਰੇਸ਼ਾਨ ਹੋ ਕੇ ਤਮਾਸ਼ਬੀਨਾਂ ’ਤੇ ਇਕ ਨਜ਼ਰ ਮਾਰੀ, ਫਿਰ ਥੈਲੇ ਵਿਚੋਂ ਚੀਜ਼ਾਂ ਕੱਢਣ ਲੱਗਾ।

ਸਭ ਤੋਂ ਪਹਿਲਾਂ ਉਸ ਨੇ ਤਿੰਨ ਗੋਲੇ ਕੱਢ ਕੇ ਜ਼ਮੀਨ ’ਤੇ ਰੱਖੇ ਤੇ ਫਿਰ ਉਨ੍ਹਾਂ ਨੂੰ ਤਿੰਨ ਪਿਆਲਿਆਂ ਨਾਲ ਢੱਕ ਦਿੱਤਾ। ਕੁਝ ਪੜ੍ਹ ਕੇ ਫੂਕ ਮਾਰੀ ਤੇ ਵਾਰੀ ਵਾਰੀ ਸਾਰੇ ਪਿਆਲੇ ਚੁੱਕ ਕੇ ਵਿਖਾਏ। ਗੋਲੇ ਗਾਇਬ ਹੋ ਚੁੱਕੇ ਸੀ।

ਉਸ ਨੇ ਤਮਾਸ਼ਬੀਨਾਂ ਵੱਲ ਦਾਦ ਤਲਬ ਨਜ਼ਰਾਂ ਨਾਲ ਦੇਖਿਆ ਪਰ ਉਨ੍ਹਾਂ ਨੇ ਤਾੜੀਆਂ ਨਹੀਂ ਵਜਾਈਆਂ, ਦਾਦ ਨਹੀਂ ਦਿੱਤੀ, ਚੁੱਪਚਾਪ ਖੜ੍ਹੇ ਰਹੇ।

ਫਿਰ ਉਸ ਨੇ ਪਿਆਲਿਆਂ ਨੂੰ ਮੂਧਾ ਕਰ ਕੇ ਵਾਰੀ ਵਾਰੀ ਉੱਪਰ ਚੁੱਕਿਆ ਤੇ ਹਰ ਪਿਆਲੇ ਦੇ ਥੱਲੇ ਇਕ ਇਕ ਗੋਲਾ ਵਿਖਾਈ ਦਿੱਤਾ ਤੇ ਉਸ ਨੇ ਦੁਬਾਰਾ ਸਰਦਾਰ ਤੇ ਦੂਜੇ ਤਮਾਸ਼ਬੀਨਾਂ ਵੱਲ ਦੇਖਿਆ ਪਰ ਉਹ ਹੁਣ ਵੀ ਖ਼ਾਮੋਸ਼ ਹੀ ਸਨ।

ਫਿਰ ਉਸ ਨੇ ਜੇਬ ਵਿਚੋਂ ਇਕ ਰੁਪਏ ਦਾ ਸਿੱਕਾ ਕੱਢਿਆ ਤੇ ਇਕ ਦੇ ਦੋ ਤੇ ਦੋ ਦੇ ਚਾਰ ਬਣਾਏ ਤੇ ਕਿਹਾ, ‘‘ਮਿਹਰਬਾਨ... ਕਦਰਦਾਨ... ਮੈਂ ਜਾਦੂਗਰ ਨਹੀਂ ਹਾਂ। ਇਹ ਮਹਿਜ਼ ਹੱਥ ਦੀ ਸਫ਼ਾਈ ਹੈ। ਜਾਦੂਗਰ ਹੁੰਦਾ ਤਾਂ ਇੱਥੇ ਨਾ ਹੁੰਦਾ ਘਰ ਵਿਚ ਬੈਠਾ ਸਿੱਕੇ ਬਣਾ ਰਿਹਾ ਹੁੰਦਾ।’’

‘‘ਸਾਨੂੰ ਪਤੈ... ਤੂੰ ਖੇਡ ਵਿਖਾ।’’ ਸਰਦਾਰ ਨੇ ਉਸ ਨੂੰ ਟੋਕਿਆ।

‘‘ਫਿਰ ਤੂੰ ਖ਼ੁਦ ਹੀ ਮੈਦਾਨ ਵਿਚ ਆ ਜਾ।’’ ਜਮੂਰੇ ਨੇ ਤਨਜ਼ ਕੀਤਾ।

‘‘ਮਦਾਰੀ... ਇਹ ਲੜਕਾ।’’ ਸਰਦਾਰ ਗੁੱਸੇ ਵਿਚ ਆ ਗਿਆ।

‘‘ਮੈਂ ਮੁਆਫ਼ੀ ਚਾਹੁੰਦਾ ਹਾਂ ਸਰਦਾਰ।’’ ਵੱਡੇ ਨੇ ਕਿਹਾ ਤੇ ਇਸ਼ਾਰੇ ਨਾਲ ਜਮੂਰੇ ਨੂੰ ਖ਼ਾਮੋਸ਼ ਰਹਿਣ ਦੀ ਤਾਕੀਦ ਕੀਤੀ ਤੇ ਵਾਰੀ ਵਾਰੀ ਬਹੁਤ ਸਾਰੇ ਖੇਡ ਵਿਖਾਏ। ਖਾਲੀ ਗਲਾਸ ਪਾਣੀ ਨਾਲ ਭਰ ਜਾਂਦਾ ਹੈ ਤੇ ਭਰਿਆ ਹੋਇਆ ਗਲਾਸ ਮੂਧਾ ਕਰਨ ਨਾਲ ਪਾਣੀ ਨਹੀਂ ਗਿਰਦਾ।

ਮੁੱਠੀ ਵਿਚ ਬੰਦ ਕਰ ਕੇ ਕੱਢੇ ਰੁਮਾਲ ਦਾ ਰੰਗ ਤਬਦੀਲ ਹੋ ਗਿਆ। ਜਲਿਆ ਹੋਇਆ ਸਿਗਰਟ ਨਿਗਲ ਕੇ ਕੰਨਾਂ ਵਿਚੋਂ ਧੂੰਆਂ ਕੱਢਦਾ ਹੈ। ਮੂੰਹ ਦੇ ਰਸਤੇ ਪੇਟ ਵਿਚ ਖੰਜਰ ਉਤਾਰ ਕੇ ਕੱਢ ਲੈਂਦਾ ਹੈ।

ਪਰ ਸਰਦਾਰ ਸਮੇਤ ਕਿਸੇ ਤਮਾਸ਼ਬੀਨ ਨੇ ਤਾੜੀ ਨਹੀਂ ਵਜਾਈ, ਦਾਦ ਨਹੀਂ ਦਿੱਤੀ। ਉਹ ਪਰੇਸ਼ਾਨ ਹੋ ਗਿਆ ਸੀ। ਫਿਰ ਐਲਾਨ ਕੀਤਾ, ‘‘ਹੁਣ ਆਖ਼ਰ ਵਿਚ ਮੈਂ ਜਮੂਰੇ ਦੇ ਗਲ ’ਤੇ ਛੁਰੀ ਚਲਾਵਾਂਗਾ ਤੇ ਇਸ ਨੂੰ ਦੁਬਾਰਾ ਜਿਉਂਦਾ ਕਰਕੇ ਵਿਖਾਵਾਂਗਾ।’’

ਸਰਦਾਰ ਸਮੇਤ ਸਾਰੇ ਤਮਾਸ਼ਬੀਨ ਜ਼ੋਰ ਜ਼ੋਰ ਨਾਲ ਤਾੜੀਆਂ ਵਜਾਉਣ ਲੱਗੇ ਸਨ। ਉਹ ਬੇਹੱਦ ਹੈਰਾਨ ਹੋਇਆ। ਆਮ ਤੌਰ ’ਤੇ ਤਮਾਸ਼ੇ ਦੇ ਆਖ਼ਰ ਵਿਚ ਜਦੋਂ ਉਹ ਇਸ ਖੇਡ ਦਾ ਐਲਾਨ ਕਰਦਾ ਸੀ ਤਾਂ ਬਹੁਤ ਸਾਰੇ ਤਮਾਸ਼ਬੀਨ ਇਸ ਖੇਡ ਨੂੰ ਨਾਪਸੰਦ ਕਰਦੇ ਸਨ ਤੇ ਉਸ ਨੂੰ ਮਨ੍ਹਾ ਕਰ ਦਿੰਦੇ ਸਨ। ਪਰ ਪਤਾ ਨਹੀਂ ਇਹ ਕਿੱਦਾਂ ਦੇ ਬੇਰਹਿਮ ਤਮਾਸ਼ਬੀਨ ਸਨ ਕਿ ਛੁਰੀ ਚਲਾਉਣ ਦੀ ਗੱਲ ਸੁਣ ਕੇ ਤਾੜੀਆਂ ਵਜਾਉਣ ਲੱਗੇ ਸਨ।

ਉਸ ਨੇ ਜਮੂਰੇ ਨੂੰ ਜ਼ਮੀਨ ’ਤੇ ਲਿਟਾ ਕੇ ਉਸ ਦੇ ਉੱਪਰ ਚਾਦਰ ਪਾ ਦਿੱਤੀ ਤੇ ਜਿਵੇਂ ਕਿ ਹਮੇਸ਼ਾ ਢੱਕਦਾ ਸੀ। ਫਿਰ ਥੈਲੇ ਵਿਚੋਂ ਛੁਰੀ ਕੱਢ ਕੇ ਉਸ ਦੀ ਧਾਰ ’ਤੇ ਹੱਥ ਫੇਰਦੇ ਹੋਏ ਕਹਿਣ ਲੱਗਾ, ‘‘ਸਾਹਿਬਾਨ... ਕਦਰਦਾਨ... ਕੋਈ ਬਾਪ ਆਪਣੇ ਬੇਟੇ ਦੀ ਗਰਦਨ ’ਤੇ ਛੁਰੀ ਨਹੀਂ ਚਲਾ ਸਕਦਾ... ਨਾ ਹੀ ਅੱਲ੍ਹਾ ਦੇ ਪੈਗੰਬਰਾਂ ਦੇ ਸਿਵਾ ਕਿਸੇ ਵਿਚ ਇੰਨੀ ਹਿੰਮਤ ਤੇ ਹੌਂਸਲਾ ਹੋ ਸਕਦੈ... ਇਹ ਸਭ ਇਕ ਖੇਡ ਐ... ਨਜ਼ਰ ਦਾ ਧੋਖਾ... ਇਸ ਪਾਪੀ ਪੇਟ ਲਈ।’’

‘‘ਸਾਨੂੰ ਪਤੈ...।’’

‘‘ਅਸੀਂ ਜਾਣਦੇ ਆਂ।’’

‘‘ਗੱਲਾਂ ਵਿਚ ਵਕਤ ਜ਼ਾਇਆ ਨਾ ਕਰ।’’ ਸਰਦਾਰ ਨੇ ਕਿਹਾ।

‘‘ਛੁਰੀ ਚਲਾ...।’’ ਇਕ ਤਰਫ਼ੋਂ ਆਵਾਜ਼ ਆਈ।

‘‘ਛੁਰੀ ਚਲਾ... ਛੁਰੀ ਚਲਾ।’’ ਤਮਾਸ਼ਬੀਨ ਸ਼ੋਰ ਮਚਾਉਣ ਲੱਗੇ।

ਉਸ ਨੇ ਆਪਣੀ ਘਬਰਾਹਟ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤੇ ਜਮੂਰੇ ਦੇ ਨੇੜੇ ਆ ਕੇ ਛੁਰੀ ਚਲਾਈ।

ਤਮਾਸ਼ਬੀਨ ਜ਼ੋਰ ਜ਼ੋਰ ਨਾਲ ਤਾੜੀਆਂ ਤੇ ਸੀਟੀਆਂ ਵਜਾਉਣ ਲੱਗੇ, ਸਿੱਕੇ ਸੁੱਟਣ ਲੱਗੇ ਤੇ ਬੱਕਰੇ ਬੁਲਾਉਣ ਲੱਗੇ ਤੇ ਜਮੂਰੇ ਦੇ ਦੁਬਾਰਾ ਜਿਉਂਦੇ ਹੋਣ ਦਾ ਖੇਡ ਦੇਖੇ ਬਗ਼ੈਰ ਖਿਸਕਣ ਲੱਗੇ।

ਦੇਖਦੇ ਹੀ ਦੇਖਦੇ ਸਾਰਾ ਪਿੜ ਖਾਲੀ ਹੋ ਗਿਆ।

ਉਹ ਜਮੂਰੇ ਨੂੰ ਆਵਾਜ਼ ਦੇਣ ਲੱਗਾ, ‘‘ਉੱਠ ਪੁੱਤਰ... ਪੈਸੇ ਜਮ੍ਹਾ ਕਰ।’’ ਪਰ ਜਮੂਰਾ ਕੋਈ ਜੁਆਬ ਨਹੀਂ ਸੀ ਦੇ ਰਿਹਾ।

ਉਸ ਨੇ ਘਬਰਾ ਕੇ ਚਾਦਰ ਹਟਾਈ। ਕੀ ਦੇਖਿਆ ਕਿ ਜਮੂਰਾ ਖ਼ੂਨ ਨਾਲ ਲੱਥਪੱਥ ਹੈ ਤੇ ਉਸ ਦੀ ਗਰਦਨ ਸੱਚਮੁੱਚ ਕੱਟੀ ਪਈ ਹੈ। ਉਸ ਦੀਆਂ ਚੀਕਾਂ ਸਾਰੀ ਬਸਤੀ ਵਿਚ ਗੂੰਜਣ ਲੱਗੀਆਂ।

(ਪੰਜਾਬੀ ਰੂਪ: ਹਰਿੰਦਰ ਸਿੰਘ ਗੋਗਨਾ)

  • ਮੁੱਖ ਪੰਨਾ : ਕਹਾਣੀਆਂ, ਮੁਹੰਮਦ ਮਨਸ਼ਾ ਯਾਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ