"ਤੇ ਵਕਤ ਬੋਲਦਾ ਗਿਆ" ਪੜ੍ਹਦਿਆਂ ਇੰਜ਼ ਅਹਿਸਾਸ ਹੁੰਦਾ ਹੈ ਜਿਵੇਂ ਕਿ ਕਿਸੇ ਵਿਦੇਸ਼ੀ ਵਿਕਸਿਤ ਭਾਸ਼ਾ ਦਾ ਖ਼ੂਬਸੂਰਤ ਤੇ ਵਧੀਆ ਨਾਵਲ ਪੜ੍ਹ ਰਹੇ ਹੋਈਏ : ਡਾ ਜੋਗਿੰਦਰ ਸਿੰਘ ਕੈਰੋਂ

ਇਹ ਨਾਵਲ ਪੜ੍ਹਦਿਆਂ ਇੰਜ਼ ਅਹਿਸਾਸ ਹੁੰਦਾ ਹੈ ਜਿਵੇਂ ਕਿ ਕਿਸੇ ਵਿਦੇਸ਼ੀ ਵਿਕਸਿਤ ਭਾਸ਼ਾ ਦਾ ਖ਼ੂਬਸੂਰਤ ਤੇ ਵਧੀਆ ਨਾਵਲ ਪੜ੍ਹ ਰਹੇ ਹੋਈਏ। ਗੱਲ ਸਿਰਫ਼ ਅਜਿਹੇ ਅਹਿਸਾਸ ਦੀ ਹੀ ਨਹੀਂ ਸਗੋਂ ਇਸ ਗੱਲ ਦੀ ਖੁਸ਼ੀ ਵੀ ਹੁੰਦੀ ਹੈ ਕਿ ਪੰਜਾਬੀ ਨਾਵਲ ਬਾਕੀ ਭਾਸ਼ਾਵਾਂ ਦੀਆਂ ਰਚਨਾਵਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਰਿਹਾ ਹੈ। ਇਸ ਦਾ ਇੱਕ ਕਾਰਨ ਲੇਖਕ ਦਾ ਵਿਦੇਸ਼ ਵਿੱਚ ਰਹਿਣਾ ਅਤੇ ਦੂਜੀਆਂ ਭਾਸ਼ਾਵਾਂ ਦੀਆਂ ਰਚਨਾਵਾਂ ਦਾ ਅਧਿਆਨ ਕਰਨਾ ਵੀ ਸ਼ਾਇਦ ਹੋਵੇ। ਨਾਵਲ ਦੇ ਪਾਤਰਾਂ ਦੇ ਨਾਮ ਵੀ ਵਿਦੇਸ਼ੀ ਧੁੰਨਾਂ ਵਾਲੇ ਹਨ ਜਿਵੇਂ ਫਾਲਿੰਗਵਾਟਰ ਜਿਵੇਂ ਕਿ ਵਿਦੇਸ਼ੀ ਕਬੀਲਿਆਂ ਦੇ ਲੋਕ ਆਪਣੇ ਬੱਚਿਆਂ ਦਾ ਨਾਮ ਇਸ ਤਰੀਕੇ ਨਾਲ ਰੱਖਦੇ ਸਨ। ਜਦ ਬੱਚਾ ਜਨਮ ਲੈਂਦਾ ਹੈ ਤਾਂ ਉਸਦੇ ਬਾਪ ਨੇ ਉਸ ਸਮੇਂ ਜਿਹੜੀ ਵੀ ਵਸਤੂ ਜਾਂ ਵਰਤਾਰੇ ਨੂੰ ਦੇਖਿਆ ਹੁੰਦਾ ਹੈ ਉਹ ਆਪਣੇ ਬੱਚੇ ਦਾ ਨਾਮ ਉਸੇ ਉਪਰ ਹੀ ਰੱਖ ਦਿੰਦਾ ਸੀ ਜਿਵੇਂ ਜੇਕਰ ਕਿਸੇ ਨੇ ਕਾਂ ਉਡਦਾ ਹੋਇਆ ਦੇਖਿਆ ਤਾਂ ਨਾਮ ਰੱਖ ਦਿੱਤਾ ਫਲਾਇੰਗ ਕਰੋਅ। ਜੇਕਰ ਕਿਸੇ ਨੇ ਪਹਾੜੀ ਤੋਂ ਪੱਥਰ ਰਿੜਦਾ ਵੇਖਿਆ ਤਾਂ ਨਾਂ ਹੋ ਗਿਆ ਫਾਲਿੰਗਸਟੋਨ। ਉਸ ਦੇ ਪਾਤਰ ਰੋਜ਼ ਦੇ ਭਾਸ਼ਣ ਵਿੱਚੋਂ ਵੀ ਇਹੋ ਝਲਕਾਰੇ ਮਿਲਦੇ ਹਨ।

ਜਿਵੇਂ ਅਸੀਂ ਖੇਡਣਾ ਬੰਦ ਨਹੀਂ ਕਰਦੇ ਕਿਉਂਕਿ ਅਸੀਂ ਬੁੱਢੇ ਹੋ ਗਏ ਹਾਂ ਅਸੀਂ ਬੁੱਢੇ ਹੋ ਜਾਂਦੇ ਹਾਂ ਕਿਉਂਕਿ ਅਸੀਂ ਖੇਡਣਾ ਬੰਦ ਕਰ ਦਿੰਦੇ ਹਾਂ। ਜਵਾਨ ਰਹਿਣ ਖੁਸ਼ ਰਹਿਣ ਅਤੇ ਸਫ਼ਲਤਾ ਪ੍ਰਾਪਤ ਕਰਨ ਦੇ ਸਿਰਫ਼ ਚਾਰ ਰਾਜ਼ ਹਨ। ਤੁਹਾਨੂੰ ਹਰ ਰੋਜ਼ ਹੱਸਣਾ ਅਤੇ ਹਾਸਾ ਮਜ਼ਾਕ ਲੱਭਣਾ ਪਵੇਗਾ। ਤੁਹਾਨੂੰ ਇੱਕ ਸੁਪਨਾ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਸੁਪਨੇ ਨੂੰ ਗਵਾ ਦਿੰਦੇ ਹੋ ਤੁਸੀਂ ਮਰ ਜਾਂਦੇ ਹੋ। ਇੰਜ ਉਸਨੇ ਇਸ਼ਕ, ਸਹਿਤ ਲੋਕ, ਸਹਿਤ ਅਤੇ ਵਿਸ਼ਵ ਸੱਭਿਆਚਾਰ ਵਿੱਚੋਂ ਲੋਕ ਸੱਚ ਨੂੰ ਕਸ਼ੀਦ ਕੇ ਆਪਣੀ ਰਚਨਾ ਨੂੰ ਉਸਾਰਿਆ ਹੈ। ਇਥੇ ਉਸਨੇ ਇਕ ਤਰਖਾਣ ਦੀ ਵਧੀਆ ਉਦਾਹਰਣ ਦਿੱਤੀ ਹੈ ਜਿਸ ਨੂੰ ਕਿਸੇ ਅਮੀਰ ਆਦਮੀ ਨੇ ਕਾਰੋਬਾਰ ਲਈ ਕਿਹਾ ਸੀ। ਜੋ ਸੇਵਾ ਮੁਕਤ ਹੋ ਰਿਹਾ ਸੀ ਇੱਕ ਹੋਰ ਘਰ ਬਣਾਉਣ ਲਈ ਕਿਹਾ। ਉਸਨੇ ਬੜੀ ਲਾਪਰਵਾਹੀ ਦਿਖਾਈ ਜੇ ਉਹ ਨਾ ਲਾਪਰਵਾਹੀ ਕਰਦਾ ਤਾਂ ਉਹ ਇੱਕ ਵਧੀਆ ਘਰ ਉਸਾਰ ਸਕਦਾ ਸੀ।

ਇਸ ਰਚਨਾ ਦੇ ਲੇਖਕ ਨੇ ਆਪਣੇ ਪਰਿਵਾਰ ਅਤੇ ਖਾਸ ਕਰਕੇ ਆਪਣੀ ਮਾਤਾ ਜੀ ਨੂੰ ਕੇਂਦਰ ਵਿੱਚ ਰੱਖ ਕੇ ਪੰਜਾਬੀ ਸੱਭਿਆਚਾਰ ਦੀਆਂ ਰਹੁ ਰੀਤਾਂ ਅਤੇ ਜੀਵਨ ਵਿਹਾਰ ਦਾ ਬਾਖੂਬੀ ਚਿਤਰਨ ਕੀਤਾ ਹੈ। ਇਹ ਚਿਤਰ ਕੇਵਲ ਘਰੇਲੂ ਰੰਗਤ ਵਾਲਾ ਹੀ ਨਹੀਂ ਸਗੋਂ ਪੰਜਾਬੀ ਸੱਭਿਆਚਾਰ ਦੇ ਬਹੁਤ ਸਾਰੇ ਪਾਤਰਾਂ ਦੇ ਜੀਵਨ ਵਿਹਾਰ ਨੂੰ ਸਾਹਮਣੇ ਖਿੱਚ ਕੇ ਲਿਆਂਦਾ ਹਾਂ। ਉਸਨੇ ਆਪਣੇ ਬਚਪਨ ਵਿੱਚ ਜੋ ਮਾਣਿਆ ਹੰਢਾਇਆ ਅਤੇ ਅਨੁਭਵ ਕੀਤਾ ਉਸ ਨੂੰ ਪਾਠਕਾਂ ਨਾਲ ਸਾਂਝਾ ਕੀਤਾ ਹੈ। ਆਪਣੇ ਬਚਪਨ ਦੇ ਅਨਭਵਾਂ ਬਾਅਦ ਉਸਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਦੀ ਪੜ੍ਹਾਈ ਸਮੇਂ ਮਿਲੇ ਬਹੁਤ ਸਾਰੇ ਲੇਖਕਾਂ ਬਾਰੇ ਵੀ ਭਰਪੂਰਤਾ ਨਾਲ ਜ਼ਿਕਰ ਕੀਤਾ ਹੈ। ਉਸ ਨੂੰ ਇਸ ਗੱਲ ਉੱਪਰ ਵੀ ਗਿਲਾ ਹੈ ਕਿ ਅਸੀਂ ਆਪਣੇ ਗੁਰੂ ਸਾਹਿਬਾਨ ਨੂੰ ਮੰਨਦੇ ਪੜ੍ਹਦੇ ਪੂਜਦੇ ਤਾਂ ਜ਼ਰੂਰ ਹਾਂ ਪ੍ਰੰਤੂ ਉਹਨਾਂ ਦੀਆਂ ਸਿੱਖਿਆਵਾਂ ਉੱਪਰ ਚੱਲਦੇ ਨਹੀਂ ਹਾਂ। ਉਹ ਅਖੌਤੀ ਆਧੁਨਿਕ ਔਰਤਾਂ ਦੇ ਜੀਵਨ ਵਿਹਾਰ ਉੱਪਰ ਵੀ ਤੰਜ ਕਸਦਾ ਹੈ। ਅਖੌਤੀ ਅਜੋਕੇ ਯੋਗ ਨਾਲੋਂ ਉਹ ਹੱਥਲੀ ਕਿਰਤ ਅਤੇ ਮਿਹਨਤ ਨੂੰ ਵਧੇਰੇ ਗੁਣਕਾਰੀ ਮੰਨਦਾ ਹੈ ਅਤੇ ਯੋਗ ਦਰਸ਼ਨ ਬਾਰੇ ਚੰਗੀ ਜਾਣਕਾਰੀ ਦਿੰਦਾ ਹੈ। ਇਸ ਦੇ ਨਾਲ ਹੀ ਇਸ ਨੂੰ ਪੰਜਾਬੀ ਸਾਹਿਤ ਦੇ ਇਤਿਹਾਸ ਨਾਲ ਜੋੜ ਕੇ ਵੀ ਦੇਖਦਾ ਹੈ। ਇਸ ਵਿੱਚ ਉਹ ਨਾਥ ਬਾਣੀ ਅਤੇ ਗੁਰੂ ਬਾਣੀ ਦੀਆਂ ਉਦਾਹਰਣਾ ਵੀ ਦੇਈ ਜਾਂਦਾ ਹੈ। ਡਾ ਅਮਰਜੀਤ ਟਾਂਡਾ ਮੂਲ ਰੂਪ ਵਿੱਚ ਵਿਗਿਆਨੀ ਹੈ। ਇਸ ਲਈ ਉਸ ਦੀਆਂ ਰਚਨਾਵਾਂ ਵਿੱਚ ਵਿਗਿਆਨਿਕ ਤੱਤ ਆਉਣਾ ਸੁਭਾਵਿਕ ਹੀ ਹੈ ਇਸ ਦਾ ਲਾਭ ਇਹ ਹੁੰਦਾ ਹੈ ਕਿ ਅਜਿਹੇ ਲੇਖਕ ਦੀਆਂ ਰਚਨਾਵਾਂ ਵਿਗਿਆਨਕ ਸੱਚ ਦੇ ਵਧੇਰੇ ਨੇੜੇ ਹੋ ਕੇ ਗੁਜ਼ਰਦੀਆਂ ਹਨ। ਇਹੋ ਕਾਰਨ ਹੈ ਕਿ ਅਜਿਹੀਆਂ ਰਚਨਾਵਾਂ ਵਿੱਚੋਂ ਕਮੀਆਂ ਲੱਭਣੀਆਂ ਤੇ ਪਛਾਨਣੀਆਂ ਸੰਭਵ ਨਹੀਂ ਹੁੰਦੀਆਂ। ਉੰਝ ਵੀ ਮੈਂ ਇਸ ਰਚਨਾ ਨੂੰ ਕਮੀਆਂ ਲੱਭਣ ਲਈ ਨਹੀਂ ਪੜ੍ਹ ਰਿਹਾ ਹਾਂ। ਇਸ ਨੂੰ ਪੜ੍ਹਨ ਵਿੱਚ ਮੇਰੇ ਦੋ ਕਾਰਨ ਜਾਂ ਕਹਿਣਾ ਚਾਹੀਦਾ ਹੈ ਕਿ ਲੋੜਾਂ ਹਨ । ਇਕ ਕਿ ਨਵੇਂ ਲੇਖਕ ਕੀ ਲਿਖ ਰਹੇ ਹਨ। ਦੂਜਾ ਕਿ ਉਹ ਕਿਵੇਂ ਲਿਖ ਰਹੇ ਹਨ। ਕੀ ਲਿਖ ਰਹੇ ਹਨ ਦੇ ਸਵਾਲ ਨੂੰ ਜਾਨਣਾ ਸਮਝਣਾ ਬੜਾ ਸਿੱਧਾ ਅਤੇ ਸੌਖਾ ਹੈ। ਇਹ ਤਕਰੀਬਨ ਹਰ ਪਾਠਕ ਦੇ ਬਸ ਦੀ ਅਤੇ ਸਮਝ ਦੀ ਗੱਲ ਹੈ। ਪਰੰਤੂ ਕਿਵੇਂ ਲਿਖਦੇ ਹਨ ਇਹ ਬੜਾ ਟੇਢਾ ਸਵਾਲ ਹੈ। ਪੰਜਾਬੀ ਸਾਹਿਤ ਦੀ ਆਲੋਚਨਾ ਦੇ ਇਤਿਹਾਸ ਵਿੱਚ ਝਾਤੀ ਮਾਰੀ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਕਿਹਾ ਜਾਂਦਾ ਸੀ ਰਚਨਾ ਵਿਚਲੇ ਤੱਤ ਨੂੰ ਪਹਿਲੀਆਂ ਪੰਗਤੀਆਂ ਵਿੱਚੋਂ ਹੀ ਸਮਝ ਵਿੱਚ ਆਉਣ ਵਾਲਾ ਹੋਣਾ ਚਾਹੀਦਾ ਹੈ ਕਿ ਪਤਾ ਲੱਗ ਜਾਵੇ ਕਿ ਪੂਰੀ ਰਚਨਾ ਵਿੱਚ ਕੀ ਕਿਹਾ ਗਿਆ ਹੈ ਪ੍ਰੰਤੂ ਜਦ ਪੰਜਾਬੀ ਆਲੋਚਨਾ ਕੁਝ ਜਵਾਨ ਹੋਈ ਤਾਂ ਇਹ ਵਿਚਾਰ ਭਾਰੂ ਹੋ ਗਿਆ ਕਿ ਜੇਕਰ ਰਚਨਾ ਦਾ ਪੂਰਾ ਤੱਤ ਪਹਿਲੀਆਂ ਲਾਈਨਾਂ ਵਿੱਚ ਹੀ ਸਪਸ਼ਟ ਹੋ ਗਿਆ ਤਾਂ ਕੋਈ ਵੀ ਪਾਠਕ ਤੁਹਾਡੀ ਪੂਰੀ ਰਚਨਾ ਨੂੰ ਨਹੀਂ ਪੜ੍ਹੇਗਾ। ਇਸ ਲਈ ਸਾਰਾ ਕੁਝ ਅਖੀਰ ਤੱਕ ਗੁਪਤ ਰੱਖੋ। ਇਸ ਦ੍ਰਿਸ਼ਟੀ ਤੋਂ ਦੇਖਿਆ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਇਸ ਨਾਵਲ ਵਿੱਚ ਵੀ ਅਜਿਹੀਆਂ ਜੁਗਤਾਂ ਦਾ ਪ੍ਰਯੋਗ ਕੀਤਾ ਗਿਆ ਹੈ। ਨਾਵਲ ਦੇ ਆਰੰਭ ਵਿੱਚ ਪਾਠ ਵਿੱਚ ਹੀ ਰੋਜ਼ ਦਾ ਪ੍ਰਵੇਸ਼ ਕਰਵਾਇਆ ਗਿਆ ਹੈ। ਪਾਠਕ ਨੂੰ ਸਮਝ ਹੀ ਨਹੀਂ ਲੱਗਦੀ ਕਿ ਰੋਜ਼ ਕੌਣ ਹੈ ਨਰ ਹੈ ਜਾਂ ਮਾਦਾ ਹੈ। ਇਸ ਨਾਵਲ ਦੀਆਂ ਪਹਿਲੀਆਂ ਲਾਈਨਾਂ ਹੀ ਪ੍ਰਭਾਵਿਤ ਕਰਕੇ ਤੁਹਾਨੂੰ ਆਪਣੇ ਨਾਲ ਜੋੜ ਲੈਂਦੀਆਂ ਹਨ। ਜਿਹੜੀਆਂ ਇੰਜ ਹਨ: "ਉਹ ਲੋਕ ਜਿਨ੍ਹਾਂ ਨੂੰ ਤੁਸੀਂ ਮਿਲਦੇ ਹੋ ਜੋ ਤੁਹਾਡੇ ਜੀਵਨ ਨੂੰ ਪ੍ਰਭਾਵਿਤ ਕਰਦੇ ਹਨ ਅਤੇ ਤੁਹਾਡੇ ਦੁਆਰਾ ਅਨੁਭਵ ਕੀਤੇ ਗਏ ਸਫ਼ਲਤਾ ਅਤੇ ਪਤਨ ਤੁਹਾਨੂੰ ਇਹ ਬਣਾਉਣ ਵਿੱਚ ਮਦਦ ਕਰਦੇ ਹਨ ਕਿ ਤੁਸੀਂ ਕੌਣ ਹੋ"

ਲੇਖਕ ਨੇ ਆਪਣੀ ਸਿਰਜਣਾ ਨੂੰ ਬੜੇ ਖ਼ੂਬਸੂਰਤ ਅਖਾਣਾਂ ਅਤੇ ਮੁਹਾਵਰਿਆਂ ਨਾਲ ਢੁਕਵੇਂ ਵਾਤਾਵਰਣ ਨਾਲ ਸ਼ਿੰਗਾਰਿਆ ਹੈ।

ਜਿਵੇਂ "ਮੇਲੇ ਵਿੱਚ ਗੁਆਚੇ ਬੱਚੇ ਨੂੰ ਮਾਂ ਲੱਭਦੀ ਹੈ" ਇਸ ਦੇ ਨਾਲ ਹੀ ਆਪਣੇ ਕਥਨ ਦੀ ਪਰੋੜਤਾ ਲਈ ਗੁਰਬਾਣੀ ਦੀਆਂ ਤੁਕਾਂ ਦੀਆਂ ਉਦਾਹਰਣਾਂ ਵੀ ਦਿੱਤੀਆਂ ਹਨ। ਇਹ ਸੱਭ ਕੁਝ ਬੁਢਾਪੇ ਅਤੇ ਚੰਗੇ ਜੀਵਨ ਲਈ ਹੈ। ਜਿਸ ਵਿੱਚ ਚੰਗੇ ਜੀਵਨ ਨੂੰ ਜਿਊਣ ਦੇ ਸੁਝਾਅ ਵੀ ਦਿੱਤੇ ਹਨ। ਜਿਸ ਵਿੱਚ ਉਸ ਸਰੀਰ ਅਤੇ ਮਾਨਸਿਕ ਅਵਸਥਾ ਦੇ ਸੁਮੇਲ ਦੀ ਗੱਲ ਕਰਦਾ ਹੈ। ਉਹ ਰੰਗੀਨੀਆਂ ਨੂੰ ਜੀਵਨ ਦਾ ਸ਼ਿੰਗਾਰ ਬਣਾਉਣ ਦੀ ਸਲਾਹ ਵੀ ਦਿੰਦਾ ਹੈ। ਜਿਸ ਵਿੱਚ ਉਹ ਉਦਾਸੀਨਤਾ ਨੂੰ ਮਨ ਦੇ ਨੇੜੇ ਆਉਣ ਤੋਂ ਰੋਕਦਾ ਹੈ ਅਤੇ ਪੁਰਾਣੇ ਰਿਸ਼ਤਿਆਂ ਅਤੇ ਸੰਗੀਤ ਨਾਲ ਜੁੜਨ ਲਈ ਕਹਿੰਦਾ ਹੈ ਅਤੇ ਕੰਮ ਵਿੱਚ ਜੁੜੇ ਰਹਿਣ ਦੀ ਤਾਕੀਦ ਕਰਦਾ ਹੈ। ਜਿਸ ਦੀਆਂ ਉਹ ਪੁਰਾਣੇ ਦੋਸਤਾਂ ਨੂੰ ਮਿਲਣ ਦੀਆਂ ਉਦਾਹਰਣਾਂ ਵੀ ਦਿੰਦਾ ਹੈ। ਉਸ ਦੀਆਂ ਇਹ ਉਦਾਹਰਣਾਂ ਕਈ ਵਾਰ ਕਾਵਿਕ ਰੂਪ ਧਾਰ ਲੈਂਦੀਆਂ ਹਨ। ਜਿਸ ਤੋਂ ਇਹ ਸਮਝ ਪੈਂਦੀ ਹੈ ਕਿ ਉਸਦੀ ਕੇਵਲ ਵਾਰਤਕ ਸ਼ੈਲੀ ਹੀ ਕਾਵਿਕ ਨਹੀਂ ਸਗੋਂ ਕਵਿਤਾਈ ਤਰੰਗਾਂ ਉਸਦੇ ਧੁਰ ਮਨ ਅੰਦਰ ਵੀ ਰਚੀਆਂ ਹੋਈਆਂ ਹਨ। ਉਹ ਬਚਪਨ ਦੀਆਂ ਬਾਲ ਖੇਡਾਂ ਅਤੇ ਹਾਣੀਆਂ ਨਾਲ ਕੀਤੀਆਂ ਨਿੱਕੀਆਂ ਮੋਟੀਆਂ ਲੜਾਈਆਂ ਭੜਾਈਆਂ ਦਾ ਵੀ ਖ਼ੂਬਸੂਰਤ ਜ਼ਿਕਰ ਕਰਦਾ ਹੈ। ਧਰਮ ਅਤੇ ਰਿਸ਼ਤਿਆਂ ਉੱਪਰ ਵੀ ਵਿਅੰਗ ਕਰਦਾ ਹੈ। ਮਸਨੂਈ ਪਦਾਰਥਕ ਤਰੱਕੀ ਦਾ ਵੀ ਮਖੌਲ ਉਡਾਉਂਦਾ ਹੈ। ਜਿਸ ਵਿੱਚ ਹਉਮੈ ਅਤੇ ਹੰਕਾਰ ਭਰਿਆ ਪਿਆ ਹੈ। ਜਿਸ ਨੂੰ ਤਜ ਕੇ ਉਹ ਰਿਸ਼ਤਿਆਂ ਨੂੰ ਖ਼ੂਬਸੂਰਤ ਬਣਾਉਣ ਦੀ ਸਲਾਹ ਦਿੰਦਾ ਹੈ। ਇਹਨਾਂ ਯਤਨਾਂ ਅਤੇ ਯਾਦਾਂ ਵਿੱਚ ਉਹ ਪੰਜਾਬ ਦੇ ਪਿੰਡਾਂ ਦੀ ਰਹਿਤਲ ਦੀ ਰਹਿਦ ਖੂੰਦ ਨੂੰ ਵੀ ਬਿਆਨ ਕਰਦਾ ਹੈ। ਜਿਸ ਨੂੰ ਪ੍ਰਵਾਸੀ ਪ੍ਰਭਾਵ ਭ੍ਰਿਸ਼ਟ ਕਰੀ ਜਾ ਰਹੇ ਹਨ। ਉਸ ਨੂੰ ਵਧ ਰਹੇ ਸ਼ਹਿਰੀਕਰਨ ਦੇ ਰੁਝਾਨ ਬਾਰੇ ਵੀ ਚਿੰਤਾ ਹੈ ਕਿਉਂਕਿ ਉਹ ਮਹਿਸੂਸ ਕਰ ਰਿਹਾ ਹੈ ਕਿ ਇਸ ਨਾਲ ਮਾਨਸਿਕ ਆਨੰਦ ਦਾ ਖ਼ਾਤਮਾ ਹੋ ਰਿਹਾ ਹੈ। ਰਿਸ਼ਤਿਆਂ ਵਿੱਚੋਂ ਆਤਮਕ ਖੁਸ਼ੀ ਖੁਰਦੀ ਜਾ ਰਹੀ ਹੈ। ਜਿਸ ਵਿੱਚੋਂ ਸੱਭਿਆਚਾਰਕ ਰਸਮ ਰਿਵਾਜ਼ ਮੇਲ ਜੋਲ ਪਿਆਰ ਮੁਹੱਬਤ ਮਨਫੀ ਹੁੰਦਾ ਜਾ ਰਿਹਾ ਹੈ। ਕਲਾਕਾਰੀ ਦੀ ਗੱਲ ਇਹ ਹੈ ਕਿ ਲੇਖਕ ਇਸ ਬਾਰੇ ਸੁਚੇਤ ਵੀ ਹੈ ਅਤੇ ਚਿੰਤਿਤ ਵੀ ਹੈ। ਮੈਨੂੰ ਇਸ ਰੌਚਿਕ ਗਿਆਨ ਵਰਧਕ ਅਤੇ ਜਿੰਦਗੀ ਨੂੰ ਮਾਨਵੀ ਸੇਧ ਦੇਣ ਵਾਲੀ ਪੁਸਤਕ ਦੀ ਪ੍ਰਕਾਸ਼ਨਾਂ ਉੱਪਰ ਜਿੱਥੇ ਖੁਸ਼ੀ ਮਹਿਸੂਸ ਹੋ ਰਹੀ ਹੈ ਉਥੇ ਲੇਖਕ ਨੂੰ ਇਸ ਲਈ ਵਧਾਈ ਦੇਣ ਦੀ ਪ੍ਰਸੰਨਤਾ ਵੀ ਹੋ ਰਹੀ ਹੈ।

ਡਾ ਜੋਗਿੰਦਰ ਸਿੰਘ ਕੈਰੋਂ
ਸੰਪਰਕ +91 82643 06671

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਕਾਵਿ ਰਚਨਾਵਾਂ, ਡਾ. ਅਮਰਜੀਤ ਟਾਂਡਾ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •