Teeji Gall (Punjabi Story) : Gurbachan Singh Bhullar

ਤੀਜੀ ਗੱਲ (ਕਹਾਣੀ) : ਗੁਰਬਚਨ ਸਿੰਘ ਭੁੱਲਰ

ਤਿੰਨ ਗੱਲਾਂ ਨੇ ਦੀਨਾ ਨਾਥ ਦਾ ਧਿਆਨ ਖ਼ਾਸ ਕਰਕੇ ਖਿੱਚਿਆ। ਦੋ ਗੱਲਾਂ ਉਹਨੂੰ ਹੈਰਾਨ—ਪਰੇਸ਼ਾਨ ਕਰਦੀਆਂ ਸਨ ਅਤੇ ਤੀਜੀ ਗੱਲ ਉਹਦੇ ਮਨ ਨੂੰ ਖ਼ੁਸ਼ੀ ਨਾਲ ਭਰ ਦਿੰਦੀ ਸੀ।

ਪਹਿਲੀ ਗੱਲ ਸੀ ਫਲੈਟਾਂ ਦਾ ਵਾਸ। ਇਹ ਤਿੰਨ—ਮੰਜ਼ਲੇ ਫਲੈਟ ਸਨ ਅਤੇ ਉਹਦੇ ਭਾਣਜੇ ਸਤੀਸ਼ ਦਾ ਫਲੈਟ ਵਿਚਕਾਰਲਾ ਸੀ। ਹੇਠਾਂ ਕੋਈ ਹੋਰ ਵਸਦਾ ਸੀ ਅਤੇ ਉੱਤੇ ਕੋਈ ਹੋਰ। ਦੀਨਾ ਨਾਥ ਨੂੰ ਇਸ ਵਿਚਕਾਰਲੇ ਫਲੈਟ ਦੀ ਹਾਲਤ ਮੱਖਣ—ਜੈਮ ਦੀ ਉਸ ਤਹਿ ਵਰਗੀ ਲਗਦੀ ਸੀ ਜੋ ਉਹਦੀ ਨੂੰਹ, ਭਾਵ ਸਤੀਸ਼ ਦੀ ਪਤਨੀ, ਸੁਦੇਸ਼ ਡਬਲ—ਰੋਟੀ ਦੇ ਦੋ ਟੁਕੜਿਆਂ ਵਿਚਕਾਰ ਲਾ ਕੇ ਨਾਸ਼ਤੇ ਸਮੇਂ ਉਹਨੂੰ ਦਿਆ ਕਰਦੀ ਸੀ।

ਘਰ ਬਾਰੇ ਦੀਨਾ ਨਾਥ ਪਹਿਲੇ ਦਿਨੋਂ ਜੋ ਕੁਝ ਕਹਿੰਦਾ—ਸੁਣਦਾ ਆਇਆ ਸੀ, ਇਹ ਸਭ ਉਹਤੋਂ ਬਿਲਕੁਲ ਵੱਖਰਾ ਸੀ। ਸਿਆਣੇ ਕਹਿੰਦੇ ਹਨ, ਬੰਦੇ ਦੇ ਪੈਰਾਂ ਹੇਠ ਚਾਰ ਗਜ਼ ਧਰਤੀ ਆਪਣੀ ਹੋਵੇ ਅਤੇ ਸਿਰ ਉੱਤੇ ਚਾਰ ਗਜ਼ ਅੰਬਰ ਆਪਣਾ, ਫੇਰ ਉਹ ਕਿਸੇ ਦੇ ਲੈਣ ਦਾ ਨਹੀਂ। ਧਰਤੀ ਉੱਤੇ ਪੈਰ ਟਿਕੇ ਹੋਏ ਹੁੰਦੇ ਹਨ ਤਾਂ ਆਦਮੀ ਡਿਗਦਾ—ਡੋਲਦਾ ਨਹੀਂ। ਡਿੱਗਣ—ਡੋਲਣ ਦਾ ਡਰ ਉਹਨੂੰ ਹੁੰਦਾ ਹੈ ਜੀਹਦੇ ਪੈਰ ਹਵਾ ਵਿਚ ਹੋਣ। ਪੈਰਾਂ ਹੇਠ ਧਰਤੀ ਹੋਵੇ ਤਾਂ ਆਦਮੀ ਜਿਵੇਂ ਡੂੰਘੀਆਂ ਜੜਾਂ ਫੜ ਲੈਂਦਾ ਹੈ ਅਤੇ ਬਿਰਛ ਵਾਂਗ ਵਧਣ—ਫੁੱਲਣ ਲਗਦਾ ਹੈ। ਸਿਰ ਉੱਤੇ ਅੰਬਰ ਹੋਵੇ ਤਾਂ ਕਲਪਨਾ ਨੂੰ ਉੱਚੀਆਂ ਉਡਾਰੀਆਂ ਲਾਉਣ ਦੀ ਖੁੱਲ੍ਹ ਮਿਲਦੀ ਹੈ। ਬੰਦੇ ਦੇ ਵਿਚਾਰਾਂ ਲਈ ਉੱਚਤਾ ਤੇ ਵਿਸ਼ਾਲਤਾ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਇਥੇ ਹੇਠਲੇ ਫਲੈਟ ਵਾਲੇ ਦੇ ਪੈਰਾਂ ਹੇਠ ਧਰਤੀ ਆਪਣੀ ਸੀ ਤਾਂ ਸਿਰ ਉੱਤੇ ਅੰਬਰ ਆਪਣਾ ਨਹੀਂ ਸੀ। ਉਤਲੇ ਫਲੈਟ ਵਾਲੇ ਦੇ ਸਿਰ ਉੱਤੇ ਅੰਬਰ ਆਪਣਾ ਸੀ ਤਾਂ ਪੈਰਾਂ ਹੇਠ ਧਰਤੀ ਆਪਣੀ ਨਹੀਂ ਸੀ। ਵਿਚਕਾਰਲੇ ਫਲੈਟ ਵਿਚ ਫਸੇ ਸਤੀਸ਼ ਦੀ ਤਾਂ ਨਾ ਧਰਤੀ ਆਪਣੀ ਸੀ, ਨਾ ਅੰਬਰ ਆਪਣਾ ਸੀ। ਇਹ ਤਾਂ ਚੰਗੀ ਕਿਸਮਤ ਸੀ ਕਿ ਉਹਦਾ ਫਲੈਟ ਕਤਾਰ ਦੇ ਸਿਰੇ ਉੱਤੇ ਸੀ ਅਤੇ ਇਸ ਵਿਚ ਤੀਜੇ ਪਾਸੇ ਵੀ ਖਿੜਕੀ ਖੁੱਲ੍ਹਦੀ ਸੀ ਜਿਸ ਵਿਚੋਂ ਥੋੜ੍ਹੀ—ਬਹੁਤ ਹਵਾ ਅਤੇ ਰੌਸ਼ਨੀ ਅੰਦਰ ਲੰਘ ਆਉਂਦੀਆਂ ਸਨ। ਜਦੋਂ ਸੂਰਜ ਸੱਤ ਘੋੜਿਆਂ ਵਾਲੇ ਰਥ ਉਤੇ ਸਵਾਰ ਆਪਣੀ ਯਾਤਰਾ ਦੇ ਦੌਰਾਨ ਉਧਰ ਪੁਜਦਾ, ਇਸ ਖਿੜਕੀ ਵਿਚੋਂ ਵੀ ਧੁੱਪ ਦੀ ਕਾਤਰ ਕਮਰੇ ਵਿਚ ਆ ਜਾਂਦੀ। ਪਰ ਖਿੜਕੀ ਦੇ ਸਰੀਏ ਉਸ ਕਾਤਰ ਨੂੰ ਟੁਕੜਿਆਂ ਵਿਚ ਵੰਡ ਦਿੰਦੇ।

ਦੀਨਾ ਨਾਥ ਨੂੰ ਅਸਲ ਹੈਰਾਨੀ ਉਸ ਸਮੇਂ ਹੋਈ ਜਦੋਂ ਉਹਨੂੰ ਪਤਾ ਲੱਗਿਆ ਕਿ ਦਸ—ਦਸ, ਪੰਦਰਾਂ—ਪੰਦਰਾਂ ਜਾਂ ਇਸ ਤੋਂ ਵੀ ਵੱਧ ਮੰਜ਼ਲਾਂ ਵਾਲੇ ਫਲੈਟ ਕੇਵਲ ਦਫ਼ਤਰਾਂ ਲਈ ਹੀ ਨਹੀਂ ਬਣਦੇ, ਸਗੋਂ ਲੋਕਾਂ ਦੇ ਰਹਿਣ ਲਈ ਵੀ ਉਸਾਰੇ ਜਾਂਦੇ ਹਨ। ਉਹਨੂੰ ਘੁਟਣ ਜਿਹੀ ਹੋਈ—ਹੇਠਲਿਆਂ ਨੂੰ ਤਾਂ ਉਤਲਿਆਂ ਦਾ ਅਜਿਹਾ ਬੋਝ ਹੀ ਮਹਿਸੂਸ ਹੁੰਦਾ ਰਹਿੰਦਾ ਹੋਵੇਗਾ ਜਿਵੇਂ ਕਿਸੇ ਦੇ ਸਿਰ ਉੱਤੇ ਨਿੱਕ—ਸੁੱਕ ਨਾਲ ਭਰਿਆ ਭਾਰੀ ਟੋਕਰਾ ਪੱਕੇ ਤੌਰ ਉੱਤੇ ਹੀ ਲੱਦ ਦਿੱਤਾ ਗਿਆ ਹੋਵੇ।

ਉਪਰਲੇ ਫਲੈਟਾਂ ਵਿਚ ਇਕ ਵਾਰ ਪ੍ਰਵੇਸ਼ ਕਰ ਜਾਉ, ਆਲੇ—ਦੁਆਲੇ ਨਾਲੋਂ ਸਭ ਨਾਤੇ ਖ਼ਤਮ। ਪੌੜੀਆਂ ਵਾਲਾ ਦਰਵਾਜ਼ਾ ਬੰਦ ਕੀਤਾ ਨਹੀਂ ਕਿ ਤੁਹਾਡੀ ਦੁਨੀਆਂ ਤੁਹਾਡੀ, ਬਾਕੀ ਸਭ ਕੁਝ ਅਣਹੋਇਆ ਤੇ ਅਣਹੋਂਦਾ।

ਉਹਨੇ ਤਾਂ ਸ਼ਹਿਰੀ ਮਕਾਨਾਂ ਅੱਗੇ ਵੀ ਨੀਵੀਆਂ—ਨੀਵੀਆਂ ਕੰਧਾਂ ਦੇਖੀਆਂ ਹੋਈਆਂ ਸਨ, ਜਿਨ੍ਹਾਂ ਦੇ ਉਤੋਂ ਦੀ ਗੁਆਂਢੀ ਦੁਖ—ਸੁਖ ਅਤੇ ਠੱਠਾ—ਮਖੌਲ ਕਰ ਲੈਂਦੇ ਸਨ। ਪਿੰਡਾਂ ਵਿਚ ਤਾਂ ਲੋਕ ਵਿਹਲੇ ਸਮੇਂ ਘਰਾਂ ਅੱਗੇ ਬਣੇ ਚੌਂਤਰਿਆਂ ਉਤੇ ਬੈਠਦੇ ਜਾਂ ਸੱਥਾਂ ਵਿਚ ਤੇ ਬੋਹੜਾ—ਪਿੱਪਲਾਂ ਹੇਠ ਰੌਣਕਾਂ ਲਾਉਂਦੇ ਤੇ ਜਾਂ ਫੇਰ ਗਿਆਨ—ਧਿਆਨ ਦੀ ਕੋਈ ਗੱਲ ਸੁਣਨ ਲਈ ਡੇਰਿਆਂ—ਗੁਰਦੁਆਰਿਆਂ ਵਿਚ ਜੁੜ ਬੈਠਦੇ।

ਉਂਜ ਦੀਨਾ ਨਾਥ ਇਹਨਾਂ ਫਲੈਟਾਂ ਦੀ ਕਾਢ ਕੱਢਣ ਵਾਲੇ ਦੀ ਅਕਲ ਨੂੰ ਇਸ ਪੱਖੋਂ ਸ਼ਾਬਾਸ਼ ਦਿੰਦਾ ਕਿ ਉਹਨੇ ਦੋਵੇਂ ਪਾਸੀਂ ਵਾਧਰੇ ਰੱਖ ਦਿੱਤੇ ਸਨ। ਇਹਨਾਂ ਨੂੰ ਇਥੋਂ ਦੇ ਲੋਕ ਬਾਲਕੋਨੀਆਂ ਕਹਿੰਦੇ ਸਨ।

ਅਗਲੀ ਬਾਲਕੋਨੀ ਛੋਟੀ ਸੀ। ਉਸ ਵਿਚ ਇਕ ਮੰਜੀ ਡਾਹ ਕੇ ਆਦਮੀ ਦੇ ਖੜ੍ਹਨ ਜੋਗੀ ਥਾਂ ਮਸਾਂ ਬਚਦੀ ਸੀ। ਪਰ ਵਾਰੇ—ਵਾਰੇ ਜਾਈਏ ਸ਼ਹਿਰੀਆਂ ਦੇ, ਉਹ ਇਸ ਥਾਂ ਦੀ ਵਰਤੋਂ ਵੀ ਕਮਾਲ ਦੀ ਕਰਦੇ ਸਨ। ਸਿਆਲਾਂ ਵਿਚ ਜੇ ਫਲੈਟ ਦੀ ਸਥਿਤੀ ਅਨੁਸਾਰ ਸੂਰਜ ਦੇਵਤਾ ਦੀ ਕਿਰਪਾ—ਦ੍ਰਿਸ਼ਟੀ ਹੁੰਦੀ ਤਾਂ ਜਿਸ ਜੀਅ ਨੂੰ ਥੋੜ੍ਹੀ—ਬਹੁਤ ਵਿਹਲ ਮਿਲਦੀ, ਉਹ ਉਥੇ ਬੈਠ ਕੇ ਧੁੱਪ ਸੇਕਦਾ। ਲਗਭਗ ਹਰ ਕਿਸੇ ਨੇ ਇਥੇ ਤਾਰਾਂ ਕਸੀਆਂ ਜਾਂ ਪਲਾਸਟਿਕ ਦੀਆਂ ਰੱਸੀਆਂ ਬੰਨ੍ਹੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਧੋਤੇ ਹੋਏ ਗਿੱਲੇ—ਸੁੱਕੇ ਕੱਪੜੇ ਹਰ ਸਮੇਂ ਲਟਕਦੇ ਰਹਿੰਦੇ। ਹੇਠਾਂ ਸਬਜ਼ੀ ਦੀ ਜਾਂ ਫਲਾਂ ਦੀ ਰੇੜ੍ਹੀ ਵਾਲਾ ਹੋਕਾ ਦਿੰਦਾ ਤਾਂ ਜ਼ਨਾਨੀਆਂ ਇਹਨਾਂ ਛੋਟੀਆਂ ਬਾਲਕੋਨੀਆਂ ਵਿਚ ਪਹੁੰਚ ਜਾਂਦੀਆਂ। ਉਹ ਉਥੇ ਖਲੋਤੀਆਂ ਹੀ ਰੇੜ੍ਹੀ ਵਾਲੇ ਨਾਲ ਭਾਅ ਦੀ ਤੋੜ—ਤੁੜਾਈ ਕਰਦੀਆਂ ਅਤੇ ਰੱਸੀ ਨਾਲ ਬੰਨ੍ਹੀ ਹੋਈ ਟੋਕਰੀ ਹੇਠਾਂ ਲਟਕਾ ਦਿੰਦੀਆਂ। ਟੋਕਰੀ ਖਿੱਚ ਕੇ ਉਹ ਸਬਜ਼ੀ—ਫਲ ਕੱਢ ਲੈਂਦੀਆਂ ਅਤੇ ਪੈਸੇ ਪਾ ਕੇ ਟੋਕਰੀ ਦੁਬਾਰਾ ਲਟਕਾ ਦਿੰਦੀਆਂ। ਰੇੜ੍ਹੀ ਵਾਲੇ ਨੂੰ ਤੋਰ ਕੇ ਉਥੇ ਖਲੋਤੀਆਂ ਹੀ ਉਹ ਇਕ ਦੂਜੀ ਨਾਲ ਗੱਪਾਂ ਮਾਰਨ ਲੱਗ ਜਾਂਦੀਆਂ ਅਤੇ ਨਵੀਂ ਖਰੀਦੀ ਸਾੜ੍ਹੀ ਤੇ ਨਵੀਂ ਦੇਖੀ ਫ਼ਿਲਮ ਦੀ ਚਰਚਾ ਤੋਂ ਲੈ ਕੇ ਗੈਰ—ਹਾਜ਼ਰ ਗੁਆਂਢਣਾਂ ਦੀ ਨਿੰਦਿਆ—ਚੁਗਲੀ ਤਕ ਦਾ ਪੈਂਡਾ ਮਾਰ ਕੇ ਦਿਨ—ਭਰ ਲਈ ਸੰਤੁਸ਼ਟ ਹੋ ਜਾਂਦੀਆਂ।

ਪਿਛਲੇ ਪਾਸੇ ਵਾਲੀ ਬਾਲਕੋਨੀ ਕੁਝ ਖੁੱਲ੍ਹੀ ਸੀ। ਬਸ ਇਥੇ ਖਲੋ ਕੇ ਹੀ ਬੰਦੇ ਨੂੰ ਧਰਤੀ ਅਤੇ ਅੰਬਰ ਦੀਆਂ ਆਪਣੇ ਹਿੱਸੇ ਦੀਆਂ ਕਾਤਰਾਂ ਦਿਸਦੀਆਂ ਸਨ।

ਦੀਨਾ ਨਾਥ ਨੂੰ ਇਹ ਗੱਲ ਵੀ ਹੈਰਾਨ ਕਰਦੀ ਕਿ ਜਿਨ੍ਹਾਂ ਦੀ ਛੱਤ ਆਪਣੀ ਸੀ, ਉਹ ਵੀ ਗਰਮੀਆਂ ਵਿਚ ਛੱਤ ਉੱਤੇ ਨਹੀਂ ਸਨ ਸੌਂਦੇ। ਸਭ ਬਿਜਲੀ ਦੇ ਪੱਖਿਆਂ ਦੇ ਆਦੀ ਸਨ ਜਿਨ੍ਹਾਂ ਦੀ ਹਵਾ ਆਪਣੇ ਵੱਲ ਦੇ ਅੱਧੇ ਸਰੀਰ ਨੂੰ ਸਪਰਸ਼ਦੀ ਰਹਿੰਦੀ ਤੇ ਓਹਲੇ ਰਹਿ ਗਿਆ ਅੱਧਾ ਸਰੀਰ ਮੁੜ੍ਹਕੇ ਨਾਲ ਭਿੱਜਿਆ ਰਹਿੰਦਾ। ਉਹ ਸੋਚਦਾ, ਕੀ ਇਹਨਾਂ ਲੋਕਾਂ ਨੇ ਕਦੀ ਪੂਰਾ ਆਸਮਾਨ ਦੇਖਿਆ ਹੋਵੇਗਾ ? ਸਾਰੀ ਧਰਤੀ ਉੱਤੇ ਚੰਦੋਏ ਵਾਂਗ ਤਣਿਆ ਹੋਇਆ, ਕਪਾਹ ਦੇ ਫੁੱਟਾਂ ਵਾਂਗ ਖਿੜੇ ਤਾਰਿਆਂ ਨਾਲ ਭਰਿਆ ਹੋਇਆ ? ਸੁਚੱਜੀ ਮੁਟਿਆਰ ਦੀ ਕੱਢੀ ਹੋਈ ਫੁਲਕਾਰੀ ਵਰਗਾ ਤਾਰਿਆਂ— ਭਰਿਆ ਅੰਬਰ ਜਿਸ ਦੇ ਧਰੂ ਭਗਤ, ਬੋੜੇ ਖੂਹਾਂ, ਤਿੰਗੜਾਂ, ਸਪਤ—ਰਿਸ਼ੀਆਂ, ਛੜਿਆਂ ਦੇ ਰਾਹਾਂ ਆਦਿ ਦੀਆਂ ਕਥਾ— ਕਹਾਣੀਆਂ ਮਾਵਾਂ—ਦਾਦੀਆਂ ਤੋਂ ਸੁਣੇ ਬਿਨਾਂ ਨਿਆਣਿਆਂ ਨੂੰ ਨੀਂਦ ਨਹੀਂ ਸੀ ਆਉਂਦੀ। ਇਥੇ ਤਾਂ ਜਿੰਨਾ ਕੁ ਟੋਟਾ ਅੰਬਰ ਦਿਸਦਾ ਸੀ, ਉਹਦੇ ਤਾਰੇ ਵੀ ਜੀਵਨ ਨਾਲ ਧੜਕਦੇ ਹੋਣ ਦੀ ਥਾਂ ਸਾਹ ਦੇ ਰੋਗੀ ਹੋ ਗਏ ਦਿਸਦੇ ਸਨ। ਤੇ ਜਦੋਂ ਲੋਕ ਘਰੋਂ ਬਾਹਰ ਵੀ ਨਿਕਲਦੇ ਸਨ, ਕਿਸੇ ਨੂੰ ਧਰਤੀ ਜਾਂ ਅੰਬਰ ਵੱਲ ਦੇਖਣ ਦੀ ਵਿਹਲ ਜਾਂ ਇੱਛਾ ਹੀ ਨਹੀਂ ਸੀ ਹੁੰਦੀ। ਜੇ ਕੋਈ ਦੇਖ ਵੀ ਲਵੇ, ਧਰਤੀ ਨੂੰ ਗੰਦੇ ਪਾਣੀ ਦੀਆਂ ਭਰ ਕੇ ਉਛਲਦੀਆਂ ਨਾਲੀਆਂ, ਕੂੜੇ—ਕਚਰੇ ਦੇ ਢੇਰਾਂ ਤੇ ਟੁੱਟੀਆਂ ਸੜਕਾਂ ਨੇ ਕੱਜਿਆ ਹੋਇਆ ਸੀ ਅਤੇ ਅੰਬਰ ਦਾ ਸਥਾਨ ਧੂੜ—ਧੂੰਏਂ ਦੀ ਮੋਟੀ ਤਹਿ ਨੇ ਲੈ ਲਿਆ ਹੋਇਆ ਸੀ।

ਦੀਨਾ ਨਾਥ ਮੋਕਲੀ ਧਰਤੀ ਅਤੇ ਖੁੱਲ੍ਹੇ ਅੰਬਰ ਦੇ ਦਰਸ਼ਨਾਂ ਦਾ ਆਦੀ ਸੀ। ਉਹਦੇ ਘਰ ਦਾ ਵਿਹੜਾ ਅਤੇ ਉਸ ਵਿਚੋਂ ਦਿਸਦਾ ਅੰਬਰ ਆਪਣੇ ਆਪ ਵਿਚ ਹੀ ਖੁੱਲ੍ਹੇ ਸਨ। ਪਰ ਜਦੋਂ ਉਹ ਘਰੋਂ ਬਾਹਰ ਨਿਕਲਦਾ, ਵਿਸ਼ਾਲ ਧਰਤੀ ਉਹਦੇ ਚੁਫੇਰੇ ਵਿਛੀ ਹੋਈ ਹੁੰਦੀ ਅਤੇ ਅਥਾਹ ਅੰਬਰ ਉਹਦੇ ਸਿਰ ਉੱਤੇ ਫੈਲਿਆ ਹੋਇਆ ਹੁੰਦਾ। ਉਹਦੀ ਨਜ਼ਰ ਉਰੇ ਰਹਿ ਜਾਂਦੀ ਅਤੇ ਧਰਤੀ—ਅੰਬਰ ਦਾ ਪਸਾਰਾ ਅੱਗੇ ਲੰਘ ਜਾਂਦਾ। ਹੁਣ ਉਹਦੇ ਮਨ ਵਿਚ ਸਵਾਲ ਜਾਗਦਾ, ਕਿਤੇ ਬੰਦੇ ਦੇ ਦਿਲ ਦੇ ਖੁੱਲਾ ਜਾਂ ਤੰਗ ਹੋਣ ਦਾ ਸੰਬੰਧ ਉਹਨੂੰ ਰੋਜ਼—ਰੋਜ਼ ਦਿਸਦੇ ਧਰਤੀ—ਅੰਬਰ ਦੇ ਖੁੱਲ੍ਹੇ ਜਾਂ ਤੰਗ ਹੋਣ ਨਾਲ ਤਾਂ ਨਹੀਂ ? ਜਿਵੇਂ ਦੋ ਇਕੋ ਜਿਹੇ ਬੀਆਂ ਵਿਚੋਂ ਇਕ ਨਾਲ ਗਮਲੇ ਵਿਚ ਪੈਦਾ ਹੋਇਆ ਬੂਟਾ ਦੂਜੇ ਨਾਲ ਧਰਤੀ ਵਿਚ ਉਗੇ ਬੂਟੇ ਦਾ ਪਾਸਕ ਵੀ ਨਹੀਂ ਹੁੰਦਾ, ਉਵੇਂ ਹੀ ਅਤੋਲਵੀਂ ਧਰਤੀ ਤੇ ਅਮਿਣਵੇਂ ਅੰਬਰ ਵਿਚਕਾਰ ਵਿਗਸਣ ਵਾਲਿਆਂ ਦੇ ਦਿਲਾਂ ਦੀ ਰੀਸ ਧਰਤੀ ਤੇ ਅੰਬਰ ਨੂੰ ਫੁੱਟਾਂ—ਗਜ਼ਾਂ ਵਿਚ ਮਿਣਨ ਵਾਲੇ ਲੋਕ ਵੀ ਨਹੀਂ ਸਨ ਕਰ ਸਕਦੇ। ਉਹਨੂੰ ਰੇਡੀਓ ਉੱਤੇ ਸੁਣੀ ਹੋਈ ਕਿਸੇ ਦੀ ਹਿੰਦੀ ਕਵਿਤਾ ਯਾਦ ਆ ਗਈ : “ਮੇਰੇ ਕਮਰੇ ਦੀ ਖਿੜਕੀ ’ਚੋਂ, ਦਿਸਦਾ ਹੈ ਪੰਜ ਫੁੱਟ ਆਕਾਸ਼ !”

ਉਹਨੂੰ ਹੈਰਾਨ—ਪ੍ਰੇਸ਼ਾਨ ਕਰਨ ਵਾਲੀ ਦੂਜੀ ਗੱਲ ਸੀ ਪਿਛਲੀ ਕਤਾਰ ਦੇ ਹੇਠਲੇ ਫਲੈਟ ਵਾਲੇ ਹੀਰਾ ਲਾਲ ਦੀ ਇਕ ਅਜੀਬ ਆਦਤ। ਫਲੈਟਾਂ ਦੀਆਂ ਇਹਨਾਂ ਦੋਵਾਂ ਕਤਾਰਾਂ ਦੇ ਪਿਛਲੇ ਪਾਸੇ ਇਕ ਦੂਜੇ ਵੱਲ ਲਗਦੇ ਸਨ। ਵਿਚਕਾਰ ਇਕ ਤੰਗ ਪੱਕੀ ਗਲੀ ਸੀ ਜਿਸ ਨੂੰ ਸਰਵਿਸ ਲੇਨ ਆਖਦੇ ਸਨ ਅਤੇ ਜੋ ਮਿਹਤਰਾਨੀ ਵਗੈਰਾ ਦੇ ਆਉਣ—ਜਾਣ ਲਈ ਸੀ। ਬਾਲਕੋਨੀ ਵਿਚੋਂ ਦੀਨਾ ਨਾਥ ਦੀ ਨਜ਼ਰ ਚਾਹੁੰਦਿਆਂ, ਨਾ—ਚਾਹੁੰਦਿਆਂ ਹੀਰਾ ਲਾਲ ਦੇ ਘਰ ਉੱਤੇ ਪੈ ਜਾਂਦੀ। ਥੋੜ੍ਹੇ ਜਿਹੇ ਖ਼ਾਲੀ ਥਾਂ ਤੋਂ ਪਾਰ ਫਲੈਟਾਂ ਦੀ ਇਕ ਟੇਢੀ ਕਤਾਰ ਸੀ। ਉਹਦੇ ਕੋਨੇ ਵਾਲੇ ਹੇਠਲੇ ਫਲੈਟ ਵਿਚ ਕਿਸੇ ਨੇ ਇਕ ਕਮਰੇ ਵਿਚ ਦੁਕਾਨ ਖੋਲ੍ਹੀ ਹੋਈ ਸੀ। ਹੀਰਾ ਲਾਲ ਸਵੇਰੇ—ਸਵੇਰੇ ਕਾਰ ਵਿਚ ਬੈਠਦਾ ਅਤੇ ਉਸ ਦੁਕਾਨ ਤੱਕ ਜਾਂਦਾ। ਦੁਕਾਨਦਾਰ ਕਾਊਂਟਰ ਦੇ ਪਿੱਛੋਂ ਆ ਕੇ ਉਹਨੂੰ ਕਾਰ ਵਿਚ ਬੈਠੇ ਨੂੰ ਸਿਗਰਟਾਂ ਦੀ ਡੱਬੀ ਫੜਾ ਦਿੰਦਾ ਤੇ ਪੈਸੇ ਫੜ ਲੈਂਦਾ। ਹੀਰਾ ਲਾਲ ਕਾਰ ਨੂੰ ਪੁਠ—ਪੈਰੀਂ ਚਲਾ ਕੇ ਆਪਣੇ ਬੂਹੇ ਅੱਗੇ ਲਿਆ ਖੜ੍ਹੀ ਕਰਦਾ।

ਲੋਕ ਮੂੰਹ—ਹਨੇਰੇ ਲੰਮੀਆਂ ਸੈਰਾਂ ਕਰਦੇ ਸਨ। ਦਿਨ ਨੂੰ ਕੰਮ—ਧੰਦਿਆਂ ਵਿਚ ਲੰਮੇ—ਲੰਮੇ ਪੰਧ ਮਾਰਦੇ ਸਨ। ਤੇ ਇਹ ਆਦਮੀ ਸੀ ਕਿ ਦਸ ਗਜ਼ ਦੀ ਦੂਰੀ ਤੋਂ ਕਾਰ ਵਿਚ ਸਿਗਰਟ ਖਰੀਦਣ ਜਾਂਦਾ ਸੀ। ਪਰ ਅਜਿਹਾ ਨਖ਼ਰਾ ਕਰਨ ਵਾਲਾ ਹੀਰਾ ਲਾਲ ਇਕੱਲਾ ਹੀ ਨਹੀਂ ਸੀ। ਹੋਰ ਕਿਸੇ ਨੂੰ ਵੀ ਦਸ ਗਜ਼ ਦੂਰ ਜਾਣ ਦੀ ਲੋੜ ਪੈਂਦੀ, ਉਹ ਸਕੂਟਰ ਨੂੰ ਕਿੱਕਾਂ ਮਾਰਨ ਲਗਦਾ। ਹੋਰ ਤਾਂ ਹੋਰ, ਉਹਦੇ ਭਾਣਜੇ ਸਤੀਸ਼ ਨੇ ਵੀ ਕਿੰਨਾ ਹੀ ਨੇੜੇ ਜਾਣਾ ਹੁੰਦਾ, ਹੇਠਾਂ ਪੌੜੀਆਂ ਦੇ ਮੁੱਢ ਖਲੋਤਾ ਸਕੂਟਰ ਕੱਢ ਲੈਂਦਾ। ਅਗਲੇ ਸਟਾਪ ਤੱਕ ਜਾਣ ਵਾਲੇ ਲੋਕ ਬਸ ਦੀ ਉਡੀਕ ਵਿਚ ਉਸ ਨਾਲੋਂ ਕਈ ਗੁਣਾ ਵੱਧ ਸਮਾਂ ਖਲੋਤੇ ਉਬਾਸੀਆਂ ਲੈਂਦੇ ਰਹਿੰਦੇ, ਜਿੰਨਾ ਸਮਾਂ ਉਹਨਾਂ ਨੂੰ ਉਥੋਂ ਤਕ ਪੈਦਲ ਜਾਣ ਵਿਚ ਲੱਗਣਾ ਸੀ। ਉਸ ਦਿਨ ਤਾਂ ਉਹਨੇ ਇਸ ਵਰਤਾਰੇ ਦੀ ਹੱਦ ਹੀ ਦੇਖ ਲਈ ਜਿਸ ਦਿਨ ਨੇੜਲੇ ਛੋਟੇ ਪਾਰਕ ਦੀ ਥਾਂ ਕਿਸੇ ਵੱਡੇ ਪਾਰਕ ਵਿਚ ਸੈਰ ਕਰਨ ਦੀ ਇੱਛਾ ਨਾਲ ਉਹ ਸਤੀਸ਼ ਤੋਂ ਰਾਹ ਪੁੱਛ ਕੇ ਉਥੇ ਪੁੱਜਿਆ। ਪਾਰਕ ਦੇ ਬਾਹਰ ਕਾਰਾਂ—ਸਕੂਟਰਾਂ ਦੀ ਅਥਾਹ ਭੀੜ ਸੀ। ਪਤਾ ਲੱਗਿਆ ਕਿ ਲੋਕ ਇਹਨਾਂ ਉੱਤੇ ਸਵਾਰ ਹੋ ਕੇ ਸੈਰ ਕਰਨ ਆਏ ਹੋਏ ਹਨ।

ਦੀਨਾ ਨਾਥ ਅਤੇ ਕੁਝ ਹੋਰ ਅਧਿਆਪਕਾਂ ਦਾ ਸਿੱਖਿਆ ਵਿਭਾਗ ਨਾਲ ਬਕਾਏ ਦਾ ਝਗੜਾ ਸੀ ਅਤੇ ਉਹ ਮਾਮਲਾ ਸੁਪਰੀਮ ਕੋਰਟ ਤੱਕ ਲੈ ਆਏ ਸਨ। ਬਾਕੀ ਸਾਰੇ ਰਾਤ ਦੀ ਗੱਡੀ ਵਾਪਸ ਹੋ ਗਏ ਸਨ ਪਰ ਉਹ ਪਹਿਲਾਂ ਹੀ ਘਰੇ ਕੀਤੀ ਸਲਾਹ ਅਨੁਸਾਰ ਭਾਣਜੇ ਨੂੰ ਮਿਲਣ ਆ ਗਿਆ ਸੀ। ਸਤੀਸ਼ ਅਤੇ ਸੁਦੇਸ਼ ਉਹਦੇ ਆਉਣ ਉਤੇ ਦਿਲੋਂ ਖ਼ੁਸ਼ ਸਨ। ਉਹ ਆਖਦੇ ਸਨ, “ਆਰਾਮ ਨਾਲ ਮਹੀਨਾ ਦੋ ਮਹੀਨੇ ਰਹੋ। ਘਰ ਕਹਿ ਤਾਂ ਆਏ ਹੀ ਹੋ, ਫੇਰ ਵੀ ਚਿੱਠੀ ਪਾ ਦਿੰਦੇ ਹਾਂ।” ਪੋਤਾ—ਪੋਤੀ ਜਦੋਂ ਘਰ ਹੁੰਦੇ, ਦਾਦਾ ਜੀ—ਦਾਦਾ ਜੀ ਕਰਦੇ ਉਹਨੂੰ ਰੁਝਾਈ ਰਖਦੇ। ਤੇ ਜਦੋਂ ਉਹ ਨ੍ਹਾ—ਧੋ ਕੇ, ਵਰਦੀ ਪਾ ਕੇ, ਤਿਆਰ ਹੋ ਕੇ ਸਕੂਲ ਜਾਂਦੇ, ਦੀਨਾ ਨਾਥ ਨੂੰ ਬਹੁਤ ਪਿਆਰੇ ਲਗਦੇ। ਉਹ ਉਹਨਾਂ ਦੇ ਮੱਥੇ ਚੁੰਮਦਾ ਤੇ ਅਸੀਸਾਂ ਦਿੰਦਾ।

ਇਹੋ ਤੀਜੀ ਗੱਲ ਸੀ ਜਿਸ ਸਦਕਾ ਦੀਨਾ ਨਾਥ ਦਾ ਦਿਲ ਖਿੜ ਜਾਂਦਾ। ਪੋਤੇ—ਪੋਤੀ ਦਾ ਸਕੂਲ ਜਾਣਾ ਹੀ ਨਹੀਂ, ਸਗੋਂ ਪੜ੍ਹਨ ਜਾਂਦੇ ਬੱਚਿਆਂ ਦੀਆਂ ਟੋਲੀਆਂ ਦੀਆਂ ਟੋਲੀਆਂ ਦਾ ਨਜ਼ਾਰਾ ਉਹਦੇ ਸੀਨੇ ਠੰਢ ਪਾ ਦਿੰਦਾ।

ਸੇਵਾ ਮੁਕਤ ਹੋ ਕੇ ਵੀ ਦੀਨਾ ਨਾਥ ਨੇ ਡੂੰਘੇ ਸਵੇਰੇ ਉੱਠਣ ਦੀ ਆਪਣੀ ਆਦਤ ਛੱਡੀ ਨਹੀਂ ਸੀ। ਚੰਗੀ ਗੱਲ ਇਹ ਹੋਈ ਕਿ ਇਥੇ ਵੀ ਸੁਵਖਤੇ ਉੱਠਣ ਨਾਲ ਉਹਨੂੰ ਟੱਬਰ ਦੀ ਨੀਂਦ ਵਿਚ ਵਿਘਨ ਪੈਣ ਦਾ ਡਰ ਨਹੀਂ ਸੀ। ਸੁਦੇਸ਼ ਉਹਤੋਂ ਵੀ ਪਹਿਲਾ ਉੱਠ ਖਲੋਂਦੀ ਸੀ। ਉਹਨੇ ਸਤੀਸ਼ ਨੂੰ ਦਫ਼ਤਰ ਅਤੇ ਬੱਚਿਆਂ ਨੂੰ ਸਕੂਲ ਭੇਜਣਾ ਹੁੰਦਾ ਸੀ। ਦੀਨਾ ਨਾਥ ਮੂੰਹ ਧੋਂਦਾ, ਕੁਰਲੀ ਕਰਦਾ, ਅੱਖਾਂ ਵਿਚ ਠੰਢੇ ਪਾਣੀ ਦੇ ਛਿੱਟੇ ਮਾਰਦਾ ਅਤੇ ਕੁਝ ਦੂਰ ਬਣੇ ਹੋਏ ਪਾਰਕ ਵਿਚ ਸੈਰ ਲਈ ਨਿਕਲ ਜਾਂਦਾ। ਜਦੋਂ ਉਹਨੂੰ ਲਗਦਾ ਕਿ ਉਹਦੇ ਪੈਰਾਂ ਨੇ ਓਨੀਂ ਵਾਟ ਕਰ ਲਈ ਹੋਵੇਗੀ ਜਿੰਨੀ ਉਹ ਨਹਿਰ ਦੀ ਪਟੜੀ—ਪਟੜੀ ਜਾ ਕੇ ਕਰ ਆਉਂਦਾ ਸੀ, ਉਹ ਵਾਪਸ ਤੁਰ ਪੈਂਦਾ।

ਬਾਲਕੋਨੀ ਵਿਚ ਬੈਠ ਕੇ ਦੀਨਾ ਨਾਥ ਚਾਹ ਪੀਣ ਲਗਦਾ ਤਾਂ ਪਿੱਠਾਂ ਪਿੱਛੇ ਬਸਤੇ ਲਟਕਾਈਂ ਬੱਚੇ ਘਰਾਂ ਤੋਂ ਨਿਕਲ ਪੈਂਦੇ। ਨ੍ਹਾਤੇ—ਧੋਤੇ, ਸਕੂਲੀ ਵਰਦੀਆਂ ਵਿਚ ਸਜੇ—ਸੰਵਰੇ ਮੁੰਡੇ—ਕੁੜੀਆ ਉਹਦੀਆਂ ਅੱਖਾਂ ਵਿਚ ਠੰਢ ਪਾ ਦਿੰਦੇ।

ਦੀਨਾ ਨਾਥ ਨੂੰ ਸਾਰੀ ਉਮਰ ਇਕ ਝੋਰਾ ਰਿਹਾ ਸੀ ਕਿ ਉਹ ਇੱਛਾ ਅਨੁਸਾਰ ਉੱਚੀ ਤਾਲੀਮ ਪਰਾਪਤ ਨਹੀਂ ਸੀ ਕਰ ਸਕਿਆ। ਘਰ ਦੀ ਹਾਲਤ ਦੀ ਮੰਗ ਸੀ ਕਿ ਉਹ ਮੈਟਰਿਕ ਕਰ ਕੇ ਅਧਿਆਪਕ ਲੱਗ ਗਿਆ। ਪੰਜਾਬੀ ਭਾਸ਼ਾ ਦੇ ਅਧਿਆਪਕ ਦਾ ਓ.ਟੀ. ਕੋਰਸ ਵੀ ਉਹਨੇ ਮਗਰੋਂ ਨੌਕਰੀ ਕਰਦਿਆਂ ਹੀ ਕੀਤਾ ਸੀ। ਸਨਦ ਉਸ ਕੋਲ ਮੈਟਰਿਕ ਦੀ ਹੀ ਰਹਿ ਗਈ ਸੀ। ਉਸ ਪਿੱਛੋਂ ਉਹ ਜੋ ਕੁਝ ਵੀ ਪੜਿ੍ਹਆ ਸੀ, ਆਪਣੀ ਲਗਨ ਸਦਕਾ ਹੀ ਪੜਿ੍ਹਆ ਸੀ। ਉਹ ਵਿਦਿਆ ਨੂੰ ਤੀਜਾ ਨੇਤਰ ਮੰਨਣ ਵਾਲਿਆਂ ਵਿਚੋਂ ਸੀ। ਆਪਣੇ ਸਾਰੇ ਅਧਿਆਪਨ—ਕਾਲ ਦੌਰਾਨ ਉਹਦਾ ਜਤਨ ਰਿਹਾ ਕਿ ਉਹਦੇ ਵੱਧ ਤੋਂ ਵੱਧ ਵਿਦਿਆਰਥੀਆਂ ਦਾ ਇਹ ਤੀਜਾ ਨੇਤਰ ਜਾਗਰਿਤ ਹੋ ਸਕੇ। ਕੇਵਲ ਉਹਦੇ ਵਿਦਿਆਰਥੀਆਂ ਨੂੰ ਹੀ ਨਹੀਂ, ਵਿਦਿਆ ਦਾ ਤੀਜਾ ਨੇਤਰ ਤਾਂ ਸਭ ਨੂੰ ਪਰਾਪਤ ਹੋੋਣਾ ਚਾਹੀਦਾ ਹੈ। ਪਰ ਉਸ ਸਮੇਂ ਬਹੁਤੇ ਪਿੰਡਾਂ ਵਿਚ ਤਾਂ ਸਕੂਲ ਹੀ ਨਹੀਂ ਸਨ। ਕੁੜੀਆਂ ਨੂੰ ਪੜ੍ਹਾਉਣ ਦਾ ਤਾਂ ਅਜੇ ਰਿਵਾਜ ਵੀ ਨਹੀਂ ਸੀ ਪਿਆ। ਗਿਣਤੀ ਦੇ ਜਿਹੜੇ ਮੁੰਡੇ ਪਿੰਡਾਂ ਵਿਚੋਂ ਪ੍ਰਾਇਮਰੀ ਪਾਸ ਕਰਕੇ ਸ਼ਹਿਰਾਂ ਦੇ ਸਕੂਲਾਂ ਵਿਚ ਦਾਖ਼ਲ ਹੋ ਜਾਂਦੇ, ਇਕ—ਇਕ ਕਰਕੇ ਕਿਰਦੇ ਰਹਿੰਦੇ। ਕੋਈ ਕਰਮਾਂ ਵਾਲਾ ਹੀ ਦਸਵੀਂ ਤੋਂ ਪਾਰ ਹੁੰਦਾ।

ਉਹਨੂੰ ਆਪਣਾ ਜਮਾਤੀ ਮੁਕੰਦ ਯਾਦ ਆਇਆ। ਜੇ ਸਕੂਲ ਦਾ ਕੰਮ ਨਾ ਕੀਤਾ ਹੁੰਦਾ, ਉਹ ਇਧਰ—ਉਧਰ ਭੌਂਦਾ ਰਹਿੰਦਾ। ਜਾਂ ਨਹਿਰ ਦੇ ਕਿਨਾਰੇ ਸੌਂ ਜਾਂਦਾ। ਦੁਪਹਿਰ ਢਲੀ ਤੋਂ ਉਹ ਪੋਣੇ ਵਿਚ ਬੰਨ੍ਹੀ ਹੋਈ ਚੂਰੀ ਖਾਂਦਾ ਅਤੇ ਸਕੂਲੋਂ ਪੜ੍ਹ ਕੇ ਆਇਆਂ ਵਾਂਗ ਬਾਕੀ ਮੁੰਡਿਆਂ ਦੇ ਨਾਲ ਹੀ ਘਰ ਪਹੁੰਚ ਜਾਂਦਾ। ਹੌਲੀ—ਹੌਲੀ ਅਜਿਹੇ ਦਿਨਾਂ ਦੀ ਗਿਣਤੀ ਵਧਦੀ ਗਈ ਅਤੇ ਸਕੂਲ ਜਾਣ ਦੇ ਦਿਨ ਘਟਦੇ ਗਏ। ਆਖ਼ਰ ਨਾਂ ਕੱਟਿਆ ਗਿਆ। ਉਹ ਘਰਦਿਆਂ ਦੀ ਕੁਝ ਦਿਨਾਂ ਦੀ ਘੂਰ—ਘੱਪ ਤੇ ਫਿੱਟ—ਲਾਹਨਤ ਮਗਰੋਂ ਪੜ੍ਹਾਈ ਦੇ ਇਸ ਜੰਜਾਲ ਤੋਂ ਮੁਕਤ ਹੋ ਗਿਆ ਪਰ ਮਗਰੋਂ ਪੂਰਾ ਜੀਵਨ ਗਰੀਬੀ ਦੇ ਹਨੇਰੇ ਵਿਚ ਭਟਕਦਾ ਰਿਹਾ ਅਤੇ ਖੁੰਝਾਏ ਹੋਏ ਮੌਕੇ ਨੂੰ ਪਛਤਾਉਂਦਾ ਰਿਹਾ।

ਬਾਲਕੋਨੀ ਵਿਚ ਬੈਠਿਆਂ ਹਰ ਬੱਚੇ ਨੂੰ ਸਕੂਲ ਜਾਂਦਾ ਦੇਖ ਕੇ ਉਹਨੂੰ ਆਪਣੀ ਰੀਝ ਪੂਰੀ ਹੋ ਰਹੀ ਮਹਿਸੂਸ ਹੁੰਦੀ। ਉਹ ਆਪਣੇ ਵੇਲੇ ਸਕੂਲ ਵਿਚ ਮਿਲੇ ਬੱਚਿਆਂ ਨੂੰ ਪੜ੍ਹਾਉਣ ਤੱਕ ਹੀ ਸੀਮਤ ਨਹੀਂ ਸੀ ਰਿਹਾ, ਉਹ ਹੋਰ ਲੋਕਾਂ ਨੂੰ ਪ੍ਰੇਰਦਾ ਵੀ ਸੀ ਕਿ ਬੱਚਿਆਂ ਨੂੰ ਸਕੂਲ ਭੇਜਣ।

ਆਪਣੇ ਪਿੰਡ—ਵਾਸੀਆਂ ਨੂੰ ਸਕੂਲ ਉਸਾਰਨ ਲਈ ਪ੍ਰੇਰਨ ਵਾਲਾ ਦੀਨਾ ਨਾਥ ਹੀ ਸੀ। ਤੇ ਫੇਰ ਸਕੂਲ ਖੁਲ੍ਹਵਾਉਣ ਲਈ ਸਰਕਾਰੀ ਦਫ਼ਤਰਾਂ ਦੀ ਖ਼ਾਕ ਵੀ ਸਭ ਤੋਂ ਵੱਧ ਉਸੇ ਨੇ ਹੀ ਛਾਣੀ ਸੀ। ਪਰ ਸਕੂਲ ਹੋਣ ਦੇ ਬਾਵਜੂਦ ਉਥੇ ਬੱਚਿਆਂ ਦੀ ਪੜ੍ਹਾਈ ਦੇ ਰਾਹ ਵਿਚ ਅਜੇ ਵੀ ਅਨੇਕ ਰੁਕਾਵਟਾਂ ਸਨ। ਇਹਨਾਂ ਫਲੈਟਾਂ ਦਾ ਇਕ ਵੀ ਬੱਚਾ ਅਜਿਹਾ ਨਹੀਂ ਸੀ ਜੋ ਸਕੂਲ ਨਾ ਜਾਂਦਾ ਹੋਵੇ। ਦੀਨਾ ਨਾਥ ਮਨ ਦੀਆਂ ਅੱਖਾਂ ਨਾਲ ਦੇਖਦਾ ਕਿ ਸਰਸਵਤੀ ਆਪਣੇ ਹੱਥੀਂ ਮੋਰ—ਖੰਭ ਨਾਲ ਇਹਨਾਂ ਬੱਚਿਆਂ ਦੇ ਮਸਤਕਾਂ ਉੱਤੇ ਤੀਜਾ ਨੇਤਰ ਉਲੀਕ ਰਹੀ ਹੈ।

ਪਰ ਹੀਰਾ ਲਾਲ ਦੇ ਸੱਤ—ਅੱਠ ਸਾਲ ਦੇ ਮੁੰਡੇ ਦੇ ਲੱਛਣ ਉਹਨੂੰ ਮੁਕੰਦ ਦੇ ਵਿਦਿਆਰਥੀ—ਜੀਵਨ ਦਾ ਚੇਤਾ ਕਰਵਾ ਦਿੰਦੇ। ਉਹ ਤਾਂ ਜਿਵੇਂ ਮਸਤਕ ਉੱਤੇ ਤੀਜਾ ਨੇਤਰ ਉਲੀਕਣ ਦਾ ਜਤਨ ਕਰ ਰਹੀ ਸਰਸਵਤੀ ਦਾ ਹੱਥ ਪਰ੍ਹਾਂ ਝਟਕ ਰਿਹਾ ਸੀ। ਸਕੂਲੋਂ ਪਰਤ ਕੇ ਉਹ ਬਸਤਾ ਸੁੱਟਦਾ ਅਤੇ ਕੱਪੜੇ ਬਦਲੇ ਬਿਨਾ ਹੀ ਗੇਂਦ—ਬੱਲਾ ਲੈ ਕੇ ਘਰ ਨਾਲ ਲਗਦੇ ਛੋਟੇ ਜਿਹੇ ਮੈਦਾਨ ਵਿਚ ਨਿਕਲ ਜਾਂਦਾ, ਉਸੇ ਮੈਦਾਨ ਵਿਚ ਜਿਸ ਵਿਚੋਂ ਦੀ ਕਾਰ ਲਿਜਾ ਕੇ ਹਰ ਸਵੇਰ ਉਹਦਾ ਪਿਤਾ ਸਿਗਰਟਾਂ ਖਰੀਦਣ ਜਾਂਦਾ ਸੀ। ਉਸੇ ਵਰਗੇ ਕੁਝ ਮੁੰਡੇ ਹੋਰ ਆ ਜੁੜਦੇ। ਫੇਰ ਖੇਡ ਦੀ ਚੱਲ ਸੋ ਚੱਲ ਹੁੰਦੀ। ਉਹਦੀ ਮਾਂ ਕੁਝ ਖਾ—ਪੀ ਲੈਣ ਲਈ ਅਵਾਜ਼ਾਂ ਮਾਰਦੀ ਰਹਿੰਦੀ। ਪਰ ਉਹ ਕੋਈ ਧਿਆਨ ਨਾ ਦਿੰਦਾ। ਮਾਂ ਉਹਨੂੰ ਘੂਰ—ਘੱਪ ਕੇ ਕੰਧ ਉਤੋਂ ਦੀ ਸੇਬ ਜਾਂ ਕੇਲਾ ਫੜਾ ਦਿੰਦੀ। ਉਹ ਇਕ—ਅੱਧ ਬੁਰਕੀ ਭਰਦਾ ਅਤੇ ਬਾਕੀ ਵਗਾਹ ਕੇ ਸੁਟਦਿਆਂ ਰੌਲਾ ਪਾਉਂਦੇ ਮੁੰਡਿਆਂ ਵਿਚ ਜਾ ਰਲਦਾ। ਪਿਛਲੇ ਪਹਿਰ ਇਕ ਅਧਿਆਪਕ ਟਿਊਸ਼ਨ ਪੜ੍ਹਾਉਣ ਲਈ ਆਉਂਦਾ। ਉਹ ਅਣਮੰਨੇ ਜਿਹੇ ਮਨ ਨਾਲ ਘਰ ਪਰਤਦਾ, ਵਿਹੜੇ ਵਿਚ ਅਧਿਆਪਕ ਕੋਲ ਬੈਠਦਾ ਅਤੇ ਉਹਦੇ ਜਾਂਦਿਆਂ ਹੀ ਕਿਤਾਬਾਂ ਸੁੱਟ ਕੇ ਘਰੋਂ ਭੱਜ ਜਾਂਦਾ।

ਦੀਨਾ ਨਾਥ ਇਸ ਮੁੰਡੇ ਵੱਲ ਦੇਖ ਕੇ ਦੁਖੀ ਹੁੰਦਾ ਅਤੇ ਉਹਦੇ ਖ਼ਰਾਬ ਹੋਣ ਦਾ ਕਾਰਨ ਸੁਖ—ਸਾਧਨਾਂ ਦੀ ਬਹੁਲਤਾ ਨੂੰ ਸਮਝਦਾ।

ਦੂਰੋਂ, ਬਾਲਕੋਨੀ ਵਿਚੋਂ ਵੀ ਹੀਰਾ ਲਾਲ ਦੇ ਘਰ ਦਾ ਜਲ—ਜਲੌਅ ਉਸ ਤੋਂ ਲੁਕਿਆ ਨਹੀਂ ਸੀ। ਵਿਹੜੇ ਵਿਚ ਖ਼ੂਬਸੂਰਤ ਪੱਥਰ ਲਗਿਆ ਹੋਇਆ ਸੀ। ਖਿੜਕੀ ਵਿਚੋਂ ਸਜਿਆ—ਧਜਿਆ ਅਤੇ ਭਰਿਆ—ਭਕੁੰਨਿਆ ਰਸੋਈ ਦਾ ਅੰਦਰ ਦਿਸਦਾ ਸੀ। ਚੌੜੇ ਦਰਵਾਜੇ ਵਿਚੋਂ ਡਰਾਇੰਗ—ਰੂਮ ਦੇ ਮਹਿੰਗੇ ਗਲੀਚੇ ਅਤੇ ਸੋਫ਼ੇ ਦੀ ਝਲਕ ਦਿਸ ਜਾਂਦੀ ਸੀ। ਜਿਨ੍ਹਾਂ ਨੂੰ ਸਹੂਲਤਾਂ ਪਰਾਪਤ ਨਹੀਂ ਹੁੰਦੀਆਂ, ਉਹ ਤਰਸਦੇ ਰਹਿੰਦੇ ਹਨ ਕਿ ਜੇ ਪਰਾਪਤ ਹੁੰਦੀਆਂ ਤਾਂ ਉਹ ਕੀ ਦਾ ਕੀ ਲੈਂਦੇ। ਪਰ ਇਹ ਮੁੰਡਾ ਸਭ ਸੁਖ—ਸਹੂਲਤਾਂ ਦੇ ਹੁੰਦਿਆਂ ਇਸ ਤਿੰਨ—ਨੇਤਰੇ ਜੁੱਗ ਵਿਚ ਦੋ—ਨੇਤਰਾ ਰਹਿਣ ਦੇ ਪੁੱਠੇ ਰਾਹ ਪਿਆ ਹੋਇਆ ਸੀ। ਆਦਿ—ਜੁਗਾਦਿ ਤੋਂ ਅਨਪੜ੍ਹਾਂ ਵਲੋਂ ਕੀਤੇ ਜਾਂਦੇ ਰਹੇ ਖੇਤੀਬਾੜੀ ਵਰਗੇ ਕੰਮ ਵੀ ਹੁਣ ਤਾਂ ਪੜਿ੍ਹਆਂ—ਲਿਖਿਆਂ ਦੇ ਕਰਨ ਜੋਗੇ ਹੋ ਗਏ ਸਨ। ਦੀਨਾ ਨਾਥ ਸੋਚਦਾ, ਇਹ ਮੁੰਡਾ ਅਨਪੜ੍ਹ ਰਹਿ ਕੇ ਪਿਉ ਵਾਲਾ ਸ਼ਹਿਰੀ ਕੰਮ—ਧੰਦਾ ਕਿਵੇਂ ਸਾਂਭੇਗਾ ?

ਦੀਨਾ ਨਾਥ ਦਾ ਦਿਲ ਕਰਦਾ, ਉਹ ਹੀਰਾ ਲਾਲ ਦੇ ਮੁੰਡੇ ਨਾਲ ਖੇਡਦੇ ਸਾਰੇ ਬੱਚਿਆਂ ਦੇ ਥਾਂ—ਟਿਕਾਣੇ ਪੁੱਛੇ ਅਤੇ ਉਹਨਾਂ ਨੂੰ ਸਮਝਾਉਣ ਲਈ ਉਹਨਾਂ ਦੇ ਘਰੀਂ ਜਾਵੇ। ਪਰ ਇਥੋਂ ਦੇ ਸਾਂਝ ਤੋਂ ਸੱਖਣੇ ਮਾਹੌਲ ਵੱਲ ਦੇਖਦਿਆਂ ਉਸ ਦਾ ਹੌਂਸਲਾ ਨਾ ਪੈਂਦਾ। ਤਾਂ ਵੀ ਉਹ ਹੀਰਾ ਲਾਲ ਦੇ ਘਰ ਤਾਂ ਜਾ ਹੀ ਸਕਦਾ ਸੀ। ਜਿਵੇਂ ਉਹ ਉਹਨਾਂ ਨੂੰ ਵਿਹੜੇ ਵਿਚ ਤੁਰਦਿਆਂ—ਫਿਰਦਿਆਂ ਦੇਖਦਾ ਰਹਿੰਦਾ ਹੈ, ਉਹਨਾਂ ਨੇ ਵੀ ਤਾਂ ਉਹਨੂੰ ਬਾਲਕੋਨੀ ਵਿਚ ਬੈਠਿਆਂ—ਖਲੋਤਿਆਂ ਦੇਖਿਆ ਹੀ ਹੈ। ਜਾਣ—ਪਛਾਣ ਦੀ ਇਸ ਬਰੀਕ ਜਿਹੀ ਤੰਦ ਦੇ ਸਹਾਰੇ ਵੀ ਉਹਨਾਂ ਦੇ ਘਰ ਪਹੁੰਚਣਾ ਉਹਨੂੰ ਕੋਈ ਬਹੁਤ ਔਖਾ ਨਹੀਂ ਸੀ ਲਗਦਾ। ਪਰ ਸਤੀਸ਼ ਅਤੇ ਸੁਦੇਸ਼ ਤੋਂ ਉਹ ਝਿਜਕ ਜਿਹਾ ਜਾਂਦਾ। ਕੀ ਕਹਿਣਗੇ ਉਹ—ਮਾਮਾ ਜੀ ਬਿਨਾਂ ਮਤਲਬ ਹੀ ਦੂਜਿਆਂ ਦੇ ਘਰ ਤੁਰੇ ਫਿਰਦੇ ਨੇ !

ਇਕ ਦਿਨ ਦੀਨਾ ਨਾਥ ਦੀ ਸਮੱਸਿਆ ਆਪਣੇ ਆਪ ਹੱਲ ਹੋ ਗਈ। ਹੀਰਾ ਲਾਲ ਦੀ ਘਰਵਾਲੀ ਉਹਨਾਂ ਦੇ ਘਰ ਆ ਗਈ। ਉਹ ਸੁਦੇਸ਼ ਦੇ ਕਿਸੇ ਸੂਟ ਦੀ ਦੂਰੋਂ ਦੇਖੀ ਕਢਾਈ ਨੇੜਿਓਂ ਦੇਖਣ ਅਤੇ ਇਹ ਪੁੱਛਣ ਆਈ ਸੀ ਕਿ ਉਹਨੇ ਇਹ ਕਰਵਾਈ ਕਿਥੋਂ ਸੀ। ਦੀਨਾ ਨਾਥ ਨੇ ਤਾਂ ਬਾਲਕੋਨੀ ਵਿਚੋਂ ਹੀ ਉਹਨੂੰ ਵਿਹੜੇ ਵਿਚ ਫਿਰਦੀ ਨੂੰ ਦੇਖਿਆ ਸੀ। ਉਹ ਉਹਨੂੰ ਪਛਾਣ ਨਾ ਸਕਿਆ। ਉਹਨੇ ਸੁਦੇਸ਼ ਨਾਲ ਕਮਰੇ ਵਿਚ ਜਾਂਦਿਆਂ ਨਮਸਤੇ ਜ਼ਰੂਰ ਬੁਲਾ ਦਿੱਤੀ ਸੀ। ਸੁਦੇਸ਼ ਨੇ ਦੋਵਾਂ ਦੀ ਜਾਣ—ਪਛਾਣ ਕਰਵਾਈ ਤਾਂ ਲਕਸ਼ਮੀ ਬੋਲੀ, “ਮੈਂ ਤਾਂ ਇਹਨਾਂ ਨੂੰ ਇਥੇ ਬਾਲਕੋਨੀ ਵਿਚ ਬੈਠਦਿਆਂ— ਉਠਦਿਆਂ ਦੇਖਦੀ ਹੀ ਰਹਿੰਦੀ ਹਾਂ।”

ਉਹ ਕਮਰੇ ਅੰਦਰ ਜਾ ਬੈਠੀਆਂ ਤਾਂ ਦੀਨਾ ਨਾਥ ਗਿਣਤੀਆਂ—ਮਿਣਤੀਆਂ ਵਿਚ ਪੈ ਗਿਆ। ਉਹ ਸੋਚ ਰਿਹਾ ਸੀ ਕਿ ਬਾਹਰ ਆਈ ਲਕਸ਼ਮੀ ਨੂੰ ਉਹਦੇ ਪੁੱਤਰ ਬਾਰੇ ਗੱਲ ਕਿਸ ਢੰਗ ਨਾਲ ਅਤੇ ਕਿਨ੍ਹਾਂ ਸ਼ਬਦਾਂ ਵਿਚ ਕਹੇ।

ਸੂਟ ਦੀ ਕਢਾਈ ਦੀ ਪੁੱਛ—ਦੱਸ ਮੁੱਕ ਗਈ ਜਾਪਦੀ ਸੀ। ਉਹ ਦੋਵੇਂ ਹੋਰ ਗੱਲਾਂ ਕਰਨ ਲੱਗ ਪਈਆਂ ਸਨ। ਹੁਣ ਸੁਦੇਸ਼ ਚਾਹ ਪੀਣ ਲਈ ਜ਼ੋਰ ਪਾ ਰਹੀ ਸੀ। ਲਕਸ਼ਮੀ ਓਨੇ ਹੀ ਜ਼ੋਰ ਨਾਲ ਇਨਕਾਰ ਕਰ ਰਹੀ ਸੀ। ਉਹ ਹੁਣੇ ਹੀ ਚਾਹ ਪੀ ਕੇ ਆਈ ਹੋਣ ਦੀਆਂ ਸਹੁੰਆਂ ਖਾ ਰਹੀ ਸੀ।

“ਕਾਕੇ ਦੀ ਪੜ੍ਹਾਈ ਦਾ ਕੀ ਹਾਲ ਹੈ ?” ਸੁਦੇਸ਼ ਨੇ ਗੱਲ ਨੂੰ ਚਾਹ ਤੋਂ ਲਾਂਭੇ ਲਿਜਾਣ ਲਈ ਪੁੱਛਿਆ।

“ਭੈਣ ਜੀ, ਕੀ ਦੱਸਾਂ ! ਮੂੰਹ ਕਿਹੜਾ ਕਰਦੈ ਕਿਤਾਬਾਂ ਵੱਲ। ਜਿਉਂ ਬਸਤਾ ਸੁੱਟ ਕੇ ਘਰੋਂ ਨਿਕਲਦੈ, ਅਵਾਜ਼ਾਂ ਮਾਰ— ਮਾਰ ਥੱਕ ਜਾਈਦੈ।” ਉਹਦੇ ਸ਼ਬਦ ਸ਼ਿਕਾਇਤ ਵਾਲੇ ਸਨ, ਪਰ ਸੁਰ ਸ਼ਿਕਾਇਤ ਵਾਲੀ ਨਹੀਂ ਸੀ, ਲਾਪਰਵਾਹੀ ਵਾਲੀ ਸੀ।

ਦੀਨਾ ਨਾਥ ਦਾ ਦਿਲ ਗੱਲ ਵਿਚ ਦਖ਼ਲ ਦੇਣ ਨੂੰ ਵੀ ਕਰ ਰਿਹਾ ਸੀ, ਪਰ ਉਹ ਝਿਜਕ ਵੀ ਰਿਹਾ ਸੀ।

“ਫੜ ਕੇ ਬਿਠਾਇਆ ਕਰੋ ਉਹਨੂੰ। ਹੁਣ ਅਕਲਾਂ ਬਿਨਾ ਗੁਜ਼ਾਰੇ ਨਹੀਂ। ਅਨਪੜ੍ਹਾਂ ਨੂੰ ਏਸ ਜ਼ਮਾਨੇ ਵਿਚ ਢੋਈ ਕਿੱਥੇ !” ਸੁਦੇਸ਼ ਸਲਾਹ ਦੇ ਰਹੀ ਸੀ।

“ਅਕਲਾਂ ਬਿਨਾਂ ਤਾਂ ਗੁਜ਼ਾਰਾ ਨਹੀਂ, ਪਰ ਉਹ ਵੇਲੇ ਤਾਂ ਗਏ, ਭੈਣ ਜੀ, ਜਦੋਂ ਲੋਕ ਕਹਿੰਦੇ ਸੀ, ਅਕਲ ਤੋਂ ਬਿਨਾਂ ਹੋਰ ਸਭ ਕੁਝ ਖਰੀਦਿਆ ਜਾ ਸਕਦੈ। ਹੁਣ ਤਾਂ ਅਕਲ ਵੀ ਗਲੀ—ਗਲੀ ਵਿਕਦੀ ਐ। ਆਪਣੀ ਨਾ ਹੋਵੇ, ਬੰਦਾ ਖਰੀਦ ਲਵੇ”, ਲਕਸ਼ਮੀ ਬੜੀ ਸਹਿਜਤਾ ਨਾਲ ਗੱਲ ਕਰ ਰਹੀ ਸੀ। “ਔਹ ਤੁਹਾਡੇ ਹੇਠਲਿਆਂ ਦੇ ਮੁੰਡੇ ਨੂੰ ਹੀ ਦੇਖ ਲਓ। ਮਰ—ਮਰ ਕੇ ਇੰਜੀਨੀਅਰੀ ਕੀਤੀ ਤੇ ਨੌਕਰੀ ਕਰਦਾ ਐ ਇਕ ਅਨਪੜ੍ਹ ਠੇਕੇਦਾਰ ਕੋਲ !”

ਸੁਦੇਸ਼ ਸੋਚਣ ਲੱਗੀ ਕਿ ਉਹਦੀਆਂ ਇਹਨਾਂ ਬੇਥਵ੍ਹੀਆਂ ਗੱਲਾਂ ਦਾ ਕੀ ਉੱਤਰ ਦੇਵੇ। ਦੇਵੇ ਵੀ ਕਿ ਨਾ ਹੀ ਦੇਵੇ। ਏਨੇਂ ਨੂੰ ਲਕਸ਼ਮੀ ਨੇ ਗੱਲ ਦੀ ਅਗਲੀ ਕੜੀ ਫੜ ਲਈ, “ਸਾਡੇ ਵਾਲਿਆਂ ਦੀ ਭੂਆ ਦਾ ਪੁੱਤ, ਭੈਣ ਜੀ, ਡਿਗਦੇ—ਢਹਿੰਦੇ ਨੇ ਮਸਾਂ ਦਸਵੀਂ ਪਾਸ ਕੀਤੀ। ਪੜ੍ਹਾਈ ਤੋਂ ਬਿਨਾਂ ਉਂਜ ਹੁਸ਼ਿਆਰ ਬੜਾ ਐ ਤੇ ਪੈਸੇ ਦੀ ਵੀ ਸੁੱਖ ਨਾਲ ਕੋਈ ਥੋੜ ਨਹੀਂ। ਹੁਣ ਫਰੀਦਾਬਾਦ ਆਪਣਾ ਨਰਸਿੰਗ ਹੋਮ ਬਣਾਇਆ ਐ, ਐਨਾ ਵਧੀਆ ਕਿ ਤੁਹਾਨੂੰ ਕੀ ਦੱਸਾਂ। ਚੰਗੇ—ਚੰਗੇ ਡਾਕਟਰ ਉਹਨੇ ਨੌਕਰ ਰੱਖੇ ਹੋਏ ਨੇ।”

ਦੀਨਾ ਨਾਥ ਦੀ ਸਹਿਜਤਾ ਡੋਲਣ ਲੱਗੀ। ਉਹਨੂੰ ਸੁਦੇਸ਼ ਦੀ ਚੁੱਪ ਚੁਭ ਰਹੀ ਸੀ। ਸੁਦੇਸ਼ ਨੂੰ ਵੀ ਲੱਗਿਆ, ਉਹਦੇ ਚੁੱਪ ਰਹਿਣ ਨੂੰ ਲਕਸ਼ਮੀ ਉਹਦੀ ਹਾਰ ਬਣਾ ਕੇ ਪੇਸ਼ ਕਰਦੀ ਫਿਰੇਗੀ। ਉਹਨੇ ਆਪਣੀ ਗੱਲ ਉੱਤੇ ਜ਼ੋਰ ਦਿੱਤਾ, “ਤੁਹਾਡੀਆਂ ਇਹ ਸਭ ਗੱਲਾਂ ਆਪਣੀ ਥਾਂ ਠੀਕ ਨੇ। ਪਰ ਆਪਣੀ ਅਕਲ ਤਾਂ, ਭੈਣ ਜੀ, ਆਪਣੀ ਹੀ ਹੁੰਦੀ ਐ। ਵਿਦਿਆ ਨੂੰ ਸਿਆਣਿਆਂ ਨੇ ਤੀਜਾ ਨੇਤਰ ਐਵੇਂ ਤਾਂ ਨਹੀਂ ਕਿਹਾ !”

ਲਕਸ਼ਮੀ ਹੱਸ ਪਈ, “ਏਸ ਤੀਜੇ ਨੇਤਰ ਨੂੰ ਤਾਂ, ਭੈਣ ਮੇਰੀਏ, ਏਸ ਜ਼ਮਾਨੇ ਵਿਚ ਦਿਸਦਾ ਹੀ ਕੁਛ ਨਹੀਂ। ਸੋਲਾਂ—ਸੋਲਾਂ ਪੜ੍ਹੇ ਕੰਧਾਂ—ਕੋਲਿਆਂ ਨਾਲ ਵਜਦੇ ਫਿਰਦੇ ਨੇ। ਹੁਣ ਤਾਂ ਤੀਜਾ ਨੇਤਰ ਪੈਸਾ ਹੈ !”

ਲਕਸ਼ਮੀ ਨੇ ਤਾਂ ਸੁਦੇਸ਼ ਦੇ ਨਾਲ—ਨਾਲ ਜਿਵੇਂ ਦੀਨਾ ਨਾਥ ਨੂੰ ਵੀ ਇਕ ਅਜਿਹੇ ਕੌੜੇ ਸੱਚ ਦੇ ਦਰਸ਼ਨ ਕਰਵਾ ਦਿੱਤੇ ਹੋਣ ਜਿਸ ਬਾਰੇ ਜਾਣਦਿਆਂ ਹੋਇਆਂ ਵੀ ਉਹ ਕਦੀ ਸੁਚੇਤ ਨਹੀਂ ਸੀ ਹੋਇਆ।

ਖ਼ੁਸ਼ੀ ਦੇਣ ਵਾਲੀ ਤੀਜੀ ਗੱਲ ਹੁਣ ਉਹਨੂੰ ਪਹਿਲੀਆਂ ਦੋਵਾਂ ਗੱਲਾਂ ਨਾਲੋਂ ਵੀ ਵੱਧ ਹੈਰਾਨ—ਪਰੇਸ਼ਾਨ ਕਰਨ ਲੱਗੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਗੁਰਬਚਨ ਸਿੰਘ ਭੁੱਲਰ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •