Thakawat (Story in Punjabi) : Ram Lal

ਥਕਾਵਟ (ਕਹਾਣੀ) : ਰਾਮ ਲਾਲ

ਫੱਤੂ ਜੱਲਾਦ ਨੇ ਜੇਲ੍ਹ ਵਿਚ ਆ ਕੇ ਰਿਪੋਰਟ ਦੇ ਦਿੱਤੀ।
ਹਰ ਥਾਂ ਉਸ ਦਾ ਸਵਾਗਤ ਕੌੜੀਆਂ ਨਜ਼ਰਾਂ ਨਾਲ ਹੀ ਹੁੰਦਾ ਸੀ ਕਿ ਕਿਉਂਕਿ ਉਸ ਦੇ ਆਉਣ ਦਾ ਮਤਲਬ, ਦੂਜੇ ਦਿਨ ਇਕ ਬੰਦੇ ਨੇ ਫਾਹੇ ਲੱਗਣਾ ਹੁੰਦਾ ਸੀ। ਨਹੀਂ ਤਾਂ ਜੱਲਾਦ ਕਿਉਂ ਆਉਂਦਾ, ਯਮਰਾਜ ਨੂੰ ਕਦੇ ਕਿਸੇ 'ਜੀ ਆਇਆਂ' ਆਖਿਆ ਹੈ? ਪਰ ਉਸ ਨੂੰ ਕਦੇ ਵੀ ਲੱਥੀ ਚੜ੍ਹੀ ਦਾ ਖ਼ਿਆਲ ਨਹੀਂ ਹੋਇਆ। ਇਹ ਉਸ ਦੇ ਵਾਸਤੇ ਕੋਈ ਨਵੀਂ ਗੱਲ ਨਹੀਂ ਸੀ। ਪਿਛਲੇ ਚਾਲੀ ਸਾਲਾਂ ਤੋਂ ਇੰਜ ਹੀ ਹੁੰਦਾ ਆ ਰਿਹਾ ਸੀ। ਉਸ ਨੂੰ ਪਤਾ ਸੀ ਕਿ ਉਸ ਦਾ ਕਦਮ ਮਨਹੂਸ ਗਿਣਿਆ ਜਾਂਦਾ ਹੈ, ਪਰ ਮਨਹੂਸੀਅਤ ਉਸ ਦੇ ਜੀਵਨ ਦਾ ਇਕ ਅੰਗ ਬਣ ਚੁੱਕੀ ਸੀ। ਇਸ ਕਾਰਨ ਉਹ ਲੋਕਾਂ ਦੀਆਂ ਤਿੱਖੀਆਂ ਨਜ਼ਰਾਂ ਦਾ ਆਦੀ ਹੋ ਚੁੱਕਾ ਸੀ।
ਉਸ ਨੇ ਆਉਂਦੇ ਹੀ ਫਾਹੇ ਦੇਣ ਵਾਲੇ ਰੱਸਿਆਂ ਨੂੰ ਵੇਖਿਆ। ਫਾਂਸੀ ਘਰ ਦੇ ਫੱਟਿਆਂ ਨੂੰ ਤੇਲ ਦਿੱਤਾ, ਜਿਵੇਂ ਆਪਣੇ ਆਪ ਨੂੰ ਕਾਨੂੰਨੀ ਤੌਰ 'ਤੇ ਕਤਲ ਕਰਨ ਵਾਸਤੇ ਤਿਆਰ ਕਰ ਰਿਹਾ ਹੁੰਦਾ ਹੈ। ਇਹ ਉਸ ਦੀ ਨੌਕਰੀ ਦਾ ਇਕ ਅੰਗ ਸੀ—ਦੂਜਿਆਂ ਦੀ ਮੌਤ ਉਸ ਦਾ ਰਿਜ਼ਕ...।
ਜੇਲ ਵਿਚ ਹੁੰਦੀ ਖੁਸਰ-ਫੁਸਰ ਉਸ ਦੇ ਕੰਨਾਂ ਤਕ ਵੀ ਅੱਪੜੀ ਪਰ ਉਸ ਨੂੰ ਇਸ ਦੀ ਪ੍ਰਵਾਹ ਨਹੀਂ ਸੀ। ਉਹ ਤਾਂ ਆਪਣੇ ਕੰਮ ਇੰਜ ਕਰਦਾ ਸੀ ਜਿਵੇਂ ਕੋਈ ਮਹਾਯੋਗੀ ਤਪੱਸਿਆ ਕਰ ਰਿਹਾ ਹੋਵੇ। ਉਹ ਕਿਸੇ ਦੀ ਜੀਵਨ ਰੇਖਾ ਨਹੀਂ ਸੀ ਮਿਟਉਂਦਾ, ਉਹ ਤਾਂ ਜਿਵੇਂ ਮਨੁੱਖ ਜਾਤੀ ਨੂੰ ਅਪਰਾਧ ਤੇ ਸਜ਼ਾ ਦਾ ਫਲਸਫਾ ਪੜ੍ਹਾ ਰਿਹਾ ਸੀ।
ਉਹ ਬੰਦਾ ਤਾਂ ਬੜਾ ਛੋਟਾ ਸੀ ਪਰ ਉਸ ਦਾ ਕੰਮ ਛੋਟਾ ਨਹੀਂ ਸੀ। ਫਾਂਸੀ ਦੇ ਸਾਮਾਨ ਨੂੰ ਠੀਕ-ਠਾਕ ਕਰਕੇ ਉਹ ਆਪਣੇ ਹਨੇਰੇ ਜਿਹੇ ਕਮਰੇ ਵਿਚ ਪਿੱਠ ਸਿੱਧੀ ਕਰਨ ਲਈ ਜਾ ਬੈਠਾ। ਅੱਧ ਬੁਝੇ ਲੈਂਪ ਦੀ ਬੱਤੀ ਉੱਚੀ ਕਰਕੇ ਬੀੜੀ ਲੈਂਪ ਦੀ ਲਾਟ ਨਾਲ ਸੁਲਗਾਈ। ਖੰਘਿਆ, ਥੁੱਕਿਆ ਤੇ ਖੂਹ ਵਰਗੀ ਮੰਜੀ 'ਤੇ ਲੰਮਾਂ ਪੈ ਗਿਆ। ਲੈਂਪ ਦੀ ਮੱਧਮ ਰੌਸ਼ਨੀ ਵਿਚ ਉਸ ਨੂੰ ਬੀਤੇ ਦਿਨ ਚਾਨਣ ਵਾਂਗ ਯਾਦ ਆਉਣ ਲੱਗੇ।
ਉਸ ਨੂੰ ਪਤਾ ਸੀ ਲੋਕ ਉਸ ਨੂੰ ਯਮਦੂਤ ਕਹਿੰਦੇ ਸਨ। ਮੌਤ ਵਰਗੀ ਭਿਆਨਕ ਚੀਜ਼ ਦਾ ਹਰਕਾਰਾ, ਪਰ ਕੀ ਉਹ ਸੱਚਮੁੱਚ ਯਕਦੂਤ ਸੀ? ਲੋਕੀ ਉਸ ਨੂੰ ਜੋ ਮਰਜ਼ੀ ਪਏ ਕਹਿਣ ਪਰ ਉਸ ਦਾ ਆਪਣਾ ਖ਼ਿਆਲ ਸੀ ਕਿ ਉਹ ਪੇਟ ਕਾਰਨ ਜੱਲਾਦ ਹੈ, ਮਨ ਕਾਰਨ ਨਹੀਂ। ਉਸ ਨੇ ਇਕ ਹਊਕਾ ਜਿਹਾ ਲਿਆ, ਜਿਵੇਂ ਇੰਜ ਜਨਮ-ਜਨਮ ਦੀਆਂ ਪੀੜਾਂ ਦਾ ਅੰਤ ਹੋ ਗਿਆ ਹੋਵੇ। ਅਗਲੇ ਮਹੀਨੇ ਵਿਚ ਉਹ ਅਠਵੰਜਾ ਸਾਲ ਦਾ ਹੋ ਜਾਵੇਗਾ, ਇਹ ਫਾਂਸੀ ਦੇਣਾ ਉਸ ਦਾ ਆਖ਼ਰੀ ਸਰਕਾਰੀ ਕੰਮ ਸੀ ਤੇ ਇਸ ਤੋਂ ਬਾਅਦ ਸੇਵਾ-ਮੁਕਤੀ।
ਉਹ ਰਿਟਾਇਰਮੈਂਟ ਬਾਰੇ ਸੋਚ ਕੇ ਘਬਰਾ ਜਿਹਾ ਗਿਆ। ਜੇ ਇਹ ਨੌਕਰੀ ਨਾ ਰਹੀ ਤਾਂ ਉਹ ਜਾਏਗਾ ਕਿੱਥੇ? ਸਿਵਾਏ ਉਸ ਦੇ ਆਪਣੇ ਤਨ ਦੇ ਇਸ ਰੰਗੀਂ ਵੱਸਦੀ ਦੁਨੀਆਂ ਵਿਚ ਉਸ ਦਾ ਆਪਣਾ ਕੋਈ ਨਹੀਂ ਸੀ। ਨਾ ਘਰ ਨਾ ਬਾਰ, ਨਾ ਬਾਲ ਨਾ ਬੱਚੇ, ਨਾ ਭੈਣ ਨਾ ਭਰਾ, ਨਾ ਮਾਂ ਨਾ ਪਿਓ—ਬਸ, ਦਮ ਦਾ ਦਮ। ਉਸ ਨੇ ਜ਼ੋਰ ਨਾਲ ਬੀੜੀ ਦਾ ਇਸ ਸੂਟਾ ਖਿੱਚਿਆ ਤੇ ਸੋਚਣ ਲੱਗਾ ਕਿ ਜੀਹਨੇ ਪੈਦਾ ਕੀਤਾ ਏ ਉਹੀਓ ਵੇਖੂ! ਉਸ ਨੂੰ ਰੱਬ ਦਾ ਬੜਾ ਹੀ ਥੋੜ੍ਹਾ ਗਿਆਨ ਸੀ। ਅਨਪੜ੍ਹ ਹੋਣ ਕਾਰਨ ਕਿਤਾਬ ਤਾਂ ਉਸ ਨੇ ਕੀ ਪੜ੍ਹਨੀ ਸੀ, ਜੱਲਾਦ ਹੋਣ ਦੇ ਨਾਤੇ ਕਦੇ ਕਿਸੇ ਨੇ ਉਸ ਨੂੰ ਮੰਦਰ, ਗੁਰਦਵਾਰੇ ਵੀ ਨਹੀਂ ਵੜਣ ਦਿੱਤਾ ਸੀ। ਬਸ, ਫਾਂਸੀ ਦੇਣ ਸਮੇਂ ਕਦੇ ਕਦੇ ਉਹ ਰਾਮ, ਵਾਹਿਗੁਰੂ ਤੇ ਅੱਲਾ ਦਾ ਨਾਂ ਉਹਨਾਂ ਦੇ ਮੂੰਹੋਂ ਸੁਣ ਲੈਂਦਾ ਸੀ ਤੇ ਅੱਧਾ ਨਾਂ ਜਪਦੇ ਹੀ ਉਸ ਦਾ ਰੱਸਾ ਉਹਨਾਂ ਦੀਆਂ ਜ਼ਬਾਨਾਂ ਸਦਾ ਲਈ ਬੰਦ ਕਰ ਦਿੰਦਾ ਸੀ।
ਉਹ ਸੋਚਣ ਲੱਗਾ, ਕੀ ਮੇਰੇ ਵਰਗੇ ਪਾਪੀ ਬੰਦੇ ਨੂੰ ਰੱਬ ਬਖਸ਼ ਦਵੇਗਾ! ਉਸ ਨੇ ਬੀੜੀ ਦਾ ਇਕ ਵੱਡਾ ਸੂਟਾ ਲਾ ਕੇ ਕੰਧ ਉੱਤੇ ਥੁੱਕਿਆ, ਅੱਧ ਬੁਝਿਆ ਲੈਂਪ ਫੜਫੜਾਉਣ ਲੱਗ ਪਿਆ ਤੇ ਮੈਲੀ ਜਿਹੀ ਕੰਧ ਉੱਤੇ ਉਸ ਨੂੰ ਆਪਣੇ ਜੀਵਨ ਦਾ ਪ੍ਰਛਾਵਾਂ ਨਜ਼ਰ ਆਉਣ ਲੱਗ ਪਿਆ। ਉਹ ਸੋਚਣ ਲੱਗਾ ਕਿ ਉਹ ਇਸ ਪੇਸ਼ੇ ਵਿਚ ਕਿਵੇਂ ਆ ਗਿਆ। ਪੰਜਾਹ-ਪਚਵੰਜਾ ਵਰ੍ਹੇ ਹੋਏ, ਉਸ ਦਾ ਪਿਤਾ ਜੇਲ ਦੇ ਵੱਡੇ ਸਾਹਬ ਦੇ ਘਰ ਝਾੜੂ ਦੇਣ 'ਤੇ ਨੌਕਰ ਸੀ। ਸਾਹਬ ਅੰਗਰੇਜ ਸੀ। ਉਸ ਵੇਲੇ ਉਹਨਾਂ ਨੂੰ ਫਾਂਸੀ ਦੇਣ ਵਾਸਤੇ ਇਕ ਜੱਲਾਦ ਦੀ ਲੋੜ ਸੀ। ਕੋਈ ਵੀ ਆਦਮੀ ਇਸ ਕੰਮ ਵਾਸਤੇ ਤਿਆਰ ਨਹੀਂ ਸੀ। ਸਾਹਬ ਨੇ ਉਸ ਦੇ ਪਿਓ ਨੂੰ ਆਖਿਆ ਪਰ ਉਸ ਨੇ ਮਾਨਵ ਹੱਤਿਆ ਕਰਨ ਤੋਂ ਬਿਲਕੁਲ ਨਾਂਹ ਕਰ ਦਿੱਤੀ। ਸਾਹਬ ਨੇ ਕੁਝ ਲਾਲਚ ਦੇ ਕੇ, ਕੁਝ ਡਰਾ-ਧਮਕਾ ਕੇ ਤੇ ਕੁਝ ਪਿਆਰ-ਪੁਚਕਾਰ ਕੇ ਉਸ ਨੂੰ ਤਿਆਰ ਕਰ ਹੀ ਲਿਆ। ਫੱਤੂ ਸ਼ਾਇਦ ਉਦੋਂ ਪੰਜ ਕੁ ਵਰ੍ਹੇ ਦਾ ਸੀ। ਉਸ ਨੂੰ ਚੰਗੀ ਤਰ੍ਹਾਂ ਯਾਦ ਸੀ ਕਿ ਜਦੋਂ ਉਸ ਦਾ ਪਿਓ, ਪਹਿਲੀ ਫਾਂਸੀ ਦੇ ਕੇ ਜੇਲੋਂ ਬਾਹਰ ਨਿਕਲਿਆ ਸੀ ਤਾਂ ਉਸ ਦੀ ਮਾਂ ਨੇ ਉਹਨਾਂ ਦੇ ਘਰ ਦਾ ਬੂਹਾ ਸਦਾ ਲਈ ਛੱਡ ਦਿੱਤਾ ਸੀ। ਉਹ ਕਿਸੇ ਕਾਤਲ ਦੀ ਪਤਨੀ ਬਣਨ ਨੂੰ ਤਿਆਰ ਨਹੀਂ ਸੀ, ਭਾਵੇਂ ਉਹ ਕਤਲ ਸਰਕਾਰੀ ਹੀ ਸੀ। ਇਹੋ ਜਿਹੇ ਪਾਪੀ ਦਾ ਪੁੱਤਰ ਵੀ ਉਸ ਜ਼ਨਾਨੀ ਨੂੰ ਕਬੂਲ ਨਹੀਂ ਸੀ...ਸੋ ਫੱਤੂ ਬਚਪਨ ਵਿਚ ਹੀ ਜਿਉਂਦੇ ਮਾਂ-ਬਾਪ ਦਾ ਯਤੀਮ ਪੁੱਤਰ ਬਣ ਗਿਆ। ਉਸ ਨੇ ਆਪਣੇ ਸਿਰ ਨੂੰ ਦੋਨਾਂ ਹੱਥਾਂ ਵਿਚ ਫੜ੍ਹ ਲਿਆ ਤੇ ਸੋਚਣ ਲੱਗਾ, 'ਇਹ ਵੀ ਸ਼ਾਇਦ ਕਿਸੇ ਪਿਛਲੇ ਜਨਮ ਦਾ ਕੋਈ ਲੈਣ-ਦੇਣ ਸੀ।'
ਕਰਮਾਂ ਦੀ ਗੱਲ ਸੋਚ ਕੇ ਉਸ ਨੂੰ ਕਾਂਬਾ ਛਿੜ ਪਿਆ ਕਿ ਪਿਛਲੇ ਜਨਮ ਦੇ ਕਰਮਾਂ ਨੇ ਤਾਂ ਉਸ ਨੂੰ ਜੱਲਾਦ ਬਣਾਇਆ ਸੀ ਤੇ ਇਸ ਜਨਮ ਦੇ ਕਰਮ ਉਸ ਨੂੰ ਕਿਹੜੀ ਜੂਨ ਵਿਚ ਸੁੱਟਣਗੇ? ਉਸ ਨੂੰ ਇੰਜ ਜਾਪਿਆ ਜਿਵੇਂ ਉਸ ਹਨੇਰੀ ਕੋਠੜੀ ਵਿਚ ਸੈਂਕੜ ਰੂਹਾਂ ਫੜਫੜਾਂਦੀਆਂ ਹੋਈਆਂ ਵੜ ਆਈਆਂ ਹੋਣ ਤੇ ਉਸ ਨੂੰ ਪੁੱਛ ਰਹੀਆਂ ਹੋਣ, 'ਫੱਤੂ! ਸਾਨੂੰ ਪਛਾਣਦਾ ਏਂ?'
ਲੈਂਪ ਦੀ ਬੱਤੀ ਆਖ਼ਰੀ ਦਮਾਂ 'ਤੇ ਸੀ। ਚਿਮਨੀ ਕਾਲੀ ਹੋ ਗਈ ਸੀ। ਉਸ ਨੇ ਬੱਤੀ ਉੱਚੀ ਕਰਨੀ ਚਾਹੀ ਪਰ ਉਹ ਭੱਕ-ਭੱਕ ਕਰਕੇ ਬੁਝ ਗਈ। ਫੱਤੂ ਪਸੀਨੋ-ਪਸੀਨੀ ਹੋ ਗਿਆ। ਉਸ ਨੇ ਫੇਰ ਤੀਲੀ ਬਾਲੀ। ਬੱਤੀ ਨਾਲ ਨਵੀਂ ਬੀੜੀ ਲਾਈ ਤੇ ਛੇਤੀ ਛੇਤੀ ਨੱਕ ਤੇ ਮੂੰਹ ਵਿਚੋਂ ਧੂੰਆਂ ਕੱਢਣ ਲੱਗ ਪਿਆ, ਜਿਵੇਂ ਉਹ ਇਕੱਠੇ ਹੋਏ ਭੂਤ-ਪ੍ਰੇਤਾਂ ਨੂੰ ਧੂਣੀ ਦੇ ਕੇ ਨਸਾ ਦੇਦਾ ਚਾਹੁੰਦਾ ਹੋਵੇ।
ਉਸ ਨੂੰ ਬੜੀ ਜ਼ੋਰ ਦੀ ਖੰਘ ਛਿੜ ਪਈ। ਅੱਖਾਂ ਤਾੜੇ ਲੱਗ ਗਈਆਂ। ਖੰਘਾਰ ਕੰਧ 'ਤੇ ਸੁੱਟਿਆ ਤੇ ਨਿੰਮੋਝੂਣਾ ਹੋ ਕੇ ਫੇਰ ਮੰਜੀ 'ਤੇ ਲੇਟ ਗਿਆ।
ਇਕ ਬ੍ਰਾਹਮਣ ਨੂੰ ਫਾਸੀ ਲਾਉਣੀ ਸੀ। ਉਸ ਨੇ ਆਪਣੀ ਘਰ ਵਾਲੀ ਦੀ ਸੰਘੀ ਮਾਤਾ ਦੀ ਮੂਰਤੀ ਦੇ ਹੇਠ ਹੀ ਘੁੱਟ ਦਿੱਤੀ ਸੀ, ਜਿਵੇਂ ਮਾਤਾ ਦਾ ਸਾਰਾ ਕਰੋਪ ਉਸ ਦੇ ਹੱਥਾਂ ਵਿਚ ਆ ਗਿਆ ਹੋਵੇ ਤੇ ਉਸ ਦਾ ਗੁੱਸਾ ਇਕ ਮਾਸੂਮ ਪਰ ਮਜ਼ਬੂਰ ਅਬਲਾ ਉੱਤੇ ਨਿਕਲਿਆ ਹੋਵੇ।
ਪਰ ਉਸ ਪੰਡਤ ਨੇ ਇਨਸਾਫ ਦੇ ਸਾਹਮਣੇ ਆਪਣਾ ਜੁਰਮ ਮੰਨਿਆਂ ਤੇ ਫਾਂਸੀ ਦੇ ਤਖ਼ਤੇ ਉਪਰ ਬੜੇ ਤੇਜਸਵੀ ਰੂਪ ਵਿਚ ਸ਼ਾਨ ਨਾਲ ਆ ਕੇ ਖਲੋ ਗਿਆ। ਫੱਤੂ ਦਾ ਹੱਥ ਰੱਸੇ ਉੱਤੇ ਕੰਬਿਆ ਪਰ ਉਸ ਜਵਾਨ ਬ੍ਰਾਹਮਣ ਨੇ ਕਿਹਾ, 'ਫੱਤੂ, ਆਪਣਾ ਕੰਮ ਕਰ, ਜ਼ਿੰਦਗੀ ਤੇ ਮੌਤ ਤੇਰੇ ਹੱਥ ਵਿਚ ਨਹੀਂ। ਤੂੰ ਤਾਂ ਪਰਮ ਸ਼ਕਤੀ ਦਾ ਇਕ ਤੁੱਛ ਜਿਹਾ ਦੂਤ ਏਂ। ਤੂੰ ਆਪਣਾ ਕਰਮ ਕਰਕੇ ਮੈਨੂੰ ਆਪਣੇ ਕਰਮਾਂ ਦੀ ਸਜ਼ਾ ਭੁਗਤਣ ਦੇ। ਮੈਂ ਉਸ ਜ਼ਿਮੀਦਾਰ ਤੋਂ ਬਦਲਾ ਨਹੀਂ ਲੈ ਸਕਿਆ, ਜਿਸ ਨੇ ਮੇਰੀ ਪਤਨੀ ਦੀ ਇਜ਼ਤ ਮਿਟੀ ਵਿਚ ਮਿਲਾ ਦਿੱਤੀ ਸੀ ਪਰ ਮੇਰਾ ਕਰਮ ਇਹੋ ਸੀ ਕਿ ਉਹ ਜਿਸਮ ਖ਼ਤਮ ਕਰ ਦੇਵਾਂ ਜਿਸ ਦੇ ਰੋਏਂ ਰੋਏਂ ਤੇ ਮਜ਼ਬੂਰਨ ਹੋਏ ਪਾਪ ਦੀ ਕਹਾਣੀ ਸੀ।' ਫੱਤੂ ਨੂੰ ਪਹਿਲੀ ਵਾਰੀ ਮਹਿਸੂਸ ਹੋਇਆ ਸੀ ਕਿ ਉਹ ਇਕ ਜੱਲਾਦ ਨਹੀਂ ਕਰਮ-ਯੋਗੀ ਹੈ।
ਲੈਂਪ ਦੀ ਬੱਤੀ ਚੁੱਪ ਚਾਪ ਲੋਅ ਦੇਣ ਲੱਗ ਪਈ ਤੇ ਫੱਤੂ ਦੇ ਦਿਮਾਗ਼ ਵਿਚ ਥੋੜੀ ਦੇਰ ਲਈ ਹਿਲਜੁਲ ਬੰਦ ਹੋ ਗਈ। ਫੇਰ ਉਹ ਸੋਚਣ ਲੱਗਾ—
ਇਸ ਸਾਰੇ ਨਾਟਕ ਵਿਚ ਉਸ ਦਾ ਕੀ ਹਿੱਸਾ ਏ...ਅੰਤ ਵੇਲੇ ਰੱਸਾ ਖਿੱਚਣਾ?! ਉਸ ਨੇ ਕਦੋਂ ਕਿਸੇ ਨੂੰ ਕਿਹਾ ਸੀ ਕਿ ਕਤਲ ਕਰੋ, ਮੇਰਾ ਕਮਿਸ਼ਨ ਨਹੀਂ ਬਣਦਾ? ਲੋਕੀ ਖ਼ੂਨ ਕਰਦੇ ਨੇ। ਪੁਲਸ ਫੜਦੀ ਏ। ਅਦਾਲਤ ਸਜ਼ਾ ਦਿੰਦੀ ਏ ਤੇ ਜਦੋਂ ਸਾਰਾ ਨਾਟਕ ਖ਼ਤਮ ਹੋ ਜਾਂਦਾ ਏ ਤਾਂ ਉਸ ਨੂੰ ਜੀਵਨ ਕਹਾਣੀ ਦਾ ਆਖ਼ਰੀ ਪਰਦਾ ਖਿੱਚਣ ਲਈ ਸੱਦ ਲਿਆ ਜਾਂਦਾ ਏ। ਦੂਜਿਆਂ ਦੀ ਤਾਂ ਲੋਕ ਇਜ਼ਤ ਕਰਦੇ ਨੇ ਪਰ ਘਿਰਣਾ ਸਿਰਫ ਉਸ ਦੀ ਹੀ ਕਿਸਮਤ ਵਿਚ ਕਿਉਂ...? ਇਸ ਦਾ ਜਵਾਬ ਉਸ ਨੂੰ ਨਹੀਂ ਸੁਝਿਆ।
ਫੱਤੂ ਆਦਮੀ ਦੇ ਸੁਭਾਅ ਬਾਰੇ ਸੋਚਣ ਲੱਗਾ। ਲੋਕੀ ਉਸ ਨੂੰ ਸ਼ਮਸ਼ਾਨ ਦਾ ਕੀੜਾ ਕਿਉਂ ਸਮਝਦੇ ਨੇ? ਉਹ ਵੀ ਆਮ ਆਦਮੀਆਂ ਵਰਗਾ ਇਕ ਤੁੱਛ ਜਿਹਾ ਆਦਮੀ ਏ। ਸ਼ਾਇਦ ਕਈ ਗੱਲਾਂ ਵਿਚ ਉਹਨਾਂ ਨਾਲੋਂ ਚੰਗਾ ਵੀ ਹੋਵੇ। ਉਸ ਨੇ ਕਦੀ ਫਾਂਸੀ ਖੁਸ਼ ਹੋ ਕੇ ਨਹੀਂ ਦਿੱਤੀ। ਨਾ ਹੀ ਉਸ ਨੂੰ ਕੋਈ ਲਾਲਚ ਏ, ਨਾ ਹੀ ਕੋਈ ਸ਼ੌਕ। ਉਹ ਆਪਣਾ ਕੰਮ ਕਰਦਾ ਏ ਤੇ ਉਹ ਕੰਮ ਇਹੋ ਜਿਹਾ ਏ ਕਿ ਜੇ ਉਸ ਨੂੰ ਕਿਸੇ 'ਤੇ ਰਹਿਮ ਵੀ ਆਵੇ ਤਾਂ ਰਹਿਮ ਨਹੀਂ ਕਰ ਸਕਦਾ।
ਉਸ ਦੀ ਯਾਦ ਦੇ ਪਰਦੇ ਉੱਤੇ ਦੋ ਔਰਤਾਂ ਦੀ ਤਸਵੀਰ ਉੱਭਰੀ...ਉਹਨਾਂ ਦੋਨਾਂ ਵਿਚੋਂ ਇਕ ਉਸ ਕਾਤਲ ਤੇ ਬਦਮਾਸ਼ ਦੀ ਮਾਂ ਸੀ ਜਿਸ ਨੂੰ ਕੱਲ੍ਹ ਉਸ ਨੇ ਫਾਹਾ ਦੇਣਾ ਸੀ ਤੇ ਉਸ ਦੇ ਨਾਲ ਉਸ ਦੀ ਆਪਣੀ ਮਾਂ ਸੀ ਜਿਹੜੀ ਤੀਹ ਸਾਲ ਬਾਅਦ ਉਸ ਨੂੰ ਮਿਲਣ ਆਈ ਸੀ। ਪਹਿਲੀ ਜ਼ਨਾਨੀ ਤਾਂ ਗੱਲਾਂ ਕਰਦੀ ਰਹੀ ਪਰ ਉਸ ਦੀ ਮਾਂ ਚੁੱਪ-ਚਾਪ ਮੂਰਤ ਬਣੀ ਖਲੋਤੀ ਰਹੀ ਸੀ। ਕਾਤਲ ਦੀ ਮਾਂ ਨੇ ਕਿਹਾ, 'ਰੱਬਾ, ਮੇਰਾ ਇਕੱਲਾ ਹੀ ਪੁੱਤਰ ਏ।' ਤੇ ਫੇਰ ਹੌਲੀ ਜਿਹੀ ਕਹਿਣ ਲੱਗੀ, 'ਜੇ ਤੂੰ ਰੱਸਾ ਥੋੜ੍ਹਾ ਕੁ ਢਿੱਲਾ ਕਰ ਦੇਵੇਂ ਤਾਂ ਉਹ ਬਚ ਜਾਵੇ।' ਉਹ ਬਿਟ-ਬਿਟ ਉਸ ਦੇ ਮੂੰਹ ਵੱਲ ਤੱਕਣ ਲੱਗ ਪਿਆ। ਉਹ ਇਕ ਸ਼ਰਾਬੀ, ਦੁਰਾਚਾਰੀ ਤੇ ਕਾਤਲ ਦੀ ਮਾਂ ਸੀ। ਜਿਹੜੀ ਆਪਣੇ ਇਸ ਨਿਕੰਮੇ ਤੇ ਭੈੜੇ ਪੁੱਤਰ ਨੂੰ ਬਚਾਉਣ ਵਾਸਤੇ ਸਭ ਕੁਝ ਕਰ ਸਕਦੀ ਸੀ, ਪਰ ਉਸ ਦੀ ਆਪਣੀ ਮਾਂ...ਉਹ ਆਪਣੇ ਖ਼ੂਨ ਨਾਲ, ਜਿਹੜਾ ਇਮਾਨਦਾਰ ਵੀ ਸੀ ਤੇ ਕਰਮਚਾਰੀ ਵੀ, ਉਸ ਨਾਲ ਗੱਲ ਕਰਨ ਲਈ ਤਿਆਰ ਨਹੀਂ ਸੀ। ਉਸ ਨੇ ਸਾਰੀ ਗੱਲ ਸੁਣ ਕੇ ਕਿਹਾ, 'ਮੈਂ ਰੱਸਾ ਤਾਂ ਢਿੱਲਾ ਨਹੀਂ ਕਰ ਸਕਦਾ। ਉਹ ਤੇਰਾ ਇਕੱਲਾ ਪੁੱਤਰ ਏ...ਤਾਂ ਉਸ ਦੀ ਥਾਂ ਮੈਨੂੰ ਪੁੱਤਰ ਬਣਾ ਲੈ।' ਇਹ ਸੁਣ ਕੇ ਦੋਵਾਂ ਨੂੰ ਜਿਵੇਂ ਕਿਸੇ ਬਿੱਛੂ ਨੇ ਡੰਗ ਮਾਰਿਆ ਹੋਵੇ, ਦੋਵੇਂ ਇਕ ਦਮ ਦੋ ਕਦਮ ਪਿੱਛੇ ਹਟ ਗਈਆਂ।
ਫੱਤੂ ਦੀ ਮਾਂ ਨੇ ਪਹਿਲੀ ਵਾਰੀ ਜ਼ੁਬਾਨ ਖੋਲ੍ਹੀ ਤੇ ਆਪਣੀ ਸਾਥਣ ਨੂੰ ਕਹਿਣ ਲੱਗੀ, 'ਮੈਂ ਤੈਨੂੰ ਪਹਿਲਾਂ ਨਹੀਂ ਸੀ ਕਿਹਾ ਕਿ ਉਹ ਤਾਂ ਜੱਲਾਦ ਏ।' ਦੋਵਾਂ ਨੇ ਕਹਿਰ ਭਰੀਆਂ ਨਜ਼ਰਾਂ ਨਾਲ ਉਸ ਵੱਲ ਤੱਕਿਆ ਦੇ ਉਹਨੀਂ ਪੈਰੀਂ ਵਾਪਸ ਚਲੀਆਂ ਗਈਆਂ।
ਇਹੋ ਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਉਸ ਦੇ ਦਿਮਾਗ਼ ਵਿਚ ਉੱਭਰੀਆਂ ਤੇ ਉਹ ਅੱਜ ਕੱਲ੍ਹ ਦੇ ਸਮੇਂ ਬਾਰੇ ਸੋਚਣ ਲੱਗ ਪਿਆ। ਹੁਣ ਵਕਤ ਕਿੰਨਾਂ ਬਦਲ ਚੁੱਕਿਆ ਹੈ—ਦਸ ਰੁਪਏ ਇਕ ਫਾਂਸੀ ਦਾ ਕਮੀਸ਼ਨ, ਤਨਖ਼ਾਹ ਵੱਖਰੀ, ਤਿੰਨ ਮਹੀਨਿਆਂ ਵਿਚ ਟੈਰਾਲੀਨ ਦੀ ਕਮੀਜ਼ ਤੇ ਫਾਹਾ ਦੇਣ ਤੋਂ ਬਾਅਦ ਬੋਤਲ ਵਾਧੂ ਦੀ। ਉਸ ਦੇ ਬੁੱਲ੍ਹਾਂ ਉੱਤੇ ਬੜੀ ਹੀ ਦੁੱਖ ਭਰੀ ਮੁਸਕਾਨ ਫੈਲ ਗਈ ਸੀ। ਉਸ ਨੇ ਆਪਣੀ ਖੱਦਰ ਦੀ ਪਾਟੀ ਹੋਈ ਕਮੀਜ਼ 'ਤੇ ਹੱਥ ਫੇਰਿਆ ਤੇ ਆਪੂੰ ਹੀ ਬੁੜਬੁੜਾਇਆ—
"ਪੈਸਾ ਹੀ ਸਭ ਕੁਝ ਐ।'' ਤੇ ਆਪੇ ਹੀ ਸੋਚ ਕੇ ਕਹਿਣ ਲੱਗਾ, 'ਨਹੀਂ।'
ਫੱਤੂ ਨੇ ਆਪਣੇ ਆਪ ਨੂੰ ਤੱਸਲੀ ਦਿੱਤੀ। ਉਸ ਨੂੰ ਉਹ ਹੱਸਦਾ ਖੇਡਦਾ ਮੁੰਡਾ ਯਾਦ ਆ ਗਿਆ, ਜਿਸ ਨੇ ਆਪਣੇ ਦੇਸ਼ ਵਾਸਤੇ ਜਾਨ ਨਿਛਾਵਰ ਕਰ ਦਿੱਤੀ ਸੀ। ਮੁਸ਼ਕਲ ਨਾਲ ਉਸ ਦੀ ਉਮਰ ਵੀਹ ਇੱਕੀ ਸਾਲ ਦੀ ਹੋਵੇਗੀ। ਤਖ਼ਤੇ 'ਤੇ ਪਹੁੰਚ ਕੇ ਉਸ ਨੇ ਕਿਹਾ, 'ਇਨਕਲਾਬ, ਜਿੰਦਾਬਾਦ!' ਰੱਸਾ ਪਾਉਣ ਤੋਂ ਪਹਿਲਾਂ ਉਸ ਨੇ ਮੁਸਕਰਾ ਕੇ ਫੱਤੂ ਵੱਲ ਵੇਖਿਆ ਤੇ ਇਹ ਘਟਨਾ ਅੱਜ ਵੀ ਫੱਤੂ ਦੀਆਂ ਯਾਦਾਂ ਵਿਚ ਇਕ ਸੁਨਹਿਰੀ ਭੰਡਾਰ ਸੀ। ਲੋਕੀਂ ਕਹਿੰਦੇ ਨੇ ਕਿ ਉਸ ਦਾ ਪਿਓ ਅਮੀਰ ਸੀ। ਉਸ ਦੇ ਕੋਲ ਜਾਇਦਾਦ ਤੇ ਸਰਕਾਰ ਦਾ ਦਿੱਤਾ ਖ਼ਿਤਾਬ ਸੀ, ਪਰ ਉਸ ਸ਼ੇਰ ਨੇ ਸਭ ਕਾਸੇ ਨੂੰ ਠੋਕਰ ਮਾਰ ਦਿੱਤੀ ਸੀ।
ਜਦੋਂ ਫੱਤੂ ਫਾਂਸੀ ਵਾਲੇ ਟੋਏ ਵਿਚ ਉਸ ਦੇ ਮੁਰਦਾ ਸਰੀਰ ਨੂੰ 'ਠੀਕ-ਠਾਕ' ਕਰਨ ਵਾਸਤੇ ਉਤਰਿਆ ਤਾਂ ਉਸ ਦੇ ਲਟਕਦੇ ਪੈਰ, ਉਸ ਨੇ ਪਹਿਲੀ ਵਾਰੀ ਆਪਣੇ ਹੰਝੂਆਂ ਨਾਲ ਧੋਤੇ। ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਸ਼ਹੀਦ ਨੂੰ ਇਸ ਗੱਲ ਦਾ ਪਤਾ ਸੀ...ਉਸ ਨੇ ਆਪਣੇ ਪੈਰ ਪਿਛਾਂਹ ਨਹੀਂ ਖਿੱਚੇ ਸਨ; ਨਾ ਹੀ ਉਸ ਨੂੰ ਫੱਤੂ ਨਾਲ ਕੋਈ ਨਫ਼ਰਤ ਸੀ।
ਉਸ ਦੀ ਮੌਤ ਤੋਂ ਬਾਅਦ ਦੇਸ਼ ਭਰ ਵਿਚ ਜ਼ਿੰਦਗੀ ਦੀ ਲਹਿਰ ਦੌੜ ਗਈ। ਕਈ ਦਿਨ ਫੱਤੂ ਆਪਣੀ ਕੋਠੜੀ 'ਚੋਂ ਬਾਹਰ ਨਹੀਂ ਸੀ ਨਿਕਲਿਆ। ਇਸ ਕਾਰਨ ਨਹੀਂ ਕਿ ਉਸ ਨੂੰ ਲੋਕਾਂ ਦਾ ਡਰ ਸੀ। ਨਹੀਂ! ਉਸ ਦਾ ਅੰਦਰਲਾ ਕਹਿ ਰਿਹਾ ਸੀ ਕਿ ਫੱਤੂ ਤੂੰ ਸੱਚੀਂ ਹੀ ਜੱਲਾਦ ਹੈਂ।
ਫੱਤੂ ਨੇ ਇਕ ਨਵੀਂ ਬੀੜੀ ਸੁਲਗਾਈ।
ਦੇਸ਼ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਇਕ ਵਾਰੀ ਫੱਤੂ ਉਸ ਦੀ ਸਮਾਧ 'ਤੇ ਗਿਆ। ਜਦੋਂ ਉਹ ਚੁੱਪਚਾਪ ਪੱਥਰਾਂ ਨੂੰ ਵੇਖ ਰਿਹਾ ਸੀ ਤਾਂ ਉਸ ਨੂੰ ਇੰਜ ਜਾਪਿਆ ਜਿਵੇਂ ਉਹ ਪੱਥਰਾਂ 'ਚੋਂ ਹੱਸਦਾ ਖੇਡਦਾ ਉਸ ਦੇ ਕੋਲ ਆ ਗਿਆ ਤੇ ਪੁੱਛਣ ਲੱਗਿਆ, 'ਫੱਤੂ ਤੇਰਾ ਕੀ ਹਾਲ ਐ? ਤੂੰ ਆਪਣੇ ਆਪ ਨੂੰ ਦੋਸ਼ੀ ਨਾ ਸਮਝ। ਮੈਂ ਤਾਂ ਅਮਰ ਆਂ। ਮੈਂ ਕਦੀ ਨਹੀਂ ਮਰ ਸਕਦਾ ਤੇ ਏਸ ਗੱਲ ਨੂੰ ਵੀ ਨਾ ਭੁੱਲੀਂ ਕਿ ਮੈਨੂੰ ਸ਼ਹੀਦੀ ਪ੍ਰਾਪਤ ਕਰਾਉਣ ਵਿਚ ਤੇਰਾ ਵੀ ਬਹੁਤ ਵੱਡਾ ਹਿੱਸਾ ਏ, ਤੈਨੂੰ ਯਾਦ ਏ ਨਾ ਕਿ ਮੇਰੀ ਆਖ਼ਰੀ ਪੈੜੀ ਤੂੰ ਹੀ ਪਾਰ ਕਰਾਈ ਸੀ...'
ਫੱਤੂ ਦੀਆਂ ਅੱਖਾਂ ਵਿਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਤੁਰੇ।
ਉਹ ਅਮਰ ਸ਼ਹੀਦ ਉਸ ਦੇ ਨਾਲ ਪਿਆਰ ਕਰਦਾ ਸੀ। ਉਸ ਨੂੰ ਆਪਣੀਆਂ ਤਰੁਟੀਆਂ ਦਾ ਪਤਾ ਸੀ ਪਰ ਉਸ ਦੇ ਪਿਆਰ ਦਾ ਅਥਾਹ ਸਮੁੰਦਰ ਸਦਾ-ਸਦਾ ਲਈ ਉਸਨੂੰ ਕਰਮ-ਯੋਗੀ ਹੋਣ ਦੀ ਪ੍ਰੇਰਨਾ ਦੇਂਦਾ ਸੀ।
ਉਸ ਦੇ ਵਿਚਾਰਾਂ ਦੀ ਉਡਾਨ, ਉਸ ਦੇ ਯਾਦਾਂ ਦੇ ਰਥਾਂ ਉੱਤੇ ਚੜ੍ਹ ਕੇ ਬਹੁਤ ਦੂਰ ਚਲੀ ਗਈ। ਉਸ ਦਾ ਆਪਣੇ ਜੀਵਨ ਵਿਚ ਅਨੇਕਾਂ ਪ੍ਰਕਾਰ ਦੇ ਮਨੁੱਖਾਂ ਨਾਲ ਵਾਸਤਾ ਪਿਆ ਸੀ।
ਇਕ ਵਾਰੀ ਉਸ ਨੇ ਇਕ ਇਹੋ ਜਿਹੇ ਬੰਦੇ ਨੂੰ ਫਾਹੇ ਲਾਇਆ ਸੀ, ਜਿਸ ਨੇ ਸ਼ਰਾਬ ਪੀ ਕੇ ਤਿੰਨ ਖ਼ੂਨ ਕੀਤੇ ਸਨ ਤੇ ਫਾਂਸੀ ਦੇ ਤਖ਼ਤੇ 'ਤੇ ਕਹਿਣ ਲੱਗਾ ਸੀ ਕਿ ਮੇਰੀ ਲਾਸ਼ ਉੱਤੇ ਸ਼ਰਾਬ ਦੀ ਬੋਤਲ ਉਲਟਾ ਦੇਣਾ। ਪੁੱਠੀ ਸੋਚ ਵਾਲੇ ਪੁੱਠੀਆਂ ਗੱਲਾਂ ਹੀ ਕਰਦੇ ਨੇ।
ਪਰ ਫੱਤੂ ਦੀ ਮੰਗ ਕੀ ਸੀ।
ਉਹ ਆਪਣੇ ਦਿਮਾਗ ਦੇ ਕੋਨੇ ਫਰੋਲਣ ਲੱਗਾ। ਉਸ ਨੂੰ ਆਪ ਨਹੀਂ ਸੀ ਪਤਾ ਕਿ ਉਹ ਕੀ ਚਾਹੁੰਦਾ ਏ। ਫੇਰ ਉਸ ਨੂੰ ਯਾਦ ਆਇਆ ਕਿ ਲੋਕੀ ਮਰਨ ਵਾਲੇ ਦੀ ਆਖ਼ਰੀ ਖ਼ਾਹਿਸ਼ ਦੀਆਂ ਕਹਾਣੀਆਂ ਉਡਾਉਂਦੇ ਰਹਿੰਦੇ ਨੇ। ਇਕ ਵਾਰੀ ਜਦੋਂ ਉਹ ਬਾਹਰ ਨਿਕਲਿਆ ਸੀ ਤਾਂ ਇਕ ਬਾਊ ਨੇ ਉਸ ਕੋਲੋਂ ਪੁੱਛਿਆ ਸੀ, 'ਜਿਸ ਨੂੰ ਤੂੰ ਫਾਹੇ ਦੇ ਕੇ ਆਇਆ ਏਂ ਉਸ ਦੀ ਆਖ਼ਰੀ ਇੱਛਾ ਕੀ ਸੀ?' ਫੱਤੂ ਨੂੰ ਇਸ ਫਜ਼ੂਲ ਸਵਾਲ 'ਤੇ ਬੜਾ ਗੁੱਸਾ ਆਇਆ ਸੀ। ਉਸ ਨੇ ਬਾਊ ਨੂੰ ਕੌੜੀ ਆਵਾਜ਼ ਵਿਚ ਜਵਾਬ ਦਿੱਤਾ, 'ਉਹ ਕਹਿੰਦਾ ਸੀ ਕਿ ਉਸ ਦੇ ਬਾਅਦ ਤੈਨੂੰ ਫਾਹੇ ਲਾ ਦਿੱਤਾ ਜਾਏ। ਕਿਉਂ, ਤਿਆਰ ਏਂ?' ਸਵਾਲ ਕਰਨ ਵਾਲਾ ਬਾਊ ਬੜੀ ਦੇਰ ਨਿਗਾਹ ਟਿਕਾਅ ਕੇ ਉਸ ਵੱਲ ਦੇਖਦਾ ਰਿਹਾ ਸੀ ਤੇ ਫੇਰ ਚੁੱਪ ਕਰਕੇ ਖਿਸਕ ਗਿਆ ਸੀ।
ਫੱਤੂ ਸੋਚਣ ਲੱਗ, 'ਆਖ਼ਰੀ ਇੱਛਾ...'
ਫਾਂਸੀ ਲੱਗਣ ਵਾਲੇ ਦੀ ਆਖ਼ਰੀ ਇੱਛਾ ਇਹ ਹੁੰਦੀ ਹੈ ਕਿ ਜਿੰਨੀ ਜਲਦੀ ਹੋ ਸਕੇ, ਜ਼ਿੰਦਗੀ ਦੇ ਇਸ ਨਾਟਕ ਨੂੰ ਖ਼ਤਮ ਕੀਤਾ ਜਾਵੇ। ਫੱਤੂ ਜੱਲਾਦ ਸੀ। ਉਸ ਨੂੰ ਪਤਾ ਸੀ ਕਿ ਫਾਂਸੀ ਕੋਠੜੀਆਂ ਤੋਂ ਲੈ ਕੇ ਫਾਂਸੀ ਦੇ ਤਖ਼ਤੇ ਤਕ ਥੋੜ੍ਹੇ ਜਿਹੇ ਕਦਮ ਕੋਹਾਂ 'ਚ ਬਦਲ ਜਾਂਦੇ ਨੇ ਤੇ ਥੋੜ੍ਹੇ ਜਿਹੇ ਮਿੰਟ ਸਦੀਆਂ ਵਿਚ...।
ਸ਼ੁਕਰ ਹੈ ਰੱਬ ਦਾ ਇਹ ਉਸ ਦਾ ਆਖ਼ਰੀ ਫਾਂਸੀ ਦੇਣ ਦਾ ਦਿਨ ਸੀ। ਅੱਗੋਂ ਕੋਈ ਉਸ ਕੋਲੋਂ ਇਹੋ ਜਿਹਾ ਬੇਹੂਦਾ ਸਵਾਲ ਨਹੀਂ ਪੁੱਛੇਗਾ। ਨਾ ਹੀ ਕੋਈ ਇਹ ਪੁੱਛੇਗਾ ਕਿ ਜੇ ਵਕਤ ਤੋਂ ਇਕ ਮਿੰਟ ਉਪਰ ਹੋ ਜਾਏ ਤਾਂ ਫਾਂਸੀ ਲੱਗ ਸਕਦੀ ਏ ਜਾਂ ਨਹੀਂ? ਜਿਵੇਂ ਜੇਲ੍ਹ ਵਾਲੇ ਤੁਰਦੇ ਫਿਰਦੇ ਘੰਟਾਘਰ ਹੁੰਦੇ ਹੋਣ।
ਤੇ ਨਾਲ ਰੇਸ਼ਮ ਦੀ ਡੋਰੀ ਵਾਲੀ ਕਹਾਵਤ।
ਫੱਤੂ ਸੋਚਣ ਲੱਗਾ ਕਿ ਲੋਕੀਂ ਮਰਨ ਵਿਚ ਵੀ ਨਰਮਾਈ ਲੱਭਦੇ ਨੇ। ਸਖ਼ਤ ਖੁਰਦਰਾ ਰੱਸਾ ਉਹਨਾਂ ਨੂੰ ਪਸੰਦ ਨਹੀਂ। ਉਹ ਰੇਸ਼ਮ ਦੇ ਖ਼ੀਨਖਾਬ ਦੀਆਂ ਨਰਮ ਤੇ ਚਮਕਦਾਰ ਰੱਸੀਆਂ ਲੱਭਦੇ ਨੇ। ਜਿਵੇਂ ਫਾਂਸੀ ਦਾ ਤਖ਼ਤਾ ਨਾ ਹੋਇਆ, ਬੱਚੇ ਦਾ ਝੂਲਾ ਹੋ ਗਿਆ। ਜਿਸ ਨੂੰ ਰੰਗ ਬਿਰੰਗੀਆਂ ਡੋਰੀਆਂ ਨਾਲ ਖਿੱਚਿਆ ਜਾਂਦਾ ਏ।...ਤੇ ਜੇ ਮਰਨ ਵਾਲੇ ਨੂੰ ਮੁਸਕਰਾ ਕੇ ਫੱਤੂ ਪੁੱਛੇ, 'ਤੈਨੂੰ ਇਹ ਮੇਰੀ ਫਾਹਾ ਦੇਣ ਵਾਲੀ ਰੱਸੀ ਪਸੰਦ ਐ ਨਾ? ਇਹ ਇਮਪੋਰਟਡ ਐ, ਮੈਂ ਬਲੈਕ ਵਿਚ ਲਈ ਸੀ।' ਫੱਤੂ ਆਪ ਹੀ ਆਪਣੇ ਮਜ਼ਾਕ ਉੱਤੇ ਮੁਸਕਰਾ ਪਿਆ।
ਲੋਕਾਂ ਵਿਚ ਫਾਂਸੀ ਦੇ ਤਖ਼ਤੇ ਨਾਲ ਜੁੜੀਆਂ ਕਿੰਨੀਆਂ ਹੀ ਵਹਿਮਮਈ ਤੇ ਪੁੱਠੀਆਂ-ਸਿੱਧੀਆਂ ਕਹਾਣੀਆਂ ਪ੍ਰਚੱਲਤ ਨੇ। ਉਹਨਾਂ ਦਾ ਖ਼ਿਆਲ ਏ ਕਿ ਜੇ ਤਖ਼ਤੇ ਦੀ ਚਿੱਪਰ ਤਾਵੀਜ਼ ਵਿਚ ਮੜ੍ਹਾ ਕੇ ਬਾਂਝ ਔਰਤ ਦੇ ਗਲ਼ ਵਿਚ ਪਾ ਦਿੱਤੀ ਜਾਵੇ ਤਾਂ ਉਸ ਦੇ ਬੱਚਾ ਹੋ ਜਾਂਦੈ। ਪਰ ਫੱਤੂ ਦਾ ਖ਼ਿਆਲ ਹੋਰ ਸੀ। ਉਹ ਸੋਚਦਾ ਸੀ ਕਿ ਜਿਸ ਤਖ਼ਤੇ ਨੇ ਸ਼ੇਰਾਂ ਵਰਗੇ ਜਵਾਨਾ ਦਾ (ਜਿਹੜੇ ਹਾਲੇ ਦਰਜਨਾ ਬੱਚੇ ਪੈਦਾ ਕਰ ਸਕਦੇ ਸਨ ) ਜੀਵਨ ਖੋਹ ਲਿਆ, ਬਾਂਝ ਔਰਤ ਨੂੰ ਬੱਚੇ ਦੀ ਦਾਤ ਕਿੰਜ ਦੇ ਸਕਦਾ ਐ !
ਰਾਤ ਅੱਧੀ ਨਾਲੋਂ ਵੱਧ ਬੀਤ ਗਈ ਸੀ। ਜੇਲ ਦੇ ਘੜਿਆਲ ਨੇ ਦੋ ਵਜਾਏ। ਫੱਤੂ ਨੇ ਸਵੇਰੇ ਉੱਠ ਕੇ ਬੜੇ ਕੰਮ ਕਰਨੇ ਸਨ। ਉਸ ਨੇ ਚਾਰ ਵਜੇ ਫਾਂਸੀ ਘਰ ਪਹੁੰਚਣਾ ਸੀ, ਜਿੱਥੇ ਲੋੜੀਂਦਾ ਸਾਰਾ ਸਾਮਾਨ ਪਰਖਣਾ ਸੀ। ਪਰ ਇਸ ਦੀ ਉਸ ਨੂੰ ਫਿਕਰ ਨਹੀਂ ਸੀ, ਉਹ ਤਾਂ ਉਸ ਮਦਾਰੀ ਵਰਗਾ ਸੀ ਜਿਸ ਨੂੰ ਆਪਣੇ ਸਾਰੇ ਕਰਤੱਬ ਯਾਦ ਸਨ। ਰਾਤ ਦੇ ਜਗਰਤੇ ਤੇ ਥਕਾਵਟ ਦਾ ਉਸ ਉੱਤੇ ਕੋਈ ਅਸਰ ਨਹੀਂ ਸੀ। ਉਹ ਆਪਣੇ ਕੰਮ ਦਾ ਮਾਹਰ ਸੀ। ਉਸ ਨੂੰ ਚਿੰਤਾ ਸੀ ਤਾਂ ਬਸ ਇਹੀ ਕਿ ਰਿਟਾਇਰਮੈਂਟ ਤੋਂ ਬਾਅਦ ਕੀ ਬਣੇਗਾ...?
ਥੋੜ੍ਹੇ ਦਿਨ ਪਹਿਲਾਂ ਹੀ ਉਸ ਨੇ ਇਕ ਫਿਲਮ ਵੇਖੀ ਸੀ। ਉਸ ਵਿਚ ਇਕ ਫਾਂਸੀ ਦੇਣ ਦਾ ਦ੍ਰਿਸ਼ ਵੀ ਸੀ। ਉਹਨਾਂ ਜਿਹੜਾ ਬੰਦਾ ਜੱਲਾਦ ਬਣਾਇਆ ਸੀ, ਉਸ ਦੀ ਸ਼ਕਲ ਵੇਖ ਕੇ ਫੱਤੂ ਨੂੰ ਹਾਸਾ ਆ ਗਿਆ ਸੀ। ਬੜਾ ਉੱਚਾ-ਲੰਮਾਂ, ਮੋਟਾ-ਚੌੜਾ, ਕਾਲਾ, ਲਾਲ-ਲਾਲ ਅੱਖਾਂ ਤੇ ਵੱਡੀਆਂ-ਵੱਡੀਆਂ ਮੁੱਛਾਂ ਵਾਲਾ ਆਦਮੀ ਸੀ ਉਹ। ਫੱਤੂ ਸੋਚਣ ਲੱਗਾ ਕਿ ਜੇ ਇਸ ਨੂੰ ਫਾਂਸੀ ਕੋਠੜੀਆਂ ਦੇ ਅੱਗੋਂ ਲੰਘਾ ਦੇਣ ਤਾਂ ਅੱਧੇ ਬੰਦੇ ਉਂਜ ਹੀ ਮਰ ਜਾਣ। ਇਹ ਸਾਰਾ ਹਾਸੋਹੀਣਾ ਦ੍ਰਿਸ਼ ਪੇਸ਼ ਕਰਨ ਦੀ ਕੀ ਲੋੜ ਸੀ? ਫਿਲਮਾਂ ਵਾਲੇ ਫਾਂਸੀ ਦੇ ਦ੍ਰਿਸ਼ ਵਿਚ ਵੀ ਰੰਗੀਨੀ ਭਾਲਦੇ ਨੇ।
ਇਹ ਸੋਚ ਕੇ ਉਸ ਨੂੰ ਉਸ ਮੋਟੇ ਬਾਣੀਏਂ ਦਾ ਚੇਤਾ ਆ ਗਿਆ ਜਿਸ ਨੂੰ ਫਾਂਸੀ ਲੱਗਣ ਤੋਂ ਪਹਿਲਾਂ ਡਰ ਨਾਲ ਹੀ ਦਿਲ ਦਾ ਦੌਰਾ ਪੈ ਗਿਆ ਸੀ ਤੇ ਕੋਠੜੀ ਦੇ ਅੰਦਰ ਹੀ ਮਰ ਗਿਆ ਸੀ। ਉਸ ਜੇਲ ਦਾ ਅੰਗਰੇਜ ਸੁਪਰਡੈਂਟ ਬੜਾ ਸਖ਼ਤ ਸੀ। ਉਸ ਨੇ ਹੁਕਮ ਦਿੱਤਾ ਸੀ ਕਿ ਫੱਤੂ ਇਸ ਲਾਸ਼ ਨੂੰ ਹੀ ਲਟਕਾ ਦੇਅ। ਉਹ ਤਾਂ ਸ਼ੁਕਰ ਕਰੋ ਦੂਜੇ ਅੰਗਰੇਜ ਸਰਜਨ ਨੇ ਉਸ ਨੂੰ ਸਮਝਾਇਆ ਕਿ ਮੁਰਦਾ ਦੂਜੀ ਵਾਰੀ ਕਿਵੇਂ ਮਰ ਸਕਦਾ ਹੈ? ਦੋਵੇਂ ਹੀ ਫਰੰਗੀ ਸਨ, ਇਕ ਦੂਜੇ ਦੀ ਗੱਲ ਮੰਨ ਗਏ—ਦੇਸੀ ਦੀ ਕਿੱਥੇ ਮੰਨਦੇ। ਤੇ ਤੀਜਾ ਸੀ ਇਕ ਪਠਾਨ ਜਿਸ ਨੇ ਫਾਂਸੀ ਦੀ ਕੋਠੜੀ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਇਕ ਤੂਫ਼ਾਨ ਖੜ੍ਹਾ ਦਿੱਤਾ ਸੀ।
ਲਾਲੇ ਦੀ ਸ਼ਕਲ ਕਿੰਨੀ ਬਦਸੂਰਤ ਸੀ ਤੇ ਪਠਾਨ ਕਿੰਨਾ ਸੋਹਣਾ। ਪਰ ਦੋਵੇਂ ਮਿੱਟੀ ਦੇ ਪੁਤਲੇ ਸਨ, ਮਿੱਟੀ 'ਚ ਮਿਲ ਗਏ; ਮੌਤ ਨਾ ਖੂਬਸੂਰਤੀ ਵੇਖਦੀ ਏ, ਨਾ ਬਦਸੂਰਤੀ।
ਫੱਤੂ ਸੋਚਣ ਲੱਗਾ ਕਿ ਉਸ ਦੀ ਮਿੱਟੀ ਦਾ ਕੀ ਬਣੇਗਾ?
ਉਸ ਨੇ ਅੱਧ ਬੁਝੀ ਬੀੜੀ ਆਪਣੇ ਕੰਨ ਪਿੱਛੋਂ ਕੱਢ ਕੇ ਮੂੰਹ ਵਿਚ ਲਾਈ, ਸੁਲਗਾਈ ਤੇ ਇਕ ਲੰਮਾ ਸੂਟਾ ਖਿੱਚਿਆ। ਖੰਘ ਕੇ ਖੰਘਾਰ ਫਰਸ਼ ਉੱਤੇ ਸੁੱਟ ਦਿੱਤਾ। ਉੱਚੀ ਆਵਾਜ਼ ਵਿਚ ਆਪਣੇ ਆਪ ਨੂੰ ਕਹਿਣ ਲੱਗਾ, 'ਇਹ ਵੀ ਤਾਂ ਮਿੱਟੀ ਓ ਆ। ਥੋੜ੍ਹਾ ਚਿਰ ਪਹਿਲਾਂ ਮੇਰੀ ਛਾਤੀ ਵਿਚ ਸੀ ਤੇ ਹੁਣ ਮੈਂ ਇਸ ਨੂੰ ਛੂਹ ਵੀ ਨਹੀਂ ਸਕਦਾ।'
ਉਸ ਨੂੰ ਉਸ ਛੋਟੇ ਜਿਹੇ ਬੱਚੇ ਦਾ ਖ਼ਿਆਲ ਆਇਆ, ਜਿਸ ਦੇ ਪਿਓ ਨੂੰ ਉਸ ਨੇ ਫਾਹਾ ਦਿੱਤਾ ਸੀ। ਵਾਰਸ ਉਸ ਦੀ ਲਾਸ਼ ਗੱਡੇ 'ਤੇ ਲੱਦ ਕੇ ਲਿਜਾਣ ਲੱਗੇ ਤਾਂ ਬੱਚੇ ਨੂੰ ਆਪਣੇ ਪਿਓ ਦਾ ਚੁੱਪਚਾਪ ਲੰਮਾਂ ਪੈਣਾ ਸਮਝ ਨਾ ਆਇਆ। ਉਹ ਉਸ ਦੇ ਕੋਲ ਜਾ ਕੇ ਉਸ ਦੀ ਦਾੜ੍ਹੀ ਨਾਲ ਖੇਡਣ ਲੱਗ ਪਿਆ। ਇਹ ਖੇਡ ਉਸ ਦੇ ਪਿਓ ਨੂੰ ਬੜੀ ਪਸੰਦ ਸੀ। ਉਸ ਦੀ ਰੋਂਦੀ ਹੋਈ ਦਾਦੀ ਬੱਚੇ ਨੂੰ ਪਿਓ ਦੀ ਲਾਸ਼ ਕੋਲੋਂ ਪਰ੍ਹੇ ਹਟਾ ਕੇ ਕਹਿਣ ਲੱਗੀ, 'ਪੁੱਤ ਇਹ ਤਾਂ ਮਿੱਟੀ ਐ।' ਪਰ ਇਹ ਗੱਲ ਬੱਚੇ ਦੀ ਸਮਝ ਤੋਂ ਬਾਹਰ ਦੀ ਸੀ। ਉਸ ਨੇ ਆਪਣੇ ਵੱਲੋਂ ਦਾਦੀ ਨੂੰ ਸਮਝਾਉਂਦਿਆਂ ਕਿਹਾ, 'ਨਹੀਂ ਬੇਬੇ, ਇਹ ਮਿੱਟੀ ਥੋੜਾ ਈ ਐ, ਇਹ ਤਾਂ ਬਾਪੂ ਦੇ ਵਾਲ ਐ।' ਤੇ ਬੱਚੇ ਦੀ ਨਿੱਕੀ ਜਿਹੀ ਗੱਲ ਬਾਕੀਆਂ ਦੀਆਂ ਚੀਕਾਂ ਹੇਠ ਦਬ ਕੇ ਰਹਿ ਗਈ ਸੀ।
ਜੇਲ੍ਹ ਦੇ ਘੜਿਆਲ ਨੇ ਤਿੰਨ ਵਜਾ ਦਿੱਤੇ। ਬੱਤੀ ਦੀ ਰੌਸ਼ਨੀ ਹੌਲੀ-ਹੌਲੀ ਖ਼ਤਮ ਹੋ ਰਹੀ ਸੀ। ਫੱਤੂ ਨੇ ਸੋਚਿਆ ਹੁਣ ਆਰਾਮ ਕਰਨ ਦਾ ਕੋਈ ਵੇਲਾ ਨਹੀਂ। ਉਸ ਨੇ ਮੰਜੀ ਤੋਂ ਉਠਣਾ ਚਾਹਿਆ, ਪਰ ਉਸ ਦੀ ਦੇਹ ਨੇ ਉਸ ਦਾ ਸਾਥ ਨਾ ਦਿੱਤਾ। ਕਈ ਵਰ੍ਹਿਆਂ ਦੀ ਥਕਾਵਟ ਮਨ 'ਤੇ ਬੋਝ ਬਣੀ ਹੋਈ ਸੀ। ਕਮਰੇ ਵਿਚ ਤਕਰੀਬਨ ਹਨੇਰਾ ਸੀ। ਫੱਤੂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਉਹ ਕਿਸੇ ਗੂੜ੍ਹੇ ਹਨੇਰੇ ਵਿਚ ਡੁੱਬਦਾ ਜਾ ਰਿਹੈ। ਉਸ ਨੇ ਹਿੰਮਤ ਕਰਕੇ ਮੰਜੀ ਛੱਡਣੀ ਚਾਹੀ ਪਰ ਉਸ ਨੂੰ ਚੱਕਰ ਜਿਹਾ ਆ ਗਿਆ। ਕੋਠੜੀ ਦਾ ਹਨੇਰਾ ਹੋਰ ਗੂੜ੍ਹਾ ਹੋ ਗਿਆ। ਉਸ ਫਰੋਲ-ਫਰਾਲ ਕੇ ਬੀੜੀ ਕੱਢੀ ਤੇ ਮਾਚਸ ਲੱਭਣ ਲੱਗਾ। ਅੱਖਾਂ ਸਾਹਮਣੇ ਹਨੇਰਾ ਹੀ ਹਨੇਰਾ ਸੀ। ਕਿਸੇ ਤਰ੍ਹਾਂ ਬੀੜੀ ਲਾ ਲਈ। ਖੰਘਣ ਲਈ ਝੁਕਿਆ ਤਾਂ ਝੁਕਿਆ ਹੀ ਰਹਿ ਗਿਆ।
ਲੈਂਪ ਵੀ ਫੜਫੜਾ ਕੇ ਬੁਝ ਗਿਆ।
ਅਗਲੀ ਸਵੇਰ ਤੜਕੇ ਇਕ ਵਾਰਡਰ ਨੇ ਜੇਲਰ ਨੂੰ ਰਿਪੋਰਟ ਦਿੱਤੀ, 'ਹਜ਼ੂਰ, ਫੱਤੂ ਮਰ ਗਿਆ।' ਜੇਲਰ ਨੇ ਬਿਨਾਂ ਸੋਚੇ ਸਮਝੇ ਕਿਹਾ, 'ਐਂ ਕਿਵੇਂ ਮਰ ਗਿਆ? ਕੰਮ ਪੂਰਾ ਕਰਨ ਤੋਂ ਪਹਿਲਾਂ?' ਬੁੱਢੇ ਵਾਰਡਰ ਨੇ ਕਿਹਾ, 'ਜਨਾਬ ਮੌਤ ਕਿਸੇ ਦੀ ਗ਼ੁਲਾਮ ਨਹੀਂ।' ਜੇਲਰ ਨੂੰ ਇਕਦਮ ਜਾਗ ਆ ਗਈ ਤੇ ਉਹ ਆਪਣੇ ਮੂਰਖਪੁਣੇ 'ਤੇ ਪਛਤਾਇਆ। ਪਰ ਆਕੜ ਨਾ ਛੱਡੀ। ਹੁਕਮ ਦਿੱਤਾ, 'ਖ਼ੈਰ, ਉਸ ਦਾ ਤਾਂ ਅਸੀਂ ਇੰਤਜ਼ਾਮ ਕਰ ਲਵਾਂਗੇ। ਫਾਂਸੀ ਵਾਲੇ ਦੇ ਰਿਸ਼ਤੇਦਾਰ ਆ ਕੇ ਲਾਸ਼ ਲੈ ਜਾਣਗੇ ਪਰ ਛੋਟੇ ਸਾਹਬ ਨੂੰ ਕਹਿਣਾ ਕਿ ਮਿਊਂਸਪਲ ਕਮੇਟੀ ਵਾਲਿਆਂ ਨੂੰ ਫ਼ੋਨ ਕਰ ਦੇਣ, ਇਕ ਲਾਵਾਰਿਸ ਲਾਸ਼ ਨੂੰ ਟਿਕਾਣੇ ਲਾਉਣਾ ਏਂ।'
(ਅਨੁਵਾਦ : ਮਹਿੰਦਰ ਬੇਦੀ, ਜੈਤੋ)

  • ਮੁੱਖ ਪੰਨਾ : ਰਾਮ ਲਾਲ ਦੀਆਂ ਕਹਾਣੀਆਂ ਪੰਜਾਬੀ ਵਿਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ