Punjabi Stories/Kahanian
ਨੇਥੇਨੀਅਲ ਹਾਥੌਰਨ
Nathaniel Hawthorne
Punjabi Kavita
  

The Golden Touch Nathaniel Hawthorne

ਕੰਚਨ/ਸੁਨਹਿਰੀ ਛੋਹ ਨੇਥੇਨੀਅਲ ਹਾਥੌਰਨ

੧.
ਰਾਜਾ ਮਾਇਆ ਦਾਸ ਸੱਚ-ਮੁੱਚ ਮਾਇਆ ਦਾ ਹੀ ਦਾਸ ਸੀ। ਉਠਦਿਆਂ, ਬੈਠਦਿਆਂ, ਸੁਤਿਆਂ, ਜਾਗਦਿਆਂ, ਰਾਤ ਦਿਨ ਹਰ ਵੇਲੇ ਉਸ ਨੂੰ ਇਸੇ ਗੱਲ ਦੀ ਲਗਨ ਸੀ, ਜੋ ਕਿਵੇਂ ਰੁਪਿਆ ਇਕੱਤ੍ਰ ਹੋਵੇ। ਜੇ ਆਪਣਾ ਤਾਜ ਉਸ ਨੂੰ ਚੰਗਾ ਲਗਦਾ ਸੀ ਤਾਂ ਕੇਵਲ ਇਸ ਲਈ ਜੋ ਉਹ ਸੋਨੇ ਦਾ ਬਣਿਆ ਹੋਇਆ ਸੀ। ਬਸ ਸੋਨੇ ਬਿਨਾਂ ਉਸ ਨੂੰ ਹੋਰ ਕੋਈ ਚੀਜ਼ ਚੰਗੀ ਹੀ ਨਹੀਂ ਲਗਦੀ ਸੀ। ਹਾਂ ਰੱਬ ਦੀ ਕੁਦਰਤ ਉਸ ਦੀ ਇਕ ਨਿੱਕੀ ਜਿਹੀ ਕੁੜੀ ਸੀ, ਜਿਸ ਲਈ ਸੋਨੇ ਵਰਗਾ ਹੀ ਪਿਆਰ ਉਸ ਦੇ ਦਿਲ ਵਿਚ ਸੀ, ਇਸੇ ਲਈ ਤਾਂ ਉਸ ਨੇ ਉਸ ਦਾ ਨਾਉਂ ਵੀ ਸੋਨੀ ਹੀ ਰੱਖਿਆ ਸੀ।
ਜਦੋਂ ਦੋਵੇਂ ਬਾਹਵਾਂ ਪਸਾਰ ਕੇ ਸੋਨੀ ਉਸ ਵੱਲ ਦੌੜ ਕੇ ਆਉਂਦੀ ਤੇ ਉਸ ਦੇ ਗਲੇ ਆ ਚੰਮੜਦੀ ਤਾਂ ਖ਼ੁਸ਼ੀ ਦੇ ਮਾਰੇ ਉਸ ਦੀਆਂ ਬਾਛਾਂ ਖੁਲ੍ਹ ਜਾਂਦੀਆਂ, ਪਰ ਜਿਤਨਾ ਵਧੀਕ ਉਹ ਉਸ ਦੇ ਨਾਲ ਪਿਆਰ ਕਰਦਾ, ਉੱਤਨੀ ਹੀ ਵਧੀਕ ਉਸ ਲਈ ਧਨ ਦੌਲਤ ਇਕੱਤ੍ਰ ਕਰਨ ਦੀ ਚਾਹ ਉਤਪੰਨ ਹੁੰਦੀ। ਇਸ ਮੂਰਖ ਦੀ ਸਮਝ ਵਿਚ ਕੁੜੀ ਲਈ ਪਿਆਰ ਦਾ ਸਬੂਤ ਵੀ ਇਹੋ ਹੀ ਹੋ ਸਕਦਾ ਸੀ ਜੋ ਚਮਕਦੇ ਪੀਲੇ ਸੋਨੇ ਦਾ ਇਤਨਾ ਢੇਰ ਉਸ ਲਈ ਛੱਡ ਜਾਵੇ, ਜਿਤਨਾ ਸੰਸਾਰ ਵਿਚ ਹੋਰ ਕਿਧਰੇ ਵੀ ਨਾ ਹੋਵੇ।
ਜੇ ਕਦੇ ਉਹ ਸੂਰਜ ਡੁਬਣ ਵੇਲੇ ਪੀਲੇ ਬੱਦਲਾਂ ਨੂੰ ਵੇਖ ਲੈਂਦਾ ਤਾਂ ਹਾਉਕਾ ਭਰ ਕੇ ਆਖਦਾ, ਜੇ ਕਦੇ ਇਹ ਅਸਲੀ ਸੋਨੇ ਦੇ ਹੁੰਦੇ ਤੇ ਮੇਰੇ ਸੰਦੂਕ ਵਿਚ ਆ ਸਕਦੇ। ਜਦੋਂ ਸੋਨੀ ਸਦ-ਬਰਗੇ ਦੇ ਪੀਲੇ ਪੀਲੇ ਫੁੱਲ ਹੱਥ ਵਿਚ ਲਈ ਉਸ ਵੱਲ ਦੌੜਦੀ ਆਉਂਦੀ ਤਾਂ ਸੁਭਾਵਕ ਉਸ ਦੇ ਮੂੰਹ ਵਿਚੋਂ ਨਿਕਲ ਜਾਂਦਾ, "ਝਲੀਏ ਕੁੜੀਏ ਕੀ ਤੋੜ ਲਿਆਈ ਹੈਂ, ਜੇ ਕਦੇ ਇਹ ਫੁੱਲ ਸੱਚ ਮੁੱਚ ਸੋਨੇ ਦੇ ਹੁੰਦੇ, ਜਿਵੇਂ ਇਹ ਦੂਰੋਂ ਲਗਦੇ ਹਨ, ਤਾਂ ਤੋੜਨ ਦੇ ਯੋਗ ਸਨ।"
ਪਰ ਮੈਂ ਦਸਣੋਂ ਭੁੱਲ ਗਿਆ ਹਾਂ, ਜੋ ਨਿੱਕਿਆਂ ਹੁੰਦਿਆਂ ਜਦੋਂ ਅਜੇ ਇਸ ਨੂੰ ਇਸ ਮਾਇਆ ਇਕੱਤ੍ਰ ਕਰਨ ਦਾ ਮਾਲੀ-ਖੌਲਿਆ ਨਹੀਂ ਸੀ ਹੋਇਆ, ਰਾਜਾ ਮਾਇਆ ਦਾਸ ਫੁੱਲਾਂ ਦਾ ਵੱਡਾ ਸ਼ੁਕੀਨ ਸੀ। ਉਸ ਨੇ ਇਕ ਬਾਗ ਲਗਵਾਇਆ ਹੋਇਆ ਸੀ, ਜਿਸ ਵਿਚ ਸੁੰਦਰ ਤੇ ਸੁਗੰਧੀ ਵਾਲੇ ਗੁਲਾਬ ਦੇ ਫੁੱਲ ਲਗੇ ਹੋਏ ਸਨ, ਜਿਹੜੇ ਕਿਸੇ ਹੋਰ ਥਾਂ ਨਹੀਂ ਮਿਲਦੇ ਸਨ। ਉਹ ਸੁੰਦਰ ਫੁੱਲ ਅਜੇ ਵੀ ਬਾਗ਼ ਵਿਚ ਉਸੇ ਤਰ੍ਹਾਂ ਸੁਗੰਧੀ ਦੇ ਰਹੇ ਸਨ, ਜਿਵੇਂ ਉਸ ਪੁਰਾਣੇ ਸਮੇਂ ਵਿਚ ਜਦੋਂ ਮਾਇਆਦਾਸ ਕਿਤਨੇ ਘੰਟੇ ਹੀ ਬਾਗ਼ ਵਿਚ ਉਨ੍ਹਾਂ ਫੁੱਲਾਂ ਦੀ ਵਾਸ਼ਨਾ ਲੈਂਦਿਆਂ ਗੁਜ਼ਾਰ ਦਿੰਦਾ ਸੀ। ਪਰ ਹੁਣ ਜੇ ਕਦੇ ਉਨ੍ਹਾਂ ਵੱਲ ਅੱਖ ਚੁੱਕ ਕੇ ਵੇਖਦਾ ਵੀ ਤਾਂ ਕੇਵਲ ਇਹ ਹਿਸਾਬ ਲਾਵਣ ਲਈ ਜੋ ਬਾਗ਼ ਦੀ ਕੀ ਕੀਮਤ ਹੁੰਦੀ ਜੇ ਕਦੇ ਗੁਲਾਬ ਦੀਆਂ ਇਹ ਅਨਗਿਣਤ ਪੰਖੜੀਆਂ ਅਸਲੀ ਸੋਨੇ ਦੀਆਂ ਹੁੰਦੀਆਂ। ਭਾਵੇਂ ਆਖਿਆ ਜਾਂਦਾ ਹੈ ਜੋ ਉਸ ਦੇ ਕੰਨ ਖੋਤੇ ਦੇ ਕੰਨਾਂ ਨਾਲ ਮਿਲਦੇ ਜੁਲਦੇ ਸਨ, ਤਾਂ ਵੀ ਕਿਸੇ ਸਮੇਂ ਵਿਚ ਉਸ ਨੂੰ ਰਾਗ ਦਾ ਵੱਡਾ ਸ਼ੌਕ ਸੀ, ਪਰ ਹੁਣ ਤਾਂ ਰੁਪਿਆਂ, ਮੋਹਰਾਂ ਦੀ ਟਨ ਟਨ ਬਿਨਾਂ ਕੋਈ ਹੋਰ ਰਾਗ ਉਸ ਨੂੰ ਭਾਂਵਦਾ ਹੀ ਨਹੀਂ ਸੀ।
ਜੇ ਇਲਾਜ਼ ਨਾ ਹੋਵੇ ਤਾਂ ਇਹ ਮਾਲੀ ਖੌਲੀਆ ਵੱਧਦਾ ਹੀ ਜਾਂਦਾ ਹੈ। ਮਾਯਾ ਦਾਸ ਦੀ ਇਹ ਦਸ਼ਾ ਹੋ ਗਈ, ਜੋ ਬਿਨਾਂ ਸੋਨੇ ਦੇ ਕਿਸੇ ਸੈ਼ ਨੂੰ ਵੇਖਣਾ ਜਾਂ ਹੱਥ ਲਾਵਣਾ ਵੀ ਪਸੰਦ ਨਾ ਕਰਦਾ।
ਇਸ ਲਈ ਉਸ ਨੇ ਇਹ ਆਪਣਾ ਨਿਯਮ ਬਣਾ ਲਿਆ ਜੇ ਦਿਨ ਦਾ ਬਹੁਤ ਸਾਰਾ ਹਿੱਸਾ ਮਹੱਲ ਦੇ ਤਲੇ ਹਨੇਰੇ ਤਹਿਖਾਨੇ ਵਿਚ ਇਕੱਲਿਆਂ ਹੀ ਗੁਜ਼ਾਰਦਾ। ਇਥੇ ਉਸ ਦਾ ਸਾਰਾ ਧਨ ਦੌਲਤ ਧਰਿਆ ਪਿਆ ਸੀ, ਜੋ ਜਿਸ ਵੇਲੇ ਉਹ ਖਾਸ ਪ੍ਰਸੰਨ ਹੋਣਾ ਚਾਹੁੰਦਾ ਇਸੇ ਹਨੇਰੀ ਕੋਠੜੀ ਵਿਚ ਆ ਬੈਠਦਾ। ਇਥੇ ਕੋਠੀ ਦੇ ਦਰਵਾਜ਼ੇ ਨੂੰ ਅੰਦਰੋਂ ਜੰਦਰਾ ਮਾਰ, ਮੋਹਰਾਂ ਦੀ ਥੈਲੀ, ਸੋਨੇ ਦੇ ਵੱਡੇ ਸਾਰੇ ਕਟੋਰੇ ਜਾਂ ਸੋਨੇ ਦੀ ਇੱਟ ਨੂੰ ਹਨੇਰੇ ਖੂੰਝੇ ਥੋਂ ਕੱਢ ਬਾਰੀ ਕੋਲ ਲੈ ਆਂਵਦਾ, ਜਿਥੇ ਇਕੋ ਇਕ ਨਿੱਕੀ ਜਿਹੀ ਸੂਰਜ ਦੀ ਕਿਰਨ ਪੈਂਦੀ ਸੀ ! ਜੇ ਸੂਰਜ ਦੀ ਕਿਰਨ ਦੀ ਉਸ ਨੂੰ ਲੋੜ ਸੀ ਤਾਂ ਕੇਵਲ ਇਸ ਲਈ ਜੋ ਉਸ ਦੀ ਸਹਾਇਤਾ ਬਿਨਾਂ ਉਸ ਦਾ ਖ਼ਜ਼ਾਨਾ ਨਹੀਂ ਚਮਕ ਸਕਦਾ ਸੀ। ਫਿਰ ਥੈਲੀ ਦੀਆਂ ਮੋਹਰਾਂ ਨੂੰ ਗਿਣਦਾ, ਇੱਟ ਨੂੰ ਉਤਾਂਹ ਉਛਾਲ ਕੇ ਹੱਥਾਂ ਨਾਲ ਬੋਚਦਾ, ਉਂਂਗਲਾਂ ਨਾਲ ਸੋਨੇ ਦੀ ਮਿੱਟੀ ਨੂੰ ਛਾਣਦਾ ਤੇ ਚਮਕਦੇ ਦਮਕਦੇ ਕਟੋਰੇ ਵਿਚੋਂ ਆਪਣਾ ਮੂੰਹ ਵੇਖ ਕੇ ਪ੍ਰਸੰਨ ਹੁੰਦਾ ਤੇ ਦਿਲ ਵਿਚ ਆਖਦਾ, "ਵਾਹ ਮਾਇਆ ਦਾਸ, ਧਨੀ ਰਾਜਾ ਮਾਇਆ ਦਾਸ ਕਿੱਡੇ ਭਾਗਾਂ ਵਾਲਾ ਪੁਰਸ਼ ਤੂੰ ਹੈਂ !"
ਮਾਇਆ ਦਾਸ ਨੇ ਆਪਣੇ ਆਪ ਨੂੰ ਭਾਗਾਂ ਵਾਲਾ ਆਖਿਆ ਤਾਂ ਸੀ, ਪਰ ਦਿਲੋਂ ਸਮਝਦਾ ਜੋ ਉਹ ਇਤਨਾ ਪ੍ਰਸੰਨ ਨਹੀਂ ਚਾਹੀਦਾ ਸੀ। ਠੀਕ ਹੈ ਉਹਨੂੰ ਪੂਰਨ ਪ੍ਰਸੰਨਤਾ ਤਦ ਤੋੜੀ ਨਹੀਂ ਹੋ ਸਕਦੀ ਸੀ ਜਦੋਂ ਤੋੜੀ ਸਾਰਾ ਸੰਸਾਰ ਉਸ ਦਾ ਖ਼ਜ਼ਾਨਾ ਬਣ ਉਸ ਪੀਲੇ ਚਮਕੀਲੇ ਸੋਨੇ ਨਾਲ ਨਾ ਭਰਿਆ ਜਾਏ, ਜਿਸ ਨੂੰ ਉਹ ਆਪਣਾ ਆਖ ਸਕੇ।

੨.
ਇਕ ਦਿਨ ਦੀ ਗੱਲ ਹੈ, ਜੋ ਮਾਇਆ ਦਾਸ ਆਪਣੇ ਤਹਿਖਾਨੇ ਵਿਚ ਬੈਠਾ ਸਦਾ ਵਾਂਗ ਗੋਟਾਂ ਗਿਣ ਰਿਹਾ ਸੀ ਤੇ ਖ਼ਿਆਲੀ ਪੁਲਾਉ ਪਕਾ ਰਿਹਾ ਸੀ ਕਿ ਉਸ ਨੂੰ ਸੋਨੇ ਦੇ ਢੇਰ ਉਤੇ ਇਕ ਪਰਛਾਵਾਂ ਪਿਆ ਪ੍ਰਤੀਤ ਹੋਇਆ। ਅੱਖਾਂ ਚੁਕ ਕੇ ਝੱਟ ਪੱਟ ਜੋ ਵੇਖਿਆ ਤਾਂ ਉਸ ਚਮਕ ਦੀ ਸੂਰਜ ਦੀ ਨਿੱਕੀ ਜਿਹੀ ਕਿਰਨ ਵਿਚ ਇਕ ਓਪਰਾ ਪੁਰਸ਼ ਖਲੋਤਾ ਵੇਖਿਆ, ਇਹ ਇਕ ਨੌਜਵਾਨ ਸੀ,ਜਿਸ ਦਾ ਚਿਹਰਾ ਅਨਾਰ ਦੇ ਦਾਣਿਆਂ ਵਾਂਗ ਭਖ ਰਿਹਾ ਸੀ ਤੇ ਹੋਠਾਂ ਵਿਚੋਂ ਹਾਸੀ ਪਈ ਨਿਕਲਦੀ ਸੀ। ਰੱਬ ਜਾਣੇ ਇਹ ਉਸ ਦੇ ਖ਼ਿਆਲਾਂ ਦਾ ਨਤੀਜਾ ਸੀ ਜਾਂ ਕੋਈ ਹੋਰ ਕਾਰਨ ਸੀ, ਪਰ ਇਸ ਗੱਲ ਵਿਚ ਰਤੀ ਭਰ ਵੀ ਸੰਦੇਹ ਨਹੀਂ, ਜੋ ਉਸ ਨੂੰ ਇਉਂ ਭਾਸਿਆ ਜੋ ਉਸ ਹਾਸੀ ਵਿਚ ਜਿਸ ਨਾਲ ਉਸ ਨੇ ਮਾਇਆ ਦਾਸ ਨੂੰ ਵੇਖਿਆ ਸੀ, ਸੋਨੇ ਵਾਲੀ ਚਮਕ ਸੀ। ਸੱਚ ਮੁਚ ਭਾਵੇਂ ਉਸ ਨੇ ਹੁਣ ਸੂਰਜ ਦੇ ਚਾਨਣ ਨੂੰ ਰੋਕਿਆ ਹੋਇਆ ਸੀ, ਉਹ ਖ਼ਜ਼ਾਨੇ ਦਾ ਢੇਰ ਅੱਗੇ ਕੋਲੋਂ ਬਹੁਤ ਵਧੀਕ ਪਿਆ ਚਮਕਦਾ ਸੀ ਤੇ ਜਦੋਂ ਉਹ ਪੁਰਸ਼ ਮੁਸਕ੍ਰਾਂਦਾ ਸੀ ਦੂਰ ਵਾਲੇ ਖੂੰਜੇ ਵੀ ਇਉਂ ਜਗ ਮਗ ਜਗ ਮਗ ਹੋ ਜਾਂਦੇ, ਜਿਵੇਂ ਅੱਗ ਦੀਆਂ ਲਾਟਾਂ ਉਠੀਆਂ ਹਨ।
ਮਾਇਆ ਦਾਸ ਨੂੰ ਨਿਸ਼ਚਾ ਸੀ ਜੋ ਉਸਨੇ ਵੱਡੇ ਧਿਆਨ ਨਾਲ ਦਰਵਾਜ਼ੇ ਨੂੰ ਜੰਦਰਾ ਮਾਰਿਆ ਹੈ ਤੇ ਮਨੁੱਖ ਉਸ ਦੇ ਖ਼ਜ਼ਾਨੇ ਅੰਦਰ ਵੜ ਨਹੀਂ ਸਕਦਾ ਸੀ। ਇਸ ਲਈ ਝਟ ਉਹ ਇਸ ਸਿੱਟੇ ਤੇ ਪੁੱਜ ਗਿਆ ਜੋ ਇਹ ਓਪਰਾ ਪੁਰਸ਼ ਕੋਈ ਮਨੁੱਖ ਨਹੀਂ ਹੈ। ਇਸ ਗੱਲ ਦੇ ਤੁਹਾਨੂੰ ਦੱਸਣ ਦੀ ਕੋਈ ਲੋੜ ਨਹੀਂ ਜੋ ਉਹ ਕੌਣ ਸੀ। ਉਨ੍ਹਾਂ ਦਿਨਾਂ ਵਿਚ ਜਦੋਂ ਧਰਤੀ ਅਜੇ ਨਵੀਂ ਨਵੀਂ ਹੀ ਬਣੀ ਸੀ, ਇਹ ਮੰਨਿਆਂ ਜਾਂਦਾ ਸੀ ਜੋ ਉਹ ਜੀਵ ਵੀ ਇਥੇ ਫੇਰਾ ਪਾਉਂਦੇ ਸਨ, ਜਿਹੜੇ ਵੱਡੇ ਕਰਾਮਾਤ ਵਾਲੇ ਸਨ ਤੇ ਮਰਦ, ਤੀਵੀਆਂ ਤੇ ਬੱਚਿਆਂ ਦੇ ਦੁਖ ਸੁਖ ਵਿਚ ਕਦੇ ਤਾਂ ਸੱਚੇ ਦਿਲੋਂ ਤੇ ਕਦੇ ਕੇਵਲ ਆਪਣੇ ਜੀ ਪਰਚਾਵੇ ਲਈ ਹੀ ਹਿੱਸਾ ਲੈਂਦੇ ਸਨ। ਮਾਇਆ ਦਾਸ ਨੂੰ ਇਸ ਤੋਂ ਪਹਿਲਾਂ ਵੀ ਇਹੋ ਜਿਹੇ ਜੀਵ ਮਿਲੇ ਸਨ, ਇਸ ਲਈ ਉਨ੍ਹਾਂ ਨੂੰ ਫਿਰ ਮਿਲਣ ਵਿਚ ਉਸ ਨੂੰ ਕੋਈ ਅਫ਼ਸੋਸ ਨਹੀਂ ਸੀ। ਓਪਰਾ ਜੀਵ ਇਹੋ ਜਿਹਾ ਹਸ-ਮੁਖ ਭਾਸਦਾ ਸੀ ਜੋ ਮਾਇਆ ਦਾਸ ਨੂੰ ਕਦੇ ਖ਼ਿਆਲ ਵੀ ਨਹੀਂ ਆ ਸਕਦਾ ਸੀ, ਜੋ ਉਹ ਇਸ ਨੂੰ ਨੁਕਸਾਨ ਪੁਚਾਉਣ ਲਈ ਆਇਆ ਹੈ। ਉਸ ਦੀ ਸਮਝ ਵਿਚ ਵੀਹ ਵਿਸਵੇ ਇਹ ਉਸ ਨਾਲ ਕੋਈ ਭਲਾ ਕਰਨ ਹੀ ਆਇਆ ਹੈ, ਤੇ ਉਹ ਭਲਾ ਸਵਾਏ ਇਸ ਦੇ ਹੋਰ ਕੀ ਹੋ ਸਕਦਾ ਸੀ, ਜੋ ਉਸ ਦੇ ਇਕੱਠੇ ਕੀਤੇ ਧਨ ਨੂੰ ਵਧਾਵੇ। ਓਪਰੇ ਜੀਵ ਨੇ ਕਮਰੇ ਨੂੰ ਗਹੁ ਨਾਲ ਵੇਖਿਆ ਤੇ ਜਦੋਂ ਉਸ ਦੀ ਮੁਸਕਰਾਹਟ ਨੇ ਉਥੇ ਧਰੀਆਂ ਸੋਨੇ ਦੀਆਂ ਸਾਰੀਆਂ ਚੀਜ਼ਾਂ ਨੂੰ ਜਗ-ਮਗਾ ਦਿੱਤਾ, ਉਸ ਨੇ ਮਾਇਆ ਦਾਸ ਵਲ ਤਕ ਕੇ ਆਖਿਆ:-
"ਮਿੱਤਰ ਮਾਇਆ ਦਾਸ ! ਤੂੰ ਤਾਂ ਵੱਡਾ ਧਨਾਢ ਪੁਰਸ਼ ਹੈਂ, ਮੈਨੂੰ ਸ਼ੱਕ ਹੈ ਜੋ ਸੰਸਾਰ ਭਰ ਦੇ ਅੰਦਰ ਕਿਸੇ ਹੋਰ ਕਮਰੇ ਵਿਚ ਇਤਨੀ ਦੌਲਤ ਨਹੀਂ ਜਿਤਨੀ ਤੂੰ ਇਥੇ ਜਮ੍ਹਾਂ ਕਰ ਰੱਖੀ ਹੈ।"
ਮਾਇਆ ਦਾਸ ਨੇ ਹੌਲੇ ਜਿਹੇ ਆਖਿਆ, “ਹਾਂ ਜੀ, ਮੈਂ ਆਪਣੇ ਵਲੋਂ ਜਤਨ ਕੀਤਾ ਹੈ, ਪਰ ਇਹ ਕੀ ਹੈ, ਕੁਝ ਹੀ ਨਹੀਂ, ਸੋਚੋ ਤਾਂ ਸਹੀ ਸਾਰੀ ਉਮਰ ਵਿਚ ਮੈਂ ਇਹੋ ਕੁਝ ਹੀ ਇਕੱਠਾ ਕਰ ਸਕਿਆ ਹਾਂ, ਜੇ ਕਦੇ ਕਿਸੇ ਮਨੁੱਖ ਦੀ ਹਜ਼ਾਰ ਵਰ੍ਹੇ ਉਮਰ ਹੁੰਦੀ ਤਾਂ ਭਾਵੇਂ ਉਸ ਨੂੰ ਧਨਾਢ ਬਣਨ ਲਈ ਸਮਾਂ ਮਿਲ ਸਕਦਾ।"
ਓਪਰੇ ਜੀਵ ਨੇ ਹੈਰਾਨਗੀ ਨਾਲ ਆਖਿਆ, "ਤਾਂ ਕੀ ਤੂੰ ਪ੍ਰਸੰਨ ਨਹੀਂ ?"
ਮਾਇਆ ਦਾਸ ਨੇ ਸਿਰ ਫੇਰ ਦਿੱਤਾ। "ਤਾਂ ਫਿਰ ਕਿਹੜੀ ਚੀਜ਼ ਤੈਨੂੰ ਪ੍ਰਸੰਨ ਕਰ ਸਕਦੀ ਹੈ, ਮੈਨੂੰ ਵੀ ਪਤਾ ਲੱਗੇ ?"
ਮਾਇਆ ਦਾਸ ਸੋਚ ਦੇ ਸਾਗਰ ਵਿਚ ਡੁਬ ਗਿਆ, ਉਸ ਦੇ ਮਨ ਨੇ ਬੁਝ ਲੀਤਾ ਜੋ ਇਹ ਓਪਰਾ ਪੁਰਸ਼ ਜਿਹੜਾ ਇਹੋ ਜਿਹਾ ਹਸ-ਮੁਖ ਹੈ ਤੇ ਜਿਸ ਦੀ ਪ੍ਰੇਮ ਭਰੀ ਮੁਸਕਰਾਹਟ ਵਿਚ ਇਤਨੀ ਚਮਕ ਹੈ, ਉਥੇ ਉਸ ਨੂੰ ਮੂੰਹ ਮੰਗੀ ਮੁਰਾਦ ਦੇਣ ਲਈ ਹੀ ਆਇਆ ਹੈ, ਇਸ ਲਈ ਇਹ ਅਮੋਲਕ ਸਮਾਂ ਸੀ। ਉਸ ਦੀ ਜੀਭ ਹਿਲਾਉਣ ਦੀ ਹੀ ਦੇਰ ਸੀ, ਜੋ ਕੁਝ ਮੰਗੇਗਾ ਮਿਲ ਜਾਵੇਗਾ। ਇਸ ਲਈ ਉਹ ਇਸ ਸੋਚ ਵਿਚ ਸੀ ਜੋ ਕਿਹੜੀ ਸ਼ੈ ਮੰਗੇ; ਆਪਣੇ ਖ਼ਿਆਲ ਵਿਚ ਸੋਨੇ ਦੇ ਇਕ ਪਹਾੜ ਤੇ ਦੂਜਾ ਪਹਾੜ ਧਰ ਕੇ ਅੰਦਾਜ਼ਾ ਲਾਂਦਾ ਪਰ ਉਸ ਨਾਲ ਵੀ ਉਸ ਦੀ ਤਸੱਲੀ ਨ ਹੁੰਦੀ। ਅਖ਼ੀਰ ਉਸ ਨੂੰ ਇਕ ਫੁਰਨਾ ਫੁਰ ਹੀ ਪਿਆ ਤੇ ਸਿਰ ਚੁਕ ਕੇ ਨੂਰਾਨੀ ਮੁਖੜੇ ਵਲ ਵੇਖਣ ਲੱਗਾ।
ਉਸ ਨੇ ਉਸ ਵਲ ਵੇਖ ਕੇ ਆਖਿਆ, "ਮੇਰਾ ਖ਼ਿਆਲ ਹੈ ਅਖ਼ੀਰ ਤੂੰ ਫ਼ੈਸਲਾ ਕਰ ਹੀ ਲੀਤਾ ਹੈ, ਦਸ ਕਿਹੜੀ ਸ਼ੈ ਮੰਗਦਾ ਹੈਂ ?'
ਮਾਇਆ ਦਾਸ ਨੇ ਉੱਤਰ ਦਿੱਤਾ, "ਕੇਵਲ ਇਤਨਾ ਹੀ, ਜੋ ਜਿਸ ਸ਼ੈ ਨੂੰ ਮੈਂ ਹੱਥ ਲਾਵਾਂ ਉਹ ਸੋਨੇ ਦੀ ਹੋ ਜਾਵੇ। ਇਤਨੇ ਜਤਨਾਂ ਨਾਲ ਧਨ ਇਕੱਤਰ ਕਰਦਿਆਂ ਕਰਦਿਆਂ ਮੈਂ ਥੱਕ ਗਿਆ ਹਾਂ ਤੇ ਜਦੋਂ ਮੈਂ ਵੇਖਦਾ ਹਾਂ ਜੋ ਅਜੇ ਕੁਝ ਵੀ ਨਹੀਂ ਬਣਿਆਂ, ਮੈਂ ਨਿਰਾਸ਼ ਹੋ ਜਾਂਦਾ ਹਾਂ।"
ਓਪਰੇ ਜੀਵ ਨੇ ਮੁਸਕਰਾ ਕੇ ਆਖਿਆ, "ਮਿੱਤਰ ਮਾਇਆ ਦਾਸ, ਖ਼ੂਬ ਸੋਚਿਆ ਹਈ, ਇਹੋ ਜਿਹੇ ਫੁਰਨੇ ਲਈ ਤੇਰੀ ਜਿਤਨੀ ਵੀ ਉਪਮਾ ਕਰੀਏ ਥੋੜ੍ਹੀ ਹੈ, ਪਰ ਕੀ ਤੈਨੂੰ ਪੱਕਾ ਨਿਸਚਾ ਹੈ ਜੋ ਇਸ ਤਰ੍ਹਾਂ ਤੂੰ ਪ੍ਰਸੰਨ ਰਹੇਂਗਾ।"
ਮਾਇਆ ਦਾਸ:- “ਹੋਰ ਕੀ ਲੋੜੀਦਾ ਹੈ ?"
"ਫਿਰ ਕਦੇ ਪਛਤਾਵੇਂਗਾ ਤਾਂ ਨਹੀਂ ?"
"ਇਹ ਕਿਵੇਂ ਹੋ ਸਕਦਾ ਹੈ ? ਮੈਨੂੰ ਇਸ ਦੇ ਬਿਨਾਂ ਕੋਈ ਹੋਰ ਸ਼ੈ ਪੂਰਨ ਪ੍ਰਸੰਨ ਨਹੀਂ ਕਰ ਸਕਦੀ।"
"ਓਪਰੇ ਜੀਵ ਨੇ ਵਿਦਾ ਹੁੰਦਿਆਂ ਤੇ ਹੱਥ ਹਲਾਂਦਿਆਂ ਆਖਿਆ, “ਚੰਗਾ ਜੇ ਇਹੋ ਹੀ ਤੇਰੀ ਮਰਜ਼ੀ ਹੈ, ਤਾਂ ਇਵੇਂ ਹੀ ਹੋਵੇਗਾ। ਭਲਕੇ ਸੂਰਜ ਦੇ ਨਿਕਲਦਿਆਂ ਹੀ ਤੇਰੇ ਅੰਦਰ ਇਹ ਸ਼ਕਤੀ ਆ ਜਾਵੇਗੀ। ਇਹ ਆਖਦਿਆਂ ਉਸ ਜੀਵ ਦੀ ਸੂਰਤ ਇਉਂ ਚਮਕਣ ਲੱਗ ਪਈ, ਜੋ ਮਾਇਆ ਦਾਸ ਦੀਆਂ ਅੱਖਾਂ ਚੁੰਧਿਆ ਗਈਆਂ ਤੇ ਆਪ ਮੁਹਾਰੇ ਹੀ ਮੀਟੀਆਂ ਗਈਆਂ। ਜਦੋਂ ਉਸ ਨੇ ਨੇਤ੍ਰ ਖੋਲ੍ਹੇ ਤਾਂ ਕਮਰੇ ਵਿਚ ਸੂਰਜ ਦੀ ਉਹੋ ਹੀ ਇਕੋ ਇਕ ਕਿਰਨ ਉਸ ਦੇ ਸਾਰੀ ਉਮਰ ਦੇ ਇਕੱਤ੍ਰ ਕੀਤੇ ਹੋਏ ਸੋਨੇ ਤੇ ਪੈ ਰਹੀ ਸੀ ਤੇ ਚਮਕਾ ਰਹੀ ਸੀ।
ਸਾਨੂੰ ਨਹੀਂ ਪਤਾ ਜੋ ਮਾਇਆ ਦਾਸ ਦੀ ਉਸ ਰਾਤ ਅੱਖ ਲੱਗੀ ਵੀ ਜਾਂ ਨਹੀਂ, ਪਰ ਇਹ ਆਖ ਸਕਦੇ ਹਾਂ ਜੋ ਸੁੱਤਿਆਂ ਜਾਗਦਿਆਂ ਉਸ ਦੇ ਮਨ ਦੀ ਦਸ਼ਾ ਜ਼ਰੂਰ ਉਸ ਬੱਚੇ ਵਾਂਗ ਸੀ, ਜਿਸ ਦੇ ਨਾਲ ਇਹ ਇਕਰਾਰ ਕੀਤਾ ਗਿਆ ਹੋਵੇ ਜੋ ਦਿਨ ਚੜ੍ਹੇ ਉਸ ਨੂੰ ਕੋਈ ਨਵਾਂ ਖਿਡੌਣਾ ਮਿਲੇਗਾ।

੩.
ਅਜੇ ਪਹਾੜੀਆਂ ਤੇ ਲੋ ਵੀ ਨਹੀਂ ਸੀ ਹੋਈ ਜੋ ਮਾਇਆ ਦਾਸ ਜਾਗ ਪਿਆ ਤੇ ਬਿਸਤਰੇ ਵਿਚੋਂ ਬਾਹਵਾਂ ਬਾਹਰ ਪਸਾਰ ਕੇ ਲਾਗੇ ਪਈਆਂ ਚੀਜ਼ਾਂ ਨੂੰ ਛੋਹਣ ਲੱਗ ਪਿਆ ਤਾਂ ਜੁ ਵੇਖੇ ਜੋ ਉਸ ਓਪਰੇ ਜੀਵ ਦੀ ਬਖ਼ਸ਼ੀ ਹੋਈ ਸ਼ਕਤੀ ਉਸ ਵਿਚ ਆ ਗਈ ਹੈ ਜਾਂ ਨਹੀਂ। ਉਸ ਨੇ ਨਾਲ ਦੀ ਕੁਰਸੀ ਤੇ ਉਂਗਲ ਲਾਈ, ਹੋਰ ਚੀਜ਼ਾਂ ਨੂੰ ਵੀ ਛੋਹਿਆ ਪਰ ਉਸ ਦੀ ਨਿਰਾਸਤਾ ਦੀ ਕੋਈ ਹੱਦ ਨਾ ਰਹੀ, ਜਦੋਂ ਉਸ ਨੇ ਵੇਖਿਆ ਜੋ ਉਨ੍ਹਾਂ ਚੀਜ਼ਾਂ ਵਿਚ ਕੋਈ ਬਦਲੀ ਨਹੀਂ ਹੋਈ।
ਹੁਣ ਤਾਂ ਉਹ ਸ਼ੱਕ ਕਰਨ ਲੱਗ ਪਿਆ, ਜੋ ਉਸ ਨੇ ਉਸ ਨੂਰਾਨੀ ਜੀਵ ਨੂੰ ਸੁਪਨੇ ਵਿਚ ਹੀ ਵੇਖਿਆ ਸੀ, ਜਾਂ ਉਸ ਨੇ ਕੂੜੇ ਲਾਰੇ ਲਾ ਕੇ ਉਸ ਧੋਖਾ ਹੀ ਦਿੱਤਾ ਹੈ।
ਉਫ਼ ! ਇਤਨੀ ਤੀਬਰ ਆਸ ਦੇ ਮਗਰੋਂ ਜੇ ਕਦੇ ਉਸ ਨੂੰ ਫਿਰ ਅੱਗੇ ਵਾਂਗ ਹੀ ਮਾਇਆ ਇਕਤ੍ਰ ਕਰਨ ਲਈ ਧੰਦਾ ਕਰਨਾ ਪਿਆ ਤਾਂ ਇਸ ਤੋਂ ਵੱਧ ਕੇ ਉਸ ਲਈ ਹੋਰ ਕਿਹੜੀ ਔਕੜ ਹੋ ਸਕਦੀ ਹੈ।
ਅਜੇ ਪਹੁ ਫੁਟੀ ਹੀ ਸੀ ਤੇ ਸੂਰਜ ਦੀਆਂ ਕਿਰਨਾਂ ਨਹੀਂ ਨਿਕਲੀਆਂ ਸਨ, ਪਰ ਮਾਇਆ ਦਾਸ ਇਹ ਸਮਝ ਜੋ ਉਸ ਦੀਆਂ ਸਾਰੀਆਂ ਆਸਾਂ ਤੇ ਪਾਣੀ ਫਿਰ ਗਿਆ ਹੈ, ਉਦਾਸ ਚਿਤ ਮੰਜੇ ਤੇ ਪਲਸੇਟੇ ਮਾਰਦਾ ਰਿਹਾ। ਇਤਨੇ ਵਿਚ ਸੂਰਜ ਦੀ ਪਹਿਲੀ ਕਿਰਨ ਬਾਰੀ ਵਿਚੋਂ ਆ ਉਸ ਦੇ ਸਿਰ ਦੇ ਉਤੇ ਛਤ ਤੇ ਜਾ ਪਈ। ਹੁਣ ਇਸ ਨੂੰ ਇਉਂ ਭਾਸਿਆ ਜੋ ਇਸ ਇਕ ਨਿੱਕੀ ਸੁਨਹਿਰੀ ਕਿਰਨ ਦੀ ਲਿਸ਼ਕ ਨੇ ਉਸ ਦੇ ਬਿਸਤਰੇ ਦੀ ਚਿੱਟੀ ਚਾਦਰ ਨੂੰ ਓਪਰੀ ਤਰ੍ਹਾਂ ਚਮਕਾ ਦਿੱਤਾ ਹੈ। ਜਦੋਂ ਉਸ ਨੇ ਗਹੁ ਨਾਲ ਵੇਖਿਆ ਤਾਂ ਇਹ ਵੇਖ ਕੇ ਉਸ ਦੀ ਹੈਰਾਨੀ ਦੀ ਕੋਈ ਹੱਦ ਹੀ ਨਾ ਰਹੀ ਜੋ ਇਹ ਚਾਦਰ ਕੱਪੜੇ ਦੀ ਨਹੀਂ ਸੀ, ਸਗੋਂ ਅਸਲ ਪਾਸੇ ਦੇ ਸੋਨੇ ਦੀ ਡਾਢੀ ਕਾਰੀਗਰੀ ਨਾਲ ਮਹੀਨ ਬਣੀ ਹੋਈ ਜਾਲੀ ਸੀ। ਠੀਕ ਪਹਿਲੀ ਕਿਰਨ ਦੇ ਨਾਲ ਹੀ ਉਹ ਸ਼ਕਤੀ ਆ ਗਈ ਸੀ।
ਖ਼ੁਸ਼ੀ ਵਿਚ ਕੱਪੜਿਆਂ ਤੋਂ ਬਾਹਰ ਹੋ ਮਾਇਆ ਦਾਸ ਬਿਸਤਰੇ ਤੋਂ ਉਠ ਕੇ ਦੌੜ ਦੌੜ ਕਮਰੇ ਵਿਚ ਪਈਆਂ ਹੋਰ ਚੀਜ਼ਾਂ ਨੂੰ ਛੋਹਣ ਲੱਗਾ। ਉਸ ਨੇ ਇਕ ਪਾਵੇ ਤੇ ਹੱਥ ਲਾਇਆ ਤੇ ਉਹ ਉਸੇ ਵੇਲੇ ਹੀ ਸੋਨੇ ਦਾ ਹੋ ਗਿਆ। ਆਪਣੇ ਇਸ ਕੌਤਕ ਨੂੰ ਚੰਗੀ ਤਰ੍ਹਾਂ ਵੇਖਣ ਲਈ ਜਦੋਂ ਉਸ ਨੇ ਬਾਰੀ ਦੇ ਅਗੋਂ ਚਿਕ ਚੁਕੀ, ਇਹ ਉਸ ਦੇ ਹੱਥ ਵਿਚ ਹੀ ਸੋਨੇ ਦੀ ਹੋ ਗਈ। ਮੇਜ਼ ਦੇ ਉਤੋਂ ਉਸ ਨੇ ਇਕ ਪੁਸਤਕ ਚੁਕੀ, ਹੱਥ ਲਾਉਣ ਦੀ ਦੇਰੀ ਸੀ ਜੋ ਉਹ ਇਹੋ ਜਿਹੀ ਸੁੰਦਰ ਸੁਨਹਿਰੀ ਜਿਲਦ ਵਾਲੀ ਪੋਥੀ ਬਣ ਗਈ, ਜਿਹੋ ਜਿਹੀਆਂ ਅੱਜ ਕਲ ਕਿਧਰੇ ਨਹੀਂ ਵੇਖੀਦੀਆਂ। ਜਦੋਂ ਉਸ ਨੇ ਉੱਗਲ ਨਾਲ ਪੱਤਰੇ ਪਰਤੇ ਤਾਂ ਉਸ ਨੂੰ ਪਤਾ ਲੱਗਾ ਜੋ ਉਹ ਸਾਰੇ ਹੀ ਸੋਨੇ ਦੇ ਪੱਤਰੇ ਹੋ ਗਏ ਹਨ, ਜਿਨ੍ਹਾਂ ਤੋਂ ਕੁਝ ਵੀ ਨਹੀਂ ਸੀ ਪੜ੍ਹਿਆ ਜਾਂਦਾ। ਛੇਤੀ ਛੇਤੀ ਉਹ ਕੱਪੜਿਆਂ ਤੇ ਆਪਣੇ ਆਪ ਨੂੰ ਸੁਨਹਿਰੀ ਪੋਸ਼ਾਕ ਵਿਚ ਜਿਹੜੀ ਭਾਵੇਂ ਅੱਗੇ ਵਾਂਗ ਹੀ ਮੁਲਾਇਮ ਸੀ, ਪਰ ਭਾਰੀ ਜ਼ਰੂਰ ਹੋ ਗਈ ਸੀ, ਵੇਖ ਕੇ ਡਾਢਾ ਪ੍ਰਸੰਨ ਹੋਇਆ।
ਉਸ ਨੇ ਜੇਬ ਵਿਚੋਂ ਆਪਣਾ ਰੁਮਾਲ ਕੱਢਿਆ, ਜਿਹੜਾ ਸੋਨੀ ਦੇ ਹੱਥ ਦਾ ਬੁਣਿਆ ਸੀ, ਉਹ ਵੀ ਹੋਰਨਾਂ ਚੀਜ਼ਾਂ ਵਾਂਗ ਹੀ ਸੋਨੇ ਦਾ ਬਣ ਗਿਆ ਸੀ ਤੇ ਪਿਆਰੀ ਬੱਚੀ ਦੇ ਹੱਥ ਦੇ ਹਾਸ਼ੀਏ ਦੇ ਤਰੋਪੇ ਵੀ ਤਿੱਲੇ ਵਿਚ ਭਰੇ ਹੋਏ ਦਿੱਸਦੇ ਸਨ। ਭਾਵੇਂ ਕੁਝ ਵੀ ਹੋਵੇ ਇਸ ਅਖੀਰੀ ਤਬਦੀਲੀ ਨੇ ਉਸ ਨੂੰ ਪ੍ਰਸੰਨ ਨ ਕੀਤਾ, ਉਹ ਚਾਹੁੰਦਾ ਸੀ ਜੋ ਬੱਚੀ ਦੇ ਹੱਥ ਦਾ ਬਣਿਆ ਹੋਇਆ ਰੁਮਾਲ ਉਸੇ ਤਰ੍ਹਾਂ ਰਹਿੰਦਾ, ਜਿਸ ਤਰ੍ਹਾਂ ਉਸ ਨੇ ਪਿਤਾ ਦੇ ਗੋਡੇ ਚੜ੍ਹ ਪਿਆਰ ਭਰੇ ਹੱਥਾਂ ਨਾਲ ਉਸ ਦੇ ਹੱਥ ਵਿਚ ਦਿੱਤਾ ਸੀ। ਪਰ ਮਾਇਆ ਦਾਸ ਇਹੋ ਜਿਹਾ ਬੰਦਾ ਨਹੀਂ ਸੀ ਜੋ ਇਸ ਰਤੀ ਕੁ ਗੱਲ ਲਈ ਤੰਗ ਪਿਆ ਹੋਵੇ। ਜੇਬ ਵਿਚੋਂ ਐਨਕਾਂ ਕੱਢ ਕੇ ਲਾਈਆਂ ਤਾਂ ਜੋ ਆਪਣੇ ਇਨ੍ਹਾਂ ਕੌਤਕਾਂ ਨੂੰ ਚੰਗੀ ਤਰ੍ਹਾਂ ਵੇਖ ਸਕੇ।
ਉਨ੍ਹੀਂ ਦਿਨੀ ਐਨਕਾਂ ਹਰ ਕਿਸੇ ਦੇ ਲਾਉਣ ਲਈ ਨਹੀਂ ਬਣੀਆਂ ਸਨ। ਕੇਵਲ ਰਾਜੇ ਮਹਾਰਾਜੇ ਹੀ ਇਹ ਪਹਿਨਦੇ ਹੁੰਦੇ ਸਨ। ਭਾਵੇਂ ਇਹ ਸ਼ੀਸ਼ੇ ਬੜੇ ਵਧੀਆ ਸਨ, ਪਰ ਹੁਣ ਮਾਇਆ ਦਾਸ ਨੂੰ ਇਨ੍ਹਾਂ ਵਿਚੋਂ ਕੁਝ ਵੀ ਵਿਖਾਈ ਨਹੀਂ ਦਿੰਦਾ ਸੀ। ਜਦੋਂ ਉਸ ਨੇ ਉਤਾਰ ਕੇ ਵੇਖਿਆ ਤਾਂ ਉਹ ਸ਼ੀਸ਼ੇ ਹੀ ਨਹੀਂ ਸਨ, ਸਗੋਂ ਪੀਲੇ ਸੋਨੇ ਦੇ ਟੋਟੇ ਸਨ। ਭਾਵੇਂ ਸੋਨੇ ਕਰ ਕੇ ਹੁਣ ਉਹ ਵਡਮੁੱਲੀ ਸੀ ਪਰ ਐਨਕ ਦੇ ਕੰਮ ਲਈ ਹੁਣ ਕੌਡੀਓ ਵੀ ਖੋਟੀ ਸੀ। ਮਾਇਆ ਦਾਸ ਕੁਝ ਥੋੜ੍ਹਾ ਜਿਹਾ ਘਬਰਾਇਆ ਜੋ ਬੇ-ਸ਼ੁਮਾਰ ਦੌਲਤ ਦੇ ਹੁੰਦਿਆਂ ਉਸ ਨੂੰ ਮੁੜ ਕਦੇ ਕੰਮ ਦੇਣ ਵਾਲੀਆਂ ਐਨਕਾਂ ਨਹੀਂ ਹੋ ਸਕਣਗੀਆਂ।
ਕੁਝ ਵਿਚਾਰ ਦੇ ਮਗਰੋਂ ਉਹ ਆਪਣੇ ਦਿਲ ਵਿਚ ਆਖਣ ਲੱਗਾ, "ਜਿਥੇ ਇਤਨਾ ਲਾਭ ਹੋਇਆ ਹੈ, ਜੇ ਥੋੜ੍ਹੀ ਜਿਤਨੀ ਔਕੜ ਆ ਗਈ ਤਾਂ ਕੀ ਡਰ ਹੈ। ਇਸ ਸ਼ਕਤੀ ਦੇ ਪ੍ਰਾਪਤ ਕਰਨ ਲਈ ਜੇ ਅੱਖਾਂ ਦੀ ਨਹੀਂ ਤਾਂ ਐਨਕਾਂ ਦੀ ਕੁਰਬਾਨੀ ਤਾਂ ਵੱਡੀ ਮਾਮੂਲੀ ਗੱਲ ਹੈ। ਮਾਮੂਲੀ ਕੰਮਾਂ ਲਈ ਤਾਂ ਮੇਰੀਆਂ ਅੱਖਾਂ ਕੰਮ ਦਿੰਦੀਆਂ ਰਹਿਣਗੀਆਂ, ਬਾਕੀ ਪੜ੍ਹਨ ਲਿਖਣ ਲਈ ਸੋਨੀ ਛੇਤੀ ਹੀ ਵੱਡੀ ਹੋ ਕੇ ਮੇਰੀ ਸਹਾਇਤਾ ਕਰਨ ਲੱਗ ਪਏਗੀ।
ਓਏ ਤੂੰ ਰਾਜਾ ਏਂ ਕੁਲ ਦੁਨੀਆਂ ਦਾ, ਮਿਲ ਗਿਆ ਤੇਨੂੰ ਸੁੱਚਾ ਵਰ !
ਜਿਸ ਦੇ ਪਿਛੇ ਫਿਰੇ ਜ਼ਮਾਨਾ, ਉਸ ਦੀ ਰੁਲ ਪਈ ਤੇਰੇ ਘਰ !
ਜਿਸ ਸੋਨੇ ਦੀ ਮਿਲਦੀ ਸੋ ਨਾ, ਓਹ ਤੇਰੀ ਅੱਖਾਂ ਦਾ ਨੂਰ !
ਫੁੱਲਾਂ ਦੀ ਖ਼ੁਸਬੂ ਦੀ ਖ਼ਾਤਰ, ਕੰਡਿਆਂ ਦੀ ਪਰਵਾਹ ਨ ਕਰ !

ਸਿਆਣਾ ਰਾਜਾ ਮਾਇਆ ਦਾਸ ਆਪਣੇ ਇਸ ਭਾਗਾਂ ਤੇ ਇਤਨਾ ਪ੍ਰਸੰਨ ਸੀ ਜੋ ਉਸ ਨੂੰ ਇਉਂ ਭਾਸਦਾ ਸੀ ਜੋ ਮਹਿਲ ਇਕ ਤੰਗ ਥਾਂ ਹੈ ਤੇ ਉਹ ਉਥੇ ਮਿਟ ਨਹੀਂ ਸਕਦਾ। ਇਸ ਲਈ ਉਹ ਥਲੇ ਉਤਰਿਆ ਤੇ ਇਹ ਵੇਖ ਕੇ ਜੋ ਪਉੜੀਆਂ ਦਾ ਡੰਡਾ ਜਿਸ ਉਤੇ ਉਸ ਨੇ ਹੱਥ ਰੱਖਿਆ ਹੈ, ਸੋਨੇ ਦਾ ਹੋ ਗਿਆ ਹੈ, ਹੱਸਿਆ। ਉਸ ਨੇ ਕੁੰਡੀ ਖੋਲ੍ਹੀ ਜਿਹੜੀ ਇਕ ਮਿੰਟ ਪਹਿਲਾਂ ਤਾਂ ਪਿਤਲ ਦੀ ਸੀ, ਪਰ ਹੁਣ ਉਸ ਦੇ ਹੱਥ ਲਗਣ ਨਾਲ ਸੋਨੇ ਦੀ ਹੋ ਗਈ ਸੀ ਤੇ ਬਾਗ਼ ਵਿਚ ਜਾ ਵੜਿਆ। ਇਥੇ ਉਸ ਦੀ ਨਜ਼ਰ ਬੂਟਿਆਂ ਤੇ ਪਈ, ਜਿਨ੍ਹਾਂ ਨਾਲ ਕਿਧਰੇ ਖਿੜੇ ਫੁਲ ਤੇ ਕਿਧਰੇ ਬੰਦ ਕਲੀਆਂ ਲਗੀਆਂ ਹੋਈਆਂ ਸਨ। ਅੰਮ੍ਰਿਤ ਵੇਲੇ ਦੀ ਹਵਾ ਵਿਚ ਉਨ੍ਹਾਂ ਦੀ ਡਾਢੀ ਭਿੰਨੀ ਭਿੰਨੀ ਸੁਗੰਧੀ ਸੀ ਤੇ ਇਨ੍ਹਾਂ ਕੋਲੋਂ ਵਧ ਕੇ ਸੰਸਾਰ ਵਿਚ ਹੋਰ ਕੋਈ ਸ਼ੈ ਸੁੰਦਰ ਨਹੀਂ ਸੀ ਜਾਪਦੀ, ਪਰੰਤੂ ਆਪਣੀ ਸਮਝ ਅਨੁਸਾਰ ਮਾਯਾ ਦਾਸ ਨੂੰ ਇਕ ਹੋਰ ਢੰਗ ਪਤਾ ਸੀ, ਜਿਸ ਦਵਾਰੇ ਉਹ ਇਨ੍ਹਾਂ ਫੁਲਾਂ ਨੂੰ ਵਧੀਕ ਕੀਮਤੀ ਬਣਾ ਸਕਦਾ ਸੀ। ਉਸ ਨੇ ਬਾਗ਼ ਵਿਚ ਦੌੜ ਲਾਉਣੀ ਸ਼ੁਰੂ ਕਰ ਦਿਤੀ ਤਾਂ ਜੁ ਉਸ ਦੇ ਜਾਦੂ ਦੇ ਅਸਰ ਵਾਲੀ ਛੋਹ ਤੋਂ ਕੋਈ ਬੂਟਾ ਵੀ ਖਾਲੀ ਨ ਰਹਿ ਜਾਏ। ਬਸ ਸਾਰੇ ਫੁੱਲ ਤੇ ਕਲੀਆਂ ਸਗੋਂ ਉਨ੍ਹਾਂ ਦੇ ਅੰਦਰ ਬੈਠੇ ਭੰਵਰ ਵੀ ਉਸ ਦੀ ਛੋਹ ਦੇ ਕਾਰਨ ਕੰਚਨ ਹੋ ਗਏ। ਇਤਨੇ ਵਿਚ ਪ੍ਰਸ਼ਾਦ ਦਾ ਵੇਲਾ ਹੋ ਗਿਆ ਤੇ ਅੰਮ੍ਰਤ ਵੇਲੇ ਦੀ ਹਵਾ ਵਿਚ ਦੌੜ ਭੱਜ ਕਰਦੇ ਉਸ ਨੂੰ ਭੁਖ ਵੀ ਚੰਗੀ ਲਗੀ ਹੋਈ ਸੀ, ਇਸ ਲਈ ਕਾਹਲੀ ੨ ਪ੍ਰਸ਼ਾਦ ਦੇ ਅਸਥਾਨ ਤੇ ਪੁਜਾ। ਅਜੇ ਸੋਨੀ ਉਥੇ ਨਹੀਂ ਪੁਜੀ ਸੀ, ਇਸ ਲਈ ਰਾਜੇ ਨੇ ਇਕ ਨੌਕਰ ਨੂੰ ਭੇਜਿਆ ਜੋ ਉਸ ਨੂੰ ਬੁਲਾ ਕੇ ਲੈ ਆਵੇ ਤੇ ਮੇਜ਼ ਦੇ ਦਵਾਲੇ ਬਹਿ ਕੇ ਲਗਾ ਆਪ ਉਸ ਦੀ ਉਡੀਕ ਕਰਨ। ਅਜੇ ਬੈਠੇ ਨੂੰ ਥੋੜਾ ਚਿਰ ਹੀ ਹੋਇਆ ਸੀ ਜੋ ਉਸ ਦੇ ਕੰਨਾਂ ਵਿਚ ਸੋਨੀ ਦੇ ਰੋਣ ਦੀ ਅਵਾਜ਼ ਪਈ ਤੇ ਉਹ ਤ੍ਰਬਕ ਕੇ ਉਠ ਖਲੋਤਾ। ਇਸ ਗਲ ਨੇ ਉਸ ਨੂੰ ਵੱਡਾ ਹੈਰਾਨ ਕਰ ਦਿਤਾ, ਕਿਉਂ ਜੋ ਸੋਨੀ ਉਹਨਾਂ ਕੁੜੀਆਂ ਵਿਚੋਂ ਇਕ ਸੀ ਜਿਹੜੀਆਂ ਸਦਾ ਹੀ ਖਿੜੇ ਮਥੇ ਹਸੂੰ ਹਸੂੰ ਕਰਦੀਆਂ ਰਹਿੰਦੀਆਂ ਹਨ ਤੇ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਜੋ ਰੋਣਾ ਕਿਸ ਨੂੰ ਆਖਦੇ ਹਨ। ਅਜ ਦੇ ਦਿਨ ਜਦੋਂ ਮਾਇਆ ਦਾਸ ਆਪਣੀ ਨਵੀਂ ਸ਼ਕਤੀ ਦੇ ਕਰਕੇ ਵਡਾ ਹੀ ਪ੍ਰਸੰਨ ਬੈਠਾ ਸੀ, ਇਸ ਕੁੜੀ ਦੇ ਰੋਣ ਦੀ ਅਵਾਜ਼ ਕਰਕੇ ਉਸ ਦਾ ਦਿਲ ਧੜਕਣ ਲਗ ਪਿਆ। ਇਤਨੇ ਵਿਚ ਰੋਂਦੀ ਰੋਂਦੀ ਸੋਨੀ ਵੀ ਕਮਰੇ ਵਿਚ ਪੁਜ ਗਈ। ਉਸਨੂੰ ਵੇਖ ਕੇ ਮਾਇਆ ਦਾਸ ਨੇ ਪਿਆਰ ਨਾਲ ਆਖਿਆ, "ਕਿਉਂ ਪੁਤ੍ਰੀ ਸੋਨੀ ਕੀ ਗਲ ਹੈ ਜੋ ਅਜ ਖੁਸ਼ੀ ਦੇ ਦਿਨ ਤੂੰ ਸਵੇਰੇ ਸਵੇਰੇ ਹੀ ਰੋਣ ਲਗ ਪਈ ਏਂ?"

ਸੋਨੀ ਨੇ ਆਪਣੀਆ ਅੱਖਾਂ ਰੁਮਾਲ ਨਾਲ ਪੂੰਜਦੇ ਹੋਏ ਆਪਣਾ ਨਿੱਕਾ ਜਿਹਾ ਹੱਥ ਅਗੇ ਕੀਤਾ, ਜਿਸ ਵਿਚ ਇਕ ਗੁਲਾਬ ਦਾ ਫੁੱਲ ਸੀ ਜਿਸ ਨੂੰ ਹੁਣੇ ਹੀ ਰਾਜੇ ਹੁਰੀ ਸੋਨੇ ਦਾ ਬਣਾ ਆਏ ਸਨ।
ਪਿਤਾ ਨੇ ਖਿੜ ਖਿੜ ਹੱਸ ਕੇ ਆਖਿਆ, “ਕਿਹਾ ਹੀ ਸੋਹਣਾ ਹੈ ਤੇ ਇਸ ਸੁਨਹਿਰੀ ਫੁਲ ਵਿਚ ਰੋਣੇ ਦੀ ਕੀ ਗਲ ਹੈ?”
ਡੁਸਕੋਰੇ ਭਰਦਿਆਂ ਹੋਇਆ ਸੋਨੀ ਨੇ ਆਖਿਆ, “ਪਾਪਾ ਜੀ ! ਤੁਸਾਂ ਵੇਖਿਆ ਨਹੀਂ, ਇਹ ਸੋਹਣਾ ਨਹੀਂ ਹੈ, ਇਹੋ ਜਿਹਾ ਭੈੜਾ ਫੁਲ ਤਾਂ ਅਜ ਤੋੜੀ ਮੈਂ ਕਦੇ ਵੇਖਿਆ ਹੀ ਨਹੀਂ। ਕੱਪੜੇ ਪਾਉਂਦਿਆਂ ਹੀ ਮੈਂ ਦੌੜ ਕੇ ਬਾਗ਼ ਵਲ ਗਈ ਤਾਂ ਜੁ ਤੁਹਾਡੇ ਲਈ ਫੁਲ ਚੁਣ ਲਿਆਵਾਂ, ਪਰ ਮੈਂ ਕੀ ਦਸਾਂ, ਰਬ ਜਾਣੇ ਕੀ ਕਹਿਰ ਹੋ ਗਿਆ ਹੈ, ਜੋ ਸਾਰੇ ਫੁਲ ਜਿਹੜੇ ਇਹੋ ਜਿਹੇ ਸੁੰਦਰ ਖਿੜਦੇ ਤੇ ਸੁਗੰਧੀ ਦਿਤਾ ਕਰਦੇ ਸਨ, ਅਜ ਸੁੱਕੇ ਸੜੇ ਪਏ ਸਨ। ਐਹ ਵੇਖੋ ਖਾਂ, ਸਾਰੇ ਇਹੋ ਜਿਹੇ ਪੀਲੇ ਹੋਏ ਪਏ ਹਨ ਤੇ ਨਾਉਂ ਮਾਤ੍ਰ ਵੀ ਸੁਗੰਧੀ ਨਹੀਂ ਦਿੰਦੇ, ਖਬਰੇ ਕੀ ਹੋ ਗਿਆ ਹੈ।"
ਮਾਇਆ ਦਾਸ ਨੇ ਜਿਸ ਨੂੰ ਇਸ ਗਲ ਦੇ ਮੰਨਣ ਵਿਚ ਸ਼ਰਮ ਆਉਂਦੀ ਸੀ ਜੋ ਇਸ ਸਾਰੀ ਤਬਦੀਲੀ ਦਾ ਕਾਰਨ, ਜਿਸ ਨੇ ਉਸ ਬੱਚੀ ਦੇ ਮਸੂਮ ਦਿਲ ਨੂੰ ਇਤਨਾ ਦੁਖੀ ਕੀਤਾ ਹੈ, ਉਹ ਆਪ ਹੀ ਹੈ, ਹੌਲੇ ਜਿਹੇ ਆਖਿਆ, "ਵਾਹ ਝਲੀਏ ਕੁੜੀਏ ! ਇਸੇ ਕਰਕੇ ਪਈ ਰੋਂਦੀ ਹੈਂ ! ਬਹਿ ਕੇ ਰੋਟੀ ਖਾ ਲੈ, ਤੈਨੂੰ ਛੇਤੀ ਹੀ ਪਤਾ ਲਗ ਜਾਵੇਗਾ ਜੋ ਇਹੋ ਜਿਹਾ ਸੁਨਹਿਰੀ ਫੁਲ ਜਿਹੜਾ ਸੈਂਕੜੇ ਸਾਲ ਇਸੇ ਤਰ੍ਹਾਂ ਚਮਕਦਾ ਰਹੇਗਾ, ਉਸ ਮਾਮੂਲੀ ਫੁਲ ਕੋਲੋਂ ਜਿਹੜਾ ਇਕ ਦਿਨ ਵਿਚ ਹੀ ਖਰਾਬ ਹੋ ਜਾਂਦਾ ਹੈ, ਹਜ਼ਾਰਾਂ ਗੁਣਾ ਚੰਗਾ ਹੈ !"
ਸੋਨੀ ਨੇ ਘ੍ਰਿਣਾ ਨਾਲ ਫੁੱਲ ਨੂੰ ਹਥੋਂ ਪਰੇ ਸੁਟਦਿਆਂ ਕਿਹਾ, “ਮੈਂ ਇਨ੍ਹਾਂ ਨੂੰ ਕੀ ਕਰਾਂ?"
ਵਿੱਲਾ ਵਲੂ ਦੇ ਮਾਇਆ ਦਾਸ ਨੇ ਸੋਨੀ ਨੂੰ ਆਪਣੇ ਕੋਲ ਇਕ ਉੱਚੀ ਕੁਰਸੀ ਤੇ ਬਿਠਾ ਲਿਆ ਤੇ ਨੌਕਰਾਂ ਨੇ ਪਰਸ਼ਾਦ ਅਗੇ ਲਿਆ ਰਖਿਆ।
ਰਾਜੇ ਨੇ ਚਾਹ ਦੀ ਪਿਆਲੀ ਭਰਨ ਲਈ ਚਾਹਦਾਨੀ ਚੁਕੀ, ਪਰ ਉਸ ਦੇ ਹਥਾਂ ਵਿਚ ਹੀ ਉਹ ਸੋਨੇ ਦੀ ਹੋ ਗਈ।
ਇਹ ਵੇਖ ਕੇ ਉਹ ਸੋਚਣ ਲਗਾ ਜੋ ਹੁਣ ਇਨ੍ਹਾਂ ਭਾਂਡਿਆਂ ਨੂੰ ਰਖਾਂਗਾ ਕਿਥੇ, ਹਰ ਇਕ ਚੀਜ਼ ਸੋਨੇ ਦੀ ਹੁੰਦੀ ਜਾਂਦੀ ਹੈ, ਰਸੋਈ ਵਿਚ ਤਾਂ ਇਨ੍ਹਾਂ ਦੇ ਚੁਰਾਏ ਜਾਣ ਦਾ ਹਰ ਵੇਲੇ ਤੌਖਲਾ ਹੀ ਰਹੇਗਾ।
ਇਨ੍ਹਾਂ ਵਿਚਾਰਾਂ ਵਿਚ ਹੀ ਉਸ ਨੇ ਚਾਹ ਦੀ ਇਕ ਚਮਚ ਭਰ ਕੇ ਮੂੰਹ ਨੂੰ ਲਾਈ। ਅਜੇ ਹੋਠਾਂ ਨਾਲ ਛੋਹੀ ਹੀ ਸੀ ਜੋ ਪਿਘਲਿਆ ਹੋਇਆ ਸੋਨਾ ਹੋਕੇ ਸਖਤ ਹੋ ਗਈ। ਮਾਇਆ ਦਾਸ ਨੇ ਰਤੀ ਕੁ ਘਬਰਾ ਕੇ ਆਖਿਆ, “ਹੈਂ, ਇਹ ਕੀ ? ਸੋਨੀ ਨੇ ਪਿਤਾ ਵਲ ਦੇਖ ਕੇ ਆਖਿਆ, "ਕਿਉਂ ਪਿਤਾ ਜੀ ਕੀ ਹੋਇਆ ਹੈ ?” “ਕੁਝ ਨਹੀਂ, ਕੁਝ ਨਹੀਂ ਤੂੰ ਆਪਣੇ ਦੁੱਧ ਦਾ ਗਲਾਸ ਪੀ ਲੈ, ਠੰਢਾ ਨ ਹੋ ਜਾਵੇ !" ਛੇਤੀ ਛੇਤੀ ਉਸ ਨੇ ਇਕ ਅੰਡਾ ਚੁਕਿਆ ਤਾਂ ਜੁ ਕਾਹਲੀ ਕਾਹਲੀ ਮੂੰਹ ਵਿਚ ਪਾਏ, ਪਰ ਉਸ ਦੇ ਹਥ ਲਗਦਿਆਂ ਹੀ ਉਹ ਸੋਨੇ ਦਾ ਹੋ ਗਿਆ। ਹੁਣ ਤਾਂ ਉਸ ਨੂੰ ਫ਼ਿਕਰ ਪਿਆ ਜੋ ਖਾਧੇ ਬਿਨਾਂ ਜੀਵਾਂਗਾ ਕਿਵੇਂ ? ਇਕ ਗਰਮ ਗਰਮ ਆਲੂ ਛੇਤੀ ਛੇਤੀ ਮੂੰਹ ਵਿਚ ਪਾਇਆ ਜੋ ਸ਼ੈਦ ਸੋਨਾ ਹੋਣ ਤੋਂ ਪਹਿਲਾਂ ਹੀ ਸੰਘੋ ਉਤਰ ਜਾਏ, ਪਰ ਕੰਚਨ ਛੋਹ ਉਸ ਕੋਲੋਂ ਵੀ ਤੇਜ਼ ਸੀ, ਉਸ ਦਾ ਮੂੰਹ ਆਲੂ ਨਾਲ ਨਹੀਂ, ਸਗੋਂ ਸੋਨੇ ਦੀ ਗਰਮ ਡਲੀ ਨਾਲ ਸੜ ਗਿਆ ਤੇ ਦਰਦ ਦੇ ਮਾਰੇ ਕੁਰਸੀ ਤੋਂ ਕੁਦ ਕੇ ਟੱਪਣ ਲਗ ਪਿਆ।
ਸੋਨੀ ਨੇ ਪਿਆਰ ਨਾਲ ਆਖਿਆ, "ਪਾਪਾ ਜੀ ! ਕੀ ਹੋਇਆ ਹੈ ? ਕੀ ਮੂੰਹ ਸਾੜ ਲਿਆ ਜੇ ?”
ਮਾਇਆਂ ਦਾਸ ਨੇ ਡਾਢੇ ਦੁਖ ਨਾਲ ਆਖਿਆ, “ਪਿਆਰੀ ਸੋਨੀ, ਕੀ ਦਸਾਂ, ਪਤਾ ਨਹੀਂ ਤੇਰੇ ਪਾਪੇ ਨਾਲ ਕੀ ਬੀਤੇਗੀ।"
ਹੁਣ ਤਾਂ ਮਾਇਆ ਦਾਸ ਨੂੰ ਹੋਸ਼ ਆਈ ਕਿ ਇਕ ਗ਼ਰੀਬ ਤੋਂ ਗ਼ਰੀਬ ਮਜ਼ਦੂਰ ਵੀ ਜਿਹੜਾ ਸਾਰੀ ਦਿਹਾੜੀ ਮਜ਼ਦੂਰੀ ਕਰਨ ਮਗਰੋਂ ਸੰਧਿਆ ਵੇਲੇ ਹੀ ਇਕ ਬਾਜਰੇ ਦੀ ਰੋਟੀ ਤੇ ਪਾਣੀ ਦੇ ਛੰਨੇ ਨਾਲ ਢਿਡ ਭਰ ਲੈਂਦਾ ਹੈ, ਉਸ ਕੋਲੋਂ ਹਜ਼ਾਰਾਂ ਦਰਜੇ ਚੰਗਾ ਹੈ। ਸਵੇਰ ਵੇਲੇ ਦੀ ਭੁਖ ਲਗੀ ਹੋਈ ਹੈ, ਪਰ ਅੰਦਰ ਕੁਝ ਨਹੀਂ ਜਾ ਸਕਿਆ। ਸੰਧਿਆ ਨੂੰ ਕੀ ਹੋਵੇਗਾ ? ਭੁਖ ਕਿਤਨੀ ਤੇਜ਼ ਹੋਵੇਗੀ ਪਰ ਉਦੋਂ ਵੀ ਕੁਝ ਨਹੀਂ ਖਾਧਾ ਜਾਣਾ। ਇਸ ਦਸ਼ਾ ਵਿਚ ਕਿਤਨੇ ਦਿਨ ਉਹ ਜੀ ਸਕੇਗਾ ? "ਹਜ਼ਾਰਾਂ ਲਖਾਂ ਰੁਪਿਆਂ ਤੋਂ ਵੀ ਮੈਨੂੰ ਹੁਣ ਇਕ ਰੋਟੀ ਦਾ ਟੋਟਾ ਜਾਂ ਅੰਡਾ ਹਥ ਨਹੀਂ ਆ ਸਕਦਾ। ਕੀ ਸੰਸਾਰ ਵਿਚ ਸੋਨਾ ਹੀ ਸਭ ਕੁਝ ਹੈ ?"
ਭਾਵੇਂ ਉਸ ਦੇ ਮਨ ਵਿਚ ਇਹ ਖ਼ਿਆਲ ਗੁਜ਼ਰ ਰਹੇ ਸਨ, ਪਰ ਤਾਂ ਵੀ ਅਜੇ ਇਤਨੀ ਮਾਮੂਲੀ ਗਲ ਬਦਲੇ ਇਸ ਸ਼ਕਤੀ ਨੂੰ ਛਡਣ ਲਈ ਤਿਆਰ ਨਹੀਂ ਸੀ, ਪਰ ਭੁੱਖ ਡਾਢੀ ਲਗੀ ਹੋਈ ਸੀ, ਹੁਣ ਕਰੇ ਕੀ ? ਇਸੇ ਘਬਰਾਹਟ ਵਿਚ ਉਸ ਦੇ ਮੂੰਹ ਵਿਚੋਂ ਚੀਕ ਨਿਕਲ ਗਈ। ਨਿੱਕੀ ਸੋਨੀ ਹੈਰਾਨ ਸੀ ਜੋ ਉਸ ਦੇ ਪਾਪੇ ਨੂੰ ਅਜ ਕੀ ਹੋ ਗਿਆ ਹੈ, ਆਰਾਮ ਨਾਲ ਪਰਸ਼ਾਦ ਕਿਉਂ ਨਹੀਂ ਛਕਦਾ, ਕੁਝ ਚਿਰ ਤਾਂ ਉਸ ਦੇ ਮੂੰਹ ਵਲ ਤਕਦੀ ਰਹੀ, ਫਿਰ ਉਸ ਦੇ ਦੁਖ ਨੂੰ ਨਾ ਸਹਾਰਦੀ ਹੋਈ ਕੁਰਸੀ ਤੋਂ ਉਠੀ ਤੇ ਦੌੜ ਕੇ ਉਸ ਦੇ ਗੋਡਿਆਂ ਵਿਚ ਪਿਆਰ ਨਾਲ ਆਪਣੀਆਂ ਨਿਕੀਆਂ ਨਿੱਕੀਆਂ ਬਾਹਵਾਂ ਪਾ ਲਈਆਂ। ਉਸ ਨੇ ਚੁਕ ਕੇ ਉਸ ਦੇ ਮਥੇ ਨੂੰ ਚੁੰਮਿਆ ਤੇ ਇਹ ਸਮਝ ਕੇ ਜੋ ਇਸ ਬੱਚੀ ਦਾ ਪ੍ਰੇਮ ਕੰਚਨ ਛੋਹ ਤੋਂ ਹਜ਼ਾਰਾਂ ਦਰਜੇ ਵਧ ਕੀਮਤੀ ਹੈ, ਬੋਲਿਆ, “ਮੇਰੀ ਲਾਡਲੀ ਲਾਡਲੀ ਸੋਨੀ!!"
ਪਰ ਸੋਨੀ ਨੇ ਕੋਈ ਉਤਰ ਨਾ ਦਿਤਾ।
ਹਾਏ ਕਹਿਰ ! ਇਹ ਕੀ ਹੋ ਗਿਆ ਹੈ, ਉਸ ਓਪਰੇ ਜੀਵਨ ਦਾ ਵਰ ਕਿਤਨਾ ਕੁ ਹਾਨੀਕਾਰਕ ਸੀ। ਮਾਇਆ ਦਾਸ ਦੇ ਹੋਠਾਂ ਨੇ ਸੋਨੀ ਦੇ ਮਥੇ ਨੂੰ ਛੋਹਿਆ ਹੀ ਸੀ ਜੋ ਸੋਨੀ ਹੋਰ ਦੀ ਹੋਰ ਹੋ ਗਈ। ਉਸ ਦਾ ਗੁਲਾਬ ਦੇ ਫੁੱਲ ਵਾਂਗੂੰ ਖਿੜਿਆ ਹੋਇਆ ਲਾਲ ਮੁਖੜਾ ਇਕ ਅੱਖ ਦੇ ਫਰਕਨ ਵਿਚ ਹੀ ਪੀਲਾ ਹੋ ਗਿਆ ਸੀ ਤੇ ਪੀਲੀਆਂ ਪੀਲੀਆਂ ਗਲ੍ਹਾਂ ਤੇ ਪੀਲੇ ਪੀਲੇ ਅਥਰੂੰ ਜੰਮੇ ਹੋਏ ਦਿਸਦੇ ਸਨ। ਉਸ ਦੇ ਸੁੰਦਰ ਕਾਲੇ ਕੇਸ ਵੀ ਓਸੇ ਰੰਗ ਵਿਚ ਰੰਗੇ ਪਏ ਸਨ ਤੇ ਉਸ ਦਾ ਨਰਮ ਤੇ ਸੁੰਦਰ ਸਰੀਰ ਪਿਤਾ ਦੀ ਗੋਦੀ ਵਿਚ ਹੀ ਸਖ਼ਤ ਹੋ ਗਿਆ ਸੀ। ਹਾਏ ਜੁਲਮ ਹਾਏ ਕਹਿਰ ! ਮਾਇਆ ਦਾਸ ਆਪ ਹੀ ਇਸ ਨਾ ਮਿਟਣ ਵਾਲੀ ਕਾਮਣਾ ਦਾ ਸ਼ਿਕਾਰ ਹੋ ਗਿਆ ਸੀ ਤੇ ਸੋਨੀ ਹੁਣ ਮਾਇਆ ਦਾਸ ਦੀ ਜੀਂਉਦੀ ਜਾਗਦੀ ਪੁੱਤਰੀ ਨਹੀਂ ਸੀ, ਸਗੋਂ ਸੋਨੇ ਦਾ ਨਿਕਾ ਜਿਹਾ ਚਮਕਦਾ ਦਮਕਦਾ ਬੁੱਤ ਸੀ।
ਜਦੋਂ ਮਾਇਆ ਦਾਸ ਅਤੀ ਪਰਸੰਨ ਹੁੰਦਾ, ਉਹ ਆਖਦਾ ਹੁੰਦਾ ਸੀ, ਜੋ ਸੋਨੀ ਸਚਮੁੱਚ ਸੋਨਾ ਹੈ। ਅਜ ਉਹ ਗਲ ਅੱਖਰ ਅੱਖਰ ਪੂਰੀ ਹੋ ਗਈ ਸੀ, ਪਰ ਉਸ ਦੇ ਦਿਲ ਦੀ ਨ ਪੁਛੋ। ਹੁਣ ਜਦੋਂ ਉਹ ਆਪਣਾ ਸਭ ਕੁਝ ਗਵਾ ਚੁੱਕਾ, ਉਸ ਨੂੰ ਹੋਸ਼ ਆਈ ਜੋ ਉਹ ਪਿਆਰ ਕਰਨ ਵਾਲਾ ਹਿਰਦਾ ਉਸ ਸੋਨੇ ਦੇ ਢੇਰ ਤੋਂ ਵਧੀਕ ਕੀਮਤੀ ਹੈ, ਜਿਹੜਾ ਧਰਤੀ ਤੋਂ ਅਸਮਾਨ ਤੋੜੀ ਲਾਇਆ ਜਾਵੇ।
ਮਾਇਆ ਦਾਸ ਦੇ ਮਨ ਦਾ ਮਨੋਰਥ ਪੂਰਾ ਹੋ ਗਿਆ ਸੀ, ਕੰਚਨ ਛੋਹ ਦੀ ਸ਼ਕਤੀ ਉਸ ਦੇ ਹੱਥ ਆ ਚੁਕੀ ਸੀ, ਪਰ ਇਸ ਸਮੇਂ ਉਸ ਦੀ ਦਸ਼ਾ ਦਾ ਅਨੁਮਾਨ ਤੁਸੀਂ ਆਪ ਹੀ ਲਾ ਲਵੋ। ਉਹ ਹਥ ਮਲਦਾ, ਸਿਰ ਖੋਂਹਦਾ ਤੇ ਢਾਹੀਂ ਮਾਰ ਕੇ ਰੋਂਦਾ ਸੀ। ਇਨ੍ਹਾਂ ਨੇਤਰਾਂ ਨਾਲ ਨਾ ਤਾਂ ਸੋਨੀ ਨੂੰ ਵੇਖ ਸਕਦਾ ਤੇ ਨਾ ਹੀ ਉਸ ਤੋਂ ਅੱਖ ਚੁੱਕ ਸਕਦਾ। ਜਿਉਂ ਜਿਉਂ ਉਸ ਨੂੰ ਵੇਖਦਾ, ਉਸ ਦਾ ਹਿਰਦਾ ਫੱਟਦਾ ਜਾਂਦਾ, ਕਦੇ ਖਿਆਲ ਕਰਦਾ ਜੋ ਉਹ ਸਚਮੁਚ ਸੋਨੀ ਹੈ ਤੇ ਪਿਆਰ ਭਰੀ ਨਜ਼ਰ ਨਾਲ ਉਸ ਦੇ ਵਲ ਤਕ ਰਹੀ ਹੈ, ਪਰ ਝਟ ਹੀ ਸਮਝ ਆ ਜਾਂਦੀ ਜੋ ਨਹੀਂ, ਸੋਨੀ ਦਾ ਬੁਤ ਪਿਆ ਹੈ। ਰੋ ਰੋ ਕੇ ਆਖਦਾ, ਕਿਹਾ ਹੀ ਚੰਗਾ ਹੁੰਦਾ ਜੋ ਮੈਂ ਗ਼ਰੀਬ ਹੁੰਦਾ ਤਾਂ ਜੋ ਇਹ ਦਿਨ ਵੇਖਣਾ ਨ ਪੈਂਦਾ ! ਜੇ ਕਦੇ ਕੋਈ ਮੇਰਾ ਸਾਰਾ ਧਨ ਲੈ ਕੇ ਵੀ ਇਸ ਬੱਚੀ ਦੇ ਮੁਖੜੇ ਤੇ ਰਤੀ ਕੁ ਲਾਲੀ ਲੈ ਆਵੇ ਤਾਂ ਮੈਂ ਆਪਣੇ ਧੰਨ ਭਾਗ ਸਮਝਾਂ।
ਮਾਇਆ ਦਾਸ ਨਿਰਾਸਤਾ ਦੇ ਸਾਗਰ ਵਿਚ ਡੁੱਬਾ ਪਿਆ ਸੀ, ਜਦੋਂ ਅਚਨਚੇਤ ਉਸ ਦੀ ਨਜ਼ਰ ਇਕ ਓਪਰੇ ਪੁਰਸ਼ ਤੇ ਪਈ ਜਿਹੜਾ ਦਰ ਤੇ ਖੜਾ ਸੀ। ਉਸ ਨੂੰ ਵੇਖਦਿਆਂ ਹੀ ਬਿਨਾਂ ਬੋਲੇ ਮਾਇਆ ਦਾਸ ਨੇ ਆਪਣਾ ਸਿਰ ਤਲੇ ਸੁੱਟ ਲਿਆ, ਕਿਉਂ ਜੋ ਉਸ ਨੇ ਪਛਾਣ ਲੀਤਾ ਸੀ ਜੋ ਇਹ ਓਪਰਾ ਪੁਰਸ਼ ਉਹੋ ਹੀ ਹੈ ਜਿਹੜਾ ਕਲ ਤਹਿਖਾਨੇ ਵਿਚ ਉਸ ਨੂੰ ਮਿਲਿਆ ਸੀ ਤੇ ਕੰਚਨ ਛੋਹ ਦਾ ਵਰ ਦੇ ਗਿਆ ਸੀ। ਓਪਰਾ ਪੁਰਸ਼ ਅੱਜ ਵੀ ਕਲ੍ਹ ਵਾਂਗ ਹੀ ਮੁਸਕਰਾ ਰਿਹਾ ਸੀ, ਜਿਸ ਨਾਲ ਕਮਰਾ ਤੇ ਉਸ ਵਿਚ ਪਿਆ ਸੋਨੀ ਦਾ ਬੁਤ ਤੇ ਹੋਰ ਸਾਰੀਆਂ ਚੀਜ਼ਾਂ ਚਮਕ ਉਠੀਆਂ, ਪਰ ਮਾਇਆ ਦਾਸ ਨੇ ਮੂੰਹ ਪਰੇ ਕਰ ਲੀਤਾ।
ਓਪਰੇ ਪੁਰਸ਼ ਨੇ ਕਿਹਾ, “ਦਸੋ ਮਿੱਤ੍ਰ ਮਾਇਆ ਦਾਸ, ਕੰਚਨ ਛੋਹ ਦੀ ਸ਼ਕਤੀ ਨੂੰ ਕਿਵੇਂ ਵਰਤਿਆ ਜੇ ?" ਮਾਇਆ ਦਾਸ ਨੇ ਸਿਰ ਫੇਰ ਕੇ ਆਖਿਆ, “ਮੈਂ ਡਾਢਾ ਦੁਖੀ ਹਾਂ।"
"ਹੈਂ ਦੁਖੀ ਉਹ ਕਿਵੇਂ ? ਕੀ ਮੈਂ ਆਪਣਾ ਬਚਨ ਪੂਰਾ ਨਹੀਂ ਕੀਤਾ ? ਕੀ ਮੂੰਹ ਮੰਗੀ ਮੁਰਾਦ ਤੈਨੂੰ ਨਹੀਂ ਮਿਲ ਗਈ ?"
ਮਾਇਆ ਦਾਸ ਨੇ ਉੱਤਰ ਦਿੱਤਾ, “ਸੰਸਾਰ ਵਿਚ ਸੋਨਾ ਹੀ ਸਭੋ ਕੁਝ ਨਹੀਂ। ਜਿਹੜੀ ਚੀਜ਼ ਦੁਨੀਆਂ ਵਿਚ ਸਾਰਿਆਂ ਕੋਲੋਂ ਮੈਨੂੰ ਪਿਆਰੀ ਸੀ, ਮੈਂ ਉਹ ਗਵਾ ਬੈਠਾ ਹਾਂ।"
ਇਹ ਦੁੱਖ ਦਰਦ ਪਾਇਆ, ਮੈਂ ਸੋਨੇ ਦੇ ਪਿਛੇ।
ਜ਼ਮਾਨਾ ਵੰਜਾਇਆ, ਮੈਂ ਸੋਨੇ ਦੇ ਪਿਛੇ।
ਹੈ ਸੋਨੇ ਨੇ ਕੀਤਾ, ਮੇਰੇ ਦਿਲ ਨੂੰ ਅੰਨ੍ਹਾ।
ਮੈਂ ਜੀਵਣ ਗਵਾ ਕੇ, ਭੀ ਸੋਨੇ ਨੂੰ ਬੰਨ੍ਹਾ।
ਮੈਂ ਕਿਸਮਤ ਦਾ ਹਾਰੁ, ਨਸੀਬਾਂ ਦਾ ਕੁੱਠਾ।
ਪਿਆ ਫਾਲ ਲੇਖਾਂ ਦਾ, ਮੇਰੇ ਤੇ ਪੁੱਠਾ।
ਮੈਂ ਆਯੂ ਵੰਝਾ ਦਿਤੀ, ਸੋਨੇ ਦੇ ਪਿਛੇ।
ਮੈਂ ਸੋਨੀ ਗਵਾ ਦਿਤੀ, ਸੋਨੇ ਦੇ ਪਿਛੇ।
"ਵਾਹ ਮਾਇਆ ਦਾਸ ਤਾਂ ਤੇ ਇਕੋ ਰੋਜ਼ ਵਿਚ ਹੀ ਤੈਨੂੰ ਗਿਆਨ ਹੋ ਗਿਆ ਹੈ। ਚੰਗਾ ਹੁਣ ਦਸ ਖਾਂ, ਕਿਹੜੀ ਚੀਜ਼ ਵਧੇਰੇ ਮੁੱਲ ਦੀ ਹੈ। ਇਕ ਛੰਨਾ ਠੰਡੇ ਪਾਣੀ ਦਾ ਜਾਂ ਕੰਚਨ ਛੋਹ ਦੀ ਸ਼ਕਤੀ।"
"ਹਾਏ ਪਾਣੀ ! ਹਾਏ ਪਾਣੀ !! ਪਰ ਮੇਰੇ ਸੁੱਕੇ ਸੰਘ ਨੂੰ ਹੁਣ ਪਾਣੀ ਕਿਥੋਂ ?"
"ਕੰਚਨ ਛੋਹ ਜਾਂ ਰੋਟੀ ਦਾ ਟੁਕੜਾ।"
"ਧਰਤੀ ਦੇ ਸਾਰੇ ਸੋਨੇ ਤੋਂ ਕੀਮਤੀ ਇਕ ਰੋਟੀ ਦਾ ਟੁਕੜਾ ਹੈ।"
"ਕੰਚਨ ਛੋਹ ਜਾਂ ਤੇਰੀ ਆਪਣੀ ਜੀਉਂਦੀ ਜਾਗਦੀ, ਫੁੱਲਾਂ ਵਰਗੀ ਨਰਮ ਸੋਨੀ, ਜਿਹੋ ਜਿਹੀ ਕਿ ਘੰਟਾ ਕੁ ਪਹਿਲਾਂ ਸੀ।"
ਦੁੱਖੀ ਮਾਇਆ ਦਾਸ ਨੇ ਹੱਥ ਮਲਦਿਆਂ ਆਖਿਆ, "ਮੇਰੀ ਬੱਚੀ ! ਹਾਏ ਮੇਰੀ ਬੱਚੀ !! ਇਸ ਸਾਰੀ ਧਰਤੀ ਨੂੰ ਸੋਨਾ ਬਣਾਉਣ ਦੇ ਬਦਲੇ ਵੀ ਮੈਂ ਉਸ ਦਾ ਇਕ ਵਾਲ ਵੀ ਕਿਸੇ ਨੂੰ ਵੇਖਣ ਨਾ ਦਿੰਦਾ ! ਹਾਏ, ਹੁਣ ਮੈਂ ਕੀ ਕਰਾਂ ?"
ਓਪਰੇ ਪੁਰਸ਼ ਨੇ ਉਸ ਵੱਲ ਗਹੁ ਨਾਲ ਵੇਖ ਕੇ ਆਖਿਆ, "ਰਾਜਾ ਮਾਇਆ ਦਾਸ ਅੱਜ ਤੂੰ ਕਲ ਕੋਲੋਂ ਸਿਆਣਾ ਹੈਂ, ਸ਼ੁਕਰ ਹੈ ਤਾਂ ਇਹ ਜੋ ਅਜੇ ਤੇਰਾ ਆਪਣਾ ਦਿਲ ਮਾਸ ਦੀ ਥਾਂ ਸੋਨੇ ਵਿੱਚ ਨਹੀਂ ਬਦਲ ਗਿਆ। ਜੇ ਕਦੇ ਇਹ ਹੋ ਗਿਆ ਹੁੰਦਾ ਤਾਂ ਤੇ ਕੋਈ ਆਸ ਨਾ ਰਹਿੰਦੀ। ਪਰ ਮੈਨੂੰ ਪਤਾ ਲਗਦਾ ਹੈ ਤੈਨੂੰ ਸਮਝ ਆ ਗਈ ਹੈ ਜੋ ਮਾਮੂਲੀ ਤੋਂ ਮਾਮੂਲੀ ਚੀਜ਼ਾਂ ਜਿਹੜੀਆਂ ਹਰ ਇਕ ਨੂੰ ਸਹਿਜੇ ਹੀ ਮਿਲ ਸਕਦੀਆਂ ਹਨ, ਉਸ ਸੋਨੇ ਤੋਂ ਹਜ਼ਾਰਾਂ ਗੁਣਾਂ ਵਧੇਰੇ ਕੀਮਤੀ ਹਨ, ਜਿਸ ਲਈ ਲੋਕੀ ਇਤਨਾ ਜਤਨ ਕਰਦੇ ਹਨ ਤੇ ਹਾਉਕੇ ਭਰਦੇ ਹਨ। ਫਿਰ ਹੁਣ ਦਸ ਕੀ ਸੱਚ ਮੁੱਚ ਹੀ ਤੂੰ ਇਸ ਸ਼ਕਤੀ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈਂ !"
ਮਾਇਆ ਦਾਸ ਨੇ ਹਾਉਕਾ ਭਰਦਿਆਂ ਹੋਇਆਂ ਉੱਤਰ ਦਿੱਤਾ, “ਰੱਬ ਦੇ ਵਾਸਤੇ ਮੈਨੂੰ ਇਸ ਤੋਂ ਬਚਾਓ !" ਇਸ ਵੇਲੇ ਇਕ ਮੱਖੀ ਉਸ ਦੇ ਨੱਕ ਤੇ ਆ ਬੈਠੀ, ਪਰ ਬੈਠਦਿਆਂ ਹੀ ਫ਼ਰਸ਼ ਤੇ ਆ ਡਿਗੀ ਕਿਉਂ ਜੋ ਉਹ ਵੀ ਸੋਨੇ ਦੀ ਹੋ ਗਈ ਸੀ। ਇਸ ਨੂੰ ਵੇਖ ਕੇ ਮਾਇਆ ਦਾਸ ਕੰਬਣ ਲੱਗ ਪਿਆ। ਓਪਰੇ ਪੁਰਸ਼ ਨੇ ਕਿਹਾ, “ਜੇ ਇਹੋ ਹੀ ਗੱਲ ਹੈ ਤਾਂ ਬਾਗ਼ ਦੇ ਲਾਗੇ ਵਗਦੀ ਨਦੀ ਵਿੱਚ ਝਟ ਪੱਟ ਜਾ ਕੇ ਛਾਲ ਮਾਰ, ਉਸੇ ਪਾਣੀ ਦਾ ਇਕ ਗੜਵਾ ਵੀ ਭਰ ਕੇ ਲੈ ਆ ਤੇ ਉਨ੍ਹਾਂ ਸਾਰੀਆਂ ਚੀਜ਼ਾਂ ਤੇ ਛਿੜਕ ਜਿਨ੍ਹਾਂ ਨੂੰ ਤੂੰ ਮੁੜ ਪਹਿਲੀ ਹਾਲਤ ਵਿੱਚ ਵੇਖਣਾ ਚਾਹੁੰਦਾ ਹੈਂ। ਜੇ ਤੂੰ ਸੱਚੇ ਦਿਲੋਂ ਪਸਚਾਤਾਪ ਕਰੇਂ ਤਾਂ ਸ਼ਾਇਦ ਰੱਬ ਤੇਰੀ ਆਸ ਪੂਰੀ ਕਰ ਦੇਵੇ।" ਮਾਇਆ ਦਾਸ ਨੇ ਸਿਰ ਨਿਵਾ ਕੇ ਆਖਿਆ, "ਸਤ ਬਚਨ", ਪਰ ਜਦੋਂ ਉਸ ਨੇ ਸਿਰ ਚੁਕਿਆ, ਤਾਂ ਓਪਰਾ ਪੁਰਸ਼ ਉਥੇ ਹੈ ਨਹੀਂ ਸੀ।
ਇਸ ਗੱਲ ਦੇ ਦੱਸਣ ਦੀ ਕੀ ਲੋੜ ਹੈ ਜੋ ਉਸ ਵੇਲੇ ਇਕ ਗੜਵਾ ਚੁੱਕ ਕੇ, ਜਿਹੜਾ ਉਸ ਦੇ ਹੱਥ ਲਗਦਿਆਂ ਹੀ ਸੋਨੇ ਦਾ ਹੋ ਗਿਆ ਸੀ, ਮਾਇਆ ਦਾਸ ਨਦੀ ਵੱਲ ਭੱਜ ਪਿਆ। ਨੌਕਰ ਹੈਰਾਨ ਹੁੰਦੇ ਸਨ ਜੋ ਜਦੋਂ ਉਹ ਬਾਗ਼ ਦੇ ਬੂਟਿਆਂ ਵਿਚੋਂ ਲੰਘਦਾ ਸੀ, ਆਪਣੇ ਪਿਛੇ ਪੱਤਰ ਤੇ ਟਾਹਣੀਆਂ ਪੀਲੀਆਂ ਹੀ ਛੱਡਦਾ ਜਾਂਦਾ ਸੀ, ਜਿਵੇਂ ਪੱਤਝੜ ਰੁੱਤ ਕੇਵਲ ਉਸੇ ਬਾਗ਼ ਵਿਚ ਹੀ ਆਈ ਪਈ ਸੀ।
ਨਦੀ ਦੇ ਕੰਢੇ ਪੁੱਜ ਕੇ ਜੁੱਤੀ ਉਤਾਰਨੀ ਵੀ ਭੁੱਲ ਗਿਆ ਤੇ ਉਸੇ ਤਰ੍ਹਾਂ ਹੀ ਸਿਰ ਦੇ ਭਾਰ ਛਾਲ ਕੱਢ ਮਾਰੀ। ਜਦ ਸਿਰ ਬਾਹਰ ਕੱਢਿਆ ਤਾਂ ਲੰਮਾ ਜਿਹਾ ਸਾਹ ਲੈ ਕੇ ਆਖਣ ਲਗਾ, "ਸੱਚ ਮੁੱਚ ਇਹ ਜਾਨ ਪਾ ਦੇਣ ਵਾਲਾ ਇਸ਼ਨਾਨ ਹੈ। ਹੁਣ ਤਾਂ ਕੰਚਨ ਛੋਹ ਦੀ ਸ਼ਕਤੀ ਜ਼ਰੂਰ ਧੋਤੀ ਗਈ ਹੋਵੇਗੀ, ਹਾਂ ਹੁਣ ਗੜਵਾ ਵੀ ਭਰ ਲਵਾਂ !"
ਗੜਵੇ ਨੂੰ ਪਾਣੀ ਵਿਚ ਬੋੜਦਿਆਂ ਹੀ ਉਹ ਇਹ ਵੇਖ ਕੇ ਅਤੀ ਹੀ ਪ੍ਰਸੰਨ ਹੋਇਆ ਜੋ ਗੜਵਾ ਮੁੜ ਉਸੇ ਧਾਤ ਦਾ ਹੋ ਗਿਆ, ਜਿਸ ਦਾ ਉਸ ਦੇ ਹੱਥ ਲੱਗਣ ਤੋਂ ਪਹਿਲਾਂ ਹੈ ਸੀ। ਹੁਣ ਉਸ ਨੂੰ ਇਹ ਵੀ ਪਤਾ ਲੱਗਣ ਲੱਗ ਪਿਆ ਜੋ ਉਸ ਦੇ ਆਪਣੇ ਅੰਦਰ ਵੀ ਤਬਦੀਲੀ ਹੋਣ ਲਗ ਪਈ ਹੈ ਤੇ ਮਣਾਂ ਮੂੰਹ ਭਾਰ ਉਸ ਦੇ ਦਿਲ ਤੋਂ ਲਹਿ ਗਿਆ ਹੈ। ਇਸ ਵਿਚ ਕੋਈ ਸੰਦੇਹ ਨਹੀਂ ਜੋ ਉਸ ਸ਼ਕਤੀ ਦੇ ਕਾਰਨ, ਉਸ ਦਾ ਆਪਣਾ ਦਿਲ ਵੀ ਹੌਲੇ ਹੌਲੇ ਸੋਨਾ ਬਣ ਗਿਆ ਸੀ, ਪਰ ਹੁਣ ਮੁੜ ਉਹ ਆਪਣੀ ਅਸਲੀ ਦਸ਼ਾ ਤੇ ਆ ਗਿਆ ਜਾਪਦਾ ਸੀ। ਨਦੀ ਦੇ ਕੰਢੇ ਇਕ ਸਾਵੇ ਫੁੱਲ ਨੂੰ ਵੇਖ ਕੇ ਉਸ ਨੇ ਛੇਤੀ ਨਾਲ ਉਸ ਨੂੰ ਹੱਥ ਲਾਇਆ ਤੇ ਇਹ ਦੇਖ ਕੇ ਜੋ ਉਸ ਦਾ ਰੰਗ ਨਹੀਂ ਵਟਿਆ, ਅਤੀ ਪ੍ਰਸੰਨ ਹੋਇਆ, ਤੇ ਹੁਣ ਉਸ ਨੂੰ ਨਿਸਚਾ ਹੋ ਗਿਆ ਜੋ ਕੰਚਨ ਛੋਹ ਦਾ ਸਰਾਪ ਦੂਰ ਹੋ ਗਿਆ ਹੈ।
ਰਾਜਾ ਮਾਇਆ ਦਾਸ ਕਾਹਲੀ ਕਾਹਲੀ ਮਹੱਲ ਵੱਲ ਤੁਰਿਆ ਆਉਂਦਾ ਸੀ, ਨੌਕਰ ਚਾਕਰ ਹੈਰਾਨ ਸਨ ਜੋ ਰਾਜੇ ਨੂੰ ਕੀ ਹੋ ਗਿਆ ਹੈ ਜੋ ਪਾਣੀ ਦਾ ਭਰਿਆ ਗੜਵਾ ਇਤਨਾ ਸੰਭਾਲ ਕੇ ਚੁੱਕੀ ਲਿਆ ਰਿਹਾ ਹੈ। ਪਰ ਉਨ੍ਹਾਂ ਨੂੰ ਕੀ ਪਤਾ ਸੀ। ਮਹੱਲ ਪੁੱਜ ਕੇ ਪਹਿਲਾ ਕੰਮ ਜਿਹੜਾ ਉਸ ਨੇ ਕੀਤਾ, ਸੋਨੀ ਦੇ ਸੁਨੈਹਰੀ ਬੁੱਤ ਤੇ ਪਾਣੀ ਛਿਣਕਣ ਦਾ ਸੀ। ਆਹਾ ! ਉਸ ਦੇ ਲਈ ਉਹ ਪਾਣੀ ਕਿਤਨਾ ਕੀਮਤੀ ਸੀ। ਪਾਣੀ ਪੈਣ ਦੀ ਹੀ ਦੇਰ ਸੀ ਜੋ ਉਸ ਦੇ ਮੁਖੜੇ ਤੇ ਲਾਲੀ ਫਿਰ ਆਈ ਤੇ ਨਿੱਛਾਂ ਮਾਰਨ ਲਗ ਪਈ। ਉਹ ਹੈਰਾਨ ਹੁੰਦੀ ਸੀ ਜੋ ਉਹ ਪਾਣੀ ਨਾਲ ਭਿੱਜੀ ਪਈ ਹੈ ਤੇ ਪੀਤਾ ਹੁਰੀਂਂ ਅਜੇ ਹੋਰ ਪਾਣੀ ਉਸ ਉੱਤੇ ਸੁਟ ਰਹੇ ਹਨ। ਉਸ ਨੇ ਜ਼ੋਰ ਦੀ ਅਖਿਆ, "ਪਾਪਾ ਜੀ , ਹੋਰ ਨਾ ਸੁਟੋ ! ਵੇਖੋ ਖਾਂ ਤੁਸਾਂ ਕਿਵੇਂ ਮੇਰਾ ਝੱਗਾ ਖ਼ਰਾਬ ਕਰ ਛਡਿਆ ਹੈ !" ਚੰਗੀ ਗੱਲ ਹੋਈ ਜੋ ਸੋਨੀ ਨੂੰ ਇਹ ਪਤਾ ਨਾ ਲੱਗਾ ਜੋ ਉਹ ਨਿੱਕਾ ਜਿਹਾ ਸੋਨੇ ਦਾ ਬੁਤ ਬਣ ਗਈ ਸੀ। ਪਿਤਾ ਨੇ ਵੀ ਇਹ ਜ਼ਰੂਰੀ ਨਾ ਸਮਝਿਆ ਜੋ ਪਿਆਰੀ ਬੱਚੀ ਨੂੰ ਦੱਸੇ ਜੋ ਉਸ ਕੋਲੋਂ ਕਿਤਨਾ ਮੂਰਖ-ਪੁਣਾ ਹੋਇਆ ਹੈ, ਸਗੋਂ ਇਹ ਦਸਣਾ ਚਾਹੁੰਦਾ ਸੀ ਜੋ ਹੁਣ ਉਹ ਕਿਤਨਾ ਸਿਆਣਾ ਹੋ ਗਿਆ ਹੈ, ਇਸ ਲਈ ਉਹ ਸੋਨੀ ਨੂੰ ਆਪਣੇ ਨਾਲ ਬਾਗ਼ ਲੈ ਗਿਆ, ਜਿਥੇ ਬਾਕੀ ਦਾ ਬੱਚਿਆ ਪਾਣੀ ਉਸ ਨੇ ਫੁੱਲਾਂ ਦੇ ਬੂਟਿਆਂ ਤੇ ਛਿੜਕਿਆ, ਜਿਸ ਦਾ ਅਸਰ ਇਹ ਹੋਇਆ ਜੋ ਪੰਜ ਹਜ਼ਾਰ ਤੋਂ ਵੱਧ ਫੁੱਲ ਮੁੜ ਆਪਣੀ ਅਸਲੀ ਦਸ਼ਾ ਤੇ ਆ ਗਏ।

(ਅਨੁਵਾਦਕ: ਬਲਵੰਤ ਸਿੰਘ ਚਤਰਥ)

ਪੰਜਾਬੀ ਕਹਾਣੀਆਂ (ਮੁੱਖ ਪੰਨਾ)