Tria Akhand Path (Dogri Story in Punjabi) : Ram Nath Shastri

ਤ੍ਰੀਆ ਅਖੰਡ ਪਾਠ (ਡੋਗਰੀ ਕਹਾਣੀ) : ਰਾਮ ਨਾਥ ਸ਼ਾਸਤ੍ਰੀ

ਸਰਦਾਰ ਮੰਗਲ ਸਿੰਘ ਦੀ ਕੋਠੀ ਵਿਚ ਇਸ ਵਰ੍ਹੇ ਤ੍ਰੀਆ ਅਖੰਡ ਪਾਠ ਰਖਿਆ ਗਿਆ ਸੀ । ਪਹਿਲਾ ਪਾਠ ਨਵੀਂ ਕੋਠੀ ਬਣਵਾਉਣ ਤੇ ਆਪਣੇ ਇਕੋ ਇਕ ਪੁੱਤਰ ਦਲੀਪ ਸਿੰਘ ਦੇ ਵਿਆਹ ਵੇਲੇ ਰਖਾਇਆ ਸੀ। ਨਵੀਂ ਆਲੀਸ਼ਾਨ ਕੋਠੀ, ਸ਼ੀਂਹ ਜੁਆਨ ਸੁਨੱਖਾ ਪੁੱਤਰ, ਲੱਖ ਪਤੀ ਦੀ ਧੀ ਉਸ ਦੀ ਨੂੰਹ, ਸੋਹਣੀ ਅਤੀ ਸੋਹਣੀ ਤੇ ਪਹਿਲੇ ਪਾਠ ਵੇਲੇ ਉਸ ਦੇ ਘਰ, ਅੰਦਰ ਬਾਹਰ ਰੌਣਕ ਜਿਵੇਂ ਬਸੰਤ ਰੁੱਤ ਦਾ ਜੋਬਨ । ਲਾਊਡ ਸਪੀਕਰਾਂ ਤੋਂ ਗੁਰੂ ਜੀ ਦੀ ਪਵਿਤ੍ਰ ਬਾਣੀ ਗੂੰਜਦੀ ਪਈ ਸੀ। ਜਿਹੜੇ ਵਿਚ ਨਵੇਂ ਸਾਏਬਾਨ ਲੱਗੇ ਹੋਏ ਸਨ, ਕੁਰਸੀਆਂ ਦੀਆਂ ਕਤਾਰਾਂ ਲੱਗੀਆਂ ਹੋਈਆਂ ਸਨ । ਗੱਲੀ ਦੇ ਜਾਕਤ, ਮੁੰਡੇ ਵੱਖ ਵੱਖ ਟੋਲੀਆਂ ਬਣਾਈ ਮਸਤ ਬੈਠੇ ਹੋਏ ਸਨ ਤੇ ਸਿਆਣੇ ਵੱਡੇ ਕਾਰੋਬਾਰੀ ਗੱਲਾਂ 'ਚ ਬਹਿਸ ਕਰ ਰਹੇ ਸਨ। ਰੇਸ਼ਮੀ ਕਪੜਿਆਂ ਦੀ ਸਰਸਰ, ਜੁਆਨ ਹਾਸੇ, ਹਰ ਜ਼ਾਤ ਬਰਾਦਰੀ ਦੇ ਲੋਕਾਂ ਦੀ ਘਟਦੀ ਵਧਦੀ ਭੀੜ, ਮੁਬਾਰਕਾਂ ਵਧਾਈਆਂ ਫੁੱਲਾਂ ਦੇ ਹਾਰ ਤੇ ਗੁਰੂਆਂ ਦੀਆਂ ਕੀਮਤੀ ਸੁਨਹਿਰੀ ਚੋਖਟੇ ਮੜ੍ਹੀਆਂ ਹੋਈਆਂ ਤਸਵੀਰਾਂ । ਹਰ ਚੀਜ਼ 'ਚ ਖ਼ੁਸ਼ੀ ਸੀ, ਹਰ ਪਾਸੇ ਨਿਖਾਰ ਸੀ।

ਸਰਦਾਰ ਮੰਗਲ ਸਿੰਘ ਦਾ ਕੀ ਆਖਣਾ ! ਉਹ ਖ਼ੁਸ਼ੀ ਦੇ ਨਸ਼ੇ ਵਿਚ ਮਸਤ ਸੀ। ਦਲੀਪ ਆਪਣੇ ਦੋਸਤਾਂ ਨਾਲ ਸਜੇ ਸਜਾਏ ਡਰਾਇੰਗ ਰੂਮ ਵਿਚ ਗਪ ਸ਼ਪ ਮਾਰ ਰਿਹਾ ਸੀ । ਉਸ ਦੇ ਯਾਰ ਉਸ ਦੇ ਵਿਆਹ ਦੇ ਫੋਟੋ ਦੇਖ ਦੇਖ ਕਦੇ ਕਦੇ ਉਸ ਦੀ ਤੇ ਕਦੇ ਫੋਟੋ ਵਿਚ ਆਈਆਂ ਕੁੜੀਆਂ ਚਿੜੀਆਂ ਦੀ ਤਰੀਫ਼ ਕਰਦੇ । ਲੱਖਪਤੀ ਬਾਬਲ ਦੀ ਧੀ ਜੀਤ ਕੌਰ, ਰੇਸ਼ਮ ਤੇ ਗਹਿਣਿਆਂ 'ਚ ਚਮਕਦੀ-ਮੁਸਕਰਾਉਂਦੀ, ਮਹੱਲੇ ਦੀਆਂ ਜੁਆਨ ਕੁੜੀਆਂ ਵਿਚ ਘਿਰੀ ਹੋਈ ਹਾਸੇ ਤੇ ਮਖੌਲਾਂ ਦਾ ਜੁਆਬ ਦੇਂਦੀ ਸੀ । ਜ਼ਨਾਨੀਆਂ ਉਸ ਨੂੰ ਦੇਖ ਉਂਗਲ ਦੰਦ ਹੇਠ ਦਬਾ ਲੈਂਦੀਆਂ। ‘ਵਾਹਿਗੁਰੂ ! ਵਾਹਿਗੁਰੂ !! ਕੋਈ ਜੀਤ ਕੌਰ ਨੂੰ ਸਲਾਹੁੰਦਾ ਤੇ ਕੋਈ ਦਲੀਪ ਸਿੰਘ ਦੇ ਭਾਗਾਂ ਨੂੰ । ਸਭ ਇਹੀ ਕਹਿੰਦੇ ਕਿ ਮੰਗਲ ਸਿੰਘ ਜਿਹਾ ਭਾਗਵਾਨ ਕੋਈ ਵਿਰਲਾ ਹੀ ਸੰਸਾਰ ਵਿਚ ਹੁੰਦੈ । ਇਹ ਅਖੰਡ ਪਾਠ ਹਾਸਿਆਂ ਗੜਾਕਿਆਂ ਤੇ ਖ਼ੁਸ਼ੀ ਖੁਸ਼ੀ ਸਮਾਪਤ ਹੋ ਗਿਆ।

ਦੂਜਾ ਅਖੰਡ ਪਾਠ ਅੱਜ ਤੋਂ ਕੋਈ ਚਾਰ ਮਹੀਨੇ ਪਹਿਲਾਂ ਰਖਾਇਆ ਗਿਆ ਸੀ। ਮੰਗਲ ਸਿੰਘ ਦੇ ਉਸੇ ਜੁਆਨ ਜਹਾਨ ਪੁੱਤਰ ਦੇ ਤੇਹਰਵੇਂ ਦਾ । ਵਿਆਹ ਤੋਂ ਕੋਈ ਸੱਤਾਂ ਅੱਠਾਂ ਮਹੀਨਿਆਂ ਬਾਦ ਹੀ ਦਲੀਪ ਸਿੰਘ ਬੜੀ ਰਹੱਸਪੂਰਣ ਘਟਨਾ ਨਾਲ ਕਤਲ ਹੋ ਗਿਆ ਸੀ। ਕਿਸੇ ਨੇ ਉਸ ਨੂੰ ਗੋਲੀ ਮਾਰ ਦਿਤੀ ਸੀ ਤੇ ਦੂਜਾ ਪਾਠ ਉਸ ਦੀ ਆਤਮਾ ਦੀ ਸ਼ਾਂਤੀ ਲਈ ਰੱਖਿਆ ਗਿਆ ਸੀ।

ਇਸ ਵੇਲੇ ਕੋਠੀ ਦੀ ਠਾਠ ਬਾਠ ਅੱਗੇ ਤੋਂ ਭੀ ਦੂਣੀ ਚੌਗੁਣੀ ਸੀ ਪਰ ਅੱਖੀਆਂ ਨੂੰ ਚੁੱਭਦੀ ਸੀ । ਹਰ ਚੀਜ਼ ਉਦਾਸੀ ਉਦਾਸੀ, ਡਰੀ ਡਰੀ, ਸਹਿਮੀ ਸਹਿਮੀ ਸੀ । ਮਹੱਲੇ ਤੇ ਮੁੰਡਿਆਂ ਦੀ ਕੋਈ ਟੋਲੀ, ਕੋਈ ਮਹਿਫਲ ਨਹੀਂ ਸੀ ਜੰਮੀ । ਕਾਰੋਬਾਰੀ ਗੱਲਾਂ ਤੇ ਬਹਿਸਾਂ ਮੌਨ ਸਨ, ਜੁਆਨੀਆਂ ਕੁਮਲਾ ਗਈਆਂ, ਸੁਹੱਪਣ ਡਰੇ ਡਰੇ ਤੇ ਬੁਢੇਪੇ ਦੀਆਂ ਨਜ਼ਰਾਂ ਵਿਚ ਧੁੰਦ ਦੇ ਹਨੇਰੇ ।ਹਰ ਚੀਜ਼ ਉੱਤੇ, ਹਰ ਥਾਂ ਉੱਤੇ ਮੌਤ ਦੇ ਡਰਾਉਣੇ ਪ੍ਰਛਾਵੇਂ ਲੱਗਦੇ ਸਨ । ਸਿਰਫ ਲਾਊਡ ਸਪੀਕਰ ਉੱਤੇ ਗੂੰਜਦੀ ਗੁਰੂਆਂ ਦੀ ਪਵਿੱਤ੍ਰ ਬਾਣੀ ਹੀ ਉਸ ਮੌਤ ਦੇ ਵਾਤਾਵਰਣ ਵਿਚ ਨਿਡਰ ਲੱਗਦੀ ਸੀ। ਕਿਉਂਕਿ ਜੀਵਨ-ਧਾਰਾ ਦੇ ਦੋਨੋਂ ਕਿਨਾਰੇ-ਜੰਮਣ ਤੇ ਮਰਣ—ਇਹ ਬਾਣੀ ਚੰਗੀ ਤਰ੍ਹਾਂ ਪਛਾਣਦੀ ਸੀ ।

ਉਹ ਇਕ ਕੰਢੇ ਨੂੰ ਜਦੋਂ ਦੇਖਦਾ ਹੈ ਤਾਂ ਦੂਜਾ ਉਸ ਦੀ ਸਮਝ ਤੋਂ ਦੂਰ ਪਰ੍ਹੇ ਹੁੰਦਾ ਹੈ । ਜੀਵਨ ਦੇ ਕਿਨਾਰੇ, ਇਸ ਧਾਰ ਦੀਆਂ ਲਹਿਰਾਂ ਵਿਚ ਵੱਗਦੇ ਜਗ ਮਗ ਦੀਵਿਆਂ ਨੂੰ, ਉਹਨਾਂ ਦੇ ਸੁਨਹਿਰੀ ਪ੍ਰਛਾਂਵਿਆਂ ਨੂੰ ਜਦ ਇਹ ਮਨੁੱਖ ਦੇਖਦਾ ਹੈ ਤਾਂ ਹਨੇਰੇ ਵਿਚ ਡੁਬਿਆ ਹੋਇਆ ਦੂਜਾ ਕੰਢਾ ਉਸ ਨੂੰ ਨਹੀਂ ਦਿਸਦਾ, ਜਿਥੇ ਪੁੱਜਦੇ ਪੁੱਜਦੇ । ਇਹ ਜੋਤਾਂ ਬੁੱਝ ਜਾਂਦੀਆਂ ਹਨ । ਹਨੇਰੇ ਵਿਚ ਇਕ ਮਿਕ, ਇਕ ਜਾਨ ਹੋ ਜਾਂਦੀਆਂ ਹਨ। ਤੇ ਜਿਸ ਵੇਲੇ ਕਦੇ ਇਹ ਨਜ਼ਰ-ਮਨੁੱਖ ਦੀ ਨਜ਼ਰ, ਮੌਤ ਦੇ ਫੈਲੇ ਹੋਏ ਹਨੇਰੇ ਵਿਚ ਜਾ ਫਸਦੀ ਏ ਤਾਂ ਉਸ ਦਾ ਤਨ ਮਨ—ਨੈਣ-ਪ੍ਰਾਣ ਸਭ ਕਾਲੇ ਹਨੇਰੇ ਵਿਚ ਸਹਿਮ ਜਾਂਦੇ ਹਨ, ਸੁੰਗੜ ਜਾਂਦੇ ਹਨ। ਇਸੇ ਕਰ ਕੇ ਪਹਿਲੇ ਅਖੰਡ ਪਾਠ ਦੀ ਅਮਰਤ ਬਾਣੀ ਉਸ ਕੋਠੀ ਦੇ ਹਾਸੇ ਗੜਾਕਿਆਂ, ਕਾਰੋਬਾਰੀ ਰੌਲੇ ਰੱਪੇ ਤੋਂ ਉੱਪਰ ਉੱਪਰ ਨੀਲੇ ਅੰਬਰ ਵਿਚ ਗੂੰਜਦੀ ਰਹੀ। ਤੇ ਦੂਜੇ ਅਖੰਡ ਪਾਠ ਵੇਲੇ ਵੀ ਇਹ ਬਾਣੀ ਕੋਠੀ ਉੱਤੇ ਛਾਈ ਹੋਈ ਉਦਾਸੀ, ਅੱਥਰੂ, ਹੌਕਿਆਂ ਦੀ ਚੁੱਪੀ ਨੂੰ ਨਾ ਤੋੜ ਸਕੀ। ਤੇ ਕੋਠੀ ਕੋਲੋਂ ਲੰਘਦੇ ਹਵਾ ਦੇ ਫ਼ਰਾਟਿਆਂ ਦੇ ਰੱਥ ਉੱਤੇ ਚੜ੍ਹ ਉਸ ਬਾਣੀ ਦੇ ਬੋਲ ਨੀਲੇ ਅੰਬਰ ਵਿਚ ਲੀਨ ਹੁੰਦੇ ਗਏ ।

ਦੂਜੇ ਅਖੰਡ ਪਾਠ ਤੋਂ ਬਾਦ, ਇਨ੍ਹਾਂ ਚੌਹਾਂ ਮਹੀਨਿਆਂ ਵਿਚ ਮੰਗਲ ਸਿੰਘ ਦੀ ਕੋਠੀ ਇਕ ਵਚਿੱਤਰ ਜਗ੍ਹਾ ਬਣ ਗਈ, ਜਿਥੇ ਹਰ ਵੇਲੇ ਉਦਾਸੀ ਛਾਈ ਰਹਿੰਦੀ। ਇਕ ਤਾਂ ਉਨ੍ਹਾਂ ਦਿਨਾਂ ਵਿਚ ਇੰਝ ਲੱਗਦਾ ਸੀ ਜਿਵੇਂ ਉਥੇ ਕੋਈ ਰਹਿੰਦਾ ਹੀ ਨਹੀਂ । ਜੇ ਕਿਸੇ ਦਾ ਕੋਈ ਚਿੰਨ੍ਹ-ਨਿਸ਼ਾਨ ਲੱਭਦਾ ਵੀ ਤਾਂ ਉਹ ਜੀਪ ਉੱਤੇ ਆਉਣ ਜਾਣ ਵਾਲਾ, ਸਲਾਹ ਮਸ਼ਵਰਾ ਕਰਨ ਵਾਲਾ ਕੋਈ ਪੁਲੀਸ ਅਫ਼ਸਰ ਹੁੰਦਾ, ਜਾਂ ਅਦਾਲਤ ਵਿਚ ਚੱਲਣ ਵਾਲੇ ਇਸ ਖ਼ੂਨ ਦੇ ਮੁਕੱਦਮੇ ਲਈ ਮੰਗਲ ਸਿੰਘ ਤੋਂ ਪੈਰਵੀ ਕਰਨੇ ਵਾਲੇ ਵਕੀਲਾਂ ਚੋਂ ਕੋਈ ਹੁੰਦਾ ਤੇ ਜਾਂ ਫਿਰ ਮੰਗਲ ਸਿੰਘ ਨੂੰ ਦੇਖਣ ਆਉਣ ਵਾਲਾ ਕੋਈ ਡਾਕਟਰ......ਕੋਈ ਹਕੀਮ ।

ਲੋਕਾਂ ਨੂੰ ਆਪਣੀਆਂ ਚਾਹੇ ਸੌ ਚਿੰਤਾ-ਫਿਕਰ ਹੋਣ ਪਰ ਦੂਜੇ ਦੀ ਪਰੇਸ਼ਾਨੀ ਵਿਚ ਸ਼ਰੀਕ ਹੋਣ ਲਈ ਉਨ੍ਹਾਂ ਕੋਲ ਬੜੀ ਵਿਹਲ ਹੁੰਦੀ ਹੈ । ਇਨ੍ਹਾਂ ਲੋਕਾਂ ਨੂੰ ਹੁਣ ਇਹ ਚਿੰਤਾ ਖਾਂਦੀ ਸੀ ਜੇ ਏਡੀ ਵੱਡੀ ਕੋਠੀ ਦਾ ਕੀ ਬਣੇਗਾ ? ਪੁੱਤਰ ਦੇ ਵਿਯੋਗ ਵਿਚ ਵਿਚਾਰਾ ਮੰਗਲ ਸਿੰਘ ਦਿਨੋਂ ਦਿਨ ਘਟਦਾ ਜਾਂਦਾ ਸੀ। ਕਲੇਜੇ ਲੱਗੇ ਹੋਏ ਇਸ ਡੂੰਘੇ ਜ਼ਖ਼ਮ ਨੇ ਉਸ ਨੂੰ ਹੋਰ ਕਿੰਨੇ ਦਿਨ ਜੀਉਣ ਦੇਣਾ ਏ ? ਫੇਰ ਕੀ ਹੋਏਗਾ ? ਮੰਗਲ ਸਿੰਘ ਦੀ ਘਰ ਵਾਲੀ ਨੇ ਮੌਹਰੇ ਦੇ ਘੱਟ ਪੀ ਪੀ ਮੌਤ ਨਾਲ ਕਿੰਨੀ ਦੇਰ ਲੜਨਾ ਹੈ ? ਤੇ ਆ ਜਾ ਕੇ ਲੋਕਾਂ ਨੂੰ ਜ਼ਿਆਦਾ ਤਰਸ ਮੰਗਲ ਸਿੰਘ ਦੀ ਨੂੰਹ ਉੱਤੇ ਆਉਂਦਾ ਜਿਸ ਦੀ ਜੁਆਨੀ ਤੇ ਸੁਹੱਪਣ ਦੀਆਂ ਗੱਲਾਂ ਉਹ ਨਿੱਤ ਕਰਦੇ ਸੁਣਦੇ ਸਨ। ਲੋਕ ਆਪੇ ਹੀ ਗੱਲਾਂ ਬਣਾਂਦੇ "ਉਹ ਕਿੱਥੇ ਰਹਿਣ ਲੱਗੀ ਏ ਇਸ ਦਮ ਘੋਟੂ ਮਕਬਰੇ ਵਿਚ ? ਉਸ ਦਾ ਲੱਖਪਤੀਆ ਬਾਬਲ ਉਸ ਨੂੰ ਇਥੇ ਕੁੜ੍ਹਨ-ਸੜਨ ਲਈ ਕਿਥੇ ਰਹਿਣ ਦੇਣ ਲੱਗੇ—ਆਖਦੇ ਨੇ ਉਸ ਦੀਆਂ ਇਸ ਤੋਂ ਵੀ ਵੱਡੀਆਂ ਤ੍ਰੈ ਚਾਰ ਕੋਠੀਆਂ ਹਨ । ਇਕ ਭਰਾ ਬੜਾ ਵੱਡਾ ਠੇਕੇਦਾਰ ਏ, ਦੂਜਾ ਮਿਲਟਰੀ ਵਿਚ ਕਰਨੈਲ ਏ । ਪਿਉ ਨੇ ਪਾਰਟੀਸ਼ਨ ਦੇ ਬਾਦ ਦਿੱਲੀ 'ਚ ਇਕ ਢਾਬਾ ਖੋਲ੍ਹਿਆ ਸੀ ਜਿਹੜਾ ਅਜ ‘ਲਿਬਰਟੀ' ਹੋਟਲ ਏ ਤੇ ਉਨ੍ਹਾਂ ਲੋਕਾਂ ਨੂੰ ਹਾਸੇ ਠੱਠੇ ਕਰਦੈ ਜਿਹੜੇ ਕਹਿੰਦੇ ਨੇ 'ਭਾਗ ਕੋਈ ਚੀਜ਼ ਹੀ ਨਹੀਂ'। ਦੱਸੋ ਭਲਾ ਬਿਨਾਂ ਭਾਗਾਂ ਬੀ ਆਦਮੀ ਨੂੰ ਕਦੇ ਉਹ ਵਿਉਂਤਾਂ ਸੁਝਦੀਆਂ ਨੇ ਜਿਨ੍ਹਾਂ ਨਾਲ ਧੰਨ ਦੇ ਫੁਹਾਰੇ ਫੁੱਟਣ ? ਨਹੀਂ ਕਦੇ ਬੀ ਨਹੀਂ । ਪਰ ਭਾਗ ਕਦੇ ਕਦੇ ਦਿਆਲੂ ਹੋ ਕੇ ਆਦਮੀ ਨਾਲ ਦਗਾ ਬੀ ਕਰ ਜਾਂਦੇ ਨੇ । ਜਿੰਝ ਉਨ੍ਹਾਂ ਸ ਮੰਗਲ ਸਿੰਘ ਤੇ ਉਸ ਦੇ ਪੁੱਤਰ ਨਾਲ ਕੀਤਾ ।"

ਦਲੀਪ ਸਿੰਘ ਨੇ ਬੀ. ਏ. ਪਾਸ ਕੀਤਾ ਤਾਂ ਸਰਦਾਰ ਮੰਗਲ ਸਿੰਘ ਨੇ ਆਪਣਾ ਗੱਡੀਆਂ ਤੇ ਬੱਸਾਂ ਦੇ ਕਾਰੋਬਾਰ ਦਾ ਭਾਰ ਦਲੀਪ ਸਿੰਘ ਦੇ ਮੋਢਿਆਂ ਤੇ ਸੁੱਟ ਦਿੱਤਾ। ਦਲੀਪ ਇਕ ਤਾਂ ਪੜ੍ਹਿਆ ਲਿਖਿਆ ਗੱਭਰੂ ਤੇ ਦੂਜਾ ਕੰਮ ਤਾਂ ਅੱਗੇ ਹੀ ਪੱਕੇ ਪੈਰੀਂ ਖਲੋਤਾ ਸੀ । ਸੱਤ ਅੱਠ ਹਜ਼ਾਰ ਮਹੀਨੇ ਦੀ ਆਮਦਨ । ਪਰ ਆਖਦੇ ਨੇ ਪੈਸੇ ਨਾਲ ਪੈਸੇ ਦੀ ਤ੍ਰੇਹ ਉਂਝ ਹੀ ਵੱਧਦੀ ਏ ਜਿੰਝ ਲੂਣ ਦਾ ਪਾਣੀ ਪੀਣ ਨਾਲ ਪਿਆਸ ਹੀ ਪਿਆਸ ਲੱਗਦੀ ਏ ।

ਇਕੱਲਾ ਆਦਮੀ ਜਿਸ ਸਵਰਗ ਦੀ ਕਲਪਨਾ ਕਰਦੈ ਉਹ ਸਾਰੀਆਂ ਚੀਜ਼ਾਂ ਮੰਗਲ ਸਿੰਘ ਕੋਲ ਹਾਜ਼ਰ ਸਨ । ਉਸ ਦਾ ਸਰੀਰ ਜ਼ਰੂਰ ਭਾਰਾ ਹੋ ਗਿਆ ਸੀ ਪਰ ਉਹ ਤਾਂ ਸ਼ਰਾਬ ਦੀ ਬਦੌਲਤ ਸੀ। ਦਾੜ੍ਹੀ ਦੇ ਵਾਲ ਬੇਸ਼ਕ ਚਿੱਟੇ ਹੋ ਗਏ ਸਨ ਪਰ ਮੂੰਹ ਦੀ ਲਾਲੀ ਅਜੇ ਵੀ ਜੁਆਨਾਂ ਨੂੰ ਸ਼ਰਮਿੰਦਾ ਕਰਦੀ ਸੀ । ਉਮਰ ਉਸ ਦੀ ਸੱਠਾਂ ਦੇ ਨੇੜੇ ਸੀ, ਵਰ੍ਹਾ ਘੱਟ ਜਾਂ ਵਰ੍ਹਾ ਵੱਧ ।

ਪਰ ਦਲੀਪ ਅਜੇ ਜੁਆਨ ਸੀ । ਉਹ ਸੋਚਦਾ ਇਹ ਸਭ ਪਿਤਾ ਦੀ ਕਮਾਈ ਏ। ਅਨਪੜ੍ਹ ਪਿਉ ਦੀ ! ਉਸ ਦਾ ਪੜ੍ਹੇ ਲਿਖੇ ਹੋਣਾ ਕਿਸ ਕੰਮ ਜੇ ਉਸ ਕੋਲੋਂ ਜ਼ਿਆਦਾ ਕਮਾਈ ਕਰਕੇ ਨਹੀਂ ਦੱਸੇ ? ਉਸ ਦੇ ਇਕ ਰਿਸ਼ਤੇਦਾਰ ਨੇ ਉਸ ਨੂੰ ਇਕ ਵਾਰੀ ਆਖਿਆ ਸੀ “ਆ ਮੇਰੇ ਨਾਲ ਭਾਈਵਾਲੀ 'ਚ ਠੇਕੇਦਾਰੀ ਕਰ ਲੈ ।” ਸੁਣ ਕੇ ਉਹਨੇ ਨੱਕ ਮੂੰਹ ਚਾੜ੍ਹ ਕੇ ਆਖਿਆ ‘ਟੱਕੇ ਟੱਕੇ ਦੇ ਓਵਰਸੀਅਰਾਂ ਤੇ ਕਲਰਕਾਂ ਨੂੰ ਬੰਦਗੀਆਂ ਕਰਾਨਾ ਏਂ ? ਮੇਰੀ ਜੁੱਤੀ ਤੋਂ । ਕੰਮ ਉਹ ਜਿਸ ਵਿਚ ਗਰਦਨ ਨਾ ਨੀਵੀਂ ਹੋਏ, ਕਿਸੇ ਦੀ ਖੁਸ਼ਾਮੰਦ ਨਾ ਕਰਨੀ ਪਏ । ਮੈਨੂੰ ਤਾਂ ਸੱਚ ਪੁਛੇਂ ਤਾਂ ਇਹ ਟਰਾਂਸਪੋਰਟ ਦਾ ਕੰਮ ਵੀ ਨਹੀਂ ਪਸੰਦ। ਹਰ ਸਾਲ ਇਨ੍ਹਾਂ ਗੱਡੀਆਂ ਨੂੰ ਪਾਸ ਕਰਾਉਣ ਦਾ ਟੰਟਾ ਤੇ ਟਰੈਫ਼ਿਕ ਦੇ ਅਫ਼ਸਰਾਂ ਦੇ ਨਾਜ਼ ਨਖ਼ਰੇ । ਇਹ ਵੀ ਜ਼ਲਾਲਤ ਏ ।” ਨੌਜੁਆਨ ਟਰਾਂਸਪੋਰਟਰ ਦਲੀਪ ਦੀਆਂ ਇਹੋ ਜਿਹੀਆਂ ਗੱਲਾਂ ਸੁਣ ਕੇ ਉਸ ਨੂੰ ਆਪਣਾ ਲੀਡਰ ਮੰਨਣ ਲੱਗ ਪਏ ਸਨ । ਉਨ੍ਹਾਂ ਨੂੰ ਉਸ ਦੀਆਂ ਗੱਲਾਂ ਸੁਣ ਕੇ ਸਵਾਦ ਆਉਂਦਾ । ਉਹ ਸੋਚਦੇ ਇਹ ਕੋਈ ਇਨਕਲਾਬੀ ਜੰਮਿਆ ਹੈ। ਜਿਸ ਪਾਸੇ ਵੀ ਜਾਏਗਾ ਰਸਤਾ ਆਪਣੇ ਆਪ ਬਣਦਾ ਜਾਏਗਾ । ਉਨ੍ਹਾਂ ਨੂੰ ਉਮੀਦ ਸੀ ਕਿ ਦਲੀਪ ਨੇ ਦਿੱਲੀ ਵਾਲੇ ਪਾਸੇ ਜਾਂ ਕਿਧਰੇ ਵੱਡਾ ਹੋਟਲ ਚਲਾਉਣਾ ਹੈ ਤੇ ਜਾਂ ਫਿਰ ਕੋਈ ਸਿਨਮਾ ਖੋਲ੍ਹਣਾ ਹੈ। ਦਲੀਪ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਹੱਸਦਾ ਤੇ ਆਖਦਾ ਮੈਂ ਹਿੰਦੁਸਤਾਨ ਵਿਚ ਉੱਨਾ ਚਿਰ ਹੀ ਹਾਂ ਜਿਨ੍ਹਾਂ ਚਿਰ ਮੇਰੇ ਕੋਲ ਅੱਠ ਦੱਸ ਲੱਖ ਰੁਪਿਆ ਨਹੀਂ ਹੋ ਜਾਂਦਾ। ਪਿਤਾ ਜੀ ਦੇ ਪੈਸਿਆਂ ਨੂੰ ਮੈਂ ਉਨ੍ਹਾਂ ਦੀ ਅਮਾਨਤ ਸਮਝਨਾ । ਜਿਸ ਉੱਤੇ ਹੱਕ ਉਨ੍ਹਾਂ ਦੇ ਪੋਤਰੇ ਦਾ ਹੋ ਸਕਦੈ । ਪਰ ਮੈਂ ਤਾਂ ਉਸ ਰੁਪਏ ਉੱਤੇ ਆਪਣਾ ਕੋਈ ਹੱਕ ਨਹੀਂ ਸਮਝਦਾ। ਉਹ ਚਾਹੁਣ ਤਾਂ ਬੇਸ਼ਕ ਆਪਣੀ ਜਾਇਦਾਦ ਗ਼ਰੀਬ ਗੁਰਬੇ ਨੂੰ ਵੰਡ ਦੇਣ ਜਾਂ ਗੁਰਦੁਆਰੇ ਨੂੰ ਦੇ ਦੇਣ।

ਸਰਦਾਰ ਮੰਗਲ ਸਿੰਘ ਨੂੰ ਵੀ ਆਪਣੇ ਦਲੀਪ ਦੀਆਂ ਗੱਲਾਂ ਦੀ ਕਦੀ ਕਦੀ ਭਿਣਕ ਪੈਂਦੀ ਤਾਂ ਹੱਸਦੇ ਹੱਸਦੇ ਆਖਦੇ “ਜੁਆਨੀ ਦੀ ਗਰਮੀ ਏ, ਲੱਖਾਂ ਦੀ ਕਮਾਈ ਉਤੇ ਬੈਠਾ ਕੋਈ ਵੀ ਗਭਰੂ ਇਸੇ ਤਰ੍ਹਾਂ ਬਹਿਕ ਸਕਦਾ ਏ......ਤੇ ਦਲੀਪ ਦੀ ਹਾਲਾਂ ਉਮਰ ਹੀ ਕੀ ਏ ? ਪਰ ਮੰਗਲ ਸਿੰਘ ਆਪਣੇ ਦਿਲ ਵਿਚ ਸੋਚਦਾ ਉਂਝ ਵਪਾਰੀਆਂ ਦੇ ਪੁੱਤਰਾਂ ਵਿਚ ਇਹੋ ਜਿਹੀ ਲਾਲਸਾ ਜ਼ਰੂਰ ਹੋਣੀ ਚਾਹੀਦੀ ਹੈ । ਕਮਾਈ ਲਈ ਨਵੇਂ ਦਰਵਾਜ਼ੇ ਖੋਲ੍ਹਣੇ ਕੋਈ ਮਾੜਾ ਲੱਛਣ ਤਾਂ ਨਹੀਂ । ਆਖਿਰ ਪੁੱਤਰ ਕਿਸ ਦੈ ? ਮੈਂ ਵੀ ਤਾਂ ੧੦੦ ਰੁਪਏ ਦੀ ਡਰਾਈਵਰੀ ਕਰ ਕੇ ਇਹ ਕਹਾਣੀ ਇਥੋਂ ਤੀਕ ਪੁਚਾਈ ਸੀ । ਕੁਦਰਤੀ ਉਹ ਮੇਰੇ ਕੋਲੋਂ ਤੇਜ਼ ਚਲਣ ਦੀ ਸੋਚਦਾ ਹੈ।

ਲਗਦਾ ਇੰਝ ਸੀ ਕਿ ਦਲੀਪ ਸਿੰਘ ਨੂੰ ਆਪਣੀ ਲਾਲਸਾ ਪੂਰੀ ਕਰਨ ਦਾ ਕੋਈ ਢੰਗ ਲੱਭ ਗਿਆ ਸੀ । ਦੇਖਦੇ ਦੇਖਦੇ ਉਸ ਨੇ ਦੋ ਲੱਖ ਰੁਪਿਆ ਕਮਾ ਲਿਆ ਸੀ। ਪਰ ਕਮਾਇਆ ਕਿਵੇਂ ? ਕੀ ਕੰਮ ਕੀਤਾ ? ਉਸ ਦੇ ਲੰਗੋਟੀਏ ਯਾਰ ਵੀ ਦੇਖਦੇ ਦੇਖਦੇ ਪੈਸੇ ਵਾਲੇ ਹੋ ਗਏ । ਇਸ ਗੱਲ ਦੀ ਚਰਚਾ ਦੇਵਕਾ ਦੇ ਪ੍ਰਵਾਹ ਵਾਂਗਰ ਜ਼ਮੀਨ ਦੇ ਥੱਲੇ ਥੱਲੇ ਦੱਬੀ ਜਾਂਦੀ। ਪਰ ਜਿਥੋਂ ਕਿਸੇ ਜ਼ਰਾ ਖੱਤਰਿਆ ਉਥੋਂ ਹੀ ਪਾਣੀ ਨਿਕਲ ਆਉਂਦਾ। ਟਰਾਂਸਪੋਰਟਰਾਂ ਵਿਚ ਕਈ ਬੜੇ ਸੰਜੀਦਾ ਦੇ ਤਜਰਬੇਕਾਰ ਬ੍ਰਿਧ ਵੀ ਸਨ । ਉਨ੍ਹਾਂ ਦਾ ਮੱਥਾ ਠਣਕਿਆ । ਇਕ ਨੇ ਆਖਿਆ, ''ਇਸ ਤਰ੍ਹਾਂ ਹਨੇਰੀਆਂ ਗਲੀਆਂ ਵਿਚੋਂ ਜਿਹੜੀ ਦੌਲਤ ਆਉਂਦੀ ਏ ਉਹ ਘਰ ਵਸਾਂਦੀ ਨਹੀਂ ਉਜਾੜਦੀ ਏ। ਇਹ ਦਲੀਪ ਕਿਸੇ ਨੂੰ ਗਿਣਤੀ ਵਿਚ ਹੀ ਨਹੀਂ ਲਿਆਉਂਦਾ। ਲੱਛਣ ਚੰਗੇ ਨਹੀਂ, ਕਿਧਰੇ ਖਤਾ ਖਾਏਗਾ। ਉਹ ਨਹੀਂ ਹੋਏ ਕਿ ਪਿਉ ਦੀ ਕਮਾਈ ਵੀ ਪਿੰਝੀ ਜਾਏ ।" ਇਹ ਲੋਕ ਸਮਝਦੇ ਸਨ ਕਿ ਦਲੀਪ ਸੱਟਾ ਖੇਡਦਾ ਹੈ । ਉਸ ਵਿਚ ਹੀ ਇੰਨੀ ਜਲਦੀ ਵਾਰੇ ਨਿਆਰੇ ਹੁੰਦੇ ਨੇ", ਦਲੀਪ ਇਹ ਸੁਣਦਾ ਤਾਂ ਆਖ ਛੱਡਦਾ ਜਲਦੇ ਧੁਖਦੇ ਨੇ ਸਾਲੇ ।" ਪਰ ਕਈਆਂ ਦਾ ਖ਼ਿਆਲ ਸੀ ਕਿ ਦਲੀਪ ਸ਼ਰਾਬਬੰਦੀ ਵਾਲੇ ਸ਼ਹਿਰਾਂ ਵਿਚ ਸ਼ਰਾਬ ਭੇਜਣ ਦਾ ਕੰਮ ਕਰਦਾ ਹੈ ਤਾਂ ਹੀ ਹਫ਼ਤਾ ਹਫ਼ਤਾ ਭਰ ਬਾਹਰ ਰਹਿੰਦਾ ਹੈ । ਇਹ ਸਭ ਕਿਆਫ਼ੇ ਉਸ ਦਿਨ ਝੂਠੇ ਸਾਬਤ ਹੋਏ ਜਿਸ ਦਿਨ ਲੋਕਾਂ ਸੁਣਿਆ ਜੇ ਪਾਕਿਸਤਾਨ ਦੇ ਬਾਰਡਰ ਉੱਤੇ ਪਾਰ ਦੇ ਸਾਥੀਆਂ ਨਾਲ ਲੈਣ ਦੇਣ ਕਰਨ ਗਏ ਦਲੀਪ ਨੂੰ ਕਿਸੇ ਬਾਰਡਰ ਦੇ ਰਾਖੇ ਨੇ ਗੋਲੀ ਮਾਰ ਦਿਤੀ ਹੈ। ਜਿਸ ਦਿਨ ਉਸ ਦੀ ਲਾਸ਼ ਹਸਪਤਾਲ ਪੋਸਟਮਾਰਟਮ ਲਈ ਆਈ ਸੀ ਤਾਂ ਇੰਝ ਲਗਦਾ ਜਿਵੇਂ ਸਾਰਾ ਸ਼ਹਿਰ ਹਸਪਤਾਲ ਦੇ ਬਰਾਂਡੇ ਵਿਚ ਆ ਇਕੱਠਾ ਹੋਇਆ ਹੋਏ ! ਬਸ ! ਜਿੰਨੇ ਮੂੰਹ ਉਨੀਆਂ ਗੱਲਾਂ ਕੋਈ ਆਖੇ ਪਾਕਿਸਤਾਨੀ ਸਿਪਾਹੀ ਦੀ ਗੋਲੀ ਨਾਲ ਤ੍ਰੈ ਆਦਮੀ ਮੋਏ ਨੇ। ਦੋ ਪਾਕਿਸਤਾਨੀ ਸਨ ਉਨ੍ਹਾਂ ਦੀਆਂ ਲਾਸ਼ਾਂ ਉਹ ਲੈ ਗਏ ਨੇ ਤੇ ਇਸ ਨੂੰ ਛੱਡ ਗਏ ਨੇ। ਕੋਈ ਆਖੇ ਜਿਥੇ ਵਾਕਿਆ ਹੋਇਆ ਹੈ ਉਹ ਥਾਂ ਬਾਰਡਰ ਕੋਲੋਂ ਤਿੰਨ ਮੀਲ ਪਿੱਛੇ ਹੈ। ਕੋਈ ਕੋਈ ਇਹ ਵੀ ਆਖਦਾ ਕਿ ਦਰਅਸਲ ਬਾਰਡਰ ਦੇ ਕੋਲ ਸੂਰਾਂ ਦਾ ਬੜਾ ਸ਼ਿਕਾਰ ਏ ਤੇ ਭੁਲੇਖੇ ਨਾਲ ਆਪਣੇ ਹੀ ਆਦਮੀ ਦੀ ਗੋਲੀ ਉਸ ਨੂੰ ਲਗ ਗਈ ਹੈ। ਇਹ ਗੱਲਾਂ ਸੁਣ ਕੇ ਇਕ ਵੱਡਾ ਜਿਹਾ ਗਰਾਈਂ ਆਖਣ ਲੱਗਾ, “ਇਨ੍ਹਾਂ 'ਚੋਂ ਇਕ ਗੱਲ ਵੀ ਠੀਕ ਨਹੀਂ ਲੋਕ ਐਵੇਂ ਯਬਲੀਆਂ ਮਾਰਦੇ ਨੇ, ਅਸਲ ਗੱਲ ਇਹ ਵੇ ਕਿ ਉਹ ਇਸ ਕੰਮ ਵਿਚ ਇਕੱਲਾ ਨਹੀਂ ਸੀ। ਉਸ ਦੀ ਬਾਕਾਇਦਾ ਇਕ ਟੋਲੀ ਸੀ । ਇਹ ਲੋਕ ਬੰਦੂਕਾਂ ਪਿਸਤੌਲਾਂ ਨਾਲ ਲੈਸ ਹੋ ਕਿ ਉਥੋਂ ਲੰਘਦੇ ਸਨ । ਬਾਰਡਰ ਪਾਰ ਦੇ ਸਾਥੀਆਂ ਨਾਲ ਇਸ ਤਰ੍ਹਾਂ ਲੈਣ ਦੇਣ ਕੋਈ ਖੇਡ ਥੋੜੀ ਏ । ਪਰ ਇਕ ਤੇ ਜੁਆਨੀ, ਦੂਜਾ ਪੈਸਾ, ਤੀਜੀ ਸ਼ਰਾਬ ਤੇ ਬੰਦੂਕਾਂ ।

ਇਨ੍ਹਾਂ ਨੂੰ ਸਾਰੀ ਦੁਨੀਆਂ ਉਸ ਵੇਲੇ ਐਵੇਂ ਕੈਵੇਂ ਲਗਦੀ ਏ । ਜਿਸ ਨੂੰ ਮਰਜ਼ੀ ਮਾਰ ਲੈਣ। ਜਿਸ ਨੂੰ ਮਰਜ਼ੀ ਢਾਹ ਲੈਣ। ਸੁਣੀ ਦਾ ਤਾਂ ਸੀ ਕਿ ਪਿਛਲੇ ਦਿਨਾਂ 'ਚ ਬਾਰਡਰ ਦੇ ਅੱਗੇ ਪਿੱਛੇ ਸਾਥੀਆਂ ਨਾਲ ਜਿਹੜੀ ਜਗ੍ਹਾ ਗਿਣੀ-ਮਿੱਥੀ ਸੀ, ਲੈਣ ਦੇਣ ਕੀਤਾ ਤੇ ਸ਼ਰਾਬਾਂ ਪੀ ਕੇ ਕਿਸੇ ਦੇ ਘਰ ਜਾ ਵੜੇ। ਉਸ ਦੀ ਜੁਆਨ ਨੂੰਹ ਧੀ ਦੇਖ ਕੇ ਮਖੌਲ ਕੀਤਾ ਹੋਣਾ। ਘਰ ਬੁਢਾ ਇਕੱਲਾ ਹੀ ਸੀ। ਉਸ ਨੇ ਲਹੂ ਦਾ ਘੁਟ ਪੀ ਕੇ ਇਹ ਉਪੱਦਰ ਜਰ ਲਿਆ। ਬੁੱਢੇ ਦਾ ਪੁੱਤਰ ਪਹਿਰੇ ਉਤੇ ਕਿਧਰੇ ਅੱਗੇ ਪਿੱਛੇ ਗਿਆ ਹੋਇਆ ਸੀ । ਸਵੇਰੇ ਉਸ ਨੇ ਬੜੇ ਧੀਰਜ ਨਾਲ ਬੁੱਢੇ ਪਿਉ ਨੂੰ ਦਿਲਾਸਾ ਦਿਤਾ ਪਰ ਆਪ ਗੁੱਸੇ ਤੇ ਬੇ-ਸਬਰੀ ਨਾਲ ਪਾਗਲ ਜਿਹਾ ਹੋ ਕੇ ਸੂਹ ਲੈਂਦਾ ਰਿਹਾ। ਅੱਜ ਰਾਤੀਂ ਇਹ ਵੀ ਬਾਰਡਰ ਉੱਤੇ ਲੈਣ ਦੇਣ ਕਰਨ ਗਏ ਸੀ । ਇਨ੍ਹਾਂ ਕੋਲ ਜੀਪ ਸੀ। ਉਸ ਨੇ ਇਨ੍ਹਾਂ ਨੂੰ ਆਉਂਦੇ ਦੇਖ ਲੀਤਾ ਤੇ ਉਨ੍ਹਾਂ ਦੇ ਆਉਣ ਜਾਣ ਵਾਲੇ ਰਸਤੇ ਬਾਰੇ ਸੋਚ ਵਿਚਾਰ ਕੀਤਾ ਤੇ ਆਪਣੇ ਗਿਰਾਂ ਕੋਲੋਂ ਦੋ ਮੀਲ ਉਰ੍ਹਾਂ ਇਕ ਮੋੜ ਉੱਤੇ ਪੁੱਜ ਪਿੱਛੇ ਛੁੱਪ ਗਿਆ। ਰਾਤ ਦੇ ਅਖੀਰਲੇ ਪਹਿਰ ਜੀਪ ਆਉਂਦੇ ਦੇਖ ਉਸ ਨੇ ਬੰਦੂਕ ਦਾਗ ਲਈ । ਈਆ ਮੁੰਡਾ ਜਿਹੜਾ ਮੋਇਆ ਹੈ, ਜੀਪ ਚਲਾਂਦਾ ਪਿਆ ਸੀ । ਪੁਲ ਉਤੇ ਜੀਪ ਪੁਜਦੇ ਹੀ ਉਸ ਨੇ ਨਿਸ਼ਾਨੇ ਨਾਲ ਗੋਲੀ ਚਲਾਈ। ਗੋਲੀ ਇਸ ਦੇ ਸਿਰ ਨੂੰ ਲੱਗ ਕੇ ਖੋਪਰੀ ਹੀ ਉਡਾ ਕੇ ਲੈ ਗਈ ਤੇ ਕੋਈ ਡੇਢ ਫਰਲਾਂਗ ਅੱਗੇ ਜਾ ਕੇ ਇਕ ਬੂਟੇ ਨਾਲ ਉਸ ਦੀ ਟੱਕਰ ਹੋ ਗਈ। ਬੰਦੂਕਾਂ ਲੈ ਕੇ ਦੋ ਤਿੰਨ ਜੁਆਨ ਉਸ ਦੇ ਪਿੱਛੇ ਗਏ ਪਰ ਉਹ ਜੁਆਨ ਉਸ ਵੇਲੇ ਤੱਕ ਉਥੇ ਥੋੜਾ ਬੈਠਾ ਸੀ।

ਕਈ ਦਿਨ ਸ਼ਹਿਰ ਵਿਚ ਇਸੇ ਕਤਲ ਦੀਆਂ ਗੱਲਾਂ ਹੁੰਦੀਆਂ ਰਹੀਆਂ । ਲੋਕ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਰਹੇ । ਪਰ, ਖੈਰ ਇਕ ਗੱਲ ਤਾਂ ਪੱਕੀ ਸੱਚੀ ਸੀ ਕਿ ਮੰਗਲ ਸਿੰਘ ਦਾ ਪੁੱਤਰ ਦਲੀਪ ਸਿੰਘ ਕਤਲ ਹੋ ਗਿਆ ਸੀ। ਕਤਲ ਕਿੰਝ ਹੋਇਆ ? ਕਤਲ ਕਰਨੇ ਵਾਲੇ ਕੌਣ ਸਨ ? ਉਸ ਬਾਰੇ ਲੋਕਾਂ ਨੂੰ ਇੰਨਾ ਹੀ ਪਤਾ ਸੀ ਕਿ ਬੁੱਢੇ ਪਿਉ ਤੇ ਪੁੱਤਰ ਦੋਹਾਂ ਜਣਿਆਂ ਨੂੰ ਪੁਲਸ ਨੇ ਪਕੜ ਆਂਦਾ ਸੀ ਤੇ ਉਨ੍ਹਾਂ ਉੱਤੇ ਕਤਲ ਦਾ ਮੁਕੱਦਮਾ ਚਲਾਇਆ ਸੀ। ਏ. ਡੀ. ਐਮ ਦੀ ਅਦਾਲਤ ਨੇ ਉਨ੍ਹਾਂ ਨੂੰ ਸੈਸ਼ਨ ਦੇ ਸਪੁਰਦ ਕਰ ਦਿਤਾ ਸੀ । ਸਰਦਾਰ ਮੰਗਲ ਸਿੰਘ ਨੇ ਇਨ੍ਹਾਂ ਚੌਹਾਂ ਮਹੀਨਿਆਂ 'ਚ ਆਪਣੇ ਪੁੱਤਰ ਦਾ ਬਦਲਾ ਲੈਣ ਲਈ ਪਾਣੀ ਵਾਂਗ ਰੁਪਿਆ ਰੋੜਿਆ। ਸੈਸ਼ਨ ਜੱਜ ਦੀ ਅਦਾਲਤ ਵਿਚ ਪੈਰਵੀ ਕਰਨੇ ਲਈ ਉਸ ਨੇ ਦਿੱਲੀ ਤੋਂ ਬਰਿਸਟਰ ਮੰਗਵਾਇਆ । ਆਖਦੇ ਨੇ ਜਿਹੜਾ ਦਿਹਾੜੀ ਦਾ ਵੀਹ ਹਜ਼ਾਰ ਲੈ ਕੇ ਗਿਆ ਸੀ।

ਹੁਣ ਇਹਨਾਂ ਦਿਨਾਂ 'ਚ ਹੀ ਫੈਸਲਾ ਹੋਣ ਵਾਲਾ ਸੀ । ਇਸੇ ਲਈ ਸਰਦਾਰ ਮੰਗਲ ਸਿੰਘ ਨੇ ਤੀਜੀ ਵਾਰੀ ਅਖੰਡ ਪਾਠ ਰਖਵਾਇਆ । ਉਸ ਨੂੰ ਆਪਣੇ ਧੰਨ, ਰਸੂਖ ਤੇ ਜਿਹੜੀ ਥੋੜੀ ਬਹੁਤੀ ਬੇਵਸਾਈ ਸੀ ਉਹ ਕਮੀ ਪੂਰੀ ਕਰਨ ਲਈ ਉਸ ਨੇ ਪਰਮਾਤਮਾ ਦੀ ਮਦਦ ਲੈਣ ਦੀ ਇਹ ਤਜਵੀਜ਼ ਸੋਚੀ। ਅਦਾਲਤ ਵਿਚ ਸਾਰਾ ਮਾਮਲਾ ਤਕਰੀਬਨ ਸਾਫ਼ ਸੀ । ਇਕ ਚੀਜ਼ ਜਿਹੜੀ ਮੰਗਲ ਸਿੰਘ ਦੇ ਵਕੀਲਾਂ ਨੂੰ ਤੇ ਸਰਕਾਰੀ ਵਕੀਲਾਂ ਨੂੰ ਪਰੇਸ਼ਾਨ ਕਰਦੀ ਪਈ ਸੀ ਉਹ ਸੀ ਪਿਉ ਪੁੱਤਰ ਦੋਹਾਂ ਦਾ ਇਕਬਾਲੀ ਬਿਆਨ ਤੇ ਦਲੀਪ ਦੇ ਕਤਲ ਨੂੰ ਇਕੱਲੇ ਆਪਣੇ ਸਿਰ ਉੱਤੇ ਲੈ ਕੇ ਇਕ ਦੂਜੇ ਨੂੰ ਬਚਾਉਣ ਦਾ ਜਤਨ । ਪਿਓ ਪੁੱਤਰ ਦਾ ਇਹੋ ਹੀ ਬਿਆਨ ਸੀ ਕਿ ਉਹ ਬਾਰਡਰ ਸਕਾਊਟ ਨੇ ਤੇ ਇਹ ਲੋਕ ਬਾਰਡਰ ਪਾਰ ਦੇ ਲੋਕਾਂ ਨਾਲ ਲੈਣ ਦੇਣ ਕਰਦੇ ਸਨ। ਉਸ ਦਿਨ ਭੀ ਬਾਰਡਰ ਦੇ ਕੋਲ ਛੁਪ ਛੁਪ ਕੇ ਬੈਟਰੀ ਨਾਲ ਪਾਰ ਇਸ਼ਾਰੇ ਕਰਦੇ ਪਏ ਸਨ ਕਿ ਮੈਂ ਉਨ੍ਹਾਂ ਨੂੰ ਦੇਖ ਲਿਆ । ਮੈਂ ਪੋਜ਼ੀਸ਼ਨ ਲੈ ਕੇ ਜਿਸ ਵੇਲੇ ਪਾਕਿਸਤਾਨੀਆਂ ਦੇ ਆਉਣ ਦੀ ਖੜਾਕ ਸੁਣੀ, ਤਾਂ ਹਨੇਰੇ ਵਿਚ ਹੀ ਇਕ ਫ਼ਾਇਰ ਕੀਤਾ । ਮੇਰੀ ਗੋਲੀ ਕਿਸੇ ਨੂੰ ਨਹੀਂ ਲੱਗੀ ਪਰ ਉਹ ਪਿੱਛੇ ਨੱਸੇ ਤੇ ਮੇਰੀ ਵੱਲ ਉਨ੍ਹਾਂ ਇਕੱਠੇ ਦੋ ਤਿੰਨ ਫਾਇਰ ਕੀਤੇ। ਮੈਂ ਪੱਥਰਾਂ ਪਿੱਛੇ ਸਾਂ । ਮੇਰਾ ਇਨ੍ਹਾਂ ਉਨ੍ਹਾਂ ਉੱਤੇ ਫਾਇਰ ਕਰਨ ਦਾ ਕੋਈ ਇਰਾਦਾ ਨਹੀਂ ਸੀ ਪਰ ਜਦੋਂ ਮੈਂ ਸਮਝਿਆ ਕਿ ਇਹ ਮੈਨੂੰ ਐਮਬੁਸ਼ ਕਰਨ ਲਗੇ ਨੇ ਤਾਂ ਮੈਂ ਭੀ ਹਨੇਰੇ ਵਿਚ ਸਿਰਫ਼ ਅੰਦਾਜ਼ੇ ਨਾਲ ਇਨ੍ਹਾਂ ਵੱਲ ਬੰਦੂਕ ਕਰ ਕੇ ਫਾਇਰ ਕੀਤਾ। ਮੈਨੂੰ ਲਗਿਆ ਉਸ ਗੋਲੀ ਨਾਲ ਸਰਦਾਰ ਉਥੇ ਹੀ ਢਹਿ ਪਿਆ ਸੀ। ਇਸ ਦੇ ਬਾਕੀ ਸਾਥੀ ਪਹਿਲਾਂ ਨੱਸਣ ਲਗੇ, ਫੇਰ ਉਸ ਦੀ ਲਾਸ਼ ਚੁੱਕ ਕੇ ਕਿਧਰੇ ਲੈ ਗਏ ।

ਪਿਓ ਦਾ ਬਿਆਨ ਭੀ ਇਹੀ ਸੀ ਤੇ ਪੁੱਤਰ ਦਾ ਵੀ । ਪੁਲਸ ਨੇ ਇਸ ਵਾਕਿਆ ਨੂੰ ਉਹੀ ਰੰਗ ਦਿਤਾ ਜਿਹੜਾ ਉਸ ਬੁੱਢੇ ਗਰਾਈਂ ਨੇ ਹਸਪਤਾਲ ਵਿਚ ਲੋਕਾਂ ਨੂੰ ਸੁਣਾਇਆ। ਸਰਕਾਰੀ ਵਕੀਲ ਤੇ ਮੰਗਲ ਸਿੰਘ ਨੇ ਇਹ ਸਾਬਤ ਕਰਨ ਦਾ ਕਿ ਜਤਨ ਕੀਤਾ ਕਿ ਇਹ ਵਾਕਿਆ ਬਕੂਆ ਬਾਰਡਰ ਕੋਲੋਂ ਚਾਰ ਮੀਲ ਉਰਾਂ ਉਸ ਥਾਂ ਉਤੇ ਹੋਇਆ ਜਿਥੇ ਇਹ ਸ਼ਿਕਾਰ ਖੇਡਣ ਗਏ ਹੋਏ ਸਨ ਤੇ ਘਰ ਕੋਲੋਂ ਦੂਰ, ਚਲਦੀ ਜੀਪ ਵਿਚ ਗੋਲੀ ਨਾਲ ਮਾਰਨੇ ਦਾ ਕੰਮ ਬੁੱਢੇ ਆਦਮੀ ਦਾ ਨਹੀਂ ਹੋ ਸਕਦਾ। ਉਸ ਦੀ ਕੋਸ਼ਿਸ਼ ਸੀ ਕਿ ਬੁੱਢੇ ਦਾ ਗੱਭਰੂ ਪੁੱਤਰ ਫਾਂਸੀ ਚੜ੍ਹੇ । ਪੁਲਸ ਤੇ ਸਰਦਾਰ ਮੰਗਲ ਸਿੰਘ ਨੂੰ ਪੂਰਾ ਯਕੀਨ ਸੀ ਕਿ ਬੁੱਢੇ ਦਾ ਜੁਆਨ ਜਹਾਨ ਪੁੱਤਰ ਫਾਂਸੀ ਦੇ ਫੰਦੇ ਤੋਂ ਕਿਸੇ ਤਰ੍ਹਾਂ ਵੀ ਨਹੀਂ ਬੱਚ ਸਕਦਾ ।

ਇਹ ਤ੍ਰੀਆ ਅਖੰਡ ਪਾਠ ਮੰਗਲ ਸਿੰਘ ਨੇ ਆਪਣੇ ਪੁੱਤਰ ਦਾ ਬਦਲਾ ਲੈਣ ਦੇ ਵਾਸਤੇ ਕੀਤੇ ਗਏ ਯਤਨਾਂ ਦੀ ਰਹੀ ਸਹੀ ਕਸਰ ਪੂਰੀ ਕਰਨ ਲਈ ਰਖਾਇਆ ਸੀ। ਆਖਦੇ ਨੇ ਇਸ ਵਿਚ ਵੀ ਉਸ ਦੇ ਵਕੀਲਾਂ ਤੇ ਡਾਕਟਰਾਂ ਦਾ ਬੜਾ ਹੱਥ ਸੀ। ਉਹ ਇਸ ਤਰ੍ਹਾਂ ਕਿ ਦੋ ਮਹੀਨਿਆਂ ਤੋਂ ਮੰਗਲ ਸਿੰਘ ਨੇ ਸ਼ਰਾਬ ਪੀਣੀ ਸ਼ੁਰੂ ਕਰ ਦਿਤੀ ਸੀ । ਜਿਸ ਵੇਲੇ ਜੁਆਨ ਪੁੱਤਰ ਦੀ ਯਾਦ ਉਸ ਦੇ ਕਲੇਜੇ ਨੂੰ ਤਰੁੰਬਦੀ ਉਸ ਵੇਲੇ ਸ਼ਰਾਬ ਹੀ ਉਸ ਨੂੰ ਕੁਝ ਸਹਾਰਾ ਦੇਂਦੀ ਸੀ। ਪਰ, ਇਸ ਉਮਰ ਵਿਚ ਏਨੀ ਸ਼ਰਾਬ ਪੀਣ ਨਾਲ ਉਸ ਦਾ ਸਰੀਰ ਦਿਨ-ਬ-ਦਿਨ ਰੋਗੀ ਹੁੰਦਾ ਗਿਆ। ਡਾਕਟਰ ਉਸ ਨੂੰ ਸ਼ਰਾਬ ਪੀਣ ਤੋਂ ਰੋਕਦੇ ਸਨ। ਉਨ੍ਹਾਂ ਦੀ ਰਾਏ ਸੀ ਕਿ ਜੇ ਮੰਗਲ ਸਿੰਘ ਇੰਝ ਹੀ ਸ਼ਰਾਬ ਪੀਂਦਾ ਰਿਹਾ ਤਾਂ ਥੋੜੇ ਚਿਰ ਵਿਚ ਹੀ ਮੰਜੀ ਉਤੇ ਪੈ ਜਾਏਗਾ । ਉਸ ਨੂੰ ਦਿਲ ਦੀ ਕੋਈ ਬੀਮਾਰੀ ਹੋ ਜਾਏਗੀ ਜਾਂ ਦਿਮਾਗ਼ ਦੀ ਨਾੜ ਫੱਟ ਜਾਏਗੀ । ਪਰ ਮੰਗਲ ਸਿੰਘ ਮਜਬੂਰ ਸੀ । ਇਸੇ ਕਰ ਕੇ ਡਾਕਟਰਾਂ ਤੇ ਵਕੀਲਾਂ ਨੇ ਮੰਗਲ ਸਿੰਘ ਨੂੰ ਅਖੰਡ ਪਾਠ ਰਖਾਣੇ ਦੀ ਪ੍ਰੇਰਣਾ ਦਿਤੀ ਸੀ। ਉਨ੍ਹਾਂ ਦਾ ਖਿਆਲ ਸੀ ਮਤੇ ਗ੍ਰੰਥ ਸਾਹਿਬ ਦਾ ਪਾਠ ਹੋਣ ਕਾਰਣ ਉਹ ਸ਼ਰਾਬ ਘਟਾ ਦੇਵੇ ਜਾਂ ਹੋ ਸਕਦੈ ਪੀਏ ਹੀ ਨਾ। ਕੁਝ ਦਿਨ ਜੇ ਮੰਗਲ ਸਿੰਘ, ਸ਼ਰਾਬ ਤੋਂ ਦੂਰ ਰਿਹਾ ਤਾਂ ਸ਼ਾਇਦ ਸੰਭਲ ਈ ਜਾਏ। ਇਨ੍ਹਾਂ ਨੂੰ ਭਰੋਸਾ ਸੀ ਕਿ ਗੁਰੂਆਂ ਦੀ ਪਵਿਤਰ ਬਾਣੀ ਨਾਲ ਇਸ ਦੇ ਦੁਖੀ ਕਲੇਜੇ ਨੂੰ ਭੀ ਥੋੜੀ ਬਹੁਤੀ ਸ਼ਾਂਤੀ ਮਿਲੇਗੀ।

ਸਰਦਾਰ ਮੰਗਲ ਸਿੰਘ ਦੇ ਹਮਦਰਦਾਂ ਤੇ ਦੋਸਤਾਂ ਨੂੰ ਦੇਖ ਕੇ ਬੜੀ ਹੈਰਾਨੀ ਤੇ ਪ੍ਰਸੰਨਤਾ ਵੀ ਹੋਈ ਕਿ ਸੱਚੀਂ ਹੀ ਗੁਰਬਾਣੀ ਨੇ ਮੰਗਲ ਸਿੰਘ ਨੂੰ ਬੜੀ ਆਤਮਕ ਸ਼ਾਂਤੀ ਦਿਤੀ ਸੀ। ਕਮਜ਼ੋਰੀ ਕਾਰਣ ਉਹ ਵਿਚਾਰਾ ਬੈਠ ਵੀ ਨਹੀਂ ਸੀ ਸਕਦਾ । ਇਸੇ ਕਾਰਣ ਬਰਾਂਡੇ ਵਿਚ ਭੁੰਜੇ ਹੀ ਦਰੀ ਵਿਛਾ ਕੇ ਲੇਟੇ ਲੇਟੇ ਗੁਰਬਾਣੀ ਬੜੀ ਸ਼ਰਧਾ ਨਾਲ ਸੁਣਦਾ ਸੀ । ਬਾਣੀ ਦਾ ਇਕ ਇਕ ਅੱਖਰ ਉਸ ਦੇ ਹਿਰਦੇ ਨੂੰ ਜਿਵੇਂ ਛੂੰਹਦਾ। ਉਸ ਦੇ ਕੰਨ ਬਾਣੀ ਦੇ ਬੋਲਾਂ ਪਾਸੇ ਹੀ ਲਗੇ ਰਹਿੰਦੇ, ਬਾਣੀ ਦੀ ਕੋਈ ਕੋਈ ਤੁੱਕ ਕਿੰਨਾ ਕਿੰਨਾ ਚਿਰ ਉਸ ਦੇ ਕੰਨਾਂ 'ਚ, ਮਨ 'ਚ ਗੂੰਜਦੀ ਰਹਿੰਦੀ । ਉਸ ਸੁਣਿਆ—

“ਮਿਤ੍ਰਾ ਦੋਸਤ ਮਾਲ ਧਨ ਛਾਡਿ ਚਲ ਅਤਿਭਾਈ
ਸੰਗੀ ਨਾ ਕੋਈ ਨਾਨਕਾ । ਉਹ ਹੰਸ ਅਕੇਲਾ ਜਾਈ ।"

ਮੰਗਲ ਸਿੰਘ ਉੱਠ ਕੇ ਬੈਠ ਗਿਆ। ਉਸ ਨੇ ਮਨ ਵਿਚ ਹੀ ਇਹ ਤੁੱਕ ਦੋਹਰਾਈ । ਇਕ ਵਾਰੀ ਫਿਰ ਦੋਹਰਾਈ ਤੇ ਤੀਜੀ ਵਾਰੀ ਉਸ ਦੀਆਂ ਅੱਖੀਆਂ ਚੋਂ ਆਪ ਮੁਹਾਰੀ ਅੱਥਰੂ ਕਿਰਨ ਲਗ ਪਏ । ਉਹ ਜਿਤਨਾ ਇਨ੍ਹਾਂ ਬਚਨਾਂ ਉੱਤੇ ਵਿਚਾਰ ਕਰਦਾ ਉਤਨੀ ਉਸ ਨੂੰ ਘਬਰਾਹਟ ਹੁੰਦੀ । ਗੁਰੂ ਨਾਨਕ ਕੀ ਆਖਦੇ ਨੇ ਤੇ ਮੈਂ ਅਜੇ ਤੀਕ ਕਿਸ ਰਸਤੇ ਉੱਤੇ ਚੱਲਦਾ ਰਿਹਾਂ ? ਉਸ ਨੂੰ ਯਾਦ ਆਏ ੧੯੪੭ ਦੇ ਭਿਅੰਕਰ ਦਿਨ । ਜਦੋਂ ਦੇਸ਼ ਵੰਡਿਆ ਗਿਆ ਸੀ । ਤੇ ਉਹ ਆਪਣਾ ਘਰ ਬਾਰ ਛੱਡ, ਦਲੀਪ ਤੇ ਘਰਵਾਲੀ ਨੂੰ ਨਾਲ ਲੈ ਸੱਤ ਅੱਠ ਦਿਨ ਜੰਗਲਾਂ ਵਿਚ ਹੀ ਛੁਪਿਆ ਰਿਹਾ ਸੀ। ਮੌਤ ਗਿਰਜਾਂ ਵਾਂਗੂੰ ਅਕਾਸ਼ ਵਿਚ ਚੱਕਰ ਲਗਾਉਂਦੀ ਸੀ। ਹਰ ਖੜਾਕ ਨਾਲ ਯਮਰਾਜ ਦੇ ਦੂਤਾਂ ਦੇ ਆਉਣ ਦਾ ਯਕੀਨ ਹੋ ਜਾਂਦਾ ਸੀ। ਉਸ ਨੂੰ ਇਕ ਝਟਕਾ ਜਿਹਾ ਲੱਗਾ ਤੇ ਮੁੜ ਕੇ ਗ੍ਰੰਥੀ ਦੇ ਬੋਲ ਉਸ ਦੇ ਕੰਨ ਵਿਚ ਪਏ :-

“ਬਿਰਧ ਭਇਓ ਅਜਹੂ ਨਹੀ ਸਮਝੈ
ਕਉਨੁ ਕੁਮਤਿ ਓਰਝਾਨਾ ।"

ਉਸ ਦੇ ਲੂੰ ਕੰਡੇ ਖੜੇ ਹੋ ਗਏ । ਉਸ ਨੂੰ ਲਗਿਆ ਜਿਵੇਂ ਗੁਰੂ ਅੱਜ ਉਸੇ ਨੂੰ ਸਮਝਾਉਂਦੇ ਪਏ ਨੇ “ਅੱਜ ਮੰਗਲ ਸਿੰਘਾ ਤੇਰੇ ਧੰਨ ਭਾਗ ਨੇ......ਤੈਨੂੰ ਸਮਝਾਉਂਦੇ ਪਏ ਨੇ ਇਹ ਘੜੀ ਕਿਸੇ ਭਾਗਾਂ ਵਾਲੇ ਦੇ ਜੀਵਨ 'ਚ ਆਉਂਦੀ ਏ ।"

ਉਸ ਨੇ ਹੱਥ ਜੋੜ ਕੇ ਮੱਥੇ ਨਾਲ ਲਗਾਏ ਤੇ ਰੋਂਦਾ ਰੋਂਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਚੌਂਕੀ ਕੋਲ ਜਾ ਬੈਠਾ । ਕਮਰੇ ਵਿਚ ਜਿਹੜੇ ਜ਼ਨਾਨੀਆਂ ਮਰਦ ਸਨ, ਸਾਰੇ ਉਸ ਨੂੰ ਦੇਖਣ ਲਗੇ । ਸਾਰੇ ਹੈਰਾਨ ਸਨ ਕਿ ਸਰਦਾਰ ਹੋਰੀਂ ਇੰਨੀ ਕਮਜ਼ੋਰੀ ਵਿਚ ਵੀ ਕਿੰਝ ਹੌਲੀ ਹੌਲੀ ਅੰਦਰ ਆ ਕੇ, ਚੁੱਪ ਚਾਪ ਬੁੱਤ ਵਾਂਗ ਇਥੇ ਬੈਠ ਗਏ ਨੇ । ਇਨ੍ਹਾਂ ਨੂੰ ਕੀ ਹੋਇਆ ? ਅੱਖੀਆਂ 'ਚ ਝੜੀ ਲਗੀ ਹੋਈ ਹੈ। ਹੱਥ 'ਚ ਲਏ ਤੌਲੀਏ ਨਾਲ ਸਰਦਾਰ ਮੰਗਲ ਸਿੰਘ ਅੱਥਰੂ ਪੂੰਝਦਾ ਜਾਂਦਾ। ਲੋਕ ਸੋਚਦੇ ਪੁੱਤਰ ਦਾ ਸੱਲ ਤੇ ਵਿਛੋੜਾ ਪ੍ਰਮਾਤਮਾ ਕਿਸੇ ਦੁਸ਼ਮਣ ਨੂੰ ਵੀ ਨਾ ਦੱਸੇ । ਪਰਮਾਤਮਾ ਦੀ ਮਾਇਆ ਵੀ ਅਪਰ-ਪਾਰ ਏ, ਸਾਰੇ ਸੁੱਖਾਂ ਦੀ ਵਰਖਾ ਵੀ ਕੀਤੀ ਤੇ ਆਖ਼ੀਰ ਇਹ ਸੱਲ ਵੀ । ਇਹਦੇ ਨਾਲੋਂ ਤਾਂ ਗ਼ਰੀਬੀ ਚੰਗੀ।ਦੂਜੇ ਦਿਨ ਵੀ ਲੋਕਾਂ ਵੇਖਿਆ ਜੇ ਮੰਗਲ ਸਿੰਘ ਬਰਾਂਡੇ ਵਿਚ ਹੀ ਭੁੱਖਾ ਭਾਣਾ ਲੇਟਿਆ ਕੁਝ ਸੋਚਦਾ ਰਿਹਾ । ਉਸ ਨੂੰ ਫਿਰ ਉਹ ਜੰਗਲ ਯਾਦ ਆ ਗਿਆ, ਉਹੀ ਮੌਤ ਦਾ ਜੰਗਲ । ਇਕ ਇਕ ਗੱਲ ਪਰਤੱਖ ਹੋਣ ਲੱਗੀ । ਉਥੋਂ ਉਨ੍ਹਾਂ ਨੂੰ ਡੋਗਰਾ ਪਲਟਨ ਨੇ ਬਚਾਇਆ ਸੀ ਜਿਹੜੇ ਬੱਚੇ ਖੁੱਚੇ ਲੋਕਾਂ ਨੂੰ ਕੱਢ ਕੱਢ ਹਿੰਦੁਸਤਾਨ ਭੇਜ ਰਹੀ ਸੀ ।

ਗੁਰੂ ਨਾਨਕ ਦੇਵ ਜੀ ਦੀ ਅੰਮ੍ਰਿਤ ਬਾਣੀ ਉਸ ਨੂੰ ਫਿਰ ਯਾਦ ਆਈ---

ਬਿਰਧ ਭਇਓ ਅਜਹੁ ਨਹੀ ਸਮਝੈ
ਕਉਨੁ ਕੁਮਤਿ ਓਰਝਾਨਾ ।"

ਜਿੰਝ ਦੇਵਤੇ ਨੇ ਉਸ ਨੂੰ ਇਕ ਚਾਬਕ ਹੋਰ ਲਗਾਈ ਹੋਏ। ਯਾਦਾਂ ਦੇ ਕਾਫਲੇ ਟੁਰਦੇ ਗਏ...ਟੁਰਦੇ ਗਏ, ਹਰ ਪਾਸੇ ਡਰ, ਤਰਾਸ, ਭੈ, ਗਰੀਬੀ, ਬਦਹਾਲੀ ਤੇ ਪ੍ਰਾਣਾਂ ਦਾ ਮੋਹ । ਉਸ ਵੇਲੇ ਦਲੀਪ ਮਸਾਂ ਪੰਜ ਛੇ ਵਰ੍ਹਿਆਂ ਦਾ ਸੀ। ਸੱਤ ਦਿਨਾਂ ਦੀ ਭੁੱਖ ਤ੍ਰੇਹ ਨੇ ਜਵਾਨ ਗੱਭਰੂਆਂ ਨੂੰ ਵੀ ਨਿਢਾਲ ਕਰ ਦਿਤਾ ਸੀ। ਇਹ ਮਾਸੂਮ ਤਾਂ ਸੁੱਕ ਕੇ ਮਰਨੇ ਵਾਲਾ ਹੋ ਗਿਆ । ਇਕ ਵਾਰੀ ਤਾਂ ਇਸ ਦੇ ਰੀਂ...ਰੀਂ ਕਰਨ ਕੋਲੋਂ ਦੁਖੀ ਹੋ ਕੇ ਮੰਗਲ ਸਿੰਘ ਉਸ ਦਾ ਗਲਾ ਘੁੱਟਣ ਲੱਗਾ ਸੀ ਕਿ ਜੇ ਇਸ ਦੀ ਅਵਾਜ਼ ਨਾਲ ਦੁਸ਼ਮਣ ਉਧਰ ਆ ਗਏ ਤਾਂ ਸਾਰਿਆਂ ਨੂੰ ਮਾਰ ਦੇਣਗੇ ਤੇ ਲੁੱਟ ਪੁੱਟ ਲੈਣਗੇ। ਪਰ ਸਰਦਾਰਨੀ ਨੇ ਵਾਸਤੇ ਪਾ ਕੇ ਰੋਕ ਦਿਤਾ ਸੀ । ਸੱਤਾਂ ਦਿਨਾਂ ਬਾਦ ਡੋਗਰਾ ਰੈਜਮੈਂਟ ਦੇ ਸਿਪਾਹੀਆਂ ਨੇ ਜਦੋਂ ਦਿਲਾਸਾ ਦਿਤਾ, ਪੀਣ ਨੂੰ ਪਾਣੀ ਦਿਤਾ ਤਾਂ ਲਗਿਆ ਪਰਮੇਸ਼ਰ ਨੇ ਸਾਡੀ ਸੁਣ ਕੇ ਸਾਡੀ ਰਖਿਆ ਲਈ ਫ਼ਰਿਸ਼ਤੇ ਭੇਜੇ ਹਨ । ਗੁਰੂ ਦੀ ਬਾਣੀ ਵੀ ਉਹੀ ਦਿਨ ਯਾਦ ਕਰਾਉਂਦੀ ਪਈ ਏ।” ਉਸ ਰਾਤੀਂ ਵਿਚਾਰੀ ਸਰਦਾਰਨੀ ਘਾਬਰੀ ਹੋਈ ਮੰਗਲ ਸਿੰਘ ਦੇ ਕੋਲ ਬੈਠੀ ਉਸ ਨੂੰ ਧੀਰਜ ਦੇਣ ਲੱਗੀ ਤੇ ਮੰਗਲ ਸਿੰਘ ਆਖਣ ਲੱਗਾ “ਦਲੀਪ ਦੀ ਮਾਂ...ਤੈਨੂੰ ਉਹ ਦਿਨ ਯਾਦ ਨੇ ? ਉਹ ਚਾਰ ਮੀਲ ਪੈਂਡਾ ਕਿਤਨਾ ਮੁਸ਼ਕਿਲ ਲਗਿਆ ਸੀ ? ਪੰਜ... ਚਾਰ ਸੌ ਬੇਹਾਲ ਤੇ ਡਰੇ ਹੋਏ ਜ਼ਨਾਨੀਆਂ ਮਰਦਾਂ ਦਾ ਉਹ ਕਾਫਲਾ ਕਿੰਨਾ ਡਰਾਉਣਾ ਸੀ......ਯਾਦ ਏ ਤੈਨੂੰ ਭਲੀਏ ਲੋਕੇ ? ਅਸੀਂ ਕਿੰਝ ਦਲੀਪ ਨੂੰ ਵਾਰੀ ਵਾਰੀ ਚੁਕਦੇ ਤੇ ਕਾਫਲੇ ਦੇ ਨਾਲ ਨਾਲ ਚੱਲਣ ਦਾ ਜਤਨ ਕਰਦੇ ਸਾਂ। ਉਹ ਫੌਜੀ ਜਮਾਦਾਰ ਕਿੰਨਾ ਨੇਕ ਆਦਮੀ ਸੀ । ਕਿੰਝ ਉਸ ਨੇ ਕਾਫਲੇ ਦੇ ਦੋਨੋਂ ਪਾਸੀਂ ਸਿਪਾਹੀ ਰਖੇ ਸਨ ਤਾਂ ਜੋ ਦੁਸ਼ਮਣ ਹਮਲਾ ਕਰੇ ਵੀ ਤਾਂ ਟਾਕਰਾ ਪਹਿਲੇ ਸਿਪਾਹੀ ਨਾਲ ਕਰਨ। ਤਲੀ ਉੱਤੇ ਪ੍ਰਾਣ ਰਖ ਕੇ ਉਹ ਸਾਡੀ ਹਿਫ਼ਾਜ਼ਤ ਕਰ ਰਹੇ ਸਨ । ਅਸੀਂ ਦੋਵੇਂ ਆਖਿਰ ਥੱਕ ਗਏ ਸਾਂ। ਦਲੀਪ ਨੂੰ ਤੇ ਦੋ-ਚਾਰ ਕੰਬਲ ਲੋਈਆਂ ਨੂੰ ਚੁਕ ਕੇ ਇਕ ਕਦਮ ਪੁਟਣਾ ਵੀ ਔਖਾ ਹੋ ਗਿਆ ਸੀ। ਤੂੰ ਆਖਿਆ ਸੀ “ਕੰਬਲ ਸੁਟ ਦੇਨੇ ਆਂ" ਪਰ ਸਰਦੀ ਦਾ ਮੌਸਮ ਸੀ ਫੇਰ ਸੋਚਿਆ-ਰਾਤੀਂ ਠਰ ਕੇ ਹੀ ਮਰ ਜਾਵਾਂਗੇ......ਵਾਹਿਗੁਰੂ ! ਤੇਰੀ ਸ਼ਰਣ... ਵਾਹਿਗੁਰੂ ਤੇਰੀ ਓਟ !!"

"ਦਲੀਪ ਦੀ ਮਾਂ...ਦੇਖੀ ਸੀ ਤੂੰ ਉਸ ਵੇਲੇ ਕਰਤਾਰ ਦੀ ਮਾਇਆ।" ਜੋ ਦਿਨ ਤੇਰਾ ਕੋਈ ਨਾਂਹਿ ... ਤਾਂ ਦਿਨ ਰਾਮ ਸਹਾਈ । ਸੋਚਦੇ ਸਾਂ ਜੇ ਦਲੀਪ ਕਿਸੇ ਤਰ੍ਹਾਂ ਵੀ ਬੱਚ ਜਾਏ ਤਾਂ ਖਾਨਦਾਨ ਦੀ ਨਿਸ਼ਾਨੀ ਰਹਿ ਜਾਂਦੀ । ਪਰ ਬਚਣ ਦੀ ਉਸ ਵੇਲੇ ਕੋਈ ਸੂਰਤ ਹੀ ਨਜ਼ਰ ਨਹੀਂ ਸੀ ਆਉਂਦੀ। ਸਿਰਫ਼ ਇਹੋ ਹੀ ਤਸੱਲੀ ਸੀ ਕਿ ਅਸੀਂ ਤਿੰਨ ਜਣੇ ਉਸ ਸਾਂਝੀ ਕਿਸਮਤ ਨੂੰ ਭੋਗਣ ਲਈ ਤਿਆਰ ਸਾਂ । ਇਕ ਵਾਰੀ ਤੂੰ ਵੀ ਆਖਿਆ ਸੀ 'ਸਰਦਾਰ ਜੀ, ਤੁਸੀਂ ਚਲੇ ਜਾਓ ਮੈਨੂੰ ਤੇ ਦਲੀਪ ਨੂੰ ਗੁਰੂ ਦੇ ਆਸਰੇ ਛਡ ਦਿਉ।' ਉਸ ਵੇਲੇ ਉਹੀ ਡੋਗਰਾ ਜਮਾਦਾਰ ਸਾਡੇ ਕੋਲ ਆ ਗਿਆ ਸੀ। ਮੈਨੂੰ ਅਜੇ ਵੀ ਉਸ ਦੇ ਉਹ ਬੋਲ ਯਾਦ ਨੇ, ਦਲੀਪ ਦੀ ਮਾਂ — "ਸਰਦਾਰ ਜੀ ਹੌਸਲਾ ਕਰੋ, ਹਿੰਮਤ ਕਰੋ ਬਸ ਇਹੋ ਹੀ ਚਾਰ ਪੰਜ ਮੀਲ ਖ਼ਤਰੇ ਦੇ ਨੇ । ਅੱਗੋਂ ਫਿਰ ਆਪਣਾ ਵਤਨ ਏ, ਆਪਣਾ ਦੇਸ਼ ਏ, ਆਪਣੇ ਲੋਕ ਨੇ'' ਤੇ ਤੇਰੀਆਂ ਅੱਖੀਆਂ ਵਿਚ ਅੱਥਰੂ ਆ ਗਏ ਸਨ। ਜਮਾਦਾਰ ਵਿਚਾਰਾ ਸਾਡੀ ਬੇਬਸੀ ਸਮਝ ਗਿਆ । ਉਸ ਨੇ ਦਲੀਪ ਨੂੰ ਸਾਡੇ ਕੋਲੋਂ ਲੈ ਕੇ ਆਪੂੰ ਚੁਕ ਲਿਆ। ਹਾਂ ! ਉਸ ਦਲੀਪ ਨੂੰ ਜਿਸ ਦੇ ਕਪੜਿਆਂ 'ਚੋਂ ਜਿਸਮ 'ਚੋਂ ਬੋ ਆਉਂਦੀ ਪਈ ਸੀ। ਚਾਰ ਪੰਜ ਮੀਲ ਉਸ ਨੇ ਆਪਣੇ ਸਿਪਾਹੀਆਂ ਦੀ ਮਦਦ ਨਾਲ ਦਲੀਪ ਨੂੰ ਆਖ਼ਿਰ ਉਸ ਥਾਂ ਪਹੁੰਚਾਇਆ ਜਿਥੇ ਜੀਵਨ ਦੀ ਆਸ ਚਮਕਣ ਲਗੀ ਸੀ । ਕਿਸ ਤਰ੍ਹਾਂ ਦੇ ਦਿਨ ਸਨ ਉਹ ਦਲੀਪ ਦੀ ਮਾਂ ... ਕਿਸ ਤਰ੍ਹਾਂ ਦੇ ਦਿਨ ਸਨ ਉਹ ?''

ਮੰਗਲ ਸਿੰਘ ਨੇ ਤੌਲੀਏ ਨਾਲ ਅੱਥਰੂ ਪੂੰਝੇ ਤੇ ਨਢਾਲ ਹੋ ਕੇ ਬਿਸਤਰੇ ਉੱਤੇ ਲੇਟ ਗਿਆ। ਅੱਖਾਂ ਬੰਦ ਕਰ ਲਈਆਂ ਤੇ ਉਸ ਨੂੰ ਲਗਿਆ ਯਾਦਾਂ ਦਾ ਕਾਫਲਾ ਬੜੀ ਤੇਜ਼ੀ ਨਾਲ ਉਸ ਦੇ ਮਨ ਵਿਚ ਕਈ ਮੂਰਤਾਂ ਬਣਾਂਦਾ ਮਿਟਾਂਦਾ ਨਿਕਲਦਾ ਪਿਆ ਹੈ । ਸਤਾਰਾਂ ਅਠਾਰਾਂ ਸਾਲਾਂ ਵਿਚ ਉਸ ਨੇ ਇੰਨੀ ਜਾਇਦਾਦ ਕਿੰਝ ਬਣਾ ਲਈ, ਇਸ ਕਰਾਮਾਤ ਦੇ ਸਾਰੇ ਗੁੱਪਤ ਭੇਦ ਉਸ ਦੀਆਂ ਅੱਖਾਂ ਅੱਗੇ ਆ ਗਏ। ਉਸ ਸੋਚਿਆ ਉਹ ਡੋਗਰਾ ਜਮਾਦਾਰ ੨੫-੩੦ ਰੁਪਏ ਪੈਨਸ਼ਨ ਲੈ ਕੇ ਕਿਧਰੇ ਕੰਡੀ ਦੇ ਇਲਾਕੇ 'ਚ ਜਾਂ ਕਿਸੀ ਗਿਰਾਂ ਵਿਚ ਪਤਾ ਨਹੀਂ ਕਿੰਝ ਦਿਨ ਕੱਟ ਰਿਹਾ ਹੋਏਗਾ । ਮੈਂ ਉੱਥੇ ਉਸ ਨੂੰ ਦੋਸਤ ਬਣਾਇਆ ਸੀ। ਉਸ ਨੂੰ ਯਕੀਨ ਦੁਆਇਆ ਸੀ ਕਿ ਕਦੀ ਵੀ ਉਸ ਨੂੰ ਨਹੀਂ ਵਿਸਾਰਾਂਗਾ ਪਰ ਕਦੀ ਵੀ ਉਸ ਦੀ ਯਾਦ ਨਹੀਂ ਆਈ । ਕਿਉਂ ਨਹੀਂ ਆਇਆ ? ਇਸ ਲਈ ਜੇ ਮੈਂ ਪੈਸੇ ਵਾਲਾ ਹੋ ਗਿਆ ਹਾਂ, ਲੱਖ ਪਤੀ ਹੋ ਗਿਆ ਹਾਂ। ਗੁਰਬਾਣੀ ਤਾਂ ਮੈਂ ਰੋਜ਼ ਪੜ੍ਹਦਾ ਹਾਂ :--

“ਸੁਮਰਣ ਭਜਨ ਨਹੀ ਕੀਣੀ, ਤੋ ਮੁੱਖ ਚੋਟ ਖਾਏਗਾ"

ਇਕ ਦਿਨ ਵੀ ਤਾਂ ਇਨ੍ਹਾਂ ਸ਼ਬਦਾਂ ਦਾ ਤੱਤ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ । “ਦਲੀਪ ਦੀ ਮਾਂ" ਮੰਗਲ ਸਿੰਘ ਉੱਠ ਕੇ ਬਹਿ ਗਿਆ “ਭੋਲੀਏ ! ਤੂੰ ਵੀ ਮੈਨੂੰ ਨਹੀਂ ਸਮਝਾਇਆ ? ਪਰ ਤੂੰ ਆਪ ਵੀ ਤਾਂ ਇਸ ਮਾਇਆ ਦੇ ਜੰਜਾਲ ਵਿਚ ਫਸ ਗਈ ਸੀ। ਦਲੀਪ ਦੀ ਮਾਂ ! ਅੱਜ ਮੈਨੂੰ ਲਗਦੈ ਕਰਤਾਰ ਆਪ ਸਾਡੇ ਉੱਤੇ ਦਿਆਲ ਹੋਏ ਨੇ ! ਅੱਜ ਉਨ੍ਹਾਂ ਮੇਰੀਆਂ ਅੱਖਾਂ ਖੋਲ੍ਹ ਦਿਤੀਆਂ ਨੇ । ਦਾਤਾ ! ਕਸੂਰ ਮੇਰਾ ਏ। ਸਾਈਆਂ ! ਕਸੂਰ ਮੇਰਾ ਏ । ਇਹ ਸਭ ਮੇਰੇ ਆਪਣੇ ਪਾਪਾਂ ਦਾ ਫਲ ਏ । ਅੱਜ ਪਹਿਲੀ ਵਾਰੀ ਗੁਰੂ ਦੀ ਬਾਣੀ ਮੇਰੀ ਸਮਝ ਵਿਚ ਆਈ ਏ ਦਲੀਪ ਦੀ ਮਾਂ"।

ਗ੍ਰੰਥੀ ਦੇ ਬੋਲ ਲਾਊਡ ਸਪੀਕਰ ਵਿਚ ਗੂੰਜੇ :-

“ਜੋ ਦਿਨ ਤੇਰੇ ਕੋਈ ਨਹੀ — ਤਾ ਦਿਨ ਰਾਮ ਸਹਾਈ"

ਮੰਗਲ ਸਿੰਘ ਵੀ ਆਖਣਾ ਸ਼ੁਰੂ ਕੀਤਾ ਸੁਣਿਐ ਤੂੰ ਭਗਵਾਨੇ । ਉਹ ਦਿਆਲ ਅਜੇ ਵੀ ਮਦਦ ਕਰਨ ਲਈ ਤਿਆਰ ਏ । ਸੁਣਿਐ ਤੂੰ। ਅੱਜ ਮੇਰੇ ਰਾਮ ਮੇਰੇ ਤੇ ਕਿੰਨੇ ਦਿਆਲ ਹਨ। ਪਰ ਮੈਨੂੰ ਅੱਜ ਕਿਵੇਂ ਸੁਝੀ ਏ ? ਪਹਿਲਾਂ ਉਨ੍ਹਾਂ ਮੈਨੂੰ ਕਿਉਂ ਨਹੀਂ ਚਾਬਕ ਮਾਰੀ ? ਪਹਿਲਾਂ ਕਿਉਂ ਨਹੀਂ ਮੈਨੂੰ ਉਸ ਰਸਤੇ ਉੱਤੇ ਜਾਣ ਲਈ ਰੋਕਿਆ ? ਪਰ ਇਹ ਵੀ ਕਰਤਾਰ ਦੀ ਬੜੀ ਕ੍ਰਿਪਾ ਏ ਜੇ ਇਸ ਵੇਲੇ ਮੇਰੀ ਬਾਂਹ ਉਸ ਨੇ ਪਕੜ ਲਈ ਹੈ । ਹੁਣ ਕੋਈ ਡਰ ਨਹੀਂ ... ... ਦਲੀਪ ਦੀ ਮਾਂ ਹੁਣ ਕੋਈ ਡਰ ਨਹੀਂ ।"

ਕੋਠੀ ਵਿਚ ਇਕੱਠੇ ਹੋਏ ਸਾਰੇ ਸਾਕ ਸਬੰਧੀ ਸਰਦਾਰ ਮੰਗਲ ਸਿੰਘ ਦੀਆਂ ਊਟ ਪਟਾਂਗ ਗੱਲਾਂ ਸੁਣ ਕੇ ਘਾਬਰ ਗਏ। ਸਵੇਰੇ ਸਵੇਰੇ ਉਨ੍ਹਾਂ ਵੱਡੇ ਡਾਕਟਰ ਨੂੰ ਸੱਦ ਭੇਜਿਆ। ਡਾਕਟਰ ਕੋਈ ਦੱਸ ਵਜੇ ਪੁੱਜਿਆ। ਉਸ ਵੇਲੇ ਸਰਦਾਰ ਮੰਗਲ ਸਿੰਘ ਨਹਾ ਧੋ ਕੇ, ਸਾਫ ਸੁਥਰੇ ਕਪੜੇ ਬਦਲ, ਬੜੀ ਸ਼ਾਂਤੀ ਨਾਲ ਜਪੁਜੀ ਦਾ ਪਾਠ ਕਰਦਾ ਪਿਆ ਸੀ । ਡਾਕਟਰ ਨੇ ਅੰਦਰ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਫਿਰ ਦੋਵੇਂ ਬਾਹਰ ਕੁਰਸੀਆਂ ਤੇ ਬੈਠ ਗਏ ।

ਮੰਗਲ ਸਿੰਘ ਨੇ ਡਾਕਟਰ ਨਾਲ ਬੜੀ ਸ਼ਾਂਤੀ ਤੇ ਧੀਰਜ ਨਾਲ ਗੱਲਾਂ ਕੀਤੀਆਂ ਆਖਣ ਲੱਗਾ “ਡਾਕਟਰ ਜੀ ਕੱਲ ਜ਼ਿੰਦਗੀ ਦੇ ਬੀਤੇ ਹੋਏ ਦਿਨ ਬੜੇ ਯਾਦ ਆਏ । ਰੋਣਾ ਵੀ ਬੜਾ ਹੀ ਆਇਆ। ਅੱਜ ਮੇਰਾ ਜੀ ਬੜਾ ਹਲਕਾ ਹਲਕਾ ਏ । ਭੁੱਖ ਵੀ ਲਗੀ ਏ । ਪਰ ਇਕ ਗੱਲ ਏ ਡਾਕਟਰ ਸਾਹਿਬ ਤੁਸੀਂ ਵੀ ਮੇਰੇ ਨਾਲ ਚਲੋ, ਕਾਰ ਤਾਂ ਤੁਸੀਂ ਆਪਣੀ ਆਂਦੀ ਹੀ ਹੋਣੀ ਏ" ਡਾਕਟਰ ਨੇ ਪੁਛਿਆ 'ਜਾਣਾ ਕਿੱਥੇ ਹੈ ?' ਦੂਰ ਨਹੀਂ ਜਾਣਾ ਡਾਕਟਰ ਸਾਹਿਬ ਪੰਜਾਂ ਮਿੰਟਾਂ ਦਾ ਰਸਤਾ ਏ । ਉਹ ਦੋਨੋਂ ਕੋਠੀ ਤੋਂ ਬਾਹਰ ਆ ਕੇ ਮੋਟਰ ਵਿਚ ਬੈਠ ਗਏ।

ਸਰਦਾਰ ਮੰਗਲ ਸਿੰਘ ਨੇ ਡਰਾਈਵਰ ਨੂੰ ਕਿਹਾ, “ਯਾਰ ਜ਼ਰਾ ਸੈਸ਼ਨ ਜੱਜ ਦੀ ਅਦਾਲਤ ਤੱਕ ਚਲਨੈ ।"

ਪੰਜਾਂ ਮਿੰਟਾਂ ਵਿਚ ਉਹ ਉਥੇ ਪੁੱਜ ਗਏ । ਸੈਸ਼ਨ ਜੱਜ ਵੀ ਹਾਲੀ ਮਸਾਂ ਪੁਜਿਆ ਸੀ। ਜੱਜ ਮੰਗਲ ਸਿੰਘ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਉਸ ਪੁਛਿਆ “ਸਰਦਾਰ ਜੀ, ਅੱਜ ਤੁਹਾਡੀ ਤਰੀਕ ਤਾਂ ਨਹੀਂ........ ਤੁਸੀਂ ਕਿੰਝ ਆਏ ?"

"ਜਨਾਬ ਇਕ ਜ਼ਰੂਰੀ ਕੰਮ ਸੀ, ਉਸੇ ਲਈ ਆਏ ਹਾਂ। ਇਹ ਡਾਕਟਰ ਸਾਹਿਬ ਨੇ...ਇਨ੍ਹਾਂ ਨੂੰ ਜਾਣਦੇ ਹੋ ਨਾ ਜਨਾਬ ?"

ਡਾਕਟਰ ਕੁਝ ਘਬਰਾਉਣ ਲੱਗਾ ।

"ਇਨ੍ਹਾਂ ਨੂੰ ਕੌਣ ਨਹੀਂ ਜਾਣਦਾ ? ਸਰਦਾਰ ਜੀ ।"

"ਡਾਕਟਰ ਸਾਹਿਬ ਨੂੰ ਮੈਂ ਸਿਰਫ ਇਤਨਾ ਹੀ ਕਸ਼ਟ ਦੇਣ ਲਈ ਆਂਦੈ ਕਿ ਇਹ ਤਸਦੀਕ ਕਰ ਦੇਣ ਕਿ ਮੈਂ ਇਸ ਵੇਲੇ ਆਪਣੀ ਪੂਰੀ ਹੋਸ਼ ਵਿਚ ਹਾਂ । ਮੈਂ ਨਾ ਤਾਂ ਬੀਮਾਰ ਹਾਂ ਤੇ ਨਾ ਹੀ ਮੇਰਾ ਦਿਮਾਗ ਖਰਾਬ ਹੈ। ਠੀਕ ਏ ਨਾ ਡਾਕਟਰ ਜੀ ?" ਮੰਗਲ ਸਿੰਘ ਨੇ ਡਾਕਟਰ ਵਲ ਦੇਖਦੇ ਪੁਛਿਆ।

“ਹਾਂ ਮੈਂ ਤਸਦੀਕ ਕਰਨਾ, ਸਰਦਾਰ ਮੰਗਲ ਸਿੰਘ ਬਿਲਕੁਲ ਠੀਕ ਹਾਲਤ ਵਿਚ ਤੇ ਆਪਣੀ ਪੂਰੀ ਹੋਸ਼ ਵਿਚ ਨੇ । ਡਾਕਟਰ ਬੋਲੇ !

"ਜੱਜ ਸਾਹਿਬ ! ਹੁਣ ਮੈਂ ਇਕ ਬਿਆਨ ਦੇਣਾ ਚਾਹੁੰਨਾ, ਇਜਾਜ਼ਤ ਦਿਉ ਤਾਂ। ਇਹ ਬਿਆਨ ਮੇਰੇ ਆਪਣੇ ਪੁੱਤਰ ਦੇ ਉਸ ਮੁਕੱਦਮੇ ਦੇ ਬਾਰੇ 'ਚ ਏ ਜਿਸ ਦੀ ਸੁਣਵਾਈ ਤੁਸੀਂ ਕੀਤੀ ਸੀ ।"

ਜੱਜ ਉਸ ਦਾ ਬਿਆਨ ਲਿਖਣ ਲਈ ਤਿਆਰ ਹੋ ਗਿਆ।

"ਜੱਜ ਸਾਹਿਬ ! ਮੈਂ ਮਕਤੂਲ ਦਲੀਪ ਸਿੰਘ ਦਾ ਬਦਨਸੀਬ ਪਿਓ ਆਂ । ਮੈਂ ਇਸ ਵੇਲੇ ਤੁਹਾਡੇ ਸਾਹਮਣੇ ਜੋ ਕੁਝ ਬਿਆਨ ਦੇਣ ਲਗਾ ਹਾਂ ਉਹ ਆਪਣੇ ਵਾਹਿਗੁਰੂ ਕਰਤਾਰ ਨੂੰ ਹਾਜ਼ਰ ਨਾਜ਼ਰ ਸਮਝ ਕੇ ਦੇਣ ਲਗਾ ਹਾਂ। ਇਹ ਦਲੀਪ ਦੀ ਪਾਸ ਬੁੱਕ ਏ । ਦਿੱਲੀ ਦੇ ਕਿਸੇ ਵੱਡੇ ਵਿਦੇਸ਼ੀ ਬੈਂਕ ਦੀ ਪਾਸ ਬੁੱਕ । ਇਸ ਵਿਚ ਉਸ ਦਾ ਇਕ ਲੱਖ ਪੰਦਰਾਂ ਹਜ਼ਾਰ ਰੁਪਿਆ ਜਮ੍ਹਾਂ ਹੈ । ਉਸ ਦਾ ਕੁਝ ਰੁਪਿਆ ਕਿਸੀ ਲਾਕਰ ਵਿਚ ਵੀ ਜ਼ਰੂਰ ਹੋਏਗਾ। ਜਨਾਬ ਮੈਂ ਇਹ ਸਾਰਾ ਮੁਕੱਦਮਾ ਪੈਸੇ ਦੇ ਜ਼ੋਰ ਨਾਲ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਲੈਣ ਦੀ ਭਾਵਨਾ 'ਚ ਅੰਨ੍ਹੇ ਹੋ ਕੇ ਲੜਿਆ ਏ।"

(ਅਨੁਵਾਦ : ਚੰਦਨ ਨੇਗੀ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਰਾਮ ਨਾਥ ਸ਼ਾਸਤ੍ਰੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •