Ucha Nakk (Punjabi Story) : Nanak Singh

ਉੱਚਾ ਨੱਕ (ਕਹਾਣੀ) : ਨਾਨਕ ਸਿੰਘ

''ਠਹਿਰਾਂ ਝਾਟਾ ਆਪਣਾ? ਗਲ ਗਲ ਪਾਣੀ ਚੜ੍ਹਿਆ ਹੋਇਆ ਏ, ਬੂਹੇ ਤੇ ਹਾਥੀ ਪਏ ਝੂਲਦੇ ਨੇ, ਅਜੇ ਕਹਿੰਦੇ ਠਹਿਰ ਜਾ। ਮੈਂ ਆਹਨੀ ਆਂ ਖੌਰੇ ਤੁਹਾਨੂੰ ਖਾਧਾ ਪੀਤਾ ਕੀਕਣ ਲਗਦਾ ਏ। ਮੇਰੀ ਤੇ ਅੱਖ ਸੜ ਜਾਏ ਜੇ ਰਾਤੀਂ ਪਲਕਾਂ ਵੀ ਜੁੜਦੀਆਂ ਹੋਣ!''
''ਪਰ ਭਲੀਏ ਲੋਕੇ! ਹੁਣ ਡੁਬ ਤੇ ਨਹੀਂ ਨਾ ਮਰਨਾ। ਅਜੇ ਅਗਲਾ ਪੀਠਾ ਨਹੀਂ ਛਾਣਿਆ ਗਿਆ। ਵਰ੍ਹਾ ਨਹੀਂ ਹੋਇਆ ਵੱਡੀ ਵਿਆਹੀ ਨੂੰ, ਰਾਸ ਪੂੰਜੀ ਸਾਰੀ ਲਾ ਬੈਠੇ ਆਂ। ਕਰਜ਼ੇ ਨਾਲ ਸਿਰ ਵੀ ਗੰਜਾ ਹੋਇਆ ਪਿਆ ਏ। ਐਹ ਚਾਰ ਕੰਧਾਂ ਈ ਬਾਕੀ ਨੇ ਨਾ, ਜਿਦਣ ਵਿਕ-ਸੜ ਜਾਣਗੀਆਂ ਠੰਢੀ ਹੋ ਬਹੇਂਗੀ।''
ਪਾਰਬਤੀ ਅੱਗ ਭਬੂਕਾ ਹੋ ਕੇ ਬੋਲੀ-''ਤੇ ਜੰਮਦੀਆਂ ਨੂੰ ਮਹੁਰਾ ਦੇ ਦੇਣਾ ਸੀ ਨਾ ਨਿਖਸਮੀਆਂ ਨੂੰ, ਕਿਉਂ ਪਾਲ ਪਾਲ ਕੇ ਐਡੀਆਂ ਲੌਂਠੀਆਂ ਕੀਤੀਆਂ ਜੇ?''
ਪੱਗ ਵਿਚੋਂ ਸਿਰ ਖੁਰਕਦਾ ਹੋਇਆ ਦੀਵਾਨ ਸਿੰਘ ਬੋਲਿਆ-''ਚੰਗਾ ਫਿਰ ਮੈਨੂੰ ਈ ਵੇਚ ਆ ਕਿਧਰੇ। ਤੂੰ ਤੇ ਘਰ ਬੈਠੀ ਜਿਹੇ ਮੂੰਹ ਨਾਲ ਗੱਲਾਂ ਮਟਕਾ ਛੱਡਣੀ ਏ, ਸਿਆਪੇ ਤਾਂ ਸਾਰੇ ਮੇਰੀ ਜਾਨ ਜੋਗੇ ਹੋਏ ਨਾ। ਜੇ ਤੂੰ ਪਾਣੀ ਵੇਖ ਕੇ ਠਿਲ੍ਹਦੀਓਂ ਤਾਂ ਇਹ ਪੁਆੜੇ ਕਾਹਨੂੰ ਪੈਂਦੇ। ਰੋਕਦਿਆਂ ਰੋਕਦਿਆਂ ਵੀ ਤਿੰਨ ਹਜ਼ਾਰ ਭੰਗ ਦੇ ਭਾੜੇ ਉਡਾ ਦਿਤਾ। ਜੇ ਰਤਾ ਸਿਆਣਪ ਨਾਲ ਚਲਦੀਓਂ ਤਾਂ ਏਸੇ ਨਾਲ ਵਿਆਹ ਨਾ ਹੋ ਜਾਂਦੇ!''
''ਹਾਹੋ ਜੀ, ਤਿੰਨ ਛੱਡ ਭਾਵੇਂ ਤੀਹ ਹੋ ਜਾਂਦੇ ਕਿ! ਤੇ ਐਹ ਜਿਹੜਾ ਗਿੱਠ ਸਾਰਾ ਨੱਕ ਲਈ ਫਿਰਦੇ ਓ, ਏਹਨੂੰ ਕਿਥੇ ਲੁਕਾਂਦੇ? ਕੁੜਮ ਚਾਰੀਆਂ ਰੱਖਣੀਆਂ ਕੋਈ ਮਖੌਲ ਤੇ ਨਹੀਂ।''
''ਸ਼ਰਮ ਤੇ ਨਹੀਂ ਆਉਂਦੀ ਹੋਣੀ ਗੱਲ ਕਰਦਿਆਂ, ਤੂੰ ਤੇ ਅੱਡੀਆਂ ਚੁਕ ਕੇ ਛਤੀਰਾਂ ਨੂੰ ਜੱਫੇ ਪਾ ਲਏ, ਪਰ ਕੁੜੀ ਦੀ ਉਮਰ ਤੇ ਗਲ ਗਈ ਨਾ, ਡੋਲੀਓ ਨਿਕਲਦਿਆਂ ਈ ਵਿਚਾਰੀ ਸਹੁਰੇ ਘਰ ਦੀ ਗੋਲ ਬਣ ਗਈ। ਕਹਿੰਦੀ ਹੁੰਦੀ ਸੈਂ, 'ਮੇਰੀ ਧੀ ਜਾ ਕੇ ਰਾਜ ਕਰੇਗੀ', ਕਰਦੀ ਪਈ ਊ ਰਾਜ। ਹੱਥਾਂ ਦੀ ਮਹਿੰਦੀ ਅਜੇ ਲੱਥੀਂ ਨਹੀਂ ਤੇ ਛਾਲੇ ਅੱਗੋ ਹੀ ਪੈ ਗਏ ਸੂ। ਹਰ ਵੇਲੇ ਨਿਮਾਣੀ ਦੇ 'ਮੂੰਹ ਟੁੱਕਰ ਅਤੇ ਸਿਰ ਛਿੱਤਰ' ਵਾਲਾ ਹਾਲ ਪਿਆ ਹੁੰਦਾ ਹੈ। ਚਾਰ ਵੇਰਾ ਦਲੀਜ਼ਾ 'ਤੇ ਸਿਰ ਰਗੜ ਆਏ ਆਂ, ਟੋਰਨ ਦਾ ਨਾਂ ਨਹੀਂ ਲੈਂਦੇ। ਸੱਸ ਨਨਾਣ ਅਠੇ ਪਹਿਰ 'ਭੁਖੇ ਘਰ ਦੀਏ ਤੇ ਕਮੀਨੇ ਘਰ ਦੀਏ' ਆਖ ਆਖ ਕੇ ਗਰੀਬਣੀ ਦਾ ਕਲੇਜਾ ਲੂੰਹਦੀਆਂ ਰਹਿੰਦੀਆਂ ਨੇ। ਦਸ ਹੁਣ ਉਹ ਵਿਚਾਰੀ ਤੇਰੀ ਜਾਨ ਨੂੰ ਰੋਵੇ ਕਿ ਮੇਰੀ ਨੂੰ?
ਸ਼ਰਮਿੰਦਗੀ ਭਰੇ ਹਠ ਨਾਲ ਪਾਰਬਤੀ ਨੇ ਕਿਹਾ-''ਇਹ ਤਾਂ ਸੰਜੋਗਾਂ ਦੀ ਗੱਲ ਏ, ਕਿਸੇ ਦਾ ਵਸ ਥੋੜ੍ਹਾ ਏ। ਮਾਪੇ ਧੀਆਂ ਨੂੰ ਜਨਮ ਦੇਂਦੇ ਨੇ, ਕਰਮ ਨਹੀਂ ਦੇਂਦ। ਆਪਣੀ ਵਲੋਂ ਮੈਂ ਕਿਹੜੀ ਗੱਲੋਂ ਫ਼ਰਕ ਕੀਤਾ ਸੀ। ਉਸ ਦੀ ਆਪਣੀ ਪ੍ਰਾਲਭਤ ਜੁ.....।''
ਪਾਰਬਤੀ ਦੁਪੱਟੇ ਨਾਲ ਅੱਖਾਂ ਪੂੰਝਣ ਲੱਗ ਪਈ।
ਦੀਵਾਨ ਸਿੰਘ ਬੋਲਿਆ-''ਹੁਣ ਪ੍ਰਾਲਭਤ ਦਾ ਚੇਤਾ ਆ ਗਿਆ ਹੈ। ਕਹਿੰਦਾ ਨਹੀਂ ਸਾਂ ਪਈ, ''ਸਾਨੀ ਸੇਤੀ ਕੀਜੀਏ ਨਾਤਾ ਵੈਰ ਪਰੀਤ।'' ਜਿਨ੍ਹਾਂ ਪਹਿਲੋਂ ਈ ਹਜ਼ਾਰਾਂ 'ਤੇ ਤੱਕ ਰੱਖ ਲਈ, ਉਨ੍ਹਾਂ ਕਦੇ ਨੂੰਹ ਧੀ ਨੂੰ ਸੁਖੀ ਵੱਸਣ ਦਿੱਤਾ। ਨਾ ਸਾਡੇ ਪਾਸੋਂ ਅਮੀਰਾਂ ਵਾਲੀ ਦਿਤ ਦਾਤ ਸਰੀ ਅਤੇ ਨਾ ਉਨ੍ਹਾਂ ਸਾਡੀ ਧੀ ਦਾ ਆਦਰ ਕੀਤਾ। ਜਾ ਕੇ ਵੇਖੋਂ ਤੇ ਪਤਾ ਲੱਗੇ। ਭਾਂਡੇ ਮਾਜਣ ਵਾਲੀਆਂ ਨੌਕਰਾਣੀਆਂ ਜਿੰਨੀ ਵੀ ਪੁਛ ਨਹੀਂ ਕੁੜੀ ਦੀ। ਫਿਰ ਏਨੀ ਤੇਰੇ ਨਾਲ ਹੋ ਚੁੱਕੀ ਹੈ, ਅਜੇ ਵੀ ਤੈਨੂੰ ਅਮੀਰ ਕੁੜਮਾਂ ਦੇ ਈ ਸੁਪਨੇ ਆਉਣ ਡਹੇ ਨੇ।''
''ਉਹ ਰੁੜ ਜਾਣੇ ਕਮਜ਼ਾਤ ਨਿਕਲੇ ਤੇ ਹੁਣ ਸਾਰੇ ਹੀ ਓਹੋ ਜਿਹੇ ਹੋ ਗਏ? ਪੰਜੇ ਉਂਗਲਾਂ ਤੇ ਇਕੋ ਜਿਹੀਆਂ ਨਹੀਂ ਹੁੰਦੀਆਂ।''
''ਖਾਣ ਵੇਲੇ ਪੰਜੇ ਈ ਇਕੋ ਜਿਹੀਆਂ ਹੋ ਜਾਇਆ ਕਰਦੀਆਂ ਨੇ।''
''ਚੰਗਾ ਮੈਨੂੰ ਕੀ, ਮੈਂ ਝੱਖ ਮਾਰ ਬੈਠੀ ਆਂ, ਹੁਣ ਤੁਸੀਂ ਲਭ ਲਓ। ਮੇਰੀ ਵਲੋਂ ਮਨੁੱਖ ਦੀ ਥਾਂ ਰੁੱਖ ਨਾਲ ਵਿਆਹ ਦਿਉ ਸੂ।''
ਅਖ਼ੀਰ ਸ਼ੀਲਾ ਲਈ ਪਾਰਬਤੀ ਨੇ ਮੁੰਡਾ ਲੱਭ ਕੇ ਹੀ ਸਾਹ ਲਿਆ। ਸ਼ਗਨ ਦਿਤਾ ਗਿਆ ਤੇ ਫਿਰ ਸ਼ੀਲਾ ਦਾ ਵਿਆਹ ਨੇੜੇ ਆ ਢੁੱਕਾ। ਉਸ ਨੂੰ ਸਤਵੀਂ ਜਮਾਤ ਵਿਚੋਂ ਹੀ ਉਠਾ ਲਿਆ। ਪਾਰਬਤੀ ਨੇ ਮੁੰਡਾ ਲੱਭਣ ਵਿਚ ਕਮਾਲ ਦੀ ਹਿੰਮਤ ਵਿਖਾਈ। ਮੁੰਡਾ ਇਕ ਹੋਰ ਥਾਂ ਮੰਗਿਆ ਹੋਇਆ ਸੀ, ਪਰ ਪਾਰਬਤੀ ਨੇ ਕੁੜਮਾਂ ਦੀਆਂ ਵੱਧ ਚੜ੍ਹ ਕੇ ਈਨਾਂ ਕਬੂਲ ਕੀਤੀਆਂ। ਮੁੰਡੇ ਦੀ ਪਹਿਲੀ ਕੁੜਮਾਈ ਛੁਡਾ ਕੇ ਉਸ ਨੇ ਉਸਦੀ ਸ਼ੀਲਾ ਨਾਲ ਮੰਗਣੀ ਕਰ ਦਿੱਤੀ। ਉਹ ਜਦ ਭਵਿੱਖ ਨੂੰ ਅੱਖਾਂ ਅੱਗੇ ਲਿਆ ਕੇ ਸ਼ੀਲਾ ਨੂੰ ਅਮੀਰ ਵਹੁਟੀ ਦੇ ਰੂਪ ਵਿਚ ਵੇਖਦੀ, ਤਾਂ ਖੁਸ਼ੀ ਨਾਲ ਉਸਦਾ ਪੈਰ ਭੋਇੰ ਤੇ ਨਹੀਂ ਸੀ ਲਗਦਾ। ਇਹੋ ਜਿਹੇ ਸੁੱਖਾਂ ਲੱਦੇ ਜਵਾਈ ਨੂੰ ਉਹ ਕਿਸੇ ਵੀ ਮੁੱਲ ਤੋਂ ਛੱਡਣ ਲਈ ਤਿਆਰ ਨਹੀਂ ਸੀ।
ਦੀਵਾਨ ਸਿੰਘ ਪਿਛਲੇ ਤਜਰਬੇ ਨੂੰ ਦੁਹਰਾਂਦਾ ਹੋਇਆ ਬਥੇਰਾ ਖਪਿਆ ਖਿਝਿਆ, ਪਰ ਪਾਰਬਤੀ ਦੀ ਇਕੋ ਗੱਲ ਉਸ ਦੀਆਂ ਸਾਰੀਆਂ ਦਲੀਲਾਂ ਨੂੰ ਕੱਟ ਜਾਂਦੀ ਸੀ। ਉਹ ਕਹਿੰਦੀ-''ਅਮੀਰ ਜੁਆਈ ਨੂੰ ਘਰ ਹੀ ਰੱਖ ਲਵਾਂਗੇ, ਦਿਨਾਂ ਵਿਚ ਲਹਿਰ ਬਹਿਰ ਹੋ ਜਾਵੇਗੀ।'' ਇਹ ਦਲੀਲ ਦੀਵਾਨ ਸਿੰਘ ਨੂੰ ਕਿੰਨੀ ਕੁ ਜੱਚਦੀ ਸੀ, ਇਸ ਦਾ ਪਤਾ ਨਹੀਂ, ਪਰ ਉਸ ਨੂੰ ਪਾਰਬਤੀ ਅਗੇ ਹਾਰਨਾ ਜ਼ਰੂਰ ਪਿਆ।
ਸ਼ੀਲਾ ਦਾ ਵਿਆਹ ਧੂਮ ਧਾਮ ਨਾਲ ਹੋਇਆ। ਵਿਚਲੀ ਗੱਲ ਪਾਰਬਤੀ ਨੇ ਓਦੋਂ ਖੋਲੀ ਜਦ ਸ਼ੀਲਾ ਮਾਈਏ ਪੈ ਚੁੱਕੀ ਸੀ। ਇਸ ਨੂੰ ਸੁਣ ਕੇ ਦੀਵਾਨ ਸਿੰਘ ਦਾ ਰੰਗ ਬੱਗਾ ਪੂਣੀ ਹੋ ਗਿਆ, ਪਰ ਹੁਣ ਫਾਥੀ ਦਾ ਫੜਕਣ ਕੀ ਸੀ।
ਛਾਤੀ ਤੇ ਪੱਥਰ ਰੱਖ ਕੇ ਦੀਵਾਨ ਸਿੰਘ ਨੇ ਇਸ ਗਲ ਪਏ ਢੋਲ ਨੂੰ ਵਜਾਇਆ। ਹੋਰ ਤਾਂ ਸਾਰਾ ਕੰਮ ਕਿਸੇ ਨਾ ਕਿਸੇ ਤਰ੍ਹਾਂ ਹੋ ਗਿਆ। ਦਾਜ ਬਨਾਣ ਵਿਚ ਵੀ ਕੋਈ ਬਹੁਤਾ ਉਚੇਚ ਕਰਨ ਦੀ ਲੋੜ ਨਾ ਪਈ, ਕਿਉਂ ਕਿ ਆਪਣੀ ਹੱਟੀ ਬਜ਼ਾਜੀ ਦੀ ਸੀ-ਪਰ ਵਿਦੈਗੀ ਵਾਲਾ ਕੰਮ ਬੜਾ ਔਖਾ ਜਾਪਦਾ ਸੀ। ਰਕਮ ਵੀ ਥੋੜ੍ਹੀ ਨਹੀਂ ਸੀ -ਪੂਰੇ ਦੋ ਹਜ਼ਾਰ।
ਇਧਰ ਘਰ ਵਿਚ ਵਿਆਹ ਦੀ ਗਹਿਮਾ ਗਹਿਮੀ ਸੀ ਤੇ ਉਧਰ ਦੀਵਾਨ ਸਿੰਘ ਵਸੀਕਾ ਦੀ ਹੱਟੀ ਬੈਠਾ ਰਹਿਣ-ਨਾਮੇ ਦਾ ਕਾਗਜ਼ ਲਿਖ ਰਿਹਾ ਸੀ।
ਵਿਆਹ ਹੋ ਗਿਆ। ਹਰ ਪਾਸੇ ਲੋਕੀਂ ਇਹੋ ਕਹਿੰਦੇ ਸੁਣਾਈ ਦਿੰਦੇ ਸਨ''ਬਈ ਬਲੇ ਬਲੇ ਬਲੇ ਵਿਆਹ ਹੋਵੇ ਤਾਂ ਇਹੋ ਜਿਹਾ।'' ਪਾਰਬਤੀ ਜਿਧਰੋਂ ਲੰਘਦੀ, ਗਲੀ ਮੁਹੱਲੇ ਦੀਆਂ ਤੀਵੀਆਂ ਹਥਲਾ ਕੰਮ ਛੱਡ ਕੇ ਉਸ ਕੋਲ ਆ ਖਲੋਦੀਆਂ ਤੇ ਉਸ ਦੀ ਵਡਿਆਈ ਦੇ ਪੁਲਬ ਨ੍ਹਣ ਲਗ ਪੈਂਦੀਆਂ। ਪਾਰਬਤੀ ਨੂੰ ਇਸ ਵਿਚੋਂ ਕੋਈ ਅਨੋਖਾ ਹੀ ਸੁਆਦ ਆਉਂਦਾ ਸੀ। ਜਿਥੇ ਦੋ ਚਾਰ ਤ੍ਰੀਮਤਾਂ ਦੀ ਢਾਣੀ ਹੋਵੇ, ਉਹ ਜਾਣ ਕੇ, ਕਿਸੇ ਨਾ ਕਿਸੇ ਬਹਾਨੇ ਉਨ੍ਹਾਂ ਵਿਚ ਜਾ ਖਲੋਦੀ ਤੇ ਆਪਣੀਆਂ ਸਿਫ਼ਤਾਂ ਸੁਣ ਸੁਣ ਕੇ ਖੀਵੀ ਹੁੰਦੀ।
ਵਿਆਹ ਤੋਂ ਵਿਹਲਿਆਂ ਹੋ ਕੇ ਦੀਵਾਨ ਸਿੰਘ ਨੇ ਹੱਟੀ ਦੀ ਸੁਰਤ ਲਈ। ਦੁਕਾਨ ਦਾ ਅੱਧਾ ਕੁ ਮਾਲ ਚੰਗਾ ਚੰਗਾ ਵਿਆਹ ਵਿਚ ਖ਼ਰਚ ਹੋ ਚੁੱਕਾ ਸੀ। ਉਸ ਨੇ ਖ਼ਾਨਿਆਂ ਵਲ ਤਕਿਆ ਤਾਂ ਉਥੇ ਚਾਨਣਾ ਹੀ ਚਾਨਣਾ ਸੀ।
ਉਸ ਨੇ ਚਹੁੰ ਚਹੁੰ ਪੰਜਾਂ ਪੰਜਾਂ ਖ਼ਾਨਿਆਂ ਦੇ ਥਾਣ ਕੱਢ ਕੇ ਇਕ ਇਕ ਵਿਚ ਭਰ ਛੱਡੇ ਤੇ ਸਖ਼ਣਿਆਂ ਅੱਗੇ ਕੱਪੜੇ ਤਾਣ ਦਿੱਤੇ।
ਗਾਹਕ ਉਸ ਪਾਸੋਂ ਹੋਰ ਚੀਜ਼ ਮੰਗਦਾ ਸੀ ਤੇ ਉਹ ਹੋਰ ਵਿਖਾਦਾ ਸੀ। ਚਾਬੀ ਦਾ ਲੱਠਾ, ਮਲਮਲਾਂ, ਬੋਸਕੀਆਂ ਤੇ ਹੋਰ ਮੋਟੀਆਂ ਮੋਟੀਆਂ ਚੀਜ਼ਾਂ, 'ਔਣ ਵਾਲੇ ਨੇ' ਜਾਂ 'ਪੇਟੀਆਂ ਖੋਲਣ ਵਾਲੀਆਂ ਨੇ' ਕਹਿ ਕੇ ਗਾਹਕਾਂ ਨੂੰ ਟਾਲ ਛੱਡਣਾ।
ਇਹ ਠੱਗੀ ਬੱਗੀ ਕਿੰਨਾ ਕੁ ਚਿਰ ਚਲਦੀ। ਉਸ ਨੂੰ ਤਬਲੇ ਮੂਧੇ ਹੁੰਦੇ ਜਾਪੇ। ਸਾਰਾ ਸਾਰਾ ਦਿਨ ਬੈਠਣ 'ਤੇ ਵੀ ਕੋਈ ਵਿਕਰੀ ਨਹੀਂ ਸੀ ਹੁੰਦੀ। ਗਾਹਕ ਆਉਂਦੇ ਸਨ ਪਰ ਖਾਲੀ ਹੀ ਮੁੜ ਜਾਂਦੇ ਸਨ।
ਇਕ ਦਿਨ ਰਾਤੀਂ ਸੁਤਿਆਂ ਸੁਤਿਆਂ ਉਹ ਜ਼ਬਾਨੀ ਜਮਾ ਖ਼ਰਚ ਗਿਣਨ ਲੱਗਾ। ਉਸ ਨੇ ਅਨੁਮਾਨ ਲਾਇਆ ਤਾਂ ਪਤਾ ਲੱਗਾ ਕਿ ਸਾਰਾ ਪਾ ਲਾ ਕੇ ਉਹ ਇਸ ਸਮੇਂ ਪੰਜ ਕੁ ਹਜ਼ਾਰ ਦਾ ਕਰਜ਼ਾਈ ਹੈ। ਹੱਟੀ ਵਿਚ ਮਾਲ ਤਾਂ ਮਸੀ ਪੰਜ ਛੇ ਸੌ ਦਾ ਹੀ ਉਸ ਨੂੰ ਦਿਸਿਆ। ਉਸ ਦਾ ਮੱਥਾ ਠਣਕਿਆ।
ਪਹਿਲੀ ਤਰੀਕ ਨੂੰ ਪੰਜ ਸੌ ਦੀ ਹੁੰਡੀ ਭੁਗਤਾਣੀ ਹੈ ਮਕਾਨ ਦਾ ਛਿਆ ਮਹੀਨਿਆਂ ਦਾ ਵਿਆਜ਼, ਹੱਟੀ ਦਾ ਵਰੇ ਦਾ ਕਰਾਇਆ ਬੈਂਕ ਵਾਲਿਆ ਦਾ ਨੋਟਸ ਤੇ ਹੋਰ ਕਈ ਅੱਜ ਭਲਕ ਦੇ ਇਕਰਾਰ ਵਾਲੀਆਂ ਰਕਮਾਂ, ਇਨ੍ਹਾਂ ਸਾਰੀਆਂ ਗੱਲਾਂ ਨੂੰ ਉਹ ਜਿਉਂ ਜਿਉਂ ਦੁਹਰਾਉਂਦਾ ਸੀ, ਉਸ ਦੀ ਘਬਰਾਹਟ ਵਧਦੀ ਜਾਂਦੀ ਸੀ।
''ਦੀਵਾਨ ਸਿੰਘ ਦਾ ਕੰਮ ਹਿਲ ਗਿਆ।'' ਸਾਰੇ ਸ਼ਹਿਰ ਵਿਚ ਇਸ ਗੱਲ ਦੀ ਚਰਚਾ ਛਿੜ ਗਈ। ਧਾੜਾ ਦੀਆਂ ਧਾੜਾਂ ਲਹਿਣੇਦਾਰ ਉਸ ਦੀ ਹੱਟੀ ਅਗੇ ਧਰਨਾ ਮਾਰਕੇ ਆ ਬੈਠੇ, ਪਰ ਉਸ ਦੇ ਅੰਦਰ ਤਾਂ ਫੁਟੀ ਕੌਡੀ ਵੀ ਨਹੀਂ ਸੀ।
ਨੌਬਤ ਦਿਵਾਲੇ ਤੱਕ ਆ ਪਹੁੰਚੀ, ਪਰ ਲਹਿਣੇਦਾਰ ਨੇ ਇਸ ਵਿਚ ਸੰਤੋਖ ਨਾ ਕੀਤਾ। ਉਨ੍ਹਾਂ ਨੇ ਅਦਾਲਤ ਨੂੰ ਦੀਵਾਨ ਸਿੰਘ ਦੀ ਬਦਨੀਤੀ ਦਾ ਸਬੁਤ ਦਿਵਾਇਆ। ਅੰਤ ਖ਼ਰਚਾ ਰੱਖ ਕੇ ਉਸ ਨੂੰ ਅੰਦਰ ਕਰਾ ਦਿੱਤਾ ਗਿਆ।
ਪਾਰਬਤੀ ਢਿੱਡ ਵਿਚ ਮੁਕੀਆਂ ਮਾਰਦੀ ਫਿਰਦੀ ਸੀ। ਉਸ ਨੇ ਸ਼ੀਲਾ ਦੇ ਸਹੁਰਿਆਂ ਤੋਂ ਕੁਝ ਰੁਪਏ ਮੰਗ ਭੇਜੇ। ਉਨ੍ਹਾਂ ਦਾ ਉਤਰ ਆਇਆ-
"ਰੁਪਈਏ ਤਾਂ ਇਸ ਵੇਲੇ ਤਿਆਰ ਨਹੀਂ, ਕਣਕ ਬਥੇਰੀ ਪਈ ਏ। ਜੇ ਬਹੁਤ ਲੋੜ ਏ ਤਾਂ ਲਿਖੋ ਜੋ ਵੇਚ ਕੇ ਰੁਪਈਏ ਭੇਜੇ ਜਾ ਸਕਣ।''
ਇਧਰੋਂ ਉਤਰ ਗਿਆ-''ਜਿਸ ਤਰ੍ਹਾਂ ਵੀ ਹੋ ਸਕੇ ਮਦਦ ਕਰੋ।''
ਉਨ੍ਹਾਂ ਗਲੋਂ ਲਾਹੁਣ ਲਈ ਠੁਲ ਮਾਰਿਆ ਸੀ, ਪਰ ਇਹ ਵੇਖ ਕੇ ਇਥੇ ਤਾਂ ਡੂਮਾਂ ਨੂੰ ਸੁਲਾ ਮਾਰਨ ਵਾਲੀ ਗੱਲ ਹੈ, ਉਹ ਕੰਨਾਂ ਘੇਸਲ ਮਾਰ ਗਏ।
ਜਿਥੇ ਜਿਥੇ ਸਾਂਝ ਵਰਤੋਂ ਸੀ ਪਾਰਬਤੀ ਸਾਰਿਆਂ ਕੋਲ ਫਿਰੀ, ਹਾੜੇ ਕੱਢੇ, ਨੱਕ ਰਗੜੇ, ਪਰ ਇਹਨਾਂ ਤਿਲਾਂ ਵਿਚ ਤੇਲ ਕਿਥੇ ਸੀ। ਕਈਆਂ ਪਾਸੋਂ ਤਾਂ ਮੂੰਹ ਪਾੜਵਾ ਉਤਰ ਮਿਲਦਾ,''ਬੀਬੀ ਰਾਣੀ ਚੱਦਰ ਵੇਖ ਕੇ ਪੈਰ ਪਸਾਰਨੇ ਸਨ। ਔਖੇ ਵੇਲੇ ਕੌਣ ਕਿਸੇ ਦਾ ਬਣਦਾ ਹੈ। ਹੁਣ ਜਿਹੜੀ ਰੱਬ ਵੱਲੋਂ ਆਈ ਊ ਉਹ ਸਿਰ ਮਥੇ ਤੇ ਸਹਾਰ। ਇਸ ਤਰ੍ਹਾਂ ਘਰ ਘਰ ਫਿਰਿਆਂ ਤੇ ਰੋਇਆਂ ਧੋਇਆਂ ਕੀ ਬਣਦਾ ਏ!''
ਇਹ ਗੱਲਾਂ ਪਾਰਬਤੀ ਉਨ੍ਹਾਂ ਲੋਕਾਂ ਦੇ ਮੂੰਹੋਂ ਹੀ ਸੁਣ ਰਹੀ ਸੀ, ਜਿਹੜੇ ਅਜੇ ਕੱਲ ਹੀ ਸ਼ੀਲਾ ਦੇ ਵਿਆਹ ਵੇਲੇ ਦੂਹਰੀਆਂ ਤੇ ਚ"ੌਹਰੀਆਂ ਭਾਜੀਆਂ ਲੈਂਦਿਆਂ ਹੋਇਆਂ ਉਸ ਦੀਆਂ ਵਾਰਾਂ ਗਾਉਂਦੇ ਨਹੀਂ ਸਨ ਥਕਦੇ।
ਸੰਧਿਆ ਦਾ ਹਨੇਰਾ ਵਧ ਰਿਹਾ ਸੀ। ਪਾਰਬਤੀ ਸਭਨਾਂ ਪਾਸਿਆਂ ਤੋਂ ਨਿਰਾਸ ਹੋ ਕੇ ਘਰ ਆ ਢੱਠੀ। ਸ਼ੀਲਾ ਵੀ ਰੋ ਰਹੀ ਸੀ। ਅੱਜ ਦੀਵਾ ਬਾਲਣ ਦਾ ਕਿਸੇ ਨੂੰ ਚੇਤਾ ਨਹੀਂ ਸੀ। ਅਗੇ ਤਾਂ ਆਂਢੋਂ ਗੁਆਂਢੋਂ ਹੀ ਦੋ ਚਾਰ ਤੀਵੀਆਂ ਆ ਕੇ ਜ਼ਬਾਨੀ ਹਮਦਰਦੀ ਕਰ ਜਾਂਦੀਆਂ ਸਨ, ਪਰ ਹੁਣ ਇਸ ਰਾਹੋਂ ਜੇ ਕਿਸੇ ਲੰਘਣਾ ਵੀ ਹੁੰਦਾ ਤਾਂ ਵਲਾ ਮਾਰ ਕੇ ਦੂਜੇ ਰਾਹੋਂ ਲੰਘ ਜਾਂਦੀਆਂ ਸਨ। ਹਰ ਕਿਸੇ ਨੂੰ ਡਰ ਸੀ ਕੁਝ ਮੰਗ ਨਾ ਬਹੇ।
ਅਚਾਨਕ ਹੀ ਹਨੇਰੇ ਘੁੱਪ ਵਿਚ 'ਭਾਬੀ ਜੀ ਪੈਰੀ ਪਏ' ਦੀ ਆਵਾਜ਼ ਗੂੰਜ ਉਠੀ।
ਸ਼ੀਲਾ ਛੇਤੀ ਨਾਲ ਉਠ ਕੇ ਅੰਦਰ ਚਲੀ ਗਈ। ਜਾ ਕੇ ਉਸ ਨੇ ਲੈਂਪ ਜਗਾਈ।
ਜੁਆਈ ਦੀ ਪਿੱਠ 'ਤੇ ਪਿਆਰ ਦੇਂਦੀ ਹੋਈ ਪਾਰਬਤੀ ਬੋਲੀ-''ਜਿਉਂਦਾ ਰਹੁ, ਵੱਡੀਆਂ ਉਮਰਾਂ।''
ਉਸ ਦੇ ਢਹਿੰਦੇ ਦਿਲ ਨੂੰ ਢਾਰਸ ਜਿਹੀ ਮਿਲ ਗਈ। ਅਜਿਹੇ ਔਖੇ ਵੇਲੇ ਜਦ ਹਰ ਕੋਈ ਉਸ ਦੇ ਪਰਛਾਂਵੇ ਤੋਂ ਡਰਦਾ ਸੀ, ਜੁਆਈ ਦਾ ਆ ਜਾਣਾ ਪਾਰਬਤੀ ਲਈ ਉਸੇ ਤਰ੍ਹਾਂ ਸੀ। ਜਿਸ ਤਰ੍ਹਾਂ ਕੋਈ ਡੁੱਬ ਰਹੇ ਆਦਮੀ ਦਾ ਹਥ ਫੜ ਲਵੇ। ਉਹਦੀ ਚਿੰਤਾ ਦੂਰ ਹੋ ਗਈ।
ਸੁਖ ਸ਼ਾਂਦ ਪੁੱਛਣ ਤੋਂ ਪਿੱਛੋਂ ਉਹ ਬੋਲੀ-''ਮੈਂ ਤੇ ਕਈਆਂ ਦਿਨਾਂ ਤੋਂ ਰਾਹ ਪਈ ਵੇਖਦੀ ਸਾਂ। ਇਹੋ ਖ਼ਿਆਲ ਸੀ ਕਿ ਹੁਣ ਵੀ ਆਇਆ। ਖ਼ਤ ਦਾ ਜੁਆਬ ਕੋਈ ਨਾ ਦਿਤਾ। ਮੈਂ ਆਖਾਂ ਸੁਖ ਸਾਂਦ ਹੋਵੇ ਸਹੀ।''
ਸ਼ਾਮ ਸਿੰਘ ਬੋਲਿਆ-''ਮੈਂ ਤੇ ਕਿੰਨੇ ਚਿਰ ਤੋਂ ਆਉਣ ਆਉਣ ਕਰਦਾ ਸਾਂ, ਪਰ ਕੰਮ ਧੰਦੇ ਦੀ ਵਜਾ ਕਰਕੇ ਵਕਤ ਨਾ ਮਿਲ ਸਕਿਆ, ਗਲ ਕੀ ਸੀ, ਭਾਈਏ ਹੁਰਾਂ.........''
''ਗੱਲ ਕੀ ਹੋਣੀ ਸੀ ਕਾਕਾ ਜੀ, ਕਰਮਾ ਨੇ ਜੁ ਹਾਰ ਦੇ ਦਿੱਤੀ, ਅਜ ਚੌਥਾ ਦਿਨ ਏ ਨਾ ਚੁਲ੍ਹੇ ਅੱਗ ਨਾ ਘੜੇ ਪਾਣੀ। ਦਿਨ ਰਾਤ ਰੋਂਦਿਆਂ ਕੁਰਲਾਂਦਿਆਂ ਬੀਤ ਜਾਂਦਾ ਏ। ਕੁੜੀ ਵਿਚਾਰੀ ਨੇ ਜਿਸ ਵੇਲੇ ਦਾ ਸੁਣਿਆ ਏ ਰੋ ਰੋ ਕੇ ਦੀਦੇ ਗਾਲ ਲਏ ਸੂ। ਕੀ ਦਸਾਂ, ਆਪਣੇ ਕਰਮ ਜੁ ਮਾੜੇ ਹੋਏ।''
''ਪਰ ਗੱਲ ਕੀ ਸੀ?
''ਗੱਲਾਂ ਹੁਣ ਸੁਣੇਂਗਾ ਈ ਨਾ, ਆਇਆ ਜੂ ਏਂ। ਹੁਣ ਤੇ ਕਾਕਾ, ਤੁਹਾਡਾ ਤੇ ਰੱਬ ਦਾ ਈ ਆਸਰਾ ਏ। ਇਸੇ ਲਈ ਧੀਆਂ ਦੇ ਕੇ ਪੁੱਤਰ ਸਹੇੜੀਦੇ ਨੇ। ਸ਼ਾਬਾਸ਼ੇ ਫਿਰ ਵੀ ਤੁਹਾਨੂੰ, ਸੁਣਦਿਆਂ ਸਾਰ ਨੱਸਿਆਂ ਆਇਆ ਏ। ਇਸੇ ਕਰਕੇ ਆਂਹਦੇ ਨੇ ਨਾ ਪਈ ਆਪਣਾ ਕੋਈ ਹੋਵੇ ਸਹੀ।''
''ਹੂੰ!''
''ਸਾਨੂੰ ਤਾਂ ਕਾਕਾ ਉਧਾਰਾਂ ਨੇ ਡੋਬ ਦਿੱਤਾ ਏ। ਹਜ਼ਾਰਾਂ ਰੁਪਈਏ ਲੋਕਾਂ ਤੋਂ ਲੈਣੇ ਸੀ ਕੋਈ ਦੇਣ ਦਾ ਨਾਂ ਨਹੀਂ ਲੈਂਦਾ, ਤੇ ਜਿਨ੍ਹਾਂ ਦੇ ਦੇਣੇ ਨੇ ਉਹ ਤਲਵਾਰਾਂ ਕੱਸੀ ਫਿਰਦੇ ਨੇ। ਮੈਂ ਆਹਨੀ ਆਂ ਤੇਰਾ ਭਾਈਆ ਕਿਸੇ ਤਰ੍ਹਾਂ ਇਕ ਵਾਰੀ ਬਾਹਰ ਆ ਜਾਂਦਾ।''
''ਠੀਕ ਏ ਪਰ ਰੁਪਈਆ ਦਿਤੇ ਬਗੈਰ ਤਾਂ ਬਾਹਰ ਆਉਣਾ ਮੁਸ਼ਕਲ ਏ।''
''ਫਿਰ ਦੱਸ ਹੁਣ ਕੀ ਬਣੇ?''
"ਕੋਈ ਫ਼ਿਕਰ ਨਹੀਂ ਕਿੰਨੇ ਕੁ ਨਾਲ ਕੰਮ ਹੋ ਜਾਏਗਾ?''
ਪਾਰਬਤੀ ਦੀ ਛਾਤੀ ਦਾ ਬੋਝ ਹੌਲਾ ਹੋ ਗਿਆ। ਉਹਨੇ ਸੁਖਾਲਾ ਸਾਹ ਲਿਆ। ਫਿਰ ਬੋਲੀ-
''ਤਿੰਨ ਕੁ ਹਜ਼ਾਰ ਨਾਲ ਕੰਮ ਸਰ ਜਾਏਗਾ।''
''ਫਿਰ ਕੋਈ ਗੱਲ ਨਹੀਂ ਕੁਝ ਰੁਪਈਆ ਮੈਂ ਲਿਆਇਆ ਵਾਂ, ਬਾਕੀ ਇਸ (ਸ਼ੀਲਾ) ਦੇ ਗਹਿਣੇ ਵੇਚ ਕੇ ਪੂਰੇ ਕਰ ਲਵਾਂਗੇ।''
''ਤੁਹਾਡਾ ਗਹਿਣਾ?''
''ਹਾਂ ਕੋਈ ਗੱਲ ਨਹੀਂ ਇਸ ਗੱਲ ਦਾ ਫ਼ਿਕਰ ਨਾ ਕਰੋ। ਫਿਰ ਬਣ ਜਾਏਗਾ।''
ਖ਼ੁਸ਼ੀ, ਸ਼ਰਮ ਅਤੇ ਜੁਆਈ ਦੇ ਅਹਿਸਾਨ ਦੇ ਬੋਝ ਨਾਲ ਪਾਰਬਤੀ ਦਾ ਸਿਰ ਨਿਵ ਗਿਆ।
ਦੂਜੇ ਦਿਨ ਸ਼ੀਲਾ ਦਾ ਸਾਰਾ ਗਹਿਣਾ ਲੈ ਕੇ ਸ਼ਾਮ ਸਿੰਘ ਬਾਜ਼ਾਰ ਚਲਾ ਗਿਆ।
ਉਹ ਰੋਟੀ ਵੇਲੇ ਤੱਕ ਨਾ ਮੁੜਿਆ। ਪਾਰਬਤੀ ਨੇ ਖ਼ਿਆਲ ਕੀਤਾ ਸ਼ਾਇਦ ਉਧਰੋਂ ਹੀ ਕਚਹਿਰੀ ਚਲਾ ਗਿਆ ਹੋਵੇਗਾ। ਉਸ ਦਾ ਵਾਲ ਵਾਲ ਜੁਆਈ ਨੂੰ ਅਸੀਸਾਂ ਦੇ ਰਿਹਾ ਸੀ।
ਰਾਤ ਪੈ ਗਈ। ਪਾਰਬਤੀ ਇਸ ਉਡੀਕ ਵਿਚ ਸੀ ਕਿ ਹੁਣੇ ਸਹੁਰਾ ਜੁਆਈ ਆਏ, ਪਰ ਦੁਹਾਂ ਵਿਚੋਂ ਕੋਈ ਵੀ ਨਾ ਆਇਆ। ਪਾਰਬਤੀ ਦੇ ਦਿਲ ਨੂੰ ਹੌਲ ਪੈਣ ਲੱਗਾ। ਅੰਤ ਉਸਦਾ ਦਿਲ ਬੋਲ ਉਠਿਆ-ਸ਼ਾਮ ਸਿੰਘ ਉਸ ਦੀ ਸਹਾਇਤਾ ਕਰਨ ਨਹੀਂ ਗਹਿਣਾ ਲੈਣ ਆਇਆ ਸੀ।
ਸਾਰੇ ਸ਼ਹਿਰ ਵਿਚ ਰੌਲਾ ਮਚ ਗਿਆ। ਲੋਕੀਂ ਵਾਹੋ ਦਾਹੀ ਸ਼ਹਿਰੋਂ ਬਾਹਰ ਨੱਸੇ ਜਾ ਰਹੇ ਸਨ। ਰੇਲ ਦੀ ਪਟੜੀ ਉਤੇ ਇਕ ਲੋਥ ਦੇ ਦੁਆਲੇ ਚੋਖੀ ਪੀੜ ਕਠੀ ਹੋਈ ਹੋਈ ਸੀ। ਇਕ ਬੁਢੀ ਅਤੇ ਇਕ ਮੁਟਿਆਰ ਉਤੇ ਡਿੱਗ ਕੇ ਪਿੱਟਦੀਆਂ ਹੋਈਆਂ ਸਿਰ ਦੇ ਵਾਲ ਖੋਹ ਰਹੀਆਂ ਸਨ। ਪੁਲਸੀਆਂ ਤੋਂ ਛੁਟ ਕਿਸੇ ਵੀ ਵੇਖਣ ਵਾਲੇ ਦੀਆਂ ਅੱਖਾਂ ਸੁੱਕੀਆਂ ਨਹੀਂ ਸਨ।
ਪੁਲੀਸ ਲੋਥ ਦੀ ਪੜਚੋਲ ਕਰ ਰਹੀ ਸੀ। ਲੋਥ ਦੇ ਖੀਸੇ ਵਿਚੋਂ ਇਕ ਕਾਗਜ਼ ਦਾ ਪੁਰਜਾ ਨਿਕਲਿਆ, ਜਿਸ ਦਾ ਮਜ਼ਮੂਨ ਇਹ ਸੀ-''ਬਦਨਸੀਬ ਪਾਰਬਤੀ! ਤੇਰੇ ਇਸ ਉਚੇ ਨੱਕ ਨੂੰ ਬਚਾਂਦਾ ਬਚਾਂਦਾ ਮੈਂ ਸਭ ਕੁਝ ਗੁਆ ਬੈਠਾ। ਸਰੀਰ ਬਾਕੀ ਸੀ, ਪਰ ਇਹ ਵੀ ਨਹੀਂ ਰੱਖ ਸਕਿਆ। ਮੌਤ ਤੋਂ ਬਿਨ੍ਹਾਂ ਇਸ ਨੂੰ ਝੱਲਣ ਲਈ ਹੁਣ ਕੋਈ ਥਾਂ ਨਹੀਂ।''
ਦੀਵਾਨ ਸਿੰਘ

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਨਾਨਕ ਸਿੰਘ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ