Ucha Rutba (Punjabi Story) : Anton Chekhov

ਉੱਚਾ ਰੁਤਬਾ (ਕਹਾਣੀ) : ਐਂਤਨ ਚੈਖਵ

ਸੇਂਟ ਪੀਟਰਸਬਰਗ ਕਿਸੇ ਕੰਮ ’ਤੇ ਗਏ ਪ੍ਰਦੇਸ਼ਕ ਕੌਂਸਲ ਦੇ ਮੈਂਬਰ ਦੋਲਬੋਨੋਸੋਵ ਨੂੰ ਪ੍ਰਿੰਸ ਫਿੰਗਾਲੋਵ ਦੇ ਘਰ ਰਾਤ ਦੀ ਮਹਿਫ਼ਲ ’ਚ ਜਾਣ ਦਾ ਮੌਕਾ ਮਿਲਿਆ। ਉੱਥੇ ਉਸ ਨੂੰ ਸ਼ੇਪੋਤਕਿਨ, ਜੋ ਪੰਜ ਸਾਲ ਪਹਿਲਾਂ ਉਸ ਦੇ ਬੱਚਿਆਂ ਦਾ ਉਸਤਾਦ ਸੀ, ਨੂੰ ਮਿਲ ਕੇ ਹੈਰਾਨੀ ਹੋਈ। ਪਾਰਟੀ ਵਿੱਚ ਉਸ ਦਾ ਕੋਈ ਜਾਣੂੰ ਨਹੀਂ ਸੀ। ਇਸ ਲਈ ਉਹ ਉਚਾਟ ਦਾ ਮਾਰਿਆ ਸ਼ੇਪੋਤਕਿਨ ਕੋਲ ਚਲਾ ਗਿਆ।
‘‘ਤੁਸੀਂ…ਇਹ…ਇੱਥੇ ਕਿਸ ਤਰ੍ਹਾਂ?’’ ਉਸ ਨੇ ਆਪਣੇ ਮੂੰਹ ’ਤੇ ਹੱਥ ਰੱਖ ਉਬਾਸੀ ਲੈਂਦਿਆਂ ਪੁੱਛਿਆ।
‘‘ਓਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ।’’
‘‘ਮੈਨੂੰ ਨਹੀਂ ਲਗਦਾ ਇਹ ਇਵੇਂ ਹੋ ਸਕਦਾ ਹੈ ਜਿਵੇਂ ਮੈਂ।’’ ਦੋਲਬੋਨੋਸੋਵ ਨੇ ਤਿਊੂੜੀਆਂ ਪਾਈਆਂ ਤੇ ਸ਼ੇਪੋਤਕਿਨ ਨੂੰ ਉਪਰ ਤੋਂ ਹੇਠਾਂ ਤਕ ਦੇਖਿਆ। ‘‘ਇਹ…ਹੋਰ ਕੰਮ ਧੰਦਾ ਕਿਵੇਂ?’’
‘‘ਠੀਕ ਠੀਕ ਹੀ ਹੈ…ਮੈਂ ਯੂਨੀਵਰਸਿਟੀ ਤੋਂ ਗਰੈਜੂਏਸ਼ਨ ਕਰ ਲਈ ਹੈ ਤੇ ਮੈਂ ਪੋਦੀਕੋਨੀਕੋਵ ਦੇ ਹੇਠ ਵਿਸ਼ੇਸ਼ ਸਪੁਰਦਗੀ ਵਾਲੇ ਅਧਿਕਾਰੀ ਦੇ ਤੌਰ ’ਤੇ ਕੰਮ ਕਰ ਰਿਹਾ ਹਾਂ।’’
‘‘ਹਾਂ? ਪਹਿਲਾਂ ਪਹਿਲ ਇਹ ਕੋਈ ਮਾੜਾ ਨਹੀਂ। ਪਰ…ਇਹ…ਮੇਰਾ ਭੱਦਾ ਜਿਹਾ ਸਵਾਲ ਮੁਆਫ਼ ਕਰਿਓ, ਇਸ ਨਿਯੁਕਤੀ ਤੋਂ ਤੁਹਾਨੂੰ ਕਿੰਨੇ ਪੈਸੇ ਮਿਲਦੇ ਨੇ?’’
‘‘ਅੱਠ ਸੌ ਰੂਬਲ।’’
‘‘ਹੂੰ ! ਤੰਬਾਕੂ ਵਾਸਤੇ ਵੀ ਕਾਫ਼ੀ ਨਹੀਂ।’’ ਆਪਣੀ ਮਿਹਰਬਾਨ ਸਰਪ੍ਰਸਤਾਂ ਵਾਲੀ ਸੁਰ ਵਿੱਚ ਦੋਲਬੋਨੋਸੋਵ ਬੁੜਬੁੜਾਇਆ।
‘‘ਬੇਸ਼ੱਕ ਪੀਟਰਸਬਰਗ ਵਿੱਚ ਅਰਾਮਦਾਇਕ ਜ਼ਿੰਦਗੀ ਬਸਰ ਕਰਨ ਵਾਸਤੇ ਇਹ ਕਾਫ਼ੀ ਨਹੀਂ ਪਰ ਇਸ ਤੋਂ ਇਲਾਵਾ ਮੈਂ ਤੁਹਾਨੂੰ ਪਤੈ, ਯੂਗਾਰੋ ਰੇਲਵੇ ਦੀ ਪ੍ਰਬੰਧਕੀ ਕਮੇਟੀ ’ਚ ਸਕੱਤਰ ਹਾਂ… ਪੰਦਰਾਂ ਸੌ ਰੂਬਲ ਉੱਥੋਂ ਮਿਲ ਜਾਂਦੇ ਨੇ।’’
‘‘ਹਾਂ ਹਾਂ, ਇਹ ਠੀਕ ਹੈ, ਫਿਰ ਤਾਂ…’’
ਦੋਲਬੋਨੋਸੋਵ ਪੋਲਾ ਜਿਹਾ ਬੋਲਿਆ ਜਦੋਂਕਿ ਉਸ ਦਾ ਚਿਹਰਾ ਲੋਅ ਨਾਲ ਮਘ ਰਿਹਾ ਸੀ। ‘‘ਇਤਫਾਕੀਆ ਤੌਰ ’ਤੇ, ਮੇਰੇ ਦੋਸਤ ਤੁਸੀਂ ਸਾਡੇ ਮੇਜ਼ਬਾਨ ਨੂੰ ਮਿਲਣ ਕਿਵੇਂ ਆਏ?’’
‘‘ਬਹੁਤ ਸਾਧਾਰਨ,’’ ਸ਼ੇਪੋਤਕਿਨ ਨੇ ਠਰ੍ਹੰਮੇ ਨਾਲ ਉੱਤਰ ਦਿੱਤਾ। ‘‘ਮੈਂ ਉਹ ਨੂੰ ਸੂਬਾ ਸਕੱਤਰ ਲਾਡਕਿਨ ਦੇ ਘਰ ਮਿਲਿਆ ਸੀ।’’
‘‘ਤੁਸੀਂ… ਤੁਸੀਂ ਲਾਡਕਿਨ ਦੇ ਘਰ ਜਾਂਦੇ ਹੋ?’’ ਦੋਲਬੋਨੋਸੋਵ ਨੇ ਅੱਖਾਂ ਬਾਹਰ ਕੱਢ ਕੇ ਪੁੱਛਿਆ।
‘‘ਅਕਸਰ, ਮੈਂ ਉਸ ਦੀ ਭਤੀਜੀ ਨਾਲ ਵਿਆਹਿਆ ਹੋਇਆ ਹਾਂ।’’
‘‘ਓਹਦੀ ਭਤੀਜੀ? ਮੈਨੂੰ ਦੱਸੋ… ਇਹ… ਤੁਹਾਨੂੰ ਪਤਾ ਮੈਂ… ਅਕਸਰ ਤੁਹਾਨੂੰ ਮਿਲਣਾ ਲੋਚਦਾ ਸੀ… ਮੈਂ ਹਮੇਸ਼ਾਂ ਤੁਹਾਡੇ ਵਾਸਤੇ ਉੱਜਲ ਭਵਿੱਖ ਦਾ ਕਿਆਸ ਕੀਤਾ ਹੈ, ਮੇਰੇ ਸਤਿਕਾਰਤ ਈਵਾਨ ਪੇਤਰੋਵਿਚ।’’
‘‘ਪਿਓਤਰ ਇਵਾਨੋਵਿਚ’’
‘‘ਹਾਂ, ਪਿਓਤਰ ਇਵਾਨੋਵਿਚ… ਅਤੇ, ਤੁਹਾਨੂੰ ਪਤਾ ਹੈ, ਮੈਂ ਹੁਣੇ ਨਜ਼ਰ ਮਾਰੀ ਸੀ ਤੇ ਤੁਹਾਨੂੰ ਦੇਖਿਆ… ਇਹ ਕਿਸੇ ਤਰ੍ਹਾਂ ਜਾਣੂ ਲੱਗਦਾ ਹੈ। ਤੁਹਾਨੂੰ ਇਕਦਮ ਪਛਾਣ ਲਿਆ। ਮੈਂ ਆਪਣੇ ਆਪ ’ਚ ਸੋਚਿਆ ਕਿ ‘ਮੈਨੂੰ ਇਨ੍ਹਾਂ ਨੂੰ ਰਾਤ ਦੇ ਖਾਣੇ ’ਤੇ ਸੱਦਣਾ ਚਾਹੀਦਾ ਹੈ।’ ਹੀ ਹੀ…ਹੀ… ਮੈਂ ਨਹੀਂ ਸਮਝਦਾ ਕਿ ਤੁਸੀਂ ਬਜ਼ੁਰਗ ਆਦਮੀ ਨੂੰ ਇਨਕਾਰ ਕਰੋਗੇ ! ਹੋਟਲ ਯੂਰਪ, ਕਮਰਾ ਨੰ. ਤੇਤੀ… ਇੱਕ ਤੋਂ ਛੇ ਵਜੇ ਤਕ।’’
(ਅਨੁਵਾਦ: ਰਣ ਬਹਾਦਰ ਸਿੰਘ)

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ