Uh Chuhi Jihi Kuri (Story in Punjabi) : Maxim Gorky

ਉਹ ਚੂਹੀ ਜਿਹੀ ਕੁੜੀ (ਕਹਾਣੀ) : ਮੈਕਸਿਮ ਗੋਰਕੀ

‘‘ਨੰਨ੍ਹੀ-ਮੁੰਨੀ, ਬਿਲਕੁਲ ਚੂਹੀ ਜਿਹੀ ਸੀ ਉਹ ਕੁੜੀ, ਬਟੋਹੀ!’’ ਹਰ ਵਾਰ ਜਦੋਂ ਵੀ ਇਹ ਫਿਕਰਾ ਮੈਨੂੰ ਯਾਦ ਆਉਂਦਾ ਹੈ, ਸਮੇਂ ਦੇ ਪਰਦੇ ਨੂੰ ਚੀਰਕੇ ਉਮਰ ਨਾਲ਼ ਜ਼ਰਜ਼ਰ ਹੋਈਆਂ ਦੋ ਕਮਜ਼ੋਰ ਜਿਹੀਆਂ ਅੱਖਾਂ ਮੇਰੇ ਵੱਲ ਮੁਸਕੁਰਾ ਉੱਠਦੀਆਂ ਹਨ ਪ੍ਰੇਮ ਅਤੇ ਕਰੁਣਾ ਵਿੱਚ ਭਿੱਜੀਆਂ ਨਰਮ ਤੇ ਕੋਮਲ ਮੁਸਕਾਨ ਨਾਲ਼ ਅਤੇ ਮੇਰੇ ਕੰਨਾਂ ਵਿੱਚ ਦੋ ਕੜਕ ਆਵਾਜ਼ਾਂ ਗੂੰਜਣ ਲੱਗ ਪੈਂਦੀਆਂ ਹਨ ਜਿਹੜੀਆਂ ਇੱਕ ਸੁਰ ਹੋ ਕੇ ਮੇਰੇ ਦਿਲ ਵਿੱਚ ਇਹ ਗੱਲ ਬਿਠਾਉਣ ਦੀ ਕੋਸ਼ਿਸ਼ ਕਰ ਰਹੀਆਂ ਸਨ ਕਿ ਬਹੁਤ ਹੀ ‘‘ਨੰਨ੍ਹੀ ਮੁੰਨ੍ਹੀ, ਬਿਲਕੁਲ ਚੂਹੀ ਜਿਹੀ ਕੁੜੀ ਸੀ ਉਹ!’’
ਅਤੇ ਇਸ ਯਾਦ ਨਾਲ਼ ਮੇਰਾ ਦਿਲ ਖੁਸ਼ੀ ਅਤੇ ਉਮੀਦ ਨਾਲ਼ ਭਰ ਜਾਂਦਾ ਹੈ। ਇਹ ਉਹਨਾਂ ਦਸ ਮਹੀਨਿਆਂ ਦੀ ਸਭ ਤੋਂ ਵਧੀਆ ਯਾਦਗਾਰ ਹੈ ਜਿਹੜੀ ਮੈਂ ਆਪਣੇ ਇਸ ਦੇਸ਼ ਦੀਆਂ ਐਨੇ ਵਿਆਪਕ ਅਤੇ ਸੋਗ ਵਿੱਚ ਡੁੱਬੇ ਆਪਣੇ ਦੇਸ਼ ਦੀਆਂ ਵਿੰਗ-ਵਲੇਵੇਂ ਖਾਂਦੀਆਂ ਸੜ੍ਹਕਾਂ ਗਾਹੁੰਦੇ ਹੋਏ ਬਿਤਾਏ ਸਨ।

...

ਜਾਦੋਨਸਕ ਤੋਂ ਵੋਰੋਨੇਜ਼ ਦੇ ਰਾਹ ’ਤੇ ਦੋ ਰਾਹੀਆਂ ਨਾਲ਼ ਮੇਰਾ ਸਾਹਮਣਾ ਹੋ ਗਿਆ ਇੱਕ ਬਜ਼ੁਰਗ ਆਦਮੀ ਅਤੇ ਇੱਕ ਬਜ਼ੁਰਗ ਔਰਤ। ਦੋਨੇ ਹੀ ਉਮਰ ਵਿੱਚ ਸੌ ਤੋਂ ਵੀ ਜ਼ਿਆਦਾ ਜਾਪਦੇ ਸਨ, ਬਹੁਤ ਹੀ ਹੌਲ਼ੀ ਅਤੇ ਰੁਕ-ਰੁਕ ਕੇ ਚੱਲ ਰਹੇ ਸਨ ਅਤੇ ਸੜਕ ਦੀ ਝੁਲ਼ਸਾ ਦੇਣ ਵਾਲ਼ੀ ਧੂੜ ਵਿੱਚ ਬਹੁਤ ਹੀ ਤਕਲੀਫ਼ ਨਾਲ਼ ਉਹਨਾਂ ਦੇ ਪੈਰ ਉੱਠ ਰਹੇ ਸਨ। ਉਹਨਾਂ ਦੇ ਪਹਿਰਾਵੇ ਅਤੇ ਉਹਨਾਂ ਦੇ ਚਿਹਰਿਆਂ ਤੋਂ ਅਜਿਹਾ ਸਮਝ ਨਾ ਆਉਣ ਵਾਲ਼ਾ ਅਹਿਸਾਸ ਝਲਕਦਾ ਸੀ ਜਿਵੇਂ ਉਹ ਬਹੁਤ ਦੂਰੋਂ ਅਨੰਤ ਸਮੇਂ ਤੋਂ ਇਸੇ ਤਰ੍ਹਾਂ ਤੁਰਦੇ ਆ ਰਹੇ ਹੋਣ।
‘‘ਰੱਬ ਹੀ ਬੇੜਾ ਪਾਰ ਕਰਦਾ ਹੈ! ਤੋਬੋਲਸਕਾਯਾ ਗੁਬੇਰਨੀਆ (ਸਾਈਬੇਰੀਆ ਦਾ ਇੱਕ ਦੂਰ-ਦੂਰਾਡੇ ਦਾ ਸੂਬਾ, ਜਿੱਥੇ ਜਾਰਸ਼ਾਹੀ ਸਰਕਾਰ ਸਿਆਸੀ ਕੈਦੀਆਂ ਨੂੰ ਜਲਾਵਤਨ ਕਰਿਆ ਕਰਦੀ ਸੀ। – ਸੰਪਾ.) ਤੋਂ ਇੱਥੇ ਤੱਕ ਦਾ ਸਾਰਾ ਰਾਹ ਅਸੀਂ ਪੈਦਲ ਹੀ ਚੱਲਦੇ ਆ ਰਹੇ ਹਾਂ,’’ ਮੇਰੀ ਧਾਰਣਾ ਦੀ ਪੁਸ਼ਟੀ ਕਰਦਿਆਂ ਬਜ਼ੁਰਗ ਆਦਮੀ ਨੇ ਕਿਹਾ।
ਬਜ਼ੁਰਗ ਔਰਤ ਨੇ ਚੱਲਦੇ-ਚੱਲਦੇ, ਸੁਹਿਰਦ ਅੱਖਾਂ ਨਾਲ਼ ਉਹਨਾਂ ਅੱਖਾਂ ਨਾਲ਼, ਜਿਹਨਾਂ ਵਿੱਚ ਕਦੇ ਨੀਲਾ ਸਮੁੰਦਰ ਲਹਿਰਾਇਆ ਕਰਦਾ ਸੀ, ਮੇਰੇ ਵੱਲ ਦੇਖਿਆ ਅਤੇ ਇੱਕ ਡੂੰਘਾ ਹਾਉਕਾ ਭਰਦਿਆਂ ਤੇ ਕੋਮਲਤਾ ਨਾਲ਼ ਮੁਸਕਰਾਉਂਦਿਆਂ ਕਿਹਾ:
‘‘ਲੀਸਾਯਾ ਪਿੰਡ ਵਿੱਚ ‘ੳ’ ਫੈਕਟਰੀ ਤੋਂ ਅਸੀਂ ਦੋਨੇਮੈਂ ਤੇ ਮੇਰਾ ਬੁੱਢਾ ਸਾਥੀਤੁਰੇ ਆ ਰਹੇ ਹਾਂ।’’
‘‘ਫਿਰ ਤਾਂ ਤੁਸੀਂ ਬਹੁਤ ਥੱਕ ਗਏ ਹੋਵੋਂਗੇ?’’
‘‘ਨਹੀਂ, ਐਨਾ ਵੀ ਨਹੀਂ। ਅਜੇ ਵੀ ਤੁਰਨ ਦੀ ਤਾਕਤ ਹੈ। ਕਿਵੇਂ ਨਾ ਕਿਵੇਂ ਰੀਂਘਦੇ ਹੋਏ ਨਿਕਲ਼ ਜਾਵਾਂਗੇ। ਰੱਬ ਬੇੜਾ ਪਾਰ ਲੰਘਾ ਹੀ ਦੇਵੇਗਾ।’’
‘‘ਤੁਸੀਂ ਕੋਈ ਮੰਨਤ ਮੰਗੀ ਸੀ ਜਾਂ ਐਵੇਂ ਹੀ ਬੁਢਾਪੇ ਵਿੱਚ ਤੀਰਥ ਯਾਤਰਾ ਲਈ ਤੁਰ ਪਏ ਹੋ?’’
‘‘ਅਸੀਂ ਮੰਨਤ ਮੰਗੀ ਸੀ, ਬਟੋਹੀ! ਅਸੀਂ ਕਿਯੇ ਅਤੇ ਸੋਲੋਵਕੀ ਮੱਠ ਦੇ ਸੰਤਾਂ ਦੀ ਮੰਨਤ ਮੰਗੀ ਸੀ, ਮੰਨਤ!’’ ਬਜ਼ੁਰਗ ਨੇ ਦੁਹਰਾਉਂਦਿਆਂ ਕਿਹਾ ਤੇ ਫਿਰ ਆਪਣੀ ਸਾਥਣ ਵੱਲ ਮੁੜਦਿਆਂ ਕਿਹਾ: ‘‘ਆ, ਮਾਲਕਿਣ, ਐਥੇ ਬੈਠਕੇ ਜ਼ਰਾ ਆਪਣੇ ਹੱਡਾਂ ਨੂੰ ਆਰਾਮ ਦੇ ਲਈਏ।’’
‘‘ਠੀਕ ਹੈ ਥੋੜਾ ਸੁਸਤਾ ਲਈਏ,’’ ਬਜ਼ੁਰਗ ਔਰਤ ਨੇ ਕਿਹਾ।
ਅਤੇ ਅਸੀਂ, ਸੜਕ ਕਿਨਾਰੇ, ਇੱਕ ਪੁਰਾਣੇ ਵਿੱਲੋ ਦਰੱਖਤ ਦੀ ਛਾਂ ਹੇਠਾਂ ਬੈਠ ਗਏ। ਦਿਨ ਗਰਮ ਸੀ, ਅਸਮਾਨ ਵਿੱਚ ਬੱਦਲ਼ਾਂ ਦਾ ਕੋਈ ਅਤਾ-ਪਤਾ ਨਹੀਂ ਸੀ, ਸਾਡੇ ਸਾਹਮਣੇ ਅਤੇ ਪਿੱਛੇ ਸੜਕ ਵਿੰਗ-ਵਲੇਵੇਂ ਖਾਂਦੀ ਫੈਲੀ ਹੋਈ ਸੀ ਅਤੇ ਦੂਰ ਗਰਮ ਧੁੰਦਲਕੇ ਵਿੱਚ ਉਹਲੇ ਹੋ ਗਈ ਸੀ। ਇਹ ਇੱਕ ਸ਼ਾਂਤ ਅਤੇ ਨਿਰਾਲੀ ਥਾਂ ਸੀ। ਸੜਕ ਦੇ ਦੋਨੇ ਪਾਸੇ ਰਾਈ ਦੇ ਝੁਲਸੇ ਜਿਹੇ ਖੇਤ ਖੜੇ ਸਨ।
‘‘ਧਰਤੀ ਨੂੰ ਉਹਨਾਂ ਨੇ ਐਨਾ ਵਾਹ ਦਿੱਤਾ ਹੈ ਕਿ ਉਸਦੀ ਕੁੱਖ ਸੁੱਕ ਗਈ ਹੈ,’’ ਕੁਝ ਬੱਲੀਆਂ ਜਿਹੜੀਆਂ ਉਸਨੇ ਤੋੜ ਲਈਆਂ ਸਨ, ਮੇਰੇ ਵੱਲ ਵਧਾਉਂਦਿਆਂ ਬਜ਼ੁਰਗ ਆਦਮੀ ਨੇ ਕਿਹਾ।
ਧਰਤੀ ਅਤੇ ਉਸਦੀ ਕਿਰਪਾ ’ਤੇ ਨਿਰਭਰ ਰਹਿਣ ਵਾਲ਼ੇ ਕਿਸਾਨਾਂ ਬਾਰੇ ਅਸੀਂ ਗੱਲਾਂ ਕਰਦੇ ਰਹੇ। ਬਜ਼ੁਰਗ ਔਰਤ ਸਾਡੀਆਂ ਗੱਲਾਂ ਸੁਣ ਰਹੀ ਸੀ ਤੇ ਥੋੜੀ ਥੋੜੀ ਦੇਰ ਬਾਅਦ ਡੂੰਘਾ ਜਿਹਾ ਹਾਉਕਾ ਭਰਦੀ ਰਹਿੰਦੀ ਸੀ। ਕਦੇ ਕਦੇ ਆਪਣੇ ਗਿਆਨ ਅਤੇ ਸਿਆਣੀਆਂ ਗੱਲਾਂ ਨਾਲ਼ ਗੱਲਬਾਤ ਵਿੱਚ ਸ਼ਾਮਿਲ ਵੀ ਹੋ ਜਾਂਦੀ।
‘‘ਜੇ ਉਹ ਜਿਉਂਦੀ ਹੁੰਦੀ ਤਾਂ ਅਜਿਹੇ ਖੇਤ ਵਿੱਚ ਆਪਣੇ ਨਿੱਕੇ ਨਿੱਕੇ ਹੱਡ-ਪੈਰ ਇੱਕ ਕਰਕੇ ਰੱਖ ਦਿੰਦੀ,’’ ਅਚਾਨਕ ਬਜ਼ੁਰਗ ਔਰਤ ਨੇ ਕਿਹਾ,ਰਾਈ ਦੀਆਂ ਸੰਘਣੀਆਂ ਕਤਾਰਾਂ ਅਤੇ ਖੇਤ ਦੀਆਂ ਉਹਨਾਂ ਖਾਲੀ ਥਾਵਾਂ ਵੱਲ ਦੇਖਦਿਆਂ, ਜਿੱਥੇ ਉਹ ਬਿਲਕੁਲ ਵੀ ਨਹੀਂ ਸੀ ਉੱਗੀ।
‘‘ਹਾਂ ਬਈ, ਆਪਣੇ ਆਪ ਨੂੰ ਪੂਰੀ ਤਰ੍ਹਾਂ ਝੋਕ ਦਿੰਦੀ,’’ ਬਜ਼ੁਰਗ ਆਦਮੀ ਨੇ ਵੀ ਸਿਰ ਹਿਲਾਉਂਦੇ ਹੋਏ ਕਿਹਾ।
ਤੇ ਉਹ ਚੁੱਪ ਹੋ ਗਏ।
‘‘ਕਿਸਦੀ ਗੱਲ ਕਰ ਰਹੇ ਹੋ?’’ ਮੈਂ ਪੁੱਛਿਆ।
ਬਜ਼ੁਰਗ ਆਦਮੀ ਭੋਲ਼ੇਪਣ ਨਾਲ਼ ਮੁਸਕਰਾਇਆ। ਫਿਰ ਬੋਲਿਆ: ‘‘ਇੱਕ ਨੰਨ੍ਹੀ ਜਿਹੀ ਕੁੜੀ ਦੀ।’’
‘‘ਉਸਨੂੰ ਸਾਡੇ ਘਰ ਵਿੱਚ ਛੱਡਿਆ ਗਿਆ ਸੀ। ਉਝ ਸੀ ਉਹ ਕੁਲੀਨ ਘਰਾਣੇ ਦੀ,’’ ਬਜ਼ੁਰਗ ਔਰਤ ਨੇ ਹਾਉਕਾ ਭਰਿਆ।
ਫਿਰ ਦੋਹਾਂ ਨੇ ਮੇਰੇ ਵੱਲ ਦੇਖਿਆ ਅਤੇ ਜਿਵੇਂ ਪਹਿਲਾਂ ਹੀ ਤੈਅ ਕਰਕੇ ਰੱਖਿਆ ਹੋਵੇ, ਹੌਲ਼ੀ-ਹੌਲ਼ੀ ਅਤੇ ਇੱਕ ਹੀ ਸੁਰ ਵਿੱਚ ਇਕੱਠੇ ਹੀ ਬੋਲ ਪਏ:
‘‘ਆਹ, ਬੜੀ ਹੀ ਨੰਨ੍ਹੀ-ਮੁੰਨ੍ਹੀ, ਬਿਲਕੁਲ ਚੂਹੀ ਜਿਹੀ ਕੁੜੀ ਸੀ ਉਹ!’’
ਕੁਝ ਅਜਿਹੇ ਅਜੀਬ ਢੰਗ ਨਾਲ਼ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਸਨੇ ਸਿੱਧਾ ਮੇਰੇ ਦਿਲ ਵਿੱਚ ਘਰ ਕਰ ਲਿਆ। ਇਹਨਾਂ ਸ਼ਬਦਾਂ ਦੀ ਧੁਨ ਲੜਖੜਾ ਕੇ ਸ਼ਾਂਤ ਹੁੰਦੀ ਹੋਈ ਅਖ਼ੀਰ ਸਮੇਂ ਦੀ ਪ੍ਰਾਰਥਨਾ-ਪਾਠ ਜਿਹੀ ਜਾਪਦੀ ਸੀ। ਇਸਤੋਂ ਬਾਅਦ ਬਜ਼ੁਰਗ ਆਦਮੀ ਅਤੇ ਬਜ਼ੁਰਗ ਔਰਤ ਨੇ ਐਨੀ ਤੇਜ਼ੀ ਨਾਲ਼ ਬੋਲਣਾ ਸ਼ੁਰੂ ਕੀਤਾ ਕਿ ਉਹ ਕਈ ਵਾਰ ਇੱਕ-ਦੂਜੇ ਦੇ ਮੂੰਹ ਤੋਂ ਸ਼ਬਦ ਖੋਂਹਦੇ-ਝਪਟਦੇ ਜਾਪਦੇ ਸਨ ਅਤੇ ਮੈਂ, ਜਿਹੜਾ ਉਹਨਾਂ ਦੇ ਵਿਚਾਲੇ ਬੈਠਾ ਸੀ, ਆਪਣਾ ਸਿਰ ਇੱਧਰੋਂ ਉੱਧਰ ਤੇ ਉੱਧਰੋਂ ਇੱਧਰ ਘੁੰਮਾ ਰਿਹਾ ਸੀ।
‘‘ਫ਼ੌਜੀ ਪੁਲਿਸ ਦਾ ਇੱਕ ਆਦਮੀ ਉਹਨੂੰ ਸਾਡੇ ਪਿੰਡ ਲੈ ਕੇ ਆਇਆ ਤੇ ਪੰਚਾਂ ਨੂੰ ਸੌਂਪਦੇ ਹੋਏ ਕਿਹਾ: ਇਹਨੂੰ ਠਿਕਾਣੇ ਲਗਾ ਦਿਓ!’’
‘‘ਦੂਜੇ ਸ਼ਬਦਾਂ ਵਿੱਚ, ਇਸਨੂੰ ਕਿਸੇ ਪਰਿਵਾਰ ਨੂੰ ਸੌਂਪ ਦਿਓ,’’ ਬਜ਼ੁਰਗ ਆਦਮੀ ਨੇ ਸਪਸ਼ਟ ਕੀਤਾ।
‘‘ਅਤੇ ਉਹਨਾਂ ਨੇ ਉਸਨੂੰ ਸਾਡੇ ਕੋਲ ਭੇਜ ਦਿੱਤਾ।’’
‘‘ਆਹ! ਕਾਸ਼ ਤੂੰ ਉਸਨੂੰ ਦੇਖ ਸਕਦਾ ਬਿਲਕੁਲ ਲਾਲ ਅਤੇ ਠੰਢ ਨਾਲ਼ ਕੰਬਦੀ ਹੋਈ।’’
‘‘ਉਸਨੂੰ ਦੇਖ ਕੇ ਰੋਣਾ ਆਉਂਦਾ ਸੀ।’’
‘‘ਰੱਬ ਦੀ ਲੀਲਾ ਹੈ, ਕਿ ਅਜਿਹੀ ਕੁੜੀ ਐਸੀ ਥਾਂ ’ਤੇ ਆਈ ਹੈ,’’ ਅਸੀਂ ਸੋਚਿਆ।
‘‘ਪਰ ਕਿਉਂ? ਕੀ ਕਸੂਰ ਹੈ ਉਸਦਾ?’’
‘‘ਇਹਨਾਂ ਹੀ ਇਲਾਕਿਆਂ ਤੋਂ ਉਹ ਆਈ ਸੀ।’’
‘‘ਮਤਲਬ ਪਛਾਂਹ ਤੋਂ।’’
‘‘ਆਉਂਦੇ ਹੀ ਸਭ ਤੋਂ ਪਹਿਲਾਂ ਅਸੀਂ ਤੰਦੂਰ ਦੀ ਛੱਤ ’ਤੇ ਉਸਦਾ ਆਸਣ ਲਗਾ ਦਿੱਤਾ।’’
‘‘ਸਾਡਾ ਤੰਦੂਰ ਕਾਫ਼ੀ ਵੱਡਾ ਅਤੇ ਕਾਫ਼ੀ ਗਰਮ ਰਹਿੰਦਾ ਹੈ।’’ ਬਜ਼ੁਰਗ ਔਰਤ ਨੇ ਹਾਉਕਾ ਭਰਿਆ।
‘‘ਤੇ ਫਿਰ ਉਸਨੂੰ ਖਾਣ ਨੂੰ ਦਿੱਤਾ।’’
‘‘ਆਹ! ਉਸਦਾ ਚਿਹਰਾ ਹਾਸੇ ਨਾਲ਼ ਕਿਵੇਂ ਖਿੜ ਗਿਆ ਸੀ।’’
‘‘ਅਤੇ ਉਸਦੀਆਂ ਕਾਲ਼ੀਆਂ-ਕਾਲ਼ੀਆਂ ਅੱਖਾਂ ਸਨ ਚਮਕਦਾਰ ਬਿਲਕੁਲ ਚੂਹੀ ਵਰਗੀਆਂ!’’
‘‘ਉਹ ਆਪ ਵੀ ਤਾਂ ਚੂਹੀ ਵਰਗੀ ਹੀ ਸੀ ਗੋਲ਼-ਮਟੋਲ਼ ਤੇ ਮੁਲਾਇਮ ਜਿਹੀ।’’
‘‘ਅਤੇ ਜਦੋਂ ਉਸ ਵਿੱਚ ਕੁਝ ਜਾਨ ਆਈ ਤਾਂ ਅੱਖਾਂ ਵਿੱਚ ਹੰਝੂ ਭਰ ਕੇ ਬੋਲੀ: ‘ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ!’’
‘‘ਅਤੇ ਫਿਰ ਕਿਵੇਂ ਉਸਨੇ ਸਾਰੇ ਘਰ ਦੀ ਸਫਾਈ ਕੀਤੀ!’’
‘‘ਓਹ, ਹਰ ਇੱਕ ਚੀਜ਼ ਸਿਰ ਭਾਰ ਖੜੀ ਕਰ ਦਿੱਤੀ!’’ ਆਪਣੀਆਂ ਅੱਖਾਂ ਭੀਚਦਾ ਹੋਇਆ ਬਜ਼ੁਰਗ ਖੁਸ਼ੀ ਨਾਲ਼ ਹੱਸਿਆ।
‘‘ਸਾਡੀ ਝੌਂਪੜੀ ਦੇ ਆਲ਼ੇ-ਦੁਆਲੇ ਖਿੱਦੋ ਵਾਂਗੂੰ ਉੱਛਲਦੀ ਫਿਰਦੀਇੱਧਰ, ਉੱਧਰ, ਹਰ ਥਾਂ ਕਦੇ ਇਹ ਚੀਜ਼ ਸੰਵਾਰਦੀ, ਕਦੇ ਉਸ ਚੀਜ਼ ਨੂੰ ਠੀਕ ਕਰਕੇ ਲਗਾਉਂਦੀ। ‘ਉਹ ਇਹ ਖੁਰਲੀ’ ਉਸਨੇ ਕਿਹਾ‘ਇਹ ਤਾਂ ਬਾਹਰ ਸੂਰਘਰ ਵਿੱਚ ਹੋਣੀ ਚਾਹੀਦੀ ਹੈ। ਅਤੇ ਸੂਰਾਂ ਨੂੰ ਨਹਾਉਣ ਵਾਲ਼ੀ ਖੁਰਲੀ ਆਪੇ ਚੁੱਕ ਕੇ ਤੁਰ ਪਈ, ਪੈਰ ਤਿਲਕਿਆ ਤੇ ਧੜੱਮ! ਮੋਢਿਆਂ ਤੱਕ ਅੰਦਰ! ਓ ਹੋ, ਕੀ ਨਜ਼ਾਰਾ ਸੀ ਉਹ ਵੀ!’’
ਅਤੇ ਦੋਨੇ ਐਨੇ ਹੱਸੇ ਕਿ ਖੰਘਦੇ-ਖੰਘਦੇ ਅੱਖਾਂ ਵਿੱਚ ਹੰਝੂ ਛਲਕ ਪਏ। ਫਿਰ ਹੰਝੂ ਪੂੰਝਦੇ ਹੋਏ ਉਹਨਾਂ ਦਾ ਹਾਸਾ ਰੁਕਿਆ।
‘‘ਤੇ ਸੂਰਾਂ ਵਾਲ਼ੀ ਗੱਲ…’’
‘‘ਸਿੱਧਾ ਉਹਨਾਂ ਦੀ ਬੂਥੀ ’ਤੇ ਚੁੰਮਦੀ।’’
‘‘ਸੂਰਾਂ ਨੂੰ ਵੀ ਬਾਹਰ ਰੱਖੋ,’ ਉਹ ਬੋਲਦੀ‘ਘਰ ਵਿੱਚ ਉਹਨਾਂ ਲਈ ਥਾਂ ਨਹੀਂ ਹੈ।’’
‘‘ਪੂਰੇ ਸੱਤ ਦਿਨਾਂ ਤੱਕ ਉਹ ਸਭ ਕੁਝ ਠੀਕ ਕਰਦੀ ਰਹੀ।’’
‘‘ਸਾਨੂੰ ਦੋਹਾਂ ਨੂੰ ਵੀ ਉਸਨੇ ਚੰਗੀ ਤਰ੍ਹਾਂ ਜੋਤਿਆ…’’
‘‘ਹੱਸਦੀ, ਰੌਲ਼ਾ ਪਾਉਂਦੀ ਤੇ ਆਪਣੇ ਨਿੱਕੇ-ਨਿੱਕੇ ਪੈਰ ਪਟਕਦੀ…’’
‘‘ਤੇ ਫਿਰ ਇੱਕਦਮ, ਸ਼ਾਂਤ ਤੇ ਗੰਭੀਰ…’’
‘‘ਜਿਵੇਂ ਉਸਦੀ ਜਾਨ ਨਿਕਲਣ ਲੱਗੀ ਹੋਵੇ…’’
‘‘ਹੰਝੂਆਂ ਦੀ ਧਾਰ ਵਹਿੰਦੀ ਤੇ ਚੀਕਦੀ ਜਿਵੇਂ ਉਸਦਾ ਕਾਲ਼ਜਾ ਹੀ ਫਟ ਜਾਵੇਗਾ। ਮੈਂ ਉਸਦੇ ਆਲ਼ੇ-ਦੁਆਲੇ ਭੱਜੀ ਫਿਰਦੀ ਕਿ ਹਾਏ ਰੱਬਾ ਇਹ ਕੀ ਹੋ ਗਿਆ। ਬੜੀ ਅਜੀਬ ਗੱਲ ਸੀ। ਤੇ ਮੈਂ ਆਪ ਵੀ ਰੋਣ ਲੱਗ ਪੈਂਦੀ, ਇਹ ਜਾਣੇ ਬਿਨਾਂ ਹੀ ਕਿ ਮੈਂ ਕਿਉਂ ਰੋ ਰਹੀ ਹਾਂ। ਤੇ ਮੈਂ ਉਸਨੂੰ ਜੱਫੀ ਪਾ ਲੈਂਦੀ , ਤੇ ਇਸ ਤਰ੍ਹਾਂ ਰੋ-ਰੋ ਕੇ ਅਸੀਂ ਦੋਨੋ ਆਪਣੀਆਂ ਅੱਖਾਂ ਸੁਜਾ ਲੈਂਦੀਆਂ…’’
‘‘ਤੇ ਇਹ ਕੁਦਰਤੀ ਹੀ ਸੀ। ਆਖਿਰ ਉਹ ਅਜੇ ਇੱਕ ਛੋਟੀ ਜਿਹੀ ਕੁੜੀ ਹੀ ਤਾਂ ਸੀ…’’
‘‘ਤੇ ਅਸੀਂ ਦੋਏ ਇਕੱਲੇ ਸਾਂ। ਸਾਡਾ ਇੱਕ ਲੜਕਾ ਫ਼ੌਜ ਵਿੱਚ ਚਲਾ ਗਿਆ ਸੀ ਅਤੇ ਦੂਜਾ ਸੋਨੇ ਦੀਆਂ ਖਾਣਾਂ ਵਿੱਚ…’’
‘‘ਤੇ ਉਹ ਬਸ ਸਤਾਰਾਂ ਕੁ ਸਾਲਾਂ ਦੀ ਸੀ…’’
‘‘ਸਤਾਰਾਂ! ਕੋਈ ਉਸਨੂੰ ਦੇਖਦਾ ਤਾਂ ਬਾਰਾਂ ਤੋਂ ਵੱਧ ਨਾ ਕਹਿੰਦਾ!’’
‘‘ਬਸ-ਬਸ, ਐਨੀ ਵੀ ਹੱਦ ਨਾ ਕਰ। ਬਾਰਾਂ ਕਹਿ ਕੇ ਤੂੰ ਤਾਂ ਹੱਦ ਹੀ ਕਰ ਦਿੱਤੀ!’’
‘‘ਤਾਂ ਤੂੰ ਕੀ ਉਸਨੂੰ ਜ਼ਿਆਦਾ ਦੀ ਕਹੇਂਗੀ? ਹੂੰ, ਬੋਲ?’’
‘‘ਕਹੂੰਗੀ ਕਿਉਂ ਨਹੀਂ। ਉਹ ਇੱਕ ਛੋਟਾ ਪੱਕਿਆ ਹੋਇਆ ਫਲ਼ ਸੀ। ਅਤੇ ਜਿੱਥੋਂ ਤੱਕ ਉਸਦੇ ਐਨੇ ਛੋਟੇ ਹੋਣ ਦਾ ਸਵਾਲ ਹੈ, ਤਾਂ ਇਸ ਲਈ ਕੀ ਉਸਨੂੰ ਦੋਸ਼ ਦਿੱਤਾ ਜਾ ਸਕਦਾ ਹੈ?’’
‘‘ਮੈਂ ਕੀ ਇਸਨੂੰ ਉਸਦਾ ਕਸੂਰ ਦੱਸ ਰਿਹਾ ਹਾਂ? ਚ-ਚ-ਚ!’’
‘‘ਨਹੀਂ, ਤੂੰ ਕਸੂਰ ਨਹੀਂ ਦੱਸ ਰਿਹਾ,’’ ਬਜ਼ੁਰਗ ਔਰਤ ਨੇ ਭਲੇ ਸੁਭਾਅ ਨਾਲ਼ ਮੰਨਿਆ।
ਲੜਾਈ ਖਤਮ ਹੋਣ ’ਤੇ ਦੋਨੇ ਚੁੱਪ ਹੋ ਗਏ।
‘‘ਫਿਰ ਕੀ ਹੋਇਆ?’’ ਮੈਂ ਪੁੱਛਿਆ।
‘‘ਫਿਰ? ਫਿਰ ਕੁਝ ਨਹੀਂ ਹੋਇਆ, ਬਟੋਹੀ,’’ ਬਜ਼ੁਰਗ ਨੇ ਹਾਉਕਾ ਭਰਿਆ।
‘‘ਉਹ ਮਰ ਗਈ। ਅਗਨ-ਬੁਖਾਰ ਨਾਲ਼ ਮਰ ਗਈ।’’ ਅਤੇ ਬਜ਼ੁਰਗ ਔਰਤ ਦੀਆਂ ਝੁਰੜੀ ਭਰੀਆਂ ਗੱਲਾਂ ’ਤੇ ਦੋ ਹੰਝੂ ਰੁੜ੍ਹ ਪਏ।
‘‘ਉਹ ਮਰ ਗਈ, ਬਟੋਹੀ। ਸਾਡੇ ਨਾਲ਼ ਉਹ ਸਿਰਫ਼ ਦੋ ਸਾਲ ਰਹੀ। ਪਿੰਡ ਵਿੱਚ ਸਾਰੇ ਉਸਨੂੰ ਜਾਣਦੇ ਸਨ। ਪਿੰਡ ਵਿੱਚ ਹੀ ਕਿਉਂ? ਹੋਰ ਵੀ ਬਥੇਰੇ ਉਸਨੂੰ ਜਾਣਦੇ ਸਨ। ਉਹ ਪੜ੍ਹੀ-ਲਿਖੀ ਸੀ ਤੇ ਪੰਚਾਂ ਦੇ ਬਰਾਬਰ ਪੰਚਾਇਤ ਵਿੱਚ ਬੈਠਦੀ ਸੀ। ਕਦੇ ਕਦੇ ਉਹ ਤਿੱਖਾ ਬੋਲਦੀ, ਪਰ ਕੋਈ ਬੁਰਾ ਨਾ ਮੰਨਦਾ। ਉਹ ਬਹੁਤ ਹੁਸ਼ਿਆਰ ਸੀ।’’
‘‘ਹਾਏ! ਅਸਲੀ ਚੀਜ਼ ਤਾਂ ਉਸਦਾ ਦਿਲ ਸੀ। ਉਸਦਾ ਦਿਲ ਫਰਿਸ਼ਤੇ ਦਾ ਦਿਲ ਸੀ। ਉਸਦੇ ਦਿਲ ਵਿੱਚ ਸਾਡੀਆਂ ਸਾਰੀਆਂ ਮੁਸੀਬਤਾਂ ਲਈ ਥਾਂ ਸੀ ਅਤੇ ਉਹ ਸਾਰੀਆਂ ਮੁਸੀਬਤਾਂ ਖੁਦ ਆਪਣੇ ਮੋਢੇ ’ਤੇ ਚੁੱਕ ਲੈਂਦੀ ਸੀ। ਪੂਰੀ ਮੇਮ ਸੀ ਉਹ ਜਿਵੇਂ ਸ਼ਹਿਰਾਂ ਵਿੱਚ ਹੁੰਦੀਆਂ ਨੇ, ਮਖਮਲੀ ਜਾਕੇਟ, ਫੀਤੇ ਅਤੇ ਉੱਚੀ ਅੱਡੀ ਵਾਲ਼ੇ ਬੂਟ ਅਤੇ ਉਹ ਕਿਤਾਬਾਂ ਵਗੈਰਾ ਸਭ ਕੁਝ ਪੜ੍ਹਦੀ ਸੀ, ਪਰ ਫਿਰ ਵੀ ਸਾਨੂੰ ਕਿਸਾਨਾਂ ਨੂੰ ਉਹ ਕਿੰਨਾ ਸਮਝਦੀ ਸੀ। ਸਾਡੀ ਹਰ ਗੱਲ ਤੋਂ ਉਹ ਜਾਣੂ ਸੀ, ਕੋਈ ਵੀ ਗੱਲ ਅਜਿਹੀ ਨਹੀਂ ਜਿਹੜੀ ਉਸਨੂੰ ਪਤਾ ਨਾ ਹੋਵੇ। ‘ਇਹ ਸਭ ਤੂੰ ਕਿੱਥੇ ਸਿੱਖਿਆ, ਮੇਰੀ ਬੱਚੀ?’ ‘ਲੈ, ਇਹ ਸਾਰਾ ਕੁਝ ਕਿਤਾਬਾਂ ’ਚ ਲਿਖਿਆ ਹੋਇਆ ਹੈ,’ ਉਹ ਜਵਾਬ ਦਿੰਦੀ। ਸੁਣਿਆ ਤੂੰ? ਪਰ ਇਹ ਸਾਰੀ ਤਕਲੀਫ਼ ਉਸਨੇ ਆਪਣੇ ਸਿਰ ਕਿਉਂ ਲਈ! ਉਹ ਵਿਆਹ ਕਰਦੀ, ਮੇਮ ਸਾਹਿਬ ਬਣਕੇ ਰਹਿੰਦੀ। ਪਰ ਉਹਨਾਂ ਨੇ ਉਸਨੂੰ ਇੱਥੇ ਭੇਜ ਦਿੱਤਾ, ਅਤੇ… ਉਹ ਮਰ ਗਈ।’’
‘‘ਜਦੋਂ ਉਹ ਸਾਰਿਆ ਨੂੰ ਸਿੱਖਿਆ ਦਿੰਦੀ ਤਾਂ ਬੜਾ ਹਾਸਾ ਆਉਂਦਾ। ਐਨੀ ਨਿੱਕੀ ਜਿਹੀ ਬਿਲਕੁਲ ਚੂਹੀ ਜਿਹੀ, ਅਤੇ ਭਾਰੀ ਜਿਹਾ ਮੂੰਹ ਬਣਾ ਕੇ ਹਰੇਕ ਨੂੰ ਸਿੱਖਿਆ ਦਿੰਦੀ ‘ਤੁਹਾਨੂੰ ਇਹ ਨਹੀਂ ਕਰਨਾ ਚਾਹੀਦਾ, ਤੁਹਾਨੂੰ ਉਹ ਨਹੀਂ ਕਰਨਾ ਚਾਹੀਦਾ…’’
‘‘ਆਹ! ਉਸ ਕੋਲ਼ ਵਿੱਦਿਆ ਸੀ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ। ਅਤੇ ਹਰ ਚੀਜ਼ ਬਾਰੇ, ਹਰ ਵਿਅਕਤੀ ਬਾਰੇ, ਕਿੰਨੀ ਪ੍ਰੇਸ਼ਾਨ ਹੁੰਦੀ ਸੀ ਉਹ। ਜੇ ਕੋਈ ਬਿਮਾਰ ਹੁੰਦਾ ਤਾਂ ਉਸੇ ਸਮੇਂ ਉਸਦੀ ਤਾਮੀਰਦਾਰੀ ਕਰਨ ਪਹੁੰਚ ਜਾਂਦੀ, ਜੇ ਕੋਈ…’’
‘‘ਜਦੋਂ ਉਹ ਮਰੀ ਤਾਂ ਉਸਦਾ ਦਿਮਾਗ ਹਿੱਲ ਗਿਆ ਸੀ। ਥੋੜੀ-ਥੋੜੀ ਦੇਰ ਬਾਅਦ, ਬੜੀ ਵਿਆਕੁਲਤਾ ਨਾਲ਼ ਉਹ ਇਹੀ ਇੱਕ ਰਟ ਲਗਾਈ ਰੱਖਦੀ: ‘ਮਾਂ! ਮਾਂ!’ ਅਸੀਂ ਪਾਦਰੀ ਨੂੰ ਬੁਲਾਇਆ। ਸੋਚਿਆ ਸ਼ਾਇਦ ਉਹ ਉਸਨੂੰ ਮੋੜ ਲਿਆਵੇ। ਪਰ ਉਹ ਰੁਕਣ ਵਾਲ਼ੀ ਕਿੱਥੇ ਸੀ? ਚਲੀ ਗਈ!’’
ਬਜ਼ੁਰਗ ਔਰਤ ਦੀਆਂ ਗੱਲ੍ਹਾਂ ’ਤੇ ਹੰਝੂ ਰਿੜ੍ਹ ਪਏ ਤੇ ਇੱਕ ਬਹੁਤ ਰਮਣੀਕ ਅਹਿਸਾਸ ਮੇਰੇ ਉੱਪਰ ਹਾਵੀ ਹੋ ਗਿਆ ਮੈਨੂੰ ਲੱਗਿਆ ਜਿਵੇਂ ਇਹ ਹੰਝੂ ਮੇਰੇ ਲਈ ਵਹਾਏ ਜਾ ਰਹੇ ਹੋਣ।
‘‘ਸਾਰਾ ਪਿੰਡ ਸਾਡੇ ਘਰ ’ਕੱਠਾ ਹੋ ਗਿਆ। ਸਾਡਾ ਸਾਰਾ ਵਿਹੜਾ ਲੋਕਾਂ ਨਾਲ਼ ਭਰ ਗਿਆ ਸੀ। ਸੜਕ ’ਤੇ ਲੋਕਾਂ ਦੀ ਪੂਰੀ ਭੀੜ ਕੱਠੀ ਹੋਈ ਪਈ ਸੀ। ਉਹ ਕਹਿ ਰਹੇ ਸਨ: ‘‘ਹੈਂ, ਇਹ ਕੀ ਕਹਿ ਰਹੇ ਹੋ? ਕੀ ਉਹ ਸਚਮੁੱਚ ਨਹੀਂ ਰਹੀ?’’ ਐਨਾ ਚਾਹੁੰਦੇ ਸਨ ਉਹ ਉਸਨੂੰ…’’
‘‘ਓਹ, ਅਜਿਹੀ ਕੁੜੀ ਭਲਾ ਹੋਰ ਕਿੱਥੇ ਮਿਲੇਗੀ?’’ ਬਜ਼ੁਰਗ ਨੇ ਹਾਉਕਾ ਭਰਿਆ।
‘‘ਜਦੋਂ ਉਸਨੂੰ ਦਫਨਾਇਆ ਗਿਆ, ਤਾਂ ਸਾਰਾ ਪਿੰਡ ਉੱਥੇ ਹਾਜ਼ਿਰ ਸੀ। ਸ਼੍ਰੋਵਟਾਈਡ ਦੇ ਦਿਨ ਤੱਕ ਉਸਦੇ ਚਾਲ਼ੀ ਦਿਨ ਪੂਰੇ ਹੋ ਚੁੱਕੇ ਸਨ ਤੇ ਅਸੀਂ ਸੋਚਿਆ ‘‘ਉਸਦੀ ਆਤਮਾ ਦੀ ਸ਼ਾਂਤੀ ਲਈ ਕਿਉਂ ਨਾ ਇੱਕ ਤੀਰਥ ਯਾਤਰਾ ਕਰ ਲਈ ਜਾਵੇ? ਤੇ ਗੁਆਂਢੀਆਂ ਨੇ ਵੀ ਕਿਹਾ ਕਿ ਹਾਂ, ਕਿਉਂ ਨਾ ਇੱਕ ਤੀਰਥ ਯਾਤਰਾ ਕਰ ਲਈ ਜਾਵੇ। ‘‘ਜਾਓ,’’ ਉਹਨਾਂ ਨੇ ਕਿਹਾ, ‘‘ਤੁਸੀਂ ਆਜ਼ਾਦ ਹੋ। ਕੰਮ-ਕਾਰ ਦਾ ਵੀ ਤੁਹਾਨੂੰ ਕੋਈ ਬਹੁਤਾ ਝੰਜਟ ਨਹੀਂ ਹੈ। ਸ਼ਾਇਦ ਤੁਹਾਡੀਆਂ ਪ੍ਰਾਰਥਨਾਵਾਂ ਨਾਲ਼ ਉਸਨੂੰ ਕੋਈ ਫਾਇਦਾ ਹੀ ਹੋ ਜਾਵੇ।’ ਸੋ ਅਸੀਂ ਚੱਲ ਪਏ।’’
‘‘ਤਾਂ ਉਸਦੇ ਲਈ ਹੀ ਤੁਸੀਂ ਇਸ ਸਫ਼ਰ ’ਤੇ ਨਿਕਲ਼ੇ ਹੋ?’’ ਮੈਂ ਪੁੱਛਿਆ।
‘‘ਉਸ ਲਈ, ਉਸ ਫਰਿਸ਼ਤੇ ਲਈ। ਸਾਡਾ ਪਿਆਰਾ ਈਸ਼ਵਰਇਹ ਜਾਣਦੇ ਹੋਏ ਵੀ ਕਿ ਪਾਪਾਂ ਦਾ ਭਾਰ ਸਾਡੇ ਉੱਤੇ ਵੀ ਲੱਦਿਆ ਹੈ ਸਾਡੀ ਬੇਨਤੀ ਸੁਣੇ ਅਤੇ ਉਸਨੂੰ ਪਾਪਾਂ ਤੋਂ ਬਖ਼ਸ਼ ਦੇਵੇ। ਲੇਂਟ ਦੇ ਪਹਿਲੇ ਹਫ਼ਤੇ ਅਸੀਂ ਤੁਰ ਪਏ, ਮੰਗਲਵਾਰ ਸੀ ਉਸ ਦਿਨ…’’
‘‘ਉਹਦੇ ਲਈ?’’ ਮੈਂ ਫਿਰ ਆਪਣੀ ਗੱਲ ਦੁਹਰਾਈ।
‘‘ਹਾਂ, ਉਹਦੇ ਲਈ, ਬਟੋਹੀ,’’ ਬਜ਼ੁਰਗ ਨੇ ਕਿਹਾ।
ਮੈਂ ਵਾਰ-ਵਾਰ ਉਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀ ਕਿ ਬਿਲਕੁਲ ਉਸੇ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ ਹੀ ਉਹ ਹਜ਼ਾਰਾਂ ਮੀਲ ਦਾ ਇਹ ਸਫ਼ਰ ਕਰ ਰਹੇ ਹਨ। ਇਹ ਇੱਕ ਅਜਿਹੀ ਅਜੀਬ ਗੱਲ ਸੀ ਕਿ ਉਸ ’ਤੇ ਯਕੀਨ ਨਹੀਂ ਸੀ ਹੁੰਦਾ। ਸਿਰਫ਼ ਉਸ ਲਈਕਾਲ਼ੀਆਂ ਅੱਖਾਂ ਵਾਲ਼ੀ ਉਸ ਚੂਹੀ ਜਿਹੀ ਕੁੜੀ ਲਈ ਉਹਨਾਂ ਨੇ ਇਹ ਅਦਭੁੱਤ ਕਾਰਜ ਕੀਤਾ, ਆਪਣੇ ਦਿਲ ਨੂੰ ਇਸ ਗੱਲ ਦਾ ਯਕੀਨ ਦਿਲਾਉਣ ਲਈ ਮੈਂ ਐਨਾ ਫਿਕਰਮੰਦ ਹੋ ਗਿਆ ਕਿ ਮੈਂ ਹੋਰ ਕਈ ਪ੍ਰਕਾਰ ਦੇ ਸੰਭਵ ਕਾਰਣਾਂ ਵੱਲ ਇਸ਼ਾਰਾ ਕੀਤਾ। ਪਰ, ਬੇਹੱਦ ਭਾਰੀ ਸੰਤੋਸ਼ ਨਾਲ਼, ਉਹਨਾਂ ਨੇ ਮੈਨੂੰ ਯਕੀਨ ਦਿਵਾ ਦਿੱਤਾ ਕਿ ਉਹਨਾਂ ਦੇ ਇਸ ਸਫ਼ਰ ਪਿੱਛੇ ਇਸ ਤੋਂ ਸਿਵਾ ਹੋਰ ਕੋਈ ਵੀ ਵਜ੍ਹਾ ਨਹੀਂ ਸੀ।
‘‘ਤੇ ਇਹ ਸਾਰਾ ਰਾਹ ਸਚਮੁੱਚ ਹੀ ਤੁਸੀਂ ਪੈਦਲ ਤੈਅ ਕੀਤਾ ਹੈ?’’
‘‘ਨਹੀਂ, ਭਾਈ, ਕਦੇ-ਕਦੇ ਅਸੀਂ ਸਵਾਰੀ ਦਾ ਵੀ ਸਹਾਰਾ ਲਿਆ। ਇੱਕ ਦਿਨ ਸਵਾਰੀ ਅਤੇ ਇੱਕ ਦਿਨ ਪੈਦਲ। ਬਸ ਇਸੇ ਤਰ੍ਹਾਂ ਚੱਲੀ ਜਾ ਰਹੇ ਹਾਂ। ਹੌਲ਼ੀ-ਹੌਲ਼ੀ ਆਪਣੀ ਦੇਹ ਨੂੰ ਘੜੀਸਦੇ ਹੋਏ। ਉਮਰ ਵੀ ਹੁਣ ਐਨੀ ਹੈ ਕਿ ਸਾਰਾ ਰਾਹ ਪੈਦਲ ਨਹੀਂ ਤੁਰ ਹੁੰਦਾ। ਰੱਬ ਗਵਾਹ ਹੈ ਕਿ ਅਸੀਂ ਕਿੰਨੇ ਬੁੱਢੇ ਹੋ ਗਏ ਹਾਂ। ਜੇ ਅਸੀਂ ਉਸਦੇ ਪੈਰਾਂ ਨਾਲ਼ ਤੁਰ ਰਹੇ ਹੁੰਦੇ ਫਿਰ ਤਾਂ ਗੱਲ ਹੀ ਕੀ ਸੀ।’’
ਅਤੇ ਉਹ ਇੱਕ ਵਾਰ ਫਿਰ ਉਸਦੇ ਬਾਰੇ ਗੱਲ ਕਰਨ ਦੀ ਉਤਸੁਕਤਾ ਨਾਲ਼ ਇੱਕ ਦੂਜੇ ਨੂੰ ਟੋਹਣ ਲੱਗ ਪਏ, ਉਸ ਕੁੜੀ ਬਾਰੇ, ਜਿਸਨੂੰ ਕਿਸਮਤ ਨੇ ਘਰ ਅਤੇ ਮਾਂ ਤੋਂ ਦੂਰ ਅਤੇ ਐਨੇ ਅਣਜਾਣ ਕਿਨਾਰੇ ’ਤੇ ਲਿਆ ਸੁੱਟਿਆ ਸੀ ‘ਅਗਨ-ਬੁਖਾਰ’ ਨਾਲ਼ ਮਰਨ ਲਈ।
ਦੋ ਘੰਟੇ ਬਾਅਦ ਅਸੀਂ ਉੱਠੇ ਤੇ ਆਪਣੇ ਰਾਹ ’ਤੇ ਅੱਗੇ ਚੱਲ ਪਏ। ਮੇਰੇ ਦਿਮਾਗ ਵਿੱਚ ਇਸ ਕੁੜੀ ਤੋਂ ਬਿਨਾਂ ਹੋਰ ਕਿਸੇ ਵੀ ਚੀਜ਼ ਬਾਰੇ ਕੋਈ ਵੀ ਖਿਆਲ ਨਹੀਂ ਆ ਰਿਹਾ ਸੀ, ਪਰ ਜੀਅ-ਤੋੜ ਕੋਸ਼ਿਸ਼ ਕਰਨ ’ਤੇ ਵੀ ਆਪਣੀ ਕਲਪਣਾ ਵਿੱਚ ਮੈਂ ਉਸਦੀ ਤਸਵੀਰ ਨੂੰ ਮੂਰਤ ਰੂਪ ਨਾ ਦੇ ਸਕਿਆ। ਆਪਣੀ ਕਲਪਨਾ ਦੀ ਇਸ ਕਮਜ਼ੋਰੀ ਦੇ ਅਹਿਸਾਸ ਨਾਲ਼ ਮੇਰਾ ਦਿਲ ਤੜਪ ਉੱਠਿਆ।
ਕਿਸੇ ਚੰਗੀ ਤੇ ਸੋਹਣੀ ਚੀਜ਼ ਦੀ ਕਲਪਣਾ ਕਰਨੀ ਇੱਕ ਰੂਸੀ ਲਈ ਹਮੇਸ਼ਾ ਔਖਾ ਕੰਮ ਹੁੰਦਾ ਹੈ…
ਜਲਦੀ ਹੀ ਯੂਕਰੇਨ ਦਾ ਇੱਕ ਨਿਵਾਸੀ ਆਪਣੀ ਗੱਡੀ ਹੱਕਦਾ ਹੋਇਆ ਪਿੱਛਿਓਂ ਆ ਨਿਕਲ਼ਿਆ। ਉਦਾਸ ਨਜ਼ਰ ਨਾਲ਼ ਉਸਨੇ ਸਾਡੇ ਵੱਲ ਤੱਕਿਆ ਅਤੇ ਦੁਆ-ਸਲਾਮ ਦੇ ਜਵਾਬ ਵਿੱਚ ਆਪਣੀ ਟੋਪੀ ਚੁੱਕਦਾ ਹੋਇਆ ਬਜ਼ੁਰਗ ਜੋੜੇ ਨੂੰ ਬੋਲਿਆ: ‘‘ਆਓ, ਗੱਡੀ ’ਚ ਬਹਿ ਜਾਓ। ਅਗਲੇ ਪਿੰਡ ਤੱਕ ਚੱਲਦੇ ਹਾਂ।’’
ਉਹ ਗੱਡੀ ਵਿੱਚ ਬਹਿ ਗਏ ਅਤੇ ਧੂੜ ਦੇ ਇੱਕ ਬੱਦਲ ਉਹਲੇ ਗੁਆਚ ਗਏ। ਅਤੇ ਮੈਂ ਇਸ ਬੱਦਲ ਦੇ ਅੰਦਰ ਅੱਗੇ ਵੱਲ ਇੱਕ ਕਦਮ ਵਧਾਇਆ। ਮੇਰੀਆਂ ਅੱਖਾਂ ਉਸ ਗੱਡੀ ’ਤੇ ਟਿਕੀਆਂ ਹੋਈਆਂ ਸਨ ਜਿਹੜੀ ਉਸ ਬਜ਼ੁਰਗ ਆਦਮੀ ਤੇ ਔਰਤ ਨੂੰ ਲੈ ਕੇ ਜਾ ਰਹੀ ਸੀ ਜਿਹੜੇ ਇੱਕ ਚੂਹੀ ਜਿਹੀ ਕੁੜੀ ਦੀ ਆਤਮਾ ਦੀ ਸ਼ਾਂਤੀ ਲਈ, ਜਿਸਨੇ ਉਹਨਾਂ ਦਾ ਮਨ ਜਿੱਤ ਲਿਆ ਸੀ, ਹਜ਼ਾਰਾਂ ਮੀਲ ਦੇ ਸਫ਼ਰ ’ਤੇ ਚੱਲ ਪਏ ਸਨ।
(1895)

  • ਮੁੱਖ ਪੰਨਾ : ਮੈਕਸਿਮ ਗੋਰਕੀ ਦੀਆਂ ਕਹਾਣੀਆਂ ਤੇ ਹੋਰ ਰਚਨਾਵਾਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ