Uneendi Akh Da Supna (Novel) : Harjit Kaur Virk

ਉਨੀਂਦੀ ਅੱਖ ਦਾ ਸੁਪਨਾ (ਨਾਵਲ) : ਹਰਜੀਤ ਕੌਰ ਵਿਰਕ

ਸਮਰਪਣ

ਪੰਜਾਬੀ ਨਾਵਲ ਦੇ ਦੋ ਮਜ਼ਬੂਤ ਪੁਲਾਂ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਦੀ ਨਾਵਲ-ਕਲਾ ਦੇ ਨਾਂ, ਜਿਸ ਤੋਂ ਮੈਨੂੰ ਨਾਵਲ ਲਿਖਣ ਦੀ ਪ੍ਰੇਰਨਾ ਮਿਲੀ ਹੈ।

ਸੁਪਨਿਆਂ ਦੀ ਸ਼ਨਾਖਤ ਦਾ ਨਾਵਲੀ-ਪ੍ਰਵਚਨ-ਉਨੀਂਦੀ ਅੱਖ ਦਾ ਸੁਪਨਾ ਹਰਜੀਤ ਕੌਰ ਵਿਰਕ ਪੰਜਾਬੀ ਦੀ ਸੰਵੇਦਨਸ਼ੀਲ ਨਾਵਲਕਾਰ ਹੈ। 'ਉਨੀਂਦੀ ਅੱਖ ਦਾ ਸੁਪਨਾ' ਉਸ ਦਾ ਦੂਜਾ ਨਾਵਲ ਹੈ। ਉਸਦਾ ਪਹਿਲਾ ਨਾਵਲ 'ਬੰਦ ਪਈ ਘੜੀ ਵਰਗੀ ਜ਼ਿੰਦਗੀ' ਔਰਤ ਦੀ ਜ਼ਿੰਦਗੀ ਦੇ ਸੰਵੇਦਨਸ਼ੀਲ ਪਹਿਲੂਆਂ ਨੂੰ ਆਪਣੀ ਰਚਨਾ-ਵਸਤੂ ਬਣਾਉਂਦਾ ਹੈ। 'ਬੰਦ ਪਈ ਘੜੀ ਵੀ ਚੌਵੀ ਘੰਟਿਆਂ ਵਿਚ ਦੋ ਵਾਰ ਸਹੀ ਸਮਾਂ ਦੱਸ ਦਿੰਦੀ ਹੈ', ਇਸ ਕਥਾ-ਮੈਟਾਫਰ ਨੂੰ ਔਰਤ ਦੀ ਸੰਕਟਕਾਲੀ ਜ਼ਿੰਦਗੀ ਨਾਲ ਜੋੜ ਕੇ ਹਰਜੀਤ ਨੇ ਆਪਣੇ ਗਲਪੀ-ਸਫ਼ਰ ਦੇ ਆਰੰਭ-ਬਿੰਦੂ ਉਪਰ ਹੀ ਜਿਸ ਸਮਰੱਥਾ ਤੇ ਸੰਭਾਵਨਾ ਦਾ ਸਬੂਤ ਦਿੱਤਾ ਸੀ, ਉਹ ਉਸਦੇ ਦੂਜੇ ਨਾਵਲ ਵਿਚ ਬਾਖੂਬੀ ਪ੍ਰਗਟ ਹੁੰਦੀ ਹੈ। ਇਸ ਨਾਵਲ ਦਾ ਪਾਠ ਕਰਨ ਤੋਂ ਬਾਅਦ ਇਸ ਗੱਲ ਵਿਚ ਯਕੀਨ ਪੱਕਾ ਹੁੰਦਾ ਹੈ ਕਿ ਹਰਜੀਤ ਇਕ ਥਾਂ ਖੜ੍ਹ ਕੇ ਦੌੜਨ ਵਾਲੇ ਰਚਨਾਕਾਰਾਂ ਤੋਂ ਉਲਟ ਬਿਰਤਾਂਤਕਾਰੀ ਦੀ ਗੁਣਾਤਮਿਕ ਪ੍ਰਗਤੀ ਵਿਚ ਆਸਥਾ ਰੱਖਣ ਵਾਲੀ ਲੇਖਕ ਹੈ। ਉਸ ਦੀ ਲੇਖਣੀ ਉਸਦੀ ਵਿਕਾਸ-ਗਤੀ ਦਾ ਖੂਬਸੂਰਤ ਪ੍ਰਮਾਣ ਪੇਸ਼ ਕਰਦੀ ਹੈ।

ਜਿਨ੍ਹਾਂ ਲੇਖਕਾਂ ਦਾ ਰਚਨਾ ਉਦੇਸ਼ ਕੁਝ ਵੱਖਰਾ, ਨਵਾਂ ਤੇ ਗਹਿਰਾ ਲਿਖਣਾ ਹੁੰਦਾ ਹਰਜੀਤ ਕੌਰ ਵਿਰਕ ਉਨ੍ਹਾਂ ਵਿਚੋਂ ਇਕ ਹੈ। ਇਕ ਤੋਂ ਬਾਅਦ ਦੂਜਾ ਨਾਵਲ ਉਸ ਦੀ ਰਵਾਨਗੀ ਦਾ ਪ੍ਰਤੀਕ ਹੈ। ਖੂਬਸੂਰਤ ਪ੍ਰਤੀਕ-ਪ੍ਰਬੰਧ ਉਸਾਰਦਾ ਇਹ ਨਾਵਲ ਉਨ੍ਹਾਂ ਸੁਪਨਿਆਂ ਦੀ ਸ਼ਨਾਖਤ ਕਰਦਾ ਹੈ ਜੋ ਔਰਤ-ਮਰਦ ਦੀ ਅੱਖ ਵਿਚਲੀ ਨੀਂਦ ਉਡਾ ਦਿੰਦੇ ਹਨ। ਜਦੋਂ ਕਿਸੇ ਦੀ ਅੱਖ ਉਨੀਂਦੀ ਹੁੰਦੀ ਹੈ ਤਾਂ ਉਸਦੇ ਸੁਪਨਿਆਂ ਵਿਚ ਕਿਸ ਕਿਸਮ ਦੀ ਟੁੱਟ-ਭੱਜ ਹੁੰਦੀ ਹੈ, ਉਸਦੇ ਸੁਪਨੇ ਕਿਵੇਂ ਉਦੈ-ਅਸਤ ਹੁੰਦੇ ਹਨ ਤੇ ਸੁਪਨਿਆਂ ਨੂੰ ਹਰੀਕਤ ਵਿਚ ਤਬਦੀਲ ਕਰਨ ਲਈ ਜਿਸ ਕਿਸਮ ਦਾ ਕਰਮ-ਖੇਤਰ ਸਥਾਪਿਤ ਕਰਨ ਦੀ ਲੋੜ ਹੁੰਦੀ ਹੈ, ਇਹ ਨਾਵਲ ਆਪਣੀ ਮੁੱਖ ਪਾਤਰ ਕਰਮ ਰਾਹੀਂ ਇਸ ਨੁਕਤੇ ਨੂੰ ਕੇਂਦਰ ਵਿਚ ਰੱਖ ਕੇ ਇਕ ਖੂਬਸੂਰਤ ਨਾਵਲੀ-ਪ੍ਰਵਚਨ ਉਸਾਰਦਾ ਪ੍ਰਤੀਤ ਹੁੰਦਾ ਹੈ। ਇਸ ਨਾਵਲ ਦੀ ਸਭ ਤੋਂ ਮੁੱਲਵਾਨ ਗੱਲ ਇਹ ਹੈ ਕਿ ਇਹ ਪ੍ਰਸਥਿਤੀਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੇ ਸੁਪਨਿਆਂ ਵਿਚ ਰੰਗ ਭਰਨ ਤੋਂ ਖੁੰਝ ਗਏ ਪੁਰਸ਼ ਪਾਤਰਾਂ ਦੇ ਸਮਾਨ ਅੰਤਰ ਔਰਤ ਪਾਤਰਾਂ ਦੀ ਇਕ ਐਸੀ ਗੈਲਰੀ ਸਿਰਜਦਾ ਹੈ ਜੋ ਆਮ ਔਰਤ ਵਾਂਗ ਪੁਰਸ਼ ਨੂੰ ਨਾਕਾਮੀ ਦਾ ਮਿਹਣਾ ਨਹੀਂ ਮਾਰਦੀ, ਬਲਕਿ ਉਸ ਦੇ ਅੱਧ-ਵਾਟੇ ਰਹਿ ਗਏ ਕੰਮਾਂ ਤੇ ਜ਼ਿੰਮੇਵਾਰੀਆਂ ਨੁੰ ਪੂਰਾ ਕਰਨ ਲਈ ਸਾਬਤ-ਮਨੁੱਖ ਬਣਕੇ ਟੱਕਰਦੀ ਹੈ। ਇਹ ਹਰਜੀਤ ਕੌਰ ਵਿਰਕ ਦੀ ਕਥਾ-ਦ੍ਰਿਸ਼ਟੀ ਦਾ ਸਭ ਤੋਂ ਉਸਾਰੂ ਪੱਖ ਹੈ ਕਿ ਉਹ ਔਰਤ-ਮਰਦ ਨੂੰ ਇਕ ਦੂਜੇ ਦੀਆਂ ਦੁਸ਼ਮਣ-ਧਿਰਾਂ ਵਜੋਂ ਨਹੀਂ ਉਸਾਰਦੀ, ਬਲਕਿ ਇਕ ਦੂਜੇ ਦੀਆਂ ਪੂਰਕ-ਧਿਰਾਂ ਵਜੋਂ ਉਸਾਰਦੀ ਹੈ। ਇਸ ਨਾਵਲ ਦੀ ਕਥਾ ਰਾਹੀਂ ਉਹ ਇਹ ਧਾਰਨਾ ਵੀ ਸਥਾਪਿਤ ਕਰਦੀ ਨਜ਼ਰ ਆਉਂਦੀ ਹੈ ਕਿ ਉਨੀਂਦੀਆਂ ਅੱਖਾਂ ਨੂੰ ਆਰਾਮ ਦੇਣ ਲਈ ਉਨ੍ਹਾਂ ਵਿਚਲੇ ਸੁਪਨਿਆਂ ਦੀ ਪੂਰਤੀ ਲਾਜ਼ਮੀ ਸ਼ਰਤ ਹੁੰਦੀ ਹੈ।

ਚਿੱਠੀਆਂ, ਸੁਪਨਿਆਂ, ਯਾਦਾਂ ਤੇ ਖ਼ਿਆਲਾਂ ਦੀ ਜੁਗਤ ਨਾਲ ਉਸਾਰਿਆ ਇਹ ਨਾਵਲ ਨਾਵਲਕਾਰ ਦੀ ਲਿਖਣ-ਸਮਰੱਥਾ ਦਾ ਪਰਿਚੈ ਵੀ ਕਰਵਾਉਂਦਾ ਹੈ। ਨਵੀਂ ਪੀੜ੍ਹੀ ਵਿਚ ਪੰਜਾਬੀ ਨਾਵਲ ਲਿਖਣ ਦੇ ਖੇਤਰ ਵਿਚ ਔਰਤ ਨਾਵਲਕਾਰਾਂ ਦਾ ਪਾਸਾ ਖਾਲ਼ੀ ਪਿਆ ਹੈ। ਇਸ ਸਥਿਤੀ ਵਿਚ ਹਰਜੀਤ ਕੌਰ ਵਿਰਕ ਦਾ ਬਤੌਰ ਨਾਵਲਕਾਰ ਪੇਸ਼ ਹੋਣਾ ਪੰਜਾਬੀ ਨਾਵਲਕਾਰੀ ਲਈ ਖੁਸ਼ੀ ਦੀ ਗੱਲ ਹੈ। ਇਹ ਗੱਲ ਖੁਸ਼ੀ ਦੀ ਇਸ ਲਈ ਵੀ ਹੈ ਕਿ ਹਰਜੀਤ ਕੋਲ ਉਹ ਸਬਰ, ਸਹਿਜਤਾ, ਅਧਿਐਨ ਦੀ ਰੁਚੀ, ਸਖਤ ਮਿਹਨਤ ਤੇ ਲਿਖਣ-ਕਲਾ ਦਾ ਅਭਿਆਸ ਕਰਨ ਵਰਗੀਆਂ ਗੁਣਾਤਮਿਕ ਖੂਬੀਆਂ ਹਨ ਜੋ ਨਾਵਲ ਵਰਗੀ ਲੰਬੀ ਗਲਪੀ-ਰਚਨਾ ਕਰਨ ਲਈ ਪ੍ਰਮੁੱਖ ਰੋਲ ਅਦਾ ਕਰਦੀਆਂ ਹਨ। ਜਿਹੜੀਆਂ ਅੰਤਰ-ਦ੍ਰਿਸ਼ਟੀਆਂ ਨਾਵਲ ਦੇ ਕਥਾਨਕ ਨੂੰ ਮਜ਼ਬੂਤੀ ਬਖਸ਼ਦੀਆਂ ਹਨ ਉਨ੍ਹਾਂ ਵਿਚੋਂ ਇਕ ਅੰਤਰ-ਦ੍ਰਿਸ਼ਟੀ 'ਵਿਗਿਆਨਕ ਦ੍ਰਿਸ਼ਟੀਕੋਣ' ਦੀ ਹੈ। ਇਸ ਨਾਵਲ ਵਿਚ ਇਕ ਥਾਂ ਇਕ ਜੋਤਸ਼ੀ ਤੇ ਇਕ ਤਾਂਤਰਿਕ ਪਾਤਰ ਆਉਂਦਾ ਹੈ। ਉਨ੍ਹਾਂ ਦੀ ਜੋਤਿਸ਼-ਤੰਤਰ ਵਿੱਦਿਆ ਕੁੜੀਆਂ ਦੀ ਜ਼ਿੰਦਗੀ ਵਿਚਲੇ ਸੁਪਨਿਆਂ ਦੀ ਸ਼ਨਾਖਤ ਕਰਦੀ ਹੈ, ਨਾਵਲ ਦੀ ਮੁੱਖ ਪਾਤਰ ਕਰਮ ਆਪਣੀ ਸੂਝ, ਸਿਆਣਪ, ਹਿੰਮਤ, ਦਲੇਰੀ ਤੇ ਤਰਕਸ਼ੀਲ ਸੋਚ ਨਾਲ ਜੋਤਸ਼-ਤੰਤਰ ਵਿੱਦਿਆ ਦੀ ਭਵਿੱਖਬਾਣੀ ਨੂੰ ਗਲਤ ਸਾਬਿਤ ਕਰਕੇ ਮਨੋ-ਇੱਛਤ ਨਤੀਜੇ ਪ੍ਰਾਪਤ ਕਰਦੀ ਹੈ। ਸਿਰਫ ਇੱਥੇ ਹੀ ਬੱਸ ਨਹੀਂ ਉਹ ਆਪਣੀ ਮਾਂ, ਪਿਤਾ, ਨਾਨਾ, ਨਾਨੀ ਤੇ ਸਹੇਲੀ ਨੁਪੁਰ ਲਈ ਵੀ ਇਕ ਰੋਲ-ਮਾਡਲ ਸਿੱਧ ਹੁੰਦੀ ਹੈ। ਉਹ ਸਾਰਿਆਂ ਦੇ ਅੱਧੇ-ਅਧੂਰੀ ਸੁਪਨਿਆਂ ਨੂੰ ਪੂਰਾ ਕਰਦੀ ਹੋਈ ਨੁਪੁਰ ਨੂੰ ਵੀ ਮੋਏ ਸੁਪਨਿਆਂ ਨੂੰ ਜ਼ਿੰਦਾ ਕਰਨ ਦੇ ਰਾਹ ਤੋਰਦੀ ਹੈ। ਕਰਮ ਇਸ ਨਾਵਲ ਦੀ ਇਕ ਐਸੀ ਹਿੰਮਤ ਵਾਲੀ ਪਾਤਰ ਹੈ ਜੋ 'ਕਰਮ-ਖੇਤਰ' ਵਿਚ ਆਧੁਨਿਕ ਯੁੱਗ ਦੀਆਂ ਕੁੜੀਆਂ ਲਈ ਇਕ ਨਵੀਂ ਮਿਸਾਲ ਕਾਇਮ ਕਰਦੀ ਹੈ। ਉਹ ਪਿਤਾ ਤੇ ਭਰਾ ਦੇ ਹਿੱਸੇ ਦਾ ਕਰਮ ਵੀ ਕਰਦੀ ਹੈ, ਮਾਂ ਤੇ ਆਪਣੇ ਹਿੱਸੇ ਦਾ ਵੀ। ਆਪਣੇ ਨਾਂ ਦੀ ਲੱਜ ਪਾਲਣ ਵਾਲੀ ਇਹ ਪਾਤਰ ਨਾਵਲ ਦੇ ਅੰਤ ਵਿਚ ਜਦੋਂ ਧਰਮ ਵਿਚੋਂ ਅਧਰਮ ਤੇ ਕਾਫਿਰ ਵਿਚੋਂ ਧਰਮੀ ਮੁਹੱਬਤ ਦੀ ਸ਼ਨਾਖਤ ਕਰਕੇ ਵਿਦੇਸ਼ੀ ਔਰਤ ਜੀਨੀ ਦੀਆਂ ਸੋਚਾਂ ਵਿਚ ਵੀ ਪੰਛੀ, ਪਰਵਾਜ਼ ਤੇ ਪਿੰਜਰੇ ਦੇ ਅਰਥ ਬਦਲ ਦਿੰਦੀ ਹੈ ਤਾਂ ਨਾਵਲੀ-ਪਾਠ ਵਿਚ ਔਰਤ ਦੇ ਹੋਣ ਦੀ ਇਕ ਨਵੀਂ ਪਰਿਭਾਸ਼ਾ ਸਥਾਪਿਤ ਹੁੰਦੀ ਦਿਖਾਈ ਦਿੰਦੀ ਹੈ। ਇਹ ਹਰਜੀਤ ਕੌਰ ਵਿਰਕ ਦੀ ਅੰਤਰ-ਦ੍ਰਿਸ਼ਟੀ ਦਾ ਸਭ ਤੋਂ ਅਰਥਮਈ ਪਾਸਾਰ ਹੈ ਜੋ ਨਾਵਲ ਨੂੰ ਮੁੱਲਵਾਨ ਅਰਥ ਪ੍ਰਦਾਨ ਕਰਦਾ ਹੈ।

ਇਸ ਨਾਵਲ ਦੀ ਸਭ ਤੋਂ ਵੱਡੀ ਖਾਸੀਅਤ ਘਟਨਾਵਾਂ, ਪਾਤਰਾਂ ਤੇ ਪ੍ਰਸਥਿਤੀਆਂ ਦਾ ਮਨੋ-ਵਿਸ਼ਲੇਸ਼ਣ ਕਰਨ ਵਿਚ ਨਿਹਤ ਹੈ। ਨਾਵਲਕਾਰ ਘਟਨਾਵਾਂ ਦੀ ਲੜੀ ਹੀ ਨਹੀਂ ਸਿਰਜਦੀ। ਨਾਵਲੀ-ਪਾਠ ਦੀ ਸਿਰਜਣਾ ਕਰਦੀ ਹੋਈ ਉਹ ਘਟਨਾਵਾਂ ਪਿੱਛੇ ਕੰਮ ਕਰਦੇ ਕਾਰਨਾਂ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਪਾਤਰ ਕੀ ਹੈ ਦੀ ਥਾਂ ਪਾਤਰ ਕਿਉਂ ਤੇ ਕਿਵੇਂ ਹੈ ਦੀ ਜੁਗਤ ਰਾਹੀਂ ਪਾਤਰ ਉਸਾਰੀ ਕਰਦੀ ਹੋਈ ਉਹ ਪਾਤਰਾਂ ਤੇ ਪ੍ਰਸਥਿਤੀਆਂ ਦੇ ਅੰਤਰ-ਸਬੰਧਾਂ ਵਿਚੋਂ ਉਪਜਣ ਵਾਲੇ ਸਿੱਟਿਆਂ ਦੀ ਰੋਸ਼ਨੀ ਵਿਚ ਇਕ ਐਸਾ ਨਾਵਲੀ-ਪਾਠ ਤਿਆਰ ਕਰਦੀ ਹੈ, ਜਿਸ ਵਿਚ ਘਟਨਾਵਾਂ ਵਾਪਰਦੀਆਂ ਦਿਸਦੀਆਂ ਹਨ, ਪ੍ਰਸਥਿਤੀਆਂ ਵਿਚ ਫਸੇ ਪਾਤਰ ਛਟਪਟਾਉਂਦੇ ਨਜ਼ਰ ਆਉਂਦੇ ਹਨ ਤੇ ਪਾਤਰਾਂ ਦਾ ਕਰਮ ਪ੍ਰਸਥਿਤੀਆਂ ਨੂੰ ਬਦਲਦਾ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਇਹ ਸਿਰਜਣਾਤਮਿਕ-ਪ੍ਰਕਿਰਿਆ ਨਾਵਲਕਾਰ ਦੀ ਨਜ਼ਰ ਤੇ ਨਜ਼ਰੀਏ ਦੀ ਕਨਸੋਅ ਦਿੰਦੀ ਵੀ ਨਜ਼ਰ ਆਉਂਦੀ ਹੈ, ਜਿਸ ਅਧੀਨ ਉਸਨੇ ਕਵਿਤਾ ਤੋਂ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਕਰਕੇ ਲੰਬੀ ਗਲਪੀ-ਰਚਨਾ ਦੇ ਖੇਤਰ ਵਿਚ ਪ੍ਰਵੇਸ਼ ਕੀਤਾ ਹੈ। ਪੰਜਾਬੀ ਨਾਵਲ ਲਈ ਇਹ ਇਕ ਸ਼ੁਭ ਸ਼ਗਨ ਹੈ। ਕਿਉਂਕਿ ਹਰਜੀਤ ਕੌਰ ਵਿਰਕ ਬਤੌਰ ਪੰਜਾਬੀ ਅਧਿਆਪਕਾ ਵੀ ਕੰਮ ਕਰਦੀ ਹੈ, ਇਸ ਲਈ ਉਸ ਨੂੰ ਭਾਸ਼ਾ ਦੀ ਗਲਪੀ-ਵਰਤੋਂ ਦਾ ਬਾਖੂਬੀ ਗਿਆਨ ਹੈ। ਉਸ ਦੀ ਭਾਸ਼ਾ ਦਾ ਰਜਿਸਟਰ ਕਾਫੀ ਅਮੀਰ ਹੈ। ਉਹ ਭਾਸ਼ਾ ਨੂੰ ਅਰਥ-ਸੰਚਾਰ ਲਈ ਹੀ ਨਹੀਂ ਵਰਤਦੀ, ਉਹ ਉਸ ਨੂੰ ਅਰਥਮਈ ਪ੍ਰਤੀਕ-ਪ੍ਰਬੰਧ ਉਸਾਰਨ ਲਈ ਵੀ ਵਰਤਦੀ ਹੈ। ਭਾਸ਼ਾ ਦੀ ਪ੍ਰਤੀਕਮਈ ਵਰਤੋਂ ਉਸ ਨੂੰ ਜ਼ਹੀਨ ਨਾਵਲਕਾਰ ਵਜੋਂ ਪ੍ਰਸਤੁਤ ਕਰਦੀ ਹੈ। ਇਸ ਨਾਵਲ ਦਾ ਪਾਠ ਇਕ ਸੁਖਦ ਅਹਿਸਾਸ ਦਿੰਦਾ ਹੈ। ਇਸ ਨਾਵਲ ਦਾ ਬਿਰਤਾਂਤਕ-ਸੰਗਠਨ ਉਨੀਂਦੀ ਅੱਖ ਦੇ ਸੁਪਨਿਆਂ ਦੀ ਸ਼ਨਾਖਤ ਕਰਨ ਤੋਂ ਲੈ ਕੇ ਉਨ੍ਹਾਂ ਦੀ ਪੂਰਤੀ ਕਰਨ ਤੱਕ ਦਾ ਇਕ ਐਸਾ ਗਲਪੀ-ਬਿੰਬ ਸਿਰਜਦਾ ਹੈ, ਜੋ ਹਰਜੀਤ ਨੂੰ ਬਤੌਰ ਨਾਵਲਕਾਰ ਸਥਾਪਿਤ ਹੋਣ ਲਈ ਜ਼ਮੀਨ ਪੱਧਰੀ ਕਰਦਾ ਹੈ। ਇਸ ਦੂਜੀ ਨਾਵਲੀ ਕਿਰਤ ਲਈ ਮੁਬਾਰਕਬਾਦ ਆਖਦਾ ਹੋਇਆ ਮੈਂ ਪੰਜਾਬੀ ਨਾਵਲ ਦੇ ਖੇਤਰ ਵਿਚ ਹਰਜੀਤ ਕੌਰ ਵਿਰਕ ਦਾ ਸਵਾਗਤ ਕਰਨ ਦੀ ਖੁਸ਼ੀ ਲੈ ਰਿਹਾ ਹਾਂ।
-ਜਸਵੀਰ ਸਿੰਘ ਰਾਣਾ
# ਸਵਰਨ ਵਿਲਾ
V.P.O. ਅਮਰਗੜ੍ਹ [ਸੰਗਰੂਰ]-148022
M. 98156-59220

ਆਪਣੇ ਵੱਲੋਂ

'ਪੁਨਿਆਂ ਦਾ ਚਾਨਣ' ਵਿੱਚ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਜਸਵੰਤ ਸਿੰਘ ਕੰਵਲ ਜੀ ਲਿਖਦੇ ਹਨ, ''ਸਾਹਿਤ ਵਿੱਚ ਮੈਂ ਲਿਆਂਦਾ ਨਹੀਂ, ਵਿਸਰ ਭੋਲ ਹੀ ਆ ਗਿਆ ਆਂ।'' ਮੇਰੀ ਸਿਰਜਣ-ਪ੍ਰਕਿਰਿਆ ਵੀ ਅਜਿਹੀਆਂ ਹੀ ਪ੍ਰਸਥਿਤੀਆਂ ਦੀ ਦੇਣ ਹੈ। ਮੇਰੇ ਅੰਦਰ ਕਲਮ ਬਲਾਉਣ ਦੀ ਸਮਰੱਥਾ ਤਾਂ ਸੀ। ਪਰ ਮੈਂ ਆਪਣੀ ਸਮਰੱਥਾ ਤੋਂ ਅਨਜਾਣ ਹੀ ਰਹੀ। ਇੱਕ ਵਾਰ ਐਫ਼.ਐਮ. ਪਟਿਆਲਾ ਅਤੇ ਵਿਸ਼ਵ ਬੈਂਕ ਨੇ ਸਕੂਲ ਵਿੱਚ ਰੋਡ-ਸ਼ੋਅ ਕਰਵਾਇਆ, ਜਿਸ ਦੇ ਤਹਿਤ ਮੇਰੀ ਜਿੰਮੇਵਾਰੀ ਬੱਚਿਆਂ ਤੋਂ ਪਾਣੀ ਵਿਸ਼ੇ 'ਤੇ ਸਕਿੱਟ ਤਿਆਰ ਕਰਾਉਣਾ ਸੀ। ਮੈਂ ਦੋ ਘੰਟਿਆਂ ਵਿੱਚ ਸਕਿੱਟ ਦੀ ਸਿਰਜਣਾ ਕਰਕੇ ਬੱਚਿਆਂ ਨੂੰ ਤਿਆਰੀ ਕਰਵਾ ਦਿੱਤੀੇ। ਜਿਸਦਾ ਸਿੱਧਾ-ਪ੍ਰਸਾਰਣ ਹੋਇਆ ਤੇ ਖ਼ੂਬ ਵਾਹ-ਵਾਹ ਹੋਈ। ਪਰ ਉਸ ਵਕਤ ਮੈਂ ਆਪਣੇ ਅੰਦਰ ਛੁਪੀ ਕਲਾ ਨੂੰ ਪਹਿਚਾਣ ਨਾ ਸਕੀ।

ਇਸ ਤੋਂ ਬਾਅਦ 2011 ਵਿੱਚ ਵਾਪਰੀ ਇੱਕ ਘਟਨਾ ਨੇ ਮੇਰੀ ਜੀਵਨ ਦਿਸ਼ਾ ਨੂੰ ਨਵਾਂ ਮੋੜ ਦਿੰਦਿਆਂ ਕਲਮ ਨੂੰ ਮੇਰਾ ਸਾਥੀ ਬਣਾ ਦਿੱਤਾ। ਮੈਂ ਕਵਿਤਾਵਾਂ ਲਿਖਣ ਲੱਗੀ। ਪਰ ਮਨ ਨੂੰ ਸੰਤੁਸ਼ਟੀ ਨਾ ਮਿਲ ਸਕੀ। ਇੱਕ ਵਿਚਾਰ-ਸੰਗ੍ਰਹਿ ਦੀ ਸਿਰਜਣਾ ਕੀਤੀ। ਪਰ ਮੇਰੀ ਮੰਜ਼ਿਲ ਅਜੇ ਵੀ ਮੈਨੂੰ ਆਵਾਜ਼ਾਂ ਮਾਰ ਰਹੀ ਸੀ। ਮੇਰੀ ਨਜ਼ਰ ਜ਼ਿੰਦਗੀ ਨੂੰ ਕਿਸੇ ਵੱਡੇ ਕੈਨਵਸ 'ਤੇ ਚਿਤਰਨ ਦੀ ਲੋੜ ਮਹਿਸੂਸ ਕਰ ਰਹੀ ਸੀ। ਇਹ ਤਲਾਸ਼ ਮੈਨੂੰ ਨਾਵਲ ਦੀ ਵਿਧਾ ਤੱਕ ਲੈ ਆਈ। ਜਿਸ ਵਿੱਚ ਮੈਨੂੰ ਜ਼ਿੰਦਗੀ ਨੂੰ ਸਮੁੱਚ ਵਿੱਚ ਚਿਤਰਨ ਦਾ ਅਹਿਸਾਸ ਹੋਇਆ। ਇਸ ਪ੍ਰਕਿਰਿਆ ਦੌਰਾਨ ਹੀ ਮੇਰੇ ਪਹਿਲੇ ਨਾਵਲ 'ਬੰਦ ਪਈ ਘੜੀ ਵਰਗੀ ਜ਼ਿੰਦਗੀ' ਦੀ ਰਚਨਾ ਹੋਈ।

ਨਾਵਲ ਲਿਖਣ ਦੀ ਪ੍ਰਕਿਰਿਆ ਦੇ ਅਗਲੇ ਪੜਾਅ 'ਤੇ ਤੁਰਨ ਤੋਂ ਪਹਿਲਾਂ ਮੇਰੇ ਲਈ ਨਾਵਲ ਲਿਖਣ ਦੀਆਂ ਵਿਧੀਆਂ ਅਤੇ ਸਿਧਾਂਤਾਂ ਨੂੰ ਹੋਰ ਜਾਨਣਾ ਜਰੂਰੀ ਸੀ, ਕਿਉਂਕਿ ਮੇਰਾ ਉਦੇਸ਼ ਸਿਰਫ਼ ਲਿਖਣਾ ਹੀ ਨਹੀਂ ਸਗੋਂ ਬੌਧਿਕ ਪੱਧਰ ਤੇ ਵਧੀਆ ਅਤੇ ਉੱਚੀ ਉਸਾਰੀ ਕਰਨਾ ਵੀ ਹੈ। ਇਸ ਸੋਚ ਨੇ ਮੇਰਾ ਸਬੰਧ ਪੰਜਾਬੀ ਸਾਹਿਤ ਦੇ ਨਾਲ-ਨਾਲ ਵਿਸ਼ਵ ਸਾਹਿਤ ਨਾਲ ਵੀ ਜੋੜ ਦਿੱਤਾ। ਸਿੱਖਣ ਦੀ ਲਾਲਸਾ ਨੇ ਮੈਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ। ਪੰਜਾਬੀ, ਹਿੰਦੀ, ਮਰਾਠੀ, ਰਸ਼ੀਅਨ ਅਤੇ ਅੰਗਰੇਜ਼ੀ ਨਾਵਲ ਮੇਰੇ ਪ੍ਰੇਰਨਾ ਸਰੋਤ ਬਣੇ। ਇਸ ਪ੍ਰੇਰਨਾ ਸਦਕਾ ਮੈਂ ਰੋਜ਼ਾਨਾ ਜੀਵਨ ਵਿੱਚ ਵਾਪਰਦੀਆਂ ਘਟਨਾਵਾਂ ਨੂੰ ਆਪਣੇ ਵੱਲ ਖਿੱਚਣ ਲੱਗੀ। ਮਨੋ-ਸਥਿਤੀਆਂ ਨੂੰ ਸਮਝਣ ਲੱਗੀ। ਕਾਰਨ ਅਤੇ ਕਾਰਜ ਵਿਚਲੇ ਸਬੰਧਾਂ ਦੀ ਪਛਾਣ ਹੋਣ ਲੱਗੀ। ਇਸ ਦੌਰਾਨ ਹੀ 'ਉਨੀਂਦੀ ਅੱਖ ਦਾ ਸੁਪਨਾ' ਨਾਵਲ ਲਿਖਣ ਦੀ ਪ੍ਰੇਰਨਾ ਮੈਨੂੰ ਮੇਰੇ ਹੀ ਸਕੂਲ ਦੀਆਂ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਦੀ ਗੱਲਬਾਤ ਨੂੰ ਸੁਣ ਕੇ ਮਿਲੀ। ਜਿੰਨ੍ਹਾਂ ਦੇ ਅੰਦਰ ਕਈ ਸੁਪਨੇ ਠਾਠਾਂ ਮਾਰ ਰਹੇ ਸਨ, ਪਰ ਘਰੇਲੂ ਮਜ਼ਬੂਰੀਆਂ ਉਹਨਾਂ ਦੇ ਰਸਤੇ ਦੀਆਂ ਰੁਕਾਵਟਾਂ ਸਨ। ਇਸ ਨਾਵਲ ਨੂੰ ਸਿਰਜਣ ਦਾ ਉਦੇਸ਼ ਅੱਧੇ-ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਕਰਨਾ ਹੈ।

ਪਹਿਲਾ ਨਾਵਲ ਲਿਖਣ ਸਮੇਂ ਮੈਂ ਸੋਧ ਕਰਨ ਦੀ ਪ੍ਰਕਿਰਿਆ ਤੋਂ ਅਨਜਾਣ ਸੀ। ਪਰ ਦੂਸਰਾ ਨਾਵਲ ਲਿਖਦਿਆਂ ਮੈਂ ਪੰਜ ਵਾਰ ਸੋਧ ਕੀਤੀ ਹੈ। ਇਸ ਸਮੁੱਚੀ ਪ੍ਰਕਿਰਿਆ ਵਿੱਚ ਮੈਂ ਪ੍ਰਸਿੱਧ ਕਹਾਣੀਕਾਰ-ਨਾਵਲਕਾਰ ਜਸਵੀਰ ਸਿੰਘ ਰਾਣਾ ਜੀ ਦੀ ਤਹਿ ਦਿਲੋਂ ਸ਼ੁਕਰ-ਗੁਜ਼ਾਰ ਹਾਂ। ਉਹਨਾਂ ਨੇ ਨਾਵਲ ਦਾ ਖਰੜਾ ਪੜ੍ਹ ਕੇ ਆਪਣੇ ਵਡਮੁੱਲੇ ਸੁਝਾਅ ਅਤੇ ਵਿਚਾਰ ਦੇ ਕੇ ਮੇਰੀ ਅਗਵਾਈ ਕੀਤੀ ਹੈ। ਮੈਂ ਧੰਨਵਾਦੀ ਹਾਂ ਡਾ. ਪੁਸ਼ਵਿੰਦਰ ਕੌਰ (ਲੈਕ. ਪੰਜਾਬੀ) ਸ੍ਰੀਮਤੀ ਹਰਜੀਤ ਕੌਰ (ਲੈਕ. ਕੈਮਿਸਟਰੀ) ਮੋਨਿਕਾ ਬਾਂਸਲ (ਕੰਪਿ: ਟੀਚਰ) ਜਿੰਨ੍ਹਾਂ ਨੇ ਨਾਵਲ ਨੂੰ ਛਪਣ ਤੋਂ ਪਹਿਲਾਂ ਪੜ੍ਹ ਕੇ ਆਪਣੀ ਕੀਮਤੀ ਰਾਇ ਦਿੱਤੀ। ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਣਾ ਦੇ ਸਮੂਹ ਸਟਾਫ਼ ਵੱਲੋਂ ਦਿੱਤੀ ਹੌਸਲਾ-ਅਫ਼ਜਾਈ ਲਈ ਵੀ ਬਹੁਤ-ਬਹੁਤ ਧੰਨਵਾਦੀ ਹਾਂ। ਇਹਨਾਂ ਸ਼ਬਦਾਂ ਨਾਲ ਹੀ 'ਉਨੀਂਦੀ ਅੱਖ ਦਾ ਸੁਪਨਾ' ਨਾਵਲ ਪਾਠਕ ਜਗਤ ਦੇ ਸਨਮੁੱਖ ਪੇਸ਼ ਹੈ।
ਹਰਜੀਤ ਕੌਰ ਵਿਰਕ
ਪਿੰਡ:- ਸਹਿਜਪੁਰਾ ਖੁਰਦ
ਡਾਕ:- ਕੁਲਾਰਾਂ ਤਹਿ:- ਸਮਾਣਾ
ਜਿਲ੍ਹਾ:- ਪਟਿਆਲਾ
ਮੋ:ਨੰ: 98147-80166

ਕਾਂਡ-1

ਜਾ....ਗ...ਦੇ...ਰ....ਹੋ....! ਪਿੰਡ ਦੀ ਫਿਰਨੀ 'ਤੇ ਠੀਕਰੀ ਪਹਿਰਾ ਲੱਗਾ ਹੈ।

ਰਾਤ ਦੇ ਸੰਨਾਟੇ ਵਿਚੋਂ ਆਉਂਦੀ ਆਵਾਜ਼ ਕੰਨਾਂ ਵਿੱਚ ਰੜਕਦੀ ਹੈ। ਜਿਵੇਂ-ਜਿਵੇਂ ਹਨੇਰਾ ਵੱਧਦਾ ਹੈ। ਇਹ ਆਵਾਜ਼ ਉੱਨਾ ਹੀ ਵੱਧ ਸ਼ੋਰ ਮਚਾਉਂਦੀ ਹੈ। ਮੈਂ ਦੋਹਾਂ ਹੱਥਾਂ ਨਾਲ ਕੰਨ ਬੰਦ ਕਰ ਲਏ ਹਨ। ਪਰ ਆਵਾਜ਼ ਧੁਰ ਅੰਦਰ ਵੜ ਗਈ। ਮੈਂ ਅੱਖਾਂ ਨੂੰ ਬੰਦ ਕਰਦੀ ਹਾਂ। ਜੇ ਮੇਰਾ ਹਮੇਸ਼ਾ ਸੁੱਤੀ ਰਹਿਣ ਵਾਲੀ ਦਾ ਇਹ ਹਾਲ ਹੈ ਤਾਂ ਜਿਹੜੇ ਪਹਿਲਾਂ ਹੀ ਉਨੀਂਦੇ ਹੋਣ..! ਉਹ ਇਸ ਰੌਲ਼ੇ ਵਿੱਚ ਆਰਾਮ ਦੀ ਨੀਂਦ ਕਿਵੇਂ ਲੈ ਸਕਦੇ ਹਨ ? ਮੈਂ ਇਹ ਸੋਚ ਕੇ ਮਹਿਸੂਸ ਕੀਤਾ ਕਿ ਮਾਂ ਤੇ ਵੀਰਾ ਉਸੱਲ-ਵੱਟੇ ਹੀ ਲੈ ਰਹੇ ਹਨ।

ਵਰਾਂਢੇ ਵਿੱਚ ਜਗ ਰਿਹਾ ਬੱਲਬ ਬੰਦ ਅੱਖਾਂ ਵਿੱਚ ਚੁੱਭਦਾ ਹੈ। ਅੱਖਾਂ ਨੂੰ ਹੋਰ ਘੁੱਟ ਕੇ ਬੰਦ ਕਰਦੀ ਹਾਂ। ਬੰਦ ਅੱਖਾਂ ਵਿੱਚ ਕਿੰਨੇ ਹੀ ਕਾਲੇ-ਚਿੱਟੇ ਪਰਛਾਵੇਂ ਘੁੰਮਣ ਲੱਗੇ। ਸੌਂਦੇ, ਜਾਗਦੇ ਤੇ ਉਨੀਦੇ ਪਰਛਾਵੇਂ। ਜਾਗਦਾ ਪਰਛਾਵਾਂ ਕਿੰਨਾ ਖੁਸ਼ ਹੈ। ਸਾਰੀਆਂ ਤਮੰਨਾ ਪੂਰਨ। ਸ਼ਾਂਤ ਚਿੱਤ। ਮਰੀਆਂ ਇਛਾਵਾਂ ਵਾਲਾ ਪਰਛਾਵਾਂ। ਬੇਫ਼ਿਕਰ ਹੋ ਕੇ ਸੁੱਤਾ। ਕੋਈ ਮਰੇ ਭਾਵੇਂ ਜੀਵੇ ਇਸ ਨੂੰ ਕੋਈ ਪਰਵਾਹ ਨਹੀਂ। ਬੇ-ਪਰਵਾਹ! ਪਰ ਮੈਂ ਕਿਉਂ ਸੌਂ ਰਹੀ ਹਾਂ ? ਕੀ ਮੇਰੇ ਸੌਣ ਦਾ ਕੋਈ ਕਾਰਨ ਹੈ ? ਮੇਰੇ ਅੰਦਰ ਸਵਾਲਾਂ-ਜਵਾਬਾਂ ਦੀ ਲੰਬੀ ਲੜੀ ਚੱਲਣ ਲੱਗੀ ਹੈ। ਤੇ ਮਾਂ! ਲੱਗਦਾ ਉਸ ਨੇ ਤਾਂ ਸਾਰੀ ਉਮਰ ਬਿਨ੍ਹਾਂ ਸੁੱਤੇ ਹੀ ਗੁਜ਼ਾਰ ਦਿੱਤੀ। ਉਨੀਂਦੀ ਮਾਂ! ਮਾਂ ਤਾਂ ਕੀ? ਮੈਨੂੰ ਲੱਗਦਾ ਆਲੇ-ਦੁਆਲੇ ਕੋਈ ਵੀ ਨਹੀਂ ਸੌਂਦਾ! ਉਨੀਂਦੇ ਪਰਛਾਵੇਂ...! ਸੌਣ ਵੀ ਕਿਵੇਂ? ਸੌਣਾ ਕੁਦਰਤ ਦੀ ਬਖਸ਼ੀ ਦਾਤ ਹੈ।

''ਜਿਹੜੀ ਨੀਂਦ ਬੰਦੇ ਨੂੰ ਸੰਤੁਸ਼ਟ ਕਰ ਦੇਵੇ। ਅੱਖ ਖੁੱਲ੍ਹਣ 'ਤੇ ਸਾਰਾ ਆਲਮ ਬਦਲਿਆ-ਬਦਲਿਆ ਲੱਗੇ। ਉਹੀ ਬਦਲਾਅ ਜੀਵਨ ਨੂੰ ਨਵੇਂ ਰਸਤੇ 'ਤੇ ਲੈ ਜਾਵੇ।'' ਜੀਵਨ ਪ੍ਰਤੀ ਬਦਲੀ ਸੋਚ ਨੇ ਬੁਲ੍ਹਾਂ 'ਤੇ ਮੁਸਕਰਾਹਟ ਫੈਲਾ ਦਿੱਤੀ ਹੈ।

ਬਾਹਰ ਸੜਕ 'ਤੇ ਜ਼ੋਰਦਾਰ ਖੜਾਕ ਹੋਇਆ ਹੈ। ਮੈਂ ਤ੍ਰਬਕ ਕੇ ਉੱਠੀ ਹਾਂ। ਬੱਲਬ ਦਾ ਤਿੱਖਾ ਚਾਨਣ ਅੱਖਾਂ ਵਿੱਚ ਚੁਭਿਆ। ਜੀਅ ਕੀਤਾ ਉੱਠ ਕੇ ਬੱਲਬ ਬੰਦ ਕਰ ਦੇਵਾਂ। ਪਰ ਵੀਰਾ...! ਉਹ ਚਾਨਣ ਬਿਨ੍ਹਾਂ ਸੌਂ ਨਹੀਂ ਸਕਦਾ! ਕੀ ਉਹ ਸੱਚ-ਮੁੱਚ ਸੌਂਦਾ ਹੈ ? ਜੇ ਸੌਂਦਾ ਹੋਵੇ ਤਾਂ ਸੁਪਨੇ ਵੀ ਵੇਖੇ! ਦੱਸਦਾ ਵੀ ਤਾਂ ਨਹੀਂ ਕਿਸੇ ਨੂੰ ਕੁਝ। ਕੀ ਉਹਦੇ ਵੀ ਸੁਪਨੇ ਹਨ...? ਕੀ ਉਹ ਵੀ ਨਹੀਂ ਸੌਂਦਾ...?

ਸੌਣ ਨਾ ਸੌਣ ਦੇ ਚੱਕਰਵਿਊ ਵਿੱਚ ਫਸੀ ਫਿਰ ਅੱਖਾਂ ਬੰਦ ਕਰਨ ਲੱਗੀ ਹਾਂ। ਪਰ ਅੱਖਾਂ ਬੰਦ ਕਰਨ ਨਾਲ ਵੀ ਕਦੇ ਨੀਂਦ ਆਉਂਦੀ ਹੈ। ਮੈਨੂੰ ਸੌਣ ਲਈ ਹਨੇਰਾ ਚਾਹੀਦਾ। ਹਨੇਰਾ ਕਰਨ ਲਈ ਸਿਰ ਹੇਠਲਾ ਸਿਰ੍ਹਾਣਾ ਅੱਖਾਂ ਉੱਤੇ ਰੱਖ ਲਿਆ ਹੈ। ਸ਼ਾਂਤ ਵਾਤਾਵਰਣ। ਸੁੰਨ-ਸਾਨ ਹਨੇਰੀ ਰਾਤ। ਦੂਰੋਂ ਕੁੱਤਿਆਂ ਦੇ ਭੌਂਕਣ ਦੀ ਆਵਾਜ਼ ਆਈ ਹੈ। ਮੈਂ ਡਰ ਗਈ ਹਾਂ।
''ਕੁੱਤੇ ਸਾਰੀ ਰਾਤ ਜਾਗ ਕੇ ਸਾਡੀ ਰਾਖੀ ਕਰਦੇ ਨੇ।'' ਡਰ 'ਤੇ ਕਾਬੂ ਪਾਉਣ ਲਈ ਮਨ ਵਿੱਚ ਦਾਦੀ ਦੀ ਕਹੀ ਗੱਲ ਦੁਹਰਾਉਣ ਲੱਗੀ ਹਾਂ

ਧਿਆਨ ਖੇਤਾਂ ਵਿੱਚ ਵੱਸਦੀ ਘੁੰਮਣਾਂ ਦੀ ਹਵੇਲੀ ਵੱਲ ਚਲਾ ਗਿਆ ਹੈ। ਕਹਿੰਦੇ ਘੁੰਮਣਾਂ ਦੀ ਮਾਈ ਹਮੇਸ਼ਾ ਜਾਗਦੀ ਰਹਿੰਦੀ ਹੈ। ਉਸ ਨੇ ਸਾਰੀ ਉਮਰ ਜਾਗਦਿਆਂ ਗੁਜ਼ਾਰੀ ਹੈ। ਇੱਕ ਬੰਦਾ ਸੌਂਦਾ ਨਹੀਂ। ਇੱਕ ਹਮੇਸ਼ਾ ਜਾਗਦਾ ਰਹਿੰਦਾ ਹੈ। ਖਿਆਲਾਂ ਦੀ ਘੁੰਮਣ ਘੇਰੀ ਵਿੱਚ ਫਸਦੀ ਜਾ ਰਹੀ ਹਾਂ। ਮੈਂ ਸਿਰ੍ਹਾਣੇ ਹੇਠ ਅੱਖਾਂ ਬੰਦ ਕੀਤੀਆਂ ਹੋਈਆਂ ਹਨ। ਹਨੇਰਾ ਹੀ ਹਨੇਰਾ ਹੈ।

''ਮੇਰੀਆਂ ਸੋਚਾਂ ਦਾ ਤਾਣਾ-ਬਾਣਾ ਇਵੇਂ ਹੀ ਉਲਝਿਆਂ ਰਹਿਣਾ! ਮੈਂ ਕੀ ਕਰਾਂ? ਮਾਂ ਵਾਂਗ ਸੌਂਵਾਂ ਜਾਂ ਘੁੰਮਣਾ ਦੀ ਮਾਈ ਵਾਂਗ ਜਾਗਦੀ ਰਹਾਂ।'' ਸਿਰਹਾਣੇ ਹੇਠਲੀ ਕਾਲੀ-ਬੋਲੀ ਰਾਤ ਵਿੱਚ ਸੋਚਦੀ ਹਾਂ ਟਿਕੀ ਰਾਤ ਵਿੱਚ ਘੁੰਮਣਾਂ ਦੀ ਮਾਈ ਘੂਕ ਸੌਂ ਰਹੀ ਹੈ। ਪਰ ਮਾਂ ਜਾਗਦੀ ਹੈ। ਕੀ ਘੁੰਮਣਾਂ ਦੀ ਮਾਈ ਸੌਂ ਗਈ ? ਕੀ ਮਾਂ ਸੱਚ-ਮੁੱਚ ਜਾਗ ਰਹੀ ਹੈ? ਮੈਂ ਕਾਹਲੀ ਨਾਲ ਅੱਖਾਂ ਉਤੋਂ ਲਾਹ ਕੇ ਸਿਰਹਾਣਾ ਪਰ੍ਹੇ ਸੁੱਟਿਆ ਹੈ।

ਵਰਾਂਢੇ ਵਿਚੋਂ ਆਉਂਦੇ ਚਾਨਣ ਨਾਲ, ਮੈਂ ਕਮਰੇ ਵਿੱਚ ਵੇਖਿਆ। ਮਾਂ ਤੇ ਵੀਰਾ ਬੈੱਡ 'ਤੇ ਪਏ ਹਨ। ਮਾਂ ਦਾ ਹੱਥ ਹਿੱਲਿਆ। ਸ਼ਾਇਦ ਸੁਪਨਾ ਵੇਖ ਰਹੀ ਹੈ। ਪਰ ਉਹ ਤਾਂ ਸੁੱਤੀ ਹੀ ਨਹੀਂ.....। ਮੈਂ ਆਪਣੇ ਆਪ ਨੂੰ ਦਿਲਾਸਾ ਦਿੰਦੀ ਸੌਣ ਦਾ ਯਤਨ ਕਰਨ ਲੱਗੀ। ਕਲਪਨਾ ਦਾ ਘੋੜਾ ਉਡਾ ਕੇ ਨੀਂਦ ਦੇ ਦੇਸ਼ ਲੈ ਗਿਆ।

ਨੀਂਦ ਰਾਣੀ ਨੇ ਸੁਪਨਿਆਂ ਦੀ ਧਰਤੀ ਉੱਤੇ ਉਤਾਰ ਦਿੱਤਾ। ਬਹੁਤ ਵੱਡਾ ਰੰਗ-ਮੰਚ। ਕਠਪੁਤਲੀਆਂ ਹੀ ਕਠਪੁਤਲੀਆਂ। ਰੰਗ ਬਰੰਗੀਆਂ। ਵੱਡੀਆਂ-ਛੋਟੀਆਂ। ਵੱਖ-ਵੱਖ ਤਮਾਸ਼ੇ ਕਰਨ ਵਿੱਚ ਮਸਤ। ਪਰ ਚਾਬੀ ਤਾਂ ਦਿਸਦੀ ਨਹੀਂ। ਨਾ ਕੋਈ ਡੋਰ ਬੰਨ੍ਹੀ ਦਿਸਦੀ। ਇਹ ਨੱਚ ਕਿਵੇਂ ਰਹੀਆਂ ਹਨ। ਮੈਂ ਅੱਖਾਂ 'ਤੇ ਜ਼ੋਰ ਦੇ ਕੇ ਵੇਖਿਆ। ਕਈ ਕਠਪੁਤਲੀਆਂ ਡਿੱਗ ਰਹੀਆਂ ਹਨ। ਮੈਂ ਨਚਾਉਣ ਵਾਲੇ ਮਦਾਰੀ ਨੂੰ ਲੱਭਣ ਲੱਗੀ ਹਾਂ। ਮਦਾਰੀ ਕਿੱਧਰ ਗਿਆ ?

''ਕੁੜੀਏ....! ਉਠ ਜਾਹ ਹੁਣ ਕਿ ਦੁਪਹਿਰ ਤੱਕ ਸੁੱਤੀ ਰਹਿਣਾ! ਗੋਡੇ-ਗੋਡੇ ਧੁੱਪ ਚੜ੍ਹ ਆਈ। ਪਰ ਤੇਰੀ ਅੱਖ ਖੁੱਲ੍ਹਣ ਦਾ ਨਾਂ ਨਹੀਂ ਲੈਂਦੀ!'' ਮਾਂ ਕਮਰੇ ਵਿੱਚ ਝਾੜੂ ਲਾਉਂਦੀ ਮੇਰੇ ਮੰਜੇ ਕੋਲ ਆ ਬੋਲੀ ਹੈ

ਉਸਦੀ ਆਵਾਜ਼ ਸੁਣ ਮੇਰਾ ਸੁਪਨਾ ਅੱਧ-ਵਿਚਾਲੇ ਟੁੱਟ ਗਿਆ ਹੈ।

ਮੈਂ ਮੰਜੇ 'ਤੇ ਪਈ ਸੋਚਦੀ ਹਾਂ, ''ਮਾਂ ਨੂੰ ਦੇਰ ਤੱਕ ਸੁੱਤੇ ਰਹਿਣਾ ਚੰਗਾ ਨਹੀਂ ਲੱਗਦਾ। ਨਾ ਈ ਉਸ ਨੂੰ ਇਸ ਸੌਣ ਦਾ ਕਾਰਨ ਪਤਾ। ਮੇਰੇ ਸੌਣ ਦਾ ਕਾਰਨ ਤਾਂ ਕਿਸੇ ਨੂੰ ਵੀ ਨਹੀਂ ਪਤਾ। ਪਰ ਮੈਂ ਦੇਰ ਤੱਕ ਸੌਂ ਕੇ ਖੁਸ਼ ਹਾਂ।''
ਸੋਚਦਿਆਂ ਹੋਇਆਂ ਸਿਰ ਉੱਤੇ ਚੁੱਕ ਕੇ ਵੇਖਿਆ। ਉਹ ਕਮਰੇ ਵਿੱਚ ਨਹੀਂ ਹੈ।
''ਵਰਾਂਢੇ ਵਿੱਚ ਹੋਣੀ।'' ਕਹਿ ਕੇ ਅੱਖਾਂ ਬੰਦ ਕਰ ਲਈਆਂ ਹਨ
''ਬੰਦ ਅੱਖਾਂ ਸੁੱਤੇ ਹੋਣ ਦੀ ਨਿਸ਼ਾਨੀ ਨਹੀਂ ਹੁੰਦੀਆਂ।'' ਮਨ ਵਿੱਚ ਸੋਚ ਕੇ ਮੁਸਕਰਾਈ ਹਾਂ
ਮਾਂ ਗੇਟ ਵਿੱਚ ਗੋਹੇ-ਕੂੜੇ ਵਾਲੀ ਨਸੀਬੋ ਨਾਲ ਖੜ੍ਹੀ ਗੱਲਾਂ ਕਰ ਰਹੀ ਹੈ।
''ਨਸੀਬੋ ਸਵੇਰੇ ਹੀ ਆਪਣੇ ਘਰ ਦੇ ਝਮੇਲੇ ਮਾਂ ਨੂੰ ਦੱਸਣ ਲੱਗਦੀ ਐ। ਭਲਾਂ ਮਾਂ ਦੀਆਂ ਆਪਣੀਆਂ ਚਿੰਤਾਵਾਂ ਘੱਟ ਨੇ.....!'' ਮੈਨੂੰ ਨਸੀਬੋ ਉੱਤੇ ਖਿੱਝ ਆਉਂਦੀ ਹੈ
ਮੇਰਾ ਧਿਆਨ ਮਾਂ ਵਿੱਚ ਹੈ। ਨਸੀਬੋ ਨਾਲ ਗੱਲਾਂ ਕਰਕੇ ਉਸਨੇ ਮੁੜ ਮੇਰੇ ਕੋਲ ਆਉਣਾ ਹੈ।
''ਇਸ ਤੋਂ ਪਹਿਲਾਂ ਕਿ ਝਿੜਕਾਂ ਸ਼ੁਰੂ ਹੋ ਜਾਣ। ਚੱਲ ਮਨਾਂ ਤੂੰ ਉੱਠ ਜਾਹ...!'' ਆਪਣੇ ਆਪ ਨੂੰ ਹੱਲਾ-ਸ਼ੇਰੀ ਦੇ ਕੇ ਬੋਝਲ ਮਨ ਨਾਲ ਉੱਠਣ ਦਾ ਯਤਨ ਕਰਦੀ ਹਾਂ
ਉੱਠਦੀ ਦਾ ਧਿਆਨ ਮਾਂ ਦੇ ਚਿਹਰੇ 'ਤੇ ਗਿਆ ਹੈ। ਉਹ ਕਿਸੇ ਡੂੰਘੀ ਪੀੜ ਨਾਲ ਭਰਿਆ ਹੈ।

''ਇਹ ਮੁੰਡਾ ਕਿਹੜਾ ਮੇਰੀ ਕੋਈ ਗੱਲ ਸੁਣਦਾ। ਲੋਕ ਸੱਚ ਈ ਕਹਿੰਦੇ ਨੇ ਕਿ ਕੈਰ੍ਹੀਆਂ ਅੱਖਾਂ ਵਾਲੇ ਕਿਸੇ ਨੂੰ ਦਿਲ ਦੀਆਂ ਰਮਜ਼ਾਂ ਨਹੀਂ ਦੱਸਦੇ।'' ਉਹ ਬੇ-ਬੱਸੀ ਵਿੱਚ ਗੱਲਾਂ ਕਰ ਰਹੀ ਹੈ ਮੈਂ ਰਸੋਈ ਵਿਚੋਂ ਚਾਹ ਦਾ ਕੱਪ ਲੈ ਵਰਾਂਢੇ ਵਿੱਚ ਪਈ ਕੁਰਸੀ 'ਤੇ ਆ ਬੈਠੀ ਹਾਂ। ਉਸ ਵੱਲ ਵੇਖ ਕੇ ਸੋਚਦੀ ਹਾਂ, ''ਮਾਂ ਦਾ ਅੰਦਰ ਮਾਂ ਹੀ ਜਾਣਦੀ ਹੈ। ਉਸਦੀ ਅਣਦੱਸੀ ਪੀੜ ਮੈਨੂੰ ਦਿਸ ਈ ਜਾਂਦੀ ਆ। ਉਸ ਦੀਆਂ ਕਿੰਨੀਆਂ ਇਛਾਵਾਂ ਹਨ। ਜੋ ਕਦੇ ਪੂਰੀਆਂ ਨਹੀਂ ਹੋਈਆਂ। ਹੁਣ ਉਹੀ ਇਛਾਵਾਂ ਸਾਡੇ ਵਿਚੋਂ ਪੂਰੀਆਂ ਕਰਨ ਦੀ ਆਸ ਬੰਨ੍ਹੀ ਬੈਠੀ ਹੈ।''

ਉਸ ਦੀ ਹਾਲਤ ਬਾਰੇ ਸੋਚ ਕੇ ਉਸ 'ਤੇ ਕਿੰਨਾ ਪਿਆਰ ਆ ਰਿਹਾ ਹੈ। ਦਿਲ ਕਰਦਾ ਗਲ ਲੱਗ ਕੇ ਉਸ ਦੀ ਸਾਰੀ ਪੀੜ ਖਤਮ ਕਰ ਦੇਵਾਂ।

ਪੀੜ ਦਾ ਖਿਆਲ ਆਉਂਦਿਆਂ ਮੇਰਾ ਧਿਆਨ ਕਮਰੇ ਵਿੱਚ ਚਲਾ ਗਿਆ। ਕਮਰੇ ਦੀ ਸਾਹਮਣੀ ਕੰਧ 'ਤੇ ਲਟਕਦੇ ਫਰੇਮ ਵਿੱਚ ਟੰਗੀ ਹੋਈ ਫ਼ੋਟੋ। ਫ਼ੋਟੋ ਵਿੱਚ ਮਾਂ ਪਾਪਾ ਬੈਠੇ ਹਨ। ਮੈਂ ਤੇ ਵੀਰਾ ਡਰਦੇ-ਡਰਦੇ ਪਾਪਾ ਕੋਲ ਖੜ੍ਹੇ ਹਾਂ। ਮਾਂ ਕਿੰਨੀ ਖੁਸ਼ ਹੈ। ਕਈ ਵਾਰ ਲੱਗਦਾ ਜਿਵੇਂ ਉਸਨੇ ਖੁਸ਼ੀਆਂ ਦੇ ਕੁਝ ਪਲ ਉਧਾਰ ਹੀ ਲਏ ਹੋਣ। ਜੋ ਸਮੇਂ ਦੀ ਮਿਆਦ ਨੇ ਖਤਮ ਕਰ ਦਿੱਤੇ।

''ਕਿਤੇ ਮਾਂ ਮੇਰਾ ਚਿਹਰਾ ਨਾ ਪੜ੍ਹ ਲਵੇ। ਉਹ ਸਭ ਕੁਝ ਜਾਣ ਜਾਂਦੀ ਐ। ਮੈਂ ਉਸਨੂੰ ਦੁਖੀ ਨਹੀਂ ਵੇਖ ਸਕਦੀ।'' ਸੋਚਦਿਆਂ ਹੋਇਆ ਕੁਰਸੀ ਤੋਂ ਉਠ ਰਸੋਈ ਵਿੱਚ ਜਾ ਕੇ ਭਾਂਡੇ ਸਾਫ਼ ਕਰਨ ਲੱਗੀ ਹਾਂ

ਮੇਰੇ ਨੇੜੇ ਬੈਠੀ ਮਾਂ ਦੁੱਧ ਤੋਂ ਉਤਾਰੀ ਮਲਾਈ ਰਿੜਕਣ ਲੱਗੀ ਹੈ। ਉਸ ਦੇ ਮੱਖਣ ਨਾਲ ਲਿੱਬੜੇ ਹੱਥ ਵੇਖ ਮੈਨੂੰ ਨਾਨੀ ਦਾ ਘਰ ਯਾਦ ਆ ਗਿਆ ਹੈ। ਜਿੱਥੇ ਅੱਜ ਵੀ ਕਿੰਨੇ ਕੱਟੇ-ਵੱਛੇ, ਮੱਝਾਂ-ਗਾਵਾਂ ਵੱਡੀ ਹਵੇਲੀ ਵਿੱਚ ਬੰਨ੍ਹੇ ਹੋਏ ਹਨ।

''ਹਵੇਲੀ ਤਾਂ ਕਦੇ ਇਥੇ ਵੀ ਹੁੰਦੀ ਸੀ। ਦਾਦਾ ਜੀ ਨੇ ਸੀਰੀਆਂ ਤੋਂ ਮੱਝਾਂ ਚੁਵਾਉਣੀਆਂ। ਮੈਂ ਦਾਦੀ ਦੀ ਉਂਗਲ ਫੜ ਹਵੇਲੀ ਵਿੱਚ ਜਾਂਦੀ। ਮੱਝਾਂ ਦੀਆਂ ਪੂਛਾਂ ਤੋਂ ਡਰਦੀ ਭੱਜ ਕੇ ਲੰਘਦੀ। ਦਾਦਾ ਜੀ ਵੀਰੇ ਦੇ ਮੂੰਹ 'ਤੇ ਦੁੱਧ ਦੀਆਂ ਧਾਰਾਂ ਮਾਰਦੇ।'' ਮੈਂ ਰਸੋਈ ਦੀ ਖਿੜਕੀ ਵਿੱਚੋਂ ਬਾਹਰ ਵੇਖਦੀ ਸੋਚ ਰਹੀ ਹਾਂ।
ਬਚਪਨ ਦੀਆਂ ਯਾਦਾਂ ਫਿਲਮ ਬਣ ਅੱਖਾਂ ਅੱਗੇ ਘੁੰਮ ਰਹੀਆਂ ਹਨ। ਮੱਝ ਦੇ ਦੁੱਧ ਦੀਆਂ ਧਾਰਾਂ ਨਾਲ ਮੇਰਾ ਮੂੰਹ ਗਿੱਲਾ ਹੋ ਗਿਆ। ਮੈਂ ਉੱਛਲ ਕੇ ਪਿੱਛੇ ਹਟੀ।
''ਕੁੜੀਏ....! ਕਿੰਨੀ ਵਾਰ ਕਿਹਾ ਕੰਮ ਧਿਆਨ ਨਾਲ ਕਰਿਆ ਕਰ...!'' ਮਾਂ ਮੱਖਣ ਵਾਲਾ ਕੌਲਾ ਫਰਿੱਜ ਵਿੱਚ ਰੱਖਦੀ ਬੋਲੀ ਹੈ
ਮੇਰਾ ਹੱਥ ਚਲਦੀ ਟੂਟੀ ਉੱਤੇ ਟਿਕ ਗਿਆ। ਮੂੰਹ ਪਾਣੀ ਨਾਲ ਭਿੱਜ ਗਿਆ ਹੈ। ਸ਼ਾਇਦ ਪਾਣੀ ਦੀਆਂ ਛਿੱਟਾਂ ਮਾਂ 'ਤੇ ਵੀ ਪੈ ਗਈਆਂ।
''ਗਲੀ ਵਿੱਚੋਂ ਕਾਹਦੀ ਵਧਾਈ ਦੀਆਂ ਆਵਾਜ਼ਾਂ ਆ ਰਹੀਆਂ ਨੇ...!'' ਕਹਿੰਦੀ ਹੋਈ ਮਾਂ ਰਸੋਈ 'ਚੋਂ ਬਾਹਰ ਨਿੱਕਲੀ ਹੈ।

''ਹਨੇਰ ਸਾਈਂ ਦਾ। ਸਾਡੇ ਘਰ ਅੱਗੇ ਖੜ੍ਹ-ਖੜ੍ਹ ਕੋਠੀ ਦੀ ਨੀਂਹ ਰੱਖਣ ਦੀਆਂ ਵਧਾਈਆਂ ਦੇ ਰਹੇ ਨੇ! ਲੱਡੂ ਵੰਡ ਰਹੇ ਨੇ....!'' ਕਹਿੰਦਿਆਂ ਹੋਇਆਂ ਮਾਂ ਨੇ ਗੁੱਸੇ ਨਾਲ ਗੇਟ ਬੰਦ ਕੀਤਾ ਹੈ ਟਰੈਕਟਰ 'ਤੇ ਚੱਲਦੇ ਗਾਣੇ ਦੀ ਆਵਾਜ਼ ਹੋਰ ਉੱਚੀ ਹੋ ਗਈ ਹੈ। ਉਹ ਬੁੜ-ਬੁੜਾਉਂਦੀ ਅੰਦਰ ਆਈ ਹੈ, ''ਮੇਰਾ ਜੀਅ ਤਾਂ ਪਹਿਲਾਂ ਈ ਡੋਲਦਾ ਰਹਿੰਦਾ। ਘਰ ਦੇ ਚਿਰਾਗ ਨੂੰ ਬਚਾਉਣ ਲਈ ਅੰਦਰ ਵੜਦੀ ਆਂ। ਇਹਨਾਂ ਨੂੰ ਲੱਗਦਾ ਡਰਦੇ ਆਂ। ਕੁਝ ਕਰੇ ਬਿਨਾਂ ਕਿੱਥੇ ਸਬਰ ਇਹਨਾਂ ਨੂੰ!''

ਮੈਂ ਗਿੱਲਾ ਮੂੰਹ ਪੂੰਝਦਿਆਂ, ਕਮਰੇ ਵਿੱਚ ਵੇਖਿਆ। ਵੀਰਾ ਘਰ ਵਿੱਚ ਕਿਤੇ ਨਹੀਂ ਹੈ...!!

ਕਾਂਡ-2

ਮੈਂ ਕਮਰੇ ਵਿੱਚ ਪੋਚਾ ਲਾਉਣ ਲੱਗੀ ਹਾਂ। ਸਫ਼ਾਈ ਕਰਦਿਆਂ ਅਲਮਾਰੀ ਦਾ ਪਰਦਾ ਸਿੱਧਾ ਕੀਤਾ। ਸਾਹਮਣੇ ਪਈ ਐਲਬਮ 'ਤੇ ਨਜ਼ਰ ਪੈ ਗਈ ਹੈ। ਕੰਮ ਛੱਡ ਐਲਬਮ ਖੋਹਲ ਕੇ ਬੈੱਡ 'ਤੇ ਬੈਠ ਗਈ ਹਾਂ।

ਮਾਂ ਦੇ ਹੱਥਾਂ 'ਤੇ ਲੱਗੀ ਮਹਿੰਦੀ। ਲਾਲ ਸੂਹਾ ਚੂੜਾ। ਮੁਸਕਰਾਉਂਦੀਆਂ ਅੱਖਾਂ। ਅੱਖਾਂ ਵਿੱਚ ਕਿੰਨੇ ਸੁਪਨੇ। ਸੁਪਨੇ ਪੂਰੇ ਹੋਣ ਦੀ ਆਸ ਵਿੱਚ ਖਿੜਿਆ ਚਿਹਰਾ। ਪਰ ਇਹ ਕੀ...? ਮਹਿੰਦੀ ਵਾਲੇ ਹੱਥਾਂ ਵਿਚੋਂ ਟੁੱਟੀਆਂ ਲਕੀਰਾਂ ਕਿਵੇਂ ਦਿੱਸਣ ਲੱਗੀਆਂ? ਮਾਂ ਸੁਪਨਿਆਂ ਵਿੱਚ ਡੁੱਬਦੀ ਕਿਉਂ ਜਾ ਰਹੀ ਹੈ? ਚਿਹਰੇ 'ਤੇ ਫਿਕਰ ਦੀਆਂ ਲਕੀਰਾਂ ਕਿਉਂ ਉੱਭਰ ਆਈਆਂ ? ਉਹ ਇਕੱਲੀ ਕਿਉਂ ਬੈਠੀ ਹੈ, ਫੋਟੋ 'ਚ ? ਪਾਪਾ ਕਿੱਥੇ ਨੇ ? ਘੱਟ ਤੋਂ ਘੱਟ ਵਿਆਹ ਦੀ ਫੋਟੋ ਤਾਂ ਇਕੱਠਿਆ...?

ਸਵਾਲਾਂ ਨੇ ਮੇਰੇ ਅੰਦਰ ਤੂਫ਼ਾਨ ਮਚਾ ਦਿੱਤਾ ਹੈ। ਮੈਂ ਪਾਪਾ ਨੂੰ ਲੱਭਣ ਲਈ ਜਲਦੀ-ਜਲਦੀ ਐਲਬਮ ਦਾ ਪੰਨਾ ਪਲਟਿਆ। ਮਾਂ ਨੇ ਇੱਕ ਹੱਥ ਨਾਲ ਘੁੰਡ ਵਾਲਾ ਪੱਲਾ ਫੜਿਆ ਹੈ। ਘੁੰਡ ਵਿੱਚ ਪਾਪਾ ਦੀ ਫੋਟੋ । ਉਹ ਪਾਪਾ ਵੱਲ ਵੇਖ ਕੇ ਮੁਸਕਰਾ ਰਹੀ ਹੈ। ਪਾਪਾ ਦੀ ਲਾਲ ਪੱਗ। ਲਾਲ ਟਾਈ। ਕਾਲਾ ਕੋਟ-ਪੈਂਟ। ਕਿੰਨੇ ਸੋਹਣੇ ਲੱਗ ਰਹੇ ਹਨ। ਇੱਕਦਮ ਫ਼ਿਲਮੀਂ ਹੀਰੋ। ਮੇਰੀਆਂ ਅੱਖਾਂ ਧੁੰਦਲੀਆਂ ਕਿਉਂ ਹੋ ਗਈਆਂ ? ਫੋਟੋ ਦਿਸਣੀ ਬੰਦ ਕਿਉਂ ਹੋ ਗਈ? ਫੋਟੋ 'ਤੇ ਹੱਥ ਫੇਰਿਆ....! ਮੇਰੀਆਂ ਉਂਗਲਾਂ ਗਿੱਲੀਆਂ....! ਅੱਖਾਂ ਅੱਗੇ ਆਈ ਧੁੰਦ ਖਤਮ...। ਫੋਟੋ ਸਾਫ਼ ਦਿਸ ਰਹੀ ਹੈ। ਦਿਲ ਕਰਦਾ ਕਾਗਜ਼ ਨਾਲੋਂ ਲਾਹ ਕੇ ਫੋਟੋ ਛਾਤੀ ਨਾਲ ਲਾ ਲਵਾਂ।

''ਕੁੜੀਏ.... ਇੰਨਾਂ ਚਿਰ ਲੱਗਦਾ ਸਫਾਈ ਕਰਦਿਆਂ...? ਮਾਂ ਮੇਰੇ ਕੋਲ ਅੰਦਰ ਖੜ੍ਹੀ ਹੈ ਉਸ ਦੀ ਆਵਾਜ਼ ਨੇ ਨੀਮ-ਬੇਹੋਸ਼ੀ ਤੋੜ ਦਿੱਤੀ। ਮੈਂ ਕਾਹਲੀ ਨਾਲ ਐਲਬਮ ਬੰਦ ਕਰ ਦਿੱਤੀ। ਉਹ ਕੋਲ ਖੜ੍ਹੀ ਐਲਬਮ ਵੱਲ ਵੇਖ ਰਹੀ ਹੈ।

''ਕਿਉਂ ਟਾਈਮ ਬਰਬਾਦ ਕਰਦੀ ਏਂ...! ਇਹਨੂੰ ਚੁੱਕ ਕੇ ਪੇਟੀ ਵਿੱਚ ਸੁੱਟ ਦੇ। ਮੈਂ ਤੈਨੂੰ ਪਹਿਲਾਂ ਕਈ ਵਾਰ ਕਹਿ ਚੁੱਕੀ। ਇਸ ਵਿਚੋਂ ਤੂੰ ਕੀ ਲੱਭਦੀ ਏਂ...?'' ਕਹਿੰਦੀ ਹੋਈ ਉਹ ਬਾਹਰ ਨਿਕਲ ਗਈ ਹੈ

ਮੈਂ ਮਿੰਨ੍ਹਾ ਜਿਹਾ ਮੁਸਕਰਾਈ ਹਾਂ। ਵਾਹ-ਨੀ ਮਾਂ....! ਪਿਛਲੀ ਵਾਰ ਮੈਂ ਆਪ ਵੇਖਿਆ, ਤੈਨੂੰ ਚੁੰਨੀ ਦੇ ਪੱਲੇ ਨਾਲ ਐਲਬਮ ਪੂੰਝਦਿਆਂ। ਤੂੰ ਹਰ ਵਾਰ ਕਹਿੰਦੀ ਏਂ ਪੇਟੀ 'ਚ ਰੱਖ ਦੇ....! ਮੈਂ ਹਰ ਵਾਰ ਤੈਨੂੰ ਵਿਖਾ ਦਿੰਦੀ ਆਂ...! ਆਪਣੀ ਇਹ ਲੁਕਣ-ਮੀਟੀ ਚਲਦੀ ਰਹਿਣੀ। ਮੈਂ ਐਲਬਮ ਕੱਢਣੋਂ ਨਹੀਂ ਹਟਣਾ। ਤੂੰ ਰੋਕਣੋ ਤੇ ਵੇਖਣੋ ਨਹੀਂ ਹੱਟਣਾ।
ਐਲਬਮ ਵੇਖਦਿਆਂ ਜਿਹੜਾ ਸਕੂਨ ਮਾਂ ਦੇ ਚਿਹਰੇ 'ਤੇ ਦਿੱਸਦਾ। ਉਹ ਬੜਾ ਕੀਮਤੀ ਹੁੰਦਾ। ਸਾਰੇ ਫ਼ਿਕਰਾਂ ਤੋਂ ਦੂਰ ਸ਼ਾਂਤੀ ਹੀ ਸ਼ਾਂਤੀ। ਹਾਂ.... ਉਹੀ ਸ਼ਾਂਤੀ ਜੋ ਘੁੰਮਣਾਂ ਦੀ ਮਾਈ ਦੇ ਚਿਹਰੇ 'ਤੇ ਵਿਖਾਈ ਦਿੰਦੀ ਹੈ।

ਘੁੰਮਣਾਂ ਦੀ ਮਾਈ ਮੈਨੂੰ ਬਚਪਨ ਤੋਂ ਹੀ ਚੰਗੀ ਲੱਗਦੀ ਹੈ। ਉਸ ਅੰਦਰ ਅਜੀਬ ਖਿੱਚ ਹੈ। ਚੁੰਬਕ ਵਰਗੀ। ਸਕੂਲ ਵੜਨ ਤੋਂ ਪਹਿਲਾਂ ਉਸਦਾ ਘਰ ਆਉਂਦਾ ਸੀ। ਉਹ ਵੱਡੀ ਡਿਊੜੀ ਵਿੱਚ ਮੰਜੇ 'ਤੇ ਬੈਠੀ ਹੁੰਦੀ। ਹੱਥ 'ਚ ਅਟੇਰਨ....! ਮੈਨੂੰ ਲੱਗਦਾ ਜਿਵੇਂ ਮੈਨੂੰ ਬੁਲਾ ਰਹੀ ਹੋਵੇ। ਮੈਨੂੰ ਉਡੀਕ ਰਹੀ ਹੋਵੇ। ਮੈਂ ਪਿੱਛੇ ਮੁੜ-ਮੁੜ ਉਸ ਵੱਲ ਵੇਖਦੀ।
''ਕਰਮ....! ਅੱਗੇ ਇੱਟ 'ਚ ਅੜਕ ਕੇ ਡਿੱਗ ਨਾ ਜਾਈ।'' ਨੂਪੁਰ ਮੈਨੂੰ ਬੇਧਿਆਨੀ 'ਚ ਤੁਰਦਿਆਂ ਡਿੱਗਣ ਤੋਂ ਬਚਾਅ ਲੈਂਦੀ
ਮੈਂ ਘੁੰਮਣਾਂ ਦੀ ਮਾਈ ਨੂੰ ਯਾਦ ਕਰਦਿਆਂ ਐਲਬਮ ਰੱਖ ਕੇ ਪਿਛਾਂਹ ਮੁੜੀ ਹਾਂ।
''ਕਰਮ...! ਪਿੱਛੇ ਪਾਣੀ ਦੀ ਬਾਲਟੀ ਏ, ਅੜਕ ਕੇ ਡਿੱਗ ਨਾ ਪਈਂ....!'' ਮਾਂ ਦੀ ਆਵਾਜ਼ ਨੇ ਡਿੱਗਣ ਤੋਂ ਬਚਾ ਲਿਆ ਹੈ

ਵੀਰੇ ਨੇ ਘਰ ਆਉਂਦਿਆਂ ਟੀ.ਵੀ. ਔਨ ਕੀਤਾ ਹੈ। ਉਹ ਆਪਣੀ ਪਸੰਦ ਦਾ ਗਾਣਾ ਲੱਭਣ ਲੱਗਾ ਹੈ। ਗਾਣੇ ਵਿੱਚ ਦੋ ਜੀਪਾਂ ਆਹਮੋ-ਸਾਹਮਣੇ ਖੜ੍ਹੀਆਂ ਹਨ। ਦੋਹਾਂ ਪਾਸੇ ਉੱਚੇ-ਲੰਬੇ ਮੁੰਡੇ ਹਥਿਆਰ ਫੜੀ ਗੁੱਸੇ ਵਿੱਚ ਬੈਠੇ ਹਨ। ਮੈਂ ਉਸ ਕੋਲ ਬੈਠ ਗਈ ਹਾਂ। ਮੈਨੂੰ ਲੜਾਈ-ਝਗੜੇ ਵਾਲੇ ਗਾਣੇ ਪਸੰਦ ਨਹੀਂ। ਆਪਣਾ ਧਿਆਨ ਗਾਣੇ ਤੋਂ ਹਟਾਉਂਦੀ ਹਾਂ। ਮਾਂ ਉਸ ਲਈ ਰੋਟੀ ਲਿਆਈ ਹੈ।

''ਰਣਦੀਪ ਪੁੱਤਰ ਰੋਟੀ ਖਾਂਦਿਆਂ ਇਹੋ ਜਿਹੀ ਮਾਰਧਾੜ ਨਹੀਂ ਵੇਖਦੇ।'' ਮਾਂ ਰੋਟੀ ਵਾਲੀ ਪਲੇਟ ਉਸ ਅੱਗੇ ਰੱਖਦੀ ਬੋਲੀ ਹੈ

ਉਸਨੂੰ ਵੀਰੇ ਅੰਦਰੋਂ ਵਿਦਰੋਹ ਦੀ ਬੋਅ ਆਉਂਦੀ ਹੈ। ਜਿਸਨੂੰ ਉਸਨੇ ਅੰਦਰ ਦਬਾ ਕੇ ਰੱਖਿਆ ਹੈ। ਮੇਰਾ ਧਿਆਨ ਮਾਂ ਦੀ ਚਿੰਤਾ ਵੱਲ ਜਾਂਦਾ ਹੈ। ਸ਼ਾਇਦ ਉਸ ਨੂੰ ਕਾਰਨ ਪਤਾ ਹੈ। ਉਹ ਤਾਂ ਹੀ ਕਹਿੰਦੀ ਹੈ ਕਿ ਕੈਰ੍ਹੀਆਂ ਅੱਖਾਂ ਵਾਲੇ ਦਿਲ ਦੀ ਗੱਲ ਨਹੀਂ ਦੱਸਦੇ...! ਪਾਪਾ ਦੀਆਂ ਅੱਖਾਂ ਵੀ....! ਕਿਤੇ ਇਹ ਸਭ ਸੱਚ....! ਪਾਪਾ ਨੇ ਵੀ ਕਦੇ ਉਸ ਨਾਲ ਦਿਲ ਦੀ ਗੱਲ ਨਹੀਂ ਕੀਤੀ। ਵੀਰਾ ਵੀ....! ਨਹੀਂ....! ਨਹੀਂ ਇੰਝ ਨਹੀਂ ਹੋ ਸਕਦਾ। ਮੈਂ ਉਸਨੂੰ ਹੋਰ ਦੁਖੀ ਨਹੀਂ ਹੋਣ ਦੇਣਾ। ਬਹੁਤ ਦੁੱਖ ਹੰਢਾ ਲਿਆ। ਮੈਂ ਉਸਦੇ ਸਾਰੇ ਸੁਪਨੇ ਪੂਰੇ ਕਰਾਂਗੀ।

ਉਸ ਦੇ ਸੁਪਨਿਆਂ ਦਾ ਖਿਆਲ ਮੈਨੂੰ ਉਸਦੀ ਡਾਇਰੀ ਤੱਕ ਲੈ ਗਿਆ। ਉਹ ਬੈੱਡ ਦੀ ਢੋਅ ਵਾਲੇ ਖਾਨੇ ਵਿੱਚ ਪਈ ਹੈ। ਉਸ ਵਿੱਚ ਉਸ ਦੀਆਂ ਸਹੇਲੀਆਂ ਦੇ ਨਾਂ ਅਤੇ ਐਡਰੈੱਸ ਲਿਖੇ ਹਨ।
ਉਹਨਾਂ ਨਾਲ ਬਿਤਾਏ ਦਿਨਾਂ ਦੀਆਂ ਯਾਦਾਂ ਹਨ। ਉਸ ਦੀਆਂ ਇਛਾਵਾਂ ਅਤੇ ਸੁਪਨੇ ਬੰਦ ਹਨ।
ਸੋਚੀਂ ਪਈ ਮੈਂ ਦੂਸਰੇ ਕਮਰੇ ਵਿੱਚ ਚਲੀ ਗਈ ਹਾਂ। ਬੈੱਡ ਦੇ ਖਾਨੇ ਵਿਚੋਂ ਡਾਇਰੀ ਕੱਢੀ ਹੈ। ਫਿੱਕੇ ਨੀਲੇ ਰੰਗ ਦੀ ਡਾਇਰੀ। ਜਿਸ ਦੀ ਜਿਲਦ 'ਤੇ ਲਿਖਿਆ ਹੈ ਸੱਚੀ-ਸੁੱਚੀ ਆਤਮਾਂ ਨਾਲ ਉਦੇਸ਼ਾਂ ਦੀ ਪੂਰਤੀ ਹੁੰਦੀ ਹੈ।

ਪਹਿਲੇ ਪੰਨੇ 'ਤੇ ਵੱਡੇ ਅੱਖਰਾਂ ਵਿੱਚ ਮਾਂ ਦੇ ਨਾਂ ਦਾ ਸਟਿੱਕਰ ਹੈ 'ਜੱਸ'। ਉਸ ਦੇ ਸਾਹਮਣੇ ਸੁੱਕੇ ਫੁੱਲ ਦੀ ਡੰਡੀ ਟੇਪ ਨਾਲ ਚਿਪਕੀ ਹੈ। ਇਹ ਡਾਇਰੀ ਮੇਰੀ ਪ੍ਰੇਰਨਾ ਹੈ। ਜਦੋਂ ਡਾਇਰੀ ਖੋਹਲਦੀ ਹਾਂ, ਕਿੰਨੀ ਦੇਰ ਸੁੱਕੇ ਫੁੱਲ ਨੂੰ ਵੇਖਦੀ ਰਹਿੰਦੀ ਹਾਂ। ਇਸ ਵਿਚੋਂ ਇੱਕ ਸਤਰ ਮੈਨੂੰ ਬਹੁਤ ਪਸੰਦ ਹੈ ਹਰ ਅਧੂਰੀ ਚੀਜ਼ ਦਾ ਅਹਿਸਾਸ ਹੀ ਉਸ ਨੂੰ ਪੂਰਾ ਕਰਵਾਉਂਦਾ ਹੈ। ਮੈਂ ਮਾਂ ਦੇ ਅਹਿਸਾਸ ਮਹਿਸੂਸ ਕਰਦੀ ਹਾਂ। ਉਸ ਦੀਆਂ ਸੱਧਰਾਂ ਮੇਰੇ ਲਈ ਬਹੁਤ ਕੀਮਤੀ ਹਨ। ਇਹ ਡਾਇਰੀ ਉਹਨਾਂ ਸੱਧਰਾਂ ਦੀ ਬੇ-ਜ਼ੁਬਾਨ ਗਵਾਹ ਹੈ।

ਡਾਇਰੀ ਨੂੰ ਛਾਤੀ ਨਾਲ ਲਾ ਲਿਆ। ਅੱਖਾਂ ਬੰਦ ਕਰ ਲਈਆਂ। ਬੰਦ ਅੱਖਾਂ ਨਾਲ ਡਾਇਰੀ ਖੋਹਲੀ ਹੈ। ਜਿਹੜਾ ਪੰਨਾਂ ਖੁੱਲ੍ਹਿਆ, ਉਸ 'ਤੇ ਲਿਖਿਆ ਹੈ:-'ਚਿੱਠੀਆਂ ਜੋ ਦਰਦ ਜਗਾ ਗਈਆਂ'
ਇਹਨਾਂ ਚਿੱਠੀਆਂ ਵਿੱਚ ਉਸਨੇ ਪੁਰਾਣੇ ਦਰਦ ਛੁਪਾ ਕੇ ਰੱਖੇ ਹਨ। ਪਰ ਹਰ ਰੋਜ਼ ਉਸਨੂੰ ਜਿਹੜੇ ਨਵੇਂ ਦਰਦ ਮਿਲ ਰਹੇ ਉਹ...!

ਅੱਜ ਸਵੇਰੇ ਨਸੀਬੋ ਵੀ ਦਰਦ ਹੀ ਦੇ ਰਹੀ ਸੀ, ''ਸਰਦਾਰਨੀਏ ਝੂਠ ਨੀ ਬੋਲਦੀ....! ਸਹੁੰ ਬਾਬੇ ਦੀ। ਛੋਟਾ ਸਰਦਾਰ ਬਾਹਲਾ ਈ ਗੁੱਸੇਖੋਰ ਹੋ ਰਿਹਾ। ਜੈਲਦਾਰਾਂ ਦੇ ਮੁੰਡਿਆਂ ਨਾਲ ਰੋਜ ਖਹਿ ਕੇ ਲੰਘਦਾ। ਵੇਖੀਂ ਕਿਤੇ ਕੋਈ ਨਵਾਂ ਕਾਰਾ ਨਾ ਕਰ ਦੇਵੇ....!''
ਉਸ ਦੀ ਗੱਲ ਸੁਣ ਮਾਂ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਗੂੜ੍ਹੀਆਂ ਹੋ ਗਈਆਂ ਸਨ।
ਘੁੰਮਣਾਂ ਦੀ ਮਾਈ ਕਹਿੰਦੀ ਕਿ ਚਿੰਤਾ, ਦੁਖ-ਦਰਦ ਬੰਦੇ ਅੱਗੇ ਧਰਤੀ ਉੱਤੇ ਹੱਥ ਜੋੜੀ ਬੈਠੇ ਹੁੰਦੇ ਹਨ। ਇਹਨਾਂ ਨੂੰ ਸਿਰ 'ਤੇ ਬਿਠਾਉਣ ਤੇ ਗਲ ਨਾਲ ਲਾਉਣ ਦਾ ਕੰਮ ਬੰਦਾ ਆਪ ਕਰਦਾ ਹੈ!
ਨਾਨੀ ਦੇ ਜੀਵਨ ਵਿੱਚ ਵੀ ਬਹੁਤ ਦਰਦ ਆਏ ਹਨ। ਪਰ ਉਹ ਸਮੱਸਿਆਵਾਂ ਅੱਗੇ ਪਹਾੜ ਬਣ ਖੜ੍ਹ ਜਾਂਦੀ ਹੈ। ਮੈਂ ਨਾਨੀ ਵਾਂਗ ਮਾਂ ਲਈ ਪਹਾੜ ਬਣ ਕੇ ਖੜਾਂਗੀ।

''ਮਾਂ ਹਮੇਸ਼ਾਂ ਖੁਸ਼ੀਆਂ ਲਈ ਝੋਲੀ ਅੱਡਦੀ ਹੈ। ਇਹ ਦਰਦ ਕਿਥੋਂ ਆ ਜਾਂਦੇ ਨੇ।'' ਸੋਚਦਿਆਂ ਮੇਰਾ ਧਿਆਨ 'ਚਿੱਠੀਆਂ ਜੋ ਦਰਦ ਜਗਾ ਗਈਆਂ' ਵਾਲੀ ਸਤਰ 'ਤੇ ਜਾ ਟਿਕਿਆ। ਪਹਿਲੀ ਚਿੱਠੀ ਪੜ੍ਹਨ ਲੱਗੀ। ਜਿਹੜੀ ਮਾਂ ਨੇ ਹੋਸਟਲ ਤੋਂ ਘਰ ਲਿਖੀ ਸੀ। ਇਸ ਚਿੱਠੀ ਦਾ ਮਾਂ ਦੇ ਜੀਵਨ ਨਾਲ ਗੂੜ੍ਹਾ ਸਬੰਧ ਹੈ-
ਸਿੱਧਵਾਂ
18/08/1984
ਸਤਿਕਾਰਯੋਗ ਬੀਜੀ ਅਤੇ ਪਿਤਾ ਜੀ,
ਸਤਿ ਸ੍ਰੀ ਅਕਾਲ।

ਮੈਂ ਹੋਸਟਲ ਵਿੱਚ ਠੀਕ ਠਾਕ ਹਾਂ। ਆਸ ਕਰਦੀ ਹਾਂ ਕਿ ਤੁਸੀਂ ਵੀ ਠੀਕ ਹੋਵੋਂਗੇ। ਮੈਨੂੰ ਹੋਸਟਲ ਆਈ ਨੂੰ ਦਸ ਦਿਨ ਹੋ ਗਏ ਹਨ। ਮੇਰੇ ਕਮਰੇ ਵਿੱਚ ਚਾਰ ਕੁੜੀਆਂ ਹਨ। ਉਹ ਬਹੁਤ ਚੰਗੀਆਂ ਹਨ। ਪਰ ਮੇਰਾ ਜੀਅ ਨਹੀਂ ਲੱਗਦਾ। ਬੁਰੇ-ਬੁਰੇ ਸੁਪਨੇ ਆਉਂਦੇ ਨੇ। ਇਕ ਸੁਪਨੇ ਨੇ ਮੈਨੂੰ ਬਹੁਤ ਡਰਾ ਦਿੱਤਾ ਹੈ। ਬੀਜੀ ਤੁਸੀਂ ਕਹਿੰਦੇ ਓ ਮਾੜਾ ਸੁਪਨਾ ਦੱਸ ਦੇਣਾ ਚਾਹੀਦਾ। ਉਹ ਸੱਚਾ ਨਹੀਂ ਹੁੰਦਾ।

ਸੁਪਨੇ ਵਿੱਚ ਪਿਤਾ ਜੀ ਸ਼ਾਮ ਵੇਲੇ ਇਕੱਲੇ ਸ਼ਹਿਰੋਂ ਵਾਪਸ ਆ ਰਹੇ ਹਨ। ਪਿਛੋਂ ਇੱਕ ਜੀਪ ਆਈ। ਉਸ ਵਿੱਚ ਖਾਕੀ ਵਰਦੀਆਂ ਵਾਲੇ ਪੰਜ-ਛੇ ਬੰਦੇ ਹਨ। ਉਹਨਾਂ ਨੇ ਜੀਪ ਹੌਲੀ ਕਰਕੇ ਪਿਤਾ ਜੀ ਨੂੰ ਉਸ ਵਿੱਚ ਸੁੱਟ ਲਿਆ। ਪਿਤਾ ਜੀ ਜੱਦੋ-ਜਹਿਦ ਕਰਦੇ ਹਨ। ਉਨ੍ਹਾਂ ਆਪਣੇ ਬਚਾਅ ਲਈ ਪੂਰੀ ਤਾਕਤ ਲਾ ਦਿੱਤੀ। ਪਿਛਲੇ ਬੰਦਿਆਂ ਨੂੰ ਲੱਤਾਂ ਨਾਲ ਪਿੱਛੇ ਧੱਕ ਦਿੱਤਾ।

ਡਰਾਈਵਰ ਦੇ ਸਿਰ ਉੱਤੋਂ ਦੀ ਹੱਥ ਕੱਢ ਕੇ ਜੀਪ ਦਾ ਸਟੇਰਿੰਗ ਫੜ ਲਿਆ। ਜੀਪ ਡੋਲਣ ਲੱਗੀ। ਡਰਾਈਵਰ ਡਰ ਗਿਆ। ਉਹ ਜੀਪ ਬੰਦ ਕਰਨ ਲਈ ਮਜਬੂਰ ਹੋ ਗਿਆ। ਵਰਦੀਆਂ ਵਾਲੇ ਛਾਲਾਂ ਮਾਰ ਕੇ ਹੇਠਾਂ ਉਤਰ ਗਏ। ਜਦੋਂ ਉਹ ਦੁਬਾਰਾ ਅੱਗੇ ਵਧਣ ਲੱਗੇ। ਆਲੇ-ਦੁਆਲੇ ਵੇਖ ਰਹੇ ਲੋਕਾਂ ਨੇ ਪਿਤਾ ਜੀ ਨੂੰ ਪਹਿਚਾਣ ਲਿਆ। ਵਰਦੀਆਂ ਵਾਲੇ ਪਿੱਛੇ ਹਟਣ ਲੱਗੇ। ਜਦੋਂ ਪਿਤਾ ਜੀ ਵਾਪਸ ਘਰ ਆਉਂਦੇ ਹਨ। ਉਹਨ੍ਹਾਂ ਦੇ ਫਟੇ ਹੋਏ ਕੱਪੜੇ ਵੇਖ ਕੇ ਮੈਂ ਡਰ ਨਾਲ ਕੰਬ ਜਾਂਦੀ ਹਾਂ।

ਮੈਨੂੰ ਸੌਣ ਲੱਗਿਆਂ ਡਰ ਲੱਗਦਾ। ਕਿਤੇ ਕੋਈ ਡਰਾਉਣਾ ਸੁਪਨਾ ਨਾ ਆ ਜਾਵੇ। ਜੀਅ ਕਰਦਾ ਘਰ ਵਾਪਸ ਆ ਜਾਵਾਂ। ਮੈਨੂੰ ਤੁਹਾਡਾ ਬਹੁਤ ਫਿਕਰ ਰਹਿੰਦਾ ਹੈ। ਚਿੱਠੀ ਦਾ ਜੁਆਬ ਜਲਦੀ ਦੇਣਾ।
ਤੁਹਾਡੀ ਬੇਟੀ,
ਜੱਸ।

ਸੁਪਨਾ ਤਾਂ ਸੁਪਨਾ ਹੁੰਦਾ। ਰਾਤ ਗਈ ਤੇ ਬਾਤ ਗਈ। ਮਾਂ ਨੇ ਡਰ ਕੇ ਆਪਣਾ ਭਵਿੱਖ ਦਾਅ 'ਤੇ ਲਾ ਲਿਆ। ਉਸਨੇ ਆਪਣੇ ਜੀਵਨ 'ਤੇ ਰੋਕ ਲਾ ਲਈ। ਅਨਜਾਣੇ ਵਿੱਚ ਚੁੱਕਿਆ ਕਦਮ ਸਾਡੇ ਨਾਲ ਤੁਰਕੇ ਲੰਬੀ ਜ਼ਿੰਦਗੀ ਦਾ ਪੈਂਡਾ ਤੈਅ ਕਰਦਾ ਹੈ।
ਜਦੋਂ ਮੈਂ ਬਚਪਨ ਵਿੱਚ ਡਰ ਜਾਂਦੀ। ਨਾਨੀ ਦਾ ਸਾਥ ਮੇਰਾ ਹੌਂਸਲਾ ਬਣ ਜਾਂਦਾ। ਉਹ ਹੱਥ ਵਿੱਚ ਫੜੀ ਖੂੰਡੀ ਹਵਾ ਵਿੱਚ ਉਲਾਰਦੀ, '' ਖਲੋ ਜਾ ਜਰ੍ਹਾ ਤੇਰੇ ਡਰ ਨੂੰ ਮੈਂ ਭਜਾਉਨੀ ਆਂ।''
ਘੁੰਮਣਾਂ ਦੀ ਮਾਈ ਸੱਚ ਕਹਿੰਦੀ, ''ਡਰ ਹੌਲੀ-ਹੌਲੀ ਵਹਿਮ ਬਣ ਜਾਂਦੇ ਨੇ। ਜਿਹੜੇ ਵਿਸ਼ਵਾਸ਼ ਨੂੰ ਤੋੜ ਦਿੰਦੇ ਨੇ। ਜਦੋਂ ਵਿਸ਼ਵਾਸ਼ ਟੁੱਟ ਗਿਆ। ਸਮਝੋ ਇਰਾਦਾ ਕਮਜ਼ੋਰ ਹੋ ਗਿਆ।''
''ਮੇਰੇ ਇਰਾਦੇ ਕਮਜ਼ੋਰ ਨਹੀਂ ਹਨ।'' ਮੈਂ ਆਪਣੇ ਮਨ ਨੂੰ ਪੱਕਾ ਕਰਦਿਆਂ ਕਿਹਾ
ਮੇਰੀ ਨਜ਼ਰ ਨਾਨੀ ਵੱਲੋਂ ਮਾਂ ਨੂੰ ਲਿਖੀ ਚਿੱਠੀ 'ਤੇ ਪੈ ਗਈ। ਮੈਂ ਉਹ ਚਿੱਠੀ ਪੜ੍ਹਨ ਲੱਗੀ-
ਪੰਡੋਰੀ
9/11/1984
ਪਿਆਰੀ ਬੇਟੀ ਜੱਸ,
ਬਹੁਤ-ਬਹੁਤ ਪਿਆਰ।
ਬੇਟਾ। ਇਹ ਚਿੱਠੀ ਤੇਰੀ ਸਹੇਲੀ ਨਿੱਕੀ ਤੋਂ ਲਿਖਵਾ ਰਹੀ ਹਾਂ। ਘਰ ਵਿੱਚ ਬਹੁਤ ਜਰੂਰੀ ਕੰਮ ਹਨ। ਇਸ ਲਈ ਛੁੱਟੀਆਂ ਵਿੱਚ ਤੈਨੂੰ ਲੈਣ ਨਹੀਂ ਆ ਸਕਦੇ। ਚਿੱਠੀ ਵਿੱਚ ਤੇਰੀ ਵਾਰਡਨ ਮੈਡਮ ਦੇ ਨਾਂ ਆਗਿਆ-ਪੱਤਰ ਲਿਖ ਕੇ ਭੇਜ ਰਹੀ ਹਾਂ। ਉਹ ਦਿਖਾ ਕੇ ਛੁੱਟੀ ਲੈ ਲਵੀਂ। ਕੁੜੀਆਂ ਦੇ ਨਾਲ ਮਿਲ ਕੇ ਘਰ ਆ ਜਾਈਂ। ਕੋਈ ਫ਼ਿਕਰ ਨਾ ਕਰਨਾ। ਸਭ ਸੁੱਖ-ਸਾਂਦ ਹੈ।
ਤੇਰੀ ਉਡੀਕ ਵਿੱਚ,
ਤੇਰੀ ਬੀਜੀ।

ਚਿੱਠੀ ਪੜ੍ਹ ਕੇ ਅੱਖਾਂ ਬੰਦ ਹੋ ਗਈਆਂ ਹਨ। ਮਾਂ ਦਾ ਹੋਸਟਲ ਤੋਂ ਘਰ ਆਉਣਾ ਵਿਖਾਈ ਦੇਣ ਲੱਗਾ ਹੈ। ਉਹ ਕਿੰਨੀ ਖੁਸ਼ ਹੋਈ ਹੋਵੇਗੀ। ਪਰ ਘਰ ਪਹੁੰਚ ਕੇ ਸਾਰੀਆਂ ਖੁਸ਼ੀਆਂ ਗਮ ਵਿੱਚ ਬਦਲ ਗਈਆਂ।

ਬਾਹਰੋਂ ਆਈ ਪੈਰਾਂ ਦੀ ਆਵਾਜ਼ ਨਾਲ ਸੋਚਾਂ ਦੀ ਲੜੀ ਟੁੱਟੀ ਹੈ। ਮੈਂ ਅੱਖਾਂ ਖੋਲ੍ਹੀਆਂ ਹਨ। ਅਗਲੀ ਚਿੱਠੀ 'ਤੇ ਨਜ਼ਰ ਗਈ ਹੈ। ਚਿੱਠੀ ਵੇਖਦਿਆਂ ਹੀ ਮੇਰੇ ਅੰਦਰ ਦਰਦ-ਭਰੀ ਚੀਸ ਉੱਭਰੀ ਹੈ। ਮਾਂ ਨੂੰ ਵੇਖਣ ਲਈ ਨਜ਼ਰ ਉੱਪਰ ਕੀਤੀ ਹੈ। ਉਹ ਵਰਾਂਢੇ ਵਿੱਚ ਖੜ੍ਹੀ ਹੈ। ਉਸ ਦੇ ਅੰਦਰ ਆ ਜਾਣ ਦੇ ਡਰ ਤੋਂ ਡਾਇਰੀ ਸਿਰਹਾਣੇ ਹੇਠ ਲੁਕਾ ਦਿੱਤੀ ਹੈ।

ਡਾਇਰੀ ਲੁਕਾ ਕੇ ਰੱਖਣ ਦਾ ਕਾਰਨ ਹੈ। ਮੈਂ ਚਿੱਠੀਆਂ ਵਿਖਾ ਕੇ ਮਾਂ ਦੇ ਜਖ਼ਮ ਹਰੇ ਨਹੀਂ ਕਰਨੇ ਚਾਹੁੰਦੀ! ਉਸ ਨੂੰ ਖੁਸ਼ ਵੇਖਣਾ ਚਾਹੁੰਦੀ ਹਾਂ। ਪਰ ਉਹ ਖੁਸ਼ ਕਿਵੇਂ ਹੋ ਸਕਦੀ ਹੈ ? ਉਸਦੇ ਅਧੂਰੇ ਸੁਪਨਿਆਂ ਦੇ ਸਬੂਤ ਤਾਂ ਇਸ ਡਾਇਰੀ ਵਿੱਚ ਬੰਦ ਹਨ।
ਉਹ ਵਰਾਂਢੇ ਵਿੱਚ ਮੰਜੇ 'ਤੇ ਪੈ ਗਈ ਹੈ। ਇਸ ਚਿੱਠੀ ਨੇ ਉਸਦੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ। ਮੈਂ ਰੀਝ ਨਾਲ ਉਸ ਨੂੰ ਵੇਖਿਆ। ਫਿਰ ਡਾਇਰੀ ਖੋਹਲ ਕੇ ਚਿੱਠੀ ਪੜ੍ਹਨ ਲੱਗੀ ਹਾਂ -
ਸਿੱਧਵਾਂ
15/1/1985
ਮੇਰੇ ਪਿਆਰੇ ਬੀਜੀ,
ਸਤਿ ਸ੍ਰੀ ਅਕਾਲ।

ਬੀਜੀ! ਮੈਂ ਹੋਸਟਲ ਵਿੱਚ ਠੀਕ ਠਾਕ ਹਾਂ। ਤੁਹਾਡੇ ਭਲੇ ਲਈ ਹਮੇਸ਼ਾਂ ਰੱਬ ਅੱਗੇ ਅਰਦਾਸ ਕਰਦੀ ਹਾਂ। ਤੁਸੀਂ ਕਹਿੰਦੇ ਓ ਦੁੱਖ-ਸੁੱਖ ਜੀਵਨ ਦਾ ਹਿੱਸਾ ਹੁੰਦੇ ਨੇ। ਇਹ ਰੁਕਾਵਟ ਨਹੀਂ ਸਾਡੀ ਤਾਕਤ ਬਣਦੇ ਹਨ।

ਪਰ ਮੈਂ ਕੀ ਕਰਾਂ ? ਤੁਹਾਡੀ ਚਿੰਤਾ ਦਿਨ-ਰਾਤ ਸਤਾਉਂਦੀ ਹੈ। ਤੁਹਾਡੇ ਬਿਨਾਂ ਰਹਿਣਾ ਬਹੁਤ ਔਖਾ ਹੋ ਰਿਹਾ ਹੈ। ਅੰਮ੍ਰਿਤਸਰ ਦਾ ਬਲਿਊ-ਸਟਾਰ ਅਪਰੇਸ਼ਨ ਅੱਖਾਂ ਅੱਗੇ ਘੁੰਮਦਾ ਰਹਿੰਦਾ।

ਲਾਸ਼ਾਂ ਦੇ ਢੇਰ ਅੱਖਾਂ ਅੰਨ੍ਹੀਆਂ ਕਰ ਦਿੰਦੇ ਹਨ। ਆਪਣੇ ਘਰ ਉੱਤੇ ਹੋਇਆ ਸੀ ਆਰ.ਪੀ. ਦਾ ਹਮਲਾ। ਕਾਲੀ-ਬੋਲੀ ਰਾਤ ਵਿੱਚ ਘਰਾਂ 'ਚ ਸੁੱਤੇ ਮੁੰਡਿਆਂ ਨੂੰ ਚੁੱਕ ਕੇ ਲੈ ਜਾਣਾ। ਰਾਤ ਦੇ ਸੰਨਾਟੇ ਵਿੱਚ ਦੂਰ ਖੇਤਾਂ 'ਚੋਂ ਆਉਂਦੀ ਗੋਲੀਆਂ ਦੀ ਆਵਾਜ਼। ਮੇਰੀ ਨੀਂਦ ਉਡਾ ਦਿੰਦੇ ਹਨ। ਡਰ ਕਾਰਨ ਬੁਖ਼ਾਰ ਨਹੀਂ ਉੱਤਰ ਰਿਹਾ। ਅਗਲੇ ਹਫ਼ਤੇ ਛੁੱਟੀਆਂ ਹੋਣਗੀਆਂ। ਮੈਂ ਤੁਹਾਡੀ ਉਡੀਕ ਕਰਾਂਗੀ।
ਤੁਹਾਡੀ ਬੇਟੀ,
ਜੱਸ।

ਚਿੱਠੀ ਪੜ੍ਹ ਕੇ ਹੰਝੂਆਂ ਦੀਆਂ ਬੂੰਦਾਂ ਗੱਲ੍ਹਾਂ 'ਤੇ ਆ ਡਿੱਗੀਆਂ। ਮੇਰੇ ਸਾਹਮਣੇ ਉੱਨੀਂ ਸੌ ਚੁਰਾਸੀ ਦਾ ਕਤਲੇਆਮ ਘੁੰਮ ਗਿਆ ਹੈ। ਗੁਰਦੁਆਰਿਆਂ ਦੇ ਸ਼ਾਂਤ ਵਾਤਾਵਰਣ ਵਿੱਚ ਗੋਲੀਆਂ ਦਾ ਮੀਂਹ ਵਰ੍ਹ ਗਿਆ। ਟੈਂਕਾਂ ਦੇ ਭਾਰ ਹੇਠ ਕਿੰਨੀਆਂ ਉਮੀਦਾਂ ਲਿਤਾੜੀਆਂ ਗਈਆਂ। ਹਮਲੇ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਜੋ ਮੱਥਾ ਟੇਕਣ ਗਏ, ਉਹ ਅੱਜ ਤੱਕ ਨਹੀਂ ਪਰਤੇ। ਅਨੇਕਾਂ ਮਾਵਾਂ ਦੀਆਂ ਝੋਲੀਆਂ ਸੁੰਨੀਆਂ ਹੋ ਗਈਆਂ। ਨਾਨੀ ਦੀ ਭੈਣ ਆਪਣੇ ਪੁੱਤ ਨੂੰ ਉਡੀਕਦੀ ਮਰ ਗਈ। ਉਹ ਥਾਲੀ ਵਿੱਚ ਰੋਟੀ ਪਾ ਲੈਂਦੀ। ਗਲੀ-ਗਲੀ ਘੁੰਮਦੀ। ਲੰਘਦਿਆਂ-ਟੱਪਦਿਆਂ ਨੂੰ ਰੋਟੀ ਖੁਆਉਣ ਲਈ ਆਵਾਜ਼ਾਂ ਮਾਰਦੀ। ਨਾਨੀ ਉਸ ਨੂੰ ਵੇਖ ਕੇ ਕਹਿੰਦੀ, ''ਕਰਤਾਰੀਏ! ਕੀ ਕਰਦੀ ਏਂ? ਹੋਸ਼ ਕਰ। ਕਿਸੇ ਨੂੰ ਰੋਟੀ ਖਵਾ ਕੇ ਤੈਨੂੰ ਕੀ ਮਿਲਦਾ ਹੈ?''

ਉਹ ਜਵਾਬ ਦਿੰਦੀ, ''ਜਦੋਂ ਕਿਸੇ ਭੁੱਖੇ ਢਿੱਡ ਨੂੰ ਭਰਦੀ ਆਂ। ਮੇਰੇ ਪੁੱਤ ਨੂੰ ਸਬਰ ਆ ਜਾਂਦਾ ਹੋਣਾ। ਇਹੀ ਸੋਚ ਕੇ ਰੋਟੀ ਦੇ ਆਹਰੇ ਲੱਗੀ ਰਹਿੰਦੀ ਆਂ...!''
ਅਖੀਰ ਕਦੇ ਨਾ ਮੁੱਕਣ ਵਾਲੀ ਉਡੀਕ ਕਰਦੀ ਦੁਖਿਆਰੀ ਮਾਂ ਹੌਕੇ ਭਰਦੀ ਦੁਨੀਆਂ ਛੱਡ ਗਈ।
ਮੈਂ ਅੱਖਾਂ ਸਾਫ਼ ਕੀਤੀਆਂ। ਡਾਇਰੀ ਦਾ ਪੰਨਾ ਪਲਟਿਆ ਹੈ। ਅਗਲੀ ਚਿੱਠੀ ਵਿੱਚ ਮਾਂ ਦੀਆਂ ਸਹੇਲੀਆਂ ਉਸਨੂੰ ਪੜ੍ਹਾਈ ਛੱਡਣ ਤੋਂ ਰੋਕ ਰਹੀਆਂ ਹਨ। ਮੇਰਾ ਦੁੱਖ ਇਹ ਪੜ੍ਹ ਕੇ ਹੋਰ ਵਧ ਗਿਆ ਕਿ ਮਾਂ ਨੇ ਬੀ.ਏ. ਫਸਟ ਈਅਰ ਦੇ ਪੇਪਰ ਨਹੀਂ ਸਨ ਦਿੱਤੇ-
ਸਿੱਧਵਾਂ
21/2/1985
ਪਿਆਰੀ ਸਹੇਲੀ ਜੱਸ,
ਮਿੱਠੀ-ਮਿੱਠੀ ਯਾਦ।

ਜੱਸ ਯਾਰ...! ਤੂੰ ਚੰਗੀ ਨਿਕਲੀ!! ਅਸੀਂ ਇਥੇ ਉਡੀਕ ਰਹੇ ਸੀ ਕਿ ਬੁਖਾਰ ਠੀਕ ਹੋਵੇਗਾ। ਤੂੰ ਵਾਪਸ ਆ ਜਾਏਂਗੀ। ਪਰ ਛੁੱਟੀਆਂ ਤੋਂ ਵਾਪਸ ਆ ਕੇ ਪਤਾ ਲੱਗਾ, ਤੂੰ ਤਾਂ ਆਪਣਾ ਸਮਾਨ ਈ ਚੁੱਕ ਕੇ ਲੈ ਗਈ ਏਂ। ਜੱਸ ਪੇਪਰਾਂ ਵਿੱਚ ਕਿੰਨੇ ਕੁ ਦਿਨ ਬਾਕੀ ਹਨ ? ਤੂੰਂ ਬਹੁਤ ਗਲਤ ਫ਼ੈਸਲਾ ਲੈ ਲਿਆ। ਇਹ ਜਲਦਬਾਜੀ ਵਿੱਚ ਕੀਤਾ ਫੈਸਲਾ ਤੈਨੂੰ ਆਉਣ ਵਾਲਾ ਸਾਰਾ ਜੀਵਨ ਪਛਤਾਵਾ ਕਰਾਉਂਦਾ ਰਹੇਗਾ। ਚੱਲ ਤੇਰੀ ਮਰਜ਼ੀ। ਹੁਣ ਘਰ ਰਹਿ ਕੇ ਆਪਣਾ ਅਤੇ ਬੀਜੀ ਦਾ ਖਿਆਲ ਰੱਖੀਂ।
ਤੇਰੀ ਸਹੇਲੀ,
ਮਨਜੀਤ।

ਚਿੱਠੀਆਂ ਪੜ੍ਹ ਕੇ ਮੈਨੂੰ ਨਾਨੀ ਦੀ ਦੱਸੀ ਸਾਰੀ ਘਟਨਾ ਯਾਦ ਆ ਗਈ। ਮਾਂ ਨੂੰ ਹੋਸਟਲ ਵਿੱਚ ਡਰਾਉਣੇ ਸੁਪਨੇ ਆਉਂਦੇ। ਉਹ ਬੀਮਾਰ ਰਹਿਣ ਲੱਗੀ। ਘਰ ਵਿੱਚ ਵਾਪਰੀ ਘਟਨਾ ਨੇ ਉਸਦੇ ਸੁਪਨੇ ਨੂੰ ਸੱਚ ਕਰ ਦਿੱਤਾ। ਉਸ ਅੰਦਰ ਡਰ ਬੈਠ ਗਿਆ। ਇਕ ਦਿਨ ਉਹ ਪੜ੍ਹਾਈ ਛੱਡ ਕੇ ਘਰ ਵਾਪਸ ਆ ਗਈ।
ਉਸ ਨੇ ਘੜੀ ਦਾ ਖੁੰਝਿਆ ਸੌ ਕੋਹ 'ਤੇ ਜਾ ਪੈਂਦਾ ਵਾਲੀ ਕਹਾਵਤ ਸੱਚ ਕਰ ਦਿੱਤੀ ਸੀ।

ਕਾਂਡ-3

ਮੈਂ ਡਾਇਰੀ ਫੜ ਕੇ ਘੁੰਮਣਾਂ ਦੀ ਮਾਈ ਬਾਰੇ ਸੋਚਣ ਲੱਗੀ ਹਾਂ। ਉਹ ਕਹਿੰਦੀ ਹੈ, ''ਸਾਡੇ ਅੰਦਰ ਖਿੱਚ ਸ਼ਕਤੀ ਹੁੰਦੀ ਹੈ। ਕਿਸੇ ਅੰਦਰ ਵੱਧ ਤੇ ਕਿਸੇ ਅੰਦਰ ਘੱਟ। ਅਸੀਂ ਜੋ ਸੋਚਦੇ ਹਾਂ ਉਸ ਨੂੰ ਖਿੱਚਦੇ ਹਾਂ।''
ਮਾਂ ਦੇ ਸੁਪਨੇ ਦਾ ਸੱਚ ਹੋਣਾ, ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਸਨ। ਜਿਸ ਬਿਪਤਾ ਨੇ ਪੂਰੇ ਪੰਜਾਬ ਨੂੰ ਹਨੇਰੇ ਦੇ ਵੱਸ ਪਾ ਦਿੱਤਾ। ਨਾਨਾ ਜੀ ਉਸਦੀ ਲਪੇਟ ਵਿੱਚ ਆ ਗਏ।
ਉਹਨਾਂ ਨੂੰ ਝੂਠੀ ਸਜ਼ਾ ਹੋਈ। ਕਿੰਨੇ ਤਸੀਹੇ ਝੱਲਣੇ ਪਏ। ਅੱਠ ਸਾਲ ਬਾਅਦ ਘਰ ਵਾਪਸ ਆਏ ਸਨ।

ਜਦੋਂ ਮੇਰਾ ਜਨਮ ਹੋਇਆ। ਨਾਨਾ ਜੀ ਜੇਲ੍ਹ ਵਿੱਚ ਸਨ। ਨਾਨੀ ਨੇ ਉਹ ਡਰਾਉਣਾ ਸਮਾਂ ਕਿੰਨੀਆਂ ਮੁਸੀਬਤਾਂ ਝੱਲ ਕੇ ਕੱਟਿਆ ਹੋਵੇਗਾ। ਉਹਨਾਂ ਦੀ ਜੇਲ੍ਹ ਵਿਚੋਂ ਨਾਨੀ ਦੇ ਨਾਂ ਲਿਖੀ ਚਿੱਠੀ ਮੈਨੂੰ ਯਾਦਾਂ ਦੇ ਸਮੁੰਦਰ ਵਿਚੋਂ ਬਾਹਰ ਕੱਢ ਲਿਆਈ ਹੈ-
ਸੈਂਟਰਲ ਜੇਲ
ਫਰਵਰੀ 1985
ਲਿਖਤੁਮ ਸਰਦਾਰ ਪ੍ਰੀਤਮ ਸਿੰਘ,
ਅੱਗੇ ਮਿਲੇ ਸਰਦਾਰਨੀ ਦਲੇਰ ਕੌਰ ਜੀ।

ਦਲੇਰ ਕੁਰੇ ਪੰਜਾਬ ਦੀਆਂ ਜੇਲ੍ਹਾਂ ਦੇ ਹਾਲਾਤ ਹੁਣ ਕਿਸੇ ਤੋਂ ਲੁਕੇ ਨਹੀਂ ਹਨ। ਇਥੇ ਜ਼ੁਲਮ ਦੀਆਂ ਸਭ ਹੱਦਾਂ ਪਾਰ ਹੁੰਦੀਆਂ ਹਨ। ਜਦੋਂ ਰੀਮਾਂਡ 'ਤੇ ਲੈ ਕੇ ਜਾਂਦੇ ਹਨ ਤਾਂ ਕਲੇਜਾ ਮੂੰਹ ਨੂੰ ਆਉਣ ਲੱਗਦਾ। ਅਜੇ ਮੇਰੀ ਵਾਰੀ ਨਹੀਂ ਆਈ। ਪਰ ਮੇਰੇ ਨਾਲ ਰਹਿੰਦਾ ਸੋਹਣਾ-ਜਵਾਨ ਮੁੰਡਾ ਗਿੱਲਾਂ ਦਾ ਬਲਦੇਵ ਬਹੁਤ ਤਸੀਹੇ ਝੱਲ ਚੁੱਕਾ ਹੈ। ਉਸ ਨੂੰ ਕਈ ਦਿਨ ਠੰਢ ਵਿੱਚ ਬਰਫ਼ ਦੀਆਂ ਸਿਲ੍ਹਾਂ 'ਤੇ ਲਿਟਾਉਂਦੇ ਰਹੇ। ਪੈਰਾਂ 'ਚ ਰੱਸਾ ਪਾ ਕੇ ਉਲਟਾ ਲਟਕਾ ਦਿੰਦੇ। ਉਸ ਦੀਆਂ ਗੱਲਾਂ ਸੁਣ ਕੇ ਲੂੰ-ਕੰਡੇ ਖੜੇ ਹੁੰਦੇ ਹਨ। ਉਸ ਨਾਲ ਦੋ ਮੁੰਡੇ ਹੋਰ ਸਨ। ਉਹਨਾਂ ਦੇ ਪੱਟ ਚੀਰ ਕੇ ਨਮਕ ਤੇ ਮਿਰਚਾਂ ਨਾਲ ਭਰ ਦਿੰਦੇ। ਪੈਰਾਂ ਦੀਆਂ ਤਲੀਆਂ ਅਤੇ ਅੱਡੀਆਂ ਉੱਤੇ ਡੰਡੇ ਮਾਰਦੇ। ਤੂੰ ਖੁਦ ਸੋਚ ਸਰਦਾਰਨੀਏ ਕਿੰਨਾਂ ਦਰਦਨਾਕ ਸਮਾਂ ਹੁੰਦਾ ਹੋਵੇਗਾ। ਹਰ ਕਿਸੇ ਦੀ ਜਾਨ ਮੁੱਠੀ ਵਿੱਚ ਆਈ ਰਹਿੰਦੀ ਹੈ। ਜਦੋਂ ਕੋਠੜੀ ਦਾ ਦਰਵਾਜ਼ਾ ਖੁੱਲ੍ਹਦਾ ਹੈ। ਸਾਰੇ ਡਰ ਨਾਲ ਕੰਬ ਜਾਂਦੇ ਹਨ।

ਮੈਂ ਇਹ ਚਿੱਠੀ ਇਸ ਲਈ ਲਿਖ ਰਿਹਾ ਹਾਂ ਕਿ ਜ਼ਿੰਦਗੀ ਦਾ ਕੋਈ ਪਤਾ ਨਹੀਂ। ਕਦੋਂ ਧੋਖਾ ਦੇ ਜਾਵੇ। ਕਈ ਮੁੰਡੇ ਕੋਠੜੀਆਂ ਵਿੱਚੋਂ ਬਾਹਰ ਗਏ, ਵਾਪਸ ਨਹੀਂ ਆਏ। ਹੁਣ ਪਰਿਵਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਤੇਰੇ ਸਿਰ 'ਤੇ ਹਨ। ਹੌਂਸਲਾ ਨਾ ਹਾਰੀਂ। ਰੱਬ ਖ਼ੈਰ ਕਰੇਗਾ।
ਮੈਂ ਇਹ ਚਿੱਠੀ ਕੋਟੇ ਵਾਲਿਆਂ ਦੇ ਸਿਪਾਹੀ ਕੋਲ ਭੇਜ ਰਿਹਾ ਹਾਂ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਕਈ ਦਰਦ ਸਹਿਣੇ ਬਹੁਤ ਔਖੇ ਹੋ ਜਾਂਦੇ ਹਨ। ਅਗਲੀਆਂ ਚਿੱਠੀਆਂ ਪੜ੍ਹਨ ਦੀ ਹਿੰਮਤ ਨਹੀਂ ਰਹੀ। ਮੈਂ ਡਾਇਰੀ ਸਿਰਹਾਣੇ ਹੇਠ ਰੱਖ ਦਿੱਤੀ ਹੈ। ਅੱਖਾਂ ਅੱਗੇ ਉਹ ਸਾਰੇ ਘਰ ਘੁੰਮਣ ਲੱਗੇ ਹਨ, ਜਿੰਨ੍ਹਾਂ ਸਮੇ ਦਾ ਸੰਤਾਪ ਝੱਲਿਆ ਹੈ।

ਪਿੰਡ ਦੇ ਸ਼ਾਹਾਂ ਦਾ ਵੱਸਦਾ-ਰਸਦਾ ਘਰ ਲੁਟੇਰਿਆਂ ਨੇ ਲੁੱਟ ਲਿਆ। ਸ਼ਾਹ ਦਾ ਕਤਲ ਕਰ ਦਿੱਤਾ। ਅੱਜ ਉਸ ਸੁੰਨੇ ਘਰ ਵਿੱਚ ਬੇ-ਸਹਾਰਾ ਸ਼ਾਹਣੀ ਮੰਜੇ 'ਤੇ ਪਈ ਹੈ। ਨੂਪੁਰ ਦਾ ਨਾਨਕਾ ਪਰਿਵਾਰ ਹਾਲਾਤਾਂ ਤੋਂ ਡਰਦਾ, ਦਿੱਲੀ ਜਾ ਵਸਿਆ। ਜਿਸ ਡਰ ਤੋਂ ਭੱਜੇ। ਉਹ ਦਿੱਲੀ ਜਾ ਕੇ ਅੱਗੇ ਖੜ੍ਹਾ ਸੀ। ਦਿੱਲੀ ਦੰਗਿਆਂ ਵਿੱਚ ਉਸ ਦਾ ਮਾਮਾ ਸਿੱਖ ਪਰਿਵਾਰ ਨੂੰ ਬਚਾਉਂਦਾ ਜਾਨ ਗਵਾ ਬੈਠਾ।
ਮੇਰੀਆਂ ਅੱਖਾਂ ਸਾਮ੍ਹਣੇ ਮਾਂ-ਪਾਪਾ, ਨਾਨਾ-ਨਾਨੀ, ਨੂਪੁਰ ਦੇ ਮੰਮੀ, ਸ਼ਾਹ-ਸ਼ਾਹਣੀ ਵਰਗੇ ਕਿੰਨੇ ਚਿਹਰੇ ਘੁੰਮਣ ਲੱਗੇ ਹਨ। ਉਹ ਸਿਰਹਾਣੇ ਹੇਠ ਪਈ ਡਾਇਰੀ ਵਿੱਚੋਂ ਝਾਤੀਆਂ ਮਾਰ ਰਹੇ ਹਨ।

ਮੈਂ ਡਾਇਰੀ ਚੁੱਕ ਕੇ ਢੋਅ ਵਾਲੇ ਖਾਨੇ ਵਿੱਚ ਸਾਂਭ ਦਿੱਤੀ ਹੈ। ਮਨ ਕਰਦਾ ਸਾਰੇ ਚਿਹਰਿਆਂ ਨੂੰ ਦੁੱਖਾਂ ਤੋਂ ਦੂਰ ਲੈ ਜਾਵਾਂ। ਪਰ ਇਹ ਕਿਵੇਂ ਹੋ ਸਕਦਾ ਹੈ ? ਪਾਪਾ ਦਾ ਚਿਹਰਾ ਦਿਨੋ-ਦਿਨ ਧੁੰਦਲਾ ਹੋ ਰਿਹਾ ਹੈ। ਨਾਨਾ ਜੀ ਦਿਸਣੋ ਹਟ ਗਏ ਹਨ। ਸ਼ਾਹਣੀ ਮੰਜੇ 'ਤੇ ਪਈ ਦਰਵਾਜ਼ੇ ਵਿਚੋਂ ਆਉਂਦੇ ਸਹਾਰੇ ਨੂੰ ਉਡੀਕਦੀ ਰਹਿੰਦੀ ਹੈ। ਨੂਪੁਰ ਦੇ ਮਾਮੇ ਦਾ ਸੜਿਆ ਸਰੀਰ ਆਂਟੀ ਨੂੰ ਅੱਜ ਵੀ ਰੁਆ ਦਿੰਦਾ ਹੈ। ੳਸਦਾ ਰੋਣਾ ਯਾਦ ਕਰ ਮੇਰੇ ਅੰਦਰੋਂ ਆਵਾਜ਼ ਆਈ ਹੈ, ''ਰਿਸ਼ਤਿਆਂ ਅੰਦਰਲੀ ਸਾਂਝ ਬਾਹਰੀ ਹਨੇਰੀਆਂ ਨਾਲ ਖਤਮ ਨਹੀਂ ਹੁੰਦੀ।''
ਅੱਖਾਂ ਬੰਦ ਹੋ ਗਈਆਂ ਹਨ। ਖਿਆਲਾਂ ਦੀ ਹਨੇਰੀ ਝੁੱਲਣ ਲੱਗੀ ਹੈ। ਇਹ ਖਿਆਲ ਮੌਤ ਅਤੇ ਜ਼ਿੰਦਗੀ ਦੀ ਜੰਗ ਬਣ ਕੇ ਲੜਨ ਲੱਗੇ ਹਨ।

ਉੱਚਾ ਪਹਾੜੀ ਰਸਤਾ ਹੈ। ਮੈਂ ਸਕੂਟਰ 'ਤੇ ਬੈਠੀ ਹਾਂ। ਅੱਗੇ ਬਹੁਤ ਵੱਡਾ ਪੁਲ ਹੈ। ਹੇਠਾਂ ਸ਼ੂਕਦਾ ਦਰਿਆ। ਸਕੂਟਰ ਪੁਲ 'ਤੇ ਚੜ੍ਹਿਆ ਹੈ। ਪੁਲ ਖੁਰਨ ਲੱਗਾ। ਮਿੱਟੀ ਫਿਸਲ ਰਹੀ ਹੈ। ਛੱਲਾਂ ਪੁਲ ਨੂੰ ਛੂਹ ਕੇ ਮੁੜ ਰਹੀਆਂ ਹਨ। ਮੈਂ ਸਕੂਟਰ ਤੇਜ਼ ਕਰ ਲਿਆ। ਫਿਲਸਦੀ ਮਿੱਟੀ ਨਾਲ ਸਕੂਟਰ ਲਹਿਰਾਂ ਵੱਲ ਜਾ ਰਿਹਾ ਹੈ। ਬਚਣ ਦੀ ਕੋਸ਼ਿਸ਼। ਜੋਰ ਦਾ ਝਟਕਾ। ਝਟਕਾ ਲੱਗਦਿਆਂ ਅੱਖਾਂ ਖੁਲ੍ਹ ਗਈਆਂ ਹਨ। ਸੁਪਨਾ ਵੇਖ ਡਰ ਨਾਲ ਕੰਬਣ ਲੱਗੀ ਹਾਂ।

ਪਰ ਮੈਂ ਸੁਪਨਿਆਂ ਤੋਂ ਡਰਨਾ ਨਹੀਂ। ਇਹਨਾਂ ਨੂੰ ਆਪਣੀ ਤਾਕਤ ਬਨਾਉਣਾ ਹੈ। ਸੁਪਨੇ ਵੇਖਣਾ ਇੱਕ ਕਲਾ ਹੈ। ਜੋ ਮੈਨੂੰ ਘੁੰਮਣਾਂ ਦੀ ਮਾਈ ਨੇ ਸਿਖਾਈ ਹੈ। ਇਕ ਦਿਨ ਉਸਨੇ ਮੈਨੂੰ ਗੀਟੇ ਖੇਡਦੀ ਨੂੰ ਆਵਾਜ਼ ਮਾਰ ਕੇ ਪੁੱਛਿਆ, ''ਕੁੜੀਏ! ਤੂੰਂ ਕਦੇ ਦੱਸਿਆ ਨਹੀਂ ਕੀਹਦੀ ਕੁੜੀ ਏਂ?''
''ਸਰਦਾਰ ਅਮਰ ਸਿੰਘ ਦੀ.....!'' ਮੈਂ ਬੜੇ ਜੋਸ਼ ਨਾਲ ਜਵਾਬ ਦਿੱਤਾ
''ਨੀ ਉਹੀ ਵੱਡਿਆਂ ਦਾ ਅਮਰ ਸਿਓੁਂ....!!'' ਉਹ ਮੇਰੇ ਵੱਲ ਗੌਰ ਨਾਲ ਤੱਕਣ ਲੱਗੀ
ਮੈਂ ਉਸਦੀ ਹੈਰਾਨੀ ਵੇਖ ਕੇ ਡਰ ਗਈ। ਕੋਈ ਜਵਾਬ ਨਾ ਦਿੱਤਾ। ਡਰ ਕੇ ਗੀਟੇ ਉਥੇ ਹੀ ਛੱਡ ਦਿੱਤੇ। ਸਕੂਲ ਵੱਲ ਦੌੜ ਗਈ।

ਉਸ ਦਿਨ ਤੋਂ ਬਾਅਦ ਮੇਰੇ ਪ੍ਰਤੀ ਮਾਈ ਦਾ ਰਵੱਈਆ ਬਿਲਕੁੱਲ ਬਦਲ ਗਿਆ। ਉਹ ਮੈਨੂੰ ਪਿਆਰ ਨਾਲ ਕੋਲ ਬਿਠਾਉਂਦੀ। ਮੇਰੇ ਸਿਰ 'ਤੇ ਹੱਥ ਰੱਖਦੀ। ਬਹੁਤ ਕੁਝ ਸਮਝਾਉਂਦੀ। ਭਾਵੇਂ ਮੈਨੂੰ ਉਸਦੀਆਂ ਗੱਲਾਂ ਸਮਝ ਨਾ ਆਉਂਦੀਆਂ। ਪਰ ਚੰਗੀਆਂ ਜ਼ਰੂਰ ਲੱਗਦੀਆਂ। ਉਹ ਮੈਨੂੰ ਕੋਲ ਬਿਠਾ ਕੇ ਇਕ ਸ਼ਬਦ ਰਟਾਉਂਦੀ, ''ਸ਼ਰਧਾ ਸਾਨੂੰ ਗਿਆਨ ਦਿੰਦੀ ਹੈ।''

ਮੈਂ ਇਹ ਸ਼ਬਦ ਸਾਰਾ ਦਿਨ ਰੱਟਦੀ ਰਹਿੰਦੀ। ਕਿਤਾਬਾਂ ਮੇਰੀ ਸ਼ਰਧਾ ਬਣ ਗਈਆਂ। ਪਰ ਘਰੇਲੂ ਹਾਲਾਤ ਇਸ ਸ਼ਰਧਾ ਦੇ ਰਾਹ 'ਚ ਰੁਕਾਵਟ ਬਣ ਜਾਂਦੇ। ਮਾਂ-ਪਾਪਾ ਦੇ ਝਗੜੇ ਦਿਨ-ਬ-ਦਿਨ ਵਧਣ ਲੱਗੇ। ਮਾਂ ਸਾਰਾ ਗੁੱਸਾ ਮੇਰੀ ਪੜ੍ਹਾਈ 'ਤੇ ਕੱਢਦੀ। ਸਕੂਲ ਜਾਣਾ ਬੰਦ ਹੋ ਜਾਂਦਾ। ਅੱਠਵੀਂ ਜਮਾਤ ਤੋਂ ਬਾਅਦ ਮਾਂ ਨੇ ਮੈਨੂੰ ਪੜ੍ਹਨੋਂ ਹਟਾ ਲਿਆ। ਨੂਪੁਰ ਦੀ ਮੰਮਾ ਦੇ ਜੋਰ ਦੇਣ 'ਤੇ ਦੁਬਾਰਾ ਪੜ੍ਹਨ ਦੀ ਇਜਾਜ਼ਤ ਮਿਲ ਗਈ।

ਮਾਈ ਨੇ ਸਾਨੂੰ ਸਕੂਲ ਜਾਂਦਿਆਂ ਆਵਾਜ਼ ਮਾਰ ਕੇ ਪੁੱਛਿਆ, ''ਕੁੜੀਓ...! ਸੁਪਨੇ ਵੇਖਦੀਆਂ ਓ...! ਜੇ ਨਹੀਂ ਵੇਖਦੀਆਂ ਤਾਂ ਵੇਖਿਆ ਕਰੋ। ਇਹ ਵੇਖਣੇ ਜਰੂਰੀ ਹੁੰਦੇ। ਜਰੂਰੀ ਨਹੀਂ ਸਾਰੇ ਸੁਪਨੇ ਪੂਰੇ ਹੋਣ। ਪਰ ਜੇ ਵੇਖਾਂਗੇ ਤਾਂ ਹੀ ਪੂਰੇ ਕਰਨ ਲਈ ਉਹਨਾਂ ਦੇ ਪਿੱਛੇ ਭੱਜਾਂਗੇ....!''

ਉਸਦੇ ਬੋਲਾਂ ਨੇ ਮੇਰੇ ਮਨ 'ਤੇ ਡੂੰਘਾ ਅਸਰ ਕੀਤਾ। ਮੈਂ ਜਾਗਦੀ ਹੋਈ ਅੱਖਾਂ ਬੰਦ ਕਰ ਲੈਂਦੀ। ਸੁਪਨੇ ਵੇਖਣ ਦੀ ਕੋਸ਼ਿਸ਼ ਕਰਦੀ। ਹੌਲੀ-ਹੌਲੀ ਸੁਪਨਿਆਂ ਨਾਲ ਜਿਉਣਾ ਸਿੱਖ ਲਿਆ। ਮੈਂ ਸੁਪਨਿਆਂ ਦੀ ਸਲਤਨਤ ਦੀ ਸ਼ਹਿਜ਼ਾਦੀ ਬਣ ਗਈ।

ਠਾਹ....ਠਾਹ.....ਠਾਹ.....!! ਵਰ੍ਹਦੀਆਂ ਗੋਲੀਆਂ ਦਾ ਖੜਾਕ ਹੋਇਆ ਹੈ। ਮੈਂ ਖਿਆਲਾਂ ਵਿਚੋਂ ਬਾਹਰ ਆਈ ਹਾਂ। ਵੀਰੇ ਨੇ ਟੀ.ਵੀ. ਦੀ ਆਵਾਜ਼ ਉੱਚੀ ਕਰ ਦਿੱਤੀ। ਗੀਤ ਵਿਚ ਚੱਲੀਆਂ ਗੋਲੀਆਂ ਦੀ ਆਵਾਜ਼ ਨੇ ਚਿੱਠੀਆਂ ਯਾਦ ਕਰਾ ਦਿੱਤੀਆਂ ਹਨ। ਮੈਂ ਡਾਇਰੀ ਕੱਢਦਿਆਂ ਬਾਹਰ ਵੇਖਿਆ ਹੈ। ਮਾਂ ਰਸੋਈ ਵਿੱਚ ਸ਼ਾਮ ਦੀ ਚਾਹ ਬਣਾ ਰਹੀ ਹੈ। ਮੈਂ ਡਾਇਰੀ ਵਿਚੋਂ ਨਾਨਾ ਜੀ ਦੀ ਅਗਲੀ ਚਿੱਠੀ ਪੜ੍ਹਨ ਲੱਗੀ ਹਾਂ-

ਸੈਂਟਰਲ ਜੇਲ
ਜੂਨ 1986
ਲਿਖਤੁਮ ਸਰਦਾਰ ਪ੍ਰੀਤਮ ਸਿੰਘ,
ਅੱਗੇ ਮਿਲੇ ਸਰਦਾਰਨੀ ਦਲੇਰ ਕੌਰ ਜੀ,

ਦਲੇਰ ਕੁਰੇ ਹਾਲਾਤ ਅਜਿਹੇ ਹੋ ਗਏ ਹਨ ਕਿ ਹੁਣ ਤੈਨੂੰ ਬਹੁਤ ਸਾਰੇ ਫੈਸਲੇ ਲੈਣੇ ਪੈਣਗੇ। ਹਰ ਰੋਜ਼ ਸ਼ਹਿਰਾਂ ਅਤੇ ਪਿੰਡਾਂ ਵਿੱਚ ਮਾੜੀਆਂ ਵਾਰਦਾਤਾਂ ਹੋ ਰਹੀਆਂ ਹਨ। ਪਹਿਲਾਂ ਲੱਗਦਾ ਸੀ ਕਿ ਢਾਈ-ਤਿੰਨ ਸਾਲ ਦੀ ਸਜ਼ਾ ਤੋਂ ਬਾਅਦ ਝੂਠੇ ਕੇਸਾਂ ਤੋਂ ਛੁਟਕਾਰਾ ਮਿਲ ਜਾਵੇਗਾ। ਪਰ ਨਹੀਂ! ਅਜੇ ਸਾਡੇ ਬਰੀ ਹੋਣ ਦੇ ਦਿਨ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੇ।
ਇਸ ਲਈ ਹੁਣ ਜਿੰਮੇਂਵਾਰੀਆਂ ਨਿਭਾਉਣ ਦਾ ਸਮਾਂ ਆ ਗਿਆ। ਤੈਨੂੰ ਇਕੱਲਿਆਂ ਜੱਸ ਦਾ ਵਿਆਹ ਕਰਨਾ ਪੈਣਾ। ਚੰਗਾ ਵਰ-ਘਰ ਲੱਭ। ਬਹੁਤੇ ਜੰਜਾਲਾਂ 'ਚ ਨਾ ਪਈਂ। ਗਿਆਰਾਂ ਬੰਦੇ ਬਾਰਾਤ ਵਿੱਚ ਬੁਲਾ ਕੇ, ਕੁੜੀ ਨੂੰ ਹਿਫ਼ਾਜ਼ਤ ਨਾਲ ਤੋਰੀਂ। ਤੇਰਾ ਤੇ ਮੇਰਾ, ਦਿਨ-ਰਾਤ ਦਾ ਬੋਝ ਮਨ ਤੋਂ ਉੱਤਰ ਜਾਵੇਗਾ। ਮੈਨੂੰ ਯਕੀਨ ਹੈ, ਤੂੰ ਇਹ ਸਭ ਕੰਮ ਬੜੇ ਹੌਸਲੇ ਨਾਲ ਨਬੇੜ ਸਕਦੀ ਏਂ।
ਮੈਂ ਇਹ ਚਿੱਠੀ ਜੇਲ ਵਿਚੋਂ ਕਿਸੇ ਮੁਲਾਕਾਤੀ ਨੂੰ ਲਿਖ ਕੇ ਫੜਾ ਰਿਹਾ ਹਾਂ। ਪਰਿਵਾਰ ਦਾ ਧਿਆਨ ਰੱਖੀ। ਰੱਬ ਖ਼ੈਰ ਕਰੇ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਚਿੱਠੀ ਪੜ੍ਹ ਕੇ ਮੈਂ ਨਾਨੀ ਬਾਰੇ ਸੋਚਦੀ ਹਾਂ। ਉਹ ਸੱਚ-ਮੁੱਚ ਦਲੇਰ ਕੌਰ ਹੈ। ਕੋਈ ਬਹਾਦੁਰ ਔਰਤ ਹੀ ਇੰਨੀਆਂ ਮੁਸੀਬਤਾਂ ਦਾ ਸਾਹਮਣਾ ਕਰ ਸਕਦੀ ਹੈ। ਉਸਨੇ ਕਿੰਨੀਆਂ ਪ੍ਰੇਸ਼ਾਨੀਆਂ ਝੱਲ ਕੇ ਮਾਂ ਦਾ ਵਿਆਹ ਕੀਤਾ। ਮਰਦਾਂ ਵਾਲੇ ਕੰਮ ਕਰਨੇ ਆਪਣਾ ਫਰਜ਼ ਸਮਝ ਲਿਆ। ਰਾਤਾਂ ਨੂੰ ਸੀਰੀਆਂ ਨਾਲ ਜਾ ਕੇ ਖੇਤਾਂ ਵਿੱਚ ਕੰਮ ਕਰਾਉਣਾ। ਆੜਤੀਆਂ ਦਾ ਹਿਸਾਬ ਕਰਨਾ। ਸ਼ਰੀਕਾਂ ਤੋਂ ਜ਼ਮੀਨ ਨੂੰ ਬਚਾਉਣਾ। ਲੋਕ ਖਾੜਕੂਆਂ ਦੇ ਨਾਂ ਹੇਠ ਆਪਸੀ ਦੁਸ਼ਮਣੀਆਂ ਕੱਢਦੇ। ਉਸ ਨੇ ਪਰਿਵਾਰ ਨੂੰ ਖਰੋਚ ਨਹੀਂ ਆਉਣ ਦਿੱਤੀ। ਨਾਨਾ ਜੀ ਦੀਆਂ ਤਕਲੀਫ਼ਾਂ, ਮਾਂ ਦੀਆਂ ਸਮੱਸਿਆਵਾਂ, ਉਸਦੇ ਸਹੁਰੇ ਘਰ ਦੇ ਗਿਲੇ-ਸ਼ਿਕਵੇ, ਨਾਨੀ ਨੂੰ ਹੀ ਸੁਨਣੇ ਪੈਂਦੇ। ਅਗਲੀ ਚਿੱਠੀ ਮਾਂ ਦੇ ਨਾਨੀ ਨੂੰ ਲਿਖੇ ਸ਼ਿਕਵਿਆਂ ਨਾਲ ਭਰੀ ਹੈ-
ਕੰਡਿਆਲੀ
27/6/1987
ਸਤਿਕਾਰਯੋਗ ਬੀਜੀ,
ਸਤਿ ਸ੍ਰੀ ਅਕਾਲ।

ਮੈਂ ਇੱਥੇ ਠੀਕ ਠਾਕ ਹਾਂ। ਆਪ ਲਈ ਰੱਬ ਅੱਗੇ ਅਰਦਾਸ ਕਰਦੀ ਹਾਂ। ਅੱਗੇ ਸਮਾਚਾਰ ਇਹ ਹੈ ਕਿ ਬੀਜੀ ਮੈਂ ਤੁਹਾਡੇ ਹਰ ਫੈਸਲੇ ਨੂੰ ਸਲਾਮ ਕਰਦੀ ਹਾਂ। ਮੁਸੀਬਤਾਂ ਦਾ ਸਾਹਮਣਾ ਕਰਨ ਦੀ ਜੋ ਤਾਕਤ ਤੁਹਾਡੇ ਵਿੱਚ ਹੈ। ਉਹ ਮੇਰੇ ਅੰਦਰ ਕਦੇ ਨ੍ਹੀਂ ਆ ਸਕਦੀ। ਮੇਰੇ ਸਹੁਰੇ ਘਰ ਵਿੱਚ ਸਭ ਕੁਝ ਠੀਕ ਹੈ। ਪਰ ਤੁਹਾਡੇ ਜੁਆਈ ਦਾ ਸੁਭਾਅ ਮੇਰੀ ਸਮਝ ਵਿੱਚ ਨਹੀਂ ਆਉਂਦਾ। ਉਹ ਸਾਰਾ ਦਿਨ ਘਰ ਵਿੱਚ ਵਿਹਲੇ ਬੈਠੇ ਰਹਿੰਦੇ ਹਨ। ਅਖਬਾਰ-ਮੈਗਜ਼ੀਨ ਪੜ੍ਹ ਲਏ। ਸ਼ਾਮ ਨੂੰ ਸ਼ਹਿਰ ਦਾ ਚੱਕਰ ਲਾ ਆਏ। ਇਸ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ।

ਬੀਜੀ ਵਿਆਹ ਤੋਂ ਦੋ-ਚਾਰ ਮਹੀਨੇ ਬਾਅਦ ਤੱਕ, ਮੈਨੂੰ ਉਹਨਾਂ ਦਾ ਘਰ ਵਿਹਲੇ ਬੈਠੇ ਰਹਿਣਾ ਚੰਗਾ ਲੱਗਦਾ ਰਿਹਾ। ਪਰ ਹੁਣ ਉਹੀ ਵਿਹਲ ਖਾਣ ਨੂੰ ਆਉਂਦੀ ਹੈ। ਗ੍ਰਹਿਸਥੀ ਬੰਦੇ ਨੂੰ ਕੰਮ-ਕਾਰ ਕਰਨ ਦੀ ਆਦਤ ਹੋਣੀ ਚਾਹੀਦੀ ਹੈ। ਅਜੇ ਦਾਰ ਜੀ ਠੀਕ ਹਨ। ਉਹ ਖੇਤਾਂ ਵਿੱਚ ਜਾ ਕੇ ਕੰਮ ਧੰਦਾ ਵੇਖ ਲੈਂਦੇ ਹਨ। ਪਰ ਜਦੋਂ ਉਹਨਾਂ ਦਾ ਸਰੀਰ ਜਵਾਬ ਦੇ ਗਿਆ। ਉਦੋਂ ਕੀ ਹੋਵੇਗਾ ?

ਸਮਝ ਨਹੀਂ ਆਉਂਦੀ ਕਿ ਬੰਦਾ ਸਾਰਾ ਦਿਨ ਅਖਬਾਰਾਂ-ਮੈਗਜ਼ੀਨਾਂ ਨਾਲ ਕਿਵੇਂ ਲੰਘਾ ਸਕਦਾ ਹੈ। ਕੁਝ ਦਿਨਾਂ ਤੋਂ ਮੈਂ ਟੋਕਣਾ ਸ਼ੁਰੂ ਕਰ ਦਿੱਤਾ ਹੈ। ਕਿਹਾ ਕਿ ਤੁਸੀਂ ਖੇਤਾਂ ਵਿੱਚ ਜਾ ਕੇ ਗੇੜਾ ਮਾਰਿਆ ਕਰੋ। ਸੀਰੀਆਂ ਤੇ ਨੌਕਰਾਂ ਦੇ ਸਿਰ 'ਤੇ ਵਾਹੀਆਂ ਨਹੀਂ ਹੁੰਦੀਆਂ। ਜੱਟ ਦਾ ਧਰਮ ਹੈ, ਹੱਥੀਂ ਕਿਰਤ ਕਰਨਾ। ਪਰ ਬੀਜੀ ਮੇਰੀਆਂ ਗੱਲਾਂ ਉਹਨਾਂ ਨੂੰ ਬੁਰੀਆਂ ਲੱਗਦੀਆਂ ਹਨ। ਅੱਗੇ ਜਾ ਕੇ ਇਹੀ ਗੱਲਾਂ ਲੜਾਈ ਦਾ ਕਾਰਨ ਬਣ ਸਕਦੀਆਂ ਹਨ। ਇੱਜਤ ਵੀ ਹੱਥੀਂ ਕੰਮ ਕਰਨ ਵਾਲਿਆਂ ਦੀ ਹੁੰਦੀ ਹੈ। ਵਿਹਲੇ ਰਹਿਣਾ ਤਾਂ ਉਂਝ ਹੀ ਮਿਹਣਾ ਹੈ।
ਮੈਨੂੰ ਪਤਾ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਮਨ ਦੀ ਪੀੜ ਤੁਹਾਨੂੰ ਹੀ ਦੱਸਾਂਗੀ। ਬਾਕੀ ਸਭ ਠੀਕ ਹੈ। ਆਪਣਾ ਧਿਆਨ ਰੱਖਣਾ। ਪਿਤਾ ਜੀ ਦੀ ਕੋਈ ਖਬਰ ਆਵੇ ਤਾਂ ਜ਼ਰੂਰ ਦੱਸਣਾ।
ਤੁਹਾਡੀ ਬੇਟੀ,
ਜੱਸ।

ਮਾਂ ਦੀ ਚਿੱਠੀ ਪੜ੍ਹ ਕੇ ਮੈਨੂੰ ਬਚਪਨ ਦੇ ਦਿਨ ਯਾਦ ਆ ਗਏ । ਜਦੋਂ ਘੁੰਮਣਾਂ ਦੀ ਮਾਈ ਦੇ ਹੈਰਾਨੀ ਭਰੇ ਬੋਲ ਸਮਝ ਆਉਣ ਲੱਗੇ ਸਨ। ਮਾਂ ਤੇ ਪਾਪਾ ਦੀ ਖਿੱਚੋਤਾਣ ਦਾ ਪਤਾ ਲੱਗਣ ਲੱਗਾ। ਉਹਨਾਂ ਨੂੰ ਉੱਚੀ ਬੋਲਦੇ ਵੇਖ ਕੇ ਵੀਰਾ ਘਰੋਂ ਬਾਹਰ ਨਿਕਲ ਜਾਂਦਾ। ਹਨੇਰੇ ਤੱਕ ਘਰ ਨਾ ਮੁੜਦਾ। ਮਾਂ ਉੱਚੀ ਆਵਾਜ਼ ਵਿੱਚ ਪਾਪਾ ਨੂੰ ਬੋਲਦੀ। ਮੈਂ ਡਰ ਕੇ ਦਰਵਾਜ਼ੇ ਪਿੱਛੇ ਲੁਕ ਜਾਂਦੀ। ਪਾਪਾ ਜ਼ਿਆਦਾਤਰ ਚੁੱਪ ਰਹਿੰਦੇ। ਕਦੇ ਮੈਨੂੰ ਮਾਂ ਉਤੇ ਤਰਸ ਆਉਂਦਾ ਤੇ ਕਦੇ ਪਾਪਾ ਉਤੇ। ਮੈਂ ਦੋਹਾਂ ਨੂੰ ਪਿਆਰ ਕਰਦੀ ਸੀ।
ਇਸ ਲੜਾਈ ਦਾ ਮੂਲ ਕਾਰਨ ਬਾਪ-ਦਾਦਿਆਂ ਦੀ ਜ਼ਮੀਨ ਦਾ ਭੰਗ ਦੇ ਭਾੜੇ ਵਿਕਣਾ ਸੀ। ਦਾਦਾ-ਦਾਦੀ ਵਾਰੋ-ਵਾਰੀ ਦੁਨੀਆਂ ਤੋਂ ਚੱਲ ਵੱਸੇ। ਪਾਪਾ ਨੂੰ ਕਿਸੇ ਨਾਲ ਮੋਹ-ਤੇਹ ਨਹੀਂ ਸੀ। ਮਾਂ ਨੂੰ ਭਵਿੱਖ ਦੀ ਚਿੰਤਾ ਸਤਾਉਂਦੀ। ਉਸ ਦੇ ਬੱਚਿਆਂ ਦਾ ਭਵਿੱਖ ਰੇਤ ਵਾਂਗ ਹੱਥਾਂ ਵਿਚੋਂ ਫਿਸਲ ਰਿਹਾ ਸੀ।
ਤੇ ਫਿਰ ਇਕ ਦਿਨ............।

ਕਾਂਡ-4

ਮੇਰਾ ਧਿਆਨ ਘਰ ਵਿੱਚ ਵਾਪਰੀ ਉੁਸ ਘਟਨਾ ਵੱਲ ਚਲਾ ਗਿਆ ਹੈ। ਜਦੋਂ ਪਾਪਾ......!

ਘਟਨਾ ਦਾ ਖ਼ਿਆਲ ਆਉਂਦਿਆਂ ਹੀ ਹੱਥ ਵਿੱਚ ਫੜੀ ਡਾਇਰੀ ਹੇਠਾਂ ਡਿੱਗ ਪਈ। ਡਾਇਰੀ ਵਿਚੋਂ ਦੂਹਰਾ-ਤੀਹਰਾ ਹੋਇਆ ਕਾਗਜ਼ ਬਾਹਰ ਡਿੱਗਾ ਹੈ। ਮੈਂ ਉਸ ਨੂੰ ਖੋਹਲਣ ਲੱਗੀ ਹਾਂ। ਇਹ ਦਾਦੀ ਦੀ ਇਕ ਰਿਸ਼ਤੇਦਾਰ ਵੱਲੋਂ ਆਪਣੇ ਆਪ ਦੇ ਨਾਂ ਲਿਖੀ ਚਿੱਠੀ ਹੈ। ਇਸ ਵਿਚ ਦੁਖੀ ਮਨ ਦੀ ਵੇਦਨਾ ਲਿਖੀ ਹੈ। ਮਾਂ ਨੇ ਦੂਜਿਆਂ ਦੇ ਦੁੱਖ ਵੀ 'ਦਰਦ-ਵੰਡਾਉਂਦੀਆਂ ਚਿੱਠੀਆਂ' ਵਿੱਚ ਸ਼ਾਮਲ ਕਰ ਰੱਖੇ ਹਨ। ਉਸਦੇ ਦਰਦ ਦੀਆਂ ਚੀਕਾਂ ਸੁਣ ਮੇਰਾ ਮਨ ਡੋਲ ਰਿਹਾ ਹੈ। ਪਰ ਹੌਂਸਲਾ ਕਰਕੇ ਚਿੱਠੀ ਪੜ੍ਹਨ ਲੱਗੀ ਹਾਂ -
ਇਕ ਖਾਮੋਸ਼ ਮਾਂ,
ਖਾਮੋਸ਼ ਮਾਂ, ਖਾਮੋਸ਼ ਰਹੀ। ਅੱਖਾਂ ਸਾਹਮਣੇ ਸਭ ਕੁਝ ਲੁੱਟਦਾ ਵੇਖਦੀ ਰਹੀ। ਪਰ ਕੁੱਝ ਨਾ ਕਰ ਸਕੀ। ਕਿਉਂਕਿ ਲੁੱਟਣ ਵਾਲਾ ਕੋਈ ਹੋਰ ਨਹੀਂ ਉਸਦਾ ਆਪਣਾ ਪੁੱਤ ਸੀ। ਜਿਸ ਨੂੰ ਸੁੱਖਣਾ-ਸੁੱਖਕੇ ਲਿਆ ਸੀ। ਰੀਝਾਂ ਤੇ ਚਾਵਾਂ ਨਾਲ ਪਾਲਿਆ। ਕਹਿੰਦੇ ਜੈਸਾ ਦੁੱਧ ਵੈਸੀ ਬੁੱਧ। ਪਰ ਇਸ ਵਿੱਚ ਦੁੱਧ ਦਾ ਕੀ ਕਸੂਰ। ਚੰਗਾ ਇਨਸਾਨ ਤਾਂ ਉਹ ਖ਼ੁਦ ਨਹੀਂ ਬਣਿਆ।
ਲੋਕ ਪੁੱਤ ਦੇ ਮਾੜੀ ਸੰਗਤ ਵਿੱਚ ਫਸਣ ਦੀਆਂ ਸ਼ਿਕਾਇਤਾਂ ਲੈ ਕੇ ਆਉਂਦੇ। ਪਰ ਮਾਂ ਨੂੰ ਉਹਨਾਂ ਦੀਆਂ ਗੱਲਾਂ ਬੁਰੀਆਂ ਲੱਗਦੀਆਂ। ਅੱਖਾਂ ਬੰਦ ਕਰਕੇ ਪੁੱਤ 'ਤੇ ਯਕੀਨ ਕਰਦੀ। ਕਹਾਵਤ ਹੈ
'ਜੀਹਨੇ ਮਾਪਿਆਂ ਨੂੰ ਤਪਾਇਆ ਉਹਨੇ ਸੁੱਖ ਕਿਤੇ ਨਾ ਪਾਇਆ।' ਪਰ ਮਾਪੇ ਕਦੇ ਕੁਮਾਪੇ ਨਹੀਂ ਹੋ ਸਕਦੇ। ਉਹ ਹਮੇਸ਼ਾਂ ਬੱਚਿਆਂ ਦੀ ਸੁੱਖ ਮੰਗਦੇ ਹਨ। ਕਈ ਵਾਰ ਲੱਗਦਾ ਜੇ ਸਿਰ 'ਤੇ ਪਿਉ ਦਾ ਹੱਥ ਹੁੰਦਾ। ਉਹ ਇੰਝ ਨਾ ਕਰਦਾ। ਪਰ ਰੱਬ ਜੋ ਕਰਦਾ ਚੰਗਾ ਕਰਦਾ। ਪਿਉ ਇਹ ਦੁੱਖ ਵੇਖਣ ਤੋਂ ਬਚ ਗਿਆ।

ਮਜਬੂਰ ਮਾਂ ਹੌਕੇ ਭਰਦੀ ਹੈ। ਮੰਜੇ ਨਾਲ ਮੰਜਾ ਹੋਈ ਪਈ। ਬਸ ਸਵਾਸ ਗਿਣਦੀ ਰਹਿੰਦੀ ਹੈ। ਪਰ ਅੰਦਰੋਂ ਹਮੇਸ਼ਾਂ ਅਸੀਸਾਂ ਨਿਕਲਦੀਆਂ ਨੇ। ਪੁੱਤ ਸਿਆਣਾ ਹੋ ਜਾ। ਮਰੀ ਮਾਂ ਦੀ ਰੂਹ ਨੂੰ ਸ਼ਾਂਤੀ ਮਿਲ ਜਾਵੇਗੀ। ਜੇ ਨਾ ਸੁਧਰਿਆ ਤਾਂ ਮਾਂ ਦੀ ਰੂਹ ਤੜਫ਼ਦੀ ਰਹੇਗੀ। ਖਾਮੋਸ਼ ਰੂਹ ਵੇਖਦੀ ਰਹੇਗੀ। ਵੇਖਦੀ ਰਹੇਗੀ। ਵੇਖਦੀ ਹੀ ਰਹੇਗੀ।
ਉਡੀਕ ਵਿੱਚ,
ਤੇਰੀ ਮਾਂ।

ਚਿੱਠੀ ਪੜ੍ਹਦਿਆਂ ਮਾਂ ਦੇ ਡਰ ਨਜ਼ਰਾਂ ਅੱਗੇ ਝਲਕਣ ਲੱਗੇ। ਚਿੱਠੀ ਸੰਭਾਲਣ ਦੇ ਕਾਰਣ ਦਿੱਸਣ ਲੱਗੇ ਹਨ। ਵੀਰੇ ਦਾ ਉੱਗਰ ਸੁਭਾਅ। ਹਥਿਆਰਾਂ ਨਾਲ ਪਿਆਰ। ਲੋਕਾਂ ਦਾ ਆ ਕੇ ਦੱਸਣਾ। ਸਾਰੀਆਂ ਕੜੀਆਂ ਆਪਸ ਵਿੱਚ ਜੋੜਨ ਲੱਗੀ ਹਾਂ। ਮਾਂ ਦਾ ਡਰ ਸਹੀ ਨਜ਼ਰ ਆਉਣ ਲੱਗਾ ਹੈ। ਮੈਂ ਉਸਦਾ ਸਹਾਰਾ ਬਣਨਾ ਹੈ। ਜੀਵਨ ਸੰਘਰਸ਼ ਵਿੱਚ ਜਿੱਤ ਜਾਂ ਹਾਰ ਮੇਰਾ ਮਕਸਦ ਨਹੀਂ। ਬੱਸ ਕਰਮਾਂ ਦੀ ਗਤੀ ਤੇਜ਼ ਕਰਨੀ ਹੈ। ਮਨ ਨੂੰ ਤਸੱਲੀ ਦਿੰਦੀ ਹੋਈ ਸੋਚ ਰਹੀ ਹਾਂ।

ਸੋਚਾਂ ਵਿੱਚ ਹੀ ਡਾਇਰੀ ਦਾ ਅਗਲਾ ਪੰਨਾ ਖੋਹਲ ਲਿਆ ਹੈ। ਇਸ ਨੇ ਨਾਨਾ ਜੀ ਦਾ ਸੱਠ-ਪੈਂਹਠ ਸਾਲ ਪੁਰਾਣਾ ਸਫ਼ਰ ਯਾਦ ਕਰਵਾ ਦਿੱਤਾ ਹੈ। ਨਾਨੀ ਤੋਂ ਸੁਣੀਆਂ ਗੱਲਾਂ ਚਿੱਠੀ ਵਿੱਚ ਲਿਖੀਆਂ ਹਨ। ਚਿੱਠੀ ਪੜ੍ਹਦਿਆਂ ਮੁਸੀਬਤਾਂ ਨਾਲ ਲੜਨ ਦੀ ਤਾਕਤ ਵੱਧ ਰਹੀ ਹੈ। ਪੈਰਾਂ ਹੇਠ ਬਲਦੀ ਅੱਗ ਤੋਂ ਲੰਘਦਿਆਂ ਵੀ ਡਰ ਨਹੀਂ ਲੱਗਦਾ। ਨਾਨਾ ਜੀ ਦਾ ਜੀਵਨ ਮੈਨੂੰ ਅੱਗ 'ਤੇ ਦੌੜਨਾ ਸਿਖਾਉਂਦਾ ਹੈ। ਮੈਂ ਦਿਨ-ਰਾਤ ਅੱਗ 'ਤੇ ਚੱਲਣ ਦੇ ਸੁਪਨੇ ਵੇਖਣ ਲੱਗਦੀ ਹਾਂ। ਨਾਨਾ ਜੀ ਵੱਲੋਂ ਪਾਪਾ ਦੇ ਨਾਂ ਲਿਖੀ ਚਿੱਠੀ ਸਾਹਮਣੇ ਹੈ -
ਸੈਂਟਰਲ ਜੇਲ
ਜਨਵਰੀ 1988
ਲਿਖਤੁਮ ਸਰਦਾਰ ਪ੍ਰੀਤਮ ਸਿੰਘ,
ਅੱਗੇ ਮਿਲੇ ਫਰਜੰਦ ਅਮਰ ਸਿੰਘ ਜੀ।

ਪੁੱਤਰਾ! ਆਪਾਂ ਵਿਆਹ ਵਿੱਚ ਮਿਲ ਨਹੀਂ ਸਕੇ। ਜਦੋਂ ਤੂੰ ਮੁਲਾਕਾਤ ਕਰਨ ਆਇਆ। ਅਸੀਂ ਦੁਪਹਿਰ ਤੋਂ ਬਾਅਦ ਤਰੀਕ 'ਤੇ ਪਹੁੰਚੇ। ਮੁਲਾਕਾਤ ਦਾ ਸਮਾਂ ਨਾ ਮਿਲ ਸਕਿਆ। ਮੈਨੂੰ ਲੱਗਦਾ ਇਹਨਾਂ ਦੁਸ਼ਵਾਰੀਆਂ ਵਿੱਚ ਕਿਸੇ ਦਾ ਕਸੂਰ ਨਹੀਂ। ਮੁਸੀਬਤਾਂ ਖ਼ਾਲਸੇ ਦੇ ਜਨਮ ਨਾਲ ਹੀ ਸ਼ੁਰੂ ਹੋ ਜਾਂਦੀਆਂ ਹਨ। ਖ਼ਾਲਸੇ ਦਾ ਜਨਮ ਹੀ ਸਿਰ ਭੇਂਟ ਕਰਕੇ ਹੋਇਆ ਹੈ। ਪੂਰਾ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਪਿਆ। ਜਿੰਨੇ ਜ਼ੁਲਮ ਸਿੱਖਾਂ ਨੇ ਬੀਵੀ-ਬੱਚਿਆਂ ਸਮੇਤ ਸਹਾਰੇ ਹਨ। ਇੰਨੇ ਕਿਸੇ ਹੋਰ ਕੌਮ ਦੇ ਹਿੱਸੇ ਨਹੀਂ ਆਏ। ਇਹ ਕਿਹੜੇ ਮੋਰਚੇ ਵਿੱਚ ਅੱਗੇ ਨਹੀਂ ਆਏ। ਅੰਗਰੇਜ਼ਾਂ ਵਿਰੁੱਧ ਕੁਰਬਾਨੀਆਂ ਦੀਆਂ ਮਿਸਾਲਾਂ ਭਰੀਆਂ ਪਈਆਂ ਹਨ।

ਜਦੋਂ ਪਾਕਿਸਤਾਨ ਬਣਿਆ। ਉਹ ਤਸ਼ੱਦਦ ਅੱਜ ਵੀ ਮੂੰਹੋਂ ਬੋਲਦਾ। ਕਿਵੇਂ ਗਲੀਆਂ-ਮੁਹੱਲਿਆਂ ਵਿਚੋਂ ਲੱਭ-ਲੱਭ ਕੇ ਸਾਨੂੰ ਕਤਲ ਕੀਤਾ ਗਿਆ। ਧੀਆਂ-ਭੈਣਾਂ ਦੀਆਂ ਇੱਜਤਾਂ ਰੋਲੀਆਂ। ਸਾਡੀਆਂ ਬਹੂ-ਬੇਟੀਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਲਿਆ। ਕਿੰਨੇ ਹਿੰਦੂ-ਸਿੱਖ ਜ਼ੁਲਮਾਂ ਨੂੰ ਨਾ ਸਹਾਰਦੇ ਹੋਏ ਮੁਸਲਮਾਨ ਬਣਨ ਲਈ ਤਿਆਰ ਹੋ ਗਏ।

ਪੁੱਤਰਾਂ ਤੂੰ ਕਹੇਗਾ, ਪਿਤਾ ਜੀ ਗੱਲ ਨੂੰ ਕਿਥੋਂ-ਕਿੱਥੇ ਲੈ ਗਏ। ਜੇ ਅੱਜ ਗੱਲ ਛਿੜੀ ਹੈ, ਤਾਂ ਤੂੰ ਮੇਰੀ ਦਸਤਾਨ ਵੀ ਸੁਣ ਲੈ। ਮੇਰੇ ਬਾਪ ਹੋਰੀਂ ਪੰਜ ਭਰਾ ਸੀ। ਹਿੰਦੁਸਤਾਨ ਦੋ ਹੀ ਆਏ। ਦੋ ਦੰਗਿਆਂ 'ਚ ਮਾਰੇ ਗਏ। ਇੱਕ ਡਰਦਾ ਮੁਸਲਮਾਨ ਬਣ ਗਿਆ। ਸਾਡੇ ਕੋਲ ਮੁਰੱਬਿਆਂ ਦੇ ਮੁਰੱਬੇ ਜ਼ਮੀਨ ਸੀ। ਪਿੰਡਾਂ ਦੇ ਪਿੰਡ ਸਾਡੀ ਜਾਇਦਾਦ ਸਨ। ਚੁਬਾਰਿਆਂ ਵਾਲੇ ਸਰਦਾਰਾਂ ਦਾ ਘਰ ਵੱਜਦਾ ਸੀ। ਜਦੋਂ ਵੰਡ ਹੋਈ, ਮੇਰਾ ਬਾਪੂ ਪਰਿਵਾਰ ਨੂੰ ਲੈ ਕੇ ਅਟਾਰੀ ਆ ਗਿਆ। ਸੋਨੇ-ਚਾਂਦੀ ਦੀਆਂ ਭਰੀਆਂ ਗਾਗਰਾਂ ਪਿੱਛੇ ਛੁੱਟ ਗਈਆਂ। ਇੱਧਰ ਆ ਕੇ ਮੰਗ-ਮੰਗ ਪੇਟ ਭਰਨਾ ਪਿਆ। ਫਿਰ ਉਸਨੇ ਰੱਜ ਕੇ ਮਿਹਨਤ ਕੀਤੀ। ਪਿੰਡ ਵਿੱਚ ਸਭ ਤੋਂ ਵੱਡੇ ਅਲਾਟੀਏ ਦੇ ਨਾਂ ਨਾਲ ਮਸ਼ਹੂਰ ਹੋਇਆ। ਮੇਰਾ ਜਨਮ ਇੱਧਰ ਆ ਕੇ ਹੋਇਆ। ਵੱਡਾ ਹੋ ਕੇ ਮੈਂ ਵੀ ਬਾਪੂ ਦੇ ਮੋਢੇ ਨਾਲ ਮੋਢਾ ਜੋੜ ਰੱਜ ਕੇ ਮਿਹਨਤ ਕੀਤੀ।

ਪਰ ਇਹ ਦੰਗਾ-ਫ਼ਸਾਦ, ਖੂਨ-ਖਰਾਬਾ ਸਾਡੇ ਨਾਲ ਹੀ ਚੱਲਦਾ ਰਿਹਾ। ਪੀੜ੍ਹੀ-ਦਰ-ਪੀੜ੍ਹੀ। ਸਾਡੀਆਂ ਸਾਰੀਆਂ ਨਸਲਾਂ ਆਪਣੇ-ਆਪਣੇ ਹਿੱਸੇ ਦਾ ਦੁਖਾਂਤ ਝੱਲ ਰਹੀਆਂ ਹਨ। ਮਾਪੇ ਆਪਣੇ ਬੱਚਿਆਂ ਨੂੰ ਗਰਮ-ਹਵਾਵਾਂ ਤੋਂ ਵੀ ਬਚਾ-ਬਚਾ ਕੇ ਰੱਖਦੇ ਨੇ। ਉਹੀ ਬੱਚੇ ਅੱਖਾਂ ਸਾਹਮਣੇ ਝੱਟ ਕਤਲ ਹੋ ਜਾਂਦੇ ਹਨ। ਜਿਹੜੀ ਕੌਮ ਸਰਬੱਤ ਦੇ ਭਲੇ ਦੀ ਅਰਦਾਸ ਕਰਦੀ ਹੈ। ਹਰ ਮੁਸੀਬਤ ਵਿੱਚ ਪਹਾੜ ਬਣ ਖੜ੍ਹੀ ਹੋ ਜਾਂਦੀ ਹੈ। ਮਾਨਵਤਾ ਦੀ ਸੇਵਾ ਨੂੰ ਪਰਮ-ਧਰਮ ਸਮਝਦੀ ਹੈ। ਹਰ ਵਾਰ ਗੁਨਾਹਗਾਰ ਬਣਾ ਕੇ ਖੜ੍ਹੀ ਕਰ ਦਿੱਤੀ ਜਾਂਦੀ ਹੈ। ਇਸ ਦੁਖਾਂਤ ਤੋਂ ਸਾਨੂੰ ਪਤਾ ਨਹੀਂ ਕਦੋ ਛੁਟਕਾਰਾ ਮਿਲਣਾ। ਰੱਬ ਨੂੰ ਜੋ ਮਨਜੂਰ ਉਹ ਝੱਲਦੇ ਰਹਾਂਗੇ।

ਪੁੱਤਰਾ ਹੁਣ ਲਿਖਣਾ ਬੰਦ ਕਰਦਾ ਹਾਂ। ਜੱਸ ਦਾ ਧਿਆਨ ਰੱਖੀਂ। ਰੱਬ ਤੁਹਾਨੂੰ ਘਰ-ਪਰਿਵਾਰ ਦੀਆਂ ਜਿੰਮੇਵਾਰੀਆਂ ਨਿਭਾਉਣ ਦੀ ਸੁਮੱਤ ਬਖਸ਼ੇ। ਦਾਤਾ ਮਿਹਰ ਕਰੇ।
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ,
ਸ੍ਰੀ ਵਾਹਿਗੁਰੂ ਜੀ ਕੀ ਫਤਿਹ।

ਮਾਂ ਵੀ ਸਾਨੂੰ ਲੋਕਾਂ ਦੀ ਨਜ਼ਰ ਤੋਂ ਬਚਾ-ਬਚਾ ਕੇ ਰੱਖਦੀ ਹੈ। ਉਸ ਦੇ ਅੰਦਰ ਉੱਠਦੇ ਤੂਫ਼ਾਨ ਉਸ ਨੂੰ ਟਿਕਣ ਨਹੀਂ ਦਿੰਦੇ। ਤੂਫ਼ਾਨ ਤਾਂ ਵੀਰੇ ਅੰਦਰ ਵੀ ਹੈ। ਵੀਰਾ ਭਾਵੇਂ ਸਾਨੂੰ ਕੁਝ ਨਹੀਂ ਦੱਸਦਾ। ਕਿਉਂਕਿ ਉਹ ਸਾਨੂੰ ਪਿਆਰ ਕਰਦਾ। ਉਸ ਦੇ ਅੰਦਰ ਕੋਈ ਨਰਾਜ਼ਗੀ ਹੈ। ਪਰ ਉਹ ਨਰਾਜ਼ਗੀ ਕਿਸ ਨਾਲ ਹੈ ? ਹਾਲਾਤਾਂ ਨਾਲ......! ਹਾਲਾਤਾਂ ਨਾਲ ਤਾਂ ਪਾਪਾ ਵੀ ਨਰਾਜ਼ ਹੋਏ ਸੀ। ਕਿਤੇ ਵੀਰਾ ਵੀ ਪਾਪਾ ਵਾਂਗ.....! ਨਹੀਂ...ਨਹੀਂ! ਮੈਂ ਹੁਣ ਅਜਿਹਾ ਕੁਝ ਨਹੀਂ ਹੋਣ ਦੇਵਾਂਗੀ। ਮਾਂ ਹੋਰ ਸੰਤਾਪ ਨਹੀਂ ਝੱਲੇਗੀ। ਵੀਰੇ ਦੇ ਸੁਪਨਿਆਂ ਦੀ ਪਛਾਣ ਮੈਂ ਕਰਾਂਗੀ। ਉਸ ਦੇ ਸੁਪਨਿਆਂ ਦੀ ਉਡਾਨ ਵਿੱਚ ਮੈਂ ਮਾਂ ਦਾ ਸਾਥ ਦੇਵਾਂਗੀ।
ਸੋਚਦੀ ਨੇ ਚਿਹਰਾ ਉੱਪਰ ਚੁੱਕਿਆ ਹੈ। ਮਾਂ ਚਾਹ ਦਾ ਕੱਪ ਲੈ ਕੇ ਅੰਦਰ ਆ ਰਹੀ ਹੈ। ਮੈਂ ਜਲਦੀ ਨਾਲ ਡਾਇਰੀ ਢੋਅ ਵਾਲੇ ਖਾਨੇ ਵਿੱਚ ਲੁਕਾ ਦਿੱਤੀ ਹੈ।
ਮਾਂ ਦੇ ਦਰਦਾਂ ਨੂੰ ਉਸ ਤੋਂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਹਾਂ.....!

ਕਾਂਡ-5

''ਕਰਮ ਆਹ ਵੇਖ!! ਤੈਨੂੰ ਕੁਝ ਵਿਖਾਵਾਂ!'' ਮਾਂ ਕਾਹਲੀ ਨਾਲ ਬੋਲੀ ਹੈ

ਮੈਂ ਟੀ.ਵੀ. ਵੇਖਦਿਆਂ ਪਿੱਛੇ ਮੁੜ ਕੇ ਵੇਖਿਆ। ਉਹ ਹੱਥ ਵਿੱਚ ਫੜਿਆ ਮੈਗਜ਼ੀਨ ਮੇਰੇ ਵੱਲ ਵਧਾ ਕੇ ਇਸ਼ਾਰਾ ਕਰ ਰਹੀ ਹੈ, ''ਆਹ ਜਿਹੜੀ ਡਾਕਟਰ ਦੀ ਇੰਟਰਵਿਊ ਛਪੀ ਐ। ਇਹ ਹੋਸਟਲ ਵਿੱਚ ਮੇਰੇ ਕਮਰੇ ਵਿੱਚ ਰਹਿੰਦੀ ਸੀ। ਮੇਰੀ ਸਹੇਲੀ ਮਨਜੀਤ! ਵੇਖ! ਅੱਜ ਇਹ ਪੜ੍ਹ ਕੇ ਡਾਕਟਰ ਬਣ ਚੁੱਕੀ ਐ...!''

ਮੈਂ ਟੀ.ਵੀ. ਤੋਂ ਨਜ਼ਰ ਹਟਾ ਮਾਂ ਵੱਲ ਵੇਖਿਆ। ਉਸ ਦਾ ਸੋਚਾਂ ਨਾਲ ਭਰਿਆ ਰਹਿਣ ਵਾਲਾ ਚਿਹਰਾ ਕਿੰਨਾ ਖੁਸ਼ ਹੈ। ਉਹ ਕਿੰਨੇ ਧਿਆਨ ਨਾਲ ਪੜ੍ਹ ਰਹੀ ਹੈ। ਜਿਵੇਂ ਆਪਣਾ ਗੁਆਚਿਆ ਅਤੀਤ ਲੱਭ ਰਹੀ ਹੋਵੇ। ਮੇਰੀਆਂ ਅੱਖਾਂ ਡਾਕਟਰ ਮਨਜੀਤ ਦੀ ਛਪੀ ਇੰਟਰਵਿਊ ਵੇਖ ਰਹੀਆਂ ਹਨ। ਮਨ ਅੰਦਰ ਮਾਂ ਦੇ ਚਕਨਾ- ਚੂਰ ਹੋਏ ਸੁਪਨਿਆਂ ਦੀ ਰੀਲ੍ਹ ਘੁੰਮ ਰਹੀ ਹੈ
ਨਾਨੀ ਮੈਨੂੰ ਉਸ ਦੀ ਹਰ ਗੱਲ ਦੱਸ ਦਿੰਦੀ ਹੈ। ਖਾੜਕੂਵਾਦ ਸਮੇਂ ਨਾਨਾ ਜੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਮਾਂ ਪੜ੍ਹਾਈ ਛੱਡ ਕੇ ਘਰ ਆ ਗਈ। ਉਸ ਨੂੰ ਹਰ ਰੋਜ਼ ਇਕ ਹੀ ਸੁਪਨਾ ਦਿਸਦਾ.....

ਹੋਸਟਲ ਵਿੱਚ ਸਾਰੀਆਂ ਕੁੜੀਆਂ ਬਹੁਤ ਖੁਸ਼ ਹਨ। ਅਗਲੇ ਦਿਨ ਇਮਤਿਹਾਨ ਸ਼ੁਰੂ ਹੋਣੇ ਹਨ। ਉਹ ਕੱਪੜੇ ਤਿਆਰ ਕਰਕੇ ਅਲਮਾਰੀ ਵਿੱਚ ਰੱਖਦੀ ਹੈ। ਇਮਤਿਹਾਨ ਕਰਨ ਵਾਲਾ ਸਮਾਨ ਇਕੱਠਾ ਕਰਕੇ ਰੱਖਿਆ। ਸਾਰੀ ਰਾਤ ਜਾਗਦੀ ਰਹੀ। ਸਵੇਰੇ ਪੇਪਰ ਦੇ ਸਮੇਂ ਸੁੱਤੀ ਹੀ ਨਹੀਂ ਉੱਠੀ। ਜਦੋਂ ਜਾਗ ਆਈ। ਸਾਰੇ ਕੱਪੜੇ ਗੰਦੇ ਪਏ। ਸਮਾਨ ਵੀ ਆਪਣੀ ਜਗ੍ਹਾ 'ਤੇ ਨਹੀਂ। ਦੌੜ ਕੇ ਇਮਤਿਹਾਨ ਵਾਲੀ ਥਾਂ ਪਹੁੰਚਣ ਦੀ ਕੋਸ਼ਿਸ਼। ਪਰ ਜਿੰਨਾਂ ਅੱਗੇ ਜਾਂਦੀ। ਉਨਾਂ ਹੀ ਪਿੱਛੇ ਧੱਕੀ ਜਾਂਦੀ। ਇਮਤਿਹਾਨ ਖਤਮ ਹੋ ਗਿਆ। ਪਰ ਰਸਤਾ ਖਤਮ ਨਹੀਂ ਹੋਇਆ!

ਮਾਂ ਦੇ ਸੁਪਨੇ ਮੈਨੂੰ ਉਦਾਸ ਕਰ ਦਿੰਦੇ ਹਨ। ਉਸ ਦੀਆਂ ਇਛਾਵਾਂ ਉਸ ਨੂੰ ਅੱਗੇ ਵਧਣ ਲਈ ਧੱਕਦੀਆਂ ਰਹੀਆਂ। ਪਰ ਡਰ ਅਤੇ ਵਹਿਮ ਨੇ ਪਿੱਛੇ ਧੱਕੀ ਰੱਖਿਆ। ਸੋਚਾਂ ਨੇ ਮੈਨੂੰ ਥਕਾ ਦਿੱਤਾ ਹੈ। ਧਿਆਨ ਇੰਟਰਵਿਊ ਪੜ੍ਹਨ ਵਿੱਚ ਨਹੀਂ ਲੱਗ ਰਿਹਾ। ਮੇਰੀ ਚੇਤਨਾ ਮੈਨੂੰ ਉਸ ਅਤੀਤ ਵੱਲ ਲਿਜਾ ਰਹੀ ਹੈ, ਜਦੋਂ ਮੇਰੇ ਵੀ ਸਾਰੇ ਸੁਪਨੇ ਦਾਅ 'ਤੇ ਲੱਗ ਗਏ ਸਨ।

ਅਤੀਤ ਵਿਚ ਡੁੱਬੀ ਮੈਂ ਵੇਖ ਰਹੀ ਹਾਂ। ਬਾਰਵੀਂ ਜਮਾਤ ਦੇ ਪੇਪਰ ਹੋ ਰਹੇ ਹਨ। ਮੈਨੂੰ ਆਪਣੇ ਭਵਿੱਖ ਦੀ ਚਿੰਤਾ ਹੈ। ਇੱਕ ਡਰਾਉਣਾ ਸੁਪਨਾ ਅੱਖਾਂ ਅੱਗੇ ਘੁੰਮਦਾ ਰਹਿੰਦਾ ਹੈ.... ਕਿਤਾਬਾਂ ਦੀ ਭਰੀ ਵੱਡੀ ਲਾਇਬ੍ਰੇਰੀ। ਮੂੰਹੋਂ ਬੋਲਦੀਆਂ ਕਿਤਾਬਾਂ। ਰੰਗ-ਬਰੰਗੀਆਂ ਜਿਲਦਾਂ। ਸੁਹਣੇ-ਸੁਹਣੇ ਟਾਈਟਲ। ਮੈਨੂੰ ਆਪਣੇ ਕੋਲ ਬੁਲਾ ਰਹੀਆਂ ਕਿਤਾਬਾਂ। ਮੇਰੇ ਵੱਲ ਵੇਖ ਮੁਸਕਰਾਉਂਦੀਆਂ। ਮੇਰੀ ਉਂਗਲ ਫੜ ਰਹੀਆਂ। ਮੈਂ ਨੇੜੇ ਜਾਣ ਤੋਂ ਡਰਦੀ ਹਾਂ। ਕਿਤੇ ਨੇੜੇ ਜਾਣ 'ਤੇ ਉਹ ਦੂਰ ਨਾ ਭੱਜ ਜਾਣ। ਹੌਸਲਾ ਕਰਕੇ ਅੱਗੇ ਵਧਣਾ। ਅਲਮਾਰੀ ਨੂੰ ਹੱਥ ਪਾਉਣਾ। ਅਲਮਾਰੀ ਦਾ ਹੇਠਾਂ ਡਿੱਗ ਪੈਣਾ। ਹੌਲੀ-ਹੌਲੀ ਸਾਰੀਆਂ ਅਲਮਾਰੀਆਂ ਮੂਧੀਆਂ ਹੋ ਜਾਣੀਆਂ। ਮੇਰਾ ਹੇਠਾਂ ਦੱਬ ਜਾਣਾ। ਸਾਹ ਘੁੱਟ ਜਾਣਾ। ਮੇਰੀ ਪੜ੍ਹਨ ਦੀ ਇੱਛਾ.....!

ਮੈਂ ਇਸ ਡਰ ਤੋਂ ਖਹਿੜਾ ਛੁਡਾਉਣ ਲਈ ਕੋਈ ਹੱਲ ਲੱਭਣ ਲੱਗੀ ਹਾਂ। ਸ਼ਹਿਰ ਦੇ ਮਸ਼ਹੂਰ ਪੰਡਿਤ ਦੀਨਾ ਠਾਕੁਰ ਦਾ ਖਿਆਲ ਆਇਆ ਹੈ। ਉਸ ਕੋਲ ਮੈਂ ਪਹਿਲੀ ਵਾਰ ਨੂਪੁਰ ਅਤੇ ਉਸਦੇ ਮੰਮਾ-ਪਾਪਾ ਨਾਲ ਗਈ ਸੀ। ਸਾਡਾ ਦਸਵੀਂ ਜਮਾਤ ਦਾ ਆਖਰੀ ਪੇਪਰ ਸੀ। ਅਸੀਂ ਪੰਡਿਤ ਕੋਲ ਗਏ। ਉਹ ਨੂਪੁਰ ਦਾ ਹੱਥ ਵੇਖ ਕੇ ਬਹੁਤ ਖੁਸ਼ ਹੋਇਆ। ਉਸਨੇ ਦੱਸਿਆ ਕਿ ਉਹ ਪੜ੍ਹ ਲਿਖ ਕੇ ਉੱਚੇ ਅਹੁੱਦੇ 'ਤੇ ਪਹੁੰਚੇਗੀ। ਸਹੁਰੇ ਘਰ ਵਿੱਚ ਰਾਣੀਆਂ ਵਰਗੇ ਸੁੱਖ ਮਿਲਣਗੇ। ਉਸ ਦੀ ਕਿਸਮਤ ਰੇਖਾ ਵਿੱਚ ਦੁਨੀਆਂ ਦੀ ਸੈਰ ਲਿਖੀ ਹੈ। ਆਂਟੀ-ਅੰਕਲ ਸੁਣ ਕੇ ਬਹੁਤ ਖੁਸ਼ ਹੋਏ। ਪੰਡਿਤ ਦੀ ਗੱਲ ਸੁਣ ਮੈਂ ਨੂਪੁਰ ਦੇ ਸੁਪਨੇ ਬਾਰੇ ਸੋਚਣ ਲੱਗੀ। ਅਸੀਂ ਬਚਪਨ ਵਿਚ ਰਲ ਕੇ ਖੇਡਦੀਆਂ। ਉਹ ਖੇਡ-ਖੇਡ ਵਿੱਚ ਜੱਜ ਬਣ ਜਾਂਦੀ। ਮੈਂ ਵਕੀਲ ਦੇ ਭੇਸ ਵਿੱਚ ਕੋਲ ਖੜ੍ਹ ਜਾਂਦੀ। ਉਹ ਕੁਰਸੀ ਉਤੇ ਬੈਠੀ ਮੇਜ਼ 'ਤੇ ਹਥੋੜਾ ਮਾਰ ਕੇ ਬੋਲਦੀ, ''ਆਰਡਰ....ਆਰਡਰ.....!''
ਫਿਰ ਗੁਨਾਹਗਾਰਾਂ ਨੂੰ ਸਜ਼ਾ ਦੇ ਕੇ ਬਹੁਤ ਖੁਸ਼ ਹੁੰਦੀ।
''ਪਤਾ ਨਹੀਂ ਇਹਨਾਂ ਲਕੀਰਾਂ ਵਿੱਚ ਕੀ ਲਿਖਿਆ ਹੈ....?'' ਮੈਂ ਕੋਲ ਬੈਠੀ ਆਪਣੇ ਹੱਥਾਂ ਨੂੰ ਛੂਹ ਕੇ ਸੋਚ ਰਹੀ ਸੀ

ਦੋ ਸਾਲ ਬਾਅਦ ਪੰਡਿਤ ਕੋਲ ਜਾਣ ਦਾ ਫੈਸਲਾ ਕਰ ਲਿਆ ਹੈ। ਅਖੀਰਲਾ ਪ੍ਰੈਕਟੀਕਲ ਹੈ। ਮੇਰਾ ਧਿਆਨ ਪੰਡਿਤ ਦੁਆਲੇ ਘੁੰਮ ਰਿਹਾ ਹੈ। ਜਿਥੇ ਮੇਰੀਆਂ ਸਮੱਸਿਆਵਾਂ ਦੇ ਹੱਲ ਮਿਲਣੇ ਹਨ। ਉਸ ਕੋਲ ਜਾਣ ਦੀਆਂ ਵਿਉਂਤਾਂ ਘੜ ਰਹੀ ਹਾਂ। ਮੈਂ ਪ੍ਰੈਕਟੀਕਲ ਤੋਂ ਬਾਅਦ ਬਾਜ਼ਾਰ ਜਾਣ ਦਾ ਬਹਾਨਾ ਲਾ ਸਕੂਲ ਤੋਂ ਬਾਹਰ ਆ ਗਈ ਹਾਂ। ਮੇਨ ਰੋਡ 'ਤੇ ਤੁਰੀ ਜਾ ਰਹੀ ਹਾਂ।
ਸਾਹਮਣੇ ਵੱਡਾ ਬੋਰਡ ਦਿਸ ਰਿਹਾ ਹੈ। ਉਸ 'ਤੇ ਲਿਖਿਆ ਹੈ-ਹਰ ਸਮੱਸਿਆ ਕਾ ਸਮਾਧਾਨ, ਪੰਡਿਤ ਦੀਨਾ ਠਾਕੁਰ ਕੇ ਪਾਸ।
ਮੈਂ ਦੁਕਾਨ ਦੇ ਨੇੜੇ ਜਾ ਕੇ ਰੁਕ ਗਈ ਹਾਂ। ਮਨ ਡਰ ਗਿਆ ਹੈ। ਕਿਤੇ ਕੋਈ ਵੇਖ ਨਾ ਲਵੇ। ਫਿਰ ਡਰਦੀ ਨੇ ਸਾਰੇ ਪਾਸੇ ਨਿਗਾਹ ਘੁੰਮਾਈ ਹੈ।
''ਇਥੇ ਮੇਰੀ ਜਾਣ-ਪਛਾਣ ਦਾ ਕੋਈ ਨਹੀਂ।'' ਆਪਣੇ ਆਪ ਨੂੰ ਤਸੱਲੀ ਦੇ ਚੋਰ ਨਜ਼ਰਾਂ ਨਾਲ ਵੇਖ ਕੇ ਅੰਦਰ ਵੜ ਗਈ ਹਾਂ

ਕਮਰੇ ਵਿੱਚ ਚਾਰ ਪੰਜ ਮਰਦ-ਔਰਤਾਂ ਬੈਠੇ ਹਨ। ਮੈਂ ਕੁਰਸੀ 'ਤੇ ਬੈਠ ਗਈ ਹਾਂ। ਦੁਕਾਨ ਵਿੱਚ ਚਾਰ-ਚੁਫੇਰੇ ਨਜ਼ਰ ਘੁੰਮਾਈ। ਰੰਗ-ਬਿਰੰਗੇ ਨਗ ਅਤੇ ਮੋਤੀ ਕੌਲੀਆਂ ਵਿੱਚ ਸਜਾ ਕੇ ਰੱਖੇ ਹਨ। ਅਲਮਾਰੀ ਵਿੱਚ ਧਾਰਮਿਕ ਅਤੇ ਜੋਤਿਸ਼ ਵਿੱਦਿਆ ਨਾਲ ਸਬੰਧਤ ਕਿਤਾਬਾਂ ਹਨ। ਮੈਂ ਕਦੇ ਪੰਡਿਤ ਨੂੰ ਅਤੇ ਕਦੇ ਉਸਦੇ ਕੰਪਿਊਟਰ ਵਿਚੋਂ ਜਨਮ-ਕੁੰਡਲੀ ਕੱਢਣ ਦੇ ਹੁਨਰ ਨੂੰ ਵੇਖ ਰਹੀ ਹਾਂ।

ਅਖੀਰ ਵਿਚ ਮੇਰੀ ਵਾਰੀ ਆਈ ਹੈ। ਉਹ ਕਾਫ਼ੀ ਦੇਰ ਹੱਥ ਵੇਖਦੇ ਰਹਿਣ ਤੋਂ ਬਾਅਦ ਬੋਲਿਆ ਹੈ, ''ਭਾਈ ਤੇਰੇ ਤਾਂ ਸਾਰੇ ਗ੍ਰਹਿ ਉਲਟ ਚੱਲ ਰਹੇ ਨੇ! ਆਹ! ਤੂੰ ਆਪ ਈ ਵੇਖ ਲੈ! ਤੈਨੂੰ ਤਾਂ ਕਾਲ ਸਰਪ ਦੋਸ਼ ਲੱਗਿਆ। ਮੰਗਲੀਕ ਤੂੰਂ ਏਂ। ਚੰਡਾਲ ਦੋਸ਼ ਤੈਨੂੰ ਲੱਗਾ। ਵਿੱਦਿਆ ਦੀ ਰੇਖਾ ਤੇਰੀ ਟੁੱਟ ਚੁੱਕੀ। ਕਿਸਮਤ ਰੇਖਾ ਤੇਰੀ ਖਰਾਬ....।''

ਵਿੱਦਿਆ ਰੇਖਾ ਦੇ ਟੁੱਟਣ ਦੀ ਗੱਲ ਸੁਣ ਮੇਰਾ ਧਿਆਨ ਮਾਂ ਦੇ ਸੁਪਨੇ ਵੱਲ ਘੁੰਮ ਗਿਆ ਹੈ। ਉਸ ਨੂੰ ਵੀ ਸੁਪਨਾ ਆਇਆ ਸੀ ਕਿ ਮੈਂ ਤੇ ਨੂਪੁਰ ਇੱਕ ਕਮਰੇ ਵਿਚੋਂ ਵਾਰੀ-ਵਾਰੀ ਕਿਤਾਬਾਂ ਚੁੱਕਣ ਜਾਂਦੀਆਂ ਹਾਂ। ਨੂਪੁਰ ਦੇ ਅੰਦਰ ਜਾਣ 'ਤੇ ਕਮਰਾ ਸਫ਼ੈਦ ਰੌਸ਼ਨੀ ਨਾਲ ਜਗਮਗਾ ਉਠਿਆ। ਜਦੋਂ ਮੈਂ ਕਿਤਾਬਾਂ ਨੂੰ ਹੱਥ ਪਾਇਆ ਤਾਂ ਹਨ੍ਹੇਰਾ ਹੀ ਹਨ੍ਹੇਰਾ ਛਾ ਗਿਆ। ਮੈਂ ਸੋਚ ਕੇ ਡਰ ਗਈ ਹਾਂ। ਮੇਰੀ ਪੜ੍ਹਾਈ 'ਤੇ ਸੱਚ ਮੁੱਚ ਖ਼ਤਰਾ ਮੰਡਰਾ ਰਿਹਾ ਹੈ।

ਪੰਡਿਤ ਨੇ ਮੇਰਾ ਹੱਥ ਛੱਡ ਦਿੱਤਾ ਹੈ। ਮੈਂ ਸੋਚਾਂ ਵਿਚੋਂ ਬਾਹਰ ਨਿੱਕਲ ਕੇ ਕਾਹਲੀ ਨਾਲ ਬੋਲੀ ਹਾਂ, ''ਫਿਰ ਮੈਂ ਕੀ ਕਰਾਂ ਪੰਡਿਤ ਜੀ....?''
ਇੰਨੇ ਦੋਸ਼ਾਂ ਬਾਰੇ ਸੁਣ ਕੇ ਦਿਲ ਘਬਰਾਉਣ ਲੱਗਾ ਹੈ। ਹੁਣ ਕੁਝ ਨਹੀਂ ਹੋ ਸਕਦਾ। ਇਹ ਦੋਸ਼ ਹੱਥਾਂ ਦੀਆਂ ਲਕੀਰਾਂ ਵਿੱਚ ਪੱਕੇ ਛਪ ਗਏ ਹਨ। ਇਸ ਦਾ ਅਰਥ ਹੈ ਮੈਂ ਆਪਣੇ ਆਪ ਨੂੰ ਕਿਸਮਤ ਤੇ ਸਹਾਰੇ ਛੱਡ ਦੇਵਾਂ। ਬਿਨ੍ਹਾਂ ਅੱਗੇ ਵੇਖੇ। ਜਿਹੋ ਜਿਹੀ ਜ਼ਿੰਦਗੀ ਮਿਲਦੀ ਹੈ। ਬਤੀਤ ਕਰੀਂ ਜਾਵਾਂ।
ਇਸੇ ਉਧੇੜ-ਬੁਣ ਵਿੱਚ ਪੰਡਿਤ ਨੂੰ ਸਵਾਲ ਕੀਤਾ ਹੈ, ''ਪੰਡਿਤ ਜੀ ਇਸ ਦਾ ਕੋਈ ਇਲਾਜ਼, ਕੋਈ ਉਪਾਅ ਹੋ ਸਕਦਾ....?''

ਪੰਡਿਤ ਨੇ ਅੱਖਾਂ 'ਤੇ ਲੱਗੀ ਐਨਕ ਉਂਗਲ ਨਾਲ ਨੱਕ ਵੱਲ ਖਿਸਕਾਈ ਹੈ। ਅੱਖਾਂ ਉੱਪਰ ਚੁੱਕ ਮੇਰੇ ਵੱਲ ਵੇਖਦੇ ਹੋਏ ਕਿਹਾ ਹੈ, ''ਦੇਖ ਭਾਈ। ਸਾਰੇ ਦੋਸ਼ ਬੜੇ ਵੱਡੇ ਨੇ। ਜੇ ਇਹਨਾਂ ਦੇ ਕਰੜੇ ਪ੍ਰਭਾਵ ਨੂੰ ਘੱਟ ਕਰਾਉਣਾ ਤਾਂ ਕੁਝ ਉਪਾਅ ਲਿਖ ਦਿੰਦਾ ਹਾਂ। ਇਹ ਪ੍ਰਭਾਵ ਖਤਮ ਨਹੀਂ ਹੋਣਗੇ! ਘੱਟ ਜ਼ਰੂਰ ਹੋ ਜਾਣਗੇ।

ਮੇਰੇ ਮਨ ਵਿੱਚ ਡਰਾਉਣੇ ਖਿਆਲ ਆਉਣ ਲੱਗੇ ਹਨ। ਡਰਾਉਣੀਆਂ ਚੀਜ਼ਾਂ ਦਾ ਝੁੰਡ ਮੇਰੇ ਨਾਲ ਬੈਠਾ ਮਹਿਸੂਸ ਹੋਣ ਲੱਗਾ ਹੈ। ਇਹਨਾਂ ਤੋਂ ਕਿਵੇਂ ਪਿੱਛਾ ਛੁਡਾਵਾਂ? ਡਰਦੀ ਨੇ ਕਾਹਲੀ ਨਾਲ ਪੁੱਛਿਆ ਹੈ, ''ਪੰਡਿਤ ਜੀ ਕਿਹੜੇ ਉਪਾਅ....?''
''ਪੂਰੇ ਹਫ਼ਤੇ ਦੇ ਉਪਾਅ। ਕਈ ਮਹੀਨੇ ਹਰ ਰੋਜ਼ ਪੁੰਨ-ਦਾਨ ਕਰਨੇ ਪੈਣਗੇ।'' ਪੰਡਿਤ ਕਾਗਜ਼ 'ਤੇ ਲਿਖਦਿਆਂ ਸਮਝਾਉਣ ਲੱਗਾ ਹੈ
ਦਾਨ-ਪੁੰਨ ਦੇ ਖਰਚਿਆਂ ਨੇ ਮੈਨੂੰ ਡਰਾ ਦਿੱਤਾ ਹੈ। ਮੈਂ ਅੰਦਰ ਰੋਕਿਆ ਸਾਹ ਬਾਹਰ ਕੱਢਿਆ ਹੈ। ਫੀਸ ਦਾ ਦੋ ਸੌ ਰੁਪਇਆ ਦੇ ਦੁਕਾਨ ਤੋਂ ਬਾਹਰ ਆ ਗਈ ਹਾਂ।

ਮੇਰੇ ਅੰਦਰ ਪੰਡਿਤ ਦੀਆਂ ਗੱਲਾਂ ਦੀ ਸੱਚਾਈ ਦੇ ਹੱਲ ਲੱਭਣ ਦੀ ਕਾਹਲ ਪੈਦਾ ਹੋ ਗਈ ਹੈ। ਮੈਨੂੰ ਨੂਪੁਰ ਦਾ ਮੋਬਾਈਲ ਫ਼ੋਨ ਯਾਦ ਆ ਗਿਆ ਹੈ। ਜਿਹੜਾ ਦਸਵੀਂ ਦੇ ਰਿਜ਼ਲਟ ਤੋਂ ਬਾਅਦ ਉਸਦੇ ਪਾਪਾ ਨੇ ਉਸਨੂੰ ਤੋਹਫ਼ੇ ਵਜੋਂ ਦਿੱਤਾ ਸੀ। ਉਹ ਸਾਰੇ ਸਵਾਲ ਜਵਾਬ ਗੂਗਲ 'ਤੇ ਸਰਚ ਕਰਦੀ ਹੈ। ਉਸ ਵਿੱਚ ਮੇਰੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ। ਸੋਚਦੀ ਹੋਈ ਸਕੂਲ ਪਹੁੰਚ ਗਈ ਹਾਂ।

ਨੂਪੁਰ ਪ੍ਰੈਕਟੀਕਲ ਦੇ ਕੇ ਬਾਹਰ ਆ ਗਈ ਹੈ। ਮੈਂ ਕਦੇ ਆਪਣੇ ਸੁਪਨਿਆਂ ਦੀ ਉਡਾਨ ਬਾਰੇ ਤੇ ਕਦੇ ਹੱਥਾਂ ਦੀਆਂ ਲਕੀਰਾਂ ਬਾਰੇ ਸੋਚ ਰਹੀ ਹਾਂ। ਕਿੰਨੀਆਂ ਇਛਾਵਾਂ ਹਨ....। ਮਾਂ ਦੀਆਂ ਸੱਧਰਾਂ....! ਵੀਰੇ ਦੇ ਸੁਪਨੇ....! ਕਿੰਨਾ ਕੁਝ ਕਰਨਾ ਹੈ। ਕੀ ਕਰਾਂਗੀ? ਕਿਵੇਂ ਕਰਾਂਗੀ? ਸੋਚਦਿਆਂ ਹੋਇਆਂ ਨੂਪੁਰ ਤੋਂ ਮੋਬਾਈਲ ਮੰਗਿਆ ਹੈ। ਫੋਨ ਔਨ ਕਰਕੇ ਗੂਗਲ 'ਤੇ ਸਰਚ ਕੀਤਾ। ਪਰ ਨੈੱਟ ਨਹੀਂ ਚੱਲ ਰਿਹਾ।

ਵਾਪਸੀ 'ਤੇ ਸਹੇਲੀਆਂ ਨਾਲ ਬੱਸ ਵਿੱਚ ਬੈਠੀ ਹਾਂ। ਪੰਡਿਤ ਦੀ ਭਵਿੱਖ ਬਾਣੀ ਸੋਚਾਂ ਵਿੱਚ ਹਨੇਰੀ ਲੈ ਆਈ। ਘਰ ਪਹੁੰਚਣ ਦੀ ਕਾਹਲ। ਵੀਰੇ ਦੇ ਮੋਬਾਈਲ ਦਾ ਖ਼ਿਆਲ। ਜਿਸ ਵਿਚੋਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ। ਘਰ ਵੜਦਿਆਂ ਨਜ਼ਰਾਂ ਵੀਰੇ ਨੂੰ ਲੱਭ ਰਹੀਆਂ ਹਨ।
''ਆ ਗਈ ਪੁੱਤਰ....! ਕਿਵੇਂ ਹੋਇਆ ਪੇਪਰ...!'' ਮਾਂ ਨੇ ਮੰਜੇ ਤੋਂ ਉਠਦਿਆਂ ਸਵਾਲ ਕੀਤਾ ਤੇ ਬਿਨਾਂ ਜਵਾਬ ਸੁਣੇ ਰਸੋਈ ਵਿੱਚ ਪਾਣੀ ਲੈਣ ਚਲੀ ਗਈ ਹੈ।

ਪਾਣੀ ਪੀ ਬੈੱਡ 'ਤੇ ਪੈ ਗਈ ਹਾਂ। ਮਾਂ ਚਾਹ ਬਨਾਉਣ ਲੱਗੀ ਹੈ। ਮਨ ਅੰਦਰ ਸਵਾਲਾਂ ਦੀ ਝੜੀ ਲੱਗੀ ਹੈ। ਕਿੰਨੇ ਸਵਾਲਾਂ ਦੇ ਜਵਾਬ ਲੱਭਣੇ ! ਪਰ ਵੀਰਾ...? ਬਿਨਾਂ ਉੱਤਰ ਸੋਚੇ ਮੈਨੂੰ ਨੀਂਦ ਆ ਗਈ ਹੈ। ਅੱਧ-ਸੁੱਤਾ ਮਨ ਤੜਫ਼ ਰਿਹਾ ਹੈ। ਬਹੁਤ ਕੁਝ ਕਰਨਾ ਹੈ। ਪਰ ਸਭ ਹੱਥਾਂ ਵਿਚੋਂ ਫਿਸਲ ਰਿਹਾ ਹੈ। ਫੜਨਾ ਅਸੰਭਵ ਹੋ ਰਿਹਾ ਹੈ। ਮਨ ਦੀ ਵੇਦਨਾ ਕੋਈ ਨਹੀਂ ਸੁਣਦਾ। ਦੂਰੋਂ ਉੱਚਾ ਧੂੰਆਂ ਉੱਠਿਆ ਹੈ। ਉਸ ਵਿਚੋਂ ਇੱਕ ਪਰਛਾਵਾਂ ਬਾਹਰ ਨਿਕਲਿਆ। ਬਾਹਰ ਨਿਕਲ ਕੇ ਉਹ ਮੇਰੇ ਅੰਦਰ ਪ੍ਰਵੇਸ਼ ਕਰ ਗਿਆ। ਤੜਫ਼ਦਾ ਮਨ ਸ਼ਾਂਤ ਹੋ ਗਿਆ। ਅੱਖਾਂ ਖੋਹਲ ਕੇ ਵੇਖਿਆ। ਮਾਂ ਸਿਰਹਾਣੇ ਬੈਠੀ ਮੇਰਾ ਸਿਰ ਪਲੋਸ ਰਹੀ ਹੈ। ਉਸ ਦੇ ਹੱਥਾਂ ਦੀ ਛੋਹ ਨੇ ਗਹਿਰੀ ਨੀਂਦ ਵਿੱਚ ਸੁਆ ਦਿੱਤਾ ਹੈ।

ਸ਼ਾਮ ਹੋ ਰਹੀ ਹੈ। ਵੀਰਾ ਟੀ.ਵੀ. ਵੇਖ ਰਿਹਾ ਹੈ। ਜੀਅ ਕੀਤਾ ਉਸ ਤੋਂ ਮੋਬਾਈਲ ਮੰਗ ਲਵਾਂ। ਟੁੱਟੀਆਂ ਲਕੀਰਾਂ ਨੂੰ ਮਿਟਾ ਦੇਵਾਂ। ਸਾਰੇ ਦੋਸ਼ ਖਤਮ ਕਰ ਦੇਵਾਂ। ਪਰ ਵੀਰਾ ਮੰਗਣ 'ਤੇ ਚੀਜ਼ ਨਹੀਂ ਦਿੰਦਾ। ਉਸ ਨੂੰ ਮੰਗ ਕੇ ਲੈਣਾ-ਦੇਣਾ ਪਸੰਦ ਨਹੀਂ। ਉਸਦੀ ਇਸ ਆਦਤ ਦਾ ਕੀ ਕਾਰਨ ਹੈ ? ਉਹ ਇੰਝ ਕਿਉਂ ਕਰਦਾ? ਸੋਚਾਂ ਵਿੱਚ ਡਰਦੀ ਨੇ ਮੇਜ਼ ਤੋਂ ਮੋਬਾਇਲ ਚੁੱਕ ਲਿਆ ਹੈ। ਉਹ ਹਮੇਸ਼ਾਂ ਦੀ ਤਰ੍ਹਾਂ ਚੁੱਪ ਹੈ।
''ਚੱਲ ਮੈਨੂੰ ਕੀ ਰਹੇ ਚੁੱਪ। ਮੈਂ ਮੋਬਾਈਲ ਲੈਣਾ ਸੀ, ਲੈ ਲਿਆ।'' ਮੋਬਾਇਲ ਫੜ ਪਿੱਛੇ ਹੋ ਕੇ ਬੈਠ ਗਈ ਹਾਂ
ਨੈੱਟ ਔਨ ਕੀਤਾ ਹੈ। ਹੱਥਾਂ ਦੀਆਂ ਫੋਟੋਆਂ ਕੱਢ ਕੇ ਵੇਖੀਆਂ। ਆਪਣੇ ਹੱਥ ਉਹਨਾਂ ਨਾਲ ਮਿਲਾਏ ਹਨ।
''ਸਭ ਦੀਆਂ ਲਕੀਰਾਂ ਇਕੋ ਜਿਹੀਆਂ ਹਨ। ਫਿਰ ਮੇਰੀਆਂ ਖਾਸ ਕਿਉਂ...? ਟੁੱਟੀਆਂ ਤਾਂ ਲੱਗਦੀਆਂ ਨਹੀਂ। ਵੇਖਣ ਵਿੱਚ ਕਿੰਨੀਆਂ ਸੋਹਣੀਆਂ ਨੇ। ਪਰ ਪੰਡਿਤ ਜੀ ...!'' ਮੈਂ ਕਾਰਨ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ
ਵੀਰੇ ਨੇ ਸਿਰ 'ਚ ਪਟੋਕੀ ਮਾਰ ਕੇ ਹੱਥ ਵਿਚੋਂ ਮੋਬਾਈਲ ਖਿੱਚ ਲਿਆ, ''ਅਗਰ ਆਪ ਕਿਸੀ ਵਸਤੂ ਕੋ ਬਹੁਤ ਸ਼ਿੱਦਤ ਸੇ ਚਾਹਤੇ ਹੈਂ ਤੋਂ ਪੂਰੀ ਕਾਇਨਾਤ ਉਸ ਵਸਤੂ ਕੋ ਆਪ ਕੀ ਗੋਦ ਮੇਂ ਡਾਲਨੇ ਆ ਜਾਤੀ ਹੈ।''
ਉਹ ਫ਼ਿਲਮੀ ਡਾਇਲਾਗ ਬੋਲਦਾ ਬਾਹਰ ਨਿਕਲ ਗਿਆ ਹੈ।

ਕਿੰਨੇ ਦਿਨ ਲੰਘ ਗਏ ਹਨ। ਹੱਥਾਂ ਦੀਆਂ ਲਕੀਰਾਂ ਦੇ ਦੁਸ਼ਟ ਪ੍ਰਭਾਵ ਖਤਮ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਦੇਵੀ-ਦੇਵਤਿਆਂ ਦੀਆਂ ਮਿੰਨਤਾਂ। ਨੈੱਟ ਤੋਂ ਸਰਚ ਕਰਕੇ। ਹੱਥਾਂ ਵੱਲ ਵੇਖਦੀ ਰਹਿੰਦੀ ਹਾਂ। ਜੀਅ ਕਰਦਾ ਖੁਰਚ-ਖੁਰਚ ਕੇ ਲਕੀਰਾਂ ਮਿਟਾ ਦੇਵਾਂ। ਹਰ ਰੋਜ਼ ਇੱਕ ਹੀ ਤਮੰਨਾ ਹੁੰਦੀ ਹੈ। ਅੱਜ ਮੇਰੀਆਂ ਲਕੀਰਾਂ ਠੀਕ ਹੋ ਜਾਣਗੀਆਂ।

ਬਾਰਵੀਂ ਦਾ ਰਿਜ਼ਲਟ ਆਉਣ ਵਾਲਾ ਹੈ। ਨੂਪੁਰ ਕਈ ਵਾਰ ਘਰ ਆਉਂਦੀ ਹੈ। ਉਸਨੂੰ ਰਿਜ਼ਲਟ ਦੀ ਬੜੀ ਬੇਸਬਰੀ ਨਾਲ ਉਡੀਕ ਹੈ। ਸ਼ਾਇਦ ਕਾਲਜ ਵਿੱਚ ਦਾਖਲਾ ਲੈਣ ਦਾ ਚਾਅ ਹੈ। ਰਿਜ਼ਲਟ ਦਾ ਚਾਅ ਤਾਂ ਮੈਨੂੰ ਵੀ ਬਹੁਤ ਹੈ। ਪਰ ਮੈਂ ਤਾਂ.....!
ਮਾਂ ਨੇ ਅਲਮਾਰੀ ਵਿੱਚੋਂ ਸਿਲਾਈ ਮਸ਼ੀਨ ਕੱਢ ਕੇ ਬਾਹਰ ਰੱਖ ਦਿੱਤੀ ਹੈ। ਮੇਰੇ ਵੱਲ ਇਸ਼ਾਰਾ ਕਰਦੀ ਬੋਲੀ ਹੈ, ''ਕੁੜੀਏ....! ਹੁਣ ਮਸ਼ੀਨ ਨੂੰ ਹੱਥ ਪਾਉਣਾ ਸਿੱਖ।''
ਮੈਂ ਹੱਥਾਂ ਵੱਲ ਵੇਖਣ ਲੱਗਦੀ ਹਾਂ। ਹੱਥਾਂ ਦੀਆਂ ਉਂਗਲਾਂ ਵਿੱਚ ਕਦੇ ਪੈੱਨ ਤੇ ਕਦੇ ਮਸ਼ੀਨ ਦਾ ਹੱਥਾ ਫੜਿਆ ਦਿਸਦਾ ਹੈ। ਪੰਡਿਤ ਦੀ ਭਵਿੱਖਬਾਣੀ ਸੱਚ ਹੁੰਦੀ ਦਿਸਣ ਲੱਗੀ ਹੈ।

ਰਿਜ਼ਲਟ ਵਾਲੇ ਦਿਨ ਵੀਰਾ ਸਵੇਰੇ ਹੀ ਸ਼ਹਿਰ ਚਲਾ ਗਿਆ ਹੈ। ਨੂਪੁਰ ਘਰ ਆ ਗਈ ਹੈ। ਦੁਪਹਿਰ ਨੂੰ ਵੀਰਾ ਹੱਥ ਵਿੱਚ ਮਠਿਆਈ ਦਾ ਡੱਬਾ ਫੜੀ ਅੰਦਰ ਆਇਆ ਹੈ। ਸਾਡੇ ਦੋਹਾਂ ਦੇ ਨੰਬਰ ਸਭ ਤੋਂ ਵੱਧ ਆਏ ਹਨ। ਸਭ ਖੁਸ਼ ਹਨ।
ਮਾਂ ਦਾ ਸੁਪਨਾ ਪੂਰਾ ਹੋ ਗਿਆ। ਉਹ ਪਿੰਡ ਵਿੱਚ ਸਿਰ ਉੱਚਾ ਕਰਕੇ ਚੱਲਣ ਲੱਗੀ ਹੈ। ਸਾਰੀਆਂ ਕੁੜੀਆਂ ਕਾਲਜ ਦਾਖਲ ਹੋ ਰਹੀਆਂ ਹਨ। ਨੂਪੁਰ ਦੇ ਸੁਪਨੇ ਨੂੰ ਉਡਾਨ ਮਿਲ ਗਈ ਹੈ।
''ਪਰ ਮੇਰਾ ਸੁਪਨਾ....!'' ਸੋਚ ਕੇ ਉਦਾਸ ਹੋ ਜਾਂਦੀ ਹਾਂ।

ਕਾਂਡ-6

ਸੁੰਨਸਾਨ ਖੰਡਰ। ਖੰਡਰ ਵਿੱਚ ਇੱਕ ਮੰਦਿਰ। ਮੰਦਿਰ ਵਿੱਚ ਸਰੋਵਰ ਦੇ ਕੰਢੇ 'ਤੇ ਖੜਾ ਪੰਡਿਤ। ਉਹ ਮੂੰਹ ਵਿੱਚ ਮੰਤਰਾਂ ਦਾ ਉਚਾਰਣ ਕਰਦਾ ਹੈ। ਮੈਂ ਪਿਛੇ ਲੁਕੀ ਖੜੀ ਹਾਂ। ਚੋਰੀ-ਚੋਰੀ ਵੇਖਦੀ ਹਾਂ। ਦੂਜੇ ਪਾਸਿਉਂ ਇੱਕ ਵੱਡਾ ਕਾਲਾ ਪਰਛਾਵਾਂ ਅੱਗੇ ਵਧਿਆ। ਮੈਨੂੰ ਫੜਨ ਲਈ ਵਧਦੇ ਹੱਥ। ਡਰ ਕੇ ਦੂਰ ਹੋ ਗਈ। ਜਾਨ ਬਚਾਉਣ ਲਈ ਭੱਜਣਾ। ਸਾਹੋ-ਸਾਹ ਹੋ ਜਾਣਾ। ਅੱਖ ਖੁੱਲ੍ਹੀ । ਮੈਂ ਹਫ਼ ਰਹੀ ਹਾਂ। ਪਿਆਸ ਨਾਲ ਗਲਾ ਖੁਸ਼ਕ ਹੈ
ਰਾਤ ਦਾ ਪਹਿਲਾ ਪਹਿਰ ਬੀਤ ਗਿਆ ਹੈ। ਮਾਂ ਤੇ ਵੀਰਾ ਸੌਂ ਰਹੇ ਹਨ। ਮੇਜ਼ ਤੋਂ ਚੁੱਕ ਕੇ ਪਾਣੀ ਪੀਤਾ। ਮੰਜੇ 'ਤੇ ਪੈ ਗਈ ਹਾਂ। ਸੌਣ ਦੀ ਕੋਸ਼ਿਸ਼ ਕਰਦੀ ਹਾਂ, ''ਕਿਉਂ ਨਾ ਗੂਗਲ ਤੋਂ ਸੁਪਨੇ ਦੇ ਅਰਥ ਸਰਚ ਕਰਾਂ....?''
ਮਨ ਵਿੱਚ ਆਏ ਖ਼ਿਆਲ ਨਾਲ ਮੰਜੇ ਤੋਂ ਉੱਠੀ ਹਾਂ। ਵੀਰੇ ਦੇ ਸਿਰਹਾਣੇ ਹੇਠੋਂ ਮੋਬਾਈਲ ਚੁੱਕਿਆ ਹੈ। ਜੇ ਮਾਂ ਨੇ ਵੇਖ ਲਿਆ ਝਿੜਕਾਂ ਪੈਣਗੀਆਂ। ਡਰ ਨਾਲ ਪਾਸੇ ਮਾਰਦੀ ਸੋਚਦੀ ਹਾਂ। ਨਹੀਂ ਵੇਖਾਂਗੀ ਤਾਂ ਇੱਛਾ ਅਧੂਰੀ ਰਹਿੰਦੀ ਹੈ।
ਮੈਂ ਉਸ ਵੱਲ ਪਿੱਠ ਕਰ ਲਈ ਹੈ। ਕੋਸ਼ਿਸ਼ ਕੀਤੀ ਪਰ ਸੁਪਨੇ ਦਾ ਅਰਥ ਨਹੀਂ ਮਿਲਿਆ। ਮਾਂ ਤੇ ਵੀਰੇ ਵੱਲ ਵੇਖਿਆ ਹੈ, ''ਇਹ ਸੁੱਤੇ ਹਨ ਜਾਂ ਮੇਰੇ ਵਾਂਗ ਹੀ.....!''

ਰਾਤ ਦਾ ਸੰਨਾਟਾ। ਦੂਰੋਂ ਨੇੜਿਉਂ ਕਿੰਨੀਆਂ ਆਵਾਜ਼ਾਂ ਕੰਨਾਂ ਵਿੱਚ ਗੂੰਜ ਰਹੀਆਂ ਹਨ। ਆਵਾਜ਼ਾਂ ਨੂੰ ਅਣਸੁਣਿਆ ਕਰ ਮੇਰਾ ਧਿਆਨ ਕਿੱਲੀ ਉਤੇ ਟੰਗੇ ਕਿਤਾਬਾਂ ਵਾਲੇ ਬੈਗ 'ਤੇ ਅਟਕਿਆ ਹੈ। ਉਹ ਮੇਰੇ ਖੰਡਰ ਹੋ ਰਹੇ ਸੁਪਨੇ ਨੂੰ ਫੜਨ ਲਈ ਮੇਰੇ ਵੱਲ ਹੱਥ ਵਧਾ ਰਿਹਾ ਹੈ। ਮੋਬਾਇਲ ਵੀਰੇ ਦੇ ਸਿਰਹਾਣੇ ਹੇਠ ਰੱਖ ਸੌਣ ਦਾ ਯਤਨ ਕਰਨ ਲੱਗੀ ਹਾਂ।
''ਉੱਠ ਜਾਹ ਕਰਮਾਂ ਵਾਲੀਏ! ਕਿਉਂ ਅਖਵਾਉਣੀ ਏ ਰੋਜ਼-ਰੋਜ਼!'' ਮਾਂ ਹਮੇਸ਼ਾਂ ਵਾਂਗ ਮੈਨੂੰ ਸੁੱਤੀ ਨੂੰ ਉਠਾ ਰਹੀ ਹੈ

''ਮਾਂ! ਤੂੰ ਤਾਂ ਇਹਦਾ ਨਾਂ ਹੀ ਗਲਤ ਰੱਖਿਆ ਏ। ਕਰਮਪ੍ਰੀਤ...! ਪਤਾ ਨਹੀਂ ਇਹਨੂੰ ਕਿਸਮਤ ਨਾਲ ਪ੍ਰੀਤ ਨਹੀਂ ਜਾਂ ਕਿਸਮਤ ਨੂੰ ਇਹਦੇ ਨਾਲ ਨਹੀਂ। ਇਹਦੇ ਸੁਪਨੇ ਤੇ ਕਿਸਮਤ ਇਕ-ਦੂਜੇ ਦੇ ਉਲਟ ਹੀ ਰਹਿਣੇ। ਇੱਕ ਤਾਂ ਇਹਦਾ ਜਨਮ ਉਥੇ ਹੋਇਆ ਹੈ, ਜਿੱਥੇ ਕਦੇ ਸੁਪਨੇ ਪੂਰੇ ਨਹੀਂ ਹੋਣੇ।'' ਵੀਰਾ ਤਰਸ ਤੇ ਵਿਅੰਗ ਭਰੀ ਮੁਸਕਰਾਹਟ ਵਿੱਚ ਬੋਲਿਆ ਹੈ
ਉਸ ਦੀ ਗੱਲ ਸੁਣ ਕੇ ਮਾਂ ਚੁੱਪ ਹੈ। ਮੈਂ ਚੁੱਪ-ਚਾਪ ਪਈ ਹਾਂ। ਉਸਨੇ ਉੱਠ ਕੇ ਟੀ.ਵੀ. ਲਾ ਲਿਆ ਹੈ। ਰੀਮੋਟ ਫੜ ਕੇ ਵਾਰ-ਵਾਰ ਚੈਨਲ ਬਦਲ ਰਿਹਾ ਹੈ। ਪਰ ਉਸ ਦਾ ਮਨ ਕਿਤੇ ਨਹੀਂ ਟਿੱਕਦਾ।

ਮੈਂ ਬੰਦ ਅੱਖਾਂ ਨਾਲ ਉਸਦੀਆਂ ਹਰਕਤਾਂ ਮਹਿਸੂਸ ਕਰਦੀ ਹਾਂ, ''ਇਹ ਕੀ ਚਾਹੁੰਦਾ ਹੈ ? ਇਸ ਦਾ ਕੀ ਗੁਆਚਾ ਹੈ, ਜਿਸ ਨੂੰ ਲੱਭ ਰਿਹਾ ਹੈ ? ਇਹਦੀਆਂ ਇਛਾਵਾਂ ਵੀ ਪੂਰੀਆਂ ਨਹੀਂ ਹੁੰਦੀਆਂ। ਇਛਾਵਾਂ ਤਾਂ ਮਾਂ ਦੀਆਂ ਵੀ .....! ਇਛਾਵਾਂ ਤਾਂ ਕਦੇ ਪਾਪਾ ਨੇ ਵੀ ਰੱਖੀਆਂ ਹੋਣੀਆਂ! ਅਸੀਂ ਇਛਾਵਾਂ ਰੱਖਦੇ ਹਾਂ ਪਰ ਉਹਨਾਂ ਨੂੰ ਪੂਰਾ ਕਰਨ ਦਾ ਯਤਨ ਕਿਉਂ ਨਹੀਂ ਕਰਦੇ ?'' ਘੁੰਮਣਾ ਦੀ ਮਾਈ ਕਹਿੰਦੀ ਹੈ, ''ਇਛਾਵਾਂ ਤੇ ਸੁਪਨੇ ਸਵੈ-ਵਿਸ਼ਵਾਸ਼ ਨਾਲ ਪੂਰੇ ਹੁੰਦੇ ਨੇ।''

ਮੈਨੂੰ ਆਪਣੀ ਇੱਛਾ 'ਤੇ ਪੂਰਾ ਵਿਸ਼ਵਾਸ਼ ਹੈ ਪਰ ਮਾਂ ਦੀ ਇੱਛਾ ਨੂੰ ਲਿਤਾੜ ਕੇ ਆਪਣੀ ਇੱਛਾ ਕਿਵੇਂ ਪੂਰੀ ਕਰ ਸਕਦੀ ਹਾਂ।
ਵੀਰਾ ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਕਿਉਂ ਨਹੀਂ ਕਰਦਾ? ਇਹ ਤਾਂ ਮੁੰਡਾ ਹੈ। ਕਿਤੇ ਵੀ ਆ ਜਾ ਸਕਦਾ। ਕੋਈ ਵੀ ਕੰਮ ਕਰ ਸਕਦਾ ਫਿਰ ਇਸ ਨੂੰ ਕਿਹੜੀਆਂ ਰੁਕਾਵਟਾਂ ਰੋਕ ਰਹੀਆਂ। ਜੇ ਮੈਂ ਮੁੰਡਾ ਹੁੰਦੀ....! ਪਾਪਾ-ਮਾਂ, ਵੀਰਾ, ਨੂਪੁਰ ਸਭ ਦੀਆਂ ਇਛਾਵਾਂ ਤੇ ਸੁਪਨੇ ਮੇਰੇ ਦੁਆਲੇ ਘੁੰਮਣ ਲੱਗੇ ਹਨ।
ਮਾਂ ਦੀਆਂ ਚੱਪਲਾਂ ਦੀ ਆਵਾਜ਼ ਆਈ ਹੈ। ਮੈਂ ਝਿੜਕਾਂ ਤੋਂ ਡਰਦੀ ਉੱਠ ਕੇ ਬਾਹਰ ਆ ਗਈ ਹਾਂ। ਉਸਨੇ ਸਿਲਾਈ ਮਸ਼ੀਨ ਬਾਹਰ ਕੱਢ ਕੇ ਰੱਖੀ ਹੈ। ਤੇਲ ਲਾ ਕੇ ਕੱਪੜੇ ਨਾਲ ਸਾਫ਼ ਕਰ ਰਹੀ ਹੈ। ਵੀਰਾ ਤਿਆਰ ਹੋ ਕੇ ਮੋਟਰ-ਸਾਈਕਲ ਬਾਹਰ ਕੱਢ ਰਿਹਾ ਹੈ।
ਨਸੀਬੋ ਅੰਦਰ ਆਈ ਹੈ। ਬਾਹਰ ਨਿਕਲਦੇ ਵੀਰੇ ਵੱਲ ਗਰਦਨ ਘੁੰਮਾ ਕੇ ਬੋਲੀ ਹੈ, ''ਸਰਦਾਰਨੀਏ....! ਮੈਂ ਵੇਖਿਆ! ਛੋਟਾ ਸਰਦਾਰ ਮੋਟਰ-ਸਾਈਕਲ ਵਿੱਚ ਕੋਈ ਤਿੱਖੀ ਚੀਜ਼ ਰੱਖਦਾ। ਧਿਆਨ ਰੱਖਿਆ ਕਰ ਇਹਦਾ। ਕਿਤੇ ਕੋਈ ਜਾਹ ਜਾਂਦੀ ਨਾ ਵਾਪਰ ਜਾਵੇ।''
ਮਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਡੂੰਘੀਆਂ ਹੋ ਗਈਆਂ ਹਨ। ਨਸੀਬੋ ਗੱਲ ਕਰਕੇ ਵਿਹੜਾ ਸਾਫ਼ ਕਰਨ ਲੱਗੀ ਹੈ। ਮਾਂ ਨੇ ਮੈਨੂੰ ਆਵਾਜ਼ ਦਿੱਤੀ ਹੈ, ''ਕਰਮ! ਆਹ ਮਸ਼ੀਨ ਚੁੱਕ ਕੇ ਧੁੱਪ 'ਚ ਰੱਖ ਆ।''
ਮੈਂ ਮਸ਼ੀਨ ਚੁੱਕਦਿਆਂ ਉਸ ਵੱਲ ਵੇਖਿਆ। ਨਸੀਬੋ ਦੀ ਗੱਲ ਸੁਣ ਉਸਦੀ ਸਾਰੀ ਹਿੰਮਤ ਢਹਿ-ਢੇਰੀ ਹੋ ਗਈ ਹੈ।
ਬਾਹਰਲਾ ਗੇਟ ਖੜਕਿਆ ਹੈ। ਵੀਰਾ ਵਾਪਸ ਆ ਗਿਆ ਹੈ। ਉਸ ਦੇ ਹੱਥ ਵਿਚ ਇਕ ਬੰਦ ਪੈਕਟ ਹੈ। ਚਿਹਰੇ 'ਤੇ ਖੁਸ਼ੀ ਝਲਕ ਰਹੀ ਹੈ। ਮੈਂ ਕਾਹਲੀ ਨਾਲ ਪੁੱਛਿਆ, ''ਵੀਰੇ ਇਹ ਕੀ ਏ....?''
''ਡਾਕੀਆ ਦੇ ਗਿਆ....!'' ਕਹਿ ਕੇ ਉਹ ਪੈਕਟ ਖੋਹਲਣ ਲੱਗਾ ਹੈ
''ਮਾਂ! ਨਾਨੀ ਨੇ ਮੈਨੂੰ ਮੋਬਾਈਲ ਭੇਜ ਦਿੱਤਾ!'' ਮੈਂ ਅੱਧਾ- ਖੁਲ੍ਹਾ ਪੈਕਟ ਵੇਖ ਕੇ ਖੁਸ਼ੀ ਨਾਲ ਉੱਛਲੀ ਹਾਂ

ਮਾਂ ਵੀਰੇ ਦੇ ਹੱਥ 'ਚੋਂ ਮੋਬਾਈਲ ਫੜ ਕੇ ਵਾਰ-ਵਾਰ ਵੇਖ ਰਹੀ ਹੈ। ਮੈਂ ਖੁਸ਼ੀ ਨਾਲ ਨੱਚਣ ਲੱਗੀ ਹਾਂ। ਮੋਬਾਈਲ ਨੂੰ ਜਲਦੀ ਚਲਾਉਣ ਤੇ ਸਿਮ-ਕਾਰਡ ਪਵਾਉਣ ਲਈ ਵੀਰੇ ਦੀਆਂ ਮਿੰਨਤਾਂ ਕਰ ਰਹੀ ਹਾਂ। ਉਸਨੇ ਸ਼ਾਮ ਤੱਕ ਮੋਬਾਈਲ ਚਲਾ ਕੇ ਦੇਣ ਦਾ ਵਾਅਦਾ ਕੀਤਾ ਹੈ। ਉਹ ਮੋਬਾਈਲ ਲੈ ਕੇ ਸ਼ਹਿਰ ਜਾ ਰਿਹਾ ਹੈ। ਮੈਂ ਆਪਣੇ ਸਵਾਲਾਂ ਦੇ ਜਵਾਬ ਤਲਾਸ਼ ਕਰਨ ਦੇ ਸੁਪਨੇ ਵੇਖਣ ਲੱਗੀ ਹਾਂ।

ਸੁਪਨਿਆਂ ਬਾਰੇ ਸੋਚ ਅੱਖਾਂ ਵਿੱਚ ਉਦਾਸੀ ਛਾ ਗਈ ਹੈ। ਮੈਂ ਮੋਬਾਈਲ ਲੈ ਕੇ ਬਹੁਤ ਖੁਸ਼ ਹਾਂ। ਸਭ ਤੋਂ ਪਹਿਲਾ ਮੈਸੇਜ਼ ਨੂਪੁਰ ਨੂੰ ਕੀਤਾ ਹੈ। ਪਰ ਨੂਪੁਰ ਨੂੰ ਕੋਈ ਖੁਸ਼ੀ ਨਹੀਂ ਹੋਈ। ਉਸਨੂੰ ਮੇਰੀ ਅਸਲ ਖੁਸ਼ੀ ਦੀ ਪਛਾਣ ਹੈ। ਮੈਂ ਸਭ ਜਾਣਦੀ ਹਾਂ। ਮੇਰੇ ਸੁਪਨਿਆਂ ਦੀ ਉਡਾਨ ਬਹੁਤ ਉੱਚੀ ਹੈ। ਮੋਬਾਈਲ ਉਹਨਾਂ ਸੁਪਨਿਆਂ ਨੂੰ ਤਲਾਸ਼ਣ ਦੀ ਸਿਰਫ਼ ਯੁਕਤ ਹੈ ਮੰਜ਼ਿਲ ਨਹੀਂ।

ਪੰਡਿਤ ਦੀ ਭਵਿੱਖਬਾਣੀ ਸਹੀ ਸਾਬਤ ਹੋ ਚੁੱਕੀ ਹੈ। ਸਾਹਮਣੇ ਪਈ ਸਿਲਾਈ ਮਸ਼ੀਨ ਵੱਲ ਵੇਖਦੀ ਹਾਂ। ਮਾਂ ਮੇਰੇ ਹੱਥਾਂ ਵਿੱਚ ਰੋਟੀ-ਰੋਜ਼ੀ ਦਾ ਸਾਧਨ ਦੇਣਾ ਚਾਹੁੰਦੀ ਹੈ। ਉਸ ਦੀ ਇੱਛਾ ਨਾਲ ਮੈਂ ਕੱਪੜੇ ਸਿਲਾਈ ਕਰਨੇ ਸਿੱਖ ਰਹੀ ਹਾਂ।

ਕਈ ਵਾਰ ਚਲਦੀ ਮਸ਼ੀਨ ਬੰਦ ਹੋ ਜਾਂਦੀ ਹੈ। ਉਸਦੀ ਹੱਥੀ ਪੈੱਨ ਦਾ ਰੂਪ ਧਾਰਨ ਕਰਨ ਲੱਗਦੀ ਹੈ। ਸੂਈ ਦੇ ਹੇਠਾਂ ਚੱਲ ਰਿਹਾ ਕੱਪੜਾ ਕਿਤਾਬਾਂ-ਕਾਪੀਆਂ ਬਣ ਜਾਂਦਾ ਹੈ। ਮੇਰੀ ਨਜ਼ਰ ਅੱਖਰਾਂ ਦੀ ਸਿਲਾਈ ਕਰਨ ਲੱਗਦੀ ਹੈ। ਸਾਰੇ ਅੰਗ ਸਹੀ ਕੰਮ ਕਰਦੇ ਮਹਿਸੂਸ ਹੁੰਦੇ ਹਨ। ਪਰ ਸਥਾਨ ਸਹੀ ਨਹੀਂ ਮਿਲਦਾ। ਸੋਚ ਕੇ ਮਨ ਪਿਘਲ ਜਾਂਦਾ ਹੈ।

ਮੈਂ ਮਸ਼ੀਨ 'ਤੇ ਵੀਰੇ ਦੀ ਸ਼ਰਟ ਠੀਕ ਕਰ ਰਹੀ ਹਾਂ। ਨੇੜਲੇ ਪਿੰਡ ਤੋਂ ਦਾਦਾ ਜੀ ਦੇ ਰਿਸ਼ਤੇਦਾਰ ਮਾਂ ਨੂੰ ਮਿਲਣ ਆਏ ਹਨ। ਉਹ ਰਿਸ਼ਤੇ ਦੀਆਂ ਗੱਲਾਂ ਕਰ ਰਹੇ ਹਨ। ਉਹਨਾਂ ਨੂੰ ਵੇਖ ਟੀ.ਵੀ. ਅੱਗੇ ਬੈਠਾ ਵੀਰਾ ਬੁੜ-ਬੁੜਾ ਰਿਹਾ ਹੈ, ''ਵਾਹ ਕਿਸਮਤ ਦਿਆ ਵਲੀਆ, ਰਿੰਨੀ ਖੀਰ ਤੇ ਬਣ ਗਿਆ ਦਲੀਆ!''
ਮੈਂ ਉਸ ਵੱਲ ਵੇਖ ਕੇ ਹੱਸ ਰਹੀ ਹਾਂ। ਉਸਨੇ ਸਿਰ ਝਟਕਾ ਕੇ ਮੂੰਹ ਫੇਰ ਲਿਆ ਹੈ।
''ਕੀ ਗੱਲ ਵੀਰੇ ਰਿਸ਼ਤਾ ਪਸੰਦ ਨਹੀਂ ?'' ਮੈਂ ਮਸ਼ੀਨ ਦੀ ਸੂਈ 'ਚ ਟੁੱਟੇ ਧਾਗੇ ਨੂੰ ਦੁਬਾਰਾ ਪਾਉਣ ਦੀ ਕੋਸ਼ਿਸ਼ ਕਰਦਿਆਂ ਸਵਾਲ ਕੀਤਾ ਹੈ
''ਕਮਲੀ....! ਇਹ ਵੀ ਨਹੀਂ ਜਾਣਦੀ ਕਿ ਇਹਦੀ ਤਾਂ ਪਹਿਲੀ ਤਮੰਨਾ ਹੀ ਠੁੱਸ ਹੋ ਗਈ। ਅੱਗੇ ਜਾ ਕੇ ਇਹਨੇ ਕਿਹੜੀਆਂ ਮੱਲ੍ਹਾਂ ਮਾਰ ਲੈਣੀਆਂ!'' ਕਹਿੰਦੇ ਹੋਏ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਹੈ
ਮੈਂ ਹੈਰਾਨੀ ਨਾਲ ਬਿਨ੍ਹਾਂ ਬੋਲੇ ਉਸ ਵੱਲ ਵੇਖਣ ਲੱਗੀ ਹਾਂ।
''ਭੈਣੇ....! ਇਹ ਮੇਰੇ ਨਹੀਂ ਤੇਰੇ ਰਿਸ਼ਤੇ ਦੀਆਂ ਗੱਲਾਂ ਹੋ ਰਹੀਆਂ!'' ਉਸ ਨੇ ਮੈਨੂੰ ਸਿਰ ਤੋਂ ਫੜ ਕੇ ਹਿਲਾਉਂਦੇ ਹੋਏ ਆਖਿਆ ਹੈ

ਵੀਰੇ ਦੇ ਬੋਲ ਸੁਣ ਮੇਰੇ ਹੱਥਾਂ ਦੇ ਤੋਤੇ ਉੱਡ ਗਏ ਹਨ। ਕੰਨਾ ਤੋਂ ਸੁਨਣਾ ਬੰਦ ਹੋ ਗਿਆ। ਅੱਖਾਂ ਅੱਗੇ ਹਨੇਰਾ ਛਾ ਗਿਆ ਹੈ। ਸਿਲਾਈ ਮਸ਼ੀਨ ਕਾਲੇ ਵੱਡੇ ਦੈਂਤ ਦਾ ਰੂਪ ਧਾਰ ਗਈ ਹੈ। ਹੱਥਾਂ ਦੀਆਂ ਲਕੀਰਾਂ ਨੂੰ ਵੇਖਣ ਲੱਗੀ ਹਾਂ। ਉਹ ਹੋਰ ਗੂੜ੍ਹੀਆਂ ਹੋ ਗਈਆਂ ਹਨ। ਪੰਡਿਤ ਦੇ ਬੋਲਾਂ ਨੇ ਮੇਰੀਆਂ ਅੱਖਾਂ ਅੱਗੇ ਕਾਲੀ ਚਾਦਰ ਤਾਣ ਦਿੱਤੀ ਹੈ।
ਕੋਲ ਪਏ ਮੋਬਾਈਲ 'ਤੇ ਆਈ ਟਿੱਕ ਦੀ ਆਵਾਜ਼ ਨੇ ਸੋਚਾਂ ਦੀ ਲੜੀ ਤੋੜੀ ਹੈ। ਮੈਂ ਮੋਬਾਈਲ ਵੱਲ ਵੇਖਿਆ, ''ਇਹ ਵੀ ਧੋਖਾ ਹੀ ਨਿਕਲਿਆ। ਇਸ ਨੇ ਮੇਰੇ ਸੁਪਨਿਆਂ ਦੇ ਸੱਚ ਹੋਣ ਦੀ ਕਦੇ ਗਵਾਹੀ ਨਹੀਂ ਭਰੀ।''
ਮੈਂ ਉਖੜੀ ਸੋਚ ਨਾਲ ਮੈਸੇਜ਼ ਵੇਖਿਆ ਹੈ। ਕੋਲ ਬੈਠੇ ਵੀਰੇ ਨੇ ਮੈਸੇਜ਼ ਭੇਜਿਆ ਹੈ -
ਰੁਕਤਾ ਨਹੀਂ ਤਮਾਸ਼ਾ, ਰਹਤਾ ਹੈ ਖੇਲ੍ਹ ਜਾਰੀ
ਉਸ ਪਰ ਕਮਾਲ ਯੇ ਹੈ, ਕਿ ਦਿਖਤਾ ਨਹੀਂ ਮਦਾਰੀ।

ਰਿਸ਼ਤੇਦਾਰਾਂ ਦੇ ਜਾਂਦਿਆਂ ਹੀ ਨਸੀਬੋ ਮਾਂ ਕੋਲ ਆ ਬੈਠੀ ਹੈ। ਉਹ ਘੁਸਰ-ਮੁਸਰ ਕਰ ਰਹੀ ਹੈ, ''ਸਰਦਾਰਨੀਏ....! ਇਹੋ ਜਿਹੇ ਘਰ ਨਿੱਤ-ਨਿੱਤ ਨਹੀਂ ਲੱਭਦੇ। ਪੈਸੇ ਦੀ ਚਿੰਤਾ ਨਾ ਕਰ। ਇਹ ਜਾਇਦਾਦ ਤਾਂ ਔਖੇ ਵੇਲੇ ਦਾ ਸਹਾਰਾ ਹੀ ਹੁੰਦੀ।''
ਉਸਦੀ ਗੱਲ ਸੁਣ ਮੈਂ ਸਿਰ ਚੁੱਕ ਕੇ ਉੱਪਰ ਵੇਖਿਆ ਹੈ। ਮੈਨੂੰ ਵੇਖਦਿਆਂ ਹੀ ਉਸ ਨੇ ਗੱਲ ਅੱਧ-ਵਿਚਕਾਰ ਛੱਡ ਦਿੱਤੀ ਹੈ....!

ਕਾਂਡ-7

''ਸਵੇਰੇ ਉੱਠਦਿਆਂ ਮੋਬਾਈਲ ਵੇਖਣ ਦੀ ਮਾੜੀ ਆਦਤ ਪੈ ਗਈ ਹੈ।'' ਮੇਰੇ ਹੱਥ ਵੱਲ ਵੇਖ ਮਾਂ ਦੀ ਆਵਾਜ਼ ਆਈ ਹੈ

''ਉਠਦਿਆਂ ਫ਼ੋਨ 'ਤੇ ਪੁੱਠੀਆਂ-ਸਿੱਧੀਆਂ ਉਂਗਲਾਂ ਘਸਾਉਣ ਲੱਗ ਜਾਨੀ ਏਂ! ਕਿੰਨੇ ਦਿਨ ਹੋ ਗਏ ਮਸ਼ੀਨ ਧਰੀ ਨੂੰ! ਪਰ ਇਹਦੇ 'ਚ ਧਾਗਾ ਪਾਉਣ ਨੂੰ ਤੇਰਾ ਜੀਅ ਨਹੀਂ ਕਰਦਾ।'' ਕਹਿੰਦੀ ਹੋਈ ਉਹ ਬਾਹਰ ਨਿਕਲ ਗਈ ਹੈ
''ਆਂਟੀ! ਕਰਮ ਕਿੱਥੇ ਐ.....?'' ਬਾਹਰੋਂ ਆਈ ਨੂਪੁਰ ਦੀ ਆਵਾਜ਼ ਸੁਣ ਮੈਂ ਮੰਜੇ ਤੋਂ ਕਾਹਲੀ ਨਾਲ ਉੱਠੀ ਹਾਂ
ਉਹ ਭੱਜ ਕੇ ਮੇਰੇ ਗਲ ਲੱਗ ਗਈ ਹੈ। ਮੇਰਾ ਮਨ ਭਰ ਆਇਆ। ਅੱਖਾਂ ਵਿੱਚ ਪਾਣੀ ਆਇਆ ਵੇਖ ਉਸਨੂੰ ਮਾਂ 'ਤੇ ਗੁੱਸਾ ਆ ਗਿਆ ਹੈ, ''ਆਂਟੀ! ਅਜੇ ਇਹਦੀ ਸ਼ਾਦੀ ਬਾਰੇ ਨਾ ਸੋਚੋ....! ਲੋਕ
ਇੱਕੀਵੀਂ ਸਦੀ 'ਚ ਜੀਅ ਰਹੇ ਨੇ। ਚੰਦਰਮਾ 'ਤੇ ਪਹੁੰਚ ਗਏ ਹਨ। ਪਰ ਤੁਸੀਂ...!''
ਮੈਂ ਉਸ ਨੂੰ ਬਾਂਹ ਤੋਂ ਫੜ ਕੁਰਸੀ 'ਤੇ ਬਿਠਾ ਲਿਆ। ਉਸਦਾ ਹੱਥ ਫੜ ਪਿਆਰ ਨਾਲ ਕਿਹਾ ਹੈ, ''ਨੂਪੁਰ ਤੂੰ ਆਪਣੇ ਆਪ ਨੂੰ ਤਕਲੀਫ਼ ਨਾ ਦੇ। ਆਪਣੀ-ਆਪਣੀ ਕਿਸਮਤ। ਜ਼ਰੂਰੀ ਨਹੀਂ ਸਭ ਦੀਆਂ ਖਾਹਿਸ਼ਾਂ ਪੂਰੀਆਂ ਹੋਣ। ਅਧੂਰੇ ਸੁਪਨੇ ਵੀ ਜੀਵਨ ਦਾ ਹਿੱਸਾ ਹੁੰਦੇ ਨੇ।''
ਮੈਂ ਉਸ ਨੂੰ ਸਮਝਾਉਂਦੀ ਆਪਣੇ ਆਪ ਨੂੰ ਧੋਖਾ ਦੇ ਰਹੀ ਹਾਂ। ਕਿਸਮਤ ਦੇ ਡਰ ਅਤੇ ਵਹਿਮ ਵਿੱਚ ਫਸ ਰਹੀ ਹਾਂ, ''ਕਿਸਮਤ ਤਾਂ ਬੰਦਾ ਆਪ ਘੜਦਾ ਹੈ।''
ਘੁੰਮਣਾਂ ਦੀ ਮਾਈ ਦੀਆਂ ਕਹੀਆਂ ਗੱਲਾਂ ਇੱਕ-ਇੱਕ ਕਰਕੇ ਯਾਦ ਕਰਨ ਲੱਗੀ ਹਾਂ, ''ਅੱਗੇ ਵਧਣ ਲਈ ਇਰਾਦਾ ਚਾਹੀਦਾ ਕਿਨਾਰੇ 'ਤੇ ਖੜ ਕੇ ਮੰਜ਼ਿਲ ਨਹੀਂ ਮਿਲਦੀ। ਨਦੀਆਂ ਵਹਿਣ ਲਈ ਰਸਤਾ ਆਪ ਬਣਾਉਂਦੀਆਂ ਨੇ.....!''

ਨੂਪੁਰ ਨੂੰ ਕੁਰਸੀ ਤੋਂ ਉੱਠਦਿਆਂ ਵੇਖ ਸੋਚਾਂ ਵਿਚੋਂ ਨਿਕਲੀ ਹਾਂ। ਉਸ ਨੂੰ ਬੈਠਣਾ ਚੰਗਾ ਨਹੀਂ ਲੱਗ ਰਿਹਾ ਜਾਂ ਕਾਲਜ ਜਾਣ ਤੋਂ ਲੇਟ ਹੋ ਰਹੀ ਹੈ। ਉਹ ਮੈਨੂੰ ਮਿਲ ਕੇ ਕਮਰੇ 'ਚੋਂ ਬਾਹਰ ਨਿਕਲ ਗਈ ਹੈ। ਮੈਂ ਬਾਹਰ ਵੇਖਿਆ। ਮਾਂ ਕੱਪੜੇ ਧੋਣੇ ਛੱਡ ਕੇ ਨੂਪੁਰ ਨਾਲ ਗੱਲਾਂ ਕਰ ਰਹੀ ਹੈ। ਨੂਪੁਰ ਦੇ ਜਾਂਦਿਆਂ ਹੀ ਮਾਂ ਨੇ ਕੱਪੜੇ ਚੁੱਕ ਕੇ ਪਾਸੇ ਰੱਖ ਦਿੱਤੇ ਹਨ। ਉਹ ਤਿਆਰ ਹੋਣ ਲੱਗੀ ਹੈ। ਮੈਂ ਉਸ ਨੂੰ ਪੁੱਛਿਆ, ''ਕੀ ਗੱਲ ਮਾਂ! ਕੱਪੜੇ ਅੱਧ-ਵਿਚਾਲੇ ਛੱਡ 'ਤੇ। ਕਿਤੇ ਜਾਣਾ.....?''
''ਨੂਪੁਰ ਦੀ ਮੰਮੀ ਨੇ ਬੁਲਾਇਆ। ਆਉਂਦਿਆਂ ਦੇਰ ਹੋ ਜਾਏਗੀ। ਤੂੰ ਅੰਦਰੋਂ ਕੁੰਡੀ ਲਾ ਲੈ।'' ਕਹਿ ਕੇ ਉਹ ਬਾਹਰ ਨਿੱਕਲ ਗਈ ਹੈ।
ਮੈਂ ਗੇਟ ਬੰਦ ਕਰਕੇ ਬੈੱਡ 'ਤੇ ਬੈਠ ਗਈ ਹਾਂ। ਕੁਦਰਤ ਸਾਹਮਣੇ ਡੰਡੌਤ- ਵੰਦਨਾ ਕਰਨ ਲੱਗੀ ਹਾਂ। ਉਸ ਨਾਲ ਗੱਲਾਂ ਕਰਦੀ ਆਪਣੇ ਸੁਪਨੇ ਦੱਸ ਰਹੀ ਹਾਂ, ''ਹੇ ਮਾਂ ਸਰਸਵਤੀ! ਮੇਰੀ ਕਿਸਮਤ ਵਿੱਚ ਅੱਗੇ ਪੜ੍ਹਨਾ ਕਿਉਂ ਨਹੀਂ ਲਿਖਿਆ...?''

ਵਿੱਦਿਆ ਦੀ ਦੇਵੀ ਅੱਗੇ ਪ੍ਰਾਰਥਨਾ ਕਰਦਿਆਂ ਅੱਖਾਂ ਬੰਦ ਹੋ ਗਈਆਂ ਹਨ। ਆਪਣੇ ਅੰਦਰ ਬਹੁਤ ਗਹਿਰੀ ਉੱਤਰ ਗਈ ਹਾਂ। ਇਕ ਪੁਰਾਣਾ ਮੰਦਿਰ। ਮੰਦਿਰ ਦੇ ਬਾਹਰ ਟੱਲ ਖੜਕਣ ਦੀ ਆਵਾਜ਼। ਸਾਹਮਣੇ ਬ੍ਰਹਮਾ, ਵਿਸ਼ਨੂੰ, ਮਹੇਸ਼ ਦੀ ਮੂਰਤੀ। ਮੈਂ ਝੋਲੀ ਅੱਡ ਕੇ ਨਤਮਸਤਕ ਬੈਠੀ ਹਾਂ। ਮਨ ਵਿੱਚ ਪੜ੍ਹਨ ਦੀ ਇੱਛਾ। ਅੱਖਾਂ ਵਿੱਚ ਵੈਰਾਗ ਦਾ ਪਾਣੀ। ਵਿੱਦਿਆ ਦੀ ਖ਼ੈਰ ਮੰਗ ਰਹੀ ਹਾਂ। ਸਾਹਮਣੇ ਤੇਜ਼ ਰੌਸ਼ਨੀ ਪੈਦਾ ਹੋਈ ਹੈ। ਉਸ ਵਿੱਚੋਂ ਨਿਕਲਿਆ ਹੱਥ ਮੇਰੇ ਸਿਰ 'ਤੇ ਟਿੱਕਦਾ ਹੈ....ਖਟ...ਖਟ...ਖਟ.....! ਜ਼ੋਰ-ਜ਼ੋਰ ਦਾ ਖੜਾਕ। ਮੰਦਿਰ ਵਿੱਚ ਘੜਿਆਲਾਂ ਦੀ ਟਨ-ਟਨ-ਟਨ...! ਖੜਾਕ ਹੋਰ ਉੱਚਾ ਹੋ ਰਿਹਾ ਹੈ। ਅੱਖਾਂ ਖੋਹਲ ਕੇ ਵੇਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਖਟ-ਖਟ ਹੋਰ ਉੱਚੀ ਹੋ ਰਹੀ ਹੈ।



ਮਾਂ ਗੇਟ ਖੜਕਾ ਰਹੀ ਹੈ। ਮੈਂ ਦੌੜ ਕੇ ਬਾਹਰ ਨਿਕਲੀ ਹਾਂ। ਗੇਟ ਖੋਲ੍ਹਿਆ। ਉਹ ਅੰਦਰ ਆ ਗਈ ਹੈ। ਮੈਂ ਪਾਣੀ ਦਾ ਗਿਲਾਸ ਦਿੱਤਾ। ਉਹ ਪਾਣੀ ਪੀ ਕੇ ਵਰਾਂਢੇ ਵਿੱਚ ਪਏ ਮੰਜੇ 'ਤੇ ਪੈ ਗਈ ਹੈ, ''ਮਾਂ ਗਰਮੀਂ ਐ। ਅੰਦਰ ਜਾ ਕੇ ਆਰਾਮ ਨਾਲ ਪੈ...!' ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਉਸ ਨੂੰ ਸੌਂਦੀ ਵੇਖ ਮੈਂ ਅੰਦਰ ਜਾ ਕੇ ਟੀ.ਵੀ. ਲਾ ਲਿਆ ਹੈ। 'ਅੰਤਰਾ' ਸੀਰੀਅਲ ਚੱਲ ਰਿਹਾ ਹੈ। ਨਾਟਕ ਵਿੱਚ ਅੰਤਰਾ ਬੋਲ ਨਹੀਂ ਸਕਦੀ। ਪਰ ਉਸ ਦੀ ਮੰਮੀ ਉਸਦੀ ਹਰ ਗੱਲ ਸਮਝਦੀ ਹੈ। ਉਸ ਅੰਦਰ ਖਾਹਿਸ਼ਾਂ ਜਗਾਉਂਦੀ ਹੈ। ਉਹ ਰੋਜ਼ ਸੁਪਨਾ ਵੇਖਦੀ ਹੈ ਕਿ ਇਕ ਦਿਨ ਅੰਤਰਾ ਪੜ੍ਹਨ ਜਾਵੇਗੀ। ਪਰ ਅੰਤਰਾ ਨੂੰ ਕੋਈ ਵੀ ਇੱਛਾ ਮਹਿਸੂਸ ਨਹੀਂ ਹੁੰਦੀ। ਸੀਰੀਅਲ ਵੇਖਦੀ ਮੈਂ ਸੋਚਾਂ ਵਿੱਚ ਖੁੱਭ ਗਈ ਹਾਂ, ''ਇੱਕ ਮਾਂ ਧੀ ਦੇ ਅੰਦਰ ਸੁਪਨੇ ਪੈਦਾ ਕਰ ਰਹੀ ਹੈ। ਇੱਕ ਮਾਂ ਆਪਣੀ ਹੀ ਧੀ ਦੇ ਸੁਪਨੇ ਤੋੜਨ ਲਈ ਖੜ੍ਹੀ ਹੈ।''

ਟੀ.ਵੀ. 'ਤੇ ਤਿੱਤਲੀਆਂ ਦੇ ਉੱਡਣ ਵਾਲੀ ਮਸ਼ਹੂਰੀ ਆ ਰਹੀ ਹੈ। ਮੇਰਾ ਵੀ ਖੁੱਲ੍ਹੇ ਆਸਮਾਨ ਵਿੱਚ ਉਡਾਰੀ ਮਾਰਨ ਨੂੰ ਜੀਅ ਕਰਦਾ। ਸਕਰੀਨ 'ਤੇ ਅਗਲੇ ਦਿਨ ਦੀ ਝਾਕੀ ਪੇਸ਼ ਹੈ। ਅੰਤਰਾ ਸਕੂਲ ਜਾ ਰਹੀ ਹੈ। ਉਸ ਦੀ ਮੰਮੀ ਦਰਵਾਜ਼ੇ ਵਿੱਚ ਖੜ੍ਹੀ ਬਾਏ ਕਰ ਰਹੀ ਹੈ। ਮੈਂ ਅੰਤਰਾ ਬਾਰੇ ਸੋਚਦੀ ਹਾਂ। ਕੀ ਉਹ ਸੱਚਮੁੱਚ ਕੱਲ੍ਹ ਸਕੂਲ ਜਾਏਗੀ? ਕੀ ਉਸਦੀ ਮੰਮੀ ਦਾ ਸੁਪਨਾ ਪੂਰਾ ਹੋਵੇਗਾ ? ਸੋਚਾਂ ਵਿੱਚ ਚੈਨਲ ਬਦਲਣ ਲੱਗੀ ਹਾਂ। ਅਸ਼ਾਂਤ ਮਨ ਵੀਰੇ ਦੁਆਲੇ ਘੁੰਮਣ ਲੱਗਾ ਹੈ, ''ਵੀਰਾ ਵੀ ਅੰਦਰਲੀ ਸ਼ਾਂਤੀ ਲੱਭਣ ਲਈ ਚੈਨਲ ਬਦਲਦਾ ਹੈ....!'' ਘੁੰਮਣਾਂ ਦੀ ਮਾਈ ਕਹਿੰਦੀ ਹੁੰਦੀ ਹੈ, ''ਜੋ ਅੰਦਰ ਨਹੀਂ ਉਹ ਬਾਹਰ ਕਿਵੇਂ ਮਿਲੇਗਾ!''
ਮੈਂ ਵਰਾਂਢੇ ਵਿੱਚ ਪਈ ਮਾਂ ਵੱਲ ਵੇਖਿਆ, ''ਵੀਰੇ ਦੇ ਸੁਪਨਿਆਂ ਤੋਂ ਮਾਂ ਨੂੰ ਡਰ ਲੱਗਦਾ ਹੈ। ਪਰ ਮੇਰੇ ਸੁਪਨੇ ਤਾਂ ਡਰਾਉਣੇ ਨਹੀਂ!''

ਗੇਟ ਖੜਕਣ ਦੀ ਆਵਾਜ਼ ਆਈ ਹੈ। ਮੈਂ ਟਾਈਮ-ਪੀਸ ਵੱਲ ਵੇਖਿਆ। ਸ਼ਾਮ ਹੋ ਗਈ ਹੈ। ਨੂਪੁਰ ਅੰਦਰ ਆ ਰਹੀ ਹੈ। ਉਸ ਦੇ ਹੱਥ ਵਿੱਚ ਮਠਿਆਈ ਵਾਲਾ ਡੱਬਾ ਹੈ। ਚਿਹਰੇ 'ਤੇ ਮੁਸਕਰਾਹਟ। ਉਸ ਨੂੰ ਵੇਖ ਮਾਂ ਮੰਜੇ ਤੋਂ ਉੱਠੀ ਹੈ। ਉਸਨੇ ਮਾਂ ਨੂੰ ਜੱਫ਼ੀ ਪਾ ਲਈ ਹੈ। ਮੈਂ ਹੈਰਾਨ ਹਾਂ। ਇਹੀ ਨੂਪੁਰ ਸਵੇਰੇ ਕਿੰਨੀ ਨਿਰਾਸ਼ ਸੀ। ਹੁਣ ਇਸ ਨੂੰ ਕਿਹੜਾ ਅਲਾਦੀਨ ਦਾ ਚਿਰਾਗ ਮਿਲ ਗਿਆ ਜੋ ਇੰਨੀ ਖੁਸ਼ ਹੈ।

ਉਸ ਨੇ ਮਾਂ ਨੂੰ ਛੱਡ ਮੈਨੂੰ ਜੱਫ਼ੀ ਪਾ ਲਈ ਹੈ। ਮੋਢਿਆਂ ਤੋਂ ਫੜ ਗੋਲ-ਗੋਲ ਘੁੰਮਾਉਂਦੀ ਬੋਲੀ ਹੈ, ''ਕਰਮ-ਕਰਮ-ਕਰਮ...! ਮਾਈ ਡੀਅਰ ਫਰੈਂਡ....! ਬਹੁਤ-ਬਹੁਤ ਮੁਬਾਰਕਾਂ...!''
ਕੱਟੇ ਹੋਏ ਵਾਲਾਂ ਦੀ ਲਿਟ ਉਸਦੀਆਂ ਅੱਖਾਂ ਉੱਤੇ ਡਿੱਗ ਰਹੀ ਹੈ। ਮੈਂ ਲਿਟ ਨੂੰ ਉਂਗਲ ਨਾਲ ਪਾਸੇ ਕਰਦਿਆਂ ਪੁੱਛਿਆ, ''ਕੀ ਗੱਲ ਨੂਪੁਰ! ਇੰਨੀ ਖੁਸ਼ੀ ਕਿਸ ਗੱਲ ਦੀ ਮਨਾ ਰਹੀ ਏਂ!''
ਉਸ ਨੇ ਮੱਥੇ ਦੇ ਵਾਲਾਂ ਨੂੰ ਝਟਕਾ ਦਿੰਦੇ ਹੋਏ ਕਿਹਾ, ''ਕਰਮ....! ਮੰਮਾਂ ਨੇ ਆਂਟੀ ਨੂੰ ਮਨਾ ਲਿਆ। ਸਮਝ ਤੇਰਾ ਕਾਲਜ ਵਿੱਚ ਦਾਖਲਾ ਹੋ ਗਿਆ। ਹੁਣ ਆਪਾਂ ਇਕੱਠੀਆਂ ਕਾਲਜ ਜਾਇਆ ਕਰਾਂਗੀਆਂ।''
ਮੇਰੀ ਹੈਰਾਨੀ ਨੂੰ ਵਿਸ਼ਵਾਸ਼ ਵਿੱਚ ਬਦਲਣ ਲਈ ਉਹ ਆਪਣੀ ਗੱਲ ਜੋਰ ਦੇ ਕੇ ਸਮਝਾ ਰਹੀ ਹੈ। ਮਾਂ ਮੰਜੇ 'ਤੇ ਬੈਠੀ ਨਿੰਮ੍ਹਾ-ਨਿੰਮ੍ਹਾ ਮੁਸਕਰਾ ਰਹੀ ਹੈ। ਮੈਂ ਉਸ ਵੱਲ ਵੇਖਿਆ। ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕ ਆਏ ਹਨ।
ਮਾਂ ਸਰਸਵਤੀ ਦਾ ਪ੍ਰਵੇਸ਼ ਮੇਰੇ ਸਾਹਮਣੇ ਹੈ। ਉਸਨੇ ਵਿਦਿਆ ਦੀ ਦੇਵੀ ਦੇ ਰੂਪ ਵਿੱਚ ਸਿਰ 'ਤੇ ਹੱਥ ਰੱਖਿਆ ਹੈ। ਮੇਰੀ ਤਮੰਨਾ ਪੂਰੀ ਕੀਤੀ ਹੈ। ਮੈਂ ਭੱਜ ਕੇ ਉਸ ਨੂੰ ਜੱਫ਼ੀ ਪਾ ਲਈ ਹੈ। ਅਸੀਂ ਖੁਸ਼ੀ ਵਿੱਚ ਰੋਣ ਲੱਗੀਆਂ ਹਾਂ। ਪਰ ਵੀਰਾ....? ਇੱਕ ਸਵਾਲ ਨੇ ਸਾਡੇ ਦੋਹਾਂ ਦੇ ਮਨ ਵਿੱਚ ਡਰ ਪੈਦਾ ਕਰ ਦਿੱਤਾ ਹੈ।
ਹਨ੍ਹੇਰਾ ਵਧਣ ਲੱਗਾ ਹੈ। ਨੂਪੁਰ ਵਾਪਸ ਘਰ ਚਲੀ ਗਈ ਹੈ। ਮਾਂ ਦਰਬਾਰ ਸਾਹਿਬ ਤੋਂ ਚੱਲ ਰਿਹਾ ਕੀਰਤਨ ਸੁਣ ਰਹੀ ਹੈ। ਉਸ ਨੇ ਦੋਵੇਂ ਹੱਥ ਜੋੜੇ ਹਨ। ਕਦੀਂ-ਕਦੀਂ ਗੇਟ ਵੱਲ ਵੇਖਦੀ ਹੈ।
ਗੇਟ ਖੁੱਲ੍ਹਿਆ ਹੈ। ਵੀਰਾ ਮੋਟਰ-ਸਾਈਕਲ ਖੜ੍ਹਾ ਕਰ ਮਾਂ ਕੋਲ ਆ ਬੈਠਾ ਹੈ। ਮੈਂ ਉਸ ਦੇ ਅੱਖੜ ਸੁਭਾਅ ਤੋਂ ਡਰ ਰਹੀ ਹਾਂ, ''ਕਿਤੇ ਕੋਈ ਕਲੇਸ਼ ਨਾ ਖੜ੍ਹਾ ਕਰ ਦੇਵੇ....!''
ਮੈਂ ਚੋਰ ਨਜ਼ਰਾਂ ਨਾਲ ਮਾਂ ਵੱਲ ਵੇਖ ਰਹੀ ਹਾਂ। ਉਹ ਅੰਦਰੇ-ਅੰਦਰ ਉਸ ਤੋਂ ਡਰ ਰਹੀ ਹੈ।
''ਰਣਦੀਪ ਪੁੱਤਰ....! ਤੇਰੇ ਨਾਲ ਇੱਕ ਗੱਲ ਕਰਨੀ ਏ!'' ਮਾਂ ਦੀ ਆਵਾਜ਼ ਸੁਣ ਮੈਂ ਦਰਵਾਜ਼ੇ ਪਿੱਛੇ ਖੜ੍ਹ ਗਈ ਹਾਂ
''ਦੱਸ ਮਾਤਾ! ਕਿਹੜੀ ਸਲਾਹ ਕਰਨੀ ?'' ਉਹ ਮੁਸਕਰਾਉਂਦਾ ਹੋਇਆ ਰੀਮੋਟ ਦੇ ਬਟਨ ਦੱਬਣ ਲੱਗਾ ਹੈ
''ਪੁੱਤਰ ਪਿੰਡ ਦੀਆਂ ਸਾਰੀਆਂ ਕੁੜੀਆਂ ਕਾਲਜ ਜਾਣ ਲੱਗ ਪਈਆਂ....!'' ਮਾਂ ਗੱਲ ਪੂਰੀ ਕੀਤੇ ਬਿਨ੍ਹਾਂ ਚੁੱਪ ਹੋ ਗਈ ਹੈ
ਫੇਰ....!! ਕੀ ਗੱਲ ਹੋ ਗਈ ? ਕੁਝ ਵਾਪਰ ਗਿਆ ਕਿਸੇ ਨਾਲ....?'' ਵੀਰੇ ਨੇ ਅਣਗਹਿਲੀ ਨਾਲ ਪੁੱਛਿਆ ਹੈ
''ਨਹੀਂ ਪੁੱਤਰ....! ਮੈਂ ਸੋਚਦੀਂ ਆਪਣੀ ਕਰਮ ਵੀ ਕਾਲਜ ਜਾਏ। ਧੀ ਧਿਆਣੀ ਦੀਆਂ ਸੱਧਰਾਂ ਅਸੀਂ ਕਿਉਂ ਮਾਰੀਏ।'' ਮਾਂ ਨੇ ਗਲਾ ਭਰਦਿਆਂ ਆਖਿਆ ਹੈ
''ਮਾਂ ਉਸਦੀ ਪੜ੍ਹਾਈ ਦਾ ਵਿਰੋਧ ਤੂੰ ਕਰਦੀ ਏਂ। ਮੈਂ ਕਦੇ ਨਹੀਂ ਕਿਹਾ ਕਿ ਉਹ ਨਾ ਪੜ੍ਹੇ। ਹਾਂ ਤੇਰੇ 'ਤੇ ਕਦੇ ਜੋਰ ਵੀ ਨਹੀਂ ਪਾਇਆ। ਮੈਨੂੰ ਉਹਦੇ ਪੜ੍ਹਨ 'ਤੇ ਕੋਈ ਇਤਰਾਜ਼ ਨਹੀਂ।'' ਵੀਰੇ ਨੇ ਰਸੋਈ ਵੱਲ ਨਿਗਾਹ ਮਾਰਦਿਆਂ ਕਿਹਾ ਹੈ

ਮੇਰੇ ਰੁਕੇ ਸਾਹ ਦੁਬਾਰਾ ਚੱਲ ਪਏ ਹਨ। ਭੱਜ ਕੇ ਦੋਹਾਂ ਦੇ ਗਲ ਜਾ ਲੱਗੀ ਹਾਂ। ਘੁੰਮਣਾਂ ਦੀ ਮਾਈ ਦੇ ਬੋਲ ਕੰਨਾਂ ਵਿੱਚ ਗੂੰਜਣ ਲੱਗੇ ਹਨ, ''ਜਦੋਂ ਮਨ ਵਿੱਚ ਕੁਝ ਕਰਨ ਦੀ ਇੱਛਾ ਜਨਮ ਲੈ ਲਵੇ ਤਾਂ ਰੁਕਾਵਟਾਂ ਰਾਹ ਨਹੀਂ ਰੋਕ ਸਕਦੀਆਂ।''
ਵੀਰੇ ਨੇ ਮੇਰੇ ਸਿਰ 'ਤੇ ਪਿਆਰ ਨਾਲ ਹੱਥ ਰੱਖਦਿਆਂ ਕਿਹਾ, ''ਜਾਹ! ਨੂਪੁਰ ਨੂੰ ਫ਼ੋਨ ਕਰਕੇ ਪੁੱਛ ਲੈ ਕਿਵੇਂ ਜਾਣਾ ਕਾਲਜ।''

ਰੋਟੀ ਖਾ ਕੇ ਵੀਰਾ ਤੇ ਮਾਂ ਟੀ.ਵੀ. ਅੱਗੇ ਬੈਠ ਗਏ ਹਨ। ਮੈਂ ਨੂਪੁਰ ਨੂੰ ਸਾਰੀ ਗੱਲ ਦੱਸੀ ਹੈ। ਉਹ ਮੇਰੇ ਕਾਲਜ ਜਾਣ ਬਾਰੇ ਸੁਣ ਕੇ ਖੁਸ਼ ਹੈ। ਮੈਂ ਅਲਮਾਰੀ ਖੋਹਲ ਕੇ ਸੂਟ ਵੇਖਣ ਲੱਗੀ ਹਾਂ। ਖੁਸ਼ੀ ਸੰਭਾਲਣੀ ਔਖੀ ਹੋ ਗਈ ਹੈ। ਸੁਪਨਿਆਂ ਨੂੰ ਰਸਤਾ ਮਿਲ ਗਿਆ ਹੈ। ਮੈਂ ਮਾਂ ਦਾ ਸਹਾਰਾ ਬਨਣ ਵਿੱਚ ਜ਼ਰੂਰ ਕਾਮਯਾਬ ਹੋਵਾਂਗੀ।

ਕਾਲਜ ਜਾਣ ਦੀ ਤਿਆਰੀ ਕਰ ਮੰਜੇ 'ਤੇ ਪੈ ਗਈ ਹਾਂ। ਨੀਂਦ ਅੱਖਾਂ ਤੋਂ ਕੋਹਾਂ ਦੂਰ ਹੈ। ਅੱਖਾਂ ਅੱਗੇ ਕਾਲਜ ਘੁੰਮ ਰਿਹਾ ਹੈ। ਮੰਜੇ 'ਤੇ ਪਾਸੇ ਮਾਰਦੀ ਨੂੰ ਵੇਖ ਮਾਂ ਨੇ ਆਵਾਜ਼ ਦਿੱਤੀ ਹੈ,
''ਕਰਮ.....! ਪੁੱਤਰ ਸੌਂ ਜਾ ਹੁਣ। ਸਵੇਰੇ ਛੇਤੀ ਉੱਠਣਾ। ਤਿਆਰ ਹੋ ਕੇ ਕਾਲਜ ਜਾਣਾ।''
ਮੈਂ ਉਸਦੀ ਆਵਾਜ਼ ਸੁਣ ਹੈਰਾਨ ਹੋਈ ਸੋਚਦੀ ਹਾਂ, ''ਮਾਂ ਮਨ ਦੀਆਂ ਜਾਣਦੀ ਹੈ। ਮੇਰੀ ਇੱਛਾ ਨੇ ਇਸ ਅੰਦਰ ਖਿੱਚ ਪਾਈ ਤੇ ਮੇਰੀ ਪੜ੍ਹਾਈ ਲਈ ਮੰਨ ਗਈ।''

ਮੈਂ ਮਾਂ ਤੇ ਵੀਰੇ ਦੇ ਪਿਆਰ ਬਾਰੇ ਸੋਚਦਿਆਂ ਅੱਖਾਂ ਬੰਦ ਕਰ ਲਈਆਂ ਹਨ। ਪੂਰੀ ਰਾਤ ਜਾਗੋ-ਮੀਟੀ ਵਿੱਚ ਲੰਘੀ ਹੈ। ਮਾਂ ਸਵੇਰੇ ਉੱਠਕੇ ਦੇਗ ਤਿਆਰ ਕਰਨ ਲੱਗੀ ਹੈ। ਮੈਂ ਤਿਆਰ ਹੋ ਰਹੀ ਹਾਂ। ਗੁਰਦੁਆਰੇ ਜਾ ਕੇ ਪਹਿਲਾਂ ਅਰਦਾਸ ਕਰਾਉਣੀ ਹੈ। ਮਾਂ ਨੇ ਪੈਰ ਗੇਟ ਤੋਂ ਬਾਹਰ ਰੱਖਿਆ। ਕਾਲੀ ਬਿੱਲੀ ਦੌੜਦੀ ਹੋਈ ਉਸ ਦੇ ਅੱਗੋਂ ਲੰਘ ਗਈ। ਉਹ ਮੈਨੂੰ ਬਾਹਰ ਨਿਕਲਣ ਤੋਂ ਰੋਕਦੀ ਬੋਲੀ ਹੈ, ''ਪੁੱਤਰ! ਚੰਗਾ ਸ਼ਗਨ ਨਹੀਂ ਹੋਇਆ। ਤੂੰ ਅੱਜ ਕਾਲਜ ਨਾ ਜਾ....!''

ਉਸ ਦੀ ਚਿੰਤਾ ਵੇਖ ਮੈਂ ਹੱਸਦੀ ਹੋਈ ਬਾਹਰ ਨਿੱਕਲੀ ਹਾਂ, ''ਮਾਂ ਜਦੋਂ ਕੁਝ ਕਰਨਾ ਹੋਵੇ। ਉਦੋਂ ਬਿੱਲੀਆਂ ਦੇ ਰਸਤਾ ਕੱਟਣ ਨਾਲ ਕੁਝ ਨਹੀਂ ਵਿਗੜਦਾ। ਬੰਦਾ ਤਾਂ ਪਹਾੜ ਕੱਟ ਕੇ ਅੱਗੇ ਲੰਘ ਜਾਂਦਾ।''

ਉਸ ਦਾ ਡਰ ਦੂਰ ਕਰਦਿਆਂ ਮੈਂ ਅੱਗੇ ਤੁਰ ਪਈ ਹਾਂ। ਗੁਰਦੁਆਰੇ ਮੱਥਾ ਟੇਕ ਕੇ ਨੂਪੁਰ ਤੇ ਸਹੇਲੀਆਂ ਨਾਲ ਕਾਲਜ ਜਾਣ ਲਈ ਬੱਸ ਚੜ੍ਹ ਗਈ ਹਾਂ। ਮੈਂ ਆਪਣੇ ਸੁਪਨਿਆਂ ਦੇ ਮੰਦਿਰ ਵਿੱਚ ਪਹੁੰਚ ਗਈ ਹਾਂ। ਰੰਗ-ਬਰੰਗੇ ਕੱਪੜਿਆਂ ਵਿੱਚ ਘੁੰਮਦੀਆਂ ਕੁੜੀਆਂ ਤਿੱਤਲੀਆਂ ਲੱਗ ਰਹੀਆਂ ਹਨ। ਸਭ ਦੇ ਆਪਣੇ-ਆਪਣੇ ਖੰਭ ਹਨ। ਜਿੰਨੀ ਮਰਜ਼ੀ ਉਨੀ ਉੱਚੀ ਉਡਾਰੀ ਮਾਰਨ। ਜਿੱਥੇ ਮਰਜ਼ੀ ਉੱਡਣ ਜਾਂ ਬੈਠਣ।

''ਪਰ ਮੈਂ ਇਹਨਾਂ ਖੰਭਾਂ ਨਾਲ ਬਹੁਤ ਉੱਚਾ ਤੇ ਦੂਰ ਤੱਕ ਉੱਡਣਾ ਹੈ.......!'' ਕੁੜੀਆਂ ਵੱਲੋਂ ਧਿਆਨ ਹਟਾ ਮੈਂ ਡਾਕਟਰ ਮਨਜੀਤ ਬਾਰੇ ਸੋਚ ਕੇ ਯਾਦਾਂ ਦੇ ਪਰਛਾਂਵੇ ਵਿਚੋਂ ਬਾਹਰ ਨਿਕਲੀ ਹਾਂ।

ਕਾਂਡ-8

ਔਖੇ ਹੋਣ ਜਾਂ ਸੌਖੇ। ਦਿਨ ਲੰਘ ਜਾਂਦੇ ਹਨ। ਪਰ ਵੀਰੇ ਦੀ ਭਟਕਣ। ਮਾਂ ਦੀ ਤੜਫ਼। ਮੇਰੇ ਲਈ ਅਸਹਿ ਹੈ। ਵੀਰੇ ਦੀਆਂ ਅੱਖਾਂ ਵਿੱਚ ਵਧ ਰਿਹਾ ਗੁੱਸਾ। ਮਾਂ ਦੀਆਂ ਖਾਲੀ ਅੱਖਾਂ ਗਹਿਰੀ ਝੀਲ ਬਣ ਗਈਆਂ ਹਨ। ਇਹਨਾਂ ਵਿੱਚ ਕਿੰਨੇ ਰਾਜ਼, ਦਰਦ ਤੇ ਅਧੂਰੀਆਂ ਆਸਾਂ ਡੁੱਬੀਆਂ ਹਨ। ਅਧਵਾਟੇ ਸਫ਼ਰ ਦਾ ਦਰਦ ਅੱਖਾਂ ਵਿੱਚ ਤੈਰਦਾ ਦਿਸਦਾ।

ਸੋਚਾਂ 'ਚ ਡੁੱਬੀ ਮਾਂ ਵੱਲ ਵੇਖਣ ਲੱਗੀ ਹਾਂ। ਉਹ ਅਲਮਾਰੀ ਵਿੱਚ ਪਈਆਂ ਕਿਤਾਬਾਂ ਨੂੰ ਚੁੰਨੀ ਦੇ ਪੱਲੇ ਨਾਲ ਸਾਫ਼ ਕਰ ਰਹੀ ਹੈ। ਕਿਤਾਬਾਂ ਨੂੰ ਚਿਣ-ਚਿਣ ਕੇ ਰੱਖ ਰਹੀ ਹੈ। ਉਸ ਨੇ ਇਕ ਨਜ਼ਰ ਆਲੇ-ਦੁਆਲੇ ਘੁੰਮਾਈ। ਅਲਮਾਰੀ ਵਿਚੋਂ ਐਲਬਮ ਕੱਢ ਕੇ ਕੁਰਸੀ 'ਤੇ ਬੈਠ ਗਈ ਹੈ। ਮੈਂ ਸੌਣ ਦਾ ਨਾਟਕ ਕਰਦੀ ਹੋਈ ਵੇਖ ਰਹੀ ਹਾਂ। ਫੋਟੋ ਵੇਖਦਿਆਂ ਉਸਦੇ ਚਿਹਰੇ 'ਤੇ ਖੁਸ਼ੀ ਤੇ ਗਮ ਦੇ ਰਲਵੇਂ-ਮਿਲਵੇਂ ਭਾਵ ਉੱਭਰ ਰਹੇ ਹਨ। ਉਸਨੇ ਐਲਬਮ ਵਿਚੋਂ ਇਕ ਫੋਟੋ ਕੱਢ ਕੇ ਹੱਥ ਵਿੱਚ ਫੜੀ ਹੈ। ਫੋਟੋ ਵਿੱਚ ਮਾਂ ਤੇ ਪਾਪਾ ਇਕੱਠੇ ਬੈਠੇ ਹਨ। ਉਸ ਦੀਆਂ ਅੱਖਾਂ ਵਿਚੋਂ ਪਾਣੀ ਦੀਆਂ ਬੂੰਦਾਂ ਫੋਟੋ ਉਤੇ ਡਿੱਗੀਆਂ ਹਨ। ਸ਼ਾਇਦ ਫੋਟੋ ਵਿਚੋਂ ਪਾਪਾ ਦਾ ਗਾਇਬ ਹੋ ਜਾਣਾ ਦਿਸਣ ਲੱਗਾ ਹੈ।

ਮੈਂ ਹੋਰ ਨਹੀਂ ਵੇਖ ਸਕਦੀ। ਉਸ ਵੱਲ ਪਿੱਠ ਕਰ ਪੈ ਗਈ ਹਾਂ। ਮੈਨੂੰ ਮੰਜੇ 'ਤੇ ਮਾਂ ਦਾ ਬੈਠਣਾ ਮਹਿਸੂਸ ਹੋਇਆ ਹੈ। ਉਹ ਮੇਰੇ ਨਾਲ ਪੈ ਗਈ ਹੈ। ਮੈਨੂੰ ਘੁੰਮਣਾਂ ਦੀ ਮਾਈ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਹਨ। ਮੈਂ ਉਸ ਨੂੰ ਪੁੱਛਿਆ, ''ਮੇਰੀ ਮਾਂ ਦੁਖੀ ਕਿਉਂ ਰਹਿੰਦੀ ਹੈ ?'

''ਦੇਖ ਭਾਈ ਬੀਬਾ! ਜੇ ਅੱਲਾ-ਭਗਵਾਨ ਨੇ ਦੁੱਖ ਤੇ ਚਿੰਤਾਵਾਂ ਦਿੱਤੀਆਂ ਹਨ ਤਾਂ ਆਰਾਮ ਲਈ ਨੀਂਦ ਤੇ ਆਸਾਂ ਵੀ ਦਿੱਤੀਆਂ ਨੇ। ਉਸ ਦੀਆਂ ਅਧੂਰੀਆਂ ਆਸਾਂ ਤੁਸੀਂ ਹੀ ਪੂਰੀਆਂ ਕਰਨੀਆਂ ਨੇ।'' ਕਹਿ ਕੇ ਉਸਨੇ ਮੇਰੇ ਸਿਰ 'ਤੇ ਹੱਥ ਰੱਖ ਦਿੱਤਾ।
ਮੈਨੂੰ ਘੁੰਮਣਾਂ ਦੀ ਮਾਈ ਵਿੱਚ ਰੱਬ ਦਿਸਦਾ ਹੈ। ਜਿਸ ਕੋਲ ਬੈਠ ਕੇ ਗੱਲਾਂ ਕਰਦਿਆਂ ਸਾਹਾਂ ਵਿੱਚ ਠਹਿਰਾਅ ਆ ਜਾਵੇ ਉਹੀ ਰੱਬ ਰੂਪ ਹੁੰਦਾ। ਸੋਚਦੀ ਨੇ ਮਾਂ ਵੱਲ ਪਾਸਾ ਪਰਤਿਆ ਹੈ।
''ਮਾਂ ਤੈਨੂੰ ਕਿਹੋ ਜਿਹੇ ਸੁਪਨੇ ਆਉਂਦੇ ਨੇ.....!'' ਮੈਂ ਉਸਦੇ ਚਿਹਰੇ ਵੱਲ ਵੇਖਣ ਲੱਗੀ ਹਾਂ
ਉਸ ਨੇ ਹੌਕਾ ਲੈਂਦਿਆਂ ਕਿਹਾ, ''ਕੋਈ ਦਿਨ ਸਨ ਜਦ ਮੈਂ ਵੀ ਸੁਪਨੇ ਵੇਖਦੀ ਸੀ। ਜਾਗਦੀਆਂ ਅੱਖਾਂ ਨਾਲ ਸੁਪਨੇ ਵੇਖ ਲੈਂਦੀ ਸੀ। ਹੁਣ ਤਾਂ ਨੀਂਦ ਲਈ ਦੁਆਵਾਂ ਮੰਗਦਿਆਂ ਰਾਤ ਲੰਘ ਜਾਂਦੀ।
ਉਨੀਂਦੀਆਂ ਅੱਖਾਂ ਸੁਪਨੇ ਨਹੀਂ ਵੇਖਦੀਆਂ। ਤਰਸਦੀਆਂ ਰਹਿੰਦੀਆਂ ਕਿਤੇ ਨੀਂਦ ਆ ਜੇ.....! ਕੋਈ ਸੁਪਨਾ ਹੀ ਆ ਜੇ....!''
ਉਸਨੇ ਬਾਂਹ ਚੁੱਕ ਕੇ ਸਿਰ 'ਤੇ ਰੱਖ ਲਈ ਹੈ। ਮੇਰੇ ਵੱਲ ਪਾਸਾ ਪਰਤ ਬੋਲੀ ਹੈ, ''ਤੜਫ਼ਦੀ ਆਤਮਾਂ ਦੇ ਕਾਹਦੇ ਸੁਪਨੇ...! ਮੇਰੀ ਤਾਂ ਜ਼ਿੰਦਗੀ ਹੀ ਉਨੀਂਦੀ ਅੱਖ ਦਾ ਸੁਪਨਾ ਏ.....!''
''ਮਾਂ ਫਿਕਰ ਨਾ ਕਰ.....! ਤੇਰੇ ਸੁਪਨੇ ਮੇਰੇ ਸੁਪਨੇ ਨੇ।'' ਮੈਂ ਕਹਿਣ ਲਈ ਮੂੰਹ ਖੋਲ੍ਹਿਆ ਪਰ ਆਵਾਜ਼ ਗਲੇ ਵਿੱਚ ਅਟਕ ਗਈ ਹੈ
ਬਿਨਾਂ ਬੋਲੇ ਉਸ ਨੂੰ ਜੱਫ਼ੀ ਪਾ ਕੇ ਸੌਂ ਗਈ ਹਾਂ।.....ਦੂਰ-ਦੂਰ ਤੱਕ ਫੈਲਿਆ ਸਮੁੰਦਰ। ਚਾਰੇ ਪਾਸੇ ਸ਼ਾਂਤ ਵਾਤਾਵਰਣ। ਬੇੜੀ ਵਿੱਚ ਬੈਠੀ ਔਰਤ। ਬੇੜੀ ਸਮੁੰਦਰ ਦੇ ਵਿਚਕਾਰ ਹੈ। ਸਮੁੰਦਰ ਵਿੱਚ ਹਲਚਲ ਹੋਣ ਲੱਗੀ ਹੈ। ਵੱਡਾ ਭੰਵਰ ਉਠ ਰਿਹਾ ਹੈ। ਬੇੜੀ ਗੋਲ ਚੱਕਰ ਵਿੱਚ ਘੁੰਮਣ ਲੱਗੀ ਹੈ। ਸ਼ਾਂਤ ਸਮੁੰਦਰ ਵਿੱਚ ਉਠਿਆ ਭੰਵਰ ਉਸਨੂੰ ਆਪਣੇ ਅੰਦਰ ਖਿੱਚ ਰਿਹਾ ਹੈ।
ਹੌਲੀ-ਹੌਲੀ ਸਾਰਾ ਸਮੁੰਦਰ ਉੱਚੀਆਂ ਲਹਿਰਾਂ ਨਾਲ ਉਛਲਣ ਲੱਗਾ ਹੈ। ਬੱਦਲਾਂ ਦੀ ਗੜਗੜਾਹਟ ਨਾਲ ਬਿਜਲੀ ਲਿਸ਼ਕੀ ਹੈ। ਔਰਤ ਡੂੰਘੇ ਪਾਣੀ ਵਿੱਚ ਅਲੋਪ ਹੋ ਰਹੀ ਹੈ।

ਮੇਰਾ ਸਾਹ ਘੁੱਟ ਰਿਹਾ ਹੈ। ਬਚਣ ਲਈ ਹੱਥ-ਪੈਰ ਮਾਰ ਰਹੀ ਹਾਂ। ਮੂੰਹ ਵਿਚੋਂ ਆਵਾਜ਼ ਨਹੀਂ ਨਿਕਲ ਰਹੀ। ਮੇਰੀਆਂ ਚੀਕਾਂ ਸੁਣ ਮਾਂ ਨੇ ਹਿਲਾ ਕੇ ਜਗਾਇਆ ਹੈ, ''ਕਰਮ....ਕਰਮ....! ਕੀ ਗੱਲ ਕੁੜੀਏ....! ਕੋਈ ਡਰਾਉਣਾ ਸੁਪਨਾ ਵੇਖ ਲਿਆ।''

ਮੈਂ ਹੈਰਾਨ ਹੋਈ ਉਸ ਵੱਲ ਵੇਖ ਰਹੀ ਹਾਂ। ਸਮੁੰਦਰ ਵਿੱਚ ਡੁੱਬ ਰਹੇ ਚਿਹਰੇ ਦੀ ਪਛਾਣ ਕਰ ਰਹੀ ਹਾਂ। ਮੇਰੀਆਂ ਨਜ਼ਰਾਂ ਵੀਰੇ ਨੂੰ ਲੱਭਣ ਲੱਗੀਆਂ ਹਨ। ਅੰਦਰਲੇ ਡਰ 'ਤੇ ਕਾਬੂ ਪਾਉਂਦਿਆਂ
ਮਾਂ ਨੂੰ ਪੁੱਛਿਆ ਹੈ, ''ਮਾਂ ਵੀਰਾ ਕਿੱਥੇ ਹੈ.....?''
''ਉਹ ਤਾਂ ਕਾਲਜ ਗਿਆ।'' ਮਾਂ ਨੇ ਜਵਾਬ ਦਿੰਦਿਆਂ ਕਿਹਾ ਹੈ
ਕਾਲਜ ਦੇ ਨਾਂ ਨੇ ਬਚਪਨ ਦੀਆਂ ਯਾਦਾਂ ਤਾਜਾ ਕਰ ਦਿੱਤੀਆਂ ਹਨ। ਵੀਰੇ ਨੂੰ ਪੜ੍ਹਨਾ ਪਸੰਦ ਨਹੀਂ ਸੀ। ਪਰ ਉਡਣਾ ਸਾਨੂੰ ਦੋਹਾਂ ਨੂੰ ਬਹੁਤ ਚੰਗਾ ਲੱਗਦਾ। ਮਾਂ ਨੇ ਉਸ ਨੂੰ ਪੜ੍ਹਾਉਣ ਲਈ ਮੋਟਰ-ਸਾਈਕਲ ਦਾ ਸੁਪਨਾ ਵਿਖਾ ਦਿੱਤਾ। ਇਹੀ ਉੱਡਣ ਦਾ ਸੁਪਨਾ ਉਸਨੂੰ ਬੀ.ਏ. ਕਰਾ ਰਿਹਾ ਹੈ ਤੇ ਮੈਨੂੰ ਐਲ.ਐਲ.ਬੀ।
''ਕਰਮ!'' ਮਾਂ ਦੀ ਆਵਾਜ਼ ਸੁਣ ਮੈਂ ਗਰਦਨ ਚੁੱਕ ਕੇ ਵੇਖਿਆ ਹੈ

''ਚੱਲ ਪੇਟੀ ਵਿਚੋਂ ਕੋਈ ਸੂਟ ਕੱਢ ਕੇ ਵੇਖ ਲੈ। ਦੋ-ਤਿੰਨ ਛੁੱਟੀਆਂ ਨੇ ਤੈਨੂੰ। ਮਿਲ ਕੇ ਸਿਲਾਈ ਕਰ ਲਵਾਂਗੇ। ਰੋਜ਼ ਕਾਲਜ ਪਾ ਕੇ ਜਾਣਾ ਹੁੰਦਾ।'' ਉਹ ਕਹਿ ਕੇ ਸਟੋਰ ਵੱਲ ਤੁਰ ਪਈ ਹੈ ਉਸਦੇ ਮੂੰਹੋਂ ਸੂਟਾਂ ਦੀ ਗੱਲ ਸੁਣ ਮੈਂ ਛਾਲ ਮਾਰ ਕੇ ਉੱਠੀ ਹਾਂ। ਉਸ ਨੇ ਪੇਟੀ ਖੋਹਲੀ ਹੈ। ਮੈਂ ਢੱਕਣ ਫੜਿਆ। ਉਸ ਨੇ ਸੂਟ ਬਾਹਰ ਕੱਢੇ ਹਨ। ਸੂਟਾਂ ਵਿਚੋਂ ਇਕ ਪੋਟਲੀ ਹੇਠਾਂ ਡਿੱਗੀ ਹੈ। ਮਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਮੈਂ ਚੁੱਕ ਕੇ ਪਾਸੇ ਰੱਖ ਦਿੱਤੀ ਹੈ। ਮਾਂ ਨੇ ਪੇਟੀ ਬੰਦ ਕਰ ਦਿੱਤੀ ਹੈ।

ਮੈਨੂੰ ਨਵਾਂ ਸੂਟ ਸੀਣ ਦਾ ਚਾਅ ਹੈ। ਮਾਂ ਮੇਰੇ ਕੋਲ ਬੈਠੀ ਹੈ। ਅਸਮਾਨ ਵਿੱਚ ਹੋਈ ਬੱਦਲਵਾਈ ਵੇਖ ਬੋਲੀ ਹੈ, ''ਇਹ ਰੱਬ ਜਿੰਮੀਂਦਾਰਾਂ ਦੀ ਕਦੇ ਨਹੀਂ ਸੁਣਦਾ। ਜਦੋਂ ਕਣਕਾਂ ਪੱਕਣ 'ਤੇ ਆਉਂਦੀਆਂ। ਬੱਦਲ ਚੜ੍ਹ ਕੇ ਆ ਜਾਂਦਾ।''

ਉਹ ਬੱਦਲਾਂ ਦੀ ਗੜਗੜਾਹਟ ਸੁਣ ਕੇ ਬੋਲੀ ਹੈ, ''ਕਰਮ! ਰਾਤ ਮੈਨੂੰ ਬੜਾ ਡਰਾਉਣਾ ਸੁਪਨਾ ਆਇਆ। ਜਿਵੇਂ ਸੰਘਣਾ ਜੰਗਲ ਹੋਵੇ। ਦੂਰ-ਦੂਰ ਤੱਕ ਨਾ ਬੰਦਾ, ਨਾ ਬੰਦੇ ਦੀ ਜਾਤ। ਤੇਹ ਨਾਲ ਗਲਾ ਸੁੱਕ ਗਿਆ। ਕਿਤੇ ਪਾਣੀ ਦਾ ਨਾਂ-ਨਿਸ਼ਾਨ ਨਹੀਂ। ਪਿਛੇ ਮੁੜ ਕੇ ਵੇਖਿਆ। ਵੱਡੇ-ਵੱਡੇ ਕਾਲੇ ਡਰਾਉਣੇ ਭੂਤ। ਮੈਂ ਡਰ ਕੇ ਤੇਜ਼-ਤੇਜ਼ ਭੱਜੀ। ਅੜ੍ਹਕ-ਅੜ੍ਹਕ ਕੇ ਡਿੱਗਦੀ। ਫਿਰ ਉੱਠ ਕੇ ਭੱਜਦੀ। ਡਰ ਨਾਲ ਬੁਰਾ ਹਾਲ। ਕੀ ਕਰਾਂ ? ਘਰ ਕਿਵੇਂ ਜਾਵਾਂ। ਬੱਚੇ ਮੈਨੂੰ ਉਡੀਕਦੇ ਹੋਣੇ।''
ਬਾਹਰ ਜ਼ੋਰ ਦੀ ਬਿਜਲੀ ਲਿਸ਼ਕੀ ਹੈ। ਮਾਂ ਦੇ ਡਰ ਨੂੰ ਵੇਖ ਮੈਂ ਹੌਂਸਲਾ ਦਿੰਦੀ ਬੋਲੀ ਹਾਂ, ''ਉ.....ਹ....ਹੋ...! ਮਾਂ.....! ਐਵੇਂ ਨਾ ਘਬਰਾਇਆ ਕਰ। ਸੁਪਨੇ ਸਾਰੇ ਦਿਨ ਦੀਆਂ ਚਿੰਤਾਵਾਂ ਹੁੰਦੇ ਨੇ।''

ਮੈਂ ਗੱਲ ਕਰਦੀ ਚੁੱਪ ਹੋ ਗਈ ਹਾਂ। ਮੈਨੂੰ ਵੀਰੇ ਅੰਦਰ ਸੁਲਗਦੀ ਬਦਲੇ ਦੀ ਅੱਗ ਮਹਿਸੂਸ ਹੋਣ ਲੱਗੀ ਹੈ। ਉਹ ਜੋ ਵੀ ਕਰਨਾ ਚਾਹੁੰਦਾ। ਉਸਦਾ ਤਰੀਕਾ ਗਲਤ ਹੋਵੇਗਾ। ਅਸੀਂ ਦੋਵੇਂ ਜਾਣਦੀਆਂ ਹਾਂ। ਪਰ ਕੀ ਕਰੀਏ....? ਮੈਂ ਉਸਦੇ ਭਵਿੱਖ ਬਾਰੇ ਸੋਚਣ ਲੱਗੀ ਹਾਂ। ਮੋਬਾਈਲ 'ਤੇ ਰਿੰਗ ਸੁਣ ਕੇ ਫ਼ੋਨ ਚੁੱਕਿਆ ਹੈ। ਨੂਪੁਰ ਘਬਰਾਈ ਹੋਈ ਬੋਲ ਰਹੀ ਹੈ। ਮੈਂ ਮਾਂ ਤੋਂ ਦੂਰ ਹੋ ਕੇ ਗੱਲ ਸੁਨਣ ਲਈ ਉੱਠੀ ਹਾਂ। ਸਾਹਮਣੇ ਨਸੀਬੋ ਮੀਂਹ ਵਿੱਚ ਭਿੱਜਦੀ ਵਾਹੋ-ਦਾਹੀ ਮਾਂ ਵੱਲ ਭੱਜੀ ਆਉਂਦੀ ਹੈ, ''ਸਰਦਾਰਨੀਏ....! ਮੁੰਡੇ ਨੂੰ ਕਾਬੂ ਕਰ। ਸਵੇਰੇ ਜੈਲਦਾਰਾਂ ਦਾ ਮੁੰਡਾ ਜਾਣ-ਬੁੱਝ ਕੇ ਖੰਘੂਰਾ ਮਾਰ ਕੇ ਬੋਲਿਆ ਆਏ ਵੱਡੇ ਸਰਦਾਰ। ਸੁਣਕੇ ਛੋਟੇ ਸਰਦਾਰ ਨੂੰ ਗੁੱਸਾ ਚੜ੍ਹ ਗਿਆ। ਉਹਨੇ ਮੋਟਰ-ਸਾਈਕਲ ਵਿਚੋਂ ਕਿਰਚ ਕੱਢ ਲਈ। ਉਹ ਤਾਂ ਭਲਾ ਹੋਵੇ, ਕੋਲੋਂ ਲੁਬਾਣਿਆਂ ਦੀ ਜੀਪ ਲੰਘ ਰਹੀ ਸੀ। ਉਹਨਾਂ ਨੇ ਵਿੱਚ ਪੈ ਕੇ ਲੜਾਈ ਰੋਕ ਦਿੱਤੀ।''
ਮਾਂ ਦੇ ਚਿਹਰੇ ਦੇ ਬਦਲਦੇ ਰੰਗ ਵੇਖ ਮੈਂ ਸਮਝ ਗਈ। ਨਸੀਬੋ ਉਹੀ ਗੱਲ ਕਰ ਰਹੀ ਹੈ, ਜੋ ਨੂਪੁਰ ਦੱਸ ਰਹੀ ਹੈ। ਮੈਂ ਫ਼ੋਨ ਰੱਖ ਮਾਂ ਕੋਲ ਜਾ ਖੜ੍ਹੀ ਹਾਂ।

''ਸਰਦਾਰਨੀਏ.....! ਦੁੱਧ ਤੇ ਪੁੱਤ ਬੜੇ ਸੰਭਾਲ ਕੇ ਰੱਖਣੇ ਪੈਂਦੇ ਨੇ। ਭੈੜੀਆਂ ਨਜ਼ਰਾਂ ਦੋਹਾਂ ਨੂੰ ਮਾੜੀਆਂ.....! ਦੋਵੇਂ ਹੀ ਕੀਮਤੀ ਪੂੰਜੀ ਹੁੰਦੇ....! ਮੁੰਡਾ ਤਾਂ ਮੂਰਖ ਆ। ਕਮਲਾ....! ਤੂੰ ਨਾ ਕੋਈ ਗੱਲ ਸੁਣੀ ਜਵਾਕ ਦੀ। ਇੱਕ ਤਾਂ ਪੁੱਤ ਸਰਦਾਰਨੀਏ.....! ਮਸਾਂ ਦਿੱਤਾ ਰੱਬ ਨੇ....। ਸਰਦਾਰ ਤੋਂ ਬਾਅਦ ਹੁਣ ਘਰ ਦਾ ਬਾਲੀ ਵਾਰਸ ਇਹੀ ਐ....।'' ਅਸੀਂ ਚੁੱਪ-ਚਾਪ ਨਸੀਬੋ ਦੀ ਨਸੀਹਤ ਸੁਣ ਰਹੀਆਂ ਹਾਂ

ਉਹ ਵਰ੍ਹਦੇ ਮੀਂਹ ਵਿੱਚ ਵਾਪਸ ਚਲੀ ਗਈ ਹੈ। ਮਾਂ ਬੁਝੇ ਮਨ ਨਾਲ ਮੰਜੇ 'ਤੇ ਪੈ ਗਈ ਹੈ। ਮੈਂ ਮਸ਼ੀਨ ਪਾਸੇ ਕਰ ਦਿੱਤੀ। ਕੱਪੜੇ ਲਪੇਟ ਕੇ ਰੱਖ ਦਿੱਤੇ। ਕੱਪੜੇ ਰੱਖਦਿਆਂ ਧਿਆਨ ਪੇਟੀ 'ਚੋਂ ਡਿੱਗੀ ਪੋਟਲੀ ਵੱਲ ਚਲਾ ਗਿਆ। ਮੈਂ ਮਾਂ ਵੱਲ ਵੇਖਿਆ। ਉਹ ਗੁਟਕਾ ਫੜ ਕੇ ਪਾਠ ਕਰਨ ਲੱਗੀ ਹੈ। ਮੈਂ ਅੰਦਰ ਜਾ ਕੇ ਪੋਟਲੀ ਕੱਢੀ ਹੈ। ਉਸਨੂੰ ਖੋਹਲ ਕੇ ਵੇਖਣ ਲੱਗੀ ਹਾਂ। ਉਸ ਵਿੱਚ ਦੋ ਚਿੱਠੀਆਂ ਹਨ। ਉਹਨ੍ਹਾਂ ਨੂੰ ਵੇਖ ਕੇ ਮੇਰੇ ਅੰਦਰ ਦੌੜਦਾ ਖੂਨ ਜੰਮਣ ਲੱਗਾ ਹੈ......।

ਕਾਂਡ-9

ਦੋ ਚਿੱਠੀਆਂ ਵਿਚੋਂ ਇਕ ਚਿੱਠੀ ਮਾਂ ਨੇ ਆਪਣੀ ਸਹੇਲੀ ਨੂੰ ਹੋਸਟਲ ਵਿੱਚ ਲਿਖੀ ਹੈ। ਇਹ ਸਮੇਂ ਦੇ ਹਾਲਾਤਾਂ ਕਾਰਨ ਡਾਕਖਾਨੇ ਨਾ ਪਹੁੰਚ ਸਕੀ। ਉਸ ਨੇ ਆਪਣੇ ਕੋਲ ਰੱਖ ਲਈ ਹੋਵੇਗੀ। ਇਹਨਾਂ ਚਿੱਠੀਆਂ ਵਿੱਚ ਉਸਦੇ ਅਜਿਹੇ ਦਰਦ ਛੁਪੇ ਹਨ ਜਿੰਨ੍ਹਾਂ ਨੂੰ ਯਾਦ ਕਰਨਾ ਬਹੁਤ ਔਖਾ ਹੈ। ਇਸੇ ਕਰਕੇ ਡੂੰਘੀਆਂ ਲੁਕਾ ਦਿੱਤੀਆਂ ਤਾਂ ਕਿ ਇਹਨਾਂ ਦਰਦਾਂ ਤੋਂ ਦੂਰ ਰਹਿ ਸਕੇ।
ਪੰਡੋਰੀ
27/6/1984
ਪਿਆਰੀ ਸਹੇਲੀ ਮਨਜੀਤ,
ਸਤਿ ਸ੍ਰੀ ਅਕਾਲ।

ਰਾਜੀ ਖੁਸ਼ੀ ਉਪਰੰਤ ਸਮਾਚਾਰ ਇਹ ਹੈ ਕਿ ਤੁਹਾਨੂੰ ਪਤਾ ਹੈ ਕਿ ਭੈਣ ਸੁੱਖ ਦਾ ਵਿਆਹ 9 ਜੂਨ ਦਾ ਤਹਿ ਹੋ ਚੁੱਕਾ ਸੀ। ਸਭ ਤਿਆਰੀਆਂ ਹੋ ਗਈਆਂ। ਪੰਜ ਜੂਨ ਨੂੰ ਆਖੰਡ ਪਾਠ ਰੱਖਿਆ। ਸੱਤ ਤਰੀਕ ਨੂੰ ਭੋਗ ਪੈ ਗਏ। ਅਸੀਂ ਬਹੁਤ ਖੁਸ਼ ਸੀ। ਭੈਣ ਨੂੰ ਮਾਈਏ ਪਾਇਆ ਗਿਆ। ਕੁੜੀਆਂ ਖੁਸ਼ੀ-ਖੁਸ਼ੀ ਉਸ ਦੇ ਹੱਥਾਂ 'ਤੇ ਮਹਿੰਦੀ ਲਾ ਰਹੀਆਂ ਸਨ। ਘਰ ਦੇ ਅੰਦਰ ਬਾਹਰ ਟੈਂਟ ਲੱਗ ਰਹੇ ਸਨ। ਘਰ ਵਿੱਚ ਮਠਿਆਈਆਂ ਦੀ ਖੁਸ਼ਬੂ ਖਿੱਲਰੀ ਹੋਈ ਸੀ। ਸਭ ਨਵੇਂ ਕੱਪੜੇ ਪਾ ਕੇ ਘੁੰਮ ਰਹੇ ਸਨ।

ਭੈਣ ਦੀਆਂ ਬਾਹਵਾਂ ਸੁਹਣੇ ਲਾਲ ਚੂੜੇ ਅਤੇ ਕਲੀਰਿਆਂ ਨਾਲ ਸਜ ਗਈਆਂ। ਉਸ ਦੇ ਸੁਪਨੇ ਅੱਖਾਂ ਵਿਚੋਂ ਡੁਲ੍ਹ-ਡੁਲ੍ਹ ਪੈਂਦੇ ਸਨ। ਪਰ ਸਵੇਰ ਹੁੰਦਿਆਂ ਹੀ ਸਾਡੀਆਂ ਖੁਸ਼ੀਆਂ ਡਗ-ਮਗਾਉਣ ਲੱਗੀਆਂ। ਜਦੋਂ ਕੁਝ ਸਿਆਣੇ ਬੰਦਿਆਂ ਨੂੰ ਆਪਸ ਵਿੱਚ ਘੁਸਰ-ਮੁਸਰ ਕਰਦਿਆਂ ਸੁਣਿਆ। ਬਰਾਤ ਦੂਰੋਂ ਆਉਣੀ ਸੀ। ਪੰਜਾਬ ਵਿੱਚ ਕਰਫਿਊ ਲੱਗ ਚੁੱਕਾ ਸੀ। ਹਰ ਪਾਸੇ ਜਾਨ ਦਾ ਖਤਰਾ। ਹਲਵਾਈ ਤੇ ਲਾਗੀ ਸੋਚਾਂ ਵਿੱਚ ਸਨ। ਪਤਾ ਨਹੀਂ ਬਰਾਤ ਕਦੋਂ, ਕਿੰਨੀ ਤੇ ਕਿਵੇਂ ਪਹੁੰਚੇਗੀ। ਤਿਆਰੀਆਂ ਕਿਸ ਹਿਸਾਬ ਨਾਲ ਕੀਤੀਆਂ ਜਾਣ।

ਹੌਲੀ-ਹੌਲੀ ਸਭ ਦੇ ਚਿਹਰੇ ਉਤਰਦੇ ਗਏ। ਭੈਣ ਵਾਰ-ਵਾਰ ਮਹਿੰਦੀ ਵਾਲੇ ਹੱਥਾਂ ਨੂੰ ਵੇਖਦੀ, ਫਿਰ ਦਰਵਾਜ਼ੇ 'ਤੇ ਨਜ਼ਰ ਟਿਕਾਅ ਲੈਂਦੀ। ਸੱਚੀਂ ਪੁੱਛੇ ਤਾਂ ਉਹ ਮੂੰਹੋਂ ਕੁਝ ਨਹੀਂ ਬੋਲਦੀ ਸੀ। ਪਰ ਉਸ ਦੀ ਬੰਦ ਜ਼ੁਬਾਨ ਬਹੁਤ ਕੁਝ ਕਹਿ ਰਹੀ ਸੀ। ਸ਼ਾਮ ਤੱਕ ਉਡੀਕਦੇ ਰਹੇ। ਅਖੀਰ ਸਭ ਮਹਿਮਾਨ ਆਪਣੇ ਘਰਾਂ ਨੂੰ ਮੁੜਨ ਲੱਗੇ। ਅਸੀਂ ਹਰ ਦਿਨ ਬਰਾਤ ਨੂੰ ਉਡੀਕਦੇ। ਭੈਣ ਦੇ ਸੁਪਨੇ ਹਰ ਰੋਜ਼ ਟੁੱਟਦੇ। ਆਖਿਰ ਅੱਠ ਦਿਨਾਂ ਬਾਅਦ ਬਰਾਤ ਤੁਰਦੀ ਹੋਈ ਪਹੁੰਚੀ। ਭੈਣ ਦੇ ਹੱਥਾਂ ਦੀ ਮੱਧਮ ਹੋਈ ਮਹਿੰਦੀ, ਬਾਹਵਾਂ ਦਾ ਚੂੜਾ ਸਭ ਖੁਸ਼ੀ ਵਿੱਚ ਮਹਿਕਣ ਲੱਗੇ। ਬਹੁਤ ਸਾਰੀਆਂ ਖੱਜਲ ਖੁਆਰੀਆਂ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਪਹੁੰਚ ਹੀ ਗਈ।

ਮੈਂ ਤੈਨੂੰ ਇਹ ਚਿੱਠੀ ਇਸ ਲਈ ਲਿਖ ਰਹੀ ਹਾਂ ਕਿ ਤੁਸੀਂ ਕੋਈ ਸ਼ਿਕਵਾ ਨਾ ਰੱਖਣਾ ਕਿ ਤੁਹਾਨੂੰ ਵਿਆਹ ਵਿੱਚ ਨਹੀਂ ਸੱਦਿਆ। ਉਸ ਸਮੇਂ ਹਾਲਾਤ ਅਜਿਹੇ ਸਨ ਕਿ ਕਿਸੇ ਦੇ ਵੱਸ ਨਹੀਂ ਸੀ। ਇਹ ਘਟਨਾਵਾਂ ਪਤਾ ਨਹੀਂ ਕਿੰਨੇ ਕੁ ਘਰਾਂ ਵਿੱਚ ਵਾਪਰੀਆਂ ਹੋਣਗੀਆਂ। ਜਲਦੀ ਮਿਲਣ ਦੀ ਆਸ ਵਿੱਚ।
ਤੇਰੀ ਸਹੇਲੀ,
ਜੱਸ।

ਚਿੱਠੀ ਪੜ੍ਹ ਮੈਂ ਕਾਹਲੀ ਨਾਲ ਮਾਂ ਵੱਲ ਤੁਰ ਪਈ ਹਾਂ। ਪਰ ਬਿਨ੍ਹਾਂ ਬੋਲੇ ਵਾਪਸ ਬੈੱਡ 'ਤੇ ਆ ਬੈਠੀ ਹਾਂ। ਅੱਖਾਂ ਅੱਗੇ ਸਾਰੀ ਘਟਨਾ ਘੁੰਮ ਗਈ ਹੈ। ਮਾਸੀ ਨੂੰ ਫਿਰ ਕਿਹੜਾ ਸੁਖ ਮਿਲਿਆ। ਕਹਿਰ ਦੇ ਬੱਦਲ ਅਜੇ ਸਿਰ 'ਤੇ ਮੰਡਰਾ ਰਹੇ ਸਨ। ਉਸਦੇ ਪੂਰੇ ਪਰਿਵਾਰ ਨਾਲ ਇਕ ਹੋਰ ਤਰਾਸਦੀ ਵਾਪਰੀ। ਝੂਠੇ ਮੁਕਾਬਲੇ ਵਿੱਚ ਪੂਰਾ ਪਰਿਵਾਰ ਖਤਮ ਕਰ ਦਿੱਤਾ ਗਿਆ। ਮਾਸੀ ਬਾਰੇ ਸੋਚਦਿਆਂ ਮੈਨੂੰ ਮਾਮਾ ਯਾਦ ਆ ਗਿਆ। ਜਿਸ ਨੂੰ ਅਸੀਂ ਕਦੇ ਨਹੀਂ ਵੇਖਿਆ। ਮਾਮੇ ਦੀ ਉਮਰ 11-12 ਸਾਲ ਦੀ ਸੀ। ਉਹ ਘਰ ਤੋਂ ਬਾਹਰ ਖੇਡਣ ਗਿਆ। ਪਰ ਘਰ ਉਸਦੀ ਲਾਸ਼ ਆਈ। ਨਾਨਾ ਜੀ ਦੇ ਚਚੇਰੇ ਭਰਾਵਾਂ ਨੇ ਉਸਨੂੰ ਜ਼ਹਿਰ ਖਵਾ ਦਿੱਤੀ। ਉਹਨਾਂ ਨੇ ਧੋਖੇ ਨਾਲ ਜ਼ਮੀਨ ਆਪਣੇ ਨਾਂ ਕਰਵਾ ਲਈ ਸੀ। ਫਿਰ ਉਹਨਾਂ ਨੂੰ ਬੇ-ਵਾਰਿਸ ਕਰਕੇ ਬਾਕੀ ਜ਼ਮੀਨ 'ਤੇ ਅੱਖ ਧਰ ਲਈ। ਨਾਨਾ ਜੀ ਨੇ ਬਾਕੀ ਪਰਿਵਾਰ ਦੀ ਸੁਰੱਖਿਆ ਲਈ ਕਿਸੇ ਨਾਲ ਦੁਸ਼ਮਣੀ ਲੈਣ ਦਾ ਹੌਸਲਾ ਨਾ ਕੀਤਾ।

ਬੀਤੀਆਂ ਘਟਨਾਵਾਂ ਨੇ ਮਨ ਉਦਾਸ ਕਰ ਦਿੱਤਾ ਹੈ। ਦੂਸਰੀ ਚਿੱਠੀ ਪੜ੍ਹਨ ਦੀ ਹਿੰਮਤ ਨਹੀਂ ਹੈ। ਮੈਂ ਬੈੱਡ ਦੀ ਢੋਅ ਤੋਂ ਮਾਂ ਤੇ ਪਾਪਾ ਦੀ ਫੋਟੋ ਚੁੱਕ ਕੇ ਵੇਖਣ ਲੱਗੀ ਹਾਂ। ਫੋਟੋ ਵਿਚੋਂ ਉਹ ਗਾਇਬ ਹੋ ਗਏ ਹਨ। ਮਾਂ ਦੀ ਫੋਟੋ ਪੂਰੀ ਕਰਨ ਲਈ ਪਾਪਾ ਨੂੰ ਲੱਭ ਰਹੀ ਹਾਂ। ਪਰ ਉਹ ਦੂਰ ਜਾ ਰਹੇ ਹਨ। ਮੈਂ ਵੀਰੇ ਦੀ ਫੋਟੋ ਰੱਖ ਕੇ ਫੋਟੋ ਪੂਰੀ ਕਰਨ ਲੱਗੀ ਹਾਂ। ਉਸ ਨੇ ਆਪਣੀ ਫੋਟੋ ਖੋਹ ਲਈ ਹੈ। ਮੇਰੀਆਂ ਫਟੀਆਂ ਅੱਖਾਂ ਇਕੱਲੀ ਬੈਠੀ ਮਾਂ ਵੱਲ ਤੱਕ ਰਹੀਆਂ ਹਨ। ਉਸਦੀਆਂ ਅੱਖਾਂ ਵਿਚਲੀ ਰੜਕ ਮੈਨੂੰ ਪਸਤ ਕਰ ਰਹੀ ਹੈ।

ਹਾਰਨ ਦੀ ਆਵਾਜ਼ ਸੁਣ ਮੈਂ ਫੋਟੋ ਰੱਖ ਕੇ ਵੇਖਿਆ। ਵੀਰਾ ਵਾਪਸ ਆਇਆ ਹੈ। ਮਾਂ ਬਿਨ੍ਹਾਂ ਕੁਝ ਬੋਲੇ ਰਸੋਈ ਵਿੱਚ ਕੰਮ ਕਰਨ ਲੱਗੀ ਹੈ। ਮੈਂ ਫ਼ੋਨ 'ਤੇ ਆਇਆ ਨੂਪਰ ਦਾ ਮੈਸੇਜ ਪੜ੍ਹਨ ਲੱਗੀ ਹਾਂ-ਸੁਪਨੇ ਉਹ ਨਹੀਂ ਹੁੰਦੇ ਜੋ ਨੀਂਦ ਵਿੱਚ ਦੇਖੇ ਜਾਣ। ਸੁਪਨੇ ਉਹ ਹਨ ਜੋ ਤੁਹਾਡੀ ਨੀਂਦ ਉਡਾ ਦੇਣ।

ਮਾਂ ਦੀ ਆਵਾਜ਼ ਸੁਣ ਕੇ ਫ਼ੋਨ ਰੱਖ ਦਿੱਤਾ ਹੈ। ਰਸੋਈ ਵਿੱਚ ਉਸ ਕੋਲ ਜਾ ਖੜ੍ਹੀ ਹਾਂ। ਉਹ ਬਿਨ੍ਹਾਂ ਵੇਖੇ ਬੋਲੀ ਹੈ, ''ਅੱਜ ਫਿਰ ਦੁੱਧ ਉੱਬਲ ਗਿਆ।''

ਉਹ ਦੁੱਖੀ ਹੁੰਦੀ ਗੈਸ ਦੇ ਦੁਆਲੇ ਫੈਲਿਆ ਦੁੱਧ ਸਾਫ਼ ਕਰਨ ਲੱਗੀ ਹੈ। ਮੈਂ ਦੋਹਾਂ ਦੇ ਅੰਤਰਮਨ ਦੀ ਲੜਾਈ ਨਾਲ ਗੱਲਾਂ ਕਰਨ ਲੱਗੀ ਹਾਂ। ਉਹ ਵੀਰੇ ਨਾਲ ਨਰਾਜ਼ ਹੈ। ਵੀਰੇ ਦੀਆਂ ਭਾਵਨਾਵਾਂ ਪੁਰਖਿਆਂ ਨਾਲ ਜੁੜੀਆਂ ਹਨ। ਉਸਦਾ ਮਨ ਉਹਨਾਂ ਦੀਆਂ ਨਿਸ਼ਾਨੀਆਂ ਰੁਲਦੀਆਂ ਵੇਖ ਦੁਖੀ ਹੁੰਦਾ ਹੈ। ਇਹੀ ਦੁੱਖ ਉਸਦੇ ਅੰਦਰ ਗੁੱਸੇ ਦਾ ਭਾਂਬੜ ਬਣ ਬਲ਼ਦਾ ਹੈ
ਸਾਹਮਣੇ ਖੜ੍ਹੀ ਮਾਂ ਦੀ ਖ਼ਾਮੋਸ਼ੀ ਵੇਖ ਦਿਲ ਵਿੱਚ ਰੁੱਗ ਭਰਿਆ ਹੈ। ਮੈਂ ਉਸ ਨੂੰ ਜੱਫ਼ੀ ਪਾ ਲਈ ਹੈ। ਉਹ ਸੋਚਾਂ ਵਿਚੋਂ ਬਾਹਰ ਨਿਕਲ ਬੋਲੀ ਹੈ, ''ਕਰਮ ਤੇਰੀ ਦਾਦੀ ਦੇ ਰਿਸ਼ਤੇਦਾਰਾਂ ਵਿੱਚ ਇੱਕ ਮਾਂ ਬੜੀ ਦੁੱਖ-ਭਰੀ ਮੌਤ ਮਰੀ ਸੀ। ਉਹ ਆਪਣੇ ਪੁੱਤਰ ਨੂੰ ਗਲਤ ਰਾਹਾਂ 'ਤੇ ਜਾਂਦਾ ਵੇਖਦੀ ਰਹੀ। ਪਰ ਕੁਝ ਨਾ ਕਰ ਸਕੀ।''
ਕਹਿ ਕੇ ਉਹ ਚੁੱਪ ਹੋ ਗਈ ਹੈ। ਮੇਰੀਆਂ ਅੱਖਾਂ ਸਾਹਮਣੇ ਉਹ 'ਖਾਮੋਸ਼ ਮਾਂ' ਦੀ ਚਿੱਠੀ ਘੁੰਮਣ ਲੱਗੀ ਹੈ। ਮੈਂ ਬਿਨ੍ਹਾਂ ਬੋਲੇ ਉਸਦੀ ਗੱਲ ਸੁਨਣ ਲਈ ਖੜ੍ਹੀ ਹਾਂ।
''ਕਰਮ......! ਕਿਉਂ ਨਾ ਰਣਦੀਪ ਨੂੰ ਬਾਹਰਲੇ ਮੁਲਖ ਭੇਜ ਦੇਈਏ। ਬਥੇਰੀ ਦੁਨੀਆਂ ਜਾ ਰਹੀ ਐ।'' ਕਹਿ ਕੇ ਉਹ ਸੋਚਾਂ ਦੇ ਅਥਾਹ-ਸਾਗਰ ਵਿੱਚ ਡੁਬਕੀਆਂ ਲਾਉਣ ਲੱਗੀ ਹੈ

ਮੈਂ ਹੈਰਾਨੀ ਨਾਲ ਉਸ ਵੱਲ ਵੇਖਿਆ ਹੈ। ਉਸ ਦੀ ਗੱਲ ਨੇ ਮੇਰੇ ਅੰਦਰ ਉਥਲ-ਪੁਥਲ ਪੈਦਾ ਕਰ ਦਿੱਤੀ ਹੈ। ਉਸਦੇ ਸਵਾਲਾਂ ਦੇ ਜਵਾਬ ਉਸਦੇ ਅੰਦਰ ਪਏ ਹਨ। ਉਹ ਵੀਰੇ ਅੰਦਰਲੀ ਕੁੜੱਤਣ ਜਾਣਦੀ ਹੈ। ਵੀਰੇ ਅੰਦਰ ਬਚਪਨ ਤੋਂ ਜੈਲਦਾਰਾਂ ਪ੍ਰਤੀ ਅੱਗ ਭੜਕ ਰਹੀ ਹੈ। ਉਹ ਉਸਨੂੰ ਕਿਸੇ ਮਾੜੀ ਘਟਨਾਂ ਤੋਂ ਬਚਾਉਣਾ ਚਾਹੁੰਦੀ ਹੈ। ਵੀਰੇ ਦੀ ਨਰਾਜ਼ਗੀ ਪਾਪਾ ਨਾਲ ਵੀ ਹੈ। ਪਾਪਾ ਨੇ ਘਰੇਲੂ ਲੋੜਾਂ ਅਤੇ ਜ਼ਿੰਮੇਵਾਰੀਆਂ ਨਿਭਾਉਣ ਲਈ ਜ਼ਮੀਨ ਨੂੰ ਸਹਾਰਾ ਬਣਾ ਲਿਆ। ਜ਼ਮੀਨ ਜੈਲਦਾਰਾਂ ਕੋਲ ਗਹਿਣੇ ਰੱਖ ਦਿੱਤੀ। ਹੌਲੀ-ਹੌਲੀ ਜ਼ਮੀਨ ਦਾ ਕਾਫ਼ੀ ਹਿੱਸਾ ਜੈਲਦਾਰਾਂ ਦੇ ਕਬਜ਼ੇ ਵਿੱਚ ਹੋ ਗਿਆ। ਫਿਰ ਉਹਨ੍ਹਾਂ ਦੇ ਕਹਿਣ 'ਤੇ ਸ਼ਰਾਬ ਦੇ ਠੇਕਿਆਂ ਵਿੱਚ ਹਿੱਸਾ ਪਾ ਲਿਆ। ਪਰ ਇਥੇ ਵੀ ਪਾਪਾ ਦੀ ਕੰਮ ਪ੍ਰਤੀ ਵਰਤੀ ਅਣਗਹਿਲੀ ਧੋਖਾ ਦੇ ਗਈ। ਠੇਕਿਆਂ ਵਿੱਚ ਪਾਏ ਹਿੱਸੇ ਨੇ ਜ਼ਮੀਨ ਦਾ ਵੱਡਾ ਹਿੱਸਾ ਜੈਲਦਾਰਾਂ ਦੀ ਮਲਕੀਅਤ ਬਣਾ ਦਿੱਤਾ।

ਜਦੋਂ ਵੀਰਾ ਜ਼ਮੀਨ ਉਤੇ ਕਿਸੇ ਹੋਰ ਦੀ ਮਲਕੀਅਤ ਵੇਖਦਾ ਹੈ। ਉਸ ਅੰਦਰ ਬਦਲੇ ਦੀ ਅੱਗ ਬਲ਼ ਉਠਦੀ ਹੈ। ਮਾਂ ਨੂੰ ਅਣਦਿੱਸਦਾ ਖ਼ਤਰਾ ਦਿੱਸਦਾ ਹੈ। ਉਹ ਮਨ ਹੀ ਮਨ ਉਸਨੂੰ ਕਿਸੇ ਅਣਹੋਣੀ ਤੋਂ ਬਚਾਉਣ ਦੀਆਂ ਵਿਉਂਤਾ ਘੜ ਰਹੀ ਹੈ। ਵੀਰਾ ਛੱਤ 'ਤੇ ਖੜ੍ਹ ਜ਼ਮੀਨ ਵੱਲ ਵੇਖਦਾ ਰਹਿੰਦਾ ਹੈ। ਪਿੰਡ ਦੀ ਨਿਆਂਈ ਤੋਂ ਦੂਸਰੇ ਪਿੰਡ ਦੀ ਹੱਦ ਤੱਕ ਪਹੁੰਚੀ ਜ਼ਮੀਨ। ਜ਼ਮੀਨ ਦੁਆਲੇ ਲੱਗੇ ਸਫੈਦਿਆਂ ਦੀ ਕਤਾਰ। ਦਾਦਾ ਜੀ ਜਿਸ ਜ਼ਮੀਨ ਦੀ ਨਿਸ਼ਾਨ-ਦੇਹੀ ਸਫ਼ੈਦਿਆਂ ਵੱਲ ਇਸ਼ਾਰਾ ਕਰਕੇ ਕਰਦੇ। ਅੱਜ ਉਥੇ ਟਾਂਵੇਂ-ਟਾਂਵੇਂ ਰੁੱਖ ਵਿਖਾਈ ਦਿੰਦੇ ਹਨ। ਜ਼ਮੀਨ ਉੱਤੇ ਜੈਲਦਾਰਾਂ ਦੀ ਕੋਠੀ ਦੀ ਨੀਂਹ ਵੀਰੇ ਦੇ ਭਵਿੱਖ ਦੀਆਂ ਨੀਹਾਂ ਹਿਲਾ ਰਹੀ ਹੈ। ਰੇਤਾ ਬੱਜਰੀ ਦੇ ਟਰੱਕ ਧਰਤੀ ਨੂੰ ਲਿਤਾੜਦੇ ਲੰਘਦੇ ਹਨ। ਉਸ ਨੂੰ ਸਾਰਾ ਭਾਰ ਆਪਣੀ ਹਿੱਕ 'ਤੇ ਮਹਿਸੂਸ ਹੁੰਦਾ ਹੈ।

ਉਸ ਦੀ ਹਾਲਤ ਸਮਝ ਮੈਂ ਮਾਂ ਦੀ ਗੱਲ ਨਾਲ ਸਹਿਮਤ ਹੋ ਗਈ ਹਾਂ। ਸਾਰੀ ਰਾਤ ਸੋਚਾਂ ਵਿੱਚ ਲੰਘੀ ਹੈ। ਵੀਰੇ ਨਾਲ ਗੱਲ ਕਰਨ ਦੀਆਂ ਵਿਉਂਤਾਂ ਘੜ੍ਹਦਿਆਂ। ਸਵੇਰੇ ਉਠਦਿਆਂ ਮਾਂ ਨੇ ਮੈਨੂੰ ਰਸੋਈ ਵਿਚੋਂ ਆਵਾਜ਼ ਮਾਰੀ ਹੈ, ''ਮੈਂ ਨੂਪੁਰ ਦੀ ਮੰਮੀ ਨਾਲ ਸ਼ਹਿਰ ਜਾਣਾ। ਤੂੰ ਰਣਦੀਪ ਨਾਲ ਅਜੇ ਗੱਲ ਨਾ ਕਰੀਂ।''
ਮਾਂ ਨੂੰ ਉਡੀਕਦਿਆਂ ਦੁਪਹਿਰ ਹੋ ਗਈ ਹੈ। ਸ਼ਹਿਰੋਂ ਆ ਕੇ ਉਸਨੇ ਦੱਸਣਾ ਸ਼ੁਰੂ ਕੀਤਾ ਹੈ, ''ਮੈਂ ਨੂਪੁਰ ਦੀ ਮੰਮੀਂ ਨਾਲ ਪੰਡਿਤ ਕੋਲ ਗਈ ਸੀ। ਉਹ ਕਹਿੰਦਾ ਦੀਪ ਦੇ ਭਾਗਾਂ 'ਚ ਬਹੁਤ ਸੁੱਖ ਹੈ। ਉਸਦੀ ਮਿਹਨਤ ਨਾਲ ਜ਼ਮੀਨ ਵਾਪਸ ਮਿਲ ਜਾਵੇਗੀ। ਉਹਦੀ ਕਿਸਮਤ ਵਿਚ ਜ਼ਹਾਜ਼ ਦਾ ਸਫ਼ਰ ਲਿਖਿਆ....।''
ਉਸ ਦੀਆਂ ਗੱਲਾਂ ਸੁਣਦਿਆਂ ਮੈਂ ਸੋਚ ਰਹੀ ਹਾਂ। ਇਹ ਪੰਡਿਤ, ਮੁੱਲਾਂ-ਮੁਲਾਣੇ ਕੁਝ ਨਹੀਂ ਕਰ ਸਕਦੇ। ਮਨ ਵਿੱਚ ਇੱਛਾ ਹੈ ਤਾਂ ਕੁਝ ਵੀ ਹੋ ਸਕਦਾ ਹੈ। ਪਰ ਮੈਂ ਮਾਂ ਦਾ ਵਿਸ਼ਵਾਸ਼ ਨਹੀਂ ਤੋੜ ਸਕਦੀ। 'ਅੱਛਾ' ਕਹਿ ਕੇ ਗੱਲ ਖਤਮ ਕਰ ਦਿੱਤੀ ਹੈ।
ਉਹ ਥੱਕੀ ਹੋਣ ਕਰਕੇ ਆਰਾਮ ਕਰਨ ਲੱਗੀ ਹੈ। ਪਰ ਉਸਨੂੰ ਅੰਦਰਲਾ ਯੁੱਧ ਮੰਜੇ 'ਤੇ ਨਹੀਂ ਪੈਣ ਦੇ ਰਿਹਾ। ਉਹ ਮੇਰੇ ਕੋਲੋਂ ਕਿਸੇ ਸਲਾਹ ਦੀ ਆਸ ਨਾਲ ਬੋਲੀ ਹੈ, ''ਪੁੱਤਰ! ਨੂਪੁਰ ਦੀ ਮੰਮੀ ਕਹਿੰਦੀ ਪਹਿਲਾਂ ਸਾਰਾ ਖਰਚਾ ਘਰੋਂ ਕਰਨਾ ਪੈਣਾ। ਫਿਰ ਤਾਂ ਉਹ ਆਪ ਕਮਾਉਣ ਲੱਗ ਜਾਵੇਗਾ....।''
ਮੇਰੇ ਕੋਲ ਇਸ ਚਿੰਤਾ ਦਾ ਕੋਈ ਜਵਾਬ ਨਹੀਂ। ਅਸੀਂ ਡੂੰਘੇ ਖਿਆਲਾਂ ਵਿੱਚ ਗੋਤੇ ਖਾਣ ਲੱਗੀਆਂ। ਗੇਟ ਦੇ ਖੜਾਕ ਨਾਲ ਮੂੰਹ ਚੁੱਕ ਬਾਹਰ ਵੇਖਿਆ। ਨਸੀਬੋ ਅੰਦਰ ਆ ਰਹੀ ਹੈ। ਮੈਨੂੰ ਉਸਦੀਆਂ ਗੱਲਾਂ ਪਸੰਦ ਨਹੀਂ। ਉੱਠ ਕੇ ਰਸੋਈ ਵਿੱਚ ਆ ਗਈ ਹਾਂ।
''ਸਰਦਾਰਨੀਏ.....! ਇੱਕ ਮੁੰਡੇ ਦੀ ਦੱਸ ਪੈਂਦੀ। ਬਾਹਰੋਂ ਆਇਆ ਏ। ਕੁੜੀ ਦਾ ਰਿਸ਼ਤਾ ਕਰ ਦੇ। ਸਿਰੋਂ ਭਾਰ ਉੱਤਰੇ, ਸਾਰੀ ਉਮਰ ਦਾ।'' ਉਹ ਮਾਂ ਦੇ ਨੇੜੇ ਹੋ ਗੱਲਾਂ ਕਰ ਰਹੀ ਹੈ
''ਪਰ ਨਸੀਬੋ ਐਨੀ ਛੇਤੀ ਪੈਸੇ ਦਾ ਪ੍ਰਬੰਧ ਕਰਨਾ ਕਿਹੜਾ ਸੌਖਾ....!'' ਮਾਂ ਨੇ ਮਜਬੂਰੀ ਦੱਸਦਿਆਂ ਕਿਹਾ ਹੈ
''ਛੱਡ ਸਰਦਾਰਨੀਏ.....! ਪੈਸੇ ਦੀ ਗੱਲ ਨਾ ਕਰ। ਪੈਸਾ ਤਾਂ ਆਪੇ ਜੁੜ ਜਾਂਦਾ। ਕੋਈ ਨਾ....। ਇੱਕ ਕਿੱਲਾ ਧੀ ਦੇ ਨਾ ਲਾ ਤਾ ਸਮਝੀਂ.....!'' ਉਸਨੇ ਬੜੀ ਲਾਪਰਵਾਹੀ ਨਾਲ ਮਾਂ ਨੂੰ ਕਿੱਲਾ ਵੇਚਣ ਦੀ ਸਲਾਹ ਦੇ ਦਿੱਤੀ ਹੈ
ਸ਼ਾਮ ਨੂੰ ਛੱਤ 'ਤੇ ਖੜ੍ਹ ਕੇ ਮਾਂ ਪੈਲੀ ਵੱਲ ਵੇਖਣ ਲੱਗੀ ਹੈ, ''ਫ਼ਲਾਂ ਦਾ ਬਾਗ, ਫੁੱਲਾਂ ਦੀ ਖੇਤੀ.....! ਦਾਰ ਜੀ ਦਾ ਕਸ਼ਮੀਰ ਵੇਖਦਿਆਂ ਹੀ ਵੀਰਾਨ ਹੋ ਗਿਆ.....।''
ਉਸ ਨੂੰ ਆਪਣੇ ਆਪ ਨਾਲ ਗੱਲਾਂ ਕਰਦਿਆਂ ਵੇਖ ਮੈਂ ਛੱਤ 'ਤੇ ਗਈ ਹਾਂ। ਬਾਹੋਂ ਫੜ ਹੇਠਾਂ ਉਤਾਰ ਲਿਆਈ ਹਾਂ। ਉਸ ਕੋਲ ਵੀ ਵੀਰੇ ਨੂੰ ਬਾਹਰ ਭੇਜਣ ਦਾ ਰਸਤਾ ਜ਼ਮੀਨ ਹੀ ਹੈ।
''ਸਿਆਣੇ ਕਹਿੰਦੇ ਸਿਆਣਪ ਨਾਲ ਨਾ ਵਰਤੋ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਜੱਟ ਨੇ ਇੱਕ ਵਾਰ ਜ਼ਮੀਨ ਨੂੰ ਹੱਥ ਪਾ ਲਿਆ। ਸਮਝੋ ਵਾਢਾ ਲੱਗ ਗਿਆ।'' ਉਹ ਦੁਖੀ ਹੋ ਕੇ ਬੋਲ ਰਹੀ ਹੈ

''ਮਾਂ ਮੈਨੂੰ ਪਤਾ ਹੱਥੋਂ ਨਿਕਲਿਆ ਸਮਾਂ ਤੈਨੂੰ ਕਿੰਨਾ ਤੰਗ ਕਰਦਾ। ਪਰ ਚੰਗੀ ਸੋਚ ਨਾਲ ਸੋਚੋ ਤਾਂ ਜ਼ਮੀਨ-ਜਾਇਦਾਦ ਔਖੇ ਵੇਲੇ ਕੰਮ ਆਉਣ ਵਾਲੇ ਸੰਦ ਹੁੰਦੇ। ਕੁਝ ਗਲਤੀਆਂ ਦੇ ਹਰਜ਼ਾਨੇ ਭੁਗਤਨੇ ਪੈ ਜਾਂਦੇ ਨੇ। ਪਰ ਵੀਰੇ ਦਾ ਸੁਪਨਾ ਤੇਰੇ ਸੁਪਨਿਆਂ ਦੀ ਪੂਰਤੀ ਹੋ ਸਕਦਾ।'' ਮੈ ਮਾਂ ਨੂੰ ਨਿਰਾਸ਼ਾ ਵਿਚੋਂ ਬਾਹਰ ਕੱਢਣ ਲਈ ਕਿਹਾ ਹੈ
''ਪਰ ਕਰਮ...! ਰਣਦੀਪ ਨੇ ਜ਼ਮੀਨ ਗਹਿਣੇ ਰੱਖਣ ਦੀ ਗੱਲ ਕਦੇ ਨਹੀਂ ਸੁਨਣੀ। ਉਲਟਾ ਕਲੇਸ਼ ਖੜ੍ਹਾ ਹੋ ਜਾਣਾ।'' ਉਸਦੀ ਅਗਲੀ ਚਿੰਤਾ ਨੇ ਮੈਨੂੰ ਵੀ ਡਰਾ ਦਿੱਤਾ ਹੈ
''ਮਾਂ ਤੂੰ ਫਿਕਰ ਨਾ ਕਰ.....! ਰੱਬ 'ਤੇ ਭਰੋਸਾ ਰੱਖ। ਮੈਂ ਗੱਲ ਕਰਾਂਗੀ ਵੀਰੇ ਨਾਲ।'' ਮੈਂ ਵਿਸ਼ਵਾਸ਼ ਨਾਲ ਉਸ ਦਾ ਸਾਥ ਦੇਣ ਬਾਰੇ ਸੋਚਦੀ ਹੋਈ ਬੋਲੀ ਹਾਂ
ਉਸ ਦੀਆਂ ਅੱਖਾਂ ਵਿਚ ਪਾਣੀ ਭਰ ਆਇਆ ਹੈ। ਉਸਨੇ ਆਪਣਾ ਹੱਥ ਮੇਰੇ ਸਿਰ 'ਤੇ ਰੱਖ ਦਿੱਤਾ ਹੈ।

ਕਾਂਡ-10

ਮੈਨੂੰ ਆਪਣੇ ਸਿਰ ਉਪਰ ਕੋਈ ਭਾਰ ਮਹਿਸੂਸ ਹੋ ਰਿਹਾ ਹੈ।

ਬੀਆਬਾਨ-ਜੰਗਲ। ਮੌਤ ਵਰਗੀ ਚੁੱਪ। ਪੱਤਾ ਨਹੀਂ ਹਿੱਲਦਾ। ਪਸ਼ੂ ਪੰਛੀ ਡਰ ਕੇ ਛੁਪ ਗਏ ਹਨ। ਦਰੱਖਤ ਨਾਲੋਂ ਵੱਡਾ ਚਮਗਿੱਦੜ ਸਾਹਮਣੇ ਖੜ੍ਹਾ ਹੈ। ਮੈਂ ਡਰ ਕੇ ਬੁੱਤ ਬਣੀ ਖੜ੍ਹੀ ਹਾਂ। ਬਚਣ ਦਾ ਕੋਈ ਹੀਲਾ ਨਹੀਂ। ਕੋਈ ਵੀ ਹਰਕਤ ਉਸ ਨੂੰ ਉਕਸਾਉਂਦੀ ਹੈ। ਮੇਰੇ ਵੱਲ ਵੇਖ ਖੰਭਾਂ ਨੂੰ ਫੜ-ਫੜਾਉਂਦਾ ਹੈ। ਡਰ ਨਾਲ ਧੜਕਣ ਤੇਜ਼ ਹੋ ਗਈ ਹੈ। ਫੜ.....ਫੜ.....ਫੜ.....! ਖੰਭਾਂ ਦੀ ਜ਼ੋਰਦਾਰ ਆਵਾਜ਼ ਨਾਲ ਮੇਰੀ ਅੱਖ ਖੁੱਲ੍ਹ ਗਈ ਹੈ।

''ਇੱਕ ਹੋਰ ਨੁਕਸਾਨ.....। ਪਹਿਲੇ ਕੰਮ ਪੂਰੇ ਨਹੀਂ ਹੁੰਦੇ। ਉਤੋਂ ਹੋਰ ਸਿਰ ਚੜ੍ਹ ਆਉਂਦੇ। ਆਪ ਤਾਂ ਜ਼ਿੰਮੇਵਾਰੀਆਂ ਤੋਂ ਵਿਹਲੇ ਹੋ.....।'' ਮਾਂ ਨੇ ਗੱਲ ਅਧੂਰੀ ਛੱਡ ਦਿੱਤੀ ਹੈ।

ਉਹ ਅਣਪਛਾਤੇ ਦੁੱਖ ਤੋਂ ਡਰ ਰਹੀ ਹੈ। ਉਸ ਦੇ ਗੁੱਸੇ ਦਾ ਕਾਰਨ ਕੂਲਰ ਹੈ। ਕੂਲਰ ਦੇ ਪੇਚ ਢਿੱਲੇ ਹੋਣ ਕਰਕੇ ਫ਼ਰ ਨਿਕਲ ਗਏ ਹਨ। ਸੁਪਨੇ ਵਿੱਚਲੀ ਆਵਾਜ਼ ਚਮਗਿੱਦੜ ਦੀ ਨਹੀਂ ਕੂਲਰ ਦੀ ਸੀ। ਮਾਂ ਨੇ ਭੱਜ ਕੇ ਬੰਦ ਕੀਤਾ। ਮੇਰਾ ਧਿਆਨ ਉਸ ਦੀ ਅਧੂਰੀ ਗੱਲ ਦੁਆਲੇ ਘੁੰਮਣ ਲੱਗਾ ਹੈ। ਸਾਰੇ ਦੁੱਖਾਂ ਦਾ ਕਾਰਨ ਪਾਪਾ ਦੀ ਕਮੀ ਹੈ। ਉਹ ਹੁੰਦੇ ਤਾਂ ਉਹ ਵੀ ਬੇਫ਼ਿਕਰ ਹੁੰਦੀ। ਜ਼ਿੰਮੇਵਾਰੀ ਦੀ ਥਾਂ ਹੁਕਮ ਕਰਦੀ। ਅਸੀਂ ਆਮ ਬੱਚਿਆਂ ਵਾਂਗ ਵੱਡੇ ਹੁੰਦੇ। ਇੱਕ ਬੰਦੇ ਦੀ ਗੈਰ- ਹਾਜ਼ਰੀ ਘਰ, ਰਿਸ਼ਤਿਆਂ ਅਤੇ ਜੀਵਨ ਉਤੇ ਕੀ ਅਸਰ ਕਰਦੀ ਹੈ। ਇਹ ਤਾਂ ਮਾਂ ਹੀ ਜਾਣਦੀ ਹੈ। ਉਸਦੇ ਮਨ ਦੇ ਖ਼ਿਆਲ ਡੂੰਘੀ ਪੀੜ ਬਣ ਰਹੇ ਹਨ। ਮੈਂ ਉਠ ਕੇ ਬੈੱਡ ਦੀ ਢੋਅ ਵਿਚੋਂ ਪੋਟਲੀ ਕੱਢ ਲਈ ਹੈ। ਪਾਪਾ ਦੀ ਮਾਂ ਦੇ ਨਾਂ ਲਿਖੀ ਆਖਰੀ ਚਿੱਠੀ ਪੜ੍ਹਨ ਲੱਗੀ ਹਾਂ-
ਕੰਡਿਆਲੀ
11/11/2005
......ਜੱਸ,

ਇਸ ਖਾਲੀ ਥਾਂ ਨੂੰ ਭਰ ਕੇ ਮੈਂ ਤੈਨੂੰ ਕਿਸੇ ਭਰਮ-ਭੁਲੇਖੇ ਵਿੱਚ ਨਹੀਂ ਰੱਖ ਸਕਦਾ। ਕਿਉਂਕਿ ਤੇਰੇ ਨਾਂ ਨਾਲ ਮੈਂ ਕਦੇ ਕਿਸੇ ਸਾਂਝ ਨੂੰ ਜੋੜਿਆ ਹੀ ਨਹੀਂ। ਇੱਕ ਦੁਨਿਆਵੀ ਰਿਸ਼ਤਾ ਨਿਭਾਅ ਦਿੱਤਾ। ਬਸ ਇਸ ਦੀਆਂ ਦੋ ਨਿਸ਼ਾਨੀਆਂ ਸਾਡੀ ਸਾਂਝ ਦਾ ਫਲ਼ ਹਨ। ਸਾਡੀ ਦੋਹਾਂ ਦੀ ਤਰਾਸਦੀ ਸਾਡੇ ਅਧੂਰੇ ਸੁਪਨੇ ਹਨ। ਮੇਰਾ ਸੁਪਨਾ ਮੇਰੀ ਰੂਹ ਦਾ ਸਾਥੀ ਮੈਨੂੰ ਮਿਲਿਆ। ਪਰ ਸਮਾਜ ਦੀਆਂ ਵਰਜਣਤਾਵਾਂ ਨੇ ਸਾਡੇ ਇੱਕ ਹੋਣ ਦੀ ਕਦੇ ਹਾਮੀ ਨਾ ਭਰੀ। ਮੇਰੇ ਵਾਂਗ ਤੇਰੇ ਵੀ ਕੁਝ ਸੁਪਨੇ ਹੋਣਗੇ। ਇਹ ਤਾਂ ਸੰਭਾਵੀ ਗੱਲ ਹੈ। ਇੱਕ ਪੜਾਅ ਸਭ ਦੇ ਜੀਵਨ ਵਿੱਚ ਆਉਂਦਾ ਹੈ। ਜਦੋਂ ਮਨ ਵਿੱਚ ਇੱਕ ਸਾਥੀ ਦਾ ਅਕਸ਼ ਉਘੜਦਾ ਹੈ। ਸਭ ਨੂੰ ਉਹ ਸਾਥੀ ਮਿਲ ਜਾਵੇ ਇਹ ਅਸੰਭਵ ਹੀ ਨਹੀਂ ਨਾ-ਮੁਮਕਿਨ ਵੀ ਹੈ।

ਮੇਰਾ ਦੂਜਾ ਸੁਪਨਾ ਫਿਲਮੀਂ ਜਗਤ ਵਿੱਚ ਜਾ ਕੇ ਕਿਸਮਤ ਅਜਮਾਉਣਾ ਸੀ। ਇਥੇ ਵੀ ਰਿਸ਼ਤਿਆਂ ਦੇ ਮੋਹ ਨੇ ਰੋਕ ਲਿਆ। ਇਸ ਮੋਹ ਨੇ ਮੇਰੇ ਸੁਪਨਿਆ 'ਤੇ ਰੋਕ ਲਾ ਦਿੱਤੀ। ਰੋਕ ਲੱਗੇ ਸੁਪਨੇ ਅਧੂਰੇ ਹੁੰਦੇ ਹਨ। ਇਹਨਾਂ ਅਧੂਰੇ ਸੁਪਨਿਆਂ ਦੇ ਬੋਝ ਨੇ ਮੇਰੇ 'ਤੇ ਕਬਜ਼ਾ ਕਰ ਲਿਆ। ਉਸ ਅਧੂਰੇਪਣ ਵਿੱਚ ਸਮਾਜ ਨੇ ਤੈਨੂੰ ਮੇਰੇ ਜੀਵਨ ਦਾ ਹਿੱਸਾ ਬਣਾ ਦਿੱਤਾ। ਜੋ ਖੁਦ ਅਧੂਰਾ ਕਿਸੇ ਹੋਰ ਨੂੰ ਪੂਰਾ ਕਿਵੇਂ ਕਰ ਸਕਦਾ ਹੈ। ਇਸੇ ਲਈ ਮੈਂ ਤੇਰੀਆਂ ਸੱਧਰਾਂ 'ਤੇ ਕਦੇ ਪੂਰਾ ਨਹੀਂ ਉੱਤਰ ਸਕਿਆ। ਇਹ ਨਹੀਂ ਕਿ ਮੈਂ ਤੇਰੀਆਂ ਸੱਧਰਾਂ ਨੂੰ ਸਮਝਦਾ ਨਹੀਂ ਸੀ। ਸਮਝ ਕੇ ਅਨਜਾਣ ਬਣੇ ਰਹਿਣ ਦਾ ਬੋਝ ਮੈਨੂੰ ਦਿਨ-ਬ-ਦਿਨ ਹਨ੍ਹੇਰੇ ਵੱਲ ਲਿਜਾਂਦਾ ਰਿਹਾ।

ਅੱਜ ਮੈਂ ਇਸ ਆਸ ਨਾਲ ਆਪਣੇ ਅਧੂਰੇ ਸੁਪਨਿਆਂ ਨੂੰ ਨਾਲ ਲੈ ਕੇ ਬਾਹਰ ਨਿਕਲ ਰਿਹਾ ਹਾਂ ਕਿ ਸ਼ਾਇਦ ਕਿਸੇ ਹੋਰ ਦੁਨੀਆਂ ਵਿੱਚ ਮੇਰੇ ਸੁਪਨਿਆਂ ਨੂੰ ਪਨਾਹ ਮਿਲ ਜਾਵੇ। ਮੈਨੂੰ ਲੱਭਣ ਦੀ ਕੋਸ਼ਿਸ਼ ਨਾ ਕਰਨਾ। ਨਾਕਾਮੀਆਂ ਹੀ ਪੱਲੇ ਪੈਣਗੀਆਂ। ਕਿਉਂਕਿ ਜਿਸ ਦੁਨੀਆਂ ਵਿੱਚ ਮੈਂ ਜਾ ਰਿਹਾ ਹਾਂ। ਉਥੋਂ ਕੋਈ ਵਾਪਸ ਨਹੀਂ ਮੁੜਦਾ।
ਇੱਕ ਅਧੂਰਾ ਆਦਮੀ,
ਅਮਰ। ਚਿੱਠੀ ਪੜ੍ਹਦਿਆਂ ਹੰਝੂਆਂ ਦੀ ਝੜੀ ਲੱਗ ਗਈ ਹੈ। ਸਾਰੀਆਂ ਘਟਨਾਵਾਂ ਅੱਖਾਂ ਅੱਗੇ ਘੁੰਮਣ ਲੱਗੀਆਂ ਹਨ। ਪਾਪਾ ਸੁਪਨਿਆਂ ਨੂੰ ਮਾਰ ਕੇ ਕਲੇਸ਼ ਤੋਂ ਭੱਜਣ ਲਈ ਰਾਤ ਦੇ ਹਨ੍ਹੇਰੇ ਵਿੱਚ ਘਰੋਂ ਬਾਹਰ ਨਿਕਲੇ ਤੇ ਫਿਰ ਕਦੇ ਵਾਪਸ ਨਾ ਆਏ। ਇੱਕ ਅਣ-ਪਛਾਤੀ ਲਾਸ਼ ਨਹਿਰ ਦੀ ਝਾਲ ਵਿਚੋਂ ਮਿਲੀ। ਮਾਂ ਨੇ ਉਸਨੂੰ ਆਪਣਾ ਸੰਧੂਰ ਸਮਝ ਕੇ ਸਾਰੀਆਂ ਰਸਮਾਂ ਪੂਰੀਆਂ ਕਰ ਦਿੱਤੀਆਂ। ਕਦੇ ਨਾ ਮੁੱਕਣ ਵਾਲਾ ਸੱਲ੍ਹ ਪੱਲੇ ਬੰਨ੍ਹ ਲਿਆ। ਪਾਪਾ ਨੇ ਤਾਂ ਨਮੋਸ਼ੀ ਨਾ ਸਹਾਰਦਿਆਂ ਆਤਮ-ਹੱਤਿਆ ਕਰ ਲਈ। ਪਰ ਇਸ ਦਾ ਖਮਿਆਜ਼ਾ ਮਾਂ ਨੂੰ ਭੁਗਤਣਾ ਪਿਆ। ਰੋਜ਼ਾਨਾ ਪੁਲਿਸ ਦੀ ਪੁੱਛ-ਗਿੱਛ। ਥਾਣਿਆਂ ਦੇ ਚੱਕਰ। ਜ਼ਮੀਨ ਦਾ ਝਗੜਾ। ਮਾਂ ਨੂੰ ਨਹੀਂ ਪਤਾ ਜੈਲਦਾਰਾਂ ਨੂੰ ਕਿੰਨੀ ਜ਼ਮੀਨ ਦਿੱਤੀ ਤੇ ਕਿੰਨੀ 'ਤੇ ਉਹਨਾਂ ਕਬਜ਼ਾ ਕਰ ਲਿਆ। ਨਾਨੀ ਮੁਸ਼ਕਲਾਂ ਵਿੱਚ ਉਸਦਾ ਸਹਾਰਾ ਬਣਦੀ। ਅਸੀਂ ਦੋਵੇਂ ਭੈਣ-ਭਰਾ ਖੇਡਣਾ ਛੱਡ ਮਨ 'ਤੇ ਬੋਝ ਲੈ ਕੇ ਘੁੰਮਣ ਲੱਗੇ। ਇਹੀ ਘੁੰਮਣਾ ਮੈਨੂੰ ਘੁੰਮਣਾਂ ਦੀ ਮਾਈ ਦੀ ਚੌਖਟ 'ਤੇ ਲੈ ਗਿਆ। ਮੈਂ ਉਸ ਨਾਲ ਸਾਰੇ ਦੁੱਖ ਸਾਂਝੇ ਕਰਨ ਲੱਗੀ। ਉਸ ਦੀਆਂ ਗੱਲਾਂ ਮੇਰਾ ਹੌਸਲਾ ਬਣ ਜਾਂਦੀਆਂ। ''ਅੱਜ ਸਾਰਾ ਹੌਸਲਾ ਇਕੱਠਾ ਕਰਕੇ ਵੀਰੇ ਨਾਲ ਗੱਲ ਕਰਨੀ ਹੈ।'' ਸੋਚ ਕੇ ਚਿੱਠੀਆਂ ਡਾਇਰੀ ਵਿੱਚ ਰੱਖ ਦਿੱਤੀਆਂ ਤੇ ਵੀਰੇ ਕੋਲ ਜਾ ਬੈਠੀ ਹਾਂ ਉਸ ਨੇ ਟੀ.ਵੀ. ਨਹੀਂ ਲਗਾਇਆ। ਕੁਝ ਸੋਚ ਰਿਹਾ ਹੈ। ਮੈਂ ਬੈਠਦਿਆਂ ਹੀ ਗੱਲ ਛੇੜੀ ਹੈ, ''ਵੀਰੇ ਤੂੰ ਕਦੀਂ ਸੋਚਿਆ ਸੁਪਨੇ ਪੂਰੇ ਕਰਨ ਲਈ ਉਡਾਨ ਕਿਥੋਂ ਭਰਨੀ ਐ? '' ਉਸਨੇ ਹੈਰਾਨੀ ਨਾਲ ਮੇਰੇ ਵੱਲ ਵੇਖਿਆ ਹੈ। ਪਰ ਬੋਲਿਆ ਨਹੀਂ। ''ਤੂੰ ਮੇਰੀ ਇੱਕ ਗੱਲ ਮੰਨ। ਸ਼ਹਿਰ ਜਾ ਕੇ ਏਜੰਟ ਤੋਂ ਪਤਾ ਕਰਕੇ ਆ। ਬਾਹਰਲੇ ਮੁਲਖ ਜਾਣ ਦੀਆਂ ਕੀ ਸ਼ਰਤਾਂ ਨੇ। ਕੀ ਖਰਚਾ ਏ। ਜੇ ਤੇਰਾ ਕੰਮ ਬਣ ਜਾਵੇ। ਆਪਾਂ ਸੁਖੀ ਹੋ ਜਾਵਾਂਗੇ।'' ਕਹਿ ਕੇ ਉਸਦੀ ਰਾਇ ਉਡੀਕਣ ਲੱਗੀ ਹਾਂ ''ਕਰਮ......! ਤੂੰ ਤਾਂ ਮੇਰੇ ਦਿਲ ਦੀ ਗੱਲ ਬੁੱਝ ਲਈ। ਮੈਂ ਕਈ ਦਿਨਾਂ ਤੋਂ ਆਪਣੇ ਦੋਸਤ ਨਾਲ ਇਸੇ ਬਾਰੇ ਗੱਲ ਕਰ ਰਿਹਾ ਸੀ।'' ਮੇੇਰੀ ਗੱਲ ਸੁਣ ਉਹ ਖੁਸ਼ ਹੋ ਗਿਆ ਹੈ ''ਵੀਰੇ ਮੈਂ ਨਹੀਂ ਤੇਰੇ ਦਿਲ ਦੀ ਗੱਲ ਮਾਂ ਨੇ ਬੁੱਝੀ ਐ। ਸੱਚ ਕਹਿੰਦੇ ਨੇ ਮਾਵਾਂ ਤਾਂ ਮਾਵਾਂ ਹੀ ਹੁੰਦੀਆਂ।'' ਸਾਡੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਹੈ ਉਸ ਨੇ ਉੱਠ ਕੇ ਕੋਲ ਖੜ੍ਹੀ ਮਾਂ ਨੂੰ ਜੱਫ਼ੀ ਪਾ ਲਈ ਹੈ। ਖੁਸ਼ੀ ਨਾਲ ਆਪਸ ਵਿੱਚ ਸਲਾਹਾਂ ਕਰਨ ਲੱਗੇ ਹਾਂ। ਨੂਪੁਰ ਦੇ ਪਾਪਾ ਨਾਲ ਗੱਲ ਕਰਕੇ ਮਾਂ ਤੇ ਵੀਰਾ ਸ਼ਹਿਰ ਜਾਣ ਲਈ ਤਿਆਰ ਹੋ ਗਏ ਹਨ। ਉਹਨਾਂ ਦੇ ਸ਼ਹਿਰ ਜਾਣ ਤੋਂ ਬਾਅਦ ਮੈਂ ਸੁਪਨਿਆਂ ਵਿੱਚ ਗਵਾਚ ਗਈ ਹਾਂ। ਮੈਨੂੰ ਮਾਂ, ਪਾਪਾ, ਦਾਦਾ ਨਾਨਾ ਖੁਸ਼ ਦਿੱਸਣ ਲੱਗੇ ਹਨ। ਸਭ ਦੀ ਆਤਮਾ ਸ਼ਾਂਤ ਹੋ ਗਈ ਹੈ। ਦਿਨ ਛਿਪ ਰਿਹਾ ਹੈ। ਮਾਂ ਤੇ ਵੀਰਾ ਵਾਪਸ ਆ ਗਏ ਹਨ। ਏਜੰਟ ਨੇ ਬੀ.ਏ. ਦਾ ਰਿਜ਼ਲਟ ਉਡੀਕਣ ਲਈ ਕਿਹਾ ਹੈ। ਵੀਰੇ ਦੇ ਦੋਸਤ ਨੇ ਮਾਂ ਨੂੰ ਪੂਰੀ ਮੱਦਦ ਕਰਨ ਦੀ ਤਸੱਲੀ ਦਿੱਤੀ ਹੈ। ਰਾਤ ਦਾ ਸਮਾਂ ਹੈ। ਮੈਂ ਤੇ ਵੀਰਾ ਟੀ.ਵੀ. ਅੱਗੇ ਬੈਠੇ ਹਾਂ। ਆਪਣੇ-ਆਪਣੇ ਖਿਆਲਾਂ ਵਿੱਚ ਗੁੰਮ । ਉਸਨੇ ਟੀ.ਵੀ. ਦੀ ਆਵਾਜ਼ ਬੰਦ ਕਰਦਿਆਂ ਆਖਿਆ ਹੈ, ''ਕਰਮ ਤੂੰ ਬੜੇ ਅਜੀਬ ਸੁਪਨੇ ਦੱਸਦੀ ਹੁੰਦੀ ਏਂ। ਅੱਜ-ਕੱਲ੍ਹ ਮੈਨੂੰ ਵੀ ਅਜੀਬ ਜਿਹਾ ਸੁਪਨਾ ਆਉਂਦਾ।'' ਮੈਂ ਬਿਨ੍ਹਾਂ ਬੋਲੇ ਹੈਰਾਨੀ ਨਾਲ ਵੇਖਿਆ। ਉਹ ਕਿਤੇ ਦੂਰ ਗਵਾਚਿਆ ਸੁਪਨਾ ਸੁਨਾਉਣ ਲੱਗਾ ਹੈ, ''ਜਦੋਂ ਮੈਂ ਸੌਂਦਾ ਆਂ। ਮੇਰੀ ਆਤਮਾ ਦੂਰ ਉੱਡ ਜਾਂਦੀ ਐ। ਸਰੀਰ ਮਿੱਟੀ ਦੀ ਢੇਰੀ ਬਣਿਆ ਬੈੱਡ 'ਤੇ ਪਿਆ ਰਹਿੰਦਾ। ਆਤਮਾ ਨੂੰ ਜੱਦੋ-ਜਹਿਦ ਕਰਕੇ ਵਾਪਸ ਬੁਲਾਉਂਦਾ ਆਂ।'' ਉਹ ਬੇਚੈਨ ਹੋਇਆ ਚੁੱਪ ਹੋ ਫਿਰ ਦੱਸਣ ਲੱਗਾ ਹੈ, ''ਕਈ ਵਾਰ ਦਾਦਾ ਜੀ ਉਂਗਲ ਫੜ ਕੇ ਵੱਟਾਂ 'ਤੇ ਜਾਂਦੇ ਨੇ। ਹੱਥ ਨਾਲ ਇਸ਼ਾਰੇ ਕਰਦੇ ਨੇ। ਮੈਂ ਉਹਨਾਂ ਦੇ ਇਸ਼ਾਰੇ ਸਮਝ ਨਹੀਂ ਸਕਦਾ। ਉਹ ਮੈਨੂੰ ਇਕੱਲਿਆਂ ਛੱਡ ਅਲੋਪ ਹੋ ਜਾਂਦੇ ਨੇ। ਮੈਂ ਲੱਭਦਾ ਰਹਿ ਜਾਨੈ। ਪਰ ਅੱਜ ਮੈਂ ਬਹੁਤ ਡਰ ਗਿਆ.....!'' ''ਕੀ ਹੋਇਆ.......!'' ਉਸ ਦੀ ਅਧੂਰੀ ਗੱਲ ਨੇ ਮੈਨੂੰ ਡਰਾ ਦਿੱਤਾ ਹੈ। ''ਮੇਰੀ ਆਤਮਾ ਉਡਾਰੀ ਮਾਰਨ ਚਲੀ ਗਈ। ਪਰ ਉਹ ਵਾਪਸ ਨਹੀਂ ਆਈ। ਮੇਰੇ ਸਰੀਰ ਵਿੱਚ ਕੋਈ ਹਰਕਤ ਨਹੀਂ ਹੁੰਦੀ। ਬਾਹਰੀ ਦੁਨੀਆਂ ਮੈਨੂੰ ਆਵਾਜ਼ਾਂ ਦੇ ਕੇ ਉਠਾਉਂਦੀ ਹੈ। ਮਿੱਟੀ ਬਣਿਆ ਸਰੀਰ ਹਿੱਲਦਾ ਨਹੀਂ। ਲੋਕ ਮਰਿਆ ਸਮਝ ਕੇ ਸੰਸਕਾਰ ਕਰਨ ਲੱਗਦੇ ਹਨ। ਮੇਰੀ ਚੇਤਨਾ ਉਹਨਾਂ ਨੂੰ ਰੋਕਣ ਦਾ ਬਹੁਤ ਯਤਨ ਕਰਦੀ ਹੈ। ਮੈਂ ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕਰਦਾਂ। ਜਿੰਦਾ ਹੋਣ ਦਾ ਸਬੂਤ ਦੇਣਾ ਚਾਹੁੰਨਾ। ਲੱਖ ਕੋਸ਼ਿਸ਼ਾਂ ਨਾਲ ਵੀ ਸਰੀਰ ਨਹੀਂ ਹਿੱਲਦਾ। ਮੈਂ ਆਵਾਜ਼ਾਂ ਮਾਰਦਾ ਹਾਂ, ਮੈਨੂੰ ਨਾ ਸਾੜੋ। ਅੱਗ ਨਾ ਲਾਉ। ਕੋਈ ਆਵਾਜ਼ ਨਹੀਂ ਸੁਣਦਾ। ਉਹ ਸਰੀਰ ਨੂੰ ਮੁਰਦਾ ਸਮਝ ਕੇ ਅੱਗ ਲਾ ਦਿੰਦੇ ਹਨ। ਜਦੋਂ ਆਤਮਾ ਉਡਾਰੀ ਲਾ ਕੇ ਵਾਪਸ ਆਉਂਦੀ ਹੈ। ਉਸ ਨੂੰ ਬਸੇਰਾ ਕਰਨ ਲਈ ਸਰੀਰ ਨਹੀਂ ਲੱਭਦਾ। ਉਹ ਬਿਨਾਂ ਸਰੀਰ ਦੇ ਭਟਕਦੀ ਰਹਿ ਜਾਂਦੀ ਹੈ।'' ਗੱਲ ਦੱਸਦਿਆਂ ਵੀਰੇ ਦਾ ਚਿਹਰਾ ਪੀਲਾ ਪੈ ਗਿਆ ਹੈ ਮੈਂ ਆਪਣਾ ਡਰ ਲੁਕਾ ਕੇ ਉਸਨੂੰ ਹੌਸਲਾ ਦਿੰਦਿਆਂ ਕਿਹਾ, ''ਵੀਰੇ! ਮਾਂ ਦੀਆਂ ਦੁਆਵਾਂ ਤੇਰੇ ਨਾਲ ਨੇ। ਉਹ ਹਮੇਸ਼ਾਂ ਤੇਰੀ ਤੇ ਤੇਰੀ ਉਡਾਣ ਦੀ ਰੱਖਿਆ ਕਰਨਗੀਆਂ।'' ਉਸਨੂੰ ਸਮਝਾਉਂਦੀ ਰੱਬ ਅੱਗੇ ਅਰਦਾਸ ਕਰਨ ਲੱਗੀ ਹਾਂ। ਇੱਕ ਆਸ ਨੇ ਉਸ ਅੰਦਰ ਕਿੰਨੇ ਸੁਪਨੇ ਜਗਾ ਦਿੱਤੇ ਹਨ। ਦਾਦਾ ਜੀ ਦੀ ਜਾਇਦਾਦ ਨੂੰ ਵਾਪਸ ਪਾਉਣਾ। ਮਾਂ ਦੀਆਂ ਇਛਾਵਾਂ। ਉਸ ਦਾ ਬਦਲਾ। ਉਹ ਉੱਡਣ ਲਈ ਤਿਆਰ ਹੈ। ਪਰ ਖੰਭ ਮਜ਼ਬੂਤ ਹੋਣੇ ਚਾਹੀਦੇ ਹਨ। ਕਮਜ਼ੋਰ ਖੰਭ ਉੱਡਣ ਤੋਂ ਪਹਿਲਾਂ ਹੇਠਾਂ ਸੁੱਟ ਕੇ ਜਖਮੀ ਕਰ ਦਿੰਦੇ ਹਨ। ਕਈ ਪੰਛੀ ਵੀ ਜਿੱਦੀ ਹੁੰਦੇ ਨੇ। ਖੰਭ ਨਿਕਲਦਿਆਂ ਉੱਡਣ ਦੀ ਕੋਸ਼ਿਸ਼ ਕਰਨ ਲੱਗ ਜਾਂਦੇ ਹਨ। ਉਹ ਖੰਭ ਫੈਲਾਉਂਦੇ ਦਰੱਖਤਾਂ, ਖੰਭਿਆਂ ਤੇ ਤਾਰਾਂ ਵਿੱਚ ਅੜਦੇ ਹੋਣਗੇ। ਕਦੇ ਫੱਟੜ ਕਦੇ ਲਹੂ-ਲੁਹਾਨ ਹੁੰਦੇ ਹੋਣਗੇ। ਫਿਰ ਉੱਠਦੇ ਹੋਣਗੇ। ਇੱਕ ਦਿਨ ਉਡਣਾ ਸਿੱਖ ਦੂਰ ਅਸਮਾਨ ਵਿੱਚ ਉਡਾਰੀਆਂ ਮਾਰਨ ਲੱਗ ਜਾਂਦੇ ਹਨ। ਮੈਂ ਵੀਰੇ ਦੇ ਸੁਪਨੇ ਦੀ ਬੁਣਤੀ ਬੁਣਦਿਆਂ ਮਾਂ ਦੇ ਚਿਹਰੇ ਵੱਲ ਵੇਖਿਆ ਹੈ। ਉਸ ਦੇ ਚਿਹਰੇ 'ਤੇ ਪੈਸੇ ਨੂੰ ਲੈ ਕੇ ਬਣੀ ਚਿੰਤਾ ਸਾਫ ਵਿਖਾਈ ਦੇ ਰਹੀ ਹੈ। ਉਸ ਦੀ ਚਿੰਤਾ ਸੱਚੀ ਹੈ। ਮੈਂ ਖਿਆਲ ਨਾਲ ਹੀ ਡਰ ਗਈ ਹਾਂ। ''ਜ਼ਮੀਨ ਗਹਿਣੇ ਪਾਉਣ ਲਈ ਵੀਰੇ ਨੂੰ ਕਿਵੇਂ ਮਨਾਉਣਾ.....?'' ਇਹ ਸਵਾਲ ਦਿਨਾਂ ਤੂੰ ਤੇਜੀ ਨਾਲ ਉਲੰਘ ਰਿਹਾ ਹੈ।

ਕਾਂਡ-11

ਸ਼ਾਮ ਤੋਂ ਪਿੰਡ ਦੇ ਟਰਾਂਸਫਾਰਮ ਵਿੱਚੋਂ ਚੰਗਿਆੜੇ ਨਿਕਲ ਰਹੇ ਹਨ। ਮਾਂ ਜਲਦੀ ਕੰਮ ਨਿਬੇੜ ਰਹੀ ਹੈ। ਉਸਨੂੰ ਹਨ੍ਹੇਰਾ ਹੋਣ ਦਾ ਡਰ ਹੈ। ਉਸਦਾ ਡਰ ਪੂਰਾ ਹੋ ਗਿਆ।

ਟਰਾਂਸਫਾਰਮ ਵਿੱਚ ਧਮਾਕਾ ਹੋਇਆ। ਲਾਈਟ ਬੰਦ ਹੋ ਗਈ ਹੈ। ਚਾਰੇ ਪਾਸੇ ਚੁੱਪ ਪਸਰ ਗਈ। ਅਸੀਂ ਪੈਣ ਦੀ ਤਿਆਰੀ ਕਰਨ ਲੱਗੇ ਹਾਂ। ਬਾਹਰ ਹਨੇਰੇ ਵਿੱਚ ਫੈਲੀ ਚੁੱਪ ਸਾਡੇ ਅੰਦਰ ਖੌਰੂ ਪਾ ਰਹੀ ਹੈ। ਅਸੀਂ ਆਪੋ-ਆਪਣੀਆਂ ਸੋਚਾਂ ਵਿੱਚ ਗੋਤੇ ਖਾ ਰਹੇ ਹਾਂ।

ਮੈਂ ਪੈਸੇ ਦੇ ਪ੍ਰਬੰਧ ਦੀਆਂ ਵਿਉਂਤਾਂ ਘੜ ਰਹੀ ਹਾਂ। ਵੀਰੇ ਦਾ ਗੁੱਸੇ ਨਾਲ ਲਾਲ ਹੋਇਆ ਚਿਹਰਾ ਅੱਖਾਂ ਅੱਗੇ ਘੁੰਮ ਗਿਆ ਹੈ। ਮੈਂ ਗਰਦਨ ਚੁੱਕ ਕੇ ਵੇਖਿਆ। ਉਹ ਪਾਸੇ ਮਾਰ ਰਿਹਾ ਹੈ। ਫਿਰ ਮਾਂ ਵੱਲ ਨਜ਼ਰ ਗਈ ਹੈ। ਉਸ ਨਾਲ ਕੀਤਾ ਵਾਅਦਾ ਯਾਦ ਕਰਕੇ ਹਿੰਮਤ ਆ ਗਈ ਹੈ।

ਬੈਂਕਾਂ ਦੇ ਕਰਜ਼ੇ ਨੇ ਜ਼ਮੀਨ ਦੀਆਂ ਫਰਦਾਂ ਲਾਲ ਕੀਤੀਆਂ ਪਈਆਂ ਹਨ। ਅੱਖਾਂ ਸਾਹਮਣੇ ਸ਼ਾਹਣੀ ਦਾ ਚਿਹਰਾ ਆਇਆ ਹੈ। ਮੇਰਾ ਬਚਪਨ ਉਸ ਦੇ ਘਰ ਖੇਡਦਿਆਂ ਬੀਤਿਆਂ ਹੈ। ਉਹ ਪੈਸੈ ਦੀ ਪੀਰ ਹੈ। ਪਰ ਜੈਲਦਾਰਾਂ ਵਾਂਗ ਬੇਈਮਾਨ ਨਹੀਂ । ਉਹੀ ਸਾਡਾ ਆਸਰਾ ਬਣ ਸਕਦੀ ਹੈ।
''ਇਹ ਗੱਲ ਵੀਰੇ ਨਾਲ ਕਿਵੇਂ ਕਰਾਂ....?'' ਦਿਨ ਚੜ੍ਹਨ ਦੀ ਉਡੀਕ ਕਰਦੀ ਸੋਚ ਰਹੀ ਹਾਂ
ਨੇੜਲੇ ਪਿੰਡੋਂ ਗੁਰਦੁਆਰੇ ਦੇ ਗ੍ਰੰਥੀ ਦੀ ਆਵਾਜ਼ ਸੁਣ ਮਾਂ ਬੋਲੀ ਹੈ, ''ਬਾਹਰ ਅਜੇ ਵੀ ਘੁੱਪ ਹਨੇਰਾ ਪਸਰਿਆ ਪਿਆ।''
ਕੋਈ ਚਾਨਣ ਦੀ ਕਿਰਨ ਲੱਭਦੀ ਉਹ ਫਿਰ ਪੈ ਗਈ ਹੈ। ਉਸ ਅੰਦਰਲੇ ਡਰ ਨੇ ਬਾਹਰਲਾ ਹਨ੍ਹੇਰਾ ਹੋੋਰ ਸੰਘਣਾ ਕਰ ਦਿੱਤਾ ਹੈ। ਉਸ ਦੇ ਅੰਦਰ ਟਿਕਾਅ ਨਹੀਂ। ਉਹ ਹਨੇਰੇ ਵਿੱਚ ਉੱਠ ਕੇ ਬਹਿ ਗਈ ਹੈ।
ਦਿਨ ਚੜ੍ਹਿਆ ਹੈ। ਮੈਂ ਉਠ ਕੇ ਵੇਖਿਆ। ਵੀਰਾ ਹੱਥ 'ਚ ਰੀਮੋਟ ਲਈ ਸੋਚਾਂ ਵਿੱਚ ਖੁਭਿਆ ਹੈ। ਮਾਂ ਪਾਠ ਕਰ ਰਹੀ ਹੈ। ਉਸਨੇ ਮੈਨੂੰ ਉੱਠਦੀ ਵੇਖ ਆਸ ਭਰੀ ਨਜ਼ਰ ਨਾਲ ਵੇਖਿਆ ਹੈ। ਮੈਂ ਸ਼ਾਂਤ ਰਹਿਣ ਲਈ ਹੱਥ ਦਾ ਇਸ਼ਾਰਾ ਕੀਤਾ ਹੈ। ਉਸਨੂੰ ਤਸੱਲੀ ਹੋ ਗਈ ਹੈ।
ਵੀਰੇ ਨਾਲ ਕਿਵੇਂ ਗੱਲ ਕਰਾਂ। ਇਸੇ ਘੁੰਮਣ-ਘੇਰੀ ਵਿੱਚ ਪੋਚੇ ਲਾਉਣ ਲੱਗੀ ਹਾਂ। ਪੋਚਾ ਲਾਉਂਦੀ ਉਸ ਕੋਲ ਬੈਠ ਗਈ ਹਾਂ, ''ਵੀਰੇ ਇਕ ਗੱਲ ਕਰਨੀ ਐ ਤੇਰੇ ਨਾਲ! ਮਾਂ ਨੂੰ ਪੈਸੇ ਦੀ ਚਿੰਤਾ........!''
ਉਹ ਬਿਨਾਂ ਬੋਲੇ ਮੇਰੇ ਵੱਲ ਵੇਖ ਰਿਹਾ ਹੈ। ਉਸਦਾ ਜਵਾਬ ਉਡੀਕਣ ਤੋਂ ਬਾਅਦ ਫਿਰ ਬੋਲੀ ਹਾਂ, ''ਵੀਰੇ ਉਹਨੂੰ ਆਪਣੇ ਸਾਥ ਦੀ ਲੋੜ ਆ....!''
ਉਸਦਾ ਹੁੰਗਾਰਾ ਉਡੀਕਦੀ ਹਾਲਾਤ ਬਿਆਨ ਕਰਨ ਲੱਗੀ ਹਾਂ, ''ਵੇਖ ਵੀਰੇ! ਬੈਂਕ ਤੋਂ ਕਰਜ਼ਾ ਲੈ ਨਹੀਂ ਸਕਦੇ। ਨੂਪੁਰ ਦੇ ਮੰਮਾ ਕੁਝ ਪੈਸੇ ਦੇਣਗੇ। ਨਾਨੀ ਵੀ ਮੱਦਦ ਕਰੇਗੀ। ਪਰ ਸਾਨੂੰ ਖੁਦ ਵੀ ਪ੍ਰਬੰਧ ਕਰਨਾ ਪੈਣਾ.....!''
ਉਸਨੂੰ ਚੁੱਪ ਵੇਖ ਸਲਾਹ ਦਿੰਦਿਆਂ ਫਿਰ ਕਿਹਾ, ''ਪਿੰਡ ਦੀ ਸ਼ਾਹਣੀ ਨਾਲ ਗੱਲ ਕਰੀਏ.....?''
ਇੰਨਾਂ ਕਹਿ ਮੈਂ ਡਰ ਗਈ ਹਾਂ। ਉਸਨੂੰ ਬੋਲਣ ਦਾ ਮੌਕਾ ਦਿੱਤੇ ਬਿਨਾਂ ਕਾਹਲੀ ਨਾਲ ਬੋਲੀ ਹਾਂ, ''ਵੀਰੇ ਪੁਰਖਿਆਂ ਦੀ ਨਿਸ਼ਾਨੀ ਤੇਰੀ ਆਸ 'ਤੇ ਟਿਕੀ ਐ। ਕੋਸ਼ਿਸ਼ ਕਰਨਾ ਆਪਣਾ ਫਰਜ਼ ਐ।
ਤੈਨੂੰ ਕਿਸੇ ਅੱਗੇ ਹੱਥ ਅੱਡਣ ਦੀ ਲੋੜ ਨਹੀਂ। ਮੈਂ ਤੇ ਮਾਂ ਉਸ ਨਾਲ ਗੱਲ ਕਰਾਂਗੇ। ਕਿਸੇ ਨੂੰ ਕੰਨੋਂ-ਕੰਨ ਖ਼ਬਰ ਨਹੀਂ ਹੋਵੇਗੀ। ਪਰ ਤੇਰੀ 'ਹਾਂ' ਤੋਂ ਬਿਨਾਂ ਕੁਝ ਨਹੀਂ ਹੋ ਸਕਦਾ।''

ਉਸਦੀ ਚੁੱਪ ਨੇ ਸਹਿਮਤੀ ਦਾ ਸੁਨੇਹਾ ਦੇ ਦਿੱਤਾ ਹੈ। ਮਾਂ ਨੂੰ ਕੁਝ ਸ਼ਾਂਤੀ ਮਿਲੀ ਹੈ। ਅਸੀਂ ਦੋਵੇਂ ਦੁਪਹਿਰ ਸਮੇਂ ਸ਼ਾਹਾਂ ਦੇ ਘਰ ਤੁਰ ਪਈਆਂ ਹਾਂ। ਭੀੜੀ ਗਲੀ ਵਿੱਚ ਸਾਹਮਣਾ ਘਰ ਸ਼ਾਹਾਂ ਦਾ ਹੈ। ਘਰ ਦਾ ਦਰਵਾਜ਼ਾ ਹਮੇਸ਼ਾਂ ਖੁੱਲ੍ਹਾ ਰਹਿੰਦਾ ਹੈ। ਸ਼ਾਹਣੀ ਸਾਹਮਣੇ ਵਰਾਂਡੇ ਵਿੱਚ ਮੰਜੇ 'ਤੇ ਪਈ ਰਹਿੰਦੀ ਹੈ। ਉਸ ਦਾ ਦੁਨੀਆਂ ਵਿੱਚ ਆਪਣਾ ਕੋਈ ਨਹੀਂ। ਸ਼ਾਹ ਦੀ ਮੌਤ ਹੋ ਚੁੱਕੀ ਹੈ। ਬੱਚਾ ਕੋਈ ਨਹੀਂ। ਪਰ ਲਾਲਚ ਉਸਨੂੰ ਨੜਿੰਨਵੇਂ ਦੇ ਗੇੜ ਵਿੱਚ ਫਸਾਈ ਰੱਖਦਾ ਹੈ। ਆਤਮਾ ਪੈਸੇ ਦੇ ਢੇਰ ਹੇਠਾਂ ਦੱਬੀ ਹੈ। ਵਿਆਜ਼ 'ਤੇ ਵਿਆਜ਼ ਲਾਉਂਦਿਆਂ ਭੋਰਾ ਡਰ ਨਹੀਂ ਲੱਗਦਾ। ਹੱਥ ਨੋਟ ਗਿਣਦੇ ਨਹੀਂ ਥੱਕਦੇ।

ਬਚਪਨ ਵਿੱਚ ਉਸਨੂੰ ਨੋਟ ਗਿਣਦਿਆਂ ਵੇਖ ਨੂਪੁਰ ਉਸ ਦੀ ਨਕਲ ਉਤਾਰਦੀ। ਉਹ ਕਾਪੀ ਪਾੜ ਕਾਗਜ਼ਾਂ ਦਾ ਢੇਰ ਲਾ ਲੈਂਦੀ। ਸਾਡੇ ਹੱਥਾਂ ਵਿੱਚ ਕਾਗਜ਼ ਦੇ ਨੋਟ ਵੇਖ ਸ਼ਾਹਣੀ ਮੰਜੇ 'ਤੇ ਪਈ ਹੱਸਦੀ। ਅੱਜ ਉਸਦੀ ਹਾਲਤ ਵੇਖ ਮਨ ਹਮਦਰਦੀ ਨਾਲ ਭਰ ਗਿਆ ਹੈ। ਮੁਸੀਬਤ ਵਿੱਚ ਫਸਿਆ ਬੰਦਾ ਉਸ ਦੇ ਦਰਵਾਜ਼ੇ 'ਤੇ ਜਾਂਦਾ ਹੈ। ਲਾਲਚ ਨੇ ਉਸਦੀਆਂ ਅੱਖਾਂ 'ਤੇ ਪੱਟੀ ਬੰਨ੍ਹੀ ਹੈ। ਉਸ ਦੀ ਪੱਟੀ ਵੇਖ ਘੁੰਮਣਾਂ ਦੀ ਮਾਈ ਦੀਆਂ ਜਾਗਦੀਆਂ ਅੱਖਾਂ ਦਿੱਸਣ ਲੱਗੀਆਂ ਹਨ। ਲੋਕ ਸ਼ਾਹਣੀ ਨੂੰ ਖੂਨ ਪੀਣੀ ਜੋਕ ਕਹਿੰਦੇ ਹਨ। ਉਸ ਅੰਦਰ ਵੱਸਦੀ ਖ਼ੂਨ ਚੂਸਣ ਵਾਲੀ ਜੋਕ ਦੀ ਰਖਵਾਲੀ ਦਰਵਾਜ਼ੇ 'ਤੇ ਖੜ੍ਹੇ ਦੋ ਲਠੈਤ ਕਰ ਰਹੇ ਹਨ।

ਉਸਦੇ ਲਠੈਤ ਬੱਚਿਆਂ ਨੂੰ ਦਬਕਾ ਮਾਰ ਕੇ ਘਰ ਤੋਂ ਦੂਰ ਭਜਾ ਰਹੇ ਹਨ। ਮੈਂ ਆਵਾਜ਼ ਸੁਣ ਸੋਚਾਂ 'ਚੋਂ ਨਿਕਲੀ ਹਾਂ। ਮਾਂ ਉਸ ਨਾਲ ਜ਼ਮੀਨ ਗਹਿਣੇ ਰੱਖ ਕੇ ਪੈਸੇ ਲੈਣ ਦੀ ਗੱਲ ਕਰ ਰਹੀ ਹੈ। ਉਹ ਪੈਸੇ ਨਾ ਹੋਣ ਦਾ ਡਰਾਮਾ ਕਰ ਰਹੀ ਹੈ। ਮਾਂ ਦੇ ਤਰਲੇ ਉਸਤੋਂ ਜ਼ਿਆਦਾ ਦੇਰ ਨਾਂਹ ਨਹੀਂ ਕਰਵਾ ਸਕੇ। ਉਸਨੇ ਹਫ਼ਤੇ ਬਾਅਦ ਪੈਸੇ ਦੇਣ ਦਾ ਵਾਅਦਾ ਕੀਤਾ ਹੈ। ਮਾਂ ਦੇ ਸੀਨੇ ਤੋਂ ਮਣਾਂ-ਮੂੰਹੀਂ ਭਾਰ ਲਹਿ ਗਿਆ। ਵੀਰੇ ਦੇ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ।

ਨੂਪੁਰ ਦੇ ਪਾਪਾ ਦੀ ਮੱਦਦ ਨਾਲ ਵੀਰੇ ਦੇ ਸਾਰੇ ਕੰਮ ਨਿੱਬੜ ਗਏ ਹਨ। ਵੀਜ਼ਾ ਅਪਲਾਈ ਹੋ ਗਿਆ ਹੈ। ਵਿਦੇਸ਼ ਜਾਣ ਦੇ ਦਿਨ ਨੇੜੇ ਆ ਰਹੇ ਹਨ। ਸਾਡੇ ਮਨਾਂ ਵਿੱਚ ਦਵੰਧ ਚੱਲਣ ਲੱਗੇ ਹਨ। ਮਾਂ ਡੋਲਦੇ ਮਨ ਨਾਲ ਕਹਿੰਦੀ ਹੈ, ''ਕਰਮ ਦੀਪ ਦੇ ਅੱਖੋਂ ਉਹਲੇ ਹੋਣ ਦੇ ਖਿਆਲ ਨਾਲ ਮੇਰਾ ਮਨ ਡੋਲਣ ਲੱਗਦਾ ਏ! ਕਦੀ ਸੋਚਦੀ ਆਂ, ਜ਼ਮੀਨ ਖਾਵੇ ਖਸਮਾਂ ਨੂੰ। ਨਹੀਂ ਰਹਿੰਦੀ ਨਾ ਰਹੇ। ਮੇਰਾ ਬੱਚਾ ਮੇਰੇ ਕੋਲ ਰਹੇ। ਅੱਖਾਂ ਦੇ ਸਾਹਮਣੇ!''

ਉਸ ਦੀ ਭਾਵੁਕਤਾ ਵੇਖ ਮੈਂ ਹੌਸਲਾ ਦੇਣ ਲੱਗੀ ਹਾਂ, ''ਮਾਂ ਜੇ ਤੂੰ ਇੰਝ ਕਰੇਂਗੀ, ਵੀਰੇ ਨੂੰ ਕੌਣ ਸਮਝਾਏਗਾ?''
ਉਹ ਮਨ 'ਤੇ ਕਾਬੂ ਕਰ ਚੁੱਪ ਹੋ ਗਈ ਹੈ। ਥੋੜੇ ਦਿਨ ਲੰਘਣ 'ਤੇ ਉਸਦਾ ਮਨ ਫਿਰ ਡੋਲਣ ਲੱਗਾ ਹੈ। ਉਸਦੀਆਂ ਗੱਲਾਂ ਸੁਣ ਮੈਂ ਦੁਚਿੱਤੀ ਵਿੱਚ ਫਸ ਰਹੀ ਹਾਂ। ਸਾਨੂੰ ਉਦਾਸ ਵੇਖ ਵੀਰਾ ਸਾਡੇ ਕੋਲ ਆ ਬੈਠਾ ਹੈ। ਮੈਂ ਜੱਕੋ-ਤੱਕੀ ਵਿੱਚ ਬੋਲੀ ਹਾਂ, ''ਵੀਰੇ ਮਾਂ ਨੂੰ ਫਿਕਰ ਐ। ਤੂੰਂ ਘਰ ਤੋਂ ਦੂਰ ਰਹਿ ਲਵੇਗਾ? ਜੇ ਨਹੀਂ ਤਾਂ ਅਜੇ ਵੀ ਪੈਸੇ ਮੁੜਵਾ ਲੈਂਦੇ ਹਾਂ।''
ਉਸਨੇ ਸਾਨੂੰ ਦੋਹਾਂ ਨੂੰ ਕਲਾਵੇ ਵਿੱਚ ਲੈ ਲਿਆ। ਦਿਲ ਕਰੜਾ ਕਰਕੇ ਜਾਣ ਦੀਆਂ ਤਿਆਰੀਆਂ ਸ਼ੁਰੂ ਕਰਨ ਲਈ ਕਹਿ ਰਿਹਾ ਹੈ। ਸਾਡਾ ਪਿਆਰ ਇੱਕ-ਦੂਜੇ ਦਾ ਹੌਸਲਾ ਬਣ ਗਿਆ ਹੈ। ਉਸਦੀ ਖੁਸ਼ੀ ਨੇ ਉਦਾਸੀ ਦੂਰ ਕਰ ਦਿੱਤੀ ਹੈ।

ਮਾਂ ਤੇ ਵੀਰਾ ਤਿਆਰੀਆਂ ਲਈ ਘਰ ਤੋਂ ਬਾਹਰ ਹੀ ਰਹਿੰਦੇ ਹਨ। ਇਸ ਲਈ ਆਂਟੀ ਨੇ ਕੁਝ ਦਿਨਾਂ ਲਈ ਨੂਪੁਰ ਨੂੰ ਮੇਰੀ ਮੱਦਦ ਲਈ ਭੇਜਿਆ ਹੈ। ਵੀਜ਼ਾ ਆ ਜਾਣ ਕਰਕੇ ਵੀਰਾ ਦੋਸਤਾਂ ਨੂੰ ਮਿਲਣ ਸ਼ਹਿਰ ਗਿਆ ਹੈ। ਮਾਂ ਨਾਨੀ ਨੂੰ ਲੈਣ ਗਈ ਹੈ। ਮੈਂ ਤੇ ਨੂਪੁਰ ਸਮਾਨ ਪੈਕ ਕਰਨ ਵਿੱਚ ਵਿਅਸਤ ਹਾਂ। ਪੈਕਿੰਗ ਕਰਦਿਆਂ ਨੂਪੁਰ ਨੂੰ ਮੋਹਿਤ ਸਰ ਦਾ ਫ਼ੋਨ ਆਇਆ ਹੈ। ਉਹ ਮੋਬਾਈਲ ਲੈ ਕੇ ਬਾਹਰ ਨਿਕਲ ਗਈ ਹੈ। ਮੈਂ ਉਸਦੀ ਲੰਬੀ ਗੱਲ ਤੋਂ ਹੈਰਾਨ ਹੋ ਕੇ ਪੁੱਛਿਆ ਹੈ, ''ਨੂਪੁਰ ਤੂੰ ਸਰ ਨਾਲ ਕੀ ਗੱਲਾਂ ਕਰ ਰਹੀ ਏਂ.....।''

''ਕੁਝ ਨਹੀਂ ਚੱਲ ਪੈਕਿੰਗ ਕਰੀਏ।'' ਮੇਰੀ ਗੱਲ ਟਾਲ ਉਹ ਸਮਾਨ ਚੁੱਕਣ ਸਟੋਰ ਵਿੱਚ ਚਲੀ ਗਈ ਹੈ। ਅਸੀਂ ਕੰਮ ਖਤਮ ਕਰਕੇ ਪੈ ਗਈਆਂ ਹਾਂ। ਉਹ ਮੈਸੇਜ਼ ਕਰਨ ਵਿੱਚ ਵਿਅਸਤ ਹੈ। ਮੈਨੂੰ ਮਾਂ ਤੇ ਵੀਰੇ ਦੀ ਗੈਰ-ਹਾਜ਼ਰੀ ਤੰਗ ਕਰ ਰਹੀ ਹੈ। ਉਹਨਾਂ ਦੇ ਆਉਣ ਦੀ ਉਡੀਕ ਵਿੱਚ ਰਾਤ ਲੰਘ ਗਈ ਹੈ।
ਵੀਰਾ ਸਵੇਰੇ ਹੀ ਘਰ ਆ ਗਿਆ ਹੈ। ਅਸੀਂ ਮਾਂ ਤੇ ਨਾਨੀ ਦੀ ਉਡੀਕ ਕਰ ਰਹੇ ਹਾਂ। ਮਾਂ ਤੇ ਨਾਨੀ ਨੂੰ ਆਉਂਦੇ ਵੇਖ ਵੀਰਾ ਖੁਸ਼ੀ ਨਾਲ ਬੋਲਿਆ ਹੈ, ''ਨਾਨੀ ਤਾਂ ਅਜੇ ਤਕੜੀ ਪਈ ਉਏ.......?''
ਉਸਨੇ ਹੱਸ ਰਹੇ ਵੀਰੇ ਦੇ ਸਿਰ 'ਤੇ ਹੱਥ ਰੱਖਦਿਆਂ ਕਿਹਾ, ''ਮੁਸ਼ਕਲਾਂ ਦੇ ਅੱਗੇ ਨਾਨੀ ਸਾਰੀ ਉਮਰ ਤਕੜੀ ਰਹੀ ਆ। ਪਰ ਜ਼ਿੰਦਗੀ ਅੱਗੇ ਹਾਰ ਗਈ। ਪਤਾ ਨਹੀਂ ਕਿੰਨਾ ਕੁ ਚਿਰ ਆਂ....।'' ''ਨਾ....ਨਾਨੀ.....! ਅਜੇ ਤੂੰ ਬਹੁਤ ਕੁਝ ਵੇਖਣਾ.....!'' ਵੀਰੇ ਨੇ ਉਸ ਨੂੰ ਜੱਫ਼ੀ ਪਾਉਂਦੇ ਹੋਏ ਕਿਹਾ
''ਪਤਾ ਨਹੀਂ.... ਤੁਹਾਡੀਆਂ ਖੁਸ਼ੀਆਂ ਵੇਖਾਂ ਕਿ ਨਾ.....। ਪਰ ਆਪਣੇ ਹਿੱਸੇ ਦੇ ਸ਼ਗਨ ਹੁਣੇ ਲੈ ਲਉ...।'' ਨਾਨੀ ਨੇ ਝੋਲੇ ਵਿਚੋਂ ਦੋ ਲਿਫ਼ਾਫੇ ਕੱਢ ਕੇ ਮੇਰੇ ਤੇ ਵੀਰੇ ਦੇ ਹੱਥ ਫੜਾਉਂਦੇ ਹੋਏ ਕਿਹਾ ਹੈ
''ਨਾਨੀ ਇਸ ਵਿੱਚ ਕੀ ਹੈ ?'' ਮੈਂ ਲਿਫ਼ਾਫਾ ਖੋਹਲਦੇ ਹੋਏ ਪੁੱਛਿਆ
''ਤੂੰ ਆਪ ਈ ਵੇਖ ਲੈ....।'' ਕਹਿੰਦੀ ਹੋਈ ਉਹ ਮੰਜੇ 'ਤੇ ਪੈ ਗਈ ਹੈ

ਵੀਰਾ ਲਿਫ਼ਾਫੇ ਵਿੱਚੋਂ ਪੈਸੇ ਕੱਢ ਕੇ ਮਾਂ ਨੂੰ ਫੜਾ ਰਿਹਾ ਹੈ। ਮੈਂ ਲਿਫ਼ਾਫੇ ਵਿਚੋਂ ਨਿਕਲੇ ਕਾਗਜ਼ ਪੜ੍ਹਨ ਲੱਗੀ ਹਾਂ। ਉਨ੍ਹਾਂ ਵਿੱਚ ਲਿਖਿਆ ਹੈ, ''ਮੈਂ ਆਪਣੀ ਵਸੀਅਤ ਐਸੇ ਹੱਥਾਂ ਵਿੱਚ ਦੇ ਰਹੀ ਹਾਂ। ਜਿਸ ਦੇ ਪੈਰਾਂ ਵਿੱਚ ਬਿਨਾਂ ਡਗਮਗਾਏ ਦੂਰ ਤੱਕ ਚੱਲਣ ਦੀ ਤਾਕਤ ਹੈ। ਮੇਰੀ ਉਹ ਤਾਕਤ ਮੇਰੀ ਧੀ ਕਰਮ ਹੈ।''

ਨਾਨੀ ਦਾ ਮੇਰੇ ਉੱਤੇ ਖੁਦ ਜਿੰਨਾ ਵਿਸ਼ਵਾਸ਼ ਵੇਖ ਅੱਖਾਂ ਭਰ ਆਈਆਂ ਹਨ। ਮੈਂ ਉਸ ਦੇ ਗਲ ਲੱਗ ਗਈ ਹਾਂ। ਉਸਨੇ ਬਾਹਵਾਂ ਵਿੱਚ ਘੁੱਟ ਲਿਆ ਹੈ। ਉਹ ਸਾਨੂੰ ਬਚਪਨ ਦੀਆਂ ਗੱਲਾਂ ਸੁਨਾਉਣ ਲੱਗੀ ਹੈ। ਅਸੀਂ ਉਸ ਤੋਂ ਬਚਪਨ ਦੀਆਂ ਗੱਲਾਂ ਸੁਣ-ਸੁਣ ਖੁਸ਼ ਹੁੰਦੇ ਹਾਂ। ਪਰ ਵੀਰੇ ਦੇ ਵਿਦੇਸ਼ ਜਾਣ ਦਾ ਖ਼ਿਆਲ ਚਿਹਰਿਆਂ 'ਤੇ ਉਦਾਸੀ ਛੱਡ ਜਾਂਦਾ ਹੈ। ਉਸਦੇ ਸਫ਼ਰ ਦੀਆਂ ਤਿਆਰੀਆਂ ਹੋ ਚੁੱਕੀਆਂ ਹਨ। ਨੂਪੁਰ ਦੇ ਪਾਪਾ ਸਭ ਦਾ ਹੌਸਲਾ ਬਣ ਨਾਲ ਖੜ੍ਹੇ ਹਨ। ਨਾਨੀ ਅਰਦਾਸ ਕਰ ਰਹੀ ਹੈ। ਮਾਂ ਵੀਰੇ ਨੂੰ ਧਿਆਨ ਨਾਲ ਵੇਖਦੀ ਹੈ। ਉਸ ਦਾ ਮੱਥਾ ਚੁੰਮਦੀ ਹੈ। ਉਸ ਤੋਂ ਵਾਰੇ ਜਾਂਦੀ ਹੈ। ਉਸ ਦੇ ਮਨ ਦੀ ਪੀੜ ਝੱਲਣੀ ਔਖੀ ਹੋ ਰਹੀ ਹੈ। ਮੈਂ ਕਿਸੇ ਨੂੰ ਉਦਾਸ ਨਹੀਂ ਵੇਖ ਸਕਦੀ। ਇਸ ਲਈ ਹੱਸ-ਹੱਸ ਗੱਲਾਂ ਕਰ ਰਹੀ ਹਾਂ।

ਤੁਰਨ ਲੱਗਿਆ ਵੀਰੇ ਨੇ ਹੌਲੀ ਜਿਹੀ ਪੁੱਛਿਆ ਹੈ, ''ਕਰਮ.....! ਆਪਣੀਆਂ ਬਚਪਨ ਦੀਆਂ ਫ਼ੋਟੋ ਕਿਥੇ ਨੇ...? ਤੂੰ ਉਹ ਸਮਾਨ ਵਿੱਚ ਰੱਖ ਦਿੱਤੀਆਂ.....?''
'ਹਾਂ' ਵਿਚ ਸਿਰ ਹਿਲਾ ਮੈਂ ਰੋਣ ਲੱਗ ਪਈ ਹਾਂ। ਉਸ ਨੇ ਮੈਨੂੰ ਜੱਫ਼ੀ ਪਾ ਲਈ ਹੈ।

ਕਾਂਡ-12

ਮੈਂ ਖਾਣਾ ਬਣਾਉਂਦੀ ਆਂਟੀ-ਅੰਕਲ ਬਾਰੇ ਸੋਚ ਰਹੀ ਹਾਂ। ਉਹਨਾਂ ਨੇ ਹਮੇਸ਼ਾ ਸਾਡਾ ਸਾਥ ਨਿਭਾਇਆ ਹੈ। ਵੀਰੇ ਦੇ ਵਿਦੇਸ਼ ਜਾਣ ਸਮੇਂ ਆਂਟੀ ਦੇ ਰਿਸ਼ਤੇਦਾਰਾਂ ਨੇ ਉਸਦੇ ਰਹਿਣ ਦਾ, ਕਾਲਜ ਆਉਣ-ਜਾਣ ਦਾ, ਕੰਮ-ਕਾਰ ਲੱਭਣ ਦਾ ਪ੍ਰਬੰਧ ਕੀਤਾ। ਉਹਨਾਂ ਦੇ ਸਾਥ ਨੇ ਸਾਨੂੰ ਬੇਫ਼ਿਕਰ ਰੱਖਿਆ ਹੈ। ਮੈਂ ਬਚਪਨ ਦੇ ਬੇਫ਼ਿਕਰੀ ਵਾਲੇ ਦਿਨ ਯਾਦ ਕਰਨ ਲੱਗੀ ਹਾਂ।

ਜਦੋਂ ਮੈਂ ਸਕੂਲ ਪੜ੍ਹਨ ਲੱਗੀ। ਨੂਪੁਰ ਮੇਰੀ ਸਭ ਤੋਂ ਪਹਿਲੀ ਦੋਸਤ ਬਣੀ। ਮੈਂ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਦੇ ਘਰ ਜਾਂਦੀ। ਇਸ ਦਾ ਕਾਰਨ ਆਂਟੀ ਨੂੰ ਸੋਹਣਾ ਤਿਆਰ ਹੋਏ ਵੇਖਣਾ ਸੀ।

ਹਰ ਰੋਜ਼ ਨਵਾਂ ਸੂਟ। ਮੈਚਿੰਗ ਲਿਪਸਟਿਕ। ਰਬੜ ਬੈਂਡ। ਮਿਲਦੀ-ਜੁਲਦੀ ਜੁੱਤੀ। ਆਂਟੀ ਹਰ ਰੰਗ ਵਿੱਚ ਪਰੀ ਲੱਗਦੀ। ਉਹ ਨੂਪੁਰ ਨੂੰ ਵੀ ਹਰ ਚੀਜ਼ ਮੈਚਿੰਗ ਪਾਉਂਦੀ। ਬਚਪਨ ਵਿੱਚ ਉਸ ਨਾਲ ਦੋਸਤੀ ਦਾ ਕਾਰਨ ਰੰਗਾਂ ਨਾਲ ਅਥਾਹ ਪਿਆਰ ਸੀ। ਰੰਗ-ਬਰੰਗੇ ਪਹਿਰਾਵੇ ਮੈਨੂੰ ਉਹਨਾਂ ਵੱਲ ਖਿੱਚਦੇ। ਵੱਡੇ ਹੁੰਦਿਆਂ ਸਾਡਾ ਪਿਆਰ ਵਧਦਾ ਗਿਆ। ਘਰੇਲੂ ਰਿਸ਼ਤੇ ਪੀਡੇ ਹੁੰਦੇ ਗਏ। ਬਚਪਨ ਵਿੱਚ ਫੜਿਆ ਹੱਥ ਅੱਜ ਸਾਥ ਬਣਕੇ ਮੱਦਦ ਕਰ ਰਿਹਾ ਹੈ।

ਉਹਨਾਂ ਦੀ ਮੱਦਦ ਬਾਰੇ ਸੋਚਦਿਆਂ ਮੈਨੂੰ ਨੂਪੁਰ ਦੇ ਫ਼ੋਨ ਅਤੇ ਮੈਸੇਜ਼ ਯਾਦ ਆ ਗਏ । ਮੈਨੂੰ ਉਸ ਵਿੱਚ ਬਦਲਾਅ ਮਹਿਸੂਸ ਹੁੰਦਾ ਹੈ। ਮੈਂ ਫ਼ੋਨ ਕਰਕੇ ਪੁੱਛ ਲਿਆ, ''ਨੂਪੁਰ! ਤੂੰ ਮੋਹਿਤ ਸਰ ਨੂੰ ਇੰਨੇ ਫ਼ੋਨ ਕਿਉਂ ਕਰਦੀ ਏਂ?''
''ਤੂੰ ਨਹੀਂ ਸਮਝ ਸਕਦੀ! ਤੂੰ ਕਿਤਾਬਾਂ ਪੜ੍ਹਿਆ ਕਰ।'' ਉਸਨੇ ਗੱਲ ਨੂੰ ਗੰਢ ਮਾਰ ਦਿੱਤੀ ਹੈ।
''ਕਿਉਂ ਤੂੰ ਨਹੀਂ ਪੜ੍ਹਨੀਆਂ ਕਿਤਾਬਾਂ...! ਆਪਣਾ ਲਾਅ ਦਾ ਆਖਰੀ ਸਾਲ ਏ।'' ਗੱਲ ਦੀ ਗੰਢ ਖੋਲ੍ਹਦੀ ਮੈਂ ਬੋਲੀ ਹਾਂ
''ਮੇਰਾ ਪੜ੍ਹਨੇ ਮੇਂ ਨਹੀਂ ਲਾਗੇ ਦਿਲ।'' ਉਸਨੇ ਹੋਰ ਫ਼ੋਨ ਕਾਲ ਆਉਣ ਦੀ ਗੱਲ ਕਹਿ ਕੇ ਫ਼ੋਨ ਕੱਟ ਦਿੱਤਾ ਹੈ

ਮੈਂ ਸੋਚਾਂ ਵਿੱਚ ਪੈ ਗਈ ਹਾਂ। ਜਿਵੇਂ-ਜਿਵੇਂ ਦਿਨ ਲੰਘ ਰਹੇ ਹਨ। ਮੈਨੂੰ ਨੂਪੁਰ ਤੇ ਮੋਹਿਤ ਦੇ ਰਿਸ਼ਤੇ ਦੀ ਸਮਝ ਆਉਣ ਲੱਗੀ ਹੈ। ਕਾਲਜ ਵਿੱਚ ਕਲਰਕ ਮੋਹਿਤ ਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਹੈ। ਉਸ ਦੀਆਂ ਕਵਿਤਾਵਾਂ ਕਾਲਜ ਮੈਗਜ਼ੀਨ, ਅਖਬਾਰਾਂ ਤੇ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਹਨ। ਮੈਂ ਤੇ ਨੂਪੁਰ ਉਸਦੀ ਕਾਵਿ-ਪੁਸਤਕ ਦੇ ਲੋਕ ਅਰਪਣ 'ਤੇ ਗਈਆਂ ਸੀ।
ਸ਼ਾਇਦ ਮੋਹਿਤ ਦੀ ਇਹੀ ਕਲਾ ਉਸ ਨੂੰ ਛੂਹ ਗਈ ਤੇ ਉਸਦਾ ਝੁਕਾਅ ਉਸ ਵੱਲ ਗਿਆ ਹੈ।
''ਕਰਮ ਜਿਆਦਾ ਸੋਚਾਂ 'ਚ ਨਾ ਪੈ। ਜੋ ਹੋਣਾ ਸੀ ਹੋ ਚੁੱਕਾ।'' ਨੂਪੁਰ ਮੇਰੀਆਂ ਉਮੀਦਾਂ ਤੋਂ ਉਲਟ ਬੋਲੀ ਹੈ
ਉਸਦੀ ਆਵਾਜ਼ ਸੁਣ ਮੈਂ ਹੈਰਾਨ ਹੋਈ ਹਾਂ, ''ਕਿਉਂ ਕੀ ਹੋ ਗਿਆ!''
''ਮੈਂ ਤੇ ਮੋਹਿਤ ਨੇ ਵਿਆਹ ਕਰਾਉਣ ਦਾ ਫੈਸਲਾ ਕਰ ਲਿਆ।'' ਉਹ ਗੰਭੀਰ ਹੋ ਗਈ ਹੈ
''ਨਹੀਂ! ਨੂਪੁਰ ਇਸ ਤਰ੍ਹਾਂ ਵਿਆਹ ਕਰਾਉਣਾ ਸੌਖੀ ਗੱਲ ਨਹੀਂ।'' ਮੇਰੇ ਚਿਹਰੇ 'ਤੇ ਡਰ ਦੇ ਭਾਵ ਹਨ
ਉਸ ਨੂੰ ਸਮਝਾਉਂਦੀ ਹੋਈ ਫਿਰ ਬੋਲੀ ਹਾਂ, ''ਤੇਰੇ ਮੰਮਾ-ਪਾਪਾ ਕਦੇ ਸਹਿਮਤ ਨਹੀਂ ਹੋਣਗੇ। ਉਹਨਾਂ ਨੇ ਤੇਰੇ ਭਵਿੱਖ ਲਈ ਕਈ ਸੁਪਨੇ ਬੁਣੇ ਹੋਣਗੇ। ਤੂੰ ਉਹਨਾਂ ਨੂੰ ਤੋੜ ਨਹੀਂ ਸਕਦੀ।''
''ਕਰਮ ਅਸੀਂ ਫੈਸਲਾ ਕਰ ਚੁੱਕੇ ਹਾਂ। ਹੁਣ ਇਸ ਟਾਪਿਕ 'ਤੇ ਗੱਲ ਨਾ ਹੀ ਕਰੀਏ।'' ਕਹਿੰਦੀ ਹੋਈ ਮੇਰੇ ਤੋਂ ਦੂਰ ਜਾ ਖੜ੍ਹੀ ਹੈ
ਕਈ ਦਿਨ ਹੋ ਗਏ ਹਨ। ਉਸਨੂੰ ਗਲਤ ਕਦਮ ਚੁੱਕਣ ਤੋਂ ਰੋਕ ਰਹੀ ਹਾਂ। ਆਂਟੀ-ਅੰਕਲ ਦਾ ਖ਼ਿਆਲ ਆਉਂਦਿਆਂ ਫ਼ੋਨ ਕਰਕੇ ਸਮਝਾਉਂਦੀ ਹਾਂ, ''ਨੂਪੁਰ! ਪੇਪਰਾਂ ਦੇ ਦਿਨ ਸਿਰ 'ਤੇ ਨੇ।
ਪਰ ਤੂੰ ਪੜਨ ਵੱਲ ਧਿਆਨ ਨਹੀਂ ਦੇ ਰਹੀ।''
''ਕਰਮ ਇਸ ਵਿੱਚ ਮੇਰਾ ਕੀ ਕਸੂਰ ਐ। ਮੰਮਾ-ਪਾਪਾ ਜਿੱਦ ਕਰੀਂ ਬੈਠੇ ਨੇ। ਉਹ ਵਿਆਹ ਦੀ ਮਨਜ਼ੂਰੀ ਦੇ ਦੇਣ। ਮੈਂ ਪੇਪਰ ਦੇਣ ਲਈ ਤਿਆਰ ਆਂ।'' ਉਸਨੇ ਦੋ-ਟੁੱਕ ਫੈਸਲਾ ਸੁਣਾ ਦਿੱਤਾ ਹੈ

''ਨੂਪੁਰ ਤੂੰ ਮੋਹਿਤ ਨਾਲ ਵਿਆਹ ਕਰਾਉਣ ਦੀ ਜ਼ਿੱਦ ਛੱਡ ਦੇ। ਇਹ ਸਿਰਫ਼ ਖਿੱਚ ਹੈ। ਜਦੋਂ ਤੇਰੇ ਸਿਰ ਤੋਂ ਇਸ ਦਾ ਭੂਤ ਉਤਰਿਆ ਜੀਵਨ ਦੀ ਸੱਚਾਈ ਸਾਹਮਣੇ ਆਈ। ਤੇਰੀ ਜ਼ਿੰਦਗੀ ਨਰਕ ਬਣ ਜਾਵੇਗੀ।'' ਮੈਂ ਪਿਆਰ ਅਤੇ ਗੁੱਸੇ ਨਾਲ ਸਮਝਾ ਰਹੀ ਹਾਂ।

ਉਸ ਨੇ ਫ਼ੋਨ ਕੱਟ ਦਿੱਤਾ ਹੈ। ਦੁਪਹਿਰ ਹੋ ਗਈ ਹੈ। ਮੈਂ ਕਈ ਵਾਰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸਦਾ ਫ਼ੋਨ ਬੰਦ ਆ ਰਿਹਾ ਹੈ। ਕਿਉਂ? ਕਿਤੇ ਉਸਨੇ ਉਹੀ ਤਾਂ ਨਹੀਂ ਕਰ ਲਿਆ ਜੋ ਚਾਹੁੰਦੀ ਸੀ। ਸੋਚਦਿਆਂ ਮੇਰਾ ਸਰੀਰ ਕੰਬ ਗਿਆ ਹੈ।

''ਅਮੀਰ ਮਾਂ-ਬਾਪ ਦੀ ਇਕਲੌਤੀ ਔਲਾਦ ਤਕਲੀਫ਼ਾਂ ਭਰੀ ਜ਼ਿੰਦਗੀ ਕਦੇ ਸਹਿਣ ਨਹੀਂ ਕਰ ਸਕੇਗੀ।'' ਮੈਂ ਖੁਦ ਨਾਲ ਗੱਲਾਂ ਕਰ ਰਹੀ ਹਾਂ
ਮਨ ਬੇਚੈਨ ਹੋ ਰਿਹਾ ਹੈ। ਆਂਟੀ ਨੂੰ ਫੋਨ ਕੀਤਾ ਹੈ। ਉਸਨੇ ਫ਼ੋਨ ਕੱਟ ਦਿੱਤਾ। ਮੇਰਾ ਫਿਕਰ ਵਧ ਗਿਆ ਹੈ। ਮੈਂ ਮਾਂ ਨਾਲ ਨੂਪੁਰ ਦੇ ਘਰ ਤੁਰ ਪਈ ਹਾਂ। ਸਾਹਮਣੇ ਆਂਟੀ-ਅੰਕਲ ਸ਼ਹਿਰ ਵੱਲੋਂ ਆ ਰਹੇ ਹਨ। ਉਹ ਘਬਰਾਏ ਹੋਏ ਹਨ। ਅਸੀਂ ਇਕੱਠੇ ਘਰ ਅੰਦਰ ਵੜੇ ਹਾਂ। ਮੈਂ ਨੂਪੁਰ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੀ ਹਾਂ।
''ਕਰਮ! ਨੂਪੁਰ ਦਾ ਕੁਝ ਪਤਾ ਨਹੀਂ। ਅਸੀਂ ਸਾਰੇ ਪਤਾ ਕਰ ਆਏ ਆਂ।'' ਆਂਟੀ ਦੀਆਂ ਅੱਖਾਂ ਵਿੱਚ ਬੇਬੱਸੀ ਝਲਕ ਰਹੀ ਹੈ

ਅੰਕਲ ਨੀਵੀਂ ਪਾ ਧਰਤੀ ਵੱਲ ਵੇਖ ਰਹੇ ਹਨ। ਮਾਂ ਉਹਨਾਂ ਨੂੰ ਹੌਸਲਾ ਦੇ ਰਹੀ ਹੈ। ਨੂਪੁਰ ਦੀ ਜ਼ਿੰਦਗੀ ਦਾਅ 'ਤੇ ਲੱਗੀ ਹੈ। ਮੇਰੀ ਹਿੰਮਤ ਟੁੱਟ ਗਈ ਹੈ। ਫਿਕਰ ਅਤੇ ਡਰ ਨਾਲ ਝੰਬੇ ਚਿਹਰੇ ਵੇਖ ਨੂਪੁਰ ਉੱਤੇ ਗੁੱਸਾ ਤੇ ਤਰਸ ਆ ਰਿਹਾ ਹੈ। ਨਾਨੀ ਦੀ ਸਿੱਖਿਆ ਯਾਦ ਕਰਦੀ ਹਾਂ, ''ਜਦੋਂ ਬੰਦਾ ਹੌਸਲਾ ਹਾਰ ਜਾਂਦਾ। ਸਾਰੀਆਂ ਇੰਦਰੀਆਂ ਕੰਮ ਕਰਨਾ ਬੰਦ ਕਰ ਦਿੰਦੀਆਂ ਨੇ।''

ਮੈਂ ਆਂਟੀ-ਅੰਕਲ ਦੀ ਤਾਕਤ ਬਣਨ ਲਈ ਖੜ੍ਹੀ ਹੋ ਗਈ ਹਾਂ। ਉਹਨਾਂ ਨੂੰ ਰੋਂਦਿਆਂ ਇਕੱਲੇ ਨਹੀਂ ਛੱਡ ਸਕਦੀ। ਮਾਂ ਨੇ ਮੈਨੂੰ ਰਾਤ ਉਹਨਾਂ ਕੋਲ ਰੁਕਣ ਨੂੰ ਕਿਹਾ ਹੈ। ਇਹ ਰਾਤ ਜੀਵਨ ਦੀ ਸਭ ਤੋਂ ਲੰਬੀ ਰਾਤ ਹੋ ਗੁਜ਼ਰੀ ਹੈ।

ਸਵੇਰ ਹੁੰਦਿਆਂ ਖ਼ਬਰ ਪਿੰਡ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਜਿੰਨੇ ਮੂੰਹ ਉਨੀਆਂ ਗੱਲਾਂ। ਜਿਹੜੀ ਪਰਵਰਿਸ਼ ਮਿਸਾਲ ਸੀ। ਉਹ ਮਿਹਣਾ ਬਣ ਗਈ। ਮਾਂ-ਬਾਪ ਵੱਲੋਂ ਦਿੱਤੀ ਆਜ਼ਾਦੀ 'ਤੇ ਸਵਾਲ ਉੱਠਣ ਲੱਗੇ। ਆਂਟੀ-ਅੰਕਲ ਲਈ ਦੁਨੀਆਂ ਦਾ ਸਾਹਮਣਾ ਕਰਨਾ ਔਖਾ ਹੋ ਗਿਆ ਹੈ।

ਮੈਂ ਨੂਪੁਰ ਦਾ ਪਤਾ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਉਸਨੇ ਆਪਣਾ ਪਤਾ ਕਿਸੇ ਨੂੰ ਨਹੀਂ ਦੱਸਿਆ। ਮੈਂ ਸੋਚਾਂ ਵਿੱਚ ਉਸ ਨਾਲ ਗੱਲਾਂ ਕਰਦੀ ਹਾਂ, ''ਨੂਪੁਰ ਤੂੰ ਇਹ ਫੈਸਲਾ ਸੋਚ-ਸਮਝ ਕੇ ਕਰਦੀ। ਪਹਿਲਾਂ ਪੈਰਾਂ 'ਤੇ ਖੜੀ ਹੁੰਦੀ। ਆਂਟੀ-ਅੰਕਲ ਨੂੰ ਮੋਹਿਤ ਨੂੰ ਸਮਝਣ ਦਾ ਮੌਕਾ ਦਿੰਦੀ। ਤੇਰਾ ਕਾਹਲ ਵਿੱਚ ਲਿਆ ਫੈਸਲਾ ਰਾਹਾਂ ਦੇ ਕੰਡੇ ਨਾ ਬਣ ਜਾਵੇ।''

ਮੈਂ ਮਾਂ ਦੇ ਗਲ ਲੱਗ ਰੋਣ ਲੱਗੀ ਹਾਂ। ਨਾਨੀ ਮੇਰਾ ਸਿਰ ਆਪਣੀ ਗੋਦ ਵਿੱਚ ਰੱਖਦੀ ਹੋਈ ਬੋਲੀ ਹੈ, ''ਵਿਆਹ ਬੜਾ ਪਵਿੱਤਰ ਰਿਸ਼ਤਾ ਹੁੰਦਾ ਜੋ ਨਵੇਂ ਰਿਸ਼ਤੇ ਜੋੜਦਾ ਹੈ। ਰਿਸ਼ਤੇ ਤੋੜ ਕੇ ਨਵੇਂ ਘਰ ਦੀ ਉਸਾਰੀ ਨਹੀਂ ਹੁੰਦੀ।''
ਮੈਨੂੰ ਆਂਟੀ-ਅੰਕਲ ਦੇ ਅੰਦਰੋਂ ਰਿਸ਼ਤੇ ਜੋੜਨ ਦਾ ਨਿੱਘ ਮਹਿਸੂਸ ਹੁੰਦਾ ਹੈ। ਮਾਂ ਨੂੰ ਪੁੱਛ ਕੇ ਉਹਨਾਂ ਨੂੰ ਮਿਲਣ ਜਾਂਦੀ ਹਾਂ। ਉਹਨਾਂ ਅੰਦਰ ਟੁੱਟੇ ਰਿਸ਼ਤਿਆਂ ਦੀ ਚੁੱਭਣ ਪੀੜ ਪੈਦਾ ਕਰਦੀ ਹੈ।

ਉਹ ਨੂਪੁਰ ਨਾਲ ਬਹੁਤ ਨਾਰਾਜ਼ ਹਨ। ਪਰ ਮੈਨੂੰ ਉਹਨਾਂ ਦੇ ਅੰਦਰ ਦੱਬਿਆ ਪਿਆਰ ਦਿਸਦਾ ਰਹਿੰਦਾ ਹੈ। ਉਹ ਅੱਖਾਂ ਦੇ ਅੱਥਰੂ ਅੰਦਰ ਹੀ ਪੀ ਜਾਂਦੇ ਹਨ। ਘਰ ਤੋਂ ਬਾਹਰ ਨਿਕਲਦੇ ਝਿਜਕਦੇ ਹਨ। ਸਮਾਜ ਦਾ ਸਾਹਮਣਾ ਕਰਨ ਤੋਂ ਡਰਦੇ ਹਨ। ਟੁੱਟੇ ਸੁਪਨਿਆਂ ਦੇ ਸਦਮੇਂ ਨੇ ਉਹਨਾਂ ਨੂੰ ਤੋੜ ਦਿੱਤਾ ਹੈ।
ਪੇਪਰਾਂ ਦੇ ਦਿਨ ਨੇੜੇ ਆ ਰਹੇ ਹਨ। ਲਾਅ ਦਾ ਆਖਰੀ ਸਾਲ ਹੈ। ਮੇਰੇ ਅੰਦਰ ਤੂਫ਼ਾਨ ਚੱਲ ਰਹੇ ਹਨ। ਨੂਪੁਰ ਦਾ ਸੁਪਨਾ ਵਾਰ-ਵਾਰ ਯਾਦ ਆਉਂਦਾ ਹੈ।
ਪਰ ਉਸਦੇ ਸੁਪਨਿਆਂ ਵਿਚਲਾ ਕਾਲਾ ਲੰਬਾ ਕੋਟ ਕਿੱਲੀ ਉੱਤੇ ਹੀ ਟੰਗਿਆ ਰਹਿ ਗਿਆ ਹੈ.......।

ਕਾਂਡ-13

ਸੰਗਰਾਂਦ ਦਾ ਦਿਨ ਹੈ। ਮਾਂ ਕਈ ਮਹੀਨਿਆਂ ਤੋਂ ਗੁਰਦੁਆਰੇ ਦੇਗ ਕਰਾਉਣ ਜਾਂਦੀ ਹੈ। ਉਸ ਦੀ ਤਸੱਲੀ ਮੇਰੀ ਖੁਸ਼ੀ ਹੈ। ਵੀਰਾ ਖ਼ਤਰਿਆਂ ਤੋਂ ਦੂਰ ਹੈ। ਆਪਣੇ ਸੁਪਨਿਆਂ ਨਾਲ ਉੱਡ ਰਿਹਾ ਹੈ। ਉਸ ਦਾ ਫ਼ੋਨ ਆ ਰਿਹਾ ਹੈ। ਮੈਂ ਖੁਸ਼ ਹੋ ਕੇ ਪੁੱਛਿਆ ਹੈ, ''ਹੈਲੋ ਵੀਰੇ! ਕੀ ਹਾਲ ਆ। ਕਿਵੇਂ ਚੱਲ ਰਹੀ ਸਟੱਡੀ?''
''ਵਧੀਆ! ਪਰ ਕੰਮ ਕਰਨ ਲਈ ਘੱਟ ਸਮਾਂ ਦਿੰਦੇ ਨੇ। ਮੈਂ ਤਾਂ ਕੰਮ ਵੱਧ ਕਰ ਲੈਂਨਾ।'' ਉਸ ਨੇ ਕਾਹਲੀ ਨਾਲ ਕਿਹਾ
''ਨਾ ਵੀਰੇ! ਪੜ੍ਹਨ ਵੱਲ ਧਿਆਨ ਦੇ। ਸਟੱਡੀ ਜ਼ਰੂਰੀ ਏ।'' ਮੈਂ ਉਸਦੇ ਲਾਲਚ ਨੂੰ ਮਹਿਸੂਸ ਕਰਕੇ ਡਰ ਗਈ ਹਾਂ
''ਭੈਣੇ ਮੇਰਾ ਜੀਅ ਕਰਦਾ, ਕੋਈ ਜਾਦੂ ਦੀ ਛੜੀ ਮਿਲ ਜਾਏ। ਗੋਲ-ਗੋਲ ਘੁੰਮਾ ਕੇ ਛੂ-ਮੰਤਰ ਬੋਲਾਂ ਤੇ ਮੇਰੇ ਸਾਹਮਣੇ ਧਨ-ਦੌਲਤ ਦਾ ਢੇਰ ਲੱਗ ਜਾਵੇ! ਪਰ.....!'' ਉਸ ਅੰਦਰ ਪੈਸੇ ਦੀ ਖਿੱਚ ਬੋਲ ਰਹੀ ਹੈ

ਕੋਲ ਖੜ੍ਹੀ ਮਾਂ ਨੂੰ ਉਸ ਨਾਲ ਗੱਲ ਕਰਨ ਦੀ ਕਾਹਲ ਹੈ। ਉਸ ਨੇ ਫ਼ੋਨ ਫੜ ਲਿਆ ਹੈ। ਉਹ ਉਸ ਦੀ ਕਮਾਈ ਦੀਆਂ ਗੱਲਾਂ ਸੁਣ ਖੁਸ਼ ਹੋ ਰਹੀ ਹੈ। ਮੈਨੂੰ ਉਸ ਦੇ ਪੈਸੇ ਦੀ ਦੌੜ ਵਿੱਚ ਸ਼ਾਮਲ ਹੋਣ ਦਾ ਸ਼ੱਕ ਹੋਣ ਲੱਗਾ ਹੈ। ਚੰਗੇ-ਮਾੜੇ ਖ਼ਿਆਲ ਆਉਣ ਲੱਗੇ ਹਨ। ਮੰਜੇ 'ਤੇ ਪੈ ਗਈ ਹਾਂ। ਖਿਆਲਾਂ ਵਿੱਚ ਵੀਰਾ ਬੈੱਡ 'ਤੇ ਪਿਆ ਹੈ। ਮੈਂ ਉਸਦੇ ਸਿਰਹਾਣੇ ਹੇਠ ਪਿਆ ਮੋਬਾਈਲ ਚੁੱਕਣ ਲਈ ਹੱਥ ਵਧਾਇਆ ਹੈ। ਸਿਰਹਾਣੇ ਹੇਠੋਂ ਮੋਬਾਈਲ ਦੀ ਥਾਂ ਪਿਸਤੌਲ ਹੱਥ ਵਿਚ ਆ ਗਿਆ। ਮੈਂ ਡਰ ਨਾਲ ਕੰਬ ਕੇ ਉੱਠ ਬੈਠੀ ਹਾਂ।

ਮਾਂ ਫ਼ੋਨ ਰੱਖ ਕੇ ਨਾਨੀ ਨਾਲ ਗੱਲਾਂ ਕਰ ਰਹੀ ਹੈ, ''ਬੀਜੀ ਰਣਦੀਪ ਨੇ ਛੇਤੀ ਹੀ ਸਾਰੇ ਸੁਪਨੇ ਪੂਰੇ ਕਰਕੇ ਵਿਖਾ ਦੇਣੇ ਨੇ।''
''ਚੰਗੀ ਗੱਲ ਏ। ਪਰ ਧਿਆਨ ਰੱਖੀਂ। ਕਾਹਲੀ 'ਚ ਕੋਈ ਗਲਤ ਟੋਆ ਨਾ ਪੁੱਟ ਬੈਠੇ।'' ਨਾਨੀ ਨੇ ਮਾਂ ਨੂੰ ਸਮਝਾਉਂਦੇ ਹੋਏ ਕਿਹਾ ਹੈ
ਉਸਦੇ ਮੂੰਹੋਂ ਨਿਕਲੇ ਇਹ ਸ਼ਬਦ ਫਿਕਰ ਦਾ ਸੰਕੇਤ ਦੇ ਰਹੇ ਹਨ। ਵੀਰੇ ਦੀਆਂ ਕਈ ਗੱਲਾਂ ਮਾਂ ਨੂੰ ਫਿਕਰਮੰਦ ਕਰਨ ਲੱਗੀਆਂ ਹਨ।
ਉਹ ਮੇਰੇ ਕੋਲ ਆ ਬੈਠੀ ਹੈ। ਮੈਂ ਬਿਨ੍ਹਾਂ ਸੋਚੇ ਬੋਲੀ ਹਾਂ, ''ਕਿਉਂ ਮਾਂ....? ਕੀ ਹੋਇਆ...? ਕੋਈ ਡਰਾਉਣਾ ਸੁਪਨਾ ਵੇਖ ਲਿਆ ਫੇਰ....।''
''ਬੜਾ ਡਰਾਉਣਾ ਸੁਪਨਾ!'' ਉਸਦੀ ਗੱਲ ਸੁਣ ਮੈਂ ਮੁਸਕਰਾਈ ਹਾਂ

ਉਹ ਸੁਪਨਾ ਸੁਨਾਉਣ ਲੱਗੀ ਹੈ, ''ਜਿਵੇਂ ਕਾਲੀ ਰਾਤ ਹੋਵੇ। ਹਨੇਰਾ ਕਮਰਾ। ਕਮਰੇ ਵਿੱਚ ਪਈ ਵੱਡੀ ਤਿਜੋਰੀ। ਧਨ-ਦੌਲਤ ਦੀ ਭਰੀ। ਉੱਤੇ ਦੋ ਕਾਲੇ ਨਾਗ ਬੈਠੇ। ਵੱਡੇ-ਵੱਡੇ ਫ਼ਨ ਫੈਲਾਈ। ਮੈਂ ਡਰ ਕੇ ਦੋਵੇਂ ਨਾਗ ਮਾਰ ਦਿੱਤੇ। ਕਮਰੇ ਵਿੱਚ ਚਾਨਣ ਹੋ ਗਿਆ। ਦੋਵੇਂ ਨਾਗ ਸ਼ਾਹ ਤੇ ਸ਼ਾਹਣੀ ਬਣ ਗਏ। ਸਾਰੇ ਪਾਸੇ ਖੂਨ ਹੀ ਖੂਨ। ਪੈਰਾਂ ਵਿੱਚ ਮਿੱਝ ਖਿੱਲਰੀ ਪਈ। ਮੈਂ ਉਸ ਵਿੱਚ ਧੱਸਦੀ ਜਾ ਰਹੀ ਹਾਂ। ਮੇਰੇ ਹੱਥ ਖੂਨ ਨਾਲ ਭਿੱਜੇ ਹਨ।''
ਸੁਪਨਾ ਸੁਣਾ ਉਹ ਹੱਥਾਂ ਵੱਲ ਵੇਖਦੀ ਹੈ। ਉਸਦੇ ਚਿਹਰੇ ਦਾ ਰੰਗ ਉੱਡਦਾ ਜਾ ਰਿਹਾ ਹੈ।
''ਮੈਨੂੰ ਬੜਾ ਡਰ ਲੱਗ ਰਿਹਾ। ਰਣਦੀਪ ਠੀਕ ਹੋਵੇ। ਅੱਜ-ਕੱਲ੍ਹ ਕੁਝ ਜ਼ਿਆਦਾ ਹੀ ਕਾਹਲੀ 'ਚ ਰਹਿੰਦਾ। ਮਾਂ ਦੀਆਂ ਆਂਦਰਾਂ ਨੇ। ਦਿਲ ਘਬਰਾ ਜਾਂਦਾ। ਅੱਖਾਂ ਤੋਂ ਦੂਰ ਬੈਠਾ। ਰੱਬਾ ਮੇਰਾ ਬੱਚਾ ਠੀਕ ਰਹੇ।'' ਉਹ ਆਪਣੇ ਆਪ ਨਾਲ ਗੱਲਾਂ ਕਰਦੀ ਹੱਥ ਜੋੜ ਰਹੀ ਹੈ
ਮੈਂ ਉਸ ਨੂੰ ਹੌਸਲਾ ਦਿੰਦੀ ਬੋਲੀ ਹਾਂ, ''ਮਾਂ ਐਵੇਂ ਨਾ ਡਰਿਆ ਕਰ। ਵੀਰਾ ਖੁਸ਼ ਆ। ਮੈਂ ਤੇਰੇ ਸਾਹਮਣੇ ਆਂ। ਅਜੇ ਵੀ ਫ਼ਿਕਰ ਕਰੇਂਗੀ ਤਾਂ ਖੁਸ਼ੀਆਂ ਦਾ ਮੂੰਹ ਕਦੋਂ ਵੇਖੇਂਗੀ।''

ਉਹ ਚੁੱਪ ਹੈ। ਨਾਨੀ ਦੀ ਆਵਾਜ਼ ਸੁਣ ਉਠ ਕੇ ਚਲੀ ਗਈ ਹੈ। ਉਸਦਾ ਡਰ ਅਤੇ ਵੀਰੇ ਦਾ ਸੁਭਾਅ ਮੈਨੂੰ ਖੜਕਦੇ ਹਨ। ਕਾਹਲੀ ਨਾਲ ਵੀਰੇ ਨੂੰ ਫ਼ੋਨ ਮਿਲਾ ਲਿਆ ਹੈ। ਗੱਲਾਂ ਕਰਕੇ ਉਸ ਅੰਦਰ ਚੱਲ ਰਿਹਾ ਯੁੱਧ ਬਾਹਰ ਕਢਾਉਣ ਦੀ ਕੋਸ਼ਿਸ਼ ਕਰਦੀ ਹਾਂ। ਉਹ ਟਾਲ-ਮਟੋਲ ਕਰ ਰਿਹਾ ਹੈ। ਮੈਂ ਉਸਨੂੰ ਕੁਝ ਲੁਕਾਉਣ ਦਾ ਮੌਕਾ ਨਹੀਂ ਦੇ ਰਹੀ, ''ਵੀਰੇ ਸਾਨੂੰ ਤੇਰਾ ਬੜਾ ਫਿਕਰ ਰਹਿੰਦਾ।''
''ਕਿਉਂ ?'' ਉਸ ਨੇ ਸਵਾਲ ਕੀਤਾ ਹੈ
''ਤੂੰ ਸਾਡੇ ਤੋਂ ਕੁਝ ਲੁਕਾ ਰਿਹਾ ਏਂ।'' ਮੈਂ ਪਿਆਰ ਨਾਲ ਬੋਲੀ ਹਾਂ
''ਓ ਨਹੀਂ ਭੈਣੇ। ਤੇਰਾ ਵਹਿਮ ਆ।'' ਉਹ ਗੱਲ ਨੂੰ ਟਾਲ਼ਦਾ ਹੈ
''ਵੀਰੇ ਖੂਨ ਦੇ ਰਿਸ਼ਤੇ ਕਹਿਣ ਲਈ ਨਹੀਂ ਹੁੰਦੇ। ਹਜ਼ਾਰਾਂ ਮੀਲ ਦੂਰ ਰਹਿ ਕੇ ਵੀ ਨੇੜੇ ਰਹਿੰਦੇ ਨੇ।'' ਮੈਂ ਨਰਮਾਈ ਨਾਲ ਬੋਲੀ ਹਾਂ
ਉਸਨੇ ਜਵਾਬ ਨਹੀਂ ਦਿੱਤਾ। ਮੈਂ ਹੋਰ ਪਿਆਰ ਨਾਲ ਬੋਲੀ ਹਾਂ, ''ਕੋਈ ਮੁਸ਼ਕਲ ਹੈ ਤਾਂ ਦੱਸ। ਗੱਲਾਂ ਦੇ ਹੱਲ ਚੁੱਪ ਕਰਕੇ ਨਹੀਂ ਲੱਭਦੇ।''

ਉਹ ਭਾਵੁਕ ਹੋ ਗਿਆ ਹੈ, ''ਕਰਮ ਤੈਨੂੰ ਪਤਾ ਐ। ਮੈਨੂੰ ਜ਼ਮੀਨ ਛੁਡਾਉਣ ਦੀ ਕਿੰਨੀ ਕਾਹਲ ਆ। ਇਥੇ ਲੋਕਾਂ ਨੂੰ ਪੈਸਾ ਇਕੱਠਾ ਕਰਨ ਦੇ ਜੁਗਾੜ ਕਰਦੇ ਵੇਖਿਆ। ਮੈਂ ਵੀ ਇੱਕ ਝਟਕੇ ਵਿੱਚ ਅਮੀਰ ਬਨਣ ਦਾ ਸੁਪਨਾ ਵੇਖਣ ਲੱਗਾ।''

ਉਹ ਕੁਝ ਦੇਰ ਚੁੱਪ ਰਹਿ ਫਿਰ ਬੋਲਿਆ ਹੈ, ''ਪਤਾ ਹੀ ਨਹੀਂ ਲੱਗਾ ਕਦੋਂ ਉਸ ਦੌੜ ਵਿੱਚ ਸ਼ਾਮਲ ਹੋ ਗਿਆ। ਮੈਂ ਇੱਕ ਬਜ਼ੁਰਗ ਮੇਮ ਨਾਲ ਵਿਆਹ ਕਰਵਾ ਲਿਆ। ਉਸ ਨੇ ਆਪਣੀ ਕਰੋੜਾਂ ਦੀ ਵਸੀਅਤ ਮੇਰੇ ਨਾਂ ਕਰ ਦਿੱਤੀ। ਬਦਲੇ ਵਿੱਚ ਮੈਨੂੰ ਉਸਦੇ ਜਿਉਂਦੇ ਰਹਿਣ ਤੱਕ ਉਸਦੀ ਦੇਖਭਾਲ ਕਰਨੀ ਪਵੇਗੀ। ਉਸ ਨੂੰ ਛੱਡ ਨਹੀਂ ਸਕਾਂਗਾ। ਉਸਦੀ ਮੌਤ ਤੋਂ ਬਾਅਦ ਜਾਇਦਾਦ ਦਾ ਵਾਰਸ ਮੈਂ ਬਣਾਂਗਾ।''

ਉਸ ਦੀਆਂ ਗੱਲ ਸੁਣ ਮੈਂ ਠੰਡੀ ਹੁੰਦੀ ਜਾ ਰਹੀ ਹਾਂ। ਉਸਨੇ ਅੱਗੇ ਦੱਸਣਾ ਸ਼ੁਰੂ ਕੀਤਾ ਹੈ, ''ਜਲਦਬਾਜੀ ਵਿੱਚ ਫੈਸਲਾ ਕਰ ਬੈਠਾ। ਲਾਲਚ ਵਿੱਚ ਸਿੱਕੇ ਦਾ ਇੱਕ ਪਾਸਾ ਵੇਖਿਆ। ਜਿਵੇਂ-ਜਿਵੇਂ ਦਿਨ ਲੰਘ ਰਹੇ ਨੇ। ਮੇਰੇ ਅੰਦਰ ਉਸ ਲਈ ਨਫ਼ਰਤ ਭਰ ਰਹੀ ਐ। ਉਸਦਾ ਸਾਥ ਜ਼ਹਿਰ ਲੱਗਣ ਲੱਗਾ ਏ। ਉਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਸੋਚਦਾ ਰਹਿੰਨਾ। ਜੀਅ ਕਰਦਾ ਉਹਦਾ ਗਲਾ ਘੁੱਟ ਦੇਵਾਂ।''
ਉਸ ਦੀ ਆਵਾਜ਼ ਭਾਰੀ ਹੋ ਰਹੀ ਹੈ, ''ਮੈਥੋਂ ਤੇਰੀ ਤੇ ਮਾਂ ਦੀ ਜੁਦਾਈ ਬਰਦਾਸ਼ਤ ਨਹੀਂ ਹੁੰਦੀ।''

ਉਹ ਚੁੱਪ ਹੋ ਗਿਆ ਹੈ। ਮੇਰੀਆਂ ਅੱਖਾਂ ਅੱਗੇ ਹਨ੍ਹੇਰਾ ਛਾ ਰਿਹਾ। ਜੁਦਾਈ ਦੀ ਗੱਲ ਸੁਣ ਰੋਣ ਨੂੰ ਜੀਅ ਕਰਦਾ ਹੈ। ਫਿਰ ਮਾਂ ਤੇ ਵੀਰੇ ਨੂੰ ਸੰਭਾਲਣ ਦੀਆਂ ਜਿੰਮੇਵਾਰੀਆਂ ਦਾ ਖ਼ਿਆਲ ਆਉਂਦਾ ਹੈ। ਖ਼ੁਦ 'ਤੇ ਕਾਬੂ ਪਾਉਂਦੀ ਉਸਨੂੰ ਸਮਝਾਉਂਦੀ ਹਾਂ, ''ਵੀਰੇ ਕੀਤਾ ਤਾਂ ਤੂੰ ਗਲਤ ਆ। ਪਰ ਜੋ ਹੋਣਾ ਸੀ ਹੋ ਗਿਆ। ਹੁਣ ਸਮਝਦਾਰੀ ਤੋਂ ਕੰਮ ਲੈ। ਕੋਈ ਹੋਰ ਗਲਤੀ ਨਾ ਕਰੀਂ ਕਿ ਲੈਣੇ ਦੇ ਦੇਣੇ ਪੈ ਜਾਣ। ਗੁੱਸੇ 'ਤੇ ਕਾਬੂ ਰੱਖ। ਪੜ੍ਹਾਈ ਵੱਲ ਧਿਆਨ ਦੇ। ਸਮੇਂ ਨਾਲ ਸਭ ਠੀਕ ਹੋ ਜਾਵੇਗਾ।''

ਉਸਨੂੰ ਹੌਂਸਲਾ ਦਿੰਦੀ ਹੋਈ ਦਰਦ ਨੂੰ ਅੰਦਰ ਹੀ ਅੰਦਰ ਪੀ ਗਈ ਹਾਂ। ਉਸਦੇ ਗੁੱਸੇਖ਼ੋਰ ਸੁਭਾਅ ਬਾਰੇ ਸੋਚ ਕੇ ਪੈਰ ਲੜ-ਖੜਾ ਗਏ ਹਨ। ਉਸਨੂੰ ਫਿਰ ਫੋਨ ਕਰਨ ਦਾ ਕਹਿ ਕੇ ਫ਼ੋਨ ਬੰਦ ਕਰ ਦਿੱਤਾ ਹੈ।
ਮੈਂ ਉਸ ਨਾਲ ਰੋਜ਼ ਗੱਲ ਕਰਦੀ ਹਾਂ। ਉਹ ਪੜ੍ਹਾਈ ਦੇ ਬਹਾਨੇ ਜ਼ਿਆਦਾ ਸਮਾਂ ਬਾਹਰ ਗੁਜ਼ਾਰਦਾ ਹੈ। ਪਰ ਸਮਝੌਤੇ ਅਨੁਸਾਰ ਮੇਮ ਦੀ ਨਿਗਰਾਨੀ ਜਰੂਰੀ ਹੈ। ਉਹ ਸੋਚਾਂ ਵਿੱਚ ਉਲਝਿਆ ਰਹਿੰਦਾ ਹੈ। ਮੈਂ ਉਸ ਨੂੰ ਸ਼ਾਂਤ ਰਹਿਣ ਲਈ ਸਮਝਾਉਂਦੀ ਰਹਿੰਦੀ ਹਾਂ।
ਉਹ ਮਾਂ ਨਾਲ ਘੱਟ ਗੱਲ ਕਰਦਾ। ਮਾਂ ਦੇ ਪੁੱਛਣ 'ਤੇ ਮੈਂ ਉਸਦੇ ਵਿਅਸਤ ਹੋਣ ਦਾ ਬਹਾਨਾ ਲਾ ਦਿੰਦੀ ਹਾਂ। ਪਰ ਸੱਚ ਕਿੰਨੀ ਕੁ ਦੇਰ ਲੁਕ ਸਕਦਾ। ਮਾਂ ਨੂੰ ਸ਼ੱਕ ਹੋਣ ਲੱਗਾ ਹੈ। ਅਖੀਰ ਮੈਨੂੰ ਸਭ ਕੁਝ ਦੱਸਣਾ ਪੈ ਗਿਆ। ਉਹ ਤੜਫ਼ਦੀ ਹੈ। ਗੁਰੂਆਂ ਅੱਗੇ ਨੱਕ ਰਗੜਦੀ ਹੈ। ਝੋਲੀ ਅੱਡ-ਅੱਡ ਖ਼ੈਰ ਮੰਗਦੀ ਹੈ। ਸੁੱਖਣਾ ਸੁੱਖਦੀ ਹੈ।
ਉਸਦੀ ਹਾਲਤ ਵੇਖੀ ਨਹੀਂ ਜਾਂਦੀ। ਨਾਨੀ ਉਸ ਨੂੰ ਸਮਝਾਉਂਦੀ ਹੈ, ''ਇਹ ਸੁੱਖਾਂ ਸੁੱਖਣੀਆਂ ਡਰੇ ਹੋਣ ਦੀ ਨਿਸ਼ਾਨੀ ਹੁੰਦੀਆਂ। ਬੰਦਾ ਰੱਬ ਤੋਂ ਡਰਦਾ ਏ। ਪਰ ਰੱਬ ਬੰਦੇ ਨੂੰ ਦੁੱਖ ਦੇ ਕੇ ਖੁਸ਼ ਨਹੀਂ ਹੁੰਦਾ। ਦੁੱਖ ਬੰਦਾ ਆਪਣੇ ਕੰਮਾਂ ਨਾਲ ਆਪ ਸਹੇੜਦਾ।''
ਆਪਣੇ ਆਪ ਨੂੰ ਸੰਭਾਲਦੀ ਹੋਈ ਮੈਂ ਬੋਲੀ ਹਾਂ, ''ਮਾਂ ਪਹਿਲਾਂ ਆਪਣੇ-ਆਪ ਨੂੰ ਸੰਭਾਲ। ਉਸ ਨੂੰ ਮੁਸੀਬਤ ਵਿਚੋਂ ਕੱਢਣ ਦਾ ਰਾਹ ਆਪਾਂ ਲੱਭਣਾ ਐ। ਹੱਥ 'ਤੇ ਹੱਥ ਰੱਖ ਕੇ ਬੈਠੇ ਰਹਿਣ ਨਾਲ ਰੱਬ ਨੇ ਕੋਈ ਚਮਤਕਾਰ ਨਹੀਂ ਕਰਨਾ।''

ਉਸਨੇ ਮੈਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਹੈ। ਹੁਣ ਜਦੋਂ ਵੀਰੇ ਦਾ ਫ਼ੋਨ ਆਉਂਦਾ ਹੈ। ਮੈਂ ਜਾਣ-ਬੁੱਝ ਕੇ ਪਾਸੇ ਹੋ ਜਾਂਦੀ ਹਾਂ। ਮਾਂ ਹੀ ਉਸ ਨਾਲ ਗੱਲ ਕਰਦੀ ਹੈ। ਸ਼ਾਇਦ ਮੈਂ ਸੱਚਾਈ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੀ ਹਾਂ। ਕਈ ਦਿਨਾਂ ਤੋਂ ਉਸ ਨਾਲ ਗੱਲ ਕਰਨ ਲਈ ਦੁਚਿੱਤੀ ਵਿੱਚ ਫਸੀ ਹੋਈ ਹਾਂ। ਹੌਸਲਾ ਕਰਕੇ ਉਸ ਨੂੰ ਫ਼ੋਨ ਮਿਲਾਇਆ ਹੈ।
''ਕਰਮ ਮੈਂ ਬਾਅਦ ਵਿੱਚ ਫ਼ੋਨ ਕਰਦਾਂ।'' ਉਹਨੇ ਕਾਹਲ ਵਿੱਚ ਜਵਾਬ ਦੇ ਕੇ ਫ਼ੋਨ ਕੱਟ ਦਿੱਤਾ ਹੈ
ਮੈਂ ਚਿੰਤਾ ਵਿੱਚ ਦੁਬਾਰਾ ਫ਼ੋਨ ਮਿਲਾਇਆ ਹੈ। ਉਸ ਨੂੰ ਮੇਰੀ ਚਿੰਤਾ ਤੇ ਡਰ ਖਟਕ ਗਏ ਹਨ। ਉਸ ਨੇ ਜਵਾਬ ਦਿੱਤਾ ਹੈ, ''ਕਰਮ ਮੈਂ ਮੇਮ ਨੂੰ ਸਮੁੰਦਰ ਕਿਨਾਰੇ ਘੁੰਮਾਉਣ ਲਿਆਇਆ ਹਾਂ। ਜੀਅ ਤਾਂ ਕਰਦਾ ਡੂੰਘੇ ਸਮੁੰਦਰ ਵਿੱਚ ਹਮੇਸ਼ਾਂ ਲਈ ਡੋਬ ਦੇਵਾਂ।''
ਉਸਨੇ ਗੁੱਸੇ ਨਾਲ ਬੋਲਦਿਆਂ ਫ਼ੋਨ ਕੱਟ ਦਿੱਤਾ ਹੈ। ਮੈਂ ਬੁੱਤ ਬਣੀ ਸੋਚਣ ਲੱਗੀ ਹਾਂ। ਫਿਰ ਫ਼ੋਨ ਦੀ ਰਿੰਗ ਵੱਜੀ ਹੈ। ਸਕਰੀਨ 'ਤੇ ਉਸਦਾ ਨੰਬਰ ਆ ਰਿਹਾ ਹੈ। ਡਰਦਿਆਂ ਖੁਦ ਨਾਲ ਬੋਲੀ ਹਾਂ, ''ਹੁਣ ਤਾਂ ਗੱਲ ਕੀਤੀ ਸੀ। ਹੁਣ ਫਿਰ ਕਿਉਂ ਫ਼ੋਨ ਆ ਗਿਆ। ਰੱਬ ਖ਼ੈਰ ਕਰੇ!!''
ਮੈਂ ਡਰਦੀ ਨੇ ਫ਼ੋਨ ਚੁੱਕਿਆ। ਉਹ ਗੁੱਸੇ ਨਾਲ ਬੋਲਿਆ ਹੈ, ''ਅੱਜ ਤਾਂ ਬਚ ਗਈ। ਪਰ ਇੰਝ ਕਿੰਨੇ ਕੁ ਦਿਨ ਬਚੇਗੀ....!''

ਮੇਰੀ ਜ਼ੁਬਾਨ ਬੰਦ ਹੋ ਗਈ। ਫ਼ੋਨ ਰੱਖ ਉਥੇ ਹੀ ਕੋਨੇ ਵਿੱਚ ਬੈਠ ਗਈ ਹਾਂ। ਮਾਂ ਤੇ ਨਾਨੀ ਘਬਰਾ ਗਈਆਂ ਹਨ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸ ਦਿੱਤੀ। ਨਾਨੀ ਅਰਦਾਸ ਕਰਨ ਲੱਗੀ ਹੈ।
ਮਾਂ ਚੁੱਪ ਕਰਕੇ ਪੈ ਗਈ ਹੈ। ਮੈਨੂੰ ਹਨੇਰੇ ਵਿੱਚ ਕਈ ਪਰਛਾਵੇਂ ਜਾਨ-ਬਚਾਉਣ ਲਈ ਜੱਦੋ-ਜਹਿਦ ਕਰਦੇ ਨਜ਼ਰ ਆ ਰਹੇ ਹਨ।

ਕਾਂਡ-14

ਐਲ.ਐਲ.ਬੀ. ਦਾ ਰਿਜ਼ਲਟ ਆਇਆ ਹੈ। ਵੀਰੇ ਨੂੰ ਫ਼ੋਨ ਕਰਕੇ ਦੱਸਿਆ। ਉਹ ਖੁਸ਼ ਹੈ। ਪ੍ਰੈਕਟਿਸ ਸ਼ੁਰੂ ਕਰਨ ਲਈ ਕਹਿ ਰਿਹਾ। ਪਰ ਮੇਰਾ ਮਨ ਉਦਾਸ ਹੈ। ਪਹਿਲੀ ਵਾਰ ਨੂਪੁਰ ਤੋਂ ਬਿਨਾਂ ਰਿਜ਼ਲਟ ਦੀ ਖੁਸ਼ੀ ਮਨਾ ਰਹੀ ਹਾਂ। ਉਸਦੀ ਕੋਈ ਖ਼ਬਰ ਨਹੀਂ। ਉਸ ਨੇ ਸਾਰੇ ਰਿਸ਼ਤੇ ਤੋੜ ਦਿੱਤੇ ਹਨ। ਆਂਟੀ-ਅੰਕਲ ਦਾ ਜੀਣਾ ਔਖਾ ਕਰ ਦਿੱਤਾ। ਅੱਜ ਉਹ ਵੀ ਉਦਾਸ ਹੋਈ ਹੋਵੇਗੀ। ਮਨ ਵਿੱਚ ਸੋਚ ਰਹੀ ਹਾਂ। ਮੋਬਾਈਲ ਦੀ ਰਿੰਗ ਵੱਜੀ ਹੈ। ਮੈਂ ਔਨ ਕਰਕੇ ਕੰਨ ਨਾਲ ਲਾਇਆ। ਅੱਗੋਂ ਆਵਾਜ਼ ਆਈ ਹੈ, ''ਹੈਲੋ! ਕਰਮ ਮਾਈ ਡੀਅਰ ਫਰੈਂਡ!''

ਮੈਨੂੰ ਆਵਾਜ਼ ਸੁਣ ਕੇ ਵਿਸ਼ਵਾਸ਼ ਨਹੀਂ ਹੋ ਰਿਹਾ, ''ਨੂਪੁਰ ਤੂੰ!!''

ਖੁਸ਼ੀ ਨਾਲ ਉੱਛਲੀ ਹਾਂ। ਜ਼ੁਬਾਨ ਬੰਦ ਹੋ ਗਈ ਹੈ। ਇੱਕ ਦੂਜੇ ਨੂੰ ਮਹਿਸੂਸ ਕਰਨ ਲੱਗੀਆਂ। ਫਿਰ ਦੋਵਾਂ ਨੇ ਰੋਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਗਿਲੇ-ਸ਼ਿਕਵੇ ਦੂਰ ਹੋ ਗਏ। ਬਚਪਨ ਵਾਲਾ ਪਿਆਰ ਮਹਿਸੂਸ ਹੋਣ ਲੱਗਾ ਹੈ। ਉਹ ਬਹੁਤ ਗੱਲਾਂ ਕਰਨੀਆਂ ਚਾਹੁੰਦੀ ਹੈ। ਉਸ ਨੂੰ ਮੰਮਾ-ਪਾਪਾ ਦੀ ਯਾਦ ਸਤਾਉਂਦੀ ਹੈ। ਉਸ ਦੀ ਉਦਾਸੀ ਉਦਾਸ ਕਰ ਰਹੀ ਹੈ। ਮੈਂ ਮਾਂ ਨੂੰ ਦੱਸਿਆ। ਉਸ ਨੇ ਆਂਟੀ ਨਾਲ ਗੱਲ ਕੀਤੀ ਹੈ। ਉਹ ਅੰਕਲ ਦੇ ਗੁੱਸੇ ਤੋਂ ਡਰਦੀ ਹੈ। ਪਰ ਉਹਨਾਂ ਦੀ ਸਹਿਮਤੀ ਨਾਲ ਮੈਂ ਨੂਪੁਰ ਨੂੰ ਮਿਲਣ ਦਾ ਵਾਅਦਾ ਕਰ ਲਿਆ ਹੈ। ਆਂਟੀ ਦੀ ਮਮਤਾ ਉਸ ਨੂੰ ਰੋਕ ਨਹੀਂ ਸਕੀ। ਉਸਨੇ ਮੈਨੂੰ ਅੰਕਲ ਤੋਂ ਚੋਰੀ ਨੂਪੁਰ ਦੀ ਪਸੰਦ ਦੀਆਂ ਚੀਜ਼ਾਂ ਤੇ ਕੱਪੜੇ ਲਿਫ਼ਾਫੇ ਵਿੱਚ ਪਾ ਕੇ ਦਿੱਤੇ ਹਨ।

''ਬਚਪਨ ਤੋਂ ਮਨਮਰਜ਼ੀ ਤੇ ਜ਼ਿੱਦ ਨਾਲ ਹਰ ਗੱਲ ਮਨਵਾਉਣ ਵਾਲੀ ਨੂਪੁਰ ਦੀ ਜ਼ਿੰਦਗੀ ਕਿਵੇਂ ਗੁਜ਼ਰ ਰਹੀ ਹੋਵੇਗੀ ? '' ਇਸ ਸਵਾਲ ਅਤੇ ਫਿਕਰ ਨਾਲ ਮੈਂ ਸਕੂਟਰੀ ਤੇਜ਼ ਕਰ ਦਿੱਤੀ ਹੈ?

ਉਹ ਕਾਲਜ ਕੰਟੀਨ ਵਿੱਚ ਬੈਠੀ ਹੈ। ਮੈਨੂੰ ਵੇਖ ਕੇ ਕਾਹਲੀ ਨਾਲ ਉੱਠੀ ਹੈ। ਅਸੀਂ ਇੱਕ-ਦੂਜੀ ਨੂੰ ਜੱਫੀ ਪਾ ਕੇ ਮਿਲੀਆਂ। ਹੱਥਾਂ ਵਿੱਚ ਹੱਥ ਲੈ ਗੱਲਾਂ ਕਰਨ ਲੱਗੀਆਂ ਹਾਂ। ਉਸ ਦੀਆਂ ਗੱਲਾਂ ਤੋਂ ਪਤਾ ਲੱਗ ਰਿਹਾ ਉਹ ਜੀਵਨ ਤੋਂ ਸੰਤੁਸ਼ਟ ਨਹੀਂ। ਉਸ ਦੇ ਮਨ ਨੂੰ ਚੈਨ ਨਹੀਂ ਹੈ।
''ਨੂਪੁਰ ਸੱਚ ਦੱਸ! ਤੂੰ ਆਪਣੇ ਫੈਸਲੇ ਤੋਂ ਸੰਤੁਸ਼ਟ ਹੈਂ।'' ਮੈਂ ਸਿੱਧਾ ਸਵਾਲ ਕਰ ਦਿੱਤਾ ਹੈ

ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਉਹ ਬੋਲੀ ਹੈ, ''ਕਰਮ! ਮੋਹਿਤ ਦਾ ਪਰਿਵਾਰ ਬੜਾ ਸਧਾਰਣ ਜਿਹਾ ਏ। ਉਹ ਸਾਂਝੇ ਪਰਿਵਾਰ ਵਿੱਚ ਰਹਿੰਦੇ ਨੇ। ਉਹਨਾਂ ਦੀਆਂ ਲੋੜਾਂ ਸੀਮਤ ਹਨ। ਮੈਨੂੰ ਉਸ ਮਾਹੌਲ ਵਿੱਚ ਘੁੱਟਣ ਮਹਿਸੂਸ ਹੁੰਦੀ ਸੀ। ਮੇਰੀ ਖੁਸ਼ੀ ਲਈ ਮੋਹਿਤ ਨੇ ਅਲੱਗ ਘਰ ਕਿਰਾਏ 'ਤੇ ਲੈ ਲਿਆ। ਉਹ ਮੇਰੀ ਹਰ ਇੱਛਾ ਪੂਰੀ ਕਰਦਾ।''

ਉਸਦੀ ਗੱਲ ਸੁਣਕੇ ਮੈਂ ਸੋਚੀਂ ਪੈ ਗਈ ਹਾਂ, ''ਮੋਹਿਤ ਚਾਦਰ ਵਿੱਚ ਰਹਿ ਕੇ ਪੈਰ ਪਸਾਰਨ ਵਾਲਾ ਇਨਸਾਨ ਹੈ। ਉਸ ਦਿਨ ਕੀ ਹੋਵੇਗਾ ਜਦੋਂ ਉਹ ਨੂਪੁਰ ਦੀਆਂ ਵੱਡੀਆਂ ਇਛਾਵਾਂ ਪੂਰੀਆਂ ਕਰਨ ਤੋਂ ਅਸਮਰੱਥ ਹੋ ਗਿਆ?''

ਮੈਨੂੰ ਆਉਣ ਵਾਲੇ ਖ਼ਤਰੇ ਦੀ ਆਹਟ ਸੁਣਾਈ ਦੇਣ ਲੱਗੀ ਹੈ। ਕਾਫ਼ੀ ਗੱਲਾਂ ਕਰਨ ਤੋਂ ਬਾਅਦ ਅਸੀਂ ਫਿਰ ਮਿਲਣ ਦਾ ਵਾਅਦਾ ਕਰਕੇ ਉੱਠੀਆਂ ਹਾਂ। ਘਰ ਆ ਕੇ ਮਾਂ ਅਤੇ ਆਂਟੀ ਨੂੰ ਸਭ ਗੱਲਾਂ ਦੱਸੀਆਂ ਹਨ। ਉਹ ਉਦਾਸ ਹੋ ਗਈਆਂ। ਮੈਂ ਆਂਟੀ ਨੂੰ ਨੂਪੁਰ ਨੂੰ ਮਿਲ ਕੇ ਸਮਝਾਉਣ ਲਈ ਕਿਹਾ ਹੈ। ਪਰ ਉਹ ਅੰਕਲ ਤੋਂ ਬਿਨਾਂ ਕੋਈ ਕੰਮ ਨਹੀਂ ਕਰਨਾ ਚਾਹੁੰਦੀ।

ਆਂਟੀ ਦੇ ਕਹਿਣ 'ਤੇ ਮੈਂ ਉਸਨੂੰ ਮਿਲਦੀ ਰਹਿੰਦੀ ਹਾਂ। ਹਮੇਸ਼ਾਂ ਖੁਸ਼ ਰਹਿਣ ਵਾਲੀ ਨੂਪੁਰ ਫਿਕਰਾਂ ਵਿੱਚ ਡੁੱਬ ਚੁੱਕੀ ਹੈ। ਸਹੁਰੇ ਘਰ ਦੀਆਂ ਤੰਗੀਆਂ-ਤੁਰਛੀਆਂ ਦੀਆਂ ਗੱਲਾਂ ਕਰਦੀ ਦੁੱਖੀ ਹੁੰਦੀ ਹੈ। ਉਸ ਨੇ ਆਪਣੀ ਆਜ਼ਾਦੀ ਦਫ਼ਨ ਕਰ ਲਈ ਹੈ। ਮੋਹਿਤ ਫ਼ੋਨ ਕਰਕੇ ਨੂਪੁਰ ਨੂੰ ਸਮਝਾਉਣ ਲਈ ਕਹਿੰਦਾ ਹੈ। ਉਹ ਪਤਨੀ ਅਤੇ ਪਰਿਵਾਰ ਦੀਆਂ ਜਿੰਮੇਵਾਰੀਆਂ ਵਿਚਕਾਰ ਫਸ ਚੁੱਕਾ ਹੈ। ਮੈਂ ਸਭ ਤੋਂ ਚੋਰੀ ਉਹਨਾਂ ਦੇ ਨਿਬੇੜੇ ਕਰ ਰਹੀ ਹਾਂ। ਨੂਪੁਰ ਨੂੰ ਮੰਮਾ-ਪਾਪਾ ਕੋਲ ਰਹਿੰਦਿਆਂ ਮੋਹਿਤ ਨੂੰ ਮਿਲਣ ਦੀ ਕਾਹਲ ਸੀ। ਹੁਣ ਉਸ ਕੋਲ ਰਹਿੰਦਿਆਂ ਮੰਮਾ-ਪਾਪਾ ਨੂੰ ਮਿਲਣ ਦੀ ਕਾਹਲ ਹੈ। ਉਸ ਦੀਆਂ ਗੱਲਾਂ ਸੁਣ ਮੈਨੂੰ ਡਰਾਉਣਾ ਸੁਪਨਾ ਯਾਦ ਆ ਰਿਹਾ ਹੈ....ਨੂਪਰ ਡੂੰਘੇ ਸਮੁੰਦਰ ਵਿੱਚ ਗੋਤੇ ਖਾ ਰਹੀ ਹੈ। ਕਿਨਾਰੇ ਉਸਦੀ ਪਹੁੰਚ ਤੋਂ ਦੂਰ ਹੋ ਰਹੇ ਹਨ। ਦਰਿਆ ਵਿਚ ਬੇੜੀ ਤੈਰ ਰਹੀ ਹੈ। ਦੂਜੇ ਪਾਸੇ ਚੱਪੂ ਤੈਰ ਰਿਹਾ ਹੈ। ਉਸਨੂੰ ਸਮਝ ਨਹੀਂ ਆ ਰਹੀ। ਪਹਿਲਾਂ ਚੱਪੂ ਫੜੇ ਜਾਂ ਬੇੇੜੀ। ਕਿਸੇ ਫੈਸਲੇ 'ਤੇ ਨਹੀਂ ਪਹੁੰਚ ਰਹੀ। ਪਾਣੀ ਦੀ ਵੱਡੀ ਛੱਲ ਆਈ ਤੇ ਉਸ ਨੂੰ ਨਾਲ ਰੋੜ੍ਹ ਕੇ ਲੈ ਗਈ।

ਮੈਂ ਘਬਰਾ ਕੇ ਉਸਨੂੰ ਫੋਨ ਕੀਤਾ ਹੈ, ''ਵੇਖੀਂ ਹੁਣ ਕੋਈ ਹੋਰ ਗਲਤੀ ਨਾ ਕਰੀਂ!''
ਉਹ ਹੱਸ ਕੇ ਬੋਲੀ ਹੈ, ''ਕਰਮ ਫਿਕਰ ਨਾ ਕਰ। ਮੈਂ ਬਹੁਤ ਖੁਸ਼ ਹਾਂ। ਮੋਹਿਤ ਨੇ ਲੋਨ ਅਪਲਾਈ ਕੀਤਾ। ਅਸੀਂ ਜਲਦੀ ਨਵੀਂ ਕੋਠੀ ਵਿੱਚ ਜਾ ਰਹੇ ਹਾਂ।''

ਉਸਦੀ ਖੁਸ਼ੀ ਨਾਲ ਮੈਂ ਖੁਸ਼ ਨਹੀਂ ਹੋਈ। ਮੈਂ ਉਸਨੂੰ ਬਚਪਨ ਤੋਂ ਜਾਣਦੀ ਹਾਂ। ਇਹ ਖੁਸ਼ੀ ਨਵੀਂ ਇੱਛਾ ਦਾ ਜਨਮ ਹੋਣ ਤੱਕ ਬਣੀ ਰਹੇਗੀ। ਇੱਛਾ ਜਾਗਦਿਆਂ ਹੀ ਭਟਕਣਾ ਸ਼ੁਰੂ ਹੋ ਜਾਵੇਗੀ। ਮਾਂ ਦਾ ਫਿਕਰ, ਵੀਰੇ ਦੀ ਚਿੰਤਾ, ਨੂਪਰ ਦੇ ਸੁਪਨੇ, ਮੋਹਿਤ ਦਾ ਬੋਝ, ਆਂਟੀ ਦੀ ਉਦਾਸੀ ਮੇਰੇ ਉੱਤੇ ਭਾਰੂ ਪੈਣ ਲੱਗੇ ਹਨ। ਮੈਂ ਇਸ ਬੋਝ ਵਿਚੋਂ ਨਿਕਲਣਾ ਚਾਹੁੰਦੀ ਹਾਂ। ਖੁਦ ਨੂੰ ਕਿਸੇ ਕੰਮ ਵਿੱਚ ਰੁੱਝਿਆ ਰੱਖਣਾ ਚਾਹੁੰਦੀ ਹਾਂ। ਮਾਂ ਨਾਲ ਗੱਲ ਕਰਕੇ ਵਕਾਲਤ ਦੀ ਪ੍ਰੈਕਟਿਸ ਕਰਨ ਬਾਰੇ ਸੋਚਣ ਲੱਗੀ ਹਾਂ। ਉਸ ਨੇ ਅੰਕਲ ਨਾਲ ਸਲਾਹ ਕੀਤੀ ਹੈ। ਅੰਕਲ ਨੇ ਕੁਝ ਵਕੀਲਾਂ ਦਾ ਪਤਾ ਕੀਤਾ ਹੈ।
''ਕਰਮ ਤੇਰੀ ਆਂਟੀ ਦਾ ਫ਼ੋਨ ਆ ਰਿਹਾ। ਗੱਲ ਕਰ ਲੈ।'' ਮਾਂ ਫੋਨ ਫੜਾਉਂਦੀ ਬੋਲੀ ਹੈ
''ਬੇਟਾ ਤੇਰੇ ਅੰਕਲ ਨੇ ਐਡਵੋਕੇਟ ਅਮਨ ਨਾਲ ਗੱਲ ਕੀਤੀ ਹੈ। ਤੂੰ ਉਸ ਨਾਲ ਰਹਿ ਕੇ ਪ੍ਰੈਕਟਿਸ ਕਰ ਸਕਦੀ ਏਂ। ਨਾਲ ਕੰਪੀਟੀਸ਼ਨ ਦੀ ਤਿਆਰੀ ਵੀ ਕਰਦੀ ਰਹੀ।'' ਆਂਟੀ ਦੱਸ ਰਹੇ ਹਨ

ਮੈਂ ਮਾਂ ਤੇ ਵੀਰੇ ਨਾਲ ਗੱਲ ਕੀਤੀ ਹੈ। ਉਹਨਾਂ ਦੀ ਸਹਿਮਤੀ ਨਾਲ ਅੰਕਲ ਨੇ ਮੈਨੂੰ ਅਮਨ ਨਾਲ ਮਿਲਾ ਦਿੱਤਾ। ਐਡਵੋਕੇਟ ਅਮਨ ਕਾਲਜ ਵਿੱਚ ਮੇਰਾ ਸੀਨੀਅਰ ਰਹਿ ਚੁੱਕਾ ਹੈ। ਉਸ ਨੇ ਪ੍ਰੈਕਟਿਸ ਲਈ ਹਾਂ ਕਰ ਦਿੱਤੀ ਹੈ। ਸਵੇਰ ਤੋਂ ਸ਼ਾਮ ਤੱਕ ਕੰਮ ਵਿੱਚ ਰੁੱਝੀ ਰਹਿਣ ਕਰਕੇ ਬਹੁਤ ਸਾਰੇ ਫਿਕਰਾਂ ਤੋਂ ਦੂਰ ਹਾਂ। ਮਨ ਸ਼ਾਂਤ ਰਹਿਣ ਲੱਗਾ ਹੈ।
''ਕਰਮ ਆਫਿਸ ਤੋਂ ਆਉਂਦੀ ਨੂਪੁਰ ਨੂੰ ਮਿਲ ਆਵੀਂ। ਤੇਰੀ ਆਂਟੀ ਫਿਕਰ ਕਰਦੀ ਐ।'' ਸਕੂਟਰੀ ਉੱਤੇ ਬੈਠੀ ਨੂੰ ਮਾਂ ਨੇ ਕਾਹਲੀ ਨਾਲ ਕਿਹਾ ਹੈ
ਮੈਂ ਹਾਂ ਵਿੱਚ ਸਿਰ ਹਿਲਾ ਕੇ ਚੱਲ ਪਈ ਹਾਂ। ਅਮਨ ਡਿਸਟ੍ਰਿਕ ਕੋਰਟ ਵਿੱਚ ਕੇਸ ਫਾਈਲ ਕਰਨ ਜਾ ਰਿਹਾ ਹੈ। ਮੈਂ ਉਸ ਨੂੰ ਜਾਣ ਬਾਰੇ ਪੁੱਛ ਕੇ ਆਫਿਸ ਵਿਚੋਂ ਕਾਹਲੀ ਨਾਲ ਨਿਕਲੀ ਹਾਂ।

ਮੈਨੂੰ ਵੇਖ ਕੇ ਨੂਪੁਰ ਖੁਸ਼ ਹੋ ਗਈ ਹੈ। ਪਰ ਉਸਦਾ ਚਿਹਰਾ ਉਤਰਿਆ ਹੋਇਆ ਹੈ। ਮੋਹਿਤ ਘਰ ਨਹੀਂ। ਮੈਂ ਉਸ ਅੰਦਰ ਉੱਡ ਰਹੇ ਵਾ-ਵਰੋਲੇ ਫੜਨ ਦੀ ਕੋਸ਼ਿਸ਼ ਕਰਨ ਲੱਗੀ ਹਾਂ। ਮੈਂ ਬੈਠਦਿਆਂ ਹੀ ਪੁੱਛਿਆ, ''ਤੂੰ ਮੇਰੇ ਤੋਂ ਕੁਝ ਨਹੀਂ ਲੁਕਾ ਸਕਦੀ। ਮੈਂ ਤਾਂ ਮਾਨਸਿਕ ਯੁੱਧ ਲੜਦੇ ਇਨਸਾਨਾਂ ਵਿੱਚ ਰਹਿ ਕੇ ਵੱਡੀ ਹੋਈ ਆਂ।''
''ਹਾਲਾਤਾਂ ਨੇ ਉਸਦੀ ਮਾਨਸਿਕ ਸ਼ਕਤੀ ਕਮਜ਼ੋਰ ਕਰ ਦਿੱਤੀ। ਉਹ ਬੋਲੀ ਹੈ, ''ਕਰਮ ਮੈਂ ਬੰਦਸ਼ਾਂ ਵਾਲੀ ਚਾਰਦੀਵਾਰੀ ਵਿੱਚ ਨਹੀਂ ਰਹਿ ਸਕਦੀ।''
''ਕਿਉਂ ? ਤੂੰ ਤਾਂ ਕਹਿ ਰਹੀ ਸੀ। ਨਵੀਂ ਕੋਠੀ ਵਿੱਚ ਜਾ ਰਹੇ ਆਂ?'' ਮੈਂ ਪੁੱਛਿਆ ਹੈ
''ਮੋਹਿਤ ਦੇ ਘਰ ਵਾਲਿਆਂ ਨੇ ਲੋਨ ਪਾਸ ਨਹੀਂ ਹੋਣ ਦਿੱਤਾ।'' ਉਹ ਗੁੱਸੇ ਨਾਲ ਬੋਲ ਕੇ ਚੁੱਪ ਹੋ ਗਈ ਹੈ

ਉਸ ਨੂੰ ਚੁੱਪ ਵੇਖ ਮੈਂ ਉਸਦਾ ਹੱਥ ਫੜ ਲਿਆ। ਉਹ ਫਿਰ ਬੋਲੀ ਹੈ, ''ਮੇਰੇ ਅੰਦਰ ਅਜੀਬ ਖਿਆਲ ਘੁੰਮਦੇ ਰਹਿੰਦੇ ਨੇ। ਜੇ ਤੈਨੂੰ ਕੁਝ ਦਿਨ ਪਹਿਲਾਂ ਦੀ ਗੱਲ ਦੱਸਾਂ ਤਾਂ ਤੂੰ ਸ਼ਾਇਦ ਮੈਨੂੰ ਮੁਆਫ਼ ਨਾ ਕਰੇਂ!''

ਉਹ ਅਧੂਰੀ ਗੱਲ ਕਰਕੇ ਚੁੱਪ ਹੋ ਗਈ ਹੈ। ਉਸ ਦਾ ਹੌਸਲਾ ਵਧਾਉਣ ਲਈ ਮੈਂ ਉਸਦੇ ਮੋਢੇ 'ਤੇ ਪਿਆਰ ਨਾਲ ਹੱਥ ਰੱਖਿਆ। ਉਸਨੇ ਬੋਲਣਾ ਸ਼ੁਰੂ ਕੀਤਾ ਹੈ, ''ਕਰਮ! ਮੈਂ ਮੋਹਿਤ ਤੋਂ ਦੂਰ ਰਹਿਣਾ ਚਾਹੁੰਦੀ ਆਂ। ਮਨ ਵਿੱਚ ਉਸ ਤੋਂ ਛੁਟਕਾਰਾ ਪਾਉਣ ਦੀਆਂ ਵਿਉਂਤਾਂ ਘੜਦੀ ਰਹਿੰਦੀ ਆਂ।''

ਉਸਦੀ ਗੱਲ ਸੁਣ ਮੇਰੀਆਂ ਅੱਖਾਂ ਅੱਡੀਆਂ ਰਹਿ ਗਈਆਂ। ਬੁੱਲ੍ਹ ਸੀਤੇ ਗਏ ਹਨ। ਉਹ ਬੋਲ ਰਹੀ ਹੈ। ''ਮੇਰੇ ਖ਼ਿਆਲ ਮੈਨੂੰ ਗਲਤ ਰਾਹਾਂ ਵੱਲ ਧੱਕਣ ਲੱਗਦੇ ਨੇ। ਇੱਕ ਰਾਤ ਮੈਂ ਸੁੱਤੇ ਪਏ ਮੋਹਿਤ ਦੇ ਸੀਨੇ ਵਿੱਚ ਤਿੱਖਾ ਖੰਜਰ ਖੁਭੋ ਦਿੱਤਾ। ਸਾਰੇ ਪਾਸੇ ਖੂਨ ਫੈਲ ਗਿਆ। ਡਰ ਵਿਚ ਕੁਝ ਨਾ ਸੁੱਝਿਆ। ਉਸਨੂੰ ਇੱਕ ਅਟੈਚੀ ਵਿੱਚ ਬੰਦ ਕਰ ਦਿੱਤਾ। ਜਦੋਂ ਅਟੈਚੀ ਨੂੰ ਹੱਥ ਪਾਇਆ। ਮੇਰੇ ਹੱਥ ਖੂਨ ਨਾਲ ਲਾਲ ਹੋ ਗਏ। ਹੱਥਾਂ ਉੱਤੇ ਕਦੀ ਮਹਿੰਦੀ ਤੇ ਕਦੇ ਖੂਨ ਦਿੱਸਣ ਲੱਗਾ। ਟੂਟੀ 'ਤੇ ਜਾ ਕੇ ਹੱਥ ਧੋਤੇ। ਅੱਖਾਂ ਉੱਤੇ ਪਾਣੀ ਦੇ ਛਿੱਟੇ ਮਾਰੇ। ਹੋਸ਼ ਆਉਣ 'ਤੇ ਆਪਣੇ-ਆਪ ਨਾਲ ਨਫ਼ਰਤ ਹੋਣ ਲੱਗੀ। ਇਕੱਲੀ ਬੈਠੀ ਰੋਂਦੀ ਰਹੀ। ਜਦੋਂ ਮੋਹਿਤ ਘਰ ਆਇਆ। ਮੇਰੀ ਜਾਨ ਵਿੱਚ ਜਾਨ ਆਈ। ਫਿਰ ਸਮਝ ਆਈ ਕਿ ਇਹ ਸਭ ਮੇਰੇ ਦਿਮਾਗ ਵਿਚ ਹੋ ਰਿਹਾ। ਕੁਝ ਦਿਨ ਉਸ ਲਈ ਪਿਆਰ ਭਰੇ ਖਿਆਲ ਆਉਂਦੇ ਹਨ। ਫਿਰ ਉਹੀ ਵਿਉਂਤਾਂ ਘੜਨ ਲੱਗਦੀ ਆਂ। ਕਰਮ! ਮੋਹਿਤ ਮੇਰਾ ਪਿਆਰ ਏ। ਮੈਂ ਉਸ ਬਾਰੇ ਅਜਿਹਾ ਕਿਵੇਂ ਸੋਚ ਸਕਦੀ ਆਂ....!''

ਉਸ ਦੀਆਂ ਗੱਲਾਂ ਸੁਣ ਮੇਰੀਆਂ ਨਸਾਂ ਵਿੱਚ ਖੂਨ ਜੰਮ ਗਿਆ ਹੈ। ਉਸ ਉੱਤੇ ਖਿੱਝ ਆ ਰਹੀ ਹੈ। ਘੁੰਮਣਾਂ ਦੀ ਮਾਈ ਦੀ ਗੱਲ ਯਾਦ ਆ ਰਹੀ ਹੈ, ''ਜਦੋਂ ਇਛਾਵਾਂ ਮਨ 'ਤੇ ਕਾਬੂ ਕਰ ਲੈਂਦੀਆਂ ਨੇ। ਉਦੋਂ ਪਿਆਰ ਦੀਆਂ ਭਾਵਨਾਵਾਂ ਦਫ਼ਨ ਹੋਣ ਲੱਗਦੀਆਂ ਨੇ।''
ਉਸ ਕੋਲ ਸਬਰ ਤੇ ਹੌਸਲਾ ਨਹੀਂ ਹੈ। ਜੋ ਸੋਚ ਲਿਆ। ਉਦੋਂ ਹੀ ਪੂਰਾ ਕਰਨਾ ਜ਼ਰੂਰੀ ਨਹੀਂ ਹੁੰਦਾ। ਇਹੀ ਗੱਲ ਇਸ ਨੂੰ ਸਮਝ ਨਹੀਂ ਆ ਸਕਦੀ।

''ਵੇਖ ਨੂਪੁਰ! ਮੋਹਿਤ ਨੂੰ ਤੂੰ ਆਪ ਚੁਣਿਆ। ਇਹ ਫੈਸਲਾ ਤੇਰਾ ਸੀ। ਆਪਣਾ ਪਿਆਰ ਤੇ ਪ੍ਰੇਮੀ ਤੂੰ ਖੁਦ ਸੰਭਾਲਣਾ।'' ਮੈਂ ਦਿਲਾਸਾ ਦਿੰਦਿਆਂ ਉਸਨੂੰ ਜੱਫੀ ਪਾ ਲਈ ਹੈ।

ਉਹ ਕੁਝ ਨਹੀਂ ਬੋਲੀ। ਮੈਂ ਉਸਦਾ ਚਿਹਰਾ ਆਪਣੇ ਵੱਲ ਘੁਮਾ ਕੇ ਬੋਲੀ ਹਾਂ, ''ਨੂਪੁਰ ਸ਼ਾਮ ਹੋ ਰਹੀ ਐ। ਮੈਂ ਲੇਟ ਹੋ ਜਾਵਾਂਗੀ। ਆਪਣਾ ਧਿਆਨ ਰੱਖੀਂ। ਜਲਦੀ ਮਿਲਣ ਆਵਾਂਗੀ। ਤੂੰ ਮੇਰੀ ਇੱਕ ਗੱਲ ਮੰਨ। ਪਹਿਲਾਂ ਸਟੱਡੀ ਪੂਰੀ ਕਰ। ਬਾਹਰ ਨਿਕਲੇਂਗੀ। ਮਨ ਉਦਾਸ ਨਹੀਂ ਹੋਵੇਗਾ।''

ਉਹ ਚੁੱਪ ਹੈ। ਮੈਂ ਉਸ ਨੂੰ ਹੌਸਲਾ ਦੇ ਕੇ ਖੁਦ ਨਵੀਆਂ ਚਿੰਤਾਵਾਂ ਦਾ ਬੋਝ ਚੁੱਕ ਘਰ ਆ ਗਈ ਹਾਂ। ਘਰ ਆ ਕੇ ਕੁਝ ਨਹੀਂ ਬੋਲੀ। ਸਭ ਨੂੰ ਠੀਕ ਕਹਿ ਕੇ ਟਾਲ ਦਿੱਤਾ ਹੈ। ਮੈਨੂੰ ਇਛਾਵਾਂ ਸਾਹਮਣੇ ਰਿਸ਼ਤਿਆਂ ਦਾ ਟੁੱਟਣਾ ਸਮਝ ਨਹੀਂ ਆ ਰਿਹਾ। ਮੈਂ ਨਾਨੀ ਨੂੰ ਜੱਫ਼ੀ ਪਾ ਕੇ ਉਸ ਨਾਲ ਪੈਂਦਿਆਂ ਪੁੱਛਿਆ ਹੈ, ''ਨਾਨੀ ਇਛਾਵਾਂ ਖਤਮ ਕਰਨ ਲਈ ਇੰਦਰੀਆਂ ਨੂੰ ਮਾਰਨਾ ਪੈਂਦਾ?''
''ਇੰਦਰੀਆਂ ਮਾਰ ਕੇ ਕਦੇ ਇਛਾਵਾਂ ਨਹੀਂ ਮੁੱਕ ਸਕਦੀਆਂ।'' ਉਸ ਨੇ ਮੇਰਾ ਸਿਰ ਪਲੋਸਦੇ ਹੋਏ ਕਿਹਾ
ਘੁੰਮਣਾਂ ਦੀ ਮਾਈ ਵੀ ਇਹੀ ਕਹਿੰਦੀ ਹੈ, ''ਜਦੋਂ ਆਤਮਾਂ ਤ੍ਰਿਪਤ ਹੁੰਦੀ ਐ। ਫਿਰ ਸਾਰੇ ਆਰਾਮ ਫਿੱਕੇ ਲੱਗਦੇ ਨੇ।''
''ਸਬਰ ਰੱਖ ਕੇ ਸਮੇਂ ਨਾਲ ਤੁਰਨਾ ਪੈਂਦਾ।'' ਮੈਨੂੰ ਘੁੰਮਣਾਂ ਦੀ ਮਾਈ ਤੇ ਨਾਨੀ ਇੱਕ ਹੋਈਆਂ ਮਹਿਸੂਸ ਹੋ ਰਹੀਆਂ ਹਨ
''ਚੱਲ ਸੌਂ ਜਾ ਹੁਣ। ਸਵੇਰੇ ਛੇਤੀ ਉੱਠਣਾ ਹੁੰਦਾ।'' ਨਾਨੀ ਮੈਨੂੰ ਥਾਪੜਦੀ ਬੋਲੀ ਹੈ
ਉੱਠਦਿਆਂ ਹੀ ਮੋਹਿਤ ਦਾ ਫ਼ੋਨ ਆ ਰਿਹਾ ਹੈ। ਉਹ ਮੈਨੂੰ ਮਿਲਣਾ ਚਾਹੁੰਦਾ ਹੈ। ਮੈਂ ਫਿਕਰ ਵਿੱਚ ਆਫ਼ਿਸ ਪਹੁੰਚੀ ਹਾਂ। ਹੁਣ ਨੂਪੁਰ ਨੇ ਪਤਾ ਨਹੀਂ ਕੀ ਕੀਤਾ ਹੋਣਾ...? ਉਸਨੇ ਆਉਂਦਿਆਂ ਹੀ ਸ਼ਿਕਾਇਤਾਂ ਦੀ ਲਿਸਟ ਮੇਰੇ ਅੱਗੇ ਰੱਖ ਦਿੱਤੀ। ਉਹ ਪਰੇਸ਼ਾਨ ਹੋਇਆ ਬੋਲ ਰਿਹਾ ਹੈ, ''ਕਰਮ ਸੁਖ-ਸਹੂਲਤਾਂ ਸਾਹਮਣੇ ਸਾਡਾ ਪਿਆਰ ਫਿੱਕਾ ਪੈ ਚੁੱਕਿਆ। ਉਸ ਨੂੰ ਰਹਿਣ ਲਈ ਵੱਡਾ ਘਰ, ਘਰ ਵਿੱਚ ਸਾਰੀਆਂ ਸੁੱਖ-ਆਰਾਮ ਦੀਆਂ ਵਸਤਾਂ, ਘੁੰਮਣ ਲਈ ਕਾਰ ਚਾਹੀਦੀ। ਮੇਰੀ ਮਾਲੀ ਹਾਲਤ ਉਸ ਦੇ ਸਾਹਮਣੇ ਹੈ। ਪਰ ਉਹ ਕੁਝ ਨਹੀਂ ਸੁਣਨਾ ਚਾਹੁੰਦੀ। ਉਸ ਦੀਆਂ ਇਛਾਵਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖ ਦਿੱਤੀ ਏ।''

ਦੋਹਾਂ ਨੂੰ ਸਮਝਾਉਣਾ ਮੇਰੇ ਵੱਸ ਤੋਂ ਬਾਹਰ ਹੋ ਰਿਹਾ ਹੈ। ਘੁੰਮਣਾਂ ਦੀ ਮਾਈ ਦੀ ਕਹੀ ਗੱਲ ਮੇਰੀ ਉਮੀਦ ਦੀ ਕਿਰਨ ਸੀ, ''ਸਮੁੰਦਰ ਕੰਢੇ ਬਣਿਆ ਰੇਤ ਦਾ ਘਰ ਪਾਣੀ ਦੀ ਲਹਿਰ ਰੋੜ੍ਹ ਕੇ ਲੈ ਜਾਂਦੀ ਏ। ਪਰ ਅਗਲੇ ਪਲ ਉਥੇ ਨਵਾਂ ਘਰ ਉਸਰਿਆ ਦਿੱਸਣ ਲੱਗਦਾ।''

ਪਰ ਨੂਪਰ ਦੀ ਜ਼ਿੱਦ ਤੇ ਗੁੱਸਾ ਘਰ ਨੂੰ ਉਸਰਿਆ ਨਹੀਂ ਰਹਿਣ ਦੇਣਗੇ। ਮੈਨੂੰ ਬਚਪਨ ਦੀ ਘਟਨਾ ਯਾਦ ਆਉਂਦੀ ਹੈ। ਅਸੀਂ ਮਿੱਟੀ ਵਿੱਚ ਘਰ ਬਨਾਉਣ ਖੇਡਦੀਆਂ। ਨੂਪੁਰ ਜ਼ਿੱਦ ਨਾਲ ਬਣੇ ਹੋਏ ਘਰ ਪੈਰ ਮਾਰ ਕੇ ਢਾਹ ਦਿੰਦੀ। ਬਾਕੀ ਕੁੜੀਆਂ ਵੀ ਪੈਰ ਮਾਰਦੀਆਂ ਉੱਚੀ-ਉੱਚੀ ਗਾਉਂਦੀਆਂ, ''ਹੱਥਾਂ ਨਾਲ ਬਣਾਵਾਂਗੇ ਪੈਰਾਂ ਨਾਲ ਢਾਵਾਂਗੇ।''

ਨਿਰਾਸ਼ਾ ਨੇ ਮੇਰਾ ਹੌਸਲਾ ਢਾਅ ਦਿੱਤਾ ਹੈ। ਮੈਂ ਥੱਕੀ ਹੋਈ ਘਰ ਪਹੁੰਚੀ ਹਾਂ। ਨਸੀਬੋ ਵਿਹੜੇ ਵਿੱਚ ਦੋ ਬੱਚਿਆਂ ਨੂੰ ਲੈ ਕੇ ਬੈਠੀ ਹੈ। ਉਹ ਮਾਂ ਨੂੰ ਦੱਸ ਰਹੀ ਹੈ, ''ਸਰਦਾਰਨੀਏ ਇਹ ਮੇਰੀ ਪੋਤੀ ਕੰਮੋ ਤੇ ਦੋਹਤਾ ਦੀਪੂ ਨੇ...! ਸ਼ਹਿਰ ਰਹਿੰਦੇ...! ਮੈਂ ਇਹਨਾਂ ਨੂੰ ਤੁਹਾਡੀਆਂ ਗੱਲਾਂ ਸੁਨਾਉਂਦੀ ਆਂ....। ਵੱਡੇ ਹੋ ਕੇ ਤੇਰੇ ਨਿਆਣਿਆਂ ਵਰਗੇ ਸਿਆਣੇ ਬਨਣ...?''
ਉਹ ਮੇਰੇ ਵੱਲ ਵੇਖ ਕੇ ਮੁਸਕਰਾਏ ਹਨ। ਮੈਂ ਪਰਸ ਵਿਚੋਂ ਟਾਫ਼ੀਆਂ ਕੱਢ ਕੇ ਦਿੱਤੀਆਂ ਹਨ। ਮਾਂ ਨੇ ਕੁਝ ਸੋਚ ਕੇ ਪੁੱਛਿਆ, ''ਨਸੀਬੋ ਨਿਆਣੇ ਪੜ੍ਹਦੇ ਨੇ...?''
''ਹਾਂ.....ਸਰਦਾਰਨੀਏ... ਦੋਵੇਂ ਪੜ੍ਹਦੇ ਨੇ ਸ਼ਹਿਰ।'' ਉਹ ਦੱਸਦੀ ਹੋਈ ਫ਼ਖਰ ਮਹਿਸੂਸ ਕਰ ਰਹੀ ਹੈ
'''ਚੰਗੀ ਗੱਲ ਆ। ਵੱਡੇ ਹੋ ਕੇ ਉੱਚੇ-ਨੀਵੇਂ ਰਾਹਾਂ 'ਚੋਂ ਲੰਘਣਾ ਆ ਜਾਂਦਾ। ਘਰ ਪਰਿਵਾਰ ਸਾਂਭਣ ਦੀ ਸਮਝ ਆ ਜਾਂਦੀ ਆ....।'' ਮਾਂ ਦੀ ਅਧੂਰੀ ਗੱਲ ਸੁਣ ਮੈਂ ਨੂਪੁਰ ਨੂੰ ਸਮਝਣ ਦੀ ਕੋਸ਼ਿਸ਼ ਕਰਨ ਲੱਗੀ ਹਾਂ।
ਮੇਰੀਆਂ ਸੋਚਾਂ ਵਿੱਚ ਉਸਦੇ ਪਿਆਰ ਤੇ ਨਫ਼ਰਤ ਦਾ ਨਵਾਂ ਹੀ ਰੂਪ ਉਭਰਨ ਲੱਗਾ ਹੈ।
ਘੁੰਮਣਾਂ ਦੀ ਮਾਈ ਤਾਂ ਕਹਿੰਦੀ ਹੈ, ''ਔਰਤ ਪਿਆਰ ਲੁਟਾਉਣ ਲੱਗਿਆਂ ਕੋਲ ਕੁਝ ਨਹੀਂ ਰੱਖਦੀ। ਫਿਰ ਨੂਪੁਰ......।''

ਕਾਂਡ-15

ਚਿੱਕੜ ਭਰਿਆ ਕੱਚਾ ਰਾਹ। ਆਲੇ-ਦੁਆਲੇ ਢੱਠੇ ਹੋਏ ਘਰ। ਗੱਡਿਆਂ ਤੇ ਪੈਰਾਂ ਦੀਆਂ ਪੈੜਾਂ ਨੇ ਚਿੱਕੜ ਹੋਰ ਚੀਕਣਾ ਕਰ ਦਿੱਤਾ ਹੈ। ਮੈਂ ਤੁਰੀ ਜਾ ਰਹੀ ਹਾਂ। ਇੱਕ ਉਜਾੜ ਇਮਾਰਤ ਵਿੱਚ ਵੱਡਾ ਦਰੱਖਤ ਹੈ। ਦਰੱਖਤ ਦੁਆਲੇ ਪੱਕਾ ਥੜਾ। ਸੁੱਕੇ ਪੱਤਿਆਂ ਨਾਲ ਭਰਿਆ। ਮੈਂ ਪੱਤੇ ਇਕੱਠੇ ਕਰਨ ਲੱਗੀ ਹਾਂ। ਜਿੰਨੇ ਪੱਤੇ ਇਕੱਠੇ ਕਰਦੀ ਹਾਂ। ਉਨੇ ਹੋਰ ਖਿੱਲਰਦੇ ਜਾਂਦੇ ਹਨ। ਇਹ ਕੀ ਸੁਪਨਾ ਹੋਇਆ। ਮੇਰੀ ਇੱਛਾ ਹੁੰਦੀ ਜ਼ਿੰਦਗੀ ਨੂੰ ਸੰਵਾਰਨ ਵਾਲੇ ਸੁਪਨੇ ਆਉਣ। ਖੁਸ਼ਹਾਲ ਜ਼ਿੰਦਗੀ ਬਾਰੇ ਸੋਚ ਕੇ ਮੈਨੂੰ ਅਮਨ ਦਾ ਖਿਆਲ ਆਇਆ ਹੈ। ਉਸ ਦਾ ਸਾਥ ਮਹਿਸੂਸ ਹੋਣ ਲੱਗਾ ਹੈ। ਅੱਖਾਂ ਬੰਦ ਕਰਕੇ ਉਸ ਬਾਰੇ ਸੋਚਣ ਲੱਗੀ ਹਾਂ। ਸੁਪਨੇ ਸਜਾਉਂਦਿਆਂ ਖਿਆਲ ਆਇਆ, ''ਅੱਜ ਅਮਨ ਨੇ ਲੇਟ ਆਉਣਾ। ਆਫ਼ਿਸ ਮੈਂ ਖੋਹਲਣਾ।'' ਕੰਮ ਯਾਦ ਆਉਂਦਿਆਂ ਟਾਈਮ ਵੇਖਿਆ ਹੈ। ਕਾਹਲੀ ਨਾਲ ਉਠ ਕੇ ਤਿਆਰ ਹੋਣ ਲੱਗੀ ਹਾਂ। ਆਫ਼ਿਸ ਵਿੱਚ ਪਹੁੰਚ ਕੇ ਅਮਨ ਦੀ ਖਾਲੀ ਕੁਰਸੀ ਖਟਕ ਰਹੀ ਹੈ। ਦੁਪਹਿਰ ਹੋ ਗਈ ਹੈ। ਉਸ ਨੂੰ ਉਡੀਕਦੀ ਦਰਵਾਜ਼ੇ ਵੱਲ ਵੇਖਦੀ ਹਾਂ। ਉਸ ਤੋਂ ਬਿਨ੍ਹਾਂ ਖਾਲੀਪਣ ਦਾ ਅਹਿਸਾਸ ਸਤਾ ਰਿਹਾ ਹੈ। ਖ਼ਿਆਲਾਂ ਵਿੱਚ ਉਸ ਨੂੰ ਆਸ-ਪਾਸ ਮਹਿਸੂਸ ਕਰਨ ਲੱਗੀ ਹਾਂ। ਅੱਖਾਂ ਅੱਗੇ ਉਸਦਾ ਚਿਹਰਾ ਘੁੰਮਣ ਲੱਗਾ ਹੈ। ਬੁੱਲ੍ਹਾਂ 'ਤੇ ਮੁਸਕਰਾਹਟ ਫੈਲ ਗਈ ਹੈ। ਖ਼ਿਆਲਾਂ ਵਿੱਚ ਡੁੱਬੀ ਨੇ ਸਾਹਮਣੇ ਵੇਖਿਆ। ਅਮਨ ਖੜ੍ਹਾ ਮੁਸਕਰਾ ਰਿਹਾ ਹੈ। ਉਸ ਨੂੰ ਵੇਖ ਹੋਸ਼ ਵਿੱਚ ਆਈ ਹਾਂ। ਮਨ ਦੀ ਭਟਕਣ 'ਤੇ ਕਾਬੂ ਕਰਦਿਆਂ ਕੰਮ ਕਰਨ ਲੱਗੀ ਹਾਂ। ਆਪਣੇ ਆਪ ਨੂੰ ਸਮਝਾਉਂਦੀ ਹਾਂ, ''ਕਰਮ! ਕੋਈ ਫਰੇਬ ਤੈਨੂੰ ਭਟਕਾ ਨਹੀਂ ਸਕਦਾ। ਤੇਰੇ ਰਸਤੇ ਵਿੱਚ ਪਿਆਰ ਨਾਂ ਦਾ ਕੋਈ ਪੜਾਅ ਨਹੀਂ। ਤੂੰ ਬਹੁਤ ਦੂਰ ਜਾਣਾ।'' ਅਗਲੇ ਹੀ ਪਲ ਮਨ ਗੁਲਾਬੀ ਸੱਧਰਾਂ ਪਾਲਣ ਲੱਗਦਾ ਹੈ। ਆਪਣੇ ਆਪ ਤੋਂ ਹਾਰਨ ਲੱਗਦੀ ਹਾਂ। ਜ਼ਿੰਦਗੀ ਦੀ ਲੰਬੀ ਲੜਾਈ ਵਿੱਚ ਸਹਾਰੇ ਦੀ ਲੋੜ ਮਹਿਸੂਸ ਹੁੰਦੀ ਹੈ। ਜਿਸ ਅੱਗੇ ਮਨ ਦੇ ਭਾਰ ਲਾਹ ਸਕਾਂ। ਸਭ ਕੁਝ ਭੁਲਾ ਕੇ ਪਿਆਰ ਦੇ ਰੰਗ ਵਿੱਚ ਰੰਗੀ ਜਾਵਾਂ। ਮਾਂ ਦੀ ਖਾਲੀ ਫੋਟੋ ਪਿੱਛਾ ਕਰਨ ਲੱਗੀ ਹੈ। ਉਸ ਦੀ ਫੋਟੋ ਵਿੱਚ ਆਪਣੇ ਆਪ ਨੂੰ ਵੇਖਣ ਲੱਗੀ ਹਾਂ। ਫੋਟੋ ਵਿਚਲੀ ਖਾਲੀ ਥਾਂ ਭਰਨ ਲਈ ਸਾਥੀ ਦੀ ਤਲਾਸ਼ ਕਰਨ ਲੱਗੀ ਹਾਂ। ਤਲਾਸ਼ ਪੂਰੀ ਹੋ ਗਈ ਹੈ। ਮੇਰੇ ਨਾਲ ਅਮਨ ਬੈਠਾ ਹੈ। ਮੈਂ ਉਸ ਦੇ ਪਿਆਰ ਸਾਹਮਣੇ ਹਾਰ ਗਈ ਹਾਂ। ਕੰਨਾਂ ਵਿੱਚ ਆਵਾਜ਼ ਗੂੰਜੀ ਹੈ, ''ਹਾਰਨਾ ਕਮਜ਼ੋਰੀ ਹੈ।'' ''ਮੈਂ ਕਮਜ਼ੋਰ ਨਹੀਂ।'' ਖਿਆਲਾਂ ਦੇ ਸੰਸਾਰ ਵਿਚੋਂ ਨਿਕਲ ਕੇ ਆਪਣੇ ਆਪ ਨੂੰ ਕਿਹਾ ਹੈ ਆਂਟੀ ਦਾ ਫ਼ੋਨ ਆ ਰਿਹਾ ਹੈ। ਮੈਂ ਫ਼ੋਨ ਚੁੱਕਿਆ ਹੈ। ਫ਼ੋਨ ਕੱਟਿਆ ਗਿਆ। ਸਕਰੀਨ 'ਤੇ ਵੀਰੇ ਦਾ ਨੰਬਰ ਫਲੈਸ਼ ਹੋਣ ਲੱਗਾ ਹੈ। ਮੈਂ ਘਬਰਾ ਕੇ ਫ਼ੋਨ ਚੁੱਕਿਆ। ਮੇਰੇ ਬੋਲਣ ਤੋਂ ਪਹਿਲਾਂ ਹੀ ਉਹ ਕਾਹਲੀ ਨਾਲ ਬੋਲਿਆ ਹੈ, ''ਕਰਮ ਮੈਂ ਕੁਝ ਦਿਨ ਫ਼ੋਨ ਨਹੀਂ ਕਰ ਸਕਦਾ। ਮੇਮ ਤੋਂ ਖਹਿੜਾ ਛੁਡਾਉਣ ਲਈ ਮੈਂ ਸ਼ਹਿਰ ਤੇ ਕਾਲਜ ਬਦਲ ਲਿਆ ਏ। ਤੁਸੀਂ ਫ਼ਿਕਰ ਨਾ ਕਰਨਾ। ਮੌਕਾ ਮਿਲਣ 'ਤੇ ਮੈਂ ਆਪ ਫੋਨ ਕਰਾਂਗਾ।'' ਮੇਰੀ ਗੱਲ ਸੁਣੇ ਬਿਨ੍ਹਾਂ ਹੀ ਉੁਸ ਨੇ ਫ਼ੋਨ ਕੱਟ ਦਿੱਤਾ ਹੈ। ਮੈਂ ਪੱਥਰ ਬਣੀ ਬੈਠੀ ਹਾਂ। ਸਮਝ ਨਹੀਂ ਆ ਰਹੀ। ਉਲਝਣ ਵਿੱਚ ਫਸੀ ਹਾਂ। ਆਂਟੀ ਦਾ ਫ਼ੋਨ ਫਿਰ ਆ ਰਿਹਾ ਹੈ, ''ਕਰਮ! ਜਲਦੀ ਘਰ ਆ ਬੇਟਾ। ਨੂਪੁਰ ਮੋਹਿਤ ਨਾਲ ਲੜ ਕੇ ਘਰ ਵਾਪਿਸ ਆ ਗਈ ਐ।'' ਉਸ ਦੀ ਗੱਲ ਸੁਣ ਪੈਰਾਂ ਹੇਠੋਂ ਜ਼ਮੀਨ ਖਿਸਕਣ ਲੱਗੀ ਹੈ। ਉਹ ਘਬਰਾਈ ਹੋਈ ਹੈ। ਮੈਂ ਕੋਈ ਜਵਾਬ ਨਹੀਂ ਦਿੱਤਾ। ਉਸਨੇ ਫ਼ੋਨ ਕੱਟ ਦਿੱਤਾ। ਮੈਂ ਕੁਰਸੀ 'ਤੇ ਢੋਅ ਲਾਈਂ ਨਿਢਾਲ ਬੈਠ ਗਈ ਹਾਂ। ''ਕਰਮ! ਮੈਂ ਕੁਝ ਮਹੀਨਿਆਂ ਲਈ ਵਿਦੇਸ਼ ਜਾ ਰਿਹਾ।'' ਅਮਨ ਦੀ ਆਵਾਜ਼ ਸੁਣ ਮੈਂ ਤ੍ਰਭਕ ਕੇ ਕੁਰਸੀ ਤੋਂ ਉੱਠੀ ਹਾਂ ''ਅਸਲ ਵਿੱਚ ਮੇਰੀ ਮੈਰਿਜ਼ ਦੀ ਗੱਲ ਚੱਲ ਰਹੀ। ਇਸ ਲਈ ਵੱਧ ਸਮਾਂ ਵੀ ਲੱਗ ਸਕਦਾ।'' ਮੈਂ ਫ਼ਟੀਆਂ ਅੱਖਾਂ ਨਾਲ ਉਸ ਵੱਲ ਵੇਖ ਰਹੀ ਹਾਂ ਉਸ ਦੀ ਗੱਲ ਸੁਣ ਕੇ ਦਿਮਾਗ ਨੇ ਸੋਚਣਾ ਬੰਦ ਕਰ ਦਿੱਤਾ। ਕੰਨ ਸੁਨਣਾ ਬੰਦ ਕਰ ਰਹੇ ਹਨ। ਗਲੇ ਵਿਚੋਂ ਆਵਾਜ਼ ਨਹੀਂ ਨਿਕਲ ਰਹੀ। ਕੁਰਸੀ ਦਾ ਸਹਾਰਾ ਲੈ ਕੇ ਖੜ੍ਹੀ ਹਾਂ। ''ਕੁਝ ਜ਼ਰੂਰੀ ਫਾਈਲਾਂ ਨੇ। ਜਿਹੜੀਆਂ ਜਲਦੀ ਨਿਬੇੜਨੀਆਂ ਨੇ। ਮੇਰੇ ਪਿਛੋਂ ਆਫ਼ਿਸ ਦੀ ਸਾਰੀ ਜ਼ਿੰਮੇਵਾਰੀ ਤੇਰੀ ਹੋਵੇਗੀ।'' ਉਸ ਨੇ ਟੇਬਲ 'ਤੇ ਫਾਈਲਾਂ ਰੱਖਦਿਆਂ ਹੁਕਮ ਦਿੱਤਾ ਹੈ ਉਸ ਦਾ ਹੁਕਮ ਸੁਣ ਮੇਰਾ ਦਿਲ ਟੁਕੜੇ-ਟੁਕੜੇ ਹੋ ਕੇ ਬਿਖਰ ਗਿਆ ਹੈ। ਦਿਮਾਗ ਵਿੱਚ ਮਾਂ ਅਤੇ ਨਾਨੀ ਦੀਆਂ ਗੱਲਾਂ ਘੁੰਮਣ ਲੱਗੀਆਂ ਹਨ, ''ਬੀਜ਼ੀ ਮੈਨੂੰ ਅਜੀਬ ਜਿਹਾ ਸੁਪਨਾ ਆਇਆ! ਇੱਕ ਤੰਗ ਪਹਾੜੀ ਰਸਤੇ 'ਤੇ ਰੇਲ ਦੀ ਪੱਟੜੀ ਵਿਛੀ ਏ। ਉਸ ਉਤੇ ਇੱਕ ਇੰਜਨ ਕਈ ਡੱਬੇ ਖਿੱਚੀ ਲਿਜਾ ਰਿਹਾ। ਅਚਾਨਕ ਰਸਤਾ ਤੰਗ ਹੋਣ ਲੱਗਾ। ਡੱਬੇ ਪਹਾੜਾਂ ਵਿੱਚ ਨਪੀੜੇ ਜਾਣ ਲੱਗੇ। ਇੱਕ ਡੱਬੇ ਵਿੱਚ ਕਰਮ ਆ। ਉਹਨੇ ਡੱਬੇ ਵਿਚੋਂ ਬਾਹਰ ਛਾਲ ਮਾਰ ਦਿੱਤੀ। ਡਿੱਗਦਿਆਂ ਹੋਇਆ ਉਸਦਾ ਹੱਥ ਦਰੱਖਤ ਦੀ ਟਾਹਣੀ ਨੂੰ ਪੈ ਗਿਆ। ਉਹ ਬਚ ਗਈ।'' ''ਮੁਸੀਬਤਾਂ ਦੇ ਪਹਾੜ ਟੁੱਟ ਰਹੇ ਨੇ। ਸਭ ਕਰਮ ਦਾ ਈ ਮੂੰਹ ਤੱਕਦੇ ਨੇ। ਉਸ ਨੇ ਬਚ ਕੇ ਨਿਕਲਣਾ ਈ ਹੋਇਆ।'' ਸੁਪਨਾ ਸੁਣ ਕੇ ਨਾਨੀ ਨੇ ਜਵਾਬ ਦਿੱਤਾ ਉਸਦੀ ਸਿਆਣਪ ਮੈਨੂੰ ਤੱਕ ਰਹੀ ਹੈ। ਮੇਰੀ ਚੁੱਪ ਕਿਸੇ ਨੂੰ ਦਿਖਾਈ ਨਹੀਂ ਦੇ ਰਹੀ। ਖ਼ਿਆਲਾਂ ਵਿਚੋਂ ਨਿਕਲ ਅਮਨ ਵੱਲ ਵੇਖ ਕੇ ਮੁਸਕਰਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਝੂਠੀ ਮੁਸਕਰਾਹਟ ਦਾ ਮਖੌਟਾ ਪਾ ਕੇ ਕੰਮ ਕਰਨ ਲੱਗੀ ਹਾਂ। ਆਫ਼ਿਸ ਵਿਚੋਂ ਨਿਕਲਦਿਆਂ ਇਹ ਮਖੌਟਾ ਰਾਹ ਵਿੱਚ ਕਿੱਧਰੇ ਡਿੱਗ ਪਿਆ। ਉਸ ਦੀ ਥਾਂ ਮਾਂ ਦੀ ਖ਼ਾਲੀ ਫ਼ੋਟੋ ਨੇ ਮੱਲ ਲਈ ਹੈ। ਘਰ ਪਹੁੰਚ ਕੇ ਮਾਂ ਦਾ ਚਿਹਰਾ ਵੇਖਣ ਲੱਗੀ ਹਾਂ। ਉਹ ਮੇਰੇ ਨਾਲ ਨੂਪੁਰ ਦੀ ਗੱਲ ਕਰਨ ਲੱਗੀ ਹੈ। ਮੈਂ ਉਸਨੂੰ ਵਿਚੋਂ ਹੀ ਟੋਕ ਕੇ ਕਿਹਾ, ''ਮਾਂ ਮੈਨੂੰ ਆਂਟੀ ਨੇ ਦੱਸ ਦਿੱਤਾ।'' ਉਹ ਸੋਚਾਂ ਵਿੱਚ ਡੁੱਬ ਗਈ ਹੈ। ਮੈਂ ਹੌਸਲਾ ਕਰਕੇ ਬੋਲੀ ਹਾਂ, ''ਮਾਂ ਇੱਕ ਗੱਲ ਹੋਰ ਸੁਣ। ਮੈਨੂੰ ਤੇਰੇ ਸਾਥ ਦੀ ਬਹੁਤ ਲੋੜ ਐ। ਵਾਅਦਾ ਕਰ ਸੁਣ ਕੇ ਡੋਲੇਂਗੀ ਨਹੀਂ।'' ਉਹ ਡਰਿਆਂ ਵਾਂਗ ਮੇਰੇ ਵੱਲ ਵੇਖ ਰਹੀ ਹੈ, ''ਵੀਰੇ ਨੇ ਮੇਮ ਤੋਂ ਚੋਰੀ ਕਾਲਜ ਤੇ ਸ਼ਹਿਰ ਬਦਲ ਲਿਆ ਏ। ਆਪਾਂ ਉਸ ਨਾਲ ਗੱਲ ਨਹੀਂ ਕਰ ਸਕਦੀਆਂ। ਟਾਈਮ ਮਿਲਨ 'ਤੇ ਉਹੀ ਫ਼ੋਨ ਕਰਿਆ ਕਰੇਗਾ।'' ਉਹ ਹੱਕੀ-ਬੱਕੀ ਹੋ ਗਈ ਹੈ। ਮੈਂ ਚੁੱਪ ਹਾਂ। ਬੋਲਣ ਲਈ ਕੁਝ ਨਹੀਂ ਬਚਿਆ। ਇੱਕ ਦੂਜੇ ਤੋਂ ਆਪਣਾ ਅੰਦਰ ਲੁਕਾ ਰਹੀਆਂ ਹਾਂ। ਨਾਨੀ ਦਾ ਹੌਸਲਾ ਸਾਨੂੰ ਡਿੱਗਣ ਤੋਂ ਬਚਾ ਰਿਹਾ ਹੈ। ਵੀਰੇ ਦਾ ਫ਼ਿਕਰ ਘਰ ਦੇ ਮਾਹੌਲ ਵਿੱਚ ਘੁੰਮਣ ਲੱਗਾ ਹੈ। ਨੂਪੁਰ ਦੇ ਸੁਪਨਿਆਂ ਦਾ ਸਵਰਗ ਟੁੱਟ ਗਿਆ ਹੈ। ਸੋਚਾਂ ਨੇ ਅੱਖਾਂ ਵਿਚਲੀ ਨੀਂਦ ਉਡਾ ਦਿੱਤੀ ਹੈ। ਮੈਂ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖ ਡਰ ਜਾਂਦੀ ਹਾਂ। ਕਿਤੇ ਮੇਰੀਆਂ ਅੱਖਾਂ ਵੀ ਉਨੀਂਦੀਆਂ.....। ਨਹੀਂ ਮੈਂ ਉਨੀਂਦੀਆਂ ਅੱਖਾਂ ਨਾਲ ਸੁਪਨੇ ਨਹੀਂ ਵੇਖਣੇ। ਮੈਂ ਤਾਂ ਘੁੰਮਣਾਂ ਦੀ ਮਾਈ ਵਾਂਗ ਜਾਗਦੀ ਅੱਖ ਨਾਲ ਸੁਪਨੇ ਵੇਖਣੇ ਹਨ।
''ਜਾਗਦੀਆਂ ਅੱਖਾਂ ਦੇ ਸੁਪਨੇ ਸਭ ਦੀਆਂ ਖੁਸ਼ੀਆਂ ਵਿਚੋਂ ਵਿਖਾਈ ਦਿੰਦੇ ਨੇ।'' ਇੱਕ ਆਵਾਜ਼ ਕੰਨਾਂ ਵਿੱਚ ਗੂੰਜੀ ਹੈ ਮੇਰੇ ਆਲੇ-ਦੁਆਲੇ ਤਾਂ ਕੋਈ ਵੀ ਖੁਸ਼ ਨਹੀਂ। ਸੋਚਾਂ ਵਿੱਚ ਨਾਨਾ ਜੀ ਦੀਆਂ ਚਿੱਠੀਆਂ ਦੀ ਲੜੀ ਤੁਰਨ ਲੱਗੀ ਹਾਂ। ਸਾਹਮਣੇ ਮੰਜ਼ਿਲ ਦਿਸ ਰਹੀ ਹੈ। ਵਿਚਕਾਰ ਅੱਗ ਦਾ ਦਰਿਆ ਹੈ। ਮੈਂ
ਚਿੱਠੀਆਂ ਖੋਹਲ ਲਈਆਂ ਹਨ। ਚਿੱਠੀਆਂ ਪੜ੍ਹਦੀ ਅੱਗ ਦੇ ਦਰਿਆ ਵਿੱਚ ਵੜ ਗਈ ਹਾਂ। ਅੱਗ ਦਾ ਦਰਿਆ ਅਲੋਪ ਹੋਣ ਲੱਗਾ ਹੈ। ਮਾਂ, ਪਾਪਾ, ਨਾਨੀ, ਆਂਟੀ, ਵੀਰੇ ਤੇ ਨੂਪੁਰ ਦੀਆਂ ਅਧਮੋਈਆਂ ਸੱਧਰਾਂ ਦੀ ਅੱਗ ਨੇ ਬਾਹਰੀ ਅੱਗ ਨੂੰ ਠੰਡਾ ਕਰ ਦਿੱਤਾ ਹੈ।
ਮੈਂ ਜਿੰਮੇਂਵਾਰੀਆਂ ਨਿਭਾਉਣ ਦਾ ਵਾਅਦਾ ਕੀਤਾ ਹੈ। ਹੁਣ ਇਹਨਾਂ ਤੋਂ ਭੱਜ ਨਹੀਂ ਸਕਦੀ। ਸੋਚਾਂ ਦੀ ਪੰਡ ਲੈ ਕੇ ਆਫ਼ਿਸ ਜਾਂਦੀ ਹਾਂ। ਆਫ਼ਿਸ ਤੋਂ ਕਦੋਂ ਘਰ ਆ ਜਾਂਦੀ ਹਾਂ। ਕੁਝ ਪਤਾ ਨਹੀਂ ਲੱਗਦਾ।
ਮੌਸਮ ਬਦਲ ਰਿਹਾ ਹੈ। ਠੰਡ ਵਧਣ ਲੱਗੀ ਹੈ। ਨਾਨੀ ਠੰਡ ਕਾਰਨ ਅੰਦਰ ਬੈਠੀ ਹੈ। ਮੈਂ ਉਸ ਕੋਲ ਬੈੱਡ 'ਤੇ ਆ ਪਈ ਹਾਂ। ਮਾਂ ਅਲਮਾਰੀ ਵਿੱਚ ਪਈਆਂ ਕਿਤਾਬਾਂ ਸਾਫ਼ ਕਰਕੇ ਰੱਖ ਰਹੀ ਹੈ।
ਕਿਤਾਬਾਂ ਵਿਚੋਂ ਇੱਕ ਕਾਗਜ਼ ਹੇਠਾਂ ਡਿੱਗਾ । ਉਸ ਨੇ ਵੇਖਿਆ ਨਹੀਂ। ਨਾਨੀ ਨੇ ਮਾਂ ਨੂੰ ਪੁੱਛਿਆ ਹੈ, ''ਪੁੱਤ ਬਾਹਰ ਹਨੇਰਾ ਹੋ ਗਿਆ?''
''ਅਜੇ ਤਾਂ ਸ਼ਾਮ ਹੈ ਬੀਜੀ।'' ਉਹ ਬਾਹਰ ਵੇਖਦੀ ਹੋਈ ਬੋਲੀ ਹੈ

ਉਹਨਾਂ ਦੀਆਂ ਗੱਲਾਂ ਸੁਣਦਿਆਂ ਲੱਗਾ ਜਿਵੇਂ ਸਾਰਾ ਹਨੇਰਾ ਮੇਰੇ ਅੰਦਰ ਇਕੱਠਾ ਹੋ ਰਿਹਾ ਹੈ। ਹਨੇਰੇ ਵਿੱਚ ਅਮਨ ਮੇਰੇ ਕੋਲ ਖੜ੍ਹਾ ਹੈ। ਮੈਂ ਉਸ ਵੱਲ ਵੇਖ ਕੇ ਮੁਸਕਰਾਈ ਹਾਂ। ਉਸ ਦਾ ਹੱਥ ਮੇਰੇ ਵੱਲ ਵਧ ਰਿਹਾ। ਮੈਂ ਆਪਣੇ ਹੱਥਾਂ ਵੱਲ ਵੇਖਿਆ। ਹੱਥਾਂ 'ਤੇ ਮਹਿੰਦੀ ਨਹੀਂ। ਬਾਹਾਂ ਵਿੱਚ ਚੂੜਾ ਨਹੀਂ। ਮੈਂ ਸੁਹਾਗਣ ਨਹੀਂ ਹਾਂ। ਕਿੰਝ ਹੋ ਸਕਦੀ ਹਾਂ ? ਮੈਂ ਤਾਂ ਇਕ ਪ੍ਰੇਮਿਕਾ.....।

ਮੈਂ ਘਬਰਾ ਕੇ ਖਿੜਕੀਆਂ ਦਰਵਾਜ਼ੇ ਬੰਦ ਕਰ ਦਿੱਤੇ ਹਨ। ਇੱਕ ਦਰਵਾਜ਼ਾ ਖੁੱਲ੍ਹਾ ਰਹਿ ਗਿਆ। ਉੱਠ ਕੇ ਵੇਖਦੀ ਹਾਂ। ਹੱਥਾਂ 'ਤੇ ਮਹਿੰਦੀ ਲੱਗਣ ਦਾ ਖ਼ਿਆਲ ਆਉਂਦਾ ਹੈ। ਹੱਥਾਂ ਵੱਲ ਵੇਖਦੀ ਹਾਂ। ਹੱਥ ਗੰਦੇ ਹਨ। ਇਹਨਾਂ 'ਤੇ ਮਹਿੰਦੀ ਕਿਵੇਂ ਲਾਵਾਂ। ਟੂਟੀ 'ਤੇ ਜਾ ਧੋਣ ਲੱਗੀ ਹਾਂ। ਧੋਤੇ ਹੱਥ ਅਜੇ ਵੀ ਗੰਦੇ ਹਨ। ਸੋਚ ਕੇ ਫਿਰ ਧੋਣ ਲੱਗਦੀ ਹਾਂ।
''ਕਰਮ ਖਾਲੀ ਹੱਥਾਂ ਨੂੰ ਕਿੰਨੀ ਕੁ ਵਾਰ ਧੋਵੇਂਗੀ....?'' ਨਾਨੀ ਮੇਰੀਆਂ ਹਰਕਤਾਂ ਵੇਖ ਬੋਲੀ ਹੈ

ਉਸ ਦੀ ਗੱਲ ਸੁਣ ਕੇ ਬੈਠ ਗਈ ਹਾਂ। ਕਿਤਾਬਾਂ ਵਿਚੋਂ ਡਿੱਗੇ ਕਾਗਜ਼ ਦਾ ਖਿਆਲ ਆਇਆ ਹੈ। ਉਸਨੂੰ ਚੁੱਕ ਕੇ ਸਿਰਹਾਣੇ ਹੇਠ ਰੱਖ ਲਿਆ। ਖਿਆਲਾਂ ਦੀ ਹਨੇਰੀ ਵਿੱਚ ਸੌਣਾ-ਜਾਗਣਾ ਭੁੱਲ ਗਈ ਹਾਂ। ਅੱਧੀ ਰਾਤ ਉੱਠ ਕੇ ਉਹੀ ਕਾਗਜ਼ ਕੱਢ ਪੜ੍ਹਨ ਲੱਗੀ ਹਾਂ। ਉਸਨੂੰ ਪੜ੍ਹਦਿਆਂ ਸਰੀਰ ਸੁੰਨ ਹੋ ਗਿਆ ਹੈ। ਰੋਂਦੀ-ਰੋਂਦੀ ਸੌਂ ਗਈ ਹਾਂ। ਵੀਰੇ ਅੰਦਰ ਉੱਠਦੇ ਉਬਾਲ ਸ਼ਬਦ ਬਣ ਕੇ ਅੱਖਾਂ ਅੱਗੇ ਤੈਰ ਰਹੇ ਹਨ।

ਸੁਪਨਿਆਂ ਨੂੰ ਤਾਸ਼ ਦੇ ਪੱਤਿਆਂ ਵਾਂਗ ਬਿਖਰਦੇ ਵੇਖ ਰਹੀ ਹਾਂ। ਉੱਡ ਕੇ ਆਫ਼ਿਸ ਪਹੁੰਚਣ ਦੀ ਤਮੰਨਾ ਖਤਮ ਹੋ ਗਈ ਹੈ। ਸਿਰਫ਼ ਫਰਜ਼ ਬਾਕੀ ਹਨ। ਕਦੇ-ਕਦੇ ਲੱਗਦਾ ਸਾਰੀਆਂ ਚਿੰਤਾਵਾਂ ਖਤਮ ਹੋ ਗਈਆਂ ਜਾਂ ਸੋਚਣ ਸ਼ਕਤੀ ਖਤਮ ਹੋ ਗਈ ਹੈ। ਸ਼ਕਤੀ ਹੀਣ ਹੋ ਇੱਕ ਥਾਂ ਖੜ੍ਹ ਗਈ ਹਾਂ। ਸੋਚਾਂ ਖਹਿੜਾ ਛੱਡ ਰਹੀਆਂ ਹਨ। ਬਿਨਾਂ ਬੋਲੇ ਕਈ-ਕਈ ਘੰਟੇ ਗੁਜ਼ਾਰ ਦਿੰਦੀ ਹਾਂ।
ਰਿਸ਼ਤੇ ਭੁਰ ਰਹੇ ਹਨ। ਸਭ ਕੁਝ ਹੱਥਾਂ ਵਿਚੋਂ ਕਿਰ ਰਿਹਾ ਹੈ। ਮੈਂ ਕਿਸੇ ਨੂੰ ਖੁਸ਼ੀਆਂ ਨਹੀਂ ਦੇ ਸਕੀ। ਇਹ ਟੁੱਟ ਭੱਜ ਮੈਨੂੰ ਤੋੜ ਰਹੀ ਹੈ। ਰਿਸ਼ਤਿਆਂ ਦੀ ਉਨੀਂਦੀ ਅੱਖ ਦੇ ਸੁਪਨੇ ਮੇਰੇ ਉੱਤੇ ਭਾਰੂ ਹੋ ਗਏ ਹਨ।
ਮੈਨੂੰ ਵੇਖ ਮਾਂ ਠੰਡੇ ਹੌਕੇ ਭਰਦੀ ਹੈ। ਉਹ ਜਾਣ ਗਈ ਹੈ ਕਿ ਗੁੱਝੀਆਂ ਸੱਟਾਂ ਮੇਰਾ ਖੂਨ ਸਾੜ ਰਹੀਆਂ ਹਨ। ਉਸਦੇ ਸੁਪਨੇ ਪੂਰੇ ਕਰਨ ਦੇ ਦਾਅਵੇ ਕਰਨ ਵਾਲੀ ਖ਼ੁਰ ਰਹੀ ਹੈ। ਵੀਰੇ ਦੀ ਕੋਈ ਖ਼ਬਰ ਨਹੀਂ। ਨੂਪੁਰ ਮੇਰੇ ਨਾਲ ਕੋਈ ਗੱਲ ਨਹੀਂ ਕਰਦੀ। ਆਂਟੀ ਮਾਂ ਨੂੰ ਮੇਰੇ ਨਾਲ ਫਿਕਰ ਵਾਲੀਆਂ ਗੱਲਾਂ ਕਰਨ ਤੋਂ ਰੋਕਦੀ ਹੈ। ਮੇਰੀ ਉਦਾਸੀ ਸਭ ਨੂੰ ਸਤਾਉਂਦੀ ਹੈ। ਮਾਂ ਇਸਦਾ ਹੱਲ ਲੱਭਣ ਪੰਡਿਤ ਕੋਲ ਜਾਂਦੀ ਹੈ।

ਕਈ ਦਿਨਾਂ ਬਾਅਦ ਆਫ਼ਿਸ ਆਈ ਹਾਂ। ਬਹੁਤ ਕਮਜ਼ੋਰੀ ਮਹਿਸੂਸ ਹੋਣ ਲੱਗੀ ਹੈ। ਆਫ਼ਿਸ ਬੰਦ ਕਰ ਦੁਪਹਿਰ ਤੋਂ ਪਹਿਲਾਂ ਘਰ ਨੂੰ ਚੱਲ ਪਈ ਹਾਂ। ਘਰ ਪਹੁੰਚਣ ਤੱਕ ਸਰੀਰ ਠੰਡ ਨਾਲ ਠਰ ਗਿਆ ਹੈ। ਵਿਹੜੇ ਵਿੱਚ ਤੇਜ਼ ਧੁੱਪ ਚਮਕ ਰਹੀ ਹੈ। ਕੰਧ ਨਾਲ ਖੜ੍ਹਾ ਮੰਜਾ ਧੁੱਪ ਵਿੱਚ ਡਾਹ ਕੇ ਪੈ ਗਈ ਹਾਂ। ਮੋਢਿਆਂ ਤੋਂ ਸ਼ਾਲ ਲਾਹ ਕੇ ਸਿਰ 'ਤੇ ਲਪੇਟ ਲਿਆ ਹੈ।

ਮਾਂ ਮੈਨੂੰ ਆਵਾਜ਼ਾਂ ਮਾਰ ਰਹੀ ਹੈ। ਉਸਦੀ ਆਵਾਜ਼ ਬੜੀ ਦੂਰੋਂ ਆਉਂਦੀ ਸੁਣਦੀ ਹੈ। ਉਸ ਨੇ ਮੇਰੇ ਉੱਤੇ ਕੰਬਲ ਪਾ ਦਿੱਤਾ। ਧੁੱਪ ਅੱਗੇ ਲੰਘ ਗਈ ਹੈ। ਮੈਨੂੰ ਹੋਰ ਠੰਡ ਮਹਿਸੂਸ ਹੋਈ ਹੈ। ਮੈਂ ਉੱਠੀ ਹਾਂ। ਮਾਂ ਨੇ ਬੁਲਾਇਆ ਹੈ। ਮੈਂ ਜਵਾਬ ਨਹੀਂ ਦਿੱਤਾ। ਮੰਜੇ ਤੱਕ ਮਸ੍ਹਾਂ ਪਹੁੰਚੀ ਹਾਂ। ਮੰਜੇ 'ਤੇ ਡਿੱਗਦਿਆਂ ਹੀ ਨੀਮ-ਬੇਹੋਸ਼ੀ ਵਿੱਚ ਚਲੀ ਗਈ ਹਾਂ।

ਮੇਰਾ ਸਰੀਰ ਮਿੱਟੀ ਦੀ ਢੇਰੀ ਬਣ ਗਿਆ। ਆਤਮਾ ਕਿਤੇ ਦੂਰ ਉੱਡਦੀ ਜਾ ਰਹੀ ਹੈ। ਅੰਦਰੋਂ ਸਰੀਰ ਤੜਫ਼ਣ ਲੱਗਾ ਹੈ। ਇਸ ਤੜਫ਼ ਦਾ ਅਹਿਸਾਸ ਡੂੰਘੇ ਪਾਣੀ ਵਿੱਚ ਡੁੱਬਦੇ ਜਿਸਮ ਵਾਂਗ ਹੈ। ਜੋ ਜਾਨ ਬਚਾਉਣ ਲਈ ਜ਼ੋਰ-ਜ਼ੋਰ ਦੀ ਹੱਥ ਪੈਰ ਮਾਰਦਾ ਹੈ। ਜਦੋਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਜਾਂਦੀਆਂ ਹਨ ਤਾਂ ਡੂੰਘੇ ਪਾਣੀ ਦੇ ਹੇਠਾਂ ਹੀ ਹੇਠਾਂ ਡੁੱਬਦਾ ਜਾਂਦਾ ਹੈ। ਤੜਫ਼ਦਾ ਸਰੀਰ ਕਿਸੇ ਨੂੰ ਉਡੀਕ ਰਿਹਾ ਹੈ। ਉਸ ਨੂੰ ਵਿਸ਼ਵਾਸ਼ ਹੈ ਕਿ ਆਤਮਾ ਜਰੂਰ ਵਾਪਿਸ ਆਏਗੀ। ਉਸਦੀ ਰੂਹ ਦਾ ਕੋਈ ਸਾਥੀ ਉਸ ਨੂੰ ਲੱਭਦਾ ਹੋਇਆ ਉਸ ਕੋਲ ਲੈ ਆਏਗਾ। ਆਤਮਾ ਦੀ ਵਾਪਸੀ ਦਾ ਖ਼ਿਆਲ ਆਉਂਦਿਆਂ ਹੀ ਇੱਕ ਹੱਥ ਬੇਜਾਨ ਸਰੀਰ ਵੱਲ ਵਧਿਆ ਹੈ। ਹੱਥ ਦੀ ਛੂਹ ਨਾਲ ਸਰੀਰ ਵਿੱਚ ਹਰਕਤ ਹੋਈ ਹੈ। ਬੰਦ ਧੜਕਣ ਚੱਲ ਪਈ ਹੈ। ਨੀਮ-ਬੇਹੋਸ਼ੀ ਵਿੱਚ ਹੀ ਰੂਹ ਦਾ ਸਾਥੀ ਸਾਹਮਣੇ ਕੁਰਸੀ 'ਤੇ ਬੈਠਾ ਦਿਸ ਰਿਹਾ ਹੈ। ਅੱਖਾਂ ਖੁੱਲ੍ਹ ਗਈਆਂ ਹਨ। ਕੁਰਸੀ ਵੱਲ ਵੇਖਿਆ। ਕੁਰਸੀ ਖਾਲੀ ਹੈ। ਸਰੀਰ ਨੂੰ ਹੱਥ ਨਾਲ ਟੋਹਣ ਲੱਗੀ ਹਾਂ। ਸਰੀਰ ਕੰਬਣ ਲੱਗਾ ਹੈ। ਕੋਲ ਪਈ ਰਜਾਈ ਖਿੱਚ ਕੇ ਉੱਪਰ ਲੈ ਲਈ ਹੈ। ਨਿੱਘ ਨਾਲ ਸਰੀਰ ਗਰਮਾਉਣ ਲੱਗਾ ਹੈ। ਹੋਸ਼ ਵਾਪਿਸ ਆਉਣ ਲੱਗੀ ਹੈ। ਕੁਰਸੀ 'ਤੇ ਬੈਠੇ ਆਦਮੀ ਨੂੰ ਯਾਦ ਕਰਨ ਲੱਗੀ ਹਾਂ। ਇਹ ਹੱਥ ਵਧਾਉਣ ਵਾਲਾ ਕੌਣ ਹੈ ? ਕਿੱਥੋਂ ਆਇਆ ? ਉਹ ਕਿਉਂ ਆਇਆ ? ਕਈ ਸਵਾਲ ਦਿਮਾਗ ਵਿੱਚ ਘੁੰਮਣ ਲੱਗੇ ਹਨ। ਮੈਂ ਹੱਥ ਫੜਨ ਵਾਲੇ ਨੂੰ ਸਵਾਲ ਪੁੱਛ ਰਹੀ ਹਾਂ। ਪਰ ਉਹ ਜਵਾਬ ਨਹੀਂ ਦੇ ਰਿਹਾ। ਮੈਂ ਸਵਾਲਾਂ ਵਿੱਚ ਡੁੱਬਣ ਲੱਗੀ ਹਾਂ। ਅੱਖਾਂ ਅੱਗੇ ਹਨ੍ਹੇਰਾ ਆਉਣ ਲੱਗਾ ਹੈ। ਵਾਪਿਸ ਪਰਤੀ ਹੋਸ਼ ਫਿਰ ਗੁੰਮ ਹੋਣ ਲੱਗੀ ਹੈ।

ਕਾਂਡ-16

ਹੋਸ਼-ਹਵਾਸ ਕਦੋਂ ਤੋਂ ਗੁੰਮ ਹਨ। ਮੈਨੂੰ ਯਾਦ ਨਹੀਂ। ਪਰ ਕੁਝ ਦਿਨਾਂ ਤੋਂ ਆਲੇ-ਦੁਆਲੇ ਤੁਰੇ-ਫਿਰਦੇ ਲੋਕ ਮਹਿਸੂਸ ਹੋਣ ਲੱਗੇ ਹਨ। ਕੁਝ ਗੱਲਾਂ ਸੁਣਾਈ ਦਿੰਦੀਆਂ ਹਨ। ਖੁਦ ਨੂੰ ਦੂਰ ਖੜ੍ਹੀ ਵੇਖ ਰਹੀ ਹਾਂ। ਆਪਣਾ ਹੀ ਸਰੀਰ ਪਹਿਚਾਣ ਨਹੀਂ ਸਕਦੀ। ਹੱਡੀਆਂ ਦੀ ਮੁੱਠ ਬਣੀ ਹਸਪਤਾਲ ਵਿੱਚ ਪਈ ਹਾਂ। ਮਰੀਜ਼ਾਂ ਦੀਆਂ ਦਰਦ ਭਰੀਆਂ ਆਵਾਜ਼ਾਂ ਸੁਣ ਕੰਬ ਜਾਂਦੀ ਹਾਂ। ਭਿਆਨਕ ਕੁਰਲਾਹਟਾਂ ਕੰਨਾਂ ਵਿੱਚ ਪੈਂਦੀਆਂ ਹਨ। ਕੰਨ ਸਾਂ-ਸਾਂ ਕਰਨ ਲੱਗਦੇ ਹਨ। ਮੱਥਾ ਟਸ-ਟਸ ਕਰਦਾ ਹੈ।
''ਸਿਸਟਰ ਦਿਸ਼ਾ! ਸਾਹਮਣੇ ਬੈੱਡ ਵਾਲੇ ਮਰੀਜ਼ ਨੂੰ ਦੋ ਦਿਨ ਬਾਅਦ ਡਿਸਚਾਰਜ ਕਰਨਾ ਹੈ। ਉਸਦਾ ਬੁਖਾਰ ਠੀਕ ਹੈ।'' ਨਜ਼ਦੀਕ ਤੋਂ ਆਈ ਆਵਾਜ਼ ਉਸਨੂੰ ਸਮਝਾ ਕੇ ਅੱਗੇ ਤੁਰ ਪਈ ਹੈ
''ਓ.ਕੇ. ਡਾਕਟਰ ਕਾਫ਼ਿਰ।'' ਦਿਸ਼ਾ ਨੇ ਜਵਾਬ ਦਿੱਤਾ ਹੈ
''ਮਿਸਟਰ ਧਰਮ। ਡਾਕਟਰ ਕਾਫ਼ਿਰ ਨੇ ਤੁਹਾਨੂੰ ਦੋ ਦਿਨ ਬਾਅਦ ਡਿਸਚਾਰਜ ਕਰਨ ਲਈ ਕਿਹਾ ਹੈ।'' ਕਹਿ ਕੇ ਉਹ ਮੇਰੇ ਨਜ਼ਦੀਕ ਆ ਰਹੀ ਹੈ
''ਸਿਸਟਰ ਇਸ ਲੜਕੀ ਨੂੰ ਕੀ ਬੀਮਾਰੀ ਐ। ਇਹਦੀਆਂ ਅੱਖਾਂ ਵਿੱਚ ਕਿੰਨੀ ਬੇਚੈਨੀ ਐ। ਜਿਵੇਂ ਕਿਸੇ ਝੂਠ-ਸੱਚ ਦੀ ਤਲਾਸ਼ ਕਰ ਰਹੀਆਂ ਹੋਣ।'' ਪਿਛੋਂ ਕੋਈ ਅਨਜਾਣੀ ਆਵਾਜ਼ ਸੁਣਾਈ ਦਿੱਤੀ ਹੈ
ਦਿਸ਼ਾ ਮੇਰੇ ਨਜ਼ਦੀਕ ਆਉਂਦੀ ਉਥੇ ਹੀ ਰੁਕ ਗਈ ਹੈ। ਅਨਜਾਣੀ ਆਵਾਜ਼ ਫਿਰ ਆਈ ਹੈ, ''ਦਰਵਾਜ਼ੇ ਦੇ ਖੜਾਕ ਨਾਲ ਇਸਦਾ ਬੇਜਾਨ ਸਰੀਰ ਹਰਕਤ ਵਿੱਚ ਆਉਂਦਾ ਮਹਿਸੂਸ ਹੁੰਦਾ। ਇਹ ਕਿਸਦੀ ਉਡੀਕ ਕਰਦੀ ਐ।''
''ਜੋ ਇਸਦੀ ਇਸ ਹਾਲਤ ਦਾ ਜਿੰਮੇਂਵਾਰ ਹੈ।'' ਦਿਸ਼ਾ ਨੇ ਬੇਰੁਖੀ ਨਾਲ ਜਵਾਬ ਦਿੱਤਾ ਹੈ
''ਉਸਨੂੰ ਇਸ ਦੀ ਹਾਲਤ ਦਾ ਪਤਾ? ਕੋਈ ਆਇਆ ਮਿਲਨ ?'' ਆਵਾਜ਼ ਨੇ ਉੱਤਸੁਕਤਾ ਨਾਲ ਪੁਛਿਆ ਹੈ
''ਜ਼ਿੰਦਗੀ ਪਤਝੜ ਦੇ ਪੱਤਿਆਂ ਵਾਂਗ ਹੁੰਦੀ ਏ। ਦੁਬਾਰਾ ਮਿਲਨ ਲਈ ਬਹਾਰ ਨੂੰ ਉਡੀਕਣਾ ਪੈਂਦਾ।'' ਦਿਸ਼ਾ ਦੀ ਆਵਾਜ਼ ਗੰਭੀਰ ਹੋ ਗਈ ਹੈ
ਮੈਨੂੰ ਆਪਣੇ ਮੱਥੇ 'ਤੇ ਕਿਸੇ ਦਾ ਹੱਥ ਰੱਖਿਆ ਮਹਿਸੂਸ ਹੋਇਆ ਹੈ, ''ਕਰਮ! ਗੱਲਾਂ ਕਰਦਿਆਂ ਪਤਾ ਨਹੀਂ ਲੱਗਾ। ਮੈਂ ਆਪਣਾ ਦਰਦ ਸੁਣਾ ਰਹੀ ਸੀ ਜਾਂ ਤੇਰਾ। ਮੈਨੂੰ ਪਤਾ ਤੂੰ ਬੋਲਦੀ ਕੁਝ ਨਹੀਂ। ਪਰ ਸੁਣਦੀ ਜਰੂਰ ਏਂ।''
ਮੇਰੇ ਮੱਥੇ 'ਤੇ ਆਏ ਵਾਲ ਪਾਸੇ ਕਰਦਿਆਂ ਉਹ ਫਿਰ ਬੋਲੀ ਹੈ, ''ਰਿਸ਼ਤੇ ਤਾਕਤ ਬਨਣੇ ਚਾਹੀਦੇ ਨੇ। ਕਮਜ਼ੋਰੀ ਨਹੀਂ। ਉਹ ਲੋਕ ਬੁਜ਼ਦਿਲ ਹੁੰਦੇ ਜਿਹੜੇ ਪਿਆਰ ਵਿੱਚ ਮਰਦੇ ਨੇ। ਮਰਨਾ ਬਹੁਤ ਸੌਖਾ ਹੈ। ਮੁਸ਼ਕਲ ਤਾਂ ਜੀਣਾ ਹੁੰਦਾ।''
ਦਿਸ਼ਾ ਦੀਆਂ ਗੱਲਾਂ ਸੁਣ ਮੇਰੇ ਅੰਦਰ ਹਲਚਲ ਹੋਣ ਲੱਗੀ ਹੈ। ਇਹ ਸ਼ਬਦ ਪਹਿਲਾਂ ਸੁਣੇ ਮਹਿਸੂਸ ਹੋਣ ਲੱਗੇ ਹਨ ''ਕਮਜ਼ੋਰੀ ਠੋਕਰ ਖਾ ਕੇ ਡਿੱਗਣ ਵਿੱਚ ਨਹੀਂ, ਡਿੱਗ ਕੇ ਨਾ ਉੱਠਣ ਵਿੱਚ ਹੁੰਦੀ ਐ.....।''
ਕੋਈ ਜਾਣੀ-ਪਹਿਚਾਣੀ ਆਵਾਜ਼ ਮੇਰੇ ਅੰਦਰ ਗੂੰਜਣ ਲੱਗੀ ਹੈ। ਬਹੁਤ ਸਾਰੇ ਚਿਹਰੇ ਅੱਖਾਂ ਅੱਗੇ ਘੁੰਮਣ ਲੱਗੇ ਹਨ। ਮੈਂ ਉਹਨਾਂ ਆਵਾਜ਼ਾਂ ਅਤੇ ਚਿਹਰਿਆਂ ਨੂੰ ਪਹਿਚਾਨਣ ਲੱਗੀ ਹਾਂ।
ਦਿਸ਼ਾ ਦੇ ਫੋਨ 'ਤੇ ਰਿੰਗ ਵੱਜੀ ਹੈ। ਅੱਗੋਂ ਗੱਲ ਕਰਕੇ ਕਿਸੇ ਨੇ ਫ਼ੋਨ ਕੱਟ ਦਿੱਤਾ। ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗੀ ਹੈ, ''ਠੀਕ ਐ! ਮੈਂ ਤੈਨੂੰ ਡਿਸਟਰਬ ਨਹੀਂ ਕਰਾਂਗੀ। ਜਦੋਂ ਤੂੰ ਕਹੇਗਾ। ਉਦੋਂ ਫ਼ੋਨ ਕਰਾਂਗੀ। ਪਰ ਆਪਣੇ ਦਿਲ ਦਾ ਕੀ ਕਰਾਂ। ਇਹ ਸਾਰੇ ਵਾਅਦੇ ਭੁਲ ਜਾਂਦਾ। ਤੈਨੂੰ ਇਕੱਲਿਆ ਦੁੱਖੀ ਕਿਵੇਂ ਛੱਡਾਂ। ਪਰ ਤੂੰ ਇਹ ਗੱਲ ਸਮਝਦਾ ਵੀ ਤਾਂ ਨਹੀ.....।''

ਉਹ ਦਿਲ ਦਾ ਭਾਰ ਹੌਲਾ ਕਰਦੀ ਬੋਲ ਰਹੀ ਹੈ, ''ਕਰਮ! ਕਦੇ-ਕਦੇ ਜੀਅ ਕਰਦਾ ਆਪਣੇ ਦਿਲ ਦੀ ਗੱਲ ਕਿਸੇ ਨਾਲ ਸਾਂਝੀ ਕਰਾਂ। ਕਹਿੰਦੇ ਦੁੱਖ ਦੱਸਣ ਨਾਲ ਘਟ ਜਾਂਦੇ ਨੇ। ਜ਼ਿੰਦਗੀ ਮੈਨੂੰ ਕਈ ਵਾਰ ਧੋਖਾ ਦੇ ਚੁੱਕੀ ਐ। ਪਿਆਰ ਨੇ ਦੂਜੀ ਵਾਰ ਮੇਰੇ ਜੀਵਨ ਵਿੱਚ ਦਸਤਕ ਦਿੱਤੀ ਏ। ਉਸ ਦੀਆਂ ਖੁਸ਼ੀਆਂ ਮੇਰੇ ਜੀਵਨ ਦਾ ਮਕਸਦ ਨੇ। ਪਰ ਉਹ ਮੇਰੇ ਅੰਦਰਲੀ ਕੋਮਲਤਾ ਨੂੰ ਨਹੀਂ ਸਮਝਦਾ। ਪਿਆਰ ਦੀ ਕਦਰ ਨਹੀਂ ਕਰਦਾ। ਡਰਦੀ ਆਂ ਕਿਤੇ ਸਮਝੌਤਿਆਂ ਦਾ ਬੰਨ੍ਹ ਨਾ ਟੁੱਟ ਜਾਵੇ।''

ਉਸ ਦੀ ਗੱਲ ਸੁਣ ਮੈਨੂੰ ਜ਼ੋਰਦਾਰ ਝਟਕਾ ਵੱਜਿਆ ਹੈ। ਉਹ ਕੀ ਬੋਲ ਰਹੀ ਹੈ। ਮੈਂ ਸੁਨਣਾ ਬੰਦ ਕਰ ਦਿੱਤਾ ਹੈ। ਅੱਖਾਂ ਅੱਗੇ ਨੂਪਰ ਤੇ ਮੋਹਿਤ ਘੁੰਮਣ ਲੱਗੇ ਹਨ। ਉਹਨਾਂ ਦੇ ਪਿਆਰ ਵਿੱਚ ਪੈਦਾ ਹੋਈ ਦੀਵਾਰ ਯਾਦ ਆਈ ਹੈ। ਉਹਨਾਂ ਨੂੰ ਮਿਲਨ ਲਈ ਉੱਠਣ ਦੀ ਕੋਸ਼ਿਸ਼ ਕਰਨ ਲੱਗੀ ਹਾਂ। ਪਰ ਸਰੀਰ ਸਾਥ ਨਹੀਂ ਦੇ ਰਿਹਾ।

ਉਸਨੂੰ ਯਾਦ ਕਰਦਿਆਂ ਵੀਰੇ ਦੇ ਖਿਆਲ ਆਉਣ ਲੱਗੇ ਹਨ। ਉਸ ਦੀਆਂ ਕਿਤਾਬਾਂ ਵਿਚੋਂ ਡਿੱਗੀ ਚਿੱਠੀ ਉਸਦੇ ਦਿਲ ਦੀਆਂ ਸਾਰੀਆਂ ਰਮਜ਼ਾਂ ਖੋਹਲ ਰਹੀ ਹੈ। ਉਹ ਕਾਗਜ਼ ਮੇਰੀਆਂ ਅੱਖਾਂ ਅੱਗੇ ਘੁੰਮਣ ਲੱਗਾ ਹੈ -
ਪਿਆਰੀ ਭੈਣ ਕਰਮ,

ਤੈਨੂੰ ਹਮੇਸ਼ਾਂ ਸ਼ਿਕਵਾ ਰਹਿੰਦਾ ਕਿ ਮੈਂ ਦਿਲ ਦੀ ਗੱਲ ਨਹੀਂ ਦੱਸਦਾ। ਤੈਨੂੰ ਕਿਵੇਂ ਦੱਸਾਂ ਕਿ ਮੈਂ ਖੇਤਾਂ ਵਿੱਚ ਬਹਿ ਕੇ ਦਾਦਾ ਜੀ ਨੂੰ ਯਾਦ ਕਰਦਾ ਹਾਂ। ਅੰਬਾਂ ਦੇ ਦਰੱਖਤ ਕਦੇ ਦਾਦਾ ਜੀ ਤੇ ਕਦੇ ਪਾਪਾ ਵਰਗੇ ਲੱਗਦੇ ਹਨ। ਉਹਨ੍ਹਾਂ ਦੀ ਛਾਵੇਂ ਮੰਜੇ 'ਤੇ ਬੈਠੇ ਦਾਦਾ ਜੀ ਤੇ ਲੰਮੇ ਪਏ ਪਾਪਾ ਅੱਜ ਵੀ ਮੈਗਜ਼ੀਨ ਪੜ੍ਹਦੇ ਦਿੱਸਦੇ ਹਨ।

ਪਰ ਜਦੋਂ ਉਥੇ ਜੈਲਦਾਰਾਂ ਨੂੰ ਤੁਰੇ-ਫਿਰਦੇ ਵੇਖਦਾ ਹਾਂ। ਜੀਅ ਕਰਦਾ ਉਹਨਾਂ ਦੇ ਟੁੱਕੜੇ ਕਰਕੇ ਅੰਬਾਂ ਦੁਆਲੇ ਖਿਲਾਰ ਦੇਵਾਂ। ਜਿਹੜੀਆਂ ਤੱਤੀਆਂ ਹਵਾਵਾਂ ਤੋਂ ਬਚਣ ਲਈ ਦਾਦਾ ਜੀ ਅੰਬਾਂ ਹੇਠ ਪਨਾਹ ਲੈਂਦੇ ਸੀ। ਉਹ ਹਵਾਵਾਂ ਸੀਨਾ ਚੀਰ ਮੇਰੇ ਅੰਦਰ ਵੜ ਗਈਆਂ ਹਨ। ਉਹਨਾਂ ਦਾ ਸੁਲਗਦੇ ਰਹਿਣਾ ਮੈਨੂੰ ਚੈਨ ਨਹੀਂ ਆਉਣ ਦਿੰਦਾ। ਉਹਨਾਂ ਦੀ ਹੋਂਦ ਦਾ ਅਹਿਸਾਸ ਮੇਰੇ ਨਾਲ ਰਹਿੰਦਾ ਹੈ।

ਸਟੋਰ ਦੀ ਕੰਧ ਨਾਲ ਖੜ੍ਹੇ ਰੰਗ-ਬਿਰੰਗੇ ਵਾਣ ਦੇ ਮੰਜਿਆਂ ਵਿਚੋਂ ਅੱਜ ਵੀ ਦਾਦੀ ਦੇ ਹੱਥਾਂ ਦੀ ਮਹਿਕ ਆਉਂਦੀ ਹੈ। ਪਾਪਾ ਦਾ ਮੰਜਿਆਂ ਦੀ ਪੈਂਦ ਕੱਸਣਾ ਅੱਜ ਵੀ ਯਾਦ ਹੈ। ਕਈ ਵਾਰ ਚੋਰੀ ਜਾ ਕੇ ਹੱਥ ਲਾ-ਲਾ ਵੇਖਦਾਂ। ਸ਼ਾਇਦ ਪਹਿਲਾਂ ਵਾਂਗ ਪਾਪਾ ਮੇਰਾ ਹੱਥ ਪਰ੍ਹੇ ਧੱਕਦੇ ਦਿਸ ਜਾਣ।

ਕਈ ਵਾਰ ਬਾਹਰਲੇ ਚੌਂਕੇ ਵਿੱਚ ਟੁੱਟਾ ਚੁੱਲ੍ਹਾ ਲਿੱਪਦੀ ਦਾਦੀ ਨਜ਼ਰ ਆਉਣ ਲੱਗਦੀ ਹੈ। ਉਸਦੇ ਹੱਥਾਂ ਨਾਲ ਲੱਗੀ ਗਿੱਲੀ ਮਿੱਟੀ ਦੀ ਖੁਸ਼ਬੂ ਮੇਰੇ ਅੰਦਰ ਫੈਲ ਜਾਂਦੀ ਹੈ। ਜੀਅ ਕਰਦਾ ਮਿੱਟੀ ਦੀ ਘਾਣੀ ਬਣਾ ਚੌਂਕਾ ਫਿਰ ਸੰਵਾਰ ਦੇਵਾਂ। ਅੱਖਾਂ ਵਿੱਚ ਆਉਂਦਾ ਪਾਣੀ ਚੋਰੀ-ਚੋਰੀ ਪੀ ਜਾਂਦਾ ਹਾਂ। ਪਾਪਾ ਨਾਲ ਫ਼ੋਟੋਆਂ ਵਿੱਚ ਨੇੜੇ ਹੋ ਕੇ ਬੈਠਣਾ ਮੇਰੇ ਅੰਦਰ ਪਿਆਰ ਦੀ ਝੁਨਝੁਨੀ ਛੇੜ ਦਿੰਦਾ ਹੈ। ਸਾਡੀਆਂ ਇਛਾਵਾਂ ਪੂਰੀਆਂ ਕਰਨ ਦੇ ਤਾਣੇ-ਬਾਣੇ ਬੁਣਦੇ ਉਹ ਆਪ ਹੀ ਖ਼ੁਰ ਗਏ।
ਹੁਣ ਤੂੰ ਹੀ ਦੱਸ ਇਹ ਗੱਲਾਂ ਮੈਂ ਕਿਸ ਨਾਲ ਸਾਂਝੀਆਂ ਕਰਾਂ। ਕੌਣ ਸੁਣੇਗਾ ਮੇਰੀ ਤੇ ਮੇਰੇ ਪੁਰਖਿਆਂ ਦੀ ਕਹਾਣੀ। ਜਦੋਂ ਕੁਝ ਨਹੀਂ ਕਰ ਸਕਦਾ ਤਾਂ ਜੈਲਦਾਰਾਂ ਨਾਲ ਟੱਕਰ ਲੈ ਕੇ ਲੜਨ-ਮਰਨ ਨੂੰ ਜੀਅ ਕਰਦਾ ਹੈ।
ਤੇਰਾ ਭਰਾ,
ਰਣਦੀਪ

ਵੀਰੇ ਦੀ ਚਿੱਠੀ ਯਾਦ ਕਰਦਿਆਂ ਉਸਨੂੰ ਮਿਲਨ ਲਈ ਦਿਲ ਕਾਹਲਾ ਪੈਣ ਲੱਗਾ ਹੈ। ਦਿਸ਼ਾ ਦੀ ਆਵਾਜ਼ ਨੇ ਮੇਰੀ ਚੇਤਨਾ ਮੋੜ ਲਿਆਂਦੀ ਹੈ
''ਆਂਟੀ! ਮਿਲ ਆਏ ਡਾਕਟਰ ਮਨਜੀਤ ਨੂੰ!!'' ਉਹ ਸਟੂਲ ਤੋਂ ਉੱਠਦੀ ਬੋਲੀ ਹੈ
''ਹਾਂ। ਅਸੀਂ ਕਦੇ ਇਕੱਠੀਆਂ ਪੜ੍ਹਦੀਆਂ ਸੀ।'' ਨਜ਼ਦੀਕ ਤੋਂ ਆਈ ਆਵਾਜ਼ ਸੁਣ ਕੇ ਹੈਰਾਨ ਹੋ ਗਈ ਹਾਂ

ਇਹ ਤਾਂ ਮਾਂ ਦੀ ਆਵਾਜ਼ ਹੈ। ਉਸ ਦੀ ਆਵਾਜ਼ ਕੰਨਾਂ ਵਿੱਚ ਪੈਂਦਿਆਂ ਹੀ ਉਸਦੇ ਗਲ ਲੱਗਣ ਲਈ ਤੜਫਨ ਲੱਗੀ ਹਾਂ। ਉਸਦੀ ਆਵਾਜ਼ ਵਿੱਚ ਪੜ੍ਹਾਈ ਛੁੱਟਣ ਦਾ ਦਰਦ ਮਹਿਸੂਸ ਹੋਣ ਲੱਗਾ ਹੈ। ਡਾਕਟਰ ਮਨਜੀਤ ਦੀ ਛਪੀ ਇੰਟਰਵਿਊ ਅੱਖਾਂ ਅੱਗੇ ਆ ਗਈ ਹੈ।

ਉਹ ਮੇਰੇ ਸਿਰ 'ਤੇ ਹੱਥ ਰੱਖਦੀ ਸਟੂਲ 'ਤੇ ਬੈਠ ਗਈ ਹੈ। ਮੇਰੇ ਵਾਲਾਂ ਵਿੱਚ ਪਿਆਰ ਨਾਲ ਹੱਥ ਫੇਰਦੀ ਹੋਈ ਬੋਲੀ ਹੈ, ''ਕਰਮ ਜਲਦੀ ਠੀਕ ਹੋ। ਮਨਜੀਤ ਕਹਿੰਦੀ ਤੈਨੂੰ ਕੋਈ ਬੀਮਾਰੀ ਨਹੀਂ। ਇਹ ਸਭ ਮਾਨਸਿਕ ਤਨਾਅ ਵਧਣ ਕਰਕੇ ਹੋਇਆ। ਮਾਨਸਿਕ ਕਮਜ਼ੋਰੀ ਹੌਲੀ-ਹੌਲੀ ਸਰੀਰਕ ਕਮਜ਼ੋਰੀ ਬਣ ਗਈ। ਇਸੇ ਕਰਕੇ ਤੂੰ ਤੁਰਨਾ-ਫਿਰਨਾ ਤੇ ਬੋਲਣਾ ਬੰਦ ਕਰ ਦਿੱਤਾ। ਜੇ ਤੇਰੇ ਅੰਦਰ ਉੱਠਣ ਦੀ ਇੱਛਾ ਤੇ ਹੌਂਸਲਾ ਪੈਦਾ ਹੋ ਜਾਵੇ ਤਾਂ ਤੂੰਂ ਬਹੁਤ ਜਲਦੀ ਠੀਕ ਹੋ ਕੇ ਘਰ ਜਾ ਸਕਦੀ ਏਂ....।''

ਉਸ ਨੇ ਭਰੇ ਗਲੇ ਨਾਲ ਮੇਰਾ ਮੱਥਾ ਚੁੰਮਿਆ ਹੈ। ਉਸ ਨੂੰ ਜੱਫ਼ੀ ਪਾ ਕੇ ਸਾਰੇ ਦਰਦ ਖਤਮ ਕਰਨ ਨੂੰ ਦਿਲ ਕਰਦਾ ਹੈ। ਉੱਠਣਾ ਚਾਹੁੰਦੀ ਹਾਂ। ਪਰ ਉੱਠ ਨਹੀਂ ਸਕੀ। ਮੈਨੂੰ ਉਸਦੇ ਅਧੂਰੇ ਸੁਪਨੇ ਯਾਦ ਆਉਣ ਲੱਗੇ ਹਨ। ਉਸਦੇ ਸੁਪਨਿਆਂ ਵਿੱਚ ਭਰਨ ਲਈ ਰੰਗ ਇਕੱਠੇ ਕਰਨ ਲੱਗੀ ਹਾਂ। ਇੱਕ ਰੰਗ ਚੁੱਕਦੀ ਹਾਂ। ਦੂਜਾ ਖਿੱਲਰ ਜਾਂਦਾ ਹੈ। ਦੂਸਰਾ ਇਕੱਠਾ ਕਰਦੀ ਹਾਂ। ਪਹਿਲਾ ਰੰਗ ਉੱਡ ਜਾਂਦਾ ਹੈ। ਮਾਂ ਦੀਆਂ ਅੱਖਾਂ ਵੱਲ ਵੇਖ ਰੰਗਾਂ ਪਿਛੇ ਦੌੜਨ ਲੱਗਦੀ ਹਾਂ। ਇਸੇ ਦੌੜ-ਭੱਜ ਵਿੱਚ ਗੂੜੀ ਨੀਂਦ ਸੌਂ ਗਈ ਹਾਂ।

ਨੀਂਦ ਵਿਚ ਮੈਨੂੰ ਖੋਖਲੀਆਂ ਇੱਟਾਂ ਦਾ ਬਣਿਆ ਪੁਰਾਣਾ ਕਮਰਾ ਦਿੱਸਣ ਲੱਗਾ ਹੈ। ਕੰਧਾਂ ਵਿਚੋਂ ਭੁਰ-ਭੁਰ ਕੇ ਸਾਰੀ ਮਿੱਟੀ ਬਾਹਰ ਨਿਕਲੀ ਹੋਈ ਹੈ। ਅਚਾਨਕ ਕਮਰੇ ਦੀ ਛੱਤ ਡਿੱਗਣ ਲੱਗੀ ਹੈ। ਮੈਂ ਕਦੇ ਮੰਜੇ 'ਤੇ ਬੈਠੀ ਮਾਂ ਤੇ ਕਦੇ ਵੀਰੇ ਨੂੰ ਕਦੇ ਘਰ ਦੇ ਸਮਾਨ ਵੱਲ ਵੇਖ ਰਹੀ ਹਾਂ। ਸਾਹਮਣੇ ਖਾਲੀ ਕਮਰਾ ਵਿਖਾਈ ਦੇ ਰਿਹਾ ਹੈ। ਸਭ ਨੂੰ ਵਾਰੀ-ਵਾਰੀ ਬਚਾਅ ਕੇ ਉਥੇ ਲਿਜਾਣ ਲੱਗੀ ਹਾਂ। ਵੀਰੇ ਨੂੰ ਬਚਾਉਂਦੀ ਹਾਂ ਤਾਂ ਮਾਂ ਰਹਿ ਜਾਂਦੀ ਹੈ। ਮਾਂ ਨੂੰ ਬਚਾਉਂਦੀ ਹਾਂ ਤਾਂ ਸਮਾਨ ਰਹਿ ਜਾਂਦਾ ਹੈ। ਸਮਾਨ ਸੰਭਾਲਦੀ ਮੈਂ ਉਥੇ ਹੀ ਫਸ ਜਾਂਦੀ ਹਾਂ। ਮਾਂ ਤੇ ਵੀਰਾ ਸਾਹਮਣੇ ਦਿਸ ਰਹੇ ਹਨ। ਉਹਨਾਂ ਨੂੰ ਮਿਲਣਾ ਚਾਹੁੰਦੀ ਹਾਂ। ਪਰ ਬਿਨ੍ਹਾਂ ਚਿਹਰੇ ਤੋਂ ਦਿਸਦੀਆਂ ਦੋ ਅੱਖਾਂ ਮੈਨੂੰ ਘੂਰ ਰਹੀਆਂ ਹਨ। ਉਹਨਾਂ ਨਾਲ ਮਿਲਣ ਤੋਂ ਰੋਕ ਰਹੀਆਂ ਹਨ। ਡਰ ਨਾਲ ਮੇਰਾ ਸਰੀਰ ਕੰਬਣ ਲੱਗਾ ਹੈ।
ਮੈਨੂੰ ਕੰਬਦੀ ਵੇਖ ਮਾਂ ਘਬਰਾ ਗਈ ਹੈ। ਉਹ ਡਾਕਟਰ ਕਾਫ਼ਿਰ ਨੂੰ ਬੁਲਾਉਣ ਲਈ ਦੌੜ ਪਈ ਹੈ....।

ਕਾਂਡ-17

ਡਾਕਟਰ ਕਾਫ਼ਿਰ ਹੱਥ ਵਿੱਚ ਫੜੀ ਕਿਤਾਬ ਦਾ ਮੁੜਿਆ ਪੰਨਾ ਪੜ੍ਹ ਕੇ ਮਾਂ ਨੂੰ ਸੁਣਾ ਰਿਹਾ ਹੈ, ''ਸਾਡੇ ਅਚੇਤ ਮਨ ਵਿੱਚ ਬਹੁਤ ਸਾਰੀਆਂ ਇਛਾਵਾਂ ਸੁੱਤੀਆਂ ਹੁੰਦੀਆਂ ਹਨ। ਜੋ ਜਗਾਈਆਂ ਜਾ ਸਕਦੀਆਂ ਹਨ। ਜੇ ਇਹਨਾਂ ਨੂੰ ਦਬਾਅ ਦਿੱਤਾ ਜਾਵੇ ਤਾਂ ਮਾਨਸਿਕ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਇਹਨਾਂ ਦਾ ਮਰਨਾ ਮਨੁੱਖ ਦੇ ਅੰਦਰੂਨੀ ਮਨ ਨੂੰ ਸੱਟ ਮਾਰਦਾ ਹੈ।'' ''ਡਾਕਟਰ ਸਾਹਿਬ ਮੇਰੇ ਤੋਂ ਇਸਦੀ ਹਾਲਤ ਵੇਖੀ ਨਹੀਂ ਜਾਂਦੀ। ਸੁਪਨਿਆਂ ਪਿੱਛੇ ਭੱਜਣ ਵਾਲੀ ਕਿਵੇਂ ਹਾਰ ਕੇ ਨਿਢਾਲ ਪਈ ਏ। ਕਿਸਮਤ ਬੰਦੇ ਨੂੰ ਕਿੱਥੋਂ ਕਿੱਥੇ ਲਿਆ ਕੇ ਖੜ੍ਹਾ ਕਰ ਦਿੰਦੀ ਐ।'' ਮੇਰੀ ਚਿੰਤਾ ਕਰ ਰਹੀ ਮਾਂ ਪੁੱਛਦੀ ਹੈ
''ਆਂਟੀ! ਬੰਦਾ ਆਪਣੀ ਕਿਸਮਤ ਆਪ ਘੜਦਾ।'' ਦਿਸ਼ਾ ਨੇ ਜਵਾਬ ਦਿੱਤਾ ਹੈ
''ਬਿਲਕੁੱਲ ਠੀਕ! ਨੱਚਣ ਨੂੰ ਮਨ ਮੇਰਾ ਹੈ। ਮੇਰਾ ਨਾਚ ਕੋਈ ਕਿਵੇਂ ਨੱਚ ਸਕੇਗਾ।'' ਡਾਕਟਰ ਕਾਫ਼ਿਰ ਨੇ ਦਿਸ਼ਾ ਨਾਲ ਸਹਿਮਤ ਹੁੰਦਿਆਂ ਕਿਹਾ ਹੈ

ਉਹਨਾਂ ਦੀਆਂ ਗੱਲਾਂ ਸੁਣ ਸਰੀਰ ਅੰਦਰ ਝਰਨਾਹਟ ਹੋਈ ਹੈ। ਮੈਨੂੰ ਘੁੰਮਣਾਂ ਦੀ ਮਾਈ ਦਾ ਚਿਹਰਾ ਯਾਦ ਆ ਰਿਹਾ। ਉਸਦੀ ਆਵਾਜ਼ ਕੰਨਾਂ ਵਿੱਚ ਪਈ ਹੈ, ''ਸਾਡੇ ਅੰਦਰ ਕੋਈ ਨਾ ਕੋਈ ਖੂਬੀ ਲੁਕੀ ਹੁੰਦੀ ਹੈ। ਉਸ ਨੂੰ ਜੀਵਨ ਦਾ ਉਦੇਸ਼ ਸਮਝ ਮੰਜ਼ਿਲ ਵੱਲ ਤੁਰ ਪੈੈਣਾ ਚਾਹੀਦਾ। ਸਾਡੀ ਅੰਦਰੂਨੀ ਤਾਕਤ ਸਾਥ ਦੇਣ ਲੱਗਦੀ ਹੈ। ਫਿਰ ਉਹੀ ਹੁੰਦਾ ਜੋ ਅਸੀਂ ਚਾਹੁੰਦੇ ਹਾਂ।''

ਦਿਸ਼ਾ ਮਾਂ ਨੂੰ ਦਵਾਈ ਲਿਆਉਣ ਭੇਜ ਰਹੀ ਹੈ। ਡਾਕਟਰ ਕਾਫ਼ਿਰ ਮੇਰੇ ਨਜ਼ਦੀਕ ਖੜ੍ਹਾ ਦਿਸ਼ਾ ਨਾਲ ਗੱਲਾਂ ਕਰ ਰਿਹਾ ਹੈ, ''ਸਿਸਟਰ ਮੈਂ ਇਸ ਨੂੰ ਪਹਿਲਾਂ ਤੋਂ ਜਾਣਦਾ ਹਾਂ। ਇਕ ਕਿਤਾਬ ਦੇ ਲੋਕ ਅਰਪਣ ਵਿੱਚ ਵੇਖਿਆ ਸੀ। ਮੈਂ ਕੋਈ ਸਾਹਿਤ ਪ੍ਰੇਮੀ ਨਹੀਂ। ਕੁਝ ਦੋਸਤਾਂ ਨਾਲ ਉਥੇ ਗਿਆ ਸੀ। ਉਥੋਂ ਕਦੇ ਨਾ ਭੁੱਲਣ ਵਾਲੀ ਯਾਦ ਨਾਲ ਲੈ ਆਇਆ। ਜਦੋਂ ਵੀ ਇਕੱਲਾ ਬੈਠਦਾ, ਇਸ ਦਾ ਚਿਹਰਾ ਸਾਹਮਣੇ ਆ ਜਾਂਦਾ। ਪਰ ਦੁਬਾਰਾ ਮਿਲਨ ਦਾ ਮੌਕਾ ਨਾ ਮਿਲਿਆ। ਸਮਾਂ ਬੀਤਣ ਨਾਲ ਇਸਦੀ ਯਾਦ ਜ਼ਿਹਨ ਵਿੱਚ ਕਿੱਧਰੇ ਦੱਬ ਗਈ।''

''ਡਾਕਟਰ ਸਾਹਿਬ! ਮੈਂ ਦੋ ਦਿਨ ਤੋਂ ਇਸਨੂੰ ਵੇਖ ਰਿਹਾਂ। ਬੜੀ ਖੁਸ਼ੀ ਤੇ ਹੈਰਾਨੀ ਹੁੰਦੀ ਕਿਉਂਕਿ ਇਹ ਲੜਕੀ ਬੀਮਾਰ ਨਹੀਂ ਐ। ਇਸ ਦੀਆਂ ਅੱਖਾਂ ਵਿੱਚ ਸੁਪਨੇ ਤੈਰਦੇ ਦਿੱਸਦੇ ਨੇ। ਅੱਖਾਂ ਵਿੱਚਲੀ ਚਮਕ ਸੁਪਨਿਆਂ ਨੂੰ ਪੂਰੇ ਕਰਨ ਵਾਲੀ ਏ।'' ਉਹੀ ਅਨਜਾਣੀ ਆਵਾਜ਼ ਡਾਕਟਰ ਕਾਫ਼ਿਰ ਨੂੰ ਮੇਰੇ ਬਾਰੇ ਦੱਸ ਰਹੀ ਹੈ

''ਤੁਸੀਂ ਠੀਕ ਕਹਿ ਰਹੇ ਓ। ਜਦੋਂ ਡਾਕਟਰ ਮਨਜੀਤ ਇਸ ਨੂੰ ਲੈ ਕੇ ਆਏ ਸੀ। ਇਸ ਦੀਆਂ ਅੱਖਾਂ ਬੰਦ ਰਹਿੰਦੀਆਂ ਸਨ। ਹੁਣ ਲੰਬੇ ਸਮੇਂ ਤੱਕ ਅੱਖਾਂ ਖੋਹਲ ਕੇ ਵੇਖਦੀ ਰਹਿੰਦੀ ਹੈ। ਹਾਲਤ ਵਿੱਚ ਕਾਫ਼ੀ ਸੁਧਾਰ ਹੈ। ਇਸ ਅੰਦਰ ਜਿਉਣ ਦੀ ਇੱਛਾ ਜਨਮ ਲੈ ਰਹੀ। ਘਰੇਲੂ ਮਾਹੌਲ ਨਾਲ ਜੋੜੀ ਰੱਖਣ ਕਾਰਨ ਇਸ ਉੱਪਰ ਸਾਰੀਆਂ ਗੱਲਾਂ ਦਾ ਅਸਰ ਹੋ ਰਿਹਾ।'' ਡਾਕਟਰ ਕਾਫ਼ਿਰ ਉਸ ਆਵਾਜ਼ ਨਾਲ ਗੱਲਾਂ ਕਰ ਰਿਹਾ ਹੈ

ਮਾਂ ਦਵਾਈ ਲੈ ਕੇ ਵਾਪਿਸ ਆ ਗਈ ਹੈ। ਡਾਕਟਰ ਕਾਫ਼ਿਰ ਦੂਜੇ ਮਰੀਜ਼ਾਂ ਨੂੰ ਵੇਖਣ ਅੱਗੇ ਲੰਘ ਗਿਆ ਹੈ। ਦਿਸ਼ਾ ਮਾਂ ਨੂੰ ਦਵਾਈ ਸਮਝਾ ਕੇ ਡਾਕਟਰ ਕਾਫ਼ਿਰ ਕੋਲ ਜਾ ਖੜ੍ਹੀ ਹੈ। ਅਨਜਾਣੀ ਆਵਾਜ਼ ਮਾਂ ਕੋਲ ਖੜ੍ਹੀ ਬੋਲੀ ਹੈ, ''ਮੈਂ ਘਰ ਜਾ ਰਿਹਾਂ। ਰੱਬ ਕਰੇ! ਇਹ ਜਲਦੀ ਠੀਕ ਹੋਵੇ। ਤੁਸੀਂ ਵੀ ਘਰ ਜਾਉਂ। ਫਿਕਰ ਨਾ ਕਰੋ। ਇਹ ਬੜੀ ਹਿੰਮਤ ਵਾਲੀ ਕੁੜੀ ਐ। ਇਸ ਨੇ ਅਜੇ ਬਹੁਤ ਸਾਰੇ ਕੰਮ ਕਰਨੇ ਨੇ।'' ਉਸਦੀ ਗੱਲ ਸੁਣ ਮੇਰੇ ਅੰਦਰ ਉਨੀਂਦੀਆਂ ਅੱਖਾਂ ਦੇ ਸਾਰੇ ਸੁਪਨੇ ਪੂਰੇ ਕਰਨ ਦੀ ਇੱਛਾ ਪੈਦਾ ਹੋਣ ਲੱਗੀ ਹੈ।
''ਕਰਮ। ਇਹ ਐਡਵੋਕੇਟ ਧਰਮ ਏ। ਸ਼ਹਿਰ ਦਾ ਮਸ਼ਹੂਰ ਵਕੀਲ। ਤੂੰ ਜਲਦੀ ਠੀਕ ਹੋ। ਇਹ ਤੈਨੂੰ ਆਪਣੇ ਨਾਲ ਰੱਖ ਕੇ ਕੰਮ ਸਿਖਾਉਣਗੇ।'' ਮਾਂ ਮੈਨੂੰ ਉਸ ਆਵਾਜ਼ ਨਾਲ ਮਿਲਾਉਂਦੀ ਹੋਈ ਬੋਲੀ ਹੈ

ਐਡਵੋਕੇਟ ਸ਼ਬਦ ਸੁਣਕੇ ਮੇਰਾ ਧਿਆਨ ਅਮਨ ਵੱਲ ਚਲਾ ਗਿਆ। ਉਸ ਵੱਲੋਂ ਸੌਂਪੀਆਂ ਜਿੰਮੇਵਾਰੀਆਂ ਯਾਦ ਆਈਆਂ ਹਨ। ਮੈਂ ਹੱਥ ਪੈਰ ਹਿਲਾਉਣ ਦੀ ਕੋਸ਼ਿਸ਼ ਕਰ ਰਹੀ ਹਾਂ। ਕੁਝ ਸੋਚ ਕੇ ਮੁਸਕਰਾਈ ਹਾਂ, ''ਜ਼ਿੰਦਗੀ ਵਿੱਚ ਇੱਕ ਅਮਨ ਤਾਂ ਹੋਣਾ ਜਰੂਰੀ ਹੈ।''

ਮੈਨੂੰ ਸੁਪਨਿਆਂ ਵਾਲੀ ਰਮਜ਼ ਯਾਦ ਆ ਗਈ ਹੈ। ਮੈਂ ਸੁਪਨਿਆਂ ਨਾਲ ਤੁਰਨ ਲੱਗੀ ਹਾਂ। ਰੇਲਵੇ ਪਲੇਟਫਾਰਮ। ਪਲੇਟ ਫਾਰਮ 'ਤੇ ਲੋਕਾਂ ਦੀ ਭੀੜ। ਦੂਰੋਂ ਆਉਂਦੀ ਗੱਡੀ ਰੁਕੀ ਹੈ। ਸਾਰੇ ਡੱਬੇ ਖਚਾ-ਖਚ ਭਰੇ ਹਨ। ਦੋ ਬੱਚੇ ਅਸਮਾਨੀ ਰੰਗ ਦੇ ਵਸਤਰ ਪਹਿਨੇ। ਸਿਰ ਤੋਂ ਗੰਜੇ। ਇਕੱਠੇ ਖਾਲੀ ਡੱਬੇ ਵਿੱਚ ਸਵਾਰ ਹੋ ਰਹੇ ਹਨ। ਖਿੜਕੀ ਕੋਲ ਆਹਮੋ-ਸਾਹਮਣੇ ਬੈਠੇ ਹਨ। ਬੈਠਦਿਆਂ ਹੀ ਇਕ ਮਰੀਅਮ ਤੇ ਇਕ ਬਾਲ ਗੋਪਾਲ ਬਣ ਗਿਆ। ਦੋਵੇਂ ਇੱਕ ਦੂਜੇ ਦੇ ਹੱਥ ਫੜ ਕੇ ਮੁਸਕਰਾ ਰਹੇ ਹਨ। ਗੱਡੀ ਰੁਕੀ ਹੋਈ ਹੈ।
ਮੇਰੇ ਅੰਦਰ ਪਿਆਰ ਦੀ ਪਵਿੱਤਰ ਮੰਗ ਉੱਠੀ ਹੈ। ਬੇ-ਸਮਝ ਬਚਪਨ ਵਰਗਾ ਪਿਆਰ। ਜਿਸ ਦੀ ਠੰਡੀ ਛਾਂ ਮਾਂ ਵਰਗੀ ਹੋਵੇ। ਜਿਥੇ ਸਾਰੇ ਗਿਲੇ-ਸ਼ਿਕਵੇ ਇੱਕ ਨਜ਼ਰ ਵਿੱਚ ਭੁੱਲ ਜਾਣ। ਇਕ ਤੱਕਣੀ ਪਿਆਰ ਹੀ ਪਿਆਰ ਫੈਲਾ ਦੇਵੇ।

ਡਾਕਟਰ ਕਾਫ਼ਿਰ ਨੂੰ ਨਜ਼ਦੀਕ ਖੜ੍ਹੇ ਮਹਿਸੂਸ ਕਰ ਸੋਚਾਂ ਟੁੱਟੀਆਂ ਹਨ। ਉਹ ਆਪਣੇ-ਆਪ ਨਾਲ ਗੱਲਾਂ ਕਰ ਰਿਹਾ ਹੈ, ''ਕਰਮ ਮੈਨੂੰ ਲੱਗਦਾ ਤੇਰਾ ਤੇ ਮੇਰਾ ਕੋਈ ਪੁਰਾਣਾ ਰਿਸ਼ਤਾ ਏ। ਮਿਲ ਕੇ ਕਈ ਮਹੀਨੇ ਯਾਦਾਂ ਵਿੱਚ ਗੁਜਾਰ ਦੇਣੇ। ਅਚਾਨਕ ਦੁਬਾਰਾ ਮਿਲ ਜਾਣਾ। ਇਹ ਕੋਈ ਸਬੱਬ ਨਹੀਂ। ਮੇਰੇ ਅੰਦਰਲੀ ਖਿੱਚ ਹੀ ਤੈਨੂੰ ਮੇਰੇ ਕੋਲ ਲੈ ਆਈ ਹੈ।''

ਦਿਸ਼ਾ ਦੇ ਆਉਣ ਕਾਰਨ ਉਹ ਚੁੱਪ ਹੋ ਗਿਆ ਹੈ। ਮੈਂ ਉਸਦਾ ਚਿਹਰਾ ਵੇਖਣ ਲਈ ਅੱਖਾਂ 'ਤੇ ਜ਼ੋਰ ਪਾਇਆ। ਪਰ ਅੱਖਾਂ ਬੰਦ ਹੋ ਗਈਆਂ ਹਨ। ਲੰਬੀ ਬੇਚੈਨੀ ਤੋਂ ਬਾਅਦ ਟਿਕਾਅ ਆਇਆ ਹੈ। ਮਾਂ ਬੰਦ ਅੱਖਾਂ ਵੇਖ ਡਰ ਗਈ ਹੈ। ਉਹ ਦਿਸ਼ਾ ਨੂੰ ਆਵਾਜ਼ਾਂ ਮਾਰ ਰਹੀ ਹੈ। ਡਾਕਟਰ ਕਾਫ਼ਿਰ ਚੈੱਕ ਕਰਦਾ ਬੋਲਿਆ ਹੈ, ''ਘਬਰਾਉ ਨਾ। ਇਹ ਇਸਦੇ ਠੀਕ ਹੋਣ ਦੀਆਂ ਨਿਸ਼ਾਨੀਆਂ ਨੇ।''

ਮਾਂ ਨੂੰ ਤਸੱਲੀ ਨਹੀਂ ਹੋਈ। ਉਹ ਅਰਦਾਸਾਂ ਕਰ ਰਹੀ ਹੈ। ਮੈਂ ਅੱਖਾਂ ਬੰਦ ਕਰ ਸੁਪਨਿਆਂ ਦੀ ਧਰਤੀ 'ਤੇ ਉਤਰਦੀ ਜਾ ਰਹੀ ਹਾਂ! ਬਹੁਤ ਲੰਬਾ ਰਸਤਾ ਹੈ। ਰਾਹ ਵਿੱਚ ਲੰਗਰ ਚੱਲ ਰਿਹਾ ਹੈ। ਸਾਧ ਫਕੀਰ ਮਿਲ ਬੈਠ ਲੰਗਰ ਛਕ ਰਹੇ ਹਨ। ਮੈਂ ਦੂਰ ਬੈਠੀ ਵੇਖ ਰਹੀ ਹਾਂ। ਮਨ ਵਿੱਚ ਖਿਆਲ ਆਇਆ ਹੈ। ਸਾਧ ਵੱਡਾ ਕਿ ਫਕੀਰ। ਬਿਨ੍ਹਾਂ ਜਵਾਬ ਉਡੀਕਿਆਂ ਅੱਗੇ ਤੁਰ ਪਈ ਹਾਂ। ਰਸਤੇ ਵਿੱਚ ਤਿੱਖੇ ਕੰਡੇ, ਕੰਕਰ, ਪੱਥਰ ਖਿੱਲਰੇ ਪਏ ਹਨ। ਸਾਧ ਪਾਸੇ ਹੋ ਨੀਵੀਂ ਪਾਈਂ ਖੜ੍ਹਾ ਹੈ। ਫਕੀਰ ਰਸਤੇ ਵਿਚੋਂ ਕੰਕਰ ਚੁਗਣ ਲੱਗਾ ਹੈ। ਮੈਂ ਫੈਸਲਾ ਕਰਨ ਦੀ ਕੋਸ਼ਿਸ਼ ਕਰਦੀ ਹਾਂ।
ਦੂਰੋਂ ਇਕ ਆਵਾਜ਼ ਆਉਂਦੀ ਹੈ.....!!
''ਕਰਮ ਵੇਖ ਤੇਰੀ ਆਂਟੀ ਮਨਜੀਤ ਤੈਨੂੰ ਮਿਲਣ ਆਈ ਐ।'' ਮਾਂ ਦੀ ਆਵਾਜ਼ ਸੁਣ ਸੁਪਨਾ ਟੁੱਟ ਗਿਆ ਹੈ

ਮੈਂ ਫੈਸਲਾ ਕਰਨ ਵਾਲੀ ਆਵਾਜ਼ ਸੁਨਣ ਦੀ ਕੋਸ਼ਿਸ਼ ਕਰ ਰਹੀ ਹਾਂ। ਪਰ ਮੈਨੂੰ ਮਾਂ ਤੇ ਆਂਟੀ ਦੀਆਂ ਗੱਲਾਂ ਸੁਣਾਈ ਦੇਣ ਲੱਗੀਆਂ ਹਨ, 'ਜੱਸ ਸਭ ਦੀ ਜ਼ਿੰਦਗੀ ਵਿੱਚ ਉਤਰਾਅ-ਚੜਾਅ ਆਉਂਦੇ ਨੇ। ਤੈਨੂੰ ਦੁੱਖ ਹੈ ਕਿ ਤੂੰ ਪੜ੍ਹਾਈ ਛੱਡ ਦਿੱਤੀ ਤਾਂ ਇਹ ਸਭ ਵਾਪਰਿਆ। ਮੈਂ ਤਾਂ ਡਾਕਟਰ ਬਣ ਚੁੱਕੀ ਸੀ। ਪ੍ਰੈਕਟਿਸ ਕਰ ਰਹੀ ਸੀ। ਮੇਰੇ ਸੁਪਨਿਆਂ ਨੇ ਵੀ ਆਖਰੀ ਸਾਹ ਲੈਣ ਦਾ ਦਰਦ ਹੰਢਾਇਆ ਏ।''

ਮਾਂ ਬਿਨ੍ਹਾਂ ਹੁੰਗਾਰਾ ਦਿੱਤੇ ਉਸਦੀਆਂ ਗੱਲਾਂ ਸੁਣ ਰਹੀ ਹੈ। ਉਸ ਲਈ ਫੈਸਲਾ ਕਰਨਾ ਔਖਾ ਹੋ ਰਿਹਾ ਕਿ ਉਨੀਂਦੀ ਅੱਖ ਦੇ ਸੁਪਨੇ ਦਾ ਕਾਰਨ ਕੀ ਹੁੰਦਾ ? ਮਨਜੀਤ ਆਂਟੀ ਆਪ ਬੀਤੀ ਸੁਣਾ ਰਹੀ ਹੈ, ''ਜੱਸ ਮੇਰੇ ਮਾਂ-ਪਿਉ ਨੇ ਮੇਰੀ ਸ਼ਾਦੀ ਬਹੁਤ ਵੱਡੇ ਬਿਜਨੈੱਸਮੈਨ ਨਾਲ ਕੀਤੀ। ਜਿਥੇ ਦੁਨੀਆਂ ਦੀ ਹਰ ਚੀਜ਼ ਖਰੀਦੀ ਜਾ ਸਕਦੀ ਏ। ਪਰ ਉਥੇ ਮੇਰੇ ਸੁਪਨਿਆਂ ਨੂੰ ਦਮ ਤੋੜਨਾ ਪਿਆ। ਮੈਨੂੰ ਪਰਿਵਾਰ ਨਾਲ ਕੋਈ ਸ਼ਿਕਵਾ ਨਹੀਂ। ਪਰ ਸੁਪਨਿਆਂ ਦੀ ਆਪਣੀ ਕੀਮਤ ਹੁੰਦੀ ਏ। ਪਹਿਲਾਂ ਪਤਨੀ ਦੇ ਫਰਜ਼ ਨਿਭਾਉਣ ਲਈ। ਫਿਰ ਬੱਚਿਆਂ ਦੀ ਦੇਖਭਾਲ ਦੇ ਬਹਾਨੇ ਮੈਨੂੰ ਪ੍ਰੈਕਟਿਸ ਤੋਂ ਮਨ੍ਹਾਂ ਕੀਤਾ ਜਾਂਦਾ ਰਿਹਾ।''

ਕੁਝ ਦੇਰ ਚੁੱਪ ਰਹਿ ਉਹ ਫਿਰ ਬੋਲੀ ਹੈ, ''ਮੇਰਾ ਮਰੀਜ਼ਾਂ ਦੀ ਸੇਵਾ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। ਮੈਨੂੰ ਲੱਗਦਾ ਇਸ ਵਿੱਚ ਮੇਰੀ ਵੀ ਗਲਤੀ ਐ। ਮੈਂ ਆਪਣਾ ਸੁਪਨਾ ਕਦੇ ਕਿਸੇ ਨੂੰ ਦੱਸਿਆ ਹੀ ਨਹੀਂ ਸੀ। ਜਾਂ ਫਿਰ ਦੱਸਿਆ ਹੋਣਾ ਕਿਸੇ ਨੇ ਸੁਣਿਆ ਨਹੀਂ। ਫਿਰ ਮੇਰੀ ਸੱਸ ਨੇ ਦੁਨੀਆਂ ਦੀਆਂ ਸੱਸਾਂ ਤੋਂ ਉਲਟ ਸਮਾਜਿਕ ਬੰਦਿਸ਼ਾਂ ਨਾਲ ਲੜਾਈ ਲੜੀ।''

ਆਂਟੀ ਦੀ ਆਵਾਜ਼ ਵਿੱਚਲਾ ਆਤਮ-ਵਿਸ਼ਵਾਸ਼ ਮੈਨੂੰ ਮਹਿਸੂਸ ਹੋਣ ਲੱਗਾ ਹੈ, ''ਉਸਨੇ ਮੇਰੇ ਹਸਬੈਂਡ ਅਤੇ ਸਮਾਜ ਤੋਂ ਕੁਝ ਸਵਾਲਾਂ ਦੇ ਜਵਾਬ ਮੰਗੇ। ਘਰ ਗ੍ਰਹਿਸਥੀ ਸੰਭਾਲਣ ਲਈ ਔਰਤ ਹੀ ਤਿਆਗ ਕਿਉਂ ਕਰੇ ? ਜਿੰਮੇਂਵਾਰੀਆਂ ਦੀ ਆੜ ਵਿੱਚ ਉਸ ਦੇ ਸੁਪਨੇ ਢਹਿ-ਢੇਰੀ ਕਿਉਂ ਹੋਣ? ਪਤੀ ਦਾ ਸੁਪਨਾ ਪਤਨੀ ਦੇ ਸੁਪਨੇ ਦੀ ਲਾਸ਼ ਉਤੇ ਕਿਵੇਂ ਉੱਸਰ ਸਕਦਾ? ਕਿਸੇ ਕੋਲ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਸੀ। ਅੱਜ ਆਪਣੀ ਸੱਸ ਦੀ ਮੱਦਦ ਨਾਲ ਮੈਂ ਡਾਕਟਰੀ ਖੇਤਰ ਵਿੱਚ ਨਾਂ ਕਮਾ ਸਕੀ ਆਂ।''

ਆਂਟੀ ਦੀ ਗੱਲ ਸੁਣਦਿਆਂ ਮੈਨੂੰ ਰਾਮ-ਕਥਾ ਯਾਦ ਆ ਰਹੀ ਹੈ। ਰਾਮ ਨੇ ਸਮਾਜ ਦੇ ਕਹਿਣ 'ਤੇ ਸੀਤਾ ਦਾ ਤਿਆਗ ਕਰ ਦਿੱਤਾ। ਸੀਤਾ ਨੇ ਕਸ਼ਟ ਝੱਲ ਕੇ ਸਾਰੇ ਫਰਜ਼ ਨਿਭਾਏ। ਲਵ--ਕੁਛ ਨੂੰ ਜਨਮ ਦਿੱਤਾ। ਉਹਨਾਂ ਨੂੰ ਰਘੂਨੰਦਨ ਦੇ ਸਪੁਰਦ ਕੀਤਾ। ਫਿਰ ਅਧੂਰੇ ਸੁਪਨਿਆਂ ਨਾਲ ਧਰਤੀ ਮਾਂ ਦੀ ਗੋਦ ਵਿੱਚ ਸਮਾਂ ਗਈ। ਆਖਿਰ ਕਿਉਂ....?
''ਮੈਡਮ ਤੁਹਾਨੂੰ ਡਾਕਟਰ ਕਾਫ਼ਿਰ ਬੁਲਾ ਰਹੇ ਨੇ।'' ਇਕ ਆਵਾਜ਼ ਸੁਣਾਈ ਦਿੱਤੀ ਹੈ
ਮਨਜੀਤ ਆਂਟੀ ਨੇ ਮੇਰੇ ਸਿਰ 'ਤੇ ਹੱਥ ਰੱਖਿਆ। ਮੈਨੂੰ ਵੀਰੇ ਦਾ ਹੱਥ ਯਾਦ ਆਇਆ ਹੈ। ਮੈਂ ਉਸਦਾ ਵਿਸ਼ਵਾਸ਼ ਹਾਂ। ਮਾਂ ਦੀ ਹਿੰਮਤ ਹਾਂ। ਨਾਨੀ ਦੀ ਦਲੇਰ ਧੀ। ਮੈਂ ਇਹ ਸਭ ਕਿਵੇਂ ਭੁਲ ਸਕਦੀ ਹਾਂ। ਮੇਰੇ ਅੰਦਰ ਜਿਉਣ ਦੀ ਤਰੰਗ ਉੱਠੀ ਹੈ। ਮੈਂ ਸਭ ਨੂੰ ਵੇਖਣ ਲਈ ਉਤਾਵਲੀ ਹੋਣ ਲੱਗੀ ਹਾਂ।
ਫ਼ੋਨ ਦੀ ਰਿੰਗ ਵੱਜੀ ਹੈ। ਮਾਂ ਮੇਰੇ ਤੋਂ ਦੂਰ ਹੋ ਗੱਲ ਕਰਨ ਲੱਗੀ ਹੈ, ''ਹਾਂਜੀ ਬਾਬਾ ਜੀ। ਸਾਰਾ ਪ੍ਰਬੰਧ ਹੋ ਗਿਆ। ਹਾਂ-ਹਾਂ। ਦੋਵੇਂ ਉਸੇ ਨਾਂ ਦੇ ਹਨ। ਮੈਨੂੰ ਮੱਸਿਆ ਦਾ ਗ੍ਰਹਿਣ ਯਾਦ ਐ। ਪੁਰਾਣੇ ਮੰਦਿਰ ਲੈ ਕੇ ਪਹੁੰਚ ਜਾਵਾਂਗੀ। ਨਹੀਂ-ਨਹੀਂ ਕਿਸੇ ਨੂੰ ਪਤਾ ਨਹੀਂ ਲੱਗਦਾ। ਬੱਸ ਮੇਰੇ ਬੱਚਿਆਂ 'ਤੇ ਮਿਹਰ ਕਰਨੀ।''
ਉਹ ਫ਼ੋਨ ਸੁਣਦੀ ਹੋਰ ਦੂਰ ਹੋ ਗਈ ਹੈ। ਉਸਦੀ ਗੱਲ ਸਮਝ ਨਹੀਂ ਆ ਰਹੀ। ਮੇਰੇ ਅੰਦਰ ਡਰ ਪੈਦਾ ਹੋਣ ਲੱਗਾ ਹੈ। ਉਸਦਾ ਪੰਡਿਤ ਕੋਲ ਜਾਣਾ ਯਾਦ ਆ ਰਿਹਾ ਹੈ, ''ਕਿਤੇ ਪੰਡਿਤ ਨੇ ਕਿਸੇ ਗਲਤ ਰਾਹ ਨਾ ਪਾ ਦਿੱਤਾ ਹੋਵੇ।''
ਮੈਨੂੰ ਸ਼ੱਕ ਹੋ ਰਿਹਾ ਹੈ। ਉਸ ਨੇ ਫ਼ੋਨ ਬੰਦ ਕਰ ਮੇਰੇ ਸਿਰ 'ਤੇ ਹੱਥ ਰੱਖਿਆ। ਮੈਂ ਕੁਝ ਪੁੱਛਣਾ ਚਾਹੁੰਦੀ ਹਾਂ। ਮੈਨੂੰ ਆਪਣੀ ਬੇਬਸੀ 'ਤੇ ਗੁੱਸਾ ਆ ਰਿਹਾ। ਉਹ ਸਿਰ ਤੋਂ ਹੱਥ ਚੁੱਕਦਿਆਂ ਬੋਲੀ ਹੈ, ''ਪੁੱਤ ਮੈਂ ਅੱਜ ਰਾਤ ਘਰ ਜਾਣਾ। ਆਪਣਾ ਧਿਆਨ ਰੱਖੀਂ।''

ਇੱਕ ਰਹੱਸ ਜਿਹਾ ਸਿਰਜ ਉਹ ਜਾ ਰਹੀ ਹੈ। ਮੈਂ ਉਸਦੇ ਪਿੱਛੇ ਜਾਣ ਲਈ ਛਟਪਟਾਉਣ ਲੱਗੀ ਹਾਂ। ਮੇਰੇ ਅੰਦਰ ਚੱਲ ਰਿਹਾ ਯੁੱਧ ਕਿਸੇ ਨੂੰ ਨਹੀਂ ਦਿਸਦਾ। ਥੱਕ ਕੇ ਨੀਂਦ ਆਉਣ ਲੱਗੀ ਹੈ। ਅੱਖਾਂ ਮਾਂ ਦਾ ਸਿਰਜਿਆ ਰਹੱਸ ਖੋਹਲਣ ਲੱਗੀਆਂ ਹਨ। ਨਸੀਬੋ ਦੀ ਪੋਤੀ ਕੰਮੋ ਤੇ ਦੋਹਤਾ ਦੀਪੂ ਉਸ ਨਾਲ ਖੰਡਰ ਬਣੀ ਇਮਾਰਤ ਵੱਲ ਜਾ ਰਹੇ ਹਨ। ਇਮਾਰਤ ਦੇ ਅੰਦਰ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਹਨ। ਹਵਨ ਕੁੰਡ ਵਿੱਚ ਸਮੱਗਰੀ ਪੈਂਦਿਆਂ ਲਾਟਾਂ ਹੋਰ ਉਚੀ ਹੁੰਦੀਆਂ ਹਨ। ਆਲੇ-ਦੁਆਲੇ ਡਰਾਉਣੀਆਂ ਚੀਜ਼ਾਂ ਖਿੱਲਰੀਆਂ ਹਨ। ਕਾਲੇ ਕੱਪੜਿਆਂ ਵਾਲਾ ਡਰਾਉਣਾ ਆਦਮੀਂ ਮਨੁੱਖੀ ਖੋਪਰੀ ਨੂੰ ਖੂਨ ਨਾਲ ਨਵ੍ਹਾ ਰਿਹਾ ਹੈ। ਕੱਪੜੇ ਦੀ ਗੁੱਡੀ ਤਿੱਖੀਆਂ ਸੂਈਆਂ ਚੁਭੋ ਕੇ ਕੋਲ ਰੱਖੀ ਹੈ। ਨਿੰਬੂ, ਹਰੀਆਂ-ਲਾਲ ਮਿਰਚਾਂ, ਸੰਧੂਰ, ਤਿੱਖਾ ਖੰਜਰ, ਲੱਕੜਾਂ, ਲਾਲ ਤੇ ਕਾਲੇ ਰੰਗ ਦੇ ਕੱਪੜੇ ਕੋਲ ਪਏ ਹਨ। ਮਾਂ ਬੱਚਿਆਂ ਸਮੇਤ ਆਦਮੀਂ ਦੇ ਪਿੱਛੇ ਖੜ੍ਹੀ ਹੈ। ਬੱਚੇ ਸਹਿਮ ਕੇ ਉਸਦੇ ਪਿੱਛੇ ਲੁਕ ਰਹੇ ਹਨ। ਆਦਮੀਂ ਪਿਛੇ ਮੁੜ ਬੱਚਿਆਂ ਵੱਲ ਵੇਖਦਾ ਹੈ। ਉਸ ਦੀਆਂ ਲਾਲ ਅੱਖਾਂ ਵੇਖ ਮਾਂ ਬੱਚਿਆਂ ਨੂੰ ਅੱਗ ਵੱਲ ਧੱਕ ਰਹੀ ਹੈ। ਬੱਚਿਆਂ ਨੇ ਮਾਂ ਦੀ ਚੁੰਨੀ ਦਾ ਲੜ ਘੁੱਟ ਕੇ ਫੜ ਲਿਆ ਹੈ। ਲਾਲ ਅੱਖਾਂ ਵਾਲੇ ਨੇ ਮੁੱਠੀ ਭਰ ਕੇ ਕੁਝ ਅੱਗ ਵਿੱਚ ਸੁੱਟਿਆ ਹੈ। ਉਸ ਵਿਚੋਂ ਇਕ ਪਰਛਾਵਾਂ ਉਪਰ ਉੱਠਣ ਲੱਗਾ ਹੈ। ਬੱਚੇ ਮੱਦਦ ਲਈ ਮਾਂ ਵੱਲ ਵੇਖ ਰਹੇ ਹਨ।

ਸਾਹਮਣੇ ਝਾੜੀਆਂ ਵਿੱਚ ਹਲਚਲ ਹੋਈ ਹੈ। ਸੁੱਕੇ ਪੱਤਿਆਂ ਦੀ ਸਰਸਰਾਹਟ ਸੁਣ ਕੇ ਮਾਂ ਉੱਧਰ ਵੇਖਦੀ ਹੈ। ਝਾੜੀਆਂ ਪਿੱਛੇ ਮੈਂ ਤੇ ਵੀਰਾ ਸਭ ਕੁਝ ਵੇਖ ਰਹੇ ਹਾਂ। ਵੀਰਾ ਮੇਰਾ ਹੱਥ ਫੜ ਕੇ ਅੱਗ ਵਿੱਚ ਛਾਲ ਮਾਰਨ ਲੱਗਾ ਹੈ। ਮਾਂ ਡਰ ਨਾਲ ਕੰਬਣ ਲੱਗੀ ਹੈ। ਉਹ ਸਾਨੂੰ ਅੱਗ ਤੋਂ ਦੂਰ ਰਹਿਣ ਲਈ ਕਹਿੰਦੀ ਹੈ। ਲਾਲ ਅੱਖਾਂ ਵਾਲਾ ਆਦਮੀਂ ਗੁੱਸੇ ਨਾਲ ਹੋਰ ਡਰਾਉਣਾ ਹੋ ਗਿਆ। ਉਹ ਮਾਂ ਤੋਂ ਬੱਚਿਆਂ ਨੂੰ ਖੋਹਣ ਲੱਗਾ ਹੈ। ਮਾਂ ਬੱਚਿਆਂ ਨੂੰ ਬਚਾਉਣ ਲਈ ਹੱਥੋ-ਪਾਈ ਹੋ ਰਹੀ ਹੈ। ਉਸਨੇ ਆਦਮੀਂ ਨੂੰ ਧੱਕਾ ਮਾਰ ਅੱਗ ਵਿੱਚ ਸੁੱਟ ਦਿੱਤਾ ਹੈ। ਬੱਚਿਆਂ ਨੂੰ ਲੈ ਕੇ ਭੱਜਣ ਲੱਗੀ ਹੈ।

ਮੈਂ ਚੀਕ ਮਾਰ ਕੇ ਸਭ ਨੂੰ ਦੱਸਦੀ ਹਾਂ। ਪਰ ਮੇਰੀ ਆਵਾਜ਼ ਕੋਈ ਨਹੀਂ ਸੁਣਦਾ। ਮੈਂ ਤੜਫ਼ਣ ਲੱਗੀ ਹਾਂ। ਮਾਂ ਨੂੰ ਰੋਕਣ ਲਈ ਜੱਦੋ-ਜਹਿਦ ਕਰ ਰਹੀ ਹਾਂ। ਮੇਰੇ ਸਰੀਰ ਵਿੱਚ ਹਿਲ-ਜੁਲ ਹੋਣੀ ਸ਼ੁਰੂ ਹੋ ਗਈ ਹੈ। ਵਾਰਡ ਵਿੱਚ ਪਏ ਮਰੀਜ਼ ਹੈਰਾਨ ਰਹਿ ਗਏ ਹਨ। ਮੈਂ ਮਾਂ ਨੂੰ ਲੱਭ ਰਹੀ ਹਾਂ। ਮੈਨੂੰ ਤੜਫ਼ਦੀ ਵੇਖ ਦਿਸ਼ਾ ਇੰਜੈਕਸ਼ਨ ਲੈਣ ਦੌੜੀ ਹੈ। ਇੰਜੈਕਸ਼ਨ ਲੱਗਦਿਆਂ ਹੀ ਅੱਖਾਂ ਭਾਰੀ ਹੋਣ ਲੱਗੀਆਂ ਹਨ।

ਕਾਂਡ-18

ਹਸਪਤਾਲ ਦੇ ਬਾਹਰੋਂ ਚੌਂਕੀਦਾਰ ਦੀ ਆਵਾਜ਼ ਆ ਰਹੀ ਹੈ। ਮੈਨੂੰ ਪਿੰਡ ਦੀ ਫਿਰਨੀ 'ਤੇ ਲੱਗਾ ਪਹਿਰਾ ਯਾਦ ਆਉਂਦਾ ਹੈ। ਪਹਿਰਾ ਦੇਣ ਦੀ ਡਿਊਟੀ ਬਦਲਦੀ ਰਹਿੰਦੀ ਹੈ। ਪਹਿਰਾ ਦੇ ਕੇ ਪੂਰੀ ਰਾਤ ਜਾਗਣ ਦਾ ਹੋਕਾ ਦੇਣ ਵਾਲਾ ਅਗਲੀ ਡਿਊਟੀ ਤੱਕ ਘੂਕ ਸੌਂਦਾ ਹੈ। ਕੀ ਜਾਗਦੇ ਰਹਿਣ ਦਾ ਹੋਕਾ ਪਦਾਰਥਾਂ ਅਤੇ ਮਨੁੱਖੀ ਦੇਹੀ ਦੀ ਹਿਫ਼ਾਜ਼ਤ ਲਈ ਹੈ ? ਨਹੀਂ........... ਜਾਗਣਾ ਤਾਂ ਆਤਮਾ ਨੇ ਹੈ। ਮੈਂ ਬੰਦ ਅੱਖਾਂ ਨਾਲ ਹਨੇਰੇ ਵਿੱਚ ਆਤਮਾ ਨੂੰ ਵੇਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਘੁੰਮਣਾਂ ਦੀ ਮਾਈ ਦਿਖਾਈ ਦਿੰਦੀ ਹੈ, ''ਜਦੋਂ ਆਤਮਾ ਜਾਗਦੀ ਹੈ। ਸਭ ਹਨੇਰੇ ਦੂਰ ਹੋਣ ਲੱਗਦੇ ਹਨ।''
ਇਕ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਹੈ, ''ਇਹ ਬੀਤਿਆ ਤੇ ਆਉਣ ਵਾਲਾ ਸਮਾਂ ਬੰਦੇ ਨੂੰ ਅੱਜ ਵਿੱਚ ਜੀਣ ਨਹੀਂ ਦਿੰਦਾ।''
''ਪਰ ਮੈਂ ਜੀਣਾ ਹੈ। ਉਹ ਵੀ ਜਾਗਦੇ ਹੋਏ। ਘੁੰਮਣਾਂ ਦੀ ਮਾਈ ਵਾਂਗ।'' ਮੈਂ ਗੂੰਜ ਰਹੀ ਆਵਾਜ਼ 'ਤੇ ਕਾਬੂ ਪਾ ਖੁਦ ਨਾਲ ਵਾਅਦਾ ਕਰਦੀ ਹਾਂ
''ਤੇ ਮਾਂ!! ਜਿਸਨੇ ਜਨਮ ਦਿੱਤਾ। ਲੋਰੀਆਂ ਸੁਣਾਈਆਂ। ਸੁਆਉਣ ਲਈ ਰਾਤਾਂ ਦੀ ਨੀਂਦ ਵਾਰ ਦਿੱਤੀ। ਤੁਰਨਾ ਸਿਖਾਇਆ। ਸੁਪਨੇ ਬੁਣੇ।'' ਪਰ ਘਰ ਗਈ ਮਾਂ ਵਾਪਸ ਕਿਉਂ ਨਹੀਂ ਆਈ, ਸੋਚ ਕੇ ਤ੍ਰਬਕ ਗਈ ਹਾਂ।

ਅੱਖਾਂ ਅੱਗੇ ਰਾਤ ਦੇ ਸੁਪਨੇ ਦਾ ਦ੍ਰਿਸ਼ ਘੁੰਮਣ ਲੱਗਾ ਹੈ। ਖੁਦ ਹੀ ਸਵਾਲ ਕਰਕੇ ਜਵਾਬ ਦੇ ਰਹੀ ਹਾਂ। ਮਾਂ ਅਜਿਹਾ ਕੁਝ ਨਹੀਂ ਕਰ ਸਕਦੀ। ਮੇਰਾ ਵਹਿਮ ਵੀ ਹੋ ਸਕਦਾ। ਮਨ ਨੂੰ ਤਸੱਲੀ ਦਿੰਦੀ ਸਾਹਮਣੇ ਦਰਵਾਜ਼ੇ 'ਤੇ ਨਜ਼ਰਾ ਟਿਕਾਈ ਪਈ ਹਾਂ।

ਮਾਂ ਦੇ ਆਉਣ ਬਾਰੇ ਸੋਚ ਕੇ ਉਸਦੇ ਪਿਆਰ ਦੇ ਸਾਗਰ ਵਿੱਚ ਡੁੱਬਕੀਆਂ ਲਾਉਣ ਲੱਗਦੀ ਹਾਂ। ਉਡੀਕ ਖਤਮ ਹੋਈ। ਉਹ ਕਾਹਲੇ ਕਦਮੀਂ ਅੰਦਰ ਆ ਰਹੀ ਹੈ। ਆਉਂਦਿਆਂ ਹੀ ਮੇਰਾ ਮੱਥਾ ਚੁੰਮਿਆ ਹੈ। ਮੈਂ ਆਪਣੀਆਂ ਬਾਹਵਾਂ ਉਸ ਦੁਆਲੇ ਲਪੇਟ ਲਈਆਂ ਹਨ। ਅੱਖਾਂ ਵਿਚੋਂ ਹੰਝੂ ਵਹਿ ਰਹੇ ਹਨ। ਮੇਰੇ ਤੋਂ ਵਾਰੀ ਜਾਂਦੀ ਰੱਬ ਅੱਗੇ ਹੱਥ ਜੋੜ ਰਹੀ ਹੈ, ''ਸ਼ੁਕਰ ਹੈ ਰੱਬਾ ਤੂੰ ਮੇਰੀ ਮਮਤਾ ਨਹੀਂ ਮਰਨ ਦਿੱਤੀ।''
ਮੇਰਾ ਹੱਥ ਫੜ ਉਹ ਰੋਣ ਲੱਗੀ ਹੈ, ''ਬੱਚੀਏ! ਆਪਣੀ ਮਾਂ ਨੂੰ ਮੁਆਫ਼ ਕਰ ਦੇ।''
ਉਸ ਅੰਦਰਲੀ ਮਮਤਾ ਵੇਖ ਮੈਂ ਖੁਸ਼ ਹਾਂ। ਮੈਂ ਉਸ ਤੋਂ ਵੀਰੇ ਬਾਰੇ ਪੁੱਛਣਾ ਚਾਹੁੰਦੀ ਹਾਂ। ਪਰ ਆਵਾਜ਼ ਨਹੀਂ ਨਿਕਲ ਰਹੀ। ਉਦਾਸ ਹੋ ਮਨ ਹੀ ਮਨ ਪੁੱਛ ਰਹੀ ਹਾਂ, ''ਮਾਂ ਵੀਰੇ ਦਾ ਕੀ ਹਾਲ ਏ? ਨੂਪੁਰ ਕਿੱਥੇ ਹੈ, ਉਹ ਦੋਵੇਂ ਕਿਵੇਂ ਹਨ ?
ਮਾਂ ਬਹੁਤ ਖੁਸ਼ ਹੈ। ਉਸ ਦਾ ਵਿਸ਼ਵਾਸ਼ ਜਾਗ ਪਿਆ ਹੈ। ਵਾਰਡ ਵਿੱਚ ਸਭ ਨਮ ਅੱਖਾਂ ਨਾਲ ਵੇਖ ਰਹੇ ਹਨ। ਡਾਕਟਰ ਕਾਫ਼ਿਰ ਮੇਰੇ ਕੋਲ ਖੜ੍ਹਾ ਹੈ। ਮੈਂ ਉਸ ਨੂੰ ਆਵਾਜ਼ ਤੋਂ ਪਹਿਚਾਣ ਲਿਆ ਹੈ। ਉਹ ਖੁਸ਼ ਹੋ ਕੇ ਬੋਲਿਆ ਹੈ, '''ਯੂ ਆਰ ਏ ਬਰੇਵ ਗਰਲ। ਡੌਂਟ ਵਰੀ। ਤੂੰ ਜਲਦੀ ਗੱਲਾਂ ਕਰਨ ਲੱਗੇਂਗੀ। ਮੇ ਬੀ ਅੱਜ ਹੀ। ਹੋ ਸਕਦਾ ਸ਼ਾਮ ਤੱਕ।''
ਉਸਦੀ ਗੱਲ ਸੁਣ ਮਾਂ ਬੋਲੀ ਹੈ, ''ਕਰਮ। ਲੰਬੀ ਕਮਜ਼ੋਰੀ ਤੇ ਬੇਸੁਰਤੀ ਤੋਂ ਬਾਅਦ ਤੇਰੇ ਸਰੀਰ ਦਾ ਚੱਲਣਾ ਡਾਕਟਰ ਸਾਹਿਬ ਦੇ ਵਿਸ਼ਵਾਸ ਦਾ ਨਤੀਜਾ ਏ।''
''ਹੋ ਸਕਦਾ ਮੈਂ ਸਭ ਕੁਝ ਆਪਣੇ ਲਈ ਕਰ ਰਿਹਾ ਹੋਵਾਂ।'' ਡਾਕਟਰ ਕਾਫ਼ਿਰ ਮੁਸਕਰਾ ਕੇ ਬੋਲਿਆ ਹੈ
ਉਸ ਦੀ ਗੱਲ ਸੁਣ ਮੈਂ ਸ਼ਰਮਾ ਗਈ ਹਾਂ। ਉਸ ਨੇ ਗੱਲ ਟਾਲ਼ਦੇ ਹੋਏ ਮੈਨੂੰ ਆਰਾਮ ਕਰਨ ਦੀ ਹਦਾਇਤ ਕੀਤੀ ਹੈ। ਮੈਂ ਖੁਦ ਨੂੰ ਹੁਕਮ ਦੇ ਰਹੀ ਹਾਂ, ''ਹੁਣ ਆਰਾਮ ਨਹੀਂ ਕਰਨਾ। ਬਾਹਰਲੀ ਦੁਨੀਆਂ ਵਿਚ ਉਡਾਰੀ ਮਾਰਨੀ ਹੈ। ਸੁਪਨੇ ਪੂਰੇ ਕਰਨੇ ਹਨ।''

ਦਿਸ਼ਾ ਨੂੰ ਆਉਂਦੇ ਵੇਖ ਨੂਪੁਰ ਯਾਦ ਆ ਗਈ ਹੈ। ਉਸ ਨੂੰ ਮਿਲਨ ਲਈ ਬੇਕਰਾਰ ਹੋਣ ਲੱਗੀ ਹਾਂ। ਉਸ ਦਾ ਚਿਹਰਾ ਨਜ਼ਰਾਂ ਸਾਹਮਣੇ ਹੈ। ਕਦਮ ਮੇਰੇ ਵੱਲ ਵਧ ਰਹੇ ਹਨ। ਮੈਂ ਆਵਾਜ਼ ਦੇ ਕੇ ਬੁਲਾਉਣਾ ਚਾਹੁੰਦੀ ਹਾਂ। ਪਰ ਮੇਰੀ ਆਵਾਜ਼...? ਕੁਝ ਡਿੱਗਣ ਦੀ ਆਵਾਜ਼ ਆਈ ਹੈ। ਨੂਪੁਰ ਦੇ ਹੱਥਾਂ ਵਿਚੋਂ ਕਿਤਾਬਾਂ ਦਾ ਪੈਕਟ ਹੇਠਾਂ ਡਿੱਗ ਪਿਆ ਹੈ। ਆਂਟੀ ਉਹਨਾਂ ਨੂੰ ਇਕੱਠਾ ਕਰ ਰਹੀ ਹੈ। ਮੈਂ ਅੱਖਾਂ ਖੋਹਲ ਕੇ ਉੱਚੀ ਆਵਾਜ਼ ਵਿੱਚ ਬੋਲੀ ਹਾਂ, ''ਨੂਪੁਰ......।''

ਕੋਲ ਖੜੀ ਦਿਸ਼ਾ ਹੈਰਾਨ ਹੈ। ਡਾਕਟਰ ਕਾਫ਼ਿਰ ਪਿੱਛੇ ਮੁੜ ਕੇ ਵੇਖ ਰਿਹਾ ਹੈ। ਮਾਂ ਦੇ ਹੱਥਾਂ ਵਿਚੋਂ ਦਵਾਈ ਵਾਲੀ ਸ਼ੀਸ਼ੀ ਡਿੱਗਦੀ-ਡਿੱਗਦੀ ਬਚੀ ਹੈ। ਸਾਰੇ ਮਰੀਜ਼ ਮੇਰੇ ਵੱਲ ਵੇਖ ਰਹੇ ਹਨ। ਮੈਂ ਫਿਰ ਬੋਲੀ ਹਾਂ, ''ਨੂਪੁਰ.....।''

ਦੁਬਾਰਾ ਬੋਲਣ ਨਾਲ ਮੈਨੂੰ ਆਪਣੀ ਹੀ ਆਵਾਜ਼ ਸੁਣਾਈ ਦਿੱਤੀ ਹੈ। ਨੂਪਰ ਨੇ ਮੈਨੂੰ ਜੱਫ਼ੀ ਪਾ ਲਈ ਹੈ। ਸਭ ਖੁਸ਼ ਹਨ। ਮਾਂ, ਨੂਪਰ, ਆਂਟੀ, ਨਾਨੀ ਸਭ ਬਾਰੇ ਪਤਾ ਲੱਗ ਗਿਆ। ਵੀਰਾ ਦੂਰ ਹੈ। ਮੈਂ ਕਾਹਲ ਨਾਲ ਮਾਂ ਨੂੰ ਪੁੱਛਿਆ ਹੈ, ''ਮਾਂ ਵੀਰਾ ਕਿਵੇਂ ਆ?''
''ਉਹ ਠੀਕ ਏ। ਤੂੰ ਠੀਕ ਹੋ ਕੇ ਘਰ ਚੱਲ। ਫਿਕਰ ਵਾਲੀ ਕੋਈ ਗੱਲ ਨਹੀਂ।'' ਉਸ ਨੇ ਪਿਆਰ ਨਾਲ ਜਵਾਬ ਦਿੱਤਾ ਹੈ

ਗੱਲਾਂ ਕਰਦਿਆਂ ਸ਼ਾਮ ਹੋ ਗਈ। ਸਭ ਘਰ ਜਾ ਰਹੇ ਹਨ। ਮਾਂ ਮਨਜੀਤ ਆਂਟੀ ਦੇ ਘਰ ਗਈ ਹੈ। ਮੇਰੇ ਲਈ ਅੱਜ ਦੀਵਾਲੀ ਦੀ ਰਾਤ ਵਰਗੀ ਖੁਸ਼ੀ ਹੈ। ਜਿੱਥੇ ਹਜ਼ਾਰਾਂ ਰੰਗਾਂ ਦੇ ਦੀਵੇ ਜਗ ਰਹੇ ਹੋਣ। ਰੰਗ-ਬਰੰਗੀ ਰੌਸ਼ਨੀ ਵਿੱਚ ਮੈਂ ਮੰਜ਼ਿਲ ਤਲਾਸ਼ ਕਰਨ ਲਈ ਅੱਖਾਂ ਬੰਦ ਕਰ ਲਈਆਂ ਹਨ। ਮੰਜ਼ਿਲ ਦਿੱਸਣ ਲੱਗੀ ਹੈ। ਧਰਤੀ ਤੋਂ ਬਹੁਤ ਉੱਚੀ ਅੱਧ ਅਸਮਾਨ ਵਿਚ ਪਹੁੰਚੀ ਇਮਾਰਤ। ਰੰਗ-ਬਰੰਗੀਆਂ ਰੌਸ਼ਨੀਆਂ ਨਾਲ ਚਮਕ ਰਹੀ ਹੈ। ਸਫ਼ੈਦ ਧੂੰਆਂ ਇਮਾਰਤ ਨੂੰ ਮਨਮੋਹਕ ਬਣਾ ਰਿਹਾ ਹੈ। ਮੈਂ ਉਸ ਵੱਲ ਖਿੱਚੀ ਜਾ ਰਹੀ ਹਾਂ। ਰਸਤੇ ਵਿੱਚ ਕਈ ਪਹਾੜ ਤੇ ਜੰਗਲ ਪਾਰ ਕਰਕੇ ਉਥੇ ਪਹੁੰਚੀ ਹਾਂ। ਲੰਬਾ ਪੌੜੀਆਂ ਵਾਲਾ ਰਸਤਾ ਇਮਾਰਤ ਦੇ ਸਿਖਰ ਤੱਕ ਜਾਂਦਾ ਹੈ। ਮੈਂ ਪੌੜੀਆਂ ਚੜ੍ਹਨ ਲੱਗੀ ਹਾਂ। ਉਪਰਲੀ ਪੌੜੀ ਤੋਂ ਇਕ ਪੁਰਸ਼ ਹੇਠਾਂ ਉਤਰਨ ਲੱਗਾ ਹੈ। ਮੈਂ ਉਪਰ ਜਾ ਰਹੀ ਹਾਂ। ਉਹ ਹੇਠਾਂ ਆ ਰਿਹਾ ਹੈ। ਵਿਚਕਾਰ ਪਹੁੰਚ ਕੇ ਅਸੀਂ ਦੋਵੇਂ ਰੁਕ ਗਏ ਹਾਂ। ਇਕ ਹੀ ਪੌੜੀ 'ਤੇ ਇੱਕ ਪਾਸੇ ਉਹ ਖੜ੍ਹਾ ਹੈ। ਦੂਸਰੇ ਪਾਸੇ ਮੈਂ ਖੜ੍ਹੀ ਹਾਂ....।

''ਹੈਲੋ ਮਿਸ ਕਰਮ। ਹਾਓ ਆਰ ਯੂ।'' ਆਵਾਜ਼ ਸੁਣ ਮੈਂ ਤ੍ਰਬਕ ਕੇ ਅੱਖਾਂ ਖੋਲ੍ਹੀਆਂ ਹਨ
ਪੌੜੀਆਂ ਉੱਤਰ ਕੇ ਆਇਆ ਪੁਰਸ਼ ਮੇਰੇ ਸਾਹਮਣੇ ਖੜ੍ਹਾ ਹੈ। ਮੈਂ ਕਲਪਨਾ ਦੇ ਸਾਗਰ ਵਿਚੋਂ ਨਿਕਲੀ ਹਾਂ। ਇਹ ਤਾਂ ਡਾਕਟਰ ਕਾਫ਼ਿਰ ਹੈ। ਮੈਂ ਕੋਈ ਜੁਆਬ ਨਹੀਂ ਦੇ ਸਕੀ।
''ਹੁਣ ਤੂੰ ਜਲਦੀ ਘਰ ਜਾ ਸਕਦੀ ਏਂ।'' ਉਸ ਨੇ ਮੈਨੂੰ ਖੁਸ਼ੀ ਦੀ ਖ਼ਬਰ ਸੁਣਾਈ ਹੈ
''ਡਾਕਟਰ ਸਾਹਿਬ ਇਸਦੇ ਘਰ ਜਾਣ ਤੋਂ ਪਹਿਲਾਂ ਆਪਣੇ ਅਹਿਸਾਸਾਂ ਨੂੰ ਲਫ਼ਜਾਂ ਦਾ ਰੂਪ ਦੇ ਦਿਉ। ਲਫ਼ਜ਼ ਬਹੁਤ ਜ਼ਰੂਰੀ ਹੁੰਦੇ ਨੇ। ਜ਼ਿੰਦਗੀ ਦਾ ਰੁਖ਼ ਬਦਲ ਦਿੰਦੇ ਹਨ।'' ਮਨਜੀਤ ਆਂਟੀ ਆਉਂਦਿਆਂ ਹੀ ਡਾਕਟਰ ਕਾਫ਼ਿਰ ਨੂੰ ਇਸ਼ਾਰਾ ਕਰਦਿਆਂ ਕਹਿ ਰਹੇ ਹਨ
''ਐਕਸਕਿਊਜ਼ ਮੀਂ।'' ਮਾਂ ਨੂੰ ਕੋਲ ਆਈ ਵੇਖ ਉਹ ਦੂਸਰੇ ਮਰੀਜ਼ਾਂ ਨੂੰ ਚੈੱਕ ਕਰਨ ਅੱਗੇ ਤੁਰ ਪਿਆ ਹੈ।
ਮਾਂ ਤੇ ਮਨਜੀਤ ਆਂਟੀ ਗੱਲਾਂ ਕਰ ਰਹੀਆਂ ਹਨ। ਦਿਸ਼ਾ ਰੁਟੀਨ ਚੈੱਕ-ਅੱਪ ਕਰਦੀ ਮੇਰੇ ਕੋਲ ਖੜ੍ਹੀ ਹੈ। ਕੁਝ ਸੋਚਦਿਆਂ ਉਸਨੇ ਮੈਨੂੰ ਪੁੱਛਿਆ, ''ਕਰਮ! ਤੈਨੂੰ ਸਾਡੀਆਂ ਗੱਲਾਂ ਸੁਣਦੀਆਂ ਸੀ ?''

''ਸਿਸਟਰ ਤੁਹਾਡੀਆਂ ਗੱਲਾਂ ਮੇਰੇ ਅੰਦਰ ਹਿੰਮਤ ਜਗਾਉਂਦੀਆਂ ਸੀ। ਜਿਉਂਦੇ ਰਹਿਣ ਦੀ ਇੱਛਾ ਪੈਦਾ ਹੁੰਦੀ। ਖਾਸ ਕਰਕੇ ਤੁਹਾਡੀਆਂ ਗੱਲਾਂ ਸੁਣ ਕੇ ਮੈਂ ਆਪਣੀ ਸਹੇਲੀ ਨੂਪੁਰ ਦੇ ਪਿਆਰ ਨੂੰ ਜਿੰਦਾ ਰੱਖਣ ਦੀਆਂ ਵਿਉਂਤਾ ਘੜਦੀ। ਉਹਨਾਂ ਦੇ ਪਿਆਰ ਵਿੱਚ ਪੈਦਾ ਹੋਈ ਨਰਾਜ਼ਗੀ ਤੇ ਗੁੱਸਾ ਦੂਰ ਕਰਨ ਬਾਰੇ ਸੋਚਦੀ।'' ਮੈਂ ਨੂਪੁਰ ਤੇ ਮੋਹਿਤ ਬਾਰੇ ਸੋਚਦੀ ਹੋਈ ਬੋਲੀ

''ਪਿਆਰ ਰੂਹਾਂ ਦਾ ਮੇਲ ਹੁੰਦਾ। ਇਸ ਵਿੱਚ ਮੁਆਫ਼ੀ ਨਹੀਂ ਹੁੰਦੀ। ਪਿਆਰ ਭਰੇ ਦੋ ਬੋਲ ਸਾਰੇ ਗਿਲੇ-ਸ਼ਿਕਵੇ ਭੁਲਾ ਦਿੰਦੇ ਨੇ।'' ਉਸ ਪਿਆਰ ਵਿੱਚ ਭਿੱਜੀ ਰੂਹ ਨੇ ਜਵਾਬ ਦਿੱਤਾ ਹੈ ਮੈਂ ਮਨ ਵਿਚ ਰੂਹਾਂ ਅਤੇ ਜਿਸਮਾਂ ਦੇ ਮੇਲ ਵਿਚੋਂ ਉਤਪੰਨ ਹੁੰਦੇ ਪਿਆਰ ਦੀ ਪਹਿਚਾਣ ਕਰਨ ਲੱਗੀ ਹਾਂ। ਮੈਨੂੰ ਘਰ ਦੀ ਦੂਰੀ ਸਤਾਉਣ ਲੱਗੀ ਹੈ। ਹਸਪਤਾਲ ਵਿੱਚ ਡਾਕਟਰ ਕਾਫ਼ਿਰ, ਦਿਸ਼ਾ ਤੇ ਹੋਰ ਲੋਕਾਂ ਨਾਲ ਸਾਂਝ ਬਣ ਗਈ ਹੈ। ਪਰ ਮੈਂ ਉੱਡ ਕੇ ਘਰ ਪਹੁੰਚਣ ਲਈ ਬੇਤਾਬ ਹਾਂ।
ਨਵੀਂ ਸਵੇਰ ਹੋ ਗਈ ਹੈ। ਹਸਪਤਾਲ ਦੇ ਬਾਹਰੋਂ ਚਿੜੀਆਂ ਦੀ ਚੀਂ-ਚੀਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਆਵਾਜ਼ ਕੰਨਾਂ ਵਿੱਚ ਪੈਂਦਿਆਂ ਹੀ ਮੈਂ ਮੁਸਕਰਾ ਕੇ ਅੰਗੜਾਈ ਲਈ ਹੈ, ''ਹੁਣ ਹਰ ਸਵੇਰ ਮੇਰੇ ਲਈ ਨਵਾਂ ਸੁਨੇਹਾ ਲੈ ਕੇ ਆਵੇਗੀ। ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਾਂਗੀ।''

ਘਰ ਪਹੁੰਚਣ ਦੀ ਕਾਹਲ ਨਾਲ ਜਲਦੀ ਉਠ ਗਈ ਹਾਂ। ਮਾਂ ਜਾਣ ਦੀ ਖੁਸ਼ੀ ਵਿੱਚ ਆਲੇ-ਦੁਆਲੇ ਕਈਆਂ ਨੂੰ ਮਿਲ ਰਹੀ ਹੈ। ਪਿਆਰ ਦੀ ਸਾਂਝ ਅਜਨਬੀਆਂ ਨੂੰ ਆਪਣਾ ਬਣਾ ਦਿੰਦੀ ਹੈ। ਡਾਕਟਰ ਕਾਫ਼ਿਰ ਦੇ ਚਿਹਰੇ 'ਤੇ ਖੁਸ਼ੀ ਤੇ ਉਦਾਸੀ ਦੇ ਰਲਵੇਂ-ਮਿਲਵੇਂ ਭਾਵ ਹਨ। ਘਰ ਵਿੱਚ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਸਭ ਮਿਲਨ ਆਏ ਬੈਠੇ ਹਨ। ਹਸਪਤਾਲ ਵਿਚੋਂ ਘਰ ਤੋਰਦੇ ਚਿਹਰਿਆਂ ਨੇ ਅਤੇ ਘਰ ਵਿੱਚ ਉਡੀਕਦੇ ਚਿਹਰਿਆਂ ਦੀ ਖੁਸ਼ੀ ਨੇ ਮੇਰੀਆਂ ਅੱਖਾਂ ਭਰ ਦਿੱਤੀਆਂ ਹਨ। ਮੈਂ ਅੱਖਾਂ ਸਾਫ਼ ਕਰਦੀ ਸੋਚ ਰਹੀ ਹਾਂ, ''ਜਿੰਨਾਂ ਦੁੱਖ ਝੱਲਣਾ ਸੀ ਝੱਲ ਲਿਆ। ਹੁਣ ਇਹਨਾਂ ਅੱਖਾਂ ਵਿੱਚ ਹੰਝੂਆਂ ਲਈ ਕੋਈ ਥਾਂ ਨਹੀਂ।''
ਮੈਂ ਅੱਖਾਂ ਪੂਝਦਿਆਂ ਮਾਂ ਨੂੰ ਪੁੱਛਿਆ ਹੈ, ''ਮਾਂ ਵੀਰੇ ਦਾ ਫ਼ੋਨ ਕਦੋਂ ਆਉਣਾ ?''
''ਉਹ ਤਾਂ ਹਫ਼ਤੇ ਬਾਅਦ ਈ ਫ਼ੋਨ ਕਰਦਾ। ਉਡੀਕਣ ਤੋਂ ਬਿਨ੍ਹਾਂ ਕੋਈ ਚਾਰਾ ਨਹੀਂ।'' ਨਾਨੀ ਨੇ ਮੇਰੀ ਨਜ਼ਰ ਉਤਾਰਦਿਆਂ ਜਵਾਬ ਦਿੱਤਾ ਹੈ।
ਮਾਂ ਦਾ ਧਿਆਨ ਦਰਵਾਜ਼ੇ 'ਚੋਂ ਅੰਦਰ ਆ ਰਹੀ ਨਸੀਬੋ ਵਿੱਚ ਹੈ। ਮੇਰਾ ਹਾਲ-ਚਾਲ ਪੁੱੱਛਦਿਆਂ ਉਸਨੇ ਦੱਸਿਆ ਕਿ ਉਹ ਰਾਤ ਨੂੰ ਨਾਨੀ ਕੋਲ ਸੌਂਦੀ ਸੀ। ਉਹ ਗੱਲਾਂ ਸੁਣਾਉਂਦੀ ਬੋਲੀ ਹੈ,
''ਪੁੱਤ ਇੱਕ ਦਿਨ ਸਰਦਾਰਨੀ ਦੇ ਕਹਿਣ 'ਤੇ ਮੈਂ ਪੋਤੀ ਤੇ ਦੋਹਤੇ ਨੂੰ ਨਾਲ ਲੈ ਆਈ। ਪਰ ਜੇ ਉਸ ਦਿਨ ਸਰਦਾਰਨੀ ਨਾ ਹੁੰਦੀ ਤਾਂ ਨਿਆਣੇ ਰਾਤ ਦੇ ਹਨੇਰੇ ਵਿੱਚ ਪਤਾ ਨਹੀਂ ਕਿੱਧਰ ਨਿਕਲ ਜਾਂਦੇ। ਭਲਾ ਹੋਵੇ ਸਰਦਾਰਨੀ ਦਾ....। ਉਹਨੇ ਘਰੋਂ ਬਾਹਰ ਨਿਕਲਦੇ ਵੇਖ ਲਏ ਤੇ ਘਰ ਮੋੜ ਲਿਆਈ....। ਜਿਉਂਦੇ ਰਹਿਣ ਇਹਦੇ ਬੱਚੇ....।''
ਉਸਦੀਆਂ ਗੱਲਾਂ ਸੁਣ ਮੇਰੇ ਅੰਦਰ ਗ੍ਰਹਿਣ ਵਾਲੀ ਉਹ ਰਾਤ ਘੁੰਮਣ ਲੱਗੀ ਹੈ। ਨਸੀਬੋ ਦੀਆਂ ਗੱਲਾਂ ਸੁਣ ਅੱਖਾਂ ਪੂੰਝਦੀ ਮਾਂ ਬੋਲੀ ਹੈ, ''ਨਸੀਬੋ ਮਾਂ ਦੀ ਮਮਤਾ ਅੱਗੇ ਤਾਂ ਤੂਫ਼ਾਨ ਨਹੀਂ ਖੜ੍ਹ ਸਕਦੇ। ਫਿਰ ਇਹ ਤਾਂ ....।''
ਮੈਂ ਉਸਦੀ ਅਧੂਰੀ ਗੱਲ ਵਿਚੋਂ ਉਸਦੀ ਪੀੜ ਦਾ ਅੰਦਾਜ਼ਾ ਲਾ ਰਹੀ ਹਾਂ। ਉਹ ਉੱਠ ਕੇ ਬੱਚਿਆਂ ਲਈ ਖਾਣ ਦਾ ਸਮਾਨ ਲਿਫ਼ਾਫੇ ਵਿੱਚ ਪਾਉਣ ਲੱਗੀ ਹੈ। ਜਿਵੇਂ ਕੋਈ ਗੁਨਾਹ ਬਖਸ਼ਾ ਰਹੀ ਹੋਵੇ।
''ਸਰਦਾਰਨੀਏ..... ਕਿਸੇ ਸਿਆਣੇ ਤੋਂ ਪੁੱਛ ਵੇਖਣਾ ਸੀ। ਕੀ ਪਤਾ ਕੋਈ ਮਾੜਾ ਸਾਇਆ ਨਾ ਘਰ 'ਚ ਵੜ ਗਿਆ ਹੋਵੇ।'' ਨਸੀਬੋ ਲਿਫ਼ਾਫਾ ਫੜਦੀ ਮਾਂ ਨੂੰ ਹੌਲੀ ਜਿਹੇ ਕਹਿ ਰਹੀ ਹੈ।
''ਛੱਡ ਨਸੀਬੋ! ਇਹ ਸਾਧ-ਸਿਆਣੇ ਸਭ ਠੱਗ ਇਕੱਠੇ ਹੋਏ ਨੇ। ਲੁੱਟਣ ਲੱਗੇ ਕਿਸੇ ਦੀ ਜਾਨ ਲੈਣ ਤੋਂ ਨਹੀਂ ਡਰਦੇ।'' ਉਹ ਹੱਡੀਂ-ਹੰਢਾਏ ਤਜ਼ਰਬੇ ਵਾਂਗ ਬੋਲੀ ਹੈ
ਮੈਂ ਸਭ ਸਮਝਦੀ ਹੋਈ ਚੁੱਪ ਹਾਂ। ਉਸ ਦਾ ਪਛਤਾਵਾ ਉਸਦਾ ਮੁਆਫ਼ੀ-ਨਾਮਾ ਹੈ। ਉਹ ਸਭ ਤੋਂ ਚੋਰੀ ਜਿਸ ਸਥਿਤੀ ਦਾ ਸਾਹਮਣਾ ਕਰਕੇ ਆਈ ਹੈ। ਉਸ ਘਟਨਾ ਦੀ ਤਹਿ ਤੱਕ ਪਹੁੰਚਣ ਦਾ ਖਿਆਲ ਮੈਂ ਸਮੇਂ 'ਤੇ ਛੱਡ ਦਿੱਤਾ ਹੈ।

ਕਾਂਡ-19

ਸਵੇਰੇ ਉੱਠਦਿਆਂ ਮਾਂ ਨੇ ਇੱਕ ਮੈਗਜ਼ੀਨ ਦਿੱਤਾ ਹੈ। ਮੈਂ ਬਿਨ੍ਹਾਂ ਪੜ੍ਹੇ ਉਸਦੇ ਪੰਨੇ ਪਲਟ ਰਹੀ ਹਾਂ। ਮੇਰਾ ਧਿਆਨ ਨੂਪੁਰ ਦੀ ਜ਼ਿੰਦਗੀ ਬਚਾਉਣ ਦੁਆਲੇ ਘੁੰਮ ਰਿਹਾ ਹੈ। ਨਜ਼ਰ ਇੱਕ ਪੰਨੇ 'ਤੇ ਅਟਕ ਗਈ ਹੈ। ਉਸ 'ਤੇ ਪਾਕਿਸਤਾਨੀ ਕਹਾਣੀ ਛਪੀ ਹੈ, 'ਮਰਦ ਸ਼ਾਦੀ ਕਿਉਂ ਕਰਦਾ ਹੈ।' ਮੈਂ ਕਹਾਣੀ ਪੜ੍ਹਨੀ ਸ਼ੁਰੂ ਕੀਤੀ ਹੈ।

''ਬੇਟਾ ਰਿਸ਼ਤੇ ਐਵੇਂ ਨਹੀਂ ਤੋੜੇ ਜਾ ਸਕਦੇ। ਤੈਨੂੰ ਪਤਾ ਜੇ ਮਰਦ ਨੂੰ ਸਿਰਫ਼ ਐਸ਼ ਹੀ ਪਸੰਦ ਹੋਵੇ ਤਾਂ ਉਹ ਸ਼ਾਦੀ ਕਰਕੇ ਖ਼ੁਦ ਨੂੰ ਕਦੇ ਨਾ ਬੰਨ੍ਹੇ। ਉਹ ਬਾਹਰ ਆਜ਼ਾਦ ਰਹਿ ਕੇ ਆਪਣੀ ਹਵਸ ਪੂਰੀ ਕਰ ਸਕਦਾ ਹੈ। ਕਿਉਂਕਿ ਇੱਕ ਬੀਵੀ ਦਾ ਮਹੀਨੇ ਦਾ ਖਰਚਾ ਬਾਹਰਲੀਆਂ ਚਾਰ ਔਰਤਾਂ ਤੋਂ ਵੱਧ ਹੁੰਦਾ। ਪਰ ਉਹ ਬੀਵੀ ਦੇ ਆਰਾਮ ਲਈ ਘਰ ਬਣਾਉਂਦਾ। ਉਸ ਉੱਪਰ ਲੱਖਾਂ ਖਰਚੇ ਕਰਦਾ। ਇਥੋਂ ਤੱਕ ਕਿ ਬੀਵੀ-ਬੱਚਿਆਂ ਲਈ ਚਮੜੀ ਤੱਕ ਵੇਚ ਦਿੰਦਾ।'' ਮਾਂ ਕਹਾਣੀ ਵਿੱਚ ਬੇਟੀ ਨੂੰ ਸਮਝਾਉਂਦੀ ਹੋਈ ਕਹਿੰਦੀ ਹੈ
''ਉਹ ਇਹ ਸਭ ਕਿਉਂ ਕਰਦਾ ?'' ਬੇਟੀ ਨੇ ਸਵਾਲ ਕੀਤਾ ਹੈ

''ਜਿਵੇਂ ਖੁਦਾ ਅਰਬਾਂ ਇਨਸਾਨ ਪੈਦਾ ਕਰਦਾ। ਉਹਨਾਂ ਦੇ ਖਾਣ-ਪੀਣ ਦਾ ਪ੍ਰਬੰਧ ਕਰਦਾ ਹੈ। ਬਦਲੇ ਵਿੱਚ ਲੋਕ ਉਸਦੀ ਇਬਾਦਤ ਕਰਦੇ ਹਨ। ਜਿੰਨੀ ਵੱਧ ਇਬਾਦਤ ਹੁੰਦੀ ਹੈ। ਉਹ ਉਨਾਂ ਹੀ ਵੱਧ ਧਿਆਨ ਰੱਖਦਾ ਹੈ। ਖ਼ੁਦਾ ਨੇ ਆਪਣੀ ਉਹੀ ਤਾਕਤ ਮਰਦ ਵਿੱਚ ਪਾ ਦਿੱਤੀ ਹੈ। ਉਹ ਖ਼ੁਦਾ ਦੀ ਤਰ੍ਹਾਂ ਸਭ ਕੁਝ ਕਰਨ ਦੀ ਕੋਸ਼ਿਸ਼ ਕਰਦਾ ਹੈ। ਬਦਲੇ ਵਿੱਚ ਬਿਨ੍ਹਾਂ ਖੁਦਗਰਜ਼ੀ ਦੇ ਇੱਜ਼ਤ ਤੇ ਪਿਆਰ ਮੰਗਦਾ ਹੈ।'' ਮੈਂ ਕਹਾਣੀ ਪੜ੍ਹਨੀ ਛੱਡ ਵਿੱਚੋਂ ਹੀ ਮਾਂ ਨੂੰ ਪੁੱਛਿਆ ਹੈ ''ਮਾਂ ਮੈਨੂੰ ਨੂਪੁਰ ਬਾਰੇ ਕੁਝ ਨਹੀਂ ਦੱਸਿਆ? ਉਹ ਵੀ ਕੁਝ ਨਹੀਂ ਬੋਲੀ। ਬੱਸ ਏਨਾ ਈ ਕਿਹਾ, ਠੀਕ ਹੋ ਲੈ, ਬੈਠ ਕੇ ਗੱਲ ਕਰਾਂਗੇ। ਆਖ਼ਿਰ ਗੱਲ ਕੀ ਹੈ.......?''
''ਠੀਕ ਕਿਹਾ ਉਸਨੇ। ਤੂੰ ਚੰਗੀ ਤਰ੍ਹਾਂ ਠੀਕ ਹੋ ਜਾ।'' ਉਸਨੇ ਕੁਝ ਲੁਕੋ ਲੈਣ ਵਾਂਗ ਜਵਾਬ ਦਿੱਤਾ ਹੈ
ਉਸਦੀ ਗੱਲ ਸੁਣ ਮੈਂ ਚੁੱਪ ਹੋ ਗਈ ਹਾਂ। ਪਰ ਚੁੱਪ ਕਿਵੇਂ ਬੈਠਾਂ ? ਮੈਂ ਨੂਪੁਰ ਨੂੰ ਫ਼ੋਨ ਕਰਕੇ ਘਰ ਬੁਲਾ ਲਿਆ ਹੈ। ਜੋਰ ਦੇ ਕੇ ਪੁੱਛਣ 'ਤੇ ਉਹ ਬੋਲੀ ਹੈ, ''ਮੈਂ ਤੈਨੂੰ ਹੋਰ ਚਿੰਤਾ ਨਹੀਂ ਦੇਣੀ। ਪਹਿਲਾਂ ਹੀ ਫ਼ਿਕਰਾਂ ਨੇ ਤੈਨੂੰ ਹਸਪਤਾਲ ਪਹੁੰਚਾ ਦਿੱਤਾ ਸੀ।''

''ਨਹੀਂ ਨੂਪੁਰ। ਮੈਂ ਮੁਸੀਬਤਾਂ ਤੋਂ ਡਰ ਕੇ ਵੇਖ ਲਿਆ। ਜ਼ਿੰਦਗੀ ਮੁਸੀਬਤਾਂ ਦਾ ਸਾਹਮਣਾ ਕਰਕੇ ਹੱਲ ਲੱਭਣ ਦਾ ਨਾਂ ਹੈ ਨਾ ਕਿ ਡਰ ਕੇ ਭੱਜਣ ਦਾ। ਇਹ ਗੱਲ ਮੇਰੇ ਤੋਂ ਵੱਧ ਕੌਣ ਜਾਣ ਸਕਦਾ। ਜਦੋਂ ਮੈਂ ਅੱਧ-ਮਰਿਆਂ ਵਾਂਗ ਬੈੱਡ 'ਤੇ ਪਈ ਰਹਿੰਦੀ ਸੀ। ਉਦੋਂ ਸਮਝ ਆਉਂਦੀ ਸੀ, ਹੌਂਸਲਾ ਹਾਰ ਕੇ ਪੈ ਜਾਣਾ ਮੁਸੀਬਤ ਦਾ ਸਾਹਮਣਾ ਕਰਨ ਨਾਲੋਂ ਕਿਤੇ ਡਰਾਉਣਾ ਹੈ।'' ਮੇਰੀ ਗੱਲ ਸੁਣਕੇ ਉਹ ਚੁੱਪ ਹੋ ਗਈ ਹੈ
ਮੈਂ ਫਿਰ ਪੁੱਛਿਆ ਹੈ, ''ਤੂੰ ਇਹ ਦੱਸ ਹੁਣ ਤੇਰੇ ਤੇ ਮੋਹਿਤ ਦੇ ਸਬੰਧ ਕਿਹੋ ਜਿਹੇ ਨੇ।''
''ਕਰਮ! ਅਸੀਂ ਤਲਾਕ ਲੈਣ ਦਾ ਫੈਸਲਾ ਕਰ ਲਿਆ।'' ਉਹ ਰੁਕ ਕੇ ਹੌਲੀ ਜਿਹੀ ਬੋਲੀ ਹੈ
''ਪਰ ਨੂਪੁਰ ਰਿਸ਼ਤਿਆਂ ਨੂੰ ਮੌਕਾ ਦੇਣਾ ਜਰੂਰੀ ਹੁੰਦਾ। ਇੰਨੇ ਨੇੜੇ ਰਹਿ ਕੇ ਦੂਰ ਹੋ ਜਾਣਾ ਛੋਟੀ ਗੱਲ ਨਹੀਂ। ਤੂੰ ਇਹ ਕੀ ਕੀਤਾ?'' ਮੈਂ ਦੁਖੀ ਹੋ ਗਈ ਹਾਂ
''ਐਵਰੀਥਿੰਗ ਇਜ਼ ਰਾਈਟ ਇੰਨ ਲਵ ਐਂਡ ਵਾਰ।'' ਉਸਨੇ ਸਖ਼ਤ ਜਵਾਬ ਦਿੱਤਾ ਹੈ
''ਨਹੀਂ ਨੂਪੁਰ.....! ਤੂੰ ਗਲਤ ਏਂ। ਵਾਰ ਇਜ਼ ਨੌਟ ਲਵ ਐਂਡ ਲਵ ਇਜ਼ ਨੌਟ ਵਾਰ।'' ਮੈਂ ਉਸਦਾ ਜਵਾਬ ਦਰੁੱਸਤ ਕੀਤਾ ਹੈ
ਉਹ ਚੁੱਪ ਹੋ ਗਈ ਹੈ। ਮੈਂ ਸਮਝਾਉਂਦੇ ਹੋਏ ਕਿਹਾ, ''ਨੂਪੁਰ ਪਿਆਰ ਲੜਾਈ ਨਹੀਂ। ਜਿਸ ਨੂੰ ਜਿੱਤ ਜਾਂ ਹਾਰ ਨਾਲ ਮਾਪਿਆ ਜਾਵੇ। ਲੜਨਾ ਹੈ ਤਾਂ ਅੰਦਰਲੀ ਬੁਰਾਈ ਨਾਲ ਲੜ। ਉਸ ਬੁਰਾਈ ਨੂੰ ਖਤਮ ਕਰ ਜਿਸ ਨੇ ਤੇਰਾ ਪਿਆਰ ਖਤਮ ਕਰ ਦਿੱਤਾ।''
ਉਸ ਦੀ ਚੁੱਪ ਵੇਖ ਮੈਂ ਜ਼ਿਆਦਾ ਬੋਲਣਾ ਠੀਕ ਨਹੀਂ ਸਮਝਿਆ। ਗੱਲ ਬਦਲਨ ਲਈ ਪੁੱਛਿਆ ਹੈ, ''ਤੂੰ ਪੜ੍ਹਾਈ ਪੂਰੀ ਕਰਨ ਬਾਰੇ ਕੀ ਸੋਚਿਆ ?''
''ਛੱਡ ਯਾਰ ਮੇਰਾ ਮਨ ਨਹੀਂ ਕਰਦਾ ਪੜ੍ਹਨ ਨੂੰ।'' ਉਹ ਉਦਾਸ ਹੋ ਬੋਲੀ ਹੈ
ਉਸਦੀ ਉਦਾਸੀ ਵਿਚੋਂ ਵਿਛੋੜੇ ਦੀ ਤੜਫ਼ ਮਹਿਸੂਸ ਹੋਈ ਹੈ। ਫ਼ੋਨ 'ਤੇ ਆਂਟੀ ਦਾ ਮੈਸੇਜ਼ ਆ ਰਿਹਾ ਹੈ, ''ਨੂਪੁਰ ਨੂੰ ਆਪਣੇ ਕੋਲ ਰੋਕ ਕੇ ਰੱਖੀਂ। ਮੈਂ ਤੇ ਤੇਰੇ ਅੰਕਲ ਵੀ ਪਹੁੰਚ ਰਹੇ ਹਾਂ।''

ਉਹਨਾਂ ਦੇ ਆਉਣ 'ਤੇ ਨੂਪੁਰ ਉੱਠ ਕੇ ਨਾਨੀ ਨਾਲ ਗੱਲਾਂ ਕਰਨ ਲੱਗੀ ਹੈ। ਆਂਟੀ ਉਸਨੂੰ ਦੁਖੀ ਨਹੀਂ ਵੇਖ ਸਕਦੀ। ਅੰਕਲ ਹਮੇਸ਼ਾਂ ਦੀ ਤਰ੍ਹਾਂ ਚੁੱਪ ਹਨ। ਸ਼ਾਇਦ ਆਪਣੀ ਪਰਵਰਿਸ਼ ਨੂੰ ਦੋਸ਼ ਦੇ ਰਹੇ ਹਨ। ਆਪਣੀ ਰਾਜਕੁਮਾਰੀ ਲਈ ਬੁਣੇ ਸੁਪਨੇ ਪੂਰੇ ਨਾ ਕਰ ਸਕਣ ਦਾ ਸਦਮਾ ਝੱਲ ਰਹੇ ਹਨ। ਮੈਂ ਆਂਟੀ ਨੂੰ ਸਲਾਹ ਦਿੰਦੇ ਹੋਏ ਕਿਹਾ, ''ਤੁਸੀਂ ਨੂਪੁਰ ਨੂੰ ਆਪਣੀ ਲੜਾਈ ਆਪ ਲੜਨ ਦਿਉ। ਉਸ ਨੂੰ ਖੁਦ ਫੈਸਲਾ ਕਰਨ ਦੀ ਖੁੱਲ੍ਹ ਦਿਉ।''

ਆਂਟੀ ਨੇ ਦਿਲ 'ਤੇ ਹੱਥ ਰੱਖਦਿਆਂ ਡੂੰਘੀ ਆਹ ਭਰੀ ਹੈ। ਮਾਂ ਮੋਢੇ 'ਤੇ ਹੱਥ ਰੱਖ ਉਸ ਨੂੰ ਹੌਂਸਲਾ ਦੇ ਰਹੀ ਹੈ। ਇੱਕ ਮਾਂ ਦੂਜੀ ਮਾਂ ਦੇ ਦਰਦ ਤੋਂ ਜਾਣੂ ਹੈ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਸੋਚਾਂ ਵਿੱਚ ਗੁੰਮ ਬੈਠੀ ਹਾਂ। ਨਾਨੀ ਮੈਨੂੰ ਸਮਝਾਉਂਦੀ ਹੋਈ ਬੋਲੀ ਹੈ, ''ਬੇਟਾ ਮਰਦ ਤੇ ਔਰਤ ਇੱਕ ਦੂਜੇ ਨੂੰ ਪੂਰਾ ਕਰਨ ਲਈ ਨੇੜੇ ਆਉਂਦੇ ਨੇ। ਬ੍ਰਹਮਾਂ ਨੇ ਦੋਹਾਂ ਨੂੰ ਅੱਧੀ ਔਰਤ ਤੇ ਅੱਧਾ ਮਰਦ ਬਣਾ ਕੇ ਧਰਤੀ 'ਤੇ ਭੇਜਿਆ। ਉਹ ਆਪਣਾ ਅੱਧ ਇੱਕ ਦੂਜੇ ਦੇ ਅੰਦਰੋਂ ਲੱਭਦੇ ਨੇ। ਪਰ ਕੋਈ ਵਿਰਲਾ ਹੀ ਪੂਰਾ ਹੁੰਦਾ। ਸਭ ਅਧੂਰੇ ਹੀ ਦੁਨੀਆਂ ਛੱਡ ਜਾਂਦੇ ਨੇ।''

ਨਾਨੀ ਦੀ ਗੱਲ ਵਿੱਚ ਸੱਚਾਈ ਹੈ। ਇਕ ਪਾਸੇ ਨੂਪੁਰ ਹੈ, ਜਿਸ ਪਿਆਰ ਲਈ ਉਸਨੇ ਸਾਰੇ ਰਿਸ਼ਤਿਆਂ ਨੂੰ ਠੋਕਰ ਮਾਰ ਦਿੱਤੀ। ਅੱਜ ਉਸੇ ਨੂੰ ਭੁਲਾ ਦੇਣਾ ਚਾਹੁੰਦੀ ਹੈ। ਦੂਜੇ ਪਾਸੇ ਦਿਸ਼ਾ ਦਾ ਗਹਿਰਾਈ ਵਿੱਚ ਉਤਰਿਆ ਪ੍ਰੇਮ। ਜਿਸ ਲਈ ਉਹ ਕੁਰਬਾਨ ਹੋਣ ਲਈ ਤਿਆਰ ਹੈ। ਮੇਰੇ ਅੰਦਰ ਪੂਰਨ ਹੋਣ ਦੀ ਖਾਹਿਸ਼ ਪੈਦਾ ਹੋਣ ਲੱਗੀ ਹੈ। ਆਪਣੀ ਰੂਹ ਦੇ ਸਾਥੀ ਨੂੰ ਲੱਭਣ ਲਈ ਕਲਪਨਾ ਦੇ ਸਾਗਰ ਵਿੱਚ ਗੋਤੇ ਖਾਣ ਲੱਗੀ ਹਾਂ.....।

ਇਕ ਖਾਲੀ ਗੋਲ ਚੱਕਰ। ਉਸ ਦੇ ਬਾਹਰ ਬੈਠਾ ਪਰਛਾਵਾਂ। ਆਪਣਾ ਹੱਥ ਵਧਾ ਕੇ ਉਸ ਚੱਕਰ ਦੇ ਅੰਦਰ ਕੁਝ ਲਿਖ ਰਿਹਾ ਹੈ। ਦੂਜੇ ਪਾਸੇ ਇਕ ਆਦਮੀ ਤੇ ਔਰਤ ਹੱਥਾਂ ਵਿੱਚ ਹੱਥ ਫੜੀਂ ਬੈਠੇ ਮੁਸਕਰਾ ਰਹੇ ਹਨ। ਉਹ ਚੱਕਰ ਵਿੱਚ ਲਿਖੇ ਨੂੰ ਪੜ੍ਹ ਕੇ ਡਰ ਗਏ ਹਨ। ਹੱਥਾਂ ਵਿਚੋਂ ਹੱਥ ਛੁੱਟ ਗਏ ਹਨ। ਪਰ ਦੂਜੇ ਹੀ ਪਲ ਉਹਨਾਂ ਨੇ ਇੱਕ-ਦੂਜੇ ਦੇ ਹੱਥਾਂ ਨੂੰ ਹੋਰ ਘੁੱਟ ਕੇ ਫੜ ਲਿਆ ਹੈ।

ਮੇਰੀਆਂ ਅੱਖਾਂ ਸਾਹਮਣੇ ਡਾਕਟਰ ਕਾਫ਼ਿਰ ਦਾ ਚਿਹਰਾ ਆ ਰਿਹਾ ਹੈ। ਮੈਂ ਚੱਕਰ ਦੇ ਅੰਦਰ ਲਿਖਿਆ ਯਾਦ ਕਰਕੇ ਪੜ੍ਹਨ ਲੱਗੀ ਹਾਂ। ਪਰ ਲਿਖਤ ਦੀ ਭਾਸ਼ਾ ਸਮਝ ਨਹੀਂ ਆ ਰਹੀ। ਆਪਣੇ ਸਵਾਲ ਦਾ ਆਪ ਹੀ ਜਵਾਬ ਦੇਣ ਲੱਗੀ ਹਾਂ, ''ਲਿਖਣ ਵਾਲੇ ਨੇ ਚੱਕਰ ਵਿੱਚ ਜੋ ਮਰਜ਼ੀ ਲਿਖਿਆ ਹੋਵੇ। ਮੇਰਾ ਪਿਆਰ ਰੂਹਾਂ ਦਾ ਸਾਥੀ ਹੋਵੇਗਾ। ਜੇ ਬੰਦਾ ਕਿਸਮਤ ਆਪ ਘੜ ਸਕਦਾ ਹੈ ਤਾਂ ਰੁਕਾਵਟਾਂ ਦੇ ਹੁੰਦਿਆਂ ਪਿਆਰ ਵੀ ਨਿਭਾਅ ਸਕਦਾ ਏ।''
ਮੈਨੂੰ ਡਾਕਟਰ ਕਾਫ਼ਿਰ ਦੇ ਕਹੇ ਸ਼ਬਦ 'ਕਰਮ ਆਪਣਾ ਕੋਈ ਪੁਰਾਣਾ ਸਬੰਧ ਹੈ' ਵਾਰ-ਵਾਰ ਯਾਦ ਆਉਣ ਲੱਗੇ ਹਨ।
ਮੈਂ ਹੋਰ ਡੂੰਘੀਆਂ ਸੋਚਾਂ ਵਿੱਚ ਡੁੱਬ ਜਾਂਦੀ ਜੇ ਮਾਂ ਦੀ ਆਵਾਜ਼ ਨਾ ਸੁਣਦੀ, ''ਮੈਨੂੰ ਰਣਦੀਪ ਦੀ ਸਮਝ ਨਹੀਂ ਆਉਂਦੀ। ਉਹ ਕੀ ਕਰਨਾ ਚਾਹੁੰਦਾ।''
ਕਿੰਨੇ ਦਿਨਾਂ ਦੀਆਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਦੀ ਉਹ ਬੋਲੀ ਹੈ। ਮੈਂ ਫ਼ਿਕਰ ਵਿੱਚ ਪੁੱਛਿਆ, ''ਕਿਉਂ ਮਾਂ ਕੀ ਹੋਇਆ। ਸਭ ਠੀਕ ਤਾਂ ਹੈ ?''
''ਉਹਨੇ ਕਾਲਜ ਤੇ ਸ਼ਹਿਰ ਬਦਲ ਲਿਆ। ਫ਼ੋਨ ਵੀ ਇੱਕ ਨੰਬਰ ਤੋਂ ਨਹੀਂ ਕਰਦਾ। ਪਰ ਉਥੋਂ ਦੇ ਕਾਨੂੰਨ ਬਹੁਤ ਸਖ਼ਤ ਨੇ। ਮੈਨੂੰ ਡਰ ਲੱਗਦਾ ਕਿਸੇ ਮੁਸੀਬਤ ਵਿੱਚ ਨਾ ਫਸ ਜਾਵੇ।'' ਉਹ ਘਬਰਾਈ ਆਵਾਜ਼ ਵਿੱਚ ਬੋਲੀ ਹੈ
ਮੈਂ ਗੰਭੀਰ ਹੋ ਗਈ ਹਾਂ। ਉਸਦਾ ਫਿਕਰ ਸੱਚਾ ਹੈ। ਮੇਮ ਉਸ ਦੇ ਖਿਲਾਫ਼ ਕੋਈ ਕਾਰਵਾਈ ਜਰੂਰ ਕਰੇਗੀ। ਮੇਰਾ ਧਿਆਨ ਵੀਰੇ ਵੱਲ ਖਿੱਚਿਆ ਗਿਆ ਹੈ। ਫ਼ੋਨ ਦੀ ਰਿੰਗ ਵੱਜੀ ਹੈ। ਹੈਲੋ ਕਹਿੰਦਿਆਂ ਹੀ ਅੱਗੋਂ ਕਿਸੇ ਦੇ ਖੁਸ਼ੀ ਵਿੱਚ ਉਛਲ ਕੇ ਹੈਲੋ ਕਹਿਣ ਦੀ ਆਵਾਜ਼ ਆਈ ਹੈ। ਮੈਂ ਉੱਚੀ ਆਵਾਜ਼ ਵਿੱਚ ਬੋਲੀ ਹਾਂ, ''ਵੀਰੇ ਤੂੰ.....।''

ਮੇਰੀ ਆਵਾਜ਼ ਸੁਣ ਮਾਂ ਤੇ ਨਾਨੀ ਮੇਰੇ ਕੋਲ ਬੈਠ ਗਈਆਂ ਹਨ। ਮੈਂ ਮੋਬਾਈਲ ਦਾ ਸਪੀਕਰ ਔਨ ਕਰ ਦਿੱਤਾ ਹੈ। ਗੱਲਾਂ ਕਰਦਿਆਂ ਉਹ ਉਦਾਸ ਹੋ ਗਿਆ ਹੈ। ਉਸ ਨੂੰ ਲੱਗਦਾ ਹੈ ਕਿ ਮੇਰੀ ਬੀਮਾਰੀ ਦੀ ਵਜ੍ਹਾ ਉਹ ਹੈ। ਉਸ ਨੂੰ ਹੌਸਲਾ ਦਿੰਦੇ ਹੋਏ ਮੈਂ ਆਖਿਆ, ''ਵੀਰੇ ਗਲਤੀ ਕਿਸ ਤੋਂ ਨਹੀਂ ਹੁੰਦੀ। ਕਈ ਵਾਰ ਹਾਲਾਤ ਅਜਿਹਾ ਮੋੜ ਲੈ ਲੈਂਦੇ ਨੇ। ਜਦੋਂ ਦਸ਼ਾ ਖਰਾਬ ਹੋਵੇ ਤਾਂ ਦਿਸ਼ਾ ਵੀ ਖਰਾਬ ਹੋ ਜਾਂਦੀ ਹੈ। ਪਰ ਤੂੰ ਫਿਕਰ ਨਾ ਕਰ। ਮੈਨੂੰ ਸਹੀ ਦਿਸ਼ਾ ਮਿਲ ਗਈ ਹੈ।''

''ਕਰਮ ਮੈਂ ਆਪਣੇ ਵੱਲੋਂ ਪੂਰੀ ਮਿਹਨਤ ਨਾਲ ਕੰਮ ਤੇ ਪੜ੍ਹਾਈ ਕਰ ਰਿਹਾਂ। ਪਰ ਮਨ ਵਿੱਚ ਮੇਮ ਦਾ ਡਰ ਬਣਿਆ ਰਹਿੰਦਾ। ਆਪਣੀ ਪਹਿਚਾਣ ਲੁਕਾ ਕੇ ਕਿੰਨੇ ਦਿਨ ਰਹਾਂਗਾ। ਇਕ ਦਿਨ ਉਹ ਮੇਰੀ ਭਾਲ ਜਰੂਰ ਕਰੇਗੀ। ਸੋਚ ਕੇ ਡਰ ਜਾਂਦਾ ਹਾਂ ਕਿ ਇਸ ਦਾ ਸਿੱਟਾ ਕੀ ਨਿਕਲੇਗਾ।'' ਉਹ ਅਨਜਾਣਾ ਡਰ ਮਹਿਸੂਸ ਕਰਦਾ ਹੋਇਆ ਬੋਲਿਆ ਹੈ

ਉਸ ਨਾਲ ਗੱਲਾਂ ਕਰਦਿਆਂ ਮੇਰੀ ਆਤਮਾ ਨੇ ਆਵਾਜ਼ ਦਿੱਤੀ ਹੈ। ਉਹ ਸੁਣ ਮੈਂ ਬੋਲੀ ਹਾਂ, ''ਵੀਰੇ ਤੂੰ ਬੇਫ਼ਿਕਰ ਹੋ ਕੇ ਆਪਣੇ ਕੰਮ ਕਰ। ਮੇਮ ਦੀ ਚਿੰਤਾ ਮੇਰੇ 'ਤੇ ਛੱਡ ਦੇ। ਤੂੰ ਮੈਨੂੰ ਉਸਦਾ ਮੇਲ ਐਡਰੈੱਸ ਤੇ ਫ਼ੋਨ ਨੰਬਰ ਭੇਜ। ਫਿਰ ਵੇਖਦੇ ਹਾਂ ਕਿ ਅੱਗੇ ਕੀ ਕਰਨਾ।''

ਮਾਂ ਤੇ ਨਾਨੀ ਇੱਕ ਵਾਰ ਫਿਰ ਮੇਰੇ ਵੱਲ ਵਿਸ਼ਵਾਸ ਨਾਲ ਵੇਖਣ ਲੱਗੀਆਂ ਹਨ। ਪਰ ਮੈਂ ਨਾ ਉਹਨਾਂ ਨੂੰ ਕੁਝ ਦੱਸਿਆ, ਨਾ ਹੀ ਉਹਨਾਂ ਕੁਝ ਪੁੱਛਿਆ ਹੈ। ਮੇਰੇ ਚਿਹਰੇ 'ਤੇ ਦਿਸਦਾ ਵਿਸ਼ਵਾਸ਼ ਸਾਰੀਆਂ ਔਕੜਾਂ ਦੂਰ ਕਰਨ ਦੀ ਪੌੜੀ ਹੈ। ਮੈਂ ਉਹ ਪੌੜੀ ਚੜ੍ਹਨ ਲੱਗੀ ਹਾਂ। ਉੱਠ ਕੇ ਅਲਮਾਰੀ ਵਿਚੋਂ ਕਾਨੂੰਨ ਦੀਆਂ ਕਿਤਾਬਾਂ ਕੱਢ ਕੇ ਬਾਹਰ ਰੱਖਣ ਲੱਗੀ ਹਾਂ। ਮੁਸੀਬਤਾਂ ਤੋਂ ਬਚਣ ਦਾ ਰਾਹ ਇਹਨਾਂ ਕਿਤਾਬਾਂ ਵਿਚੋਂ ਦੀ ਜਾਂਦਾ ਹੈ.....।

ਕਾਂਡ-20

ਪੱਕੀ ਸੜਕ ਦੂਰ ਤੱਕ ਜਾਂਦੀ ਦਿਸ ਰਹੀ ਹੈ। ਸੜਕ ਦੇ ਇੱਕ ਪਾਸੇ ਰੰਗ-ਬਰੰਗੇ ਛੋਟੇ-ਵੱਡੇ ਕੱਚੇ ਘੜੇ ਲਾਈਨ ਵਿੱਚ ਪਏ ਹਨ। ਲੋਕ ਆ ਰਹੇ ਹਨ। ਆਪਣੀ ਪਸੰਦ ਦਾ ਘੜਾ ਚੁੱਕ ਰਹੇ ਹਨ। ਮੈਂ ਸੜਕ ਦੇ ਦੂਸਰੇ ਪਾਸੇ ਖੜ੍ਹੀ ਹਾਂ। ਸਾਹਮਣੀ ਪਹਾੜੀ ਉਤੇ ਗੰਦਗੀ ਜੰਮ ਕੇ ਕਾਲੇ ਹੋਏ ਧਾਤ ਦੇ ਤਿੰਨ ਭਾਂਡੇ ਮੂਧੇ ਪਏ ਹਨ। ਮੇਰਾ ਧਿਆਨ ਉਹਨਾਂ ਗੰਦੇ ਭਾਂਡਿਆਂ ਵਿੱਚ ਹੈ। ਹੌਲੀ-ਹੌਲੀ ਉਹਨਾਂ ਤੱਕ ਪਹੁੰਚਦੀ ਹਾਂ। ਦੂਜੇ ਪਾਸੇ ਡੂੰਘੀ ਖਾਈ ਦਿਸ ਰਹੀ ਹੈ। ਮੈਂ ਵਿਸ਼ਵਾਸ਼ ਨਾਲ ਇੱਕ ਭਾਂਡਾ ਸਾਫ਼ ਕਰਕੇ ਸਿੱਧਾ ਕੀਤਾ ਹੈ। ਉਹ ਉੱਪਰ ਤੱਕ ਭਰ ਗਿਆ ਹੈ। ਮੈਂ ਹਿੰਮਤ ਕਰਕੇ ਦੂਸਰਾ ਭਾਂਡਾ ਸਾਫ਼ ਕਰਕੇ ਸਿੱਧਾ ਕੀਤਾ। ਉਹ ਵੀ ਉੱਤੋਂ ਤੱਕ ਭਰ ਗਿਆ। ਤੀਜਾ ਭਾਂਡਾ ਚੁਕਦਿਆਂ ਡੂੰਘੀ ਖਾਈ ਵੱਲ ਵੇਖ ਡਰ ਗਈ ਹਾਂ। ਭਾਂਡਾ ਕਾਹਲੀ ਨਾਲ ਸਿੱਧਾ ਕਰ ਦਿੱਤਾ ਹੈ। ਇੱਕ ਆਵਾਜ਼ ਆਈ, ਭਾਂਡਾ ਅਜੇ ਖਾਲੀ ਹੈ। ਮੈਂ ਜਾਗੋ-ਮੀਟੀ ਵਿੱਚ ਖਾਲੀ ਭਾਂਡੇ ਬਾਰੇ ਸੋਚਣ ਲੱਗੀ ਹਾਂ।

ਮਾਂ ਉੱਠਣ ਲਈ ਕਹਿ ਰਹੀ ਹੈ। ਪਰ ਮੈਂ ਅੱਖਾਂ ਨਹੀਂ ਖੋਹਲ ਰਹੀ। ਉਹ ਕੋਲ ਪਈ ਕੁਰਸੀ 'ਤੇ ਬੈਠ ਗਈ ਹੈ। ਜਿਵੇਂ ਉਸ ਨੂੰ ਮੇਰੇ ਸੁਪਨਿਆਂ ਵਾਲੀ ਰਮਜ਼ ਪਤਾ ਲੱਗ ਗਈ ਹੋਵੇ। ਸੁਪਨਾ ਪੂਰਾ ਕਰਨ ਨੂੰ ਕਹਿ ਰਹੀ ਹੋਵੇ। ਮੈਂ ਅੱਖਾਂ ਖੋਲ੍ਹੀਆਂ। ਉਸ ਵੱਲ ਵੇਖ ਮੁਸਕਰਾ ਕੇ ਬੋਲੀ ਹਾਂ, ''ਮਾਂ ਬਹੁਤ ਦਿਨ ਹੋ ਗਏ ਆਰਾਮ ਕਰਦਿਆਂ ਮੈਨੂੰ ਪ੍ਰੈਕਟਿਸ ਕਰਨੀ ਚਾਹੀਦੀ ਐ। ਕੰਪੀਟੀਸ਼ਨ ਦੀ ਤਿਆਰੀ ਵੀ ਕਰਨੀ।''
ਉਹ ਮੇਰੇ ਸਿਰ 'ਤੇ ਹੱਥ ਰੱਖ ਬੋਲੀ ਹੈ, ''ਮੈਂ ਐਡਵੋਕੇਟ ਧਰਮ ਨਾਲ ਗੱਲ ਕੀਤੀ ਸੀ। ਉਹ ਕਹਿੰਦਾ ਤੂੰ ਜਦੋਂ ਮਰਜ਼ੀ ਉਸਦੇ ਦਫ਼ਤਰ ਆ ਸਕਦੀ ਏਂ।''

ਮੈਂ ਖੁਸ਼ੀ ਨਾਲ ਉੱਠ ਕੇ ਬੈਠ ਗਈ ਹਾਂ। ਅੱਖਾਂ ਵਿੱਚ ਖਾਲੀ ਭਾਂਡਾ ਭਰਨ ਦੀ ਇੱਛਾ ਨੇ ਜਨਮ ਲੈ ਲਿਆ ਹੈ। ਮੈਂ ਅੰਕਲ ਨਾਲ ਐਡਵੋਕੇਟ ਧਰਮ ਨੂੰ ਮਿਲਨ ਜਾ ਰਹੀ ਹਾਂ। ਅੰਕਲ ਰਸਤੇ ਵਿੱਚ ਸਮਝਾਉਂਦੇ ਹੋਏ ਬੋਲੇ, ''ਬੇਟਾ! ਧਰਮ ਸ਼ਹਿਰ ਦਾ ਮੰਨਿਆ-ਪ੍ਰਮੰਨਿਆ ਵਕੀਲ ਐ। ਤੈਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸਮਝ ਲੈ ਸਮੁੰਦਰ ਮਿਲ ਗਿਆ। ਹੁਣ ਤੇਰੀ ਇੱਛਾ ਤੂੰ ਕਿੰਨਾ ਗਹਿਰਾ ਗੋਤਾ ਲਾਉਂਦੀ ਏਂ। ਕਿੰਨੇ ਮੋਤੀ ਚੁਗ ਸਕਦੀ ਏਂ।''

ਉਹਨਾਂ ਦੀਆਂ ਗੱਲਾਂ ਸੁਣ ਮੈਂ ਹੈਰਾਨ ਹਾਂ। ਐਨੇ ਵੱਡੇ ਵਕੀਲ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ। ਅਸੀਂ ਆਫ਼ਿਸ ਪਹੁੰਚੇ। ਉਹ ਕੁਰਸੀ ਉੱਪਰ ਬੈਠਾ ਹੈ। ਹਸਪਤਾਲ ਵਾਲੀ ਦਿੱਖ ਤੋਂ ਬਿਲਕੁੱਲ ਵੱਖਰਾ। ਅੰਕਲ ਵਾਪਸ ਪਰਤ ਗਏ ਹਨ। ਉਹ ਮੇਰੇ ਨਾਲ ਘਰ-ਪਰਿਵਾਰ ਸਬੰਧੀ ਗੱਲਾਂ ਕਰਨ ਲੱਗਾ ਹੈ। ਬਚਪਨ, ਪੜ੍ਹਾਈ, ਮਾਂ-ਪਾਪਾ, ਵੀਰਾ, ਜ਼ਮੀਨ-ਜਾਇਦਾਦ ਤੇ ਅਖੀਰ ਮੇਰੀ ਬੀਮਾਰੀ ਤੱਕ ਦੀ ਜਾਣਕਾਰੀ ਲੈ ਲਈ ਹੈ। ਉਸ ਨਾਲ ਗੱਲਾਂ ਕਰਦਿਆਂ ਅਪਣੱਤ ਦੀ ਭਾਵਨਾ ਮਹਿਸੂਸ ਹੋਈ ਹੈ। ਮੈਂ ਉਸਦੇ ਨਰਮ ਸੁਭਾਅ ਤੋਂ ਪ੍ਰਭਾਵਿਤ ਹੋਈ ਹਾਂ।
ਉਸ ਦੀਆਂ ਗੱਲਾਂ ਸੁਣ ਮੇਰੀ ਹਿੰਮਤ ਵਧ ਗਈ ਹੈ। ਉਸਨੇ ਇਕ ਫਾਈਲ ਮੇਰੇ ਹੱਥ ਫੜਾਉਂਦੇ ਹੋਏ ਕਿਹਾ, ''ਤੂੰ ਇਹ ਫਾਈਲ ਸਟੱਡੀ ਕਰ। ਪੜ੍ਹਨ ਤੋਂ ਬਾਅਦ ਜਰੂਰੀ ਨੁਕਤਿਆਂ ਸਬੰਧੀ ਗੱਲਾਂ ਕਰਾਂਗੇ।''

ਇੰਨਾਂ ਕਹਿ ਕੇ ਉਹ ਗੱਡੀ ਲੈ ਬਾਹਰ ਨਿਕਲ ਗਿਆ ਹੈ। ਮੈਂ ਫਾਈਲ ਖੋਹਲ ਕੇ ਪੜ੍ਹਨ ਲੱਗੀ ਹਾਂ। ਕੁਝ ਖਾਸ ਗੱਲਾਂ ਡਾਇਰੀ ਵਿੱਚ ਨੋਟ ਕਰ ਲਈਆਂ ਹਨ। ਉਹ ਦੁਪਹਿਰ ਤੋਂ ਬਾਅਦ ਵਾਪਸ ਆਇਆ ਹੈ। ਮੇਰੀ ਡਾਇਰੀ ਪੜ੍ਹਨੀ ਸ਼ੁਰੂ ਕੀਤੀ ਹੈ। ਪੜ੍ਹਦੇ ਹੋਏ ਉਸਦੇ ਚਿਹਰੇ 'ਤੇ ਮੁਸਕਾਨ ਫੈਲ ਰਹੀ ਹੈ। ਉਸਨੇ ਆਪਣੇ ਬੈਗ ਵਿਚੋਂ ਇੱਕ ਫਾਈਲ ਕੱਢ ਕੇ ਟੇਬਲ 'ਤੇ ਰੱਖਦਿਆਂ ਕਿਹਾ ਹੈ, ''ਕਰਮ....! ਕੱਲ੍ਹ ਜਲਦੀ ਆਉਣਾ। ਤੂੰ ਕੋਰਟ ਵਿੱਚ ਮੇਰੇ ਨਾਲ ਜਾਣਾ ਹੈ।''

ਖੁਸ਼ੀ ਤੇ ਘਬਰਾਹਟ ਵਿੱਚ ਮੈਂ ਹਾਂ ਕਰ ਦਿੱਤੀ ਹੈ। ਉਸਨੇ ਫਾਈਲ ਮੇਰੇ ਹੱਥਾਂ ਵਿੱਚ ਦਿੰਦੇ ਹੋਏ ਕਿਹਾ, ''ਹੁਣ ਘਰ ਜਾ ਕੇ ਇਸ ਕੇਸ ਨੂੰ ਸਟੱਡੀ ਕਰ। ਬਹੁਤ ਕੁਝ ਸਿੱਖਣ ਨੂੰ ਮਿਲੇਗਾ।'' ਮੈਂ ਫਾਈਲ ਲੈ ਕੇ ਘਰ ਆ ਗਈ ਹਾਂ। ਰਾਤ ਨੂੰ ਬੈਠ ਕੇ ਕੇਸ ਪੜ੍ਹਨ ਲੱਗੀ ਹਾਂ। ਇਹ ਕੇਸ ਇੱਕ ਤਾਂਤਰਿਕ ਤੇ ਇੱਕ ਔਰਤ ਨਾਲ ਸਬੰਧਤ ਹੈ। ਜੋ ਖੰਡਰ ਇਮਾਰਤ ਵਿੱਚ ਬੱਚਿਆਂ ਦੀ ਬਲੀ ਦੀ ਤਿਆਰੀ ਕਰਦੇ ਰੰਗੇ-ਹੱਥੀਂ ਫੜੇ ਗਏ। ਪੜ੍ਹਕੇ ਮੇਰਾ ਦਿਲ ਦਹਿਲ ਗਿਆ। ਕਿਤੇ ਇਹ ਸੂਹ ਦੇਣ ਵਾਲੀ ਮਾਂ.....! ਅੱਖਾਂ ਅੱਗੇ ਗ੍ਰਹਿਣ ਵਾਲੀ ਰਾਤ ਘੁੰਮਣ ਲੱਗੀ ਹੈ।
ਮੈਨੂੰ ਤਾਂਤਰਿਕ ਦੇ ਨਾਲ ਕੰਮੋਂ ਤੇ ਦੀਪੂ ਦੇ ਮਾਸੂਮ ਚਿਹਰੇ ਨਜ਼ਰ ਆ ਰਹੇ ਹਨ। ਸੋਚ ਕੇ ਸੁੰਨ ਹੋ ਰਹੀ ਹਾਂ। ਜੇ ਮਾਂ ਦੀ ਮਮਤਾ ਨਾ ਜਾਗਦੀ ਤਾਂ ਅਦਾਲਤ ਵਿੱਚ ਉਸ ਔਰਤ ਦੀ ਥਾਂ ਮੇਰੀ ਮਾਂ......! ਖ਼ਿਆਲ ਆਉਂਦਿਆਂ ਰੂਹ ਕੰਬ ਗਈ ਹੈ।
ਮਾਂ ਕੋਲ ਖੜ੍ਹੀ ਹੈ। ਮੇਰੇ ਵੱਲ ਫ਼ੋਨ ਵਧਾਉਂਦਿਆਂ ਬੋਲੀ ਹੈ, ''ਕਰਮ ਤੇਰੀ ਆਂਟੀ ਦਾ ਫ਼ੋਨ ਆ ਰਿਹਾ।''
ਅੱਗੋਂ ਆਵਾਜ਼ ਆਈ ਹੈ, ''ਕਰਮ ਕਿਵੇਂ ਰਿਹਾ ਪਹਿਲਾ ਦਿਨ....।''
''ਬਹੁਤ ਵਧੀਆ ਆਂਟੀ। ਇੱਕ ਕੇਸ ਮਿਲਿਆ ਸਟੱਡੀ ਕਰਨ ਲਈ।'' ਮੈਂ ਉਸ ਨੂੰ ਦੱਸਣ ਲੱਗੀ ਹਾਂ
''ਵੈਰੀ ਗੁੱਡ! ਕਿਸ ਤਰ੍ਹਾਂ ਦਾ ਕੇਸ ਹੈ।'' ਉਸ ਨੇ ਦਿਲਚਸਪੀ ਲੈਂਦਿਆ ਪੁੱਛਿਆ ਹੈ
''ਇਕ ਤਾਂਤਰਿਕ ਦਾ ਹੈ। ਬੱਚਿਆਂ ਦੀ ਬਲੀ ਨਾਲ ਸਬੰਧਤ।'' ਸੁਣਕੇ ਮੇਰੇ ਕੋਲ ਖੜ੍ਹੀ ਮਾਂ ਦਾ ਚਿਹਰਾ ਬੇਰੰਗ ਹੋ ਗਿਆ ਹੈ
''ਬੇਟਾ ਕਿਤੇ ਉਹੀ ਤਾਂਤਰਿਕ ਤਾਂ ਨਹੀਂ। ਜਿਹੜਾ ਪੰਡਿਤ ਦੀਨਾ ਠਾਕੁਰ ਦੀ ਦੁਕਾਨ 'ਤੇ ਬੈਠਦਾ।'' ਆਂਟੀ ਨੂੰ ਕੋਈ ਸ਼ੱਕ ਹੋਇਆ ਹੈ
''ਆਂਟੀ ਤੁਹਾਨੂੰ ਪਤਾ ਹੈ! ਦੱਸੋ ਪਲੀਜ਼....।'' ਮੈਂ ਉਤਸੁਕਤਾ ਨਾਲ ਪੁੱਛਿਆ ਹੈ

''ਬੇਟਾ ਪੰਡਿਤ ਬੜਾ ਸ਼ਾਤਿਰ ਦਿਮਾਗ ਬੰਦਾ ਏ। ਉਹ ਧੋਖੇ ਨਾਲ ਲੋਕਾਂ ਨੂੰ ਵਿਸ਼ਵਾਸ਼ ਵਿੱਚ ਲੈ ਲੈਂਦਾ। ਜਦੋਂ ਮੁਸੀਬਤ ਮਾਰੇ ਲੋਕ ਦੁਬਾਰਾ ਉਸ ਕੋਲ ਜਾਂਦੇ ਹਨ। ਉਹ ਬਹਾਨੇ ਨਾਲ ਦੁਕਾਨ 'ਚੋਂ ਨਿਕਲ ਜਾਂਦਾ ਏ। ਉਥੇ ਹਰ ਰੋਜ਼ ਬਦਲ ਕੇ ਬੰਦਾ ਬਿਠਾਉਂਦਾ, ਜਿਹੜਾ ਲੋਕਾਂ ਨੂੰ ਕਹਿੰਦਾ ਏ ਕਿ ਉਹਨਾਂ ਦੀਆਂ ਸਮੱਸਿਆਵਾਂ ਦਾ ਇਲਾਜ਼ ਉਸ ਕੋਲ ਹੈ। ਲੋਕ ਗੱਲਾਂ ਵਿੱਚ ਆ ਜਾਂਦੇ ਨੇ। ਉਹ ਇੱਕ ਤਾਂਤਰਿਕ ਨਾਲ ਸਾਂਢਾ-ਗਾਂਢਾ ਕਰਕੇ ਲੋਕਾਂ ਨੂੰ ਠੱਗਦੇ ਨੇ। ਬੱਚਿਆਂ ਦੀ ਬਲੀ ਦਿੰਦੇ। ਉਹਨਾਂ ਦੇ ਅੰਗ ਵੀ ਵੇਚਦੇ ਹਨ।'' ਆਂਟੀ ਇਕ ਸਾਹ ਵਿੱਚ ਸਾਰੀ ਗੱਲ ਦੱਸ ਗਈ ਹੈ
''ਆਂਟੀ ਤੁਹਾਨੂੰ ਕਿਵੇਂ ਪਤਾ....?'' ਮੈਂ ਸ਼ੱਕ ਕਰਦਿਆਂ ਪੁੱਛਿਆ ਹੈ
''ਨੂਪੁਰ ਦੀਆਂ ਤਕਲੀਫ਼ਾਂ ਦਾ ਹੱਲ ਲੱਭਣ ਲਈ ਮੈਂ ਉਸ ਕੋਲ ਫਸ ਗਈ ਸੀ। ਪਰ ਉਹਦੇ ਝਾਂਸੇ 'ਚੋਂ ਨਿਕਲ ਆਈ। ਦੁਬਾਰਾ ਨਹੀਂ ਗਈ।'' ਉਸ ਨੇ ਸੱਚਾਈ ਬਿਆਨ ਕਰ ਦਿੱਤੀ ਹੈ

ਮੈਂ ਮਾਂ ਵੱਲ ਵੇਖਿਆ। ਉਹ ਇਸ ਕਹਾਣੀ ਦੀ ਚਸ਼ਮ-ਦੀਦ ਗਵਾਹ ਹੈ। ਪਰ ਮੈਂ ਉਸਦੇ ਪਛਤਾਵੇ ਨੂੰ ਜ਼ੁਰਮ ਵਿੱਚ ਨਹੀਂ ਬਦਲ ਸਕਦੀ। ਉਸਦੀ ਚੁੱਪ ਨੂੰ ਚੁੱਪ ਹੀ ਰੱਖਾਂਗੀ। ਇਸ ਦੀ ਕੀਮਤ ਮੈਂ ਕੇਸ ਤੋਂ ਪਰਦਾਫਾਸ਼ ਕਰਕੇ ਉਤਾਰਾਂਗੀ।
''ਥੈਂਕਸ ਆਂਟੀ। ਤੁਹਾਡੇ ਤੋਂ ਮੈਨੂੰ ਬਹੁਤ ਕੁਝ ਜਾਨਣ ਨੂੰ ਮਿਲਿਆ। ਹੁਣ ਮੈਂ ਕੁਝ ਜਰੂਰੀ ਕੰਮ ਕਰਨੇ ਨੇ।'' ਆਖਦਿਆਂ ਮੈਂ ਫ਼ੋਨ ਕੱਟ ਦਿੱਤਾ ਹੈ

ਮੈਂ ਕੇਸ ਸਬੰਧੀ ਜਰੂਰੀ ਨੋਟਿਸ ਲਏ ਹਨ। ਸਾਰੀ ਰਾਤ ਦਿਮਾਗ ਵਿੱਚ ਕੇਸ ਦੀਆਂ ਘਟਨਾਵਾਂ ਘੁੰਮਦੀਆਂ ਰਹੀਆਂ। ਆਫ਼ਿਸ ਪਹੁੰਚ ਕੇ ਸਾਰੇ ਨੋਟਸ ਧਰਮ ਨੂੰ ਦੇ ਦਿੱਤੇ ਹਨ। ਉਹ ਪੜ੍ਹਦਾ ਹੋਇਆ ਕੁਰਸੀ ਤੋਂ ਉੱਠਿਆ ਹੈ। ਉਸ ਨੂੰ ਕੇਸ ਵਿੱਚ ਉਹ ਮਿਲਿਆ ਜੋ ਉਸਨੇ ਸੋਚਿਆ ਨਹੀਂ ਸੀ। ਉਹ ਖੁਸ਼ ਹੁੰਦੇ ਹੋਏ ਬੋਲਿਆ ਹੈ, ''ਸ਼ਾਬਾਸ਼ ਕਰਮ! ਤੂੰਂ ਇਕ ਦਿਨ ਜ਼ਰੂਰ ਨਾਂ ਕਮਾਏਗੀ। ਕਮਾਲ ਦੇ ਨੁਕਤੇ ਲੱਭ ਕੇ ਲਿਆਂਦੇ ਤੂੰ! ਇਸ ਨਾਲ ਕੇਸ ਦਾ ਰੁਖ ਹੀ ਬਦਲ ਜਾਏਗਾ।''

ਆਪਣੀ ਤਾਰੀਫ਼ ਸੁਣ ਮੈਂ ਖੁਸ਼ ਹੋ ਰਹੀ ਹਾਂ। ਅਸੀਂ ਕੋਰਟ ਵਿੱਚ ਪਹੁੰਚੇ ਹਾਂ। ਮੈਂ ਐਡਵੋਕੇਟ ਧਰਮ ਦੇ ਨਾਲ ਕੁਰਸੀ 'ਤੇ ਬੈਠੀ ਹਾਂ। ਤਾਂਤਰਿਕ ਦੀ ਡਰਾਉਣੀ ਸ਼ਕਲ ਮੈਨੂੰ ਲਾਲ ਅੱਖਾਂ ਵਾਲੇ ਆਦਮੀ ਨਾਲ ਰਲਦੀ-ਮਿਲਦੀ ਮਹਿਸੂਸ ਹੋ ਰਹੀ ਹੈ। ਉਸਦੇ ਨਾਲ ਖੜ੍ਹੀ ਔਰਤ ਕਦੇ ਮਾਂ ਅਤੇ ਕਦੇ ਆਂਟੀ ਦੀ ਸ਼ਕਲ ਵਿੱਚ ਬਦਲ ਰਹੀ ਹੈ। ਐਡਵੋਕੇਟ ਧਰਮ ਨੇ ਜੱਜ ਦੇ ਸਾਹਮਣੇ ਤਾਂਤਰਿਕ ਦੀ ਮਿਲੀ-ਭੁਗਤ ਦਾ ਪਰਦਾ ਫਾਸ਼ ਕੀਤਾ ਹੈ। ਉਸ ਦੀਆਂ ਦਲੀਲਾਂ ਸੁਣ ਤਾਂਤਰਿਕ ਦੇ ਪਸੀਨੇ ਛੁੱਟ ਰਹੇ ਹਨ। ਸਾਰੀਆਂ ਕੜੀਆਂ ਮਿਲ ਰਹੀਆਂ ਹਨ। ਜੱਜ ਨੇ ਪੁਲਿਸ ਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਐਡਵੋਕੇਟ ਧਰਮ ਪਹਿਲੇ ਕੇਸ ਵਿੱਚ ਮੇਰੇ ਤੋਂ ਪ੍ਰਭਾਵਿਤ ਹੋ ਗਿਆ ਹੈ। ਮੇਰਾ ਆਤਮ ਵਿਸ਼ਵਾਸ਼ ਵਧਿਆ ਹੈ। ਮੈਨੂੰ ਮਾਮਲੇ ਦੀ ਤਹਿ ਤੱਕ ਪਹੁੰਚਣ ਦੀ ਸੂਝ-ਬੂਝ ਆ ਰਹੀ ਹੈ। ਕੋਰਟ ਤੋਂ ਸਿੱਧੀ ਘਰ ਆਈ ਹਾਂ। ਮਾਂ ਤੇ ਨਾਨੀ ਸੁਣ ਕੇ ਅਸੀਸਾਂ ਦੇ ਰਹੀਆਂ ਹਨ। ਮੇਰੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ। ਸੋਚਾਂ ਵਿੱਚ ਸਾਹਮਣੀ ਦੀਵਾਰ 'ਤੇ ਟਿਕਟਿਕੀ ਲਾ ਕੇ ਵੇਖਣ ਲੱਗੀ ਹਾਂ।

ਦੀਵਾਰ ਦੀ ਲਹਿ ਚੁੱਕੀ ਕਲੀ ਵਿੱਚ ਮਨੁੱਖੀ ਦੰਦ ਮੁਸਕਰਾ ਰਹੇ ਹਨ। ਧਿਆਨ ਨਾਲ ਵੇਖਣ ਲੱਗੀ ਹਾਂ। ਉਹ ਦੰਦ ਅੱਖਾਂ 'ਤੇ ਮਖੌਟਾ ਪਹਿਨੇ ਮਨੁੱਖ ਵਿੱਚ ਬਦਲ ਰਹੇ ਹਨ। ਮੈਂ ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਹੀ ਹਾਂ। ਵੇਖਦਿਆਂ ਹੀ ਉਹ ਚਿਹਰਾ ਖੂੰਖਾਰ ਸ਼ੇਰ ਬਣ ਗਿਆ ਹੈ। ਮੈਂ ਡਰ ਗਈ ਹਾਂ। ਅਗਲੇ ਪਲ ਮੈਂ ਅੰਦਰਲੇ ਡਰ 'ਤੇ ਕਾਬੂ ਕਰ ਧਿਆਨ ਨਾਲ ਵੇਖਿਆ। ਉਹ ਖੂੰਖਾਰ ਚਿਹਰਾ ਬਿੱਲੀ ਬਣ ਚੁੱਕਿਆ ਹੈ।
''ਕਰਮ ਸੌਂ ਜਾ ਹੁਣ। ਥੱਕ ਗਈ ਹੋਵੇਗੀ।'' ਨਾਨੀ ਦੀ ਆਵਾਜ਼ ਸੁਣ ਦੀਵਾਰ ਤੋਂ ਧਿਆਨ ਹਟਾ ਲਿਆ ਹੈ
ਬੈੱਡ 'ਤੇ ਪੈਂਦਿਆਂ ਹੀ ਮੁਸਕਰਾਈ ਹਾਂ, ''ਸੱਚ-ਮੁੱਚ ਥੱਕ ਗਈ ਹਾਂ। ਕੰਧਾਂ ਵਿੱਚ ਵੀ ਮਨੁੱਖੀ ਚਿਹਰਿਆਂ ਅੰਦਰ ਲੁਕੇ ਅਸਲੀ ਚਿਹਰੇ ਦਿੱਸਣ ਲੱਗੇ ਹਨ।''
ਖਿਆਲਾਂ ਵਿੱਚ ਡੁੱਬੀ ਹੀ ਸੌਂ ਗਈ ਹਾਂ। ਸਵੇਰੇ ਤਿਆਰ ਹੋ ਆਫਿਸ ਪਹੁੰਚੀ ਹਾਂ। ਧਰਮ ਪਹਿਲਾਂ ਹੀ ਆਫਿਸ ਵਿੱਚ ਬੈਠਾ ਹੈ। ਮੈਨੂੰ ਵੇਖ ਬੋਲਿਆ ਹੈ, ''ਕਰਮ ਮੈਂ ਤਾਂ ਤੈਨੂੰ ਹਸਪਤਾਲ ਵਿੱਚ ਹੀ ਪਹਿਚਾਣ ਲਿਆ ਸੀ। ਤੂੰ ਅਲੱਗ ਸਮਝ ਵਾਲੀ ਲੜਕੀ ਏਂ। ਤੇਰੀ ਇਸੇ ਲਿਆਕਤ ਨੇ ਤੈਨੂੰ ਪਹਿਲੇ ਹੀ ਕੇਸ ਵਿੱਚ ਸਭ ਦੀਆਂ ਨਜ਼ਰਾਂ ਵਿੱਚ ਲਿਆ ਖੜ੍ਹਾ ਕੀਤਾ ਹੈ।''

ਮੈਂ ਥੈਂਕਸ ਆਖ ਚੁੱਪ ਹੋ ਗਈ ਹਾਂ। ਉਹ ਦੱਸਣ ਲੱਗਾ ਹੈ, ''ਕੇਸ ਪੁਲਿਸ ਦੇ ਹਵਾਲੇ ਹੋ ਗਿਆ ਹੈ। ਉਹ ਪੁੱਛ-ਗਿੱਛ ਕਰਕੇ ਸਾਜਿਸ਼ ਕਰਨ ਵਾਲੇ ਗ੍ਰੋਹ ਨੂੰ ਗ੍ਰਿਫ਼ਤ ਵਿੱਚ ਲੈਣਗੇ। ਜੋਤਸ਼ੀ, ਡਾਕਟਰ ਤੇ ਹੋਰ ਜਿਹੜੇ ਲੋਕ ਇਸ ਜਾਅਲਸਾਜ਼ੀ ਵਿੱਚ ਸ਼ਾਮਿਲ ਹਨ। ਸਭ ਦੇ ਖਿਲਾਫ਼ ਚਾਰਜਸ਼ੀਟ ਤਿਆਰ ਕਰਕੇ ਕੋਰਟ ਦੇ ਹਵਾਲੇ ਕਰਨਗੇ। ਅੰਗਾਂ ਦੀ ਤਸਕਰੀ ਦਾ ਮਾਮਲਾ ਸਾਹਮਣੇ ਆਉਣ ਕਰਕੇ ਕੇਸ ਪੇਚੀਦਾ ਹੋ ਗਿਆ ਹੈ। ਲੋਕਾਂ ਨੂੰ ਗੁੰਮਰਾਹ ਕਰਨਾ, ਸਾਜਿਸ਼ ਕਰਨੀ, ਸਬੂਤ ਖੁਰਦ-ਬੁਰਦ ਕਰਨੇ, ਬਲੀ ਦੀ ਓਟ ਵਿੱਚ ਮਾਸੂਮਾਂ ਦਾ ਕਤਲ ਕਰਨਾ, ਮਨੁੱਖੀ ਅੰਗਾਂ ਨੂੰ ਵੇਚਣਾ। ਕਈ ਗੁਨਾਹ ਕੀਤੇ ਗਏ ਹਨ। ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਵੇਖੋ ਹੁਣ ਕੇਸ ਕਦੋਂ ਤੱਕ ਚੱਲਦਾ।''
ਉਸ ਦੀਆਂ ਗੱਲਾਂ ਸੁਣਦਿਆਂ ਮੇਰਾ ਧਿਆਨ ਪਹਾੜੀ ਉੱਤੇ ਪਏ ਖਾਲੀ ਭਾਂਡੇ ਵੱਲ ਚਲਾ ਗਿਆ ਹੈ। ਮੈਂ ਉਹ ਸਾਫ਼ ਹੋਇਆ ਭਾਂਡਾ ਭਰ ਕੇ ਚੁੱਕਣਾ ਹੈ।

ਕਾਂਡ-21

''ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫਤਹਿ! ਸਾਧ-ਸੰਗਤ ਜੀ ਅੱਜ ਕੱਤਕ ਮਹੀਨੇ ਦੀ ਸੰਗਰਾਂਦ ਹੈ।'' ਗੁਰਦੁਆਰੇ ਤੋਂ ਆਈ ਆਵਾਜ਼ ਸੁਣ ਮੈਂ ਉੱਠ ਕੇ ਬੈਠ ਗਈ ਹਾਂ
''ਕੀ ਗੱਲ! ਅੱਜ ਸਵੇਰੇ ਹੀ ਉੱਠ ਗਈ। ਝੱਟ ਹੋਰ ਪੈ ਲੈਂਦੀ। ਅੱਜ ਛੁੱਟੀ ਆ। ਸਵੇਰੇ ਉੱਠ ਕੇ ਕੀ ਕਰਨਾ ਭਲਾਂ।'' ਕੋਲ ਪਈ ਮਾਂ ਬੋਲੀ ਹੈ
ਉਸ ਦੀ ਹੈਰਾਨੀ ਦੂਰ ਕਰਨ ਲਈ ਮੈਂ ਜਵਾਬ ਦਿੱਤਾ, ''ਹੁਣ ਤਾਂ ਉੱਠ ਗਈ ਮਾਂ। ਦੁਬਾਰਾ ਨਹੀਂ ਸੌਣਾ। ਮੈਂ ਪਹਿਲਾਂ ਈ ਉੱਠਣ ਵਿੱਚ ਬਹੁਤ ਦੇਰ ਕਰ ਦਿੱਤੀ।''
ਨਾਨੀ ਵਾਹਿਗੁਰੂ ਦਾ ਜਾਪ ਕਰ ਰਹੀ ਹੈ, ''ਉੱਠਣ ਦੇ ਕੁੜੀ ਨੂੰ। ਨਾਲੇ ਤੂੰ ਵੀ ਉੱਠ। ਅੱਜ ਤੋਂ ਪ੍ਰਭਾਤ ਫੇਰੀ ਸ਼ੁਰੂ ਹੋ ਗਈ ਐ।''
ਮਾਂ ਗੁਰਦੁਆਰੇ ਜਾਣ ਲਈ ਤਿਆਰ ਹੋਣ ਲੱਗੀ ਹੈ। ਪ੍ਰਭਾਤ ਫੇਰੀ ਦੇ ਸ਼ਬਦਾਂ ਦੀ ਆਵਾਜ਼ ਆਉਣ ਲੱਗੀ ਹੈ। ਸੰਗਤ ਦੀ ਰਲਵੀਂ ਤੇ ਮਿੱਠੀ ਆਵਾਜ਼ ਰੂਹ ਨੂੰ ਸ਼ਾਂਤ ਕਰ ਰਹੀ ਹੈ। ਮੈਂ ਮੰਤਰ-ਮੁਗਧ ਕਰ ਰਹੇ ਮਾਹੌਲ ਨੂੰ ਮਹਿਸੂਸ ਕਰਨ ਲੱਗੀ ਹਾਂ। ਨਾਨੀ ਦੀ ਗੁਰੂ ਚਰਨਾਂ ਨਾਲ ਲਿਵ ਲੱਗੀ ਹੈ। ਉਹ ਘਰ ਬੈਠੀ ਸੰਗਤ ਦੇ ਨਾਲ ਸ਼ਬਦ ਗਾ ਰਹੀ ਹੈ। ਇਲਾਹੀ ਵਾਤਾਵਰਣ ਪੌਣਾ ਵਿੱਚ ਸੁਗੰਧੀਆਂ ਬਿਖ਼ੇਰ ਰਿਹਾ ਹੈ। ਸ਼ਬਦ ਸੁਣਦਿਆਂ ਦਿਨ ਚੜ੍ਹ ਗਿਆ। ਮਾਂ ਵਾਪਸ ਆ ਗਈ ਹੈ। ਕੰਨਾਂ ਵਿੱਚ ਅਜੇ ਵੀ ਮਧੁਰ ਰਸ ਗੂੰਜ ਰਿਹਾ ਹੈ। ਫੋਨ ਦੀ ਰਿੰਗ ਨੇ ਮੇਰੀ ਸ਼ਾਂਤੀ ਉਖੇੜ ਦਿੱਤੀ ਹੈ।
''ਕਰਮ ਸਵੇਰੇ ਸ਼ਾਹਣੀ ਦਾ ਬਾਡੀਗਾਰਡ ਘਰ ਆਇਆ ਸੀ। ਸ਼ਾਹਣੀ ਦਾ ਮੈਸੇਜ਼ ਦੇਣ।'' ਮੇਰੇ ਫ਼ੋਨ ਚੁੱਕਦਿਆਂ ਨੂਪੁਰ ਦੱਸਣ ਲੱਗੀ ਹੈ
''ਉਹਨੇ ਸਾਨੂੰ ਦੋਹਾਂ ਨੂੰ ਬੁਲਾਇਆ। ਤੂੰਂ ਤਿਆਰ ਰਹੀਂ। ਮੈਂ ਆ ਰਹੀ ਆਂ।'' ਉਸ ਨੇ ਸੁਨੇਹਾ ਦਿੰਦਿਆਂ ਕਿਹਾ
''ਸ਼ਾਹਣੀ ਦੇ ਪੈਸੇ ਅਸੀਂ ਮੋੜ ਈ ਦੇਣੇ। ਫਿਰ ਘਰ ਕਿਉਂ ਬੁਲਾ ਰਹੀ ਐ।'' ਮੈਂ ਫੋਨ ਬੰਦ ਕਰ ਸੋਚਣ ਲੱਗੀ ਹਾਂ
''ਭਾਈ ਮੈਂ ਸ਼ਾਹਣੀ ਦੇ ਘਰ ਕੰਮ ਕਰਨ ਗਈ ਸੀ। ਉਹ ਤੈਨੂੰ ਘਰ ਬੁਲਾ ਰਹੀ ਐ।'' ਨਸੀਬੋ ਨੇ ਘਰ ਆਉਂਦਿਆਂ ਹੀ ਸੁਨੇਹਾ ਦਿੱਤਾ ਹੈ
ਉਸ ਨਾਲ ਗੱਲ ਕਰਦਿਆਂ ਨੂਪੁਰ ਘਰ ਆ ਗਈ ਹੈ। ਮਾਂ ਦੇ ਕਹਿਣ 'ਤੇ ਅਸੀਂ ਸ਼ਾਹਣੀ ਦੇ ਘਰ ਵੱਲ ਤੁਰ ਪਈਆਂ। ਮੈਂ ਘਰੋਂ ਨਿਕਲਦਿਆਂ ਹੀ ਸੋਚ ਲਿਆ, ''ਅੱਜ ਮੈਂ ਨੂਪੁਰ ਨਾਲ ਮੋਹਿਤ ਸਬੰਧੀ ਕੋਈ ਗੱਲ ਨਹੀਂ ਕਰਨੀ।''
''ਕਰਮ ਤੈਨੂੰ ਯਾਦ ਇਸ ਥਾਂ ਡੂੰਘਾ ਟੋਇਆ ਹੁੰਦਾ ਸੀ। ਉਸ ਨੇੜਿਉਂ ਲੰਘਦਿਆਂ ਤੂੰ ਮੈਨੂੰ ਹਮੇਸ਼ਾਂ ਚੌਕਸ ਕਰਦੀ। ਮੈਂ ਹਰ ਵਾਰ ਆਪਣੀ ਲਾਪ੍ਰਵਾਹੀ ਕਾਰਨ ਉਸ ਵਿੱਚ ਡਿੱਗ ਪੈਂਦੀ। ਕੱਪੜੇ ਗੰਦੇ ਕਰ ਲੈਂਦੀ। ਤੂੰਂ ਹੀ ਮੈਨੂੰ ਬਾਹਰ ਕੱਢਦੀ। ਮਾਂ ਦੀਆਂ ਝਿੜਕਾਂ ਤੋਂ ਵੀ ਬਚਾਉਂਦੀ।'' ਨੂਪੁਰ ਨੇ ਭੀੜੀ ਗਲੀ ਵਿਚੋਂ ਲੰਘਦਿਆਂ ਇੱਕ ਥਾਂ ਰੁੱਕ ਕੇ ਕਿਹਾ
ਉਹ ਗੱਲ ਕਰ ਚੁੱਪ ਹੋ ਗਈ ਹੈ। ਪਰ ਮੈਂ ਅੱਜ ਵੀ ਉਸ ਨੂੰ ਬਚਾਉਣ ਲਈ ਉਸ ਜਗ੍ਹਾ ਵੱਲ ਵੇਖ ਰਹੀ ਹਾਂ। ਭਾਵੇਂ ਹੁਣ ਉਥੇ ਕੋਈ ਟੋਇਆ ਨਹੀਂ ਹੈ।
ਅਸੀਂ ਗੱਲਾਂ ਕਰਦੀਆਂ ਸ਼ਾਹਣੀ ਦੇ ਘਰ ਪਹੁੰਚ ਗਈਆਂ। ਉਹ ਹਮੇਸ਼ਾਂ ਵਾਂਗ ਮੰਜੇ 'ਤੇ ਪਈ ਹੈ। ਅਸੀਂ ਕੋਲ ਪਈਆਂ ਕੁਰਸੀਆਂ ਉੱਤੇ ਬੈਠ ਗਈਆਂ। ਸਾਡੇ ਵੱਲ ਵੇਖ ਉਸਨੇ ਗੱਲ ਸ਼ੁਰੂ ਕੀਤੀ ਹੈ, ''ਬੇਟਾ ਮੈਂ ਤੁਹਾਨੂੰ ਇੱਕ ਜ਼ਿੰਮੇਵਾਰੀ ਦੇਣ ਲਈ ਬੁਲਾਇਆ। ਕਿਸੇ ਨੇ ਸੱਚ ਈ ਕਿਹਾ ਕਿ ਦੇਰ ਆਏ ਦਰੁੱਸਤ ਆਏ। ਇਹ ਗੱਲ ਮੇਰੇ 'ਤੇ ਪੂਰੀ ਢੁੱਕਦੀ ਐ।''
ਕਹਿੰਦੇ ਹੋਏ ਉਸਨੇ ਸਿਰਹਾਣੇ ਹੇਠਾਂ ਹੱਥ ਮਾਰਿਆ ਹੈ। ਬੈਂਕ ਦੀ ਕਾਪੀ ਬਾਹਰ ਕੱਢੀ ਹੈ। ਕਾਪੀ ਸਾਡੇ ਅੱਗੇ ਰੱਖਦਿਆਂ ਉਸਨੇ ਕਹਿਣਾ ਸ਼ੁਰੂ ਕੀਤਾ, ''ਮੈਂ ਸਾਰੀ ਉਮਰ ਮੰਜੇ 'ਤੇ ਪੈ ਕੇ ਲੰਘਾਈ ਐ। ਪਰ ਮੇਰੇ ਲਈ ਪੈਸਾ ਸਭ ਤੋਂ ਉੱਪਰ ਰਿਹਾ ਹੈ। ਮੇਰੀ ਆਤਮਾ ਪੈਸੇ ਦੇ ਢੇਰ ਹੇਠ ਦੱਬੀ ਰਹੀ। ਇਸ ਨੇ ਮੈਨੂੰ ਗਿਣਤੀਆਂ-ਮਿਣਤੀਆਂ ਤੋਂ ਛੁੱਟ ਕੁਝ ਨਹੀਂ ਦਿੱਤਾ। ਕਿੰਨੇ ਹਨ। ਕਿੰਨੇ ਹੋਰ ਆ ਜਾਣ। ਕਿੰਨੇ ਹੋ ਜਾਣਗੇ। ਇਸ ਜੋੜ-ਘਟਾਉ ਵਿਚੋਂ ਬਾਹਰ ਨਿਕਲ ਕੇ ਕਦੇ ਨਹੀਂ ਸੋਚਿਆ ਕਿ ਮੇਰੇ ਕੋਲ ਕੀ ਨਹੀਂ ਹੈ।''
ਕੁਝ ਪਲ ਰੁਕ ਕੇ ਉਹ ਫਿਰ ਬੋਲੀ ਹੈ, ''ਜਿਉਂਦੀ ਰਹੇ ਕਰਮ। ਜਿਸ ਨੇ ਮੈਨੂੰ ਜੀਣ ਦਾ ਰਾਹ ਦਿਖਾਇਆ। ਜੇ ਇਹੀ ਰਾਹ ਕਈ ਸਾਲ ਪਹਿਲਾਂ ਵੇਖ ਲੈਂਦੀ ਅੱਜ ਉਸਦਾ ਫ਼ਲ ਮਿਲਿਆ ਹੁੰਦਾ। ਪਰ ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਸਭ ਕੁਝ ਸਮੇਟਿਆ ਜਾ ਸਕਦਾ। ਮੈਂ ਵੀ ਅਗਲੇ ਘਰ ਮੂੰਹ ਦਿਖਾਉਣ ਜੋਗੀ ਹੋ ਜਾਵਾਂ।''
ਉਹ ਬਿਨ੍ਹਾਂ ਰੁਕੇ ਬੋਲ ਰਹੀ ਹੈ। ਅਸੀਂ ਦੋਵੇਂ ਉਸ ਵਿੱਚ ਆਈ ਤਬਦੀਲੀ ਤੋਂ ਹੈਰਾਨ ਹਾਂ।
''ਬੇਟਾ ਸਾਹਾਂ ਦਾ ਕੀ ਭਰੋਸਾ। ਰਿੜ੍ਹਦੇ ਰਹੇ ਤਾਂ ਕਈ ਸਾਲ ਲੰਘ ਜਾਣ। ਨਹੀਂ ਤੇ ਘੜੀ ਦਾ ਵਿਸਾਹ ਨਹੀਂ।'' ਕਹਿ ਕੇ ਸ਼ਾਹਣੀ ਚੁੱਪ ਹੋ ਗਈ ਹੈ
''ਆਂਟੀ ਅਸੀਂ ਤੁਹਾਡੇ ਲਈ ਕੀ ਕਰ ਸਕਦੀਆਂ।'' ਨੂਪੁਰ ਨੇ ਚੁੱਪ ਤੋੜਦਿਆਂ ਪੁੱਛਿਆ ਹੈ
''ਬੇਟਾ ਮੈਂ ਇਹ ਪੈਸਾ ਚੰਗੇ ਕੰਮਾਂ 'ਤੇ ਖਰਚਣਾ ਚਾਹੁੰਦੀ ਹਾਂ। ਮੇਰੀ ਇੱਛਾ ਕਿ ਤੁਸੀਂ ਮੇਰੀ ਮੱਦਦ ਕਰੋ।'' ਸ਼ਾਹਣੀ ਨੇ ਜਵਾਬ ਦਿੱਤਾ ਹੈ

ਉਸ ਦੀ ਇੱਛਾ ਸੁਣ ਅਸੀਂ ਚੁੱਪ ਹੋ ਗਈਆਂ। ਮੇਰੇ ਅੰਦਰ ਜਰੂਰਤਮੰਦਾਂ ਦੀ ਤਸਵੀਰ ਘੁੰਮਣ ਲੱਗੀ ਹੈ। ਕਿਵੇਂ ਪੰਡਿਤਾਂ ਦੀ ਰਾਣੀ ਦਾਜ ਦੀ ਭੇਂਟ ਚੜ੍ਹ ਗਈ। ਕਾਲਜ ਵਿੱਚ ਕੁੜੀਆਂ ਫੀਸ ਭਰਨ ਲਈ ਓਵਰ ਟਾਈਮ ਲਾ ਦੁਕਾਨਾਂ 'ਤੇ ਕੰਮ ਕਰਦੀਆਂ। ਵਿਕਾਸ ਸਕੂਲ ਜਾਣ ਤੋਂ ਪਹਿਲਾਂ ਅਪਾਹਜ ਹੋਏ ਬਾਪ ਦੀ ਥਾਂ ਡੇਅਰੀ-ਫਾਰਮ 'ਤੇ ਜਾ ਕੇ ਪਸ਼ੂ ਸੰਭਾਲਦਾ। ਨਸੀਬੋ ਦਾ ਜੁਆਨ ਮੁੰਡਾ ਟਰਾਲੀ ਹੇਠ ਆਇਆ। ਪੈਸੇ ਦੀ ਥੁੜ ਕਾਰਨ ਸਰੀਰ ਦਾ ਹੇਠਲਾ ਹਿੱਸਾ ਨਕਾਰਾ ਹੋ ਗਿਆ। ਕਿੰਨੀਆਂ ਜ਼ਿੰਦਗੀਆਂ ਖੁਦਕੁਸ਼ੀ ਦੀ ਕਤਾਰ ਵਿੱਚ ਖੜ੍ਹੀਆ ਹਨ। ਨੂਪੁਰ ਦਾ ਹੱਥ ਆਪਣੇ ਹੱਥ 'ਤੇ ਮਹਿਸੂਸ ਕਰ ਮੈਂ ਸੋਚਾਂ ਵਿਚੋਂ ਨਿਕਲੀ ਹਾਂ। ਉਹ ਮੇਰੇ ਦਿਲ ਦੀਆਂ ਦੱਸਣ ਲੱਗੀ ਹੈ, ''ਆਂਟੀ ਬਹੁਤ ਬਦਨਸੀਬ ਹਸਪਤਾਲਾਂ ਵਿੱਚ ਇਲਾਜ ਦੀ ਥੁੜ ਕਾਰਨ ਬੀਮਾਰੀ ਨਾਲ ਜੂਝ ਰਹੇ ਨੇ। ਇਹੋ ਜਿਹਾਂ ਦਾ ਪੈਸਾ ਦੇ ਕੇ ਇਲਾਜ ਕਰਾਇਆ ਜਾਵੇ। ਪੜ੍ਹਨ ਵਾਲੀਆਂ ਕੁੜੀਆਂ ਦੀ ਮੱਦਦ ਹੋ ਸਕਦੀ। ਖੁਦਕੁਸ਼ੀ ਕਰਨ ਵਾਲੀ ਜ਼ਿੰਦਗੀ ਬਚਾਈ ਜਾ ਸਕਦੀ। ਕਰਜ਼ੇ ਮੁਆਫ਼ੀ ਵਿਚ ਸਹਾਇਤਾ ਕਰਕੇ। ਕਿਸੇ ਦੇ ਸਿਰ ਤੋਂ ਡਿੱਗ ਰਹੀ ਛੱਤ ਦੀ ਮੁਰੰਮਤ ਕਰਾਈ ਜਾਵੇ। ਪੜ੍ਹਨ ਵਾਲੇ ਬੱਚਿਆਂ ਦੇ ਖਰਚੇ ਓਟ ਲਏ ਜਾਣ।''
ਉਹ ਗੱਲ ਕਰਕੇ ਮੇਰੇ ਵੱਲ ਵੇਖਣ ਲੱਗੀ ਹੈ। ਉਸ ਨਾਲ ਸਹਿਮਤ ਹੁੰਦੀ ਮੈਂ ਬੋਲੀ ਹਾਂ, ''ਆਂਟੀ ਨੂਪੁਰ ਠੀਕ ਕਹਿ ਰਹੀ। ਮੈਂ ਬੇਗੁਨਾਹਾਂ ਨੂੰ ਅਦਾਲਤਾਂ ਵਿੱਚ ਰੁਲਦੇ ਵੇਖਦੀ ਹਾਂ। ਗਰੀਬੀ ਕਾਰਨ ਉਹਨਾਂ ਨਾਲ ਇਨਸਾਫ ਨਹੀਂ ਹੋ ਰਿਹਾ। ਕੋਰਟਾਂ ਵਿੱਚ ਭਰਨ ਲਈ ਫੀਸ ਨਹੀਂ। ਅਜਿਹੇ ਲੋਕਾਂ ਦੀ ਮੱਦਦ ਕਰੋ।''
''ਬੇਟਾ ਇਹ ਕੰਮ ਕਿਵੇਂ ਨੇਪਰੇ ਚਾੜ੍ਹਨਾ। ਇਹ ਹੁਣ ਤੁਹਾਡੀ ਜ਼ਿੰਮੇਵਾਰੀ ਐ।'' ਸ਼ਾਹਣੀ ਨੇ ਸਹਿਮਤ ਹੁੰਦੇ ਹੋਏ ਸਾਰੀ ਸ਼ਕਤੀ ਸਾਨੂੰ ਸੌਂਪ ਦਿੱਤੀ ਹੈ
''ਆਂਟੀ ਅਸੀਂ ਮੰਮਾਂ-ਪਾਪਾ ਨਾਲ ਸਲਾਹ ਕਰਕੇ ਲਿਸਟ ਤਿਆਰ ਕਰਾਂਗੇ। ਫਿਰ ਕੋਈ ਚੰਗਾ ਦਿਨ ਵੇਖ ਕੇ ਛੋਟਾ ਜਿਹਾ ਪ੍ਰੋਗਰਾਮ ਰੱਖ ਕੇ ਸਹਾਇਤਾ ਰਾਸ਼ੀ ਵੰਡ ਦੇਵਾਂਗੇ।'' ਨੂਪੁਰ ਨੇ ਸਲਾਹ ਦਿੱਤੀ ਹੈ
''ਆਂਟੀ ਲੋਹੜੀ ਆ ਰਹੀ ਐ। ਕਿਉਂ ਨਾ ਇਹ ਕੰਮ ਉਦੋਂ ਕੀਤਾ ਜਾਵੇ।'' ਮੇਰੀ ਗੱਲ 'ਤੇ ਸ਼ਾਹਣੀ ਸਹਿਮਤ ਹੋ ਗਈ ਹੈ
ਉਸ ਦੇ ਨੇਕ ਕੰਮ ਵਿੱਚ ਸਾਥ ਦੇਣ ਦਾ ਵਾਅਦਾ ਕਰ ਅਸੀਂ ਤੁਰ ਪਈਆਂ ਹਾਂ। ਦੋਵੇਂ ਚੁੱਪ-ਚਾਪ ਭੀੜੀ ਗਲੀ ਪਾਰ ਕਰ ਗਈਆਂ। ਗਲੀ ਦੀ ਚੁੱਪ ਨੂੰ ਤੋੜਦੀ ਨੂਪੁਰ ਬੋਲੀ ਹੈ, ''ਕਈ ਵਾਰ ਕਿਸੇ ਦੀ ਕਹੀ ਗੱਲ ਜਾਂ ਕੰਮ ਕਿੰਨਾ ਅਸਰ ਕਰ ਜਾਂਦਾ। ਇਸ ਦਾ ਸਬੂਤ ਸ਼ਾਹਣੀ ਨੇ ਦੇ ਦਿੱਤਾ।''
ਮੈਂ ਚੁੱਪ ਕਰਕੇ ਸੁਣ ਰਹੀ ਹਾਂ। ਉਹ ਫਿਰ ਬੋਲੀ ਹੈ, ''ਕਰਮ ਤੇਰੀ ਹਿੰਮਤ ਤੇ ਸਮਝਦਾਰੀ ਵੇਖ ਮੈਂ ਪੜ੍ਹਾਈ ਪੂਰੀ ਕਰਨ ਬਾਰੇ ਸੋਚ ਲਿਆ।''
ਉਸ ਦੀ ਗੱਲ ਸੁਣ ਮੈਂ ਖੁਸ਼ ਹੋ ਉਸ ਨੂੰ ਗਲ਼ ਨਾਲ ਲਾ ਲਿਆ ਹੈ। ਉਸਦਾ ਫੈਸਲਾ ਪੱਕਾ ਕਰਾਉਣ ਲਈ ਉਸਨੂੰ ਯਾਦ ਕਰਾਇਆ ਹੈ, ''ਨੂਪੁਰ ਤੈਨੂੰ ਯਾਦ ਐ ਪੰਡਿਤ ਨੇ ਆਪਣੀ ਦੋਹਾਂ ਦੀ ਭਵਿੱਖਬਾਣੀ ਕੀਤੀ ਸੀ। ਪਰ ਅਸਲ ਫ਼ਲ ਮਿਹਨਤ ਦਿੰਦੀ। ਇਹ ਗੱਲ ਅਸੀਂ ਦੋਵੇਂ ਜਾਣਦੀਆਂ। ਤੂੰ ਉਹ ਸਭ ਪ੍ਰਾਪਤ ਕਰ ਜੋ ਪਿੱਛੇ ਛੁੱਟ ਗਿਆ।''
''ਹੁਣ ਮੈਂ ਪਿੱਛੇ ਮੁੜਕੇ ਨਹੀਂ ਦੇਖਾਂਗੀ।'' ਪੁਰਾਣੀਆਂ ਗੱਲਾਂ ਯਾਦ ਕਰਦਿਆਂ ਉਸ ਦੀਆਂ ਅੱਖਾਂ ਵਿਚੋਂ ਦੋ ਹੰਝੂ ਬਾਹਰ ਨਿਕਲੇ ਹਨ। ਮੈਨੂੰ ਉਸ ਦੀਆਂ ਅੱਖਾਂ ਵਿਚੋਂ ਬੁੱਝੀ ਰੌਸ਼ਨੀ ਮੁੜ ਜਗਦੀ ਪ੍ਰਤੀਤ ਹੋ ਰਹੀ ਹੈ। ਉਹ ਮੇਰੇ ਨਾਲ ਕਦਮ ਮਿਲਾ ਕੇ ਤੁਰਨ ਲੱਗੀ ਹੈ।

ਕਾਂਡ-22

ਬੀਜੀ ਮੇਰਾ ਸੁਪਨਾ ਦੋਵੇਂ ਬੱਚੇ ਨੇ। ਉਹ ਝੂਠਾ ਨਹੀਂ ਹੋ ਸਕਦਾ। ਮੈਨੂੰ ਮਿੱਟੀ ਦਾ ਇੱਕ ਦੀਵਾ ਦਿੱਸਦਾ। ਉਹਦੇ ਵਿੱਚ ਸੋਨੇ ਦੀ ਕੌਲੀ ਪਈ ਹੋਈ। ਉੱਤੇ ਚਾਂਦੀ ਦਾ ਢੱਕਣ ਰੱਖਿਆ ਹੋਇਆ। ਕਿਸੇ ਨੇ ਢੱਕਣ ਖਿਸਕਾ ਕੇ ਪਾਸੇ ਕਰ ਦਿੱਤਾ। ਉਸ ਵਿਚੋਂ ਫੁਹਾਰੇ ਵਾਂਗ ਦੁੱਧ ਚਿੱਟੀ ਰੌਸ਼ਨੀ ਬਾਹਰ ਨਿਕਲੀ। ਇੱਕ ਸਿੱਧੀ ਧਾਰ ਬੰਨ੍ਹ ਕੇ ਪੈ ਰਹੀ। ਦੂਜੀ ਦੀਵੇ ਵਿਚੋਂ ਬਾਹਰ ਵਗਣ ਲੱਗੀ....।
ਮੈਂ ਅੱਖਾਂ ਬੰਦ ਕਰਕੇ ਨਾਨੀ ਤੇ ਮਾਂ ਦੀਆਂ ਗੱਲਾਂ ਸੁਣ ਰਹੀ ਹਾਂ। ਵੀਰੇ ਦਾ ਫ਼ੋਨ ਆ ਰਿਹਾ ਹੈ। ਮੈਂ ਪੂਰੀ ਗੱਲ ਸੁਣੇ ਬਿਨ੍ਹਾਂ ਉੱਠ ਗਈ ਹਾਂ। ਉਸ ਦੀ ਗੱਲ ਸੁਣਕੇ ਉਸਦੀ ਸਿਹਤ ਬਾਰੇ ਸੋਚ ਕੇ ਬੋਲੀ ਹਾਂ, ''ਵੀਰੇ ਸਿਹਤ ਦਾ ਵੀ ਧਿਆਨ ਰੱਖਿਆ ਕਰ।''
ਉਹ ਹੱਸ ਕੇ ਬੋਲਿਆ ਹੈ, ''ਤੂੰ ਵੀ ਕਦੀਂ-ਕਦੀਂ ਦਾਦੀ ਅੰਮਾਂ ਬਣ ਜਾਂਦੀ ਏਂ। ਤੂੰਂ ਮੈਨੂੰ ਜਾਗਦੇ ਰਹਿਣ ਦਾ ਗੁਰ ਸਿਖਾਇਆ। ਹੁਣ ਸੌਂ ਕੇ ਸਮਾਂ ਬਰਬਾਦ ਨਹੀਂ ਕਰ ਸਕਦਾ।''
ਉਸ ਦੀ ਗੱਲ ਸੁਣ ਮੇਰੇ ਕੰਨਾਂ ਵਿੱਚ ਘੁੰਮਣਾਂ ਦੀ ਮਾਈ ਦੀ ਗੱਲ ਸੱਚਾਈ ਬਣ ਗੂੰਜਣ ਲੱਗੀ ਹੈ, ''ਜਦੋਂ ਬੰਦੇ ਦੀ ਰੂਹ ਜਾਗਦੀ ਐ। ਫਿਰ ਉਸਨੂੰ ਬਾਹਰੀ ਸੁੱਖ ਵਿਅਰਥ ਲੱਗਦੇ ਨੇ।''
ਮੈਂ ਉਸ ਦੀ ਅੰਤਰ-ਆਤਮਾ ਦੀ ਆਵਾਜ਼ ਸੁਣਦਿਆਂ ਕਿਹਾ ਹੈ, ''ਵੀਰੇ ਤੂੰ ਕੁਝ ਜ਼ਿਆਦਾ ਸਿਆਣਾ ਹੋ ਗਿਆ।''
''ਭੈਣੇ ਇਹ ਸਿਆਣਪ ਤੂੰ ਹੀਂ ਸਿਖਾਈ ਐ। ਤੂੰ ਕਿੰਨੀਆਂ ਤਕਲੀਫ਼ਾਂ ਝੱਲੀਆਂ। ਅੰਦਰਲੇ ਯੁੱਧ ਇਕੱਲੀ ਲੜਦੀ ਰਹੀ। ਮੈਂ ਤੇਰੇ ਵਿਸ਼ਵਾਸ਼ ਨੂੰ ਟੁੱਟਣ ਨਹੀਂ ਦੇਣਾ। ਦਾਦਾ ਜੀ ਦਾ ਸੁਪਨਾ ਮੇਰਾ ਉਦੇਸ਼ ਹੈ। ਮੇਰੇ ਸਿਰ 'ਤੇ ਰੱਖੀ ਪਾਪਾ ਦੀ ਪੱਗ ਸਾਰੀਆਂ ਜਿੰਮੇਵਾਰੀਆਂ ਨਿਭਾਏਗੀ। ਮਾਂ ਦੀਆਂ ਆਸਾਂ 'ਤੇ ਪੂਰਾ ਉਤਰਨਾ। ਪਰ ਉਹ ਮੇਮ.....।'' ਕੁਝ ਯਾਦ ਆਉਣ ਕਾਰਨ ਉਸਨੇ ਗੱਲ ਅਧੂਰੀ ਛੱਡ ਦਿੱਤੀ ਹੈ
''ਵੀਰੇ ਮੇਮ ਦਾ ਫ਼ਿਕਰ ਨਾ ਕਰ। ਇਹ ਜਿੰਮੇਵਾਰੀ ਮੇਰੀ ਐ। ਮੈਂ ਐਡਵੋਕੇਟ ਧਰਮ ਨਾਲ ਗੱਲ ਕਰਕੇ ਜਲਦੀ ਕੋਈ ਰਾਹ ਲੱਭਦੀ ਆਂ।'' ਕਹਿੰਦੇ ਹੋਏ ਮੈਂ ਫ਼ੋਨ ਮਾਂ ਨੂੰ ਫੜਾ ਦਿੱਤਾ ਹੈ
ਆਫ਼ਿਸ ਜਾਣ ਲਈ ਤਿਆਰ ਹੁੰਦਿਆਂ ਕਈ ਤਰਕੀਬਾਂ ਸੋਚ ਰਹੀ ਹਾਂ। ਸੋਚਦੀ ਹੋਈ ਆਫ਼ਿਸ ਪਹੁੰਚ ਗਈ ਹਾਂ। ਮੈਨੂੰ ਵੇਖ ਕੇ ਐਡਵੋਕੇਟ ਧਰਮ ਬੋਲਿਆ ਹੈ, ''ਕੀ ਗੱਲ ਕਰਮ ਕੋਈ ਪਰੇਸ਼ਾਨੀ ਐ।''
''ਇਸ ਬੰਦੇ ਨੂੰ ਚਿਹਰਾ ਪੜ੍ਹਨਾ ਆਉਂਦਾ।'' ਉਸਦਾ ਸਵਾਲ ਸੁਣ ਕੇ ਮੈਂ ਮਨ ਵਿੱਚ ਸੋਚਿਆ ਹੈ।
ਉਸ ਦੀ ਗੱਲ ਸੁਣ ਮੈਂ ਵੀਰੇ ਬਾਰੇ ਦੱਸ ਦਿੱਤਾ ਹੈ। ਮੇਰੀ ਗੱਲ ਸੁਣ ਉਸ ਨੇ ਕਿਹਾ, ''ਕਰਮ ਤੂੰਂ ਠੀਕ ਕਹਿ ਰਹੀ ਏਂ। ਇਹ ਲੋਕ ਅਸੂਲਾਂ ਦੇ ਪੱਕੇ ਤੇ ਦਿਲ ਦੇ ਸਾਫ਼ ਹੁੰਦੇ। ਤੈਨੂੰ ਵਿੱਚ ਪੈ ਕੇ ਮੇਮ ਨਾਲ ਗੱਲ ਕਰਨੀ ਚਾਹੀਦੀ। ਇੱਕ ਗੱਲ ਯਾਦ ਰੱਖ ਤੈਨੂੰ ਸ਼ਰਤਾਂ ਤੇ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ।''
ਉਸ ਦੀ ਗੱਲ ਦਾ ਜਵਾਬ ਮੇਰੀ ਅੰਤਰ ਆਤਮਾ ਨੇ ਦਿੱਤਾ ਹੈ, ''ਮੁਸ਼ਕਲਾਂ ਨਾਲ ਲੜਨ ਦੀ ਤਾਕਤ ਮੇਰੇ ਵਿੱਚ ਬਹੁਤ ਹੈ।''
ਗੱਲ ਕਿਵੇਂ ਤੇ ਕਿਥੋਂ ਸ਼ੁਰੂ ਕਰਾਂ ? ਮੇਮ ਨਾਲ ਗੱਲ ਕਰਨ ਦੀਆਂ ਸੋਚਾਂ ਸੋਚਦੀ ਘਰ ਆ ਗਈ ਹਾਂ। ਅੱਖਾਂ ਬੰਦ ਕਰਕੇ ਪੈ ਗਈ ਹਾਂ..... ਗੋਲ ਚੌਂਕ ਤੋਂ ਚਾਰ ਰਸਤੇ ਚਾਰ ਦਿਸ਼ਾਵਾਂ ਵਿੱਚ ਨਿਕਲ ਰਹੇ ਹਨ। ਤਿੰਨ ਰਸਤਿਆਂ 'ਤੇ ਭੀੜ ਹੀ ਭੀੜ। ਉਸ ਭੀੜ ਵਿੱਚ ਫਸ ਕੇ ਰੁੱਕੇ ਹੋਏ ਲੋਕ। ਪਿੱਛੇ ਮੁੜ-ਮੁੜ ਕੇ ਵੇਖ ਰਹੇ ਹਨ। ਕੋਈ ਚੌਂਕ ਪਾਰ ਨਹੀਂ ਕਰ ਰਿਹਾ। ਮੈਂ ਉਸ ਭੀੜ ਦਾ ਹਿੱਸਾ ਬਣੀ ਖੜ੍ਹੀ ਹਾਂ। ਖੜ੍ਹੀ-ਖੜ੍ਹੀ ਚੌਥੇ ਰਸਤੇ ਵੱਲ ਵੇਖਦੀ ਹਾਂ। ਉਹ ਰਸਤਾ ਖਾਲੀ ਹੈ। ਉਸ ਰਸਤੇ 'ਤੇ ਤਿੰਨ-ਚਾਰ ਬੰਦੇ ਤੁਰ ਰਹੇ ਹਨ। ਮੈਂ ਭੀੜ ਵਿਚੋਂ ਨਿਕਲ ਕੇ ਉਸ ਰਸਤੇ 'ਤੇ ਤੁਰਨ ਲੱਗੀ ਹਾਂ। ਚੌਥੇ ਰਸਤੇ 'ਤੇ ਪੈਰ ਰੱਖਦਿਆਂ ਸਰੀਰ ਹਲਕਾ ਮਹਿਸੂਸ ਹੋਣ ਲੱਗਾ ਹੈ। ਦੂਰ ਖੜ੍ਹਾ ਵੀਰਾ ਮੇਰਾ ਰਾਹ ਵੇਖ ਰਿਹਾ ਹੈ।
ਉਸ ਦਾ ਖ਼ਿਆਲ ਆਉਂਦਿਆਂ ਮੈਂ ਅੱਖਾਂ ਖੋਹਲ ਲਈਆਂ ਹਨ। ਉਸ ਨੂੰ ਬਚਾਉਣ ਲਈ ਨਵਾਂ ਰਾਹ ਲੱਭ ਕੇ ਸਹੀ ਦਿਸ਼ਾ ਵਿੱਚ ਚੱਲਣਾ ਹੈ। ਮੋਬਾਈਲ 'ਤੇ ਟਾਈਮ ਵੇਖਿਆ। ਡਾਇਰੀ ਵਿਚੋਂ ਵੀਰੇ ਦਾ ਲਿਖਾਇਆ ਫ਼ੋਨ ਨੰਬਰ ਕੱਢ ਕੇ ਮੇਮ ਨੂੰ ਫ਼ੋਨ ਕਰਨ ਬਾਰੇ ਸੋਚਿਆ ਹੈ। ਨੰਬਰ ਡਾਇਲ ਕਰਦਿਆਂ ਜ਼ਿਹਨ ਵਿੱਚ ਨੰਬਰਾਂ ਦੀ ਥਾਂ ਸ਼ਬਦਾਂ ਦੀ ਤਸਵੀਰ ਬਨਣ ਲੱਗੀ ਹੈ। ਮੈਂ ਫ਼ੋਨ ਬਿਨ੍ਹਾਂ ਮਿਲਾਏ ਕੱਟ ਦਿੱਤਾ ਹੈ। ਇਕ ਆਵਾਜ਼ ਕੰਨਾਂ ਨਾਲ ਟਕਰਾਈ ਹੈ, ''ਬੋਲਣ ਨਾਲੋਂ ਸ਼ਬਦ ਲਿਖ ਕੇ ਗੱਲ ਰੱਖਣੀ ਜ਼ਿਆਦਾ ਪ੍ਰਭਾਵਸ਼ਾਲੀ ਹੁੰਦੀ ਹੈ।''
ਮੈਨੂੰ ਮਾਂ ਦੀਆਂ ਚਿੱਠੀਆਂ ਯਾਦ ਆਈਆਂ ਹਨ। ਲਿਖੇ ਹੋਏ ਅਹਿਸਾਸ ਆਤਮਾਂ ਨੂੰ ਛੂਹ ਲੈਂਦੇ ਹਨ। ਦਿਲ ਵਿੱਚ ਧੜਕਣ ਪੈਦਾ ਕਰ ਦਿੰਦੇ ਹਨ। ਰਿਸ਼ਤਿਆਂ ਦੀ ਤਸਵੀਰ ਖੋਹਲ ਕੇ ਸਾਹਮਣੇ ਰੱਖ ਦਿੰਦੇ ਹਨ। ਮੈਂ ਕਾਗਜ਼ ਤੇ ਪੈੱਨ ਚੁੱਕ ਕੇ ਚਿੱਠੀ ਲਿਖਣੀ ਸ਼ੁਰੂ ਕਰ ਦਿੱਤੀ ਹੈ-
ਇੰਡੀਆ
ਅਕਤੂਬਰ 2016
ਡੀਅਰ ਮੈਡਮ ਜੀਨੀ,
ਸਤਿ ਸ੍ਰੀ ਅਕਾਲ।

ਮੈਂ ਇਹ ਚਿੱਠੀ ਪੰਜਾਬ ਦੇ ਛੋਟੇ ਜਿਹੇ ਪਿੰਡ ਕੰਡਿਆਲੀ ਤੋਂ ਲਿਖ ਰਹੀ ਹਾਂ। ਤੁਸੀਂ ਮੈਨੂੰ ਨਹੀਂ ਜਾਣਦੇ। ਪਰ ਮੈਂ ਤੁਹਾਨੂੰ ਪਹਿਚਾਣਦੀ ਹਾਂ। ਮੈਂ ਰਣਦੀਪ ਦੀ ਛੋਟੀ ਭੈਣ ਕਰਮਜੀਤ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਉਸਦੀਆਂ ਸਾਰੀਆਂ ਗਲਤੀਆਂ ਦੀ ਹੱਥ ਜੋੜ ਕੇ ਮੁਆਫ਼ੀ ਮੰਗਦੀ ਹਾਂ। ਆਸ ਹੈ ਜਦੋਂ ਉਸ ਦੇ ਇਸ ਵਿਵਹਾਰ ਪਿੱਛੇ ਛੁੱਪੀ ਅਸਲੀਅਤ ਤੋਂ ਜਾਣੂ ਹੋਵੋਂਗੇ। ਉਸਨੂੰ ਮੁਆਫ ਕਰਨ ਬਾਰੇ ਇੱਕ ਵਾਰ ਜਰੂਰ ਸੋਚੋਂਗੇ। ਮੈਡਮ ਮੇਰੇ ਘਰ ਵਿੱਚ ਮੈਂ ਤੇ ਮੇਰੀ ਮਾਂ ਰਹਿੰਦੇ ਹਾਂ। ਪਾਪਾ ਦੀ ਡੈੱਥ ਹੋ ਚੁੱਕੀ ਹੈ। ਆਰਥਿਕ ਮੰਦਹਾਲੀ ਕਾਰਨ ਸਿਰ 'ਤੇ ਬਹੁਤ ਕਰਜ਼ਾ ਚੜ੍ਹ ਗਿਆ। ਹਾਲਾਤਾਂ ਕਾਰਨ ਬਹੁਤ ਸਾਰੇ ਲੋਕਾਂ ਨਾਲ ਦੁਸ਼ਮਣੀ ਪੈਦਾ ਹੋ ਗਈ। ਮਾਂ ਨੇ ਵੀਰੇ ਨੂੰ ਦੁਸ਼ਮਣਾਂ ਤੋਂ ਬਚਾਉਣ ਅਤੇ ਆਰਥਿਕ ਤੰਗੀ ਤੋਂ ਬਚਣ ਲਈ ਵਿਦੇਸ਼ ਭੇਜਣ ਬਾਰੇ ਸੋਚਿਆ। ਫਿਰ ਅਸੀਂ ਹੋਰ ਕਰਜ਼ਾ ਚੁੱਕਿਆ। ਬੜੀਆਂ ਕਠਿਨਾਈਆਂ ਨਾਲ ਉਸਨੂੰ ਵਿਦੇਸ਼ ਭੇਜਿਆ। ਉਧਰ ਉਸਨੂੰ ਗਲਤ ਲੋਕਾਂ ਦਾ ਸਾਥ ਮਿਲ ਗਿਆ। ਉਹਨਾਂ ਨਾਲ ਮਿਲ ਕੇ ਉਸਨੇ ਜਲਦੀ ਪੈਸਾ ਕਮਾਉਣ ਦਾ ਰਾਹ ਲੱਭਣਾ ਸ਼ੁਰੂ ਕਰ ਦਿੱਤਾ। ਜਿਸ ਦਾ ਨਤੀਜਾ ਤੁਹਾਡੇ ਸਾਹਮਣੇ ਹੈ। ਮੈਡਮ ਮੇਰਾ ਚਿੱਠੀ ਲਿਖਣ ਦਾ ਉਦੇਸ਼ ਤੁਹਾਡੇ ਤੋਂ ਰਹਿਮ ਦੀ ਭੀਖ ਮੰਗਣਾ ਹੈ। ਸਾਨੂੰ ਹਮੇਸ਼ਾਂ ਇੱਕ-ਦੂਜੇ ਦਾ ਫ਼ਿਕਰ ਲੱਗਾ ਰਹਿੰਦਾ। ਚਿੰਤਾ ਕਾਰਨ ਮੈਂ ਕਈ ਮਹੀਨੇ ਮਾਨਸਿਕ ਤਨਾਉ ਦਾ ਸ਼ਿਕਾਰ ਰਹੀ ਹਾਂ। ਪਲੀਜ਼! ਤੁਸੀਂ ਸਾਡੀਆਂ ਮਜਬੂਰੀਆਂ ਸਮਝ ਕੇ ਉਸ ਨੂੰ ਆਪਣੇ ਐਗਰੀਮੈਂਟ ਤੋਂ ਆਜ਼ਾਦ ਕਰਨ ਦੀ ਕੋਸ਼ਿਸ਼ ਕਰਨਾ। ਬਦਲੇ ਵਿੱਚ ਮੈਂ ਤੁਹਾਡੀ ਹਰ ਮੱਦਦ ਕਰਨ ਲਈ ਤਿਆਰ ਹਾਂ।
ਤੁਹਾਡੀ ਖ਼ਿਮਾਂ ਦੀ ਉਡੀਕ ਵਿੱਚ,
ਕਰਮਜੀਤ ਕੌਰ।
ਚਿੱਠੀ ਲਿਖ ਕੇ ਪਰਸ ਵਿੱਚ ਰੱਖੀ ਹੈ। ਮੇਮ ਬਾਰੇ ਸੋਚਣ ਲੱਗੀ ਹਾਂ, ''ਚਿੱਠੀ ਪੜ੍ਹ ਕੇ ਉਹ ਕੀ ਫੈਸਲਾ ਕਰੇਗੀ ?''

ਫੈਸਲੇ ਦਾ ਖ਼ਿਆਲ ਆਉਂਦਿਆਂ ਟੇਬਲ 'ਤੇ ਪਈ ਤਲਾਕ ਦੇ ਕੇਸ ਦੀ ਫਾਈਲ 'ਤੇ ਨਿਗਾਹ ਪਈ ਹੈ। ਫਾਈਲ ਚੁੱਕ ਕੇ ਖੋਹਲੀ ਹੈ। ਜਿਸ ਅਨੁਸਾਰ ਪਿਛਲੇ ਪੰਦਰਾਂ ਸਾਲ ਤੋਂ ਪਤੀ-ਪਤਨੀ ਵਿਚਕਾਰ ਖਿੱਚੋਤਾਣ ਚੱਲ ਰਹੀ ਹੈ। ਦੋ ਬੱਚੇ ਵੱਡੇ ਹੋ ਰਹੇ ਹਨ। ਉਹਨਾਂ ਦੇ ਸਬੰਧਾਂ ਵਿੱਚ ਕੋਈ ਸੁਧਾਰ ਨਹੀਂ ਹੋਇਆ। ਅਖੀਰ ਅਲੱਗ ਹੋਣ ਦਾ ਫੈਸਲਾ ਕੀਤਾ ਹੈ। ਕੇਸ ਪੜ੍ਹਦਿਆਂ ਮੈਨੂੰ ਨੂਪੁਰ ਦੇ ਰਿਸ਼ਤੇ ਦਾ ਡਰ ਸਤਾਉਣ ਲੱਗਾ ਹੈ, ''ਕਿਤੇ ਉਹਨਾਂ ਨੂੰ ਜਬਰਦਸਤੀ ਮਿਲਾਉਣ ਦਾ ਸਿੱਟਾ ਅਜਿਹਾ ਨਾ ਨਿਕਲੇ। ਪਹਿਲਾਂ ਹੀ ਸੋਚ-ਸਮਝ ਕੇ ਫੈਸਲਾ ਕਰ ਲੈਣਾ ਚਾਹੀਦਾ।''
ਮੈਂ ਆਂਟੀ-ਅੰਕਲ ਨਾਲ ਇਸ ਬਾਰੇ ਗੱਲ ਕਰਨ ਦਾ ਮਨ ਬਣਾ ਲਿਆ ਹੈ। ਮਾਂ ਦੀ ਸਲਾਹ ਲੈਣ ਲਈ ਉਠ ਕੇ ਉਸ ਕੋਲ ਚੱਲੀ ਹਾਂ। ਉਹ ਬੀਜੀ ਨੂੰ ਕਹਿ ਰਹੀ ਹੈ, '' ਮੈਨੂੰ ਤਾਂ ਨੂਪੁਰ ਦਾ ਫਿਕਰ ਲੱਗਾ ਰਹਿੰਦਾ।''
''ਜਦੋਂ ਬੰਦਾ ਦੁਨਿਆਵੀ ਚੀਜ਼ਾਂ ਨੂੰ ਵੱਧ ਪਿਆਰ ਕਰਨ ਲੱਗ ਜਾਂਦਾ। ਉਦੋਂ ਰਿਸ਼ਤਿਆਂ ਦਾ ਪਿਆਰ ਫ਼ਿੱਕਾ ਹੋ ਜਾਂਦਾ। ਉਸ ਦੀ ਕਮਜ਼ੋਰੀ ਉਸ ਦੀਆਂ ਇਛਾਵਾਂ ਨੇ। ਜੋ ਉਸ ਦੀਆਂ ਦੁਸ਼ਮਣ ਨੇ।'' ਨਾਨੀ ਨੇ ਸਿਆਣਪ ਨਾਲ ਜਵਾਬ ਦਿੱਤਾ ਹੈ।
ਉਸ ਦੀ ਗੱਲ ਸੁਣਦਿਆਂ ਮੇਰੇ ਖਿਆਲ ਪਿੱਛੇ ਮੁੜ ਗਏ ਹਨ। ਮੈਂ ਤੇ ਨੂਪੁਰ ਗੁੱਡੀਆਂ-ਪਟੋਲਿਆਂ ਨਾਲ ਖੇਡ ਰਹੀਆਂ ਹਾਂ। ਮਾਂ ਗੁੱਡੀਆਂ ਲਈ ਰੰਗ-ਬਰੰਗੇ ਕੱਪੜੇ ਤਿਆਰ ਕਰਕੇ ਦੇ ਰਹੀ ਹੈ। ਆਂਟੀ ਨੇ ਸਾਨੂੰ ਕੱਪੜੇ ਸੰਭਾਲਣ ਲਈ ਲੋਹੇ ਦੀਆਂ ਦੋ ਅਲਮਾਰੀਆਂ ਲਿਆ ਕੇ ਦਿੱਤੀਆਂ ਹਨ। ਅਸੀਂ ਆਪਣੀ-ਆਪਣੀ ਗੁੱਡੀ ਦੇ ਕੱਪੜੇ ਅਲਮਾਰੀ ਵਿੱਚ ਰੱਖ ਰਹੀਆਂ ਹਾਂ। ਸਾਨੂੰ ਖੇਡਦਿਆਂ ਵੇਖ ਮੰਜੇ 'ਤੇ ਬੈਠੀ ਨਾਨੀ ਮੁਸਕਰਾ ਰਹੀ ਹੈ।
''ਨਾਨੀ! ਕਰਮ ਨੂੰ ਚੀਜ਼ਾਂ ਸੰਭਾਲਣੀਆਂ ਨਹੀਂ ਆਉਂਦੀਆਂ। ਮੇਰੀ ਅਲਮਾਰੀ ਵੇਖੋ ਕਿਵੇਂ ਕੱਪੜਿਆਂ ਨਾਲ ਭਰੀ ਪਈ ਹੈ।'' ਨੂਪੁਰ ਨਾਨੀ ਕੋਲ ਮੇਰੀ ਸ਼ਿਕਾਇਤ ਕਰ ਰਹੀ ਹੈ
ਉਸਨੇ ਅਲਮਾਰੀ ਵਿੱਚ ਕੱਪੜੇ ਸੋਹਣੇ ਸਜਾ ਕੇ ਅਲਮਾਰੀ ਘੁੱਟ ਕੇ ਬੰਦ ਕਰ ਦਿੱਤੀ ਹੈ। ਮੈਂ ਆਪਣੀ ਅਲਮਾਰੀ ਵੱਲ ਵੇਖਿਆ। ਸਾਰੇ ਕੱਪੜੇ ਅਲਮਾਰੀ ਦੇ ਉੱਤੇ ਢੇਰੀ ਲੱਗੇ ਹਨ। ਅਲਮਾਰੀ ਖ਼ਾਲੀ ਹੈ। ਮੈਂ ਖ਼ਾਲੀ ਅਲਮਾਰੀ ਦਾ ਦਰਵਾਜ਼ਾ ਬੰਦ ਕਰਦਿਆਂ ਪਿੱਛੇ ਮੁੜ ਕੇ ਨਾਨੀ ਵੱਲ ਵੇਖਿਆ। ਉਹ ਮੁਸਕਰਾ ਰਹੀ ਹੈ। ਮੈਂ ਕੁਝ ਨਹੀਂ ਸਮਝ ਰਹੀ।
ਨਾਨੀ ਦੇ ਖੰਘਣ ਦੀ ਆਵਾਜ਼ ਸੁਣ ਕੇ ਖਿਆਲਾਂ ਵਿਚੋਂ ਨਿਕਲੀ ਹਾਂ। ਮੈਨੂੰ ਉਸਦੀ ਸਿਆਣਪ ਭਰੀ ਮੁਸਰਕਾਹਟ ਦਾ ਰਹੱਸ ਅੱਜ ਸਮਝ ਆ ਰਿਹਾ ਹੈ। ਮੈਂ ਖ਼ਿਆਲਾਂ ਵਿੱਚ ਨੂਪੁਰ ਨੂੰ ਅਲਮਾਰੀ ਖ਼ਾਲੀ ਕਰਕੇ ਚੌਥੇ ਰਸਤੇ 'ਤੇ ਨਾਲ ਚੱਲਣ ਲਈ ਤਿਆਰ ਕਰਨ ਲੱਗੀ ਹਾਂ।

ਕਾਂਡ-23

ਧਰਮ ਆਫ਼ਿਸ ਵਿੱਚ ਬੈਠਾ ਕੁਰਸੀ ਨੂੰ ਗੋਲ ਘੁੰਮਾ ਰਿਹਾ ਹੈ। ਕੁਰਸੀ ਵਿਚੋਂ ਨਿਕਲਦੀ ਚੀਂ-ਚੀਂ ਦੀ ਮੱਧਮ ਆਵਾਜ਼ ਮੇਰਾ ਧਿਆਨ ਖਿੱਚ ਰਹੀ ਹੈ। ਉਸਦੇ ਅੰਦਰ ਕੋਈ ਵਿਉਂਤਬੰਦੀ ਚੱਲ ਰਹੀ ਹੈ। ਉਸਦਾ ਮੇਰੇ ਵੱਲ ਵੇਖਣਾ ਮੈਨੂੰ ਰੜਕ ਰਿਹਾ ਹੈ। ਆਪਣੇ ਦਿਮਾਗ ਵਿਚੋਂ ਫਾਲਤੂ ਖਿਆਲ ਕੱਢਣ ਲਈ ਬੋਲੀ ਹਾਂ, ''ਕਿਸੇ ਕੇਸ ਬਾਰੇ ਸੋਚ ਰਿਹਾ ਹੋਣਾ।''
ਉਸ ਵੱਲੋਂ ਧਿਆਨ ਹਟਾ ਫਾਈਲਾਂ ਫਰੋਲਣ ਲੱਗੀ ਹਾਂ। ਧਰਮ ਨੇ ਟੇਬਲ 'ਤੇ ਪਈ ਬੈੱਲ ਵਜਾਈ ਹੈ। ਮੈਂ ਸਿਰ ਉੱਪਰ ਚੁੱਕ ਕੇ ਵੇਖਿਆ। ਉਹ ਮੈਨੂੰ ਬੁਲਾ ਰਿਹਾ ਹੈ। ਮੈਂ ਨੇੜੇ ਪਈ ਕੁਰਸੀ 'ਤੇ ਬੈਠ ਗਈ ਹਾਂ। ਉਸਨੇ ਵੀਰੇ ਦੀ ਗੱਲ ਛੇੜਦਿਆਂ ਪੁੱਛਿਆ, ''ਕਰਮ ਤੂੰ ਰਣਦੀਪ ਦੀ ਮੱਦਦ ਬਾਰੇ ਕੀ ਸੋਚਿਆ ?''
ਮੈਂ ਆਪਣੇ ਮਨ ਦੀ ਗੱਲ ਕਿਸੇ ਨੂੰ ਨਹੀਂ ਦੱਸੀ। ਚਿੱਠੀ ਬਾਰੇ ਅਜੇ ਕਿਸੇ ਨੂੰ ਨਹੀਂ ਪਤਾ। ਫਿਰ ਅਨਜਾਣ ਆਦਮੀਂ ਨੂੰ ਕਿਉਂ ਦੱਸਾਂ। ਇਹ ਸੋਚ ਕੇ ਚੁੱਪ ਹਾਂ। ਮੇਰੀ ਚੁੱਪ ਪਿੱਛੇ ਲੁਕਿਆ ਸੱਚ ਜਾਨਣ ਲਈ ਉਹ ਫਿਰ ਬੋਲਿਆ, ''ਮੇਰੀ ਮੱਦਦ ਦੀ ਲੋੜ ਹੋਵੇ ਤਾਂ ਬੇਝਿਜਕ ਕਹਿਣਾ। ਮੈਂ ਹਮੇਸ਼ਾਂ ਤੇਰੇ ਨਾਲ ਖੜ੍ਹਾ ਹਾਂ।''
ਉਸ ਦੀ ਅਪਣੱਤ ਵੇਖ ਮੈਂ ਦੂਰ ਦੀ ਸੋਚੇ ਬਿਨ੍ਹਾਂ ਹੀ ਬੋਲੀ ਹਾਂ, ''ਅਸਲ ਵਿੱਚ ਮੈਂ ਮੇਮ ਨੂੰ ਚਿੱਠੀ ਲਿਖੀ ਐ। ਉਸ ਦੇ ਜਵਾਬ ਦੀ ਉਡੀਕ ਕਰ ਰਹੀ ਆਂ।''
ਉਸ ਨੂੰ ਦੱਸ ਕੇ ਮੈਂ ਹੈਰਾਨ ਹਾਂ ਕਿ ਦੱਸਣ ਵਿੱਚ ਕਾਹਲੀ ਕਿਉਂ ਕੀਤੀ। ਉਸਨੇ ਸ਼ੱਕ ਕਰਦਿਆਂ ਕਿਹਾ ਹੈ, ''ਹੋ ਸਕਦਾ ਤੈਨੂੰ ਮੇਮ ਕੋਲ ਜਾਣਾ ਪੈ ਜਾਵੇ।''
ਮੈਨੂੰ ਉਸ ਦੀ ਗੱਲ ਵਿੱਚ ਸੱਚਾਈ ਲੱਗ ਰਹੀ ਹੈ। ਮੈਂ ਮਨ ਨਾਲ ਗੱਲਾਂ ਕਰਨ ਲੱਗੀ ਹਾਂ, ''ਜੇ ਅਜਿਹੀ ਸਥਿਤੀ ਆਈ ਤਾਂ ਮੈਂ ਇੰਤਜ਼ਾਰ ਕਰਨ ਵਾਲੀ ਮੂਰਖ਼ਤਾ ਨਹੀਂ ਕਰਨੀ।''
ਮਨ ਨੂੰ ਸਮਝਾ ਫਿਰ ਬੋਲੀ ਹਾਂ, ''ਮੈਂ ਲੋੜ ਪੈਣ 'ਤੇ ਅਜਿਹਾ ਫੈਸਲਾ ਵੀ ਲਵਾਂਗੀ।''
ਮੇਰੀਆਂ ਭਾਵਨਾਵਾਂ ਤੇ ਜਜ਼ਬਾ ਮਹਿਸੂਸ ਕਰ ਉਸਨੇ ਮੈਨੂੰ 'ਗੁੱਡ-ਲੱਕ' ਕਿਹਾ ਹੈ। ਮੈਂ ਉੱਠ ਕੇ ਫਾਈਲਾਂ ਸੰਭਾਲਣ ਲੱਗੀ ਹਾਂ। ਘਰ ਵਾਪਸ ਆਉਂਦਿਆਂ ਵੀਜ਼ਾ ਅਪਲਾਈ ਕਰਨ ਵਾਲੇ ਨਿਯਮਾਂ ਦੀ ਜਾਣਕਾਰੀ ਲੈਣ ਬਾਰੇ ਸੋਚ ਰਹੀ ਹਾਂ। ਪਰ ਇਹ ਗੱਲ ਕਿਸੇ ਨੂੰ ਨਹੀਂ ਦੱਸਣੀ। ਆਪਣਾ ਇਰਾਦਾ ਪੱਕਾ ਕਰਦੀ ਘਰ ਪਹੁੰਚੀ ਹਾਂ। ਮਾਂ ਘਰ ਦੇ ਕੰਮਾਂ ਵਿੱਚ ਰੁੱਝੀ ਹੋਈ ਹੈ। ਉਸਨੂੰ ਸਾਫ਼-ਸਫ਼ਾਈਆਂ ਕਰਦੀ ਵੇਖ ਮੈਂ ਪੁੱਛਿਆ ਹੈ, ''ਕੀ ਗੱਲ ਮਾਂ ਕੋਈ ਖਾਸ ਮਹਿਮਾਨ ਆ ਰਿਹਾ।''
''ਤੇਰੀ ਮਨਜੀਤ ਆਂਟੀ ਨੇ ਮਿਲਨ ਆਉਣਾ।'' ਉਹ ਖੁਸ਼ੀ ਵਿੱਚ ਦੱਸ ਰਹੀ ਹੈ
ਮੈਂ ਖੁਸ਼ੀ ਤੇ ਹੈਰਾਨੀ ਨਾਲ ਉਸ ਵੱਲ ਵੇਖਿਆ। ਉਹ ਫਿਰ ਬੋਲੀ ਹੈ, ''ਕਰਮ ਤੂੰ ਕੱਲ੍ਹ ਆਫ਼ਿਸ ਨਾ ਜਾਈਂ। ਉਸਨੇ ਕਿਹੜਾ ਰੋਜ਼ ਆਉਣਾ।''
ਮਨਜੀਤ ਆਂਟੀ ਦੇ ਨਾਂ ਨਾਲ ਮੇਰੇ ਚਿਹਰੇ 'ਤੇ ਮੁਸਕਰਾਹਟ ਫੈਲ ਗਈ ਹੈ। ਮੈਨੂੰ ਡਾਕਟਰ ਕਾਫ਼ਿਰ ਦੀ ਯਾਦ ਆਉਣ ਲੱਗੀ ਹੈ। ਨੂਪੁਰ ਦੀ ਕਹੀ ਗੱਲ 'ਪਿਆਰ ਵਿੱਚ ਚਿਹਰਾ ਬੇਵਜ੍ਹਾ ਮੁਸਕਰਾਉਣ ਲੱਗਦਾ' ਯਾਦ ਆ ਰਹੀ ਹੈ। ਮੇੇਰੇ ਚਿਹਰੇ ਦੀ ਮੁਸਕਰਾਹਟ ਵੇਖ ਮਾਂ ਬੋਲੀ ਹੈ, ''ਇਕੱਲੀ ਬੈਠੀ ਹੱਸ ਰਹੀ ਏਂ। ਕੀ ਯਾਦ ਆ ਗਿਆ।''
''ਐਵੇਂ ਕੋਈ ਗੱਲ ਯਾਦ ਆ ਗਈ।'' ਮੈਂ ਆਪਣੇ ਆਪ ਨੂੰ ਸੰਭਾਲਦੀ ਮਾਂ ਨਾਲ ਕੰਮ ਵਿੱਚ ਹੱਥ ਵਟਾਉਣ ਲੱਗੀ ਹਾਂ
ਵੀਰੇ ਦਾ ਫ਼ੋਨ ਆਉਣ ਕਰਕੇ ਉਸ ਨਾਲ ਗੱਲ ਕਰਦੀ ਬਾਹਰ ਨਿਕਲ ਆਈ ਹਾਂ। ਉਸ ਨੂੰ ਮੇਮ ਵੱਲੋਂ ਬੇਫ਼ਿਕਰ ਰਹਿਣ ਦਾ ਵਿਸ਼ਵਾਸ਼ ਦੇ ਰਹੀ ਹਾਂ। ਉਸ ਦੀ ਮਿਹਨਤ ਤੇ ਕਰਜ਼ਾ ਉਤਾਰਨ ਦੀ ਕਾਹਲ ਬਾਰੇ ਸੋਚਦਿਆਂ ਮਨ ਵਿੱਚ ਖਿਆਲ ਆਇਆ ਹੈ, ''ਕੀ ਪਤਾ ਸ਼ਾਹਣੀ ਸਾਡਾ ਕਰਜ਼ਾ ਵੀ ਮੁਆਫ਼ ਕਰ ਦੇਵੇ।''
ਅਗਲੇ ਹੀ ਪਲ ਉਸਦੀ ਗੈਰਤ ਦਾ ਖ਼ਿਆਲ ਆਇਆ ਹੈ, ''ਨਹੀਂ-ਨਹੀਂ! ਮੈਂ ਉਸਦੀ ਗੈਰਤ ਨੂੰ ਦਾਗ ਨਹੀਂ ਲੱਗਣ ਦੇਣਾ। ਕਰਜ਼ਾ ਤਾਂ ਵਾਪਸ ਕਰਨਾ ਹੈ। ਭਾਵੇਂ ਸ਼ਾਹਣੀ ਉਸ ਨੂੰ ਅੱਗੋਂ ਦਾਨ ਹੀ ਕਰ ਦੇਵੇ।''
ਸੋਚਾਂ ਵਿਚੋਂ ਨਿਕਲ ਕੇ ਵੀਰੇ ਤੋਂ ਮੇਮ ਦੀ ਮੇਲ ਆਈ ਡੀ ਮੰਗੀ ਹੈ। ਫ਼ੋਨ ਬੰਦ ਕਰਕੇ ਖੁਦ ਨਾਲ ਸਲਾਹ ਕਰਨ ਲੱਗੀ ਹਾਂ। ਫਿਰ ਫ਼ੋਨ ਚੁੱਕ ਕੇ ਮੇਮ ਨੂੰ ਹੱਥ ਨਾਲ ਲਿਖੀ ਚਿੱਠੀ ਟਾਈਪ ਕਰਨ ਲੱਗੀ ਹਾਂ। ਆਪਣਾ ਐਡਰੈਸ, ਆਈ.ਡੀ. ਤੇ ਫੋਨ ਨੰਬਰ ਵੀ ਲਿਖ ਕੇ ਮੇਲ ਕਰ ਦਿੱਤਾ ਹੈ। ਜ਼ਿੰਮੇਵਾਰੀ ਤੋਂ ਵਿਹਲੀ ਹੋ ਮਨਜੀਤ ਆਂਟੀ ਦੇ ਆਉਣ ਦੀ ਉਡੀਕ ਕਰਨ ਲੱਗੀ ਹਾਂ।
ਮਾਂ ਬਹੁਤ ਖੁਸ਼ ਹੈ। ਉਹ ਬੜੀ ਬੇਸਬਰੀ ਨਾਲ ਉਡੀਕ ਕਰ ਰਹੀ ਹੈ। ਉਡੀਕ ਤਾਂ ਮੈਨੂੰ ਵੀ ਹੈ। ਵਾਰ-ਵਾਰ ਗੇਟ ਵੱਲ ਵੇਖ ਰਹੀ ਹਾਂ। ਗੇਟ ਅੱਗੇ ਗੱਡੀ ਰੁਕੀ ਹੈ। ਕਾਹਲੀ ਨਾਲ ਜਾ ਕੇ ਗੇਟ ਖੋਹਲਿਆ ਹੈ। ਡਾਕਟਰ ਕਾਫ਼ਿਰ ਗੱਡੀ ਵਿਚੋਂ ਬਾਹਰ ਨਿਕਲ ਰਿਹਾ ਹੈ। ਮੈਂ ਹੈਰਾਨੀ ਤੇ ਘਬਰਾਹਟ ਨਾਲ ਬੁੱਤ ਬਣੀ ਖੜ੍ਹੀ ਹਾਂ। ਕੁਝ ਪਲਾਂ ਬਾਅਦ ਉੱਡੇ ਹੋਸ਼ ਵਾਪਸ ਆਏ ਹਨ। ਆਪਣੇ ਆਪ ਉੱਤੇ ਕਾਬੂ ਕਰ ਉਹਨਾਂ ਨੂੰ ਅੰਦਰ ਲੈ ਆਈ ਹਾਂ।
ਮੇਰੇ ਅੰਦਰਲਾ ਚੋਰ ਉਹਨਾਂ ਦਾ ਸਾਹਮਣਾ ਕਰਨ ਤੋਂ ਡਰ ਰਿਹਾ ਹੈ। ਮਨ ਵਿੱਚ ਡਾਕਟਰ ਕਾਫ਼ਿਰ ਦੀ ਤਸਵੀਰ ਬਣ ਚੁੱਕੀ ਹੈ। ਉਸ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੀ ਹਾਂ। ਪਰ ਅਸੀਂ ਚੁੱਪ-ਚਾਪ ਇੱਕ ਦੂਜੇ ਵੱਲ ਵੇਖ ਕੇ ਮੁਸਕਰਾ ਰਹੇ ਹਾਂ। ਮੈਨੂੰ ਆਂਟੀ ਦੀ ਗੱਲ ਯਾਦ ਆ ਰਹੀ ਹੈ, ''ਅਹਿਸਾਸਾਂ ਨੂੰ ਸ਼ਬਦਾਂ 'ਚ ਪਰੋਣਾ ਜਰੂਰੀ ਹੁੰਦਾ।''
''ਕਰਮ ਬੇਟਾ ਅੱਗੇ ਕੀ ਕਰਨ ਬਾਰੇ ਸੋਚਿਆ ?'' ਮਨਜੀਤ ਆਂਟੀ ਦੀ ਆਵਾਜ਼ ਸੁਣ ਮੈਂ ਖ਼ਿਆਲਾਂ ਵਿਚੋਂ ਨਿਕਲੀ ਹਾਂ
''ਆਂਟੀ। ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨੇ। ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਲੱਭਣੇ। ਬਹੁਤ ਸਾਰੇ ਸੁਪਨੇ ਪੂਰੇ ਕਰਨੇ ਨੇ। ਸੁਪਨਿਆਂ ਦੀ ਕੀਮਤ ਕੀ ਹੁੰਦੀ ਐ। ਇਹ ਤੁਹਾਡੇ ਤੋਂ ਵੱਧ ਕੋਈ ਨਹੀਂ ਸਮਝ ਸਕਦਾ।'' ਮੈਂ ਮਾਂ ਤੇ ਵੀਰੇ ਬਾਰੇ ਸੋਚਦਿਆਂ ਜਵਾਬ ਦਿੱਤਾ ਹੈ।
ਉਹ ਹੈਰਾਨੀ ਨਾਲ ਮੇਰੇ ਵੱਲ ਵੇਖ ਰਹੀ ਹੈ। ਸੋਚ ਰਹੀ ਹੋਵੇਗੀ ਕਿ ਮੈਂ ਹਸਤਪਾਲ ਵਿੱਚ ਉਹਨਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੀ ਸੀ। ਉਸ ਨੇ ਪਿਆਰ ਨਾਲ ਮੇਰੇ ਸਿਰ 'ਤੇ ਹੱਥ ਰੱਖਿਆ ਹੈ। ਡਾਕਟਰ ਕਾਫ਼ਿਰ ਵੀ ਮੇਰਾ ਹੌਸਲਾ ਵਧਾਉਣ ਲਈ ਬੋਲਿਆ ਹੈ, ''ਕਰਮ ਹਰ ਮੁਸ਼ਕਲ ਦਾ ਡਟ ਕੇ ਮੁਕਾਬਲਾ ਕਰੀਂ। ਰਸਤੇ ਤਾਂ ਆਪਣੇ ਆਪ ਬਣਦੇ ਜਾਣਗੇ।''
ਉਹਨਾਂ ਦਾ ਵਾਪਸ ਜਾਣਾ ਮਨ ਉਦਾਸ ਕਰ ਰਿਹਾ ਹੈ। ਮੈਂ ਇਕੱਲੀ ਬੈਠੀ ਬੀਤੇ ਪਲ ਅੱਖਾਂ ਅੱਗੇ ਘੁੰਮਾ ਕੇ ਖੁਸ਼ ਹੋ ਰਹੀ ਹਾਂ। ਫ਼ੋਨ 'ਤੇ ਹੋਈ ਵਾਈਬ ਰੇਸ਼ਨ ਨਾਲ ਮੈਂ ਮੇਲ ਬਾਕਸ ਖੋਲ੍ਹਿਆ। ਮੇਮ ਦਾ ਮੈਸੇਜ਼ ਆਇਆ ਹੈ। ਮੈਂ ਕਾਹਲੀ ਨਾਲ ਪੜਨ ਲੱਗੀ ਹਾਂ।
ਕਰਮਜੀਤ ਕੌਰ,
ਯੂ ਆਰ ਰੀਅਲੀ ਐਨ ਇੰਨਟੈਲੀਜੈਂਟ ਗਰਲ। ਮੈਂ ਰਣਦੀਪ ਦੇ ਧੋਖੇ ਨੂੰ ਕਦੇ ਮੁਆਫ਼ ਨਹੀਂ ਕਰ ਸਕਦੀ। ਪਰ ਤੇਰੀ ਚਿੱਠੀ ਪੜ੍ਹ ਕੇ ਆਪਣੇ ਫੈਸਲੇ ਬਾਰੇ ਦੁਬਾਰਾ ਸੋਚਿਆ ਹੈ। ਐਗਰੀਮੈਂਟ ਕੈਂਸਲ ਨਹੀਂ ਹੋ ਸਕਦਾ। ਪਰ ਮੈਂ ਉਸ ਵਿੱਚ ਤਬਦੀਲੀ ਕਰ ਸਕਦੀ ਹਾਂ। ਐਜ਼ ਯੂ ਨੋ ਐਵਰੀ ਐਂਡ ਇਜ਼ ਆ ਨਿਊ ਬਿਗਨਿੰਗ। ਮੈਂ ਰਣਦੀਪ ਦੇ ਖ਼ਿਲਾਫ ਕੁਝ ਨਹੀਂ ਕਰਾਂਗੀ। ਪਰ ਮੈਨੂੰ ਤੇਰੀ ਮੱਦਦ ਦੀ ਲੋੜ ਪਵੇਗੀ। ਇਸ ਲਈ ਮੈਂ ਤੈਨੂੰ ਸਪਾਂਸਰਸ਼ਿਪ ਭੇਜ ਰਹੀ ਹਾਂ। ਤੂੰ ਵੀਜ਼ਾ ਅਪਲਾਈ ਕਰ। ਐਗਰੀਮੈਂਟ ਵਿੱਚ ਕੀ ਤਬਦੀਲੀ ਹੋਵੇਗੀ ਇਹ ਅਗਲੀ ਮੇਲ ਵਿੱਚ ਲਿਖਾਂਗੀ। ਵਾਂਟਸ ਟੂ ਸੀ ਯੂ ਸੂਨ।''
ਜੀਨੀ।

''ਉਹ ਮੈਨੂੰ ਕਿਉਂ ਬੁਲਾ ਰਹੀ ਹੈ?'' ਮੇਰੇ ਜ਼ਿਹਨ ਵਿੱਚ ਇੱਕ ਸਵਾਲ ਉੱਭਰਿਆ ਹੈ
''ਵੀਰਾ ਸੁਰੱਖ਼ਿਅਤ ਹੈ। ਉਸਦਾ ਕੋਈ ਨੁਕਸਾਨ ਨਹੀਂ ਕਰੇਗੀ।'' ਇਹ ਖ਼ਿਆਲ ਆਉਂਦਿਆਂ ਹੀ ਉਸਦੀ ਆਜ਼ਾਦੀ ਦਾ ਰਸਤਾ ਨਜ਼ਰ ਆਉਣ ਲੱਗਾ ਹੈ
ਖ਼ਿਆਲਾਂ ਵਿੱਚ ਵੀਰੇ ਨੂੰ ਆਜ਼ਾਦ ਪੰਛੀ ਵਾਂਗ ਉਡਾਰੀਆਂ ਮਾਰਦਾ ਵੇਖਣ ਲਈ ਅੱਖਾਂ ਬੰਦ ਕਰ ਲਈਆਂ ਹਨ।..... ਦੂਰ ਦੁਰਾਡੇ ਘਰ ਵਿਚ ਲਟਕ ਰਿਹਾ ਪਿੰਜਰਾ। ਪਿੰਜਰੇ ਵਿੱਚ ਕੈਦ ਸੁੰਦਰ ਪੰਛੀ। ਉਹ ਬਾਹਰ ਨਿਕਲਣ ਲਈ ਤੜਫ਼ ਰਿਹਾ ਹੈ। ਪਿੰਜਰੇ ਦੀਆਂ ਦੀਵਾਰਾਂ ਛਟਪਟਾਉਂਦੇ ਖੰਭ ਜਖ਼ਮੀ ਕਰ ਰਹੀਆਂ ਹਨ। ਸਾਹਮਣੇ ਬੈਠਾ ਮਾਲਿਕ ਉਸਨੂੰ ਲਹੂ-ਲੁਹਾਨ ਹੁੰਦੇ ਵੇਖ ਰਿਹਾ ਹੈ। ਪਿੰਜਰੇ ਦੇ ਬਾਹਰ ਇੱਕ ਛੋਟਾ ਪੰਛੀ ਚੋਗਾ-ਚੁਗ ਰਿਹਾ ਹੈ। ਮਾਲਿਕ ਉਸ ਨੂੰ ਵੇਖ ਕੇ ਮੁਸਕਰਾਉਂਦਾ ਹੈ। ਉਸਨੇ ਉੱਠ ਕੇ ਪਿੰਜਰੇ ਦਾ ਦਰਵਾਜ਼ਾ ਖੋਹਲ ਦਿੱਤਾ ਹੈ। ਪੰਛੀ ਪਿੰਜਰੇ ਦੀ ਕੈਦ ਵਿਚੋਂ ਨਿਕਲ ਕੇ ਅਸਮਾਨ ਵਿੱਚ ਉਡਾਰੀਆਂ ਮਾਰਨ ਲੱਗਾ ਹੈ। ਆਜ਼ਾਦ ਪੰਛੀ ਨੂੰ ਵੇਖ ਮੈਂ ਮੁਸਕਰਾ ਰਹੀ ਹਾਂ। ਪਿੰਜਰੇ ਦੇ ਖੁਲ੍ਹੇ ਦਰਵਾਜ਼ੇ ਵੱਲ ਧਿਆਨ ਜਾਂਦਿਆਂ ਘਬਰਾ ਕੇ ਬੋਲੀ ਹਾਂ, ''ਪਿੰਜਰੇ ਦਾ ਦਰਵਾਜ਼ਾ ਖੁਲ੍ਹਾ ਕਿਉਂ ਹੈ...?''
ਕਿਸੇ ਭਾਵੀ ਹੋਣੀ ਬਾਰੇ ਸੋਚ ਕੇ ਮੇਰੇ ਬੁੱਲ੍ਹਾ 'ਤੇ ਫੈਲੀ ਮੁਸਕਰਾਹਟ ਗੁਆਚਣ ਲੱਗੀ ਹੈ।

ਕਾਂਡ-24

ਮੈਂ ਆਫ਼ਿਸ ਜਾਣ ਲਈ ਗੁਰਦੁਆਰੇ ਵਾਲੀ ਗਲੀ ਵਿਚੋਂ ਨਿਕਲ ਮੇਨ ਰੋਡ 'ਤੇ ਸਕੂਟਰੀ ਚੜ੍ਹਾਈ ਹੈ। ਸਾਹਮਣੇ ਨਸੀਬੋ ਖੜ੍ਹੀ ਹੈ। ਉਸਨੇ ਹੱਥ ਦੇ ਕੇ ਰੁਕਣ ਲਈ ਕਿਹਾ ਹੈ। ਮੈਂ ਸਕੂਟਰੀ ਰੋਕੀ ਹੈ। ਉਸਦੇ ਹੱਥ ਵਿੱਚ ਬੰਦ ਚਿੱਟਾ ਲਿਫ਼ਾਫ਼ਾ ਫੜਿਆ। ਉਹ ਲਿਫ਼ਾਫ਼ਾ ਮੇਰੇ ਵੱਲ ਵਧਾਉਂਦੀ ਹੋਈ ਬੋਲੀ ਹੈ, ''ਆਹ ਨੂਪੁਰ ਨੇ ਦਿੱਤਾ, ਤੈਨੂੰ ਫੜਾਉਣ ਲਈ।''
ਮੈਂ ਲਿਫ਼ਾਫ਼ਾ ਫੜਦਿਆਂ ਉਸਦੇ ਮੂੰਹ ਵੱਲ ਵੇਖ ਰਹੀ ਹਾਂ। ਫਿਰ ਲਿਫ਼ਾਫ਼ਾ ਘੁੰਮਾ ਕੇ ਵੇਖਿਆ। ਕੁਝ ਸੋਚਦੀ ਹੋਈ ਬੋਲੀ ਹਾਂ, ''ਮੋਹਿਤ ਲਈ ਕੁਝ ਲਿਖਿਆ ਹੋਣਾ।''
ਆਪ ਹੀ ਸਵਾਲ ਜਵਾਬ ਦੇ ਕੇ ਲਿਫ਼ਾਫ਼ਾ ਪਰਸ ਵਿੱਚ ਰੱਖਿਆ ਹੈ। ਆਫ਼ਿਸ ਵਿੱਚ ਪਹੁੰਚੀ ਹਾਂ। ਧਰਮ ਆਫ਼ਿਸ ਤੋਂ ਬਾਹਰ ਨਿਕਲ ਰਿਹਾ। ਉਹ ਮੇਰੇ ਕੋਲ ਰੁਕਦਿਆਂ ਬੋਲਿਆ ਹੈ, ''ਕਰਮ ਮੈਂ ਕੋਰਟ ਜਾ ਰਿਹਾਂ। ਤੂੰਂ ਤਲਾਕ ਦਾ ਕੇਸ ਸਮਝਣ ਦੀ ਕੋਸ਼ਿਸ਼ ਕਰ।''
ਮੈਂ ਕੁਰਸੀ 'ਤੇ ਬੈਠਦਿਆਂ ਫਾਈਲ ਕੱਢ ਕੇ ਪੜ੍ਹਨ ਲੱਗੀ ਹਾਂ। ਪੜ੍ਹਦਿਆ ਅੱਖਾਂ ਅੱਗੇ ਫਿਲਮੀਂ ਕੋਰਟ ਦਾ ਸੀਨ ਘੁੰਮਣ ਲੱਗਾ ਹੈ। ਕਲਪਨਾ ਵਿੱਚ ਕੇਸ ਜਿੱਤਣ ਲਈ ਦੋਹਾਂ ਪਾਸਿਆਂ ਦੇ ਵਕੀਲ ਦੂਸ਼ਣਬਾਜ਼ੀ ਕਰ ਰਹੇ ਹਨ। ਇੱਕ-ਦੂਜੇ ਨੂੰ ਨੀਵਾਂ ਦਿਖਾਉਣ ਲਈ ਘਟੀਆ ਇਲਜ਼ਾਮ ਲਾਉਂਦੇ ਹਨ। ਮੇਰੀਆਂ ਅੱਖਾਂ ਅੱਗੇ ਨੂਪੁਰ ਦਾ ਚਿਹਰਾ ਆ ਰਿਹਾ ਹੈ। ਉਸ ਦੀ ਯਾਦ ਨੇ ਸਵੇਰ ਵਾਲਾ ਲਿਫ਼ਾਫ਼ਾ ਯਾਦ ਕਰਵਾ ਦਿੱਤਾ। ਪਰਸ ਵਿਚੋਂ ਲਿਫ਼ਾਫ਼ਾ ਕੱਢਿਆ। ਉਸ ਵਿਚੋਂ ਇੱਕ ਕਾਗਜ਼ ਨਿਕਲਿਆ। ਜਿਸ 'ਤੇ ਲਿਖਿਆ ਹੈ -
ਡੀਅਰ ਕਰਮ,
ਮੈਂ ਤੈਨੂੰ ਬਹੁਤ ਕੁਝ ਕਹਿਣਾ ਹੈ। ਬਹੁਤ ਸੋਚਣ ਤੋਂ ਬਾਅਦ ਫੈਸਲਾ ਕੀਤਾ ਕਿ ਆਪਣੀਆਂ ਭਾਵਨਾਵਾਂ ਦੀ ਸੱਚਾਈ ਲਿਖ ਕੇ ਦੱਸਾਂ। ਮੈਨੂੰ ਤੇ ਮੋਹਿਤ ਨੂੰ ਅਲੱਗ ਹੋਇਆਂ ਕਈ ਮਹੀਨੇ ਗੁਜ਼ਰ ਗਏ ਹਨ। ਸਭ ਨੇ ਸਾਨੂੰ ਇਕੱਠੇ ਹੋਣ ਲਈ ਬਹੁਤ ਸਮਝਾਇਆ ਹੈ। ਅਖੀਰ ਸਭ ਨੇ ਫੈਸਲਾ ਲੈਣ ਦੀ ਜਿੰਮੇਵਾਰੀ ਸਾਨੂੰ ਹੀ ਸੌਂਪ ਦਿੱਤੀ ਹੈ। ਕਰਮ ਮੋਹਿਤ ਦੀ ਦੂਰੀ ਨੇ ਮੇਰੇ ਅੰਦਰ ਕਦੇ ਵੀ ਤੜਫ਼ ਪੈਦਾ ਨਹੀਂ ਕੀਤੀ। ਤੂੰ ਸੱਚ ਕਿਹਾ ਸੀ। ਮੈਨੂੰ ਉਸ ਨਾਲ ਪਿਆਰ ਨਹੀਂ, ਸਿਰਫ਼ ਖਿੱਚ ਸੀ। ਪਿਆਰ ਤਾਂ ਰੂਹਾਂ ਦਾ ਮੇਲ ਹੁੰਦਾ। ਮੈਨੂੰ ਉਸ ਨਾਲ ਨਹੀਂ ਉਸਦੀਆਂ ਲਿਖਤਾਂ ਨਾਲ ਪਿਆਰ ਸੀ। ਜੋ ਥੋੜਚਿਰਾ ਸੀ। ਰੁਮਾਂਟਿਕ ਪਲ ਭਾਰੀ ਹੋਣ ਲੱਗੇ। ਮੈਂ ਉਸਦੀ ਪ੍ਰਭਾਵਸ਼ਾਲੀ ਸਖਸੀਅਤ ਵੱਲ ਖਿੱਚੀ ਗਈ। ਜਦੋਂ ਜੀਵਨ ਦੀ ਸੱਚਾਈ ਸਾਹਮਣੇ ਆਈ। ਮੋਹਿਤ ਲਿਖਣਾ ਭੁੱਲ ਗਿਆ। ਮੈਂ ਪਿਆਰ ਕਰਨਾ ਭੁੱਲ ਗਈ। ਉਸ ਨਾਲ ਘੁੱਟ-ਘੁੱਟ ਕੇ ਜਬਰਦਸਤੀ ਵਾਲਾ ਜੀਵਨ ਨਹੀਂ ਜੀ ਸਕਦੀ। ਆਪਣੀ ਗਲਤੀ ਸੁਧਾਰਨਾ ਚਾਹੁੰਦੀ ਹਾਂ। ਜੀਵਨ ਵਿੱਚ ਕੁਝ ਕਰਨਾ ਅਤੇ ਮੰਜ਼ਿਲ 'ਤੇ ਪਹੁੰਚਣਾ ਚਾਹੁੰਦੀ ਹਾਂ। ਇਸ ਲਈ ਭਵਿੱਖ ਬਾਰੇ ਸੋਚ ਕੇ ਇਮਤਿਹਾਨਾਂ ਦੀ ਤਿਆਰੀ ਕਰ ਰਹੀ ਹਾਂ। ਮੰਜ਼ਿਲ 'ਤੇ ਪਹੁੰਚ ਕੇ ਰੂਹ ਦਾ ਸਾਥੀ ਮੈਨੂੰ ਜਰੂਰ ਮਿਲੇਗਾ।
ਯੂਅਰਜ਼
ਨੂਪੁਰ।

ਚਿੱਠੀ ਪੜ੍ਹ ਮੈਂ ਲੰਬਾ ਸਾਹ ਲਿਆ ਹੈ, ''ਨੂਪੁਰ ਮੈਂ ਇਹ ਸੱਚਾਈ ਜਾਣਦੀ ਸੀ। ਮੇਰਾ ਫਰਜ਼ ਹੈ ਕਿ ਤੇਰਾ ਸਾਥ ਦੇਵਾਂ। ਮੈਨੂੰ ਮੋਹਿਤ ਨਾਲ ਗੱਲ ਕਰਨੀ ਚਾਹੀਦੀ ਹੈ।''
ਮਨ ਵਿੱਚ ਚੱਲ ਰਹੇ ਖਿਆਲਾਂ ਨਾਲ ਮੋਹਿਤ ਨੂੰ ਫ਼ੋਨ ਮਿਲਾਇਆ ਹੈ। ਉਸ ਨੇ ਫ਼ੋਨ ਨਹੀਂ ਚੁੱਕਿਆ। ਉਸਦਾ ਮੈਸੇਜ਼ ਆਇਆ ਹੈ, ''ਮੈਂ ਸ਼ਹਿਰ ਤੋਂ ਬਾਹਰ ਹਾਂ। ਵਾਪਸ ਆ ਕੇ ਗੱਲ ਕਰਾਂਗਾ।''
ਮੈਂ ਕਦੇ ਉਹਨਾਂ ਦੋਵਾਂ ਬਾਰੇ ਤੇ ਕਦੇ ਤਲਾਕ ਦੇ ਕੇਸ ਬਾਰੇ ਸੋਚ ਰਹੀ ਹਾਂ। ਧਰਮ ਵਾਪਸ ਆ ਗਿਆ ਹੈ। ਉਸਨੇ ਕੇਸ ਬਾਰੇ ਗੱਲਬਾਤ ਸ਼ੁਰੂ ਕੀਤੀ ਹੈ। ਗੱਲਾਂ ਕਰਦਿਆਂ ਮੈਂ ਨੂਪੁਰ ਤੇ ਮੋਹਿਤ ਦੇ ਰਿਸ਼ਤੇ ਦੀ ਗੱਲ ਸ਼ੁਰੂ ਕੀਤੀ ਹੈ। ਮੇਰੀ ਗੱਲ ਸੁਣ ਉਸਨੇ ਕਿਹਾ, ''ਅਗਰ ਉਹਨਾਂ ਦਾ ਫੈਸਲਾ ਇਕੱਠੇ ਨਾ ਰਹਿਣਾ ਹੈ ਤਾਂ ਉਹਨਾਂ ਦਾ ਸਾਥ ਦੇਣਾ ਚਾਹੀਦਾ। ਪਰ ਅਦਾਲਤ ਸਮਝੌਤੇ ਦਾ ਮੌਕਾ ਜਰੂਰ ਦੇਵੇਗੀ। ਜਿਸ ਵਿੱਚ ਉਹ ਇਕੱਠੇ ਰਹਿਣਗੇ। ਅਸਲ ਫੈਸਲਾ ਉਸ ਤੋਂ ਬਾਅਦ ਹੋਵੇਗਾ।''
ਮੈਂ ਉਸਦੀ ਗੱਲ ਸੁਣ ਰਹੀ ਹਾਂ। ਉਹ ਨੂਪੁਰ ਦੀ ਗੱਲ ਖਤਮ ਕਰਕੇ ਮੈਨੂੰ ਪੁੱਛਣ ਲੱਗਾ ਹੈ, '' ਕਰਮ ਮੇਮ ਦਾ ਕੀ ਜਵਾਬ ਆਇਆ ?''
ਉਸਦੇ ਸਵਾਲ ਨੇ ਮੈਨੂੰ ਕਸ਼-ਮ-ਕਸ਼ ਵਿੱਚ ਫਸਾ ਦਿੱਤਾ ਹੈ। ਦੱਸਣ ਜਾਂ ਨਾ ਦੱਸਣ ਦੇ ਚੱਕਰ ਵਿੱਚ ਘੁੰਮਣ ਲੱਗੀ ਹਾਂ। ਮੇਰੇ ਬੋਲਣ ਤੋਂ ਪਹਿਲਾਂ ਉਹ ਬੋਲਿਆ ਹੈ, ''ਮੇਰੀ ਸਲਾਹ ਹੈ ਤੂੰ ਵੀਜ਼ਾ ਅਪਲਾਈ ਕਰ। ਜਰੂਰਤ ਪੈ ਸਕਦੀ ਹੈ।
ਮੈਂ ਬਿਨ੍ਹਾਂ ਸੋਚੇ ਹੀ ਬੋਲ ਪਈ ਹਾਂ, ''ਜੀਨੀ ਮੇਮ ਦਾ ਜਵਾਬ ਆ ਚੁੱਕਾ। ਉਸਨੇ ਵੀ ਵੀਜ਼ਾ ਅਪਲਾਈ ਕਰਨ ਲਈ ਕਿਹਾ।''
ਐਡਵੋਕੇਟ ਧਰਮ ਦੇ ਚਿਹਰੇ 'ਤੇ ਮੁਸਕਰਾਹਟ ਫੈਲ ਰਹੀ ਹੈ। ਇਸ ਤਰ੍ਹਾਂ ਲੱਗ ਰਿਹਾ ਜਿਵੇਂ ਉਹ ਸਭ ਕੁਝ ਪਹਿਲਾਂ ਹੀ ਜਾਣਦਾ ਹੋਵੇ। ਉਹ ਕਾਹਲੀ ਨਾਲ ਬੋਲਿਆ ਹੈ, ''ਵੈਰੀ ਗੁੱਡ। ਮੈਂ ਵੀ ਕਈ ਦਿਨਾਂ ਤੋਂ ਵੀਜ਼ਾ ਅਪਲਾਈ ਕਰਨ ਬਾਰੇ ਸੋਚ ਰਿਹਾ ਹਾਂ। ਹੁਣ ਆਪਣੇ ਨਾਲ-ਨਾਲ ਤੇਰੇ ਬਾਰੇ ਵੀ ਪਤਾ ਕਰ ਲੈਨਾਂ।''
ਉਸ ਨੇ ਫ਼ੋਨ ਚੁੱਕ ਨੰਬਰ ਡਾਇਲ ਕੀਤਾ ਹੈ। ਫ਼ੋਨ ਕੰਨ ਨਾਲ ਲਾਉਂਦਿਆਂ ਮੈਨੂੰ ਫਾਈਲਾਂ ਸੰਭਾਲ ਕੇ ਘਰ ਜਾਣ ਨੂੰ ਕਹਿ ਦਿੱਤਾ ਹੈ।
ਮੈਂ ਜਲਦੀ ਆ ਜਾਣ ਕਾਰਨ ਨੂਪੁਰ ਨੂੰ ਮਿਲਣ ਦਾ ਮਨ ਬਣਾ ਲਿਆ ਹੈ। ਮੈਨੂੰ ਵੇਖਦਿਆਂ ਹੀ ਉਹ ਮੇਰੇ ਗਲ ਲੱਗ ਗਈ ਹੈ। ਅੱਜ ਉਹ ਪਹਿਲਾਂ ਵਾਲੀ ਬੁਝੀ ਹੋਈ ਨੂਪੁਰ ਨਹੀਂ। ਉਸ ਅੰਦਰ ਵਿਸ਼ਵਾਸ਼ ਹੈ। ਹਿੰਮਤ ਅਤੇ ਤਾਕਤ ਹੈ। ਮੈਨੂੰ ਕੁਰਸੀ 'ਤੇ ਬਿਠਾਉਂਦੀ ਹੋਈ ਉਹ ਬੋਲੀ ਹੈ, ''ਕਰਮ ਮੇਰੀ ਚਿੱਠੀ ਪੜ੍ਹੀ?''
ਮੈਂ 'ਹਾਂ' ਆਖ ਚੁੱਪ ਹੋ ਗਈ ਹਾਂ। ਉਹ ਫਿਰ ਬੋਲੀ ਹੈ, ''ਕਰਮ ਮੈਂ ਆਪਣੀ ਗਲਤੀ ਦੁਹਰਾਉਣਾ ਨਹੀਂ ਚਾਹੁੰਦੀ। ਪੜ੍ਹੇ-ਲਿਖੇ ਪਰਿਵਾਰ ਵਿੱਚ ਜਨਮ ਲੈ ਕੇ ਆਪਣੇ ਹੀ ਕੈਰੀਅਰ ਨੂੰ ਠੋਕਰ ਮਾਰ ਦਿੱਤੀ। ਇੱਕ ਝਟਕੇ ਵਿੱਚ ਸਭ ਦੇ ਅਰਮਾਨਾਂ ਦਾ ਗਲਾ ਘੁੱਟ ਦਿੱਤਾ। ਬਚਪਨ ਵਿੱਚ ਇਕੱਠਿਆਂ ਵੇਖੇ ਸੁਪਨੇ ਭੁੱਲ ਗਈ। ਪਰ ਹੁਣ ਮੇਰਾ ਫੈਸਲਾ ਅਟੱਲ ਹੈ। ਤੇਰੇ ਕਦਮਾਂ ਨਾਲ ਕਦਮ ਮਿਲਾ ਕੇ ਚੱਲਾਂਗੀ। ਤੇਰਾ ਸਵੈ-ਵਿਸ਼ਵਾਸ਼ ਮੇਰੀ ਪ੍ਰੇਰਨਾ ਹੈ।''
ਉਸ ਦੀ ਗੱਲ ਸੁਣ ਕੇ ਮੈਂ ਬੋਲੀ ਹਾਂ, ''ਮੈਂ ਤੇਰੇ ਦਿਲ ਦੀ ਗੱਲ ਸਮਝਦੀ ਹਾਂ। ਪਰ ਮੋਹਿਤ ਨਾਲ ਗੱਲ ਕਰਨੀ ਵੀ ਜਰੂਰੀ ਹੈ। ਤੈਨੂੰ ਉਸ ਨੂੰ ਮਿਲ ਲੈਣਾ ਚਾਹੀਦਾ।''
ਉਸਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਭਾਵਨਾਵਾਂ ਨੂੰ ਪਾਸੇ ਰੱਖਦਿਆਂ ਕੁਝ ਸੋਚ ਕੇ ਆਖਿਆ, ''ਇਕ ਕੋਸ਼ਿਸ਼ ਕਰਨੀ ਜਰੂਰੀ ਹੈ। ਅਦਾਲਤ ਵੀ ਇਹ ਹੁਕਮ ਦਿੰਦੀ ਹੈ। ਜੇ ਦੋਹਾਂ ਦਾ ਇੱਕ ਹੀ ਫੈਸਲਾ ਹੋਇਆ। ਤਲਾਕ ਦਾ ਕੇਸ ਫਾਈਲ ਕਰ ਦੇਵਾਂਗੇ।''
ਉਸ ਨਾਲ ਗੱਲ ਕਰਨ ਤੋਂ ਬਾਅਦ ਆਂਟੀ-ਅੰਕਲ ਨੂੰ ਮਿਲ ਕੇ ਸਾਰੀ ਗੱਲ ਦੱਸ ਦਿੱਤੀ ਹੈ। ਉਹਨਾਂ ਨੂੰ ਮੇਰੇ ਫੈਸਲੇ 'ਤੇ ਵਿਸ਼ਵਾਸ਼ ਹੈ। ਮੈਂ ਘਰ ਆ ਕੇ ਲੰਮੀਂ ਪੈ ਗਈ ਹਾਂ। ਮੈਨੂੰ ਪਈ ਵੇਖ ਮਾਂ ਨੇ ਪੁੱਛਿਆ ਹੈ, ''ਕੀ ਸੋਚ ਰਹੀ ਏਂ।''
''ਮਾਂ ਹੁਣ ਮੈਂ ਸੋਚਦੀ ਨਹੀਂ। ਸਿਰਫ਼ ਕਰਦੀ ਆਂ। ਸੋਚਣ ਦਾ ਨਤੀਜਾ ਤੇਰੇ ਸਾਹਮਣੇ ਭੁਗਤਿਆ। ਕੁਝ ਪੱਲੇ ਨਹੀਂ ਪਿਆ।'' ਮੈਂ ਵਿਸ਼ਵਾਸ਼ ਨਾਲ ਕਿਹਾ
ਉਹ ਮੇਰੇ ਵੱਲ ਵੇਖ ਰਹੀ ਹੈ। ਮੈਂ ਦੱਸਣ ਲੱਗੀ ਹਾਂ, ''ਮੈਂ ਨੂਪੁਰ ਨੂੰ ਮਿਲ ਕੇ ਆਈ ਆਂ। ਸਭ ਦਾ ਫੈਸਲਾ ਤਲਾਕ ਹੈ। ਉਸੇ ਬਾਰੇ ਸੋਚ ਰਹੀ ਸੀ।''
ਉਸਦੇ ਬੋਲਣ ਤੋਂ ਪਹਿਲਾਂ ਵੀਰੇ ਦਾ ਫ਼ੋਨ ਆ ਗਿਆ। ਮੈਂ ਸਪੀਕਰ ਔਨ ਕਰਕੇ ਫ਼ੋਨ ਮਾਂ ਨੂੰ ਫੜਾ ਦਿੱਤਾ। ਉਹ ਗੱਲ ਕਰਦੀ ਵਿਹੜੇ ਵਿੱਚ ਚਲੀ ਗਈ ਹੈ। ਮੇਰੀ ਸੋਚ ਵੀਰੇ ਅਤੇ ਮੇਮ ਦੇ ਐਗਰੀਮੈਂਟ ਦੁਆਲੇ ਘੁੰਮਣ ਲੱਗੀ ਹੈ। ਉਸ ਦਾ ਮੈਨੂੰ ਬੁਲਾਉਣਾ ਮਨ ਵਿੱਚ ਖਟਕ ਰਿਹਾ ਹੈ। ਪਰ ਵੀਰੇ ਦੀਆਂ ਖੁਸ਼ੀਆਂ ਦਾ ਖ਼ਿਆਲ ਸਾਰੇ ਡਰ ਦੂਰ ਭਜਾ ਦਿੰਦਾ ਹੈ। ਮਾਂ ਗੱਲਾਂ ਕਰਦੀ ਅੰਦਰ ਆ ਗਈ ਹੈ। ਉਹ ਕਹਿ ਰਹੀ ਹੈ, ''ਉਹਦੀ ਗੱਲ ਹੁੰਦੀ ਰਹਿੰਦੀ ਮੇਮ ਨਾਲ। ਉਸੇ ਕਰਕੇ ਮੈਨੂੰ ਤੇਰਾ ਫ਼ਿਕਰ ਨਹੀਂ ਰਹਿੰਦਾ। ਰੱਬ ਮੇਰੀ ਧੀ ਦੇ ਸਾਰੇ ਸੁਪਨੇ ਪੂਰੇ ਕਰੇ।''
''ਮਾਂ ਮੈਂ ਹਮੇਸ਼ਾਂ ਚਾਹੁੰਨਾ ਕਰਮ ਆਪਣੀ ਮੰਜ਼ਿਲ ਤੱਕ ਪਹੁੰਚੇ। ਪਰ ਇੱਕ ਸੁਪਨਾ ਮੈਨੂੰ ਡਰਾ ਦਿੰਦਾ। ਦੱਸਣ ਨੂੰ ਜੀਅ ਨਹੀਂ ਕਰਦਾ। ਪਰ ਕਹਿੰਦੇ ਬੁਰਾ ਸੁਪਨਾ ਦੱਸਣ ਨਾਲ ਸੱਚ ਨਹੀਂ ਹੁੰਦਾ।'' ਵੀਰਾ ਚਿੰਤਤ ਹੁੰਦਾ ਕਹਿ ਰਿਹਾ ਹੈ
''ਕੀ ਸੁਪਨਾ.....।'' ਮਾਂ ਨੂੰ ਡਰੀ ਆਵਾਜ਼ ਵਿੱਚ ਬੋਲਦਿਆਂ ਵੇਖ ਮੇਰਾ ਧਿਆਨ ਉਸ ਵੱਲ ਗਿਆ ਹੈ
ਉਹ ਚੁੱਪ ਹੋ ਗਈ ਹੈ। ਵੀਰਾ ਸੁਪਨਾ ਸੁਣਾ ਰਿਹਾ ਹੈ, ''ਹੜ੍ਹਾਂ ਕਾਰਨ ਸਾਰਾ ਚਾਰ-ਚੁਫੇਰਾ ਜਲ ਥਲ ਹੋਇਆ ਪਿਆ। ਨਦੀ ਛੱਲਾਂ ਮਾਰ ਰਹੀ। ਨਦੀ ਕਿਨਾਰੇ ਲੋਕਾਂ ਦੀ ਭੀੜ। ਜੋ ਨਦੀ ਪਾਰ ਕਰਨ ਲਈ ਖੜ੍ਹੇ ਹਨ। ਕੋਈ ਡਰਦਾ ਪਾਰ ਕਰਨ ਦੀ ਹਿੰਮਤ ਨਹੀਂ ਕਰ ਰਿਹਾ। ਕਰਮ ਉਸੇ ਭੀੜ ਵਿੱਚ ਖੜ੍ਹੀ ਹੈ। ਉਸਦੀ ਮੰਜ਼ਿਲ ਨਦੀ ਦੇ ਦੂਜੇ ਕਿਨਾਰੇ ਹੈ। ਉਹ ਨਦੀ ਪਾਰ ਕਰਨ ਦਾ ਫੈਸਲਾ ਕਰ ਚੁੱਕੀ ਹੈ। ਨਦੀ ਵਿਚੋਂ ਵੱਡਾ ਗੋਲ ਚੱਕਰ ਚੇਨ ਵਾਂਗ ਘੁੰਮਦਾ ਬਾਹਰ ਆ ਰਿਹਾ ਹੈ। ਉਸ ਤੇਜ਼ ਘੁੰਮਦੇ ਦੈਂਤ ਵਰਗੇ ਚੱਕਰ ਨੂੰ ਵੇਖ ਸਭ ਲੋਕ ਸਹਿਮ ਗਏ ਹਨ। ਕਰਮ ਉਸ ਚੱਕਰ ਵੱਲ ਵੇਖਦੀ ਸੋਚ ਰਹੀ ਹੈ। ਉਸਨੇ ਛਾਲ ਮਾਰ ਕੇ ਚੱਕਰ ਨੂੰ ਹੱਥ ਪਾ ਲਿਆ। ਉਸ ਨਾਲ ਲਮਕਣ ਲੱਗੀ। ਉਸ ਨੂੰ ਲਮਕਦੀ ਵੇਖ ਕਈ ਲੋਕ ਕੋਸ਼ਿਸ਼ ਕਰਨ ਲੱਗੇ ਹਨ। ਬਹੁਤ ਸਾਰੇ ਲੋਕ ਨਦੀ ਵਿੱਚ ਰੁੜ੍ਹਨ ਲੱਗੇ ਹਨ। ਉਹ ਚੱਕਰ ਦੇ ਨਾਲ ਘੁੰਮਦੀ ਨਦੀ ਵਿੱਚ ਦੂਰ ਨਿਕਲ ਜਾਂਦੀ ਹੈ। ਅੱਖਾਂ ਖੁਲ੍ਹਦਿਆਂ ਮੈਂ ਬੁਰੀ ਤਰ੍ਹਾਂ ਡਰ ਗਿਆ। ਕਿਤੇ ਕਰਮ ਕਿਸੇ ਮੁਸੀਬਤ ਵਿੱਚ ਨਾ ਫਸ ਜਾਵੇ।''
ਸੁਪਨਾ ਸੁਣਦੀ ਮਾਂ ਮੇਰੇ ਵੱਲ ਵੇਖ ਰਹੀ ਹੈ। ਮੈਂ ਉਸ ਤੋਂ ਫ਼ੋਨ ਫੜ ਲਿਆ। ਮੈਂ ਵੀਰੇ ਨੂੰ ਮੇਮ ਨਾਲ ਹੋਈ ਸਾਰੀ ਗੱਲ ਦੱਸ ਦਿੱਤੀ ਹੈ। ਉਹ ਬੋਲਿਆ ਹੈ, ''ਭੈਣੇ ਡਰ ਲੱਗ ਰਿਹਾ ਐ।''
''ਵੀਰੇ ਕਿਸੇ ਚੰਗੇ ਅਤੇ ਮਾੜੇ ਨਤੀਜੇ ਦਾ ਡਰ ਮੈਨੂੰ ਰੋਕ ਨਹੀਂ ਸਕਦਾ। ਮੇਰੇ ਫੈਸਲੇ ਨਾਲ ਸਭ ਦੇ ਸੁਪਨੇ ਜੁੜੇ ਨੇ। ਤੂੰ ਚਿੰਤਾ ਨਾ ਕਰ ਸਭ ਠੀਕ ਹੋਵੇਗਾ।'' ਉਸ ਨੂੰ ਹੌਂਸਲਾ ਦੇ ਮੈਂ ਫ਼ੋਨ ਕੱਟ ਦਿੱਤਾ ਹੈ
ਫ਼ੋਨ ਕੱਟਦਿਆਂ ਹੀ ਮੇਮ ਦਾ ਮੈਸੇਜ਼ ਆਇਆ ਹੈ, ''ਮੇਰੀਆਂ ਕੁਝ ਸ਼ਰਤਾਂ ਹਨ ਜੋ ਤੈਨੂੰ ਪੂਰੀਆਂ ਕਰਨੀਆਂ ਪੈਣਗੀਆਂ।''
ਮੇਰੀਆਂ ਅੱਖਾਂ ਅੱਗੇ ਲਟਕਦੇ ਖ਼ਾਲੀ ਪਿੰਜਰੇ ਦਾ ਖੁੱਲ੍ਹਦਾ-ਬੰਦ ਹੁੰਦਾ ਦਰਵਾਜ਼ਾ ਘੁੰਮਣ ਲੱਗਾ ਹੈ।

ਕਾਂਡ-25

ਸਵੇਰੇ ਉੱਠਣ ਸਾਰ ਫ਼ੋਨ ਦੀ ਮੇਲ ਬਾਕਸ ਖੋਲ੍ਹਦੀ ਹਾਂ। ਮਨ ਵਿੱਚ ਜੀਨੀ ਦੀਆਂ ਸ਼ਰਤਾਂ ਦਾ ਫ਼ਿਕਰ ਰਹਿੰਦਾ। ਉਪਰੋਂ ਭਾਵੇਂ ਨਾ ਦੱਸਾਂ। ਪਰ ਡਰ ਤਾਂ ਲੱਗਦਾ ਹੈ। ਫ਼ੋਨ 'ਤੇ ਮੈਸੇਜ਼ ਆਇਆ ਹੈ। ਡਰਦੀ-ਡਰਦੀ ਮੇਲ ਚੈੱਕ ਕਰਨ ਲੱਗੀ ਹਾਂ। ਉਸ ਨੇ ਸਪਾਂਸਰਸ਼ਿਪ ਭੇਜੀ ਹੈ। ਇੱਕ ਮੇਲ ਹੋਰ ਆ ਗਈ ਹੈ। ਮੈਂ ਪੜ੍ਹਨ ਲੱਗੀ ਹਾਂ। ਜਿਉਂ-ਜਿਉਂ ਪੜ੍ਹ ਰਹੀ ਹਾਂ। ਧੜਕਣ ਤੇਜ਼ ਹੋ ਰਹੀ ਹੈ। ਮੱਥੇ ਦੀਆਂ ਨਸਾਂ ਟੱਸ-ਟੱਸ ਕਰਨ ਲੱਗੀਆਂ ਹਨ। ਇੱਕ-ਇੱਕ ਸ਼ਬਦ ਅੱਖਾਂ ਅੱਗੇ ਤੈਰਦਾ ਜਾ ਰਿਹਾ ਹੈ। ਆਖਿਰੀ ਲਾਈਨ ਵਾਰ-ਵਾਰ ਪੜ੍ਹ ਰਹੀ ਹਾਂ, 'ਵੇਟਿੰਗ ਫਾਰ ਯੂਅਰ ਯੈੱਸ।'
ਉਸਦੀਆਂ ਸ਼ਰਤਾਂ ਪੜ੍ਹਦਿਆਂ ਸਰੀਰ ਕਾਬੂ ਤੋਂ ਬਾਹਰ ਹੋ ਰਿਹਾ ਹੈ। ਸੰਭਲਣ ਲਈ ਅੱਖਾਂ ਬੰਦ ਕਰ ਲਈਆਂ ਹਨ। ਵਿਚਾਰਾਂ ਦਾ ਹੜ੍ਹ ਆ ਗਿਆ ਹੈ। ਮੇਮ ਦੀਆਂ ਸ਼ਰਤਾਂ ਵੀਜ਼ਾ ਅਪਲਾਈ.....ਮਾਂ ਦੇ ਸੁਪਨੇ.....ਵੀਰੇ ਦੀ ਆਜ਼ਾਦੀ.... ਨੂਪੁਰ ਤੇ ਮੋਹਿਤ ਦਾ ਟੁੱਟਦਾ ਰਿਸ਼ਤਾ....ਡਾਕਟਰ ਕਾਫ਼ਿਰ ਤੋਂ ਦੂਰੀ .... ਪਿੰਡ ਦੀ ਮਿੱਟੀ ਤੋਂ ਟੁੱਟਣਾ.... ਮੇਰੇ ਸੁਪਨਿਆਂ ਦੀ ਮੰਜ਼ਿਲ.....। ਮੇਰੀ 'ਹਾਂ' ਜੀਵਨ ਦਾ ਪੂਰਾ ਨਕਸ਼ਾ ਬਦਲ ਕੇ ਰੱਖ ਸਕਦੀ ਹੈ। ਰਿਸ਼ਤਿਆਂ ਤੋਂ ਦੂਰੀ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਹੈ। ਉਹੀ ਰਿਸ਼ਤੇ ਤਿਆਗ ਕੇ ਸੱਤ-ਸਮੁੰਦਰ ਪਾਰ ਜਾਣਾ ਜ਼ਿੰਦਗੀ ਲਈ ਚੁਣੌਤੀ ਬਣ ਗਿਆ ਹੈ। ਖਿਆਲਾਂ ਦੇ ਭੰਵਰ ਵਿੱਚ ਡੁੱਬਣ ਤੋਂ ਬਚਣ ਲਈ ਉੱਠ ਕੇ ਆਫ਼ਿਸ ਲਈ ਤਿਆਰ ਹੋਣ ਲੱਗੀ ਹਾਂ। ਆਫ਼ਿਸ ਪਹੁੰਚ ਕੇ ਕਿਸੇ ਕੰਮ ਵਿੱਚ ਧਿਆਨ ਨਹੀਂ ਲੱਗ ਰਿਹਾ। ਧਰਮ ਨੇ ਖਾਲੀ ਪਈ ਕੁਰਸੀ 'ਤੇ ਬੈਠਦਿਆਂ ਪੁਛਿਆ ਹੈ, ''ਕਰਮ ਮੇਮ ਦਾ ਕੋਈ ਮੈਸੇਜ਼....?''
ਮਨ ਦੇ ਬੋਝ ਨੇ ਚੁੱਪ ਨਹੀਂ ਰਹਿਣ ਦਿੱਤਾ। ਉਸ ਦੇ ਪੁੱਛਦਿਆਂ ਹੀ ਦੱਸ ਦਿੱਤਾ ਹੈ, ''ਉਸ ਨੇ ਸਪਾਂਸਰਸ਼ਿੱਪ ਭੇਜੀ ਐ। ਉਸ ਦੀਆਂ ਕੁਝ ਸ਼ਰਤਾਂ ਨੇ। ਜਿਸ ਅਨੁਸਾਰ ਉਥੇ ਜਾਣਾ ਜਰੂਰੀ ਹੈ।''
ਮੈਨੂੰ ਵੀਰੇ ਦੇ ਨਾਲ-ਨਾਲ ਨੂਪੁਰ ਦੀ ਵੀ ਚਿੰਤਾ ਹੈ। ਇਸ ਲਈ ਮੇਮ ਦੀ ਗੱਲ ਖਤਮ ਕਰ ਨੂਪੁਰ ਦੇ ਕੇਸ ਬਾਰੇ ਪੁੱਛਣ ਲੱਗੀ ਹਾਂ। ਉਹ ਦੇ ਕਹਿਣ 'ਤੇ ਮੋਹਿਤ ਨੂੰ ਮਿਲਨ ਲਈ ਮੈਸੇਜ਼ ਕੀਤਾ ਹੈ। ਧਰਮ ਗੱਲ ਕਰਕੇ ਦੂਜੀ ਕੁਰਸੀ ਉਤੇ ਜਾ ਬੈਠਾ ਹੈ। ਮੇਰੇ ਅੰਦਰ ਬਹੁਤ ਸਾਰੇ ਕੰਮ ਨਿਪਟਾਉਣ ਦੀ ਕਾਹਲ ਹੈ। ਮੈਂ ਵਾਰ-ਵਾਰ ਮੋਹਿਤ ਦਾ ਮੈਸੇਜ਼ ਵੇਖ ਰਹੀ ਹਾਂ। ਉਸ ਦਾ ਮੈਸੇਜ਼ ਆ ਰਿਹਾ, ''ਅਸੀਂ ਤੇਰੇ ਸਾਹਮਣੇ ਬੈਠ ਕੇ ਫੈਸਲਾ ਕਰਾਂਗੇ। ਮਿਲਨ ਦਾ ਸਮਾਂ ਪੱਕਾ ਕਰਕੇ ਦੱਸ ਦੇਣਾ। ਮੈਂ ਪਹੁੰਚ ਜਾਵਾਂਗਾ।''
ਮੈਂ ਮੋਹਿਤ ਦਾ ਮੈਸੇਜ਼ ਨੂਪੁਰ ਨੂੰ ਭੇਜ ਦਿੱਤਾ ਹੈ। ਉਸ ਨੇ ਮਿਲਨ ਲਈ 'ਹਾਂ' ਕਰ ਦਿੱਤੀ ਹੈ। ਮੈਂ ਮੋਹਿਤ ਨੂੰ ਸਿਲਵਰ ਪਾਰਕ ਵਿੱਚ ਮਿਲਨ ਦਾ ਮੈਸੇਜ਼ ਭੇਜ ਦਿੱਤਾ ਹੈ। ਆਫ਼ਿਸ ਵਿੱਚ ਸਾਰਾ ਦਿਨ ਟੁੱਟਦੇ-ਬੁਣਦੇ ਸੁਪਨਿਆਂ ਦੀ ਘੁੰਮਣਘੇਰੀ ਵਿੱਚ ਲੰਘਿਆ ਹੈ। ਸਭ ਦੇ ਸੁਪਨੇ ਬੁਣਦਿਆਂ ਮੇਰੇ ਸੁਪਨੇ ਟੁੱਟਦੇ ਜਾ ਰਹੇ ਹਨ। ਟੁੱਟੀਆਂ ਤੰਦਾਂ ਮੈਨੂੰ ਲਪੇਟ ਰਹੀਆਂ ਹਨ। ਉਹਨਾਂ ਵਿੱਚ ਲਿਪਟ ਕੇ ਹੌਲੀ-ਹੌਲੀ ਅੱਖਾਂ ਤੋਂ ਉਹਲੇ ਹੁੰਦੀ ਜਾ ਰਹੀ ਹਾਂ। ਇਸੇ ਉਧੇੜ-ਬੁੜ ਵਿੱਚ ਫ਼ੋਨ 'ਤੇ ਮੇਮ ਦਾ ਆਇਆ ਮੈਸੇਜ਼ ਵੇਖਿਆ ਹੈ। ਉਹ ਮੇਰੇ ਫੈਸਲੇ ਬਾਰੇ ਪੁੱਛ ਰਹੀ ਹੈ। ਇੰਨਾਂ ਵੱਡਾ ਫੈਸਲਾ ਲੈਣਾ ਮੇਰੇ ਵੱਸ ਤੋਂ ਬਾਹਰ ਹੋ ਰਿਹਾ ਹੈ।
ਉਲਝੀਆਂ ਤੰਦਾਂ ਨਾਲ ਆਫ਼ਿਸ ਤੋਂ ਤੁਰ ਪਈ ਹਾਂ। ਰਸਤੇ ਵਿੱਚ ਨੂਪੁਰ ਨੂੰ ਮਿਲਨ ਦਾ ਖਿਆਲ ਆਇਆ ਹੈ। ਉਸ ਦੇ ਘਰ ਅੱਗੇ ਰੁਕ ਗਈ ਹਾਂ। ਮੈਂ ਆਂਟੀ-ਅੰਕਲ ਨੂੰ ਮੋਹਿਤ ਤੇ ਨੂਪੁਰ ਦੇ ਮਿਲਨ ਦੀ ਗੱਲ ਦੱਸੀ ਹੈ। ਉਹ ਇਸ ਮੀਟਿੰਗ ਲਈ ਸਹਿਮਤ ਹਨ।
ਘਰ ਪਹੁੰਚ ਕੇ ਅੱਖਾਂ ਬੰਦ ਕਰਕੇ ਲੰਮੀ ਪਈ ਹਾਂ। ਬੰਦ ਅੱਖਾਂ ਵਿੱਚ ਹਰ ਰਿਸ਼ਤਾ ਆਪਣੇ ਹਿੱਸੇ ਦਾ ਸੰਘਰਸ਼ ਕਰਦਾ ਵਿਖਾਈ ਦੇਣ ਲੱਗਾ ਹੈ। ਹਰ ਯੁੱਧ ਦਾ ਨਵਾਂ ਨਤੀਜਾ। ਹਰ ਨਤੀਜੇ ਤੋਂ ਬਾਅਦ ਨਵੀਂ ਚੁਣੌਤੀ। ਨਵੀਂ ਉਮੀਦ ਨਾਲ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ। ਮੈਂ ਹੌਂਸਲਾ ਕਰਕੇ ਮਾਂ ਤੇ ਨਾਨੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਹੈ। ਉਸ ਦੀਆਂ ਸ਼ਰਤਾਂ ਵਾਲੀ ਚਿੱਠੀ ਲੁਕਾਉਂਦੀ ਹੋਈ ਸਾਰੀ ਗੱਲ ਦੱਸ ਰਹੀ ਹਾਂ। ਉਹ ਚੁੱਪ ਬੈਠੀਆਂ ਹਨ। ਮੈਂ ਫੈਸਲਾ ਲੈਂਦਿਆਂ ਕਿਹਾ ਹੈ, ''ਮਾਂ ਮੇਮ ਨੇ ਸਮਝੌਤੇ ਦਾ ਕਾਗਜ਼ ਕੈਂਸਲ ਕਰਨ ਲਈ ਮੈਨੂੰ ਉਥੇ ਬੁਲਾਇਆ। ਮੈਨੂੰ ਐਮਰਜੈਂਸੀ ਵਿੱਚ ਕਿਸੇ ਵੀ ਸਮੇਂ ਉਸ ਕੋਲ ਜਾਣਾ ਪੈ ਸਕਦਾ।''
ਮੇਰੀ ਗੱਲ ਸੁਣ ਉਹ ਚਿੰਤਤ ਹੋ ਗਈਆਂ ਹਨ। ਮੈਂ ਉਹਨਾਂ ਨੁੰ ਸਮਝਾਉਂਦੀ ਹੋਈ ਬੋਲੀ ਹਾਂ, ''ਮੇਰੇ ਜਾਣ ਨਾਲ ਵੀਰੇ ਦਾ ਬਚਾਅ ਹੋ ਸਕਦਾ। ਉਸਦੀ ਰਿਹਾਈ ਦਾ ਇਹੀ ਤਰੀਕਾ ਏ।''
ਵੀਰੇ ਦੀ ਆਜ਼ਾਦੀ ਬਾਰੇ ਸੋਚ ਉਹਨਾਂ ਨੇ ਸਹਿਮਤੀ ਦੇ ਦਿੱਤੀ ਹੈ। ਮੈਂ ਵੀਰੇ ਨੂੰ ਮੈਸੇਜ਼ ਭੇਜ ਦਿੱਤਾ ਹੈ। ਮੈਸੇਜ਼ ਪੜ੍ਹ ਉਸਦਾ ਫ਼ੋਨ ਆ ਗਿਆ ਹੈ, ''ਕਰਮ ਮੇਮ ਨਾਲ ਤੇਰੀ ਗੱਲ ਹੁੰਦਿਆਂ ਹੀ ਮੈਂ ਆਪਣੀ ਪਛਾਣ ਲੁਕਾਉਣ ਤੋਂ ਬਚ ਗਿਆ। ਤੇਰਾ ਐਗਰੀਮੈਂਟ ਕੈਂਸਲ ਕਰਨ ਜਾਣਾ ਮੈਨੂੰ ਪੂਰੀ ਤਰ੍ਹਾਂ ਆਜ਼ਾਦ ਕਰ ਦੇਵੇਗਾ। ਪਰ ਅੰਦਰੋਂ ਡਰ ਵੀ ਲੱਗ ਰਿਹਾ।''
ਉਸ ਦੀ ਗੱਲ ਸੁਣ ਮੈਨੂੰ ਜੀਨੀ ਦੀਆਂ ਸ਼ਰਤਾਂ ਦਾ ਡਰ ਸਤਾਉਣ ਲੱਗਾ ਹੈ। ਅੱਖਾਂ ਅੱਗੇ ਪਿੰਜਰੇ ਦਾ ਖੁਲ੍ਹਾ ਦਰਵਾਜ਼ਾ ਘੁੰਮਣ ਲੱਗਾ ਹੈ। ਡਰ 'ਤੇ ਕਾਬੂ ਪਾਉਂਦੀ ਨੇ ਕਿਹਾ ਹੈ, ''ਵੀਰੇ ਇਸ ਤੋਂ ਬਿਨ੍ਹਾਂ ਹੋਰ ਚਾਰਾ ਵੀ ਨਹੀਂ.....।''
ਉਹ ਚੁੱਪ ਹੋ ਗਿਆ ਹੈ। ਮੈਂ ਬੋਲੀ ਹਾਂ, ''ਕੋਈ ਕੰਮ ਕਰਨਾ ਤਾਂ ਦੱਸ ਦੇਵੀਂ। ਮਾਂ ਨੂੰ ਇਕੱਲਿਆ ਕੰਮ ਕਰਨੇ ਔਖੇ ਹੋ ਜਾਣਗੇ।''
''ਕਰਮ ਮੈਂ ਤੇਰੇ ਖਾਤੇ ਵਿੱਚ ਪੈਸੇ ਭੇਜੇ ਨੇ। ਤੇਰੇ ਤੋਂ ਜਿੰਨੇ ਲੈਣ-ਦੇਣ ਨਿਪਟਾਏ ਜਾਂਦੇ। ਉਹ ਖਤਮ ਕਰਦੇ। ਮੇਰੇ ਮਨ ਨੂੰ ਵੀ ਕੁਝ ਤਸੱਲੀ ਹੋਵੇ।'' ਉਹ ਸੌਖਾ ਸਾਹ ਲੈਂਦਾ ਬੋਲਿਆ ਹੈ
''ਤੂੰ ਅੱਗੇ ਤੋਂ ਪੈਸੇ ਮਾਂ ਦੇ ਖਾਤੇ 'ਚ ਪਾਈ।'' ਕਹਿ ਕੇ ਮੈਂ ਚੁੱਪ ਹੋ ਗਈ ਹਾਂ
''ਕਿਉਂ ਤੂੰ ਕਿਹੜਾ ਉਥੇ ਪੱਕੀ ਰਹਿਣ ਜਾਣਾ। ਉਥੇ ਰਹਿ ਕੇ ਪ੍ਰੈਕਟਿਸ ਕਰਨ ਬਾਰੇ ਤਾਂ ਨਹੀਂ ਸੋਚਣ ਲੱਗੀ!'' ਉਹ ਮਖੌਲ ਕਰਨ ਲੱਗਾ ਹੈ
''ਵੀਰੇ ਜੇ ਵੱਧ-ਘੱਟ ਦਿਨ ਲੱਗ ਗਏ ਤਾਂ ਮਾਂ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।'' ਮੈਂ ਉਸਦੀ ਤਸੱਲੀ ਲਈ ਕਹਿ ਦਿੱਤਾ ਹੈ
ਉਹ ਚੁਪ-ਚਾਪ ਸੁਣ ਰਿਹਾ ਹੈ। ਮੈਂ ਰੁਕ ਕੇ ਬੋਲੀ ਹਾਂ, ''ਇਕ ਗੱਲ ਹੋਰ ਸੁਣ! ਤੂੰਂ ਪੜ੍ਹਾਈ ਖਤਮ ਕਰਕੇ ਪਿੰਡ ਵਾਪਸ ਆ ਜਾਈਂ। ਤੇਰਾ ਇਥੇ ਰਹਿਣਾ ਬਹੁਤ ਜਰੂਰੀ ਏ।''
''ਉਹ ਤਾਂ ਮੈਂ ਆਪ ਹੀ ਆ ਜਾਣਾ। ਪਰ ਤੂੰਂ ਇੰਝ ਕਿਉਂ ਕਹਿ ਰਹੀ ਏਂ।'' ਉਸ ਨੇ ਕਾਹਲੀ ਨਾਲ ਪੁਛਿਆ ਹੈ
ਮੈਂ ਹੌਂਸਲੇ ਨਾਲ ਬੋਲੀ ਹਾਂ, ''ਵੀਰੇ ਤੇਰਾ ਉਦੇਸ਼ ਜ਼ਮੀਨ ਛੁਡਾਉਣਾ ਹੈ। ਜੋ ਪੂਰਾ ਹੋ ਜਾਵੇਗਾ। ਸਭ ਦੇ ਸੁਪਨੇ ਪੂਰੇ ਕਰਨੇ ਤੇਰਾ ਸੁਪਨਾ ਸੀ। ਤੂੰ ਮਿਹਨਤ ਨਾਲ ਪੂਰਾ ਕਰ ਰਿਹਾ ਏਂ। ਤੇਰਾ ਸੁਪਨਾ ਪੂਰਾ ਕਰਨਾ ਮੇਰਾ.....।''
ਮੇਰੀ ਗੱਲ ਪੂਰੀ ਸੁਨਣ ਤੋਂ ਪਹਿਲਾਂ ਹੀ ਉਹ ਬੋਲਿਆ ਹੈ, ''ਕਰਮ ਮੇਰੀ ਬਰੇਕ ਖਤਮ ਹੋ ਗਈ। ਆਪਾਂ ਫਿਰ ਗੱਲ ਕਰਾਂਗੇ।''
ਉਸਨੇ ਫ਼ੋਨ ਕੱਟ ਦਿੱਤਾ ਹੈ। ਮਾਂ ਤੇ ਨਾਨੀ ਕੋਲ ਬੈਠੀਆਂ ਸਾਰੀ ਗੱਲ ਸੁਣ ਰਹੀਆਂ ਹਨ। ਮੈਂ ਜਾਣ-ਬੁੱਝ ਕੇ ਸਾਰੀ ਗੱਲ ਉਹਨ੍ਹਾਂ ਦੇ ਸਾਹਮਣੇ ਕੀਤੀ ਹੈ। ਉਹਨ੍ਹਾਂ ਨੂੰ ਕਿਸੇ ਭੁਲੇਖੇ ਵਿੱਚ ਨਹੀਂ ਰੱਖਣਾ ਚਾਹੁੰਦੀ। ਗੱਲ ਖਤਮ ਹੋਣ ਤੋਂ ਬਾਅਦ ਨਾਨੀ ਮਾਂ ਨੂੰ ਕਹਿ ਰਹੀ ਹੈ, ''ਚੰਗਾ ਏ! ਰਣਦੀਪ ਪਿੰਡ ਆ ਕੇ ਆਪਣੀ ਜ਼ਮੀਨ ਜਾਇਦਾਦ ਸੰਭਾਲੇ।''
ਮਾਂ ਖੁਸ਼ ਹੈ। ਉਸ ਨੂੰ ਵੀਰੇ ਦੀ ਵਾਪਸੀ ਦਾ ਯਕੀਨ ਹੋ ਗਿਆ ਹੈ। ਉਹ ਦੋਵੇਂ ਹੱਥ ਜੋੜ ਬੋਲੀ ਹੈ, ''ਸ਼ੁਕਰ ਹੈ ਦਾਤਿਆ ਨੇਕ ਔਲਾਦ ਸਭ ਨੂੰ ਦੇਵੀਂ। ਕਈ ਵਾਰ ਧੀਆਂ ਉਹ ਕੰਮ ਕਰ ਵਿਖਾਉਂਦੀਆਂ ਜੋ ਪੁੱਤ ਵੀ ਨਹੀਂ ਕਰ ਸਕਦੇ।''
ਉਸ ਨੇ ਮੈਨੂੰ ਜੱਫ਼ੀ ਪਾ ਲਈ ਹੈ। ਮੈਂ ਉਸਦੇ ਗਲ ਲੱਗ ਗਈ ਹਾਂ। ਮੈਨੂੰ ਉਲਝਣਾਂ ਨੇ ਘੇਰ ਲਿਆ ਹੈ। ਮਾਂ ਤੋਂ ਦੂਰ ਹੋਣ ਬਾਰੇ ਸੋਚ ਕਲੇਜ਼ਾ ਮੂੰਹ ਨੂੰ ਆ ਰਿਹਾ ਹੈ। ਬਚਪਨ ਵਿੱਚ ਵੇਖਿਆ ਸੁਪਨਾ ਅੱਜ ਸਮਝ ਆ ਰਿਹਾ।... ਘਰ ਦੇ ਵਿਹੜੇ ਵਿੱਚ ਉੱਗੇ ਦੋ ਦਰੱਖਤ। ਨਵੇਂ ਘਰ ਦੇ ਨਕਸ਼ੇ ਵਿੱਚ ਅੜਿੱਕਾ ਬਣ ਰਹੇ ਹਨ। ਮਾਂ ਘਰ ਦੀ ਛਾਂ ਬਚਾਉਣ ਲਈ ਇੱਕ ਦਰੱਖਤ ਬਚਾਉਣਾ ਚਾਹੁੰਦੀ ਹੈ। ਨੀਂਹ ਰੱਖਣ ਸਮੇਂ ਸਹਿਮਤੀ ਨਾਲ ਵੱਡਾ ਦਰੱਖਤ ਬਚਾ ਲਿਆ। ਛੋਟਾ ਦਰੱਖਤ ਹੋਰ ਥਾਂ ਲਾਉਣ ਬਾਰੇ ਸੋਚ ਜੜ੍ਹਾਂ ਤੋਂ ਪੁੱਟ ਮਿੱਟੀ ਤੋਂ ਅਲੱਗ ਕਰ ਦਿੱਤਾ। ਉਸ ਖਾਲੀ ਟੋਏ ਨੂੰ ਮਿੱਟੀ ਨਾਲ ਭਰਨਾ ਸ਼ੁਰੂ ਕਰ ਦਿੱਤਾ।
ਮੇਰੀਆਂ ਅੱਖਾਂ ਨਮ ਹੋ ਗਈਆਂ ਹਨ। ਮਾਂ ਤੇ ਨਾਨੀ ਨੇ ਵੇਖ ਲਿਆ। ਮਾਂ ਨੇ ਹਿੱਕ ਨਾਲ ਲਾਉਂਦਿਆਂ ਕਿਹਾ, ''ਕਮਲੀ ਨਾ ਹੋਵੇ। ਤੂੰ ਕਿਹੜਾ ਉਥੇ ਪੱਕੀ ਰਹਿਣ ਚੱਲੀ ਏਂ। ਬਸ ਗਈ ਤੇ ਆਈ। ਸਗੋਂ ਮੈਂ ਤਾਂ ਕਹਿੰਦੀ ਆਂ ਜਦੋਂ ਸਭ ਠੀਕ ਹੋ ਗਿਆ। ਤੂੰਂ ਵੀ ਓਥੇ ਦੋ-ਚਾਰ ਮਹੀਨੇ ਘੁੰਮ ਆਈਂ।''
ਨਾਨੀ ਨੇ ਬਾਂਹ ਤੋਂ ਫੜ ਕੋਲ ਬਿਠਾਉਂਦਿਆਂ ਸਿਰ 'ਤੇ ਹੱਥ ਰੱਖਿਆ ਹੈ। ਮੂੰਹੋਂ ਕੁਝ ਨਹੀਂ ਬੋਲੀ। ਮੈਂ ਉਸ ਦੇ ਵਿਵਹਾਰ ਤੋਂ ਡਰ ਗਈ ਹਾਂ। ਕਿਤੇ ਨਾਨੀ ਨੂੰ ਪਤਾ ਤਾਂ ਨਹੀਂ ਲੱਗ ਗਿਆ। ਆਪਣੇ ਆਪ ਨੂੰ ਜਵਾਬ ਦਿੱਤਾ ਹੈ, ''ਨਹੀਂ ਮੇਰੇ ਬਿਨ੍ਹਾਂ ਇਹ ਕੋਈ ਨਹੀਂ ਜਾਣਦਾ।''
ਬਹੁਤ ਸਾਰੇ ਕੰਮਾਂ ਦੀ ਵਿਉਂਤਬੰਦੀ ਕਰਦੀ ਸੌਂ ਗਈ ਹਾਂ। ਸਵੇਰੇ ਅੱਖ ਖੁੱਲ੍ਹੀ ਹੈ। ਵਰਾਂਢੇ ਵਿੱਚ ਕੁਰਸੀ 'ਤੇ ਬੈਠੀ ਮਾਂ ਕੁਝ ਸੋਚ ਰਹੀ ਹੈ। ਉਸ ਦੇ ਅੰਦਰ ਕੁਝ ਚੱਲ ਰਿਹਾ। ਕਿਸੇ ਨੂੰ ਦੱਸਣਾ ਵੀ ਨਹੀਂ ਚਾਹੁੰਦੀ। ਚੁੱਪ ਰਹਿ ਕੇ ਬੋਝ ਝੱਲਣਾ ਔਖਾ ਹੋ ਰਿਹਾ। ਮਨ ਵਿੱਚ ਕੁਝ ਵਿਚਾਰ ਕਰ ਕਾਗਜ਼ ਤੇ ਪੈੱਨ ਲੈ ਕੇ ਬੈਠ ਗਈ ਹੈ। ਮੈਂ ਉਸ ਦੀਆਂ ਭਾਵਨਾਵਾਂ ਨੂੰ ਵਹਿਣ ਦੇਣਾ ਚਾਹੁੰਦੀ ਹਾਂ। ਇਸ ਲਈ ਉਸ ਵੱਲੋਂ ਪਾਸਾ ਪਰਤ ਕੇ ਪੈ ਗਈ ਹਾਂ।
ਕੋਲ ਪਏ ਫੋਨ 'ਤੇ ਵਾਈਬਰੇਸ਼ਨ ਹੋਈ ਹੈ। ਮੋਹਿਤ ਦਾ ਨੰਬਰ ਫਲੈਸ਼ ਹੋ ਰਿਹਾ। ਮੈਂ ਉਸ ਨਾਲ ਗੱਲ ਕੀਤੀ ਹੈ। ਪਾਰਕ ਵਿੱਚ ਮਿਲਨ ਲਈ ਕਿਹਾ ਹੈ। ਮੈਂ ਸਭ ਤੋਂ ਪਹਿਲਾਂ ਧਰਮ ਨੂੰ ਫ਼ੋਨ ਕੀਤਾ ਹੈ ਕਿ ਬਹੁਤ ਸਾਰੀਆਂ ਘਰੇਲੂ ਜਿੰਮੇਵਾਰੀਆਂ ਪੂਰੀਆਂ ਕਰਨੀਆਂ ਹਨ। ਇਸ ਲਈ ਆਫ਼ਿਸ ਨਹੀਂ ਆ ਸਕਦੀ। ਉਸ ਨੇ ਕਾਹਲੀ ਨਾਲ ਜਵਾਬ ਦਿੱਤਾ ਹੈ, ''ਓ.ਕੇ. ਕਰਮ! ਮੈਂ ਵੀ ਵੀਜ਼ਾ ਆਉਣ ਤੋਂ ਪਹਿਲਾਂ ਕਈ ਕੇਸ ਨਿਪਟਾਉਣੇ ਹਨ। ਮੇਰੇ ਪਿਛੋਂ ਕਿਸੇ ਨੂੰ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ।''
ਉਸਨੇ ਫ਼ੋਨ ਕੱਟ ਦਿੱਤਾ ਹੈ। ਮਾਂ ਕਾਗਜ਼ ਪੈੱਨ ਰੱਖ ਮੇਰੇ ਕੋਲ ਆ ਬੈਠੀ ਹੈ। ਉਸ ਨੇ ਪੁੱਛਿਆ, ''ਕਰਮ ਅੱਜ ਆਫ਼ਿਸ ਨਹੀਂ ਜਾਣਾ ?''
''ਨਹੀਂ ਮਾਂ! ਮੈਂ ਤੇ ਨੂਪੁਰ ਮੋਹਿਤ ਨੂੰ ਮਿਲਨ ਜਾ ਰਹੀਆਂ।'' ਦੱਸ ਕੇ ਨੂਪੁਰ ਨੂੰ ਫ਼ੋਨ ਮਿਲਾਉਣ ਲੱਗੀ ਹਾਂ
ਮੈਂ ਤਿਆਰ ਹੋ ਨੂਪੁਰ ਨੂੰ ਲੈ ਕੇ ਪਾਰਕ ਵਿੱਚ ਪਹੁੰਚ ਗਈ ਹਾਂ। ਮੋਹਿਤ ਪਹਿਲਾਂ ਹੀ ਪਹੁੰਚ ਚੁੱਕਾ ਹੈ। ਮੈਂ ਦੋਵਾਂ ਨੂੰ ਇੱਕ-ਦੂਜੇ ਦੇ ਸਾਹਮਣੇ ਬਿਨ੍ਹਾ ਕਿਸੇ ਹਾਵ-ਭਾਵ ਦੇ ਖੜ੍ਹੇ ਵੇਖ ਹੈਰਾਨ ਹੋ ਰਹੀ ਹਾਂ। ਉਹ ਚੁੱਪ ਚਾਪ ਇਕ ਦੂਜੇ ਸਾਹਮਣੇ ਬੈਠ ਗਏ ਹਨ। ਮੈਂ ਚੁੱਪ ਤੋੜਦਿਆਂ ਬੋਲੀ ਹਾਂ, ''ਮੋਹਿਤ ਤੁਹਾਡਾ ਦੋਹਾਂ ਦਾ ਅੱਗੇ ਕੀ ਵਿਚਾਰ ਹੈ। ਇਸ ਤਰ੍ਹਾਂ ਅਲੱਗ-ਅਲੱਗ ਕਿੰਨੀ ਦੇਰ ਰਹੋਂਗੇ।''
ਮੇਰੀ ਗੱਲ ਸੁਣ ਉਹ ਬੋਲਿਆ ਹੈ, ''ਕਰਮ ਇਹ ਗੱਲ ਨੂਪੁਰ ਵੀ ਮਹਿਸੂਸ ਕਰਦੀ ਹੋਵੇਗੀ। ਸਾਨੂੰ ਦੋਹਾਂ ਨੂੰ ਦੂਰ ਹੋਣ ਨਾਲ ਕੋਈ ਫ਼ਰਕ ਨਹੀਂ ਪਿਆ। ਕਦੇ ਇਕੱਲਤਾ ਮਹਿਸੂਸ ਨਹੀਂ ਹੋਈ। ਮੈਨੂੰ ਇਸ ਨਾਲ ਕੋਈ ਸ਼ਿਕਾਇਤ ਨਹੀਂ। ਜੇਕਰ ਨੂਪੁਰ ਨੂੰ ਕੋਈ ਸ਼ਿਕਵਾ ਹੈ ਤਾਂ ਗੱਲ ਕਰ ਸਕਦੀ ਹੈ।''
ਨੂਪੁਰ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਫਿਰ ਬੋਲਿਆ ਹੈ, ''ਕਰਮ ਜ਼ਬਰਦਸਤੀ ਰਿਸ਼ਤਾ ਬਣਾਈ ਰੱਖਣਾ ਸਾਡੇ ਦੋਹਾਂ ਲਈ ਗਲਤ ਹੋਵੇਗਾ। ਅਸੀਂ ਅਨਜਾਣੇ ਵਿੱਚ ਜਿਸ ਨੂੰ ਪਿਆਰ ਸਮਝਿਆ। ਉਹ ਤ੍ਰਿਸ਼ਨਾ ਸੀ। ਇਸੇ ਕਰਕੇ ਜਲਦੀ ਫੈਸਲਾ ਲੈ ਲਿਆ। ਬਿਨ੍ਹਾਂ ਇਕ ਦੂਜੇ ਨੂੰ ਜਾਣੇ ਸ਼ਾਦੀ ਕਰ ਲਈ। ਘਰੇਲੂ ਹਾਲਾਤਾਂ ਦੀ ਪਰਵਾਹ ਨਹੀਂ ਕੀਤੀ।''
''ਹੁਣ ਅੱਗੇ ਤੁਸੀਂ ਕੀ ਸੋਚਿਆ ਹੈ ?'' ਮੈਂ ਨੂਪੁਰ ਵੱਲ ਵੇਖਦੀ ਹੋਈ ਬੋਲੀ ਹਾਂ
''ਕਰਮ ਮੈਂ ਇਸ ਰਿਸ਼ਤੇ ਨੂੰ ਲੰਬਾ ਨਹੀਂ ਖਿੱਚ ਸਕਦੀ। ਮੇਰੇ ਲਈ ਉਸ ਘੁਟਣ ਭਰੇ ਮਾਹੌਲ ਵਿੱਚ ਰਹਿਣਾ ਔਖਾ ਹੈ। ਮੇਰੀਆਂ ਇਛਾਵਾਂ ਮੋਹਿਤ ਦੀ ਦੁਨੀਆਂ ਤੋਂ ਅਲੱਗ ਹਨ। ਸਮਝੌਤੇ ਦੀ ਜ਼ਿੰਦਗੀ ਮੈਂ ਨਹੀਂ ਜੀਅ ਸਕਦੀ।'' ਉਸ ਨੇ ਚੁੱਪ ਤੋੜਦਿਆਂ ਕਿਹਾ ਹੈ
ਮੇਰੇ ਬੋਲਣ ਤੋਂ ਪਹਿਲਾਂ ਦੋਹਾਂ ਦੀ ਇਕ ਆਵਾਜ਼ ਆਈ ਹੈ, ''ਅਸੀਂ ਤਲਾਕ ਲੈਣਾ ਚਾਹੁੰਦੇ ਹਾਂ।''
''ਪਤੀ-ਪਤਨੀ ਦੇ ਰੂਪ ਵਿੱਚ ਰਹਿਣਾ ਸਾਡੇ ਲਈ ਨਾ-ਮੁਮਕਿਨ ਹੈ।'' ਮੋਹਿਤ ਕੋਰਾ ਜਵਾਬ ਦੇ ਉਠ ਕੇ ਚਲਾ ਗਿਆ ਹੈ
ਨੂਪੁਰ ਨੇ ਮੈਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਹੈ। ਕੁਝ ਦੇਰ ਬੈਠ ਅਸੀਂ ਵਾਪਸ ਆ ਗਈਆਂ ਹਾਂ। ਆਂਟੀ-ਅੰਕਲ ਨਾਲ ਸਲਾਹ ਕਰਕੇ ਐਡਵੋਕੇਟ ਧਰਮ ਨੂੰ ਫ਼ੋਨ ਕੀਤਾ ਹੈ। ਦੋਹਾਂ ਵਿਚਕਾਰ ਪੈਦਾ ਹੋਈ ਖਾਈ ਨੂੰ ਮਹਿਸੂਸ ਕਰਦਿਆਂ ਤਲਾਕ ਦੇ ਕਾਗਜ਼ ਤਿਆਰ ਕਰਨ ਬਾਰੇ ਪੁੱਛਿਆ ਹੈ। ਮੇਰਾ ਮਨ ਉਦਾਸ ਹੋ ਗਿਆ ਹੈ। ਦੋ ਦਿਲਾਂ ਦਾ ਮਿਲਣਾ ਮਿਲ ਕੇ ਵਿਛੜਣਾ। ਮੇਰੇ ਮਨ 'ਤੇ ਬੋਝ ਬਣ ਰਿਹਾ ਹੈ। ਸਭ ਤੋਂ ਨਜ਼ਦੀਕੀ ਸਹੇਲੀ ਦਾ ਘਰ ਤੋੜਨ ਦਾ ਕੰਮ ਮੇਰੇ ਹੱਥਾਂ ਨਾਲ ਹੋ ਰਿਹਾ ਹੈ। ਉਦਾਸ ਮਨ ਨਾਲ ਉਠ ਕੇ ਤੁਰ ਪਈ ਹਾਂ।
ਘਰ ਪਹੁੰਚ ਕੇ ਵੇਖਿਆ ਹੈ। ਦਿਸ਼ਾ ਨੇ ਕਈ ਫ਼ੋਨ ਕੀਤੇ ਹਨ। ਮੈਂ ਭਾਰੀ ਮਨ ਨਾਲ ਉਸ ਨੂੰ ਫ਼ੋਨ ਮਿਲਾਇਆ ਹੈ। ਉਸ ਨੇ ਅੱਗੋਂ ਪੁੱਛਿਆ, ''ਕੀ ਗੱਲ ਕਰਮ ਫ਼ੋਨ ਕਿਉਂ ਨਹੀਂ ਚੁੱਕਿਆ?''
ਮੈਂ ਉਸ ਨੂੰ ਨੂਪੁਰ ਤੇ ਮੋਹਿਤ ਬਾਰੇ ਦੱਸਦਿਆਂ ਕਿਹਾ ਹੈ, ''ਮੇਰਾ ਮਨ ਉਦਾਸ ਹੋ ਗਿਆ ਸੀ।''
''ਉਦਾਸ ਤਾਂ ਤੂੰ ਇਥੇ ਸਾਡੇ ਡਾਕਟਰ ਸਾਹਿਬ ਕਰ ਦਿੱਤੇ ਨੇ। ਤੇਰੇ ਜਾਣ ਤੋਂ ਬਾਅਦ ਉਸ ਵਿੱਚ ਬਹੁਤ ਬਦਲਾਅ ਆਏ ਨੇ। ਤੇਰੀ ਕਮੀਂ ਉਸ ਨੂੰ ਅੰਦਰ-ਹੀ-ਅੰਦਰ ਖਟਕਦੀ ਰਹਿੰਦੀ ਐ।'' ਉਹ ਗੰਭੀਰ ਹੁੰਦੀ ਹੋਈ ਬੋਲੀ ਹੈ
ਉਸ ਦੀ ਗੱਲ ਸੁਣ ਮੇਰੀ ਜ਼ੁਬਾਨ ਬੰਦ ਹੋ ਗਈ। ਮੈਨੂੰ ਚੁੱਪ ਵੇਖ ਉਸਨੇ ਫ਼ੋਨ ਕੱਟ ਦਿੱਤਾ ਹੈ। ਮੈਂ ਡਾਕਟਰ ਕਾਫ਼ਿਰ ਦਾ ਨਾਂ ਸੁਣ ਕੇ ਸੁਪਨਿਆਂ ਦੇ ਦੇਸ਼ ਪਹੁੰਚ ਗਈ ਹਾਂ। ਅੱਖਾਂ ਅੱਗੇ ਫੁੱਲਾਂ ਵਾਂਗ ਮਹਿਕਦੀ ਜ਼ਿੰਦਗੀ ਤੈਰਨ ਲੱਗੀ ਹੈ। ਉਹ ਬਾਹਵਾਂ ਫੈਲਾਈ ਮੇਰਾ ਇੰਤਜ਼ਾਰ ਕਰ ਰਹੀ ਹੈ। ਮੈਂ ਜੀਵਨ ਦੇ ਸੱਤ ਰੰਗਾਂ ਨੂੰ ਇੱਕ ਬਿੰਦੂ 'ਤੇ ਇਕੱਠੇ ਹੁੰਦਿਆ ਵੇਖ ਰਹੀ ਹਾਂ।

ਕਾਂਡ-26

ਸ਼ਾਮ ਦਾ ਸਮਾਂ। ਪੰਛੀ ਆਲ੍ਹਣਿਆਂ ਵੱਲ ਪਰਤ ਰਹੇ ਨੇ। ਦਰਿਆ ਸਮੁੰਦਰ ਵਿੱਚ ਮਿਲਨ ਲਈ ਦੌੜ ਰਿਹਾ ਏ। ਸੁੰਦਰ ਸੂਰਜ ਅਸਤ ਹੋ ਰਿਹਾ। ਅਸਤ ਹੋਇਆ ਸੂਰਜ ਦਰੱਖਤਾਂ ਪਿੱਛੇ ਲੁਕ ਰਿਹਾ। ਰੁੱਖ ਸ਼ਾਂਤ ਹਨ। ਹਵਾ ਰੁਕ ਗਈ। ਹਰ ਚੀਜ਼ ਚੁੱਪ ਹੈ। ਮੇਰੀਆਂ ਨਜ਼ਰਾਂ ਪੱਥਰ ਬਣ ਧਰਤੀ ਨੂੰ ਤੱਕ ਰਹੀਆਂ ਹਨ। ਦਿਲ ਵਿੱਚ ਕਈ ਵਲਵਲੇ ਉੱਠਦੇ ਤੇ ਖਤਮ ਹੁੰਦੇ ਜਾ ਰਹੇ ਹਨ। ਉਦਾਸੀ ਤੇ ਫ਼ਿਕਰ ਨੇ ਥਕਾ ਦਿੱਤਾ ਹੈ। ਅੱਖਾਂ ਹੰਝੂਆਂ ਨਾਲ ਭਰ ਗਈਆਂ ਹਨ। ਡਾਕਟਰ ਕਾਫ਼ਿਰ ਦੇ ਖਿਆਲ ਮੇਰੇ ਫੈਸਲੇ ਨੂੰ ਕਮਜ਼ੋਰ ਕਰ ਰਹੇ ਹਨ।
''ਜਾਗ੍ਰਿਤ ਹੋ ਕੇ ਪਿਆਰ ਕਰਨਾ ਸਭ ਤੋਂ ਔਖਾ ਹੁੰਦਾ।'' ਕੰਨਾਂ ਨੂੰ ਇੱਕ ਆਵਾਜ਼ ਸੁਣਾਈ ਦਿੱਤੀ ਹੈ
ਮੈਂ ਪਿੱਛੇ ਮੁੜ ਕੇ ਵੇਖਿਆ। ਬੋਲਣ ਵਾਲਾ ਕਿਧਰੇ ਦਿਖਾਈ ਨਹੀਂ ਦੇ ਰਿਹਾ। ਮੇਰੇ ਅੰਦਰ ਦਿਸ਼ਾ ਅਤੇ ਨੂਪੁਰ ਦਾ ਪਿਆਰ ਟਕਰਾਅ ਪੈਦਾ ਕਰ ਰਿਹਾ ਹੈ। ਉਹਨਾਂ ਦੇ ਵਿਚਾਰ ਆਪਸ ਵਿੱਚ ਟਕਰਾਉਣ ਲੱਗੇ ਹਨ। ਪਿਆਰ ਜਾਗਰਣ ਹੈ। ਨਹੀਂ, ਪਿਆਰ ਦਾ ਅਰਥ ਹੋਸ਼ ਗਵਾ ਲੈਣਾ ਹੁੰਦਾ। ਇਹ ਇੱਕ ਜਿਸਮਾਨੀ ਖਿੱਚ ਹੈ। ਪਰ ਮੇਰੀ ਆਤਮਾਂ ਰੂਹ ਦੇ ਮਿਲਨ ਦੀ ਗਵਾਹੀ ਦੇ ਰਹੀ ਹੈ। ਇੱਕ ਹੋਰ ਆਵਾਜ਼ ਸੁਣਾਈ ਦੇ ਰਹੀ ਹੈ। ਪਿਆਰ ਧਰਤੀ ਦੇ ਅੰਦਰ ਸਮਾ ਜਾਣਾ ਹੈ। ਨਹੀਂ, ਪਿਆਰ ਆਕਾਸ਼ ਵਿਚਲੀ ਉਡਾਰੀ ਹੈ। ਪਿਆਰ ਸੂਰਜ ਦਾ ਅਸਤ ਹੋਣਾ ਨਹੀਂ, ਸੂਰਜ ਦਾ ਉਦੈ ਹੋਣਾ ਹੁੰਦਾ ਹੈ।
ਧਰਮ ਦੇ ਫ਼ੋਨ ਨੇ ਖ਼ਿਆਲਾਂ ਨੂੰ ਤੋੜਿਆ ਹੈ। ਉਸ ਦੀ ਆਵਾਜ਼ ਆਈ ਹੈ, ''ਕਰਮ ਮੇਰਾ ਵੀਜ਼ਾ ਆ ਗਿਆ। ਤੇਰੀ ਲੈਟਰ ਵੀ ਜਲਦੀ ਹੀ ਆ ਜਾਣੀ। ਜਾਣ ਦੀ ਤਿਆਰੀ ਸ਼ੁਰੂ ਕਰ।''
ਉਸਨੇ ਖੁਸ਼ੀ ਨਾਲ ਦੱਸ ਕੇ ਫ਼ੋਨ ਕੱਟ ਦਿੱਤਾ ਹੈ। ਉਸਦੀ ਗੱਲ ਸੁਣ ਮੇਰੀ ਧੜਕਣ ਤੇਜ਼ ਹੋ ਗਈ ਹੈ। ਸਭ ਕੁਝ ਹੱਥੋਂ ਛੁੱਟਦਾ ਮਹਿਸੂਸ ਹੋਣ ਲੱਗਾ ਹੈ। ਹੌਸਲੇ ਤੇ ਵਿਸ਼ਵਾਸ਼ ਦੇ ਦਾਅਵੇ ਕਰਨ ਵਾਲੀ ਸੋਚ ਡੋਲਣ ਲੱਗੀ ਹੈ। ਫਿਰ ਹੌਸਲਾ ਇਕੱਠਾ ਕਰਕੇ ਮੈਂ ਧਰਮ ਨੂੰ ਫ਼ੋਨ ਕੀਤਾ ਹੈ। ਉਸਨੂੰ ਜਾਣ ਤੋਂ ਪਹਿਲਾਂ ਨੂਪੁਰ ਦਾ ਕੇਸ ਫ਼ਾਈਲ ਕਰਨ ਦੀ ਸਲਾਹ ਦਿੱਤੀ ਹੈ ਤਾਂ ਕਿ ਆਂਟੀ-ਅੰਕਲ ਦੀ ਚਿੰਤਾ ਖਤਮ ਹੋ ਜਾਵੇ।
''ਓ.ਕੇ. ਕਰਮ! ਤੂੰਂ ਉਹਨਾਂ ਨੂੰ ਮੇਰੇ ਕੋਲ ਭੇਜ। ਫਿਕਰ ਕਰਨ ਦੀ ਲੋੜ ਨਹੀਂ। ਅੱਠ-ਦਸ ਮਹੀਨਿਆਂ ਵਿੱਚ ਕੇਸ ਦੀ ਸੁਣਵਾਈ ਹੋ ਜਾਵੇਗੀ। ਮੈਂ ਜਾਣ ਤੋਂ ਪਹਿਲਾਂ ਕੇਸ ਕਿਸੇ ਚੰਗੇ ਵਕੀਲ ਦੇ ਹੱਥਾਂ ਵਿੱਚ ਦੇਵਾਂਗਾ।'' ਮੈਨੂੰ ਸਮਝਾਉਂਦਿਆਂ ਉਸਨੇ ਫ਼ੋਨ ਕੱਟ ਦਿੱਤਾ ਹੈ
ਮੈਂ ਅੰਕਲ ਨੂੰ ਧਰਮ ਦੇ ਆਫ਼ਿਸ ਜਾਣ ਲਈ ਮੈਸੇਜ਼ ਕਰ ਦਿੱਤਾ ਹੈ। ਹੌਲੀ-ਹੌਲੀ ਵੀਜ਼ੇ ਦੀ ਗੱਲ ਦੱਸਣ ਲਈ ਮਾਂ ਤੇ ਨਾਨੀ ਕੋਲ ਜਾ ਬੈਠੀ ਹਾਂ। ਮੇਰੀ ਗੱਲ ਸੁਣਕੇ ਉਹਨਾਂ ਦੇ ਚਿਹਰੇ 'ਤੇ ਖੁਸ਼ੀ-ਗਮੀਂ ਦੇ ਭਾਵ ਉਭਰ ਰਹੇ ਹਨ। ਇਹਨਾਂ ਭਾਵਾਂ ਵਿਚ ਲਿਪਟੀਆਂ ਅਸੀਂ ਚੁੱਪ-ਚਾਪ ਪੈ ਗਈਆਂ ਹਾਂ।
ਸਵੇਰ ਹੁੰਦਿਆਂ ਸਾਰ ਨਸੀਬੋ ਸ਼ਾਹਣੀ ਦਾ ਸੁਨੇਹਾ ਲੈ ਕੇ ਆਈ ਹੈ। ਨੂਪੁਰ ਵੀ ਉਸਦੇ ਘਰ ਜਾਣ ਲਈ ਤਿਆਰ ਹੋ ਕੇ ਆ ਗਈ ਹੈ। ਰਸਤੇ ਵਿੱਚ ਮੈਂ ਨੂਪੁਰ ਨੂੰ ਦੱਸਿਆ ਹੈ, ''ਨੂਪੁਰ ਮੈਨੂੰ ਕਿਸੇ ਵੀ ਸਮੇਂ ਵੀਰੇ ਕੋਲ ਜਾਣਾ ਪੈ ਸਕਦਾ। ਤੂੰ ਮਾਂ ਤੇ ਨਾਨੀ ਦਾ ਧਿਆਨ ਰੱਖੀਂ.....।''
ਉਸਨੇ ਮੇਰੀ ਗੱਲ ਪੂਰੀ ਨਹੀਂ ਸੁਣੀ। ਖੁਸ਼ੀ ਨਾਲ ਉੱਛਲ ਕੇ ਆਖਿਆ, 'ਯੂ ਆਰ ਸੋ ਲੱਕੀ।''

ਉਸਦੀ ਗੱਲ ਸੁਣ ਮੈਨੂੰ ਲੱਗਾ ਜਿਵੇਂ ਖੁਸ਼ਕਿਸਮਤੀ ਮੇਰੇ ਮੋਢੇ 'ਤੇ ਬੈਠੀ ਹੱਸ ਰਹੀ ਹੋਵੇ। ਸ਼ਾਹਣੀ ਦਾ ਘਰ ਸਾਹਮਣੇ ਵੇਖ ਮੈਂ ਖੁਦ 'ਤੇ ਕਾਬੂ ਕਰ ਲਿਆ ਹੈ। ਸ਼ਾਹਣੀ ਸਾਨੂੰ ਵੇਖ ਕੇ ਖੁਸ਼ ਹੋ ਗਈ ਹੈ। ਉਸਨੇ ਮੈਨੂੰ ਜ਼ਰੂਰਤਮੰਦਾਂ ਦੀ ਲਿਸਟ ਵਿੱਚ ਆਪਣਾ ਨਾਂ ਲਿਖਣ ਦੀ ਸਲਾਹ ਦਿੰਦਿਆਂ ਕਿਹਾ ਹੈ, ''ਕਰਮ ਹਾਲਾਤਾਂ ਨੇ ਤੁਹਾਨੂੰ ਵੀ ਬਹੁਤ ਲਿਤਾੜਿਆ ਹੈ। ਤੂੰ ਵੀ ਕਰਜ਼ੇ ਮੁਆਫ਼ੀ ਵਿੱਚ ਆਪਣਾ ਨਾਂ ਲਿਖ ਦਿੰਦੀ।''
''ਨਹੀਂ ਆਂਟੀ! ਮਾਂ ਜਲਦੀ ਹੀ ਆ ਕੇ ਤੁਹਾਡੇ ਨਾਲ ਹਿਸਾਬ ਕਰੇਗੀ। ਤੁਸੀਂ ਉਹ ਪੈਸੇ ਵੀ ਦਾਨ ਦੀ ਰਾਸ਼ੀ ਵਿੱਚ ਪਾ ਦੇਣੇ।'' ਮੈਂ ਮਾਂ ਤੇ ਵੀਰੇ ਦੇ ਸਿਰ ਤੋਂ ਭਾਰੀ ਪੰਡ ਉਤਰਦੀ ਮਹਿਸੂਸ ਕਰਦਿਆਂ ਕਿਹਾ ਹੈ

ਸ਼ਾਹਣੀ ਖੁਸ਼ ਹੈ। ਉਸ ਦੇ ਮਨ ਨੂੰ ਤਸੱਲੀ ਹੋ ਗਈ ਹੈ। ਮੈਂ ਵੀ ਉਸਦੀ ਮੱਦਦ ਕਰਕੇ ਆਪਣੇ ਆਪ ਨੂੰ ਹਲਕਾ ਮਹਿਸੂਸ ਕਰ ਰਹੀ ਹਾਂ। ਘਰ ਆਉਂਦਿਆਂ ਨੂੰ ਮਾਂ ਸ਼ਹਿਰ ਜਾਣ ਲਈ ਤਿਆਰ ਹੋ ਰਹੀ ਹੈ। ਮੈਂ ਉਸਦੀ ਮੱਦਦ ਲਈ ਨਾਲ ਤੁਰ ਪਈ ਹਾਂ। ਸ਼ਹਿਰ ਦੇ ਬਹੁਤ ਸਾਰੇ ਲੈਣ-ਦੇਣ ਤੇ ਬੈਂਕਾਂ ਦੇ ਕੰਮ ਨਿਪਟਾਉਂਦਿਆਂ ਦੋਵੇਂ ਥੱਕ ਗਈਆਂ ਹਾਂ। ਪਰ ਮਾਂ ਦੇ ਚਿਹਰੇ 'ਤੇ ਲੰਬੇ ਅਰਸੇ ਤੋਂ ਬਾਅਦ ਚਿੰਤਾ ਦੀਆਂ ਲਕੀਰਾਂ ਦੀ ਥਾਂ ਸ਼ਾਂਤੀ ਤੇ ਸੰਤੋਖ ਵਿਖਾਈ ਦਿੱਤਾ ਹੈ। ਮੇਰੇ ਲਈ ਉਸਦੀ ਅੰਦਰੂਨੀ ਸ਼ਾਂਤੀ ਬਹੁਤ ਕੀਮਤੀ ਹੈ। ਮੈਂ ਖੁਸ਼ ਹਾਂ। ਪਰ ਨਾਲ ਹੀ ਡਾਕਟਰ ਕਾਫ਼ਿਰ ਦਾ ਖਿਆਲ ਆਉੁਣ ਕਰਕੇ ਮਨ ਉਦਾਸ ਹੋਣ ਲੱਗਾ ਹੈ।

ਘਰ ਆ ਕੇ ਚੁੱਪ-ਚਾਪ ਖਿਆਲਾਂ ਵਿੱਚ ਖੋ ਗਈ ਹਾਂ। ਕੰਨਾਂ ਵਿੱਚ ਦਿਸ਼ਾ ਦੇ ਸ਼ਬਦ ਵਾਰ-ਵਾਰ ਗੂੰਜ ਰਹੇ ਹਨ। ਡਾਕਟਰ ਕਾਫ਼ਿਰ ਦੀ ਯਾਦ ਤੜਫ਼ਾਉਣ ਲੱਗੀ ਹੈ। ਉਸ ਨਾਲ ਗੱਲ ਕਰਨ ਲਈ ਫ਼ੋਨ ਚੁੱਕਿਆ ਹੈ। ਪਰ ਬਿਨ੍ਹਾਂ ਮਿਲਾਏ ਰੱਖ ਦਿੱਤਾ ਹੈ। ਸਮਝ ਨਹੀਂ ਆ ਰਹੀ ਕਿ ਗੱਲ ਕਿਵੇਂ ਸ਼ੁਰੂ ਕਰਾਂ। ਬੰਦ ਹੋਂਠ ਲੰਮੇਂ ਪੈਂਡੇ ਤਹਿ ਕਰਨ ਜਾ ਰਹੇ ਹਨ। ਗੱਲ ਨਾ ਕਰ ਸਕਣ ਦੀ ਸੰਗ-ਸ਼ਰਮ ਵੱਡੀ ਕੀਮਤ ਚੁਕਾਏਗੀ। ਰੂਹ ਨੂੰ ਵਾਪਸ ਮੋੜ ਕੇ ਲਿਆਉਣ ਵਾਲਾ ਰੂਹ ਦਾ ਸਾਥੀ ਪਿੱਛੇ ਨਾ ਛੁੱਟ ਜਾਵੇ। ਸੋਚ ਕੇ ਡਰ ਗਈ ਹਾਂ। ਜ਼ਿੰਦਗੀ ਸੁਪਨਿਆਂ ਨੂੰ ਕਿਹੜੇ ਮੋੜਾਂ 'ਤੇ ਖੜ੍ਹਾ ਕਰ ਜਾਂਦੀ ਹੈ। ਸੋਚਦੀ ਹੋਈ ਪਾਸੇ ਪਰਤ ਰਹੀ ਹਾਂ। ਰਾਤ ਬੀਤ ਰਹੀ ਹੈ।
ਸਵੇਰੇ ਉੱਠਕੇ ਆਫ਼ਿਸ ਲਈ ਤਿਆਰ ਹੋ ਰਹੀ ਹਾਂ। ਨਾਨੀ ਨੇ ਮੇਰੇ ਚਿਹਰੇ ਵੱਲ ਵੇਖਦਿਆਂ ਕਿਹਾ, ''ਕੀ ਗੱਲ ਕਰਮ ਸੁੱਤੀ ਨਹੀਂ ਰਾਤ! ਅੱਖਾਂ ਤਾਂ ਐਂ ਲੱਗ ਰਹੀਆਂ ਜਿਵੇਂ ਉਨੀਂਦੀਆਂ ਹੋਣ.....?''
ਉਸਦੀ ਗੱਲ ਸੁਣ ਦੋਹਾਂ ਹੱਥਾਂ ਨਾਲ ਅੱਖਾਂ ਮਲਨ ਲੱਗੀ ਹਾਂ, ''ਹੁਣ ਇਹ ਮਲਨ ਨਾਲ ਠੀਕ ਨਹੀਂ ਹੋਣੀਆਂ....।''

ਮੇਰੇ ਅੰਦਰੋਂ ਆਵਾਜ਼ ਆਈ ਹੈ। ਉਨੀਂਦੀਆਂ ਅੱਖਾਂ ਨਾਲ ਮਾਂ ਕੋਲ ਆ ਬੈਠੀ ਹਾਂ। ਉਸ ਨੂੰ ਰੀਝ ਨਾਲ ਵੇਖਣਾ ਚਾਹੁੰਦੀ ਹਾਂ। ਉਸ ਕੋਲ ਬੈਠਦਿਆਂ ਹੀ ਅੰਬੈਸੀ 'ਚੋਂ ਵੀਜ਼ਾ ਲੱਗਣ ਦਾ ਮੈਸੇਜ਼ ਆ ਗਿਆ ਹੈ। ਮੈਂ ਆਫ਼ਿਸ ਜਾਣਾ ਕੈਂਸਲ ਕਰ ਦਿੱਤਾ ਹੈ। ਧਰਮ ਦਾ ਮੈਸੇਜ਼ ਆਇਆ ਕਿ ਮੇਰੀ ਵੀਜ਼ਾ ਲੈਟਰ ਆਫ਼ਿਸ ਵਿੱਚ ਪਹੁੰਚਣ 'ਤੇ ਉਹ ਮੈਨੂੰ ਦੱਸ ਦੇਵੇਗਾ। ਉਦੋਂ ਤੱਕ ਜਾਣ ਦੀ ਤਿਆਰੀ ਕਰਨੀ ਜਰੂਰੀ ਹੈ।

ਮੇਰੇ ਮਨ ਵਿਚ ਘਰ, ਰਿਸ਼ਤੇ, ਪਿੰਡ ਦਾ ਛੁੱਟਣਾ ਚੁੱਭਣ ਲੱਗਾ ਹੈ। ਨੂਪੁਰ ਦਾ ਹੱਥ ਛੁੱਟ ਰਿਹਾ ਹੈ। ਡਾਕਟਰ ਕਾਫ਼ਿਰ ਨਾਲ ਬਿਨਾਂ ਗੱਲ ਕੀਤੇ ਵਿਛੜ ਜਾਣਾ। ਮਨ ਦੀ ਪੀੜ ਸਹਿਣੀ ਔਖੀ ਹੋ ਰਹੀ ਹੈ। ਸਭ ਕੁਝ ਅੱਖੋਂ ਉਹਲੇ ਹੁੰਦੇ ਮਹਿਸੂਸ ਹੋ ਰਿਹਾ ਹੈ। ਮੈਂ ਅਲੱਗ ਬੈਠੀ ਸਾਰਾ ਸਮਾਂ ਸੋਚਾਂ ਵਿੱਚ ਲੰਘਾ ਰਹੀ ਹਾਂ। ਦਿਨ ਤੋਂ ਰਾਤ ਹੋ ਗਈ ਹੈ। ਪਰ ਸੋਚਾਂ ਖਤਮ ਨਹੀਂ ਹੋਈਆਂ।

ਸਵੇਰੇ ਉਠਦਿਆਂ ਹੀ ਧਿਆਨ ਡਾਕਟਰ ਕਾਫ਼ਿਰ ਵੱਲ ਮੁੜ ਗਿਆ ਹੈ। ਅੰਦਰ ਸੋਚਾਂ ਦੀ ਹਨੇਰੀ ਉੱਠੀ ਹੋਈ ਹੈ। ਮੇਰੀਆਂ ਇਛਾਵਾਂ। ਮੇਰੇ ਸੁਪਨੇ। ਸਭ ਅਧੂਰੇ ਰਹਿ ਜਾਣਗੇ। ਸਭ ਦੇ ਸੁਪਨਿਆਂ ਦੀ ਪੂਰਤੀ ਕਰਨ ਵਾਲੀ ਆਪ ਸੰਤੁਸ਼ਟ ਕਦੇ ਨਹੀਂ ਹੋ ਸਕਦੀ। ਮੇਰੇ ਕਿਸੇ ਸਵਾਲ ਦਾ ਕੋਈ ਜਵਾਬ ਨਹੀਂ ਹੈ। ਆਪਣੀ ਕਮਜ਼ੋਰੀ ਨੂੰ ਲੁਕਾਉਂਦੀ ਆਪ ਹੀ ਕਹਿ ਰਹੀ ਹਾਂ, ''ਮੈਂ ਸਭ ਚੁਣੌਤੀਆਂ ਦਾ ਸਾਹਮਣਾ ਕਰਨ ਦਾ ਪ੍ਰਣ ਲਿਆ ਹੈ। ਕੋਈ ਡਰ ਮੈਨੂੰ ਨਹੀਂ ਮੋੜ ਸਕਦਾ।''
ਪਰ ਮੇਰਾ ਪਿਆਰ। ਰੂਹਾਂ ਦਾ ਮਿਲਨ। ਅਮੋੜ ਖ਼ਿਆਲਾਂ ਨੂੰ ਮੋੜਨ ਲਈ ਬੋਲੀ ਹਾਂ, ''ਮੇਰਾ ਪਿਆਰ, ਭੁੱਖ ਪਿਆਸ ਸਭ ਉਨੀਂਦੀਆਂ ਅੱਖਾਂ ਦੇ ਸੁਪਨੇ ਪੂਰੇ ਕਰਨ ਲਈ ਹੈ। ਉਸ ਲਈ ਚਾਹੇ ਮੈਨੂੰ.....।''
ਮੇਰੇ ਖ਼ਿਆਲ ਪਿੰਜਰੇ ਦੇ ਖੁਲ੍ਹੇ ਦਰਵਾਜ਼ੇ ਨਾਲ ਜਾ ਟਕਰਾਏ ਹਨ। ਅੱਖਾਂ ਵਿਚਲੇ ਹੰਝੂ ਮਾਂ ਦੀ ਨਜ਼ਰੀਂ ਪੈ ਗਏ ਹਨ। ਉਸ ਨੇ ਪਿਆਰ ਨਾਲ ਕਿਹਾ ਹੈ, ''ਧੀਏ ਮੈਂ ਦਾਤੇ ਦਾ ਧੰਨਵਾਦ ਕਰਦੀ ਆਂ। ਮੇਰੀ ਕੁੱਖੋਂ ਧੀ ਦਾ ਜਨਮ ਹੋਇਆ। ਬਦ-ਕਿਸਮਤ ਹੁੰਦੇ ਨੇ ਉਹ ਲੋਕ ਜੋ ਧੀਆਂ ਨੂੰ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਨੇ।''

ਮੈਨੂੰ ਸਮਝਾਉਂਦੀ ਉਹ ਆਪ ਰੋਣ ਲੱਗੀ ਹੈ। ਉਸ ਨੂੰ ਹੌਸਲਾ ਦੇਣ ਲਈ ਮੈਂ ਹੱਸ-ਹੱਸ ਗੱਲਾਂ ਕਰਨ ਲੱਗੀ ਹਾਂ। ਨੂਪੁਰ ਤੇ ਆਂਟੀ ਨੂੰ ਪਤਾ ਲੱਗਾ ਹੈ। ਉਹ ਘਰ ਆ ਗਈਆਂ ਹਨ। ਸਮਾਨ ਦੀ ਲਿਸਟ ਤਿਆਰ ਹੈ। ਨੂਪੁਰ ਨੂੰ ਮਾਂ ਨੇ ਸ਼ਾਪਿੰਗ ਕਰਨ ਲਈ ਕਿਹਾ ਹੈ। ਉਹ ਉਦਾਸ ਹੋ ਗਈ ਹੈ। ਮਾਂ ਨੇ ਉਸਨੂੰ ਗਲ ਨਾਲ ਲਾਉਂਦਿਆਂ ਕਿਹਾ ਹੈ, ''ਇਹਨੇ ਕਿਹੜਾ ਉਥੇ ਹੀ ਵੱਸ ਜਾਣਾ।''
ਉਸਦੀ ਗੱਲ ਸੁਣ ਮੇਰੀਆਂ ਅੱਖਾਂ ਅੱਗੇ ਜੀਨੀ ਦੀ ਮੇਲ ਘੁੰਮਣ ਲੱਗੀ ਹੈ। ਨੂਪੁਰ ਤੇ ਆਂਟੀ ਦੇ ਜਾਣ ਤੋਂ ਬਾਅਦ ਮੈਂ ਜੀਨੀ ਨੂੰ 'ਹਾਂ' ਦਾ ਮੈਸੇਜ਼ ਭੇਜ ਦਿੱਤਾ ਹੈ। ਉਸਦੀ ਮੇਲ ਕੱਢ ਕੇ ਦੁਬਾਰਾ ਪੜ੍ਹਨ ਲੱਗੀ ਹਾਂ-

ਡੀਅਰ ਕਰਮਜੀਤ ਕੌਰ,
ਆਈ ਨੋ ਯੂ ਆਰ ਏ ਰਿਸਪੌਂਸੀਬਲ ਗਰਲ। ਮੈਂ ਐਗਰੀਮੈਂਟ ਤੇਰੀ ਸਿਆਣਪ ਦੇ ਕਾਰਨ ਹੀ ਬਦਲ ਰਹੀ ਹਾਂ। ਇਸ ਲਈ ਜੋ ਜ਼ਿੰਮੇਵਾਰੀਆਂ ਰਣਦੀਪ ਨੇ ਨਿਭਾਉਣੀਆਂ ਸੀ। ਉਹ ਹੁਣ ਤੂੰ ਨਿਭਾਏਂਗੀ। ਉਸ ਦਾ ਐਗਰੀਮੈਂਟ ਕੈਂਸਲ ਹੋ ਜਾਵੇਗਾ। ਨਵਾਂ ਐਗਰੀਮੈਂਟ ਤਿਆਰ ਹੋਏਗਾ। ਜਿਸ ਵਿੱਚ ਤੇਰੇ ਦਸਤਖ਼ਤ ਹੋਣਗੇ। ਤੂੰ ਮੇਰੇ ਬਿਜਨਿਸ ਅਤੇ ਫੈਕਟਰੀਆਂ ਦੀ ਦੇਖਭਾਲ ਕਰੇਂਗੀ। ਐਗਰੀਮੈਂਟ ਅਨੁਸਾਰ ਸਾਰੀ ਜਾਇਦਾਦ ਰਣਦੀਪ ਦੀ ਹੋ ਜਾਵੇਗੀ। ਬਦਲੇ ਵਿੱਚ ਤੂੰ ਮੇਰੇ ਜਿਉਂਦੇ ਰਹਿਣ ਤੱਕ ਮੇਰੇ ਕੋਲ ਰਹੇਂਗੀ। ਇੱਕ ਹੋਰ ਸ਼ਰਤ ਅਨੁਸਾਰ ਇਸ ਸਮੇਂ ਦੌਰਾਨ ਨਾ ਤੂੰ ਕਦੇ ਪ੍ਰੈਕਟਿਸ ਕਰ ਸਕੇਂਗੀ ਅਤੇ ਨਾ ਹੀ ਸ਼ਾਦੀ ਕਰਵਾ ਸਕੇਂਗੀ। ਜੇਕਰ ਸ਼ਰਤਾਂ ਮਨਜ਼ੂਰ ਹਨ ਤਾਂ ਮੈਨੂੰ 'ਹਾਂ' ਲਿਖਕੇ ਮੈਸ਼ੇਜ ਭੇਜ।
ਵੇਟਿੰਗ ਫ਼ਾਰ ਯੂਅਰ ਯੈੱਸ,
ਜੀਨੀ।
ਮੈਂ ਉਸਦੀਆਂ ਸ਼ਰਤਾਂ ਦੀ ਗੱਲ ਸਭ ਤੋਂ ਲੁਕਾ ਕੇ ਰੱਖੀ ਹੈ। ਸਭ ਨੂੰ ਵੀਰੇ ਦੀ ਆਜ਼ਾਦੀ ਦਿਖਾਈ ਦੇ ਰਹੀ ਹੈ। ਜੀਨੀ ਦੀ ਕਹੀ ਗੱਲ ਮੈਨੂੰ ਸਮਝ ਆ ਰਹੀ ਹੈ, ''ਐਵਰੀ ਐਂਡ ਇਜ਼ ਏ ਨਿਊ ਬਿਗਨਿੰਗ।''

ਐਡਵੋਕੇਟ ਧਰਮ ਦਾ ਫ਼ੋਨ ਆ ਰਿਹਾ ਹੈ। ਮੈਂ ਮੇਲ ਬਾਕਸ ਬੰਦ ਕਰਕੇ ਫ਼ੋਨ ਚੁੱਕਿਆ ਹੈ। ਉਸ ਦੇ ਆਫ਼ਿਸ ਮੇਰੀ ਵੀਜ਼ਾ ਲੈਟਰ ਪਹੁੰਚ ਗਈ ਹੈ। ਉਹ ਇਕੱਠੇ ਟਿਕਟ ਲੈਣ ਦੀ ਸਲਾਹ ਦੇ ਰਿਹਾ ਹੈ। ਮੈਂ ਫ਼ੋਨ ਰੱਖ ਕੇ ਮਾਂ ਨੂੰ ਦੱਸਿਆ ਹੈ। ਉਸਨੇ ਵੀਰੇ ਨਾਲ ਗੱਲ ਕੀਤੀ ਹੈ। ਉਹ ਵੀ ਮੈਨੂੰ ਧਰਮ ਦੇ ਨਾਲ ਭੇਜ ਕੇ ਬੇਫ਼ਿਕਰ ਹੋਣਾ ਚਾਹੁੰਦਾ ਹੈ। ਮਾਂ ਨੇ ਮਨਜੀਤ ਆਂਟੀ ਨੂੰ ਫ਼ੋਨ ਕਰ ਦਿੱਤਾ ਹੈ। ਉਸ ਤੋਂ ਪਤਾ ਲੱਗਣ 'ਤੇ ਡਾਕਟਰ ਕਾਫ਼ਿਰ ਦਾ ਫ਼ੋਨ ਆਇਆ ਹੈ। ਮੈਨੂੰ ਉਸ ਦੇ ਮੂੰਹੋਂ ਕੁਝ ਖ਼ਾਸ ਸ਼ਬਦ ਸੁਨਣ ਦੀ ਉਡੀਕ ਹੈ। ਪਰ ਉਹ ਰਸਮੀਂ ਗੱਲਬਾਤ ਤੋਂ ਬਿਨ੍ਹਾਂ ਕੁਝ ਨਹੀਂ ਬੋਲਿਆ। ਮਾਂ ਦੇ ਕਹਿਣ 'ਤੇ ਉਸਨੇ ਏਅਰ ਪੋਰਟ ਤੱਕ ਮੇਰੇ ਨਾਲ ਜਾਣ ਦਾ ਵਾਅਦਾ ਕੀਤਾ ਹੈ। ਜੀਨੀ ਦੀਆਂ ਸ਼ਰਤਾਂ ਯਾਦ ਕਰਦਿਆਂ ਮੈਂ ਮਨ 'ਤੇ ਕਾਬੂ ਕਰਨ ਲੱਗੀ ਹਾਂ।

ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ। ਧਰਮ ਦੇ ਕਹਿਣ 'ਤੇ ਮੈਂ ਜੀਨੀ ਨੂੰ ਮੈਸੇਜ਼ ਕੀਤਾ ਹੈ ਕਿ ਧਰਮ ਕੁਝ ਦਿਨ ਮੇਰੇ ਨਾਲ ਉਸਦੇ ਘਰ ਵਿੱਚ ਰਹੇਗਾ। ਉਸਨੇ ਸਹਿਮਤੀ ਦੇ ਦਿੱਤੀ ਹੈ। ਅਖੀਰ ਸਭ ਤੋਂ ਵਿਦਾਈ ਲੈ ਮੈਂ, ਧਰਮ, ਡਾਕਟਰ ਕਾਫ਼ਿਰ ਅਤੇ ਅੰਕਲ ਏਅਰ-ਪੋਰਟ ਲਈ ਰਵਾਨਾ ਹੋ ਰਹੇ ਹਾਂ। ਭਰੇ ਮਨ ਨਾਲ ਸਭ ਤੋਂ ਦਰਦ ਲੁਕਾ ਕੇ ਇਕ ਦੂਜੇ ਨਾਲ ਤੁਰ ਪਏ ਹਾਂ। ਗੱਡੀ ਵਿੱਚ ਬੈਠਦਿਆਂ ਡਾਕਟਰ ਕਾਫ਼ਿਰ ਨੇ ਇੱਕ ਲਿਫ਼ਾਫਾ ਮੇਰੇ ਹੱਥ ਵਿੱਚ ਦਿੰਦੇ ਹੋਏ ਕਿਹਾ ਹੈ, ''ਕਰਮ ਇਹ ਲਿਫਾਫਾ ਉੱਥੇ ਜਾ ਕੇ ਖੋਹਲੀਂ।''

ਉਸ ਵੱਲ ਵੇਖਦਿਆਂ ਮੈਂ ਲਿਫ਼ਾਫ਼ਾ ਪਰਸ ਵਿੱਚ ਰੱਖ ਲਿਆ ਹੈ। ਮੇਰੇ ਸਾਹਮਣੇ ਮਾਂ ਦੀ ਡਾਇਰੀ ਦਾ ਪੰਨਾ 'ਚਿੱਠੀਆਂ ਜੋ ਦਰਦ ਜਗਾ ਗਈਆਂ' ਆ ਖੜ੍ਹਾ ਹੈ। ਉਸ ਦੀ ਡਾਇਰੀ ਦੀ ਚਿੱਠੀ ਵਿੱਚ ਵਾਧਾ ਹੋਣ ਬਾਰੇ ਸੋਚ ਕੇ ਸਰੀਰ ਪਸੀਨੋ-ਪਸੀਨੀ ਹੋ ਗਿਆ ਹੈ। ਮੈਂ ਪਰਸ ਨੂੰ ਪਿਆਰ ਨਾਲ ਛੂਹਿਆ ਹੈ। ਉਹ ਡਾਇਰੀ ਵੀ ਮੇਰੇ ਪਰਸ ਵਿੱਚ ਹੈ।

ਏਅਰ ਪੋਰਟ ਪਹੁੰਚ ਕੇ ਡਾਕਟਰ ਕਾਫ਼ਿਰ ਅਤੇ ਧਰਮ ਗੱਲਾਂ ਕਰ ਰਹੇ ਹਨ। ਡਾਕਟਰ ਕਾਫ਼ਿਰ ਮੇਰੇ ਵੱਲ ਵੇਖ ਕੇ ਮੁਸਕਰਾਇਆ ਹੈ। ਧਰਮ ਨੇ ਉਸਦਾ ਹੱਥ ਫੜਿਆ ਹੈ। ਮੈਂ ਉਸ ਵੱਲ ਵੇਖ ਦੂਰ ਖੜ੍ਹੀ ਸੋਚ ਰਹੀ ਹਾਂ, ''ਪਤਾ ਨਹੀਂ ਕਿਸਮਤ ਵਿੱਚ ਕਿੰਨਾਂ ਸਮਾਂ ਤੇਰੇ ਤੋਂ ਦੂਰ ਰਹਿਣਾ ਲਿਖਿਆ ਹੈ।''
ਅਗਲੇ ਹੀ ਪਲ ਮਨ ਦੇ ਖ਼ਿਆਲ ਮੋੜਨ ਲੱਗੀ ਹਾਂ, ''ਕਿਸਮਤ ਤਾਂ ਬੰਦਾ ਆਪ ਘੜਦਾ। ਪਰ ਮੈਂ ਤਾਂ.....।''
ਕੁਝ ਡੂੰਘਾ ਸੋਚਦਿਆਂ ਮੈਂ ਕਾਲਾ ਕੋਟ ਉਤਾਰ ਕੇ ਬਾਂਹ 'ਤੇ ਟੰਗ ਲਿਆ ਹੈ। ਏਅਰ-ਪੋਰਟ ਦੇ ਅੰਦਰ ਦਾਖਲ ਹੁੰਦਿਆਂ ਕਦੇ ਪਿੱਛੇ ਮੁੜ ਕੇ ਡਾਕਟਰ ਕਾਫ਼ਿਰ ਵੱਲ ਅਤੇ ਕਦੇ ਬਾਂਹ 'ਤੇ ਟੰਗੇ ਕਾਲੇ ਕੋਟ ਵੱਲ ਵੇਖ ਰਹੀ ਹਾਂ।

ਕਾਂਡ-27

ਜਹਾਜ਼ ਧਰਤੀ ਤੋਂ ਦੂਰ ਉੱਡ ਰਿਹਾ ਹੈ। ਮਨ ਬਹੁਤ ਬੇਚੈਨ ਹੋ ਰਿਹਾ ਹੈ। ਅੱਖਾਂ ਬੰਦ ਕਰ ਖ਼ਿਆਲਾਂ ਵਿੱਚ ਉਡਾਰੀ ਮਾਰਨ ਲੱਗੀ ਹਾਂ। ਨਾਨਾ-ਨਾਨੀ ਸੰਘਰਸ਼ ਭਰੀ ਜ਼ਿੰਦਗੀ ਵਿਚੋਂ ਜੀਵਨ ਦੀ ਤਲਾਸ਼ ਕਰ ਰਹੇ ਹਨ। ਮਾਂ, ਵੀਰਾ ਤੇ ਪਾਪਾ ਵੀ ਦਾਦਾ-ਦਾਦੀ ਦੇ ਸੁਪਨੇ ਨੂੰ ਪਕੜਨ ਲਈ ਦੌੜ ਰਹੇ ਹਨ। ਆਂਟੀ-ਅੰਕਲ ਤੇ ਨੂਪੁਰ ਛੁੱਟ ਗਈ ਜ਼ਿੰਦਗੀ ਨੂੰ ਮੁੜ ਲੱਭਣ ਲੱਗੇ ਹਨ। ਪਿੰਡ ਦੀ ਜ਼ਿੰਦਗੀ, ਪਿੱਛੇ ਰਹਿ ਗਏ ਰਿਸ਼ਤੇ, ਪਾਪਾ ਦੀ ਮੌਤ, ਵੀਰੇ ਦਾ ਬਦਲਾ, ਮਾਂ ਦਾ ਚਿਹਰਾ ਦੁਖੀ ਕਰ ਰਹੇ ਹਨ। ਕਿੰਨੀਆਂ ਯਾਦਾਂ, ਡਾਕਟਰ ਕਾਫ਼ਿਰ ਤੋਂ ਦੂਰੀ, ਪਰਦੇਸ ਫੇਰੀ, ਲੰਬਾ ਪੈਂਡਾ, ਬਿਨ੍ਹਾਂ ਕਿਸੇ ਮੰਜ਼ਿਲ ਦੇ। ਮੇਰੀ ਉਡਾਨ ਮੇਰਾ ਸਾਥ ਛੱਡ ਰਹੀ ਹੈ।
''ਉੱਡਦੇ ਪੰਛੀ ਪੈੜ ਨਹੀਂ ਛੱਡਦੇ.....।'' ਘੁੰਮਣਾਂ ਦੀ ਮਾਈ ਦੀ ਆਵਾਜ਼ ਕਿਤੇ ਨੇੜਿਉਂ ਸੁਣਾਈ ਦੇ ਰਹੀ ਹੈ

ਮੈਂ ਖ਼ਿਆਲਾਂ ਨੂੰ ਪਰ੍ਹੇ ਕਰ ਮਾਂ ਤੇ ਵੀਰੇ ਬਾਰੇ ਸੋਚਣ ਲੱਗੀ ਹਾਂ। ਸਫ਼ਰ ਜਿਉਂ-ਜਿਉਂ ਅੱਗੇ ਵਧ ਰਿਹਾ ਹੈ। ਵੀਰੇ ਦੇ ਨੇੜੇ ਹੋਣ ਦਾ ਅਹਿਸਾਸ ਮਨ ਸ਼ਾਂਤ ਕਰ ਰਿਹਾ ਹੈ। ਜਿਵੇਂ ਇਕ ਦੀਵਾ ਬੁਝ ਰਹੇ ਦੀਵੇ ਨੂੰ ਬਲ਼ਦਾ ਰੱਖਣ ਲਈ ਆਪਣੀ ਲਾਟ ਦੇਣ ਜਾ ਰਿਹਾ ਹੋਵੇ।
''ਕਰਮ ਆਪਣੀ ਮੰਜ਼ਿਲ ਆ ਗਈ।'' ਧਰਮ ਦੀ ਆਵਾਜ਼ ਸੁਣ ਮੈਂ ਆਲੇ-ਦੁਆਲੇ ਵੇਖਣ ਲੱਗੀ ਹਾਂ

ਜਹਾਜ਼ ਹੇਠਾਂ ਉੱਤਰ ਰਿਹਾ ਹੈ। ਧਰਮ ਦਾ ਹੱਥ ਮੇਰੇ ਹੱਥ ਉੱਪਰ ਟਿਕਿਆ ਹੈ। ਮੈਂ ਹੋਸ਼ ਸੰਭਾਲਦਿਆਂ ਆਪਣਾ ਹੱਥ ਖਿੱਚ ਕੇ ਦੂਰ ਕਰ ਲਿਆ। ਜਹਾਜ਼ ਵਿਚੋਂ ਨਿਕਲਦਿਆਂ ਪਿੱਛੇ ਮੁੜ ਕੇ ਵੇਖ ਰਹੀ ਹਾਂ। ਯਾਦ ਰੱਖਣਯੋਗ ਕੁਝ ਵੀ ਵਿਖਾਈ ਨਹੀਂ ਦੇ ਰਿਹਾ। ਏਅਰ ਪੋਰਟ ਤੋਂ ਬਾਹਰ ਆ ਕੇ ਜੀਨੀ ਦੀ ਭੇਜੀ ਟੈਕਸੀ ਵਿੱਚ ਬੈਠੇ ਹਾਂ। ਟੈਕਸੀ ਸਾਨੂੰ ਉਸਦੇ ਘਰ ਲਿਜਾ ਰਹੀ ਹੈ।

ਲੰਬਾ ਰਸਤਾ ਤੈਅ ਕਰਕੇ ਟੈਕਸੀ ਇੱਕ ਵੱਡੇ ਫਾਰਮ ਵੱਲ ਵਧ ਰਹੀ ਹੈ। ਸੜਕ ਦੇ ਦੋਵੇਂ ਪਾਸੇ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ। ਜ਼ਿਆਦਾਤਰ ਪੰਜਾਬੀ ਜਾਂ ਗੁਜਰਾਤੀ ਹਨ। ਸਾਹਮਣੇ ਵੱਡਾ ਬੰਗਲਾ ਦਿਖਾਈ ਦੇ ਰਿਹਾ। ਉਸ ਦੇ ਦੋਵੇਂ ਪਾਸੇ ਦਰੱਖਤ ਹਨ। ਸਦਾ ਬਹਾਰ ਦਰੱਖਤਾਂ ਦਾ ਰਸਤਾ ਬੰਗਲੇ ਦੇ ਦਰਵਾਜ਼ੇ 'ਤੇ ਜਾ ਖਤਮ ਹੁੰਦਾ ਹੈ।

ਘਰ ਦੇ ਅੰਦਰ ਇੱਕ ਔਰਤ ਨੇ ਸਾਡਾ ਸੁਆਗਤ ਕੀਤਾ ਹੈ। ਸਾਰਾ ਘਰ ਸਜਿਆ ਹੋਇਆ ਹੈ। ਹਰ ਚੀਜ਼ ਟਿਕਾਣੇ-ਸਿਰ ਰੱਖੀ ਹੈ। ਕੀਮਤੀ ਫਰਨੀਚਰ। ਦੀਵਾਰਾਂ ਉੱਪਰ ਸੁਨਹਿਰੀ ਦੇ ਚਮਕਦਾਰ ਪੇਂਟ ਨਾਲ ਜਾਨਵਰਾਂ ਦੀ ਕਲਾਕ੍ਰਿਤੀਆਂ ਬਣੀਆਂ ਹਨ। ਘਰ ਵਿੱਚ ਭਿੰਨੀ-ਭਿੰਨੀ ਖੁਸ਼ਬੂ ਫੈਲੀ ਹੈ। ਜੀਨੀ ਨਾਲ ਅਜੇ ਮੁਲਾਕਾਤ ਨਹੀਂ ਹੋਈ। ਔਰਤ ਦੇ ਕਹਿਣ 'ਤੇ ਅਸੀਂ ਅਲੱਗ-ਅਲੱਗ ਕਮਰਿਆਂ ਵਿੱਚ ਚਲੇ ਗਏ ਹਾਂ। ਕਮਰੇ ਵਿੱਚ ਆ ਕੇ ਔਰਤ ਦੀ ਮੱਦਦ ਨਾਲ ਵੀਰੇ ਨੂੰ ਫ਼ੋਨ ਕਰਕੇ ਪਹੁੰਚਣ ਦੀ ਖ਼ਬਰ ਦੇ ਦਿੱਤੀ ਹੈ। ਉਹ ਮਾਂ ਨੂੰ ਫ਼ੋਨ ਕਰਕੇ ਦੱਸ ਦੇਵੇਗਾ।
ਪਰ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਮਾਂ ਤੋਂ ਦੂਰ ਆਈ ਹਾਂ। ਜ਼ਿੰਮੇਵਾਰੀਆਂ ਦੇ ਖ਼ਿਆਲ ਨਾਲ ਆਪਣਾ ਹੌਸਲਾ ਆਪ ਬਣ ਰਹੀ ਹਾਂ। ਕਸ਼ਮਕਸ਼ ਵਿੱਚ ਕਿੰਨਾ ਸਮਾਂ ਬੀਤ ਗਿਆ ਹੈ। ਕੋਈ ਸਮਝ ਨਹੀਂ ਆ ਰਹੀ। ਦਿਨ-ਰਾਤ ਦਾ ਫਰਕ ਹੋਣ ਕਾਰਨ ਪੂਰੀ ਰਾਤ ਪਾਸੇ ਮਾਰਦਿਆਂ ਲੰਘੀ ਹੈ।

ਦਰਵਾਜ਼ੇ ਵਿੱਚ ਖੜ੍ਹੀ ਲੜਕੀ ਬਾਹਰ ਆਉਣ ਲਈ ਕਹਿ ਰਹੀ ਹੈ। ਮੈਂ ਉਸ ਨਾਲ ਖੁਲ੍ਹੇ ਲੌਬੀ ਨੁਮਾ ਕਮਰੇ ਵਿੱਚ ਆ ਕੇ ਸੋਫ਼ੇ 'ਤੇ ਬੈਠੀ ਹਾਂ। ਮੇਰੇ ਸਾਹਮਣੇ ਸੁਨਹਿਰੀ ਰੇਸ਼ਮੀ ਗਾਊਨ ਵਿੱਚ ਇੱਕ ਔਰਤ ਖੜ੍ਹੀ ਹੈ। ਪੈਂਹਠ-ਸੱਤਰ ਸਾਲ ਦੀ ਗੋਰੀ-ਚਿੱਟੀ। ਮੱਧਰੇ ਕੱਦ ਦੀ ਬਜ਼ੁਰਗ ਔਰਤ। ਹੱਥ ਵਿਚ ਸੁਨਹਿਰੀ ਛੜੀ। ਗਰਦਨ ਤੱਕ ਕੱਟੇ ਹੋਏ ਸਫ਼ੈਦ ਲਿਸ਼ਕਦੇ ਵਾਲ। ਝੁਰੜੀਆਂ ਭਰੇ ਚਿਹਰੇ 'ਤੇ ਬਜ਼ੁਰਗਾਂ ਵਾਲੀ ਕੋਈ ਨਿਸ਼ਾਨੀ ਨਹੀਂ। ਆਤਮ-ਵਿਸ਼ਵਾਸ਼ ਨਾਲ ਭਰੀ ਹੋਈ। ਇਹੀ ਔਰਤ ਜੀਨੀ ਮੇਮ ਹੈ।

ਮੈਂ ਉਸਦੀ ਸਖਸ਼ੀਅਤ ਦੀ ਪਰਖ ਕਰਨ ਲੱਗੀ ਹਾਂ। ਉਸ ਵਿੱਚ ਅਤੇ ਆਪਣੀ ਨਾਨੀ-ਦਾਦੀ ਵਿੱਚ ਕੋਈ ਫਰਕ ਨਹੀਂ ਦਿਸ ਰਿਹਾ। ਉਸਨੂੰ ਵੇਖ ਸੋਚ ਰਹੀ ਹਾਂ, ''ਸਭ ਲੋਕ ਇਕੋ ਜਿਹੇ ਹੁੰਦੇ। ਇਕੋ ਜਿਹੇ ਸਰੀਰਕ ਅੰਗ। ਵਿਵਹਾਰ ਦਾ ਫਰਕ ਹੀ ਸਾਡਾ ਵਖਰੇਵਾਂ ਬਣਦਾ। ਪਰ ਇਹ ਫਰਕ ਸਮਝਦਾਰੀ ਨਾਲ ਮਿਟਾਇਆ ਜਾ ਸਕਦਾ।''
''ਨੀਂਦ ਠੀਕ ਆਈ?'' ਜੀਨੀ ਦੀ ਆਵਾਜ਼ ਨੇ ਮੈਨੂੰ ਸੋਚਾਂ ਵਿਚੋਂ ਕੱਢ ਲਿਆ ਹੈ

ਉਸਨੇ ਮੇਰਾ ਜਵਾਬ ਸੁਣੇ ਬਿਨ੍ਹਾਂ ਲੜਕੀ ਨੂੰ ਕੁਝ ਲਿਆਉਣ ਲਈ ਇਸ਼ਾਰਾ ਕੀਤਾ ਹੈ। ਉਹ ਗੱਦੇਦਾਰ ਕੁਰਸੀ ਉੱਤੇ ਬੈਠ ਗਈ ਹੈ। ਲੜਕੀ ਦੇ ਚਾਬੀ ਲਿਆਉਣ 'ਤੇ ਉਸ ਨੇ ਕੋਲ ਪਏ ਟੇਬਲ ਦੇ ਖਾਨੇ ਦਾ ਲੌਕ ਖੋਹਲਿਆ ਹੈ। ਉਸ ਵਿਚੋਂ ਇਕ ਫਾਈਲ ਬਾਹਰ ਕੱਢੀ ਹੈ। ਉਸ ਨੂੰ ਪੜ੍ਹਨਾ ਸ਼ੁਰੂ ਕੀਤਾ ਹੈ। ਮੈਂ ਇਹ ਸ਼ਰਤਾਂ ਪਹਿਲਾਂ ਮੇਲ ਵਿੱਚ ਪੜ੍ਹ ਚੁੱਕੀ ਹਾਂ। ਧਰਮ ਦੇ ਕਮਰੇ ਦੇ ਦਰਵਾਜ਼ਾ ਖੁਲ੍ਹਣ ਦਾ ਖੜਾਕ ਹੋਇਆ ਹੈ। ਮੈਂ ਪਿੱਛੇ ਮੁੜ ਕੇ ਵੇਖਿਆ। ਉਹ ਸਾਨੂੰ ਵੇਖ ਕੇ ਵਾਪਸ ਆਪਣੇ ਕਮਰੇ ਵਿੱਚ ਜਾ ਰਿਹਾ ਹੈ।
ਜੀਨੀ ਨੇ ਮੈਨੂੰ ਮੋਬਾਈਲ ਦਿੱਤਾ ਹੈ। ਮੈਂ ਵਾਪਸ ਕਮਰੇ ਵਿੱਚ ਆ ਬੈਠੀ ਹਾਂ। ਮਾਂ, ਨਾਨੀ ਤੇ ਵੀਰੇ ਨਾਲ ਗੱਲ ਕੀਤੀ ਹੈ। ਗੱਲਾਂ ਕਰਨ ਤੋਂ ਬਾਅਦ ਉਹਨ੍ਹਾਂ ਦੀ ਯਾਦ ਹੋਰ ਸਤਾਉਣ ਲੱਗੀ ਹੈ।

ਮਾਂ ਨੂੰ ਨੇੜੇ ਮਹਿਸੂਸ ਕਰਨ ਲਈ ਪਰਸ ਵਿਚੋਂ ਉਸ ਦੀ ਡਾਇਰੀ ਕੱਢੀ ਹੈ। ਡਾਇਰੀ ਵਿਚੋਂ ਇਕ ਕਾਗਜ਼ ਬਾਹਰ ਡਿੱਗਿਆ ਹੈ। ਮੈਂ ਪੜ੍ਹਨ ਲੱਗੀ ਹਾਂ। ਪੜ੍ਹ ਕੇ ਸਮਝ ਆ ਗਈ ਕਿ ਇਹ ਚਿੱਠੀ ਮਾਂ ਨੇ ਪਾਪਾ ਨੂੰ ਲਿਖੀ ਹੈ। ਮੈਨੂੰ ਉਹ ਦਿਨ ਯਾਦ ਆ ਗਿਆ। ਜਦੋਂ ਉਹ ਇਕੱਲੀ ਬੈਠੀ ਸੋਚਾਂ ਵਿੱਚ ਗੁੰਮ ਸੀ। ਉਸਨੂੰ ਸੋਚਦਿਆਂ ਵੇਖ ਮੈਂ ਪਾਸਾ ਪਰਤ ਕੇ ਪੈ ਗਈ ਸੀ। ਉਹ ਦੇਰ ਤੱਕ ਅੰਦਰ ਬੈਠੀ ਕੁਝ ਲਿਖਦੀ ਰਹੀ ਸੀ। ਇਹ ਚਿੱਠੀ ਉਸਦੀਆਂ ਭਾਵਨਾਵਾਂ ਦੀ ਗਵਾਹ ਹੈ।

ਜਿਉਂ-ਜਿਉਂ ਨਜ਼ਰਾਂ ਚਿੱਠੀ ਦੀਆਂ ਸਤਰਾਂ ਉੱਪਰ ਘੁੰਮ ਰਹੀਆਂ ਹਨ। ਮਾਂ ਅਤੇ ਪਾਪਾ ਦਾ ਰਿਸ਼ਤਾ ਸਾਫ਼ ਹੋ ਰਿਹਾ ਹੈ। ਪਾਪਾ ਅਧੂਰੇ ਹੀ ਦੁਨੀਆਂ ਤੋਂ ਚਲੇ ਗਏ। ਮਾਂ ਨੂੰ ਰਿਸ਼ਤੇ ਪ੍ਰਤੀ ਵਰਤੀ ਅਣਗਹਿਲੀ ਅੰਦਰ-ਹੀ-ਅੰਦਰ ਤੜਫ਼ਾ ਰਹੀ ਹੈ। ਉਸਦੀ ਕੜਵਾਹਟ ਹਾਲਾਤਾਂ ਦੀ ਦੇਣ ਸੀ। ਅਸਤ ਹੋ ਰਹੇ ਸੁਪਨੇ ਅੰਦਰੂਨੀ ਚੋਟਾਂ ਦਿੰਦੇ ਰਹੇ। ਪਰ ਉਸਦੀ ਮਮਤਾ ਅਤੇ ਪਿਆਰ ਕਦੇ ਘੱਟ ਨਹੀਂ ਹੋਏ। ਮੇਰੇ ਬਚਪਨ ਦੀਆਂ ਗੱਲਾਂ ਯਾਦ ਕਰਦਿਆਂ ਉਸ ਨੇ ਚਿੱਠੀ ਵਿੱਚ ਲਿਖਿਆ ਹੈ, ''ਛੋਟੀ ਹੁੰਦੀ ਕਰਮ ਸੌਣ ਲੱਗਿਆਂ ਦੋਵੇਂ ਹੱਥ ਕੱਪੜੇ ਵਿੱਚ ਲਪੇਟ ਲੈਂਦੀ। ਮੈਂ ਸੁੱਤੀ ਪਈ ਦੇ ਹੱਥਾਂ ਉਤੇ ਲਿਆ ਕੱਪੜਾ ਲਾਹ ਦਿੰਦੀ। ਉਹ ਹੱਥਾਂ ਨੂੰ ਆਪਣੇ ਹੇਠ ਲੁਕਾ ਲੈਂਦੀ। ਮੈਂ ਮਨ ਹੀ ਮਨ ਹੱਸਦੀ, ਦੱਸ ਤੇਰੇ ਹੱਥਾਂ ਨੂੰ ਕੀ ਚੋਰ ਪੈਂਦੇ....?''

ਮਾਂ ਨੂੰ ਮੇਰੀ ਛੋਟੀ ਜਿਹੀ ਗੱਲ ਵੀ ਯਾਦ ਹੈ। ਸੋਚ ਕੇ ਅੱਖਾਂ ਭਰ ਆਈਆਂ ਹਨ। ਚਿੱਠੀ ਦੀਆਂ ਆਖਰੀ ਸਤਰਾਂ ਪੜ੍ਹ ਹੈਰਾਨ ਹੋ ਰਹੀ ਹਾਂ, 'ਕਰਮ ਸਮਝਦੀ ਮਾਂ ਨੂੰ ਕੁਝ ਨਹੀਂ ਪਤਾ। ਪਰ ਮੈਂ ਮਾਂ ਹਾਂ। ਮੇਰੇ ਕਲੇਜੇ ਦਾ ਟੁਕੜਾ ਏ ਉਹ। ਰਣਦੀਪ ਨੂੰ ਬਚਾਉਣ ਲਈ ਆਪ ਮੇਮ ਦੀ ਕੈਦ ਵਿੱਚ ਜਾ ਰਹੀ ਹੈ। ਮੇਰੇ ਲਈ ਤਾਂ ਦੋਵੇਂ ਤੱਕੜੀ ਦੇ ਦੋ ਪੱਲੜੇ ਨੇ। ਦੋਵੇਂ ਬਰਾਬਰ ਹਨ। ਪਰ ਸਵਾਰਥ ਵੱਸ ਚੁੱਪ ਹੋ ਗਈ ਹਾਂ। ਦੁਨੀਆਂ ਲਈ ਮੇਰਾ ਲਾਲਚ ਹੋ ਸਕਦਾ। ਪਰ ਮੈਨੂੰ ਇੱਕ ਪੱਲੜੇ ਵਿੱਚ ਸਿਆਣਪ ਤੇ ਦੂਜੇ ਵਿੱਚ ਗੁੱਸਾ ਨਜ਼ਰ ਆਉਂਦਾ ਹੈ। ਮੈਂ ਸਿਆਣਪ ਦੇ ਪੱਲੜੇ ਨੂੰ ਭਾਰੀ ਰੱਖਣਾ ਚਾਹੁੰਦੀ ਹਾਂ। ਉਸ ਦੇ ਜਾਣ ਬਾਰੇ ਸੋਚ ਕੇ ਦਿਲ ਨੂੰ ਡੋਬ ਪੈਂਦੇ ਨੇ। ਪਤਾ ਨਹੀਂ ਫਿਰ ਕਦੋਂ ਮਿਲਣਾ। ਪਰ ਮੈਨੂੰ ਉਸ ਉੱਤੇ ਰੱਬ ਵਰਗਾ ਭਰੋਸਾ ਹੈ। ਉਹ ਰਣਦੀਪ ਨੂੰ ਬਚਾਉਣ ਤੋਂ ਬਾਅਦ ਆਪਣੀ ਸਿਆਣਪ ਨਾਲ ਖ਼ੁਦ ਨੂੰ ਜਰੂਰ ਬਚਾ ਲਵੇਗੀ। ਇਸੇ ਲਈ ਜਾਂਦੀ ਨੂੰ ਚੁੱਪ-ਚਾਪ ਵੇਖ ਰਹੀ ਹਾਂ।''

ਚਿੱਠੀ ਛਾਤੀ ਨਾਲ ਲਾ ਮਾਂ ਨਾਲ ਮਨ ਵਿੱਚ ਗੱਲਾਂ ਕਰਨ ਲੱਗੀ ਹਾਂ, ''ਮਾਂ ਮੈਂ ਤੇਰੇ ਤੋਂ ਸੱਚਾਈ ਲੁਕਾਈ। ਮੈਨੂੰ ਮੁਆਫ਼ ਕਰੀਂ। ਮੈਂ ਦੁਚਿੱਤੀ ਤੋਂ ਬਚਣਾ ਚਾਹੁੰਦੀ ਸੀ। ਇਹ ਦੂਰੀ ਮੇਰੀ ਕਮਜ਼ੋਰੀ ਨਹੀਂ ਹਿੰਮਤ ਬਣੇਗੀ। ਵੀਰੇ ਦੇ ਸੁਪਨੇ ਪੂਰੇ ਹੋਣਗੇ। ਤੇਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਦਾਦਾ ਤੇ ਪਾਪਾ ਦੀ ਖੋ ਚੁੱਕੀ ਇੱਜ਼ਤ ਵਾਪਸ ਮਿਲ ਜਾਵੇਗੀ। ਤੁਹਾਨੂੰ ਹਰ ਦੁੱਖ ਤੋਂ ਬਚਾਉਣ ਦੀ ਕੋਸ਼ਿਸ਼ ਕਰਾਂਗੀ। ਪਰ ਵੀਰੇ ਅੰਦਰਲੀ ਬਦਲੇ ਦੀ ਅੱਗ ਕਿਵੇਂ ਖਤਮ ਕਰਾਂਗੀ!''

ਸੋਚਦਿਆਂ ਹੋਇਆ ਵੀਰੇ ਨਾਲ ਹੋਈ ਗੱਲ ਯਾਦ ਆ ਗਈ ਹੈ, ''ਵੀਰੇ ਪਿੰਡ ਜਾ ਕੇ ਆਪਣੀ ਜਿੰਮੇਵਾਰੀ ਨਿਭਾਈਂ। ਹਥਿਆਰਾਂ ਦੀ ਗੱਲ ਕਰਨੀ ਭੁੱਲ ਜਾਵੀਂ।''
''ਕਰਮ ਮੈਨੂੰ ਅਜੇ ਅਣਪਛਾਤੀਆਂ ਗੱਲਾਂ ਦੀ ਤਲਾਸ਼ ਹੈ। ਜਿੰਨਾਂ ਨੇ ਪਾਪਾ ਨੂੰ ਮਾਰਿਆ ਹੈ। ਉਹਨਾਂ ਗੱਲਾਂ ਨੂੰ ਮਾਰਨ ਲਈ ਹਥਿਆਰ ਸੰਭਾਲ ਕੇ ਰੱਖਣੇ ਪੈਣਗੇ।'' ਵੀਰੇ ਦੀ ਕਹੀ ਗੱਲ ਰੜਕ ਰਹੀ ਹੈ
ਮੈਨੂੰ ਮਾਂ ਦੀ ਮਮਤਾ 'ਤੇ ਵਿਸ਼ਵਾਸ਼ ਪੱਕਾ ਹੋਣ ਲੱਗਾ ਹੈ। ਉਹ ਸਭ ਸੰਭਾਲ ਲਵੇਗੀ। ਸਮੇਂ ਦੀਆਂ ਠੋਕਰਾਂ ਨੇ ਉਸ ਨੂੰ ਦਲੇਰ ਕੌਰ ਬਣਾ ਦਿੱਤਾ ਹੈ। ਮੇਰੀਆਂ ਸੋਚਾਂ ਅਣਦਿੱਸਦੇ ਸੁਪਨਿਆਂ ਦੇ ਰਾਹ 'ਤੇ ਤੁਰਨ ਲੱਗੀਆਂ ਹਨ। ਚਿੱਠੀ ਰੱਖ ਅੱਖਾਂ ਬੰਦ ਕਰ ਲਈਆਂ ਹਨ।

ਅੱਖਾਂ ਵਿੱਚ ਜੰਗਲ ਉੱਗਣ ਲੱਗਾ ਹੈ। ਜੰਗਲ ਵਿੱਚ ਸੰਘਣੇ ਦਰੱਖਤਾਂ ਨੇ ਹਨੇਰਾ ਕੀਤਾ ਹੈ। ਕਿਸੇ ਪਾਸੇ ਰਸਤਾ ਵਿਖਾਈ ਨਹੀਂ ਦੇ ਰਿਹਾ। ਹਨੇਰਾ ਵਧਣ ਨਾਲ ਆਸਮਾਨ ਵਿੱਚ ਤਾਰੇ ਚਮਕਣ ਲੱਗੇ ਹਨ। ਅਸਮਾਨ ਚਮਕਦਾਰ ਹੋ ਗਿਆ। ਹਨੇਰੇ ਜੰਗਲ ਵਿੱਚ ਜੁਗਨੂੰਆਂ ਦੀ ਰੌਸ਼ਨੀ ਫੈਲਣ ਲੱਗੀ ਹੈ। ਅਸਮਾਨ ਨੂੰ ਚਮਕਦਾ ਵੇਖ ਖੁਸ਼ ਹੋ ਰਹੀ ਹਾਂ। ਜਦੋਂ ਧਰਤੀ ਵੱਲ ਵੇਖਿਆ ਤਾਂ ਡਰ ਨਾਲ ਕੰਬਣ ਲੱਗੀ ਹਾਂ। ਜੰਗਲ ਵਿੱਚ ਇਕੱਲੀ ਫਸ ਚੁੱਕੀ ਹਾਂ। ਪਰ ਮੰਜ਼ਿਲ 'ਤੇ ਪਹੁੰਚਣ ਲਈ ਚੌਕਸ ਹਾਂ। ਮੈਂ ਭੱਜਣ ਲੱਗੀ ਹਾਂ। ਭੱਜਦੀ ਹੋਈ ਆਪਣੇ ਹੀ ਅੰਦਰ ਵੜ ਗਈ ਹਾਂ। ਆਪਣੇ ਅੰਦਰੋਂ ਕਿਵੇਂ ਨਿਕਲਾ ? ਇਸ ਲਈ ਸਮੇਂ ਦੀ ਉਡੀਕ ਕਰਨ ਲੱਗੀ ਹਾਂ।

ਕਾਂਡ-28

ਸਮਾਂ ਸਰਕ ਰਿਹਾ ਹੈ। ਜਦੋਂ ਇਕੱਲਤਾ ਸਤਾਉਂਦੀ ਹੈ। ਡਾਕਟਰ ਕਾਫ਼ਿਰ ਦੇ ਖਿਆਲਾਂ ਵਿੱਚ ਗੁੰਮ ਹੋਣ ਨੂੰ ਦਿਲ ਕਰਦਾ ਹੈ। ਉਸ ਨੂੰ ਮਿਲਨ ਦੀਆਂ ਕੋਸ਼ਿਸ਼ਾਂ ਕਰਨ ਲੱਗਦੀ ਹਾਂ।
ਡਾਕਟਰ ਕਾਫ਼ਿਰ ਫੁੱਲਾਂ ਦੀਆਂ ਵਾਦੀਆਂ ਵਿੱਚ ਬਾਹਵਾਂ ਫੈਲਾਈ ਮੇਰਾ ਇੰਤਜ਼ਾਰ ਕਰ ਰਿਹਾ ਹੈ। ਉਸ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀ ਹਾਂ। ਜਦੋਂ ਨੇੜੇ ਪਹੁੰਚਦੀ ਹਾਂ। ਉਹ ਅਲੋਪ ਹੋ ਜਾਂਦਾ ਹੈ। ਵਾਰ-ਵਾਰ ਬਾਹਵਾਂ ਫੈਲਾਈ ਸਾਹਮਣੇ ਆਉਂਦਾ ਹੈ। ਮੈਂ ਹਰ ਵਾਰ ਉਸ ਕੋਲ ਪਹੁੰਚਣ ਤੋਂ ਨਕਾਮ ਹੋ ਰਹੀ ਹਾਂ। ਮਨ ਉਦਾਸ ਹੋ ਗਿਆ ਹੈ।
''ਪੱਕੇ ਵਿਸ਼ਵਾਸ਼ ਨੂੰ ਅੱਗ ਵੀ ਨਹੀਂ ਸਾੜ ਸਕਦੀ।'' ਆਵਾਜ਼ ਸੁਣ ਕੇ ਮੈਂ ਅੱਖਾਂ ਖੋਹਲੀਆਂ ਹਨ।

ਸ਼ਾਇਦ ਘੁੰਮਣਾਂ ਦੀ ਮਾਈ ਮੇਰੀ ਅੰਤਰ-ਆਤਮਾਂ ਵਿੱਚ ਵੱਸਣ ਲੱਗੀ ਹੈ। ਹਨੇਰੇ ਰਸਤਿਆਂ ਵਿੱਚ ਉਹ ਮੇਰਾ ਚਾਨਣ ਬਣਦੀ ਹੈ। ਜਦੋਂ ਆਪਣਿਆਂ ਦੀ ਦੂਰੀ ਸਤਾਉਂਦੀ ਹੈ। ਉਹ ਮੇਰੀ ਤਾਕਤ ਬਣ ਮੇਰੇ ਨਾਲ ਖੜ੍ਹਦੀ ਹੈ। ਖਿਆਲਾਂ ਨੂੰ ਮੋੜਨ ਲਈ ਮਾਂ ਤੇ ਨਾਨੀ ਨਾਲ ਗੱਲ ਕਰਨ ਬਾਰੇ ਸੋਚਣ ਲੱਗੀ ਹਾਂ। ਪਰ ਜਿਆਦਾ ਗੱਲਾਂ ਕਰਕੇ ਕਮਜ਼ੋਰ ਵੀ ਨਹੀਂ ਹੋਣਾ ਚਾਹੁੰਦੀ। ਇਕੱਲਤਾ ਤੋਂ ਬਚਣ ਲਈ ਧਰਮ ਦੇ ਸਾਥ ਦਾ ਖਿਆਲ ਆਇਆ ਹੈ। ਉਸ ਨੂੰ ਡਾਕਟਰ ਕਾਫ਼ਿਰ ਬਾਰੇ ਸਭ ਕੁਝ ਦੱਸਣ ਨੂੰ ਮਨ ਕਰ ਰਿਹਾ ਹੈ। ਬੈੱਡ ਤੋਂ ਉੱਠ ਕੇ ਦਰਵਾਜ਼ੇ ਤੱਕ ਆਈ ਹਾਂ। ਫਿਰ ਵਾਪਸ ਕਮਰੇ ਵਿੱਚ ਪਰਤ ਗਈ ਹਾਂ। ਕੁਝ ਦੇਰ ਬਾਅਦ ਫਿਰ ਧਰਮ ਦੇ ਕਮਰੇ ਵੱਲ ਤੁਰ ਪਈ ਹਾਂ। ਉਸਨੂੰ ਫ਼ੋਨ 'ਤੇ ਗੱਲਾਂ ਕਰਦਿਆਂ ਵੇਖ ਵਾਪਸ ਮੁੜਨ ਲੱਗੀ ਹਾਂ। ਮੇਰੇ ਕੰਨਾਂ ਵਿੱਚ ਉਸਦੀ ਗੱਲਬਾਤ ਪਈ ਹੈ। ਕਦਮ ਉੱਥੇ ਹੀ ਰੁਕ ਗਏ ਹਨ। ਦਰਵਾਜ਼ੇ ਪਿੱਛੇ ਖੜ੍ਹ ਗਈ ਹਾਂ, ''ਨਹੀਂ ਯਾਰ, ਮੈਂ ਤਾਂ ਡਾਕਟਰ ਕਾਫ਼ਿਰ ਤੋਂ ਬਚਾ ਕੇ ਇਸਨੂੰ ਆਪਣੇ ਨਾਲ ਇੱਧਰ ਲਿਆਇਆ ਸੀ। ਇਥੇ ਆ ਕੇ ਪਤਾ ਲੱਗਾ ਕਿ ਮੇਮ ਦੀ ਸਾਰੀ ਜਾਇਦਾਦ ਇਸ ਦੀ ਹੋ ਜਾਵੇਗੀ।''

ਦੂਜੇ ਪਾਸੇ ਤੋਂ ਗੱਲ ਸੁਣਦਿਆਂ ਉਹ ਚੁੱਪ ਹੋ ਗਿਆ ਹੈ। ਮੈਂ ਸਾਹ ਰੋਕ ਕੇ ਸਭ ਕੁਝ ਸੁਣ ਰਹੀ ਹਾਂ। ਕੁਝ ਦੇਰ ਬਾਅਦ ਉਹ ਫਿਰ ਬੋਲਿਆ ਹੈ, ''ਮੈਂ ਵੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ। ਸੋਨੇ ਦੀ ਮੁਰਗੀ ਹੱਥਾਂ 'ਚੋਂ ਨਹੀਂ ਨਿਕਲਣ ਦੇਵਾਂਗਾ।''

ਉਸਦੀਆਂ ਗੱਲਾਂ ਸੁਣ ਮੇਰੇ ਅੰਦਰ ਜ਼ਮੀਨ ਅਸਮਾਨ ਇੱਕ ਹੋ ਰਿਹਾ ਹੈ। ਪਰ ਉਹ ਚੁੱਪ ਨਹੀਂ ਹੋ ਰਿਹਾ, ''ਮੈਂ ਤਾਂ ਉੱਡਦੀ ਚਿੜੀ ਦੇ ਪਰ ਗਿਣ ਲੈਨਾ। ਇਹਦੇ ਤਾਂ ਅਜੇ ਖੰਭ ਈ ਨਹੀਂ ਨਿਕਲੇ। ਜਿਹੜਾ ਬਿਨ੍ਹਾਂ ਖੰਭਾਂ ਤੋਂ ਕੈਦ ਹੋ ਗਿਆ। ਉਸਨੂੰ ਕਦੇ ਵੀ ਖੰਭ ਫੜ-ਫੜਾਉਣੇ ਨਹੀਂ ਆ ਸਕਦੇ।''

ਦੂਜੇ ਪਾਸਿਉਂ ਗੱਲ ਸੁਣ ਕੇ ਉਹ ਹੱਸਿਆ ਹੈ, ''ਮੈਂ ਤਾਂ ਧਰਮ-ਕਰਮ ਕਮਾ ਲਿਆ। ਯਾਰ ਸਭ ਕੁਝ ਬਣਿਆ-ਬਣਾਇਆ ਮਿਲ ਗਿਆ। ..... ਤੇ ਉਹ ਡਾਕਟਰ ਕਾਫ਼ਿਰ। ਉਹ ਤਾਂ ਕਾਫ਼ਿਰ ਹੀ ਰਹਿ ਗਿਆ। ਉਹ ਕੀ ਜਾਣੇ ਧਰਮ-ਕਰਮ ਦੀਆਂ ਬਾਤਾਂ।''

ਉਸਦੀ ਗੱਲ ਸੁਣ ਮੇਰੇ ਪੈਰ ਲੜ-ਖੜਾ ਗਏ ਹਨ। ਅੱਖਾਂ ਅੱਗੇ ਹਨ੍ਹੇਰਾ ਆ ਗਿਆ। ਧਰਤੀ ਘੁੰਮਣ ਲੱਗੀ ਹੈ। ਪਰ ਉਹ ਅਜੇ ਵੀ ਬੋਲ ਰਿਹਾ ਹੈ, ''ਯਾਰ ਤੂੰ ਸੱਚ ਕਹਿੰਨਾਂ ਏਂ। ਕਰਮ ਭੋਲੀ-ਭਾਲੀ ਹੈ। ਮੇਮ ਨੂੰ ਮਰਦ ਦੇ ਸਾਥ ਦੀ ਲੋੜ ਹੈ। ਮੇਰੇ ਤਾਂ ਦੋਵਾਂ ਹੱਥਾਂ 'ਚ ਲੱਡੂ ਨੇ...।''

ਮੈਨੂੰ ਉਸਦੇ ਕਮਰੇ ਦੇ ਦੂਸਰੇ ਦਰਵਾਜੇ ਵਿਚੋਂ ਇੱਕ ਪਰਛਾਵਾਂ ਪਿੱਛੇ ਮੁੜਦਾ ਵਿਖਾਈ ਦਿੱਤਾ ਹੈ। ਪਰ ਦਰਵਾਜਾ ਬੰਦ ਹੋ ਜਾਣ ਕਰਕੇ ਮੈਂ ਉਸਨੂੰ ਵੇਖ ਨਹੀਂ ਸਕੀ। ਮੇਰੇ ਲਈ ਪੈਰਾਂ ਉਪਰ ਖੜ੍ਹਨਾ ਮੁਸ਼ਕਲ ਹੋ ਰਿਹਾ ਹੈ। ਚਿਹਰੇ ਤੋਂ ਪਰਦਾ ਉੱਠਦਿਆਂ ਹੀ ਉਹ ਮੇਰੇ ਲਈ ਅਧਰਮ ਬਣ ਗਿਆ ਹੈ। ਉਸ ਦੇ ਲਾਲਚ ਸਾਹਮਣੇ ਸਾਰੇ ਰਿਸ਼ਤੇ ਬਾਜ਼ਾਰ ਵਿਚ ਵਿੱਕਦੇ ਦਿੱਸਣ ਲੱਗੇ ਹਨ। ਉਹ ਕਿਸੇ ਦੀ ਰੂਹ ਵੀ ਵੇਚ ਸਕਦਾ ਹੈ। ਮੈਂ ਹੌਲੀ-ਹੌਲੀ ਬੈੱਡ ਤੱਕ ਪਹੁੰਚੀ ਹਾਂ। ਸੋਚਦੀ ਹੋਈ ਲੰਮੀਂ ਪੈ ਗਈ ਹਾਂ। ਅੱਧ ਸੁੱਤੀ ਹਾਲਤ ਵਿੱਚ ਮੈਨੂੰ ਸਰੀਰ ਉੱਪਰ ਕੁਝ ਰੇਂਗਦਾ ਮਹਿਸੂਸ ਹੋਣ ਲੱਗਾ ਹੈ। ਉਸਦੀ ਸਰ ਸਰਾਹਟ ਸਾਰੇ ਸਰੀਰ ਉੱਤੇ ਫੈਲਣ ਲੱਗੀ ਹੈ। ਸਾਹ ਘੁੱਟਦਾ ਜਾ ਰਿਹਾ। ਅੱਖਾਂ ਉੱਤੇ ਪੱਟੀ ਵਾਂਗ ਕੁਝ ਲਪੇਟਿਆ ਜਾ ਰਿਹਾ ਹੈ। ਉਸ ਰੇਂਗਦੀ ਚੀਜ਼ ਨੇ ਮੇਰਾ ਮੂੰਹ ਘੁੱਟ ਲਿਆ ਹੈ। ਨਾ ਵੇਖ ਸਕਦੀ ਹਾਂ। ਨਾ ਬੋਲ ਸਕਦੀ ਹਾਂ। ਨਾ ਸਾਹ ਹੀ ਲੈ ਸਕਦੀ ਹਾਂ। ਆਪਣੇ ਆਪ ਨੂੰ ਬਚਾਉਣ ਲਈ ਤੜਫਣ ਲੱਗੀ ਹਾਂ। ਜੋਰ ਦੇ ਝਟਕੇ ਨਾਲ ਉੱਠ ਕੇ ਬੈਠ ਗਈ ਹਾਂ। ਚਾਰ-ਚੁਫੇਰੇ ਵੇਖ ਰਹੀ ਹਾਂ। ਪਰ ਉੱਥੇ ਕੋਈ ਵੀ ਨਹੀਂ।

ਡਰ ਵਿੱਚੋਂ ਨਿਕਲਣ ਲਈ ਮੈਂ ਡਾਕਟਰ ਕਾਫ਼ਿਰ ਨੂੰ ਯਾਦ ਕਰਨ ਲੱਗੀ ਹਾਂ। ਉਸ ਨੂੰ ਨਜ਼ਦੀਕ ਮਹਿਸੂਸ ਕਰਨ ਲਈ ਉਸ ਦੀ ਆਵਾਜ਼ ਸੁਨਣ ਲੱਗੀ ਹਾਂ। ਮੈਨੂੰ ਦਿਸ਼ਾ ਦੀਆਂ ਕਹੀਆਂ ਗੱਲਾਂ ਯਾਦ ਆਉਣ ਲੱਗੀਆਂ ਹਨ, ''ਕਰਮ! ਡਾਕਟਰ ਕਾਫ਼ਿਰ ਨੂੰ ਤੇਰੇ ਬਿਨ੍ਹਾਂ ਸਭ ਸੁੰਨਾਂ ਲੱਗਦਾ। ਉਹ ਮਰੀਜ਼ਾਂ ਨੂੰ ਤੇਰਾ ਨਾਂ ਲੈ ਕੇ ਬੁਲਾਉਣ ਲੱਗਦਾ ਹੈ। ਸਟਾਫ਼ ਨੂੰ ਝਿੜਕਾਂ ਮਾਰਦਾ ਹੈ। ਗਲਤ ਦਵਾਈਆਂ ਲਿਖ ਦਿੰਦਾ। ਉਸਦੀਆਂ ਉਨੀਂਦੀਆਂ ਅੱਖਾਂ ਵਿੱਚਲੀ ਰੜਕ ਸਾਫ਼ ਦਿਖਾਈ ਦਿੰਦੀ ਹੈ।''

ਯਾਦਾਂ ਨੇ ਰੂਹ ਦੀ ਤੜਫ਼ ਵਧਾ ਦਿੱਤੀ ਹੈ। ਮੈਨੂੰ ਉਸ ਦਾ ਆਖਿਰੀ ਵਾਰ ਏਅਰ ਪੋਰਟ 'ਤੇ ਖੜ੍ਹ ਕੇ ਮੁਸਕਰਾਉਣਾ ਯਾਦ ਆ ਰਿਹਾ। ਮੈਂ ਉਸਦਾ ਦਿੱਤਾ ਲਿਫ਼ਾਫ਼ਾ ਪਰਸ ਵਿਚੋਂ ਕੱਢਿਆ ਹੈ। ਉਸ ਵਿਚੋਂ ਚਿੱਠੀ ਕੱਢੀ ਹੈ। ਚਿੱਠੀ ਵਿਚੋਂ ਉਸਦੀਆਂ ਲਿਖੀਆਂ ਆਖਰੀ ਸਤਰਾਂ ਵਾਰ-ਵਾਰ ਪੜ੍ਹ ਰਹੀ ਹਾਂ, ''ਕਰਮ ਮੇਰੇ ਅਹਿਸਾਸਾਂ ਨੂੰ ਸ਼ਬਦਾਂ ਦਾ ਰੂਪ ਮਿਲ ਗਿਆ ਹੈ। ਇਹ ਮੇਰੇ ਸੱਚੇ ਪਿਆਰ ਦੀ ਆਵਾਜ਼ ਬਣ ਗਏ ਹਨ। ਇਹ ਅਹਿਸਾਸ ਮੇਰੀ ਸ਼ਰਧਾ ਹਨ। ਜੇ ਸ਼ਰਧਾ ਸੱਚੀ ਹੈ ਤਾਂ ਮੇਰੇ ਦਿਲ ਦੀ ਆਵਾਜ਼ ਤੇਰੇ ਦਿਲ ਤੱਕ ਜਰੂਰ ਪਹੁੰਚੇਗੀ।''

ਉਸਦੇ ਪਿਆਰ ਦਾ ਇਜ਼ਹਾਰ ਕਰਦੀ ਚਿੱਠੀ ਆਪਣੇ ਮੱਥੇ ਨਾਲ ਲਾਈ ਹੈ। ਅੱਖਾਂ ਵਿਚੋਂ ਖੁਸ਼ੀ ਤੇ ਗਮ ਦੇ ਰਲਵੇਂ ਹੰਝੂ ਵਹਿ ਤੁਰੇ ਹਨ। ਹਵਾ ਨਾਲ ਗੱਲਾਂ ਕਰਦੀ ਬੋਲੀ ਹਾਂ,
''ਓ....ਹ.....ਹ....ਹ...! ਜੇ ਇਹ ਗੱਲ ਪਹਿਲਾਂ ਆਖ ਦਿੰਦਾ ਤਾਂ ਤੇਰਾ ਕੀ ਜਾਂਦਾ ਸੀ। ਤੂੰ ਵੀ ਬੱਸ ਕਾਫ਼ਿਰ ਹੀ ਨਿਕਲਿਆ....।''
ਚਿੱਠੀ ਨੂੰ ਚੁੰਮਦਿਆਂ ਬਾਹਰ ਵੱਲ ਵੇਖਿਆ ਹੈ। ਦਿਨ-ਰਾਤ ਆਪਸ ਵਿਚ ਮਿਲ ਰਹੇ ਹਨ। ਪੰਛੀ ਘਰਾਂ ਨੂੰ ਪਰਤ ਰਹੇ ਹਨ। ਤਾਰੇ ਚਮਕਣ ਲੱਗੇ ਹਨ। ਮੇਰੇ ਚਿਹਰੇ 'ਤੇ ਮੁਸਕਾਨ ਫੈਲ ਗਈ ਹੈ। ਪਿਛੋਂ ਆਵਾਜ਼ ਆਈ ਹੈ, ''ਰੁਕ! ਪਿੱਛੇ ਮੁੜ ਕੇ ਵੇਖ.....!!''

ਮੇਰੇ ਚਿਹਰੇ ਦੀ ਮੁਸਕਰਾਹਟ ਗੁਆਚ ਗਈ ਹੈ। ਰਾਤ ਹਨੇਰੀ ਹੋ ਰਹੀ ਹੈ। ਦੂਰੀ ਰੜਕਣ ਲੱਗੀ ਹੈ। ਅੱਖਾਂ ਵਿੱਚ ਨੀਂਦ ਦਾ ਨਾਂ-ਨਿਸ਼ਾਨ ਨਹੀਂ। ਮੈਂ ਉੱਠ ਕੇ ਸ਼ੀਸ਼ੇ ਅੱਗੇ ਖੜ੍ਹੀ ਹਾਂ। ਅੱਖਾਂ ਨੂੰ ਧਿਆਨ ਨਾਲ ਵੇਖ ਰਹੀ ਹਾਂ। ਉਹ ਉਨੀਂਦੀਆਂ ਹਨ। ਬਿਲਕੁਲ ਖਾਲੀ। ਉਹਨਾਂ ਵਿੱਚ ਕੋਈ ਸੁਪਨਾ ਨਹੀਂ। ਸੁਪਨਿਆਂ ਦੇ ਮਰਨ ਦਾ ਖਿਆਲ ਆਉਂਦਿਆਂ ਹੀ ਬੋਲੀ ਹਾਂ, ''ਨਹੀਂ! ਉਨੀਂਦੀਆਂ ਅੱਖਾਂ ਦੇ ਸੁਪਨੇ ਮਰ ਨਹੀਂ ਸਕਦੇ.....।''

ਆਰਾਮ ਕਰਨ ਲਈ ਕੁਰਸੀ 'ਤੇ ਬੈਠ ਗਈ ਹਾਂ। ਮਨ ਵਿੱਚ ਜੀਨੀ ਦੀਆਂ ਸ਼ਰਤਾਂ 'ਤੇ ਚੱਲਣ ਵਾਲੀ ਜ਼ਿੰਦਗੀ ਬੋਝ ਬਣ ਰਹੀ ਹੈ। ਅੱਖਾਂ ਬੰਦ ਹੋ ਗਈਆਂ ਹਨ। ਖਿਆਲਾਂ ਵਿੱਚ ਤੇਜ਼ ਤੂਫ਼ਾਨ ਚੱਲਣ ਲੱਗਾ ਹੈ। ਤੂਫ਼ਾਨ ਹੌਲੀ-ਹੌਲੀ ਨੇੜੇ ਆ ਰਿਹਾ ਹੈ। ਤੇਜ਼ ਹਵਾ ਨਾਲ ਇਕ ਦਰਵਾਜ਼ਾ ਖੁੱਲ੍ਹਣ-ਬੰਦ ਹੋਣ ਲੱਗਾ ਹੈ। ਉਸਦੀ ਚੀਂ-ਚੀਂ ਕਰਦੀ ਡਰਾਉਣੀ ਆਵਾਜ਼ ਕੰਨਾਂ ਵਿੱਚ ਸ਼ੋਰ ਮਚਾ ਰਹੀ ਹੈ। ਅੰਦਰਲਾ ਤੂਫ਼ਾਨ ਹੋਰ ਤੇਜ਼ ਹੋ ਰਿਹਾ ਹੈ। ਉਸ ਦੀਆਂ ਘੁੰਮਣ-ਘੇਰੀਆਂ ਵਿਚੋਂ ਘੁੰਮਣਾਂ ਦੀ ਮਾਈ ਦੀ ਆਵਾਜ਼ ਆਈ ਹੈ, ''ਕਰਮ ਸੌਂ ਜਾ। ਉਨੀਂਦੀਆਂ ਅੱਖਾਂ ਨੂੰ ਕੁਝ ਆਰਾਮ ਦੇ।'' ਮਦਹੋਸ਼ੀ ਦੀ ਹਾਲਤ ਵਿੱਚ ਮੇਰੇ ਮੂੰਹੋਂ ਨਿਕਲਿਆ ਹੈ, ''ਜਦੋਂ ਸੁਪਨੇ ਅਸਤ ਹੁੰਦੇ ਨੇ ਤਾਂ ਨੀਂਦ ਉੱਡ ਜਾਂਦੀ ਐ.....।''

ਤੂਫ਼ਾਨ ਰੁਕ ਗਿਆ ਹੈ। ਦਰਵਾਜ਼ੇ ਦੀ ਚੀਂ-ਚੀਂ ਮੱਧਮ ਹੁੰਦੀ-ਹੁੰਦੀ ਬੰਦ ਹੋ ਗਈ ਹੈ। ਬੰਦ ਦਰਵਾਜ਼ਾ ਲਟਕ ਰਹੇ ਪਿੰਜਰੇ ਦਾ ਰੂਪ ਧਾਰਨ ਕਰ ਗਿਆ ਹੈ। ਮੈਂ ਸਹਿਮੀਂ ਹੋਈ ਪਿੰਜਰੇ ਵੱਲ ਵੇਖ ਰਹੀ ਹਾਂ। ਕੁਰਸੀ ਤੋਂ ਉੱਠ ਕੇ ਖਿੜਕੀ ਕੋਲ ਆ ਖੜ੍ਹੀ ਹਾਂ। ਬਾਹਰ ਹਰੇ ਤੇ ਸੁੱਕ ਰਹੇ ਦਰੱਖਤ ਵਿਖਾਈ ਦੇ ਰਹੇ ਹਨ। ਕਿਸੇ ਨੇ ਮੈਨੂੰ ਖਿੜਕੀ ਤੋਂ ਬਾਹਰ ਬੁਲਾਇਆ ਹੈ। ਮੈਂ ਟੇਬਲ 'ਤੇ ਪਿਆ ਲੈਂਪ ਚੁੱਕ ਕੇ ਬਾਹਰ ਆਈ ਹਾਂ। ਬਾਹਰ ਨਿਕਲ ਕੇ ਫੁੱਲਾਂ ਦੀ ਕਿਆਰੀ ਕੋਲ ਜਾ ਖੜ੍ਹੀ ਹਾਂ। ਕਿਆਰੀ ਦੇ ਆਸ-ਪਾਸ ਬਹੁਤ ਸਾਰੇ ਪੰਛੀਆਂ ਦੇ ਟੁੱਟੇ ਖੰਭ ਖਿੱਲਰੇ ਪਏ ਹਨ। ਮੈਂ ਟੁੱਟੇ ਖੰਭਾਂ ਵੱਲ ਵੇਖਣ ਲੱਗੀ ਹਾਂ। ਮੇਰੀ ਨਜ਼ਰ ਮੋਰ ਦੇ ਟੁੱਟੇ ਖੰਭ 'ਤੇ ਜਾ ਪਈ ਹੈ। ਮੈਂ ਖਾਲ਼ੀ ਅਸਮਾਨ ਵੱਲ ਵੇਖਣ ਲੱਗੀ ਹਾਂ।

ਆਲੇ-ਦੁਆਲੇ ਹਨੇਰਾ ਸੰਘਣਾ ਹੋ ਰਿਹਾ ਹੈ। ਹਨੇਰੇ ਵਿੱਚ ਕਿਸੇ ਪਰਛਾਂਵੇ ਦੇ ਤੁਰਨ ਦਾ ਅਹਿਸਾਸ ਹੋ ਰਿਹਾ ਹੈ। ਲਟਕ ਰਹੇ ਪਿੰਜਰੇ ਵਿਚੋਂ ਕੋਈ ਆਵਾਜਾਂ ਮਾਰ ਰਿਹਾ ਹੈ। ਮੈਂ ਪਿੰਜਰੇ ਵੱਲ ਵੇਖਿਆ ਹੈ। ਪਿੰਜਰਾ ਲਾਹ ਕੇ ਹੇਠਾਂ ਰੱਖ ਦਿੱਤਾ ਹੈ। ਉਸ ਦੀ ਥਾਂ ਲੈਂਪ ਟੰਗ ਦਿੱਤਾ ਹੈ। ਲੈਂਪ ਦੀ ਰੋਸ਼ਨੀ ਮੇਰੇ ਚਿਹਰੇ ਉੱਤੇ ਪੈਣ ਲੱਗੀ ਹੈ। ਮੈਂ ਕਦੇ ਅੱਗੇ ਵਧ ਰਹੀ ਰੋਸ਼ਨੀ ਵੱਲ ਤੇ ਕਦੇ ਪਿੱਛੇ ਹਨੇਰੇ ਵੱਲ ਵੇਖ ਰਹੀ ਹਾਂ। ਉਨੀਂਦੀਆਂ ਅੱਖਾਂ ਨਾਲ ਬਾਹਰਲੇ ਗੇਟ ਵੱਲ ਤੁਰ ਪਈ ਹਾਂ। ਹਨੇਰੇ ਵਿਚਲਾ ਪਰਛਾਵਾਂ ਮੇਰੇ ਨਾਲ-ਨਾਲ ਤੁਰ ਰਿਹਾ ਹੈ। ਮੈਂ ਗੇਟ ਨੂੰ ਖੋਹਲਣ ਲਈ ਹੱਥ ਵਧਾਇਆ ਹੈ। ਹਨੇਰੇ ਵਿਚੋਂ ਨਿਕਲ ਕੇ ਜੀਨੀ ਦਾ ਪਰਛਾਵਾਂ ਬਾਹਰ ਆ ਗਿਆ ਹੈ। ਮੈਂ ਉਸ ਵੱਲ ਹੈਰਾਨੀ ਨਾਲ ਵੇਖਣ ਲੱਗੀ ਹਾਂ। ਉਸਨੇ ਮੇਰੇ ਮੋਢੇ ਉੱਤੇ ਹੱਥ ਰੱਖਦਿਆਂ ਪੁੱਛਿਆ ਹੈ, ''ਕੀ ਗੱਲ ਕਰਮ! ਗੇਟ ਖੋਲ੍ਹਿਆ! ਕਿਸੇ ਨੇ ਆਉਣਾ...?''
''ਹਾਂ!...ਉਸ ਨੇ ਆਉਣਾ ਏ।'' ਮੈਂ ਖਿੱਲਰੇ ਪਏ ਟੁੱਟੇ ਖੰਭਾਂ ਵੱਲ ਵੇਖ ਡਾਕਟਰ ਕਾਫ਼ਿਰ ਨੂੰ ਫ਼ੋਨ ਮਿਲਾਉਣ ਲੱਗੀ ਹਾਂ
ਜੀਨੀ ਨੇ ਟੁੱਟੇ ਖੰਭਾਂ ਵਿਚੋਂ ਮੋਰ ਦਾ ਖੰਭ ਚੁੱਕ ਕੇ ਮੇਰੇ ਹੱਥ ਵਿੱਚ ਫੜਾ ਦਿੱਤਾ ਹੈ।

(ਰਾਹੀਂ: ਮੁਹੰਮਦ ਆਸਿਫ਼ ਰਜ਼ਾ 'ਮਾਂ ਬੋਲੀ ਰੀਸਰਚ ਸੈਂਟਰ ਲਾਹੌਰ')

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਹਰਜੀਤ ਕੌਰ ਵਿਰਕ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ