Use Karke (Punjabi Story) : Kulwant Singh Virk

ਉਸੇ ਕਰਕੇ (ਕਹਾਣੀ) : ਕੁਲਵੰਤ ਸਿੰਘ ਵਿਰਕ

‘‘ਇਹ ਪਸਤੌਲ ਜਨਾਬ ਇਸ ਨੇ ਇਕ ਤੌਲੀਏ ਵਿਚ ਲਪੇਟ ਕੇ ਥੈਲੇ ਵਿਚ ਪਾਇਆ ਹੋਇਆ ਸੀ।’’ ਗਵਾਹ ਨੇ ਗਵਾਹੀ ਦੇਂਦੇ ਹੋਏ ਕਿਹਾ। ‘‘ਇਹ ਗੱਡੀਉਂ ਉਤਰ ਕੇ ਆ ਰਿਹਾ ਸੀ। ਥਾਣੇਦਾਰ ਸਾਹਿਬ ਨੇ ਵਾਜ ਮਾਰ ਕੇ ਇਸ ਦੀ ਤਲਾਸ਼ੀ ਲਈ ਤੇ ਵਿਚੋਂ ਪਸਤੌਲ ਨਿਕਲ ਆਇਆ।’’

‘‘ਜਿਸ ਤੋਲੀਏ ਵਿਚ ਇਹ ਪਸਤੌਲ ਲਪੇਟਿਆ ਹੋਇਆ ਸੀ ਉਹ ਤੌਲੀਆ ਕਿਸ ਰੰਗ ਦਾ ਸੀ?’’ ਵਕੀਲ ਨੇ ਜ਼ਿਰ੍ਹਾ ਵਿਚ ਪੁੱਛਿਆ।
‘‘ਤੌਲੀਏ ਦਾ ਰੰਗ…ਤੌਲੀਏ ਦਾ ਰੰਗ ਚਿੱਟਾ ਸੀ।’’
‘‘ਕੱਢੋ ਜੀ ਤੌਲੀਆ’’ ਵਕੀਲ ਨੇ ਥਾਣੇਦਾਰ ਨੂੰ ਕਿਹਾ।
ਤੌਲੀਏ ਦੇ ਚਾਰ ਚੁਫ਼ੇਰੇ ਕਿਨਾਰਿਆਂ ਦੇ ਅੰਦਰ ਲਾਲ ਫੱਟੀ ਸੀ।
‘‘ਇਸ ਤੌਲੀਏ ਨੂੰ ਤੁਸੀਂ ਸਫ਼ੈਦ ਨਹੀਂ ਕਹਿ ਸਕਦੇ’’ ਵਕੀਲ ਨੇ ਨੁਕਤਾ ਫੜਿਆ।
‘‘ਸਫ਼ੈਦ ਨਹੀਂ ਤੇ ਹੋਰ ਕੀ ਏ? ਇੰਨੀ ਕੁ ਕੰਨੀਂ ਨਾਲ ਤੌਲੀਆ ਸਫ਼ੈਦ ਹੋਣੋ ਹਟ ਜਾਂਦਾ ਏ?’’
‘‘ਹਾਂ ਹਾਂ ਇਹ ਤੌਲੀਆ ਸਫ਼ੈਦ ਈ ਤੇ ਹੈ।’’ ਮੈਜਿਸਟਰੇਟ ਨੇ ਇਕ ਪਾਸੇ ਭਾਰ ਪਾ ਕੇ ਗੱਲ ਖ਼ਤਮ ਕਰ ਦਿਤੀ।
‘‘ਦੂਸਰਾ ਗਵਾਹ ਬੁਲਾਉ’’ ਉਸ ਨੇ ਫਿਰ ਕਿਹਾ।
‘‘ਨਹੀਂ ਜਨਾਬ ਇਸ ਮੁਕੱਦਮੇ ਵਿਚ ਹੋਰ ਕੋਈ ਗਵਾਹ ਨਹੀਂ ਬੁਲਾਇਆ ਹੋਇਆ। ਬੱਸ ਹੁਣ ਇਸ ਨੇ ਸਫ਼ਾਈ ਦੇਣੀ ਏ।’’
‘‘ਹੱਛਾ ਇਸ ਨੂੰ ਸਫ਼ਾਈ ਦੀ ਤਰੀਕ ਦੇ ਦਿੰਦੇ ਹਾਂ। ਦੂਸਰਾ ਮੁਕੱਦਮਾ ਸੱਦੋ।’’

ਦੂਸਰਾ ਮੁਕੱਦਮਾ ਘਰ ਵਿਚ ਕੰਮ ਕਰਨ ਵਾਲੇ ਇਕ ਨੌਕਰ ’ਤੇ ਸੀ। ਉਸ ਆਪਣੇ ਮਾਲਕ ਦੀਆਂ ਕੁਝ ਚੀਜ਼ਾਂ ਚੁਰਾ ਲਈਆਂ ਹੋਈਆਂ ਸਨ। ਉਸ ਦੀ ਸਫ਼ਾਈ ਵਿਚ ਇਕ ਕਾਲਜ ਪੜ੍ਹਿਆ ਮੁੰਡਾ ਗਵਾਹ ਆਇਆ ਹੋਇਆ ਸੀ।
‘‘ਜੀ ਇਹ ਨੌਕਰ ਤਿੰਨ ਸਾਲ ਮੇਰੇ ਭਰਾ ਸਰਦਾਰ ਬਿਕਰਮ ਸਿੰਘ ਕੋਲ ਰਿਹਾ। ਉਥੇ ਉਸ ਨੇ ਕੋਈ ਚੋਰੀ ਨਹੀਂ ਕੀਤੀ।’’ ਗਵਾਹ ਨੇ ਦਸਿਆ।
‘‘ਤੁਹਾਨੂੰ ਕਿਸ ਤਰ੍ਹਾਂ ਪਤਾ ਹੈ ਕਿ ਉਥੇ ਇਸ ਨੇ ਕੋਈ ਚੋਰੀ ਨਹੀਂ ਕੀਤੀ।’’ ਵਕੀਲ ਨੇ ਪੁਛਿਆ।
‘‘ਜੀ ਮੈਂ ਵੀ ਆਪਣੇ ਭਰਾ ਕੋਲ ਹੀ ਰਹਿੰਦਾ ਸਾਂ।’’
‘‘ਤੁਹਾਡੇ ਭਰਾ ਜੀ ਇਸ ਵੇਲੇ ਜੀਊਂਦੇ ਨੇ?’’ ਮੈਜਿਸਟਰੇਟ ਨੇ ਸਵਾਲ ਕੀਤਾ।
‘‘ਜੀ ਰੋਜ਼ ਤੇ ਤੁਹਾਨੂੰ ਮਿਲਦੇ ਨੇ। ਤੁਸੀਂ ਜਾਣਦੇ ਨਹੀਂ ਸਰਦਾਰ ਬਿਕਰਮ ਸਿੰਘ ਹੁਰਾਂ ਨੂੰ?’’
‘‘ਹਾਂ ਜਾਣਦਾ ਹਾਂ। ਬਿਕਰਮ ਸਿੰਘ ਮੇਰਾ ਦੋਸਤ ਹੈ। ਮਿਲਦਾ ਵੀ ਰੋਜ਼ ਹੈ। ਪਰ ਇਸ ਵੇਲੇ ਗਵਾਹੀ ਤੁਸੀਂ ਦੇ ਰਹੇ ਹੋ, ਮੈਂ ਨਹੀਂ। ਜਿੰਨਾ ਚਿਰ ਇਹ ਗੱਲ ਤੁਹਾਡੇ ਮੂੰਹੋਂ ਨਾ ਨਿਕਲੇ ਮੈਂ ਆਪਣੇ ਕੋਲੋਂ ਕਿਸ ਤਰ੍ਹਾਂ ਲਿਖ ਸਕਦਾ ਹਾਂ। ਭਾਵੇਂ ਮੈਨੂੰ ਪੱਕਾ ਪਤਾ ਹੀ ਹੋਵੇ। ਇਸ ਲਈ ਤੁਸੀਂ ਮੇਰੇ ਸਵਾਲ ਦਾ ਜਵਾਬ ਦਿਓ।’’
‘‘ਹਾਂ ਜੀ ਜੀਉਂਦੇ ਨੇ।’’

ਤੇ ਇਸ ਤਰ੍ਹਾਂ ਗਵਾਹ ਤੇ ਗਵਾਹ ਤੇ ਮੁਕੱਦਮੇ ਤੇ ਮੁਕੱਦਮਾ ਪੇਸ਼ ਹੁੰਦਾ ਰਹਿੰਦਾ। ਕਦੀ ਨਾਜਾਇਜ਼ ਹਥਿਆਰ ਦਾ, ਕਦੀ ਨਾਜਾਇਜ਼ ਸ਼ਰਾਬ ਦਾ, ਕਦੀ ਚੋਰੀ ਦਾ, ਕਦੀ ਝੂਠੇ ਸਿੱਕੇ ਬਣਾਨ ਦਾ, ਕਦੀ ਕਿਸੇ ਦਾ ਸਤਿ ਭੰਗ ਕਰਨ ਦਾ ਤੇ ਕਦੀ ਕਤਲ ਕਰਨ ਦਾ, ਸ: ਹਰਵੰਤ ਸਿੰਘ ਮੈਜਿਸਟਰੇਟ ਦਫ਼ਾ 30 ਬੈਠੇ ਫ਼ੈਸਲੇ ਕਰਦੇ ਰਹਿੰਦੇ। ‘ਫਿਰ ਕੀ ਹੋਇਆ? ਫਿਰ ਕੀ ਹੋਇਆ?’ ਪੁਛਦੇ ਰਹਿੰਦੇ। ਤੇ ਸ਼ਾਮ ਨੂੰ ਪੰਜ ਵਜੇ ਅੱਕੇ ਹੋਏ, ਥੱਕੇ ਹੋਏ, ਮਿੱਧੇ ਹੋਏ ਘਰ ਮੁੜ ਆਉਂਦੇ।

ਹੁਣ ਦੀ ਇਹ ਹਾਲਤ ਉਸ ਹਾਲਤ ਤੋਂ ਕਿੰਨੀ ਵੱਖਰੀ ਸੀ, ਜਦੋਂ ਮੁਕਾਬਲੇ ਦੇ ਇਮਤਿਹਾਨ ਪਿਛੋਂ ਉਹ ਸਿੱਧਾ ਡਿਪਟੀ ਬਣ ਗਿਆ ਸੀ। ਸਾਰੇ ਪੰਜਾਬ ਵਿਚ ਜਿਥੇ ਕਰੋੜਾਂ ਬੰਦੇ ਵਸਦੇ ਸਨ, ਸਾਲ ਪਿਛੋਂ ਮਸਾਂ ਪੰਜ ਸੱਤ ਬੰਦਿਆਂ ਦੀ ਕਿਸਮਤ ਵਿਚ ਹੀ ਇਹ ਚੀਜ਼ ਆਉਂਦੀ ਸੀ। ਓਦੋਂ ਉਸ ਨੂੰ ਆਪਣੀ ਬੁੱਧੀ, ਆਪਣੀ ਚਤੁਰਾਈ ਤੇ ਕਿੰਨਾ ਮਾਣ ਸੀ। ਬਾਕੀ ਖ਼ਲਕਤ ਉਸ ਨੂੰ ਇਸ ਤਰ੍ਹਾਂ ਲਗਦੀ; ਜਿਵੇਂ ਉਹ ਕਾਵਾਂ ਕਬੂਤਰਾਂ ਦੇ ਸੁਹਣੇ ਸੁਹਣੇ ਬੱਚੇ ਹੁੰਦੇ ਹਨ ਤੇ ਸਿਰਫ਼ ਉਹ ਇਕੱਲਾ ਹੀ ਆਦਮੀ ਸੀ। ਉਹ ਆਪ ਕੁਝ ਕਹੀ ਜਾਏ, ਕੁਝ ਕਰੀ ਜਾਏ ਉਸ ਨੂੰ ਉਹ ਠੀਕ ਜਾਪਦਾ। ਕਿਸੇ ਦੀ ਆਲੋਚਨਾ ਦਾ ਉਸ ਨੂੰ ਡਰ ਨਹੀਂ ਸੀ। ਉਸ ਦੇ ਪਿਉ ਦਾ ਤੇ ਪੈਰ ਭੋਇੰ ਤੇ ਨਹੀਂ ਸੀ ਆਉਂਦਾ। ਉਸ ਨੂੰ ਤੇ ਖ਼ੈਰ ਅਜੇ ਵੀ ਉਸ ਤਰ੍ਹਾਂ ਹੀ ਸੀ। ਸਿਫ਼ਾਰਸ਼ਾਂ ਕਰਾਉਣ ਵਾਲੇ ਉਸ ਦੀਆਂ ਬਰੂਹਾਂ ਪੁਟ ਛਡਦੇ। ਕਿਸੇ ਨੂੰ ਉਹ ਨਾਂਹ ਕਰ ਦੇਂਦਾ, ਕਿਸੇ ਨੂੰ ਚਿੱਠੀ ਦੇ ਦੇਂਦਾ ਤੇ ਕਿਸੇ ਦੇ ਆਪ ਨਾਲ ਤੁਰ ਪੈਂਦਾ। ਉਸ ਦੇ ਪਿੰਡ ਦੇ ਦਵਾਲੇ ਮੀਲਾਂ ਦੇ ਮੀਲ ਉਸ ਦੇ ਮੈਜਿਸਟਰੇਟ ਪੁੱਤਰ ਦੇ ਰੁਹਬ ਦੀ ਛਾਂ ਹੋਈ ਰਹਿੰਦੀ, ਜਿਸ ਦੇ ਹੇਠ ਉਹ ਮੌਜਾਂ ਮਾਣਦਾ। ਆਲੇ ਦੁਆਲੇ ਦੇ ਪਿੰਡਾਂ ਵਿਚ ਉਸ ਦੇ ਤੋਲ ਦਾ ਕੋਈ ਬੰਦਾ ਨਹੀਂ ਸੀ।

ਹਰਵੰਤ ਸਿੰਘ ਵੀ ਜਾਣਦਾ ਸੀ ਕਿ ਜਿਸ ਜ਼ਿਲ੍ਹੇ ਵਿਚ ਉਹ ਲਗਾ ਹੋਇਆ ਹੋਵੇ, ਉਸ ਵਿਚ ਉਸ ਦਾ ਬੜਾ ਰੋਹਬ ਹੁੰਦਾ ਹੈ, ਉਸ ਦੇ ਘਰ ਆਉਣ ਵਾਲੇ ਪ੍ਰਾਹੁਣਿਆਂ ਨੂੰ ਮੋਟਰਾਂ ਵਾਲੇ ਆ ਕੇ ਉਸ ਦੀ ਕੋਠੀ ਛੱਡ ਜਾਂਦੇ। ਵਿਆਹਾਂ ਤੇ ਪਾਰਟੀਆਂ ਤੇ ਲੋਕ ਉਸ ਦੇ ਆਉਣ ਲਈ ਤਰਲੇ ਕਰਦੇ, ਸਾਰੇ ਕੰਮ ਉਸ ਦੇ ਸੁਨੇਹਿਆਂ ਨਾਲ ਹੀ ਹੋ ਜਾਂਦੇ। ਪਰ ਇਹ ਸਾਰਾ ਕੁਝ ਤੇ ਹੁਣ ਰੋਜ਼ ਦੀ ਗੱਲ ਹੋ ਗਈ ਹੋਈ ਸੀ।

ਤੇ ਫੇਰ ਇਕ ਨਵੀਂ ਗੱਲ ਹੋਈ। ਹਰਵੰਤ ਦੇ ਜੀਵਨ ਵਿਚ ਇਕ ਨਵੀਂ ਚੀਜ਼ ਆਈ-ਉਹ ਸੀ ਰਮਿੰਦਰ। ਹਵਾ ਵਿਚ ਕੰਬਦੇ ਹਿਲਦੇ ਰੇਸ਼ਮ ਵਿਚ ਲਪੇਟੀ ਹੋਈ, ਕਦੀ ਨੰਗੀ ਅੱਖੀਂ ਤੇ ਕਦੀ ਗਾਗਲਜ਼ ਲਾ ਕੇ ਫਿਰਨ ਵਾਲੀ ਰਮਿੰਦਰ ਉਸ ਦੇ ਜੀਵਨ ਵਿਚ ਆਈ ਅਤੇ ਉਸ ਨੂੰ ਇਕ ਨਵਾਂ ਜੀਵਨ ਦੇ ਦਿਤਾ। ਉਹ ਉਸ ਦੇ ਕੋਲ ਖੜੀ ਰਹਿੰਦੀ ਲੇਲੇ ਵਾਂਗ। ਹਰਵੰਤ ਨੇ ਕਦੀ ਉਸ ਨੂੰ ਹੱਥ ਨਹੀਂ ਲਾਇਆ ਸੀ। ਉਹ ਦੂਰ ਖੜੀ ਹੀ ਉਸ ਨੂੰ ਖੇੜਾ ਦੇਂਦੀ ਰਹਿੰਦੀ ਜਿਵੇਂ ਸ਼ਹਿਰ ਤੋਂ ਬਾਹਰ ਲਗੇ ਹੋਏ ਬਿਜਲੀ ਦੇ ਇੰਜਣਾਂ ਤੋਂ ਸ਼ਹਿਰ ਜਗਮਗ ਕਰ ਉਠਦੇ ਹਨ। ਉਸ ਦੇ ਪੈਰ ਧਰਨ ਨਾਲ ਹਰਵੰਤ ਦੇ ਘਰ ਦੀ ਹਰ ਸ਼ੈ ਅਰਥ ਭਰਪੂਰ ਹੋ ਜਾਂਦੀ। ਉਸ ਦਾ ਕਮਰਾ, ਦਰੀ, ਗ਼ਲੀਚਾ, ਸੋਫ਼ਾਸੈੱਟ, ਫੂਲਦਾਨ ਸਭ ਕੰਮ ਦੀਆਂ ਚੀਜ਼ਾਂ ਲਗਦੀਆਂ। ਇਹ ਰਮਿੰਦਰ ਨੂੰ ਜੀ ਆਇਆਂ ਆਖਣ ਵਿਚ ਉਸ ਦਾ ਹੱਥ ਵਟਾ ਰਹੀਆਂ ਹੁੰਦੀਆਂ। ਸਾਰਾ ਦਿਨ ਬੇਤੁਕੀ ਜਿਹੀ ਖੁਸ਼ੀ ਉਸ ਦੇ ਮਨ ਵਿਚੋਂ ਉਛਲ ਉਛਲ ਪੈਂਦੀ ਰਹਿੰਦੀ। ‘‘ਮੇਰੇ ਕੋਲੋਂ ਬੇਸ਼ਕ ਬਾਲਟੀਆਂ ਭਰ ਲਿਜਾਣ।’’ ਉਹ ਮਨ ਵਿਚ ਕਹਿੰਦਾ ‘‘ਮੇਰੇ ਕੋਲੋਂ ਬੇਸ਼ਕ ਬਾਲਟੀਆਂ ਭਰ ਲਿਜਾਣ।’’ ਉਸ ਦਾ ਸਰੀਰ ਖ਼ੁਸ਼ੀ ਵਿਚ ਗੜੁੱਚ ਇਕ ਵਡਾ ਸਪੰਜ ਸੀ, ਜਿਸ ਨੂੰ ਕਿਤੇ ਹੱਥ ਲਾਇਆਂ, ਕਿਤੋਂ ਟੋਹਿਆਂ ਖੇੜਾ ਫੁਟ ਫੁਟ ਕੇ ਬਾਹਰ ਨਿਕਲਦਾ। ਇਸ ਤਰ੍ਹਾਂ ਲਗਦਾ ਸੀ, ਜਿਵੇਂ ਉਸ ਦੀ ਖੱਲ ਦੇ ਅੰਦਰ ਹੱਡੀਆਂ ਤੇ ਮਾਸ ਮਿਲਗੋਭਾ ਹੋ ਕੇ ਸੁੱਧਾ ਅਨੰਦ ਬਣ ਗਏ ਸਨ। ਉਹ ਉਸ ਦੀਆਂ ਕਿੰਨੀਆਂ ਲੋੜਾਂ ਪੂਰੀਆਂ ਕਰਦੀ ਸੀ। ‘‘ਜੇ ਰੱਬ ਨੇ ਉਸ ਨੂੰ ਬਣਾਇਆ ਸੀ’’, ਹਰਵੰਤ ਸੋਚਦਾ, ‘‘ਤਾਂ ਫਿਰ ਹੋਰ ਇੰਨਾ ਕੁਝ ਬਣਾਨ ਦਾ ਕੀ ਫ਼ਾਇਦਾ? ਜੇ ਉਹ ਸੀ ਤਾਂ ਸ਼ਰਾਬ ਬਣਾਨ ਦੀ ਕੀ ਲੋੜ ਸੀ? ਤੇ ਫਿਰ ਧਰਮ ਕਿਉਂ ਬਣਾਇਆ? ਕਾਨੂੰਨ ਕਿਉਂ ਬਣਾਇਆ? ਇਹਨਾਂ ਦੋਹਾਂ ਦੀ ਪ੍ਰੇਰਨਾ ਤੋਂ ਬਿਨਾਂ ਇਸ ਕੁੜੀ ਦੇ ਹੁੰਦਿਆਂ ਮੈਂ ਆਪਣੇ ਆਪ ਹਰ ਇਕ ਦਾ ਭਲਾ ਚਾਹੁੰਦਾ ਹਾਂ, ਕਿਸੇ ਦਾ ਨੁਕਸਾਨ ਨਹੀਂ ਕਰ ਸਕਦਾ, ਬੁਰਾ ਨਹੀਂ ਕਰ ਸਕਦਾ।’’

ਤੇ ਫਿਰ ਇਕ ਦਿਨ ਉਸ ਨੂੰ ਉਸ ਦੇ ਇਕ ਦੋਸਤ ਨੇ ਦਿੱਲੀ ਆਪਣੀ ਧੀ ਦੇ ਵਿਆਹ ਤੇ ਸੱਦਿਆ। ਹਰਵੰਤ ਸਿੰਘ ਮੈਜਿਸਟਰੇਟ ਦਫ਼ਾ 30, ਜਿਸ ਤੋਂ ਬਿਨਾਂ ਉਸ ਦੇ ਆਪਣੇ ਜ਼ਿਲੇ ਵਿਚ ਕੋਈ ਪਾਰਟੀ ਸੋਭਦੀ ਨਹੀਂ ਸੀ, ਦਿੱਲੀ ਅੱਪੜ ਕੇ ਕੋਈ ਬਹੁਤ ਵੱਡਾ ਆਦਮੀ ਨਹੀਂ ਰਿਹਾ ਸੀ। ਉਹ ਜਾਣਦਾ ਸੀ, ਕਿ ਜਿੰਨੇ ਲੋਕ ਹੋਰ ਆ ਕੇ ਬੈਠ ਰਹੇ ਸਨ ਉਹਨਾਂ ਵਿਚੋਂ ਕਈ ਬਹੁਤ ਵਡੇ ਅਫ਼ਸਰ ਨੇ। ਹਰਵੰਤ ਤੋਂ ਬਹੁਤੀ ਤਨਖ਼ਾਹ ਲੈਂਦੇ ਸਨ ਤੇ ਵਧੇਰੇ ਅਖ਼ਤਿਆਰਾਂ ਵਾਲੇ ਸਨ। ਇਹੋ ਜੇਹੇ ਲੋਕ ਆਉਂਦੇ ਗਏ ਤੇ ਬੈਠਦੇ ਗਏ ਤੇ ਅਖ਼ੀਰ ਉਥੇ ਅਫ਼ਸਰਾਂ ਦਾ ਕੋਈ ਅੰਤ ਹੀ ਨਾ ਰਿਹਾ। ਹਮੇਸ਼ਾਂ ਚੌਧਰੀ ਬਣ ਕੇ ਬੈਠਣ ਵਾਲੇ ਹਰਵੰਤ ਲਈ, ਇਹ ਆਲਾ ਦੁਆਲਾ ਕੁਝ ਸਾਹ ਘੁੱਟਵਾਂ ਸੀ। ਉਹਨਾਂ ਸਾਰਿਆਂ ਨੇ ਉਸ ਵਾਂਗ ਕੋਟ ਪਤਲੂਨਾਂ ਪਾਈਆਂ ਹੋਈਆਂ ਸਨ। ਉਸ ਵਾਂਗ ਉਹ ਸਾਰੇ ਹੀ ਅਫ਼ਸਰ ਸਨ। ਸਾਰਿਆਂ ਨੇ ਟਾਈਆਂ ਕਾਲਰ ਲਾਏ ਹੋਏ ਸਨ। ਸਾਰੇ ਅਖ਼ਤਿਆਰਾਂ ਵਾਲੇ ਸਨ, ਇਹ ਅਫ਼ਸਰਾਂ ਦੀਆਂ ਪੰਡਾਂ। ਫਿਰ ਉਸ ਵਿਚ ਕੀ ਖ਼ਾਸ ਸਿਫ਼ਤ ਸੀ, ਕੀ ਵਾਧਾ ਸੀ। ਆਪਣੀ ਤੁੱਛਤਾ ਉਤੇ ਉਸ ਨੂੰ ਦੁੱਖ ਹੋਣ ਲਗਾ। ਨਿੱਕੇ ਹੁੰਦਿਆਂ ਸਾਵਣ ਭਾਦਰੋਂ ਵਿਚ ਜਵਾਰ ਵੱਢਦਿਆਂ ਕਿਤੇ ਕਿਤੇ ਭੰਗੂ ਕੁਤਿਆਂ ਦਾ ਢੇਰ ਆ ਜਾਂਦਾ। ਇਹ ਕੀੜੇ ਸੈਂਕੜਿਆਂ ਦੀ ਗਿਣਤੀ ਵਿਚ ਇਕੱਠੇ ਹੇਠ ਉਤੇ ਪਏ ਰਹਿੰਦੇ। ਕਦੀ ਇਹਨਾਂ ਦਾ ਤੁਰਨ ਨੂੰ ਜੀ ਕਰਦਾ ਤਾਂ ਢੇਰ ਦੇ ਉਤੋਂ ਦੀ ਹੁੰਦੇ ਹੋਏ ਫਿਰ ਇਸ ਦੇ ਹੇਠਾਂ ਨੂੰ ਸਰਕ ਜਾਂਦੇ ਇਹ ਕੀੜੇ, ਉਹ ਸੋਚਦਾ, ਜਿਨ੍ਹਾਂ ਦਾ ਨਾ ਮੂੰਹ, ਨਾ ਅੱਖਾਂ, ਨਾ ਦਿਮਾਗ਼, ਇਹ ਜੀਊ ਕੇ ਕੀ ਕਰਦੇ ਸਨ? ਇਸ ਤਰ੍ਹਾਂ ਇਕ ਢੇਰ ਵਿਚ ਹੌਲੇ ਹੌਲੇ ਸਰਕਦੇ ਰਹਿਣ ਦਾ ਇਹਨਾਂ ਨੂੰ ਕੀ ਸਵਾਦ ਆਉਂਦਾ ਸੀ? ਇਹਨਾਂ ਨੂੰ ਪੈਦਾ ਕਰਨ ਦਾ ਕੀ ਅਰਥ?

ਤੇ ਫਿਰ ਦਿੱਲੀ ਦੇ ਅਫ਼ਸਰਾਂ ਵਿਚ ਬੈਠਿਆਂ ਉਸ ਨੂੰ ਇਸ ਤਰ੍ਹਾਂ ਲਗਾ, ਜਿਵੇਂ ਉਹ ਵੀ ਇਕ ਭੰਗੂ ਕੁੱਤਾ ਸੀ। ਇੰਨੇ ਹੋਰ ਭੰਗੂ ਕੁੱਤਿਆਂ ਦੇ ਵਿਚਕਾਰ ਇਕ ਭੰਗੂ ਕੁੱਤੇ ਦੀ ਹੋਂਦ ਦੀ ਫ਼ਰਕ ਪਾਂਦੀ ਸੀ? ਆਖ਼ਰ ਇਹਨਾਂ ਵਿਚੋਂ ਕਿਸੇ ਨਾਲੋਂ ਉਸ ਦਾ ਕੀ ਵਧ ਸੀ। ਸਾਰਿਆਂ ਨੇ ਮੂੰਹ ਚੋਪੜੇ ਹੋਏ ਸਨ, ਸਾਰਿਆਂ ਨੇ ਚੰਗੇ ਕਪੜੇ ਪਾਏ ਹੋਏ ਸਨ। ਸਾਰੇ ਹੀ ਪੜ੍ਹੇ ਹੋਏ ਸਨ। ਸਾਰਿਆਂ ਦਾ ਕੁਝ ਨਾ ਕੁਝ ਅਖ਼ਤਿਆਰ ਸੀ। ਇਹ ਖ਼ਿਆਲ ਇਕ ਤਰ੍ਹਾਂ ਉਸ ਨੂੰ ਮਿਧੀ ਜਾ ਰਹੇ ਸਨ। ਉਸ ਦੀ ਹੋਂਦ ਨੂੰ ਮਿਟਾ ਰਹੇ ਸਨ, ਜਿਸ ਹੋਂਦ ਦਾ ਆਮ ਲੋਕਾਂ ਦੀ ਭੀੜ ਵਿਚ ਗੁਆਚ ਜਾਣ ਦਾ ਡਰ ਹਰ ਆਦਮੀ ਨੂੰ ਹਰ ਵੇਲੇ ਲਗਾ ਰਹਿੰਦਾ ਹੈ।

ਤੇ ਫਿਰ ਇਹਨਾਂ ਖ਼ਿਆਲਾਂ ਨੇ ਇਹ ਝਟਕਾ ਖਾਧਾ। ਉਸ ਦੇ ਮਨ ਦਾ ਹੁਣ ਇਹ ਖਾਸਾ ਬਣ ਚੁਕਿਆ ਸੀ ਕਿ ਕੋਈ ਖ਼ਿਆਲ ਬਹੁਤ ਦੇਰ ਲਈ ਇਕ ਸਾਰ ਉਸ ਦੇ ਮਨ ਤੇ ਛਾਇਆ ਨਹੀਂ ਰਹਿ ਸਕਦਾ ਸੀ, ਕਿਉਂਕਿ ਉਹ ਝਟ ਝਟ ਰਮਿੰਦਰ ਦੀ ਹੋਂਦ ਨੂੰ ਆਪਣੇ ਨੇੜੇ ਮਹਿਸੂਸਦਾ ਰਹਿੰਦਾ। ਜਿਸ ਤਰ੍ਹਾਂ ਧਰਤੀ ਕਦੀ ਸੂਰਜ ਦੇ ਨਿੱਘ ਤੋਂ ਬਹੁਤੀ ਦੇਰ ਵਾਂਝੀ ਨਹੀਂ ਰਹਿੰਦੀ, ਇਸੇ ਤਰ੍ਹਾਂ ਉਸ ਦਾ ਮਨ ਵੀ ਕਦੀ ਰਮਿੰਦਰ ਦੇ ਖ਼ਿਆਲ ਤੋਂ ਵਧੇਰੇ ਚਿਰ ਲਈ ਸੱਖਣਾ ਨਾ ਹੁੰਦਾ। ਹੁਣ ਵੀ ਉਹ, ਹਵਾ ਨਾਲੋਂ ਹੌਲੀ, ਸਾਹਮਣੇ ਹਵਾ ਵਿਚ ਲਟਕੀ ਹੋਈ ਉਸ ਨੂੰ ਵਿਸ਼ਵਾਸ ਦਵਾ ਰਹੀ ਹੀ, ‘‘ਮੈਂ ਤੇਰੀ ਹਾਂ, ਮੈ ਤੇਰੀ ਹਾਂ।’’ ਤੇ ਉਸ ਨੂੰ ਇਸ ਤਰ੍ਹਾਂ ਲਗਾ, ਜਿਵੇਂ ਕਿਸੇ ਸਵੰਬਰ ਵਿਚ ਰਾਜਕੁਮਾਰੀ ਨੇ ਉਸ ਦੇ ਗਲ ਵਿਚ ਹਾਰ ਪਾ ਦਿਤਾ ਹੋਵੇ। ਹੋਰ ਲੋਕਾਂ ਵਿਚ ਗੁਆਚ ਜਾਣ ਦਾ ਉਸ ਦਾ ਡਰ ਇਕ ਦਮ ਮੁੱਕ ਗਿਆ, ਜਿਵੇਂ ਮੋਢਿਆਂ ਤੇ ਚੜ੍ਹ ਕੇ ਜਲੂਸ ਕਢਵਾ ਰਹੇ ਕਿਸੇ ਆਦਮੀ ਨੂੰ ਇਹ ਡਰ ਨਹੀਂ ਹੁੰਦਾ ਕਿ ਉਹ ਗੁਆਚ ਜਾਏਗਾ, ਹੇਠਾਂ ਰਹਿ ਜਾਏਗਾ। ਰਮਿੰਦਰ ਦਾ ਸਰੀਰ ਹਰਵੰਤ ਦੇ ਸਰੀਰ ਵਿਚ ਜਜ਼ਬ ਹੋ ਕੇ ਉਸ ਨੂੰ ਵੱਡਾ ਕਰ ਕੇ ਦੱਸ ਰਿਹਾ ਸੀ। ਉਸ ਦੀ ਹੋਂਦ ਤੇ ਬਿਲਕੁਲ ਸਪੱਸ਼ਟ ਸੀ, ਨਿਖਰੀ ਹੋਈ ਸੀ, ਦੂਸਰਿਆਂ ਤੋਂ ਉਚੇਰੀ ਸੀ, ਉਸੇ ਕਰ ਕੇ। ਹੋਰ ਕਿਸੇ ਦਾ ਉਸ ਨਾਲ ਕੀ ਮੁਕਾਬਲਾ, ਹੋਰ ਕੋਈ ਕਿਸ ਤਰ੍ਹਾਂ ਉਸ ਦੇ ਨੇੜੇ ਖਲੋ ਸਕਦਾ ਸੀ।

ਦਿੱਲੀਉਂ ਆ ਕੇ ਇਕ ਦਿਨ ਸਵੇਰੇ ਸਵੇਰੇ ਹਰਵੰਤ ਨੂੰ ਆਪਣੇ ਸਟੈਨੋ ਦੀ ਲੋੜ ਪਈ। ਉਸ ਨੂੰ ਘਰੋਂ ਸਦ ਲਿਆਉਣ ਲਈ ਉਸ ਨੇ ਆਪਣਾ ਚਪੜਾਸੀ ਭੇਜਿਆ। ਅਗੇ ਵੀ ਕਈ ਵਾਰੀ ਇਸ ਤਰ੍ਹਾਂ ਹੋਇਆ ਸੀ ਤੇ ਚਪੜਾਸੀ ਝਟ ਸਟੈਨੋ ਨੂੰ ਲੈ ਕੇ ਜਾਂਦਾ। ਪਰ ਇਸ ਵਾਰੀ ਚਪੜਾਸੀ ਖ਼ਾਲੀ ਹੀ ਆ ਗਿਆ। ਉਸ ਆ ਕੇ ਦਸਿਆ ਕਿ ਸਟੈਨੋ ਕਹਿੰਦਾ ਹੈ ਕਿ ਮੈਂ ਇਕ ਘੰਟੇ ਤਕ ਆਵਾਂਗਾ।

ਇਸ ਗੱਲ ਦੀ ਹਰਵੰਤ ਨੂੰ ਬੜੀ ਹੈਰਾਨੀ ਹੋਈ। ਸਰਕਾਰੀ ਨੌਕਰ ਚਵ੍ਹੀ ਘੰਟ ਦਾ ਨੌਕਰ ਹੁੰਦਾ ਹੈ। ਉਸ ਨੂੰ ਅਫ਼ਸਰ ਸਰਕਾਰੀ ਕੰਮ ਲਈ ਕਿਸੇ ਵੇਲੇ ਵੀ ਸੱਦ ਸਕਦਾ ਹੈ। ਤੇ ਉਸ ਦਾ ਨਾ ਆਉਣਾ ਜੁਰਮ ਹੈ। ਹਰਵੰਤ ਸੋਚਣ ਲਗ ਪਿਆ ਕਿ ਉਹ ਸਟੈਨੋ ਨੂੰ ਕੀ ਸਜ਼ਾ ਦੇਵੇਗਾ। ਉਹ ਕੁਝ ਸਾਲਾਂ ਲਈ ਉਸ ਦੀ ਤਨਖ਼ਾਹ ਦੀ ਤਰੱਕੀ ਬੰਦ ਕਰ ਸਕਦਾ ਸੀ। ਤਨਖ਼ਾਹ ਦੀ ਤਰੱਕੀ ਬੰਦ ਹੋਣ ਦਾ ਉਸ ਦੀ ਨੌਕਰੀ ਦੀ ਤਰੱਕੀ ਤੇ ਸਿੱਧਾ ਅਸਰ ਪੈਂਦਾ ਸੀ। ਛੁੱਟੀ ਵੀ ਤੇ ਅਫ਼ਸਰ ਦੀ ਮਨ ਮਰਜ਼ੀ ਦੀ ਗੱਲ ਹੈ। ਇਹਨਾਂ ਸਜ਼ਾਵਾਂ ਬਾਰੇ ਜੋ ਹੁਕਮ ਉਸ ਨੇ ਦੇਣਾ ਸੀ ਉਸ ਦਾ ਨਕਸ਼ਾ ਉਸ ਨੇ ਆਪਣੇ ਮਨ ਵਿਚ ਘੜ ਲਿਆ। ਇਹ ਉਸ ਦਾ ਪੱਕਾ ਫ਼ੈਸਲਾ ਸੀ, ਕਿ ਸਜ਼ਾਵਾਂ ਸਖ਼ਤ ਹੀ ਹੋਣੀਆਂ ਚਾਹੀਦੀਆਂ ਹਨ, ਕਿਉਂਕਿ ਮਾਤਹਿਤ ਦੇ ਇਸ ਤਰ੍ਹਾਂ ਹੁਕਮ ਮੋੜਿਆਂ ਕੰਮ ਨਹੀਂ ਚਲ ਸਕਦਾ ਸੀ। ਨਾਲੇ ਸਜ਼ਾ ਨਾ ਦੇਣ ਨਾਲ ਹਰਵੰਤ ਦਾ ਰੁਹਬ ਘਟਣ ਦਾ ਡਰ ਸੀ। ਸਟੈਨੋ ਤੇ ਦਫ਼ਤਰ ਦੇ ਹੋਰ ਆਦਮੀ ਉਸ ਨੂੰ ਕਮਜ਼ੋਰ ਸਮਝਣਗੇ।

ਮਨ ਵਿਚ ਇਹ ਫ਼ੈਸਲਾ ਕਰ ਕੇ ਹਰਵੰਤ ਨਹਾਉਣ ਲਈ ਆਪਣੇ ਨਹਾਉਣ ਕਮਰੇ ਵਿਚ ਚਲਾ ਗਿਆ। ਟੱਬ ਵਿਚ ਪਏ ਹੋਏ ਪਾਣੀ ਨੂੰ ਉਹ ਆਪਣੇ ਹੱਥ ਨਾਲ ਛਲਕਾਣ ਲਗ ਪਿਆ। ਇਸ ਅਨੋਖੇ ਜਹੇ ਰਾਗ ਨਾਲ ਉਸ ਦੇ ਖ਼ਿਆਲ ਮਿੱਠੇ ਮਿੱਠੇ ਪਾਸੇ ਟੁਰ ਪਏ। ਉਸ ਦੇ ਮਨ ਤੇ ਸਰੀਰ ਤੇ ਉਸੇ ਜਜ਼ਬੇ ਨੇ ਕਬਜ਼ਾ ਕਰ ਲਿਆ ਜਿਹੜਾ ਉਸ ਨੂੰ ਹੌਲਾ ਫੁੱਲ ਤੇ ਮਿੱਠਾ ਸ਼ਹਿਦ ਬਣਾ ਦੇਂਦਾ ਸੀ। ਉਹ ਉਪਰਲੀਆਂ ਹਵਾਵਾਂ ਵਿਚ ਉਡਣ ਲਗ ਪਿਆ। ਅੱਜ ਸਵੇਰੇ ਸਟੈਨੋ ਉਸ ਦੇ ਸੱਦਣ ਤੇ ਨਹੀਂ ਆਇਆ ਸੀ। ਸਟੈਨੋ ਕੋਈ ਅਣਜਾਣ ਤੇ ਨਹੀਂ ਸੀ, ਪੁਰਾਣਾ ਆਦਮੀ ਸੀ। ਉਹ ਹੁਣ ਤਕ ਜਾਣ ਗਿਆ ਹੋਏਗਾ ਕਿ ਨਾ ਆਉਣ ਦੀ ਕੀ ਸਜ਼ਾ ਹੋਵੇਗੀ, ਤੇ ਇਸ ਸਜ਼ਾ ਤੋਂ ਡਰ ਗਿਆ ਹੋਵੇਗਾ। ਜੇ ਭਲਾ ਹਰਵੰਤ ਉਸ ਨੂੰ ਸਜ਼ਾ ਨਾ ਦੇਵੇ ਤਾਂ ਉਹ ਕਿੰਨਾ ਖ਼ੁਸ਼ ਹੋਵੇ। ਹਰਵੰਤ ਦੇ ਰੁਹਬ ਘਟਣ ਦਾ ਤੇ ਸਵਾਲ ਹੀ ਪੈਦਾ ਨਹੀਂ ਹੁੰਦਾ ਸੀ। ਜਿਸ ਆਦਮੀ ਕੋਲ ਰਮਿੰਦਰ ਕਦੀ ਗਾਗਲਜ਼ ਲਾ ਕੇ ਤੇ ਕਦੀ ਗਾਗਲਜ਼ ਲਾਹ ਕੇ ਲੇਲੇ ਵਾਂਗ ਖੜੀ ਰਹਿੰਦੀ ਹੋਵੇ, ਉਸ ਦੇ ਰੁਹਬ ਦਾ ਕੀ ਅੰਤ ਸੀ ਤੇ ਉਹ ਸਟੈਨੋ ਦੇ ਸਜ਼ਾ ਦੇਣ ਜਾਂ ਨਾ ਦੇਣ ਨਾਲ ਕਿਸ ਤਰ੍ਹਾਂ ਵਧ ਘੱਟ ਸਕਦਾ ਸੀ। ਕੀ ਉਹ ਸਟੈਨੋ ਨਾਲ ਉਸ ਤਰ੍ਹਾਂ ਹੀ ਵਰਤਾ ਕਰੇ ਜਿਸ ਤਰ੍ਹਾਂ ਸਟੈਨੋ ਨੇ ਉਸ ਨਾਲ ਕੀਤਾ ਸੀ? ਤਾਂ ਫਿਰ ਸਟੈਨੋ ਤੇ ਉਸ ਵਿਚ ਫ਼ਰਕ ਹੀ ਕੀ ਹੋਇਆ? ਰਮਿੰਦਰ ਦੀ ਹੋਂਦ ਦਾ ਉਸ ਦੇ ਜੀਵਨ ਤੇ ਕੀ ਅਸਰ ਹੋਇਆ? ਹਰਵੰਤ ਅੱਜ ਕਲ੍ਹ ਆਮ ਬੰਦਿਆਂ ਵਰਗਾ ਬੰਦਾ ਜਾਂ ਆਮ ਮੈਜਿਸਟਰੇਟਾਂ ਵਰਗਾ ਮੈਜਿਸਟਰੇਟ ਨਹੀਂ ਸੀ। ਇਸ ਲਈ ਉਸ ਦੇ ਪ੍ਰਤੀਕਰਮ ਆਮ ਅਫ਼ਸਰਾਂ ਵਾਲੇ ਨਹੀਂ ਹੋ ਸਕਦੇ ਸਨ। ਜਿਸ ਆਦਮੀ ਦੇ ਹਿੱਸੇ ਏਨੀ ਖ਼ੁਸ਼ੀ ਆਈ ਹੋਵੇ ਉਹ ਥੋੜ੍ਹੀ ਬਹੁਤ ਤੇ ਵੰਡ ਹੀ ਸਕਦਾ ਸੀ। ਇਹ ਫ਼ੈਸਲਾ ਕਰ ਕੇ ਉਹ ਫਿਰ ਟੱਬ ਵਿਚ ਪਏ ਪਾਣੀ ਨੂੰ ਹੱਥ ਨਾਲ ਛਲਕਾਣ ਲਗ ਪਿਆ ਤੇ ਆਪਣੇ ਮਨ ਨੂੰ ਉਸੇ ਪੁਰਾਣੇ ਸਵਾਦ ਦੇ ਹਵਾਲੇ ਕਰ ਦਿਤਾ।

ਦਸ ਵਜੇ ਜਦ ਸਟੈਨੋ ਆਇਆ ਤਾਂ ਹਰਵੰਤ ਦੇ ਮਥੇ ਤੇ ਕੋਈ ਤਿਊੜੀ ਨਹੀਂ ਸੀ। ਉਸ ਦਾ ਮੂੰਹ ਵੀ ਜ਼ਰਾ ਘੁਟਿਆ ਹੋਇਆ ਨਹੀਂ ਸੀ। ਇਸ ਤਰ੍ਹਾਂ ਲਗਦਾ ਸੀ, ਜਿਵੇਂ ਕੁਝ ਹੋਇਆ ਹੀ ਨਹੀਂ ਹੁੰਦਾ।

(ਰਾਹੀਂ: ਚਰਨ ਗਿੱਲ)

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ