Vadh Vich Ik Saver (Punjabi Story) : Kartar Singh Duggal

ਵੱਢ ਵਿਚ ਇਕ ਸਵੇਰ (ਕਹਾਣੀ) : ਕਰਤਾਰ ਸਿੰਘ ਦੁੱਗਲ

ਲੇਤਰੇ ਸਾਰੀ ਰਾਤ ਲੱਗੇ ਰਹੇ। ਚੰਨ ਚਾਨਣੀ ਦੀ ਚਿਲਕੋਣ ਵਿਚ, ਜੱਟੀਆਂ ਕਣਕਵੰਨੇ ਹੱਥਾਂ ਨਾਲ ਕੜਬਾਂ ਦੀਆਂ ਗੱਡੀਆਂ ਬਣਾਈ ਜਾਂਦੀਆਂ ਤੇ ਸੁਹਾਂ ਤੋਂ ਸੱਦੇ ਹਾਲੀ ਚੁੱਕ ਚੁੱਕ ਖਲਿਆੜੇ ਵੱਲ ਨੱਸੀ ਜਾਂਦੇ। ਹਰ ਜੱਟ ਦੂਜੇ ਤੋਂ ਵਧ ਚੜ੍ਹ ਕੇ ਭਾਰ ਕਰਦਾ ਤੇ ਕਈ ਘੁਮਾਂ ਲੰਮੇ-ਚੌੜੇ ਫ਼ਸਲ ਵਿਚ ਕੰਮ ਕਰਦੀਆਂ ਪੋਠੋਹਾਰਨਾਂ ਦੀ ਹਾਸੀ ਨੂੰ ਆਪਣੀ ਵੱਲ ਖਿੱਚ ਖਿੱਚ ਦਿਲ ਹੀ ਦਿਲ ਵਿਚ ਖੁਸ਼ ਹੁੰਦਾ।
"ਲਵਿਆਂ ਲਵਿਆਂ ਹੱਥਾਂ ਨੀਆਂ ਬੱਧੀਆਂ ਗੱਡੀਆਂ ਹੌਲੀਆਂ ਫੁੱਲ ਥੀਨੀਆਂ ਨੁ, ਕਸਮੇ ਖੁਦਾ ਨੀ ਸ਼ੇਰ ਮੁਹੰਮਦਾ।"
"ਹਿਹ ਪੋਠੋਹਾਰੇ ਨਾਂ ਚੰਨ ਅਸਮਾਨੀ ਤੇ ਹਿਹ ਮੁਰਗ਼ਾਬੀਆਂ; ਥਕੇਵਾਂ ਕਿਹੜੀ ਬਲਾਈ ਨਾ ਨਾਂ ਥਿਆਂ", ਸ਼ੇਰ ਮੁਹੰਮਦ ਨੇ ਆਪਣੇ ਸਾਥੀ ਨੂੰ ਜਵਾਬ ਦਿੱਤਾ ਤੇ ਫੇਰ ਦੋਵੇਂ ਏਲੀ ਏਲੀ ਕਰਦੇ ਦੌੜ ਪਏ।
"ਹੱਥ ਬੁਆਇੰ ਭਾਵੀ", ਕਦੀ ਕਦੀ ਕੋਈ ਸੁਆਈਂ ਪੋਠੋਹਾਰਨਾਂ ਨੂੰ ਪੰਡ ਚੁਕਾਣ ਲਈ ਕਹਿੰਦਾ ਤੇ ਉਸ ਦੇ ਕਾਲੇ ਡੋਢਣੇ ਜਾਂ ਅਕੜੇ ਦੇ ਲਿਸ਼ ਲਿਸ਼ ਕਰਦੇ ਕੁਰਤੇ ਦੀ ਛੋਹ ਤੇ ਖਿੜ-ਪੁੜ ਜਾਂਦਾ।
ਕੰਮ ਕਰਦਿਆਂ ਕਰਦਿਆਂ ਸਾਰੀ ਰਾਤ ਲੰਘ ਗਈ। ਨਾ ਹੀ ਕਿਸੇ ਜੱਟ ਨੂੰ ਹੁੱਕੇ ਦਾ ਚੇਤਾ ਆਇਆ ਤੇ ਨਾ ਹੀ ਪਾਣੀ ਦੀ ਤ੍ਰੇਹ ਲੱਗੀ। ਸਾਰੇ ਦੇ ਸਾਰੇ ਪਿੰਡ ਵਿਚ ਹਲਾ ਲਗਾ ਰਿਹਾ; ਅੱਜ ਚੌਧਰੀਆਂ ਦੇ ਲੇਤਰੇ ਲੱਗੇ ਹੋਏ ਨੇ। ਜੋਸ਼ ਵਿਚ ਆ ਕੇ ਜੱਟਾਂ ਨੇ ਲਾਂਙਣਾਂ ਲਾਹ ਸੁੱਟੀਆਂ ਤੇ ਲੰਗੋਟੇ ਕੱਸ ਲਏ। ਚੰਨ ਚਾਨਣੀ ਵਿਚ ਲਿਸ਼ਕਦੇ ਸੁਆਈਆਂ ਦੇ ਕੂਲੇ ਕੂਲੇ ਪੱਟਾਂ ਤੋਂ ਨਜ਼ਰ ਪਈ ਤਿਲਕਦੀ। ਕਦੀ ਕਦੀ ਜਦੋਂ ਸਾਰੇ ਜੱਟ ਰਲ ਕੇ ਉੱਚੀਆਂ ਉੱਚੀਆਂ ਹੇਕਾਂ ਵਿਚ ਗਾਉਂਦੇ, 'ਨਾ ਮਾਰ ਮਲਿਆਰੀਏ ਮੋਇਆ ਨੂੰ', ਤਾਂ ਪੋਠੋਹਾਰਾਨਾਂ ਅੰਦਰ ਹੀ ਅੰਦਰ ਫੁੱਲਦੀਆਂ ਤੇ ਮਨ ਹੀ ਮਨ ਜਵਾਬ ਵਜੋਂ ਕਹਿੰਦੀਆਂ, 'ਇਸ਼ਕੇ ਨੇ ਪੱਟਿਆ ਹੋਇਆ ਨੂੰ ਨਾ ਮਾਰ ਮਲਿਆਰੀਏ।" ਗਾਉਂਦੇ ਗਾਉਂਦੇ ਜੱਟ ਖਲਿਆੜੇ ਵੱਲ ਗੁੰਮ ਜਾਂਦੇ, ਤੇ ਫ਼ਸਲਾਂ ਵਿਚ ਕੱਲਮੁਕੱਲੀਆਂ ਖਲੋਤੀਆਂ ਜੱਟੀਆਂ ਉਨ੍ਹਾਂ ਦੀ ਫੁਰਤੀ ਨੂੰ ਤੱਕ ਤੱਕ ਹੈਰਾਨ ਹੁੰਦੀਆਂ ਰਹਿੰਦੀਆਂ।
ਚੰਗੀ ਸਰਘੀ ਸੀ ਜਦੋਂ ਸਾਰੇ ਦਾ ਸਾਰਾ ਫ਼ਸਲ ਸਾਂਭਿਆ ਗਿਆ। ਤੇ ਇਹ ਖ਼ਬਰ ਅੱਖ ਦੇ ਫੋਰ ਵਿਚ ਸਾਰੇ ਪਿੰਡ ਵਿਚ ਫ਼ੈਲ ਗਈ। ਵੱਡੇ ਵੱਡੇ ਕੰਡਿਆਂ ਦੇ ਵਾੜਾਂ ਵਿਚ ਡੱਕੀਆਂ ਭੇਡਾਂ ਬਕਰੀਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਪਈ। ਵੱਢ ਦੀਆਂ ਗੱਲਾਂ ਕਰਦਾ ਸੁਣ, ਡੰਗਰਾ ਨੇ ਕੰਨ ਖੜ੍ਹੇ ਕਰ ਲਏ ਤੇ ਕਿੱਲੇ ਤੁੜਾਣੇ ਸ਼ੁਰੂ ਕਰ ਦਿੱਤੇ।
ਚੌਧਰੀ ਨਿਆਜ਼ ਸਵੇਰੇ ਸਵੇਰੇ ਪੈਲੀ ਵਿਚ ਆ ਖਲੋਤਾ ਤੇ ਅਜੜਾਂ ਦੇ ਅਜੜ ਮਾਲ ਦੇ ਆਉਂਦੇ ਵੇਖ ਸ਼ੁਕਰ ਭਰੀਆਂ ਨਜ਼ਰਾਂ ਨਾਲ ਅਸਮਾਨ ਵੱਲ ਤੱਕਦਾ। ਕਿਤਨਾ ਚਿਰ ਭੇਡਾਂ ਆਉਂਦੀਆਂ ਰਹੀਆਂ। ਬੱਕਰੀਆਂ ਦੀ ਮੈਂ ਮੈਂ ਤੇ ਆਜੜੀਆਂ ਦੀ ਛਿਛਛੋਹ ਨਾਲ ਕੰਨ ਖਾਧੇ ਜਾਣ ਲਗੇ। ਫੇਰ ਗਾਵਾਂ, ਮਹੀਆਂ ਤੇ ਹੋਰ ਗਰਾਂ ਦੇ ਡੰਗਰ ਵਾਰੀ ਵਾਰੀ ਸਭ ਨੱਸਦੇ ਆਏ।
"ਬਰਕਤ ਹਵੈਈ ਚੌਧਰੀ ਨਿਆਜ਼ਾ!"
ਡੰਗਰਾਂ ਨੂੰ ਵੱਢ ਵਿਚ ਛੋੜਦੇ ਹੋਏ ਇਕ ਜੱਟ ਨੇ ਦੂਰੋਂ ਹੀ ਉੱਚਾ ਜਿਹਾ ਕਿਹਾ। "ਕਸਮੇਂ ਅੱਲਾ ਪਾਕ ਨੀ ਹਿਸ ਮੈਢੀ ਬਗੀ ਨਾ ਬੜਾ ਜਿਗਰਾ ਥਿਆ। ਮਕਈ ਨੇ ਸਿਰ ਸਿਰ ਟਾਂਡਿਆਂ ਨੂੰ ਤੱਕ ਇਹਾ ਜਿਹਾ ਮਾਲ - ਤੂੰ ਆਪ ਸਿਆਣਾ ਵੇ ਚੌਧਰੀ - ਕੁਥੇ ਸਬਰ ਕਰੀ ਸਕਣੈ?"
ਜ਼ਿਮੀਂਦਾਰ ਨੇ ਜੱਟ ਦੀ ਸੁੰਦਰ ਗਾਂ ਵੱਲ ਸ਼ਲਾਘਾ ਭਰੀਆਂ ਨਜ਼ਰਾਂ ਨਾਲ ਵੇਖਿਆ। ਗੋਲਮਟੋਲ ਭਰੇ-ਭਕੁੰਨੇ ਪਿੰਡੇ 'ਤੇ ਉਹ ਮੱਖੀ ਤੱਕ ਨਾ ਬਹਿਣ ਦਿੰਦੀ। ਉਸ ਦੀਆਂ ਅੱਖਾਂ ਵੱਲ ਤੱਕਿਆਂ ਇੰਜ ਲਗਦਾ ਸੀ, ਜਿਵੇਂ ਜ਼ੋਰ ਵਿਚ ਉਹ ਸ਼ੂੰਕ ਰਹੀ ਹੁੰਦੀ ਹੈ। ਗਾਂ ਤੋਂ ਨਜ਼ਰ ਚੁੱਕ ਚੌਧਰੀ ਨਿਆਜ਼ ਨੇ ਦੂਰ ਇਕ ਕੋਨੇ ਵਿਚ ਕੱਲ-ਮੁਕੱਲੇ ਸਿਰ ਸੁੱਟੀ, ਤੇਜ਼ ਤੇਜ਼ ਚਰ ਰਹੇ ਆਪਣੇ ਬਲਦ 'ਸੇਤੇ' ਵੱਲ ਵੇਖਿਆ। ਕਿਹੜਾ ਜ਼ਿਆਦਾ ਤਕੜਾ ਹੈ, ਉਹ ਫ਼ੈਸਲਾ ਨਾ ਕਰ ਸਕਿਆ।
"ਅੱਲਾ ਨਾ ਬੜਾ ਫ਼ਜ਼ਲ ਵਹੈ", ਜ਼ਿਮੀਂਦਾਰ ਨੇ ਨੇੜੇ ਪੁੱਜ ਚੁੱਕੇ ਜੱਟ ਵੱਲ ਵੇਖਦੇ ਹੋਏ ਕਿਹਾ।
"ਉਹ ਵੀ ਤੈ ਥਿਆ ਪਰ ਅਸਲੀ ਗੱਲ ਨੀਯਤ ਨੀ ਆ ਚੌਧਰੀ। ਨੀਯਤ ਸਾਫ਼ ਤੇ ਕੰਮ ਰਾਸ। ਤੁਹਾੜਾ ਹੀ ਫ਼ਸਲ ਵਹੈ, ਜਿਧਰ ਕੁਸੈ ਮੂੰਹ ਭੰਵਾਹੀ ਕੈ ਨਹੀਂ ਤੱਕਿਆ। ਨਹੀਂ ਤੇ..."
"ਰਹਿਮ ਹੈ ਤੁਸਾਂ ਭਰਾਵਾਂ ਨਾਂ", ਨਿਆਜ਼ ਖ਼ਾਨ ਨੇ ਗੱਲ ਸਮਝਦੇ ਹੋਏ ਕਿਹਾ।
ਕਿਤਨਾ ਚਿਰ ਬਗ਼ੀ ਵਲ ਵੇਖ ਵੇਖ ਅਖ਼ੀਰ ਉਸ ਤੋਂ ਰਿਹਾ ਨਾ ਗਿਆ ਤੇ ਉਸ ਦੇ ਪਿੰਡੇ 'ਤੇ ਉਹ ਹੱਥ ਫੇਰਨ ਤੁਰ ਪਿਆ। ਜ਼ਿਮੀਂਦਾਰ ਨੂੰ ਆਪਣੀ ਗਾਂ ਵੱਲ ਜਾਂਦੇ ਵੇਖ ਜੱਟ ਮਾਣ ਵਿਚ ਮੁਸਕਰਾਇਆ।
ਪਸ਼ੂ ਚਰੀ ਜਾ ਰਹੇ ਸਨ। ਚਰਦੇ ਚਰਦੇ ਆਪ ਹੀ ਭੇਡਾਂ ਇਕ ਪਾਸੇ, ਬੱਕਰੀਆਂ ਇਕ ਪਾਸੇ, ਗਾਵਾਂ ਇਕ ਪਾਸੇ ਤੇ ਇਸ ਤਰ੍ਹਾਂ ਬਾਕੀ ਮਾਲ ਆਪਣੀ ਜਿਨਸ ਵਿਚ ਰਲ-ਮਿਲ ਇਕੱਠਾ ਹੋ ਗਿਆ। ਦੂਰ ਇਕ ਕੋਨੇ ਵਿਚ ਤਿੰਨ-ਚਾਰ ਖੋਤੀਆਂ ਤੇ ਢੰਗੇ ਪਏ ਹੋਏ ਇਕ ਦੋ ਘੋੜੀਆਂ ਚਰ ਰਹੀਆਂ ਸਨ। ਲਾਲ ਜਿਹੀ ਘੋੜੀ ਦੀ ਪਿੱਠ ਲਾਗੇ ਨਾਲ ਫ਼ਟੀ ਹੋਈ ਸੀ। ਇਕ ਕਾਲਚੀਟ ਮੁੜ ਮੁੜ ਪੋਲੇ ਜਿਹੇ ਆ ਕੇ ਉਸ ਨੂੰ ਚੂੰਡਣਾ ਸ਼ੁਰੂ ਕਰ ਦਿੰਦੀ। ਘੋੜੀ ਦਰਦ ਨਾਲ ਟੱਪਦੀ ਪਰ ਕਾਲਚੀਟ ਜ਼ਰਾ ਜਿਹਾ ਉਡ ਕੇ ਫੇਰ ਉਥੇ ਹੀ ਆ ਬਹਿੰਦੀ। ਪੌੜ ਪਈ, ਕਿੱਲੇ ਨਾਲ ਬਧੀ ਇਕ ਖੋਤੀ ਨੇ ਆਪਣੇ ਇਰਦ ਗਿਰਦ ਘਾਹ ਖ਼ਤਮ ਕਰ ਲਿਆ ਸੀ ਤੇ ਹੁਣ ਮੁੰਜ ਦੀ ਮਾੜੀ ਜਿਹੀ ਰੱਸੀ ਤੋੜਨ ਦੀ ਕੋਸ਼ਸ਼ ਕਰ ਰਹੀ ਸੀ। ਕਿਤਨਾ ਚਿਰ ਉਹ ਲੱਤ ਛੰਡਦੀ ਰਹੀ। ਕੁਝ ਚਿਰ ਬਾਅਦ ਕਿੱਲਾ ਪੁੱਟਿਆ ਗਿਆ। ਗਾਵਾਂ ਦੇ ਅਜੜ ਵਿਚ ਕੁਝ ਹਲ-ਚਲ ਹੋਈ।
ਤੇਜ਼ ਤੇਜ਼ ਚਰ ਰਹੇ ਮਾਲ ਨੇ ਮਸਾਂ ਮਸਾਂ ਮੂੰਹ ਚੁਕ ਕੇ ਵੇਖਿਆ ; 'ਬਗੀ' ਧੈਂ ਕੇ ਦੂਜੇ ਬੰਨੇ ਵਲ ਜਾ ਰਹੀ ਸੀ। ਸਾਰੇ ਦੇ ਸਾਰੇ ਡੰਗਰ ਚਰੀ ਗਏ। ਪਰ੍ਹੇ ਗਾਵਾਂ ਦੇ ਅਜੜ ਤੋਂ ਕੋਈ ਦਸ ਕਦਮ ਦੂਰ 'ਸੇਤਾ' ਚਰ ਰਿਹਾ ਸੀ। ਬਗੀ ਉਸ ਦੇ ਨੇੜੇ ਪੁੱਜ ਮੂੰਹ ਮਾਰਨ ਲੱਗ ਪਈ। ਉਂਜ ਹੀ ਘਾਹ ਨੂੰ ਇਕ ਦੋ ਵਾਰੀ ਚਗਲ ਕੇ ਉਸ ਨੇ ਬਲਦ ਵੱਲ ਲਲਚਾਈਆਂ ਹੋਈਆਂ ਨਜ਼ਰਾਂ ਨਾਲ ਵੇਖਿਆ।
ਕਿਤਨਾ ਚਿਰ ਉਹ ਤੱਕਦੀ ਗਈ, ਪਰ ਸੇਤੇ ਨੇ ਅੱਖ ਤੱਕ ਨਾ ਚੁੱਕੀ। ਬਗੀ ਨੇ ਫੇਰ ਚਰਨ ਦੀ ਕੋਸ਼ਸ਼ ਕੀਤੀ, ਪਰ ਉਸ ਦੇ ਦੰਦਾਂ ਵਿਚ ਤਾਕਤ ਨਹੀਂ ਸੀ ਰਹੀ ਕਿ ਘਾਹ ਨੂੰ ਪੁੱਟ ਸਕਣ।
ਚਰਦੀ ਚਰਦੀ ਡੱਬੀ ਜਿਹੀ ਗਾਂ ਬਗੀ ਦੇ ਨੇੜੇ ਪੁੱਜ ਚੁੱਕੀ ਸੀ। ਗੁੱਸੇ ਵਿਚ ਆ ਕੇ ਉਸ ਨੇ ਜਿਹਾ ਫੁੰਕਾਰਾ ਮਾਰਿਆ ਕਿ ਨੱਠਦੀ ਹੋਈ ਉਹ ਮੁੜ ਅਜੜ ਵਿਚ ਜਾ ਰਲੀ।
ਬਗੀ ਨੇ ਫੇਰ ਚਰਨ ਦੀ ਕੋਸ਼ਸ਼ ਕੀਤੀ, ਪਰ ਬਿਨਾਂ ਮੂੰਹ ਮਾਰੇ ਕਿਤਨਾ ਚਿਰ ਆਪਣੀ ਬੂਥੀ ਨਾਲ ਘਾਹ ਟਟੋਲਦੀ ਰਹੀ। ਉਸ ਦੇ ਸੰਘ ਹੇਠੋਂ ਇਕ ਪੱਤਾ ਤੱਕ ਨਾ ਲੰਘਿਆ। ਅਖ਼ੀਰ ਮੂੰਹ ਚੁੱਕ ਉਹ ਪੋਲੇ ਪੋਲੇ ਬਲਦ ਵੱਲ ਤੁਰ ਪਈ। ਇੰਜ ਲਗਦਾ ਸੀ, ਜਿਵੇਂ ਗਿਣ ਗਿਣ ਕੇ, ਸੋਚ ਸੋਚ ਕੇ ਉਹ ਕਦਮ ਰੱਖ ਰਹੀ ਹੈ। ਉਸ ਨੇ ਮੁੜ ਕੇ ਵੇਖਿਆ, ਸਾਰੇ ਦੇ ਸਾਰੇ ਡੰਗਰ ਤ੍ਰਿਖੇ ਤ੍ਰਿਖੇ ਚਰ ਰਹੇ ਸਨ। 'ਸੇਤੇ' ਵੱਲ ਜਦ ਉਸ ਨੇ ਨਜ਼ਰ ਫਿਰਾਈ, ਹੜਬੂੰ ਹੜਬੂੰ ਕਰਦੇ ਬਲਦ ਦੇ ਚਰਨ ਦੀ ਘਸਰ ਘਸਰ ਉਸ ਦੇ ਕੰਨਾਂ ਵਿਚ ਪਈ। ਆਹਿਸਤਾ ਆਹਿਸਤਾ ਟੁਰਦੀ, ਪਿਛਲ-ਵੰਨੀਓਂ ਉਹ ਬਲਦ ਦੇ ਕੋਈ ਇਕ ਕਦਮ ਫ਼ਾਸਲੇ 'ਤੇ ਹੀ ਹੋਵੇਗੀ ਕਿ ਉਸ ਨੇ ਪੂਛਲ ਮਾਰਨੀ ਸ਼ੁਰੁ ਕਰ ਦਿੱਤੀ। ਘੁਸਾ ਕੇ ਬਗੀ ਉਸ ਦੇ ਸੱਜੇ ਪਾਸੇ ਪਲਾਤੇ ਜਿਹੇ ਪਰਛਾਵੇਂ ਵਿਚ ਜਾ ਖੜ੍ਹੀ ਹੋਈ। ਬਲਦ ਚਰੀ ਜਾ ਰਿਹਾ ਸੀ। ਕੁਝ ਕੁਝ ਸੁੱਕਿਆ ਹੋਇਆ, ਲੰਮ-ਲੰਮਾ, ਮੁੜਕਣਾ ਘਾਹ ਉਹ ਖਾਈ ਗਿਆ।
ਸੂਰਜ ਹੁਣ ਕਾਫ਼ੀ ਉੱਚਾ ਹੋ ਚੁੱਕਾ ਸੀ। ਰੌਸ਼ਨੀ ਵਿਚ ਸੇਤੇ ਦਾ ਪਲਿਆ ਹੋਇਆ ਕੂਲਾ ਕੂਲਾ ਪਿੰਡਾ ਲਿਸ਼ਕਣ ਲਗ ਪਿਆ। ਮੂੰਹ ਚੁੱਕੀ ਕਿਤਨਾ ਚਿਰ ਬਗੀ ਅਸਮਾਨ ਵੱਲ ਵੇਖਦੀ ਰਹੀ। ਪਤਲੀ ਜਿਹੀ ਰਾਲ ਉਸ ਦੀਆਂ ਬਾਛਾਂ ਵਿਚੋਂ ਵਗ ਕੇ ਹੇਠ ਢਹਿ ਪਈ। ਸਿਰ ਫ਼ੇਰ, ਉਹ ਮੁੜ ਦਬਾ ਦਬ ਚਰ ਰਹੇ ਬਲਦ ਵੱਲ ਤੁਰ ਪਈ। ਹੌਲੇ ਹੌਲੇ ਕਦਮ ਉਹਦੇ ਕੋਲ ਪੁੱਜ ਕੇ ਉਸ ਨੇ ਸੇਤੇ ਦੀਆਂ ਭਰ ਰਹੀਆਂ ਵੱਖੀਆਂ ਸੁੰਘੀਆਂ। ਡਾਢਾ ਝੁੰਝਲਾ ਕੇ ਉਸ ਨੇ ਸਿਰ ਛੰਡਿਆ। ਬਗੀ ਤ੍ਰਾਹ ਕੇ ਪਰ੍ਹੇ ਹੋ ਗਈ ਤੇ ਬਲਦ ਮੁੜ ਚਰਨ ਲੱਗ ਪਿਆ। ਕੋਈ ਸੱਤ ਕਦਮ ਦੂਰ, ਕੁਝ ਗੁੱਸੇ ਤੇ ਕੁਝ ਅਫ਼ਸੋਸ ਭਰੀਆਂ ਨਜ਼ਰਾਂ ਨਾਲ ਉਸ ਨੇ ਸੇਤੇ ਵੱਲ ਵੇਖਿਆ। ਕਿਤਨਾ ਚਿਰ ਉਹ ਤੱਕਦੀ ਰਹੀ। ਅਖ਼ੀਰ ਉਸ ਨੇ ਫੇਰ ਚਰਨਾ ਸ਼ੁਰੂ ਕਰ ਦਿੱਤਾ ਪਰ ਖਾਧਾ ਉਸ ਤੋਂ ਬਿਲਕੁਲ ਕੁਝ ਨਾ ਜਾਂਦਾ। ਇਕ ਦੋ ਗਰਾਹ ਜਿਹੜੇ ਮਾਰੇ ਸਨ, ਉਸ ਨੇ ਚਗਲ ਕੇ ਬਾਹਰ ਸੁੱਟ ਦਿੱਤੇ।
ਦੂਰ ਭੌਂਕਦਾ ਹੋਇਆ ਕੁੱਤਾ, ਭੇਡਾਂ ਦੇ ਅਜੜ ਵਿਚ ਆਪਣੇ ਮਾਲ ਨੂੰ ਨਖੇੜ ਰਿਹਾ ਸੀ। ਇਸ ਸਿਆਣਪ ਨਾਲ ਉਸ ਨੇ ਚਵ੍ਹਾਂ ਪਾਸੇ ਚੱਕਰ ਲਾਇਆ ਕਿ ਤੱਕਦਿਆਂ ਤੱਕਦਿਆਂ ਸਾਰੇ ਦਾ ਸਾਰਾ ਆਪਣਾ ਵੱਗ ਉਸ ਨੇ ਵੱਖ ਕਰ ਲਿਆ ਤੇ ਮੁੜ ਇਕ ਸਾਂਡੇ ਦੀ ਖੁੱਡ ਨੂੰ ਖਨੋਚਰ, ਬੂਥੀ ਰੱਖ, ਅੱਖਾਂ ਮੁੰਦ ਸੌਂ ਗਿਆ।
ਬਗੀ ਨੇ ਬਲਦ ਵੱਲ ਪਰਤ ਕੇ ਵੇਖਿਆ, ਉਹ ਉਸੇ ਤਰ੍ਹਾਂ ਤੇਜ਼ ਤੇਜ਼ ਚਰ ਰਿਹਾ ਸੀ। ਗੁੱਸੇ ਵਿਚ ਉਹ ਮੂੰਹ ਭੰਵਾਂ, ਦੂਜੇ ਬੰਨੇ ਜਿੱਥੇ ਇਕ ਟੋਏ ਵਿਚ ਪਾਣੀ ਸੀ, ਉਧਰ ਟੁਰ ਪਈ। ਵੱਡੇ ਜਿਹੇ ਟੋਏ ਦੇ ਗਿਰਦ ਨਿੱਕੀਆਂ ਨਿੱਕੀਆਂ ਪਾਣੀ ਦੀਆਂ ਟੋਈਆਂ ਸਨ। ਟੋਈਆਂ ਤੋਂ ਵੀ ਉਰ੍ਹੇ ਜਿਥੇ ਵੀ ਚਿੱਕੜ ਵਿਚ ਡੰਗਰ ਪੈਰ ਰੱਖਦੇ, ਪਾਣੀ ਖਲੋ ਜਾਂਦਾ। ਗਾਂ ਨੂੰ ਦੂਰੋਂ ਆਉਂਦਾ ਵੇਖ, ਛੱਪੜ ਕੰਢੇ ਬੈਠਾ ਬਗਾਲਿਆਂ ਦਾ ਜੋੜਾ ਉਡ ਕੇ ਦੂਰ ਟਿੱਬੇ ਦੇ ਉਹਲੇ ਗੁੰਮ ਗਿਆ। ਬਗੀ ਨੇ ਟੋਇਆਂ ਵਿਚ ਦਾ ਪਾਣੀ ਸੁੰਘਿਆ, ਫੇਰ ਝੱਟ ਹੀ ਨੱਕ ਵੱਟ ਕੇ ਬੂਥੀ ਉਤੇ ਚੁੱਕ ਲਈ। ਆਹਿਸਤਾ ਆਹਿਸਤਾ ਉਹ ਪਾਣੀ ਵਿਚ ਵੜ ਗਈ। ਕਿਤਨਾ ਚਿਰ ਵੱਢ ਵੱਲ ਕੰਡ ਕਰ ਉਹ ਪਾਣੀ ਵਿਚ ਖਲੋਤੀ ਰਹੀ। ਅਖ਼ੀਰ ਕੋਈ ਦਸ ਮਿੰਟ ਬਾਅਦ, ਉਸ ਨੇ ਗਰਦਨ ਫੇਰ ਦੂਰ ਪਰ੍ਹੇ ਬੰਨੇ 'ਤੇ ਕੱਲ-ਮੁਕੱਲੇ ਚਰ ਰਹੇ ਬਲਦ ਵੱਲ ਵੇਖਿਆ। ਝੱਟ ਹੀ ਉਸ ਨੇ ਮੂੰਹ ਮੋੜ ਲਿਆ ਤੇ ਫੇਰ ਕੁਝ ਸੋਚਣਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਖ਼ਾਲੀ ਖ਼ਾਲੀ ਸਨ।
ਵਿਹੜੇ 'ਚ ਲਵਾ ਬੇਰੀ
ਗਲੀ ਵਿਚ ਆ ਖਲਸਾਂ
ਪਈ ਲਗਸੀ ਵਾਂ ਤੇਰੀ।
ਇਕ-ਤਾਰੇ ਦੀ ਮਧੁਰ ਟੁਣ ਟੁਣ ਨਾਲ ਉੱਚਾ ਉੱਚਾ ਗਾਉਂਦਾ ਜੱਟ ਮਾਲ ਦੀ ਖ਼ਬਰ ਲੈਣ ਆ ਰਿਹਾ ਸੀ। ਮਾਲਕ ਵੱਲ ਮੂੰਹ ਕਰ ਬਗੀ ਪੋਲੇ ਜਿਹੇ ਉੜੀਂਕੀ ਜਿਸ ਤਰ੍ਹਾਂ ਸ਼ਿਕਾਇਤ ਕਰ ਰਹੀ ਹੁੰਦੀ ਹੈ। ਫਿਰ ਝੱਟ ਹੀ ਉਹ ਪਾਣੀ ਵਿਚੋਂ ਨਿਕਲੀ ਤੇ ਪਾਰੇ ਬੰਨੇ ਵੱਲ ਦੌੜ ਪਈ। ਕੋਈ ਪੰਦਰਾਂ ਕਦਮ ਸੇਤੇ ਤੋਂ ਦੂਰ ਉਹ ਹੋਲੇ ਹੋ ਗਈ। ਆਹਿਸਤਾ ਆਹਿਸਤਾ ਘਾਹ ਵਿਚ ਮੂੰਹ ਮਾਰਦੀ ਆਖ਼ਰ ਉਹ ਉਸ ਕੋਲ ਪੁੱਜੀ, ਅਤੇ ਬਲਦ ਦੇ ਪਿੰਡੇ ਨਾਲ ਉਸ ਨੇ ਆਪਣਾ ਪਿੰਡਾ ਅਤਿ ਕੋਮਲਤਾ ਨਾਲ ਛੂਹਿਆ। ਗੁੱਸੇ ਵਿਚ ਸੇਤੇ ਨੇ ਉਸ ਨੂੰ ਜ਼ੋਰ ਦੀ ਧੁਸ ਮਾਰੀ ਤੇ ਕੋਈ ਦਸ ਕਦਮ ਦੂਰ ਫਿਰ ਚਰਨਾ ਸ਼ੁਰੂ ਕਰ ਦਿੱਤਾ।
ਕ੍ਰੋਧ ਵਿਚ ਬਗੀ ਨੇ ਅੱਖਾਂ ਪਾੜ ਪਾੜ ਬਲਦ ਵੱਲ ਵੇਖਿਆ। ਫੇਰ ਉਸ ਥਾਂ ਨੂੰ ਜਿਥੇ ਉਸ ਨੇ ਧੁਸ ਮਾਰੀ ਸੀ, ਮੁੰਡੀ ਮੋੜ ਉਸ ਨੇ ਚੱਟਣਾ ਸ਼ੁਰੂ ਕਰ ਦਿੱਤਾ। ਕਿਤਨਾ ਚਿਰ ਉਹ ਆਹਿਸਤਾ ਆਹਿਸਤਾ ਚੱਟਦੀ ਗਈ। ਫੇਰ ਅਚਾਨਕ ਪਤਾ ਨਹੀਂ ਉਸ ਦੇ ਦਿਲ ਵਿਚ ਕੀ ਆਇਆ, ਉਹ ਦੌੜ ਪਈ। ਦੌੜਦੀ ਦੌੜਦੀ ਦੂਰ ਜਿੱਧਰ ਘੋੜੀਆਂ, ਖੋਤੀਆਂ ਚਰ ਰਹੀਆਂ ਸਨ, ਉਹ ਚਲੀ ਗਈ।
ਇਕ-ਤਾਰਾ ਆੜੀ 'ਤੇ ਰੱਖ, ਜੱਟ ਵੀ ਉਸ ਦੇ ਪਿੱਛੇ ਨੱਸ ਪਿਆ। ਅੱਗੇ ਅੱਗੇ ਗਾਂ, ਤੇ ਮਗਰ ਮਗਰ ਜੱਟ। ਉਨ੍ਹਾਂ ਨੇ ਕਈ ਪੈਲੀਆਂ ਗਾਹ ਸੁੱਟੀਆਂ। ਦੂਰ ਕੋਈ ਇਕ ਫਰਲਾਂਗ ਦੇ ਫ਼ਾਸਲੇ ਤੇ, ਇਕ ਹੋਰ ਵੱਢ ਵਿਚ ਕਈ ਗਾਵਾਂ ਚਰ ਰਹੀਆਂ ਸਨ, ਉਨ੍ਹਾਂ ਵਿਚ ਜਾ ਕੇ ਉਹ ਖਲੋ ਗਈ। ਮਸਾਂ ਮਸਾਂ ਜੱਟ ਉਥੇ ਪੁੱਜਾ। ਮਾਲਕ ਨੂੰ ਕੋਲ ਅੱਪੜਦਾ ਵੇਖ, ਬਗੀ ਨੇ ਫੇਰ ਸ਼ੂਟ ਪੱਟੀ ਤੇ ਪਹਿਲੇ ਫ਼ਸਲ ਵਲ ਦੌੜ ਪਈ।
"ਚੋਰ ਖੜ੍ਹਨ ਓਏ ਚੋਰ ਖੜ੍ਹਨ, ਤੁਹਾੜੇ ਦੇਣੇ ਵਾਲੇ ਕੀ, ਸੂਰਾਂ ਜੋਗੀਏ ਤੁਘੀ ਹੋਈ ਕੈਹ ਗਿਐ?" ਬੁੜ-ਬੁੜਾਉਂਦਾ ਹੋਇਆ ਜੱਟ, ਲੱਕ ਧਰੂਕਦਾ ਫੇਰ ਉਸ ਦੇ ਪਿਛੇ ਤੁਰ ਪਿਆ। ਨੱਠਦੀ ਨੱਠਦੀ, ਟੀਟਣੇ ਕੱਢਦੀ ਗਾਂ ਮੁੜ ਆਪਣੇ ਵੱਗ ਵਿਚ ਆ ਗਈ। ਵੱਢ ਵਿਚ ਚਰਦੇ ਸਾਰੇ ਦੇ ਸਾਰੇ ਡੰਗਰ ਉਸ ਦੇ ਖ਼ਰੂਦ ਤੋਂ ਵਾਕਫ਼ ਹੋ ਗਏ ਸਨ। ਕਿਸੇ ਨੇ ਵੀ ਸਿਰ ਤੱਕ ਨਾ ਚੁੱਕਿਆ। ਟਹਿਲਦੀ ਟਹਿਲਦੀ ਬਗੀ ਫਿਰ ਉਸ ਕੋਨੇ ਵੱਲ ਆਈ ਜਿਥੇ ਬਲਦ ਦਬਾ ਦਬ ਚਰ ਰਿਹਾ ਸੀ। ਉਸ ਨੇ ਉਸ ਦੇ ਪਿੰਡੇ ਵੱਲ ਵੇਖਿਆ। ਉਸ ਦੀਆਂ ਵੱਖੀਆਂ ਨੜ੍ਹੀਆਂ ਗਈਆਂ ਸਨ। ਹੋਲੇ ਜਿਹੇ ਬਗੀ ਨੇ ਉੜੀਂਕ ਮਾਰੀ। ਬਲਦ ਨੇ ਜ਼ਰਾ ਵੀ ਪ੍ਰਵਾਹ ਨਾ ਕੀਤੀ; ਉਹ ਚਰਦਾ ਗਿਆ, ਚਰਦਾ ਗਿਆ। ਮੂੰਹ ਮਾਰਦੀ ਬਗੀ ਉਸ ਦੇ ਇਰਦ ਗਿਰਦ ਘੁੰਮਣ ਲੱਗ ਪਈ। ਤਾਂ ਵੀ ਉਸ ਨੇ ਉਸ ਦਾ ਕੋਈ ਖ਼ਿਆਲ ਨਾ ਕੀਤਾ। ਹੌਲੇ ਜਿਹੇ ਚਰਦੀ ਚਰਦੀ ਅਗਲੇ ਪਾਸਿਓਂ ਉਸ ਨੇ ਮੂੰਹ ਵੱਲ ਉਹ ਆਈ। ਕੋਈ ਇਕ ਕਦਮ ਉਸ ਤੋਂ ਦੂਰ ਉਹ ਖੜ੍ਹੀ ਹੋ ਗਈ। ਕਿਤਨਾ ਚਿਰ ਝਕਦੀ ਰਹੀ। ਕਿਤਨਾ ਚਿਰ ਸੋਚਦੀ ਰਹੀ। ਬਲਦ ਅਜੇ ਵੀ ਭੁੱਖਾ ਸੀ। ਬੇਤਹਾਸ਼ਾ ਉਹ ਚਰੀ ਗਿਆ। ਪੋਲੇ ਜਿਹੇ ਬਗੀ ਨੇ ਉਸ ਦੇ ਨੱਕ ਨੂੰ ਸੁੰਘਿਆ। ਗ਼ਜ਼ਬਨਾਕ ਹੋ ਕੇ ਸੇਤੇ ਨੇ ਫੇਰ ਉਸ ਨੂੰ ਡਾਢੇ ਜ਼ੋਰ ਦੀ ਧੁਸ ਮਾਰੀ ਤੇ ਸਿੰਙਾਂ ਨਾਲ ਦਬਾਉਂਦਾ ਦਬਾਉਂਦਾ ਉਹਨੂੰ ਪਰ੍ਹੇ ਬਾਕੀ ਗਾਵਾਂ ਵਿਚ ਛੱਡ, ਫੇਰ ਆਪਣੀ ਥਾਂ 'ਤੇ ਆ ਕੇ ਚਰਨ ਲੱਗ ਪਿਆ।
ਬਗੀ ਨੇ ਜ਼ਰਾ ਸ਼ਿਕਾਇਤ ਨਾ ਕੀਤੀ, ਹੈਰਾਨ ਖਲੋ, ਉਸ ਵੱਲ ਵੇਖਦੀ ਰਹੀ। "ਕਿਤਨਾ ਭੁੱਖਾ ਹੈ!" ਜਿਸ ਤਰ੍ਹਾਂ ਉਹ ਕਹਿ ਰਹੀ ਸੀ।
ਮੁੜ ਵੱਢ ਵਿਚ ਪੁੱਜ ਜੱਟ ਨੇ ਆਪਣੇ ਸਾਰੇ ਮਾਲ ਨੂੰ ਪਾਣੀ ਡਾਹੁਣ ਲਈ ਵੱਖ ਕੀਤਾ। ਬੜੀਆਂ ਮੁਸ਼ਕਲਾਂ ਨਾਲ ਬਗੀ ਆਪਣੇ ਡੰਗਰਾਂ ਵਿਚ ਰਲੀ।
ਅਕਸਰ ਇੰਜ ਹੁੰਦਾ ਸੀ ਕਿ ਜਦੋਂ ਵੀ ਜੱਟ ਅਜੜ ਨੂੰ ਵਗਲਦਾ, ਬਗੀ ਸਭ ਤੋਂ ਵਿਚਕਾਰ ਰਾਣੀ ਦੀ ਤਰ੍ਹਾਂ ਟੁਰਿਆ ਕਰਦੀ ਸੀ। ਜਿਤਨੀ ਕੋਸ਼ਿਸ਼ ਵੀ ਜੱਟ ਕਰਦਾ, ਅੱਜ ਉਹ ਕਿਸੇ ਨਾ ਕਿਸੇ ਤਰ੍ਹਾਂ ਘੁਸਾ ਕੇ ਇਕ ਪਾਸੇ ਹੋ ਜਾਂਦੀ, ਤੇ ਮੁੜ ਮੁੜ ਪਿਛੇ ਮੁੜਨ ਦਾ ਹੀਲਾ ਕਰਦੀ। ਅਖ਼ੀਰ ਜੱਟ ਤੋਂ ਰਿਹਾ ਨਾ ਗਿਆ, ਤੇ ਗੁੱਸੇ ਵਿਚ ਆ ਕੇ ਉਸ ਨੇ ਚੁਕਿਆਂ ਨਾਲ ਵਿਚਾਰੀ ਨੂੰ ਲੰਬ ਸੁੱਟਿਆ। ਆਪਣੀ ਹਮੇਸ਼ਾ ਵਾਲੀ ਥਾਂ 'ਤੇ ਬਗੀ ਵੱਲ ਦੇ ਵਿਚਕਾਰ ਚਲੀ ਗਈ ਪਰ ਟੁਰਦਿਆਂ ਟੁਰਦਿਆਂ ਘੜੀ ਘੜੀ ਮੁੜੀ ਮੋੜ ਉਹ ਸੇਤੇ ਵੱਲ ਵੇਖਦੀ ਜਾਂਦੀ। ਬਲਦ ਅਜੇ ਵੀ ਚਰ ਰਿਹਾ ਸੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਕਾਵਿ ਰਚਨਾਵਾਂ, ਕਰਤਾਰ ਸਿੰਘ ਦੁੱਗਲ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ