Raakh 'Chon Ugge Lok (Vand De Dukhre) : Sanwal Dhami
ਰਾਖ ’ਚੋਂ ਉੱਗੇ ਲੋਕ (ਵੰਡ ਦੇ ਦੁੱਖੜੇ) : ਸਾਂਵਲ ਧਾਮੀ
‘ਇਕ ਪੰਛੀ ਹੁੰਦੈ ਕੁਕਨੂਸ। ਇਹ ਇੰਨੀ ਮਿੱਠੀ ਆਵਾਜ਼ ’ਚ ਗੀਤ ਗਾਉਂਦਾ ਕਿ ਆਲ੍ਹਣੇ ਨੂੰ ਅੱਗ ਲੱਗ ਜਾਂਦੀ ਏ। ਉਹ ਆਲ੍ਹਣੇ ਸਮੇਤ ਰਾਖ ਹੋ ਜਾਂਦਾ। ਫਿਰ ਇਕ ਅਜਿਹੀ ਰੁੱਤ ਆਉਂਦੀ ਏ ਕਿ ਉਹ ਆਪਣੀ ਰਾਖ ’ਚੋਂ ਫਿਰ ਤੋਂ ਉੱਗ ਆਉਂਦੈ।’
ਮਾਸਟਰ ਹਰਬੰਸ ਸਿੰਘ ਨੂੰ ਵੇਖਦਿਆਂ ਮੈਨੂੰ ਇਹ ਯੂਨਾਨੀ ਮਿਥ ਯਾਦ ਆ ਗਈ। ਇਨ੍ਹਾਂ ਦਾ ਪੜ੍ਹਦਾਦਾ ਪਹਿਲੀ ਵਿਸ਼ਵ-ਜੰਗ ’ਚ ਅੰਗਰੇਜ਼ਾਂ ਵੱਲੋਂ ਲੜਦਿਆਂ ਮਾਰਿਆ ਗਿਆ ਸੀ। ਇਸ ਕੁਰਬਾਨੀ ਬਦਲੇ ਇਨ੍ਹਾਂ ਦੀ ਪੜ੍ਹਦਾਦੀ ਨੂੰ ਚੱਕ ਨੰ. 1/14-ਐੱਲ, ਤਹਿਸੀਲ ਚੀਚਾਵਤਨੀ, ਜ਼ਿਲ੍ਹਾ ਮਿੰਟਗੁਮਰੀ ’ਚ ਮੁਰੱਬਾ ਮਿਲਿਆ ਸੀ। ਉਹ ਆਪਣੇ ਇਕਲੌਤੇ ਪੁੱਤਰ ਨਾਲ ਇਸ ਪਿੰਡ ਪਹੁੰਚੀ। ਇੱਥੇ ਹੀ ਹਰਗੋਪਾਲ ਸਿੰਘ ਹੋਰਾਂ ਦਾ ਵਿਆਹ ਹੋਇਆ। ਉਨ੍ਹਾਂ ਦੇ ਘਰ ਤਿੰਨ ਪੁੱਤਰਾਂ ਤੇ ਇਕ ਧੀ ਨੇ ਜਨਮ ਲਿਆ। ਵੱਡੇ ਪੁੱਤਰ ਲਛਮਣ ਸਿੰਘ ਦੇ ਘਰ ਹਰਬੰਸ ਸਿੰਘ ਤੇ ਦੋ ਧੀਆਂ ਨੇ ਜਨਮ ਲਿਆ। ਉਸ ਤੋਂ ਛੋਟਾ ਅਮਰ ਸਿੰਘ ਸੀ। ਉਸ ਦੀਆਂ ਦੋ ਧੀਆਂ ਸਨ। ਤੀਜਾ ਰਾਜਾਸਾਂਸੀ ਵਾਲੇ ਸਰਦਾਰਾਂ ਕੋਲ ਨੌਕਰੀ ਕਰਦਾ ਸੀ।
ਇਹ ਟੱਬਰ ਪ੍ਰੇਮਗੜ੍ਹ, ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੀ। ਇਸ ਚੱਕ ਦੇ ਬਾਕੀ ਪਰਿਵਾਰ ਫ਼ਤਹਿਗੜ੍ਹ ਤੇ ਸੁਭਾਨਪੁਰ ਪਿੰਡਾਂ ਤੋਂ ਗਏ ਹੋਏ ਸਨ। ਇਕ ਪਾਸੇ ਬਾਰ ਦੇ ਜੱਦੀ ਵਾਸੀ ‘ਜਾਂਗਲੀ’ ਰਹਿੰਦੇ ਸਨ। ਚੜ੍ਹਦੇ ਪਾਸੇ ਸੈਣੀ ਤੇ ਲਹਿੰਦੇ ਪਾਸੇ ਕਿਰਤੀ ਲੋਕ ਰਹਿੰਦੇ ਸਨ।
“ਮਾਡਲ ਟਾਊਨ ਵਰਗਾ ਪਿੰਡ ਸੀ ਉਹ। ਵੱਡੀ ਨਹਿਰ ’ਚੋਂ ਚੌਦਾਂ ਐੱਲ ਰਜਵਾਹਾ ਨਿਕਲਦਾ ਸੀ। ਪਿੰਡ ਦੇ ਵਿਚਾਲੇ ਗੁਰਦੁਆਰਾ ਸੀ...।” ਹਰਬੰਸ ਸਿੰਘ ਹੋਰੀਂ ਭਰੇ ਮਨ ਨਾਲ ਗੱਲ ਸ਼ੁਰੂ ਕਰਦੇ ਨੇ।
“ਬਾਬੇ ਨੇ ਅੱਧਾ ਮੁਰੱਬਾ ਉੱਨਾਸੀ ਚੱਕ ’ਚ ਵੀ ਖ਼ਰੀਦ ਲਿਆ ਸੀ। ਇਹ ਚੱਕ ਸਾਡੇ ਪਿੰਡ ਤੋਂ ਕੋਈ ਬਾਰ੍ਹਾਂ ਮੀਲ ਹੋਵੇਗਾ। ਮੈਂ ਦਾਦੇ ਨਾਲ ਸਾਈਕਲ ’ਤੇ ਬੈਠ ਕੇ ਉੱਥੇ ਜਾਂਦਾ। ਦਾਦਾ ਸਾਰੀ ਵਾਟ ਆਪਣੇ ਪਿਉ ਦੀ ਮੌਤ, ਪਿਛਲੇ ਪਿੰਡ ਹੰਢਾਈਆਂ ਤੰਗੀਆਂ-ਤੁਰਸ਼ੀਆਂ, ਅੰਗਰੇਜ਼ਾਂ ਵੱਲੋਂ ਮਿਲੇ ਇਨਾਮ ਤੇ ਜ਼ਮੀਨ ਬਣਾਉਣ ਲਈ ਮਾਂ-ਪੁੱਤਰ ਵੱਲੋਂ ਕੀਤੀ ਸਖ਼ਤ ਮਿਹਨਤ ਦੀਆਂ ਕਹਾਣੀਆਂ ਸੁਣਾਉਂਦਾ ਜਾਂਦਾ। ਆਖ਼ਰ ’ਚ ਉਹ ਨਵੇਂ ਖ਼ਰੀਦੇ ਅੱਧੇ ਮੁਰੱਬੇ ਦੀ ਗੱਲ ਕਰਦਿਆਂ ਖ਼ੁਸ਼ੀ ਨਾਲ ਆਖਦਾ-ਤੇਰੇ ਵਿਆਹ ਤਕ ਮੈਂ ਇਕ ਮੁਰੱਬਾ ਹੋਰ ਖ਼ਰੀਦ ਲੈਣਾ!”
ਉਹ ਚਾਣਚੱਕ ਚੁੱਪ ਹੋ ਗਏ। ਉਦਾਸ ਜਿਹੀ ਮੁਸਕਰਾਹਟ ਤੋਂ ਬਾਅਦ ਹਉਕਾ ਭਰਿਆ ਤੇ ਅੱਖਾਂ ਮੀਟ ਲਈਆਂ। ਸ਼ਾਇਦ ਸਬਰ ਦੇ ਕੰਢਿਆਂ ਤੋਂ ਉੱਛਲਦੇ ਦਰਦ ਨੂੰ ਸ਼ਾਂਤ ਕਰਨ ਲਈ।
“ਲੋਕ ਹੱਟੀਆਂ-ਭੱਠੀਆਂ, ਪਰ੍ਹੇ-ਪੰਚਾਇਤਾਂ ’ਚ ਮੂੰਹ ਜੋੜ-ਜੋੜ ਗੱਲਾਂ ਕਰਨ ਲੱਗੇ ਕਿ ਪਾਕਿਸਤਾਨ ਬਣ ਜਾਣਾ। ਮੈਂ ਉਦੋਂ ਅੱਠ ਕੁ ਸਾਲਾਂ ਦਾ ਸਾਂ। ਬੇਸਮਝ। ਇਕ ਦਿਨ ਪਿਤਾ ਜੀ ਕਹਿਣ ਲੱਗੇ ਕਿ ਵੱਢ-ਟੁੱਕ ਸ਼ੁਰੂ ਹੋ ਗਈ ਏ। ਖੌਰੇ ਸਾਨੂੰ ਮੁੜ ਦੇਸ਼ ਨੂੰ ਮੁੜਨਾ ਪੈਣਾ। ਸਾਰਿਆਂ ਨੂੰ ਸੱਪ ਸੁੰਘ ਗਿਆ। ਮੇਰੀ ਮਾਂ ਤੇ ਦਾਦੀ ਡੁਸਕਣ ਲੱਗ ਪਈਆਂ। ਅੱਖਾਂ ਪੂੰਝਦਿਆਂ ਮੇਰੀ ਮਾਂ ਬੋਲੀ ਸੀ-ਜੇ ਕੋਈ ਅਜਿਹਾ ਮੌਕਾ ਆਇਆ ਤਾਂ ਸਾਨੂੰ ਆਪਣੇ ਹੱਥੀਂ ਵੱਢ ਦੇਣਾ।”
ਹੌਲੀ-ਹੌਲੀ ਨੇੜਲੇ ਚੱਕਾਂ ’ਚ ਹੁੰਦੇ ਹਮਲਿਆਂ ਦੀਆਂ ਖ਼ਬਰਾਂ ਆਉਣ ਲੱਗ ਪਈਆਂ। ਮੌਤ ਦੇ ਅਹਿਸਾਸ ਨੇ ਹਿੰਦੂ-ਸਿੱਖਾਂ ਨੂੰ ਉਹ ਘਰ ਤੇ ਜ਼ਮੀਨਾਂ ਛੱਡਣ ਲਈ ਮਜਬੂਰ ਕਰ ਦਿੱਤਾ, ਜਿਨ੍ਹਾਂ ਨੂੰ ਵਸਾਉਣ ਤੇ ਵਾਹੀਯੋਗ ਬਣਾਉਣ ਲਈ ਉਨ੍ਹਾਂ ਨੇ ਆਪਣੀਆਂ ਜਵਾਨੀਆਂ ਲੇਖੇ ਲਗਾ ਦਿੱਤੀਆਂ ਸਨ।
“ਇਕ ਸ਼ਾਮ ਅਸਾਂ ਵੀ ਘਰ ਛੱਡ ਦਿੱਤੇ। ਰੋਂਦਿਆਂ ਮੱਝਾਂ ਦੇ ਰੱਸੇ ਖੋਲ੍ਹੇ, ਰੋਂਦਿਆਂ ਗੱਡਿਆਂ ’ਤੇ ਨਿੱਕਾ-ਮੋਟਾ ਸਾਮਾਨ ਲੱਦਿਆ ਤੇ ਰੋਂਦੇ ਹੋਏ ਪਿੰਡੋਂ ਨਿਕਲ ਕੇ ਮੀਆਂ ਚੰਨੂ ਵਾਲੇ ਕੈਂਪ ਵੱਲ ਨੂੰ ਤੁਰ ਪਏ। ਪਿੰਡੋਂ ਨਿਕਲਦਿਆਂ ਸਾਡਾ ਪਿੰਡ ਦੋ ਹਿੱਸਿਆਂ ’ਚ ਵੰਡਿਆ ਗਿਆ। ਜਿਹੜੇ ਸਕੂਲ ਕੋਲ ਦੀ ਹੋ ਕੇ ਵੱਡੀ ਨਹਿਰ ਵੱਲ ਤੁਰ ਗਏ, ਉਹ ਤਾਂ ਪੁਲ ਪਾਰ ਕਰਕੇ ਮੁਲਤਾਨ ਜ਼ਿਲ੍ਹੇ ਦੀ ਹੱਦ ’ਚ ਪਹੁੰਚ ਗਏ। ਅਸੀਂ ਤਿੰਨ ਚੱਕ ਵੱਲ ਨੂੰ ਤੁਰ ਪਏ ਸਾਂ। ਹਾਲੇ ਅਸੀਂ ਤਿੰਨ ਚੱਕ ਦੀ ਹੱਦ ’ਤੇ ਪਹੁੰਚੇ ਸਾਂ ਕਿ ਸਾਡੇ ਪਿੰਡ ’ਚੋਂ ਅੱਗ ਦੀਆਂ ਲਾਟਾਂ ਉੱਠਣ ਲੱਗ ਪਈਆਂ। ਅਸੀਂ ਸਮਝ ਗਏ ਕਿ ਸਾਡਾ ਪਿੰਡ ਲੁੱਟ ਲਿਆ ਗਿਆ ਏ।
ਥੋੜ੍ਹੀ ਦੇਰ ਬਾਅਦ, ਅਸੀਂ ਘੋੜਿਆਂ ਦੀ ਦਗੜ-ਦਗੜ ਸੁਣੀ। ਦੇਖਦੇ-ਦੇਖਦੇ ਸਾਡੇ ਕਾਫਲੇ ਨੂੰ ਘੇਰਾ ਪੈ ਗਿਆ। ਕੁਝ ਹਿੰਮਤੀ ਲੋਕ ਦੌੜ ਕੇ ਨੇੜਲੇ ਕਮਾਦਾਂ ’ਚ ਜਾ ਵੜੇ। ਮੇਰੇ ਬਾਪ ਨੇ ਤੇਜ਼ੀ ਨਾਲ ਮਿਆਨ ’ਚੋਂ ਤਲਵਾਰ ਧੂਹੀ ਤੇ ਜੈਕਾਰਾ ਛੱਡਦਿਆਂ, ਮੇਰੀ ਮਾਂ ਦਾ ਕਤਲ ਕਰ ਦਿੱਤਾ। ਉਸਦੇ ਕੁੱਛੜ ਪੰਜ-ਛੇ ਦਿਨਾਂ ਦੀ ਧੀ ਸੀ। ਉਸ ਵਿਚਾਰੀ ਨੂੰ ਵੀ...। ਫਿਰ ਉਨ੍ਹਾਂ ਨੇ ਕੁਝ ਵਾਰ ਮੈਥੋਂ ਛੋਟੀ ਭੈਣ ਸਵਰਨੀ ’ਤੇ ਕੀਤੇ। ਕੋਈ ਰਿਸ਼ਤੇਦਾਰਾਂ ਦੀ ਕੁੜੀ ਆਈ ਹੋਈ ਸੀ। ਉਸਨੂੰ ਵੀ ਕਤਲ ਕਰ ਦਿੱਤਾ। ਸਾਡੇ ਪਿੰਡ ਦੇ ਇਕ ਮੁੰਡੇ ਕੋਲੋਂ ਬੁਖ਼ਾਰ ਕਾਰਨ ਤੁਰਿਆ ਨਹੀਂ ਸੀ ਜਾ ਰਿਹਾ। ਉਹ ਮੇਰੇ ਪਿਉ ਨੂੰ ਕਹਿਣ ਲੱਗਾ-ਚਾਚਾ ਮੈਨੂੰ ਵੀ ਮਾਰ ਦੇ। ਮੇਰੇ ਪਿਉ ਨੇ...।
ਇਹ ਸਭ ਕੁਝ ਵੇਖਦਿਆਂ, ਮੈਂ ਤਾਂ ਸੁੰਨ ਹੀ ਹੋ ਗਿਆ ਸਾਂ। ਫਿਰ ਬਾਪੂ ਉੱਚੀ ਆਵਾਜ਼ ’ਚ ਕੂਕਿਆ-ਹਰਬੰਸ ਦੌੜੀਂ ਨਾ। ਬਿਨਾਂ ਸ਼ੱਕ ਹੁਣ ਮੇਰੀ ਵਾਰੀ ਸੀ। ਮੈਂ ਆਲੇ-ਦੁਆਲੇ ਨਜ਼ਰ ਦੌੜਾਈ। ਸਾਡਾ ਗੁਆਂਢੀ ਬੰਗਾ ਕਮਾਦ ਵੱਲ ਦੌੜੀ ਜਾ ਰਿਹਾ ਸੀ। ਮੈਂ ਉਸਦੇ ਮਗਰ ਦੌੜ ਪਿਆ ਤੇ ਕਮਾਦ ’ਚ ਵੜਦਿਆਂ, ਸਾਹ ਸੂਤ ਕੇ ਲੰਮਾ ਪੈ ਗਿਆ। ਮੁਸਲਮਾਨਾਂ ਨੇ ਗੋਲੀਆਂ ਚਲਾਈਆਂ, ਪਰ ਕਮਾਦ ਦੇ ਅੰਦਰ ਨਾ ਵੜੇ।
ਰਾਤ ਪਈ। ਮੈਂ ਰੋਣ ਲੱਗ ਪਿਆ। ਥੋੜ੍ਹੀ ਦੂਰ ਤੋਂ ਆਵਾਜ਼ ਆਈ-ਰੋ ਨਾ। ਉਹ ਸਾਡੇ ਪਿੰਡ ਦਾ ਤਾਰਾ ਸਿੰਘ ਸੀ। ਦੇਖਦੇ-ਦੇਖਦੇ, ਉੱਥੇ ਅੱਠ-ਦਸ ਜਣੇ ਇਕੱਠੇ ਹੋ ਗਏ। ਉਨ੍ਹਾਂ ਹੌਲੀ ਆਵਾਜ਼ ’ਚ ਇਕ-ਦੂਜੇ ਨੂੰ ਹੌਸਲਾ ਦਿੱਤਾ ਤੇ ਉੱਥੋਂ ਤੁਰ ਪਏ। ਲੁਕਦੇ ਲੁਕਾਉਂਦੇ, ਅਸੀਂ ਸਵੇਰ ਤਕ ਮੀਆਂ-ਚੰਨੂ ਪਹੁੰਚ ਗਏ। ਉੱਥੇ ਮੈਨੂੰ ਮੇਰੀ ਭੂਆ ਦਾ ਟੱਬਰ ਮਿਲ ਗਿਆ। ਮੇਰੇ ਫੁੱਫੜ ਦੇ ਗੋਲੀ ਲੱਗੀ ਹੋਈ ਸੀ। ਜਦੋਂ ਭੂਆ ਨੇ ਸਾਰੀ ਕਹਾਣੀ ਸੁਣੀ ਤਾਂ ਉਹ ਧਾਹਾਂ ਮਾਰ-ਮਾਰ ਰੋਣ ਲੱਗੀ।
ਅਸੀਂ ਮੀਆਂ ਚੰਨੂ ਕਪਾਹ ਦੇ ਕਾਰਖਾਨੇ ’ਚ ਪੰਦਰਾਂ-ਵੀਹ ਦਿਨ ਰਹੇ। ਜਿਸ ਦਿਨ ਅਸੀਂ ਗੱਡੀ ਚੜ੍ਹਨਾ ਸੀ, ਉੱਥੇ ਹਕੀਮ ਅਨਵਰ ਹੁਸੈਨ ਹੋਰੀਂ ਪਹੁੰਚ ਗਏ। ਉਨ੍ਹਾਂ ਨਾਲ ਨੇਜ਼ਿਆਂ ਵਾਲੇ ਪੰਦਰਾਂ-ਵੀਹ ਮੁਸਲਮਾਨ ਸਨ। ਉਨ੍ਹਾਂ ਸਟੇਸ਼ਨ ’ਤੇ ਆ ਕੇ ਉੱਚੀ-ਉੱਚੀ ਇਕ ਚੱਕ ਵਾਲਿਆਂ ਨੂੰ ਆਵਾਜ਼ਾਂ ਮਾਰੀਆਂ। ਅਸੀਂ ਮਿਲ ਗਏ। ਖੋਤੀਆਂ ’ਤੇ ਜ਼ਖ਼ਮੀ ਹੋਈਆਂ ਮੇਰੀਆਂ ਭੈਣਾਂ ਬੈਠੀਆਂ ਹੋਈਆਂ ਸਨ। ਮੇਰੀ ਸਕੀ ਭੈਣ ਸਵਰਨੀ ਦੇ ਸਿਰ ਅਤੇ ਗੋਡਿਆਂ ’ਤੇ ਜ਼ਖ਼ਮ ਸਨ। ਨਾਲ ਤਾਰਾ ਸਿੰਘ ਦਾ ਛੋਟਾ ਭਾਈ ਪ੍ਰਕਾਸ਼ ਸੀ।
ਦਰਅਸਲ, ਜਦੋਂ ਸਾਨੂੰ ਘੇਰਾ ਪਿਆ ਤਾਂ ਚਾਚਾ ਅਮਰ ਸਿੰਘ ਪਤਨੀ ਤੇ ਧੀਆਂ ਨੂੰ ਲੈ ਕੇ ਸਣ ’ਚ ਲੁਕ ਗਿਆ ਸੀ। ਜਦੋਂ ਉੱਥੇ ਵੀ ਘੇਰਾ ਪਿਆ ਤਾਂ ਉਸਨੇ ਆਪਣੀ ਪਤਨੀ ਤੇ ਧੀਆਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ। ਮੁਸਲਮਾਨਾਂ ਨੇ ਉਸਨੂੰ ਮਾਰ ਦਿੱਤਾ। ਉਸ ਤੋਂ ਥੋੜ੍ਹੀ ਦੂਰ ਲੁਕਿਆ ਪ੍ਰਕਾਸ਼ ਤੇ ਉਸਦੀ ਮਾਂ ਬਚ ਗਏ। ਉਨ੍ਹਾਂ ਨੇ ਵੇਖਿਆ ਕਿ ਮੇਰੇ ਦਾਦੀ ਦਾਦਾ ਹਮਲਾਵਰਾਂ ਦੀਆਂ ਮਿੰਨਤਾਂ ਕਰ ਰਹੇ ਸਨ। ਆਪਣਾ ਕਸੂਰ ਪੁੱਛ ਰਹੇ ਸਨ। ਉਨ੍ਹਾਂ ਨੇ ਮੇਰੇ ਦਾਦੇ ਦਾ ਕਤਲ ਕਰ ਦਿੱਤਾ ਤਾਂ ਮੇਰੀ ਦਾਦੀ ਆਖਣ ਲੱਗੀ-ਹੁਣ ਮੈਨੂੰ ਵੀ ਮਾਰ ਦਿਓ।
ਜਦੋਂ ਹਮਲਾਵਾਰ ਚਲੇ ਗਏ ਤਾਂ ਪ੍ਰਕਾਸ਼, ਅਮਰ ਸਿੰਘ ਦੀ ਧੀ ਹਰਬੰਸ ਕੌਰ ਤੇ ਆਪਣੀ ਮਾਂ ਨੂੰ ਲੈ ਕੇ ਤੁਰ ਪਿਆ। ਉਹ ਰਾਤ ਨੂੰ ਨਹਿਰ ਦਾ ਪੁਲ ਪਾਰ ਕਰਕੇ ਬਾਈ ਚੱਕ ਵਾਲੇ ਆਪਣੇ ਮੁਸਲਮਾਨ ਜਮਾਤੀ ਦੇ ਘਰ ਚਲਾ ਗਿਆ। ਉਸਦਾ ਅੱਬਾ ਅਨਵਰ ਹੁਸੈਨ ਇਲਾਕੇ ਦਾ ਮਸ਼ਹੂਰ ਹਕੀਮ ਸੀ।
ਓਧਰ ਮੇਰੀ ਸਕੀ ਭੈਣ ਸਵਰਨੀ ਨੂੰ ਸਾਡੇ ਪਿੰਡ ਦਾ ਮੌਲਵੀ ਆਪਣੇ ਘਰ ਲੈ ਗਿਆ ਸੀ। ਉਸਦੇ ਜ਼ਖ਼ਮਾਂ ’ਤੇ ਮੱਲ੍ਹਮ ਪੱਟੀ ਕਰਨ ਲਈ ਹਕੀਮ ਅਨਵਰ ਹੁਸੈਨ ਨੂੰ ਸੱਦਿਆ ਗਿਆ। ਜਦੋਂ ਉਸਨੂੰ ਪਤਾ ਲੱਗਿਆ ਕਿ ਇਹ ਹਰਗੋਪਾਲ ਸਿੰਘ ਦੀ ਪੋਤਰੀ ਏ ਤਾਂ ਉਹ ਉਸਨੂੰ ਵੀ ਬਾਈ ਚੱਕ ਲੈ ਗਿਆ। ਉਸਨੇ ਵੀਹ ਦਿਨ ਤਕ ਉਨ੍ਹਾਂ ਨੂੰ ਲੁਕੋ ਕੇ ਰੱਖਿਆ। ਜ਼ਖ਼ਮੀ ਕੁੜੀਆਂ ਦਾ ਇਲਾਜ ਕੀਤਾ ਤੇ ਉਨ੍ਹਾਂ ਨੂੰ ਮੀਆਂ ਚੰਨੂ ਰੇਲਵੇ ਸਟੇਸ਼ਨ ਤਕ ਛੱਡ ਗਿਆ ਸੀ।
ਗੱਡੀ ’ਚ ਬੈਠ ਜਦੋਂ ਅਸੀਂ ਅੰਮ੍ਰਿਤਸਰ ਪਹੁੰਚੇ ਤਾਂ ਮੀਂਹ ਪੈ ਰਿਹਾ ਸੀ। ਅਸੀਂ ਸਾਰੀ ਰਾਤ ਗੱਡੀ ਥੱਲੇ ਬਹਿ ਕੇ ਗੁਜ਼ਾਰੀ। ਕਿਆਮਤ ਦੀ ਰਾਤ ਸੀ ਉਹ। ਮੇਰੀਆਂ ਭੈਣਾਂ ਦਰਦ ਨਾਲ ਕਰਾਹ ਰਹੀਆਂ ਸਨ। ਅਗਲੀ ਸਵੇਰ ਪਹਿਲਾਂ ਅਸੀਂ ਨਵਾਂ ਸ਼ਹਿਰ ਤੇ ਫਿਰ ਗੜ੍ਹਸ਼ੰਕਰ ਤੇ ਉਸਤੋਂ ਬਾਅਦ ਆਪਣੇ ਮੁਹੱਲੇ ਪ੍ਰੇਮਗੜ੍ਹ ਪਹੁੰਚੇ। ਪਹਿਲਾਂ ਜ਼ਮੀਨ ਸ਼ੇਰਗੜ੍ਹ ਮਿਲੀ। ਉੱਥੇ ਮੁਸਲਮਾਨ ਅਰਾਈਆਂ ਨੇ ਫੁੱਲ ਲਗਾਏ ਹੋਏ ਸਨ। ਮੈਂ ਉਹ ਤੋੜ ਕੇ ਸ਼ਹਿਰ ਵੇਚਣ ਜਾਣਾ। ਆਟਾ ਲਿਆਉਣਾ ਤੇ ਰੋਟੀ ਪਕਾਉਣੀ। ਫਿਰ ਪਤਾ ਲੱਗਿਆ ਕਿ ਸ਼ੇਰਗੜ੍ਹ ਵਿਧਵਾ ਔਰਤਾਂ ਲਈ ਚੁਣ ਲਿਆ ਗਿਆ ਹੈ। ਸਾਨੂੰ ਹਾਰਟੇ ’ਚ ਜ਼ਮੀਨ ਪੈ ਗਈ। ਮੈਨੂੰ ਤਾਰਾ ਸਿੰਘ ਨੇ ਸੰਭਾਲਿਆ। ਮੈਨੂੰ ਪੜ੍ਹਾਇਆ। ਖੇਡਾਂ ’ਚ ਮੈਂ ਦੇਸ਼ ਪੱਧਰ ਤਕ ਗਿਆ। ਸਰਕਾਰੀ ਨੌਕਰੀ ਕੀਤੀ। ਥੋੜ੍ਹਾ-ਬਹੁਤਾ ਸਿਆਸਤ ’ਚ ਵੀ ਨਾਮਣਾ ਖੱਟਿਆ। ਹਾਂ! ਇਕ ਗੱਲ ਤਾਂ ਮੈਂ ਦੱਸਣੀ ਭੁੱਲ ਹੀ ਗਿਆ। ਕਮਾਦ ’ਚੋਂ ਨਿਕਲ ਕੇ ਮੇਰੇ ਪਿੰਡ ਦੇ ਬਚੇ-ਖੁਚੇ ਬੰਦੇ ਮੈਨੂੰ ਲੈ ਕੇ ਉੱਥੇ ਗਏ, ਜਿੱਥੇ...। ਚੰਨ ਚਾਨਣੀ ਰਾਤ ’ਚ ਮੈਂ ਵੇਖਿਆ ਕਿ ਮੇਰੀ ਮਾਂ, ਪਿਉ ਤੇ ਛੋਟੀ ਜਿਹੀ ਭੈਣ, ਸਭ ਉੱਥੇ ‘ਸੁੱਤੇ’ ਪਏ ਸਨ। ਤਾਰਾ ਸਿੰਘ ਨੇ ਭੁੱਬ ਮਾਰਦਿਆਂ ਮੈਨੂੰ ਮਾਪਿਆਂ ਦੇ ਪੈਰ ਛੂਹਣ ਲਈ ਆਖਿਆ।” ਮਾਸਟਰ ਜੀ ਵਿਲਕ ਉੱਠੇ।
“...ਫਿਰ ਤਾਰਾ ਸਿੰਘ ਨੇ ਮੇਰੇ ਪਿਉ ਦਾ ਮੱਥਾ ਚੁੰਮਦਿਆਂ, ਉਸਦੇ ਸਿਰ ਤੋਂ ਪਗੜੀ ਲਾਹ ਕੇ ਆਪਣੇ ਸਿਰ ’ਤੇ ਬੰਨ੍ਹ ਲਈ ਤੇ ‘ਵਾਹਿਗੁਰੂ’ ਕਹਿੰਦਿਆਂ, ਮੈਨੂੰ ਮੋਢਿਆਂ ’ਤੇ ਚੁੱਕ ਕੇ ਮੀਆਂ ਚੰਨੂ ਵੱਲ ਤੁਰ ਪਿਆ।”