Mere Sardaran Nu Koi Jaanda Je ? (Vand De Dukhre) : Sanwal Dhami

ਮੇਰੇ ਸਰਦਾਰਾਂ ਨੂੰ ਕੋਈ ਜਾਣਦਾ ਜੇ ? (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਸਿਰਸਾ ਜ਼ਿਲ੍ਹੇ ਦੀ ਤਹਿਸੀਲ ਏਲਨਾਬਾਦ ਦਾ ਇਕ ਪਿੰਡ ਹੈ, ਜੱਗ ਮਲੇਰਾ। ਹੁਣ ਇਸਦਾ ਨਾਂ ਸੰਤਨਗਰ ਏ। ਇੱਥੇ ਵੱਸਦੇ ਗਿਆਨ ਸਿੰਘ ਕੱਕੜ ਦਾ ਜਨਮ ਭਾਵੇਂ ਸੰਤਾਲੀ ਤੋਂ ਬਾਅਦ ਦਾ ਹੈ, ਪਰ ਉਹ ਮਾਪਿਆਂ ਦੀਆਂ ਦਰਦ-ਭਰੀਆਂ ਯਾਦਾਂ ਨੂੰ ਮਨ-ਮਸਤਕ ’ਚ ਸੰਭਾਲੀ ਬੈਠੇ ਨੇ। ਉਨ੍ਹਾਂ ਦੇ ਬਜ਼ੁਰਗ, ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੱਕੜ ਤੋਂ ਉੱਠ ਕੇ ਲਾਇਲਪੁਰ ਦੇ ਚੱਕ ਨੰਬਰ ਚੁਤਾਲੀ ਕੱਕੜ ’ਚ ਗਏ ਸਨ।

‘ਮੈਂ ਤਿੰਨ ਵਾਰ ਲਹਿੰਦੇ ਪੰਜਾਬ ਦੇ ਗੁਰਧਾਮਾਂ ਦੇ ਦਰਸ਼ਨ ਲਈ ਜਾ ਚੁੱਕਾ ਹਾਂ। ਪਹਿਲੀ ਵਾਰ ਮੈਂ ਘਰੋਂ ਤੁਰਿਆ ਤਾਂ ਬਾਪੂ ਨੇ ਕਿਹਾ ਕਿ ਚੱਕ ਨੰਬਰ ਚੁਤਾਲੀ ਜ਼ਰੂਰ ਜਾਵੀਂ। ਉਨ੍ਹਾਂ ਨੇ ਕੁਝ ਬੰਦਿਆਂ ਦੇ ਨਾਂ ਵੀ ਦੱਸੇ। ਵੱਡੀ ਇੱਛਾ ਉਨ੍ਹਾਂ ਇਹ ਜ਼ਾਹਰ ਕੀਤੀ ਸੀ ਕਿ ਮੈਂ ‘ਆਪਣੇ’ ਮੁਰੱਬਿਆਂ ’ਚੋਂ ਕੁਝ ਮਿੱਟੀ ਜ਼ਰੂਰ ਲੈ ਕੇ ਆਵਾਂ।’ ਗਿਆਨ ਸਿੰਘ ਲਹਿੰਦੇ ਪੰਜਾਬ ਦੇ ਸਫ਼ਰ ਦੀਆਂ ਗੱਲਾਂ ਸੁਣਾਉਣ ਲੱਗ ਪਏ।

‘ਜੜ੍ਹਾਵਾਲੇ ਦੇ ਨੇੜੇ ਦੀ ਗੱਲ ਜੇ। ਸਾਨੂੰ ਬੱਸ ਉਡੀਕਦਾ ਕੋਈ ਬਜ਼ੁਰਗ ਦਿੱਸਿਆ ਤਾਂ ਅਸੀਂ ਕਾਰ ਰੋਕ ਲਈ। ਮੈਂ ਉਸ ਇਲਾਕੇ ਬਾਰੇ ਕੁਝ ਪੁੱਛਣਾ ਚਾਹੁੰਦਾ ਸਾਂ, ਖ਼ਾਸ ਕਰ ਭਗਤ ਸਿੰਘ ਬਾਰੇ। ਉਸ ਬਜ਼ੁਰਗ ਨੇ ਮੇਰੀ ਕੋਈ ਗੱਲ ਨਾ ਸੁਣੀ। ਉਸਨੇ ਮੈਨੂੰ ਧਾਹ ਗਲਵੱਕੜੀ ਪਾਉਂਦਿਆਂ ਲੇਰ ਜਿਹੀ ਮਾਰੀ। ਫਿਰ ਉਹ ਦੋ ਕਦਮ ਪਿਛਾਂਹ ਹੱਟਦਿਆਂ ਨਹੋਰੇ ਨਾਲ ਬੋਲਿਆ, ‘ਜਦੋਂ ਦੇ ਤੁਸੀ ਗਏ ਓ, ਜਿਉਣ ਦਾ ਸਵਾਦ ਈ ਜਾਂਦਾ ਲੱਗਾ ਏ। ਸਰਦਾਰੋ ਕਿੱਥੇ ਤੁਰ ਗਏ ਜੇ?’ ਉਸਨੇ ਸੰਤਾਲੀ ਤੋਂ ਪਹਿਲਾਂ ਵੱਸਦੇ ਸਰਦਾਰਾਂ ਦੇ ਟੌਹਰ-ਟੱਪੇ, ਰੋਹਬ-ਦਾਬ ਤੇ ਦਿਆਨਤਦਾਰੀਆਂ ਦੇ ਕਿੱਸੇ ਛੋਹ ਲਏ।

‘ਬਾਬਾ ਪੁਰਾਣੀਆਂ ਗੱਲਾਂ ਛੱਡ, ਜੋ ਸਰਦਾਰ ਸਾਹਿਬ ਪੁੱਛ ਰਹੇ ਨੇ, ਉਸ ਬਾਰੇ ਕੁਝ ਦੱਸ’ ਟੈਕਸੀ ਵਾਲੇ ਨੇ ਉਸਨੂੰ ਟੋਕਿਆ, ਪਰ ਉਹ ਬੋਲੀ ਗਿਆ, ‘ਕੀ ਦੱਸਾਂ ਯਾਰ! ਸਾਨੂੰ ਛੱਡ ਕੇ ਇਹ ਪਤਾ ਨਹੀਂ ਕਿੱਧਰ ਤੁਰ ਗਏ ਨੇ? ਅਸੀਂ ਉਨ੍ਹਾਂ ਦੇ ਲੜ ਲੱਗ ਗਏ ਆਂ, ਜਿਨ੍ਹਾਂ ਨਾਲ ਨਾ ਸਾਡੀ ਬੋਲੀ ਮਿਲਦੀ ਏ, ਨਾ ਖਾਣ-ਪੀਣ।’

ਉਸਨੂੰ ਰੋਂਦਿਆਂ ਛੱਡ ਅਸੀਂ ਅਗਾਂਹ ਤੁਰ ਪਏ। ਬੜੀ ਤਾਂਘ ਸੀ, ਬਾਪੂ ਵਾਲਾ ਚੱਕ ਵੇਖਣ ਦੀ। ਅਸੀਂ ਦਿਨ ਢਲੇ ਚੱਕ ਨੰਬਰ ਚੁਤਾਲੀ ’ਚ ਪਹੁੰਚੇ । ਬਜ਼ੁਰਗਾਂ ਦਾ ਘਰ ਵੇਖਿਆ। ਉਸ ਘਰ ’ਚ ਮੌਰਸ਼ ਅਲੀ ਤੇ ਹਸਨ ਅਲੀ ਦੋ ਭਰਾ ਵਸ ਰਹੇ ਸਨ। ਉਹ ਅੰਮ੍ਰਿਤਸਰ ਜ਼ਿਲ੍ਹੇ ਤੋਂ ਗਏ ਸਨ। ਲੋਪੋਕੇ-ਚੁਗਾਵਾਂ ਲਾਗੇ ਮਾਨਾਵਾਲਾ ਪਿੰਡ ਤੋਂ। ਮੈਨੂੰ ਵੇਖਦਿਆਂ ਮੌਰਸ਼ ਅਲੀ ਉੱਚੀ ਆਵਾਜ਼ ’ਚ ਬੋਲਿਆ,‘ਸ਼ੁਕਰ ਅੱਲਾ ਦਾ, ਅੱਜ ਘਰ ਦੇ ਅਸਲ ਮਾਲਕ ਆਏ ਜੇ।’

ਭਿੱਜੀਆਂ ਅੱਖਾਂ ਨਾਲ ਮੌਰਸ਼ ਅਲੀ ਆਪਣੀ ਕਹਾਣੀ ਸੁਣਾਉਣ ਲੱਗ ਪਿਆ, ‘ਮੇਰੇ ਅੱਬਾ ਦੀਨਦਾਰ ਹੋ ਗਏ ਸੀ। ਮੇਰੇ ਸਕੇ ਤਾਏ ਦੇ ਪੁੱਤਰ ਕੇਹਰ ਸਿੰਘ ਤੇ ਪੂਰਨ ਸਿੰਘ ਮਾਨਾਵਾਲੇ ਰਹਿ ਰਹੇ ਨੇ। ਮੈਂ ਤੇ ਪੂਰਨ ਸਿੰਘ ਖੂਹ ’ਤੇ ਸੌਂਦੇ ਹੁੰਦੇ ਸਾਂ। ਮੈਨੂੰ ਉਹ ਇਲਾਕਾ ਬਹੁਤ ਯਾਦ ਆਉਂਦਾ ਜੇ। ਪਹਿਲਾਂ ਤਾਂ ਚਿੱਠੀਆਂ ਆਉਂਦੀਆਂ-ਜਾਂਦੀਆਂ ਸਨ, ਪਰ ਚੁਰਾਸੀ ਤੋਂ ਬਾਅਦ ਸਾਡਾ ਖ਼ਤੋ-ਖ਼ਿਤਾਬਤ ਬੰਦ ਹੋ ਗਿਆ। ਅੱਲਾ ਜਾਣੇ ਉਹ ਹੈਗੇ ਵੀ ਨੇ ਕਿ ਨਹੀਂ। ਚੱਤੋ-ਪਹਿਰ ਉਨ੍ਹਾਂ ਦਾ ਫਿਕਰ ਲੱਗਾ ਰਹਿੰਦਾ।’ ਇਹ ਗੱਲਾਂ ਕਰਦਿਆਂ, ਉਸਨੇ ਕਈ ਵਾਰ ਅੱਖਾਂ ਪੂੰਝੀਆਂ।

ਮੈਂ ਮੌਰਸ਼ ਅਲੀ ਨਾਲ ਗੱਲਾਂ ਕਰ ਰਿਹਾ ਸਾਂ ਕਿ ਇਕ ਬੰਦਾ ਓਥੇ ਆਉਂਦਿਆਂ ਕਹਿਣ ਲੱਗਾ-ਸਰਦਾਰ ਜੀ, ਤੁਹਾਨੂੰ ਜ਼ਹਿਮਤ ਦੇਣੀ ਆਂ। ਮੈਂ ਕਿਹਾ-ਦੱਸ ਬਈ ਕੀ ਗੱਲ ਆ? ਉਹ ਆਂਹਦਾ- ਮੈਂ ਕਰਮਦੀਨ ਦਾ ਪੁੱਤਰ ਆਂ। ਮੇਰਾ ਅੱਬਾ ਤੁਹਾਡੇ ਬਜ਼ੁਰਗਾਂ ਨਾਲ ਸੀਰੀ ਰਲਦਾ ਰਿਹਾ। ਉਹ ਬੜਾ ਸਖ਼ਤ ਬਿਮਾਰ ਏ। ਤੁਰ ਨਹੀਂ ਸਕਦਾ। ਮੈਂ ਜਦੋਂ ਉਸਨੂੰ ਦੱਸਿਆ ਕਿ ਰਾਠਾਂ ਦੇ ਟੱਬਰ ’ਚੋਂ ਸਰਦਾਰ ਜੀ ਆਏ ਨੇ। ਉਸਨੇ ਕਿਹਾ ਜਾਂ ਤੇ ਮੇਰਾ ਮੰਜਾ ਚੁੱਕ ਕੇ ਚੌਧਰੀ ਮੌਰਸ਼ ਅਲੀ ਦੇ ਘਰ ਲੈ ਜਾਓ ਜਾਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਇੱਥੇ ਲੈ ਕੇ ਆਓ।

ਮੈਂ ਉਸ ਨਾਲ ਤੁਰ ਪਿਆ। ਉਹ ਰਾਹ ਜਿੱਥੇ ਮੇਰਾ ਬਾਪੂ ਨਿੱਕੀਆਂ-ਨਿੱਕੀਆਂ ਖੇਡਾਂ ਖੇਡਦਾ ਰਿਹਾ ਹੋਵੇਗਾ, ਹਨੇਰੇ ਨਾਲ ਭਰੇ ਹੋਏ ਸਨ। ਮੈਂ ਬਾਪੂ ਦੀ ਸੁਣਾਈ ਹੋਈ ਕਹਾਣੀ ਯਾਦ ਕਰ ਰਿਹਾ ਸਾਂ। ਚੱਕ ਛੱਡਣ ਤੋਂ ਕੁਝ ਦਿਨ ਪਹਿਲਾਂ, ਬਾਪੂ ਨੇ ਕਰਮਦੀਨ ਨੂੰ ਆਪਣੀ ਹਵੇਲੀ ਬੁਲਾ ਕੇ ਆਖਿਆ ਸੀ-ਅਸੀਂ ਚਲੇ ਜਾਣਾ। ਤੂੰ ਸਾਡੇ ਕੋਲੋਂ ਲਿਖਵਾ ਲੈ ਕਿ ਸਾਡੇ ਖੇਤ ਤੂੰ ਵਟਾਈ ’ਤੇ ਲਏ ਹੋਏ ਨੇ। ਜਿਹੜੇ ਸਾਡੀ ਥਾਂ ਆਉਣਗੇ, ਤੂੰ ਉਨ੍ਹਾਂ ਤੋਂ ਹਿੱਸਾ ਵੰਡਾ ਲਈਂ। ਕਰਮਦੀਨ ਮੂਹਰਿਓਂ ਕੁਝ ਨਹੀਂ ਸੀ ਬੋਲਿਆ। ਰੋਂਦਾ ਹਵੇਲੀਓਂ ਨਿਕਲ ਗਿਆ ਸੀ। ਤਿੰਨ-ਚਾਰ ਦਿਨ ਬਾਪੂ ਹੁਰੀਂ ਓਥੇ ਰਹੇ ਸਨ, ਪਰ ਉਹ ਮੁੜ ਨਹੀਂ ਸੀ ਮਿਲਿਆ।

ਮੈਂ ਢਾਰੇ-ਨੁਮਾ ਘਰ ਦੇ ਅੰਦਰ ਗਿਆ ਤਾਂ ਵੇਖਿਆ ਕਿ ਕਰਮਦੀਨ ਮੰਜੇ ’ਤੇ ਪਿਆ ਸੀ। ਮੈਂ ਉਸਦੇ ਪੈਰ ਛੋਹੇ। ਉਸਨੇ ਮੇਰੇ ਬਾਪ ਦਾ ਨਾਂ ਪੁੱਛਿਆ। ਫਿਰ ਉਹ ਮੈਨੂੰ ’ਕੱਲੇ-’ਕੱਲੇ ਬੰਦੇ ਦਾ ਨਾਂ ਲੈ ਕੇ ਹਾਲ-ਚਾਲ ਪੁੱਛਣ ਲੱਗਾ। ਮੈਂ ਕਿਹਾ ਕਿ ਬਜ਼ੁਰਗੋ ਮੈਂ ਤੁਹਾਨੂੰ ਮੋਟੀ ਜਿਹੀ ਗੱਲ ਦੱਸਦਾਂ ਕਿ ਸਾਡੇ ਤੋਂ ਪਹਿਲੀ ਪੀੜ੍ਹੀ ’ਚੋਂ ਹੁਣ ਸਿਰਫ਼ ਦੋ ਬਜ਼ੁਰਗ ਰਹਿ ਗਏ ਨੇ। ਇਕ ਸਰਦਾਰ ਵਿਰਸਾ ਸਿੰਘ ਰਾਠ ਤੇ ਦੂਸਰਾ ਸਰਦਾਰ ਬਚਨ ਸਿੰਘ ਰਾਠ। ਉਸਨੇ ਕਿਹਾ- ਉਨ੍ਹਾਂ ਨੂੰ ਮੇਰੀ ਦੁਆ-ਸਲਾਮ ਕਹੀਂ।

ਕਰਮਦੀਨ ਹੁਰਾਂ ਕੋਲੋਂ ਰੁਖ਼ਸਤ ਹੋ ਕੇ ਮੈਂ ਦੋ-ਚਾਰ ਕਦਮ ਹੀ ਗਿਆ ਸਾਂ ਕਿ ਉਹ ਬੋਲਿਆ-ਹੁਣ ਮੈਂ ਮਰ ਸੌਖਾ ਜਾਵਾਂਗਾ। ਮੈਂ ਵਾਪਸ ਮੁੜ ਪਿਆ। ਮੈਂ ਕਿਹਾ- ਬਜ਼ੁਰਗੋ, ਜਦੋਂ ਕਿਸੇ ਦਾ ਸਮਾਂ ਆਉਣਾ, ਉਦੋਂ ਕਿਸੇ ਨੇ ਅੜਿੱਕਾ ਤਾਂ ਡਾਹ ਨਹੀਂ ਦੇਣਾ।
ਨਿੱਕਾ ਜਿਹਾ ਹਾਸਾ ਹੱਸਦਿਆਂ ਉਹ ਬੋਲਿਆ- ਬਹੁਤ ਵੱਡਾ ਅੜਿੱਕਾ ਸੀ ਸਰਦਾਰਾ। ਬੜੀਆਂ ਬੁਰੀਆਂ ਖ਼ਬਰਾਂ ਸੁਣਦੇ ਰਹੇ ਆਂ। ਮੈਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਸਰਦਾਰ ਖ਼ੈਰੀਅਤ ਨਾਲ ਹਿੰਦੋਸਤਾਨ ਪਹੁੰਚ ਗਏ ਕਿ ਨਹੀਂ। ਅੱਜ ਸੱਠ ਵਰ੍ਹਿਆਂ ਬਾਅਦ ਇਹ ਖ਼ੁਸ਼ਖ਼ਬਰੀ ਮਿਲੀ ਏ।

ਦੀਵੇ ਦੀ ਮੱਧਮ ਰੌਸ਼ਨੀ ’ਚ ਉਸ ਦੀਆਂ ਬੁੱਢੀਆਂ ਅੱਖਾਂ ’ਚ ਅੱਥਰੂ ਬਲਬ ਵਾਂਗ ਚਮਕ ਉੱਠੇ ਸਨ। ਉਹ ਦੁਆ ’ਚ ਹੱਥ ਉਠਾਉਂਦਿਆਂ, ਅੱਧ-ਰੋਂਦੀ ਆਵਾਜ਼ ’ਚ ਬੋਲਿਆ ਸੀ-ਹੁਣ ਕੋਈ ਅੜਿੱਕਾ ਨਹੀਂ। ਭਾਵੇਂ ਮੌਤ ਕੱਲ੍ਹ ਨੂੰ ਹੀ ਆ ਜਾਏ।” ਕਰਮਦੀਨ ਦੀ ਗੱਲ ਮੁਕਾਉਂਦਿਆਂ, ਗਿਆਨ ਸਿੰਘ ਦਾ ਗੱਚ ਭਰ ਆਇਆ।

ਆਖ਼ਰ ’ਚ ਕੱਕੜ ਹੁਰਾਂ ਇਕ ਅਜਿਹੇ ਬੰਦੇ ਦੀ ਕਹਾਣੀ ਸੁਣਾਈ, ਜਿਸਨੂੰ ਉਹ ਲਾਹੌਰ ਤੋਂ ਪੰਜਾ ਸਾਹਿਬ ਤਕ ਹਰ ਗੁਰਦੁਆਰੇ ’ਚ ਮਿਲੇ ਸਨ। ਖਸਤਾ ਹਾਲ ਉਹ ਬਜ਼ੁਰਗ, ਪਤਾ ਨਹੀਂ ਕਿਸ ਚੱਕ ਤੋਂ ਆਇਆ ਸੀ। ਉਹ ਦਸ-ਬਾਰਾਂ ਦਿਨ ਸਿੱਖ ਸੰਗਤ ਕੋਲ ਆਉਂਦਾ ਰਿਹਾ। ਉਸ ਕੋਲ ਇਕ ਝੋਲਾ ਹੁੰਦਾ ਸੀ। ਉਹ ਗੁਰੂ-ਘਰ ਦੇ ਦਰ ’ਤੇ ਖੜੋ ਜਾਂਦਾ ਤੇ ਹਰ ਯਾਤਰੀ ਕੋਲੋਂ ਪੁੱਛਦਾ-ਤੁਸੀਂ ਮੇਰੇ ਸਰਦਾਰਾਂ ਨੂੰ ਜਾਣਦੇ ਜੇ? ਉਸਨੇ ਇਹ ਸਵਾਲ ਹਰ ਸ਼ਖ਼ਸ ਨੂੰ ਦੋ-ਦੋ ਵਾਰ ਤਾਂ ਜ਼ਰੂਰ ਪੁੱਛਿਆ ਹੋਵੇਗਾ।

ਕੱਕੜ ਹੁਰਾਂ ਨੂੰ ਇਸ ਗੱਲ ਦਾ ਪਛਤਾਵਾ ਏ ਕਿ ਉਹ ਨਾ ਤਾਂ ਉਸ ਬਜ਼ੁਰਗ ਦਾ ਨਾਂ-ਪਤਾ ਨੋਟ ਕਰ ਸਕੇ ਤਾਂ ਉਸਦੇ ਸਰਦਾਰਾਂ ਦਾ। ਉਨ੍ਹਾਂ ਨੂੰ ਇੰਨੀ ਗੱਲ ਯਾਦ ਹੈ ਕਿ ਉਹ ਮੁਕੇਰੀਆਂ ਇਲਾਕੇ ਦੇ ਕਿਸੇ ਪਿੰਡ ਦੀ ਗੱਲ ਕਰਦਾ ਸੀ।

‘ਉਹ ਆਖ਼ਰੀ ਦਿਨ ਸੀ ਸਾਡਾ। ਅਸੀਂ ਅਗਲੀ ਸਵੇਰ ਓਥੋਂ ਤੁਰ ਆਉਣਾ ਸੀ। ਲਾਹੌਰ ਵਾਲੇ ਕਿਲ੍ਹੇ ਦੀ ਦੀਵਾਰ ਨਾਲ ਗੁਰਦੁਆਰਾ ਸਾਹਿਬ ਦੇ ਸਾਹਮਣੇ, ਉਹ ਖਲੋਤਾ ਸੀ। ਉਸਨੇ ਮੈਨੂੰ ਫਿਰ ਤੋਂ ਪੁੱਛਿਆ-ਸਰਦਾਰਾ, ਤੂੰ ਮੇਰੇ ਸਰਦਾਰਾਂ ਨੂੰ ਜਾਣਦਾ ਜੇ?
ਮੈਂ ਉਸਨੂੰ ਕਿਹਾ-ਬਾਬਾ ਤੈਨੂੰ ਇੰਨੇ ਦਿਨ ਹੋ ਗਏ ਨੇ, ਇਹ ਸਵਾਲ ਪੁੱਛਦਿਆਂ। ਜੇ ਕੋਈ ਜਾਣਦਾ ਹੁੰਦਾ ਤਾਂ ਤੈਨੂੰ ਦੱਸ ਨਾ ਦਿੰਦਾ। ਰੋਜ਼ਾਨਾ ਤੂੰ ਹਰੇਕ ਨੂੰ ਆਪਣੇ ਸਰਦਾਰਾਂ ਬਾਰੇ ਪੁੱਛਦਾ ਰਿਹਾ ਏਂ। ਜੇ ਕੋਈ ਆਇਆ ਹੁੰਦਾ ਤਾਂ ਮਿਲ ਈ ਜਾਣਾ ਸੀ।
ਮੇਰੀ ਗੱਲ ਸੁਣਕੇ ਉਹ ਉੱਚੀ-ਉੱਚੀ ਰੋਣ ਲੱਗ ਪਿਆ। ਪੁਲੀਸ ਦੇ ਦੋ ਕਰਮਚਾਰੀ ਸਾਡੇ ਕੋਲ ਆ ਗਏ। ਉਨ੍ਹਾਂ ਨੇ ਉਸਨੂੰ ਚੁੱਪ ਹੋਣ ਲਈ ਆਖਿਆ। ਥੋੜ੍ਹੀ ਦੇਰ ਬਾਅਦ ਉਹ ਮਸਾਂ ਸੰਭਲਿਆ ਸੀ। ਅੱਖਾਂ ਪੂੰਝਦਿਆਂ, ਉਸਨੇ ਆਪਣੀ ਕਹਾਣੀ ਸੁਣਾਈ।
‘ਮੈਂ ਤੁਹਾਨੂੰ ਕੀ ਦੱਸਾਂ ਕਿ ਸਾਡੇ ਉਹ ਸਰਦਾਰ ਕਿਹੋ ਜਿਹੇ ਨੇ! ਸੰਤਾਲੀ ਤੋਂ ਬਾਅਦ, ਮੈਂ ਦੋ ਲੜਕੀਆਂ ਦੀ ਸ਼ਾਦੀ ਕੀਤੀ ਏ ਔਰ ਉਨ੍ਹਾਂ ਕੋਲੋਂ ਹਿੰਦੋਸਤਾਨ ਤੋਂ ਮਦਦ ਲੈ ਕੇ ਆਇਆਂ। ਉਨ੍ਹਾਂ ਵੱਟੇ ਜਿਹੜੇ ਲੋਕ ਇੱਥੇ ਆਏ ਨੇ, ਉਨ੍ਹਾਂ ਦਾ ਤੇ ਸਾਡਾ ਆਪਸ ਵਿਚ ਵਸੇਬਾ ਨਹੀਂ ਰਲਦਾ। ਬੋਲ-ਚਾਲ ਨਹੀਂ ਰਲਦਾ। ਕੋਈ ਸੁਰ-ਸਵਾਦ ਨਹੀਂ ਰਿਹਾ ਜ਼ਿੰਦਗੀ ਦਾ। ਜਦੋਂ ਮੈਂ ਦੂਜੀ ਵਾਰ ਗਿਆ ਤਾਂ ਮੱਲੋ-ਜ਼ੋਰੀ ਆਪਣੇ ਸਰਦਾਰਾਂ ਦੇ ਪੈਰਾਂ ਦੇ ਮੇਚੇ ਲੈ ਆਇਆ ਸਾਂ, ਪਰ ਮੇਰੀ ਕਿਸਮਤ...।

ਉਸਨੇ ਕੰਬਦੇ ਹੱਥਾਂ ਨਾਲ ਝੋਲੇ ’ਚੋਂ ਜੋੜੇ ਕੱਢ ਲਏ ਤੇ ਧਾਹ ਮਾਰਦਿਆਂ ਬੋਲਿਆ- ਮੈਂ ਏਡਾ ਨਿਕਰਮਾ ਬਈ ਆਪਣੇ ਸਰਦਾਰਾਂ ਲਈ ਜੋੜੇ ਵੀ ਨਹੀਂ ਘਲਾ ਸਕਦਾਂ। ਉਸਦੇ ਖੁਰਦਰੇ ਕੰਬਦੇ ਹੱਥਾਂ ’ਚ ਉਹ ਜੋੜੇ ਮੋਏ ਪੰਛੀਆਂ ਦੀ ਤਰ੍ਹਾਂ ਲੱਗ ਰਹੇ ਸਨ।’ ਗੱਲ ਮੁਕਾਉਂਦਿਆਂ ਕੱਕੜ ਹੁਰੀਂ ਵਿਲਕ ਉੱਠੇ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •