Mahan Paap (Vand De Dukhre) : Sanwal Dhami
ਮਹਾਂ ਪਾਪ (ਵੰਡ ਦੇ ਦੁੱਖੜੇ) : ਸਾਂਵਲ ਧਾਮੀ
ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਮੈਂ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਭਰੋਲੀ ਬਾਬਾ ਹਰਭਜਨ ਸਿੰਘ ਤੇ ਮੇਜਰ ਸਿੰਘ ਹੋਰਾਂ ਨੂੰ ਮਿਲਣ ਗਿਆ। ਨੱਬੇ ਵਰ੍ਹਿਆਂ ਨੂੰ ਢੁਕੇ ਇਨ੍ਹਾਂ ਦੋਵੇਂ ਬਾਬਿਆਂ ਕੋਲ ਸੰਤਾਲੀ ਦੇ ਆਰ-ਪਾਰ ਦੀਆਂ ਬਹੁਤ ਗੱਲਾਂ ਹਨ।
ਬਾਬਾ ਹਰਭਜਨ ਸਿੰਘ ਵਰਿਆਹ ਬੋਲਿਆ, “ਸਾਡੇ ਨੇੜੇ ਚਾੜਾ, ਚੇਤਾ, ਕੰਗਰੋੜ ਤੇ ਟੋਡਰਪੁਰ ਨਿਰੋਲ ਮੁਸਲਮਾਨਾਂ ਦੇ ਪਿੰਡ ਹੁੰਦੇ ਸਨ। ਉਹ ਵੇਲੇ ਹੋਰ ਸਨ। ਖੂਹਾਂ ਦੀ ਖੇਤੀ ਹੁੰਦੀ ਸੀ। ਇਸ ਪਿੰਡ ਦੇ ਨਾਲ-ਨਾਲ ਬੜੇ ਖੂਹ ਹੁੰਦੇ ਸੀ। ਪਿੰਡ ਵਾਲਾ ਖੂਹ ਸਾਰਿਆਂ ਦਾ ਸਾਂਝਾ ਹੁੰਦਾ ਸੀ। ਇਕ ਪਾਸੇ ਹਿੰਦੂ-ਸਿੱਖ ਪਾਣੀ ਭਰਦੇ ਸਨ ਤੇ ਦੂਜੇ ਪਾਸੇ ਮੁਸਲਮਾਨ। ਸਿੱਖਾਂ ਕੋਲ ਜ਼ਮੀਨ ਵੱਧ ਸੀ। ਉਮਰੇ ਗੁੱਜਰ ਨੇ ਸ਼ਹਿਰ ਨੂੰ ਦੁੱਧ ਲਿਜਾਣ ਲਈ ਸਪੈਸ਼ਲ ਟਾਂਗਾ ਬਣਾਇਆ ਹੋਇਆ ਸੀ। ਸੌ ਤਾਂ ਉਹਨੇ ਬੱਕਰੀ ਰੱਖੀ ਹੋਈ ਸੀ। ਉਹਦੇ ਦੋ ਖੂਹ ਸਨ। ਇਕ ਗੋਕੁਲ ਪੰਡਤ ਨਾਲ ਸਾਂਝਾ ਸੀ ਤੇ ਇਕ ਉਹਦਾ ’ਕੱਲੇ ਦਾ ਸੀ। ਇਨ੍ਹਾਂ ਪੰਡਤਾਂ ਦੀ ਗੁੱਜਰਾਂ ਨਾਲ ਬੜੀ ਸਾਂਝ ਸੀ। ਸਾਡੀ ਹਵੇਲੀ ਦੇ ਨੇੜੇ ਮੁਸਲਮਾਨਾਂ ਦੇ ਕਈ ਘਰ ਹੁੰਦੇ ਸਨ। ਉਮਰੀ, ਬਚਨੀ, ਬਾਵੀ, ਰੱਖੀ ਤੇ ਹਾਜ਼ਰਾਂ, ਉਨ੍ਹਾਂ ਦੀਆਂ ਕੁੜੀਆਂ ਦੇ ਨਾਂ ਸਨ। ਬੁੜੀਆਂ ਆਪਸ ਵਿਚ ਸੁੱਕੀਆਂ ਸ਼ੈਆਂ ਦਾ ਲੈਣ-ਦੇਣ ਵੀ ਕਰ ਲੈਂਦੀਆਂ ਸਨ। ਇਸ ਪਿੰਡ ਵਿਚ ਤਿੰਨ ਕੋਹਲੂ ਵੀ ਹੁੰਦੇ ਸਨ। ਬਾਰੂ, ਪੀਰੂ ਤੇ ਫਕੀਰੀਆ, ਤੇਲ ਕੱਢ ਕੇ ਪਹਾੜਾਂ ਵੱਲ ਵੇਚਣ ਜਾਂਦੇ। ਸ਼ੇਰ ਤੇ ਲੱਖਾ ਗੁੱਜਰ ਵੀ ਬੜੇ ਨਰ ਬੰਦੇ ਸਨ। ਹੋਰ ਬੜੇ ਚਿਹਰੇ ਅੱਖਾਂ ਮੂਹਰੇ ਘੁੰਮਦੇ ਆ, ਪਰ ਹੁਣ ਨਾਂ ਭੁੱਲ ਗਏ ਨੇ।” ਇਹ ਆਖ ਉਹ ਚੁੱਪ ਹੋ ਗਿਆ।
ਦੂਜਾ ਬਾਬਾ ਮੇਜਰ ਸਿੰਘ ਵਰਿਆਹ ਬੋਲਿਆ,“ਮੈਂ ਪੜ੍ਹ ਨਾ ਸਕਿਆ। ਛੋਟੀ ਉਮਰੇ ਬਾਪੂ ਨੇ ਆਪਣੇ ਨਾਲ ਖੇਤਾਂ ਵਿਚ ਕੰਮ ਕਰਨ ਲਾ ਲਿਆ। ਮੈਂ ਹਰਭਜਨ ਹੋਰਾਂ ਨੂੰ ਆਖਣਾ ਕਿ ਮੈਨੂੰ ਵੀ ਪੜ੍ਹਾਓ। ਇਨ੍ਹਾਂ ਸਕੂਲ ਤੋਂ ਆ ਕੇ ਮੈਨੂੰ ਕੋਲ ਬਿਠਾ ਲੈਣਾ। ਇਨ੍ਹਾਂ ਮੈਨੂੰ ਪੰਜਾਬੀ ਦਾ ਕਾਇਦਾ ਪੜ੍ਹਨਾ ਸਿਖਾਇਆ। ਇਨ੍ਹਾਂ ਦੀ ਮਿਹਰਬਾਨੀ ਨਾਲ ਮੈਂ ਵੱਡੇ-ਵੱਡੇ ਗ੍ਰੰਥ ਪੜ੍ਹ ਗਿਆ। ਫਿਰ ਤਾਂ ਮੈਂ ਕਵੀਸ਼ਰੀ ਵੀ ਕਰਦਾ ਰਿਹਾ। ਸਾਡੇ ਦੇਖਦਿਆਂ-ਦੇਖਦਿਆਂ, ਸੰਨ ਸੰਤਾਲੀ ਆ ਗਿਆ। ਵੱਢ-ਟੁੱਕ ਸ਼ੁਰੂ ਹੋ ਗਈ। ਸਾਡੇ ਪਿੰਡ ਦੇ ਮੋਹਤਬਰਾਂ ਨੇ ਮੁਸਲਮਾਨਾਂ ਨੂੰ ਕਿਹਾ ਕਿ ਬੜਾ ਭਿਆਨਕ ਸਮਾਂ ਆ, ਤੁਸੀਂ ਹੁਣ ਕੈਂਪ ਵਿਚ ਚਲੇ ਜਾਓ। ਮੂਹਰਿਓਂ ਉਮਰਾ ਗੁੱਜਰ ਕਹਿੰਦਾ-ਸਾਡਾ ਵੀ ਪਿੰਡ ਆ ਇਹ। ਸਾਨੂੰ ਭਲਾ ਇੱਥੋਂ ਕੌਣ ਕੱਢੂ?
ਜਦੋਂ ਏਹੋ ਜਿਹੀਆਂ ਗੱਲਾਂ ਹੋਣ ਲੱਗ ਪਈਆਂ ਤਾਂ ਪਿੰਡ ਦੇ ਕੁਝ ਬੰਦਿਆਂ ਨੇ ਬਾਹਰਲੇ ਪਿੰਡਾਂ ਤੋਂ ਮੁੰਡੇ ਸੱਦ ਲਏ। ਉਮਰੇ ਦੇ ਭਰਾ ਮਲੂਕ ਤੇ ਪੁੱਤਰ ਕਾਦਰ ਸਮੇਤ, ਉਸ ਟੱਬਰ ਦੇ ਨੌਂ ਜੀਅ ਮਾਰੇ ਗਏ। ਆਪ ਉਹ ਬਚ ਕੇ ਨਿਕਲ ਗਿਆ। ਬਾਅਦ ਵਿਚ ਕਾਦਰ ਦੀ ਧੀ ਵੀ..! ਪਿੰਡ ਦੇ ਬੰਦਿਆਂ ਨੇ ਉਨ੍ਹਾਂ ਦੀਆਂ ਲਾਸ਼ਾਂ ਗੱਡੇ ’ਤੇ ਲੱਦੀਆਂ ਤੇ ਵੇਈਂ ਵਿਚ ਰੋੜ੍ਹ ਆਏ। ਸ਼ਾਮ ਨੂੰ ਮੌਜੂ ਤੇਲੀ ਮੇਰੇ ਬਾਪ ਕੋਲ ਆਇਆ। ਕਹਿੰਦਾ- ਚਾਚਾ ਜੀ, ਸਾਡੀ ਇਕ ਰਾਤ ਲੰਘਾ ਦਿਓ। ਮੇਰੀਆਂ ਲੜਕੀਆਂ ਜਵਾਨ ਆ। ਐਵੇਂ ਕੋਈ...। ਉਹ ਦੋ ਦਿਨ ਸਾਡੇ ਘਰ ਵਿਚ ਲੁਕੇ ਰਹੇ ਤੇ ਫਿਰ ਬਹਿਰਾਮ ਵਾਲੇ ਕੈਂਪ ਵਿਚ ਚਲੇ ਗਏ।
ਨੇੜਲੇ ਪਿੰਡ ਕੰਗਰੋੜ ਦਾ ਲਾਹੀਆ ਸਾਡੇ ਬਾਪ ਦਾ ਬਹੁਤ ਪਿਆਰਾ ਸੀ। ਬਾਕੀ ਪਿੰਡ ਨਿਕਲ ਗਿਆ, ਪਰ ਉਹਦੇ ਪਿਓ ਜੀਣ ਮੁਹੰਮਦ ਦੇ ਸੱਟ ਲੱਗੀ ਹੋਣ ਕਰਕੇ, ਉਹ ਪਿਓ-ਪੁੱਤ ਪਿੰਡ ਵਿਚ ਟਿਕੇ ਰਹੇ। ਫਰਾਲੇ ਪਿੰਡ ਵਿਚ ਉਨ੍ਹਾਂ ਦੀ ਵਾਕਫ਼ੀ ਸੀ। ਉਹ ਆਪਣੇ ਬਾਪ ਨੂੰ ਕੰਧਾੜੀ ਚੁੱਕ ਕੇ ਫਰਾਲੇ ਆ ਗਿਆ। ਉਹਨੂੰ ਕਹਿਣ ਲੱਗਾ ਕਿ ਮੈਨੂੰ ਖਜੂਰਲੇ ਕੈਂਪ ਵਿਚ ਛੱਡ ਆ। ਉਹ ਮੂਹਰਿਓਂ ਕਹਿੰਦਾ- ਮਿਲਟਰੀ ਦੇ ਪਹਿਰੇ ਲੱਗੇ ਹੋਏ ਆ, ਮੈਂ ਨਹੀਂ ਜਾ ਸਕਦਾ। ਲਾਹੀਆ ਕਹਿਣ ਲੱਗਾ ਕਿ ਜੇ ਤੂੰ ਨਹੀਂ ਜਾਣਾ ਤਾਂ ਮੈਨੂੰ ਭਰੋਲੀ ਵਾਲੇ ਚਰਨ ਸਿੰਘ ਕੋਲ ਲੈ ਜਾ। ਉਹ ਫਿਰ ਲਾਹੀਏ ਨੂੰ ਸਾਡੀ ਹਵੇਲੀ ਲੈ ਆਇਆ। ਸਾਡੀ ਮਾਈ ਰੋਟੀ ਲੈ ਕੇ ਆ ਗਈ। ਬਾਪੂ ਨੇ ਉਹਨੂੰ ਮੱਲੋਜ਼ੋਰੀ ਇਕ ਪ੍ਰਸ਼ਾਦਾ ਛਕਾਇਆ। ਉਹ ਇਕੋ ਗੱਲ ਕਰੀ ਜਾਵੇ-ਚਾਚਾ, ਭੁੱਖ ਤਾਂ ਬੜੀ ਆ, ਪਰ ਰੋਟੀ ਲੰਘਦੀ ਨਹੀਂ। ਫਿਰ ਉਹ ਮੇਰੇ ਬਾਪੂ ਨੂੰ ਕਹਿਣ ਲੱਗਾ- ਚਾਚਾ, ਸਾਨੂੰ ਖਜੂਰਲੇ ਕੈਂਪ ਵਿਚ ਛੱਡ ਆ। ਜਦੋਂ ਨੂੰ ਸਾਡੇ ਪਿੰਡ ਦਾ ਜੱਗਾ ਮਹਿਰਾ ਵੀ ਉੱਥੇ ਆ ਗਿਆ। ਉਹ ਘੋੜਾ ਵਾਹੁੰਦਾ ਸੀ। ਉਹਨੂੰ ਸਾਡੇ ਬਾਪ ਨੇ ਕਿਹਾ ਕਿ ਜੱਗਿਆ ਤੇਰਾ ਘੋੜਾ ਭਾੜੇ ’ਤੇ ਕਰਨਾ। ਉਹਨੇ ਪੁੱਛਿਆ-ਜਾਣਾ ਕਿੱਥੇ ਆ? ਬਾਪੂ ਨੇ ਦੱਸਿਆ ਤਾਂ ਉਹ ਸੋਚੀਂ ਪੈ ਗਿਆ। ਫਿਰ ਕਹਿੰਦਾ-ਜੇ ਤੂੰ ਨਾਲ ਜਾਏਂਗਾ ਤਾਂ ਮੈਂ ਜਾਣਾ। ਦਸ ਰੁਪਏ ਕਿਰਾਏ ਦੀ ਗੱਲ ਟੁੱਕ ਕੇ ਉਹ ਅਗਲੀ ਸਵੇਰ ਚਾਰ ਕੁ ਵਜੇ ਪਿੰਡੋਂ ਤੁਰ ਪਏ। ਪਹਿਲਾਂ ਉਹ ਲਾਹੀਏ ਦੇ ਅੱਬਾ ਨੂੰ ਲੈਣ ਫਰਾਲੇ ਗਏ। ਉਹਦੇ ਕੋਲ ਚਾਂਦੀ ਦੀਆਂ ਟੂੰਮਾਂ ਦਾ ਝੋਲਾ ਭਰਿਆ ਹੋਇਆ ਸੀ। ਲਾਹੀਆ ਉਹ ਟੂੰਮਾਂ ਮੇਰੇ ਬਾਪ ਨੂੰ ਦੇਣ ਲੱਗਾ ਤਾਂ ਉਹ ਮੂਹਰਿਓਂ ਕਹਿੰਦਾ-ਲਾਹੀਆ, ਇਹ ਟੂੰਮਾਂ ਤੁਸੀਂ ਕਿਸੇ ਟਰੱਕ ਵਾਲੇ ਨੂੰ ਦੇ ਕੇ ਪਾਕਿਸਤਾਨ ਚਲੇ ਜਾਇਓ। ਫਰਾਲੇ ਵਾਲਾ ਜੱਟ ਬੋਲਿਆ-ਇਹ ਸਾਡੇ ਘਰ ਪਰਸੋਂ ਦੇ ਆੲੇ ਹੋਏ ਆ, ਪਰ ਮੇਰੇ ਕੋਲ ਤਾਂ ਇਨ੍ਹਾਂ ਟੂੰਮਾਂ ਦਾ ਨਾਂ ਤਕ ਨਹੀਂ ਲਿਆ। ਤੈਂਨੂੰ ਆਉਂਦੇ ਨੂੰ ਫੜਾਉਣ ਲੱਗ ਪਿਆ।
ਲਾਹੀਏ ਹੋਰਾਂ ਕੋਲ ਇਕ ਪਰਾਤ ਵੀ ਸੀ। ਉਹ ਕਿਸੇ ਨੂੰ ਦੇ ਕੇ ਬਾਪੂ ਨੇ ਉਨ੍ਹਾਂ ਨੂੰ ਛੰਨਾਂ ਤੇ ਥਾਲੀ ਲੈ ਦਿੱਤੇ। ਫਿਰ ਉਨ੍ਹਾਂ ਜੀਣ ਬੁੜੇ ਨੂੰ ਘੋੜੇ ’ਤੇ ਬਿਠਾਇਆ ਤੇ ਤੁਰ ਪਏ। ਬਾਪੂ ਨੇ ਫਗੂੜਿਆਂ ਤੋਂ ਆਪਣੇ ਰਿਸ਼ਤੇਦਾਰ ਨੂੰ ਵੀ ਨਾਲ ਲੈ ਲਿਆ। ਤੁਰਦੇ-ਤੁਰਦੇ ਉਹ ਵੇਈਂ ਦੇ ਪੁਲ਼ ’ਤੇ ਚਲੇ ਗਏ। ਦੋਵੇਂ ਪਾਸੇ ਮਿਲਟਰੀ ਦਾ ਪਹਿਰਾ ਸੀ। ਉਦੋਂ ਤਕ ਲਹਿੰਦੇ ਪੰਜਾਬੋਂ ਉੱਜੜ ਕੇ ਲੋਕ ਇੱਧਰ ਪਹੁੰਚਣ ਲੱਗ ਪਏ ਸਨ। ਏਧਰੋਂ ਜੱਗੇ ਨੇ ਘੋੜਾ ਪੁਲ ’ਤੇ ਚੜ੍ਹਾਇਆ ਤੇ ਓਧਰੋਂ ਉਨ੍ਹਾਂ ਨੂੰ ਸਿੱਖਾਂ ਦਾ ਕਾਫ਼ਲਾ ਟੱਕਰ ਗਿਆ। ਇਕ ਬੰਦਾ ਮਿਲਟਰੀ ਵਾਲੇ ਨੂੰ ਕਹਿੰਦਾ-ਘੋੜੇ ਦੇ ਗੋਲੀ ਮਾਰ। ਸੁੱਟ ਇਹਨੂੰ ਵੇਈਂ ਦੇ ਵਿਚ। ਅਸੀਂ ਓਧਰ ਸਭ ਕੁਝ ਲੁਟਾ ਕੇ ਆਏ ਆਂ ਤੇ ਦੇਖ ਲੈ ਆਹ ਜਵਾਈਆਂ ਨੂੰ ਛੱਡਣ ਤੁਰਿਓ ਆ।
ਜੱਗਾ ਕਹਿੰਦਾ- ਨਹੀਂ ਜੀ, ਅਸੀਂ ਮਹਿਰੇ ਹੁੰਦੇ ਆਂ। ਸਾਡੇ ਰਿਸ਼ਤੇਦਾਰਾਂ ਵਿਚ ਅਫ਼ਸੋਸ ਹੋ ਗਿਆ ਏ। ਸਾਡੇ ਰਿਵਾਜ ਆ। ਅਸੀਂ ਇੱਦਾਂ ਹੀ ਜਾਂਦੇ ਹੁੰਦੇ ਆਂ। ਉਹਨੇ ਗੱਲ ਕਰਦਿਆਂ ਮਾਰੀ ਘੋੜੇ ਦੇ ਛਟੀ ਤੇ ਉਹ ਪੁਲ ਤੋਂ ਪਾਰ ਹੋ ਗਿਆ। ਲਾਹੀਏ ਹੋਰਾਂ ਨੂੰ ਕੈਂਪ ਵਿਚ ਵਾੜ ਕੇ ਉਹ ਮੁੜਨ ਲੱਗੇ ਤਾਂ ਉਨ੍ਹਾਂ ਨੂੰ ਪਿੰਡ ਦੇ ਜਮਾਲਾ ਤੇ ਮੌਜਾ ਮਿਲ ਗਏ। ਜਮਾਲਾ ਸਾਡੇ ਪਿੰਡ ਦੇ ਜ਼ਿਮੀਂਦਾਰ ਰੁਲੀ ਚੰਦ ਨਾਲ ਸੀਰੀ ਰਲਦਾ ਹੁੰਦਾ ਸੀ। ਉਹ ਸਾਡੇ ਬਾਪ ਨੂੰ ਕਹਿਣ ਲੱਗਾ-ਰੁਲੀ ਚੰਦ ਨੂੰ ਕਹੀਂ ਕਿ ਅਸੀਂ ਬਹੁਤ ਤੰਗ ਆਂ, ਉਹ ਕਿਸੇ ਤਰ੍ਹਾਂ ਸਾਨੂੰ ਇੱਥੋਂ ਲੈ ਜਾਏ।
ਬਾਪੂ ਕਹਿਣ ਲੱਗਾ-ਜਮਾਲਿਆ ਉੱਤੋਂ ਅੱਗ ਪਈ ਵਰ੍ਹਦੀ ਆ। ਉਹ ਤੁਹਾਨੂੰ ਕਿੱਦਾਂ ਲੈਣ ਆ ਜਾਏ? ਉਂਜ ਤੁਹਾਡਾ ਸੁਨੇਹਾ ਮੈਂ ਉਹਦੇ ਤਕ ਜ਼ਰੂਰ ਪਹੁੰਚਾ ਦਊਂਗਾ। ਰੁਲੀ ਚੰਦ ਉਨ੍ਹਾਂ ਨੂੰ ਲੈਣ ਵੀ ਗਿਆ, ਪਰ ਉਦੋਂ ਤਕ ਉਨ੍ਹਾਂ ਦਾ ਕਾਫ਼ਲਾ ਖਜੂਰਲੇ ਤੋਂ ਤੁਰ ਗਿਆ ਸੀ। ਲਾਹੀਏ ਹੋਰੀਂ ਸਹੀ ਸਲਾਮਤ ਓਧਰ ਪਹੁੰਚ ਗਏ ਸਨ। ਉਹ ਕੋਈ ਨੌਂ-ਦਸ ਸਾਲ ਸ਼ੇਖ਼ੂਪੁਰੇ ਤੋਂ ਸਾਡੇ ਬਾਪ ਨੂੰ ਚਿੱਠੀਆਂ ਪਾਉਂਦਾ ਰਿਹਾ ਸੀ। ਹਰ ਵਾਰ ਲਿਖਣਾ ਕਿ ਇਹ ਜ਼ਿੰਦਗੀ ਤੇਰੀ ਬਖ਼ਸ਼ੀ ਹੋਈ ਆ ਚਾਚਾ।” ਗੱਲ ਮੁਕਾ ਕੇ ਬਾਬਾ ਉਦਾਸ ਜਿਹਾ ਮੁਸਕਰਾਇਆ ਸੀ।
“ਕਤਲੋ-ਗਾਰਤ ਵਾਲੀ ਰਾਤ ਕੀ ਹੋਇਆ ਸੀ?” ਮੈਂ ਸਵਾਲ ਕੀਤਾ।
“ਜਿਸ ਰਾਤ...।” ਬਾਬੇ ਮੇਜਰ ਸਿੰਘ ਨੇ ਫਿਰ ਤੋਂ ਗੱਲ ਸ਼ੁਰੂ ਕਰ ਲਈ ਸੀ।
“...ਹਮਲਾ ਹੋਇਆ, ਉਹ ਕੋਠੇ ’ਤੇ ਚੜ੍ਹ ਕੇ ਢੀਮਾਂ ਮਾਰਦੇ ਰਹੇ। ਫੇਰ ਮੁੰਡੀਰ ਨੇ ਉਮਰੇ ਦੇ ਦਰ ਮੂਹਰੇ ਲੱਕੜੀਆਂ ਸੁੱਟ ਕੇ ਅੱਗ ਲਾਈ ਤਾਂ ਉਹ ਦੌੜ ਤੁਰੇ। ਇੱਥੇ ਬੜਾ ਕੁਝ ਹੋਇਆ। ਹੁਣ ਕੀ ਦੱਸੀਏ? ਦੱਸਣ ਵਾਲੀਆਂ ਗੱਲਾਂ ਨਹੀਂ। ਮਹਾਂ-ਪਾਪ ਹੋਇਆ, ਸਾਡੇ ਨਗਰ ਵਿਚ।” ਇਹ ਆਖ ਬਾਬਾ ਮੇਜਰ ਸਿੰਘ ਚੁੱਪ ਹੋ ਗਿਆ।
“ਉਹ ਵਕਤ ਹੀ ਇਸ ਤਰ੍ਹਾਂ ਦਾ ਸੀ। ਤੁਸੀਂ ਖੁੱਲ੍ਹ ਕੇ ਗੱਲ ਕਰੋ?” ਮੈਂ ਮੁੜ ਤੋਂ ਸਵਾਲ ਕੀਤਾ।
“ਉਨ੍ਹਾਂ ਗੁੱਜਰਾਂ ਨੇ ਕੁਝ ਘਰਾਂ ਵਿਚ ਸਮਾਨ ਰੱਖਿਆ ਸੀ। ਹਮਲੇ ਵੇਲੇ ਉਨ੍ਹਾਂ ਬੜੀਆਂ ਹਾਕਾਂ ਮਾਰੀਆਂ ਕਿ ਫਲਾਣਿਆਂ ਸਾਨੂੰ ਬਚਾ ਲੈ, ਧੀਂਗੜਿਆ ਸਾਨੂੰ ਬਚਾ ਲੈ। ਫਿਰ ਕਿਹੜਾ ਜਾਂਦਾ ਮੂਹਰੇ। ਉਮਰਾ ਖਾਂਦਾ-ਪੀਂਦਾ ਗੁੱਜਰ ਸੀ। ਉਹਦੀ ਪੋਤੀ ਨਿਆਮਤੇ ਬਹੁਤ ਸੋਹਣੀ ਸੀ। ਉਹ ਬਾਹਰ ਵੀ ਬਹੁਤ ਘੱਟ ਨਿਕਲਦੀ ਹੁੰਦੀ ਸੀ। ਉਹਨੇ ਆਪਣੇ ਪਿਓ ਕਾਦਰ ਤੇ ਛੋਟੀ ਭੈਣ ਨੂੰ ਆਪਣੀਆਂ ਅੱਖਾਂ ਸਾਹਮਣੇ ਕਤਲ ਹੁੰਦੇ ਵੇਖਿਆ। ਨਿਆਮਤੇ ਨੂੰ ਚੁੱਕ ਕੇ ਲਿਜਾਣ ਲਈ ਗੋਂਦਪੁਰ ਦਾ ਇਕ ਜਵਾਨ ਮੁੰਡਾ ਆਪਣੇ ਨਾਲ ਬੰਦੇ ਲੈ ਕੇ ਆਇਆ ਹੋਇਆ ਸੀ। ਓਸ ਮੁੰਡੇ ਦੀ ਇਸ ਪਿੰਡ ਭੈਣ ਵਿਆਹੀ ਹੋਈ ਸੀ। ਉਹਨੇ ਕਿਤੇ ਨਿਆਮਤੇ ਨੂੰ ਦੇਖਿਆ ਹੋਇਆ ਸੀ। ਇਕ ਇੱਥੋਂ ਦੀ ਹਾਜ਼ਰਾ ਵੀ ਸੀ। ਅਸੀਂ ਉਹਨੂੰ ਚੂਹੀ-ਚੂਹੀ ਕਹਿੰਦੇ ਹੁੰਦੇ ਸੀ। ਉਹਨੂੰ ਲਹਿਲੀ ਪਿੰਡ ਵਾਲੇ ਲੈ ਗਏ ਸੀ। ਚੂਹੀ ਦੀ ਵੱਡੀ ਭੈਣ ਦਾ ਨਾਂ ਬਾਵੀ ਸੀ। ਉਹ ਪਾਕਿਸਤਾਨੋਂ ਮੇਰੇ ਬਾਪ ਨੂੰ ਚਿੱਠੀਆਂ ਲਿਖਦੀ ਹੁੰਦੀ ਸੀ। ਬਾਪੂ ਨੇ ਕੋਸ਼ਿਸ਼ ਵੀ ਬੜੀ ਕੀਤੀ, ਪਰ ਉਹ ਚੂਹੀ ਨੂੰ ਏਧਰੋਂ ਓਧਰ ਨਹੀਂ ਸੀ ਭਿਜਵਾ ਸਕਿਆ।” ਉਹਨੇ ਨਿਰਾਸ਼ਤਾ ਵਿਚ ਸਿਰ ਮਾਰਿਆ।
“ਨਿਆਮਤੇ ਦਾ ਕੀ ਬਣਿਆ?” ਮੈਂ ਗੱਲ ਨੂੰ ਮੁੜ ਤੋਂ ਨਿਆਮਤੇ ਵੱਲ ਮੋੜ ਦਿੱਤਾ।
“ਗੋਂਦਪੁਰ ਵਾਲੇ ਓਸ ਮੁੰਡੇ ਨੇ ਨਿਆਮਤੇ ਦੀ ਬਾਂਹ ਫੜ ਲਈ, ਪਰ ਉਸ ਕੁੜੀ ਨੇ ਅਜਿਹੀ ਗੱਲ ਕਹੀ ਕਿ ਓਸ ਜਵਾਨ ਦੇ ਹੱਥੋਂ ਕੁੜੀ ਦੀ ਬਾਂਹ ਆਪ-ਮੁਹਾਰੇ ਛੁੱਟ ਗਈ।” ਇਹ ਆਖ ਉਹ ਫਿਰ ਤੋਂ ਚੁੱਪ ਹੋ ਗਿਆ।
“ਅਜਿਹੀ ਕਿਹੜੀ ਗੱਲ ਕਹਿ ਦਿੱਤੀ ਸੀ, ਉਹਨੇ?” ਮੈਂ ਹੈਰਾਨ ਹੁੰਦਿਆਂ ਸਵਾਲ ਕੀਤਾ।
“ਉਹ ਕਹਿੰਦੀ-ਤੂੰ ਗਊ ਖਾਵੇਂ ਜੇ ਮੈਨੂੰ ਨਾ ਮਾਰੇ। ਇਹ ਸੁਣਦਿਆਂ, ਉਹ ਮੁੰਡਾ ਕੜਕ ਕੇ ਬੋਲਿਆ-ਜੇ ਇਹ ਗੱਲ ਏ ਤੇ ਚੱਲ ਤਿਆਰ ਹੋ ਜਾ। ਉਹ ਕੁੜੀ ਤਾਂ ਇਕ ਛਿਣ ਵਿਚ ਜ਼ਮੀਨ ’ਤੇ ਚੁਫ਼ਾਲ ਡਿੱਗ ਪਈ ਤੇ ਉਸ ਮੁੰਡੇ ਨੇ ਤਲਵਾਰ ਦੇ ਇਕੋ ਵਾਰ ਨਾਲ...।”
ਬਾਬੇ ਮੇਜਰ ਸਿੰਘ ਕੋਲੋਂ ਵਾਕ ਪੂਰਾ ਨਹੀਂ ਸੀ ਹੋ ਸਕਿਆ। ਉਹਦਾ ਗੱਚ ਭਰ ਆਇਆ।