Anokha Badla ! (Vand De Dukhre) : Sanwal Dhami

ਅਨੋਖਾ ਬਦਲਾ ! (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਬਾਬੇ ਇਸਮਾਇਲ ਦੀ ਉਮਰ ਹੁਣ ਅੱਸੀ ਵਰ੍ਹੇ ਹੈ। ਉਸਦਾ ਜਨਮ ਹੁਸ਼ਿਆਰਪੁਰ ਦੀ ਤਹਿਸੀਲ ਊਨਾ ਦੇ ਪਿੰਡ ਹਿਆਤਪੁਰ ਬਾੜੇ ’ਚ ਹੋਇਆ ਸੀ। ਉੱਨੀ ਸੌ ਛਿਆਹਠ ਤੋਂ ਬਾਅਦ ਇਸ ਪਿੰਡ ਦੀ ਤਹਿਸੀਲ ਊਨਾ ਦੀ ਥਾਂ ਅਾਨੰਦਪੁਰ ਸਾਹਿਬ ਤੇ ਜ਼ਿਲ੍ਹਾ ਰੋਪੜ ਹੋ ਗਿਆ ਸੀ। ਰੋਪੜ ਪਹਿਲਾਂ ਅੰਬਾਲੇ ਦੀ ਤਹਿਸੀਲ ਹੁੰਦਾ ਸੀ।

ਸੰਤਾਲੀ ’ਚ ਇਸਦੇ ਮਾਪੇ ਕਤਲ ਹੋ ਗਏ ਸਨ। ਇਹ ਨਾਨਕਿਆਂ ਦੇ ਪਿੰਡ ਝਾਂਡੀਆਂ ਗਿਆ ਹੋਇਆ ਸੀ। ਇਹ ਰਾਏ ਬਹਾਦਰ ਹੋਰਾਂ ਦਾ ਪਿੰਡ ਸੀ। ਇਸ ਪਿੰਡ ’ਚ ਫ਼ੌਜੀ ਵੀ ਬੜੇ ਸਨ। ਪਿੰਡ ਦੇ ਬਾਹਰ ਇਕ ਟਿੱਬੀ ਜਿਹੀ ਸੀ। ਝਾਂਡੀਆਂ ਦੇ ਹਿੰਦੂ ਰਾਜਪੂਤਾਂ ਨੇ ਪਿੰਡ ਦੇ ਸਾਰੇ ਮੁਸਲਮਾਨ ਇਸ ਟਿੱਬੀ ’ਤੇ ਬਿਠਾ ਲਏ ਸਨ। ਉਹ ਬੰਦੂਕਾਂ ਲੈ ਕੇ ਰਾਤ-ਦਿਨ ਪਹਿਰਾ ਦਿੰਦੇ ਰਹੇ ਸਨ। ਰਾਏ ਬਹਾਦਰ ਹੋਰਾਂ ਝਾਂਡੀਆਂ ’ਚ ਇਕ ਵੀ ਕਤਲ ਨਹੀਂ ਸੀ ਹੋਣ  ਦਿੱਤਾ। 

“ਆਪਣੀ ਹੱਡ-ਬੀਤੀ ਸੁਣਾਓ ਬਾਬਾ ਜੀ!” ਮੈਂ ਇਸਮਾਇਲ ਬਾਬੇ ਨੂੰ ਆਖਿਆ। 

“ਮੇਰੇ ਅੱਬਾ ਦਾ ਨਾਂ ਮੇਲਾ ਤੇ ਮਾਤਾ ਦਾ ਨਾਂ ਹੁਕਮਾਂ ਸੀ। ਸੰਤਾਲੀ ’ਚ ਮੈਂ ਸੱਤ ਕੁ ਸਾਲ ਦਾ ਸੀ। ਛੋਟਾ ਭਰਾ ਮਾਂ ਦੇ ਕੁੱਛੜ ਸੀ। ਉਹ ਵਿਚਾਰਾ ਜਮਾਂਦਰੂ ਖੰਡੂ ਸੀ। ਉਸਦਾ ਹਾਲੇ ਪੱਕਾ ਨਾਂ ਨਹੀਂ ਸੀ ਰੱਖਿਆ। ਅਸੀਂ ਉਸਨੂੰ ਖੰਡੂ-ਖੰਡੂ ਕਹਿੰਦੇ ਸੀ। ਸਾਡੇ ਘਰ ’ਚ ਕੋਹਲੂ ਹੁੰਦਾ ਸੀ। ਨਾਲ ਦਾ ਘਰ ਤਾਏ ਰਮਜ਼ਾਨ ਦਾ ਸੀ।”

“ਸੰਤਾਲੀ ’ਚ ਕੀ ਹੋਇਆ?” ਮੈਂ ਅਗਲਾ ਸਵਾਲ ਕੀਤਾ। 

“ਸੰਤਾਲੀ ’ਚ ਜਦੋਂ ਵੱਢ-ਟੁੱਕ ਸ਼ੁਰੂ ਹੋਈ ਤਾਂ ਝਾਂਡੀਆਂ ਤੋਂ ਮੀਰੂ ਮਾਮਾ ਘੋੜੀ ’ਤੇ ਚੜ੍ਹ ਕੇ ਸਾਨੂੰ ਲੈਣ ਆਇਆ। ਉਹ ਸਾਡੇ ਟੱਬਰ ਨੂੰ ਕਹਿੰਦਾ- ਚਲੋ ਚੱਲੀਏ, ਇੱਥੇ ਹੱਲਾ ਪੈ ਜਾਣਾ। ਸਾਡੇ ਘਰ ਦੇ ਪੈਰਾਂ ’ਤੇ ਪਾਣੀ ਨਾ ਪੈਣ ਦੇਣ। ਅੱਬਾ ਮੁੜ-ਮੁੜ ਇਕੋ ਗੱਲ ਆਖੀ ਜਾਏ ਕਿ ਸਾਡੇ ਪਿੰਡ ਦਿਆਂ ਤਾਂ ਚਿੜੀ ਨਈ ਫੜਕਣ ਦੇਣੀ। ਮਾਮੇ ਨੇ ਖਿੱਝ ਕੇ ਪੁੱਛਿਆ- ਜੇ ਬਾਹਰੋਂ ਜਥਾ ਆ ਗਿਆ ਤਾਂ ਕੌਣ ਮੂਹਰੇ ਹੋਊ? ਅੱਬਾ ਚੁੱਪ ਹੋ ਗਿਆ। ਉਹ ਝਾਂਡੀਆਂ ਨੂੰ ਜਾਣ ਲਈ ਮੰਨ ਗਿਆ। ਮੇਰੀ ਦਾਦੀ ਦਾ ਨਾਂ ਬੱਗੀ ਸੀ। ਉਹ ਕਹਿਣ ਲੱਗੀ- ਮੈਂ ਇਸ ਪਿੰਡ ਦੀ ਸੱਠ ਵਰ੍ਹੇ ਸੇਵਾ ਕੀਤੀ ਆ। ਹਿਆਤਪੁਰ ਵਰਗਾ ਨਗਰ ਨਹੀਂ ਕੋਈ। ਇਹ ਲੋਕ ਤਾਂ ਸਾਡੇ ਲਈ ਸਿਰ ਦੇ ਦੇਣਗੇ। ਮਾਮੇ ਨੇ ਉਸਨੂੰ ਸਮਝਾਇਆ ਕਿ ਭੀੜ ਮੂਹਰੇ ਖੜ੍ਹਨਾ ਮੁਸ਼ਕਿਲ ਹੁੰਦਾ। ਉਹ ਨਾ ਮੰਨੀਂ। ਮਾਮਾ ਨਿਰਾਸ਼ ਹੋ ਕੇ ਮੁੜਨ ਲੱਗਾ ਤਾਂ ਮੈਂ ਰੋ ਪਿਆ। ਅੱਬਾ ਮਾਮੇ ਨੂੰ ਕਹਿੰਦਾ- ਅਸੀਂ ਕੱਲ੍ਹ ਸ਼ਾਮ ਤਕ ਝਾਂਡੀਆਂ ਪਹੁੰਚ ਜਾਵਾਂਗੇ। ਤੂੰ ਇਸਮਾਇਲ ਨੂੰ ਨਾਲ ਲੈ ਜਾ।

ਮੈਂ ਤੇ ਮਾਮਾ ਝਾਂਡੀਆਂ ਵੱਲ ਤੁਰ ਪਏ। ਸਾਰੀ ਵਾਟ ਉਹ ਕੁਝ ਨਾ ਬੋਲਿਆ। ਘਰ ਪਹੁੰਚ ਕੇ ਮੇਰੇ ਨਾਨਾ, ਨਾਨੀ ਨੂੰ ਕਹਿਣ ਲੱਗਾ- ਬੱਗੀ ਬੁੜੀ ਨੇ ਹਿਆਤਪੁਰੀਆਂ ਦਾ ਸਾਰਾ ਟੱਬਰ ਮਰਵਾਉਣਾ। ਲਓ ਜੀ, ਮਾਮੇ ਦੇ ਬਚਨ ਸੱਚ ਹੋ ਗਏ। ਅਗਲੇ ਦਿਨ ਹਿਆਤਪੁਰ ’ਤੇ ਹਮਲਾ ਹੋ ਗਿਆ। ਮੇਰੀ ਦਾਦੀ, ਅੱਬਾ ਤੇ ਮਾਂ ਪਿੰਡੋਂ ਬਚ ਨਿਕਲੇ ਸਨ ਤੇ ਖੱਡ ਪਾਰ ਕਰਕੇ ਕਮਾਦ ਵਿਚ ਲੁਕ ਗਏ ਸਨ।’’ ਇਸਮਾਇਲ ਬਾਬੇ ਨੇ ਲੰਮਾ ਹਉਕਾ ਭਰਿਆ। 

“ਫਿਰ ਕੀ ਹੋਇਆ?” ਮੈਂ ਗੱਲ ਨੂੰ ਅਗਾਂਹ ਤੋਰਨ ਲਈ ਪੁੱਛਿਆ। 

“ਭਾਦੋਂ ਦੇ ਦਿਨ ਸੀ। ਹੁੰਮਸ ’ਚ ਕਮਾਦ ਅੰਦਰ ਬੈਠਣਾ ਕੋਈ ਸੌਖਾ ਹੁੰਦਾ? ਉਹ ਦੁਪਹਿਰ ਤਕ ਭੁੱਖੇ ਪਿਆਸੇ ਬੈਠੇ ਰਹੇ। ਜਦੋਂ ਪਿਆਸ ਨਾਲ ਜਾਨ ਨਿਕਲਣ ਲੱਗੀ ਤਾਂ ਮੇਰੀ ਦਾਦੀ ਕੋਲੋਂ ਜਰਿਆ ਨਾ ਗਿਆ। ਉਹ ਪਿੰਡ ਵੱਲ ਨੂੰ ਤੁਰ ਆਈ। ਉਹ ਸਿੱਧੀ ਲੰਬੜਦਾਰ ਦੇ ਘਰ ਗਈ। ਉਨ੍ਹਾਂ ਦਸ ਬਾਰ੍ਹਾਂ ਰੋਟੀਆਂ ਤੇ ਲੱਸੀ ਦਾ ਡੋਲੂ ਉਸਨੂੰ ਫੜਾ ਦਿੱਤਾ। ਸਭ ਕੋਲੋਂ ਅੱਖ ਬਚਾ ਕੇ ਉਹ ਪਿੰਡੋਂ ਬਾਹਰ ਫਿਰਨੀ ਤਕ ਆ ਗਈ। ਉੱਥੋਂ ਜਦੋਂ ਉਹ ਚੜ੍ਹਦੇ ਪਾਸੇ ਵੱਲ ਜਾਂਦੀ ਪਗਡੰਡੀ ’ਤੇ ਪਈ ਤਾਂ ਘਾਹ ਖੋਤ ਦੀ ਦੇਬੂ ਬੁੱਢੀ ਨੇ ਉਸਨੂੰ ਵੇਖ ਲਿਆ। 

ਥੋੜ੍ਹੀ ਦੇਰ ਬਾਅਦ ਹਮਲਾਵਰ ਉੱਥੋਂ ਦੀ ਲੰਘੇ। ਉਸ ਔਰਤ ਨੂੰ ਪੁੱਛਣ ਲੱਗੇ-ਤੂੰ ਕਿਤੇ ਮੁਸਲਮਾਨਣੀ ਤਾਂ ਨਹੀਂ? ਲਿਸ਼ਕਦੀਆਂ ਤਲਵਾਰਾਂ ਵੇਖ ਕੇ ਉਹ ਵਿਚਾਰੀ ਡਰ ਗਈ। ਉਹ ਕੰਬਦੀ ਹੋਈ ਬੋਲੀ- ਅਸੀਂ ਤਾਂ ਹਿੰਦੂ ਆਂ। ਹੁਣੇ-ਹੁਣੇ ਤੇਲੀਆਂ ਦੀ ਬੱਗੀ ਇੱਧਰੋਂ ਦੀ ਅਗਾਂਹ ਖੱਡ ਵੱਲ ਲੰਘੀ ਆ। ਉਹ ਦਰਿੰਦੇ ਦਾਦੀ ਪਿੱਛੇ ਦੌੜ ਪਏ। ਉਨ੍ਹਾਂ ਵਿਚਾਰਿਆਂ ਨੂੰ ਲੱਸੀ ਵੀ ਪੀਣੀ ਨਸੀਬ ਨਾ ਹੋਈ। ਉੱਥੇ ਚਾਰੋਂ ਕਤਲ... !” ਨਿਰਾਸ਼ਾ ’ਚ ਸਿਰ ਮਾਰਦਿਆਂ ਉਹ ਚੱਣਚੱਕ ਚੁੱਪ ਹੋ ਗਿਆ। 

“ਤੁਹਾਨੂੰ ਕਦੋਂ ਪਤਾ ਲੱਗਿਆ ਕਿ...?” ਮੇਰਾ ਵੀ ਵਾਕ ਅਧੂਰਾ ਰਹਿ ਗਿਆ।

“ਇਸ ਪਿੰਡ ਦੇ ਰਾਜਪੂਤਾਂ ਦਾ ਮੁੰਡਾ ਉਸੀ ਸ਼ਾਮ ਝਾਂਡੀਆਂ ਗਿਆ। ਉਸਨੇ ਮੇਰੀ ਨਾਨੀ ਨੂੰ ਦੱਸਿਆ ਕਿ ਆਹ ਭਾਣਾ ਵਾਪਰ ਗਿਆ ਏ। ਉਹ ਚੀਖਦੀ ਹੋਈ ਘਰ ਆਈ ਤੇ ਦੁਹੱਥੜ ਮਾਰਦਿਆਂ ਬੋਲੀ-ਹਿਆਤਪੁਰੀਏ ਮਾਰੇ ਗਏ ਵੇ ਮੀਰੂ। ਮੈਂ ਤਾਂ ਕੁਝ ਦੇਰ ਲਈ ਸੁੰਨ ਹੋ ਗਿਆ ਸਾਂ। 

ਅਸੀਂ ਮਰ ਗਿਆਂ ਦਾ ਮੂੰਹ ਵੇਖਣ ਲਈ ਤੜਫ਼ਦੇ ਰਹਿ ਗਏ। ਵਾਟ ਤਾਂ ਬਹੁਤੀ ਨਹੀਂ ਸੀ, ਪਰ ਖ਼ਤਰਾ ਬੜਾ ਸੀ। ਝਾਂਡੀਆਂ ਤੋਂ ਕੋਈ ਵੀ ਹਿਆਤਪੁਰ ਨਾ ਜਾ ਸਕਿਆ। ਅਗਲੇ ਦਿਨ ਪਿੰਡ ਦੇ ਜ਼ਿਮੀਂਦਾਰਾਂ ਨੇ ਖੱਡ ਕਿਨਾਰੇ ਟੋਆ ਪੁੱਟਿਆ ਤੇ ਉਨ੍ਹਾਂ ਚਾਰਾਂ ਨੂੰ ਇਕੱਠਿਆਂ ਦਫ਼ਨਾ ਦਿੱਤਾ ਸੀ।” ਇੱਥੇ ਆ  ਕੇ ਬਾਬੇ ਇਸਮਾਇਲ ਦਾ ਗੱਚ ਭਰ ਆਇਆ। 

“ਤੁਸੀਂ ਫਿਰ ਇਸ ਪਿੰਡ ਕਦੋਂ ਆਏ?” ਮੈਂ ਨਵਾਂ ਸਵਾਲ ਕੀਤਾ। 

“ਤਾਏ ਰਮਜ਼ਾਨ ਦਾ ਟੱਬਰ ਪਿੰਡ ਵਾਲਿਆਂ ਬਚਾ ਲਿਆ ਸੀ। ਥੋੜ੍ਹੇ ਦਿਨਾਂ ਬਾਅਦ ਉਹ ਮੈਨੂੰ ਮਿਲਣ ਆਇਆ। ਮੈਨੂੰ ਹਿੱਕ ਨਾਲ ਲਾ ਕੇ ਉਸਨੇ ਬੜੀਆਂ ਧਾਹਾਂ ਮਾਰੀਆਂ ਸਨ। ਕਹਿਣ ਲੱਗਾ-ਇਸਨੂੰ ਮੇਰੇ ਨਾਲ ਤੋਰ ਦਿਓ। ਇਹ ਮੇਰੇ ਮੇਲੇ ਦੀ ਇਕੋ ਇਕ ਨਿਸ਼ਾਨੀ ਆ।  ਉਹ ਮੈਨੂੰ ਇੱਥੇ ਲਿਆਉਣਾ ਚਾਹੁੰਦਾ ਸੀ, ਪਰ ਨਾਨਕੇ ਨਾ ਮੰਨੇ। ਉਹ ਮੈਨੂੰ ਮੁੜ-ਮੁੜ ਸੁਨੇਹੇ ਘੱਲਦਾ ਰਹਿੰਦਾ। ਦਸੀਂ-ਪੰਦਰੀਂ ਦਿਨੀਂ ਆਪ ਝਾਂਡੀਆਂ ਆਉਂਦਾ। ਮੈਨੂੰ ਹਿੱਕ ਨਾਲ ਲਾ ਕੇ ਰੋਂਦਾ ਰਹਿੰਦਾ। ਹਿਆਤਪੁਰ ਮੁੜ ਆਉਣ ਲਈ ਤਰਲੇ ਕਰਦਾ। ਮੇਰਾ ਪਿੰਡ ਮੁੜਨ ਨੂੰ ਉੱਕਾ ਦਿਲ ਨਹੀਂ ਸੀ ਕਰਦਾ। ਮੈਂ ਵੀਹ ਸਾਲਾਂ ’ਚ ਇਕ ਵਾਰ ਵੀ ਹਿਆਤਪੁਰ ਨਹੀਂ ਸਾਂ ਆਇਆ। 

ਛੱਬੀਆਂ ਸਾਲਾ ਦਾ ਸਾਂ, ਜਦੋਂ ਮੇਰੀ ਮੰਗਣੀ ਹੋਈ। ਤਾਇਆ ਵਿਚੋਲਾ ਸੀ। ਵਿਆਹ ਤੋਂ ਇਕ ਦਿਨ ਪਹਿਲਾਂ ਮੈਂ ਸ਼ਾਮ ਢਲੇ ਹਿਆਤਪੁਰ ਆਇਆ ਸਾਂ। ਨਿਕਾਹ ਵਾਲੀ ਸਵੇਰ, ਮੈਂ ਘਰੋਂ ਨਿਕਲਿਆ। ਅਗਲਾ ਘਰ ਸਾਡਾ ਸੀ। ਉਹ ਹੁਣ ਖੋਲ਼ਾ ਹੋਇਆ ਪਿਆ ਸੀ। ਮੈਨੂੰ ਬਚਪਨ ਦੀਆਂ ਰੌਣਕਾਂ ਯਾਦ ਆ ਗਈਆਂ। ਮੇਰੀਆਂ ਧਾਹਾਂ ਨਿਕਲ ਗਈਆਂ। 

ਤਾਈ ਮੇਰੇ ਕੋਲ ਆਈ। ਮੇਰਾ ਕਲਾਵਾ ਭਰਦਿਆਂ ਕਹਿਣ ਲੱਗੀ-ਸ਼ਗਨਾਂ ਦੇ ਦਿਨ ਰੋਈ ਦਾ ਨਹੀਂ ਹੁੰਦਾ। ਇਹ ਬਦਸ਼ਗਨੀ ਹੁੰਦੀ ਆ। ਉਸਦੀ ਗੱਲ ਮੰਨਦਿਆਂ, ਮੈਂ ਅੱਥਰੂ ਪੂੰਝ ਲਏ।

ਨਿਕਾਹ ਤੋਂ ਬਾਅਦ ਮੈਂ ਹਿਆਤਪੁਰ ਰਹਿਣ ਲੱਗ ਪਿਆ। ਕੁਝ ਮਹੀਨੇ ਤਾਏ ਦੇ ਘਰ ਰਿਹਾ। ਰਹਿਣ ਜੋਗਾ ਇਕ ਕੋਠਾ ਉਸਾਰਿਆ। ਨਵੇਂ ਸਿਰੇ ਕੋਹਲੂ ਚਲਾਇਆ। ਕੋਈ ਪੰਦਰਾਂ ਵੀਹ ਸਾਲ ਮੈਂ ਇਹ ਕੰਮ ਕੀਤਾ। ਬਥੇਰਾ ਤੇਲ ਵੇਚਿਆ। ਰੂੰਅ ਵੀ ਪਿੰਜਿਆ। ਮਛੋਰਾਂ ਦਾ ਦੁੱਖ ਕੀ ਹੁੰਦਾ। ਤੁਹਾਨੂੰ ਪਤਾ ਈ ਆ। ਪੈਰਾਂ ’ਤੇ ਆਉਣ ਲਈ ਪੂਰੀ ਜ਼ਿੰਦਗੀ ਲੱਗ ਗਈ ਏ। ਹਾਲੇ ਵੀ ਕਿਹੜਾ ਸੁੱਖ ਦਾ ਸਾਹ ਆਇਆ!” ਕੁੱਲ ਜ਼ਮਾਨੇ ਦਾ ਦੁੱਖ ਬਾਬੇ ਦੇ ਚਿਹਰੇ ’ਤੇ ਉਤਰ ਆਇਆ ਸੀ। 

“ਕਦੇ ਪਤਾ ਲੱਗਿਆ ਕਿ ਕਾਤਲ ਕੌਣ ਸੀ?” ਮੈਂ ਵੱਖਰੀ ਤਰ੍ਹਾਂ ਦਾ ਸਵਾਲ ਕੀਤਾ। 

ਮੇਰਾ ਸਵਾਲ ਸੁਣ ਕੇ ਉਹ ਫਿੱਕਾ ਜਿਹਾ ਹੱਸਿਆ। 

“ਨਾਲ ਦੇ ਪਿੰਡ ਦਾ ਸੀ ਉਹ। ਬਥੇਰਾ ਆਉਂਦਾ ਰਿਹਾ, ਮੇਰੇ ਕੋਲੋਂ ਤੇਲ ਕਢਵਾਉਣ! ਇਕ ਵਾਰ ਮੈਂ ਪੁੱਛਿਆ-ਚਾਚਾ ਪਾਪ ਕਰਨ ਵਾਲਾ ਚੈਨ ਨਾਲ ਜੀ ਕਿਵੇਂ ਲੈਂਦਾ? ਉਹ ਮੂਹਰਿਓਂ ਹੱਸ ਕੇ ਬੋਲਿਆ ਸੀ-ਜੋ ਲਿਖਿਆ ਹੁੰਦਾ, ਉਹੀ ਹੁੰਦਾ। ਬੰਦੇ ਦੇ ਹੱਥ-ਵਸ ਕੁਝ ਨਹੀ ਹੁੰਦਾ, ਸਮੈਲ ਪੁੱਤਰਾ।

ਦੇਬੋ ਬੁੱਢੀ ਦੀ ਵੀ ਸੁਣ ਲੈ! ਉਹ ਆਪਣੇ ਆਪ ਨੂੰ ਕਦੇ ਵੀ ਮੁਆਫ਼ ਨਾ ਕਰ ਸਕੀ। ਉਹ ਤਾਏ ਦੇ ਘਰ ਅਕਸਰ ਆ ਜਾਂਦੀ। ਰੋਂਦੀ ਰਹਿੰਦੀ। ਮੁੜ-ਮੁੜ ਇਕੋ ਗੱਲ ਆਖਦੀ-ਮੈਂ ਪਾਪਣ ਨੇ ਉਨ੍ਹਾਂ ਦਾ ਟਿਕਾਣਾ ਦੱਸਿਆ। ਬੜੀ ਵੱਡੀ ਗੁਨਾਹਗਾਰ ਆਂ ਮੈਂ। ਜਦੋਂ ਮੈਂ ਪਿੰਡ ਆਇਆਂ ਤਾਂ ਉਹ ਲਗਪਗ ਸ਼ੁਦੈਣ ਹੋ ਚੁੱਕੀ ਸੀ। ਗਲੀਆਂ ’ਚ ਭਟਕਦੀ ਆਪਣੇ ਆਪ ਨੂੰ ਲਾਹਣਤਾਂ ਪਾਉਂਦੀ ਰਹਿੰਦੀ ਸੀ।” ਬਾਬੇ ਨੇ ਠੰਢਾ ਹਉਕਾ ਭਰਿਆ ਸੀ।

“ਉਸ ਕਾਤਲ ਦਾ ਕੀ ਬਣਿਆ?” ਮੈਂ ਆਖ਼ਰੀ ਸਵਾਲ ਕੀਤਾ। 

“ਬੜੇ ਸਾਲ ਬਾਅਦ ਦੀ ਗੱਲ ਏ। ਉਦੋਂ ਉਹ ਬੁੱਢਾ ਹੋ ਗਿਆ ਸੀ। ਉਹ ਸਰ੍ਹੋਂ ਨਾਲ ਤਿੰਨ-ਚਾਰ ਕਿਰਲੀਆਂ         ਵੀ ਮਾਰ ਲਿਆਇਆ ਸੀ। ਮੈਂ ਹੈਰਾਨ ਹੋ ਕੇ ਪੁੱਛਿਆ- ਚਾਚਾ ਆਹ ਕੀ? ਮੂਹਰਿਓਂ ਬੋਲਿਆ-ਪੁੱਤਰਾ, ਤੈਨੂੰ ਰੱਬ ਦਾ ਵਾਸਤਾ। ਇਹ ਵੀ ਸਰ੍ਹੋਂ ਨਾਲ ਹੀ ਪੀੜ ਦੇ। ਮੈਂ ਚਾਹੁੰਦਾਂ ਕਿ ਮੈਂ ਤੇਰੇ ਹੱਥੋਂ ਮਰਾਂ। ਤੂੰ ਮੇਰੇ ਕੋਲੋਂ ਆਪਣਾ ਬਦਲਾ ਲੈ ਲਾ ਸਮੈਲ। ਇਹ ਆਖ ਉਹ ਭੁੱਬੀਂ ਰੋ ਪਿਆ ਸੀ। ਮੈਂ ਉਸਦਾ ਕਲਾਵਾ ਭਰਦਿਆਂ ਹੌਲੀ ਜਿਹੀ ਆਖਿਆ ਸੀ-ਚਾਚਾ ਮੇਰੇ ਦਿਲ ’ਚ ਕੋਈ ਹਿਰਖ ਨਹੀਂ। ਮੈਂ ਕਦੋਂ ਦਾ ਤੈਨੂੰ ਮੁਆਫ਼ ਕਰ ਦਿੱਤਾ ਏ। ਉਹ ਘਾਣੀ ਕਢਵਾਉਣੀ ਭੁੱਲ ਗਿਆ ਸੀ। ਕਿਸੇ ਬੱਚੇ ਵਾਂਗ ਹਟਕੋਰੇ ਭਰਦਾ, ਉੱਥੋਂ ਤੁਰ ਗਿਆ। ਥੋੜ੍ਹੇ ਦਿਨਾਂ ਬਾਅਦ ਮੈਨੂੰ   ਪਤਾ ਲੱਗਿਆ ਕਿ ਉਸਨੇ ਖੂਹ ’ਚ ਛਾਲ ਮਾਰ ਦਿੱਤੀ ਸੀ। ਮੈਂ ਉਸਨੂੰ ਮੁਆਫ਼ ਨਾ ਕਰਦਾ ਤਾਂ ਉਸਨੇ ਜਿਉਂਦੇ ਰਹਿਣਾ ਸੀ।”

ਗੱਲ ਮੁਕਾ ਬਾਬਾ ਇਸਮਾਇਲ ਉਦਾਸ ਜਿਹਾ ਮੁਸਕਰਾਇਆ। 

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •