Aulad Nalon Jaan Vadh Piari Hundi Ai ! (Vand De Dukhre) : Sanwal Dhami

ਔਲਾਦ ਨਾਲੋਂ ਜਾਨ ਵੱਧ ਪਿਆਰੀ ਹੁੰਦੀ ਏ ! (ਵੰਡ ਦੇ ਦੁੱਖੜੇ) : ਸਾਂਵਲ ਧਾਮੀ

ਵੰਡ ਵੇਲੇ ਲਾਹੌਰ ਦੇ ਚਾਰ ਥਾਣੇ ਭਾਰਤ ਦੇ ਹਿੱਸੇ ਆ ਗਏ ਤੇ ਵਲਟੋਹੀਏ ਬੈਠੇ-ਬਿਠਾਏ, ਲਾਹੌਰੀਆਂ ਤੋਂ ਅੰਮ੍ਰਿਤਸਰੀਏ ਬਣ ਗਏ। ਇਸ ਪਿੰਡ ਦੇ ਜੰਮਪਲ ਪੰਡਤ ਅਮੀਰ ਚੰਦ ਅੱਜਕੱਲ੍ਹ ਜਲੰਧਰ ਰਹਿ ਰਹੇ ਨੇ। ਸੰਤਾਲੀ ਦੇ ਆਰ-ਪਾਰ ਦੀਆਂ ਕਈ ਯਾਦਾਂ ਉਨ੍ਹਾਂ ਕੋਲ ਮਹਿਫੂਜ਼ ਪਈਆਂ ਨੇ। “ਅੱਠਵੀਂ ਤੇ ਨੌਵੀਂ, ਇਹ ਦੋ ਜਮਾਤਾਂ ਮੈਂ ਕਸੂਰ ’ਚ ਪੜ੍ਹਿਆਂ ਸਾਂ। ਮੇਰਾ ਪਿਤਾ ਕਸੂਰ ਦੇ ਡੀ.ਏ.ਵੀ. ਸਕੂਲ ’ਚ ਉਸਤਾਦ ਸਨ। ਸਾਡਾ ਸਾਰਾ ਮੁਹੱਲਾ ਮੁਸਲਮਾਨਾਂ ਦਾ ਸੀ। ਨੌਕਰੀ ਛੱਡ ਕੇ ਸੰਨ ਛਿਆਲੀ ’ਚ ਮੇਰੇ ਪਿਤਾ ਪਿੰਡ ਮੁੜ ਆਏ ਸਨ। ਸੰਤਾਲੀ ’ਚ ਅਸੀਂ ਵਲਟੋਹੇ ’ਚ ਹੀ ਸਾਂ। ਸਾਡੇ ਪਿੰਡ ਕੋਈ ਖ਼ਾਸ ਵੱਢ-ਟੁੱਕ ਨਹੀਂ ਸੀ ਹੋਈ। ਘਰਿਆਲਾ ਤੇ ਵਰਨਾਲਾ ਮੁਸਲਮਾਨ ਜੱਟਾਂ ਦੇ ਪਿੰਡ ਸਨ। ਉੱਥੇ ਤਾਂ ਲਾਸ਼ਾਂ ਦੇ ਢੇਰ ਲੱਗ ਗਏ ਸਨ। ਵੇਖਦਿਆਂ-ਵੇਖਦਿਆਂ ਪਾਕਿਸਤਾਨ ਵੱਲੋਂ ਹਿੰਦੂ-ਸਿੱਖਾਂ ਦੇ ਕਾਫ਼ਲੇ ਆਉਣ ਲੱਗੇ। ਪਿੰਡੋਂ ਬਾਹਰ ਉਨ੍ਹਾਂ ਦਾ ਕੈਂਪ ਲੱਗ ਗਿਆ। ਸਾਰਾ ਪਿੰਡ ਲੰਗਰ ਤਿਆਰ ਕਰਦਾ ਤੇ ਅਸੀਂ ਨੌਜਵਾਨ ਉਨ੍ਹਾਂ ਨੂੰ ਛਕਾਉਣ ਜਾਂਦੇ। ਇਹ ਸਿਲਸਿਲਾ ਕੋਈ ਡੇਢ ਮਹੀਨਾ ਚੱਲਦਾ ਰਿਹਾ। ਵੰਡ ਤੋਂ ਮਹੀਨਾਂ ਕੁ ਪਹਿਲਾਂ ਦੀ ਗੱਲ ਏ। ਮੈਂ ਲਲਿਆਣੀ ਮੰਗਿਆ ਗਿਆ ਸਾਂ। ਉਸ ਪਿੰਡ ’ਚ ਵੀ ਬਹੁਤ ਕਤਲੋ-ਗਾਰਤ ਹੋਈ ਸੀ। ਮੇਰੇ ਸਹੁਰੇ ਬਚ ਗਏ ਸਨ। ਉਨ੍ਹਾਂ ਇਕ ਰਾਤ ਪਹਿਲਾਂ ਪਿੰਡ ਛੱਡ ਦਿੱਤਾ ਸੀ। ਉਹ ਪਹਿਲਾਂ ਤਾਂ ਸਿੱਧੇ ਕਰਨਾਲ ਵੱਲ ਨਿਕਲ ਗਏ ਤੇ ਫਿਰ ਕੁਝ ਮਹੀਨਿਆਂ ਬਾਅਦ ਉਨ੍ਹਾਂ ਨੂੰ ਪੱਟੀ ’ਚ ਜ਼ਮੀਨ ਅਲਾਟ ਹੋ ਗਈ। ਸੰਨ ਅੱਠਤਾਲੀ ’ਚ ਮੇਰਾ ਵਿਆਹ ਹੋ ਗਿਆ। ਵਿਆਹ ’ਚ ਉਦਾਸੀ ਦਾ ਮਾਹੌਲ ਸੀ। ਵਜ੍ਹਾ ਇਹ ਕਿ ਸਾਡੀ ਵਿਚੋਲਣ ਕਰਤਾਰੋ ਓਧਰ ਰਹਿ ਗਈ ਸੀ। ਉਹ ਮੇਰੀ ਪਤਨੀ ਦੇ ਤਾਏ ਦੀ ਧੀ ਸੀ। ਉਸਦਾ ਵੰਡ ਤੋਂ ਕੋਈ ਛੇ ਕੁ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ। ਉਸਦੇ ਸਹੁਰਿਆਂ ਦਾ ਪਿੰਡ ਸੀ ਹੱਲੜਕੇ ਪਮਾਰ। ਇਹ ਲਾਹੌਰ ਦੀ ਕਸੂਰ ਤਹਿਸੀਲ ਦਾ ਪਿੰਡ ਸੀ। ਉਨ੍ਹਾਂ ਦਾ ਕਾਫ਼ਲਾ ਜਦੋਂ ਖੇਮਕਰਨ ਦੇ ਲਹਿੰਦੇ ਪਾਸੇ ਸਥਿਤ ਅਬਦੁੱਲ ਖਾਲ਼ਕ ਦੀ ਦਰਗਾਹ ਕੋਲ ਪਹੁੰਚਿਆ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ। ਕਰਤਾਰੋ ਦਾ ਸਹੁਰਾ ਪਰਿਵਾਰ ਕਤਲ ਕਰ ਦਿੱਤਾ ਤੇ ਧਾੜਵੀ ਉਸਨੂੰ ਚੁੱਕ ਕੇ ਲੈ ਗਏ। ਮੈਂ ਤੇ ਉਸਦਾ ਭਾਈ, ਉਸਨੂੰ ਲੱਭਣ ਲਈ ਦੋ ਵਾਰ ਪਾਕਿਸਤਾਨ ਗਏ ਸਾਂ, ਪਰ...। ਉਹ ਮੇਰੇ ਨਾਲੋਂ ਦੋ ਕੁ ਸਾਲ ਵੱਡੀ ਸੀ। ਜੇ ਅੱਜ ਜਿਉਂਦੀ ਹੋਵੇ ਤਾਂ ਨੱਬੇ ਕੁ ਵਰ੍ਹਿਆਂ ਦੀ ਹੋਵੇਗੀ। ਚਲੋ ਉਹ ਨਹੀਂ ਤਾਂ ਉਸਦੀ ਔਲਾਦ ਤਾਂ ਹੋਵੇਗੀ। ਅਸੀਂ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਆਂ। ਕਰਤਾਰੋ ਦਾ ਸਕਾ ਭਰਾ ਵੀ ਹਾਲੇ ਜਿਉਂਦਾ। ਉਹ ਵਿਚਾਰਾ ਤੜਫ਼ਦਾ ਤਾਂ ਬਹੁਤ ਹੈ, ਪਰ..।’’ ਇਹ ਇੰਟਰਵਿਊ ਵੇਖ ਮੈਨੂੰ ਲਹਿੰਦੇ ਪੰਜਾਬ ਤੋਂ ਫੋਨ ਆਇਆ।

“ਮੇਰਾ ਨਾਂ ਰਫ਼ੀਕ ਬਲੋਚ ਜੇ। ਮੈਂ ਬੀਬੀ ਕਰਤਾਰੋ ਦੇ ਪੇਕੇ ਪਿੰਡ ਲਲਿਆਨੀ ਤੋਂ ਬੋਲਨਾਂ। ਸਾਡੇ ਪਿੰਡ ਵੀ ਬਹੁਤ ਵੱਢ-ਟੁੱਕ ਹੋਈ ਸੀ, ਪਰ ਮੇਰੇ ਦਾਦੇ ਨੇ ਬਹੁਤੇ ਹਿੰਦੂ-ਸਿੱਖ ਆਪਣੀ ਹਵੇਲੀ ’ਚ ਲੁਕੋ ਲਏ ਸਨ। ਖ਼ੁਦ ਹੱਦ ਟਪਾ ਕੇ ਆਇਆ ਸੀ, ਉਹ।” ਰਫ਼ੀਕ ਦੇ ਬਜ਼ੁਰਗਾਂ ਵੱਲੋਂ ਕੀਤੇ ਬਚਾਅ ਦੀਆਂ ਕਹਾਣੀਆਂ ਮੈਂ ਪਹਿਲਾਂ ਵੀ ਗੋਇੰਦਵਾਲ ਸਾਹਿਬ ਰਹਿੰਦੇ ਸ. ਜਰਨੈਲ ਸਿੰਘ ਭੁੱਲਰ ਤੇ ਫ਼ਿਰੋਜ਼ ਕੇਰਾਂ ਵੱਸਦੇ ਬਾਬਾ ਕਰਤਾਰ ਸਿੰਘ ਭੁੱਲਰ ਕੋਲੋਂ ਸੁਣ ਚੁੱਕਾਂ ਸਾਂ। ਦੁਨੀਆਂ ਤੋਂ ਤੁਰ ਗਏ ਰਫ਼ੀਕ ਦੇ ਦਾਦੇ, ਉਸਤਾਦ ਕਰਮਦੀਨ ਦੀਨ ਬਲੋਚ ਨੂੰ ਮੈਂ ਸਲਾਮ-ਏ-ਅਕੀਦਤ ਪੇਸ਼ ਕੀਤਾ। ਮੈਂ ਉਸਨੂੰ ਆਖਿਆ- ਇਕ ਭਲੇ ਦਾ ਕੰਮ ਤੂੰ ਵੀ ਜ਼ਰੂਰ ਕਰ ਰਫ਼ੀਕ ਭਾਈ। ਉਸਨੇ ਕੰਮ ਪੁੱਛਿਆ ਤਾਂ ਮੈਂ ਕਿਹਾ- ਆਪਣੇ ਪਿੰਡ ਦੀ ਧੀ, ਬੀਬੀ ਕਰਤਾਰੋ ਨੂੰ ਲੱਭ। ਉਸਦੇ ਰਿਸ਼ਤੇਦਾਰ ਉਸਨੂੰ ਮਿਲਣਾ ਚਾਹੁੰਦੇ ਨੇ। “ਮੈਂ ਪੂਰੀ ਵਾਹ ਲਗਾਵਾਂਗਾ ਜੀ, ਪਰ ਮੇਰੀ ਵੀ ਇਕ ਅਰਜ਼ ਹੈ। ਜ਼ੀਰਾ ਲਾਗੇ ਇਕ ਪਿੰਡ ਹੈ ਟਿੰਡਵਾਂ। ਉਸ ਪਿੰਡ ਦੀ ਧੀ ਤੇ ਨੂੰਹ ਬੀਬੀ ਹਸ਼ਮਤੇ ਨੂੰ ਵੀ ਸੰਤਾਲੀ ...। ਉਸਦੇ ਪੁੱਤਰ ਉਸਨੂੰ ਮਿਲਣਾ ਚਾਹੁੰਦੇ ਨੇ।” ਉਸਨੇ ਤਰਲਾ ਜਿਹਾ ਲੈਂਦਿਆਂ ਕਿਹਾ। ਰਫ਼ੀਕ ਬਲੋਚ ਦੇ ਖ਼ਾਸ ਦੋਸਤ ਰਾਣਾ ਸ਼ਰਫ਼ਰਾਜ ਦੇ ਪਿਓ ਦੀ ਪਹਿਲੀ ਪਤਨੀ ਸੀ, ਬੀਬੀ ਹਸ਼ਮਤੇ। ਸੰਤਾਲੀ ਤੋਂ ਬਾਅਦ ਬੀਬੀ ਹਸ਼ਮਤੇ ਦੇ ਪਤੀ ਸਿਰਾਜ ਚੌਧਰੀ ਨੂੰ ਲਲਿਆਣੀ ਲਾਗਲੇ ਕਿਸੇ ਪਿੰਡ ’ਚ ਘਰ ਤੇ ਜ਼ਮੀਨ ਮਿਲੇ ਸਨ। ਮੁਸਲਮਾਨ ਰਾਜਪੂਤਾਂ ਦੇ ਚਾਲੀ ਕੁ ਘਰ ਟਿੰਡਵਾਂ ’ਚ ਸਨ। ਸਭ ਨਾਲੋਂ ਵੱਡਾ ਘਰ ਤੇ ਵੱਧ ਜ਼ਮੀਨ ਸਿਰਾਜ ਹੁਰਾਂ ਦੀ ਸੀ। ਉਹ ਪੰਜ ਸੌ ਏਕੜ ਦਾ ਮਾਲਕ ਸੀ। ਉਸਦਾ ਪਿਤਾ ਪੜ੍ਹਿਆ-ਲਿਖਿਆ ਬੰਦਾ ਸੀ। ਇਸ ਇਲਾਕੇ ’ਚ ਜਦੋਂ ਕੋਈ ਅੰਗਰੇਜ਼ ਅਫ਼ਸਰ ਆਉਂਦਾ ਤਾਂ ਸਿਰਾਜ ਦੇ ਪਿਤਾ ਨੂੰ ਬੁਲਾਇਆ ਜਾਂਦਾ ਸੀ। ਸੰਤਾਲੀ ’ਚ ਸਿਰਾਜ ਦਾ ਨਿਕਾਹ ਹੋਏ ਨੂੰ ਦੋ ਕੁ ਸਾਲ ਹੋਏ ਸਨ। ਵਰ੍ਹੇ ਕੁ ਦਾ ਇਕ ਪੁੱਤਰ ਵੀ ਸੀ ਉਸਦਾ। ਟਿੰਡਵਾਂ ਦੇ ਮੁਸਲਮਾਨ ਜਦੋਂ ਪਿੰਡੋਂ ਨਿਕਲੇ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ। ਹਸ਼ਮਤੇ ਪਿਛਾਂਹ ਵੱਲ ਦੌੜ ਪਈ ਸੀ ਤੇ ਆਪਣੇ ਪਿੰਡ ਦੇ ਕਿਸੇ ਗ਼ੈਰ-ਮੁਸਲਿਮ ਦੇ ਘਰ ਪਹੁੰਚ ਗਈ। ਦੱਸਦੇ ਨੇ ਕਿ ਉਸਨੇ ਹਸ਼ਮਤੇ ਨੂੰ ਕਿਸੇ ਲੋੜਵੰਦ ਦੇ ਘਰ ਬਿਠਾਲ ਦਿੱਤਾ ਸੀ।

ਸਿਰਾਜ ਮੁੰਡੇ ਨੂੰ ਕੁੱਛੜ ਚੁੱਕੀ ਅਗਾਂਹ ਵੱਲ ਦੌੜ ਪਿਆ। ਧਾੜਵੀ ਉਸਦੇ ਪਿੱਛੇ ਲੱਗੇ ਹੋਏ ਸਨ। ਉਹ ਦੌੜਦਾ ਰਿਹਾ। ਦੌੜਦਾ ਰਿਹਾ। ਆਖ਼ਰ ਉਹ ਹੰਭ ਗਿਆ। ਆਪਣਾ ਬਲੂਰ ਜਿਹਾ ਪੁੱਤਰ ਵੀ ਉਸਨੂੰ ਭਾਰਾ ਲੱਗਣ ਲੱਗ ਪਿਆ। ਉਸਨੇ ਪੁੱਤਰ ਜ਼ਮੀਨ ’ਤੇ ਰੱਖ ਦਿੱਤਾ ਤੇ ਆਪਣੀ ਜਾਨ ਬਚਾ ਕੇ ਧਾੜਵੀਆਂ ਦੀ ਪਹੁੰਚ ਤੋਂ ਪਰ੍ਹਾਂ ਚਲਾ ਗਿਆ। ਬਚਦਾ ਬਚਾਉਂਦਾ ਉਹ ਨਵੇਂ ਬਣੇ ਮੁਲਕ ’ਚ ਪਹੁੰਚ ਗਿਆ। ਟਿੰਡਵਾਂ ਪੰਜਾਬ ਦੇ ਉਨ੍ਹਾਂ ਬਦਨਸੀਬ ਪਿੰਡਾਂ ’ਚੋਂ ਇਕ ਸੀ ਜਿਸਦੇ ਬਹੁਤੇ ਵਾਸੀ ਕਤਲ ਹੋ ਗਏ ਸਨ। ਸਿਰਾਜ ਆਪਣੇ ਟੱਬਰ ’ਚੋਂ ਇਕੱਲਾ ਹੀ ਬਚਿਆ ਸੀ। ਸਾਲ ਕੁ ਬਾਅਦ ਉਹ ਪਰਮਿਟ ਬਣਾ ਕੇ ਵਾਪਸ ਮੁੜਿਆ ਸੀ। ਉਹ ਕਈ ਦਿਨ ਹਸ਼ਮਤੇ ਨੂੰ ਲੱਭਦਾ ਰਿਹਾ। ਜਿਸ ਥਾਂ ’ਤੇ ਆਪਣੇ ਪੁੱਤਰ ਨੂੰ ਸੁੱਟ ਗਿਆ ਸੀ, ਉਹ ਉਸ ਥਾਂ ’ਤੇ ਵੀ ਗਿਆ। ਉਸ ਜ਼ਮੀਨ ’ਤੇ ਮੱਥਾ ਰਗੜਿਆ ਸੀ, ਰੋਇਆ ਸੀ। ਉਹ ਜਿੱਥੇ ਵੀ ਜਾਂਦਾ ਆਪਣਾ ਨਾਂ-ਪਤਾ ਲਿਖ ਕੇ ਦੇ ਦਿੰਦਾ। ਹੱਥ ਜੋੜ ਕੇ ਬੇਨਤੀ ਕਰਦਾ-ਹਸ਼ਮਤੇ ਜਾਂ ਉਸਦੇ ਪੁੱਤਰ ਦਾ ਕਿਧਰੇ ਪਤਾ ਲੱਗੇ ਤਾਂ ਉਸਨੂੰ ਮੇਰਾ ਪਤਾ ਜ਼ਰੂਰ ਦੇ ਦੇਣਾ। ਕੋਈ ਦੋ ਵਰ੍ਹਿਆਂ ਬਾਅਦ ਚੜ੍ਹਦੇ ਪੰਜਾਬ ਤੋਂ ਉਸਦੇ ਨਾਂ ਇਕ ਖ਼ਤ ਗਿਆ ਸੀ। ਕੋਇਲੇ ਨਾਲ ਲਿਖਿਆ ਹੋਇਆ। ਇਹ ਹਸ਼ਮਤੇ ਦਾ ਖ਼ਤ ਸੀ। ਉਸਨੇ ਆਪਣਾ ਪਤਾ-ਟਿਕਾਣਾ ਲਿਖਿਆ ਹੋਇਆ ਸੀ ਤੇ ਆ ਕੇ ਲਿਜਾਣ ਲਈ ਜ਼ਰੂਰੀ ਤਾਕੀਦ ਵੀ ਕੀਤੀ ਹੋਈ ਸੀ। ਸਿਰਾਜ ਫਿਰ ਆਇਆ। ਇਸ ਵਾਰ ਪੁਲੀਸ ਵੀ ਉਸਦੇ ਨਾਲ ਸੀ। ਉਹ ਦੱਸੇ ਹੋਏ ਟਿਕਾਣੇ ’ਤੇ ਪਹੁੰਚਿਆ, ਪਰ ਉਸ ਘਰ ਨੂੰ ਜਿੰਦਰਾ ਲੱਗਾ ਹੋਇਆ ਸੀ। ਉਹ ਨਿਰਾਸ਼ ਹੋ ਕੇ ਵਾਪਸ ਮੁੜ ਗਿਆ। ਉਸਨੂੰ ਸਾਲ ’ਚ ਹਸ਼ਮਤੇ ਦੇ ਇਕ-ਦੋ ਖ਼ਤ ਜ਼ਰੂਰ ਆਉਂਦੇ। ਉਹ ਉਸਨੂੰ ਲਿਜਾਣ ਲਈ ਭਾਰਤ ਪਹੁੰਚਦਾ, ਪਰ ਉਸਨੂੰ ਹਰ ਵਾਰ ਨਿਰਾਸ਼ ਹੋ ਕੇ ਮੁੜਨਾ ਪੈਂਦਾ। ਉਹ ਕੋਈ ਦਸ ਵਾਰ ਇੱਧਰ ਆਇਆ ਹੋਵੇਗਾ। ਫਿਰ ਖ਼ਤਾਂ ਦਾ ਸਿਲਸਿਲਾ ਵੀ ਮੁੱਕ ਗਿਆ। ਸਿਰਾਜ ਨਿਰਾਸ਼ ਹੋ ਗਿਆ। ਸੰਤਾਲੀ ਨੇ ਉਸ ਕੋਲੋਂ ਬਹੁਤ ਕੁਝ ਖੋਹ ਲਿਆ ਸੀ ਤੇ ਉਮਰਾਂ ਦੇ ਪਛਤਾਵੇ ਉਸਦੀ ਝੋਲੀ ’ਚ ਪਾ ਦਿੱਤੇ ਸਨ। ਉਹ ਉਮਰੋਂ ਪਹਿਲਾਂ ਬੁੱਢਾ ਹੋ ਗਿਆ ਸੀ। “ਆਖ਼ਰੀ ਵੇਲੇ ਉਹ ਕਰੀਬ-ਕਰੀਬ ਪਾਗਲ ਹੋ ਚੁੱਕਾ ਸੀ। ਉੱਠ-ਉੱਠ ਦੌੜਦਾ ਸੀ। ਹਸ਼ਮਤੇ ਨੂੰ ਆਵਾਜ਼ਾਂ ਮਾਰਦਾ ਸੀ। ਆਪਣੇ ਪੁੱਤਰ ਨੂੰ ਜ਼ਮੀਨ ’ਤੇ ਸੁੱਟ ਕੇ ਆਉਣ ਦਾ ਗ਼ਮ ਉਹ ਕਦੇ ਨਹੀਂ ਸੀ ਭੁਲਾ ਸਕਿਆ।” ਇਹ ਕਹਿੰਦਿਆਂ ਰਫ਼ੀਕ ਬਲੋਚ ਦੇ ਬੋਲ ਭਾਰੇ ਹੋ ਗਏ। ਮੇਰੇ ਕੋਲੋਂ ਵੀ ਹੁੰਗਾਰਾ ਨਹੀਂ ਸੀ ਭਰਿਆ ਗਿਆ। “ਉਸਨੂੰ ਆਪਣੀ ਬੇਗ਼ਮ ਦਾ ਵਿਛੋੜਾ ਤਾਂ ਹੈ ਸੀ, ਪਰ ਬਹੁਤਾ ਉਹ ਆਪਣੇ ਪੁੱਤਰ ਨੂੰ ਯਾਦ ਕਰਕੇ ਵਿਲਕਦਾ ਰਹਿੰਦਾ ਸੀ। ਜਦੋਂ ਕਿਸੇ ਆਖਣਾ ਕਿ ਔਲਾਦ ਸਭ ਨੂੰ ਪਿਆਰੀ ਹੁੰਦੀ ਏ ਤਾਂ ਉਹ ਕੂਕਦਾ- ਓ ਲੋਕੋ ਨਹੀਂ, ਔਲਾਦ ਨਹੀਂ, ਬੰਦੇ ਨੂੰ ਆਪਣੀ ਜਾਨ ਸਭ ਤੋਂ ਵੱਧ ਪਿਆਰੀ ਹੁੰਦੀ ਏ।” ਇਸ ਗੱਲ ਤੋਂ ਬਾਅਦ ਰਫ਼ੀਕ ਤੇ ਮੈਂ ਦੋਵੇਂ ਚੁੱਪ ਹੋ ਗਏ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਸਾਂਵਲ ਧਾਮੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •