Vaanka (Punjabi Story) : Anton Chekhov

ਵਾਂਕਾ (ਕਹਾਣੀ) : ਐਂਤਨ ਚੈਖਵ

ਵਾਂਕਾ ਜ਼ੁਕੋਵ ਇੱਕ ਨੌਂ ਸਾਲ ਦਾ ਬਾਲਕ ਸੀ, ਜਿਸਦੀ ਇੱਕ ਰਈਸ ਜੁੱਤੇ ਬਨਾਉਣ ਵਾਲੇ ਕਾਰੀਗਰ ਅਲਿਅਹਿਨ ਦੇ ਇੱਥੇ ਤਿੰਨ ਮਹੀਨੇ ਪਹਿਲਾਂ ਨੌਕਰੀ ਲੱਗੀ ਸੀ । ਕਰਿਸਮਸ ਦੀ ਸ਼ਾਮ ਨੂੰ, ਜਦੋਂ ਮਾਲਿਕ, ਮਾਲਕਣ ਅਤੇ ਉਨ੍ਹਾਂ ਦਾ ਕੋਚਵਾਨ, ਗਿਰਜਾ ਘਰ ਦੀ ਸਭਾ ਵਿੱਚ ਸ਼ਾਮਲ ਹੋਣ ਲਈ ਨਿਕਲ ਗਏ, ਵਾਂਕਾ ਨੇ ਚੁਪਕੇ ਜਿਹੇ ਮਾਲਿਕ ਦੀ ਅਲਮਾਰੀ ਵਿੱਚੋਂ ਦਵਾਤ ਅਤੇ ਇੱਕ ਜੰਗ ਲੱਗੀ ਹੋਈ ਕਲਮ ਕੱਢੀ ਅਤੇ ਆਪਣੀ ਜੇਬ ਵਿੱਚੋਂ ਕਾਗਜ ਦਾ ਇੱਕ ਤੁੜਿਆ-ਮੁੜਿਆ ਟੁਕੜਾ ਕੱਢਿਆ । ਫਿਰ ਭੈ ਵਸ਼ ਉਸਨੇ ਆਪਣੇ ਚਾਰੇ ਪਾਸੇ ਵੇਖਿਆ ਕੋਈ ਉਸਨੂੰ ਵੇਖ ਤਾਂ ਨਹੀਂ ਰਿਹਾ । ਇਹ ਪੱਕਾ ਹੋਣ ਤੇ ਕਿ ਉੱਥੇ ਕੋਈ ਨਹੀਂ, ਉਸਨੇ ਇੱਕ ਆਹ ਭਰੀ ਅਤੇ ਇੱਕ ਤਖ਼ਤੇ ਦੇ ਅੱਗੇ ਗੋਡਿਆਂ ਭਾਰ ਬੈਠ ਉਸਨੇ ਲਿਖਣਾ ਸ਼ੁਰੂ ਕੀਤਾ...
ਪਿਆਰੇ ਦਾਦਾ ਜੀ, ਕੋਂਸਤਾਂਤੀਨ ਮਕਾਰਿਚ, ਮੈਂ ਤੁਹਾਨੂੰ ਪੱਤਰ ਲਿਖ ਰਿਹਾ ਹਾਂ ਅਤੇ ਤੁਹਾਨੂੰ ਕ੍ਰਿਸ਼ਮਸ ਦੀ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਦੀ ਈਸ਼ਵਰ ਤੁਹਾਨੂੰ ਹਰ ਖੁਸ਼ੀ ਦੇਵੇ । ਇਸ ਦੁਨੀਆਂ ਵਿੱਚ ਤੁਹਾਡੇ ਇਲਾਵਾ ਮੇਰਾ ਹੋਰ ਕੋਈ ਨਹੀਂ, ਨਾ ਪਿਤਾ ਅਤੇ ਨਾ ਮਾਤਾ । ਵਾਂਕਾ ਨੇ ਖਿੜਕੀ ਵਿੱਚ ਮੋਮਬੱਤੀ ਦੇ ਚਾਨਣ ਦੀ ਝਲਕ ਵਿੱਚ ਆਪਣੇ ਦਾਦਾ ਜੀ ਦੇ ਚਿਹਰੇ ਨੂੰ ਆਪਣੇ ਮਨ ਹੀ ਮਨ ਦੇਖਿਆ ।
ਵਾਂਕਾ ਦੇ ਦਾਦਾ ਜੀ ਜਿਵਾਰੇਵ ਪਰਿਵਾਰ ਦੇ ਰਾਤ ਲਈ ਚੌਂਕੀਦਾਰ ਸਨ । ਉਹ ਇੱਕ ਦੁਬਲੇ-ਪਤਲੇ, ਛੋਟੇ ਕੱਦ, ੬੫ ਸਾਲ ਉਮਰ ਦੇ ਖੁਸ਼ਮਿਜਾਜ ਅਤੇ ਚੁਸਤ ਬੁਜੁਰਗ ਸਨ । ਦਿਨ ਭਰ ਸੌਂ ਕੇ ਉਹ ਰਾਤ ਨੂੰ ਪਹਿਰਾ ਦਿਆ ਕਰਦੇ ਸਨ ਅਤੇ ਖਾਨਸਾਮਿਆਂ ਨਾਲ ਹਾਸੀ ਮਜਾਕ ਖੇਲ ਠੱਠਾ ਆਦਿ ਕਰਿਆ ਕਰਦੇ ਸਨ । ਉਨ੍ਹਾਂ ਦੇ ਕੋਲ ਦੋ ਕੁੱਤੇ ਹੋਇਆ ਕਰਦੇ ਸਨ । ਨਰ ਕੁੱਤੇ ਦਾ ਨਾਮ ਸੀ ਈਲ । ਈਲ ਬਹੁਤ ਹੀ ਸ਼ਾਂਤ, ਨਿਘੇ ਸੁਭਾਅ ਦਾ ਕੁੱਤਾ ਸੀ, ਪਰ ਉਹ ਬਦਨਾਮ ਵੀ ਬੜਾ ਸੀ, ਜਿਵੇਂ ਪਿੱਛੋਂ ਆਕੇ ਚੁਪ ਚੁਪੀਤੇ ਕਿਸੇ ਦਾ ਪੈਰ ਕੱਟ ਲੈਣਾ, ਕਿਸੇ ਦੀ ਬਾੜੀ ਵਿੱਚੋਂ ਮੁਰਗੀ ਚੁਰਾ ਲੈਣਾ ਬਗੈਰਾ। ਬਗੈਰਾ । ਉਸਦੀ ਮਾਰ ਕੁਟਾਈ ਵੀ ਖੂਬ ਹੋਇਆ ਕਰਦੀ ਸੀ, ਪਰ ਕਿਸੇ ਕਾਰਨ ਵਸ਼, ਉਹ ਜਿੰਦਾ ਸੀ । ਦਾਦਾ ਜੀ ਦਾ ਜਿਆਦਾਤਰ ਸਮਾਂ ਖਾਨਸਾਮਿਆਂ ਅਤੇ ਹੋਰ ਨੌਕਰਾਂ ਦੇ ਨਾਲ ਹਾਸੀ ਮਜਾਕ ਵਿੱਚ ਗੁਜ਼ਰਦਾ । ਉਹ ਆਪਣੀ ਨਸਵਾਰ ਵਾਲੀ ਡੱਬੀ ਕੱਢ ਥੋੜ੍ਹੀ ਜਿਹੀ ਨਸਵਾਰ ਸੁੰਘ ਕੇ ਛਿੱਕ ਮਾਰਦੇ । ਕੁੱਤਿਆਂ ਨੂੰ ਵੀ ਨਸਵਾਰ ਸੁੰਘਾਉਂਦੇ, ਕਾਸਤਾਂਕਾ ਤਾਂ ਖਫਾ ਹੋ ਉਠ ਕੇ ਚੱਲੀ ਜਾਂਦੀ ਅਤੇ ਈਲ ਸ਼ੀਲਪੁਣਾ ਦਿਖਾਉਣ ਲਈ ਨਸਵਾਰ ਤਾਂ ਨਾ ਸੁੰਘਦਾ ਬੱਸ ਆਪਣੀ ਦੁੰਮ ਹਿਲਾਂਦਾ ਰਹਿੰਦਾ । ਹਵਾ ਹਾਲੇ ਵੀ ਸਵੱਛ, ਪਾਰਦਰਸ਼ੀ ਅਤੇ ਤਾਜ਼ੀ ਸੀ । ਰਾਤ ਦੀ ਕਾਲਖ ਆਪਣੇ ਸਿਖਰ ਤੇ ਸੀ । ਕਲਸ਼ ਦੀਆਂ ਚਿਮਨੀਆਂ ਵਿੱਚੋਂ ਨਿਕਲਦਾ ਧੂੰਆਂ, ਦਰਖਤ ਤੇ ਪੈ ਰਹੀ ਚਾਂਦੀ ਰੰਗੀ ਬਰਫ਼, ਅਕਾਸ਼ ਵਿੱਚ ਟਿਮਟਿਮਾਂਦੇ ਤਾਰੇ ਅਤੇ ਅਕਾਸ਼-ਗੰਗਾ ਜਿਵੇਂ ਬਰਫ਼ ਨਾਲ ਨੁਹਾ ਧੁਆ ਕੇ ਲਿਸ਼ਕਾਈ ਪੁਸ਼ਕਾਈ ਹੋਵੇ ।
ਵਾਂਕਾ ਨੇ ਇੱਕ ਆਹ ਭਰੀ, ਅਤੇ ਕਲਮ ਨੂੰ ਦਵਾਤ ਵਿੱਚ ਡੁਬੋ ਕੇ ਲਿਖਣ ਲਗਾ: ਕੱਲ ਤਾਂ ਮੇਰੀ ਸ਼ਾਮਤ ਆ ਗਈ । ਮਾਲਿਕ ਨੇ ਮੈਨੂੰ ਮੇਰੇ ਵਾਲਾਂ ਤੋਂ ਫੜ ਕੇ ਮੈਨੂੰ ਵਿਹੜੇ ਵਿੱਚ ਘਸੀਟਦੇ ਹੋਏ ਲੈ ਗਏ ਅਤੇ ਕਲਬੂਤ ਨਾਲ ਮੇਰੀ ਜਮ ਕੇ ਮਾਰ ਕੁਟਾਈ ਕੀਤੀ, ਕਿਉਂਕਿ, ਮੇਰੀ ਉਨ੍ਹਾਂ ਦੇ ਬੱਚੇ ਦਾ ਪਾਲਨਾ ਝੁਲਾਉਂਦੇ ਹੋਏ ਅੱਖ ਲੱਗ ਗਈ ਸੀ । ਪਿਛਲੇ ਹਫਤੇ ਦੀ ਹੀ ਗੱਲ ਹੈ, ਮਾਲਕਣ ਨੇ ਮੈਨੂੰ ਮੱਛੀ ਸਾਫ਼ ਕਰਨ ਨੂੰ ਦਿੱਤੀ, ਤਾਂ ਮੈਂ ਉਸਦੀ ਪੂਛ ਵਲੋਂ ਸਫਾਈ ਸ਼ੁਰੂ ਕਰ ਦਿੱਤੀ ਤਾਂ ਮਾਲਕਣ ਨੇ ਗ਼ੁੱਸੇ ਵਿੱਚ ਮੱਛੀ ਦਾ ਸਿਰ ਮੇਰੇ ਮੂੰਹ ਤੇ ਦੇ ਮਾਰਿਆ । ਇੱਥੇ ਦੇ ਹੋਰ ਨੌਕਰ, ਬੇਵਜ੍ਹਾ ਮੇਰਾ ਮਜਾਕ ਉਡਾਂਦੇ ਹਨ, ਅਤੇ ਮਾਲਿਕ ਦੇ ਘਰੋਂ ਵੋਦਕਾ ਅਤੇ ਅਚਾਰ ਚੁਰਾ ਕੇ ਲਿਆਉਣ ਨੂੰ ਕਹਿੰਦੇ ਹਨ । ਮਾਲਿਕ ਹਰ ਉਸ ਚੀਜ ਨਾਲ ਮੈਨੂੰ ਬੇ-ਰਹਮੀ ਨਾਲ ਮਾਰਦੇ ਹਨ, ਜਿਸ ਨੂੰ ਵੀ ਉਨ੍ਹਾਂ ਦਾ ਹੱਥ ਪੈ ਜਾਵੇ । ਖਾਣ ਲਈ ਵੀ ਕੁੱਝ ਨਹੀਂ ਹੁੰਦਾ । ਸਵੇਰੇ ਮੈਨੂੰ ਰੋਟੀ ਮਿਲਦੀਆਂ ਹਨ, ਦਿਨ ਵਿੱਚ ਦਲੀਆ ਅਤੇ ਸ਼ਾਮ ਨੂੰ ਫਿਰ ਰੋਟੀ। ਮਾਲਿਕ ਦੇ ਆਦੇਸ਼ ਤੇ ਮੈਨੂੰ ਚੌਖਟ ਤੇ ਸੌਣਾ ਪੈਂਦਾ ਹੈ, ਅਤੇ ਜਦੋਂ ਉਨ੍ਹਾਂ ਦਾ ਬੱਚਾ ਰੋਂਦਾ ਹੈ, ਤਾਂ ਮੈਨੂੰ ਉਸਦਾ ਪਾਲਨਾ ਝੁਲਾਉਣਾ ਪੈਂਦਾ ਹਾਂ ਅਤੇ ਮੈਂ ਠੀਕ ਤਰ੍ਹਾਂ ਸੌਂ ਵੀ ਨਹੀਂ ਪਾਉਂਦਾ । ਦਾਦਾ ਜੀ, ਈਸ਼ਵਰ ਲਈ ਮੇਰੇ ਤੇ ਰਹਿਮ ਕਰੋ ਅਤੇ ਮੈਨੂੰ ਇੱਥੋਂ ਲੈ ਜਾਉ, ਵਾਪਸ ਪਿੰਡ ਦੇ ਘਰ ਵਿੱਚ । ਜਿਨ੍ਹਾਂ ਮੈਂ ਸਹਿ ਸਕਦਾ ਇਹ, ਉਸਤੋਂ ਕਿਤੇ ਜ਼ਿਆਦਾ ਹੋ ਗਿਆ । ਮੈਂ ਤੁਹਾਡੇ ਪੈਰੀਂ ਪੈਂਦਾ ਹਾਂ ਅਤੇ ਈਸ਼ਵਰ ਕੋਲ ਹਮੇਸ਼ਾ ਤੁਹਾਡੇ ਲਈ ਦੁਆ ਕਰਿਆ ਕਰਾਂਗਾ । ਤੁਸੀ ਮੈਨੂੰ ਇੱਥੋਂ ਲੈ ਜਾਉ ਵਰਨਾ ਮੈਂ ਇੱਥੇ ਮਰ ਜਾਵਾਂਗਾ ।
ਵਾਂਕਾ ਨ ਆਪਣਾ ਮੂੰਹ ਸਿਕੋੜਦੇ ਹੋਏ, ਆਪਣੀ ਕਾਲੀ ਹੋ ਚੁੱਕੀ ਮੁੱਠੀ ਨਾਲ ਆਪਣੀਆਂ ਅੱਖਾਂ ਮਲੀਆਂ ਅਤੇ ਇੱਕ ਰੁਆਂਸੀ ਆਹ ਲੈ ਕੇ ਲਿਖਣ ਲਗਾ ਮੈਂ ਤੁਹਾਡੇ ਲਈ ਨਸਵਾਰ ਪੀਹ ਦਿਆ ਕਰਾਂਗਾ ਅਤੇ ਈਸ਼ਵਰ ਕੋਲ ਤੁਹਾਡੇ ਲਈ ਅਰਦਾਸ ਕਰਾਂਗਾ । ਜੇਕਰ ਮੇਰ ਕੋਲੋਂ ਕੁੱਝ ਹੋ ਗਿਆ, ਤਾਂ ਤੁਸੀ ਜਿੰਨੀ ਚਾਹੋ, ਮੇਰੀ ਮਾਰ ਕੁਟਾਈ ਕਰਨਾ । ਜੇਕਰ ਮੇਰੇ ਲਈ ਹੋਰ ਕੁੱਝ ਨਾ ਹੋਵੇ, ਤਾਂ ਮੈਂ ਬੂਟ ਪੋਲਸ਼ ਜਾਂ ਫਿਰ ਫੇਦਕਾ ਦੀ ਜਗ੍ਹਾ ਗਡਰੀਆ ਬਣ ਜਾਵਾਂਗਾ । ਪ੍ਰਿਆ ਦਾਦਾ ਜੀ, ਇੱਥੇ ਜੋ ਕੁੱਝ ਵੀ ਹੋ ਰਿਹਾ ਹੈ, ਮੇਰੀ ਸਹਿਣ ਸ਼ਕਤੀ ਤੋਂ ਬਾਹਰ ਹੈ, ਇਹ ਮੇਰੇ ਲਈ ਮੌਤ ਦੇ ਸਮਾਨ ਹੈ । ਕਾਫ਼ੀ ਵਾਰ ਮੈਂ ਪਿੰਡ ਭੱਜ ਜਾਣ ਦੀ ਸੋਚੀ, ਪਰ ਮੇਰੇ ਕੋਲ ਪਹਿਨਣ ਨੂੰ ਜੁੱਤੇ ਨਹੀਂ ਹਨ, ਡਰਦਾ ਹਾਂ ਕਿਤੇ ਰਾਹ ਵਿੱਚ ਹੀ ਸ਼ੀਤ ਕੋਰੇ ਦਾ ਸ਼ਿਕਾਰ ਨਾ ਹੋ ਜਾਵਾਂ । ਇਸਦੇ ਬਦਲੇ ਵਿੱਚ, ਜਦੋਂ ਮੈਂ ਵੱਡਾ ਹੋਵਾਂਗਾ, ਤਾਂ ਤੁਹਾਡੀ ਚੰਗੀ ਵੇਖ-ਭਾਲ ਕਰਾਂਗਾ ਅਤੇ ਤੁਹਾਨੂੰ ਕੋਈ ਵੀ ਕਸ਼ਟ ਨਹੀਂ ਹੋਣ ਦੇਵਾਂਗਾ । ਤੁਹਾਡੀ ਮੌਤ ਤੇ ਤੁਹਾਡੀ ਆਤਮਾ ਦੀ ਸ਼ਾਂਤੀ ਲਈ ਕਾਮਨਾ ਕਰਾਂਗਾ ।
ਮਾਸਕੋ ਇੱਕ ਵੱਡਾ ਨਗਰ ਹੈ । ਇੱਥੇ ਤਰ੍ਹਾਂ ਤਰ੍ਹਾਂ ਦੇ ਮਕਾਨ ਹਨ । ਇੱਥੇ ਘੋੜੇ ਬਹੁਤ ਹਨ, ਪਰ ਭੇਡਾਂ ਬਿਲਕੁੱਲ ਨਹੀਂ ਅਤੇ ਕੁੱਤੇ ਵੀ ਖੂੰਖਾਰ ਨਹੀਂ ਹਨ । ਇੱਥੇ ਬੱਚੇ ਕਰਿਸਮਸ ਤੇ ਆਨੰਦ ਗੀਤ ਨਹੀਂ ਗਾਉਂਦੇ । ਗਿਰਜੇ ਵਿੱਚ ਗਾਉਣ ਵੀ ਨਹੀਂ ਦਿੰਦੇ । ਇੱਕ ਦਿਨ ਮੈਂ ਬਾਜ਼ਾਰ ਵਿੱਚ ਮੱਛੀ ਪਕੌੜੇ ਵਾਲੇ ਕਾਂਟੇ ਵੇਖੇ । ਕੁੱਝ ਤਾਂ ਬਹੁਤ ਹੀ ਵੱਡੇ ਸਨ, ਜੋ ਭਾਰੀ ਵਜਨ ਦੀ ਮੱਛੀ ਦੇ ਸਨ । ਇੱਥੇ ਬੰਦੂਕਾਂ ਵੀ ਜਿਵੇਂ ਦੀਆਂ ਮਾਲਿਕ ਦੇ ਘਰ ਵਿੱਚ ਹਨ । ਹੋ ਸਕਦਾ ਹੈ, ਹਰ ਬੰਦੂਕ ੧੦੦ ਰੂਬਲ ਦੀ ਹੋਵੇ । ਕਸਾਈਆਂ ਦੇ ਇੱਥੇ ਬਤਾਖਾਂ, ਖਰਗੋਸ਼ ਇਤਆਦਿ ਹਨ, ਪਰ ਉਹ ਨਹੀਂ ਦੱਸਦੇ ਕਿ ਕਿੱਥੋਂ ਮਾਰ ਕੇ ਲਿਆਏ ਹਨ । ਵਾਂਕਾ ਨੇ ਫਿਰ ਇੱਕ ਭਾਰੀ ਆਹ ਭਰੀ ਅਤੇ ਖਿੜਕੀ ਵੱਲ ਨਿਹਾਰਨ ਲੱਗਿਆ । ਉਸਨੂੰ ਯਾਦ ਆਉਣ ਲਗਾ ਕਿ ਕਿਸ ਤਰ੍ਹਾਂ ਕਰਿਸਮਸ ਦੇ ਸਮੇਂ ਉਸਦੇ ਦਾਦਾ ਜੀ ਜੰਗਲ ਵਿੱਚ ਜਾਂਦੇ, ਕਰਿਸਮਸ ਦਾ ਦਰਖਤ ਕੱਟਣ ਆਪਣੇ ਮਾਲਿਕ ਲਈ ਅਤੇ ਨਾਲ ਵਿੱਚ ਉਸਨੂੰ ਵੀ ਆਪਣੇ ਨਾਲ ਲੈ ਜਾਂਦੇ । ਕਿੰਨਾ ਸੁਖਦ ਸਮਾਂ ਹੋਇਆ ਕਰਦਾ ਸੀ । ਉਸਦੇ ਦਾਦਾ ਜੀ ਬਰਫ ਵਿੱਚ ਮਿਹਨਤ ਕਰਦੇ ਅਤੇ ਵਾਂਕਾ ਵੀ ਉਨ੍ਹਾਂ ਦਾ ਉੱਚ ਆਵਾਜ਼ ਵਿੱਚ ਨਾਲ ਦਿੰਦਾ । ਦਰਖਤ ਕੱਟਣ ਤੋਂ ਪਹਿਲਾਂ ਵੋਹ ਆਪਣਾ ਪਾਇਪ ਜਲਾਂਦੇ, ਨਸਵਾਰ ਦੀ ਚੁਟਕੀ ਲੈਂਦੇ ਅਤੇ ਵਾਂਕਾ ਦੇ ਨਾਲ ਹਾਸੀ ਮਜਾਕ ਕਰਦੇ । ਜਿਵੇਂ ਕੋਈ ਜੰਗਲੀ ਖਰਗੋਸ਼ ਭੱਜਦਾ ਤਾਂ ਉਹ ਕਹਿੰਦੇ ਫੜੋ ਫੜੋ ਉਸ ਨਿੱਕੂ ਸ਼ੈਤਾਨ ਨੂੰ । ਦਰਖਤ ਕੱਟਣ ਬਾਅਦ, ਦਾਦਾ ਜੀ ਉਹਨੂੰ ਘਸੀਟ ਕਰ ਲੈ ਜਾਂਦੇ ਅਤੇ ਮਾਲਿਕ ਦੇ ਘਰ ਜਾ ਕੇ ਉਸਦੀ ਸਜਾਵਟ ਕੀਤੀ ਜਾਂਦੀ ਸੀ । ਓਲਗਾ ਇਗਨਾਤੀਏਵਨਾ ਨਾਮਕ ਇਸਤਰੀ ਵਾਂਕਾ ਨੂੰ ਬਹੁਤ ਚੰਗੀ ਲਗਦੀ ਸੀ । ਜਦੋਂ ਵਾਂਕਾ ਦੀ ਮਾਂ ਪੇਲਾਗਿਆ ਜਿੰਦਾ ਸੀ ਅਤੇ ਮਾਲਿਕ ਦੇ ਘਰ ਨੌਕਰਾਣੀ ਸੀ, ਤਾਂ ਓਲਗਾ ਨੇ ਵਾਂਕਾ ਨੂੰ ਲਿਖਣਾ ਪੜ੍ਹਨਾ ਸਿਖਾਇਆ ਅਤੇ ਸੌ ਤੱਕ ਗਿਣਨਾ ਵੀ ਸਿਖਾਇਆ, ਅਤੇ ਉਸਨੂੰ ਨਾਚ ਆਦਿ ਵੀ ਥੋੜ੍ਹਾ ਬਹੁਤ ਸਿਖਾਇਆ । ਵਾਂਕਾ ਦੀ ਮਾਂ ਦੀ ਮੌਤ ਦੇ ਬਾਅਦ, ਵਾਂਕਾ ਨੂੰ ਰਸੋਈ-ਘਰ ਵਿੱਚ ਆਪਣੇ ਦਾਦਾ ਜੀ ਦੇ ਕੋਲ ਭੇਜ ਦਿੱਤਾ ਗਿਆ ਅਤੇ ਫਿਰ ਬਾਅਦ ਵਿੱਚ ਜੁੱਤੀਆਂ ਬਣਾਉਣ ਵਾਲੇ ਕਾਰੀਗਰ ਦੇ ਇੱਥੇ । ਪਿਆਰਾ ਦਾਦਾ ਜੀ ਤੁਸੀਂ ਜਰੂਰੀ ਇੱਥੇ ਆਓ ਅਤੇ ਪ੍ਰਭੂ ਦੇ ਵਾਸਤੇ ਮੈਨੂੰ ਇੱਥੋਂ ਲੈ ਜਾਉ । ਇਸ ਦੁਖੀ ਯਤੀਮ ਤੇ ਤਰਸ ਕਰੋ । ਇੱਥੇ ਸਭ ਲੋਕ ਮੈਨੂੰ ਮਾਰਦੇ ਹਨ । ਭੁੱਖ ਨਾਲ ਹਾਲ ਬੇਹਾਲ ਹਾਂ ਅਤੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿ ਮੈਂ ਇੱਥੇ ਕਿੰਨਾ ਰੋਂਦਾ ਰਹਿੰਦਾ ਹਾਂ । ਇੱਕ ਦਿਨ ਮਾਲਿਕ ਨੇ ਜੁੱਤੇ ਬਣਾਉਣ ਵਾਲੀ ਲਕੜ ਨਾਲ ਇੰਨੀ ਜ਼ੋਰ ਨਾਲ ਮੇਰੇ ਸਿਰ ਤੇ ਮਾਰੀ ਕਿ ਮੈਂ ਬੇਹੋਸ਼ ਹੋ ਗਿਆ । ਮੇਰੀ ਜਿੰਦਗੀ ਇੱਥੇ ਨਰਕ ਦੇ ਸਮਾਨ ਹੈ, ਇੱਕ ਕੁੱਤੇ ਤੋਂ ਵੀ ਗਈ ਗੁਜ਼ਰੀ । ਮੈਂ ਆਪਣੀਆਂ ਸ਼ੁਭ ਇੱਛਾਵਾਂ ਅਲਯੋਨਾ, ਕਾਣੇ ਯੇਗਰੋਕਾ, ਕੋਚਵਾਨ ਨੂੰ ਭੇਜ ਰਿਹਾ ਹਾਂ । ਤੁਸੀ ਮੇਰਾ ਮੂੰਹ ਵਾਲਾ ਵਾਜਾ ਕਿਸੇ ਨੂੰ ਨਹੀਂ ਦੇਣਾ ।
ਤੁਹਾਡਾ ਪੋਤਾ ਇਵਾਨ ਜ਼ੁਕੋਵ, ਪਿਆਰਾ ਦਾਦਾ ਜੀ, ਤੁਸੀ ਜਰੂਰ ਆਉਣਾ ।
ਵਾਂਕਾ ਨੇ ਕਾਗਜ ਨੂੰ ਦੋ ਵਾਰੀ ਤੈਹ ਕੀਤਾ ਅਤੇ ਇੱਕ ਲਿਫਾਫੇ ਵਿੱਚ ਵਿੱਚ ਸਾਵਧਾਨੀ ਦੇ ਨਾਲ ਰੱਖਿਆ, ਜੋ ਉਸਨੇ ਬੀਤੇ ਦਿਨ ਇੱਕ ਕੋਪੇਕ ਵਿੱਚ ਖਰੀਦਿਆ ਸੀ । ਕੁੱਝ ਸੋਚ ਕੇ, ਉਸਨੇ ਦਵਾਤ ਵਿੱਚ ਵਿੱਚ ਆਪਣੀ ਕਲਮ ਡੁਬੋਈ ਅਤੇ ਪਤਾ ਲਿਖਣਾ ਸ਼ੁਰੂ ਕੀਤਾ :
ਮਿਲੇ,
ਪਿੰਡ ਵਿੱਚ ਦਾਦਾ ਜੀ ਨੂੰ
ਫਿਰ ਆਪਣਾ ਸਿਰ ਖੁਰਕਦੇ ਹੋਏ, ਕੁੱਝ ਸੋਚ ਕੇ ਉਸਨੇ ਹੋਰ ਜੋੜ ਦਿੱਤਾ-ਕੋਂਸਤਾਂਤਿਨ ਮਕਰਾਇਚ । ਇਸ ਖੁਸ਼ੀ ਦੇ ਨਾਲ, ਕਿ ਕਿਸੇ ਨੇ ਵੀ ਉਸਨੂੰ ਪੱਤਰ ਲਿਖਦੇ ਹੋਏ ਰੁਕਾਵਟ ਨਹੀਂ ਪਾਈ । ਸਿਰ ਤੇ ਟੋਪੀ ਚੜ੍ਹਾ ਕੇ, ਬਿਨਾਂ ਸ਼ਰੀਰ ਤੇ ਕੋਟ ਪਾਏ, ਵਾਂਕਾ ਗਲੀ ਦੇ ਵੱਲ ਦੌੜ ਪਿਆ । ਕਸਾਈ ਦੀ ਦੁਕਾਨ ਦੇ ਬਾਬੂ ਨੇ ਦੱਸਿਆ ਸੀ, ਕਿ ਸਾਰੇ ਪੱਤਰ ਡਾਕ ਬਕਸੇ ਵਿੱਚ ਪਾਏ ਜਾਂਦੇ ਹਨ, ਜਿੱਥੋਂ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਪਹੁੰਚਾਇਆ ਜਾਂਦਾ ਹੈ । ਵਾਂਕਾ ਸਭ ਤੋਂ ਨਜਦੀਕ ਵਾਲੇ ਡਾਕ ਬਕਸੇ ਦੀ ਤਰਫ ਦੌੜ ਗਿਆ ਅਤੇ ਸਾਵਧਾਨੀ ਨਾਲ ਆਪਣੇ ਪੱਤਰ ਨੂੰ ਬਕਸੇ ਦੇ ਹਵਾਲੇ ਕਰ ਦਿੱਤਾ ।
ਕੁੱਝ ਸਮੇਂ ਬਾਅਦ, ਆਪਣੇ ਮਨ ਵਿੱਚ ਹੁਸੀਨ ਸੁਪਨਿਆਂ ਦਾ ਚਾਹਵਾਨ, ਵਾਂਕਾ ਡੂੰਘੀ ਨੀਂਦ ਦੀ ਆਗੋਸ਼ ਵਿੱਚ ਸੀ । ਸੁਪਨੇ ਵਿੱਚ ਉਸਨੇ ਵੇਖਿਆ ਦੀ ਉਸ ਦੇ ਦਾਦਾ ਜੀ ਅੰਗੀਠੀ ਦੇ ਕੋਲ ਆਪਣੀਆਂ ਨੰਗੀਆਂ ਲੱਤਾਂ ਲਮਕਾਈ ਬੈਠੇ ਹਨ, ਉਸਦਾ ਪੱਤਰ ਖਾਨਸਾਮਿਆਂ ਨੂੰ ਸੁਣਾ ਰਹੇ ਹਨ, ਅਤੇ ਕੁੱਤਾ ਈਲ ਉਨ੍ਹਾਂ ਦੇ ਕੋਲ ਬੈਠਾ ਆਪਣੀ ਪੂਛ ਹਿੱਲਾ ਰਿਹਾ ਹੈ ।
(ਅਨੁਵਾਦ: ਚਰਨ ਗਿੱਲ)

  • ਮੁੱਖ ਪੰਨਾ : ਐਂਤਨ ਚੈਖਵ ਦੀਆਂ ਕਹਾਣੀਆਂ ਪੰਜਾਬੀ ਵਿੱਚ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ