Veervar Da Vrat (Punjabi Story): Amrita Pritam

ਵੀਰਵਾਰ ਦਾ ਵਰਤ (ਕਹਾਣੀ) : ਅੰਮ੍ਰਿਤਾ ਪ੍ਰੀਤਮ

ਅੱਜ ਵੀਰਵਾਰ ਦਾ ਵਰਤ ਸੀ, ਇਸ ਲਈ ਪੂਜਾ ਨੇ ਅੱਜ ਕੰਮ ਤੇ ਨਹੀ ਜਾਣਾ ਸੀ....
ਬੱਚੇ ਦੇ ਜਾਗਣ ਦੀ ਆਵਾਜ਼ ਨਾਲ ਪੂਜਾ ਹੁਲਸ ਕੇ ਮੰਜੀ ਤੋਂ ਉੱਠੀ, ਤੇ ਉਹਨੇ ਬੱਚੇ ਨੂੰ ਪੰਘੂੜੇ ਵਿਚੋਂ ਚੁੱਕ ਕੇ ਆਪਣੀ ਅਲਸਾਈ ਹੋਈ ਛਾਤੀ ਨਾਲ ਲਾ ਲਿਆ-ਮਨੂ ਦੇਵਤਾ! ਅੱਜ ਨਹੀਂ ਰੋਣਾ, ਅਜ ਅਸੀਂ ਦੋਵੇਂ ਸਾਰਾ ਦਿਨ ਬਹੁਤ ਗੱਲਾਂ ਕਰਾਂਗੇ.. ਸਾਰਾ ਦਿਨ...

ਇਹ ਸਾਰਾ ਦਿਨ ਪੂਜਾ ਨੂੰ ਹਫ਼ਤੇ ਵਿਚ ਇਕ ਵਾਰੀ ਨਸੀਬ ਹੁੰਦਾ ਸੀ। ਇਸ ਦਿਨ ਉਹ ਮਨੂ ਨੂੰ ਆਪਣੇ ਹੱਥੀਂ ਨੁਹਾਂਦੀ ਸੀ, ਸਜਾਂਦੀ ਸੀ, ਖਿਡਾਂਦੀ ਸੀ, ਤੇ ਉਹਨੂੰ ਮੋਢੇ ਉਤੇ ਚੁੱਕ ਕੇ ਨੇੜੇ ਤੇੜੇ ਦੇ ਕਿਸੇ ਬਗੀਚੇ ਵਿਚ ਵੀ ਲੈ ਜਾਂਦੀ ਸੀ।
ਇਹ ਦਿਨ ਆਯਾ ਦਾ ਨਹੀਂ ਸੀ ਹੁੰਦੀ, ਮਾਂ ਦਾ ਦਿਨ ਹੁੰਦਾ ਸੀ...

ਅੱਜ ਵੀ ਪੂਜਾ ਨੇ ਬੱਚੇ ਨੂੰ ਨੁਹਾ ਧੁਆ ਕੇ ਤੇ ਦੁੱਧ ਨਾਲ ਰਜਾ ਕੇ ਜਦੋਂ ਚਾਬੀ ਵਾਲੇ ਖਿਡੌਣੇ ਉਹਦੇ ਸਾਹਮਣੇ ਰੱਖ ਦਿੱਤੇ, ਤਾਂ ਬੱਚੇ ਦੀਆਂ ਕਿਲਕਾਰੀਆਂ ਨਾਲ ਉਹਦਾ ਲੂੰ ਲੂੰ ਪੁਲਕ ਗਿਆ...
ਇਹ ਚੜ੍ਹਦੇ ਚੇਤਰ ਦੇ ਦਿਨ ਸਨ। ਹਵਾ ਵਿਚ ਇਕ ਆਪ ਮੁਹਾਰੀ ਮਹਿਕ ਸੀ, ਤੇ ਪੂਜਾ ਦੀ ਰੂਹ ਵਿਚ ਵੀ ਇਕ ਆਪ ਮੁਹਾਰੀ ਮਮਤਾ ਸੀ। ਬੱਚਾ ਖੇਡਦਾ ਖੇਡਦਾ ਥੱਕ ਕੇ ਉਹਦੀਆਂ ਲੱਤਾਂ ਉਤੇ ਸਿਰ ਰਖਦਾ ਉਘਲਾਣ ਲੱਗਾ, ਤਾਂ ਉਹਨੂੰ ਚੁੱਕ ਕੇ ਝੋਲੀ ਵਿਚ ਪਾਂਦਿਆਂ ਉਹ ਲੋਰੀਆਂ ਵਰਗੀਆਂ ਗੱਲਾਂ ਕਰਨ ਲਗ ਪਈ-ਮੇਰੇ ਮਨੂ ਦੇਵਤਾ ਨੂੰ ਫਿਰ ਨੀਂਦਰ ਆ ਗਈ... ਮੇਰਾ ਨਿਕਾ ਜਿਹਾ ਦੇਵਤਾ... ਬਸ ਜ਼ਰਾ ਕੁ ਭੋਗ ਲਾਇਆ, ਤੇ ਫੇਰ ਸੌਂ ਗਿਆ...
ਪੂਜਾ ਨੇ ਇਕ ਲੋਰ ਵਿਚ ਆ ਕੇ ਮਨੂ ਦਾ ਸਿਰ ਵੀ ਚੁੰਮਿਆ, ਅੱਖਾਂ ਵੀ, ਗੱਲ੍ਹਾਂ ਵੀ, ਗਰਦਨ ਵੀ, ਤੇ ਜਦੋਂ ਉਹਨੂੰ ਚੁੱਕ ਕੇ ਮੰਜੀ ਉਤੇ ਸੁਆਣ ਲੱਗੀ ਤਾਂ ਮਨੂ ਕੱਚੀ ਜਹੀ ਨੀਂਦਰ ਵਿਚੋਂ ਜਾਗਦਾ ਰੋਣ ਲੱਗ ਪਿਆ...
ਪੂਜਾ ਨੇ ਉਹਨੂੰ ਚੁੱਕ ਕੇ ਫੇਰ ਮੋਢੇ ਨਾਲ ਲਾ ਲਿਆ, ਤੇ ਦੁਲਾਰਣ ਲੱਗ ਪਈ-ਮੈਂ ਕਿਤੇ ਨਹੀਂ ਜਾਵਾਂਗੀ...
ਡੇਢ ਕੁ ਵਰ੍ਹੇ ਦੇ ਮਨੂ ਨੂੰ ਅੱਜ ਵੀ ਸ਼ਾਇਦ ਰੋਜ਼ ਵਰਗਾ ਅਹਿਸਾਸ ਹੋਇਆ ਸੀ ਕਿ ਮਾਂ ਜਦੋਂ ਬੜੀ ਵਾਰੀ ਉਹਦੇ ਸਿਰ ਨੂੰ ਮੱਥੇ ਨੂੰ ਚੁੰਮਦੀ ਹੈ, ਉਸ ਤੋਂ ਬਾਅਦ ਉਹਨੂੰ ਛੱਡ ਕੇ ਚਲੀ ਜਾਂਦੀ ਹੈ..
ਤੇ ਮੋਢੇ ਨਾਲ ਘੁੱਟ ਕੇ ਲੱਗੇ ਹੋਏ ਮਨੂ ਨੂੰ ਉਹ ਤਲੀ ਨਾਲ ਦੁਲਾਰਦੀ ਕਹਿਣ ਲੱਗੀ-ਰੋਜ਼ ਤੈਨੂੰ ਛੱਡ ਕੇ ਚਲੀ ਜਾਂਦੀ ਹਾਂ ਨਾ.. ਪਤਾ ਏ ਕਿਥੇ ਜਾਂਦੀ ਹਾਂ ? ਮੈਂ ਜੰਗਲ ਵਿਚੋਂ ਫੁੱਲ ਤੋੜਨ ਨਹੀਂ ਜਾਵਾਂਗੀ ਤਾਂ ਆਪਣੇ ਦੇਵਤਾ ਦੀ ਪੂਜਾ ਕਿਸ ਤਰ੍ਹਾਂ ਕਰਾਂਗੀ ?...
ਤੇ ਪੂਜਾ ਦੇ ਮੱਥੇ ਵਿਚ ਤ੍ਰਾਟ ਵਰਗਾ ਉਹ ਦਿਨ ਘੁੰਮ ਗਿਆ, ਜਦੋਂ ਇਕ "ਗੈਸਟ ਹਾਊਸ" ਦੀ ਮਾਲਕਣ ਮੈਡਮ ਡੀ. ਨੇ ਉਹਨੂੰ ਆਖਿਆ ਸੀ-ਮਿਸਿਜ਼ ਨਾਥ! ਏਥੇ ਲੜਕੀ ਦਾ ਅਸਲੀ ਨਾਂ ਕਿਸੇ ਨੂੰ ਨਹੀਂ ਦੱਸਿਆ ਜਾਂਦਾ। ਇਸ ਲਈ ਤੈਨੂੰ ਜਿਹੜਾ ਵੀ ਨਾ ਪਸੰਦ ਹੈ, ਰੱਖ ਲੈ!
ਤੇ ਉਸ ਦਿਨ ਉਹਦੇ ਮੂੰਹੋਂ ਨਿਕਲਿਆ ਸੀ-ਮੇਰਾ ਨਾਂ ਪੂਜਾ ਹੋਵੇਗਾ।
ਗੈਸਟ ਹਾਊਸ ਵਾਲੀ ਮੈਡਮ ਡੀ. ਹੱਸ ਪਈ ਸੀ-ਹਾਂ ਪੂਜਾ ਠੀਕ ਹੈ, ਪਰ ਕਿਸ ਮੰਦਰ ਦੀ ਪੂਜਾ ?
ਤੇ ਉਹਨੇ ਆਖਿਆ ਸੀ-ਪੇਟ ਦੇ ਮੰਦਰ ਦੀ।

ਮਾਂ ਦੇ ਗਲ ਨਾਲ ਲੱਗੀਆਂ ਬਾਹਵਾਂ ਨੇ ਜਦੋਂ ਬੱਚੇ ਦੀਆਂ ਅੱਖਾਂ ਵਿਚ ਇਤਮੀਨਾਨ ਦੀ ਨੀਂਦਰ ਭਰ ਦਿੱਤੀ, ਤਾਂ ਪੂਜਾ ਨੇ ਉਹਨੂੰ ਮੰਜੀ ਉਤੇ ਲਿਟਾਂਦਿਆਂ, ਪੈਰਾਂ ਭਾਰ ਮੰਜੀ ਦੇ ਕੋਲ ਬਹਿ ਕੇ ਆਪਣਾ ਸਿਰ ਉਹਦੀ ਛਾਤੀ ਦੇ ਕੋਲ ਵਾਰ ਮੰਜੀ ਦੀ ਬਾਹੀ ਉਤ ਰੱਖ ਦਿੱਤਾ। ਆਖਿਆ-ਤੈਨੂੰ ਪਤਾ ਏ ਮੈਂ ਉਸ ਦਿਨ ਆਪਣੇ ਪੇਟ ਨੂੰ ਮੰਦਰ ਕਿਉਂ ਆਖਿਆ ਸੀ? ਜਿਸ ਮਿੱਟੀ ਵਿਚੋਂ ਕਿਸੇ ਦੇਵਤਾ ਦੀ ਮੂਰਤੀ ਲੱਭ ਜਾਏ, ਉਥੇ ਮੰਦਰ ਬਣ ਜਾਂਦਾ ਹੈ.. ਤੂੰ ਮਨੂ ਦੇਵਤਾ ਮਿਲ ਗਿਆ ਤਾਂ ਮੇਰਾ ਪੇਟ ਮੰਦਰ ਬਣ ਗਿਆ...
ਤੇ ਮੂਰਤੀ ਨੂੰ ਅਰਘ ਦੇਣ ਵਾਲੇ ਪਾਣੀ ਵਾਂਗ ਪੂਜਾ ਦੀਆਂ ਅੱਖਾਂ ਵਿਚ ਪਾਣੀ ਆ ਗਿਆ-ਮੈਂ ਤੇਰੇ ਲਈ ਫੁੱਲ ਚੁਨਣ ਵਾਸਤੇ ਜੰਗਲ ਵਿਚ ਜਾਂਦੀ ਹਾਂ ਮਨੂ!
ਬਹੁਤ ਵੱਡਾ ਜੰਗਲ ਹੈ, ਬਹੁਤ ਭਿਆਨਕ, ਚੀਤਿਆਂ ਨਾਲ ਭਰਿਆ ਹੋਇਆ, ਬਘਿਆੜਾਂ ਨਾਲ ਭਰਿਆ ਹੋਇਆ, ਸੱਪਾਂ ਨਾਲ ਭਰਿਆ ਹੋਇਆ..
ਤੇ ਪੂਜਾ ਦੇ ਪਿੰਡੇ ਵਿਚੋਂ ਉਠਦੀ ਕੰਬਣੀ, ਉਹਦੀ ਉਸ ਤਲੀ ਵਿਚ ਆ ਗਈ, ਜੋ ਮਨੂ ਦੀ ਪਿੱਠ ਉੱਤੇ ਪਈ ਹੋਈ ਸੀ.. ਤੇ ਹੁਣ ਉਹ ਕੰਬਣੀ ਸ਼ਾਇਦ ਤਲੀ ਵਿਚੋਂ ਲੰਘ ਕੇ ਮਨੂ ਦੀ ਪਿੱਠ ਵਿਚ ਵੀ ਉਤਰ ਰਹੀ ਸੀ..

ਉਹਨੂੰ ਖਿਆਲ ਆਇਆ-ਮਨੂ ਜਦੋਂ ਵੱਡਾ ਹੋ ਜਾਏਗਾ, ਜੰਗਲ ਦੇ ਅਰਥ ਬਣ ਜਾਣੇਗਾ, ਤੇ ਮਾਂ ਨੂੰ ਬਹੁਤ ਨਫਰਤ ਕਰੇਗਾ-ਤਾਂ ਸ਼ਾਇਦ ਉਹਦੇ ਅਚੇਤ ਮਨ ਵਿਚੋਂ ਅੱਜ ਦਾ ਦਿਨ ਵੀ ਜਾਗੇਗਾ, ਤੇ ਉਹਨੂੰ ਦੱਸੇਗਾ ਕਿ ਉਹਦੀ ਮਾਂ ਕਿਸ ਤਰ੍ਹਾਂ ਉਹਨੂੰ ਜੰਗਲ ਦੀ ਕਹਾਣੀ ਸੁਣਾਂਦੀ ਹੁੰਦੀ ਸੀ, ਜੰਗਲ ਦੇ ਚੀਤਿਆਂ ਦੀ, ਜੰਗਲ ਦੇ ਬਘਿਆੜਾਂ ਦੀ, ਤੇ ਜੰਗਲ ਦੇ ਸੱਪਾਂ ਦੀ, , ਤੇ ਸ਼ਾਇਦ.. ਉਹਨੂੰ ਮਾਂ ਦਾ ਕੁਝ ਪਹਿਚਾਣ ਆਵੇਗੀ...
ਪੂਜਾ ਨੇ ਚੈਨ ਦਾ ਤੇ ਬੇਚੈਨੀ ਦਾ ਇਕ ਰਲਵਾਂ ਸਾਹ ਲਿਆ। ਉਹਨੂੰ ਜਾਪਿਆ-ਉਹਨੇ ਦਰਦ ਦੀ ਇਕ ਕਣੀ ਆਪਣੇ ਪੁੱਤਰ ਦੇ ਅਚੇਤ ਮਨ ਵਿਚ ਜਿਵੇਂ ਰਾਖਵੀਂ ਰੱਖ ਦਿੱਤੀ ਹੈ..
ਪੂਜਾ ਨੇ ਉਠ ਕੇ ਆਪਣੇ ਲਈ ਚਾਹ ਦਾ ਇਕ ਪਿਆਲਾ ਬਣਾਇਆ, ਤੇ ਕਮਰੇ ਵਿਚ ਮੁੜਦੀ-ਕਮਰੇ ਦੀਆਂ ਕੰਧਾਂ ਨੂੰ ਇਸ ਤਰ੍ਹਾਂ ਵੇਖਣ ਲੱਗ ਪਈ, ਜਿਵੇਂ ਉਹਦੇ ਤੇ ਉਹਦੇ ਬੱਚੇ ਦੇ ਦੁਆਲੇ ਬਣੀਆਂ ਹੋਈਆਂ ਉਹ ਕਿਸੇ ਦੀਆਂ ਬੜੀਆਂ ਹੀ ਪਿਆਰੀਆਂ ਬਾਹਵਾਂ ਹੋਣ...
ਉਹਨੂੰ ਉਹਦੇ ਵਰਤਮਾਨ ਤੋਂ ਵੀ ਲੁਕਾ ਕੇ ਬੈਠੀਆਂ ਹੋਈਆਂ...
ਪੂਜਾ ਨੇ ਇਕ ਨਜ਼ਰ ਕਮਰੇ ਦੇ ਉਸ ਬੂਹੇ ਵੱਲ ਵੇਖਿਆ-ਜਿਹਦੇ ਬਾਹਰ ਉਹਦਾ ਵਰਤਮਾਨ ਬੜੀ ਦੂਰ ਤੱਕ ਫੈਲਿਆ ਹੋਇਆ ਸੀ –
ਸ਼ਹਿਰ ਦੇ ਕਿੰਨੇ ਹੀ ਗੈਸਟ ਹਾਊਸ, ਐਕਸਪੋਰਟ ਦੇ ਕਿੰਨੇ ਹੀ ਕਾਰਖਾਨੇ, ਏਅਰ ਲਾਈਨਜ਼ ਦੇ ਕਿੰਨੇ ਹੀ ਦਫ਼ਤਰ, ਤੇ ਸਧਾਰਣ ਹੋਟਲਾਂ ਤੋਂ ਲੈ ਕੇ ਫ਼ਾਈਵ ਸਟਾਰ ਹੋਟਲਾਂ ਤੱਕ ਦੇ ਕਿੰਨੇ ਹੀ ਕਮਰੇ ਸਨ, ਜਿਨ੍ਹਾਂ ਵਿਚ ਉਹਦਾ ਇਕ ਇਕ ਟੁਕੜਾ ਵਰਤਮਾਨ ਪਿਆ ਹੋਇਆ ਸੀ...
ਪਰ ਅੱਜ ਵੀਰ ਵਾਰ ਸੀ-ਜਿਹਨੇ ਉਹਦੇ ਤੋਂ ਉਹਦੇ ਵਰਤਮਾਨ ਦੇ ਵਿਚਕਾਰ ਇਕ ਬੂਹਾ ਭੀੜਿਆ ਹੋਇਆ ਸੀ..
ਬੰਦ ਬੂਹੇ ਦੀ ਹਿਫ਼ਾਜ਼ਤ ਵਿਚ ਖਲੋਤੀ ਹੋਈ ਪੂਜਾ ਨੂੰ ਪਹਿਲੀ ਵਾਰ ਇਹ ਖ਼ਿਆਲ ਆਇਆ ਕਿ ਉਹਦੇ ਕਸਬ ਵਿਚ ਏਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਹੈ ?
ਏਸ ਵੀਰਵਾਰ ਦੀ ਤੈਹ ਵਿਚ ਜ਼ਰੂਰ ਕੋਈ ਭੇਤ ਹੋਵੇਗਾ-ਉਹ ਨਹੀਂ ਸੀ ਜਾਣਦੀ, ਇਸ ਲਈ ਖ਼ਾਲੀ ਖ਼ਾਲੀ ਜਿਹੀਆਂ ਨਜ਼ਰਾਂ ਨਾਲ ਕਮਰੇ ਦੀਆਂ ਕੰਧਾਂ ਨੂੰ ਵੇਖਣ ਲੱਗ ਪਈ..
ਕੰਧਾਂ ਤੋਂ ਪਾਰ ਉਹਨੇ ਜਦੋਂ ਵੀ ਵੇਖਿਆ ਸੀ-ਉਹਨੂੰ ਕਿਧਰੇ ਕੋਈ ਆਪਣਾ ਭਵਿੱਖ ਨਹੀਂ ਸੀ ਦਿਸਿਆ, ਸਿਰਫ਼ ਇਹ ਵਰਤਮਾਨ ਦਿਸਿਆ ਸੀ, ਜੋ ਰੇਗਿਸਤਾਨ ਵਾਂਗ ਸ਼ਹਿਰ ਦੀਆਂ ਬਹੁਤ ਸਾਰੀਆਂ ਇਮਾਰਤਾਂ ਵਿਚ ਫੈਲ ਰਿਹਾ ਸੀ..
ਤੇ ਪੂਜਾ ਨੇ ਕੰਬ ਕੇ ਸੋਚਿਆ-ਇਹੀ ਰੇਗਿਸਤਾਨ ਉਹਦੇ ਦਿਨਾਂ ਵਿਚੋਂ ਮਹੀਨਿਆਂ ਵਿਚ ਫੈਲਦਾ-ਇਕ ਦਿਨ ਮਹੀਨਿਆਂ ਤੋਂ ਅੱਗੇ ਉਹਦੇ ਵਰ੍ਹਿਆਂ ਵਿਚ ਫੈਲ ਜਾਏਗਾ..
ਤੇ ਪੂਜਾ ਨੇ ਬੰਦ ਬੂਹੇ ਦਾ ਆਸਰਾ ਲੈ ਕੇ ਵਰਤਮਾਨ ਤੋਂ ਅੱਖਾਂ ਮੋੜ ਲਈਆਂ...
ਉਹਦੀਆਂ ਅੱਖਾਂ ਪੈਰਾਂ ਹੇਠਲੇ ਫਰਸ਼ ਵੱਲ ਗੋਈਆਂ, ਤਾਂ ਬੀਤੇ ਹੋਏ ਦਿਨਾਂ ਦੇ ਤਹਿਖਾਨੇ ਵਿਚ ਉਤਰ ਗਈਆਂ –
ਤਹਿਖਾਨੇ ਵਿਚ ਬਹੁਤ ਹਨੇਰਾ ਸੀ...
ਬੀਤੀ ਹੋਈ ਜ਼ਿੰਦਗੀ ਦਾ ਪਤਾ ਨਹੀਂ ਕੀ ਕੀ-ਕਿਥੇ ਕਿਥੇ ਪਿਆ ਹੋਇਆ ਸੀ, ਪੂਜਾ ਨੂੰ ਕੁਝ ਵੀ ਵਿਖਾਈ ਨਹੀਂ ਸੀ ਦੇ ਰਿਹਾ..
ਪਰ ਅੱਖਾਂ ਜਦੋਂ ਹਨੇਰੇ ਨਾਲ ਕੁਝ ਵਾਕਫ਼ ਹੋਈਆਂ-ਵੇਖਿਆ, ਤਹਿਖਾਨੇ ਦੇ ਖੱਬੇ ਹੱਥ, ਦਿਲ ਵਾਲੇ ਪਾਸੇ, ਇਕ ਕਣ ਜਿਹਾ ਕੁਝ ਚਮਕਦਾ ਪਿਆ ਸੀ...
ਪੂਜਾ ਅਹੁਲ ਕੇ ਉਹਦੇ ਕੋਲ ਗਈ –
ਪਤਾ ਨਹੀਂ ਇਹ ਧਰਤੀ ਦੀ ਮਿੱਟੀ ਦਾ ਕੋਈ ਕਣ ਸੀ, ਕਿ ਅਸਮਾਨ ਤੋਂ ਟੁੱਟੇ ਹੋਏ ਤਾਰੇ ਦਾ ਇਕ ਟੁਕੜਾ, ਜੋ ਅਜੇ ਵੀ ਬਲਦਾ ਪਿਆ ਹੋਇਆ ਸੀ...
ਪੂਜਾ ਨੇ ਗੋਡਿਆਂ ਦੇ ਭਾਰ ਹੋ ਕੇ ਉਹਨੂੰ ਹੱਥ ਨਾਲ ਛੋਹਿਆ...
ਉਹਦੇ ਸਾਰੇ ਪਿੰਡੇ ਵਿਚ ਇਕ ਗਰਮ ਜਿਹੀ ਲੀਕ ਫਿਰ ਗਈ, ਤੇ ਉਹਨੇ ਪਛਾਣਿਆ-ਇਹ ਉਹਦੇ ਇਸ਼ਕ ਦਾ ਜ਼ੱਰਰਾ ਸੀ, ਜਿਹਦੇ ਵਿਚ ਕੋਈ ਅੱਗ ਅਜੇ ਵੀ ਸਲਾਮਤ ਸੀ...
ਤੇ ਇਸੇ ਦੀ ਰੋਸ਼ਨੀ ਵਿਚ ਨਰੇਂਦ੍ਰ ਦਾ ਨਾਂ ਚਮਕਿਆ-ਨਰੇਂਦ੍ਰ ਨਾਥ ਚੌਧਰੀ ਦਾ, ਜਿਹਨੂੰ ਉਹਨੇ ਬੇਪਨਾਹ ਇਸ਼ਕ ਕੀਤਾ ਸੀ...
ਤੇ ਨਾਲ ਹੀ ਉਹਦਾ ਆਪਣਾ ਨਾਂ ਚਮਕਿਆ-ਗੀਤਾ, ਗੀਤਾ ਸ਼੍ਰੀਵਾਸਤਵ...
ਉਹ ਦੋਵੇਂ ਆਪਣੀ ਆਪਣੀ ਜਵਾਨੀ ਦੀ ਪਹਿਲੀ ਪੌੜੀ ਚੜ੍ਹੇ ਸਨ-ਜਦੋਂ ਇਕ ਦੂਜੇ ਦੀ ਹੋਂਦ ਨਾਲ ਮੋਹੇ ਗਏ ਸਨ...
ਉਸ ਵੇਲੇ ਨਰੇਂਦ੍ਰ ਨੇ ਆਪਣੇ ਨਾਂ ਨਾਲੋਂ ਚੌਧਰੀ ਲਫਜ਼ ਝਾੜ ਦਿੱਤਾ ਸੀ, ਤੇ ਗੀਤਾ ਨੇ ਆਪਣੇ ਨਾਂ ਨਾਲੋਂ ਸ਼੍ਰੀਵਾਸਤਵ...
ਤੇ ਉਹ ਦੋਵੇਂ ਟੁੱਟੇ ਹੋਏ ਖੰਭਾਂ ਵਾਲੇ ਪੰਛੀਆਂ ਵਾਂਗ ਹੋ ਗਏ ਸਨ...

ਚੌਧਰੀ ਤੇ ਸ੍ਰੀਵਾਸਤਵ ਦੋਹਾਂ ਲਫਜ਼ਾਂ ਦੀ ਇਕ ਮਜ਼ਬੂਰੀ ਸੀ। ਭਾਵੇਂ ਵੱਖੋ ਵੱਖ ਤਰ੍ਹਾਂ ਦੀ। ਚੌਧਰੀ ਲਫਜ਼ ਕੋਲ ਅਮੀਰੀ ਦਾ ਮਾਣ ਸੀ। ਇਸ ਲਈ ਉਹਦੀ ਮਜ਼ਬੂਰੀ ਉਹਦਾ ਇਹ ਭਿਆਨਕ ਗੁੱਸਾ ਸੀ, ਜੋ ਨਰੇਂਦ੍ਰ ਉਤੇ ਵਰ੍ਹ ਪਿਆ ਸੀ। ਤੇ ਸ੍ਰੀਵਾਸਤਵ ਕੋਲ ਬੀਮਾਰੀ ਤੇ ਗ਼ਰੀਬੀ ਦੀ ਨਿਰਾਸਤਾ ਸੀ, ਜਿਹਦੀ ਮਜ਼ਬੂਰੀ ਗੀਤਾ ਉਤੇ ਵਰ੍ਹ ਪਈ ਸੀ, ਤੇ ਉਹਨਾਂ ਦੋਹਾਂ ਨੂੰ ਕਾਲਜ ਦੀ ਪੜ੍ਹਾਈ ਛੱਡਣੀ ਪਈ ਸੀ।
ਤੇ ਜਦੋਂ ਦੋਹਾਂ ਨੇ ਇਕ ਮੰਦਰ ਵਿਚ ਜਾ ਕੇ ਆਪਣਾ ਵਿਆਹ ਕੀਤਾ ਸੀ, ਉਦੋਂ ਚੌਧਰੀ ਤੇ ਸ੍ਰੀਵਾਸਤਵ ਦੋਵੇਂ ਲਫਜ਼ ਉਹਨਾਂ ਦੇ ਨਾਲ ਮੰਦਰ ਵਿਚ ਨਹੀਂ ਸਨ ਗਏ। ਤੇ ਮੰਦਰ ਤੋਂ ਪਿਛਾਂਹ ਮੁੜਦੇ ਪੈਰਾਂ ਲਈ-ਚੌਧਰੀ ਘਰ ਦਾ ਅਮੀਰ ਬੂਹਾ ਗੁੱਸੇ ਨਾਲ ਭੀੜਿਆ ਗਿਆ ਸੀ, ਤੇ ਸ੍ਰੀਵਾਸਤਵ ਘਰ ਦਾ ਗ਼ਰੀਬੀ ਦੀ ਮਜਬੂਰੀ ਕਾਰਨ।
ਫੇਰ ਕਿਸੇ ਰੋਜ਼ਗਾਰ ਦਾ ਕੋਈ ਵੀ ਬੂਹਾ ਨਹੀਂ ਸੀ, ਜਿਹੜਾ ਉਹਨਾਂ ਨੇ ਖੜਕਾ ਕੇ ਨਹੀਂ ਸੀ ਵੇਖਿਆ। ਸਿਰਫ਼ ਵੇਖਿਆ ਸੀ ਕਿ ਹਰ ਬੂਹੇ ਨਾਲ ਮੱਥਾ ਭੰਨ ਕੇ ਉਹਨਾਂ ਦੋਹਾਂ ਦੇ ਮੱਥਿਆਂ ਉਤੇ ਸਖ਼ਤ ਉਦਾਸੀ ਦੇ ਨੀਲ ਪੈ ਗਏ ਸਨ...
ਰਾਤਾਂ ਨੂੰ ਉਹ ਬੀਤੇ ਹੋਏ ਦਿਨਾਂ ਵਾਲੇ ਹੋਸਟਲਾਂ ਵਿਚ ਜਾ ਕੇ, ਕਿਸੇ ਆਪੋ ਆਪੋ ਵਾਕਫ਼ ਦੇ ਕਮਰੇ ਦੀ ਪਨਾਹ ਮੰਗ ਲੈਂਦੇ ਸਨ, ਤੇ ਦਿਨੇ ਉਹਨਾਂ ਦੇ ਪੈਰਾਂ ਲਈ ਸੜਕਾਂ ਖੁਲ੍ਹ ਜਾਂਦੀਆਂ ਸਨ।
ਉਹੀ ਦਿਨ ਸਨ-ਜਦੋਂ ਉਹਨਾਂ ਦੇ ਬੱਚੇ ਦੀ ਆਮਦ ਦੇ ਦਿਨ ਆ ਗਏ...

ਗੀਤਾ ਦੀਆਂ ਕਾਲਜ ਵਾਲੀਆਂ ਸਹੇਲੀਆਂ ਨੇ, ਤੇ ਨਰੇਂਦ੍ਰ ਦੇ ਕਾਲਜ ਵਾਲੇ ਦੋਸਤਾਂ ਨੇ ਉਹਨਾਂ ਦਿਨਾਂ ਵਿਚ ਕੁਝ ਪੈਸੇ ਇਕੱਠੇ ਕੀਤੇ ਸਨ, ਤੇ ਦੋਹਾਂ ਨੇ ਜਮਨਾ ਤੋਂ ਪਾਰ ਦੀ ਇਕ ਨੀਵੀਂ ਬਸਤੀ ਵਿਚ ਕਾਨਿਆਂ ਦੀ ਇਕ ਝੁੱਗੀ ਪਾ ਲਈ ਸੀ-ਜਿਹਦੇ ਬਾਹਰ ਇਕ ਮੰਜੀ ਵਿਛਾ ਕੇ ਗੀਤਾ ਆਲੂ ਗੋਭੀ ਤੇ ਟਮਾਟਰ ਵੇਚਣ ਲੱਗ ਪਈ ਸੀ, ਤੇ ਨਰੇਂਦ੍ਰ ਨੰਗੇ ਪੈਰੀਂ ਸੜਕਾਂ ਤੇ ਘੁੰਮਦਾ ਕੋਈ ਕੰਮ ਲੱਭਣ ਲੱਗ ਪਿਆ ਸੀ...

ਖ਼ਰਾਇਤੀ ਹਸਪਤਾਲ ਵਾਲੇ ਦਿਨ ਹੋਰ ਵੀ ਔਖੇ ਸਨ-ਤੇ ਜਦੋਂ ਗੀਤਾ ਆਪਣੇ ਸੱਤਾਂ ਦਿਨਾਂ ਦੇ ਮਨੂ ਨੂੰ ਝੋਲੀ ਵਿਚ ਪਾ ਕੇ, ਕਾਨਿਆਂ ਦੀ ਝੁੱਗੀ ਵਿਚ ਮੁੜੀ ਸੀ-ਬੱਚੇ ਲਈ ਦੁੱਧ ਦਾ ਸਵਾਲ ਵੀ ਝੁੱਗੀ ਵਿਚ ਆ ਕੇ ਬਹਿ ਗਿਆ ਸੀ...
ਤੇ ਕਮੇਟੀ ਦੇ ਨਲਕੇ ਤੋਂ ਪਾਣੀ ਭਰ ਕੇ ਲਿਆਉਣ ਵਾਲਾ ਵਕਤ –

ਪੂਜਾ ਦੇ ਪੈਰਾਂ ਵਲੋਂ ਇਕ ਤ੍ਰਾਟ ਜਿਹੀ ਉਠ ਕੇ ਹੁਣ ਵੀ, ਉਹਦੇ ਪੈਰਾਂ ਨੂੰ ਸੁੰਨ ਕਰਦੀ, ਉਤਾਂਹ ਉਹਦੀ ਰੀੜ੍ਹ ਦੀ ਹੱਡੀ ਵਿਚ ਫੈਲ ਗਈ, ਜਿਸ ਤਰ੍ਹਾਂ ਉਦੋਂ ਫੈਲਦੀ ਹੁੰਦੀ ਸੀ, ਜਦੋਂ ਉਹ ਗੀਤਾ ਹੁੰਦੀ ਸੀ, ਤੇ ਉਹਦੇ ਹੱਥ ਵਿਚ ਫੜੀ ਹੋਈ ਪਾਣੀ ਦੀ ਬਾਲਟੀ ਦਾ ਭਾਰ ਪਿੱਠ ਵਿਚ ਵੀ ਤ੍ਰਾਟ ਪਾ ਦੇਂਦਾ ਸੀ, ਤੇ ਗਰਭ ਵਾਲੇ ਪੇਟ ਵਿਚ ਵੀ...

ਪੂਜਾ ਨੇ ਤਹਿਖਾਨੇ ਵਿਚ ਪਏ ਹੋਏ ਦਿਨਾਂ ਨੂੰ ਉਥੇ ਹੀ ਹੱਥ ਨਾਲ ਛਿਣਕ ਕੇ ਹਨੇਰੇ ਵਿਚ ਸੁੱਟ ਦਿੱਤਾ, ਤੇ ਉਸ ਮਘਦੇ ਜਿਹੇ ਕਣ ਵੱਲ ਵੇਖਣ ਲੱਗ ਪਈ, ਜੋ ਅਜੇ ਵੀ ਉਹਦੇ ਮਨ ਦੇ ਹਨੇਰੇ ਵਿਚ ਮਘਦਾ ਪਿਆ ਸੀ...
ਉਹ ਘਬਰਾ ਕੇ ਤੇ ਘੁੱਟ ਕੇ ਜਦੋਂ ਨਰੇਂਦ੍ਰ ਦੀ ਛਾਤੀ ਨਾਲ ਲੱਗ ਜਾਂਦੀ ਹੁੰਦੀ ਸੀ-ਉਹਦੀ ਆਪਣੀ ਛਾਤੀ ਵਿਚੋਂ ਇਕ ਸੁਖ ਪੰਘਰ ਕੇ ਉਹਦੇ ਲਹੂ ਦੀਆਂ ਨਾੜਾਂ ਵਿਚ ਤੁਰਨ ਲੱਗ ਪੈਂਦੀ ਸੀ...

ਪੂਜਾ ਦੇ ਪੈਰਾਂ ਵੱਲੋਂ ਫੇਰ ਇਕ ਕੰਬਣੀ ਉਹਦੇ ਮੱਥੇ ਵੱਲ ਨੂੰ ਚੜ੍ਹੀ-ਜਦੋਂ ਤਹਿਖਾਨੇ ਵਿਚ ਪਏ ਹੋਏ ਦਿਨਾਂ ਵਿਚੋਂ - ਅਚਾਨਕ ਇਕ ਦਿਹਾੜਾ ਇਕ ਕੰਡੇ ਵਾਂਗੂੰ ਉਠ ਕੇ ਉਹਦੇ ਪੈਰ ਵਿਚ ਲਹਿ ਗਿਆ-ਜਦੋਂ ਨਰੇਂਦ੍ਰ ਨੂੰ ਰੋਜ਼ ਮੱਠਾ ਮੱਠਾ ਤਾਪ ਚੜ੍ਹਨ ਲੱਗ ਪਿਆ ਸੀ, ਤੇ ਉਹ ਮਨੂ ਨੂੰ ਨਰੇਂਦ੍ਰ ਦੀ ਮੰਜੀ ਕੋਲ ਪਾ ਕੇ ਨੌਕਰੀ ਲੱਭਣ ਚਲੀ ਗਈ ਸੀ...

ਉਹਨੂੰ ਇਕ ਸੋਚ ਆਈ ਸੀ ਕਿ ਆਖ਼ਰ ਉਹ ਏਸ ਦੇਸ ਦੀ ਜੰਮ ਪਲ ਨਹੀਂ ਸੀ, ਬਾਪ ਵਲੋਂ ਸ੍ਰੀਵਾਸਤਵ ਅਖਵਾਂਦੀ ਸੀ, ਪਰ ਨੈਪਾਲ ਦੀ ਕੁੜੀ ਸੀ, ਮਾਂ ਵਲੋਂ ਨੈਪਾਲੀ, ਤੇ ਉਹਨੂੰ ਏਸ ਨਾਤੇ ਸ਼ਾਇਦ ਆਪਣੇ ਜਾਂ ਕਿਸੇ ਹੋਰ ਦੇਸ ਦਾ ਸਫ਼ਾਰਤ ਖਾਨੇ ਵਿਚ ਜ਼ਰੂਰ ਕੋਈ ਨੌਕਰੀ ਮਿਲ ਜਾਏਗੀ.. ਤੇ ਏਸ ਸਿਲਸਿਲੇ ਵਿਚ ਸਾਗ ਭਾਜੀ ਦੀ ਵਿੱਕਰੀ ਉਹ ਨਰੇਂਦ੍ਰ ਨੂੰ ਸੌਂਪ ਕੇ ਰੋਜ਼ ਨੌਕਰੀ ਲੱਭਣ ਜਾਣ ਲੱਗ ਪਈ ਸੀ...

"ਮਿਸਟਰ ਐਚ."-ਪੂਜਾ ਨੂੰ ਅਚਾਨਕ ਇਹ ਨਾਂ ਇਸ ਤਰ੍ਹਾਂ ਯਾਦ ਆਇਆ, ਜਿਵੇਂ ਉਹ ਜ਼ਿੰਦਗੀ ਦੇ ਸੜ ਕੇ ਸਵਾਹ ਹੋਏ ਦਿਨਾਂ ਨੂੰ ਫੋਲਦੀ ਹੋਵੇ, ਤੇ ਅਚਾਨਕ ਉਸ ਰਾਖ ਵਿਚ ਉਹਦਾ ਹੱਥ-ਇਕ ਤੱਤੇ ਕੋਇਲੇ ਨੂੰ ਛੋਹ ਗਿਆ ਹੋਵੇ...

ਉਹ ਇਕ ਸਫ਼ਾਰਤ ਖਾਨੇ "ਰਿਸੈਪਸ਼ਨ ਰੂਮ" ਵਿਚ ਉਹਨੂੰ ਮਿਲਿਆ ਸੀ। ਇਕ ਦਿਨ ਕਹਿਣ ਲੱਗਾ-"ਗੀਤਾ ਬੀਬੀ! ਮੈਂ ਤੈਨੂੰ ਆਏ ਦਿਨ ਫੇਰੇ ਮਾਰਦਿਆਂ ਵੇਖਦਾ ਹਾਂ। ਤੈਨੂੰ ਨੌਕਰੀ ਚਾਹੀਦੀ ਏ? ਮੈਂ ਤੈਨੂੰ ਨੌਕਰੀ ਦੁਆ ਦੇਂਦਾ ਹਾਂ। ਅਹਿ ਲੈ, ਤੈਨੂੰ ਪਤਾ ਲਿਖ ਦੇਂਦਾ ਹਾਂ, ਹੁਣੇ ਚਲੀ ਜਾ, ਅੱਜ ਹੀ ਨੌਕਰੀ ਦਾ ਬੰਦੋਬਸਤ ਹੋ ਜਾਏਗਾ... " ਤੇ ਪੂਜਾ ਜਦੋਂ ਗੀਤਾ ਹੁੰਦੀ ਸੀ, ਕਾਗਜ਼ ਦਾ ਇਹ ਟੋਟਾ ਜਿਹਾ ਫੜ ਕੇ, ਅਚਾਨਕ ਇਸ ਬਹੁੜ ਪਈ ਕਿਸਮਤ ਉਤੇ ਹੈਰਾਨ ਖਲੋਤੀ ਰਹਿ ਗਈ ਸੀ...
ਉਹ ਪਤਾ ਇਕ ਗੈਸਟ ਹਾਊਸ ਦੀ ਮਾਲਕਣ-ਮੈਡਮ ਡੀ. ਦਾ ਸੀ, ਜਿਥੇ ਪਹੁੰਚ ਕੇ ਉਹ ਹੋਰ ਵੀ ਹੈਰਾਨ ਹੋਈ ਸੀ ਕਿ ਨੌਕਰੀ ਦੇਣ ਵਾਲੀ ਮੈਡਮ ਡੀ. ਉਹਨੂੰ ਇਸ ਤਰ੍ਹਾਂ ਤਪਾਕ ਨਾਲ ਮਿਲੀ, ਜਿਵੇਂ ਪੁਰਾਣੇ ਦਿਨਾਂ ਦੀ ਕੋਈ ਸਹੇਲੀ ਮਿਲੀ ਹੋਵੇ। ਇਕ ਠੰਢੇ ਕਮਰੇ ਵਿਚ ਗੀਤਾ ਨੂੰ ਬਿਠਾ ਕੇ ਉਹਨੇ ਉਹਨੂੰ ਗਰਮ ਚਾਹ ਪਿਆਈ ਸੀ ਤੇ ਭੁੱਜੇ ਹੋਏ ਕਬਾਬ ਖੁਆਏ ਸਨ।

ਨੌਕਰੀ ਕਿਸ ਕੰਮ ਦੀ ਹੋਵੇਗੀ, ਕਿੰਨੇ ਘੰਟੇ ਤੇ ਤਨਖਾਹ ਕਿੰਨੀ, ਜਿਹੇ ਸਵਾਲ ਉਹਦੇ ਹੋਠਾਂ ਉਤੇ ਜਿੰਨੀ ਵਾਰ ਆਉਂਦੇ ਰਹੇ, ਮੈਡਮ ਡੀ. ਉਨੀ ਵਾਰ ਮੁਸਕਰਾ ਛੱਡਦੀ ਸੀ। ਕਿੰਨੇ ਚਿਰ ਪਿਛੋਂ ਉਹਨੇ ਸਿਰਫ਼ ਇਹ ਆਖਿਆ, ਕੀ ਨਾਂ ਦੱਸਿਆ ਸੀ? ਮਿਸਿਜ਼ ਗੀਤਾ ਨਾਥ ? ਪਰ ਕੋਈ ਹਰਜ ਹੋਵੇਗਾ ਜੇ ਮਿਸਿਜ਼ ਨਾਥ ਦੀ ਥਾਂ ਤੈਨੂੰ ਮਿਸ ਨਾਥ ਆਖਿਆ ਕਰਾਂ ?

ਗੀਤਾ ਹੈਰਾਨ ਹੋਈ ਸੀ, ਪਰ ਹੱਸ ਪਈ ਸੀ "ਮੇਰੇ ਖਾਵੰਦ ਦਾ ਨਾਂ ਨਰੇਂਦ੍ਰ ਨਾਥ ਹੈ, ਉਸੇ ਤੋਂ ਆਪਣੇ ਆਪ ਨੂੰ ਮਿਸਿਜ਼ ਨਾਥ ਕਹਿੰਦੀ ਹਾਂ। ਤੁਸੀ ਲੋਕ ਮੈਨੂੰ ਮਿਸ ਨਾਥ ਆਖੋਗੇ, ਤਾਂ ਅੱਜ ਜਾ ਕੇ ਉਹਨੂੰ ਦੱਸਾਂਗੀ ਕਿ ਹੁਣ ਮੈਂ ਉਹਦੀ ਬੀਵੀ ਦੇ ਨਾਲ ਉਹਦੀ ਬੇਟੀ ਵੀ ਹੋ ਗਈ ਹਾਂ..."
ਮੈਡਮ ਡੀ. ਕੁਝ ਦੇਰ ਉਹਦੇ ਮੂੰਹ ਵੱਲ ਵੇਖਦੀ ਰਹੀ, ਬੋਲੀ ਨਹੀਂ ਸੀ, ਤੇ ਜਦੋਂ ਗੀਤਾ ਨੇ ਪੁੱਛਿਆ ਸੀ "ਤਨਖ਼ਾਹ ਕਿੰਨੀ ਹੋਵੇਗੀ?"-ਤਾਂ ਉਹਨੇ ਜਵਾਬ ਦਿੱਤਾ ਸੀ-"ਪੰਜਾਹ ਰੁਪਏ ਰੋਜ਼।"
"ਸੱਚ ?"-ਗੀਤਾ ਕਮਰੇ ਦੇ ਸੋਫ਼ੇ ਉਤੇ ਬੈਠੀ ਹੋਈ-ਜਿਵੇਂ ਮਨ ਵਲੋਂ ਦੂਹਰੀ ਜਿਹਾ ਹੋ ਕੇ ਮੈਡਮ ਡੀ. ਦੇ ਕੋਲ ਗੋਡਿਆਂ ਭਾਰ ਬਹਿ ਗਈ ਸੀ।

"ਵੇਖ! ਅੱਜ ਤੂੰ ਕੋਈ ਚੰਗੇ ਕਪੜੇ ਨਹੀਂ ਪਾਏ ਹੋਏ। ਮੈਂ ਤੈਨੂੰ ਇਕ ਸਾੜ੍ਹੀ ਹੁਦਾਰ ਦੇਨੀ ਆਂ, ਤੂੰ ਨਾਲ ਦੇ ਗੁਸਲਖਾਨੇ ਵਿਚ ਹੱਥ ਮੂੰਹ ਧੋ ਕੇ, ਉਹ ਸਾੜ੍ਹੀ ਪਾ ਲੈ!"-ਮੈਡਮ ਡੀ. ਨੇ ਕਿਹਾ, ਤੇ ਗੀਤਾ ਜਦੋਂ ਮੰਤਰ ਮੁਗਧ ਜਿਹੀ ਉਹਦੇ ਕਹਿਣ ਤੇ ਕੱਪੜੇ ਵਟਾ ਕੇ ਕਮਰੇ ਵਿਚ ਆਈ, ਤਾਂ ਮੈਡਮ ਡੀ. ਨੇ ਪੰਜਾਹ ਰੁਪਏ ਉਹਦੇ ਸਾਹਮਣੇ ਰੱਖ ਦਿੱਤੇ ਸਨ "ਅੱਜ ਦੀ ਤਨਖ਼ਾਹ"

ਇਸ ਪਰੀ ਕਹਾਣੀ ਜਿਹੀ ਨੌਕਰੀ ਦੀ ਚਿਲਕੋਰ ਨਾਲ ਅਜੇ ਗੀਤਾ ਦੀਆਂ ਅੱਖਾਂ ਮੀਟੀਆਂ ਜਿਹੀਆਂ ਹੋਈਆਂ ਸਨ, ਜਦੋਂ ਮੈਡਮ ਡੀ. ਉਹਦਾ ਹੱਥ ਫੜ ਕੇ ਉਹਨੂੰ ਉਤਲੀ ਛੱਤ ਦੇ ਇਕ ਉਸ ਕਮਰੇ ਵਿਚ ਛੱਡ ਆਈ, ਜਿਥੇ ਉਸ ਪਰੀ ਕਹਾਣੀ ਦਾ ਇਕ ਦੈਂਤ ਉਹਨੂੰ ਉਡੀਕਦਾ ਪਿਆ ਸੀ...

ਕਮਰੇ ਦਾ ਬੂਹਾ ਬਾਰ ਬਾਰ ਖੜਕਦਾ ਸੁਣਿਆ, ਤਾਂ ਪੂਜਾ ਨੇ ਇਸ ਤਰ੍ਹਾਂ ਹਫ਼ੀ ਹੋਈ ਨੇ ਬੂਹਾ ਖੋਲ੍ਹਿਆ ਜਿਵੇਂ ਉਹ ਤਹਿਖ਼ਾਨੇ ਵਿਚੋਂ ਬਹੁਤ ਸਾਰੀਆਂ ਪੌੜੀਆਂ ਚੜ੍ਹ ਕੇ-ਬਾਹਰ ਆਈ ਹੋਵੇ...
"ਰਾਤ ਦੀ ਰਾਣੀ-ਦਿਨ ਨੂੰ ਸੁੱਤੀ ਪਈ ਸੀ?"-ਬੂਹੇ ਤੋਂ ਅੰਦਰ ਆਉਂਦਿਆਂ ਸ਼ਬਨਮ ਨੇ, ਹੱਸਦੀ ਹੱਸਦੀ ਨੇ ਆਖਿਆ, ਤੇ ਪੂਜਾ ਦੇ ਖਿੰਡੇ ਜਿਹੇ ਵਾਲਾਂ ਵੱਲ ਵੇਖਦੀ ਆਖਣ ਲੱਗੀ, "ਤੇਰੀਆਂ ਅੱਖਾਂ ਵਿਚ ਤੇ ਅਜੇ ਵੀ ਨੀਂਦਰ ਭਰੀ ਹੋਈ ਏ, ਰਾਤ ਦੇ ਖਸਮ ਨੇ ਸਾਰੀ ਰਾਤ ਜਗਾਈ ਰੱਖਿਆ ਸੀ?"
ਸ਼ਬਨਮ ਨੂੰ ਬਹਿਣ ਲਈ ਆਖਦਿਆਂ, ਪੂਜਾ ਦਾ ਇਕ ਹਉਕਾ ਜਿਹਾ ਨਿਕਲ ਗਿਆ, "ਕਦੀ ਕਦੀ ਜਦੋਂ ਰਾਤ ਦਾ ਖਸਮ ਨਹੀਂ ਲਭਦਾ, ਤਾਂ ਆਪਣਾ ਦਿਲ ਹੀ ਆਪਣਾ ਖਸਮ ਬਣ ਜਾਂਦਾ ਏ। ਉਹ ਚੰਦਰਾ ਰਾਤ ਨੂੰ ਜਗਾਈ ਰਖਦਾ ਏ..."

ਸ਼ਬਨਮ ਹੱਸ ਪਈ, ਤੇ ਦੀਵਾਨ ਉੱਤੇ ਬਹਿੰਦੀ ਆਖਣ ਲੱਗੀ, "ਪੂਜਾ ਬੀਬੀ! ਦਿਲ ਤਾਂ ਖੌਰੇ ਚੰਦਰਾ ਹੁੰਦਾ ਏ ਕਿ ਨਹੀਂਸ ਅੱਜ ਦਾ ਦਿਨ ਹੀ ਚੰਦਰਾ ਹੁੰਦਾ ਏ, ਉਹੀਉ ਦਿਲ ਨੂੰ ਵੀ ਚੰਦਰਾ ਬਣਾ ਦੇਂਦਾ ਏ। ਵੇਖ! ਮੈਂ ਵੀ ਅੱਜ ਪੀਲੇ ਕੱਪੜੇ ਪਾਏ ਹੋਏ ਨੇ, ਤੇ ਮੰਦਰ ਵਿਚ ਪੀਲੇ ਫੁੱਲਾਂ ਦਾ ਪ੍ਰਸ਼ਾਦ ਚੜ੍ਹਾ ਕੇ ਆਈ ਹਾਂ..."
"ਅੱਜ ਦਾ ਦਿਨ? ਕੀ ਮਤਲਬ ? " ਪੂਜਾ ਨੇ ਸ਼ਬਨਮ ਦੇ ਕੋਲ ਦੀਵਾਨ ਉੱਤੇ ਬਹਿੰਦਿਆਂ ਪੁੱਛਿਆ।
"ਅੱਜ ਦਾ ਦਿਨ, ਬ੍ਰਹਸਪਤਿ ਦਾ। ਤੈਨੂੰ ਪਤਾ ਨਹੀਂ...?"
"ਸਿਰਫ਼ ਏਨਾ ਪਤਾ ਏ ਕਿ ਅੱਜ ਦੇ ਦਿਨ ਛੁੱਟੀ ਹੁੰਦੀ ਏ..." ਪੂਜਾ ਨੇ ਕਿਹਾ ਤਾਂ ਸ਼ਬਨਮ ਹੱਸਣ ਲੱਗ ਪਈ "ਵੇਖ ਲੈ! ਸਾਡੇ ਸਰਕਾਰੀ ਦਫ਼ਤਰ ਵਿਚ ਵੀ ਛੁੱਟੀ ਹੁੰਦੀ ਏ..."
"ਮੈਂ ਅੱਜ ਸੋਚਦੀ ਪਈ ਸਾਂ ਕਿ ਸਾਡੇ ਕਸਬ ਵਿਚ ਏਸ ਵੀਰਵਾਰ ਨੂੰ ਛੁੱਟੀ ਦਾ ਦਿਨ ਕਿਉਂ ਮੰਨਿਆ ਗਿਆ ਏ..."
"ਸਾਡੇ ਸੰਸਕਾਰ..." ਸ਼ਬਨਮ ਦੇ ਹੋਠ ਇਕ ਵਲ ਜਿਹਾ ਖਾ ਕੇ ਹੱਸਣ ਵਰਗੇ ਹੋ ਗਏ। ਕਹਿਣ ਲੱਗੀ "ਔਰਤ ਭਾਵੇਂ ਕੰਜਰੀ ਵੀ ਬਣ ਜਾਏ, ਉਹਦੇ ਸੰਸਕਾਰ ਨਹੀਂ ਜਾਂਦੇ। ਇਹ ਵਾਰ ਔਰਤ ਲਈ, ਪਤੀ ਦਾ ਵਾਰ ਹੁੰਦਾ ਏ। ਪਤੀ ਪੁੱਤਰ ਦੇ ਨਾਂ ਤੇ ਉਹ ਵਰਤ ਵੀ ਰਖਦੀ ਏ, ਪੂਜਾ ਵੀ ਕਰਦੀ ਏ.. ਛੇ ਦਿਨ ਧੰਦਾ ਕਰਕੇ ਵੀ, ਉਹ ਪਤੀ ਤੇ ਪੁੱਤਰ ਲਈ ਸੁਖਣਾ ਸੁਖਦੀ ਏ..."
ਪੂਜਾ ਦੀਆਂ ਅੱਖਾਂ ਵਿਚ ਪਾਣੀ ਜਿਹਾ ਭਰ ਆਇਆ - "ਸੱਚ!" ਤੇ ਉਹ ਹੌਲੀ ਜਿਹੀ ਸ਼ਬਨਮ ਨੂੰ ਆਖਣ ਲੱਗੀ, "ਮੈਂ ਤਾਂ ਪਤੀ ਵੀ ਵੇਖਿਆ ਹੈ ਪੁੱਤਰ ਵੀ। ਤੂੰ ਤੇ ਕੁਝ ਵੀ ਨਹੀਂ ਵੇਖਿਆ..."
"ਜਦੋਂ ਕੁਝ ਨਾ ਵੇਖਿਆ ਹੋਵੇ, ਉਦੋਂ ਹੀ ਤੇ ਸੁਪਨਾ ਵੇਖਣ ਦੀ ਲੋੜ ਪੈਂਦੀ ਏ..." ਸ਼ਬਨਮ ਨੇ ਹਲਕਾ ਜਿਹਾ ਹਉਕਾ ਲਿਆ "ਏਸ ਧੰਦੇ ਵਿਚ ਪੈ ਕੇ ਕਿਹਨੇ ਪਤੀ ਵੇਖਿਆ...?" ਤੇ ਆਖਣ ਲੱਗੀ - "ਜਿਹਨੂੰ ਕਦੇ ਜੁੜਦਾ ਏ, ਉਹ ਵੀ ਚਹੁੰ ਦਿਨਾਂ ਪਿਛੋਂ ਪਤੀ ਨਹੀਂ ਰਹਿੰਦਾ, ਦਲਾਲ ਬਣ ਜਾਂਦਾ ਏ... ਤੈਨੂੰ ਯਾਦ ਨਹੀਂ ਇੱਕ ਸ਼ੈਲਾ ਹੁੰਦੀ ਸੀ..."

"ਸ਼ੈਲਾ?" ਪੂਜਾ ਨੇ ਉਹ ਸਉਲੀ ਤੇ ਬਾਂਕੀ ਜਿਹੀ ਕੁੜੀ ਯਾਦ ਆਈ, ਜੋ ਇਕ ਦਿਨ ਅਚਾਨਕ ਹੱਥਾਂ ਵਿਚ ਦੰਦ ਖੰਦ ਦਾ ਲਾਲ ਚੂੜਾ ਪਾ ਕੇ, ਤੇ ਮਾਂਗ ਵਿਚ ਸੰਧੂਰ ਭਰ ਕੇ, ਮੈਡਮ ਨੂੰ ਆਪਣੇ ਵਿਆਹ ਦਾ ਤੋਹਫ਼ਾ ਦੇਣ ਆਈ ਸੀ, ਤੇ ਗੈਸਟ ਹਾਊਸ ਵਿਚ ਲੱਡੂ ਵੰਡ ਗਈ ਸੀ.. ਉਸ ਦਿਨ ਉਹਨੇ ਦੱਸਿਆ ਸੀ ਕਿ ਉਹਦਾ ਅਸਲੀ ਨਾਂ ਕਾਂਤਾ ਹੈ...
ਸ਼ਬਨਮ ਕਹਿਣ ਲੱਗੀ - "ਉਹੀ ਸ਼ੈਲਾ, ਜਿਹਦਾ ਨਾਂ ਕਾਂਤਾ ਸੀ। ਤੈਨੂੰ ਪਤਾ ਏ ਉਹਦਾ ਕੀ ਹੋਇਆ?"
"ਕੋਈ ਉਹਦਾ ਕਲਾਇੰਟ ਸੀ, ਜਿਹਨੇ ਉਹਦੇ ਨਾਲ ਵਿਆਹ ਕਰ ਲਿਆ ਸੀ..."
"ਇਹੋ ਜਿਹੇ ਪਤੀ-ਵਿਆਹ ਦੇ ਮੰਤਰਾਂ ਨੂੰ ਵੀ ਚਾਰ ਲੈਂਦੇ ਨੇ-ਉਹਨੂੰ ਵਿਆਹ ਕੇ ਬੰਬਈ ਲੈ ਗਿਆ ਸੀ, ਅਖੇ ਦਿੱਲੀ ਵਿਚ ਉਹਨੂੰ ਕਈ ਪਛਾਣਦੇ ਹੋਣਗੇ, ਬੰਬਈ ਵਿਚ ਕੋਈ ਨਹੀਂ ਜਾਣਦਾ, ਇਸ ਲਈ ਉਥੇ ਉਹ ਨੇਕ ਜ਼ਿੰਦਗੀ ਸ਼ੁਰੂ ਕਰਨਗੇ..."
"ਫੇਰ?" ਪੂਜਾ ਦੇ ਸਾਹਵਾਂ ਨੂੰ ਗੋਤਾ ਜਿਹਾ ਆ ਗਿਆ...
"ਹੁਣ ਸੁਣਿਆ ਏ ਕਿ ਉਥੇ ਬੰਬਈ ਵਿਚ ਉਹ ਆਦਮੀ ਉਸ "ਨੇਕ ਜ਼ਿੰਦਗੀ" ਤੋਂ ਬਹੁਤ ਪੈਸੇ ਕਮਾਂਦਾ ਏ..."
ਪੂਜਾ ਦੇ ਮੱਥੇ ਉੱਤੇ ਇਕ ਤੀਊੜੀ ਜਿਵੇਂ ਖੁਣੀ ਗਈ, ਆਖਣ ਲੱਗੀ "ਫੇਰ ਤੂੰ ਮੰਦਰ ਜਾ ਕੇ ਇਹੋ ਜਿਹਾ ਪਤੀ ਮੰਗਣ ਗਈ ਸੀ?"

ਸ਼ਬਨਮ ਚੁੱਪ ਜਿਹੀ ਹੋ ਗਈ, ਫੇਰ ਆਖਣ ਲੱਗੀ "ਨਾਂ ਬਦਲਣ ਨਾਲ ਕੁਝ ਨਹੀਂ ਹੁੰਦਾ। ਮੈਂ ਨਾਂ ਤੇ ਸ਼ਬਨਮ ਰੱਖ ਲਿਆ ਏ, ਪਰ ਵਿਚੋਂ ਉਹੀ ਸ਼ਕੁੰਤਲਾ ਹਾਂ-ਜਿਹੜੀ ਨਿੱਕੀ ਹੁੰਦੀ ਕਿਸੇ ਦੁਸ਼ਯੰਤ ਦਾ ਸੁਪਨਾ ਵੇਖਦੀ ਹੁੰਦੀ ਸੀ.. ਹੁਣ ਇਹੀ ਸਮਝ ਲਿਆ ਏ ਕਿ ਜਿਵੇਂ ਸ਼ਕੁੰਤਲੀ ਦੀ ਜ਼ਿੰਦਗੀ ਵਿਚ ਉਹ ਵੀ ਦਿਨ ਆਇਆ ਸੀ, ਜਦੋਂ ਦੁਸ਼ਯੰਤ ਨੂੰ ਉਹਦੀ ਪਛਾਣ ਭੁੱਲ ਗਈ ਸੀ.. ਮੇਰਾ ਇਹ ਜਨਮ ਉਸੇ ਦਿਨ ਵਰਗਾ ਏ..."
ਪੂਜਾ ਦਾ ਹੱਥ ਮੱਲੋ ਮਲੀ ਸ਼ਬਨਮ ਦੇ ਮੋਢੇ ਉਤੇ ਰੱਖਿਆ ਗਿਆ, ਤਾਂ ਸ਼ਬਨਮ ਨੇ ਅੱਖਾਂ ਨੀਵੀਆਂ ਪਾ ਲਈਆਂ। ਆਖਣ ਲੱਗੀ - "ਮੈਨੂੰ ਪਤਾ ਏ-ਏਸ ਜਨਮ ਵਿਚ ਕੁਝ ਨਹੀਂ ਹੋਣਾ। ਪਰ ਸ਼ਾਇਦ ਅਗਲੇ ਜਨਮ ਵਿਚ ਮੇਰਾ ਇਹ ਸਰਾਪ ਲਹਿ ਜਾਏਗਾ..."
ਪੂਜਾ ਦਾ ਹੇਠਲਾ ਹੋਠ ਜਿਵੇਂ ਦੰਦਾਂ ਵਿਚ ਟੁਕਿਆ ਗਿਆ। ਆਖਣ ਲੱਗੀ "ਤੂੰ ਹਮੇਸ਼ਾ ਇਹ ਵੀਰਵਾਰ ਦਾ ਵਰਤ ਰਖਨੀ ਏਂ?"

"ਹਮੇਸ਼ਾ.. ਅੱਜ ਦੇ ਦਿਨ ਲੂਣ ਨਹੀਂ ਖਾਂਦੀ, ਮੰਦਰ ਵਿਚ ਗੁੜ ਤੇ ਚਨੇ ਦਾ ਪ੍ਰਸ਼ਾਦ ਚੜ੍ਹਾ ਕੇ ਸਿਰਫ਼ ਉਹੀ ਖਾਂਦੀ ਹਾਂ..ਬ੍ਰਹਸਪਤਿ ਦੀ ਕਥਾ ਵੀ ਸੁਣਦੀ ਹਾਂ, ਜਪ ਦਾ ਮੰਤ੍ਰ ਵੀ ਲਿਆ ਹੋਇਆ ਏ.. ਹੋਰ ਵੀ ਜਿਹੜੀਆਂ ਵਿਧੀਆਂ ਹਨ...?" ਸ਼ਬਨਮ ਕਹਿ ਰਹੀ ਸੀ-ਜਦੋਂ ਪੂਜਾ ਨੇ ਮੋਹ ਨਾਲ ਉਹਨੂੰ ਘੁੱਟ ਕੇ ਪਾਸੇ ਨਾਲ ਲਾ ਲਿਆ। ਪੁੱਛਣ ਲੱਗੀ "ਹੋਰ ਕਿਹੜੀਆਂ ਵਿਧੀਆਂ?" ਸ਼ਬਨਮ ਹੱਸ ਜਿਹੀ ਪਈ, "ਇਹੋ ਕਿ ਅੱਜ ਦੇ ਦਿਨ ਕੱਪੜੇ ਵੀ ਪੀਲੇ ਰੰਗ ਦੇ ਪਾਣੇ, ਗੁੜ ਲੱਡੂ ਤੇ ਚਨੇ, ਪੀਲੇ ਰੰਗ ਦੇ ਹੁੰਦੇ ਨੇ, ਉਸੇ ਦਾ ਦਾਨ ਦੇਣਾ, ਤੇ ਉਹੀ ਖਾਣੇ... ਮੰਤ੍ਰ ਦੀ ਮਾਲਾ ਜਪਨੀ ਤਾਂ ਉਹ ਵੀ ਸਮ ਵਿਚ.. ਏਸ ਮਾਲਾ ਦੇ ਮਣਕੇ ਦਸ, ਬਾਰਾਂ ਜਾਂ ਵੀਹ ਦੀ ਗਿਣਤੀ ਵਿਚ ਹੁੰਦੇ ਨੇ। ਯਾਰਾਂ, ਤੇਰਾਂ ਜਾਂ ਇੱਕੀ ਦੀ ਗਿਣਤੀ ਵਿਚ ਨਹੀਂ.. ਯਾਨਿ ਜੋ ਗਿਣਤੀ-ਜੋੜੀ ਜੋੜੀ ਪੂਰੀ ਆਵੇ, ਉਹਦਾ ਕੋਈ ਦਾਣਾ ਇਕੱਲਾ ਨਾ ਰਹਿ ਜਾਏ..."

ਸ਼ਬਨਮ ਦੀਆਂ ਅੱਖਾਣ ਵਿਚ ਪਾਣੀ ਜਿਹਾ ਆਉਣ ਨੂੰ ਹੋਇਆ, ਤਾਂ ਉਹ ਉੱਚੀ ਸਾਰੀ ਹੱਸ ਪਈ। ਆਖਣ ਲੱਗੀ "ਏਸ ਜਨਮ ਵਿਚ ਤਾਂ ਇਹ ਜ਼ਿੰਦਗੀ ਦਾ ਦਾਣਾ ਇਕੱਲਾ ਰਹਿ ਗਿਆ.. ਪਰ ਸ਼ਾਇਦ ਅਗਲੇ ਜਨਮ ਵਿਚ ਇਹਦੀ ਜੋੜੀ ਦਾ ਦਾਣਾ ਇਹਨੂੰ ਮਿਲ ਜਾਏ.. " ਤੇ ਪੂਜਾ ਵੱਲ ਤਕਦੀ ਆਖਣ ਲੱਗੀ - "ਜਿਸ ਤਰ੍ਹਾਂ ਦੁਸ਼ਯੰਤ ਦੀ ਮੁੰਦਰੀ ਵਿਖਾ ਕੇ ਸ਼ਕੁੰਤਲਾ ਨੇ ਉਹਨੂੰ ਚੇਤਾ ਕਰਾਇਆ ਸੀ-ਉਸੇ ਤਰ੍ਹਾਂ ਸ਼ਾਇਦ ਅਗਲੇ ਜਨਮ ਵਿਚ ਮੈਂ ਏਸ ਵਰਤ-ਨੇਮ ਦੀ ਮੁੰਦਰੀ ਵਿਖਾ ਕੇ ਉਹਨੂੰ ਚੇਤਾ ਕਰਵਾ ਲਵਾਂਗੀ ਕਿ ਮੈਂ ਸ਼ਕੁੰਤਲਾ ਹਾਂ..."

ਪੂਜਾ ਦੀਆਂ ਅੱਖਾਂ ਡਕ ਡਕ ਭਰ ਆਈਆਂ। ਅੱਜ ਤੋਂ ਪਹਿਲਾਂ ਉਹਨੇ ਕਿਸੇ ਦੇ ਸਾਹਮਣੇ ਇੰਜ ਅੱਖਾਂ ਨਹੀਂ ਸਨ ਭਰੀਆਂ। ਆਖਣ ਲੱਗੀ "ਤੂੰ ਜਿਹੜਾ ਸਰਾਪ ਲਾਹਨੀ ਪਈ ਏਂ, ਮੈਂ ਉਹ ਚੜ੍ਹਾਨੀ ਪਈ ਹਾਂ.. ਮੈਂ ਏਸ ਜਨਮ ਵਿਚ ਪਤੀ ਵੀ ਪਾਇਆ, ਪੁੱਤਰ ਵੀ... ਪਰ..."
"ਸੱਚ, ਤੇਰੇ ਪਤੀ ਨੂੰ ਬਿਲਕੁਲ ਨਹੀਂ ਪਤਾ?" ਸ਼ਬਨਮ ਨੇ ਹੈਰਾਨੀ ਜਿਹੀ ਨੇ ਪੁੱਛਿਆ।

"ਬਿਲਕੁਲ ਪਤਾ ਨਹੀਂ।" ਜਦੋਂ ਮੈਂ ਕਿਹਾ ਸੀ ਕਿ ਇਕ ਸਫ਼ਾਰਤਖ਼ਾਨੇ ਮੈਨੂੰ ਕੰਮ ਮਿਲ ਗਿਆ ਏ, ਤਾਂ ਬਹੁਤ ਡਰ ਗਈ ਸਾਂ, ਜਦੋਂ ਉਹਨੇ ਸਫ਼ਾਰਤਖ਼ਾਨੇ ਦਾ ਨਾਂ ਪੁੱਛਿਆ.. ਉਸ ਵੇਲੇ ਇਕ ਗੱਲ ਅਹੁੜ ਗਈ, ਮੈਂ ਕਿਹਾ ਕਿ ਮੈਨੂੰ ਇਕ ਥਾਂ ਬੈਠਣਾ ਨਹੀਂ ਪੈਂਦਾ, ਕੰਮ ਵੀ ਇਨਡਾਇਰੈਕਟ ਜਿਹਾ ਏ, ਜਿਹਦੇ ਲਈ ਮੈਂ ਵੱਡੀਆਂ ਵੱਡੀਆਂ ਕੰਪਨੀਆਂ ਤੋਂ ਇਸ਼ਤਿਹਾਰ ਲਿਆਉਣੇ ਹੁੰਦੇ ਨੇ, ਜਿਨ੍ਹਾਂ ਵਿਚੋਂ ਏਨੀ ਕਮਿਸ਼ਨ ਮਿਲ ਜਾਂਦੀ ਏ ਕਿ ਦਫ਼ਤਰ ਵਿਚ ਬਹਿਣ ਵਾਲੀ ਨੌਕਰੀ ਤੋਂ ਨਹੀਂ ਮਿਲ ਸਕਦੀ... ਪੂਜਾ ਨੇ ਦੱਸਿਆ, ਤੇ ਕਹਿਣ ਲੱਗੀ "ਉਹ ਬਹੁਤ ਬੀਮਾਰ ਸੀ ਇਸ ਲਈ ਗੱਲ ਹਮੇਸ਼ਾ ਡਾਕਟਰਾਂ ਦੀ ਤੇ ਦਵਾਈਆਂ ਦੀ ਹੁੰਦੀ ਰਹਿੰਦੀ ਸੀ... ਫੇਰ ਡਾਕਟਰ ਨੇ ਉਹਨੂੰ ਸੋਲਨ ਭੇਜ ਦਿੱਤਾ। ਹਸਪਤਾਲ ਵਿਚ, ਕਿ ਘਰ ਵਿਚ ਰਹਿਣ ਨਾਲ ਬੱਚੇ ਨੂੰ ਛੂਤ ਦਾ ਖ਼ਤਰਾ ਹੋ ਜਾਏਗਾ। ਇਸ ਲਈ ਅਜੇ ਤਕ ਕੋਈ ਸ਼ੁਬ੍ਹਾ ਕਰਨ ਦਾ ਉਹਨੂੰ ਵੇਲਾ ਹੀ ਨਹੀਂ ਮਿਲਿਆ..."

ਸ਼ਬਨਮ ਦੱਸਣ ਲੱਗੀ - "ਕਈ ਕੁੜੀਆਂ ਨੇ, ਜਿਨ੍ਹਾਂ ਨੇ ਘਰਾਂ ਵਿਚ ਦੱਸਿਆ ਹੋਇਆ ਏ ਕਿ ਉਹ ਕਿਸੇ ਐਕਸਪੋਰਟ ਦੇ ਦਫਤਰ ਵਿਚ ਕੰਮ ਕਰਦੀਆਂ ਨੇ-ਉਹਨਾਂ ਦੇ ਘਰ ਦੇ ਜਾਣਦੇ ਨੇ, ਸਭ ਕੁਝ ਜਾਣਦੇ ਨੇ, ਪਰ ਚੁੱਪ ਰਹਿੰਦੇ ਨੇ..."

ਪੂਜਾ ਨੇ ਲਾਚਾਰ ਜਿਹਾ ਸਿਰ ਹਿਲਾਇਆ "ਤੂੰ ਨਰੇਂਦ੍ਰ ਨੂੰ ਨਹੀਂ ਜਾਣਦੀ। ਉਹਨੂੰ ਪਤਾ ਲੱਗ ਜਾਏ, ਤਾਂ ਸ਼ਾਇਦ ਮੈਨੂੰ ਕੁਝ ਨਹੀਂ ਕਹੇਗਾ-ਪਰ ਆਪ ਉਹ ਆਤਮ ਹੱਤਿਆ ਕਰ ਲਵੇਗਾ... ਉਹ ਜੀਵੇਗਾ ਨਹੀਂ..."

"ਪਰ ਜਦੋਂ ਹਸਪਤਾਲ ਵਿਚੋਂ ਵਾਪਿਸ ਆਏਗਾ... ਕਿਸੇ ਦਿਨ, ਕਿਸੇ ਥਾਂ ਤੋਂ ਉਹਨੂੰ ਪਤਾ ਲੱਗ ਸਕਦਾ ਏ.. " ਸ਼ਬਨਮ ਨੇ ਫ਼ਿਕਰ ਨਾਲ ਕਿਹਾ, ਤਾਂ ਪੂਜਾ ਕਹਿਣ ਲੱਗੀ - "ਏਸੇ ਲਈ ਸੋਚਨੀ ਆਂ ਕਿ ਕੁਝ ਪੈਸੇ ਇਕੱਠੇ ਹੋ ਜਾਣ, ਤਾਂ ਦੋ ਤਿੰਨ ਸਕੂਟਰ ਰਿਕਸ਼ਾ ਖ਼ਰੀਦ ਕੇ, ਰੋਜ਼ ਦੇ ਕਰਾਏ ਉੱਤੇ ਦੇ ਦਿਆ ਕਰਾਂ। ਕਹਿੰਦੇ ਨੇ ਪੈਟਰੋਲ ਦਾ ਖ਼ਰਚ ਕੱਢ ਕੇ-ਰੋਜ਼ ਦੇ ਪੰਝੀ ਰੁਪਏ ਇਕ ਸਕੂਟਰ ਤੋਂ ਮਿਲ ਜਾਂਦੇ ਨੇ।"

ਸ਼ਬਨਮ ਹੱਸਣ ਲੱਗ ਪਈ - "ਤੇਰਾ ਖ਼ਿਆਲ ਏ ਕਿ ਰਿਕਸ਼ਾ ਚਲਾਣ ਵਾਲੇ ਮਾਲਕ ਦੇ ਪੱਲੇ ਕੁਝ ਪਾਣਗੇ? ਉਹ ਦਿਨ ਗੁਜ਼ਰ ਗਏ ਜਦੋਂ ਇਹ ਕਾਮੇ ਤੇ ਮਜ਼ਦੂਰ ਮਾਲਕਾਂ ਦੇ ਪੱਲੇ ਵੀ ਕੁਝ ਪਾਂਦੇ ਹੁੰਦੇ ਸਨ... ਤੈਨੂੰ ਸ਼ਹਿਨਾਜ਼ ਦਾ ਪਤਾ ਏ"? ਉਹਨੇ ਟਰੱਕ ਖਰੀਦਿਆ ਸੀ-ਭਾੜੇ ਤੇ ਦੇਣ ਲਈ। ਅਗਲਿਆਂ ਨੇ ਇਹੋ ਜਿਹੇ ਮਾਲ ਲੱਦੇ, ਹੁਣ ਵਿਚਾਰੀ ਮੁਕੱਦਮੇ ਵਿਚ ਫਸੀ ਹੋਈ ਏ..."

ਪੂਜਾ ਫ਼ਿਕਰ ਵਿਚ ਗ਼ਰਕ ਜਿਹੀ ਗਈ, ਤਾਂ ਸ਼ਬਨਮ ਨੇ ਆਖਿਆ "ਤੂੰ ਇਹ ਧੰਦਾ ਛੱਡਣਾ ਵੀ ਹੋਵੇ, ਤਾਂ ਐਸ ਵਰ੍ਹੇ ਨਾ ਸੋਚੀਂ, ਇਹ ੧੯੮੨ ਸੀਜ਼ਨ ਦਾ ਵਰ੍ਹਾ ਏ। ਸ਼ਹਿਰ ਵਿਚ ਇੰਡਸਟ੍ਰੀਅਲ ਫ਼ੇਅਰ ਲੱਗਣ ਵਾਲਾ ਏ। ਜਿੰਨੀ ਕਮਾਈ ਐਸ ਵਰ੍ਹੇ ਹੋਣੀ ਏਂ, ਉੱਨੀ ਪੰਜ ਵਰ੍ਹਿਆਂ ਵਿਚ ਨਹੀਂ ਹੋ ਸਕਦੀ। ਇਕ ਵਾਰੀ ਹੱਥ ਵਿਚ ਪੈਸਾ ਇਕੱਠਾ ਕਰ ਲੈ..."

ਪੂਜਾ ਏਸ ਵਰ੍ਹੇ ਪੈਸਿਆਂ ਦੀ ਗਿਣਤੀ ਜਿਹੀ ਕਰਨ ਲੱਗੀ, ਜਦੋਂ ਮਨੂ ਦੇ ਜਾਗਣ ਦੀ ਆਵਾਜ਼ ਆਈ। ਤੇ ਉਹ ਕਾਹਲੀ ਨਾਲ ਦੀਵਾਨ ਤੋਂ ਉਠਦੀ ਸ਼ਬਨਮ ਨੂੰ ਕਹਿਣ ਲੱਗੀ - "ਤੂੰ ਜਾਈਂ ਨਾ, ਕੁਝ ਖਾ ਕੇ ਜਾਂਈ!" ਤੇ ਹੱਸ ਜਿਹੀ ਪਈ "ਤੇਰੇ ਵਰਤ ਵਿਚ ਲੂਣ ਖਾਣਾ ਮਨ੍ਹਾ ਏਂ ਨਾ, ਇਸ ਲਈ ਮੈਂ ਕਿਸੇ ਚੀਜ਼ ਵਿਚ ਇਸ ਦੁਨੀਆ ਦਾ ਲੂਣ ਨਹੀਂ ਪਾਵਾਂਗੀ।

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਕਾਵਿ ਰਚਨਾਵਾਂ, ਅੰਮ੍ਰਿਤਾ ਪ੍ਰੀਤਮ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ