Venhgi (Punjabi Story) Chandan Negi

ਵਹਿੰਗੀ (ਕਹਾਣੀ) : ਚੰਦਨ ਨੇਗੀ

ਸ਼ਹਿਰ ਦੇ ਵੱਡੇ ਚੌਂਕ ਨੂੰ ਪਾਰ ਕਰਦੇ ਹੀ ਲੋਕਾਂ ਦੀ ਭੀੜ ਇਕੱਠੀ ਹੈ। ਭੀੜ ਦੇ ਵਿਚਕਾਰ ਇਕ ਬਜ਼ੁਰਗ ਆਦਮੀ ਲੰਮਾ ਪਿਆ ਹੈ ਤੇ ਲੋਕ ਮਜਮੇ ਦੀ ਤਰ੍ਹਾਂ ਉਸ ਦੇ ਦੁਆਲੇ ਇਕੱਠੇ ਹਨ ਜਿਵੇਂ ਉਹ ਕੋਈ ਮਦਾਰੀ ਹੋਵੇ। ਮਦਾਰੀ ਜਿਸ ਦੇ ਹੱਥੋਂ ਡੁਗਡੁਗੀ ਡਿੱਗ ਪਈ ਹੋਵੇ। ਡੁਗਡੁਗੀ ਵਜਾਂਦਾ, ਕਰਤਬ ਵਿਖਾਉਂਦਾ ਉਹ ਥੱਕ ਹਾਰ ਗਿਆ ਹੋਏ ਜਾਂ ਇਕ ਖੇਡ ਹੋਰ ਦੱਸਣ ਲਗਾ ਹੋਏ : “ਮਿਹਰਬਾਨੋ ... ਕਦਰਦਾਨੋ ! ਹੁਣ ਵੇਖੋ, ਮੈਂ ਤੁਹਾਨੂੰ ਮਰ ਕੇ ਵੀ ਦਸਦਾ ਹਾਂ ... ਵਜਾਉ ਤਾੜੀ, ਲਉ, ਮੈਂ ਮਰਨ ਲੱਗਾ ਜੇ।”

ਲੋਕਾਂ ਦੀ ਭੀੜ ਵਿਚ ਹਲਚਲ ਵੀ ਮੱਚੀ ਹੈ। ਤਰ੍ਹਾਂ ਤਰ੍ਹਾਂ ਦੀਆਂ ਅਵਾਜ਼ਾਂ ਹਨ। “ਕੌਣ ਹੈ ?”

“ਮਰ ਗਿਆ ਹੈ ਸ਼ਾਇਦ ?”

“ਨਹੀਂ, ਕੋਈ ਨਸ਼ਈ ਹੈ ... ਸ਼ਰਾਬੀ—ਕਬਾਬੀ, ਹਫ਼ੀਮਚੀ।”

ਵੱਖੋ—ਵੱਖ ਅਵਾਜ਼ਾਂ, ਅੱਡੋ—ਅੱਡਰੇ ਖ਼ਿਆਲ, ਪਰ ਇਹ ਹੈ ਕੌਣ ? ਕਿਸੀ ਪਛਾਣਿਆ ਨਾ, ਕਿਸੀ ਅਗੇ ਹੋ ਕੇ ਵੇਖਿਆ ਨਾ। ਵੇਖੇ ਵੀ ਕੌਣ ? ਹਰ ਕੋਈ ਪੁਲੀਸ ਤੋਂ ਡਰਦਾ ਹੈ। ਕੌਣ ਪਏ ਇਸ ਖਲਜਗਣ ਵਿਚ ਤੇ ਕੌਣ ਭੁਗਤੇ ਰੋਜ਼ ਪੇਸ਼ੀਆਂ ?

ਲੋਕਾਂ ਦੇ ਧੱਕ—ਮ—ਧੱਕੇ ਨਾਲ ਮੈਂ ਵੀ ਅਗੇ ਪਹੁੰਚ ਗਿਆ। ਲੰਮੇ ਪਏ ਆਦਮੀ ਦੇ ਸਿਰ ਕੋਲ ਮੇਰੇ ਕਦਮ ਰੁਕ ਗਏ। ਉਸ ਦੇ ਚਿਹਰੇ ਵੱਲ ਵੇਖਦੇ ਹੀ ਮੇਰੇ ਪੈਰਾਂ ਹੇਠੋਂ ਧਰਤੀ ਖਿਸਕ ਗਈ, ਅੱਖਾਂ ਪੱਥਰਾ ਗਈਆਂ, ਕੰਨਾ ਵਿਚ ਲੋਕਾਂ ਦੀਆਂ ਗੱਲਾਂ ਅਤੇ ਕਿਆਫ਼ਿਆਂ ਦਾ ਉਬਲਦਾ ਤੇਲ ਪੈਂਦਾ ਰਿਹਾ। ਅੱਖਾਂ ਵਿਚੋਂ ਪਰਲ—ਪਰਲ ਅੱਥਰੂ ਗਲ੍ਹਾਂ ਦੇ ਦੁਪਾਸੀਂ ਧਾਰਾਂ ਬਣ ਵਗਦੇ ਰਹੇ। ਮੈਂ ਦੋਹੇਂ ਬਾਹਵਾਂ ਉੱਚੀ ਚੁੱਕ ਚੀਕਿਆ, “ਉਏ, ਇਹ ਕੋਈ ਸ਼ਰਾਬੀ—ਕਬਾਬੀ ਨਹੀਂ, ਇਹ ਤਾਂ ਸੁਤੰਤਰਤਾ ਸੈਨਾਨੀ ਦੇਸ ਰਾਜ ਸਿੰਘ ਨੇ ... ਅਸੀਂ ਇਹਨਾਂ ਲੋਕਾਂ ਦੀਆਂ ਹੀ ਕੁਰਬਾਨੀਆਂ ਅਤੇ ਘਾਲਾਂ ਉੱਤੇ ਆਜ਼ਾਦੀ ਦਾ ਮਹੱਲ ਉਸਾਰਿਆ ਸੀ—। ਦੇਸ਼ ਆਜ਼ਾਦ ਹੋਇਆ ... ਅਸੀਂ ਆਜ਼ਾਦ ਫ਼ਿਜ਼ਾ ... ਆਜ਼ਾਦ ਹਵਾ ਵਿਚ ਜਿਊਣ ਲਗ ਪਏ ... ਹੁਣ ਇਹਨਾਂ ਦੀ ਪਛਾਣ ਦੀ ਵੀ ਕੀ ਜ਼ਰੂਰਤ ਨਹੀਂ ... ? ਕੰਬਖ਼ਤੋ ! ਇਹਨਾਂ ਦੀ ਸੇਵਾ ... ਕੁਰਬਾਨੀ ਤੁਸੀਂ ਕੀ ਜਾਣੋ ... ? ਇਹ ਮੇਰੇ ਮਾਸੜ ਜੀ ਨੇ ...।”

ਮੈਂ ਰੋਂਦੇ ਚੀਕਦੇ ਉਹਨਾਂ ਦਾ ਸਿਰ ਆਪਣੀ ਗੋਦੀ ਵਿਚ ਧਰ ਲਿਆ।

ਕੁਝ ਸੁਹਿਰਦ ਲੋਕ ਨੇੜੇ ਆਏ। ਦੇਸ ਰਾਜ ਸਿੰਘ ਨੂੰ ਹਸਪਤਾਲ ਪਹੁੰਚਾਇਆ। ਪ੍ਰਾਣ—ਪੰਖੇਰੂ ਤਾਂ ਘੰਟਾ ਪਹਿਲਾਂ ਹੀ ਉੱਡ ਚੁਕੇ ਸਨ।

+++

ਦੇਸ ਰਾਜ ਸਿੰਘ ਮੇਰੇ ਮਾਸੜ ਜੀ ਸਨ। ਆਜ਼ਾਦੀ ਦੇ ਦੀਵਾਨੇ, ਸਿੱਧੇ—ਸਾਦੇ, ਸ਼ਰੀਫ਼, ਸੰਤ—ਸੁਭਾਅ, ਨਾ ਵੱਲ—ਨਾ ਛੱਲ। ਮੈਂ ਬਚਪਨ ਤੋਂ ਹੀ ਸੁਣਦਾ ਰਿਹਾ ਸਾਂ ਕਿ ਜਦੋਂ ਦੇਸ਼ ਦੀ ਆਜ਼ਾਦੀ ਲਈ ਜਦੋ—ਜਹਿਦ ਸੀ, ਜਦੋਂ ਬੱਚੇ—ਬੱਚੇ ਦੀ ਜ਼ਬਾਨ—ਸਵਤੰਤ੍ਰਤਾ ਸਾਡਾ ਜਨਮ ਸਿਧ ਅਧਿਕਾਰ ਹੈ” ਰਟਦੀ ਸੀ ਤਾਂ ਅੰਗਰੇਜ਼ ਸਰਕਾਰ ਗ਼ੁਲਾਮ ਮੁਲਕ ਦੇ ਵਾਸੀਆਂ ਨੂੰ ਤਰ੍ਹਾਂ—ਤਰ੍ਹਾਂ ਦੇ ਤਸੀਹੇ ਦੇਂਦੀ ਸੀ। ਉਦੋਂ ਦੇਸ ਰਾਜ ਮਾਸੜ ਜੀ ਨੇ ਦੋ—ਤਿੰਨ ਵਾਰੀ ਦੋ—ਦੋ ਵਰ੍ਹੇ ਜੇਲ੍ਹ ਦੀ ਸਜ਼ਾ ਕਟੀ ਸੀ।

ਸ੍ਰ. ਭਗਤ ਸਿੰਘ, ਰਾਜ ਗੁਰੂ, ਚੰਦਰ ਸ਼ੇਖ਼ਰ ਦੀ ਫਾਂਸੀ ਤੋਂ ਬਾਅਦ ਤਾਂ ਲੋਕ ਜਾਨਾਂ ਵਾਰਨ ਲਈ ਮਤਵਾਲੇ ਹੋ ਗਏ ਸਨ। ਦੇਸ ਰਾਜ ਮਾਸੜ ਜੀ ਨੇ ਚੌਥੀ ਵਾਰੀ ਪਿਸ਼ਾਵਰ ਸੈਂਟਰਲ ਜੇਲ੍ਹ ਵਿਚ ਛੇ ਮਹੀਨੇ ਦੀ ਬਾਮੁਸ਼ੱਕਤ ਕੈਦ ਕਟੀ ਸੀ। ਉਹਦੋਂ ਪਿਸ਼ਾਵਰ ਸੈਂਟਰਲ ਜੇਲ੍ਹ ਵਿਚ ਬਹੁਤੇ ਸਿੱਖ ਸਵਤੰਤ੍ਰਤਾ ਸੈਨਾਨੀ ਕੈਦ ਸਨ। ਆਜ਼ਾਦੀ ਦੇ ਦੀਵਾਨੇ, ਦੇਸ਼ ਦੀ ਮਿੱਟੀ ਤੋਂ ਜਿੰਦਾਂ ਵਾਰਨ ਵਾਲੇ, ਸਾਰੇ ਹੀ ਨਿਤਨੇਮੀ, ਅੰਮ੍ਰਿਤ ਵੇਲੇ ਇਸ਼ਨਾਨ, ਪਾਠ, ਪੂਜਾ, ਕੀਰਤਨ, ਅਰਦਾਸ “ਤੇਰੇ ਭਾਣੇ ਸਰਬਤ ਦਾ ਭਲਾ” ਤੋ ਂ ਬਾਅਦ ਜਦੋਂ ਉਹ ਇਕੱਠੇ ਹੋ ਕੇ “ਰੰਗ ਦੇ ਬਸੰਤੀ ਚੋਲਾ—ਮੇਰਾ ਰੰਗ ਦੇ” ਗਾਉਂਦੇ ਤੇ ਜੇਲ੍ਹ ਦੀਆਂ ਕੰਧਾਂ ਵੀ ਗੂੰਜਣ ਲਗਦੀਆਂ।

ਉਹਦੋਂ ਹੀ ਮਾਸੜ ਜੀ ਸਿੰਘ ਸਜ ਕੇ ‘ਦੇਸ ਰਾਜ ਸਿੰਘ’ ਬਣ ਗਏ। ਪੂਰਨ ਗੁਰਸਿੱਖ, ਅੰਮ੍ਰਿਤਧਾਰੀ। ਨਿਤਨੇਮ, ਗੁਰਦੁਆਰਾ, ਘਰ ਅਤੇ ਦੁਕਾਨ, ਇਸੀ ਗੇੜ ਵਿਚ ਚਲਦੀ ਜਾ ਰਹੀ ਸੀ ਉਹਨਾਂ ਦੀ ਜ਼ਿੰਦਗੀ।

ਮਾਸੀ ਤੇ ਮਾਸੜ ਜੀ ਹਰ ਐਤਵਾਰ ਪਿਸ਼ਾਵਰ ਭਾਈ ਜੋਗਾ ਸਿੰਘ ਦੇ ਗੁਰਦੁਆਰੇ ਦੇ ਬਾਹਰ ਬਣੀ ਖੂਹੀ ਦੇ ਜਲ ਨਾਲ ਇਸ਼ਨਾਨ ਕਰਦੇ ਸਨ। ਵਿਸ਼ਵਾਸ ਸੀ, ਇੱਥੇ ਇਸ਼ਨਾਨ ਕਰਨ ਨਾਲ ਦੁੱਖ ਕਲੇਸ਼ਾਂ, ਬੀਮਾਰੀਆਂ ਦਾ ਨਾਸ ਹੋ ਜਾਂਦਾ ਹੈ। ਸੁਖਣਾ ਪੂਰੀਆਂ ਹੋ ਜਾਂਦੀਆਂ ਹਨ। ਫਿਰ ਉਹ ਬਾਬਾ ਸ੍ਰੀਚੰਦ ਦੀ ਧਰਮਸਾਲ ਵੀ ਜਾਂਦੇ ਸਨ। ਧੂਣੇ ਦੀ ਭਿਬੂਤੀ ਆਪਣੇ ਮੱਥੇ ਲਗਾ ਸੁਖਣਾ ਸੁਖਦੇ, ਮੰਨਤਾਂ ਮੰਨਦੇ ਸਨ।

ਕਈ ਵਾਰੀ ‘ਪੰਜ ਤੀਰਥੀ’ ਵੀ ਜਾਂਦੇ। ਇਸ ਥਾਂ ਠੰਡੇ, ਮਿੱਠੇ ਪਾਣੀ ਦੇ ਪੰਜ ਚਸ਼ਮੇ ਨੇੜੇ ਨੇੜੇ ਵਗਦੇ ਸਨ। ਕਥਨ ਸੀ ਕਿ ਬਣਵਾਸ ਸਮੇਂ ਪੰਜ ਪਾਂਡਵ ਇਸ ਜਗ੍ਹਾ (ਪਿਸ਼ਾਵਰ) ਕਈ ਵਰ੍ਹੇ ਰਹੇ ਸਨ। ਇਥੇ ਪ੍ਰਾਚੀਨ ਮੰਦਰ ਵੀ ਹੈ। ਮਾਸੀ ਜੀ ਵੀ ਉੱਥੇ ਮੰਨਤ ਹੀ ਮੰਨਣ ਜਾਂਦੇ ਸਨ। ਮਾਸੀ ਜੀ ਦਾ ਪਹਿਲ ਪਲੇਠੀ ਦਾ ਪੁੱਤਰ ਦੋ ਦਿਨਾਂ ਦਾ ਹੋ ਕੇ ਮਰ ਗਿਆ ਸੀ। ਮਾਸੀ ਜੀ ਦੀ ਸੱਸ ਨੇ ਬੱਚੇ ਦੇ ਸੋਗ ਵਿਚ ਸਾਲ ਭਰ ਕੌਰੇ ਖਾਸੇ ਦਾ ਮੈਲਾ ਦੁਪੱਟਾ ਕੀਤੀ ਰਖਿਆ। ਸਾਲ ਭਰ ਬੂਹਿਓਂ ਪੈਰ ਬਾਹਰ ਨਾ ਕੱਢਿਆ, ਕੰਮਕਾਰ ਤੋਂ ਵਿਹਲੀ ਹੋ ਦੋ ਦਿਨਾਂ ਦੇ ਬਾਲ ਨੂੰ ਯਾਦ ਕਰ ਵੈਣ ਕਰਦੀ ਰਹਿੰਦੀ ਸੀ। ਫਿਰ ਉਤੋ—ੜਿਤੀ ਮਾਸੀ ਦੇ ਪੰਜ ਕੁੜੀਆਂ ਜੰਮੀਆਂ ਤਾਂ ਮਾਸੀ ਵੀ ਮੁੰਡੇ ਲਈ ਮੰਨਤਾਂ ਮੰਨਦੀ, ਸੁਖਣਾ ਸੁਖਦੀ ਰਹਿੰਦੀ ਸੀ।

ਮੈਨੂੰ ਮਾਸੀ ਜੀ ਦੇ ਘਰ ਜਾਣਾ ਬਹੁਤ ਚੰਗਾ ਲਗਦਾ ਸੀ। ਉਹਨਾਂ ਦੀ ਤੀਜੀ ਕੁੜੀ ਮੇਰੇ ਹਾਣ ਦੀ ਸੀ। ਮਾਸੀ ਦੀ ਛੇੜਦੇ ਸਨ, “ਤੂੰ ਮੁੰਡਿਆਂ ਨਾਲ ਕਿਉਂ ਨਹੀਂ ਖੇਡਦਾ ... ਕੁੜੀਆਂ ਦੀ ਗੁੱਤ ਦਾ ਪਰਾਂਦਾ ਬਣੀ ਫਿਰਦੈਂ ... ਕੰਜਕਾਂ ਨਾਲ ਲੋਂਕੜਾ ...”, ਤੇ ਮੈਂ ਹੱਸ ਕੇ ਮਾਸੀ ਦੇ ਘਰ ਦੀ ਛੇਵੀਂ ਛੱਤ ਦੀ ਮੰਮਟੀ ਉੱਤੇ ਚੜ੍ਹ ਜਾਂਦਾ ਸਾਂ। ਮਾਸੀ ਦੇ ਘਰ ਦੀ ਮੰਮਟੀ ਤੋਂ ਸਾਰਾ ਸ਼ਹਿਰ ਦਿਸਦਾ ਸੀ ਤੇ ਪਿਛਵਾੜੇ ਦੂਰ ਹੇਠਾਂ ਮੁਸਲਮਾਨਾਂ ਦੇ ਘਰ ਸਨ। ਸਵੇਰ—ਸ਼ਾਮ ਉਹ ਕਬੂਤਰ ਉਡਾਂਦੇ। ਕਬੂਤਰ, ਮਾਸੀ ਦੇ ਘਰ ਦੀ ਮੰਮਟੀ ਕੋਲ ਉਡਦੇ ਮੈਨੂੰ ਬੜੇ ਚੰਗੇ ਲਗਦੇ ਸਨ। ਮੈਂ ਹੈਰਾਨ ਪ੍ਰੇਸ਼ਾਨ ਖਲੋਤਾ ਸੋਚਦਾ ਕਿ ਸੀਟੀ ਦੀ ਆਵਾਜ਼ ਤੇ ਕੱਪੜੇ ਦੇ ਸੰਕੇਤਾਂ ਨੂੰ ਇਹ ਭੋਲੇ ਭਾਲੇ ਪੰਛੀ ਕਿਵੇਂ ਸਮਝਦੇ ਹਨ ? ਮੇਰਾ ਬਾਲ ਮਨ ਕੁਝ ਸਮਝ ਨਾ ਸਕਦਾ।

ਮਾਸੀ ਜੀ ਦੀਆਂ ਅਰਦਾਸਾਂ ਸੁਣੀਆਂ ਗਈਆਂ। ਪੰਜ ਕੁੜੀਆਂ ਤੋਂ ਬਾਦ ਮਾਸੀ ਜੀ ਦਾ ਪੁੱਤਰ ਜੰਮਿਆ ਤਾਂ ਉਹ ਜਿਵੇਂ ਤਖ਼ਤ—ਏ—ਤਾਊਸ ਉੱਤੇ ਬੈਠ ਗਈ।

ਹਾਲੀਂ ਤਾਂ ਮੁੰਡੇ ਦੀਆਂ ਸਾਰੀਆਂ ਸੁਖਣਾ ਪੂਰੀਆਂ ਵੀ ਨਹੀਂ ਸੀ ਕੀਤੀਆਂ ਕਿ ਮੁਲਕ ਵਿਚ ਹਫ਼ੜਾ—ਦਫ਼ੜੀ ਮੱਚ ਗਈ। ਭਰਾਵਾਂ ਵਾਂਗ ਰਹਿੰਦੇ ਲੋਕਾਂ ਨੇ ਚਾਕੂ, ਕ੍ਰਿਪਾਨਾਂ, ਬੰਦੂਕਾਂ ਚੁੱਕ ਲਈਆਂ। ਧਰਤੀ ਵੰਡੀ ਗਈ, ਇਕ ਹਿੱਸਾ ਮੁਸਲਮਾਨ ਇਕ ਹਿੱਸਾ ਹਿੰਦੂ। ਆਜ਼ਾਦੀ ਦੀ ਜਦੋ—ਜਹਿਦ ਕਰਦੇ ਤਾਂ ਕਿਸੀ ਧਰਮ ਬਾਰੇ ਨਹੀਂ ਸੀ ਸੋਚਿਆ ਸਾਰੇ ਇਕੱਠੇ ਸਨ। ਧਰਤੀ ਦਾ ਵੀ ਮਜ਼ਹਬ ਬਦਲਿਆ। ਲੋਕਾਂ ਨੇ ਤਾਂ ਗ਼ੈਰਾਂ ਤੋਂ ਆਜ਼ਾਦੀ ਮੰਗੀ ਸੀ। ਦੇਸ ਰਾਜ ਸਿੰਘ ਵੀ ਇਹੋ ਹੀ ਸੋਚਦੇ ਰਹੇ ਕਹਿੰਦੇ ਰਹੇ, “ਧਰਤੀ ਤਾਂ ਮਾਂ ਹੈ, ਧਰਤੀ ਕਿਵੇਂ ਬਦਲੀ ਜਾਂਦੀ ਏ ... ? ਘਰ—ਬਾਰ ਛੱਡ ਕੋਈ ਕਿੱਥੇ ਜਾ ਸਕਦਾ ਹੈ ? ਪੀੜ੍ਹੀਆਂ—ਦਰ—ਪੀੜ੍ਹੀਆਂ ਵਸਦੇ ਲੋਕ, ਭਰੇ ਭਰਾਏ ਘਰ, ਕਾਰੋਬਾਰ, ਸ਼ਹਿਰ, ਦੇਸ਼, ਗਲੀਆਂ, ਆਪਣੇ ਲੋਕ—ਆਪਣੇ ਦੋਸਤ ਕਿਵੇਂ ਪਰਾਏ ਹੋ ਗਏ ਨੇ ? ਸਭ ਕੁਝ ਛੱਡ ਕੇ ਜਾਣਾ ਵੀ ਕਿੱਥੇ ਹੈ ... ? ਨਾ ਕੋਈ ਟਿਕਾਣਾ ਨਾ ਆਸਰਾ ! ਘਰੋਂ ਬੇਘਰ ਹੋਣ ਲਈ ਤਾਂ ਆਜ਼ਾਦੀ ਨਹੀਂ ਸੀ ਮੰਗੀ, ਕੁਰਬਾਨੀਆਂ ਨਹੀਂ ਸੀ ਦਿੱਤੀਆਂ”, ਪਰ ਕੌਣ ਸੁਣਦਾ ਸੀ ਉਹਨਾਂ ਦੀ ਗੱਲ ? ਸਾਰੇ ਸ਼ਹਿਰ ਵਿਚ ਤਾਂ ਅੱਗ ਲੱਗੀ ਹੋਈ ਸੀ, ਲੁੱਟ—ਮਾਰ ਮਚੀ ਹੋਈ ਸੀ। ਧਰਤੀ ਲਹੂ ਨਾਲ ਲਾਲ ਹੋ ਗਈ। ਦੇਸ ਰਾਜ ਸਿੰਘ ਨੂੰ ਵੀ ਗੁਆਂਢੀ ਪਠਾਣ ਨੇ ਆਪਣੀ ਦੁਕਾਨ ਵਿਚ ਛੁਪਾ ਲਿਆ ਸੀ। ਤਖ਼ਤਿਆਂ ਦੀਆਂ ਵਿਥਾਂ ਵਿਚੋਂ ਉਹਨਾਂ ਆਪਣੀ ਦੁਕਾਨ ਲੁਟੀਂਦੀ ਆਪ ਵੇਖਦੇ ਸੋਚਿਆ ਸੀ, ‘ਇਹ ਕਿਹੋ ਜਿਹੀ ਆਜ਼ਾਦੀ ਏ ?’

ਉਸੀ ਪਠਾਣ ਗੁਆਂਢੀ ਨੇ ਅੱਧੀ ਰਾਤੀਂ ਉਹਨਾਂ ਦਾ ਬੂਹਾ ਆ ਖੜਕਾਇਆ ਸੀ, “ਇਥੋਂ ਨਿਕਲ ਜਾ ਸਰਦਾਰਾ ... ਨਿੱਕਾ ਨਿੱਕਾ ਟੱਬਰ ਟ੍ਹੀਰ ਏ ਤੇਰਾ ... ਉੱਠ ਚੁੱਕ ਜੋ ਚੁੱਕ ਸਕਨੈ ... ਫਰੰਟੀਅਰ ਮੇਲ ਨੂੰ ਹਾਲੀਂ ਦੋ ਘੰਟੇ ਬਾਕੀ ਨ ... ਚਲ ਤਨੂੰ ਟੇਸ਼ਨ ਛੋੜ ਆਵਾਂ ...।”

ਹਫ਼ੜਾ—ਦਫ਼ੜੀ ਵਿਚ ਕੀ ਚੁਕਦੇ ਘਰੋਂ ? ਮਾਸੀ ਨੇ ਗਹਿਣਿਆਂ ਦੀ ਪੋਟਲੀ ਢਿੱਡ ਨਾਲ ਬੰਨ੍ਹ ਲਈ। ਮਾਸੀ ਤਾਂ ਵੈਸੇ ਵੀ ਨਿਢਾਲ ਸੀ। ਪੁੱਤਰਾਂ ਦੀ ਜੋੜੀ ਲਈ ਉਸ ਅਰਦਾਸਾਂ ਕੀਤੀਆਂ ਸਨ ... ਤੇ ਹੁਣ ਪੂਰੇ ਦਿਨ ... ਇਸ ਹਾਲਤ ਵਿਚ ... ਨਿੱਕੀਆਂ ਨਿੱਕੀਆਂ ਪੰਜ ਬੱਚੀਆਂ, ਕੁੱਛੜ ਮੁੰਡਾ ਕਿਥੇ ਜਾਣ ?

ਉਹ ਗੁਜਰਾਂਵਾਲੇ ਕੈਂਪ ਵਿਚ ਪਹੁੰਚਾਏ ਗਏ। ਕੈਂਪ ਵਿਚ ਮਾਸੀ ਦਾ ਦੂਜਾ ਪੁੱਤਰ ਜੰਮਿਆ ਤਾਂ ਉਹ ਅੰਤਾਂ ਦੀ ਰੋਈ ਸੀ। ਭੱਜੇ ਟੁੱਟੇ, ਫਾਲਤੂ ਸਮਾਨ ਵਾਂਗ ਮਿਲਟਰੀ ਟਰੱਕਾਂ ਵਿਚ ਪਸ਼ੂਆਂ ਵਾਂਗ ਲੱਦੇ ਕੰਡਿਆਲੀ ਵਾੜ ਤੋਂ ਪਾਰ ਗਏ। ਕੈਂਪ ਵਿਚ ਮਾਸੜ ਦੇਸ ਰਾਜ ਸਿੰਘ ਨੇ ਲੰਗਰ ਦੀ ਰੋਟੀ ਦੀ ਇਕ ਗਰਾਹੀ ਵੀ ਨਾ ਭੰਨੀ “ਉੱਜੜ—ਪੁਜੜ ਕੇ ਪਹਿਲਾਂ ਬੇਘਰ ਬਣੇ ... ਹੁਣ ਲੋਕਾਂ ਦੇ ਦਾਨ ਨਾਲ ਢਿੱਡ ਭਰਾਂ ... ? ਖ਼ਰਾਇਤ ਖਾਵਾਂ ... ? ਦਾਨ ਲਵਾਂ ... ? ਕਿਉਂ ... ? ਇਸੀ ਦਿਨ ਵਾਸਤੇ ਹੰਟਰਾਂ ਤੇ ਲਾਠੀਆਂ ਦੀ ਮਾਰ ਖਾਧੀ ਆਹੀ ... ? ਮਰ ਜਾਣ ਸਾਰੇ ਭੁੱਖੇ ... ਮੈਂ ਤਾਂ ਆਪਣੇ ਘਰ ਜਾਸਾਂ ... ਸਰਕਾਰਾਂ ਬਦਲਦੀਆਂ ਰਹੀਆਂ ਨੇ ...।”

ਦੇਸ ਰਾਜ ਸਿੰਘ ਘਰ ਤਾਂ ਨਾ ਪਰਤੇ ਪਰ ਮਾਸੀ ਦੇ ਗਹਿਣਿਆਂ ਦੀ ਪੋਟਲੀ ਹਲਕੀ ਹੁੰਦੀ ਗਈ। ਛਾਬੇ ਤੋਂ ਪਟੜੀ ਇਕ ਸ਼ਹਿਰ ... ਪਟੜੀ ਤੋਂ ਦੁਕਾਨ ਦੂਜੇ ਸ਼ਹਿਰ। ਨਾ ਕੰਮ ਚਲਿਆ ਨਾ ਕਿਸੀ ਥਾਂ ਦਿਲ ਟਿਕਿਆ। “ਹੋਰ ਤਰ੍ਹਾਂ ਦੇ ਲੋਕ, ਹੋਰ ਹੀ ਬੋਲੀ, ਨਾ ਕਿਸੀ ਦੀ ਜ਼ਬਾਨ ਦਾ ਇਤਬਾਰ ਨਾ ਲੈਣ—ਦੇਣ ਦਾ ਵਿਹਾਰ ... ਆਦਮੀ ਆਪਣੀ ਧਰਤੀ ਤੋਂ ਉਖੜ ਕੇ ਨਕਾਰਾ ਹੋ ਜਾਂਦੈ ...”, ਉਹ ਛਿਥੇ ਪੈਂਦੇ ਰਹਿੰਦੇ।

ਜਦੋਂ ਕਾਰ—ਵਿਹਾਰ ਲਭਦੇ ਡੇਹਰਾਦੂਨ ਪਹੁੰਚੇ ਤਾਂ ਥੋੜ੍ਹਾ ਮਨ ਪਰਚਿਆ “ਇਥੋਂ ਦਾ ਪਾਣੀ ਤਾਂ ਮਿੱਠਾ ਏ ਨਾ ਪਿਸ਼ੌਰ ਹਾਂਗਰ ... ਬੰਦਾ ਜਿਥੇ ਪਾਣੀ ਵੀ ਨਾ ਰੱਜ ਕੇ ਪੀ ਸਕੇ ... ਤੇ੍ਰਹ ਹੀ ਨਾ ਮਿਟੇ ... ਉਥੇ ਖ਼ਾਕ ਰਹਿਣਾ ਹੋਇਆ ...”, ਕਾਰ—ਵਿਹਾਰ ਵੀ ਚਲ ਪਿਆ ਤੇ ਮਾਸੀ ਦੀ ਗਹਿਣਿਆਂ ਦੀ ਗੰਢੜੀ ਨੂੰ ਠਲ੍ਹ ਪੈ ਗਈ।

ਸਮੇਂ ਦੇ ਚੱਕਰ ਨਾਲ ਕੁੜੀਆਂ ਸਿਰ ਕੱਢ ਲਏ, ਨਾ ਪੜ੍ਹੀਆਂ, ਨਾ ਪੜ੍ਹਾਈਆਂ “ਰੋਟੀ ਪਕਾਣੀ ਸਿਖਾ ਇਹਨਾਂ ਨੂੰ ... ਇਹਨਾਂ ਚੁੱਲ੍ਹਾ ਚੌਂਕਾ ਹੀ ਸਾਂਭਣੈ ...”, ਮਾਸੜ ਜੀ ਕਹਿੰਦੇ ਤੇ ਇਕ ਤੋਂ ਬਾਦ ਦੂਜੀ ਉੱਤੋ—ੜਿਤੀ ਹੀ ਵਿਆਹ ਛੱਡੀਆਂ।

ਵੇਲਾ ਲੰਘਦਾ ਗਿਆ। ਵੱਡੇ ਕੀਰਤ ਨੇ ਜਦੋਂ ਬੀ.ਏ. ਪਾਸ ਕੀਤੀ ਤਾਂ ਉਹਨਾਂ ਦੀ ਕਮਰ ਥੋੜ੍ਹੀ ਸਿਧੀ ਹੋਈ। ਉਹਨਾਂ ਸੋਚਿਆ ਸੀ ਹੁਣ ਕੀਰਤ ਦੁਕਾਨ ਉੱਤੇ ਬੈਠੇਗਾ ਤੇ ਉਹਨਾਂ ਨੂੰ ਸਵੇਰੇ ਗੁਰਦੁਆਰੇ ਤੋਂ ਜਲਦੀ ਮੁੜਨ ਦੀ ਚਿੰਤਾ ਨਹੀਂ ਰਹੇਗੀ ਪਰ ਕੀਰਤ ਤਾਂ ਵਿਟਰ ਬੈਠਾ ਸੀ “ਮੈਨੂੰ ਦੁਕਾਨ ਉੱਤੇ ਬੈਠ ਕੇ ਸ਼ਰਮ ਆਉਂਦੀ ਏ ... ਕੋਈ ਫ਼ੈਸ਼ਨ ਵਾਲੀ ਦੁਕਾਨ ਹੋਵੇ ਤਾਂ ਸੂਟ—ਬੂਟ ਪਾ ਕੇ ਮੈਂ ਬੈਠਾਂ ...”, ਤੇ ਕੀਰਤ ਨੇ ਨੌਕਰੀ ਕਰ ਲਈ।

ਬੜਾ ਕਲਪੇ ਸੀ ਮਾਸੜ ਜੀ “ਕੀਰਤ ਮੇਰੇ ਨੌਕਰ ਜਿੰਨੀ ਤਨਖ਼ਾਹ ਲੈਂਦੈ—ਕਿਹੜੀ ਮਲ ਮਾਰ ਲਿਤੀ ਉਸ ...”, ਘਰ ਵਿਚ ਕਲੇਸ਼ ਵੀ ਪਿਆ। ਮਾਸੀ ਨੇ ਸਮਝਾਇਆ ਵੀ—“ਹੁਣ ਤੁਹਾਡਾ ਜ਼ਮਾਨਾ ਤਾਂ ਨਹੀਂ ਰਿਹਾ ... ਮਾਂ ਪਿਉ ਨੇ ਜੋ ਚਾਹਿਆ ਬੱਚਿਆਂ ਤੋਂ ਜ਼ਬਰਦਸਤੀ ਕਰਵਾ ਲਿਆ ... ਹੁਣ ਤਾਂ ਬੱਚੇ ਆਪਣੀ ਮਰਜ਼ੀ ਕਰਦੇ ਨੇ ... ਸਾਨੂੰ ਕੀ ... ਆਪੇ ਤੰਗ ਹੋਸੀ ...।”

ਕੀਰਤ ਦਾ ਵਿਆਹ ਤੇ ਮਾਸੀ ਨੱਚ—ਨੱਚ ਨਹੀਂ ਸੀ ਥੱਕਦੀ। ਕੀਰਤ ਦੀ ਵਹੁਟੀ ਨੂੰ ਉਸ ਬਚਿਆ—ਖੁਚਿਆ ਸਾਰਾ ਸੋਨਾ ਦੇ ਦਿੱਤਾ ਸੀ ... ਉਸ ਦੀਆਂ ਖ਼ਾਤਰਾਂ ਕਰਦੇ ਦੋਵੇਂ ਥੱਕਦੇ ਨਹੀਂ ਸਨ।

ਨੂੰਹ ਰਾਣੀ ਨੇ ਸਾਲ ਵੀ ਨਹੀਂ ਸੀ ਕਟਿਆ ਕਿ ਵੱਖ ਹੋਣ ਦੀ ਮੁਹਾਰਨੀ ਰੱਟਣ ਲੱਗ ਪਈ ਸੀ।

ਮਾਸੀ ਰੋਈ ਕੁਰਲਾਈ—“ਕੀਰਤ ਬਿਨਾਂ ਤਾਂ ਮੈਂ ਮਰ ਜਾਸਾਂ ... ਕਿੰਨੀਆਂ ਸੁਖਣਾ ਤੇ ਮੰਨਤਾਂ ਨਾਲ ਲਿਆ ਏ ਮੈਂ ਇਸ ਨੂੰ ... ਹਿਕ ਪਲ ਨਾ ਦਿਸੇ ਤਾਂ ਅਖੀਆਂ ਅਗੇ ’ਨ੍ਹੇਰਾ ਆਂਦੈ ... ਹਾਏ ! ਕਿੰਨੇ ਜ਼ਫ਼ਰ ਜਾਲੇ ਮੈਂ ... ਤੇ ਹੁਣ ਇਹ ਮੇਰਾ ਕੁਝ ਨਹੀਂ ਲਗਦਾ ...। ਹੁਣ ਮੈਂ ਪਰਾਈ ਹੋ ਗਈ ... ? ਤੁਹਾਨੂੰ ਦੋਹਾਂ ਨੂੰ ਸਾਡੇ ਤੋਂ ਆਜ਼ਾਦੀ ਚਾਹੀਦੀ ਏ ... ?”

ਕੀਰਤ ਦੇ ਕੰਨਾਂ ਦੇ ਪਰਦੇ ਤਾਂ ਮੋਟੇ ਹੋ ਗਏ ਸਨ। ਮਾਸੀ ਕੁਝ ਦਿਨ ਰੋ ਕੇ ਚੁੱਪ ਕਰ ਗਈ। ਦੋ ਦਿਨ ਭੁੱਖੀ ਰਹਿ ਖਾਣ ਲੱਗ ਪਈ।

ਛੋਟੇ ਪੁੱਤਰ ਰਵੀ ਨੇ ਐੱਮ.ਏ. ਪਾਸ ਕੀਤੀ ਤਾਂ ਮਾਸੜ ਦੇਸ ਰਾਜ ਸਿੰਘ ਦਾ ਦਿਲ ਫੇਰ ਡੋਲਿਆ, “ਹੁਣ ਇਹ ਵੀ ਬਾਬੂ ਬਣਸੀ ... ਚਾਹੇ ਸਾਰਾ ਮ੍ਹੀਨਾ ਪੈਸਾ—ਪੈਸਾ ਗਿਣਦੇ ਰਹਿਣ ...”, ਰਵੀ ਤਾਂ ਦੁਕਾਨ ਉੱਤੇ ਹੀ ਬੈਠਾ ਤਾਂ ਮਾਸੜ ਜੀ ਨੇ ਸੁੱਖ ਦਾ ਸਾਹ ਭਰਿਆ ਸੀ। ਰਵੀ ਦੇ ਵਿਆਹ ਤੋਂ ਬਾਅਦ ਮਾਸੀ ਵੀ ਰੁੱਝ ਗਈ ਸੀ, ਹੁਣ ਉਸ ਨੂੰ ਵੱਡੇ ਪੁੱਤਰ ‘ਕੀਰਤ’ ਦਾ ਵੱਖਰੇ ਹੋਣਾ ਘੱਟ ਅਖਰਦਾ ਸੀ।

ਕੁਝ ਮਹੀਨੇ ਹੀ ਬੀਤੇ ਕਿ ਨਵੀਂ ਨਵੇਲੀ ਵਹੁਟੀ ਨੇ ਤਾਂ ਹੱਥ ਵਿਚ ਤੇਜ਼ ਹਥਿਆਰ ਫੜ ਲਏ, ਜ਼ਬਾਨ ਕੈਂਚੀ ਵਾਂਗ ਚਲਣ ਲਗੀ—“ਪੜ੍ਹੀ ਲਿਖੀ, ਮੈਂ ਘਰ ਦੀ ਬਾਂਦੀ ਤਾਂ ਨਹੀਂ ... ਸਾਰਾ ਦਿਨ ਰੋਟੀ ਦਾ ਧੰਧਾ ... ਇਕ ਧੀ ਜਾਂਦੀ ਏ ਦੂਜੀ ਟੱਬਰ ਟ੍ਹੀਰ ਲੈ ਕੇ ਆ ਜਾਂਦੀ ਏ ... ਵੱਡੇ ਤਾਂ ਵੱਖਰੇ ਹੋ ਕਿਨਾਰਾ ਕਰ ਗਏ ... ਸਾਰਾ ਭਾਰ ਸਾਡੇ ਸਿਰ ... ਸਾਨੂੰ ਵੀ ਸਾਡਾ ਹਿੱਸਾ ਦਿਓ ...।”

“ਹਿੱਸਾ ... ? ਹਿੱਸਾ ਕਿਆ ... ? ਹਾਲੀਂ ਤਾਂ ਮੈਂ ਆਪ ਬੈਠਾ ਹਾਂ ... ਹਿੱਸੇ ਵੰਡੀਆਂ ਤਾਂ ਮਰਨ ਤੋਂ ਬਾਅਦ ਹੁੰਦੇ ਨੇ”, ਉਸ ਦਿਨ ਮਾਸੜ ਜੀ ਪਹਿਲੀ ਵਾਰੀ ਉੱਚੀ ਬੋਲੇ।

ਘਰ ਵਿਚ ਕਲ—ਕਲੇਸ਼ ਵਸਣ ਲੱਗਾ ਤਾਂ ਮਾਸੀ ਨੇ ਛੋਟੇ ਪੁੱਤਰ ਰਵੀ ਨੂੰ ਕੋਲ ਬਿਠਾ ਕੇ ਬੜੇ ਪਿਆਰ ਨਾਲ ਕਿਹਾ, “ਪੁੱਤਰ ਰਵੀ, ਧੀਆਂ ਨੇ ਤਾਂ ਪੇਕੇ ਆਉਣਾ ਹੁੰਦੈ ... ਤੁਸੀਂ ਵੀ ਵੱਖਰਾ ਘਰ ਲੈ ਲਓ ... ਸੁਖੀ ਵਸੋ ਰਸੋ ... ਠੰਡੀ ਵਾਹ ਪਈ ਆਵੇ ..।”

“ਵੱਖਰਾ ਘਰ ... ? ਵੱਖਰਾ ਕੰਮ ... ? ਕਿਉਂ ... ? ਦੁਕਾਨ ਵੀ ਹੁਣ ਸਾਡੀ ਏ ਤੇ ਘਰ ਵੀ ਮੇਰੇ ਨਾਂ ਦਾ ਏ ... ਯਕੀਨ ਨ੍ਹੀਂ ਆਂਦਾ ਤਾਂ ਕਾਗਜ਼ ਲਿਆ ਕੇ ਦਸਾਂ ... ਭਾਪਾ ਜੀ ਨੇ ਆਪ ਤਾਂ ਸਭ ਕੁਝ ਸਾਡੇ ਨਾਂ ਕੀਤਾ ਏ ...”, ਛੋਟੀ ਨੂੰਹ ਨੇ ਰਵੀ ਦੇ ਮੋਢੇ ਉੱਤੇ ਹੱਥ ਧਰਦੇ ਕਿਹਾ।

ਮਾਸੀ ਤੇ ਦੇਸ ਰਾਜ ਸਿੰਘ ਤਾਂ ਪੱਥਰ ਦੇ ਬੁੱਤ ਬਣ ਗਏ, “ਇਹ ਕਿਵੇਂ ? ਕਦੋਂ ?” ਤੇ ਦੋਵੇਂ ਆਪਸ ਵਿਚ ਖਹਿਬੜ ਪਏ, “ਮੈਂ ਕਿਵੇਂ ਆਪਣੇ ਹੱਥ ਟੁੱਕ ਕੇ ਦਿੱਤੇ ? ਉਹ ਆਪ ਵੀ ਤਾਂ ਹੈਰਾਨ ਸਨ। ਅੰਗਰੇਜ਼ੀ ਦੇ ਕੁਝ ਕਾਗਜ਼ਾਂ ਉੱਤੇ ਕਿਹੜੇ ਬਹਾਨੇ ਪੁੱਤਰ ਨੇ ਦਸਤਖ਼ਤ ਕਰਾ ਲਏ ? ਉਹ ਤਾਂ ਉਰਦੂ ਹੀ ਮਸਾਂ ਪੜ੍ਹ ਲਿਖ ਲੈਂਦੇ ਸਨ। ਮਾਸੀ ਨੂੰ ਲਗਿਆ ਇਕ ਵਾਰੀ ਫਿਰ ਉਸ ਦੇ ਪੈਰਾਂ ਹੇਠਲੀ ਧਰਤੀ ਪਰਾਈ ਹੋ ਗਈ ਹੈ। ਇਕ ਵਾਰੀ ਫਿਰ ਬੇਘਰੀ, ਨਿਥਾਵੀਂ ਹੋ ਗਈ ਹੈ।

ਹੁਣ ਉਹ ਕਿੱਥੇ ਜਾਣ ? ਨਾ ਪੈਰਾਂ ਵਿਚ ਹਿੰਮਤ ਹੈ ਨਾ ਹੱਥਾਂ ਵਿਚ ਜ਼ੋਰ। ਸਿਰ ਸੁੱਟ ਚੁੱਪ ਕਰ ਕੇ ਬੈਠ ਗਏ, ਕੌੜਾ ਘੁੱਟ ਨਿਗਲ ਲਿਆ। ਇਕ ਦਿਨ ਰਵੀ ਕਿਹਾ, “ਤੁਸੀਂ ਹੁਣ ਦੁਕਾਨ ਤੇ ਨਾ ਆਇਆ ਕਰੋ ... ਗਾਹਕਾਂ ਨਾਲ ਖਹਿਬੜਦੇ ਓ ... ਮਨੂੰ ਸ਼ਰਮਾ ਆਂਦੀ ਏ ... ਆਪਣਾ ਜੇਬ ਖ਼ਰਚ ਮੇਰੇ ਕੋਲੋਂ ਲੈ ਲਿਆ ਕਰੋ ਤੇ ਘਰ ਹੀ ਬੈਠੋ ...”, ਉਸ ਦੋ ਸੌ ਰੁਪਏ ਦਿੱਤੇ ਤਾਂ ਮਾਸੜ ਜੀ ਨੇ ਵਗਾਹ ਕੇ ਮਾਰੇ ਸਨ।

ਮਾਸੀ ਨੇ ਬੜੀ ਵਾਰੀ ਮਨ੍ਹਾਂ ਵੀ ਕੀਤਾ ਪਰ ਉਹ ਦੁਕਾਨ ’ਤੇ ਜਾਣ ਤੋਂ ਨਾ ਟਲੇ—“ਘਰ ਬੈਠ ਕੇ ਕੇਹ ਕਰਾਂ ... ਦਸ ! ਹੁਣ ਇਸ ਘਰ ਦੀਆਂ ਕੰਧਾਂ ਵੀ ਓਪਰੀਆਂ ਹੋ ਗਈਆਂ ... ਮੇਰੇ ਵੱਲ ਘੂਰ—ਘੂਰ ਵੇਖਦੀਆਂ ਨ ... ਦਿਲ ਕਰਦੈ ਇਹਨਾਂ ਕੰਧਾਂ ਨਾਲ ਹੀ ਟੱਕਰਾਂ ਮਾਰ ਆਪਣਾ ਮੱਥਾ ਭੰਨ ਲਵਾਂ ... ਕਦੇ ਮਰਦ ਵੀ ਘਰ ਵਿਹਲੇ ਬੈਠੇ ... ?” ਤੇ ਉਹ ਰੋਜ਼ ਨੇਮ ਨਾਲ ਗੁਰਦੁਆਰੇ ਮੱਥਾ ਟੇਕ ਦੁਕਾਨ ਉੱਤੇ ਚਲੇ ਜਾਂਦੇ। ਘੰਟਾ ਦੋ ਦੁਕਾਨ ਦੇ ਥੜ੍ਹੇ ਉੱਤੇ ਬੈਠ ਘਰ ਵਾਪਸ ਪਰਤਦੇ।

ਹੁਣ ਉਹ ਯਾਦ ਕਰਦੇ ਇਕ ਦੋਸਤ ਨੇ ਕਿਹਾ ਸੀ, “ਦੇਸ ਰਾਜ, ਸਰਕਾਰ ਫਰੀਡਮ ਫਾਈਟਰਜ਼ ਨੂੰ ਪੈਨਸ਼ਨ ਦੇ ਵੇਗੀ ਅਤੇ ਹੋਰ ਕਈ ਸਹੂਲਤਾਂ ਵੀ ਮਿਲਣਗੀਆਂ ਤੂੰ ਵੀ ਫਾਰਮ ਭਰ ਦੇ ... ਤੂੰ ਤਾਂ ਕਿੰਨੀ ਵਾਰੀ ਜੇਲ੍ਹ ਕਟੀ ਏ ... ਕਦੇ ਗੱਲ ਮੰਨ ਵੀ ਲਈਦੀ ਏ ...।”

“ਲਾਹਨਤ ਏ, ਅਜੇਹੀ ਪੈਨਸ਼ਨ ਨੂੰ ਯਾਰ ... ਇਹ ਲੋਕ ਕੀ ਜਾਣਨ ਕਿਵੇਂ ਕਟੀਂਦੀਆਂ ਨੇ ਜੇਲ੍ਹਾਂ ਦੀਆਂ ਸਜ਼ਾਵਾਂ— ਕਿੰਨੇ ਤਸੀਹੇ ਝਲੇ ਇਸ ਆਜ਼ਾਦੀ ਲਈ—ਉਦੋਂ ਕੀ ਪਤਾ ਸੀ ਆਜ਼ਾਦੀ—ਨਹੀਂ ... ਇਹੋ ਜਿਹੀ ਬਰਬਾਦੀ ਮਿਲੇਗੀ ... ਤੌਬਾ ! ਹਰ ਥਾਂ ਰਿਸ਼ਵਤ, ਬੇਈਮਾਨੀ, ਝੂਠ, ਫ਼ਰੇਬ ... ਮੈਂ ਕੋਈ ਨਹੀਂ ਲੈਣੀ ਪੈਨਸ਼ਨ ਪੂਨਸ਼ਨ ...”, ਉਹਨਾਂ ਬੜੇ ਰੋਹ ਨਾਲ ਕਿਹਾ ਸੀ, “ਮਰ ਖੱਪ ਗਏ ਆਜ਼ਾਦੀ ਲਈ ਲੜਨ ਵਾਲੇ—ਹੁਣ ਤਾਂ ਲੀਡਰਾਂ ਨੂੰ ਕੁਰਸੀਆਂ ਚਾਹੀਦੀਆਂ ਨੇ—ਲੋਕ ਜਾਣ ਢੱਠੇ ਖੂਹ ਵਿਚ—”

ਮਾਸੀ ਨੇ ਵੀ ਇਕ ਦਿਨ ਛਿੱਥੇ ਪੈਂਦੇ ਕਿਹਾ, “ਅੱਜ ਪੈਨਸ਼ਨ ਲੱਗੀ ਹੁੰਦੀ ਤਾਂ ਹੱਥ ਤਾਂ ਨਾ ਤੰਗ ਹੁੰਦਾ, ਪੁੱਤਰ ਦੀ ਮੁਥਾਜੀ ਕੋਲੋਂ ਆਪਣੇ ਹੱਥੀਂ ਲਗਾਏ ਆਜ਼ਾਦੀ ਦੇ ਬੂਟੇ ਦਾ ਫਲ ਤਾਂ ਖਾਂਦੇ ... ਤੁਹਾਡੇ ਨਾਲ ਦਿਆਂ ਨੂੰ ਕਿੰਨੀਆਂ ਸਹੂਲਤਾਂ ਮਿਲੀਆਂ ਨੇ।”

“ਇਹ ਪੁੱਤਰ ਵੀ ਤਾਂ ਜੀਵਨ ਦਾ ਮਿੱਠਾ ਫਲ ਨੇ ... ਇਹਨਾਂ ਨੂੰ ਵੀ ਤਾਂ ਗਦੀਆਂ ਕੁਰਸੀਆਂ ਸੰਭਾਲਣ ਦੀ ਹੋੜ ਏ—ਫੇਰ ਕਦੇ ਨਾ ਕਹੀਂ ਇਹ ਗੱਲ।”

ਗੁਰਦੁਆਰੇ ਤੋਂ ਹੀ ਮਾਸੜ ਜੀ ਆਪਣੀ ਦੁਕਾਨ ਵੱਲ ਟੁਰ ਪੈਂਦੇ। ਦੁਕਾਨ ਦੇ ਅੱਗੋਂ ਸਿਰ ਨੀਵਾਂ ਕਰ ਲੰਘ ਜਾਂਦੇ ਤੇ ਦੋ ਦੁਕਾਨਾਂ ਛੱਡ ਥੜ੍ਹੇ ਉੱਤੇ ਬੈਠ ਆਪਣੇ ਨਾਂ ਦੇ ਬੋਰਡ ਵੱਲ ਘੂਰਦੇ ਰਹਿੰਦੇ। ਸਾਰਾ ਦਿਨ ਕਿੱਥੇ ਕਿੱਥੇ ਘੁੰਮਦੇ ... ? ਤ੍ਰਕਾਲਾਂ ਪਏ ਘਰ ਪਰਤਦੇ। ਮਾਸੀ ਸਾਰਾ ਦਿਨ ਬਾਰੀ ਵਿਚ ਖਲੋਤੀ ਉਡੀਕਦੀ ਰਹਿੰਦੀ।

ਮੈਂ ਸੋਚਦਾ ਰਿਹਾ, ਅੱਜ ਮਾਸੜ ਜੀ ਇਸ ਬਜ਼ਾਰ ਵੱਲ ਕਿਵੇਂ ਆ ਗਏ ? ਦੁਕਾਨ ਦਾ ਰਸਤਾ ਭੁੱਲ ਗਏ ਜਾਂ ਜਾਣ ਕੇ ਦੁਕਾਨ ਤੋਂ ਦੂਜੇ ਪਾਸੇ ਦਾ ਰੁਖ਼ ਕੀਤਾ ? ਕਿਵੇਂ ਡਿੱਗੇ—? ਟੁਰਦੇ ਟੁਰਦੇ ਲੱਤਾਂ ਜੁਆਬ ਦੇ ਗਈਆਂ—? ਚੱਕਰ ਆਇਆ ...? ਠੁੱਡਾ ਲੱਗਾ ...? ਮਾਸੜ ਦੇਸ ਰਾਜ ਸਿੰਘ ਤਾਂ ਡਿਗਦੇ ਹੀ ਇਹ ਧਰਤੀ ਖ਼ਾਲੀ ਕਰ ਗਏ।

ਉਦੋਂ ਲੋਕਾਂ ਕਿਹਾ ਸੀ, “ਵਿਚਾਰਾ ! ਸੜਕ ਉੱਤੇ ਰੁਲਦਾ ਹੀ ਮਰ ਗਿਆ ... ਦੋਹਾਂ ਵਿਚੋਂ ਇਕ ਵੀ ਸਰਵਣ ਪੁੱਤਰ ਨਾ ਨਿਕਲਿਆ ... ਇਕ ਨੇ ਵੀ ਸੇਵਾ ਨਾ ਕੀਤੀ—ਘਣੇ ਟੱਬਰ ਦਾ ਭਾਰ ਹੀ ਢੋਂਹਦਾ ਰਿਹਾ ...।”

ਮੈਂ ਸੋਚਿਆ, ‘ਕਲਜੁਗ ਤੇ ਸਰਵਣ ਪੁੱਤਰ ...? ਤੇ੍ਰਤਾ ਯੁਗ ਵਿਚ ਸਰਵਣ ਪੁੱਤਰ ਕਾਰਣ ਕਿੰਨਾ ਉਪਧਰ ਮਚਿਆ ਸੀ... ? ਜੇ ਸਰਵਣ ਦੀ ਵਹਿੰਗੀ ਨਾ ਹੁੰਦੀ ... ਜੇ ਉਹ ਆਗਿਆਕਾਰੀ ਸੇਵਾਦਾਰ ਪੁੱਤਰ ਨਾ ਹੁੰਦਾ ਤਾਂ ਨਾ ਸਰਾਪ ਦਸ਼ਰਥ ਨੂੰ ਲਗਦਾ ... ਨਾ ਰਾਮਾਇਣ ਹੁੰਦੀ ... ਨਾ ਯੁੱਧ। ਮਹਾਂਬਲੀ ਮਹਾਂਯੋਧਾ—ਮਹਾਂ ਗਿਆਨੀ ਰਾਵਣ ਆਪਣੀ ਵਿਦਵਤਾ ਦਾ ਕੋਈ ਅੰਸ਼ ਦੁਨੀਆਂ ਨੂੰ ਦੇ ਜਾਂਦਾ। ਨਹੀਂ ? ਸੀਤਾ ਦੀ ਅਗਨੀ ਪ੍ਰੀਖਿਆ ਤਾਂ ਨਾ ਹੁੰਦੀ। ਅੱਜ ਤਾਂ ਸੀਤਾ ਦੀਆਂ ਆਹੂਤੀਆਂ ਦਿੱਤੀਆਂ ਜਾਂਦੀਆਂ ਹਨ ਬਾਲਣ ਦੀ ਥਾਂ ਤੰਦੂਰ ਵਿਚ ਸਾੜੀ ਜਾਂਦੀ ਏ—ਸਟੋਪ ਫੱਟ ਜਾਂਦੈ ਤੇ ਉਹ ਸੜ ਮਰਦੀ ਏ। ... ਕੌਣ ਸਰਵਣ ਬਣ ਸਕਦਾ ਏ ? ... ਤੇ ਚੁੱਕ ਸਕਦਾ ਏ ਵਹਿੰਗੀ। ਇਕ ਰਾਮ ਲੱਖਾਂ ਰਾਵਣਾਂ ਨੂੰ ਕਿਵੇਂ ਮਾਰੇਗਾ—? ਕਿੰਨੀਆਂ ਹੋਰ ਸੀਤਾ ਦੀਆਂ ਅਗਨੀ ਪ੍ਰੀਖਿਆ ਹੋਣਗੀਆਂ—ਬਸ—ਬਸ ! ਹੋਰ ਸਰਵਣ ਨਹੀਂ ... ਨਾ ਹੀ ਸਰਵਣ ਦੀ ਵਹਿੰਗੀ ... ਨਾ ਰਾਮ ... ਬਸ ... ਬਸ !

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਚੰਦਨ ਨੇਗੀ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •