Vinki (Punjabi Story) : Kulwant Singh Virk

ਵਿੰਕੀ (ਕਹਾਣੀ) : ਕੁਲਵੰਤ ਸਿੰਘ ਵਿਰਕ

ਘਰ ਵਾਲੇ ਸਾਰੇ ਅੱਜ ਹੌਲੇ ਫੁਲ ਅਨੁਭਵ ਕਰ ਰਹੇ ਸਨ। ਵਿੰਕੀ ਮੰਗੀ ਗਈ ਸੀ।

ਮੰਗੇ ਜਾਣ ਤੋਂ ਪਹਿਲਾਂ ਘਰ ਉਤੇ ਕੁੜੀ ਨੇ ਇਕ ਛਾਂ ਜਿਹੀ ਕੀਤੀ ਹੋਈ ਸੀ। ਉਸ ਵੇਲੇ ਇਸ ਤਰ੍ਹਾਂ ਲਗਦਾ ਸੀ ਕਿ ਇਹ ਛਾਵਾਂ ਕਦੀ ਨਹੀਂ ਹਟਦੀਆਂ। ਵਿੰਕੀ ਦੇ ਨਕਸ਼ ਤੇ ਭਾਵੇਂ ਤਿੱਖੇ ਸਨ ਪਰ ਉਸ ਦਾ ਰੰਗ ਕੁਝ ਪੱਕਾ ਜਿਹਾ ਸੀ ਤੇ ਮੁੰਡੇ ਗੋਰਾ ਰੰਗ ਮੰਗਦੇ ਸਨ। ਇਸ ਪੱਕੇ ਰੰਗ ਦੀ ਕਦੀ ਕਿਸੇ ਖੁਲ੍ਹ ਕੇ ਗੱਲ ਤੇ ਨਹੀਂ ਕੀਤੀ ਸੀ, ਪਰ ਮੁੰਡੇ ਉਹਨਾਂ ਦੇ ਹੱਥੋਂ ਇਸ ਤਰ੍ਹਾਂ ਤਿਲਕ ਜਾਂਦੇ ਜਿਵੇਂ ਸਜਰੀਆਂ ਫੜੀਆਂ ਮੱਛੀਆਂ। ਉਹਨਾਂ ਦੇ ਫਬਾ ਕੇ ਗੱਲ ਕਰਨ ਤੋਂ ਪਹਿਲਾਂ ਹੀ, ਪਤਾ ਨਹੀਂ ਕਿਸ ਤਰ੍ਹਾਂ ਮੁੰਡਿਆਂ ਨੂੰ ਸਾਰੀ ਗੱਲ ਦਾ ਪਤਾ ਲਗ ਜਾਂਦਾ। ਕਈਆਂ ਨੇ ਵਿੰਕੀ ਨੂੰ ਵੇਖਿਆ ਹੁੰਦਾ, ਕਈਆਂ ਨੇ ਉਸ ਦੇ ਰੰਗ ਬਾਰੇ ਸੁਣ ਲਿਆ ਹੁੰਦਾ ਤੇ ਫਿਰ ਕੋਈ ਹੋਰ ਬਹਾਨਾ ਪਾ ਕੇ ਉਹਨਾਂ ਤੋਂ ਕੰਨੀ ਛੁਡਾ ਜਾਂਦੇ।

ਹੁਣ ਤੇ ਉਹ ਕਿਧਰੇ ਗੱਲ ਟੋਰਦੇ ਵੀ ਡਰਨ ਲਗ ਪਏ ਸਨ, ਕਿਉਂਕਿ ਗੱਲ ਕਦੀ ਟੁਰਦੀ ਹੀ ਨਹੀਂ ਸੀ। ਵਿੰਕੀ ਦੀ ਮਾਂ ਪਹਿਲੇ ਵੇਲਿਆਂ ਨੂੰ ਯਾਦ ਕਰਦੀ ਜਦੋਂ ਉਹ ਆਪ ਕਾਲੇ ਰੰਗ ਦੀ ਹੁੰਦਿਆਂ ਹੋਇਆਂ ਵੀ ਸੋਹਣੇ ਥਾਂ ਵਿਆਹੀ ਗਈ ਸੀ। ‘‘ਅੱਜ ਕਲ੍ਹ ਦੇ ਮੁੰਡੇ ਕੀ ਨੇ-ਚੁਮਿਆਰ। ਬਸ ਚੰਮ ਪਰਖਦੇ ਨੇ।’’ ਉਹ ਮੁੰਡਿਆਂ ਦੀ ਰੰਗ ਵੇਖਣ ਦੀ ਚਾਹ ਬਾਰੇ ਆਖਦੀ, ਪਰ ਇਸ ਗੱਲ ਨਾਲ ਏਵੇਂ ਥੋੜ੍ਹਾ ਜਿਹਾ ਕਲੇਜਾ ਠੰਡਾ ਹੁੰਦਾ। ਕੋਈ ਇਸ ਕਟਾਖਸ਼ ਤੋਂ ਡਰ ਕੇ ਰੰਗ ਪਰਖਣਾ ਛਡ ਨਹੀਂ ਦਿੰਦਾ ਸੀ।
ਪਰ ਅਜ ਤੇ ਇਹ ਸਭ ਕੁਝ ਖ਼ਤਮ ਹੋ ਗਿਆ ਸੀ। ਕੁੜੀ ਮੰਗੀ ਗਈ ਸੀ।
ਪਹਿਲਾਂ ਮੁੰਡੇ ਦੇ ਪਿਓ ਨਾਲ ਗੱਲ ਹੋਈ ਸੀ। ਉਹ ਇਹ ਸੁਣ ਕੇ ਬੜਾ ਹੀ ਪ੍ਰਸੰਨ ਹੋਇਆ ਸੀ ਕਿ ਕੁੜੀ ਦਾ ਪਿਤਾ ਗਜ਼ਟਿਡ ਅਫ਼ਸਰ ਹੈ, ਸਾਰੀ ਉਮਰ ਸਕੂਲ ਵਿਚ ਪੜ੍ਹਾਣ ਪਿੱਛੋਂ ਵੀ ਉਹ ਗਜ਼ਟਿਡ ਅਫ਼ਸਰ ਨਹੀਂ ਬਣ ਸਕਿਆ ਸੀ। ਉਸ ਦਾ ਮੁੰਡਾ ਤਨਖ਼ਾਹ ਭਾਵੇਂ ਢਾਈ ਸੌ ਰੁਪਏ ਲੈਂਦਾ ਸੀ ਪਰ ਉਹ ਹੈ ਕੇਵਲ ਅਸਿਸਟੈਂਟ ਹੀ ਸੀ, ਅਫ਼ਸਰ ਨਹੀਂ ਸੇ। ਜੇ ਗਜ਼ਟਿਡ ਦੇ ਘਰ ਵਿਆਹਿਆ ਜਾਏ ਤਾਂ ਕੀ ਮਾੜਾ ਸੀ?

ਮੁੰਡੇ ਨੂੰ ਮਨਾਣਾ ਇੰਨਾ ਸੌਖਾ ਨਹੀਂ ਸੀ, ਭਾਵੇਂ ਉਸ ਦਾ ਆਪਣਾ ਰੰਗ ਵੀ ਕਾਲਾ ਸੀ ਤੇ ਸ਼ਕਲ ਕੁਝ ਇੰਨੀ ਸੋਹਣੀ ਨਹੀਂ ਸੀ, ਪਰ ਇਹ ਗੱਲ ਉਸ ਦੇ ਆਪਣੇ ਜਾਂ ਕਿਸੇ ਦੇ ਵਿਚਾਰ ਵਿਚ ਕਦੀ ਨਹੀਂ ਆਈ ਸੀ। ਕੁੜੀ ਤੇ ਉਹ ਇਸ ਤਰ੍ਹਾਂ ਦੀ ਚਾਹੁੰਦਾ ਸੀ, ਜਿਹੜੀ ਸ਼ਿਮਲੇ ਵਿਚ ਨਾਲ ਟੁਰਦੀ ਸੋਹਣੀ ਲਗੇ। ਸੌਹਰਾ ਵੀ ਉਹ ਅਫ਼ਸਰ ਹੀ ਚਾਹੁੰਦਾ ਸੀ। ਤੇ ਇਹ ਗੱਲ ਹੁਣ ਤਕ ਆਏ ਸਾਕਾਂ ਵਿਚੋਂ ਕਿਸੇ ਵਿਚ ਨਹੀਂ ਸੀ, ਇਸ ਲਈ ਉਹ ਵਿੰਕੀ ਵਾਲੇ ਸਾਕ ਨੂੰ ਸੁਟ ਨਹੀਂ ਪਾਣਾ ਚਾਹੁੰਦਾ ਸੀ। ਇਕ ਦਿਨ ਛੁੱਟੀ ਲੈ ਕੇ ਉਹ ਉਹਨਾਂ ਦੇ ਸ਼ਹਿਰ ਗਿਆ ਤੇ ਚੋਰੀ ਚੋਰੀ ਉਹਨਾਂ ਦੇ ਮਕਾਨ ਦਵਾਲੇ ਕਈ ਚੱਕਰ ਲਾਏ। ਉਸ ਨੇ ਉਹਨਾਂ ਦਾ ਘਰ ਵੇਖਿਆ, ਰਹਿਣੀ ਸਹਿਣੀ ਵੇਖੀ, ਬਣੀ ਫੱਬੀ, ਕਾਲਜ ਪੜ੍ਹੀ ਯੁਵਤੀ ਵਿੰਕੀ ਵੀ ਸੋਹਣੀ ਲਗਦੀ ਸੀ, ਤੇ ਫਿਰ ਆਪਣੇ ਘਰ ਆ ਕੇ ਉਸ ਨੇ ਹਾਂ ਕਰ ਦਿਤੀ।

ਇਸ ਸਾਕ ਕਰਾਣ ਵਿਚ ਮੇਰਾ ਵੀ ਕੁਝ ਹੱਥ ਸੀ। ਮੁੰਡੇ ਦਾ ਪਿਓ ਮੇਰਾ ਜਾਣੂ ਸੀ ਤੇ ਮੈਂ ਉਸ ਨੂੰ ਜਾ ਕੇ ਮਿਲਿਆ ਸਾਂ। ਉਸ ਨੇ ਆਪਣੇ ਸਾਰੇ ਸ਼ੰਕੇ ਮੇਰੇ ਕੋਲੋਂ ਹੀ ਨਵਿਰਤ ਕੀਤੇ ਸਨ। ਕੁੜੀ ਕਿੰਨੀ ਕੁ ਚਤੁਰ ਸੀ, ਇਮਤਿਹਾਨਾਂ ਵਿਚ ਕਿੰਨੇ ਕੁ ਨੰਬਰ ਲੈਂਦੀ ਸੀ? ਇਹੋ ਜਿਹੀਆਂ ਗੱਲਾਂ ਉਹ ਮੇਰੇ ਕੋਲੋਂ ਪੁੱਛਦਾ ਰਿਹਾ। ਸਕੂਲ ਮਾਸਟਰ ਹੋਣ ਕਰ ਕੇ ਉਹਨੂੰ ਕੁਝ ਇਸ ਤਰ੍ਹਾਂ ਦਾ ਮਾਣ ਸੀ ਕਿ ਬੁਧੀ ਨੂੰ ਉਹ ਛਟਾਂਕੀਆਂ ਤੋਲੇ ਪਾ ਕੇ ਤੋਲ ਸਕਦਾ ਹੈ। ਉਸ ਦਾ ਇਹ ਵਿਚਾਰ ਸੀ ਕਿ ਜਿੰਨੀ ਚਤੁਰ ਮਾਂ ਹੋਵੇ ਓਨੀ ਚਤੁਰ ਅਗੋਂ ਔਲਾਦ ਹੁੰਦੀ ਹੈ। ਵਿਆਹ ਕਿਸ ਤਰ੍ਹਾਂ ਦਾ ਹੋਵੇਗਾ? ਅੱਜ ਕੱਲ੍ਹ ਬਹੁਤ ਬੋਦੇ ਵਿਆਹਾਂ ਦਾ ਰਵਾਜ ਚਲ ਪਿਆ ਸੀ। ਇਹ ਉਸ ਨੂੰ ਪਸੰਦ ਨਹੀਂ ਸੀ, ਕੁੜੀ ਦੇ ਹੋਰ ਭੈਣ ਭਰਾ ਕਿਥੇ ਵਿਆਹੇ ਹੋਏ ਨੇ? ਉਹਨਾਂ ਦੇ ਕਿੰਨੇ ਕਿੰਨੇ ਤੇ ਕੀ ਕੀ ਬੱਚੇ ਹੈਨ? ਇਹਨਾਂ ਸਾਰੀਆਂ ਗੱਲਾਂ ਬਾਰੇ ਮੈਂ ਉਸ ਦੀ ਤਸੱਲੀ ਕਰਾ ਦਿਤੀ ਸੀ।
‘‘ਇਹ ਸਾਰਾ ਕੰਮ ਤੇ ਤੁਸਾਂ ਸਿਰੇ ਚਾੜ੍ਹਿਆ ਏ। ਅਸੀਂ ਤੇ ਕਿੰਨੇ ਚਿਰ ਦੇ ਲਗੇ ਹੀ ਹੋਏ ਸਾਂ, ਕੁਝ ਵੀ ਨਹੀਂ ਸੀ ਬਣਦਾ।’’ ਮੇਰੇ ਮਿੱਤਰ ਦੀ ਸੂਝਵਾਨ ਪਤਨੀ ਨੇ ਆਪਣਾ ਕਰਜ਼ਾ ਲਾਹਿਆ।
‘‘ਧੀ ਪੁੱਤਰ ਦੇ ਆਪਣੇ ਸੰਜੋਗ ਹੁੰਦੇ ਨੇ ਭਾਬੀ ਜੀ, ਇਹਦੇ ਵਿਚ ਕਰਨਾ ਕਰਾਣਾ ਕੀ ਏ ਕਿਸੇ ਨੇ।’’ ਮੈਂ ਆਪਣਾ ਹਿੱਸਾ ਘਟਾਂਦਿਆਂ ਹੋਇਆਂ ਕਿਹਾ। ਉਂਜ ਮੈਂ ਬੜਾ ਖ਼ੁਸ਼ ਸਾਂ ਕਿ ਮੈਂ ਉਹਨਾਂ ਦੋਹਾਂ ਦੇ ਫ਼ਿਕਰਾਂ ਨੂੰ ਮੁਕਾ ਦੇਣ ਵਿਚ ਸਹਾਈ ਹੋਇਆ ਸਾਂ।

ਇਸ ਸਾਰੇ ਚਾਅ ਰੌਲੇ ਵਿਚ ਪਤਾ ਨਹੀਂ ਹੋਰ ਕਿਸੇ ਦਾ ਧਿਆਨ ਵਿੰਕੀ ਵਲ ਗਿਆ ਕਿ ਨਹੀਂ ਪਰ ਮੈਨੂੰ ਉਹ ਖ਼ੁਸ਼ ਨਹੀਂ ਦਿਸਦੀ ਸੀ। ਆਮ ਜੁਆਨ ਕੁੜੀਆਂ ਮਾਪਿਆਂ ਦੇ ਘਰੀਂ ਡਾਢੀਆਂ ਅੱਕੀਆਂ ਪਈਆਂ ਹੁੰਦੀਆਂ ਨੇ ਤੇ ਵਿਆਹ ਦੀਆਂ ਸੋਆਂ ਤੇ ਬੜੀਆਂ ਖ਼ੁਸ਼ ਹੁੰਦੀਆਂ ਨੇ, ਪਰ ਵਿੰਕੀ ਨੂੰ ਕੋਈ ਚਾਅ ਨਹੀਂ ਸੀ।
‘‘ਨੀ ਕੁੜੀਏ ਪਸੰਦ ਏ ਇਹ ਸਿਲਸਿਲਾ ਤੈਨੂੰ ਕਿ ਨਹੀਂ?’’ ਮੈਂ ਉਸ ਨੂੰ ਰਵਾਜੀ ਜਿਹੀ ਪੁੱਛਿਆ। ਮੈਂ ਉਸ ਤੋਂ ਕਿਸੇ ਜਵਾਬ ਦੀ ਉਮੀਦ ਨਹੀਂ ਕਰਦਾ ਸਾਂ। ਅਸਲ ਵਿਚ ਮੈਂ ਉਸ ਦੇ ਭਾਵਾਂ ਨੂੰ ਇਸ ਸਵਾਲ ਨਾਲ ਛੇੜ ਕੇ ਉਸ ਦੇ ਮੂਡ ਤੋਂ ਇਸ ਦਾ ਪ੍ਰਤੀਕਰਮ ਪੜ੍ਹਨਾ ਚਾਹੁੰਦਾ ਸਾਂ। ਮੈਨੂੰ ਕੁਝ ਡਰ ਜਿਹਾ ਲਗਾ ਜਦੋਂ ਮੈਂ ਵੇਖਿਆ ਕਿ ਉਸ ਦੇ ਮੂੰਹ ਤੇ ਕੋਈ ਲਿਸ਼ਕ ਨਹੀਂ ਆਈ ਸੀ।
‘‘ਮੈਂ ਨਹੀਂ ਵਿਆਹ ਕਰਾਉਣਾ।’’ ਉਸ ਨੇ ਠੰਡਾ ਜਿਹਾ ਪਰ ਦ੍ਰਿੜ੍ਹ ਜਵਾਬ ਦਿਤਾ। ਮੇਰੀ ਘਬਰਾਹਟ ਹੋਰ ਵੀ ਵਧ ਗਈ। ਪਰ ਇਹ ਸੋਚ ਕੇ ਮੈਂ ਗੱਲ ਠੱਪ ਦਿਤੀ ਕਿ ਹੋਰ ਭਲਾ ਕੀ ਕਹਿੰਦੀ ਹੈ।

ਉਸ ਦੇ ਪਿਤਾ ਜੀ ਉਮਰ ਵਿਚ ਭਾਵੇਂ ਮੈਥੋਂ ਕੁਝ ਵਡੇ ਸਨ ਪਰ ਮੇਰੇ ਬੜੇ ਗੂੜ੍ਹੇ ਮਿੱਤਰ ਹਨ। ਮੇਰਾ ਉਹਨਾਂ ਦੇ ਘਰ ਰੋਜ਼ ਦਾ ਆਉਣ ਜਾਣ ਸੀ। ਬੜੀ ਵੇਰ ਵਿਆਹ ਦੀ ਗੱਲ ਵੀ ਹੋਈ। ਅਜੇ ਤਰੀਕ ਮਿਥੀ ਜਾਣੀ ਸੀ ਤੇ ਇਹ ਕੰਮ ਵੀ ਮੇਰੇ ਜ਼ੁੰਮੇ ਹੀ ਲਗਾ। ਪਹਿਲਾਂ ਅਸਾਂ ਅੱਸੂ ਕੱਤੇ ਦਾ ਕੋਈ ਦਿਨ ਕਿਹਾ। ਇਹ ਉਹਨਾਂ ਨੂੰ ਮਨਜ਼ੂਰ ਨਹੀਂ ਸੀ। ਮੁੰਡੇ ਦੀ ਭੂਆ ਦੇ ਲੜਕੇ ਸ਼ਿਮਲੇ ਅੰਗਰੇਜ਼ੀ ਸਕੂਲ ਵਿਚ ਪੜ੍ਹਦੇ ਸਨ। ਇਸ ਲਈ ਮੁੰਡੇ ਚਾਹੁੰਦੇ ਸਨ ਕਿ ਵਿਆਹ ਪੋਹ ਮਾਘ ਦਾ, ਜਦੋਂ ਉਹਨਾਂ ਨੂੰ ਛੁੱਟੀਆਂ ਹੋਣੀਆਂ ਸਨ, ਰਖਿਆ ਜਾਵੇ। ਉਹੋ ਜਿਹੀ ਰੁੱਤ ਵਿਚ ਸਾਡੇ ਲਈ ਜੰਞ ਦਾ ਇੰਤਜ਼ਾਮ ਕਰਨਾ ਔਖਾ ਸੀ। ਇਸ ਤਰ੍ਹਾਂ ਅਗਾਂਹ ਪੈਂਦਾ ਪੈਂਦਾ ਵਿਆਹ ਵਿਸਾਖ ਤੇ ਜਾ ਪਿਆ ਤੇ ਇਹ ਮਹੀਨਾ ਪੱਕਾ ਹੋ ਗਿਆ।

ਵਿਆਹ ਪੱਕਾ ਹੋਣ ਤੇ ਨੇੜੇ ਆਉਣ ਨਾਲ ਵਿੰਕੀ ਦਾ ਰਵੱਈਆ ਵਧੇਰੇ ਨਿੱਖਰ ਆਇਆ। ਪਹਿਲੇ ਜਿਥੇ ਉਹ ਸਾਡੇ ਕੀਤੇ ਹੋਏ ਇਸ ਵਿਆਹ ਵਲੋਂ ਅਨਗਹਿਲ ਜਿਹੀ ਸੀ, ਹੁਣ ਉਹ ਇਸ ਤੋਂ ਡਰਨ ਲਗ ਪਈ ਸੀ। ਵਿਆਹ ਦੀ ਗੱਲ ਹਰ ਦੂਜੇ ਚੌਥੇ ਹੁੰਦੀ ਰਹਿੰਦੀ। ਕੁੜੀਆਂ ਹੀ ਉਸ ਨੂੰ ਛੇੜਨ ਲਈ ਗੱਲ ਛੋਹ ਬਹਿੰਦੀਆਂ। ਪਰ ਜਦੋਂ ਵੀ ਇਹ ਗੱਲ ਆਉਂਦੀ ਉਹ ਘਬਰਾ ਜਾਂਦੀ। ਉਸ ਦੀਆਂ ਅੱਖਾਂ ਅੱਡੀਆਂ ਜਾਂਦੀਆਂ ਤੇ ਉਹ ਸੋਚਾਂ ਵਿਚ ਪੈ ਜਾਂਦੀ। ਲੋਕਾਂ ਦੀਆਂ ਗੱਲਾਂ ਵਿਚ ਘਿਰੀ ਹੋਈ ਉਹ ਆਪਣੇ ਆਪ ਨੂੰ ਬੇ-ਆਸਰਾ ਸਮਝਦੀ। ਬਹੁਤੀ ਵੇਰ ਵਿਆਹ ਦੀ ਗੱਲ ਛਿੜਨ ਤੇ ਉਹ ਗੁਟਕਾ ਲੈ ਕੇ ਪਾਠ ਕਰਨ ਲਗ ਜਾਂਦੀ ਤੇ ਕਿੰਨਾ ਕਿੰਨਾ ਚਿਰ ਬੈਠੀ ਪਾਠ ਕਰਦੀ ਰਹਿੰਦੀ। ਹੌਲੀ ਹੌਲੀ ਉਸ ਨੂੰ ਅਨੁਭਵ ਹੋਇਆ ਕਿ ਇਸ ਤਰ੍ਹਾਂ ਬਿੱਲੀ ਨੂੰ ਵੇਖ ਕੇ ਅੱਖਾਂ ਮੀਟਿਆਂ ਕਬੂਤਰ ਦਾ ਛੁਟਕਾਰਾ ਨਹੀਂ। ਇਸ ਦਾ ਕੁਝ ਉਪਰਾਲਾ ਕਰਨਾ ਚਾਹੀਦਾ ਹੈ। ਇਸ ਉਪਰਾਲੇ ਲਈ ਵੀ ਉਸ ਮੈਨੂੰ ਹੀ ਚੁਣਿਆ।

ਇਕ ਦਿਨ ਮੈਨੂੰ ਆਪਣੇ ਕੋਲ ਇਕੱਲਿਆਂ ਬੈਠਾ ਵੇਖ ਕੇ ਉਸ ਮੈਨੂੰ ਕਾਬੂ ਕਰ ਲਿਆ।
‘‘ਚਾਚਾ ਜੀ! ਤੁਸਾਂ ਮੇਰਾ ਵਿਆਹ ਏਡੀ ਛੇਤੀ ਕਿਉਂ ਰਖ ਦਿਤਾ?’’
‘‘ਛੇਤੀ ਹੀ ਰਖਣਾ ਸੀ ਪੁੱਤਰ ਉਹ ਮੰਗਦੇ ਜੂ ਛੇਤੀ ਸਨ।’’
‘‘ਤੁਸੀਂ ਉਹਨਾਂ ਨੂੰ ਕਹਿਣਾ ਸੀ ਕਿ ਉਸ ਵਿਆਹ ਨਹੀਂ ਕਰਾਣਾ।’’
ਇਹ ਗੱਲ ਮੇਰੇ ’ਤੇ ਕੋਠੇ ਤੋਂ ਘੜਾ ਡਿਗਣ ਵਾਂਗ ਪਈ। ਇਸ ਵੇਲੇ ਉਸ ਨੂੰ ਕਿਸੇ ਵਿਖਾਲੇ ਜਾਂ ਝੂਠੀ ਸ਼ਰਮ ਦੀ ਲੋੜ ਨਹੀਂ ਸੀ। ਉਹ ਦਿਲੋਂ ਬੋਲ ਰਹੀ ਸੀ।
‘‘ਫਿਰ ਮੰਗਣੀ ਕਿਉਂ ਕਰਾਈ?’’ ਮੈਨੂੰ ਮੁੰਡੇ ਦੇ ਘਰ ਵਾਲਿਆਂ ਨਾਲ ਕੀਤੇ ਆਪਣੇ ਬਚਨਾਂ ਦਾ ਵੀ ਖ਼ਿਆਲ ਸੀ।
‘‘ਮੰਗਣੀ ਵੀ ਤੇ ਤੁਸੀਂ ਹੀ ਕੀਤੀ ਸੀ, ਮੈਂ ਕਦੋਂ ਕਿਹਾ ਸੀ?’’
‘‘ਅੱਛਾ ਇਹ ਦੱਸ ਕਿ ਵਿਆਹ ਉੱਕਾ ਹੀ ਨਹੀਂ ਕਰਾਣਾ, ਜਾਂ ਏਥੇ ਨਹੀਂ ਕਰਾਣਾ?’’ ਹੁਣ ਜਦੋਂ ਇਹ ਨੜਾ ਉਧੜਨ ਹੀ ਲਗਾ ਸੀ ਤਾਂ ਮੈਂ ਸੋਚਿਆ, ਚਲੋ ਸਾਰਾ ਹੀ ਉਧੜ ਲਵੇ। ਸਾਰੀ ਗੱਲ ਦਾ ਪਤਾ ਲਗੇ ਤਾਂ ਅਗੋਂ ਠੀਕ ਚਲ ਸਕੀਏ।
‘‘ਵਿਆਹ ਤੇ ਕਰਾਣਾ ਏਂ ਪਰ ਏਥੇ ਨਹੀਂ ਕਰਾਣਾ।’’
‘‘ਇਹੋ ਜਿਹਾ ਸਾਕ ਨਹੀਂ ਲੱਭਣਾ ਫਿਰ।’’ ਉਹਨੂੰ ਤੇ ਮੈਨੂੰ ਦੋਹਾਂ ਨੂੰ ਪੇਸ਼ ਆਈਆਂ ਔਕੜਾਂ ਦਾ ਪਤਾ ਸੀ।
‘‘ਲਭੇ ਨਾ ਲਭੇ, ਤੁਸੀਂ ਏਥੋਂ ਖਲਾਸੀ ਕਰਾ ਦਿਓ।’’
ਇਹ ਗੱਲ ਉਸ ਨੇ ਕੁਝ ਇਸ ਤਰ੍ਹਾਂ ਦੇ ਤਰਲੇ ਨਾਲ ਕਹੀ ਕਿ ਮੈਨੂੰ ਉਸ ਦੇ ਨਾਲ ਹੋਣਾ ਹੀ ਪਿਆ।
‘‘ਏਥੋਂ ਖਲਾਸੀ ਕਰਾ ਕੇ ਤੂੰ ਕਿਥੇ ਵਿਆਹ ਕਰਾਣਾ ਏਂ। ਜੇ ਚੰਗੀ ਥਾਂ ਹੋਵੇ ਤਾਂ ਹੀ ਮੈਂ ਤੇਰੇ ਨਾਲ ਹੋ ਸਕਨਾ ਵਾਂ ਨਾ!’’

ਭਾਵੇਂ ਵਿੰਕੀ ਨੇ ਅੱਜ ਗੱਲ ਇਕ ਪਾਸੇ ਲਾਣ ਦਾ ਫ਼ੈਸਲਾ ਕੀਤਾ ਹੋਇਆ ਸੀ, ਇਸ ਸਵਾਲ ਦਾ ਜਵਾਬ ਦੇਣਾ ਉਸ ਦੇ ਲਈ ਵੀ ਕੁਝ ਔਖਾ ਸੀ। ਉਹ ਚੁੱਪ ਹੋ ਗਈ ਪਰ ਉਸ ਦੀਆਂ ਅੱਖਾਂ ਤੋਂ ਇਹ ਜਾਪਦਾ ਸੀ ਕਿ ਉਸ ਦੇ ਢਿਡ ਵਿਚ ਅਜੇ ਕਰਨ ਲਈ ਹੋਰ ਗੱਲਾਂ ਹੈਨ। ਝਟ ਕੁ ਪਿਛੋਂ ਉਹ ਉਠੀ ਤੇ ਅੰਦਰੋਂ ਟੈਲੀਫ਼ੋਨ ਦੀ ਡਾਇਰੈਕਟਰੀ ਫੜ ਲਿਆਈ। ਸ਼ਹਿਰ ਦੇ ਇਕ ਵਕੀਲ ਦਾ ਟੈਲੀਫ਼ੋਨ ਨੰਬਰ ਕੱਢ ਕੇ ਉਸ ਉਂਗਲੀ ਚੁਕੀ ਤਾਂ ਮੈਂ ਸਮਝ ਗਿਆ। ਉਸ ਵਕੀਲ ਦਾ ਇਕ ਮੁੰਡਾ ਸਦੀਪ ਇੰਜੀਨੀਅਰਿੰਗ ਕਾਲਜ ਵਿਚ ਪੜ੍ਹਦਾ ਸੀ।

‘‘ਇਹ ਮੁੰਡਾ ਤਿਆਰ ਏ ਤੇਰੇ ਨਾਲ ਵਿਆਹ ਕਰਾਣ ਨੂੰ?’’
ਉਸ ਬਿਨਾ ਮੂੰਹੋਂ ਬੋਲੇ ਮਾਣ ਨਾਲ ਹਾਂ ਵਿਚ ਸਿਰ ਹਿਲਾਇਆ।
‘‘ਤੇ ਵਕੀਲ ਸਾਹਿਬ ਨੂੰ ਪਤਾ ਏ ਇਸ ਗੱਲ ਦਾ?’’
ਆਖ਼ਿਰ ਮੁੰਡੇ ਦੇ ਵਿਆਹ ਲਈ ਮੁੰਡੇ ਦੇ ਪਿਓ ਦੀ ਮਨਜ਼ੂਰੀ ਵੀ ਤੇ ਚਾਹੀਦੀ ਸੀ ਨਾ।
‘‘ਪਤਾ ਨਹੀਂ ਪਾਪਾ ਜੀ ਨੂੰ ਪਤਾ ਏ ਕਿ ਨਹੀਂ। ਮੈਨੂੰ ਜਿਥੇ ਮਿਲਦੇ ਨੇ ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਕਹਿ ਦੇਨੀ ਆਂ।’’

ਉਹ ਮੁੰਡਾ ਆਪਣੇ ਪਿਤਾ ਨੂੰ ਪਾਪਾ ਜੀ ਕਹਿੰਦਾ ਸੀ ਤੇ ਇਸ ਤਰ੍ਹਾਂ ਵਿੰਕੀ ਦਾ ਵੀ ਉਹ ਪਾਪਾ ਜੀ ਹੀ ਲਗਣ ਲੱਗ ਪਿਆ ਸੀ। ਉਹ ਤੇ ਬਿਲਕੁਲ ਓਥੇ ਆਪਣਾ ਘਰ ਬਣਾਈ ਬੈਠੀ ਸੀ। ਮੈਂ ਮੰਨ ਗਿਆ ਕਿ ਉਹਨੂੰ ਓਥੋਂ ਪੁਟਣਾ ਬੜਾ ਜ਼ੁਲਮ ਹੋਵੇਗਾ।

ਪਰ ਕੇਵਲ ਮੇਰੇ ਮੰਨਣ ਨਾਲ ਇਹ ਗੱਲ ਸਿਰੇ ਨਹੀਂ ਚੜ੍ਹ ਜਾਂਦੀ ਸੀ, ਜੇ ਉਹ ਮੁੰਡਾ ਵਿਆਹ ਕਰਾਣ ਨੂੰ ਤਿਆਰ ਵੀ ਸੀ ਤਾਂ ਵੀ ਅਜੇ ਵਿੰਕੀ ਦੇ ਪਿਤਾ ਜੀ ਤੇ ਵਕੀਲ ਸਾਹਿਬ ਵਿਚਕਾਰ ਸਨ। ਇਸ ਲਈ ਬਹੁਤੀ ਆਸ ਦਵਾਣ ਨਾਲੋਂ ਮੈਂ ਘਟ ਆਸ ਦਵਾਣੀ ਚੰਗੀ ਸਮਝੀ।
‘‘ਇਹ ਤੁਹਾਡਾ ਕੰਮ ਮੁਸ਼ਕਲ ਹੀ ਬਣੇਗਾ।’’
‘‘ਮੁਸ਼ਕਲ ਬਣੇਗਾ?’’ ਵਿੰਕੀ ਨੇ ਭਰੇ ਹੋਏ ਗਲੇ ਵਿਚੋਂ ਇਹ ਦੋ ਸ਼ਬਦ ਪੂਰੇ ਕੀਤੇ। ਉਹ ਸਾਰਾ ਜ਼ੋਰ ਲਾ ਕੇ ਰੋਣਾ ਡੱਕ ਰਹੀ ਸੀ।
‘‘ਹਾਂ!’’ ਸਿੱਧੀਆਂ ਗੱਲਾਂ ਦਾ ਜਵਾਬ ਮੈਂ ਸਿੱਧਾ ਹੀ ਦੇਣਾ ਚਾਹੁੰਦਾ ਸਾਂ।

ਦੋ ਤਿੰਨ ਵਾਰ ਉਸ ਦੇ ਬੁੱਲ੍ਹ ਤੇ ਨਾਸਾਂ ਕੰਬੀਆਂ। ਫਿਰ ਦੋ ਕੁ ਹਜੋਕੇ ਉਸ ਦੀ ਛਾਤੀ ਨੇ ਖਾਧੇ ਤੇ ਫਿਰ ਉਸ ਦਾ ਸਾਰਾ ਸਰੀਰ ਕੰਬਣ ਲਗ ਪਿਆ। ਉਹ ਬੇਵਸ ਮੰਜੀ ਤੇ ਲੇਟ ਗਈ ਤੇ ਵਡੇ ਵਡੇ ਹੌਕੇ ਭਰਨ ਲਗ ਪਈ।
ਕੁਝ ਚਿਰ ਮਗਰੋਂ ਅਸੀਂ ਉਸ ਮੁੰਡੇ ਦੀਆਂ ਗੱਲਾਂ ਕਰ ਰਹੇ ਸਾਂ। ਉਸ ਨੂੰ ਚੁੱਪ ਕਰਾਣ ਦਾ ਇਹੋ ਇਕ ਤਰੀਕਾ ਸੀ।

‘‘ਬਈ ਕਮਾਲ ਦੀ ਗੱਲ ਏ, ਚਾਚਾ ਜੀ!’’ ਉਹ ਕਹਿ ਰਹੀ ਸੀ, ‘‘ਸਾਨੂੰ ਇਕ ਦੂਜੇ ਨੂੰ ਮਿਲਣਾ ਜ਼ਰਾ ਔਖਾ ਨਹੀਂ, ਜਦੋਂ ਮੈਂ ਘਰੋਂ ਉਸ ਨੂੰ ਮਿਲਣ ਦਾ ਖ਼ਿਆਲ ਕਰ ਕੇ ਟੁਰਾਂ ਤਾ ਉਹ ਜ਼ਰੂਰ ਮਿਲ ਪੈਂਦਾ ਏ। ਭਾਵੇਂ ਐਥੇ ਹੀ ਸੜਕ ਤੇ ਮਿਲ ਪਵੇ, ਭਾਵੇਂ ਅਗਲੇ ਚੌਂਕ ਵਿਚ ਜਾਂ ਫਿਰ ਬਾਗ਼ ਦੇ ਨੇੜੇ। ਚਿੱਠੀ ਨਾ ਲਿਖੀ ਹੋਵੇ, ਸੁਨੇਹਾ ਨਾ ਘਲਿਆ ਹੋਵੇ, ਵਕਤ ਨਾ ਮਿਥਿਆ ਹੋਵੇ, ਉਹ ਜ਼ਰੂਰ ਮਿਲ ਪੈਂਦਾ ਏ। ਬਸ, ਮਿਲਣ ਦਾ ਖ਼ਿਆਲ ਹੋਵੇ ਸਹੀ, ਤੇ ਜੇ ਨਾ ਖ਼ਿਆਲ ਹੋਵੇ ਤਾਂ ਫਿਰ ਕਦੀ ਨਹੀਂ ਮਿਲਦਾ। ਜਦੋਂ ਮਿਲੀਏ ਤਾਂ ਬਹੁਤੀ ਵੇਰ ਤੇ ਅਸੀਂ ਚੁੱਪ ਕਰ ਕੇ ਆਪਣੇ ਰਾਹ ਲੰਘ ਜਾਂਦੇ ਹਾਂ। ਕੋਈ ਗੱਲ ਨਹੀਂ ਕਰਦੇ – ਗੱਲਾਂ ਤੇ ਟੈਲੀਫ਼ੋਨ ਤੇ ਬਥੇਰੀਆਂ ਕਰ ਲਈਦੀਆਂ ਨੇ। ਬੱਸ ਨੰਬਰ ਘੁਮਾਓ ; ਜੇ ਉਹ ਇਕੱਲਾ ਹੋਵੇ ਤਾਂ ਕਹੇਗਾ ਮੈਂ ਸੁਦੀਪ ਬੋਲਦਾ ਵਾਂ, ਜੇ ਕੋਲ ਕੋਈ ਹੋਵੇ ਤਾਂ ਫਿਰ ਕਹੇਗਾ ਮੈਂ ਸਿਧੂ ਬੋਲਦਾ ਵਾਂ। ਜੇ ਕੋਈ ਹੋਰ ਬੋਲੇ ਤਾਂ ਮੈਂ ਟੈਲੀਫ਼ੋਨ ਹੀ ਬੰਦ ਕਰ ਦਿੰਦੀ ਹਾਂ।’’
ਉਸ ਨੂੰ ਇਸ ਤਰ੍ਹਾਂ ਰੀਲ ਵਾਂਗ ਉਧੜਦੀ ਵੇਖ ਕੇ ਮੈਨੂੰ ਵਿਸ਼ਵਾਸ ਹੋ ਗਿਆ ਕਿ ਉਸ ਲਈ ਹੋਰ ਕਿਧਰੇ ਦਿਲ ਜਮਾਣਾ ਸੰਭਵ ਨਹੀਂ ਹੋਵੇਗਾ। ਇਸ ਪਿਆਰ ਦਾ ਰੰਗ ਉਸ ਉਤੇ ਬਹੁਤ ਹੀ ਗੂਹੜਾ ਸੀ।

ਆਖ਼ਰ ਮੈਂ ਉਸ ਦੇ ਪਿਤਾ ਨਾਲ ਗੱਲ ਕੀਤੀ। ਉਹ ਬੜੇ ਖੁਲ੍ਹੇ ਦਿਲ ਦੇ ਆਦਮੀ ਸਨ। ਮੇਰੀ ਉਮੀਦ ਤੋਂ ਉਲਟ ਉਨ੍ਹਾਂ ਨਾ ਤੇ ਇਸ ਗੱਲ ਦਾ ਬੁਰਾ ਮਣਾਇਆ ਤੇ ਨਾ ਹੀ ਇਸ ਨੂੰ ਇੱਜ਼ਤ ਦਾ ਸਵਾਲ ਬਣਾਇਆ। ਉਨ੍ਹਾਂ ਏਨਾ ਹੀ ਕਿਹਾ ਕਿ ਇਕ ਪਾਸਿਓਂ ਗੱਲ ਪੱਕੀ ਹੋਏ ਬਿਨਾਂ ਦੂਜੇ ਪਾਸਿਉਂ ਤੋੜਨੀ ਸਿਆਣਪ ਨਹੀਂ ਹੋਵੇਗੀ। ਕਿੰਨੀ ਮੁਸ਼ਕਲ ਨਾਲ ਅਗੇ ਸਾਕ ਲੱਭਾ ਹੈ। ਕੁੜੀਆਂ ਲਈ ਸਾਕ ਕਿਧਰੇ ਰੜੇ ਤੇ ਨਹੀਂ ਪਏ ਹੋਏ। ਪਹਿਲਾਂ ਇਧਰੋਂ ਗੱਲ ਪੱਕੀ ਕਰਨ ਦਾ ਕੋਈ ਸਿਲਸਿਲਾ ਬਣਾਓ। ਇਹ ਪੱਕ ਵੀ ਵਿਸਾਖ ਤੋਂ ਪਹਿਲਾਂ ਹੀ ਹੋ ਜਾਏ ਤਾਂ ਈ, ਕਿਉਂਕਿ ਵਿਸਾਖ ਨੂੰ ਤੇ ਵਿਆਹ ਰਖਿਆ ਹੋਇਆ ਏ। ਜੇ ਓਦੋਂ ਤਕ ਕੁਝ ਨਾ ਬਣਿਆ ਤਾਂ ਉਥੇ ਹੀ ਵਿਆਹ ਕਰਨਾ ਪਵੇਗਾ।

ਇਹ ਗੱਲਾਂ ਮੈਂ ਵਿੰਕੀ ਨੂੰ ਕਹੀਆਂ। ਮੁੰਡਾ ਤੇ ਵਿੰਕੀ ਨਾਲ ਵਿਆਹ ਕਰਾਣ ਨੂੰ ਬਹੁਤ ਕਾਹਲਾ ਸੀ ਪਰ ਉਸ ਦੇ ਘਰ ਵਾਲਿਆਂ ਤੀਕਰ ਅਜੇ ਇਹ ਗੱਲ ਨਹੀਂ ਅਪੜੀ ਸੀ। ਪਿਤਾ ਦੀ ਮਰਜ਼ੀ ਤੋਂ ਬਿਨਾਂ ਮੰਗਣੀ ਦੇ ਕੀ ਅਰਥ? ਤੇ ਅਜੇ ਪੜ੍ਹਦੇ ਤੇ ਘਰੋਂ ਪੈਸੇ ਲੈਂਦੇ ਹੋਣ ਕਰਕੇ ਸੁਦੀਪ ਆਪਣੇ ਪਿਤਾ ਨਾਲ ਇਹ ਗੱਲ ਵੀ ਨਹੀਂ ਕਰ ਸਕਦਾ ਸੀ, ਇਸ ਤਰ੍ਹਾਂ ਫਸਿਆ ਹੋਇਆ ਮਹਿਸੂਸ ਕਰ ਕੇ ਹੀ ਉਸ ਨੇ ਵਿੰਕੀ ਨੂੰ ਕਿਹਾ ਸੀ ਕਿ ਤੂੰ ਆਪਣੇ ਘਰ ਵਾਲਿਆਂ ਨਾਲ ਗੱਲ ਕਰ ਦੇ।

ਵਿੰਕੀ ਨੇ ਹੁਣ ਮੇਰੇ ਨਾਲ ਗੱਲ ਕਰ ਵੀ ਦਿਤੀ ਸੀ ਪਰ ਇਸ ਨਾਲ ਗੱਲ ਕੁਝ ਅਗਾਂਹ ਨਹੀਂ ਟੁਰੀ ਸੀ। ਮੰਗ ਤੇ ਮੁੰਡੇ ਵਾਲਿਆਂ ਵਲੋਂ ਹੋਣੀ ਚਾਹੀਦੀ ਸੀ, ਇਸ ਲਈ ਮੈਂ ਵਿੰਕੀ ਨੂੰ ਕਿਹਾ ਕਿ ਉਹ ਸੁਦੀਪ ਨੂੰ ਆਪਣੇ ਵਲੋਂ ਗੱਲ ਟੋਰਨ ਲਈ ਪੱਕੀ ਕਰੇ, ਪਰ ਹੋਇਆ ਕੁਝ ਵੀ ਨਾ।

ਹੁਣ ਫੱਗਣ ਦਾ ਮਹੀਨਾ ਚੜ੍ਹ ਪਿਆ ਸੀ। ਵਿੰਕੀ ਦੇ ਵਿਆਹ ਦੀ ਗੱਲ ਘਰ ਵਿਚ ਆਮ ਸੀ ਤੇ ਇਸ ਤੇ ਟੱਬਰ ਵਿਚ ਖੁਲ੍ਹੀ ਵਿਚਾਰ ਹੋ ਸਕਦੀ ਸੀ। ਵਿਆਹ ਦੀ ਤਿਆਰੀ ਲਈ ਥੋੜੇ ਹੀ ਦਿਨ ਰਹਿ ਗਏ ਸਨ। ਇਸ ਲਈ ਇਹ ਜ਼ਰੂਰੀ ਸੀ ਕਿ ਕਿਸੇ ਪਾਸੇ ਫ਼ੈਸਲਾ ਹੋ ਜਾਏ। ਜਦੋਂ ਮੈਂ ਉਨ੍ਹਾਂ ਦੇ ਘਰ ਜਾਂਦਾ ਇਹ ਗੱਲ ਟੁਰ ਪੈਂਦੀ। ਵਿੰਕੀ ਨੂੰ ਸਦਾ ਮੈਨੂੰ ਵੇਖ ਕੇ ਬੜਾ ਚਾਅ ਚੜ੍ਹਦਾ। ਉਹ ਮੈਨੂੰ ਬਾਹਰਲੀ ਦੁਨੀਆਂ ਲਈ ਆਪਣਾ ਇਕ ਵਫ਼ਾਦਾਰ ਰਾਜਦੂਤ ਸਮਝਦੀ ਸੀ।

ਅੱਜ ਉਸ ਨੇ ਵੱਡੇ ਵੱਡੇ ਫੁੱਲਾਂ ਵਾਲੀ ਕਮੀਜ਼ ਪਾਈ ਹੋਈ ਸੀ ਤੇ ਪਹਿਲੇ ਨਾਲੋਂ ਬਹੁਤ ਧਿਆਨ ਖਿਚ ਰਹੀ ਸੀ। ਇਸ ਤਰ੍ਹਾਂ ਲਗਦਾ ਸੀ ਜਿਵੇਂ ਆਲੇ ਦੁਆਲੇ ਦੀ ਸੁੰਦਰਤਾ ਇਕੱਠੀ ਹੋ ਕੇ ਉਸ ਵਿਚੋਂ ਪ੍ਰਕਾਸ਼ਮਾਨ ਹੋ ਰਹੀ ਹੋਵੇ, ਜਿਸ ਤਰ੍ਹਾਂ ਨੇੜੇ ਦਾ ਪਾਣੀ ਇਕੱਠਾ ਹੋ ਕੇ ਧਰਤੀ ਵਿਚੋਂ ਚਸ਼ਮਾ ਬਣ ਕੇ ਫੁਟ ਨਿਕਲਦਾ ਹੈ। ਅਸੀਂ ਸਾਰੇ ਇਕੱਠੇ ਹੋ ਕੇ ਬੈਠ ਗਏ ਤੇ ਵਿੰਕੀ ਦੀ ਗੁੰਝਲ ਖੋਲ੍ਹਣ ਦਾ ਰਾਹ ਲੱਭਣ ਲਗੇ। ਰਾਹ ਸਾਰਿਆਂ ਨੂੰ ਇਕੋ ਹੀ ਸੁਝਦਾ ਸੀ ਕਿ ਸੁਦੀਪ ਦੇ ਘਰ ਵਾਲੇ ਸਾਥੋਂ ਆ ਕੇ ਵਿੰਕੀ ਦਾ ਸਾਕ ਮੰਗਣ। ਆਖ਼ਰ ਜੇ ਮੁੰਡੇ ਦਾ ਪਿਤਾ ਅੱਜ ਨਹੀਂ ਮੰਨਦਾ ਸੀ ਤਾਂ ਕਲ ਦਾ ਵੀ ਕੀ ਪਤਾ ਸੀ, ਜਦੋਂ ਅਸੀਂ ਨਾ ਇਧਰ ਜੋਗੇ ਰਹੀਏ ਨਾ ਓਧਰ ਜੋਗੇ।

ਮੈਨੂੰ ਇਕ ਕਰਾਰੀ ਜਿਹੀ ਗੱਲ ਸੁਝੀ। ਵਿੰਕੀ ਝੂਠ ਮੂਠ ਸੁਦੀਪ ਨੂੰ ਕਹੇ ਕਿ ਉਹ ਪੰਦਰਾਂ ਦਿਨਾਂ ਤਕ ਆਪਣੇ ਘਰ ਵਾਲਿਆਂ ਦੀ ਹਾਂ ਕਰਾ ਦੇਵੇ, ਨਹੀਂ ਤਾਂ ਵਿੰਕੀ ਆਪਣੇ ਪਹਿਲੇ ਮੰਗੇਤਰ ਨਾਲ ਹੀ ਵਿਆਹ ਕਰਵਾ ਲਵੇਗੀ। ਇਹ ਦਾਬਾ ਮਾਰਨ ਵਿਚ ਵਿੰਕੀ ਦਾ ਹੀ ਫ਼ਾਇਦਾ ਸੀ, ਕਿਉਂ ਕਿ ਇਸ ਤਰ੍ਹਾਂ ਸੁਦੀਪ ਨਾਲ ਉਸ ਦਾ ਵਿਆਹ ਛੇਤੀ ਪੱਕਾ ਹੋ ਜਾਣਾ ਸੀ ਤੇ ਉਹ ਦੂਜੇ ਵਿਆਹ ਤੋਂ ਬਚ ਸਕਦੀ ਸੀ। ਇਹ ਗੱਲ ਸਾਰਿਆਂ ਦੇ ਬਹੁਤ ਮਨ ਲਗੀ। ਇਕੋ ਵਾਰ ਪੂਰਾ ਦਬਾ ਪਾਣ ਨਾਲ ਗੱਲ ਸਿੱਧੀ ਹੋ ਜਾਏਗੀ। ਇਸ ਵਿਚ ਸਾਰੀਆਂ ਧਿਰਾਂ ਦਾ ਫ਼ਾਇਦਾ ਸੀ। ਅਸੀਂ ਸਾਰੇ ਵਿੰਕੀ ਦੇ ਮੂੰਹ ਵੱਲ ਵੇਖਣ ਲਗ ਪਏ ਕਿ ਏਨੀ ਸੁਹਣੀ ਤਜਵੀਜ਼ ਬਾਰੇ ਉਹ ਕੀ ਕਹਿੰਦੀ ਹੈ।

ਉਹਨੂੰ ਜਵਾਬ ਦੇਣ ਵਿਚ ਇਕ ਪਲ ਵੀ ਨਾ ਲਗਾ। ‘‘ਜਿਹੜੀ ਗੱਲ ਮੈਂ ਅਸਲ ਵਿਚ ਕਰਨੀ ਨਹੀਂ, ਉਹ ਮੈਂ ਕਹਿ ਕਿਵੇਂ ਸਕਦੀ ਹਾਂ।’’
ਹੈਰਾਨੀ ਵਿਚ ਅਸੀਂ ਸਾਰੇ ਚਤੁਰ ਦੁਨੀਆਦਾਰ ਵਿੰਕੀ ਦੇ ਮੂੰਹ ਵਲ ਵੇਖਣ ਲਗ ਪਏ। ਸਾਡੇ ਤੇ ਉਸ ਦੇ ਸੋਚਣ ਦੇ ਪੱਧਰ ਵਖੋ ਵਖਰੇ ਸਨ।

(ਰਾਹੀਂ: ਚਰਨ ਗਿੱਲ)

  • ਮੁੱਖ ਪੰਨਾ : ਕੁਲਵੰਤ ਸਿੰਘ ਵਿਰਕ, ਕਹਾਣੀਆਂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ