Watno Door (Punjabi Story) : Naurang Singh
ਵਤਨੋਂ ਦੂਰ (ਕਹਾਣੀ) : ਨੌਰੰਗ ਸਿੰਘ
ਉਹ ਅੰਡੇਮਾਨ ਦੇ ਸਾਹਿਲ ਤੇ ਮਛੀਆਂ ਫੜਦਾ ਹੁੰਦਾ ਸੀ। ਹੋਰਨਾਂ ਮਾਹੀਗੀਰਾਂ ਵਿਚ ਉਹ ਭੇਤਾਂ ਭਰਿਆ ਬੁੱਢਾ ਸਮਝਿਆ ਜਾਂਦਾ ਸੀ। ਆਂਹਦੇ ਨੇ ਉਸ ਕੁਝ ਛਬੀਆਂ ਕੁ ਵਰ੍ਹਿਆਂ ਤੋਂ ਇਹ ਕਿੱਤਾ ਅਰੰਭਿਆ ਸੀ। ਉਹਦੀ ਰਹਿਣੀ ਬਹਿਣੀ ਹੋਰਨਾਂ ਮਾਛੀਆਂ ਨਾਲੋਂ ਵਖਰੀ ਕੋਮਲ ਜਿਹੀ ਸੀ। ਉਹਦੇ ਨਾਓਂ ਥੇਹ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ। ਸਾਗਰ ਦੇ ਕੰਢੇ ਉਹਦਾ ਠਕਾਣਾ ਹੋਣ ਕਰਕੇ ਮਾਹੀਗੀਰਾਂ ਉਹਦਾ ਨਾਓਂ ਸਾਗਰ ਹੀ ਧਰ ਛਡਿਆ ਸਾ ਨੇ।
ਸੰਝ ਨੂੰ ਮਛੀਆਂ ਵੇਚ ਕੇ ਉਹ ਘਰ ਪਰਤ ਆਉਂਦਾ। ਉਹਦੇ ਘਰ ਚਹੁੰ ਪੰਜਾਂ ਵਰ੍ਹਿਆਂ ਦੀ ਇਕ ਬਾਲੜੀ ਸੀ– ਪ੍ਰੀਨਾਂ। ਸਾਗਰ ਨੂੰ ਘਰ ਮੁੜਦਿਆਂ ਤਕ ਕੇ ਪ੍ਰੀਨਾਂ ਬਾਪੂ ਬਾਪੂ ਕਰਦੀ ਸਾਗਰ ਦੀਆਂ ਟੰਗਾਂ ਨੂੰ ਪਲਚ ਜਾਂਦੀ। ਸਾਗਰ ਉਹਨੂੰ ਬਾਹਵਾਂ ਵਿਚ ਬੋਚ ਕੇ ਸਮੁੰਦਰ ਵਿਚ ਡੁਬਦੇ ਸੂਰਜ ਨੂੰ ਤਕਦਾ। ਆਲੇ ਦੁਆਲੇ ਖਲੋਤੇ ਬਿਰਛਾਂ ਤੇ ਪੰਛੀਆਂ ਦੀਆਂ ਭਾਂਤ ਭਾਂਤ ਦੀਆਂ ਬੋਲੀਆਂ ਉਹਦੇ ਮਨ ਦੀ ਕਿਸੇ ਗੁਠ ਨੂੰ ਠਕੋਰ ਕਢਦੀਆਂ। ਉਹ ਪ੍ਰੀਨਾਂ ਨੂੰ ਹਿੱਕ ਨਾਲ ਘੁਟਦਾ— ਉਹਦੀਆਂ ਅਭੋਲ ਅੱਖਾਂ ਵਿਚ ਤਕਦਾ। ਪ੍ਰੀਨਾਂ ਸਾਗਰ ਦੀ ਬੱਗੀ ਦਾੜ੍ਹੀ ਵਿਚ ਕ੍ਰੂੰਬਲਾਂ ਵਰਗੀਆਂ ਗੁਲਾਬੀ ਉਂਗਲਾਂ ਪਾ ਪਾ ਖੇਡਦੀ।
ਕੁਝ ਵਰ੍ਹੇ ਪਹਿਲਾਂ ਜਦੋਂ ਸਾਗਰ ਨੇ ਮਛੀਆਂ ਫੜਨ ਲਈ ਤੜਕੇ ਸਾਰ ਪਾਣੀ ਵਿਚ ਜਾਲ ਵਗਾਇਆ ਸੀ ਤਾਂ ਕੋਈ ਮੱਛੀ ਨਹੀਂ ਸੀ ਫਸੀ, ਦੁਬਾਰਾ ਸੁਟਣ ਤੇ ਵੀ ਕੁਝ ਨਾ ਥਿਆਇਆ। ਤੀਜੀ ਵਾਰੀ ਇਕ ਬਕਸਾ ਲਹਿਰਾਂ ਉਤੇ ਤਰਦਾ ਜਾਲ ਦੀ ਵਲਗਣ ਵਿਚ ਆ ਗਿਆ। ਸਾਗਰ ਨੇ ਜਾਲ ਧਰੂਇਆ ਬਕਸਾ ਬਾਹਰ ਕਢਿਆ। ਓਸ ਵਿਚ ਕੋਈ ਸ਼ੈ ਹਿੱਲੀ।
"ਪ੍ਰਮਾਤਮਾ— ਇਹ ਕੀ ਹੈ?" ਸਾਗਰ ਲਰਜ਼ ਗਿਆ। ਜੀ ਕੀਤਾ ਬਕਸੇ ਨੂੰ ਮੁੜ ਪਾਣੀ ਵਿਚ ਵਗਾਹ ਮਾਰੇ। ਪਰ ਵਿਚੋਂ ਉਆਂ ਉਆਂ ਦੀ ਅਵਾਜ਼ ਆਈ, "ਕੋਈ ਇਨਸਾਨੀ ਬੱਚਾ ਹੈ" ਸਾਗਰ ਦਾ ਸਹਿਮ ਕੁਝ ਘਟਿਆ। ਬੱਚੇ ਨੂੰ ਕੰਬਦੀਆਂ ਬਾਹਾਂ ਨਾਲ ਵਿਚੋਂ ਕਢਿਆ। ਕੋਮਲ ਜਿਹੀ ਜਿੰਦੜੀ ਸੀ। ਤੜਕੇ ਦਾ ਚੰਨ ਭਰ ਜੋਬਨਾਂ ਤੇ ਚਮਕ ਰਿਹਾ ਸੀ। ਸਾਗਰ ਨੇ ਡੂੰਘਾ ਸਾਹ ਖਿਚ ਕੇ ਅਕਾਸ਼ ਵਲ ਤੱਕਿਆ— ਫੇਰ ਬੱਚੀ ਨੂੰ—। ਪਰੀਆਂ ਜਿਹੀ ਭੁਲੱਪਣ ਬੱਚੀ ਦੇ ਮੂੰਹ ਤੇ ਤਕ ਕੇ ਉਸ ਓਹਦਾ ਨਾਂ ਪ੍ਰੀਨਾਂ ਰਖ ਦਿਤਾ।
ਸਾਗਰ ਨੇ ਪ੍ਰੀਨਾਂ ਨੂੰ ਪਾਲਿਆ ਪੋਸਿਆ ਸੀ। ਉਹ ਸਾਗਰ ਦੀ ਝੋਲੀ ਵਿਚ ਬਹਿ ਕੇ ਤੋਤਲੀਆਂ ਮਾਰਦੀ ਹੁੰਦੀ ਸੀ। ਸਮੁੰਦਰ ਦੀ ਡੰਡ ਸੁਣ ਕੇ ਪੁਛਿਆ ਕਰਦੀ:—
"ਇਹ ਕੀ ਬੋਲਦਾ ਏ ਬਾਪੂ?"
ਸਾਗਰ ਕਿੰਨਾ ਚਿਰ ਗੂੰਗਾ ਬੈਠਾ ਰਹਿੰਦਾ। ਸਮੁੰਦਰ ਦੀ ਨੀਲਾਹਟ ਵਿਚ ਉਹਦਾ ਮਨ ਗੁਆਚ ਜਾਂਦਾ। ਫੇਰ ਕਹਿੰਦਾ:—
"ਇਹ ਅਭਾਗਿਆਂ ਦੀਆਂ ਆਹਾਂ ਨੇ ਪੁੱਤਰ! ਸਮੁੰਦਰ ਉਤੋਂ ਲੰਘ ਕੇ ਦੇਸ਼ ਵਲ ਜਾਂਦੀਆਂ ਹਨ।"
"ਕੌਣ ਅਭਾਗੇ?" ਪ੍ਰੀਨਾਂ ਮੁੜ ਪੁਛਦੀ।
"ਜਿਨ੍ਹਾਂ ਨੂੰ ਦੇਸ਼-ਨਿਕਾਲਾ ਮਿਲਿਆ ਹੋਇਆ ਹੈ ਬੱਚੀ" ਸਾਗਰ ਦੂਰ ਪਹਾੜੀਆਂ ਵਲ ਤਕਣ ਲਗ ਜਾਂਦਾ। ਪਰ ਪ੍ਰੀਨਾਂ ਨੂੰ ਇਨ੍ਹਾਂ ਗਲਾਂ ਦੀ ਕਖ ਸਮਝ ਨਾ ਆਉਂਦੀ।
ਕਦੇ ਆਥਣ ਦੇ ਖਾਓ ਪੀਓ ਮਗਰੋਂ ਸਾਗਰ ਪ੍ਰੀਨਾਂ ਨੂੰ ਲੈ ਕੇ ਕਿਸੇ ਚਟਾਨ ਉਤੇ ਚੜ੍ਹ ਜਾਂਦਾ। ਕਿਸੇ ਸਿਲ ਨੂੰ ਢੋ ਲਾ ਕੇ ਦੋਵੇਂ ਜਣੇ ਨੀਲੇ ਪਾਣੀਆਂ ਵਿਚੋਂ ਉਭਰਦੇ ਚੰਨ ਨੂੰ ਤਕਦੇ— ਫੇਰ ਸਾਗਰ ਪ੍ਰੀਨਾਂ ਨੂੰ ਝੋਲੀ ਵਿਚ ਬਹਾ ਲੈਂਦਾ। ਉਹਨੂੰ ਆਪਣੇ ਬੱਚੇ ਤੇ ਪਤਨੀ ਚੇਤੇ ਆ ਜਾਂਦੇ ਤੇ ਅੱਖਾਂ ਸਿਮ ਆਉਂਦੀਆਂ। ਚੰਨ ਸਰਕਦਾ ਸਰਕਦਾ ਉਤਾਂਹ ਆ ਜਾਂਦਾ। ਚੰਨ ਦੇ ਦਾਗ਼ਾਂ ਨੂੰ ਤਕ ਕੇ ਪ੍ਰੀਨਾਂ ਪੁਛਦੀ:—
"ਬਾਪੂ! ਉਹ ਕੀ ਏ ਕਾਲਾ ਕਾਲਾ ਚੰਨ ਦੀ ਹਿੱਕ ਵਿਚ?"
"ਉਹ ਤੇਰੀ ਮਾਂ ਹੈ ਪੁੱਤਰ— ਚਰਖਾ ਪਈ ਕਤਦੀ ਏ।" ਮੋਟੇ ਮੋਟੇ ਅਥਰੂ ਢਲਕ ਕੇ ਸਾਗਰ ਦੀ ਚਿੱਟੀ ਦਾੜ੍ਹੀ ਉਤੇ ਲਿਸ਼ਕ ਉਠਦੇ।
ਸਾਗਰ ਬਹੁਤਾ ਕਰ ਕੇ ਬੰਦਰਗਾਹ ਦੇ ਨੇੜੇ ਤੇੜੇ ਹੀ ਮੱਛੀਆਂ ਵੇਚਦਾ ਹੁੰਦਾ ਸੀ। ਜਹਾਜ਼ੇ ਚੜ੍ਹਦੇ ਮੁਸਾਫ਼ਰਾਂ ਵਲ ਪਤਾ ਨਹੀਂ ਉਹ ਕਿਉਂ ਕਿੰਨਾ ਕਿੰਨਾ ਚਿਰ ਨੀਝ ਗੱਡੀ ਰਖਦਾ। ਮੱਛੀਆਂ ਦੀ ਛਾਬੜੀ ਭੋਂ ਤੇ ਧਰ ਕੇ ਜੈਟੀਓਂ ਪਰੇ ਹਟਦੇ ਜਹਾਜ਼ਾਂ ਨੂੰ ਸੱਧਰ ਨਾਲ ਤਕਦਾ। ਦੂਰ..... ਦੂਰ...... ਹੋਰ ਦੂਰ ਹੁੰਦੇ ਜਹਾਜ਼ ਵਿਚ ਜੀਕਰ ਉਹ ਆਪਣੇ ਦਿਲ ਦੇ ਟੋਟੇ ਪਾ ਕੇ ਭੇਜਦਾ ਹੁੰਦਾ ਸੀ।
ਕਈ ਵਾਰ ਸਾਗਰ ਬੌਰਿਆਂ ਵਾਂਗੂ ਵਿਛੜਦੇ ਮੁਸਾਫ਼ਰਾਂ ਅਗੇ ਆਪਣੀਆਂ ਮੱਛੀਆਂ ਕਰ ਕੇ ਆਂਹਦਾ, "ਲੈ ਜਾਓ— ਘਟ ਪੈਸੇ ਦੇ ਛਡਿਆ ਜੇ— ਚਲੋ ਚਕੋ ਪੈਸੇ ਪੈਸੇ— — ਇਹ ਵਡੇ ਵਡੇ ਮੱਛ— — ਇਹ ਮੇਰੀਆਂ ਸੁਗਾਤਾਂ। ਓਥੇ ਲੈ ਜਾਓ ਜਿਥੇ ਤੁਸਾਂ ਜਾਣਾ ਹੈ- - ਪਰਦੇਸੀਓ- ਮੁਸਾਫ਼ਰੋ।
++++
ਕਈ ਵਰ੍ਹੇ ਹੋਰ ਜ਼ਿੰਦਗੀ ਦੇ ਬੀਤ ਗਏ। ਮੱਛੀਆਂ ਨਾਲ ਖੇਡਦੀ ਖੇਡਦੀ ਪ੍ਰੀਨਾਂ ਨੇ ਤੇਰ੍ਹਵੇਂ ਵਰ੍ਹੇ ਵਿਚ ਪੈਰ ਜਾ ਰਖਿਆ। ਉਹ ਆਪਣੀ ਝੁਗੀ ਦੁਆਲੇ ਚਹਿਕਦੇ ਪੰਛੀ ਵਾਂਗੂ ਫੁਟਕਦੀ ਹੁੰਦੀ ਸੀ। ਇਕ ਝੱਲਾ ਜਿਹਾ ਹੁਸਨ ਉਹਦੀ ਜੁਆਨੀ ਵਿਚੋਂ ਫੁਟ ਨਿਕਲਿਆ ਸੀ। ਉਹ ਬਾਪੂ ਬਾਪੂ ਕੂਕ ਕੇ ਸਾਗਰ ਦੀ ਬੀਤੀ ਜ਼ਿੰਦਗੀ ਦੇ ਸੁੱਤੇ ਸੁਫ਼ਨੇ ਜਗਾ ਘਤਦੀ ਸੀ। ਉਹ ਕਈ ਵਾਰ ਝੁਗੀਓਂ ਦੂਰ ਵੀ ਚਲੀ ਜਾਂਦੀ ਹੁੰਦੀ ਸੀ।
ਇਕ ਦਿਨ ਹਨੇਰੀ ਮਗਰੋਂ ਮੀਂਹ ਪੈ ਕੇ ਹਟਿਆ ਸੀ। ਅਗਾੜੀ ਦਰਖ਼ਤ ਦੇ ਸੰਘਣੇ ਪਤਿਆਂ ਵਿਚ ਕੋਇਲ ਪਈ ਕੂਕਦੀ ਸੀ। ਅਕਾਸ਼ ਤੇ ਮੋਟੇ ਮੋਟੇ ਬੱਦਲ ਏਧਰ ਓਧਰ ਤਾਰੀਆਂ ਲਾਂਦੇ ਸਨ। ਪ੍ਰੀਨਾਂ ਬਾਹਰੋਂ ਪਰਤ ਰਹੀ ਸੀ। ਉਹਨੂੰ ਦੁਰੇਡੀ ਪਹਾੜੀ ਉਤੇ ਬੱਦਲਾਂ ਦੀ ਧੁੰਦ ਵਿਚੋਂ ਕੋਈ ਵਜੂਦ ਲਹਿੰਦਾ ਨਜ਼ਰੀਂ ਆਇਆ। ਬੜੀ ਕਾਹਲੀ ਕਾਹਲੀ ਹਰਿਆ ਹੋਇਆ ਉਹ ਪ੍ਰੀਨਾਂ ਦੇ ਕੋਲ ਆ ਪਹੁੰਚਿਆ।
"ਕੀ ਰਾਤ ਕੱਟਣ ਲਈ ਏਥੇ ਕੋਈ ਥਾਂ ਨੇੜੇ ਹੈ...... ਮੈਂ....... ਮੈਂ ਰਾਤ..... ਛੇਤੀ ਦਸੋ?"
"ਹੈ ਸਾਡਾ ਘਰ ਕੋਲ ਈ......" ਪ੍ਰੀਨਾਂ ਨੇ ਉਤਰ ਦਿਤਾ।
"ਕਿਧਰ?"
"ਮੇਰੇ ਨਾਲੋ ਨਾਲ ਟੁਰੇ ਆਓ...... ਸਾਡੀ ਝੁਗੀ ਵਲ.... ਅਸੀਂ ਮਾਹੀਗੀਰ ਹਾਂ।"
ਛੇਤੀ ਹੀ ਉਹ ਝੁਗੀ ਵਿਚ ਆ ਵੜੇ। ਸਾਗਰ ਮੱਛੀਆਂ ਵੇਚ ਕੇ ਹੁਣੇ ਮੁੜਿਆ ਸੀ। ਓਪਰੇ ਨੂੰ ਸਾਹ ਚੜ੍ਹਿਆ ਹੋਇਆ ਸੀ, ਤੇ ਉਹਦੀਆਂ ਅੱਖਾਂ ਵਿਚ ਸਹਿਮ।
"ਇਹ ਰਾਤੀਂ ਸਾਡੀ ਝੁਗੀ ਵਿਚ ਰਵ੍ਹੇਗਾ.... ਬਾਪੂ...... ਵਿਚਾਰੇ ਨੂੰ ਹਨੇਰਾ ਹੋ ਰਿਹਾ ਸੀ। .....ਤਦੇ ਤੇ ਮੇਰੇ ਨਾਲ ਆਇਆ ਹੈ" ਪ੍ਰੀਨਾਂ ਨੇ ਸਾਗਰ ਵਲ ਝਾਕ ਕੇ ਆਖਿਆ।
"ਤੁਹਾਡੀ ਕੁੜੀ ਨੇ ਬੜੀ ਮੇਹਰਬਾਨੀ ਕੀਤੀ ਮੇਰੇ ਤੇ..... ਮੈਨੂੰ ਏਥੇ ਲੈ ਆਈ। ਪਰ ਮੈਨੂੰ ਛੇਤੀ ਲੁਕਾ ਲਵੋ" ਨੌਜੁਆਨ ਦੇ ਬੋਲਾਂ ਵਿਚ ਘਬਰਾਹਟ ਸੀ, "ਪੁਲਿਸ ਮੇਰੀ ਸੂਹ ਵਿਚ ਹੈ — ਠਹਿਰਾ ਸਕੋਗੇ?"
"ਇਹ ਵੀ ਕੋਈ ਜਲਾਵਤਨ ਹੀ ਹੋਵੇਗਾ— ਨਿਕਰਮਣ" ਸਾਗਰ ਨੇ ਮਨ ਹੀ ਮਨ ਵਿਚ ਆਖਿਆ ਤੇ ਫੇਰ ਟਿਕਵੀਂ ਦ੍ਰਿਸ਼ਟੀ ਨਾਲ ਨੌਜੁਆਨ ਵਲ ਤਕਿਆ।
"ਮੇਰਾ ਦਰ ਖੁਲ੍ਹਾ ਹੈ, ਬਹਿ ਜਾ ਅੰਦਰ ਹੋ ਕੇ— ਪ੍ਰੀਨਾਂ ਹੁਣੇ ਖਾਣਾ ਤਿਆਰ ਕਰੇਗੀ, ਤੂੰ ਭੁਖਾ ਹੋਵੇਂਗਾ— ਹੈਂ ਨਾ— ਪਰ ਤੇਰਾ ਨਾਓਂ ਕੀ ਏ ਮੁੰਡਿਆ?" ਲਗਦੇ ਹੱਥ ਹੀ ਉਹ ਅੰਦਰ ਨੂੰ ਚਲ ਪਏ।
"ਮੇਰਾ ਨਾਓਂ— ਨਾਓਂ ਮੇਰਾ— ਹਾਂ ਜੇਲ੍ਹ ਵਿਚ ਮੈਨੂੰ 'ਹਿੰਦੀ' ਸਦਿਆ ਕਰਦੇ ਸਨ—" ਇਹ ਸੁਣ ਕੇ ਬੁੱਢੇ ਸਾਗਰ ਨੇ ਸਮੁੰਦਰ ਦੇ ਨੀਲੇ ਪਾਣੀਆਂ ਵਿਚ ਦੂਰ ਤਕ ਇਕ ਤੱਕਣੀ ਸੁੱਟੀ।
ਝੁਗੀ ਵਿਚ ਕਈ ਖ਼ਾਨੇ ਬਣੇ ਹੋਏ ਸਨ। ਉਤੇ ਵੇਲਾਂ ਫੁੱਲਾਂ ਨਾਲ ਲਦੀਆਂ ਵਿਛੀਆਂ ਪਈਆਂ ਸਨ। ਬਾਹਰਵਾਰ ਨਾਲ ਲਗਵੀਂ ਰਸੋਈ ਵਿਚੋਂ ਧੂੰ ਪਿਆ ਨਿਕਲਦਾ ਸੀ। ਪ੍ਰੀਨਾਂ ਰੋਟੀ ਦੇ ਆਹਰ ਵਿਚ ਜੁਟੀ ਹੋਈ ਸੀ। ਬੁਢੇ ਸਾਗਰ ਨੇ ਝੁਗੀ ਦੇ ਛੇਕੜਲੇ ਭਾਗ ਵਲ ਇਸ਼ਾਰਾ ਕਰ ਕੇ ਆਖਿਆ— "ਤੂੰ ਓਥੇ ਚਲਾ ਜਾ— ਓਥੇ ਕੋਈ ਨਹੀਂ ਵੇਖ ਸਕੇਗਾ।"
"ਚੋਖਾ ਨ੍ਹੇਰਾ ਹੋ ਚੁਕਾ ਸੀ। ਸਮੁੰਦਰ ਦੇ ਰੌਲੇ ਨਾਲ ਸਾਰੀ ਫ਼ਿਜ਼ਾ ਪਈ ਗੂੰਜਦੀ ਸੀ। ਅਕਾਸ਼ ਨਿੰਮਲ ਹੋ ਗਿਆ ਸੀ। ਭਿੰਨੀ ਰੈਣ ਵਿਚ ਤਾਰਿਆਂ ਦੀਆਂ ਕ੍ਰਿਨਾਂ ਤਾਣੀ ਵਾਂਗ ਵਿਛੀਆਂ ਜਾਪਦੀਆਂ ਸਨ। ਓਹ ਤ੍ਰੈਵੇ ਖਾਣੇ ਤੋਂ ਬਹਿ ਗਏ। ਭਾਂਡਿਆਂ ਵਿਚ ਪਈਆਂ ਗਰਮ ਭਾਜੀਆਂ ਤੇ ਮੱਛੀ ਵਿਚੋਂ ਭਾਫ ਨਾਲ ਇਕ ਵਿਸ਼ੇਸ਼ ਪਰਕਾਰ ਦੀ ਸੁਗੰਧੀ ਝੁਗੀ ਵਿਚ ਫੈਲੀ ਹੋਈ ਸੀ।
"ਤੂੰ ਕੀਕਰ ਆਇਆ ਸੈਂ ਇਸ ਟਾਪੂ ਵਿਚ?" ਸਾਗਰ ਨੇ ਗ੍ਰਾਹੀ ਤੋੜਦਿਆਂ ਨੌਜੁਆਨ ਤੋਂ ਪੁਛਿਆ।
"ਗ਼ੁਲਾਮੀ ਤੋਂ ਛਿੱਥਿਆਂ ਪੈ ਕੇ ਅਸੀਂ ਆਜ਼ਾਦੀ ਦੀ ਮੰਗ ਕੀਤੀ-ਜੇਲ੍ਹ ਗਏ, ਨਜ਼ਰ ਬੰਦ ਹੋਏ– ਪਰ ਅਸੀਂ ਮੁੜ ਮੁੜ ਆਪਣੀ ਮੰਗ ਤੇ ਜ਼ੋਰ ਦਿੰਦੇ ਗਏ– ਬਸ ਦੇਸ-ਨਿਕਾਲਾ ਉਹਦਾ ਫਲ ਨਿਕਲਿਆ" ਹਿੰਦੀ ਨੇ ਉੱਤਰ ਦਿਤਾ।
ਪ੍ਰੀਨਾਂ ਨੇ ਹਿੰਦੀ ਵਲ ਸਿੱਕ ਨਾਲ ਝਾਕਿਆ, ਤੇ ਬੁੱਢੇ ਦੀ ਬੁਰਕੀ ਮੂੰਹ ਵਿਚ ਪੈਂਦੀ ਪੈਂਦੀ ਕੁਝ ਥਿੜਕੀ– "ਤੇ ਹੁਣ ਮੈਂ ਕਿਸੇ ਨਾ ਕਿਸੇ ਹੀਲੇ ਜਹਾਜ਼ ਫੜਨਾ ਚਾਹੁੰਦਾ ਹਾਂ?" ਹਿੰਦੀ ਮੁੜ ਬੋਲਿਆ, "ਇਕ ਵਾਰ ਆਜ਼ਾਦੀ ਦੀ ਜੰਗ ਵਿਚ ਕੁੱਦਣ ਤੇ ਮੇਰਾ ਜੀ ਮੁੜ ਉਮਡਿਆ ਹੋਇਆ ਹੈ– ਜਹਾਜ਼ ਕਦੋਂ ਜਾਵੇਗਾ?"
"ਜਹਾਜ਼–" ਸਾਗਰ ਨੂੰ ਇਕ ਕੰਬਣੀ ਆ ਗਈ। ਉਸ ਆਪਣੀ ਬੱਗੀ ਦਾੜ੍ਹੀ ਤੇ ਪੋਲਾ ਜਿਹਾ ਹੱਥ ਫੇਰਿਆ– "ਪਰ ਉਹ ਤੈਨੂੰ ਜਾਣ ਨਹੀਂ ਦੇਣਗੇ ਹਿੰਦੀ!"
"ਤੂੰ ਸਾਡੇ ਕੋਲ ਹੀ ਰਹੁ ਖਾਂ– ਹੈਂ ਹਿੰਦੀ! ਆਪਾਂ ਮਿਲ ਕੇ ਰਵ੍ਹਾਂਗੇ–" ਪ੍ਰੀਨਾਂ ਭੋਲੇ ਭਾਇ ਵਿਚੇ ਕੂ ਉਠੀ।
ਹਿੰਦੀ ਨੇ ਪ੍ਰੀਨਾਂ ਦੇ ਮੂੰਹ ਉਤੇ ਝਾਕਿਆ। ਕੁਝ ਚਿਰ ਲਈ ਉਹਦੀਆਂ ਅੱਖਾਂ ਅਡੀਆਂ ਹੀ ਰਹਿ ਗਈਆਂ।
ਖਾਣਾ ਮੁਕ ਚੁਕਾ ਸੀ। ਤਿੰਨੇ ਜਣੇ ਗੱਲਾਂ ਬਾਤਾਂ ਕਰਦੇ ਸੌਣ ਲਈ ਨਿਖੜੇ। ਪ੍ਰੀਨਾਂ ਨੇ ਹਿੰਦੀ ਦੇ ਅਰਾਮ ਦਾ ਪੂਰਾ ਪ੍ਰਬੰਧ ਕਰ ਛਡਿਆ ਸਾਨੇ। ਉਹਦੇ ਨਾਲ ਜਾਕੇ ਵਿਛੌਣੇ ਉਤੇ ਹਿੰਦੀ ਨੂੰ ਛਡ ਕੇ ਪ੍ਰੀਨਾਂ ਮੁਸਕ੍ਰਾਈ ਤੇ ਮੁੜ ਆਈ।
++++
ਕਈ ਦਿਹਾੜੇ ਹਿੰਦੀ ਨੂੰ ਝੁਗੀ ਵਿਚ ਰਹਿੰਦਿਆਂ ਹੋ ਗਏ। ਕਦੇ ਕਦੇ ਉਹਦੇ ਦਿਲ ਵਿਚ ਤੂਫ਼ਾਨ ਜਿਹਾ ਝੁਲ ਪੈਂਦਾ– "ਮੇਰੇ ਦੇਸ਼ ਵਿਚ ਅਜ਼ਾਦੀ ਦਾ ਮੁੱਢ ਬੱਝ ਰਿਹਾ ਹੈ– ਨੌਜੁਆਨਾਂ ਵਿਚ ਉਛਾਲੇ ਹੋਣਗੇ ਹਾਏ! ਮੈਂ ਅਭਾਗਾ–" ਤੇ ਉਹ ਕੁਠੇ ਜਨੌਰ ਵਾਂਗੂੰ ਫੜਕ ਉਠਦਾ।
ਪਰ ਛੇਤੀ ਹੀ ਪ੍ਰੀਨਾਂ ਮਸੂਮ ਜਿਹੀ ਅਦਾ ਨਾਲ ਕੋਈ ਗੱਲ ਛੇੜ ਕੇ ਉਹਦੀਆਂ ਲੜੀਆਂ ਤੋੜ ਘੱਤਦੀ।
"ਹਿੰਦੀ! ਅਜ ਆਪਾਂ ਸਮੁੰਦਰ ਤੇ ਮਛੀਆਂ ਫੜਨ ਚਲਾਂਗੇ— ਚੰਗਾ" ਉਹ ਆਖਦੀ।
"ਪਰ ਪ੍ਰੀਨਾਂ ਮੈਂ ਦਿਨੇ ਜਾ ਨਹੀਂ ਸਕਦਾ— ਉਹ ਫੜ ਲੈਣਗੇ।"
"ਨਹੀਂ ਰਾਤੀਂ— ਹੁਣ ਤੇ ਚਾਨਣੀਆਂ ਰਾਤਾਂ ਨੇ।”
ਉਹ ਦੋਵੇਂ ਸਮੁੰਦਰ ਤਟ ਤੇ ਜਾ ਖਲੋਂਦੇ। ਚਾਨਣੀ ਵਿਚ ਮੋਟੀਆਂ ਨੀਲੀਆਂ ਲਹਿਰਾਂ ਇਉਂ ਜਾਪਦੀਆਂ ਜੇਕਰ ਉਨ੍ਹ੍ਹਾਂ ਦੀ ਪਿਠ ਵਿਚ ਪੰਘਰੀ ਹੋਈ ਚਾਂਦੀ ਛਲਕਦੀ ਹੁੰਦੀ ਹੈ। ਤੇ ਪ੍ਰੀਨਾਂ ਹਿੰਦੀ ਵਲ ਝਾਕ ਕੇ ਆਖਦੀ— "ਸੁਟ ਜਾਲ" ਉਹਦੇ ਹਵਾ ਵਿਚ ਫੈਲਦੇ ਵਾਲ ਹਿੰਦੀ ਨੂੰ ਪੰਛੀ ਫਾਹਣ ਵਾਲੀ ਫਾਹੀ ਵਾਂਗੂ ਭਾਸਦੇ।
"ਨਹੀਂ— ਤੂਹੀਓਂ ਸੁਟ ਪ੍ਰੀਨਾਂ— ਜਾਲ" ਤੇ ਸਮੁੰਦਰੀ ਦਰਖ਼ਤਾਂ ਦੀ ਸਾਏਂ ਸਾਏਂ ਹਿੰਦੀ ਦੇ ਕੰਨਾਂ ਨੂੰ ਛੁਹਦੀ ਲੰਘ ਜਾਂਦੀ। ਪ੍ਰੀਨਾਂ ਹਸਦੀ ਹਸਦੀ ਮਸਾਂ ਜਾਲ ਸੁਟਦੀ। ਮਗਰੋਂ ਦੋਵੇਂ ਰਲ ਕੇ ਉਹਨੂੰ ਬਾਹਰ ਧੂੰਦੇ। ਪ੍ਰੀਨਾਂ ਦੇ ਹਥ ਪਾਣੀ ਤੇ ਸਮੁੰਦਰੀ ਪੌਣ ਨਾਲ ਜਦੋਂ ਨਰ ਜਾਂਦੇ ਤਾਂ ਹਿੰਦੀ ਉਹਨਾਂ ਨੂੰ ਆਪਣੇ ਹਥਾਂ ਵਿਚ ਘੁਟਦਾ। ਉਹ ਆਪਣੀ ਸਾਰੀ ਆਤਮਾ ਪੋਟਿਆਂ ਵਿਚ ਖਿਚ ਕੇ ਪੁੰਨਾਂ ਦੇ ਹਥ ਨਿਘਿਆਂ ਕਰ ਛੰਡਦਾ।
ਕਦੇ ਸਵੇਰ ਸਾਰ ਹਿੰਦੀ ਉਠ ਕੇ ਦੂਰ ਪਰੇ ਧੁੰਦਲੀਆਂ ਪਹਾੜੀਆਂ ਵਲ ਨੀਝ ਲਾ ਕੇ ਤਕਦਾ। ਏਨੇ ਨੂੰ ਪਹੁ ਫੁਟਾਲੇ ਦੀ ਗਾਹੜੀ ਲਾਲੀ ਝੁਗੀ ਦੇ ਫੁੱਲਾਂ ਤੇ ਥਰਕਣ ਲਗ ਜਾਂਦੀ।
“ਕੀ ਪਿਆ ਤਕਨਾ ਏਂ ਓਧਰ?" ਪ੍ਰੀਨਾਂ ਹਿੰਦੀ ਦੇ ਕੋਲ ਆ ਕੇ ਉਹਦਾ ਮੋਢਾ ਹਲੂਣਦੀ।
ਪ੍ਰੀਨਾਂ ਦੀ ਛੁਹ ਨਾਲ ਨੌਜਵਾਨ ਹਿੰਦੀ ਨੂੰ ਝੁਨਝੁਨੀ ਜਹੀ ਆ ਜਾਂਦੀ —"ਆਪਣੇ ਦੇਸ਼ ਵਲੋਂ ਨਿਕਲਦੇ ਸੂਰਜ ਨੂੰ ਪ੍ਰੀਨਾਂ!—" ਉਹ ਉੱਤਰ ਦੇਂਦਾ।
"ਤੇਰਾ ਦੇਸ਼ — ਦੂਰ ਹੈ ਤੇਰਾ ਦੇਸ਼ - ਤਕਣ ਤੇ ਜੀ ਕਰਦਾ ਹੈ ਤੇਰਾ ਦੇਸ਼" ਪ੍ਰੀਨਾਂ ਦੀਆਂ ਅਖਾਂ ਵਿਚ ਵੀ ਇਕ ਰੀਝ ਜਿਹੀ ਝਲਕ ਉਠਦੀ।
"ਹਛਾ — ਜੇ ਭਾਗਾਂ ਵਿਚ ਹੋਇਆ ਤਾਂ - ਮੇਰਾ ਦੇਸ਼" ਹਿੰਦੀ ਕੁਝ ਗੁਆਚਿਆ ਜਿਹਾ ਉੱਤਰ ਦੇਂਦਾ।
ਝੁੱਗੀ ਅੰਦਰ ਸਾਗਰ ਇਨ੍ਹਾਂ ਦੀਆਂ ਗਲਾਂ ਸੁਣ ਕੇ ਤੜਫ਼ ਉਠਦਾ। ਕਦੇ ਉਹਦੀਆਂ ਅਖਾਂ ਆਪ ਮੁਹਾਰੀਆਂ ਫੁਟ ਵਹਿੰਦੀਆਂ ਤੇ ਉਹ ਦਿਲ ਨੂੰ ਜਾਣੀ ਬੋਚ ਕੇ ਆਖਦਾ — "ਨਾ ਪੁਤ੍ਰ ਵਤਨ ਵਲ ਨਾ ਝਾਕੋ ਉਹਦੇ ਗੀਤ ਮਨ੍ਹਾਂ ਨੇ ਏਸ ਧਰਤੀ ਉਤੇ" ਪਰ ਅਭੋਲ ਪ੍ਰੀਨਾਂ ਕੂਕ ਉਠਦੀ — ਬਾਪੂ ਮੈਂ ਜਾਣਾ ਹੈ ਇਹਦਾ ਦੇਸ਼ ਤਕਣ — ਹਿੰਦੀ ਜ਼ਰੂਰ ਖੜੀਂ ਮੈਨੂੰ — ਖੜੇਂਗਾ ਨਾ?"
ਸਾਗਰ ਦੂੰਹਾਂ ਨੂੰ ਅੰਦਰ ਸੱਦ ਲੈਂਦਾ। ਝੁੱਗੀ ਦੇ ਨ੍ਹੇਰੇ ਵਿਚ ਸਾਗਰ ਦੇ ਸਮੇਂ — ਬਕਾਏ ਨੈਣ ਧੁੰਦਲੀਆਂ ਜੋਤਾਂ ਵਾਂਗ ਲਿਸ਼ਕਦੇ ਦਿਖਾਈ ਦੇਂਦੇ।
ਰਾਤੀਂ ਤ੍ਰੈਵੇ ਜਦੋਂ ਸਮੁੰਦਰ ਕੰਢੇ ਦੀਆਂ ਪਹਾੜੀਆਂ ਉਤੇ ਚੜ੍ਹਦੇ ਤਾਂ ਪ੍ਰੀਨਾਂ ਟਪੋਸੀਆਂ ਮਾਰਦੀ ਹੋਰ ਉਚੇਰੀਆਂ ਉਨ੍ਹਾਂ ਟੀਸੀਆਂ ਤੇ ਜਾ ਖਲੋਂਦੀ, ਜਿਨ੍ਹਾਂ ਪਿਛੋਂ ਚੰਨ ਨਿਕਲਦਾ ਹੁੰਦਾ ਸੀ। ਹੇਠਾਂ ਖਲੋਤਾ ਹਿੰਦੀ ਨੀਝ ਲਾ ਕੇ ਅਕਾਸ਼ ਤੇ ਪ੍ਰੀਨਾਂ ਦੋਹਾਂ ਵਲ ਵੇਂਹਦਾ — ਦੋਹਾਂ ਚੰਨਾਂ ਨੂੰ।
ਸਾਗਰ ਕੋਲ ਖਲੋਤਾ ਏਸ ਮਲੂਕੜੀ ਜੋੜੀ ਵਲ ਤਕਦਾ। ਇਕ ਝੁਣਕਾਰ ਜਿਹੀ ਉਹਦੇ ਅੰਦਰੋਂ ਸੰਗੀਤ ਵਾਂਗੂ ਨਿਕਲਦੀ। ਉਹਨੂੰ ਹਿੰਦੀ ਦੇ ਚੱਜ-ਆਚਾਰ ਵਿਚ ਖਿੱਚ ਜਾਪੀ ਸੀ ਇਸੇ ਲਈ — ਹਿੰਦੀ ਵਿਚ ਉਹਦਾ ਵਿਸ਼ਵਾਸ ਡੂੰਘਾਈ ਫੜ ਚੁਕਾ ਹੋਇਆ ਸੀ।
ਸਾਗਰ ਹੁਣ ਦਿਨੋ ਦਿਨ ਬਿਰਧ ਹੁੰਦਾ ਜਾਂਦਾ ਸੀ। ਹਸਰਤਾਂ ਨੇ ਉਹਦੀ ਜ਼ਿੰਦਗੀ ਵਿਚ ਟੋਟ ਪਾ ਘੱਤੀ। ਸਮੁੰਦਰੀ ਵਾਵਾਂ ਉਹਨੂੰ ਪੱਥ ਨਹੀਂ ਸਨ ਬਹਿੰਦੀਆਂ। ਉਹ ਕਈ ਵਾਰ ਬਿਮਾਰ ਹੋ ਜਾਂਦਾ ਸੀ। ਬਾਜ਼ੀ ਵਾਰੀ ਮੱਛੀਆਂ ਵੀ ਉਸ ਕੋਲੋਂ ਨਹੀਂ ਸਨ ਫੜੀਂਦੀਆਂ। ਜਿਦਣ ਉਹ ਮੱਛੀਆ ਫੜਣ ਨਾ ਜਾਂਦਾ ਓਦਨਸਮੁੰਦਰ ਦੇ ਕੰਢੇ ਖਲੋ ਕੇ ਵਿਛੜਦੇ ਜਹਾਜ਼ਾਂ ਦੀ ਘੁਣਕਾਰ ਸੁਣਦਾ। ਉਹਦਾ ਮਨ ਵਿਸ਼ਾਲ ਅਕਾਸ਼ ਨਾਲ ਭਰ ਜਾਂਦਾ।
ਇਕ ਦਿਨ ਜਦੋਂ ਉਹ ਚਟਾਨ ਉਤੇ ਨਿੱਘੀ ਧੁੱਪ ਵਿਚ ਬੈਠੇ ਸਨ ਤਾਂ ਸਾਗਰ ਨੇ ਹਿੰਦੀ ਨੂੰ ਆਖਿਆ:-
"ਪ੍ਰਦੇਸੀ ਮੁੰਡੇ! ਮੇਰੀ ਜ਼ਿੰਦਗਾਨੀ ਨਿਰਬਲ ਹੋ ਰਹੀ ਹੈ — ਇਹ ਬੱਚੀ ਮੈਨੂੰ ਸਮੁੰਦਰ ਦੀਆਂ ਲਹਿਰਾਂ ਉਤੋਂ ਲੱਭੀ ਸੀ। ਸਮੁੰਦਰ ਦੀਆਂ ਮੱਛੀਆਂ ਨਾਲ ਖੇਡ ਖੇਡ ਕੇ ਇਹ ਏਡੀ ਵਡੀ ਹੋਈ ਹੈ। ਸਮੁੰਦਰ ਦੇ ਸ਼ੋਰ ਨੇ ਇਹਨੂੰ ਲੋਰੀਆਂ ਦੇ ਦੇ ਥਾਪੜਿਆ ਹੈ — ਲਹਿਰਾਂ ਨੇ ਇਹਦਾ ਦਿਲ ਸਾਜਿਆ ਹੈ — ਜੇ ਤੂੰ ਕਦੇ ਵਤਨ ਨੂੰ ਮੁੜਿਓਂ— ਓ ਵਤਨੋਂ ਦੂਰ — ਮੁੰਡੇ ਤਾਂ ਇਹਨੂੰ...... ਸਾਗਰ ਦਾ ਗਲਾ ਭਰ ਆਇਆ। ਹੰਝੂ ਪਤੀਆਂ ਉਤੋਂ ਢਹਿੰਦੇ ਤ੍ਰੇਲ-ਤੁਪਕਿਆਂ ਵਾਂਗੂ ਕਿਰਨ ਲਗੇ। ਪ੍ਰੀਨਾਂ ਪਿਉ ਦੇ ਗਲ ਨੂੰ ਚੰਬੜ ਗਈ — "ਬਾਪੂ - ਬਾਪੂ"
ਏਕਾ ਏਕੀ ਕੁਝ ਸਿਪਾਹੀ ਉਹਨਾਂ ਨੂੰ ਅਗਾੜੀਓਂ ਆਉਂਦੇ ਦਿਸੇ। ਤਿੰਨੇ ਸਹਿਮ ਗਏ। ਸਿਪਾਹੀ ਹੋਰ ਨੇੜੇ ਆ ਪਹੁੰਚੇ। ਝਟ ਹੀ ਹਿੰਦੀ ਖੜਾ ਹੋ ਗਿਆ, ਜੀਕਰ ਭਜ ਜਾਣਾ ਹੁੰਦਾ ਹੈ। ਪਰ ਇਕ ਸਿਪਾਹੀ ਨੇ ਅਗੇ ਵਧ ਕੇ ਕਿਹਾ — "ਠਹਿਰ ਜਾ — ਭਗੌੜੇ — ਹੁਣ ਤੂੰ ਕਿਥੇ ਜਾਵੇਂਗਾ — ਹਿੰਦੀ।"
ਕਿਸੇ ਦੇ ਮੂੰਹੋਂ ਕੁਝ ਨਾ ਨਿਕਲਿਆ। ਸਿਪਾਹੀਆਂ ਨੇ ਹਿੰਦੀ ਨੂੰ ਅੱਖ ਦੇ ਫੋਰ ਵਿਚ ਜਕੜ ਲਿਆ — ਪ੍ਰੀਨਾਂ ਨੇ ਇਕ ਕਲਕਾਰੀ ਮਾਰੀ, ਤੇ ਉਹ ਲਾਜਵੰਤੀ ਦੇ ਫੁਲ ਵਾਂਗੂ ਮੁਰਝਾ ਕੇ ਭੋਂ ਤੇ ਢਹਿ ਪਈ। ਸਿਪਾਹੀ ਹਿੰਦੀ ਨੂੰ ਲੈ ਕੇ ਚਲਦੇ ਬਣੇ। ਕੈਦੀ ਭੌਂ ਭੌਂ ਪਿਛਾਂਹ ਨੂੰ ਤਕਦਾ ਸੀ।
ਸਾਗਰ ਨੇ ਪ੍ਰੀਨਾਂ ਨੂੰ ਚੁਕਿਆ। ਪੋਟਿਆਂ ਨਾਲ ਉਹਦੀਆਂ ਅੱਖਾਂ ਪਲੋਸੀਆਂ। ਜਦੋਂ ਉਹ ਸੁਧ ਵਿਚ ਹੋਈ ਤਾਂ ਉਸ ਏਧਰ ਓਧਰ ਝਾਕਿਆ- "ਹਿੰਦੀ!” ਮੁੜ ਉਹ ਝੁੱਗੀ ਵਿਚ ਚਲੇ ਗਏ।
"ਕੀ ਹਿੰਦੀ ਫੇਰ ਨਹੀਂ ਆਵੇਗਾ ਬਾਪੂ?" ਪ੍ਰੀਨਾਂ ਮੁਰਝਾਈ ਹੋਈ ਸੀ।
"ਹੋਣੀ ਦੀਆਂ ਚਾਲਾਂ ਨੂੰ ਕੋਈ ਨਹੀਂ ਬੁਝ ਸਕਦਾ ਪੁੱਤਰ!" ਤੇ ਸਾਗਰ ਨੇ ਦੂਰ ਤਕਿਆ। ਸਖਣਾ ਸਮੁੰਦਰ— ਬੇ ਜਹਾਜ਼— ਨਾ ਕੋਈ ਬੇੜੀ ਕੰਢੇ ਤੇ, ਉਹਨੂੰ ਨਜ਼ਰੀਂ ਆਇਆ— ਮਾਛੀ ਘਰਾਂ ਨੂੰ ਮੁੜੇ ਜਾਂਦੇ ਸਨ।
ਪ੍ਰੀਨਾਂ ਨੂੰ ਕੁਝ ਵੀ ਚੰਗਾ ਨਹੀਂ ਸੀ ਲਗਦਾ। ਉਹ ਚਟਾਨਾਂ ਤੇ ਚੜ੍ਹਦੀ, ਕੰਢੇ ਤੇ ਜਾਂਦੀ, ਚੰਨ ਵਲ ਵਿੰਹਦੀ— ਲਹਿਰਾਂ ਦਾ ਉਭਾਰ ਤਕਦੀ— ਸਾਰੀਆਂ ਚੀਜ਼ਾਂ ਉਹਨੂੰ ਸੁੰਨੇ ਸੁੰਨੇ ਖੰਡਰ ਜਾਪਦੇ ਸਨ। ਸਮੁੰਦਰ ਦੀ ਅਟੁਟ ਗੂੰਜ ਵਿਚੋਂ ਉਹਨੂੰ ਹਿੰਦੀ ਦੀਆਂ ਵਾਜਾਂ ਸੁਣਾਈ ਦੇਂਦੀਆਂ।
++++
ਹਿੰਦੀ ਨੂੰ ਜਿਹਲ ਵਿਚ ਡਕ ਦਿਤਾ ਗਿਆ ਸੀ। ਉਹ ਬਿਹਬਲ ਜਿਹਾ ਹੋ ਗਿਆ। ਪ੍ਰੀਨਾਂ ਦੇ ਸਾਥ ਨੇ ਉਹਦੇ ਅੰਦਰ ਇਕ ਭਾਂਬੜ ਬਾਲ ਘੱੜਿਆ। ਉਹਦੇ ਸੁਫਨਿਆਂ ਵਿਚ ਹੁਣ ਖਿਚ ਬਹੁਤੀ ਵਧ ਗਈ- "ਮੇਰਾ ਦੇਸ਼ ਹੋਵੇ— ਤੇ ਪ੍ਰੀਨਾਂ ਮੇਰੇ ਨਾਲ ਹੋਵੇ— ਉਹ ਉਡੇ— ਉਹਦੇ ਖੰਭਾਂ ਵਿਚ ਆਜ਼ਾਦੀ ਫਰਕੇ— ਦੇਸ਼ ਦੀਆਂ ਹੋਣੀਆਂ ਨੂੰ ਅਸੀਂ ਟੁੰਬੀਏ— ਓਥੇ ਹੁਣ ਸੁਤੰਤ੍ਰਤਾ ਦਾ ਸੰਗੀਤ ਛਿੜਿਆ ਹੋਇਆ ਹੈ— ਸਾਡੀ ਲੈ ਵੀ ਹਮਵਤਨਾਂ ਨਾਲ ਇਕ ਸੁਰ ਹੋ ਕੇ ਗੁੰਜਾਰ ਪਾ ਦੇਵੇ।"
ਉਹਦੇ ਜਜ਼ਬਿਆਂ ਵਿਚ ਹੜ੍ਹ ਆਇਆ ਹੋਇਆ ਸੀ। ਜਿਹਲ ਦੀ ਬਾਰੀ ਥਾਈਂ ਓਸ ਬਾਹਰ ਝਾਕਿਆ। ਸੁੰਨੀ ਰਾਤ ਤੇ ਨ੍ਹੇਰਾ ਘੁੱਪ ਸੀ। ਬੂਹੇ ਅਗੇ ਪਹਿਰੇ ਦਾਰ ਬੈਠਾ ਉਂਘਲਾ ਰਿਹਾ ਸੀ।
ਉਸ ਇਕ ਨਿਕੀ ਪਰ ਤਿਖੀ ਜਿਹੀ ਚੀਜ਼ ਕਢੀ, ਜਿਹੜੀ ਉਹ ਕਿਸੇ ਤਰ੍ਹਾਂ ਲੁਕਾ ਕੇ ਆਪਣੇ ਨਾਲ ਹੀ ਰਖਦਾ ਹੁੰਦਾ ਸੀ। ਸਹਿਜੇ ਬਾਰੀ ਦੀਆਂ ਸੀਖਾਂ ਉਤੇ ਫੇਰਨੀ ਸ਼ੁਰੂ ਕੀਤੀ। ਇਕ ਇਕ ਕਰ ਕੇ ਦੋ ਸਰੀਆਂ ਵਢੀਆਂ ਗਈਆਂ। ਆਸਤਾ ਆਸਤਾ ਉਸ ਆਪਣੀ ਧੌਣ ਬਾਹਰ ਕਢੀ, ਫੇਰ ਧੜ, ਤੇ ਮੁੜ ਸਾਰਾ ਹੀ ਬਾਹਰ ਕੁਦ ਗਿਆ।
ਪਹਿਰੇ ਦਾਰ ਨੇ ਅੱਖਾਂ ਮਲੀਆਂ — ਇਕ ਖੜਾਕ ਜਿਹੇ ਦਾ ਝੌਲਾ ਪਿਆ। ਪਰ ਉਹਨੂੰ ਨਜ਼ਰੀਂ ਕੁਝ ਨਾ ਆਇਆ। ਤਾਂ ਵੀ ਉਸ ਪਸਤੌਲ ਦਾ ਇਕ ਬੇ-ਸ਼ਿਸਤਾ ਫ਼ਾਇਰ ਕਰ ਹੀ ਦਿਤਾ।
++++
ਪਹੁ ਫੁਟਾਲੇ ਨੂੰ ਸਾਗਰ ਤੇ ਪ੍ਰੀਨਾ ਉਦਾਸ ਉਦਾਸ ਝੁਗੀ ਵਿਚੋਂ ਨਿਕਲੇ ਹੀ ਸਨ ਕਿ ਉਨ੍ਹਾਂ ਪਹਾੜੀਆਂ ਉੱਤੋਂ ਦੀ ਕੋਈ ਲੰਙਾ ਲੰਙਾ ਆਉਂਦਾ ਤਕਿਆ। ਪ੍ਰੀਨਾਂ ਦਾ ਦਿਲ ਧੜਕ ਪਿਆ। ਉਸ ਅਗਾਂਹ ਕਦਮ ਸੁੱਟੇ। ਹਿੰਦੀ ਹੁਣ ਸਪਸ਼ਟ ਲਭ ਰਿਹਾ ਸੀ। ਪ੍ਰੀਨਾਂ ਦੇ ਚਿਹਰੇ ਤੇ ਇਕ ਭਾਹ ਮਘ ਉਠੀ, "ਬਾਪੂ — ਹਿੰਦੀ ਕਾਹਲੀ ਨਾਲ ਉਹਦੇ ਬੁੱਲ੍ਹ ਫਰਕੇ। ਸਾਗਰ ਬੁਢੀਆਂ ਅੱਖਾਂ ਨਾਲ ਤਕਦਾ ਤਕਦਾ ਅਗੇ ਵਧਿਆ ਪਰ ਹਿੰਦੀ ਜਿਥੇ ਲਗਾ ਆਉਂਦਾ ਸੀ ਉਥੇ ਹੀ ਢਹਿ ਪਿਆ।
ਪ੍ਰੀਨਾਂ ਅੱਗ ਦੇ ਭਬੂਕੇ ਵਾਂਗ ਢੱਠੇ ਹਿੰਦੀ ਕੋਲ ਜਾਂ ਅਪੜੀ। ਉਹਦੀ ਵੱਖੀ ਵਿਚੋਂ ਲਹੂ ਪਿਆ ਵਗਦਾ ਸੀ। ਪ੍ਰੀਨਾਂ ਸੁੰਨ ਹੋ ਗਈ। "ਛੇਤੀ ਆ ਬਾਪੂ....."
"ਹਿੰਦੀ — ਹਿੰਦੀ" ਸਾਗਰ ਨੇ ਕੰਬਦੀਆਂ ਬਾਹਾਂ ਨਾਲ ਹਿੰਦੀ ਨੂੰ ਹਲਾਇਆ। ਹਿੰਦੀ ਅਧ-ਖੁਲ੍ਹੀਆਂ ਅੱਖਾਂ ਵਿਚੋਂ ਝਾਕਿਆ ਤੇ ਉਹਦੇ ਬੁਲ੍ਹ ਖੁਲ੍ਹੇ — "ਪਹਿਰੇ ਦਾਰ ਦੀ ਗੋਲੀ ਨੇ-- ਮੇਰੀ -- ਜਿੰਦ ਤੋੜ ਘੱਤੀ ਹੈ — ਪ੍ਰੀਨਾਂ -- ਆ--ਮੇਰੀਆਂ ਅੱਖਾਂ ਅੱਗੇ — ਆ ਜਾ ਮੇਰੀ ਪ੍ਰੀਨੀ।"
"......... ਮੇਰਾ ਪਿਉ......ਵੀ.....ਜਲਾਵਤਨ ਹੈ......ਕਿਤੇ...... ਵਤਨੋਂ ਦੂਰ....ਮੇਰੇ ਅੰਦਰ ਓਸੇ ਦਾ ਲਹੂ....ਪਿਆ ਉਬਾਲੇ ਖਾਂਦਾ...... ਰਿਹਾ ਹੈ, ਇਹ ਸੁਣ ਕੇ ਸਾਗਰ ਠਠਕ ਗਿਆ ਤੇ ਹਿੰਦੀ ਉਤੇ ਹੋਰ ਝੁਕ ਗਿਆ।
"ਉਹ ਅਜ ਤੋਂ ਸਤਾਈ ਠਾਈ,.....ਵਰ੍ਹੇ ਪਹਿਲਾਂ....... ਅਜ਼ਾਦੀ ਨੂੰ ਛੁਹਣ ਲਗਾ......ਸੀ" ਹਿੰਦੀ ਮੁੜ ਬੋਲਿਆ, "ਕਾਸ਼!.....ਮੈਨੂੰ.....ਅੱਜ.....ਮੈਨੂੰ.....ਮੇਰਾ ਪਿਤਾ ਤਕ ਲੈਂਦੋ,,,,, ਉਘਾ ਜਲਾਵਤਨ ਪ੍ਰੇਮ ਚੰਦਰ'
'ਪ੍ਰੇਮ ਚੰਦਰ' ਨਾਉਂ ਸੁਣ ਕੇ ਸਾਗਰ ਦੀ ਆਤਮਾ ਮਾਨੋ ਟੋਟੇ ਟੋਟੇ ਹੋ ਗਈ। ਉਹ ਪਗਲਿਆਂ ਵਾਂਗੂ ਝੁੰਝਲਾ ਕੇ ਬੋਲਿਆ — "ਦੇਸ਼ ਕੁਮਾਰ — ਓਹ ਮੇਰੇ ਲਾਲ — ਦੇਸ਼ ਕੁਮਾਰ — ਦੇਸ਼ ਕੁਮਾਰ"
"ਦੇਸ਼ ਕੁਮਾਰ" ਹਿੰਦੀ ਦੀਆਂ ਅੱਖਾਂ ਫੇਰ ਚੌੜੇਰੀਆਂ ਹੋ ਗਈਆਂ। "ਮੇਰਾ ਨਾਓਂ......ਕਿਸ ਲਿਆ ਹੈ......ਏਸ......ਧਰਤੀ ਉਤੇ......?" ਉਹਦੀ ਬੁਝਦੀ ਬੁਝਦੀ ਜੋਤ ਇਕੇਰਾਂ ਮੁੜ ਭੜਕ ਉਠੀ। ਪ੍ਰੀਨਾਂ ਕੋਲ ਪੱਥਰ ਦੀ ਮੂਰਤ ਵਾਂਗ ਬੈਠੀ ਹੋਈ ਸੀ।
"ਉਹ ਮੇਰੇ ਬੱਚੇ...... ਮੈਂ ਪ੍ਰੇਮ ਚੰਦਰ....ਤੇਰਾ ਜਲਾਵਤਨ ਪਿਓ.......ਤੇਰੇ ਕੋਲ ਬੈਠਾ ਹਾਂ......ਤੇਰੀ ਸਰਹਾਂਦੀ। ਤੂੰ ਮੇਰੀ ਝੋਲੀ ਵਿਚ ਏਂ.....ਮੇਰੇ ਲਾਲ। ਇਕ ਵਾਰੀ ਮੁੜ ਜਾਗ ਪਉ — ਮੇਰੇ ਦੇਸ਼ ਕੁਮਾਰ!" ਪ੍ਰੇਮ ਚੰਦਰ ਦੀਆਂ ਨਸਾਂ ਵਿਚ ਪੁਰਾਣੀ ਮਮਤਾ ਤੱਤਾ ਲਹੂ ਬਣ ਕੇ ਦੌੜ ਪਈ।
"ਪਿਤਾ ਜੀ.......ਪ੍ਰੀਨਾਂ.....ਮੈਂ ਚਲਿਆ....ਜੇ ਦੇਸ ਨੂੰ" ਤੇ ਹਿੰਦੀ ਦੀ ਧੌਣ ਇਕ ਬੰਨੇ ਡਿਗ ਪਈ।
++++
ਜਦੋਂ ਕਾਲੀਆਂ ਰਾਤਾਂ ਚੁਫੇਰੇ ਛਾ ਜਾਂਦੀਆਂ ਤੇ ਜੈਟੀ ਉਤੇ ਖਲੋਤੇ ਜਹਾਜ਼ ਕੂਕਾਂ ਨਾਲ ਖ਼ਮੋਸ਼ ਰਾਤ ਨੂੰ ਥਰਰਾਂਦੇ ਪਰਦੇਸਾਂ ਵਲ ਜਾਂਦੇ ਤਾਂ ਇਕ ਮਧਮ ਜਿਹਾ ਪਰਛਾਵਾਂ ਜਹਾਜ਼ਾਂ ਦੀ ਓਟ ਵਿਚ ਏਧਰ ਓਧਰ ਭੌਂਦਾ ਦਿਸਦਾ। ਪਰਛਾਂਵੇਂ ਵਾਲੀ ਰੂਹ ਹੌਂਕਦੀ ਹੌਂਕਦੀ ਮੁਸਾਫ਼ਰਾਂ ਕੋਲੋਂ ਪੁਛਿਆ ਕਰਦੀ:—
"ਓਧਰ ਨੂੰ ਕਿਹੜਾ ਜਹਾਜ਼ ਜਾਂਦਾ ਵੇ???
"ਕਿਧਰ ਨੂੰ?" ਮੁਸਾਫ਼ਰ ਅਗੋਂ ਪੁਛਦੇ।
"ਹਿੰਦੀ ਦੇ ਦੇਸ਼ ਨੂੰ — ਹਿੰਦੁਸਤਾਨ ਨੂੰ"
"ਤੂੰ ਓਥੇ ਜਾਣਾ ਹੈ ਕੀ?" ਮੁਸਾਫ਼ਰ ਮੁੜ ਪੁਛਦੇ।
"ਨਹੀਂ" ਉਹ ਕੁੜੀ ਅਗੋਂ ਉੱਤ੍ਰ ਦੇਂਦੀ।
"ਤੇ ਮੁੜ ਪੁਛਨੀ ਕਿਉਂ ਪਈ ਏਂ?"
"ਐਵੇਂ-" ਤੇ ਉਹ ਸੁਦਾਈਆਂ ਵਾਂਗ ਹਸ ਪੈਂਦੀ।
('ਭੁੱਖੀਆਂ ਰੂਹਾਂ' ਵਿੱਚੋਂ)