Yaadan Da Vagg (Punjabi Story) : Zubair Ahmad

ਯਾਦਾਂ ਦਾ ਵੱਗ (ਕਹਾਣੀ) : ਜ਼ੁਬੈਰ ਅਹਿਮਦ

ਸ਼ਾਮੀਂ ਦਫਤਰੋਂ ਘਰ ਅੱਪੜਿਆ ਤਾਂ ਵਹੁਟੀ ਨੇ ਦੱਸਿਆ, ਸੁਸਾਇਟੀ ਵਾਲੇ ਸੱਦਾ ਦੇਣ ਆਏ ਸਨ; ਅਖੇ, ਸੱਤ ਵਜੇ ਮਹੱਲੇ ਦਾ ਇਕੱਠ ਏ। ਅਚੰਭਾ ਤਾਂ ਹੋਇਆ, ਪਰ ਚੰਗਾ ਵੀ ਲੱਗਾ, ਚਲੋ ਹੁਣ ਮਹੱਲੇ ਆਲੇ ਜੁੜ ਬੈਠਣ ਲੱਗੇ ਨੇ। ਸਾਰੇ ਬਲਾਕਾਂ ਦੀਆਂ ਸੁਸਾਇਟੀਆਂ ਸਨ ਤੇ ਉਨ੍ਹਾਂ ਦੇ ਸਾਰੇ ਮਸਲੇ ਉਹ ਹੱਲ ਕਰਾਂਦੀਆਂ ਪਈਆਂ ਸਨ। ਗਲੀਆਂ ਪੱਕੀਆਂ ਹੋਵਣ ਪਈਆਂ, ਰਾਤੀਂ ਪਹਿਰੇ ਲਈ ਪੈਸੇ ਪਾ ਕੇ ਚੌਕੀਦਾਰ ਵੀ ਰੱਖੇ ਜਾਣ ਲੱਗੇ, ਸੀਵਰੇਜ ਠੀਕ ਹੋ ਗਏ ਸਨ ਤੇ ਸਟਰੀਟ ਲਾਈਟਾਂ ਲੱਗਣ ਦੀ ਉਡੀਕ ਸੀ। ਪਰ ਸਾਡੇ ਬਲਾਕ ਦੇ ਮੰਦੇ ਭਾਗ, ਐਥੇ ਅਜਿਹਾ ਕੁਝ ਵੀ ਨਹੀਂ ਸੀ। ਇਲਾਕੇ ਦਾ ਪੁਰਾਣਾ ਪਿੰਡ ਸਾਡੇ ਬਲਾਕ ਵਿਚ ਈ ਸੀ। ਆਖਣ ਨੂੰ ਤਾਂ ਥਾਂ ਸ਼ਹਿਰੀ ਸਕੀਮ ਦਾ ਹਿੱਸਾ ਸੀ, ਪਰ ਖਾਲੀ ਪਲਾਟਾਂ ਦੇ ਛੱਪੜ ਬਣੇ ਹੋਏ ਸਨ ਤੇ ਪਿੰਡ ਦੀਆਂ ਸੌੜੀਆਂ ਗਲੀਆਂ ਵਿਚ ਆਟੇ ਦੀਆਂ ਚੱਕੀਆਂ ਤੇ ਰੂੰ ਪਿੰਜਣ ਦੀਆਂ ਮਸ਼ੀਨਾਂ ਲੱਗੀਆਂ ਹੋਈਆਂ ਸਨ।
ਮੈਨੂੰ ਚੇਤੇ ਏ, ਸੱਤ-ਅੱਠ ਵਰ੍ਹੇ ਪਹਿਲਾਂ ਜਦ ਅਸਾਂ ਐਥੇ ਪਲਾਟ ਲਿਆ ਤਾਂ ਮਸਾਂ ਇਕਦੋ ਘਰ ਸਨ ਤੇ ਰਾਤ ਨੂੰ ਉਕਾ ਹਨੇਰਾ ਹੁੰਦਾ ਸੀ। ਸ਼ਹਿਰ ਦੇ ਨਾਲ ਹੁੰਦਿਆਂ ਵੀ ਇਹ ਥਾਂ ਲਾਹੌਰੋਂ ਬਾਹਰ ਜਾਪਦੀ ਸੀ। ਹੁਣ ਤਾਂ ਲਾਹੌਰ ਸ਼ਹਿਰ ਨੂੰ ਅੱਗ ਲੱਗ ਗਈ ਏ, ਤੇ ਆਪਣੀਆਂ ਈ ਗਲੀਆਂ ਤੇ ਸੜਕਾਂ ਸਿਆਣੀਆਂ ਨਹੀਂ ਜਾਂਦੀਆਂ। ਤੇ ਲਾਹੌਰ ਸ਼ਹਿਰ ਸ਼ੈਤਾਨ ਦੀ ਆਂਦਰ ਵਾਂਗ ਵਧੀ ਜਾਂਦਾ ਏ। ਮੇਰੀ ਵਹੁਟੀ, ਜੋ ਸਕੂਲੇ ਉਸਤਾਨੀ ਏ, ਓਸ ਸ਼ਾਮੀਂ ਬਾਲਾਂ ਨੂੰ ਟਿਊਸ਼ਨਾਂ ਪੜ੍ਹਾ ਪੜ੍ਹਾ ਤੇ ਕਮੇਟੀਆਂ ਪਾ ਪਾ ਕੁਝ ਪੈਸੇ ਜੋੜੇ ਤੇ ਅਸਾਂ ਐਸ ਨਵੀਂ ਉਸਰਦੀ ਸਰਕਾਰੀ ਸਕੀਮ ਵਿਚ ਔਖੇ-ਸੌਖੇ ਹੋ ਕੇ ਪਲਾਟ ਖਰੀਦ ਲਿਆ। ਰਿਸ਼ਤੇਦਾਰਾਂ ਤੇ ਬੇਲੀਆਂ ਆਖਿਆ: ਤੁਹਾਡਾ ਦਿਮਾਗ ਤਾਂ ਠੀਕ ਏ? ਐਨੀ ਦੂਰ?
ਫਿਰ ਜਦੋਂ ਬੈਂਕ ਦਾ ਇਕ ਬੰਦਾ ਵਜ਼ੀਰਏ-ਆਜ਼ਮ ਬਣਿਆ ਤਾਂ ਓਸ ਕਾਰਾਂ ਤੇ ਮਕਾਨਾਂ ਲਈ ਸੌਖੀਆਂ ਕਿਸ਼ਤਾਂ ਉਤੇ ਕਰਜ਼ੇ ਦੇਣੇ ਛੋਹੇ ਤਾਂ ਅਸੀਂ ਅੰਗਾਂ-ਸਾਕਾਂ ਤੋਂ ਕੁਝ ਪੈਸੇ ਉਧਾਰ ਲੈ ਤੇ ਬੈਂਕ ਤੋਂ ਕਰਜ਼ਾ ਲੈ, ਪੰਜ ਮਰਲੇ ਦੇ ਪਲਾਟ ਉਤੇ ਰਹਿਣ ਜੋਗੀ ਥਾਂ ਛੱਤ ਲਈ। ਦੋ ਚਾਰ ਵਰ੍ਹਿਆਂ ਵਿਚ ਈ ਐਸੀ ਅੱਗ ਲੱਗੀ, ਪਲਾਟਾਂ ਦੇ ਇੰਜ ਮੁੱਲ ਵਧੇ ਕਿ ਮੇਰੀ ਵਹੁਟੀ ਰਿਸ਼ਤੇਦਾਰਾਂ ਨੂੰ ਮਾਣ ਨਾਲ ਮਿਲਣ-ਜੁਲਣ ਲੱਗੀ। ਉਂਜ, ਸਾਰੀਆਂ ਸਹੂਲਤਾਂ ਅਜੇ ਨਹੀਂ ਆਈਆਂ ਸਨ। ਬੜੀਆਂ ਔਕੜਾਂ ਨਾਲ ਅਰਜ਼ੀਆਂ ਪਾ ਪਾ, ਸਿਫਾਰਸ਼ਾਂ ਲੱਭ ਲੱਭ, ਵੱਢੀਆਂ ਦੇ ਦੇ ਮਸਾਂ ਸੀਵਰੇਜ ਠੀਕ ਹੋਇਆ। ਨਹੀਂ ਤਾਂ ਖਾਲੀ ਪਲਾਟਾਂ ਵਿਚ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਨਾਲ ਮਕਾਨਾਂ ਦੀਆਂ ਨੀਂਹਾਂ ਵਿਚ ਪਾਣੀ ਜਾਣ ਲੱਗ ਪੈਣਾ, ਜਿਸ ਨਾਲ ਫਰਸ਼ ਬੈਠ ਜਾਂਦੇ। ਹੁਣ ਟੁੱਟੀਆਂ ਗਲੀਆਂ ਨੂੰ ਪੱਕੀਆਂ ਕਰਨ ਉਤੇ ਜ਼ੋਰ ਸੀ।
ਜਦ ਕੁਝ ਘਰ ਛੱਤੇ ਗਏ ਤਾਂ ਮੁਹੱਲੇ ਦੀ ਸ਼ਕਲ ਬਣਨ ਲੱਗੀ। ਇਕ-ਦੋ ਸਟਰੀਟ ਲਾਈਟਾਂ ਤੇ ਬਲਬ ਵੀ ਪਤਾ ਨਹੀਂ ਕਿੰਜ ਲੱਗ ਗਏ, ਅਚਨਚੇਤ ਪਲਾਟਾਂ ਦੇ ਭਾਅ ਹੋਰ ਵਧੇ ਤੇ ਇਕਦੋ ਘਰਾਂ ਦੇ ਵਸਨੀਕ ਪਲਾਟ ਵੇਚ ਕੇ ਹੋਰ ਅਗਾਂਹ ਤੁਰ ਗਏ। ਮੁੜ ਇਕ-ਦੋ ਵਰ੍ਹਿਆਂ ਪਿਛੋਂ ਵਿੰਹਦੇ ਵਿੰਹਦੇ ਕਈ ਮਕਾਨ ਉਸਰ ਪਏ। ਜਦ ਵੀਹਪੰਝੀ ਮਕਾਨ ਬਣ ਗਏ ਤਾਂ ਡਰ ਵੀ ਵਧ ਗਿਆ। ਜਦ ਦੋ-ਚਾਰ ਘਰ ਸਨ, ਤਾਂ ਬਹੁਤੇ ਲੋਟਾ-ਚੋਰ ਸਨ। ਸੀਵਰੇਜ ਦੇ ਢੱਕਣ ਚੋਰੀ ਹੋ ਜਾਂਦੇ। ਗੇਟ ਥੱਲਿਓਂ ਹੱਥ ਪਾ ਕੇ ਪਾਣੀ ਦੇ ਪਾਈਪ ਕੱਟ ਲੈ ਜਾਂਦੇ। ਜਦ ਅਸੀਂ ਮਕਾਨ ਪਾਇਆ ਸੀ, ਓਦੋਂ ਵੀ ਚੋਰੀਆਂ ਹੁੰਦੀਆਂ ਸਨ। ਇੱਟਾਂ, ਸੀਮਿੰਟ ਤੇ ਦੂਜੇ ਸਮਾਨ ਦੀ ਸਾਂਭ ਕਰਨੀ ਪੈਂਦੀ ਸੀ। ਇਸੇ ਲਈ ਟੈਂਟ ਲਗਵਾ ਕੇ ਇਕ ਬੰਦੇ ਨੂੰ ਚੌਕੀਦਾਰ ਰੱਖਣਾ ਪਿਆ, ਜਿਸ ਦਾ ਕੰਮ ਬੱਸ ਇਹ ਸੀ, ਪਈ ਮਜ਼ਦੂਰਾਂ ਤੇ ਮਿਸਤਰੀ 'ਤੇ ਅੱਖ ਰੱਖੇ ਤੇ ਰਾਤ ਨੂੰ ਚੌਕੀਦਾਰੀ ਕਰੇ। ਪਿੱਛੇ ਜਿਹੇ ਜਦ ਮੁਹੱਲੇ ਦੀ ਇਕ ਜਨਾਨੀ ਕੋਲੋਂ ਮੋਟਰਸਾਈਕਲ ਆਲੇ ਮੁੰਡੇ ਪਰਸ ਖੋਹਿਆ, ਤਾਂ ਸਾਰਿਆਂ ਨੂੰ ਜਾਗ ਆ ਗਈ।
ਇਕੱਠ ਵਿਚ ਜਾਂਦਿਆਂ ਮੇਰੇ ਦਿਲ ਵਿਚ ਇਹੀ ਗੱਲਾਂ ਸਨ। ਵੀਹ-ਪੰਝੀ ਘਰਾਂ 'ਚੋਂ ਮਸਾਂ ਅੱਧੇ ਘਰਾਂ ਦੇ ਜੀਅ ਆਏ ਸਨ ਜਿਨ੍ਹਾਂ ਵਿਚ ਇਕਦੋ ਵਕੀਲ ਸਨ ਤੇ ਵਧ ਵਧ ਗੱਲਾਂ ਕਰਦੇ ਤੇ ਸਲਾਹਾਂ ਦਿੰਦੇ ਪਏ ਸਨ। ਦੋ-ਚਾਰ ਹਟਵਾਣੀਏ ਸਨ, ਇਕ-ਦੋ ਵਪਾਰੀ ਤੇ ਕੁਝ ਮੇਰੇ ਵਰਗੇ ਸਰਕਾਰੀ ਮੁਲਾਜ਼ਮ। ਸਭ ਤੋਂ ਪਹਿਲਾਂ ਸੁਸਾਇਟੀ ਬਣਾਵਣ ਦਾ ਹੋਕਾ ਦਿੱਤਾ ਗਿਆ; ਸਦਰ (ਪ੍ਰਧਾਨ), ਸੈਕਟਰੀ, ਖਜਾਨਚੀ ਮਿਥੇ ਗਏ। ਇਕ ਮਸਲਾ ਪਾਣੀ ਦਾ ਸੀ। ਜਦ ਘਰ ਥੋੜ੍ਹੇ ਸਨ, ਪਾਣੀ ਦਾ ਮਸਲਾ ਨਹੀਂ ਸੀ; ਪਰ ਹੁਣ ਗਰਮੀਆਂ ਵਿਚ ਮਰ ਕੇ ਪਾਣੀ ਆਂਦਾ ਸੀ। ਲੋਕਾਂ ਪਾਣੀ ਖਿੱਚਣ ਦੀਆਂ ਮੋਟਰਾਂ ਵੀ ਲਾਈਆਂ ਹੋਈਆਂ ਸਨ, ਫਿਰ ਵੀ ਮਸਲਾ ਓਥੇ ਈ ਸੀ।
ਚੋਰੀਆਂ ਦਾ ਸਾਰਾ ਦੋਸ਼ ਖਾਲੀ ਪਲਾਟਾਂ ਵਿਚ ਰਹਿੰਦੇ ਝੁੱਗੀਆਂ ਵਾਲਿਆਂ ਉਤੇ ਮੜ੍ਹ ਦਿੱਤਾ ਗਿਆ। ਪੂਰੇ ਮੁਹੱਲੇ ਵਿਚ ਭਾਵੇਂ ਇਹ ਗੱਲ ਧੁੰਮੀ ਪਈ ਸੀ ਕਿ ਜਿਸ ਮੁੰਡੇ ਨੇ ਮੁਹੱਲੇ ਦੀ ਜਨਾਨੀ ਕੋਲੋਂ ਪਰਸ ਖੋਹਿਆ, ਉਹ ਪ੍ਰਾਪਰਟੀ ਡੀਲਰ ਦਾ ਮੁੰਡਾ ਸੀ ਤੇ ਜਿਸ ਨੂੰ ਲੁੱਟੀ ਜਨਾਨੀ ਸਿਹਾਣ ਵੀ ਲਿਆ ਸੀ; ਪਰ ਮੁੰਡੇ ਦੇ ਪਿਓ ਨੇ ਜਨਾਨੀ ਤੇ ਓਸ ਦੇ ਖਸਮ ਦੀਆਂ ਮਿੰਨਤਾਂ ਤਰਲੇ ਕਰ ਕੇ ਇਹ ਗੱਲ ਠੱਪ ਦਿੱਤੀ ਤੇ ਹੁਣ ਉਹ ਵਧ-ਚੜ੍ਹ ਕੇ ਝੁੱਗੀਆਂ ਵਾਲਿਆਂ ਦੇ ਬਰਖਿਲਾਫ ਬੋਲ ਰਿਹਾ ਸੀ, "ਬੜਾ ਗੰਦ ਪਾਇਆ ਹੋਇਆ ਏ ਐਨ੍ਹਾਂ ਝੁੱਗੀਆਂ ਆਲਿਆਂ। ਸਭ ਤੋਂ ਉਨ੍ਹਾਂ ਦੇ ਸ਼ਨਾਖਤੀ ਕਾਰਡ ਲਵੋ, ਤਾਂ ਜੋ ਜਦ ਚੋਰੀ ਹੋਵੇ, ਉਨ੍ਹਾਂ ਨੂੰ ਚੈੱਕ ਕੀਤਾ ਜਾ ਸਕੇ।"
ਮੈਂ ਹੌਲੀ ਜਿਹੀ ਗੱਲ ਕੀਤੀ, ਸ਼ਨਾਖਤੀ ਕਾਰਡ ਮ੍ਹਾਤੜਾਂ ਕੋਲ ਕਿਥੇ ਹੋਣੇ ਨੇ। ਫਿਰ ਉਨ੍ਹਾਂ ਦੀਆਂ ਜਨਾਨੀਆਂ ਬਾਰੇ ਗੱਲਾਂ ਹੋਵਣ ਲੱਗ ਪਈਆਂ ਕਿ ਰਾਤ ਨੂੰ ਗੱਡੀਆਂ ਆਉਂਦੀਆਂ ਨੇ ਤੇ ਇਨ੍ਹਾਂ ਝੁੱਗੀਆਂ ਤੋਂ ਜਨਾਨੀਆਂ ਜਾਂਦੀਆਂ ਨੇ। ਕਈ ਚਸਕੇ ਲੈ ਲੈ ਗੱਲਾਂ ਸੁਣਨ ਲੱਗ ਪਏ ਤੇ ਇਕੱਠ ਵਿਚ ਇਕਦਮ ਜਾਨ ਜਿਹੀ ਪੈ ਗਈ। ਕਈ ਬੜੇ ਹੈਰਾਨ ਹੋਏ, ਪਈ ਇਹ ਗੱਲ ਸੱਚੀ ਵੀ ਏ?
ਫਿਰ ਸਾਰੇ ਪ੍ਰਾਪਰਟੀ ਡੀਲਰ ਦੀ ਹਾਂ ਵਿਚ ਹਾਂ ਰਲਾਵਣ ਲੱਗੇ ਤੇ ਮਿਥਿਆ ਗਿਆ, ਪਈ ਉਨ੍ਹਾਂ ਕੋਲੋਂ ਸ਼ਨਾਖਤੀ ਕਾਰਡ ਲਏ ਜਾਵਣ ਤੇ ਦੂਜਿਆਂ ਦੀ ਡਿਊਟੀ ਵੀ ਲਾ ਦਿੱਤੀ ਗਈ। ਅਖੀਰ ਗੱਲ ਮੱਝਾਂ ਦੀ ਹੋਵਣ ਲੱਗ ਪਈ। ਕਈ ਥਾਂਵਾਂ 'ਤੇ ਗਟਰ ਬੰਦ ਸਨ, ਕਿਉਂ ਜੋ ਲਾਗੇ ਮੱਝਾਂ ਬੰਨ੍ਹੀਆਂ ਹੋਈਆਂ ਸਨ। ਫਿਰ ਗੰਦ ਪਾਰੋਂ ਮੱਛਰ ਤੇ ਮੱਖੀਆਂ ਦੀ ਮੌਜ ਸੀ। ਉਂਜ ਭਾਵੇਂ ਅੱਧਾ ਮੁਹੱਲਾ ਇਨ੍ਹਾਂ ਤੋਂ ਦੁੱਧ ਲੈਂਦਾ ਸੀ, ਪਰ ਹੁਣ ਸਾਰੇ ਇਨ੍ਹਾਂ ਮੱਝਾਂ ਨੂੰ ਕੱਢਣ ਉਤੇ ਇਕਮੁੱਠ ਸਨ। ਮਿਥਿਆ ਗਿਆ, ਪਈ ਟਾਊਨ ਕਮੇਟੀ ਦੇ ਅਫਸਰ ਨੂੰ ਅਰਜ਼ੀ ਪਾਈ ਜਾਵੇ ਤੇ ਮੁਹੱਲੇ ਵਿਚ ਰਹਿੰਦੇ ਕੁਝ ਵਕੀਲਾਂ ਨੇ ਐਸ ਮਸਲੇ ਨੂੰ ਅਦਾਲਤ ਲਿਜਾਵਣ ਦਾ ਡਰਾਵਾ ਵੀ ਦੇ ਦਿੱਤਾ। ਇਕ-ਦੋ ਬੰਦੇ ਗੁੱਜਰਾਂ ਦੇ ਜਾਣਨ ਵਾਲੇ ਬੈਠੇ ਸਨ ਤੇ ਗੱਲ ਉਨ੍ਹਾਂ ਨੂੰ ਸੁਣਾਵਣ ਲਈ ਕੀਤੀ ਜਾਂਦੀ ਪਈ ਸੀ। ਇਹ ਵੀ ਪਈ, ਦਸਬਾਰ੍ਹਾਂ ਵਰ੍ਹੇ ਪਹਿਲਾਂ ਜਦ ਇਹ ਸਕੀਮ ਬਣੀ, ਪਲਾਟ ਤੇ ਸੜਕਾਂ ਬਣੀਆਂ, ਮੱਝਾਂ ਨੂੰ ਕੱਢਿਆ ਗਿਆ ਤੇ ਗੁੱਜਰਾਂ ਮੱਝਾਂ ਛੁਡਾਣ ਲਈ ਧਾਵਾ ਕੀਤਾ, ਸਰਕਾਰੀ ਬੰਦਿਆਂ ਗੋਲੀ ਚਲਾ ਦਿੱਤੀ ਤੇ ਗੁੱਜਰਾਂ ਦਾ ਇਕ ਬੰਦਾ ਮਾਰਿਆ ਗਿਆ ਤੇ ਇਹ ਕੰਮ ਤੋੜ ਨਾ ਚੜ੍ਹਿਆ। ਤੇ ਗੱਲ ਅਦਾਲਤ ਵਿਚ ਲਟਕ ਗਈ, ਹੁਣ ਵਸੋਂ ਵਧੇ ਪਈ, ਮੱਝਾਂ ਰੱਖਣਾ ਗੈਰਕਾਨੂੰਨੀ ਸੀ ਤੇ ਮੱਝਾਂ ਨੂੰ ਕੱਢਣ ਦਾ ਪੱਕਾ ਮਤਾ ਪਾਇਆ ਗਿਆ।
ਮੈਂ ਇਸ ਗੱਲ ਦੀ ਬਹੁਤੀ ਹਾਮੀ ਨਾ ਭਰੀ ਪਰ ਉਨ੍ਹਾਂ ਨੂੰ ਨਾਂਹ ਵੀ ਨਾ ਕਰ ਸਕਿਆ। ਸ਼ਹਿਰਾਂ ਵਿਚ ਮੱਝਾਂ ਤਾਂ ਨਹੀਂ ਹੋਂਦੀਆਂ? ਐਨੇ ਵਰ੍ਹਿਆਂ ਵਿਚ ਮੈਨੂੰ ਇਨ੍ਹਾਂ ਦਾ ਖਿਆਲ ਵੀ ਨਾ ਆਇਆ। ਮੈਨੂੰ ਚੇਤੇ ਆਇਆ, ਜਦ ਅਸੀਂ ਨਵਾਂ ਨਵਾਂ ਘਰ ਪਾਇਆ ਸੀ ਤੇ ਮਾਂ ਸ਼ਾਮ ਨੂੰ ਦੂਜੀ ਮੰਜ਼ਲ ਦੇ ਟੈਰੇਸ ਤੋਂ ਗਲੀ ਵਿਚੋਂ ਮੱਝਾਂ ਲੈ ਲੰਘਦੇ ਗੁੱਜਰ ਨਾਲ ਗੱਲਾਂ ਕਰਦੀ ਹੁੰਦੀ ਸੀ। ਉਹ ਬੁਢੇਰਾ ਜਿਹਾ ਸੀ ਤੇ ਹੱਥ ਵਿਚ ਡਾਂਗ ਫੜੀ ਰੋਜ਼ ਗਲੀ ਵਿਚੋਂ ਖੌਰੇ ਮੱਝਾਂ ਨੂੰ ਕਿਥੇ ਚਰਾਣ ਲੈ ਜਾਂਦਾ ਸੀ। ਨੱਸਦਾ ਜਾਂਦਾ ਉਹ ਮੱਝਾਂ ਦੁਆਲੇ ਇੰਜ ਨਜ਼ਰੀਂ ਆਉਂਦਾ, ਜਿਵੇਂ ਨੱਸਦਾ ਨਹੀਂ ਤੈਰਦਾ ਪਿਆ ਹੋਵੇ ਤੇ ਮੱਝਾਂ ਨੂੰ ਵਲਾਉਂਦਾ ਉਹ ਮੁੜਦਾ ਘੁੰਮਦਾ ਉਡਦਾ ਜਾਂਦਾ। ਪੈਰੀਂ ਮੈਕਸਨ ਪੁਰਾਣੇ ਜਿਹੇ ਤੇ ਤੇੜ ਲੱਕਦੀ (ਧੋਤੀ)। ਉਹਨੂੰ ਵੇਖ ਹਮੇਸ਼ਾ ਮੇਰਾ ਹੱਥ ਆਪ ਮੁਹਾਰੇ ਮੱਥੇ ਨੂੰ ਸਲਾਮ ਕਰਨ ਲਈ ਉਠ ਜਾਂਦਾ ਤੇ ਉਹ ਬਹੁੰ ਖੁਸ਼ੀ ਨਾਲ ਹਵਾ ਵਿਚ ਉਡਦੇ ਜਾਂਦੇ ਜੁਆਬ ਦਿੰਦਾ। ਮੱਝਾਂ ਨਾਲ ਵਗਦੇ ਕੋਲ ਕਦੀ ਐਨਾ ਵੇਲਾ ਨਹੀਂ ਹੁੰਦਾ ਸੀ, ਪਈ ਉਹ ਖਲੋ ਮੇਰੇ ਨਾਲ ਗੱਲ ਕਰੇ। ਮਾਂ ਕੋਲ ਪਿੰਡ ਵਿਚ ਪੀਰਾਂ ਬਾਗ ਗੁਰਦਾਸਪੁਰ ਘਰੀਂ ਮੱਝ ਵੀ ਸੀ। ਤੇ ਮਾਂ ਮੱਝ ਦੀਆਂ ਗੱਲਾਂ ਵੀ ਕਰਦੀ ਹੁੰਦੀ ਸੀ ਪਰ ਸ਼ਹਿਰਾਂ ਵਿਚ ਮੱਝਾਂ ਤਾਂ ਨਹੀਂ ਹੁੰਦੀਆਂ ਨਾ!
ਰਾਤੀਂ ਮੈਂ ਚਿਰਕੇ ਤੀਕ ਮੱਝਾਂ ਬਾਰੇ ਸੋਚਦਾ ਰਿਹਾ। ਇੰਨੇ ਵਰ੍ਹੇ ਲੰਘ ਗਏ, ਇਨ੍ਹਾਂ ਮੱਝਾਂ ਦਾ ਖਿਆਲ ਕਿਉਂ ਨਹੀਂ ਆਇਆ। ਮੈਨੂੰ ਆਪਣੀ ਗਲੀ ਵਿਚ ਗੋਹਾ ਭੈੜਾ ਕਿਉਂ ਨਹੀਂ ਲੱਗਦਾ? ਬੁੱਢੇ ਗੁੱਜਰ ਨਾਲ ਮੈਂ ਹਮੇਸ਼ਾ ਸਲਾਮ ਕਿਉਂ ਕਰਦਾ ਆਂ? ਮੈਂ ਕਿਉਂ ਚਾਹਨਾਂ, ਪਈ ਉਹ ਕੁਝ ਚਿਰ ਖਲੋਵੇ ਤੇ ਮੈਂ ਉਸ ਦੀ ਸੁੱਖਸਾਂਦ ਲਵਾਂ।
ਰੋਜ਼ ਵਾਂਗ ਰਾਤ ਦੀ ਰੋਟੀ ਖਾਵਣ ਪਿਛੋਂ ਉਤਲੀ ਮੰਜ਼ਲ ਦੇ ਟੈਰੇਸ ਉਤੇ ਆ ਬੈਠਾ। ਅੱਧ ਜੇਠ ਤੇ ਸਾਰੇ ਦਿਨ ਦੀ ਅੰਤਾਂ ਦੀ ਗਰਮੀ ਪਿਛੋਂ ਹੁਣ ਮੱਠੀ ਮੱਠੀ ਵਗਦੀ ਹਵਾ ਚੰਗੀ ਲੱਗੀ। ਐਵੇਂ ਪਤਾ ਨਹੀਂ ਕਿਥੋਂ ਬੱਦਲਾਂ ਦੇ ਟੋਟੇ ਆਏ ਤੇ ਹਵਾ ਵਿਚ ਮਾੜੀ ਜਿਹੀ ਠੰਢ ਦੀ ਕਣੀ ਸਹੀ ਹੋਈ। ਮੇਰੀ ਵਹੁਟੀ ਝੱਟ ਆਖਿਆ, "ਕਿਤੇ ਮੀਂਹ ਪਿਆ ਏ।" ਪਰ ਮੈਨੂੰ ਹਵਾ ਕਣੀ ਵਿਚ ਕੋਈ ਪੁਰਾਣੀ ਖੁਸ਼ਬੋਈ ਆਈ। ਮੈਂ ਵਹੁਟੀ ਨੂੰ ਆਖਿਆ, "ਮੈਨੂੰ ਚਾਹ ਐਥੇ ਈ ਲਿਆ ਦੇਹ। ਕੁਝ ਚਿਰ ਐਥੇ ਈ ਬੈਠਾਂਗਾ।"
ਹਵਾ ਸਹਿਜੇ ਸਹਿਜੇ ਤ੍ਰਿਖੀ ਹੋਈ ਤੇ ਹੋਰ ਠੰਢੀ ਜਿਹੀ ਲੱਗੀ। ਜੇਠ ਵਿਚ ਇਹ ਹਵਾ ਰੱਬੀ ਦਾਤ ਏ। ਵਗਦੀ ਹਵਾ ਨੇ ਪੁਰਾਣੀ ਯਾਦ ਨੂੰ ਮੋਹਰੇ ਲਾ ਧਰਿਆ। ਸਰਘੀ ਤੋਂ ਅਗਦੋਂ ਝੁਲਦੀ ਹਵਾ ਦੀ ਯਾਦ, ਜਿਹੜੀ ਨਿੱਤ ਠੰਢ ਨਿੱਘੀ, ਸੱਜ-ਜੰਮੀ, ਨਵੀਂ ਨਿਰੋਲ ਤੇ ਨਿੱਥਰੀ ਹੁੰਦੀ ਏ। ਮੁੱਕਦੀ ਰਾਤ ਦੀ ਇਹ 'ਵਾ ਰਾਤ ਦੀ ਅਤਿ ਸੁਹਦੀ ਘੜੀ ਹੁੰਦੀ ਏ ਤੇ ਬੰਦੇ ਦੀ ਰੂਹ ਆਉਂਦੇ ਦਿਨ ਦੀ ਆਸ ਨਾਲ ਭਰ ਦੇਂਦੀ ਏ। ਜਿਉ ਜਿਉਂ ਰਾਤ ਲੰਘੀ, ਤਿਉਂ ਤਿਉਂ ਅਚੇਤ ਵਿਚ ਕੱਸ ਕੇ ਬੰਨ੍ਹਿਆਂ ਵਰ੍ਹਿਆਂ ਬੱਧੀ ਯਾਦਾਂ ਦਾ ਅਟੈਚੀਕੇਸ ਅਚਨਚੇਤ ਖੁੱਲ੍ਹ ਗਿਆ।
ਮੈਂ ਮਸਾਂ ਛੇਵੀਂ ਸੱਤਵੀਂ ਵਿਚ ਪੜ੍ਹਦਾ ਸਾਂ। ਦੋ-ਚਾਰ ਵਰ੍ਹੇ ਪਹਿਲਾਂ ਅਸੀਂ ਐਥੇ ਕ੍ਰਿਸ਼ਨ ਨਗਰ, ਲਾਹੌਰ ਚਾਚੇ ਕੋਲ ਆ ਗਏ। ਪਿਓ ਐਵੇਂ ਕੁਝ ਚਿਰ ਲਈ ਬਿਮਾਰ ਹੋਇਆ ਤੇ ਮੁੜ ਸਦਾ ਲਈ ਅੱਖਾਂ ਮੀਟ ਲਈਆਂ, ਮਾਂ ਨੇ ਡਰੀ ਬਿੱਲੀ ਵਾਂਗ ਬਾਲਾਂ ਨੂੰ ਪਿੰਡੇ ਹੇਠ ਲਕੋ ਲਿਆ।
ਟਾਬਰੀ ਨੇ ਇਕ ਕਮਰਾ ਦੂਜੀ ਮੰਜ਼ਲੇ ਪਾ ਦਿੱਤਾ ਤੇ ਕੁਝ ਖਰਚਾ ਲਾ ਦਿੱਤਾ। ਭਰਾਵਾਂ ਵਿਚ ਮੈਂ ਵੱਡਾ ਸਾਂ, ਇਸ ਲਈ ਚਾਚੀ ਘਰ ਤੋਂ ਬਾਹਰ ਦੇ ਸਾਰੇ ਕੰਮਾਂ ਲਈ ਮੈਨੂੰ ਡਾਹ ਲਿਆ ਤੇ ਘਰ ਦੇ ਕੰਮਾਂ ਲਈ ਮੇਰੀ ਵੱਡੀ ਭੈਣ ਮੁਫਤ ਦੀ ਕਾਮੀ ਲੱਭ ਗਈ। ਚੰਗੀ ਗੱਲ ਇਹ ਸੀ, ਅਸੀਂ ਸਾਰੇ ਸਕੂਲਾਂ ਵਿਚ ਪੈ ਗਏ ਤੇ ਸਾਰੇ ਕਹਿੰਦੇ ਸਨ, ਪੜ੍ਹ ਜਾਣਗੇ ਤੇ ਕੁਝ ਬਣ ਜਾਣਗੇ; ਵੇਲਾ ਔਖਾ ਏ, ਪਰ ਲੰਘ ਜਾਏਗਾ। ਇਕ ਦਿਨ ਪਤਾ ਨਹੀਂ ਚਾਚੀ ਨੂੰ ਕੀ ਚਾਅ ਚੜ੍ਹਿਆ, ਓਸ ਪਿੰਡੋਂ ਮੱਝ ਮੰਗਾ ਲਈ। ਪੀਰ ਮੱਕੀ ਸ਼ੇਖੂਪੁਰੇ ਤੋਂ ਅਗਾਂਹ ਵੱਡੀ ਨਹਿਰ ਉਤੇ ਸਾਡੀ ਟਾਬਰੀ ਦੀ ਚੋਖੀ ਜਮੀਨ ਸੀ, ਜਿਹੜੀ ਮੁੜ ਸਾਂਭੀ ਨਾ ਗਈ, ਕਿਉਂ ਜੋ ਸਾਰੇ ਸ਼ਹਿਰਾਂ ਵਿਚ ਰਹਿੰਦੇ ਸਨ ਤੇ ਮੁੜ ਨਵੀਂ ਪੀੜ੍ਹੀ ਵੇਚ ਖਾ ਛੱਡੀ।
ਪਰ ਓਦੋਂ ਜਮੀਨ ਹੈ ਸੀ ਅਤੇ ਸ਼ੇਰਾ ਕਣਕ, ਚੌਲ, ਗੰਨੇ ਤੇ ਹੋਰ ਸ਼ੈਆਂ ਲਿਆਈ ਰੱਖਦਾ ਸੀ। ਚਾਚੀ ਨੂੰ ਖਾਲਸ ਦੁੱਧ ਦਾ ਬੜਾ ਰੌਲਾ ਸੀ। ਪਹਿਲਾਂ ਮੈਂ ਸਵੇਰ-ਸ਼ਾਮ ਡੋਲੂ ਲੈ ਕੇ ਗੁੱਜਰਾਂ ਕੋਲੋਂ ਦੁੱਧ ਲੈਣ ਜਾਣਾ, ਪਰ ਚਾਚੀ ਕਹਿਣਾ, ਤੈਨੂੰ ਪਤਾ ਨਹੀਂ ਲੱਗਦਾ, ਉਹ ਪਾਣੀ ਪਾ ਦਿੰਦੇ ਨੇ। ਮੈਂ ਹਮੇਸ਼ਾ ਉਨ੍ਹਾਂ ਦੇ ਚੋਣ ਤੋਂ ਅਗਦੋਂ ਈ ਜਾਂਦਾ ਸਾਂ, ਪਰ ਓਥੇ ਐਨੀਆਂ ਵਲਟੋਹੀਆਂ ਹੁੰਦੀਆਂ ਸਨ, ਪਤਾ ਨਾ ਲਗਦਾ, ਉਨ੍ਹਾਂ ਵਿਚ ਪਹਿਲੇ ਤੋਂ ਪਾਣੀ ਹੈ ਜਾਂ ਨਹੀਂ। ਉਹ ਇਨ੍ਹਾਂ ਵਲਟੋਹੀਆਂ ਵਿਚ ਦੁੱਧ ਚੋਂਦੇ ਸਨ। ਇਹ ਗੁੱਜਰ ਸਾਡੇ ਘਰ ਦੇ ਨਾਲ ਦੀ ਗਲੀ ਤੋਂ ਪਾਰ ਰਹਿੰਦੇ ਸਨ। ਵੱਡੇ ਪੱਕੇ ਵਿਹੜੇ ਵਿਚ ਮੱਝਾਂ ਬੰਨ੍ਹੀਆਂ ਹੋਣੀਆਂ ਤੇ ਪਿੱਛੇ ਇਨ੍ਹਾਂ ਦੇ ਘਰ ਸਨ।
ਓਦੋਂ ਕ੍ਰਿਸ਼ਨ ਨਗਰ ਵਿਚ ਮੱਝਾਂ ਰੱਖਣ ਦੀ ਮਨਾਹੀ ਨਹੀਂ ਸੀ। ਇਹ ਸੱਠ ਦੇ ਦਹਾਕੇ ਦਾ ਅਖੀਰ ਸੀ। ਫਿਰ ਸਾਡੇ ਵਿੰਹਦੇ ਵਿੰਹਦੇ ਸੜਕਾਂ ਪੱਕੀਆਂ ਹੋਈਆਂ, ਸੀਵਰੇਜ ਆਇਆ ਤੇ ਅਖੀਰ ਸੱਤਰ ਦੀ ਪੌਂਦ ਵਿਚ ਗੈਸ ਵੀ ਆ ਗਈ। ਇਕ ਦਿਨ ਸਕੂਲੋਂ ਘਰ ਆਇਆ ਤੇ ਸ਼ੇਰਾ ਆਇਆ ਹੋਵੇ ਤੇ ਘਰ ਅੱਗੇ ਮੱਝ ਬੰਨ੍ਹੀ ਹੋਵੇ। ਮੁਹੱਲੇ ਦੇ ਬਾਲਾਂ ਉਸ ਦੁਆਲੇ ਘੇਰਾ ਕੀਤਾ ਹੋਇਆ ਸੀ ਤੇ ਬੜੀਆਂ ਸ਼ੌਂਕ ਭਰੀਆਂ ਅੱਖਾਂ ਨਾਲ ਮੱਝ ਨੂੰ ਵੇਖੀ ਜਾ ਰਹੇ ਸਨ। ਨਵੀਂ ਥਾਂ ਪਾਰੋਂ ਮੱਝ ਕੁਝ ਹਰਿਆਨੀ ਨਾਲ ਤੱਕੇ ਪਈ, ਤੇ ਉਖੜੀ ਉਖੜੀ ਚਿੰਤਾਵੰਦ ਤੇ ਡਰੀ ਡਰੀ ਜਾਪੀ। ਇਕ ਵਾਰੀ ਤਾਂ ਮੈਨੂੰ ਵੀ ਮੱਝ ਦਾ ਚਾਅ ਚੜ੍ਹ ਗਿਆ ਤੇ ਸ਼ੇਰੇ ਮੈਨੂੰ ਹੱਲਾਸ਼ੇਰੀ ਦਿੱਤੀ, ਪਈ ਉਸ ਦੀ ਪਿੱਠ 'ਤੇ ਹੱਥ ਫੇਰਾਂ। ਮੈਨੂੰ ਰਤਾ ਸਾਰ ਨਾ ਹੋਈ, ਪਈ ਇਸ ਚਾਅ ਦਾ ਮੁੱਲ ਵੀ ਮੈਨੂੰ ਤਾਰਨਾ ਪੈਣਾ ਏਂ ਤੇ ਮੱਝ ਦੀ ਭਾਲ-ਸੰਭਾਲ ਮੇਰੇ ਪੇਟੇ ਪੈ ਜਾਣੀ ਏ।
ਚਾਚੀ ਮੈਨੂੰ ਝੱਟ ਪੈਸੇ ਦੇ ਸਾਈਕਲ ਉਤੇ ਤੋਰਿਆ, ਮੱਝ ਲਈ ਪੱਠੇ ਲਿਆਵਣ। ਦੁਪਹਿਰ ਦੀ ਰੋਟੀ ਪਿੱਛੋਂ ਸ਼ੇਰੇ ਪਿੰਡ ਤੁਰ ਜਾਣਾ ਸੀ। ਸ਼ੇਰਾ ਜਦ ਆਉਂਦਾ, ਓਸ ਨੂੰ ਬਾਹਰ ਮੰਜੀ ਡਾਹ ਦਿੱਤੀ ਜਾਂਦੀ। ਓਥੇ ਈ ਓਸ ਰੋਟੀ ਖਾਣੀ। ਲੌਢੇ ਵੇਲੇ ਚਾਚੇ ਦਫਤਰੋਂ ਆਉਣਾ, ਸ਼ੇਰੇ ਨਾਲ ਕਿੰਨਾ ਚਿਰ ਜਮੀਨਾਂ ਦਾ ਲੇਖਾ-ਜੋਖਾ ਕਰਨਾ ਤੇ ਮੁੜ ਓਸ ਨੂੰ ਰਾਹ ਦਾ ਖਰਚ ਦੇ ਤੋਰਨਾ। ਸ਼ੇਰੇ ਦੀ ਟਹਿਲ ਸੇਵਾ ਮੈਂ ਈ ਕਰਦਾ ਸਾਂ। ਓਸ ਨੂੰ ਰੋਟੀ ਖੁਆਣੀ, ਸਿਗਟ-ਚਾਹ ਦਾ ਧਿਆਨ ਰੱਖਣਾ ਮੇਰੇ ਜ਼ਿੰਮੇ ਸੀ। ਸ਼ੇਰੇ ਮੈਨੂੰ ਕੋਲ ਬਿਠਾ ਕੇ ਮੱਝ ਨੂੰ ਨਹਾਣਾ ਜ਼ਰੂਰੀ ਸੀ। ਪੱਠੇ ਸਾਬਤ ਵੀ ਦੇਣੇ ਨੇ ਤੇ ਕੁਤਰੇ ਹੋਏ ਵੀ। ਚੋਕਰ ਚੋਣ ਤੋਂ ਪਹਿਲਾਂ ਪਾਣਾ ਏ, ਸ਼ਟਾਲਾ, ਵੰਡ, ਪੱਠੇ, ਖਲ- ਇਹ ਇਨ੍ਹਾਂ ਦੀ ਖੁਰਾਕ ਏ। ਮੱਝ ਨਾਲ ਪਿਆਰ ਕਰੇਂਗਾ ਤਾਂ ਇਹ ਪਿਆਰ ਕਰੇਗੀ, ਰੱਜ ਦੁੱਧ ਵੀ ਦਏਗੀ, ਅੜੀ ਨਹੀਂ ਕਰੇਗੀ ਤੇ ਚਾਚੀ ਵੀ ਖੁਸ਼ ਰਹੇਗੀ। ਅਖੀਰੀ ਗੱਲ ਇਹਨੂੰ ਕਦੀ ਭੁੱਖੀ ਨਹੀਂ ਰੱਖਣਾ; ਨਹੀਂ ਤਾਂ ਤੈਨੂੰ ਨੇੜੇ ਨਹੀਂ ਲੱਗਣ ਦਏਗੀ।
ਸ਼ਾਮਾਂ ਤੀਕ ਮੈਂ ਐਧਰ-ਓਧਰ ਦੇ ਕੰਮਾਂ ਵਿਚ ਰੁਝਿਆ ਰਿਹਾ ਪਰ ਮੈਨੂੰ ਮੱਝ ਦਾ ਹਰ ਦਮ ਖਿਆਲ ਸੀ। ਮੈਂ ਅਗਦੋਂ ਈ ਓਸ ਲਈ ਪੱਠੇ ਤੇ ਹੋਰ ਸ਼ੈਆਂ ਲੈ ਆਇਆ ਤੇ ਗੁਆਂਢੀ ਗੁੱਜਰਾਂ ਵੀ ਕੁਝ ਪੱਠੇ ਮੁਫਤ ਦੇ ਦਿੱਤੇ। ਸ਼ਾਮੀਂ ਮੈਂ ਰਹਿਮਤ ਗੁੱਜਰ ਨੂੰ ਬੁਲਾ ਕੇ ਲਿਆਇਆ ਤੇ ਓਸ ਮੱਝ ਚੋਈ। ਪਹਿਲਾਂ ਚੋਕਰ ਤੇ ਖਲ ਵੱਡੀ ਪਰਾਤ ਵਿਚ ਓਸ ਨੂੰ ਪਾਈ। ਫਿਰ ਰਹਿਮਤ ਨੇ ਓਸ ਦੀਆਂ ਪਿਛਲੀਆਂ ਦੋਵੇਂ ਲੱਤਾਂ ਰੱਸੇ ਨਾਲ ਇੰਜ ਜੂੜ ਕੇ ਬੰਨ੍ਹ ਦਿੱਤੀਆਂ, ਤਾਂ ਜੋ ਦੁੱਧ ਚੋਣ ਲੱਗਿਆਂ ਓਹ ਦੁਲੱਤੀ ਨਾ ਮਾਰੇ ਤੇ ਫਿਰ ਓਸ ਨੇ ਮੱਝ ਨੂੰ ਪਸਮਾਣ ਦਾ ਵਲ ਦੱਸਿਆ; ਤੇ ਆਖਿਆ, ਜਦ ਮੱਝ ਪਸਮ ਜਾਏ, ਫਿਰ ਮੈਨੂੰ ਦੁੱਧ ਚੋਣ ਲਈ ਸੱਦ ਲਈਂ। ਮੱਝ ਚੋਣ ਲੱਗਿਆਂ ਰਹਿਮੇ ਮੈਨੂੰ ਕੋਲ ਬਿਠਾ ਲੈਣਾ ਤੇ ਪਹਿਲਾਂ ਇਕ-ਦੋ ਧਾਰਾਂ ਮੇਰੇ ਮੂੰਹ ਵਿਚ ਮਾਰਨੀਆਂ। ਪੰਜਾਹ ਵਰ੍ਹਿਆਂ ਪਿਛੋਂ ਵੀ ਮੈਨੂੰ ਕੱਚੇ ਦੁੱਧ ਦਾ ਸਵਾਦ ਚੇਤੇ ਏ।
ਪਰ ਅਸਲ ਔਖੀ ਘੜੀ ਤਾਂ ਰਾਤ ਨੂੰ ਆਉਣੀ ਸੀ। ਮੈਨੂੰ ਚਾਚੀ ਬੁਲਾ ਆਖਿਆ, "ਤੂੰ ਰਾਤ ਮੱਝ ਦੀ ਰਾਖੀ ਲਈ ਬਾਹਰ ਸੌਣਾ ਏਂ।" ਓਸ ਮੈਨੂੰ ਮੰਜੀ ਦੇ ਦਿੱਤੀ ਤੇ ਆਖਿਆ, ਬਿਸਤਰਾ ਮਾਂ ਕੋਲੋਂ ਲੈ ਲਵਾਂ। ਸਵੇਰੇ ਮੈਂ ਮੱਝ ਨੂੰ ਪੱਠੇ ਪਾਣੇ, ਪਸਮਾਣਾ ਤੇ ਰਹਿਮੇ ਕੋਲੋਂ ਚੁਆਣ ਪਿੱਛੋਂ ਸਕੂਲ ਜਾਣਾ। ਮੈਨੂੰ ਐਸ ਕੰਮ ਦਾ ਐਨਾ ਭਾਰ ਨਹੀਂ ਸੀ। ਮੈਂ ਤਾਂ ਰਾਤ ਇਕੱਲੇ ਬਾਹਰ ਸੌਣ ਤੋਂ ਡਰਦਾ ਸਾਂ। ਨੌਂ-ਦਸ ਵਜੇ ਈ ਮੈਂ ਮੰਜੀ ਡਾਹ ਕੇ ਬਾਹਰ ਸੌਣ ਲਈ ਆ ਗਿਆ। ਸਾਹਮਣੇ ਗੁਆਂਢੀਆਂ ਦੇ ਘਰੋਂ ਰੇਡੀਓ ਉਤੇ ਹਿੰਦੁਸਤਾਨੀ ਗਾਣਿਆਂ ਦੀਆਂ 'ਵਾਜਾਂ ਆਂਦੀਆਂ ਰਹੀਆਂ। ਹੌਲੀ ਹੌਲੀ ਘਰਾਂ ਦੀਆਂ ਬੱਤੀਆਂ ਬੁਝੀਆਂ, ਅੰਤ ਸਾਰੇ ਘਰਾਂ ਦੀਆਂ ਬੱਤੀਆਂ ਬੁਝ ਗਈਆਂ ਤੇ ਮੈਨੂੰ ਨੀਂਦ ਵੀ ਆ ਗਈ।
ਫਿਰ ਪਤਾ ਨਹੀਂ ਰਾਤ ਦੇ ਕਿਸ ਵੇਲੇ ਮੇਰੀ ਅੱਖ ਖੁੱਲ੍ਹ ਗਈ। ਤੇ ਮੈਂ ਮੂੰਹ ਉਤੋਂ ਚਾਦਰ ਹਟਾ ਕੇ ਹਨੇਰੇ ਵਿਚ ਵੇਖਣ ਦਾ ਆਹਰ ਕੀਤਾ। ਗਲੀ ਉਕਾ ਸੁੰਞ ਮਸਾਣ। ਮੈਨੂੰ ਪਤਾ ਸੀ, ਮੁਹੱਲੇ ਦੇ ਕੁਝ ਮੁੰਡੇ ਬੜੇ ਬਦਨਾਮ ਸਨ ਤੇ ਦੂਜੇ ਮੁੰਡਿਆਂ ਨਾਲ 'ਫਿਅਲ' ਕਰਦੇ ਸਨ। ਓਦੋਂ ਬੰਧ ਤੋਂ ਪਾਰ ਉਜਾੜ ਸੀ, ਖੂਹ ਤੇ ਪੈਲੀਆਂ ਹੁੰਦੀਆਂ ਸਨ। ਕਈ ਵੱਡੇ ਮੁੰਡਿਆਂ ਨਿੱਕਿਆਂ ਨੂੰ ਵਲਾ ਕੇ ਲੈ ਜਾਣਾ ਤੇ ਫਿਅਲ ਕਰਨੇ। ਕਈਆਂ ਲਿੱਸਿਆਂ ਰੋਜ਼ ਕਾਬੂ ਆ ਜਾਵਣਾ। ਐਵੇਂ ਲੱਗਾ, ਕੋਈ ਦੂਰੋਂ ਮੈਨੂੰ ਵੇਖਦਾ ਪਿਆ ਏ। ਮੈਂ ਝੱਟ ਮੂੰਹ ਉਤੇ ਚਾਦਰ ਲੈ ਡਰ ਨੂੰ ਵਲਾਣ ਦਾ ਕੀਤਾ। ਕਦੀ ਪੈਰਾਂ ਦੀ ਹੌਲੀ ਹੌਲੀ 'ਵਾਜ ਆਵੇ। ਮੈਂ ਦੜ ਵੱਟ ਕੇ ਪਿਆ ਰਿਹਾ। ਜੇ ਨਾਜੀ ਆ ਕੇ ਮੈਨੂੰ ਫੜ੍ਹ ਲਿਆ ਤਾਂ ਮੇਰੀ 'ਵਾਜ ਨਹੀਂ ਨਿਕਲਣੀ। ਨਾਜੀ ਸਾਡੀ ਗਲੀ ਦਾ ਸਭ ਤੋਂ ਬਦਨਾਮ ਮੁੰਡਾ ਸੀ। ਨਸ਼ੇ ਵੀ ਕਰਦਾ ਸੀ। ਸੂਟਾ ਆਮ ਲੱਭ ਜਾਂਦਾ ਸੀ। ਬੰਧੋਂ ਪਾਰ ਖੂਹਾਂ ਉਤੇ ਭੰਗ ਵੀ ਘੋਟੀ ਜਾਂਦੀ ਸੀ।
ਮੇਰੀ ਨੀਂਦ ਉਕਾ ਉੱਡ ਗਈ ਤੇ ਪਤਾ ਨਹੀਂ ਕਿੰਨੀ ਦੇਰ ਡਰਿਆ ਜਾਗਦਾ ਰਿਹਾ। ਫਿਰ ਹੌਲੀ ਹੌਲੀ ਹਵਾ ਵਗਦੀ ਛੋਹੀ ਤੇ ਮੈਨੂੰ ਲੱਗਾ, ਰਾਹ ਹੁਣ ਮੁੱਕਣ ਵਾਲੀ ਏ। ਸਰਘੀ ਤੋਂ ਅਗਦੋਂ ਦੀ ਹਵਾ, ਜੋ ਮੈਨੂੰ ਕਈ ਮਹੀਨੇ ਹੰਢਾਈ, ਸਿਆਲ ਵੀ ਹੁਨਾਲ ਵੀ।
ਅਚਨਚੇਤ ਮੈਨੂੰ ਮੱਝ ਦਾ ਖਿਆਲ ਆਇਆ ਤੇ ਮੇਰਾ ਡਰ ਲਹਿ ਗਿਆ। ਮੱਝ ਮੇਰੇ ਨਾਲ ਈ ਤਾਂ ਬੱਧੀ ਹੋਈ ਸੀ। ਉਹ ਜਾਗਦੀ ਪਈ ਸੀ ਤੇ ਫਿਰ ਓਸ ਉਠ ਕੇ ਮੇਰੇ ਵੱਲ ਸਾਹ ਸੁੱਟਿਆ ਤੇ ਗਲ ਦਾ ਸੰਗਲ ਹਿਲਾਇਆ। ਹੈਂ! ਮੇਰੇ ਨਾਲ ਤਾਂ ਜਿਉਂਦਾ ਜਾਗਦਾ ਜੀਅ ਏ, ਮੈਨੂੰ ਡਰਨ ਦੀ ਕੀ ਲੋੜ ਏ। ਦੂਰੋਂ ਕਿਸੇ ਘਰੋਂ ਖੰਘਣ ਤੇ ਬੱਤੀ ਜਲਾਣ ਦੀ 'ਵਾਜ ਆਈ। ਨਲਕਿਆਂ 'ਚੋਂ ਪਾਣੀ ਡਿਗਣ ਦੀ। ਕੁਝ ਘਰਾਂ ਦੇ ਬੁੱਢੇ ਬਾਬੇ ਨਮਾਜ਼ ਲਈ ਤਿਆਰੀ ਫੜ੍ਹਦੇ ਹੋਣੇ ਨੇ। ਫਜ਼ਲੇ ਤੇ ਹਾਜੀ ਕਮਾਲ ਦਾ ਤਾਂ ਸਾਰਿਆਂ ਨੂੰ ਪਤਾ ਸੀ। ਹਵਾ ਦੇ ਬੁੱਲੇ ਆਵਣੇ ਤੇ ਗਲੀ ਵਿਚ ਵਾਵਰੋਲੇ ਬਣਨੇ। ਹੌਲੀ ਹੌਲੀ ਘਰਾਂ ਵਿਚੋਂ ਆਉਂਦੀਆਂ 'ਵਾਜਾਂ ਵਧਦੀਆਂ ਗਈਆਂ- ਪੈਰਾਂ ਦੀਆਂ, ਬੂਹੇ ਬਾਰੀਆਂ ਖੁੱਲ੍ਹਣ ਦੀਆਂ ਤੇ ਫਿਰ ਮਸੀਤ ਤੋਂ ਬਾਂਗ ਦੀ 'ਵਾਜ ਨੇ ਰਾਤ ਮੁਕਾ ਦਿੱਤੀ।
ਮੈਂ ਮੂੰਹ ਤੋਂ ਚਾਦਰ ਲਾਹੀ ਤੇ ਉਠ ਕੇ ਬਹਿ ਗਿਆ। ਮੱਝ ਸਾਹਮਣੇ ਖਲੋਤੀ ਮੈਨੂੰ ਵੇਖਦੀ ਪਈ ਸੀ। ਪਹਿਲੀ ਵਾਰ ਮੈਂ ਉਹਨੂੰ ਨੀਝ ਨਾਲ ਤੱਕਿਆ। ਚੁੱਪ ਤੇ ਉਦਾਸ ਮੋਟੀਆਂ ਅੱਖਾਂ, ਸਿੰਙ ਉਤਾਂਹ ਨੂੰ ਵਲੇ ਹੋਏ। ਓਸ ਦੇ ਮੂੰਹ ਉਤੇ ਵੀ ਅੱਖਾਂ ਤੋਂ ਹੇਠ ਰੱਸਾ ਵਫ ਕੇ ਇਕ ਤਰ੍ਹਾਂ ਮੂੰਹ ਬੰਨ੍ਹਿਆ ਹੋਇਆ ਸੀ ਤੇ ਉਹ ਰੱਸਾ ਵੀ ਗਲ ਵਿਚ ਸੀ। ਮੈਂ ਅਗਾਂਹ ਹੋ ਕੇ ਉਸ ਦਾ ਉਹ ਰੱਸਾ ਖੋਲ੍ਹ ਦਿੱਤਾ, ਜਿਸ ਨਾਲ ਉਹ ਸੌਖੀ ਜਿਹੀ ਹੋ ਗਈ ਤੇ ਓਸ ਆਪਣਾ ਮੂੰਹ ਮੇਰੇ ਜੁੱਸੇ ਨਾਲ ਰਗੜਿਆ, ਜਿਵੇਂ ਲਾਡ ਕਰਦੀ ਪਈ ਹੋਵੇ। ਮੈਂ ਮੂੰਹ ਉਤੇ ਚਾਦਰ ਲਈ ਤੇ ਬੇਫਿਕਰ ਹੋ ਕੇ ਸੌਂ ਗਿਆ। ਮੁੜ ਮੈਨੂੰ ਸਵੇਰੇ ਮਾਂ ਨੇ ਈ ਜਗਾਇਆ, ਤੇ ਮੈਂ ਮੱਝ ਨੂੰ ਪੱਠੇ ਪਾਉਣ ਤੇ ਪਸਮਾਣ ਦੇ ਆਹਰੇ ਜਾ ਲੱਗਾ।
ਅੱਠ-ਦਸ ਮਹੀਨੇ ਮੈਂ ਇੰਜ ਈ ਰੋਜ਼ ਬਾਹਰ ਸੌਂਦਾ ਰਿਹਾ। ਮੈਂ ਇਕ ਨਵਾਂ ਕੰਮ ਪਾਇਆ। ਅਗਲੀ ਰਾਤੀਂ ਮੱਝ ਦਾ ਸੰਗਲ ਲੰਮਾ ਕੀਤਾ ਤੇ ਆਪਣੀ ਮੰਜੀ ਘਰ ਦੀ ਨਾਲੀ ਉਤੇ ਡਾਹ ਲਈ। ਮੰਜੀ ਦੇ ਦੋ ਪਾਵੇ ਘਰ ਦੀ ਬਾਹਰਲੀ ਕੰਧ ਨਾਲ ਵਗਦੀ ਨਾਲੀ ਦੀ ਪੱਟੀ ਉਤੇ ਵਸਾ ਦਿੱਤੇ ਤੇ ਮੱਝ ਨੂੰ ਆਪਣੇ ਸਾਹਮਣੇ ਕਰ ਲਿਆ। ਹੁਣ ਮੇਰੀ ਮੰਜੀ ਕੰਧ ਨਾਲ ਲੱਗੀ ਸੀ ਤੇ ਮੱਝ ਸਾਹਮਣੇ ਸੀ, ਸੱਜੇ ਹੱਥ ਵੱਲ। ਜਿਵੇਂ ਮੱਝ ਦਾ ਓਹਲਾ ਕੀਤਾ ਹੋਵੇ, ਪਰ ਇਸ ਨਾਲ ਮੱਝ ਮੇਰੇ ਬਹੁਤ ਨੇੜੇ ਹੋ ਗਈ ਤੇ ਓਸ ਮੇਰੇ ਜੁੱਸੇ ਉਤੇ ਮੂੰਹ ਲਿਆ ਕੇ ਜੁਗਾਲੀ ਕਰਨੀ ਤੇ ਮੈਨੂੰ ਸਾਰੀ ਰਾਤ ਓਸ ਦੇ ਸਾਹਵਾਂ ਦੀ 'ਵਾਜ ਆਉਂਦੀ ਰਹਿਣੀ। ਉਹਦੇ ਸਾਹਵਾਂ ਵਿਚ ਮੈਨੂੰ ਪਾਣੀ ਦੀ 'ਵਾਜ ਆਉਣੀ। ਸਰਘੀ ਅਗਦੋਂ ਹਵਾ ਝੁੱਲਣੀ, ਤਾਂ ਮੈਨੂੰ ਸਮੁੰਦਰਾਂ ਉਤੇ ਵਗਦੀ ਹਵਾ ਦੇ ਸੁਪਨੇ ਆਉਣੇ, ਨਹਿਰਾਂ ਵਿਚ ਮੱਝਾਂ ਨਾਲ ਨਹਾਉਂਦਿਆਂ ਦੇ। ਜ਼ਰੀ ਅੱਖ ਖੁੱਲ੍ਹਣੀ, ਉਹਦਾ ਸਾਹ ਮੇਰੇ ਉਤੇ ਹੋਣਾ।
ਮੇਰੇ ਸਾਰੇ ਡਰ ਲਹਿ ਗਏ ਤੇ ਮੇਰਾ ਉਹਦਾ ਅਜਬ ਜਿਹਾ ਸਾਂਗਾ ਬਣ ਗਿਆ। ਮੈਂ ਸਕੂਲੋਂ ਆਉਣਾ ਤੇ ਓਸ ਮੈਨੂੰ ਉਡੀਕਦੀ ਹੋਵਣਾ। ਮੈਂ ਓਸ ਦੀਆਂ ਨਜ਼ਰਾਂ ਸਾਹਮਣੇ ਹੋਵਣਾ, ਤਾਂ ਹੀ ਓਸ ਖਾਵਣਾ। ਮੈਂ ਨਾਲ ਬੈਠਾ ਹੋਵਾਂ ਤਾਂ ਓਸ ਦੁੱਧ ਚੋਣ ਦੇਵਣਾ। ਰਾਤ ਓਸ ਮੇਰੀ ਮੰਜੀ ਨੂੰ ਸਾਹਮਣਿਓਂ ਇੰਜ ਵਲ ਲੈਣਾ, ਪਈ ਕੋਈ ਮੇਰੇ ਨੇੜੇ ਲੱਗਣ ਜੋਗਾ ਨਾ ਹੋਣਾ।
ਫਿਰ ਇਕਦਮ ਰੌਲਾ ਪੈ ਗਿਆ ਮੱਝਾਂ ਕੱਢਣ ਦਾ। ਗੁੱਜਰਾਂ ਚਾਰ ਦੀਵਾਰੀ ਕਰਾਈ। ਫਿਰ ਵੀ ਸਰਕਾਰ ਨਾ ਮੰਨੀ। ਚਾਚੀ ਨੂੰ ਦੁੱਧ ਦਾ ਬੜਾ ਆਰਾਮ ਸੀ, ਪਰ ਚਾਚਾ ਬੜਾ ਦਬਚੂ ਸੀ; ਓਸ ਝੱਟ ਨਾ ਲਾਇਆ, ਸ਼ੇਰੇ ਨੂੰ ਸੱਦਿਆ ਤੇ ਮੱਝ ਖੋਲ੍ਹ ਓਸ ਨੂੰ ਫੜ੍ਹਾ ਦਿੱਤੀ। ਓਸ ਰਾਤ ਘਰੋਂ ਬਾਹਰ ਸ਼ੇਰਾ ਈ ਸੁੱਤਾ ਤੇ ਓਸ ਸਾਝਰੇ ਮੱਝ ਨੂੰ ਪੈਦਲ ਪਿੰਡ ਲੈ ਕੇ ਜਾਣਾ ਸੀ। ਮੂੰਹ ਹਨੇਰੇ ਮੈਂ ਦੁੱਧ ਚੁਆਇਆ ਤਾਂ ਮੇਰਾ ਰੋਣ ਨਿਕਲ ਗਿਆ। ਸ਼ੇਰਾ ਹੈਰਾਨ ਰਹਿ ਗਿਆ। ਓਸ ਰੋਟੀ ਟੁੱਕਰ ਖਾਧਾ, ਕੁਝ ਨਾਲ ਬੱਧਾ ਤੇ ਰਮਕੇ ਰਮਕੇ ਮੱਝ ਨੂੰ ਤੋਰਦਾ ਲੈ ਤੁਰਿਆ। ਮੈਂ ਸਕੂਲੋਂ ਛੁੱਟੀ ਕੀਤੀ ਤੇ ਸ਼ੇਰੇ ਨੂੰ ਲਾਟ ਸਾਹਿਬ ਦੇ ਦਫਤਰ ਤੀਕ ਛੱਡਿਆ। ਮੱਝ ਕਿੰਨਾ ਚਿਰ ਮੇਰਾ ਹੱਥ ਚੱਟਦੀ ਰਹੀ ਤੇ ਮੈਂ ਵੀ ਓਸ ਨੂੰ ਕਈ ਵਾਰ ਚੁੰਮਿਆ। ਬੱਸ ਸਰਘੀ ਤੋਂ ਅਗਦੋਂ ਝੁੱਲਦੀ ਹਵਾ ਦੀ ਯਾਦ ਰਹਿ ਗਈ; ਜੋ ਨਿੱਤ ਠੰਢ ਨਿੱਘੀ, ਸੱਜ-ਜੰਮੀ ਨਵੀਂ ਨਿਰੋਲ, ਨਿੱਥਰੀ ਹੋਂਦੀ ਏ।
ਮੁਹੱਲੇ ਦੇ ਓਸ ਇਕੱਠ ਦੇ ਕੁਝ ਦਿਨਾਂ ਪਿਛੋਂ ਇਕ ਦਿਨ ਘਰੋਂ ਬਾਹਰ ਸ਼ਾਮੀਂ ਰੌਲੇ ਦੀਆਂ 'ਵਾਜਾਂ ਆਈਆਂ। ਅਜੇ ਦਫਤਰੋਂ ਆਇਆ ਈ ਸਾਂ। ਮੈਂ ਝੱਟ ਬੂਹਾ ਖੋਲ੍ਹਿਆ ਤਾਂ ਸਾਹਮਣੇ ਗਲੀ 'ਚੋਂ ਪੁਲਿਸ ਦੀਆਂ ਦੋ-ਤਿੰਨ ਗੱਡੀਆਂ ਲੰਘੀਆਂ। ਫਿਰ ਐਂਬੂਲੈਂਸ, ਫਿਰ ਕੁਝ ਪੈਦਲ ਪੁਲਸੀਏ ਤੇ ਸਾਦੇ ਕੱਪੜਿਆਂ ਵਿਚ ਕੁਝ ਅਮਲਾ-ਫੈਲਾ, ਜਿਨ੍ਹਾਂ ਹੱਥਾਂ ਵਿਚ ਫਾਈਲਾਂ ਫੜ੍ਹੀਆਂ ਹੋਈਆਂ, ਤੇ ਫਿਰ ਮੱਝਾਂ ਦੀ ਹੇੜ੍ਹ। ਐਨੀਆਂ ਮੱਝਾਂ ਕਿਥੋਂ ਨਿਕਲ ਆਈਆਂ, ਨਾਲੋ-ਨਾਲ ਗੁੱਜਰਾਂ ਦੇ ਮੁੰਡੇ ਭੱਜਦੇ ਪਏ ਸਨ, ਤੇ ਅਖੀਰ ਉਹ ਗੁੱਜਰ ਨਜ਼ਰੀਂ ਪਿਆ, ਜਿਸ ਨਾਲ ਮੈਂ ਸਲਾਮ ਲੈਂਦਾ ਹੁੰਦਾ ਸਾਂ। ਉਹ ਡੌਰ-ਭੌਰਾ ਪਾਗਲਾਂਹਾਰ ਮੱਝਾਂ ਪਿਛੇ ਨੱਸੀ ਜਾਵੇ ਪਿਆ, ਤੇ ਓਸ ਮੈਨੂੰ ਤੱਕਿਆ ਵੀ ਨਾ। ਅਖੀਰ ਉਤੇ ਫਿਰ ਪੁਲਿਸ, ਐਲ਼ ਡੀæ ਏæ ਤੇ ਕਾਰਪੋਰੇਸ਼ਨ ਦੀਆਂ ਗੱਡੀਆਂ। ਤੇ ਢੇਰ ਸਾਰੇ ਬੰਦੇ ਉਨ੍ਹਾਂ ਦੇ ਪਿਛੇ ਰੌਲਾ ਪਾਉਂਦੇ ਆਉਂਦੇ ਪਏ ਸਨ। ਪੁਲਸੀਏ ਹੱਥਾਂ ਵਿਚ ਫੜ੍ਹੇ ਪਿਸਤੌਲ ਤੇ ਬੰਦੂਕਾਂ ਹਵਾ ਵਿਚ ਲਹਿਰਾਂਦੇ ਪਏ ਸਨ।
ਮੈਂ ਉਨ੍ਹਾਂ ਨੂੰ ਗਲੀ ਵਿਚ ਜਾਂਦੇ ਤੱਕਦਾ ਰਿਹਾ। ਜਦ ਸਾਰੇ ਲੰਘ ਗਏ ਤਾਂ ਇਕਦਮ ਪਤਾ ਨਹੀਂ ਕਿਥੋਂ, ਇਕ ਮੱਝ ਜੋ ਰਾਹ ਭੁੱਲ ਗਈ ਹੋਣੀ ਏਂ, ਗਲੀ ਦੇ ਸੱਜਿਓਂ ਨਿਕਲੀ, ਉਹ ਭੌਂਚਲੀ ਹੋਈ ਐਧਰ ਓਧਰ ਤੱਕੇ ਪਈ। ਪਿੱਛੇ ਪਿੱਛੇ ਬੰਦੇ ਨੱਸਦੇ ਨਿਕਲੇ ਤੇ ਉਹ ਹਫੀ ਸਿੱਧੀ ਮੇਰੇ ਵੱਲ ਆਈ, ਸਾਹਵਾਂ ਦੀ ਹਵਾੜ੍ਹ ਮੈਨੂੰ ਵੱਜੀ। ਮੈਂ ਅੱਜ ਤੀਕ ਮੱਝਾਂ ਤੋਂ ਨਹੀਂ ਡਰਿਆ, ਤੇ ਉਹ ਐਵੇਂ ਇਕ ਪਲ ਮੇਰੇ ਵੱਲ ਵੇਖ ਅਝਕ ਗਈ, ਉਹੋ ਸਦੀਆਂ ਬੱਧੀਆਂ ਚੁੱਪ, ਨਿਮਾਣ ਉਦਾਸ ਅੱਖਾਂ।

  • ਮੁੱਖ ਪੰਨਾ : ਕਹਾਣੀਆਂ, ਜ਼ੁਬੈਰ ਅਹਿਮਦ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ