Zindabad ! Virk Sahib !! (Heere Bande - Shabad Chittar) : Waryam Singh Sandhu

ਜ਼ਿੰਦਾਬਾਦ! ਵਿਰਕ ਸਾਹਿਬ!! (ਹੀਰੇ ਬੰਦੇ : ਸ਼ਬਦ ਚਿੱਤਰ) : ਵਰਿਆਮ ਸਿੰਘ ਸੰਧੂ

ਕੁਲਵੰਤ ਸਿੰਘ ਵਿਰਕ ਜਿਊਂਦਾ ਹੁੰਦਾ ਤਾਂ ਉਹਨੇ 2023 ਦੀ 20 ਮਈ ਨੂੰ 103 ਸਾਲ ਦੇ ਹੋ ਜਾਣਾ ਸੀ। ਪਰ ਕੀ ਕੁਲਵੰਤ ਸਿੰਘ ਵਿਰਕ ਸੱਚੀਂ ‘ਮਰ’ ਗਿਆ ਹੈ। ਵਿਰਕ ਨੇ ਅਨੇਕਾਂ ਅਮਰ ਕਹਾਣੀਆਂ ਦੀ ਰਚਨਾ ਕੀਤੀ। ਜਦ ਤੱਕ ਉਹ ਕਹਾਣੀਆਂ ਜਿਊਂਦੀਆਂ ਰਹਿਣਗੀਆਂ ਤਾਂ ਵਿਰਕ ਨੂੰ ਕੌਣ ਮਾਰ ਸਕੇਗਾ! ਵਿਰਕ ਓਨਾ ਚਿਰ ਤੱਕ ਜਿਊਂਦਾ ਹੈ, ਜਿੰਨਾ ਚਿਰ ਪੰਜਾਬੀ ਕਹਾਣੀ ਦਾ ਇਤਿਹਾਸ ਜਿਊਂਦਾ ਹੈ।

ਵਿਰਕ ਪੰਜਾਬੀ ਦਾ ਇੱਕੋ-ਇੱਕ ਕਹਾਣੀਕਾਰ ਹੈ ਜਿਸਨੂੰ ਸਾਰੇ ਸਮਿਆਂ ਦੇ ਲੇਖਕ, ਆਲੋਚਕ ਤੇ ਪਾਠਕ ਇੱਕੋ ਜਿੰਨੀ ਮੁਹੱਬਤ ਨਾਲ ਯਾਦ ਕਰਦੇ ਤੇ ਉਸਨੂੰ ਪੰਜਾਬੀ ਦਾ ਸਰਵ-ਸ੍ਰੇਠ ਕਥਾਕਾਰ ਆਖ ਕੇ ਮਾਣ ਨਾਲ ਵਡਿਆਉਂਦੇ ਹਨ।

ਅੱਜ ਜੇ ਪੰਜਾਬੀ ਕਹਾਣੀ ਕਿਸੇ ਉਚਾਣ ’ਤੇ ਹੋਣ ਦਾ ਦਾਅਵਾ ਕਰਦੀ ਹੈ ਤਾਂ ਉਹਦੇ ਪੈਰਾਂ ਹੇਠਾਂ ਕੁਲਵੰਤ ਸਿਘ ਵਿਰਕ ਦਾ ਹੱਥ ਹੈ। ਉਹ ਪੰਜਾਬੀ ਕਹਾਣੀ ਦਾ ‘ਧਰਤੀ ਹੇਠਲਾ ਬੌਲਦ’ ਸੀ। ਇਹ ਕੁਲਵੰਤ ਸਿੰਘ ਵਿਰਕ ਹੀ ਸੀ ਜਿਸਨੇ ਛੋਟੀ ਕਹਾਣੀ ਤੋਂ ਇਲਾਵਾ ਕਿਸੇ ਵੀ ਹੋਰ ਵਿਧਾ ’ਤੇ ਹੱਥ ਨਹੀਂ ਅਜ਼ਮਾਇਆ; ਸਗੋਂ ਉਸਨੇ ਛੋਟੀ ਕਹਾਣੀ ਨੂੰ ਹੀ ਵਸਤੂ ਤੇ ਪੇਸ਼ਕਾਰੀ ਦੇ ਸੰਤੁਲਤ ਸੰਯੋਗ ਰਾਹੀਂ ਇਸ ਕਲਾਤਮਕ ਬੁਲੰਦੀ ’ਤੇ ਪਹੁੰਚਾ ਦਿੱਤਾ ਕਿ ਉਸਨੂੰ ‘ਛੋਟੀ ਕਹਾਣੀ ਦੇ ਵੱਡੇ ਲੇਖਕ’ ਵਜੋਂ ਯਾਦ ਕੀਤਾ ਜਾਣ ਲੱਗਾ।

ਵਿਰਕ ਬਹੁਤ ਬਰੀਕ-ਬੁੱਧ ਕਥਾਕਾਰ ਸੀ। ਕਈ ਵਾਰ ਆਮ ਜਿਹੇ ਪਾਠਕ ਨੂੰ ਉਹਦੀ ਸੂਖ਼ਮ ਗੱਲ ਦੇ ਅਰਥ ਸਮਝਣ ਲਈ ਸੋਚਣਾ ਪੈਂਦਾ ਹੈ।

ਨਵੀਂ-ਨਵੀ ਗਿਆਨੀ ਪਾਸ ਕਰ ਕੇ ਆਏ ਸਾਡੇ ਗਿਆਨੀ ਮਾਸਟਰ ਨੇ ਸਾਨੂੰ ਨੌਵੀਂ ਜਮਾਤ ਵਿੱਚ ਕਹਾਣੀ ਪੜ੍ਹਾਉਣ ਸਮੇਂ ਵਿਰਕ ਦੀ ਕਹਾਣੀ, ‘ਮੁਰਦੇ ਦੀ ਤਾਕਤ’ ਬਾਰੇ ਕਿਹਾ, “ਇਹ ਵਿਰਕ ਐਵੇਂ ਜਿਹਾ ਹੀ ਕਹਾਣੀਕਾਰ ਹੈ। ਪਤਾ ਈ ਨਹੀਂ ਲੱਗਦਾ ਕਿ ਕਹਿਣਾ ਕੀ ਚਾਹੁੰਦਾ ਏ! ਇਹਨੂੰ ਛੱਡੋ ਅਗਲੀ ਕਹਾਣੀ ਪੜ੍ਹਦੇ ਹਾਂ!”

ਮੇਰੀ ਜ਼ਿੰਦਗੀ ਵਿੱਚ ਉਹ ਪਹਿਲਾ ਤੇ ਆਖ਼ਰੀ ਬੰਦਾ ਸੀ ਜਿਸ ਨੇ ਵਿਰਕ ਬਾਰੇ ਅਜਿਹੀ ਟਿੱਪਣੀ ਕੀਤੀ।

ਪਹਿਲੀ ਮਿਲਣੀ

ਵਿਰਕ ਨਾਲ ਨਿੱਜੀ ਤੌਰ ’ਤੇ ਕਦੀ ਮੇਰਾ ਬਹੁਤਾ ਨੇੜਲਾ ਰਿਸ਼ਤਾ ਨਹੀਂ ਰਿਹਾ। ਇਸਦਾ ਵੱਡਾ ਕਾਰਨ ਤਾਂ ਇਹ ਸੀ ਕਿ ਮੈਂ ਦੂਰ ਸਰਹੱਦ ਦੇ ਇੱਕ ਪਸਿੱਤੇ ਜਿਹੇ ਪਿੰਡ ਵਿਚ ਰਹਿੰਦਾ ਸਾਂ ਤੇ ਵਿਰਕ ਮੇਰੇ ਪਿੰਡੋਂ ਦੂਰ ਵੱਖ-ਵੱਖ ਸ਼ਹਿਰਾਂ ਦਾ ਵਸਨੀਕ ਰਿਹਾ ਸੀ। ਸਾਡੀਆਂ ਉਮਰਾਂ ਤੇ ਲਿਖਣ-ਉਮਰ ਵਿੱਚ ਵੀ ਵੱਡਾ ਫ਼ਰਕ ਸੀ। ਜੇ ਕਿਤੇ ਕਿਸੇ ਸਾਹਿਤਕ-ਸਮਾਗਮ ’ਤੇ ਮਿਲਣ ਦਾ ਮੌਕਾ ਮਿਲਦਾ ਵੀ ਤਾਂ ਵਿਰਕ ਨੂੰ ਦੂਰੋਂ ਵੇਖ ਕੇ ਹੀ ਸਾਰ ਛੱਡੀਦਾ ਸੀ। ਵੱਡੇ ਬੰਦਿਆਂ ਨੂੰ ‘ਭੱਜ ਕੇ’ ਮਿਲਣ ਤੋਂ ਮੈਨੂੰ ਸਦਾ ਝਿਜਕ ਰਹੀ ਹੈ। ਮੈਨੂੰ ਤਾਂ ਇਹ ਵੀ ਇਲਮ ਨਹੀਂ ਸੀ ਕਿ ਵਿਰਕ ਸਾਹਿਬ ਨੇ ਮੇਰੀ ਕੋਈ ਕਹਾਣੀ ਪੜ੍ਹੀ ਵੀ ਹੋਵੇਗੀ।

ਪਰ ਇੱਕ ਵਾਰ ਵਿਰਕ ਸਾਹਿਬ ਨੇ ਮੈਨੂੰ ਹੈਰਾਨ ਕਰ ਦਿੱਤਾ। ਰਾਮ ਸਰੂਪ ਅਣਖ਼ੀ ਦੀ ‘ਛਪੜੀ ਵਿਹੜਾ’ ਕਿਤਾਬ ’ਤੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਦੇ ਪੰਜਾਬੀ ਵਿਭਾਗ ਨੇ ਇੱਕ ਗੋਸ਼ਟੀ ਕਰਵਾਈ। ਮੈਂ ਉਦੋਂ ਆਪਣੇ ਪਿੰਡ ਹੀ ਪੜ੍ਹਾਉਂਦਾ ਸਾਂ। ਉਸ ਗੋਸ਼ਟੀ ’ਤੇ ਮੈਨੂੰ ਵੀ ਬੁਲਾਇਆ ਗਿਆ ਸੀ। ਜਦੋਂ ਮੈਂ ਅੰਬਰਸਰੋਂ ਬੱਸ ਲੈ ਕੇ ਜਲੰਧਰ ਦੇ ਬੱਸ ਅੱਡੇ ’ਤੇ ਉੱਤਰਿਆ ਤਾਂ ਵੇਖਿਆ ਕਿ ਕੁਲਵੰਤ ਸਿੰਘ ਵਿਰਕ ਰਿਕਸ਼ੇ ’ਤੇ ਬੈਠਾ ਅੱਡੇ ਤੋਂ ਬਾਹਰ ਨਿਕਲ ਰਿਹਾ ਸੀ। ਮੈਨੂੰ ਪਤਾ ਸੀ ਕਿ ਵਿਰਕ ਨੇ ਇਸ ਗੋਸ਼ਟੀ ਦੀ ਪ੍ਰਧਾਨਗੀ ਕਰਨੀ ਹੈ। ਮੈਂ ਵੀ ਰਿਕਸ਼ਾ ਲੈ ਕੇ ਉਹਦੇ ਮਗਰ ਹੋ ਤੁਰਿਆ। ਕਾਲਜ ਵਿੱਚ ਅਸੀਂ ਅੱਗੜ-ਪਿੱਛੜ ਆਪੋ-ਆਪਣੇ ਰਿਕਸ਼ਿਆਂ ਤੋਂ ਉੱਤਰੇ। ਸਵਾਗਤ ਲਈ ਖਲੋਤੇ ਪੰਜਾਬੀ ਵਿਭਾਗ ਦੇ ਮੁਖੀ ਤੇ ਮੇਰੇ ਮਿੱਤਰ ਨਿਰੰਜਨ ਸਿੰਘ ਢੇਸੀ ਨੇ ਪਹਿਲਾਂ ਵਿਰਕ ਨੂੰ ‘ਫ਼ਤਹਿ’ ਬੁਲਾ ਕੇ ‘ਜੀ ਆਇਆਂ’ ਕਿਹਾ ਤੇ ਫਿਰ ਮੈਨੂੰ ਜੱਫ਼ੀ ਪਾਉਂਦਿਆਂ, ਵਿਰਕ ਨੂੰ ਆਖਿਆ, “ਵਿਰਕ ਸਾਹਿਬ! ਕਹਾਣੀ ਵਿੱਚ ਤੁਹਾਡਾ ਵਾਰਸ ਤੇ ਸਾਡਾ ਯਾਰ ਵਰਿਆਮ।”

ਵਿਰਕ ਨੇ ਪੁਸ਼ਟੀ ਕਰਨ ਲਈ ਹੌਲੀ ਜਿਹੀ ਕਿਹਾ, “ਵਰਿਆਮ ਸੰਧੂ?”

“ਜੀਅ!”

ਜਵਾਬ ਸੁਣ ਕੇ ਵਿਰਕ ਖ਼ਾਮੋਸ਼ ਰਿਹਾ। ਅਸਲੋਂ ਨਿਰਭਾਵ ਚਿਹਰਾ। ਮੈਂ ਕਿਉਂਕਿ ਪਹਿਲੀ ਵਾਰ ਵਿਰਕ ਨੂੰ ਮਿਲ ਰਿਹਾ ਸਾਂ, ਤੇ ਮੇਰੀ ਜਾਣ-ਪਛਾਣ ਵੀ ਬੜੇ ਚੰਗੇ ਸ਼ਬਦਾਂ ਵਿੱਚ ਕਰਵਾਈ ਗਈ ਸੀ, ਇਸ ਲਈ ਮੈਂ ਅਦਬ ਨਾਲ ਥੋੜਾ ਕੁ ਝੁਕ ਕੇ ਵਿਰਕ ਅੱਗੇ ਦੋਵੇਂ ਹੱਥ ਜੋੜੇ। ਮੈਨੂੰ ਯਾਦ ਨਹੀਂ, ਉਹਨੇ ਮੇਰੇ ਨਾਲ ਹੱਥ ਮਿਲਾਇਆ ਕਿ ਨਹੀਂ? ਕਾਲਜ ਦੀ ਲਾਇਬ੍ਰੇਰੀ, ਜਿੱਥੇ ਸਮਾਗਮ ਹੋਣਾ ਸੀ, ਵਿੱਚ ਗਏ ਤਾਂ ਪਹਿਲਾਂ ਆ ਚੁੱਕੇ ਲੇਖਕਾਂ ਨੇ ਵਿਰਕ ਨੂੰ ਵਾਰੀ ਵਾਰੀ ਫ਼ਤਹਿ ਬੁਲਾਈ। ਆਏ ਮਹਿਮਾਨਾਂ ਲਈ ਚਾਹ ਤੇ ਪਕੌੜਿਆਂ ਦਾ ਇੰਤਜ਼ਾਮ ਕੀਤਾ ਹੋਇਆ ਸੀ। ਸਾਰੇ ਜਣੇ ਚਾਹ ਦੇ ਕੱਪ ਲੈ ਕੇ ਗਰਮਾ-ਗਰਮ ਪਕੌੜਿਆਂ ਦਾ ਸਵਾਦ ਲੈ ਰਹੇ ਸਨ। ਲੇਖਕਾਂ ਵਿੱਚ ਘਿਰਿਆ ਵਿਰਕ ਮੇਰੇ ਤੋਂ ਦੂਰ ਖ਼ਲੋਤਾ ਸੀ। ਮੈਂ ਉਧਰ ਹੀ ਵੇਖ ਰਿਹਾ ਸਾਂ। ਆਪਣੇ ਮਹਿਬੂਬ ਕਥਾਕਾਰ ਵੱਲ। ਅਚਨਚੇਤ ਵਿਰਕ ਦੀਆਂ ਨਜ਼ਰਾਂ ਮੇਰੇ ਨਾਲ ਮਿਲੀਆਂ ਤੇ ਉਹ ਲੇਖਕਾਂ ਦੀ ਢਾਣੀ ਛੱਡ ਕੇ ਮੇਰੇ ਕੋਲ ਆ ਗਿਆ ਤੇ ਮੈਨੂੰ ਇਸ਼ਾਰਾ ਕਰ ਕੇ ਆਪਣੇ ਨਾਲ ਲਾਇਬ੍ਰੇਰੀ ਦੀ ਨੁੱਕਰ ਵੱਲ ਲੈ ਤੁਰਿਆ। ਮੈਂ ਬੜਾ ਹੈਰਾਨ। ਇੱਕਲਵੰਝੇ ਜਿਹੇ ਹੋਏ ਤਾਂ ਵਿਰਕ ਕਹਿੰਦਾ, “ਮੈਂ ਇਸ ਵਾਰ ਦੇ ‘ਸਿਰਜਣਾ’ ਵਿੱਚ ਤੇਰੀ ਕਹਾਣੀ ‘ਦਲਦਲ’ ਪੜ੍ਹੀ ਐ।”

ਮੇਰੀ ਹੈਰਾਨੀ ਤੇ ਖ਼ੁਸ਼ੀ ਦਾ ਕੋਈ ਹੱਦ-ਬੰਨਾ ਨਾ ਰਿਹਾ। ‘ਵਿਰਕ ਸਾਹਿਬ ਨੇ ਵੀ ਮੇਰੀ ਕਹਾਣੀ ਪੜ੍ਹੀ ਏ!!’

ਪਰ ਮਨ ਵਿੱਚ ਖ਼ੁਤਖ਼ੁਤੀ ਵੀ ਕਿ ਪਤਾ ਨਹੀਂ ਵਿਰਕ ਸਾਹਿਬ ਨੂੰ ਕਹਾਣੀ ਪਸੰਦ ਵੀ ਆਈ ਹੈ ਜਾਂ ਨਹੀਂ!

ਮੈਂ ਉਹਨਾਂ ਦੇ ਸ਼ਾਂਤ-ਚਿੱਤ ਚਿਹਰੇ ਵੱਲ ਵੇਖ ਰਿਹਾ ਸਾਂ।

ਵਿਰਕ ਪੁੱਛਦਾ, “ਤੇਰੀ ਕਹਾਣੀ ਦੇ ਅਖ਼ੀਰ ’ਤੇ ਤੂੰ ਜ਼ਿਕਰ ਕੀਤਾ ਹੈ ਕਿ ਸੁੱਤੇ ਪਏ ਸੰਧੂਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿੰਦੀਆਂ ਨੇ। ਤੈਨੂੰ ਇਸ ਗੱਲ ਦਾ ਕਿਵੇਂ ਪਤੈ?”

ਮੈਂ ਵਿਰਕ ਨਾਲ ਸੁੱਤੇ ਪਏ ਸੰਧੂਆਂ ਦੀਆਂ ਅੱਖਾਂ ਖੁੱਲ੍ਹੀਆਂ ਰਹਿਣ ਬਾਰੇ ਚਲੀ ਆਉਂਦੀ ਮਿੱਥ ਸਾਂਝੀ ਕੀਤੀ। ਸੁਣ ਕੇ ਵਿਰਕ ਦੇ ਚਿਹਰੇ ’ਤੇ ਮਿੰਨ੍ਹੀ ਜਿਹੀ ਮੁਸਕਾਣ ਲਿਸ਼ਕੀ।

ਵਿਰਕ ਨੂੰ ਇਹਨਾਂ ਗੱਲਾਂ ਦਾ ਬੜਾ ਪਤਾ ਸੀ। ਮੈਨੂੰ ਪਤਾ ਸੀ, ਵਿਰਕ ਦੀ ਪੰਜਾਬ ਦੇ ਲੋਕ-ਜੀਵਨ, ਪੰਜਾਬੀ ਮਿੱਥਾਂ ਤੇ ਲੋਕ ਕਹਾਣੀਆਂ ਵਿੱਚ ਡਾਢੀ ਦਿਲਚਸਪੀ ਸੀ। ਖੋਜੀਆਂ ਵਾਲੀ ਦਿਲਚਸਪੀ। ਉਹ ਮੇਰਾ ਪ੍ਰੀਖਿਅਕ ਬਣ ਕੇ ਮੇਰੀ ਸਮਝ ਦੇ ਡੂੰਘ ਨੂੰ ਟੋਹ ਰਿਹਾ ਸੀ।

ਮੇਰਾ ਜਵਾਬ ਸੁਣ ਕੇ ਉਹਨੇ ਮੇਰੇ ਮੋਢੇ ’ਤੇ ਹੱਥ ਰੱਖ ਕੇ ਪੋਲੇ ਜਿਹੇ ਕਿਹਾ, “ਠੀਕ ਏ!”

ਮੈਂ ਸੁਖ ਦਾ ਸਾਹ ਲਿਆ। ਲੱਗਾ, ਜਿਵੇਂ ਬੜਾ ਔਖਾ ਇਮਤਿਹਾਨ ਪਾਸ ਕਰ ਲਿਆ ਹੈ।

ਏਨੇ ਨੂੰ ਪ੍ਰਬੰਧਕਾਂ ਨੇ ਸਟੇਜ ਤੋਂ ਸਮਾਗਮ ਦੀ ਕਾਰਵਾਈ ਸ਼ੁਰੂ ਕਰਦਿਆਂ ਵਿਰਕ ਨੂੰ ਪ੍ਰਧਾਨਗੀ ਦੀ ਕੁਰਸੀ ਸਾਂਭਣ ਦੀ ਬੇਨਤੀ ਕੀਤੀ ਤੇ ਅਸੀਂ ਸਟੇਜ ਵੱਲ ਤੁਰ ਪਏ।

ਇਹ ਮੇਰੀ ਵਿਰਕ ਨਾਲ ਸੰਖੇਪ ਜਿਹੀ ਪਹਿਲੀ ਮਿਲਣੀ ਤੇ ਗੱਲਬਾਤ ਸੀ। ਪਰ ਮੈਂ ਏਨੇ ਨਾਲ ਹੀ ਮਾਲਾ-ਮਾਲ ਹੋ ਗਿਆ ਸਾਂ ਕਿ ਵਿਰਕ ਨੇ ਮੇਰੀ ਕਹਾਣੀ ਪੜ੍ਹੀ ਹੈ ਤੇ ਉਹਦੇ ਬਿਰਤਾਂਤ ਦੇ ਹਵਾਲੇ ਉਹਨੂੰ ਯਾਦ ਵੀ ਨੇ।

ਸਾਡੀ (ਵਿਰਕ ਦੀ ਤੇ ਮੇਰੀ) ਸਾਂਝ ਤੇ ਵਖਰੇਵਾਂ-ਵਿਰਕ ਦੀ ਜ਼ਬਾਨੀ

1979 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਡਾ ਸਾਧੂ ਸਿੰਘ ਤੇ ਸੁਰਜੀਤ ਪਾਤਰ ਹੁਰਾਂ ਦੇ ਉੱਦਮ ਨਾਲ ਮੇਰੇ ਨਵੇਂ ਛਪੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ’ਤੇ ਗੋਸ਼ਟੀ ਰੱਖੀ ਗਈ, ਜਿਸ ਵਿੱਚ ਵਿਰਕ ਸਾਹਿਬ ਨੇ ਉਦਘਾਟਨੀ ਭਾਸ਼ਨ ਦਿੰਦਿਆਂ ਕਿਹਾ, “ਦੋ ਕਹਾਣੀਕਾਰ ਮੇਰੇ ਬਹੁਤ ਨਜ਼ਦੀਕ ਨੇ। ਇੱਕ ਸੁਖਵੰਤ ਕੌਰ ਮਾਨ ਤੇ ਦੂਜਾ ਵਰਿਆਮ ਸੰਧੂ। ਸੁਖਵੰਤ ਕੁੱਝ ਜ਼ਿਆਦਾ ਨੇੜੇ, ਔਰਤ ਹੋਣ ਕਰ ਕੇ ਨਹੀਂ, ਮੀਲਾਂ ਵਿੱਚ। ਉਹਦਾ ਪਿੰਡ ਸਾਡੇ ਪਿੰਡ ਦੇ ਨੇੜੇ ਸੀ। ਵਰਿਆਮ ਵੀ ਕਿਹੜਾ ਦੂਰ ਸੀ, ਸਾਡੇ ਦਰਮਿਆਨ ਨਿੱਕਾ ਜਿਹਾ ਰਾਵੀ ਦਰਿਆ ਪੈਂਦਾ ਸੀ। ਦਰਿਆ ਵੀ ਕਾਹਦਾ ਸੀ! ਐਵੇਂ ਪਾਣੀ ਦੀ ਲੀਕ ਜਿਹੀ। ਵਰਿਆਮ ਦੀਆਂ ਕਹਾਣੀਆਂ ਪੜ੍ਹ ਕੇ ਮੈਨੂੰ ਲੱਗਦਾ ਏ ਐਹ ਮੇਰਾ ਪਿੰਡ ਏ। ਮੈਂ ਓਥੇ ਬੈਠਾਂ।”

ਫੇਰ ਉਹਨਾਂ ਮਿੱਠੀ ਜਿਹੀ ਮਸ਼ਕਰੀ ਕੀਤੀ, “ਇੱਕ ਗੱਲ ਵਰਿਆਮ ਨਾਲ ਮੇਰੀ ਹੋਰ ਸਾਂਝੀ ਏ। ਉਹ ਇਹ ਵੇ ਕਿ ਵਿਰਕ ਅਤੇ ਸੰਧੂ ਦੋਵੇਂ ਜਾਹਿਲ ਕੌਮਾਂ ਨੇ!”

ਉਸਤੋਂ ਬਾਅਦ ਉਹਨਾਂ ਸਾਡੇ ਦੋਵਾਂ ਦੇ ਵੱਖਰੇਪਨ ਬਾਰੇ ਗੱਲ ਕਰਦਿਆਂ ਕਿਹਾ, “ਇਕ ਗੱਲ ਵਰਿਆਮ ਦੀਆਂ ਕਹਾਣੀਆਂ ਵਿੱਚ ਮੇਰੇ ਤੋਂ ਵੱਖਰੀ ਏ। ਮੈਨੂੰ ਲੱਭੀ ਨਹੀਂ। ਸਾਡੇ ਵੇਲੇ ਪਿੰਡ ਵਿੱਚ ਕੁਲੈਕਟਵ ਐਕਸ਼ਨ ਹੁੰਦਾ ਸੀ। ਮਸਲਨ ਖਾਲ਼ ਖਾਲਣਾ ਹੋਵੇ ਤਾਂ ਰਾਤ ਨੂੰ ਪਿੰਡ ਵਿੱਚ ਪੀਪਾ ਖੜਕਾ ਦਿਓ, ਸਵੇਰੇ ਲੋਕ ਆਪਣੀਆਂ ਕਹੀਆਂ ਲੈ ਕੇ ਆ ਜਾਂਦੇ। ਰਾਤ-ਬਰਾਤੇ ਚੋਰ ਦਾ ਖੜਕਾ ਸੁਣ ਕੇ ਕਿਸੇ ਆਵਜ਼ ਦੇਣੀ ਤਾਂ ਸਾਰਾ ਪਿੰਡ ਉੱਠ ਕੇ ਭੱਜ ਤੁਰਦਾ ਸੀ। ਵਰਿਆਮ ਦੀਆਂ ਕਹਾਣੀਆਂ ਵਿੱਚ ਇਹ ਮਿਸਿੰਗ ਏ। ਸ਼ਾਇਦ ਹੁਣ ਦਾ ਪਿੰਡ ਇੰਜ ਦਾ ਹੀ ਹੋ ਗਿਆ ਹੋਵੇ। ਮੈਨੂੰ ਨਹੀਂ ਪਤਾ, ਵਰਿਆਮ ਨੂੰ ਬਹੁਤਾ ਪਤਾ ਹੋ ਸਕਦਾ ਏ।”

“ਇੱਕ ਹੋਰ ਗੱਲ ਵਰਿਆਮ ਦੀਆਂ ਕਹਾਣੀਆਂ ਵਿੱਚ ਮੇਰੇ ਤੋਂ ਵੱਖਰੀ ਏ। ਅਸੀਂ ਕਮਿਊਸਟਾਂ ਤੋਂ ਡਰਦੇ ਹੁੰਦੇ ਸਾਂ ਜਾਂ ਘੱਟੋ ਘੱਟ ਉਹਨਾਂ ਦੇ ਨੇੜੇ ਦਿਸਣ ਦੀ ਕੋਸ਼ਿਸ਼ ਕਰਦੇ ਸਾਂ, ਪਰ ਵਰਿਆਮ ਕਮਿਊਨਿਸਟਾਂ ਦੀ ਖੁੱਲ੍ਹ ਕੇ ਆਲੋਚਨਾ ਕਰਦਾ ਏ!”

ਉਹਨਾਂ ਨੇ ਬੜੇ ਹੀ ਸਾਦਾ ਸ਼ਬਦਾਂ ਵਿਚ ਆਪਣੇ ਵੇਲੇ ਦੇ ਪਿੰਡ ਤੇ ਮੇਰੇ ਵੇਲਿਆਂ ਦੇ ਪਿੰਡ ਵਿਚ ਆਈ ਤਬਦੀਲੀ ਦੀ ਨਿਸ਼ਾਨਦੇਹੀ ਕਰ ਦਿੱਤੀ ਸੀ।

ਵਿਰਕ ਦੇ ਦੌਰ ਦੀ ਇੱਕ ਵਿਸ਼ੇਸ਼ਤਾ ਇਹ ਸੀ ਕਿ ਕਿਰਸਾਨੀ ਸਮਾਜ ਭਾਵੇਂ ਵੰਡਿਆ ਤਾਂ ਜਾਤਾਂ, ਜਮਾਤਾਂ ਵਿੱਚ ਸੀ ਪਰ ਇਹਨਾਂ ਵੰਡੀਆਂ ਦੇ ਬਾਵਜੂਦ ਪਿੰਡਾਂ ਦੀ ਭਾਈਚਾਰਕ ਸਾਂਝ ਬੜੀ ਮਜ਼ਬੂਤ ਸੀ। ਆਪਸੀ ਭਾਈਚਾਰਾ ਬੜਾ ਸੰਗਠਿਤ ਸੀ। ਪਿੱਛੋਂ ਹੌਲੀ ਹੌਲੀ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਇਸ ਸਾਂਝ ਵਿੱਚ ਫ਼ਰਕ ਪੈਣਾ ਸ਼ੁਰੂ ਹੋ ਗਿਆ ਸੀ ਤੇ ਨਿੱਜਮੁੱਖਤਾ ਦੇ ਰੁਝਾਨ ਵਿੱਚ ਵਾਧਾ ਹੋ ਜਾਣ ਕਾਰਨ ਪਹਿਲੀਆਂ ਪੀਚਵੀਆਂ ਭਾਈਚਾਰਕ ਸਾਂਝਾਂ ਤਿੜਕਣ ਟੁੱਟਣ ਵੀ ਲੱਗ ਪਈਆਂ ਸਨ। ਕੁਲਵੰਤ ਸਿੰਘ ਵਿਰਕ ਦੀ ਬਰੀਕ ਨਜ਼ਰ ਕਿਰਸਾਣੀ ਸਮਾਜ ਵਿੱਚ ਵਾਪਰ ਰਹੇ ਇਸ ਪਰਿਵਰਤਨ ਨੂੰ ਤਾੜ ਗਈ ਸੀ। ਵਿਰਕ ਦੀਆਂ ਕਹਾਣੀਆਂ ਵਿੱਚ ਜਿੱਥੇ ਪੁਰਾਤਨ ਸੰਗਠਿਤ ਭਾਈਚਾਰੇ ਦਾ ਗਲਪ-ਬਿੰਬ ਬੜੀ ਕੁਸ਼ਲਤਾ ਨਾਲ ਉਸਾਰਿਆ ਗਿਆ ਹੈ ਓਥੇ ਉਸਨੇ ਨਵੇਂ ਜ਼ਮਾਨੇ ਦੀਆਂ ਨਵੀਆਂ ਰੌਆਂ ਦੇ ਵਹਾਉ ਅਧੀਨ ਬਦਲ ਰਹੇ ਜੀਵਨ ਨੂੰ ਵੀ ਕਲਾਤਮਕ ਜ਼ਬਾਨ ਦਿੱਤੀ ਹੈ। ਉਸਦੀਆਂ ਕਹਾਣੀਆਂ; ‘ਉਜਾੜ’, ‘ਤੂੜੀ ਦੀ ਪੰਡ’, ‘ਉਲਾਮ੍ਹਾਂ’ ਤੇ ‘ਮੁਕਤਸਰ’ ਆਦਿ ਵਿੱਚ ਸਾਨੂੰ ਜਿੱਥੇ ਸੰਗਠਿਤ ਭਾਈਚਾਰੇ ਤੇ ਆਪਸੀ ਭਰੱਪੀ ਸਾਂਝ ਦੇ ਪ੍ਰਮਾਣਿਕ ਹਵਾਲੇ ਮਿਲਦੇ ਹਨ ਓਥੇ ਪੂੰਜੀਵਾਦੀ ਕੀਮਤਾਂ ਦੇ ਪ੍ਰਵੇਸ਼ ਨਾਲ ਟੁੱਟ-ਤਿੜਕ ਰਹੇ ਭਾਈਚਾਰੇ ਦਾ ਪ੍ਰਮਾਣਿਕ ਦ੍ਰਿਸ਼ ਵੀ ਦ੍ਰਿਸ਼ਟੀਗੋਚਰ ਹੁੰਦਾ ਹੈ।

ਵਿਰਕ ਦੀਆਂ ਪਹਿਲੇ ਦੌਰ ਦੀ ਕਹਾਣੀਆਂ ਵਿੱਚ ਵਿਸ਼ੇਸ਼ ਕਰਕੇ ਤੇ ਪਿਛਲੇ ਦੌਰ ਦੀਆਂ ਕਹਾਣੀ ਵਿੱਚ ਆਮ ਕਰਕੇ, ਸਾਨੂੰ ਪੰਜਾਬ ਦਾ ਪਿੰਡ ਆਪਣੀ ਸਾਰੀ ਵਿਭਿੰਨਤਾ ਤੇ ਰੰਗ-ਬ-ਰੰਗਤਾ ਵਿੱਚ ਬੋਲਦਾ ਸੁਣਦਾ ਅਤੇ ਜਿਊਂਦਾ-ਵਿਚਰਦਾ ਵਿਖਾਈ ਦਿੰਦਾ ਹੈ। ਦੇਸ਼ ਵੰਡ ਤੋਂ ਪਹਿਲਾਂ ਦੇ ਪੰਜਾਬ ਨੂੰ ਜੇ ਜਾਨਣਾ, ਸਮਝਣਾ ਜਾਂ ਵੇਖਣਾ ਹੋਵੇ ਤਾਂ ਸਾਨੂੰ ਵਿਰਕ ਦੀਆਂ ਕਹਾਣੀਆਂ ਦਾ ਪਾਠ ਤਾਂ ਕਰਨਾ ਹੀ ਪਵੇਗਾ।

ਤੂੰ ਸਾਡੇ ਹਿੱਸੇ ਦੇ ਵਰਕੇ ਸਾਨੂੰ ਦੇ ਜਾ।

ਵਿਰਕ ਕਿਤਾਬੀ ਭਾਸ਼ਾ ਵਿਚ ਗੱਲ ਨਹੀਂ ਸੀ ਕਰਦਾ। ਨਾ ਹੀ ਵਿਦਵਾਨੀ ਘੋਟਦਾ। ਬੜੀ ਸਾਦਾ ਜ਼ਬਾਨ ਵਿਚ ਸਹਿਜ ਨਾਲ ਗੱਲ ਕਰਦਾ, ਪਰ ਗੱਲ ਹੁੰਦੀ ਬੜੀ ਡੂੰਘੀ। ਆਪਣੀ ਗੱਲ ਨੂੰ ਵਿਅੰਗ ਜਾਂ ਮਿੱਠੀ ਮਸ਼ਕਰੀ ਦੀ ਪਾਣ ਵੀ ਚਾੜ੍ਹ ਦਿੰਦਾ।

ਇੱਕ ਵਾਰ ਗੁਰਭਜਨ ਗਿੱਲ ਨੇ ਜਗਰਾਉਂ ਕਾਲਜ ਵਿੱਚ ਕਹਾਣੀ ਦਰਬਾਰ ਕਰਵਾਇਆ। ਰਾਮ ਸਰੂਪ ਅਣਖ਼ੀ ਤੇ ਮੈਨੂੰ ਕਹਾਣੀਆਂ ਪੜ੍ਹਨ ਲਈ ਬੁਲਾਇਆ। ਇੱਕ ਜਣਾ ਸ਼ਾਇਦ ਕੋਈ ਹੋਰ ਵੀ ਸੀ। ਯਾਦ ਨਹੀਂ ਰਿਹਾ। ਵਿਰਕ ਸਾਹਿਬ ਨੇ ਕਹਾਣੀ ਦਰਬਾਰ ਦੀ ਪ੍ਰਧਾਨਗੀ ਕੀਤੀ। ਮੈਂ ਆਪਣੀ ਕਹਾਣੀ ‘ਆਪਣਾ ਆਪਣਾ ਹਿੱਸਾ’ ਪੜ੍ਹੀ। ਮਰ ਗਈ ਮਾਂ ਦੇ ਫੁੱਲ ਗੰਗਾ ਪਾ ਕੇ ਆਉਣ ਅਤੇ ਉਹਦੇ ਇਲਾਜ ’ਤੇ ਹੋਏ ਖ਼ਰਚੇ ਦੀ ਵੰਡ-ਵੰਡਾਈ ਦੇ ਮੁੱਦੇ ਨੂੰ ਲੈ ਕੇ ਕਹਾਣੀ ਦੇ ਅਖ਼ੀਰ ’ਤੇ ਆਪਣੇ ਵੱਡੇ ਭਰਾਵਾਂ ਤੇ ਭੈਣ ਦੀ ਵਧੀਕੀ ਤੋਂ ਅੱਕਿਆ ਹੋਇਆ, ਕਹਾਣੀ ਦਾ ਮੁੱਖ-ਪਾਤਰ ਘੁੱਦੂ ਕਹਿੰਦਾ ਏ ਕਿ ਉਹਦੀ ਹਾਲ ਦੀ ਘੜੀ ਪੁੱਜਤ ਨਹੀਂ। ਉਹਦੇ ਹਿੱਸੇ ਦੇ ਫੁੱਲ ਕਿੱਲੀ ’ਤੇ ਟੰਗ ਦਿਓ। ਜਦੋਂ ਪੁੱਜਤ ਹੋਈ ਮੈਂ ਪਾ ਆਊਂਗਾ। ਫੁੱਲ ਵੰਡ ਦੇ ਹਵਾਲੇ ਨਾਲ ਪ੍ਰਧਾਨਗੀ ਭਾਸ਼ਨ ਦਿੰਦਿਆਂ ਵਿਰਕ ਨੇ ਕਹਾਣੀ ਬਾਰੇ ‘ਵਿਰਕ-ਸਟਾਈਲ’ ਵਿੱਚ ਮਜ਼ਾਹੀਆ ਟਿੱਪਣੀ ਕੀਤੀ।

“ਸਾਡੇ ਕਿਸੇ ਪੜ੍ਹੇ-ਲਿਖੇ ਵਿਰਕ ਨੇ ਵਿਰਕਾਂ ਦੇ ਪਿੰਡਾਂ ਵਿੱਚ ਜਾ ਕੇ ਕਿਹਾ, “ਮੈਂ ਵਿਰਕਾਂ ਦਾ ਇਤਿਹਾਸ ਲਿਖ ਰਿਹਾਂ। ਜਦੋਂ ਛਪ ਗਿਆ, ਵਿਰਕ ਅਮਰ ਹੋ ਜਾਣਗੇ। ਪਰ ਕਿਤਾਬ ਛਾਪਣ ’ਤੇ ਪੈਸੇ ਲੱਗਣੇ ਨੇ। ਉਹਨਾਂ ਦਾ ਰਲ਼-ਮਿਲ਼ ਕੇ ਇੰਤਜ਼ਾਮ ਕਰ ਦੇਵੋ। ਤਾਂ ਅੱਗੋਂ ਵਿਰਕ ਕਹਿੰਦੇ, “ਤੂੰ ਸਾਡੇ ਹਿੱਸੇ ਦੇ ਵਰਕੇ ਸਾਨੂੰ ਦੇ ਜਾ। ਅਸੀਂ ਆਪੇ ਛਾਪ ਲਵਾਂਗੇ।”

ਐਡਾ ਤੇਰਾ ਕਿਹੜਾ ਦਰਦੀ!

ਜਦ ਮੈਂ ਐਮ ਫ਼ਿਲ ਕਰਨੀ ਸੀ ਤਾਂ ਮੇਰਾ ਗੁਣਾ ਸਹਿਜੇ ਹੀ ਆਪਣੇ ਸਭ ਤੋਂ ਪਸੰਦੀਦਾ ਕਹਾਣੀਕਾਰ ਵਿਰਕ ’ਤੇ ਹੀ ਪੈਣਾ ਸੀ। ਜੋ ਮੈਂ ਲਿਖਿਆ, ਉਸਨੂੰ ਬਾਅਦ ਵਿੱਚ ਕਿਤਾਬੀ ਸ਼ਕਲ ਵਿੱਚ ਛਾਪ ਦਿੱਤਾ, “ਕੁਲਵੰਤ ਸਿੰਘ ਵਿਰਕ ਦਾ ਕਹਾਣੀ-ਸੰਸਾਰ।” ਜਗਰਾਉਂ ਵਾਲੇ ਕਹਾਣੀ ਦਰਬਾਰ ਮੌਕੇ ਮੈਂ ਉਹ ਕਿਤਾਬ ਵਿਰਕ ਸਾਹਿਬ ਨੂੰ ਭੇਟ ਕੀਤੀ।

ਕਿਤਾਬ ਦੇਣ ਤੋਂ ਬਾਅਦ ਮੈਨੂੰ ਕਈ ਵਾਰ ਵਿਰਕ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ। ਆਪਣੇ ਮਿੱਤਰ ਡਾ ਸਾਧੂ ਸਿੰਘ ਨੇ ਭਾਈ ਰਣਧੀਰ ਸਿੰਘ ਨਗਰ ਕੋਲ ਬਣੀ ਨਵੀਂ ਅਬਾਦੀ ਵਿਚ ਘਰ ਲਿਆ ਤਾਂ ਵਿਰਕ ਨੇ ਸਾਧੂ ਸਿੰਘ ਨੂੰ ਕਿਹਾ ਕਿ ਉਸਨੂੰ ਵੀ ਆਪਣੇ ਨੇੜੇ ਘਰ ਲੈ ਦੇਵੇ। ਜਦ ਮੈਂ ਸਾਧੂ ਸਿੰਘ ਕੋਲ ਰਾਤ ਰਹਿੰਦਾ ਤਾਂ ਸਵੇਰੇ ਸੈਰ ਨੂੰ ਜਾਂਦਿਆਂ ਵਿਰਕ ਰਾਹ ਵਿਚ ਮਿਲਦਾ। ਘਰ ਆਉਣ ਲਈ ਕਹਿੰਦਾ। ਅਸੀਂ ਘਰ ਵੀ ਜਾਂਦੇ। ਐਧਰ-ਓਧਰ ਦੀਆਂ ਬਥੇਰੀਆਂ ਗੱਲਾਂ ਹੁੰਦੀਆਂ, ਪਰ ਉਹਨੇ ਮੇਰੀ ਕਿਤਾਬ ਬਾਰੇ ਕਦੀ ਇੱਕ ਵੀ ਸ਼ਬਦ ਨਾ ਬੋਲਿਆ।

ਵਿਰਕ ਬਹੁਤ ਘੱਟ ਬੋਲਦਾ ਸੀ। ਜਦ ਵੀ ਬੋਲਦਾ, ਪਤੇ ਦੀ ਗੱਲ ਕਰਦਾ ਤੇ ਚੁੱਪ ਹੋ ਜਾਂਦਾ। ਅਗਲਾ ਉਡੀਕਦਾ ਰਹਿੰਦਾ ਕਿ ਕੁੱਝ ਹੋਰ ਵੀ ਕਹੇਗਾ, ਪਰ ਕਹੀ ਜਾਣ ਵਾਲੀ ਗੱਲ ਤਾਂ ਕਹੀ ਜਾ ਚੁੱਕੀ ਹੁੰਦੀ ਸੀ।

ਕਈ ਸਾਲ ਬਾਅਦ ਮੈਨੂੰ ਜੋਗਿੰਦਰ ਸਿੰਘ ਨਿਰਾਲਾ ਦੀ ਵਿਰਕ ਸਾਹਿਬ ਨਾਲ ਕੀਤੀ ਇੱਕ ਇੰਟਰਵੀਊ ਲੱਭੀ, ਜੋ ਉਹਨਾਂ ਦੇ ਸਦੀਵੀ ਵਿਛੋੜੇ ਤੋਂ ਕਈ ਸਾਲ ਬਾਅਦ ਛਪੀ ਸੀ। ਉਸ ਵਿੱਚ ਨਿਰਾਲੇ ਨੇ ਉਹਨਾਂ ’ਤੇ ਹੋਏ ਆਲੋਚਨਾਤਕ ਕੰਮ ਬਾਰੇ ਪੁੱਛਿਆ ਤਾਂ ਉਹਨਾਂ ਕਿਹਾ, “ਮੇਰੇ ਬਾਰੇ ਜਿੰਨਾਂ ਵੀ ਲਿਖਿਆ ਗਿਆ ਏ, ਉਸ ਵਿਚੋਂ ਸਭ ਤੋਂ ਵਧੀਆ ਕਿਤਾਬ ਵਰਿਆਮ ਸਿੰਘ ਸੰਧੂ ਦੀ ਹੈ।”

ਇਹ ਸ਼ਬਦ ਮੇਰੇ ਲਈ ਬਹੁਤ ਵੱਡਾ ਸਨਮਾਨ ਸਨ। ਅਣਮੁੱਲਾ ਸਰਮਾਇਆ!

ਮੈਨੂੰ ਭੁਸ਼ਨ ਨੇ ਅੰਦਰਲੀ ਗੱਲ ਇਹ ਵੀ ਦੱਸੀ ਸੀ, ਕਿ ਜਦੋਂ 1981 ਵਿੱਚ ਮੇਰੇ ਕਹਾਣੀ-ਸੰਗ੍ਰਹਿ ‘ਅੰਗ-ਸੰਗ’ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵੱਲੋਂ ਇਨਾਮ ਦਿੱਤਾ ਗਿਆ ਸੀ ਤਾਂ ਇਸ ਲਈ ਵਿਰਕ ਸਾਹਿਬ ਨੇ ਹੀ ਮੇਰੀ ਸਿਫ਼ਾਰਿਸ਼ ਕੀਤੀ ਸੀ।

ਮੈਨੂੰ ਉਦੋਂ ਲੋਕ ਬੋਲੀ ਯਾਦ ਆਈ, “ਐਡਾ ਤੇਰਾ ਕਿਹੜਾ ਦਰਦੀ, ਸੁੱਤੀ ਪਈ ਨੂੰ ਪੱਖੀ ਦੀ ਝੱਲ ਮਾਰੇ!”

ਵਾਹ! ਮੇਰੇ ਧੰਨਭਾਗ! ਵਿਰਕ ਸਾਹਿਬ ਨੇ ਇਸਤਰ੍ਹਾਂ ਵੀ ਹਮਾਤੜਾਂ ਨੂੰ ਪੱਖੀ ਦੀ ਝੱਲ ਮਾਰੀ ਸੀ।

ਜਿਵੇਂ ਉਸ ਦੀਆਂ ਕਹਾਣੀਆਂ ਵਿਚ ਬਹੁਤ ਕੁਝ ਅਣਕਿਹਾ ਹੁੰਦਾ ਸੀ, ਉਹ ਵਿਆਖਿਆ ਵਿੱਚ ਨਹੀਂ ਸੀ ਪੈਂਦਾ, ਇੰਝ ਹੀ ਰਿਸ਼ਤਿਆਂ ਵਿਚ ਵੀ ਉਹ ਵਿਆਖਿਆ ਵਿਚ ਨਹੀਂ ਸੀ ਪੈਂਦਾ। ਹੋਰਨਾਂ ਵਾਂਗ, “ਮੈਂ ਤੈਨੂੰ ਐਂ ਸਮਝਦਾਂ ਜਾਂ ਮੈਂ ਤੈਨੂੰ ਓਂ ਸਮਝਦਾਂ।” ਆਖਣ ਵਿਚ ਉਹਦਾ ਵਿਸ਼ਵਾਸ ਨਹੀਂ ਸੀ। ਕਹਾਣੀਆਂ ਵਿਚ ਵੀ ਉਹਦੀ ਚੁੱਪ ਬੋਲਦੀ ਸੀ ਤੇ ਸਾਂਝਾਂ ਵਿਚ ਵੀ। ਸ਼ਾਇਦ ਏਸੇ ਕਰ ਕੇ ਉਹਨੇ ਕਦੀ ਮੈਨੂੰ ਨਹੀਂ ਸੀ ਦੱਸਿਆ ਕਿ ਮੇਰੀ ਲਿਖੀ ਕਿਤਾਬ ਉਹਨੂੰ ਕਿਹੋ ਜਿਹੀ ਲੱਗੀ ਸੀ ਜਾਂ ਉਹਨੇ ਮੈਨੂੰ ਪੰਜਾਬ ਆਰਟਸ ਕੌਂਸਲ ਦਾ ਇਨਾਮ ਦਿਵਾਉਣ ਦੀ ਸਿਫ਼ਾਰਿਸ਼ ਕੀਤੀ ਸੀ।

ਅੱਜ ਵਿਰਕ ਨੂੰ ਯਾਦ ਕਰਦਿਆਂ ਸਾਨੂੰ ਸਭਨਾਂ ਨੂੰ, ਕਹਾਣੀ ਲਿਖਣ ਵਾਲਿਆਂ ਨੂੰ, ਉਹਨਾਂ ਦੇ ਪਾਠਕਾਂ ਨੂੰ ਵਿਰਕ ਸਾਹਿਬ ਦੀਆਂ ਕਹਾਣੀਆਂ ਦੀ ਪੱਖੀ ਦੀ ਝੱਲ ਵੱਜ ਰਹੀ ਹੈ ਤੇ ਕਲੇਜੇ ਨੂੰ ਠੰਢ ਪਾ ਰਹੀ ਹੈ।

ਮੇਰੇ ਸਮੇਤ ਪੰਜਾਬੀ ਪਾਠਕਾਂ ਦੇ ਮਨਾਂ ਵਿਚ ਕੁਲਵੰਤ ਸਿੰਘ ਵਿਰਕ ਬੋਲਦਾ ਰਹਿੰਦਾ ਹੈ:

ਸੁਰਜੀਤ ਬਿੰਦਰਖ਼ੀਏ ਦਾ ਗਾਇਆ ਸ਼ਮਸ਼ੇਰ ਸੰਧੂ ਦਾ ਗੀਤ ਹੈ, “ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ ’ਚੋਂ ਤੇਰਾ ਯਾਰ ਬੋਲਦਾ!” ਇੰਝ ਹੀ ਮੇਰੇ ਅੰਦਰੋਂ ਕੁਲਵੰਤ ਸਿੰਘ ਵਿਰਕ ਦੀਆਂ ਦੀਆਂ ਕਹਾਣੀਆਂ ਕਿਵੇਂ ਬੋਲਦੀਆਂ ਰਹੀਆਂ ਨੇ, ਇਸਦੇ ਕੁਝ ਵੇਰਵੇ ਸਾਂਝੇ ਕਰਨ ਦੀ ਆਗਿਆ ਦਿਉ:

ਵਿਰਕ ਦੀਆਂ ਸਮੁੱਚੀਆਂ ਕਹਾਣੀਆਂ ਦੇ ਅਧਿਅਨ ਤੋਂ ਇਹ ਤੱਥ ਭਲੀ ਭਾਂਤ ਉਜਾਗਰ ਹੁੰਦਾ ਹੈ ਕਿ ਉਹ ਔਰਤ ਬਾਰੇ ਬੜਾ ਹੀ ਸੰਵੇਦਨਸ਼ੀਲ ਹੈ ਅਤੇ ਨਵੇਂ ਸਮਾਜ ਦੀ ਉਸਾਰੀ ਵਿੱਚ ਉਸਨੂੰ ਔਰਤ ਦਾ ਰੋਲ ਬੜਾ ਹੀ ਮਹੱਤਵਪੂਰਨ ਲੱਗਦਾ ਹੈ। ਪਿਛਲੇ ਦੌਰ ਵਿੱਚ, ਜਦੋਂ ਉਹ ਸ਼ਹਿਰੀ ਜੀਵਨ ਵਿੱਚ ਪੜ੍ਹ, ਬਦਲ ਤੇ ਸਮਾਜ ਦੀ ਉਸਾਰੀ ਵਿੱਚ ਹਿੱਸਾ ਪਾ ਰਹੀ ਔਰਤ ਦੇ ਚਿਤਰ ਉਲੀਕਦਾ ਹੈ, ਤਾਂ ਉਸਨੂੰ ਅਜਿਹੀਆਂ ਔਰਤਾਂ ‘ਸ਼ੇਰਨੀਆਂ’ ਲੱਗਦੀਆਂ ਹਨ ਅਤੇ ਉਹਨਾਂ ਵਿੱਚ ਉਸਨੂੰ ਨਵੇਂ ਭਾਰਤ ਦੀ ਆਤਮਾ ਵੱਸਦੀ ਨਜ਼ਰ ਆਉਂਦੀ ਹੈ। ਨਵੇਂ ਭਾਰਤ ਦੀਆਂ ਪ੍ਰਤੀਨਿਧ ਅਜਿਹੀਆਂ ਸਮਰੱਥ ਔਰਤਾਂ ਨੂੰ ਉਹ ‘ਨਮਸਕਾਰ’ ਕਰਦਾ ਹੈ। ਉਹ ਔਰਤ ਦੀ ਸਿਰਜਣਹਾਰੀ ਸਮਰੱਥਾ ਨੂੰ ਵੀ ਨਮਸਕਾਰ ਕਰਦਾ ਹੈ ਜਿਸ ਵਿੱਚ ਮਰਦ ਨਾਲੋਂ ਬਰਦਾਸ਼ਤ ਕਰਨ ਦੀ ਸ਼ਕਤੀ ਵੀ ਵਧੇਰੇ ਹੈ ਅਤੇ ਉਹ ਆਪਣੇ ਆਪ ਨੂੰ ਹਾਲਾਤ ਦੇ ਮੁਤਾਬਕ ਢਾਲ ਸਕਣ ਦੀ ਵੱਡੇਰੀ ਸਮਰੱਥਾ ਦੀ ਮਾਲਕ ਵੀ ਹੈ। ਔਰਤ ਦੀ ਨਵੇਂ ਹਾਲਾਤ ਨਾਲ ਨਿਪਟਣ ਤੇ ਉਸ ਅਨੁਕੂਲ ਆਪਣੇ ਆਪ ਨੂੰ ਢਾਲ ਸਕਣ ਤੇ ਆਪਣੀਆਂ ਜੜ੍ਹਾਂ ਨਵੀਂ ਜ਼ਮੀਨ ਵਿੱਚ ਗੱਡ ਸਕਣ ਦੀ ਅਥਾਹ ਸਮਰੱਥਾ ਦੀ ਉਦਾਹਰਣ ‘ਖੱਬਲ’ ਕਹਾਣੀ ਵਿਚੋਂ ਵੇਖੀ ਜਾ ਸਕਦੀ ਹੈ।

ਵਿਰਕ ਦੀਆਂ ਅਨੇਕਾਂ ਕਹਾਣੀਆਂ ਅਸੀਂ ਹਵਾਲਿਆਂ ਵਾਂਗ ਵਰਤਦੇ ਹਾਂ। ਇੱਕ ਹਵਾਲਾ ਆਪਣੇ ਸਫ਼ਰਨਾਮੇ , ‘ਪਰਦੇਸੀ ਪੰਜਾਬ’ ਵਿਚੋਂ ਹੈ। 1997 ਵਿਚ ਅਮਰੀਕਾ ਵਿਚ ਹੋਣ ਵਾਲੀ ਵਿਸ਼ਵ ਪੰਜਾਬੀ ਕਾਨਫ਼ਰੰਸ ਵਿਚ ਸ਼ਾਮਲ ਹੋਣ ਲਈ ਵੀਜ਼ੇ ਲਵਾਉਣ ਤੋਂ ਬਾਅਦ ਅਸੀਂ ਟਿਕਟਾਂ ਦੇਣ ਵਾਲੀ ਆਪਣੀ ਏਜੰਟ ਪਰਿਅੱਗਿਆ ਦੇ ਦਫ਼ਤਰ ਅਸੀਂ ਸ਼ਾਮ ਅੱਠ ਵਜੇ ਦੇ ਕਰੀਬ ਪੁੱਜੇ। ਸਲਵਾਰ ਕਮੀਜ਼ ਤੇ ਪੰਜਾਬੀ ਜੁੱਤੀ ਵਿਚ ਫੱਬ ਰਹੀ ਉਹ ਦਫ਼ਤਰ ਵਿਚ ਬੈਠੀ ਹੋਈ ਹਥਲੇ ਕੰਮ ਨਿਪਟਾ ਰਹੀ ਸੀ। ਅਸੀਂ ਆਪਣੇ ਨਾਂ ਦੱਸ ਕੇ ਟਿਕਟਾਂ ਓ. ਕੇ. ਹੋ ਜਾਣ ਦੀ ਪੁਸ਼ਟੀ ਕਰਨੀ ਚਾਹੀ। ਉਸ ਨੇ ਕੱਟੇ ਵਾਲ਼ਾਂ ਦੀ ਲਿਟ ਧੌਣ ਦਾ ਝਟਕਾ ਦੇ ਕੇ ਮੱਥੇ ਉਪਰ ਕੀਤੀ ਤੇ ਕਾਹਲ਼ੀ-ਕਾਹਲ਼ੀ ਕਾਗ਼ਜ਼-ਪੱਤਰ ਫੋਲਦੀ ਕਹਿਣ ਲੱਗੀ, ‘‘ਠਹਿਰੋ ਏਕ ਮਿੰਟ! ਏਕ ਤੋਂ ਯੇਹ ਵਰਿਆਮ ਬਹੁਤ ਹੈਂ ਲਿਸਟ ਮੇਂ....’’

ਪਰ ਲੱਭੇ ਉਸ ਨੂੰ ਜਗਦੀਸ਼ ਸਿੰਘ ਵਰਿਆਮ ਤੇ ਵਰਿਆਮ ਸਿੰਘ ਸੰਧੂ ਹੀ।

ਮੈਂ ਜਾਣ-ਬੁੱਝ ਕੇ ਉਸ ਨੂੰ ਸੁਰਿੰਦਰ ਗਿੱਲ ਵਾਲ਼ਾ ਸਵਾਲ ਕੀਤਾ ਕਿ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾਣ ਲਈ ਇਥੋਂ ਹੀ ਕੋਈ ਸਸਤੀ ਟਿਕਟ ਵਗ਼ੈਰਾ ਮਿਲ ਸਕਦੀ ਹੋਵੇ! ਉਸ ਨੇ ਉਂਝ ਹੀ ਸੱਜੇ ਹੱਥ ਦੇ ਅੰਗੂਠੇ ਨਾਲ਼ ਪਹਿਲੀ ਉਂਗਲ ਜੋੜੀ। ਹੱਥ ਹਵਾ ਵਿਚ ਲਹਿਰਾਇਆ, ‘‘ਏਕ ਵੂਜ਼ਾ ਹੋਤਾ ਹੈ ਨਾ....ਵੋਹ ਆਪ ਲੇ ਜਾਏਂ ਯਹਾਂ ਸੇ....ਮੈਂ ਬਨਵਾ ਦੂੰਗੀ.....ਆਪ ਚਿੰਤਾ ਨਾ ਕਰੇਂ....ਹੋ ਜਾਏਗਾ ਸਭ....ਹੋ ਜਾਏਗਾ....।’’ ਉਸ ਨੇ ਉਂਝ ਹੀ ‘ਹੋ ਜਾਏਗਾ’ ਨੂੰ ਪੁਸ਼ਟ ਕਰਨ ਲਈ ਹੱਥ ਹਵਾ ਵਿਚ ਲਹਿਰਾਇਆ।

ਏਨੀ ਰਾਤ ਗਏ ਉਹ ਇਕੱਲੀ ਨਿੱਕੀ ਜਿਹੀ ਲੱਗਦੀ ਕੁੜੀ ਏਨੇ ਸਵੈ-ਵਿਸ਼ਵਾਸ ਨਾਲ਼ ਬੈਠੀ ਸਭ ਦੀਆਂ ਨਜ਼ਰਾਂ ਦਾ ਕੇਂਦਰ ਬਣੀ ਹੋਈ ਸੀ। ਔਰਤ ਦਾ ਇਹ ਉੱਭਰ ਰਿਹਾ ਮਾਣ-ਮੱਤਾ ਰੂਪ ਮੈਨੂੰ ਬੜਾ ਚੰਗਾ ਲੱਗਾ। ਨਾ ਉਹਨੂੰ ਕੋਈ ਫ਼ਿਕਰ ਸੀ ਕਿ ਮੈਂ ਏਨੇ ਮਰਦਾਂ ਵਿਚ ਇਕੱਲੀ ਨਿੱਕੀ ਜਿਹੀ ਜਾਨ ਘਿਰੀ ਬੈਠੀ ਹਾਂ ਤੇ ਨਾ ਹੀ ਉਸਦੇ ਘਰਦਿਆਂ ਨੂੰ ਕੋਈ ਫਿਕਰ ਸੀ ਕਿ ਏਨੀ ਰਾਤ ਗਏ ਉਹਨਾਂ ਦੀ ਧੀ ਅਜੇ ਤੱਕ ਘਰ ਨਹੀਂ ਪਹੁੰਚੀ।

ਪਰਿਅੱਗਿਆ ਮੈਨੂੰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ‘ਸ਼ੇਰਨੀਆਂ’ ਦੀ ਪਾਤਰ ‘ਸ਼ੇਰਨੀ’ ਕੁੜੀ ਲੱਗੀ। ਮਰਦਾਂ ਦੇ ਸਮਾਜ ਵਿਚ ਬੇਖ਼ੌਫ ਵਿਚਰ ਰਹੀ....ਜੰਗਲਾਂ ’ਚੋਂ ਆਪਣੇ ਲਈ ਰਾਹ ਬਣਾ ਰਹੀ।

ਅਸਲ ਵਿੱਚ ਵਿਰਕ ਔਰਤ ਮਰਦ ਸੰਬੰਧਾਂ ਨੂੰ ਭੂਪਵਾਦੀ ਕੀਮਤਾਂ ਦੇ ਚੌਖ਼ਟੇ ਵਿੱਚ ਰੱਖ ਕੇ ਵੇਖਣ ਦੀ ਥਾਂ ਨਜ਼ਰ ਦੀ ਤਾਜ਼ਗੀ ਨਾਲ ਵੇਖਦਾ ਹੈ। ਉਹ ਔਰਤ ਮਰਦ ਸੰਬੰਧਾਂ ਨਾਲ ਜੁੜੀ ਸਾਧੂਵਾਦੀ ਨੈਤਿਕਤਾ ਦਾ ਮੁਦੱਈ ਨਹੀਂ। ਨਾ ਹੀ ਉਹ ਇਹ ਸਮਝਦਾ ਹੈ ਕਿ ਕੋਈ ਵਿਸ਼ਾ ਇਸ ਕਰਕੇ ਜ਼ਿਕਰ ਯੋਗ ਨਹੀਂ ਕਿ ਸਮਾਜ ਉਸਨੂੰ ਵਰਜਿਤ ਸਮਝਦਾ ਹੈ। ਉਸ ਅਨੁਸਾਰ ਤਾਂ ਜਿਹੜਾ ਜਜ਼ਬਾ ਲੱਖਾਂ ਲੋਕਾਂ ਦੇ ਦਿਲਾਂ ਵਿੱਚ ਧੜਕਦਾ ਹੈ, ਉਸਨੂੰ ਸਾਹਿਤ ਵਿੱਚ ਵੀ ਪੇਸ਼ ਕਰਨਾ ਕੋਈ ਮਾੜੀ ਗੱਲ ਨਹੀਂ।

ਔਰਤ ਹੀ ਨਹੀਂ ਪੰਜਾਬ ਦੇ ਕਿਸਾਨੀ ਭਾਈਚਾਰੇ ਵਿੱਚ ਮਰਦ ਕੋਲ ਵੀ ਦੁੱਖ ਨੂੰ ਸਹਿ ਸਕਣ ਦੀ ਬੇਮਿਸਾਲ ਸਮਰੱਥਾ ਹੈ। ਅਸਲ ਵਿੱਚ ਪੰਜਾਬ ਦੇ ਕਿਰਸਾਨ ਦਾ ਜੀਵਨ ਬੜਾ ਸੰਕਟਾਂ ਭਰਿਆ ਰਿਹਾ ਹੈ। ਧਰਤੀ ਦੀ ਹਿੱਕ ਚੀਰਦੇ, ਧਰਤੀ ਜਿੱਡੇ ਜੇਰਿਆਂ ਵਾਲੇ, ਇਹ ਲੋਕ ਸਿਰਾਂ ਉੱਤੇ ਪਏ ਸੰਕਟਾਂ ਦੇ ਸਨਮੁੱਖ ਹੋਣਾ ਤੇ ਉਹਨਾਂ ਨੂੰ ਸਹਿਣਾ ਜਾਣਦੇ ਸਨ। ਇਸਦੀ ਸਭ ਤੋਂ ਉੱਤਮ ਉਦਾਹਰਣ ਵਿਰਕ ਦੀ ਕਹਾਣੀ ‘ਧਰਤੀ ਹੇਠਲਾ ਬੌਲਦ’ ਹੈ। ਬਜ਼ੁਰਗ ਬਾਪ ਆਪਣੇ ਪੁੱਤ ਦੀ ਮੌਤ ਦੀ ਖ਼ਬਰ ਆਪਣੇ ਪੁੱਤ ਦੇ ਦੋਸਤ ਤੋਂ ਲੁਕਾਈ ਰੱਖਦਾ ਹੈ ਕਿਉਂਕਿ ਉਹ ਨਹੀਂ ਚਾਹੁੰਦਾ ਕਿ ਆਪਣੇ ਪਿਆਰੇ ਦੋਸਤ ਦੀ ਮੌਤ ਦੀ ਖ਼ਬਰ ਸੁਣ ਕੇ ਉਹਦੇ ਪੁੱਤ ਦੇ ਦੋਸਤ ਮਾਨ ਸਿੰਘ ਦੀ ਛੁੱਟੀ ਖ਼ਰਾਬ ਹੋਵੇ। ਕਹਾਣੀ ਦੂਜੇ ਦੇ ਸੁਖ ਲਈ ਆਪ ਦੁੱਖ ਸਹਿ ਸਕਣ ਦੀ ਸਾਧਾਰਨ ਬੰਦੇ ਦੀ ਅਸਧਾਰਨ ਸਮਰੱਥਾ ਦਾ ਬਿਰਤਾਂਤ ਹੈ।

ਵਿਰਕ ਦੇ ਪੰਜਾਬੀ ਕਹਾਣੀ ਅਤੇ ਮੇਰੇ ਉੱਤੇ ਅਸਰ ਦਾ ਇੱਕ ਹੋਰ ਬਿਰਤਾਂਤ ਸਾਂਝਾ ਕਰਨ ਦਾ ਲਾਲਚ ਕਰ ਲੈਣ ਦਿਉ।

ਆਪਣੇ ਪੁੱਤ ਦੀ ਮੌਤ ਦੀ ਖ਼ਬਰ, ਘਰ ਦੇ ਜੀਆਂ ਤੋਂ ਵੀ ਲੁਕਾ ਕੇ, ਕਨੇਡਾ ਪਹੁੰਚਣ ਦੇ ਹਵਾਲੇ ਦੁਆਲੇ ਬੁਣੀ ਮੇਰੀ ਕਹਾਣੀ ‘ਜਮਰੌਦ’ ਦੇ ਸੱਚ ਦਾ ਇਹ ਦੁੱਖ ਦਸ-ਬਾਰਾਂ ਸਾਲ ਮੇਰੇ ਅੰਦਰ ਰਿੱਝਦਾ ਰਿਹਾ। ਇਸ ਵਿਸ਼ੇ ’ਤੇ ਕਹਾਣੀ ਲਿਖੀ ਤਾਂ ਜਾ ਸਕਦੀ ਸੀ, ਪਰ ਇਸੇ ਵਿਸ਼ੇ ਨੂੰ ਲੈ ਕੇ ਮੇਰੇ ਸਾਹਮਣੇ ਪਹਾੜ ਜਿੱਡੀ ਕਹਾਣੀ ਪਹਿਲਾਂ ਹੀ ਖਲੋਤੀ ਸੀ, ‘ਧਰਤੀ ਹੇਠਲਾ ਬੌਲਦ’! ਮੈਂ ਮਨ ਵਿੱਚ ਲਿਖੇ ਜਾਣ ਵਾਲੀ ਕਹਾਣੀ ਦੀ ਭੰਨ-ਤੋੜ ਕਰਦਾ ਰਿਹਾ। ਆਖ਼ਰਕਾਰ ਕਹਾਣੀ ਲਿਖਣ ਲਈ ਪ੍ਰੇਰਕ ਨੁਕਤਾ ਮੇਰੇ ਮਨ ਵਿੱਚ ਲਿਸ਼ਕਿਆ। ‘ਧਰਤੀ ਹੇਠਲਾ ਬੌਲਦ’ ਦਾ ਬਿਰਤਾਂਤ ‘ਮਾਨਵੀ ਦਾਇਰੇ’ ਵਿੱਚ ਵਿਚਰਨ ਵਾਲਾ ਸੀ ਪਰ ਮੈਂ ਆਪਣੀ ਕਹਾਣੀ ਨੂੰ ਪੰਜਾਬੀਆਂ ਦੇ ਪਰਵਾਸ ਧਾਰਨ ਕਰਨ ਦੀ ਲੰਮੀ ਪ੍ਰਕਿਰਿਆ ਦੇ ਇਤਿਹਾਸ ਨਾਲ ਜੋੜ ਕੇ ‘ਇਤਿਹਾਸਕ ਦਾਇਰੇ’ ਵਿੱਚ ਸਿਰਜਣ ਦਾ ਮਨ ਬਣਾ ਲਿਆ। ਪਰ ਅਜਿਹਾ ਕਰਦਿਆਂ ਮੈਂ ‘ਧਰਤੀ ਹੇਠਲਾ ਬੌਲਦ’ ਤੋਂ ਅੱਖ ਚੁਰਾ ਕੇ ਨਹੀਂ ਸਾਂ ਲੰਘ ਸਕਦਾ। ‘ਅਰਜਨ’ ਨੂੰ ‘ਆਪਣਾ ਯੁੱਧ’ ਸ਼ੁਰੂ ਕਰਨ ਤੋਂ ਪਹਿਲਾਂ ਦ੍ਰੋਣਾਚਾਰਯ ਦੇ ਪੈਰਾਂ ਵਿੱਚ ਨਮਸਕਾਰੀ ਤੀਰ ਚਲਾਉਣਾ ਚਾਹੀਦਾ ਸੀ! ਮੈਂ ਕੁਲਵੰਤ ਸਿੰਘ ਵਿਰਕ ਨੂੰ ਨਮਸਕਾਰ ਕੀਤੀ ਤੇ ਆਪਣੀ ਕਹਾਣੀ ਨੂੰ ਵੀ ‘ਧਰਤੀ ਹੇਠਲਾ ਬੌਲਦ’ ਵਾਲੇ ਪਿੰਡ ਅਤੇ ਪਰਿਵਾਰ ਨਾਲ ਜੋੜ ਦਿੱਤਾ।

ਧਿਆਨ ਨਾਲ ਵੇਖਿਆਂ ਪਤਾ ਚੱਲ ਜਾਵੇਗਾ ਕਿ ਕਹਾਣੀ ਵਿੱਚ ਜਰਨੈਲ ਸਿੰਘ ਦਾ ਪਾਤਰ ਉਸ ਮੁੰਡੇ ਨੂੰ ਬਣਾਇਆ ਗਿਆ ਹੈ, ਜੋ ‘ਧਰਤੀ ਹੇਠਲਾ ਬੌਲਦ’ ਵਾਲੇ ‘ਕਰਮ ਸਿੰਘ’ ਦਾ ਪੁੱਤਰ ਹੈ, ਜਿਹੜਾ ਮਾਨ ਸਿੰਘ ਦੇ ਆਉਣ ’ਤੇ ਡਿਉੜ੍ਹੀ ਵਿੱਚ ਖੇਡਦਾ ਫਿਰਦਾ ਸੀ। ‘ਧਰਤੀ ਹੇਠਲਾ ਬੌਲਦ’ ਵਾਲਾ ਕਰਮ ਸਿੰਘ ‘ਜਮਰੌਦ’ ਵਿੱਚ ਵੀ ‘ਕਰਮ ਸਿੰਘ’ ਹੀ ਰਹਿੰਦਾ ਹੈ, ਪਰ, ‘ਧਰਤੀ ਹੇਠਲਾ ਬੌਲਦ’ ਵਿਚਲੇ ਕਰਮ ਸਿੰਘ ਦੇ ਛੋਟੇ ਭਰਾ ਜਸਵੰਤ ਦਾ ਨਾਂ ਮੈਂ ‘ਜਮਰੌਦ’ ਵਿੱਚ ਜਾਣ-ਬੁੱਝ ਕੇ ਸਾਹਿਤਕ ਓਹਲਾ ਰੱਖਣ ਲਈ ਧਰਮ ਸਿੰਘ ਰੱਖਿਆ ਹੈ। ਬਰ੍ਹਮਾਂ ਦੇ ਫ਼ਰੰਟ ’ਤੇ ਕਰਮ ਸਿੰਘ ਦੇ ਮਾਰੇ ਜਾਣ ਦਾ ਬਿਰਤਾਂਤ ਅਤੇ ਜਦ ਉਹ ਜਿਊਂਦੇ-ਜੀ ਛੁੱਟੀ ਆਉਂਦਾ ਸੀ, ਤਾਂ, ਉਹਦਾ ਖੂਹੀ ’ਤੇ ਨਹਾਉਣ ਦਾ ਬਿਰਤਾਂਤ, ਵਿਰਕ ਦੀ ਕਹਾਣੀ ਨਾਲ ਜੁੜਦੇ ਸੰਕੇਤ ਹੀ ਨੇ। ਜਿਵੇਂ ਵਿਰਕ ਦੀ ਕਹਾਣੀ ਵਿੱਚ ਤਰਨਤਾਰਨ ਮੱਥਾ ਟੇਕਣ ਦਾ ਹਵਾਲਾ ਹੈ, ‘ਜਮਰੌਦ’ ਵਿੱਚ ਵੀ ਇਹ ਹਵਾਲਾ ਮਿਲਦਾ ਹੈ। ਸੋ ਉੱਨੀ-ਇੱਕੀ ਦੇ ਫਰਕ ਨਾਲ ਇਹ ਓਹੋ ਪਰਿਵਾਰ ਹੈ, ਚੜ੍ਹਤ ਸਿੰਘ ਦਾ, ਜੋ ਵਿਰਕ ਦੀ ਕਹਾਣੀ ਵਿਚਲਾ ਦੁੱਖ ਸਹਿਣ ਵਾਲਾ ਬਜ਼ੁਰਗ ਵੀ ਹੈ; ਭਾਵੇਂ ਆਪਣੀ ਕਹਾਣੀ ਦੀਆਂ ਆਪਣੀਆਂ ਲੋੜਾਂ ਮੁਤਾਬਕ ਇਸ ਵਿੱਚ ਕਈ ਤਬਦੀਲੀਆਂ ਵੀ ਕਰਨੀਆਂ ਪਈਆਂ। ਮਸਲਨ: ਕਰਮ ਸਿੰਘ ਦੀ ਮੌਤ ਵੇਲੇ ਮੇਰਾ ਪਾਤਰ ਚੜ੍ਹਤ ਸਿੰਘ ਜੇਲ੍ਹ ਵਿੱਚ ਹੈ ਤੇ ਵਿਰਕ ਦੀ ਕਹਾਣੀ ਵਾਲਾ ਬਜ਼ੁਰਗ ਬਾਪ ਘਰ ਵਿੱਚ ਹੀ ਹੈ। ਉਂਝ ਫੌਜੀ ਗਾਰਦ ਕੋਲੋਂ ਹਥਿਆਰ ਖੋਹਣ ਲਈ ‘ਵੱਲੇ’ ਪਿੰਡ ਦੀ ਨਹਿਰ ਦੇ ਪੁਲ ’ਤੇ ਮਾਰੇ ਡਾਕੇ ਵਿੱਚ ਹੋਰਨਾਂ ਗ਼ਦਰੀਆਂ ਨਾਲ ਜਿਹੜੇ ਗ਼ਦਰੀ ਗਏ ਸਨ, ਉਹਨਾਂ ਵਿੱਚ ਠੱਠੀ ਖਾਰੇ ਪਿੰਡ ਦੇ ਗ਼ਦਰੀ ਹਰਨਾਮ ਸਿੰਘ ਤੇ ਆਤਮਾ ਸਿੰਘ ਵੀ ਸਨ, ਜਿਹੜੇ ਫੜੇ ਜਾਣ ਬਾਅਦ ਆਪਣੇ ਤਿੰਨ ਹੋਰ ਸਾਥੀਆਂ ਨਾਲ ਫ਼ਾਂਸੀ ਲਾ ਦਿੱਤੇ ਗਏ। ਸੋ ਮੂਲ ਰੂਪ ਵਿੱਚ ਇਹ ਮਾਝੇ ਦਾ ਉਹੋ ਪਿੰਡ ਹੈ, ਜੋ ਵਿਰਕ ਦੀ ਕਹਾਣੀ ਵਾਲਾ ਪਿੰਡ ਹੀ ਹੈ, ‘ਠੱਠੀ ਖਾਰਾ’।

ਅਸਲ ਵਿੱਚ ‘ਜਮਰੌਦ’ ਵਿੱਚ ‘ਠੱਠੀ ਖਾਰਾ’ ਪਿੰਡ ਨੂੰ ਜਾਣ-ਬੁੱਝ ਕੇ ਬੇਨਾਮ ਰੱਖਿਆ ਗਿਆ ਹੈ। ਇਹ ਇਸ ਕਰ ਕੇ, ਕਿਉਂਕਿ, ਇਹ ਇੱਕ ਪਿੰਡ ਹੀ ਨਹੀਂ, ਪੂਰਾ ਪੰਜਾਬ ਹੈ, ਪੰਜਾਬ ਦਾ ਕਈ ਸਦੀਆਂ ਦਾ ਗਤੀਸ਼ੀਲ਼ ਇਤਿਹਾਸ ਹੈ। ਰਾਜਨੀਤਕ, ਸਮਾਜਿਕ, ਸਭਿਆਚਾਰਕ ਜਾਂ ਆਰਥਿਕ ਹੀ ਨਹੀਂ, ਸਾਹਿਤਕ-ਇਤਿਹਾਸ ਵੀ ਹੈ। ਪੰਜਾਬ ਦੀਆਂ ਰਗਾਂ ਵਿੱਚ ਵਹਿੰਦਾ ਹੋਇਆ ਲਹੂ ਹੈ। ਕਹਾਣੀ ਵਿੱਚ ਇਸ ਇਤਿਹਾਸਕ ਨਿਰੰਤਰਤਾ ਦੇ ਸੰਕੇਤ ਸਾਫ਼ ਲੱਭਦੇ ਹਨ। ਇਹ ਕਹਾਣੀ ‘ਧਰਤੀ ਹੇਠਲਾ ਬੌਲਦ’ ਵਾਲੀ ਪਰੰਪਰਾ ਦੀ ਵਾਰਿਸ ਕਹਾਣੀ ਹੈ, ਜਿਸ ਦੇ ਨਾਇਕ ਅਸਲੋਂ ਸਾਧਾਰਨ ਮਨੁੱਖ ਹੋਣ ਦੇ ਬਾਵਜੂਦ, ਸਿਰ ਤੇ ਪਈ ਝੱਲਣ ਵੇਲੇ ਅਸਾਧਾਰਨ ਜਿਗਰੇ ਵਾਲੇ ਹੋ ਨਿੱਬੜਦੇ ਨੇ। ਇਹੋ ਬੰਦੇ ਪੰਜਾਬੀ ਬੰਦੇ ਦੀ ਪ੍ਰਮਾਣਿਕ ਪਛਾਣ ਨੇ; ਜਿਹੜੇ ਡਿੱਗਣ-ਡਿੱਗਣ ਕਰਦੇ ਪੰਜਾਬ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਮੁੜ ਖੜਾ ਕਰ ਸਕਦੇ ਸਨ।

ਇੰਝ ਹਾਲਾਤ ਅਤੇ ਇਤਿਹਾਸ ਦੇ ਦਬਾਵਾਂ ਅਧੀਨ ਓਸੇ ਪਿੰਡ/ਪੰਜਾਬ ਦੇ ਅਸਾਧਾਰਨ ਜਿਗਰਿਆਂ ਵਾਲੇ ਇਹ ਲੋਕ ਹੁਣ ਡਿੱਗ ਰਹੇ ਪੰਜਾਬ ਨੂੰ ਮੋਢਾ ਦੇਣ ਤੋਂ ਅਸਮਰੱਥ ਕਿਉਂ ਹੁੰਦੇ ਜਾ ਰਹੇ ਨੇ! ਹੁਣ ਇਹ ‘ਧਰਤੀ ਹੇਠਲੇ ਬੌਲਦ’ ਕਿੱਥੇ ਤੇ ਕਿਉਂ ਗ਼ਰਕਦੇ ਜਾ ਰਹੇ ਨੇ ਤੇ ਇਹਨਾਂ ਹੇਠਲੇ ਪੈਰਾਂ ਹੇਠਲੀ ਜ਼ਮੀਨ ਅਮਰੀਕਾ ਕਨੇਡਾ ਕਿਉਂ ਖੋਹ ਕੇ ਲੈ ਚੱਲਿਆ ਏ! ?

ਇਹ ਲੰਮਾ ਹਵਾਲਾ ਇਸ ਕਰ ਕੇ ਦਿੱਤਾ ਹੈ ਕਿ ਪਾਠਕ ਜਾਣ ਸਕਣ ਕਿ ਵਿਰਕ ਦੀਆਂ ਕਹਾਣੀਆਂ ਦਾ ਜਾਦੂ ਕਿਵੇਂ ਪੰਜਾਬੀ ਪਾਠਕਾਂ ਅਤੇ ਲੇਖਕਾਂ ਦੇ ਸਿਰ ਚੜ੍ਹ ਬੋਲਦਾ ਰਿਹਾ ਹੈ, ਬੋਲਦਾ ਰਹਿਣਾ ਹੈ।

ਵਿਰਕ ਦੀ ਕਹਾਣੀ ਦੀ ਖਿੱਚ

ਸਧਾਰਨ ਲੋਕਾਂ ਨੂੰ ਵੀ ਕਿਵੇਂ ਉਹਦੀ ਕਹਾਣੀ ਆਪਣੇ ਵੱਲ ਖਿੱਚ ਲੈਂਦੀ ਸੀ, ਇਸਦੀ ਹੋਰ ਪ੍ਰਮਾਣਿਕ ਉਦਾਹਰਣ ਪੇਸ਼ ਹੈ।

ਮੈਂ 1975 ਵਿੱਚ ਐਮਰਜੈਂਸੀ ਲੱਗਣ ਕਰ ਕੇ ਜੇਲ੍ਹ ਵਿੱਚ ਸਾਂ। ਜਿਹਲ ਵਿਚਲੀ ‘ਵਿਹਲ’ ਦਾ ਲਾਭ ਲੈਣ ਲਈ ਮੈਂ ਪੰਜਾਬੀ ਦੀ ਐਮ ਏ ਕਰਨ ਵਾਸਤੇ ਕਿਤਾਬਾਂ ਜੇਲ੍ਹ ਵਿੱਚ ਹੀ ਮੰਗਵਾ ਲਈਆਂ। ਆਪਣੇ ਅਨਪੜ੍ਹ ਸਾਥੀ ਕੈਦੀਆਂ ਨੂੰ ਵਿਰਕ ਦੀਆਂ ਕਹਾਣੀਆਂ, ‘ਉਜਾੜ’, ‘ਤੂੜੀ ਦੀ ਪੰਡ’, ਖੱਬ੍ਹਲ ਵਰਗੀਆਂ ਪੇਂਡੂ ਜੀਵਨ ਨਾਲ ਜੁੜੀਆਂ ਕਹਾਣੀਆਂ ਪੜ੍ਹ ਕੇ ਸੁਣਾਉਂਦਾ ਤਾਂ ਉਹ ਪੂਰੇ ਧਿਆਨ ਨਾਲ ਸੁਣਦੇ ਤੇ ਕਹਿੰਦੇ, “ਮਜਾ ਆ ਗਿਆ ਯਾਰ। ਕਮਾਲ ਦਾ ਬੰਦਾ ਐ। ਸਾਡੇ ਮਨਾਂ ਦੀਆਂ ਬੁੱਝ ਲੈਂਦਾ ਏ ਇਹ ਤਾਂ। ਸਾਡੀਆਂ ਈ ਗੱਲਾਂ ਕਰੀ ਜਾਂਦੈ।”

ਰੋਜ਼ ਇੱਕ ਘੰਟਾ ਕਹਾਣੀ ਪਾਠ ਚੱਲਦਾ ਤੇ ਹਵਾਲਾਤੀ ਮੇਰੇ ਦੁਆਲੇ ਸੰਗਤ ਵਾਂਗ ਜੁੜ ਬੈਠਦੇ।

ਇਹ ਹੁੰਦੀ ਹੈ ਕਹਾਣੀ ਦੀ ਕਰਾਮਾਤ!

ਨਵੇਂ ਕਹਾਣੀ ਲਿਖਣ ਵਾਲਿਆਂ ਨੂੰ ਵੀ ਕਦੀ ਆਪਣੀਆਂ ਕਹਾਣੀਆਂ, ਜਿਨ੍ਹਾਂ ਬਾਰੇ ਲਿਖੀਆਂ ਗਈਆਂ ਨੇ ਪੜ੍ਹ ਕੇ ਪਿੰਡ ਦੀ ਸੱਥ ਵਿਚ ਸੁਨਾਉਣੀਆਂ ਚਾਹੀਦੀਆਂ ਨੇ। ਫਿਰ ਪਤਾ ਚਲੂ ਕਿਸ ਭਾਅ ਵਿਕਦੀ ਏ!

ਅਜਿਹਾ ਮਾਣ ਪੰਜਾਬੀ ਦੇ ਕਿਸੇ ਕਹਾਣੀਕਾਰ ਨੂੰ ਨਹੀਂ ਮਿਲਿਆ।

ਕਿਰਸਾਣੀ ਜੀਵਨ ਦੇ ਸਿਰੜ੍ਹ, ਸੰਘਰਸ਼ ਤੇ ਸਹਿਣ-ਸ਼ਕਤੀ ਦਾ ਪ੍ਰਮਾਣਿਕ ਲੇਖਕ ਵਿਰਕ ਮੌਤ ਅਤੇ ਜ਼ਿੰਦਗੀ ਦੀ ਕਸ਼ਮਕਸ਼ ਨੂੰ ਸਹਿਜ-ਸੰਤੁਲਨ ਵਿੱਚ ਬੰਨ੍ਹ ਕੇ ਪੇਸ਼ ਕਰ ਸਕਣ ਦੇ ਹੁਨਰ ਦਾ ਬੇਮਿਸਾਲ ਸਿਰਜਕ ਹੈ। ਆਉਣ ਵਾਲੀਆਂ ਨਵੀਆਂ ਪੀੜ੍ਹੀਆਂ ਨੂੰ ਸਦਾ ਵਿਰਕ ਦੀ ਕਹਾਣੀ ਵਚੋਂ ਸਿੱਖਣ ਲਈ ਮਿਲਦਾ ਰਹੇਗਾ।

ਕਿਰਸਾਣੀ ਜੀਵਨ ਦੇ ਕਠਿਨ ਜੀਵਨ ਦੀ ਝਾਕੀ ਦਾ ਦੀਦਾਰ ਕਰਨ ਲਈ ਅਸੀਂ ਉਹਦੇ ਲੇਖ, ‘ਜੱਟ ਲੋਕ’ ਵਿਚੋਂ ਹਵਾਲਾ ਦੇਣਾ ਚਾਹੁੰਦੇ ਹਾਂ।

ਉਹ ਆਪਣੇ ਦਰਸ਼ਨੀ ਸਰੀਰ ਵਾਲੇ, ਲੰਮੇ-ਲੰਝੇ ਕਿਰਸਾਨ ਭਰਾ ਦਾ ਹਵਾਲਾ ਦਿੰਦਾ ਹੈ ਜਿਹੜਾ ਵੰਡ ਤੋਂ ਬਾਅਦ ਮਿਲੀ ਨਵੀਂ ਜ਼ਮੀਨ ਨੂੰ ਆਬਾਦ ਕਰਨ ਵਿੱਚ ਲੱਗਾ ਹੋਇਆ ਹੈ ਤੇ ਅੱਜ ਵਿਰਕ ਕੋਲ ਆਇਆ ਹੋਇਆ ਹੈ। ਉਸਦੇ ਭਰਾ ਦੇ ਪੈਰ ਉੱਤੋਂ ਹੇਠੋਂ ਜ਼ਖ਼ਮੀ ਤੇ ਸੁੱਜੇ ਹੋਏ ਹਨ ਤੇ ਉਹਨਾਂ ਵਿੱਚ ਪਾਕ ਪਈ ਹੋਈ ਹੈ।

ਵਿਰਕ ਉਸਦੇ ਪੈਰਾਂ ਦੀ ਅਜਿਹੀ ਹਾਲਤ ਹੋ ਜਾਣ ਦਾ ਕਾਰਨ ਪੁੱਛਦਾ ਹੈ। ਦੋਵਾਂ ਭਰਾਵਾਂ ਦੇ ਸਵਾਲ ਜਵਾਬ ਵਿਚੋਂ ਕਿਰਸਾਨੀ ਜੀਵਨ ਦੀ ਅਥਾਹ ਮਿਹਨਤ, ਸਰੀਰਕ ਤਕਲੀਫ਼ ਅਤੇ ਤਕਲੀਫ਼ ਨੂੰ ਸਹਿ ਸਕਣ ਦਾ ਸਿਰੜ੍ਹ ਭਲੀਭਾਂਤ ਦਿਖਾਈ ਦੇ ਜਾਂਦਾ ਹੈ:

“… ਇਹ ਪੈਰਾਂ ’ਤੇ ਤੈਨੂੰ ਕੀ ਬਿਮਾਰੀ ਹੋ ਗਈ ਏ?” ਮੈਂ ਪੁੱਛਿਆ।

“ਬਿਮਾਰੀ ਕੋਈ ਨਹੀਂ। ਮੁੰਜੀ ਲਾ ਕੇ ਆਇਆ ਹਾਂ। ਨਵੀਂ ਭੋਇੰ ਹੋਣ ਕਰਕੇ ਉੱਥੇ ਗੰਦ ਬਹੁਤ ਸੀ। ਮੁੱਢੀਆਂ ਸਨ ਕਾਨਿਆਂ ਦੀਆਂ, ਬਰੂਟੀਆਂ ਦੀਆਂ। ਸੱਪ ਸਲੂੰਗੜਾ ਵੀ ਬਹੁਤ ਸੀ, ਪਰ ਬਚਾ ਹੀ ਹੋ ਗਿਆ ਏ।”

“ਇਹੋ ਜਿਹੇ ਪੈਰਾਂ ਨਾਲ ਤੂੰ ਕੱਦੂ ਮਾਰਦਾ ਰਿਹੈਂ?” ਮੈਂ ਬੇਯਕੀਨ ਹੋ ਕੇ ਪੁੱਛਿਆ।

“ਹੋਰ ਕੀ ਕਰਨਾ ਸੀ। ਜੇ ਕੰਮ ਰਹਿ ਜਾਂਦਾ ਤਾਂ ਮਾੜੀ ਗੱਲ ਸੀ। ਲੋਕੀਂ ਆਂਹਦੇ ਚਾਈਂ ਚਾਈਂ ਗਿਆ ਤੇ ਸੀ, ਪਰ ਜ਼ਮੀਨ ਸਾਂਭੀ ਨਹੀਂ ਗਈ ਇਹਦੇ ਤੋਂ। ਧੰਮੀ ਵੇਲੇ ਉੱਠਣਾ, ਪੈਰ ਪਾਲੇ ਨਾਲ ਆਕੜੇ ਹੋਣੇ। ਭੋਇੰ ’ਤੇ ਧਰੇ ਨਾ ਜਾਣੇ। ਹੱਥਾਂ ਭਾਰ ਹੋ ਕੇ ਮੰਜੀ ਤੋਂ ਉੱਤਰਨਾ। ਫਿਰ ਮੰਜੀ ਦਾ ਆਸਰਾ ਲੈ ਕੇ ਸਹਿੰਦਾ-ਸਹਿੰਦਾ ਭਾਰ ਪੈਰਾਂ ’ਤੇ ਪਾਣਾ ਤੇ ਇਸਤਰ੍ਹਾਂ ਪੰਜ ਸੱਤ ਪੈਰ ਪੁੱਟ ਕੇ ਇਨ੍ਹਾਂ ਨੂੰ ਗਰਮ ਕਰਨਾ। ਹੌਲੀ ਹੌਲੀ ਸਿੱਧੇ ਟੁਰਨ ਜੋਗੇ ਹੋ ਜਾਣਾ ਤੇ ਢੱਗੇ ਜੋ ਲੈਣੇ। ਇੱਕ ਵਾਰ ਕੱਦੂ ਵਿੱਚ ਜਾ ਵੜੇ ਫਿਰ ਦਿਨ ਡੁੱਬੇ ਹੀ ਨਿਕਲਣਾ। ਮਗਰ ਦੂਜੇ ਹਲ ਲਗੇ ਆਉਂਦੇ। ਅਗਲੇ ਦਿਨ ਫਿਰ ਇਸੇ ਤਰ੍ਹਾਂ।”

ਇਹ ਕੋਈ ਮੰਨਣ ਵਾਲੀ ਗੱਲ ਸੀ। ਇੱਕ ਆਦਮੀ ਦੇ ਲੱਤਾਂ ਪੈਰ ਗਲੇ ਪਏ ਹਨ, ਪਰ ਉਹ ਫਿਰ ਉਨ੍ਹਾਂ ਤਰੱਕੇ ਹੋਏ, ਕੰਡਿਆਂ ਵਾਲੇ ਖੇਤਾਂ ਦੇ ਚਿੱਕੜ ਵਿੱਚ ਹਲ ਵਾਂਹਦਾ ਹੈ। ਜਿਥੋਂ ਉਸਨੂੰ ਇਹ ਰੋਗ ਹੋਇਆ ਹੈ, ਓਥੇ ਇਤਿਹਾਸ ਵਿੱਚ ਕਦੇ ਕੋਈ ਫ਼ਸਲ ਬੀਜੀ ਹੀ ਨਹੀਂ ਗਈ। ਸੈਪਟਿਕ ਟੈਟਨਿਸ ਆਦਿ ਕੀ ਚੀਜ਼ਾਂ ਹਨ।’

ਇਹ ਹੈ ਪੰਜਾਬੀ ਕਿਰਸਾਣ ਦੀ ਅਥਾਹ ਸਮਰੱਥਾ, ਸਿਰੜ੍ਹ, ਤਾਕਤ ਤੇ ਵੱਡੀ ਤੋਂ ਵੱਡੀ ਪੀੜ ਨੂੰ ਕਸੀਸ ਵੱਟ ਕੇ ਪੀ ਜਾਣ ਦਾ ਜੇਰਾ।

ਜਦੋਂ ਮੈਂ ਵਿਰਕ ਦੀ ਕਿਤਾਬ, ‘ਮੇਰੀਆਂ ਸਾਰੀਆਂ ਕਹਾਣੀਆਂ’, ਚੋਰੀ ਕੀਤੀ:

ਜਦੋਂ ਅਸੀਂ ਬੱਚਿਆਂ ਦੇ ਕਹਿਣ ’ਤੇ ਕਨੇਡਾ ਜਾਣ ਦਾ ਫ਼ੈਸਲਾ ਕਰ ਲਿਆ ਤਾਂ ਮੈਂ ਆਪਣੀਆਂ ਬਹੁਤ ਸਾਰੀਆਂ ਕਿਤਾਬਾਂ ਵੱਖ ਵੱਖ ਲਾਇਬ੍ਰੇਰੀਆਂ ਵਿਚ ਵੰਡ ਦਿੱਤੀਆਂ। ਆਪਣੇ ਕੋਲ ਮੈਂ ਚਾਰ ਕੁ ਸੌ ਚੁਨਿੰਦਾ ਕਿਤਾਬਾਂ ਰੱਖ ਲਈਆਂ। ਤੁਰਗਨੇਵ, ਗੋਰਕੀ, ਟਾਲਸਟਾਇ, ਸ਼ੋਲੋਖ਼ੋਵ ਦੇ ਨਾਵਲ, ਚੈਖ਼ਵ, ਮੰਟੋ, ਬੇਦੀ, ਕ੍ਰਿਸ਼ਨ ਚੰਦਰ ਦੀਆਂ ਕਹਾਣੀਆਂ ਤੇ ਇੰਝ ਦੀਆਂ ਹੀ ਕਈ ਹੋਰ ਮੁੱਲਵਾਨ ਕਿਤਾਬਾਂ।

ਕੁਝ ਸਾਲ ਪਹਿਲਾਂ ਮੇਰੇ ਮਿੱਤਰ ਮਲੂਕ ਸਿੰਘ ਨੇ ਆਪਣੇ ਪਿੰਡ ਲਾਇਬ੍ਰੇਰੀ ਬਣਵਾਈ ਅਤੇ ਉਸ ਇਮਾਰਤ ਦਾ ਉਦਘਾਟਨ ਕਿਸੇ ਲੀਡਰ ਕੋਲੋਂ ਕਰਵਾਉਣ ਦੀ ਬਜਾਇ ਮੇਰੇ ਕੋਲੋਂ ਕਰਵਾਇਆ।

ਇੱਕ ਦਿਨ ਅਸੀਂ ਕਾਰ ਵਿਚ ਕੁਝ ਕਿਤਾਬਾਂ ਰੱਖ ਕੇ ਉਹਦੇ ਪਿੰਡ ਗਏ। ਓਥੇ ਹਾਜ਼ਰ ਸੱਜਣ ਕਿਤਾਬਾਂ ਕਾਰ ਵਿਚੋਂ ਕੱਢ ਕੇ ਅਲਮਾਰੀ ਵਿਚ ਰੱਖਣ ਲੱਗੇ। ਮੈਂ ਵੀ ਕਿਤਾਬਾਂ ਨੂੰ ਖ਼ਾਨਿਆਂ ਵਿਚ ਠੀਕ ਕਰ ਕੇ ਰੱਖਣ ਵਿਚ ਉਹਨਾਂ ਦੀ ਮਦਦ ਕਰ ਰਿਹਾ ਸਾਂ। ਅਲਮਾਰੀ ਵਿਚ ਕਿਤਾਬਾਂ ਰੱਖਦਿਆਂ ਅਚਨਚੇਤ ਇੱਕ ਕਿਤਾਬ ਹੱਥੋਂ ਛੁੱਟ ਕੇ ਫ਼ਰਸ਼ ’ਤੇ ਡਿੱਗ ਪਈ। ਮੈਂ ਵੇਖਿਆ; ਕਿਤਾਬ ਸੀ, ਵਿਰਕ ਦੀ , ‘ਮੇਰੀਆਂ ਸਾਰੀਆਂ ਕਹਾਣੀਆਂ।’

ਕਿਤਾਬ ਮੈਂ ਫ਼ਰਸ਼ ਤੋਂ ਚੁੱਕੀ ਤੇ ਝਾੜ ਕੇ ਹੱਥ ਵਿਚ ਫੜ ਲਈ। ਖਾਲੀ ਲਿਫ਼ਾਫ਼ਾ ਲੱਭਿਆ ਤੇ ਅੱਖ ਬਚਾ ਕੇ, ਸਮਝੋ ਚੋਰੀ ਕਰ ਕੇ, ਕਿਤਾਬ ਲਿਫ਼ਾਫ਼ੇ ਵਿਚ ‘ਲੁਕਾ’ ਕੇ ਹਿੱਕ ਨਾਲ ਘੁੱਟ ਲਈ। ਆਖ਼ਰ ਵਿਰਕ ਦੀ ਕਿਤਾਬ ਸੀ! ਜੇ ਚੋਰੀ ਕਰ ਵੀ ਲਈ ਸੀ ਤਾਂ ਕੀ ਆਖ਼ਰ ਆ ਗਈ! ਵਿਰਕ ਵੀ ਤਾਂ ਚੋਰੀ ਕਰਨ ਲਈ ਮਸ਼ਹੂਰ ਹਨ। ਕਿਤਾਬ ਚੋਰੀ ਕਰ ਕੇ ਮੈਂ ਵਿਰਕ ਭਾਈਚਾਰੇ ਦੀ ਤੇ ਵਿਰਕ ਦੀ ਵੀ ‘ਲਾਜ’ ਰੱਖ ਲਈ ਸੀ!

ਉਂਝ ਅਸਲੀਅਤ ਇਹ ਸੀ ਕਿ ਲਾਇਬ੍ਰੇਰੀ ਨੂੰ ਦਿੱਤੀਆਂ ਗਈਆਂ ਇਹ ਸਾਰੀਆਂ ਕਿਤਾਬਾਂ ਮੇਰੀਆਂ ਹੀ ਸਨ। ਇਹ ਕਿਤਾਬ ਵੀ ‘ਮੇਰੀ’ ਹੀ ਸੀ। ਆਪ ਹੀ ਦਿੱਤੀ ਕਿਤਾਬ ਮੈਂ ਚੁਰਾ ਲਈ ਸੀ। ਜੇ ਮਲੂਕ ਸਿੰਘ ਨੂੰ ਦੱਸ ਵੀ ਦਿੰਦਾ ਕਿ ਇਹ ਕਿਤਾਬ ਮੈਂ ਵਾਪਸ ਲੈ ਜਾਣੀ ਹੈ ਤਾਂ ਉਹਨੇ ਮੈਨੂੰ ਕੀ ਆਖਣਾ ਸੀ!

ਪਰ ਇੱਕ ਵਾਰ ਤਾਂ ਕਿਤਾਬ ਮਲੂਕ ਸਿੰਘ ਦੀ ਲਾਇਬ੍ਰੇਰੀ ਦੀ ਹੋ ਗਈ ਸੀ ਨਾ! ਪਰ ਵਿਰਕ ਨਾਲ ਆਪਣੀ ਬੇਓੜਕ ਮੁਹੱਬਤ ’ਚੋਂ ਮੇਰੇ ਅੰਦਰ ਨੇ ਕਿਹਾ, ‘ਨਹੀਂ, ਇਹ ਕਿਤਾਬ ਮੈਂ ਲਾਇਬ੍ਰੇਰੀ ਨੂੰ ਨਹੀਂ ਦੇਣੀ। ਦੇ ਹੀ ਨਹੀਂ ਸਕਦਾ। ਇਹ ਮੇਰੀ ਨਿੱਜੀ ਜਾਇਦਾਦ ਹੈ। ਤੇ ਇਹ ਮੇਰੇ ਕੋਲ ਹੀ ਰਹੇਗੀ। ਰਹਿਣੀ ਚਾਹੀਦੀ ਹੈ। ਵਿਰਕ ਨੂੰ ਕੋਈ ਆਪਣੇ ਤੋਂ ਦੂਰ ਕਿਵੇਂ ਕਰ ਸਕਦਾ ਹੈ!’

ਮੈਂ ਮਲੂਕ ਸਿੰਘ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਮੈਂ ਉਹਦੀ ਲਾਇਬ੍ਰੇਰੀ ਦੀ ਕਿਤਾਬ ਚੋਰੀ ਕਰ ਕੇ ਲੈ ਆਇਆ ਹਾਂ!

ਕਹਾਣੀ ਦਾ ਸ਼ਹਿਨਸ਼ਾਹ ਵੀ ਤੇ ਸੁਭਾਅ ਦਾ ਵੀ ਸ਼ਹਿਨਸ਼ਾਹ

ਕੁਲਵੰਤ ਸਿੰਘ ਵਿਰਕ ਲੇਖਕ ਤਾਂ ਵੱਡਾ ਹੈ ਹੀ ਸੀ ਪਰ ਇਨਸਾਨ ਵੀ ਲਾਸਾਨੀ ਸੀ। ਸਾਧੂ ਸਿੰਘ ਤੇ ਵਿਰਕ ਨੇ ਇੱਕੋ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ ਤੇ ਇੱਕੋ ਕਾਲੋਨੀ ਵਿੱਚ ਗਵਾਂਢੀ ਬਣ ਕੇ ਵੀ ਰਹੇ। ਮੈਂ ਸਾਧੂ ਭਾਅ ਜੀ ਕੋਲ ਜਾਂਦਾ ਤਾਂ ਅਸੀਂ ਸਵੇਰੇ ਸੈਰ ਕਰਦਿਆਂ ਅੱਗੋਂ ਵਿਰਕ ਨੂੰ ਸੈਰ ਕਰ ਕੇ ਪਰਤਦਿਆਂ ਵੇਖਦੇ/ਮਿਲਦੇ। ਵਿਰਕ ਦੇ ਘਰ ਵੀ ਮਿਲਣ ਗਏ। ਵਿਰਕ ਦੀ ਸ਼ਖ਼ਸੀਅਤ ਦੇ ਸੁਰਖ ਰੰਗ ਦੇ ਦੀਦਾਰ ਹੁੰਦੇ ਰਹੇ। ਸਾਧੂ ਭਾ ਜੀ ਤੋਂ ਉਹਨਾਂ ਦੇ ਬਾਦਸ਼ਾਹੀ ਸੁਭਾਅ ਦੀਆਂ ਕਈ ਗੱਲਾਂ ਸੁਣਨ ਨੂੰ ਮਿਲੀਆਂ। ਉਹ ਆਪਣੇ ਨੇੜਲਿਆਂ ’ਤੇ ਕਿੰਨਾ ਭਰੋਸਾ ਕਰਦੇ ਸਨ, ਸਾਧੂ ਸਿੰਘ ਦੇ ਹਵਾਲੇ ਨਾਲ ਉਹਦੀਆਂ ਦੋ ਮਿਸਾਲਾਂ ਦੇਣੀਆਂ ਚਾਹਾਂਗਾ।

ਵਿਰਕ ਦੀ ਧੀ ਦਾ ਵਿਆਹ ਸੀ ਤੇ ਉਹਨੇ ਧੀ ਦੀ ਜੰਜ ਦੀ ਆਉ-ਭਗਤ ਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਭੁਗਤਾਉਣ ਲਈ ਆਪਣੇ ਪੀ ਏ ਵਿਰਦੀ ਦੇ ਹੱਥ ’ਤੇ ਪੈਸਿਆਂ ਦਾ ਥੱਬਾ ਰੱਖ ਦਿੱਤਾ ਤੇ ਆਪ ਸੁਰਖ਼ਰੂ ਹੋ ਗਿਆ। ਵਿਆਹ ਭੁਗਤ ਗਿਆ ਤਾਂ ਵਿਰਦੀ ਪੂਰੀ ਤਰਤੀਬ ਨਾਲ ਸਾਂਭ ਕੇ ਰੱਖੀਆਂ ਖ਼ਰਚੇ ਦੀਆਂ ਰਸੀਦਾਂ ਵਾਲੀ ਫ਼ਾਈਲ ਦਾ ਮੂੰਹ ਖੋਲ੍ਹ ਕੇ ਵਿਰਕ ਵੱਲ ਘੁਮਾਉਣ ਹੀ ਲੱਗਾ ਸੀ ਤਾਂ ਉਹ ਕਹਿੰਦਾ, “ਵਿਰਦੀ ਤੂੰ ਮੇਰਾ ਬੜਾ ਭਾਰ ਵੰਡਾਇਆ ਹੈ। ਵੰਡਾਇਆ ਵੀ ਕੀ, ਸਾਰਾ ਖ਼ੁਦ ਹੀ ਚੁੱਕਿਆ ਹੈ।”

“ਉਹ ਤਾਂ ਸਾਡਾ ਫ਼ਰਜ਼ ਸੀ ਜੀ।”

“ਕਿੱਦਾਂ, ਪੈਸਿਆਂ ਦਾ ਸਰ ਗਿਆ ਸੀ। ਥੁੜੇ ਤਾਂ ਨੀਂ?”

“ਨਹੀਂ ਜੀ, ਸਗੋਂ ਬਚੇ ਨੇ ਬਹੁਤ ਸਾਰੇ।”

ਵਿਰਦੀ ਨੇ ਬਚੇ ਪੈਸਿਆਂ ਵਾਲਾ ਲਿਫ਼ਾਫ਼ਾ ਪੇਸ਼ ਕਰ ਦਿੱਤਾ।

ਵਿਰਕ ਨੇ ਬਿਨਾਂ ਗਿਣਿਆਂ ਲਿਫ਼ਾਫ਼ਾ ਦਰਾਜ਼ ਵਿੱਚ ਰੱਖਿਆ, “ਰਸੀਦਾਂ ਦੀ ਕੋਈ ਲੋੜ ਨਹੀਂ। ਸ਼ਾਮ ਨੂੰ ਸਾਰੇ ਮੁੰਡਿਆਂ ਨੂੰ ਨਾਲ ਲੈ ਕੇ ਘਰ ਆ ਜਾਈਂ। ਗੱਲ-ਸ਼ੱਪ ਮਾਰਾਂਗੇ।”

ਏਨੇ ਵੱਡੇ ਦਿਲ ਵਾਲਾ ਸੀ ਕੁਲਵੰਤ ਸਿੰਘ ਵਿਰਕ।

ਇੱਕ ਹੋਰ ਬਿਰਤਾਂਤ ਮੁਲਾਹਜ਼ਾ ਹੋਵੇ। ਵਿਰਕ ਨੇ ਸਾਧੂ ਸਿੰਘ ਹੁਰਾਂ ਦੀ ਕਾਲੋਨੀ ਵਿੱਚ ਘਰ ਲੈਣ ਦਾ ਨਿਰਣਾ ਕਰ ਲਿਆ। ਸਾਧੂ ਸਿੰਘ ਨੇ ਇੱਕ ਮਕਾਨ ਦੇ ਪੈਂਹਠ ਹਜ਼ਾਰ ਵਿੱਚ ਬਣਦੇ ਸੌਦੇ ਦੀ ਦੱਸ ਪਾਈ ਤਾਂ ਵਿਰਕ ਸਾਹਿਬ ਨੇ ਅਲਮਾਰੀ ਖੋਲ੍ਹ ਕੇ ਪੰਜ ਹਜ਼ਾਰ

ਰੁਪਏ ਉਹਦੇ ਹੱਥ ਫੜਾ ਕੇ ਕਿਹਾ, “ਜਾਹ, ਸਾਈ ਦੇ ਆ। ਪੰਦਰਾਂ ਦਿਨਾਂ ਦੀ ਮੋਹਲਤ ਲੈ ਆਈਂ। ਉਦੋਂ ਬਾਕੀ ਬਚਦੇ ਪੈਸੇ ਵੀ ਦੇ ਆਵਾਂਗੇ।”

“ਵਿਰਕ ਸਾਹਿਬ ਮਕਾਨ ’ਤੇ ਇੱਕ ਵਾਰ ਨਿਗਾਹ ਤਾਂ ਮਾਰ ਲੈਂਦੇ।”

“ਮੈਂ ਕੀ ਨਿਗਾਹ ਮਾਰਨੀ ਹੈ। ਤੂੰ ਮਾਰੀ ਹੋਈ ਆ ਨਿਗਾਹ।”

ਸੋਚਣਾ ਹੀ ਔਖਾ ਲੱਗਦਾ ਹੈ ਕਿ ਆਪਣਾ ਘਰ ਖ਼ਰੀਦਣਾ ਹੋਵੇ ਤਾਂ ਉਹਨੂੰ ਵੇਖਣ ਦੀ ਵੀ ਲੋੜ ਨਾ ਸਮਝੀ ਜਾਵੇ ਕਿਉਂਕਿ ਮਕਾਨ ਉਹਦੇ ਕਿਸੇ ਅਜ਼ੀਜ਼ ਨੇ ਹੀ ਵੇਖ ਤੇ ਪਸੰਦ ਕਰ ਲਿਆ ਹੈ।

ਕਿੱਥੇ ਲੱਭਦੇ ਨੇ ਅਜਿਹੇ ਵੱਡੇ ਦਿਲਾਂ ਵਾਲੇ ਬੰਦੇ!

ਅੱਜ ਵਿਰਕ ਸਾਹਿਬ ਨੂੰ ਪੰਜਾਬੀ ਦਾ ਸਭ ਤੋਂ ਵੱਡਾ ਕਥਾਕਾਰ ਮੰਨਿਆਂ ਜਾਂਦਾ ਹੈ, ਪਰ, ਉਹ ਕਿਹਾ ਕਰਦੇ ਸਨ, “ਲੇਖਕ ਕੋਈ ਬਹੁਤ ਵੱਡੇ ਲੋਕ ਨਹੀਂ ਹੁੰਦੇ। ਆਪਣੇ ਭਾਈਚਾਰੇ ਦੇ ਮਿਰਾਸੀ ਹੀ ਤਾਂ ਹੁੰਦੇ ਨੇ। ਬੱਸ ਥੋੜ੍ਹਾ ਜਿਹਾ ਹੀ ਫ਼ਰਕ ਹੁੰਦਾ ਹੈ ਲੇਖਕਾਂ ਦਾ ਮਿਰਾਸੀਆਂ ਨਾਲੋਂ। ਮਿਰਾਸੀ ਆਪਣਾ ਕੰਮ ਲਾਗ ਲੈਣ ਖ਼ਾਤਰ ਕਰਦੇ ਹਨ ਤੇ ਲੇਖਕ ਮੁਫ਼ਤ ਹੀ, ਬੱਸ, ਆਪਣੇ ਸ਼ੌਕ ਵਜੋਂ।”

ਇਹ ਵਿਰਕ ਸਾਹਿਬ ਦੀ ਵਡਿਆਈ ਸੀ ਕਿ ਉਹ ਆਪਣੇ ਆਪ ਨੂੰ ਲੋਕਾਂ ਦਾ ਮਿਰਾਸੀ ਆਖਦੇ ਸਨ। ਸਾਧੂ ਸਿੰਘ ਵਿਰਕ ਦੀ ਨਿਮਰਤਾ ਨੂੰ ਆਪਣੇ ਖਿੱਤੇ ਦੇ ਮਹਾਂ ਕਵੀ ਬਾਬਾ ਨਾਨਕ ਤੋਂ ਬਖ਼ਸ਼ਿਸ਼ ਵਿੱਚ ਪ੍ਰਾਪਤ ਹੋਈ ਮੰਨਦਾ ਹੈ, ਜਿਸ ਬਾਬੇ ਨੂੰ ਜਗਤ ਗੁਰੂ ਦੇ ਲਕਬ ਨਾਲ ਯਾਦ ਕੀਤਾ ਜਾਂਦਾ ਹੈ, ਪਰ ਉਹ ਆਪਣੇ ਆਪ ਨੂੰ ‘ਬੇਕਾਰ ਢਾਡੀ’ ਆਖਿਆ ਹੀ ਪ੍ਰਸੰਨ ਹੋ ਜਾਇਆ ਕਰਦੇ ਸਨ।

ਸੋ ਅਜਿਹਾ ਸੀ ਸਾਡਾ ਵਿਰਕ! ਕਹਾਣੀ ਦਾ ਸ਼ਹਿਨਸ਼ਾਹ ਤੇ ਦਿਲ ਦਾ ਵੀ ਸ਼ਹਿਨਸ਼ਾਹ!

ਜ਼ਿੰਦਾਬਾਦ ਵਿਰਕ ਸਾਹਿਬ!

('ਹੀਰੇ ਬੰਦੇ : ਸ਼ਬਦ ਚਿੱਤਰ' ਵਿੱਚੋਂ)

  • ਮੁੱਖ ਪੰਨਾ : ਕਹਾਣੀਆਂ ਤੇ ਹੋਰ ਰਚਨਾਵਾਂ, ਵਰਿਆਮ ਸਿੰਘ ਸੰਧੂ
  • ਪੰਜਾਬੀ ਕਵਿਤਾ : ਵਰਿਆਮ ਸਿੰਘ ਸੰਧੂ
  • ਮੁੱਖ ਪੰਨਾ : ਪੰਜਾਬੀ ਕਹਾਣੀਆਂ
  •