ਹਰ ਦਿਨ ਕੁੱਝ ਨਵਾਂ ਸਿਖਾਉਂਦਾ ਹੈ (ਲੇਖ) : ਅੰਮ੍ਰਿਤ ਕੌਰ
ਜ਼ਿੰਦਗੀ ਔਖਾਂ- ਸੌਖਾਂ, ਦੁੱਖਾਂ -ਸੁੱਖਾਂ, ਹਾਸਿਆਂ -ਉਦਾਸੀਆਂ ਦਾ ਮਿਸ਼ਰਣ ਹੈ। ਊਂ ਤਾਂ ਹਰ ਬੰਦੇ ਨੂੰ ਹਰ ਰੋਜ਼ ਕੁੱਝ ਨਾ ਕੁੱਝ ਨਵਾਂ ਸਿੱਖਣ ਨੂੰ ਮਿਲਦਾ ਹੈ ਬਸ਼ਰਤੇ ਕਿ ਬੰਦੇ ਨੂੰ ਸਿੱਖਣ ਦੀ ਭੁੱਖ ਪਿਆਸ ਹੋਵੇ। ਕਈ ਵਾਰ ਜਦੋਂ ਆਪਣੀ ਤੋਰ ਤੁਰਦੀ ਜ਼ਿੰਦਗੀ ਵਿੱਚ ਕੋਈ ਵਾਧ ਘਾਟ ਆ ਜਾਂਦੀ ਹੈ ਤਾਂ ਬੜਾ ਕੁੱਝ ਸੋਚਣ 'ਤੇ ਮਜ਼ਬੂਰ ਹੋ ਜਾਂਦੇ ਹਾਂ।
ਪਿਛਲੇ ਦਿਨੀਂ ਆਏ ਮੀਂਹ ਹਨੇਰੀ ਵਿੱਚ ਕਾਫ਼ੀ ਨੁਕਸਾਨ ਹੋਇਆ। ਕੁਦਰਤੀ ਗੱਲ ਹੈ ਤੇਜ਼ ਝੱਖੜ ਆਉਣ ਨਾਲ ਬਿਜਲੀ ਵੀ ਪ੍ਰਭਾਵਿਤ ਹੁੰਦੀ ਹੈ।ਜਦੋਂ ਬਿਜਲੀ ਦੇ ਖੰਭੇ ਟੁੱਟੇ ਹੋਣ, ਤਾਰਾਂ ਉੱਤੇ ਵੱਡੇ ਵੱਡੇ ਦਰੱਖਤ ਟੁੱਟ ਕੇ ਡਿੱਗੇ ਹੋਣ ਤਾਂ ਇਹਨਾਂ ਚੀਜ਼ਾਂ ਦੀ ਮੁਰੰਮਤ ਨੂੰ ਵੀ ਸਮਾਂ ਲੱਗ ਜਾਂਦਾ ਹੈ। ਜਿਸ ਦਿਨ ਮੀਂਹ ਹਨੇਰੀ ਝੱਖੜ ਆਇਆ ਤਾਂ ਸਾਡੇ ਸਵੇਰ ਤੋਂ ਬਿਜਲੀ ਦਾ ਕੱਟ ਚੱਲ ਰਿਹਾ ਸੀ। ਸ਼ਾਮ ਨੂੰ ਜਦੋਂ ਬਿਜਲੀ ਆਉਣੀ ਸੀ ਤਾਂ ਹਨੇਰੀ ਝੱਖੜ ਸ਼ੁਰੂ ਹੋ ਗਿਆ। ਰੁੱਖ ਪੂਰੇ ਦੇ ਪੂਰੇ, ਅੱਧ ਵਿਚਾਲਿਉਂ ਅਤੇ ਵੱਡੇ ਵੱਡੇ ਟਾਹਣੇ, ਬਿਜਲੀ ਦੇ ਖੰਭੇ ਟੁੱਟ ਗਏ ਫ਼ਸਲਾਂ ਦਾ ਨੁਕਸਾਨ ਵੀ ਹੋਇਆ।
ਸਵੇਰ ਦੀ ਗਈ ਬਿਜਲੀ ਸ਼ਾਮ ਨੂੰ ਵੀ ਨਾ ਆਈ। ਨਾ ਹੀ ਕੋਈ ਉਮੀਦ ਸੀ। ਪਤਾ ਸੀ ਕਿ ਇਹ ਕੁਦਰਤ ਦੀ ਕਰੋਪੀ ਦਾ ਖਿਲਾਰਿਆ ਸਮੇਟਣ ਨੂੰ ਸਮਾਂ ਤਾਂ ਲੱਗੇਗਾ। ਸੰਭਲ ਕੇ ਚੱਲਣਾ ਸ਼ੁਰੂ ਕਰ ਦਿੱਤਾ। ਪਾਣੀ ਹਿਸਾਬ ਨਾਲ ਵਰਤਣ ਲੱਗੇ। ਬਲਬ ਲੋੜ ਸਮੇਂ ਹੀ ਜਗਦੇ। ਸਾਰੇ ਪਰਿਵਾਰ ਨੇ ਇੱਕ ਕਮਰੇ ਵਿੱਚ ਇੱਕ ਪੱਖੇ ਹੇਠ ਸੌਣ ਦੀਆਂ ਯੋਜਨਾਵਾਂ ਬਣਾਈਆਂ ਅਤੇ ਅਮਲ ਵੀ ਕੀਤਾ। ਅੱਧੀ ਕੁ ਰਾਤ ਨੂੰ ਖਿੜਕੀਆਂ ਖੋਲ੍ਹ ਪੱਖਾ ਵੀ ਬੰਦ ਕਰ ਦਿੱਤਾ। ਬੱਚਿਆਂ ਦੀ ਜ਼ਰੂਰਤ ਨੂੰ ਮੁੱਖ ਰੱਖ ਕੇ ਹੀ ਇਨਵਰਟਰ ਵਾਲੀ ਬਿਜਲੀ ਦੀ ਵਰਤੋਂ ਕੀਤੀ ਗਈ। ਸੰਭਲ ਕੇ ਵਰਤਣ ਨਾਲ ਵੀ ਦੂਸਰੇ ਦਿਨ ਦੁਪਹਿਰ ਤੋਂ ਪਹਿਲਾਂ ਹੀ ਇਨਵਰਟਰ ਆਪਣੀ ਟੀਂ ਸੁਣਾ ਕੇ ਹੱਥ ਖੜ੍ਹੇ ਕਰ ਗਿਆ। ਆਂਢ ਗੁਆਂਢ ਵਿੱਚ ਵੀ ਇਹੀ ਹਾਲ ਸੀ।
ਗਰਮੀ ਤਾਂ ਕੋਈ ਬਹੁਤੀ ਨਹੀਂ ਸੀ ਹਵਾ ਵਧੀਆ ਚੱਲ ਰਹੀ ਸੀ। ਸਭ ਤੋਂ ਵੱਡਾ ਡਰ ਪਾਣੀ ਖ਼ਤਮ ਹੋਣ ਦਾ ਸੀ। ਕਈਆਂ ਨ੍ਹਾਉਣਾ ਕੈਂਸਲ ਕਰ ਦਿੱਤਾ। ਨ੍ਹਾਉਣ ਸਮੇਂ ਦੋ ਦੋ ਬਾਲਟੀਆਂ ਖ਼ਰਾਬ ਕਰਨ ਵਾਲੇ ਨਿਆਣਿਆਂ ਨੂੰ ਅੱਧੀ ਬਾਲਟੀ ਨਾਲ਼ ਦੋ ਦੋ ਨਿਆਣਿਆਂ ਨੂੰ ਬੜੇ ਸੁਚੱਜੇ ਤਰੀਕੇ ਅਪਣਾਉਂਦਿਆਂ ਨਮ੍ਹਾ ਦਿੱਤਾ ਗਿਆ। ਘਰ ਵਿੱਚ ਪੋਚੇ ਲਾਉਣ ਦਾ ਕੰਮ ਜਾਂ ਤਾਂ ਕੈਂਸਲ ਕਰ ਦਿੱਤਾ ਗਿਆ ਜਾਂ ਫਿਰ ਅੱਧੀ ਕੁ ਬਾਲਟੀ ਨਾਲ ਹੀ ਸਾਰ ਲਿਆ ਗਿਆ। ਭਾਂਡੇ ਮਾਂਜਣ ਵੇਲੇ ਸਿੱਧੀ ਟੂਟੀ ਨਾ ਛੱਡ ਕੇ ਇੱਕ ਵੱਡੇ ਭਾਂਡੇ ਵਿੱਚ ਪਾਣੀ ਪਾ ਕੇ ਕੰਮ ਚਲਾ ਲਿਆ ਗਿਆ। ਮੁਕਦੀ ਗੱਲ ਜਿੱਥੇ ਸੰਭਵ ਹੋ ਸਕਦਾ ਸੀ ਸੰਜਮ ਵਰਤਿਆ।
ਐਨਾ ਸੰਭਲ ਸੰਭਲ ਚੱਲਣਾ ਸਭ ਨੂੰ ਔਖਾ ਤਾਂ ਲੱਗ ਰਿਹਾ ਸੀ। ਦੂਸਰੇ ਦਿਨ ਵੀ ਜਦੋਂ ਦੁਪਹਿਰ ਤੱਕ ਬਿਜਲੀ ਨਾ ਆਈ ਤਾਂ ਥੋੜ੍ਹੀ ਬੇਚੈਨੀ ਹੋਣ ਲੱਗੀ। ਬਿਜਲੀ ਦਫ਼ਤਰ ਵਾਲਿਆਂ ਨੂੰ ਫ਼ੋਨ ਕਰਨੇ ਸ਼ੁਰੂ ਕਰ ਦਿੱਤੇ। ਅਗਲਿਆਂ ਫ਼ੋਨ ਚੁੱਕੇ ਹੀ ਨਹੀਂ। ਪਹਿਲਾਂ ਵਿਅਸਥ ਆ ਰਹੇ ਸੀ ਫਿਰ ਸਵਿੱਚ ਆਫ਼। ਟੱਕਰਾਂ ਟੁੱਕਰਾਂ ਮਾਰ ਕੇ ਹਟ ਗਏ। ਮੈਂ ਆਪਣੇ ਪਤੀ ਨੂੰ ਕਿਹਾ,
" ਦੇਖ ਲੋ...ਆਹ ਬਿਜਲੀ ਵਾਲੇ ਘੱਟੋ ਘੱਟ ਫ਼ੋਨ ਤਾਂ ਚੁੱਕ ਈ ਸਕਦੇ ਨੇ। ਬੰਦੇ ਨੂੰ ਪਤਾ ਲੱਗ ਜੇ ਬਈ ਐਨੇ ਟਾਈਮ ਬਾਅਦ ਬਿਜਲੀ ਆ ਜਾਊ।"
"ਇਹਨਾਂ ਕੋਲ ਬਥੇਰੇ ਤੇਰੇ ਵਰਗਿਆਂ ਦੇ ਫ਼ੋਨ ਆਉਂਦੇ ਹੋਣਗੇ। ਇਹ ਥੋਡੇ ਫ਼ੋਨ ਸੁਣਨ ਲੱਗਣ ਤਾਂ ਫਿਰ ਆਵਦਾ ਕੰਮ ਕਿਹੜੇ ਵੇਲੇ ਕਰਨਗੇ।" ਗੱਲ ਤਾਂ ਮੇਰੇ ਮਨ ਨੂੰ ਵੀ ਲੱਗੀ ਮੈਂ ਉਸ ਤੋਂ ਬਾਅਦ ਫ਼ੋਨ ਨਹੀਂ ਲਾਇਆ।
ਫ਼ੋਨਾਂ ਦੀਆਂ ਬੈਟਰੀਆਂ ਵੀ ਆਪਣਾ ਕੰਮ ਛੱਡਣ ਨੂੰ ਤਿਆਰ ਸਨ। ਮੋਬਾਈਲ ਬੱਚਿਆਂ ਦੀ ਪਹੁੰਚ ਤੋਂ ਦੂਰ ਕਰ ਦਿੱਤੇ ਗਏ। ਨਿਆਣੇ ਵੀ ਘਰਾਂ ਤੋਂ ਬਾਹਰ ਭੱਜ ਭਜਾਈ ਖੇਡਣ ਲੱਗੇ। ਉਹ ਵੀ ਇਸ ਤਰ੍ਹਾਂ ਖੇਡ ਕੇ ਬੜੇ ਖੁਸ਼ ਹੋ ਰਹੇ ਸਨ। ਮੈਨੂੰ ਜਾਪਿਆ ਬੱਚਿਆਂ ਦੇ ਮੋਬਾਈਲ ਛੁਡਾਉਣ ਲਈ ਜੇ ਘਰ ਦੇ ਵੱਡੇ ਜੀਅ ਮਿਹਨਤ ਕਰਨ ਤਾਂ ਇਸ ਆਦਤ ਨੂੰ ਕਾਫ਼ੀ ਘਟਾਇਆ ਜਾ ਸਕਦਾ ਹੈ।
ਸ਼ਾਮ ਨੂੰ ਦਾਲ-ਰੋਟੀ ਬਣਾਉਣ ਦਾ ਕੰਮ ਵੀ ਸੂਰਜ ਛਿਪਣ ਤੋਂ ਪਹਿਲਾਂ ਹੀ ਕਰ ਲਿਆ ਗਿਆ। ਘਰਾਂ ਦੇ ਅੰਦਰ ਹਨੇਰਾ ਸ਼ੁਰੂ ਹੋਣ ਲੱਗਿਆ। ਮੋਬਾਈਲਾਂ ਤੋਂ ਟਾਰਚਾਂ ਦਾ ਕੰਮ ਲੈਣਾ ਸ਼ੁਰੂ ਕਰ ਦਿੱਤਾ। ਬਿਜਲੀ ਦਾ ਕੋਈ ਥਹੁ ਪਤਾ ਨਹੀਂ ਸੀ। ਬਾਕੀ ਤਾਂ ਔਖੇ ਸੌਖੇ ਸਾਰ ਲੈਣਾ ਸੀ ਪਰ ਪਾਣੀ ਬਿਨਾਂ ਬਹੁਤ ਔਖਾ ਸੀ। ਸਾਹਮਣੇ ਘਰ ਵਾਲਿਆਂ ਦਾ ਪੂਰਾ ਪਰਿਵਾਰ ਬੱਚਿਆਂ ਸਮੇਤ ਆਪਣੇ ਨਾਨਕਿਆਂ ਵੱਲ ਚਾਲੇ ਪਾ ਦਿੱਤੇ। ਇੱਕ ਤੀਰ ਨਾਲ ਦੋ ਤਿੰਨ ਨਿਸ਼ਾਨੇ ਲੱਗ ਜਾਣੇ। ਮਾਂ ਦਾ ਉਲਾਂਭਾ ਵੀ ਉੱਤਰ ਜਾਣਾ ਸੀ ਕਿ ਉਹਨੂੰ ਕੋਈ ਪੇਕੇ ਨਹੀਂ ਲੈ ਕੇ ਜਾਂਦਾ। ਨਾਨਕਿਆਂ ਨੂੰ ਮਿਲ ਵੀ ਆਉਣਾ ਸੀ, ਬਿਜਲੀ ਦਾ ਵੀ ਸਰ ਜਾਣਾ ਸੀ ਅਤੇ ਪੱਕੀਆਂ ਪਕਾਈਆਂ ਵੀ ਮਿਲ ਜਾਣੀਆਂ ਸੀ। ਕਈ ਕੰਮ ਬਣ ਜਾਣੇ ਸਨ। ਇਹ ਚੰਗੀ ਸਕੀਮ ਸੀ। ਸਾਡੇ ਘਰ ਬੱਚੇ ਆਏ ਸਨ ਉਹਨਾਂ ਨੂੰ ਉਹਨਾਂ ਦੇ ਨਾਨਕੇ ਭੇਜ ਦਿੱਤਾ।
ਰਿਸ਼ਤੇਦਾਰੀ ਵਿੱਚ ਜਾਣ ਵਾਲੇ ਤਾਂ ਚਿੜੀ ਖੰਭ ਛੁਡਾ ਗਏ ਜਿਹੜੇ ਜੀਅ ਪਿੱਛੇ ਰਹਿ ਗਏ ਉਹਨਾਂ ਜਰਨੇਟਰ ਲਿਆਉਣ ਦੀ ਸਕੀਮ ਬਣਾਈ ਘੱਟੋ ਘੱਟ ਪਾਣੀ ਵਾਲੀਆਂ ਟੈਂਕੀਆਂ ਤਾਂ ਭਰ ਲਈਏ। ਸ਼ਹਿਰ ਵਿੱਚੋਂ ਪਤਾ ਲੱਗਿਆ ਕਿ ਸ਼ਹਿਰ ਵਿੱਚ ਕੋਈ ਜਨਰੇਟਰ ਖਾਲੀ ਨਹੀਂ। ਨਾਲ ਦੇ ਪਿੰਡ ਪਤਾ ਕੀਤਾ ਤਾਂ ਕਿਸੇ ਦਾ ਖ਼ਰਾਬ ਹੋਇਆ ਜਨਰੇਟਰ ਠੀਕ ਕਰਾ ਕੇ ਲਿਆਂਦਾ ਗਿਆ। ਜਦੋਂ ਤਾਰਾਂ ਲਾ ਕੇ ਚਲਾਇਆ ਤਾਂ ਇੱਕ ਬੱਲਬ ਵੀ ਨਾ ਜਗਿਆ ਮੋਟਰਾਂ ਤਾਂ ਕਿੱਥੋਂ ਚੱਲਣੀਆਂ ਸੀ। ਫਿਰ ਸਾਰੇ ਸੋਚੀਂ ਪੈ ਗਏ... ਕੀ ਕਰੀਏ? ਮਕੈਨਿਕ ਨੂੰ ਫ਼ੋਨ ਕਰ ਕੇ ਬੁਲਾਉਣ ਲਈ ਸੋਚਿਆ। ਉਸ ਦਾ ਫ਼ੋਨ ਵੀ ਵਿਅਸਥ ਆ ਰਿਹਾ ਸੀ। ਆਂਢ ਗੁਆਂਢ ਦੇ ਸਾਰੇ ਜਣੇ ਬਾਹਰ ਆ ਗਏ। ਬੀਬੀਆਂ ਗੱਲਾਂ ਬਾਤਾਂ ਵਿੱਚ ਮਸਤ, ਬੰਦੇ ਕੋਈ ਹੀਲਾ ਕਰਨ ਬਾਰੇ ਸੋਚਣ ਲੱਗੇ। ਸਾਰੇ ਜਣੇ ਗਲ਼ੀ ਵਿੱਚ... ਮੱਛਰ ਨੇ ਵੀ ਆਪਣੇ ਪਰਿਵਾਰਾਂ ਸਮੇਤ ਆ ਕੇ ਪੂਰਾ ਲਹੂ ਪੀਤਾ। ਮੱਛਰਾਂ ਦਾ ਏਕਾ ਦੇਖਣ ਨੂੰ ਮਿਲਿਆ ਪੂਰਾ ਪਰਿਵਾਰ ਇੱਕੋ ਸਮੇਂ ਹਮਲਾ ਕਰਦਾ। ਕਿਸੇ ਵੀ ਇਨਸਾਨ ਨੂੰ ਟਿਕ ਕੇ ਖੜ੍ਹਨ ਨਾ ਦਿੱਤਾ। ਅਖ਼ੀਰ ਸਾਰੇ ਜਣਿਆਂ ਬੇਵਸ ਹੋ ਕੇ ਸਵੇਰ ਤੇ ਗੱਲ ਸੁੱਟਣ ਦੀ ਸੋਚੀ।
ਅਸੀਂ ਅਜੇ ਬਾਹਰ ਈ ਖੜ੍ਹੇ ਸੀ। ਨ੍ਹੇਰੇ ਵਿੱਚ ਇੱਕ ਮੋਟਰ ਸਾਈਕਲ ਤੇ ਦੋ ਜਣੇ ਸਾਡੇ ਘਰਾਂ ਵੱਲ ਆ ਰਹੇ ਸਾਰਿਆਂ ਸੋਚਿਆ...ਜਨਰੇਟਰ ਠੀਕ ਕਰਨ ਵਾਲ਼ਾ ਭਾਈ ਹੋਊ। ਜਦੋਂ ਉਹਨਾਂ ਦੇ ਕੋਲ਼ ਜਾ ਕੇ ਪੁੱਛਿਆ ਤਾਂ ਉਹ ਬਿਜਲੀ ਵਾਲ਼ੇ ਸਨ। ਸਾਡੇ ਘਰਾਂ ਦੇ ਨੇੜਿਓਂ ਸਵਿੱਚ ਕੱਟੀ ਹੋਈ ਸੀ।ਆਮ ਜਿਹੀ ਸਥਿਤੀ ਵਿੱਚ ਵੀ ਨੁਕਸ ਜਿੱਥੇ ਮਰਜ਼ੀ ਹੋਵੇ ਪਰ ਸਾਡੇ ਘਰਾਂ ਦੀ ਬਿਜਲੀ ਨੂੰ ਰੂੰਗੇ ਵਾਲੇ ਕੱਟ ਲੱਗ ਜਾਂਦੇ ਹਨ। ਅੱਗੇ ਵਾਲੀਆਂ ਲਾਈਨਾਂ ਠੀਕ ਕਰਨ ਲਈ। ਉਹ ਕਹਿਣ ਲੱਗੇ ਕਿ ਪੰਦਰਾਂ ਕੁ ਮਿੰਟਾਂ ਤੱਕ ਲਾਈਟ ਆ ਜਾਣੀ ਐ। ਪਰ ਸਵੇਰੇ ਫਿਰ ਸਾਨੂੰ ਕੱਟਣੀ ਪੈਣੀ ਐ। ਉਸ ਵੇਲੇ ਤਾਂ ਮਨੋਸਥਿਤੀ ਇਸ ਤਰ੍ਹਾਂ ਦੀ ਬਣੀ ਹੋਈ ਸੀ। ਆਖਣ ਨੂੰ ਦਿਲ ਕਰਦਾ ਸੀ...ਇੱਕ ਵਾਰ ਪਾਣੀ ਭਰ ਲੈਣ ਦਿਓ ਫਿਰ ਭਾਵੇਂ ਉਦੋਂ ਹੀ ਕੱਟ ਦੇਣਾ।
"ਬਾਈ ਪੀਣ ਲਈ ਪਾਣੀ ਲਿਆ ਦਿਓ ਸਾਨੂੰ।" ਉਹਨਾਂ ਵਿੱਚੋਂ ਇੱਕ ਜਣੇ ਨੇ ਕਿਹਾ। ਮੈਂ ਪਤਾ ਨਹੀਂ ਸੁਤੇ ਸਿੱਧ ਹੀ ਆਖਿਆ ਜਾਂ ਨਰਾਜ਼ਗੀ ਦਿਖਾਈ, " ਵੀਰੇ! ਪਹਿਲਾਂ ਮੋਟਰਾਂ ਤਾਂ ਚਲਦੀਆਂ ਕਰੋ।" ਮੈਂ ਉਹਨਾਂ ਦਾ ਜਵਾਬ ਉਡੀਕੇ ਬਿਨਾਂ ਪਾਣੀ ਲੈਣ ਅੰਦਰ ਆ ਗਈ। ਪਾਣੀ ਠੰਢਾ ਤਾਂ ਨਹੀਂ ਸੀ ਪਰ ਪਿਆਸ ਬੁਝਾਉਣ ਜੋਗਾ ਹੈ ਸੀ। ਥੋੜ੍ਹੀ ਦੇਰ ਬਾਅਦ ਉਹਨਾਂ ਬਿਜਲੀ ਚਾਲੂ ਕਰ ਦਿੱਤੀ ਅਤੇ ਆਖਿਆ, " ਚਲਾ ਲੋ ਬਾਈ ਮੋਟਰ । ਪਾਣੀ ਭਰ ਲੋ।"
ਉਹਨਾਂ ਨੂੰ ਚਾਹ ਦੁੱਧ ਲਈ ਪੁੱਛਿਆ। ਉਹਨਾਂ ਨਾਂਹ ਕਰ ਦਿੱਤੀ ਅਤੇ ਪਾਣੀ ਪੀ ਕੇ ਚਲੇ ਗਏ। ਅਸੀਂ ਨ੍ਹੇਰੇ ਵਿੱਚ ਉਹਨਾਂ ਦੀਆਂ ਸ਼ਕਲਾਂ ਵੀ ਨਹੀਂ ਦੇਖੀਆਂ। ਜਦੋਂ ਨੂੰ ਬੱਲਬ ਲਾਏ ਉਹ ਆਵਦਾ ਕੰਮ ਨਿਪਟਾ ਕੇ ਚਲਦੇ ਬਣੇ। ਜਿਹੜੇ ਬਿਜਲੀ ਵਾਲ਼ਿਆਂ 'ਤੇ ਫ਼ੋਨ ਨਾ ਚੁੱਕਣ ਕਾਰਨ ਨਰਾਜ਼ਗੀ ਸੀ ਹੁਣ ਉਹਨਾਂ ਦੀਆਂ ਮਜ਼ਬੂਰੀਆਂ ਦਿਸਣ ਲੱਗ ਪਈਆਂ। ਅੰਦਰੋਂ ਦੁਆਵਾਂ ਵੀ ਨਿਕਲੀਆਂ। ਸਾਰੇ ਦਿਨ ਦੀਆਂ ਸੁਣੀਆਂ ਖ਼ਬਰਾਂ ਦਿਮਾਗ਼ ਵਿੱਚ ਘੁੰਮਣ ਲੱਗ ਪਈਆਂ। ਕਿਤੇ ਉਹ ਖੰਭਿਆਂ 'ਤੇ ਚੜ੍ਹੇ ਹੋਏ ਨੇ, ਕਿਤੇ ਟੁੱਟੇ ਖੰਭਿਆਂ ਨੂੰ ਹਟਾ ਰਹੇ ਨੇ,ਕਿਤੇ ਉਹ ਤਾਰਾਂ ਠੀਕ ਕਰ ਰਹੇ ਨੇ ਜਾਂ ਕਸ ਰਹੇ ਨੇ। ਕਿੰਨੇ ਸਾਰੇ ਕੰਮ ਇਹਨਾਂ ਨੂੰ ਕਰਨੇ ਪੈਂਦੇ ਹਨ। ਅਸੀਂ ਘਰੇ ਬੈਠੇ ਹੀ ਇਹਨਾਂ ਨਾਲ਼ ਗੁੱਸੇ ਹੋਏ ਰਹਿੰਦੇ ਨੇ। ਮੈਂ ਤਾਂ ਕਈ ਬਜ਼ੁਰਗ ਬੀਬੀਆਂ ਨੂੰ ਇਹ ਕਹਿੰਦੇ ਵੀ ਸੁਣਿਆ, " ਇਹ ਤਾਂ...ਜਾਣ ਕੇ ਸੁੱਚ ਬੰਦ ਕਰ ਦਿੰਦੇ ਨੇ ਬਈ ਲੋਕ ਆਪੇ ਤੜਫ਼ਦੇ ਫਿਰਨਗੇ।" ਪਹਿਲਾਂ ਪਹਿਲਾਂ ਇਹੀ ਲੱਗਦਾ ਹੁੰਦਾ ਸੀ ਕਿ ਇਹ ਬਿਜਲੀ ਵਾਲੇ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਕਰਦੇ ਹਨ। ਬੇ-ਸਮਝ ਸ਼ਰੇਆਮ ਬੁਰਾ ਭਲਾ ਬੋਲ ਦਿੰਦੇ ਹਨ। ਜਦੋਂ ਇਸ ਮਹਿਕਮੇ ਵਿੱਚ ਭਰਤੀ ਹੋਏ ਕਿਸੇ ਆਪਣੇ ਤੋਂ ਇਹਨਾਂ ਦੇ ਖੇਤਰ ਦੀਆਂ ਗੱਲਾਂ ਸੁਣੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦੀ ਡਿਊਟੀ ਕਿੰਨੀ ਸਖ਼ਤ ਹੁੰਦੀ ਹੈ। ਕੜਾਕੇ ਦੀ ਸਰਦੀ ਵਿੱਚ ਅਤੇ ਗਰਮੀਆਂ ਵਿੱਚ ਜਦੋਂ ਕਾਂ ਅੱਖ ਨਿਕਲਦੀ ਹੈ ਇਹ ਦਿਨ ਰਾਤ ਆਪਣੀਆਂ ਸਖ਼ਤ ਡਿਊਟੀਆਂ ਨਿਭਾਉਂਦੇ ਹਨ। ਇਹਨਾਂ ਦੇ ਮਹਿਕਮੇ ਵਿੱਚ ਵੀ ਬੇਈਮਾਨ ਹੁੰਦੇ ਹਨ ਜੋ ਭ੍ਰਿਸ਼ਟ ਨੇਤਾਵਾਂ ਦੇ ਕੰਮ ਕਰ ਕੇ ਖੁਸ਼ ਹੁੰਦੇ ਹਨ। ਇਮਾਨਦਾਰ ਅਫ਼ਸਰ ਵੀ ਇਹੋ ਜਿਹੇ ਜਿਹੜੇ ਕੰਮ ਬਹੁਤਾ ਹੋਣ ਕਰਕੇ ਭੁੱਖੇ ਭਾਣੇ ਰਹਿ ਸਕਦੇ ਹਨ। ਪਰ ਇਹਨਾਂ ਦੀ ਇਮਾਨਦਾਰੀ ਤੋਂ ਡਰਦੇ ਇਹਨਾਂ ਨੂੰ ਟਿਕਣ ਨਹੀਂ ਦਿੱਤਾ ਜਾਂਦਾ। ਬਦਲੀ ਕਰਵਾਉਣ ਲਈ ਬੇਈਮਾਨਾਂ ਦਾ ਪੂਰਾ ਜ਼ੋਰ ਲੱਗਿਆ ਰਹਿੰਦਾ ਹੈ।
ਇੱਕ ਵਾਰ ਕਿਸੇ ਬਿਜਲੀ ਮੁਲਾਜ਼ਮ ਦੀ ਵਿਦਾਇਗੀ ਪਾਰਟੀ 'ਤੇ ਜਾਣ ਦਾ ਸਬੱਬ ਬਣਿਆ ਤਾਂ ਬਹੁਤ ਸਾਰੇ ਭੁਲੇਖੇ ਮਨ ਵਿੱਚੋਂ ਨਿਕਲ ਗਏ। ਵਿਦਾਇਗੀ ਭਾਸ਼ਣ ਵੇਲੇ ਜਦੋਂ ਕਿਸੇ ਨੇ ਆਖਿਆ,"....... ਆਪਣੇ ਮਹਿਕਮੇ ਵਿੱਚ ਜੇ ਕੋਈ ਸੁੱਖੀ ਸਾਂਦੀ ਰਿਟਾਇਰਮੈਂਟ ਤੱਕ ਪਹੁੰਚ ਜਾਂਦਾ ਹੈ ਇਹ ਵੀ ਬਹੁਤ ਵੱਡੀ ਗੱਲ ਹੈ।" ਇਸ ਗੱਲ ਨੇ ਦਿਮਾਗ਼ ਘੁਮਾ ਦਿੱਤਾ ਸੀ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਚੇਤੇ ਆਈਆਂ ਜਦੋਂ ਇਹਨਾਂ ਦੇ ਖੰਭਿਆਂ ਤੋਂ ਡਿੱਗ ਕੇ ਸੱਟਾਂ ਵੱਜੀਆਂ ਜਾਂ ਫਿਰ ਕਈ ਵਾਰ ਜਾਨ ਤੋਂ ਵੀ ਹੱਥ ਧੋਣੇ ਪਏ। ਜਿੰਨਾ ਕੁ ਮੈਂ ਦੇਖਿਆ ਸੁਣਿਆ ਬਿਜਲੀ ਕਾਮਿਆਂ ਨੂੰ ਬਚਾਅ ਕਿੱਟਾਂ ਦੀ ਕਮੀ ਕਾਰਨ ਕਈ ਵਾਰ ਕੀਮਤੀ ਜਾਨਾਂ ਵੀ ਗਵਾਉਣੀਆਂ ਪੈਂਦੀਆਂ ਹਨ।
ਇਹਨਾਂ ਦੋ ਦਿਨਾਂ ਵਿੱਚ ਮਹਿਸੂਸ ਹੋਇਆ ਕਿ ਅਸੀਂ ਬਿਜਲੀ 'ਤੇ ਕਿੰਨਾ ਨਿਰਭਰ ਹੋ ਗਏ ਹਾਂ। ਕਈ ਵਾਰ ਤਾਂ ਜਾਪਦਾ ਹੈ ਕਿ ਮਸ਼ੀਨਾਂ ਹੀ ਨਹੀਂ ਅਸੀਂ ਵੀ ਬਿਜਲੀ ਤੇ ਹੀ ਚਲਦੇ ਹੋਈਏ। ਅਸੀਂ ਉਸ ਦਿਨ ਘਰੋਂ ਬਾਹਰ ਖੜ੍ਹੇ ਪੁਰਾਣੇ ਸਮਿਆਂ ਨੂੰ ਯਾਦ ਕਰਦੇ ਰਹੇ। ਸੋਚਿਆ ਜੇ ਕਿਤੇ ਸਾਰੇ ਘਰਾਂ ਵਿੱਚ ਇੱਕ ਨਲਕਾ ਲੱਗਿਆ ਹੁੰਦਾ ਫਿਰ ਪਾਣੀ ਵਾਲੀ ਚਿੰਤਾ ਨਹੀਂ ਸੀ ਹੋਣੀ। ਪਾਣੀ ਵਾਲੇ ਨਲਕੇ ਤਾਂ ਹੁਣ ਸੁਫ਼ਨੇ ਈ ਬਣ ਗਏ। ਬੜਾ ਕੁੱਝ ਸੋਚਣ ਤੇ ਮਜ਼ਬੂਰ ਹੋ ਗਏ ਜੇ ਬਿਜਲੀ ਨਾ ਹੋਵੇ ਸਾਨੂੰ ਪੀਣ ਲਈ ਪਾਣੀ ਵੀ ਬੜਾ ਮੁਸ਼ਕਲ ਮਿਲਣਾ ਹੈ। ਬਿਜਲੀ ਦੀ ਬੱਚਤ ਬਾਰੇ ਗੱਲ ਹੋਈ ਤਾਂ ਯਾਦ ਆਇਆ ਕਿ ਸੜਕਾਂ ਦੇ ਕਿਨਾਰੇ ਖੰਭਿਆਂ 'ਤੇ ਲੱਗੀਆਂ ਲਾਈਟਾਂ ਸਾਰਾ ਸਾਰਾ ਦਿਨ ਚਲਦੀਆਂ ਰਹਿੰਦੀਆਂ ਹਨ। ਪਤਾ ਨਹੀਂ ਇਹਨਾਂ ਦਾ ਵਾਲੀ ਵਾਰਸ ਕੌਣ ਹੈ ਬਿਜਲੀ ਵਾਲੇ ਕਹਿੰਦੇ ਇਹ ਸਾਡੇ ਮਹਿਕਮੇ ਅਧੀਨ ਨਹੀਂ ਆਉਂਦੀਆਂ। ਥੋੜ੍ਹੇ ਇਨਸਾਨੀਅਤ ਦਾ ਮਾਦਾ ਰੱਖਣ ਵਾਲਿਆਂ ਨੂੰ ਇਹ ਗੱਲਾਂ ਬੜੀਆਂ ਰੜਕਦੀਆਂ ਹਨ। ਹਰ ਬੰਦੇ ਨੂੰ ਸੰਭਲ ਕੇ ਚੱਲਣ ਦੀ ਲੋੜ ਹੈ। ਅਸਲ ਗੱਲ ਤਾਂ ਇਹ ਹੈ ਕਿ ਜੋ ਅਸੀਂ ਦੋ ਦਿਨ ਬਿਜਲੀ ਤੋਂ ਬਿਨਾਂ ਕੱਟੇ, ਕਈਆਂ ਨੇ ਸਾਡੇ ਤੋਂ ਵੱਧ ਘੱਟ ਦਿਨ ਵੀ ਕੱਟੇ ਹੋਣਗੇ। ਅਸੀਂ ਪਾਣੀ ਦੀ ਵਰਤੋਂ ਕਿੰਨਾ ਸੰਭਲ ਕੇ ਕੀਤੀ । ਇਨਵਰਟਰ ਵਾਲੀ ਬਿਜਲੀ ਦੀ ਵਰਤੋਂ ਵੀ ਬੜੇ ਸੰਜਮ ਨਾਲ ਕੀਤੀ। ਕੀ ਬਿਜਲੀ ਪਾਣੀ ਦੀ ਬੱਚਤ ਨੂੰ ਅਸੀਂ ਆਪਣੇ ਸੁਭਾਅ ਵਿੱਚ ਸ਼ਾਮਲ ਨਹੀਂ ਕਰ ਸਕਦੇ? ਹਰ ਬੰਦਾ ਇਸ ਬੱਚਤ ਨਾਲ ਆਪਣਾ ਬਣਦਾ ਯੋਗਦਾਨ ਪਾਵੇ ਤਾਂ ਬੂੰਦ ਬੂੰਦ ਨਾਲ ਹੀ ਤਲਾਬ ਭਰਦੇ ਹਨ।